ਸੀਹਰਫ਼ੀ (ਫ਼ਰਦ ਫ਼ਕੀਰ)

ਸੀਹਰਫ਼ੀ
 ਫ਼ਰਦ ਫ਼ਕੀਰ
797ਸੀਹਰਫ਼ੀਫ਼ਰਦ ਫ਼ਕੀਰ

ਸੀਹਰਫ਼ੀ

ਅਲਿਫ਼-ਅੱਲ੍ਹਾ ਬਿਨ ਗ਼ਾਫ਼ਲਾ ਫਿਰਿਓਂ ਸਾਰਾ ਜੱਗ,
ਰਾਹ ਭੁਲਾਇਓਈ ਹੱਕ ਦਾ ਦੁਨੀਆ ਪਿੱਛੇ ਲੱਗ,
ਦੁਨੀਆ ਕੌੜੀ ਚਾਰ ਦਿਨ ਰਾਹ ਸ਼ਰ੍ਹਾ ਦਾ ਭਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਬੇ-ਬਦੀਆਂ ਕਰਦਿਆਂ ਦਿਨ ਗਿਆ ਸੌਂ ਵੰਝਾਈ ਰਾਤ,
ਗ਼ਾਫ਼ਲ ਇੱਕ ਦਿਨ ਆਵਸੀ ਕਾਠ ਕੁਹਾੜੀ ਵਾਤ,
ਦੌਲਤ ਦੁਨੀਆ ਮਾਲ ਜ਼ਰ ਕੁੱਝ ਨਾ ਵੈਸੀ ਨਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਤੇ-ਤੌਬਾ ਦਿਲ ਥੀਂ ਨਾ ਕਰੇਂ ਕਰੇਂ ਜ਼ਬਾਨੀ ਨਿੱਤ,
ਤਸਬੀਹ ਰੱਖੇਂ ਮੁੱਕਰ ਦੀ ਫਾਹੀ ਤੇ ਧਰ ਚਿੱਤ,
ਬਾਹਰ ਬਾਣਾ ਸੂਫ਼ੀਆਂ ਅੰਦਰ ਦਗ਼ਾ ਕਮਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਸੇ-ਸਾਬਤ ਦਿਲ ਥੀਂ ਨਾ ਰਹੇਂ ਇੱਕੀ ਦੇ ਵੱਲ ਲੱਗ,
ਦਰ ਦਰ ਫਿਰਨਾ ਈਂ ਭੌਂਕਦਾ ਬੂੰਡੇ ਲੱਗੀ ਅੱਗ,
ਔਰਾਂ ਮੰਦਾ ਕਿਉਂ ਕਹੇਂ ਅਪਣਾ ਆਪ ਸਮ੍ਹਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਜੀਮ-ਜਵਾਨੀ ਚਾਰ ਦਿਨ ਮੱਤ ਹੋਵੇਂ ਮਗ਼ਰੂਰ,
ਪੀਰ ਪੈਗ਼ੰਬਰ ਔਲੀਆ ਸਭ ਮੌਤ ਲੰਘਾਏ ਪੂਰ,
ਭੱਠ ਉਨ੍ਹਾਂ ਦਾ ਜੀਵਣਾ ਅੱਠੇ ਪਹਿਰ ਜੰਜਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਹੇ-ਹੱਕ ਹਲਾਲ ਪਛਾਣ ਤੂੰ ਨਾ ਕਰ ਇਤਨਾ ਜ਼ੋਰ,
ਤੂੰ ਕਿਉਂ ਸਤਾਈਂ ਗ਼ਾਫ਼ਲਾ ਤੈਨੂੰ ਖੁੱਲ੍ਹੀ ਉਡੀਕੇ ਗੋਰ,
ਤੂੰ ਜਾ ਅੰਧੇਰੇ ਲੇਟਣਾ ਕੋਈ ਨਾ ਪੁੱਛੇ ਹਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਖ਼ੇ-ਖ਼ੁਸ਼ੀਆਂ ਕਰ ਤੂੰ ਸ਼ਾਦੀਆਂ ਬੈਠੋਂ ਮਜਲਿਸ ਲਾ,
ਕਿਤੇ ਨਫ਼ਸ ਪਲੀਦ ਦੀ ਮੰਨੀ ਤੁਧੁ ਰਜ਼ਾ,
ਉਮਰ ਗੰਵਾਈ ਗ਼ਫ਼ਲਤੇ ਸੰਭਲ ਲੱਜ ਸੰਭਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਦਾਲ-ਦੁੱਲਾ ਹੁਸ਼ਿਆਰ ਹੋ ਬਾਤਨ ਅੱਖੀਂ ਖੋਲ,
