ਸੀਹਰਫ਼ੀ ਸੱਸੀ ਪੁੰਨੂ (ਗੁਲਾਮ ਰਸੂਲ ਆਲਮਪੁਰੀ)
1
ਅਲਫ਼-ਆ ਚੇਤੇ ਸਜਨ ਗਲ ਬਾਹੀਂ ਨੀ,
ਮੈਂ ਛੇਜ ਫੁਲਾਂ ਭਰ ਸੁੱਤੀ ।
ਜਾਂ ਜਾਗੀ ਸ਼ਹੁ ਨਾਲ ਨਾ ਪਾਇਆ,
ਮੈਂ ਰੋਂਦਿਆਂ ਨੀਂਦ ਵਿਗੁੱਤੀ ।
ਯਾਰ ਵਿਛੁੰਨਿਆਂ ਅੱਖੀਂ ਰੁੰਨੀਆਂ,
ਤੇ ਭਾ ਸੜਦੀ ਛੇਜ ਕਰ ਸੁੱਤੀ ।
ਆਖੀਂ ਖੋਲ੍ਹ ਗ਼ੁਲਾਮ ਰਸੂਲਾ,
ਸੱਸੀ ਕੂਕੇ ਲੁੱਟੀ ਲੁੱਟੀ ॥1॥
(ਆ ਚੇਤੇ=ਅਚਾਨਕ, ਛੇਜ=ਸੇਜ,
ਵਿਗੁੱਤੀ=ਗਵਾਈ, ਭਾ=ਅੱਗ)
2
ਬੇ-ਬਿਰਹੋਂ ਦੇ ਕਹਿਰ ਮੋ ਗਾੜੇ,
ਮੇਰੇ ਦਿਲ ਵਿਚ ਕਾਰੀ ਲੱਗੇ ।
ਕਰ ਘਾਇਲ ਸੁਟ ਗਏ ਸ਼ਿਕਾਰੀ,
ਕੀ ਜਾਣਾਂ ਕਿਤ ਵਲ ਵੱਗੇ ।
ਕਰ ਕੇ ਜੁਦਾ ਪੁੰਨੂ ਥੀਂ ਮੈਨੂੰ,
ਮੇਰੇ ਦੁੱਖਾਂ ਨੇ ਸੁਖ ਠੱਗੇ ।
ਵੇਖ ਗ਼ੁਲਾਮ ਰਸੂਲ ਸੱਸੀ ਵਲ,
ਜਿਹੜੀ ਮਰਦੀ ਤੋਂ ਅੱਗੇ ॥2॥
(ਮੋ ਗਾੜੇ=ਮੋਏਗਰ,ਰੁਆਉਣ ਵਾਲੇ,
ਕਾਰੀ=ਡੂੰਘੇ)
3
ਤੇ-ਤਪਦੇ ਦੋ ਨੈਣ ਤੱਤੀ ਦੇ,
ਉਹ ਰੱਤ ਵਹਿੰਦੇ ਪਰਨਾਲੇ ।
ਖੜੀ ਪੁਕਾਰੇ, ਕਰ ਕਰ ਨਾਰੇ,
ਦੁੱਖ ਪਾ ਗਏ ਹੋਤ ਰਜ਼ਾਲੇ ।
ਨਾ ਛੱਡ ਜਾਹੀਂ ਪੁੰਨੂ ਯਾਰਾ,
ਮੈਨੂੰ ਆ ਮੁੜ ਲੈ ਚਲ ਨਾਲੇ ।
ਲੈ ਪੈਗ਼ਾਮ ਗ਼ੁਲਾਮ ਰਸੂਲਾ,
ਮੇਰੇ ਯਾਰ ਦੇ ਕਰੀਂ ਹਵਾਲੇ ॥3॥
(ਰਜ਼ਾਲੇ=ਰਜ਼ੀਲ,ਕਮੀਨੇ, ਪੈਗ਼ਾਮ=
ਸੁਨੇਹਾ)
4
ਸੇ-ਸਬੂਤੀ ਤੇ ਸਬਰ ਤਸੱਲੀ,
ਮੈਂ ਵੇਚ ਵਿਹਾਜੀਆਂ ਆਹੀਂ ।
ਲਾ ਲਜ ਨੀਂਦ ਦਿਲ ਦਿੱਤਾ ਸੋਹਣਾ,
ਮੈਂ ਹੁਣ ਰੋਨੀਆਂ ਉੱਭੇ ਸਾਹੀਂ ।
ਜਿਨ੍ਹਾਂ ਰਾਹੀਂ ਮੇਰਾ ਪੁੰਨੂ ਵੰਜਿਆ,