ਚੰਗਾ ਚਾਹੇਂ ਜੇ ਹੋਇਆ ਮੰਦਾ ਕਿਸੇ ਨਾ ਬੋਲ,
ਡਿਠੋ ਈ ਸ਼ੈਤਾਨ ਦਾ ਹੋਇਆ ਕੀ ਅਹਿਵਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਜ਼ਾਲ-ਜ਼ਿਕਰ ਖ਼ੁਦਾਏ ਦਾ ਨਾ ਕਰ ਜ਼ਾਹਰ ਖ਼ਲਕ ਦਿਖਾ,
ਅੰਦਰ ਕਰ ਤੂੰ ਬੰਦਗੀ ਬਾਹਰ ਪਰਦਾ ਪਾ,
ਮੁਲ ਨਾ ਵੇਚੀਂ ਇਲਮ ਨੂੰ ਨਾ ਕਰੀਂ ਸਵਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਰੇ-ਰਾਜ਼ੀ ਕਰ ਤੂੰ ਰੱਬ ਨੂੰ ਰੋਜ਼ਾ ਹੱਜ ਜ਼ਕਾਤ,
ਕਲਮਾ ਤਈਅਬ ਆਖਣਾ ਪੰਜੇ ਵਕਤ ਸਲਾਤ,
ਕਰਨੀ ਤਰਕ ਹਰਾਮ ਥੀਂ ਖਾਵਣ ਢੂੰਡ ਹਲਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਜ਼ੇ-ਜ਼ਰ ਇਕੱਠਾ ਕਰ ਕੇ ਉਹ ਕਰਦੇ ਜ਼ਰ ਦਾ ਮਾਨ,
ਦਿੰਦੇ ਨਾ ਨਿਮਾਣਿਆਂ ਮਰਦੇ ਪੱਛੋਤਾਣ,
ਆਖ਼ਿਰ ਰੋਸਨ ਜ਼ਾਰ ਜ਼ਾਰ ਹੋ ਸਨ ਮੰਦੇ ਹਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਸੀਨ-ਸੁਣਾਈਂ ਖ਼ਲਕ ਨੂੰ ਕਰ ਕਰ ਮਸਲੇ ਰੋਜ਼,
ਲੋਕਾਂ ਦੇਂ ਨਸੀਹਤਾਂ ਅੰਦਰ ਤੇਰੇ ਚੋਰ,
ਕੀ ਹੋਇਆ ਜੇ ਲੱਦਿਆ ਗਧਾ ਕਿਤਾਬਾਂ ਨਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਸ਼ੀਨ-ਸ਼ਾਮਤ ਨਫ਼ਸ ਤੋਂ ਹਰਦਮ ਕਰੇਂ ਗੁਨਾਹ,
ਆਪੂੰ ਰਾਹ ਨਾ ਆਉਂਦਾ ਲੋਕਾਂ ਦੱਸੇਂ ਰਾਹ,
ਦਿੱਸਣ ਸੂਰਤ ਦੋਸਤਾਂ ਦੁਸ਼ਮਣ ਵੱਡੇ ਕਮਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਸੁਆਦ-ਸਬੂਰੀ ਆਕਿਲਾਂ ਕੀਤੀ ਬਹੁਤ ਪਸੰਦ,
ਹੋਰ ਨਾ ਸਿੱਖ ਨਸੀਹਤਾਂ ਇਕੋ ਈਹਾ ਪੰਦ,
ਹਿਰਸ ਹਵਾਈਂ ਛੋੜ ਦੇ ਸੁਣ ਦਿਲ ਦੀਆਂ ਕੰਨਾਂ ਨਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਜ਼ੁਆਦ-ਜ਼ਰੂਰੀ ਚੱਲਣਾ ਇਥੇ ਨਾਹੀਂ ਜਾ,
ਪੰਜ ਦਿਹਾੜੇ ਜੀਵਣਾ ਬੈਠੋਂ ਮਹਿਲ ਬਣਾ,
ਭੱਠ ਪਈਆਂ ਇਹ ਇਮਾਰਤਾਂ ਛੱਡ ਦੇ ਵਹਿਮ ਖ਼ਿਆਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਤੋਏ-ਤਾਕਤ ਨਾਹੀਂ ਅਦਲ ਦੀ ਕਰੀਂ ਕਰੀਮਾਂ ਫ਼ਜ਼ਲ,