ਮੈਂ ਵੰਜ ਮਿਲਸਾਂ ਓਨ੍ਹਾਂ ਰਾਹੀਂ ।
ਜਾਇ ਆਖ ਗ਼ੁਲਾਮ ਰਸੂਲ ਸਜਨ ਨੂੰ,
ਸੋਹਣਿਆਂ, ਮਾਰ ਮੁਈ ਨੂੰ ਸਾਈਂ ॥4॥
(ਵੰਜਿਆ=ਗਿਆ)
5
ਜੀਮ-ਜਗਾ ਕਰ ਰੁਖ਼ਸਤ ਹੋਇਓਂ ਜਾਂ,
ਤੂੰ ਧਰਿਆ ਪੈਰ ਕਚਾਵੇ ।
ਕਿਉਂ ਤੂੰ ਮੈਨੂੰ ਖ਼ਬਰ ਨਾ ਕੀਤੀ,
ਜਦੋਂ ਲਾਹੇ ਗਲੋਂ ਗਲਾਵੇ ।
ਬੇ-ਤਰਸਾ ਕਿਉਂ ਤਰਸ ਨਾ ਕੀਤਾ,
ਮੇਰੇ ਦਿਲ ਨੂੰ ਲਾਏ ਪਛੁਤਾਵੇ ।
ਵੇਖ ਗ਼ੁਲਾਮ ਰਸੂਲ ਸੱਸੀ ਦੇ,
ਹੁਣ ਨੈਣ ਬਲਣ ਵਿਚ ਹਾਵੇ ॥5॥
(ਕਚਾਵੇ=ਊਠ ਦੀ ਕਾਠੀ)
6
ਹੇ-ਹਵਾਲੇ ਕਿਸ ਦੇ ਮੈਨੂੰ,
ਵੇ ਤੂੰ ਛੋੜ ਪਇਓਂ ਉਠ ਰਾਹੀਂ ।
ਹੁਣ ਰੱਤ ਰੁੰਨੀ ਦੀਦੋਂ ਛੁੱਟੀ,
ਖੜੀ ਕੂਕਾਂ ਲੰਮੀ ਰਾਹੀਂ ।
ਮਸਤ ਬਲੋਚਾ ਮੋੜ ਮੁਹਾਰਾਂ,
ਮੁੜ ਸੁਣ ਲੈ ਮੇਰੀਆਂ ਆਹੀਂ ।
ਵਾਂਗੁ ਗ਼ੁਲਾਮ ਰਸੂਲ ਸੱਸੀ ਦਾ,
ਸਿਰ ਸੱਟਾ ਚੂਸ ਆਹੀਂ ॥6॥
(ਦੀਦੋਂ=ਅੱਖੋਂ)
7
ਖ਼ੇ-ਖ਼ਤਾਈਂ ਬਖ਼ਸ਼ ਅਸਾਈਂ,
ਅਸਾਂ ਕੀਤੀਆਂ ਬੇ-ਅਦਾਈਆਂ ।
ਜੋ ਕੁਝ ਕੀਤਾ ਤੂੰ ਚੰਗਾ ਕੀਤਾ,
ਅਸਾਂ ਖ਼ੁਦ ਕੀਤੀਆਂ ਭਰ ਪਾਈਆਂ ।
ਕਿਤ ਵਲ ਕਿਤੇ ਵੀ ਜਾਇ ਨਾ ਮੇਰੀ,
ਵੇ ਮੈਂ ਮਿਲਨੀਆਂ ਭਰਵਾਈਆਂ ।
ਕਰੋ ਬਿਆਨ ਗ਼ੁਲਾਮ ਰਸੂਲਾ,
ਜਿਹੜੀਆਂ ਸ਼ਹੁ ਨੇ ਆਪ ਬੁਲਾਈਆਂ ॥7॥
8
ਦਾਲ-ਦੁੱਖੀ ਨੀਂ ਮੈਂ ਘਾਇਲ ਹੋਈ,
ਮੈਨੂੰ ਚੜ੍ਹਿਆ ਦਰਦ ਮਰੋੜਾ ।
ਮੈਂ ਵਾਂਗੂੰ ਕੂੰਜ ਦੁੱਖੀਂ ਕੁਰਲਾਨੀ,
ਜਾਂ ਲੈ ਹੋਤ ਗਏ ਘਿੰਨ ਜੋੜਾ ।
ਸ਼ਾਲਾ, ਜਾਣ ਵਿਛੁੰਨੇ ਤੇ ਦੁੱਖ ਦੁੰਨੇ,
ਸਾਨੂੰ ਪਾਇਆ ਜਿਨ੍ਹਾਂ ਵਿਛੋੜਾ ।
ਗ਼ੁਲਾਮ ਰਸੂਲ ਜਿਨ੍ਹਾਂ ਪੀ ਵਿਛੁੜੇ,
ਫਿਰ ਕਦਰੋਂ ਦੁੱਖ ਥੋੜ੍ਹਾ ।8।
(ਸ਼ਾਲਾ=ਰੱਬ ਕਰੇ)
9
ਜ਼ਾਲ-ਜ਼ਰਾ ਦਿਲ ਸਬਰ ਨ ਸਹੀਂ,
ਮੇਰਾ ਅਈਂ, ਘੁਲ ਗਹਿਆ ਪਿੱਤਾ ।
ਦੁਨੀਆਂ ਦੀਨ ਈਮਾਨ ਸਣੇ ਦਿਲ,
ਨੀ ਮੈਂ ਚਾ ਪੁੰਨੂ ਹੱਥ ਦਿੱਤਾ ।
ਹੋਸ਼ ਹਵਾਸ ਕੀਤੇ ਕੁਰਬਾਨੀ,
ਸੋਹਣਾ ਕਿਉਂ ਹੋ ਗਿਆ ਪਸਿੱਤਾ ।
ਗ਼ੁਲਾਮ ਰਸੂਲ ਅਜ ਹਰਨ ਸਬੂਰੀ,
ਜਿਸ ਤੇ ਪਿਆ ਬਿਰਹੋਂ ਦਾ ਚਿੱਤਾ ॥9॥
(ਅਈਂ=ਇੰਞ ਆਹਾਂ ਨਾਲ, ਪਸਿੱਤਾ=
ਪਿਛੇਤਾ, ਹਰਨ=ਮ੍ਰਿਗ,ਹਿਰਨ)
10
ਰੇ-ਰੋਵਾਂ ਮੈਂ ਦੁੱਖ ਧੋਵਾਂ,
ਨੀ ਤੂੰ ਵਰਜ ਨ ਮੇਰੀਏ ਮਾਏ ।
ਪੁੰਨੂ ਯਾਰ ਗਇਆ ਘੱਤ ਦੁੱਖੀਂ,
ਮੇਰੇ ਰੋਵਨ ਦੇ ਦਿਨ ਆਏ ।
ਲਬ ਪੀਲੇ ਅੱਜ ਨੈਣ ਰੰਗੀਲੇ,
ਗਲ ਜ਼ੁਲਫ਼ਾਂ ਕੁੰਡਲ ਪਾਏ ।
ਗ਼ੁਲਾਮ ਰਸੂਲ ਸੱਸੀ ਦੀਆਂ ਚੀਖਾਂ,
ਦਿਲ ਸੰਗਾਂ ਸਲ ਪਾਏ ॥10॥
(ਸੰਗਾਂ=ਪੱਥਰਾਂ, ਸਲ=ਮੋਰੀ)
11
ਜ਼ੇ-ਜ਼ਾਰੋ ਜ਼ਾਰੀ ਮੈਂ ਰੋਵਾਂ,
ਮਾਂ ਪਕੜ ਪੱਲੂ ਖਲਿਆਰੇ ।
ਨਾ ਕਰ ਪਿੱਛਾ ਏਹੋ ਜਿਹਾਂ ਦਾ,
ਜਿਹੜੇ ਪਾਪ ਕਰਨ ਹਤਿਆਰੇ ।
ਨਦੀਆਂ ਚੀਰ ਮਿਲੇਂਦੇ ਸਾਜਨ,
ਤੇ ਇਹ ਗਲ ਥੀਂ ਲਾਹ ਸਿਧਾਰੇ ।
ਗ਼ੁਲਾਮ ਰਸੂਲ ਕੀ ਪ੍ਰੀਤ ਤਿਨ੍ਹਾਂ ਦੀ,
ਜਿਹੜੇ ਦਰਦ ਨ ਵੰਡਣਹਾਰੇ ॥11॥
12
ਸੀਨ-ਸੁਝਾ ਕੁਝ ਮੈਂ ਤੁਝ ਚੁੱਕੀਆਂ,
ਨੀ ਮੈਂ ਛੋੜੇ ਤਾ ਨਾ ਥੋੜੇ ।
ਵਡਿਆਈਆਂ ਤੇ ਮਾਨ ਤਕੱਬਰ,
ਸਬ ਰੁਖ਼ਸਤ ਕਰ ਕਰ ਤੋੜੇ ।
ਤੇ ਇਕ ਯਾਰ ਨ ਲੋੜਿਆ ਹੱਥੀਂ,
ਜਿਹੜਾ ਮੈਂ ਪਰ ਕਰ ਗਿਆ ਜ਼ੋਰੇ ।
ਗ਼ੁਲਾਮ ਰਸੂਲ ਪੁੰਨੂ ਦੇ ਰਾਹੀਂ,
ਸੱਸੀ ਕਰਨ ਲੱਗੀ ਹਡਖੋਰੇ ॥12॥
(ਤਕੱਬਰ=ਹੰਕਾਰ, ਹਡਖੋਰੇ=ਹਟਕੋਰੇ
ਭਰਨੇ,ਡੁਸਕਣਾ)
13
ਸ਼ੀਨ-ਸ਼ਬਾਸ਼ਬ ਹੋਤ ਸਵਾਰੀ,
ਨੀ ਓਹ ਥਲ ਮਾਰੂ ਲੰਘ ਗਈਆ ।
ਵੰਜ ਮਿਲੇ ਕਦ ਡਾਚੀਆਂ ਵਾਲਾ,
ਨੀ ਤੂੰ ਨ ਜਾ ਹਟ ਇਹ ਧਈਆ ।
ਤੇ ਤੂੰ ਪੰਧ ਨ ਪਈਓਂ ਓਪਰੇ,
ਤੇ ਅੱਜ ਕਿਹੀ ਮੁਸੀਬਤ ਪਈਆ ।
ਗ਼ੁਲਾਮ ਰਸੂਲ ਸੱਸੀ ਦੇ ਸਿਰ ਤੇ,
ਅੱਜ ਬਣਿਆ ਸਖ਼ਤ ਕਜ਼ਈਆ ॥13॥
(ਸ਼ਬਾਸ਼ਬ=ਝੱਟ ਪੱਟ, ਇਹ=ਹੇ,ਐ,
ਧਈਆ=ਧੀ, ਕਜ਼ਈਆ=ਕਜ਼ੀਆ,
ਮੁਸੀਬਤ)
14
ਸਵਾਦ-ਸਬਰ ਦਿਲ ਮੇਰੇ ਚਲਿਆ,
ਤੇ ਹੁਣ ਮੇਰਾ ਨਹੀਂ ਟਿਕਾਣਾ ।
ਇਸ਼ਕ ਇਮਾਨਤ ਮੈਂ ਸਿਰ ਧਰਿਆ,
ਜੇ ਇਹ ਧਰਿਆ ਪਰੇ ਨਾ ਜਾਣਾ ।
ਛੋੜਿਆ ਮੈਂ ਬੇ-ਵਸ ਹੋਈਆਂ,
ਕੀਤਾ ਖ਼ੂਨੀ ਇਸ਼ਕ ਧਿਗਾਣਾ ।
ਅੰਤ ਗ਼ੁਲਾਮ ਰਸੂਲ ਸੱਸੀ ਨੇ,
ਵੰਜ ਜਾਣਾ ਜਾਣਾ ਤੇ ਖ਼ੌਫ਼ ਨ ਖਾਣਾ ॥14॥
(ਧਿਗਾਣਾ=ਧੱਕਾ, ਵੰਜ=ਚਲੇ ਜਾਣਾ)
15
ਜ਼ੁਆਦ-ਜ਼ਰੂਰ ਮੇਰਾ ਮੰਨ ਕਹਿਣਾ,
ਨੀ ਤੂੰ ਜਾਹ ਨ ਪਰੇ ਪਰੇਰੇ ।
ਕੀ ਸ਼ੈ ਹੋਤ ਗਇਆ ਕੀ ਹੋਇਆ,
ਤੇ ਇਥੇ ਪੁੰਨੂ ਜਿਹੇ ਬਥੇਰੇ ।
ਰੇਗਿਸਤਾਨ ਤਨੂਰ ਥਲਾਂ ਦੀ,
ਮਤ ਸੜ ਬਲ ਹੋਸੇਂ ਬੇਰੇ ।
ਗ਼ੁਲਾਮ ਰਸੂਲ ਸੱਸੀ ਨਹੀਂ ਹਟਦੀ,
ਹੁਣ ਵਰਜਿਓਂ ਤੇਰੇ ਮੇਰੇ ॥15॥
(ਰੇਗਿਸਤਾਨ=ਰੇਤ ਦਾ ਥਲ, ਤਨੂਰ=
ਤੰਦੂਰ ਵਾਂਗ ਤਪਿਆ, ਵਰਜਿਓਂ=
ਵਰਜਿਆਂ,ਰੋਕਣ ਨਾਲ)
16
ਤੋਇ-ਤਾਨੇ ਸੁਣਿ ਸੱਸੀ ਰੁੰਨੀ,
ਨੀ ਤੂੰ ਕੀ ਮਾਏ ! ਫ਼ਰਮਾਇਆ ?
ਪੁੰਨੂ ਜੇਹਾ ਮਸਤ ਰੰਗੀਲਾ,
ਕਿਸੇ ਕਦ ਸਤ ਪੁਤ੍ਰੀ ਜਾਇਆ ।
ਦੋਵੇਂ ਆਲਿਮ ਤੇ ਦਿਲ ਦੁੱਖੇਂ ਭਰ ਪਾਣੀ,
ਮੈਥੋਂ ਘੋਲ ਘੁਮਾਇਆ ।
ਗ਼ੁਲਾਮ ਰਸੂਲ ਏਥੇ ਪੁੰਨੂ ਬਾਝੋਂ,
ਸੱਸੀ ਕੂਕੇ ਹੋਰ ਨ ਆਇਆ ॥16॥
(ਸਤ ਪੁਤ੍ਰੀ=ਸਪੁੱਤ੍ਰੀ ਮਾਂ ਨੇ, ਆਲਿਮ=
ਸੰਸਾਰ)
17
ਜ਼ੋਇ-ਜ਼ਾਲਿਮ ਇਸ਼ਕ ਧਿਗਾਣਾ ਕੀਤਾ ਸੀ,
ਪਾੜ ਪੱਲੂ ਉਠ ਧਾਨੀ ।
ਖੋਜੇ ਖੋਜ ਪੁੰਨੂ ਦੇ ਰਾਹੀਂ,
ਨੀ ਓਹ ਕਰਦੀ ਗਈ ਵਰਾਨੀ ।
ਪੈਰ ਨੰਗੇ ਓਹ ਮਹਿੰਦੀਆਂ ਰੰਗੇ,
ਵਿਚ ਕੰਡਿਆਂ ਫਿਰੇ ਦਬਾਨੀ ।
ਹੋਰ ਗ਼ੁਲਾਮ ਰਸੂਲ ਬਿਰਹੋਂ ਦੇ,
ਚੜ੍ਹ ਸੂਰਜ ਲਾਟ ਵਗਾਨੀ ॥17॥
(ਧਿਗਾਣਾ=ਧੱਕਾ, ਧਾਨੀ=ਧਾਈ,
ਦੌੜੀ, ਦਬਾਨੀ=ਦੱਬਦੀ)
18
ਐਨ-ਇਨਾਇਤ ਕਰੇਂ, ਪਲੂ ਚਾ ਸੱਸੀ,
ਰੋ ਰੋ ਕੂਕ ਪੁਕਾਰੇ ।
ਤੇਜ਼ ਰਵਾਨੀ ਡਾਚੀ ਵਾਲਿਆ,
ਮੈਨੂੰ ਦੇਂਵਦਾ ਇਸ਼ਕ ਹੁਲਾਰੇ ।
ਮੈਂ ਬਿਰਹੋਂ ਭੁੱਜਾ ਬਾਲਣ ਹੋਈਆਂ,
ਵਿਚ ਥਲ ਭਖਦੇ ਅੰਗਿਆਰੇ ।
ਗ਼ੁਲਾਮ ਰਸੂਲ ਦਿਲ ਮਹਸ਼ਿਰ ਵਾਂਗੂੰ,
ਛੁੱਟੇ ਸੂਰਜ ਦੇ ਲਿਸ਼ਕਾਰੇ ॥18॥
(ਇਨਾਇਤ=ਮਿਹਰਬਾਨੀ, ਰਵਾਨੀ=
ਚਾਲ, ਮਹਸ਼ਿਰ=ਪਰਲੋ ਦਾ ਦਿਨ)
19
ਗ਼ੈਨ-ਗ਼ਮਾਂ ਤੇ ਦਰਦਾਂ ਵਾਲੇ,
ਮੈਨੂੰ ਪਾਏ ਇਸ਼ਕ ਸਿਆਪੇ ।
ਲੰਕਾ ਦਾਹ ਥਲਾਂ ਦੀਆਂ ਰੇਤਾਂ,
ਮੇਰਾ ਤਨ ਮਨ ਤਾਂਦੀਆਂ ਤਾਪੇ ।
ਪੁੰਨੂ ਤਾਉ ਦਿੱਤਾ ਵਿਚ ਸੀਨੇ,
ਵੇ ਤੂੰ ਚਮਕਿਆ ਆਪੇ ਆਪੇ ।
ਗ਼ੁਲਾਮ ਰਸੂਲ ਪੁਕਾਰੇ ਸੱਸੀ,
ਮੈਨੂੰ ਨਿਜ ਜਣੇਂਦੇ ਮਾਪੇ ॥19॥
20
ਫ਼ੇ-ਫ਼ਿਰਾਕ ਪੁੰਨੂ ਦਿਓਂ ਦਰਦੋਂ,
ਮੈਨੂੰ ਅੱਗ ਬਲਦੀ ਵਿਚ ਝੋਕੋ ।
ਲਾਲ ਰਤੋਂ ਭਰ ਮਾਲਾ ਚੀਨੀ,
ਤੁਸੀਂ ਝਿੱਮਣੀਆਂ ਦੀਓ ਨੋਕੋ ।
ਭਰਿਆ ਨੂਰ ਪੁੰਨੂ ਦਾ ਮਖ਼ਮਲ,
ਕਿਤੇ ਜਾਂਦਾ ਵੇਖੋ ਲੋਕੋ ।
ਗ਼ੁਲਾਮ ਰਸੂਲ ਸੱਸੀ ਬਿਰਹੋਂ ਸੜਦੀ,
ਤੁਸੀਂ ਨਾ ਸੜਦੀ ਨੂੰ ਰੋਕੋ ॥20॥
21
ਕਾਫ਼-ਕਰਾਰ ਤਸੱਲੀ ਮੇਰੀ ਏ,
ਤੂੰ ਲੈ ਪੁੰਨੂ ਕਿਤੇ ਛਪਿਆ ।
ਚੜ੍ਹੀ ਦੁਪਹਿਰ ਤੇ ਚਮਕਿਆ ਸੂਰਜ,
ਥਲ ਮਾਰੂ ਦੋਜ਼ਖ਼ ਤਪਿਆ ।
ਵੇ ਮੈਂ ਸੜਦੀ ਬਲਦੀ ਕੋਲੇ ਹੋਂਦੀ,
ਭੀ ਨਾਮ ਤੇਰਾ ਹੈ ਜਪਿਆ ।
ਗ਼ੁਲਾਮ ਰਸੂਲ ਕੀ ਵੱਸ ਸੱਸੀ ਦੇ,
ਮੂੰਹ ਬਿਰਹੋਂ ਦੇ ਸਭ ਜਗ ਖਪਿਆ ॥21॥
22
ਕੁਆਫ਼-ਕਰਮ ਦੀਆਂ ਮੋੜ ਮੁਹਾਰਾਂ,
ਪੁੰਨੂ ! ਸੁਣ ਲੈ ਮੇਰੀਆਂ ਆਹਾਂ ।
ਤੂੰ ਤੋੜ ਵਿਛੋੜੀ, ਵੇ ਮੈਂ ਪਿੱਛੇ ਦੌੜੀ,
ਤੇਰਾ ਭੀ ਕਦਮ ਅਗਾਹਾਂ ।
ਆਖ਼ਰ ਤੀਕ ਲਿਖਿਆਂ ਸਾਹਾਂ,
ਲਾ ਛੱਡੀਆਂ ਸਾਰੀਆਂ ਵਾਹਾਂ ।
ਗ਼ੁਲਾਮ ਰਸੂਲ ਪਿਆ ਨੇੜੇ ਵਸਦਾ,
ਤੇਰੀਆਂ ਜਾਂਦੀਆਂ ਦੂਰ ਨਿਗਾਹਾਂ ॥22॥
23
ਲਾਮ-ਲਈ ਦਮ ਦਿੰਦੀ ਪੁੰਨੂ,
ਭਰ ਅੱਖੀਂ ਲਹੂ ਪਲਟਿਆ ।
ਮੇਰੇ ਨੈਣ ਪਰਾਣ ਹਯਾਤੀ ਘਟ ਗਈ,
ਦੁੱਖ ਬਿਰਹੋਂ ਦਾ ਨ ਘਟਿਆ ।
ਨੀ ਮੈਂ ਘਟਦੀ ਘਟਦੀ ਘੱਟੇ ਰਲੀਆਂ,
ਏਹੋ ਇਸ਼ਕ ਥੀਂ ਖਟਿਆ ਵਟਿਆ ।
ਗ਼ੁਲਾਮ ਰਸੂਲ ਜਿਨ੍ਹਾਂ ਇਸ਼ਕ ਨੇ ਫਟਿਆ,
ਤਿਨ੍ਹਾਂ ਤਪਦਾ ਲੋਹਾ ਚਟਿਆ ॥23॥
24
ਮੀਮ-ਮਰੇਂਦੀ ਤੇ ਤੜਫੇਂਦੀ,
ਸੱਸੀ ਡਿਗ ਡਿਗ ਪਵੇ ਬਿਚਾਰੀ ।
ਸਟ ਗਏ ਪੈਰ ਕਲੇਜਾ ਭੱਜਾ,
ਸੀਨੇ ਵਗਦੀ ਦਰਦ ਕਟਾਰੀ ।
ਧੁੱਪ ਪਿਆਸ ਨਿਤਾਣੀ ਕੀਤੀ,
ਪਰ ਓਹ ਸਾਬਤ ਦਮੋਂ ਨ ਹਾਰੀ ।
ਗ਼ੁਲਾਮ ਰਸੂਲ ਸੱਸੀ ਚਿਚਲਾਨੀ,
ਲੈ ਵੇ ਹੋਤ ਪੁੰਨੂ ਮੈਂ ਵਾਰੀ ॥24॥
25
ਨੂਨ-ਨਿਖੁੱਟ ਹਯਾਤੀ ਚੱਲੀ,
ਅਜੇ ਕਦਮ ਅਗਾੜੀ ਧਰਦੀ ।
ਲੈ ਪੁੰਨੂ ਤੇਰੇ ਘਰ ਦੀ ਬਾਂਦੀ,
ਦੁੱਖ ਜ਼ਰਦੀ ਉਜ਼ਰ ਨ ਕਰਦੀ ।
ਉਸ ਦਿਲਬਰ ਦੀ ਦਰਦ ਬਿਦਰਦੀ,
ਜਿਸ ਆਣ ਨ ਦੇਖੀ ਮਰਦੀ ।
ਗ਼ੁਲਾਮ ਰਸੂਲ ਵਿਚ ਇਸ਼ਕੇ ਸੱਸੀ,
ਕਾਈ ਦਾਗ਼ ਲੱਗਣ ਥੀਂ ਡਰਦੀ ॥25॥
(ਹਯਾਤੀ=ਜ਼ਿੰਦਗੀ, ਅਗਾੜੀ=ਅਗੇਰੇ,
ਕਾਈ=ਕੋਈ)
26
ਵਾਉ-ਵੇਲਾ ਆਇਆ ਸੱਸੀ
ਵੇਖਿਆ ਇਕ ਚਰਵਾਹੇ ।
ਉਥੇ ਦੌੜ ਪੁੱਜੀ ਪੁੱਛੇ ਓਸ ਭਰਾਵਾ,
ਕਿਤ ਵਲ ਹੋਤ ਲੰਘੇ ਮਤਵਾਲੇ ।
ਵਿੱਚ ਉਨ੍ਹਾਂ ਮੇਰਾ ਪੁੰਨੂ ਵਗਿਆ,
ਮੈਨੂੰ ਦੇ ਗਿਆ ਦੇਸ ਨਿਕਾਲੇ ।
ਸੱਸੀ ਛੋੜ ਗ਼ੁਲਾਮ ਰਸੂਲਾ,
ਮੈਂਥੀਂ ਕਰ ਗਿਆ ਟਾਲਮ ਟਾਲੇ ॥26॥
27
ਹੇ-ਹਿਜਰ ਤਪਾਈ ਜਿੰਦ ਲਬ ਤੇ ਆਈ,
ਸੱਸੀ ਰੋ ਰੋ ਕਹਿੰਦੀ ਨਾਲੇ ।
'ਏਹ ਲੈ ਲੋਥ ਇਮਾਨਤ ਰੱਖੀਂ,
ਮੇਰੇ ਯਾਰ ਦੇ ਕਰੀਂ ਹਵਾਲੇ ।'
ਏਹ ਗਲ ਬੋਲ ਝੜੀ ਦਮ ਟੁੱਟਾ,
ਹੁਣ ਗਿਰ ਗਈ ਤਮ ਕੋ ਸਾਲੇ ।
ਗ਼ੁਲਾਮ ਰਸੂਲ ਦਬਾਈ ਕਬਰੇ,
ਸੱਸੀ ਰੋ ਰੋ ਭੇਡਾਂ ਵਾਲੇ ॥27॥
28
ਲਾਮ-ਲਿਬਾਸ ਬਦਨ ਲਾ ਜਿੰਦੜੀ,
ਕੌਲ ਪੁੰਨੂ ਥੀਂ ਕਰਦੀ ਪੱਕਾ ।
ਹੱਜ ਚਲੀ ਅੱਜ ਮੰਜ਼ਲ ਪੁੰਨੀ,
ਸੱਸੀ ਥਲ ਵਿਚ ਪਾ ਲਿਆ ਮੱਕਾ ।
ਮੈਂ ਆਪਣੀਆਂ ਲਾਈਆਂ ਤੋੜ ਨਿਭਾਈਆਂ,
ਤੂੰ ਹੁਣ ਭਾਵੇਂ ਦੇਹ ਧੱਕਾ ।
ਗ਼ੁਲਾਮ ਰਸੂਲ ਹੁਣ ਜਾਗਿਆ ਪੁੰਨੂ,
ਤੱਕ ਰਹਿ ਗਿਆ ਹੱਕਾ ਬੱਕਾ ॥28॥
(ਲਬ=ਬੁੱਲ੍ਹ, ਪੁੰਨੀ=ਪੁੱਜੀ)
29
ਅਲਫ਼-ਉਦਾਸ ਸਜਨ ਬਿਨ ਪੁੰਨੂ,
ਉਹਦੇ ਨੈਣ ਲਹੂ ਭਰ ਆਏ ।
ਜਾਤਾ ਹਾਲ ਜੋ ਹੋਤ ਸਿਤਮਗਰ,
ਮੈਨੂੰ ਸੱਸੀ ਥੀਂ ਤੋੜ ਲਿਆਏ ।
ਮੋੜ ਮੁਹਾਰ ਪਿਛਾੜੀ ਵਗਿਆ,
ਹੁਣ ਹੋਤਾਂ ਦੀ ਪੇਸ਼ ਨਾ ਜਾਏ ।
ਗ਼ੁਲਾਮ ਰਸੂਲ ਭਖਲੌਂਦੇ ਥਲ ਵਿਚ,
ਪੁੰਨੂ ਰੋ ਰੋ ਨੀਰ ਚਲਾਏ ॥29॥
(ਸਿਤਮਗਰ=ਜ਼ਾਲਿਮ, ਭਖਲੌਂਦੇ=ਤਪਦੇ,
ਚਲਾਏ=ਵਗਾਏ)
30
ਯੇ-ਯਾਰ ਦੀ ਵਿੱਚ ਖ਼ੁਮਾਰੀ,
ਬੰਦ ਪੁੰਨੂ ਦੀ ਦਸੋਂ ਨਾ ਟੁੱਟੀ ।
ਅੱਗੇ ਕਬਰ ਡਿੱਠੀ ਚਰਵਾਹੇ, ਪੁੱਛਿਆ,
'ਏਥੇ ਕੌਣ ਦੱਬੀ ਦੁੱਖ ਲੁੱਟੀ ?'
ਸੁਣਿਆ ਹਾਲ ਤੇ ਨਾਰਾ ਕੀਤਾ,
ਵਿੱਚੋਂ ਕਬਰ ਸੱਸੀ ਦੀ ਫੁੱਟੀ ।
ਗ਼ੁਲਾਮ ਰਸੂਲ ਵਿਚ ਵੜਿਆ ਪੁੰਨੂ,
ਉਤੋਂ ਕਬਰ ਮਿਲੀ ਬੰਦ ਛੁੱਟੀ ॥30॥