ਤੋਸ਼ਾ ਨਾਹੀਂ ਰਾਹ ਦਾ ਸਿਰ ਤੇ ਭਾਰੀ ਮਜ਼ਲ,
ਬਾਝ ਸ਼ਫ਼ਾਅਤ ਮੁਸਤਫ਼ੇ ਛੁੱਟਣ ਬੜਾ ਮੁਹਾਲ,
ਫ਼ਰਦਾ,ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਜ਼ੋਏ-ਜ਼ੁਲਮ ਕਰੇਂਦੇ ਖ਼ਲਕ ਤੇ ਜਿਹਨਾਂ ਮੌਤ ਨਾ ਯਾਦ,
ਦਿੰਦੇ ਨਾ ਨਿਮਾਣਿਆਂ ਨਾ ਉਹ ਹੋਵਣ ਸ਼ਾਦ,
ਜਿਹਨਾਂ ਖ਼ੌਫ਼ ਨਾ ਰੱਬ ਦਾ ਖ਼ੌਫ਼ ਤੈਹਾਂ ਥੀਂ ਭਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਐਨ-ਇਬਾਦਤ ਰੱਬ ਦੀ ਅੰਦਰ ਬਹਿ ਕੇ ਕਰ,
ਕਿਹਾ ਨਫ਼ਸ ਸ਼ੈਤਾਨ ਦਾ ਦਿਲ ਤੇ ਮੂਲ ਨਾ ਧਿਰ,
ਰੱਖੀਂ ਨਜ਼ਰ ਹਲਾਲ ਤੇ ਨਾ ਖਾ ਪਰਾਇਆ ਮਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਗ਼ੈਨ-ਗ਼ਰੂਰਤ ਨਾ ਕਰੋ ਰੋਓ ਢਾਈਂ ਮਾਰ,
ਬਾਝੋਂ ਅਮਲਾਂ ਚੰਗਿਆਂ ਕੌਣ ਲੰਘਾਸੀ ਪਾਰ,
ਛੱਡ ਦੁਨੀਆ ਦੇ ਵਾਅਦੇ ਕੌਲ ਖ਼ੁਦਾ ਦਾ ਭਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਫ਼ੇ-ਫ਼ਰਦ ਫ਼ਕੀਰਾ ਗੋਦੜੀ ਬੈਠੋਂ ਗਲ ਵਿਚ ਪਾ,
ਸਿਰ ਟੋਪੀ ਗੱਲ ਸਿਹਲੀਆਂ ਠੱਗਾਂ ਵੇਸ ਬਣਾ,
ਗ਼ੁੱਸਾ ਨਫ਼ਸ ਨਾ ਮਾਰਿਉ ਫਧੋਈ ਝੂਠਾ ਹਾਲ,
ਫ਼ਰਦਾ,ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਕਾਫ਼-ਕਨਾਤ ਜੋ ਕਰੇ ਜ਼ੌਕ ਰਿਜ਼ਕ ਹਮੇਸ਼,
ਤਕਵਾ ਦੌਲਤ ਲੈ ਬਹੇ ਤਾਂ ਥੀਵੇ ਦਰਵੇਸ਼,
ਪਕੜੀਂ ਤਰਕ ਹਰਾਮ ਥੀਂ ਖਾਵੇਂ ਢੂੰਡ ਹਲਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਕਾਫ਼-ਕਲਾਮ ਖ਼ੁਦਾਏ ਦੀ ਮੁੱਲਾਂ ਪੜ੍ਹਨ ਫ਼ਕੀਰ,
ਬੋਲਣ ਝੂਠ ਤੇ ਖਾਣ ਹਰਾਮ ਕੀਹ ਹੋਵੇ ਤਾਸੀਰ,
ਨਾਮ ਧਰਾਉਣ ਸ਼ੇਖ਼ ਜੀ ਟੁਰਨ ਅਵੱਲੀ ਚਾਲ,
ਫ਼ਰਦਾ,ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਲਾਮ-ਲੱਖਾਂ ਪੜ੍ਹਦੇ ਆਦਮੀ ਡੰਗਰਾਂ ਵਾਂਗ ਕੁਰਆਨ,
ਖਾਵਣ ਕਿਉਂ ਹਰਾਮ ਨੂੰ ਹੱਕ ਪਰਾਇਆ ਜਾਣ,
ਤਸਬੀਹ ਖ਼ਿਰਕਾ ਮੁੱਕਰ ਦਾ ਅੱਗੇ ਇੰਦਰ ਜਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਮੀਮ-ਮੀਮੋਂ ਮੁਲ ਵਿਕਾਂਵਦੀ ਅੱਜ ਫ਼ਕੀਰੀ ਹੱਟ,
ਇੱਕ ਪੈਸੇ ਦੀ ਉੱਨ ਲੈ ਗੱਲ ਨੂੰ ਸੇਹਲੀ ਵੱਟ,
ਗਿਰੀ ਰੰਗ ਲੈ ਕੱਪੜੇ ਖੋਲ ਸਿਰੇ ਦੇ ਵਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਨੂਨ-ਨਮਾਜ਼ਾਂ ਕੀ ਪੜ੍ਹੋ, ਨਾ ਕਰੋ ਰਕੁਵਾ ਸਜੂਦ,
ਜ਼ਾਹਰ ਖੜ੍ਹਾ ਨਮਾਜ਼ ਵਿਚ ਅੰਦਰ ਹੋਰ ਗ਼ਦੂਦ,
ਮੱਥੇ ਪਾ ਮਹਿਰਾਬ ਨੂੰ ਅੰਦਰ ਦਗ਼ਾ ਕਮਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਵਾਓ-ਵਾਰੀ ਜਾਵਾਂ ਤਿਹਨਾਂ ਥੋਂ ਜਿਹੜੇ ਪੀਰ ਸਦਾਨ,
ਹੱਥ ਵਿਚ ਲੈਂਦੇ ਮੋਰ-ਛੜ ਫਿਰਦੇ ਵਿਚ ਜਹਾਨ,
ਵਾਂਗੂੰ ਸ਼ੈਤਾਨ ਖ਼ਲਕ ਨੂੰ ਰਾਨਨ ਗੱਲਾਂ ਨਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਹੇ-ਹਿਦਾਇਤ ਰੱਬ ਦੀ ਜਿਹਨਾਂ ਹੋਈ ਆ,
ਕਰਨ ਇਬਾਦਤ ਬੰਦਗੀ ਦੁਨੀਆ ਦਿਲੋਂ ਭੁਲਾ,
ਰੱਖਣ ਨਜ਼ਰ ਹਲਾਲ ਤੇ ਨਾ ਤੱਕਣ ਪਰਾਇਆ ਮਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਲਾਮ-ਲਾਮੋਂ ਲਾਹਨਤ ਕਾਫ਼ਰਾਂ ਹੋਰ ਕਰਾੜਾਂ ਦੇਹ,
ਨਾਲੇ ਪਿੱਛੋਂ ਜ਼ਾਲਮਾਂ ਤ੍ਰੈਹਾਂ ਦੇ ਸਿਰ ਖੇਹ,
ਗ਼ੈਬਤ ਖ਼ੁਦੀ ਤਕਬਰੀ ਐਮਾਂ ਕਰਨ ਜ਼ਵਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਅਲਿਫ਼-ਅਵੱਲੇ ਰਾਹ ਤੇ ਨਾ ਕਰ ਜ਼ਰਾ ਖ਼ਿਆਲ,
ਛੱਡ ਦੁਨੀਆ ਦੀਆਂ ਕਾਰਾਂ ਸਿੱਧਾ ਰਾਹ ਸਮ੍ਹਾਲ,
ਸਿੱਧੇ ਰਾਹ ਤੇ ਜੋ ਚਲੇ ਸੋਈ ਜਾਨ ਨਿਹਾਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।

ਯੇ-ਯਾਰੀ ਕਰ ਤੂੰ ਰੱਬ ਦੀ ਹੋਰ ਯਾਰ ਦੁਨੀ ਦੇ ਕੂੜ,
ਮਨ ਮੁਹੰਮਦ ਮੁਸਤਫ਼ਾ ਲੰਘੀਂ ਪਹਿਲੇ ਪੂਰ,
ਚਹੁੰਆਂ ਯਾਰਾਂ ਦੀ ਦੋਸਤੀ ਮੰਨ ਨਬੀ ਦੀ ਆਲ,
ਫ਼ਰਦਾ, ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ ।