ਸਿੱਖ ਧਰਮ ਫ਼ਿਲਾਸਫ਼ੀ

ੴ ਸਤਿਗੁਰਪ੍ਰਸਾਦਿ॥

ਸਿੱਖ ਧਰਮ ਫ਼ਿਲਾਸਫ਼ੀ

ਪ੍ਰਿੰਸੀਪਲ ਗੰਗਾ ਸਿੰਘ

ਸਿੰਘ ਬ੍ਰਦਰਜ਼
ਅੰਮ੍ਰਿਤਸਰ

© ਭਾਈ ਮੇਹਰ ਸਿੰਘ ਐਂਡ ਸੰਨਜ਼

ਸਿੰਘ ਬ੍ਰਦਰਜ਼ ਵੱਲੋਂ
ਪਹਿਲੀ ਵਾਰ ਮਾਰਚ 1995
ਦੂਜੀ ਵਾਰ ਮਈ 1998
ਤੀਜੀ ਵਾਰ ਜਨਵਰੀ 2003
ਚੌਥੀ ਵਾਰ ਮਾਰਚ 2008

ਮੁੱਲ : 80-00 ਰੁਪਏ

ਪ੍ਰਕਾਸ਼ਕ :

ਸਿੰਘ ਬ੍ਰਦਰਜ਼



ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ - 143006

S.C,O. 223-24, ਸਿਟੀ ਸੈਂਟਰ, ਅੰਮ੍ਰਿਤਸਰ - 143001
E-mail: singhbro@vsnl.com
Website : www.singhbrothers.com

ਛਾਪਕ :

ਪ੍ਰਿੰਟਵੈੱਲ, 146, ਇੰਡਸਟ੍ਰੀਅਲ ਫ਼ੋਕਲ ਪੁਆਇੰਟ, ਅੰਮ੍ਰਿਤਸਰ

ਸੰਗਤ
ਕੀਰਤਨ ੧੫
ਸਿਮਰਨ ੨੯
ਪ੍ਰੇਮਾ ਭਗਤੀ ੪੮
ਭਾਣਾ ੬੮
ਪਛਤਾਵਾ ੮੩
ਸੇਵਾ ੯੭
ਕਿਰਤ ੧੧੩
ਚੜ੍ਹਦੀ ਕਲਾ ੧੨੭
੧੦ ਇਕ ਜੋਤ ੧੪੧
੧੧ ਰਹਿਤ ਦਾਤਾ ੧੫੨
੧੨ ਰਹਿਤ ਦੀ ਲੋੜ ੧੫੬
੧੩ ਰਹਿਤ ਕੀ ਹੈ ੧੬੨
੧੪ ਗੁਰੂ ਭਗਤੀ ਅਤੇ ਰਹਿਤ ੧੬੯
੧੫ ਰਾਜ ਕਰੇਗਾ ਖਾਲਸਾ ੧੭੩

ਸੰਗਤ

ਸੰਗਤ ਦਾ ਅਸਰ ਭਾਵੇਂ ਮਨੁੱਖ 'ਤੇ ਵਿਸ਼ੇਸ਼ ਕਰਕੇ ਪੈਂਦਾ ਹੈ, ਪਰ ਦੂਸਰੀਆਂ ਜੂਨਾਂ ਵੀ ਇਸ ਤੋਂ ਖ਼ਾਲੀ ਨਹੀਂ ਹਨ। ਕੀ ਬਨਸਪਤੀ, ਕੀ ਪੰਛੀ ਤੇ ਕੀ ਪਸ਼ੂ, ਹਰ ਇਕ, ਕੋਲ ਬਹਿਣ ਵਾਲੇ ਸੰਗੀ ਦਾ ਅਸਰ ਕਬੂਲ ਕਰਦਾ ਹੈ। ਬਨਸਪਤੀ ਦੀ ਦੁਨੀਆ ਵਿਚ ਇਹ ਇਕ ਮਸ਼ਹੂਰ ਪ੍ਰਮਾਣ ਹੈ ਕਿ ਜੰਗਲ ਦੀਆਂ ਛੋਟੀਆਂ ਛੋਟੀਆਂ ਝਾੜੀਆਂ ਚੰਦਨ ਦੇ ਸਮੀਪ ਰਹਿਣ ਕਰਕੇ ਖ਼ੁਦ ਸੁਗੰਧੀ ਦੇਣ ਵਾਲੀਆਂ ਬਣ ਜਾਂਦੀਆਂ ਹਨ:


ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ॥
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥

(ਸਲੋਕ ਕਬੀਰ, ਪੰਨਾ ੧੩੬੫)

ਪਰਬਤਾਂ ਦੀਆਂ ਉੱਚੀਆਂ ਚੋਟੀਆਂ 'ਤੇ ਜਾ ਕੇ ਪਤਾ ਲਗਦਾ ਹੈ ਕਿ ਖੁਸ਼ਬੂਦਾਰ ਜੜ੍ਹੀਆਂ ਬੂਟੀਆਂ ਦੇ ਸਮੀਪ ਉਗਿਆ ਹੋਇਆ ਘਾਹ ਵੀ ਬਹੁਤ ਵੇਰ ਸੁਗੰਧਤ ਹੋ ਜਾਂਦਾ ਹੈ। ਘਾਹ ਦੀ ਤੇ ਗੱਲ ਕਿਤੇ ਰਹੀ, ਮਿੱਟੀ ਤਕ ਸੁਗੰਧਤ ਫੁੱਲਾਂ ਤੋਂ ਵਰੋਸਾਈ ਜਾਂਦੀ ਹੈ। ਈਰਾਨ ਦੇ ਮਸ਼ਹੂਰ ਲਿਖਾਰੀ ਸ਼ੇਖ਼ ਸਾਅਦੀ ਦਾ ਕਥਨ ਹੈ ਕਿ ਇਕ ਦਿਨ ਉਸ ਨੇ ਸਵੇਰੇ ਹੀ ਆਪਣੀ ਮਹਿਬੂਬਾ ਨੂੰ ਕਿਹਾ, ਮੈਨੂੰ ਹੱਥ ਧੋਣ ਵਾਸਤੇ ਥੋੜ੍ਹੀ ਜਿਹੀ ਮਿੱਟੀ ਦੇ; ਜਦ ਉਹ ਮਿੱਟੀ ਲੈ ਆਈ ਤਾਂ ਹੱਥਾਂ ਤੇ ਮਲਣ ਲੱਗਿਆਂ ਸਾਅਦੀ ਨੂੰ ਉਸ ਵਿਚੋਂ ਸੁਗੰਧੀ ਆਈ। ਸ਼ੇਖ਼ ਨੇ ਜਾਣਿਆ ਕਿ ਘੁਸਮੁਸਾ ਹੈ, ਅੰਧੇਰੇ ਦੇ ਦੋਸ਼ ਕਰਕੇ, ਲਿਆਉਣ ਵਾਲੀ ਮਿੱਟੀ ਦੀ ਥਾਂ 'ਕਸਤੂਰੀ' ਜਾਂ 'ਅੰਬਰ' ਲੈ ਆਈ ਹੈ। ਮਗਰ ਇਹ ਦੱਸਣ 'ਤੇ ਕਿ ਇਹ ਮਿੱਟੀ ਹੀ ਹੈ, ਕਵੀ ਨੇ ਹੈਰਾਨ ਹੋ ਕੇ ਖ਼ਾਕ ਤੋਂ ਪੁੱਛਿਆ, "ਤੇਰੇ 'ਚ ਇਤਨੀ ਖੁਸ਼ਬੂ ਕਿਉਂ ਹੈ?" ਤਾਂ ਉੱਤਰ ਮਿਲਿਆ, "ਮੈਂ ਹਾਂ ਤਾਂ ਨਾ-ਚੀਜ਼ ਮਿੱਟੀ ਹੀ, ਪਰ ਬਹੁਤ ਮੁੱਦਤ ਤਕ ਫੁੱਲਾਂ ਦੇ ਕੋਲ ਬਹਿੰਦੀ ਰਹੀ ਹਾਂ। ਇਸ ਕੋਲ ਬਹਿਣ ਕਰਕੇ ਹੀ ਮੇਰੇ ਵਿਚੋਂ ਸੁਰੀਧੀ ਆ ਰਹੀ ਹੈ, ਨਹੀਂ ਤਾਂ ਮੈਂ ਨਿਮਾਣੀ ਮਿੱਟੀ ਹੀ ਹਾਂ।"


ਗਿਲੇ ਖ਼ੁਸ਼ਬੂ ਦਰ ਹਮਾਮ ਰੋਜ਼ੇ,
ਰਸੀਦ ਅਜ਼ ਦਸਤੇ ਮਾਹਬੂਬੇ ਬਦਸਤਮ।
ਬਾ ਓ ਗੁਫ਼ਤਮ ਕਿ ਮੁਸ਼ਕੀ ਯਾ ਅਬੀਰੀ,
ਕਿ ਅਜ਼ ਖ਼ੁਸ਼ਬੂ ਦਿਲ ਵਜੇ ਤੋ ਮਸਤਮ।
ਬਿਗੁਫ਼ਤਾ ਮਨ ਗਿਲੇ ਨਾਚੀਜ਼ ਬੂਦਮ,
ਵਲੈਕਨ ਮੁੱਦਤੇ ਬਾ ਗੁਲ ਨਿਸ਼ਸਤਮ।

ਜਮਾਲੇ ਹਮਨਸ਼ੀਂ ਦਰ ਮਨ ਅਸਰ ਕਰਦ,

ਵਗਰਨਾ ਮਨ ਹਮਾ ਖ਼ਾਕਮ ਕਿ ਹਸਤਮ।

ਇਹ ਪ੍ਰਾਹੁਣੇ ਦੇ ਸੁਆਗਤ ਦਾ ਮਨੁੱਖੀ ਫ਼ਰਜ਼ ਨਿਬਾਹੁਣਾ ਪਰਿੰਦੇ ਨੂੰ ਕਿਸ ਤਰ੍ਹਾਂ ਆ ਗਿਆ? 'ਸੰਗਤ ਕਰਕੇ'। ਪੰਛੀ ਜੋ ਚਿਰ ਤਕ ਮਨੁੱਖਾਂ ਦੀ ਸੰਗਤ ਵਿਚ ਰਿਹਾ ਤਾਂ ਮਿਲ ਬੈਠਣ ਦਾ ਅਸਰ ਕਿਉਂ ਨਾ ਕਬੂਲਦਾ? ਏਸੇ ਤਰ੍ਹਾਂ ਹੀ ਮੈਨਾ ਤੇ ਹੋਰ ਕਈ ਪੰਛੀ ਵੀ ਮਨੁੱਖੀ ਸੰਗਤ ਤੋਂ ਲਾਭ ਉਠਾਉਂਦੇ ਹਨ।

ਪਸ਼ੂ ਜਗਤ ਵਿਚ ਤਾਂ ਇਹ ਚੀਜ਼ ਆਮ ਦਿਸ ਆਉਂਦੀ ਹੈ। ਕੌਣ ਨਹੀਂ ਜਾਣਦਾ ਕਿ ਪਸ਼ੂਆਂ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਦੋ ਹਿੱਸਿਆਂ ਵਿਚ ਤਕਸੀਮ ਹਨ: ਇਕ ਜਾਂਗਲੀ ਤੇ ਦੂਜੇ ਰਾਖਵੇਂ। ਦੋਹਾਂ ਦੇ ਸੁਭਾਵਾਂ ਵਿਚ ਕਿਤਨਾ ਫ਼ਰਕ ਹੁੰਦਾ ਹੈ, ਜਿਥੇ ਜਾਂਗਲੀ ਜਾਨਵਰ ਤੁੰਦ, ਅੱਖੜ ਤੇ ਗ਼ੁਸੈਲ ਹੁੰਦੇ ਹਨ, ਉਥੇ ਪਾਲਤੂ ਹਲੀਮ, ਨਰਮ ਸੁਭਾਅ ਦੇ ਤੇ ਡਰਾਕਲ ਦਿਸ ਆਉਂਦੇ ਹਨ। ਜਾਨਵਰਾਂ ਵਿਚ ਬੜੀ ਮਾਸੂਮ ਗਊ ਤੇ ਮੱਝ ਜੋ ਮਨੁੱਖ ਨੂੰ ਸਾਰੀ ਉਮਰ ਦੁੱਧ, ਦਹੀਂ, ਮੱਖਣ ਦੇ ਫ਼ੈਜ਼ ਪੁਚਾਂਦੀ ਹੈ, ਅਸਲ ਵਿਚ ਖੂੰ-ਖ਼ਾਰ ਜੰਗਲੀ ਭੈਂਸੇ ਤੇ ਮਾਰਖ਼ੋਰ ਬੈਲਾਂ ਦੀ ਹੀ ਔਲਾਦ ਹੈ, ਜਿਸ ਨੂੰ ਮੁੱਦਤਾਂ ਦੀ ਮਨੁੱਖੀ ਸੰਗਤ ਨੇ ਹੁਣ ਵਾਲੇ ਸੁਭਾਅ ਦਾ ਰੂਪ ਦਿਤਾ ਹੈ। ਸਿਖਾਏ ਹੋਏ ਘੋੜੇ ਤੇ ਹਾਥੀ ਮਨੁੱਖਾਂ ਨੂੰ ਸਵਾਰੀ ਦੇਂਦੇ ਤੇ ਚਿਤਰੇ ਤੇ ਸ਼ੇਰ ਸਰਕਸ ਵਿਚ ਤਮਾਂਸ਼ਾ ਦਿਖਾ ਖੁਸ਼ ਕਰਦੇ ਹਨ। ਮਨੁੱਖੀ ਜਾਮੇ ਵਿਚ ਤਾਂ ਸੰਗਤ ਦਾ ਫਲ ਅਜਬ ਕਰਾਮਾਤਾਂ ਦਿਖਾਂਦਾ ਹੈ। ਚੇਤਨਤਾ ਉਚੇਰੀ ਹੋ ਜਾਣ ਕਰਕੇ ਬੁੱਧੀ ਤੇਜ਼ੀ ਨਾਲ ਕੰਮ ਕਰਦੀ ਤੇ ਅਸਰ ਛੇਤੀ ਕਬੂਲਦੀ ਹੈ। ਜੇ ਡਾਰਵਿਨ ਦੇ ਵਿਕਾਸਵਾਦ ਨੂੰ ਸਹੀ ਮੰਨ ਲਿਆ ਜਾਏ, ਤਾਂ ਅੱਜ ਦਾ ਹਵਾਈ ਜਹਾਜ਼ ਦਾ ਸਵਾਰ ਤੇ ਪ੍ਰਮਾਣੂ ਬੰਬਾਂ ਦਾ ਬਣਾਣ ਵਾਲਾ ਮਨੁੱਖ, ਬਾਂਦਰ ਦੇ ਜਾਮੇ ਤੋਂ ਤੁਰਿਆ ਹੈ, ਜੋ ਸਹਿਜੇ ਸਹਿਜੇ ਸੰਗੀਆਂ ਕੋਲੋਂ ਜਾਚਾਂ ਸਿਖ ਸਿਖ ਚਤੁਰ ਤੇ ਉਚੇਰਾ ਹੁੰਦਾ ਗਿਆ। ਪਰ ਜੇ ਇਸ ਗੱਲ ਨੂੰ ਪਾਸੇ ਵੀ ਰਹਿਣ ਦੇਈਏ ਤਾਂ ਇਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਮਨੁੱਖ ਦਾ ਆਰੰਭਕ ਜੀਵਨ ਨੰਗੇ ਬਣ-ਮਾਨਸ ਦਾ ਸੀ ਜੋ ਸਹਿਜੇ ਸਹਿਜੇ ਉਚੇਰੀ ਸੰਗਤ ਕਰਕੇ ਉੱਚਾ ਹੁੰਦਾ ਗਿਆ। ਜੀਵਨ ਦੇ ਇਸ ਸੁਭਾਅ ਨੂੰ ਕਿਸੇ ਕਵੀ ਨੇ ਵੇਲ ਵਾਂਗ ਬਿਆਨ ਕੀਤਾ ਹੈ। ਉਹ ਕਹਿੰਦਾ ਹੈ, ਵੱਡਿਆਂ ਕੋਲ ਬੈਠੋ ਤੇ ਉਹਨਾਂ ਨਾਲ ਮੇਲ ਪਾਓ, ਕਿਉਂ ਜੋ ਵੇਲ-ਜਿਡੇ ਉਚੇ ਰੁੱਖ ਨਾਲ ਬੰਨ੍ਹੀਏ, ਓਡੀ ਹੀ ਲੰਬੀ ਹੋ ਜਾਂਦੀ ਹੈ:

ਬੈਠੀਏ ਪਾਸ ਬਡਨ ਕੇ ਹੋਤ ਬਡਨ ਸਿਓਂ ਮੇਲ।
ਸਬੀ ਜਾਣਤ ਕਿ ਬੜ੍ਹਤ ਹੈ ਬਿਰਖ ਬਰਾਬਰ ਬੇਲ।

ਹਕੀਕਤਨ ਮਨੁੱਖੀ ਜੀਵਨ ਏਸੇ ਤਰ੍ਹਾਂ ਹੀ ਚਲਦਾ ਹੈ। ਮਨੁੱਖੀ ਮਨ ਪੰਛੀ ਦੀ ਤਰ੍ਹਾਂ ਹੈ ਜੋ ਦਸਾਂ ਦਿਸ਼ਾਂ ਵਿਚ ਉੱਡਦਾ ਹੈ ਪਰ ਫਲ, ਜਿਹੋ ਜਿਹੀ ਸੰਗਤ ਕਰੇ ਉਹੋ ਜਿਹੇ ਹੀ ਖਾਂਦਾ ਹੈ। ਸੰਗਤ ਦਾ ਫਲ ਖਾਣ ਦਾ ਨਤੀਜਾ ਮਨੁੱਖ ਲਈ ਸਦਾ ਇੱਕੋ ਜਿਹਾ ਨਹੀਂ ਹੁੰਦਾ।

ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਏ॥
ਜੋ ਜੈਸੇ ਸੰਗਤਿ ਮਿਲੈ, ਸੋ ਤੈਸੋ ਫਲੁ ਖਾਇ॥੮੬॥

(ਸਲੋਕ ਕਬੀਰ, ਪੰਨਾ ੧੩੬੯)

ਉਹ ਸੰਗਤ 'ਤੇ ਨਿਰਭਰ ਹੈ, ਜੇ ਸੰਗਤ ਚੰਗੀ ਮਿਲੇ ਤਾਂ ਫਲ ਚੰਗਾ ਤੇ ਜੇ ਮਾੜੀ ਮਿਲੇ ਤਾਂ ਫਲ ਮਾੜਾ। ਸੰਗਤ ਦੇ ਸ਼ੁਭ ਅਸ਼ੁਭ ਹੋਣ ਨਾਲ ਹੀ ਮਨੁੱਖੀ ਜੀਵਨ ਦੇ ਚੜ੍ਹਾਅ ਜਾਂ ਉਤਾਰ ਦਾ ਤਅੱਲਕ ਹੈ। ਜੇ ਚੰਗੀ ਸੰਗਤ ਮਿਲ ਗਈ ਤਾਂ ਚੜ੍ਹ ਗਿਆ, ਜੇ ਖੋਟੀ ਮਿਲੀ ਤਾਂ ਡਿਗ ਪਿਆ। ਜੀਵਨ ਖੇਤਰ ਵਿਚ ਅਜਿਹਾ ਹੁੰਦਾ ਰੋਜ਼ ਦਿਸ ਆਂਵਦਾ ਹੈ। ਕਿਸੇ ਪਾਸੇ ਮਨੁੱਖੀ ਜੀਵਨ ਚੜ੍ਹਾਈ ਵੱਲ ਛਾਲਾਂ ਮਾਰਦਾ ਜਾਂਦਾ ਦੇਖੀਦਾ ਹੈ, ਤੇ ਦੂਜੇ ਪਾਸੇ ਪਰਬਤ ਤੋਂ ਢਲਦੇ ਪਾਣੀ ਦੀ ਤੇਜ਼ੀ ਵਾਂਗ ਡਿੱਗ ਰਿਹਾ। ਇਹ ਸੰਗਤ ਦਾ ਹੀ ਫਲ ਹੁੰਦਾ ਹੈ। ਜੇ ਕੰਗਾਲਾਂ ਦੇ ਪੁੱਤਰ ਧਨੀ, ਅਨਪੜ੍ਹਾਂ ਦੇ ਚਤੁਰ, ਕਾਇਰਾਂ ਦੇ ਬੀਰ ਤੇ ਬਦਾਂ ਦੇ ਭਲੇ ਹੋ ਜਾਂਦੇ ਦਿਸ ਆਉਂਦੇ ਹਨ ਤਾਂ ਉਹ ਕੇਵਲ ਚੰਗੀ ਸੰਗਤ ਦੇ ਆਸਰੇ, ਤੇ ਜਦੋਂ ਇਸ ਦੇ ਐਨ ਉਲਟ ਧਨੀਆਂ ਦੇ ਕੰਗਾਲ, ਚਾਤਰਾਂ ਦੇ ਮੂਰਖ, ਬੀਰਾਂ ਦੇ ਕਾਇਰ ਤੇ ਨੇਕਾਂ ਦੇ ਬਦ ਮਿਲਣ ਤਾਂ ਨਿਸ਼ਚੇ ਇਹ ਕੁਸੰਗਤ ਦਾ ਹੀ ਫਲ ਹੁੰਦਾ ਹੈ। ਖੋਟੀਆਂ ਸੰਗਤਾਂ ਵਿਚ ਬੈਠੇ ਹੋਏ ਇਨਸਾਨ, ਜੀਵਨ ਰਾਸ ਹੀ ਗਵਾ ਬਹਿੰਦੇ ਹਨ। ਕਬੀਰ ਸਾਹਿਬ ਦੇ ਬਚਨ ਅਨੁਸਾਰ ਕੁਸੰਗਤ ਦੀ ਮਾਰ ਮਨੁੱਖ ਨੂੰ ਅਜਿਹੀ ਪੈਂਦੀ ਹੈ, ਜਿਸ ਤਰ੍ਹਾਂ ਬੇਰੀ ਦੇ ਬੂਟੇ ਦੇ ਪਾਸ ਉੱਗੇ ਹੋਏ ਕੇਲੇ ਦਾ ਹਾਲ ਹੁੰਦਾ ਹੈ। ਜਿਉਂ ਜਿਉਂ ਬੇਰੀ ਪਸਰਦੀ ਹੈ, ਉਹ ਗ਼ਰੀਬ ਚੀਰੀਦਾ ਹੈ। ਅਮਲੀਆਂ ਤੇ ਸ਼ਰਾਬੀਆਂ ਦੀ ਕੁਸੰਗਤ ਬੜੇ ਬੜੇ ਪਰਹੇਜ਼ਗਾਰਾਂ ਨੂੰ ਗਿਰਾ ਦੇਂਦੀ ਹੈ। ਨੀਤੀ ਵਿਚ ਲਿਖਿਆ ਹੈ ਕਿ ਮਨੁੱਖ ਸ਼ੇਰਾਂ ਨਾਲ ਭਰੇ ਹੋਏ ਬਣ ਵਿਚ ਤਾਂ ਭਾਵੇਂ ਵੱਸ ਪਵੇ, ਡੂੰਘੇ ਪਾਣੀ ਵਿਚ ਧਸ ਜਾਵੇ, ਭਾਵੇਂ ਬਿੱਛੂ ਨੂੰ ਹੱਥ ਵਿਚ ਫੜ ਲਵੇ, ਕੰਨ ਖਜੂਰੇ ਨੂੰ ਕੰਨ ਵਿਚ ਦਿਵਾ ਲਏ, ਸੱਪ ਦੇ ਮੂੰਹ ਵਿਚ ਉਂਗਲੀ ਦੇ ਦੇਵੇ, ਪਹਾੜ ਤੋਂ ਛਾਲ ਮਾਰ ਲਵੇ ਤੇ ਆਰੇ ਹੇਠਾਂ ਭਾਵੇਂ ਚਿਰ ਜਾਏ, ਪਰ ਮੂਰਖ ਦੀ ਸੰਗਤ ਨਾ ਕਰੇ:

ਸਿੰਘਨ ਕੇ ਬਨ ਮੇ ਬਸੀਏ ਘਸੀਏ,
ਕਰ ਮੇਂ ਬਿਛੂਵਾ ਗਹਿ ਲੀਜੇ।
ਕਾਨ ਖਜੂਰ ਪ੍ਰਵੇਸ ਕਰਾਇ ਕਿ,
ਸਾਂਪ ਕੇ ਮੁਖ ਮੇਂ ਉਂਗਰੀ ਦੀਜੇ।
ਗਿਰ ਤੇ ਗਿਰੀਏ ਅਗ ਮੇ ਜਰੀਏ,
ਔਰ ਆਰੀ ਕੇ ਘਾਵ ਅਨੇਕ ਸਹੀਜੇ।
ਏਤੇ ਤੋ ਕਸ਼ਟ ਅਨੰਤ ਸਹੋ,
ਪਰ ਮੂਰਖ ਮੀਤ ਕੋ ਸੰਗ ਨ ਕੀਜੇ।

ਕੁਸੰਗਤ ਇਨਸਾਨ ਨੂੰ ਮਾਰਦੀ ਹੈ ਤੇ ਸ਼ੁੱਭ ਸੰਗਤ ਜੀਵਾਂਦੀ ਹੈ। ਸ਼ੁੱਭ ਸੰਗਤ ਕੀ ਹੈ? ਇਸ ਦਾ ਉੱਤਰ ਸਤਿਗੁਰੂ ਇਸ ਤਰ੍ਹਾਂ ਦੇਂਦੇ ਹਨ ਕਿ ਉਤਮ ਸੰਗਤ ਉਹ ਹੈ, ਜਿਸ ਕਰਕੇ ਮਨੁੱਖ ਗੁਣਾਂ ਵੱਲ ਧਾਂਵਦਾ ਹੈ ਤੇ ਔਗੁਣਾਂ ਨੂੰ ਧੋ ਕੇ ਬਾਹਰ ਕੱਢਦਾ ਹੈ। ਇਹ ਗੁਣਾਂ ਵੱਲ ਧਾਵਣਾ ਮਨੁੱਖ ਦਾ ਸੁਭਾਵਕ ਕਰਤਬ ਹੈ। ਸੋ ਜਿਉਂ ਜਿਉਂ ਉਹ ਗੁਣਾਂ ਵੱਲ ਵਧਦਾ ਜਾਏਗਾ ਤਿਉਂ ਤਿਉਂ ਉਚੇਰਾ ਹੋਵੇਗਾ। ਸੰਸਾਰ ਦੇ ਇਤਿਹਾਸ ਵਿਚ ਅਜਿਹੀਆਂ ਮਿਸਾਲਾਂ ਦੀ ਕੋਈ ਕਮੀ ਨਹੀਂ, ਜਿਨ੍ਹਾਂ ਤੋਂ ਪਤਾ ਲਗਦਾ ਹੋਵੇ ਕਿ ਗਿਰੇ ਤੋਂ ਗਿਰੇ ਹੋਏ ਮਨੁੱਖ ਭੀ ਭਲੀ ਸੰਗਤ ਮਿਲਣ ਕਰਕੇ ਬਹੁਤ ਉਚੇਰੇ ਹੋ ਗਏ। ਪੱਛਮ ਦਾ ਇਕ ਮਸ਼ਹੂਰ ਲਿਖਾਰੀ ਕਹਿੰਦਾ ਹੈ ਕਿ ਮੈਂ ਜਿਉਂ ਜਿਉਂ ਵਡੇਰਾ ਹੁੰਦਾ ਜਾਂਦਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ ਨਿਰੀਆਂ ਪੋਥੀਆਂ ਫੋਲਿਆਂ ਭਾਵੇਂ ਲਖ ਯਤਨ ਕਰੀਏ, ਵਿਦਿਆ ਨਹੀਂ ਲੱਭਦੀ। ਉਸ ਦੇ ਖ਼ਜ਼ਾਨੇ ਤਾਂ ਵੱਡੇ ਨਰ ਨਾਰੀਆਂ ਦੀ ਸੰਗਤ ਵਿਚ ਦੱਬੇ ਹੋਏ ਹਨ। ਬੰਦੇ ਲਈ ਵਾਜਬ ਹੈ ਕਿ ਉਹ ਵਡੇਰੇ ਦਿਲਾਂ ਵਿਚੋਂ ਖੋਜ ਕਰੇ, ਜੇ ਸਾਡੇ ਕਾਲਜ ਤੇ ਸਕੂਲਾਂ ਨੂੰ ਪੁਸਤਕਾਂ ਦੀ ਥਾਂ ਬੰਦੇ ਵਾਚਣ ਦਾ ਢੰਗ ਲੱਭ ਪਵੇ ਤਾਂ ਬਿਗੜੀ ਅੱਜ ਹੀ ਬਣ ਜਾਏ:

ਜਿਉਂ ਜਿਉਂ ਮੈਂ ਵਡੇਰਾ ਹੋਵਾਂ, ਨਿਸ਼ਚਾ ਹੁੰਦਾ ਜਾਵੇ।
ਪੋਥੇ ਫੋਲੇ ਇਲਮ ਨਹੀਂ ਲਭਦਾ, ਜੇ ਸਓ ਯਤਨ ਕਰਾਵੇ।
ਵਡ ਨਰ ਨਾਰਾਂ ਦੀ ਸੰਗਤ, ਇਲਮ ਖ਼ਜ਼ਾਨੇ ਦਬੇ।
ਵਾਜਬ ਹੈ ਪੋਥੀ ਦੀ ਥਾਂ, ਜਾ ਬੰਦਾ ਓਥੋਂ ਲਭੇ।
ਸਾਡੇ ਕਾਲਜ ਮਦਰੱਸਿਆਂ ਨੂੰ, ਮੈਂ ਚਾਹਵਾਂ ਢਬ ਆਵੇ।
ਪੁਸਤਕ ਦੀ ਥਾਂ ਬੰਦੇ ਵਾਚਣ ਤਾਂ ਬਿਗੜੀ ਬਣ ਜਾਵੇ।

ਸੰਤ ਕਬੀਰ ਜੀ ਨੇ ਤਾਂ ਇਸ ਬਿਆਨ ਵਿਚ ਸਿਰੇ ਦੀ ਗੱਲ ਕਹਿ ਦਿੱਤੀ ਹੈ। ਆਪ ਕਹਿੰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦੇ ਨਾਲ ਰਲ ਕੇ ਲੱਕੜੀ, ਗੰਗਾ ਦੇ ਨਾਲ ਰਲ ਹੋਰ ਨਦੀਆਂ, ਖ਼ੁਸ਼ਬੂਦਾਰ ਤੇ ਪਵਿੱਤਰ ਹੋ ਜਾਂਦੀਆਂ ਹਨ ਤੇ ਪਾਰਸ ਨਾਲ ਲਗ ਧਾਤ, ਸੋਨਾ ਬਣਦੀ ਹੈ, ਉਸੇ ਤਰ੍ਹਾਂ ਹੀ ਕਬੀਰ ਸੰਤਾਂ ਦੀ ਸੰਗਤ ਕਰ ਰਾਮ ਹੋ ਗਿਆ ਹੈ:

ਸੰਤਨ ਸੰਗਿ ਕਬੀਰਾ ਬਿਗਰਿਓ।
ਸੋ ਕਬੀਰੁ ਰਾਮੈ ਹੋਇ ਨਿਬਰਿਓ।

(ਭੈਰਉ ਕਬੀਰ, ਪੰਨਾ ੧੧੫੮)

ਇਸ ਸੰਗਤ ਦਾ ਸਭ ਤੋਂ ਅੰਤਮ ਮੁਕਾਮ ਸਤਿਸੰਗਤ ਹੈ, ਸਤਿਵਾਦੀ ਮਨੁੱਖਾਂ ਦੀ ਸੋਹਬਤ ਮਨੁੱਖ ਵਿਚ ਸਤਿ ਦਾ ਪ੍ਰਵੇਸ਼ ਕਰਾਂਦੀ ਹੈ; ਸਤਿ-ਬਚਨ ਤੋਂ ਸਤਿ ਚਿੰਤਨ, ਤੇ ਸਤਿ ਬਿਉਹਾਰ। ਇਹ ਅਸਰ ਕੇਵਲ ਸ਼ਖ਼ਸੀ ਹੀ ਨਹੀਂ ਹੁੰਦਾ ਸਗੋਂ ਕੌਮਾਂ ਭੀ ਵਿਅਕਤੀਆਂ ਵਾਂਗ ਹੀ ਸੰਗਤ ਦੇ ਅਸਰ ਨੂੰ ਕਬੂਲਦੀਆਂ ਹਨ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਅਸਰ ਕਬੂਲਣ ਵੇਲੇ ਦੋ ਮਿਲ ਬੈਠਣ ਵਾਲੀਆਂ ਕੌਮਾਂ ਦਾ ਪਹਿਲਾਂ ਮਾਨਸਕ ਘੋਲ ਹੁੰਦਾ ਹੈ। ਜਿਹੜੀ ਕੌਮ ਮਨ ਕਰ ਕੇ ਦੂਜੇ ਦੀ ਵਡਿਆਈ ਨੂੰ ਮੰਨ ਜਾਏ, ਉਹ ਉਸਦੇ ਮਗਰ ਲੱਗ ਤੁਰਦੀ ਹੈ ਤੇ ਸਹਿਜੇ ਸਹਿਜੇ ਆਪਣੇ ਆਪ ਨੂੰ ਉਸ ਦੇ ਰੂਪ ਵਿਚ ਢਾਲ ਦੇਂਦੀ ਹੈ। ਵਿਅਕਤੀਗਤ ਸੰਗਤ ਕਰਨ ਦੇ ਫਲ 'ਤੇ ਵਿਚਾਰ ਕਰਨ ਵਾਲਿਆਂ ਨੇ ਸਭ ਤੋਂ ਉਚੇਰੀ ਸੰਗਤ ਉਹਨਾਂ ਦੀ ਬਿਆਨ ਕੀਤੀ ਹੈ, ਜਿਨ੍ਹਾਂ ਦੇ ਮਿਲਣ ਨਾਲ ਦੁਰਬੁੱਧੀ ਨਾਸ ਹੋਵੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਸੰਗਤ ਮਿਲਦੀ ਮੁਸ਼ਕਲ ਹੈ ਤੇ ਉਹਦੀ ਭਾਲ ਲਈ ਭਾਰੀ ਤਲਾਸ਼ ਕਰਨੀ ਪੈਂਦੀ ਹੈ।

ਜਿਨਾ ਦਿਸੰਦੜਿਆਂ ਦੁਰਮਤਿ ਵੰਝੈ, ਮਿਤ੍ਰ ਅਸਾਡੜੇ ਸੇਈ॥
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ॥

(ਵਾਰ ਗੂਜਰੀ, ਮ: ੫, ਪੰਨਾ ੫੨੦)

ਪਰ ਜਿਨ੍ਹਾਂ ਵਡਭਾਗੀਆਂ ਨੂੰ ਅਜਿਹੀ ਸੰਗਤ ਮਿਲ ਗਈ ਹੈ, ਉਹਨਾਂ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ। ਪਿੰਗਲੇ, ਪਰਬਤਾਂ ਤੋਂ ਪਾਰ ਲੰਘ ਗਏ, ਮੂਰਖ ਚਤੁਰ ਵਕਤੇ ਹੋ ਗਏ, ਅੰਨ੍ਹਿਆਂ ਨੂੰ ਤਿੰਨ ਭਵਨ ਸੁਝ ਪਏ, ਚਿੱਤ ਦੀ ਮੈਲ ਖੋਹੀ ਗਈ, ਇਹ ਸਭ ਕੁਝ ਸਾਧੂ ਦੀ ਸੰਗਤ ਦਾ ਹੀ ਫਲ ਹੈ:

ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ॥
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ॥
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥

(ਬਿਲਾਵਲੁ ਮ. ੫, ਪੰਨਾ ੮੦੯)

ਇਹ ਹੈ ਉਹ ਬਚਨ, ਜੋ ਸ੍ਰੀ ਪੰਚਮ ਪਾਤਸ਼ਾਹ ਜੀ ਨੇ ਸੰਗਤ ਦੇ ਮੁਤਅੱਲਕ ਕੀਤਾ ਹੈ।

ਹਜ਼ੂਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਸੱਚੀ ਸੰਗਤ ਵਿਚ ਬੈਠਣ ਨਾਲ ਹੀ ਸੱਚਾ ਨਾਮ ਤੇ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ:

ਸਚੀ ਸੰਗਤਿ ਬੈਸਣਾ, ਸਚਿ ਨਾਮਿ ਮਨੁ ਧੀਰ।


(ਸਿਰੀਰਾਗੁ ਮ: ੩, ਪੰਨਾ ੬੯)

ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਸ ਤਰ੍ਹਾਂ ਬਨਸਪਤੀ, ਚੰਦਨ ਦੀ ਵਾਸ ਲੈ ਚੰਦਨ ਹੋ ਜਾਂਦੀ ਹੈ, ਪਾਰਸ ਨਾਲ ਮਿਲ ਅੱਠ ਧਾਤਾਂ ਵੀ ਸੋਨਾ ਬਣ ਜਾਂਦੀਆਂ ਹਨ ਤੇ ਨਦੀਆਂ ਨਾਲੇ ਗੰਗਾ ਨਾਲ ਮਿਲ ਪਵਿੱਤਰ ਹੁੰਦੇ ਹਨ, ਏਸੇ ਤਰ੍ਹਾਂ ਹੀ ਪਤਿਤ ਉੱਧਾਰਣ ਸਾਧ ਸੰਗਤ ਪਾਪਾਂ ਦੀ ਮਲ ਧੋ ਸੁਟਦੀ ਹੈ:

ਚੰਦਨ ਵਾਸ ਵਨਾਸਪਤਿ ਸਭ ਚੰਦਨੁ ਹੋਵੈ॥
ਅਸ਼ਟ ਧਾਤੁ ਇਕ ਧਾਤੁ ਹੋਇ ਸੰਗਿ ਪਾਰਸ ਢੋਵੈ॥
ਨਦੀਆ ਨਾਲੇ ਵਾਹੜੇ ਮਿਲਿ ਗੰਗ ਗੰਗੋਵੈ॥
ਪਤਿਤ ਉਧਾਰਣੁ ਸਾਧਸੰਗੁ ਪਾਪਾਂ ਮਲੁ ਧੋਵੈ॥

(ਭਾਈ ਗੁਰਦਾਸ, ਵਾਰ ੨, ਪਉੜੀ ੧੬)

ਸਤਿ ਪੁਰਸ਼ਾਂ ਨੇ ਸਤਿ ਸੰਗਤ, ਸਤਿ ਦੀ ਵੀਚਾਰ ਦੇ ਆਸਰੇ ਕਾਇਮ ਕੀਤੀ ਹੈ ਤੇ ਉਹਨਾਂ ਦੇ ਖ਼ਿਆਲ ਵਿਚ ਪ੍ਰੇਮ ਸਤਿ, ਪ੍ਰਭੂ ਦਾ ਨਾਮ ਹੈ, ਇਸ ਲਈ ਸਤਿ ਸੰਗਤ ਸਹੀ ਅਰਥਾਂ ਵਿਚ ਉਸਨੂੰ ਹੀ ਕਹਿੰਦੇ ਹਨ ਜਿਥੇ ਨਾਮ ਦਾ ਪਰਚਾਰ ਕੀਤਾ ਜਾਏ:

ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥

(ਸਿਰੀਰਾਗੁ ਮ: ੧, ਪੰਨਾ ੭੨)

ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ, ਉਹੀ ਇਕੱਠ ਚੰਗਾ ਹੈ ਜੋ ਮੌਲਾ ਦੀ ਯਾਦ ਲਈ ਹੋਵੇ, ਜਿਸ ਦੀ ਬੁਨਿਆਦ ਹੱਕ 'ਤੇ ਰਖੀ ਜਾਏ। ਜੋ ਬੰਦਗੀ ਲਈ ਜੁੜੇ, ਉਸ ਤੋਂ ਹੀ ਜ਼ਿੰਦਗੀ ਮਿਲਦੀ ਹੈ:

ਆਂ ਹਜੂਮੇ ਬੇ ਕਿ ਬਹਿਰੇ ਯਾਦਿ ਓਸਤ,
ਆਂ ਹਜੂਮੇ ਬੇ ਕਿ ਹਕ ਬੁਨਿਆਦ ਓਸਤ।

ਆਂ ਹਜੂਮੇ ਬੇ ਕਿ ਬਹਿਰੇ ਬੰਦਗੀਸਤ
ਆਂ ਹਜੂਮੇਂ ਬੇ ਕਿ ਮਹਿੰਜੇ ਜ਼ਿੰਦਗੀਸਤ

ਸੰਗਤ ਦੇ ਵਰਤਾਰੇ ਵਿਚ ਮਨੋਬਿਰਤੀਆਂ ਦਾ ਮਸਲਾ ਇਕ ਖ਼ਾਸ ਗੱਲ ਹੈ। ਦੋ ਮਨ ਜਦ ਇਕੱਠੇ ਮਿਲ ਬਹਿੰਦੇ ਹਨ ਤਾਂ ਇਕ ਦੂਸਰੇ ਦਾ ਅਸਰ ਕਬੂਲਦੇ ਹਨ। ਇਸ ਅਸਰ ਕਬੂਲਣ ਵਿਚ ਜੋ ਵੀ ਦੂਜੇ ਨੂੰ ਆਪਣੇ ਨਾਲੋਂ ਵਿਸ਼ੇਸ਼ ਸਮਝ ਲਏ, ਉਹ ਮਗਰ ਲੱਗ ਤੁਰਦਾ ਹੈ। ਏਸੇ ਲਈ ਹੀ ਸਿਆਣਿਆਂ ਨੇ ਸੰਗਤ ਵਿਚ ਸਨਿਮਰ ਜਾਣ ਦੀ ਸਲਾਹ ਦਿਤੀ ਹੈ। ਨਿਮਰਤਾ ਤੋਂ ਬਗ਼ੈਰ ਮਨ ਸੰਗਤ ਦੇ ਗੁਣ ਘੱਟ ਗ੍ਰਹਿਣ ਕਰਦਾ ਹੈ। ਕਬੀਰ ਜੀ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਹੋਇਆਂ, ਚੰਦਨ ਤੇ ਬਾਂਸ ਦਾ ਪ੍ਰਮਾਣ ਦਿੱਤਾ ਹੈ। ਆਪ ਕਹਿੰਦੇ ਹਨ ਕਿ ਜਿੱਥੇ ਤਮਾਮ ਬਨਸਪਤੀ, ਚੰਦਨ ਤੋਂ ਖ਼ੁਸ਼ਬੂ ਲੈਂਦੀ ਹੈ ਉਥੇ ਨਜ਼ਦੀਕ ਖੜੋਤਾ ਹੋਇਆ ਬਾਂਸ ਆਪਣੀ ਉੱਚ ਦੇ ਅਭਿਮਾਨ ਤੇ ਅੰਦਰਲੇ ਪੁਲਾੜ ਕਰਕੇ ਚੰਦਨ ਦੀ ਸੰਗਤ ਤੋਂ ਸੁਗੰਧੀ ਨਹੀਂ ਲੈ ਸਕਦਾ:

ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਬੂਡਹੁ ਕੋਇ॥
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨਾ ਹੋਇ॥੧੨॥

(ਸਲੋਕ ਕਬੀਰ, ਪੰਨਾ ੧੩੬੫)

ਮਨੁੱਖ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ, ਤੇ ਅਭਿਮਾਨ ਕਰ ਸੰਗਤ ਦੇ ਲਾਭ ਤੋਂ ਵਿਰਵਾ ਨਹੀਂ ਰਹਿਣਾ ਚਾਹੀਦਾ। ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗਤ ਨੂੰ ਮਨ ਦੇਣ ਤੋਂ ਪਹਿਲਾਂ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਉਹ ਸੰਗਤ ਅਸਲ ਵਿਚ ਕੁਝ ਉਚੇਰੇ ਗੁਣਾਂ ਦੇ ਆਸਰੇ ਕਾਇਮ ਹੈ ਕਿ ਨਹੀਂ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਰ ਸ਼ੈਅ ਜਿਹੜੀ ਚਮਕੇ ਉਹ ਲਾਲ ਹੀ ਹੋਵੇ ਜਾਂ ਹਰ ਮਿਠਬੋਲਾ ਆਦਮੀ ਬਚਨ ਨੂੰ ਪਾਲ ਸਕੇ:

ਹਰ ਚੀਜ਼ ਜੋ ਚਮਕੇ ਸਦਾ ਲਾਲ ਨਹੀਂ ਹੁੰਦੀ।
ਮਿਠੇ ਬੋਲ ਜੋ ਬੋਲੇ ਪ੍ਰਣ ਪਾਲ ਨਹੀਂ ਹੁੰਦੀ।

ਕਈ ਵੇਰ ਤਪਦੇ ਹੋਏ ਮਾਰੂਥਲ, ਮਾਸੂਮ ਮਿਰਗਾਂ ਨੂੰ ਨਿਰਮਲ ਨੀਰ ਦੇ ਤਾਲਾਬ ਨਜ਼ਰ ਆਉਂਦੇ ਹਨ। ਏਸੇ ਤਰ੍ਹਾਂ ਬਹੁਤ ਸਾਰੇ ਗੁਣਗਰਾਹੀ ਸਹਿਬਲ ਹੋਏ ਅਜਿਹੀ ਸੰਗਤ 'ਤੇ ਵੀ ਭਰਮ ਜਾਂਦੇ ਹਨ ਜੋ ਅਗਲੇ ਗੁਣਾਂ ਨੂੰ ਵੀ ਲੈ ਬਹੇ। ਕਾਬਲ ਦਾ ਮਸ਼ਹੂਰ ਜਰਨੈਲ ਬਾਈਆਜ਼ੀਦ ਖ਼ਾਨ ਵੈਰਾਗ ਦੀ ਠੋਕਰ ਖਾ ਸਾਧੂ ਹੋ ਗਿਆ ਤੇ ਸੰਪਰਦਾ ਦੇ ਨਾਮ 'ਤੇ ਭੁੱਲ ਕੇ ਬੈਰਾਗੀਆਂ ਨਾਲ ਰਲ ਗਿਆ। ਨਾਮ ਦੇ ਬੈਰਾਗੀ ਜੋ ਅਸਲ ਵਿਚ ਮੰਗ-ਖਾਣੇ, ਕਰਮ-ਯੋਗ-ਹੀਣ ਮਨੁੱਖਾਂ ਦਾ ਇਕ ਟੋਲਾ ਸੀ, ਬਹੁਤ ਸਾਰਾ ਸੋਨੇ ਦਾ ਸਾਜ਼ੋ-ਸਾਮਾਨ ਕੋਲ ਰਖਦਾ ਸੀ। ਇਕ ਰਾਤ ਉਨ੍ਹਾਂ 'ਤੇ ਡਾਕਾ ਪਿਆ। ਮਾਲ ਜਾਂਦਾ ਰਿਹਾ ਤੇ ਧਨੀ ਬੈਰਾਗੀ ਸਾਧਾਂ ਦੇ ਲੁੱਟੇ ਜਾਣ ਦੀ ਖ਼ਬਰ ਸੁਣ ਕੇ ਸਮੇਂ ਦੀ ਪੁਲੀਸ ਤਹਿਕੀਕਾਤ ਲਈ ਆਈ। ਪੁਲੀਸ ਦੇ ਵੱਡੇ ਅਫ਼ਸਰ ਨੇ ਜਦੋਂ ਪੁੱਛ-ਗਿਛ ਕਰਦਿਆਂ ਹੋਇਆਂ, ਇਸ ਗੋਰੇ ਰੰਗ ਦੇ ਬਜ਼ੀਦੇ ਨਾਮੀ ਸਾਧੂ ਨੂੰ ਦੇਖਿਆ, ਤਾਂ ਉਸਨੂੰ ਸਾਧੂ ਦੇ ਬਾਈਆਜ਼ੀਦ ਖ਼ਾਨ ਹੋਣ ਦਾ ਸ਼ੱਕ ਪਿਆ, ਜੋ ਪੜਤਾਲ ਕਰਨ 'ਤੇ ਸੱਚ ਨਿਕਲਿਆ। ਅਫ਼ਸਰ ਨੇ ਹੈਰਾਨ ਹੋ ਕੇ ਕਿਹਾ, "ਨਾਮੀ ਸੂਰਮੇ ਜਰਨੈਲ ਬਾਈਆਜ਼ੀਦ ਖ਼ਾਨ ਦੇ ਹੁੰਦੇ ਹੋਇਆਂ, ਡਾਕੂਆਂ ਨੂੰ ਸਾਧਾਂ 'ਤੇ ਡਾਕਾ ਮਾਰਨ ਦਾ ਹੌਸਲਾ ਕਿਸ ਤਰ੍ਹਾਂ ਪਿਆ?" ਬਜ਼ੀਦੇ ਨੇ ਲੱਜਾਅ ਕੇ ਕਿਹਾ, "ਜਦੋਂ ਮੈਂ ਪਠਾਣ-ਪੁੱਤਰ ਸਾਂ, ਦਸਤਿਆਂ ਦੇ ਮੂੰਹ ਮੋੜ ਦੇਣਾ ਮੇਰਾ ਕੰਮ ਸੀ, ਪਰ ਜਦੋਂ ਦਾ ਸਾਧਾਂ ਦੀ ਸੰਗਤ ਵਿਚ ਬੈਠਾ ਹਾਂ, ਇਕ ਤੀਲਾ ਵੀ ਨਹੀਂ ਟੁੱਟਦਾ।"

ਜਬ ਹੁਤੇ ਪੂਤ ਅਫ਼ਗਾਨ ਕੇ ਦੇਤੇ ਦਸਤੇ ਮੋੜ।
ਅਬ ਸਰਨ ਗਹੀ ਰਘੁਨਾਥ ਕੀ ਸਕੇ ਨਾ ਤਿਨਕਾ ਤੋੜ।

ਨਿਰਾ ਨਾਮ ’ਤੇ ਭੁੱਲ, ਤੇ ਸੰਗਤ ਦੀ ਅਸਲੀਅਤ ਨੂੰ ਨਾ ਪਛਾਣਨ ਕਰਕੇ ਖ਼ਾਨ ਵਿਚਾਰਾ ਖ਼ਾਨਦਾਨੀ ਜੌਹਰ ਬੀਰਤਾ ਨੂੰ ਵੀ ਖੋ ਬੈਠਾ। ਇਸ ਦੇ ਐਨ ਉਲਟ ਜੇ ਸੁਭਾਗ-ਵੱਸ ਸਹੀ ਸੰਗਤ ਪ੍ਰਾਪਤ ਹੋ ਜਾਏ, ਤਾਂ ਗਵਾਚੇ ਹੋਏ ਗੁਣ ਫਿਰ ਲੱਭ ਪੈਂਦੇ ਹਨ। ਪਠਾਣ ਬਾਈਆਜ਼ੀਦ ਖ਼ਾਨ ਵਾਂਗ ਹੀ, ਬੀਰ ਰਾਜਪੂਤ ਲਛਮਣ ਦਾਸ ਵੀ 'ਮਾਧੋ ਦਾਸ ਬੈਰਾਗੀ' ਬਣ ਬੀਰਤਾ ਨੂੰ ਖੋ ਚੁੱਕਾ ਸੀ। ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਫੁੱਟੇ, ਰਸਕ ਬੈਰਾਗੀ ਪੁਰਖ ਮਿਲੇ।

ਪੂਰਬ ਕਰਮ ਅੰਕੁਰ ਜਬ ਪ੍ਰਗਟੇ,
ਭੇਟਿਓ ਪੁਰਖੁ ਰਸਿਕ ਬੈਰਾਗੀ॥

(ਗਉੜੀ ਮ: ੫, ਪੰਨਾ ੨੦੪)

ਬੈਰਾਗੀ ਸਿੱਧ ਮਾਧੋ ਦਾਸ, ਆਸ਼ਰਮ ਵਿਚ ਬੱਕਰੇ ਝਟਕਾਏ ਜਾਣ ਦੀ ਗੱਲ ਸੁਣ, ਰੋਹ ਭਰਿਆ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਣ ਖਲੋਤਾ। ਨੂਰੀ ਨੈਣਾਂ ਵਿਚ ਨੈਣ ਪਏ, ਨੇਹੁੰ ਜਾਗਿਆ, ਸਤਿਗੁਰਾਂ ਦਾ ਬੰਦਾ ਹੋਇਆ, ਸੁੱਤੀ ਹੋਈ ਬੀਰਤਾ ਜਾਗ ਪਈ ਤੇ ਜਾਗੀ ਵੀ ਨਵੇਂ ਰੂਪ ਵਿਚ। ਜਿਸ ਤਰ੍ਹਾਂ ਥਕਿਆ ਹੋਇਆ ਮਨੁੱਖ ਸੌਂ ਕੇ ਤਾਜ਼ਾ ਹੋ ਉਠਦਾ ਹੈ, ਉਦਾਂ ਹੀ ਬੰਦੇ ਵਿਚ ਬੀਰਤਾ ਨਵ-ਜੀਵਨ ਲੈ ਉਠੀ, ਤੇ ਬੱਕਰੇ ਦੋ ਖ਼ੂਨ ਨੂੰ ਤੱਕ ਘਬਰਾ ਉੱਠਣ ਵਾਲਾ ਬੈਰਾਗੀ, ਮਹਾਂਬੀਰ ਬੰਦਾ ਸਿੰਘ ਹੋ ਚਮਕਿਆ।

ਭਾਵੇਂ ਸੰਗਤ ਦਾ ਲਾਭ ਲੈਣ ਲਈ ਜਗਿਆਸੂ ਦਾ ਸਨਿਮਰ ਹੋਣਾ ਬੜਾ ਜ਼ਰੂਰੀ ਹੈ, ਪਰ ਕਈ ਹਾਲਤਾਂ ਵਿਚ ਭਾਗ ਅਜੇਹੀਆਂ ਹਸਤੀਆਂ ਨਾਲ ਮਿਲਾ ਦੇਂਦੇ ਹਨ, ਜਿਨ੍ਹਾਂ ਦਾ ਪ੍ਰਭਾਵ ਇਤਨਾ ਤੀਬਰ ਹੁੰਦਾ ਹੈ ਕਿ ਉਹ ਆਉਣ ਵਾਲੇ ਦੇ ਸੁਭਾਅ ਤੋਂ ਬੇ-ਪ੍ਰਵਾਹ ਰਹਿ ਫ਼ੈਜ਼ ਪਹੁੰਚਾ ਦੇਂਦੀਆਂ ਹਨ। ਜਿਸ ਤਰ੍ਹਾਂ ਸੂਰਜ ਦੀ ਤ੍ਰਿਖੀ ਕਿਰਨ ਬਰਫ਼ ਦੇ ਠੰਢੇ ਮਨ ਨੂੰ ਨਿੱਘ ਦੇਂਦੀ ਹੈ, ਉਹੀ ਹਾਲਤ ਇਹਨਾਂ ਮਹਾਂਪੁਰਖਾਂ ਦੀ ਮਿਹਰ ਦੀ ਹੁੰਦੀ ਹੈ। ਪੁਰਾਣਕ ਨਿਸਚਾ ਹੈ ਕਿ ਕੰਸ ਨੇ ਕ੍ਰਿਸ਼ਨ ਨਾਲ ਤੇ ਰਾਵਣ ਨੇ ਰਾਮ ਨਾਲ ਕੇਵਲ ਇਸ ਲਈ ਦੁਸ਼ਮਣੀ ਪਾਈ ਸੀ ਕਿ ਉਹਨਾਂ ਦੇ ਹੱਥੋਂ ਮਰਨ ਲਗਿਆਂ ਦਰਸ਼ਨਾਂ ਦੇ ਲਾਭ ਕਰ ਮੁਕਤੀ ਪ੍ਰਾਪਤ ਹੋ ਜਾਏਗੀ। ਪੁਰਾਣਕ ਮਨੌਤਾਂ ਤੋਂ ਬਿਨਾਂ ਵਾਕਿਆਤ ਦੀ ਦੁਨੀਆ ਵਿਚ ਅਜਿਹੇ ਪ੍ਰਮਾਣ ਬਹੁਤ ਮਿਲਦੇ ਹਨ। ਇਸਲਾਮੀ ਦੁਨੀਆ ਦਾ ਮਸ਼ਹੂਰ ਖ਼ਲੀਫ਼ਾ ਉਮਰ, ਘਰੋਂ ਮੁਹੰਮਦ ਸਾਹਿਬ ਨੂੰ ਕਤਲ ਕਰਨ ਦੇ ਇਰਾਦੇ ਨਾਲ ਤਲਵਾਰ ਲੈ ਤੁਰਿਆ ਸੀ, ਪਰ ਉਹਨਾਂ ਦੀ ਸ਼ੁਭ ਸੰਗਤ ਦਾ ਫਲ ਇਹ ਹੋਇਆ ਕਿ ਉਹ ਇਕ ਦਿਨ ਕੁਲ ਮੁਸਲਮਾਨਾਂ ਦਾ ਸਰਦਾਰ ਤੇ ਮਸ਼ਹੂਰ ਆਦਿਲ ਖ਼ਲੀਫ਼ਾ ਉਮਰ ਹੋ ਗਿਆ।

ਸੰਗਲਾਦੀਪ ਦੇ ਰਾਜ ਮਹੱਲ ਵਿਚ ਦਿਨ ਛਿਪਦਿਆਂ ਤੋਂ ਹੀ ਰੌਣਕਾਂ ਹੋ ਰਹੀਆਂ ਸਨ। ਰੰਗ ਬਰੰਗੇ ਫ਼ਾਨੂਸਾਂ ਨਾਲ ਕਮਰੇ ਜਗਮਗਾ ਉੱਠੇ। ਸੁਨਹਿਰੀ ਚਿੱਤਰਕਾਰੀ ਸਹਿਤ ਬਣੀਆਂ ਹੋਈਆਂ ਦੀਵਾਰਾਂ 'ਤੇ ਕਿਰਨਾਂ ਪੈ ਪੈ ਚਾਨਣ ਨੂੰ ਦੁਬਾਲਾ ਕਰ ਰਹੀਆਂ ਸਨ। ਸੁਰ ਹੋਏ ਸਾਜ਼ ਵੱਜ ਰਹੇ ਸਨ, ਕਮਾਂ, ਕੰਬਲਾ ਨਾਇਕਾਂ ਨਿਰਤ ਕਰ ਰਹੀਆਂ ਸਨ ਤੇ ਮ੍ਰਿਗ ਨੈਣੀ, ਚੰਦ੍ਰ ਮੁਖੀਆਂ ਅੰਗੂਰੀ ਸ਼ਰਾਬ ਦੇ ਜਾਮ 'ਤੇ ਜਾਮ, ਸੁਨਹਿਰੀ ਪਲੰਘ 'ਤੇ ਰੇਸ਼ਮੀ ਗਦ੍ਹੇਲਿਆਂ ਉਪਰ ਫੁੱਲ-ਪੱਤੀਆਂ ਦੀ ਵਿਛੀ ਹੋਈ ਸੇਜਾ 'ਤੇ ਲੇਟੇ ਰਾਜਾ ਸ਼ਿਵਨਾਭ ਨੂੰ ਪਿਲਾ ਰਹੀਆਂ ਸਨ। ਇਹ ਨਾਚ ਗਾਣੇ ਤੇ ਨਸ਼ੇ, ਸਭ ਯਤਨ ਰਾਜੇ ਦਾ ਮਨ ਪਰਚਾਉਣ ਲਈ ਸਨ, ਜੋ ਕਿਸੇ ਭਾਰੇ ਗ਼ਨੀਮ ਦੀ ਆਪਣੇ ਦੇਸ਼ 'ਤੇ ਚੜ੍ਹਾਈ ਦੀ ਖ਼ਬਰ ਸੁਣ ਬੇਚੈਨ ਹੋ ਰਿਹਾ ਸੀ। ਰਾਤ ਅੱਧੀਓਂ ਟੁਟ ਗਈ, ਨੀਂਦ ਨੇ ਜ਼ੋਰ ਪਾਇਆ, ਨਿੰਦਰਾਵੇ ਰਾਗੀਆਂ ਦੇ ਰਾਗ ਸਾਜ਼ਾਂ 'ਤੇ ਥਿਰਕਣ ਲਗੇ, ਨਿਰਤਕਾਰਾਂ ਨੂੰ ਤਾਲ ਉਕਣ ਤੇ ਸਾਕੀ ਦੇ ਰੰਗੀਲੇ ਹੱਥਾਂ ਤੋਂ ਜਾਮ ਢਹਿਣ ਲਗੇ, ਸਾਰੀ ਮਹਿਫ਼ਲ ਊਂਘਣ ਲਗ ਪਈ, ਪਰ ਰਾਜੇ ਨੂੰ ਨੀਂਦਰ ਕਿੱਥੇ? ਚਿੰਤਾਤੁਰ ਮਨ ਕੀ ਤੇ ਸੌਣਾ ਕੀ! ਉਹ ਬਾਰ ਬਾਰ ਕਰਵਟਾਂ ਬਦਲਦਾ। ਉਸ ਦੀ ਹਾਲਤ ਕਬਾਬ ਦੀ ਸੀਖ ਵਰਗੀ ਸੀ, ਜਿਸ ਦੇ ਪਾਸੇ ਘੜੀ ਮੁੜੀ ਭੁੰਨਣ ਵਾਲਾ ਅੰਗਾਰਾਂ 'ਤੇ ਪਲਟਾਂਦਾ ਹੈ:

ਕਬਾਬ ਸੀਖ ਹੈਂ ਹਮ ਕਰਵਟੇਂ ਹਰ ਸੂ ਬਦਲਤੇ ਹੈਂ।
ਜੋ ਜਲ ਜਾਤਾ ਹੈ ਯਿਹ ਪਹਿਲੂ ਤੋ ਵੁਹ ਪਹਿਲੂ ਬਦਲਤੇ ਹੈਂ।

ਜਦ ਰਾਜੇ ਦੇ ਸਭ ਸਨੇਹੀ ਸੌਂ ਗਏ ਤਾਂ ਉਸ ਦੇ ਕੰਨਾਂ ਵਿਚ ਇਕ ਸ਼ਾਂਤ ਤੇ ਰਸ-ਭਿੰਨੀ ਸੱਦ ਪਈ। ਇਹ ਦੂਰੋਂ ਕਿਸੇ ਦੇ ਗਾਉਣ ਦੀ ਅਵਾਜ਼ ਆ ਰਹੀ ਸੀ। ਰਾਜੇ ਨੂੰ ਸਮਝ ਤਾਂ ਕੋਈ ਨਾ ਆਈ ਪਰ ਸੁਆਦ ਬਹੁਤ ਆਇਆ। ਦਰਵਾਜ਼ੇ 'ਤੇ ਖੜੇ ਸਿਪਾਹੀ ਨੂੰ ਬੁਲਾ ਕੇ ਪੁੱਛਣ ਲੱਗਾ, "ਇਹ ਕਿਸ ਦੇ ਗਾਉਣ ਦੀ ਅਵਾਜ਼ ਹੈ?" ਪਹਿਰੇਦਾਰ ਨੇ ਕਿਹਾ, "ਉਸ ਕੈਦੀ ਦੀ, ਜਿਸ ਨੂੰ ਅੱਜ ਹੀ ਸਰਕਾਰ ਦੇ ਹੁਕਮ ਨਾਲ ਬੰਦੀਖ਼ਾਨੇ ਵਿਚ ਸੁੱਟਿਆ ਗਿਆ ਹੈ।" ਰਾਜੇ ਨੇ ਹੈਰਾਨ ਹੋ ਕੇ ਕਿਹਾ, 'ਇਹ ਕੈਦੀ ਗਾ ਰਿਹਾ ਹੈ। ਤਹਿਖ਼ਾਨੇ ਦੀ ਅੰਧੇਰੀ ਕੋਠੜੀ ਵਿਚ ਬੰਨ੍ਹ ਕੇ ਸੁੱਟੇ ਹੋਏ ਕੈਦੀ ਨੂੰ ਗਾਣਾ ਸੁਝ ਰਿਹਾ ਹੈ! ਪੱਥਰ ਦਾ ਠੰਢਾ ਫ਼ਰਸ਼ ਤੇ ਮੱਛਰਾਂ ਦੇ ਡੰਗ, ਉਸਦੇ ਗੀਤਾਂ ਵਿਚ ਕੋਈ ਰੋਕ ਨਹੀਂ ਪਾਉਂਦੇ? ਮੇਰੇ ਸਾਹਮਣੇ ਹਾਜ਼ਰ ਕਰੋ।" ਕੈਦੀ ਲਿਆਂਦਾ ਗਿਆ। ਰਾਜੇ ਹੁਕਮ ਨਾਲ ਹੀ ਇਕਾਦਸ਼ੀ ਦਾ ਬਰਤ ਨਾ ਰੱਖਣ ਕਰਕੇ, ਇਸ ਰਾਜ-ਧਰਮ ਵਿਰੋਧੀ ਨੂੰ, ਅੱਜ ਬੰਦੀਖ਼ਾਨੇ ਦੀ ਸਖ਼ਤ ਕੈਦ ਵਿਚ ਪਾ ਦਿਤਾ ਗਿਆ ਸੀ। ਰਾਜੇ ਦਾ ਦਵੈਸ਼ ਭਰਿਆ ਦਿਲ, ਬੰਦੀਵਾਨ ਨੂੰ ਤਕਦਿਆਂ ਹੀ ਕੁਝ ਰਸ ਅਨੁਭਵ ਕਰਨ ਲਗ ਪਿਆ। ਉਸ ਤੋਂ ਪੁੱਛਿਆ ਸੁ, "ਮੇਰੇ ਗਿਰਦ ਸਾਰੇ ਸੁਖ ਦੇ ਸਾਮਾਨ ਹਨ, ਰਾਜ ਹੈ, ਜਵਾਨੀ ਹੈ, ਜੋਬਨ ਵੰਤ, ਨਿਰਤਕਾਰ ਤੇ ਗਾਉਣ ਵਾਲੀਆਂ ਮਨ ਪਰਚਾਉਣ ਨੂੰ ਤੇ ਰੰਗਲੇ ਸਾਕੀ ਜਾਮ ਪਿਲਾਉਣ ਨੂੰ ਹਨ, ਪਰ ਚਿੰਤਾਤੁਰ ਮਨ ਨੂੰ ਕੁਝ ਸੁਆਦ ਨਹੀਂ ਆਉਂਦਾ। ਪਰ ਤੂੰ ਤਹਿਖ਼ਾਨੇ ਦੇ ਪਥਰੀਲੇ ਠੰਢੇ ਫ਼ਰਸ਼ 'ਤੇ ਪਿਆ, ਮੱਛਰਾਂ ਦੀ ਘੂੰ ਘੂੰ ਵਿਚ ਕਿਸ ਤਰ੍ਹਾਂ ਗਾ ਰਿਹਾ ਹੈਂ?" ਇਹ ਕੋਈ ਸਵਾਲ ਨਹੀਂ ਸੀ, ਚਿੰਤਾਤੁਰ ਮਨ ਨੂੰ ਮਨਸੁੱਖ ਦੀ ਸੰਗਤ ਪ੍ਰਾਪਤ ਹੋ ਰਹੀ ਸੀ, ਜਿਸਨੇ ਆਪਣਾ ਪੂਰਾ ਫ਼ੈਜ਼ ਪਹੁੰਚਾਇਆ, ਤੇ ਓੜਕ ਗੁਰੂ ਨਾਨਕ ਨਾਲ ਜੋੜ, ਪੂਰਨ ਪਦ ਦਿਵਾ ਗਈ।

ਸੰਗਤ, ਕਈ ਵੇਰ ਸੁਪਨੇ ਵਿਚ ਕੀਤੀ ਹੋਈ ਭੀ ਫਲ ਦੇ ਜਾਂਦੀ ਹੈ। ਈਸਾਈਆਂ ਦੇ ਮਸ਼ਹੂਰ ਸੰਤ ਸੇਂਟ ਪਾਲ ਨੂੰ ਈਸਾ ਜੀ ਦੀ ਸੰਗਤ ਸੁਪਨੇ ਵਿਚ ਹੀ ਪ੍ਰਾਪਤ ਹੋਈ ਸੀ। ਜਦੋਂ ਕੱਟੜ ਮਜ਼੍ਹਬੀ ਯਹੂਦੀ 'ਸਾਲ' ਆਪਣੇ ਘਰੋਂ ਈਸਾਈਆਂ ਨੂੰ ਮੁਕਾਉਣ ਦੇ ਖ਼ਿਆਲ ਨਾਲ ਨਿਕਲਿਆ ਤੇ ਕਈ ਮਾਸੂਮਾਂ ਨੂੰ ਪਕੜ ਕੇ ਕਤਲ ਕਰ ਚੁੱਕਾ ਤਾਂ ਮਸੀਹ ਉਸਨੂੰ ਸੁਪਨੇ ਵਿਚ ਮਿਲੇ ਤੇ ਉਨ੍ਹਾਂ ਨੇ ਅਜਿਹਾ ਪਲਟਾ ਦਿਤਾ ਕਿ ਕਾਤਲ 'ਸਾਲ' ਸੇਂਟ ਪਾਲ ਬਣ ਗਿਆ।

ਇਸ ਸੁਪਨੇ ਦੀ ਸੰਗਤ ਨੂੰ ਬੜਾ ਸਲਾਹਿਆ ਗਿਆ ਹੈ। ਕਵਿਤਾ ਦੇ ਮਹਾਨ ਉਡਾਰੂਆਂ ਨੇ ਇਸ ਉੱਤੇ ਆਪਣੇ ਖ਼ਿਆਲ ਲਿਖੇ ਹਨ। ਪੀਆ ਬਦੇਸ਼ ਚਲੇ ਗਏ ਹਨ, ਕੋਈ ਸੰਦੇਸ਼ਾ ਵੀ ਨਹੀਂ ਆਇਆ, ਨਾ ਚਿੱਠੀ ਆਈ ਨਾ ਮੂਰਤ, ਇਹ ਤੇ ਕਿਤੇ ਰਿਹਾ, ਕਾਂ ਵੀ ਬਨੇਰੇ 'ਤੇ ਨਹੀਂ ਬਹਿੰਦਾ, ਮੌਤ ਵੀ ਨਹੀਂ ਆਉਂਦੀ, ਜੋਤਸ਼ੀ ਵੀ ਵਿਹੜੇ ਪੈਰ ਨਹੀਂ ਪਾਉਂਦਾ। ਹੁਣ ਤਾਂ ਨੀਂਦ ਤੇਰੇ 'ਤੇ ਹੀ ਭਰੋਸਾ ਹੈ, ਜੇ ਭਾਗ ਭਰੀਏ ਤੂੰਹੀਏਂ ਆਵੇਂ ਤਾਂ ਸ਼ਾਇਦ ਦਰਸ਼ਨ ਹੋ ਜਾਵਣ:

ਜਾਂ ਦਿਨ ਤੇ ਪੀਆ ਨੇ ਬੇਦੇਸ਼ ਕੋ ਗਵਨ ਕੀਨਾ,
ਤਾ ਦਿਨ ਤੇ ਵਹਾਂ ਤੇ ਸੰਦੇਸਰੋ ਨਾ ਆਇਓ ਕੋਇ॥
ਪਾਈ ਨਹਿ ਪਾਤੀ ਨਹਿ ਚਿਤ੍ਰਕਾਰ ਆਇਓ ਕੋਇ,
ਮਾਨੁਖ ਕੀ ਕੀ ਕਹਾਂ, ਨਾ ਬੰਨੇਰੇ ਬੈਠਾ ਕਾਗ ਕੋਇ॥
ਕਾਲਹੂ ਨਾ ਆਵੇ, ਮੌਤ ਦਰਸਨਾ ਦਿਖਾਵੇ,
ਸਖੀ ਜੋਤਸ਼ੀ ਨਾ ਆਵੇ ਜਾਂ ਤੇ ਪੂਛੋ ਕਬ ਆਵੇ ਜੋਇ॥
ਆਉ ਰੀ ਸੁਭਾਗਵਾਨ ਨੀਂਦਰੀਏ ਤੂੰਹੀ ਆਓ,
ਸੁਪਨੇ ਮੇਂ ਮਤ ਭਲਾ ਮੋਹਨਾ ਦਰਸ ਹੋਇ।

ਸੁਪਨੇ ਤੋਂ ਬਗ਼ੈਰ ਖ਼ਿਆਲਾਂ ਦੀ ਸੰਗਤ ਵੀ ਬੜੀ ਮਹਾਨਤਾ ਰਖਦੀ ਹੈ। ਪੁਸਤਕ ਦੇ ਪਾਠ ਤੇ ਨਿਤਨੇਮ, ਏਸੇ ਹੀ ਸੰਗਤ ਦਾ ਦੂਸਰਾ ਨਾਮ ਹੈ। ਸੰਸਾਰ ਦੀਆਂ ਭਾਰੀਆਂ ਭਾਰੀਆਂ ਪੁਸਤਕਾਲਾਵਾਂ (ਲਾਇਬ੍ਰੇਰੀਆਂ) ਬਣਾਣੀਆਂ, ਉਨ੍ਹਾਂ ਲਈ ਕਿਤਾਬਾਂ ਲਿਖਣੀਆਂ, ਛਾਪਣ ਦੇ ਸਾਧਨ ਕਰਨੇ ਸੰਸਾਰ ਦਾ ਕਿੱਡਾ ਭਾਰਾ ਕੰਮ ਹੈ, ਪਰ ਇਹ ਸਭ ਕੁਝ ਮਨੁੱਖ ਖ਼ੁਸ਼ੀਓ ਖ਼ੁਸ਼ੀ ਕਰਦੇ ਹਨ। ਕਿਉਂ ਜੋ ਇਹਨਾਂ ਲਾਇਬ੍ਰੇਰੀਆਂ ਦੀ ਰਾਹੀਂ ਹੀ ਮਨੁੱਖ ਉਚੇਰੇ ਖ਼ਿਆਲਾਂ ਦੀ ਸੰਗਤ ਕਰ ਸਕਦਾ ਹੈ। ਇਹੀ ਕਾਰਨ ਹੈ, ਮੁਹੱਜ਼ਬ ਦੁਨੀਆ ਵਿਚ ਭਾਰੇ ਸੰਗਰਾਮਾਂ ਦੇ ਬਾਅਦ ਭੀ ਹਾਰ ਗਏ। ਦੁਸ਼ਮਣ ਦੀਆਂ ਲਾਇਬ੍ਰੇਰੀਆਂ ਦੀ ਹਿਫ਼ਾਜ਼ਤ ਕਰਨਾ ਸੱਭਯ ਕੌਮਾਂ ਦਾ ਪਹਿਲਾ ਕਰਤੱਵ ਹੁੰਦਾ ਹੈ। ਆਤਮ ਮੰਡਲ ਵਿਚ ਵੀ ਸੰਤਾਂ ਦੇ ਬਚਨਾਂ ਦੀ ਸੰਗਤ ਕਰਨੀ ਜ਼ਰੂਰੀ ਕਰਾਰ ਦਿੱਤੀ ਗਈ ਹੈ। ਗੀਤਾ ਦਾ ਪਾਠ, ਕੁਰਾਨ ਦੀ ਤਿਲਾਵਤ, ਗੁਰਬਾਣੀ ਦੇ ਦਰਸ਼ਨ, ਹਰ ਧਾਰਮਿਕ ਖ਼ਿਆਲਾਂ ਦੇ ਹਿੰਦੂ, ਮੁਸਲਮਾਨ ਤੇ ਸਿੱਖ ਲਈ ਰੋਜ਼ਾਨਾ ਫ਼ਰਜ਼ ਕਰਾਰ ਦਿਤੇ ਗਏ ਹਨ। ਸਿੱਖੀ ਵਿਚ ਤਾਂ ਇਸ ਨੂੰ ਇਤਨਾ ਅਪਣਾਇਆ ਗਿਆ ਹੈ ਕਿ ਹਰ ਸਿਖ ਰੋਜ਼ ਇਸ ਈਮਾਨ ਨੂੰ ਦੁਹਰਾਂਦਾ ਹੈ, ਕਿ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਚੱਲਿਆ ਹੈ। ਸਭ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੁਕਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨੋ, ਇਹੋ ਗੁਰੂ ਦੀ ਪ੍ਰਗਟ ਦੇਹ ਹੈ। ਜੋ ਗੁਰੂ ਨੂੰ ਮਿਲਣਾ ਚਾਹੁੰਦਾ ਹੈ, ਸ਼ਬਦ ਵਿਚੋਂ ਲੱਭ ਲਵੇ:

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ।
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ ਖੋਜ ਸਬਦ ਮਹਿ ਲੇਹਿ।'

(ਪੰਥ ਪ੍ਰਕਾਸ਼)

ਸ੍ਰੀ (ਗੁਰੂ) ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਲੜਕੀ ਬੀਬੀ ਅਮਰੋ ਦੇ ਮੂੰਹੋਂ ਉਚਾਰੀ ਹੋਈ ਬਾਣੀ ਦੀ ਸੰਗਤ ਹੀ ਪਹਿਲਾਂ ਪ੍ਰਾਪਤ ਹੋਈ ਸੀ। ਤੇ ਉਸ ਨੇ ਹੀ ਰਸਤੇ ਪਾ ਓੜਕ ਗੁਰ-ਪਦਵੀ ਤਕ ਪਹੁੰਚਾਇਆ ਸੀ।

ਭਾਵੇਂ ਸੰਗਤ ਲਈ ਆਮ ਤੌਰ 'ਤੇ ਬਹੁਤ ਸਮਾਂ ਲੱਗਣ ਦਾ ਖ਼ਿਆਲ ਕੀਤਾ ਜਾਂਦਾ ਹੈ, ਪਰ ਕਈ ਵੇਰ ਭਾਗ ਅਜਿਹੇ ਉਚੇਰੇ ਬੰਦਿਆਂ ਦੀ ਸੰਗਤ ਪ੍ਰਾਪਤ ਕਰਾਂਦੇ ਹਨ, ਜੋ ਸਮੇਂ ਦੀ ਲੰਬਾਈ ਨੂੰ ਕੱਟ ਦੇਂਦੀ ਹੈ, ਤੇ ਸੰਤ ਮਤ ਵਿਚ ਤਾਂ ਇਕ ਨਿਗਾਹ ਦੇ ਪਲਕਾਰੇ ਦੀ ਸੰਗਤ ਨੂੰ ਵੀ ਮੰਨਿਆ ਗਿਆ ਹੈ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਮੈਨੂੰ ਉਸ ਦੀ ਇਕ ਹੀ ਨਿਗਾਹ ਕਾਫ਼ੀ ਹੈ:

ਯਕ ਨਿਗਾਹੇ ਜਾਂ ਫ਼ਜ਼ਾਇਸ਼, ਬਸ ਬਵਦ ਦਰਕਾਰੇ ਮਾ

ਇਕ ਹੋਰ ਸੰਤ ਫ਼ੁਰਮਾਂਦਾ ਹੈ ਕਿ ਕੋਈ ਉਪਕਾਰੀ ਹੈ ਜੋ ਮੇਰੇ ਹਾਲ ਨੂੰ ਓਸ ਬਾਦਸ਼ਾਹ ਦੇ ਦਰਬਾਰ ਵਿਚ ਜਾ ਕਹੇ, ਤੇ ਬਾਦਸ਼ਾਹਾਂ ਲਈ ਕੀ ਮੁਸ਼ਕਲ ਜੋ ਉਹ ਫ਼ਕੀਰਾਂ ਨੂੰ ਇਕ ਨਿਗਾਹ ਨਾਲ ਨਿਵਾਜ਼ ਦੇਣ:

ਆ ਕੀਸਤ ਕਿ ਤਕਰੀਰ ਕੁਨੰਦ ਹਾਲੇ ਗਦਾਰਾਦਰ ਹਜ਼ਰਤੇਸ਼ਾਹੇ।
ਸ਼ਾਹਾਂ 'ਚੇ ਅਜਬ ਬਾਨਿਵਾਜ਼ੰਦ ਗਦਾਰਾਂ ਗਾਹੇ ਬਾਨਿਗਾਹੇ।

ਸੱਜਣ ਠੱਗ ਦੇ ਕੰਨੀਂ ਇਕ ਸ਼ਬਦ ਹੀ ਪਿਆ, ਤੇ ਕੌਡੇ ਰਾਖਸ਼ 'ਤੇ ਬਾਬੇ ਨਾਨਕ ਦੀ ਨਿਗਾਹ ਹੀ ਪਈ ਸੀ, ਦੋਵੇਂ ਸੰਤ ਹੋ ਗਏ।

ਸੰਗਤ ਭਾਵੇਂ ਸ਼ਖ਼ਸੀ ਕੀਤੀ ਜਾਏ, ਭਾਵੇਂ ਸੁਪਨ ਵਿਚ ਤੇ ਭਾਵੇਂ ਖ਼ਿਆਲਾਂ ਨਾਲ ਮਨ ਜੋੜਿਆ ਜਾਏ, ਬਹਰ-ਸੂਰਤ ਲਾਭ ਦੇਂਦੀ ਹੈ। ਭਾਈ ਨੰਦ ਲਾਲ ਜੀ ਨੇ ਕਿਹਾ, ਭਾਗਾਂ ਵਾਲੀ ਹੈ ਸੰਗਤ, ਜੋ ਮਿੱਟੀ ਤੋਂ ਅਕਸੀਰ ਕਰਦੀ ਹੈ। ਇਕ ਨਿਮਾਣੇ ਨੂੰ ਵੀ ਪਤਵੰਤਾ ਬਣਾ ਦੇਂਦੀ ਹੈ:

ਐ ਜ਼ਹੇ ਸੋਬਤ ਕਿ ਖ਼ਾਕ ਅਕਸੀਰ ਕਰਦ
ਨਾਕਸੇ ਰਾ ਸਾਹਿਬੇ ਤਦਬੀਰ ਕਰਦ।

ਪੰਨਾ

ਕੀਰਤਨ



ਈਸ਼ਵਰ ਦੀ ਬਖ਼ਸ਼ੀ ਹੋਈ ਦਾਤ ਭਾਵੇਂ ਇਕ ਤੋਂ ਇਕ ਚੰਗੀ ਹੈ, ਪਰ ਅਵਾਜ਼ ਦਾ ਦਰਜਾ ਵਧੇਰੇ ਉਚੇਰਾ ਹੈ। ਅਧਿਆਤਮਵਾਦੀ ਸਾਰੇ ਇਸ ਗੱਲ 'ਤੇ ਸਹਿਮਤ ਹਨ ਕਿ ਈਸ਼ਵਰ ਨੇ ਜਗਤ- ਰਚਨਾ ਕੀਤੀ ਹੀ ਸ਼ਬਦ ਤੋਂ ਹੈ, ਨਿਰਗੁਣ ਬ੍ਰਹਮ ਤੋਂ ਨਾਦ ਹੋਇਆ ਹੈ ਜਾਂ ਅਗਮ ਅੱਲ੍ਹਾ ਤੋਂ ਕਲਾਮ ਪੈਦਾ ਹੋਇਆ ਹੈ; ਇਸ ਨਾਦ ਜਾਂ ਕਲਾਮ ਦਾ ਰੂਪ ਕੀ ਸੀ? ਇਸ ਦੇ ਭੇਦ ਹਨ। ਪਰ ਮੁੱਢ ਵਿਚ ਸ਼ਬਦ ਜਾਂ ਕਲਾਮ ਸੀ, ਇਸ ਤੋਂ ਕਿਸੇ ਨੂੰ ਇਨਕਾਰ ਨਹੀਂ। ਉਪਨਿਸ਼ਦ ਇਹ ਮੰਨਦੇ ਹਨ ਕਿ ਆਦਿ ਵਿਚ ਸ਼ਬਦ ਹੋਇਆ। ਬਾਈਬਲ ਦਸਦੀ ਹੈ, "ਇਬਤਦਾ ਮੇਂ ਕਲਾਮ ਥਾ, ਕਲਾਮ ਖ਼ੁਦਾ ਕੇ ਸਾਥ ਥਾ, ਬਲਕਿ ਕਲਾਮ ਹੀ ਖ਼ੁਦਾ ਥਾ।" ਇਹਨਾਂ ਮਨੌਤਾਂ ਤੋਂ ਬਿਨਾਂ ਸ਼ਬਦ ਦੀ ਵਡਿਆਈ ਨੂੰ ਸੰਸਾਰ ਦੀ ਬਿਬੇਕ ਬੁਧ ਨੇ ਸਦਾ ਹੀ ਮੰਨਿਆ ਹੈ। ਨਿਆਇ ਵਿਚ ਇਸ ਨੂੰ ਪ੍ਰਸਿੱਧ ਪ੍ਰਮਾਣਾਂ ਵਿਚੋਂ ਇਕ ਗਿਣਿਆ ਗਿਆ ਹੈ। ਤੇ ਹੋਵੇ ਵੀ ਕਿਉਂ ਨਾ, ਇਸ ਦੇ ਪ੍ਰਮਾਣ ਬਣਨ ਤੋਂ ਬਿਨਾਂ ਜਗਤ ਮਰਯਾਦਾ ਚੱਲ ਹੀ ਨਹੀਂ ਸਕਦੀ। ਜੇ ਹਰ ਮਨੁੱਖ ਹਰ ਚੀਜ਼ ਦੀ ਖੋਜ ਆਖ਼ਰ ਤਕ ਆਪ ਕਰ ਕੇ ਕੰਮ ਕਰਨਾ ਚਾਹੇ ਤਾਂ ਜੀਵਨ ਵਿਚ ਬਹੁਤ ਥੋੜ੍ਹੇ ਕੰਮ ਹੀ ਕਰ ਸਕੇਗਾ। ਇਸ ਲਈ ਆਮ ਤੌਰ 'ਤੇ ਕੰਮ ਕਰਨ ਸਮੇਂ ਕਿਸੇ ਦੂਸਰੇ ਦੇ ਦੱਸੇ ਹੋਏ ਬਚਨ ਨੂੰ ਹੀ ਪ੍ਰਮਾਣ ਕਰ ਕੇ ਚੱਲਣਾ ਪੈਂਦਾ ਹੈ। ਸ਼ਬਦ ਰਾਤ ਦੇ ਸਮੇਂ, ਦਿਨ ਦੇ ਵੇਲੇ, ਅੰਨ੍ਹੇਰੇ ਤਹਿਖ਼ਾਨਿਆਂ ਵਿਚ ਅਤੇ ਹਰ ਸਮੇਂ ਤੇ ਹਰ ਥਾਂ, ਨੇਤਰਹੀਣੇ ਮਨੁੱਖਾਂ ਲਈ ਅੱਖਾਂ ਦਾ ਕੰਮ ਵੀ ਨਿਭਾਉਂਦਾ ਹੈ। ਜੇ ਪ੍ਰਕਿਰਤਕ ਤੋਂ ਲੰਘ ਮਾਨਸਿਕ ਜਗਤ ਵੱਲ ਨਿਗਾਹ ਮਾਰੀ ਜਾਵੇ, ਤਾਂ ਸਾਰਾ ਕੰਮ ਹੀ ਸ਼ਬਦ ਦੇ ਆਸਰੇ ਹੋ ਰਿਹਾ ਦਿਸਦਾ ਹੈ। ਅੰਧੇਰੇ ਹਿਰਦਿਆਂ ਵਿਚ ਰੌਸ਼ਨੀ ਪਾਉਣੀ ਮੁਰਸ਼ਦ ਦੇ ਸ਼ਬਦ ਦਾ ਹੀ ਕੰਮ ਹੈ, ਨਹੀਂ ਤਾਂ ਸੂਰਜ ਤੇ ਚੰਦ੍ਰਮਾ ਦੀ ਰੌਸ਼ਨੀ ਦੇ ਹੋਣ ਸਮੇਂ ਵੀ ਮਨ ਅੰਧੇਰੇ ਰਹਿ ਜਾਂਦੇ ਹਨ:

ਤੇਰਾ ਸੂਰ ਚਾਨਣ ਪਛਾਨਣ ਦੋ ਨੈਣਾਂ ਵਾਲੇ,
ਅੰਨ੍ਹਿਆਂ ਨੂੰ ਦੱਸ ਤੇਰੀ ਕਾਸਦੀ ਜ਼ਰੂਰ ਵੇ।
ਦੋ ਦੋ ਨੈਣਾਂ ਵਾਲੇ ਦਿਲੋਂ ਕਾਲੇ ਗੁਮਰਾਹ ਬੈਠੇ,
ਤੇਰਾ ਨੂਰ ਉਹਨਾਂ ਤਾਈਂ ਕਾਹਦਾ ਕੋਹੇਨੂਰ ਵੇ।
ਲੱਖਾਂ ਸਾਲ ਆਯੂ ਭੋਗ, ਦੂਰ ਨਾ ਅੰਧੇਰਾ ਕੀਤਾ,
ਦੱਸ ਭਲਾ ਫੇਰ ਕੀਤਾ ਕਾਸਦਾ ਗ਼ਰੂਰ ਵੇ।
ਕਲਗੀ ਧਰ ਸੀਸ ਤੇ ਜੇ ਨਾ ਆਂਵਦੇ ਕਲਗੀਧਰ,
ਕੀਹਦੇ ਨੂਰ ਨਾਲ ਮੈ ਤੇ ਹੁੰਦਾ ਨੂਰੋ ਨੂਰ ਵੇ।

ਅਵਾਜ਼ ਭਾਵੇਂ ਹਰ ਰੂਪ ਵਿਚ ਹੀ ਮਨੁੱਖ ਨੂੰ ਲਾਭ ਪਹੁੰਚਾਂਦੀ ਹੈ, ਪਰ ਇਸ ਦੀ ਵਰਤੋਂ ਦਾ ਸਭ ਤੋਂ ਅੱਛਾ ਢੰਗ ਸੰਗੀਤ ਹੈ। ਸੰਗੀਤ ਕੀ ਹੈ? ਜਿਸ ਨੂੰ ਸੁਣ ਕੇ ਚਿੱਤ ਵਿਚ ਪ੍ਰਸੰਨਤਾ ਤੇ ਪ੍ਰੀਤ ਉਤਪੰਨ ਹੋਵੇ, ਸ਼ਬਦ ਦੇ ਉਸ ਰੂਪ ਦਾ ਨਾਂ ਰਾਗ ਹੈ। ਇਸ ਦੀ ਬਾਕਾਇਦਾ ਤਰਤੀਬ, ਸੁਰਾਂ ਦੀ ਵੰਡ, ਤਾਲ ਦਾ ਭੇਦ ਤੇ ਲੈਅ ਦੀ ਬੰਦਸ਼ ਹਰ ਦੇਸ਼ ਦੇ ਸੰਗੀਤਕਾਰ ਨੇ ਆਪਣੀ ਆਪਣੀ ਮੁਕੱਰਰ ਕੀਤੀ ਹੈ ਅਤੇ ਹਰ ਇਕ ਦਾ ਖ਼ਿਆਲ ਤੇ ਬਣਾਵਟ ਆਪਣੀ ਆਪਣੀ ਥਾਂ ਕੰਮ ਦੇ ਰਿਹਾ ਹੈ। ਧਾਰਮਿਕ ਜਗਤ ਵਿਚ ਈਸ਼ਵਰ-ਅਰਾਧਨਾ ਤੇ ਉਸਤਤ ਲਈ ਰਾਗ ਦੀ ਵਰਤੋਂ ਲਾਜ਼ਮੀ ਕਰਾਰ ਦਿਤੀ ਗਈ ਹੈ। ਯਹੂਦੀਆਂ ਦੇ ਪੁਰਾਣੇ ਮੰਦਰਾਂ ਵਿਚ ਪ੍ਰਭੂ ਉਸਤਤ ਗਾਇਨ ਕਰਨ ਵਾਲਿਆਂ ਦੀ ਖ਼ਾਸ ਜਮਾਤ ਹੁੰਦੀ ਸੀ ਤੇ ਅੱਜ ਵੀ ਹੈ। ਈਸਾਈਆਂ ਦੇ ਗਿਰਜਿਆਂ ਵਿਚ ਸੰਗੀਤ ਨੂੰ ਬੜੀ ਪ੍ਰਧਾਨਤਾ ਹਾਸਲ ਹੈ। ਮੁਸਲਮਾਨਾਂ ਦੇ ਕਈ ਫ਼ਿਰਕੇ ਭਾਵੇਂ ਸੰਗੀਤ ਦੀ ਮਹਾਨਤਾ ਤੋਂ ਇਨਕਾਰ ਕਰਦੇ ਹਨ, ਪਰ ਫਿਰ ਭੀ ਰੂਹਾਨੀਅਤ ਦੇ ਪਰਵਾਨੇ ਸੂਫ਼ੀ 'ਸਮਾਂ' ਨੂੰ ਅਪਣਾਉਂਦੇ ਹਨ। ਕੱਵਾਲੀ ਦੀ ਤਾਰ ਖ਼ਾਸ ਤੌਰ 'ਤੇ ਸੂਫ਼ੀਆਂ ਦੀ ਮਹਿਫ਼ਲ ਦੀ ਹੀ ਇਕ ਚੀਜ਼ ਹੈ। ਹਿੰਦੁਸਤਾਨ ਵਿਚ ਸੂਫ਼ੀਆਂ ਦਾ ਸਭ ਤੋਂ ਪ੍ਰਸਿੱਧ ਖ਼ਾਨਦਾਨ 'ਚਿਸ਼ਤੀਆ' ਸਮਾਹਾ ਦਾ ਇਤਨਾ ਸ਼ੈਦਾਈ ਹੈ ਕਿ ਇਹਨਾਂ ਦੀ ਸੰਪਰਦਾ ਵਿਚੋਂ ਹਰ ਪ੍ਰਸਿਧ ਫ਼ਕੀਰ ਦੀ ਮਜ਼ਾਰ 'ਤੇ ਹਫ਼ਤਾਵਾਰ ਕੀਰਤਨ ਹੁੰਦਾ ਹੈ ਤੇ ਸਾਲਾਨਾ 'ਉਰਸ' ਨੂੰ ਇਸ ਦੀ ਔਧੀ ਹੋ ਜਾਂਦੀ ਹੈ। ਸੰਗੀਤ ਕਲਾ ਦੇ ਆਸ਼ਕ ਸੂਫ਼ੀਆਂ ਨੇ ਇਸ ਚੀਜ਼ ਨੂੰ ਇਤਨਾ ਅਪਣਾਇਆ ਹੈ ਕਿ ਅੱਜ ਵੀ ਸੁਧਾਰਕ ਮੌਲਵੀਆਂ ਦੇ ਸ਼ੋਰੋ ਸ਼ਰ ਦੇ ਬਾਵਜੂਦ ਪੀਰਾਂ ਦੀਆਂ ਮਜ਼ਾਰਾਂ 'ਤੇ ਕੱਵਾਲਾਂ ਦੇ ਨਾਲ ਨਾਲ ਨਾਇਕਾਵਾਂ ਵੀ ਗਾਉਣ ਲਈ ਬੁਲਾਈਆਂ ਜਾਂਦੀਆਂ ਹਨ। ਸੂਫ਼ੀ ਇਕ ਤੋਂ ਇਕ ਵਧੇਰੇ ਸੰਗੀਤ ਦਾ ਸ਼ੈਦਾਈ ਹੈ। ਉਹ ਇਸ ਨੂੰ ਮਨ ਦੀ ਇਕਾਗਰਤਾ ਦਾ ਸਾਧਨ ਸਮਝਦਾ ਹੈ, ਉਹ ਸੰਗੀਤ ਰਸ ਵਿਚ ਮਸਤ ਹੋ ਵਜਦ ਵਿਚ ਆਉਂਦਾ ਹੈ:

ਬੇਗਾਨਗੀ ਮੇਂ ਹਾਲੀ ਯਿਹ ਰੰਗੇ ਆਸ਼ਨਾਈ,
ਸੁਨ ਸੁਨ ਕੇ ਸਰ ਧੁਨੇ ਹੈਂ, ਯਿਹ ਕਾਲ ਓ ਹਾਲ ਤੇਰਾ।

ਪਰ ਮਸ਼ਹੂਰ ਸੰਤ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੀ ਅੰਤਮ ਕਥਾ ਤਾਂ ਅਜਬ ਮਨੋਹਰ ਹੈ। ਲਿਖਿਆ ਹੈ ਕਿ ਅੰਤਮ ਸਮੇਂ ਉਹਨਾਂ ਨੇ ਆਪਣੇ ਕੱਵਾਲ ਬੁਲਾਏ ਤੇ ਕੀਰਤਨ ਸ਼ੁਰੂ ਕਰਾਇਆ। ਜਦ ਕੱਵਾਲ ਨੇ ਇਹ ਸ਼ੇਅਰ—

ਕੁਸ਼ਤਗਾਨਿ ਖ਼ੰਜਰਿ ਤਸਲੀਮ ਰਾ,
ਹਰ ਜ਼ਮਾਂ ਅਜ਼ ਗ਼ੈਬ ਜਾਨਿ ਦੀਗਰ ਅਸਤ।

[ਭਾਣੇ ਦੇ ਖ਼ੰਜਰ ਨਾਲ ਕਤਲ ਹੋਏ ਹੋਏ ਲੋਗਾ ਨੂੰ ਹਰ ਮੌਤ ਦੇ ਬਾਅਦ ਨਵੀਂ ਜ਼ਿੰਦਗੀ ਮਿਲਦੀ ਹੈ।]

ਗਾਉਣਾ ਸ਼ੁਰੂ ਕੀਤਾ ਤਾਂ ਕਾਕੀ ਸ਼ਾਹ 'ਤੇ ਵਜਦ ਤਾਰੀ ਹੋ ਗਿਆ। ਪਹਿਲੇ ਮਿਸਰੇ ’ਤੇ ਉਹਨਾਂ ਦੀਆਂ ਨਬਜ਼ਾਂ ਬੰਦ ਹੋ ਜਾਂਦੀਆਂ ਸਨ, ਤੇ ਦੂਸਰੇ ਮਿਸਰੇ 'ਤੇ ਜਾਨ, ਤਨ ਵਿਚ ਫਿਰ ਆ ਜਾਂਦੀ ਸੀ। ਇਹ ਅਵਸਥਾ ਉਨ੍ਹਾਂ ਦੀ ਕਈ ਦਿਨ ਬਣੀ ਰਹੀ।

ਸੂਫ਼ੀਆਂ ਦਾ ਆਮ ਖ਼ਿਆਲ ਹੈ ਕਿ ਹਰ ਅਭਿਆਸੀ ਦੇ ਅੰਦਰ ਸੰਗੀਤ ਦਾ ਇਕ-ਰਸ ਨਗ਼ਮਾ ਛਿੜਿਆ ਰਹਿੰਦਾ ਹੈ। ਕਈ ਇਸਨੂੰ ਸਾਰੰਗੀ ਦੀ ਅਵਾਜ਼ ਵਰਗਾ ਕਹਿੰਦੇ ਹਨ:

ਸਰੂਰੇ ਇਸ਼ਕ ਸੇ ਦਿਲ ਮੇਂ ਹਮਾਰੇ,
ਹਮੇਸ਼ਾ ਗ਼ਮ ਕੀ ਸਾਰੰਗੀ ਬਜਾ ਕੀ।

ਨਗ਼ਮੇ ਦੀ ਤਾਸੀਰ ਗ਼ਮ ਆਵਰ ਸਰੂਰ ਹੈ। ਵੈਰਾਗਮਈ ਰਸ ਦੀ ਇਸ ਧਾਰਾ ਨੂੰ ਉਹ ਇਕ ਨਿਆਮਤ ਸਮਝਦੇ ਹਨ। ਬਾਜ਼ ਲੋਕਾਂ ਦਾ ਇਹ ਭੀ ਖ਼ਿਆਲ ਹੈ ਕਿ ਅੰਦਰ ਦਸ ਕਿਸਮ ਦੀ ਅਵਾਜ਼ ਨਹੀਂ, ਬਲਕਿ ਪੰਜ ਕਿਸਮ ਦੀਆਂ ਅਵਾਜ਼ਾਂ ਆਉਂਦੀਆਂ ਹਨ। ਭਾਵੇਂ ਪੁਰਾਣੇ ਸਾਹਿਤ ਵਿਚ ਇਹਨਾਂ ਅਵਾਜ਼ਾਂ ਦੀ ਗਿਣਤੀ ਦਸ ਤਕ ਵੀ ਦੱਸੀ ਗਈ ਹੈ ਪਰ ਅੱਜ-ਕੱਲ੍ਹ ਦੀ ਆਮ ਵੀਚਾਰ ਵਿਚ ਖ਼ਾਸ ਤੌਰ 'ਤੇ ਰਾਧਾ ਸੁਆਮੀ ਮਤ ਦੇ ਪ੍ਰਚਾਰ ਕਰਕੇ ਅਵਾਜ਼ਾਂ ਦੀਆਂ ਪੰਜ ਕਿਸਮਾਂ ਦਾ ਚਰਚਾ ਵਧੇਰੇ ਹੈ। ਇਹ ਅਵਾਜ਼ਾਂ, ਸਾਜ਼ਾਂ ਦੀਆਂ ਮੁਖ਼ਤਲਿਫ਼ ਅਵਾਜ਼ਾਂ ਨਾਲ ਮਿਲਦੀਆਂ ਜੁਲਦੀਆਂ ਆਮ ਮੰਨੀਆਂ ਜਾਂਦੀਆਂ ਹਨ। ਗੁਪਤ-ਪੰਥੀਆਂ ਦਾ ਅਕੀਦਾ ਤਾਂ ਛੁਪਿਆ ਹੋਇਆ ਹੋਣ ਕਰਕੇ ਠੀਕ ਨਹੀਂ ਦਸਿਆ ਜਾ ਸਕਦਾ, ਪਰ ਪ੍ਰਗਟ ਪੰਜ ਅਵਾਜ਼ਾਂ ਤੱਤ, ਵਿਤ, ਘਣ, ਨਾਦ ਤੇ ਸੁਘਰ ਹਨ:

ਤਤ ਤੰਤੀ ਬਿਤ ਚਰਮ ਕਾ, ਘਣ ਕਾਂਸ਼ੀ ਕੋ ਜਾਣ।
ਨਾਦ ਸ਼ਬਦ ਘਟ ਕੋ ਕਹੇ, ਸੁਘਰ ਸੋਆਸ ਪਹਿਚਾਨ।

ਭਾਵੇਂ ਇਹੀ ਵੰਡ ਕਿਸੇ ਤਰ੍ਹਾਂ ਵੀ ਕਿਉਂ ਨਾ ਹੋਵੇ, ਸਾਡਾ ਮਤਲਬ ਤਾਂ ਕੇਵਲ ਇਤਨਾ ਹੈ ਕਿ ਅਵਾਜ਼ ਦੀ ਤਾਸੀਰ ਜੋ ਸੰਗੀਤ ਦੇ ਰਸ ਕਰਕੇ ਬਣਦੀ ਹੈ, ਉਸ ਤੋਂ ਕੋਈ ਮਨੁੱਖ ਸ਼੍ਰੇਣੀ ਵੀ ਇਨਕਾਰ ਨਹੀਂ ਕਰ ਸਕਦੀ ਹੈ। ਜਿੱਥੇ ਇਰਾਨ ਦੇ ਹਾਫ਼ਜ਼ ਤੇ ਉਮਰੇ ਖ਼ਿਆਮ ਚੰਗ ਤੇ ਰਬਾਬ ਦੇ ਨਗ਼ਮਿਆਂ ਦੀ ਉਸਤਤ ਕਰਦਿਆਂ ਨਹੀਂ ਥੱਕਦੇ, ਉਥੇ ਇਹਰਾਰ ਤੇ ਕਾਦੀਆਨ ਦੇ ਅਹਿਮਦੀਆਂ ਜੈਸੀਆਂ ਸ਼ਰੱਈ ਜਮਾਤਾਂ ਵੀ ਕਵਿਤਾਵਾਂ ਪੜ੍ਹਾਣ, ਕੁਰਾਨ ਦਾ ਪਾਠ ਪੜ੍ਹਨ ਤੇ ਬਾਂਗ ਦਿਵਾਣ ਲਈ ਮਧੁਰ-ਕੰਠੀ ਬੰਦੇ ਲੱਭਦੀਆਂ ਦਿੱਸ ਆਉਂਦੀਆਂ ਹਨ।

ਹਿੰਦੂਆਂ ਵਿਚ ਤਾਂ ਸੰਗੀਤ ਦੀ ਮਹਾਨਤਾ ਬਹੁਤ ਉੱਚੀ ਹੈ। ਪੁਰਾਣਕ ਮਤ ਅਨੁਸਾਰ, ਆਦਿ ਸ਼ਿਵ ਨੇ ਹੀ ਡੌਰੂ ਵਜਾ ਕੇ ਸਭ ਰਾਗ ਗਾਏ ਹਨ, ਤੇ ਅੱਜ ਤਕ ਬੀਨਕਾਰ ਸਰਸਵਤੀ ਹੀ ਇਸ ਦੀ ਦਾਤ ਗਵੱਈਆਂ ਨੂੰ ਬਖ਼ਸ਼ ਰਹੀ ਹੈ। ਰਿਗ ਵੇਦ ਦੀਆਂ ਰਚਨਾਵਾਂ ਨੂੰ ਉੱਤਮ ਤਰੀਕੇ ਨਾਲ ਉਚਾਰਨ ਹਿਤ ਪਹਿਲੇ ਦਿਨ ਤੋਂ ਹੀ ਨਾਲ ਸ਼ਾਮ ਵੇਦ ਬਣਾਇਆ ਗਿਆ, ਜੋ ਹਿੰਦੁਸਤਾਨੀ ਸੰਗੀਤ ਦਾ ਮੱਥਾ ਹੈ।

ਪੁਰਾਣਕ ਮਨੌਤਾਂ ਤੋਂ ਬਿਨਾਂ ਮਜ਼ਹਬੀ ਇਤਿਹਾਸ ਵਿਚ ਈਸ਼ਵਰ ਦਾ ਸਭ ਤੋਂ ਵੱਡਾ ਸੋਲ੍ਹਾਂ ਕਲਾਂ ਸੰਪੂਰਨ ਕ੍ਰਿਸ਼ਨ ਅਵਤਾਰ, ਹਿੰਦੂਆਂ ਵਿਚ ਮੰਨਿਆ ਜਾਂਦਾ ਹੈ। ਉਸਦਾ ਸਭ ਤੋਂ ਪਿਆਰਾ ਨਾਮ ਹੀ ਮੁਰਲੀ ਮਨੋਹਰ ਹੈ। ਉਸ ਦੀ ਕੋਈ ਮੂਰਤੀ ਵੀ ਮੁਰਲੀ ਤੋਂ ਬਿਨਾਂ ਨਹੀਂ ਬਣਾਈ ਜਾਂਦੀ। ਉਹ ਸੰਗੀਤ ਦੇ ਇਤਨੇ ਕਲਾਕਾਰ ਸਨ ਕਿ ਉਹਨਾਂ ਦੀ ਬੰਸਰੀ ਦੀ ਤਾਸੀਰ 'ਤੇ ਭਾਰਤ ਦੇ ਹਰ ਸ਼੍ਰੋਮਣੀ ਕਵੀ ਨੇ ਕੁਛ ਨਾ ਕੁਛ ਲਿਖਿਆ ਹੈ। ਦੱਸਿਆ ਹੈ ਕਿ ਉਹਨਾਂ ਦੀ ਮੁਰਲੀ ਦੀ ਧੁਨ ਸੁਣ ਕੇ ਸਿਰਫ਼ ਬ੍ਰਿਜ ਦੀਆਂ ਸਖੀਆਂ ਹੀ ਨਹੀਂ ਸਨ ਰੀਝ ਜਾਂਦੀਆਂ ਬਲਕਿ ਜੰਗਲਾਂ ਦੇ ਪੰਛੀ ਅਤੇ ਮ੍ਰਿਗ ਵੀ ਮਸਤ ਹੋ ਜਾਂਦੇ ਸਨ। ਏਥੋਂ ਤਕ ਕਿ ਪੌਣ ਭੀ ਮਤਵਾਲੀ ਹੋ ਰੁਕ ਜਾਂਦੀ ਸੀ:

ਰੀਝ ਰਹੀ ਬ੍ਰਿਜ ਕੀ ਸਭ ਭਾਵਨ, ਜਬ ਮੁਰਲੀ ਨੰਦ ਲਾਲ ਬਜਾਈ।
ਰੀਝ ਰਹੇ ਬਨ ਕੇ ਖਗ ਔਰ ਮ੍ਰਿਗ, ਰੀਝ ਰਹੀ ਧੁੰਨ ਸੁੰਨ ਪਾਈ।
ਪਾਹਨ ਹੋਇ ਰਹੀ ਪ੍ਰਿਤਮਾ, ਸਭ ਸ਼ਾਮ ਕੀ ਔਰ ਰਹੀ ਲਿਵਲਾਈ।
ਡਾਰਤ ਹੈ ਕਾਹੂ ਕਿਆ ਕਾਨ ਤ੍ਰਿਆ, ਪੁਨ ਦੇਖਤ ਪਉਣ ਰਹਿਓ ਉਰਝਾਈ।

ਹਿੰਦੂ ਮਤ ਅਨੁਸਾਰ ਈਸ਼ਵਰ ਦੀ ਨੌਧਾ ਭਗਤੀ ਵਿਚ ਸੰਗੀਤ ਤੇ ਨਿਰਤ ਨੂੰ ਖ਼ਾਸ ਮਹਾਨਤਾ ਪ੍ਰਾਪਤ ਹੈ। ਸੰਗੀਤ ਸ਼ਾਸਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਰਾਗ ਰਾਗਨੀਆਂ ਸਭ ਦੀ ਅਲਹਿਦਾ ਅਲਹਿਦਾ ਮੂਰਤੀ ਤਸੱਵਰ ਕੀਤੀ ਗਈ ਹੈ। ਜੰਨਤ-ਨਿਵਾਸੀ ਅਕਬਰ ਅਲ੍ਹਾਬਾਦੀ ਦਾ ਖ਼ਿਆਲ ਸੀ ਕਿ ਮਹਾਂ ਕਵੀ ਰਾਬਿੰਦਰਾ ਨਾਥ ਟੈਗੋਰ ਦੀ ਸੂਰਤ, ਸੋਰਠ ਰਾਗਨੀ ਦੀ ਸੂਰਤ ਨਾਲ ਮਿਲਦੀ ਜੁਲਦੀ ਸੀ। ਰਾਗ ਦੇ ਸਮੇਂ ਦੀ ਪਾਬੰਦੀ, ਸ਼ੁਧ ਉੱਚਾਰ-ਲੈ-ਤਾਰ ਦਾ ਕਾਇਮ ਰਖਣਾ ਪੁੰਨ ਸਮਝਿਆ ਜਾਂਦਾ ਹੈ। ਵੈਸ਼ਨਵਾਂ ਵਿਚ ਕੀਰਤਨ ਦਾ ਖ਼ਾਸ ਜ਼ੋਰ ਹੈ। ਕਈ ਕਈ ਹਫ਼ਤਿਆਂ ਤੇ ਮਹੀਨਿਆਂ ਦੇ ਅਖੰਡ ਕੀਰਤਨ ਤੇ ਬ੍ਰਤ ਰਖੇ ਜਾਂਦੇ ਹਨ। ਬੰਗਾਲ ਵਿਚ ਜਗਤ ਬੰਧੂ ਦੀ ਰੱਖੀ ਹੋਈ ਲਾਸ਼ 'ਤੇ ਅਖੰਡ ਕੀਰਤਨ ਹੁੰਦਾ ਰਹਿੰਦਾ ਹੈ। ਉਹਨਾਂ ਦੇ ਚੇਲਿਆਂ ਦਾ ਖ਼ਿਆਲ ਹੈ ਕਿ ਸੰਤ ਸਮਾਧੀ ਵਿਚ ਹਨ ਤੇ ਇਕ ਦਿਨ ਉੱਠ ਬਹਿਣਗੇ। ਸਾਡਾ ਮਤਲਬ ਇਹ ਮਿਸਾਲ ਦੇਣ ਤੋਂ ਇਹ ਹੈ ਕਿ ਸੰਗੀਤ ਕਲਾ ਦੀ ਤਾਸੀਰ ਨੂੰ ਕਿਸ ਹੱਦ ਤਕ ਮੰਨਣ ਵਾਲੇ ਲੋਗ ਮੌਜੂਦ ਹਨ। ਭਗਤੀ ਵਿਚ ਸੰਗੀਤ ਤੇ ਨਿਰਤ ਦੀ ਮਹਾਨਤਾ ਨੂੰ ਮੰਨਣ ਵਾਲੀ ਮਸਤ ਮੀਰਾ ਬਾਈ, ਲੋਕ ਲਾਜ ਤਕ ਇਸ ਤੋਂ ਕੁਰਬਾਨ ਕਰ ਦੇਂਦੀ ਹੈ:

ਰਾਨਾ ਮੈਂ ਤੋ ਸਾਂਵਰੇ ਰੰਗ ਰਾਚੀ,
ਪਹਿਨ ਘਾਘਰਾ ਬਾਂਧ ਘੁੰਘਰੂ ਲੋਗ ਲਾਜ ਤਜ ਨਾਚੀ।

ਹਿੰਦੂ ਭਗਤੀ ਮੰਡਲੀ ਤੋਂ ਬਿਨਾਂ ਸੰਗੀਤ ਦੀ ਤਾਸੀਰ ਨੂੰ ਯੂਰਪ ਤੇ ਅਮਰੀਕਾ ਦੇ ਵਿਗਿਆਨਕ ਵੀ ਮੰਨਦੇ ਹਨ। ਸੰਗੀਤ ਦੀਆਂ ਸੁਰਾਂ ਦੀ ਤਾਸੀਰ ਨਾਲ ਕਈ ਬੀਮਾਰੀਆਂ ਦਾ ਇਲਾਜ ਯੂਰਪ ਤੇ ਅਮਰੀਕਾ ਵਿਚ ਕੀਤਾ ਜਾਂਦਾ ਹੈ। ਜ਼ਿਹਨੀ ਤੇ ਮਾਨਸਿਕ ਰੋਗਾਂ ਦਾ ਤਾਂ ਇਲਾਜ ਖ਼ਾਸ ਤੌਰ 'ਤੇ ਰਾਗ ਨੂੰ ਤਸਲੀਮ ਕੀਤਾ ਗਿਆ ਹੈ। ਸਾਡੇ ਦੇਸ਼ ਵਿਚ ਇਕ ਮਨੌਤ ਹੈ ਕਿ ਪੁਰਾਣੇ ਗਵੱਈਏ ਦੀਪਕ ਗਾ ਕੇ ਅੱਗ ਜਲਾ, ਤੇ ਮੇਘ ਗਾ ਕੇ ਬਾਰਸ਼ ਬਰਸਾ ਦਿਆ ਕਰਦੇ ਸਨ।*[1] ਭਾਵੇਂ ਇਸ ਵਿਚ ਕੁਝ ਮੁਬਾਲਗਾ ਹੀ ਹੋਵੇ ਪਰ ਮਾਨਸਿਕ ਅਗਨੀ ਤੇ ਸ਼ਾਂਤੀ ਦੀ ਵਰਖਾ ਤਾਂ ਅੱਜ ਭੀ ਸੰਗੀਤ ਦੇ ਕਲਾਕਾਰ ਰੋਜ਼ ਕਰਦੇ ਦਿਸ ਪੈਂਦੇ ਹਨ। ਸਿਨੇਮਾ ਹਾਲਾਂ ਵਿਚ ਖ਼ਾਸ ਖ਼ਾਸ ਗਾਣੇ ਸੁਣ ਕੇ ਜੋਸ਼ ਨਾਲ ਨਾਹਰੇ ਮਾਰ ਉੱਠਣਾ ਤੇ ਕਦੀ ਭੁੱਬਾਂ ਮਾਰ ਮਾਰ ਕੇ ਰੋਣਾ ਤੇ ਛਮ ਛਮ ਅੱਥਰੂ ਕਿਰਨੇ, ਰਸਕ ਦਰਸ਼ਕਾਂ ਦਾ ਆਮ ਵਿਹਾਰ ਹੈ। ਮਨੁੱਖਾਂ ਤੋਂ ਬਿਨਾਂ ਘੰਡੇ ਹੇੜੇ ਦੇ ਸ਼ਬਦ ਉਤੇ ਮ੍ਰਿਗ ਦੀ ਹੀਂਗਣਾਂ ਤੇ ਬਣਾਂ ਦੇ ਨਾਗ ਦਾ ਮਸਤ ਹੋਣਾ ਦਸਦੇ ਹਨ। ਸੰਗੀਤ ਦੀ ਤਾਸੀਰ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਜ਼ਹਿਰੀ ਕੀੜਿਆਂ ਨੂੰ ਵੀ ਮੋਹ ਲੈਂਦੀ ਹੈ।

ਕੀਰਤਨ ਦਾ ਮਹਾਤਮ ਹਿੰਦੂ ਪੁਰਾਣਾਂ ਵਿਚ ਮਹਾਨ ਕਥਨ ਕੀਤਾ ਗਿਆ ਹੈ। ਇਕ ਕਥਾ ਆਉਂਦੀ ਹੈ ਕਿ ਇਕ ਰਿਸ਼ੀ ਨੇ ਵੀਹ ਹਜ਼ਾਰ ਬਰਸ ਤਪ ਕੀਤਾ। ਦੇਵਨੇਤ ਨਾਲ ਨਾਰਦ ਮੁਨੀ ਫਿਰਦੇ ਫਿਰਾਂਦੇ ਉਸ ਦੇ ਆਸ਼ਰਮ ਵਿਚ ਆ ਨਿਕਲੇ। ਤਪੀਸ਼ਵਰ ਨੇ ਨਾਰਦ ਜੀ ਦਾ ਸਵਾਗਤ ਕੀਤਾ। ਕੁਝ ਦਿਨ ਆਪਣੇ ਆਸ਼ਰਮ ਵਿਚ ਟਿਕਾ ਸੇਵਾ ਕੀਤੀ ਤੇ ਵਿਦਾ ਕਰਨ ਸਮੇਂ ਦਸ ਹਜ਼ਾਰ ਬਰਸ ਦੇ ਤਪ ਦਾ ਫਲ ਨਾਰਦ ਜੀ ਨੂੰ ਦੇ ਦਿਤਾ। ਮੁਨੀ ਲੈ ਕੇ ਚਲਦੇ ਬਣੇ। ਰਸਹੀਣ ਤਪੀ ਥੋੜ੍ਹੇ ਦਿਨਾਂ ਬਾਅਦ ਆਪਣੀ ਦਿਤੀ ਹੋਈ ਦਾਤ ਦਾ ਵਟਾਂਦਰਾ ਕਰਨ ਹਿਤ ਨਾਰਦ ਜੀ ਦੇ ਆਸ਼ਰਮ 'ਤੇ ਜਾ ਧਮਕੇ। ਕੁਝ ਦਿਨ ਸੇਵਾ ਕਰ ਵਿਦਾ ਕਰਨ ਸਮੇਂ ਤਪੀਸ਼ਵਰ ਨੂੰ ਕਿਹਾ, "ਮੈਂ ਤਪੀਸ਼ਵਰ ਨਹੀਂ ਤੇ ਮੇਰੇ ਕੋਲ ਤਪ ਦਾ ਕੋਈ ਫਲ ਨਹੀਂ। ਮੈਂ ਭਗਵਾਨ ਦਾ ਕੀਰਤਨੀਆ ਭਗਤ ਹਾਂ। ਸੋ ਆਪ ਨੂੰ ਦੋ ਘੜੀ ਕੀਰਤਨ ਦਾ ਫਲ ਭੇਟਾ ਕਰਦਾ ਹਾਂ।" ਤਪੀ ਇਹ ਸੁਣ ਕੇ ਕ੍ਰੋਧ ਨਾਲ ਤਪ ਉਠਿਆ ਤੇ ਨਾਰਦ ਨੂੰ ਕਹਿਣ ਲੱਗਾ, "ਮੈਂ ਇਸ ਨਿਰਾਦਰੀ ਦਾ ਫਲ ਤੈਨੂੰ ਚਖਾ ਕੇ ਛਡਾਂਗਾ।" ਮੌਜੀ ਮੁਨੀ ਤਾਂ ਹੱਸ ਕੇ ਚੁੱਪ ਕਰ ਰਹੇ, ਪਰ ਤਪੀਸ਼ਵਰ ਸਿੱਧਾ ਵਿਸ਼ਨੂੰ ਭਗਵਾਨ ਕੋਲ ਪੁੱਜਾ। ਸਾਰੀ ਵਾਰਤਾ ਸੁਣਾ ਕੇ ਕਹਿਣ ਲੱਗਾ, "ਮੇਰਾ ਨਿਆਇ ਕਰੋ ਤੇ ਨਾਰਦ ਨੂੰ ਮੇਰੇ ਕੀਤੇ ਨਿਰਾਦਰ ਦਾ ਡੰਨ ਦਿਓ।" ਲਿਖਿਆ ਹੈ ਕਿ ਕ੍ਰੋਧ-ਆਤਰ ਤਪੀਸ਼ਵਰ ਦੇ ਲਾਲ ਅੰਗਿਆਰ ਨੈਣਾਂ ਨੂੰ ਤੱਕ, ਵਿਸ਼ਨੂੰ ਨੇ ਸਰਾਪ ਤੋਂ ਡਰਦਿਆਂ ਗੱਲ ਟਾਲ ਦਿਤੀ ਤੇ ਕਿਹਾ ਕਿ ਅਜਿਹੇ ਮਾਮਲਿਆਂ ਦਾ ਨਿਬੇੜਾ ਕਰਨਾ ਸ਼ਿਵ ਜੀ ਦਾ ਕੰਮ ਹੈ। ਜਦ ਤਪੀਆ ਸ਼ਿਵ ਜੀ ਕੋਲ ਪੁੱਜਾ ਤਾਂ ਉਹਨਾਂ ਨੇ ਸ਼ੇਸ਼ਨਾਗ ਕੋਲ ਘੱਲ ਦਿਤਾ। ਚਤੁਰ ਸ਼ੇਸ਼ ਨੇ ਰਿਸ਼ੀ ਦੀ ਵਾਰਤਾ ਸੁਣ ਕੇ ਕਿਹਾ, "ਮੈਂ ਅਜਿਹੇ ਮੁਕੱਦਮਿਆਂ ਦਾ ਫ਼ੈਸਲਾ ਹੋਣ ਵਾਲੀ ਜਗ੍ਹਾ ਵੇਖ ਕੇ ਕੀਤਾ ਕਰਦਾ ਹਾਂ। ਮੈਂ ਤੁਹਾਡੇ ਨਾਲ ਮਾਤ-ਲੋਕ ਨੂੰ ਚੱਲਣ ਲਈ ਤਿਆਰ ਹਾਂ, ਪਰ ਇਹ ਦੱਸੋ ਕਿ ਮੇਰੇ ਹੇਠੋਂ ਨਿਕਲ ਜਾਣ 'ਤੇ ਧਰਤੀ ਕਾਹਦੇ ਆਸਰੇ ਖਲੋਵੇਗੀ?" ਰਿਸ਼ੀ ਨੇ ਕੁਝ ਵਿਚਾਰ ਕੇ ਕਿਹਾ ਕਿ ਮੇਰੇ ਕੋਲ ਅਜੇ ਦਸ ਹਜ਼ਾਰ ਬਰਸ ਤਪ ਦਾ ਫਲ ਬਾਕੀ ਹੈ। ਮੈਂ ਉਹ ਧਰਤੀ ਨੂੰ ਦੇਂਦਾ ਹਾਂ। ਤੁਹਾਡੀ ਵਾਪਸੀ ਤਕ ਉਹ ਉਸ ਤਪ ਦੇ ਆਸਰੇ ਟਿਕੇ। ਰਿਸ਼ੀ ਦੇ ਫਲ ਪ੍ਰਦਾਨ ਕਰਨ 'ਤੇ ਜਿਉਂ ਹੀ ਸ਼ੇਸ਼ ਨੇ ਧਰਤੀ ਹੇਠੋਂ ਆਪਣਾ ਸਿਰ ਕਢਿਆ ਤਾਂ ਧਰਤੀ ਡੋਲਣ ਲਗ ਪਈ। ਧਰ-ਵਾਸੀਆਂ ਦੀ ਹਾਹਾਕਾਰ ਸੁਣ, ਸ਼ੇਸ਼ ਨੇ ਫਿਰ ਥੱਲੇ ਸਿਰ ਡਾਹ ਦਿਤਾ ਤੇ ਤਪੀ ਨੂੰ ਕਿਹਾ ਕਿ ਅਜੇ ਕੰਮ ਨਹੀਂ ਬਣਿਆ। ਕੋਈ ਹੋਰ ਫਲ ਕੋਲ ਹੈ ਤਾਂ ਉਹ ਵੀ ਦਿਉ। ਤਪੀ ਨੇ ਕਿਹਾ ਕਿ ਮੇਰਾ ਜ਼ਾਤੀ ਤੇ ਕੁਛ ਬਾਕੀ ਨਹੀਂ ਰਿਹਾ, ਹਾਂ, ਉਸ ਮਸਖ਼ਰੇ ਨਾਰਦ ਦਾ ਦਿਤਾ ਹੋਇਆ ਦੋ ਘੜੀ ਹਰੀ ਕੀਰਤਨ ਦਾ ਫਲ ਮੇਰੇ ਕੋਲ ਜ਼ਰੂਰ ਹੈ। ਮੈਂ ਉਹ ਵੀ ਧਰਤੀ ਨੂੰ ਦੇਂਦਾ ਹਾਂ। ਜੇ ਹੋ ਸਕੇ ਤਾਂ ਉਸ ਦੇ ਆਸਰੇ ਖਲੋਤੀ ਰਹੇ। ਦੋ ਘੜੀ ਕੀਰਤਨ ਦਾ ਫਲ ਮਿਲਣ 'ਤੇ ਸ਼ੇਸ਼ ਨੇ ਜਦੋਂ ਫਿਰ ਹੇਠਾਂ ਸਿਰ ਕੱਢ ਲਿਆ ਤਾਂ ਧਰਤੀ ਅਡੋਲ ਖਲੋਤੀ ਰਹੀ। ਤਪੀ ਨੇ ਤੱਕ ਕੇ ਕਿਹਾ, "ਮੈਨੂੰ ਸਮਝ ਆ ਗਈ ਹੈ ਕਿ ਹਜ਼ਾਰਾਂ ਬਰਸ ਦੇ ਤਪ ਨਾਲੋਂ ਦੋ ਘੜੀ ਹਰੀ ਕੀਰਤਨ ਦਾ ਫਲ ਜ਼ਿਆਦਾ ਹੁੰਦਾ ਹੈ।"

ਹਿੰਦੂ ਮਤ ਵਿਚ ਕੀਰਤਨ ਦੀ ਮਹਾਨਤਾ ਨੂੰ ਇਤਨਾ ਉੱਚਾ ਬਿਆਨ ਕੀਤਾ ਗਿਆ ਹੈ ਕਿ ਸਹਿਜੇ ਸਹਿਜੇ ਭਗਤਾਂ ਦੇ ਇਸ ਪਾਕ ਜਜ਼ਬੇ ਤੋਂ ਫ਼ਾਇਦਾ ਉਠਾਣ ਵਾਲੇ ਪੇਸ਼ਾਵਰ ਗਵੱਈਆਂ ਤੇ ਨਾਚਿਆਂ ਦੀਆਂ ਜਮਾਤਾਂ ਪੈਦਾ ਹੋ ਗਈਆਂ, ਜੋ ਬਜ਼ੁਰਗਾਂ ਦੇ ਸਾਂਗ ਰਚਾ ਰਚਾ ਤਮਾਸ਼ੇ ਕਰਨ ਲਗੀਆਂ। ਸੁਆਂਗ ਬਣੇ ਹੋਏ ਗੁਰੂ ਗਾਉਂਦੇ, ਚੇਲੇ ਨੱਚਦੇ, ਪੈਰਾਂ ਤੇ ਸਿਰਾਂ ਨਾਲ ਤਾਲ ਦੇਂਦੇ, ਧਰਤ ਦੀ ਮਿੱਟੀ ਪੁੱਟ ਸਿਰ 'ਤੇ ਪਾਉਂਦੇ ਸਨ ਤੇ ਜਨਤਾ ਉਹਨਾਂ ਕੋਲੋਂ ਦੈਵੀ ਪ੍ਰਭਾਵ ਲੈਣ ਦੀ ਥਾਂ ਦੋ ਘੜੀ ਹਾਸਾ ਤਮਾਸ਼ਾ ਕਰ ਘਰ ਨੂੰ ਚਲੀ ਜਾਂਦੀ ਸੀ:

ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ੍ ਫੇਰਨਿ੍ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ। ਆਪੁ ਪਛਾੜਹਿ ਧਰਤੀ ਨਾਲਿ॥

(ਆਸਾ ਕੀ ਵਾਰ, ਮ: ੧, ਪੰਨਾ ੪੬੫)

ਇਸ ਰਿਵਾਜ ਦੀ ਸਭ ਤੋਂ ਕੋਹਜੀ ਸੂਰਤ ਉਦੋਂ ਬਣੀ ਜਦ ਮੰਦਰਾਂ ਵਿਚ ਨੱਚਣ ਲਈ ਪਹਿਲਾਂ ਦੇਵ ਦਾਸੀਆਂ ਤੇ ਫਿਰ ਜਨਤਾ ਦਾ ਇਖ਼ਲਾਕ ਵਿਗਾੜਨ ਲਈ ਬਜ਼ਾਰੀ ਨਾਇਕਾਂ ਬਣ ਬੈਠੀਆਂ। ਉਹਨਾਂ ਨੇ ਸੰਗੀਤ ਨੂੰ ਵੀ ਬਦਨਾਮ ਕੀਤਾ। ਅੰਗੂਰ ਰਸ ਨੂੰ ਤਰਕਾ ਕੇ ਸ਼ਰਾਬ ਬਣਾਣ ਵਾਂਗ, ਰਾਗ ਦੇ ਪਵਿੱਤਰ ਸ਼ਾਂਤ ਰਸ ਨੂੰ ਵਿਸ਼ੇ ਰਸ ਵਿਚ ਬਦਲ ਦਿੱਤਾ। ਰਾਗ ਦੀ ਸੂਰਤ ਵੀ ਵਿਗੜੀ ਤੇ ਸਰੋਤੇ ਵੀ ਗ਼ਰਕ ਹੋਏ:

ਸ਼ੁਭ ਕਾਜ ਕੋ ਛੋਡ ਆਕਾਜ ਕਰੈਂ,
ਕੁਛ ਲਾਜ ਨਾ ਆਵਤ ਹੈ ਇਨ ਕੋ।
ਇਕ ਰਾਂਡ ਬੁਲਾਇ ਨਚਾਵਤ ਹੈ,
ਗ੍ਰਹਿ ਕਾ ਧੰਨ ਸਾਮ ਲੁਟਾਵਨ ਕੋ।
ਮ੍ਰਿਦੰਗ ਤਿਨੇ ਧ੍ਰਿਗ ਧ੍ਰਿਗ ਕਹੇ,
ਸੁਲਤਾਨ ਕਹੇ ਕਿੰਨ ਕੋ ਕਿੰਨ ਕੋ।
ਬਾਂਹਿ ਉਲਾਰ ਕੇ ਨਾਰ ਕਹੇ,
ਇੰਨਕੋ, ਇੰਨਕੋ, ਇੰਨਕੋ ਇੰਨਕੋ।

ਸੰਸਾਰ ਦੀਆਂ ਹੋਰ ਡਿੱਗੀਆਂ ਹੋਈਆਂ ਚੀਜ਼ਾਂ ਵਾਂਗ ਸੰਗੀਤ ਦੀ ਸਾਰ ਵੀ ਸਤਿਗੁਰਾਂ ਨੇ ਆਣ ਲਈ। ਗੁਰਮਤਿ ਵਿਚ ਕੀਰਤਨ ਪ੍ਰਧਾਨ ਕੀਤਾ ਗਿਆ। ਦੱਸਿਆ ਕਿ ਪੁਰਾਣੇ ਲੋਕਾਂ ਨੇ ਜੋ ਜੀਵਨ-ਬਿਰਤੀ ਦੇ ਸਾਧਨ ਅਖ਼ਤਿਆਰ ਕੀਤੇ ਸਨ, ਅਸੀਂ ਉਹਨਾਂ ਦੀ ਥਾਂ ਹਰੀ-ਕੀਰਤਨ ਨੂੰ ਹੀ ਮੁਖ ਸਮਝਦੇ ਹਾਂ, ਕਿਉਂਕਿ ਵੇਦ ਦਾ ਪਾਠ ਪੜ੍ਹਨ ਤੇ ਵਿਚਾਰਨ ਵਾਲੇ, ਨਿਵਲ-ਭੁਅੰਗਮ ਦੇ ਸਾਧਨ ਵਾਲੇ, ਵਿਕਾਰਾਂ ਕੋਲੋਂ ਤਾਂ ਕੀ ਛੁਟਣੇ ਸੀ, ਸਗੋਂ ਵਧੇਰੇ ਹਉਮੈ ਵਿਚ ਬੱਝ ਗਏ। ਮੋਨੀ ਤੇ ਕਰਾਮਾਤੀ ਹੋ ਰਿਹਾਂ, ਨਾਂਗੇ ਹੋ ਬਣ ਗਿਆਂ ਤੇ ਤੀਰਥਾਂ ਦੇ ਕਿਨਾਰਿਆਂ 'ਤੇ ਫਿਰਿਆਂ ਵੀ ਦੁਬਿਧਾ ਨਹੀਂ ਛੁਟਦੀ। ਤੀਰਥ 'ਤੇ ਜਾ, ਸਿਰ 'ਤੇ ਕਰਵਤ ਧਰਾ, ਲਖ ਯਤਨ ਕੀਤਿਆਂ ਵੀ ਮਨ ਦੀ ਮੈਲ ਨਹੀਂ ਉਤਰਦੀ। ਜ਼ਰ-ਜੋਰੂ, ਘੋੜੇ-ਹਾਥੀ, ਅੰਨ-ਬਸਤਰ ਤੇ ਧਰਤੀ ਤਕ ਦਾਨ ਦਿੱਤਿਆਂ ਵੀ ਪ੍ਰਭੂ ਦਾ ਦੁਆਰ ਪ੍ਰਾਪਤ ਨਹੀਂ ਹੁੰਦਾ। ਪੂਜਾ, ਅਰਚਾ, ਬੰਦਨਾ, ਡੰਡੌਤ, ਜੋਗ ਦੇ ਚਉਰਾਸੀ ਆਸਣ ਕੀਤਿਆਂ ਵੀ ਪ੍ਰਭੂ ਪ੍ਰਾਪਤੀ ਦੀ ਸੂਰਤ ਨਾ ਲੱਭੀ। ਰਾਜ-ਸੁਖ, ਹਕੂਮਤ ਤੇ ਐਸ਼ ਭੀ ਨਰਕ ਦਾ ਦੁਆਰਾ ਹਨ। ਬਸ ਇੱਕੋ ਹੀ ਸਚਾਈ ਲੱਭੀ ਹੈ ਕਿ ਸਾਧ ਸੰਗਤ ਵਿਚ ਕੀਤਾ ਹੋਇਆ ਹਰੀ-ਕੀਰਤਨ ਸਭ ਕਰਮਾਂ ਦੇ ਸਿਰਮੌਰ ਕਰਮ ਹੈ:

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥੧॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ਰਹਾਉ॥
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ॥੨॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥੩॥
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥
ਅੰਨ ਬਸਤ੍ਰ ਭੂਮਿ ਬਹੁ ਅਰਪੈ ਨਹ ਮਿਲਿਐ ਹਰਿ ਦੁਆਰਾ॥੪॥
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲਿਐ ਇਹ ਜੁਗਤਾ॥੫॥
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥੬॥
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ॥੭॥
ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥੮॥
ਤੇਰੋ ਸੇਵਕੁ ਇਹ ਰੰਗਿ ਮਾਤਾ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ
ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ਰਹਾਉ ਦੂਜਾ॥

(ਸੋਰਠਿ ਮਹਲਾ ੫ ਅਸਟਪਦੀ, ਪੰਨਾ ੬੪੧)

ਇਸ ਦਾਤ ਦੀ ਪ੍ਰਾਪਤੀ 'ਤੇ ਪ੍ਰਭੂ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆਂ ਕਿਹਾ ਹੈ—ਜਦੋਂ ਦੀਨ ਦੁਖਭੰਜਨ ਪ੍ਰਭੂ ਕ੍ਰਿਪਾਲ ਹੋਏ ਤਾਂ ਹਰੀ-ਕੀਰਤਨ ਵਿਚ ਮਨ ਰੰਗਿਆ ਗਿਆ:

ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥

(ਸੋਰਠਿ ਮਃ ੫, ਪੰਨਾ ੬੪੧)

ਕੀਰਤਨ ਦੀ ਮਹਾਨਤਾ ਕੇਵਲ ਗੁਰਬਾਣੀ ਵਿਚ ਹੀ ਕਥਨ ਨਹੀਂ ਕੀਤੀ ਗਈ, ਸਗੋਂ ਇਤਿਹਾਸ ਵੀ ਇਸ ਦੀ ਅਮਲੀ ਵਰਤੋਂ ਦਾ ਵਿਸ਼ੇਸ਼ ਜ਼ਿਕਰ ਕਰਦਾ ਹੈ। ਸਭ ਤੋਂ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਅਪਣਾਇਆ; ਜਦੋਂ ਦੌਲਤ ਖ਼ਾਂ ਲੋਧੀ ਦਾ ਮੋਦੀ ਰਹਿਣਾ ਤਿਆਗ, ਕਰਤਾਰ ਦੇ ਮੋਦੀ ਬਣੇ ਤੇ ਪ੍ਰਚਾਰ ਹਿਤ ਪਹਿਲੀ ਉਦਾਸੀ ਤੁਰਨ ਲਗੇ ਤਾਂ ਆਪ ਨੇ ਭਾਈ ਮਰਦਾਨੇ ਜੀ ਨੂੰ ਭੇਜ, ਬੇਬੇ ਨਾਨਕੀ ਜੀ ਕੋਲੋਂ ਰੁਪਏ ਮੰਗਵਾ, ਫਿਰੰਦੇ ਪਾਸੋਂ ਰਬਾਬ ਖ਼ਰੀਦਿਆ। ਇਹ ਰਬਾਬ ਤੇ ਰਬਾਬੀ ਬਾਬਾ ਜੀ ਦਾ ਜਗਤ ਤਾਰਨ ਦਾ ਬਹਾਨਾ ਸਨ। ਮਰਦਾਨੇ ਨੂੰ ਵਜਾਉਣੀ ਨਹੀਂ ਸੀ ਆਉਂਦੀ। ਬਾਬੇ ਨੇ ਖ਼ੁਦ ਸਿਖਾਇਆ। ਜਦ ਤਾਰ ਛਿੜੀ ਤਾਂ ਬਸਤੀਆਂ, ਵੀਰਾਨਿਆਂ, ਜੰਗਲਾਂ, ਪਹਾੜਾਂ ਤੇ ਥਲਾਂ ਤੇ ਸੰਗੀਤ ਲਾਉਂਦਾ ਚਲਾ ਗਿਆ। ਰਾਖਸ਼ਸ ਤੇ ਠੱਗ ਮਨਾਂ ਨੂੰ ਸੰਤ ਬਣਾਉਣਾ ਉਸ ਦੀ ਕਾਰ ਸੀ:

ਘਲ ਕੇ ਫਿਰੰਦੇ ਢਿਗ ਰਬਾਬ ਮੰਗਾਇਆ ਪਹਿਲੇ,
ਆਪ ਹੀ ਸਿਖਾਇਆ, ਉਹਨੂੰ ਆਉਂਦਾ ਨਾ ਬਜਾਣਾ ਸੀ।
ਚਾਰ ਕੁੰਟ ਤਾਰ ਵੱਜੀ ਜੰਗਲੀ ਪਹਾੜੀਂ ਥਲੀਂ,
ਸੁਣੀ ਹੋਇਆ ਪਾਰ, ਰਿਹਾ ਆਵਣ ਨਾ ਜਾਣਾ ਸੀ।
ਕੌਡੇ ਜਿਹੇ ਜਾਬਰਾਂ, ਬਾਬਰ ਜਹੇ ਕਾਬਰਾਂ,
ਤੇ ਸਜਣ ਜਹੇ ਠੱਗਾਂ ਨੇ ਵੀ ਸੁਣਿਆ ਤਰਾਨਾ ਸੀ।
ਬਾਬੇ ਦਾ ਰਬਾਬੀ, ਰਬ-ਆਬੀ ਭਿੰਨੀ ਤਾਰ ਜੀਹਦੀ,
ਨਾਮ ਮਰਦਾਨਾ, ਜਗ ਤਾਰਨੇ ਬਹਾਨਾ ਸੀ।

(ਕਰਤਾ)


ਹੁੰਦੀ ਵੀ ਕਿਉਂ ਨਾ, ਭਾਰਤਵਰਸ਼ ਦੇ ਗਵੱਈਏ, ਬਾਬੇ ਤੋਂ ਪਹਿਲਾਂ ਤਾਂ ਵਿਕਾਰਾਂ ਦਾ ਦੀਪਕ ਗਾ ਗਾ ਕੇ ਹੀ ਜਗਤ ਨੂੰ ਜਲਾ ਰਹੇ ਸਨ:

ਦੀਪਕ ਕੋ ਗਾਏ ਗਾਏ ਭਾਰਤ ਹਵਾ ਜਿਉਂ ਤਪਿਆ,
ਗਾਇਕੇ ਮਲਹਾਰ ਮੇਘ, ਵਾਕੋ ਸੀਆ ਰਾਇਦੇ।
ਬਾਬੇ ਕੇ ਰਬਾਬੀ, ਭਾਈ ਮਰਦਾਨਾ ਉਠ,
ਨੇਸੁਕ ਰਬਾਬ ਪਰ ਮਿਜ਼ਰਾਬ ਤੋਂ ਲਗਾਇਦੇ॥

(ਭਾਈ ਕਾਹਨ ਸਿੰਘ ਜੀ)

ਇਹ ਕੁਦਰਤ ਨੇ ਬਾਬੇ ਦੇ ਰਾਹੀਂ ਮਰਦਾਨੇ ਦੇ ਰਬਾਬ*[2] ਦੇ ਹਿੱਸੇ ਹੀ ਰਖਿਆ ਸੀ ਕਿ


  1. *.ਸ਼ਹਿਨਸ਼ਾਹ ਅਕਬਰ ਦੇ ਦਰਬਾਰੀ ਗਵੱਈਏ ਤਾਨਸੇਨ ਤੇ ਉਸ ਦੇ ਗੁਰੂ ਦੇ ਮੁਤਅੱਲਕ ਇਹ ਰਵਾਇਤਾਂ ਮਸ਼ਹੂਰ ਹਨ।
  2. *ਰਬਾਬ ਇਕ ਈਰਾਨੀ ਸਾਜ਼ ਹੈ, ਜਿਸਦੀ ਖਰਜ ਦੀ ਤਾਰ ਆਮ ਤੌਰ 'ਤੇ ਤੰਦੀ ਦੀ ਹੁੰਦੀ ਹੈ। ਇਹ ਮਿਜ਼ਰਾਬ ਨਾਲ ਵਜਾਇਆ ਜਾਂਦਾ ਹੈ। ਸਰਹੰਦ ਤੇ ਬਲੋਚਿਸਤਾਨ ਵਿਚ ਇਸ ਦਾ ਅੱਜ ਵੀ ਬਹੁਤ ਰਿਵਾਜ ਹੈ। ਉਥੇ ਕਿਤੇ ਵੀ ਇਸਲਾਮੀ ਹੋਟਲ ਦੀ ਰੋਣਕ ਰਬਾਬ ਦੀ ਤਾਰ ਛੇੜੇ ਬਿਨਾਂ ਨਹੀਂ ਬਣ ਸਕਦੀ। ਗੁਰੂ ਘਰ ਵਿਚ ਆਦਿ ਸਤਿਗੁਰਾਂ ਤੋਂ ਲੈ ਕੇ ਦਸਮ ਸਤਿਗੁਰਾਂ ਤਕ ਇਸ ਦੇ ਵਜਾਣ ਦਾ ਰਿਵਾਜ ਰਿਹਾ ਹੈ। ਰਿਆਸਤ ਮੰਡੀ ਦੇ ਬਾਹਰਲੇ ਬਿਆਸਾ ਕਿਨਾਰੇ ਦੇ ਗੁਰਦੁਆਰੇ ਵਿਚ ਪਈਆਂ ਦਸਮ ਪਾਤਸ਼ਾਹ ਦੀਆਂ ਯਾਦਗਾਰਾਂ ਵਿਚੋਂ ਇਕ ਰਬਾਬ ਭੀ ਹੈ। ਭਾਈ ਮਰਦਾਨੇ ਜੀ ਦੀ ਸੰਪਰਦਾ ਵਿਚ ਰਾਇ ਸੱਤਾ ਬਲਵੰਡ ਤੇ ਭਾਈ ਬਾਬਕ ਜੀ ਤੋਂ ਚਲਦਾ ਹੋਇਆ ਰਬਾਬ ਸਾਡੇ ਤਕ ਪੁੱਜਾ ਹੈ। ਗੁਰਪੁਰਵਾਸੀ ਭਾਈ ਕੱਥਾ ਸਿੰਘ ਨੱਥਾ ਸਿੰਘ ਜੀ ਨਨਕਾਣੇ ਸਾਹਿਬ ਵਾਲੇ, ਬੜੀ ਮਸਤੀ ਵਿਚ ਰਬਾਬ ਵਜਾਇਆ ਕਰਦੇ ਸਨ। ਕਦੀ ਕਦੀ ਭਾਈ ਤਾਨਾ ਸਿੰਘ ਜੀ ਦੇ ਹੱਥ ਵੀ ਦੇਖਿਆ ਗਿਆ ਸੀ। ਪਰ ਅੱਜ ਇਸ ਦਾ ਰਿਵਾਜ ਸਿਖ ਕੀਰਤਨੀਆਂ ਵਿਚ ਗੁੰਮ ਹੋ ਗਿਆ ਹੈ। ਹਾਰਮੋਨੀਅਮ ਵਾਜੇ ਦੀ, ਜੋ ਪੱਛਮੀ ਭਿਖਾਰੀਆਂ ਦਾ ਸਾਜ਼ ਹੈ, ਵਰਤੋਂ ਨੇ ਮਿਹਨਤ ਤੋਂ ਜੀ ਚੁਰਾਉਣ ਵਾਲੇ ਰਾਗੀਆਂ ਤੇ ਰਬਾਬੀਆਂ ਦੀ ਤਵੱਜੋ ਤੰਤੀ ਸਾਜ਼ ਵੱਲੋਂ ਆਮ ਤੌਰ 'ਤੇ ਅਤੇ ਰਬਾਬ ਵਲੋਂ ਖ਼ਾਸ ਤੌਰ 'ਤੇ ਹਟਾ ਦਿੱਤੀ ਹੈ। ਉੱਚੀਆਂ ਸੰਗੀਤ ਸਭਾਵਾਂ ਵਿਚ ਇਸ ਦੀ ਥਾਂ ਪੱਛਮੀ 'ਗਟਾਰ' ਨੇ ਲੈ ਲਈ ਹੈ। ਕੇਹਾ ਚੰਗਾ ਹੋਵੇ ਜੇ ਸਿੱਖ ਰਾਗੀ ਇਸ ਦੇ ਵਜਾਉਣ ਦਾ ਰਿਵਾਜ ਫਿਰ ਪਾ ਲੈਣ।
ਹਰੀ ਨਾਮ ਦਾ ਮੇਘ ਅਲਾਪ ਜਲੰਦੇ ਜਗਤ ਨੂੰ ਠਾਰ ਦੇਵੇ।

ਗੁਰੂ ਜੀ ਨੇ ਆਪਣੇ ਹਰ ਸਫ਼ਰ ਵਿਚ ਮਰਦਾਨੇ ਦੇ ਆਖ਼ਰੀ ਸੁਆਸਾਂ ਤਕ ਉਸ ਨੂੰ ਨਾਲ ਰੱਖਿਆ। ਉਹ ਜਿਥੇ ਵੀ ਜਾਂਦੇ, ਲੋਕ ਉੱਧਾਰ ਹਿਤ, ਮਰਦਾਨੇ ਨੂੰ ਰਬਾਬ ਛੇੜਨ ਨੂੰ ਕਹਿੰਦੇ ਤੇ ਆਪ ਕੀਰਤਨ ਕਰਦੇ। ਇਸ ਕੀਰਤਨ ਦੇ ਅਸਰ ਨੇ ਜਗਤ ਵਿਚ ਇਕ ਨਵਾ ਪਲਟਾ ਲੈ ਆਂਦਾ। ਮਨੁੱਖੀ ਮਨ ਦੀਆਂ ਸੁੱਕੀਆਂ ਹੋਈਆਂ ਟਹਿਣੀਆਂ ਵਿਚੋਂ ਰਸ-ਉਤਸ਼ਾਹ ਦੇ ਨਵੇਂ ਅੰਕੁਰ ਫੁੱਟ ਨਿਕਲੇ, ਕਰਮ-ਕਾਂਡਾਂ ਦੀ ਠੰਢਕ ਨਾਲ ਬਰਫ਼ ਹੋ ਚੁੱਕੇ ਦਿਲ ਕੁਝ ਨਿੱਘ ਮਹਿਸੂਸ ਕਰ ਪੰਘਰ ਤੁਰੇ। ਉਹ ਕਿਆ ਅਜਬ ਸਮਾਂ ਸੀ, ਜਦੋਂ ਸੱਜਣ ਠੱਗ ਦੇ ਫਸਾਏ ਹੋਏ ਭੋਲੇ ਦੋ ਮੁਸਾਫ਼ਰਾਂ ਨੇ, ਸਾਇਂ ਕਾਲ ਹੀ ਤਾਰਾਂ ਛੇੜ ਕੇ ਗੀਤ ਆਰੰਭਿਆ। ਉਹ ਆਪਣੀ ਮਸਤੀ ਵਿਚ ਗਾ ਰਹੇ ਸਨ, ਤੇ ਸੱਜਣ ਮਸਤੀ ਵਿਚ ਉਠ ਰਿਹਾ ਸੀ। ਗੀਤ ਦਾ ਮਜ਼ਮੂਨ ਸੀ: ਉਜਲਾ ਚਿਲਕ ਰਿਹਾ ਕਾਂਸੀ ਦਾ ਬਰਤਨ ਬੜਾ ਲਿਸ਼ਕਦਾ ਸੀ, ਪਰ ਜਿਉਂ ਜਿਉਂ ਘੋਟਿਆ, ਕਾਲੀ ਸਿਆਹੀ ਹੀ ਨਿਕਲਦੀ ਆਈ:

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥

(ਸੂਹੀ ਮ: ੧, ਪੰਨਾ ੭੨੯)

ਇਲਾਹੀ ਗੀਤ ਅਜੇ ਮੁਕਿਆ ਵੀ ਨਹੀਂ ਸੀ ਕਿ ਸੱਜਣ ਵਿਚੋਂ ਸਿਆਹੀ ਮੁੱਕ ਗਈ, ਉਹ ਸਚਮੁੱਖ ਸੱਜਣ ਹੋ ਗਿਆ। ਏਸੇ ਹਰੀ ਕੀਰਤਨ ਦੀ ਧੁਨੀ ਨੇ ਹੀ ਕਾਮਰੂਪ ਦੇਸ਼ ਦੀ ਸੁੰਦਰੀ ਨੂਰ ਸ਼ਾਹ ਦਾ ਨਿਸਤਾਰਾ ਕੀਤਾ। ਏਸੇ ਨੇ ਹੀ ਹਸਨ ਅਬਦਾਲ ਦੀ ਚੋਟੀ 'ਤੇ ਬੈਠੇ ਹੋਏ ਕੰਧਾਰੀ ਤਪੀ ਦਾ ਦਿਲ ਖਿੱਚ ਲਿਆ, ਤੇ ਜਗਨ ਨਾਥ ਦੇ ਪੰਡਿਆਂ ਦਾ ਕਰਮ-ਕਾਂਡ ਦੀ ਸੀਤ ਵਿਚ ਠਰਿਆ ਹੋਇਆ ਮਨ, ਨਿੱਘਾ ਕਰ ਦਿੱਤਾ। ਉਹ ਇਸ ਉਡੀਕ ਵਿਚ ਸਨ ਕਿ ਸਾਗਰ ਦੇ ਕੰਢੇ ਬੈਠੇ ਹੋਏ ਗੁਰੂ ਚੇਲਾ ਅੱਜ ਮੰਦਰ ਵਿਚ ਆਰਤੀ ਸਮੇਂ ਸ਼ਾਮਲ ਹੋਣਗੇ। ਉਚੇਚੇ ਸਵਰਨ ਦੇ ਥਾਲ ਤੇ ਦੀਪਕ ਲਿਆਂਦੇ ਗਏ। ਤਾਜ਼ੇ ਫੁੱਲ ਤੇ ਸੰਦਲ ਦੇ ਚੌਰ ਤਿਆਰ ਕੀਤੇ ਗਏ, ਪਰ ਆਰਤੀ ਦਾ ਸਮਾਂ ਹੋ ਜਾਣ ਤੇ ਸਾਧੂ ਨਾ ਪੁੱਜੇ। ਪੁਜਾਰੀ ਰੋਜ਼ਾਨਾ ਫ਼ਰਜ਼ ਅਦਾ ਕਰ, ਰੋਹ ਭਰੇ ਪੁਰੀ ਦੇ ਦਰਸ਼ਕਾਂ ਦੀ ਭੀੜ ਨੂੰ ਨਾਲ ਲੈ, ਸਾਗਰ ਕੰਢੇ ਗਏ। ਅੱਗੇ ਰਬਾਬ ਦੀ ਧੁਨੀ ’ਤੇ ਆਰਤੀ ਗਾਈ ਜਾ ਰਹੀ ਸੀ। ਗੀਤ ਇਹ ਸੀ, 'ਹੇ ਭਵ ਖੰਡਨ, ਤੇਰੀ ਆਰਤੀ ਕਿਸ ਤਰ੍ਹਾਂ ਹੋ ਸਕਦੀ ਹੈ, ਨਵੀਂ ਸਮੱਗਰੀ ਕੀ ਬਣਾਈ ਜਾਵੇ ਜਦ ਕਿ ਅੱਗੇ ਹੀ ਕੁਦਰਤ ਅਕਾਸ਼ ਦੇ ਥਾਲ ਵਿਚ, ਚੰਦ ਤੇ ਸੂਰਜ ਦੇ ਦੀਵੇ ਰੱਖੀ, ਸਿਤਾਰਿਆਂ ਦੀ ਦੌਲਤ ਨੂੰ ਨਿਛਾਵਰ ਕਰ ਰਹੀ, ਸਰਬ ਬਨਸਪਤੀ ਫੁਲ ਬਰਸਾ ਰਹੀ ਤੇ ਹਵਾ ਚੌਰ ਕਰ ਰਹੀ ਹੈ।'

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੁਲੰਤ ਜੋਤੀ॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥

(ਧਨਾਸਰੀ ਮ: ੧, ਪੰਨਾ ੧੩)

ਇਹ ਆਰਤੀ ਜਿਉਂ ਜਿਉਂ ਗਾਈ ਜਾ ਰਹੀ ਸੀ, ਪੁਰੀ ਦੇ ਪੁਜਾਰੀ ਸੱਚੇ ਜਗਨ ਨਾਥ ਦੇ ਦਰਸ਼ਨ ਅਨੁਭਵ ਕਰਦੇ ਹੋਏ ਉਚੇਰੇ ਰਸ ਵਿਚ ਉੱਡਦੇ ਜਾ ਰਹੇ ਸਨ।

ਬਾਬਾ ਜੀ ਨੇ ਕੀਰਤਨ ਦਾ ਇਹ ਪ੍ਰਵਾਹ ਕੇਵਲ ਹਿੰਦੂ ਦੇਵ-ਅਸਥਾਨਾਂ 'ਤੇ ਹੀ ਨਹੀਂ ਚਲਾਇਆ, ਸਗੋਂ ਮੁਸਲਮਾਨ ਫ਼ਕੀਰਾਂ ਦੇ ਸਮੂਹ ਰਸਕ ਹਿਰਦਿਆਂ ਨੂੰ ਵੀ ਇਸ ਦੀ ੧ਧੂ ਪਾਈ। ਆਪ ਈਰਾਕ (ਅਰਬ) ਦੇ ਦੌਰੇ ਵਿਚ ਵੀ ਮਰਦਾਨੇ ਨੂੰ ਨਾਲ ਹੀ ਲੈ ਗਏ ਤੇ ਕੀਰਤਨ ਜਾਰੀ ਰਖਿਆ।

ਫਿਰਿ ਬਾਬਾ ਗਇਆ ਬਗ਼ਦਾਦਿ ਨੋ,
ਬਾਹਰਿ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪੁ,
ਦੂਜਾ ਰਬਾਬੀ ਮਰਦਾਨਾ।

(ਭਾਈ ਗੁਰਦਾਸ, ਵਾਰ ੧, ਪਉੜੀ ੩੫)

ਕੀਰਤਨ ਦੀ ਕਦਰ ਸਤਿਗੁਰੂ ਕਿਤਨੀ ਕਰਦੇ ਸਨ। ਸਾਖੀ ਵਿਚ ਆਇਆ ਹੈ ਕਿ ਸਫ਼ਰ ਦੇ ਦੌਰਾਨ ਸਤਿਗੁਰੂ ਜਦ ਮਰਦਾਨੇ ਨੂੰ ਚਸ਼ਮੇ, ਖੂਹ, ਬਉਲੀ ਤੇ ਨਦੀ ਆਉਣ 'ਤੇ ਪਾਣੀ ਪੀਣ ਲਈ ਕਹਿੰਦੇ ਤਾਂ ਉਹ ਕਈ ਵੇਰ ਪਿਆਸ ਨਾ ਹੋਣ ਕਰਕੇ ਪੀਣੋਂ ਇਨਕਾਰ ਕਰ ਦੇਂਦਾ। ਪਰ ਜਦੋਂ ਪਾਣੀ ਦੂਰ ਰਹਿ ਜਾਂਦਾ ਤਾਂ ਪਾਣੀ ਪੀਣ ਤੇ ਹਠ ਕਰਦਾ। ਇਹੋ ਵਰਤਾਰਾ ਪ੍ਰਸ਼ਾਦੇ ਦੇ ਮੁਤੱਲਕ ਵਰਤਦਾ। ਓੜਕ ਇਕ ਦਿਨ ਭੁੱਖ ਤੋਂ ਲਾਚਾਰ ਹੋ, ਬਾਬਾ ਜੀ ਦਾ ਸਾਥ ਛੱਡ ਵਤਨ ਨੂੰ ਮੁੜ ਪਿਆ। ਜਦ ਰਸਤੇ ਵਿਚ ਆਦਮਖ਼ੋਰ ਕੌਡੇ ਨੇ ਪਕੜ ਲਿਆ ਤੇ ਬਾਬਾ ਜੀ ਪਤਾ ਲੱਗਣ 'ਤੇ ਇਸ ਦੀ ਮਦਦ ਨੂੰ ਤੁਰੇ ਤਾਂ ਬਾਲੇ ਨੇ ਰੋਕ ਕੇ ਕਿਹਾ, "ਬਾਬਾ ਜੀ, ਛੱਡੋ ਉਸਦਾ ਖਹਿੜਾ, ਉਹ ਕਦਮ ਕਦਮ 'ਤੇ ਨਖਰੇ ਕਰਦਾ ਸੀ।" ਤਾਂ ਸਤਿਗੁਰਾਂ ਫੁਰਮਾਇਆ, "ਨਹੀਂ, ਇਕ ਤਾਂ ਅਸੀਂ ਉਸ ਦੀ ਬਾਂਹ ਫੜ ਚੁਕੇ ਹਾਂ, ਜਿਸ ਦੀ ਲਾਜ ਨਿਭਾਉਣੀ ਹੈ ਤੇ ਦੂਜਾ ਸਾਨੂੰ ਉਹਦੇ ਗੋਚਰਾ ਕੰਮ ਹੈ, ਉਹ ਨਿਤ ਰਬਾਬ ਵਜਾ ਸਾਨੂੰ ਰੀਝਾਂਦਾ ਰਿਹਾ ਹੈ।

ਬਾਲਾ ਭੁਜਾ ਗਹੇ ਕੀ ਲਾਜਾ,
ਪੁੰਨ ਆਪਨਾ ਉਸ ਸੰਗ ਹੈ ਕਾਜਾ।
ਨਿਤਾ ਪ੍ਰਤੀ ਰਬਾਬ ਬਜਾਵੇ,
ਕਰ ਸੰਗੀਤ ਵੋਹ ਮੋਹਿ ਰੀਝਾਵੇ।

(ਗੁਰ ਪ: ਸੂਰਜ)

ਸਿਰਫ਼ ਪਹਿਲੀ ਪਾਤਸ਼ਾਹੀ ਨੇ ਹੀ ਕੀਰਤਨ ਨੂੰ ਨਹੀਂ ਅਪਣਾਇਆ, ਸਗੋਂ ਇਹ ਮਰਯਾਦਾ ਦਸਾਂ ਹੀ ਗੁਰੂ ਸਾਹਿਬਾਂ ਦੇ ਸਮੇਂ ਤੇ ਪੰਥ ਪ੍ਰਬਲ ਹੋਣ ਤੋਂ ਲੈ ਕੇ ਅੱਜ ਤਕ ਸਿਖ ਸੰਗਤਾਂ ਵਿਚ ਚਲੀ ਆਉਂਦੀ ਹੈ। ਸਿਖ ਸੰਗੀਤ ਦੀ ਬਣਤਰ ਵੀ ਆਪਣੀ ਹੀ ਹੈ। ਭਾਰਤ ਦੇਸ਼ ਦੇ ਸੰਗੀਤ ਸ਼ਾਸਤਰ ਵਿਚ, ਸ਼ੁਧ ਸੰਕੀਰਣ ਭੇਦਾਂ ਕਰਕੇ, ਕਈ ਰਾਗ ਰਾਗਣੀਆਂ ਦੇ ਰੂਪ ਵਿਦਵਾਨਾਂ ਨੇ ਕਲਪੇ ਹਨ। ਪਰ ਮੁਖ ਭੇਦ ਤਿੰਨ ਹਨ: ਔੜਵ, ਖਾੜਵ ਤੇ ਸੰਪੂਰਨ। ਇਹ ਕ੍ਰਮ ਅਨੁਸਾਰ ਪੰਜ, ਛੇ ਤੇ ਸੱਤ ਸੁਰਾਂ ਦੇ ਰਾਗ


੧. ਪੀਰ ਸੁਲਤਾਨ ਨੂੰ ਬਾਬੇ ਜੀ ਦੀ ਆਮਦ ਦੀ ਖ਼ਬਰ ਜਿਸ ਮੁਰੀਦ ਦੇ ਰਾਹੀਂ ਲਗੀ ਸੀ, ਉਸ ਨੇ ਲੰਗਰ ਲਈ ਲਕੜੀਆਂ ਚੁਣਨ ਗਿਆਂ ਪਹਿਲਾਂ ਜੰਗਲ ਵਿਚ ਬਾਬੇ ਜੀ ਦਾ ਕੀਰਤਨ ਹੀ ਸੁਣਿਆ ਸੀ। ਹਨ। ਇਸ ਦੇਸ਼ ਦੇ ਅੱਡੋ ਅੱਡ ਰਾਗ ਘਰਾਣਿਆਂ ਨੇ ਛੇ ਰਾਗ ਮੁਖ ਮੰਨੇ ਹਨ। ਸਤਿਗੁਰੂ ਸ੍ਰੀ ਰਾਗ ਨੂੰ ਮੁਖ ਮੰਨਦੇ ਹਨ। ਗੁਰਬਾਣੀ ਦੀ ਸੰਗੀਤ ਦੀ ਤਰਤੀਬ ਸ੍ਰੀ ਰਾਗ ਤੋਂ ਹੀ ਸ਼ੁਰੂ ਹੁੰਦੀ ਹੈ। ਭਾਈ ਗੁਰਦਾਸ ਜੀ ਵੀ ਇਸੇ ਤਰਤੀਬ ਦੀ ਤਾਈਦ ਕਰਦੇ ਹਨ:

ਪੰਛੀਅਨ ਮੈ ਹੰਸੁ ਮ੍ਰਿਗ ਰਾਜਨ ਮੈਂ ਸਾਰਦੂਲ,
ਰਾਗਨ ਮੈ ਸ੍ਰੀ ਰਾਗੁ ਪਾਰਸ ਪਖਾਨ ਹੈ।

(ਭਾਈ ਗੁਰਦਾਸ ਕਬਿਤ ਸਵਈਏ ੩੭੬)

ਕੀਰਤਨ ਦੇ ਪ੍ਰਚਾਰ ਨੂੰ ਪ੍ਰਚਾਰਨ ਲਈ ਸਾਡਿਆਂ ਗੁਰਦਵਾਰਿਆਂ ਵਿਚ ਪੁਰਾਤਨ ਸਮੇਂ ਤੋਂ ਚਾਰ ਚੌਕੀਆਂ*[1] ਰੋਜ਼ਾਨਾ ਚਲੀਆਂ ਆਉਂਦੀਆਂ ਹਨ।

ਪਹਿਲੀ ਪਾਤਸ਼ਾਹੀ ਦੇ ਬਾਅਦ ਭਾਵੇਂ ਕੀਰਤਨ ਦੀ ਮਰਯਾਦਾ ਰੋਜ਼ਾਨਾ ਹੀ ਨਿਭਦੀ ਚਲੀ ਆਈ, ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਬਹੁਤ ਚਮਕਾਇਆ। ਆਪ ਨੇ ਹੀ ਇਕ ਨਵਾ ਸਾਜ਼ 'ਸਰੰਦਾ' ਤਿਆਰ ਕਰਵਾਇਆ ਤੇ ਸਿੱਖਾਂ ਨੂੰ ਆਪ ਕੀਰਤਨ ਲਈ ਪ੍ਰੇਰਿਆ*[2], ਹਜ਼ੂਰ ਖ਼ੁਦ ਵੀ ਕੀਰਤਨ ਕਰਦੇ ਸਨ। ਆਪ ਦੇ ਕੀਰਤਨ ਦਾ ਪ੍ਰਭਾਵ ਇਤਨਾ ਉੱਚਾ ਸੀ ਕਿ ਦਿਲਾਂ ਦੀਆਂ ਚੱਟਾਨਾਂ ਨੂੰ


  1. ੧. (ੳ) ਪਹਿਲੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ। (ਅ) ਦੂਸਰੀ ਸਵਾ ਪਹਿਰ ਦਿਨ ਚੜ੍ਹੇ ਚਰਨ ਕੰਵਲ ਦੀ ਚੌਕੀ, ਜਿਸ ਦੇ ਭੋਗ ਪਰ "ਹਰ ਚਰਨ ਕੰਵਲ ਮਕਰੰਦ ਲੋਭਤ ਮਨੋ" ਅਤੇ "ਚਰਨ ਕੰਵਲ ਪ੍ਰਭ ਤੇ ਨਿਤ ਧਿਆਇ" ਸ਼ਬਦ ਪੜ੍ਹੇ ਜਾਂਦੇ ਹਨ। (ੲ) ਆਥਣ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਕੀ, ਜਿਸ ਵਿਚ "ਸੋਦਰ ਤੇਰਾ ਕੇਹਾ ਸੋ ਘਰੁ ਕੇਹਾ" ਸ਼ਬਦ ਗਾਇਆ ਜਾਂਦਾ ਹੈ। (ਸ) ਚਾਰ ਘੜੀ ਰਾਤ ਬੀਤਣ ਪਰ ਕਲਿਆਨ ਦੀ ਚੌਕੀ, ਜਿਸ ਵਿਚ ਕਲਿਆਨ ਰਾਗ ਦੇ ਸ਼ਬਦ ਗਾਏ ਜਾਂਦੇ ਹਨ।

    (ਗੁਰਮਤ ਸੁਧਾਕਰ)

  2. ੨. ਝਾੜੂ, ਮੁਕੰਦੂ ਤੇ ਕਿਦਾਰਾ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਆ ਕੇ ਕਹਿਣ ਲੱਗੇ, "ਗਰੀਬ ਨਿਵਾਜ਼ ਜੀ। ਅਸਾਡਾ ਉੱਧਾਰ ਕਿਉਂਕਰ ਹੋਵੇ?" ਤਾਂ ਬਚਨ ਹੋਇਆ, "ਤੁਸਾਂ ਨੂੰ ਰਾਗ ਦੀ ਸਮਝ ਹੈ ਤੇ ਕਲਜੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਯੋਗ ਤਪ ਨਹੀਂ, ਇਹੋ ਸ਼ਾਂਤਕੀ ਸਾਧਨ ਹੈ, ਤੁਸੀਂ ਕੀਰਤਨ ਕੀਤਾ ਕਰੋ।" (ਭਗਤ ਰਤਨਾਵਲੀ, ਪਉੜੀ ੧੪)। ਸ੍ਰੀ ਗੁਰੂ ਜੀ ਦੇ ਸਮੇਂ ਤੋਂ ਲੈ ਕੇ ਅੱਜ ਤਕ ਕੀਰਤਨ ਕਰਨ ਦਾ ਰਿਵਾਜ ਚਲਿਆ ਆਉਂਦਾ ਹੈ ਤੇ ਬਹੁਤ ਸਾਰੇ ਗੁਰਸਿਖ ਕੀਰਤਨੀਆਂ ਨੇ ਸੰਗੀਤ ਕਲਾ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਜਿਥੇ ਰਬਾਬੀਆਂ ਵਿਚੋਂ ਦੇਸ਼ ਦੇ ਪ੍ਰਸਿੱਧ ਕਲਾਕਾਰ 'ਭਾਈ ਲਾਲ' ਤੇ ਉਹਨਾਂ ਦੇ ਸ਼ਾਗਿਰਦ ਗੁਰਪੁਰਵਾਸੀ ਭਾਈ ਚਾਂਦ ਮਸ਼ਹੂਰ ਹਨ, ਉਥੇ ਸਿੰਘ ਰਾਗੀਆਂ ਵਿਚੋਂ ਵੀ ਕਈ ਇਸ ਗੁਣ ਵਿਚ ਨਿਪੁੰਨ ਸਮਝੇ ਜਾਂਦੇ ਹਨ। ਗੁਰਪੁਰਵਾਸੀ ਮਹੰਤ ਗਜਾ ਸਿੰਘ ਸੇਖਵਾਂ ਨਿਵਾਸੀ ਤੇ ਉਹਨਾਂ ਦੇ ਪ੍ਰਸਿੱਧ ਸ਼ਾਗਿਰਦ ਬਾਬਾ ਦਿਆਲ ਸਿੰਘ ਜੀ ਕੈਰੋਂ, ਕਰਤਾ 'ਗੁਰਮਤ ਸੰਗੀਤ ਸ਼ਾਸਤਰ' (ਜੋ ਪਿਛਲੇ ਪਟਿਆਲਾ ਪਤੀ ਜੀ ਨੇ ਲਿਖਵਾਇਆ ਸੀ, ਅਜੇ ਛਪਿਆ ਨਹੀਂ) ਤੇ ਭਾਈ ਸ਼ੇਰ ਸਿੰਘ ਜੀ ਨਿਵਾਸੀ ਗੁਜਰਾਂ ਵਾਲੇ ਆਪਣੀ ਆਪਣੀ ਥਾਂ ਪ੍ਰਸਿੱਧ ਸੰਗੀਤ ਦੇ ਮਾਹਿਰ ਸਨ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਗਵਈਆਂ ਵਿਚੋਂ ਸ਼ਹੀਦ ਭਾਈ ਸੁੰਦਰ ਸਿੰਘ ਦਾ ਨਾਮ ਹਮੇਸ਼ਾ ਯਾਦ ਰਹੇਗਾ। ਕਰਤਾ ਨੂੰ ਇਕ ਸਮੇਂ ਜਗਤ ਪ੍ਰਸਿੱਧ ਕਵੀ ਰਾਬਿੰਦਰਾ ਨਾਥ ਟੈਗੋਰ ਦੇ ਦਰਸ਼ਨ ਕਰਨ ਦਾ ਅਵਸਰ ਲਾਹੌਰ ਵਿਚ ਪ੍ਰਾਪਤ ਹੋਇਆ। ਕਵੀ ਜੀ ਨੇ ਬਿਲਾਸ ਕੀਤਾ ਕਿ ਮੈਂ ਉਮਰ ਭਰ ਕਦੀ ਚੋਰੀ ਨਹੀਂ ਕੀਤੀ, ਪਰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਭਾਈ ਸੁੰਦਰ ਸਿੰਘ ਜੀ ਨੂੰ ਚੁਰਾ ਕੇ ਆਸ਼ਰਮ ਵਿਚ ਲੈ ਜਾਣ ਲਈ ਮੇਰਾ ਜੀਅ ਬਹੁਤ ਲੋਚਦਾ ਹੈ। ਇਹਨਾਂ ਗੁਰਪੁਰੀ ਸਿਧਾਰ ਚੁਕੇ ਸਿੰਘਾਂ ਤੋਂ ਬਿਨਾਂ, ਬਿਰਧਾਂ ਵਿਚੋਂ ਭਾਈ ਜੁਆਲਾ ਸਿੰਘ ਜੀ, ਭਾਈ ਹਰਨਾਮ ਸਿੰਘ ਜੀ ਨਾਮਧਾਰੀ, ਤੇ ਨੌਜੁਆਨਾਂ ਵਿਚੋਂ ਅੰਮ੍ਰਿਤਸਰ ਵਾਲੇ ਭਾਈ ਸੰਤਾ ਸਿੰਘ, ਨਨਕਾਣੇ ਸਾਹਿਬ ਵਾਲੇ ਭਾਈ ਸਮੁੰਦ ਸਿੰਘ, ਭਾਈ ਪਿਆਰਾ ਸਿੰਘ, ਭਾਈ ਗੁਰਮੁਖ ਸਿੰਘ ਤੇ ਭਾਈ ਗਿਆਨ ਸਿੰਘ ਅਲਮਸਤ ਜਿਹੇ ਕਈ ਪ੍ਰਸਿੱਧ ਰਾਗੀ ਹਨ। ਪੰਜਾਬ ਤੋਂ ਯੂ.ਪੀ. ਵਿਚ ਕੀਰਤਨ ਦੀ ਸਿਖਲਾਈ ਦਾ ਕੰਮ ਗਿਆਨੀ ਹਰਦਿਤ ਸਿੰਘ ਜੀ ਦਿੱਲੀ ਵਾਲੇ ਕਰ ਰਹੇ ਹਨ ਤੇ ਉਹਨਾਂ ਦੀ ਮਿਹਨਤ ਨੇ ਹੀ ਭਾਈ ਕਿਸ਼ਨ ਸਿੰਘ ਪੰਨਆਲੀ ਜਿਹਾ ਪ੍ਰਸਿੱਧ ਕੀਰਤਨੀਆ ਯੂ.ਪੀ. ਦੀਆਂ ਸਿੱਖ ਸੰਗਤਾਂ ਨੂੰ ਦਿਤਾ ਹੈ। ਸਿਖ ਸੰਗੀਤ ਪ੍ਰਣਾਲੀ ਵਿਚ ਸੂਰਮੇ (ਨੇਤਰਹੀਣ) ਸਿੰਘਾਂ ਨੂੰ ਭੀ ਖ਼ਾਸ ਜਗ੍ਹਾ ਮਿਲੀ ਹੈ ਤੇ ਅੱਜ ਪੰਥ ਵਿਚ ਭਾਈ ਖੜਕ ਸਿੰਘ, ਭਾਈ ਪੂਰਨ ਸਿੰਘ ਤਰਨ ਤਾਰਨੀ, ਭਾਈ ਸੁਰਜਨ ਸਿੰਘ ਤੇ ਹੋਰ ਕਈ ਅੱਛੇ ਕਲਾਕਾਰ ਮੌਜੂਦ ਹਨ।
ਫੋੜ ਕੇ ਰਸਾਂ ਦੇ ਸਫੁਟ ਚਸ਼ਮੇ ਬਹਾ ਦੇਂਦਾ ਸੀ। ਇਸ ਦਾ ਪ੍ਰਮਾਣ ਇਤਿਹਾਸ ਕਿਆ ਸੁਹਣਾ ਦੇਂਦਾ ਹੈ: ਸ੍ਰੀ ਅੰਮ੍ਰਿਤਸਰ ਵਿਚ ਇਕੱਠ ਹੋਇਆ। ਪਹਿਲੇ ਸਤਿਗੁਰੂ ਸਾਹਿਬਾਨ ਦੀ ਬਾਣੀ ਤੇ ਭਗਤਾਂ ਦੀਆਂ ਸੰਚੀਆਂ ਇਕੱਠੀਆਂ ਕਰ, ਜਗਤ ਉੱਧਾਰ ਹਿਤ ਬੀੜ ਬੰਨ੍ਹਣ ਦਾ ਵਿਚਾਰ ਹੋਇਆ। ਪਰ ਪਿਛਲੀਆਂ ਸੈਂਚੀਆਂ ਗੋਇੰਦਵਾਲ, ਬਾਬਾ ਮੋਹਨ ਜੀ ਕੋਲ ਸਨ। ਮੋਹਨ ਜੀ ਤਪੀ ਸਨ, ਈਮਾਨ ਸਿੱਖੀ ਦਾ ਤੇ ਚਾਲ ਹਠੀਆਂ ਦੀ ਰਖਦੇ ਸਨ। ਸਮਾਧੀ ਦੀ ਇਹ ਅਵਸਥਾ ਸੀ ਕਿ ਅਡੋਲ ਬੈਠਿਆਂ 'ਤੇ ਮਕੜੀਆਂ ਜਾਲਾ ਤਣ ਜਾਂਦੀਆਂ ਤੇ ਘੁਰਕੀਨਾ ਘਰ*[1] ਬਣਾ ਲੈਂਦੀਆਂ ਸਨ। ਲੋਕਾਂ ਨੂੰ ਘੱਟ ਮਿਲਣਾ, ਬਚਨ ਬਿਲਾਸ ਘੱਟ ਕਰਨੇ ਤੇ ਆਪਣੇ ਚੁਬਾਰੇ ਵਿਚ ਸਮਾਧੀ ਦਾ ਰਸ ਮਾਣਦੇ ਰਹਿਣਾ। ਉਹਨਾਂ ਪਾਸੋਂ ਸੈਂਚੀਆਂ ਕੌਣ ਲਿਆਵੇ? ਇਹ ਇਕ ਅਜਿਹੀ ਮੁਹਿੰਮ ਸੀ, ਜਿਸ ਨੂੰ ਸਰ ਕਰਨ ਦਾ ਸੰਗਤ ਵਿਚੋਂ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ। ਓੜਕ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਉੱਠੇ ਤੇ ਗੁਰੂ-ਆਗਿਆ ਲੈ ਗੋਇੰਦਵਾਲ ਨੂੰ ਤੁਰ ਪਏ।

ਉਹ ਅਗਲੇ ਦਿਨ ਗੋਇੰਦਵਾਲ ਜਾ ਪਹੁੰਚੇ। ਪੁੱਛਣ ਤੇ ਪਤਾ ਲੱਗਾ ਕਿ ਬਾਬਾ ਮੋਹਨ ਜੀ ਚੁਬਾਰੇ ਵਿਚ ਇਸਥਿਤ ਹਨ ਤੇ ਕਿਵਾੜ ਅੰਦਰੋਂ ਬੰਦ ਹਨ। ਦੋਹਾਂ ਨੇ ਬਹੁਤ ਅਵਾਜ਼ਾਂ ਦਿਤੀਆਂ, ਤਖ਼ਤੇ ਖੜਕਾਏ, ਪਰ ਸਮਾਧੀ-ਮਗਨ ਯੋਗੀ ਨੂੰ ਕੀ ਪਤਾ ਲੱਗਣਾ ਸੀ। ਬਾਬਾ ਬੁੱਢਾ ਜੀ ਨੇ ਹਾਰ ਕੇ ਤਖ਼ਤੇ ਦੀ ਚੂਥੀ ਪੁਟ ਦਿੱਤੀ ਤੇ ਅੰਦਰ ਜਾ ਕੇ ਮੋਹਨ ਜੀ ਨੂੰ ਮੋਢਿਆਂ ਤੋਂ ਫੜ ਹਲੂਣਿਆ। ਚਿਰ ਪਿਛੋਂ ਤਪੀ ਦੇ ਨੈਣ ਖੁੱਲ੍ਹੇ। ਉਹਨਾਂ ਵਿਚ ਸੁਆਦੋਂ ਉਖੜੇ ਹੋਏ ਮਨੁੱਖ ਦੇ ਨੇਤ੍ਰਾਂ ਵਾਂਗ ਗ਼ੁੱਸਾ ਸੀ। ਅੰਗਿਆਰ ਅੱਖਾਂ ਉਘੜਦਿਆਂ ਹੀ ਬਾਬੇ ਬੁੱਢੇ ਜਿਹੇ ਹਿਮਾਲਾ ਤੇ ਪਈਆਂ। ਜੋਤ ਤਾਂ ਕਾਇਮ ਰਹੀ ਪਰ ਠਰ ਗਈਆਂ। ਬਾਬਾ ਬੁੱਢਾ ਜੀ ਨੇ ਸੈਂਚੀਆਂ ਮੰਗੀਆਂ। ਭਾਈ ਗੁਰਦਾਸ ਜੀ ਨੇ ਜਗਤ ਉੱਧਾਰ ਹਿਤ ਸੈਂਚੀਆਂ ਦੀ ਵਰਤੋਂ ਬਾਰੇ ਬਹੁਤ ਦਲੀਲਾਂ ਦਿੱਤੀਆਂ, ਪਰ ਤਪੀ ਜੀ ਨੇ ਏਨਾ ਹੀ ਕਹਿ ਕੇ ਕਿ ਮੱਛੀ ਕਦੀ ਜਲ ਤੋਂ ਜੁਦਾ ਨਹੀਂ ਰਹਿ ਸਕਦੀ, ਪੋਥੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਬਹੁਤ ਗੱਲਾਂ ਵਿਚ ਉਹ ਪੈਂਦਾ ਹੀ ਨਹੀਂ ਸੀ। ਦੋਵੇਂ ਮਹਾਂਪੁਰਖ ਮੁੜ ਆਏ। ਗੁਰੂ ਜੀ ਦੇ ਪੁੱਛਣ ਤੇ ਬੋਲੇ, "ਮੋਹਨ ਜੀ ਹਠੀ


  1. ੧. ਹਠ ਯੋਗੀਆਂ ਦੀ ਸਮਾਧੀ ਵਿਚ ਅਜਿਹੀ ਅਵਸਥਾ ਹੋ ਹੀ ਜਾਇਆ ਕਰਦੀ ਹੈ। ਪ੍ਰਸਿੱਧ ਵਿਦਵਾਨ ਸੰਨਿਆਸੀ ਵਿਵੇਕਾ ਨੰਦ ਜੀ ਦੀ ਜੀਵਨ-ਕਥਾ ਵਿਚ ਆਉਂਦਾ ਹੈ ਕਿ ਜਦ ਉਹ ਬਲੂਰ ਮਠ ਵਿਚ ਸਮਾਧੀ ਦਾ ਅਭਿਆਸ ਕਰਦੇ ਸਨ ਤਾਂ ਉਹਨਾਂ ਦਾ ਨੰਗਾ ਜਿਸਮ ਮੱਛਰਾਂ ਨਾਲ ਭਰ ਜਾਂਦਾ ਸੀ, ਪਰ ਉਹਨਾਂ ਨੂੰ ਕਦੀ ਡੰਗ ਮਹਿਸੂਸ ਨਹੀਂ ਸੀ ਹੋਇਆ।
ਤਪੀਆ ਹੈ, ਸਮਾਧੀ ਦਾ ਧਨੀ ਹੈ। ਉਸ ਅੱਗੇ ਸਾਡੀ ਕੋਈ ਪੇਸ਼ ਨਹੀਂ ਗਈ।" "ਫਿਰ ਜਗਤ ਦਾ ਉੱਧਾਰ ਕਿਸ ਤਰ੍ਹਾਂ ਹੋਵੇ?" ਸਭ ਸੰਗਤ ਨੇ ਮਿਲ ਕੇ ਕਿਹਾ, "ਜਿਸ ਤਰ੍ਹਾਂ ਸਤਿਗੁਰੂ ਚਾਹੁਣ, ਕਰਨ।" ਹੁਣ ਸੰਗਤ ਵੱਲੋਂ ਮੋਹਨ ਜੀ ਤੋਂ ਸੈਂਚੀਆਂ ਲਿਆਉਣ ਦਾ ਫ਼ਰਜ਼ ਗੁਰੂ ਅਰਜਨ ਦੇਵ ਜੀ ਦੇ ਜ਼ਿੰਮੇ ਲਗਾਇਆ ਗਿਆ ਜੋ ਆਪ ਨੇ ਪ੍ਰਵਾਨ ਕਰ ਲਿਆ।

ਮਾਨਸਿਕ ਦੁਨੀਆਂ ਵਿਚ ਨਵੇਂ ਕਿਸਮ ਦਾ ਘੋਲ ਪੈਣ ਲੱਗਾ। ਇਕ ਬੰਨੇ ਤਪੀਸਰ ਤੇ ਇਕ ਬੰਨੇ ਰਸਕ। ਇਕ ਦਾ ਆਸਰਾ ਸਮਾਧੀ ਤੇ ਦੂਜੇ ਦਾ ਸਰੰਦਾ। ਦੋਹਾਂ ਦਾ ਇਸ਼ਟ ਇੱਕੋ, ਪਰ ਰਾਹ ਦੋ। ਬੱਝ ਗਿਆ ਅਖਾੜਾ ਤੇ ਪੈਣ ਲੱਗੀ ਛਿੰਜ। ਉੱਚ ਦੁਮਾਲੇ ਵਾਲਾ ਗੁਸਈਆਂ ਦਾ ਪਹਿਲਵਾਨ ਅੰਮ੍ਰਿਤਸਰੋਂ ਸਰੰਦਾ ਮੋਢੇ ਰੱਖ ਤੁਰ ਪਿਆ। ਗੋਇੰਦਵਾਲ ਪੁੱਜਾ। ਜਾ ਮੋਹਨ ਦੇ ਚੁਬਾਰੇ ਚੜ੍ਹਿਆ, ਨਾ ਸੱਦ ਮਾਰੀ ਤੇ ਨਾ ਬੂਹੇ ਭੰਨੇ। ਹਾਂ, ਪਿਛਵਾੜੇ ਵਾਲੀ ਬਾਰੀ ਦੇ ਹੇਠਾਂ ਬੈਠ, ਸਰੰਦੇ 'ਤੇ ਗਜ਼ ਫੇਰਿਆ, ਇਲਾਹੀ ਨਗ਼ਮਾ ਖਿਚਿਆ ਤੇ ਰਸ-ਲੀਨ ਹੋ, ਸਰੰਦੇ ਨਾਲ ਸੁਰ ਮਿਲਾ, ਕੀਰਤਨ ਵਿਚ ਲੀਨ ਹੋ ਗਏ। ਹੁਣ ਅਜਬ ਕੌਤਕ ਹੋਇਆ। ਉਪਾਸ਼ਕ ਦੋ ਤੇ ਇਸ਼ਟ ਇੱਕੋ, ਇਸ਼ਟ ਸੀ ਬਾਬਾ ਨਾਨਕ ਤੇ ਖ਼ਰੀਦਾਰ ਸਨ ਦੋ। ਇਕ ਤਪ ਦੇ ਬਲ, ਤਸੱਵਰ ਵਿਚ ਖਲ੍ਹਾਰਨਾ ਚਾਹੁੰਦਾ ਸੀ ਤੇ ਦੂਜਾ ਕੀਰਤਨ ਦੇ ਰਸ ਨਾਲ ਖਿੱਚਣਾ ਲੋੜਦਾ ਸੀ। ਕੁਝ ਚਿਰ ਖਿੱਚੋਤਾਣ ਹੁੰਦੀ ਰਹੀ ਤੇ ਓੜਕ ਕੀਰਤਨ ਦੇ ਰਸੀਏ, ਨਾਨਕ ਸਰੰਦੇ ਵਾਲੇ ਵੱਲ ਖਿੱਚੇ ਗਏ। ਮਹਿਬੂਬ ਦੀ ਤਸਵੀਰ ਹਟ ਜਾਣ ਕਰਕੇ ਮੋਹਨ ਜੀ ਦੀ ਸਮਾਧੀ ਖੁਲ੍ਹ ਗਈ। ਇਸ ਤੋਟ 'ਤੇ ਹੈਰਾਨ ਹੋ ਉਠੇ, ਉਹਨਾਂ ਨੂੰ ਕਦੀ ਵਾਪਰੀ ਨਹੀਂ ਸੀ।

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥

(ਸਲੋਕ ਫਰੀਦ, ਪੰਨਾ ੧੩੭੯)

ਉਹਨਾਂ ਸਦਾ ਸਮਾਧੀ ਵਿਚ ਸੁਹਾਗ ਰਾਵਿਆ ਸੀ। ਕੁਝ ਚਿਰ ਹੈਰਾਨ ਰਹੇ, ਜਦ ਸੰਭਲੇ ਤਾਂ ਕੰਨਾਂ ਵਿਚ ਸਰੰਦੇ ਦੀ ਮਧੁਰ ਧੁਨ ਪਈ। ਰਸ ਜਿਹਾ ਆਉਣ ਲੱਗ ਪਿਆ। ਬਾਰੀ ਖੋਲ੍ਹ ਕੇ ਹੇਠਾਂ ਤੱਕਿਆ ਤਾਂ ਵਿਸਮਾਦ ਦੀ ਅਵਸਥਾ ਵਿਚ ਟਿਕੇ ਹੋਏ ਗੁਰੂ ਅਰਜਨ ਦੇਵ ਜੀ ਨਜ਼ਰੀਂ ਪਏ। ਤਪੀਏ ਨੇ ਕਿਹਾ ਕਿ ਮੈਂ ਸਮਝ ਗਿਆ ਹਾਂ, ਰਸਕ ਅਰਜਨ ਗੁਰੂ ਨੇ ਕੀਰਤਨ ਦੀ ਪ੍ਰੇਰਨਾ ਨਾਲ ਤਪੀ ਤੋਂ ਜਿੱਤ ਪ੍ਰਾਪਤ ਕੀਤੀ ਹੈ। ਹੁਣ ਮੈਂ ਉਸਨੂੰ ਕਿਉਂ ਨਾ ਮਨਾਵਾਂ ਤੇ ਰਸ ਕਿਉਂ ਨਾ ਪ੍ਰਾਪਤ ਕਰਾਂ।

ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਹੀਆ॥

(ਜੈਤਸਰੀ ਮ: ੫, ਪੰਨਾ ੭੦੩)

ਪਰ ਉਹਨਾਂ ਦੀ ਖ਼ੁਸ਼ੀ ਤਾਂ ਪੋਥੀਆਂ ਦੇਣ ਕਰਕੇ ਹੋ ਸਕਦੀ ਹੈ। ਉਹ ਜਗਤ ਦੇ ਉੱਧਾਰ ਲਈ ਉਹਨਾਂ ਦੀ ਮੰਗ ਕਰਦੇ ਹਨ। ਮੋਹਨ ਜੀ ਸਹਿਜ ਨਾਲ ਉੱਠੇ, ਸੰਦੂਕ ਵਿਚੋਂ ਪੋਥੀਆਂ ਕਢੀਆਂ ਤੇ ਸਿਰ 'ਤੇ ਚੁੱਕ ਕੇ ਸਤਿਕਾਰ ਸਹਿਤ ਸਰੰਦੇ ਵਾਲੇ ਅੱਗੇ ਆਣ ਧਰੀਆਂ। ਇਹ ਸੀ ਬਲ, ਗ਼ਰੀਬ ਨਿਵਾਜ਼ ਸਤਿਗੁਰਾਂ ਦੀ ਸੰਗੀਤ ਕਲਾ ਦਾ।

ਸ੍ਰੀ ਦਸਮ ਪਾਤਸ਼ਾਹ ਜੀ ਭੀ ਖ਼ੁਦ ਸਾਜ਼ ਵਜਾਉਂਦੇ ਤੇ ਕੀਰਤਨ ਕਰਦੇ ਸਨ। ਗੁਰਪੁਰਵਾਸੀ ਭਾਈ ਕਾਹਨ ਸਿੰਘ ਜੀ ਦਸਦੇ ਸਨ ਕਿ ਦਸਮ ਪਾਤਸ਼ਾਹ ਜੀ ਨੂੰ ਸੰਗੀਤ ਵਿਚ ਇਤਨੀ ਮਹਾਰਤ ਸੀ ਕਿ ਆਪ ਨੇ ਆਪਣੀ ਕਵਿਤਾ ਦੇ ਛੰਦਾਂ ਵਿਚ ਕਈ ਇਕ ਛੰਦ ਅਜਿਹੇ ਲਿਖੇ ਹਨ, ਜਿਨ੍ਹਾਂ ਵਿਚ ਜੋੜੀ ਦੀਆਂ ਪਰਨਾਂ ਕਾਵਿ ਵਿਚ ਬੰਨ੍ਹ ਦਿੱਤੀਆਂ ਹਨ। ਹਜ਼ੂਰ ਨੌਬਤਾਂ ਵਿਚੋਂ ਰਾਗ ਰਾਗਣੀਆਂ ਕਢਦੇ ਸਨ।

ਪੰਥ ਖ਼ਾਲਸੇ ਦੇ ਪਹਿਲੇ ਸਮੇਂ, ਪੰਥ ਦਾ ਪਹਿਲਾ ਪ੍ਰਸਿੱਧ ਜਥੇਦਾਰ ਨਵਾਬ ਜੱਸਾ ਸਿੰਘ ਖ਼ੁਦ ਕੀਰਤਨੀਆ ਸੀ। ਉਹਨਾਂ ਨੇ ਬਾਲ ਉਮਰ ਵਿਚ ਹੀ ਮਾਤਾ ਸੁੰਦਰੀ ਜੀ ਦੇ ਕੋਲ ਕੀਰਤਨ ਕਰ ਉਹਨਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਸਨ ਤੇ ਉਸ ਘਾਲ ਦਾ ਸਦਕਾ ਹੀ ਆਖ਼ਰ ਇਕ ਦਿਨ ਪੰਥ ਦੇ ਜਥੇਦਾਰ ਬਣੇ।*[1]

ਕੀਰਤਨ ਹਰ ਪਹਿਲੂ ਤੋਂ ਸਰਵੋਤਮ ਕਰਮ ਹੈ। ਹਾਂ, ਇਸ ਵਿਚ ਮਨ ਲਗਾਣਾ ਜ਼ਰੂਰੀ ਹੈ, ਪਾਖੰਡ ਨਾਲ ਕੀਤਾ ਹੋਇਆ ਫਲ ਨਹੀਂ ਦੇਂਦਾ।

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥

(ਆਸਾ ਮ: ੪, ਪੰਨਾ ੪੫੦)


  1. ੧. ਪੰਥ ਦੇ ਪ੍ਰਸਿੱਧ ਸ਼ਹੀਦ ਬਾਬਾ ਦੀਪ ਸਿੰਘ ਜੀ ਜਿੱਥੇ ਸਵਾ ਮਣ ਲੋਹੇ ਦੇ ਸ਼ਸਤ੍ਰ ਆਪਣੇ ਤਨ'ਤੇ ਸਜਾਂਦੇ ਸਨ, ਨਾਲ ਉਹਨਾਂ ਨੇ ਇਕ ਸਰੰਦਾ ਵੀ ਰਖਿਆ ਹੋਇਆ ਸੀ ਜਿਸ ਨਾਲ ਅੰਮ੍ਰਿਤ ਵੇਲੇ 'ਆਸਾ ਦੀ ਵਾਰ' ਦਾ ਕੀਰਤਨ ਕਰਿਆ ਕਰਦੇ ਸਨ।

    (ਭਾਈ ਮੇਹਰ ਸਿੰਘ ਰਾਗੀ, ਸ੍ਰੀ ਅੰਮ੍ਰਿਤਸਰ)

ਪੰਨਾ

ਸਿਮਰਨ

ਮਨੁੱਖ ਦੀਆਂ ਸ਼ਕਤੀਆਂ ਵਿਚੋਂ ਯਾਦ (ਸਿਮਰਤੀ) ਇਕ ਮੁਖ ਸ਼ਕਤੀ ਹੈ, ਜਿਸ ਦੇ ਬਲ ਕਰਕੇ ਮਨੁੱਖ ਆਪਣੀ ਦੁਨੀਆਂ ਤਿਆਰ ਕਰਦਾ ਹੈ। ਬੀਤੀ ਦੇ ਤਜਰਬਿਆਂ ਤੋਂ ਸਬਕ ਲੈ ਭਵਿੱਖਤ ਬਣਾਣਾ ਹੀ ਇਨਸਾਨ ਨੂੰ ਦੂਸਰੀ ਮਖ਼ਲੂਕ ਤੋਂ ਉੱਚਾ ਬਣਾ ਗਿਆ ਹੈ। ਨਹੀਂ ਤਾਂ ਖਾਣ, ਪਹਿਨਣ ਤੇ ਸਰੀਰਕ ਬਲ ਵਿਚ ਮਨੁੱਖ ਕੋਈ ਦੂਸਰੀਆਂ ਜਿਨਸਾਂ ਨਾਲੋਂ ਵਿਸ਼ੇਸ਼ ਨਹੀਂ ਸੀ। ਮਨੁੱਖ ਤੋਂ ਚੰਗੇ ਫਲ, ਮੇਵੇ, ਤੋਤੇ ਤੇ ਗਾਲ੍ਹੜ ਖਾਂਦੇ ਹਨ। ਇਸ ਤੋਂ ਤਾਜ਼ਾ ਦੁਧ ਵੱਛੇ-ਕੱਟੇ ਪੀਂਦੇ ਹਨ। ਖ਼ੂਬਸੂਰਤ ਪੁਸ਼ਾਕ ਜੋ ਮੋਰ ਤੇ ਕਬੂਤਰ ਦੇ ਹਿਸੇ ਆਈ ਹੈ, ਮਨੁਖ ਨੂੰ ਨਹੀਂ ਲੱਭ ਸਕੀ। ਜੇ ਇਸ ਨੇ ਟਿੱਲ ਲਾ ਕੇ ਬਣਾਈ ਭੀ ਤਾਂ ਉਹ ਦੂਜੇ ਦਿਨ ਮੈਲੀ ਹੋ ਗਈ। ਗੱਲ ਕੀ, ਮਨੁੱਖ ਕਿਸੇ ਹੋਰ ਗੱਲੋਂ ਭੀ ਦੂਸਰੀਆਂ ਸ਼੍ਰੇਣੀਆਂ ਨਾਲੋਂ ਉੱਚਾ ਨਹੀਂ ਸੀ, ਜੇ ਇਸ ਕੋਲ ਯਾਦ-ਸ਼ਕਤੀ ਨਾ ਹੁੰਦੀ। ਯਾਦ ਨੇ ਹੀ ਇਸ ਨੂੰ ਵਡਿਆਈ ਦਿਤੀ ਹੈ ਤੇ ਇਹ ਗੁਜ਼ਰ ਚੁਕੀ ਉਮਰ ਦੇ ਤਜਰਬਿਆਂ ਨੂੰ ਯਾਦ ਕਰ, ਉਸ ਵਾਕਫ਼ੀਅਤ ਦੇ ਬਲ ਨਾਲ ਹੀ ਦਿਨ-ਬਦਿਨ ਅਗਾਂਹ ਵਧਦਾ ਜਾਂਦਾ, ਤੇ ਸਭ ਮਖ਼ਲੂਕ ਦਾ ਸਰਦਾਰ ਅਖਵਾਂਦਾ ਹੈ। ਇਸ ਯਾਦ-ਸ਼ਕਤੀ ਦੀ ਵਰਤੋਂ ਹੀ ਸਿਮਰਨ ਹੈ। ਇਸ ਦੇ ਰਾਹੀਂ ਹੀ ਅਸੀਂ ਹਰ ਬੀਤੀ ਜਾਂ ਆਉਣ ਵਾਲੀ ਚੀਜ਼ ਨੂੰ ਚੇਤੇ ਕਰਦੇ ਹਾਂ।

ਮਨੁੱਖ ਜਿਸ ਤਰ੍ਹਾਂ ਆਪਣੀ ਹਰ ਇਕ ਚੀਜ਼ ਵਰਤਣ ਵਿਚ ਸੁਤੰਤਰ ਹੈ, ਉਸੇ ਤਰ੍ਹਾਂ ਹੀ ਯਾਦ ਦੀ ਵਰਤੋਂ ਵੀ ਆਪਣੀ ਮਰਜ਼ੀ ਦੇ ਮੁਤਾਬਕ ਕਰ ਸਕਦਾ ਹੈ। ਜਿਸ ਤਰ੍ਹਾਂ ਪ੍ਰਜ੍ਵਲਤ ਅਗਨੀ ਤੋਂ ਰੋਟੀ ਪਕਾਉਣ ਦਾ ਕੰਮ ਭੀ ਲਿਆ ਜਾ ਸਕਦਾ ਹੈ ਤੇ ਮਕਾਨ ਨੂੰ ਫੂਕਣ ਦਾ ਭੀ, ਉਸੇ ਤਰ੍ਹਾਂ ਹੀ ਯਾਦ ਤੋਂ ਮਨੁੱਖੀ ਮਨ ਲਈ ਸ਼ਾਂਤੀ ਦੇ ਸਾਧਨ ਪੈਦਾ ਕਰਨ ਦਾ ਵੀ ਕੰਮ ਲਿਆ ਜਾ ਸਕਦਾ ਹੈ ਤੇ ਜੀਵਨ ਨੂੰ ਦੁਖਦਾਈ ਕਰਨ ਦਾ ਵੀ। ਅਜਿਹੀ ਯਾਦ ਜਿਸ ਦੇ ਨਾਲ ਮਨ ਵਿਚ ਨੇਕੀ, ਪਵਿਤ੍ਰਤਾ, ਮੈਤਰੀ, ਉਪਕਾਰ, ਸੱਚਾਈ ਤੇ ਮੁਹੱਬਤ ਪੈਦਾ ਹੋਵੇ, ਜੀਵਨ ਨੂੰ ਉਚੇਰਿਆਂ ਕਰਦੀ ਹੈ, ਪਰ ਜਿਸ ਯਾਦ ਨਾਲ ਮਨ ਵਿਚ ਗਿਲਾਨੀ, ਨਫ਼ਰਤ, ਦਵੈਸ਼, ਈਰਖ਼ਾ, ਨਿੰਦਾ ਤੇ ਵਾਦ ਪੈਦਾ ਹੋਵੇ ਉਹ ਜੀਵਨ ਨੂੰ ਥੱਲੇ ਲੈ ਜਾਂਦੀ ਹੈ। ਫ਼ਰੀਦ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਕੰਮਾਂ ਵਿਚ ਕੋਈ ਗੁਣ ਨਹੀਂ ਉਹਨਾਂ ਨੂੰ ਭੁਲਾ ਦੇ, ਕਿਉਂ ਜੋ ਉਹਨਾਂ ਦੇ ਯਾਦ ਕਰਨ ਕਰਕੇ ਅਜਿਹਾ ਨਾ ਹੋਵੇ ਕਿ ਤੈਨੂੰ ਸਾਹਿਬ ਦੇ ਦਰਵਾਜ਼ੇ ਤੇ ਜਾ ਕੇ ਸ਼ਰਮਿੰਦਾ ਹੋਣਾ ਪਵੇ:

ਫਰੀਦਾ ਜਿਨੀ ਕੰਮੀ ਨਾਹਿ ਗੁਣ ਤ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥

(ਸਲੋਕ ਫਰੀਦ, ਪੰਨਾ ੧੩੮੧)

ਯਾਦ ਤਾਂ ਇਕ ਸਤਹ ਹੈ ਪਰ ਵਰਤੋਂ ਚੰਗੀ ਅਰ ਮੰਦੀ ਦੋਹਾਂ ਕਿਸਮਾਂ ਦੀ ਹੋ ਸਕਦੀ ਹੈ। ਗੁਰਬਾਣੀ ਵਿਚ ਯਾਦ ਦੀਆਂ ਇਹਨਾਂ ਦੋਹਾਂ ਵਿਵਸਥਾਵਾਂ ਨੂੰ ਦੋ ਨਾਮ ਦਿਤੇ ਗਏ ਹਨ। ਜਿਸ ਯਾਦ ਵਿਚ ਮਨ ਨੂੰ ਭਰਮਾਣ ਵਾਲੇ ਵਿਕਾਰਾਂ ਨੂੰ ਤੇਜ਼ ਕਰਨ ਵਾਲੇ ਅਸਥਿਰ ਪਦਾਰਥਾਂ ਵੱਲ ਰੁਚੀ ਹੋਵੇ, ਉਸ ਯਾਦ ਦਾ ਨਾਮ ਤ੍ਰਿਸ਼ਨਾ ਹੈ ਤੇ ਜਿਸ ਯਾਦ ਕਰਕੇ ਮਨ ਵਿਚ ਸ਼ਾਂਤ ਰਸ, ਸੁਖ ਤੇ ਸੁਆਦ ਪੈਦਾ ਹੋਵੇ, ਉਹ ਲਿਵ ਹੈ। ਇਸ ਕਰਕੇ ਯਾਦ ਦਾ ਅੰਗ ਜੋ ਤ੍ਰਿਸ਼ਨਾ ਦਾ ਰੂਪ ਲਵੇ, ਤਿਆਗ ਯੋਗ ਹੈ ਤੇ ਸੁਖਦਾਈ ਅੰਗ ਲਿਵ ਹੀ ਲੋੜੀਂਦਾ ਹੈ। ਸਤਿਗੁਰਾਂ ਨੇ ਇਹ ਖ਼ਿਆਲ ਦਿਤਾ ਹੈ ਕਿ ਇਹ ਯਾਦ ਦੀਆਂ ਦੋਨੋਂ ਧਾਰਾਂ ਮਨੁੱਖੀ ਜੀਵਨ ਦੇ ਨਾਲ ਨਾਲ ਚਲੀਆਂ ਆਉਂਦੀਆਂ ਹਨ ਪਰ ਸੰਸਾਰ ਦੀ ਬਾਜ਼ੀ ਬਣਾਣ ਲਈ ਵਿਧਾਤਾ ਨੇ ਕੁਝ ਐਸੀ ਰਚਨਾ ਰਚੀ ਹੈ ਕਿ ਮਨੁੱਖ ਜਨਮ ਤੋਂ ਲਿਵ ਨੂੰ ਛੱਡ ਤ੍ਰਿਸ਼ਨਾ ਵੱਲ ਵਧੇਰੇ ਰੁਚੀ ਕਰਦਾ ਹੈ ਤੇ ਇਹ ਹੈ ਭੀ ਸਾਧਾਰਨ ਹੀ ਗੱਲ। ਯਤਨ ਤਾਂ ਉਤਾਂਹ ਉੱਠਣ ਲਈ ਹੀ ਲਗਾਣਾ ਪੈਂਦਾ ਹੈ, ਡਿਗ ਪੈਣਾ ਤਾਂ ਨਿਰਯਤਨ ਸੁਭਾਵਕ ਹੀ ਹੈ। ਸਤਿਗੁਰੂ ਫ਼ੁਰਮਾਂਦੇ ਹਨ ਕਿ ਜਿਸ ਵੇਲੇ 'ਮਾਇਆ' ਦਾ ਹੁਕਮ ਵਰਤਦਾ ਹੈ ਤਾਂ ਮਨੁੱਖ ਲਿਵ ਨੂੰ ਛੱਡ ਤ੍ਰਿਸ਼ਨਾ ਵੱਲ ਰੁਚੀ ਕਰਦਾ ਹੈ:

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥

(ਰਾਮਕਲੀ ਮ: ੩, ਪੰਨਾ ੯੨੧)

ਜਿਉਂ ਜਿਉਂ ਉਹ ਤ੍ਰਿਸ਼ਨਾ ਵੱਲ ਜਾਂਦਾ ਹੈ ਤਿਉਂ ਤਿਉਂ ਉਹ ਥੱਲੇ ਥੱਲੇ ਡਿਗਦਾ ਹੈ। ਲਿਵ ਤੋਂ ਬਿਨਾਂ ਜੀਵਨ ਨਿਤਾਣਾ ਹੋ ਜਾਂਦਾ ਹੈ ਤੇ ਜਿਉਂ ਜਿਉਂ ਉਹ ਤ੍ਰਿਸ਼ਨਾ ਵੱਲ ਰੁਖ਼ ਕਰਦਾ ਹੈ, ਉਸ ਦਾ ਤਾਣ ਹੋਰ ਘਟਦਾ ਚਲਾ ਜਾਂਦਾ ਹੈ। ਸਤਿਗੁਰਾਂ ਨੇ ਇਸ ਵਿਵਸਥਾ ਦਾ ਜ਼ਿਕਰ ਕਰਦਿਆਂ ਫ਼ਰਮਾਇਆ ਹੈ ਕਿ ਲਿਵ ਤੋਂ ਬਿਨਾਂ ਦੇਹ ਨਿਮਾਣੀ ਹੈ ਤੇ ਕੁਛ ਕਰ ਨਹੀਂ ਸਕਦੀ:

ਸਾਚੀ ਲਿਵੈ ਬਿਨੁ ਦੇਹ ਨਿਮਾਣੀ॥
ਦੇਹਿ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ॥
ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ॥
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ॥

(ਰਾਮਕਲੀ ਮ: ੩, ਪੰਨਾ ੯੧੭)

ਹਾਂ, ਜੇ ਸਮਰਥ ਪ੍ਰਭੂ ਹੀ ਇਸ 'ਤੇ ਕ੍ਰਿਪਾ ਕਰਨ ਅਤੇ ਇਸ ਦੀ ਬੇਵਸੀ 'ਤੇ ਤਰਸ ਖਾਣ, ਗਿਆਨ ਦੇ ਲੜ ਲਾ ਸੰਵਾਰ ਦੇਣ ਤਾਂ ਇਸ ਦਾ ਕੁਛ ਬਣ ਸਕਦਾ ਹੈ। ਇਹ ਲਿਵ ਜਿਸ ਕਰਕੇ ਇਨਸਾਨ ਉੱਚਾ ਹੁੰਦਾ ਤੇ ਜਿਸ ਤੋਂ ਬਾਝ ਨਿਤਾਣਾ ਹੁੰਦਾ ਹੈ, ਅਸਲ ਵਿਚ ਯਾਦ ਦੇ ਉਸ ਅੰਗ ਦਾ ਨਾਂ ਹੈ, ਜੋ ਮਨੁੱਖੀ ਜੀਵਨ ਦੇ ਸਭ ਤੋਂ ਉਚੇਰੇ ਰੂਪ ਦੀ ਲਖਾਇਕ ਹੈ। ਇਹ ਇਕ ਹਕੀਕਤ ਹੈ ਕਿ ਜਿਸ ਮਨੁੱਖ ਨੂੰ ਉਚੇਰੀਆਂ ਗੱਲਾਂ ਭੁੱਲ ਜਾਣ, ਉਸਦਾ ਜੀਵਨ ਨਿਵਾਣ ਵੱਲ ਚਲਾ ਜਾਂਦਾ ਹੈ ਤੇ ਉਹ ਸਖ਼ਤ ਪੈਂਡਾ ਕਰਦਾ ਹੋਇਆ ਵੀ ਦੋਰਾਹੇ ਤੋਂ ਘੁੱਸੇ ਹੋਏ ਪਾਂਧੀ ਵਾਂਗ ਆਪਣੀ ਮੰਜ਼ਿਲ ਤੋਂ ਦੂਰ ਚਲਾ ਜਾਂਦਾ ਹੈ। ਨਿਸ਼ਾਨੇ ਤੋਂ ਉੱਕਿਆ ਹੋਇਆ ਮਨੁੱਖ ਸੁਖ ਦਾ ਯਤਨ ਕਰਦਾ ਹੋਇਆ ਭੀ ਦੁੱਖਾਂ ਵਿਚ ਪਰਿਵਰਤਿਤ ਹੁੰਦਾ ਹੈ। ਭਗਤ ਰਵਿਦਾਸ ਜੀ ਨੇ ਮਨੁੱਖ ਦੀ ਇਸ ਮੰਦ-ਭਾਗੀ ਅਵਸਥਾ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ ਕਿ ਜਿਸ ਤਰ੍ਹਾਂ ਕੋਈ ਰਾਜਾ ਸੌਂ ਜਾਵੇ ਅਤੇ ਸੁਪਨੇ ਵਿਚ ਭਿਖਾਰੀ ਬਣ ਦਰਵਾਜ਼ੇ ਦਰਵਾਜ਼ੇ'ਤੇ ਭਿਖਿਆ ਮੰਗਦਾ ਹੋਇਆ ਦੁਖੀ ਹੁੰਦਾ ਹੈ, ਉਹੋ ਹੀ ਹਾਲਤ ਅਸਾਡੀ ਹੈ ਜੋ ਜੀਵਨ ਦੇ ਨਿਸ਼ਾਨੇ ਤੋਂ ਉੱਕ ਗਏ ਹਾਂ:

ਨਰਪਤਿ ਏਕੁ ਸਿੰਘਾਸਨਿ ਸੋਇਆ, ਸੁਪਨੇ ਭਇਆ ਭਿਖਾਰੀ॥
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥

(ਸੋਰਠਿ ਰਵਿਦਾਸ, ਪੰਨਾ ੬੫੭)

ਆਤਮਵਾਦੀ ਇਸ ਗੱਲ 'ਤੇ ਸਹਿਮਤ ਹਨ ਕਿ ਮਨੁੱਖ ਜੀਵਨ ਮਹਾਨ ਜੀਵਨ ਦਾ ਇਕ ਅੰਸ਼ ਹੈ। ਸਰਬ-ਵਿਆਪਕ ਜੀਵਨ ਇਕ ਸਾਗਰ ਹੈ, ਜਿਸਦਾ ਮਨੁੱਖ-ਜੀਵਨ ਇਕ ਕਤਰਾ ਹੈ। ਉਹ ਇਕ ਸੂਰਜ ਹੈ, ਜਿਸਦੀ ਮਨੁੱਖ ਇਕ ਕਿਰਨ ਹੈ। ਸੁਜਾਤੀ ਹੋਣ ਕਰਕੇ ਮਨੁੱਖ-ਮਨ ਵਿਚ ਆਪਣੇ ਕੁਲ ਨਾਲ ਮਿਲਣ ਦੀ ਤੜਪ ਉਠਦੀ ਹੈ ਜਿਸਨੂੰ ਤ੍ਰਿਸ਼ਨਾ ਰੋਕਦੀ ਹੈ। ਜਿਸ ਤਰ੍ਹਾਂ ਕਿਸੇ ਬਾਲਕ ਨੂੰ ਸੁੰਦਰ ਤਸਵੀਰਾਂ, ਮਠਿਆਈਆਂ ਜਾਂ ਖਿਡੌਣੇ ਦੇ ਕੇ ਉਸਦੀ ਆਪਣੀ ਮਨੋ ਰੁਚੀ ਤੋਂ ਹਟਾ ਕੇ ਦੂਜੇ ਪਾਸੇ ਪਾਇਆ ਜਾਂਦਾ ਹੈ, ਉਸੇ ਤਰ੍ਹਾਂ ਹੀ ਤ੍ਰਿਸ਼ਨਾ ਮਨੁੱਖ-ਮਨ ਨੂੰ ਭੋਗ ਪਦਾਰਥਾਂ ਵਿਚ ਲਗਾ ਉਸਦੀ ਲਿਵ ਤੋੜਦੀ ਹੈ। ਪਰ ਤੋਟੇ ਵਿਚ ਦੁਖ ਹੈ। ਦੂਰੀ ਦੁੱਖਾਂ ਦੀ ਖਾਣ ਹੈ। ਦੂਰੀ ਤੋਂ ਖ਼ਰਾਬੀਆਂ ਪੈਦਾ ਹੁੰਦੀਆਂ ਹਨ ਤੇ ਮਨੁੱਖ ਹਾਰ ਕੇ ਫਿਰ ਹਜ਼ੂਰੀ ਦੀ ਤਲਬ ਕਰਦਾ ਹੈ। ਤੇ ਕਰੇ ਵੀ ਕਿਉਂ ਨਾ, ਹਜ਼ੂਰੀ ਤੋਂ ਬਿਨਾ ਭਾਵੇਂ ਕਿਤਨਾ ਭੀ ਪਦਾਰਥਾਂ ਵਿਚ ਰਚ ਜਾਏ, ਓੜਕ ਉਹਨਾਂ ਨੂੰ ਛੱਡਣਾ ਹੀ ਪੈਂਦਾ ਹੈ:

ਯਕੇ ਲਾਜ਼ਾ ਅਜ਼ੋ ਦੂਰੀ ਨਾ ਬਾਇਦ।
ਕਿ ਅਜ਼ ਦੂਰੀ ਖ਼ਰਾਬੀ ਜਾਂ ਫ਼ਜ਼ਾਇਦ।

ਬੜੇ ਬੜੇ ਭੋਗ-ਲੰਪਟ ਮਨੁੱਖਾਂ ਦਾ ਅੰਤ ਭੀ ਬੜਾ ਹਸਰਤ-ਭਰਿਆ ਹੋਇਆ ਹੈ। ਏਸ ਆਈ ਸ਼ਾਨੋ-ਸ਼ੌਕਤ ਦੇ ਅਨੁਸਾਰ ਜਿਨ੍ਹਾਂ ਦੇ ਦਰਵਾਜ਼ਿਆਂ'ਤੇ ਮਸਤ ਹਾਥੀ ਸੋਨੇ ਦੀਆਂ ਖੂਬਸੂਰਤ ਰੰਗੀਨ ਅੰਬਾਰੀਆਂ ਵਾਲੇ ਤੇ ਹਵਾ ਦੇ ਵੇਗ ਤੋਂ ਤਿਖੇ ਬੇਅੰਤ ਘੋੜੇ ਹਾਜ਼ਰ ਰਹਿੰਦੇ ਸਨ, ਉਹ ਭੀ ਇਸ ਜਹਾਨ ਤੋਂ ਆਖ਼ਰ ਨੰਗੇ ਪੈਰੀਂ ਹੀ ਤੁਰ ਗਏ:

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ॥
ਕੋਟਿ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੌ ਜਾਤ ਨਿਵਾਰੇ॥
ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ॥
ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੌ ਨਾਂਗੇ ਹੀ ਪਾਂਇ ਪਧਾਰੇ॥

(ਸੁਧਾ ਸਵਈਏ ਪਾ: ੧੦)

ਰਵਾਇਤ ਹੈ ਕਿ ਸਿਕੰਦਰੇ ਆਜ਼ਮ ਨੇ ਆਪਣੇ ਮਰਨ ਸਮੇਂ ਇਹ ਵਸੀਅਤ ਕੀਤੀ "ਕਿ ਮੇਰੀ ਲਾਸ਼ ਦੇ ਹੱਥ ਤੇ ਪੈਰ ਕਫ਼ਨ ਤੋਂ ਬਾਹਰ ਰਖਣੇ" ਤਾਂਕਿ ਲੋਕਾਂ ਨੂੰ ਪਤਾ ਲਗ ਜਾਵੇ ਕਿ ਸਰਬ ਜਗਤ-ਵਿਜਈ ਹੁੰਦਿਆਂ ਹੋਇਆਂ ਵੀ ਮੈਂ ਆਖ਼ਰੀ ਵਕਤ ਖ਼ਾਲੀ ਹੱਥ ਦੁਨੀਆ ਤੋਂ ਖ਼ਾਲੀ ਹੱਥ ਜਾ ਰਿਹਾ ਹਾਂ:

ਵਕਤੇ ਰਹਲਤ ਜਬ ਜਹਾਂ ਸੇ ਚਲਾ, ਹਾਥ ਖ਼ਾਲੀ ਕਫ਼ਨ ਸੇ ਬਾਹਿਰ ਥਾ।

ਜਦ ਪਦਾਰਥਾਂ ਨੇ ਪੂਰੀ ਪਾਉਣੀ ਨਹੀਂ, ਤਾਂ ਫਿਰ ਇਹਨਾਂ ਵਿਚ ਦਿਲ ਲਾ ਆਪੇ ਨੂੰ ਕਿਉਂ ਭੁਲਾਇਆ ਜਾਵੇ। ਹਾਂ, ਜਿਸ ਥੋੜ੍ਹੇ ਜਿਹੇ ਸਮੇਂ ਲਈ ਇਹਨਾਂ ਦੀ ਲੋੜ ਪੈਣੀ ਹੈ ਓਨੀ ਕੁ ਰੁਚੀ ਉਹਨਾਂ ਵੱਲ ਦਿੱਤੀ ਜਾਵੇ, ਪਰ ਲਿਵ ਦੀ ਡੋਰ ਆਪੇ ਨਾਲ ਹੀ ਬੰਨ੍ਹੀ ਰਹਿਣੀ ਚਾਹੀਦੀ ਹੈ।

ਮਨੁੱਖ-ਜੀਵਨ ਦਾ ਜਗਤ ਜੀਵਨ ਵੱਲ ਰਜੂਹ ਕਤਰੇ ਦੇ ਸਾਗਰ ਵੱਲ ਜਾਣ ਵਾਂਗ ਹੀ ਹੈ, ਪਰ ਜਿੱਥੇ ਕਤਰੇ ਤੇ ਸਾਗਰ ਦੇ ਦਰਮਿਆਨ ਦੇਸ਼ ਦਾ ਭੇਦ ਹੈ, ਓਥੇ ਮਨੁੱਖ ਤੇ ਮਾਲਕ ਦੇ ਦਰਮਿਆਨ ਕੇਵਲ ਸੰਕਲਪਾਂ ਦੀ ਦੀਵਾਰ ਖਲੋਤੀ ਹੈ, ਜਿਸ ਨੂੰ ਸਿਮਰਨ ਦੇ ਬਲ ਕਰਕੇ ਹੀ ਤੋੜ ਸਕੀਦਾ ਹੈ। ਇਹੀ ਕਾਰਨ ਹੈ ਕਿ ਮਨੁੱਖ-ਇਤਿਹਾਸ ਦੇ ਆਰੰਭ ਤੋਂ ਹੀ ਮਹਾਂਪੁਰਸ਼ ਸਿਮਰਨ 'ਤੇ ਜ਼ੋਰ ਦੇਂਦੇ ਆਏ ਹਨ। ਸਤਿਗੁਰਾਂ ਨੇ ਤਾਕੀਦ ਕੀਤੀ ਹੈ ਕਿ ਹੇ ਮਨੁੱਖ! ਜੇ ਤੂੰ ਤਨ ਵਿਚੋਂ ਕਲਹ ਕਲੇਸ਼ ਮਿਟਾ ਕੇ ਸੁਖ ਪਾਉਣਾ ਚਾਹੁਨਾ ਏਂ ਤਾਂ ਸਿਮਰਨ ਕਰ:

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥
ਕਲਿ ਕਲੇਸ ਤਨ ਮਾਹਿ ਮਿਟਾਵਉ॥

(ਸੁਖਮਨੀ ਸਾਹਿਬ, ਪੰਨਾ ੨੬੨)

ਇਸ ਜਗਤ-ਜੀਵਨ-ਦਾਤੇ ਨੂੰ ਜਿਸ ਦੇ ਸਿਮਰਨ ਕਰਨ ਨਾਲ ਸੁਖ ਮਿਲਦਾ ਹੈ, ਮੁਖ਼ਤਲਿਫ਼ ਸ਼ਰੇਣੀਆਂ ਦੇ ਮਹਾਂਪੁਰਖਾਂ ਨੇ ਅੱਡੋ ਅੱਡ ਨਾਵਾਂ ਨਾਲ ਯਾਦ ਕੀਤਾ ਹੈ। ਪਰ ਨਾਮ ਕੋਈ ਭੀ ਕਿਉਂ ਨਾ ਲਿਆ ਜਾਏ, ਯਾਦ ਇਕੋ ਦੀ ਹੀ ਆਉਂਦੀ ਹੈ। ਜਿਸ ਤਰ੍ਹਾਂ ਇਕ ਮਨੁੱਖ ਨੂੰ ਬੇਟਾ ਬਾਪ ਕਰ ਕੇ, ਬਾਪ ਪੁੱਤਰ ਜਾਣ, ਭੈਣ ਭਰਾ ਸਮਝ ਤੇ ਇਸਤਰੀ ਪਤੀ ਜਾਣ ਚੇਤੇ ਕਰਦੀ ਹੈ ਪਰ ਸਾਰਿਆਂ ਦੇ ਤਸੱਵਰ ਵਿਚ ਤਸਵੀਰ ਇਕ ਦੀ ਹੀ ਵਸਦੀ ਹੈ, ਏਸੇ ਤਰ੍ਹਾਂ ਜਗਤ-ਜੀਵਨ-ਦਾਤੇ ਨੂੰ ਕੋਈ ਕਿਸੇ ਨਾਮ ਨਾਲ ਕਿਉਂ ਨਾ ਯਾਦ ਕਰੇ, ਸੁਆਦ ਇਕੋ ਜਿਹਾ ਆਉਂਦਾ ਹੈ।

ਇਕ ਪੁਰਾਣਕ ਕਥਾ ਵਿਚ ਆਇਆ ਹੈ ਕਿ ਕਿਸੇ ਭਗਤਣੀ ਮਾਈ ਨੇ ਕਿਸੇ ਸਾਧ ਦੀ ਸੇਵਾ ਕਰ ਉਸ ਕੋਲੋਂ ਭਜਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਮਾਤਾ! 'ਗੋਬਿੰਦ ਗੋਬਿੰਦ' ਸਿਮਰਿਆ ਕਰ। ਗੋਬਿੰਦ ਉਸਦੇ ਪਤੀ ਦਾ ਨਾਮ ਸੀ, ਜਿਸਦਾ ਉਚਾਰਣ ਹਿੰਦੂ ਸੱਭਿਅਤਾ ਅਨੁਸਾਰ ਕਰ ਨਹੀਂ ਸੀ ਸਕਦੀ। ਇਸ ਲਈ ਉਸਨੇ ਉਸਨੂੰ 'ਮੁੱਨੀ ਦਾ ਲਾਲਾ', 'ਮੁੱਨੀ ਦਾ ਲਾਲਾ', 'ਮੁੱਨੀ ਦਾ ਲਾਲਾ' ਕਹਿਣਾ ਸ਼ੁਰੂ ਕਰ ਦਿੱਤਾ। ਉਸ ਦੇ ਸਿਦਕ ਤੇ ਪ੍ਰੇਮ ਨੇ ਸਿਮਰਨ ਵਿਚ ਇਤਨਾ ਬਲ ਪੈਦਾ ਕੀਤਾ ਕਿ ਪ੍ਰਭੂ ਆਪ ਲੱਛਮੀ ਸਮੇਤ ਉਸਦੇ ਦਰਸ਼ਨਾਂ ਨੂੰ ਗਏ।

ਸਿਮਰਨ ਦੀ ਦੁਨੀਆ ਵਿਚ ਭਾਵੇਂ ਕਿਸੇ ਖ਼ਾਸ ਨਾਮ ਦੀ ਕੋਈ ਵਿਸ਼ੇਸ਼ਤਾ ਨਹੀਂ, ਪਰ ਫਿਰ ਭੀ ਇਤਨਾ ਕੁ ਖ਼ਿਆਲ ਰੱਖਣਾ ਪੈਂਦਾ ਹੈ ਕਿ ਜਿਸ ਸ਼ਬਦ ਦੇ ਅਭਿਆਸ ਵਿਚ ਸੁਰਤ ਟਿਕਾਈ ਜਾਏ ਉਸ ਦੇ ਇਕ ਤੋਂ ਜ਼ਿਆਦਾ ਅਰਥ ਮਨ ਵਿਚ ਨਾ ਹੋਣ, ਕਿਉਂ ਜੋ ਅਜਿਹਾ ਹੋਣ ਨਾਲ ਮਨੋਬਿਰਤੀ ਦੇ ਖਿੰਡ ਜਾਣ ਦੀ ਸੰਭਾਵਨਾ ਹੈ। ਇਸ ਖ਼ਿਆਲ ਨੂੰ ਪ੍ਰੇਮਾ-ਭਗਤੀ ਦੀ ਕਥਾ ਵਿਚ ਬੜੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ।

ਲਿਖਿਆ ਹੈ ਕਿ ਇਕ ਦਿਨ ਬਰਖਾ ਸਮੇਂ ਸ੍ਰੀ 'ਕ੍ਰਿਸ਼ਨ' ਜੀ ਮਹਾਰਾਜ 'ਰਾਧਕੇ' ਦੇ ਘਰ ਗਏ। ਰਾਧਾ ਜੀ ਨੇ ਦਰਵਾਜ਼ਾ ਬੰਦ ਕਰ ਕੇ ਕੁੰਡਾ ਮਾਰਿਆ ਹੋਇਆ ਸੀ।

ਮਹਾਰਾਜ ਨੇ ਦਰਵਾਜ਼ਾ ਖੜਕਾ ਕੇ ਕਿਹਾ, "ਦਰਵਾਜ਼ਾ ਖੋਲ੍ਹੋ।" ਰਾਧਕੇ ਨੇ ਪੁਛਿਆ, "ਇਸ ਸਮੇਂ ਤੁਸੀਂ ਕੋਣ ਹੋ?" ਮਹਾਰਾਜ ਨੇ ਉੱਤਰ ਦਿਤਾ, "ਮੈਂ 'ਹਰ' ਹਾਂ।" ਰਾਧੇ ਜੀ ਨੇ ਬਿਲਾਸ ਨਾਲ ਕਿਹਾ, "ਜੇ ਹਰ (ਬੰਦਰ)ਹੈਂ ਤਾਂ ਕਿਸੇ ਪਹਾੜ ਤੇ ਕੰਦਰ ਵਿਚ ਫਿਰੋ।" ਉਹ ਸੁਣ ਕੇ ਕਹਿਣ ਲੱਗੇ, "ਛਬੀਲੀ! ਮੈਂ 'ਮੋਹਨ' ਹਾਂ।" ਉੱਤਰ ਮਿਲਿਆ, "ਮੋਹਨ (ਠੱਗ)ਹੋ ਤਾਂ ਕਿਸੇ ਮੰਦਰ ਬਜ਼ਾਰ ਵਿਚ ਘੁੰਮੋ।" ਮਹਾਰਾਜ ਨੇ ਕਿਹਾ, "ਨਾਂਗਰੀ! ਮੈਂ 'ਨਾਇਕ' ਹਾਂ।" ਰਾਧੇ ਜੀ ਬੋਲੀ, "ਜੇ 'ਨਾਇਕ' (ਸੁਦਾਗਰ)ਹੋ ਤਾਂ ਟਾਂਡਾ ਲੱਦਿਆ ਹੋਇਆ ਕਿੱਥੇ ਜੇ?" ਕਹਿਣ ਲੱਗੇ, "ਮੈਂ ਘਨਸ਼ਾਮ ਹਾਂ।" ਉੱਤਰ ਮਿਲਿਆ, "ਜੇ ਕਾਲੇ ਬੱਦਲ ਹੋ ਤਾਂ ਖੇਤਾਂ ਵਿਚ ਬਰਸੋ।" ਹਾਰ ਕੇ ਕਹਿਣ ਲਗੇ, "ਮੈਂ 'ਕ੍ਰਿਸ਼ਨ' ਹਾਂ।" "ਪਹਿਲਾਂ ਹੀ ਸਾਫ਼ ਕਿਉਂ ਨਾ ਕਹਿ ਦਿਤਾ," ਰਾਧੇ ਜੀ ਨੇ ਕਿਹਾ, "ਮੈਂ ਕਿਵਾੜ ਖੋਲ੍ਹ ਕੇ ਤੁਹਾਡੀ ਪੂਜਾ ਕਰਦੀ।"

ਖੋਲੇਰੀ ਕਿਵਾਰ ਤੁਮ ਕੌਣ ਹੋ ਇਹੋ ਬਾਰ,
ਹਰ ਨਾਮ ਹੈ ਹਮਾਰ ਫਿਰੋ ਕੰਦਰਾ ਪਹਾੜ ਮੇਂ।
ਮੈਂ ਹੂੰ ਸਖੀ ਮਾਧੋ ਤਾਂ ਕੰਵਲ ਹੂੰ ਕੇ ਮਾਥੋ ਭਾਗ,
ਮੋਹਣ ਛਬੀਲੀ ਫਿਰੋ ਮੰਦਰਾਂ ਬਜ਼ਾਰ ਮੇਂ।
ਨਾਇਕ ਹੂੰ ਮੈਂ ਨਾਗਰੀ ਹੀ ਟਾਂਡੋ ਕਿਉਂ ਨਾ ਲਾਦਿਓ ਜਾਇ,
ਮੈਂ ਹੂੰ ਘਨ ਸ਼ਾਮ ਬਰਸੋ ਖੇਤੀ ਬਾੜ ਮੇਂ
ਕ੍ਰਿਸ਼ਨ ਹੂੰ ਮੈਂ ਬਾਵਰੀ ਹੀ ਸੂਧਉ ਕਿਉਂ ਨਾ ਕਹਿਓ ਪਹਿਲੇ,
ਖੋਲ੍ਹ ਪਟ ਦੇਤੀ ਤੇਰੇ ਜਾਤੀ ਬਲਿਹਾਰ ਮੇਂ।

ਨਾਮ ਭੇਦ ਦੇ ਇਸ ਛੋਟੇ ਜਿਹੇ ਵਿਚਾਰ ਵੱਲ ਵੀ ਸਤਿਗੁਰਾਂ ਖ਼ਿਆਲ ਦਿੱਤਾ ਹੈ ਤੇ ਫ਼ਰਮਾਇਆ ਹੈ ਕਿ ਭਾਵੇਂ ਜਿਹਬਾ ਤੇਰੇ ਕਿਤਨੇ ਹੀ ਕਿਰਤਮ ਨਾਮ ਕਥਦੀ ਹੈ ਪਰ 'ਸਤਿ' ਤੇਰਾ ਪਰਾ ਪੂਰਬਲਾ ਨਾਮ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿਨਾਮੁ ਤੇਰਾ ਪਰਾ ਪੂਰਬਲਾ॥

(ਮਾਰੂ ਮ: ੫, ਪੰਨਾ ੧੦੮੩)

ਸੱਚ ਦਾ ਪ੍ਰਕਾਸ਼ ਸੁੰਦਰਤਾ ਦੇ ਖੇੜੇ ਦੀ ਰਾਹੀਂ ਹੋ ਰਿਹਾ ਹੈ, ਜਿਸ ਨੂੰ ਤੱਕ ਰਸਕ ਮਨ ਦੇ ਮੂੰਹੋਂ ਬਦੋ-ਬਦੀ ਵਾਹ ਵਾਹ ਨਿਕਲਦੀ ਹੈ:

ਸਤਿ ਸੁਹਾਣੁ ਸਦਾ ਮਨਿ ਚਾਉ॥

(ਜਪੁ ਜੀ ਸਾਹਿਬ, ਪੰਨਾ ੪)

ਇਸ ਵਾਸਤੇ 'ਵਾਹੁ ਵਾਹੁ' ਦੇ ਜਾਪ ਦੀ ਖ਼ਾਸ ਸਿਫ਼ਾਰਸ਼ ਕੀਤੀ ਗਈ ਹੈ, ਪਰ ਖ਼ੈਰ, ਸਿਮਰਨ ਦੀ ਦੁਨੀਆ ਵਿਚ ਥੋੜ੍ਹੀ ਹੀ ਮਿਹਨਤ ਦੇ ਬਾਅਦ ਸਰੂਰ ਦੀ ਅਵਸਥਾ ਆ ਜਾਂਦੀ ਹੈ, ਜਿਸ ਕਰਕੇ ਮਸਤ ਲੋਕ ਇਹਨਾਂ ਛੋਟੀਆਂ ਵਿਚਾਰਾਂ ਵੱਲ ਖ਼ਾਸ ਧਿਆਨ ਨਹੀਂ ਦੇਂਦੇ:

ਦਿਲੋਂ ਆਸ਼ਕ ਬਾ ਅੰਦਕ ਫੁਰਸਤੇ ਮਾਸ਼ੂਕ ਮੇ ਗਰਦਦ।
ਸਰਾ ਪਾ ਜਾ ਸ਼ਵਦ ਹਰ ਕਸ ਕਿ ਬਾ ਜਾਨਾਨ ਸੀ ਸ਼ਾਜ਼ਦ।

(ਭਾਈ ਨੰਦ ਲਾਲ)

ਉਹ ਸਿਮਰਨ ਸ਼ੁਰੂ ਕਰਨ ਦੀ ਹੀ ਕਰਦੇ ਹਨ। ਕਿਸੇ ਸੂਫ਼ੀ ਦਾ ਕੌਲ ਹੈ, "ਮੈਂ ਤੈਨੂੰ ਨਹੀਂ ਕਹਿੰਦਾ ਕਿ ਐਦਾਂ ਹੋ ਜਾਂ ਔਦਾਂ ਹੈ, ਭਾਵੇਂ ਕਿਸੇ ਹਾਲ ਵਿਚ ਵੀ ਰਹੁ, ਪਰ ਪ੍ਰਭੂ ਨਾਲ ਜੁੜ।"

ਨਮੀਂ ਗੋਇਮ ਚੁਨੀ ਬਾਜ਼ੀ ਚੁਨਾ ਬਾਸ਼।
ਬਾ ਹਰ ਜਾਇ ਕਿ ਬਾਸ਼ੀ ਬਾ ਖੁਦਾ ਬਾਸ਼ਮ।

ਸਿਮਰਨ ਕਰਨ ਵਾਲਿਆਂ ਨੇ ਕੋਈ ਸਮਾਂ ਹੱਥੋਂ ਗਵਾਉਣਾ ਕਿਸੇ ਗੱਲੋਂ ਭੀ ਸਸਤਾ ਨਹੀਂ ਜਾਣਿਆ, ਉਹ ਦਮ-ਬ-ਦਮ ਯਾਦ ਵਿਚ ਰਹਿਣਾ ਚਾਹੁੰਦੇ ਹਨ। ਸੰਤ ਕਬੀਰ ਜੀ ਦੀ ਨਿਸਬਤ ਇਹ ਲਿਖਿਆ ਹੈ ਕਿ ਉਹਨਾਂ ਨੂੰ ਤਾਣੀ ਤਣਨੀ ਇਸ ਕਰਕੇ ਮੁਸ਼ਕਲ ਹੋ ਗਈ ਸੀ ਕਿ ਉਹਨਾਂ ਨੂੰ ਨਾਲ ਵਿਚੋਂ ਸੁਵਾਸ ਖਿੱਚ ਕੇ ਧਾਗਾ ਕੱਢਣ ਸਮੇਂ ਰਾਮ ਕਹਿਣਾ ਮੁਸ਼ਕਲ ਹੋ ਜਾਂਦਾ ਸੀ।

ਜਬ ਲਗੁ ਤਾਗਾ ਬਾਹਉ ਬੇਹੀ॥ ਤਬ ਲਗੁ ਬਿਸਰੈ ਰਾਮੁ ਸਨੇਹੀ॥

(ਗੂਜਰੀ ਕਬੀਰ, ਪੰਨਾ ੫੨੫)

ਇਹ ਬਹੁਤ ਉੱਚੀ ਅਵਸਥਾ ਵਾਲੇ ਸੰਤ ਦੀ ਬਿਹਬਲਤਾ ਦਾ ਦ੍ਰਿਸ਼ ਹੈ। ਇਸ ਦੇ ਇਹ ਅਰਥ ਨਹੀਂ ਕਿ ਸਿਮਰਨ ਵਾਲੇ ਮਨੁੱਖ ਕਿਰਤ ਕਰਨ ਤੋਂ ਕੰਨੀ ਕਤਰਾਣ।

ਇਸ ਗੱਲ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਈ ਹੋਈ ਤ੍ਰਿਲੋਚਨ ਤੇ ਨਾਮਦੇਵ ਦੀ ਚਰਚਾ ਵਿਚ ਕੀਤਾ ਗਿਆ ਹੈ। ਲਿਖਿਆ ਹੈ ਕਿ ਨਾਮਦੇਵ ਜੀ ਨੂੰ ਕਪੜੇ ਛਾਪਣ ਦੀ ਕਿਰਤ ਕਰਦਿਆਂ ਹੋਇਆਂ ਤੱਕ, ਤ੍ਰਿਲੋਚਨ ਨੇ ਕਿਹਾ, "ਮਾਇਆ ਵਿਚ ਕਿਉਂ ਮੋਹਿਆ ਗਿਆ ਏਂ, ਰਾਮ ਨਾਲ ਕਿਉਂ ਨਹੀਂ ਚਿਤ ਲਗਾਂਦਾ! ਮਿੱਤਰਾ, ਮੂੰਹ ਤੋਂ ਰਾਮ ਕਹੋ।"

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨਾ ਲਾਵਹੁ ਚੀਤ॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥

(ਸਲੋਕ ਕਬੀਰ, ਪੰਨਾ ੧੩੭੫)

ਨਾਮਦੇਵ ਨੇ ਕਿਹਾ, "ਹੱਥਾਂ ਪੈਰਾਂ ਨਾਲ ਬੇਸ਼ਕ ਕਿਰਤ ਕਰੀ ਜਾਈਏ, ਪਰ ਚਿੱਤ ਨੂੰ ਨਿਰੰਜਨ ਨਾਲ ਜੋੜਨਾ ਚਾਹੀਦਾ ਹੈ।" ਸਿਮਰਨ ਕਰਨ ਵਾਲਿਆਂ ਦੀ ਸ਼ਰੇਣੀ ਨੇ ਤਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਮਨੁੱਖ ਨੂੰ ਤ੍ਰਿਸ਼ਨਾਤਰ ਹੋ ਕਪਟ ਨਹੀਂ ਕਰਨਾ ਚਾਹੀਦਾ ਕਿਉਂਕਿ ਓੜਕ ਉਸ ਨੂੰ ਹਿਸਾਬ ਦੇਣਾ ਪਵੇਗਾ।

ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥

(ਸੋਰਠਿ ਕਬੀਰ, ਪੰਨਾ ੬੫੬)

ਪਰ ਉੱਦਮ ਕਰ ਕੇ ਕਮਾਏ ਹੋਏ ਪਦਾਰਥ ਨੂੰ ਖਾ ਸੁਖੀ ਹੋਣਾ ਅਤੇ ਨਾਮ ਨੂੰ ਧਿਆ ਪ੍ਰਭੂ ਨੂੰ ਮਿਲਣਾ ਹੀ ਜੀਵਨ-ਚਿੰਤਾ ਨੂੰ ਮੁਕਾਂਦਾ ਹੈ।

ਸਿਮਰਨ ਦੇ ਸੰਬੰਧ ਵਿਚ ਕਈ ਤਰ੍ਹਾਂ ਦੇ ਤਰੀਕੇ ਦੱਸੇ ਜਾਂਦੇ ਹਨ, ਪਰ ਸਭ ਤੋਂ ਮੁੱਖ ਹਠ-ਯੋਗ ਤੇ ਸਹਿਜ-ਯੋਗ ਹਨ। ਭਾਵੇਂ ਕਈ ਸਿਆਣੇ ਹਠ-ਯੋਗ ਵਿਚ ਸਿਮਰਨ ਦੀ ਕੋਈ ਜਗ੍ਹਾ ਨਹੀਂ ਮੰਨਦੇ ਪਰ ਹਕੀਕਤ ਇਹ ਹੈ ਕਿ ਜੇ ਸਿਮਰਨ ਦੇ ਆਰੰਭ ਤੋਂ, ਜੋ ਕਿਸੇ ਇਕ ਸ਼ਬਦ ਦੇ ਬਾਰ ਬਾਰ ਜਪਣ ਤੋਂ ਹੁੰਦਾ ਹੈ, ਉਤਾਂਹ ਉਠ ਇਸ ਦੇ ਅੰਤ ਵੱਲ ਨਿਗਾਹ ਮਾਰਾਂਗੇ, ਜੋ ਫੁਰਨੇ-ਰਹਿਤ ਹੋ ਨਿਰਵਿਕਲਪ ਹੋਣ ਦੀ ਅਵਸਥਾ ਹੈ—ਤਾਂ ਹਨ-ਯੋਗੀ ਭੀ ਇਕ ਤਰ੍ਹਾਂ ਦਾ ਸਿਮਰਨ ਹੀ ਕਰਦਾ ਦਿਸੇਗਾ। ਸੁਖ, ਚਾਹੇ ਹਠ-ਯੋਗ ਧਾਰਨ ਕੀਤਾ ਜਾਏ, ਚਾਹੇ ਸਹਿਜ-ਯੋਗ, ਮਕਸਦ ਸੰਕਲਪ-ਵਿਕਲਪ ਦੀ ਦੀਵਾਰ ਨੂੰ ਤੋੜ ਕੇ ਸਹਿਜ ਦੀ ਅਵਸਥਾ ਨੂੰ ਪ੍ਰਾਪਤ ਹੋਣਾ ਹੈ।

ਸਤਿਗੁਰਾਂ ਨੇ ਸਹਿਯੋਗ ਨੂੰ ਹੀ ਮੁਖ ਰਖਿਆ ਹੈ। ਸੰਤ ਮਤ ਆਦਿ ਤੋਂ ਹੀ ਸਹਿਜ ਯੋਗੀ ਹੈ। ਹਾਂ, ਕਈ ਵੇਰ ਟਪਲਾ ਲੱਗ ਕੇ ਬਾਜ਼ੇ ਅਭਿਆਸੀ ਹਠ-ਯੋਗ ਨੂੰ ਵੀ ਸਹਿਜ ਯੋਗ ਕਹਿਣ ਲਗ ਪੈਂਦੇ ਹਨ। ਇਹਨਾਂ ਦੋਹਾਂ ਦਾ ਸਾਧਾਰਨ ਵੇਰਵਾ ਇਹ ਹੈ ਕਿ ਹਠ-ਯੋਗ ਰਾਹੀਂ ਸਰੀਰ ਨੂੰ ਥਕਾਵਟ ਤੇ ਮਨ ਵਿਚ ਖਿਝ ਤੇ ਤੇਜ਼ੀ ਉਪਜਦੀ ਹੈ, ਪਰ ਸਹਿਜ-ਯੋਗ ਵਿਚ ਤਨ ਦੀ ਅਸਾਧਾਰਨ ਸਮਾਧੀ ਲਗਾਉਣ ਕਰਕੇ ਕੋਈ ਖ਼ਾਸ ਤਕਲੀਫ਼ ਨਹੀਂ ਹੁੰਦੀ ਅਤੇ ਮਨ ਵਿਚ ਖਿੜਾਉ ਤੇ ਸ਼ਾਂਤੀ ਪੈਦਾ ਹੁੰਦੀ ਹੈ। ਹਠ-ਯੋਗੀ ਸਰੀਰ ਨੂੰ ਨਿਰਬਲ ਕਰਨ ਦੇ ਸਾਧਨ ਕਰਦੇ ਹਨ। ਬਰਤ ਰੋਜ਼ੇ ਰਖ ਰਖ ਖ਼ੁਰਾਕ ਨੂੰ ਘਟਾਣਾ, ਤਨ ਨੂੰ ਸੁਕਾ ਚਿਹਰੇ 'ਤੇ ਪਿਲੱਤਣ ਲੈ ਆਉਣੀ, ਇਹ ਉਹਨਾਂ ਦਾ ਆਮ ਰਵੱਈਆ ਹੈ, ਭਾਵੇਂ ਇਸ ਤਰੀਕੇ ਵਿਚੋਂ ਕੋਈ ਵੱਡੀ ਸਫਲਤਾ ਨਹੀਂ ਹੁੰਦੀ। ਇਸ ਗੱਲ ਦੀ ਗਵਾਹੀ ਸਾਕੀ ਮੁਨੀ ਗੌਤਮ 'ਬੁਧ' ਅਤੇ ਬਾਬਾ 'ਫਰੀਦ' ਜੀ ਨੇ ਦਿੱਤੀ ਹੈ। ਪ੍ਰਭੂ-ਭਗਤੀ ਦਾ ਸ਼ੈਦਾਈ ਕਪਲ ਵਸਤੂ ਦੇ ਮਹਾਰਾਜ ਦਾ ਇਕਲੌਤਾ ਬੇਟਾ, ਸਿਮਰਨ ਦੇ ਸ਼ੌਕ ਵਿਚ ਰਾਜ ਸੁਖ, ਸੁੰਦਰ ਗੋਪਾ ਤੇ ਬਾਲਕ ਰਾਹੁਲ ਨੂੰ ਤਿਆਗ ਫ਼ਕੀਰ ਬਣ ਨਿਕਲਿਆ। ਤਕਦੀਰ ਨਾਲ ਪੈ ਗਿਆ ਹਠ-ਯੋਗ ਵੱਲ, ਉਹ ਤਪ ਕੀਤਾ ਕਿ ਮੌਤ ਦੇ ਮੂੰਹ ਵਿੱਚੋਂ ਹੋ ਮੁੜਿਆ ਪਰ ਰਸ ਕੁਛ ਨਾ ਆਇਆ ਤੇ ਓੜਕ ਇਸ ਪਾਸਿਓਂ ਅਜਿਹਾ ਉਪਰਾਮ ਹੋਇਆ ਕਿ ਮਨੁੱਖ-ਜੀਵਨ ਦੀ ਸਫਲਤਾ ਪ੍ਰਭੂ ਨਾਮ ਤੋਂ ਬਿਨਾ ਕੇਵਲ ਬੁੱਧੀ, ਮਰਯਾਦਾ ਤੇ ਸੰਗਤ ਵਿਚੋਂ ਹੀ ਲੱਭਣ ਦਾ ਪ੍ਰਚਾਰ ਕਰ ਗਿਆ। ਬਾਬਾ ਫ਼ਰੀਦ ਜੀ ਭੀ ਆਪਣੇ ਤਜਰਬੇ ਨੂੰ ਹਠ-ਯੋਗ ਦੇ ਵਿਰੁੱਧ ਦਸਦੇ ਹੋਏ ਕਹਿੰਦੇ ਹਨ ਕਿ ਜਿਨ੍ਹਾਂ ਦਾ ਤਨ ਰੋਜ਼ੇ ਰਖ ਰਖ ਕੇ ਇਤਨਾ ਸੁਕ ਗਿਆ ਕਿ ਕਾਂਵਾਂ ਨੇ ਕਰੰਗ ਜਾਣ ਠੂੰਗੇ ਆਣ ਮਾਰੇ। ਦੇਖੋ, ਕਿਸਮਤ ਦੀ ਬਾਤ ਰੱਬ ਉਹਨਾਂ ਨੂੰ ਵੀ ਨਾ ਲੱਭਾ।

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥

(ਸਲੋਕ ਫਰੀਦ, ਪੰਨਾ ੧੩੮੨)

ਗੁਰਮਤ ਵਿਚ ਜਗਤ ਨੂੰ ਪ੍ਰਮੇਸ਼੍ਵਰ ਦਾ ਰੂਪ ਕਰ ਜਾਣਿਆ ਗਿਆ ਹੈ, ਇਸ ਲਈ ਇਸ ਦੀ ਰੌਣਕ ਨੂੰ ਵਧਾਉਣਾ ਮਨੁੱਖ ਲਈ ਜ਼ਰੂਰੀ ਬਣ ਆਇਆ ਹੈ:

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਰੂਪੁ ਨਦਰੀ ਆਇਆ।

(ਰਾਮਕਲੀ ਮ: ੩, ਪੰਨਾ ੯੨੨)

ਰੌਣਕਾਂ ਵਧਾਉਣ ਲਈ ਖਿੜੇ ਹੋਏ ਚਿਹਰੇ ਅਤੇ ਉਤਸ਼ਾਹ-ਭਰੇ ਮਨ ਜ਼ਰੂਰੀ ਹਨ, ਪਰ ਜਿੱਥੇ ਇਹ ਨਹੀਂ ਚਾਹੀਦਾ ਕਿ ਵਿਕਾਰਾਂ ਦੀ ਬਣਾਉਟੀ ਸੁਰਖੀ ਤੇ ਕਪਟ ਦੇ ਝੂਠੇ ਜੋਸ਼ ਨੂੰ ਵਧਾਇਆ ਜਾਏ, ਉਥੇ ਸੱਚ ਦੀ ਸੁਰਖੀ ਤੇ ਉੱਦਮ ਦੇ ਉਤਸ਼ਾਹ ਵੱਧ ਤੋਂ ਵੱਧ ਪ੍ਰਚਾਰਨਾ ਜ਼ਰੂਰੀ ਹੈ। ਇਸ ਕਰਕੇ ਸਤਿਗੁਰਾਂ ਸਹਿਜ-ਯੋਗ ਦਾ ਹੀ ਪਰਚਾ ਪਾਇਆ।ਸਿੱਖੀ ਦੀ ਜੀਵਨ ਮਰਯਾਦਾ ਅਨੁਸਾਰ ਸਿੱਖ ਦੀ ਹਰ ਵਰਤੋਂ ਇਸ ਖ਼ਿਆਲ ਨੂੰ ਹੀ ਰਖ ਕੇ ਹੋਣੀ ਚਾਹੀਦੀ ਹੈ ਕਿ ਉਸ ਤੋਂ ਸਿਮਰਨ ਵਿਚ ਸਹਾਇਤਾ ਮਿਲੇ।

ਇਹ ਇਕ ਸਰਬ ਸਾਧਾਰਨ ਗੱਲ ਹੈ ਕਿ ਸਾਨੂੰ ਕਿਸੇ ਭੁਲੀ ਹੋਈ ਚੀਜ਼ ਯਾਦ ਕਰਨ ਲਈ ਚੁੱਪ ਤੇ ਸ਼ਾਂਤ ਆਲੇ-ਦੁਆਲੇ ਦੀ ਲੋੜ ਪੈਂਦੀ ਹੈ। ਜੇ ਕੋਈ ਸਾਨੂੰ ਕੱਲ੍ਹ ਬੀਤੀ ਹੋਈ ਗੱਲ ਅੱਜ ਪੁਛਣਾ ਚਾਹੇ ਤਾਂ ਉਸ ਦੇ ਦੱਸਣ ਲਈ ਵੀ ਸਾਨੂੰ ਕੁਝ ਸੋਚਣਾ ਪਵੇਗਾ, ਇਸ ਸੋਚ ਵਾਸਤੇ ਸ਼ਾਂਤ-ਸਮਾਂ ਬੜਾ ਸਹਾਇਕ ਹੁੰਦਾ ਹੈ। ਦੁਨੀਆ ਦੇ ਮੁਖੀ ਲਿਖਾਰੀ ਤੇ ਵਡੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਵਾਨ ਅਮੂਮਨ ਪਿਛਲੀ ਰਾਤ ਹੀ ਉਠ ਕੇ ਲਿਖਦੇ ਤੇ ਪੜ੍ਹਦੇ ਹਨ। ਨਾਮ ਸਿਮਰਨ ਜੋ ਸਭ ਤੋਂ ਵਡੀ ਯਾਦ ਹੈ; ਖ਼ਬਰੇ ਕਦੋਂ ਤੋਂ ਮਨੁੱਖ ਜੀਵਨ ਸ਼ੁਰੂ ਹੋਇਆ, ਜੋ ਜਗਤ-ਜੀਵਨ ਤੋਂ ਵਿੱਛੜ ਫਿਰ ਉਸਦੇ ਮਿਲਣ ਦਾ ਖ਼ਾਹਸ਼ਮੰਦ ਹੈ। ਇਸ ਲਈ ਉਸਨੂੰ ਤਾਂ ਆਪਣੇ ਅਭਿਆਸ ਲਈ ਬਹੁਤ ਹੀ ਸ਼ਾਂਤ ਸਮਾਂ ਚਾਹੀਦਾ ਹੈ।

ਸਤਿਗੁਰਾਂ ਨੇ ਇਸ ਵਾਸਤੇ ਹੀ ਸਿੱਖ ਨੂੰ ਪ੍ਰਭਾਤੇ ਉਠਣ ਦੀ ਤਾਕੀਦ ਕੀਤੀ ਹੈ। ਭਾਵੇਂ ਸਤਿਗੁਰੂ ਦੀ ਸਿਫ਼ਤ-ਸਾਲਾਹ ਤੇ ਆਰਾਧਨਾ ਦਿਨ ਰਾਤ ਹੀ ਹੋ ਸਕਦੀ ਹੈ, ਪਰ ਉਸਦਾ ਆਰੰਭ ਪ੍ਰਭਾਤ ਤੋਂ ਹੀ ਕਰਨਾ ਚਾਹੀਦਾ ਹੈ:

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥

(ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੫)

ਇਹ ਪ੍ਰਭਾਤ ਕਿਸ ਸਮੇਂ ਤੋਂ ਮੰਨੀ ਜਾਵੇ, ਇਸਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਰਾਤ ਤ੍ਰੇਲ ਨਾਲ ਭਿਜ ਜਾਵੇ ਤੇ ਤਾਰਿਆਂ ਦੀਆਂ ਅੱਖਾਂ ਡੁਲ੍ਹ ਡੁਲ੍ਹ ਕਰ ਉਠਣ, ਉਸ ਵੇਲੇ ਰਾਮ ਦੇ ਪਿਆਰੇ ਸੰਤਾਂ ਨੂੰ ਜਾਗਣਾ ਚਾਹੀਦਾ ਹੈ:

ਭਿੰਨੀ ਰੈਨੜੀਐ ਚਾਮਕਨਿ ਤਾਰੇ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥

(ਆਸਾ ਮ: ੫, ਪੰਨਾ ੪੫੯)

ਭਾਈ ਨੰਦ ਲਾਲ ਜੀ ਤਾਂ ਇਥੋਂ ਤਕ ਕਹਿ ਗਏ ਹਨ ਕਿ ਸੁਬ੍ਹਾ ਦਾ ਜਾਗਣਾ ਹੀ ਆਰਫ਼ ਦੀ ਜ਼ਿੰਦਗੀ ਹੈ ਤੇ ਮੈਂ ਅਗਾਂਹ ਲਈ ਸਵੇਰ ਦਾ ਸੌਣਾ ਹੀ ਹਰਾਮ ਕਰ ਦਿਤਾ ਹੈ:

ਬਿਦਾਰੀ ਅਸ਼ਤ ਜ਼ਿੰਦਗੀਏ ਆਰੇਫਾਨੇ ਸ਼ੌਕ,
ਗੋਇਆ ਹਰਾਮ ਕਰ ਦਮ ਜਿਆਇੰਦਾ ਖਾਬੇ ਸੁਬਹੋ।

(ਭਾਈ ਨੰਦ ਲਾਲ ਜੀ)

ਇਸ ਸ਼ਾਂਤ ਸਮੇਂ ਜਾਗ ਕੇ ਨਾਮ ਸਿਮਰਨ ਕਰਨਾ ਮਨੁੱਖ ਨੂੰ ਜੀਵਨ ਦੀਆਂ ਉਚਾਈਆਂ ਵੱਲ ਲੈ ਜਾਂਦਾ ਹੈ। ਉਸ ਵਕਤ ਕੁਦਰਤ ਸਾਰੀ ਦੀ ਸਾਰੀ ਇਕ-ਰਸ ਵਿਚ ਜੁੜੀ ਦਿਸਦੀ ਹੈ। ਅਭਿਆਸੀ ਕੁਦਰਤ ਦੇ ਅਨਾਹਦ ਨਾਦ ਨਾਲ ਜੁਟ ਜਾਂਦਾ ਹੈ, ਉਸ ਸਮੇਂ ਹੀ ਬਿਰਖਾਂ 'ਤੇ ਬੈਠੇ ਪੰਛੀ ਮਧੁਰ ਗਾਇਨ ਆਰੰਭ ਕਰਦੇ ਹਨ, ਬੁਲਬੁਲਾਂ ਦੇ ਮਸਤ ਰਾਗ ਨੂੰ ਸੁਣ ਕੇ ਕਲੀਆਂ ਆਪਣੇ ਸੀਨੇ ਪਾੜ ਦੇਂਦੀਆਂ ਹਨ ਤੇ ਸੁਬ੍ਹਾ ਦੀ ਪੌਣ ਖ਼ੁਸ਼ਬੂਆਂ ਦੇ ਬੁਕ ਭਰ-ਭਰ ਚੌਤਰਫੀਂ ਲੁਟਾ ਦੇਂਦੀ ਹੈ, ਇਸ ਦੀਆਂ ਮਹਿਕਾਂ ਤੋਂ ਮਸਤ ਹੋਇਆ ਜ਼ੱਰਰਾ ਜ਼ੱਰਰਾ ਸਿਮਰਨ ਕਰਦਾ ਪ੍ਰਤੀਤ ਹੁੰਦਾ ਹੈ:

ਉਸ਼ੇਰ ਦਾ ਤਾਰਾ ਚੜ੍ਹਿਆ ਜਾਂ ਅੰਬਰ ਤੇ ਲਾਲੀ ਫੁਟੀ ਏ।
ਜਾਂ ਨੀਂਦਰ ਆਲਸ ਸੁਸਤੀ ਦੀ, ਜਗ ਛਾਈ ਜਾਲੀ ਟੁੱਟੀ ਏ।
ਕੋਇਲ ਨੇ ਕੂ ਕੂ ਲਾਈ ਏ, ਬੁਲਬੁਲ ਮਿਚ ਬੈਨੀ ਜੁਟੀ ਏ।
ਬਸ ਨਗ਼ਮਾ ਇਹੀ ਅਲਾਵਣ ਨੂੰ, ਚਿੜੀਆਂ ਕਾਂਵਾਂ ਚੁੰਜ ਪੁਟੀ ਏ।
ਕਰਤਾਰ ਤੂੰਹੀ, ਕਰਤਾਰ ਤੂੰਹੀ, ਸ੍ਰਿਸ਼ਟੀ ਦਾ ਸਿਰਜਣਹਾਰ ਤੂੰਹੀ।
ਬੁਲਬੁਲ ਨੇ ਮਸਤੀ ਵਿਚ ਆ ਕੇ, ਕੋਈ ਗੀਤ ਅਜਿਹਾ ਗਾਇਆ ਏ।
ਗੁੰਚੇ ਨੇ ਸੁਣਦੇ ਸਾਰ ਜਿਹਦੇ, ਸੀਨਾ ਹੀ ਚੁਕ ਪੜਾਇਆ ਏ।
ਬੁੱਲਿਆਂ ਨੇ ਭਰ ਭਰ ਬੁਕ ਜਿਥੋਂ, ਖ਼ੁਸ਼ਬੂ ਦਾ ਧਨ ਲੁਟਵਾਇਆ ਏ।
ਮਹਿਕਾਂ ਦੇ ਸੰਗ ਮਸਤਾਨੇ ਹੋ, ਵਣ ਤ੍ਰਿਣ ਨੇ ਆਪ ਸੁਣਾਇਆ ਏ।
ਕਰਤਾਰ ਤੂੰਹੀ, ਕਰਤਾਰ ਤੂੰਹੀ, ਸ੍ਰਿਸ਼ਟੀ ਦਾ ਸਿਰਜਣਹਾਰ ਤੂੰਹੀ।

(ਕਰਤਾ)

ਇਸ ਸੁਭਾਗ ਸਮੇਂ ਸਤਿਗੁਰਾਂ ਨੇ ਸਿਮਰਨ ਵਿਚ ਜੁੜ ਜਾਣ ਲਈ ਜਗਿਆਸੂਆਂ ਨੂੰ ਪ੍ਰੇਰਿਆ ਹੈ। ਉਹਨਾਂ ਦਾ ਖ਼ਿਆਲ ਹੈ ਕਿ ਸੁਬ੍ਹਾ ਦੇ ਪਹਿਲੇ ਪਹਿਰ ਵਿਚ ਸੁਰਤਿਆਂ ਵਿਚ ਚਾਉ ਪੈਦਾ ਹੁੰਦਾ ਹੈ, ਔਰ ਹੈ ਭੀ ਸੱਚ। ਪ੍ਰਭਾਤ ਸਮੇਂ ਸੂਰਜ ਦੇ ਉਦੈ ਹੋਣ ਦੇ ਨਾਲ ਨਾਲ ਹੀ ਸਮਸਤ ਜਗਤ-ਜੀਵਨ ਉਤਸ਼ਾਹ ਨਾਲ ਜਾਗ ਉਠਦਾ ਹੈ, ਕਲੀਆਂ ਵਿਚ ਖੇੜੇ, ਫਲਾਂ ਵਿਚ ਰਸ, ਹਵਾ ਵਿਚ ਹਰਕਤ, ਪੰਛੀਆਂ ਦੀਆਂ ਰਾਗਣੀਆਂ ਛਿੜ ਪੈਂਦੀਆਂ ਹਨ:

ਚਉਥੈ ਪਹਿਰ ਸਬਾਹ ਕੇ ਸੁਰਤਿਆ ਉਪਜੇਆ ਚਾਉ॥

(ਵਾਰ ਮਾਝ ਮ: ੨, ਪੰਨਾ ੧੪੬)

ਅਜੇਹੇ ਸੁਹਾਵਣੇ ਸਮੇਂ ਸੁਤਰਾਵਨ ਸ੍ਰੇਸ਼ਟ ਮਨੁੱਖਾਂ ਦਾ ਚਾਉ ਵਿਚ ਆਉਣਾ ਇਕ ਸੁਭਾਵਕ ਗੱਲ ਹੈ। ਉਹ ਭਾਗਹੀਣ ਹੀ ਸੁਸਤੀ ਦੇ ਸ਼ਿਕਾਰ ਰਹਿੰਦੇ ਹਨ, ਜਿਨ੍ਹਾਂ ਦੀ ਅਵਸਥਾ ਪਸ਼ੂ-ਪੰਛੀ ਤੋਂ ਭੀ ਥੱਲੇ ਗਿਰੀ ਹੋਈ ਹੋਵੇ। ਗੁਰਬਾਣੀ ਵਿਚ ਆਇਆ ਹੈ ਕਿ ਜੋ ਅਜਿਹੇ ਸਮੇਂ ਵੀ ਵਣ ਤ੍ਰਿਣ ਦੀ ਜ਼ਬਾਨੀ ਜੋ ਨੇਤਿ ਨੇਤਿ ਕਰ ਕੇ ਗਾ ਰਹੇ ਹਨ; ਪਰਮਾਨੰਦ ਦਾ ਜਸ ਨਹੀਂ ਸੁਣਦੇ, ਉਹ ਪਸ਼ੂ-ਪੰਛੀ ਤੇ ਤ੍ਰਿਗਦ ਜੋਨ ਤੋਂ ਵੀ ਮੰਦੇ ਹਨ:

ਜੋ ਨ ਸੁਨਹਿ ਜਸੁ ਪਰਮਾਨੰਦਾ॥
ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥

(ਗਉੜੀ ਮ: ੨, ਪੰਨਾ ੧੪੬)

ਸਾਅਦੀ ਸ਼ਿਰਾਜ਼ੀ ਦਾ ਕੌਲ ਹੈ ਕਿ ਜਦ ਫੁੱਲਾਂ ਦੇ ਖੇੜੇ ਸਮੇਂ ਬੁਲਬੁਲਾਂ ਭੀ ਗੀਤ ਗਾਉਣ ਲਗ ਪੈਂਦੀਆਂ ਹਨ ਤਾਂ ਤੂੰ ਭੀ ਸਭ ਮਖ਼ਲੂਕ ਤੋਂ ਹੁਸ਼ਿਆਰ ਮਨੁੱਖ ਗੀਤ ਗਾਉਣ ਵਿਚ ਜੁਟ ਜਾ:

ਬੁਲਬੁਲਾਂ ਵਕਤੇ ਗੁਲਾਮਦ ਕਿ ਬਿਲਾਨੰਦ ਅਜ਼ ਸ਼ੌਕ।
ਨਾ ਕਮ ਅਜ਼ ਬੁਲਬੁਲੇ ਮਸਤ ਅਸਤੀ ਬਨਾਲੇ ਹੁਸ਼ਿਆਰ।

ਇਸ ਸੁਹਾਵਣੇ ਸਮੇਂ ਸਿਮਰਨ ਵਿਚ ਜੁੜਨ ਦੀ ਸਿਫ਼ਾਰਸ਼ ਅਧਿਆਤਮਕ ਵਿੱਦਿਆ ਦੇ ਇਤਿਹਾਸ ਵਿਚ ਸਭ ਮਹਾਂਪੁਰਖ ਕਰਦੇ ਆਏ ਹਨ ਤੇ ਇਸ ਸਰਬੋਤਮ ਸਮੇਂ ਨੂੰ ਸੰਭਾਲਣ ਦੀ ਹੀ ਗੁਰਸਿੱਖੀ ਵਿਚ ਤਾਕੀਦ ਕੀਤੀ ਗਈ ਹੈ।

ਸੰਸਾਰ ਦੇ ਹਰ ਅਦ੍ਰਿਸ਼ਟ ਦੀ ਪ੍ਰਾਪਤੀ ਤੋਂ ਪਹਿਲੋਂ ਕਿਸੇ ਇਕ ਮੁਕਾਮ ਤੋਂ ਆਰੰਭ ਕਰਨਾ ਪੈਂਦਾ ਹੈ। ਕੋਈ ਪਾਂਧੀ ਅਜਿਹਾ ਨਹੀਂ, ਜੋ ਪਹਾੜ ਦੀ ਸਿਖ਼ਰ 'ਤੇ ਪਹੁੰਚਿਆ ਹੋਵੇ ਅਤੇ ਉਸ ਨੇ ਚੱਲਣਾ ਦਾਮਨ ਤੋਂ ਸ਼ੁਰੂ ਨਾ ਕੀਤਾ ਹੋਵੇ। ਸੰਸਾਰ ਦਾ ਕੋਈ ਵਿਦਵਾਨ ਵੀ ਅਜਿਹਾ ਨਹੀਂ ਹੋਇਆ, ਜਿਸ ਨੇ ਪੜ੍ਹਾਈ ਦਾ ਆਰੰਭ ਬਾਲ-ਬੁਧ ਤੋਂ ਨਹੀਂ ਕੀਤਾ।

ਇਹੋ ਹੀ ਹਾਲਤ ਸਿਮਰਨ ਦੀ ਅਵਸਥਾ ਵਿਚ ਵਾਪਰਦੀ ਹੈ, ਇਸ ਦਾ ਆਰੰਭ ਸਹਿਜ-ਯੋਗ ਵਿਚ ਮਹਿਬੂਬ ਦੇ ਕਿਸੇ ਮਨ-ਭਾਉਂਦੇ ਨਾਮ ਦੇ ਵਾਚਕ ਸ਼ਬਦ ਦੇ ਬਾਰ ਬਾਰ ਰਟਨ ਤੋਂ ਹੁੰਦਾ ਹੈ, ਪਰ ਜਿਸ ਤਰ੍ਹਾਂ ਬਾਈਸਿਕਲ ਦੀ ਸਵਾਰੀ ਸਿੱਖਣ ਵਾਲੇ ਨੂੰ ਪਹਿਲੇ ਪਹਿਲ ਪੂਰੀ ਤਵੱਜੋ ਹੈਂਡਲ ਵਿਚ ਰਖਣੀ ਪੈਂਦੀ ਹੈ, ਏਸੇ ਤਰ੍ਹਾਂ ਸਿਮਰਨ-ਅਭਿਆਸੀ ਨੂੰ ਮਨ ਦੀ ਇਕਾਗਰਤਾ ਲਈ ਭਾਰੀ ਯਜਨ ਕਰਨਾ ਪੈਂਦਾ ਹੈ। ਜੇਠ ਹਾੜ ਦੀਆਂ ਸਖ਼ਤ ਧੁੱਪਾਂ ਨਾਲ ਤਪੀ ਹੋਈ ਧਰਤੀ ਜਿਸ ਤਰ੍ਹਾਂ ਮੀਂਹ ਦਾ ਪਹਿਲਾ ਛਲਾ ਪੈਣ ’ਤੇ ਹਵਾੜ ਛਡਦੀ ਤੇ ਹੁੰਮਸ ਪੈਦਾ ਕਰਦੀ ਹੈ, ਉਸੇ ਤਰ੍ਹਾਂ ਸਿਮਰਨ ਦੇ ਆਰੰਭ ਵਿਚ ਮਾਨਸਕ ਧਰਤੀ, ਪ੍ਰਭੂ ਨਾਮ ਸਿਮਰਨ ਦੀਆਂ ਪਹਿਲੀਆਂ ਬੂੰਦਾਂ ਪੈਣ ਕਰਕੇ ਜਨਮ-ਜਨਮਾਂਤਰਾਂ ਦੇ ਭੁੱਲੇ ਪਏ ਨੀਵੇਂ ਖ਼ਿਆਲਾਂ ਦੀ ਯਾਦ ਨੂੰ ਸੁਰਜੀਤ ਕਰ ਖਿੰਡਾਓ ਪੈਦਾ ਕਰਦੀ ਹੈ। ਬਹੁਤ ਸਾਰੇ ਜਗਿਆਸੂ ਇਸ ਮੁਕਾਮ 'ਤੇ ਹੀ ਰਹਿ ਜਾਂਦੇ ਹਨ। ਇਸ ਬੇਲੁਤਫ਼ੀ ਤੋਂ ਘਬਰਾ ਕੇ ਕਈ ਸਿਮਰਨ ਦਾ ਖ਼ਿਆਲ ਹੀ ਛਡ ਬਹਿੰਦੇ ਹਨ, ਪਰ ਇਹ ਉਹਨਾਂ ਦੀ ਕਮਜ਼ੋਰੀ ਹੈ। ਸੰਸਾਰ ਦੀ ਕਿਹੜੀ ਸਿਧੀ ਹੈ ਜੋ ਕਠਨ ਤਪੱਸਿਆ ਤੋਂ ਬਗ਼ੈਰ ਪ੍ਰਾਪਤ ਹੋ ਸਕਦੀ ਹੈ, ਕਿਹੜੀ ਉੱਚ ਵਿੱਦਿਆ ਹੈ ਜੋ ਢੇਰ ਚਿਰ ਦੇ ਅਭਿਆਸ ਤੋਂ ਪਹਿਲਾਂ ਸਿੱਖੀ ਜਾ ਸਕੇ? ਕੀ ਵਿਗਿਆਨ ਦੇ ਪੰਡਿਤ, ਤਜਰਬਾਗਾਹਾਂ ਵਿਚ ਬਹਿ ਉਮਰਾਂ ਨਹੀਂ ਗਾਲ ਦੇਂਦੇ? ਕੀ ਫਲਸਫੀ, ਦਰਸ਼ਨ ਸ਼ਾਸਤਰ ਪੜ੍ਹਨ ਲਈ ਸਾਲਾਂ ਬੱਧੀ ਮਿਹਨਤ ਨਹੀਂ ਕਰਦੇ? ਕੀ ਗਵੱਈਏ ਸੁਰ-ਅਭਿਆਸ ਕਰਨ ਲਈ ਸਾਲਾਂ ਬੱਧੀ ਜਤਨ ਨਹੀਂ ਕਰਦੇ? ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਭ ਤੋਂ ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਲਈ ਖੋਜੀ ਨੂੰ ਸਬਰ ਨਾਲ ਕੁਝ ਚਿਰ ਅਭਿਆਸ ਨਾ ਕਰਨਾ ਪਵੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਜੋ ਨਾਮ ਅਭਿਆਸੀਆਂ ਦੀ ਸ਼੍ਰੇਣੀ ਦੇ ਸਿਰਤਾਜ ਹਨ, ਇਸ ਸਰਬ ਸਾਹਿਤ ਅਭਿਆਸ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ― “ਮੇਰੇ ਦਿਲ ਵਿਚ ਪ੍ਰਭੂ ਦਰਸ਼ਨ ਦਾ ਚਾਅ ਹੈ, ਪਰ ਪੂਰਾ ਤਾਂ ਹੋ ਸਕਦਾ ਹੈ, ਜੇ ਕਰਤਾਰ ਆਪਣੀ ਕਿਰਪਾ ਨਾਲ ਮੁਰਸ਼ਦ ਕਾਮਲ ਨਾਲ ਮਿਲਾਣ, ਜੋ ਨਾਮ ਅਭਿਆਸ ਕਰਾਵੇ। ਮੈਂ ਇਸ ਬਖ਼ਸ਼ਸ਼ ਦਾ ਪਾਤਰ ਬਣਨ ਲਈ ਆਪਣੇ ਦਿਲ ਵਿਚ ਇਹ ਧਾਰੀ ਬੈਠਾ ਹਾਂ ਕਿ ਇਸ ਰਾਹ ਤੁਰਦਿਆਂ ਜੇ ਮੈਨੂੰ ਭੁੱਖ ਮਿਲੇਗੀ ਤਾਂ ਮੈਂ ਉਸ ਦੇ ਨਾਲ ਹੀ ਰੱਜਾਂਗਾ, ਦੁੱਖ ਨੂੰ ਸੁਖ ਕਰ ਜਾਣਾਂਗਾ।

ਅਭਿਆਸ ਕਰਾਣ ਵਾਲਿਆਂ ਦੀ ਖ਼ੁਸ਼ੀ ਲੈਣ ਲਈ ਉਹਨਾਂ ਦੇ ਦਰ 'ਤੇ ਪਾਣੀ ਭਰਨ, ਪੱਖਾ ਫੇਰਨ ਤੇ ਪੀਸਣਾ ਪੀਸਣ ਦੀ ਸੇਵਾ ਕਰਾਂਗਾ ਤੇ ਮਹਿਬੂਬ ਦੀ ਖ਼ੁਸ਼ੀ ਲਈ ਆਪਣੇ ਤਨ ਦੇ ਟੁਕੜੇ ਟੁਕੜੇ ਕਰਾ ਮਹਿਬੂਬ ਦੇ ਹਵਾਲੇ ਕਰਾਂਗਾ ਤੇ ਅੱਗ ਵਿਚ ਆਪਣੇ ਆਪ ਨੂੰ ਜਲਾ ਦਿਆਂਗਾ। ਪਰ ਮੈਂ ਆਪਣੇ ਮਹਿਬੂਬ ਦੇ ਦਰਸ਼ਨਾਂ ਦੀ ਇਹ ਕੁਛ ਭੀ ਕੀਮਤ ਨਹੀਂ ਸਮਝਦਾ ਬਲਕਿ ਦਰਵਾਜ਼ੇ 'ਤੇ ਢਹਿ ਕੇ ਕਹਾਂਗਾ ਕਿ ਜੇ ਉਹ ਮੈਂ ਆਜਿਜ਼ ਨੂੰ ਆਪਣੇ ਆਪ ਨਾਲ ਮਿਲਾ ਲੈਣ ਤਾਂ ਇਹ ਉਹਨਾਂ ਦੀ ਵਡਿਆਈ ਹੋਵੇਗੀ।"

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ॥੧॥
ਦਰਸਨੁ ਹਰਿ ਦੇਖਣ ਕੈ ਤਾਈ॥
ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ॥੧॥ਰਹਾਉ॥
ਜੇ ਸੁਖੁ ਦੇਹਿ ਤਾ ਤੁਝਹਿ ਅਰਾਧੀ ਦੁਖ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਈ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥੪॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ॥੫॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥

(ਸੂਹੀ ਮ: ੫, ਪੰਨਾ ੭੫੭)

ਸਿਮਰਨ ਦੇ ਸ਼ੈਦਾਈਆਂ ਨੇ ਵਕਤ ਦੀ, ਇਸ ਅਮੋਲ ਰਤਨ ਦੇ ਮੁਕਾਬਲੇ ਕਦੀ ਕੋਈ ਕੀਮਤ ਨਹੀਂ ਜਾਣੀ। ਉਹਨਾਂ ਦਾ ਖ਼ਿਆਲ ਤਾਂ ਇਹ ਹੈ ਕਿ ਜ਼ਿੰਦਗੀ ਦਾ ਉਹੀ ਪਲ ਸਫਲ ਹੈ ਜੋ ਸਿਮਰਨ ਵਿਚ ਲਗ ਜਾਏ। ਉਹ ਕਹਿੰਦੇ ਹਨ ਕਿ ਉਹੋ ਹੀ ਉਮਰ ਚੰਗੀ ਹੈ ਜੋ ਉਸਦੀ ਯਾਦ ਵਿਚ ਲੰਘੇ, ਨਹੀਂ ਤਾਂ ਅਸਮਾਨ ਦੇ ਇਸ ਨੀਲੇ ਗੁੰਬਦ ਦੇ ਥੱਲੇ ਰਹਿਣ ਤੋਂ ਲਾਭ ਹੀ ਕੀ?

ਖ਼ੁਸ਼ ਬਵਦ ਉਮਰ ਕਿ ਦਰਯਾਦ ਬਿਗੁਜ਼ਰਦ।
ਵਰਨਾ ਚ ਹਾਸਲਸਤ ਅਜ਼ੀ ਗੁੰਬਦੇ ਕਬੂਦ ਮਰਾ।

ਬਲਕਿ ਉਹ ਤਾਂ ਏਥੋਂ ਤਕ ਕਹਿ ਗਏ ਹਨ ਕਿ ਜਿਸ ਦਮ ਵਿਚ ਤੂੰ ਯਾਦ ਆਵੇਂ, ਜੇ ਸਾਰੀ ਉਮਰ ਸੁੰਗੜ ਕੇ ਉਸਦੇ ਵਿਚ ਹੀ ਗੁਜ਼ਰ ਜਾਏ ਤਾਂ ਚੰਗੀ ਹੈ:

ਦਰਾ ਯਕ ਦਮ ਕਿ ਯਾਦ ਆਈ ਤਮਾਮ ਉਮਰੇ ਬਸਰ ਬੁਰਦਨ।
ਅਗਰ ਯਾਬਦ ਕਸੇ ਯਕ ਦਮ ਜ਼ਿ ਸ਼ੋਕਿ ਫਰਾਰ ਇਜ਼ਾ।

ਖ਼ਾਕਾਨੀ ਨੇ ਕਿਹਾ ਹੈ ਕਿ ਮੈਂ ਤੀਹ ਸਾਲ ਮੁਰਸ਼ਦ ਦੀ ਖ਼ਿਦਮਤ ਕਰਨ ਦੇ ਬਾਅਦ ਇਕੋ ਗੱਲ ਜਾਣੀ ਹੈ ਕਿ ਦਮ ਭਰ ਪ੍ਰਮੇਸ਼ਵਰ ਪ੍ਰਾਇਣ ਹੋਣਾ ਸੁਲੇਮਾਨ ਦੇ ਰਾਜ ਤੋਂ ਚੰਗਾ ਹੈ:

ਪਸ ਅਜ਼ ਸੀ ਸਾਲ ਬਾ ਮੁਰਸ਼ਦ ਮਹਕੱਕ ਸ਼ੁਦ ਬਖਾ ਕਾਨੀ।
ਕਿ ਯਕ ਦਮ ਬਾ ਖੁਦਾ ਬੂਦਨ ਬੇ ਅਜ਼ ਤਖਤੇ ਸੁਲੇਮਾਨੀ।

ਹੋਵੇ ਵੀ ਕਿਉਂ ਨਾ, ਰਾਜ ਮਦ ਜਿਊਂਦਿਆਂ ਕਿਸੇ ਸੈਨਾਪਤੀ ਕੋਲੋਂ ਹਾਰ ਖਾ ਖੁਹਾਣਾ ਜਾਂ ਮਰਨ ਸਮੇਂ ਹਉਕੇ ਲੈਂਦਿਆਂ ਛੱਡ ਜਾਣਾ ਪੈਂਦਾ ਹੈ, ਪਰ ਸਿਮਰਨ ਦੀ ਸ਼ਕਤੀ ਕਰਕੇ ਪ੍ਰਭ ਕਿਰਪਾ ਸਹਿਤ ਅਬਿਨਾਸੀ ਰਾਜ ਮਿਲਦਾ ਹੈ:

ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥
ਦਾਸੁ ਕਮੀਰੁ ਚੜਿਓ ਗੜ੍ ਊਪਰਿ ਰਾਜੁ ਲੀਓ ਅਬਿਨਾਸੀ॥

(ਭੈਰਉ ਕਬੀਰ, ਪੰਨਾ ੧੧੬੨)

ਇਸੇ ਕਰਕੇ ਸਿਮਰਨ ਅਭਿਆਸ ਕਰਨ ਵਾਲਿਆਂ ਨੇ ਸਮੇਂ ਦੀ ਕਦੀ ਗਿਣਤੀ ਨਹੀਂ ਕੀਤੀ। ਉਹ ਇਕ ਉਮਰ ਤਾਂ ਕੀ, ਕਈ ਜਨਮ ਵੀ ਇਸਦੀ ਸਫਲਤਾ ਲਈ ਲਗਾਉਣ ਨੂੰ ਤਿਆਰ ਰਹਿੰਦੇ ਹਨ। ਭਗਤ ਰਵਿਦਾਸ ਜੀ ਨੇ ਕਿਹਾ ਕਿ ਹੇ ਪ੍ਰਭੂ! ਭਾਵੇਂ ਮੈਂ ਮਨੁੱਖਾ ਜਨਮ ਤੇਰੇ ਸਿਮਰਨ ਦੇ ਲੇਖੇ ਲਗਾ ਰਿਹਾ ਹਾਂ, ਪਰ ਮੇਰਾ ਸ਼ੌਕ ਇਤਨਾ ਹੀ ਨਹੀਂ, ਮੈਂ ਪਿਛਲੇ ਕਈ ਜਨਮ ਭੀ ਵਿਛੋੜੇ ਨੂੰ ਅਨੁਭਵ ਕਰ, ਮਿਲਣ ਦੀ ਆਸ ਵਿਚ ਗੁਜ਼ਾਰਦਾ ਚਲਾ ਆਇਆ ਹਾਂ।

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥

(ਧਨਾਸਰੀ ਰਵਿਦਾਸ, ਪੰਨਾ ੬੯੪)

ਸਿਮਰਨ ਵਿਚ ਸਮੇਂ ਦੀ ਸੋਚ ਤੋਂ ਲੰਘ, ਜਗਿਆਸੂ ਨੂੰ ਜਿਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਉਹ ਹੈ ਮਹਿਬੂਬ ਦੇ ਦੀਦਾਰ ਦਾ ਤਸੱਵਰ। ਕਿਉਂਕਿ ਜਦ ਤਕ ਯਾਦ ਕਰਨ ਵਾਲੇ ਨੂੰ ਇਹ ਨਿਸਚਾ ਨਾ ਹੋਵੇ ਕਿ ਉਹ ਜਿਸ ਨੂੰ ਯਾਦ ਕਰ ਰਿਹਾ ਉਹ ਹੈ ਤੇ ਇਹੋ ਜਿਹਾ ਹੈ, ਉਤਨਾ ਚਿਰ ਯਾਦ ਵਿਚ ਬਿਰਹੋਂ ਤੇ ਰਸ ਪੈਦਾ ਨਹੀਂ ਹੋ ਸਕਦਾ। ਸਤਿਗੁਰਾਂ ਨੇ ਫੁਰਮਾਇਆ ਹੈ ਕਿ ਮਨ ਅੰਦਰ ਮਹਿਬੂਬ ਦੀ ਅਰਾਧਨਾ ਕਰ ਤੇ ਨਾਲ ਹੀ ਜਿਹਬਾ ਤੋਂ ਉਸਦਾ ਨਾਮ ਜਪ:

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥

(ਵਾਰ ਗੂਜਰੀ ਮ: ੫, ਪੰਨਾ ੫੧੭)

ਸੂਫੀਆਂ ਨੇ ਇਸ ਗੱਲ 'ਤੇ ਬਹੁਤ ਜ਼ੋਰ ਦਿਤਾ ਹੈ, ਇਕ ਨੇ ਕਿਹਾ ਹੈ, “ਮੇਰੇ ਦਿਲ ਦੇ ਆਈਨੇ ਵਿਚ ਹੀ ਯਾਰ ਦੀ ਤਸਵੀਰ ਹੈ, ਜਦੋਂ ਜ਼ਰਾ ਗਰਦਨ ਝੁਕਾਨਾ ਹਾਂ, ਲੈਂਦਾ ਹਾਂ।”

ਦਿਲ ਕੇ ਆਈਨੇ ਮੇਂ ਹੈ ਤਸਵੀਰੇ ਯਾਰ॥
ਜਬ ਜ਼ਰਾ ਗਰਦਨ ਝੁਕਾਈ ਦੇਖ ਲੀ॥

ਮਨ ਅੰਦਰ ਮਹਿਬੂਬ ਦੇ ਤਸੱਵਰ ਨੂੰ ਟਿਕਾਣ ਦੇ ਖ਼ਿਆਲ ਨੇ ਕਈ ਵੇਰਾਂ ਟਪਲਾ ਵੀ ਲਗਾਇਆ ਹੈ ਤੇ ਇਸ ਟਪਲੇ ਤੋਂ ਹੀ ਮੂਰਤੀ ਦੀ ਉਪਾਸ਼ਨਾ ਤੇ ਪੱਥਰ ਦੀ ਸ਼ੁਰੂ ਹੋਈ ਹੈ। ਮਨੁੱਖੀ ਦੇਹਾਂ ਦੀ ਉਪਾਸ਼ਨਾ ਭੀ ਇਸ ਟਪਲੇ ਦਾ ਹੀ ਫਲ ਹੈ। ਸੂਫੀ ਤਾਂ ਹਕੀਕਤ ਤੋਂ ਪਹਿਲਾਂ ਮਜਾਜ਼ ਨੂੰ ਲਾਜ਼ਮੀ ਕਰਾਰ ਦੇ ਬੈਠੇ, ਤੇ ਮਜਾਜ਼ ਸੀ ਪਿਆਰ ਕਿਸੇ ਮਨ-ਭਾਵਨੀ ਮਨੁੱਖੀ ਦੇਹ ਦਾ। ਪਰ ਇਹ ਇਕ ਹਕੀਕਤ ਹੈ ਕਿ ਚਾਹੇ ਮਨੁੱਖੀ ਦੇਹ ਹੋਵੇ ਤੇ ਚਾਹੇ ਕੋਈ ਮੂਰਤੀ, ਦੋਹਾਂ 'ਤੇ ਮਨ ਦੀ ਕੀਤੀ ਹੋਈ ਇਕਾਗਰਤਾ ਮਨੁੱਖਤਾ ਨੂੰ ਉਚੇਰਿਆਂ ਨਹੀਂ ਚੁਕ ਸਕਦੀ। ਨਾਮ ਅਭਿਆਸੀ ਨੇ ਤਾਂ ਯਾਦ ਵਿਚ ਸੁਰਤ ਜੋੜ ਆਪਣੀ ਦੇਹ ਨੂੰ ਵੀ ਭੁਲ ਜਾਣਾ ਸੀ। ਇਸ ਟਪਲੇ ਨਾਲ ਸਗੋਂ ਇਕ ਹੋਰ ਦੂਸਰੀ ਦੇਹ ਦੀ ਦੀਵਾਰ ਆਪਣੇ ਤੇ ਨਾਮੀ ਦੇ ਦਰਮਿਆਨ ਖੜੀ ਕਰ ਬੈਠਾ। ਸਤਿਗੁਰਾਂ ਨੇ ਅਭਿਆਸੀ ਨੂੰ ਪ੍ਰਭੂ ਸਿਫ਼ਤਾਂ ਦਾ ਧਿਆਨ ਧਰਨ ਲਈ ਕਿਹਾ ਹੈ। ਜਦ ਸਿੱਖ ਮੁਖ ਤੋਂ ‘ਵਾਹਿਗੁਰੂ, ਵਾਹਿਗੁਰੂ’ ਦਾ ਜਾਪ ਕਰੇ ਤਾਂ ਉਸਦੇ ਮਨ ਵਿਚ ਇਹ ਤਸੱਵਰ ਰਹੇ ਕਿ ਮੇਰੇ ਮਹਿਬੂਬ ਵਾਹਿਗੁਰੂ, ਸਭ ਸੰਸਾਰ ਦਾ ਪਸਾਰਾ ਤੇਰੇ ਸਦਕੇ ਹੈ। ਹੇ ਸਦਾ ਸਲਾਮਤ ਨਿਰੰਕਾਰ! ਨਹੀਂ ਕਿਹਾ ਜਾ ਸਕਦਾ, ਤੂੰ ਕਦੋਂ ਦਾ ਹੈਂ। ਕਈ ਬ੍ਰਹਮਾ ਅਤੇ ਵਿਸ਼ਨੂੰ ਤੂੰ ਬਣਾਏ, ਜਿਨ੍ਹਾਂ ਨੂੰ ‘ਮਾਇਆ’ ਦਾ ਮਦ ਲਗ ਗਿਆ, ਤੂੰ ਹੀ ਮਖ਼ਲੂਕ ਦਾ ਪਾਲਣਹਾਰ ਹੈਂ। ਸੇਵਕ ਤਾਂ ਏਹੀ ਕਹੇਗਾ ਕਿ ਸਭ ਦ੍ਰਿਸ਼ਟਮਾਨ ਤੇਰਾ ਹੀ ਸਦਕਾ ਹੈ:

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ॥
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭਹੂ ਕਉ ਤਦ ਕਾ॥
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥

(ਸਵਈਏ ਮ: ੪, ਪੰਨਾ ੧੪੦੩)

ਇਸ ਤਰ੍ਹਾਂ ਕੀਤੀ ਹੋਈ ਮਾਨਸਿਕ ਸਿਫ਼ਤ ਸਾਲਾਹ ਅਭਿਆਸੀ ਨੂੰ ਨਾਮੀ ਦੀਆਂ ਸਿਫ਼ਤਾਂ ਵਲ ਚੁਕਾਂਦੀ ਹੈ, ਤੇ ਜਦੋਂ ਉਹ ਵਿਸਮਾਦ ਵਿਚ ਜਾਂ ਰਸ ਵਿਚ ਸਮਾਂਦਾ ਹੈ ਤਾਂ ਨਾਮ ਨਾਮੀ ਇਕ ਰੂਪ ਹੋ ਜਾਣ ਕਰਕੇ, ਅਭਿਆਸੀ ਨੂੰ ਜੀਵਨ ਮਨੋਰਥ ਪ੍ਰਾਪਤ ਹੋ ਜਾਂਦਾ ਹੈ।

ਆਰੰਭ ਵਿਚ ਅਭਿਆਸੀਆਂ ਦੀਆਂ ਕਈ ਸ਼ਰੇਣੀਆਂ ਨੇ ਤਸਬੀ, ਮਾਲਾ ਜਾਂ ਸਿਮਰਨਾ ਫੇਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਉਹਨਾਂ ਦਾ ਖ਼ਿਆਲ ਹੈ ਕਿ ਹਰ ਮਾਲਾ ਦਾ ਮਣਕਾ ਫੇਰਨ ਨਾਲ ਮਹਿਬੂਬ ਦਾ ਨਾਮ ਲਿਆ ਜਾਏ, ਪਰ ਇਸ ਸਾਧਨ ਨੂੰ, ਪੁੱਗਿਆਂ ਹੋਇਆਂ ਨੇ ਕੋਈ ਬਹੁਤੀ ਪ੍ਰਭੁਤਾ ਨਹੀਂ ਦਿਤੀ। ਉਹਨਾਂ ਦਾ ਖ਼ਿਆਲ ਹੈ ਕਿ ਇਹ ਤਰੀਕਾ ਇਕ ਤਾਂ ਲੋਕਾਂ ਵਿਚ ਭਜਨ ਦੀ ਨੁਮਾਇਸ਼ ਕਰਦਾ ਹੈ, ਜਿਸ ਤੋਂ ਜਨਤਾ ਵਿਚ ਪਰਤਿਸ਼ਟਾ ਵਧ ਜਾਣ ਕਰਕੇ ਅਭਿਆਸੀ ਨੂੰ ਨੁਕਸਾਨ ਪੁਜਦਾ ਹੈ ਤੇ ਦੂਜੇ ਥੋੜ੍ਹੇ ਸਮੇਂ ਦੇ ਬਾਅਦ ਹੀ ਹਥ ਮਣਕੇ ਫਿਰਾਂਦੇ ਰਹਿੰਦੇ ਹਨ ਤੇ ਮਨ ਗ਼ੈਰ-ਹਾਜ਼ਰ ਹੋ ਜਾਂਦਾ ਹੈ। ਸ਼ੇਖ਼ ਸਾਅਦੀ ਨੇ ਤੇ ਏਥੋਂ ਤਕ ਲਿਖਿਆ ਹੈ ਕਿ ਜ਼ਾਹਦ ਦਾ ਹੱਥ ਤਸਬੀ ’ਤੇ, ਅਤੇ ਅੱਖ ਲੋਕਾਂ ਦੇ ਮਾਲ ’ਤੇ ਰਹਿੰਦਾ ਹੈ। ਕਾਫ਼ਰ ਤਾਂ ਕਾਫ਼ਰ ਸਨ ਹੀ, ਪਰ ਇਹ ਮੋਮਨ ਦੇ ਰੂਪ ਵਿਚ ਕਾਫ਼ਰ ਦੇਖਿਆ ਗਿਆ ਹੈ:

ਤਸਬੀ ਬਦਸਤੇ ਜ਼ਾਹਦ ਚਸ਼ਮ ਬ ਮਾਲੇ ਮਰਦਮ।
ਈ ਕਾਫ਼ਰੇ ਮੁਸਲਮਾਂ ਦੀਦਮ ਨਾ ਦੀਦਾ ਬੂਦਮ।

ਭਗਤ ਕਬੀਰ ਜੀ ਨੇ ਭੀ ਮਾਲਾ ਦੀ ਥਾਂ ਜਿਹਬਾ ਫਿਰਾਣ ਦੀ ਹੀ ਰੀਤ ਧਾਰਨ ਕੀਤੀ ਸੀ:

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ॥

(ਸਲੋਕ ਕਬੀਰ, ਪੰਨਾ ੧੩੬੪)

ਮਾਲਾ ਤਾਂ ਕੋਈ ਅਰਥ ਨਹੀਂ ਰਖਦੀ ਪਰ ਨਾਮ ਸਿਮਰਨ ਦੇ ਅਭਿਆਸੀ ਨੂੰ ਸੰਸਾਰ ਦੀ ਹਰ ਇਕ ਦਾਤ ਦੇ ਪਿਛੇ ਦਾਤਾ ਦਾ ਰੂਪ ਦੇਖ, ਦਮ-ਬ-ਦਮ ਉਸ ਦਾ ਸ਼ੁਕਰਾਨਾ ਕਰਨਾ ਆਤਮ ਚੜ੍ਹਾਈ ਵਿਚ ਮਦਦ ਦੇਂਦਾ ਹੈ। ਸਤਿਗੁਰਾਂ ਫ਼ੁਰਮਾਇਆ ਹੈ:

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ॥
ਤਿਸੁ ਠਾਕੁਰ ਕਉ ਰਖੁ ਮਨ ਮਾਹਿ॥
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ॥
ਤਿਸ ਕਉ ਸਿਮਰਤ ਪਰਮਗਤਿ ਪਾਵਹਿ॥
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ॥
ਤਿਸਹਿ ਧਿਆਇ ਸਦਾ ਮਨੁ ਅੰਦਰਿ॥
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ॥
ਆਠ ਪਹਰ ਸਿਮਰਹੁ ਤਿਸੁ ਰਸਨਾ॥
ਜਿਹ ਪ੍ਰਸਾਦਿ ਰੰਗ ਰਸ ਭੋਗ॥
ਨਾਨਕ ਸਦਾ ਧਿਆਈਐ ਧਿਆਵਨ ਜੋਗ॥੧॥
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ॥
ਤਿਸਹਿ ਤਿਆਗਿ ਕਤ ਅਵਰ ਲੁਭਾਵਹਿ॥
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ॥
ਮਨ ਆਠ ਪਹਰ ਤਾਕਾ ਜਸੁ ਗਾਵੀਜੈ॥
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ॥
ਮੁਖਿ ਤਾ ਕੋ ਜਸੁ ਰਸਨ ਬਖਾਨੈ॥
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ॥
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ॥
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ॥
ਨਾਨਕ ਪਤਿ ਸੇਤੀ ਘਰਿ ਜਾਵਹਿ॥੨॥
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ॥
ਲਿਵ ਲਾਵਹੁ ਤਿਸੁ ਰਾਮ ਸਨੇਹੀ॥
ਜਿਹ ਪ੍ਰਸਾਦਿ ਤੇਰਾ ਓਲਾ ਰਹਤ॥
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ॥
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ॥
ਮਨ ਸਰਨੀ ਪਰੁ ਠਾਕੁਰ ਪ੍ਰਭ ਤਾਕੈ॥
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ॥
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ॥
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ॥
ਨਾਨਕ ਤਾਕੀ ਭਗਤਿ ਕਰੇਹਿ॥੩॥
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ॥
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ॥

ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ॥
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ॥
ਜਿਹ ਪ੍ਰਸਾਦਿ ਬਾਗ ਮਿਲਖ ਧਨਾ॥
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ॥
ਜਿਨਿ ਤੇਰੀ ਮਨ ਬਨਤ ਬਨਾਈ॥
ਊਠਤ ਬੈਠਤ ਸਦਾ ਤਿਸਹਿ ਧਿਆਈ॥
ਤਿਸਹਿ ਧਿਆਇ ਜੋ ਏਕ ਅਲਖੈ॥
ਈਹਾ ਊਹਾ ਨਾਨਕ ਤੇਰੀ ਰਖੈ॥੪॥
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ॥
ਮਨ ਆਠ ਪਹਰ ਕਰਿ ਤਿਸ ਕਾ ਧਿਆਨ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ॥
ਤਿਸੁ ਪ੍ਰਭੁ ਕਉ ਸਾਸਿ ਸਾਸਿ ਚਿਤਾਰੀ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ॥
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ॥
ਜਿਹ ਪ੍ਰਸਾਦਿ ਤੇਰੀ ਪਤਿ ਰਹੈ॥
ਗੁਰਪ੍ਰਸਾਦਿ ਨਾਨਕ ਜਸੁ ਕਹੈ॥੫॥
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ॥
ਜਿਹ ਪ੍ਰਸਾਦਿ ਪੇਖਹਿ ਬਿਸਮਾਦ॥
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ॥
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ॥
ਜਿਹ ਪ੍ਰਸਾਦਿ ਹਸਤ ਕਰ ਚਲਹਿ॥
ਜਿਹ ਪ੍ਰਸਾਦਿ ਸੰਪੂਰਨ ਫਲਹਿ॥
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ॥
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ॥
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ॥
ਗੁਰਪ੍ਰਸਾਦਿ ਨਾਨਕ ਮਨਿ ਜਾਗਹੁ॥੬॥
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ॥
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ॥
ਜਿਹ ਪ੍ਰਸਾਦਿ ਤੇਰਾ ਪ੍ਰਤਾਪੁ॥
ਰੇ ਮਨ ਮੂੜ ਤੂ ਤਾ ਕਿਉ ਜਾਪੁ॥
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥
ਤਿਸਹਿ ਜਾਨੁ ਮਨ ਸਦਾ ਹਜੂਰੋ॥
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ॥

ਰੇ ਮਨ ਮੇਰੇ ਤੂੰ ਤਾ ਸਿਉ ਰਾਚ॥
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ॥
ਨਾਨਕ ਜਾਪੁ ਜਪੈ ਜਪੁ ਸੋਇ॥੭॥
ਆਪਿ ਜਪਾਏ ਜਪੈ ਸੋ ਨਾਉ॥
ਆਪਿ ਗਾਵਾਏ ਸੁ ਹਰਿ ਗੁਨ ਗਾਉ॥
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ॥
ਪ੍ਰਭੂ ਦਇਆ ਤੇ ਕਮਲ ਬਿਗਾਸੁ॥
ਪ੍ਰਭੁ ਸੁ ਪ੍ਰਸੰਨ ਬਸੈ ਮਨਿ ਸੋਇ॥
ਪ੍ਰਭ ਦਇਆ ਤੇ ਮਤਿ ਊਤਮ ਹੋਇ॥
ਸਰਬ ਨਿਧਾਨ ਪ੍ਰਭ ਤੇਰੀ ਮਇਆ॥
ਆਪਹੁ ਕਛੂ ਨ ਕਿਨਹੂ ਲਇਆ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ॥
ਨਾਨਕ ਇਨ ਕੈ ਕਛੂ ਨ ਹਾਥ॥੮॥੬॥

(ਸੁਖਮਨੀ ਸਾਹਿਬ, ਪੰਨਾ ੨੬੯)

ਪ੍ਰਸ਼ਾਦ ਛਕਣ ਸਮੇਂ, ਛੱਤੀ ਅੰਮ੍ਰਿਤ ਦਾਤਾ ਠਾਕੁਰ ਨੂੰ ਮਨ ਵਿਚ ਰਖ, ਸਰੀਰ ਨੂੰ ਸੁਗੰਧ ਲਾਉਣ ਵਾਲੇ ਗੰਧ-ਦਾਤਾ ਨੂੰ ਸਿਮਰ। ਮੰਦਰ ਵਿਚ ਬੈਠਣ ਸਮੇਂ ਸੰਗੀਆਂ ਦੇ ਸੁਖ ਵਿਚ ਬਿਸਰਾਮ ਕਰਦੇ ਹੋਏ, ਰਸ ਰੰਗ ਭੋਗਦੇ ਤੇ ਰੇਸ਼ਮੀ ਕਪੜੇ ਹੰਢਾਂਦੇ ਮਨੁੱਖ! ਦਾਤਾਂ ਦੇ ਦੇਣ ਵਾਲੇ ਨੂੰ ਯਾਦ ਰਖ। ਸੇਜਾ ਦੇ ਸੁਖ, ਲੋਕ-ਮਾਣ, ਪ੍ਰੇਮ ਤੇ ਦਰਗਾਹ ਦੀ ਪੱਤ ਬਖ਼ਸ਼ਣਹਾਰ ਨੂੰ ਯਾਦ ਕਰ। ਕੰਚਨ ਵਰਗੀ ਦੇਹ ਦੇਣ ਵਾਲੇ ਰਾਮ ਸਨੇਹੀ ਨਾ ਭੁਲ। ਐਬਾਂ ਨੂੰ ਛੁਪਾ ਲੈਣ ਵਾਲੇ ਠਾਕੁਰ ਦੀ ਸ਼ਰਨ ਪਉ, ਜਿਸ ਨੇ ਦੁਰਲਭ ਦੇਹ ਦੇ ਕੇ ਤੈਨੂੰ ਭਗਤੀ ਵੱਲ ਲਾਇਆ। ਜ਼ੇਵਰ ਪਹਿਨਣ ਤੇ ਹਸਤੀ ਘੋੜੇ ਚੜ੍ਹਨ ਦਿਤੇ ਅਤੇ ਮਾਲ-ਧਨ ਬਖ਼ਸ਼ੇ। ਸਦਾ ਆਚਾਰ ਤੇ ਬਿਉਹਾਰ ਸਿਖਾਇਆ, ਉਸਨੂੰ ਸੁਆਸ ਸੁਆਸ ਸਿਮਰ। ਮਨ ਵਿਚ ਵਸਾ ਜਿਸਦੇ ਹੱਥ ਵਿਚ ਸਭ ਕੁਛ ਹੈ।

ਪਹਾੜ ਦੇ ਪਾਂਧੀ ਨੂੰ ਜਿਉਂ ਜਿਉਂ ਠੰਢੀ ਹਵਾ ਦੇ ਬੁਲ੍ਹੇ ਲਗਦੇ ਹਨ, ਉਹ ਜਾਣ ਲੈਂਦਾ ਹੈ ਕਿ ਪਰਬਤ ਦੀਆਂ ਉਚੀਆਂ ਚੋਟੀਆਂ ਕਰੀਬ ਆ ਰਹੀਆਂ ਹਨ। ਬਰਫ਼ ਦੇ ਨੇੜੇ ਗਿਆਂ ਠੰਢ, ਫੁੱਲਾਂ ਦੇ ਲਾਗੇ ਲਗਿਆਂ ਸੁਗੰਧੀ, ਜਿਸ ਤਰ੍ਹਾਂ ਕਦਮ ਕਦਮ ਤੇ ਵਧਦੀ ਜਾਂਦੀ ਹੈ, ਉਸੇ ਤਰ੍ਹਾਂ ਹੀ ਸਿਮਰਨ ਅਭਿਆਸੀ ਵਿਚ ਉਤਸ਼ਾਹ, ਖੇੜਾ-ਚਾਓ, ਨਿਡਰਤਾ ਤੇ ਬੇਪ੍ਰਵਾਹੀ ਵਧਦੀ ਜਾਂਦੀ ਹੈ। ਸਤਿਗੁਰਾਂ ਨੇ ਫ਼ਰਮਾਇਆ ਹੈ ਕਿ ਜਿਸ ਮਨੁੱਖ ਨੂੰ ਅਤਿ ਮੁਸ਼ਕਲ ਬਣੇ, ਦੁਸ਼ਮਣਾਂ ਦੇ ਭੈ ਕਾਰਨ ਸਾਕ ਭੀ ਭੱਜ ਜਾਣ, ਕੋਈ ਆਸਰਾ-ਪਰਨਾ ਨਾ ਰਹੇ, ਪਾਰਬ੍ਰਹਮ ਦੇ ਚਿਤ ਆਉਣ ਨਾਲ ਉਸਨੂੰ ਤੱਤੀ ਵਾਉ ਨਹੀਂ ਲਗ ਸਕਦੀ:

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇਇ॥
ਸਭੋ ਭਜੈ ਆਸਰਾ ਚੂਕੈ ਸਭੁ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥

(ਸਿਰੀਰਾਗੁ ਮ: ੫, ਪੰਨਾ ੭੦)

ਇਤਿਹਾਸ ਵਿਚ ਇਸ ਸਚਾਈ ਦੀਆਂ ਕਈ ਗਵਾਹੀਆਂ ਮਿਲਦੀਆਂ ਹਨ। ਜਦ ਮਾਇਆ-ਮਦ-ਮਤਾ ਬਾਪ ਹਰਨਾਕਸ਼ ਆਪਣੇ ਹੀ ਪੁੱਤਰ ਪ੍ਰਹਿਲਾਦ ਦੇ ਵਿਰੁੱਧ ਹੋ ਗਿਆ, ਤਦ ਉਸਦਾ ਹੋਰ ਸਹਾਈ ਕੌਣ ਹੋ ਸਕਦਾ ਸੀ। ਉਸਦੇ ਵਿੱਦਿਆ ਗੁਰੂ ਸੰਡੇ ਮਰਕੇ ਨੇ ਸਹਾਇਤਾ ਦੇਣ ਦੀ ਥਾਂ ਰਾਮ ਨਾਮ ਨੂੰ ਛਡ ਦੇਣ ਦੀ ਸਿਖਿਆ ਦੇਣੀ ਸ਼ੁਰੂ ਕਰ ਦਿਤੀ। ਸੰਬੰਧੀਆਂ ਦੀ ਇਹ ਅਵਸਥਾ ਸੀ ਕਿ ਕੋਈ ਡਰਦਾ ਪਿਆਰ ਦਾ ਇਕ ਸ਼ਬਦ ਭੀ ਨਹੀਂ ਸੀ ਕਹਿ ਸਕਦਾ। ਕਸ਼ਟਾਂ ਦੀ ਔਸ਼ਧੀ ਕਰਨ ਲਈ ਜਦ ਤਪਾਏ ਹੋਏ ਥੰਮ੍ਹ ਨੂੰ ਜੱਫੀ ਪੁਆਈ ਗਈ, ਤਾਂ ਉਸਨੂੰ ਤੱਤੀ ਵਾਉ ਨਾ ਲੱਗੀ ਤੇ ਨਾ ਹੀ ਉਹ ਡੋਲਿਆ। ਇਸ ਅਵਸਥਾ ਨੂੰ ਕਾਵਿ ਰੰਗ ਦੇ ਕੇ ਕਿਸੇ ਨੇ ਇਉਂ ਲਿਖਿਆ ਹੈ ਕਿ ਇਕ ਸ਼ਿਕਾਰੀ ਨੇ ਦਰੱਖ਼ਤ 'ਤੇ ਬੈਠੇ ਕਬੂਤਰ ਨੂੰ ਤੱਕ, ਤੀਰ ਟਿਲੇ 'ਤੇ ਚੜ੍ਹਾਅ ਨਿਸ਼ਾਨਾ ਕਰਨਾ ਚਾਹਿਆ, ਪ੍ਰਾਣ-ਰੱਖਿਆ ਹਿਤ ਉਡੇ ਹੋਏ ਕਬੂਤਰ ਪਰ ਇਕ ਬਾਜ ਨੇ ਝਪਟ ਮਾਰੀ, ਥੱਲੇ ਸ਼ਿਕਾਰੀ ਅਤੇ ਉਪਰ ਬਾਜ ਦੇਖ, ਮਾਸੂਮ ਜਾਨਵਰ ਨੇ ਪ੍ਰਭੂ ਸਿਮਰਨ ਕੀਤਾ ਤਾਂ ਸ਼ਿਕਾਰੀ ਦੇ ਪੈਰ 'ਤੇ ਸੱਪ ਲੜ ਗਿਆ ਤੇ ਤੀਰ ਕਮਾਨੋਂ ਨਿਕਲ ਬਾਜ ਨੂੰ ਜਾ ਵੱਜਾ। ਪੰਛੀ ਦੇ ਪ੍ਰਾਣ ਬਚ ਗਏ।

ਉਡ ਜਾਨ ਕੀ ਬਾਤ ਸੁਜਾਨ ਕਹੂੰ
ਨਰ ਕਾਢ ਕਮਾਨ ਕੀਆ ਸਰ ਰੇ।
ਤੇਰੇ ਊਪਰ ਊਪਰ ਬਾਜ ਫਿਰੇ
ਤੇਰਾ ਕੌਣ ਸਹਾਈ ਬਿਨਾ ਹਰ ਰੇ।
ਬਧਕ ਕੇ ਪਾਉਂ ਭੁਜੰਗ ਡਸਿਓ
ਛੁਟਿਓ ਬਾਜ ਕੋ ਬਾਣ ਲਗਾ ਫਰ ਰੇ।
ਸਮਝਾਇ ਰਹੀ ਕਪਟੀ ਮਨ ਕੋ,
ਜਿਨ ਨਾਮ ਜਪਿਓ ਤਿਨ ਕਿਆ ਡਰ ਰੇ।

ਨਾਮ-ਅਭਿਆਸ ਦੀਆਂ ਬੇਪਰਵਾਹੀਆਂ ਦਾ ਜ਼ਿਕਰ ਕਰਦਿਆਂ ਹੋਇਆਂ ਅਗੇ ਦਸਿਆ ਹੈ ਕਿ ਜੇ ਕੋਈ ਮਨੁੱਖ ਨੰਗ ਭੁਖ ਦੀ ਪੀੜਾ ਕਰਕੇ ਦੁਬਲਾ ਹੋ ਜਾਵੇ, ਨਾ ਪੱਲੇ ਪੈਸਾ ਹੀ ਹੋਵੇ, ਨਾ ਕੋਈ ਧੀਰਜ ਹੀ ਦੇਵੇ ਅਤੇ ਨਾ ਹੀ ਲੋੜ ਸਮੇਂ ਕੋਈ ਸੁਆਰਥ ਜਾਂ ਕਾਜ ਕਰਨ ਵਿਚ ਮਦਦ ਦੇਵੇ, ਪਰ ਜੇ ਉਸਨੂੰ ਪਾਰਬ੍ਰਹਮ ਚਿਤ ਆਵੇ ਤਾਂ ਉਸ ਦਾ ਨਿਹਚਲ ਰਾਜ ਹੁੰਦਾ ਹੈ:

ਜੋ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ॥
ਦਮੜਾ ਪਲੇ ਨਾ ਪਵੈ ਨਾ ਕੋ ਦੇਵੈ ਧੀਰ॥
ਸੁਆਰਥੁ ਸੁਆਉ ਨ ਕੋ ਕਰੈ ਨਾ ਕਿਛੁ ਹੋਵੈ ਕਾਜੁ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੇ ਰਾਜੁ॥

(ਸਿਰੀਰਾਗੁ ਮ: ੫, ਪੰਨਾ ੭੦)

ਇਸ ਅਵਸਥਾ ਦਾ ਸਹੀ ਪਰਮਾਣ ਭਗਤ ਕਬੀਰ ਜੀ ਦਾ ਜੀਵਨ ਸੀ। ਕਪਟ ਤਾਂ ਸੰਤਾਂ ਨੇ ਕੀ ਕਰਨਾ ਹੋਇਆ, ਉਹ ਕਿਰਤ ਵੀ ਕੁਝ ਵਾਜਬ ਹੀ ਕਰਦੇ ਸਨ, ਜਿਸ ਕਰਕੇ ਘਰ ਸਾਮੱਗਰੀ ਦੀ ਕਮੀ ਰਹਿੰਦੀ ਸੀ। ਸੰਤ ਸੇਵਕ ਹੋਣ ਕਰਕੇ ਉਹਨਾਂ ਦੇ ਘਰ ਆਏ ਗਏ ਸਾਧੂ, ਅਭਿਆਗਤਿ, ਅਤਿਥੀਆਂ ਦੇ ਡੇਰੇ ਲਗੇ ਹੀ ਰਹਿੰਦੇ ਸਨ। ਉਹਨਾਂ ਦੀ ਮਾਂ ਦੀ ਜ਼ਬਾਨ 'ਤੇ ਇਹ ਸ਼ਿਕਾਇਤ ਸਦਾ ਰਹਿੰਦੀ ਸੀ ਕਿ ਇਕ ਦੋ ਸਾਧੂ ਘਰ ਆ ਵੜਦੇ ਹਨ ਤੇ ਇਕ ਦੋ ਰਾਹ ਤੁਰੇ ਆਉਂਦੇ ਹੁੰਦੇ ਹਨ:

ਇਕ ਦੁਇ ਮੰਦਰਿ ਇਕ ਦੁਇ ਬਾਟ॥
ਹਮ ਕਉ ਸਾਥਰੁ ਉਨ ਕਉ ਖਾਟ॥
ਮੂਡ ਪਲੋਸਿ ਕਮਰ ਬਧਿ ਪੋਥੀ॥
ਹਮ ਕਉ ਚਾਬਨੁ ਉਨ ਕਉ ਰੋਟੀ।

(ਗੋਂਡ ਕਬੀਰ, ਪੰਨਾ ੮੭੧)

ਅਸੀਂ ਪਰਵਾਰ ਦੇ ਜੀਅ ਧਰਤੀ 'ਤੇ ਸੌਂਦੇ ਹਾਂ, ਮੰਜੀ ਉਹਨਾਂ ਨੂੰ ਮਿਲ ਜਾਂਦੀ ਹੈ। ਅਸੀਂ ਛੋਲੇ ਹੀ ਚੱਬ ਕੇ ਗੁਜ਼ਾਰਾ ਕਰਦੇ ਹਾਂ। ਘਰ ਦੀਆਂ ਪੱਕੀਆਂ ਰੋਟੀਆਂ, ਪੁੱਤਰ ਉਹਨਾਂ ਸਾਧੂਆਂ ਨੂੰ ਖੁਆ ਦੇਂਦਾ ਹੈ। ਤੰਗ ਆ ਕੇ, ਮਹਿਰਮ ਮਾਂ ਇਥੋਂ ਤਕ ਕਹਿ ਉਠਦੀ ਕਿ ਇਹਨਾਂ ਭੁੱਖਾਂ ਦੁੱਖਾਂ ਨਾਲੋਂ, ਇਹ ਮੁੰਡਾ ਹੀ ਕਿਉਂ ਨਾ ਮਰ ਗਿਆ:

ਮਾਤ ਸੂਤ ਇਨਿ ਮੁੰਡੀਏ ਖੋਏ ਇਹੁ ਮੁੰਡੀਆ ਕਿਉਂ ਨਾ ਮੁਇਓ॥

(ਬਿਲਾਵਲੁ ਕਬੀਰ, ਪੰਨਾ ੮੫੬)

ਪਰ ਇਹ ਤਮਾਮ ਆਰਥਕ ਤੰਗੀ ਤੇ ਗ਼ਰੀਬੀ ਦੇ ਹੁੰਦਿਆਂ ਕੌਣ ਨਹੀਂ ਜਾਣਦਾ ਕਿ ਕਬੀਰ ਨੂੰ ਨਿਹਚਲ ਰਾਜ ਪ੍ਰਾਪਤ ਹੋਇਆ। ਜਿਸ ਦਾ ਜ਼ਿਕਰ ਉਹਨਾਂ ਨੇ ਆਪ ਹੀ ਕੀਤਾ ਹੈ।

ਸਿਮਰਨ ਅਭਿਆਸ ਦੀ ਆਖ਼ਰੀ ਮੰਜ਼ਲ ਤਾਲਬ ਮਤਲੂਬ ਦਾ ਇਕ ਹੋ ਜਾਣਾ ਹੈ। ਸਤਿਗੁਰਾਂ ਫੁਰਮਾਇਆ ਹੈ ਕਿ ਜਿਸ ਨੇ ਪ੍ਰਭੂ ਨੂੰ ਸਿਮਰਿਆ ਹੈ, ਉਹ ਉਹੋ ਜਿਹਾ ਹੀ ਹੋ ਜਾਂਦਾ ਹੈ:

ਜੈਸਾ ਸੇਵੈ ਤੈਸੋ ਹੋਇ॥

(ਗਉੜੀ ਮ: ੧, ਪੰਨਾ ੨੨੩)

ਭਗਤ ਕਬੀਰ ਜੀ ਕਹਿੰਦੇ ਹਨ ਕਿ ਸਿਮਰਨ ਦਾ ਫਲ ਰੂਪ ਮਨੁੱਖ-ਜੋਤ, ਪਰਮ ਜੋਤ ਵਿਚ ਇਸ ਤਰ੍ਹਾਂ ਮਿਲ ਜਾਂਦੀ ਹੈ ਕਿ ਕਿਸੇ ਨੂੰ ਉਹਨਾਂ ਦੇ ਕਦੀ ਅੱਡੋ ਅੱਡ ਹੋਣ ਖ਼ਿਆਲ ਹੀ ਨਹੀਂ ਹੁੰਦਾ:

ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ॥

(ਗਉੜੀ ਕਬੀਰ, ਪੰਨਾ ੩੩੫)

ਪਰ ਇਹ ਵਿਚਾਰ ਮਹਿਜ਼ ਲਿਖਣ ਔਰ ਪੜ੍ਹਨ ਨਾਲ ਬਹੁਤਾ ਕੰਮ ਨਹੀਂ ਦੇ ਸਕਦੇ। ਇਹ ਕਰਨ ਨਾਲ ਤਅੱਲਕ ਰਖਦਾ ਹੈ। ਮਿੱਠਾ ਖਾਣ ਤੋਂ ਬਿਨਾ ਖੰਡ 'ਤੇ ਲਿਖੇ ਹੋਏ ਭਾਰੇ ਸਾਹਿਤ ਦੇ ਪੜ੍ਹਨ ਨਾਲ ਵੀ ਜਿਹਬਾ ਮਿੱਠੀ ਨਹੀਂ ਹੋ ਸਕਦੀ। ਜਿਸ ਤਰ੍ਹਾਂ ਚੰਦ ਚੜ੍ਹਨ ਤੋਂ ਬਗ਼ੈਰ ਚਾਂਦਨੀ ਦਾ ਆਨੰਦ ਤੇ ਫੁੱਲ ਸੁੰਘੇ ਬਿਨਾ ਖ਼ੁਸ਼ਬੂ ਨਹੀਂ ਲਈ ਜਾ ਸਕਦੀ, ਇਸੇ ਤਰ੍ਹਾਂ ਹੀ ਨਾਮ ਸਿਮਰਨ ਦੀ, ਆਪ ਕੀਤੇ ਤੋਂ ਬਿਨਾ ਕਿਸੇ ਨੂੰ ਪੜ੍ਹਨ ਸੁਣਨ ਦੁਆਰਾ ਸਹੀ ਸਮਝ ਨਹੀਂ ਆ ਸਕਦੀ। ਇਹ ਇਕ-ਰਸ ਦੀ ਅਵਸਥਾ ਹੈ ਤੇ ਰਸ ਮਾਣਿਆਂ ਹੀ ਆ ਸਕਦਾ ਹੈ। ਭਗਤ ਕਬੀਰ ਜੀ ਨੇ ਕਿਹਾ ਹੈ ਕਿ ਪ੍ਰਭੂ ਸਿਮਰਨ ਚਰਨ ਕਮਲ ਵਿਚ ਸਮਾਣ ਦੀ ਮੌਜ ਹੈ, ਇਸ ਨੂੰ ਕਿਸੇ ਅਨੁਮਾਨ ਦੁਆਰਾ ਦੱਸਿਆ ਨਹੀਂ ਜਾ ਸਕਦਾ। ਦੇਖਿਆਂ ਹੀ ਸੁਆਦ ਆਉਂਦਾ ਹੈ, ਕਹਿਣ ਦੀ ਕੁਝ ਸ਼ੋਭਾ ਨਹੀਂ:

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥

(ਸਲੋਕ ਕਬੀਰ, ਪੰਨਾ ੧੩੭੦)

ਹਾਫ਼ਜ਼ ਕਹਿੰਦਾ ਹੈ:

ਤਪੀਦਨ ਹਾ ਚਿ ਮੇ ਦਾਨਦ ਦਿਲੇ ਅਫਸ਼ੁਰਦਾ ਏ ਜ਼ਾਹਿਦ॥
ਅਦਾਏ ਕਾਬਜ਼ੇ ਨਸ਼ਤਰ, ਰਗੇ ਬੇ ਖ਼ੂਨ ਚਿ ਮੀ ਦਾਨਦ॥

"ਸਿਮਰਨ ਦਾ ਸ਼ੌਕ ਇਕ ਨਸ਼ਤਰ ਹੈ, ਜਿਸ ਦੀ ਚੋਭ ਦਾ ਰਸ ਬਿਰਹੋਂ ਵਿਜੋਗੀ ਮਨ ਮਾਣਦਾ ਹੈ। ਕਰਮ-ਕਾਂਡੀ ਦੀਆਂ ਮੋਈਆਂ ਹੋਈਆਂ ਰਗਾਂ ਨੂੰ ਉਸ ਦਾ ਸੁਆਦ ਕੀ।” ਸੋ, ਸਿਮਰਨ ਦਾ ਸਮਝਣ ਨਾਲੋਂ ਕਰਨ ਨਾਲ ਹੀ ਸਹੀ ਸਰੂਪ ਦੇਖਿਆ ਜਾ ਸਕਦਾ ਹੈ।

ਪੰਨਾ

ਪ੍ਰੇਮਾ ਭਗਤੀ

ਇਹ ਇਕ ਜਗਤ ਪ੍ਰਸਿੱਧ ਸਚਾਈ ਹੈ ਕਿ ਦ੍ਰਿਸ਼ਟਮਾਨ ਜਗਤ ਦੇ ਨਿਜ਼ਾਮ ਨੂੰ ਕੋਈ ਅਦ੍ਰਿਸ਼ਟ ਸੱਤਾ ਚਲਾ ਰਹੀ ਹੈ। ਇਸਦੀ ਅਨੇਕਤਾ ਦੀ ਮਾਲਾ ਦੇ ਮਣਕੇ ਕਿਸੇ ਏਕਤਾ ਦੇ ਧਾਗੇ ਵਿਚ ਪਰੋਏ ਹੋਏ ਹਨ। ਇਸ ਦੇ ਅਣਗਿਣਤ ਰੰਗ ਕਿਸੇ ਬੇਰੰਗ ਦੀ ਝਲਕ ਤੋਂ ਪੈਦਾ ਹੋ ਰਹੇ ਹਨ। ਇਸ ਦਾ ਬੇਚੈਨ ਚਲ ਰਿਹਾ ਪਰਵਾਹ ਕਿਸੇ ਸ਼ਾਂਤ (ਸਕੂਨਤ) ਦੇ ਆਸਰੇ ਹੈ।

ਇਹ ਜੜ੍ਹ ਮਾਦੇ ਦਾ ਪਸਾਰਾ ਕਿਸੇ ਚੇਤਨਤਾ ਦੀ ਨਿਗਰਾਨੀ ਹੇਠ ਹੀ ਕੰਮ ਕਰ ਰਿਹਾ ਹੈ, ਜਿਸ ਕਰਕੇ ਇਸ ਦੇ ਬੁਨਿਆਦੀ ਨਿਯਮ ਬੱਧੇ ਹੋਏ ਇਕਸਾਰ ਚਲ ਰਹੇ ਹਨ। ਇਸ ਦੀਆਂ ਰਾਤਾਂ, ਰੁੱਤਾਂ, ਥਿੱਤਾਂ, ਵਾਰ, ਪਉਣ, ਪਾਣੀ, ਅਗਨੀ ਤੇ ਪਾਤਾਲ ਇਕ ਨਿਯਮ ਵਿਚ ਬੱਧੇ ਜਾ ਰਹੇ ਹਨ:

ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥

(ਜਪੁ ਜੀ ਸਾਹਿਬ, ਪੰਨਾ ੭)

ਇਹ ਨਿਯਮ ਬੰਨ੍ਹਣੇ ਚੇਤਨਤਾ ਦਾ ਹੀ ਕੰਮ ਹੈ। ਜਨਤਾ ਨਿਯਮਬੱਧ ਨਹੀਂ ਹੁੰਦੀ, ਬਾਕਾਇਦਗੀ ਨਹੀਂ ਜਾਣਦੀ, ਤਰਤੀਬ ਵਿਚ ਨਹੀਂ ਤੁਰਦੀ। ਸੰਸਾਰ ਦੇ ਇਸ ਪ੍ਰਤੱਖ ਪਰਮਾਣ ਨੂੰ ਦੇਖ ਕੇ ਹੀ ਇਹ ਮੰਨਣਾ ਪਿਆ ਕਿ ਦ੍ਰਿਸ਼ਟਮਾਨ ਦੇ ਪਿਛੇ ਕੋਈ ਅਦ੍ਰਿਸ਼ਟ ਹੈ। ਨਾ ਵੇਖਿਆ ਜਾਣ ਵਾਲਾ ਹੋਣ ਕਰਕੇ ਹੀ ਉਸ ਦੇ ਨਾਂ ਵੀ ਆਪਣੀ ਥਾਂ ਸਿਆਣਿਆਂ ਨੇ ਕਲਪ ਲਏ, ਕੋਈ ਉਸ ਨੂੰ ਵਿਅਕਤੀਗਤ (Personal) ਤੇ ਕੋਈ ਵਿਅਕਤੀ-ਰਹਿਤ (Impersonal) ਜਾਣ ਆਪਣੇ ਆਪਣੇ ਜਜ਼ਬੇ ਅਨੁਸਾਰ ਸਮਝਣ ਤੇ ਖੋਜਣ ਲੱਗਾ।

ਇਹ ਖੋਜ ਪੈਰੋਂ ਪੈਰ ਡੂੰਘੇਰੀ ਹੁੰਦੀ ਗਈ ਤੇ ਓੜਕ ਖੋਜੀ ਕਿਸੇ ਰਸ ਵਿਚ ਮਸਤ ਹੋ ਚੁਪ ਹੋ ਗਏ। ਜਿਨ੍ਹਾਂ ਨੂੰ ਨਾ ਲੱਭਾ ਉਹਨਾਂ ਮੰਨਣੋਂ, ਤੇ ਜਿਨ੍ਹਾਂ ਨੂੰ ਲੱਭ ਪਿਆ ਉਹਨਾਂ ਕੁਝ ਕਹਿਣੋਂ ਇਨਕਾਰ ਕਰ ਦਿਤਾ। ਅਰਸਤੂ ਜਿਹੇ ਫ਼ਲਸਫ਼ੀ ਅੱਕ ਕੇ ਇਨਕਾਰੀ ਹੋ ਗਏ ਅਤੇ ਕਬੀਰ ਜਿਹੇ ਰਸਕਾਂ ਨੇ ਕੁਝ ਕਹਿਣ ਤੋਂ ਅਸਮਰਥਾ ਪ੍ਰਗਟ ਕੀਤੀ:

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ॥
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥

(ਸਲੋਕ ਕਬੀਰ, ਪੰਨਾ ੧੩੭੦)

ਇਸ ਕਸ਼ਮਕਸ਼ ਦੀ ਦੁਨੀਆ ਨੇ ਕਈ ਫ਼ਲਸਫ਼ੇ, ਮਜ਼ਹਬ, ਸ਼ਰੀਅਤਾਂ ਤੇ ਪੰਥ ਖੜੇ ਕੀਤੇ। ਇਹਨਾਂ ਦੀ ਸਮਝ ਆਪੋ ਆਪਣੀ, ਤਰੀਕੇ ਅੱਡੋ ਅੱਡ ਅਤੇ ਨਿਸ਼ਚੇ ਵਖੋ ਵਖਰੇ ਸਨ, ਪਰ ਨਿਸ਼ਾਨਾ ਅਦ੍ਰਿਸ਼ਟ ਦੀ ਢੂੰਡ ਦਾ ਇਕੋ ਹੋਣ ਕਰਕੇ, ਇਕ ਸਦ ਸਾਰਿਆਂ ਦੇ ਮੂੰਹੋਂ ਨਿਕਲੀ ਕਿ ਉਹ ਭਗਤੀ ਬਿਨਾ ਨਹੀਂ ਪਾਇਆ ਜਾਂਦਾ ਤੇ ਭਗਤੀ ਪ੍ਰੇਮ ਬਿਨਾ ਨਹੀਂ ਹੁੰਦੀ। ਖੋਜੀਆਂ ਦੇ ਇਸ ਸਾਂਝੇ ਫ਼ੈਸਲੇ ਨੂੰ ਰਸਕ ਸ਼ਾਹ-ਸਵਾਰ ਨੇ ਦਮਾਮੇ 'ਤੇ ਚੋਟ ਮਾਰ ਕੇ ਸੁਣਾ ਦਿਤਾ, “ਸਾਰੇ ਸੁਣ ਲੌ! ਮੈਂ ਸਚ ਕਹਿੰਦਾ ਹਾਂ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਨੇ ਪ੍ਰਭੂ ਨੂੰ ਪਾਇਆ ਹੈ।”

ਸਾਚ ਕਹੂੰ ਸੁਨਿ ਲੇਹੁ ਸਭੈ ਜਿਨਿ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ॥

(ਸਵਯੇ ਪਾਤਸ਼ਾਹੀ ੧੦)

ਇਹ ਪ੍ਰੇਮ ਹੀ ਜੀਵਨ ਦਾ ਰਾਜ਼ ਸੀ। ਪ੍ਰਾਣਾਂ ਦੀ ਜੋਤੀ ਇਸ ਦੇ ਆਸਰੇ ਹੀ ਪ੍ਰਜ੍ਵਲਤ ਹੁੰਦੀ। ਇਹ ਕਈਆਂ ਦੇ ਅੰਦਰ ਉਤਸ਼ਾਹ ਬਣ ਕੇ ਖਿੜਦਾ, ਸੰਗੀਤ ਬਣ ਕੇ ਸੁਆਦ ਤੇ ਪੀੜਾਂ ਬਣ ਕੇ ਕਸਕਾਂ ਦੇਂਦਾ, ਅੱਥਰੂ ਬਣ ਤੁਰਦਾ ਤੇ ਗੀਤ ਬਣ ਬੰਸਰੀਆਂ, ਸਾਰੰਗੀਆਂ ਤੇ ਸਰੰਦਿਆਂ ਦੀ ਰਾਹੀਂ ਗਾਇਆ ਜਾਂਦਾ ਰਿਹਾ। ਇਸ ਦਾ ਸਰੂਰ ਸਾਰੇ ਸਰੂਰਾਂ ਤੋਂ ਵਧੇਰੇ ਰਸੀਲਾ, ਇਸ ਦੇ ਸੰਗੀਤ ਦੀ ਮਧੁਰਤਾ ਮਨਮੋਹਣੀ, ਇਸਦੇ ਨਸ਼ੱਈਆਂ ਨੇ ਇਕ ਇਕ ਘੁੱਟ ਤੋਂ ਸਲਤਨਤਾਂ ਵਾਰ ਦਿਤੀਆਂ:

ਬਾਦਸ਼ਾਹਾਂ ਸਲਤਨਤ ਬਿਗਸ਼ਾਤੰਦ ਤਾ ਬਿਆਬੰਦ ਜੁਗ ਅਜ਼ ਮੀਨਾਏ ਇਸ਼ਕ।

(ਮੁਲਾਨਾ ਰੂਮੀ)

ਇਸ ਦੇ ਮਸਤਾਨਿਆਂ ਨੇ ਸੂਲੀਆਂ ਨੂੰ ਸੁਰਾਹੀਆਂ ਜਾਣ ਪੀਤਾ। ਸਲੀਬਾਂ ਕੰਧਿਆਂ 'ਤੇ ਚੁਕ ਟੁਰ ਪਏ, ਜੋ ਸਿਰ ਪਈ ਸਹੀ, ਪਰ ਪਿਛਾਂਹ ਨਾ ਹਟੇ। ਆਖ਼ਰ ਅਜਿਹਾ ਕਿਉਂ ਹੋਇਆ?

ਸੱਚ ਤਾਂ ਇਹ ਹੈ ਕਿ ਕਰਤਾ ਨੇ ਜਗਤ ਦੀ ਕ੍ਰਿਤ ਆਪਣੇ ਆਪ ਵਿਚੋਂ ਕੀਤੀ। ਇਸ ਆਪੇ ਦੇ ਪ੍ਰਕਾਸ਼ ਨੂੰ ਭਾਵੇਂ ‘ਕੁੰਨ’ ਤੋਂ ਕਹੋ ਤੇ ਭਾਵੇਂ ‘ਓਮ’ ਤੋਂ, ਇਹ ਅੱਖਰਾਂ ਦੀ ਗੱਲ ਹੈ ਜੋ ਜੀਭਾਂ ਤੋਂ ਬੋਲੇ ਜਾਂਦੇ ਹਨ। ਇਹਨਾਂ ਵਿਚ ਭੇਦ ਪੈ ਸਕਦਾ ਹੈ ਪਰ ਭਾਵ ਵਿਚ ਭੇਦ ਨਹੀਂ, ਆਪੇ ਤੋਂ ਕੀਤਿਓਸੁ, ਆਪ ਵੇਖਿਓਸੁ ਤਾਂ ਸੋਹਣੀ ਲੱਗੀ। ਸੁੰਦਰ ਟਿਕਾਣਾ ਤੱਕ, ਵਿਚ ਆਪ ਟਿਕ ਬੈਠਾ:

ਨਿਦਾਂ ਨਿਸਤੇਮ ਅਜ਼ ਰੇਜ਼ੇ ਅਜ਼ਲ ਈ ਨਕਸ਼ੇ ਆਦਮ ਰਾ।
ਕਿ ਨੱਕਾਸ਼ ਅਜ਼ ਬਰਾਏ ਬੂਦਨੇ ਖ਼ੁਦ ਖ਼ਾਨਾ ਮੇ ਸ਼ਾਜਦਿ।

(ਭਾਈ ਨੰਦ ਲਾਲ)

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥

(ਆਸਾ ਦੀ ਵਾਰ ਮ: ੧, ਪੰਨਾ ੪੬੩)

ਜੀਆਂ ਦਾ ਜੀਵਨ ਹੋ ਗਿਆ:

ਰਾਮ ਗੁਸਈਆ ਜੀਅ ਕੇ ਜੀਵਨਾ
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ॥

(ਗਉੜੀ ਰਵਿਦਾਸ, ਪੰਨਾ ੩੪੫)

ਟਿਕਿਆ ਕੁਲ ਵਿਚ ਤੇ ਸਮਾਇਆ ਹਰ ਅੰਗ ਵਿਚ, ਕੀ ਜਲ, ਕੀ ਥਲ, ਪ੍ਰਿਥਵੀ ਤੇ ਅਕਾਸ਼, ਵਣ ਤ੍ਰਿਣ, ਸਭ ਵਿਚੋਂ ਝਾਤੀਆਂ ਮਾਰਨ ਲੱਗਾ।

ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥

ਗਉੜੀ ਸੁਖਮਨੀ ਮ: ੫, ਪੰਨਾ ੨੯੬)

ਇਹ ਲੁਕਣ-ਮੀਚੀ ਵੀ ਸੋਹਣੀ ਸੀ। ਤਾਲਬ ਲਭਦੇ ਤੇ ਮਤਲੂਬ ਹਰ ਪਾਸਿਓਂ ਝਾਤ ਪਾ ਪਾ ਛੁਪ ਜਾਂਦਾ। ਉਹ ਸਰੂ ਦੀ ਉਚਾਈਆਂ ਵਿਚ ਖੜੋਤਾ, ਵਿਛਿਆ ਹੋਇਆ, ਘਾਵਾਂ ਵਿਚ ਲੇਟਿਆ, ਬੁਲਬੁਲ ਵਿਚ ਬੋਲਦਾ ਤੇ ਕਲੀਆਂ ਵਿਚ ਚੁੱਪ ਧਾਰ ਬਣਾਂ 'ਚ ਪਸਰ ਰਿਹਾ ਹੈ:

ਇਸਤਾਦਹ ਸਰਵ ਮੇਂ ਹੈ ਸਬਜ਼ਾ ਮੇਂ ਸੋ ਰਹਾ ਹੈ
ਬੁਲਬੁਲ ਮੇਂ ਨਗ਼ਮਾ ਜ਼ਨ ਹੈ ਖ਼ਾਮੋਸ਼ ਹੈ ਕਲੀ ਮੈਂ।

(ਇਕਬਾਲ)

ਗੱਲ ਕੀ, ਹਰ ਸ਼ੈਅ ਤੇ ਹਰ ਪਾਸੇ ਪਿਆਰ ਬਣ ਕੇ ਵਿਆਪ ਰਿਹਾ ਹੈ। ਉਸ ਦੇ ਨਿਜ ਸਰੂਪ ਨੂੰ ਹੀ ਪ੍ਰੇਮ ਕਿਹਾ ਜਾਂਦਾ ਹੈ:

ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥

(ਜਾਪ ਸਾਹਿਬ ਪਾ: ੧੦)

ਉਸਦੀ ਨਿਜ, ਆਤਮ ਜੀਵਨ ਹੈ, ਇਸ ਕਰਕੇ ਜੀਵਨ ਵੀ ਪ੍ਰੇਮ ਦਾ ਹੀ ਦੂਸਰਾ ਨਾਮ ਹੈ। ਜੀਵਨ ਜਿਨ੍ਹਾਂ ਜਿਨ੍ਹਾਂ ਅਵਸਥਾਵਾਂ ਵਿਚੋਂ ਲੰਘਦਾ ਜਾਂਦਾ ਹੈ, ਪ੍ਰੇਮ ਭੀ ਓਹੋ ਓਹੋ ਰੂਪ ਲਈ ਜਾਂਦਾ ਹੈ, ਕੀ ਆਤਮਵਾਦੀ ਤੇ ਕੀ ਵਿਕਾਸਵਾਦੀ, ਜੀਵਨ ਨੂੰ ਦੋਵੇਂ ਪ੍ਰਵਾਹ-ਰੂਪ ਮੰਨਦੇ ਹਨ। ਚੱਕਰ ਨੂੰ ਕਿਸੇ ਇਕ ਮੁਕਾਮ ਤੋਂ ਸ਼ੁਰੂ ਹੋਣਾ ਸਮਝ ਕੇ ਇਕ ਦਾ ਦ੍ਰਿਸ਼ਟੀਕੋਣ ਹੋਰ ਹੈ ਤੇ ਦੂਜੇ ਦਾ ਹੋਰ।

ਮਨਸੂਰ ਪੁਕਾਰਾ ਕੇ ਖ਼ੁਦਾ ਹੂੰ ਮੈਂ
ਬੋਲਾ ਡਾਰਵਿਨ ਕਿ ਬੁਜ਼ਨਾ ਹੁੰ ਮੈਂ
ਸੁਨ ਕੇ ਹਾਤਫ਼ ਨੇ ਕਹਾ ਐ ਦੋਸਤ
ਫ਼ਿਕਰੇ ਹਰ ਕਸ਼ ਬਕਦਰੇ ਹਿੰਮਤੇ ਓਸਤ।

(ਅਕਬਰੀ)

ਆਤਮਵਾਦੀ ਸੁਧ ਬ੍ਰਹਮ ਤੋਂ ਜੀਵਨ ਨੂੰ ਥੱਲੇ ਉਤਰਦਾ ਤਕਦਾ ਹੈ ਤੇ ਵਿਕਾਸਵਾਦੀ ਜੜ੍ਹ ਅਵਸਥਾ ਤੋਂ ਉਤਾਂਹ ਉਠਦੇ ਨੂੰ। ਇਹ ਦੋਹਾਂ ਦੀ ਨਿਗਾਹ ਦਾ ਭੇਦ ਹੈ, ਨਹੀਂ ਤਾਂ ਕੀ ਉਤੋਂ ਥਲੇ ਆਉਣਾ ਤੇ ਕੀ ਥਲਿਓਂ ਉਤਾਂਹ ਜਾਣਾ, ਚੱਕਰ ਵਿਚ ਦੋਵੇਂ ਇੱਕੋ ਹਲਕੇ ਦੇ ਹੀ ਦੋ ਭੇਦ ਹੁੰਦੇ ਹਨ। ਬਹਰ ਸੂਰਤ ਜੀਵਨ ਪ੍ਰਵਾਹ ਦੀ ਤਰ੍ਹਾਂ ਚਲਦਾ ਹੈ, ਮਸਾਫ਼ਰ ਦੀ ਤਰ੍ਹਾਂ ਸਰਾਵਾਂ ਵਿਚ ਰਾਤਾਂ ਗੁਜ਼ਾਰਦਾ ਚਲ ਰਿਹਾ ਹੈ, ਪਰ ਜਿਥੇ ਟਿਕਦਾ, ਹੈ, ਆਪਾ ਪ੍ਰਗਟ ਕਰਦਾ ਹੈ, ਹੋਂਦ ਨੂੰ ਦਰਸਾਂਦਾ ਹੈ। ਇਹ ਆਪੇ ਦੀ ਹੋਂਦ ਦਾ ਦਰਸ਼ਨ ਹੀ ਪ੍ਰੇਮ ਹੈ। ਜਿਸ ਜਿਸ ਡਿਗਰੀ ਤੇ ਜੀਵਨ ਅਪੜਦਾ ਹੈ ਉਸੇ ਤਰ੍ਹਾਂ ਇਹ ਉਤਾਂਹ ਚੜ੍ਹਦਾ ਜਾਂਦਾ ਹੈ। ਜੀਵਨ ਦੀ ਪੂਰਨਤਾ ਪ੍ਰੇਮ ਦੀ ਪੂਰਨ ਅਵਸਥਾ ਹੈ ਜਾਂ ਇਉਂ ਕਹਿ ਲਈਏ, ਪ੍ਰੇਮ ਦੀ ਪੂਰਨ ਅਵਸਥਾ ਵਿਚ ਹੀ ਜੀਵਨ ਦੀ ਸੰਪੂਰਨਤਾ ਹੈ।

ਜੀਵਨ ਭਾਵੇਂ ਅਣਗਿਣਤ ਜਾਮੇਂ ਧਾਰ ਵਿਚਰਦਾ ਹੈ, ਪਰ ਜਗਤ ਦੇ ਮਰਯਾਦਾ ਪ੍ਰਸ਼ੋਤਮ ਸਿਆਣਿਆਂ ਨੇ ਇਸ ਦੇ ਸ਼ਫ਼ਰ ਨੂੰ ਚਹੁੰ ਮੰਜ਼ਲਾਂ ਵਿਚ ਵੰਡ ਦਿਤਾ ਹੈ। ਭਾਵੇਂ ਇਕ ਮੰਜਲ ਵਿਚ ਕਈ ਪੜਾਅ ਪੈਂਦੇ ਹਨ, ਪਰ ਫਿਰ ਭੀ ਚਾਰ ਸ਼ਰਤਾਂ ਪ੍ਰਧਾਨ ਕਹੀਆਂ ਗਈਆਂ ਹਨ: ਪ੍ਰਕ੍ਰਿਤਕ, ਬਨਸਪਤੀ, ਪਸ਼ੂ ਪੰਛੀ ਤੇ ਮਨੁੱਖਤਾ। ਭਾਵੇਂ ਇਹਨਾਂ ਚੌਹਾਂ ਦੀ ਵੰਡ ਲੰਬੇਰੀ ਹੈ, ਪਰ ਜਗਤ ਦੇ ਚਤੁਰ ਫ਼ਲਸਫ਼ੀ ਬ੍ਰਾਹਮਣ ਨੇ ਉਸ ਨੂੰ ਚੌਰਾਸੀ ਲੱਖ ਕਿਹਾ ਹੈ। ਪਰ ਗਿਣਤੀ (ਚੌਰਾਸੀ ਲੱਖ) ਵੀ ਤਸੱਵਰ ਦੀ ਥਕਾਵਟ ਤੋਂ ਪੈਦਾ ਹੋਈ ਹੈ। ਬੁੱਧੀ ਨੇ ਹਾਰ ਕੇ ਮਨੌਤ ਮੰਨ ਲਈ, ਪਰ ਭਾਵੇਂ ਚੌਰਾਸੀ ਲੱਖ ਮੰਨ ਲਉ ਭਾਵੇਂ ਚੌਰਾਸੀ ਕ੍ਰੋੜ, ਇਹ ਤਾਂ ਅੱਖਰਾਂ ਦੀ ਪਾਬੰਦ ਦੁਨੀਆ ਨੇ ਆਪਣਾ ਵਿਹਾਰ ਚਲਾਉਣ ਲਈ ਸੰਖਿਆ ਬੰਨ੍ਹੀ ਹੈ। ਵਾਸਤਵ ਵਿਚ ਹੈ ਤਾਂ ਬੇਅੰਤ, ਪਰ ਜੀਵਨ ਰੌ ਦੇ ਮਾਹਿਰਾਂ ਨੇ ਵਿਗਿਆਨਿਕ ਨੁਕਤਾ-ਨਿਗਾਹ ਨਾਲ ਇਸ ਦੇ ਚਾਰ ਭੇਦ ਕਾਇਮ ਕਰ ਦਿਤੇ। ਇਹਨਾਂ ਚੌਹਾਂ ਵਿਚ ਜੀਵਨ ਅੱਡੋ ਅੱਡ ਰੂਪ ਲੈਂਦਾ ਹੈ, ਜਿਸ ਕਰਕੇ ਪਿਆਰ ਭੀ ਨਵੇਂ ਨਵੇਂ ਰੂਪ ਵਿਚ ਦਿਸ ਆਉਂਦਾ ਹੈ। ਉਹ ਕਿੱਦਾਂ?

ਜੀਵਨ ਵਿਕਾਸ ਵਿਚ ਮੁਢਲੀ ਪ੍ਰਕ੍ਰਿਤਕ ਅਵਸਥਾ ਧੁੰਧਲੀ ਤੇ ਧੀਮੀ ਜਿਹੀ ਮੰਨੀ ਗਈ ਹੈ। ਬਾਹਰਲਾ ਜਾਮਾ ਭਾਵੇਂ ਇਹ ਹੀ ਹੋਵੇ, ਪਰ ਪ੍ਰੇਮ ਦੀ ਤੜਪ ਵਿਚ ਕਮੀ ਨਹੀਂ। ਪਿਆਰ ਦੀ ਬਿਹਬਲਤਾ, ਮੁਹੱਬਤ ਦੀ ਬੇਚੈਨੀ, ਇਸ਼ਕ ਦੀ ਤੀਬਰਤਾ ਬੜੀ ਸ਼ੋਖ਼ ਦਿਸ ਆਉਂਦੀ ਹੈ। ਆਓ, ਇਸ ਜੀਵਨ ਦੇ ਇਕ ਅਤਿ ਛੋਟੇ ਚਮਤਕਾਰ ਪਾਣੀ ਦੇ ਕਤਰੇ ਵਿਚ ਝਾਤ ਮਾਰੀਏ। ਉਹ ਸ਼ਾਮ ਦੇ ਵੇਲੇ ਜੋ ਚੜ੍ਹਦੇ ਵੱਲ, ਅਸਮਾਨ ਦੇ ਨੀਲੇ ਫ਼ਰਸ਼ 'ਤੇ ਕਾਲਾ ਭੂਰਾ ਜਿਹਾ ਛੱਤਰ ਵਿਛਿਆ ਦਿਸਿਆ ਸੀ, ਖੋਜਿਆਂ ਪਤਾ ਲੱਗਾ ਕਿ ਓਹ ਬੂੰਦਾਂ ਦੀ ਇਕ ਪੰਚਾਇਤ ਜੁੜੀ ਬੈਠੀ ਸੀ। ਉਤਾਵਲੀਆਂ ਬੂੰਦਾਂ, ਕਾਹਲੀਆਂ ਕੁੜੀਆਂ ਜਿਨ੍ਹਾਂ ਦੀਆਂ ਛੋਟੀਆਂ ਛੋਟੀਆਂ ਹਿੱਕਾਂ ਵਿਚ ਜੋਸ਼ ਦੇ ਬੜੇ ਬੜੇ ਤੂਫ਼ਾਨ ਉਠ ਰਹੇ ਸਨ, ਇਸ਼ਕ ਇਸ਼ਾਰਿਆਂ ਨਾਲ ਉਛਾਲ ਰਿਹਾ ਸੀ, ਕਿਸੇ ਦੀ ਪ੍ਰੀਤ ਬੇਚੈਨ ਕਰ ਰਹੀ ਸੀ। ਪ੍ਰੀਤਮ, ਫ਼ਰਸ਼ ਦੀਆਂ ਡੂੰਘਾਈਆਂ ਵਿਚ ਬਿਰਾਜਿਆ ਹੋਇਆ ਤੇ ਪ੍ਰੇਮਣਾਂ ਅਕਾਸ਼ ਦੀਆਂ ਉਚਾਈਆਂ ਵਿਚ ਲਟਕ ਰਹੀਆਂ ਸਨ। ਮਿਲਣ ਦੀ ਤਾਂਘ ਤੀਬਰ ਸੀ, ਪਰ ਅਕਾਸ਼ ਦਾ ਲੰਮਾ ਪੈਂਡਾ ਪਰਬਤ ਦੀਆਂ ਚੱਟਾਨਾਂ ਦੀ ਕਰੜਾਈ ਥੱਲੇ ਆਉਣ ਵਾਲੀਆਂ ਨੂੰ ਡਰਾ ਰਿਹਾ ਸੀ। ਸਿਆਣਪ ਕਹਿੰਦੀ ਸੀ– ਠਹਿਰੋਂ, ਤੇ ਸੋਚੋ। ਪ੍ਰੇਮ ਕਹਿੰਦਾ ਸੀ– ਉਠੋ ਤੇ ਤੁਰੋ, ਓੜਕ ਪ੍ਰੇਮ ਅਕਲ ਤੇ ਪ੍ਰਬਲ ਹੋਇਆ।

ਮਤਵਾਲੀਆਂ ਨੇ ਮਤੇ ਪਕਾ ਲਏ, ਇਕਸੁਰ ਹੋ ਬੋਲ ਉਠੀਆਂ ਕਿ ਮਾਹੀ ਦੇ ਦੇਸ ਜ਼ਰੂਰ ਜਾਣਾ ਹੈ। ਰਸ-ਰਹਿਤ ਦਰਸ਼ਕ ਦੁਨੀਆ ਨੇ, ਪ੍ਰੇਮੀਆਂ ਦੀ ਇਕ ਹੋ ਬੋਲੀ ਇਸ਼ਕ ਦੀ ਉਚੇਰੀ ਸਦ ਨੂੰ ਬੱਦਲ ਦੀ ਗਰਜ ਕਿਹਾ। ਬਿਰਹੋਂ ਬਿਜਲੀ ਬਣ ਚਮਕੀ, ਓੜਕ ਸਿਰ ਸੁੱਟੀ ਤੁਰ ਪਈਆਂ। ਅਕਾਸ਼ ਦੀਆਂ ਗਹਿਰਾਈਆਂ, ਹਵਾ ਦੇ ਤੇਜ਼ ਬੁਲ੍ਹਿਆਂ ਤੇ ਚਟਾਨਾਂ ਦੀਆਂ ਸਖ਼ਤੀਆਂ ਨੇ ਚੀਣਾ ਚੀਣਾ ਕਰ ਸੁੱਟਿਆ, ਪਰ ਇਸ਼ਕ ਅੰਗ ਅੰਗ ਵਿਚੋਂ ਜੋਸ਼ ਮਾਰ ਉਠਿਆ, ਉਸ ਨੇ ਜ਼ਿੰਦਗੀ ਦਿਤੀ, ਰਿੜ ਖਿੜ ਇਕੱਠੀਆਂ ਹੋਈਆਂ, ਆਬਸ਼ਾਰਾਂ ਹੋ ਨਦੀਆਂ ਬਣ ਸਾਗਰ ਵੱਲ ਵਹਿ ਤੁਰੀਆਂ। ਚਾਲ ਵਿਚ ਰਵਾਨੀ ਤੇ ਸ਼ੋਖ਼ੀ ਸੀ ਜੋ ਕਿਸੇ ਦੇ ਰੋਕੇ ਨਾ ਰੁਕੀਆਂ। ਕਿਸੇ ਚੱਕਰਵਰਤੀ ਸਾਹਿਬੇ ਕਿਰਾਨੀ ਸ਼ਹਿਨਸ਼ਾਹ ਦਾ ਰੋਹਬ ਵੀ ਉਹਨਾਂ ਨੂੰ ਨਾ ਰੋਕ ਸਕਿਆ। ਕਿਸੇ ਹੁਸੀਨ ਦੇ ਮਸਤ ਨੈਣ, ਕਿਸੇ ਗਵੱਈਏ ਦੇ ਮਧੁਰ ਬੈਨ, ਦਰੱਖ਼ਤਾਂ ਦੇ ਭਾਰੇ ਤਣੇ, ਪੱਥਰਾਂ ਦੀਆਂ ਵੱਡੀਆਂ ਗੀਟੀਆਂ, ਵੱਟਾਂ-ਬੰਨੇ ਅਤੇ ਘਾਟੀਆਂ ਸਭ ਅਸਰ ਪਾ ਤੇ ਜ਼ੋਰ ਲਾ ਥੱਕੇ ਪਰ ਕਤਰੇ ਦੇ ਛੋਟੇ ਜੀਵਨ ਵਿਚ ਉਪਜੇ ਹੋਏ ਪ੍ਰੇਮ ਨੇ ਕਿਸੇ ਵਲ ਤਵੱਜੋ ਨਾ ਕੀਤੀ, ਕਿਸੇ ਦੀ ਪਰਵਾਹ ਨਾ ਕੀਤੀ। ਉਹ ਮਸਤਾਨਿਆਂ ਵਾਂਗ ਉੱਛਲਦਾ, ਨੱਚਦਾ ਟੱਪਦਾ ਤੁਰਿਆ ਹੀ ਗਿਆ। ਭਲਾ ਹੋਰ ਕਿਸੇ ਨੇ ਕੀ ਰੋਕਣਾ ਸੀ, ਉਸਦੀ ਰਵਾਨੀ ਨੂੰ ਸਮਾਂ ਭੀ ਪ੍ਰਭਾਵਿਤ ਨਾ ਕਰ ਸਕਿਆ। ਸ਼ਾਮਾਂ ਪੈ ਗਈਆਂ, ਦਿਨ ਦੇ ਚਾਨਣ ਨੂੰ ਰਾਤ ਨੇ ਆਪਣੀਆਂ ਜ਼ੁਲਫ਼ਾਂ ਦੇ ਹਨੇਰੇ ਥੱਲੇ ਲੁਕਾ ਲਿਆ, ਉਸ ਦੀਆਂ ਲਿਟਾਂ ਵਿਚੋਂ ਨਿਕਲੀ ਹੋਈ ਨੀਂਦ ਦੀ ਖ਼ੁਸ਼ਬੂ ਨੇ ਕੁਲ ਆਲਮ ਨੂੰ ਮਸਤ ਕਰ ਸੁਲਾ ਦਿਤਾ। ਸਾਜ਼ਿੰਦਿਆਂ ਦੇ ਕੰਧਿਆਂ 'ਤੇ ਸੁਰ ਹੋਏ ਸਾਜ਼ ਟਿਕੇ ਹੀ ਰਹਿ ਗਏ। ਗਵੱਈਆਂ ਦੇ ਮਧੁਰ ਗੀਤ ਤੇ ਨਗ਼ਮੇਂ ਨੀਂਦ ਦੀ ਲੈਅ ਵਿਚ ਲਹਿ ਗਏ। ਸਾਕੀ ਦੇ ਮਹਿੰਦੀ ਰੰਗਲੇ ਹੱਥਾਂ ਵਿਚ ਜਾਮ ਟਿਕੇ ਟਿਕਾਏ ਹੀ ਇਕ ਪਾਸੇ ਡਿਗ ਡੁਲ੍ਹ ਗਏ, ਇਹ ਸਾਰੀ ਮਹਿਫ਼ਲ ਕਿਸ ਨੇ ਮਦਹੋਸ਼ ਕੀਤੀ, ਇਕ ਨੀਂਦ ਦੀ ਜਾਦੂਗਰੀ ਨੇ:

ਸੁਰ ਹੋਏ ਸਾਜ਼ ਤਊਸਾਂ ਤੇ ਰਾਜ਼ ਰਖੇ ਹੀ ਰਹਿ ਜਾਂਦੇ ਨੇ।
ਨਗ਼ਮੇ ਤੇ ਤਾਲ ਤਰਾਨੇ ਸਭ ਜਿਸ ਲੈ ਵਿਚ ਲਹਿ ਜਾਂਦੇ ਨੇ।
ਸਾਕੀ ਦੇ ਰੰਗਲੇ ਹੱਥਾਂ ਤੋਂ ਤਦ ਜਾਮ ਭਰੇ ਢਹਿ ਜਾਂਦੇ ਨੇ।
ਰਸੀਏ ਮਸਨਦ ਤੇ ਬੈਠੇ ਹੀ ਕਿਸ ਵਹਿਣ ਅੰਦਰ ਵਹਿ ਜਾਂਦੇ ਨੇ।
ਕੁਲ ਆਲਮ ਹੀ ਸੁੰਨ ਕਰਦੀ ਏ ਜਿਹੀ ਜਾਦੂ ਛੜੀ ਫਰਾਂਦੀ ਏ।
ਨੀਂਦਰ ਦੀ ਗੋਦੀ ਮਿਠੀ ਏ ਕੁਲ ਆਲਮ ਥਪਕ ਸੁਲਾਂਦੀ ਏ।

(ਕਰਤਾ)

ਪਰ ਇਹ ਕੁਲ ਆਲਮ 'ਤੇ ਛਾ ਜਾਣ ਵਾਲੀ ਨੀਂਦ ਭੀ ਇਸ਼ਕਬਾਜ਼ ਬੂੰਦਾਂ ਨੂੰ ਤੁਰਨੋਂ ਬੰਦ ਨਾ ਕਰ ਸਕੀ। ਰਾਤ ਦੀ ਚੁਪੀਤੀ ਫ਼ਿਜ਼ਾ ਵਿਚ ਇਹਨਾਂ ਬੂੰਦਾਂ ਦੇ ਕਾਫ਼ਲੇ ਦੇ ਇਕ-ਰਸ ਉਚੇ ਉਚੇ ਗੀਤ, ਹਰ ਜਾਗ ਰਹੇ ਅਤੇ ਜਾਗੋ ਮੀਟੇ ਜਾਨਦਾਰ ਨੇ ਸੁਣੇ। ਸ਼ਾਇਰ ਨਦੀ ਦੀ ਇਸ ਇਕ-ਰਸ ਰਵਾਨੀ ਨੂੰ ਤੱਕ ਹੈਰਾਨ ਹੋ ਗਿਆ, ਤੇ ਕਹਿ ਉਠਿਆ, “ਓ ਬੇਚੈਨ ਬੂੰਦਾਂ ਦੀ ਬੇਪਰਵਾਹ ਨਦੀ! ਕੀ ਤੂੰ ਨਹੀਂ ਤੱਕ ਰਹੀ, ਸ਼ਾਮਾਂ ਪੈ ਗਈਆਂ ਨੇ, ਸਾਰੇ ਸੰਸਾਰ ਨੇ ਆਪਣੇ ਕੰਮ ਸਮੇਟ ਲਏ ਨੇ, ਮੁਸਾਫ਼ਰ ਸਰਾਵਾਂ ਦੇ ਸ਼ਾਂਤ ਗੋਸ਼ਿਆਂ ਵਿਚ ਜਾ ਬਿਰਾਜੇ ਨੇ, ਪਰ ਤੂੰ ਕਿਉਂ ਨਹੀਂ ਅਟਕਦੀ, ਸਾਹ ਕਿਉਂ ਨਹੀਂ ਕੱਢ ਲੈਂਦੀ, ਰਾਤ ਦੀ ਰਹਿਮਤ, ਸ਼ਾਂਤੀ ਤੇ ਨੀਂਦ ਵਿਚੋਂ ਹਿੱਸਾ ਕਿਉਂ ਨਹੀਂ ਵੰਡਾ ਲੈਂਦੀ।” “ਨਾਦਾਨ ਕਵੀ”, ਨਦੀ ਨੇ ਕਿਹਾ, “ਜਗਤ ਦੇ ਮੁਸਾਫ਼ਰਾਂ ਦੇ ਪੈਂਡੇ ਤ੍ਰਿਸ਼ਨਾ ਤੋਂ ਪੈਦਾ ਹੋਈਆਂ ਗ਼ਰਜ਼ਾਂ ਦੇ ਆਸਰੇ ਹਨ, ਉਹਨਾਂ ਦੀ ਚਾਲ ਵਿਚ ਤੋਟਾ ਆ ਸਕਦਾ ਹੈ, ਪਰ ਸਾਡਾ ਕਾਫ਼ਲਾ ਸੀਨੇ ਵਿਚ ਖਿੱਚ ਖਾ ਚੁੱਕੇ ਪਾਂਧੀਆਂ ਦਾ ਹੈ। ਇਥੇ ਸੁਸਤਾਉਣ ਕੀ, ਸਾਡੇ ਦਸਤੂਰ ਹੀ ਅਵੱਲੇ ਹਨ:

ਸੀਨੇ ਖਿਚ ਜਿਨ੍ਹਾਂ ਨੇ ਖਾਧੀ ਉਹ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ।

(ਭਾਈ ਵੀਰ ਸਿੰਘ)

ਦਿਨ ਹੋਏ ਚਾਹੇ ਰਾਤ, ਤੁਰੀ ਹੀ ਜਾਣਾ, ਨਾ ਥੱਕਣਾ, ਨਾ ਠਹਿਰਨਾ ਤੇ ਨਾ ਮੁੜਨਾ, ਇਹ ਤਿੰਨੇ ਸਾਡੇ ਜੀਵਨ ਵਿਚ ਤਾਪ ਸਮਝੇ ਜਾਂਦੇ ਹਨ। ਇਹਨਾਂ ਤੋਂ ਪ੍ਰਭੂ ਬਖ਼ਸ਼ੇ, ਸਾਡੀ ਚਾਲ ਵਿਚ ਅਟਕ ਨਹੀਂ ਹੋ ਸਕਦੀ:

ਇਥੇ ਦਿਨੇ ਤੁਰਨ, ਇਥੇ ਰਾਤ ਤੁਰਨ, ਇਥੇ ਸ਼ਾਮ ਤੁਰਨ,
ਪ੍ਰਭਾਤ ਤੁਰਨ, ਨਹੀਂ ਹੁਟਣ ਅਟਕਣ ਨਾਹਿ ਮੁੜਨ ਇਥੇ
ਤੁਰੀ ਗਿਆਂ ਬਨ ਆਂਦੀ ਏ।

(ਕਰਤਾ)

ਹਾਂ, ਵਸਲ ਵਿਚ ਠਹਿਰਾਓ ਹੋਵੇਗਾ। ਜਿਸ ਵੇਲੇ ਬੂੰਦਾਂ ਦਾ ਇਹ ਪ੍ਰੇਮ-ਰਸ-ਭਿੰਨਾ ਕਾਫ਼ਲਾ ਸਾਗਰ ਦੇ ਸੀਤਲ ਸੀਨੇ ਨੂੰ ਜਾ ਮਿਲੇਗਾ, ਤਦੋਂ ਵਿਸਮਾਦ ਦੀਆਂ ਬੇਹੋਸ਼ੀਆਂ ਵਿਚ, ਨਿਜ ਆਪੇ ਸਮਾਅ ਜਾਣਗੇ ਤੇ ਪੂਰਨ ਅਵਸਥਾ ਆ ਜਾਏਗੀ:

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

(ਬਿਲਾਵਲੁ ਮ: ੫, ਪੰਨਾ ੮੪੬)

ਜੀਵਨ ਦੀ ਇਸ ਅਵਸਥਾ ਵਿਚ ਪ੍ਰੇਮ-ਪੰਧ ਇਸ ਤਰ੍ਹਾਂ ਹੀ ਨਿਬੜਦਾ ਹੈ। ਏਸੇ ਤਰ੍ਹਾਂ ਹੀ ਜੀਵਨ ਦੀ ਅੰਤਮ ਅਵਸਥਾ ਵਿਚ, ਜੋੜੀ ਵਿਚ ਜੋਤ ਮਿਲੇਗੀ। ਅੱਜ ਪਾਣੀ ਦੀ ਬੂੰਦ ਹੀ ਪਾਣੀ ਦਾ ਸਾਗਰ ਹੈ, ਉਦੋਂ ਕੇਵਲ ਜੀਵਨ ਦੀ ਜੋਤ ਤੇ ਜੋਤੀ ਸਰੂਪ ਸਾਗਰ ਹੋਵੇਗਾ। ਇਹਨਾਂ ਅਵਸਥਾਵਾਂ ਵਿਚ ਭੇਦ ਹੈ ਪਰ ਵਰਤਾਰਾ ਇਕੋ ਹੈ।" ਕਵੀ ਚੁਪ ਕਰ ਗਿਆ। ਕਰਦਾ ਭੀ ਕਿਉਂ ਨਾ, ਪ੍ਰਸ਼ਨ ਜੋ ਗ਼ਲਤ ਪੁੱਛ ਬੈਠਾ ਸੀ। ਆਲਸ ਦੀ ਦੁਨੀਆਂ ਨੂੰ ਉੱਦਮ ਦੇ ਅੰਬਰ ਤੋਂ ਇਹੋ ਹੀ ਉੱਤਰ ਮਿਲਣਾ ਸੀ।

ਇਹ ਤਾਂ ਜ਼ਿਕਰ ਸੀ ਦੁਨੀਆਂ ਦੇ ਇਕ ਅੰਗ ਦਾ, ਪਰ ਇਹ ਪ੍ਰੇਮ-ਸਿੱਕ, ਇਕੱਲੇ ਪਾਣੀ ਦੇ ਕਤਰੇ ਦੀ ਹੀ ਵਿਰਾਸਤ ਨਹੀਂ, ਇਸ ਨੇ ਤਾਂ ਪ੍ਰਕਿਰਤੀ ਦੇ ਜ਼ੱਰੇ ਜ਼ੱਰੇ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿੰਨੀ ਤੇਜ਼ੀ ਨਾਲ ਕਤਰਾ ਸਾਗਰ ਵੱਲ ਵਹਿੰਦਾ ਹੈ, ਉਤਨੀ ਹੀ ਤੀਬਰਤਾ ਨਾਲ ਮਿੱਟੀ ਦਾ ਕੋਈ ਢੇਲਾ ਅਕਾਸ਼ ਵਲੋਂ ਧਰਤੀ ਵੱਲ ਡਿਗਦਾ ਹੈ। ਮਿੱਟੀ ਦੇ ਜ਼ੱਰਿਆਂ ਦੀ ਆਪਣੀ ਧਰਤੀ ਮਾਤਾ ਵੱਲ ਖਿੱਚੇ ਜਾਣ ਦੇ ਜਜ਼ਬੇ ਤੋਂ ਹੀ ਵਿਗਿਆਨਕ ਨੇ ਆਕਰਸ਼ਣ ਸ਼ਕਤੀ (Gravity) ਦਾ ਭੇਦ ਲੱਭਾ ਹੈ। ਡਾਲੀ ਤੋਂ ਟੁਟੇ ਹੋਏ ਧਰਤੀ 'ਤੇ ਬੇਵਸ ਹੋ ਡਿਗਦੇ ਸੇਬ ਨੇ ਹੀ, ਨਿਊਟਨ (Neuton) ਨੂੰ ਦਰਸ਼ਨ ਕਲਾ ਦੀ ਕੁੰਜੀ ਦਿੱਤੀ ਸੀ। ਜ਼ੱਰਿਆਂ ਦੀਆਂ ਇਹ ਪ੍ਰਸਪਰ ਪ੍ਰੇਮ-ਖਿੱਚਾਂ ਹੀ ਬੇਅੰਤ ਸਿਆਰਿਆਂ ਤੇ ਸਿਤਾਰਿਆਂ ਨੂੰ ਆਪਣੀ ਆਪਣੀ ਥਾਂ ਖਲ੍ਹਿਆਰ, ਜਗਤ ਦੀ ਸੁੰਦਰਤਾ ਨੂੰ ਸੰਭਾਲੀ ਖਲੋਤੀਆਂ ਹਨ। ਨਿਰੇ ਮਿੱਟੀ ਦੇ ਜ਼ੱਰਿਆਂ ਤੇ ਗੱਲ ਨਹੀਂ ਮੁੱਕ ਜਾਂਦੀ। ਕੀ ਅੱਗ ਦਾ ਨਿੰਮ੍ਹੇ ਤੋਂ ਨਿੰਮ੍ਹਾ ਸ਼ੋਅਲਾ ਤੇ ਛੋਟੇ ਤੋਂ ਛੋਟਾ ਚੰਗਿਆੜਾ ਸੂਰਜ ਵੱਲ ਛਾਲਾਂ ਨਹੀਂ ਮਾਰਦਾ? ਕੀ ਅੱਗ ਮਚਾਣ ਸਮੇਂ ਸਿਆਣੇ ਇਹ ਨਹੀਂ ਆਖਦੇ ਕਿ ਲੱਕੜੀ ਨੂੰ ਉਲਟਾ ਲਵੋ ਤਾਂ ਜੋ ਅੱਗ ਉਤਾਂਹ ਤਕ ਲਗਦੀ ਜਾਵੇ। ਇਸ ਵਿਚ ਕੋਈ ਬਾਰੀਕੀ ਨਹੀਂ, ਸਾਫ਼ ਤੇ ਸਿੱਧੀ ਗੱਲ ਹੈ, ਲੱਕੜੀ ਸਿਧੀ ਰਹੇ ਭਾਵੇਂ ਉਲਟੀ, ਅੱਗ ਦੇ ਸ਼ੋਅਲੇ ਨੇ ਤਾਂ ਉਤਾਂਹ ਅੰਬਰ ਵਿਚ ਖੜੋਤੇ ਸੂਰਜ ਵੱਲ ਚੜ੍ਹਨਾ ਹੈ। ਉਹ ਸ਼ੋਅਲਿਆਂ ਦਾ ਸੋਹਣਾ ਮਾਹੀ ਜੁ ਹੋਇਆ। ਉਹ ਚੰਗਿਆੜਿਆਂ ਦਾ ਚਮਕੀਲਾ ਮਹਿਬੂਬ ਜੁ ਹੋਇਆ। ਜੋ ਤੜਪ ਪਾਣੀ ਦੇ ਕਤਰਿਆਂ ਵਿਚ ਸਾਗਰ ਲਈ ਤੇ ਜੋ ਤਾਂਘ ਖ਼ਾਕ ਦੇ ਜ਼ੱਰਿਆਂ ਵਿਚ ਧਰਤੀ ਲਈ ਹੈ, ਉਹੋ ਹੀ ਤੀਬਰਤਾ ਚੰਗਿਆੜਿਆਂ ਵਿਚ ਸੂਰਜ ਲਈ ਹੈ। ਇਹ ਖਿੱਚਾਂ, ਤਾਂਘਾਂ ਅਤੇ ਬੇਚੈਨੀਆਂ ਪ੍ਰਕ੍ਰਿਤਕ ਮਾਦੇ ਦੀ ਦੁਨੀਆਂ ਵਿਚ ਜੀਵਨ ਦੇ ਮੁਢਲੇ ਪ੍ਰਕਾਸ਼ ਦੇ ਨਿਸ਼ਾਨ ਹਨ। ਰਸੀਆਂ ਨੇ ਇਹਨਾਂ ਤੋਂ ਸਬਕ ਲੈ ਲੈ ਪ੍ਰੇਮ ਦੀ ਸੰਧਾ ਪਕਾਈ ਹੈ ਤੇ ਕਿਹਾ ਹੈ, ਜਿਸ ਤਰ੍ਹਾਂ ਅੱਗ ਦੇ ਚੰਗਿਆੜੇ, ਅੱਗ ਦੇ ਕੇਂਦਰ ਸੂਰਜ ਵਿਚ, ਧੂੜ ਦੇ ਕਿਣਕੇ ਧੂੜ ਵਿਚ ਅਤੇ ਪਾਣੀ ਦੀਆਂ ਲਹਿਰਾਂ ਸਾਗਰ ਵਿਚ ਸਮਾ ਰਹੀਆਂ ਹਨ, ਏਸੇ ਤਰ੍ਹਾਂ ਹੀ ਵਿਆਪਕ ਜੀਵਨ ਦੇ ਅੰਗ ਅੱਡੋ ਅੱਡ ਹੋ ਕੇ ਓੜਕ ਉਹਦੇ ਵਿਚ ਆ ਮਿਲਣਗੇ।”

ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ
ਨਿਆਰੇ ਨਿਆਰੇ ਹੋਇ ਕੈ ਫੇਰਿ ਆਗ ਮੈ ਮਿਲਾਹਿੰਗੇ।
ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈਂ
ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ।
ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ
ਪਾਨ ਕੇ ਤਰੰਗ ਸਬੈ ਪਾਨ ਹੀ ਸਮਾਹਿੰਗੇ।
ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ
ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿੰਗੇ।

(ਅਕਾਲ ਉਸਤਤਿ, ਪਾਤਸ਼ਾਹੀ ੧੦)

ਹੁਣ ਬਨਸਪਤੀ ਵਿਚ ਨਿਗਾਹ ਮਾਰੋ, ਜੀਵਨ ਨੇ ਦੂਸਰਾ ਰੂਪ ਲਿਆ, ਧਰਤੀ ਵਿਚੋਂ ਸਿਰ ਕਢ ਖਲੋਤਾ, ਧੁੱਪ, ਛਾਂ, ਗਰਮੀ ਤੇ ਸਰਦੀ ਦਾ ਅਸਰ ਵਧੇਰੇ ਮਹਿਸੂਸ ਕਰਨ ਲੱਗਾ, ਪ੍ਰੇਮ ਭੀ ਨਾਲ ਹੀ ਪਲਟ ਖਲੋਤਾ, ਜਾਤ ਨਾ ਜੀਵਨ ਦੀ ਬਦਲੀ, ਨਾ ਪ੍ਰੇਮ ਦੀ, ਰੂਪ ਦੋਹਾਂ ਨੇ ਨਵੇਂ ਲੈ ਲਏ। ਜਿਥੇ ਪਾਣੀ ਵਿਚ ਕਤਰਾ ਤੇ ਸਾਗਰ ਨੇ ਸੀਮਾ ਰਖ ਕੇ ਪ੍ਰੇਮ ਦੀ ਬਾਜ਼ੀ ਸ਼ੁਰੂ ਕੀਤੀ ਸੀ, ਉਥੋਂ ਹੁਣ ਬੀਜ ਤੋਂ ਬੀਜ ਤਕ ਅਪੜਨਾ, ਪਿਆਰ ਲੀਲ੍ਹਾ ਦਾ ਕਰਤੱਬ ਬਣ ਗਿਆ। ਅਸਲ ਵਿਚ ਤਾਂ ਆਪ ਤੋਂ ਆਪ ਵੱਲ ਆਉਣਾ ਹੀ ਸਾਰੀ ਖੇਡ ਸੀ।

ਇਸ ਖੇਡ ਨੂੰ ਖੇਡਣ ਲਈ ਕਿਤਨੇ ਹੀ ਭੇਸ ਵਟਾਣੇ ਪਏ, ਕਿਤਨੀਆਂ ਹੀ ਮੰਜ਼ਲਾਂ ਤਹਿ ਕਰਨੀਆਂ ਪਈਆਂ। ਪਹਿਲਾਂ ਪਿਆਰ ਵਿਚ ਬੀਜ ਨੇ ਛਾਤੀ ਪਾੜੀ, ਉਹ ਕੁਝ ਕਰੜੀ ਸੀ, ਮਿੱਟੀ ਵਿਚ ਦੱਬ ਪੋਲੀ ਕਰ ਲਈ। ਫੁਟੇ ਹੋਏ ਸੀਨੇ ਵਿਚੋਂ ਅੰਗੂਰ ਨਿਕਲਿਆ, ਹਰੀ ਅੰਗੂਰੀ ਤੋਂ ਬੂਟਾ, ਬੂਟਿਓਂ ਫੁੱਲ, ਫੁੱਲ ਤੋਂ ਫਲ ਤੇ ਫਲ ਤੋਂ ਫਿਰ ਬੀਜ ਬਣ ਖੇਡ ਜਾ ਮੁਕੀ। ਇਸ ਪ੍ਰੇਮ-ਲੀਲ੍ਹਾ ਵਿਚ ਜਜ਼ਬੇ ਦਾ ਜੋਸ਼, ਤਾਂਘ ਦੀ ਤੀਬਰਤਾ ਤੇ ਸ਼ੌਕ ਦੀ ਸ਼ੋਖ਼ੀ ਭਰ-ਜੋਬਨ ਵਿਚ ਕਾਇਮ ਰਹੀ, ਮਿਲਾਪ ਦੀਆਂ ਤਾਂਘਾਂ ਨੇ ਹਰ ਮੰਜ਼ਲ ਦੇ ਪੂਰਾ ਕਰਨ 'ਤੇ ਨਵੇਂ ਖੇੜੇ ਦਿਤੇ। ਕਦਮ ਕਦਮ 'ਤੇ ਚਾਅ ਆਏ, ਥਾਂ ਥਾਂ ਤੇ ਖੇੜੇ ਮਿਲੇ, ਸਫਲਤਾ ਦੀਆਂ ਖ਼ੁਸ਼ੀਆਂ ਹਰ ਪਲ ਤੇ ਆਪਣਾ ਪ੍ਰਕਾਸ਼ ਦੇਂਦੀਆਂ ਰਹੀਆਂ।

ਉਹ ਕਦੀ ਡਾਲੀਆਂ ਵਿਚੋਂ ਮਸਤੀ ਬਣ ਝੂੰਮੀਆਂ, ਪੱਤਿਆਂ ਵਿਚੋਂ ਸਬਜ਼ਾ ਬਣ ਲਹਿਰਾਈਆਂ, ਕਰੂੰਬਲਾਂ ਵਿਚੋਂ ਕੋਮਲਤਾ ਬਣ ਲਿਸ਼ਕੀਆਂ, ਕਲੀਆਂ ਵਿਚ ਜੋਬਨ ਹੋ ਉਭਰੀਆਂ, ਫੁੱਲਾਂ ਵਿਚੋਂ ਖ਼ੁਸ਼ਬੂ ਹੋ ਉਡੀਆਂ, ਫਲਾਂ ਵਿਚੋਂ ਰਸ ਬਣ ਸਵਾਦੀ ਲੱਗੀਆਂ ਤੇ ਬੀਜ ਵਿਚ ਨਿੱਜ ਜੀਵਨ ਦਾ ਨਵਾਂ ਰੂਪ ਲੈ, ਲੱਗੀਆਂ ਨੂੰ ਤੋੜ ਨਿਭਾ ਗਈਆਂ।

ਇਸ ਪਿਆਰ ਲੀਲ੍ਹਾ ਵਿਚ ਅਟਕਾਂ ਨੂੰ ਜਿੱਤਣਾ ਪਿਆ, ਰੋਕਾਂ ਨੂੰ ਉਲੰਘਣਾ ਪਿਆ, ਬੇਵਫ਼ਾਂ ਦੀ ਸੰਗਤ ਤੋਂ ਪਰਹੇਜ਼ ਕਰਨਾ ਪਿਆ। ਕਹਿੰਦੇ ਹਨ ਬਨਸਪਤੀ ਦੇ ਜੀਵਨ ਵਿਚ ਪਿਆਰ, ਰਸ-ਭਰੀ ਜੋਬਨ ਮਦਮਤੀ ਚੰਬੇ ਦੀ ਸੁੰਦਰ ਕਲੀ ਦੇ ਪਾਸ, ਭੰਵਰ ਦੀ ਗੁੰਜਾਰ ਨਾ ਪੈਂਦੀ ਤਕ, ਇਕ ਕਵੀ ਨੇ ਉਸ ਤੋਂ ਪੁੱਛਿਆ, “ਬਾਗ਼ ਦੀ ਸਿਰਤਾਜ ਸੁੰਦਰੀ! ਤੂੰ ਬਨਸਪਤੀ ਦੇ ਸਭ ਗੁਣਾਂ ਨਾਲ ਸ਼ਿੰਗਾਰੀ ਹੋਈ ਹੈਂ। ਤੇਰਾ ਰੂਪ ਮਨ-ਮੋਹਣਾ, ਰੰਗ ਨਿੱਖਰਵਾਂ ਤੇ ਸੁਗੰਧੀ ਅਤਿ ਸੁੰਦਰ ਹੈ। ਫਿਰ ਕਾਰਨ ਕੀ ਕਿ ਭੰਵਰ ਤੇਰੇ ਕੋਲ ਨਹੀਂ ਬਹਿੰਦਾ? ਆਪਣੀ ਗੁੰਜਾਰ ਨਾਲ ਤੇਰੇ ਵਿਹੜੇ ਰੌਣਕਾਂ ਕਿਉਂ ਨਹੀਂ ਲਾਉਂਦਾ?”

ਚੰਪਾ ਤੁਝ ਮੇਂ ਤੀਨ ਗੁਣ ਰੂਪ ਰੰਗ ਅਰ ਬਾਸ।
ਇਹ ਅਵਗੁਣ ਕਿਉਂ ਤੁਝ ਵਿਖੇ ਭੰਵਰ ਨਾ ਬੈਠੇ ਪਾਸ।

ਕਲੀ ਨੇ ਮੁਸਕਰਾ ਕੇ ਕਿਹਾ, “ਕਵੀ ਤੂੰ ਨਹੀਂ ਜਾਣਦਾ, ਉਹ ਹਰ ਥਾਂ ਥਾਂ 'ਤੇ ਬਹਿਣ ਵਾਲਾ ਹਰਜਾਈ ਹੈ। ਪ੍ਰੀਤ ਦੀ ਰੀਤ ਤੋਂ ਨਾਵਾਕਫ਼, ਨਿਰੇ ਰੂਪ ਦਾ ਗਾਹਕ, ਤਨ ਨੂੰ ਤਾੜਨ ਵਾਲਾ, ਵਫ਼ਾ ਤੋਂ ਅਨਜਾਣ, ਲੋਭੀ ਕੀੜਾ ਹੈ। ਕੀ ਤੂੰ ਉਸਦੇ ਪੀਲੇ ਤੂੰ ਮੁਖ ਤੋਂ ਕੁਦਰਤ ਦੀ ਦਰਸਾਈ ਹੋਈ ਇਹ ਲਿਖਤ ਨਹੀਂ ਪੜ੍ਹੀ ਕਿ ਇਹ ਬੇਵਫ਼ਾ ਹੈ? ਫਿਰ ਦੱਸ ਅਸੀਂ ਪ੍ਰੀਤ-ਰਸ-ਮੱਤੇ ਲੋਕ, ਅਜਿਹੇ ਬੇਵਫ਼ਾ ਦੇ ਕੁਸੰਗ ਨੂੰ ਕਿਸ ਤਰ੍ਹਾਂ ਸਹਾਰ ਸਕਦੇ ਹਾਂ:

ਮਾਲੀ ਤੋਂ ਇਕ ਦਿਨ ਮੈਂ ਪੁਛਿਆ, ਇਹ ਭੰਵਰੇ ਮਤਵਾਲੇ।
ਫੁਲਾਂ ਦੇ ਆਸ਼ਕ ਫਿਰ ਕਿਉਂ ਨੇ ਮੁਖ ਪੀਲੇ ਤਨ ਕਾਲੇ।
ਆਸ਼ਕ ਨਹੀਂ ਇਹ ਲੋਭੀ ਕੁੰਵਰ ਕਲੀ ਕਲੀ ਰਸ ਮਾਣਨ,
ਮੁਖ ਪੀਲੇ, ਕਾਇਰ ਉਹ ਧੁਰ ਤੋਂ, ਜੋ ਲਾ ਕੇ ਨਾ ਪਾਲੇ।

(ਕਰਤਾ)

ਮੇਰਾ ਰੂਪ, ਰੰਗ ਤੇ ਵਾਸ਼ਨਾ, ਪਿਆਰ ਦੀ ਸਚਾਈ ਦੇ ਆਸਰੇ ਕਾਇਮ ਹਨ। ਸੱਚ ਪੁੱਛੇਂ ਤਾਂ ਸਿਦਕ ਹੀ ਸੁਗੰਧੀ ਬਣ ਕੇ, ਅਹਿੱਲਤਾ ਰਸ ਬਣ ਕੇ ਤੇ ਦ੍ਰਿੜਤਾ ਹੀ ਰੂਪ ਬਣ ਮੇਰੇ ਵਿਚੋਂ ਚਮਕਦੀ ਹੈ, ਫਿਰ ਥਾਂ ਥਾਂ ਦੇ ਭਟਕਣ ਵਾਲੇ ਲੋਭੀਆਂ ਨੂੰ ਕੋਲ ਕੌਣ ਬਹਿਣ ਦੇਵੇ।

ਸਾਜਨ ਮੁਝ ਮੇ ਤੀਨ ਗੁਣ, ਰੂਪ ਰੰਗ ਅਰ ਬਾਸ।
ਜਗ੍ਹਾ ਜਗ੍ਹਾ ਕੇ ਮੀਤ ਕੋ, ਕੌਣ ਬਿਠਾਵੇ ਪਾਸ।

ਇਹ ਪਿਆਰ ਦੀ ਵਿਕਾਸ ਲੀਲ੍ਹਾ, ਇਤਨਾ ਡੂੰਘਾ ਅਸਰ ਰਖਦੀ ਹੈ ਕਿ ਬੂਟੇ ਮੁਆਫ਼ਕ ਪੌਣ-ਪਾਣੀ ਵਾਲੇ ਦੇਸ਼ ਵਿਚ ਵਸਣੋਂ ਇਨਕਾਰ ਕਰ ਦੇਂਦੇ ਹਨ। ਸਾਨੂੰ ਇਕ ਵੇਰ ਨੈਨੀਤਾਲ ਜਾਣ ਦਾ ਇਤਫ਼ਾਕ ਹੋਇਆ, ਗੌਰਮਿੰਟ ਹਾਊਸ ਦੇ ਬਗ਼ੀਚੇ ਵਿਚ ਇਕ ਬੜਾ ਸੁੰਦਰ ਫੁਲ ਖਿੜਿਆ ਹੋਇਆ ਸੀ। ਜਾਂ ਮਾਲੀ ਕੋਲੋਂ ਉਸ ਫੁੱਲ ਦਾ ਬੀਜ ਮੰਗਿਆ ਤਾਂ ਬੂਟਿਆਂ ਦੇ ਮਹਿਰਮ ਮਾਲੀ ਨੇ ਕਿਹਾ, “ਬੀਜ ਤਾਂ ਜੀ ਸਦਕੇ ਲੈ ਜਾਓ, ਪਰ ਇਹ ਬੂਟਾ ਪੰਜਾਬ ਦੇ ਮੈਦਾਨਾਂ ਵਿਚ ਫੁਲੇਗਾ ਨਹੀਂ। ਭਾਵੇਂ ਤਨਾਂ ਦੀ ਦੁਨੀਆ 'ਤੇ ਨਿਗਾਹ ਰੱਖਣ ਵਾਲਾ ਮਾਲੀ ਇਸ ਗੱਲ ਦੇ ਵਿਗਿਆਨਿਕ ਕਾਰਨ ਦੱਸ ਰਿਹਾ ਸੀ, ਪਰ ਰਮਜ਼ਾਂ ਦੇ ਰਾਜ਼ਦਾਰ ਲਈ ਸਾਫ਼ ਪਿਆ ਨਜ਼ਰ ਆਉਂਦਾ ਸੀ ਕਿ ਬੂਟਿਆਂ ਨੂੰ ਉਹੋ ਦੇਸ਼ ਪਿਆਰਾ ਲਗਦਾ ਹੈ, ਜਿਥੇ ਮਾਹੀ ਦਾ ਮਿਲਣ ਸੁਖਾਲਾ ਹੋਵੇ। ਉਸ ਮਿੱਟੀ ਵਿਚ ਹੀ ਟਿਕ ਬਹਿਣਾ ਪਸੰਦ ਕਰਦੇ ਹਨ, ਜਿਸ ਵਿਚੋਂ ਜੀਵਨ-ਯਾਤਰਾ ਦੀ ਸਫਲਤਾ ਵਿਚ ਸਹਾਇਤਾ ਮਿਲ ਸਕੇ। ਕੌਣ ਨਹੀਂ ਜਾਣਦਾ ਕਿ ਕੇਸਰ ਦੇ ਮਨਹਰਨ ਫੁੱਲਾਂ ਨੇ, ਕਸ਼ਮੀਰ ਦੀਆਂ ਕਿਆਰੀਆਂ ਤੋਂ ਬਿਨਾਂ, ਭਾਰਤ ਦੇਸ਼ ਦੀ ਹੋਰ ਕਿਸੇ ਵੀ ਥਾਂ ਨੂੰ ਨਹੀਂ ਕਬੂਲਿਆ।

ਸੰਸਾਰ ਦੀਆਂ ਹੋਰ ਪ੍ਰੀਤ ਲੀਲ੍ਹਾਵਾਂ ਵਾਂਗ ਬਨਸਪਤੀ ਦੁਨੀਆ ਵਿਚ ਵੀ ਨਿਸ਼ਾਨੇ ਤੋਂ ਵਿਛੋੜਨ ਵਾਲੇ ਵੈਰੀ, ਦੋਸਤ ਤੋਂ ਤੋੜ ਦੇਣ ਵਾਲੇ ਦੁਸ਼ਮਣ ਆ ਹੀ ਮਿਲਦੇ ਹਨ। ਪਰ ਹਰ ਮੁਕਾਮ 'ਤੇ ਨਿਸ਼ਾਨੇ ਤੋਂ ਖੁੰਝੇ ਹੋਏ, ਨਿੱਜ ਸਰੂਪ ਤੋਂ ਨਿੱਖੜੇ ਹੋਏ ਤੇ ਪ੍ਰੀਤ ਤੋਂ ਪਰੇ ਹਟੇ, ਬਨਸਪਤੀ ਦੇ ਅੰਗਾਂ ਨੇ ਰਸ-ਹੀਣ ਹੋ ਚੁੱਕੇ ਜਗਤ ਨੂੰ ਦਸਿਆ ਕਿ ਬੇਵਫ਼ਾ ਦਾ ਕੀ ਅੰਤ ਹੁੰਦਾ ਹੈ। ਜਦੋਂ ਆਪਣੇ ਦੰਦਾਂ ਨੂੰ ਚਮਕਾਉਣ, ਸਿਹਤ ਨੂੰ ਸੰਵਾਰਨ ਤੇ ਨੈਣਾਂ ਦੀ ਜੋਤ ਨੂੰ ਜਗਦੀ ਰੱਖਣ ਲਈ, ਖ਼ੁਦਗ਼ਰਜ਼ ਮਨੁੱਖ ਕਿੱਕਰ, ਫਲਾਹ, ਨਿੰਮ, ਸੁਖਚੈਨ ਜਾਂ ਕਿਸੇ ਹੋਰ ਬਿਰਖ ਦੀ ਕੋਮਲ ਲੰਬੀ ਰਸ-ਭਰੀ ਟਹਿਣੀ ਨੂੰ ਕੱਟਣ ਦਾ ਇਰਾਦਾ ਕਰਦਾ ਹੈ ਤਾਂ ਉਹ ਪਹਿਲਾਂ ਉਸਦੀ ਕਿਤਨੀ ਵਡਿਆਈ ਕਰਦਾ ਹੈ। ਸਾਥੀਆਂ ਨੂੰ ਉਸਦੀ ਤਾਰੀਫ਼ ਦੇ ਸੋਹਿਲੇ ਸੁਣਾਦਾ ਤੇ ਮਾਸੂਮ ਟਾਹਣੀਆਂ ਨੂੰ ਇਹ ਆਖ ਕੇ ਕਿ ਇਸ ਬਨਸਪਤੀ ਦੇ ਮਨੋਰਥ ਰਹਿਤ ਜੀਵਨ ਵਿਚੋਂ ਨਿੱਖੜ ਕੇ, ਕਿਸੇ ਹੁਸੀਨ ਦੇ ਦੰਦਾਂ ਦੀ ਸੋਭਾ ਨੂੰ ਵਧਾਉਣ ਦਾ ਕਾਰਨ ਬਣਨਾ, ਤੁਹਾਡੇ ਜੀਵਨ ਨੂੰ ਕਿਤਨਾ ਸਫਲ ਕਰ ਦੇਵੇਗਾ, ਵੱਢ ਲੈਂਦਾ ਹੈ। ਭਾਵੇਂ ਚੁੱਪ ਦੀ ਬੋਲੀ ਬੋਲਣ ਵਾਲੀਆਂ ਲਗਰਾਂ ਉਸ ਨੂੰ ਆਪਣਾ ਮਨ ਨਹੀਂ ਪੜ੍ਹਾ ਸਕਦੀਆਂ, ਇਨਕਾਰ ਦਾ ਨਿਸਚਾ ਨਹੀਂ ਦਿਵਾ ਸਕਦੀਆਂ, ਪਰ ਦੂਜੇ ਦਿਨ ਸੁੱਕ, ਰਸ-ਰਹਿਤ ਹੋ, ਇਹ ਗੱਲ ਦੱਸ ਜਾਂਦੀਆਂ ਹਨ ਕਿ ਉਹਨਾਂ ਨੇ ਆਪਣੀ ਪ੍ਰੀਤ-ਪੰਧ ਦੀ ਚਾਲ ਤੋਂ ਉੱਖੜੇ ਜੀਵਨ ਨਾਲੋਂ ਮਰ ਜਾਣਾ ਚੰਗਾ ਸਮਝਿਆ ਹੈ।

ਜਦੋਂ ਪੈਸਿਆਂ ਦਾ ਲੋਭੀ ਫੁਲੇਰਾ, ਜੋਬਨ-ਮਦਮੱਤੇ ਤੇ ਭੋਲੇ ਫੁੱਲਾਂ ਦੇ ਕੰਨ, ਡਾਲੀ ਦੀ ਚੁਗ਼ਲੀ ਮਾਰਦਾ ਤੇ ਕਹਿੰਦਾ ਹੈ, "ਉੱਚੀ ਸ਼ਾਨ ਵਾਲੇ ਬਾਗ਼ ਦੀ ਰੌਣਕ, ਸੋਹਣਿਓਂ! ਤੁਸੀਂ ਇਸ ਡਾਲੀ ਦੇ ਗ਼ੁਲਾਮ ਕਿਉਂ ਹੋ ਰਹੇ ਹੋ? ਇਸ ਨੂੰ ਸੁਹੱਪਣ ਦੀ ਸਾਰ ਕੀ ਹੈ, ਇਹ ਤੁਹਾਨੂੰ ਕੰਡਿਆਂ ਦੇ ਸਮਾਨ ਹੀ ਖ਼ੁਰਾਕ ਦੇਂਦੀ ਹੈ। ਜਿਧਰ ਨੂੰ ਝੁਕਦੀ ਹੈ, ਨਾਲ ਤੁਹਾਨੂੰ ਝੁਕਾਅ ਦੇਂਦੀ ਹੈ। ਤੱਕਣ ਵਾਲੀ ਦੁਨੀਆ ਤੁਹਾਡੀ ਦਸ਼ਾ ਦੇਖ ਹੱਸ ਕੇ ਕਹਿੰਦੀ ਹੈ ਕਿ ਇਸ ਜਗਤ ਨੂੰ ਪਿੱਛੇ ਲਾਉਣ ਵਾਲੇ ਸੋਹਣੇ ਕਿਸੇ ਦੇ ਪਿੱਛੇ ਕਿਉਂ ਲੱਗ ਤੁਰੇ ਹਨ।”

ਫੁੱਲ ਨੂੰ ਕਿਹਾ ਫੁਲੇਰੇ ਬਾਂਕੀ ਓ ਸ਼ਾਨ ਵਾਲੇ।
ਬਗ਼ੀਚਿਆਂ ਦੀ ਰੌਣਕ ਕੋਮਲ ਜਿਹੀ ਜਾਨ ਵਾਲੇ।
ਹੁਸਨਾਂ ਦੇ ਪਾਤਸ਼ਾਹ ਹੋ, ਹੋ ਮੋਹਣਿਆਂ ਦੇ ਸਾਈਂ,
ਡਾਲੀ ਦੇ ਕਿਉਂ ਹੋ ਤੰਦੇ ਦਿਸਦੇ ਹੋ ਆਨ ਵਾਲੇ।
ਡਾਲੀ ਕੀ ਸਾਰ ਜਾਣੇ ਸੰਗ ਕੰਡਿਆਂ ਦੇ ਪਾਲੇ।
ਇਕੋ ਖੁਰਾਕ ਦੇਂਦੀ ਹੱਸਦੇ ਤਕਾਣ ਵਾਲੇ।

ਡਾਲੀ ਜਿਧਰ ਨੂੰ ਝੁਕਦੀ ਝੁਕਦੇ ਓਧਰ ਤੁਸੀਂ ਵੀ,
ਪਿਛੇ ਕਿਸੇ ਦੇ ਲਗੇ ਪਿਛੇ ਸੀ ਲਾਣ ਵਾਲੇ।

(ਕਰਤਾ)

ਦੂਤੀ ਦੀਆਂ ਗੱਲਾਂ ਸੁਣ ਫੁੱਲ ਨੇ ਪੁੱਛਿਆ, “ਹੇ ਚਤਰ! ਜੇ ਮੈਂ ਡਾਲੀ ਦਾ ਸੰਗ ਛੱਡ ਦਿਆਂ, ਆਪੇ ਤੋਂ ਵਿਛੜਾਂ ਤਾਂ ਮੇਰਾ ਠਿਕਾਣਾ ਕਿੱਥੇ।” ਚਲਾਕ ਫੁਲੇਰੇ ਨੇ ਸਮਝਿਆ ਮੇਰਾ ਕੰਮ ਬਣ ਗਿਐ, ਉਸਤਤ ਨੇ ਭੋਲੇ ਫੁੱਲ ਨੂੰ ਉਖੇੜ ਸੁੱਟਿਆ, ਵਡਿਆਈ ਦੇ ਵਹਿਣ ਵਿਚ ਵਹਿ ਤੁਰਿਆ ਹੈ। ਇੱਕ ਧੱਕਾ ਹੋਰ ਮਾਰਾਂ, ਇਹ ਸੋਚ ਕਹਿਣ ਲਗਾ, “ਹੁਸੀਨਾਂ ਨੂੰ ਠਿਕਾਣਿਆਂ ਦੀ ਕੀ ਥੁੜ। ਰਸਕ, ਦੁਨੀਆਂ ਦੇ ਬਜ਼ਾਰ ਵਿਚ ਜੋਬਨ ਦੀ ਖ਼ਰੀਦਾਰੀ ਲਈ ਧਨ ਦੀਆਂ ਥੈਲੀਆਂ ਫੜੀ ਫਿਰਦੇ ਹਨ। ਤੇਰਾ ਮੁੱਲ ਭਾਰਾ ਪਵੇਗਾ, ਤੂੰ ਜ਼ੇਵਰ ਬਣ ਸੋਹਲਾਂ ਦੀਆਂ ਕਲਾਈਆਂ ਤੇ ਜੋਬਨਵੰਤੀਆਂ ਦੀਆਂ ਛਾਤੀਆਂ ਤੇ ਟਿਕੇਂਗਾ। ਸੇਜ ਤੇ ਵਿਛ, ਤਨਾਂ ਨੂੰ ਗਲਵਕੜੀਆਂ ਪਾਏਂਗਾ, ਜਿਨ੍ਹਾਂ ਦੀ ਤਾਂਘ ਵਿਚ ਕਈ ਤੜਪ ਮੋਏ। ਏਥੇ ਹੀ ਬੱਸ ਨਹੀਂ, ਮੰਦਰਾਂ ਵਿਚ ਚੜ੍ਹ ਇਸ਼ਟ ਦੇਵਤਾ ਦੇ ਸਿਰ 'ਤੇ ਜਾ ਟਿਕੇਂਗਾ।"

ਚਲ ਖਾਂ ਪਰੇ, ਸਜਾ ਕੇ, ਜ਼ੇਵਰ ਤੇਰੇ ਬਣਾਵਾਂ।
ਫਿਰ ਪਾ ਕੇ ਛਾਬੇ ਅੰਦਰ ਤੇਰਾ, ਮੈਂ ਮੁਲ ਪੁਆਵਾਂ।
ਪਰੀਆਂ ਤੇ ਅਪਛਰਾਂ ਦੀ ਸੇਜੀਂ ਤੂੰ ਜਾ ਚੜ੍ਹੇਂਗਾ।
ਸੁਣ ਸੋਹਣਿਆਂ, ਮੈਂ ਤੈਨੂੰ, ਗਲ ਸੋਹਣਿਆਂ ਦੇ ਲਾਵਾਂ।
ਮੰਦਰ ਪੁਜਾਰੀਆਂ ਨੂੰ ਦੇਸਾਂ ਮੈਂ ਤੇਰਾ ਢੋਆ,
ਭਗਤਾਂ ਦੇ ਸਿਰ ਦੇ ਠਾਕਰ, ਉਹਨਾਂ ਦੇ ਸਿਰ ਚੜ੍ਹਾਵਾਂ।

ਜਦ ਖ਼ੁਦਗ਼ਰਜ਼, ਖ਼ੁਸ਼ਾਮਦੀ ਤੇ ਮਤਲਬੀ ਆਪਣਾ ਪੂਰਾ ਟਿਲ ਲਾ ਚੁੱਕਾ, ਜਿੰਨੀਆਂ ਬਣ ਆਈਆਂ, ਫੁਲਹਿਣੀਆਂ ਦੇ ਚੁੱਕਾ ਤਾਂ ਫੁੱਲ ਨੇ ਸਹਿਜ ਨਾਲ ਕਿਹਾ, “ਇਹ ਗੱਲਾਂ ਤਾਂ ਸਭ ਸੱਚ ਨੇ, ਪਰ ਕੀ ਤੂੰ ਨਹੀਂ ਜਾਣਦਾ ਕਿ ਡਾਲੀ ਨਾਲੋਂ ਟੁੱਟਦਿਆਂ ਹੀ ਮੈਂ ਆਪੇ ਤੋਂ ਉੱਖੜ ਜਾਸਾਂ। ਪ੍ਰੀਤੋ ਮੂੰਹ ਮੋੜ ਚੁੱਕੇ ਬੇਵਫ਼ਾ ਵਾਂਗ, ਮੇਰਾ ਰਸ ਰੂਪ ਉੱਡ ਜਾਸੀ ਤੇ ਰਾਤ ਸੇਜਾ 'ਤੇ ਗੁਜ਼ਾਰ ਸਵੇਰੇ ਕੂੜੇ ਦੇ ਢੇਰ 'ਤੇ ਜਾ ਪੈਣਾ ਹੀ ਮੇਰੀ ਤਕਦੀਰ ਬਣਸੀ।"

ਡਾਲੀ ਤੋਂ ਟੁਟਦਿਆਂ ਹੀ ਮੈਥੋਂ ਚਮਨ ਛੁਟੇਗਾ,
ਹੋਸਾਂ ਨਿਮਾਣਾ ਜੱਗ ਤੇ, ਥੀਸਾਂ ਜਦੋਂ ਨਥਾਵਾਂ।
ਜੋਬਨ ਸੁਗੰਧ ਸੁਹੱਪਣ ਇਕ ਰਾਤ ਦੇ ਪਰਾਹੁਣੇ,
ਪਿਛੋਂ ਜੇ ਰਸ ਨਾ ਪੁਜਾ ਸਭ ਤੋੜਸਨ ਤਣਾਵਾਂ।
ਹੋਇਆ ਕੀ ਰਾਤ ਭਰ ਜੇ, ਸੇਜਾ ਤੇ ਜਾ ਸੰਵਾਂਗਾ,
ਹੋ ਕੇ ਨਕਾਰਾ ਤੜਕੇ ਕੂੜੇ ਤੇ ਜਾ ਪਵਾਂਗਾ।

(ਕਰਤਾ)

ਹੁਣ ਜੀਵਨ ਤੀਜੇ ਜ਼ੀਨੇ 'ਤੇ ਚੜ੍ਹਿਆ, ਹਰਕਤ ਹੋਰ ਵਧੀ, ਇਕ ਥਾਂ ਤੋਂ ਦੂਜੀ ਥਾਂ ਤੁਰਨ ਲੱਗਾ। ਚੇਤਨਤਾ ਹੋਰ ਚਮਕੀ, ਪਿਆਰ ਨੇ ਭੀ ਰੂਪ ਵਟਾਇਆ। ਉਹ ਵੀ ਤੁਰ ਫਿਰਿਆ, ਕਿਸੇ ਸੁੰਦਰ ਆਬਸ਼ਾਰ ਦੀਆਂ ਅੱਡੋ-ਅੱਡ ਧਾਰਾਂ ਵਾਂਗ ਕਈ ਥਾਵਾਂ ਤੋਂ ਝਾਤੀ ਪਾ, ਖਿੱਚਾਂ ਪਾਣ ਲੱਗਾ। ਭੰਬਟ ਨੂੰ ਸ਼ਮ੍ਹਾਂ ਵਿਚੋਂ ਚਮਕ, ਭੰਵਰ ਨੂੰ ਕਮਲ ਵਿਚੋਂ ਸੁਗੰਧ ਬਣ, ਮਿਰਗ ਨੂੰ ਨਾਦ ਵਿਚੋਂ ਸ਼ਬਦ ਹੋ ਤੇ ਮੀਨ ਨੂੰ ਜਲ ਵਿਚੋਂ ਠੰਢਕ ਬਣ ਭਰਮਾਉਣ ਲੱਗਾ। ਕੁਦਰਤ ਦਾ ਪ੍ਰਬੰਧ ਇਕ-ਰਸ ਚਲ ਰਿਹਾ ਹੈ, ਉਛਾਲੇ ਇਕੋ ਜਿਹੇ ਹੁੰਦੇ ਹਨ, ਜੀਵਨ ਉਤਾਂਹ ਉਠਿਆ ਤੇ ਸ਼ੌਕ ਭੀ ਤੇਜ਼ ਹੋਇਆ। ਜੀਵਨ ਘਟਾਂ ਬਣ ਛਾਇਆ ਤਾਂ ਪ੍ਰੀਤਾਂ ਨੇ ਭੀ ਪੀਂਘਾਂ ਉੱਚੀਆਂ ਚੜ੍ਹਾਈਆਂ। ਹੁਣ ਤਾਂ ਲੋਹੜਾ ਹੀ ਆ ਗਿਆ, ਲਿਖਾਰੀ ਲਿਖਦੇ, ਕਵੀ ਕਹਿੰਦੇ ਤੇ ਮੁਸੱਵਰ ਤਸਵੀਰਾਂ ਖਿੱਚਦੇ ਥੱਕ ਗਏ, ਪਰ ਇਸ ਪਿਆਰ-ਤੜਪ ਨੂੰ ਕੋਈ ਭੀ ਪੂਰਾ ਪੂਰਾ ਲਿਖ ਜਾਂ ਚਿਤਰ ਨਾ ਸਕਿਆ। ਮੈਦਾਨ ਵਿਚ ਆਇਆ ਇਕ ਛੋਟਾ ਜਿਹਾ ਕੀੜਾ, ਪਿਆਰ ਨੇ ਪੰਖ ਲਾ ਦਿੱਤੇ, ਪੰਖਾਂ ਨੇ ਉਡਾਰੀ ਦਿੱਤੀ, ਬੱਝ ਗਿਆ ਚੱਕਰ, ਬੇਪਰਵਾਹ ਸ਼ਮ੍ਹਾ ਦੀ ਲਾਟ ਦੇ ਗਿਰਦ, ਜੋ ਨੇੜੇ ਗਿਆ, ਸੜ ਗਿਆ। ਇਸ ਦੁਨੀਆਂ ਵਿਚ ਇਕ ਇਕ ਤੂਰ ਦੇ ਥੱਲੇ ਲੱਖਾਂ ਹੀ ਮੂਸਿਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਭਲਾ ਮਰਨ ਤੋਂ ਡਰ ਕੇ ਕੌਣ ਮੁੜਦਾ, ਇਹ ਪ੍ਰਵਾਨਿਆਂ ਦੀ ਰੀਤ ਹੀ ਨਹੀਂ ਸੀ।

ਕਾਲੀ ਦਾਸ ਚਰਾਗ ਨੂੰ ਦੇਖ ਅਖੀਂ,
ਨਹੀਂ ਪਰਤ ਪਰਵਾਨਿਆਂ ਆਵਣਾ ਏਂ।

ਸੜਨ ਦੇ ਭੈ ਤੋਂ ਪਿਆਰਾਂ ਨੂੰ ਸੁੱਟ ਪਾਣਾ ਅਜਿਹੀ ਰਸਮ ਸੀ, ਜਿਸ ਤੋਂ ਸ਼੍ਰੇਣੀ ਹੀ ਨਾਵਾਕਫ਼ ਸੀ, ਸਿਰਾਂ ਨਾਲ ਨਿਭਾ ਗਏ। ਤੋੜ ਚਾੜ੍ਹ ਗਏ। ਰਸ ਕੀ ਆਇਆ, ਇਹ ਉਹੀ ਜਾਣਨ ਜਿਨ੍ਹਾਂ ਮਾਣਿਆਂ। ਹਾਂ, ਪ੍ਰੀਤ ਦੇ ਵਿਦਿਆਰਥੀਆਂ ਨੂੰ ਪੂਰਨ ਸਬਕ ਪੜ੍ਹਾ ਗਏ।

ਦੂਜੇ ਉਡੇ ਸੁਗੰਧ ਦੇ ਸ਼ੈਦਾਈ, ਜਲ ਦੀ ਸੀਤਲਤਾ ਤੇ ਧਰਤੀ ਦੀ ਸੁਗੰਧੀ ਨੇ, ਸੂਰਜ ਦੀ ਕਿਰਨ ਨੂੰ ਤਪਸ਼ ਦੇ ਇਕ ਹੁਸਨ ਦੀ ਮੂਰਤੀ ਬਣਾਈ, ਧਰਤੀ ਵਿਚੋਂ ਉੱਠ, ਪਾਣੀ ਨੂੰ ਚੀਰ, ਅਕਾਸ਼ ਵਿਚ ਖਿੜ ਖਲੋਤੀ। ਲੋਹੜੇ ਦਾ ਹੁਸਨ, ਇਹਨੂੰ ਕੰਵਲ ਕਹਿੰਦੇ ਸਨ। ਰਸਕ ਚੁਤਰਫ਼ੋਂ ਧਾ ਪਏ। ਕਿਸੇ ਨੇ ਕਿਹਾ, “ਮਾਹੀ ਦੇ ਮੁੱਖ ਵਰਗਾ ਸੋਹਣਾ ਮੁੱਖ ਕੰਵਲ।” ਕੋਈ ਬੋਲਿਆ, “ਮਹਿਬੂਬ ਦੇ ਰੰਗਲੇ ਹਥਾਂ ਵਰਗਾ ਹੁਸੀਨ, ਹਸਤ ਕੰਵਲ।” ਕਿਸੇ ਮਸਤਾਨੇ ਨਾਹਰਾ ਮਾਰਿਆ, ‘ਪ੍ਰੀਤਮ ਦੇ ਨੈਣਾਂ ਦੀ ਨੁਹਾਰ, ਕੇਵਲ-ਨੈਨ।” ਕੌਣ ਸੀ ਜਿਸ ਨੇ ਵੇਖਿਆ ਤੇ ਸਲਾਹਿਆ ਨਾ, ਪਰ ਇਹ ਗੱਲਾਂ ਹੀ ਕਰਦੇ ਰਹੇ; ਏਨੇ ਨੂੰ ਭੂੰ ਭੂੰ ਕਰਦਾ, ਭੀੜਾਂ ਨੂੰ ਚੀਰਦਾ ਮਸਤ ਭੰਵਰ, ਸੋਹਣੇ ਦੀ ਛਾਤੀ 'ਤੇ ਜਾ ਬੈਠਾ। ਰਸ ਵਿਚ ਗੁੱਟ ਹੋ ਅਜਿਹਾ ਬੇਸੁੱਧ ਹੋਇਆ ਕਿ ਸਮੇਂ ਦੀ ਸਾਰ ਨਾ ਰਹੀ। ਸਦਾ ਤੋਂ ਛੜਾ, ਸੂਰਜ ਮਿਲਾਪ ਦੀ ਇਸ ਰਸ-ਭਰੀ ਅਵਸਥਾ ਨੂੰ ਕਿਸ ਤਰ੍ਹਾਂ ਸਹਾਰ ਸਕਦਾ ਸੀ।

ਚੰਨ ਰਲ ਬੈਠੇ ਦੋ ਸੂਰਜ ਨੂੰ ਭਾਏ ਨਾ।
ਛੜਾ ਉਹ ਸਦੀਆਂ ਦਾ ਓਹਨੂੰ ਜੋੜ ਸੁਖਾਏ ਨਾ।
ਕਰੋਧ ਵਿਚ ਆਇਆ ਬਹੁ ਉਚੇਰਾ ਅਤਿ ਲਾਲ ਹੋਇਆ।
ਕਿਰਨਾਂ ਦੇ ਨੇਜ਼ੇ ਫੜ ਰੂਪ ਬਿਕਰਾਲ ਹੋਇਆ।
ਕਾਟ ਕੁਝ ਕੀਤੀ ਨਾ ਉਹਦੇ ਕੀਤੇ ਵਾਰਾਂ ਨੇ।

ਗੱਲ ਕੁਝ ਗੌਲੀ ਨਾ ਰਸ ਗੁਝੇ ਯਾਰਾਂ ਨੇ।
ਪੇਸ਼ ਕੁਝ ਚਲੀ ਨਾ ਪੱਛਮ ਜਾ ਛੁੱਪ ਗਿਆ।
ਚਾਨਣ ਚੁਕ ਲੈ ਗਿਆ ਉਹ ਹਨੇਰ ਤਦ ਘੁਪ ਪਿਆ।

ਉਸ ਨੇ ਕਿਰਨਾਂ ਦੀਆਂ ਚੋਭਾਂ ਲਾ ਲਾ ਸਮਝਾਣਾ ਸ਼ੁਰੂ ਕੀਤਾ। ਰਸ-ਮੱਤੇ ਮੂਰਖ! ਮਿਲਾਪ ਨੂੰ ਢੇਰ ਚਿਰ ਹੋ ਗਿਆ ਹੈ। ਬਸ ਕਰ, ਛੱਡ ਦੇ ਗਲਵਕੜੀ, ਪਰੇ ਹਟ ਜਾ, ਸ਼ਾਮਾਂ ਪੈਣ ਵਾਲੀਆਂ ਨੇ। ਮੈਂ ਆਪਣੇ ਜਾਣ ਤੋਂ ਪਹਿਲਾਂ ਇਹ ਪ੍ਰੀਤਾਂ ਦੇ ਪਾਗ਼ਲਖ਼ਾਨੇ ਬੰਦ ਕਰ ਜਾਣਾ ਚਾਹੁੰਦਾ ਹਾਂ, ਪਰ ਨਸੀਹਤਾਂ ਸੁਣਨ ਲਈ ਮਸਤ ਨਹੀਂ ਬਣੇ, ਉਪਦੇਸ਼ ਆਕਲਾਂ ਲਈ ਨੇ, ਬਉਰਿਆਂ ਲਈ ਨਹੀਂ। ਸੂਰਜ ਦੀ ਕਿਸੇ ਨਾ ਸੁਣੀ, ਗੁੱਸੇ ਵਿਚ ਲਾਲ ਹੋ, ਆਪਣੇ ਰਾਹੇ ਤੁਰ ਗਿਆ। ਰਾਤ ਪੈ ਗਈ, ਹਨੇਰਾ ਹੋ ਗਿਆ, ਕੰਵਲ ਜੋ ਆਪਣੇ ਪਿਤਾ ਪਾਣੀ ਨੂੰ ਸੂਰਜ ਦੀ ਧੁੱਪ ਤੋਂ ਬਚਾਉਣ ਲਈ ਪੰਖੜੀਆਂ ਵਿਛਾ, ਵਿਛਿਆ ਹੋਇਆ ਸੀ, ਹੁਣ ਇਸ ਖ਼ਿਆਲ ਨਾਲ ਇਕੱਲਾ ਹੋ ਗਿਆ ਕਿ ਚੰਦਰਮਾ ਦੀਆਂ ਮਿੱਠੀਆਂ ਰਿਸ਼ਮਾਂ ਵਿਚੋਂ ਪਾਣੀ ਅੰਮ੍ਰਿਤ ਲੈ ਸਕੇ। ਉਸ ਵਿਚ ਜੀਵਨ ਆਵੇ ਤੇ ਉਹ ਜਗਤ ਨੂੰ ਵੰਡ ਸਕੇ।

ਜਲਜ ਪ੍ਰੀਤ, ਜਲ ਰਵ ਨਹੀਂ ਖਿਲ ਨਿਵਾਰਨ ਘਾਮ।
ਨਿਸ ਕੋ ਅੰਮ੍ਰਿਤ ਪੀਵਹੀ, ਯਹਿ ਜਾਨ ਮੁੰਧੇ ਅਭਿਰਾਮ।

ਕੰਵਲ ਮੁੰਧ ਹੋ ਗਿਆ, ਪੌਣ ਅੰਦਰ ਆਉਣੋਂ ਰੁਕ ਗਈ, ਸਾਹ ਘੁਟ ਗਿਆ ਤੇ ਭੰਵਰ ਸਮਾ ਗਿਆ। ਕੰਵਲ ਪੱਤੀਆਂ ਦਾ ਸੋਹਣਾ ਗੁੰਬਜ ਇਸ਼ਕਬਾਜ਼ ਦੀ ਮਜ਼ਾਰ ਬਣ ਚੰਦ ਦੀ ਚਾਨਣੀ ਵਿਚ ਤਾਜ ਮਹੱਲ ਦੇ ਗੁੰਬਜਾਂ ਨੂੰ ਸ਼ਰਮਾਉਣ ਲੱਗਾ।

ਕੁਲ ਮਖ਼ਲੂਕ ਵਿਚੋਂ ਆਪ ਅਤਿ ਸੁੰਦਰ ਨੈਣ ਰੱਖਣ ਵਾਲਾ ਮ੍ਰਿਗ, ਭਾਵੇਂ ਕਿਸੇ ਦੇ ਨੈਣਾਂ ਦੀ ਨੁਹਾਰ ਨੇ ਤਾਂ ਨਾ ਮੋਹਿਆ ਪਰ ਪਿਆਰ ਹੁਰੀਂ, ਕੰਨਾਂ ਦੇ ਰਾਹੀਂ ਅੰਦਰ ਜਾ ਸਮਾਏ, ਅਵਾਜ਼ ਮਨ ਮੋਹ ਗਈ, ਨਾਦ ਨਿਵਾ ਗਿਆ। ਚੁੰਗੀਆਂ ਭੁਲ ਗਈਆਂ, ਬੇਖ਼ੁਦ ਕਾਬੂ ਆਇਆ ਤੇ ਕੋਹਿਆ ਗਿਆ ਪਰ ਟਲਿਆ ਨਾ, ਪਿਛਾਂਹ ਨਾ ਮੁੜਿਆ।

ਹੁਣ ਆਈ ਇਸ ਸ਼੍ਰੇਣੀ ਦੀ ਸਿਰਮੌਰ ਸਖੀ ਮੀਨ, ਜੋ ਕੀ ਮਹਿਬੂਬ ਦੇ ਸਾਹਮਣੇ, ਤੇ ਕੀ ਉਹਲੇ, ਅਹਿੱਲ ਰਹੀ। ਦਿਨ ਚੜ੍ਹਿਆ, ਸੂਰਜ ਨੇ ਕਿਰਨਾਂ ਦੀ ਚਾਂਦੀ ਬਖੇਰ ਦਿਤੀ। ਗ਼ਰੀਬ ਦੁਨੀਆਂ ਹੂੰਝਣ ਨੂੰ ਉਠ ਪਈ, ਹਰ ਕੋਈ ਆਹਰੇ ਲੱਗਾ। ਤਕੜਿਆਂ ਬਾਹਲੀ ਇਕੱਠੀ ਕਰ ਲਈ ਤੇ ਮਾੜਿਆਂ ਥੋੜ੍ਹੀ 'ਤੇ ਸਬਰ ਕੀਤਾ। ਮਨੁੱਖ ਦੀ ਇਸ ਕਾਣੀ ਵੰਡ ਦਾ ਮਾਰਿਆ ਹੋਇਆ ਗ਼ਰੀਬ ਮਛੇਰਾ ਆਪਣਾ ਜਾਲ ਲੈ ਛੱਪੜ, ਨਦੀ ਜਾਂ ਦਰਿਆ ਵੱਲ ਧਾਇਆ। ਪਾਣੀ ਵਿਚ ਸੁਟਿਆਂ ਕੁਝ ਹਿੱਲ-ਜੁਲ ਹੋਈ, ਉਤਾਂਹ ਖਿਚਿਆ, ਮਾਲ ਦਾ ਭਰਿਆ ਹੋਇਆ ਸੀ, ਉਛਲਦੀਆਂ ਤੜਪਦੀਆਂ ਬਿਹਬਲ ਹੋ ਰਹੀਆਂ ਮੱਛੀਆਂ ਦਾ ਪੂਰ ਕਿਨਾਰੇ 'ਤੇ ਭੁਆ ਮਾਰਿਆ। ਕੁਝ ਦਮਾਂ ਵਿਚ ਦਮ ਨਿਕਲ ਗਏ, ਤੇ ਮੰਡੀ ਲਿਜਾ ਦਮ ਵੱਟ ਲਏ। ਸ਼ੁਕੀਨ ਘਰ ਲੈ ਗਏ। ਤਾਜ਼ੀ ਮੱਛੀ ਹੈ, ਕਹਿਣ ਲੱਗੇ ਕਿ ਸੋਹਣੇ ਦਾਣੇ ਲੱਭੇ ਹਨ। ਜ਼ਰਾ ਪਕਾਣਾ ਵੀ ਸਹਿਜ ਨਾਲ, ਕੁਛ ਕਸਰ ਨਾ ਰਹੇ। ਰਸੋਈਏ ਨੇ ਵੀ ਆਪਣੀ ਕਲਾ ਦਿਖਾਉਣ ਵਿਚ ਕਮੀ ਨਾ ਰੱਖੀ। ਪਹਿਲੇ ਛਿੱਲ ਖਲੜੀ ਲਾਹੀ, ਫਿਰ ਕੰਡੇ (ਹੱਡੀਆਂ) ਕੱਢੇ, ਮੱਠੀ ਮੱਠੀ ਅੱਗ 'ਤੇ ਭੁੰਨੀ, ਕਈ ਤਰ੍ਹਾਂ ਦੇ ਮਸਾਲਿਆਂ ਵਿਚ ਵਾਰੀ ਵਾਰੀ ਰਾਹੜ ਲਾਈ, ਰਸੀਆਂ ਦੇ ਸਾਹਮਣੇ ਪਰੋਸੀ ਗਈ। ਸਹਿਜ ਸਹਿਜ ਨਾਲ਼ ਖਾਧੀ, ਮਤੇ ਕੋਈ ਰਿਹਾ ਹੋਇਆ ਕੰਡਾ ਹਲਕ ਵਿਚ ਚੁਭ ਜਾਏ। ਖਾ ਕੇ ਲੰਮੇ ਹੀ ਪਏ ਸਨ ਕਿ ਪਾਣੀ ਦੀ ਤਲਬ ਹੋਈ। ਪਿਆਲਾ ਭਰ ਕੇ ਦਿਤਾ, ਪੀ ਲਿਆ। ਪਲ ਪਿਛੋਂ ਫਿਰ ਪਾਣੀ, ਘੜੀ ਪਿਛੋਂ ਫਿਰ ਪਾਣੀ, ਘੰਟੇ ਬਾਅਦ ਫੇਰ ਪਾਣੀ। ਪਾਣੀ! ਪਾਣੀ!! ਪਾਣੀ!!!

ਪਿਆਉਣ ਵਾਲੇ ਨੇ ਹੈਰਾਨ ਹੋ ਪੁੱਛਿਆ, “ਇਹ ਮੁੜ-ਮੁੜ ਪਾਣੀ ਦੀ ਤਲਬ ਕੀ, ਘੜੀ ਮੁੜੀ ਪਾਣੀ ਦੀ ਤਾਂਘ ਕਾਹਦੀ?" ਪਿਆਸੇ ਨੇ ਕਿਹਾ, “ਮੱਛੀ ਜੋ ਖਾ ਲਈ, ਉਹ ਪਈ ਪਾਣੀ ਪਾਣੀ ਕਰਦੀ ਐ। ਮੈਂ ਕੀ ਕਰਾਂ, ਆਹ ਤਕੋ ਨਾ ਇਸਦਾ ਪਿਆਰ। ਪਾਣੀ 'ਚੋਂ ਪਕੜੀ ਗਈ, ਕੱਟੀ ਗਈ, ਫਾਂਕ-ਫਾਂਕ ਹੋ ਗਈ, ਕਈ ਕਈ ਵੇਰਾਂ ਭੁੰਨੀ, ਚਿੱਥ ਚਿੱਥ ਖਾਧੀ, ਪਰ ਇਹਨੂੰ ਪਾਣੀ ਅਜੇ ਵੀ ਨਹੀਂ ਭੁਲਦਾ।”

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥

(ਸੋਰਠਿ ਰਵਿਦਾਸ, ਪੰਨਾ ੬੫੮)

ਇਹ ਤਾਂ ਸੀ ਪ੍ਰਤੱਖ ਪਾਣੀ ਦੇ ਪਿਆਰ ਦਾ ਨਮੂਨਾ। ਹੁਣ ਤੱਕੋ, ਤੁਰ ਗਏ ਮਾਹੀ ਦੀ ਉਡੀਕ ਵਿਚ ਟਿਕਾਓ। ਬਹਾਰ ਦੇ ਮੌਸਮ ਵਿਚ ਭਰੇ ਹੋਏ ਸਰ ਦੇ ਕਿਨਾਰੇ ਦਰੱਖ਼ਤ ਮੌਲੇ ਹੋਏ, ਫੁੱਲ ਖਿੜੇ ਹੋਏ ਅਤੇ ਪੰਛੀ ਮਸਤ ਹੋ ਗਾ ਰਹੇ ਸਨ। ਹਰ ਪਾਸੇ ਗੀਤ, ਹਰ ਤਰਫ਼ ਖੇੜੇ, ਹਰ ਬੰਨੇ ਸੁਗੰਧੀਆਂ, ਪੌਣ ਦੇ ਛੋਟੇ ਛੋਟੇ ਹੁਲਾਰਿਆਂ ਨਾਲ ਉਠ ਰਹੀਆਂ ਨਿਕੀਆਂ ਨਿਕੀਆਂ ਲਹਿਰਾਂ ਦੀਆਂ ਬਲੌਰੀ ਜ਼ੰਜੀਰਾਂ ਦੇ ਹੇਠੋਂ ਮੱਛੀਆਂ ਦੀਆਂ ਡਾਰਾਂ ਦੌੜਾਂ ਲਗਾ ਰਹੀਆਂ, ਕਿਆ ਸ਼ੋਭਾ ਦੇ ਰਹੀਆਂ ਸਨ। ਕਵੀ-ਮਨ ਤਕ, ਸਰੂਰ ਪੂਰਤ ਹੋ ਕਾਵਿ-ਰਸ ਨਾਲ ਭਰ ਗਿਆ। ਉਹ ਢੇਰ ਚਿਰ ਸੁਆਦ ਲੈਂਦਾ ਰਿਹਾ। ਓੜਕ ਰਾਹੀ ਸੀ, ਰਾਹੇ ਪੈ ਗਿਆ। ਸਮਾਂ ਪਾ ਫਿਰ ਏਧਰ ਮੁੜਿਆ। ਹੁਣ ਸਿਆਲ ਦੀ ਸੀਤ ਰੁੱਤ ਸੀ, ਉਸਨੇ ਸਰ ਝੁਕਾ ਦਿੱਤਾ ਸੀ:

ਸਰ ਸੂਕੇਂ ਪੰਛੀ ਉੜੇਂ ਔਰਨ ਦੇਸ ਸਿਧਾਏ।
ਦੀਨ ਮੀਨ ਬਿਨ ਪੰਖ ਕੇ ਕਹੁ ਰਹੀਮ ਕਤ ਜਾਏ।

ਪਤਝੜ ਦੇ ਤਿਖੇ ਵੇਗਾਂ ਨੇ ਸੁੰਦਰ ਬ੍ਰਿਛਾਂ ਦੇ ਪੱਤੇ ਝਾੜ ਉਹਨਾਂ ਨੂੰ ਭੀਹਾਵਲੇ ਰੁੰਡ-ਮੁੰਡ ਬਣਾ ਦਿਤਾ ਸੀ। ਫੁੱਲਾਂ ਦੇ ਨਾ ਰਹਿਣ ਕਰਕੇ, ਭੰਵਰ ਤੇ ਪੱਤਿਆਂ ਦੇ ਝੜ ਜਾਣ ਕਰਕੇ, ਪੰਛੀ ਉਡ ਕੇ ਜਿਧਰ ਸਿੰਗ ਸਮਾਏ ਤੁਰ ਗਏ। ਸ਼ੋਰ ਦੀ ਥਾਂ ਚੁੱਪ, ਜੋਬਨ ਦੀ ਥਾਂ ਸੋਕੇ ਤੇ ਰੌਣਕਾਂ ਦੀ ਥਾਂ ਉਜਾੜ ਨੇ ਮੱਲ ਲਈ ਸੀ। ਕਵੀ ਨੇ ਚੁਫ਼ੇਰੇ ਨਿਗਾਹ ਮਾਰੀ, ਨਾ ਕੋਈ ਖਿੜ ਰਿਹਾ ਸੀ ਤੇ ਨਾ ਕੋਈ ਗਾ ਰਿਹਾ ਸੀ।

ਇਸ ਸੁੰਨ-ਮੁੰਨ ਨਗਰੀ ਵਿਚ ਸੁਕੇ ਹੋਏ ਸਰ ਦੇ ਚਿੱਕੜ ਵਿਚੋਂ ਕਿਸੇ ਦੇ ਹਿੱਲਣ ਦੀ ਆਹਟ ਆ ਰਹੀ ਸੀ। ਉਸ ਨੇ ਨੀਝ ਲਾ ਤਕਿਆ ਤਾਂ ਅਧਮੋਈ ਜਿਹੀ ਮੱਛੀ ਬੇਚੈਨ ਹੋ ਕਰਵਟ ਬਦਲਦੀ ਦਿਸੀ। ਉਹ ਘੜੀ-ਮੁੜੀ ਹਿਲਦੀ, ਪਾਸੇ ਪਰਤਦੀ ਸੀ। ਚਿੱਕੜ ਦੀ ਠੰਢੀ ਤਹਿ ਵਿਚ ਬਿਰਹੋਂ ਨੇ ਅੱਗ ਦੇ ਭੱਠ ਭਖਾਏ ਹੋਏ ਸਨ, ਵਿਛੋੜੇ ਵਿਚ ਭੁੱਜ ਰਹੀ ਮੱਛੀ, ਕਬਾਬ ਦੀ ਸੀਖ ਵਾਂਗ ਪਾਸੇ ਪਰਤ ਰਹੀ ਸੀ। ਕਵੀ ਨੇ ਕਿਹਾ, “ਧੰਨ ਇਸਦਾ ਇਸ਼ਕ! ਸੁੱਕੇ ਸਰ ਨੂੰ ਸਾਰੇ ਛੱਡ ਗਏ, ਪਰ ਪਿਆਰ-ਪ੍ਰੋਤੀ, ਪਰ-ਹੀਣ ਮੱਛੀ ਕਿਥੇ ਜਾ ਸਕਦੀ ਸੀ।”

ਹੁਣ ਆਈ ਜੀਵਨ ਦੀ ਆਖ਼ਰੀ ਅਵਸਥਾ, ਮਨੁੱਖ-ਜਾਮਾ। ਬ੍ਰਾਹਮਣ ਨੇ ਇਸ ਨੂੰ ਜਨਮ ਕਿਹਾ, ਮੁੱਲਾਂ ਨੇ ਫ਼ਰਿਸ਼ਤਿਆਂ ਤੋਂ ਉੱਚਾ ਮਖ਼ਲੂਕ ਦਾ ਸਰਦਾਰ, ਪਾਦਰੀ ਬੋਲਿਆ, ਖ਼ੁਦਾ ਦਾ ਬੇਟਾ। ਜੋ ਕਿਸੇ ਦੇ ਜੀਅ ਵਿਚ ਆਈ ਕਹਿ ਉਠਿਆ ਪਰ ਜ਼ੋਰ ਸਾਰਿਆਂ ਵਡਿਆਈ ਕਰਨ 'ਤੇ ਲਾਇਆ। ਲਾਉਂਦੇ ਵੀ ਕਿਉਂ ਨਾ, ਮਾਹੀ ਮਿਲਾਪ ਦੀ ਆਖ਼ਰੀ ਮੰਜ਼ਲ ਸੀ, ਜੀਵਨ ਮੁਕੰਮਲ ਹੋਣ ਵਾਲਾ ਸੀ, ਚੇਤਨਤਾ ਨਿਖ਼ਰ ਚਮਕੀ। ਸਭ ਨੇ ਮਹਿਸੂਸ ਕੀਤਾ ਕਿ ਯਾਰ ਦੇ ਦਰ ਜਾਣ ਦੇ ਪੈਂਡੇ ਦਾ ਆਖ਼ਰੀ ਪੜਾਅ ਹੈ। ਮੁਕਤੀ ਦੇ ਮਹੱਲ ਦਾ ਦਰਵਾਜ਼ਾ ਹੈ। ਕੁਲ ਮਖ਼ਲੂਕ ਤੋਂ ਇਹ ਜਾਮਾ ਉਚਾ ਹੈ।

ਅਵਰਿ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥

(ਆਸਾ ਮ: ੫, ਪੰਨਾ ੩੭੪)

ਪੁਨਾ–

ਬਨਾਇਆ ਐ ਜ਼ਫ਼ਰ ਖ਼ਾਲਕ ਨੇ ਕਬ ਇਨਸਾਨ ਸੇ ਬੜ੍ਹ ਕਰ।
ਮਲਕ ਕੋ, ਦੇਵ ਕੋ, ਜਿੰਨ ਕੋ, ਪਰੀ ਕੋ, ਹੂਰੋ ਗ਼ੁਲਮਾ ਕੋ।

ਇਹੋ ਆਖ਼ਰੀ ਵਾਰੀ ਮਾਹੀ ਦੇ ਮਿਲਣ ਦੀ ਹੈ:

ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥

(ਆਸਾ ਮ: ੫, ਪੰਨਾ ੧੨)

ਉਚਿਆਂ ਦੀਆਂ ਉਚੀਆਂ ਗੱਲਾਂ, ਵਡਿਆਂ ਦੇ ਵੱਡੇ ਫ਼ਰਜ਼, ਮਖ਼ਲੂਕ ਦੇ ਸਰਦਾਰ ਨੂੰ ਵੀ ਸਿਰ ਆਈ ਨਿਭਾਣੀ ਪਈ। ਜੀਵਨ-ਚੋਟੀ 'ਤੇ ਚੜ੍ਹਿਆ ਤਾਂ ਪ੍ਰੇਮ ਦੀ ਸਿਖ਼ਰ 'ਤੇ ਪੁੱਜ ਖਲੋਤਾ। ਹੁਣ ਚੇਤਨਤਾ ਚਮਕੀ ਹੋਈ ਸੀ। ਉਸ ਨੇ ਤਨ ਨੂੰ ਤਾੜ ਲਿਆ, ਜੋ ਨਾ ਰਹਿਣ ਵਾਲਾ ਸੀ, ਉਠਣ, ਉਭਰਣ, ਹੰਢਣ ਤੇ ਜਾਣ ਵਾਲਾ ਸੀ। ਇਸ ਵਿਚ ਪ੍ਰੀਤ ਕਿਉਂ ਪਾਈ ਜਾਂਦੀ, ਰੇਤ 'ਤੇ ਮਹੱਲ ਕਿਉਂ ਉਸਾਰੇ ਜਾਂਦੇ, ਕੱਚੀਆਂ ਟਹਿਣੀਆਂ 'ਤੇ ਆਲ੍ਹਣੇ ਨਾਦਾਨ ਪੰਛੀ ਹੀ ਪਾ ਸਕਦੇ ਹਨ। ਮਨੁੱਖਤਾ ਨੇ ਪ੍ਰੀਤ ਦਾ ਕੇਂਦਰ ਅਦ੍ਰਿਸ਼ਟ ਅਮਰ ਦੇ ਆਸਰੇ ਕਾਇਮ ਕੀਤਾ। ਇਕ ਦੂਜੇ ਨੂੰ ਸਮਝਾਉਣ ਲਈ, ਮਾਹੀ ਦੇ ਨਾਮ ਭੀ ਰਖੇ। ਪਿਆਰ ਡੂੰਘਾ ਸੀ, ਲਗਨ ਲਹਿਰਾਂ ਮਾਰ ਰਹੀ ਸੀ, ਨਾਮ ਵਿਚ ਸੁਆਦ ਆਇਆ, ਹੋਰ ਹੋਰ ਰਖੀ ਗਏ। ਰਖ ਰਖ ਥੱਕੇ ਤੇ ਥੱਕ ਕੇ ‘ਬੇਅੰਤ ਕਹਿ ਉਠੇ:

ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ।
ਸਿਤਸੁਤੀ ਤਪਸਪਤੀ ਬਨਸਪਤੀ ਜਪਸ ਸਦਾ।
ਅਗਸਤ ਆਦਿ ਜੇ ਬੜੇ, ਤਪਸਪਤੀ ਬਸੇਖੀਏ।
ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਏ।

(ਦਸਮ ਗ੍ਰੰਥ)

ਮੋਟੇ ਮੋਟੇ ਨਾਮ ਮਸ਼ਹੂਰ ਹੋਏ। ਰਾਮ, ਅੱਲਾਹ, ਰੱਬ, ਵਾਹਿਗੁਰੂ, ਗੋਬਿੰਦ, ਹਰਿ, ਪਰ ਇਥੇ ਗੱਲ ਮੁਕੀ ਕੋਈ ਨਾ। ਮਨੁੱਖ ਜਾਂ ਨਾਮ ਲੈਂਦਾ ਲੈਂਦਾ ਥੱਕ ਗਿਆ ਤਾਂ ਕਹਿਣ ਲੱਗਾ ਕਿ ਮੇਰੀ ਇਕ ਜੀਭ ਕੀ ਕਹਿ ਸਕਦੀ ਹੈ:

ਜਿਹਵਾ ਏਕ ਕਵਨ ਗੁਨ ਕਹੀਐ॥
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨਹੀ ਲਹੀਐ॥

(ਧਨਾਸਰੀ ਮ: ੫, ਪੰਨਾ ੬੭੪)

ਓਸ ਬੇਅੰਤ ਦਾ ਅੰਤ ਨਹੀਂ ਲਿਆ ਜਾ ਸਕਦਾ। ਅੱਛਾ! ਮੈਂ ਹਰਿ ਹਰਿ, ਗੁਰ ਗੁਰ ਕਰ ਹੀ ਗੁਜ਼ਾਰਾ ਕਰ ਲਵਾਂਗਾ:

ਹਰਿ ਆਰਾਧਿ ਨ ਜਾਨਾ ਰੇ॥
ਹਰਿ ਹਰਿ ਗੁਰੁ ਗੁਰੁ ਕਰਤਾ ਰੇ॥

(ਸੋਰਠਿ ਮ: ੫, ਪੰਨਾ ੬੧੨)

ਇਹ ਤਾਂ ਸੀ ਮਹਿਬੂਬ ਦੇ ਨਾਵਾਂ ਦੀ ਕਲਪਨਾ ਜੋ ਹਰ ਮੁਕਾਮ ’ਤੇ ਸੁਆਦ ਦੇਂਦੀ ਅਤੇ ਵਧਦੀ ਹੀ ਗਈ ਤੇ ਓੜਕ ਵਿਸਮਾਦ ਦੀ ਅਫ਼ੁਰ ਅਵਸਥਾ ਵਿਚ ਜਾ ਟਿਕੀ:

ਵਿਸਮਾਦੁ ਨਾਦ ਵਿਸਮਾਦੁ ਵੇਦ॥
ਵਿਸਮਾਦੁ ਜੀਅ ਵਿਸਮਾਦੁ ਭੇਦ॥

(ਆਸਾ ਦੀ ਵਾਰ, ਮ: ੧, ਪੰਨਾ ੪੬੩)

ਪੁਨਾ–

ਖ਼ਬਰੇ ਤਰੀਅਰੇ ਇਸ਼ਕ ਸੁਨ ਨਾ ਜਨੂੰ ਰਹਾ ਨਾ ਦਰੀ ਰਹੀ।
ਨਾ ਹੀ ਤੂੰ ਰਹਾ, ਨਾ ਹੀ ਮੈਂ ਰਹਾ, ਜੋ ਰਹੀ, ਸੋ ਬੇਖ਼ਬਰੀ ਰਹੀ।

ਪਰ ਇਸ ਉਚੇਰੇ ਜੀਵਨ ਨੇ ਪਿਆਰ ਦਾ ਪਿੱਛਾ ਵੀ ਪੜਤਾਲਿਆ। ਪਤਾ ਲਗਾ ਅਤਿ ਪੁਰਾਣਾ ਹੈ, ਪਹਿਲੇ ਦਿਨ ਦਾ ਹੈ, ਜੀਵਨ ਦੀ ਪੈਦਾਇਸ਼ ਨਾਲ ਹੀ ਪੈਦਾ ਹੋਇਆ ਸੀ, ਜੀਵਨ ਦਾ ਨਿਜ-ਸਰੂਪ ਸੀ। ਇਹ ਗੱਲ ਸਮਝਦਿਆਂ ਹੀ ਮਨੁੱਖ ਪੁਕਾਰ ਉਠਿਆ: ਤਨਾਂ ਨਾਲ ਬੱਝਾ ਹੋਇਆ ਤਾਂ ਮੋਹ ਹੈ ਅਤੇ ਆਪੇ ਨਾਲ ਜੁੜਿਆ ਹੋਇਆ ਪ੍ਰੇਮ ਤਨ ਬਿਨਸਣਗੇ, ਮੋਹ ਟੁੱਟੇਗਾ। ਆਪਾ ਅਮਰ ਹੈ, ਪ੍ਰੇਮ ਅਟੱਲ ਰਹੇਗਾ, ਮੋਹ ਦੀ ਉਮਰ ਹੈ, ਉਮਰ ਨੂੰ ਮੌਤ ਹੈ, ਪਰ ਪ੍ਰੇਮ ਦੀ ਜੜ੍ਹ ਕਾਲ ਦੀ ਸੀਮਾ ਤੋਂ ਪਰੇ, ਅਕਾਲ ਦੇ ਨਿਜ-ਸਰੂਪ ਵਿਚ ਇਸਥਿਤ ਹੈ। ਪੂਰਨ ਪੁਰਖਾਂ ਨੇ ਕਿਹਾ, "ਪਿਆਰ ਕੋਈ ਨਵੀਂ ਸੰਥਾ ਨਹੀਂ, ਕੁਦਰਤ ਦੀ ਪਹਿਲੀ ਪੱਟੀ 'ਤੇ ਲਿਖੀ ਹੋਈ ਪੈਂਤੀ ਹੈ। ਇਹ ਕੋਈ ਨਵੇਂ ਸਾਕ ਨਹੀਂ ਗੰਢਦੀ, ਪੁਰਾਣੀ ਸਾਂਝ ਨੂੰ ਕਾਇਮ ਰੱਖਦੀ ਹੈ। ਇਹ ਕੋਈ ਨਵੀਂ ਬਾਜ਼ੀ ਨਹੀਂ, ਦਿਨ ਪਹਿਲੇ ਦੀ ਖੇਡ ਹੈ।” ਕਿਸੇ ਨੇ ਕਿਹਾ, “ਅਜੇ ਜ਼ਮੀਨ ਅਸਮਾਨ ਦਾ ਕੋਈ ਨਿਸ਼ਾਨ ਭੀ ਨਹੀਂ ਸੀ ਬਣਿਆ, ਜਦੋਂ ਮੈਂ ਮਾਹੀ ਮਿਲਾਪ ਲਈ ਤਾਂਘ ਉਠਿਆ ਸਾਂ।"

ਨਬੂਦ ਹੇਚ ਨਿਸ਼ਾ ਹਾ ਜ਼ਿ ਅਸਮਾਨੋ ਜ਼ਮੀ।
ਕਿ ਸ਼ੌਕਿ ਬੰਦਗੀਏ ਤੋ ਆਬੁਰਦ ਦਰ ਸਜੂਦ ਮਰਾ।

(ਭਾਈ ਨੰਦ ਲਾਲ ਜੀ)

ਕੋਈ ਬੋਲਿਆ, “ਅਜੇ ਪੁਰਾਣਕ ਮਨੌਤ ਦੇ ਕਲਪਿਤ ਦੰਪਤੀ, ਆਦਮ ਤੇ ਹਵਾ ਭੀ ਨਹੀਂ ਹੋਏ ਸਨ ਜਦੋਂ ਤੋਂ ਮੈਂ ਪਿਆਰ ਕਮਾ ਰਿਹਾ ਹਾਂ।

ਆਦਮ ਨਾ ਬੂਦੋ, ਮਨ ਬੁਦਮ ਹਵਾ ਨਾ ਬੂਦੋ ਮਨ ਬੂਦਮ।
ਈਂ ਕਸ ਨਾ ਬੂਦੋ, ਮਨ ਬੂਦਮ ਮਨ ਆਸ਼ਕ ਦੇਰੀਨਾ ਅਮ।

(ਸ਼ੰਮਸ)

ਕਿਸੇ ਨੇ ਨਾਹਰਾ ਮਾਰਿਆ, “ਦੁਨੀਆਂ ਦੇ ਝੂਠੇ ਭੋਗ, ਖੇੜਿਆਂ ਵਾਂਗ ਮੇਰੇ 'ਤੇ ਦਾਅਵਾ ਕਿਉਂ ਕਰਦੇ ਨੇ? ਮੈਂ ਹੀਰ ਤਾਂ ਚੂਚਕ ਦੇ ਜੰਮਣ ਤੋਂ ਵੀ ਪਹਿਲਾਂ ਰਾਂਝੇ ਦੀ ਹੋ ਚੁਕੀ ਸਾਂ।’

ਖੇੜੇ ਕੂੜ ਕਰੇਂਦੇ ਨੇ ਦਾਵਾ, ਮੈਂ ਕਦ ਖੇੜਿਆਂ ਦੀ ਆਹੀ।
ਮੈਡੀ ਤੇ ਮਾਹੀ ਦੀ ਪ੍ਰੀਤ ਚਰੋਕੀ, ਜਦ ਚੂਚਕ ਮੂਚਕ ਨਾਹੀ।

(ਸੰਤ ਖ਼ੁਸ਼ੀ ਰਾਮ)

ਪ੍ਰੀਤ ਰਮਜ਼ਾਂ ਨੂੰ ਜਾਣਨਹਾਰ ਮਨੁੱਖ ਨੇ ਜਦ ਇਸ਼ਕ ਦੇ ਸੱਦ ਲਾਏ, ਤਾਂਘ-ਭਰੀਆਂ ਕੂਕਾਂ ਮਾਰੀਆਂ, ਤਾਂ ਇਸ ਲੀਲ੍ਹਾ ਨੂੰ ਸੁਆਦਲੀ ਬਣਾਣ ਦੇ ਸਾਮਾਨ ਵੀ ਪੈਦਾ ਹੋ ਗਏ।

ਭਲਾ ਪਿਆਸ ਬਿਨ ਪਾਣੀ ਦੀ ਕੀ ਕਦਰ, ਧੁੱਪ ਬਿਨ ਛਾਂ ਦਾ ਕੀ ਸੁਆਦ, ਕੜਵਾਹਟ ਬਿਨਾਂ ਮਿੱਠਾ ਕੀ, ਕੰਡੇ ਦੀ ਚੋਭ ਬਿਨਾਂ ਫੁੱਲ ਦਾ ਕੀ ਮੁੱਲ। ਓਦਾਂ ਹੀ ਬਿਰਹੋਂ, ਵਿਜੋਗ, ਚੀਕਾਂ, ਚਸਕਾਂ, ਪੀੜਾਂ, ਦਰਦਾਂ, ਸੂਲਾਂ, ਸਲੀਬਾਂ ਤੋਂ ਬਿਨਾਂ ਪ੍ਰੇਮ ਦਾ ਕੀ ਰਸ। ਇਸ ਪੈਂਡੇ ਵਿਚ ਤਾਂ ਸੁਆਦ ਹੀ ਓਹਨਾਂ ਮਾਣਿਆ, ਜਿਹੜੇ ਇਹ ਸਮਝ ਕੇ ਤੁਰੇ ਕਿ ਮਾਹੀ ਦੇ ਮਾਰਗ ਵਿਚ ਲੱਖ ਬਲਾਵਾਂ ਪੈਣਗੀਆਂ, ਸ਼ੇਰ ਦਹਾੜਨਗੇ ਤੇ ਨਾਗ ਫੁੰਕਾਰਨਗੇ, ਸਭ ਤੋਂ ਬੇਪਰਵਾਹ ਹੋ ਕੇ ਤੁਰਨਾ ਪਵੇਗਾ।

ਮੁਸ਼ਕਲ ਮਿਲਣ ਮਾਹੀ ਨੂੰ ਹੀਰੇ, ਲਖ ਔਝੜ ਝੰਗ ਬਲਾਈਂ।
ਕਰ ਕਰ ਸ਼ੇਰ ਜਮਾਤੀਂ ਬੈਠ, ਨਾਗ ਬੈਠੇ ਵਲ ਖਾਹੀ।
ਪੰਧ ਮੁਹਾਲ ਨ ਦੇਂਦੇ ਜਾਵਣ, ਬੈਠੇ ਸ਼ੀਂਹ ਅਟਕਾਹੀ।

(ਹਜ਼ੂਰੀ ਕਵੀ)

ਪੁਨਾ–

ਔਕੜ ਪੰਧ ਪ੍ਰੇਮ ਦੇ ਪੈਂਡੇ, ਮੈਂ ਇਕ ਅਕੱਲੜੀ ਮੁਠੀ।
ਗੁਝੀ ਸਾਂਗ ਲਗੀ ਤਨ ਮੇਰੇ, ਕਰਕੇ ਕਲੇਜਿਓਂ ਉਠੀ।
ਇਸ ਰਾਹ ਤੇ ਕਈ ਚੀਰੇ ਆਰੇ, ਤੇ ਲਖੀ ਖੱਲ ਉਪੱਠੀ।

(ਵਲੀ ਰਾਮ)

ਬੇਲੇ ਗਾਹਣੇ, ਦਰਿਆ ਚੀਰਨੇ ਤੇ ਅੰਗਿਆਰਾਂ ਦੀਆਂ ਸੇਜਾਂ ਨੂੰ ਫੁਲ ਕਰ ਲਿਤਾੜਨਾ ਪਵੇਗਾ। ਜਿਹੜੇ ਇਸ ਤਿਆਰੀ ਤੋਂ ਬਿਨਾਂ ਤੁਰੇ ਉਹ ਰਾਹ ਵਿਚੋਂ ਮੁੜ ਆਏ। ਉਹ ਟੁਟ ਗਏ ਤੇ ਮੁਰਝਾਏ ਹੋਏ ਫੁੱਲ ਵਾਂਗ ਭੋਗਾਂ ਦੇ ਕੂੜੇ 'ਤੇ ਸੁਟੇ ਗਏ। ਇਹ ਸਭ ਕੁਝ ਹੋਇਆ ਪ੍ਰੀਤਮ ਦੇ ਚੋਜਾਂ ਰਾਹੀਂ। ਇਹ ਲੁਕਣ-ਮੀਚੀ ਦੀ ਆਖ਼ਰੀ ਖੇਡ ਸੀ, ਰੱਜ ਕੇ ਖੇਡੀ ਜਾਣੀ ਸੀ। ਇਹ ਗਲਵਕੜੀਆਂ ਪੈਣ ਦੀ ਆਖ਼ਰੀ ਵਾਰੀ ਸੀ, ਇਸ ਵਿਚ ਸ਼ੌਕ ਨੇ ਕੁਦਰਤੀ ਤੌਰ 'ਤੇ ਤੇਜ਼ ਹੋ ਜਾਣਾ ਸੀ:

ਵਾਇਦਾ ਏ ਵਸਲ ਚੂੰ ਸ਼ਵਦ ਨਜ਼ਦੀਕ ਆਤਸੇ ਸ਼ੌਕ ਤੇਜ਼ ਤਰ ਗਰਦਦ।

ਮਰਦ ਮੈਦਾਨ ਵਿਚ ਨਿੱਤਰੇ, ਰਵਾਂ ਹੋਏ ਤੇ ਰੋਕਾਂ ਵੀ ਆ ਗਈਆਂ। ਪਹਿਲਾਂ ਅਟਕਾ ਆ ਕੇ ਪਾਇਆ–ਟੁੱਟਿਆਂ ਹੋਇਆਂ ਦੇ ਰੌਲੇ-ਗੋਲੇ ਨੇ; ਹੁਟੇ ਹੋਏ ਲੋਕ ਛੇਲਾਂ ਦੀ ਚਾਲ ਵਿਚ ਤਰੁੱਟੀ ਲਿਆਉਣ ਦੇ ਜਤਨ ਕਰਨ ਲੱਗੇ, ਉਹਨਾਂ ਦੇ ਹੱਥ ਹਥਿਆਰ ਸਨ: ਤਾਹਨੇ, ਮੋਹਣੇ, ਨਾ-ਮਿਲਵਰਤਨ, ਨਿੰਦਿਆ ਤੇ ਗਿਲਾਨੀ। ਸਾਰੇ ਤੀਰ ਤਰਕਸ਼ ਵਿਚੋਂ ਕੱਢ ਖੜੋਤੇ ਪਰ ਪ੍ਰੇਮ-ਰਸ-ਮੱਤੇ ਮਾਹੀ ਦੇ ਮਤਵਾਲਿਆਂ ਨੇ ਇਕ ਨਾ ਗੋਲੀ। ਉਹਨਾਂ ਨੇ ਆਪਣੇ ਕਾਫ਼ਲਾ-ਸਰਦਾਰ ਦੇ ਰਾਹੀਂ ਐਲਾਨ ਕਰ ਦਿੱਤਾ, “ਅਸੀਂ ਲੋਕਾਂ ਦੀ ਉਸਤਤ ਨਿੰਦਾ ਨੂੰ ਅੱਗ ਵਿਚ ਫੂਕਦੇ ਹਾਂ, ਸਾਨੂੰ ਕੋਈ ਬੁਰਾ ਭਲਾ ਜੋ ਜੀਅ ਆਏ ਕਹਿ ਲਵੇ, ਅਸਾਂ ਤਾਂ ਆਪਣਾ ਪਾਸਾ ਵਿੱਛਾ ਦਿੱਤਾ ਹੈ।”

ਉਸਤਤਿ ਨਿੰਦਾ ਨਾਨਕ ਜੀ
ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥

(ਵਾਰ ਰਾਮਕਲੀ ਮ: ੫, ਪੰਨਾ ੯੬੩)

ਪੁਨਾ–

ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥

(ਦੇਵਗੰਧਾਰੀ ਮ: ੪, ਪੰਨਾ ੫੨੮)

ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ॥
ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ॥

(ਬਿਲਾਵਲੁ ਮ: ੫, ਪੰਨਾ ੮੦੮)

ਪੁਨਾ–

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥

(ਗਉੜੀ ਮ:੯, ਪੰਨਾ ੨੧੯)

ਪੁਠੀ ਖੱਲ ਲੁਹਾਂਦੇ ਹੋਏ ਸ਼ਮਸ ਨੇ ਕਿਹਾ, “ਮੈਨੂੰ ਕਹਿੰਦੇ ਨੇ, ਤੂੰ ਬਦਨਾਮ ਬੁਰਿਆਰ ਆਸ਼ਕ ਹੈਂ। ਮੈਂ ਮੁਕਰਦਾ ਨਹੀਂ ਤੇ ਇਕਰਾਰ ਕਰਦਾ ਹਾਂ ਕਿ ਤੁਸੀਂ ਸੱਚ ਕਹਿੰਦੇ ਹੋ।”

ਗੋਇਦ ਮਰਾ ਆਸ਼ਕੋਂ ਬਦਨਾਮ ਤੁਈ।
ਮੁਨਕਰ ਨਾ ਤਵਾਨਮ ਬੂਦ ਕਿ ਹਸਤਮ ਹਸਤਮ

ਖੁਸਰੋ ਬੋਲਿਆ, “ਖ਼ਲਕਤ ਕਹਿੰਦੀ ਹੈ, ਤੂੰ ਮੁਸਲਮਾਂ ਹੋ ਕੇ ਬੁੱਤ-ਪ੍ਰਸਤ ਹੈਂ।”

ਖਲਕ ਮੀਂ ਗੋਇਦ ਕਿ ਖੁਸਰੋ ਬੁਤ ਪ੍ਰਸਤੀ ਮੇਂ ਕੁਨਦ।
ਆਰ ਆਰੇ ਮੇਂ ਕੁਨਮ ਬਾ ਖਲਕੋ ਆਲਮ ਕਾਰ ਨੇਸਤ।

ਮੈਂ ਕਹਿੰਦਾ ਹਾਂ, ‘ਹੈਗਾ ਜੇ! ਹੈਗਾ ਜੇ!! ਮੇਰਾ ਤੁਹਾਡੇ ਨਾਲ ਕੀ ਕੰਮ।” ਅਤਾਰ ਨੇ ਆਖਿਆ, “ਮੈਨੂੰ ਮੋਮਨ, ਕਾਫ਼ਰ ਕਹਿ ਕੇ, ਗ਼ੈਰ ਮੁਸਲਮ ਦੀਨਦਾਰ ਆਖ ਤ੍ਰਿਸਕਾਰਦੇ ਨੇ, ਪਰ ਮੈਨੂੰ ਕੀ। ਮੈਂ ਤਾਂ ਦਰਦੇ-ਦਿਲ ਦਾ ਇਕ ਕਤਰਾ ਚਾਹੁੰਦਾ ਹਾਂ।”

ਕੁਫ਼ਰ ਕਾਫ਼ਰ ਰਾ, ਵਾਦੀਂ ਦੀਦਾਰ ਰਾ, ਕਤਰਾਏ, ਦਰਦੇ ਦਿਲੇ ਆਜ਼ਾਰ ਰਾ।

ਭਗਤ ਨਾਮਦੇਵ ਜੀ ਲਲਕਾਰ ਕੇ ਆਖਦੇ ਹਨ, “ਲੋਕੋਂ! ਮੇਰੀ ਨਿੰਦਾ ਕਰੋ, ਮੇਰਾ ਤਨ ਮਾਹੀ ਦਾ ਹੋ ਚੁੱਕਾ ਹੈ। ਮੈਨੂੰ ਤੇ ਨਿੰਦਾ ਪਿਆਰੀ ਲੱਗਦੀ ਹੈ।”

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ॥
ਤਨੁ ਮਨ ਰਾਮ ਪਿਆਰੇ ਜੋਗੁ॥

(ਭੈਰਉ ਨਾਮਦੇਉ, ਪੰਨਾ ੧੧੬੪)

ਪੁਨਾ–

ਨਿੰਦਾ ਜਨ ਕਉ ਖਰੀ ਪਿਆਰੀ॥

(ਗਉੜੀ ਕਬੀਰ, ਪੰਨਾ ੩੩੯)

ਇਹ ਉਸਤਤ ਨਿੰਦਾ ਤੋਂ ਬੇਪ੍ਰਵਾਹੀਆਂ, ਇਹ ਗਿਲਿਆਂ-ਤਾਹਨਿਆਂ ਤੋਂ ਬੇਨਿਆਜ਼ੀਆਂ, ਨਿਰਾ ਨਰ ਜਾਮੇ ਦਾ ਹਿੱਸਾ ਹੀ ਨਾ ਰਹੀਆਂ, ਸਗੋਂ ਮਲੂਕ ਸ਼੍ਰੇਣੀ ਨੇ ਵੀ ਪਿਆਰ ਪਿਆਲੇ ਪੀ, ਮਸਤੀ ਵਿਚ ਆ, ਲੋਕ-ਲਾਜ ਦੀਆਂ ਜ਼ੰਜੀਰਾਂ ਟੋਟੇ ਕਰ ਸੁੱਟੀਆਂ। ਇਹ ਸੂਰਤ ਦਾ ਫ਼ਰਕ ਤੇ ਜਿਨਸ ਦਾ ਭੇਦ, ਮਨੁੱਖਤਾ ਦੇ ਦੋ ਹਿਸੇ ਤਾਂ ਜਗਤ-ਮਰਯਾਦਾ ਕਾਇਮ ਕਰਨ ਹਿੱਤ ਮਾਲਕ ਨੇ ਬਣਾਏ ਸਨ, ਨਹੀਂ ਤੇ ਛਾਤੀਆਂ ਵਿਚ ਦਿਲ, ਦਿਲਾਂ ਵਿਚ ਜਜ਼ਬੇ, ਜਜ਼ਬੇ ਵਿਚ ਤਾਂਘ ਤੇ ਤਾਂਘ ਵਿਚ ਤੀਬਰਤਾ ਤਾਂ ਦੋਹਾਂ ਧਿਰਾਂ ਨੂੰ ਇਕੋ ਜਿਹੀ ਦਿੱਤੀ ਸੀ। ਇਰਾਕ ਦੀ ਰਾਬੀਆ, ਇਰਾਨ ਦੀ ਕੁਰਤੁਲ ਐਨ ਤੇ ਭਾਰਤ ਦੀ ਮੀਰਾ, ਇਸ ਸ਼ਰੇਣੀ ਦੀਆਂ ਸ਼ਾਹ ਸਵਾਰਾਂ ਦਿਸ ਆਉਂਦੀਆਂ ਹਨ। ਹਿੰਦਵੀਅਤ ਦੀ ਪੁਰਾਤਨਤਾ, ਰਾਜਪੂਤਾਂ ਦੇ ਕੁਲ ਅਭਿਮਾਨ ਅਤੇ ਆਮ ਜਨਤਾ ਦੀ ਡੰਡ-ਰੌਲੇ ਨੇ ਨਿੰਦਿਆ ਦੇ ਕਟਕ ਚਾੜ੍ਹੇ, ਤਾਹਨਿਆਂ ਦੇ ਤੀਰ ਮਾਰੇ, ਗਿਲਿਆਂ ਦੇ ਗੁਲੇਲੇ ਚਲਾਏ, ਪਰ ਮਤਵਾਲੀ ਮੀਰਾਂ ਨੇ ਕੋਈ ਪਰਵਾਹ ਨਾ ਕੀਤੀ। ਉਸਦਾ ਇਸ਼ਕ ਨਾ ਅਟਕਿਆ, ਉਸਦਾ ਪ੍ਰੇਮ ਪਿਛਾਂਹ ਨਾ ਮੁੜਿਆ। ਉਸ ਨੇ ਉਚੀ ਪੁਕਾਰ ਕੇ ਕਿਹਾ, “ਮੈਨੂੰ ਮੰਦੀ ਆਖ ਲਉ, ਕਮੀਨੀ ਕਹਿ ਲਉ, ਸੂਪਨਖ਼ਾ ਸਮਝ ਲਉ, ਮੈਨੂੰ ਇਸ ਤੇ ਉਸ ਜਹਾਨ ਵਿਚ ਅੱਗੇ ਪਿਛੇ ਤੋਂ ਟੁਟੀ ਹੋਈ ਜਾਣ ਲਉ, ਪਰ ਮੈਂ ਮਹਿਬੂਬ ਦੀ ਮੂਰਤੀ ਤੋਂ ਪ੍ਰਾਣ ਵਾਰ ਚੁਕੀ, ਬਉਰੀ, ਪ੍ਰੇਮ ਪੰਥ ਤੋਂ ਪਿਛੇ ਨਹੀਂ ਮੁੜ ਸਕਦੀ।

ਕੋਊਂ ਕਹੋ ਕੁਟਲਾ ਕੁਲੀਨ ਅ-ਕਲੀਨ ਕੋਊ,
ਕੋਊ ਕਹਿਓ ਲੰਕਨੀ ਕੁਲੰਕਨੀ ਕੁਨਾਰੀ ਹੂੰ।
ਊਧੋ ਮਾਤ ਲੋਕ ਦੇ ਲੋਕ ਪ੍ਰਲੋਕ ਹੂੰ ਮੈਂ,
ਰਹਿਤ ਹੂੰ ਅਲੋਕ ਲੋਕ ਲੋਕਨ ਸੇ ਨਿਆਰੀ ਹੂੰ।
ਤਨ ਜਾਹੋ ਧਨ ਜਾਹੋ, ਦੇਵ ਗੁਰੂ ਜਨ ਜਾਹੋ,
ਪ੍ਰਾਨ ਕਿਉਂ ਨਾ ਜਾਹੋ ਨੇਕ ਟਰਤ ਨ ਟਾਰੀ ਹੂੰ।
ਬਿੰਦਰਾ ਬਨਵਾਰੀ, ਬਨਵਾਰ ਕੇ ਮੁਕਟ ਵਾਰੀ,
ਪ੍ਰੀਤ ਪਟਵਾਰੀ ਵਾਕੀ ਮੂਰਤੀ ਕੇ ਵਾਰੀ ਹੂੰ।

ਅਟਕਾਂ ਦਾ ਅੰਤ ਏਥੇ ਹੀ ਨਾ ਹੋਇਆ। ਸੰਸਾਰ ਨਿੰਦਾ ਦੀ ਪਰਵਾਹ ਨਾ ਹੁੰਦੀ ਦੇਖ, ਗਿਲਿਆਂ ਦੀ ਗੱਲ ਨਾ ਗੌਲੀ ਜਾਂਦੀ ਤੱਕ, ਮੇਹਣਿਆਂ ਦੀ ਮਾਰ ਨਾ ਮੁੜਦੀ ਸਮਝ, ਹੋਰ ਭੀ ਹੋਛੇ ਹਥਿਆਰਾਂ 'ਤੇ ਉਤਰ ਪਿਆ। ਉਸ ਨੇ ਮਜ਼ਹਬ ਨੂੰ ਨਾਲ ਮਿਲਾ ਲਿਆ ਤੇ ਮਜ਼ਹਬ ਨੇ ਹਕੂਮਤਾਂ ਨੂੰ ਚੁੱਕਿਆ, ਸ਼ਰਹ ਦੇ ਜ਼ੇਰ ਤੇ ਰਾਜ-ਬਲ ਨੇ ਰਲ ਕੇ ਉਹ ਉਹ ਕਹਿਰ ਢਾਏ ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਮਨੁੱਖ-ਸੰਤਾਨ ਸ਼ਰਮਿੰਦੀ ਹੁੰਦੀ ਹੈ। ਆਸ਼ਕਾਂ ਨੂੰ ਆਰੇ ਹੇਠ ਰੱਖ ਚੀਰਨਾ, ਸਾਦਕਾਂ ਨੂੰ ਸਲੀਬ 'ਤੇ ਟੰਗਣਾ, ਸੋਹਣਿਆਂ ਨੂੰ ਸੂਲ਼ੀ ਚਾੜ੍ਹਨਾ, ਪਿਆਰ ਦੇ ਮੁਜੱਸਮੇ ਤੱਤੀਆਂ ਤਵੀਆਂ 'ਤੇ ਤਲਣੇ, ਗਰਮ ਦੇਗਾਂ ਵਿਚ ਉਬਾਲਣੇ, ਨੂਰੀਆਂ ਨੂੰ ਨਾਰ 'ਤੇ ਤੋਰਨਾ, ਇਹੋ ਜਿਹੀਆਂ ਹੋਰ ਬੇਅੰਤ ਦਰਦ-ਭਰੀਆਂ ਹੋਣੀਆਂ ਟੁੱਟੀ ਹੋਈ ਮਨੁੱਖਤਾ ਦੇ ਹੱਥੋਂ ਹੋਈਆਂ।

ਮਜ਼ਹਬ ਭਾਵੇਂ ਮੇਵਾ ਤਾਂ ਮਿੱਠਾ ਸੀ, ਪਰ ਅੰਗੂਰ ਨੂੰ ਤੱਰਕਾ, ਸ਼ਰਾਬ ਬਣਾ ਲੈਣ ਵਾਂਗ, ਮਜ਼ਹਬੀ ਪਰੋਹਤਾਂ ਨੇ ਇਸ ਨੂੰ ਤੱਰਕਾ, ਤੁਅੱਸਬ ਦੀ ਸ਼ਰਾਬ ਵਿਚ ਬਦਲ ਦਿੱਤਾ ਸੀ। ਜਿਸ ਦੇ ਨਸ਼ੇ ਕਰ ਬਿਬੇਕ-ਬੁੱਧ-ਹੀਣ ਪੁਜਾਰੀ ਧਰਮ ਦੇ ਨਾਮ ਤੋਂ ਧਰਮੀਆਂ ਨੂੰ ਮਾਰਦੇ, ਦੀਨ ਦੇ ਨਾਂ 'ਤੇ ਦੀਨਦਾਰਾਂ ਨੂੰ ਕਤਲ ਕਰਦੇ ਅਤੇ ਭਲੇ ਦੇ ਬਹਾਨੇ ਭਲਿਆਂ ਨੂੰ ਸਜ਼ਾਵਾਂ ਦੇਂਦੇ ਸਨ। ਇਸ਼ਕ ਦੇ ਇਤਿਹਾਸ ਵਿਚ ਤੱਤੇ ਥੰਮ੍ਹ ਨੂੰ ਜੱਫੀ ਪਾ ਰਿਹਾ ਮਾਸੂਮ ਪ੍ਰਹਿਲਾਦ, ਆਪਣਿਆਂ ਮੋਢਿਆਂ 'ਤੇ ਸਲੀਬ ਚੁਕੀ ਜਾ ਰਿਹਾ ਖ਼ਾਮੋਸ਼ ਈਸਾ, ਵੱਟਿਆਂ ਦੀ ਮਾਰ ਕਰਕੇ ਲੱਗੇ ਹੋਏ ਜ਼ਖ਼ਮਾਂ ਵਿਚੋਂ ਵਗੇ ਲਹੂ ਦੀ ਭਰੀ ਹੋਈ ਜੁੱਤੀ ਵਿਚ ਪੈਰ ਪਾਈ ਬੈਠਾ ਮੁਹੰਮਦ, ਸੁਰਖ਼ ਤਪੀ ਹੋਈ ਲੋਹ 'ਤੇ ਅਹਿੱਲ ਸ਼ਾਂਤ ਬੈਠੇ ਸ੍ਰੀ ਗੁਰੁ ਅਰਜਨ ਦੇਵ ਜੀ ਇਸ ਮੁਕੱਦਮੇ ਦੇ ਵੱਡੇ ਗਵਾਹ ਹਨ। ਪਰ ਇਹਨਾਂ ਗੱਲਾਂ ਨੇ ਕੁਝ ਅਸਰ ਨਾ ਕੀਤਾ; ਜਿਉਂ ਜਿਉਂ ਮਾਰਾਂ ਪਈਆਂ, ਉਹ ਹੋਰ ਮੱਚੇ, ਜਿਉਂ ਜਿਉਂ ਤਕਲੀਫ਼ਾਂ ਪਈਆਂ ਹੋਰ ਤਾਂਘੜੇ; ਜਿਉਂ ਜਿਉਂ ਦੁੱਖ ਆਏ ਹੋਰ ਅਗਾਂਹ ਨੂੰ ਦੌੜੇ; ਉਹਨਾਂ ਸੂਲ-ਸੁਰਾਹੀਆਂ ਅਤੇ ਖ਼ੰਜਰ-ਪਿਆਲੇ ਕਰ ਜਾਣੇ।

ਮੁਰਦਾ ਮਨੁੱਖ, ਮਿਰਤਕ ਸਰੀਰ ਦਾ ਮੁਦੱਈ ਸੀ। ਉਹ ਮੋਹ-ਮਾਰਿਆ ਮੰਨੀ ਬੈਠਾ ਸੀ ਕਿ ਤਨਾਂ ਦੇ ਟੁੱਟਣ ਨਾਲ ਨਿਹੁੰ ਵੀ ਟੁਟ ਜਾਏਗਾ, ਪਰ ਇਹ ਉਸਦੀ ਭੁੱਲ ਸੀ। ਇਸ ਭੁੱਲ ਦੀ ਚਿਤਾਵਨੀ ਘੁਮਿਆਰਾਂ ਦੀ ਕੁੜੀ ਸੋਹਣੀ ਨੇ ਛੱਲਾਂ ਮਾਰ ਰਹੇ ਝਨਾਂ ਨੂੰ ਕੇਹੀ ਸੋਹਣੀ ਕਰਾਈ ਸੀ, ਜਦੋਂ ਉਹ ਮੁਟਿਆਰ ਨੂੰ ਮਾਹੀ ਵੱਲ ਜਾਣ ਤੋਂ ਹੜਨ ਲਈ ਡੋਬਣ ਦੇ ਦਬਕੇ ਮਾਰ ਰਿਹਾ ਸੀ:

ਬੋੜ ਵੇ ਖਾਜਿਆ ਬੋੜ, ਕੀ ਬੋੜੇਂ ਮਾਸ ਤੇ ਹਡੀਆਂ।
ਸੋਹਣੀ ਵੈਸੀ ਜਾਨੀ ਕੋਲ, ਜਿਥੇ ਪ੍ਰੇਮ ਤਨਾਵਾਂ ਗੱਡੀਆਂ।

(ਭਾਈ ਵੀਰ ਸਿੰਘ)

ਇਸਦੀ ਹੀ ਗਵਾਹੀ ਮਕਬਰੇ ਵਿਚ ਮਸਤ ਸੁਤੀ ਪਈ ਹੀਰ ਵੱਲੋਂ ਕਿਸੇ ਕਵੀ ਨੇ ਦਿੱਤੀ ਸੀ:

ਬਾਂਕੇ ਸੀ ਤਨ ਸੋਹਣੇ ਸਾਡੇ, ਵਾਂਗਰ ਹਾਰ ਸ਼ਿੰਗਾਰਾਂ।
ਆ ਜਾਂਦੇ ਵਿਚਕਾਰ ਹਾਰ ਜਿਉਂ, ਮਿਲਣ ਨ ਦੇਂਦੇ ਯਾਰਾਂ।
ਭਲਾ ਭਇਆ ਤਨ ਤੁਟੇ ਸਾਡੇ, ਜਾਨ ਅਜਾਬੋਂ ਛੁਟੀ।
ਤਾ ਦਿਨ ਦੀ ਮਾਹੀ ਗਲ ਲਗਕੇ, ਨੈਨ ਨੀਂਦ ਭਰ ਸਤੀ।

(ਕਰਤਾ)

ਓੜਕ ਮੁਰਦਾ ਜੱਗ ਹਾਰਿਆ ਤੇ ਜੀਊਂਦੇ ਜਿਤੇ, ਉਹ ਬੇਪਰਵਾਹ ਹੋ ਅਗਾਂਹ ਵਧੀ ਗਏ। ਪ੍ਰੇਮ ਦੀਆਂ ਅਉਘਟ ਘਾਟੀਆਂ 'ਤੇ ਚੜ੍ਹਨ ਵਾਲਿਆਂ ਛੈਲਾਂ ਦਾ ਕੁਝ ਦੂਰ ਤਕ ਪਿੱਛਾ ਕੀਤਾ, ਪਰ ਓੜਕ ਹੁੱਟ ਕੇ ਬਹਿ ਗਿਆ। ਨਿਹੁੰ ਦੀ ਨੈਂ ਨੂੰ ਚੀਰਨ ਵਾਲੀਆਂ ਨੱਢੀਆਂ ਦੇ ਮਗਰ ਦੂਤੀ ਨਨਾਣਾਂ ਕੁਝ ਦੂਰ ਤਕ ਭੱਜੀਆਂ, ਪਰ ਆਖ਼ਰ ਰਹਿ ਗਈਆਂ। ਪੁੱਗੇ ਹੋਏ ਪ੍ਰੇਮੀ ਕੁਠਾਰੀ ਵਿਚੋਂ ਢਲੇ ਹੋਏ ਸੋਨੇ ਵਾਂਗ ਬਾਰ੍ਹਾਂ ਵੰਨੀ ਦੇ ਹੋ ਨਿਕਲੇ, ਪ੍ਰੀਤਾਂ ਦੀਆਂ ਬਾਜ਼ੀਆਂ ਪੁੱਗ ਗਈਆਂ।

ਰਾਨਾ ਜੀ ਜ਼ਹਿਰ ਦੀਨੀ ਮੋ ਜਾਨੀ,
ਜਬ ਲਗ ਕੰਚਨ ਕਸੀਏ ਨਾਹੀ, ਹੋਤ ਨਾ ਬਾਰਾ ਬਾਨੀ॥

(ਮੀਰਾ ਬਾਈ)

ਪ੍ਰੇਮੀ ਤੇ ਪ੍ਰੀਤਮ ਇਕ ਹੋ ਗਏ, ਜੀਵਨ ਮੁਕੰਮਲ ਹੋਇਆ, ਚੱਕਰ ਮੁੱਕ ਗਿਆ:

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥

(ਸਿਰੀਰਾਗੁ ਰਵਿਦਾਸ, ਪੰਨਾ ੯੩)

ਪੁਨਾ–

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥
ਅਨਲ ਅਗਮ ਜੈਸੇ ਲਹਰਿ ਮਇਓ ਦਧਿ ਜਲ ਕੇਵਲ ਜਲ ਮਾਹੀ।

(ਸੋਰਠਿ ਰਵਿਦਾਸ, ਪੰਨਾ ੬੫੭)

ਜੋਤ ਵਿਚ ਜੋਤ ਰਲੀ, ਸੂਰਜ ਕਿਰਨ ਮਿਲੀ, ਬੁਲਬੁਲਾ ਸਾਗਰ ਹੋ ਨਿੱਬੜਿਆ:

ਐ ਜ਼ਾਹਦ ਜ਼ਾਹਿਰ ਬੀ ਅਜ਼ ਕੁਰਬ ਚੇ ਪੁਰਸੀ।
ਓ ਦਰਮਨੋ ਮਨ ਦਰਵੇ ਚੂੰ ਦਰਯਾ ਬਾ ਹੁਬਾਬ ਅੰਦਰ।

ਏਸੇ ਹੀ ਬਾਜ਼ੀ ਨੂੰ ਖੇਡਣ ਦਾ ਨਾਮ ਪ੍ਰੇਮਾ ਭਗਤੀ, ਜਗਤ ਦੀ ਉਸਤਤ-ਨਿੰਦਾ, ਮਜ਼ਹਬ ਦੇ ਫ਼ਤਵਿਆਂ ਤੇ ਹਕੂਮਤ ਦੀਆਂ ਧਮਕੀਆਂ ਨੂੰ ਲਿਤਾੜ, ਇਕ-ਰਸ ਮਾਹੀ ਦੇ ਰਾਹ ਵਿਚ ਤੁਰੇ ਜਾਣ ਦਾ ਨਾਮ ਹੀ ਪ੍ਰੇਮ ਪਥ ਹੈ।

ਪੰਨਾ

ਭਾਣਾ

ਜਗਤ-ਰਚਨਾ ਵਿਚ ਇਹ ਨਿਯਮ ਸਾਫ਼ ਵਰਤਦਾ ਦਿੱਸ ਆਉਂਦਾ ਹੈ ਕਿ ਹਰ ਕੰਮ ਦੇ ਪਿਛੇ ਕੋਈ ਨਾ ਕੋਈ ਇਰਾਦਾ ਹੁੰਦਾ ਹੈ। ਸੰਸਾਰ ਦੀ ਕੋਈ ਵੀ ਹਰਕਤ ਇਰਾਦੇ ਤੋਂ ਖ਼ਾਲੀ ਨਹੀਂ। ਕੀੜੀ ਤੋਂ ਲੈ ਹਸਤੀ ਤਕ, ਜ਼ੱਰੇ ਤੋਂ ਲੈ ਪਹਾੜ ਤਕ ਅਤੇ ਕਤਰੇ ਤੋਂ ਲੈ ਸਾਗਰ ਤਕ, ਇਹੋ ਹੀ ਧਾਰਨਾ ਦਿਸ ਆਉਂਦੀ ਹੈ। ਇਰਾਦੇ ਦੇ ਅਧਾਰ 'ਤੇ ਹੀ ਕੰਮ ਦੀ ਸੂਰਤ ਪਰਖੀ ਜਾਂਦੀ ਹੈ। ਅਦਾਲਤਾਂ ਵੀ ਮੁਜਰਮਾਂ 'ਤੇ ਚੱਲਿਆਂ ਹੋਇਆਂ ਮੁਕੱਦਮਿਆਂ ਵਿਚ ਇਰਾਦੇ ਨੂੰ ਵੇਖ ਕੇ ਹੀ ਫ਼ੈਸਲਾ ਦੇਂਦੀਆਂ ਹਨ। ਜਿਸ ਤਰ੍ਹਾਂ ਸੰਸਾਰ ਦੇ ਹਰ ਕੰਮ ਵਿਚ ਕਿਸੇ ਨਾ ਕਿਸੇ ਵਿਅਕਤੀ ਦਾ ਇਰਾਦਾ ਕੰਮ ਕਰਦਾ ਹੈ, ਉਸੇ ਤਰ੍ਹਾਂ ਸੰਸਾਰ ਦੀ ਸਮੁੱਚੀ ਰਚਨਾ ਦੇ ਪਿਛੇ ਵਿਸ਼ਵ ਮਾਲਕ ਦਾ ਇਰਾਦਾ ਵਰਤਦਾ ਹੈ। ਸਮੁੱਚੀ ਕੁਦਰਤ ਕਾਦਰ ਦੀ ਚਲਾਈ ਚਲਦੀ ਹੈ। ਇਸ ਕਰਤਾਰ ਦੇ ਇਰਾਦੇ ਦੀ ਵਰਤੋਂ ਦਾ ਨਾਮ ਹੀ ਸਤਿਗੁਰਾਂ ਨੇ ਹੁਕਮ ਕਿਹਾ ਹੈ। ਹੁਕਮ ਵਿਚ ਹੀ ਸਭ ਕੁਛ ਹੈ, ਹੁਕਮ ਤੋਂ ਬਾਹਰ ਕੁਛ ਨਹੀਂ, ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲਦਾ:

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥

(ਜਪੁ ਜੀ ਸਾਹਿਬ, ਪੰਨਾ ੧)

ਕਈ ਵੇਰ ਇਹ ਵੀ ਭੁੱਲ ਲੱਗ ਜਾਂਦੀ ਹੈ ਕਿ ਜਾਨਦਾਰ ਤਾਂ ਇਰਾਦੇ ਨਾਲ ਕੰਮ ਕਰਦੇ ਹਨ, ਪਰ ਬੇਜਾਨ ਵਿਚ ਹਰਕਤ ਤੇ ਇਰਾਦਾ ਕਿਥੋਂ। ਗਹੁ ਨਾਲ ਤਕਿਆਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਚੇਤਨ ਹੀ ਆਪਣੇ ਇਰਾਦੇ ਦੇ ਬਲ ਨਾਲ ਜੜ੍ਹ ਵਿਚ ਹਰਕਤ ਪੈਦਾ ਕਰਦੀ ਹੈ। ਕੀ ਜਾਨਦਾਰਾਂ ਦੇ ਤਨ ਜੋ ਹਰਕਤ ਕਰਦੇ ਦਿਸਦੇ ਹਨ, ਪ੍ਰਕਿਰਤੀ ਦੇ ਤੱਤਾਂ ਤੋਂ ਨਹੀਂ ਬਣੇ ਹੋਏ? ਕੀ ਉਹ ਚੇਤਨ ਜੋਤੀ ਤੋਂ ਬਿਨਾਂ ਜੜ੍ਹ ਨਹੀਂ? ਉਹ ਨਿਸਚੇ ਹੀ ਹਨ। ਇਹ ਸਾਫ਼ ਸਿੱਧ ਹੋ ਗਿਆ ਹੈ ਕਿ ਚੇਤਨ ਸੱਤਾ ਹੀ ਆਪਣੇ ਇਰਾਦੇ ਨਾਲ ਜੜ੍ਹ ਨੂੰ ਚਲਾਉਂਦੀ ਹੈ। ਸੋ, ਜਿਸ ਤਰ੍ਹਾਂ ਸਰੀਰ ਵਿਚ ਵਿਆਪੀ ਹੋਈ ਚੇਤਨਤਾ ਜੜ੍ਹ ਸਰੀਰ ਵਿਚ ਹਰਕਤ ਪੈਦਾ ਕਰਦੀ ਹੈ, ਉਸੇ ਤਰ੍ਹਾਂ ਹੀ ਸਰਬ-ਵਿਆਪਕ ਚੇਤਨਤਾ ਸਮੁਚੇ ਹੀ ਕੁਦਰਤ ਵਿਚ ਹਰਕਤ ਪੈਦਾ ਕਰ ਰਹੀ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਜਾਤਾ ਹੈ, ਉਹਨਾਂ ਨੂੰ ਵਣ-ਤ੍ਰਿਣ ਵਿਚ ਉਹ ਆਪ ਵਿਆਪ ਕੇ ਕੰਮ ਕਰ ਰਿਹਾ ਦਿੱਸ ਪੈਂਦਾ ਹੈ:

ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥

(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੩)

ਹਰ ਭਾਰੇ ਕਾਰਖ਼ਾਨੇ ਵਿਚ ਲੱਗੀ ਹੋਈ ਮਸ਼ੀਨਰੀ ਨੂੰ ਚਲਾਉਣ ਵਾਸਤੇ ਉਸ ਦੇ ਹਰ ਪੁਰਜ਼ੇ ਦਾ ਆਪਣੇ ਮਹਿਵਰ (ਕੇਂਦਰ) ਨਾਲ ਜੁੜੇ ਰਹਿਣਾ ਤੇ ਉਸ ਦੀ ਚਾਲ ਨਾਲ ਇਕ ਚਾਲ ਹੋਣਾ ਜ਼ਰੂਰੀ ਹੈ। ਜੇ ਕੁਝ ਪੁਰਜ਼ੇ ਢਿੱਲੇ ਹੋਣ ਜਾਂ ਬਾਹਲੇ ਕੱਸੇ ਜਾਣ ਕਰਕੇ ਆਪਣੀ ਚਾਲ ਨੂੰ ਕੇਂਦਰੀ ਚਾਲ ਤੋਂ ਵੱਧ ਘੱਟ ਕਰਨ ਤਾਂ ਮਸ਼ੀਨਰੀ ਜ਼ਰੂਰ ਖ਼ਰਾਬ ਹੋ ਜਾਂਦੀ ਹੈ ਤੇ ਆਖ਼ਰ ਕਾਰੀਗਰਾਂ ਨੂੰ ਅਜਿਹੇ ਪੁਰਜ਼ੇ ਦਰੁਸਤ ਕਰਨੇ ਜਾਂ ਕਢ ਦੇਣੇ ਪੈਂਦੇ ਹਨ। ਕੇਂਦਰ ਦੀ ਚਾਲ ਨਾਲ ਆਪਣੀ ਚਾਲ ਨੂੰ ਮਿਲਾਉਣ ਦਾ ਨਿਯਮ ਨਿਰਾ ਮਸ਼ੀਨਰੀ ਵਿਚ ਹੀ ਕੰਮ ਨਹੀਂ ਕਰਦਾ, ਸਗੋਂ ਸੰਸਾਰ ਦੇ ਵਡੇ ਵਡੇ ਕਾਰਖ਼ਾਨੇ ਵੀ ਏਸੇ ਹੀ ਨਿਯਮ 'ਤੇ ਚਲ ਸਫਲ ਹੋ ਰਹੇ ਹਨ।

ਪੰਜਾਬ ਦੇ ਗਰਮੀ ਦੇ ਮੌਸਮ, ਕੋਠੇ 'ਤੇ ਮੰਜੀਆਂ ਵਿਛਾ ਲੇਟੇ ਪਏ ਲੋਕ, ਹਨੇਰੀ ਰਾਤ ਨੂੰ ਜਦ ਕੋਈ ਤਾਰਾ ਟੁੱਟਦਾ ਦੇਖਦੇ ਹਨ ਤਾਂ ਅਸਚਰਜ ਹੋ ਰੱਬ ਰੱਬ ਕਰ ਉੱਠਦੇ ਹਨ। ਹੈਰਾਨ ਹੋਣ ਭੀ ਕਿਉਂ ਨਾ, ਟੁੱਟਣ ਵਾਲਾ ਤਾਰਾ ਜੋ ਇਕ ਅੱਖ ਦੇ ਪਲਕਾਰੇ ਦੀ ਚਮਕ ਵਿਖਾ ਜ਼ੱਰਾ ਜ਼ੱਰਾ ਹੋ ਫ਼ਿਜ਼ਾ ਵਿਚ ਸਮਾ ਗਿਆ। ਅਸਲ ਵਿਚ ਸਾਡੀ ਧਰਤੀ ਵਰਗੀ ਕੋਈ ਧਰਤੀ, ਚੰਨ ਵਰਗਾ ਕੋਈ ਚੰਨ ਜਾਂ ਸੂਰਜ ਸੀ, ਜੋ ਘੱਟ ਤੋਂ ਘੱਟ ਸਾਡੀ ਧਰਤੀ ਜਿੱਡਾ ਜ਼ਰੂਰ ਸੀ, ਤਾਂ ਵੀ ਉਸ ਵਿਚ ਏਸ਼ੀਆ, ਯੂਰਪ, ਅਮਰੀਕਾ, ਅਫ਼ਰੀਕਾ ਵਰਗੇ ਕਈ ਦੀਪ, ਦੀਪਾਂ ਵਿਚ ਕਈ ਦੇਸ਼, ਦੇਸ਼ਾਂ ਵਿਚ ਕਈ ਸ਼ਹਿਰ, ਸ਼ਹਿਰਾਂ ਵਿਚ ਕਈ ਆਲੀਸ਼ਾਨ ਮਹਲ, ਮਹਲਾਂ ਵਿਚ ਕਈ ਸੁੰਦਰ ਵਾਸੀ, ਸਮੁੰਦਰ, ਪਹਾੜ, ਨਦੀਆਂ, ਨਾਲੇ, ਚਸ਼ਮੇ, ਝੀਲਾਂ, ਨਹਿਰਾਂ, ਡੰਡੀਆਂ, ਰਾਹ, ਸੜਕਾਂ, ਜੀਅ-ਜੰਤ, ਕੀੜੇ-ਮਕੌੜੇ ਬੇਅੰਤ ਸਮਾਜ ਅੱਖ ਦੇ ਪਲਕਾਰੇ ਵਿਚ ਕਿਉਂ ਨਸ਼ਟ ਹੋ ਗਏ? ਇਸ ਦਾ ਜੁਆਬ ਵਿਗਿਆਨਕ ਇਕੋ ਹੀ ਦੇਂਦਾ ਹੈ ਕਿ ਟੁੱਟਣ ਵਾਲੇ ਤਾਰੇ ਦੀ ਚਾਲ ਵਿਚ ਫ਼ਰਕ ਆ ਗਿਆ, ਉਹ ਨਿਜ਼ਾਮ ਸ਼ਮਸੀ ਦੀ ਕੇਂਦਰੀ ਚਾਲ ਨਾਲ ਰਲ ਕੇ ਤੁਰਨੋਂ ਰਹਿ ਗਿਆ। ਇਸ ਕਰਕੇ ਕੁਦਰਤ ਵਲੋਂ ਮਿਟਾ ਦਿੱਤਾ ਗਿਆ, ਕੇਂਦਰ ਨਾਲ ਰਲ ਕੇ ਹੀ ਬਚ ਸਕਦਾ ਸੀ, ਚਾਲੋਂ ਉਖੜਿਆ ਤੇ ਗਿਆ।

ਜਿਸ ਤਰ੍ਹਾਂ ਪੁਰਜ਼ਿਆਂ ਨੂੰ ਮਸ਼ੀਨ ਦੇ ਕੇਂਦਰ ਨਾਲ, ਸਿਤਾਰਿਆਂ ਨੂੰ ਸੂਰਜ ਨਾਲ, ਦਰਖ਼ਤ ਦੇ ਹਰ ਪੱਤੇ ਨੂੰ ਜੜ੍ਹ ਨਾਲ ਆਪਣੀ ਚਾਲ ਰਲਾ ਕੇ ਤੁਰਿਆਂ ਹੀ ਸਹੀ ਜੀਵਨ ਮਿਲ ਸਕਦਾ ਹੈ, ਓਦਾਂ ਹੀ ਮਨੁੱਖ ਨੂੰ ਭੀ ਮਾਲਕ ਦੀ ਰਜ਼ਾ ਨਾਲ ਮਿਲ ਕੇ ਚਲਿਆਂ ਹੀ ਮਾਣ ਮਿਲ ਸਕਦਾ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਪਛਾਤਾ ਹੈ, ਉਹਨਾਂ ਨੇ ਜੀਵਨ ਭਰ ਆਪਣੀ ਚਾਲ ਸੰਜਮ ਵਿਚ ਰਖਣ ਦਾ ਜਤਨ ਕੀਤਾ ਹੈ। ਅਜਿਹੇ ਲੋਕ ਹੀ ਭਾਣਾ ਮੰਨਣ ਵਾਲੇ ਸਾਬਰ ਤੇ ਸ਼ਾਕਰ ਰਹਿ, ਜੀਵਨ ਦੀ ਸਫਲਤਾ ਨੂੰ ਪ੍ਰਾਪਤ ਹੋਏ ਹਨ। ਜਿਨ੍ਹਾਂ ਨੇ ਉਸਦੀ ਰਜ਼ਾ ਨੂੰ ਪਛਾਤਾ ਹੈ, ਉਹਨਾਂ ਆਪਣਾ ਅਭਿਮਾਨ ਤਜ, ਜੋ ਕੁਝ ਪ੍ਰਭੂ ਵਲੋਂ ਹੋਇਆ ਉਸ ਨੂੰ ਭਲਾ ਕਰ ਮੰਨਿਆ ਹੈ। ਦਿਨ ਰਾਤ ਉਸਦੀ ਵਡਿਆਈ ਕਰ ਲੰਘਾਇਆ ਹੈ, ਉਹਨਾਂ ਨੂੰ ਹੀ ਜੀਵਨ ਦਾ ਪੂਰਨ ਸੁਆਦ ਪ੍ਰਾਪਤ ਹੋਇਆ ਹੈ:

ਹੋਵੈ ਸੋਈ ਭਲ ਮਾਨੁ॥ ਆਪਨਾ ਤਜਿ ਅਭਿਮਾਨੁ॥
ਦਿਨੁ ਰੈਨਿ ਸਦਾ ਗੁਨ ਗਾਉ ॥ ਪੂਰਨ ਇਹੀ ਸੁਆਉ॥

(ਰਾਮਕਲੀ ਮ: ੫, ਪੰਨਾ ੮੯੫)

ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਅਜਿਹੇ ਆਦਮੀਆਂ ਤੋਂ ਕੁਰਬਾਨ ਹਾਂ:

ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ॥

(ਭਾਈ ਗੁਰਦਾਸ ਜੀ, ਵਾਰ ੧੨, ਪਉੜੀ ੩)

ਅਸਲ ਵਿਚ ਉਹ ਲੋਕ ਹੈਨ ਹੀ ਧੰਨ, ਜੋ ਭਾਣੇ ਵਿਚ ਸ਼ਾਕਰ ਰਹਿ, ਸ਼ੁਕਰਾਨੇ ਵਿਚ ਦਿਨ ਬਿਤਾਂਦੇ ਹਨ। ਮਾਇਆ ਦੀਆਂ ਠੋਕਰਾਂ ਕਦਮ-ਕਦਮ 'ਤੇ ਮਨੁੱਖ ਨੂੰ ਉਖੇੜਦੀਆਂ ਹਨ। ਮਾਇਆ ਕਦੀ ਕੋਲ ਹੋ ਮਨੁੱਖ ਨੂੰ ਹਸਾਂਦੀ ਅਤੇ ਕਦੇ ਪਰੇ ਹਟ ਗ਼ਰੀਬ ਨੂੰ ਰੁਆਂਦੀ ਹੈ, ਪਰ ਰਜ਼ਾ ਦੇ ਸ਼ਾਕਰ ਲੋਕ, ਇਸ ਸ਼ਾਦੀ ਔਰ ਗ਼ਮੀ ਨੂੰ ਆਰਜ਼ੀ ਜਾਣ, ਮਾਲਕ ਦੇ ਚੋਜ ਮੰਨ ਉਸਦੀ ਸਿਫ਼ਤ ਵਿਚ ਜੁੜ ਜਾਂਦੇ ਹਨ:

ਜੋ ਹੰਸ ਰਹਾ ਹੈ ਵੋਹ ਹੰਸ ਰਹੇਗਾ।
ਜੋ ਰੋ ਰਹਾ ਹੈ ਵਹੁ ਰੋ ਰਹੇਗਾ।
ਸਕੂਨੇ ਦਿਲ ਸੇ ਖ਼ੁਦ ਖ਼ੁਦਾ ਕਰ
ਜੋ ਕੁਛ ਕਿ ਹੋਨਾ ਹੈ ਹੋ ਰਹੇਗਾ।

ਉਹਨਾਂ ਦਾ ਜੀਵਨ ਹੱਸਣ ਰੋਣ ਤੋਂ ਉਤਾਂਹ ਰਹਿ ਸੰਜੀਦਾ ਹੁੰਦਾ ਹੈ:

ਸੇਵਕ ਹੋਇ ਸੰਜੀਦੁ ਨ ਹਸਣੁ ਰੋਵਣਾ।

(ਭਾਈ ਗੁਰਦਾਸ ਜੀ, ਵਾਰ ੩, ਪਉੜੀ ੧੮)

ਉਹ ਇਕ-ਰਸ ਅਡੋਲ ਟਿਕੇ ਰਹਿੰਦੇ ਹਨ।

ਮਨੁੱਖ ਆਮ ਤੌਰ 'ਤੇ ਰੇਤ ਦੇ ਟਿਬੇ ਵਾਂਗ ਹਨ, ਜਿਨ੍ਹਾਂ ਨੂੰ ਤ੍ਰਿਸ਼ਨਾ ਦੀ ਹਨੇਰੀ ਦਾ ਇਕ ਬੁਲ੍ਹਾ ਜਾਂ ਮਾਇਆ ਦੇ ਮੀਂਹ ਦਾ ਇਕ ਫਰਾਟਾ ਉਡਾ ਤੇ ਬਹਾ ਲਿਜਾਂਦਾ ਹੈ। ਪਰ ਸਾਦਕਾਂ ਦੇ ਮਨ ਚੱਟਾਨਾਂ ਹਨ, ਉਹ ਝੱਖੜਾਂ ਤੇ ਹਨੇਰੀਆਂ ਨਾਲ ਨਹੀਂ ਡੋਲਦੇ:

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥

(ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੮)

ਜਿਸ ਤਰ੍ਹਾਂ ਸਾਗਰ ਦੀਆਂ ਲਹਿਰਾਂ, ਕਿਨਾਰੇ 'ਤੇ ਖੜੀਆਂ ਪੱਥਰਾਂ ਦੀਆਂ ਚੱਟਾਨਾਂ ਜਾਂ ਸੀਮਿੰਟ ਦੀਆਂ ਦੀਵਾਰਾਂ ਨਾਲ ਟੱਕਰਾਂ ਮਾਰ ਮਾਰ ਮੁੜ ਜਾਂਦੀਆਂ ਹਨ ਤੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀਆਂ, ਸਗੋਂ ਹਰ ਟੱਕਰ ਨਾਲ ਉਹਨਾਂ ਨੂੰ ਧੋ ਨਵਾਂ ਰੂਪ ਦੇ ਜਾਂਦੀਆਂ ਹਨ। ਓਦਾਂ ਹੀ ਮੋਹ ਮਾਇਆ ਦੇ ਝੱਖੜ, ਸਮੇਂ ਦੇ ਤੂਫ਼ਾਨ, ਬਲਾਵਾਂ ਤੇ ਮੁਸੀਬਤਾਂ, ਭਾਣੇ ਦੇ ਅਨੁਸਾਰ ਰਹਿਣ ਵਾਲੇ ਬਲੀਆਂ ਦਾ ਕੁਝ ਵਿਗਾੜ ਨਹੀਂ ਸਕਦੇ ਸਗੋਂ ਹਰ ਮੁਕਾਮ 'ਤੇ ਉਹਨਾਂ ਨੂੰ ਨਵਾਂ ਉਤਸ਼ਾਹ ਦੇ ਜਾਂਦੇ ਹਨ।

ਸੰਸਾਰ ਦਾ ਇਤਿਹਾਸ ਅਜਿਹੇ ਮਹਾਂਪੁਰਖਾਂ ਦੇ ਜੀਵਨ ਕਰਕੇ ਹੀ ਬਣਿਆ ਹੈ। ਜਗਤ ਦੀ ਆਮ ਵਰਤੋਂ ਪਾਣੀ ਦੀ ਸਹਿਜ ਚਾਲ ਵਾਂਗ ਹੈ, ਪਰ ਜਿਸ ਤਰ੍ਹਾਂ ਚਲਦੀ ਹੋਈ ਨਦੀ ਰਸਤੇ ਵਿਚ ਕੋਈ ਰੋਕ ਜਾਂ ਨਸ਼ੇਬ ਆ ਜਾਣ ਕਰਕੇ ਉੱਚੀਆਂ ਆਬਸ਼ਾਰਾਂ ਬਣਾ, ਦਰਸ਼ਕਾਂ ਲਈ ਇਕ ਅਲੌਕਿਕ ਦ੍ਰਿਸ਼ ਪੈਦਾ ਕਰ ਦੇਂਦੀਆਂ ਹਨ। ਓਦਾਂ ਹੀ ਸਮੇਂ ਦੀ ਸਾਧਾਰਨ ਚਲ ਰਹੀ ਚਾਲ ਵਿਚ ਭਾਣਾ ਮੰਨਣ ਵਾਲੇ ਮਨੁੱਖਾਂ ਦੇ ਜੀਵਨ ਅਲੌਕਿਕ ਦ੍ਰਿਸ਼ ਪੈਦਾ ਕਰਦੇ ਹਨ। ਉਹਨਾਂ ਕਰਕੇ ਹੀ ਸੰਸਾਰ ਦਾ ਇਤਿਹਾਸ ਬਣਦਾ ਹੈ।

ਰਜ਼ਾ ਦੇ ਅਨੁਸਾਰ ਜੀਵਨ ਬਸਰ ਕਰਨਾ, ਜਿਤਨਾ ਉੱਚਾ ਹੈ ਉਤਨਾ ਔਖਾ ਭੀ ਹੈ। ਕਠਨ ਤਪ ਤਾਂ ਅਭਿਆਸ ਨਾਲ ਪ੍ਰਾਪਤ ਹੁੰਦਾ ਹੈ। ਹੋਵੇ ਭੀ ਕਿਉਂ ਨਾ, ਸੰਸਾਰ ਦੀ ਕਿਹੜੀ ਉੱਚ-ਵਿੱਦਿਆ ਹੈ, ਜੋ ਭਾਰੇ ਅਭਿਆਸ ਬਿਨਾਂ ਪ੍ਰਾਪਤ ਹੋ ਸਕੇ, ਤੇ ਜੀਵਨ ਜੁਗਤੀ ਤਾਂ ਸਭ ਤੋਂ ਉਚੇਰੀ ਚੀਜ਼ ਹੈ। ਫਿਰ ਇਹ ਭਾਰੀ ਘਾਲ ਕਿਉਂ ਨਾ ਮੰਗੇ, ਜੀਂਵਦਿਆਂ ਮਰ ਰਹਿਣ ਦੀ ਜਾਚ ਸਿੱਖਣੀ, ਹੈ ਤਾਂ ਅਤਿ ਕਠਨ, ਪਰ ਜੇ ਆ ਜਾਵੇ ਤਾਂ ਮੌਤ ਪਿਛੋਂ ਅਮਰ ਜੀਵਨ ਲਭਦਾ ਹੈ। ਜਨਮ ਸਾਖੀ ਵਿਚ ਆਇਆ ਹੈ, ਜਦ ਮੁਸਲਮਾਨ ਸੂਫ਼ੀ ਦਰਵੇਸ਼ਾਂ ਨੇ ਬਾਬਾ ਨਾਨਕ ਜੀ ਤੋਂ ਪੁਛਿਆ, “ਫ਼ਕੀਰੀ ਦਾ ਆਦਿ ਕੀ ਹੈ ਤੇ ਅੰਤ ਕੀ?" ਤਾਂ ਬਾਬਾ ਜੀ ਨੇ ਉੱਤਰ ਦਿੱਤਾ, "ਫ਼ਕੀਰੀ ਦਾ ਆਦਿ ਫ਼ਨਾਹ ਹੈ ਤੇ ਅੰਤ ਬਕਾ।” ਆਰੰਭ ਮੌਤ ਤੇ ਅੰਤ ਅਮਰ ਪਦ। ਇਹ ਮਰਨ ਜਾਚ ਆਸਾਨੀ ਨਾਲ ਨਹੀਂ ਆ ਸਕਦੀ। ਮਿੱਟੀ ਦੀ ਮੜੋਲੀ ਨਾਲ ਮੋਹ ਪਾਈ ਬੈਠਾ ਮਨੁੱਖ, ਮਰਨ ਤੋਂ ਡਰਦਾ ਹੈ। ਡਰ ਕੇ ਕਾਇਰ ਹੋਇਆ ਹੋਇਆ, ਮਰਨ ਤੋਂ ਪਹਿਲਾਂ ਰੋਜ਼ ਮਰਦਾ ਤਾਂ ਹੈ ਪਰ ਮਰਨ ਨਹੀਂ ਜਾਣਦਾ, ਕੋਈ ਸੂਰਮੇ ਮਨੁੱਖ ਹੀ ਮਰਨ ਜਾਣਦੇ ਹਨ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥

(ਸਲੋਕ ਕਬੀਰ ਜੀ, ਪੰਨਾ ੧੩੬੫)

ਕਿਸੇ ਮਹਿਫ਼ਲ ਵਿਚ ਇਕ ਮੌਲਵੀ ਸਾਹਿਬ ਵਾਅਜ਼ ਫ਼ੁਰਮਾ ਰਹੇ ਸਨ। ਉਹ ਬਾਰ ਬਾਰ ਮੌਤ ਦਾ ਭੈ ਦੇਂਦੇ ਤੇ ਦੋਜ਼ਖ਼ ਦੀ ਅੱਗ ਤੋਂ ਡਰਾਉਂਦੇ ਸਨ। ਇਕ ਹਿੰਦੂ ਨੇ ਸੁਣ ਕੇ ਕਿਹਾ, “ਮੀਆਂ ਇਹ ਕੀ ਕਿੱਸੇ ਛੇੜੇ ਨੀ? ਮਰਨ ਦੀਆਂ ਗੱਲਾਂ ਕੀ ਕਰਨਾ ਏਂ? ਇਹ ਤੇ ਮੈਨੂੰ ਅਗੇ ਹੀ ਪਤਾ ਹੈ ਕਿ ਇਕ ਦਿਨ ਮਰ ਜਾਸਾਂ।”

ਮੈਂ ਅੰਜਾਮ ਅਪਨੇ ਸੇ ਅਗਾਹ ਹੂੰ ਨਾਸੇਹ
ਕਿ ਇਕ ਰੋਜ਼ ਮਰ ਜਾਊਂਗਾ ਬਸ ਯਹੀ ਨਾ।

ਮੈਨੂੰ ਮਰਨ ਦੇ! ਸ਼ਾਇਦ ਉਥੋਂ ਹੀ ਜੀਵਨ ਲਭੇ ਕਿਉਂਕਿ ਡਿਗਿਆਂ ਨੂੰ ਹੀ ਉਠਣ ਦੇ ਬਲ ਸੁਝਦੇ ਹਨ। ਰੋਕਾਂ ਹੀ ਉੱਦਮ ਦੇਂਦੀਆਂ, ਪਸਤੀਆਂ ਹੀ ਉਠਾਂਦੀਆਂ ਤੇ ਤਨੱਜ਼ਲੀਆਂ (ਗਿਰਾਵਟਾਂ) ਹੀ ਤਰੱਕੀ ਦੇ ਰਾਹ ਖੋਲ੍ਹਦੀਆਂ ਹਨ:

ਤਨੱਜ਼ਲ ਕੀ ਮੈਂ ਇਨਤਹਾ ਚਾਹਤਾ ਹੂੰ।
ਕਿ ਸ਼ਾਇਦ ਵਹੀਂ ਹੋ ਤਰੱਕੀ ਕਾ ਜ਼ੀਨਾ।

ਸੋ ਮਹਾਂਪੁਰਖ ਮੌਤ ਤੋਂ ਜ਼ਿੰਦਗੀ ਲਭਦੇ ਹਨ, ਉਨ੍ਹਾਂ ਦੀ ਮੌਤ ਸਰੀਰ ਦੇ ਵਿਛੋੜੇ ਤੋਂ ਸ਼ੁਰੂ ਨਹੀਂ ਹੁੰਦੀ, ਮੈਂ ਮੇਰੀ ਦੀ ਤਿਆਗ ਤੋਂ ਆਰੰਭ ਹੁੰਦੀ ਹੈ। ਉਹ ਮਹਾਂ ਬਲੀ ਮੋਹ ਨਾਲ ਲੜਦੇ ਹਨ, ਹਉਮੈ ਨੂੰ ਪਛਾੜਦੇ ਹਨ ਤੇ ਓੜਕ ਮੇਰ ਮੇਰ ਮੁਕਾ, ਮੈਂ ਤੂੰ ਦੀ ਹੱਦ ਟਪ, ਪਰਮ ਆਪੇ ਵਿਚ ਆਪਾ ਸਮਾ ਲੈਂਦੇ ਹਨ:

ਉਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ॥
ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ॥

(ਧਨਾਸਰੀ ਮ: ੫, ਪੰਨਾ ੬੭੨)

ਜਿਸ ਤਰ੍ਹਾਂ ਹਰ ਵਿਗਿਆਨਕ ਵੱਡੀਆਂ ਕਾਢਾਂ ਜਗਤ ਦੇ ਸਾਹਮਣੇ ਧਰਨ ਤੋਂ ਪਹਿਲਾਂ, ਆਪਣੀ ਤਜਰਬਾਗਾਹਾਂ ਵਿਚ ਤਜਰਬੇ ਕਰਦਾ ਹੈ। ਸਟੀਫ਼ਨ ਨੇ ਜਿਸ ਤਰ੍ਹਾਂ ਪਹਿਲਾਂ ਰੇਲ ਦਾ ਛੋਟਾ ਜਿਹਾ ਇੰਜਣ ਆਪਣੀ ਮੇਜ਼ 'ਤੇ ਚਲਾ ਕੇ ਵੇਖਿਆ ਸੀ, ਉਸੇ ਤਰ੍ਹਾਂ ਮਹਾਂਪੁਰਖ ਭਾਣੇ ਅਨੁਸਾਰ ਜੀਵਨ ਢਾਲਣ ਦੇ ਮੁਢਲੇ ਤਜਰਬੇ ਪੀਰ-ਮੁਰੀਦੀ ਦੇ ਪਹਾਰੇ ਵਿਚ ਬਹਿ ਕੇ ਕਰਦੇ ਹਨ। ਉਹ ਪਹਿਲੇ ਆਪਣੀ ਰਜ਼ਾ ਨੂੰ ਮੁਰਸ਼ਦ ਦੀ ਰਜ਼ਾ ਵਿਚ ਢਾਲਦੇ ਹਨ। ਉਹ ਆਪਣੇ ਮਨ ਦੀ ਮੱਤ ਤਿਆਗ ਤੇ ਦੂਜਾ ਭਾਉ ਵਿਸਾਰ ਮੁਰਸ਼ਦ ਦੀਆਂ ਖ਼ੁਸ਼ੀਆਂ ਲੈਂਦੇ ਹਨ:

ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥

(ਸੂਹੀ ਮ: ੫, ਪੰਨਾ ੭੬੩)

ਉਹ ਸੁਹਾਗਣ ਇਸਤਰੀਆਂ ਵਾਂਗ ਮਾਣ, ਤਾਣ ਤੇ ਅਹੰ ਬੁਧ ਨੂੰ ਤਿਆਗਦੇ ਹਨ:

ਮਾਣੁ ਤਾਣੁ ਅਹੰਬੁਧਿ ਹਤੀ ਰੀ॥ ਸਾ ਨਾਨਕ ਸੋਹਾਗਵਤੀ ਰੀ॥

(ਸੂਹੀ ਮ: ੫, ਪੰਨਾ ੭੩੯)

ਉਹ ਗੁਰੂ ਦੀ ਖ਼ੁਸ਼ੀ ਵਿਚ ਹੀ ਆਪਣੀ ਖੁਸ਼ੀ ਮੰਨਦੇ ਹਨ। ਹੁਕਮੀ ਕਾਰ ਕਰਨਾ, ਜੋ ਕਹੇ, ਭਲਾ ਕਰ ਮੰਨਣਾ, ਜੀਵਨ ਕਰਤਵ ਬਣਾਂਦੇ ਹਨ। ਉਹਨਾਂ ਦਾ ਆਪਣਾ ਪ੍ਰੋਗ੍ਰਾਮ ਕੋਈ ਨਹੀਂ ਰਹਿੰਦਾ। ਜੇ ਮਾਲਕ ਪੀਏ ਤਾਂ ਪਾਣੀ ਲਿਆਉਣਾ, ਜੇ ਖਾਏ ਤਾਂ ਆਟਾ ਪੀਹਣ ਲਗ ਪੈਣਾ, ਉਹਨਾਂ ਦੀ ਕਾਰ ਹੁੰਦੀ ਹੈ:

ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ ਪੀਸਣ ਜਾਉ॥

(ਮਾਰੂ ਮ: ੧, ਪੰਨਾ ੯੯੧)

ਉਹ ਸਾਰੀਆਂ ਦਲੀਲਾਂ ਤੇ ਹੁੱਜਤਾਂ ਛੱਡ ਕਿਸੇ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਜਾਚ ਸਿੱਖਦੇ ਹਨ ਤੇ ਓੜਕ ਇਕ ਦਿਨ ਮੁਰਸ਼ਦ ਦੇ ਆਪੇ ਵਿਚ ਨਿਜ ਆਪਾ ਪਾ, ਉਸਦਾ ਅੰਗ ਬਣ ਜਾਂਦੇ ਹਨ। ਕੌਣ ਨਹੀਂ ਜਾਣਦਾ ਕਿ ਬਾਬਾ ਸ੍ਰੀ ਚੰਦ ਜੀ ਮਹਾਨ ਤਪੱਸਵੀ ਸਨ, ਪਰ ਲਹਿਣਾ ਜੀ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਬਣਿਆ। ਯੋਗੀ ਰਾਜ ਸ੍ਰੀ ਚੰਦ ਜੀ ਦੀ ਤਪੱਸਿਆ ਕੁਝ ਘੱਟ ਨਹੀਂ ਸੀ, ਪਰ ਤਪੱਸਿਆ ਹੋਰ ਸ਼ੈ ਹੈ ਤੇ ਇਸ਼ਕਬਾਜ਼ੀ ਹੋਰ ਸ਼ੈ। ਕੀ ਜਗਤ ਦੀ ਨਿਗਾਹ ਵਿਚ ਇਹ ਠੀਕ ਨਹੀਂ ਕਿ ਜਿਸ ਦਿਨ ਰਾਤ ਨੂੰ ਬਾਬੇ ਨਾਨਕ ਜੀ ਨੇ ਕਪੜੇ ਧੋਣ ਵਾਸਤੇ ਕਿਹਾ ਤਾਂ ਬਾਬਾ ਸ੍ਰੀ ਚੰਦ ਤੇ ਲਖ਼ਮੀ ਦਾਸ ਨੇ ਅਗੋਂ ਇਹ ਉੱਤਰ ਦਿੱਤਾ ਕਿ ਪਿਤਾ ਜੀ ਦਿਨ ਚੜ੍ਹ ਲੈਣ ਦਿਉ। ਪਰ ਲਹਿਣਾ ਜੀ ਨੂੰ ਰਾਤ ਦਿਨ ਨਾਲ ਕੀ ਗ਼ਰਜ਼, ਉਹ ਤੇ ਹੁਕਮੀ ਬੰਦਾ ਸੀ। ਹੁਕਮ ਹੋਇਆ ਤਾਂ ਕਾਰੇ ਲੱਗ ਪਿਆ। ਪ੍ਰੇਮ, ਕਾਲ ਦੀਆਂ ਹੱਦਾਂ ਤੋਂ ਉਤਾਂਹ ਹੈ, ਦਿਨ ਰਾਤ ਦੇ ਵਿਤਕਰਿਆਂ ਵਿਚ ਨਹੀਂ ਪੈਂਦਾ; ਹਨੇਰ, ਚਾਨਣ ਦੇ ਸਵਾਲ ਨਹੀਂ ਉਠਾਂਦਾ, ਮਸਤ ਚਾਲ ਤੁਰਿਆ ਜਾਂਦਾ ਹੈ। ਲਹਿਣਾ ਜੀ ਉੱਠ ਕਾਰੇ ਲੱਗ ਗਿਆ। ਕਪੜੇ ਕੀ ਧੋਣੇ ਸੀ, ਨਿਜ ਆਪਾ ਧੋਣਾ ਸੀ। ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਸੀ। ਪ੍ਰੀਤਮ ਦੇ ਕਪੜੇ ਧੋਤੇ, ਪ੍ਰੇਮੀ ਦਾ ਦਿਲ ਨਿੱਖਰ ਗਿਆ। ਪੁੱਛ ਹੋਈ, “ਲਹਣਿਆਂ, ਕਿਤਨੀ ਰਾਤ ਗਈ ਹੈ ਤੇ ਕਿਤਨੀ ਬਾਕੀ ਰਹੀ ਹੈ।” ਉੱਤਰ ਦਿੱਤਾ, “ਪਾਤਸ਼ਾਹ! ਜਿਤਨੀ ਗੁਜ਼ਾਰੀ ਜੇ ਲੰਘ ਗਈ, ਜਿਤਨੀ ਰਖੀ ਜੇ ਬਾਕੀ ਹੈ।” ਇਹੋ ਰਾਹ ਜਾਂਦਾ ਸੀ ਜੀਵਨ ਦੀ ਸਿਖਰ ਵੱਲ, ਤੁਰੀ ਗਿਆ। ਚਲਿਆ ਰਤਾ ਚਿਰਾਕਾ ਸੀ, ਰਫ਼ਤਾਰ ਤੇਜ਼ ਰਖੀਓਸੁ, ਪੁੱਜਾ ਮੰਜ਼ਲ 'ਤੇ, ਮਾਹੀ ਦਾ ਮੇਲ ਹੋਇਆ। ਗਲਵਕੜੀ ਪਈ ਤੇ ਲਹਿਣਾ ਅੰਗਦ ਹੋ ਗਿਆ:

ਇਸ਼ਕ ਕੀ ਭਠੀ ਮੇਂ ਜਿਸਮ ਢਾਲ ਕਰ ਕੁੰਦਨ ਕੀਆ॥
ਲਹਿਣੇ ਸੇ ਅੰਗਦ ਬਨਾ ਅੰਗਦ ਸੇ ਅਲਾਹ ਕਰ ਦੀਆ॥

ਸ੍ਰੀ ਚੰਦ ਫ਼ਕੀਰ ਤੇ ਅੰਗਦ ਪੀਰ ਹੋਇਆ। ਫ਼ਕੀਰੀ ਤਪੱਸਿਆ ਵਿਚ ਅਤੇ ਪੀਰੀ ਹੁਕਮ ਮੰਨਣ ਵਿਚ ਸੀ। ਜੋ ਹੁਕਮੋਂ-ਉਕਿਆ ਉਹ ਪੀਰੀਓਂ ਰਿਹਾ, ਜਿਨ ਜਾਤਾ ਉਨ ਪਾ ਲਈ:

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੁ ਮੁਰਟੀਐ॥

(ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੭)

ਹੁਕਮ ਦੇ ਇਹ ਅਭਿਆਸੀ ਕਈ ਵੇਰ ਰਮਜ਼ਾਂ ਨੂੰ ਬੁੱਝਦੇ ਤੇ ਇਸ਼ਾਰਿਆਂ 'ਤੇ ਚਲਦੇ ਹਨ। ਲਿਖਿਆ ਹੈ ਕਿ ਦਿੱਲੀ ਵਾਲੇ ਨਜ਼ਾਮ-ਉਦ-ਦੀਨ ਔਲੀਆ ਜਦ ਆਪਣੇ ਮੁਰਸ਼ਦ ਕੋਲ ਟਿਕ ਰਜ਼ਾ ਮੰਨਣ ਦਾ ਅਭਿਆਸ ਕਰਦੇ ਸਨ ਤਾਂ ਇਕ ਵੇਰ ਇਤਫ਼ਾਕ ਨਾਲ ਉਹਨਾਂ ਦੇ ਪਜਾਮੇ ਦਾ ਨਾਲਾ ਹੇਠਾਂ ਲਮਕ ਰਿਹਾ ਸੀ, ਜਦ ਗੁਰਦੇਵ ਦੀ ਨਿਗਾਹ ਪਈ ਤਾਂ ਉਹਨਾਂ ਰਤਾ ਤਾੜ ਕੇ ਕਿਹਾ, “ਦਰਵੇਸ਼ਾ! ਅਜ਼ਾਰਬੰਦ (ਨਾਲਾ) ਸੰਭਾਲ।” ਫ਼ਕੀਰ ਨੂੰ ਨਾਲਾ ਕੱਸ ਕੇ ਬੰਨ੍ਹਣਾ ਚਾਹੀਦਾ ਹੈ। ਪੀਰ ਦੇ ਇਸ ਬਚਨ ਨੂੰ ਮੁਰੀਦ ਨੇ ਖ਼ਾਸ ਇਸ਼ਾਰਾ ਸਮਝਿਆ ਤੇ ਸਾਰੀ ਉਮਰ ਸ਼ਾਦੀ ਨਾ ਕਰਾਈ। ਭਾਵੇਂ ਹੈ ਤਾਂ ਪੁਰਾਣਕ ਪਰ ਹੈ ਬੜਾ ਸੁਆਦਲਾ ਪ੍ਰਮਾਣ, ਰਜ਼ਾ ਮੰਨਣ ਦੇ ਅਭਿਆਸ ਦਾ। ਲਿਖਿਆ ਹੈ ਕਿ ਜਦ ਰਾਮਚੰਦਰ ਜੀ ਰਾਵਣ ਨੂੰ ਮਾਰ, ਸੀਤਾ ਜੀ ਨੂੰ ਵਾਪਸ ਲਿਆ ਕੇ, ਅਯੁਧਿਆ ਆਣ ਟਿਕੇ ਤਾਂ ਉਹਨਾਂ ਦਾ ਅਨਿੰਨ ਭਗਤ ਹਨੂੰਮਾਨ ਭੀ ਨਾਲ ਹੀ ਅਯੁਧਿਆ ਆ ਰਿਹਾ। ਇਕ ਦਿਨ ਸੁਹਾਗਣ ਸੀਤਾ ਜੀ ਦੇਸ਼ ਦੇ ਰਿਵਾਜ ਅਨੁਸਾਰ ਆਪਣੀ ਮਾਂਗ ਵਿਚ ਸੰਧੂਰ ਭਰ ਰਹੇ ਸਨ। ਹਨੂੰਮਾਨ ਜੀ ਨੇ ਭੋਲੇ ਭਾਇ ਪੁਛਿਆ, “ਮਾਤਾ! ਤੁਸੀਂ ਵਾਲਾਂ ਵਿਚ ਸੰਧੂਰ ਕਿਉਂ ਲਗਾ ਰਹੇ ਹੋ?” ਸੀਤਾ ਜੀ ਨੇ ਪਿਆਰ ਨਾਲ ਕਿਹਾ, “ਬੇਟਾ! ਤੇਰੇ ਪਿਤਾ ਇਸ ਨੂੰ ਦੇਖ ਕੇ ਪ੍ਰਸੰਨ ਹੁੰਦੇ ਹਨ।” ਭਗਤ ਹਨੂੰਮਾਨ ਨੇ ਪ੍ਰੀਤਮ ਦੀ ਪ੍ਰਸੰਨਤਾ ਦੀ ਗੱਲ ਸੁਣ ਸਾਰੇ ਹੀ ਪਿੰਡੇ 'ਤੇ ਸੰਧੂਰ ਮਲ ਲਿਆ ਤੇ ਅੱਜ ਤਕ ਵੀ ਉਹਨਾਂ ਦੀ ਮੂਰਤੀ ਸੰਧੂਰ ਨਾਲ ਹੀ ਰੰਗੀ ਜਾਂਦੀ ਹੈ। ਰਜ਼ਾ ਦੇ ਇਹ ਅਭਿਆਸੀ ਬਹੁਤ ਵੇਰ, ਪਰ ਭੋਲੇ ਭਾਇ ਹੁਕਮ ਮੰਨਣ ਵਿਚ ਕਰਮ-ਕਾਂਡ, ਸ਼ਰੀਅਤਾਂ, ਰੀਤਾਂ ਤੇ ਰਸਮਾਂ ਨੂੰ ਲੰਘ ਤੁਰਦੇ ਹਨ। ਹਾਫ਼ਜ਼ ਸ਼ੀਰਾਜ਼ੀ ਲਿਖਦੇ ਹਨ, “ਜੇ ਮੁਰਸ਼ਦ ਕਹਿਣ ਤਾਂ ਤੂੰ ਆਪਣਾ ਮੁਸੱਲਾ ਵੀ ਸ਼ਰਾਬ ਨਾਲ ਰੰਗ ਲੈ, ਕਿਉਂ ਜੋ ਰਾਹ ਦੱਸਣ ਵਾਲੇ ਨੂੰ ਵਾਟ ਦੇ ਉਚਾਣ-ਨੀਵਾਣ ਦਾ ਪਤਾ ਹੁੰਦਾ ਹੈ।

ਬਮਏ ਸੱਜ਼ਾਦਾ ਦਾ ਰੰਗੀ ਕੁੰਨ ਅਗਰ ਪੀਰੇ ਮੁਗ਼ਾਂ ਗੋਇਦ।
ਕਿ ਸਾਲਕ ਬਖ਼ਬਰ ਨਾ ਬਵੱਦ ਜ਼ਿਰਾਹੋ ਰਸਮੇ ਮੰਜ਼ਿਲ ਹਾ।

ਮਾਲਵੇ ਦੇ ਰੇਤ-ਥਲ 'ਤੇ ਸਿਖ ਸੰਗਤਾਂ ਦੇ ਜੁੜੇ ਦੀਵਾਨ ਵਿਚ, ਤਾਰਿਆਂ ਦੇ ਪਰਵਾਰ ਵਿਚ ਟਿਕੇ ਚੰਨ ਵਾਂਗ, ਕਲਗੀਧਰ ਗ਼ਰੀਬ ਨਿਵਾਜ਼ ਬੈਠੇ ਸਨ ਤੇ ਸਾਹਮਣੇ ਬੀਰ ਬੈਰਾੜਾਂ ਦਾ ਮਸ਼ਹੂਰ ਸਰਦਾਰ ਰਾਇ ਡੱਲਾ ਸਿੰਘ ਆਪਣੀ ਤੇ ਆਪਣੇ ਸਾਥੀ ਬੈਰਾੜਾਂ ਦੀ ਬੀਰਤਾ ਦੀ ਵਡਿਆਈ ਕਰ, ਇਸ ਗੱਲ 'ਤੇ ਪਛਤਾ ਰਿਹਾ ਸੀ ਕਿ ਉਹ ਚਮਕੌਰ ਸਾਹਿਬ ਵਿਚ ਸਤਿਗੁਰਾਂ ਦੇ ਨਾਲ ਕਿਉਂ ਨਾ ਹੋਇਆ। ਜੇ ਹੁੰਦਾ ਤਾਂ ਬੈਰਾੜਾਂ ਦੀ ਤਲਵਾਰ, ਜਿਨ੍ਹਾਂ ਦੀ ਕੌਮ ਨੂੰ ਸਤਿਗੁਰਾਂ ਨੇ ਸਦਾ ਆਪਣੇ ਸਿੱਖ ਸਮਝਿਆ ਹੈ, ਸ਼ਾਇਦ ਰੇਖ ਵਿਚ ਮੇਖ਼ ਮਾਰ ਜੰਗ ਦਾ ਰੰਗ ਪਲਟਾ ਦੇਂਦੀ:

ਹਮਾ ਕੌਮੇ ਬੈਰਾੜ ਹੁਕਮੇ ਮਰਾ ਅਸਤ।

(ਜ਼ਫ਼ਰਨਾਮਾ ਪਾ: ੧੦)

ਡੱਲਾ ਸਿੰਘ ਮਨੁੱਖ ਸੀ, ਆਪਣੀ ਤੇ ਆਪਣੀ ਕੌਮ ਦੀ ਬੀਰਤਾ ਦੀ ਗੱਲ ਕਰਦਿਆਂ ਹੋਇਆਂ ਡੋਲ ਗਿਆ। ਸਿੱਖੀ ਦੀ ਸਹਿਜ ਅਵਸਥਾ ਤੋਂ ਉੱਖੜ, ਬਚਨਾਂ ਵਿਚ ਕੁਝ ਅਭਿਆਸ ਦੀ ਝਲਕ ਦਿਖਾਉਣ ਲੱਗਾ ਤਾਂ ਦਿਲਾਂ ਦੀ ਵੇਦਨਾ ਦੇ ਵੈਦ ਸਤਿਗੁਰਾਂ ਨੇ ਟੋਕਦਿਆਂ ਹੋਇਆਂ ਕਿਹਾ, “ਕੋਈ ਗੱਲ ਨਹੀਂ। ਤੇਰੀ ਤੇ ਤੇਰੀ ਕੌਮ ਦੀ ਬੀਰਤਾ ਵੀ ਕਦੀ ਪਰਖੀ ਜਾਸੀ।” ਇਤਨੇ ਵਿਚ ਹੀ ਇਕ ਸਿੱਖ ਨੇ ਮੱਥਾ ਟੇਕ ਬੰਦੂਕ ਭੇਟਾ ਆਣ ਧਰੀ। ਸਤਿਗੁਰਾਂ ਨੇ ਬੈਰਾੜਪਤੀ ਨੂੰ ਕਿਹਾ, “ਹੁਣ ਕੰਮ ਬਣ ਗਿਆ ਹੈ, ਜਾਓ, ਆਪਣੇ ਸੂਰਮਿਆਂ ਵਿਚੋਂ ਕਿਸੇ ਇਕ ਨੂੰ ਲਿਆ ਕੇ ਸਾਹਮਣੇ ਖਲ੍ਹਾਰੋ, ਮੈਂ ਬੰਦੂਕ ਦੀ ਮਾਰ ਪਰਖਾਂਗਾ।” ਡੱਲਾ ਸਿੰਘ ਸਤਿਗੁਰਾਂ ਦਾ ਹੁਕਮ ਸੁਣ ਆਪਣੇ ਡੇਰੇ ਗਿਆ, ਉਸ ਨੇ ਆਪਣੇ ਆਦਮੀਆਂ ਨੂੰ ਬਹੁਤ ਹੀ ਪ੍ਰੇਰਨਾ ਕੀਤੀ, ਪਰ ਜੰਗ ਦੇ ਜਾਂਬਾਜ਼ ਸਿਪਾਹੀਆਂ ਵਿਚੋਂ ਕੋਈ ਭੀ ਸਿਰ ਤਲੀ 'ਤੇ ਰੱਖ ਯਾਰ ਦੀ ਗਲੀ ਵਿਚ ਵੜਨ ਦਾ ਹੀਆ ਨਾ ਕਰ ਸਕਿਆ। ਰਾਇ ਡੱਲਾ ਨਿੰਮੋਝੂਣਾ ਜਿਹਾ ਹੋ ਸਤਿਗੁਰਾਂ ਕੋਲ ਪੁੱਜਾ ਤੇ ਉਹਨਾਂ ਨੇ ਧੀਰਜ ਦੇ ਕੇ ਕੋਲ ਬਿਠਾ ਲਿਆ ਤੇ ਆਪਣੇ ਹਜ਼ੂਰੀ ਸਿੱਖ ਨੂੰ ਕਿਹਾ, “ਜਾਓ, ਜਿਥੇ ਵਹੀਰ ਦੇ ਨਾਲ ਆਏ ਸਿੰਘ ਸਜ ਰਹੇ ਹਨ, ਉਹਨਾਂ ਨੂੰ ਖ਼ਬਰ ਦਿਉ ਕਿ ਸਾਨੂੰ ਬੰਦੂਕ ਦੀ ਮਾਰ ਪਰਖਣ ਲਈ ਇਕ ਸੂਰਮੇ ਦੀ ਛਾਤੀ ਨਿਸ਼ਾਨਾ ਕਰਨ ਦੀ ਲੋੜ ਹੈ।” ਸਤਿਗੁਰਾਂ ਦਾ ਹੁਕਮ ਮੰਨ, ਹਜ਼ੂਰੀਏ ਸਿੰਘ ਨੇ ਵਹੀਰ ਵਿਚ ਜਾ ਖ਼ਬਰ ਕੀਤੀ ਤਾਂ ਸੁਣਦਿਆਂ ਹੀ ਸਭ ਸਿੰਘ ਉਠ ਦੌੜੇ, ਭਲਾ ਮਿਰਤਕ ਸਰੀਰ ਲੈ, ਅਮਰ ਜੀਵਨ ਦੇਣ ਵਾਲੇ ਦਾਤੇ ਦੀ ਗੋਲੀ ਨੂੰ ਕੌਣ ਭੇਦਾਂ ਦਾ ਮਹਿਰਮ, ਸੀਨੇ ਵਿਚ ਖਾਣ ਲਈ ਬੇਕਰਾਰ ਨਾ ਹੁੰਦਾ:

ਤੂੰ ਅਜਬ ਖ਼ਦੰਗ ਨਿਵਾਜ਼ ਥਾ,
ਤੇਰੀ ਜਦ ਪੈ ਆਤੇ ਥੇ ਖ਼ੁਦ ਹੁਮਾ।
ਵੋਹ ਲੁਤਫ਼ ਸੇ ਕਹਿਤਾ ਥਾ, ਮਰਹਬਾ,
ਤੇਰੇ ਤੀਰ ਕਾ ਜੋ ਸ਼ਿਕਾਰ ਥਾ।

ਇਸ ਸਮੇਂ ਭਾਈ ਬੀਰ ਸਿੰਘ ਜੀ ਦਸਤਾਰਾ ਸਜਾ ਰਹੇ ਸਨ:

ਬੀਰ ਸਿੰਘ ਤੋਂ ਸਜਦ ਦਸਤਾਰਾ।
ਜਬੀ ਮੇਵੜੇ ਐਸ ਉਚਾਰਾ।

(ਗੁ:ਪ੍ਰ: ਸੂ:)

ਸਿੰਘਾਂ ਦੀ ਸ਼ਰੀਅਤ, ਰਹਿਤ ਮਰਯਾਦਾ ਵਿਚ, ਕਿਸੇ ਸਿੰਘ ਨੂੰ ਚਿਣ ਕੇ ਦਸਤਾਰ ਸਜਾਣ ਤੋਂ ਬਿਨਾਂ, ਦੀਵਾਨ ਵਿਚ ਆਉਣ ਦੀ ਆਗਿਆ ਨਹੀਂ। ਬੀਰ ਸਿੰਘ ਦੀ ਦਸਤਾਰ ਅਜੇ ਅੱਧ ਵਿਚ ਹੀ ਸੀ।

ਕੰਘਾ ਦੋਨੋਂ ਵਕਤ ਕਰ ਪਾਗ ਚੁੰਨ ਕਰ ਬਾਂਧਹੀ।

(ਤਨਖਾਹਨਾਮਾ, ਭਾਈ ਨੰਦ ਲਾਲ)

ਪਨਾ–

ਗੁਰੂ ਕਾ ਸਿਖ ਦੀਵਾਨ ਵਿਚ ਦਸਤਾਰ ਸਜਾ ਕੇ ਆਵੇ।

(ਭਾਈ ਚੌਪਾ ਸਿੰਘ)

ਹੁਣ ਇਕ ਪਾਸੇ ਸ਼ਰੀਅਤ ਸੀ ਤੇ ਇਕ ਪਾਸੇ ਤਰੀਕਤ, ਇਕ ਬੰਨੇ ਸ਼ਿੰਗਾਰ ਸੀ ਤੇ ਇਕ ਬੰਨੇ ਮਿਲਾਪ। ਸ਼ਿੰਗਾਰ ਭਾਵੇਂ ਸੁਹਾਗਣਾਂ ਨੂੰ ਬਣ ਆਇਆ ਹੈ ਪਰ ਕੋਈ ਚਤੁਰ ਸੁਲੱਖਣੀ, ਮਿਲਾਪ ਦਾ ਸਮਾਂ ਸ਼ਿੰਗਾਰ ਲਈ ਨਹੀਂ ਗਵਾਉਂਦੀ। ਰਜ਼ਾ ਮੰਨਣ ਦੇ ਅਭਿਆਸੀ ਭਾਈ ਬੀਰ ਸਿੰਘ ਜੀ ਭੀ ਅੱਧੀ ਦਸਤਾਰ ਹੱਥ ਵਿਚ ਹੀ ਫੜ ਉਠ ਭੱਜੇ ਤੇ ਸਤਿਗੁਰਾਂ ਦੀ ਹਜ਼ੂਰੀ ਵਿਚ ਪੁਜ ਉੱਚੀ ਆਵਾਜ਼ ਵਿਚ ਬੋਲੇ, “ਮੈਂ ਸ਼ਹਾਦਤ ਲਈ ਸ਼ਰੀਅਤ ਕੁਰਬਾਨ ਕੀਤੀ ਹੈ, ਸ਼ਹੁ ਰਿਝਾਉਣ ਹਿਤ ਮੈਂ ਸ਼ਿੰਗਾਰ ਵਿਚੇ ਛਡਿਆ ਹੈ।” ਇਹ ਸੁਣ ਸਤਿਗੁਰੂ ਪ੍ਰਸੰਨ ਹੋਏ ਤੇ ਬੀਰ ਸਿੰਘ ਪ੍ਰਵਾਨ ਹੋਇਆ।

ਹੁਕਮ ਰਜਾਈ ਵਿਚ ਚੱਲਣ ਵਾਲੇ ਮਹਾਂਪੁਰਖਾਂ ਦੇ ਇਹੋ ਜਿਹੇ ਕੌਤਕ ਭਾਵੇਂ ਬਾਹਰਮੁਖੀ ਸੰਸਾਰ ਨੂੰ ਅਲ-ਵਲੱਲੇ ਤੇ ਅਸਚਰਜ ਜਿਹੇ ਭਾਸਦੇ ਹਨ ਪਰ ਰਮਜ਼ੋਂ ਖ਼ਾਲੀ ਕਦੀ ਨਹੀਂ ਹੁੰਦੇ। ਇਨ੍ਹਾਂ ਰਮਜ਼ਾਂ ਦਾ ਭੇਦ ਮਹਿਰਮ ਨੂੰ ਹੀ ਮਿਲਦਾ ਹੈ। ਲਿਖਿਆ ਹੈ ਕਿ ਜਦ ਲੋਭੀ ਔਰੰਗਜ਼ੇਬ, ਪਿਤਾ ਨੂੰ ਕੈਦ ਕਰ, ਭਰਾਵਾਂ ਨੂੰ ਮਾਰ ਦਿੱਲੀ ਦੇ ਤਖ਼ਤ ’ਤੇ ਬੈਠ ਗਿਆ ਤਾਂ ਇਸ ਨੂੰ ਇਕ ਹੋਰ ਚਿੰਤਾ ਲਗੀ ਕਿ ਦਾਰਾ ਸ਼ਿਕੋਹ ਬੜਾ ਖ਼ੁਦਾਪ੍ਰਸਤ ਸੀ, ਕਿਤੇ ਉਸਦੇ ਸੰਗੀ ਬਗ਼ਾਵਤ ਦੀ ਅੱਗ ਨਾ ਭੜਕਾ ਦੇਣ। ਬਾਦਸ਼ਾਹ ਔਰੰਗਜ਼ੇਬ ਨੇ ਇਕ ਇਕ ਨੂੰ ਮੁਕਾਉਣਾ ਚਾਹਿਆ ਤੇ ਓੜਕ ਇਕ ਦਿਨ ਸਰਮੱਦ*[1] ਦੀ ਵਾਰੀ ਭੀ ਆ ਗਈ। ਇਹਨਾਂ ਨੂੰ ਪਕੜ ਮੰਗਵਾਇਆ ਗਿਆ। ਸਰਮੱਦ ਜੀ ਨਗਨ ਸਨ, ਭੇਖ ਕਰਕੇ ਨਹੀਂ, ਕਿਸੇ ਰੰਗ ਵਿਚ।

ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ॥

(ਸੂਹੀ ਮ: ੫, ਪੰਨਾ ੭੪੫)

ਜਦ ਦਰਬਾਰ ਵਿਚ ਆਏ ਤਾਂ ਔਰੰਗਜ਼ੇਬ ਦੇ ਇਸ਼ਾਰੇ 'ਤੇ ਮੁਫ਼ਤੀ ਨੇ ਸ਼ਰਈ ਫ਼ਤਵਾ ਦੇਂਦਿਆਂ ਹੋਇਆਂ ਕਿਹਾ, “ਮੋਮਨ ਲਈ ਨੰਗਾ ਰਹਿਣਾ ਜੁਰਮ ਹੈ।” ਬਾਦਸ਼ਾਹ ਨੇ ਇਕ ਲੰਬਾ ਰੇਸ਼ਮੀ ਚੋਲਾ ਮੰਗਾ ਕੇ ਸਰਮੱਦ ਨੂੰ ਪਹਿਨਣ ਲਈ ਕਿਹਾ। ਉਹਨਾਂ ਨੇ ਕਪੜਾ ਫੜ ਲਿਆ, ਕੁਝ ਦੇਰ ਉਸਦੀ ਭੜਕ ਤੇ ਸੁਨਹਿਰੀ ਕੰਮ ਦੀ ਚਮਕ ਨੂੰ ਦੇਖਦੇ ਰਹੇ ਤੇ ਫਿਰ ਬੋਲੇ, “ਥੋੜ੍ਹੀ ਜਿਹੀ ਅੱਗ ਚਾਹੀਦੀ ਹੈ!" ਬਾਦਸ਼ਾਹ ਦੇ ਇਸ਼ਾਰੇ 'ਤੇ ਨਰ ਇਕ ਭਖਦਾ ਭਖਦਾ ਅੰਗਾਰ ਲੈ ਆਇਆ। ਸਰਮੱਦ ਨੇ ਅੰਗਾਰ ਜ਼ਮੀਨ 'ਤੇ ਧਰ ਕੇ ਉਸ 'ਤੇ ਚੋਗਾ ਰੱਖ ਕੇ ਫੂਕ ਮਾਰ ਦਿਤੀ। ਕਪੜਾ ਦੇਖਦਿਆਂ ਦੇਖਦਿਆਂ ਸੜ ਕੇ ਸੁਆਹ ਹੋ ਗਿਆ।


  1. *ਸਰਮੱਦ ਇਕ ਇਰਮਨੀ ਯਹੂਦੀ ਸੀ, ਜੋ ਹਿੰਦੁਸਤਾਨ ਵਿਚ ਵਪਾਰ ਲਈ ਆਇਆ। ਸਿੰਧ ਦੇ ਸ਼ਹਿਰ ਠਟ ਵਿਚ ਮਜਾਜ਼ੀ ਇਸ਼ਕ ਵਿਚ ਬਉਰਾ ਹੋ ਹਕੀਕਤ ਤਕ ਪੁਜਾ। ਔਰੰਗਜ਼ੇਬ ਦੇ ਹੁਕਮ ਨਾਲ ਉਸਦਾ ਕਤਲ ਹੋਇਆ, ਉਸਦੀ ਮਜ਼ਾਰ ਦਿੱਲੀ ਵਿਚ ਜਾਮਾ ਮਸਜਿਦ ਦੇ ਕੋਲ ਹੈ
ਬਾਦਸ਼ਾਹ ਨੇ ਪੁਛਿਆ, “ਇਹ ਕੀ ਕੀਤਾ ਜੇ?”

ਸਰਮੱਦ ਬੋਲੇ, “ਮੈਂ ਕੀ ਕੀਤਾ ਏ! ਬੰਦਾ, ਤੇ ਕੁਛ ਕਰ ਸਕੇ, ਕੁਫ਼ਰ ਨਾ ਕਹੋ, ਜੋ ਹੋਇਆ ਹੈ ਕਾਦਰ ਨੇ ਕੀਤਾ ਹੈ।”

ਬਾਦਸ਼ਾਹ ਨੇ ਇਸ ਹਮਾਓਸਤੀ (ਸਭ ਕੁਛ ਉਹ ਹੈ) ਸੂਫ਼ੀ ਦੀ ਇਹ ਰਮਜ਼ ਸਮਝ ਕਿਹਾ, “ਜੇ ਉਸਨੇ ਤੇਰਾ ਲਿਬਾਸ ਸਾੜ ਦੇਣਾ ਸੀ ਤਾਂ ਸਾਨੂੰ ਸ਼ਰਹ ਵਿਚ ਲਿਬਾਸ ਪਹਿਨਣ ਦੀ ਤਾਕੀਦ ਕਿਉਂ ਕੀਤੀ।” ਸਰਮੱਦ ਮੁਸਕਰਾਏ ਤੇ ਕਹਿਣ ਲੱਗੇ, “ਇਹ ਤਾਂ ਗੱਲ ਹੀ ਸਿੱਧੀ ਹੈ, ਜਿਸ ਨੇ ਤੇਰੇ ਸਿਰ 'ਤੇ ਬਾਦਸ਼ਾਹੀ ਦਾ ਤਾਜ ਧਰਿਆ, ਉਸਨੇ ਹੀ ਸਾਨੂੰ ਨਗਨ ਕੀਤਾ ਹੈ। ਉਸਨੇ ਹਰ ਉਹ ਸ਼ੈ ਜੋ ਮੈਲੀ ਸੀ, ਢੱਕ ਦਿੱਤੀ ਤੇ ਸਾਨੂੰ ਬੇਐਬਾਂ ਨੂੰ ਨੰਗਿਆਂ ਕਰ ਦਿੱਤਾ:

ਹਰ ਕਿ ਤੁਰਾ ਕੁਲਾਹੇ ਸੁਲਤਾਨੀ ਦਾਦ।
ਮਾ ਗਰੀਬਾ ਰਾ ਲਿਬਾਸੈ ਪਰੇਸ਼ਾਨੀ ਦਾਦ।
ਪੋਸ਼ਾ ਨੀਦ ਲਿਬਾਸੇ ਹਰ ਆਂ ਕਿ ਰਾ ਐਬੇ ਦੀਦ।
ਮਾਹ ਬੇ ਐਬਾ ਰਾ ਲਿਬਾਸੇ ਉਰ ਆਨੀ ਦਾਦ।

ਸੰਤਾਂ ਦੀ ਗੱਲ ਭੀ ਸਹੀ ਸੀ, ਗੰਦਗੀ ਨੂੰ ਭੰਗਣਾਂ ਢੱਕ ਕੇ ਲੈ ਜਾਂਦੀਆਂ ਹਨ, ਜੇ ਅਜਿਹਾ ਨਾ ਕਰਨ ਤਾਂ ਲੋਕ ਗੁੱਸੇ ਹੁੰਦੇ ਤੇ ਕੱਜਣ 'ਤੇ ਮਜਬੂਰ ਕਰਦੇ ਹਨ ਅਤੇ ਕਸਤੂਰੀ ਦੀਆਂ ਡੱਬੀਆਂ ਖੁਲ੍ਹਵਾ ਖੁਲ੍ਹਵਾ ਸੁਗੰਧੀਆਂ ਲੈਂਦੇ ਤੇ ਚੱਟਾਨਾਂ ਤੋੜ ਤੋੜ ਲਾਲਾਂ ਨੂੰ ਬਾਹਰ ਲਿਆਉਂਦੇ ਹਨ।

ਅਭਿਆਸ ਨਾਲ ਭਾਣਾ ਮੰਨਣ ਦਾ ਸੁਭਾਅ ਬਣ ਜਾਂਦਾ ਹੈ ਤੇ ਜਗਿਆਸੂਆਂ ਨੂੰ ਇਸ ਵਿਚੋਂ ਰਸ ਆਉਣ ਲੱਗ ਪੈਂਦਾ ਹੈ। ਆਤਮਵਾਦੀਆਂ ਦਾ ਨਿਸਚਾ ਹੈ ਕਿ ਸਾਦਕਾਂ ਦੀ ਇਸ ਤਾਰ ਨੂੰ ਮੌਤ ਵੀ ਨਹੀਂ ਤੋੜ ਸਕਦੀ। ਰਵਾਇਤ ਹੈ ਕਿ ਮਜਨੂੰ ਦੇ ਮਰਨ 'ਤੇ ਲੈਲਾ ਦੀਆਂ ਸਹੇਲੀਆਂ ਨੇ ਉਸ ਨੂੰ ਤਾਹਨਾ ਦਿੱਤਾ ਤੇ ਕਿਹਾ, "ਤੂੰ ਕਹਿੰਦੀ ਸੈਂ ਕਿ ਕੈਸ ਸਾਦਕ ਹੈ, ਉਸਦਾ ਨਿਹੁੰ ਤੇਰੇ ਨਾਲ ਨਿਭੇਗਾ, ਪਰ ਅਜਿਹਾ ਹੋਇਆ ਤੇ ਨਾ। ਤੁਹਾਡੇ ਵਿਚ ਮੌਤ ਨੇ ਕੰਧ ਚਾੜ੍ਹ ਦਿਤੀ, ਕਜ਼ਾ ਦੇ ਬਲੀ ਹੱਥ ਨੇ ਵਿਛੋੜਾ ਪਾ ਹੀ ਦਿੱਤਾ।”

ਲੈਲਾ ਨੇ ਸੁਣ ਕੇ ਕਿਹਾ, “ਨਹੀਂ, ਅਜਿਹਾ ਨਹੀਂ ਹੋ ਸਕਦਾ, ਪਿਆਰ ਅਮਰ ਹੈ, ਮੌਤ ਉਸ ਨੂੰ ਜਿੱਤ ਨਹੀਂ ਸਕਦੀ। ਮਜਨੂੰ ਅੱਜ ਭੀ ਮੇਰਾ ਹੈ।"

ਸਖੀਆਂ ਕਿਹਾ, “ਸਬੂਤ!”

ਲੈਲਾ ਨੇ ਕਿਹਾ, “ਚਲੋ ਕਬਰਿਸਤਾਨ ਵਿਚ।” ਸਹੇਲੀਆਂ ਰੱਲ, ਗੋਰਸਤਾਨ ਪੁੱਜੀਆਂ। ਲੈਲਾ ਦੇ ਅੰਦਰ ਪਿਆਰ ਦੀ ਕਾਂਗ ਚੜ੍ਹ ਆਈ, ਬਿਹਬਲ ਹੋਈ, ਸੱਜਲ ਨੈਣ ਨੂੰ ਮਹਿਬੂਬ ਦੀ ਕਬਰ ਦਾ ਪਤਾ ਨਾ ਲੱਗੇ, ਹਾਰ ਕੇ ਹਰ ਕਬਰ 'ਤੇ ਜਾ ਠੋਕਰ ਮਾਰ ਕਹਿਣ ਲੱਗੀ, “ਜੋ ਮੇਰਾ ਤਾਲਬ ਹੈ ਬੋਲ ਪਏ।” ਬਹੁਤ ਕਬਰਾਂ ਠੁਕਰਾਣ ਦੇ ਬਾਅਦ ਇਕ ਟੁੱਟੀ ਹੋਈ ਕਬਰ ਆਈ, ਜਦ ਲੈਲਾ ਨੇ ਉਸਨੂੰ ਠੋਕਰ ਮਾਰੀ ਤਾਂ ਕਿਆਮਤ ਜਿਹੀ ਬਰਖ਼ਾ ਹੋ ਗਈ, ਕਬਰ ਹਿੱਲੀ ਤੇ ਵਿਚੋਂ ਅਵਾਜ਼ ਆਈ, “ਕੀ ਆਗਿਆ ਹੈ? ਮੈਂ ਅੱਜ ਭੀ ਹਰ ਹੁਕਮ ਮੰਨਣ ਲਈ ਹਾਜ਼ਰ ਹਾਂ।”

ਢੂੰਢਨੇ ਜੋ ਆਏ ਵਹੁ ਗੋਰੇ ਗਰੀਬਾਂ ਮੇਂ ਉਸੇ,
ਪਰ ਨਿਸ਼ਾਨੇ ਕਬਰ ਤਕ ਉਸ ਕਾ ਨਾ ਉਨ ਕੋ ਯਾਦ ਹੋ।
ਹਰ ਲਹਦ ਕੇ ਨਾਜ਼ ਸੇ ਠੁਕਰਾ ਕੇ ਯੂੰ ਕਹਿਨੇ ਲਗੇ,
ਬੋਲ ਉਠੇ ਜੋ ਹਮਾਰਾ ਆਸ਼ਕੇ ਨਾਸ਼ਾਦ ਹੋ।
ਉਸ ਘੜੀ ਇਕ ਬੇ-ਨਿਸ਼ਾਂ ਤੁਰਬਤ ਸੇ ਆਈ ਯੇ ਸਦਾ,
ਮੈਂ ਜਾਨੋਂ ਦਿਲ ਸੇ ਆਜ ਭੀ ਹਾਜ਼ਰ ਹੂੰ ਜੋ ਅਰਸ਼ਾਦ ਹੋ।

ਭਾਵੇਂ ਇਹ ਇਕ ਕਿੱਸਾ ਹੀ ਹੈ ਪਰ ਇਸ਼ਾਰਾ ਮਹਾਨ ਉੱਚੀ ਸੱਚਾਈ ਵੱਲ ਕਰਦਾ ਹੈ।

ਕਿੱਸਿਆਂ ਦੀਆਂ ਰਵਾਇਤਾਂ ਤੋਂ ਬਿਨਾਂ ਜਦ ਅਸੀਂ ਮਨੁੱਖੀ ਜੀਵਨ ਦੇ ਇਤਿਹਾਸ 'ਤੇ ਨਿਗਾਹ ਮਾਰਦੇ ਹਾਂ, ਤਾਂ ਵੀ ਸਾਨੂੰ ਰਜ਼ਾ ਦੇ ਤਾਲਬਾਂ ਦੇ ਅਜਬ ਅਜਬ ਚਮਤਕਾਰ ਦਿਸ ਆਉਂਦੇ ਹਨ। ਉਹਨਾਂ ਨੂੰ ਜਦ ਭਾਣੇ ਦਾ ਸੁਆਦ ਆਉਣ ਲਗਦਾ ਏ, ਤਾਂ ਉਹ ਉਸ ਵਿਚ ਮਾਖਿਓ ਦੀ ਮੱਖੀ ਵਾਂਗ ਜੁਟ ਬਹਿੰਦੇ ਹਨ। ਮੁਸੀਬਤਾਂ, ਬਲਾਵਾਂ, ਤੰਗੀਆਂ, ਗ਼ੁਰਬਤਾਂ ਤੇ ਓੜਕ ਮੌਤ ਤਕ ਭੀ, ਆਪਣਾ ਭੈ ਦੇ ਦੇ ਉਹਨਾਂ ਨੂੰ ਰਜ਼ਾ ਤੋਂ ਹਟਾਣਾ ਚਾਹੁੰਦੀ ਹੈ ਪਰ ਉਹ ਦ੍ਰਿੜ੍ਹ ਵਿਸ਼ਵਾਸੀ ਹਟਦੇ ਨਹੀਂ। ਕਿਆ ਸੋਹਣਾ ਦ੍ਰਿਸ਼ ਸੀ, ਦਿੱਲੀ ਦੇ ਚਾਂਦਨੀ ਚੌਕ ਵਿਚ ਜਦ ਰੱਬ ਦੀ ਰਜ਼ਾ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਸਤਿਗੁਰਾਂ ਦੀ ਰਜ਼ਾ ਵਿਚ ਭਾਈ ਮਤੀ ਦਾਸ ਜੀ ਸ਼ਾਹੀ ਕੈਦੀ ਦੀ ਹੈਸੀਅਤ ਵਿਚ ਆਏ। ਇਹ ਨਦੀ, ਦਰਿਆ ਤੇ ਸਮੁੰਦਰ ਦਾ ਇਸ਼ਕ ਹੀ, ਅੰਦਰੋਂ ਇਕ ਤੇ ਬਾਹਰੋਂ ਤਿੰਨ ਰੂਪ ਲੈ ਕੌਤਕ ਕਰ ਰਿਹਾ ਸੀ। ਸਤਿਗੁਰੂ ਜੀ ਸੂਲਾਂ ਵਾਲੇ ਲੋਹੇ ਦੇ ਪਿੰਜਰੇ ਵਿਚ ਕੈਦ ਸਨ। ਜਦੋਂ ਮਤੀ ਦਾਸ ਨੂੰ ਸਾਹਮਣੇ ਲਿਆ, ਫੱਟਿਆਂ ਵਿਚ ਬੰਨ੍ਹਿਆ ਗਿਆ ਤਾਂ ਕਾਤਲ ਨੇ ਸਿਰ 'ਤੇ ਆਰਾ ਰਖ ਕੇ ਕਿਹਾ ਕਿ ਐ ਮਤੀ ਦਾਸ, ਜੇ ਤੂੰ ਪਿੰਜਰੇ ਵਾਲੇ ਕੈਦੀ ਦੀ ਰਜ਼ਾ ਮੰਨੇਗਾ ਤਾਂ ਤੈਨੂੰ ਚੀਰ ਕੇ ਦੋ ਫਾੜ ਕੀਤਾ ਜਾਏਗਾ ਅਤੇ ਜੇ ਉਸ ਤੋਂ ਮੂੰਹ ਮੋੜੇਂ, ਸ਼ਹਿਨਸ਼ਾਹੀ ਹਿੰਦ ਦੀਆਂ ਖ਼ੁਸ਼ੀਆਂ, ਫਲ, ਧਨ, ਸਾਮੱਗਰੀ, ਐਸ਼ ਤੇ ਮਾਣ ਮਿਲੇਗਾ। ਦੱਸ, ਦੋਹਾਂ ਵਿਚੋਂ ਕੀ ਪਰਵਾਨ ਈਂ? ਮਤੀ ਦਾਸ ਮੁਸਕਰਾਏ ਤੇ ਬੋਲੇ, “ਦੋਹਾਂ ਚੀਜ਼ਾਂ ਵਿਚੋਂ ਇਕ ਦੀ ਚੋਣ ਉਹ ਕਰ ਸਕਦਾ ਹੈ ਜੋ ਦੋਹਾਂ ਦਾ ਜਾਣੂ ਹੋਵੇ। ਮੈਂ ਧਨ-ਦੌਲਤ ਤੇ ਮਾਣ ਦੇ ਰਸ ਤੋਂ ਜਾਣੂ ਹਾਂ, ਪਰ ਆਰੇ ਦੇ ਰਸ ਤੋਂ ਨਾਵਾਕਫ਼ ਹਾਂ। ਜੇ ਦੋ ਚੀਰ ਦੇ ਦੇਵੇਂ ਤਾਂ ਚੋਣ ਕਰ ਸਕਾਂ।” ਮਨਾਂ ਦੇ ਨਾ-ਮਹਿਰਮ, ਤਨ ਦੇ ਕਾਤਲ ਨੇ ਕਾਜ਼ੀ ਦੇ ਇਸ਼ਾਰੇ 'ਤੇ ਜ਼ੋਰ ਨਾਲ ਆਰਾ ਚਲਾਇਆ। ਯਮਨ ਦੇ ਲਾਲਾਂ ਵਰਗੇ ਖ਼ੂਨ ਦੇ ਗੋਲ ਗੋਲ ਕਰੇ ਜਦੋਂ ਚਿਹਰੇ ਤੋਂ ਢਲ, ਦਾਹੜੇ ਵਿਚ ਆਣ ਅਟਕੇ ਤਾਂ ਆਪ ਨੇ ਜੱਲਾਦ ਨੂੰ ਕਿਹਾ, “ਮਿੱਤਰਾ! ਹੁਣ ਅਟਕ ਨਾ, ਮੈਂ ਵਾਲੋ ਵਾਲ ਮੋਤੀ ਪ੍ਰੋ ਚੁਕੀ ਸ਼ਿੰਗਾਰ ਕਰੀ ਸੁਹਾਗਣ ਹਾਂ। ਮੈਨੂੰ ਪਿਰ ਰਾਵਣ ਦੇ, ਮੈਨੂੰ ਚੀਰ ਸੁੱਟ, ਕੰਘੀ ਬਣਾ ਤਾਂ ਜੋ ਮਹਿਬੂਬ ਦੀਆਂ ਜ਼ੁਲਫ਼ਾਂ ਵਿਚ ਜਾ ਟਿਕਾਂ।”

ਤਾ ਸ਼ਾਨਾ ਸਿਫ਼ਤ ਸ਼ਰ ਨਾ ਨਹੀਂ ਦਰ ਤਹਿ ਆਗ।
ਹਰਗ਼ਿਜ਼ ਬਸਰੇ ਜ਼ੁਲਫ਼ੇ ਨਗਾਰੇ ਨਾ ਰਸੀ।

ਰਜ਼ਾ ਦੇ ਮਸਤਾਨਿਆਂ ਦੀ ਮਸਤੀ ਦੀ ਅਵਸਥਾ, ਭਾਦਰੋਂ ਦੀ ਕਾਂਗ ਚੜ੍ਹੇ ਦਰੱਖ਼ਤਾਂ ਵਾਂਗ ਹੁੰਦੀ ਹੈ। ਉਹ ਸਲੀਬਾਂ ਮੋਢੇ 'ਤੇ ਚੁਕ ਟੁਰਦੇ, ਸੂਲੀਆਂ ਵੱਲ ਉਠ ਭਜਦੇ ਤੇ ਖ਼ੰਜਰਾਂ ਨੂੰ ਹੱਸ ਹੱਸ ਚੁੰਮਦੇ ਹਨ:

ਦੌੜ ਕਰ ਦਾਰ ਚੜ੍ਹੇ, ਹੰਸ ਕੇ ਖ਼ੰਜਰ ਚੂੰਮੇ,
ਤੇਰੇ ਮਸਤੋਂ ਕੀ ਅਜਬ ਬਾਂਕਪਨੀ ਕਹਿਤੇ ਹੈਂ।

(ਕਰਤਾ)

ਉਹਨਾਂ ਨੂੰ ਨਾ ਦੁੱਖ ਹੁੰਦਾ ਹੈ ਨਾ ਗੁੱਸਾ ਆਉਂਦਾ ਹੈ, ਉਹ ਕਦੀ ਕਾਤਲ 'ਤੇ ਵੀ ਨਹੀਂ ਖਿਝਦੇ, ਸਗੋਂ ਉਹਨਾਂ ਨੂੰ ਪਿਆਰਦੇ ਹਨ।

ਲਿਖਿਆ ਹੈ ਕਿ ਈਰਾਨ ਦੇ ਇਸ ਸਮੇਂ ਵਿਚ ਹੋਏ ਮਸ਼ਹੂਰ ਸੰਤ, ਮੁਹੰਮਦ ਅਲੀ ‘ਬਾਬ’ ਦੇ ਇਕ ਸਿਖ ਨੂੰ ਹਕੂਮਤ ਵਲੋਂ ਮੌਤ ਦਾ ਹੁਕਮ ਹੋ ਜਾਣ 'ਤੇ ਕਤਲਗਾਹ ਵਿਚ ਲਿਆਂਦਾ ਗਿਆ। ਕਤਲ ਸਮੇਂ ਜੱਲਾਦ ਤੇ ਕੁਛ ਅਜਿਹਾ ਪ੍ਰਭਾਵ ਪਿਆ ਕਿ ਉਸਦੀ ਤਲਵਾਰ ਗਰਦਨ ਦੀ ਥਾਂ ਦਸਤਾਰ 'ਤੇ ਜਾ ਵੱਜੀ। ਦਸਤਾਰ ਸਿਰੋਂ ਡਿੱਗ ਪਈ ਤਾਂ ਸ਼ੌਕੇ ਸ਼ਹਾਦਤ ਦੇ ਚਾਹਵਾਨ ਮਸਤ ਨੇ ਕਾਤਲ ਵੱਲ ਦੇਖਿਆ ਤੇ ਮੁਸਕਰਾ ਕੇ ਕਿਹਾ, “ਮੁਆਫ਼ ਕਰਨਾ, ਮੈਂ ਇਕ ਮਸਤਾਨਾ ਆਦਮੀ ਹਾਂ। ਮੈਨੂੰ ਇਹ ਪਤਾ ਨਹੀਂ ਸੀ ਕਿ ਮਹਿਬੂਬ ਦੇ ਚਰਨਾਂ ਵਿਚ ਸ਼ਹੀਦੀ ਦੇਣ ਲਈ, ਪੱਗ ਲਾਹ ਕੇ ਆਜਿਜ਼ ਹੋ ਆਈਦਾ ਏ। ਮੈਂ ਨਹੀਂ ਸਾਂ ਜਾਣਦਾ ਕਿ ਚਰਨਾਂ 'ਤੇ ਪਹਿਲਾਂ ਦਸਤਾਰ ਧਰੀਦੀ ਏ ਕਿ ਸਿਰ।”

ਐ ਖੁਸ਼ਾ ਆਂ ਆਸ਼ਕੇ ਸਰ ਮਸਤ ਕਿ ਬਰ ਪਾਏ ਹਬੀਬ।
ਸਰੋਂ ਦਸਤਾਰ ਨਾ-ਦਾਨਦ ਕਿ ਕੁਦਾਮ ਅੰਦਾਜ਼ਦ।

ਸਰਮੱਦ ਨੇ ਵੀ, ਜਿਸਦਾ ਪਿਛੇ ਜ਼ਿਕਰ ਆਇਆ ਹੈ, ਇਸੇ ਤਰ੍ਹਾਂ ਆਪਣੇ ਕਾਤਲ ਨੂੰ ਪਿਆਰਿਆ ਸੀ, ਜਦੋਂ ਉਹ ਤਲਵਾਰ ਧੂਹ, ਕਤਲ ਲਈ ਅਗੇ ਵਧਿਆ ਤਾਂ ਸਰਮੱਦ ਨੇ ਬੋਝੇ ਵਿਚੋਂ ਮਿਸਰੀ ਦਾ ਟੁਕੜਾ ਕਢ, ਉਹਦੇ ਹੱਥ 'ਤੇ ਰਖ ਕੇ ਕਿਹਾ, “ਮੇਰੀ ਤੁਛ ਭੇਟਾ ਪਰਵਾਨ ਕਰੋ।” ਕਾਤਲ ਨੇ ਹੈਰਾਨ ਹੋ ਕੇ ਕਿਹਾ, “ਇਹ ਕੀ? ਤੂੰ ਸ਼ੁਦਾਈ ਤੇ ਨਹੀਂ ਹੋ ਗਿਆ। ਮੈਨੂੰ ਪਹਿਚਾਣਦਾ ਨਹੀਂ? ਮੈਂ ਜੱਲਾਦ ਹਾਂ! ਮੇਰੇ ਨਾਲ ਨਜ਼ਰ ਨਿਆਜ਼ ਦੀ ਕੀ ਗੱਲ।” ਸਰਮੱਦ ਕਿਸੇ ਇਲਾਹੀ ਰੰਗ ਵਿਚ ਮਸਤ ਹੋ ਬੋਲੇ, “ਆ, ਆ ਮੈਂ ਤੈਥੋਂ ਸਦਕੇ ਜਾਵਾਂ!! ਆ, ਆ ਮੈਂ ਤੈਥੋਂ ਸਦਕੇ ਜਾਵਾਂ। ਤੂੰ ਕੋਈ ਭੇਖ ਬਣਾ ਕੇ ਕਿਉਂ ਨਾ ਆ, ਮੈਂ ਤੈਨੂੰ ਪਹਿਚਾਣਦਾ ਹਾਂ।”

ਬਿਆ ਬਿਆ ਕੁਰਬਾਨੇ ਤੋ ਸ਼ਵਮ ਹਰ ਰੰਗੇ।
ਕਿ ਆਈਮਨ ਅੰਦਾਜ਼ੇ ਕਦਤਰਾ ਮੀ ਸਨਾਸਮ।

ਰਜ਼ਾ ਦੇ ਤਾਲਬਾਂ ਦਾ ਇਹ ਸੁਭਾਅ ਉਹਨਾਂ ਨੂੰ ਪੈਰੋ ਪੈਰ ਹਠੀਲਾ ਬਣਾਈ ਜਾਂਦਾ ਹੈ। ਉਹਨਾਂ ਨੂੰ ਸੂਲਾਂ ਵਿਚੋਂ ਸੁਰਾਹੀਆਂ ਦਾ ਸੁਆਦ, ਨੇਜ਼ਿਆਂ ਵਿਚੋਂ ਨਸ਼ੇ ਤੇ ਖ਼ੰਜਰਾਂ ਵਿਚੋਂ ਖ਼ੁਮਾਰ ਆਉਣ ਲੱਗ ਪੈਂਦੇ ਹਨ। ਉਹਨਾਂ ਦੇ ਜ਼ਖ਼ਮ ਮਰਹਮਾਂ ਦੇ ਮੁਹਤਾਜ ਨਹੀਂ ਰਹਿੰਦੇ, ਉਹ ਲੋਕ ਹਰ ਘੜੀ ਲੂਣ ਛਿੜਕਿਆ ਲੋੜਦੇ ਹਨ:

ਨਮਕ ਛੜਕੋ ਨਮਕ ਛੜਕੋ ਮਜ਼ਾ ਇਸ ਮੇਂ ਹੀ ਆਤਾ ਹੈ।
ਕਸਮ ਲੇ ਲੋ ਨਹੀਂ ਆਦਤ ਮੇਰੇ ਜ਼ਖ਼ਮੋਂ ਕੋ ਮਰਹਮ ਕੀ।

ਔਹ ਤਕੋ ਖਾਂ, ਜ਼ੰਜੀਰਾਂ ਵਿਚ ਜਕੜਿਆ ਜਾ ਰਿਹਾ ਗਿਆਨੀ, ਸ੍ਰੀ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ, ਲਾਹੌਰ ਦੀ ਕਤਲਗਾਹ ਵਿਚ ਸ਼ਾਨ ਨਾਲ ਲਿਆਂਦਾ ਜਾ ਰਿਹਾ, ਹੱਥੀਂ ਹੱਥਕੜੀਆਂ, ਪੈਰੀਂ ਬੇੜੀਆਂ, ਸਿਰ 'ਤੇ ਤਲਵਾਰਾਂ ਦੀ ਛਾਂ।

ਤੇਰਾ ਦੀਵਾਨਾ ਆਜ ਇਸ ਸ਼ਾਨ ਸੇ ਮਕਤਲ ਮੇਂ ਆਇਆ ਹੈ।
ਸਲਾਸਲ ਪਾਉਂ ਮੇਂ ਹੈ ਸਿਰ ਪੇ ਤਲਵਾਰੋਂ ਕਾ ਸਾਇਆ ਹੈ।

ਇਹ ਕੌਣ ਸੀ? ਇਕ ਮਲਵਈ ਸਿੱਖ ਦਾ ਜਾਇਆ ‘ਮਣੀਆ’, ਜੋ ਬਚਪਨ ਵਿਚ ਸਤਿਗੁਰਾਂ ਦੀ ਭੇਟ ਚੜ੍ਹਾਇਆ ਗਿਆ ਤੇ ਸਚਮੁਚ ਸੰਗਤ ਦੀ ਮੁਕਤ ‘ਮਣੀ’ ਬਣ ਤੇ ਓੜਕ ਗਿਆਨੀ ਮਨੀ ਸਿੰਘ ਹੋ ਪੁੱਗਾ। ਇਹਨਾਂ ਨੂੰ ਬੰਦ ਬੰਦ ਕਟੇ ਜਾਣ ਦੀ ਸਜ਼ਾ ਦਿਤੀ ਗਈ ਸੀ। ਜਦ ਕਾਤਲ ਨੇ ਹੱਥ ਦਾ ਗੁੱਟ ਫੜ ਕੇ ਤਲਵਾਰ ਮਾਰਨੀ ਚਾਹੀ ਤਾਂ ਆਪ ਨੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਸਹਿਜ ਨਾਲ ਕਿਹਾ, “ਛੇਤੀ ਨਾ ਕਰੋ, ਮੇਰੇ ਪੰਦਰਾਂ ਬੰਦ ਉਂਗਲਾਂ ਦੇ ਅਜੇ ਹਨ, ਪਹਿਲਾਂ ਉਹਨਾਂ ਨੂੰ ਕਟੋ, ਆਪਣਾ ਫ਼ਰਜ਼ ਨਿਭਾਉ।” ਕਾਤਲ ਨੇ ਪੁਛਿਆ, “ਇਤਨਾ ਕਸ਼ਟ ਸਹਿਣ ਦਾ ਚਾਅ ਕਿਉਂ? ਇਸ ਤਰ੍ਹਾਂ ਵਹਾਏ ਖ਼ੂਨ ਦੀ ਕੀਮਤ ਕੀ!” ਭਾਈ ਸਾਹਿਬ ਨੇ ਉੱਤਰ ਦਿਤਾ ਕਿ ਸ਼ੌਕਿ ਸ਼ਹਾਦਤ ਦੀ ਪੂਰਤੀ।

ਸ਼ਹੀਦਾਨੇ ਮੁਹੱਬਤ ਖ਼ੂਬ ਆਈਨੇ ਵਫ਼ਾ ਸਮਝੇ।
ਬਹਾ ਖ਼ੂੰ ਕੂਏਂ ਕਾਤਲ ਮੇਂ ਉਸੀ ਕੋ ਖ਼ੂੰਬਹਾ ਸਮਝੇ।

ਇਹ ਭੀ ਯਾਦ ਰਖਣਾ ਚਾਹੀਦਾ ਹੈ ਕਿ ਜਦ ਭਾਣੇ ਦਾ ਜੀਵਨ ਤਿਆਗ ਕਰਨ ਦੇ ਅਭਿਆਸੀ ਸੰਥਾ ਪਕਾਣ ਵਿਚ ਜੁੱਟੇ ਹੋਏ ਹੁੰਦੇ ਹਨ ਤਾਂ ਮਾਇਆ ਵੀ ਅਵੇਸਲੀ ਨਹੀਂ ਬੈਠੀ ਹੁੰਦੀ, ਸ਼ੈਤਾਨ ਸੌਂ ਨਹੀਂ ਰਿਹਾ ਹੁੰਦਾ, ਉਹ ਵੀ ਹਰ ਵਕਤ ਇਹਨਾਂ ਨੂੰ ਡੇਗਣ ਦੇ ਉਪਰਾਲੇ ਸੋਚ ਰਿਹਾ ਹੁੰਦਾ ਹੈ ਤੇ ਕਈ ਵੇਰ ਅਜਿਹੀ ਠਿੱਬੀ ਮਾਰਦਾ ਹੈ ਕਿ ਮੂਧੜੇ ਮੂੰਹ ਸੁੱਟ ਪਾਉਂਦਾ ਹੈ। ਨਕਟੀ ਮਾਇਆ ਨੂੰ ਕਈ ਛਲ ਆਉਂਦੇ ਹਨ। ਉਚੇਰਿਆਂ ਨੂੰ ਭਰਮਾਉਣ ਲਈ ਉਹ ਵੀ ਅਤਿ ਸੂਖਸ਼ਮ ਰੂਪ ਧਾਰਣ ਕਰ ਲੈਂਦੀ ਹੈ। ਬਹੁਤ ਵੇਰ ਉੱਚੀ ਨਿਜ ਘਾਲ ਦਾ ਮਾਣ ਰੂਪ ਬਣ, ਆਣ ਵਾਪਰਦੀ ਹੈ। ਮਾਇਆ ਦਾ ਇਹ ਸੂਖਸ਼ਮ ਸਰੂਪ, ਮੋਟੀ ਮਾਇਆ, ਧਨ-ਦੌਲਤ ਨਾਲੋਂ ਵਧੇਰੇ ਪ੍ਰਬਲ ਹੁੰਦਾ ਹੈ, ਇਹ ਬੜੇ ਬੜੇ ਮੁਨੱਵਰਾਂ ਨੂੰ ਖਾ ਜਾਂਦਾ ਹੈ:

ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥

(ਸਲੋਕ ਭਗਤ ਕਬੀਰ ਜੀ, ਪੰਨਾ ੧੩੭੨)

ਭਾਈ ਜੋਗਾ ਸਿੰਘ ਜਿਹੇ ਕੰਚਨ ਦੇ ਤਿਆਗੀ, ਕੱਚ 'ਤੇ ਡਿੱਗ ਪੈਂਦੇ ਹਨ। ਇਸ ਮਾਣ ਦੇ ਕੁਰਾਹੇ ਪਾਏ ਹੋਏ ਬੀਰ, ਕਾਇਰ ਹੋ ਜਾਂਦੇ ਹਨ। ਕਈ ਵੇਰ ਸੰਗਤ ਮਦਦ ਕਰ ਬਚਾਉਂਦੀ ਹੈ। ਜਿਸ ਤਰ੍ਹਾਂ ਨੌਜਵਾਨ ਸ਼ਾਹਬਾਜ਼ ਸਿੰਘ ਨੂੰ ਨਿਸ਼ਾਨੇ ਤੋਂ ਥਿੜਕਿਆਂ, ਬਿਰਧ ਪਿਤਾ ਭਾਈ ਸੁਬੇਗ ਸਿੰਘ ਜੀ ਦੀ ਸੰਗਤ ਧੂਣੀ ਦੇ ਖਲ੍ਹਿਆਰ ਗਈ ਅਤੇ ਸੁਤੇ ਹੋਏ ਸੰਗਾਊ ਨੂੰ ਜਗਾ, ਸ਼ਹੀਦੀ ਪ੍ਰਾਪਤ ਕਰਾ ਗਈ। ਪਰ ਬਹੁਤ ਵਾਰ ਅਜਿਹੇ ਸਮੇਂ 'ਤੇ ਅਰਦਾਸ ਹੀ ਕੰਮ ਆਉਂਦੀ ਹੈ। ਪ੍ਰਾਰਥਨਾ ਦੇ ਬਲ ਨਾਲ ਪ੍ਰਭੁ-ਕਿਰਪਾ ਦੇ ਆਸਰੇ ਡਿੱਗਾ ਹੋਇਆ ਮਨੁੱਖ ਖਲੋ ਜਾਂਦਾ ਹੈ। ਅੰਜੀਲ ਵਿਚ ਆਉਂਦਾ ਹੈ ਕਿ ਜਦ ਈਸਾ ਦੇ ਸਾਹਮਣੇ ਸਲੀਬ 'ਤੇ ਟੰਗੇ ਜਾਂ ਮਰਨ ਦਾ ਦ੍ਰਿਸ਼ ਆਇਆ ਤਾਂ ਉਹ ਕੁਛ ਘਾਬਰ ਗਏ। ਪਰਮੇਸ਼੍ਵਰ ਨੂੰ ਕਹਿਣ ਲੱਗੇ, “ਜਿਸ ਤਰ੍ਹਾਂ ਹੋ ਸਕੇ ਇਹ ਮੌਤ ਦਾ ਪਿਆਲਾ ਮੇਰੇ ਅਗੋਂ ਹਟਾ ਲੈ।” ਪਰ ਜਦ ਪ੍ਰਾਰਥਨਾ ਵਿਚ ਬਿਰਤੀ ਜੁੜੀ, ਬਲ ਆਇਆ, ਤਾਂ ਬੋਲੇ, “ਬਾਪ ਤੇਰੀ ਰਜ਼ਾ ਪੂਰੀ ਹੋ।" ਸਤਿਗੁਰਾਂ ਨੇ ਅਜਿਹੇ ਸਮੇਂ 'ਤੇ ਅਰਦਾਸ ਕਰਨ ਤੇ ਪ੍ਰਭੂ ਕੋਲੋਂ ਬਲ ਮੰਗਣ ਦੀ ਤਾਕੀਦ ਕੀਤੀ ਹੈ। ਦਾਤਾ ਦੇ ਸਨਮੁਖ ਹੋ ਏਦਾਂ ਬੇਨਤੀ ਕਰਨ ਲਈ ਕਿਹਾ ਹੈ, “ਮੇਰੇ ’ਤੇ ਅਜਿਹੀ ਕਿਰਪਾ ਕਰੋ, ਸੰਤਾਂ ਦੇ ਚਰਨ ਮੇਰੇ ਮੱਥੇ 'ਤੇ, ਨੈਣੀਂ ਦਰਸ਼ਨ, ਤਨ 'ਤੇ ਧੂੜ ਪਵੇ, ਮੇਰੇ ਹਿਰਦੇ ਗੁਰੂ ਦਾ ਸ਼ਬਦ, ਮੇਰੇ ਮਨ ਵਿਚ ਹਰੀ ਦਾ ਨਾਮ ਰਖੋ, ਐ ਮੇਰੇ ਮਾਲਕ! ਪੰਜਾਂ ਚੋਰਾਂ ਨੂੰ ਮੇਰੇ ਗਲੋਂ ਲਾਹੋ, ਮੇਰੇ ਸਾਰੇ ਭਰਮ ਫੂਕ ਸੁਟੋ। ਮੈਨੂੰ ਬਲ ਦਿਉ ਕਿ ਜੋ ਤੁਸੀਂ ਕਰੋ, ਮੈਨੂੰ ਭਲਾ ਲਗੇ, ਤੇ ਮੇਰੀ ਦੂਈ ਦੀ ਭਾਵਨਾ ਨੂੰ ਦੂਰ ਟਾਲ ਦਿਉ।”

ਐਸੀ ਕਿਰਪਾ ਮੋਹਿ ਕਰਹੁ॥
ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ॥੧॥ਰਹਾਉ॥
ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ
ਹਰਿ ਨਾਮਾ ਮਨ ਸੰਗਿ ਧਰਹੁ॥
ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ॥੧॥
ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ॥

(ਬਿਲਾਵਲੁ ਮ: ੫, ਪੰਨਾ ੮੨੮)

ਇਹ ਤਾਂ ਅਵਸਥਾ ਸੀ ਅਭਿਆਸੀਆਂ ਦੀ, ਪਰ ਪਕਿਆਂ ਦਾ ਤਾਂ ਕਹਿਣਾ ਹੀ ਕੀ ਹੈ। ਉਹਨਾਂ ਨੂੰ ਰੁੱਖੀ ਰੋਟੀ ਜਾਂ ਜ਼ਮੀਨ 'ਤੇ ਸੌਣਾ, ਰਾਜ ਗੱਦੀ 'ਤੇ ਟਿਕਣਾ ਜਾਂ ਤੱਤੀਆਂ ਤਵੀਆਂ 'ਤੇ ਬਹਿ ਜਲਣਾ, ਇੱਕੋ ਜਿਹੀ ਗਲ ਭਾਸਦੀ ਹੈ। ਉਹ ਅਡੋਲ ਟਿਕੇ ਰਹਿੰਦੇ ਹਨ। ਅਕਬਰ ਜਿਹਾ ਸ਼ਹਿਨਸ਼ਾਹ ਜਿਨ੍ਹਾਂ ਦੇ ਦਰਬਾਰ ਵਿਚ ਚਲ ਕੇ ਆਵੇ, ਉਸ ਸ਼ਾਨ ਤੇ ਜਾਹੋ-ਜਲਾਲ ਦੇ ਮਾਲਕ ਫ਼ਕੀਰ, ਜਦ ਤੱਤੀਆਂ ਤਵੀਆਂ ’ਤੇ ਜਾ ਟਿਕੇ ਤਾਂ ਮਥੇ ਤਿਊੜੀ ਤਕ ਨਹੀਂ ਪਈ, ਸਗੋਂ ਮੁਸਕਰਾ ਕੇ ਬੋਲੇ, “ਤਵੀਆਂ ਤੱਤੀਆਂ ਵੀ, ਤੇਰੇ ਭਾਣੇ ਵਿਚ ਮਿੱਠੀਆਂ ਲਗਦੀਆਂ ਹਨ। ਇਹਨਾਂ ਨੂੰ ਠੰਢਾ ਕੀਤਾ ਮੈਂ ਨਹੀਂ ਲੋੜਦਾ, ਸਿਰਫ਼ ਤੇਰਾ ਨਾਮ ਹੀ ਮੰਗਦਾ ਹਾਂ।

ਤੇਰਾ ਕੀਆ ਮੀਠਾ ਲਾਗੈ॥
ਹਰਿਨਾਮੁ ਪਦਾਰਥੁ ਨਾਨਕ ਮਾਂਗੈ॥

(ਆਸਾ ਮ: ੫, ਪੰਨਾ ੩੯੪)

ਇਹ ਸੰਸਾਰ ਪ੍ਰਸਿਧ ਸਚਾਈ ਹੈ ਕਿ ਪੁੱਤਰ ਪ੍ਰਾਣਾਂ ਤੋਂ ਪਿਆਰੇ ਹੁੰਦੇ ਹਨ, ਅਮਰ ਪੁੱਤਾਂ ਦੀ ਮੌਤ ਮਾਪਿਆਂ ਦਾ ਲੱਕ ਤੋੜ ਜਾਂਦੀ ਹੈ, ਪਰ ਜੇ ਕਿਸੇ ਦਾ ਇਕ ਮਰੇ, ਉਹ ਦੂਜੇ ਵੱਲ ਤੱਕ ਧੀਰਜ ਧਰਦਾ ਹੈ। ਪਰ ਜਿਸਦਾ ਇਕ ਵੀ ਨਾ ਰਹੇ ਉਹ ਕੀ ਕਰੇ। ਤੇ ਹੋਣ ਵੀ ਚਾਰ, ਤੇ ਜਾਂਦਿਆਂ ਵੀ ਚਾਰ ਦਿਨ ਨਾ ਲੱਗਣ, ਇਸ ਸੱਟ ਦੀ ਪੀੜਾ ਨੂੰ ਕੋਈ ਫਟਿਆ ਹੋਇਆ ਪਿਤਾ ਹੀ ਅਨੁਭਵ ਕਰ ਸਕਦਾ ਹੈ, ਪਰ ਵਾਹ, ਭਾਣਾ ਮੰਨਣ ਵਾਲੇ ਪੂਰਨ ਗੁਰਦੇਵ, ਤੁਹਾਡੀ ਘਾਲ ਧੰਨ ਹੈ! ਚਮਕੌਰ ਦੀ ਗੜ੍ਹੀ ਵਿਚ ਕਈ ਦਿਨਾਂ ਦੇ ਭੁੱਖੇ ਚਾਲੀ ਪਰਵਾਨੇ, ਸਣੇ ਕਲਗੀਆਂ ਵਾਲੇ ਪਿਤਾ ਦੇ ਘਿਰੇ ਹੋਏ ਸਨ। ਅਨੰਦਪੁਰ ਵਿਚ ਝੂਠੀ ਕਸਮ ਖਾ ਕੇ ਦਗ਼ਾ ਕਰਨ ਵਾਲੇ ਸਰਕਾਰੀ ਫ਼ੌਜੀ ਅਫ਼ਸਰਾਂ ਦੇ ਹੱਲਿਆਂ ਨੇ ਵਹੀਰ ਨੂੰ ਰਾਹ ਵਿਚ ਹੀ ਖੇਰੂੰ ਖੇਰੂੰ ਕਰ ਸੁੱਟਿਆ ਸੀ। ਬਿਰਧ ਮਾਤਾ ਤੇ ਛੋਟੇ ਦੋ ਸਾਹਿਬਜ਼ਾਦੇ ਫ਼ੌਜ ਨਾਲ ਨਿਖੜ ਚੁਕੇ ਸਨ ਤਾਂ ਉਨ੍ਹਾਂ ਦਾ ਅੰਤ ਹਰ ਸਿਆਣੇ ਨੂੰ ਸਮਝ ਵਿਚ ਆ ਰਿਹਾ ਸੀ। ਚਮਕੌਰ ਦੇ ਇਕ ਰਾਜਪੂਤ ਦੀ ਕੱਚੀ ਹਵੇਲੀ, ਜੋ ਕੋਹਾਂ ਤਕ ਫੈਲੀਆਂ ਹੋਈਆਂ ਦੁਸ਼ਮਣ ਫ਼ੌਜਾਂ ਨਾਲ ਘਿਰੀ ਹੋਈ ਸੀ ਤੇ ਦਿਨ ਚੜ੍ਹਦੇ ਨੂੰ ਸਿਵਾਏ ਸ਼ਹੀਦੀਆਂ ਤੋਂ ਕਿਸੇ ਸ਼ੈ ਦੀ ਆਸ ਨਹੀਂ ਸੀ। ਥੱਕੇ ਟੁੱਟੇ ਸਿਪਾਹੀ ਜ਼ਮੀਨ 'ਤੇ ਲੇਟ ਬੇ-ਸੂਰਤ ਹੋ ਸੌਂ ਗਏ। ਪਰ ਸਿਪਾਹ-ਸਿਲਾਰ ਜਾਗ ਰਿਹਾ ਸੀ। ਰਜ਼ਾ 'ਤੇ ਸ਼ਾਕਰ, ਭਾਣੇ ਦੇ ਮੰਨਣ ਵਾਲੇ ਪੂਰਨ ਪੁਰਖ ਕਿਸੇ ਰੰਗ ਵੱਲ ਆ ਅਸਮਾਨ ਵੱਲ ਤੱਕ ਰਹੇ ਸਨ। ਲਬਾਂ 'ਤੇ ਕੁਛ ਇਹੋ ਜਿਹੇ ਫ਼ਿਕਰੇ ਸਨ, “ਤੇਰੀ ਰਜ਼ਾ ਪੂਰਨ ਹੋਵੇ, ਮੇਰੇ ਨਾਲ ਜੋ ਹੋਣੀ ਹੈ ਹੋ ਲਵੇ, ਸਿਰ ਨੇਜ਼ੇ 'ਤੇ ਟੰਗ ਲੈ ਜਾਂ ਬਰਛੀ ਕਲੇਜੇ ਵਿਚ ਮਾਰ, ਮੈਨੂੰ ਰਜ਼ਾ ਵਿਚ ਜਾਨ ਦੇਣ ਦਾ ਚਾਉ ਹੈ। ਕੀ ਕਰਾਂ, ਸਿਰ ਇਕ ਹੈ, ਜੇ ਸੌ ਵੀ ਹੁੰਦੇ ਤਾਂ ਭੀ ਇਸ ਸੌਦਿਓਂ ਮਹਿੰਗੇ ਨਾ ਸਮਝਦਾ।"

ਇਕ ਬਾਰ ਨਜ਼ਰ ਸੂਏ ਫ਼ਲਕ ਕਰਕੇ ਵੋਹ ਬੋਲੇ।
ਹੋਨੀ ਹੈ ਜੋ ਕੁਛ ਆਸ਼ਕੇ ਸਾਦਕ ਪੇ ਵੋਹ ਹੋ ਲੇ।
ਬਰਛੀ ਹੈ ਅਜਾਜ਼ਤ ਤੂੰ ਕਲੇਜਾ ਮੇਂ ਗੜੋਲੇ।
ਸਿਰ ਕਾਟ ਕੇ ਮੇਰਾ ਚਾਹੇ ਨੇਜ਼ੇ ਮੇਂ ਪਰੋ ਲੇ।
ਹੈ ਸ਼ੌਕ ਸ਼ਹਾਦਤ ਕਾ ਮੁਝੇ ਸਭ ਸੇ ਜ਼ਿਆਦਾ।
ਸਉ ਸਰ ਭੀ ਹੋਂ ਕੁਰਬਾਨ ਹੀ ਰਸ ਸੇ ਜ਼ਿਆਦਾ।

ਕੁਝ ਚਿਰ ਪਿਛੋਂ ਖ਼ਬਰੇ ਮਨ ਵਿਚ ਕੀ ਆਈ, ਉਠ ਕੇ ਟਹਿਲਣ ਲੱਗੇ ਤੇ ਸਾਹਿਬਜ਼ਾਦਿਆਂ ਦੇ ਸਿਰਹਾਣੇ ਖਲੋ ਬੋਲੇ, “ਕੱਲ੍ਹ ਚਾਰ ਸਨ, ਅੱਜ ਦੋ ਨੇ; ਸਵੇਰੇ ਇਹ ਵੀ ਨਹੀਂ ਰਹਿਣਗੇ; ਪਰ ਮੈਂ ਤਾਂ ਤੇਰਾ ਸ਼ੁਕਰ ਕਰਾਂਗਾ ਜਦੋਂ ਇਹ ਤੇਰੇ ਦਰ ਪਰਵਾਨ ਹੋਣਗੇ।"

ਕਲ ਚਾਰ ਥੇ ਆਜ ਦੋ ਹੈਂ ਸਹਰ ਯਹ ਭੀ ਨਾ ਹੋਂਗੇ।
ਤਉ ਸ਼ੁਕਰ ਕਰੇਂਗੇ ਹਮ ਅਗਰ ਯਹ ਭੀ ਨਾ ਹੋਂਗੇ।

(ਜੋਗੀ)

ਇਸ ਬਾਪ ਦਾ ਕਿਥੋਂ ਤਕ ਬਿਆਨ ਕੀਤਾ ਜਾਏ, ਕੁਛ ਅੰਤ ਨਹੀਂ ਆਉਂਦਾ। ਉਹਨਾਂ ਦੀ ਜ਼ਬਾਨ 'ਤੇ ਹਮੇਸ਼ਾ ਇਹੀ ਰਹਿੰਦਾ ਸੀ ਕਿ ਜੋ ਗੱਲ ਤੈਨੂੰ ਚੰਗੀ ਲੱਗੇ ਸਦਾ ਸਲਾਮਤ ਨਿਰੰਕਾਰ ਉਹੀ ਭਲੀ ਹੈ:

ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥

(ਜਪੁ ਜੀ ਸਾਹਿਬ, ਪੰਨਾ ੩)

ਸਤਿਗੁਰਾਂ ਨੇ ਭਾਣੇ ਦੇ ਅਨੁਸਾਰ ਜੀਵਨ ਬਣਾਣ ਹਿੱਤ ਸੰਗਤਾਂ ਵਿਚ ਇਕ ਖ਼ਾਸ ਰੀਤ ਚਲਾਈ ਤੇ ਉਹ ਸੀ ਰਸਮ ਦੇ ਬਾਅਦ, ਭਾਵੇਂ ਉਹ ਸ਼ਾਦੀ ਦੀ ਹੋਵੇ ਭਾਵੇਂ ਗ਼ਮੀ ਦੀ, ਅਨੰਦ ਸਾਹਿਬ ਦਾ ਕੀਰਤਨ ਕਰਨਾ ਤੇ ਕੜਾਹ ਪ੍ਰਸ਼ਾਦ ਵੰਡਣਾ, ਕਿਆ ਜੀਵਨ ਨੂੰ ਰਸ ਰੱਖਣ ਵਾਲੀ ਮਰਯਾਦਾ ਹੈ! ਸਿੱਖ ਦੇ ਘਰ ਲੜਕਾ ਜਨਮੇਂ ਤਾਂ ਸੰਗਤ ਘਰ ਬੁਲਾਵੇ, ਜੋੜ ਮੇਲ ਕਰੇ। ਅੰਤ ਵਿਚ ‘ਅਨੰਦੁ ਭਇਆ ਮੇਰੀ ਮਾਏ' ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਜੇ ਲੜਕਾ ਪੜ੍ਹ ਕੇ ਆਏ, ਰੋਜ਼ਗਾਰ ਉਤੇ ਲਗੇ ਜਾਂ ਮੰਗਿਆ ਜਾਏ, ਤਾਂ ਵੀ ਅਨੰਦ ਪੜ੍ਹਨਾ ਤੇ ਕੜਾਹ ਵੰਡਣਾ। ਜੇ ਸਿੱਖ ਲੜਕਾ ਵਿਆਹ ਕੇ ਘਰ ਆਵੇ, ਬਹੂ ਦਾ ਡੋਲਾ ਘਰ ਵਿਚ ਅੱਪੜਦਿਆਂ ਹੀ ਬਾਹਰ ਘੋੜੇ ਤੋਂ ਉਤਰਦਾ ਨੌਜੁਆਨ ਲਾੜਾ, ਕਿਸੇ ਹਾਦਸੇ ਨਾਲ ਗੁਜ਼ਰ ਜਾਵੇ ਤਾਂ ਅਜਿਹੀ ਭਾਰੀ ਸੱਟ ਦੇ ਸਮੇਂ ਵੀ ਸਿੱਖ ਅਨੰਦ ਸਾਹਿਬ ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਆਮ ਸਿੱਖ ਇਹ ਮਰਯਾਦਾ ਇਕ ਰਸਮ ਕਰਕੇ ਨਿਭਾਂਦੇ ਹਨ, ਪਰ ਫਿਰ ਭੀ ਬਾਹਲੇ ਰਸਮ ਕਰਨ ਵਾਲਿਆਂ ਵਿਚੋਂ ਕੁਛ ਨਾ ਕੁਛ ਰਜ਼ਾ 'ਤੇ ਸ਼ਾਕਰ ਤੇ ਭਾਣਾ ਮੰਨਣ ਵਾਲੇ ਨਿਕਲ ਹੀ ਆਉਂਦੇ ਹਨ। ਏਸੇ ਹੀ ਰਸਮ ਨੂੰ ਭਾਈ ਭਿਖਾਰੀ ਗੁਜਰਾਤ ਵਾਲੇ ਨੇ ਸੱਚ ਕਰ ਦਿਖਾਇਆ ਸੀ।

ਪੰਨਾ

ਪਛਤਾਵਾ

ਜੀਵਨ ਖੇਤਰ ਦੀ ਲੀਲ੍ਹਾ ਵੀ ਅਜਬ ਹੈ। ਸਤਿਗੁਰਾ ਇਸ ਨੂੰ ਛਿੰਜ ਦਾ ਅਖਾੜਾ ਕਿਹਾ ਹੈ। ਗਿਆਨ ਦਾ ਮਾਇਆ ਨਾਲ, ਬੁਧ ਦਾ ਜੜ੍ਹਤਾ ਨਾਲ, ਉਤਸ਼ਾਹ ਦਾ ਭਰਮਾਦ ਨਾਲ, ਵਾਧੇ ਦਾ ਘਾਟੇ ਤੇ ਪੁੰਨ ਦਾ ਪਾਪ ਨਾਲ ਘੋਲ ਹੋ ਰਿਹਾ ਹੈ। ਇਹਨਾਂ ਦੋਹਾਂ ਹੀ ਸੰਪਰਦਾਵਾਂ ਦੇ ਦੋ ਮੁਖੀ ਮਨੁੱਖਤਾ ਤੇ ਬਦੀ ਮੰਨੇ ਗਏ ਹਨ। ਮਨੁੱਖਤਾ ਉਤਾਂਹ ਉਠਣਾ ਚਾਹੁੰਦੀ ਹੈ ਤੇ ਬਦੀ ਰੋਕ ਪਾਉਂਦੀ ਹੈ। ਹਰ ਬੀਜ ਵਿਚੋਂ ਫੁਟੇ ਅੰਕੁਰ ਨੂੰ, ਬੂਟਾ ਬਣਨ ਲਈ ਮਿੱਟੀ ਦੀ ਤਹਿ ਤੋੜ ਕੇ ਹੀ ਉਠਣਾ ਪੈਂਦਾ ਹੈ। ਇਹ ਘੋਲ ਰਚਨਾ ਦੇ ਅਰੰਭ ਤੋਂ ਚਲਿਆ ਆ ਰਿਹਾ ਹੈ। ਮਾਲਕ ਦੀ ਮਰਜ਼ੀ ਨਾਲ ਹੀ ਅਖਾੜਾ ਰਚਿਆ ਗਿਆ ਹੈ ਤੇ ਉਹ ਆਪ ਬੈਠਾ ਇਸ ਤਮਾਸ਼ੇ ਨੂੰ ਦੇਖ ਰਿਹਾ ਹੈ।

ਬਾਈਬਲ ਤੇ ਉਸ ਦੇ ਸਾਥੀ ਕੁਰਾਨ ਨੇ ਇਸ ਮੁਢਲੇ ਬਦੀ ਦੇ ਜਜ਼ਬੇ ਨੂੰ ਇਕ ਵਿਅਕਤੀ ਮੰਨਿਆ ਹੈ। ਖ਼ਿਆਲ ਦਿੱਤਾ ਗਿਆ ਹੈ ਕਿ ਪਹਿਲੇ ਮਨੁੱਖ, ਆਦਮ ਦੀ ਪੈਦਾਇਸ਼ ਤੋਂ ਪਹਿਲਾਂ ਫ਼ਰਿਸ਼ਤਿਆਂ ਦੀ ਮਖ਼ਲੂਕ ਮੌਜੂਦ ਸੀ। ਮਨੁੱਖ ਖ਼ਾਕ ਤੋਂ ਬਣਾਇਆ ਗਿਆ ਹੈ ਤੇ ਉਹ ਨੂਰ ਤੋਂ ਬਣਾਏ ਗਏ ਸਨ। ਉਹਨਾਂ ਵਿਚ ਬਦੀ ਦੀ ਅੰਸ਼ ਹੀ ਨਹੀਂ ਸੀ। ਉਹ ਹਰ ਵਕਤ ਖ਼ੁਦਾ ਦੀ ਬੰਦਗੀ ਵਿਚ ਲਗੇ ਰਹਿੰਦੇ ਸਨ। ਪਰ ਰੱਬ ਨੂੰ ਅਜਿਹੀ ਬੰਦਗੀ, ਜਿਸ ਦਾ ਬਦੀ ਨਾਲ ਕੋਈ ਵਾਹ ਹੀ ਨਾ ਪਵੇ, ਜੋ ਬੁਰਾਈ ਨਾਲ ਘੁਲ, ਉਸ ਨੂੰ ਪਛਾੜ, ਜਿਤ ਘਰ ਨਾ ਆਵੇ, ਕੁਝ ਪਸੰਦ ਨਾ ਆਈ। ਉਸਨੇ ਖ਼ਾਕੀ ਮਨੁੱਖ ਬਣਾਇਆ ਤੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਇਹਦੇ ਅਗੇ ਸਿਜਦਾ ਕਰੋ। ਉਹ ਰੱਬ ਦੀ ਆਗਿਆ ਮੰਨ ਸਿਜਦੇ ਵਿਚ ਡਿਗ ਪਏ, ਪਰ ਉਹਨਾਂ ਦੇ ਸ਼੍ਰੋਮਣੀ ‘ਅਜ਼ਾਜ਼ੀਲ’ ਨੇ ਇਸ ਹੁਕਮ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਕਿ ਅਸੀਂ ਨੂਰੀ ਹਾਂ, ਸਾਥੋਂ ਖ਼ਾਕੀ ਅਗੇ ਸਿਜਦਾ ਕਰਨ ਦੀ ਮੰਗ ਕਿਉਂ ਕੀਤੀ ਜਾਂਦੀ ਹੈ। ਰੱਬ ਨੇ ਉਸਦੇ ਰੋਸ ਨੂੰ ਆਪਣੀ ਨਾਫ਼ਰਮਾਨੀ ਤੇ ਉਸਦੀ ਹੈਂਕੜ ਕਰਾਰ ਦਿੱਤਾ। ਅਜ਼ਾਜ਼ੀਲ ਬਹਿਸ਼ਤ ਵਿਚੋਂ ਕਢਿਆ ਗਿਆ ਤੇ ਉਸਦਾ ਨਾਮ ਸ਼ੈਤਾਨ ਹੋਇਆ। ਪਰ ਸ਼ੈਤਾਨ ਨੇ ਵੀ ਉਸ ਦਿਨ ਤੋਂ ਪ੍ਰਣ ਕਰ ਲਿਆ ਕਿ ਉਹ ਆਦਮ ਦੀ ਔਲਾਦ ਨੂੰ ਪਰਮੇਸ਼੍ਵਰ ਵਲੋਂ ਗੁਮਰਾਹ ਕਰੇਗਾ, ਉਸਨੂੰ ਨੇਕੀ ਵਲੋਂ ਹਟਾ ਬਦੀ ਵੱਲ ਜੋੜੇਗਾ ਤੇ ਸੁਰਗ ਵਿਚੋਂ ਕਢਾ ਦੋਜ਼ਖ਼ ਵਿਚ ਪਾ ਕੇ ਛੋੜੇਗਾ ਚੁਨਾਂਚਿ ਉਸ ਦਿਨ ਤੋਂ ਸ਼ੈਤਾਨ ਨੇ ਆਪਣਾ ਕੰਮ ਅਰੰਭ ਦਿੱਤਾ। ਪਹਿਲਾਂ ਹਵਾ ਨੂੰ ਭਰਮਾ, ਫਿਰ ਉਸਦੇ ਰਾਹੀਂ ਆਦਮ ਕੋਲੋਂ ਪਰਮੇਸ਼੍ਵਰ ਦੀ ਹੁਕਮ ਅਦੂਲੀ ਕਰਾਈ ਤੇ ਉਸਨੂੰ ਮਨ੍ਹਾ ਕੀਤੇ ਹੋਏ ਬੂਟੇ ਦਾ ਫਲ ਖਵਾ ਬਹਿਸ਼ਤ ਵਿਚੋਂ ਕਢਵਾਇਆ ਤੇ ਅੱਜ ਤਕ ਆਦਮ ਦੀ ਔਲਾਦ ਨੂੰ ਬਹਿਕਾਂਦਾ ਚਲਾ ਆ ਰਿਹਾ ਹੈ।

ਯਵਨੀ ਮਤਾਂ ਦੇ ਇਸ ਅਕੀਦੇ ਤੋਂ ਬਿਨਾਂ, ਸੰਸਾਰ ਦੇ ਬਹੁਤ ਪੁਰਾਣੇ ਮਤ, ਪਾਰਸੀਆਂ ਦਾ ਵੀ ਇਸ ਦੇ ਨਾਲ ਮਿਲਦਾ ਜੁਲਦਾ ਖ਼ਿਆਲ ਹੈ। ਕਈ ਸਿਆਣੇ ਤਾਂ ਏਥੋਂ ਤਕ ਜਾਂਦੇ ਹਨ ਕਿ ਬਾਈਬਲ ਵਿਚ ਦਸਿਆ ਹੋਇਆ ਸ਼ੈਤਾਨ ਦਾ ਖ਼ਿਆਲ ਬੁਨਿਆਦੀ ਤੌਰ 'ਤੇ ਲਿਆ ਹੀ ਯੰਦ ਵਿਚੋਂ ਗਿਆ ਹੈ। ਪਾਰਸੀਆਂ ਦੇ ਅਕੀਦੇ ਅਨੁਸਾਰ ਜਗਤ-ਕਰਤਾ ਪ੍ਰਭੂ ਦੇ ਹੈਨ ਹੀ ਦੋ ਰੂਪ। ‘ਯਸਦਾਨ’ ਤੇ ‘ਅਹਿਰਮਨ’। ਯਸਦਾਨ ਨੇਕੀ ਦੀ ਪ੍ਰੇਰਨਾ ਕਰਦਾ ਹੈ ਤੇ ਅਹਿਰਮਨ ਬਦੀ ਦੀ। ਇਹ ਦੋਵੇਂ ਨੇਕੀ ਤੇ ਬਦੀ ਦੇ ਦੇਵਤੇ ਪਹਿਲੇ ਦਿਨ ਤੋਂ ਬਰਾਬਰ ਹੀ ਤੁਰੇ ਆਉਂਦੇ ਹਨ। ਇਥੇ ਸ਼ੈਤਾਨ ਕੋਈ ਪਰਮੇਸ਼੍ਵਰ ਦੇ ਅਧੀਨ ਤੇ ਉਸਦਾ ਸਰਾਪਿਆ ਹੋਇਆ ਫ਼ਰਿਸ਼ਤਾ ਨਹੀਂ ਹੈ, ਸਗੋਂ ਬਰਾਬਰ ਦੀ ਤਾਕਤ ਹੈ ਤੇ ਯਸਦਾਨ ਦੇ ਬਰਾਬਰ ਹੀ ਮਨੁੱਖ ਨੂੰ ਬਦੀ ਵਲ ਪ੍ਰੇਰਨਾ ਕਰ ਰਹੀ ਹੈ।

ਮਜ਼ਹਬੀ ਮਨੌਤਾਂ ਦੀ ਦੁਨੀਆਂ ਤੋਂ ਲੰਘ ਜੇ ਫ਼ਲਸਫ਼ੇ ਦੇ ਵਿਹੜੇ ਝਾਤੀ ਪਾਈਏ ਤਾਂ ਉਥੇ ਭੀ ਖ਼ਿਆਲ ਦੀ ਬੁਨਿਆਦੀ ਸੂਰਤ ਇਹੋ ਜਿਹੀ ਹੀ ਦਿਸ ਆਉਂਦੀ ਹੈ। ਫ਼ਲਸਫ਼ੀ ਵਿਅਕਤੀ ਤਾਂ ਨਹੀਂ ਮੰਨਦੇ, ਪਰ ਬਿਰਤੀਆ ਮੰਨਦੇ ਹਨ। ਫ਼ਲਸਫ਼ੀਆਂ ਦਾ ਆਖ਼ਰੀ ਵੇਦਾਂਤ ਸ਼ਾਸਤਰ, ਭਾਵੇਂ ਅਦਵੈਤਵਾਦੀ ਹੈ ਤੇ ਇਕ ਬ੍ਰਹਮ ਤੋਂ ਬਿਨਾਂ ਦੂਸਰੀ ਕੋਈ ਹਸਤੀ ਨਹੀਂ ਮੰਨਦਾ, ਪਰ ਖ਼ਿਆਲ ਉਹ ਵੀ ਦੇਂਦਾ ਹੈ ਕਿ ਬ੍ਰਹਮ ਦੇ ਨਾਲ ਨਾਲ ਹੀ ਸ਼ਾਂਤ ਅਨਾਦੀ ਮਾਇਆ ਮੁਢ ਤੋਂ ਚਲੀ ਆਉਂਦੀ ਹੈ। ਹੈ ਭਾਵੇਂ ਭਰਮ ਰੂਪ ਹੀ ਤੇ ਗਿਆਨ ਦਾ ਪ੍ਰਕਾਸ਼ ਹੁੰਦਿਆਂ ਹੀ ਬਿਨਸ ਜਾਏਗੀ, ਪਰ ਚਲੀ ਪਹਿਲੇ ਤੋਂ ਨਾਲ ਹੀ ਆਉਂਦੀ ਹੈ ਤੇ ਬੁਨਿਆਦੀ ਮਨੁੱਖ ਉਸਦੀ ਪ੍ਰੇਰਨਾ ਕਰਕੇ ਹੀ ਕਰਦਾ ਹੈ।

ਭਾਵੇਂ ਮਜ਼ਹਬ ਨੂੰ ਮੰਨੋ ਤੇ ਭਾਵੇਂ ਫ਼ਲਸਫ਼ੇ ਮਗਰ ਲਗੋ, ਇਹ ਮੰਨਣਾ ਹੀ ਪਵੇਗਾ ਕਿ ਮਨੁੱਖ ਨੂੰ ਬਦੀ ਵਲ ਪ੍ਰੇਰਨ ਵਾਲੀ ਸ਼ਕਤੀ, ਕੋਈ ਬੜੀ ਜ਼ਬਰਦਸਤ ਤੇ ਪੁਰਾਣੀ ਚਲੀ ਆਉਂਦੀ ਹੈ। ਆਵਾਗਵਨ ਦੇ ਕਾਇਲ, ਇਸ ਨੂੰ ਮਨੁੱਖਤਾ ਤੋਂ ਨੀਵੇਂ ਦਰਜੇ ਦੀਆਂ ਜੂਨਾਂ ਦੇ ਸਮੇਂ ਮਨੁੱਖੀ ਮਨ ਨੂੰ ਲਗਦੀ ਚਲੀ ਆ ਰਹੀ ਮੈਲ ਦਾ ਫਲ ਸਮਝਦੇ ਹਨ। ਜੋ ਸਹਿਜੇ ਸਹਿਜੇ ਸਿਆਹੀ ਦਾ ਰੂਪ ਲੈ ਚੁਕੀ ਹੈ:

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥

(ਵਾਰ ਸੋਰਠਿ, ਮ: ੩, ਪੰਨਾ ੬੫੧)

ਜੋ ਸਿਆਹੀ ਮਨੁੱਖ-ਮਨ ਦੇ ਦੁਆਲੇ ਛਾ, ਉਸ ਨੂੰ ਜੀਵਨ ਦੇ ਸਹੀ ਰਸਤਿਓਂ ਉਕਾਅ ਦੇਂਦੀ ਹੈ। ਭਾਵੇਂ ਕਿਵੇਂ ਵੀ ਹੋਵੇ ਮਨੁੱਖ ਨੂੰ ਭੁਲਾਉਣ ਦੇ ਸਾਮਾਨ ਏਥੇ ਮੌਜੂਦ ਹਨ ਤੇ ਉਹ ਕਿੰਨੇ ਵੀ ਯਤਨ ਕਰੇ ਕਦੀ ਨਾ ਕਦੀ ਭੁਲ ਹੀ ਜਾਂਦਾ ਹੈ।

ਸਤਿਗੁਰਾਂ ਨੇ ਇਸ ਖ਼ਿਆਲ ਨੂੰ ਬੜਾ ਖ਼ੂਬਸੂਰਤ ਅਲੰਕਾਰ ਦੇ ਕੇ ਬਿਆਨ ਕੀਤਾ ਹੈ। ਕਿਸੇ ਥਾਂ ਇਕ ਭਾਰਾ ਮੇਲਾ ਭਰਨਾ ਸੀ ਤੇ ਉਥੇ ਜਾਣ ਲਈ ਇਕ ਨਾਦਾਨ ਬੱਚੇ ਨੇ ਦਰਸ਼ਨ ਦੀ ਇੱਛਾ ਪ੍ਰਗਟ ਕੀਤੀ। ਬਾਪ ਮਾਸੂਮ ਬੱਚੇ ਨੂੰ ਨਾਲ ਲੈ ਤੁਰਿਆ, ਪਰ ਇਹ ਤਾਕੀਦ ਕਰ ਦਿਤੀ ਕਿ ਮੇਲੇ ਵਿਚ ਬੜੀ ਭੀੜ ਹੈ, ਥਾਂ ਥਾਂ ਤੇ ਧੱਕੇ ਲੱਗ, ਇਕ ਦੂਸਰੇ ਨਾਲੋਂ ਨਿੱਖੜ ਜਾਣ ਦਾ ਡਰ ਹੈ। ਪੁੱਤਰ! ਮੇਰੀ ਉਂਗਲੀ ਘੁੱਟ ਕੇ ਫੜ ਛੱਡੀਂ। ਕਿਤੇ ਅਜਿਹਾ ਨਾ ਹੋਵੇ ਤੂੰ ਨਿੱਖੜ ਜਾਵੇਂ, ਭੀੜ ਵਿਚ ਫਿਰ ਮਿਲਣਾ ਮੁਸ਼ਕਲ ਹੋ ਜਾਏਗਾ; ਮੇਲੇ ਵਿਚ ਥਾਂ ਥਾਂ ਤਮਾਸ਼ੇ ਹੋਣਗੇ, ਸਭ ਨੂੰ ਵੇਖਦਾ ਚਲਾ ਜਾਈਂ, ਪਰ ਕਿਸੇ ਵੱਲ ਬਹੁਤ ਤਵੱਜੋ ਨਾ ਦੇਈਂ। ਅਜਿਹੀਆਂ ਤਾਕੀਦਾਂ ਕਰ ਤੇ ਸੰਜਮ ਸਮਝਾ, ਬਾਪ ਬੇਟੇ ਨੂੰ ਮੇਲੇ ਲੈ ਤੁਰਿਆ।

ਬੱਚਾ ਮੇਲੇ ਵਿਚ ਵੜਿਆ ਤਾਂ ਉਥੇ ਖ਼ੂਬ ਰੌਣਕਾਂ ਸਨ। ਹਰ ਪਾਸੇ ਸਜੀਆਂ ਹੋਈਆਂ ਦੁਕਾਨਾਂ, ਕਿਸੇ ਪਾਸੇ ਸੋਹਣੀਆਂ ਤਸਵੀਰਾਂ, ਕਿਤੇ ਸੁੰਦਰ ਖਿਡੌਣੇ, ਕਿਸੇ ਪਾਸੇ ਸੁਆਦਲੀਆਂ ਮਠਿਆਈਆਂ ਤੇ ਮੇਵੇ, ਹਰ ਤਰਫ਼ ਸ਼ੋਰ, ਰੌਲਾ, ਕੁਲਾਹਲ, ਗਾਣੇ, ਹਾਸੇ ਤੇ ਭੀੜ, ਬੱਚੇ ਨੇ ਬਾਪ ਦੀ ਉਂਗਲੀ ਘੁੱਟ ਕੇ ਫੜ ਛੱਡੀ। ਖਿਡੌਣੇ ਲਏ, ਮੂਰਤਾਂ ਖ਼ਰੀਦੀਆਂ, ਮਠਿਆਈ ਖਾਧੀ, ਫਲ ਛਕੇ, ਤਮਾਸ਼ੇ ਦੇਖੇ ਤੇ ਖ਼ੁਸ਼ੀਆਂ ਮਾਣੀਆਂ। ਪਰ ਚਲਦੇ ਚਲਦੇ ਇਕ ਥਾਂ ਮਦਾਰੀ ਦਾ ਖੇਲ ਹੁੰਦਾ ਦੇਖ ਉਹ ਰੁਕ ਗਏ। ਮਦਾਰੀ ਨੂੰ ਝੂਠੀ ਮੂਠੀ ਦੇ ਰੁਪਏ ਬਣਾਉਂਦੇ ਤੇ ਟੋਕਰੇ ਹੇਠੋਂ ਹੀ ਬੂਟੇ ਤੇ ਜਾਨਵਰ ਕਢਦਿਆਂ ਦੇਖ ਕੇ ਬੱਚਾ ਅਸਚਰਜ ਹੋ ਗਿਆ। ਹੈਰਾਨਗੀ ਵਿਚ ਆਪਣੀ ਸੁਰਤ ਇਤਨੀ ਤਮਾਸ਼ੇ ਵਿਚ ਜੋੜ ਬੈਠਾ ਕਿ ਬਾਪ ਦੀ ਉਂਗਲੀ ਫੜਨ ਵਾਲਾ ਹੱਥ ਢਿੱਲਾ ਪੈ ਗਿਆ। ਪਿਛੋਂ ਭੀੜ ਦਾ ਇਕ ਧੱਕਾ ਆਇਆ ਕਿ ਲੜਕਾ ਪਿਓ ਨਾਲੋਂ ਵਿੱਛੜ ਗਿਆ। ਕੁਝ ਚਿਰ ਤਾਂ ਤਮਾਸ਼ਾ ਦੇਖਦਾ ਰਿਹਾ, ਪਰ ਜਦੋਂ ਸੰਭਲਿਆ ਤਾਂ ਕੀ ਵੇਖਿਆ ਕਿ ਹੱਥ ਵਿਚੋਂ ਬਾਪ ਦੀ ਉਂਗਲੀ ਨਿਕਲ ਗਈ ਤੇ ਪਿਤਾ ਅੱਖਾਂ ਤੋਂ ਉਹਲੇ ਹੋ ਗਿਆ ਸੀ। ਪਹਿਲਾਂ ਅਵਾਜ਼ਾਂ ਮਾਰੀਆਂ ਤੇ ਐਧਰ-ਓਧਰ ਤਕਿਆ, ਦੌੜਿਆ, ਫਿਰ ਚੀਕਾਂ ਤੇ ਉਤਰ ਆਇਆ ਤੇ ਲੱਗਾ ਰੋ ਰੋ ਰੌਲਾ ਪਾਉਣ। ਇਸ ਨੂੰ ਰੋਂਦਿਆਂ ਵੇਖ ਦਰਦਵੰਦ ਸਿਆਣਿਆਂ ਨੇ, ਕਿਸੇ ਦਾ ਵਿਛੜਿਆ ਹੋਇਆ ਬਾਲਕ ਸਮਝ ਕੇ ਪਰਚਾਉਣ ਦਾ ਜਤਨ ਕੀਤਾ। ਕੁੱਛੜ ਚੁੱਕਣ ਤਾਂ ਛੜੀਆਂ ਮਾਰੇ ਤੇ ਡਿਗ ਡਿਗ ਪਵੇ, ਖਾਣ ਨੂੰ ਮਠਿਆਈ ਦੇਣ ਤਾਂ ਹੱਥ ਨਾਲ ਪਰੇ ਵਗਾਹ ਮਾਰੇ, ਨਾ ਕਿਸੇ ਖਿਡੌਣੇ ਨਾਲ ਖੇਡੇ ਤੇ ਨਾ ਕਿਸੇ ਮੂਰਤ ਦਿਤਿਆਂ ਮੰਨੇ। ਮਾਸੂਮ ਬੱਚਾ ਉਤਨਾ ਚਿਰ ਰੋਂਦਾ ਤੇ ਚੀਖਦਾ ਬੇਕਰਾਰ ਹੀ ਰਿਹਾ, ਜਦ ਤਕ ਕਿ ਫਿਰ ਪਿਓ ਨਾਲ ਨਾ ਮਿਲਾ ਦਿੱਤਾ ਗਿਆ। ਪਿਓ ਦੇ ਵਿਛੋੜੇ ਵਿਚ ਨਾ ਉਸਨੂੰ ਮੇਲਾ ਸੁਖਾਇਆ, ਨਾ ਉਸਨੂੰ ਮਠਿਆਈਆਂ ਮਿਠੀਆਂ ਲੱਗੀਆਂ ਤੇ ਨਾ ਹੀ ਖਿਡੌਣੇ ਖ਼ੂਬਸੂਰਤ।

ਗੁਰਮਤਿ ਦਸਦੀ ਹੈ ਕਿ ਸੰਸਾਰ ਵਿਚ ਸਾਰੇ ਗੁਨਾਹ ਦੀ ਬੁਨਿਆਦ ਪਰਮੇਸ਼੍ਵਰ ਪਿਤਾ ਤੋਂ ਵਿਛੜਨਾ ਹੀ ਹੈ। ਦੁਨੀਆ ਇਕ ਭਾਰਾ ਮੇਲਾ ਹੈ। ਇਸ ਵਿਚ ਥਾਉਂ ਥਾਈਂ ਕੌਤਕ, ਤਮਾਸ਼ੇ ਤੇ ਰੌਣਕਾਂ ਹਨ। ਸੋਹਣੀਆਂ ਤਸਵੀਰਾਂ ਤੇ ਸੁੰਦਰ ਖਿਡੌਣੇ ਮਨ ਨੂੰ ਮੋਹਣ ਵਾਲੇ ਹਨ। ਸੁਆਦਿਸ਼ਟ ਭੋਜਨ ਤੇ ਮਠਿਆਈਆਂ ਦੇਖ ਮੂੰਹ ਵਿਚ ਪਾਣੀ ਭਰ ਆਉਂਦਾ ਹੈ। ਪਰ ਜੇ ਮਨੁੱਖ ਸੰਜਮ ਸਹਿਤ ਇਸ ਮੇਲੇ ਨੂੰ ਤੱਕੇ, ਤਾਂ ਇਹ ਬਣਾਇਆ ਹੀ ਉਹਦੇ ਲਈ ਗਿਆ ਹੈ। ਪਰ ਜਦੋਂ ਕਿਸੇ ਪਾਸੇ ਹੱਦ ਤੋਂ ਟੱਪ ਅਸਾਧਾਰਨ ਮਨ ਜੋੜ ਬਹਿੰਦਾ ਹੈ ਤਾਂ ਇਸ ਦੇ ਹੱਥੋਂ ਪ੍ਰਭੂ ਪਿਤਾ ਦੀ ਉਂਗਲੀ ਛੁੱਟ ਜਾਂਦੀ ਹੈ। ਜਿਸ ਤੋਂ ਸਭ ਗੁਨਾਹ ਤੇ ਉਹਨਾਂ ਦਾ ਫਲ ਦੁੱਖ, ਇਸ ਨੂੰ ਆ ਵਾਪਰਦਾ ਹੈ। ਕਿਸੇ ਸ਼ੈਤਾਨ ਜਾਂ ਅਹਿਰਮਨ ਨੂੰ ਕੀ ਦੋਸ਼ ਦੇਣਾ ਹੋਇਆ:

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥
ਪਰਮੇਸਰੁ ਤੇ ਭੁਲਿਆਂ ਵਿਆਪਨਿ ਸਭੇ ਰੋਗ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥

(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੫)

ਸਭ ਕੁਛ ਆਪਣੇ ਹੀ ਕਰਮਾਂ ਦਾ ਫਲ ਹੈ। ਗੁਨਾਹ ਦੇ ਸਭ ਰੋਗ ਪਰਮੇਸ਼੍ਵਰ ਤੋਂ ਭੁਲਣ ਕਰਕੇ ਹੀ ਵਾਪਰਦੇ ਹਨ ਤੇ ਵਿਛੋੜੇ ਦੇ ਰੋਗੀ ਨੂੰ ਸਭ ਸੁਆਦਲੇ ਭੋਗ ਕੌੜੇ ਲਗਣ ਲੱਗ ਪੈਂਦੇ ਹਨ। ਇਹਨਾਂ ਰੋਗਾਂ ਦਾ ਹੋਰ ਕੋਈ ਇਲਾਜ ਨਹੀਂ, ਜੇ ਖ਼ੁਸ਼ਕਿਸਮਤੀ ਨਾਲ ਪ੍ਰਭੂ ਪਿਤਾ ਦਾ ਮਿਲਾਪ ਫਿਰ ਨਸੀਬ ਹੋ ਜਾਏ ਤਾਂ ਸਾਰੇ ਸੁਖ ਆਪੇ ਹੀ ਨਸੀਬ ਹੋ ਜਾਣਗੇ।

ਪਰ ਇਹ ਪੁਨਰ ਮਿਲਾਪ ਹੋਵੇ ਕਿਸ ਤਰ੍ਹਾਂ? ਮਨੁੱਖ ਤਾਂ ਰਾਹੋਂ ਭੁਲਿਆ ਹੋਇਆ ਦੂਸਰੇ ਪਾਸੇ ਨੂੰ ਜਾ ਰਿਹਾ ਹੈ। ਓਹਦਾ ਤਾਂ ਹਰ ਕਦਮ ਉਸ ਨੂੰ ਮੰਜ਼ਲ ਤੋਂ ਦੂਰ ਲਿਜਾ ਰਿਹਾ ਹੈ। ਉਸ ਦੀ ਹਾਲਤ ਉਸ ਰੇਲ ਦੇ ਇੰਜਣ ਵਾਂਗ ਹੈ ਜੋ ਕਿਸੇ ਜੰਕਸ਼ਨ ਤੋਂ ਕਾਂਟਾ ਗ਼ਲਤ ਮਿਲਣ ਕਰਕੇ ਅਸਲ ਤੋਂ ਉੱਕ ਦੂਸਰੀ ਲਾਈਨ 'ਤੇ ਪੈ ਗਿਆ ਹੋਵੇ। ਉਹ ਤਾਂ ਜਿੰਨਾ ਤੇਜ਼ ਦੌੜੇਗਾ, ਅਸਲ ਟਿਕਾਣੇ ਤੋਂ ਦੂਰ ਹੁੰਦਾ ਚਲਾ ਜਾਏਗਾ।

ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥

(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੫)

ਉਸ ਨੂੰ ਤਾਂ ਅਸਲੀ ਅਸਥਾਨ 'ਤੇ ਪੁੱਜਣ ਲਈ ਪਹਿਲਾਂ ਆਪਣੀ ਭੁੱਲ ਨੂੰ ਸਮਝਣਾ, ਅਗਾਂਹ ਤੁਰਨੋਂ ਰੁਕਣਾ ਤੇ ਫਿਰ ਪਿਛਾਂਹ ਪਰਤ ਅਤੇ ਤਿਖੀ ਚਾਲ ਚਲ, ਭੁਲੀ ਹੋਈ ਮੰਜ਼ਲ 'ਤੇ ਪੁੱਜਣਾ ਪਵੇਗਾ। ਮਨੁੱਖ-ਜੀਵਨ ਵਿਚ ਭੁੱਲ ਨੂੰ ਪਹਿਚਾਣਨ ਦਾ ਨਾਮ ਹੀ ‘ਪਛਤਾਵਾ’ ਹੈ। ਇਹ ਤੌਬਾ ਹੀ, ਭੁੱਲੇ ਹੋਏ, ਕੁਰਾਹੇ ਤੁਰੇ ਜਾ ਰਹੇ ਮਨੁੱਖ ਦੀ ਪਾਪ ਚਾਲ ਨੂੰ ਰੋਕਦੀ ਹੈ। ਇਹੋ ਮੋੜ ਕੇ ਪ੍ਰਭੂ ਚਰਨਾਂ ਵਿਚ ਸੁਟਦੀ ਹੈ ਤੇ ਚਰਨ ਸ਼ਰਨ ਵਿਚ ਪਾ ਜੀਵਨ ਸਫਲ ਕਰਦੀ ਹੈ।

ਵਿਸ਼ਾਲ ਸੰਸਾਰ ਦੀ ਅਣਗਿਣਤ ਮਖ਼ਲੂਕ ਵਿਚ ਇਹ ਪਛਤਾਵੇ ਵੀ ਕਈ ਕਿਸਮ ਦੇ ਰੂਪ ਲੈ ਰਹੇ ਹਨ। ਕੋਈ ਮੂਰਤਾਂ ਵੇਖ ਵੇਖ ਅੱਕ ਕੇ ਪਿਛਾਂਹ ਮੁੜਦਾ ਹੈ ਤੇ ਕਿਸੇ ਦਾ ਮੂੰਹ ਮਠਿਆਈਆਂ ਖਾ ਖਾ ਮੁੜ ਜਾਂਦਾ ਹੈ। ਸੰਸਾਰ ਦੇ ਇਤਿਹਾਸ ਵਿਚ ਅਜਿਹੀਆਂ ਕਈ ਘਟਨਾਵਾਂ ਆਉਂਦੀਆਂ ਹਨ। ਕਈ ਮਾਸੂਮ ਮਨੁੱਖਾਂ ਨੇ ਬਗਲਿਆਂ ਨੂੰ ਹੰਸ ਕਰ ਜਾਤਾ ਤੇ ਓੜਕ ਪਛਤਾਏ, ਮਸ਼ਹੂਰ ਯੋਗੀ ਭਰਥਰੀ ਨਾਲ ਇਹੋ ਵਾਪਰੀ ਸੀ।

ਮੈ ਜਾਨਿਆ ਵਡਹੰਸੁ ਹੈ ਤਾ ਮੈ ਕੀਆ ਸੰਗੁ॥
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ॥

(ਵਾਰ ਵਡਹੰਸ ਮ: ੩, ਪੰਨਾ ੫੮੫)

ਉਜੈਨ ਦਾ ਉਜਲ ਬੁਧ ਵਿਦਵਾਨ ਮਹਾਰਾਜਾ ਭਰਥਰੀ ਆਪਣੀ ਪਦਮਨੀ ਸੁੰਦਰ ਮਹਾਰਾਣੀ ਪਿੰਗਲਾ ਦੇ ਪਿਆਰ ਵਿਚ ਮਸਤ ਸੀ। ਉਸਦੀ ਦੁਨੀਆਂ ਹੀ ਪਿੰਗਲਾ ਨਾਲ ਸੀ। ਪਰਬੀਨ, ਪੜ੍ਹੀ ਹੋਈ ਮ੍ਰਿਗ ਨੈਣੀ, ਚੰਦਰਮੁਖੀ, ਪਿੰਗਲਾ ਦੀਆਂ ਨਾਗਨ ਜ਼ੁਲਫ਼ਾਂ ਦੇ ਸਾਏ ਹੇਠ ਸੁੱਤੇ ਹੋਏ ਭਰਥਰੀ ਦਾ ਮਨ ਬੇਹੋਸ਼ ਪਿਆ ਸੀ, ਪਰ ਪਿੰਗਲਾ ਜੋ ਬਾਹਰੋਂ ਦਿਸਦੀ ਸੀ, ਉਹ ਅੰਦਰੋਂ ਨਹੀਂ ਸੀ। ਸੋਨੇ ਦੇ ਬੁੱਤ ਵਿਚ ਪੱਥਰ ਦਾ ਮਨ ਰੱਖੀ ਅਨਾਰ ਦੀ ਕਲੀ ਪਿੰਗਲਾ, ਵਫ਼ਾ ਦੀ ਖ਼ੁਸ਼ਬੂ ਤੋਂ ਰਹਿਤ ਸੀ, ਉਹ ਪਿਆਰ ਨਹੀਂ ਸੀ ਜਾਣਦੀ, ਮੋਹ ਕਰਦੀ ਸੀ। ਉਹ ਵਿਕਾਰ ਦੇ ਵਹਿਣ ਰੁੜ੍ਹੀ ਆਪਣੇ ਮਹਾਵਤ ਨਾਲ ਪਾਪ-ਭਿਆਲੀ ਪਾ ਬੈਠੀ ਸੀ। ਸਮਾਂ ਪਾ, ਪਾਪ ਪ੍ਰਗਟਿਆ। ਉਹ ਇਸ ਤਰ੍ਹਾਂ ਕਿ ਇਕ ਬ੍ਰਾਹਮਣ ਨੂੰ ਖ਼ੁਸ਼ਕਿਸਮਤੀ ਨਾਲ ਕਿਤਿਓਂ ਕਿਸੇ ਬੂਟੀ ਦਾ ਅਜਿਹਾ ਫਲ ਹੱਥ ਆ ਗਿਆ, ਜਿਸ ਦੇ ਖਾਧਿਆਂ ਬੁੱਢੇ ਜੁਆਨ ਤੇ ਜੁਆਨ ਸਦਾ ਜੁਆਨੀ ਮਾਣ ਸਕਦੇ ਸਨ:

ਪੀਰੇ ਮੁਗ਼ਾ ਕੇ ਪਾਸ ਵੋਹ ਦਾਰੂ ਹੈ, ਜਿਸ ਸੇ ਜ਼ੌਕ
ਨਾਮਰਦ ਮਰਦ, ਮਰਦ ਜਵਾਂਮਰਦ ਹੋ ਗਿਆ।

ਪੇਟੋਂ ਭੁੱਖੇ ਬ੍ਰਾਹਮਣ ਨੂੰ ਜੁਆਨੀ ਨਾਲ ਕੀ, ਉਹ ਤਾਂ ਦੋ ਵਕਤ ਦੋ ਰੋਟੀਆਂ ਦਾ ਝੁਲਕਾ ਦੇ ਪੇਟ ਦੀ ਅੱਗ ਬੁਝਾਣਾ ਚਾਹੁੰਦਾ ਸੀ। ਇਹ ਵਿਚਾਰ ਫਲ ਰਾਜਾ ਕੋਲ ਵੇਚ ਗਿਆ।

ਮਹਾਰਾਜਾ ਨੇ ਜੁਆਨੀ ਨੂੰ ਤਾਜ਼ਾ ਰੱਖਣ ਵਾਲਾ ਅਜਿਹਾ ਫਲ, ਆਪਣੀ ਮਹਿਬੂਬਾ ਨੂੰ ਦੇਣਾ ਪਸੰਦ ਕੀਤਾ। ਜਿਸ ਨੇ ਉਸੇ ਖ਼ਿਆਲ ਨਾਲ ਮਹਾਵਤ ਨੂੰ ਦੇ ਦਿੱਤਾ। ਭੋਗਾਂ ਦੀ ਵਸਤੀ ਵਿਚ ਨਿਭਾਹ ਕਿਥੇ, ਵਿਕਾਰਾਂ ਦੀ ਦੁਨੀਆਂ ਵਿਚ ਵਫ਼ਾ ਦਾ ਕੀ ਕੰਮ:

ਭੋਗਾਂ ਦੀ ਵਸਤੀ ਏ ਇਸ਼ਕੇ ਦੀ ਖਾਨ ਨਹੀਂ,
ਏਥੇ ਲਾਵਣ ਹੀ ਲਾਵਣ ਏ, ਪਰ ਤੋੜ ਨਿਭਾਣ ਨਹੀਂ।

ਮਹਾਵਤ ਇਕ ਵੇਸਵਾ ਕੋਲ ਜਾਂਦਾ ਸੀ। ਜਿਸਦੇ ਰਾਹੀਂ ਫਲ ਵੇਸਵਾ ਕੋਲ ਜਾ ਪੁੱਜਾ। ਹਾਲਾਤ ਦੀ ਘਿਰੀ ਹੋਈ ਤੇ ਸਮਾਜ ਦੇ ਸੰਗਲਾਂ ਦੀ ਜਕੜੀ ਹੋਈ ਵੇਸਵਾ ਵਿਕਾਰ ਦੇ ਜੀਵਨ ਤੋਂ ਤੰਗ ਸੀ। ਉਸ ਨੇ ਫਿਰ ਜੋਬਨ ਦੀ ਜ਼ਮਾਨਤ ਨੂੰ ਰਾਜਾ ਭਰਥਰੀ ਕੋਲ ਜਾ ਵੇਚਿਆ। ਭੇਦ ਖੁਲ੍ਹ ਗਿਆ, ਰਾਜੇ ਦੀਆਂ ਅੱਖਾਂ ਉਘੜ ਗਈਆਂ। ਚੰਮ ਦੇ ਵਪਾਰ ਤੋਂ ਗਿਲਾਨੀ ਆਈ, ਰਾਜੇ ਦੇ ਮਨ ਵਿਚ ਪਛਤਾਵਾ ਪੈਦਾ ਹੋਇਆ:

ਸੋਮ ਨਾਮ ਬਿਪਰ ਵਰ, ਗਿਰਜਾਂ ਕੇ ਵਰ ਕਰ,
ਲੀਨੋ ਸੁਧਾ ਫਲ, ਤਾਨੇ ਦੀਨੋ ਨਰ ਨਾਹਿ ਕੇ।
ਭੂਤ ਸੁਪਤਨੀ ਕੋ, ਰਾਣੀ ਨਿਜ ਮੀਤ ਹੂੰ ਕੋ,
ਤਾਨੇ ਦੀਨੋ ਮੀਤਨੀ ਕੋ ਨੀਕੋ ਫਲ ਚਾਹਿ ਕੇ।
ਆਗੇ ਗਨਿਕਾ ਸੁਰ ਆਗੇ, ਧਰਾਪਤ ਹੂੰ ਕੇ ਆਗੇ ਸਰ,
ਨਰ ਨਾਥ ਮਾਥਾ ਧੁਨਾ, ਸੁੰਨ ਸੁਆਨ ਤਾਹਿ ਕੇ।
ਹਾ ਹਾ ਕਾਮਨੀ ਕੇ ਹੇਤ ਮੈਨੇ ਹਤੇ ਨੀਕੇ ਕਾਮ ਆਗੋ,
ਤਾਕੋ ਤਜ ਵਾਕੋ ਭਜੂੰ ਸਸੀ ਸੀਸ ਜਾਹਿ ਕੇ।

ਇਹ ਪਛਤਾਵਾ ਸੀ ਰੂਪ-ਧਾਰ ਬੋਝ, ਮਨ ਦੀ ਵਿਕਾਰ ਚਾਲ ਵਿਚ ਫ਼ਰਕ ਪਾਣ ਵਾਲਾ, ਜਦ ਪਛਤਾਵਾ ਆਇਆ ਚਾਲ ਰੁਕ ਗਈ, ਮੋੜਾ ਪਿਆ। ਰਾਜੇ ਨੇ ਜੀਵਨ ਦੀ ਤਮਾਮ ਤਸਵੀਰ 'ਤੇ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਉਹ ਪ੍ਰਭੂ ਨਾਲ ਬੇਵਫ਼ਾ, ਰਾਣੀ ਓਸ ਨਾਲ ਤੇ ਮਹਾਵਤ ਰਾਣੀ ਨਾਲ, ਵੇਸਵਾ ਨੇ ਤਾਂ ਪਿਆਰ ਕਰਨਾ ਈ ਕੀ ਸੀ। ਆਦਿ ਤੋਂ ਅੰਤ ਤਕ ਹੀ ਠਾਠਾ ਬਾਗਾ। ਤਾਣੀ ਹੀ ਵਿਗੜੀ ਹੋਈ, ਕਿਸੇ ਨੂੰ ਕੀ ਕਹਿਣਾ ਸੀ। ਦੂਜੇ ਨੂੰ ਦੋਸ਼ ਕੀ ਦੇਣਾ ਸੀ। ਰਾਜੇ ਨੇ ਪਹਿਲਾਂ ਆਪਣਾ ਹੀ ਇਲਾਜ ਕਰਨ ਦੀ ਮਨ ਵਿਚ ਠਾਣੀ ਤੇ ਈਸ਼ਵਰ ਚਿਤਵਨ ਵਿਚ ਜੁੜ ਗਿਆ:

ਜਿਨ ਕੋ ਚਿਤ ਮੇ ਚਿਤਵੋ ਹਉਂ ਸਦਾ,
ਤਿਨ ਕੀ ਰਤ ਮੋਹਿ, ਤਨ ਮਾਂਹਿ ਰਤੀ ਨਾ।
ਵੋਹ ਆਨ ਪਮਾਨ ਕੇ ਸੰਗ ਰਤੀ,
ਪੁੰਨ ਤਾਂ ਮਨ ਮੇਂ ਗਨਿਕਾ ਗ੍ਰਹਿ ਕੀਨਾ।
ਧ੍ਰਿਗ ਹੈ ਅਬਲਾ ਭ੍ਰਿਤ ਕੰਧਰਪ ਪੈ,
ਪੁੰਨ ਮੋਹਿ ਧ੍ਰਿਕਾਰ ਜੋ ਮਾਰ ਅਧੀਨਾ।
ਇਹ ਭਾਂਤ ਸਮੂਹ ਕੇ ਪ੍ਰੀਤ ਤਜੀ,
ਨਿਰਪ ਹੋਇ ਯੋਗੀਸ਼ਵਰ ਈਸ਼ਵਰ ਚੀਨਾ।

ਇਹ ਤਾਂ ਸੀ ਕਥਾ ਪ੍ਰਭੂ ਦੇ ਓਸ ਭੋਲੇ ਬੱਚੇ ਦੀ, ਜੋ ਖਿਡੌਣੇ ਨਾਲ ਖੇਡ ਰਿਹਾ ਸੀ। ਰੂਪ ਵਿਚ ਰੁੱਝਿਆ ਹੋਇਆ ਰਾਹ ਤੋਂ ਉੱਕ ਗਿਆ ਸੀ। ਪਰ ਏਥੇ ਇਕੱਲਾ ਰੂਪ ਹੀ ਤਾਂ ਮਾਰ ਨਹੀਂ ਕਰ ਰਿਹਾ, ਏਥੇ ਤਾਂ ਚੌਹਾਂ ਪਾਸਿਆਂ ਤੋਂ ਧਾੜੇ ਪੈ ਰਹੇ ਹਨ। ਜੇ ਨਿਰਾ ਰੂਪ ਹੀ ਮਾਰਦਾ ਤਾਂ ਨੇਤਰਹੀਣ ਤਾਂ ਪਾਰ ਉਤਰ ਜਾਂਦੇ ਪਰ ਇਸ ਅਖਾੜੇ ਵਿਚ ਤਾਂ ਹਕੂਮਤ, ਸਰਮਾਇਆ, ਕੁਲ, ਰੰਗ, ਨਸਲ, ਵਿੱਦਿਆ, ਕੀ ਕੀ ਨਹੀਂ ਮਾਰ ਕਰਦਾ।

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥

(ਵਾਰ ਮਲਾਰ ਮ: ੧, ਪੰਨਾ ੧੨੮੮)

ਇਕ ਰਾਜੇ ਦੇ ਦੁਆਰੇ ਕਥਾ ਕਰ ਰਹੇ ਬ੍ਰਾਹਮਣ ਨੂੰ ਦੇਖ ਕੇ ਕਿਸੇ ਬੇਨਵਾ ਨੇ ਪੁਛਿਆ, “ਪੰਡਤ ਜੀ, ਕਥਾ ਕਿਥੇ ਕਰ ਰਹੇ ਹੋ?” “ਰਾਜਭਵਨ ਵਿਚ, "ਬ੍ਰਾਹਮਣ ਨੇ ਉੱਤਰ ਦਿੱਤਾ। “ਰਾਜਾ ਦੀ ਉਮਰ ਤੇ ਕੁਲ?" ਬ੍ਰਾਹਮਣ ਬੋਲਿਆ, ‘ਅਵਸਥਾ ਯੁਵਾ ਤੇ ਕੁਲ ਉੱਚੀ ਹੈ। ‘ਫਿਰ ਏਥੇ ਕਥਾ ਕੀ ਆਂਹਦੀ ਹੈ।"

ਧਨ, ਜੋਬਨ, ਇਵਵੇਕ, ਪ੍ਰਭੁਤਾ, ਇਹ ਹਨ ਚਾਰੇ ਪਰਮ ਰਿਪ।
ਏਹ ਦੇਤ ਅਨਰਥ ਇਕ ਏਕ, ਯਹਾਂ ਚਾਰੋ ਤਹਾਂ ਕਿਆ ਕਥਾ।

ਕਹਿ ਕੇ ਬੇਨਵਾ ਤੁਰਦਾ ਹੋਇਆ। ਬੇਨਵਾ ਦਾ ਕਿਹਾ ਠੀਕ ਸੀ, ਬਹਾਰ ਤੇ ਆਏ ਹੋਏ ਬਾਗ਼-ਸੰਸਾਰ ਦਾ ਹਰ ਫੁੱਲ ਖਿੱਚਾਂ ਪਾਂਦਾ ਹੈ। ਰੂਪ ਏਥੇ ਹੀ ਨਹੀਂ, ਅਗਾਂਹ ਵੀ ਮਾਰ ਕਰਦਾ ਹੈ:

ਕਹਾਂ ਲੇ ਜਾਊਂ ਦਿਲ ਦੋਨੋਂ ਜਹਾਂ ਮੇਂ ਇਸ ਕੀ ਮੁਸ਼ਕਲ ਹੈ
ਯਹਾਂ ਕਾ ਪਰੀਓਂ ਮਜਮਾ ਹੈ ਵਹਾਂ ਹੂਰੋਂ ਕੀ ਮਹਿਫ਼ਲ ਹੈ।

ਇਸਦੇ ਭਰਮਾਏ ਹੋਏ ਹੀ ਲੋਕ ਬੰਦਗੀ ਵੇਚ ਬਹਿਸ਼ਤ ਵਟਦੇ ਹਨ। ਇਹ ਈਮਾਨ ਨੂੰ ਕਮਜ਼ੋਰ ਕਰਦਾ ਹੈ:

ਬਹਿਸ਼ਤੋਂ ਹੂਰੋਂ ਗਿਲਮਾ, ਇਵਜ਼ੇ ਤਾਇਤ ਮੈ ਨਾ ਮਾਨੂੰਗਾ।
ਇਨਹੀ ਬਾਤੋਂ ਸੇ ਐ ਵਾਇਜ਼ ਜ਼ਈਫ ਈਮਾਨ ਹੋਤਾ ਹੈ।

(ਇਕਬਾਲ)

ਵਿਕਾਰਾਂ ਦੀ ਇਸ ਚੌਤਰਫ਼ੀ ਮਾਰ ਨੂੰ ਅਨੁਭਵ ਕਰ ਹੀ ਮਨੁੱਖ ਜਾਤੀ ਦੇ ਨੁਮਾਇੰਦੇ ਬਣੇ। ਪਰਮੇਸ਼੍ਵਰ ਕੋਲ ਅਪੀਲ ਕਰਦੇ ਹਨ ਕਿ ਬੰਦਾ ਕੀ ਕਰੇ, ਤੇਰੀ ਪਸਾਰੀ ਹੋਈ ਮਾਇਆ ਚੌਤਰਫ਼ੋਂ ਮਾਰ ਕਰ ਰਹੀ ਹੈ। ਤੇਰੇ ਚਰਨ ਮਾਸੂਮ ਮਨੁੱਖ ਨੂੰ ਭੁਲਾ ਰਹੀ ਹੈ। ਇਹ ਤਾਂ ਪਿਆਰ ਦੀ ਕਿਰਨ ਵੀ ਨਹੀਂ ਪੈਣ ਦੇਂਦੀ। ਦੱਸ, ਮਨੁੱਖ ਕੀ ਕਰਨ:

ਇਨਿ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਬਿਸਾਰੇ॥
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ॥

(ਬਿਲਾਵਲੁ ਕਬੀਰ, ਪੰਨਾ ੮੫੭)

ਇਸ ‘ਗਹਿਬਰ ਬਨ ਘੋਰ' ਦੀਆਂ ਮਜਬੂਰੀਆਂ ਤੋਂ ਮਨੁੱਖ ਨੂੰ ਠੋਕਰ ਖਾਂਦਿਆਂ ਤੇ ਮੁਸ਼ਕਲਾਂ ਵਿਚ ਫਸਦਾ ਦੇਖ ਸੰਤ ਉਸਦਾ ਮਜ਼ਾਕ ਨਹੀਂ ਉਡਾਂਦੇ, ਠਠੇ ਨਹੀਂ ਮਾਰਦੇ, ਗਿਲਾਨੀ ਨਹੀਂ ਕਰਦੇ, ਤਾਹਨੇ ਨਹੀਂ ਦੇਂਦੇ, ਤਰਕ ਨਹੀਂ ਉਠਾਂਦੇ, ਸਗੋਂ ਹਮਦਰਦੀ ਕਰਦੇ ਹਨ। ਮਾਹੀ ਨਾਲ ਮੇਲਣ ਦੇ ਉਪਾਓ ਸੋਚਦੇ ਹਨ। ਜੇ ਕੋਈ ਗੁਨਾਹਗਾਰ ਨੂੰ ਦੇਖ ਹੱਸ ਰਿਹਾ ਹੋਵੇ ਤਾਂ ਉਸ ਨੂੰ ਵੀ ਰੋਕਦੇ ਤੇ ਸਮਝਾਂਦੇ ਹਨ। ਹੇ ਲਤੀਫ਼ ਅਕਲ ਵਾਲੇ, ਜੇ ਕੁਝ ਸਮਝ ਸਕਦਾ ਏਂ ਤਾਂ ਲੋਕਾਂ ਦੇ ਐਬ ਨਾ ਚੁਣ, ਤਰੁੱਟੀਆਂ ਨਾ ਤੱਕ, ਭੁੱਲਾਂ ਦੀ ਫਹਿਰਿਸਤ ਨਾ ਬਣਾ, ਸ਼ਾਇਦ ਅਜੇ ਤੇਰੀਆਂ ਆਪਣੀਆਂ ਕਈ ਹੋਣ। ਜੇ ਫ਼ੁਰਸਤ ਹੈ ਤਾਂ ਉਹਨਾਂ ਨੂੰ ਹੈ ਤਾਂ ਉਹਨਾਂ ਨੂੰ ਵੇਖ ਤੇ ਸੋਧ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ॥

(ਸਲੋਕ ਫਰੀਦ, ਪੰਨਾ ੧੩੭੮)

ਤੇ ਹਕੀਕਤ ਹੈ ਵੀ ਇਹੋ ਕਿ ਜਦ ਤਕ ਬੰਦਾ ਆਪਣੀ ਮਨ ਦੀ ਪੱਟੀ ਨੂੰ ਨਹੀਂ ਪੜ੍ਹਦਾ, ਉਤਨਾ ਚਿਰ ਹੀ ਲੋਕਾਂ ਦੇ ਐਬ ਛਾਂਟਦਾ ਹੈ। ਪਰ ਜਦ ਆਪਣੇ ਅੰਦਰਲੇ ਵੱਲ ਝਾਤ ਮਾਰੇ ਤਾਂ ਉਸ ਨੂੰ ਸ਼ਾਇਦ ਜਗਤ ਵਿਚ ਬੁਰਾ ਦਿੱਸੇ ਹੀ ਨਾ:

ਨਾ ਥੀ ਹਾਲ ਕੀ ਜਬ ਹਮੇਂ ਅਪਨੀ ਖ਼ਬਰ।
ਰਹੇ ਔਰੋਂ ਕੇ ਦੇਖਤੇ ਐਬੋ ਹੁਨਰ।
ਪੜੀ ਅਪਨੇ ਜਾਨੂੰ ਪੈ ਜਬ ਕਿ ਨਿਗਾਹ।
ਫਿਰ ਕੋਈ ਦੂਸਰਾ ਬੁਰਾ ਨਾ ਰਹਾ।

ਸੰਤ ਇਸ ਵੀਚਾਰ ਕਰਕੇ ਹੀ ਗੁਨਾਹੀਆਂ ਨਾਲ ਗ਼ੁੱਸੇ ਨਹੀਂ ਹੁੰਦੇ, ਸਗੋਂ ਪਿਆਰਦੇ ਤੇ ਸਿਧੇ ਰਾਹ ਤੁਰਨ ਲਈ ਪ੍ਰੇਰਦੇ ਹਨ। ਕੌਡੇ ਰਾਖਸ਼ ਤੇ ਸੱਜਣ ਠੱਗ ਕੋਲ, ਸਤਿਗੁਰੂ ਆਪ ਤੁਰ ਕੇ ਗਏ ਸਨ। ਜੋਗਾ ਸਿੰਘ ਡਿਗੇ ਨੂੰ ਉਠਾਣ ਲਈ ਕਲਗੀਆਂ ਵਾਲੇ ਆਪ ਕੋਤਵਾਲ ਬਣ ਸਾਰੀ ਰਾਤ ਗਨਿਕਾ ਦੇ ਦੁਆਰੇ ਖਲੋਤੇ ਰਹੇ ਸਨ:

ਆਵਾ ਜਾਈ ਰੈਨ ਗੁਜ਼ਰੀ ਹੋਇਆ ਤੜਕਾ ਸਾਰ ਸੀ।
ਓਹ ਕੋਟ ਬ੍ਰਹਮੰਡਾਂ ਦਾ ਮਾਲਕ ਆਪ ਪਹਿਰੇਦਾਰ ਸੀ।

ਇਹ ਦੀਨਾਂ 'ਤੇ ਦਇਆ ਕਰਨੀ ਹੀ ਵਡਿਆਂ ਦੀ ਵਡਿਆਈ ਹੈ। ਭਲੇ ਨਾਲ ਭਲਿਆਈ ਮਨੁੱਖਤਾ ਹੈ, ਪਰ ਬੁਰਿਆਂ ਨਾਲ ਭਲਿਆਈ ਫ਼ਰਿਸ਼ਤਾਪਣ ਹੈ। ਪਰ ਇਹ ਬਾਬਾ ਨਾਨਕ ਜੀ ਹੀ ਜਾਣਦੇ ਹਨ:

ਬੁਰਿਆਂ ਨਾਲ ਕਰਨ ਬੁਰਿਆਈ ਬਖਸ਼ ਦੇਣ ਕਈ ਸਿਆਣੇ।
ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ।

ਵਿਸਰ ਭੋਲੇ ਮੰਜੀ 'ਤੇ ਬੈਠਿਆਂ ਨੂੰ ਪਿਛੋਂ ਲੱਤ ਆ ਮਾਰਨ ਵਾਲੇ ਦੇ ਪੈਰ ਉੱਠ ਕੇ ਦੱਬਣ ਲੱਗ ਪੈਣਾ, ਅੰਤ ਭੱਲੇ ਅਮਰਦਾਸ ਜੀ ਦੇ ਹਿੱਸੇ ਹੀ ਆਇਆ ਸੀ: ਮੇਰਾ ਤਨ, ਸੇਵਾ ਕਰ ਤੇ ਬੁਢਾਪੇ ਦੇ ਕਾਰਨ ਕਰੜਾ ਹੋ ਬੱਜਰ ਬਣ ਚੁੱਕਾ ਹੈ, ਕਿਤੇ ਤੁਹਾਡੇ ਪੈਰ ਨੂੰ ਚੋਟ ਤੇ ਨਹੀਂ ਆ ਗਈ।

ਸਿਰ ਕੇ ਕਟ ਜਾਨੇ ਕਾ ਕਾਤਲ ਗ਼ਮ ਨਹੀਂ।
'ਖ਼ਮ ਨਾ ਆ ਜਾਏ ਤੇਰੀ ਤਲਵਾਰ ਮੇਂ।

ਸੰਤਾਂ ਦੀ ਇਹ ਪਿਆਰ-ਭਰੀ ਵਰਤੋਂ ਹੀ ਬਹੁਤ ਸਾਰੇ ਗੁਨਾਹਗਾਰਾਂ ਨੂੰ ਪਿਛਾਂਹ ਮੋੜਦੀ ਤੇ ਉਹਨਾਂ ਵਿਚ ਪਛਤਾਵੇ ਪੈਦਾ ਕਰਦੀ ਹੈ। ਫ਼ਕੀਰ ਗੁਨਾਹਗਾਰਾਂ ਨੂੰ ਹੌਸਲਾ ਦੇਂਦੇ ਹਨ। ਉਹ ਮਾਇਆ ਦੇ ਬਲ ਦੀ ਅਧਿਕਤਾ ਦਿਖਾ ਉਸ ਤੋਂ ਪਛੜਿਆਂ ਹੋਇਆਂ ਨੂੰ ਡੋਲਣ ਨਹੀਂ ਦੇਂਦੇ, ਸਗੋਂ ਹੌਸਲਾ ਵਧਾ ਫਿਰ ਮੁਕਾਬਲੇ ਲਈ ਤਿਆਰ ਕਰ ਦੇਂਦੇ ਹਨ। ਉਹਨਾਂ ਦਾ ਬਿਰਦ ਪਤਿਤ ਪਾਵਨ ਹੈ। ਇਹੋ ਹੀ ਚੀਜ਼ ਜੱਗ ਨੂੰ ਧੂਣੀ-ਥੰਮ੍ਹਾ ਦੇ, ਗਿਰਾਵਟ ਤੋਂ ਫਿਰ ਉਠਾਂਦੀ ਹੈ। ਭਗਤ ਤਾਂ ਹਰ ਮਨੁੱਖ ਹੋ ਹੀ ਨਹੀਂ ਸਕਦਾ, ਜੋ ਭਗਤ ਵਛਲ 'ਤੇ ਆਸ ਰਖੇ। ਅਵਾਮ ਦਾ ਭਰੋਸਾ ਤਾਂ ਪਤਿਤ ਪਾਵਨ 'ਤੇ ਹੀ ਹੈ:

ਭਗਤ ਵਛਲ ਸੁਣ ਹੋਤ ਨੂੰ ਉਦਾਸ ਰਿਦੇ,
ਪਤਿਤ ਪਾਵਨ ਸੁਣ ਆਸਾ ਉਰਧਾਰ ਹੂੰ।

ਪਛਤਾਵੇ ਦੇ ਮੁਕਾਮ 'ਤੇ ਮਨੁੱਖ ਦੀ ਪੂੰਜੀ ਕੇਵਲ ਅਰਦਾਸ ਹੀ ਹੈ। ਜੋਦੜੀ ਕਰ ਦਰਵਾਜ਼ੇ 'ਤੇ ਢਹਿ ਪੈਣਾ ਤੇ ਆਪਣੀ ਮੰਦੀ ਹਾਲਤ ਦੱਸ ਮਿਹਰ ਮੰਗਣੀ ਹੀ ਇਸ ਦੀ ਰਾਸ ਹੈ। ਆਜਿਜ਼ ਹੋ ਕਹਿਣਾ, “ਹੇ ਪਤੀ ਦੇਵ, ਪ੍ਰਭੂ, ਮੇਰਾ ਨਾ ਰੂਪ ਸੋਹਣਾ ਹੈ, ਨਾ ਨੈਣ ਬਾਂਕੇ ਹਨ, ਨਾ ਹੀ ਮੈਂ ਮਿਠ ਬੋਲੀ ਕੁਲੀਨ ਹਾਂ, ਮੇਰੇ ਕੋਲ ਤਾਂ ਕੋਈ ਭੀ ਗੁਣ ਨਹੀਂ, ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?

ਸਭਿ ਅਵਗਣ ਮੈ ਗੁਣੁ ਨਹੀ ਕੋਈ॥
ਕਿਉ ਕਰਿ ਕੰਤ ਮਿਲਾਵਾ ਹੋਈ॥
ਨਾ ਮੈਂ ਰੂਪ ਨ ਬੰਕੇ ਨੈਣਾ॥ ਨਾ ਕੁਲ ਢੰਗੁ ਨ ਮੀਠੇ ਬੈਣਾ॥

(ਸੂਹੀ ਮ: ੧, ਪੰਨਾ ੭੫੦)

ਪ੍ਰਭੂ ਮੈਂ ਨਿਰਗੁਣਿਆਰ ਕੁਚੱਜੀ ਤੇ ਕੋਝੀ ਹਾਂ। ਬੇੜੀ ਦੇ ਸੰਗ ਲੱਗੇ ਲੋਹੇ, ਚੰਨ ਦੇ ਦਾਗ਼ ਵਾਂਗ ਅਤੇ ਛਾਵੇਂ ਆਏ ਪਰਛਾਵੇਂ ਵਾਂਗ ਮੇਰੇ ਐਬ ਛੁਪਾ ਲਉਂ:

ਨਿਰਗੁਣਿਆਰ ਕੁਚਜੀ ਕੋਝੀ, ਸੁਣੋ ਮੇਰੇ ਬਾਂਕੇ ਸਾਈਂ।
ਜਿਉਂ ਛਾਵੈਂ ਪਰਛਾਵੇਂ ਛਿਪਦੇ, ਤਿਉਂ ਮੇਰੇ ਐਬ ਛੁਪਾਈਂ।
ਕਾਲਾ ਦਾਗ਼ ਜਿਵੇਂ ਵਿਚ ਚੰਨ ਦੇ, ਜਿਉਂ ਬੇੜੀ ਸੰਗ ਲੋਹਾ।
ਨਿਰਗੁਣ ਆਣ ਲਗੀ ਲੜ ਤੇਰੇ, ਲਗੀਆਂ ਤੋੜ ਨਿਭਾਈਂ।

ਮੇਰਾ ਦਿਨ ਰਾਤ ਪਾਪਾਂ ਵਿਚ ਗੁਜ਼ਰ ਰਿਹਾ ਹੈ। ਔਗੁਣਿਆਰੇ ਨੂੰ ਗੁਣ ਤਾਂ ਭੁਲ ਹੀ ਗਏ ਹਨ। ਮਾਇਆ ਦੇ ਮੋਹ ਨੇ ਸਭ ਮਰਯਾਦਾ ਤੇ ਸਮਝ ਸਮਾਪਤ ਕਰ ਦਿੱਤੀ ਹੈ। ਨਿਕੰਮੀ, ਬੇਕਾਰ, ਹੱਥ ਪਸਾਰੀ ਤੇਰੇ ਦਰਵਾਜ਼ੇ 'ਤੇ ਹੀ ਖਲੋਤੀ ਹਾਂ। ਦੀਨ ਬੰਧੂ, ਜੇ ਬਖ਼ਸ਼ੋ, ਤਾਂ ਵੀ ਤੇਰੀ, ਜੇ ਨਾ ਬਖ਼ਸ਼ੋ ਤਾਂ ਵੀ ਤੇਰੀ।”

ਨਿਸ ਬਾਸਰ ਔਗਣ ਕਰਤ ਹੀ ਬਤੀਤ ਜਾਤ,
ਗੁਛ ਤੋਂ ਨਾ ਮੂਲ ਹਿਤ ਚਿਤ ਸਿਉਂ ਬਿਸਾਰੈ ਹੈਂ।
ਬਿਘਨ ਭਰੇ ਹੈਂ, ਬਹੁ ਬਾਧਾ ਮੇਂ ਪਰੇ ਹੈਂ,
ਮਾਇਆ ਮੋਹਣੀ ਕੇ ਸੰਗ ਸਭ ਗਤਿ ਮਿਤ ਹਾਰੇ ਹੈਂ।
ਕਹਿਤ ਰਸ ਰੰਗ ਕਾਹੂੰ ਕਾਮ ਕੇ ਨਾ ਕਾਜ ਕੇ ਹੈਂ,
ਸ਼ਰਨ ਤਿਹਾਰੀ ਪਾਨ ਪਲਵ ਪਸਾਰੇ ਹੈਂ।
ਕਾਰਨ ਕਰਨ ਨਾਥ ਨਾਥ ਹੈ ਤਿਹਾਰੇ ਹਾਥ,
ਤਾਰੋ ਤੋ ਤਿਹਾਰੇ ਹੈਂ ਨਾ ਤਾਰੋ ਤੋ ਤਿਹਾਰੇ ਹੈਂ।

ਬੇਨਤੀਆਂ ਦੀ ਰਾਸ, ਅਰਜੋਈਆਂ ਦੀ ਪੂੰਜੀ, ਅਰਦਾਸਾਂ ਦਾ ਧਨ ਹੀ, ਗੁਨਾਹਗਾਰ ਗ਼ਰੀਬਾਂ ਦੀ ਦੌਲਤ ਹੁੰਦੀ ਹੈ, ਜਿਸ ਤੋਂ ਉਹ ਰਹਿਮਤ ਵਟਾਂਦੇ ਹਨ। ਦੁਆ ਦਾ ਕਾਸਾ ਹੱਥ ਵਿਚ ਫੜ ਕੇ ਦਾਤਾ ਦੇ ਦਰੋਂ ਦਇਆ ਦੀ ਖ਼ੈਰ ਮੰਗੀਦੀ ਹੈ। ਇਹ ਦੁਆਵਾਂ, ਅਰਦਾਸਾਂ ਤੇ ਜੋਦੜੀਆਂ, ਹੰਝੂਆਂ ਦੇ ਪਾਣੀ ਨਾਲ ਭਿਜੀਆਂ ਹੋਈਆਂ ਹੁੰਦੀਆਂ ਹਨ। ਪਛਤਾਵੇ ਸਮੇਂ ਅੱਖਾਂ ਵਿਚ ਆਇਆ ਹੋਇਆ ਪਾਣੀ, ਸਹੀ ਰੂਪ ਦ੍ਰਵਿਆ ਹੋਇਆ ਦਿਲ ਹੁੰਦਾ ਹੈ। ਜਿਉਂ ਜਿਉਂ ਵਹਿੰਦਾ ਹੈ,ਪਾਪ ਦੀ ਮੈਲ ਧੁਪਦੀ ਹੈ। ਓੜਕ ਜੀਵਨ ਨਿਖਰ ਆਉਂਦਾ ਤੇ ਆਸ਼ਾ ਦੀਆਂ ਟਾਹਣੀਆਂ ਨੂੰ ਮੁਰਾਦ ਦੇ ਫਲ ਲੱਗਦੇ ਹਨ। ਭਾਈ ਬਿਧੀ ਚੰਦ ਵਰਗਾ ਚੋਰ ਛੀਨਾ, ਇਸ ਚੀਜ਼ ਨੇ ਹੀ ਗੁਰੂ ਦਾ ਸੀਨਾ ਬਣਾਇਆ ਸੀ। ਮੇਹਰੂ ’ਤੇ ਮੇਹਰਾਂ ਏਸੇ ਗੱਲ ਨੇ ਕਰਵਾਈਆਂ ਸਨ। ਤੋਬਾ ਦੇ ਦਰਵਾਜ਼ੇ ਹੀ ਗੁਨਾਹੀਂ-ਬਖ਼ਸ਼ਸ਼ਾਂ ਦੇ ਬਹਿਸ਼ਤ ਵਿਚ ਦਾਖ਼ਲ ਹੁੰਦੇ ਹਨ।

ਕਰਮ ਫ਼ਲਸਫ਼ੇ ਦਾ ਕੱਟੜ ਮੁਦੱਈ ਤਰਕ ਕਰਦਿਆਂ ਕਹਿੰਦਾ ਹੈ ਕਿ ਪਛਤਾਵੇ ਨਾਲ ਜੇ ਗੁਨਾਹ ਬਖ਼ਸ਼ੇ ਜਾਣੇ ਮੰਨ ਲਈਏ ਤਾਂ ਕਾਰਨ ਕਾਰਜਵਾਦ ਝੂਠਾ ਹੋ ਜਾਂਦਾ ਹੈ। ਜੋ ਕਰਮ ਕੀਤੇ ਜਾ ਚੁੱਕੇ ਹਨ ਉਹ ਫਲ ਕਿਸ ਤਰ੍ਹਾਂ ਨਾ ਦੇਣ। ਜੇ ਫਲ ਹਰ ਸੂਰਤ ਵਿਚ ਮਿਲਣਾ ਹੀ ਹੈ ਤਾਂ ਫਿਰ ਪਛਤਾਵੇ ਦੀ ਕੀ ਪੁੱਛ, ਤੌਬਾ ਦਾ ਕੀ ਫਲ। ਅਸਲ ਗੱਲ ਤਾਂ ਇਹ ਹੈ ਕਿ ਦੁਨੀਆ ਵਿਚ ਕੋਈ ਬਾਪ ਭੀ ਅਜਿਹਾ ਨਿਰਦਈ ਨਹੀਂ, ਜੋ ਭੁੱਲੇ ਹੋਏ ਪੁੱਤ ਦੀ ਗ਼ਲਤੀ 'ਤੇ ਪਛਤਾ ਅਤੇ ਰੋ ਰਹੇ ਨੂੰ ਤੱਕ ਦ੍ਰਵ ਨਾ ਜਾਵੇ, ਪਰ ਜੇ ਦਿਲਾਂ ਦੀ ਦੁਨੀਆ ਤੋਂ ਬਾਹਰ ਖਲੋਤੇ ਜਜ਼ਬਿਆਂ ਤੋਂ ਇਨਕਾਰੀ, ਬੁਧੀ ਮੰਡਲ ਦੀ ਖ਼ੁਸ਼ਕ ਗੱਲ ਨੂੰ ਹੀ ਲੈ ਲਈਏ, ਤਾਂ ਵੀ ਕੋਈ ਔਕੜ ਨਹੀਂ ਆਉਂਦੀ। ਕਿਸਾਨ ਜਿਤਨੇ ਬੀਜ ਪੈਲੀ ਵਿਚ ਖਿਲਾਰਦਾ ਹੈ, ਕਦੀ ਸਾਰੇ ਨਹੀਂ ਉੱਗੇ। ਜੇ ਪੋਰ ਕੇ ਸੁਹਾਗੀ ਹੋਈ ਪੈਲੀ 'ਤੇ ਕਣੀਆਂ ਪੈ ਕਰੰਡ ਬਝ ਜਾਵੇ ਤਾਂ ਕੋਈ ਦਾਣਾ ਹੀ ਉੱਗਦਾ ਹੈ। ਕਾਰਨ ਸਾਫ਼ ਤੇ ਸਪੱਸ਼ਟ ਹੈ। ਭਾਵੇਂ ਦਾਣਿਆਂ ਵਿਚ ਉੱਗਣ ਸ਼ਕਤੀ ਸੀ ਪਰ ਕਰੰਡੀ ਹੋਈ ਧਰਤੀ ਦੀ ਕਰੜੀ ਤਹਿ ਨੂੰ ਪਾੜ, ਉਤਾਂਹ ਨਿਕਲਣ ਦਾ ਬਲ ਅੰਕੁਰ ਵਿਚ ਨਹੀਂ ਸੀ ਜਿਸ ਕਰਕੇ ਦਾਣੇ ਫਲ ਨਾ ਸਕੇ। ਏਸੇ ਤਰ੍ਹਾਂ ਹੀ ਅਕਸਰ ਦੁਨੀਆ ਵਿਚ ਜਦ ਮਨਾਂ ਦੀਆਂ ਪੈਲੀਆਂ, ਪਛਤਾਵੇ ਦੇ ਅੱਥਰੂਆਂ ਦੀਆਂ ਕਣੀਆਂ ਪੈ ਕਰੰਡ ਜਾਂਦੀਆਂ ਹਨ ਤਾਂ ਕਰਮਾਂ ਦੇ ਬੀਜ ਉੱਗ ਨਹੀਂ ਸਕਦੇ। ਵੈਸੇ ਵੀ ਤਾਂ ਕਰਮ ਦਾ ਮੁਦੱਈ ਮੰਨਦਾ ਹੈ ਕਿ ਕਰਮ ਖ਼ੁਦ ਫਲ ਨਹੀਂ ਦੇਂਦੇ, ਉਹਨਾਂ ਦਾ ਸੰਸਕਾਰ ਫਲਦਾ ਹੈ। ਆਵਾਗਵਨ ਇਸ ਤਰ੍ਹਾਂ ਚਲਦੀ ਹੈ ਕਿ ਮਨੁੱਖ ਦਾ ਕੀਤਾ ਹੋਇਆ ਕਰਮ ਆਪਣੇ ਪਿਛੇ ਇਕ ਸੰਸਕਾਰ ਛੱਡ ਜਾਂਦਾ ਹੈ, ਉਹ ਸੰਸਕਾਰ ਮਨੁੱਖ-ਮਨ 'ਤੇ ਕਬਜ਼ਾ ਕਰ ਉਸਦੀ ਰੁਚੀ ਨੂੰ ਬਾਰ ਬਾਰ ਉਸੇ ਕੰਮ ਵੱਲ ਪ੍ਰੇਰਦਾ ਹੈ। ਇਹ ਰੁਚੀ, ਹਰ ਨਵੀਂ ਵੇਰ ਕੀਤੇ ਕਰਮ ਦੇ ਸੰਸਕਾਰ ਨਾਲ ਵਧਦੀ ਚਲੀ ਜਾਂਦੀ ਹੈ ਤੇ ਓੜਕ ਉਸ ਨੂੰ ਉਸ ਦੇ ਮੁਤਾਬਕ ਨਵਾਂ ਜਨਮ ਧਾਰਨ 'ਤੇ ਮਜਬੂਰ ਕਰਦੀ ਹੈ। ਏਸੇ ਕਰਕੇ ਮਨੁੱਖ ਭਾਵੇਂ ਜੀਵਨ ਵਿਚ ਕਈ ਕਿਸਮ ਦੇ ਕਰਮ ਕਰਦਾ ਹੈ, ਪਰ ਜਨਮ ਓਹੀ ਮਿਲਦਾ ਹੈ ਜਿਸ ਕਰਮ ਦੇ ਸੰਸਕਾਰ ਮਨੁੱਖ 'ਤੇ ਪ੍ਰਬਲ ਹੋਣ। ਇਕ ਕਾਮੀ ਕਿਸੇ ਹੱਦ ਤਕ ਲੋਭੀ ਭੀ ਹੁੰਦਾ ਹੈ। ਲੋਭੀ ਕੁਝ ਕ੍ਰੋਧੀ ਭੀ ਤੇ ਕ੍ਰੋਧੀ ਵਿਚ ਭੀ ਕੁਝ ਨਾ ਕੁਝ ਮੋਹ ਦੀ ਅੰਸ਼ ਰਹਿੰਦੀ ਹੈ। ਪਰ ਪੁਨਰ ਜਨਮ ਕਿਸੇ ਨਾ ਕਿਸੇ ਇਕ ਵਿਕਾਰ ਦੇ ਆਸਰੇ ਮਿਲਦਾ ਮੰਨਿਆ ਗਿਆ ਹੈ। ਕਿਉਂ ਜੋ ਉਸ ਵਿਕਾਰ ਦੇ ਸੰਸਕਾਰ ਪ੍ਰਬਲ ਹੁੰਦੇ ਹਨ। ਦਿਨ ਭਰ ਮਨੁੱਖ ਕਈ ਤਰ੍ਹਾਂ ਦੇ ਕੰਮ ਕਰਦਾ, ਕਈ ਪਾਸੇ ਰੁਚੀਆਂ ਦੇਂਦਾ ਤੇ ਕਈ ਬਿਰਛ ਦੇਖਦਾ ਹੈ ਪਰ ਸੁਪਨਾ ਉਸ ਬਿਰਛ ਜਾਂ ਰੁਚੀ ਦਾ ਹੀ ਬਣਦਾ ਹੈ, ਜਿਸ ਦਾ ਸੰਸਕਾਰ ਵਿਸ਼ੇਸ਼ ਤੌਰ 'ਤੇ ਮਨ 'ਤੇ ਪਿਆ ਹੋਵੇ। ਪਰ ਜੇ ਘੂਕ ਨੀਂਦ ਆ ਜਾਵੇ ਤਾਂ ਸੁਪਨਾ ਕੋਈ ਭੀ ਨਹੀਂ ਆਉਂਦਾ। ਏਸੇ ਤਰ੍ਹਾਂ ਹੀ ਪਾਪ ਤੋਂ ਪਛਤਾਈ ਹੋਈ ਮਨੋ-ਬਿਰਤੀ ਪ੍ਰਾਰਥਨਾ ਦੀ ਮਸਤੀ ਵਿਚ ਬੇਸੁਰਤ ਹੋ ਕਰਮ-ਸੰਸਕਾਰਾਂ ਦੇ ਸੁਪਨੇ ਨਹੀਂ ਦੇਖਦੀ। ਪ੍ਰਭੂ-ਪਿਆਰ ਵਿਚ ਲੀਨ ਹੋਈਆਂ ਹੋਈਆਂ ਅਵਸਥਾਵਾਂ, ਕਰਮ-ਸੰਸਕਾਰਾਂ ਤੋਂ ਖਹਿੜਾ ਛੁਡਾ ਜਾਂਦੀਆਂ ਹਨ। ਸ੍ਰੀ ਸਧਨਾ ਭਗਤ ਜੀ ਨੇ ਕਿਆ ਸੋਹਣਾ ਕਿਹਾ ਹੈ ਕਿ ਹੇ ਜਗਤ ਗੁਰਾ, ਤੇਰੀ ਕੀ ਵਡਿਆਈ ਹੋਈ ਜੋ ਕਰਮ ਮੇਰਾ ਪਿੱਛਾ ਹੀ ਨਾ ਛੱਡਣ। ਸ਼ਰਨ ਪਿਆਂ ਤਾਂ ਸ਼ੇਰ ਵੀ ਗਿੱਦੜ ਨੂੰ ਨਹੀਂ ਖਾਂਦੇ:

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥

(ਬਿਲਾਵਲੁ ਸਧਨਾ, ਪੰਨਾ ੮੫੮)

ਇਸ ਅਵਸਥਾ 'ਤੇ ਪੁਜਿਆਂ ਦੀਆਂ ਕਰਮਾਂ ਦੀਆਂ ਚੀਰੀਆਂ ਹੀ ਫਟ ਜਾਂਦੀਆਂ ਹਨ। ਗੁਨਾਹਾਂ ਦੇ ਦਫ਼ਤਰ ਹੀ ਗੁੰਮ ਹੋ ਜਾਂਦੇ ਹਨ:

ਸੰਤਨ ਮੋਕਉ ਪੂੰਜੀ ਸਉਪੀ ਤਉਂ ਉਤਰਿਆ ਮਨ ਕਾ ਧੋਖਾ॥
ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥

(ਸੋਰਠਿ ਮ: ੫, ਪੰਨਾ ੬੧੪)

ਪ੍ਰਭੂ ਨੂੰ ਭੁੱਲ ਜਾਣਾ ਭੀ ਬਦਕਿਸਮਤੀ ਹੈ, ਪਰ ਇਹ ਭੁੱਲਣਾ ਕਿ ਮੈਂ ਉਸ ਨੂੰ ਭੁੱਲ ਗਿਆ ਹਾਂ, ਅਤਿ ਦਰਜੇ ਦੀ ਮੰਦਭਾਗਤਾ ਹੈ। ਨਾ ਜਾਣਨਾ ਭੀ ਬੁਰਾ ਹੈ, ਪਰ ਇਹ ਨਾ ਜਾਣਨਾ ਕਿ ਮੈਂ ਨਾਵਾਕਫ਼ ਹਾਂ, ਬਹੁਤ ਹੀ ਮੰਦਾ ਹੈ:

ਨਾ ਜਾਣੇ, ਪਰ ਇਹ ਨਾ ਜਾਣੇ, ਕਿ ਉਹ ਕੁਝ ਵੀ ਨਾ ਜਾਣੇ।
ਅਹਿਮਕ ਹੈ, ਉਸ ਦਾ ਛਡ ਖਹਿੜਾ ਕਹਿੰਦੇ ਸੁਘੜ ਸਿਆਣੇ।

ਨਾ ਜਾਣਨਾ, ਪਰ ਇਹ ਸਮਝਣਾ ਕਿ ਮੈਂ ਨਹੀਂ ਜਾਣਦਾ, ਭਲਿਆਈ ਦਾ ਰਸਤਾ ਹੈ, ਅਜਿਹੇ ਲੋਕ ਹੀ ਪਛਤਾਵਾ ਕਰਦੇ ਹਨ ਤੇ ਉਹਨਾਂ 'ਤੇ ਮਿਹਰਾਂ ਹੁੰਦੀਆਂ ਹਨ:

ਨਾ ਜਾਣੇ, ਪਰ ਇਹ ਜਾਣੇ, ਕਿ ਉਹ ਕੁਝ ਵੀ ਨਾ ਜਾਣੇ।
ਸਾਦਾ ਹੈ ਉਸ ਨੂੰ ਸਿਖਲਾ ਦੇ ਜੋ ਚੰਗੀ ਮਨ ਭਾਣੇ।

"ਭੁਲੀ ਪਈ ਨੂੰ ਬੇਸ਼ਕ ਭੁੱਲਿਆਂ ਰਹਿਣ ਦੇ, ਪਰ ਜੁਦਾਈ ਦੀ ਕਸਕ ਸੀਨੇ ਵਿਚ ਪੈਂਦੀ ਰਵ੍ਹੇ। ਜੇ ਨਹੀਂ ਮਿਲਣਾ ਤਾਂ ਨਾ ਮਿਲੋ, ਪਰ ਦਿਲ-ਵਿਹੜੇ ਤੁਹਾਡੇ ਪੈਰ ਨਹੀਂ ਪਏ, ਇਹ ਤਾਂ ਪ੍ਰਤੀਤ ਹੋਣ ਦਿਉ।” ਮਹਾਂ ਕਵੀ ਟੈਗੋਰ ਦਾ ਕੌਲ ਹੈ।

ਜੇ ਤੈਨੂੰ ਹਾਂ ਭੁਲੀ ਪ੍ਰੀਤਮ, ਭੁਲੀ ਪਈ ਹੀ ਰਹਿਣ ਦੇ।
ਪਰ ਬਿਰਹੋਂ ਦੀ ਪੀੜਾ ਸੰਦੀ, ਦਿਲ ਵਿਚ ਕਰਕ ਪੈਣ ਦੇ।
ਜੇ ਮੈਨੂੰ ਨਾ ਮਿਲਣਾ ਲੋੜੋ, ਖੁਸ਼ੀ ਰਹੋ ਨਾ ਮਿਲਿਓ।
ਮਨ ਮੰਦਰ ਪਰ ਪੈਰ ਨਹੀਂ ਪਾਏ, ਦਿਲ ਇਸ ਵਹਿਣ ਵਹਿਣ ਦੇ।

ਰਾਤ ਪਹਿਰ ਤੋਂ ਜ਼ਿਆਦਾ ਢਲ ਚੁੱਕੀ ਸੀ। ਰਾਜ-ਮਹੱਲ ਵਿਚ ਮਹਿਫ਼ਲਾਂ ਮੁਕ ਗਈਆਂ। ਮਹਾਰਾਜ ਸੇਜਾ 'ਤੇ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਇਕ ਦਾਸੀ ਨੇ ਚਰਨਾਂ ਵਿਚ ਹਾਜ਼ਰ ਹੋ ਕਿਹਾ, "ਮੈਨੂੰ ਕੋਈ ਸੇਵਾ।” “ਹੈਂ! ਇਸ ਕੁਵੇਲੇ ਸੇਵਾ ਦੀ ਮੰਗ, ਰਾਤ ਪਹਿਰੋਂ ਢਲ ਚੁਕੀ ਹੈ, ਕੰਮ ਬੰਦ ਹੋ ਚੁੱਕੇ ਹਨ। ਸਭ ਦਾਸ ਦਾਸੀਆਂ ਸੌਣ ਲੱਗੇ ਹਨ, ਅਜਿਹੀ ਚਿਰਕੀ ਕਿਉਂ ਆਈ?” ਰਾਜੇ ਨੇ ਕਿਹਾ। “ਮਾਲਕ, ਆਪਣੀ ਮਰਜ਼ੀ ਨਾਲ, ਇਹ ਜਾਣ ਕੇ ਕਿ ਉਹ ਆਖ਼ਰੀ ਸੇਵਾ ਮੇਰੇ ਹਿੱਸੇ ਆਵੇ, ਜਿਸ ਦੇ ਕਰਨ ਦਾ ਕਿਸੇ ਨੂੰ ਖ਼ਿਆਲ ਨਹੀਂ ਆਇਆ। ਉਹ ਕੋਈ ਮੇਰੇ ਜਿਹੀ ਨਿਮਾਣੀ ਤੇ ਆਜਿਜ਼ ਖ਼ਿਦਮਤਗਾਰ ਦੇ ਲਈ ਹੀ, ਸਿਆਣੀਆਂ ਦੀ ਨਿਗਾਹ ਤੋਂ ਉਹਲੇ ਰਹਿ ਬਚੀ ਹੋਵੇ," ਦਾਸੀ ਨੇ ਬੇਨਤੀ ਕੀਤੀ।

ਮਾਲਕ ਦੇ ਦਰ ਤੇ ਮੈਂ ਪੁਜੀ ਪਹਿਰ ਰਾਤ ਸੀ ਬੀਤੀ।
ਸੈਨ ਸਮੇਂ ਸੇਜਾ ਜਾਵਣ ਦੀ, ਉਨ ਸੀ ਤਿਆਰੀ ਕੀਤੀ।
ਕਿਉਂ ਆਈ? ਕੋਈ ਸੇਵ ਨਿਮਾਣੀ ਜਿਸਦੀ ਆਗਿਆ ਹੋਵੇ।
ਅਤਿ ਨੀਵੀਂ ਕਿਸੇ ਗਣਿਤ ਨਾ ਆਈ ਸੋ ਮੈਂ ਕਰਾਂ ਚੁਪੀਤੀ।

ਰਾਜੇ ਦੀਆਂ ਖ਼ੁਸ਼ੀਆਂ ਹੋਈਆਂ ਤੇ ਉਹ ਉਸ ਘੜੀ ਤੋਂ ਸਭ ਦਾਸੀਆਂ ਦੀ ਸਰਦਾਰ ਹੋਈ। ਨਿਮਾਣੇ ਹੋ ਦਰ 'ਤੇ ਢਹਿਣਾ, ਮਿਲਾਪ ਦਾ ਪਾਤਰ ਬਣਾਂਦਾ ਹੈ। ਜਿਨ੍ਹਾਂ ਆਖ਼ਰੀ ਵਕਤ ਨੂੰ ਸੰਭਾਲ ਲਿਆ ਤੇ ਤੌਬਾ ਕਰ ਗਏ, ਉਹ ਸਫਲ ਹੋਏ:

ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ॥

(ਸੂਹੀ ਮਹਲਾ ੫, ਪੰਨਾ ੭੬੧)

ਭਾਦਰੋਂ ਦਾ ਮਹੀਨਾ ਸੀ, ਦਰਿਆ ਕਾਂਗ ਆਈ ਤੇ ਕੱਪਰ ਪੈ ਰਹੇ ਸਨ, ਮਲਾਹ ਨੇ ਮਾਲ ਦੀ ਭਰੀ ਹੋਈ ਬੇੜੀ, ਵਿਚ ਠੇਲ੍ਹ ਦਿਤੀ। ਪਾਣੀ ਦਾ ਜ਼ੋਰ ਪਿਆ, ਵੰਝ ਦੀ ਕੋਈ ਪੇਸ਼ ਨਾ ਗਈ। ਚੱਪੂ ਚੁਪ ਹੋ ਗਏ, ਕੱਪਰਾਂ ਨੇ ਕਿਸ਼ਤੀ ਉਲਟਾ ਦਿੱਤੀ।

ਬੇੜੀ ਡੋਬ ਮੁਹਾਣਾ ਤਰ ਕੇ ਪਾਰ ਜਾ ਲੱਗਾ। ਪਰ ਜਾਂਦੇ ਜਾਂਦੇ ਦੇ ਹੱਥੀਂ ਇਕ ਆਟੇ ਦੀ ਭਰੀ ਹੋਈ ਖਲੜੀ ਲੱਗ ਗਈ, ਜਿਸ ਨੂੰ ਨਾਲ ਖਿੱਚ ਕੰਢੇ ਤੇ ਲੈ ਅਪੜਿਆ, ਜਿਹੜਾ ਕਿਸ਼ਤੀ ਡੁੱਬੀ ਦੀ ਗੱਲ ਸੁਣੇ, ਅਫ਼ਸੋਸ ਕਰੇ, ਪਰ ਰੋਟੀ ਪੱਕਦੀ ਤਕ ਆਟੇ ਦੀ ਭਰੀ ਹੋਈ ਖਲੜੀ ਦੇ ਬਚ ਜਾਣ ਦੀ ਵਧਾਈ ਵੀ ਮਲਾਹ ਨੂੰ ਦੇਵੇ।

ਜੇਠ ਹਾੜ ਦੀਆਂ ਗਰਮੀਆਂ, ਕੋਠਿਆਂ 'ਤੇ ਮੰਜੀਆਂ, ਅੱਧੀ ਰਾਤ ਮਗਰੋਂ ਕਿਤੇ ਦੂਰ ਕਣੀਆਂ ਪੈਣ ਕਰਕੇ ਠੰਢੀ ਹਵਾ ਦੇ ਬੁਲ੍ਹੇ ਆਏ। ਸਾਧ ਸੌਂ ਗਏ ਤੇ ਚੋਰ ਜਾਗ ਉਠੇ। ਕਿਤੇ ਸੰਨ੍ਹ ਲੱਗੀ ਤੇ ਕਿਸੇ ਕਿਸਾਨ ਦੇ ਸਾਰੇ ਪਸ਼ੂ ਨਿਕਲ ਗਏ, ਪਰ ਪਿਛੇ ਰਹਿ ਗਈ ਕੱਟੀ ਦੇ ਪਿਆਰ ਵਿਚ ਅੜਿੰਗਦੀ ਹੋਈ ਇਕ ਮੱਝ, ਜਾਗ ਕੇ ਮਾਲਕਾਂ ਛੁਡਾ ਲਈ। ਲੋਕੀ ਭਾਵੇਂ ਗਏ ਤਾਂ ਮਾਲ ਦਾ ਅਫ਼ਸੋਸ ਕਰਨ, ਪਰ ਬਚ ਰਹੀ ਮੱਝ ਨੂੰ ਵੀ ਗ਼ਨੀਮਤ ਜਾਣ ਰੱਬ ਦਾ ਸ਼ੁਕਰ ਕਰਨ।

ਦੀਵਾਲੀ 'ਤੇ ਆਈ ਹੋਈ ਆਤਿਸ਼ਬਾਜ਼ੀ ਚਲਾਉਂਦਿਆਂ ਹੋਇਆਂ, ਕਿਸੇ ਪਹਾੜੀਏ ਦੇ ਮਾਸੂਮ ਬੱਚੇ ਨੇ ਹਵਾਈ ਉਤਾਂਹ ਨੂੰ ਸੁੱਟੀ, ਉਹ ਛੱਪਰ ਵਿਚ ਜਾ ਵੱਜੀ। ਫੂਸ ਨੂੰ ਅੱਗ ਲੱਗ ਗਈ, ਲੋਕਾਂ ਦੇ ਪਾਣੀ ਲੈ ਪਹੁੰਚਣ ਤੋਂ ਪਹਿਲਾਂ, ਹਵਾ ਦੀ ਭੜਕਾਈ ਹੋਈ ਅੱਗ ਨੇ ਲੱਕੜ ਦਾ ਸਾਰਾ ਘਰ ਫੂਕ ਸੁਟਿਆ, ਪਰ ਸੁਆਣੀਆਂ ਦੇ ਇੰਨੇ ਨੂੰ ਕੁਝ ਭਾਂਡੇ-ਟੀਂਡੇ ਤੇ ਲੀੜੇ ਬਚ ਗਏ। ਏਸੇ ਤਰ੍ਹਾਂ ਹੀ ਗੁਨਾਹ ਵਿਚ ਬੀਤ ਚੁਕੀ ਉਮਰ ਦੇ ਆਖ਼ਰੀ ਸੁਆਸਾਂ ਨੂੰ ਪ੍ਰਭੂ ਦੀ ਚਰਨ-ਸ਼ਰਨ ਵਿਚ ਸਫਲ ਕਰ ਲੈਣ ਦੀ ਤਾਕੀਦ ਭਾਈ ਗੁਰਦਾਸ ਜੀ ਵੀ ਕਰਦੇ ਹਨ:

ਜੈਸੇ ਨਾਉ ਡੁਬਤ ਸੇ ਜੋਈ ਬਚੈ ਸੋਈ ਭਲੋ,
ਡੂਬ ਜਾਏ ਪਾਛੇ ਪਛਤਾਵਾ ਰਹਿ ਜਾਤ ਹੈ।
ਜੈਸੇ ਘਰ ਲਾਗੇ ਆਗ ਜੋਈ ਬਚੇ ਸੋਈ ਭਲੋ,
ਜਲ ਬੁਝੇ ਪਾਛੇ ਕਛੂ ਬਸ ਨਾ ਬਸਾਤ ਹੈ।
ਜੈਸੇ ਘਰ ਲਾਗੇ ਚੋਰ ਜੋਈ ਬਚੇ ਸੋਈ ਭਲੋ,
ਸੋਇ ਗਿਓ ਰੀਤੋ ਘਰ ਦੇਖੇ ਉਠ ਪਰਾਤ ਹੈ।
ਤੈਸੇ ਅੰਤ ਕਾਲ ਗੁਰੂ ਚਰਨ ਸ਼ਰਨ ਆਵੇ,
ਪਾਵੇ ਮੋਖ ਪਦਵੀ ਨਤਰ ਬਿਲਲਾਤ ਹੈ।

(ਭਾਈ ਗੁਰਦਾਸ ਕਬਿਤ, ਸਵ: ੬੯)

ਇਸ ਪਛਤਾਵੇ ਜਾਂ ਤੌਬਾ ਦੇ ਸੰਬੰਧ ਵਿਚ ਇਹ ਗੱਲ ਨਿਸਚੇ ਕਰ ਲੈਣੀ ਚਾਹੀਦੀ ਹੈ ਕਿ ਪਛਤਾਵਾ ਸੱਚਾ ਹੋਵੇ, ਕਿਸੇ ਤਕਲੀਫ਼ ਤੋਂ ਤੰਗ ਆ ਵਕਤ ਟਪਾਣ ਹਿਤ ਪਾਖੰਡ ਨਾ ਬਣਾਇਆ ਹੋਵੇ। ਤੌਬਾ ਸਿਦਕ ਦਿਲੋਂ ਹੋਵੇ, ਬਾਰ ਬਾਰ ਨਾ ਟੁਟੇ:

ਲਾਖੋਂ ਦਫ਼ੇ ਤੌਬਾ ਕੀ, ਪਰ ਨਾ ਨਿਬਾਹੀ ਤੌਬਾ,
ਮੈਂ ਵਹੁ ਹੂੰ ਤੌਬਾ ਸ਼ਿਕਨ ਕਿ ਇਲਾਹੀ ਤੌਬਾ।

ਬਦਲੀ ਵੇਖ ਕੇ ਬਦਲਣ ਵਾਲੀ ਨੀਅਤ ਨਾ ਹੋਵੇ:

ਯੂੰ ਤੋ ਬਰਸੋਂ ਨਾ ਪੀਊਂ, ਔਰ ਨਾ ਪਿਲਾਊਂ ਸਾਕੀ।
ਬਦਲੀ ਆਤੇ ਹੀ, ਬਦਲ ਜਾਤੀ ਹੈ ਨੀਅਤ ਮੇਰੀ।

ਮਨ ਵਿਚ ਕਪਟ ਰਖ ਅੱਖਾਂ ਤੋਂ ਵਗਾਏ ਹੋਏ ਹੰਝੂ ਮਨੁੱਖ ਨੂੰ ਤਾਂ ਭਰਮਾ ਸਕਦੇ ਪਰ ਮਾਲਕ ਅਗੇ ਕੁਝ ਪੇਸ਼ ਨਹੀਂ ਜਾਂਦੀ:

ਜਿਨਾ ਅੰਤਰਿ ਕਪਟਿ ਵਿਕਾਰ ਹੈ, ਤਿਨਾ ਰੋਇ ਕਿਆ ਕੀਜੈ॥
ਹਰਿ ਕਰਤਾ ਸਭੁ ਕਿਛੁ ਜਾਣਦਾ, ਸਿਰਿ ਰੋਗ ਹਥੁ ਦੀਜੈ॥

(ਆਸਾ ਮ: ੪, ਪੰਨਾ ੪੫੦)

ਉਹ ਦਿਲਾਂ ਦਾ ਮਹਿਰਮ ਹੈ:

ਜੀਆਂ ਕਾ ਮਾਲਕੁ ਕਰੇ ਹਾਕੁ॥

ਇਹ ਪਛਤਾਵੇ ਦਾ ਸਾਧਨ, ਸਦਾ ਵਿਅਕਤੀਗਤ ਕਲਿਆਣ ਦਾ ਹੀ ਕਾਰਨ ਨਹੀਂ ਬਣਦਾ, ਕਈ ਵੇਰ ਦੇਸ਼ਾਂ, ਕੌਮਾਂ ਤੇ ਜਥਿਆਂ ਦੀਆਂ ਤਕਦੀਰਾਂ ਵੀ ਬਦਲ ਦੇਂਦਾ ਹੈ। ਜਦੋਂ ਕੋਈ ਦੇਸ਼, ਕੌਮ ਜਾਂ ਜਥਾ, ਇਕ ਵਿਅਕਤੀ ਦਾ ਰੂਪ ਲੈ ਲੈਂਦਾ ਹੈ ਤਾਂ ਉਹ ਆਪਣੀਆਂ ਕਮਜ਼ੋਰੀਆਂ ਨੂੰ ਅਨੁਭਵ ਕਰ, ਪਿਛਲੀ ਨੂੰ ਪਛਤਾ, ਪ੍ਰਾਸ਼ਚਿਤ ਕਰ, ਆਪਣੀ ਵਿਗੜੀ ਬਣਾ ਲੈਂਦਾ ਹੈ।

ਸਿੱਖ ਇਤਿਹਾਸ ਵਿਚ ਇਸ ਦਾ ਕਿਆ ਸੁੰਦਰ ਪ੍ਰਮਾਣ ਆਇਆ ਹੈ: ਜਦ ਅਨੰਦਪੁਰ ਦੇ ਕਿਲ੍ਹੇ ਵਿਚ ਧਰਮੀਆਂ ਦਾ ਛੋਟਾ ਜਿਹਾ ਜਥਾ ਦੁਸ਼ਮਣ ਦੇ ਟਿੱਡੀ-ਦਲ ਨੇ ਘੇਰ ਲਿਆ, ਤਾਂ ਮੁਹਾਸਰੇ ਦੇ ਲੰਬੇ ਹੋ ਜਾਣ ਤੇ ਰਸਦ ਮੁੱਕ ਜਾਣ ਨੇ, ਫਾਕਿਆਂ ਦੀ ਨੌਬਤ ਪਹੁੰਚਾ ਦਿਤੀ। ਸਿਦਕੀ ਸਿੰਘਾਂ ਨੇ ਦਰਖ਼ਤਾਂ ਦੀਆਂ ਛਿੱਲਾਂ ਉਬਾਲ ਉਬਾਲ ਖਾ ਲਈਆਂ। ਕੁਝ ਭੁੱਖ ਕੋਲੋਂ ਘਬਰਾ, ਵਫ਼ਾ ਤੋਂ ਮੁੱਖ ਮੋੜ ਗਏ। ਮਨ ਫ਼ਨਾਹ ਕਰ, ਤਨ ਨੂੰ ਬਚਾ ਗਏ। ਪਿਆਰ ਦੀ ਪਿਰਹੜੀ ਪਾਉਣ ਵਾਲੇ ਪੀਰ ਨੇ ਦੋ ਅੱਖਰ ਲਿਖਵਾ ਲਏ: ‘ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ'। ਚਿੱਟੇ 'ਤੇ ਕਾਲਾ ਪਾ ਘਰੀਂ ਤਰ ਗਏ । ਭੁੱਖ ਦੇ ਸਤਾਇਆਂ ਹੋਇਆਂ ਨੇ ਰੱਜ ਰੱਜ ਰੋਟੀਆਂ ਖਾਧੀਆਂ, ਤੁੰਨ ਤੁੰਨ ਪੇਟ ਭਰੇ, ਤਨ ਤਾਂ ਤਕੜੇ ਹੋ ਗਏ, ਪਰ ਮਨਾਂ ਦੀ ਮਾੜਤਣ ਮਾਰੀ ਜਾਏ। ਅੰਦਰ ਘਾਟੇ ਵਾਪਰਨ, ਚਿਤ ਚਿੰਤਾਤੁਰ ਰਹਿਣ। ਅੰਦਰਲੀ ਉਦਾਸੀ ਦਾ ਪਰਛਾਵਾਂ ਪੈ ਪੈ ਜਗਤ ਉਜੜਿਆ ਦਿਸਿਆ। ਓੜਕ ਅੱਕ ਗਏ ਬੇਸੁਆਦੇ ਜੀਵਨ ਤੋਂ। ਅੰਦਰ ਝਾਤ ਪਾਉਣ ਤਾਂ ਦਿਲਾਂ ਦੀ ਤਖ਼ਤੀ 'ਤੇ ਬੇਵਫ਼ਾਈ ਦੇ ਸ਼ਬਦ ਲਿਖੇ ਹੋਏ ਦਿਸ ਆਉਣ। ਪਛਤਾਏ ਤੇ ਉੱਠ ਤੁਰੇ ਪ੍ਰੀਤਮ ਵੱਲ, ਕੁਵੱਲਿਆਂ ਲੇਖਾਂ ਨੂੰ ਮੇਟਣ, ਤਕਦੀਰ ਦੀ ਪੱਟੀ ਤੋਂ ਕੁਹਜੀ ਲਿਖਤ ਧੋਣ, ਪਰ ਪਾਣੀ ਨਾਲ ਨਹੀਂ, ਲਹੂ ਨਾਲ। ਪੱਕੀਆਂ ਸਿਆਹੀਆਂ ਪਾਣੀ ਨਾਲ ਨਹੀਂ ਧੁਪਦੀਆਂ। ਜਾ ਲੱਭਾ ਮਾਹੀ ਨੂੰ ਮਾਲਵੇ ਦੇ ਮਾਰੂਥਲਾਂ ਵਿਚ। ਉਹੋ ਹੀ ਦੁਸ਼ਮਣ ਮੌਜੂਦ ਸੀ, ਜਿਸ ਨੇ ਭੁਖਿਆਂ ਰੱਖ ਸੱਜਣਾਂ ਤੋਂ ਤੋੜਿਆ ਸੀ। ਰੋਹ ਖਾ ਕੇ ਦੂਤੀ ਦਲ ਨੂੰ ਟੁੱਟ ਪਏ। ਜਿੰਦਾਂ ਕੁਲ ਚਾਲੀ, ਟਾਕਰਾ ਹਜ਼ਾਰਾਂ ਨਾਲ। ਭਾਵੇਂ ਕਾਇਰ ਦਲ ਤਾਂ ਭਜਾ ਦਿੱਤਾ ਪਰ ਆਪ ਭੀ ਮੁੱਕ ਗਈਆਂ। ਸਨਮੁਖ ਹੋ ਜੂਝਿਆਂ ਦੀਆਂ ਲੋਥਾਂ ਮੈਦਾਨ ਵਿਚ ਪਈਆਂ ਸਨ ਤੇ ਕ੍ਰਿਪਾਲ ਪਿਤਾ ਇਕ ਇਕ ਪੁੱਤਰ ਦਾ ਸਿਰ ਆਪਣੇ ਪੱਟਾਂ 'ਤੇ ਧਰ, ਚਿਹਰਾ ਪੂੰਝ ਤੇ ਮੱਥਾ ਚੁੰਮ, ਕਿਸੇ ਸੁਆਦ ਰਸ ਵਿਚ, ਪੰਜ ਹਜ਼ਾਰੀ, ਸੱਤ ਹਜ਼ਾਰੀ ਤੇ ਦਸ ਹਜ਼ਾਰੀ ਦਾ ਵਰ ਦੇ ਰਹੇ ਸਨ। ਆਖ਼ਰ ਇਕ ਦੀ ਨਬਜ਼ ਵਿਚ ਕੁਝ ਹਰਕਤ ਜਾਪੀ, ਸੀਨਾ ਵੀ ਗਰਮ ਸੀ। ਜਾਂ ਸਤਿਗੁਰਾਂ ਨੇ ਚਿਹਰਾ ਪੂੰਝ, ਮੁੱਖ ਵਿਚ ਪਾਣੀ ਚੁਆਇਆ ਤਾਂ ਹੋਸ਼ ਪਰਤ ਆਈ, ਨੈਣ ਖੁਲ੍ਹੇ। ਪਰ ਪਿਤਾ ਦੇ ਨਿਹੁੰ ਵਾਲੇ ਨੈਣਾਂ ਵਿਚ ਨੈਣ ਨਾ ਪਾ ਸਕਿਆ। ਨੈਣ ਮੀਟ ਲਏ। ਆਗਿਆ ਹੋਈ, “ਮਹਾਂ ਸਿੰਘਾ! ਨੈਣ ਖੋਲ੍ਹੋ, ਮੇਰੀ ਵੱਲ ਤੱਕੋ। ਤੁਸਾਂ ਬੀਰ ਕਿਰਿਆ ਕੀਤੀ ਹੈ, ਸ਼ਹੀਦੀਆਂ ਪਾਈਆਂ ਨੇ, ਸਨਮੁਖ ਹੋ ਸੀਨਿਆਂ ਵਿਚ ਸ਼ਸਤਰ ਸਹੇ ਨੇ, ਤੁਹਾਡਾ ਮੁਕਾਮ ਜੋਧ ਮਹਾਂਬਲ ਸੂਰਾ ਦਾ ਠਿਕਾਣਾ ਬਖ਼ਸ਼ਸ਼ ਦਾ ਖੰਡ ਹੈ, ਕਰਮ ਖੰਡ ਵਿਚ ਪੁਜੋ, ਸਚਖੰਡ ਵਿਚ ਉਠਾ ਲਏ ਜਾਓਗੇ।"

ਬਿਸਮਿਲ ਦੇ ਲਬਾਂ ਵਿਚੋਂ ਨਿੰਮ੍ਹੀ ਜਿਹੀ ਆਵਾਜ਼ ਨਿਕਲੀ-"ਪਿਤਾ! ਸਾਥੀ ਉਤਾਂਹ ਉਠੇ ਹਨ, ਸ਼ਹੀਦਾਂ ਦੇ ਕਰਮ ਖੰਡ ਵਿਚ ਪੁੱਜੇ ਹਨ, ਪਰ ਅਗੋਂ ਦਰਵਾਜ਼ਾ ਬੰਦ ਹੈ। ਉਥੇ ਸਾਡੀ ਲਿਖਤ ‘ਨਾ ਤੂੰ ਸਾਡਾ ਗੁਰੂ, ਨਾ ਅਸੀਂ ਤੇਰੇ ਸਿੱਖ' ਲਟਕੀ ਹੋਈ ਨਜ਼ਰ ਆ ਰਹੀ ਹੈ ਤੇ ਸ਼ਰਮਿੰਦਿਆਂ ਕਰਦੀ ਹੈ। ਅੰਦਰ ਵੜਨ ਦਾ ਹੀਆ ਨਹੀਂ ਪੈਣ ਦੇਂਦੀ। ਮਿਹਰਾਂ ਵਾਲੇ ਮੇਹਰ ਕਰ, ਬਖ਼ਸ਼ ਲੈ, ਉਹ ਕਾਗ਼ਜ਼ ਦਾ ਪੁਰਜ਼ਾ ਪਾੜ ਦੇ ਤੇ ਸਾਡੀ ਬਿਗੜੀ ਬਣਾ ਲੈ।” ਬਗ਼ੈਰ ਕੁਝ ਕਹਿਣ ਤੋਂ ਸਤਿਗੁਰਾਂ ਦੇ ਹੱਥ ਜਾਮੇ ਦੀ ਜੇਬ ਵਿਚ ਗਏ। ਕਾਗ਼ਜ਼ ਦਾ ਪੁਰਜ਼ਾ ਨਿਕਲਿਆ, ਉਸਨੂੰ ਪਾੜ ਕੇ ਟੁਕੜੇ ਕੀਤਾ ਗਿਆ ਤੇ ਪਿਆਰੇ ਮੁਕਤੇ ਹੋ ਨਿਬੜੇ:

ਸਦਾ ਖੁਲ੍ਹਾ ਰਹਿਮਤ ਕਾ ਬਾਬ ਥਾ,
ਨਹੀ ਦੇਖਾ ਕਰਕੇ ਗੁਨਾਹ ਕਭੀ।
ਹੂਏ ਟੂਟ ਕੇ ਜੋ ਪਸ਼ੇਮਾਂ,
ਉਨਹੇ ਫਾੜ ਪੁਰਜ਼ਾ ਮਿਲਾ ਗਏ।

(ਕਰਤਾ)

ਮਨੁੱਖ ਹਮੇਸ਼ਾ ਭੁਲਣਹਾਰ ਹੈ। ਕੋਈ ਚਤੁਰਾਈਂ, ਕਰਮ ਕਾਂਡ ਜਾਂ ਜਪ, ਤਪ, ਅਖ਼ੀਰ ਤਕ ਇਸ ਦਾ ਸਾਥ ਨਹੀਂ ਦੇ ਸਕਦਾ। ਭੁਲਾਂ ਤੋਂ ਪਛਤਾ, ਪ੍ਰਭੂ ਸ਼ਰਨ ਲਿਆਂ ਹੀ ਬਚਾ ਹੋ ਸਕਦਾ ਹੈ:

ਨਾਹਿਨ ਗੁਨ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ॥
ਨਾਨਕ ਹਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ॥

(ਜੈਤਸਰੀ ਮ:੯, ਪੰਨਾ ੭੦੩)

ਪੰਨਾ

ਸੇਵਾ

ਤ੍ਰਿਕਾਲਾਂ ਪੈਂਦਿਆਂ ਨਾਲ ਹੀ ਗੱਡੀ ਸਟੇਸ਼ਨ 'ਤੇ ਆਣ ਰੁਕੀ, ਮੁਸਾਫ਼ਰਾਂ ਨੇ ਉੱਤਰ ਆਪਣੇ ਆਪਣੇ ਰਾਹ ਮੱਲੇ। ਸ਼ਹਿਰ-ਵਾਸੀ ਤੇ ਘਰੋ ਘਰ ਚਲੇ ਗਏ, ਪਰ ਪਰਦੇਸੀਆਂ ਧਰਮਸਾਲ ਦੀ ਢੂੰਡ ਕੀਤੀ। ਬਹੁਤਾ ਪ੍ਰੇਸ਼ਾਨ ਨਾ ਹੋਣਾ ਪਿਆ, ਸਟੇਸ਼ਨ ਦੇ ਲਾਗੇ ਹੀ ਕਿਸੇ ਨੇ ਸੁੰਦਰ ਸਰਾਂਅ ਬਣਾਈ ਹੋਈ ਸੀ। ਪਾਂਧੀਆਂ ਦੇ ਪੁੱਜਣ 'ਤੇ ਧਰਮਸਾਲ ਦੇ ਸੇਵਾਕਾਰ ਨੇ ਕੋਠੜੀਆਂ ਖੋਲ੍ਹ ਦਿੱਤੀਆਂ। ਮੁਸਾਫ਼ਰਾਂ ਨੇ ਸਾਮਾਨ ਧਰ ਦਿੱਤਾ ਤੇ ਰਾਤ ਗੁਜ਼ਾਰਨ ਦਾ ਪ੍ਰਬੰਧ ਕਰਨ ਲੱਗੇ।

ਸਰਾਂਅ ਦੀ ਇਮਾਰਤ ਬੜੀ ਸੁੰਦਰ ਸੀ, ਕਮਰੇ ਸਾਫ਼-ਸੁਥਰੇ, ਹਵਾਦਾਰ, ਫ਼ਰਸ਼ ਪੱਕੇ ਤੇ ਸਫ਼ੈਦੀਆਂ ਤਾਜ਼ੀਆਂ ਹੀ ਹੋਈਆਂ ਹੋਈਆਂ ਸਨ। ਬਿਜਲੀ ਦੀ ਰੌਸ਼ਨੀ ਤੇ ਪਾਣੀ ਲਈ ਨਲਕਿਆਂ ਦਾ ਵੀ ਪ੍ਰਬੰਧ ਸੀ। ਅਜੇਹਾ ਸੁੰਦਰ ਅਸਥਾਨ ਮੁਸਾਫ਼ਰਾਂ ਵਿਚੋਂ ਕਿਸੇ ਨੂੰ ਵੀ ਘਰ ਪ੍ਰਾਪਤ ਨਹੀਂ ਸੀ। ਸੁਭਾਅ ਅਨੁਸਾਰ ਮੁਸਾਫ਼ਰਾਂ ਨੇ ਆਪਣੀ ਆਪਣੀ ਥਾਂ ਵਰਤੋਂ ਸ਼ੁਰੂ ਕੀਤੀ। ਇਕ ਨੇ ਜਦ ਆਪਣੀ ਸਾਥਣ ਨੂੰ ਕਿਹਾ ਕਿ ਭਾਵੇਂ ਕਮਰੇ ਸਾਫ਼ ਹੀ ਹਨ ਪਰ ਫਿਰ ਵੀ ਸਾਨੂੰ ਵਧੇਰੇ ਸਫ਼ਾਈ ਲਈ ਝਾੜੂ ਫੇਰ ਲੈਣਾ ਚਾਹੀਦਾ ਹੈ।

ਭਾਗਵਾਨ ਬੋਲੀ-"ਛਡੋ ਜੀ! ਇਹ ਕਿਹੜਾ ਸਾਡਾ ਘਰ ਹੈ, ਜੋ ਖਪ ਖਪ ਮਰੀਏ, ਓੜਕ ਤਾਂ ਸਰਾਂਅ ਹੀ ਹੈ ਨਾ। ਰਾਤ ਕੱਟ, ਸਵੇਰੇ ਟੁਰ ਜਾਣਾ ਹੈ।”

ਸਾਥੀ ਚੁਪ ਕਰ ਰਿਹਾ ਤਾਂ ਉਹਨਾਂ ਓਦਾਂ ਹੀ ਬਿਸਤਰੇ ਵਿਛਾ ਲਏ। ਜਦੋਂ ਖਾਣ ਪੀਣ ਦਾ ਸਾਮਾਨ ਆਇਆ ਤਾਂ ਵੀ ਡਿੱਗੇ ਹੋਏ ਭੋਰਿਆਂ ਦੇ ਸਾਫ਼ ਕਰਨ ਜਾਂ ਜੂਠੇ ਡੂਨੇ ਪੱਤਲਾਂ ਬਾਹਰ ਸੁੱਟਣ ਦੀ ਕਿਸੇ ਖੇਚਲ ਨਾ ਕੀਤੀ। ਹੋਰ ਵੀ ਸਰੀਰ ਦੀਆਂ ਮਾਮੂਲੀ ਲੋੜਾਂ ਨੂੰ ਅੰਦਰ ਹੀ ਪੂਰਾ ਕੀਤਾ ਗਿਆ। ਸਵੇਰ ਹੋਣ ਤੋਂ ਪਹਿਲਾਂ ਹੀ ਸਾਮਾਨ ਬੰਨ੍ਹ ਕੇ ਬੂਹਾ ਮਾਰ ਰਾਹੀ ਚਲਦੇ ਬਣੇ।

ਨਾਲਦੇ ਕਮਰੇ ਵਾਲੇ ਮੁਸਾਫ਼ਰਾਂ ਨੇ ਇਹਨਾਂ ਦੇ ਉਲਟ ਰਵੱਈਆ ਵਰਤਿਆ। ਉਹਨਾਂ ਦੀ ਸੁਭਾਗ ਜੋੜੀ ਨੇ ਪਹਿਲੇ ਮਕਾਨ ਦੀ ਉਸਤਤ, ਫਿਰ ਬਣਾਉਣ ਵਾਲੇ ਦੀ ਵਡਿਆਈ ਕੀਤੀ। ਸਾਫ਼ ਜਗ੍ਹਾ ਨੂੰ ਹੋਰ ਸਾਫ਼ ਕਰਨ ਹਿਤ ਝਾੜੂ ਫੇਰਿਆ। ਖਾਣ-ਪਾਣ ਸਮੇਂ ਬੜੇ ਸੰਜਮ ਤੋਂ ਕੰਮ ਲਿਆ। ਸਰੀਰਕ ਲੋੜਾਂ ਵੀ ਮੁਕੱਰਰ ਥਾਂ 'ਤੇ ਪੂਰੀਆਂ ਕੀਤੀਆਂ 'ਤੇ ਸੌਣ ਤੋਂ ਪਹਿਲਾਂ ਰਲ ਕੇ ਵੀਚਾਰ ਕਰਨ ਲੱਗੇ: ਸਰਾਂਅ ਕਿਤਨੀ ਸੁਥਰੀ ਤੇ ਸੋਹਣੀ ਹੈ। ਕਿਸੇ ਮਹਾਂਉਪਕਾਰੀ ਨੇ ਮੁਸਾਫ਼ਰਾਂ ਦੇ ਸੁਖ ਲਈ ਅਜੇਹਾ ਸਥਾਨ ਬਣਾਇਆ ਹੈ। ਕੇਹਾ ਚੰਗਾ ਹੁੰਦਾ ਜੇ ਸਾਡੀ ਵੀ ਤੌਫ਼ੀਕ ਹੁੰਦੀ, ਅਸੀਂ ਵੀ ਅਜੇਹਾ ਉਪਕਾਰ ਕਰ ਸਕਦੇ। ਇਕ ਨੇ ਕਿਹਾ, “ਇਤਨਾ ਵਡਾ ਉਪਕਾਰ ਕਰਨਾ ਸਾਡੀ ਸਮਰਥਾ ਤੋਂ ਪਰੇ ਹੈ, ਪਰ ਇਸ ਮਹਾਨ ਪੁੰਨ ਵਿਚ ਵਿਤ ਅਨੁਸਾਰ ਹਿੱਸਾ ਪਾ ਜਾਣਾ ਮਨੁੱਖਤਾ ਦਾ ਕਰਤਵ ਹੈ।" ਇਹ ਸੋਚ ਉਹਨਾਂ ਨੇ ਜੋ ਵੀ ਸੇਵਾ, ਸਰਾਂਅ ਦੀ ਸਫ਼ਾਈ ਤੇ ਸੋਭਾ ਨੂੰ ਵਧਾਉਣ ਲਈ ਕਰ ਸਕਦੇ ਸਨ, ਕੀਤੀ ਤੇ ਜਾਣ ਲਗੇ ਕੁਝ ਸੋਹਣੀਆਂ ਤਸਵੀਰਾਂ ਜੋ ਉਹਨਾਂ ਦੇ ਟਰੰਕ ਵਿਚ ਸਨ, ਕਮਰੇ ਦੀ ਸੁੰਦਰਤਾ ਵਧਾਉਣ ਹਿਤ ਦੀਵਾਰਾਂ 'ਤੇ ਲਟਕਾ ਗਏ। ਟੁਰ ਇਹ ਵੀ ਗਏ।

ਦਿਨ ਚੜ੍ਹੇ ਧਰਮਸਾਲਾ ਦੇ ਪ੍ਰਬੰਧਕ ਨੇ ਸਦਾ ਵਾਂਗ ਬੰਦ ਦਰਵਾਜ਼ਿਆਂ ਦੇ ਬੂਹੇ ਖੋਲ੍ਹੇ। ਜਦ ਉਸਦੀ ਨਿਗਾਹ ਉਸ ਕਮਰੇ 'ਤੇ ਪਈ ਜੋ ਦਲਿੱਦਰੀਆਂ ਨੇ ਮੈਲਾ ਕਰ ਛਡਿਆ ਸੀ, ਤਾਂ ਉਸ ਨੇ ਕਿਹਾ, "ਦੁਰਭਾਗ ਵਸ ਕਿਹੋ ਜੇਹੇ ਸੁਸਤ ਮੁਸਾਫ਼ਰ ਆ ਜਾਂਦੇ ਹਨ, ਜੋ ਜਾਣ ਲੱਗੇ ਕਮਰਿਆਂ ਨੂੰ ਮੈਲਾ ਕਰ, ਸਰਾਂਅ ਦੀ ਸ਼ੋਭਾ ਵਿਗਾੜ ਟੁਰਦੇ ਹਨ, ਅਜਿਹੇ ਦਲਿੱਦਰੀ ਨਿਜ ਆਉਣ।”

ਪਰ ਜਦੋਂ ਉਸ ਨੇ ਅਗਲਾ ਕਮਰਾ ਖੋਲ੍ਹ ਕੇ ਤਕਿਆ, ਜੋ ਬੜਾ ਸਾਫ਼-ਸੁਥਰਾ ਤੇ ਸਜਾਇਆ ਹੋਇਆ ਸੀ, ਤਾਂ ਉਸਦੇ ਮੂੰਹੋਂ ਸੁਭਾਵਕ ਨਿਕਲਿਆ–“ਹੇ ਰਾਮ! ਅਜੇਹੇ ਰਾਹੀ ਰੋਜ਼ ਆਉਣ, ਜੰਮ ਜੰਮ ਆਉਣ, ਜੋ ਰਾਤ ਕੱਟ ਗਏ ਤੇ ਸਰਾਂਅ ਦੀ ਸਭਾ ਵੀ ਵਧਾ ਗਏ।" ਇਹੋ ਜਿਹਾਂ ਦੇ ਆਉਣ ਨਾਲ ਹੀ ਅਸਥਾਨ ਦੀ ਸੁੰਦਰਤਾ ਵਧਦੀ ਹੈ। ਅਜੇਹੇ ਭਲੇ ਲੋਕ ਹੀ ਸੁਖਾਂ ਵਿਚ ਵਾਧਾ ਕਰਦੇ ਹਨ।

ਇਸ ਪ੍ਰਮਾਣ ਅਨੁਸਾਰ ਦੁਨੀਆ ਵੀ ਇਕ ਸਰਾਂਅ ਹੈ, ਜਿਸ ਵਿਚ ਮਨੁੱਖ, ਜੀਵਨ ਦੀ ਰਾਤ ਗੁਜ਼ਾਰਨ ਲਈ ਆਉਂਦੇ ਹਨ। ਫ਼ਰੀਦ ਜੀ ਦਾ ਕੌਲ ਹੈ—“ਦੁਨੀਆ ਇਕ ਸੁਹਾਵਣਾ ਬਾਗ਼ ਹੈ, ਮਨੁੱਖ ਇਸ ਵਿਚ ਪੰਛੀਆਂ ਵਾਂਗ ਪ੍ਰਾਹੁਣਾ ਹੈ। ਜਦੋਂ ਸਵੇਰ ਦੀ ਨੌਬਤ ਵਜੇਗੀ, ਉਠ ਕੇ ਚੱਲਣ ਦਾ ਸਾਜ ਕਰਨਾ ਪਵੇਗਾ।”

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ॥

(ਸਲੋਕ ਫਰੀਦ ਜੀ, ਪੰਨਾ ੧੩੮੨)

ਇਸ ਦੁਨੀਆ ਨੂੰ ਚਾਹੇ ਸੁੰਦਰ ਬਾਗ਼ ਕਹਿ ਲਵੋ, ਚਾਹੇ ਸੁਹਾਵਣੀ ਸਰਾਂਅ, ਮਤਲਬ ਇਕ ਹੀ ਹੈ। ਮਨੁੱਖਾਂ ਨੇ ਓੜਕ ਇਥੋਂ ਚਲੇ ਜਾਣਾ ਹੈ। ਸੋ ਇਨ੍ਹਾਂ ਵਿਚੋਂ ਜੋ ਸੁਸਤ ਤੇ ਦਲਿੱਦਰੀ ਇਸ ਨੂੰ ਮੈਲਿਆਂ ਕਰ, ਇਸਦੀ ਸੂਰਤ ਵਿਗਾੜ ਕੂੜਾ ਕਰਕਟ ਤੇ ਗੰਦ-ਮੰਦ ਸੁੱਟ ਟੁਰ ਜਾਂਦੇ ਹਨ, ਉਹਨਾਂ ਦਾ ਆਉਣਾ ‘ਨਿਜ ਆਉਣਾ’ ਹੁੰਦਾ ਹੈ। ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਨਫ਼ਰਤ ਨਾਲ ਯਾਦ ਕਰਦੀਆਂ ਤੇ ਕਹਿੰਦੀਆਂ ਹਨ, “ਕੇਹਾ ਚੰਗਾ ਹੁੰਦਾ ਜੋ ਉਹ ਕਦੀ ਵੀ ਨਾ ਆਏ ਹੁੰਦੇ।"

ਪਰ ਜੋ ਇਸ ਨੂੰ ਵਧੇਰੇ ਸੁਥਰਾ ਬਣਾਉਣ ਲਈ ਯਤਨ ਕਰਦੇ, ਸੰਵਾਰਦੇ ਤੇ ਇਸਦੀ ਸ਼ੋਭਾ ਨੂੰ ਵਧਾਂਦੇ ਹਨ, ਉਹ ਆਪਣੇ ਪਿੱਛੇ ਮਿਠੀਆਂ ਯਾਦਾਂ ਛੱਡ ਜਾਂਦੇ ਹਨ। ਮਨੁੱਖ ਉਹਨਾਂ ਨੂੰ ਸਦਾ ਚੇਤੇ ਕਰਦੇ ਤੇ ਵਡਿਆਉਂਦੇ ਹਨ ਅਤੇ ਰੱਬ ਤੋਂ ਇਹ ਦੁਆ ਮੰਗਦੇ ਹਨ ਕਿ ਉਹੋ ਜੇਹੇ ਭਲੇ ਮਨੁੱਖ ਮੁੜ ਮੁੜ ਸੰਸਾਰ 'ਤੇ ਆਉਣ।

ਇਹ ਭਲਿਆਂ ਦੀ ਪਿਛਲੀ ਸ਼੍ਰੇਣੀ ਸੇਵਕਾਂ ਦੀ ਸ਼੍ਰੇਣੀ ਹੈ ਜੋ ਸੰਸਾਰ ਵਿਚ ਸੇਵਾ ਕਮਾਉਂਦੇ ਹਨ। ਉਹਨਾਂ ਦੀ ਸੰਸਾਰ ਵਿਚ ਸ਼ੋਭਾ ਤੇ ਦਰਗਾਹ ਵਿਚ ਇੱਜ਼ਤ ਹੁੰਦੀ ਹੈ। ਸਤਿਗੁਰਾਂ ਫ਼ੁਰਮਾਇਆ ਹੈ, “ਜੋ ਇਸ ਸੰਸਾਰ ਵਿਚ ਸੇਵਾ ਕਰਦੇ ਹਨ ਉਹਨਾਂ ਦੀ ਦਰਗਾਹ ਵਿਚ ਇੱਜ਼ਤ ਕੀਤੀ ਜਾਂਦੀ ਹੈ:

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥

(ਸਿਰੀ ਰਾਗੁ ਮ: ੧, ਪੰਨਾ ੨੬)

ਆਸਤਕ ਮਨੁੱਖ ਇਸ ਖ਼ਿਆਲ ਨਾਲ ਸੇਵਾ ਵਿਚ ਜੁਟਦੇ ਹਨ ਕਿ ਉਹਨਾਂ ਦਾ ਇਹ ਜਨਮ ਸਫਲ ਤੇ ਅਗਲਾ ਸੰਵਰੇਗਾ। ਪਰ ਅਨਾਤਮਵਾਦੀ ਵੀ ਇਸ ਖ਼ਿਆਲ ਨਾਲ ਸੇਵਾ ਕਰਨੀ ਜ਼ਰੂਰੀ ਸਮਝਦੇ ਹਨ ਕਿ ਅਜੇਹਾ ਕਰਨਾ ਸਮਾਜ ਦਾ ਕਰਜ਼ਾ ਉਤਾਰਨਾ ਹੈ, ਭਲੇ ਪੁਰਸ਼ ਰਿਣੀ ਰਹਿਣਾ ਪਸੰਦ ਨਹੀਂ ਕਰਦੇ।

ਜੇ ਗਹੁ ਕਰ ਕੇ ਤਕਿਆ ਜਾਵੇ ਤਾਂ ਸੰਸਾਰ ਦੀ ਹਰ ਉਹ ਸ਼ੈ, ਜਿਸ ਤੋਂ ਮਨੁੱਖ ਫਾਇਦਾ ਉਠਾਉਂਦਾ ਹੈ, ਉਸਦੇ ਵਾਸਤੇ ਕਿਸੇ ਨਾ ਕਿਸੇ ਬਣਾਈ ਸੀ, ਸਗੋਂ ਕਿਸੇ ਇਕ ਨੇ ਹੀ ਨਹੀਂ, ਬਲਕਿ ਕਈ ਇਕ ਸੇਵਕਾਂ ਨੇ ਇਕ ਦੂਜੇ ਦੇ ਬਾਅਦ ਯਤਨ ਕਰ ਕੇ ਉਸ ਚੀਜ਼ ਨੂੰ ਤਿਆਰ ਕੀਤਾ ਹੁੰਦਾ ਹੈ। ਜੇ ਉਹ ਲੋਕ-ਸੇਵਾ ਵਿਚ ਪਰਿਵਰਤਿਤ ਨਾ ਹੁੰਦੇ ਤਾਂ ਅੱਜ ਮਨੁੱਖ ਨੂੰ ਸੁਖਾਂ ਦੇ ਸਾਧਨ ਕਿਥੋਂ ਮਿਲਦੇ। ਮਨੁੱਖ ਦੀਆਂ ਮੁਖ ਲੋੜਾਂ ਵਿਚੋਂ ਕਪੜੇ ਦਾ ਹੀ ਪ੍ਰਮਾਣ ਲੈ ਲਉ। ਅੱਜ ਮਨੁੱਖ ਦੇ ਹੱਥ ਤਕ ਪੁਜਾ ਹੋਇਆ ਕਪੜਾ ਕਿਤਨੇ ਸੇਵਕਾਂ ਦੀ ਘਾਲ ਦਾ ਫਲ ਹੈ। ਅੱਜ ਕਪੜਾ ਜੁਲਾਹੇ ਦੀ ਖੱਡੀ 'ਤੇ ਜਾਂ ਮਸ਼ੀਨ 'ਤੇ ਬੁਣਿਆ ਜਾਂਦਾ ਨਜ਼ਰ ਆ ਰਿਹਾ ਹੈ, ਪਰ ਜੁਲਾਹੇ ਦੀ ਖੱਡੀ ਤੇ ਮਸ਼ੀਨ 'ਤੇ ਪੁੱਜਣ ਤੋਂ ਪਹਿਲਾਂ ਕਿਤਨੇ ਸੇਵਕ ਹੱਥਾਂ ਨੇ ਇਸ ਨੂੰ ਸੰਵਾਰਿਆ, ਇਸ ਦਾ ਇਤਿਹਾਸ ਬੜਾ ਲੰਬਾ ਹੈ। ਏਥੇ ਪੁੱਜਣ ਤੋਂ ਪਹਿਲਾਂ ਕਿਸੇ ਨੇ ਕੱਤਿਆ, ਕੱਤਣ ਤੋਂ ਪਹਿਲਾਂ ਕਿਸੇ ਨੇ ਪੂਣੀਆਂ ਵਟੀਆਂ, ਪੂਣੀਆਂ ਤੋਂ ਪਹਿਲਾਂ ਕਿਸੇ ਨੇ ਰੂੰ ਪਿੰਜਿਆ, ਪਿੰਜਣ ਤੋਂ ਪਹਿਲਾਂ ਕਿਸੇ ਨੇ ਕਪਾਹ ਵੇਲੀ, ਕਪਾਹ ਵੇਲਣ ਤੋਂ ਪਹਿਲਾਂ ਕਿਸੇ ਨੇ ਚੁਣੀ, ਚੁਣਨ ਤੋਂ ਪਹਿਲਾਂ ਕਿਸੇ ਨੇ ਗੋਡੀ ਸਿੰਜੀ, ਇਹਨਾਂ ਸਾਰਿਆਂ ਤੋਂ ਪਹਿਲਾਂ ਕਿਸੇ ਨੇ ਖੇਤ ਵਿਚ ਬੀਜੀ । ਪਰ ਇਹ ਸਿਲਸਿਲਾ ਏਥੇ ਤਾਂ ਹੀ ਨਹੀਂ ਮੁਕ ਜਾਂਦਾ, ਕਪਾਹ ਬੀਜਣ ਤੋਂ ਪਹਿਲਾਂ ਉਸਦੀ ਸੇਵਾ ਨੂੰ ਮੰਨਣਾ ਪਏਗਾ, ਜਿਸ ਨੇ ਕਪਾਹ ਦੇ ਬੀਜ ਨੂੰ ਪਹਿਲਾਂ ਲੱਭਾ ਤੇ ਸਭ ਤੋਂ ਪਹਿਲਾਂ ਉਸਦਾ ਉਪਕਾਰ, ਜਿਸ ਨੇ ਖੇਤੀ ਦਾ ਕੰਮ ਸ਼ੁਰੂ ਕੀਤਾ। ਇਹ ਲੰਬੀ ਵਿਚਾਰ ਵੀ ਕਪੜਾ ਪੈਦਾ ਕਰਨ ਦੇ ਇਤਿਹਾਸ ਦਾ ਇਕ ਹਿੱਸਾ ਹੈ। ਵਾਸਤਵ ਵਿਚ ਇਸ ਦੇ ਕਈ ਹੋਰ ਅੰਗ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਕਪੜਾ ਤਿਆਰ ਹੋਇਆ ਹੈ। ਜੇ ਕੋਈ ਤਰਖਾਣ ਤਾੜਾ ਨਾ ਬਣਾਉਂਦਾ ਤਾਂ ਤੂੰ ਕਿਸ ਤਰ੍ਹਾਂ ਪਿੰਜੀ ਜਾਂਦੀ। ਜੇ ਚਰਖਾ ਨਾ ਬਣਾਂਦਾ ਤਾਂ ਕੱਤਦਾ ਕੌਣ। ਜੇ ਖੱਡੀ ਨਾ ਹੁੰਦੀ ਤਾਂ ਬੁਣਦੇ ਕਿਥੇ। ਤਰਖਾਣ ਕਿਸ ਤਰ੍ਹਾਂ ਸੇਵਾ ਕਰ ਸਕਦਾ, ਜੇ ਉਸਦੇ ਕੋਲ ਸੰਦ ਨਾ ਹੁੰਦੇ। ਕੁਹਾੜੇ ਤੇ ਆਰੀ ਬਿਨਾਂ ਲੱਕੜੀ ਚੀਰੀ ਕਿਸ ਤਰ੍ਹਾਂ ਮਿਲਦੀ। ਲੋਹੇ ਦੀ ਸੀਖ ਤੋਂ ਬਿਨਾਂ ਵੇਲਣਾ ਕਿਸ ਤਰ੍ਹਾਂ ਚਲਦਾ। ਬੁਣਨ ਦੀਆਂ ਭਾਰੀਆਂ ਮਸ਼ੀਨਾਂ ਕਿਥੋਂ ਬਣਦੀਆਂ। ਜੇ ਖਣਵਾਰਾ ਪਰਬਤ ਦੀ ਛਾਤੀ ਚੀਰ ਲੋਹਾ ਨਾ ਕਢਦਾ, ਭੱਠੀ ਵਿਚ ਪਿਘਲਾ ਇਸਪਾਤ ਤੇ ਫ਼ੌਲਾਦ ਨਾ ਬਣਾਂਦਾ, ਤਾਂ ਸੰਦ ਕਿਥੋਂ ਬਣਦੇ।

ਇਹ ਕਪੜੇ ਦਾ ਤਾਂ ਇਕ ਪ੍ਰਮਾਣ ਹੈ ਕਿ ਉਸਦੀ ਬਣਤਰ ਦੇ ਮੋਟੇ ਮੋਟੇ ਅੰਗ ਗਿਣੇ ਗਏ ਹਨ। ਜੇ ਵਿਸਥਾਰ ਵਿਚ ਜਾਇਆ ਜਾਏ ਤਾਂ ਇਕ ਅੱਧ ਪੁਸਤਕ ਲਿਖਣੀ ਪੈਂਦੀ ਹੈ। ਇਹੋ ਹੀ ਹਾਲਤ ਸੰਸਾਰ ਦੀ ਹਰ ਇਕ ਲੋੜਵੰਦ ਵਸਤੂ ਦੀ ਹੈ। ਹਰ ਇਕ ਦਾ ਇਤਿਹਾਸ ਉਸ ਸੇਵਾ ਦਾ ਹੀ ਇਤਿਹਾਸ ਹੈ, ਜੋ ਮਨੁੱਖੀ ਸਮਾਜ ਦੀ ਭਲਾਈ ਲਈ ਕਰਦੀ ਰਹੀ ਹੈ। ਇਹਨਾਂ ਸਾਧਨਾਂ ਤੋਂ ਸੁਖ ਲੈਣ ਵਾਲਾ ਹਰ ਇਕ ਮਨੁੱਖ ਸਮਾਜ ਦਾ ਰਿਣੀ ਹੈ। ਸੋ ਉਸ ਰਿਣ ਨੂੰ ਉਤਾਰਨ ਦੇ ਖ਼ਿਆਲ ਨਾਲ ਵੀ ਜੋ ਮਨੁੱਖ ਸੇਵਾ ਵਿਚ ਜੁਟਦੇ ਹਨ, ਭਲਾਈ ਹੀ ਕਰਦੇ ਹਨ ਤੇ ਉਹਨਾਂ ਦੇ ਉੱਦਮ ਕਰਕੇ ਹੀ ਸੰਸਾਰ ਵਿਚ ਸੁਖਾਂ ਦੇ ਸਾਧਨ ਵਧਦੇ ਰਹਿੰਦੇ ਹਨ। ਵਡੇ ਵਡੇ ਵਿਗਿਆਨਕ ਏਸੇ ਹੀ ਸ਼੍ਰੇਣੀ ਵਿਚ ਗਿਣੇ ਜਾ ਸਕਦੇ ਹਨ।

ਉਤਲੀ ਸ਼੍ਰੇਣੀ ਤੋਂ ਬਿਨਾਂ ਇਕ ਹੋਰ ਰੁਚੀ ਕਰਕੇ ਮਨੁੱਖ ਸੇਵਾ ਵਿਚ ਪਰਿਵਰਤਿਤ ਹੁੰਦਾ ਹੈ, ਉਹ ਹੈ ਨਾਮ ਉਜਲਾ ਕਰਨ ਤੇ ਕਾਇਮ ਰੱਖਣ ਦੀ; ਮਨੁੱਖ ਦੀਆਂ ਸੁਭਾਵਕ ਰੁਚੀਆਂ ਵਿਚ ਇਕ ਇਹ ਵੀ ਹੈ ਕਿ ਮੇਰਾ ਨਾਮ ਉੱਜਲ ਹੋਵੇ ਤੇ ਮੇਰੇ ਮਰ ਜਾਣ ਪਿਛੋਂ ਕਾਇਮ ਰਹੇ। ਇਸ ਇੱਛਾ ਦੇ ਅਧੀਨ ਹੀ ਮਨੁੱਖ ਸੰਤਾਨ ਦੀ ਕਾਮਨਾ ਕਰਦਾ ਤੇ ਨਾ ਹੋਣ 'ਤੇ ਬੇਤਾਬ ਹੋਇਆ ਫਿਰਦਾ ਹੈ। ਇਹ ਠੀਕ ਹੈ ਕਿ ਸ਼ੁਭ ਸੰਤਾਨ ਹੀ ਮਨੁੱਖ ਦਾ ਨਾਮ ਉਜਲਾ ਕਰਦੀ ਤੇ ਕਾਇਮ ਰੱਖਦੀ ਹੈ। ਪਰ ਇਹ ਦੁਰਾਹਾ ਹੈ। ਜੇ ਗ਼ਲਤ ਡੰਡੀ ਲੱਭ ਜਾਏ ਤਾਂ ਪਾਂਧੀ ਰਾਹੋਂ ਖੁੱਸ ਵੀ ਜਾਂਦਾ ਹੈ। ਜੇ ਬਦਕਿਸਮਤੀ ਨਾਲ ਔਲਾਦ ਭੈੜੀ ਨਿਕਲੇ ਤਾਂ ਬਦਨਾਮੀ ਮਿਲਦੀ ਹੈ ਜਿਸ ਨੂੰ ਮਨੁੱਖ ਪਸੰਦ ਨਹੀਂ ਕਰਦਾ। ਇਸ ਲਈ ਸਿਆਣਿਆਂ ਨੇ ਸੰਸਾਰ ਵਿਚ ਸੇਵਾ ਦੇ ਨਿਸ਼ਾਨ ਕਾਇਮ ਕਰ, ਨੇਕ ਨਾਮ ਕਾਇਮ ਕਰ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਉਹ ਕਹਿੰਦੇ ਹਨ ਕਿ ਜੇ ਤੁੰ ਸ਼ੁਭ ਨਾਮ ਕਾਇਮ ਕਰਨਾ ਚਾਹੁੰਦਾ ਹੈ ਤਾਂ ਸੰਸਾਰ ਦੀ ਕੁਝ ਸੇਵਾ ਕਰ; ਨਦੀਆਂ, ਨਾਲਿਆਂ, ਦਰਿਆਵਾਂ ਦੇ ਪੁਲ ਬਣਵਾ; ਜਿਨ੍ਹਾਂ ਦੇਸ਼ਾਂ ਵਿਚ ਪਾਣੀ ਦੀ ਕਮੀ ਹੈ ਉਥੇ ਖੂਹ, ਬਾਉਲੀਆਂ ਤੇ ਤਲਾਬ ਖੁਦਵਾ ਲੋਕਾਂ ਨੂੰ ਨੇਕੀ ਦੇ ਰਾਹ ਪਾਉਣ ਲਈ ਮੰਦਰ, ਮਸਜਿਦ, ਗੁਰਦੁਆਰੇ, ਗਿਰਜੇ ਬਣਵਾ; ਵਿੱਦਿਆ ਦਾ ਚਾਨਣ ਦੇਣ ਲਈ ਪਾਠਸ਼ਾਲਾ, ਔਸ਼ਧਾਲੇ, ਹਸਪਤਾਲ ਬਣਵਾ; ਪਾਂਧੀਆਂ ਦੇ ਪੈਂਡੇ ਸਫਲ ਕਰਨ ਲਈ ਸਿਧੀਆਂ ਸੜਕਾਂ, ਪਹੇ ਤਿਆਰ ਕਰ; ਰਾਹ ਵਿਚ ਮੁਖ਼ਤਲਿਫ਼ ਮੁਕਾਮਾਂ 'ਤੇ ਸਰਾਵਾਂ ਬਣਵਾ ਤੇ ਛਬੀਲਾਂ ਲਗਾ; ਲੋੜਵੰਦ ਭੁੱਖਿਆਂ ਨੂੰ ਅੰਨ ਦੇਣ ਲਈ ਲੰਗਰ ਲਗਾ; ਗੱਲ ਕੀ, ਜਿਸ ਤਰ੍ਹਾਂ ਵੀ ਮਨੁੱਖ ਸੁਖੀ ਹੋ ਸਕਦੇ ਹੋਣ ਉਹ ਸਾਧਨ ਕਰ:

ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ।
ਪੁਲ ਬਨਾ ਚਾਹ ਬਨਾ ਮਸਜਦੋਂ ਤਾਲਾਬ ਬਨਾ।

ਨਾਮਵਰੀ ਦੇ ਆਸਰੇ ਸੇਵਾ ਕਰਨੀ ਵੀ ਭਾਵੇਂ ਭਲੀ ਗੱਲ ਹੈ ਪਰ ਉਚੇਰੀ ਨਹੀਂ, ਇਸ ਤੋਂ ਬਹੁਤ ਵੇਰ ਹਉਮੈ ਪੈਦਾ ਹੁੰਦੀ ਹੈ, ਤੇ ਹਉਮੈ-ਗ੍ਰਸਿਆ ਮਨੁੱਖ ਨਾਮਵਰੀ ਦਾ ਸਾਧਨ ਕਾਇਮ ਕਰਨ ਲਈ ਕਪਟ ਕਰ ਧਨ ਕਮਾਣਾ ਸ਼ੁਰੂ ਕਰ ਦੇਂਦਾ ਹੈ। ਉਹ ਬੜੇ ਬੜੇ ਮਕਾਨ ਬਣਾਣ ਲਈ ਕਈ ਗ਼ਰੀਬਾਂ ਦੀਆਂ ਕੁਲੀਆਂ ਢਾਅ ਢਾਅ ਕੇ, ਮਕਾਨਾਂ ਵਿਚ ਸ਼ਮ੍ਹਾ ਜਗਾਣ ਲਈ ਕਈਆਂ ਕੰਗਾਲਾਂ ਦੇ ਦੀਵੇ ਗੁੱਲ ਕਰ ਦੇਂਦਾ ਹੈ। ਬਹੁਤ ਗਹਿਰੇ ਗਿਆਂ ਪਤਾ ਲਗਦਾ ਹੈ ਕਿ ਨਾਮਵਰੀ ਦੇ ਖ਼ਿਆਲ ਨਾਲ ਸੇਵਾ ਹੋ ਹੀ ਨਹੀਂ ਸਕਦੀ, ਉਹ ਇਕ ਸੌਦਾ ਹੁੰਦਾ ਹੈ।

ਸੇਵਕਾਂ ਦਾ ਇਸ ਤੋਂ ਸ੍ਰੇਸ਼ਟ ਜਥਾ ਉਹ ਹੈ, ਜੋ ਆਤਮਵਾਦੀ ਹੋਣ ਕਰਕੇ ਸੰਸਾਰ ਨੂੰ ਪ੍ਰਭੂ ਦੀ ਕਿਰਤ ਸਮਝਦਾ ਹੈ। ਉਸ ਨੂੰ ਹਰ ਮਨੁੱਖ ਪਿਤਾ ਪ੍ਰਭੂ ਦਾ ਪੁੱਤਰ ਲਗਦਾ ਹੈ:

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥

(ਸੋਰਠਿ ਮ: ੫, ਪੰਨਾ ੬੧੧)

ਇਸ ਲਈ ਉਹ ਮਨੁੱਖ ਮਾਤਰ ਦੀ ਸੇਵਾ ਨੂੰ ਆਪਣਾ ਕਰਤਵ ਬਣਾ ਲੈਂਦਾ ਹੈ। ਇਹ ਇਕ ਸਾਧਾਰਨ ਗੱਲ ਹੈ ਕਿ ਜਿਸ ਕਿਸੇ ਦੇ ਪੁੱਤਰ ਨਾਲ ਪਿਆਰ ਕੀਤਾ ਜਾਏ, ਜਿਸ ਦੇ ਵੀ ਬੱਚੇ ਨੂੰ ਖਿਡਾਇਆ ਜਾਏ, ਜਿਸ ਦੇ ਵੀ ਨਿਆਣਿਆਂ ਨੂੰ ਖਿਡੌਣੇ ਤੇ ਮਠਿਆਈ ਨਾਲ ਪਰਚਾਇਆ ਜਾਏ, ਉਹ ਸੁਭਾਵਕ ਹੀ ਸਾਡੇ ਵੱਲ ਪਿਆਰ ਦੀ ਨਿਗਾਹ ਨਾਲ ਤਕਦਾ ਹੈ। ਸੰਤ ਭੀ ਇਹੀ ਸਮਝਦੇ ਹਨ ਕਿ ਮਨੁੱਖ ਦੀ ਸੇਵਾ ਕਰਨ ਨਾਲ ਪਰਮੇਸ਼੍ਵਰ ਦੀ ਪ੍ਰਸੰਨਤਾ ਪ੍ਰਾਪਤ ਹੋਵੇਗੀ ਕਿਉਂ ਜੋ ਮਨੁੱਖ ਉਸ ਦੇ ਪੁੱਤਰ ਧੀਆਂ ਹਨ, ਕਿਸੇ ਮਜ਼ਲੂਮ ਦੀ ਮਦਦ ਕਰਨ, ਬੀਮਾਰ ਨੂੰ ਦਵਾਈ ਦੇਣ, ਭੁੱਖੇ ਦੇ ਮੁੱਖ ਵਿਚ ਅੰਨ ਪਾਉਣ ਤੇ ਪਿਆਸੇ ਨੂੰ ਪਾਣੀ ਪਿਆਉਣ ਨਾਲ ਜੋ ਅਸੀਸ ਮਿਲਦੀ ਹੈ, ਮਨ ਸਾਗਰ ਦੀ ਤਹਿ ਦਾ ਸੁੱਚਾ ਮੋਤੀ ਹੁੰਦੀ ਹੈ ਤੇ ਉਹ ਪ੍ਰਭੂ ਦੀ ਕ੍ਰਿਪਾ ਨੂੰ ਜਗਾਉਂਦੀ ਹੈ।

ਪੁਰਾਣਕ ਕਥਾ ਹੈ ਕਿ ਪਾਂਡਵ-ਪਤਨੀ ਦਰੋਪਦੀ ਨੇ ਕਿਸੇ ਸਮੇਂ ਜਲ ਵਿਚ ਨਹਾ ਰਹੇ ਰਿਸ਼ੀ ਦੀ ਸੇਵਾ ਕੀਤੀ। ਮਹਾਤਮਾ ਦੀ ਕੁਪੀਨ, ਇਸ਼ਨਾਨ ਕਰਦਿਆਂ ਜਲ-ਪ੍ਰਵਾਹ ਦੀ ਤੇਜ਼ੀ ਨਾਲ ਪਾਣੀ ਵਿਚ ਵਹਿ ਗਈ, ਉਹ ਮਜਬੂਰ ਹੋ ਪਾਣੀ ਵਿਚ ਖੜੋਤੇ ਰਹੇ। ਜਾਂ ਸਤਸੰਗਣ ਦਰੋਪਦੀ ਨੇ ਰਿਸ਼ੀ ਦੀ ਮਜਬੂਰੀ ਨੂੰ ਤਕ, ਆਪਣਾ ਦੁਪੱਟਾ ਪਾੜ ਕੇ ਉਹਨਾਂ ਵੱਲ ਸੁੱਟਿਆ, ਇਤਫ਼ਾਕ ਨਾਲ ਕਪੜੇ ਦਾ ਉਹ ਟੁਕੜਾ ਵੀ ਵਹਿ ਗਿਆ। ਦੇਵੀ ਨੇ ਦੁਪੱਟਾ ਪਾੜ ਕੇ ਦੂਜਾ ਟੁਕੜਾ ਸੁਟਿਆ ਪਰ ਉਹ ਵੀ ਰਿਸ਼ੀ ਦੇ ਹੱਥ ਨਾ ਆਇਆ। ਜਦ ਇਸ ਤਰ੍ਹਾਂ ਉਹ ਸਾਰੇ ਦੁਪੱਟੇ ਦੀਆਂ ਲੀਰਾਂ ਕਰਕੇ ਬਹਾ ਚੁੱਕੀ ਤਾਂ ਆਖ਼ਰੀ ਟਾਕੀ ਰਿਸ਼ੀ ਦੇ ਹੱਥ ਲੱਗੀ, ਜਿਸ ਨੂੰ ਲਪੇਟ ਉਹ ਪਾਣੀ ਤੋਂ ਬਾਹਰ ਆਇਆ। ਲਿਖਿਆ ਹੈ ਕਿ ਕਿਸੇ ਸ਼ਰੀਫ਼ ਮਨੁੱਖ ਦੀ ਮਜਬੂਰੀ ਨੂੰ ਅਨੁਭਵ ਕਰ, ਜੋ ਸੇਵਾ ਦਰੋਪਦੀ ਨੇ ਕੀਤੀ, ਉਸ ਦੇ ਫਲਸਰੂਪ ਹੀ ਦਰੋਪਦੀ ਦੀ ਲੱਜਾ, ਦੁਰਜੋਧਨ ਦੀ ਸਭਾ ਵਿਚ ਰਹੀ, ਦੁਸ਼ਟ ਦੁਸ਼ਾਸਨ ਨੇ ਜਦ ਵਾਲਾਂ ਤੋਂ ਪਕੜ ਘਸੀਟਦਿਆਂ ਹੋਇਆਂ ਸਭਾ ਵਿਚ ਲਿਆ ਖਲਿਹਾਰਿਆ ਤੇ ਦੁਰਜੋਧਨ ਨੇ ਉਸ ਨੂੰ ਨਗਨ ਕਰਨ ਦਾ ਹੁਕਮ ਦਿੱਤਾ ਤਾਂ ਜੂਏ ਵਿਚ ਸਭ ਕੁਝ ਹਾਰ ਚੁੱਕੇ ਪਾਂਡਵ ਬੇ-ਵਸ ਹੋ ਬਿੱਟ ਬਿੱਟ ਤਕਦੇ ਰਹੇ ਪਰ ਕਰ ਕੁਝ ਨਾ ਸਕੇ। ਪਰ ਪਰਮੇਸ਼੍ਵਰ ਦੀ ਰਹਿਮਤ ਜੋਸ਼ ਵਿਚ ਆਈ ਤੇ ਕਪੜਿਆਂ ਦੇ ਟੁਕੜਿਆਂ ਦੇ ਬਦਲੇ ਉਸ ਦੀ ਇੱਜ਼ਤ ਬਚਾਉਣ ਲਈ ਸਾੜ੍ਹੀਆਂ ਉਸ ਦੇ ਗਿਰਦ ਲਿਪਟ ਗਈਆਂ। ਇਹ ਵਿਚਾਰ ਦਾ ਪੁਰਾਣਕ ਪਹਿਲੂ ਹੈ, ਪਰ ਇਸ ਤੋਂ ਕੋਈ ਇਨਕਾਰ ਨਹੀਂ ਹੋ ਸਕਦਾ ਕਿ ਸੇਵਾ ਦਾ ਸੁਭਾਵ ਰੱਖਣ ਵਾਲੀ ਦੇਵੀ ਦਰੋਪਦੀ ਦੀ ਬੇਇਜ਼ਤੀ ਹੁੰਦੀ ਤਕ, ਸਭਾ ਵਿਚ ਹਾਜ਼ਰ ਦਰੋਣਾਚਾਰਯ ਤੇ ਭੀਸ਼ਮ ਪਿਤਾਮਾ ਵਰਗਿਆਂ ਰੋਸ ਪ੍ਰਗਟ ਕੀਤਾ ਹੋਵੇ, ਸਾੜ੍ਹੀ ਖਿੱਚਣ ਤੋਂ ਪਹਿਲਾਂ ਹੀ ਦੁਸ਼ਟ ਦਲ ਆਪਣੀ ਮੰਦੀ ਕਰਤੂਤ ਤੋਂ ਬਾਜ਼ ਰਹਿਣ ਲਈ ਮਜਬੂਰ ਹੋ ਗਿਆ ਹੋਵੇ। ਸੇਵਾ ਦੇ ਇਸ ਪਹਿਲੂ ਨੂੰ ਮਜ਼ਹਬੀ ਸਾਹਿਤ ਵਿਚ ਬਹੁਤ ਪ੍ਰਚਾਰਿਆ ਗਿਆ ਹੈ ਤੇ ਕਥਾ ਕਈ ਥਾਈਂ ਤਾਂ ਇਸ ਦੇ ਮੁਆਵਜ਼ੇ ਤੇ ਫਲ ਦੇ ਮੂਲ ਤੋਂ ਵੀ ਵਧਾ ਦਿੱਤੀ ਗਈ ਹੈ।

ਆਤਮਵਾਦੀਆਂ ਦੀ ਬਹੁ-ਗਿਣਤੀ, ਸੇਵਾ ਨੂੰ ਇਕ ਹੋਰ ਰੂਪ ਵਿਚ ਵੀ ਲੈਂਦੀ ਹੈ। ਉਹ ਇਸ ਨੂੰ ਮਨ ਮਾਰਨ ਦਾ ਸਾਧਨ ਕਰਾਰ ਦੇਂਦੀ ਹੈ। ਇਹ ਤਾਂ ਇਕ ਸਾਫ਼ ਤੇ ਸਪੱਸ਼ਟ ਗੱਲ ਹੈ ਕਿ ਜਗਿਆਸੂ ਦੀਆਂ ਆਤਮ ਉਡਾਰੀਆਂ ਵਿੱਚ ਮਨ ਹੀ ਉਸ ਨੂੰ ਧੋਖਾ ਦੇਂਦਾ ਤੇ ਥੱਲੇ ਗਿਰਾਂਦਾ ਹੈ। ਉਹਨਾਂ ਨੇ ਪੁਕਾਰ ਪੁਕਾਰ ਕੇ ਮਨ ਦੀ ਸ਼ਿਕਾਇਤ ਕੀਤੀ ਹੈ। ਸਮਾਧੀ ਇਸਥਿਤ ਸਾਧੂ ਦਾ ਮਨ ਉੱਡ ਕੇ ਬਾਹਰ ਗਿਆ ਹੋਇਆ, ਉਸਦੀ ਘਾਲ ਨੂੰ ਨਿਰਾਸ ਤੇ ਥਕਾ ਦੇਣ ਵਾਲੀ ਮੁਸ਼ੱਕਤ ਵਿਚ ਬਦਲ ਦੇਂਦਾ ਹੈ। ਸਿਆਲਕੋਟ ਵਾਲੇ ‘ਹਮਜ਼ਾ ਗ਼ੌਸ' ਤੇ ਹਸਨ ਅਬਦਾਲ ਵਾਲੇ 'ਵਲੀ ਕੰਧਾਰੀ' ਦੀਆਂ ਮਿਸਾਲਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿਚੋਂ ਇਸ ਗੱਲ ਦੀ ਸ਼ਹਾਦਤ ਦੇਂਦੀਆਂ ਹਨ ਕਿ ਜਦ ਅਭਿਆਸੀ ਦਾ ਮਨ ਗੈਰ-ਹਾਜ਼ਰ ਹੋ ਜਾਏ ਤਾਂ ਅਭਿਆਸ ਰਸ-ਰਹਿਤ ਕਰ ਥਕਾਵਟ ਪੈਦਾ ਕਰਦਾ ਤੇ ਫ਼ਕੀਰ ਨੂੰ ਗ਼ੁਸੈਲ ਬਣਾ ਦੇਂਦਾ ਹੈ ਤੇ ਕ੍ਰੋਧ ਦੀ ਵੀ ਕੋਈ ਹੱਦ ਨਹੀਂ ਰਹਿੰਦੀ। ‘ਹਮਜ਼ਾ’ ਦਾ ਸਾਰੇ ਸਿਆਲਕੋਟ ਸ਼ਹਿਰ ਨੂੰ ਗ਼ਰਕ ਕਰਨ ਦੇ ਖ਼ਿਆਲ ਨਾਲ ਚਿਲ੍ਹੇ ਵਿਚ ਬੈਠਣਾ ਅਤੇ ‘ਮਰਦਾਨੇ' ਜਿਹੇ ਪਿਆਸੇ ਨੂੰ ‘ਕੰਧਾਰੀ’ ਦਾ ਘੁੱਟ ਪਾਣੀ ਪੀਣ ਨੂੰ ਨਾ ਦੇਣਾ, ਥੱਕੇ ਹੋਏ ਮਨੁੱਖ ਦੇ ਕ੍ਰੋਧਾਤੁਰ ਹੋ ਜਾਣ ਦੀਆਂ ਕਿਤਨੀਆਂ ਭਿਆਨਕ ਮਿਸਾਲਾਂ ਹਨ।

ਇਸ ਲਈ ਧਾਂਵਦੇ ਹੋਏ ਮਨ ਨੂੰ ਰੋਕਣ ਦੇ ਯਤਨ ਫ਼ਕੀਰਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਆਪਣੇ ਮੁਰਸ਼ਦ ਕੋਲ ਦੁਹਾਈ ਦੇ ਕੇ ਕਿਹਾ, "ਮੇਰਾ ਮਨ ਵਸ ਵਿਚ ਨਹੀਂ ਰਹਿੰਦਾ, ਦਿਨ ਰਾਤ ਵਿਸ਼ਿਆਂ ਮਗਰ ਧਾਂਵਦਾ ਹੈ। ਮੈਂ ਇਸ ਨੂੰ ਕਿਸ ਤਰ੍ਹਾਂ ਰੋਕਾਂ? ਵੇਦ ਪੁਰਾਣ ਸਿਮ੍ਰਤੀਆਂ ਦੇ ਗਿਆਨ ਸੁਣ ਕੇ ਵੀ ਨਿਮਖ ਨਹੀਂ ਟਿਕਦਾ, ਪਰ-ਧਨ ਤੇ ਪਰ-ਦਾਰਾ ਦੀ ਚਾਹ ਕਰਦਾ ਹੈ।"

ਮਾਈ ਮਨੁ ਮੇਰੋ ਬਸਿ ਨਾਹਿ॥ ਨਿਸਿ ਬਾਸੁਰ ਬਿਖਿਅਨ ਕਉ
ਧਾਵਤੁ ਕਿਹ ਬਿਧਿ ਰੋਕਉ ਤਾਹਿ॥ ਬੇਦ ਪੁਰਾਨ ਸਿਮ੍ਰਿਤਿ ਕੋ
ਮਤੁ ਸੁਨਿ ਨਿਮਖ ਨ ਹੀਏ ਬਸਾਵੈ॥ ਪਰ ਧਨ ਪਰ ਦਾਰਾ
ਸਿਉ ਰਚਿਓ ਬਿਰਥਾ ਜਨਮੁ ਸਿਰਾਵੈ॥

(ਸੋਰਠਿ ਮ: ੯, ਪੰਨਾ ੬੩੨)

ਭਗਤ ਕਬੀਰ ਜੀ ਕਹਿੰਦੇ ਹਨ, “ਮਨ ਬੰਦਰ ਦੀ ਨਿਆਈਂ ਹੈ ਤੇ ਜਿਸ ਤਰ੍ਹਾਂ ਬਾਂਦਰ ਚਣਿਆਂ ਦੇ ਲਾਲਚ ਵਿਚ ਆਪਣੀ ਮੁੱਠੀ, ਕੁੱਜੀ ਵਿਚ ਫਸਾ, ਕਲੰਦਰਾਂ ਦੀ ਡੋਰੀ ਬੱਝਾ ਬੂਹੇ ਬੂਹੇ ਫਿਰਦਾ ਹੈ, ਉਸੇ ਤਰ੍ਹਾਂ ਹੀ ਇਹ ਮਨ ਮੈਨੂੰ ਭਰਮਾਉਂਦਾ ਹੈ।”

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ॥

(ਗਉੜੀ ਕਬੀਰ, ਪੰਨਾ ੩੩੬)

ਇਸ ਦਾ ਕੀ ਇਲਾਜ ਕੀਤਾ ਜਾਏ। ਇਸ ਨਫ਼ਸ ਨੂੰ ਕਿਸ ਤਰ੍ਹਾਂ ਮਾਰਿਆ ਜਾਏ, ਇਹ ਸਵਾਲ ਪੁਰਾਣਾ ਚਲਿਆ ਆ ਰਿਹਾ ਹੈ। ਇਸ ਗੱਲ 'ਤੇ ਤਾਂ ਸਾਰੇ ਸਹਿਮਤ ਹਨ ਕਿ ਨਫ਼ਸ ਮੂਜ਼ੀ ਹੈ ਤੇ ਇਸ ਨੂੰ ਮਾਰਨਾ ਮਗਰਮੱਛ, ਅਸਰਾਲ ਤੇ ਸ਼ੇਰ ਦੇ ਮਾਰਨ ਤੋਂ ਵੀ ਵਧੀਕ ਹਿੰਮਤ ਦਾ ਕੰਮ ਹੈ:

ਬੜੇ ਮੂਜ਼ੀ ਕੋ ਮਾਰਾ ਨਫ਼ਸੇ ਅੰਮਾਰਾ ਕੋ ਗਰ ਮਾਰਾ,
ਨਿਹੰਗੋ ਅਜਦਹਾਓ, ਸ਼ੇਰੇ ਨਰ ਮਾਰਾ ਤੋ ਕਿਆ ਮਾਰਾ।

ਮਨ ਨੂੰ ਕਾਬੂ ਵਿਚ ਕਰਨ ਲਈ ਅਧਿਆਤਮਵਾਦੀ ਪੁਰਸ਼ਾਂ ਨੇ ਜੋ ਸਾਧਨ ਅਖ਼ਤਿਆਰ ਕੀਤੇ ਹਨ, ਉਨ੍ਹਾਂ ਵਿਚੋਂ ਇਕ ਤਾਂ ਸੀ ਤਪ ਕਰ ਕੇ ਤੇ ਦੂਜਾ ਵਰਤ ਰੱਖ ਕੇ ਤਨ ਨੂੰ ਕਮਜ਼ੋਰ ਕਰਨ ਦਾ। ਇਸ ਸ਼੍ਰੇਣੀ ਦਾ ਖ਼ਿਆਲ ਸੀ, “ਦੁਨੀਆ ਦੇ ਭੋਗਾਂ ਦੀ ਕਾਮਨਾ ਕਰਕੇ ਹੀ ਮਨ ਬਾਹਰ ਦੌੜਦਾ ਹੈ, ਜੇ ਤਨ ਨੂੰ ਕਮਜ਼ੋਰ ਕਰ ਦਿਤਾ ਜਾਏ ਤਾਂ ਮਨ ਦਾ ਬਲ ਵੀ ਘਟ ਜਾਏਗਾ।" ਮੋਨੀ, ਪੌਣ ਅਹਾਰੀ, ਜੋਗੀ, ਈਸਾਈ, ਰਾਹਬ ਤੇ ਸੂਫ਼ੀ ਇਸ ਖ਼ਿਆਲ ਦੇ ਹੀ ਸਨ, ਪਰ ਉੱਚ ਕੋਟੀ ਦੇ ਆਤਮਵਾਦੀ ਬਜ਼ੁਰਗਾਂ ਦਾ ਖ਼ਿਆਲ ਰਿਹਾ ਹੈ ਕਿ ਇਸ ਤਰ੍ਹਾਂ ਮਨ ਮਰਦਾ ਨਹੀਂ, ਬੇਹੋਸ਼ ਜ਼ਰੂਰ ਹੋ ਜਾਂਦਾ ਹੈ। ਮਨੁੱਖ ਇਹ ਜਾਣ ਲੈਂਦਾ ਹੈ ਕਿ ਮਨ ਮਰ ਗਿਆ ਹੈ, ਪਰ ਜਦੋਂ ਵੀ ਕੁਸੰਗਤ ਮਿਲਦੀ ਹੈ, ਉਹ ਬੇਹੋਸ਼ ਹੋਏ ਪਏ ਡੱਡੂ ਦੇ, ਬਰਖਾ ਪੈਣ ਸਮੇਂ ਗੁਰੜਾਉਣ ਵਾਂਗ ਜਾਗ ਉਠਦਾ ਹੈ, ਤੇ ਕਈ ਵੇਰ ਅਜਿਹਾ ਜ਼ੋਰ ਮਾਰਦਾ ਹੈ ਕਿ ਵਰ੍ਹਿਆਂ ਦੇ ਕੀਤੇ ਹੋਏ ਤਪ ਤੇ ਸੰਜਮ ਨੂੰ ਛਿਣ ਵਿਚ ਨਸ਼ਟ ਕਰ ਦੇਂਦਾ ਹੈ:

ਮੈਂ ਜਾਨਿਓ ਮਨ ਮਰ ਗਿਓ, ਅਜੇ ਸੋ ਮਰਿਓ ਨਾਹਿ
ਬਰਖਾ ਪਰੀ ਕੁਸੰਗ ਕੀ, ਦਾਦਰ ਜਿਉਂ ਗੁਰੜਾਇ।

ਮਨ ਨੂੰ ਸਾਧਣ ਦਾ ਦੂਸਰਾ ਤਰੀਕਾ ਮਹਾਂਪੁਰਸ਼ਾਂ ਨੇ ਸੇਵਾ ਨੂੰ ਮੰਨਿਆ ਹੈ, ਗੁਰਮਤਿ ਇਸ ਖ਼ਿਆਲ ਨਾਲ ਹੀ ਸਹਿਮਤ ਹੈ, ਚੁਨਾਂਚਿ ਲਿਖਿਆ ਹੈ ਕਿ ਸਿੱਖ, ਮਨ ਦੀ ਇਕਾਗਰਤਾ ਲਈ ਮੁੱਖੋ ਜਾਪ ਜਪੇ ਤੇ ਮਨ ਨੂੰ ਉਸ ਵਿਚ ਜੋੜੇ, ਨਾਲ ਹੀ ਹੱਥਾਂ ਨਾਲ ਟਹਿਲ ਕਰ ਕੇ ਸਿੱਖ-ਸੰਗਤ ਨੂੰ ਰੀਝਾਵੇ:

ਮੁਖ ਤੇ ਅਰ ਮਨ ਸਦਾ ਲਿਵ ਨਾਮ ਲਗਾਵੇ,
ਹਾਥਨ ਤੇ ਕਰ ਟਹਿਲ ਕੋ ਸਿਖ ਸੰਤ ਰੀਝਾਵੇ।

(ਗੁਰ ਪ੍ਰਤਾਪ ਸੂਰਜ)

ਇਹ ਇਕ ਪ੍ਰਤੱਖ ਗੱਲ ਹੈ ਕਿ ਮਨੁੱਖ ਦਾ ਮਨ ਤੇ ਤਨ ਅਜਿਹੇ ਘੁਲ-ਮਿਲ ਰਹੇ ਹਨ ਕਿ ਕਦੀ ਤਨ, ਮਨ ਦੇ ਮਗਰ ਲਗਦਾ ਹੈ ਤੇ ਕਈ ਵੇਰ ਮਨ, ਤਨ ਦਾ ਅਸਰ ਕਬੂਲ ਕਰਦਾ ਹੈ। ਭਾਵੇਂ ਆਮ ਵਰਤੋਂ ਵਿਚ ਤਨ, ਮਨ ਦੇ ਮਗਰ ਹੀ ਲਗਦਾ ਹੈ, ਪਰ ਜਦ ਤਨ ਦੀਆਂ ਲੋੜਾਂ ਨੂੰ ਘਟਾ ਕੇ ਸੇਵਾ ਵਿਚ ਲੱਗ, ਮਨ ਨੂੰ ਕਿਸੇ ਲਿਵ ਵਿਚ ਜੋੜਿਆ ਜਾਏ ਤਾਂ ਬਾਹਲਾ ਖਰੂਦ ਨਹੀਂ ਕਰਦਾ। ਸਤਿਗੁਰਾਂ ਨੇ ਸੇਵਾ ਨੂੰ ਇਸ ਕੰਮ ਲਈ ਮੁੱਖ ਸਾਧਨ ਮੰਨਿਆ ਹੈ। ਸਾਰੇ ਗਿਆਨ ਤੇ ਕਰਮ-ਇੰਦਰੇ ਜਦ ਸੇਵਾ ਵਿਚ ਜੁਟ ਜਾਣ, ਤਾਂ ਮਨ ਨੂੰ ਵੀ ਬਹੁਤ ਹੱਦ ਤਕ ਮਗਰ ਲੱਗਣਾ ਹੀ ਪੈਂਦਾ ਹੈ। ਸਾਰੀ ਪਰਜਾ ਦੀ ਬਗ਼ਾਵਤ, ਜਾਬਰ ਹੁਕਮਰਾਨ ਦੀ ਫ਼ੌਜ ਦੀ ਇਕ-ਮੁਠ ਹੋ ਕੀਤੀ ਨਾ-ਫ਼ਰਮਾਨੀ, ਸਖ਼ਤ-ਦਿਲ ਕਮਾਂਡਰਾਂ ਨੂੰ ਵੀ ਆਪਣਾ ਰਵੱਯਾ ਬਦਲਣ 'ਤੇ ਮਜਬੂਰ ਕਰ ਦੇਂਦੀ ਹੈ। ਉਸੇ ਤਰ੍ਹਾਂ ਗਿਆਨ ਤੇ ਕਰਮ-ਇੰਦਰੇ ਜੋ ਮਨ ਦੀ ਸੈਨਾ ਹਨ, ਜਦ ਸਾਰੇ ਸੇਵਾ ਵਿਚ ਜੁਟ ਜਾਵਣ ਤਾਂ ਮਨ ਮਗਰ ਕਿਉਂ ਨਾ ਲੱਗੇ। ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਕਿ ਜੇ ਦਿਲ ਦਾਨਾ ਕਰੇਂ ਤਾਂ ਯਾਰ ਬਗ਼ਲ ਵਿਚ ਹੈ; ਜੇ ਅੱਖ ਵੇਖਣ ਵਾਲੀ ਕਰੇਂ ਤਾਂ ਹਰ ਥਾਂ ਉਸਦਾ ਨੂਰ ਦਿਸਦਾ ਹੈ। ਪਰ ਦਿਲ ਨੂੰ ਦਾਨਾ ਤੇ ਅੱਖ ਨੂੰ ਦੇਖਣ ਵਾਲੀ ਬਣਾਣ ਦਾ ਸਾਧਨ ਕੀ ਦਸਦੇ ਹਨ: ਮਹਿਬੂਬ ਦੇ ਚਰਨਾਂ ਤੇ ਸਿਰ ਧਰ ਦੇ, ਜਾਨ ਨੂੰ ਉਸ ਤੋਂ ਸਦਕੇ ਕਰ, ਅੱਖ ਨਾਲ ਉਸ ਤੋਂ ਬਿਨਾਂ ਗ਼ੈਰ ਨੂੰ ਨਾ ਤੱਕ, ਕੰਨਾਂ ਰਾਹੀਂ ਉਸਦਾ ਹੀ ਭੇਤ ਸੁਣ, ਹੱਥਾਂ ਨਾਲ ਉਸਦਾ ਪੱਲਾ ਫੜ ਤੇ ਪੈਰਾਂ ਰਾਹੀਂ ਉਸ ਵੱਲ ਤੁਰ ਕੇ ਜਾ। ਇਸ ਤਰ੍ਹਾਂ ਸਾਰੇ ਸਾਧਨਾਂ ਨੂੰ ਉਸ ਵੱਲ ਲਗਾ ਦੇ, ਇਸ ਰਮਜ਼ ਦਾ ਬਿਆਨ ਖੋਲ੍ਹ ਕੇ ਕਰਨ ਵਾਲਿਆਂ ਨੇ ਇਹੀ ਦਸਿਆ ਹੈ ਕਿ ਇਸ ਵਿਚ ਸੇਵਾ ਦਾ ਜੀਵਨ ਧਾਰਨ ਕਰਨ ਵੱਲ ਇਸ਼ਾਰਾ ਹੈ:

ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸਤ।
ਚਸ਼ਮਾਗਰ ਬੀਨਾ ਬਵਦ, ਦਰ ਹਰ ਤਰਫ ਦੀਦਾਰ ਹਸਤ।
ਸਰ ਅਗਰ ਦਾਰੀ ਬਿਰੋ, ਸਰ ਨਾ ਬਨਿਹ ਬਰ ਪਾਇਓ।
ਜਾਂ ਅਗਰ ਦਾਰੀ, ਨਿਸਾਰਸ਼ ਕੁਨ ਅਗਰ ਦਰਕਾਰ ਹਸਤ।
ਗੋਸ ਗਰ ਸੁਨਣਾ ਬਵਦ, ਜ਼ੁੱਜ ਨਾਮੇ ਹਕ ਕੈ ਬਸਿਨਵਦ।
ਗਰ ਜ਼ਬਾ ਗੌਆ ਬਵਦ, ਦਰ ਹਰ ਸੁਖਨ ਇਸਰਾਰ ਹਸਤ।
ਦਸਤ ਗਰ ਦਾਰੀ ਬਿਰੋ, ਦਮ ਨੇ ਜਾਨਾ ਰਾ ਬਗੀਰ।
ਸੂਏ ਊ ਮੀ ਰੋ ਅਗਰ ਪਾਰਾ, ਸਰੇ ਰਫਤਾਰ ਹਸਤ।

ਭਾਈ ਨੰਦ ਲਾਲ ਦੀ ਆਪਣੀ ਜ਼ਿੰਦਗੀ ਭੀ ਇਸ ਗੱਲ ਦੀ ਗਵਾਹ ਹੈ ਕਿ ਜਦ ਉਹ ਸ਼ਹਿਨਸ਼ਾਹ ਔਰੰਗਜ਼ੇਬ ਦੇ ਮੁਤਅੱਸਬ ਸੁਭਾਅ ਤੋਂ ਤੰਗ ਆ ਕੇ ਦਿੱਲੀ ਦਾ ਮੁਗ਼ਲ ਦਰਬਾਰ ਛੱਡ ਅਨੰਦਪੁਰ ਸਾਹਿਬ ਪੁੱਜੇ, ਤੇ ਸਤਿਗੁਰਾਂ ਕੋਲੋਂ ਜੀਵਨ-ਮਨੋਰਥ ਦੀ ਪ੍ਰਾਪਤੀ ਦਾ ਸਹੀ ਰਸਤਾ ਪੁੱਛਿਆ, ਤਾਂ ਉਹਨਾਂ ਨੇ ਭਾਈ ਸਾਹਿਬ ਨੂੰ ਲੰਗਰ ਵਿਚ ਹੱਥੀਂ ਸੇਵਾ ਕਰਨ ਦੀ ਜੁਗਤੀ ਦੱਸੀ। ਭਾਈ ਸਾਹਿਬ ਨੇ ਇਸ ਪਾਵਨ ਮਰਯਾਦਾ ਨੂੰ ਜੀਵਨ ਭਰ ਨਿਭਾਇਆ। ਚੁਨਾਂਚਿ ਇਕ ਦਫ਼ਾ ਜਦ ਗ਼ਰੀਬ ਨਿਵਾਜ਼ ਸਤਿਗੁਰੂ ਭੇਸ ਬਦਲ ਕੇ ਅਨੰਦਪੁਰ ਸਾਹਿਬ ਵਿਚ ਚਲ ਰਹੇ ਲੰਗਰਾਂ ਦੀ ਪ੍ਰੀਖਿਆ ਕਰਨ ਨਿਕਲੇ, ਤਾਂ ਸਭ ਤੋਂ ਸ਼੍ਰੋਮਣੀ ਲੰਗਰ ਭਾਈ ਨੰਦ ਲਾਲ ਸਾਹਿਬ ਦਾ ਹੀ ਨਿਕਲਿਆ। ਜਦ ਉਹਨਾਂ ਦੀ ਜੀਵਨ-ਘਾਲ ਨੂੰ ਇਸ ਵਾਕ ਨਾਲ ਰਲਾ ਕੇ ਵੀਚਾਰੀਏ, ਤਾਂ ਅਰਥ ਇਉਂ ਪ੍ਰਤੀਤ ਹੁੰਦੇ ਹਨ: ਸਿਰ ਨੂੰ ਦਾਤਾ ਦੇ ਚਰਨਾਂ 'ਤੇ ਰੱਖਣਾ ਕੀ ਹੈ, ਉਸਦੀ ਮਖ਼ਲੂਕ ਵਿਚ ਨਿਮਰਤਾ ਸਹਿਤ ਜੀਵਨ ਬਸਰ ਕਰਨਾ, ਨਿਰਅਭਿਮਾਨ ਹੋ, ਆਜਿਜ਼ ਹੋ ਵਰਤਣ ਵਾਲੇ ਲੋਕ ਹੀ ਜਗਤ ਵਿਚ ਸੁਖੀ ਵਸਦੇ ਹਨ। ਵੱਡੇ ਵੱਡੇ ਅਭਿਮਾਨੀਆਂ ਦੇ ਤਾਂ ਜੀਵਨ ਗਰਭ ਵਿਚ ਹੀ ਗਲ ਜਾਂਦੇ ਹਨ:

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥

(ਸੁਖਮਨੀ ਸਾਹਿਬ, ਪੰਨਾ ੨੭੮)

ਸੋ ਸਿਰ ਨੂੰ ਪੈਰਾਂ 'ਤੇ ਧਰਨ ਦਾ ਮਤਲਬ, ਆਜਿਜ਼ ਹੋ ਵਕਤ ਗੁਜ਼ਾਰਨਾ ਹੈ; ਜ਼ਬਾਨ ਰਾਹੀਂ ਮਿੱਠਾ ਬੋਲਣਾ ਇਕ ਭਾਰੀ ਖ਼ਿਦਮਤ ਹੈ। ਮਿੱਠੀ ਜਿਹਬਾ ਇਕ ਅਜਿਹਾ ਸ਼ਹਿਦ ਦਾ ਛੱਤਾ ਹੈ, ਜਿਸ ਤੋਂ ਸਗਲ ਜਗਤ ਮਿਠਾਸ ਲੈਂਦਾ ਹੈ, ਉਸ ਦਾ ਫਿਰ ਭੀ ਕੁਛ ਨਹੀਂ ਘਟਦਾ।

ਅੱਖਾਂ ਰਾਹੀ ਪਿਆਰ-ਭਰੀ ਦ੍ਰਿਸ਼ਟੀ ਤੇ ਲਬਾਂ ਦੀ ਮੁਸਕ੍ਰਾਹਟ, ਭਾਰੇ ਤੋਂ ਭਾਰੇ ਥੱਕੇ ਹੋਏ ਆਦਮੀ ਨੂੰ ਭੀ ਹੌਲਾ ਫੁੱਲ ਕਰ ਦੇਂਦੀ ਹੈ। ਇਸੇ ਤਰ੍ਹਾਂ ਹੱਥਾਂ ਨਾਲ ਮਹਿਬੂਬ ਦਾ ਦਾਮਨ ਫੜਨਾ ਕੀ ਹੈ, ਹੱਥੀਂ ਸੇਵ ਕਮਾਵਣੀ। ਸਿੱਖੀ ਵਿਚ ਇਹ ਸਰਬੋਤਮ ਕਰਮ ਹੈ। ਸਾਧ ਸੰਗਤ ਵਿਚ ਜਾਣਾ, ਤੱਪੜ ਝਾੜ ਕੇ ਵਿਛਾਉਣੇ, ਪਾਣੀ ਭਰਨਾ ਤੇ ਪ੍ਰਸ਼ਾਦਿ ਘਰੋਂ ਪਕਾ ਲਿਆ ਕੇ ਲੋੜਵੰਦਾਂ ਨੂੰ ਵੰਡ ਕੇ ਖੁਆਉਣਾ।

ਗੁਰਸਿਖਾ ਗੁਰਸਿਖ ਸੇਵਾ ਲਾਇਆ।
ਸਾਧਸੰਗਤਿ ਕਰਿ ਸੇਵ ਸੁਖ ਫਲੁ ਪਾਇਆ।
ਤਪੜੁ ਝਾੜਿ ਵਿਛਾਇ ਧੂੜੀ ਨਾਇਆ।
ਕੋਰੇ ਮਟ ਅਣਾਇ ਨੀਰੁ ਭਰਾਇਆ।
ਆਣਿ ਮਹਾ ਪ੍ਰਸਾਦੁ ਵੰਡਿ ਖੁਆਇਆ।

(ਭਾਈ ਗੁਰਦਾਸ ਜੀ, ਵਾਰ ੨੦, ਪਉੜੀ ੧੦)

ਅਜਿਹਾ ਕਰਨ ਵਾਲੇ ਗੁਰਸਿੱਖਾਂ ਨੂੰ ਹੀ ਸੰਗਤ ਵਿਚ ਮਹਾਨਤਾ ਮਿਲੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸਾਰੀ ਮਰਯਾਦਾ ਨੂੰ ਇਸ ਤਰ੍ਹਾਂ ਫ਼ੁਰਮਾਇਆ ਹੈ ਕਿ ਸਿੱਖ ਯਥਾ-ਸ਼ਕਤ ਉਗਰਾਹੀ ਕਰ ਕੇ ਸੁੰਦਰ ਧਰਮਸਾਲਾ ਬਣਵਾਉਣ, ਜਿਸ ਦੇ ਵਿਚ ਇਕ ਸਿੱਖ ਹਮੇਸ਼ਾ ਟਿਕਿਆ ਰਹੇ, ਜਿਸ ਕਰਕੇ ਆਏ ਗਏ ਮੁਸਾਫ਼ਰ ਨੂੰ ਪ੍ਰਸ਼ਾਦਾ ਜ਼ਰੂਰ ਮਿਲੇ। ਜੇ ਇਕ ਸਿੱਖ ਦੇਵੇ ਤਾਂ ਭਲਾ, ਨਹੀਂ ਤਾਂ ਬਾਕੀ ਦੇ ਸਿੱਖਾਂ ਕੋਲੋਂ ਇਕੱਠਾ ਕਰ ਕੇ ਲਿਆਵੇ:

ਜਿਸਮੇ ਯਥਾ ਸ਼ਕਤ ਹੋ ਆਵੇ, ਧਰਮ ਸਾਲ ਸੁੰਦਰ ਬਨਵਾਵੇ।
ਤਿਸ ਮੇ ਰਾਖੇ ਸਿਖ ਟਿਕਾਇ, ਪੰਥੀ ਕੋ ਭੋਜਨ ਮਿਲ ਜਾਏ।
ਇਕ ਸਿਖ ਦੇ, ਕਿ ਸਭ ਮਿਲ ਦੇਵੇਂ, ਸਿਮਰੇ ਨਾਮ ਸੁਜਨ ਕੋ ਸੇਵੇਂ।

(ਗੁਰ ਪ੍ਰਤਾਪ ਸੂਰਜ, ਰਾਗ ੧, ਧਿਆਇ ੬੪)

ਇਸ ਚਲਨ ਦੀ ਹੀ ਸਿੱਖਾਂ ਨੂੰ ਸਤਿਗੁਰਾਂ ਨੇ ਸੋਭਾ ਬਖ਼ਸ਼ੀ ਹੈ। ਗੁਰੂ ਸਾਹਿਬਾਨ ਦੀ ਆਪਣੀ ਜ਼ਿੰਦਗੀ ਅਥੱਕ ਸੇਵਾਦਾਰਾਂ ਦੀ ਗੁਜ਼ਰੀ ਹੈ। ਖ਼ਾਸ ਤੌਰ 'ਤੇ ਤੀਸਰੇ ਜਾਮੇ ਵਿਚ, ਆਪ ਨੇ ਜੋ ਘਾਲ ਸੇਵਾ ਦੀ ਘਾਲੀ, ਉਸ ਦਾ ਦੂਸਰਾ ਪ੍ਰਮਾਣ ਦੇਣ ਤੋਂ ਸੰਸਾਰ ਦਾ ਇਤਿਹਾਸ ਅਸਮਰਥ ਹੈ। ਗੁਰ ਜੋਤੀ ਦੇ ਜਾਮਿਆਂ ਤੋਂ ਉਤਰ ਕੇ ਸਿੱਖ-ਸੰਪ੍ਰਦਾਏ ਵਿਚ ਵੀ ਉਹੋ ਹੀ ਮੁਖੀ ਥਾਪੇ ਗਏ, ਜਿਨ੍ਹਾਂ ਸੇਵਾ ਵਧ-ਚੜ੍ਹ ਕੇ ਕੀਤੀ। ਬਾਬਾ ਬੁੱਢਾ ਜਿਹੇ ਮਹਾਨ ਪੁਰਖਾਂ ਨੇ ਸਾਰੀ ਉਮਰ ਹੀ ਹੱਥੀਂ-ਸੇਵਾ ਵਿਚ ਲਗਾ ਦਿੱਤੀ। ਇਸ ਸੇਵਾ ਵਿਚ ਇਹ ਭੀ ਨਹੀਂ ਹੋਇਆ ਕਿ ਗ਼ਰੀਬ ਹੀ ਕਰਦੇ ਰਹੇ, ਸਗੋਂ ਬੜੇ ਬੜੇ ਧਨੀ ਸਿੱਖ ਵੀ ਸਤਿਗੁਰਾਂ ਦੀਆਂ ਖ਼ੁਸ਼ੀਆਂ ਲੈਣ ਹਿੱਤ ਤੇ ਜੀਵਨ-ਮਨੋਰਥ ਸਫਲ ਕਰਨ ਲਈ ਸੇਵਾ ਵਿਚ ਜੁਟੇ, ਕਿਉਂਕਿ ਸਿੱਖੀ ਦਾ ਉਦੇਸ਼ ਹੀ ਇਹ ਸੀ। ਸੰਸਾਰ ਦੀ ਆਮ ਮਰਯਾਦਾ ਮਨੁੱਖ ਜਾਤੀ ਨੂੰ ਉੱਤਮ, ਮੱਧਮ ਤੇ ਨੀਚ, ਤਿੰਨਾਂ ਹਿੱਸਿਆਂ ਵਿਚ ਵੰਡਦੀ ਸੀ। ਪਰ ਗੁਰਸਿੱਖੀ ਵਿਚ ਤਾਂ ਇਹ ਕਿਹਾ ਗਿਆ ਕਿ ਗੁਰਮੁਖ ਨੀਵਿਆਂ ਤੋਂ ਨੀਵੇਂ ਹਨ, ਉਹਨਾਂ ਦੀ ਮਰਯਾਦਾ ਪੈਰੀਂ ਪੈਣਾ ਤੇ ਪੈਖ਼ਾਕ ਹੋਣਾ ਹੈ, ਮਿੱਠਾ ਬੋਲਣਾ, ਨਿਉਂ ਚਲਣਾ ਤੇ ਹੱਥੋਂ ਕੁਛ ਦੇਣਾ ਉਹਨਾਂ ਦਾ ਕਰਤਵ ਹੈ:

ਉਤਮ ਮਧਮ ਨੀਚ ਲਖ, ਗੁਰਮੁਖ ਨੀਚੋਂ ਨੀਚ ਸਦਾਏ।
ਪੈਰੀ ਪੈ ਪੈਖਾਕ ਹੋਇ ਗੁਰਮੁਖ ਗੁਰਸਿਖ ਆਪ ਗਵਾਏ।
ਸਾਧ ਸੰਗਤ ਭਓ ਭਾਉ ਕਰ, ਸੇਵਕ ਸੇਵਾ ਕਾਰ ਕਮਾਏ।
ਮਿਠਾ ਬੋਲਣ ਨਿਵ ਚਲਣ, ਹਥੋਂ ਦੇ ਕੇ ਭਲਾ ਮਨਾਏ।

(ਭਾਈ ਗੁਰਦਾਸ ਜੀ, ਵਾਰ ੮, ਪਉੜੀ ੨੪)

ਚੁਨਾਂਚਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਜਦ ਕਿਸੇ ਨੇ ਪੁਛ ਕੀਤੀ ਕਿ ਸਾਨੂੰ ਕਿਸੇ ਪੂਰਨ ਗੁਰਸਿੱਖ ਦੇ ਦਰਸ਼ਨ ਕਰਾਓ ਤਾਂ ਆਪ ਨੇ ਦਰਸ਼ਕ ਨੂੰ ਗੁਜਰਾਤ ਵਿਚ ਭਾਈ ਭਿਖਾਰੀ ਦੇ ਘਰ ਭੇਜਿਆ। ਭਾਈ ਸਾਹਿਬ ਦਾ ਕਾਰੋਬਾਰ ਗੁਰੂ-ਕ੍ਰਿਪਾ ਨਾਲ ਬੜਾ ਚੰਗਾ ਸੀ। ਧਰਮ ਕਿਰਤ ਵਿਚ ਵਾਧਾ ਹੋਣ ਕਰਕੇ ਉਹਨਾਂ ਦੇ ਮਕਾਨ ਵਿਚ ਫ਼ਰਸ਼ 'ਤੇ ਗ਼ਲੀਚੇ ਵਿਛੇ ਹੋਏ ਸਨ। ਜਦ ਦਰਸ਼ਨ ਅਭਿਲਾਖੀ ਪੁੱਜਾ ਤਾਂ ਉਸ ਨੇ ਕੀ ਡਿੱਠਾ ਕਿ ਭਾਈ ਸਾਹਿਬ ਕੀਮਤੀ ਗਲੀਚੇ 'ਤੇ ਬੈਠੇ ਹੋਏ ਇਕ ਪਾਟਾ ਹੋਇਆ ਤੱਪੜ ਗੰਢ ਰਹੇ ਸਨ। ਜਾਂ ਉਸ ਨੇ ਪੁੱਛਿਆ ਕਿ ਗ਼ਲੀਚਿਆਂ 'ਤੇ ਬਹਿਣ ਵਾਲੇ ਅਮੀਰ ਦਾ ਤੁਟੇ ਹੋਏ ਤੱਪੜ ਗੰਢਣੇ ਤਾਂ ਇਕ ਬੁਝਾਰਤ ਜਿਹੀ ਹੈ, ਤਾਂ ਭਾਈ ਸਾਹਿਬ ਨੇ ਮੁਸਕਰਾ ਕੇ ਕਿਹਾ, “ਪ੍ਰੇਸ਼ਾਨ ਨਾ ਹੋਵੋ, ਮੈਂ ਗੁਰੂ ਕਾ ਸਿੱਖ ਹਾਂ ਤੇ ਤੱਪੜ ਧਰਮਸਾਲ ਦੇ ਹਨ, ਇਹ ਗ਼ਲੀਚਿਆਂ ਦੇ ਆਸਣ ਤਾਂ ਸਰੀਰਕ ਸੁਖ ਤੇ ਲੋਕ-ਵਡਿਆਈ ਦਿਵਾਂਦੇ ਹਨ, ਪਰ ਇਹਨਾਂ ਤੱਪੜਾਂ ਦਾ ਗੰਢਣਾ ਮਾਨਸਕ ਸ਼ਾਂਤੀ ਤੇ ਦੋਂਹ ਜਹਾਨਾਂ ਦਾ ਜੱਸ ਪ੍ਰਾਪਤ ਕਰਦਾ ਹੈ।”

ਪੰਜਾਬ ਦੇਸ ਵਿਚ ਜਲੰਧਰ ਦੇ ਜ਼ਿਲ੍ਹੇ ਮੰਝਕੀ ਦਾ ਇਲਾਕਾ ਮਸ਼ਹੂਰ ਹੀ ਭਾਈ ਮੰਝ ਦੇ ਨਾਮ 'ਤੇ ਹੈ। ਮੰਝ ਨਾ ਤਾਂ ਕੋਈ ਜਰਵਾਣਾ ਹਾਕਮ ਸੀ, ਤੇ ਨਾ ਦਾਰਸ਼ਨਿਕ ਪੰਡਤ, ਉਹ ਤਾਂ ਸੇਵਾ ਦਾ ਪੁਤਲਾ ਸੀ। ਲਿਖਿਆ ਹੈ ਕਿ ਜਦ ਮੁਰਾਦਾਂ ਦੇਣ ਵਾਲੇ ਪੀਰ ਸਖ਼ੀ ਸਰਵਰ ਤੋਂ ਮਾਨਸਕ ਸੁਖ ਦੀ ਪ੍ਰਾਪਤੀ ਹੁੰਦੀ ਨਾ ਦੇਖ, ਮੰਝ ਗੁਰੂ ਕਾ ਸਿੱਖ ਬਣਿਆ ਤਾਂ ਸਤਿਗੁਰਾਂ ਨੇ ਉਸਤਾਦ ਦੇ ਯੋਗ ਵਿਦਿਆਰਥੀ ਵੱਲ ਵਿਸ਼ੇਸ਼ ਧਿਆਨ ਦੇਣ ਵਾਂਗ ਮੰਝ ਵੱਲ ਵੀ ਖ਼ਾਸ ਗਹੁ ਕੀਤਾ। ਲੰਗਰ ਵਿਚ ਲੱਕੜਾਂ ਢੋਣ ਦੀ ਸੇਵਾ ਜ਼ਿੰਮੇ ਲਗਾਈ ਗਈ। ਸਾਦਕ ਮੰਝ ਕਈ ਬਿਖਮ ਹਾਲਤਾਂ ਵਿਚੋਂ ਲੰਘ ਸੇਵਾ 'ਤੇ ਪ੍ਰਪੱਕ ਰਿਹਾ। ਓੜਕ ਇਕ ਦਿਨ ਉਹ ਵੀ ਆਇਆ ਜਦ ਖੂਹ ਡਿਗੇ ਮੰਝ ਨੂੰ ਸਤਿਗੁਰਾਂ ਆਪ ਕਢਿਆ ਤੇ ਫ਼ੁਰਮਾਇਆ:

“ਮੰਝ ਨੂੰ ਗੁਰੂ ਤੇ ਗੁਰੂ ਨੂੰ ਮੰਝ ਪਿਆਰਾ ਹੈ, ਜਿਸ 'ਤੇ ਬੈਠ ਜਗਤ ਪਾਰ ਉਤਰੇਗਾ।”

ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ।
ਮੰਝ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ।

ਸਿੱਖੀ ਦੇ ਇਤਿਹਾਸ ਨੂੰ ਪੜ੍ਹਿਆਂ ਅਜੇਹੀ ਸੇਵਾ ਦੇ ਬੇਅੰਤ ਪ੍ਰਮਾਣ ਮਿਲਦੇ ਹਨ। ਇਕ ਵਾਰ ਜਦ ਕਸ਼ਮੀਰ ਦੇ ਜਗਤ-ਵਿਜਈ ਪੰਡਤ ਨੇ, ਜੋ ਆਪਣੀ ਦਾਰਸ਼ਨਿਕ ਵਿਦਿਆ ਦੇ ਬਲ ਨਾਲ ਮੁਖ਼ਤਲਿਫ਼ ਵਿਦਵਾਨਾਂ ਨੂੰ ਜਿਤਦਾ ਤੇ ਉਨ੍ਹਾਂ ਦੀਆਂ ਪੁਸਤਕਾਂ ਖੋਹ ਲੈਂਦਾ ਸੀ, ਉਸ ਨੇ ਜਦ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਤੇ ਪੁਛਿਆ ਕਿ ਤੁਹਾਡੀ ਧਰਮ-ਮਰਯਾਦਾ ਕੀ ਹੈ? ਤਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਇਸ਼ਾਰਾ ਕੀਤਾ ਤੇ ਉਨ੍ਹਾਂ ਸਿੱਖ ਧਰਮ ਦੀ ਮਰਯਾਦਾ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਸਿੱਖੀ ਦਾ ਅਰੰਭ ਜੀਊਂਦਿਆਂ ਮੌਤ ਨੂੰ ਕਬੂਲ ਕਰਨ ਤੋਂ ਹੁੰਦਾ ਹੈ, ਭਰਮ ਤੇ ਭਉ ਨੂੰ ਖੋ ਚੁੱਕੇ, ਸਬਰ ਤੇ ਸਿਦਕ ਦੇ ਸ਼ਹੀਦ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ। ਜ਼ਰਖ਼ਰੀਦ ਗ਼ੁਲਾਮਾਂ ਦੀ ਤਰ੍ਹਾਂ ਉਨ੍ਹਾਂ ਨੂੰ ਕੰਮ ਵਿਚ ਲਗਾਇਆ ਜਾਂਦਾ ਹੈ। ਲੋੜਵੰਦਾਂ ਨੂੰ ਪੱਖਾ ਫੇਰਨ ਤੇ ਪਿਆਸਿਆਂ ਲਈ ਪਾਣੀ ਢੋਣ ਦੀ ਤਾਕੀਦ ਹੈ। ਭੁਖਿਆਂ ਲਈ ਆਟਾ ਪੀਹਣ ਤੇ ਥੱਕਿਆਂ ਦੇ ਪੈਰ ਧੋਵਣੇ ਰੋਜ਼ਾਨਾ ਕਰਮ ਹਨ। ਨਾ ਖ਼ੁਸ਼ੀ 'ਤੇ ਬਹੁਤ ਹੱਸਣਾ ਤੇ ਨਾ ਗ਼ਮੀ 'ਤੇ ਬਹੁਤ ਰੋਣਾ, ਥੋੜਾ ਖਾਣਾ ਤੇ ਥੋੜ੍ਹਾ ਸੌਣਾ, ਸੰਜੀਦਾ ਜਿਹੀ ਜ਼ਿੰਦਗੀ ਬਸਰ ਕਰ, ਈਦ ਦੇ ਚੰਦ ਵਾਂਗ ਖ਼ਲਕਤ ਵਿਚ ਮਕਬੂਲ ਹੋਣਾ ਹੀ ਸਿਖੀ ਦਾ ਜੀਵਨ-ਸਿਧਾਂਤ ਹੈ:

ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ।
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।
ਗੋਲਾ ਮੁਲ ਖਰੀਦੁ ਕਾਰੇ ਜੋਵਣਾ।
ਨਾ ਤਿਸੁ ਭੂਖ ਨ ਨੀਦ ਨ ਖਾਣਾ ਸੋਵਣਾ।
ਪੀਹਣਿ ਹੋਇ ਜਦੀਦ ਪਾਣੀ ਢੋਵਣਾ।
ਪਖੇ ਦੀ ਤਾਗੀਦ ਪਗ ਮਲਿ ਧੋਵਣਾ।
ਸੇਵਕ ਹੋਇ ਸੰਜੀਦੁ ਨ ਹਸਣੁ ਰੋਵਣਾ।
ਦਰ ਦਰਵੇਸ ਰਸੀਦੁ ਪਿਰਮ ਰਸੁ ਭੋਵਣਾ।
ਚੰਦੁ ਮੁਮਾਰਖਿ ਈਦ ਪੁਗਿ ਖਲੋਵਣਾ।

(ਭਾਈ ਗੁਰਦਾਸ ਜੀ, ਵਾਰ ੩, ਪਉੜੀ ੧੮)

ਪੰਡਿਤ ਨੇ ਪੁੱਛਿਆ, “ਇਸ ਬਿਆਨ ਵਿਚ ਪਰਮੇਸ਼੍ਵਰ ਦੇ ਕੋਈ ਲੱਛਣ ਨਹੀਂ ਆਏ।” ਭਾਈ ਸਾਹਿਬ ਨੇ ਕਿਹਾ, “ਅਣਡਿਠੇ ਦੇ ਲੱਛਣ ਤਾਂ ਕੀ ਕਰਨੇ, ਦੇਖਣ ਵਾਲੇ ਵਿਚ ਕਹਿਣ ਦੀ ਸ਼ਕਤੀ ਨਹੀਂ ਰਹਿੰਦੀ।” ਪੰਡਿਤ ਨੇ ਪਹਿਲਾ ਰਵੱਈਆ ਛੱਡ ਸਿੱਖੀ ਧਾਰਣ ਕੀਤੀ ਤੇ ਉਹ ਸੇਵਾ ਕੀਤੀ ਕਿ ਅੱਜ ਤਕ ਉਸਦਾ ਨਾਮ ਹੀ ਸੇਵਾਦਾਸ ਕਰਕੇ ਮਸ਼ਹੂਰ ਚਲਿਆ ਆਉਂਦਾ ਹੈ।

ਹੱਥੀਂ ਸੇਵਾ ਕਰਨ ਨਾਲ ਇਕ ਹੋਰ ਭਾਰਾ ਲਾਭ ਹੁੰਦਾ ਹੈ, ਉਹ ਹੈ ਕੁਲ ਅਭਿਮਾਨ ਦੇ ਰੋਗ ਤੋਂ ਖਲਾਸੀ। ਨਸਲ ਦਾ ਵੇਰਵਾ, ਰੰਗ ਦਾ ਸਾੜਾ ਤੇ ਕੁਲਾਂ ਦੇ ਅਭਿਮਾਨ ਨੂੰ ਸੇਵਾ ਹੀ ਮਿਟਾਂਦੀ ਹੈ। ਕੌਣ ਨਹੀਂ ਜਾਣਦਾ ਕਿ ਈਸਾਈ ਮਿਸ਼ਨਾਂ ਨੂੰ ਲੱਖਾਂ ਪੌਂਡ ਦਾਨ ਦੇਣ ਵਾਲੇ ਯੂਰਪ ਦੇ ਗੋਰੇ ਅਮੀਰ, ਕਾਲੇ ਹਿੰਦੁਸਤਾਨੀਆਂ ਤੇ ਬਾਕੀ ਏਸ਼ਿਆਈ ਲੋਕਾਂ ਨੂੰ ਆਪਣੇ ਹੋਟਲਾਂ ਵਿਚ ਬੈਠ ਰੋਟੀ ਖਾਣ ਦੇਣ ਦੀ ਇਜਾਜ਼ਤ ਦੇਣਾ ਵੀ ਪਸੰਦ ਨਹੀਂ ਕਰਦੇ। ਸਦੀਆਂ ਦੇ ਦੁੱਖ-ਸੁਖ ਦੇ ਸਾਥੀ ਅਸਲੀ ਬਾਸ਼ਿੰਦਿਆਂ ਨੂੰ ਅਮਰੀਕਨ ਗੋਰੇ ਕਿਸ ਘ੍ਰਿਣਾ ਨਾਲ ਵੇਖਦੇ ਹਨ। ਹਿੰਦੁਸਤਾਨੀ ਮਜ਼ਦੂਰਾਂ ਕੋਲੋਂ ਆਪਣੀ ਵਸੋਂ ਕਰਾਉਣ ਦੇ ਕੰਮ ਵਿਚ ਭਾਰੀ ਸੇਵਾ ਲੈਣ ਦੇ ਬਾਵਜੂਦ, ਅੱਜ ਉਨ੍ਹਾਂ ਨੂੰ ਅਫ਼ਰੀਕਾ ਵਿਚੋਂ ਨਿਕਲਣ ਤੇ ਆਪਣੇ ਹੱਕਾਂ ਦੀ ਹਿਫ਼ਾਜ਼ਤ ਲਈ ਸਤਿਆਗ੍ਰਹਿ ਕਰਨ 'ਤੇ ਅਫ਼ਰੀਕਾ ਦੇ ਨੌਆਬਾਦ ਗੋਰੇ ਮਜਬੂਰ ਕਰ ਰਹੇ ਹਨ। ਇਹ ਸਭ ਕੁਝ ਦੂਰ ਹੋ ਜਾਂਦਾ, ਜੇ ਕਦੀ ਗੋਰੀਆਂ ਕੌਮਾਂ ਸਿੱਖੀ ਵਿਚ ਸਮਝਾਈ ਗਈ ਇਸ ਪਵਿਤ੍ਰ ਮਰਯਾਦਾ ਨੂੰ ਮੰਨ ਚੁੱਕੀਆਂ ਹੁੰਦੀਆਂ:

ਸੁਣੋ ਸਿਖ ਮਮਤਾ ਨਹਿ ਕਰਨੀ।
ਭਲੇ ਬੁਰੇ ਕੀ ਸੇਵਾ ਧਰਨੀ।

ਹੋਰ ਵੀ:

ਯਥਾ ਸ਼ਕਤਿ ਦੇਹ ਛਾਦਨ ਆਛੇ।
ਚਪਹੁ ਪਗ ਕਰੀਅਹਿ ਸੁਖ ਬਾਂਛੇ।
ਮਰਦਨ ਕਰ ਇਸਨਾਨ ਕਰਾਵਹੁ।
ਬਸਤ੍ਰ ਪਖਾਰਹੁ ਸੁਧ ਬਨਾਵਹੁ।
ਹਾਕਹੁੰ ਪੌਣ ਸ੍ਵੇਦ ਜਬ ਹੋਇ।
ਝਾਰਹੁ ਪਨਹੀ ਪਗ ਕੋ ਧੋਇ।
ਜੂਠੇ ਭਾਂਜਣ ਮਾਂਜਣ ਕਰਹੁ।
ਸੀਤਲ ਨੀਰ ਕੂਪ ਤੇ ਭਰਹੁ।
ਦਰ ਧਾਵਨ ਕੋ ਅਰਪਹੁ ਆਨ।
ਕਰਹੁ ਰਸੋਈ ਸੁਧ ਮਹਾਨ।

[ਦਸਮੇਸ਼ ਜੀ ਦੀ ਆਗਿਆ ਨਾਲ ਭਾ: ਦਯਾ ਸਿੰਘ ਨੇ ਸੰਗਤ ਨੂੰ ਉਪਦੇਸ਼ ਦਿਤਾ।]

(ਸੂਰਜ ਪ੍ਰਕਾਸ਼ ਰੁਤ ੫, ਅ: ੪੫)

ਸਤਿਗੁਰਾਂ ਨੇ ਸੇਵਕ ਨੂੰ ਹੁਕਮ ਹੀ ਇਹ ਦਿੱਤਾ ਹੈ, “ਮੇਰ ਤੇਰ ਕਦੀ ਨਹੀਂ ਕਰਨੀ, ਭਲੇ ਬੁਰੇ ਸਭ ਦੀ ਸੇਵਾ ਕਰਨੀ। ਯਥਾਸ਼ਕਤਿ ਹਰ ਇਕ ਨੂੰ ਰੋਟੀ ਕਪੜਾ ਦੇਣਾ, ਹਰ ਥੱਕੇ ਦੇ ਪੈਰ ਘੁੱਟਣੇ, ਮਾਲਸ਼ ਕਰ ਇਸ਼ਨਾਨ ਕਰਵਾਉਣਾ, ਬਸਤ੍ਰ ਧੋ ਕੇ ਸ੍ਵਛ ਕਰਨੇ, ਪੱਖਾ ਫੇਰਨਾ, ਪੈਰਾਂ ਨੂੰ ਧੋ ਕੇ ਜੁੱਤੀ ਝਾੜਨੀ, ਜੂਠੇ ਬਰਤਨ ਮਾਂਜਣੇ, ਲੋੜਵੰਦਾਂ ਨੂੰ ਠੰਢਾ ਪਾਣੀ ਪਿਲਾਉਣਾ।”

ਸਾਡੇ ਦੇਸ਼ ਵਿਚ ਤਾਂ ਬ੍ਰਾਹਮਣ ਦੀ ਬਣਾਈ ਹੋਈ ਪੁਰਾਣੀ ਵਰਣ-ਵੰਡ ਨੇ ਜਾਤ-ਪਾਤ, ਊਚ-ਨੀਚ ਦੇ ਭੇਦ ਨੂੰ ਸਿਖਰ 'ਤੇ ਚੜ੍ਹਾ ਛਡਿਆ ਹੋਇਆ ਹੈ। ਕਿਸੇ ਸਿਆਣੇ ਦਾ ਕੌਲ ਹੈ ਕਿ ਜਿਵੇਂ ਕੇਲੇ ਦੀ ਛਿੱਲ ਫੋਲਣ ਨਾਲ ਵਿਚੋਂ ਹੋਰ ਛਿੱਲ ਦੀਆਂ ਤੈਹਾਂ ਨਿਕਲਦੀਆਂ ਆਉਂਦੀਆਂ ਹਨ, ਉਸੇ ਤਰ੍ਹਾਂ ਚਤੁਰਾਂ ਦੀਆਂ ਗੱਲਾਂ ਵਿਚੋਂ ਗੱਲਾਂ ਤੇ ਬ੍ਰਾਹਮਣ ਦੀਆਂ ਜਾਤਾਂ ਵਿਚੋਂ ਜਾਤਾਂ ਨਿਕਲਦੀਆਂ ਆਉਂਦੀਆਂ ਹਨ:

ਜਿਉਂ ਕੇਲੇ ਕੇ ਪਾਤ ਸੇ, ਪਾਤ ਪਾਤ ਨਿਕਸਾਤ।
ਜਿਉਂ ਸੁਘੜਨ ਕੇ ਵਚਨ ਤੇ ਬਾਤ-ਬਾਤ ਹੋਇ ਆਤ।
ਤਿਉਂ ਬਾਮਨ ਕੀ ਜਾਤ ਮਤਿ, ਜਾਤ ਜਾਤ ਹੋ ਆਤ।

ਹੱਥੀਂ ਸੇਵਾ ਕਰਨ ਵਾਲਾ ਮਨੁੱਖ ਕੁਲ ਅਭਿਮਾਨ ਨੂੰ ਪਹਿਲਾਂ ਤਿਆਗਦਾ ਹੈ। ਉਹ ਪ੍ਰਾਣੀ ਮਾਤ੍ਰ ਨੂੰ ਪ੍ਰਭੂ ਦਾ ਪੁੱਤਰ ਸਮਝ ਉਸਦੀ ਸੇਵਾ ਵਿਚ ਜੁੱਟਦਾ ਹੈ, ਭਾਵੇਂ ਲੋਕ ਉਸਦੀ ਨਿੰਦਾ ਕਰਨ ਜਾਂ ਪਾਗਲ ਕਹਿਣ। ਉਹ ਲੋਕ ਲਾਜ ਨੂੰ ਤਿਆਗ ਸੇਵਾ ਦੇ ਮੈਦਾਨ ਵਿਚ ਨਿੱਤਰਦਾ ਹੈ। ਸੰਤ ਵਲੀ ਰਾਮ ਜੀ ਨੇ ਕਿਹਾ ਹੈ, “ਮੈਂ ਸਾਧੂਆਂ ਦੀ ਸੇਵਾ ਕਰਾਂਗਾ, ਮੁੱਲ ਖ਼ਰੀਦੇ ਗੋਲਿਆਂ ਵਾਂਗ ਕੰਮੇ ਲੱਗਾਗਾਂ, ਪੱਖਾ ਫੇਰਾਂਗਾ ਤੇ ਪਾਣੀ ਢੋਵਾਂਗਾ। ਮੈਂ ਉਨ੍ਹਾਂ ਦੀਆਂ ਪੱਤਲਾਂ ਬਣਾਉਣ ਲਈ ਪਿੱਪਲ ਦੇ ਪੱਤਰ ਚੁਣਾਂਗਾ। ਮੈਨੂੰ ਲੋਕ ਭਲੇ ਦੀਵਾਨਾ ਆਖ ਲੈਣ, ਉਹ ਮਖ਼ਲੂਕ ਨੂੰ ਸੁਣਾ ਲੈਣ, ਮੇਰਾ ਕੋਈ ਕੀ ਕਰ ਲਵੇਗਾ।”

ਸਾਧਾਂ ਦੀ ਮੈਂ ਦਾਸੀ ਥੀਸਾਂ, ਵਾਂਗ ਗੋਲੀਆਂ ਕਾਰ ਕਰੇਸਾਂ।
ਪਾਣੀ ਢੋਵਾਂ ਪਖਾ ਫੇਰਾਂ, ਜੂਠੇ ਬਾਸਨ ਧੋਸਾਂ।
ਪਿਪਲ ਪੱਤ ਚੁਣੇਂਦੀ ਵਤਾਂ, ਮੈਨੂੰ ਲੋਕੀਂ ਕਹਿਣ ਦੀਵਾਨੀ।
ਗਹਿਲਾ ਲੋਕ ਕੀ ਹਾਲਦਾ ਮਹਰਮ, ਮੈਨੂੰ ਬ੍ਰਿਹੁ ਮਾਰੀ ਕਾਨੀ।
ਲੋਕਾਂ ਸੁਣਿਆਂ ਮੁਲਕਾਂ ਸੁਣਿਆਂ, ਹੀਰ ਦੀਵਾਨੀ ਹੋਈ।
ਇਕ ਸੁਣੇਂਦਾ ਲਖ ਸੁਣੇ ਖਾਂ, ਮੇਰਾ ਕੀ ਕਰੇਸੀ ਕੋਈ।

ਦਸਤੀ ਸੇਵਾ ਤੋਂ ਅਗਾਂਹ ਲੰਘ ਸੇਵਾ ਦੇ ਦੋ ਹੋਰ ਅੰਗ ਵੀ ਹਨ। ਇਕ ਹੈ ਦਿਮਾਗ਼ੀ ਸੇਵਾ ਤੇ ਦੂਸਰੀ ਰਾਜ ਸੇਵਾ। ਦਿਮਾਗ਼ੀ ਸੇਵਾ ਵਿਚ ਅਨਪੜ੍ਹ ਮਨੁੱਖਾਂ ਨੂੰ ਵਿੱਦਿਆ ਪੜ੍ਹਾਉਣ ਤੇ ਉਨ੍ਹਾਂ ਲਈ ਪੁਸਤਕਾਂ ਲਿਖਣੀਆਂ ਇਕ ਮੁੱਖ ਕੰਮ ਹੈ। ਸਤਿਗੁਰਾਂ ਨੇ ਹੱਥੀਂ ਸੇਵਾ ਕਰਨ ਦੇ ਨਾਲ ਨਾਲ ਇਸ ਸੇਵਾ 'ਤੇ ਵੀ ਜ਼ੋਰ ਦਿੱਤਾ ਹੈ।

ਪਾਣੀ ਪੱਖਾ ਪੀਹਣਾ ਪੈਰ ਧੋਇ ਚਰਨਾਮ੍ਰਿਤ ਪਾਵੇ।
ਗੁਰਬਾਣੀ ਲਿਖ ਪੋਥੀਆ, ਤਾਲ ਮ੍ਰਿਦੰਗ ਰਬਾਬ ਬਜਾਵੇ।

(ਭਾਈ ਗੁਰਦਾਸ, ਵਾਰ ੬, ਪਉੜੀ ੧੨)

ਲਿਖਿਆ ਹੈ ਕਿ ਸਿੱਖ ਪਾਣੀ, ਪੱਖਾ, ਪੀਸਣ ਤੇ ਪੈਰ ਧੋਣ ਦੇ ਨਾਲ ਨਾਲ ਗੁਰਬਾਣੀ ਦੀਆਂ ਪੋਥੀਆਂ ਲਿਖਣ ਤੇ ਕੀਰਤਨ ਕਰਨ ਦੀ ਸੇਵਾ ਵੀ ਕਰੇ। ਆਪਣੇ ਦੇਸ਼ ਦੀ ਬੋਲੀ ਸਿਖਾਉਣੀ ਤੇ ਫਿਰ ਉਸ ਦੇ ਰਾਹੀਂ ਹੋਰ ਦੁਨੀਆ ਭਰ ਦੀ ਵਿੱਦਿਆ ਮੁੰਡੇ ਕੁੜੀਆਂ ਨੂੰ ਦੇਣ ਦੀ ਤਾਕੀਦ ਖ਼ਾਲਸੇ ਨੂੰ ਕੀਤੀ ਗਈ ਹੈ:

ਗੁਰਮੁਖੀ ਵਿਦਿਆ ਕਾ ਪ੍ਰਕਾਸ਼ ਔਰ ਹੋਰ ਵਿਦਿਆ ਕੀ ਤਾਕੀਦ ਕਰੇ।

(ਪ੍ਰੇਮ ਸੁਮਾਰਗ)

ਅਖ਼ੀਰ ਵਿਚ ਸੇਵਾ ਦੇ ਉਸ ਅੰਗ 'ਤੇ ਵੀਚਾਰ ਕਰਨੀ ਵੀ ਜ਼ਰੂਰੀ ਹੈ, ਜਿਸ ਨਾਲ ਜਗਤ ਨੂੰ ਢੇਰ ਸੁਖ ਮਿਲ ਸਕੇ—ਤੇ ਉਹ ਹੈ ਰਾਜ-ਪ੍ਰਬੰਧ ਦੁਆਰਾ ਸੇਵਾ। ਇਹ ਲੋਕਾਂ ਨੂੰ ਚਿਰਾਂ ਤੋਂ ਭੁਲੇਖਾ ਲੱਗ ਰਿਹਾ ਹੈ ਕਿ ਰਾਜ-ਪ੍ਰਬੰਧ ਲੋਕਾਂ ਨੂੰ ਡਰਾ ਧਮਕਾ ਕੇ ਇਕ ਮਰਯਾਦਾ ਵਿਚ ਬੰਨ੍ਹੀ ਰੱਖਣ ਦਾ ਨਾਮ ਹੀ ਹੈ, ਪਰ ਇਹ ਨਿਰਮੂਲ ਗੱਲ ਹੈ ਤੇ ਇਸ ਕਰਕੇ ਹੀ ਸੰਸਾਰ ਦੇ ਮਹਾਨ ਯੁਧ ਹੁੰਦੇ ਰਹਿੰਦੇ ਹਨ। ਸਹੀ ਮਾਅਨਿਆਂ ਵਿਚ ਤਾਂ ਰਾਜ-ਪ੍ਰਬੰਧ ਲੋਕਾਂ ਦੀ ਸੱਚੀ ਸੇਵਾ ਕਰਨ ਵਾਲੀ ਸੰਸਥਾ ਦਾ ਨਾਮ ਹੈ। ਕੁਛ ਆਦਮੀ ਇਕੱਠੇ ਕਰ ਕੇ, ਉਨ੍ਹਾਂ ਦੇ ਰਾਹੀਂ ਕੁਝ ਧਨ ਇਕੱਠਾ ਕਰ, ਲੋਕਾਂ ਨੂੰ ਦਬਾਂਦੇ ਫਿਰਨਾ ਨਰਕ ਦਾ ਅਧਿਕਾਰੀ ਹੋਣਾ ਹੈ। ਗੁਰੂ ਜੀ ਨੇ ਫ਼ੁਰਮਾਇਆ ਹੈ ਕਿ ਜਾਬਰਾਨਾ ਹੁਕਮ ਮਨਾ ਕੇ ਰਾਜ-ਲੀਲ੍ਹਾ ਬਣਾਉਣੀ ਤੇ ਰਾਜ ਦੀ ਰਚਨਾ ਕਰਨੀ, ਸਰੀਰਕ ਸੁਖ ਤੇ ਭੋਗ ਤਾਂ ਦਿੰਦਾ ਹੈ ਪਰ ਅੰਤ ਘੋਰ ਨਰਕ ਵਿਚ ਲੈ ਜਾਂਦਾ ਹੈ:

ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥
ਸੇਜ ਸੋਹਨੀ ਚੰਦਨੁ ਚੋਆ, ਨਰਕ ਘੋਰ ਕਾ ਦੁਆਰਾ॥

(ਸੋਰਠਿ ਮ: ੫, ਪੰਨਾ ੬੪੨)

ਸੇਵਕ ਹੀ ਅਗਰ ਰਾਜ-ਪ੍ਰਬੰਧ ਦੇ ਜ਼ਿੰਮੇਵਾਰ ਹੋਣ ਤਾਂ ਸਭ ਤੋਂ ਜ਼ਿਆਦਾ ਸੁਖ ਹੋ ਸਕਦਾ ਹੈ। ਮਿਸਾਲ ਦੇ ਤੌਰ 'ਤੇ ਗੁਰਸਿੱਖੀ ਵਿਚ ਪਿਆਸੇ ਨੂੰ ਪਾਣੀ ਪਿਲਾਉਣਾ, ਇਸ਼ਨਾਨ ਕਰਾਉਣਾ, ਲੋੜਵੰਦਾਂ ਲਈ ਪੱਖਾ ਫੇਹਨਾ, ਵੰਡ ਛਕਣ ਹਿਤ ਲੰਗਰ ਲਾਉਣੇ, ਮੁਖ ਸੇਵਾਵਾਂ ਕਰਾਰ ਦਿੱਤੀਆਂ ਗਈਆਂ ਹਨ। ਇਹ ਠੀਕ ਹੈ ਕਿ ਇਕ ਇਕ ਸਿੱਖ ਵੀ ਆਪਣੀ ਸ਼ਕਤੀ ਅਨੁਸਾਰ ਸੇਵਾ ਕਰ ਸਕਦਾ ਹੈ, ਪਰ ਕਿਸੇ ਥਾਂ ਦੀ ਸੰਗਤ ਮਿਲ ਕੇ ਇਸ ਸੇਵਾ ਨੂੰ ਵਡੇ ਪੈਮਾਨੇ ਤੇ ਕਰ ਸਕਦੀ ਹੈ। ਜੇ ਉਨ੍ਹਾਂ ਪਾਸ ‘ਰਾਜ-ਅਧਿਕਾਰ’ ਹੋਵੇ ਤਾਂ ਉਹ ਕਿਸ ਖ਼ੂਬਸੂਰਤੀ ਨਾਲ ਇਸ ਨੂੰ ਨਿਭਾ ਸਕਦੇ ਹਨ, ਇਹ ਕੋਈ ਦੱਸਣ ਗੋਚਰੀ ਗੱਲ ਹੀ ਨਹੀਂ।

ਰਾਜ-ਪ੍ਰਬੰਧ ਦੇ ਅੰਗਾਂ, ਮਿਊਨਸਿਪਲ ਕਮੇਟੀਆਂ, ਡਿਸਟ੍ਰਿਕਟ ਬੋਰਡਾਂ ਵਿਚ ਜੇ ਕਿਤੇ ਭਾਗਾਂ ਨਾਲ ਚੰਗੇ ਮੈਂਬਰ ਚਲੇ ਜਾਣ ਤਾਂ ਉਸ ਨਗਰ ਦੇ ਵਾਸੀਆਂ ਨੂੰ ਕਿਤਨਾ ਸੁਖ ਦਿੰਦੇ ਹਨ, ਤੇ ਜੇ ਉਨ੍ਹਾਂ ਕੋਲ ਰਾਜ-ਪ੍ਰਬੰਧ ਹੀ ਆ ਜਾਵੇ ਤਾਂ ਫਿਰ ਲੋਕ ਕਿੰਨੇ ਸੁਖੀ ਹੋਣਗੇ। ਸੰਗਤ ਵਿਚ ਸੇਵਾ ਦੇ ਮਾਰਗ ਵਿਚ ਸਭ ਤੋਂ ਵੱਧ ਤਾਕੀਦ ਵੰਡ ਛਕਣ 'ਤੇ ਕੀਤੀ ਗਈ ਹੈ। ਸਿੱਖੀ ਵਿਚ ਤਾਂ ਇਹੋ ਹੀ ਕਿਹਾ ਗਿਆ ਹੈ ਕਿ ਸਿੱਖ ਲੋੜਵੰਦਾਂ ਨੂੰ ਦੇ ਕੇ, ਬਚਿਆ ਆਪ ਵਰਤੇ। ਸੰਤ ਕਬੀਰ ਜੀ ਦੇ ਜੀਵਨ ਵਿਚ ਆਉਂਦਾ ਹੈ ਕਿ ਉਹ ਰੋਟੀ ਲੋੜਵੰਦਾਂ ਨੂੰ ਖੁਆ, ਘਰ ਦੇ ਜੀਆਂ ਲਈ ਭੁੱਜੇ ਦਾਣੇ ਹੀ ਵਰਤਦਾ ਸੀ। ਸਿੰਘਾਂ ਦੇ ਇਤਿਹਾਸ ਵਿਚ ਵੰਡ ਛਕਣ ਨੂੰ ਇਤਨੀ ਭਾਰੀ ਅਹਿਮੀਅਤ ਦਿੱਤੀ ਗਈ ਹੈ ਕਿ ਜਦ ਅਹਿਮਦ ਸ਼ਾਹ ਅਬਦਾਲੀ ਦਾ ਕਾਬਲ ਨੂੰ ਮੁੜੇ ਜਾਂਦੇ ਦਾ ਡੇਰਾ ਸਿੰਘਾਂ ਲੁੱਟ ਲਿਆ ਤਾਂ ਉਸ ਨੇ ਆਪਣੇ ਮੁਖ਼ਬਰਾਂ ਕੋਲੋਂ ਸਿੰਘਾਂ ਦੀ ਰਹੁਰੀਤ ਪੁੱਛੀ ਤਾਂ ਸੂਹੀਆਂ ਕਿਹਾ, “ਉਨ੍ਹਾਂ ਵਿਚ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਜਦ ਕਦੀ ਉਨ੍ਹਾਂ ਦੇ ਹੱਥ ਅੰਨ੍ਹ ਲਗ ਜਾਵੇ ਤਾਂ ਉਹ ਰੋਟੀ ਪਕਾ ਕੇ ਧੌਂਸਾ ਵਜਾਂਦੇ ਜਾਂ ਉੱਚੀ ਸੱਦ ਦਿੰਦੇ ਹਨ ਕਿ ‘ਗੁਰੂ ਕੀ ਦੇਗ ਤਿਆਰ ਹੈ, ਚਲੋ ਆਉ, ਜੋ ਲੋੜਵੰਦ ਹੈ।' ਉਸ ਸਮੇਂ ਉਨ੍ਹਾਂ ਦਾ ਦੁਸ਼ਮਣ ਵੀ ਆਵਾਜ਼ ਸੁਣ ਕੇ ਕਿਉਂ ਨਾ ਆ ਜਾਵੇ, ਉਸ ਨੂੰ ਰੋਟੀ ਖੁਆ ਕੇ ਬਚਦੀ ਆਪ ਖਾਂਦੇ ਹਨ।” ਪਰ ਇਹ ਸਾਰਾ ਵੰਡ ਛਕਣ ਦਾ ਵਰਤਾਰਾ ਦੇਸ਼-ਪ੍ਰਸਿੱਧ ਜਾਂ ਜਗਤ ਵਰਤੋਂ ਨਹੀਂ ਬਣ ਸਕਦਾ, ਜਦ ਤਕ ਰਾਜ-ਪ੍ਰਬੰਧ ਉਨ੍ਹਾਂ ਦੇ ਹੱਥ ਵਿਚ ਨਾ ਆ ਜਾਵੇ, ਜੋ ਵੰਡ ਛਕਣ ਨੂੰ ਮੁੱਖ ਧਰਮ ਸਮਝਦੇ ਹਨ।

ਸਰਮਾਏਦਾਰੀ ਰਾਜ-ਪ੍ਰਬੰਧ ਵਿਚ ਲੋਕ, ਜਿਨ੍ਹਾਂ ਪਾਪਾਂ ਨਾਲ ਮਾਇਆ ਇਕੱਠੀ ਕੀਤੀ ਹੁੰਦੀ ਹੈ, ਖਾਣ-ਪੀਣ ਦੀ ਰਸਦ ਨੂੰ ਖ਼ਰੀਦ ਕੇ ਭਾਰੀ ਮੁਨਾਫ਼ਾ ਕਮਾਉਣ ਹਿਤ ਇਤਨੀ ਮਹਿੰਗੀ ਕਰ ਦਿੰਦੇ ਹਨ ਕਿ ਆਮ ਜਨਤਾ ਦਾ ਪੇਟ ਭਰਨਾ ਹੀ ਮੁਸ਼ਕਲ ਹੋ ਜਾਂਦਾ ਹੈ।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥

(ਆਸਾ ਮ: ੧, ਪੰਨਾ ੪੧੭)

ਅਜਿਹੇ ਸਮਿਆਂ ਵਿਚ ਭਲੇ ਭਲੇ ਲੋਕ ਭੁੱਖ ਤੋਂ ਮਜਬੂਰ ਹੋ ਵੰਡ ਛਕਣ ਦਾ ਕਰਤਵ ਭੁਲਾ ਬਹਿੰਦੇ ਹਨ। ਜੇ ਕਦੀ ਰਾਜ-ਪ੍ਰਬੰਧ ਇਸ ਕਿਸਮ ਦੇ ਮੁਨਾਫ਼ੇਬਾਜ਼ਾਂ ਦੇ ਹੱਥੋਂ ਖੋਹ ਕੇ ਵੰਡ ਛਕਣ ਵਾਲੀ ਸ੍ਰੇਸ਼ਟ ਸ਼੍ਰੇਣੀ ਦੇ ਹਵਾਲੇ ਕੀਤਾ ਜਾਵੇ ਤਾਂ ਸੰਸਾਰ ਨੂੰ ਸਭ ਤੋਂ ਵੱਡਾ ਸੁਖ ਹਾਸਲ ਹੋ ਸਕਦਾ ਹੈ। ਇਹ ਘਰ ਘਰ ਦੀਆਂ ਲੜਾਈਆਂ, ਕੌਮਾਂ ਦੇ ਝਗੜੇ ਤੇ ਮੁਲਕਾਂ ਦੇ ਪਰਸਪਰ ਮਹਾਨ ਯੁਧ, ਹੈਨ ਹੀ ਕਾਣੀ ਵੰਡ ਸਦਕਾ। ਜੇ ਕਦੀ ਸਾਂਝੀਵਾਲਤਾ ਚਲ ਪਵੇ ਤਾਂ ਇਹ ਜਗਤ ਬੇਗਮਪੁਰਾ ਬਣ ਜਾਵੇ। ਈਰਾਨ ਦੇ ਪ੍ਰਸਿੱਧ ਕਵੀ ਉਮਰ ਖ਼ਿਆਮ ਨੇ ਕਿਹਾ ਹੈ ਕਿ ਜੇ ਮਨੁੱਖ ਨੂੰ ਖਾਣ ਲਈ ਰੋਜ਼ ਰੋਟੀ ਤੇ ਸਿਰ ਛੁਪਾਉਣ ਲਈ ਕੁੱਲੀ ਲੱਭ ਜਾਵੇ, ਉਹ ਨਾ ਕਿਸੇ ਦਾ ਹਾਕਮ ਹੋਵੇ, ਨਾ ਦਾਸ, ਤਾਂ ਮਨੁੱਖੀ ਜੀਵਨ ਰਸ-ਪੂਰਤ ਤੇ ਜਹਾਨ ਸੁਖਾਂ ਦਾ ਘਰ ਬਣ ਜਾਵੇ।

ਹਰ ਕਿ ਦਰੀਂ ਦਹਰ ਨੀਮ ਨਾਨੇ ਦਾਰਦ।
ਬਸ ਬਹਰਿ ਨਿਸ਼ਸਤ ਅਸਤਾਨੇ ਦਾਰਦ।
ਨ ਹਾਕਮੇ ਕਸੇ ਬਾਸ਼ਦ ਓ ਨ ਮਹਿਕੂਮੇ ਕਸੇ।
ਗੋ ਸ਼ਾਦ ਵਜ਼ੀ ਕਿ ਖ਼ੁਸ਼ ਜਹਾਨੇ ਦਾਰਦ।

ਸੋ ਰਾਜ-ਪ੍ਰਬੰਧ ਨੂੰ ਆਪਣੇ ਹੱਥ ਵਿਚ ਲੈਣਾ ਸੇਵਾ ਦਾ ਇਕ ਮੁੱਖ ਸਾਧਨ ਹੈ, ਪਰ ਉਹ ਰਾਜ ਹੋਵੇ ਸਾਂਝੀਵਾਲਤਾ ਦਾ ਤੇ ਵਰਤਾਰਾ ਮਨੁੱਖ-ਸੇਵਾ ਵਰਤੇ।

ਸੇਵਾ ਦੇ ਮਹਾਨ ਉੱਚ ਆਦਰਸ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਦ ਰਾਜ-ਪ੍ਰਬੰਧ ਸੇਵਾਦਾਰਾਂ ਦੇ ਹੱਥ ਆਉਣਾ ਜ਼ਰੂਰੀ ਹੈ ਤਾਂ ਇਸ ਦੇ ਨਾਲ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਅਜੇਹੇ ਕਾਇਮ ਹੋਣ ਵਾਲੇ ਰਾਜ-ਪ੍ਰਬੰਧ ਵਿਚ ਵਿਘਨ ਪਾਉਣ ਵਾਲੇ ਲਾਲਚੀ ਸਰਮਾਏਦਾਰਾਂ ਤੇ ਜਰਵਾਣੇ ਹਾਕਮਾਂ ਨੂੰ ਸ਼ਸਤ੍ਰ ਬਲ ਨਾਲ ਕੁਕਾਜ ਤੋਂ ਹਟਾਉਣਾ ਵੀ ਇਕ ਤਰ੍ਹਾਂ ਦੀ ਸੇਵਾ ਹੀ ਹੈ। ਜਿਥੇ ਸਿਪਾਹੀ ਮਜ਼ਦੂਰੀ ਦੀ ਤਨਖ਼ਾਹ ਲੈ ਸ਼ਸਤ੍ਰ ਚਲਾਉਂਦਾ ਹੈ, ਉਥੇ ਸੰਤ-ਸਿਪਾਹੀ ਵੰਡ ਛਕਣ ਵਾਲਾ ਨੇਕੀ ਦਾ ਰਾਜ ਕਾਇਮ ਕਰਨ ਲਈ ਸ਼ਸਤ੍ਰ ਚੁੱਕਦਾ ਹੈ। ਸ੍ਰੀ ਦਸਮੇਸ਼ ਜੀ ਨੇ ਖੰਡੇ ਦੀ ਪਾਹੁਲ ਦੇ ਕੇ ਅਜੇਹੇ ਹੀ ਸਿਪਾਹੀ ਤਿਆਰ ਕੀਤੇ ਸਨ। ਉਨ੍ਹਾਂ ਦਾ ਜੀਵਨ-ਮਨੋਰਥ ਇਹ ਸੀ, "ਹੇ ਪ੍ਰਭੂ! ਮੈਨੂੰ ਅਜੇਹਾ ਵਰ ਦੇ ਜੋ ਮੈਂ ਨੇਕ ਕੰਮਾਂ ਤੋਂ ਕਦੀ ਨਾ ਟਲਾਂ। ਨੇਕੀ ਦੇ ਵੈਰੀਆਂ ਦੀ ਕਦੀ ਪ੍ਰਵਾਹ ਨਾ ਕਰਾਂ। ਮੈਨੂੰ ਆਪਣੀ ਜਿੱਤ ਦਾ ਹਮੇਸ਼ਾ ਨਿਸਚਾ ਹੋਵੇ। ਮੈਂ ਦੁਤੀਆਂ ਦੀ ਸੱਚੇ ਰਾਹ ਤੋਂ ਗਿਰਾਵਟ ਵਾਲੀ ਸਿਖਿਆ ਦੀ ਕਦੀ ਪ੍ਰਵਾਹ ਨਾ ਕਰਾਂ, ਆਪਣੇ ਮਨ ਦੀ ਹੀ ਸਿਖਿਆ ਲਵਾਂ, ਤੇਰੇ ਗੁਣ ਗਾਉਂਦਿਆਂ ਹੋਇਆਂ ਜੇ ਆਖ਼ਰੀ ਸਮਾਂ ਸ਼ਹੀਦੀ ਦਾ ਆ ਬਣੇ ਤਾਂ ਰਣ ਵਿਚ ਜੂਝਾਂ।"

ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰ ਅਪਨੀ ਜੀਤ ਕਰੋ॥
ਅਰੁ ਸਿਖ ਹੌ ਅਪਨੇ ਹੀ ਮਨ ਕੌ, ਇਹ ਲਾਲਚ ਹਉ ਗੁਨ ਤਉ ਉਚਰੋ॥
ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ॥

(ਗੁਰ ਬਿਲਾਸ ਪਾ: ੧੦)

ਕਈ ਲੋਕਾਂ ਦਾ ਖ਼ਿਆਲ ਹੈ ਕਿ ਸ਼ਸਤ੍ਰ ਦੀ ਵਰਤੋਂ ਸੇਵਾਦਾਰ ਨਹੀਂ ਕਰ ਸਕਦੇ ਪਰ ਇਹ ਖ਼ਿਆਲ ਨਿਰਮੂਲ ਹੈ। ਕੀ ਹਸਪਤਾਲ ਵਿਚ ਦੁਖੀ ਤੜਫਦਿਆਂ ਦੀ ਸੇਵਾ ਕਰਨ ਵਾਲਾ ਸਰਜਨ ਸ਼ਸਤ੍ਰ ਨਹੀਂ ਵਰਤਦਾ ਤੇ ਚੀਰ-ਫਾੜ ਨਹੀਂ ਕਰਦਾ, ਕੀ ਮਲੇਰੀਏ ਤੋਂ ਜਨਤਾ ਨੂੰ ਬਚਾਉਣ ਲਈ ਮੱਛਰਾਂ ਨੂੰ ਨਹੀਂ ਮਾਰਿਆ ਜਾਂਦਾ, ਕੀ ਹਲਕੇ ਕੁੱਤੇ, ਜ਼ਹਿਰੀ ਨਾਗ ਤੇ ਬਿੱਛੂ ਨੂੰ ਮਾਰਨਾ ਮਖ਼ਲੂਕ ਦੀ ਸੇਵਾ ਨਹੀਂ, ਜੇ ਹੈ ਤਾਂ ਉਸੇ ਤਰ੍ਹਾਂ ਹੀ ਲੋਭੀ, ਅਭਿਮਾਨੀ, ਜ਼ਾਲਮ ਤੇ ਜਾਬਰ ਜਰਵਾਣਿਆਂ ਨੂੰ ਤੇਗ਼ ਨਾਲ ਜ਼ੇਰ ਕਰ ਦੁਖੀ ਜਨਤਾ ਨੂੰ ਮਾਣ ਦੇਣਾ ਇਕ ਮਹਾਨ ਸੇਵਾ ਹੈ।

ਇਸ ਲਈ ਸੇਵਾ ਜਿਥੇ ਲੰਗਰ ਵਿਚ ਕੜਛੀ ਤੇ ਪਾਠਸ਼ਾਲਾ ਵਿਚ ਕਾਨੀ ਨਾਲ ਕੀਤੀ ਜਾ ਸਕਦੀ ਹੈ, ਇਸੇ ਤਰ੍ਹਾਂ ‘ਸੇਵਕ ਰਾਜ' ਕਾਇਮ ਕਰਨ ਹਿਤ ਰਣ ਵਿਚ ਤਲਵਾਰ ਨਾਲ ਵੀ ਹੋ ਸਕਦੀ ਹੈ।

ਪੰਨਾ

ਕਿਰਤ

ਜਦ ਕਰਤਾ ਆਪ ਹੀ ਕਿਰਤ ਕਰਦਾ ਹੈ, ਫਿਰ ਕਿਰਤਮ ਨੂੰ ਕੀਤੀ ਕਿੱਦਾਂ ਨਾ ਬਣ ਆਵੇ; ਬਣਦੀ ਹੈ, ਤਾਂਹੀ ਤਾਂ ਕੁਲ ਮਖ਼ਲੂਕ ਇਹਦੇ ਵਿਚ ਰੁੱਝੀ ਰਹਿੰਦੀ ਹੈ। ਕੀ ਅਸੀਂ ਦਿਨ ਤੋਂ ਰਾਤ, ਸੁਬ੍ਹਾ ਤੋਂ ਸ਼ਾਮ ਤਕ ਕੀੜੀਆਂ ਦੀਆਂ ਪਾਲਾਂ ਦੀਆਂ ਪਾਲਾਂ, ਬੜੀ ਗੰਭੀਰਤਾ ਤੇ ਉਤਸ਼ਾਹ ਨਾਲ, ਕਿਰਤ ਵਿਚ ਰੁੱਝੀਆਂ ਹੋਈਆਂ ਨਹੀਂ ਦੇਖਦੇ। ਕੀ ਮਾਖਿਓ ਦੀਆਂ ਮੱਖੀਆਂ ਦਿਨ ਚੜ੍ਹਦੇ ਨੂੰ, ਬਾਗ਼ਾਂ, ਖੇਤਾਂ ਤੇ ਬਣਾਂ ਵਿਚ ਖਿੰਡ, ਕਲੀਆਂ, ਫੁੱਲਾਂ ਤੇ ਫਲਾਂ ਵਿਚੋਂ ਸ਼ਹਿਦ ਕੱਢਣ ਵਿਚ ਤਨੋਂ ਮਨੋਂ ਜੁੱਟੀਆਂ ਹੋਈਆਂ ਨਹੀਂ ਜਾਪਦੀਆਂ। ਚਿੜੀਆਂ, ਕਾਂ, ਕਬੂਤਰ, ਘੁੱਗੀਆਂ ਸਾਡੇ ਵਿਹੜੇ ਤੇ ਆਲੇ ਦੁਆਲੇ, ਰੋਜ਼ੀ ਦੀ ਤਲਾਸ਼ ਲਈ ਕਿਰਤ ਵਿਚ ਮਸਤ ਮਾਲੂਮ ਨਹੀਂ ਹੁੰਦੇ ਕੀ ਅਸਾਂ ਪਰਦੇਸੀ ਕੂੰਜਾਂ ਤੇ ਤਿਲੀਅਰਾਂ ਦੀਆਂ ਡਾਰਾਂ, ਜਥੇ ਬੰਨ੍ਹ ਬੰਨ੍ਹ ਕਿਰਤ ਕਰਨ ਆਈਆਂ ਹੋਈਆਂ ਨਹੀਂ ਤੱਕੀਆਂ। ਕਿਥੋਂ ਤਕ ਸਿਖੀ ਜਾਈਏ, ਜਦ ਹਰ ਕੀੜਾ-ਮਕੌੜਾ, ਪੰਛੀ ਤੇ ਪਸ਼ੂ ਕਿਰਤ ਕਰ ਪੇਟ ਪਾਲ ਰਿਹਾ ਹੈ, ਤਾਂ ਮਨੁੱਖ ਨੂੰ ਤਾਂ ਕਿਰਤ ਕਰਨੀ ਸਭ ਤੋਂ ਵਧੇਰੇ ਬਣ ਆਈ ਹੈ। ਕਿਉਂਜੋ ਇਹ ਸਾਰੀਆਂ ਜੂਨਾਂ ਦਾ ਸਰਦਾਰ ਅਖਵਾਂਦਾ ਹੈ, ਤੇ ਸਰਦਾਰਾਂ ਦੇ ਫ਼ਰਜ਼ ਹਮੇਸ਼ਾ ਹੀ ਵਡੇ ਹੁੰਦੇ ਹਨ।

ਇਹ ਵੀ ਕਰਤਾ ਪ੍ਰਭੂ ਦੀ ਇਕ ਮਿਹਰ ਹੀ ਹੈ ਕਿ ਉਸ ਨੇ ਬੰਦੇ ਨੂੰ ਪੇਟ ਲਾਇਆ ਹੈ ਜਿਸ ਦੇ ਪਾਲਣ ਲਈ ਕਿਰਤ ਕਰਨੀ ਹੀ ਪੈਂਦੀ ਹੈ। ਕਈ ਦਲਿੱਦਰੀ, ਪਰਮੇਸ਼ਰ ਦੀ ਇਸ ਦਾਤ ਦਾ ਭੇਦ ਨਾ ਸਮਝਦੇ ਹੋਏ, ਕਈ ਵੇਰ ਪੇਟ ਲਗਾਣ ਦਾ ਗਿਲਾ ਕਰਦੇ ਹਨ। ਉਹਨਾਂ ਕਦੀ ਇਹ ਨਹੀਂ ਵਿਚਾਰਿਆ ਕਿ ਜੇ ਪੇਟ ਨਾ ਹੁੰਦਾ ਤਾਂ ਪਸਾਰਾ ਹੀ ਨਾ ਪਸਰਦਾ:

ਏਕ ਅਨੀਤ ਕਰੀ ਬਿਧ ਨੇ ਸੁਭ ਸੰਤਨ ਕੇ ਜੋ ਪੇਟ ਲਗਾਇਓ॥

(ਸਾਰ ਕੁਤਾਵਲੀ)

ਨਾ ਕੋਈ ਕਿਸੇ ਨੂੰ ਪਿਆਰਦਾ, ਨਾ ਨਵ-ਜੀਵਨ ਹੁੰਦੇ, ਨਾ ਖੇੜੇ। ਕੀ ਅਸਾਂ ਇੱਟਾਂ ਦੇ ਢੇਰ ਤੇ ਪੱਥਰਾਂ ਦੇ ਤੋਦਿਆਂ ਦੀ ਜ਼ਿੰਦਗੀ 'ਤੇ ਕਦੀ ਰਸ਼ਕ ਕੀਤਾ ਹੈ। ਉਹਨਾਂ ਨਾਲ ਪੇਟ ਜੋ ਨਾ ਹੋਏ, ਹਰ ਸਿਆਣਾ ਕਹੇਗਾ। ਇਹ ਪੱਥਰ ਵਰਗਾ ਜਜ਼ਬੇ ਰਹਿਤ ਜੀਵਨ ਕਿਸੇ ਨੂੰ ਨਾ ਮਿਲੇ। ਜਿਸ ਕਿਸੇ 'ਤੇ ਮਨੁੱਖ ਗੁੱਸੇ ਹੁੰਦਾ ਹੈ, ਉਸ ਨੂੰ ਪੱਥਰ ਕਹਿ ਪੁਕਾਰਦਾ ਹੈ। ਇਹ ਪੇਟ ਹੀ ਹੈ, ਜਿਸ ਵਿਚ ਰੋਟੀ ਪਿਆਂ ਖ਼ੂਨ ਬਣਦਾ ਤੇ ਖ਼ੂਨ ਦੀ ਹਰਾਰਤ ਤੋਂ ਜਜ਼ਬਿਆਂ ਵਿਚ ਉਛਾਲੇ ਆਉਂਦੇ ਹਨ। ਸੱਚ ਪੁੱਛੋ ਤਾਂ ਪੇਟ ਲਗਾ, ਕਿਰਤ ਵਿਚ ਲਗਾ ਕੇ ਹੀ ਕਰਤਾ ਨੇ, ਕਿਰਤਮ ਜਗਤ ਦੀ ਰੌਣਕ ਬਣਾਈ ਹੋਈ ਹੈ। ਸਾਰੀਆਂ ਜਥੇਬੰਦੀਆਂ, ਵਿੱਦਿਆ ਦੇ ਉੱਦਮ, ਸਾਇੰਸ ਦੀਆਂ ਕਾਢਾਂ, ਵਣਜ-ਵਾਪਾਰ, ਖੇਤੀ- ਬਾੜੀ ਤੇ ਰਾਜ-ਸਮਾਜ, ਇਸ ਦੇ ਹੀ ਆਸਰੇ ਚਲ ਰਹੇ ਹਨ। ਜੇ ਚੁਲ੍ਹੇ ਠੰਢੇ ਹੋ ਜਾਣ ਤਾਂ ਜੀਵਨ ਜੋਤਾਂ ਹੀ ਬੁਝਣ ਲਗ ਪੈਂਦੀਆਂ ਹਨ।

ਕਿਰਤ ਕਰਨੀ ਜਦ ਲਾਜ਼ਮੀ, ਜੀਵਨ-ਦਾਤਾ ਤੇ ਉਤਸ਼ਾਹ ਦਾ ਕਾਰਨ ਹੈ, ਤਾਂ ਫਿਰ ਮਨੁੱਖ ਬਾਕੀ ਦੀ ਮਖ਼ਲੂਕ ਵਾਂਗ ਇਸ ਵਿਚ ਕਿਉਂ ਨਹੀਂ ਜੁੱਟਦਾ, ਜੀਅ ਕਿਉਂ ਚੁਰਾਂਦਾ ਹੈ? ਇਸ ਦਾ ਇਕੋ ਹੀ ਕਾਰਨ ਹੈ ਕਿ ਮਨੁੱਖ-ਬੁੱਧੀ, ਮਰਯਾਦਾ ਤੋਂ ਵੱਧ ਚੰਚਲ ਹੋ ਜਾਂਦੀ ਹੈ। ਇਸ ਚੰਚਲਤਾ ਤੋਂ ਲੋਭ ਤੇ ਲੋਭ ਤੋਂ ਛਲ-ਕਪਟ ਪੈਦਾ ਹੁੰਦਾ ਹੈ। ਛਲੀਆ ਮਨੁੱਖ, ਕਿਰਤ ਤੋਂ ਕਤਰਾਂਦਾ ਹੈ, ਪਰ ਉਸ ਨੂੰ ਲੋੜ ਤੋਂ ਵਧੇਰੇ ਖਾਣ ਦੀ ਲਾਲਸਾ ਕਰਦਾ ਹੈ। ਉਹ ਪੇਟ ਹੀ ਨਹੀਂ ਭਰਦਾ-ਕੇਵਲ ਭੁੱਖ ਹੀ ਨਹੀਂ ਬੁਝਾਂਦਾ, ਸਗੋਂ ਸੁਆਦ ਲੈਣ ਦਾ ਮਾਰਾ, ਮਰਯਾਦਾ ਤੋਂ ਵੱਧ ਖਾਂਦਾ ਤੇ ਔਸ਼ਧੀਆਂ ਨਾਲ ਉਸ ਨੂੰ ਪਚਾਉਂਦਾ ਹੈ। ਪਸ਼ੂ-ਜੀਵਨ ਤਾਂ ਦੂਰ, ਉਸ ਤੋਂ ਵੀ ਗਿਰਿਆ ਹੋਇਆ ਹੈ। ਪਸ਼ੂ ਤਾਂ ਪੇਟ ਪਾਲਣ ਦੀ ਕੀਮਤ, ਭਾਰੀ ਕਿਰਤ ਤੇ ਸੇਵਾ ਕਰ ਕੇ ਚੁਕਾ ਦੇਂਦਾ ਹੈ, ਪਰ ਵਿਹਲੜ ਮਨੁੱਖ ਕੇਵਲ ਛਲ ਦੇ ਆਸਰੇ ਪੇਟ ਭਰਦੇ ਹਨ, ਉਹਨਾਂ ਦੀ ਕਰਤੂਤ ਕੁਹਜੀ ਹੁੰਦੀ ਹੈ:

ਪਸੂ ਮਿਲਹਿ ਚੰਗਿਆਈਆ, ਖੜੁ ਖਾਵਹਿ ਅੰਮ੍ਰਿਤੁ ਦੇਹਿ।
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣੁ ਕਰਮ ਕਰੇਹਿ॥

(ਗੂਜਰੀ ਮ: ੧, ਪੰਨਾ ੪੮੯)

ਕਿਰਤ ਕਰ ਪੇਟ ਪਾਲਣਾ ਹੀ ਸਹੀ ਜੀਵਨ ਹੈ। ਉੱਦਮ ਤੋਂ ਜ਼ਿੰਦਗੀ ਮਿਲਦੀ ਹੈ ਤੇ ਕਿਰਤ ਤੋਂ ਸਫਲ ਰੋਟੀ ਤੇ ਉਸ ਤੋਂ ਰਹਿਮ ਪ੍ਰਾਪਤ ਹੁੰਦਾ ਹੈ। ਕਿਰਤ ਕਰਦਿਆਂ ਹੋਇਆਂ ਤੇ ਉਸ ਦਾ ਫਲ ਖਾਂਦਿਆਂ ਹੋਇਆਂ, ਇਹਨਾਂ ਮਿਹਰਾਂ ਦੇ ਦਾਤੇ, ਉਸ ਮਾਲਕ ਦਾ ਚੇਤਾ ਰੱਖਣਾ ਤੇ ਗੁਣ ਗਾਉਣੇ ਹੀ ਜੀਵਨ ਦਾ ਨਿਸਚਿਤ ਰਸਤਾ ਸਤਿਗੁਰਾਂ ਦਸਿਆ ਹੈ:

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।
ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ।

(ਗੂਜਰੀ ਵਾਰ ਮ: ੫, ਪੰਨਾ ੫੨੨)

ਮਨੁੱਖ-ਜੀਵਨ ਦੀਆਂ ਵਡੀਆਂ ਵਡੀਆਂ ਬਰਕਤਾਂ, ਤਿੰਨਾਂ ਹਿੱਸਿਆਂ ਵਿਚ ਵੰਡੀਆਂ ਜਾ ਸਕਦੀਆਂ ਹਨ। ਉਹਦਾ ਸਰੀਰ ਨਰੋਆ ਹੋਵੇ, ਉਸਦਾ ਮਨ ਸੁੱਚਾ ਤੇ ਉਪਕਾਰੀ ਹੋਵੇ ਅਤੇ ਉਹ ਇੱਜ਼ਤ ਸਹਿਤ ਜ਼ਿੰਦਗੀ ਬਸਰ ਕਰੇ, ਆਦਰ ਸਹਿਤ ਦੁਨੀਆ ਤੋਂ ਜਾਵੇ। ਇਹਨਾਂ ਤਿੰਨਾਂ ਹੀ ਗੱਲਾਂ ਦਾ ਰਾਜ਼ ਕਿਰਤ ਵਿਚ ਬੰਦ ਹੈ।

ਸਿਹਤ ਦੇ ਸਤੂਨ ਵਰਜ਼ਿਸ਼ ਅਤੇ ਸੰਜਮ ਦੋ ਹੀ ਹਨ। ਜੋ ਆਦਮੀ ਵਰਜਿਸ਼ ਨਹੀਂ ਕਰਦਾ ਉਸਦਾ ਹਾਜ਼ਮਾ ਖ਼ਰਾਬ ਹੋ ਓੜਕ ਰੋਗੀ ਹੋ ਜਾਂਦਾ ਹੈ। ਅਸੀਂ ਆਪਣੇ ਕੋਠਿਆਂ ਵਿਚ ਝਾੜੂ ਦੇਣਾ ਪਸੰਦ ਕਰਦੇ ਹਾਂ, ਕਪੜੇ ਧੋਂਦੇ ਤੇ ਪਿੰਡੇ ਨ੍ਹਾਉਂਦੇ ਹਾਂ। ਇਹ ਸਾਰੇ ਹੀ ਸਾਧਨ ਮਲ-ਨਵਿਰਤੀ ਦੇ ਹਨ। ਪਰ ਜਦ ਤਕ ਅੱਠਾਂ ਪਹਿਰਾਂ ਵਿਚ ਇਕ ਵੇਰਾਂ ਕਸਰਤ ਕਰ, ਰੋਮ ਰੋਮ ਥਾਣੀ ਮੁੜ੍ਹਕੇ ਦੇ ਰਾਹ, ਖਲੜੀ ਦੇ ਅੰਦਰੋ ਮਲ ਨਾ ਨਿਕਲੇ, ਸਾਰੀਆਂ ਸਫ਼ਾਈਆਂ ਦੇ ਬਾਵਜੂਦ ਭੀ ਮਨੁੱਖ ਰੋਗੀ ਹੋ ਜਾਂਦਾ ਹੈ। ਇਸ ਲੋੜ ਨੇ ਹੀ ਸੰਸਾਰ ਵਿਚ ਸੈਂਕੜੇ ਕਿਸਮ ਦੀਆਂ ਖੇਡਾਂ, ਉਹਨਾਂ ਲਈ ਲੱਖਾਂ ਰੁਪਏ ਦੇ ਸਾਮਾਨ, ਅਖਾੜੇ, ਕਲੱਬਾਂ ਤੇ ਮੈਦਾਨ ਜਨਤਾ ਲਈ ਬਣਾਏ ਹਨ। ਪਰ ਇਹ ਲੋੜਵੰਦੀ ਕਸਰਤ ਕਿਰਤੀ ਨੂੰ ਕੁਦਰਤੀ ਪ੍ਰਾਪਤ ਹੈ। ਉਹ ਆਪਣੀ ਕਰੜੀ ਘਾਲ ਕਰ ਕੇ ਦਿਨ ਵਿਚ ਕਈ ਵੇਰ ਮੁੜ੍ਹਕੋ ਮੁੜ੍ਹਕੀ ਹੁੰਦਾ ਹੈ। ਜੋ ਨਿਆਮਤ ਧਨੀ ਨੂੰ ਅੱਠੀਂ ਪਹਿਰੀਂ ਕਲੱਬ ਵਿਚ ਗਿਆਂ ਇਕ ਵੇਰ ਲਭਦੀ ਹੈ, ਉਹ ਕਿਰਤੀ ਨੂੰ ਸਹਿਜੇ ਹੀ ਦਿਨ ਵਿਚ ਕਈ ਵਾਰ ਮਿਲ ਜਾਂਦੀ ਹੈ। ਇਉਂ ਸਮਝੋ ਕਿ ਧਨੀ ਨਹਿਰ ਦੇ ਪਾਣੀ ਨਾਲ ਸਿਹਤ ਖੇਤੀ ਸਿੰਜਦਾ ਹੈ ਜੋ ਅਧਿਆਨਾ ਭਰਨ ਤੇ ਵਾਰੀ ਨਾਲ ਮਿਲਦਾ ਹੈ, ਤੇ ਕਿਰਤੀ ਬਾਰਸ਼ ਦੇ ਪਾਣੀ ਨਾਲ ਜੋ ਰੱਬ ਵਲੋਂ ਮੁਫ਼ਤ ਤੇ ਖੁਲ੍ਹਾ ਡੁਲ੍ਹਾ ਬਰਸਾਇਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਕਈ ਕਿਸਮ ਦੇ ਰੋਗਨੀ ਸੁਆਦਲੇ ਭੋਜਨ ਖਾਣ ਤੇ ਦੁਧ ਪੀਣ ਦੇ ਬਾਵਜੂਦ ਵੀ ਅਮੀਰਾਂ ਨਾਲੋਂ, ਸੁੱਕੇ ਟੁਕੜੇ ਚਬਾਣ ਵਾਲੇ ਕਿਰਤੀਆਂ ਦੀ ਸਿਹਤ ਅੱਛੀ ਹੁੰਦੀ ਹੈ। ਧਨੀਆਂ ਦੇ ਮੁੰਡੇ ਕੁੜੀਆਂ, ਗ਼ਰੀਬਾਂ ਦੇ ਬੱਚਿਆਂ ਦੇ ਚਿਹਰਿਆਂ ਦੀ ਲਾਲੀ ਦੀ ਨਕਲ ਕਰਨ ਲਈ ਮੂੰਹ 'ਤੇ ਪਾਉਡਰ ਤੇ ਸੁਰਖ਼ੀਆਂ ਮਲਦੇ ਹਨ, ਪਰ ਨਕਲ ਓੜਕ ਨਕਲ ਹੈ। ਰਾਤੀਂ ਮਲੀਆਂ ਸੁਰਖ਼ੀਆਂ ਵਾਲੇ ਚਿਹਰੇ, ਦਿਨ ਚੜ੍ਹਦੇ ਨੂੰ ਅਸਲੀ ਰੂਪ ਡਡੂਆਂ ਵਰਗੇ ਪੀਲੇ ਦਿਸ ਆਉਂਦੇ ਹਨ:

ਹੁਸਨ ਕਿਆਰੀ ਦੀ ਫੁਲਵਾੜੀ ਜਾਂ ਜੋਬਨ ਰੁਤ ਆਈ।
ਧੂੜੇ ਦੀ ਵਰਖਾ ਚੇਹਰੇ ਤੇ ਛੈਲ ਕੁੜੀ ਬਰਸਾਈ।
ਚੜ੍ਹਿਆ ਪਾਣੀ ਸੋਸਨ ਦਾ ਫੁਲ ਦਿਸ ਪਿਆ ਗੁਲਾਬੀ।
ਧੌਣ ਉਚੇਰੀ ਕਰ ਕਰ ਤੁਰਦੀ, ਸੂਰਤ ਤੇ ਗਰਭਾਈ।
ਦਿਹੁੰ ਚੜ੍ਹਿਆ ਬਾਂਕੀ ਨੇ ਝਾਤੀ ਜਾਂ ਸ਼ੀਸ਼ੇ ਵਿਚ ਪਾਈ।
ਨਾ ਦਿਸ ਆਇਆ ਰੰਗ ਗੁਲਾਬੀ, ਜਰਦੀ ਮੁਖ ਤੇ ਛਾਈ।
ਕਿਧਰ ਗਈ ਗੁਲਾਬੀ ਰੰਗਤ, ਬਾਂਕੀ ਰੋ ਰੋ ਆਖੇ।
ਜੋ ਧੁਰ ਬਣਿਆ ਸੋਈ ਰਹਸੀ ਪੇਸ਼ ਨ ਜਾਂਦੀ ਕਾਈ।

(ਗੰਗ ਤਰੰਗ)

ਸਹੀ ਗੱਲ ਤਾਂ ਇਹ ਹੈ ਕਿ ਬਰਨਾਰਡ ਸ਼ਾਅ ਦੇ ਕਹੇ ਅਨੁਸਾਰ, ਕੁਦਰਤ ਮਨੁੱਖ ਮਾਤਰ ਦੀ ਸਾਂਝੀ ਮਾਂ ਹੈ ਤੇ ਰੋਟੀ ਦਾ ਸੁਆਦ ਦੇਣਾ ਉਸ ਦੇ ਹੱਥ ਵਿਚ ਹੈ, ਕਿਸੇ ਬੱਚੇ ਨੂੰ ਬਿਨਾਂ ਥੱਕ-ਹੁੱਟ ਕੇ ਆਇਆਂ ਨਹੀਂ ਦੇਂਦੀ। ਇਸ ਕਰਕੇ ਹੀ, ਜਿਥੇ ਮਜ਼ਦੂਰ ਕੁੜੀਆਂ ਕਾਰਖਾਨੇ ਵਿਚ ਕੰਮ ਕਰ ਸ਼ਾਮ ਨੂੰ ਥੱਕ ਕੇ ਆਉਂਦੀਆਂ ਹਨ, ਉਥੇ ਧਨੀਆਂ ਦੀਆਂ ਜ਼ਨਾਨੀਆਂ ਵੀ ਟੈਨਿਸ ਵਿਚ ਟੱਪ ਟੱਪ ਸ਼ਾਮ ਨੂੰ ਥੱਕ ਘਰ ਮੁੜਦੀਆਂ ਹਨ:

ਥਕ ਜਾਵਣ ਮਜ਼ਦੂਰਾਂ ਕੁੜੀਆਂ, ਦਿਨ ਭਰ ਕਾਰ ਕਮਾਵਣ।
ਪਰ ਧਨੀਆਂ ਜਣੀਆਂ ਵਿਚ ਟੈਨਸ, ਥਕ ਟੁਟ ਕੇ ਘਰ ਆਵਣ।
ਵਿਤਕਰਿਆਂ ਵਿਚ ਦੋਹਾਂ ਦੀ, ਜੋ ਹੈ ਕੁਦਰਤ ਮਾਂ ਸਾਂਝੀ।
ਬਿਨ ਥਕਿਆਂ ਰਸਦਾਇਕ ਰੋਟੀ, ਕਿਸੇ ਨਾ ਦੇਂਦੀ ਖਾਵਣ।

(ਸਾਊਆਂ ਦੇ ਕੌਲ)

ਜੇ ਥੱਕਣਾ ਜ਼ਰੂਰੀ ਹੈ, ਇਸ ਤੋਂ ਬਿਨਾਂ ਰੋਟੀ ਦਾ ਸੁਆਦ ਨਹੀਂ ਆ ਸਕਦਾ ਤਾਂ ਫਿਰ ਮਨੁੱਖ ਕਿਰਤ ਕਰ ਕੇ ਕਿਉਂ ਨਾ ਥੱਕੇ ਤੇ ਏਦਾਂ ਕਸਰਤ ਕਰ ਆਪਣੀ ਸਿਹਤ ਕਿਉਂ ਨਾ ਬਣਾਏ।

ਉਪਕਾਰ ਮਨੁੱਖ-ਜੀਵਨ ਦਾ ਇਕ ਬਹੁਤ ਉਚੇਰਾ ਅੰਗ ਹੈ, ਪਰ ਕਰ ਉਹ ਕਿਰਤੀ ਹੀ ਸਕਦਾ ਹੈ। ਉਪਕਾਰ ਦੇ ਅਰਥ ਹਨ, ‘ਕਿਸੇ ਦੂਸਰੇ ਦੀ ਲੋੜ ਨੂੰ ਆਪਣੇ ਸਾਧਨਾਂ ਦੁਆਰਾ ਪੂਰਾ ਕਰਨਾ।' ਸਾਧਨ ਹੁੰਦੇ ਹੀ ਕਿਰਤੀ ਦੇ ਆਪਣੇ ਹਨ, ਵਿਹਲੜ ਤਾਂ ਆਪਣਾ ਗੁਜ਼ਾਰਾ ਹੀ ਛਲ ਤੇ ਫਰੇਬ ’ਤੇ ਰਖਦੇ ਹਨ, ਉਹ ਕਿਸੇ ਦੂਸਰੇ ਦਾ ਕੀ ਸਵਾਰ ਸਕਦੇ ਹਨ। ਉਹ ਬਹੁਤ ਵੇਰ ਆਪਣੇ ਜਾਲ ਮਜ਼ਬੂਤ ਕਰਨ ਤੇ ਨਵੇਂ ਪੰਛੀ ਫਸਾਉਣ ਲਈ, ਆਪਣੇ ਠੱਗੇ ਹੋਏ ਧਨ ਵਿੱਚੋਂ ਕੁਝ ਹਿੱਸਾ ਜਨਤਾ ਨੂੰ ਖ਼ਰਚਣ ਲਈ ਦੇ ਦੇਂਦੇ ਹਨ। ਜਿਸਨੂੰ ਭੋਲੇ ਭਾਲੇ ਕਿਰਤੀ, ਉਪਕਾਰ ਦਾ ਨਾਮ ਦੇਂਦੇ, ਉਹਨਾਂ ਦੇ ਸੋਹਲੇ ਗਾਉਂਦੇ ਤੇ ਉਹਨਾਂ ਦੇ ਨਾਮ ਦੀਆਂ ਯਾਦਗਾਰਾਂ ਬਣਾਉਂਦੇ ਹਨ। ਪਰ ਅਸਲ ਉਪਕਾਰ ਕਿਰਤੀ ਹੀ ਕਰ ਸਕਦਾ ਹੈ। ਉਸਦੀ ਕਮਾਈ ਹੱਕ ਸੱਚ ਦੀ ਹੁੰਦੀ ਹੈ। ਜਿਸ ਵਿਚ ਬਰਕਤ ਹੁੰਦੀ ਹੈ। ਉਹ ਆਪਣੀ ਹਿੰਮਤ ਤੇ ਕੁਲ ਮਾਲਕ ਦੀ ਮਿਹਰ 'ਤੇ ਭਰੋਸਾ ਰਖਦੇ ਨੇ। ਉਹਨਾਂ ਦੀ ਕਮਾਈ ਆਪਣੀ ਹੁੰਦੀ ਹੈ। ਉਹ ਉਹਦੇ ਵਿਚੋਂ ਕੁਝ ਬਚਾ, ਜਦ ਕਿਸੇ ਲੋੜਵੰਦ ਦੇ ਕੰਮ 'ਤੇ ਲਗਦੇ ਹਨ, ਉਹੀ ਸੱਚਾ ਉਪਕਾਰ ਹੈ। ਜਿਤਨੇ ਕਿਰਤੀ ਹਿੰਮਤੀ ਹੋਣਗੇ, ਓਨਾ ਹੀ ਉਪਕਾਰ ਵਧੇਗਾ ਤੇ ਜਿਤਨਾ ਧੁਨੀਆਂ ਦਾ ਬਲ ਵਧੇਗਾ, ਉਤਨਾ ਹੀ ਅਭਿਮਾਨੀ ਦਾਤੇ ਤੇ ਜ਼ਲੀਲ ਮੰਗਤੇ ਦੁਨੀਆ ਵਿਚ ਪੈਦਾ ਹੋਣਗੇ। ਸੱਚ ਪੁੱਛੋ ਤਾਂ ਵਿਹਲੜ ਤੇ ਮੰਗਤੇ ਹੈਨ ਹੀ ਵਿਹਲੜ ਧਨੀਆਂ ਦੀ ਕਾਢ। ਉਹ ਇਹਨਾਂ ਬੇਕਾਰ ਇਨਸਾਨਾਂ ਦੇ ਟੋਲਿਆਂ ਦੇ ਰਾਹੀਂ, ਆਪਣੇ ਦਾਨ ਦੀਆਂ ਡੌਂਡੀਆਂ ਪਿਟਵਾਂਦੇ ਤੇ ਆਪਣੀਆਂ ਖ਼ੈਰਾਤ ਦੀਆਂ ਖ਼ਬਰਾਂ ਮਸ਼ਹੂਰ ਕਰਾਉਂਦੇ ਹਨ। ਉਹ ਲੋੜਵੰਦ, ਮੁਹਤਾਜਾਂ, ਯਤੀਮਾਂ, ਬੀਮਾਰਾਂ ਤੇ ਅਨਪੜ੍ਹਾਂ ਨੂੰ ਸਹਾਇਤਾ ਦਾ ਪਾਤਰ ਨਹੀਂ ਸਮਝਦੇ, ਜਿਤਨੇ ਆਰਾਮਤਲਬ ਸਾਧੂਆਂ, ਐਸ਼ਪ੍ਰਸਤ ਮਹੰਤਾਂ, ਰਸੀਲੇ ਕਵੀਆਂ ਤੇ ਸੁਰੀਲੇ ਰਾਗੀਆਂ ਤੇ ਪ੍ਰਚਾਰਕਾਂ ਨੂੰ ਜਾਣਦੇ ਹਨ, ਇਹੀ ਕਾਰਨ ਹੈ ਕਿ ਸੰਸਾਰ ਵਿਚ ਸੁਖ ਨਹੀਂ ਵਾਪਰਦਾ।

ਬਾਕੀ ਰਹੀ ਗੱਲ ਇੱਜ਼ਤ ਦੀ, ਇੱਜ਼ਤ ਆਪਣੀਆਂ ਕਰਨੀਆਂ ਕਰ ਕੇ ਦੂਜਿਆਂ ਕੋਲੋਂ ਹਾਰਦਿਕ ਸ਼ਲਾਘਾ ਲੈਣ ਦਾ ਨਾਮ ਹੈ, ਜ਼ਬਾਨੀ ਠਾਠੇ ਬਾਗੇ ਦਾ ਨਹੀਂ। ਮਨੁੱਖ-ਹਿਰਦਾ ਸਭ ਤੋਂ ਵਧੇਰੇ ਸ਼ਲਾਘਾ ਕਿਸ ਦੀ ਕਰਦਾ ਹੈ? ਸਭ ਤੋਂ ਪਹਿਲੇ ਮਾਂ ਬਾਪ ਦੀ, ਮਾਂ ਨੇ ਮਾਸੂਮ ਨੂੰ ਜਣਿਆ, ਪਾਲਿਆ, ਮਲ-ਮੂਤਰ ਧੋ ਗਿੱਲੀ ਥਾਂ 'ਤੇ ਆਪ ਸੁੱਤੀ 'ਤੇ ਸੁੱਕੀ ਤੇ ਬਾਲਕ ਨੂੰ ਸੰਵਾਇਆ। ਮਾਂ ਨੇ ਤੇ ਇਹ ਸੇਵਾ ਜ਼ਿਆਦਾ ਤੋਂ ਜ਼ਿਆਦਾ ਪੰਜ ਬਰਸ ਤਕ ਕੀਤੀ, ਬਾਕੀ ਦੀ ਸਾਰੀ ਉਮਰ ਕਿਸ ਨੇ ਨਿਭਾਹੀ, ਉਸ ਗ਼ਰੀਬ ਕਿਰਤੀ ਨੇ, ਜੋ ਰੋਜ਼ ਮਨੁੱਖਾਂ ਦੇ ਘਰ ਸਾਫ਼ ਕਰਦਾ, ਕੂੜਾ-ਕਰਕਟ ਹੂੰਝਦਾ, ਆਪ ਨੀਵੇਂ, ਸੌੜਿਆਂ ਤੇ ਹਨੇਰੇ ਘਰਾਂ ਵਿਚ ਰਹਿੰਦਾ ਤੇ ਸੰਸਾਰ ਨੂੰ ਸੁਖ ਦੇਂਦਾ ਹੈ। ਇਸ ਨੂੰ ਸਿੱਖ ਇਤਿਹਾਸ ਵਿਚ ਗੁਰੂ ਕਾ ਬੇਟਾ ਕਿਹਾ ਗਿਆ ਹੈ। ਜੇ ਮਨੁੱਖ ਨਾਸ਼ੁਕਰਾ ਨਾ ਹੋ ਜਾਵੇ ਤਾਂ ਉਸ ਲਈ ਕਿਰਤ ਤੋਂ ਵੱਧ ਇੱਜ਼ਤ ਦਾ ਪਾਤਰ ਕੌਣ ਹੋ ਸਕਦਾ ਹੈ। ਜੋ ਹਮਦਰਦ ਮਨੁੱਖ ਲਈ ਕਪੜਾ ਬੁਣਦਾ, ਸੀਊਂਦਾ, ਮੈਲੇ ਧੋਂਦਾ, ਜੁੱਤੀਆਂ ਬਣਾਉਂਦਾ, ਘਰ ਉਸਾਰ ਕੇ ਦੇਂਦਾ। ਗੱਲ ਕੀ, ਜੋ ਹਰ ਲੋੜ ਦੀ ਸ਼ੈ, ਆਪਣਾ ਪਸੀਨਾ ਬਹਾ ਕੇ ਲੋਕਾਂ ਲਈ ਪੈਦਾ ਕਰੇ, ਉਸ ਤੋਂ ਵੱਡਾ ਸਾਊ ਕੌਣ ਹੋ ਸਕਦਾ ਹੈ, ਸੱਚੀ ਇੱਜ਼ਤ ਉਸੇ ਨੂੰ ਹੀ ਪ੍ਰਾਪਤ ਹੋ ਸਕਦੀ ਹੈ। ਜੋ ਕੌਮਾਂ ਜਾਂ ਦੇਸ਼ ਕਿਰਤੀ ਦੀ ਇੱਜ਼ਤ ਨਹੀਂ ਕਰਦੇ, ਉਹ ਖ਼ੁਦ ਜਗਤ ਵਿਚ ਬੇ-ਇੱਜ਼ਤ ਹੋ ਜਾਂਦੇ ਹਨ। ਸਾਡਾ ਦੇਸ਼ ਇਸ ਸਚਾਈ ਦੀ ਉਦਾਹਰਣ ਹੈ। ਚਾਲੀ ਕ੍ਰੋੜ ਦੀ ਵੱਸੋਂ, ਸਾਰੇ ਜਗਤ ਤੋਂ ਪੁਰਾਣੀ ਸਭਿਅਤਾ, ਜਦੋਂ ਦੂਸਰੀਆਂ ਕੌਮਾਂ ਖੱਲਾਂ ਪਹਿਨਦੀਆਂ ਸਨ ਤਾਂ ਅਸੀਂ ਰੇਸ਼ਮ ਹੰਢਾਦੇ ਸਾਂ। ਧਰਤੀ ਉਪਜਾਊ, ਨਦੀਆਂ, ਨਾਲੇ ਤੇ ਆਬਸ਼ਾਰਾਂ ਵਹਿੰਦੀਆਂ, ਧਾਤਾਂ ਤੇ ਹੀਰੇ ਲਾਲ ਜਵਾਹਰਾਂ ਨਾਲ ਭਰੇ ਹੋਏ ਪਰਬਤ ਤੇ ਫਿਰ ਗ਼ੁਲਾਮੀ। ਕਾਲੇ ਕੁਲੀ ਅਖਵਾ ਠੋਕਰਾਂ ਖਾਣਾ।

ਸਾਰੇ ਜਹਾਂ ਕੋ ਜਿਸਨੇ ਹੁਨਰ ਦੀਆ ਥਾ।
ਮੱਟੀ ਕੋ ਜਿਸਕੀ ਹਕ ਨੇ ਜ਼ਰ ਕਾ ਅਸਰ ਦੀਆ ਥਾ।
ਤੁਰਕੋਂ ਕਾ ਜਿਸਨੇ ਦਾਮਨ ਹੀਰੋਂ ਸੇ ਭਰ ਦੀਆ ਥਾ
ਮੇਰਾ ਵਤਨ ਵੋਹ ਹੀ ਹੈ ਮੇਰਾ ਵਤਨ ਵੋਹ ਹੀ ਹੈ

(ਇਕਬਾਲ)

ਅਜਿਹਾ ਕਿਉਂ ਹੋਇਆ, ਇਤਿਹਾਸ ਦੱਸਦਾ ਹੈ। ਕਿਰਤੀਆਂ ਦੀ ਇੱਜ਼ਤ ਨਾ ਕਰਨ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਏਥੋਂ ਦੇ ਪੁਰਾਣੇ ਸਮਾਜਕ ਨਿਜ਼ਾਮ ਵਿਚ ਜੁਲਾਹਾ, ਦਰਜ਼ੀ, ਧੋਬੀ, ਮੋਚੀ, ਤਰਖਾਣ, ਲੋਹਾਰ, ਚਮਰੰਗ ਤੇ ਕਿਸਾਨ ਕੁੱਲ ਸ਼ੂਦਰ ਇਕਰਾਰ ਦੇ ਦਿੱਤੇ ਗਏ। ਸਭ ਨੂੰ ਬਸਤੀਆਂ ਤੋਂ ਬਾਹਰ ਕੁੱਲੀਆਂ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ ਤੇ ਪਨਘਟਾਂ ਤੋਂ ਦੂਰੋਂ ਪਾਣੀ ਪੀਣ ਦਾ ਹੁਕਮ ਦਿੱਤਾ ਗਿਆ। ਇਸ ਕਿਰਤ ਦੇ ਨਿਰਾਦਰ ਨੇ ਹੀ ਸਾਡਾ ਨਿਰਾਦਰ ਕਰਾਇਆ। ਉਸੇ ਤਰ੍ਹਾਂ ਹੀ ਭਾਰਤ ਵਾਸੀਆਂ ਨੂੰ ਬਸਤੀਆਂ ਦੇ ਉਚ ਅਸਥਾਨਾਂ ਵਿਚ ਰਹਿਣ ਤੋਂ ਜੁਆਬ ਦਿਤਾ ਗਿਆ ਤੇ ਚੰਗੇ ਹੋਟਲਾਂ ਵਿਚ ਖਾਣਾ ਖਾਣ ਦੀ ਮਨਾਹੀ ਕੀਤੀ ਗਈ। ਸਾਡਾ ਦੇਸ਼ ਇਸ ਅੱਧੋਗਤੀ 'ਤੇ ਪਹੁੰਚ ਜਾਣ ਦੇ ਬਾਵਜੂਦ ਵੀ ਕਿਰਤ ਨੂੰ ਨਹੀਂ ਵਡਿਆਉਂਦਾ, ਜਿਸ ਕਰਕੇ ਆਪ ਭੀ ਵੱਡਾ ਨਹੀਂ ਹੁੰਦਾ। ਸਾਡੇ ਅਜ਼ਾਦੀ ਦੇ ਯਤਨ ਰੋਜ਼ ਰੋਜ਼ ਕਿਉਂ ਫੇਲ੍ਹ ਹੁੰਦੇ ਜਾਂਦੇ ਹਨ? ਸੁਤੰਤਰਤਾ ਦੇ ਬੂਟੇ ਐਨ ਫਲਣ 'ਤੇ ਆਏ ਕਿਉਂ ਸੁੱਕ ਜਾਂਦੇ ਹਨ? ਕਾਮਯਾਬੀ ਦੇ ਮਹੱਲ 'ਤੇ ਚੜ੍ਹਨ ਲਗਿਆਂ, ਬਨੇਰੇ ਲਾਗੇ ਅਪੜਦਿਆਂ ਕਮੰਦਾਂ ਕਿਉਂ ਟੁੱਟ ਪੈਂਦੀਆਂ ਹਨ? ਸਿਰਫ਼ ਇਸ ਵਾਸਤੇ ਕਿ ਸਾਡਾ ਰੋਗ ਸਮਾਜਕ ਨਿਜ਼ਾਮ ਵਿਚ ਹੈ ਤੇ ਇਲਾਜ ਪੁਲੀਟੀਕਲ ਕਰ ਰਹੇ ਹਾਂ। ਜਦ ਤਕ ਅਸੀਂ ਸਿੱਧੇ ਰਸਤੇ ਨਹੀਂ ਪੈਂਦੇ ਤੇ ਕਿਰਤੀ ਨੂੰ ਨਹੀਂ ਸਤਿਕਾਰਦੇ, ਸਾਨੂੰ ਸੰਸਾਰ ਵਿਚ ਸਤਿਕਾਰ ਮਿਲਣਾ ਹੀ ਨਹੀਂ। ਕਿਰਤੀ ਦਾ ਸਤਿਕਾਰ ਸ੍ਰੇਸ਼ਟ ਹੈ। ਉਹ ਇਸਨੂੰ ਮਿਹਨਤ ਨਾਲ ਖ਼ਰੀਦਦਾ ਹੈ। ਉਹ ਸੱਚਾ ਮਨੁੱਖ ਹੈ। ਉਸ ਤੋਂ ਬਿਨਾਂ ਸ਼੍ਰੇਣੀਆਂ ਹੀ ਦੋ ਹਨ ਜਾਂ ਜਾਬਰ ਠੱਗਾਂ ਦੀ ਤੇ ਜਾਂ ਵਿਹਲੜ ਮੰਗਤਿਆਂ ਦੀ। ਨਕਾਰਾ, ਲੂਲੇ ਲੰਗੜਿਆਂ ਤੇ ਯਤੀਮਾਂ ਦੀ ਸੇਵਾ ਕਿਰਤੀ ਹੀ ਕਰਦਾ ਹੈ। ਉਹ ਲੋੜਵੰਦਾਂ ਦੇ ਅੱਡੇ ਹੋਏ ਹੱਥ ਉਥੇ ਹੱਥ ਧਰਦਾ ਹੈ। ਮਾਂਗਤਾਂ ਵਾਂਗ ਹੱਥ ਦੇ ਥੱਲੇ ਹੱਥ ਨਹੀਂ ਧਰਦਾ ਤੇ ਬੇਪਤ ਨਹੀਂ ਹੁੰਦਾ।

ਤੁਲਸੀ ਕਰ ਪਰ ਕਰ ਧਰਿਓ, ਕਭੀ ਕਰ ਕਰਤਲ ਨਾ ਧਰਿਓ।
ਜਾ ਦਿਨ ਕਰਤਲ ਕਰ ਧਰਿਓ, ਮੈਂ ਸੋ ਦਿਨ ਮਰਨ ਕਰਿਓ।

ਵਿਅਕਤੀਗਤ ਭਲਾਈਆਂ ਤੋਂ ਬਿਨਾਂ ਜੇ ਸਮੁੱਚੇ ਸੰਸਾਰ ਦੀ ਵਿਚਾਰ ਕੀਤੀ ਜਾਏ ਤਾਂ ਵੀ ਕਿਰਤ ਦਾ ਹੀ ਮਰਤਬਾ ਬੁਲੰਦ ਹੈ। ਸੰਸਾਰ ਵਿਚ ਜਿਉਂ ਜਿਉਂ ਵਿੱਦਿਆ ਆ ਰਹੀ ਹੈ, ਸਭਿਅਤਾ ਵਧ ਰਹੀ ਹੈ ਤੇ ਮਨੁੱਖ ਸਿਆਣਾ ਹੋ ਰਿਹਾ ਹੈ, ਤਿਉਂ ਤਿਉਂ ਹੀ ਕਿਰਤ ਨੂੰ ਮਾਣ ਮਿਲ ਰਿਹਾ ਹੈ। ਸੰਸਾਰ ਦੇ ਸਮੁਚੇ ਜੀਵਨ ਨੂੰ ਅਸੀਂ ਤਿੰਨਾਂ ਹਿਸਿਆਂ ਵਿਚ ਵੰਡ ਸਕਦੇ ਹਾਂ: ਧਾਰਮਕ, ਸਮਾਜਕ, ਰਾਜਨੀਤਕ–ਇਹਨਾਂ ਤਿੰਨਾਂ ਵਿਚ ਹੀ ਪੈਰ ਪੈਰ ਕਿਰਤ ਨੂੰ ਸਤਿਕਾਰਿਆ ਜਾ ਰਿਹਾ ਹੈ। ਪਹਿਲਾਂ ਮਜ਼ਹਬ ਨੂੰ ਹੀ ਲੈ ਲਵੋ। ਇਹ ਠੀਕ ਹੈ ਕਿ ਮਜ਼ਹਬ ਦੇ ਪੁਰਾਣੇ ਵਿਚਾਰਾਂ ਵਿਚ, ਸੰਨਿਆਸ ਤੇ ਰਾਹਬ-ਨੀਅਤ ਨੂੰ ਥਾਂ ਤੇ ਮਾਣ ਪ੍ਰਾਪਤ ਸੀ। ਮਨੁੱਖ ਜੀਵਨ ਦੀਆਂ ਗੁੰਝਲਾਂ ਨੂੰ ਸੁਲਝਾਣ ਤੇ ਉਚੇਰੀ ਮਨੁੱਖਤਾ ਦੀ ਤਲਾਸ਼ ਵਿਚ ਜੁੱਟੇ ਹੋਏ ਕੁਝ ਮਨੁੱਖਾਂ ਨੂੰ ਕਿਰਤ ਕਰਨੀ ਮੁਆਫ਼ ਕੀਤੀ ਗਈ ਸੀ। ਉਹ ਕੰਦਰਾਂ, ਚੋਟੀਆਂ ਤੇ ਗਹਿਬਰ ਬਣਾਂ ਦੇ ਇਕਾਤ ਵਿਚ ਬੈਠੇ, ਮਨੁੱਖ ਹਿਆਤ ਦੀਆਂ ਡੂੰਘਿਆਈਆਂ ਨੂੰ ਸੋਚ ਰਹੇ ਸਨ। ਉਹਨਾਂ ਲਈ ਭਿਖਿਆ ਦਾ ਅੰਨ ਜਾਇਜ਼ ਕਰਾਰ ਦਿੱਤਾ ਗਿਆ ਸੀ। ਪਰ ਸਮਾਜ ਦੀ ਤਰਫ਼ੋਂ ਮਨਜੂਰੀ ਮਿਲਣ 'ਤੇ ਵੀ ਉਹ ਮਹਾਂਪੁਰਖ, ਦੂਜਿਆਂ ਦੀ ਕਿਰਤ ਦਾ ਮਾਲ ਖਾਣ ਤੋਂ ਬਹੁਤ ਪਰਹੇਜ਼ ਕਰਦੇ ਸਨ। ਉਹ ਆਪਣੀਆਂ ਲੋੜਾਂ ਨੂੰ ਅਤਿਅੰਤ ਘਟਾ ਲੈਦੇ ਸਨ। ਬਣ ਵਿਚੋਂ ਕੰਦ ਮੂਲ ਚੁਣ ਖਾਣੇ, ਲਿਬਾਸ ਵਿਚ ਸਿਰਫ਼ ਲੰਗੋਟੀ ਜਾਂ ਬਹੁਤ ਵੇਰ ਉਕੇ ਨਗਨ ਹੀ ਰਹਿਣਾ, ਠੰਢ ਤੋਂ ਬਚਣ ਲਈ ਤਨ 'ਤੇ ਬਿਭੂਤ ਮਲਣੀ ਜਾਂ ਧੂਣੀ ਤਪਾ ਲੈਣੀ, ਬਰਤਨਾਂ ਦੀ ਥਾਂ ਹੱਥ ਹੀ ਵਰਤਣੇ, ਕਰ ਪਾਤਰੀ ਹੋ ਰਹਿਣਾ, ਜ਼ਮੀਨ 'ਤੇ ਸੌਣਾ, ਵਰਖਾ ਸਮੇਂ ਹੇਠਲੀ ਤਪੜੀ ਸਿਰ 'ਤੇ ਲੈ ਲੈਣੀ, ਤੇ ਜਨਤਾ ਲਈ ਮਹਾਨ ਉਚ ਫ਼ਲਸਫ਼ੇ ਲਿਖਣੇ, ਮਨੁੱਖੀ ਸਮਾਜ ਲਈ ਲਾਭਦਾਇਕ ਸੇਵਾ ਸੀ। ਪਰ ਉਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ। ਸਮੇਂ ਦੀ ਪਲਟੀ ਹੋਈ ਚਾਲ ਨੇ, ਸੱਚਾ ਸੰਨਿਆਸ ਖ਼ਤਮ ਕਰ ਦਿੱਤਾ ਹੈ, ਜਿਸ ਕਰਕੇ ਮਜ਼ਹਬ ਦੀਆਂ ਨਵੀਂਆਂ ਸੂਰਤਾਂ ਵਿਚ ਭਿਖਿਆ ਨੂੰ ਕੋਈ ਥਾਂ ਨਹੀਂ। ਖ਼ਾਸ ਤੌਰ 'ਤੇ ਸਿੱਖ ਧਰਮ ਤਾਂ ਕਿਰਤ ਕਰਨ ਤੇ ਵੰਡ ਛਕਣ ਤੋਂ ਬਿਨਾਂ, ਜੀਵਨ ਦੀ ਸਫਲਤਾ ਨੂੰ ਮੰਨਦਾ ਹੀ ਨਹੀਂ:

ਘਾਲਿ ਖਾਇ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥

(ਵਾਰ ਸਾਰੰਗ, ਮ: ੧, ਪੰਨਾ ੧੨੪੫)

ਉਸ ਨੇ ਕਿਰਤ ਕਰਨ ਦੀ ਤਾਕੀਦ ਲਿਖੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਸਿੱਖੀ ਵਿਚ ਗੁਰਮੁਖਾਂ ਨੂੰ ਜਨਮ ਸਫਲ ਕਰਨ ਲਈ ਜੋ ਤਰੀਕੇ ਦਸੇ ਗਏ ਹਨ, ਜਿਨ੍ਹਾਂ ਕਰਕੇ ਮਨੁੱਖਾ ਜਨਮ ਚੌਰਾਸੀ ਲੱਖ ਜੂਨ ਤੋਂ ਉੱਤਮ ਸਾਬਤ ਹੋਵੇ। ਉਹਨਾਂ ਵਿਚ ਹੱਥੀਂ ਕਾਰ ਕਮਾਵਣੀ ਤੇ ਧਰਮ ਦੀ ਕਿਰਤ ਕਰ, ਦੂਜਿਆਂ ਨੂੰ ਖੱਟ ਖੁਆਉਣਾ ਮੁੱਖ ਅੰਗ ਹਨ:

ਹਥੀਂ ਕਾਰ ਕਮਾਵਣੀ, ਪੈਰੀ ਚਲਿ ਸਤਿਸੰਗਿ ਮਲੇਹੀ।
ਕਿਰਤਿ ਵਿਰਤਿ ਕਰਿ ਧਰਮ ਦੀ, ਖਟਿ ਖਵਾਲਣੁ ਕਾਰਿ ਕਰੇਹੀ॥

(ਭਾਈ ਗੁਰਦਾਸ, ਵਾਰ ੧, ਪਉੜੀ ੩)

ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਬਹੋੜੇ ਸਿੱਖ ਦੇ ਪ੍ਰਸ਼ਨ ਕਰਨ ਉਤੇ ਕਿ ਮੈਂ ਕਿਹੜੀ ਕਿਰਤ ਕਰਾਂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫ਼ੁਰਮਾਇਆ, “ਕਿਰਤ ਕੋਈ ਵੀ ਕਰੋ ਜਿਸ ਨਾਲ ਜੀਵਨ ਦਾ ਨਿਰਬਾਹ ਹੋ ਸਕੇ। ਰੋਟੀ ਕਮਾਓ, ਪਰ ਕਪਟ-ਰਹਿਤ ਹੋ ਕੇ, ਕਿਸੇ ਦੂਸਰੇ ਦਾ ਹੱਕ ਨਹੀਂ ਮਾਰਨਾ। ਆਪਣੀ ਕਮਾਈ ਵਿਚੋਂ ਜੋ ਪ੍ਰਭੂ ਹਿਤ ਵੰਡ ਕੇ ਛਕੇਗਾ ਉਸ ਦਾ ਮਨ ਨਿਰਮਲ ਹੋਵੇਗਾ।”

ਸੁਨ ਗੁਰ ਕਿਹੋ ਕਿਰਤ ਕਰ ਕੋਈ, ਧਰਮ ਸਮੇਤ ਨਿਬਾਹੂ ਸੋਈ॥
ਕਪਟ ਬਹੀਨ ਜੀਵਕਾ ਕਰੇ, ਪਰਕੀ ਵਸਤ ਛਪਾਇ ਨ ਧਰੇ॥
ਤਿਸ ਮੇਂ ਬਾਂਟ ਪ੍ਰਭੂ ਹਿਤ ਖਾਵੇ ਤਿਸ ਕੋ ਉਰ ਨਿਰਮਲ ਹੋਇ ਜਾਵੇ॥

ਖ਼ਾਲਸਾ ਪੰਥ ਸਾਜਣ ਦੇ ਬਾਅਦ ਤਾਂ ਕਪਟ ਰਹਿਤ ਕਿਰਤ ਕਰਨੀ ਤੇ ਉਸ ਵਿਚੋਂ ਦਸਵੰਧ ਦੇਣਾ ਲਾਜ਼ਮੀ ਕਰਾਰ ਦਿੱਤਾ ਗਿਆ:

ਦਸ ਨਖ ਕੀ ਜੋ ਕਾਰ ਕਮਾਵੇ। ਤਾਕਰ ਜੋ ਧਨ ਘਰ ਮੈ ਆਵੇ॥
ਤਿਸ ਤੇ ਗੁਰ ਦਸੌਂਦ ਜੋ ਦੇਈ। ਸਿੰਘ ਸੁਯਸ ਬਹੁ ਜਗ ਮੇਂ ਲੇਹੀ॥

(ਰਹਿਤਨਾਮਾ ਭਾਈ ਦੇਸਾ ਸਿੰਘ)

ਸਿੰਘ ਲਈ ਕਿਰਤ ਕਰਨੀ ਕੋਈ ਮਨ੍ਹਾ ਨਹੀਂ; ਖੇਤੀ, ਵਾਪਾਰ, ਦਸਤਕਾਰੀ, ਜਾਂ ਸੇਵਾ, ਜੋ ਮਨ ਨੂੰ ਚੰਗੀ ਲੱਗੇ, ਬੇਸ਼ਕ ਕਰੇ, ਪਰ ਕੰਮ ਕਰੇ ਦ੍ਰਿੜ੍ਹ ਹੋ ਕੇ, ਪਰ ਚੋਰੀ ਜਾਂ ਡਾਕਾ ਕਦੀ ਨਾ ਕਰੇ:

ਖੇਤੀ ਵਣਜ ਵਾ ਸਿਲਪ ਬਨਾਵੇ। ਔਰ ਟਹਿਲ ਜੋ ਮਨ ਮੇ ਭਾਵੇ॥
ਦ੍ਰਿੜ ਹੋਇ ਸੋਈ ਕਾਰ ਕਮਾਵੇ। ਚੋਰੀ ਡਾਕੇ ਕਬਹੂ ਨਾ ਜਾਵੇ॥

(ਰਹਿਤਨਾਮਾ ਭਾਈ ਦੇਸਾ ਸਿੰਘ)

ਜੇ ਕਿਤੇ ਤਕਦੀਰ ਨਾਲ ਨੌਕਰੀ ਵੀ ਕਰਨੀ ਪੈ ਜਾਏ ਤਾਂ ਸਿਪਾਹ-ਗਿਰੀ ਕਰੇ, ਕਰੇ ਬੇਪ੍ਰਵਾਹ ਹੋ ਕੇ। ਤਨਖ਼ਾਹ ਨਾਲ ਗੁਜ਼ਾਰਾ ਕਰੇ, ਰਿਸ਼ਵਤ ਨਾ ਲਵੇ, ਲੜਾਈ ਵਿਚ ਲੋੜ ਪੈਣ 'ਤੇ ਸੂਰਬੀਰਤਾ ਦਿਖਾਏ, ਪਰ ਲੁੱਟ ਨਾ ਲੁੱਟੇ।”

ਚਾਕਰੀ ਕਰੇ ਤਾ ਸਿਪਾਹ ਗਿਰੀ ਕਰੇ, ਕੈਸੀ ਕਰੇ? ਜੋ ਬੇਪ੍ਰਵਾਹ ਰਹੇ।
ਔਰ ਜੋ ਕੁਛ ਮਹੀਨਾ ਹੋਵੇ, ਉਸ ਉਪਰ ਸੰਤੋਖ ਕਰੇ,
ਅਰ ਜਹਾਂ ਜਿਸਕਾ ਚਾਕਰ ਹੋਇ, ਸੋ ਕਹੀਂ ਭੇਜੇ ਲੜਾਈ ਨੂੰ,
ਤਾਂ ਉਸ ਮੇਂ ਅਪਨੀ ਮੁਰਾਦ ਜਾਂਨੇ, ਔਰ ਕਹੀ ਜੋ ਲੁਟ ਹੋਇ ਤਾਂ ਲੂਟੇ ਨਾਹੀਂ॥

(ਪ੍ਰੇਮ ਸੁਮਾਰਗ)

ਰਹਿਤਵਾਨ ਸਿੰਘ ਲਈ ਕਿਰਤ ਕਰ ਕੇ ਆਪਣੇ ਉਪਾਅ ਸਹਿਤ ਧਨ ਖੱਟਣ ਦੀ ਬਾਰ ਬਾਰ ਤਾਕੀਦ ਕੀਤੀ ਗਈ ਹੈ। ਉਸ ਲਈ ਜ਼ਰੂਰੀ ਕਰਾਰ ਦਿੱਤਾ ਹੈ ਕਿ ਘਰ ਦਾ ਨਿਰਬਾਹ ਕਰਨ ਲਈ ਉੱਦਮ ਕਰ ਕੇ ਧਨ ਲਿਆਵੇ, ਪਰ ਪੂਜਾ ਜੋ ਵਿਹਲੇ ਰਹਿ ਕੇ ਧਾਰਮਕ ਛਲ-ਵਲ ਨਾਲ ਧਨ ਕਮਾਉਣ ਦਾ ਦੂਸਰਾ ਨਾਮ ਹੈ ਤੇ ਜੋ ਧਨ ਦਾ ਅਸਰ ਲੈਣ ਵਾਲੇ ਤੇ ਉਸ ਦੀ ਔਲਾਦ ਨੂੰ ਵਿਹਲੜ ਬਣਾ, ਨਕਾਰਿਆਂ ਕਰ ਦੇਂਦੀ ਹੈ ਤੇ ਕਿਸੇ ਵੀ ਭਲਾਈ ਜੋਗ ਨਹੀਂ ਛੱਡਦੀ, ਉਸਨੂੰ ਕਦੀ ਭੁੱਲ ਕੇ ਵੀ ਹੱਥ ਨਾ ਲਾਵੇ:

ਰਹਿਤਵਾਨ ਗੁਰਸਿਖ ਹੈ ਜੋਈ। ਕਰ ਉਪਾਇ ਧਨ ਖਾਟੇ ਸੋਈ।।
ਤਾਹੀ ਕਰ ਘਰ ਕੋ ਨਿਰਬਹੇ। ਪੂਜਾ ਭੂਲ ਨਾ ਕਬਹੂੰ ਗਹੇ॥

(ਰਹਿਤਨਾਮਾ ਭਾ: ਦੇਸਾ ਸਿੰਘ)

ਗੁਰਮਤਿ ਵਿਚ ਹਮੇਸ਼ਾ ਮਨੁੱਖ ਦੇ ਮਾਨਸਕ ਜੀਵਨ ਦਾ ਖ਼ਿਆਲ ਵਧੇਰੇ ਰਖਿਆ ਗਿਆ ਹੈ। ਧਰਮ ਪਰਚਾਰ ਹਿੱਤ ਧਰਮਸਾਲਾ ਦਾ ਹੋਣਾ ਜ਼ਰੂਰੀ ਸੀ। ਬਾਬੇ ਨੇ ਘਰ ਘਰ ਵਿਚ ਕਾਇਮ ਕੀਤੀ, ਜਿਸ ਵਿਚ ਹਰੀ ਕੀਰਤਨ ਤੇ ਉਤਸ਼ਾਹ ਹੁੰਦੇ ਹਨ:

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥

(ਭਾਈ ਗੁਰਦਾਸ, ਵਾਰ ੧, ਪਉੜੀ ੨੭)

ਗੁਰਦੁਆਰੇ ਦੀ ਲੜਵੰਦ ਸਾਮੱਗਰੀ ਨੂੰ ਕਾਇਮ ਰਖਣਾ, ਮਾਸੂਮਾਂ ਨੂੰ ਮੁਢਲੀ ਵਿੱਦਿਆ ਗੁਰਮੁਖੀ ਅੱਖਰਾਂ ਵਿਚ ਦੇਣੀ, ਆਏ ਗਏ ਮੁਸਾਫ਼ਰ ਲਈ ਸੁਖ ਦੇ ਸਾਧਨ ਕਰਨੇ, ਤੇ ਗੁਰਮਤਿ ਪ੍ਰਚਾਰਨ ਲਈ ਧਰਮਸਾਲਾ ਵਿਚ ਗ੍ਰੰਥੀ ਦਾ ਹੋਣਾ ਲਾਜ਼ਮੀ ਹੈ। ਗ੍ਰੰਥੀ ਦੇ ਮਨ ਦੀ ਰਾਖੀ ਲਈ ਕਿ ਉਹ ਹਰ ਵੇਲੇ ਭਿਖਾਰੀਆਂ ਵਾਂਗ ਲੋਕਾਂ ਦੇ ਹੱਥਾਂ ਵੱਲ ਵੇਖਦਾ ਤੇ ਪੂਜਾ ਦੀ ਝਾਕ ਕਰਦਾ ਨਾ ਰਹੇ, ਇਸ ਝਾਕ ਨੂੰ ਸਖ਼ਤ ਨਾਪਾਕ ਕਰਾਰ ਦਿਤਾ:

ਜਿਉ ਮਿਰਯਾਦਾ ਹਿੰਦੂਆ ਗਉ ਮਾਸੁ ਅਖਾਜੁ।

(ਤਥਾ)ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੁ ਪਾਜੁ॥

(ਭਾਈ ਗੁਰਦਾਸ, ਵਾਰ ੩੫, ਪਉੜੀ ੧੨)

ਹਾਂ, ਨਿਰਬਾਹ ਮਾਤਰ ਲਈ ਚੜ੍ਹਤ ਦਾ ਧਨ ਲੈ ਲੈਣਾ ਤੇ ਬਾਕੀ ਦਾ ਲੋੜਵੰਦਾਂ ਨੂੰ ਵੰਡ ਦੇਣਾ, ਗ੍ਰੰਥੀ ਲਈ ਰਹਿਤ ਕਰਾਰ ਦਿਤੀ ਗਈ:

ਜੋ ਕੋਈ ਸਿੰਘ ਪੁਜਾਰੀ ਅਹੈ। ਸੋ ਭੀ ਪੂਜਾ ਬਹੁਤ ਨਾ ਗਹੈ।
ਤਨ ਨਿਰਬਾਹ ਮਾਤਰ ਸੋ ਲੇਵਹਿ।
ਆਧਕ ਹੋਇ ਤੋ ਜਹਿ ਤਹਿ ਦੇਵਹਿ॥

(ਰਹਿਤਨਾਮਾ ਭਾ: ਦੇਸਾ ਸਿੰਘ)

ਗੁਰਮਤਿ ਵਿਚ ਕੇਵਲ ਅਸੂਲ ਹੀ ਨਹੀਂ ਬਿਆਨ ਕੀਤੇ ਗਏ, ਸਗੋਂ ਕਿਰਤ ਦਾ ਸਤਿਕਾਰ ਕਰਨ, ਕਿਰਤੀ ਨੂੰ ਨਿਵਾਜਣ ਤੇ ਵਿਹਲੜਾਂ ਦਾ ਪਾਜ ਖੋਲ੍ਹਣ ਲਈ ਅਮਲੀ ਵਰਤੋਂ ਕੀਤੀ ਗਈ ਹੈ।

ਸਾਹਿਬ ਗੁਰੂ ਨਾਨਕ ਦੇਵ ਜੀ, ਜਦ ਜਗਤ ਤਾਰਨ ਹਿੱਤ ਘਰੋਂ ਨਿਕਲੇ, ਤਾਂ ਪਹਿਲੇ ਦੌਰੇ ਦੇ ਅਰੰਭ ਵਿਚ ਹੀ ਕਿਰਤੀ ਭਾਈ ਲਾਲੋ ਦੀ ਕੁੱਲੀ ਵਿਚ ਜਾ ਰਹੇ। ਸਬੱਬ ਨਾਲ ਉਸ ਦਿਨ ਹੀ ਉਸ ਸ਼ਹਿਰ ਦੇ ਰਈਸ ਮਲਕ ਭਾਗੋ ਦੇ ਘਰ ਯੁੱਗ ਸੀ। ਜਿਸ ਯੁੱਗ ਦੇ ਰਾਹੀਂ ਧਨੀ ਮਲਕ, ਮਾਂਗਤ ਭਿਖਾਰੀਆਂ ਨੂੰ ਕੜਾਹ ਪੂੜੀਆਂ ਖੁਆ, ਦੇਸ਼ ਵਿਚ ਆਪਣੇ ਦਾਨ ਦੀ ਚਰਚਾ ਕਰਾਉਣਾ ਤੇ ਮਨੌਤਾਂ ਅਨੁਸਾਰ ਇਕ ਰੁਪਏ ਦੇ ਸੱਤਰ ਸੱਤਰ, ਅਗਲੀ ਦੁਨੀਆ ਵਿਚ ਲੈਣ ਦੇ ਪ੍ਰਬੰਧ ਕਰ ਰਿਹਾ ਸੀ। ਉਦਾਸੀ ਦੇ ਲਿਬਾਸ ਤੋਂ ਟਪਲਾ ਖਾ, ਕਿਸੇ ਨੇ ਉਸ ਨੂੰ ਬਾਬੇ ਨਾਨਕ ਦੇ ਸਾਧ ਹੋਣ ਦੀ ਸੋਅ ਜਾ ਦੱਸੀ। ਮਲਕ ਨੇ ਨਿਓਂਦਾ ਘੱਲਿਆ, ਬਾਬਾ ਨਾ ਮੰਨਿਆ, ਤਾਂ ਉਸ ਨੇ ਹੁਕਮਨ ਪਕੜ ਮੰਗਵਾਇਆ। ਭਰੀ ਸਭਾ ਵਿਚ ਮਲਕ ਨੇ ਬਾਬੇ ਕੋਲੋਂ ਪੁਛਿਆ ਕਿ ਕੁਲੀਨ ਧਨੀ ਦੇ ਭੰਡਾਰੇ ਵਿਚੋਂ ਕੜਾਹ ਪੂੜੀ ਖਾਣ ਤੋਂ ਇਨਕਾਰ ਕਰ, ਕੰਗਾਲ ਸ਼ੂਦਰ ਦੀ ਕੁੱਲੀ ਵਿਚ ਬੈਠ, ਕੋਧਰੇ ਦੀ ਰੋਟੀ ਖਾਣ ਦਾ ਕੀ ਮਤਲਬ? ਬਾਬਾ ਜੀ ਨੇ ਕਿਹਾ ਕਿ ਮਨੁੱਖ ਦੁੱਧ ਤਾਂ ਪੀ ਸਕਦਾ ਹੈ, ਖ਼ੂਨ ਨਹੀਂ, ਚੁਨਾਂਚਿ ਇਕ ਹੱਥ ਵਿਚ ਕਿਰਤੀ ਕੋਧਰੇ ਦੀ ਰੋਟੀ ਤੇ ਦੂਜੇ ਵਿਚ ਮਲਕ ਦੇ ਭੰਡਾਰੇ ਵਿਚੋਂ ਆਈ ਕੜਾਹ ਪੂੜੀ ਫੜ ਲਏ, ਸਭਾ ਨੂੰ ਪਰਤੱਖ ਕਰ ਵਿਖਾਇਆ ਕਿ ਕਿਸ ਤਰ੍ਹਾਂ ਕਿਰਤੀ ਦੀ ਦਸਾਂ ਨਹੁੰਆਂ ਦੀ ਕਮਾਈ ਵਿਚ ਦੁੱਧ, ਤੇ ਧਨੀ ਦੀ ਇਕੱਠੀ ਕੀਤੀ ਹੋਈ ਮਾਇਆ ਦੇ ਭੰਡਾਰੇ ਦੀ ਕੜਾਹ ਪੂੜੀ ਵਿਚ ਗਰੀਬਾਂ ਦਾ ਨਚੋੜਿਆ ਹੋਇਆ ਖ਼ੂਨ ਹੁੰਦਾ ਹੈ। ਬਾਬਾ ਜੀ ਨੇ ਆਪਣੀ ਸੰਪਰਦਾ ਵਿਚ ਜਿਨ੍ਹਾਂ ਨੂੰ ਸਭ ਤੋਂ ਉਚੇਰੇ ਮਾਣ ਦਿੱਤੇ, ਉਹ ਕਿਰਤੀ ਤੇ ਕਿਸਾਨ ਸਨ। ਭਾਈ ਲਾਲੋ, ਝੰਡਾ ਬਾਢੀ, ਅਧਰਕਾ ਗ਼ੁਲਾਮ, ਭਾਈ ਬੁੱਢਾ ਤੇ ਮਰਦਾਨਾ, ਬਾਬੇ ਦੀ ਸੰਗਤ ਵਿਚ ਚੋਟੀ ਦੀਆਂ ਹਸਤੀਆਂ ਸਮਝੇ ਜਾਂਦੇ ਹਨ। ਬਾਬੇ ਨਾਨਕ ਜੀ ਦੀ ਚਲਾਈ ਹੋਈ ਇਸ ਮਰਯਾਦਾ 'ਤੇ ਹੀ ਸਿੱਖੀ ਦਾ ਮਹਲ ਉਸਰਿਆ। ਭਾਵੇਂ ਸੰਗਤਾਂ ਵਿਚ ਆਮ ਤੌਰ 'ਤੇ ਕਿਰਤੀ ਸ਼੍ਰੇਣੀਆਂ ਵਿਚੋਂ ਬਹੁਤ ਸਾਰੇ ਮੁਖੀ ਸਿੱਖ ਬਣਾਏ ਗਏ, ਪਰ ਫਿਰ ਭੀ ਸਿੱਖ ਮਾਤਰ ਲਈ, ਹੱਥੀਂ ਕਿਰਤ ਕਰਨ ਦੀ ਮਰਯਾਦਾ ਕਾਇਮ ਕੀਤੀ ਗਈ। ਇਸ ਨੂੰ ਸਭ ਤੋਂ ਵੱਡਾ ਪਰਮਾਰਥ ਕਰਮ ਕਿਹਾ ਗਿਆ ਤੇ ਹਰ ਸਿੱਖ ਇਸ ਤਰ੍ਹਾਂ ਹੱਥੀਂ ਕਿਰਤ ਕਰਨ ਦਾ ਆਦੀ ਬਣਿਆ। ਇਤਿਹਾਸਕਾਰ ਲਿਖਦੇ ਹਨ ਕਿ ਸਿੱਖਾਂ ਦੀ ਹੈਰਾਨ ਕਰਨ ਵਾਲੀ ਤਰੱਕੀ ਦਾ ਵਡਾ ਭੇਦ ਹੀ ਇਹ ਸੀ ਕਿ ਉਹਨਾਂ ਵਿਚੋਂ ਹਰ ਇਕ ਕਿਰਤ ਕਰਦਾ ਸੀ ਤੇ ਆਪਣੀ ਕਿਰਤ ਦਾ ਦਸਵਾਂ ਹਿੱਸਾ ਕੌਮੀ ਕੰਮਾਂ ਦੇ ਚਲਾਉਣ ਲਈ ਗੁਰੂ ਕੇ ਖ਼ਜ਼ਾਨੇ ਪਾਉਂਦਾ ਸੀ। ਸਾਰੀ ਸੰਗਤ ਦਾ, ਕਿਰਤ ਕਰ ਦਸਵੰਧ ਦੇਣ ਵਾਲਾ ਸੁਭਾਅ ਹੀ ਸੀ, ਜਿਸ ਕਰਕੇ ਸਿੱਖਾਂ ਦਾ ਕੋਈ ਵੀ ਗੁਰਦੁਆਰਾ, ਕਿਸੇ ਇਕ ਧਨੀ ਦਾ ਬਣਾਇਆ ਹੋਇਆ ਨਜ਼ਰ ਨਹੀਂ ਆਉਂਦਾ। ਹਰ ਅਸਥਾਨ ਵਿਚ ਆਮ ਸਿੱਖ ਜਨਤਾ ਦੇ ਧਨ ਤੇ ਸੇਵਾ ਦਾ ਹਿੱਸਾ ਹੈ। ਬੇਕਾਰਾਂ ਨੂੰ ਸਿੱਖ ਸਮਾਜ ਵਿਚ ਕੋਈ ਜਗ੍ਹਾ ਨਹੀਂ। ਲਿਖਿਆ ਹੈ ਕਿ ਜਦ ਅੰਗਰੇਜ਼ਾਂ ਨੇ ਕੁਟਿਲ ਨੀਤੀ ਤੇ ਧ੍ਰੋਹੀਆਂ ਦੀ ਮਦਦ ਨਾਲ ਲਾਹੌਰ ਦਾ ਰਾਜ ਸਿੰਘਾਂ ਕੋਲੋਂ ਲਿਆ, ਤਾਂ ਅੰਦਰੂਨੀ ਗੜਬੜ, ਬਦਇੰਤਜ਼ਾਮੀ ਤੇ ਗ਼ੱਦਾਰਾਂ ਦੇ ਹੋਣ ਦੇ ਬਾਵਜੂਦ ਭੀ ਸਿੰਘਾਂ ਨੇ ਲੜਾਈਆਂ ਵਿਚ ਗੋਰਿਆਂ ਨੂੰ ਕਰਾਰੇ ਹੱਥ ਦਿਖਾਏ, ਜਿਸ ਕਰਕੇ ਸਿਆਣੇ ਅੰਗਰੇਜ਼ਾਂ ਨੇ ਸਿੰਘਾਂ ਦੀ ਬੀਰਤਾ ਦਾ ਭੇਦ ਲੱਭਣਾ ਚਾਹਿਆ:

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਚੋੜ ਸੁਟੇ।

ਚੁਨਾਂਚਿ ਉਹਨਾਂ ਨੂੰ ਪਤਾ ਲੱਗਾ ਕਿ ਸਿੰਘਾਂ ਦੀ ਵਡਿਆਈ ਦਾ ਇਕ ਭਾਰਾ ਕਾਰਨ ਇਹ ਹੈ ਕਿ ਇਹਨਾਂ ਵਿਚ ਵਿਹਲੜ ਭਿਖਾਰੀ ਕੋਈ ਨਹੀਂ ਹੁੰਦਾ। ਹਰ ਇਕ ਕੋਈ ਨਾ ਕੋਈ ਕਿਰਤ ਕਰਦਾ ਹੈ। ਚੁਨਾਂਚਿ ਇਕ ਅੰਗਰੇਜ਼ ਨੂੰ ਪਤਾ ਲੱਗਾ ਕਿ ਸਿੱਖਾਂ ਦੇ ਕਿਸੇ ਪਿੰਡ ਵਿਚ ਇਕ ਨਿਹੰਗ ਰਹਿੰਦਾ ਹੈ ਜੋ ਈਸਾਈ ਰਾਹਬਾਂ ਵਾਂਗ ਜੀਵਨ ਬਸਰ ਕਰਦਾ ਹੈ। ਸਬੱਬ ਨਾਲ ਉਹ ਅੰਗਰੇਜ਼ ਜਦ ਉਸ ਪਿੰਡ ਦੇ ਲਾਗੇ ਪੁੱਜਾ ਤਾਂ ਦੁਪਹਿਰ ਲੱਗੀ ਹੋਈ ਸੀ ਤੇ ਕੜਕਦੀ ਧੁੱਪ ਵਿਚ ਉਹ ਨਿਹੰਗ ਕਹੀ ਲਈ, ਪਿੰਡ ਦੇ ਪਹੇ ਵਿਚ ਮਿੱਟੀ ਸੁੱਟ ਚਲ੍ਹਾ ਪੂਰ ਰਿਹਾ ਸੀ। ਧੁੱਪ ਦੀ ਤੇਜ਼ੀ, ਕਹੀ ਦੀ ਕਿਰਤ, ਚੱਕਰਾਂ ਤੋੜਿਆਂ ਵਾਲੇ ਭਾਰੀ ਲਿਬਾਸ ਕਰਕੇ ਉਹ ਮੁੜ੍ਹਕੋ ਮੁੜ੍ਹਕੀ ਹੋ ਰਿਹਾ ਸੀ। ਜਦ ਅੰਗਰੇਜ਼ ਨੇ ਪੁਛਿਆ ਕਿ ਉਹ ਫ਼ਕੀਰ ਹੋ ਕੇ ਏਡੀ ਕਠਨ ਘਾਲ ਕਿਉਂ ਕਰ ਰਿਹਾ ਹੈ, ਤਾਂ ਨਿਹੰਗ ਸਿੰਘ ਨੇ ਉੱਤਰ ਦਿਤਾ, “ਖ਼ਾਲਸਾ ਕੋਈ ਭਿਖਾਰੀ ਨਹੀਂ ਕਿ ਕਿਸੇ ਦਾ ਦਿੱਤਾ ਹੋਇਆ ਦਾਨ ਖਾਵੇ, ਪਿੰਡ ਤੋਂ ਆਇਆ ਪ੍ਰਸ਼ਾਦਾ ਛਕਦਾ ਹੈ। ਇਸ ਲਈ ਪਿੰਡ ਦੇ ਰਾਹ ਦੇ ਚਲ੍ਹੇ ਮਾਰਨ ਦੀ ਕਾਰ ਕਮਾ ਰਿਹਾ ਹੈ।" ਇਹ ਸੀ ਮਾਨਸਕ ਅਵਸਥਾ ਬਿਹੰਗਮ ਸਿੰਘਾਂ ਦੀ, ਗ੍ਰਹਿਸਥੀਆਂ ਦਾ ਤਾਂ ਕਹਿਣਾ ਹੀ ਕੀ।

ਸੰਸਾਰ ਦੀ ਸਮਾਜਕ ਅਵਸਥਾ ਭੀ, ਕਿਰਤ ਨੂੰ ਨਿਵਾਜੇ ਤੋਂ ਬਿਨਾਂ ਸੁਧਰ ਨਹੀਂ ਸਕਦੀ। ਜੇ ਸਾਰੇ ਕਿਰਤ ਕਰ ਰਹੇ ਹੋਣ ਤਾਂ ਸਮਾਜਕ ਖ਼ਰਾਬੀਆਂ ਅੱਜ ਹੀ ਦੂਰ ਹੋ ਜਾਣ। ਸਮਾਜਕ ਜੀਵਨ ਨੂੰ ਗੰਦਾ ਕੌਣ ਕਰ ਰਹੇ ਹਨ? ਸਰਮਾਇਆਦਾਰ ਜਾਂ ਭਿਖਾਰੀ। ਇਹ ਦੋਵੇਂ ਟੋਲੇ ਵਿਹਲੜਾਂ ਦੇ ਹਨ। ਸਰਮਾਇਆਦਾਰ ਜੋ ਆਮ ਤੌਰ 'ਤੇ ਕਿਸੇ ਧਨੀ ਦੇ ਘਰ ਜੰਮ ਪੈਣ ਜਾਂ ਮੁੱਲ ਖ਼ਰੀਦਿਆ ਜਾਂ ਮੁਤਬੰਨਾਂ ਬਣ ਜਾਣ ਕਰਕੇ, ਅਣਗਿਣਤ ਧਨ ਦੇ ਮਾਲਕ ਬਣ ਬਹਿੰਦੇ ਹਨ, ਉਹਨਾਂ ਦੇ ਮਨ ਵਿਚ ਕਿਰਤ ਦੀ ਵਡਿਆਈ ਕੀ ਆ ਸਕਦੀ ਹੈ। ਉਹਨਾਂ ਨੂੰ ਤਾਂ ਦਿਨ ਰਾਤ ਐਸ਼ ਉਡਾਣ ਤੇ ਭੋਗ ਭੋਗਣ ਤੋਂ ਹੀ ਕੋਈ ਫ਼ੁਰਸਤ ਨਹੀਂ। ਗ਼ਰੀਬਾਂ ਦੀਆਂ ਚੀਖਾਂ, ਭੁੱਖਿਆਂ ਦੇ ਹਾੜੇ, ਦਰਦਮੰਦਾਂ ਦੀਆਂ ਆਹੀਂ ਉਹਨਾਂ ਦੇ ਕੰਨ ਖਾਂਦੀਆਂ ਹਨ। ਉਹ ਸਮਾਜ ਦੀ ਇਤਨੀ ਮਦਦ ਕਰਦੇ ਹਨ ਕਿ ਭੁੱਖ ਦੇ ਦੁੱਖੋਂ ਤਰਲੇ ਲੈਂਦੀਆਂ ਨੌਜੁਆਨ ਸੁੰਦਰੀਆਂ ਦਾ ਸਤ ਸਸਤੇ ਮੁਲ ਖ਼ਰੀਦ ਲੈਣ, ਜਿਹਾ ਕਿ ਬੰਗਾਲ ਵਿਚ ਪਿਛਲੀ ਵਾਰ ਹੋਇਆ ਸੀ:

ਸਗਨਾਂ ਦੇ ਵਾਜੇ ਗਾਜੇ ਸਨ, ਜੇਹੜੀ ਡੋਲੀ ਤੇ ਚਾੜ੍ਹੀ ਸੀ।
ਰੇਸ਼ਮ ਦੀ ਜਿਸ ਦੀ ਅੰਗੀਆ ਸੀ, ਜ਼ਰੀਆਂ ਦੀ ਜਿਸ ਦੀ ਸਾੜ੍ਹੀ ਸੀ।
ਮਦ-ਭਰਿਆਂ ਨਰਗਸ ਨੈਣਾਂ ਤੇ, ਜਿਸ ਦਾ ਸੀ ਮਾਹੀ ਮਤਵਾਲਾ।
ਚਾਵਲ ਦੇ ਚੁਕੇ ਤੋਂ ਚੁਕ ਉਹ, ਲਾੜੇ ਨੇ ਵੇਚੀ ਲਾੜੀ ਸੀ।
ਕਹਿੰਦੇ ਸੀ ਭੌਰੇ ਹੀ ਜਗ ਤੇ, ਫੁਲ ਸੁਕੇ ਪ੍ਰੀਤ ਤਰੋੜ ਗਏ।
ਪਰ ਅਜ ਮਰਦਾਂ ਦੇ ਜਾਏ ਵੀ, ਦੁਖ ਭੁਖ ਦੇ ਮੁਖੜੇ ਮੋੜ ਗਏ।

ਗ਼ਰੀਬਾਂ ਦੇ ਮਾਸੂਮ ਬੱਚੇ ਗਹਿਣੇ ਰਖ ਕੇ ਗ਼ੁਲਾਮ ਬਣਾ ਲਏ ਜਾਂ ਆਪਣੇ ਮਹੱਲੇ ਦੀ ਸ਼ਾਨ ਵਧਾਉਣ ਲਈ ਗ਼ਰੀਬਾਂ ਦੀਆਂ [1]*ਕੁੱਲੀਆਂ ਸਸਤੇ ਭਾ ਖ਼੍ਰੀਦ ਢਾਅ ਸੁਟਦੇ*[2] ਹਨ। ਅੱਜ ਦੇਸ਼ ਦੇ ਸਾਰੇ ਹੀ ਪਹਾੜੀ ਮੁਕਾਮ ਅਯਾਸ਼ ਧਨੀਆਂ ਦੇ ਅੱਡੇ ਬਣੇ ਹੋਏ ਹਨ, ਜਿਥੇ ਰੁਪੈ ਦੇ ਜਾਲ ਵਿਚ ਮੁਫ਼ਲਿਸ, ਮਾਸੂਮ ਹੁਸਨ, ਮਿਰਗਾਂ ਵਾਂਗ ਘੇਰ ਘੇਰ ਕੇ ਫਸਾਇਆ ਜਾਂਦਾ ਹੈ:

ਗਰਮੀ ਦੀ ਰੁਤ ਕਟਣ ਨੂੰ ਪ੍ਰਦੇਸੀ ਆਂਦੇ ਨੇ,
ਸਹਿਜੇ ਕਟ ਦਿਨ ਕਈ ਦੇਸਾਂ ਵਲ ਜਾਂਦੇ ਨੇ।


  1. *ਅਸੀਂ ਜੰਮੂ ਦੀ ਤਹਿਸੀਲ ਰਾਜੌਰੀ ਵਿਚ–ਗ਼ਰੀਬ ਕਿਸਾਨਾਂ ਦੇ ਛੋਟੇ ਬੱਚੇ ਦੁਕਾਨਦਾਰਾਂ ਕੋਲ ਗਹਿਣੇ ਪਾਉਣ ਦਾ ਰਿਵਾਜ ਉਥੋਂ ਦੇ ਲੋਕਾਂ ਕੋਲੋਂ ਸੁਣਿਆ ਹੈ।
  2. *ਦਿੱਲੀ ਦਾ ਵਾਇਸਰਾਇ ਹਾਊਸ ਬਣਾਉਣ ਲਈ ਇਰਦ ਗਿਰਦ ਦੇ ਕਿਤਨੇ ਹੀ ਪਿੰਡ ਉਜਾੜੇ ਗਏ। ਗ਼ਰੀਬਾਂ ਦੀਆਂ ਝੁੱਗੀਆਂ ਤਾਂ ਕਿਤੇ ਰਹੀਆਂ, ਕਬਰਾਂ ਤਕ ਖੋਦ ਦਿਤੀਆਂ ਗਈਆਂ।

ਬਹੁਲੇ ਜੋ ਰਸੀਏ ਨੇ, ਜੋਬਨ ਦੇ ਸ਼ਿਕਾਰੀ ਨੇ,
ਮਾਸੂਮਾਂ ਦੇ ਫਹਾਵਣ ਨੂੰ ਚੋਗ ਖਿਲਾਰੀ ਨੇ।
ਨੋਟਾਂ ਤੇ ਦਮਾਂ ਦੇ ਜਾਲ ਵਛਾਏ ਨੇ,
ਹੋਟਲ ਦੇ ਬਹਿਰੇ ਜੋ ਮਿਰਗ ਘੇਰ ਲਿਆਏ ਨੇ।

(ਪਹਾੜ ਦੀ ਬੀਤੀ-ਕਰਤਾ)

ਬਹੁਤ ਸਾਰੇ ਹਿੰਦੁਸਤਾਨੀ ਰਾਜਕੁਮਾਰ ਤੇ ਉਹਨਾਂ ਦੇ ਮੁਸਾਹਿਬ ਹੀ ਨਾਚ-ਘਰਾਂ ਦੀ ਰੌਣਕ ਹਨ:

ਕੁਛ ਰਾਜੇ ਤੇ ਰਾਣੇ ਕੁਛ ਧਨੀ ਵੀ ਨੇ ਸੋਹੇ,
ਕੁਝ ਵਿਗੜੇ ਹੋਏ ਮੁੰਡੇ ਪਿਓ ਨਵੇਂ ਨਵੇਂ ਮੋਏ।
ਬਣ ਠਨ ਕੇ ਜੋ ਬੈਠੇ ਰਈਸਾਂ ਦੇ ਸਾਥੀ,
ਵਡਮੁੱਲੀਆਂ ਪੁਸ਼ਾਕਾਂ ਤੁਰਨ ਮਸਤ ਜਿਉਂ ਹਾਥੀ।

(ਮਸੂਰੀ—ਕਰਤਾ)

ਝਬਦੇ ਮੋਏ ਹੋਏ, ਧਨੀਆਂ ਦੇ ਵਿਗੜੇ ਹੋਏ ਮੁੰਡੇ ਹੀ ਐਸ਼ਗਾਹਾਂ ਵਿਚ ਦਿਨ ਰਾਤ ਪਏ ਰਹਿੰਦੇ ਹਨ। ਇਕ ਇਕ ਰਾਜੇ ਦੇ ਮਰਨ ਤੇ ਰਾਣੀਆਂ ਦੀਆਂ ਪਾਲਾਂ ਤੇ ਦਾਸ਼ਤਾ (ਦਾਸੀਆਂ) ਦੇ ਵੱਗਾਂ ਦੇ ਵੱਗ ਵਿਹਲੇ ਹੋ, ਨਵੇਂ ਗੱਦੀ-ਨਸ਼ੀਨ ਕੋਲੋਂ ਕੁਝ ਧਨ ਲੈ ਸਮਾਜ ਲਈ ਤਬਾਹੀ ਦਾ ਸਾਮਾਨ ਬਣ ਬਹਿੰਦੀਆਂ ਹਨ। ਬਾਜ਼ਾਰੀ ਵੇਸਵਾਵਾਂ ਦੇ ਚਕਲੇ ਅਜਿਹੇ ਉੱਦਮ-ਰਹਿਤ ਧਨ ਦੇ ਮਾਲਕਾਂ ਦੇ ਹੀ ਆਸਰੇ ਚਲ ਰਹੇ ਹਨ।

ਸਾਲ ਵਿਚ ਕਿਤਨੇ ਕਤਲ, ਮਾਸੂਮਾਂ ਦੇ ਸਤ ਭੰਗ ਤੇ ਬੇ-ਗੁਨਾਹਾਂ ਨਾਲ ਇਸ ਜੁਰਮ ਵਿਚ ਕਿ ਉਹਨਾਂ ਦੀ ਧੀ, ਭੈਣ ਜਾਂ ਇਸਤਰੀ ਖ਼ੂਬਸੂਰਤ ਹੈ, ਕਿਤਨੀਆਂ ਸ਼ਾਜ਼ਸ਼ਾਂ ਰਿਆਸਤਾਂ ਵਿਚ ਹੁੰਦੀਆਂ ਰਹਿੰਦੀਆਂ ਹਨ। ਇਸ ਮਜ਼ਮੂਨ 'ਤੇ ਕਿਤਾਬਾਂ ਹੀ ਲਿਖੀਆਂ ਪਈਆਂ ਹਨ।

ਸਮਾਜ ਦਾ ਦੂਸਰਾ ਰੋਗ ਵਿਹਲੜ ਭਿਖਾਰੀ ਹਨ, ਜੋ ਬਹੁਤ ਧਨੀ ਅਯਾਸ਼ਾਂ ਦੇ ਦਾਨ ਦਾ ਪ੍ਰਾਪੇਗੰਡਾ ਕਰਦੇ, ਉਨ੍ਹਾਂ ਦੇ ਭੰਡਾਰਿਆਂ ਵਿਚੋਂ ਅਣਮੁਲੇ ਸੁਆਦਿਸ਼ਟ ਖਾਣੇ ਖਾਂਦੇ ਅਤੇ ਗੱਪਾਂ ਮਾਰਨ ਤੇ ਸੌਣ ਵਿਚ ਵਕਤ ਗੁਜ਼ਾਰਦੇ ਹਨ। ਇਹ ਵੱਧ ਖਾਣ ਜਾਂ ਖਾਧਾ ਹੋਇਆ ਪਚਾਣ ਅਤੇ ਬੇਕਾਰ ਵਕਤ ਲੰਘਾਉਣ ਲਈ ਆਮ ਤੌਰ 'ਤੇ ਨਸ਼ਿਆਂ ਦੀ ਵਰਤੋਂ ਕਰਦੇ ਹਨ। ਦੇਸ਼ ਵਿਚ ਸ਼ਰਾਬ, ਭੰਗ, ਅਫ਼ੀਮ, ਚਰਸ, ਤਾੜੀ ਤੇ ਤਮਾਕੂ ਦੇ ਵੱਡੇ ਪ੍ਰਚਾਰਕ ਇਹੋ ਹੀ ਲੋਕ ਹਨ। ਇਹਨਾਂ ਦੇ ਜੀਵਨ ਦੇ ਦੋ ਹੀ ਮਜ਼ਮੂਨ ਹਨ: ਜਾਂ ਭਿਖਿਆ ਪਾਉਣ ਵਾਲੇ ਦੇ ਰੂਪ ਦੀ ਚਰਚਾ ਜਾਂ ਮਾਸੂਮ ਬੱਚਿਆਂ ਨੂੰ ਬਹਿਕਾ ਕੇ ਘਰਾਂ ਵਿਚੋਂ ਲੈ ਜਾਣਾ, ਤੇ ਬਾਕੀ ਰਹਿੰਦਿਆਂ ਨੂੰ ਨਸ਼ੇ ਲਗਾ ਜਾਣਾ ਹੀ ਮੁਆਵਜ਼ਾ ਹੈ, ਜੋ ਉਹ ਮੁਲਕ ਦੀਆਂ ਰੋਟੀਆਂ ਖਾ ਕੇ ਬਦਲੇ ਵਿਚ ਦੇ ਰਹੇ ਹਨ। ਇਹ ਸਾਰੀ ਖ਼ਰਾਬੀ ਕਿਉਂ ਹੈ? ਸਿਰਫ਼ ਇਸ ਵਾਸਤੇ ਕਿ ਸਾਡੇ ਸਮਾਜ ਵਿਚ ਕਿਰਤ ਦੀ ਵਡਿਆਈ ਤੇ ਵਿਹਲੇ ਰਹਿਣ ਵਲੋਂ ਗਿਲਾਨੀ ਨਹੀਂ ਕੀਤੀ ਜਾਂਦੀ। ਅਸੀਂ ਭਿਖਾਰੀਆਂ ਨੂੰ ਸਾਧੂ ਕਹਿ ਕੇ ਸਤਿਕਾਰਦੇ ਤੇ ਧਨੀਆਂ ਨੂੰ ਵੱਡੇ ਆਦਮੀ ਕਹਿ ਕੇ ਵਡਿਆਉਂਦੇ ਹਾਂ। ਇਕ ਵੇਰ ਡਲਹੌਜ਼ੀ ਦੇ ਚੌਕ ਵਿਚ ਡਾਕਖ਼ਾਨੇ ਦੇ ਸਾਹਮਣੇ, ਬਜ਼ਾਰ ਵਲੋਂ ਭੱਜੇ ਆ ਰਹੇ ਮੈਲੇ ਲੀੜਿਆਂ ਵਾਲੇ ਮੋਟੇ ਹਉਂਕਦੇ ਹੋਏ ਹਲਵਾਈ ਨੂੰ ਕਿਸੇ ਪੁਛਿਆ, “ਤੂੰ ਐਡਾ ਔਖਾ ਕਿਥੇ ਦੌੜਿਆ ਜਾਨਾ ਹੈਂ?” ਤਾਂ ਉਸਨੇ ਕਿਹਾ, “ਮੈਨੂੰ ਲਾਗੇ ਦੀ ਰਿਆਸਤ ਦੇ ਰਾਜੇ ਦੇ ਲੰਘਣ ਦੀ ਖ਼ਬਰ ਮਿਲੀ ਹੈ। ਮੈਂ ਕੇਵਲ ਉਹਨਾਂ ਦੇ ਦਰਸ਼ਨਾਂ ਲਈ ਆਇਆ ਹਾਂ ਕਿਉਂਜੋ ਰਾਜੇ ਰਾਮ ਦਾ ਰੂਪ ਹੁੰਦੇ ਹਨ।” ਇਹ ਹੈ ਦਿਮਾਗ਼ੀ ਹਾਲਤ ਸਾਡੀ ਆਮ ਜਨਤਾ ਦੀ। ਇਕ ਕਰੜੀ ਕਿਰਤ ਕਰ, ਕੜਾਹੀਆਂ ਮਾਂਜ, ਭੱਠੀ ਅਗੇ ਸੜ ਫਿਰ ਵੀ ਮੈਲਿਆਂ ਕਪੜਿਆਂ ਵਿਚ ਜੀਵਨ ਦੇ ਦਿਨ ਬਤੀਤ ਕਰਨ ਵਾਲਾ ਕਿਰਤੀ, ਇਕ ਅਜਿਹੇ ਮਨੁੱਖ ਨੂੰ ਰੱਬ ਦਾ ਰੂਪ ਸਮਝਦਾ ਹੈ, ਜਿਸ ਵਿਚ ਕੇਵਲ ਇਤਨਾ ਹੀ ਗੁਣ ਹੈ ਕਿ ਜਾਂ ਤਾਂ ਉਹ ਕਿਸੇ ਰਾਣੀ ਦੇ ਪੇਟੋਂ ਜੰਮ ਪਿਆ ਤੇ ਜਾਂ ਕੋਈ ਰਾਣੀ ਕੁਝ ਮਹੀਨੇ ਪੇਟ 'ਤੇ ਬਾਟੀ ਬੰਨ੍ਹ, ਖਾਵੰਦ ਨੂੰ ਧੋਖਾ ਦੇ ਤੇ ਰੈਜ਼ੀਡੰਟ ਨੂੰ ਕੁਝ ਧਨ ਚਾੜ੍ਹ, ਕਿਸੇ ਦਾਸੀ ਦਾ ਖ਼੍ਰੀਦਿਆ ਹੋਇਆ ਬੱਚਾ ਆਪਣੇ ਪੇਟੋਂ ਜੰਮਿਆ ਹੋਇਆ ਸਾਬਤ ਕਰਨ ਵਿਚ ਸਫਲ ਹੋ ਗਈ। ਜੇ ਸਾਡਾ ਸਮਾਜ ਭਿਖਾਰੀਆਂ ਨੂੰ ਸਤਿਕਾਰਨੋਂ, ਤੇ ਇਤਫ਼ਾਕ ਨਾਲ ਬਣੇ ਧਨੀਆਂ ਨੂੰ ਸਨਮਾਨਣੋਂ ਹਟ ਜਾਏ, ਤਾਂ ਸਾਡੀ ਬਿਗੜੀ ਕੱਲ੍ਹ ਹੀ ਬਣ ਸਕਦੀ ਹੈ। ਕਈ ਦੇਸ਼ਾਂ ਨੇ ਸਾਡੇ ਦੇਖਦਿਆਂ ਬਣਾਈ ਹੈ, ਤੇ ਕਈ ਬਣਾਣ ਦੇ ਆਹਰ ਵਿਚ ਲੱਗੇ ਹੋਏ ਹਨ।

ਚੰਗਾ ਰਾਜ-ਪ੍ਰਬੰਧ ਹੀ ਸੰਸਾਰ ਲਈ ਸੁਖ ਦੀ ਆਖ਼ਰੀ ਆਸ ਹੁੰਦਾ ਹੈ। ਜੋ ਖ਼ਰਾਬੀਆਂ, ਸਦੀਆਂ ਦੇ ਯਤਨਾਂ ਨਾਲ ਦੂਰ ਨਾ ਹੋ ਸਕਣ, ਜੋ ਬੁਰਾਈਆਂ ਸੈਂਕੜੇ ਬਲੀਆਂ ਦੇ ਤ੍ਰਾਣ ਨਾਲ ਨਾ ਹਟਣ, ਰਾਜ ਦੇ ਮੱਥੇ 'ਤੇ ਪਈ ਇਕ ਤਿਊੜੀ, ਉਹਨਾਂ ਨੂੰ ਦਿਨਾਂ ਵਿਚ ਮਿਟਾ ਕੇ ਰੱਖ ਦੇਂਦੀ ਹੈ। ਜਿਸ ਤਰ੍ਹਾਂ ਸਖ਼ਤ ਹਨੇਰੀਆਂ, ਬਸਤੀਆਂ ਦੀਆਂ ਗੁੱਠਾਂ ਵਿਚੋਂ ਵੀ ਕੂੜਾ ਹੂੰਝ ਲਿਜਾਂਦੀਆਂ ਤੇ ਤੂਫ਼ਾਨ ਭਾਰੇ ਭਾਰੇ ਦਰੱਖਤਾਂ ਨੂੰ ਜੜ੍ਹੋਂ ਪੁੱਟ ਦੇਂਦੇ ਹਨ, ਉਸੇ ਤਰ੍ਹਾਂ ਹੀ ਰਾਜ-ਪ੍ਰਬੰਧ ਦੇ ਕਰਾਰੇ ਕਾਨੂੰਨ ਤੇ ਤਾਕਤ ਦੀ ਤੇਜ਼ ਵਰਤੋਂ, ਜਹਾਲਤ, ਅਨਪੜ੍ਹਤਾ ਤੇ ਅੰਧ-ਵਿਸ਼ਵਾਸ ਦੇ ਕੂੜੇ ਨੂੰ ਹੂੰਝਦੇ, ਤੇ ਰਿਵਾਜਾਂ ਅਤੇ ਮਨੌਤਾਂ ਦਿਆਂ ਪੁਰਾਣਿਆਂ ਬੋਹੜਾਂ ਨੂੰ ਪੁੱਟ ਕੇ ਸੁੱਟ ਦੇਂਦੇ ਹਨ। ਇਹਨਾਂ ਹੀ ਤੂਫ਼ਾਨਾਂ ਦਾ ਨਾਂ ਇਨਕਲਾਬ ਹੈ, ਜੋ ਚੜ੍ਹਨ ਲੱਗਾ ਤਾਂ ਕਾਲੀ ਘਟਾ ਵਾਂਗ ਭਿਆਨਕ ਦਿਸ ਆਉਂਦਾ ਹੈ, ਪਰ ਬਰਸਣ ਦੇ ਮਗਰੋਂ ਸ਼ਾਂਤ ਵਰਤਾ ਜਾਂਦਾ ਹੈ। ਜੇ ਰਾਜ-ਪ੍ਰਬੰਧ ਕਿਰਤ ਦੀ ਕਦਰ ਕਰੇ, ਕਿਰਤੀਆਂ ਨੂੰ ਸਨਮਾਨ ਦੇਵੇ ਤਾਂ ਸੁਖਾਂ ਵਿਚ ਵਾਧਾ ਸੁਭਾਵਕ ਹੀ ਹੋ ਜਾਵੇ। ਅੱਜ ਅੰਗਰੇਜ਼, ਅਮਰੀਕਨ ਤੇ ਰੂਸੀ, ਕਿਉਂ ਸੰਸਾਰ ਦੇ ਵਿਜਈ ਬਣੇ ਬੈਠੇ ਹਨ, ਕੇਵਲ ਇਸ ਕਾਰਨ ਕਿ ਉਹਨਾਂ ਇਕ ਹੱਦ ਤਕ, ਕਿਰਤ ਦੀ ਕਦਰ ਕੀਤੀ ਤੇ ਕਿਰਤੀਆਂ ਨੂੰ ਮਾਣ ਦਿੱਤਾ ਹੈ।

ਉਹਨਾਂ ਦੀ ਆਪ ਵਿਚ ਦੀ ਵਡਿਆਈ ਦੀ ਨਿਸਬਤ ਭੀ, ਏਸੇ ਗੁਣ ਦੇ ਆਸਰੇ ਹੈ। ਜਿਸ ਨੇ ਕਿਰਤ ਨੂੰ ਜਿਤਨਾ ਚੁਕਿਆ ਉਨ੍ਹਾਂ ਹੀ ਉਹ ਦੂਸਰੇ ਤੋਂ ਉਚੇਰਾ ਹੋ ਗਿਆ।

ਮੁਸ਼ਕਲ ਇਹ ਹੈ ਕਿ ਸੰਸਾਰ ਵਿਚ ਆਮ ਤੌਰ 'ਤੇ ਅਤੇ ਸਾਡੇ ਦੇਸ਼ ਵਿਚ ਖ਼ਾਸ ਕਰਕੇ ਸਦੀਆਂ ਤੋਂ ਰਾਜ ਤਲਵਾਰ ਦਾ ਰਿਹਾ ਹੈ। ਕੋਈ ਇਕ ਸ਼ਮਸ਼ੀਰਜ਼ਨ ਲੁੱਟ ਦਾ ਲਾਲਚ ਦੇ ਜਾਂ ਤਲਬਾਂ ਤਾਰ, ਸਿਪਾਹੀਆਂ ਨੂੰ ਭਰਤੀ ਕਰ, ਫ਼ੌਜ ਬਣਾ ਕੇ ਕਿਸੇ ਦੇਸ਼ 'ਤੇ ਕਬਜ਼ਾ ਕਰ ਲੈਂਦਾ ਸੀ। ਹਿੰਦੁਸਤਾਨ ਵਿਚ ਤਾਂ ਖ਼ਾਸ ਤੌਰ 'ਤੇ ਕਸ਼ੱਤਰੀ ਹੀ ਰਾਜ ਕਰਨ ਦਾ ਅਧਿਕਾਰੀ ਸਮਝਿਆ ਜਾਂਦਾ ਸੀ। ਇਸ ਦੇਸ਼ ਵਿਚ ਮਜ਼ਹਬ ਤੇ ਵਿਦਵਤਾ ਇਕ ਦੇ ਕੋਲ, ਤੇ ਤਲਵਾਰ ਦੂਜੇ ਦੇ ਪਾਸ ਸੀ। ਦੋਹਾਂ ਨੇ ਰਲ, ਲੋਕਾਂ ਨੂੰ ਪ੍ਰਲੋਕ ਦਾ ਖੌਫ਼ ਤੇ ਲੋਕ-ਡਰ ਪਾ ਕੇ ਮੁਲਕ 'ਤੇ ਕਬਜ਼ਾ ਕਰ ਲਿਆ ਸੀ। ਅਯਾਸ਼ ਸਿਪਾਹੀਆਂ ਤੇ ਸੁਖ-ਰਹਿਣੇ ਪੁਜਾਰੀਆਂ ਨੇ ਕਿਰਤ ਨੂੰ ਨੀਵਾਂ ਤੇ ਕਿਰਤੀ ਨੂੰ ਸ਼ੂਦਰ ਕਰਾਰ ਦਿੱਤਾ ਸੀ। ਅੱਜ ਭਾਵੇਂ ਉਹ ਦੇਸ਼ ਵਿਆਪਕ ਜਾਲ ਤਾਂ ਟੁੱਟ ਚੁੱਕਾ ਹੈ ਪਰ ਫਿਰ ਭੀ ਉਸਦੇ ਬਿਖਰੇ ਹੋਏ ਟੁਕੜੇ ਦੇਸ਼ ਦੇ ਕਈ ਹਿੱਸਿਆਂ ਨੂੰ ਦਬਾਈ ਬੈਠੇ ਹਨ। ਕਿਰਤੀਆਂ ਦੇ ਰਾਜ ਦੀਆਂ ਕਈ ਤਹਿਰੀਕਾਂ ਉੱਠੀਆਂ, ਜਿਨ੍ਹਾਂ ਵਿਚੋਂ ਸਿੰਘਾਂ ਦੀ ਸਿਰਮੌਰ ਸੀ। ਪਰ ਕਈ ਤਾਂ ਦੇਸ਼ ਦੇ ਪੁਰਾਣੇ ਖ਼ਿਆਲਾਂ ਦਾ ਮੁਕਾਬਲਾ ਨਾ ਕਰ ਸਕਣ ਕਰਕੇ ਦਬ ਗਈਆਂ ਤੇ ਸਿੰਘ ਆਪਣੇ ਨਿਸ਼ਾਨਿਓਂ ਥਿੜਕ, ਫ਼ਰੰਗੀ ਕੋਲੋਂ ਹਾਰ ਬੈਠੇ।

ਹੁਣ ਸ਼ਹਿਨਸ਼ਾਹੀਅਤਪ੍ਰਸਤ (Imperialist) ਅੰਗਰੇਜ਼, ਪੁਰਾਣੇ ਰਾਜੇ ਤੇ ਨਵਾਬ, ਵੱਡੇ ਜਾਗੀਰਦਾਰ ਤੇ ਜ਼ਿਮੀਂਦਾਰ, ਰਲ-ਮਿਲ ਦੇਸ਼ ਨੂੰ ਦਬਾਈ ਬੈਠੇ ਹਨ। ਗ਼ਰੀਬ ਕਿਰਤੀਆਂ ਦੀ ਕੋਈ ਸੁਣਦਾ ਨਹੀਂ। ਮੰਦਿਆਂ ਭਾਗਾਂ ਨੂੰ ਦੇਸ਼ ਦੀਆਂ ਰਾਜਸੀ ਜਮਾਤਾਂ ਤੇ ਖ਼ਾਸ ਤੌਰ 'ਤੇ ਕਾਂਗਰਸ ਤੇ ਸਰਮਾਇਆਦਾਰ ਰਈਸ ਬਾਣੀਆਂ ਦਾ ਕਬਜ਼ਾ ਹੈ, ਜੋ ਕੌਮਪ੍ਰਸਤੀ ਦੀ ਆੜ ਵਿਚ ਗ਼ਰੀਬ ਮਜ਼ਦੂਰਾਂ ਤੇ ਭੁੱਖਿਆਂ ਕਿਸਾਨਾਂ ਦਾ ਕਚੂਮਰ ਕੱਢ ਰਹੇ ਹਨ। ਮਜ਼ਦੂਰਾਂ ਲਈ ਮਿਹਨਤ ਦੇ ਘੰਟੇ ਜ਼ਿਆਦਾ ਤੇ ਮਜ਼ਦੂਰੀ ਘੱਟ ਮਿਲਦੀ ਹੈ। ਉਹ ਸ਼ਿਕਾਇਤ ਕਿਸ ਕੋਲ ਕਰਨ, ਪਰਦੇਸੀ ਅੰਗਰੇਜ਼ ਹਾਕਮ ਤਾਂ ਆਪਣੇ ਗੋਰੇ ਮਜ਼ਦੂਰਾਂ ਦੇ ਚਿਹਰੇ 'ਤੇ ਲਾਲੀ ਕਾਇਮ ਰੱਖਣ ਲਈ, ਕਾਲੇ ਕੁਲੀ ਦੇ ਪੀਲੇ ਚਿਹਰੇ ਦੀ ਪਰਵਾਹ ਨਹੀਂ ਕਰਦਾ। ਕਾਂਗਰਸ ਦੇ ਬੜੇ ਬੜੇ ਦੇਵਤਾ ਆਪਣੀ ਸ਼ਮ੍ਹਾ ਜਗਾਣ ਲਈ ਗ਼ਰੀਬ ਮਜ਼ਦੂਰ ਤੇ ਕਿਸਾਨ ਦੇ ਦੀਵੇ ਗੁੱਲ ਕਰਨ, ਆਪਣਾ ਮਹਿਲ ਉਸਾਰਨ ਲਈ ਉਹਨਾਂ ਦੀਆਂ ਝੌਂਪੜੀਆਂ ਢਾਉਣ ਤੇ ਆਪਣੀਆਂ ਕਾਰਾਂ ਭਜਾਉਣ ਲਈ ਗ਼ਰੀਬਾਂ ਦੀਆਂ ਲੱਤਾਂ ਬੇਕਾਰ ਕਰਨ 'ਤੇ ਤੁਲੇ ਹੋਏ ਹਨ। ਉਹਨਾਂ ਦੀਆਂ ਕੀਮਤੀ ਕਾਰਾਂ ਤੇ ਝੂਲ ਰਿਹਾ ਤਿਰੰਗੀ ਝੰਡਾ, ਗ਼ਰੀਬਾਂ ਦੀ ਫ਼ਰਿਆਦ ਨੂੰ ਅਣ-ਸੁਣੀ ਤੇ ਉਹਨਾਂ ਦੀ ਆਹ ਨੂੰ ਬੇ-ਤਾਸੀਰ ਬਣਾ ਰਿਹਾ ਹੈ। ਜਿਥੇ ਕਾਤਲ ਆਪ ਹੀ ਗਵਾਹ ਤੇ ਆਪ ਹੀ ਜੱਜ ਹੋਣ ਉਥੇ ਖ਼ੂਨ ਦੇ ਦਾਹਵੇ ਕਾਹਦੇ:

ਵੋਹੀ ਕਾਤਲ ਵੋਹੀ ਸ਼ਾਹਦ ਵੋਹੀ ਮੁਨਸਫ਼ ਠਹਿਰੇ।
ਅਕ੍ਰਿਬਾ ਮੇਰੇ ਕਰੇ ਖ਼ੂਨ ਕਾ ਦਾਵਾ ਕਿਸ ਪਰ।

ਅਜਿਹੇ ਰਾਜ-ਪ੍ਰਬੰਧ ਵਿਚ ਜਨਤਾ ਲਈ ਸੁਖ ਦੀ ਆਸ ਰੱਖਣੀ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਤੋਂ ਪਿਆਸ ਬੁਝਾਣੀ ਹੈ। ਜਦ ਤਕ ਸਰਮਾਇਆ ਵੋਟ ਖ਼੍ਰੀਦ ਸਕਦਾ ਹੈ, ਉਨ੍ਹਾਂ ਚਿਰ ਤਕ ਵਿਹਲੜਾਂ ਤੇ ਅਯਾਸ਼ਾਂ ਦੇ ਹੱਥੋਂ ਮੁਲਕ ਨਹੀਂ ਬਚ ਸਕਦਾ। ਉਹਨਾਂ ਨੂੰ ਸਾਮਾਨ ਮੁਹਈਆ ਕਰਨ ਤੇ ਵਿਹਲੜਾਂ ਨੂੰ ਸੁਆਦਿਸ਼ਟ ਖਾਣੇ ਖਵਾਣ ਲਈ, ਗ਼ਰੀਬ ਮਜ਼ਦੂਰ ਕਿਸਾਨਾਂ ਨੂੰ ਫ਼ਾਕੇ ਰਖਣੇ ਪੈਣਗੇ ਜਾਂ ਰੁੱਖੀ-ਸੁੱਕੀ 'ਤੇ ਡੰਗ ਟਪਾਉਣਾ ਪਏਗਾ।

ਸਿੰਘ ਰਾਜ-ਪ੍ਰਬੰਧ ਵਿਚ ਪਹਿਲੀ ਸ਼ਰਤ ਇਹ ਸੀ ਕਿ ਦੇਸ਼ ਵਿਚ ਕੋਈ ਭੁੱਖਾ ਨਾ ਸਵੇਂ। ਲੋੜ ਲਈ ਕੁੱਲੀ, ਸੁਥਰੀ ਜੁੱਲੀ ਤੇ ਸੁਆਦੀ ਗੁੱਲੀ ਸਭ ਨੂੰ ਦਿੱਤੀ ਜਾਏ। ਮਜ਼ਹਬ, ਨਸਲ, ਜਾਤ, ਰੰਗ, ਜਾਂ ਦੋਸਤ ਦੁਸ਼ਮਣ ਦਾ ਵਿਤਕਰਾ ਕੋਈ ਨਾ ਪਾਇਆ ਜਾਏ। ਜਦ ਸਿੰਘਾਂ ਦਾ ਵਰਤਾਰਾ ਵਰਤਿਆ, ਤਾਂ ਉਹਨਾਂ ਨੇ ਅਜਿਹਾ ਹੀ ਕਰ ਦਿਖਾਇਆ। ਅਜੇ ਹਕੂਮਤ ਚੰਗੀ ਤਰ੍ਹਾਂ ਜੰਮੀ ਤਾਂ ਨਹੀਂ ਸੀ, ਪਰ ਜਿਸ ਥਾਂ ਵੀ ਉਹਨਾਂ ਨੇ ਡੇਰਾ ਜਮਾਇਆ, ਆਮਦਨ ਦੀ ਆਖ਼ਰੀ ਪਾਈ ਤਕ ਲੋੜਵੰਦਾਂ ਦੀ ਮਦਦ ਲਈ ਖ਼ਰਚ ਕਰ ਦੇਂਦੇ ਰਹੇ। ਜਾਬਰ ਜਰਵਾਣੇ ਜ਼ਾਲਮ ਹਾਕਮਾਂ ਤੇ ਉਹਨਾਂ ਦੇ ਨਾਲ ਚਲੇ ਹੋਏ ਲਾਲਚੀ ਸਰਮਾਏਦਾਰਾਂ ਨੂੰ ਲੁੱਟਣਾ ਤੇ ਭੁੱਖੇ, ਨਾਦਾਰ, ਗ਼ਰੀਬ ਕਿਰਤੀਆਂ ਤੇ ਕਿਸਾਨਾਂ ਦੀ ਮਦਦ ਕਰਨੀ, ਉਹਨਾਂ ਦਾ ਰਾਜਸੀ ਮੰਤਵ ਸੀ। ਇਸ ਮਹਾਨ ਉੱਚੀ ਬੀਰ-ਕਿਰਿਆ ਨੂੰ ਉਹ ਦੇਸ਼ ਸੋਧਣਾ ਕਹਿੰਦੇ ਸਨ। ਲਿਖਿਆ ਹੈ ਕਿ ਅਹਿਮਦ ਸ਼ਾਹ ਅਬਦਾਲੀ ਦੇ ਦੋ ਦਲ ਹਿੰਦੁਸਤਾਨ 'ਤੇ ਚੜ੍ਹੇ। ਜਦ ਉਹ ਪਾਨੀਪਤ ਦੇ ਮੈਦਾਨ ਵਿਚ ਮਰਹੱਟਿਆਂ ਨੂੰ ਚੂਰ ਕਰ ਚੁੱਕੇ, ਤਾਂ ਸਾਰੇ ਭਾਰਤਵਰਸ਼ ਵਿਚ ਉਹਨਾਂ ਵਲ ਮੂੰਹ ਕਰਨ ਵਾਲਾ ਕੋਈ ਨਾ ਰਿਹਾ। ਮੁਗ਼ਲ ਰਾਜ ਦੇ ਲਾਹੌਰ ਵਾਲੇ ਸੂਬੇ ਨੇ ਸਿੰਘਾਂ ਨੂੰ ਵੰਗਾਰਿਆ। ਉਹ ਤਾਂ ਅਗੇ ਹੀ ਦੇਸ਼ ਦੇ ਅਜਿਹੇ ਲੁਟੇਰੇ ਦੁਸ਼ਮਣ ਨੂੰ ਸੋਧਣ ਲਈ ਤੁਲੇ ਹੋਏ ਸਨ। ਝਨਾਂ ਤੋਂ ਪਾਰ ਲੰਘਦੇ ਅਬਦਾਲੀ ਦੇ ਲਸ਼ਕਰ ਨੂੰ ਟੁੱਟ ਕੇ ਜਾ ਪਏ, ਸੋਧ ਕੇ ਮੁੜ ਆਏ, ਕੁਝ ਚਿਰ ਬਾਅਦ ਲਾਹੌਰ ਦੇ ਸੂਬੇ ਨੇ ਸਿੰਘਾਂ ਵੱਲ ਆਪਣਾ ਸਫ਼ੀਰ ਭੇਜਿਆ ਤੇ ਗੱਫ਼ੇ ਵਿਚੋਂ ਕੁਛ ਹਿੱਸਾ ਮੰਗਿਆ। ਸਿੰਘਾਂ ਜੁਆਬ ਵਿਚ ਕਿਹਾ ਕਿ ਸੂਬੇ ਨੇ ਢਿੱਲ ਕੀਤੀ ਹੈ, ਅਸਾਂ ਜੋ ਜਰਵਾਣਿਆਂ ਕੋਲੋਂ ਖੋਹ ਕੇ ਲਿਆਂਦਾ ਸੀ, ਗ਼ਰੀਬਾਂ ਨੂੰ ਖੁਆ ਦਿੱਤਾ ਹੈ। ਸਾਡਾ ਤਰੀਕਾ ਸਰਮਾਇਆਦਾਰਾਨਾ ਨਹੀਂ ਹੈ। ਅਸੀਂ ਗੰਜ ਨਹੀਂ ਲੋੜਦੇ, ਲੰਗਰ ਲਾਉਂਦੇ ਹਾਂ, ਬਾਜ ਤੇ ਸ਼ੇਰ ਬਾਸੀ ਨਹੀਂ ਖਾਂਦੇ; ਕੱਲ੍ਹ ਦੀ ਚਿੰਤਾ ਕਿਉਂ ਕਰੀਏ, ਜਦ ਰੋਜ਼ ਨਿੱਤ ਨਵੇਂ ਸੂਰਜ, ਦੇਵਣਹਾਰ ਦਾਤਾਰ ਪ੍ਰਭੂ ਸਿਰ 'ਤੇ ਕਾਇਮ ਹੈ:

ਸਿੰਘਨ ਉਤਰ ਦੀਨ ਤਬੈ, ਹਮਰੇ ਢਿਗ ਦੇਵਨ ਕੋ ਕੁਝ ਨਹਿ ਹੈ।
ਕੇਹਰ ਬਾਜ਼ ਅਹਾਰ ਕਰੈ ਨਿਤ, ਮਾਰ ਸ਼ਿਕਾਰ ਨਾ ਬਾਸੀ ਰਖੈ ਹੈ।
ਜੋ ਕੁਝ ਧੰਨ ਆਇਉ ਹਮਰੇ ਢਿਗ, ਬਾਂਟ ਬਟਾਏ ਕੇ ਖਾਇ ਖੁਲੈ ਹੈ।
ਜੋੜਨ ਕੀ ਚਿੰਤਾ ਹਮ ਤੋ ਕਰੇਂ, ਜੌ ਪ੍ਰਭੂ ਹਮ ਕੋ ਨਾਇਕ ਨਾ ਦੈਹੈ।

ਰਾਜ ਦਾ ਅਜਿਹਾ ਪ੍ਰਬੰਧ ਹੀ ਸਮੁਚੇ ਸੰਸਾਰ ਨੂੰ ਸੁਖੀ ਕਰ ਸਕਦਾ ਹੈ। ਜੇ ਕਿਰਤੀ ਦੀ ਮਜ਼ਦੂਰੀ, ਮਿਹਨਤਾਨਾ, ਉਸ ਦੀ ਕਿਰਤ ਦੇ ਮਗਰੇ ਮਗਰ ਦਿਤੀ ਜਾਏ, ਹਰ ਪ੍ਰਾਣੀ ਮਾਤ੍ਰ ਲਈ ਖਾਣ, ਪਾਣ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਏ, ਵਿਤਕਰੇ ਨਾ ਪਾਏ ਜਾਣ ਤਾਂ ਇਹ ਚੀਖ ਚਿੱਲਾਅ ਰਹੀ ਦੁਖੀ ਦੁਨੀਆ, ਕੱਲ੍ਹ ਹੀ ਬੇਗਮਪੁਰਾ ਬਣ ਸਕਦੀ ਹੈ। ਹਰ ਤੰਦਰੁਸਤ ਤੇ ਬਾਲਗ਼ ਲਈ, ਕਿਰਤ ਕਰਨੀ ਲਾਜ਼ਮੀ ਕਰਾਰ ਦਿਤੀ ਜਾਏ, ਸਰਮਾਇਆ ਤੇ ਉਸਦੇ ਸਾਧਨ, ਕਿਰਤ ਕਰਨ ਵਾਲੀ ਜਨਤਾ ਦੀ ਮਲਕੀਅਤ ਹੋਣ, ਲੋੜਵੰਦਾਂ ਲਈ ਦਸਵੰਧ ਹਰ ਇਕ ਨੂੰ ਦੇਣਾ ਪਵੇ। ਬੇਕਾਰਾਂ ਨੂੰ ਕੋਈ ਆਦਰ ਤੇ ਸਨਮਾਨ ਨਾ ਦਿੱਤਾ ਜਾਏ, ਭੁੱਖਿਆਂ ਨੂੰ ਰੋਟੀ ਖੁਆਈ ਜਾਏ ਤੇ ਆਫਰਿਆਂ ਹੋਇਆਂ ਤੋਂ ਫ਼ਾਕੇ ਕਰਾਏ ਜਾਣ, ਦੋਹਾਂ ਧਿਰਾਂ ਦੀ ਸਿਹਤ ਬਹਾਲ ਹੋ ਜਾਵੇ। ਅਜਿਹੀ ਨਰੋਈ ਦੁਨੀਆ ਹੀ ਸੰਸਾਰ ਨੂੰ ਸੋਭਨੀਕ ਬਣਾ ਸਕਦੀ ਹੈ।

ਗੱਲ ਕੀ, ਕੀ ਧਾਰਮਕ, ਕੀ ਸਮਾਜਕ, ਤੇ ਕੀ ਰਾਜਨੀਤਿਕ, ਕਿਸੇ ਵੀ ਪਹਿਲੂ ਤੋਂ ਤੱਕੋ, ਕਿਰਤ ਹੀ ਜਗਤ ਦੇ ਸੁੱਖਾਂ ਦੀ ਕੁੰਜੀ ਹੈ।

ਪੰਨਾ

ਚੜ੍ਹਦੀ ਕਲਾ

ਸਾਡੇ ਦੇਸ਼ ਦੀ ਪੁਰਾਣੀ ਮਨੌਤ ਵਿਚ ਮਨੁੱਖ-ਜੀਵਨ ਦੀ ਸਫਲਤਾ ਚਾਰ ਪਦਾਰਥਾਂ ਦੀ ਪ੍ਰਾਪਤੀ ਮੰਨੀ ਜਾਂਦੀ ਹੈ। ਉਹ ਹਨ: ਧਰਮ, ਅਰਥ, ਕਰਮ, ਮੋਖ਼ਸ। ਬਾਬੇ ਨਾਨਕ ਜੀ ਨੇ ਆਪਣੀ ਰੀਤ ਅਨੁਸਾਰ ਉਹਨਾਂ ਦੀ ਥਾਂ ਇਹ ਚਾਰ ਪਦਾਰਥ ਪਾਣੇ ਜੀਵਨ ਦੀ ਸਫਲਤਾ ਮੰਨੀ-ਨਾਮ, ਚੜ੍ਹਦੀ ਕਲਾ, ਭਾਣਾ ਤੇ ਸਰਬਤ ਦਾ ਭਲਾ। ਇਹਨਾਂ ਵਿਚੋਂ ਚੜ੍ਹਦੀ ਕਲਾ, ਗੁਰਮਤਿ ਦਾ ਖ਼ਾਸ ਪਦਾਰਥ ਹੈ। ਨਾਮ ਰਸ ਦੀ ਲਾਲੀ, ਨਾਮ ਰੱਤੇ, ਚਾਓ ਭਰੇ ਮਨ ਚੜ੍ਹਦੀਆਂ ਕਲਾ ਨੂੰ ਜਾਂਦੇ ਹਨ:

ਗੁਰਮੁਖਿ ਰੰਗਿ ਚਲੂਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀਐ।

(ਦੇਵਗੰਧਾਰੀ ਮ: ੪, ਪੰਨਾ ੫੨੭)

ਇਸ ਗੁਣ ਨੇ ਹੀ ਸਿੱਖੀ ਵਿਚ, ਸੰਨਿਆਸੀ ਤਿਆਗੀਆਂ ਦੀ ਥਾਂ ਰਾਜ-ਯੋਗੀ ਪੈਦਾ ਕੀਤੇ, ਤਪੀਆਂ ਦੀ ਥਾਂ ਸੇਵਕ, ਹਠ-ਯੋਗੀਆਂ ਦੀ ਥਾਂ ਸ਼ਹੀਦ ਤੇ ਮਾਂਗਤ ਭਿਖਾਰੀਆਂ ਦੀ ਥਾਂ ਬਲੀ ਸੂਰਮੇ, ਸੰਸਾਰ ਨੂੰ ਸੋਧਣ ਵਾਲੇ ਪ੍ਰਗਟਾਏ।

ਬਾਬਾ ਨਾਨਕ ਜੀ ਜਿਸ ਵਕਤ ਜਗਤ ਉੱਧਾਰ ਕਰਦੇ ਕਰਦੇ [1]*ਸੁਮੇਰ ਤੇ ਪੁੱਜੇ, ਤਾਂ ਉਹਨਾਂ ਦੀ ਸਿੱਧ ਯੋਗੀਆਂ ਨਾਲ ਗੋਸ਼ਟ ਹੋਈ। ਯੋਗੀ ਜਦ ਸਿੱਧੀਆਂ ਦਾ ਬਲ ਦਿਖਾ, ਹਾਰ ਤੇ ਗਿਆਨ ਚਰਚਾ ਕਰ ਨਿਰਉੱਤਰ ਹੋ ਗਏ, ਤੇ ਲਗੇ ਘਰੋਗੀ ਗੱਲਾਂ ਕਰਨ; ਜਦ ਮਾਤਰ ਭੂਮੀ ਦੀ ਗੱਲ ਪੁਛੀਓ ਨੇ, ਤਾਂ ਬਾਬਾ ਜੀ ਨੇ ਦੇਸ਼ ਦੀ ਦੀਨ-ਦਸ਼ਾ ਦਾ ਨਕਸ਼ਾ ਡਾਢੇ ਦਰਦ-ਭਰੇ ਸ਼ਬਦਾਂ ਵਿਚ ਖਿਚਿਆ, ਬਾਬਰ ਦੇ ਆਉਣ ਕਰਕੇ ਮੁਗ਼ਲ ਪਠਾਣਾਂ ਦੇ ਭੇੜ ਕਰਕੇ, ਇਹ ਦੇਸ਼ ਜਿਸ ਤਰ੍ਹਾਂ ਕੁਚਲਿਆ ਜਾ ਰਿਹਾ ਤੇ ਬਰਬਾਦ ਹੋ ਰਿਹਾ ਸੀ, ਉਸ ਦੀ ਦੁੱਖ-ਭਰੀ ਕਥਾ ਸੁਣ ਜੋਗੀ ਕੰਬ ਉਠੇ ਤੇ ਕਹਿਣ ਲੱਗੇ, “ਭਾਰਤ ਦੀ ਦੇਵ ਭੂਮੀ ਵਿਚ ਅਜਿਹੇ ਉਪੱਦ੍ਰਵ ਹੋਣ ਦਾ ਕੀ ਕਾਰਨ?"

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥

(ਤਿਲੰਗ ਮਹਲਾ ੧, ਪੰਨਾ ੭੨੨)

ਬਾਬਾ ਜੀ ਨੇ ਕਿਹਾ, “ਇਕ ਵੱਡਾ ਕਾਰਨ ਤਾਂ ਤੁਸੀਂ ਹੋ, ਜੋ ਸਿੱਧ ਹੋ, ਪਰਬਤਾਂ ਵਿਚ ਆਣ ਛੁਪੇ ਹੋ:


  1. *ਸੁਮੇਰ ਸੋਨੇ ਦੇ ਪਹਾੜ ਨੂੰ ਕਹਿੰਦੇ ਹਨ, ਸਿਆਣਿਆਂ ਦਾ ਖ਼ਿਆਲ ਹੈ ਕਿ ਹਿਮਾਲਾ ਦੀਆਂ ਬਰਫ਼ਾਨੀ ਚੋਟੀਆਂ ਹੀ ਸੁਮੇਰ ਕਹੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਰੰਗ ਸੁਬ੍ਹਾ ਸ਼ਾਮ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਸੁਨਹਿਰੀ ਪ੍ਰਤੀਤ ਹੁੰਦਾ ਹੈ।


ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ।

(ਭਾਈ ਗੁਰਦਾਸ, ਵਾਰ ੧, ਪਉੜੀ ੨੯)

ਚੰਗੇ ਯੋਗ ਤੇ ਲਗਨ ਵਾਲੇ ਬੰਦੇ, ਜਿਸ ਦੇਸ਼ ਜਾਂ ਸਮਾਜ ਵਿਚੋਂ ਲਾਂਭੇ ਟੁਰ ਜਾਣ ਜਾਂ ਅੰਦਰ ਲੁਕ ਬਹਿਣ, ਉਹ ਭਾਗਹੀਣ ਦੇਸ਼ ਤੇ ਸਮਾਜ, ਮੱਖਣ ਨਿਕਲੀ ਛਾਹ ਵਾਂਗ ਬੇਅਰਥ ਤੇ ਰਸ ਨਿਕਲ ਚੁੱਕੇ ਕਮਾਦ ਦੀਆਂ ਪੱਛੀਆਂ ਵਾਂਗ ਬਾਲਣ ਬਣ ਕੇ ਰਹਿ ਜਾਂਦੇ ਹਨ, ਜਿਸ ਨੂੰ ਸਮਾਂ ਦੁੱਖਾਂ ਦੀਆਂ ਭੱਠੀਆਂ ਵਿਚ ਝੋਕ ਦਿੰਦਾ ਹੈ।" ਸਿੱਧਾਂ ਕਿਹਾ, “ਅਸੀਂ ਸਾਰੇ ਤੇ ਨਹੀਂ ਏਥੇ ਬੈਠੇ। ਸਾਡੀ ਸੰਪਰਦਾ ਦੇ ਬਿਰਧ ਯੋਗੀ ਦੇਸ਼ ਵਿਚ ਰਟਨ ਕਰ ਰਹੇ ਹਨ।” ਸਤਿਗੁਰਾਂ ਫ਼ੁਰਮਾਇਆ, “ਹਾਂ, ਕਰ ਰਹੇ ਹਨ। ਉਹ ਜੋ ਕਰਮ-ਯੋਗਹੀਣ ਅਗਿਆਨੀ ਦਿਨ ਰਾਤ ਬਿਭੂਤ ਤਨ 'ਤੇ ਮਲੀ, ਸਵਾਂਗ ਬਣੀ ਬੂਹੇ ਬੂਹੇ ਮੰਗਦੇ ਫਿਰਦੇ ਹਨ।"

ਜੋਗੀ ਗਿਆਨ ਵਿਹੂਣਿਆ, ਨਿਸ ਦਿਨਿ ਅੰਗਿ ਲਗਾਏ ਛਾਰਾ।

(ਭਾਈ ਗੁਰਦਾਸ, ਵਾਰ ੧, ਪਉੜੀ ੨੯)

ਸਤਿਗੁਰਾਂ ਦਾ ਇਹਨਾਂ ਗੋਸ਼ਟ-ਕਰਨੇ ਜੋਗੀਆਂ ਨੂੰ ਸਮਝਾਉਣ ਦਾ ਮਤਲਬ ਇਹ ਸੀ ਕਿ ਅਜਿਹੀ ਰੂਹਾਨੀਅਤ, ਜਿਸ ਦੀ ਲਗਨ ਕਰਕੇ ਮਨੁੱਖ ਕਰਮ-ਯੋਗਹੀਣ ਹੈ, ਮਾਂਗਤ ਜਿਹੇ ਬਣ ਬਹਿਣ ਤੇ ਕੰਦਰਾਂ ਵਿਚ ਲੁਕਣ ਕਰਕੇ ਮਨੁੱਖ ਜਾਤੀ 'ਲਈ ਦੁਖ-ਰੂਪ ਹੋ ਜਾਂਦਾ ਹੈ। ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਸਾਡੇ ਦੇਸ਼ ਵਿਚ ਵੇਦਾਂਤ ਦਰਸ਼ਨ ਦੇ ਜ਼ੇਰੇ ਅਸਰ ਜਗਤ ਨੂੰ ਛਲ-ਰੂਪ ਜਾਣ, ਉਸ ਤੋਂ ਘਿਰਣਾ ਕਰਨ ਵਾਲੇ ਤੇ ਪਾਤੰਜਲ ਦਾ ਯੋਗ ਅਭਿਆਸ ਕਰਨ ਹਿਤ ਜੰਗਲਾਂ, ਪਹਾੜਾਂ ਤੇ ਕੰਦਰਾਂ ਵਿਚ ਛੁਪੇ ਹੋਏ ਜੋਗੀਆਂ ਦੀਆਂ ਬਿਅੰਤ ਧਾੜਾਂ ਫਿਰਦੀਆਂ ਸਨ। ਉਹ ਜਗਤ ਨੂੰ ਜੀਵਨ ਪੈਂਡੇ ਦੀ ਇਕ ਮੰਜ਼ਲ ਤੇ ਰਾਤ ਕਟਣ ਲਈ ਬਣੀ ਸਰਾਂਅ ਜਾਣਨ ਦੀ ਥਾਂ ਛਲ-ਰੂਪ ਜਾਣਦੇ ਸਨ। ਉਸ ਨੂੰ ਵਧੇਰੇ ਸਜਾਉਣ ਤੇ ਸੰਵਾਰਨ ਦਾ ਜਤਨ ਕਰਨ ਦੀ ਥਾਂ ਨਫਰਤ ਤੇ ਘਿਰਣਾ ਕਰ ਉਸਨੂੰ ਹੋਰ ਵਧੇਰੇ ਮੈਲੀ ਤੇ ਕੁਚੀਲ ਬਣਾਣ ਦਾ ਆਹਰ ਕਰਦੇ ਸਨ। ਚੰਗੇ ਚੰਗੇ ਯੋਗ ਆਦਮੀਆਂ ਨੂੰ ਸੰਸਾਰ ਛੱਡਣ ਦੀ ਪ੍ਰੇਰਨਾ ਕਰਨਾ ਮੁੱਖ ਗਿਆਨ ਸਮਝਿਆ ਜਾਂਦਾ ਸੀ। ਇਹ ਪ੍ਰੇਰਨਾ ਸੀ ਤਾਂ ਨਿਰਾਰਥ ਹੀ, ਕਿਉਂਜੋ ਜੀਊਂਦਾ ਮਨੁੱਖ ਸੰਸਾਰ ਨੂੰ ਛੱਡ ਕੇ ਕਿਥੇ ਜਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਮੈਲਾ ਕੁਚੈਲਾ ਤੇ ਸੁਸਤ ਜ਼ਰੂਰ ਬਣਾ ਜਾਂਦੀ ਸੀ। ਕਪੜਿਆਂ ਦੀ ਥਾਂ ਸਰਦੀ ਗਰਮੀ ਤੋਂ ਬਚਣ ਲਈ ਤਨ 'ਤੇ ਸੁਆਹ ਮਲ ਲੈਣੀ, ਧੂਣੀਆਂ ਬਾਲ ਬਾਲ ਸੇਕੀ ਜਾਣੀਆਂ ਤੇ ਭਿਖਿਆ ਦੇ ਸੁੱਕੇ ਟੁੱਕਰ ਚੱਬ ਛਡਣੇ ਤੇ ਰਾਤ ਦਿਨ ਕਿਸੇ ਰਸ ਆਉਣ ਦੀ ਉਡੀਕ ਵਿਚ ਰਹਿਣਾ ਤੇ ਓੜਕ ਮਾਯੂਸ ਹੋ ਭੰਗ, ਚਰਸ, ਗਾਂਜਾ, ਤਮਾਕੂ ਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋ ਜਾਣਾ, ਇਹ ਸੀ ਦਲਿੱਦਰ ਭਰਿਆ ਜੀਵਨ ਜੋ ਉਸ ਰੂਹਾਨੀਅਤ ਦਾ ਫਲ ਸੀ:

ਸੁਟ ਦੇਵਣੀ ਪਟ ਦੀ ਸੇਜ ਬਾਂਕੀ, ਬਾਲ ਸਕਣੇ ਜੰਡ ਕਰੀਰ ਬੱਚਾ।
ਸੁੱਕੇ ਟੁਕੜਿਆਂ ਨਾਲ ਗੁਜ਼ਰਾਨ ਕਰਨੀ, ਨਹੀਂ ਦੇਖਣੀ ਖੰਡ ਤੇ ਖੀਰ ਬੱਚਾ।
ਯੋਗੀ ਬੁਰੀ ਕਰਦੇ ਛੁਰੀ ਹੱਥ ਫੜ ਕੇ, ਦੋਵੇਂ ਸੁਟਦੇ ਕੰਨ ਨੇ ਚੀਰ ਬੱਚਾ।

(ਕਵੀ ਕਲਿਆਨ ਸਿੰਘ)

ਅਜਿਹਾ ਕਿਉਂ ਸੀ? ਉਸਦਾ ਕਾਰਨ ਇਕ ਹੀ ਹੈ ਕਿ ਉਹ ਫ਼ਕੀਰੀ, ਪ੍ਰਭੂ-ਪਿਆਰ ਦੀ ਥਾਂ ਜਗਤ ਵਲੋਂ ਗਿਲਾਨੀ ਦੇ ਜਜ਼ਬੇ 'ਤੇ ਕਾਇਮ ਕੀਤੀ ਗਈ ਸੀ। ਜਿਸ ਚੀਜ਼ ਦਾ ਮੁੱਢ ਹੀ ਨਫ਼ਰਤ ਤੇ ਗਿਲਾਨੀ ਤੋਂ ਬੱਝੇ, ਉਸ ਦਾ ਫਲ ਕ੍ਰੋਧ, ਦਵੈਸ਼, ਮਾੜਾ ਤੇ ਮਾਯੂਸੀ ਤਾਂ ਕੁਦਰਤੀ ਹੋਣੀ ਹੀ ਹੋਈ। ਇਸ ਤਰ੍ਹਾਂ ਦੇ ਮਤ ਹੀ ਓੜਕ ਵਧ ਕੇ ਸੁੰਨਵਾਦੀ ਹੋ ਗਏ ਤੇ ਹਸਤੀ ਤੋਂ ਇਨਕਾਰ ਹੀ ਕਰ ਬੈਠੇ।

ਬਾਬਾ ਨਾਨਕ ਜੀ ਨੇ ਪ੍ਰੇਮ ਦੀ ਬਾਜ਼ੀ ਸ਼ੁਰੂ ਕੀਤੀ। ਪੁਰਾਣੀ ਰੀਤ ਦੇ ਐਨ ਉਲਟ, ਫ਼ਕੀਰੀ ਦੀ ਬੁਨਿਆਦ ਪਰਮੇਸ਼੍ਵਰ ਪਿਤਾ ਦੇ ਪ੍ਰੇਮ 'ਤੇ ਰਖੀ ਤੇ ਜਗਤ ਨੂੰ ਉਹਦੀ ਕਿਰਤ ਸਮਝ ਪਿਆਰਿਆ, ਸੇਵਾ ਕਰ ਇਸ ਨੂੰ ਸਜਾਣਾ ਤੇ ਸੰਵਾਰਨਾ, ਸੰਤ ਦਾ ਜੀਵਨ ਕਰਤਵ ਦੱਸਿਆ। ਉਹਨਾਂ ਨੇ ਪ੍ਰਭੂ ਨੂੰ ਨੇਤਰੀਂ ਡਿੱਠਾ: “ਮੈਂ ਸੋ ਪ੍ਰਭ ਨੇਤਰੋਂ ਡੀਠਾ॥” ਤੇ ਉਸਦੀ ਤਸਵੀਰ ਖਿੱਚੀ, “ਸਤਿ ਸੁਹਾਣੁ ਸਦਾ ਮਨਿ ਚਾਉ।” ਇਸ ਸਦਾ ਸਲਾਮਤ ਖ਼ੂਬਸੂਰਤ ਤੇ ਖੇੜੇ-ਰੂਪ ਪ੍ਰਭੂ ਦਾ ਜੋ ਸਿਮਰਨ ਕਰੇ, ਉਹ ਫਿਰ ਕਿਉਂ ਨਾ ਆਪ ਸੋਹਣਾ ਤੇ ਮਨ ਚਾਉ ਭਰਿਆ ਹੋ ਜਾਵੇ। ਚੁਨਾਂਚਿ ਅਜਿਹਾ ਹੀ ਹੋਇਆ। ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਬਾਬੇ ਨਾਨਕ ਜੀ ਤੋਂ ਪਹਿਲਾਂ ਦੁਨੀਆ ਵਿਚ ਇਹ ਖ਼ਿਆਲ ਸੀ ਹੀ ਨਹੀਂ। ਖ਼ਿਆਲ ਤਾਂ ਸੀ, ਇਸ ਦੇ ਮੁਤਾਬਕ ਬਹੁਤ ਥਾਈਂ ਘਾਲ ਭੀ ਘਾਲੀ ਗਈ ਤੇ ਫਲ ਭੀ ਠੀਕ ਨਿਕਲਿਆ, ਪਰ ਜਿਥੋਂ ਤਕ ਭਾਰਤ ਦੇਸ਼ ਦਾ ਸੰਬੰਧ ਹੈ, ਏਥੇ ਪਿਛੇ ਦੱਸੇ ਖ਼ਿਆਲ ਦਾ ਹੀ ਜ਼ੋਰ ਸੀ। ਇਸ ਨਵੇਂ ਖ਼ਿਆਲ 'ਤੇ ਬਾਕਾਇਦਾ ਇਕ ਸਮਾਜ ਕਾਇਮ ਕਰ, ਇਸ ਨੂੰ ਮਨੁੱਖ ਦਾ ਮੁੱਖ ਕਰਤਵ ਬਣਾਣ ਦਾ ਯਤਨ ਬਹੁਤ ਹੱਦ ਤਕ ਬਾਬਾ ਨਾਨਕ ਜੀ ਤੋਂ ਹੀ ਸ਼ੁਰੂ ਹੋਇਆ ਹੈ

ਦ੍ਰਿਸ਼ਟਮਾਨ ਕੁਦਰਤ ਦੇ ਪਿਛੇ ਕੰਮ ਕਰ ਰਹੇ ਅਦ੍ਰਿਸ਼ਟ ਕਾਦਰ ਨਾਲ ਮਨ ਜੋੜ, ਪਿਆਰ ਪਾ ਤੇ ਹਜ਼ੂਰੀ ਹਾਸਲ ਕਰ ਉਸਦੀ ਸਾਜੀ ਕੁਦਰਤ ਦਾ ਮਿੱਤ੍ਰ ਬਣ ਸੇਵਾ ਵਿਚ ਜੁੱਟਣਾ, ਇਹ ਗਾਡੀ ਰਾਹ ਬਾਬਾ ਜੀ ਨੇ ਚਲਾਇਆ। ਜੋ ਜੋ ਇਹਦੇ 'ਤੇ ਤੁਰੇ, ਉਹਨਾਂ ਦੇ ਮਨ ਖੇੜੇ ਤੇ ਉਤਸ਼ਾਹ ਨਾਲ ਭਰਦੇ ਗਏ। ਉਹ ਸਤਿ ਦਾ ਸਿਮਰਨ ਕਰ ਸਤਿ ਹੁੰਦੇ, ਸੁਹਾਣ ਦਾ ਧਿਆਨ ਧਰ ਸੋਹਣੇ ਬਣਦੇ ਤੇ ਮਨ ਚਾਉ ਨੂੰ ਚੇਤੇ ਕਰ ਚਾਓ ਭਰੇ ਖੇੜਿਆਂ ਦੇ ਮਾਲਕ ਹੋਏ। ਉਹਨਾਂ ਨੇ ਪਿਰਮ ਰਸ ਦੇ ਪਿਆਲੇ ਪੀਤੇ। ਰਸ ਤੋਂ ਮਸਤੀਆਂ ਤੇ ਮਸਤੀਆਂ ਤੇ ਬੇਪਰਵਾਹੀਆਂ ਆਈਆਂ, ਉਹਨਾਂ ਨੇ ਸੁਰਗ ਦੇ ਉੱਚ-ਮੁਨਾਰਿਆਂ 'ਤੇ ਚੜ੍ਹ, ਸੰਸਾਰ ਨੂੰ ਤਕਿਆ ਅਤੇ ਮਾਲਕ ਦੇ ਇਸ ਸੁਹਾਵਣੇ ਬਾਗ਼ ਵਿਚ ਦਲਿੱਦਰ, ਜੜ੍ਹਤਾ, ਵਹਿਮ, ਭਰਮ, ਅੰਧ-ਵਿਸ਼ਵਾਸ ਤੇ ਉਹਨਾਂ ਦੇ ਆਸਰੇ ਹੋ ਰਹੇ ਰਸਮਾਂ, ਰੀਤਾਂ ਤੇ ਕਰਮ-ਕਾਂਡ ਦਾ ਘਾਹ ਬੂਟ, ਝਾੜੀਆਂ, ਜਾਲਾ ਤੇ ਕੂੜਾ ਕਰਕਟ ਜਿਥੇ ਵੀ ਡਿੱਠਾ, ਗਿਆਨ ਦੇ ਝਾੜੂ ਨਾਲ, ਸਿਮਰਨ ਦੇ ਬਲ ਨਾਲ ਹੂੰਝ ਬਾਹਰ ਕੀਤਾ:

ਗਿਆਨੇ ਕੀ ਬਢਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੇ॥

(ਦਸਮ ਗ੍ਰੰਥ, ਪਾ: ੧੦)

ਰੌਲੇ ਵੀ ਪਏ, ਸ਼ੋਰ ਵੀ ਉਠੇ, ਧੁੰਧੂਕਾਰ ਮਚੇ, ਗੁਬਾਰ ਉਠੇ, ਪਰ ਉਹਨਾਂ ਕੋਈ ਪਰਵਾਹ ਨਾ ਕੀਤੀ। ਜਗਤ ਦੇ ਰੌਲੇ ਗੌਲੇ, ਦੁਨੀਆ ਦੀ ਉਸਤਤ ਨਿੰਦਾ, ਜਾਬਰ ਹਾਕਮਾਂ ਦੀਆਂ ਧਮਕੀਆਂ ਨੂੰ, ਉਹਨਾਂ ਨੇ ਦਯਾ ਪੂਰਤ ਸਰਜਨ ਦੇ, ਕਿਸੇ ਦਾ ਫੋੜਾ ਚੀਰਨ ਸਮੇਂ ਮਰੀਜ਼ ਦੇ ਡੰਨ ਪਾਣ; ਮਾਸੂਮ ਬੱਚੇ ਨੂੰ ਦਵਾਈ ਦੇਣ ਸਮੇਂ ਉਸ ਦੇ ਛੜੀਆਂ ਮਾਰਨ; ਕਿਸੇ ਖ਼ਤਰਨਾਕ ਸ਼ੁਦਾਈ ਨੂੰ ਫੜ ਕੇ ਅੰਦਰ ਦੇਣ ਸਮੇਂ, ਪਾਗਲ ਦਾ ਹਮਦਰਦਾਂ ਨੂੰ ਦੰਦੀਆਂ ਵੱਢਣ ਪੈਣ ਦੇ ਬਰਾਬਰ ਜਾਣਿਆ। ਉਹਨਾਂ ਨੇ ਸਮਾਜ ਦੀ ਨਿੰਦਾ ਤੋਂ ਬੇਪਰਵਾਹ ਹੋ ਸੱਚ ਦੀ ਅਵਾਜ਼ ਉਠਾਈ। ਸੰਤ ਕਬੀਰ ਦੇ ਖ਼ਿਲਾਫ਼ ਕਿਸ ਤਰ੍ਹਾਂ ਰੌਲਾ ਪਿਆ। ਕਾਸ਼ੀ ਦੇ ਚਤਰ, ਵੇਦ-ਪਾਠੀ ਬ੍ਰਾਹਮਣ ਪੁਰਾਣੇ ਸੰਸਕਾਰਾਂ ਦੇ ਅਧੀਨ ਇਸ ਗੱਲ ਨੂੰ ਮੰਨ ਹੀ ਨਹੀਂ ਸਨ ਸਕਦੇ ਕਿ ਇਕ ਕੋਰੀ ਜਾਤ ਦਾ ਜੁਲਾਹਾ ਬ੍ਰਹਮ ਨੇਸ਼ਟੀ, ਬ੍ਰਹਮ ਵੇਤਾ ਹੋ ਸਕਦਾ ਹੈ। ਉਹ ਬਹੁਤ ਗੁੱਸੇ ਹੋਏ। ਏਥੋਂ ਤਕ ਕਿ ਇਕ ਵੇਰਾਂ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿਚ ਸੁੱਟ ਦਿੱਤਾ, ਪਰ ਸਤਿਨਾਮ ਦਾ ਸਿਮਰਨ ਕਰਨ ਵਾਲੇ ਸੰਤ ਕਬੀਰ ਦਾ, ਦਰਿਆ ਦੀਆਂ ਲਹਿਰਾਂ ਕੀ ਵਿਗਾੜ ਸਕਦੀਆਂ ਸਨ। ਉਹਨਾਂ ਮਸਤੀ ਵਿਚ ਆ ਕੇ ਕਿਹਾ, “ਮੇਰੇ ਮਨ ਨੂੰ ਦਰਿਆ ਨਹੀਂ ਡੇਗ ਸਕਦਾ, ਕਿਉਂਜੋ ਇਸ ਵਿਚ ਅਮਰ ਪ੍ਰਭੂ ਦੇ ਚਰਨ ਕੰਵਲ ਸਮਾ ਰਹੇ ਹਨ। ਤੁਸੀਂ ਤਨ ਨੂੰ ਡੋਬ ਕੇ ਕੀ ਕਰੋਗੇ।”

ਗੰਗ ਗੁਸਾਇਨਿ ਗਹਿਰ ਗੰਭੀਰ॥
ਜੰਜੀਰ ਬਾਂਧਿ ਕਰਿ ਖਰੇ ਕਬੀਰ॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥

(ਭੈਰਉ ਕਬੀਰ, ਪੰਨਾ ੧੧੬੨)

ਨਾ ਸਿਰਫ਼ ਬ੍ਰਾਹਮਣ ਹੀ ਕਬੀਰ 'ਤੇ ਗੁੱਸੇ ਹੋਏ, ਸਗੋਂ ਆਮ ਜਨਤਾ ਵੀ ਉਸ ਦੇ ਵਿਰੁੱਧ ਸੀ। ਹਿੰਦੂ ਇਸ ਕਰਕੇ ਗੁੱਸੇ ਸਨ ਕਿ ਉਹ *[1]ਜਨਮ ਦਾ ਹਿੰਦੂ ਹੋ ਕੇ ਅੱਲ੍ਹਾ ਦਾ ਨਾਮ ਕਿਉਂ ਜਪਦਾ ਹੈ ਤੇ ਮੁਸਲਮਾਨ ਇਸ ਕਰਕੇ ਨਰਾਜ਼ ਸਨ ਕਿ ਉਹ ਮੋਮਨ ਹੁੰਦਾ ਹੋਇਆ ਰਾਮ ਨਾਮ ਜਪਣ ਦਾ ਕੁਫ਼ਰ ਕਿਉਂ ਕਰਦਾ ਹੈ। ਕਬੀਰ ਸਾਹਿਬ ਨੇ ਦੋਹਾਂ ਨੂੰ ਲਲਕਾਰਿਆ ਤੇ ਕਿਹਾ, “ਲੋਗੋ, ਕਰੋ ਮੇਰੀ ਨਿੰਦਿਆ ਤੇ ਖ਼ੂਬ ਕਰੋ:

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਓ ਲੋਗੁ।
ਤਨੁ ਮਨ ਰਾਮ ਪਿਆਰੇ ਜੋਗੁ।

(ਭੈਰਉ ਨਾਮਦੇਵ, ਪੰਨਾ ੧੧੬੪)

ਮੇਰਾ ਤੇ ਤਨ ਮਨ ਰਾਮ ਗੋਚਰਾ ਹੋ ਚੁੱਕਾ ਹੈ। ਮੇਰਾ ਕਿਸੇ ਨਾਲ ਝਗੜਾ ਨਹੀਂ ਰਿਹਾ। ਮੈਂ ਮੁੱਲਾਂ ਤੇ ਪੰਡਿਤ ਦੋਨੋਂ ਛੱਡ ਦਿੱਤੇ ਹਨ। ਮੈਂ ਇਹਨਾਂ ਦੀਆਂ ਲਿਖਤਾਂ ਨੂੰ ਵੀ ਤਿਆਗ ਚੁੱਕਾ ਹਾਂ। (ਸੱਚ ਪੁੱਛੋ ਤਾਂ) ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ। ਮੇਰਾ ਤਨ ਤੇ ਜਾਨ ਦੋਵੇਂ ਮਾਲਕ ਦੇ ਹਨ। ਜਿਸ ਦਾ ਨਾਮ ਅੱਲ੍ਹਾ ਤੇ ਰਾਮ ਹੈ।"


  1. *ਭਗਤ ਮਾਲਾ ਆਦਿ ਪੋਥੀਆਂ ਵਿਚ ਇਹ ਖ਼ਿਆਲ ਦਿੱਤਾ ਗਿਆ ਹੈ ਕਿ ਕਬੀਰ ਸਾਹਿਬ ਜਨਮ ਦੇ ਬ੍ਰਾਹਮਣ ਸਨ, ਇਹ ਖ਼ਿਆਲ ਉੱਕਾ ਨਿਰਮੂਲ ਤੇ ਕੁਲ-ਅਭਿਮਾਨੀ ਲੋਕਾਂ ਦੀ ਘਾੜਤ ਮਾਲੂਮ ਹੁੰਦੀ ਹੈ। ਉਹਨਾਂ ਨੇ ਭਗਤ ਕਬੀਰ, ਨਾਮਦੇਵ ਤੇ ਰਵਿਦਾਸ ਜੀ ਦੀਆਂ ਜਨਮ ਕਥਾਵਾਂ ਮਨੋ-ਕਲਪਿਤ ਲਿਖੀਆਂ ਹਨ, ਪਰ ਕਹਾਣੀ ਇਕੋ ਘੜੀ ਹੈ ਕਿ ਬ੍ਰਾਹਮਣਾਂ ਦੇ ਮੁੰਡੇ ਜੁਲਾਹੇ, ਛੀਂਬੇ ਤੇ ਚਮਿਆਰਾਂ ਪਾਲ ਲਏ ਸਨ। ਇਹਨਾਂ ਸੰਤਾਂ ਨੇ ਖ਼ੁਦ ਆਪਣੀ ਬਾਣੀ ਵਿਚ ਲਿਖਿਆ ਹੈ ਕਿ ਉਹ ਜਨਮ ਦੇ ਕੋਰੀ ਤੇ ਮੁਸਲਮਾਨ ਕੁਲ ਵਿਚੋਂ ਹਨ:

    ਜਾਤਿ ਜੁਲਾਹਾ ਮਤਿ ਕਾ ਧੀਰੁ॥

    (ਗਉੜੀ ਕਬੀਰ, ਪੰਨਾ ੩੨੮)

    ਪੁਨਾ:ਜਾ ਕੈ ਈਦਿ ਬਕਰੀਦ ਕੁਲ ਗਉ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ॥

    (ਮਲਾਰ ਰਵੀਦਾਸ, ਪੰਨਾ ੧੨੯੩)

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ.....॥
ਪੰਡਿਤ ਮੁਲਾਂ ਜੋ ਲਿਖ ਦੀਆ, ਛਾਡਿ ਚਲੇ ਹਮ ਕਛੂ ਨ ਲੀਆ॥

(ਭੈਰਉ ਕਬੀਰ, ਪੰਨਾ ੧੧੫੯)

ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥

(ਭੈਰਉ ਮ: ੫, ਪੰਨਾ ੧੧੩੬)

ਕਬੀਰ ਸਾਹਿਬ ਦੇ ਵਿਰੋਧ ਵਿਚ, ਬ੍ਰਾਹਮਣਾਂ ਤੇ ਆਮ ਜਨਤਾ ਤੋਂ ਬਿਨਾਂ ਉਹਨਾਂ ਦੀ ਮਾਂ ਵੀ ਸ਼ਾਮਲ ਸੀ। ਬਿਰਧ ਨੂੰ ਇਸ ਗੱਲ 'ਤੇ ਬਹੁਤ ਰੋਸ ਸੀ ਕਿ ਕਬੀਰ ਸਾਹਿਬ ਸਿਮਰਨ ਵੱਲ ਵਧੇਰੇ ਸਮਾਂ ਦੇਂਦੇ ਹਨ ਤੇ ਕਿਰਤ ਵੱਲ ਘੱਟ ਤੇ ਜੋ ਕੁਝ ਕਮਾਉਂਦੇ ਵੀ ਹਨ ਉਹ ਅਤਿਥੀ ਲੋੜਵੰਦਾਂ ਨੂੰ ਖੁਆ ਛੱਡਦੇ ਹਨ:

ਜਬ ਕੀ ਮਾਲਾ ਲਈ ਨਿਪੂਤੇ, ਤਬ ਤੇ ਸੁਖੁ ਨ ਭਇਓ.....॥
ਸਾਤ ਸੂਤ ਇਨਿ ਮੁੰਡੀਏ ਖੋਏ, ਇਹੁ ਮੁੰਡੀਆ ਕਿਉਂ ਨਾ ਮੋਇਓ॥

(ਬਿਲਾਵਲੁ ਕਬੀਰ, ਪੰਨਾ ੮੫੬)

ਪਰ ਕਬੀਰ ਸਾਹਿਬ ਮਾਤਾ ਦੀ ਮੁਖ਼ਾਲਫ਼ਤ ਨੂੰ ਵੀ ਹੱਸ ਕੇ ਟਾਲ ਛੱਡਦੇ ਤੇ ਉਸ ਨੂੰ ਵੀ ਨਿਸਚਾ ਕਰਾਉਂਦੇ ਕਿ ਸਭ ਦਾ ਪਾਲਣਹਾਰ ਪ੍ਰਭੂ ਹੈ:

ਕਹਤ ਕਬੀਰੁ ਸੁਨਹੁ ਮੇਰੀ ਮਾਈ॥
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ॥

(ਗੂਜਰੀ ਕਬੀਰ, ਪੰਨਾ ੫੨੪)

ਭਾਰਤ ਤੋਂ ਬਾਹਰ ਦੂਸਰੇ ਦੇਸ਼ਾਂ ਵਿਚ ਵੀ ਇਸ ਮਤ ਦੇ ਬਹੁਤ ਫ਼ਕੀਰ ਹੋਏ ਹਨ, ਜਿਨ੍ਹਾਂ ਵਿਚ ਨਾਮ ਸਿਮਰਨ ਅਭਿਆਸ ਨੇ ਮਸਤੀਆਂ ਤੇ ਬੇਪਰਵਾਹੀਆਂ ਪੈਦਾ ਕੀਤੀਆਂ। ਉਹ ਖ਼ਲਕਤ ਦੀ ਨਿੰਦਾ ਉਸਤਤ ਤੋਂ ਉਤਾਂਹ ਹੋ ਸਭ ਨੂੰ ਖਰੀਆਂ ਖਰੀਆਂ ਸੁਣਾ ਗਏ। ਉਹਨਾਂ ਨੇ ਭਾਰੇ ਤਸੀਹੇ ਸਹੇ ਪਰ ਸੱਚ ਕਹਿਣੋਂ ਨਾ ਟਲੇ। ਨਮਰੂਦ ਦੀ ਸਭਾ ਵਿਚ ਇਬਰਾਹੀਮ, ਫਰਊਨ ਦੇ ਦਰਬਾਰ ਵਿਚ ਮੂਸਾ, ਯੂਰੋਸ਼ਲਮ ਦੇ ਮਹੰਤਾਂ ਦੇ ਮੁਕਾਬਲੇ ਤੇ ਈਸਾ, ਮੁਫ਼ਤੀਆ ਦੇ ਮੂੰਹ ਤੇ ਸ਼ਮਸ ਤਬਰੇਜ਼ੀ, ਖ਼ਲੀਫ਼ਾ ਦੀ ਮਰਜ਼ੀ ਦੇ ਖ਼ਿਲਾਫ਼ ਮਨਸੂਰ ਤੇ ਉਹਨਾਂ ਦੇ ਹੋਰ ਸਾਥੀ ਇਸ ਚੜ੍ਹਦੀ ਕਲਾ ਦੇ ਆਸਰੇ ਹੀ ਸੱਚਾਈ 'ਤੇ ਦ੍ਰਿੜ੍ਹ ਰਹਿ ਪ੍ਰਾਣਾਂ ਦੀਆਂ ਬਾਜ਼ੀਆਂ ਖੇਲ ਗਏ।

ਸਤਿਵਾਦੀਆਂ ਦੇ ਵਿਰੁੱਧ ਨਿਰੀ ਪੁਰੋਹਤ ਜਮਾਤ ਤੇ ਉਹਨਾਂ ਦੇ ਮਗਰ ਲੱਗਾ ਹੋਇਆ ਰੀਤਾਂ-ਰਸਮਾਂ ਦੇ ਰੱਸੇ ਬੱਝਾ ਸਮਾਜ ਹੀ ਨਹੀਂ ਹੁੰਦਾ, ਸਗੋਂ ਬਹੁਤ ਵਾਰੀ ਹਕੂਮਤ ਭੀ ਸਭਿਆਚਾਰਾਂ ਦੇ ਵਿਰੁੱਧ ਭੜਕ ਉੱਠਦੀ ਹੈ। ਖ਼ਾਸ ਤੌਰ 'ਤੇ ਕਮਜ਼ੋਰ ਹਕੂਮਤਾਂ, ਜਿਨ੍ਹਾਂ ਨੂੰ ਹਰ ਵਕਤ ਬਗ਼ਾਵਤ ਦਾ ਡਰ ਰਹਿੰਦਾ ਹੈ ਤੇ ਉਹਨਾਂ ਦੇ ਕਾਇਰ ਕ੍ਰੋਧੀ ਹਾਕਮ, ਸਚਿਆਰਾਂ ਨੂੰ ਜ਼ੇਰ ਕਰਨ ਤੇ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਛੇਤੀ ਹੀ ਤਿਆਰ ਹੋ ਪੈਂਦੇ ਹਨ, ਪਰ ਪੇਸ਼ ਉਹਨਾਂ ਦੀ ਵੀ ਕੁਝ ਨਹੀਂ ਜਾਂਦੀ। ਅਜਿਹੇ ਹੀ ਕਮਜ਼ੋਰ ਕਾਇਰ ਤੇ ਮੁਤਅੱਸਬ ਹਾਕਮਾਂ ਵਿਚੋਂ ਦਿੱਲੀ ਦਾ ਇਕ ਸਿਕੰਦਰ ਲੋਧੀ ਬਾਦਸ਼ਾਹ ਵੀ ਸੀ। ਜਿਸ ਦੇ ਕੋਲ ਮੁਤਅੱਸਬ ਮੁਲਾਣਿਆਂ ਨੇ ਭਗਤ ਨਾਮਦੇਵ ਜੀ ਦੀ ਸ਼ਿਕਾਇਤ ਕੀਤੀ ਕਿ ਉਹ ਹਿੰਦੂ ਫ਼ਕੀਰੀ ਦੇ ਬਲ ਕਰਕੇ ਬੜਾ ਰਸੂਖ਼ ਪਕੜ ਰਿਹਾ ਹੈ। ਉਸਦਾ ਜ਼ੋਰ ਤੋੜਨਾ ਚਾਹੀਦਾ ਹੈ ਤੇ ਇਸਦਾ ਇਕ ਹੀ ਸਾਧਨ ਹੈ ਕਿ ਉਸ ਨੂੰ ਬਾਦਸ਼ਾਹ ਦੀ ਮਰਜ਼ੀ ਮੰਨਣ 'ਤੇ ਮਜਬੂਰ ਕੀਤਾ ਜਾਏ, ਜਿਸ ਕਰਕੇ ਉਸ ਦੇ ਸ਼ਰਧਾਲੂ, ਫ਼ਕੀਰ ਦੀ ਕਾਇਰਤਾ ਤੱਕ, ਆਪੇ ਉਪਰਾਮ ਹੋ ਖਿੰਡ ਜਾਣਗੇ। ਚੁਨਾਂਚਿ ਸੁਲਤਾਨ ਨੇ ਨਾਮਦੇਵ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕਿਹਾ, “ਉਹ ਰਾਮ ਨੂੰ ਛੱਡ ਕੇ ਖ਼ੁਦਾ ਦਾ ਭਜਨ ਕਰੇ।"

ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥

(ਭੈਰਉ ਨਾਮਦੇਵ, ਪੰਨਾ ੧੧੬੫)

ਇਸ ਮੁਤਾਲਬੇ ਦੇ ਕੁਛ ਅਰਥ ਹੀ ਨਹੀਂ ਸਨ। ਬ੍ਰਹਮਗਿਆਨੀ ਸੰਤ ਦੀ ਨਿਗਾਹ ਵਿਚ ਰਾਮ ਤੇ ਖ਼ੁਦਾ ਦੋਵੇਂ ਇਕ ਪਰਮੇਸ਼੍ਵਰ ਦੇ ਹੀ ਨਾਮ ਸਨ। ਪਰ ਖ਼ੁਦਾ ਤੇ ਖ਼ੁਦਾਪ੍ਰਸਤੀ ਦਾ ਕੋਈ ਸਵਾਲ ਹੀ ਨਹੀਂ ਸੀ, ਓਥੇ ਤਾਂ ਨੀਤੀ ਦੀਆਂ ਚਾਲਾਂ ਮਜ਼ਹਬ ਦੀ ਓਟ ਵਿਚ ਚਲੀਆਂ ਜਾ ਰਹੀਆਂ ਸਨ। ਓਥੇ ਤਾਂ ਬਗ਼ਾਵਤ ਦੇ ਭੈ ਕਰਕੇ ਕਮਜ਼ੋਰ ਮੁਸਲਮਾਨ ਹਾਕਮ, ਕਿਸੇ ਹਿੰਦੂ ਦੀ ਵਡਿਆਈ ਤੇ ਰਸੂਖ਼ ਵੇਖ ਹੀ ਨਹੀਂ ਸੀ ਸੁਖਾਂਦਾ। ਚੁਨਾਂਚਿ ਨਾਮਦੇਵ ਜੀ ਨੇ ਖ਼ੁਦਾ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, “ਮੈਂ ਰਾਮ ਨਾਮ ਨਹੀਂ ਛੱਡਾਂਗਾ, ਪ੍ਰਾਣ ਭਾਵੇਂ ਚਲੇ ਜਾਣ।” ਏਥੋਂ ਤਕ ਕਿ ਨਾਮਦੇਵ ਦੀ ਮਾਂ ਭੀ ਉਹਨਾਂ ਨੂੰ ਸਮਝਾਉਣ ਆਈ ਤੇ ਕਹਿਣ ਲੱਗੀ-“ਪੁੱਤਰ! ਤੂੰ ਰਾਮ ਰਾਮ ਨੂੰ ਛੱਡ ਕੇ ਖ਼ੁਦਾ ਖ਼ੁਦਾ ਭਜਨ ਕਿਉਂ ਨਹੀਂ ਕਰਦਾ, ਇਸ ਵਿਚ ਕੀ ਫ਼ਰਕ ਹੈ?" ਨਾਮਦੇਵ ਜੀ ਨੇ ਮੋਹ-ਆਤਰ ਮਾਂ ਦੀ ਸਿੱਖਿਆ ਤੋਂ ਨਾ ਸਿਰਫ਼ ਇਨਕਾਰ ਕਰ ਦਿੱਤਾ, ਸਗੋਂ ਇਹ ਵੀ ਕਿਹਾ ਕਿ ਅਜਿਹੀ ਢਹਿੰਦੀ ਕਲਾ ਦੀ ਗੱਲ ਕਰਨ ਕਰਕੇ, ਨਾ ਤੂੰ ਮੇਰੀ ਮਾਂ ਰਹੀ ਹੈਂ ਤੇ ਨਾ ਮੈਂ ਤੇਰਾ ਪੁੱਤਰ। ਆਖ਼ਰ ਸੁਲਤਾਨ ਨੇ ਨਾਮਦੇਵ ਨੂੰ ਮੁਸ਼ਕਾਂ ਕੱਸ ਕੇ ਹਾਥੀ ਅੱਗੇ ਸੁੱਟ ਦਿੱਤਾ। ਜਦੋਂ ਬਦਮਸਤ ਮਾਰੂ ਹਾਥੀ ਨਾਮਦੇਵ ਜੀ ਵੱਲ ਵਧਿਆ ਤਾਂ ਸੰਤ ਨੇ ਮਜ਼ਬੂਤ ਮਨ ਤੇ ਪਿਆਰ ਭਰੇ ਨੈਣਾਂ ਨਾਲ ਹਾਥੀ ਵੱਲ ਤਕਿਆ, ਪਸ਼ੂ ਮਨ ਭੀ ਪਿਆਰ ਦੇ ਅਸਰ ਤੋਂ ਨਾ ਬਚ ਸਕਿਆ। ਹਾਥੀ ਉਹਨੂੰ ਕੁਚਲਣ ਦੀ ਥਾਂ ਕੋਲ ਖਲੋ ਪਿਆਰ ਕਰਨ ਲਗ ਪਿਆ ਤੇ ਪਸ਼ੂ ਦੇ ਪਿਛੇ ਲੱਗ ਮਹਾਂ-ਪਸ਼ੂ ਸੁਲਤਾਨ ਲੋਧੀ ਨੇ ਵੀ ਭਗਤ ਜੀ ਦੀ ਸਚਾਈ ਦੇ ਸਾਹਮਣੇ ਸਿਰ ਝੁਕਾ ਦਿੱਤਾ।

ਇਹ ਤਾਂ ਸੀ ਜ਼ਿਕਰ ਉਹਨਾਂ ਸੰਤਾਂ ਦਾ, ਜੋ ਇਸ ਚੜ੍ਹਦੀ ਕਲਾ ਦਾ ਵਿਅਕਤੀਗਤ ਵਰਤਾਰਾ ਵਰਤਦੇ ਹਨ। ਜੋ ਏਦੋਂ ਵੀ ਥੋੜ੍ਹਾ ਜਿਹਾ ਅਗਾਂਹ ਵਧਦੇ ਹਨ, ਉਹ ਕਰਮ ਖੇਤਰ ਵਿਚ ਬੀਰ-ਕਿਰਿਆ ਕਰਦੇ ਹਨ, ਉਹਨਾਂ ਨੂੰ ਸ੍ਰੀ ਜਪੁਜੀ ਸਾਹਿਬ ਵਿਚ ‘ਜੋਧ ਮਹਾ ਬਲ ਸੂਰ' ਕਿਹਾ ਗਿਆ ਹੈ। ਉਹਨਾਂ ਦਾ ਮੁਕਾਮ ‘ਕਰਮ ਖੰਡ' ਤੇ ਰੱਬੀ ਬਖਸ਼ਸ਼ ਦੀ ਬਰਖਾ ਸਦਾ ਉਹਨਾਂ ਦੇ ਸਿਰ 'ਤੇ ਹੁੰਦੀ ਰਹਿੰਦੀ ਹੈ, ਧਰਮ ਯੁੱਧ ਉਹਨਾਂ ਦਾ ਅਭਿਆਸ ਹੁੰਦਾ ਹੈ। ਉਹ ਮਾਲਾ ਦੇ ਮਣਕਿਆਂ ਦੀ ਥਾਂ ਸ਼ਸਤਰ ਫੇਰਦੇ ਹਨ, ਮੰਦਰਾਂ ਦੀ ਥਾਂ ਮੈਦਾਨ ਵਿਚ ਕਿਰਤ ਕਰਦੇ ਹਨ, ਉਹ ਅਤਿ ਪਵਿੱਤਰ ਹਨ, ਉਹਨਾਂ ਦਾ ਰੁਤਬਾ ਅਤਿ ਉੱਚਾ ਹੈ। ਸਿਮਰਨ ਬਲ ਸੀਨੇ ਵਿਚ ਤੇ ਸਰੀਰਕ ਬਲ ਭੁਜਾਂ ਵਿਚ ਠਾਠਾਂ ਮਾਰਦਾ ਰਹਿੰਦਾ ਹੈ, ਉਹਨਾਂ ਦੀ ਸੰਗਤ ਨਾਲ ਮਨ ਪਵਿੱਤਰ ਹੁੰਦੇ ਤੇ ਸੰਸਾਰ ਦੇ ਪਾਪ ਕੱਟੀਦੇ ਹਨ:

ਪ੍ਰੇਮ ਸੋਂ ਨੀਰ ਬਹੇ ਜਸ ਗਾਵਤ, ਨਾਚਤ ਸੁਵੈਤ ਚਲੈ ਸਭ ਅੰਗਾ।
ਕੈ ਰਣ ਗਹਿ ਖਗ ਭਲੀ ਬਿਧ ਸਿਉਂ ਅਤਿ ਲਹੂ ਸਿਉਂ ਘਾਵ ਚਲੈ ਅਰਧੰਗਾ।



ਇਹੋ ਪੂਤ ਜਣੇ ਜਨਨੀ ਜਗ, ਔਰ ਸਭੇ ਸੁਤ ਕੀਟ ਪਤੰਗਾ।
ਜਗਤ ਕੋ ਠਾਕਰ ਜਗਤ ਕੋ ਸੁਆਮੀ, ਸੋ ਨਰ ਹੋਤੇ ਹੈਂ ਗੰਗ ਕੋ ਗੰਗਾ।

(ਹਨੂੰਮਾਨ ਨਾਟਕ)

ਇਸ ਬੀਰ ਕਿਰਿਆ ਦੇ ਸੰਬੰਧ ਵਿਚ ਸੰਸਾਰ ਦੇ ਕਈ ਵੱਡੇ, ਉਚੇਰੇ ਤੇ ਭਲੇ ਪੁਰਖਾਂ ਨੂੰ ਵੀ ਟਪਲਾ ਲੱਗ ਜਾਂਦਾ ਹੈ। ਉਹ ਇਹ ਸਮਝਦੇ ਹਨ ਕਿ ਰਣ ਵਿਚ ਸ਼ਸਤਰ ਮਾਰਨਾ ਤੇ ਮੁਕਾਬਲੇ ਆਏ ਮਨੁੱਖ ਨੂੰ ਕਟ ਸੁਟਣਾ, ਪਸ਼ੂ-ਬਲ ਦੀ ਵਰਤੋਂ ਹੈ। ਉਹ ਬੀਰ ਰਸ ਦੇ ਪ੍ਰਕਾਸ਼ ਦੀ ਅਸਲੀਅਤ ਸਮਝਣ ਦੀ ਜਾਂ ਤਾਂ ਆਪਣਿਆਂ ਸੰਸਕਾਰਾਂ ਤੇ ਮਨੌਤਾਂ ਦੇ ਅਧੀਨ ਕੋਸ਼ਿਸ਼ ਹੀ ਨਹੀਂ ਕਰਦੇ, ਜਾਂ ਸਮਝ ਹੀ ਨਹੀਂ ਸਕਦੇ। ਦਮ੍ਹਕਾਂ, ਲਾਲਾਂ ਤੇ ਅੰਗਿਆਰਾਂ ਦੋਹਾਂ ਵਿਚ ਹੁੰਦੀਆਂ ਹਨ ਪਰ ਕਿਸੇ ਅਤਿ ਅਨਜਾਣ ਤੋਂ ਬਿਨਾਂ ਕਿਸੇ ਨੇ ਲਾਲ, ਅੰਗਿਆਰ ਸਮਝ ਕੇ ਹੱਥੋਂ ਨਹੀਂ ਸੁੱਟ ਘੱਤੇ। ਏਹੋ ਹੀ ਫ਼ਰਕ ਬੀਰ ਰਸ ਤੇ ਪਸ਼ੂ-ਬਲ ਵਿਚ ਸਮਝਣਾ ਚਾਹੀਦਾ ਹੈ। ਬੀਰ ਰਸ ਦਯਾ, ਕਰੁਣਾ ਤੇ ਸੇਵਾ ਦਿਆਂ ਜੌਹਰਾਂ ਕਰਕੇ ਚਮਕਦਾ ਹੈ ਤੇ ਪਸ਼ੂ-ਬਲ ਈਰਖਾ, ਦਵੈਸ਼ ਤੇ ਕ੍ਰੋਧ ਦੇ ਸਾੜੇ ਕਰਕੇ ਭਟਕਦਾ ਹੈ। ਇਕ ਮਾਰਨ ਲਈ ਮਰਦਾ ਹੈ, ਦੂਜਾ ਮਰਦਿਆਂ ਨੂੰ ਬਚਾਉਣ ਲਈ ਮਾਰਦਾ ਹੈ। ਇਕ ਮੌਤ ਦੇ ਚਿੱਕੜ ਦੀ ਘਾਣੀ ਕਰਦਾ ਹੈ ਤੇ ਦੂਜਾ ਕੇਵਲ ਜੀਵਨ ਦਾ ਰਤਨ ਮੌਤ ਦੀ ਗੋਦੋਂ ਚੁੱਕ ਬਚਾਉਣ ਲਈ ਆਪਣਾ ਪੈਰ ਚਿੱਕੜ ਨਾਲ ਲਬੇੜਦਾ। ਸੱਚ ਤਾਂ ਇਹ ਹੈ ਕਿ ਪਸ਼ੂ-ਬਲ ਜੀਵਨ ਨੂੰ ਮੁਕਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਬੀਰ ਰਸ ਮੌਤ ਨੂੰ ਮਾਰਨ ਦੀ। ਅਹਿੰਸਾ ਦੇ ਉਪਾਸ਼ਕਾਂ ਨੂੰ ਕਈ ਵੇਰ ਇਹ ਟਪਲਾ ਲਗਦਾ ਹੈ ਕਿ ਬੀਰ ਕਿਰਿਆ ਕ੍ਰੋਧ ਤੋਂ ਬਿਨਾਂ ਹੋ ਹੀ ਨਹੀਂ ਸਕਦੀ, ਪਰ ਇਹ ਹਕੀਕਤ ਨਹੀਂ, ਸੱਚਾ ਬੀਰ, ਕ੍ਰੋਧ ਨੂੰ ਦਲ ਉਤਾਂਹ ਉਠਦਾ ਹੈ। ਇਸਲਾਮੀ ਦੁਨੀਆ ਦੇ ਮਸ਼ਹੂਰ ਸੂਰਬੀਰ ਹਜ਼ਰਤ ਅਲੀ ਦੇ ਜੀਵਨ ਵਿਚ ਇਕ ਵਾਕਿਆ ਆਉਂਦਾ ਹੈ ਕਿ ਇਕ ਵੇਰ ਇਕ ਕਾਫ਼ਰ ਨੇ ਅਲੀ ਨੂੰ ਜੋ ਘੁਲਾਟੀਆ ਵੀ ਸੀ, ਕੁਸ਼ਤੀ ਲਈ ਵੰਗਾਰਿਆ। ਦੇਸ਼ ਦੇ ਰਿਵਾਜ ਅਨੁਸਾਰ ਸ਼ਰਤ ਇਹ ਬੱਝੀ ਕਿ ਢਾਉਣ ਵਾਲੇ ਦਾ ਦੀਨ, ਢਹਿਣ ਵਾਲਾ ਕਬੂਲ ਕਰ ਲਏਗਾ। ਤੇ ਜੇ ਉਹ ਅਜਿਹਾ ਕਰਨ ਤੋਂ ਇਨਕਾਰ ਕਰੇ ਤਾਂ ਜੇਤੂ ਦਾ ਹੱਕ ਹੋਵੇਗਾ ਕਿ ਉਸਨੂੰ ਕਤਲ ਕਰ ਦੇਵੇ। ਕੁਸ਼ਤੀ ਹੋਈ ਤੇ ਹਜ਼ਰਤ ਅਲੀ ਨੇ ਕਾਫ਼ਰ ਨੂੰ ਢਾਹ ਲਿਆ, ਪਰ ਡਿਗੇ ਹੋਏ ਕਾਫ਼ਰ ਨੇ ਇਸਲਾਮ ਕਬੂਲਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਰਤ ਅਨੁਸਾਰ ਹਜ਼ਰਤ ਅਲੀ ਉਸ ਨੂੰ ਕਤਲ ਕਰਨ 'ਤੇ ਮਜਬੂਰ ਹੋਏ। ਪਰ ਜਦ ਉਹ ਉਸ ਨੂੰ ਖ਼ੰਜਰ ਮਾਰਨ ਲਗੇ ਤਾਂ ਹੇਠੋਂ ਕਾਫ਼ਰ ਨੇ ਅਲੀ ਦੇ ਮੂੰਹ 'ਤੇ ਥੁੱਕ ਦਿੱਤਾ। ਹਜ਼ਰਤ ਅਲੀ ਨੇ ਹੱਥ ਨਾਲ ਹੀ ਰੋਕ ਲਿਆ। ਕਾਫ਼ਰ ਦੀ ਛਾਤੀ ਤੋਂ ਉਠ ਬੈਠੇ, ਖ਼ੰਜਰ ਮਿਆਨੇ ਕਰ ਲਿਆ ਨਮਾਜ਼ ਪੜ੍ਹਨ ਲੱਗ ਪਏ, ਜਾਂ ਨਮਾਜ਼ ਪੜ੍ਹ ਕੇ ਉਠੇ ਤਾਂ ਲੋਕਾਂ ਪੁਛਿਆ, “ਇਹ ਕੀ, ਤੁਸਾਂ ਓਹਨੂੰ ਕਤਲ ਕਿਉਂ ਨਾ ਕੀਤਾ?” ਤਾਂ ਹਜ਼ਰਤ ਅਲੀ ਨੇ ਕਿਹਾ, “ਮੈਂ ਉਸ ਨੂੰ ਕਤਲ ਕਰਨ ਲੱਗਾ ਸਾਂ, ਮੈਨੂੰ ਸ਼ਰਤ ਦੀ ਰੂ ਨਾਲ ਅਜਿਹਾ ਕਰਨਾ ਬਣਦਾ ਸੀ, ਪਰ ਮੇਰੇ ਖ਼ੰਜਰ ਮਾਰਨ ਤੋਂ ਪਹਿਲਾਂ ਉਸ ਨੇ ਮੇਰੇ ਮੂੰਹ 'ਤੇ ਥੁੱਕ ਦਿੱਤਾ, ਜਿਸ ਕਰਕੇ ਮੈਨੂੰ ਗੁੱਸਾ ਆ ਗਿਆ ਤੇ ਗੁੱਸੇ ਵਿਚ ਆ ਕੇ ਕਿਸੇ ਨੂੰ ਕਤਲ ਕਰਨਾ ਇਸਲਾਮ ਗੁਨਾਹ ਕਰਾਰ ਦੇਂਦਾ ਹੈ। ਕਾਫ਼ਰ ਇਹ ਸੁਣ ਕੇ ਮੁਸਲਮਾਨ ਹੋ ਗਿਆ। ਇਸ ਵਾਕਿਆ ਤੋਂ ਪਤਾ ਲਗਦਾ ਹੈ ਕਿ ਸੱਚੇ ਬੀਰ ਕਦੀ ਵੀ ਕ੍ਰੋਧ ਆਤੁਰ ਹੋ ਕਿਸੇ ਨੂੰ ਨਹੀਂ ਮਾਰਦੇ।

ਮੋਹਸਿਨ ਫ਼ਾਨੀ ਨੇ ਦਬਿਸਤਾਨੇ ਮਜ਼ਾਹਿਬ ਵਿਚ ਇਉਂ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਕਦੀ ਕ੍ਰੋਧ ਵਿਚ ਆ ਕੇ ਨਹੀਂ ਸਨ ਲੜਦੇ। ਉਹ ਯੁੱਧ ਸਮੇਂ ਹਮੇਸ਼ਾ ਖਿੜਾਉ ਵਿਚ ਰਹਿੰਦੇ ਸਨ। ਦਸਦਾ ਹੈ ਕਿ ਇਕ ਸਮੇਂ ਕਿਸੇ ਮੁਖ਼ਾਲਫ਼ ਸੂਰਮੇ ਨੂੰ ਸਤਿਗੁਰਾਂ ਨੇ ਪਹਿਲਾ ਵਾਰ ਕਰਨ ਦੀ ਆਗਿਆ ਦਿੱਤੀ। ਸਤਿਗੁਰਾਂ ਨੇ ਵਾਰ ਢਾਲ 'ਤੇ ਰੋਕ ਲਿਆ ਤੇ ਕਿਹਾ-"ਤਲਵਾਰ ਇਸ ਤਰ੍ਹਾਂ ਨਹੀਂ ਮਾਰੀਦੀ, ਇਸ ਤਰ੍ਹਾਂ ਮਾਰੀਦੀ ਹੈ," ਇਤਨਾ ਕਹਿ ਤਲਵਾਰ ਨਾਲ ਮੁਖ਼ਾਲਫ਼ ਦਾ ਸਿਰ ਉਡਾ ਦਿੱਤਾ।

ਚੁਨਾ ਨਮੀ ਜ਼ਨੰਦ—ਜ਼ਦਨ ਦੀਨ ਅਸਤ।

(ਦਬਿਸਤਾਨੇ ਮਜ਼ਾਹਿਬ)

ਫ਼ਾਨੀ ਕਹਿੰਦਾ ਹੈ ਕਿ ਇਉਂ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਗੁਰੂ ਕਿਸੇ ਨੂੰ ਤਲਵਾਰ ਦੇ ਹੱਥ ਸਿਖਾ ਰਿਹਾ ਹੁੰਦਾ ਹੈ ਤੇ ਹੈਸੀ ਭੀ ਠੀਕ। ਗੁਰੂ, ਨਾਮ ਜੋ ਉਸਤਾਦ ਦਾ ਹੋਇਆ। ਇਸ ਗੁਰੂ ਸਾਹਿਬ ਦੇ ਸਮਕਾਲੀ ਦੀ ਲਿਖਤ ਤੋਂ ਬਿਨਾਂ, ਜੋ ਉਹਨਾਂ ਦੇ ਦਰਬਾਰ ਵਿਚ ਖ਼ੁਦ ਭੀ ਕਈ ਵੇਰ ਆਇਆ ਸੀ, ਸਤਿਗੁਰਾਂ ਦਾ ਪੈਂਦੇ ਖ਼ਾਂ ਨਾਲ ਉਸ ਦੇ ਅੰਤਮ ਸਮੇਂ ਸਲੂਕ, ਬੀਰ ਦੀ ਕ੍ਰੋਧ ਰਹਿਤ ਕਿਰਿਆ ਦੀ ਸਹੀ ਤਸਵੀਰ ਹੈ। ਪੈਂਦੇ ਖ਼ਾਂ ਕੌਣ ਸੀ? ਮਾਂ ਪਿਓ ਬਾਹਿਰਾ, ਇਕ ਯਤੀਮ ਪਠਾਣ ਬੱਚਾ, ਜਿਸ ਨੂੰ ਸਤਿਗੁਰਾਂ ਦਇਆ ਕਰ ਕੇ ਪਾਲਿਆ, ਪਹਿਲਵਾਨ ਬਣਾਇਆ, ਸ਼ਸਤਰ ਵਿੱਦਿਆ ਸਿਖਾਈ ਤੇ ਵਿਆਹ-ਵਰ-ਘਰ-ਨਾਰ ਵਾਲਾ ਕੀਤਾ। ਪਰ ਨਾਸ਼ੁਕਰੇ ਪੈਂਦੇ ਖ਼ਾਂ ਨੇ ਸਹੁਰਿਆਂ ਦੀ ਕੁਸੰਗਤ ਦੇ ਜ਼ੇਰੇ ਅਸਰ ਉਮਰ ਭਰ ਦੇ ਅਹਿਸਾਨ ਨੂੰ ਭੁੱਲ, ਸਤਿਗੁਰਾਂ ਦੇ ਵਿਰੋਧੀਆਂ ਨਾਲ ਸਾਜ਼ ਬਾਜ਼ ਕਰ ਸਿੱਖਾਂ 'ਤੇ ਫ਼ੌਜ ਚੜ੍ਹਾ ਲਿਆਂਦੀ। ਯੁਧ ਹੋਇਆ ਤੇ ਓੜਕ ਮਹਾਂਬਲੀ ਪੈਂਦੇ ਖ਼ਾ ਸਤਿਗੁਰਾਂ ਦੇ ਸਾਹਮਣੇ ਲੜਨ ਲਈ ਆਇਆ, ਲੋਹਾ ਖੜਕਿਆ, ਪੈਂਦੇ ਖ਼ਾਂ ਦਾ ਘੋੜਾ ਮਾਰਿਆ ਗਿਆ ਤਾਂ ਸਤਿਗੁਰੂ ਆਪ ਭੀ ਪੈਦਲ ਹੋ ਗਏ। ਓੜਕ ਦਲ ਭੰਜਨ ਛਟਮ ਪੀਰ ਦੇ ਖੰਡੇ ਦੇ ਵਾਰ ਦਾ ਫਟਿਆ ਪੈਂਦੇ ਖ਼ਾਂ ਜ਼ਮੀਨ 'ਤੇ ਜਾ ਪਿਆ ਤੇ ਦਮ ਤੋੜਨ ਲੱਗਾ:

ਪੰਜ ਪਿਆਲੇ ਪੰਜਿ ਪੀਰ ਛਟਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ........।
ਦਲ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

(ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੮)

ਸਤਿਗੁਰਾਂ ਨੇ ਖੰਡਾ ਮਿਆਨੇਂ ਕਰ ਲਿਆ ਤੇ ਦੌੜ ਕੇ ਆਪਣੀ ਢਾਲ ਦੀ ਛਾਂ ਪੈਂਦੇ ਖ਼ਾਂ ਦੇ ਚਿਹਰੇ 'ਤੇ ਕਰ ਦਿੱਤੀ। ਛੇਤੀ ਨਾਲ ਪਾਣੀ ਮੰਗਾ ਕੇ ਉਹਦੇ ਮੂੰਹ ਵਿਚ ਪਾਇਆ। ਜਦ ਉਸ ਨੂੰ ਥੋੜ੍ਹੀ ਜਿਹੀ ਹੋਸ਼ ਆਈ ਤਾਂ ਹਜ਼ੂਰ ਨੇ ਕਿਹਾ–"ਪੈਂਦੇ ਖ਼ਾਂ, ਹੁਣ ਅੰਤਮ ਸਮਾਂ ਹੈ। ਪੜ੍ਹ ਕਲਮਾ, ਤੇਰਾ ਸਹਾਈ ਹੋਵੇ।” ਪੈਂਦਾ ਪੈਰਾਂ 'ਤੇ ਪੈ ਪੂਰਨ ਪਦ ਨੂੰ ਪ੍ਰਾਪਤ ਹੋਇਆ। ਇਹ ਹੈ ਸਹੀ ਚਿੱਤਰ ਬੀਰ ਕਿਰਿਆ ਦਾ, ਜਿਸ ਵਿਚ ਕ੍ਰੋਧ ਨੂੰ ਕੋਈ ਥਾਂ ਨਹੀਂ, ਇਸ ਜੌਹਰ ਦੀ ਪਰਖ਼ ਦੇ ਨਾਵਾਕਫ਼ ਲੋਕ ਇਸ ਦੀ ਕਦਰ ਨਹੀਂ ਪਾ ਸਕਦੇ।

ਬੀਰ ਕਿਰਿਆ ਦੇ ਵਿਰੋਧੀਆਂ ਨੂੰ ਇਕ ਭੁੱਲ ਹੋਰ ਭੀ ਲਗਦੀ ਹੈ ਤੇ ਓਹ ਮੋਹ ਦੇ ਅਧੀਨ ਹੈ। ਮੋਹ ਤਨ ਦਾ ਪਿਆਰ ਪੈਦਾ ਕਰਦਾ ਹੈ, ਮੜ੍ਹੋਲੀ ਦਾ ਪੁਜਾਰੀ ਬਣਾਉਂਦਾ ਹੈ, ਮਮਤਾ ਮੌਤ ਨੂੰ ਭਿਆਨਕ ਕਰ ਕੇ ਦਰਸਾਂਦੀ ਹੈ। ਤਨ ਦੇ ਮੋਹ ਦੇ ਅਧੀਨ ਲੋਕ ਸਮਝਦੇ ਹਨ ਕਿ ਸ਼ਾਇਦ ਮਰਿਆਂ ਜੀਵਨ ਮੁੱਕ ਜਾਏਗਾ, ਪਰ ਅਸਲੀਅਤ ਇਹ ਨਹੀਂ। ਮੌਤ ਤਾਂ ਅਮਰ ਜੀਵਨ ਦੇ ਲੰਬੇ ਪੈਂਡੇ ਦੀ ਇਕ ਨਵੀਂ ਮੰਜ਼ਲ ਅਰੰਭ ਕਰਨ ਦਾ ਨਾਮ ਹੈ। ਇਹ ਤਾਂ ਇਕ ਤਰਫ਼ੋਂ ਸੌਂ ਕੇ ਦੂਸਰੀ ਤਰਫ਼ ਜਾਗਣਾ ਹੈ:

ਮੌਤ ਤਜਦੀਦ ਹਿਆਤੇ ਜਾਵਦਾਂ ਕਾ ਨਾਮ ਹੈ।
ਖ਼ਾਬ ਕੇ ਪਰਦੇ ਮੇਂ ਬੇਦਾਰੀ ਕਾ ਇਕ ਪੈਗ਼ਾਮ ਹੈ।

(ਇਕਬਾਲ)

ਕੀ ਸਾਨੂੰ ਪਤਾ ਨਹੀਂ ਕਿ ਜਦੋਂ ਅਸੀਂ ਮਾਂ ਦੇ ਪੇਟ ਦੀ ਛੋਟੀ ਜਿਹੀ ਦੁਨੀਆ ਵਿਚ ਸਾਂ, ਓਦੋਂ ਉਸ ਥਾਂ ਨਾਲ ਹੀ ਪਿਆਰ ਸੀ, ਪਰ ਜਦ ਉਸ ਨੂੰ ਛੱਡ ਧਰਤੀ ਦੀ ਗੋਦ ਵਿਚ ਆਏ ਤਾਂ ਕਿਤਨੀਆਂ ਮੌਜਾਂ ਮਿਲੀਆਂ। ਉਥੇ ਥੋੜ੍ਹੀ ਜਿਹੀ ਥਾਂ ਵਿਚ ਗੋਡਿਆਂ ਵਿਚ ਸਿਰ ਦੇਈ ਬੈਠੇ ਸਾਂ। ਇਥੇ ਖੁਲ੍ਹੀ ਧਰਤੀ ਸੈਰ ਕਰਨ, ਦੌੜਨ, ਘੋੜੇ ਭਜਾਣ ਤੇ ਹਵਾਈ ਜਹਾਜ਼ ਉਡਾਣ ਨੂੰ ਮਿਲੀ, ਉਥੇ ਇਕੱਲਾ ਮਾਂ ਦਾ ਰਕਤ ਪੀਣ ਨੂੰ, ਇਥੇ ਛੱਤੀ ਪ੍ਰਕਾਰ ਦੇ ਭੋਜਨ, ਜੋ ਪੱਛਮੀ ਖਾਣੇ ਨਾਲ ਮਿਲਾ ਕੇ ਸ਼ਾਇਦ ਛੱਤੀ ਸੌ ਕਿਸਮ ਦੇ ਬਣ ਜਾਣ, ਖਾਣ ਨੂੰ ਮਿਲਦੇ ਹਨ, ਉਥੇ ਪੀਣ ਲਈ ਇਕੋ ਨਾੜ ਦੀ ਨਲਕੀ, ਇਥੇ ਪਿੱਤਲ, ਕਾਂਸੀ, ਸੋਨੇ, ਚਾਂਦੀ, ਮਿੱਟੀ, ਚੀਨੀ, ਸ਼ੀਸ਼ੇ ਦੇ ਬਰਤਨ, ਸੰਗੇਯ ਅਸਵਦ ਤੇ ਜ਼ਮੁਰੱਦ ਦੇ ਪਿਆਲੇ, ਉਥੇ ਪਹਿਨਣ ਨੂੰ ਨਿਰੀ ਇਕ ਝਿੱਲੀ; ਏਥੇ ਸੂਤੀ ਤੇ ਰੇਸ਼ਮ ਦੇ ਕਪੜੇ ਪਹਿਨਣ ਨੂੰ, ਅੱਜ-ਕੱਲ੍ਹ ਤਾਂ ਬਲੌਰ ਦੇ ਵੀ ਤਿਆਰ ਹੋ ਗਏ ਹਨ। ਕਿੰਨਾ ਸੁਖ ਮਿਲਿਆ, ਇਕ ਦੁਨੀਆ ਨੂੰ ਛੱਡ ਦੂਸਰੀ ਵਿਚ ਆਉਣ 'ਤੇ, ਤਾਂ ਫਿਰ ਦੂਸਰੀ ਨੂੰ ਛੱਡ ਤੀਸਰੀ ਵਿਚ ਗਿਆਂ ਜੋ ਸੁਖ ਲਭੇਗਾ, ਉਸ ਦਾ ਤਾਂ ਕਹਿਣਾ ਹੀ ਕੀ ਹੈ। ਕਬੀਰ ਸਾਹਿਬ ਤਾਂ ਉਸ ਨੂੰ ਪੂਰਨ ਪਰਮਾਨੰਦ ਕਹਿੰਦੇ ਹਨ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ।

(ਸਲੋਕ ਕਬੀਰ, ਪੰਨਾ ੧੩੬੫)

ਬੀਰ ਪੁਰਸ਼ ਮੌਤ ਨੂੰ ਇਕ ਨਵਾਂ ਚੋਲਾ ਬਦਲਣਾ ਤੇ ਮਨ ਵਲੋਂ ਬੇਪਰਵਾਹ ਹੋ ਵਿਚਰਦੇ ਹਨ।

ਕਹਿੰਦੇ ਹਨ ਕਿ ਮਸ਼ਹੂਰ ਯੂਨਾਨੀ ਫ਼ਿਲਾਸਫ਼ਰ ‘ਸੁਕਰਾਤ’ ਨੂੰ ਜਦ ਮੌਤ ਦੀ ਸਜ਼ਾ ਹੋਈ ਤਾਂ ਉਹ ਜ਼ਹਿਰ ਦਾ ਪਿਆਲਾ ਜੋ ਪੀ ਕੇ ਉਸ ਨੇ ਮਰਨਾ ਸੀ, ਹੱਥ ਵਿਚ ਫੜੀ ਆਪਣੇ ਮਿਤਰਾਂ ਨਾਲ ਹੱਸ ਹੱਸ ਅੰਤਮ ਗੱਲਾਂ ਕਰ ਰਿਹਾ ਸੀ ਤਾਂ ਉਸ ਦੇ ਇਕ ਸ਼ਾਗਿਰਦ ਨੇ ਕਿਹਾ-"ਉਸਤਾਦ ਜੀ! ਤੁਸੀਂ ਹੁਣ ਸਾਥੋਂ ਵਿਦਾਅ ਹੋਣ ਵਾਲੇ ਹੋ, ਕੀ ਤੁਹਾਨੂੰ ਆਪਣੀ ਮੌਤ ਦਾ ਕੋਈ ਸ਼ੋਕ ਨਹੀਂ?”

ਸੁਕਰਾਤ ਬੋਲੇ, “ਉਹ ਕਿਸਾਨ ਕਿਤਨਾ ਨਾਦਾਨ ਹੋਵੇਗਾ ਜੋ ਖੇਤੀ ਕਰਨ ਦੀ ਸਾਰੀ ਤਕਲੀਫ਼ ਤਾਂ ਬਰਦਾਸ਼ਤ ਕਰੇ, ਪਰ ਬੋਹਲ ਘਰ ਆਉਣ ਸਮੇਂ ਰੋਣ ਬਹਿ ਜਾਵੇ।” ਇਹੋ ਹੀ ਹਾਲਤ ਫ਼ਲਸਫ਼ੀ ਦੀ ਹੈ। ਉਮਰ ਭਰ ਮਰਨ ਦੀ ਤਿਆਰੀ ਕਰਦਾ ਹੈ ਤੇ ਮੌਤ ਕੋਲ ਆ ਢੁਕਣ 'ਤੇ ਸ਼ੋਕ ਕਰਨ ਬਹਿ ਜਾਏ।

“ਜੇ ਇਹੋ ਹੀ ਗੱਲ ਹੈ ਤਾਂ ਫ਼ਲਸਫ਼ੀ ਆਤਮਘਾਤ ਕਰ ਕੇ ਕਿਉਂ ਨਹੀਂ ਮਰ ਜਾਂਦਾ?” ਸ਼ਾਗਿਰਦ ਨੇ ਫਿਰ ਮੁੜ ਕੇ ਪੁਛਿਆ। ਸੁਕਰਾਤ ਨੇ ਕਿਹਾ, “ਫ਼ਲਸਫ਼ੀ ਉਸ ਪੰਛੀ ਵਾਂਗ ਹੈ ਜਿਸ ਨੂੰ ਮਾਲਕ ਕੁਛ ਚਿਰ ਗਾਉਣ ਲਈ ਪਿੰਜਰੇ ਵਿਚ ਬੰਦ ਕਰਦਾ ਹੈ, ਨਿਯਤ ਸਮੇਂ ਤੋਂ ਪਹਿਲਾਂ ਪਿੰਜਰਾ ਤੋੜ ਨਿਕਲਣਾ, ਮਾਲਕ ਦਾ ਹੁਕਮ ਮੰਨਣ ਤੋਂ ਜੀਅ ਚੁਰਾਣਾ ਹੈ ਜੋ ਸ਼ੋਭਦਾ ਨਹੀਂ। ਪਰ ਹਾਂ, ਜਦੋਂ ਮਾਲਕ ਖ਼ੁਦ ਖ਼ੁਸ਼ੀ ਨਾਲ ਪਿੰਜਰੇ ਵਿਚੋਂ ਛੁਟੀ ਦੇ ਦੇਵੇ, ਫਿਰ ਕਿਉਂ ਨਾ ਪ੍ਰਸੰਨ ਹੋਈਏ।” ਇਹ ਹੈ ਮੌਤ ਦੀ ਹਕੀਕਤ, ਜਿਸ ਨੂੰ ਮੋਹ ਵਸ ਬਹੁਤ ਵੱਡੀ ਗੱਲ ਮੰਨ, ਅਖੌਤੀ ਹਿੰਸਾ ਦੇ ਪੁਜਾਰੀ ਬੀਰਾਂ 'ਤੇ ਗੁੱਸੇ ਰਹਿੰਦੇ ਹਨ।

ਏਸੇ ਤਰ੍ਹਾਂ ਹੀ ਈਸਾਈ ਧਰਮ ਦੇ ਸੁਧਾਰਕ ‘ਲੂਥਰ’ ਦਾ ਜ਼ਿਕਰ ਆਉਂਦਾ ਹੈ, ਉਹ ਇਕ ਵੇਰ ਜਰਮਨੀ ਦੇ ਇਕ ਅਜਿਹੇ ਪਰਗਣੇ ਵਿਚ ਸੁਧਾਰ ਸੰਬੰਧੀ ਲੈਕਚਰ ਦੇਣ ਚੱਲੇ ਸਨ, ਜਿਥੋਂ ਦਾ ਨਵਾਬ ਸੁਧਾਰਕ ਲਹਿਰ ਦਾ ਭਾਰਾ ਵਿਰੋਧੀ ਸੀ। ਮਹਾਤਮਾ ਲੂਥਰ ਦੇ ਸਾਥੀਆਂ ਨੇ ਉਹਨਾਂ ਨੂੰ ਉਸ ਥਾਂ ਜਾਣੋ ਰੋਕਦਿਆਂ ਹੋਇਆਂ, ਡੀਊਕ ਦੀ ਵਿਰੋਧਤਾ ਦਾ ਜ਼ਿਕਰ ਕੀਤਾ। ਸਾਹਮਣੇ ਅਸਮਾਨ 'ਤੇ ਇਕ ਬਦਲੀ ਆਈ ਹੋਈ ਸੀ, ਲੂਥਰ ਨੇ ਉਸ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ, “ਜੇ ਇਹ ਬਦਲੀ ਤਿੰਨ ਦਿਨ ਤੇ ਤਿੰਨ ਰਾਤਾਂ ਬਰਸੇ ਤੇ ਹਰ ਕਣੀ ਪਾਣੀ ਦੀ ਬੂੰਦ ਦੀ ਥਾਂ ਇਕ ਇਕ ਡੀਊਕ ਸੁਟੇ, ਤਾਂ ਵੀ ਮੈਂ ਲੈਕਚਰ ਦੇਣ ਜਾਵਾਂਗਾ।” ਜਦ ਉਹਨਾਂ ਕਿਹਾ, “ਡੀਊਕ ਤੁਹਾਨੂੰ ਮਰਵਾ ਦੇਵੇਗਾ।” ਤਾਂ ਸੰਤ ਬੋਲੇ, “ਕੋਈ ਡਰ ਨਹੀਂ, ਮੇਰੇ ਮਰਨ ਤੋਂ ਬਾਅਦ ਸੂਰਜ ਮਸ਼ਰਕ ਵਲੋਂ ਚੜ੍ਹੇਗਾ।”

ਸਮਝ ਨਹੀਂ ਆਉਂਦੀ ਕਿ ਜਦ ਐਡੇ ਐਡੇ ਮਹਾਤਮਾਂ ਦੇ ਚੜ੍ਹਾਈ ਕਰ ਜਾਣ 'ਤੇ ਵੀ ਸੂਰਜ ਮਸ਼ਰਕ ਵਲੋਂ ਹੀ ਚੜ੍ਹਦਾ ਰਿਹਾ ਹੈ ਤਾਂ ਕੁਝ ਜਾਬਰ, ਜਰਵਾਣੇ ਅਨਿਆਈ, ਅਯਾਸ਼, ਲਾਲਚੀ ਤੇ ਜ਼ਾਲਮ ਮਨੁੱਖਾਂ ਦੀ ਦੇਹ ਦਾ ਠੀਕਰਾ ਟੁੱਟ ਜਾਣ ’ਤੇ ਕੀ ਹਨੇਰ ਆ ਜਾਵੇਗਾ, ਕੀ ਮਨੁੱਖ ਰੋਜ਼ ਸਰੀਰਕ ਬੀਮਾਰੀਆਂ ਤੋਂ ਸੰਸਾਰ ਨੂੰ ਬਚਾਣ ਲਈ ਮੱਖੀਆਂ, ਮੱਛਰ ਤੇ ਪਲੇਗ ਦੇ ਕੀੜੇ ਨਹੀਂ ਮਾਰਦੇ। ਕੀ ਉਹ ਜ਼ਹਿਰੀਲੇ ਕੀੜੇ, ਸੱਪਾਂ, ਠੂੰਹਿਆਂ, ਹਲਕੇ ਕੁੱਤਿਆਂ ਤੇ ਬਘਿਆੜ, ਚਿੱਤਰੇ ਸ਼ੇਰ ਤੇ ਸ਼ੇਰ ਆਦਿ ਜਾਨਵਰਾਂ ਨੂੰ ਨਹੀਂ ਮੁਕਾ ਰਹੇ। ਜੇ ਸਰੀਰਾਂ ਦੇ ਵੈਰੀਆਂ ਨੂੰ ਮਾਰਨਾ ਜਾਇਜ਼ ਹੈ ਤਾਂ ਮਨਾਂ ਨੂੰ ਮਾਰਨ, ਸੱਤਾ ਨੂੰ ਤੋੜਨ, ਨੇਕੀਆਂ ਬਰਬਾਦ ਕਰਨ ਤੇ ਭਲੇ ਮਾਣਸਾਂ ਨੂੰ ਗ਼ੁਲਾਮ ਕਰਨ ਵਾਲਿਆਂ ਦੁਸ਼ਟਾਂ ਨੂੰ ਮੁਕਾਣਾ ਕਿਉਂ ਰਵਾ ਨਹੀਂ। ਸੱਚ ਪੁੱਛੋ ਤਾਂ ਜਿਸ ਤਰ੍ਹਾਂ ਸਿਹਤ ਦੇ ਰਖਵਾਲੇ ਡਾਕਟਰਾਂ ਦੀਆਂ ਖ਼ਿਦਮਤਾਂ ਤੋਂ ਬਿਨਾਂ ਬੀਮਾਰੀਆਂ ਨਹੀਂ ਰੁਕ ਸਕਦੀਆਂ, ਓਦਾਂ ਹੀ ਬੀਰਾਂ ਦੇ ਉਪਕਾਰਾਂ ਤੋਂ ਬਿਨਾਂ ਮਾਨਸਕ ਰੋਗ ਡੱਕੇ ਨਹੀਂ ਜਾ ਸਕਦੇ।

ਗੁਰਸਿੱਖੀ ਵਿਚ ਚੜ੍ਹਦੀ ਕਲਾ ਤੇ ਉਸਦਾ ਫਲ ਰੂਪ, ਉਤਸ਼ਾਹ ਤੇ ਬੀਰ ਰਸ ਜੀਵਨ ਸਫਲਤਾ ਦੇ ਮੁੱਖ ਅੰਗ ਹਨ। ਅਰਦਾਸ ਵਿਚ ਜਦ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨਾਮ ਜਪਿਆ, ਧਰਮ ਕਿਰਤ ਕੀਤੀ, ਵੰਡ ਛਕਿਆ ਤੇ ਵੇਖ ਕੇ ਅਣਡਿੱਠ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਪਰਮੇਸ਼ਰ ਨੂੰ ਯਾਦ ਕਰੋ, ਤਾਂ ਉਥੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਸੱਚ ਬੋਲਿਆ, ਅਜਰ ਜਰਿਆ, ਸੀਸ ਦਿੱਤੇ, ਪੁਠੀਆਂ ਖੱਲਾਂ ਲੁਹਾਈਆਂ, ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਉਤਰਵਾਈਆਂ, ਚਰਖੜੀਆਂ ਤੇ ਚੜ੍ਹੇ, ਤੇਗ਼ ਵਾਹੀ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਪ੍ਰਭੂ ਨਾਲ ਚਿਤ ਜੋੜੋ। ਰੋਜ਼ਾਨਾ ਅਰਦਾਸ ਦਾ ਇਹ ਹਿੱਸਾ ਦਸਦਾ ਹੈ ਕਿ ਗੁਰਸਿੱਖੀ ਵਿਚ ਬੀਰ ਕਿਰਿਆ ਨੂੰ ਕਿਤਨੀ ਮਹੱਤਤਾ ਪ੍ਰਾਪਤ ਹੈ।

ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ ਸਮੇਂ ਕੈਦੀ ਬਣ, ਕੈਂਪ ਜੇਲ੍ਹ ਵਿਚ ਜਾ ਕੇ ਜੇਲ੍ਹ ਦੇ ਕਰਮਚਾਰੀਆਂ ਦੀ ਰਾਹੀਂ ਬਾਦਸ਼ਾਹ ਨਾਲ ਪਰੀਚਿਤ ਹੋ, ਬਾਬਰ ਵਰਗੇ ਜਾਬਰ ਨੂੰ ਸੱਚ ਜਾ ਸੁਣਾਇਆ ਤੇ ਉਸਦੀ ਵਧੀ ਹੋਈ ਤ੍ਰਿਸ਼ਨਾ ਨੂੰ ਰੋਕ ਪਾਈ।

ਏਸੇ ਤਰ੍ਹਾਂ ਹੀ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਵਿਹਾਰ ਇਤਨਾ ਨਰਮ-ਦਿਲੀ ਦਾ ਸੀ ਕਿ ਜਦ ਖਡੂਰ ਦੇ ਖਹਿਰੇ ਜੱਟਾਂ ਨੇ ਇਕ ਪਖੰਡੀ ਜੋਗੀ ਦੇ ਸਿਖਾਇਆਂ, ਸਤਿਗੁਰਾਂ ਕੋਲੋਂ ਮੀਂਹ ਪੁਆਉਣ ਦੀ ਮੰਗ ਕੀਤੀ ਤੇ ਸਤਿਗੁਰਾਂ ਦੇ ਇਹ ਕਹਿਣ 'ਤੇ ਕਿ ਮੀਂਹ ਪਾਉਣਾ ਕਰਤਾਰ ਦੇ ਵੱਸ ਹੈ, ਮੇਰੇ ਵੱਸ ਨਹੀਂ, ਉਹਨਾਂ ਨੂੰ ਪਿੰਡੋਂ ਨਿਕਲ ਜਾਣ ਲਈ ਕਿਹਾ ਤਾਂ ਆਪ ਆਸਣ ਚੁੱਕ ਪਿੰਡੋਂ ਨਿਕਲ ਗਏ। ਪਰ ਜਦ ਜੱਟਾਂ ਨੇ ਆਪਣੀ ਭੁੱਲ ਸਮਝ ਵਾਪਸ ਆਉਣ ਲਈ ਬੇਨਤੀ ਕੀਤੀ ਤਾਂ ਸਹਿਜੇ ਹੀ ਵਾਪਸ ਮੁੜ ਆਏ। ਜਦ ਆਪ ਦੇ ਕੋਲ ਹਮਾਯੂੰ ਬਾਦਸ਼ਾਹ ਆਇਆ ਤੇ ਆਪ ਭਜਨ ਅਨੰਦ ਵਿਚ ਮਸਤ ਹੋਏ ਅੱਗੋਂ ਨਾ ਉਠੇ, ਤਾਂ ਬਾਦਸ਼ਾਹ ਨੇ ਕ੍ਰੋਧ ਵਿਚ ਆ ਤਲਵਾਰ ਖਿੱਚ ਲਈ। ਚੜ੍ਹਦੀਆਂ ਕਲਾਂ ਵਾਲੇ ਸਤਿਗੁਰਾਂ ਨੇ ਮੁਸਕਰਾ ਕੇ ਕਿਹਾ, "ਐ ਹਮਾਯੂੰ! ਜਿਥੇ ਤਲਵਾਰ ਚਲਾਉਣੀ ਸੀ, ਉਥੋਂ ਡਰ ਕੇ ਭੱਜ ਆਇਆ ਹੈਂ ਤੇ ਫ਼ਕੀਰਾਂ 'ਤੇ ਤਲਵਾਰ ਕਢਦਾ ਹੈਂ, ਕੁਛ ਖ਼ਿਆਲ ਨਹੀਂ ਆਉਂਦਾ?" ਸ਼ੇਰ ਸ਼ਾਹ ਤੋਂ ਸ਼ਿਕੱਸਤ ਖਾ ਕੇ ਭੱਜਾ ਹੋਇਆ ਮੁਗ਼ਲ ਸਮਰਾਟ, ਇਹ ਸੱਚੀ ਗੱਲ ਸੁਣ ਕੇ ਸੱਚੇ ਰਾਹ ਪਿਆ।

ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਹਾਂਗੀਰ ਨਾਲ ਸੰਬਾਦ, ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਔਰੰਗਜ਼ੇਬ ਨਾਲ ਗੱਲ-ਬਾਤ, ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਫ਼ਰਨਾਮਾ, ਜਿਸ ਵਿਚ ਆਪਣੇ ਪੁੱਤਰਾਂ ਦੀ ਮੌਤ ਨੂੰ ਚੰਗਿਆਰਾਂ ਦੇ ਬੁਝ ਜਾਣ ਦਾ ਜ਼ਿਕਰ ਕੀਤਾ ਹੈ:

ਚਿ ਮਰਦੀ ਕਿ ਅਖਗਰ ਖਾਮੋਸ਼ਾ ਕੁੰਨੀ ਕਿ ਆਤਸ਼ ਦਮਰਾ ਫਿਰੋਜ਼ਾ ਕੁੰਨੀ

ਗੁਰਸਿੱਖੀ ਵਿਚ ਚੜ੍ਹਦੀ ਕਲਾ ਦੇ ਇਤਿਹਾਸ ਦਾ ਪਹਿਲਾ ਸੁਨਹਿਰੀ ਬਾਬ ਹੈ।

ਸਤਿਗੁਰਾਂ ਤੋਂ ਉਤਰ ਜਦ ਸਿੱਖੀ ਮੰਡਲ ਵੱਲ ਨਿਗਾਹ ਮਾਰਦੇ ਹਾਂ, ਤਦ ਗੁਰ ਚਰਨਾਂ ਦੀ ਛੋਹ ਪ੍ਰਾਪਤ ਕਰ, ਵਰੋਸਾਏ ਹੋਏ ਬੀਰ ਹਿਰਦੇ ਦਾ ਉਤਸ਼ਾਹ ਤੇ ਬੀਰ ਰਸ ਦੇ ਲਬਾ ਲਬ ਭਰੇ ਉਛਲ ਰਹੇ ਪਿਆਲੇ ਦਿਸ ਆਉਂਦੇ ਹਨ। ਛੋਟੇ ਛੋਟੇ ਵਾਕਿਆਤ ਵਿਚ ਭਾਰੀ ਝਲਕਾਂ ਵੱਜਦੀਆਂ ਦਿਸ ਆਉਂਦੀਆਂ ਹਨ। ਔਹ ਆਗਰੇ ਸ਼ਹਿਰ ਤੋਂ ਬਾਹਰ, ਜਮਨਾ ਦੇ ਕਿਨਾਰੇ, ਗੁਰੂ ਹਰਿਗੋਬਿੰਦ ਸਾਹਿਬ ਦੇ ਦੀਦਾਰ ਨੂੰ ਇਕ ਘਸਿਆਰਾ ਸਿੱਖ ਤੁਰਿਆ ਜਾਂਦਾ ਹੈ। ਪਿਆਰ ਭਰੀ ਨਜ਼ਰ ਹਿਤ ਦੋ ਪੈਸੇ ਪੱਲੇ ਤੇ ਸੇਵਾ ਲਈ ਹਰੀ ਹਰੀ ਤਾਜ਼ੀ ਘਾਹ ਦੀ ਇਕ ਪੰਡ ਸਿਰ 'ਤੇ ਹੈ। ਸਤਿਗੁਰਾਂ ਦੇ ਦਰਸ਼ਨ ਪਹਿਲਾਂ ਨਹੀਂ ਸਨ ਹੋਏ। ਰਾਜ ਯੋਗੀ ਦਾ ਹੁਲੀਆ ਕਿਸੇ ਤੋਂ ਸੁਣ, ਰਾਹ ਵਿਚ ਪੈਂਦੇ ਜਹਾਂਗੀਰ ਦੇ ਤੰਬੂ ਵਿਚ ਵੜ, ਬਾਦਸ਼ਾਹ ਦਾ ਕਲਗੀ ਤੋੜਾ ਤੇ ਲਿਬਾਸ ਤਕ ਭੁੱਲ ਗਿਆ। ਉਸ ਦਾ ਦੋਸ਼ ਨਹੀਂ ਸੀ। ਦੋਹਾਂ ਦੇ ਆਸਰੇ ਜੋ ਤੁਰਿਆ ਸੀ, ਕਿਸੇ ਦਾ ਦੱਸਿਆ ਹੋਇਆ ਨਿਸ਼ਾਨ, ਦੋਹਾਂ ਵਿਚ ਮਿਲਦਾ ਸੀ, ਇਸ ਕਰਕੇ ਚੂਕ ਹੋ ਗਈ।

ਏਕ ਸੇ ਜਬ ਦੋ ਹੂਏ ਤਬ ਲੁਤਫੇ ਯਕਤਾਈ ਨਹੀਂ
ਇਸ ਲੀਏ ਤਸਵੀਰੇ ਜਾਂ ਹਮ ਨੇ ਖਿਚਵਾਈ ਨਹੀਂ

ਸ਼ਹਿਨਸ਼ਾਹ ਸਾਹਮਣੇ ਘਾਹ ਤੇ ਟਕਾ ਰੱਖ, ਮੱਥਾ ਟੇਕ, ਸੱਜਲ ਨੈਣ ਹੋ ਕਹਿਣ ਲੱਗਾ,"ਮੈਨੂੰ ਮੋਹ ਦੀ ਮਾਰ ਤੋਂ ਬਚਾ, ਮੌਤ ਤੋਂ ਛੁਡਾ, ਕਾਲ ਦੇ ਭੈ ਦੀ ਫਾਂਸੀ ਕੱਟ।”

ਬਾਦਸ਼ਾਹ ਇਹ ਸੁਣ ਹੈਰਾਨ ਹੋ ਕੇ ਪੁੱਛਣ ਲੱਗਾ, “ਤੂੰ ਕਿਸ ਦੀ ਤਲਾਸ਼ ਵਿਚ ਹੈਂ?"

ਘਸਿਆਰੇ ਨੇ ਕਿਹਾ, “ਸਚੇ ਪਾਤਸ਼ਾਹ ਦੀ!"

ਬਾਦਸ਼ਾਹ ਨੇ ਕਿਹਾ, “ਉਹਨਾਂ ਦਾ ਤੰਬੂ ਅਗੇ ਹੈ।”

ਬਾਦਸ਼ਾਹ ਦੇ ਦੱਸਣ 'ਤੇ ਬੜੀ ਬੇਪਰਵਾਹੀ ਨਾਲ, ਆਪਣਾ ਟਕਾ ਬਾਦਸ਼ਾਹ ਦੇ ਅਗੋਂ ਚੁੱਕ ਲਿਆ ਤੇ ਅਜੇ ਘਾਹ ਚੁੱਕਣ ਹੀ ਲੱਗਾ ਸੀ ਕਿ ਜਹਾਂਗੀਰ ਨੇ ਕਿਹਾ,"ਬਾਦਸ਼ਾਹ ਅਗੇ ਨਜ਼ਰਾਨਾ ਧਰ ਕੇ ਚੁੱਕੀਦਾ ਨਹੀਂ।” “ਬਾਦਸ਼ਾਹ ਭੀ ਰਿਆਇਆ ਦੀ ਰਖਸ਼ਾ ਕੀਤੇ ਬਿਨਾਂ ਨਜ਼ਰਾਨਾ ਲੈਣ ਦਾ ਹੱਕ ਨਹੀਂ ਰਖਦੇ,” ਇਹ ਸੀ ਉਤਸ਼ਾਹ-ਭਰੇ ਫ਼ਕੀਰ ਦੇ ਸੱਚੇ ਵਾਕ ਜੋ ਜਹਾਂਗੀਰ ਵਰਗੇ ਸ਼ਹਿਨਸ਼ਾਹ ਦੇ ਮੂੰਹ 'ਤੇ ਬੇਝਿਜਕ ਕਹੇ ਗਏ, ਜਿਸਦੇ ਗੁੱਸੇ ਤੋਂ ਡਰ, ਯੂਰਪ ਦੀਆਂ ਤਮਾਮ ਕੌਮਾਂ ਹਿੰਦੁਸਤਾਨ ਛੱਡ ਕੇ ਭੱਜ ਗਈਆਂ ਸਨ।

ਰਣ-ਖੇਤਰ ਵਿਚ ਤਾਂ ਗੁਰਸਿੱਖਾਂ ਦਾ ਇਹ ਜੌਹਰ ਸੋਲ੍ਹਾਂ ਕਲਾ ਸੰਪੂਰਨ ਹੋ ਚਮਕਦਾ ਹੈ। ਇਹ ਕਾਇਦਾ ਹੀ ਹੈ ਕਿ ਜੇ ਕੇਂਦਰੀ ਹਕੂਮਤ ਕਮਜ਼ੋਰ ਹੋ ਜਾਏ ਤਾਂ ਸੂਬਿਆਂ ਦਾ ਪ੍ਰਬੰਧ ਬਹੁਤ ਢਿੱਲਾ ਹੋ ਜਾਂਦੈ ਤੇ ਹਾਕਮ ਵੱਢੀ ਖੋਰ, ਰਿਆਇਆ ਵਿਚ ਭਾਰੀ ਹਲਚਲ ਮਚ ਜਾਂਦੀ ਹੈ। ਔਰੰਗਜ਼ੇਬ ਦੀਆਂ ਕਰਤੂਤਾਂ ਕਰਕੇ ਮੁਗ਼ਲ ਰਾਜ ਕਮਜ਼ੋਰ ਹੋ ਚੁੱਕਾ ਸੀ। ਸੂਬਿਆਂ ਵਿਚ ਲੁੱਟ ਮੱਚੀ ਹੋਈ ਸੀ। ਪੰਜਾਬ ਵਿਚ ਸਿੰਘ ਇਸ ਬੁਰਾਈ ਦੀ ਸੋਧ ਕਰ ਰਹੇ ਸਨ। ਰਾਜ ਦੇ ਕਰਮਚਾਰੀ, ਕੀ ਫ਼ੌਜੀ ਤੇ ਕੀ ਮੁਲਖੀ, ਸਭ ਪਰਜਾ ਨੂੰ ਪਾੜ ਪਾੜ ਖਾਣ ਤੇ ਉਹਨਾਂ ਦੇ ਰੱਖਿਅਕ ਸਿੰਘਾਂ ਨੂੰ ਮਕਾਉਣ 'ਤੇ ਲੱਕ ਬੰਨ੍ਹੀ ਫਿਰਦੇ ਸਨ। ਗੇਲੀਆਂ ਦੇ ਪਹਿਰੇ ਵਿਚੋਂ ਲੰਘ, ਭਾਈ ਬੋਤਾ ਸਿੰਘ ਤੇ ਉਹਨਾਂ ਦਾ ਇਕ ਸੰਗੀ ਸ੍ਰੀ ਅੰਮ੍ਰਿਤ ਸਰੋਵਰ ਵਿਚੋਂ ਇਸ਼ਨਾਨ ਕਰ, ਤਰਨ ਤਾਰਨ ਵੱਲ ਨੂੰ ਜਾ ਰਹੇ ਸਨ ਕਿ ਹਲ ਵਾਹੁੰਦੇ ਦੋ ਕਿਸਾਨਾਂ ਨੇ ਤੱਕੇ।

ਇਕ ਨੇ ਕਿਹਾ, “ਇਹ ਕੋਈ ਸਿੰਘ ਹਨ।”

ਦੂਜਾ ਬੋਲਿਆ, “ਸਿੰਘ ਹੁੰਦੇ ਤਾਂ ਹੁਣ ਤਕ ਸ਼ਹੀਦੀ ਨਾ ਪਾ ਜਾਂਦੇ।”

ਜੱਟਾਂ ਦੀ ਇਹ ਗੱਲ ਸੁਣ ਬੀਰ ਬੋਤਾ ਸਿੰਘ ਨੇ ਸਾਥੀ ਨੂੰ ਕਿਹਾ, “ਕਿਸਾਨ ਠੀਕ ਕਹਿੰਦਾ ਹੈ। ਇਤਨੇ ਅੱਤਿਆਚਾਰ ਦੇ ਰਾਜ ਵਿਚ ਸਾਡਾ ਜੀਊਂਦੇ ਤੁਰੇ ਫਿਰਨਾ ਬੀਰਤਾ ਲਈ ਲੱਜਿਆ ਹੈ। ਮਰਦਊ ਨੂੰ ਤਾਨ੍ਹਾ ਹੈ, ਸੂਰਮਤਾ ਨੂੰ ਦਾਗ਼ ਹੈ, ਆਓ ਪ੍ਰਗਟ ਹੋਈਏ।”

ਹੋ ਪਏ ਤਿਆਰ ਸੂਰਮੇ ਪ੍ਰਗਟ ਹੋਣ ਲਈ। ਤਰਨ ਤਾਰਨ ਦੇ ਪਾਸ ਨੂਰ ਦੀ ਸਰਾਂ ਦੇ ਕੋਲ ਸੜਕ ਰੋਕ ਲਈ। ਹਾਕਮਾਂ ਤਕ ਖ਼ਬਰ ਪੁਚਾਉਣ ਦੇ ਖ਼ਿਆਲ ਨਾਲ ਇਕ ਆਨਾ ਗੱਡਾ ਤੇ ਇਕ ਪੈਸਾ ਖੋਤਾ ਮਸੂਲ ਲੈਣਾ ਸ਼ੁਰੂ ਕਰ ਦਿੱਤਾ। ਪੁਲਸ ਦਾ ਥਾਣਾ ਪੱਟੀ ਸੀ। ਉਥੇ ਖ਼ਬਰ ਪੁੱਜੀ, ਪਰ ਮੁਗ਼ਲ ਕੋਤਵਾਲ ਇਸ ਖ਼ਬਰ ਨੂੰ ਸੁਣ ਕੇ ਚੁਪ ਰਿਹਾ। ਕੁਝ ਦਿਨ ਹੋਰ ਲੰਘ ਗਏ, ਫਿਰ ਭੀ ਸਰਕਾਰੀ ਹਾਕਮ ਕੋਈ ਨਾ ਪੁੱਜਾ। ਬੀਰ ਬੋਤਾ ਸਿੰਘ ਨੇ ਸਾਥੀ ਨੂੰ ਕਿਹਾ, “ਮਸੂਲ ਦੇ ਪੈਸਿਆਂ ਦੀ ਮਾਇਆ ਜੋੜਨੀ ਤਾਂ ਸਾਡਾ ਮਨੋਰਥ ਨਹੀਂ, ਅਸਾਂ ਤਾਂ ਸ਼ਹੀਦੀ ਪਾ ਜ਼ੁਲਮ ਰਾਜ ਨੂੰ ਮੁਕਾਉਣਾ ਹੈ। ਉਸਦਾ ਕੋਈ ਬਾਨ੍ਹਣੂ ਬੰਨ੍ਹੀਏ। ਚਲੋ, ਜੇ ਕੋਈ ਅਫ਼ਸਰ ਸੜਕ ਦੀ ਰੋਕ ਤੇ ਮਸੂਲ ਲੈਣ ਦੀ ਖ਼ਬਰ ਸੁਣ ਕੇ ਵੀ ਨਹੀਂ ਆਉਂਦਾ ਤਾਂ ਕੋਈ ਹੋਰ ਹੀਲਾ ਕਰੀਏ। ਮਾਲੂਮ ਹੁੰਦਾ ਹੈ ਕਿ ਪੱਟੀ ਦਾ ਹਾਕਮ, ਸੂਬੇ ਤਕ ਖ਼ਬਰ ਨਹੀਂ ਪੁੱਜਣ ਦੇਂਦਾ ਸੋ ਅਸੀਂ ਸੂਬੇ ਨੂੰ ਇਕ ਚਿੱਠੀ ਲਿਖ ਭੇਜੀਏ।” ਮੁੱਦਾ ਲਾਹੌਰ ਨੂੰ ਸਿੱਧੀ ਚਿੱਠੀ ਲਿਖੀ ਗਈ, ਜੋ ਅੱਖਰਾਂ ਦੇ ਪ੍ਰਭਾਵ ਦੇ ਲਿਹਾਜ਼ ਨਾਲ ਬੀਰਤਾ ਦੇ ਇਤਿਹਾਸ ਵਿਚ ਸਭ ਤੋਂ ਉੱਚੀ ਜਗ੍ਹਾ ਪ੍ਰਾਪਤ ਕਰ ਸਕਦੀ ਹੈ।

ਚਿੱਠੀ ਵਿਚ ਸੂਬੇ ਨੂੰ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਜ਼ੁਲਮ-ਰਾਜ ਦੇ ਮੁਕਾਬਲੇ 'ਤੇ ਬਗ਼ਾਵਤ ਦਾ ਝੰਡਾ ਚੁੱਕ ਕੇ ਮੈਂ ਕਈ ਦਿਨਾਂ ਤੋਂ ਨੂਰ ਦੀ ਸਰਾਂ ਕੋਲ ਖੜੋਤਾ ਤੁਹਾਡੇ ਤਕ ਖ਼ਬਰ ਪਹੁੰਚਾਣ ਲਈ ਲੋਕਾਂ ਕੋਲੋਂ ਮਸੂਲ ਉਗਰਾਹ ਰਿਹਾ ਹਾਂ। ਮੇਰੇ ਕੋਲ ਸ਼ਸਤਰ ਕੇਵਲ ਇਕ ਮੋਟਾ ਜਿਹਾ ਸੋਟਾ ਹੈ ਪਰ ਧਰਮ ਨਿਆਏ ਦਾ ਮੁਦਈ, ਸੱਚ ਦੇ ਸਹਾਰੇ ਰੋਸ ਪ੍ਰਗਟ ਕਰਨ ਦਾ ਨਿਸ਼ਾਨ, ਸੋਟਾ ਹੱਥ ਵਿਚ ਲਈ ਸਰਕਾਰੀ ਫ਼ੌਜਾਂ ਦੀ ਉਡੀਕ ਕਰ ਰਿਹਾ ਹਾਂ:

ਆਨਾ ਗੱਡਾ ਪੈਸਾ ਖੋਤਾ।
ਇਹ ਜਗਾਤ ਲੈਂਦਾ ਸਿੰਘ ਬੋਤਾ।
ਹਥ ਵਿਚ ਰਖਦਾ ਏ ਮੋਟਾ ਸੋਟਾ।

ਸੂਬੇ ਨੇ ਲਾਹੌਰ ਤੋਂ ਫ਼ੌਜ ਨੂੰ ਹੁਕਮ ਦੇ ਕੇ ਨੂਰ ਦੀ ਸਰਾਂ ਵੱਲ ਰਵਾਨਾ ਕਰ ਦਿੱਤਾ। ਫ਼ੌਜ ਲਾਹੌਰੋਂ ਆ ਗਈ, ਗਿਣਤੀ ਵਿਚ ਪੰਜ ਸੌ ਜੁਆਨ ਸੀ। ਉਨ੍ਹਾਂ ਨੇ ਬੀਰਾਂ ਕੋਲੋਂ ਸ਼ਸਤਰ ਸੁੱਟ ਆਪਣੇ ਆਪ ਨੂੰ ਹਵਾਲੇ ਕਰ ਦੇਣ ਦੀ ਮੰਗ ਕੀਤੀ। [1]ਜਥੇਦਾਰ ਨੇ ਕਿਹਾ, “ਆਪਣਾ ਆਪ ਇਕ ਵੇਰ ਗੁਰੂ ਪੰਥ ਦੇ ਹਵਾਲੇ ਕਰ ਚੁੱਕੇ ਹਾਂ। ਇਸ ਮਿੱਟੀ ਦੀ ਮੜੋਲੀ ਤਨ ਦੇ ਬਚਾਅ ਲਈ ਅਮਾਨਤ ਵਿਚ ਖ਼ਿਆਨਤ ਕੌਣ ਕਰੇ।” ਓੜਕ ਸਿੰਘਾਂ ਨੇ ਬੀਰ ਕਿਰਿਆ ਕੀਤੀ ਤੇ ਸ਼ਹੀਦੀ ਪਾ ਕੇ ਸਚਖੰਡ ਸਮਾ ਗਏ।

ਇਹ ਬੀਰ ਸਾਕੇ ਕੁਝ ਮੁਲਕਗ਼ੀਰੀ ਦੇ ਖ਼ਿਆਲ ਨਾਲ ਨਹੀਂ ਹੋਏ। ਇਹ ਨਾਮ ਅਭਿਆਸੀ ਸਾਧੂਆਂ ਦੇ ਬੀਰ ਰਸ ਦੇ ਚਮਤਕਾਰ ਸਨ। ਮੱਲਾਂ ਮਾਰਨ ਵਾਲੇ ਸਿਪਾਹੀ ਏਥੋਂ ਤਕ ਨਹੀਂ ਪੁੱਜ ਸਕਦੇ। ਸਿਪਾਹੀ ਤਾਂ ‘ਸਾਅਦੀ' ਦੇ ਕਹੇ ਅਨੁਸਾਰ ‘ਜ਼ਰ ਲੈਂਦਾ ਤੇ ਸਿਰ ਦੇਂਦਾ ਹੈ, ਜੇ ਉਸ ਨੂੰ ਜ਼ਰ ਨਾ ਦਿਓ ਤਾਂ ਸਿਰ ਨਹੀਂ ਦੇਂਦਾ।'

ਜ਼ਰ ਬਦੇਹਿ ਮਰਦੇ ਸਿਪਾਹੀ ਰਾ, ਤਾ ਸਰ ਬਿਦਹਦ
ਵਗਰਸ ਜ਼ਰ ਨਾ ਦਹੀ, ਸਰ ਬਿਨਹਦ ਦਰ ਆਲਮ।

ਪਰ ਸੰਤ ਅਜਿਹੇ ਸੌਦੇ ਨਹੀਂ ਕਰਦੇ, ਉਹ ਬਦੇਹ ਮੁਕਤ ਹੁੰਦੇ ਹਨ। ਸਰੀਰ ਨੂੰ ਸੇਵਾ ਲਈ ਪਾਲਦੇ ਹਨ ਤੇ ਜਦ ਸੇਵਾ ਕੁਰਬਾਨੀ ਮੰਗੇ ਤਾਂ ਹੱਸ ਕੇ ਦੇਂਦੇ ਹਨ। ਨਿਜ ਅਨੰਦ ਵਿਚ ਮਸਤ ਸਾਧੂ, ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ, ਮਹਾਂਬੀਰ ਬਾਬਾ ਦੀਪ ਸਿੰਘ ਦੀ ਪਈ ਹੋਈ ਤਸਵੀਰ, ਹਰ ਦਰਸ਼ਕ ਨੂੰ ਇਸ ਸੱਚਾਈ ਦਾ ਪਰਚਾ ਪਾਂਦੀ ਹੈ। ਧਰਮ ਯੁਧ ਕਰਦਿਆਂ, ਜਰਵਾਣਿਆਂ ਦੀ ਫ਼ੌਜ ਦਾ ਭਾਰੀ ਜ਼ੋਰ ਹੋਣ ਕਰਕੇ ਬਾਬਾ ਜੀ ਘਿਰ


  1. ਸਿੰਘ ਦੋ ਰਲ ਤੁਰਨ ਤਾਂ ਜਥਾ ਕਿਹਾ ਜਾਂਦਾ ਹੈ ਤੇ ਮਰਯਾਦਾ ਅਨੁਸਾਰ ਇਕ ਨੂੰ ਜਥੇਦਾਰ ਥਾਪ ਲਿਆ ਜਾਂਦਾ ਹੈ, ਇਸ ਜਥੇ ਵਿਚ ਭਾਈ ਬੋਤਾ ਸਿੰਘ ਜਥੇਦਾਰ ਸੀ ਜਿਸ ਕਰਕੇ ਉਹਨਾਂ ਦਾ ਨਾਂ ਹੀ ਬਾਰ ਬਾਰ ਪ੍ਰਸੰਗ ਵਿਚ ਲਿਆ ਗਿਆ ਹੈ।
ਗਏ, ਕਿਸੇ ਦੇ ਵਾਰ ਨਾਲ ਗਰਦਨ ਕੱਟੀ ਗਈ ਪਰ ਨਿਜ ਅਨੰਦ ਵਿਚ ਮਸਤ ਬੀਰ ਨੇ ਕੱਟੀ ਹੋਈ ਗਰਦਨ ਇਕ ਹੱਥ ਨਾਲ ਸੰਭਾਲ, ਦੂਸਰੇ ਹੱਥ ਨਾਲ ਖੰਡਾ ਵਾਹੁੰਦਿਆਂ ਹੋਇਆਂ, ਕਾਫ਼ੀ ਫ਼ਾਸਲਾ ਤਹਿ ਕਰ, ਕੱਟੇ ਹੋਏ ਸੀਸ ਨਾਲ ਮੱਥਾ ਪਰਕਰਮਾ ਵਿਚ ਆਣ ਟੇਕਿਆ। ਏਸੇ ਤਰ੍ਹਾਂ ਹੀ ਪਰਮ ਸੰਤ ਬਾਬਾ ਸੁੱਖਾ ਸਿੰਘ ਜੀ ਕੰਬੋ ਕੀ ਮਾੜੀ ਵਾਲੇ, ਕਈ ਮਹੀਨਿਆਂ ਤੀਕ ਟੁੱਟੀ ਹੋਈ ਲੱਤ ਕਾਠੀ ਨਾਲ ਬੰਨ੍ਹ ਧਰਮ ਯੁੱਧ ਕਰਦੇ ਰਹੇ।

ਸਿੱਖ ਇਤਿਹਾਸ ਵਿਚ ਇਹੋ ਜਿਹੇ ਬੀਰਾਂ ਨੂੰ ਭੁਝੰਗੀ ਤੇ ਕਦੀ ਕਦੀ ਲਾਡਲੀਆਂ ਫ਼ੌਜਾਂ ਕਰਕੇ ਵੀ ਲਿਖਿਆ ਗਿਆ ਹੈ। ਇਹ ਉਮਰ ਦੇ ਲਿਹਾਜ਼ ਤੋਂ ਉਤੇ, ਮਨ ਕਰਕੇ ਸਦਾ ਜੁਆਨ ਮਹਾਂਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸਮਝੇ ਜਾਂਦੇ ਹਨ। ਇਹ ਉਸਨੂੰ ਸਨ ਭੀ ਲਾਡਲੇ ਤੇ ਹੋਣ ਭੀ ਕਿਉਂ ਨਾ, ਉਸ ਨੇ ਮਾਸੂਮ ਬਿੰਦੀ ਪੁੱਤਰ ਵਾਰ, ਨਾਦੀ ਪੁੱਤਰ ਲਏ ਸਨ। ਇਹ ਕਈ ਵੇਰਾਂ ਬੀਰਤਾ ਦੀਆਂ ਸਿਖਰਾਂ ਤੇ ਚੜ੍ਹ ਲਾਡ ਵੱਸ ਪਿਤਾ ਨਾਲ ਭੀ ਸ਼ਰਤਾਂ ਬੰਨ੍ਹ ਬਹਿੰਦੇ ਸਨ। ਬਿਹੰਗਮ, ਨਾ ਕੋਈ ਘਰ ਬੰਨ੍ਹਣਾ ਨਾ ਘਾਟ, ਬਿਨਾਂ ਨਾਮ ਸਿਮਰਨ, ਸਿਦਕ ਤੇ ਸੇਵਾ ਦੇ ਕਿਸੇ ਚੀਜ਼ ਨੂੰ ਨਾ ਅਪਨਾਣਾ, ਉਪਕਾਰ ਹਿਤ ਦੂਸਰਿਆਂ ਦੀ ਮਦਦ 'ਤੇ ਚੜ੍ਹ ਦੌੜਨਾ, ਔਹ ਦੇਖੋ ਸਰਹੱਦ 'ਤੇ ਪਠਾਣ, ਸਿੰਘ ਰਾਜ ਤੋਂ ਬਗ਼ਾਵਤ ਕਰ, ਭਾਰਤ-ਵਰਸ਼ ਦੀਆਂ ਪੁਰਾਣੀਆਂ ਲੁੱਟਾਂ ਤੇ ਢੱਕਾਂ ਬੰਨ੍ਹ ਖੜਨ ਦੇ ਸੁਪਨੇ ਲੈਂਦੇ ਹੋਏ, ਨੌਸ਼ਹਿਰੇ ਦੇ ਗਿਰਦ ਆਣ ਇਕੱਠੇ ਹੋਏ। ਹੈਦਰੀ ਝੰਡਾ ਖੜਾ ਸੀ। ਜਰਨੈਲ ਹਰੀ ਸਿੰਘ ਦੇ ਗੁਜ਼ਰ ਜਾਣ ਦੀ ਖ਼ਬਰ ਨੇ ਬਾਗੀਆਂ ਦੇ ਹੌਸਲੇ ਦੂਣੇ ਕਰ ਦਿੱਤੇ ਸਨ। ਪਹਾੜਾਂ ਦੀਆਂ ਧਾਰਾਂ ਕਾਲੀ-ਪੋਸ਼ਾਂ ਦੀਆਂ ਡਾਰਾਂ ਨਾਲ ਮਾਖਿਓ ਦੇ ਛੱਤੇ ਬਣੇ ਦਿਸ ਆਉਂਦੇ ਸਨ। ਤੋਪਖ਼ਾਨਾ ਪਿਛੋਂ ਪੁੱਜਾ ਨਹੀਂ ਸੀ। ਰਣਜੀਤ ਸਿੰਘ ਮਹਾਰਾਜਾ ਘਬਰਾ ਰਿਹਾ ਸੀ, ਪਰ ਨਿਆਏ ਰਾਜ ਦੀ ਮਦਦ 'ਤੇ ਆਇਆ ਹੋਇਆ ਨਿਹੰਗ ਫੂਲਾ ਸਿੰਘ ਅਕਾਲੀ ਗੁਰੂ ਕਾ ਭੁਝੰਗੀ, ਕਲਗੀਆਂ ਵਾਲੇ ਪਿਤਾ ਦੀ ਲਾਡਲੀ ਫ਼ੌਜ, ਦੁਸ਼ਮਣ ਦੀ ਬਹੁ-ਗਿਣਤੀ ਤੇ ਤੋਪਾਂ ਦੀ ਤੋਟ ਤੋਂ ਬੇਪਰਵਾਹ ਹੋ ਬੀਰ ਰਸ ਮੱਤਾ, ਯੁਧ ਲਈ ਤਿਆਰ ਹੋ ਗਿਆ। ਮਹਾਰਾਜਾ ਤੇ ਉਸਦੇ ਨੀਤੀਵਾਨ ਸਾਥੀ ਰੋਕਾਂ ਪਾ ਰਹੇ, ਪਰ ਸ਼ੌਕੇ ਸ਼ਹਾਦਤ ਨੇ ਕੀ ਰੁਕਣਾ ਸੀ। ਜਿਉਂ ਜਿਉਂ ਸਿਆਣਪ ਰੋਕੇ, ਇਸ਼ਕ ਵਧੇਰੇ ਮੱਚੇ। ਓੜਕ ਉਠ ਖਲੋਤਾ, ਅਰਦਾਸ ਕੀਤੀ, ਪਰ ਲਾਡਾਂ ਭਰੀ ਜੋ ਲਾਡਲਿਆਂ ਨੂੰ ਹੀ ਬਣ ਆਉਂਦੀ ਹੈ। ਆਖ਼ਰ ਆਖਿਓਸੁ, “ਪਿਤਾ ਕਲਗੀਧਰ ਜੇ ਮੈਂ ਸਨਮੁਖ ਨਾ ਹੋ ਮਰਾਂ ਤਾਂ ਤੇਰਾ ਪੁੱਤਰ ਕਾਹਦਾ, ਜੇ ਧਰਮ ਨੂੰ ਫ਼ਤਹਿ ਨਾ ਬਖ਼ਸ਼ੇਂ ਤਾਂ ਤੂੰ ਪਿਤਾ ਕੀ।”

ਇਹ ਅਰਦਾਸ ਸਾਰੇ ਸਿੱਖ ਇਤਿਹਾਸ ਵਿਚ ਇੱਕੋ ਹੀ ਹੈ ਤੇ ਇਕ ਨੂੰ ਹੀ ਕਰਨੀ ਬਣ ਆਈ ਸੀ। ਪ੍ਰਵਾਨ ਹੋ ਗਈ, ਭੁਝੰਗੀ ਗੋਲੀਆਂ ਦੇ ਮੀਂਹ ਵਿਚੋਂ ਲੰਘਦਾ ਪਹਾੜੀ ਦੀ ਸਿਖਰ 'ਤੇ ਪੁੱਜ, ਸਨਮੁਖ ਜਾ ਜੂਝਿਆ, ਪਰ ਓਸ ਵੇਲੇ ਲੋਕਾਂ ਨੇ ਚੁਤਰਫ਼ੋਂ ਡਿੱਠਾ ਕਿ ਪਹਾੜੀ ਦੇ ਸਿਖਰ 'ਤੇ ਲੁਟੇਰਿਆਂ ਦੀ ਥਾਂ ਪਰਜਾ ਦੇ ਰੱਖਿਅਕਾਂ ਦਾ ਝੰਡਾ ਲਹਿਰਾ ਰਿਹਾ ਸੀ। ਬੀਰ ਸਦਾ ਅੰਦਰੋਂ ਮਿਠੇ ਤੇ ਬਾਹਰੋਂ ਕਰੜੇ ਵਰਤਦੇ ਹਨ। ਉਹਨਾਂ ਦੇ ਜੀਵਨ ਦੀ ਸਹੀ ਤਸਵੀਰ, ਖੰਡੇ ਦੀ ਪਾਹੁਲ ਤੋਂ ਬਣਦੀ ਹੈ, ਜਿਸ ਵਿਚ ਖੰਡਾ ਤੇ ਪਤਾਸੇ ਦੋਵੇਂ ਪਾਣੀ ਵਿਚ ਘੋਲ ਕੇ ਪਿਲਾਏ ਜਾਂਦੇ ਹਨ:

ਖੰਡੇ ਤੋਂ ਪੈਦਾ ਹੋਏ ਹਾਂ, ਖੰਡੇ ਦੇ ਵਾਂਗਰ ਤਿਖੇ ਹਾਂ।
ਪੀਤੇ ਨੇ ਨਾਲ ਪਤਾਸੇ ਵੀ, ਜਿਸ ਕਰਕੇ ਨਾਲੇ ਮਿਠੇ ਹਾਂ।

ਪੰਨਾ

ਇਕ ਜੋਤ

ਸੰਸਾਰ ਦੇ ਹਰ ਸਵਾਲ ਨੂੰ ਸਮਝਣ ਲਈ ਕਿਸੇ ਗੁਰ ਦਾ ਜਾਣਨਾ ਜ਼ਰੂਰੀ ਹੁੰਦਾ ਹੈ। ਅੱਜ ਤਕ ਲਿਖਿਆ ਗਿਆ ਹਰ ਫ਼ਲਸਫ਼ਾ ਕੋਈ ਨਾ ਕੋਈ ਅਜਿਹਾ ਬੁਨਿਆਦੀ ਅਸੂਲ ਰਖਦਾ ਹੈ ਕਿ ਜਿਸਨੂੰ ਸਮਝਣ ਤੋਂ ਬਗ਼ੈਰ ਉਸ ਫ਼ਲਸਫ਼ੇ ਦੀ ਪੂਰੀ ਪੜਚੋਲ ਨਹੀਂ ਕੀਤੀ ਜਾ ਸਕਦੀ। ਇਹੋ ਹੀ ਗੱਲ ਮਜ਼ਹਬਾਂ 'ਤੇ ਵਰਤਦੀ ਹੈ। ਹਰ ਇਕ ਮਜ਼ਹਬ ਦਾ ਇਕ ਬੁਨਿਆਦੀ ਮਸਲਾ ਅਜਿਹੀ ਸੂਰਤ ਰਖਦਾ ਹੈ ਕਿ ਜਿਸਨੂੰ ਸਮਝਣ ਤੋਂ ਬਿਨਾਂ ਉਸ ਮਜ਼ਹਬ ਦੀ ਪੂਰੀ ਪੂਰੀ ਅਸਲੀਅਤ ਨਹੀਂ ਜਾਣੀ ਜਾ ਸਕਦੀ।

ਸਿੱਖ ਮਜ਼ਹਬ ਵੀ ਇਸੇ ਤਰ੍ਹਾਂ ਇਕ ਬੁਨਿਆਦੀ ਅਕੀਦਾ ਰਖਦਾ ਹੈ, ਜਿਸ ਨੂੰ ਸਮਝੇ ਤੇ ਅਪਣਾਏ ਬਿਨਾਂ ਸਿੱਖੀ ਦੀ ਸਮਝ ਨਹੀਂ ਆ ਸਕਦੀ। ਜੇ ਇਉਂ ਕਿਹਾ ਜਾਏ ਕਿ ਇਹ ਮਸਲਾ ਸਿੱਖੀ ਦਾ ਸਾਰ ਹੈ ਤਾਂ ਕੁਛ ਗ਼ਲਤ ਨਹੀਂ ਹੋਵੇਗਾ। ਉਹ ਇਹੀ ਈਮਾਨ ਹੈ ਕਿ ਸਿੱਖੀ ਵਿਚ ਗੁਰੂ ਇਕ ਮੰਨਿਆ ਹੈ, ਜਿਸਦੀ ਜੋਤ ਤੇ ਜੁਗਤ ਦਸਾਂ ਜਾਮਿਆਂ ਵਿਚ ਸਮੇਂ ਸਮੇਂ ਸਿਰ ਪ੍ਰਗਟ ਹੋ, ਮਨੁੱਖ ਨੂੰ ਜੀਵਨ-ਜੁਗਤ ਦਸਦੀ ਰਹੀ ਹੈ ਤੇ ਅੱਜ ਓਹੋ ਜੋਤ ਜੁਗਤ ਗੁਰੂ ਗ੍ਰੰਥ ਪੰਥ ਵਿਚ ਇਸਥਿਤ ਹੈ।

ਇਸ ਬੁਨਿਆਦੀ ਅਸੂਲ ਨੂੰ ਸਮਝਣਾ ਕਿਤਨਾ ਜ਼ਰੂਰੀ ਹੈ ਕਿ ਇਸ ਦਾ ਕਥਨ ਸ੍ਰੀ ਦਸਮ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖਵਾਕ ਤੋਂ ਬਚਿਤ੍ਰ ਨਾਟਕ ਵਿਚ ਇਸ ਤਰ੍ਹਾਂ ਕੀਤਾ ਹੈ:

ਸ੍ਰੀ ਨਾਨਕ ਅੰਗਦਿ ਕਰਿ ਮਾਨਾ॥
ਅੰਗਦ ਅਮਰਦਾਸ ਪਹਿਚਾਨਾ॥
ਅਮਰਦਾਸ ਰਾਮ ਦਾਸ ਕਹਾਇਓ॥
ਸਾਧਨਿ ਲਖਾ ਮੂੜ੍ਹ ਨਹਿ ਪਾਇਓ॥
ਭਿੰਨ ਭਿੰਨ ਸਭਹੂੰ ਕਰ ਜਾਨਾ॥
ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧ ਪਾਈ॥
ਬਿਨ ਸਮਝੇ ਸਿਧ ਹਾਥ ਨ ਆਈ॥

(ਪਾ: ੧੦)

ਹਜ਼ੂਰ ਫ਼ੁਰਮਾਂਦੇ ਹਨ—ਸਿੱਖ ਧਰਮ ਨੂੰ ਸਮਝ, ਸਿੱਧੀ ਦੀ ਪ੍ਰਾਪਤੀ ਕਰਨ ਲਈ ਬਹੁਤ ਲੋਕ ਯਤਨ ਕਰਦੇ ਹਨ, ਰਸਤੇ ਵਿਚ ਇਕ ਰੁਕਾਵਟ ਆ ਜਾਂਦੀ ਹੈ। ਗੁਰੂ ਸਾਹਿਬਾਨ ਦੇ ਭਿੰਨ ਭਿੰਨ ਸਰੂਪ ਦੇਖ ਕੇ ਜਗਿਆਸੂਆਂ ਦੀ ਬਹੁ-ਗਿਣਤੀ ਉਹਨਾਂ ਨੂੰ ਅੱਡ ਅੱਡ ਗੁਰੂ ਸਮਝ ਲੈਂਦੀ ਹੈ। ਇਹ ਟਪਲਾ ਦੇਹ ਨੂੰ ਗੁਰੂ ਜਾਣਨ ਕਰਕੇ ਲਗਦਾ ਹੈ। ਪਰ ਜੋ ਗੁਰੂ ਨੂੰ ਜਾਣਦੇ ਹਨ ਉਨ੍ਹਾਂ ਨੂੰ ਇਹ ਭੁਲੇਖਾ ਨਹੀਂ ਲਗਦਾ, ਉਨ੍ਹਾਂ ਨੂੰ ਪ੍ਰਤੀਤ ਆ ਜਾਂਦੀ ਹੈ ਕਿ ਗੁਰੂ ਜੋਤ-ਸਰੂਪ ਹੋਣ ਕਰਕੇ ਹਰ ਸਮੇਂ ਇਕ ਹੀ ਹੈ, ਦੇਹਾਂ ਦੇ ਵਟਾਂਦਰੇ ਕਰਕੇ ਇਕ ਤੋਂ ਦੋ ਨਹੀਂ ਹੁੰਦਾ। ਵਡਭਾਗੀਆਂ ਨੂੰ ਨਿਸਚਾ ਹੈ ਕਿ ਨਾਨਕ ਹੀ ਅੰਗਦ ਹੈ, ਅੰਗਦ ਹੀ ਅਮਰਦਾਸ ਤੇ ਅਮਰਦਾਸ ਹੀ ਰਾਮਦਾਸ ਹੈ। ਜਿਨ੍ਹਾਂ ਨੇ ਇਸ ਤੱਤ ਨੂੰ ਪਛਾਣਿਆ ਹੈ, ਉਹਨਾਂ ਨੂੰ ਹੀ ਸਿੱਧ ਹੱਥ ਆਈ ਹੈ। ਇਸ ਨਿਸਚੇ ਤੋਂ ਰਹਿਤ ਕੋਈ ਸਿੱਖ ਪੂਰਨ ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕਿਆ।

ਸ੍ਰੀ ਦਸਮ ਪਾਤਸ਼ਾਹ ਜੀ ਦਾ ਇਹ ਬਚਨ ਉਸ ਇਸ਼ਾਰੇ ਦੀ ਵਿਆਖਿਆ ਹੈ ਜੋ ਬਾਣੀ ਨੇ ਇਹਨਾਂ ਅੱਖਰਾਂ ਵਿਚ ਦਰਸਾਇਆ ਹੈ:

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

(ਵਾਰ ਰਾਮਕਲੀ, ਸਤਾ ਬਲਵੰਡ, ਪੰਨਾ ੯੬੬)

ਗੁਰਬਾਣੀ ਵਿਚ ਬੁਨਿਆਦੀ ਪਦਾਰਥਾਂ ਦਾ ਕਥਨ ਕਰਦਿਆਂ ਹੋਇਆਂ ੴ ਦੇ ਜੋ ਸਰੂਪ ਆਦਿ ਵਿਚ ਬਿਆਨ ਕੀਤੇ ਗਏ ਹਨ, ਉਹਨਾਂ ਵਿਚ ਇਕ ਪਦਾਰਥ ‘ਗੁਰ’ ਵੀ ਹੈ। ਮੰਨਿਆ ਇਹ ਗਿਆ ਹੈ ਕਿ ੴ (ਇਕ ਓਅੰਕਾਰ) ਜੋ ਇਕ ਤੇ ਸਤਿ ਸਰੂਪ ਹੈ, ਨਾਮ ਰੂਪ ਧਾਰ ਜਗਤ ਨੂੰ ਕਥਨ ਕਰਦਾ ਹੈ ਤੇ ਆਪਣੀ ਕਿਰਤਮ ਮਖ਼ਲੂਕ ਨੂੰ ਸਿੱਧੇ ਰਸਤੇ 'ਤੇ ਤੋਰਨ ਲਈ ਜਿਸ ਸੱਤਾ ਦੀ ਵਰਤੋਂ ਕਰਦਾ ਹੈ, ਉਸ ਦੇ ਲਈ ਸੰਕੇਤ ਗੁਰ ਹੈ। ਜਿਸ ਤਰ੍ਹਾਂ ਪਰਮੇਸ਼ਰ ਦੀ ਹਰ ਅਦ੍ਰਿਸ਼ਟ ਕਲਾ ਜਗਤ ਵਿਚ ਆਪਣੀ ਵਰਤੋਂ ਲਈ ਦ੍ਰਿਸ਼ਟਮਾਨ ਰੂਪ ਲੈ ਲੈਂਦੀ ਹੈ, ਉਸੇ ਤਰ੍ਹਾਂ ਗੁਰ ਕਲਾ ਭੀ ਲੋੜ ਸਮੇਂ ਕਿਸੇ ਨਾ ਕਿਸੇ ਦੇਹ ਵਿਚੋਂ ਹੋ ਪ੍ਰਕਾਸ਼ਦੀ ਹੈ। ਚੁਨਾਂਚਿ ਸਿੱਖੀ ਦਾ ਪੰਥ ਪ੍ਰਗਟਾਉਣ ਲਈ ਇਹ ਗੁਰ-ਜੋਤੀ ਪਹਿਲੇ ਜਿਸ ਮਨੁੱਖ-ਜਾਮੇ ਵਿਚ ਟਿਕ ਪ੍ਰਗਟੀ, ਉਸਦਾ ਮਨੁੱਖੀ ਨਾਮ ਨਾਨਕ ਸੀ। ਉਸਦੇ ਰਾਹੀਂ ਗੁਰ-ਜੋਤੀ ਦਾ ਪ੍ਰਕਾਸ਼ ਹੁੰਦਾ ਤੱਕ, ਲੋਕਾਂ ਉਸ ਨੂੰ ‘ਗੁਰ ਨਾਨਕ’ ਕਿਹਾ। ਪਰ ਬਾਬੇ ਨੇ ਪ੍ਰਗਟ ਕਰ ਕੇ ਦੱਸ ਦਿੱਤਾ ਕਿ ਮੇਰੀ ਦੇਹ ਗੁਰੂ ਨਹੀਂ ਹੈ ਸਗੋਂ ਗੁਰੂ ਪਰਮੇਸ਼ਰ ਦੀ ਜੋਤ ਹੈ, ਜੋ ਮੈਨੂੰ ਰਾਹ ਦੱਸ ਰਹੀ ਹੈ ਤੇ ਮੈਂ ਤੁਹਾਨੂੰ ਦਰਸਾ ਰਿਹਾ ਹਾਂ:

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨਾ ਕੋਈ ਜੀਉ॥
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥

(ਸੋਰਠਿ ਮ: ੧, ਪੰਨਾ ੫੯੯)

ਗੁਰ-ਜੋਤੀ, ਮਨੁੱਖ-ਬੁੱਧੀ ਦੀ ਲੱਖਤਾ ਤੋਂ ਪਰੇ, ਮਾਇਆ ਰਹਿਤ ਪਰਮੇਸ਼ਰ ਦੀ ਵਿਆਪਕ ਜੋਤ ਨੂੰ ਗੁਰੂ ਹੋ ਮਿਲੀ ਹੈ। ਨਾਨਕ ਦੀ ਦੇਹ ਗੁਰੂ ਨਹੀਂ, ਗੁਰੂ ਇਕ ਰਸ ਜੋਤ ਹੈ, ਉਸ ਦੇ ਪ੍ਰਕਾਸ਼ ਨੇ ਸੱਚੇ ਮਨੁੱਖ-ਜੀਵਨ ਦਾ ਭੇਦ ਖੋਲ੍ਹਿਆ ਹੈ, ਜੋ ਭੁਲੀ ਹੋਈ ਮਨੁੱਖ ਸ਼੍ਰੇਣੀ ਨੂੰ ਸਮਝਾਣਾ ਹੈ।

ਸਮਝਾਣਾ ਨਿਰਾ ਜ਼ਬਾਨੀ ਨਹੀਂ, ਕਿਤੇ ਨਿਰਾ ਉਸਦੇ ਦਿਮਾਗ਼ ਵਿਚ ਹੀ ਨਾ ਰਹਿ ਜਾਵੇ, ਸਗੋਂ ਕਮਾ ਕੇ ਦਿਖਾਣਾ ਹੈ ਤਾਕਿ ਉਸਦੇ ਦਿਲ ਵਿਚ ਦ੍ਰਿੜ੍ਹ ਹੋ ਜਾਵੇ। ਹੁਣ ਇਹ ਗੱਲ ਤਾਂ ਸਪਸ਼ਟ ਹੈ ਕਿ ਮਨੁੱਖ-ਜੀਵਨ ਦਾ ਸਾਰਾ ਭੇਦ, ਡਿੱਗੀ ਹੋਈ ਮਨੁੱਖਤਾ ਨੂੰ ਉਠਾਣ ਲਈ ਉਸ ਨੂੰ ਸਮਝਾਣਾ ਤੇ ਦ੍ਰਿੜ੍ਹ ਕਰਾਉਣ ਲਈ ਕਮਾ ਕੇ ਦਿਖਾਣਾ ਸੀ, ਜੋ ਇਕ ਮਨੁੱਖੀ ਉਮਰ ਵਿਚ ਸਿਰੇ ਚੜ੍ਹਨਾ ਮੁਸ਼ਕਲ ਹੀ ਨਹੀਂ, ਬਲਕਿ ਨਾਮੁਮਕਿਨ ਸੀ। ਸਿੱਖ ਸਤਿਗੁਰੂ, ਯੋਗੀਆਂ ਵਾਂਗ ਲੰਬੀ ਉਮਰ ਵਧਾ ਕੇ ਆਮ ਜਨਤਾ ਨੂੰ ਹੈਰਾਨੀ ਵਿਚ ਨਹੀਂ ਸਨ ਪਾਉਣਾ ਚਾਹੁੰਦੇ, ਕਿਉਂਜੋ ਕਿਸੇ ਨੂੰ ਹੈਰਾਨ ਕਰ ਕੇ ਆਪਣੇ ਪਿਛੇ ਲਾਉਣਾ ‘ਨਾਟਕ ਚੇਟਕ’ ਹੀ ਹੈ। ਉਹਨਾਂ ਦਾ ਖ਼ਿਆਲ ਸੀ ਕਿ ਅਜਿਹਾ ਕਰਨਾ ਪ੍ਰਭੂ-ਲੋਕਾਂ ਲਈ ਲੱਜਿਆ ਦਾ ਕਾਰਨ ਹੁੰਦਾ ਹੈ। ਜਿਵੇਂ:

ਨਾਟਕ ਚੇਟਕ ਕੀਏ ਕੁਕਾਜਾ॥
ਪ੍ਰਭ ਲੋਗਨ ਕਹ ਆਵਤ ਲਾਜਾ॥

(ਬਚਿਤ੍ਰ ਨਾਟਕ, ਪਾ: ੧੦)

ਉਹਨਾਂ ਨੇ ਕੰਮ ਨੂੰ ਅਰੰਭ ਕੀਤਾ ਤੇ ਸਿਰੇ ਚਾੜ੍ਹਿਆ। ਇਹ ਹਾਲਾਤ ਦਾ ਫਲ ਸੀ ਕਿ ਉਹ ਦਸ ਮਨੁੱਖੀ ਜਾਮਿਆਂ ਵਿਚ ਪੂਰਨ ਹੋ ਸਕਿਆ, ਜਿਸ ਲਈ ਜਾਮੇ ਤਾਂ ਦਸ ਹੋਏ ਪਰ ਗੁਰੂ ਆਦਿ ਅੰਤ ਇਕ ਹੀ ਰਿਹਾ:

ਆਦਿ ਅੰਤਿ ਏਕੈ ਅਵਤਾਰਾ॥
ਸੋਈ ਗੁਰੂ ਸਮਝਿਅਹੁ ਹਮਾਰਾ॥

(ਪਾ: ੧੦)

ਮਨੁੱਖ-ਜੀਵਨ ਦੇ ਅੱਡੋ-ਅੱਡਰੇ ਪਹਿਲੂਆਂ ਨੂੰ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਗਿਣਤੀ ਬਹੁਤ ਬਣਦੀ ਹੈ। ਸਿਆਣਿਆਂ ਨੇ ਮਰਯਾਦਾ ਚਲਾਉਣ ਲਈ ਜੀਵਨ ਦੇ ਤਿੰਨ ਵੱਡੇ ਭਾਗ ਕੀਤੇ ਹਨ। ਉਹ ਹਨ: ਧਾਰਮਕ, ਸਮਾਜਕ ਤੇ ਰਾਜਨੀਤਿਕ। ਮਨੁੱਖ, ਚੰਗੇ ਸਮਾਜ ਤੋਂ ਬਿਨਾਂ ਚੰਗਾ ਨਹੀਂ ਬਣ ਸਕਦਾ, ਉਹ ਇਕ ਭਾਈਚਾਰਕ ਵਿਅਕਤੀ ਹੈ। ਹਰ ਕੰਮ ਵਿਚ ਭਾਈਚਾਰੇ ਦੀ ਉਸ ਨੂੰ ਲੋੜ ਪੈਂਦੀ ਹੈ। ਉਸ ਦੀ ਮਦਦ ਲੈਂਦਾ ਤੇ ਕਦਮ ਕਦਮ 'ਤੇ ਉਸ ਦਾ ਮੁਥਾਜ ਹੁੰਦਾ ਹੈ। ਜੇ ਭਾਈਚਾਰੇ ਦੇ ਤਲਾਬ ਵਿਚ ਅੰਧ-ਵਿਸ਼ਵਾਸੀ ਵਹਿਮ, ਪਿਛਾਂਹ-ਖਿੱਚੂਪਣਾ, ਜਾਤ-ਪਾਤ, ਛੂਤ-ਛਾਤ, ਤੇ ਰੰਗ ਦੀ ਈਰਖਾ ਦਾ ਜ਼ਹਿਰ ਘੁਲ ਜਾਏ ਤਾਂ ਉਸ ਭਾਈਚਾਰੇ ਦੇ ਹਰ ਮੈਂਬਰ ਦਾ ਜੀਵਨ ਰੋਗੀ ਹੋ ਜਾਂਦਾ ਹੈ।

ਭਾਈਚਾਰੇ ਦੀ ਬੁਨਿਆਦ ਨੂੰ ਮਜ਼ਬੂਤ ਰਖਣ ਲਈ ਹੀ ਰਾਜਨੀਤਿਕ ਸੰਸਥਾ ਕਾਇਮ ਕੀਤੀ ਜਾਂਦੀ ਹੈ। ਜਿਸ ਦੀਆਂ ਸ਼ਕਤੀਆਂ ਫ਼ੌਜ, ਪੁਲਸ ਤੇ ਕਾਨੂੰਨ ਸਮਾਜ ਦੀ ਰਖਵਾਲੀ ਲਈ ਹੀ ਥਾਪੇ ਜਾਂਦੇ ਹਨ। ਸੋ ਜਿਸ ਨੇ ਮਨੁੱਖਤਾ ਨੂੰ ਸੰਵਾਰਨਾ ਹੈ ਉਸਦੇ ਲਈ ਜ਼ਰੂਰੀ ਹੈ ਕਿ ਉਹ ਇਕ ਸੁੱਚੇ ਭਾਈਚਾਰੇ ਦੀ ਬੁਨਿਆਦ ਰਖੇ ਤੇ ਉਸਦੀ ਰੱਖਿਆ ਲਈ ਪਵਿੱਤਰ ਰਾਜਨੀਤਿਕ ਨਿਜ਼ਾਮ ਕਾਇਮ ਕਰੇ, ਇਹ ਗੱਲ ਕੋਈ ਮਾਮੂਲੀ ਨਹੀਂ ਕਿ ਇਕ ਮਨੁੱਖ ਦੀ ਉਮਰ ਵਿਚ ਹੀ ਇਹ ਸਭ ਕੁਝ ਸਿਰੇ ਚੜ੍ਹ ਸਕੇ, ਇਸ ਦੇ ਲਈ ਢੇਰ ਸਮਾਂ ਦਰਕਾਰ ਹੈ। ਭਾਈਚਾਰੇ ਦੇ ਮੈਂਬਰ ਮਨੁੱਖ ਨੂੰ ਪਹਿਲਾਂ ਵਿਅਕਤੀਗਤ ਤੌਰ 'ਤੇ ਉੱਚਾ ਕਰਨਾ, ਫਿਰ ਉਹਨਾਂ ਵਿਅਕਤੀਆਂ ਦਾ ਭਾਈਚਾਰਾ ਕਾਇਮ ਕਰਨਾ ਤੇ ਉਸ ਉਚੇ ਭਾਈਚਾਰਕ ਨਿਜ਼ਾਮ ਨੂੰ ਕਾਇਮ ਰਖਣ ਲਈ ਪਵਿੱਤਰ ਰਾਜਨੀਤਿਕ ਸੰਸਥਾ ਅਸਥਾਪਨ ਕਰਨੀ।

ਜੇ ਅਜੇ ਮਨੁੱਖ-ਜੀਵਨ ਦਾ ਅਰੰਭ ਹੀ ਹੁੰਦਾ, ਤਾਂ ਸ਼ਾਇਦ ਉਸ ਨੂੰ ਸਿੱਧੇ ਰਸਤੇ ਪਾਉਣ ਵਿਚ ਬਹੁਤ ਦੇਰ ਨਾ ਲਗਦੀ। ਕੋਰੀ ਪੱਟੀ 'ਤੇ ਸਹੀ ਅੱਖਰ ਛੇਤੀ ਲਿਖੇ ਜਾ ਸਕਦੇ ਹਨ ਪਰ ਜਿਸ ਪੱਟੀ 'ਤੇ ਕੀਚ ਮੀਚ ਦੀਆਂ ਲਕੀਰਾਂ ਵਾਹੀਆਂ ਹੋਣ, ਉਸਨੂੰ ਤਾਂ ਪਹਿਲਾਂ ਧੋ ਬਣਾ ਸਾਫ਼ ਕਰ ਕੇ ਹੀ ਕੁਝ ਲਿਖਿਆ ਜਾ ਸਕਦਾ ਹੈ।

ਗੁਰੂ ਪ੍ਰਕਾਸ਼ ਤੋਂ ਪਹਿਲਾਂ ਮਨੁੱਖੀ ਸਮਾਜ ਹਰ ਪਹਿਲੂ ਤੋਂ ਬਹੁਤ ਥੱਲੇ ਡਿੱਗ ਚੁੱਕਾ ਸੀ, ਉਸਦੇ ਮਨ ਦੀ ਪੱਟੀ ਵਹਿਮਾਂ ਭਰਮਾਂ ਦੀਆਂ ਲੀਕਾਂ, ਈਰਖਾ, ਦਵੈਤ, ਸਾੜੇ ਦੇ ਦਾਗ਼ਾਂ ਤੇ ਜਬਰ, ਧੱਕਾ, ਅਨਿਆਇ ਦੀ ਸਿਆਹੀ ਨਾਲ ਕਾਲੀ ਹੋਈ ਪਈ ਸੀ। ਜਦ ਤਕ ਉਸਨੂੰ ਧੋਤਾ ਨਾ ਜਾਂਦਾ, ਉਸ 'ਤੇ ਕੋਈ ਨਵੀਂ ਲਿਖਤ ਨਹੀਂ ਸੀ ਲਿਖੀ ਜਾ ਸਕਦੀ। ਪੁਰਾਣੀ ਜਨਮ-ਜਨਮਾਤਰਾਂ ਦੀ ਸਿਆਹੀ ਨੂੰ ਧੋਣਾ ਸੌਖਾ ਨਹੀਂ ਨੂੰ ਸੀ। ਮਨੁੱਖ-ਮਨ ਦੇ ਖੋਲੇ ਵਿਚੋਂ ਭਰਮ ਦਾ ਭੂਤ, ਦਵੈਸ਼ ਦਾ ਦਿਓ, ਤੇ ਧੱਕੇ ਦਾ ਜਿੰਨ ਕੱਢਣਾ ਇਕ ਕਠਨ ਕੰਮ ਸੀ, ਜੋ ਮਿਹਨਤ ਦੇ ਨਾਲ ਨਾਲ ਵਕਤ ਵੀ ਮੰਗਦਾ ਸੀ।

ਮਨੁੱਖੀ ਜੀਵਨ ਦੇ ਤਿੰਨੇ ਪਹਿਲੂ–ਧਾਰਮਕ, ਸਮਾਜਕ, ਰਾਜਨੀਤਿਕ-ਨਿਸ਼ਾਨੇ ਤੋਂ ਉਖੜ ਕੁਰਾਹੇ ਪਏ ਹੋਏ ਸਨ, ਧਰਮ ਨੂੰ ਪੁਜਾਰੀਆਂ, ਸਮਾਜ ਨੂੰ ਮਨੌਤਾਂ ਤੇ ਰਾਜਨੀਤੀ ਨੂੰ ਜਬਰ ਨੇ ਵਿਗਾੜ, ਮਨੁੱਖ-ਜੀਵਨ ਨੂੰ ਬੇਸੁਆਦਾ ਤੇ ਫਿੱਕਾ ਬਣਾ ਛਡਿਆ ਸੀ। ਇਹ ਰੋਗ ਏਥੋਂ ਤਕ ਵਧ ਗਿਆ ਸੀ ਕਿ ਕਈ ਸਿਆਣਿਆਂ ਨੇ ਸੰਸਾਰ ਨੂੰ ਹੀ ਤਿਆਗ ਦੇਣਾ ਸੁਖ ਦਾ ਸਾਧਨ ਸਮਝ ਲਿਆ ਸੀ।

ਪੁਰਾਣੇ ਸਮੇਂ ਦੇ ਫ਼ਲਸਫ਼ੀਆਂ ਦੇ ਮੁਖੀ ਵੇਦਾਂਤੀ ਨੇ ਤਾਂ ਏਥੋਂ ਤਕ ਕਹਿ ਦਿੱਤਾ ਕਿ ਜਗਤ ਅਸਲ ਵਿਚ ਹੈ ਹੀ ਨਹੀਂ। ਮਾਰੂਥਲ ਦੀ ਚਮਕਦੀ ਹੋਈ ਰੇਤ ਦੇ ਪਾਣੀ ਅਤੇ ਹਨੇਰੇ ਵਿਚ ਪਈ ਹੋਈ ਰੱਸੀ ਦੇ ਸੱਪ ਜਾਪਣ ਵਾਂਗ ਭ੍ਰਾਂਤੀ ਕਰਕੇ ਹੀ ਭਾਸ ਰਿਹਾ ਹੈ, ਅਸਲ ਵਿਚ ਹੈ ਹੀ ਨਹੀਂ। ਉਹ ਵਿਚਾਰੇ ਕਰਦੇ ਵੀ ਕੀ? ਸਾਰੇ ਵਰਤ ਰਹੇ ਦਸਤੂਰ ਦੇ ਉਲਟ ਖਲੋਣਾ ਕਿਹੜਾ ਸੌਖਾ ਕੰਮ ਸੀ। ਪੁਰਾਣੀਆਂ ਮਨੌਤਾਂ ਦੇ ਵਿਰੁੱਧ ਅਵਾਜ਼ ਉਠਾਉਣੀ, ਸਮਾਜਕ ਨਿਯਮਾਂ ਤੋਂ ਬੇਪਰਵਾਹ ਜਾਣਾ ਤੇ ਹਾਕਮਾਂ ਦੇ ਰਵੱਈਏ ਦਾ ਖੰਡਨ ਕਰਨਾ ਕੋਈ ਅਸਾਨ ਗੱਲ ਨਹੀਂ ਸੀ। ਖ਼ਾਸ ਤੌਰ 'ਤੇ ਫ਼ਲਸਫ਼ੀ ਤਾਂ ਇਹ ਸਿਰ-ਦਰਦੀ ਖ਼ਰੀਦ ਹੀ ਨਹੀਂ ਸਨ ਸਕਦੇ, ਇਸ ਭਾਰੀ ਬੋਝ ਨੂੰ ਉਠਾਉਣ ਲਈ ਕੁਦਰਤ ਨੇ ਗੁਰੂ ਨਾਨਕ ਦਾ ਕੰਧਾ ਹੀ ਬਣਾਇਆ ਸੀ। ਪਰ ਇਕ ਮਨੁੱਖ-ਜਾਮੇ ਵਿਚ ਇਤਨਾ ਕੰਮ ਹੋ ਨਹੀਂ ਸੀ ਸਕਦਾ।

ਭਾਈ ਗੁਰਦਾਸ ਜੀ ਨੇ ਕਿਆ ਸੋਹਣਾ ਲਿਖਿਆ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਸ੍ਰਿਸ਼ਟੀ ਨੂੰ ਧਿਆਨ ਨਾਲ ਤੱਕਿਆ ਤਾਂ ਉਹ ਸੜਦੀ ਦਿਸੀ:

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥

(ਵਾਰ ੧, ਪਉੜੀ ੨੪)

ਮਜ਼ਹਬ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿਚੋਂ ਹਿੰਦੂ ਤੇ ਮੁਸਲਮਾਨ ਦੋਹਾਂ ਦਾ ਸੰਗਰਾਮ ਇਸ ਦੇਸ਼ ਵਿਚ ਸਿਖ਼ਰ ਤੇ ਪੁਜ ਚੁੱਕਾ ਸੀ। ਉਹਨਾਂ ਦੇ ਪੁਜਾਰੀ, ਬ੍ਰਾਹਮਣ ਤੇ ਮੁੱਲਾਂ ਆਪਣੇ ਅਭਿਆਸੀਆਂ ਨੂੰ ਖ਼ੁਦੀ, ਬਖੀਲੀ, ਤਕੱਬਰੀ, ਖਿਚੋਤਾਣ ਤੇ ਧਿੰਙਾਣਾ ਸਿਖਾ ਰਹੇ ਸਨ, ਸੱਚ ਇਕ ਪਾਸੇ ਪਿਆ ਹੋਇਆ ਸੀ:

ਚਾਰਿ ਵਰਨਿ ਚਾਰਿ ਮਜ਼ਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕੱਬਰੀ ਖਿੱਚੋਤਾਣਿ ਕਰੇਨਿ ਧਿਙਾਣੇ....
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣਿ ਮਉਲਾਣੇ।

(ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੧)

ਅਰ ਉਸ ਦੇ ਕਲਪਿਤ ਨਾਮ ਰਾਮ ਤੇ ਰਹੀਮ ਰਖ ਕੇ ਪ੍ਰਸਪਰ ਝਗੜਾ ਕੀਤਾ ਜਾ ਰਿਹਾ ਸੀ, ਦੁਨੀਆ ਦਿਆਂ ਸਾੜਿਆਂ ਤੋਂ ਤੰਗ ਆਏ ਹੋਏ ਮਨੁੱਖ ਨੇ ਜਿਨ੍ਹਾਂ ਸਰੋਵਰਾਂ ਵਿਚ ਸ਼ਾਂਤ ਹੋਣਾ ਸੀ ਉਹਨਾਂ ਵਿਚ ਹੀ ਅੱਗ ਲੱਗੀ ਹੋਈ ਸੀ; ਜਿਨ੍ਹਾਂ ਸੋਮਿਆਂ ਵਿਚ ਅੰਮ੍ਰਿਤ ਪੀ ਜੀਵਨ ਪ੍ਰਾਪਤ ਕਰਨਾ ਸੀ, ਉਹਨਾਂ ਵਿਚ ਹੀ ਜ਼ਹਿਰ ਘੁਲ ਰਹੀ ਸੀ। ਇਸ ਬੁਰਾਈ ਨੂੰ ਤਾੜਿਆ ਤਾਂ ਕਈਆਂ ਸੰਤਾਂ ਨੇ ਸੀ, ਪਰ ਉਹ ਚੁੱਪ ਰਹੇ। ਪਰੋਹਤ ਜਮਾਤ ਦੇ ਗੁੱਸੇ ਤੋਂ ਹਰ ਕੋਈ ਉਹਨਾਂ ਨੂੰ ਟੋਕਣ ਦੀ ਦਲੇਰੀ ਨਹੀਂ ਸੀ ਕਰਦਾ, ਕਿਉਂ ਜੋ ਪਰੋਹਤਾਂ ਨੇ ਹਕੂਮਤ ਵੀ ਆਪਣੇ ਹੱਥ ਵਿਚ ਕੀਤੀ ਹੋਈ ਸੀ। ਜਿਨ੍ਹਾਂ ਅਯਾਸ਼, ਜ਼ਾਲਮ, ਅਨਿਆਈ, ਧੱਕੇ ਖੋਰ ਬਾਦਸ਼ਾਹਾਂ ਤੇ ਮਹਾਰਾਜਿਆਂ ਨੂੰ, ਮੁਲਾਣੇ ਤੇ ਬ੍ਰਾਹਮਣ ਖ਼ੁਦਾ ਦਾ ਸਾਇਆ ਤੇ ਭਗਵਾਨ ਦਾ ਰੂਪ ਕਹਿੰਦੇ ਸਨ, ਉਹ ਇਹਨਾਂ ਦੇ ਮੰਗ ਕਰਨ 'ਤੇ ਹਰ ਉਸ ਆਦਮੀ ਨੂੰ ਡੰਡ ਦੇਣ ਤੇ ਰਾਜ-ਬਲ ਨਾਲ ਉਸ ਦੀ ਅਵਾਜ਼ ਨੂੰ ਚੁੱਪ ਕਰਾਣ ਲਈ ਤੱਤਪਰ ਰਹਿੰਦੇ ਸਨ, ਜਿਸ ਦੀ ਸੱਚਾਈ ਪੁਜਾਰੀਆਂ ਨੂੰ ਨਾ ਸੁਖਾਵੇ ਤੇ ਉਹਨਾਂ ਦਾ ਜਾਲ ਤੋੜਨ ਦਾ ਕਾਰਨ ਬਣੇ। ਪੰਜਾਬ ਦੇ ਮਸ਼ਹੂਰ ਸੂਫ਼ੀ ਸੰਤ ਬੁਲ੍ਹੇ ਸ਼ਾਹ ਨੇ ਇਸ ਹਕੀਕਤ ਨੂੰ ਬਿਆਨ ਕਰਦੇ ਹੋਇਆਂ ਕਿਹਾ ਹੈ, “ਜੇ ਮੈਂ ਇਹਨਾਂ ਦੇ ਭੇਦ ਨੂੰ ਪ੍ਰਗਟ ਕਰ ਦਿਆਂ ਤਾਂ ਇਹਨਾਂ ਦੀ ਬ੍ਰਾਹਮਣੀ ਈਰਖਾ ਬਖ਼ੀਲੀ ਤਾਂ ਮੁੱਕ ਜਾਵੇ। ਪਰ ਕਰਾਂ ਕੀ? ਇਹ ਮੇਰੀ ਗੱਲ ਸੁਣ ਕੇ ਮੈਨੂੰ ਮਾਰਦੇ ਹਨ। ਇਸ ਕਰਕੇ ਗੱਲ ਗੁਪਤ ਹੀ ਰਖਣੀ ਚੰਗੀ ਹੈ।"

ਜੇ ਜ਼ਾਹਿਰ ਕਰਾਂ ਇਸਰਾਰ ਤਾਈਂ।
ਸਾਰੇ ਭੁਲ ਜਾਵਣ ਤਕਰਾਰ ਤਾਈਂ।
ਫਿਰ ਮਾਰਨ ਬੁਲ੍ਹੇ ਯਾਰ ਤਾਈਂ।
ਇਥੇ ਗੁਪਤੀ ਬਾਤ ਸੋਹੰਦੀ ਏ।

ਇਹਨਾਂ ਮਜ਼ਹਬੀ ਮਜੌਰਾਂ ਨੇ ਚੰਨ ਨੂੰ ਕੁਨਾਲੀ ਹੇਠ ਛੁਪਾਣ ਵਾਂਗ ਸੱਚ ਨੂੰ ਪੱਖਾਂ ਵਿਚ ਵੰਡਣ ਦਾ ਪਰਬੰਧ ਕੀਤਾ ਹੋਇਆ ਸੀ, ਜੋ ਅਸਤ ਵਿਅਸਤ ਸੀ, ਉਹ ਸੱਚ ਦਾ ਕੁਛ ਨਾਮ ਰਖ ਲੈਂਦੇ ਤੇ ਕਿਸੇ ਦੂਸਰੇ ਨਾਮ ਨਾਲ ਪੁਕਾਰੇ ਜਾਣ ਕਰਕੇ ਸੱਚ ਨੂੰ ਝੂਠ ਕਰਾਰ ਦੇ ਦੇਂਦੇ। ਉਹ ਪ੍ਰਭੂ ਨੂੰ ਚੇਤਨ ਕਹਿੰਦੇ ਤੇ ਉਹਦਾ ਦਰਸ਼ਨ ਜੜ੍ਹ ਮੂਰਤੀਆਂ ਵਿਚੋਂ ਕਰਦੇ। ਉਹ ਅੱਲ੍ਹਾ ਨੂੰ ਲਾਮੁਕਾਮ ਕਹਿ, ਕਿਸੇ ਮਕਾਨ ਨੂੰ ਉਸ ਦਾ ਘਰ ਕਰਾਰ ਦੇਂਦੇ। ਉਹ ਮਨੁੱਖ ਕੋਲੋਂ ਮੰਨਵਾਂਦੇ ਕਿ ਖ਼ਾਸ ਖ਼ਾਸ ਪਾਣੀਆਂ ਵਿਚ ਤਨ ਧੋਤਿਆਂ ਮਨ ਦੀ ਮੈਲ ਲਹਿ ਜਾਂਦੀ ਹੈ ਕਿਉਂਕਿ ਉਸ ਪਾਣੀ 'ਤੇ ਕਬਜ਼ਾ ਉਹਨਾਂ ਦਾ ਹੁੰਦਾ ਤੇ ਨਹਾਉਣ ਵਾਲੇ ਨੂੰ ਕੁਝ ਨਾ ਕੁਝ ਪੂਜਾ ਪੁਜਾਰੀਆਂ ਨੂੰ ਦੇਣੀ ਹੀ ਪੈਂਦੀ। ਅੰਧ ਵਿਸ਼ਵਾਸ ਇਸ ਸਿਖਰ 'ਤੇ ਪੁੱਜ ਚੁੱਕਾ ਸੀ ਕਿ ਖ਼ਾਸ ਧਰਤੀਆਂ ਹੀ ਪਵਿੱਤਰ ਹੈਨ, ਹਾਲਾਂਕਿ ਪ੍ਰਭੂ ਸਾਰੀਆਂ ਸ੍ਰਿਸ਼ਟੀਆਂ ਦਾ ਕਰਤਾ ਹੈ। ਮੁਕੱਰਰ ਕੀਤੀਆਂ ਖ਼ਾਸ ਹੱਦਾਂ ਦੇ ਅੰਦਰ ਮਰ ਜਾਣ ਨਾਲ ਜੀਵਨ-ਮਨੋਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਖ਼ਾਸ ਨਦੀਆਂ, ਚਸ਼ਮਿਆਂ ਤੇ ਖੂਹਾਂ ਦਾ ਪਾਣੀ ਪੀਤਿਆਂ ਪੁੰਨ ਜਾਂ ਸੁਆਬ ਮਿਲਦਾ ਹੈ। ਸਰੀਰਕ ਅੰਗਾਂ ਦੀ ਖ਼ਾਸ ਸੂਰਤ ਬਣਾਣ ਨਾਲ ਜਾਂ ਵਿਸ਼ੇਸ਼ ਕਿਸਮ ਦੇ ਲਿਬਾਸ ਪਹਿਨਣ ਨਾਲ ਮਨੁੱਖ ਉੱਚਾ ਹੋ ਜਾਂਦਾ ਹੈ। ਖ਼ਾਸ ਪੋਥੀਆਂ ਵਿਚ ਲਿਖੀਆਂ ਜਾਣ ਕਰਕੇ ਹੀ ਇਹ ਗੱਲਾਂ ਸੱਚੀਆਂ ਹਨ। ਕਿਸੇ ਖ਼ਾਸ ਪੁਸਤਕ ਵਿਚ ਲਿਖੀ ਜਾਣ ਕਰਕੇ ਗੱਲ ਬਿਨਾਂ ਕਿਸੇ ਦਲੀਲ ਦੇ ਸੱਚ ਮੰਨਣ ਦੇ ਯੋਗ ਹੁੰਦੀ ਹੈ।

ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦਾ ਚੱਕਰ ਚਲਾ, ਈਸ਼ਵਰ ਏਕਤਾ ਦਾ ਸੰਦੇਸ਼ ਦੇ ਕੇ ਸੱਚ ਨੂੰ ਪ੍ਰਮਾਣ ਕਰ, ਪੁਰਾਣੇ ਮਜ਼ਹਬ ਦੇ ਖ਼ਿਲਾਫ਼ ਇਕ ਜਹਾਦ ਖੜਾ ਕਰ ਦਿੱਤਾ। ਉਨ੍ਹਾਂ ਨੇ ਬਚਪਨ ਵਿਚ ਪਾਂਧੇ ਨੂੰ ਸਚਾਈ ਪੜ੍ਹਾ, ਮੁੱਲਾਂ ਨੂੰ ਹਕੀਕਤ ਦਾ ਦਰਸ ਦੇ, ਪਰੋਹਤ ਨੂੰ ਦਇਆ, ਸੰਤੋਖ, ਸਤਿ ਤੇ ਜਤ ਦਾ ਜਨੇਊ ਦੱਸ, ਆਪਣੇ ਬਰਖ਼ਿਲਾਫ਼ ਮਜ਼ਹਬੀ ਦੁਨੀਆ ਨੂੰ ਚਹੁੰ ਪਾਸਿਆਂ ਤੋਂ ਉਠ ਪੈਣ ਲਈ ਪ੍ਰੇਰਿਆ। ਉਹਨਾਂ ਕੁਸ਼ਾ ਦੇ ਆਸਣ 'ਤੇ ਬੈਠੇ ਸਮਾਧੀ ਇਸਥਿਤ ਬ੍ਰਾਹਮਣ ਨੂੰ ਬਗ਼ਲ ਸਮਾਧੀ ਕਿਹਾ ਤੇ ਮਨੋਂ ਗ਼ੈਰ-ਹਾਜ਼ਰ ਜਮਾਤ ਨੂੰ ਨਮਾਜ਼ ਪੜ੍ਹਾ ਰਹੇ ਈਮਾਮ ਦਾ ਪਾਜ ਖੋਲ੍ਹਿਆ। ਉਹਨਾਂ ਨੇ ਜਗਨ ਨਾਥ ਪੁਰੀ ਵਿਚ ਜਾ ਮਨੁੱਖੀ ਕ੍ਰਿਤ ਠਾਕਰਾਂ ਦੀ ਆਰਤੀ ਦੀ ਥਾਂ ਵਿਆਪਕ ਪ੍ਰਭੂ ਦੀ ਆਰਤੀ ਉਤਾਰੀ। ਹਰਿਦੁਆਰ ਪੁੱਜ, ਕਰਤਾਰਪੁਰ ਵਿਚ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਦੱਸ, ਸੂਰਜ ਨੂੰ ਪਾਣੀ ਦੇ ਰਹੇ ਅੰਧ-ਵਿਸ਼ਵਾਸੀਆਂ ਦੇ ਦਿਲਾਂ ਵਿਚ ਸੱਚ ਦੀ ਕਿਰਨ ਪਾਈ। ਮੱਕੇ ਜਾ ਲਾਮੁਕਾਮ ਤੇ ਈਮਾਨ ਲਿਆਉਣ ਵਾਲਿਆਂ ਨੂੰ ਇਕ ਮਕਾਨ ਨੂੰ ਖ਼ੁਦਾ ਦਾ ਘਰ ਮੰਨਣ ਤੋਂ ਹੋੜਿਆ। ਬਗ਼ਦਾਦ ਵਿਚ ਕਿਸੇ ਉਮਤ ਦਾ ਮੈਂਬਰ ਹੋਣ ਨਾਲੋਂ ਉਚੀ ਕਰਤੂਤ ਦੇ ਆਸਰੇ ਮਨੁੱਖ ਦਾ ਉੱਚ ਹੋਣਾ ਦਰਸਾਇਆ। ਉਹਨਾਂ ਨੇ ਜੀਵਨ ਭਰ ਬੜੇ ਬੜੇ ਸਫਰ ਕੀਤੇ, ਮਨੌਤਾਂ ਦੇ ਮੁਢਲੇ ਅਸਥਾਨਾਂ ਵਿਚ ਗਏ, ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਉਹਨਾਂ ਜਾਗ ਉਠੇ ਸੱਚੇ ਮਨੁੱਖਾਂ ਦੀ ਇਕ ਸੱਚੀ ਸੰਗਤ ਤੇ ਕਰਤਾਰਪੁਰ ਦੀ ਧਰਮਸਾਲਾ ਹੀ ਕਾਇਮ ਕੀਤੀ। ਇਸ ਪਾਵਨ ਮਰਯਾਦਾ ਨੂੰ ਵਧੇਰੇ ਪ੍ਰਚਲਿਤ ਕਰਨ ਲਈ ਅਗਲੇ ਜਾਮਿਆਂ ਦੀ ਲੋੜ ਸੀ।

ਧਰਮ ਵਿਚ ਗ਼ਲਤੀ ਆ ਜਾਣ ਕਰਕੇ ਸਮਾਜ ਵਿਚ ਵੀ ਭਾਰੀ ਗੜਬੜ ਮੱਚੀ ਹੋਈ ਸੀ। ਜਿਸ ਦੀ ਬੁਨਿਆਦ ਇਸ ਮਨੌਤ 'ਤੇ ਸੀ ਕਿ ਮਨੁੱਖ ਬਿਨਾਂ ਕਰਮ ਤੋਂ ਖ਼ਾਸ ਜਨਮ ਜਾਂ ਮਨੌਤ ਕਰਕੇ ਹੀ ਇਕ ਦੂਜੇ ਤੋਂ ਛੋਟਾ ਵੱਡਾ ਹੈ। ਪਹਿਲਾਂ ਤਾਂ ਇਹ ਕਲਪਨਾ ਕੀਤੀ ਗਈ ਕਿ ਮਰਦ ਔਰਤ ਤੋਂ ਚੰਗਾ ਹੈ। ਔਰਤ ਉਸ ਹਵਾ ਦੀ ਬੇਟੀ ਹੈ ਜਿਸ ਨੇ ਸ਼ੈਤਾਨ ਦੇ ਛਲ ਵਿਚ ਆ, ਆਪਣੇ ਮਰਦ ਆਦਮ ਨੂੰ ਪਰਮੇਸ਼੍ਵਰ ਵਲੋਂ ਮਨ੍ਹਾ ਕੀਤੇ ਗਏ ਬਿਰਖ ਦੇ ਫਲ ਨੂੰ ਪ੍ਰੇਰ ਕੇ ਖਵਾਇਆ ਤੇ ਉਸਦੇ ਸਵਰਗ ਵਿਚੋਂ ਧਰਤੀ 'ਤੇ ਸੁੱਟੇ ਜਾਣ ਦਾ ਕਾਰਨ ਬਣੀ ਜਾਂ ਇਸਤਰੀ ਲਛਮੀ ਦਾ ਰੂਪ ਹੈ ਜੋ ਭਗਵਾਨ ਦੀ ਮਾਇਆ ਹੈ ਤੇ ਮਰਦ ਲਈ ਬੰਧਨ ਦਾ ਕਾਰਨ ਬਣਦੀ ਹੈ, ਜਿਸ ਨਾਲ ਜੁੜ ਬਹਿਣ 'ਤੇ ਮਰਦ ਨੂੰ ਉਮਰ ਦਾ ਅੱਧ ਬਾਣਪ੍ਰਸਤ ਤੇ ਸੰਨਿਆਸ ਕਮਾ ਕੇ ਮੁਕਤੀ ਦਾ ਅਧਿਕਾਰੀ ਹੋਣਾ ਪੈਂਦਾ ਹੈ। ਜਦ ਮਰਦ, ਤੀਵੀਂ ਦੀ ਇਹ ਬੇਪਤੀ ਕਰ ਚੁੱਕਾ, ਉਸਨੂੰ ਮਨੁੱਖ ਦੇ ਦਿਲ-ਪਰਚਾਵੇ ਦਾ ਸਾਮਾਨ ਤੇ ਮੋਏ ਮਰਦ ਦੇ ਨਾਲ ਫੂਕ ਦੇਣ ਦੇ ਯੋਗ ਕਰਾਰ ਦੇ ਚੁੱਕਾ ਤਾਂ ਫਿਰ ਆਪਸ ਵਿਚ ਦੀ ਵੀ ਵੰਡਾਂ ਪਾਉਣ ਲੱਗਾ। ਕਿਸੇ ਪਾਸੇ ਵਰਣ ਵੰਡ ਕਰ, ਜਨਮ ਤੋਂ ਹੀ ਕਿਸੇ ਨੂੰ ਉੱਚਾ ਅਤੇ ਕਿਸੇ ਨੂੰ ਨੀਵਾਂ ਥਾਪਿਆ ਗਿਆ ਤੇ ਕਿਸੇ ਪਾਸੇ ਖ਼ਾਸ ਮਨੌਤਾਂ ਦੇ ਅਧਾਰ ਉਤੇ ਹੀ ਬਿਨਾਂ ਕਰਮਾਂ ਦੀ ਵਿਚਾਰ ਦੇ ਕੋਈ ਮੋਮਨ ਤੇ ਕੋਈ ਕਾਫ਼ਰ ਕਿਹਾ ਗਿਆ।

ਗੁਰੂ ਜੀ ਨੇ ਇਹਨਾਂ ਵਿਤਕਰਿਆਂ ਦੇ ਵਿਰੁੱਧ ਅਵਾਜ਼ ਉਠਾਈ, ਉਹਨਾਂ ਪਹਿਲਾਂ ਮਰਦ ਨੂੰ ਇਸਤਰੀ ਦੀ ਅਵਸਥਾ 'ਤੇ ਵਿਚਾਰ ਕਰਨ ਲਈ ਪ੍ਰੇਰਿਆ। ਉਹਨਾਂ ਨੇ ਉਸਨੂੰ ਕਿਹਾ ਕਿ ਤੂੰ ਇਸਤਰੀ ਜਾਤੀ ਨੂੰ ਔਰਤ ਦੀ ਥਾਂ ਜੇ ਮਾਂ ਕਰ ਤਕੇਂ, ਤਾਂ ਦੇਖ ਉਹ ਕਿਤਨੀ ਇੱਜ਼ਤ ਦੀ ਪਾਤਰ ਬਣਦੀ ਹੈ; ਜਿਸਦੀ ਕੁਖ ਤੋਂ ਵਲੀ, ਗ਼ੌਸ, ਕੁਤਬ, ਪੀਰ, ਪੈਗ਼ੰਬਰ, ਚਤਰ, ਬੀਰ ਤੇ ਸੂਰਮੇਂ ਪੈਦਾ ਹੁੰਦੇ ਹਨ, ਉਸਨੂੰ ਮੰਦਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

(ਆਸਾ ਦੀ ਵਾਰ, ਪੰਨਾ ੪੭੩)

ਸਮਾਜ ਦੇ ਇਸ ਅਨਿਆਇ ਦੇ ਖੰਡਨ ਕਰਨ ਤੋਂ ਬਾਅਦ ਉਹਨਾਂ ਨੇ ਜ਼ਾਤ ਪਾਤ ਦੇ ਵਿਤਕਰੇ ਦੇ ਵਿਰੁੱਧ ਭੀ ਰੋਸ ਪ੍ਰਗਟ ਕੀਤਾ ਤੇ ਕਿਹਾ, “ਨਾਨਕ ਤਾਂ ਉਹਨਾਂ ਦੇ ਨਾਲ ਹੈ ਜੋ ਨੀਚਾਂ ਵਿਚੋਂ ਨੀਚ, ਸਗੋਂ ਅਤਿ ਨੀਚ ਹਨ। ਮੈਂ ਵਡੀਆਂ ਜਾਤੀਆਂ ਵਾਲਿਆਂ ਦੀ ਰੀਸ ਨਹੀਂ ਕਰਦਾ। ਪ੍ਰਭੂ ਦੀ ਨਜ਼ਰ ਤੇ ਬਖ਼ਸ਼ਸ਼ ਹਮੇਸ਼ਾਂ ਨੀਵਿਆਂ 'ਤੇ ਹੀ ਹੁੰਦੀ ਹੈ।”

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥

(ਸਿਰੀਰਾਗੁ ਮ: ੧, ਪੰਨਾ ੧੫)

ਪਰ ਇਕ ਜਾਮੇ ਦੇ ਇਹ ਯਤਨ ਸਮਾਜ ਦੇ ਬੰਧਨਾਂ ਨੂੰ ਤੋੜ, ਸੁਤੰਤਰ ਮਨੁੱਖਾਂ ਦੀ ਵੱਡੀ ਸੰਖਿਆ ਵੀ ਨਹੀਂ ਸੀ ਬਣਾ ਸਕਦੀ।

ਇਹ ਇਕ ਹਕੀਕਤ ਹੈ ਕਿ ਸਰ੍ਹੋਂ ਦੇ ਫੁੱਲ ਪੀੜਿਆਂ ਚੰਬੇਲੀ ਦਾ ਅਤਰ ਨਹੀਂ ਨਿਕਲ ਸਕਦਾ, ਉਸੇ ਤਰ੍ਹਾਂ ਹੀ ਅੰਧ-ਵਿਸ਼ਵਾਸੀ ਧਰਮ ਤੇ ਨੀਵੇਂ ਸਮਾਜ 'ਚੋਂ ਉੱਚੀ ਰਾਜਨੀਤਿਕ ਸੰਸਥਾ ਕਾਇਮ ਨਹੀਂ ਹੋ ਸਕਦੀ। ਭੁਲੇ ਹੋਏ ਮਨੁੱਖੀ ਸਮਾਜ ਨੇ ਰਾਜ ਨੂੰ ਸੱਚ ਦੀ ਸਥਾਪਨਾ ਕਰਨ ਵਾਲੀ ਸ਼੍ਰੇਣੀ ਦੀ ਥਾਂ ਭੈ ਦੇ ਕੇ, ਡਰਾ ਧਮਕਾ ਆਪਣੀ ਮਰਜ਼ੀ ਮਨਾਉਣ ਵਾਲੀ ਜਮਾਤ ਸਮਝ ਰਖਿਆ ਸੀ, ਜਿਥੇ ਪਸ਼ੂ-ਬਲ ਦੇ ਆਸਰੇ ਕਾਇਮ ਹੋਏ ਮੁਖੀ ਹੁਕਮਰਾਨ ਦੀ ਮਰਜ਼ੀ ਹੀ ਕਾਨੂੰਨ ਕਹੀ ਜਾਂਦੀ ਸੀ। ਸ਼ੀਰਾਜ਼ ਦੇ ਨੀਤੀਵਾਨ ਸਾਅਦੀ ਨੇ ਇਸ ਦਾ ਨਕਸ਼ਾ ਇਹਨਾਂ ਲਫ਼ਜ਼ਾਂ ਵਿਚ ਖਿਚਿਆ ਸੀ, “ਬਾਦਸ਼ਾਹ ਦੀ ਮਰਜ਼ੀ ਦੇ ਖ਼ਿਲਾਫ਼ ਕੋਈ ਰਾਇ ਕਾਇਮ ਕਰਨੀ ਆਪਣੇ ਲਹੂ ਨਾਲ ਹੱਥ ਧੋਣੇ ਹਨ। ਜੇ ਬਾਦਸ਼ਾਹ ਦਿਨ ਦੇ ਵੇਲੇ ਕਹੇ ਕਿ ਹੁਣ ਰਾਤ ਹੈ ਤਾਂ ਇਹ ਨਾ ਆਖ ਕਿ ਸੂਰਜ ਚਮਕ ਰਿਹਾ ਹੈ, ਸਗੋਂ ਇਹ ਕਹੋ ਕਿ ਹਾਂ ਹਜ਼ੂਰ, ਔਹ ਦੇਖੋ! ਚੰਦ 'ਤੇ ਖਿਤੀਆਂ।"

ਖਿਲਾਫੇ ਰਾਇ ਸੁਲਤਾਨ ਰਾਇ ਜੁਸਤਨ।
ਯਾ ਖੂਨੇ ਖੇਸ਼ ਬਾਸ਼ਦ ਦਸਤ ਸੁਸਤਨ।
ਅਗਰ ਸ਼ਾਹ ਰੋਜ਼ ਰਾ ਗੋਇਦ ਸਬਅਸਤੀ।
ਬਬਾਇਦ ਗੁਫਤ ਈਨਕ ਮਾਹੌ ਪ੍ਰਵੀਂ।

ਇਸ ਕਿਸਮ ਦੇ ਹੁਕਮਰਾਨਾਂ ਨੂੰ ਹੀ ਮ੍ਰਿਗਾਵਲੀ ਦੇ ਵਰਤਾਰੇ ਅਨੁਸਾਰ ਮਨੁੱਖਾਂ ਦੇ ਵੈਸੇ ਹੀ ਸਿਰਤਾਜ ਕਿਹਾ ਜਾਂਦਾ ਸੀ, ਜਿਹਾ ਕਿ ਜੰਗਲੀ ਜਾਨਵਰਾਂ ਵਿਚ ਸ਼ੇਰ। ਜਿਸ ਤਰ੍ਹਾਂ ਸ਼ੇਰ ਦੇ ਪਾੜ ਕੇ ਖਾਧੇ ਹੋਏ ਜਾਨਵਰ ਦਾ ਬਕਾਇਆ ਮਾਸ, ਕੁਤੇ ਪਾੜ ਪਾੜ ਕੇ ਖਾਂਦੇ ਹਨ, ਓਦਾਂ ਹੀ ਜਨਤਾ ਲਈ ਅਜਿਹਾ ਹੁਕਮਰਾਨਾਂ ਦੇ ਮੁਸਾਹਿਬ ਵਰਤੋਂ ਕਰਦੇ ਹਨ। ਬਾਬੇ ਨਾਨਕ ਦੇ ਮੂੰਹੋਂ ਇਹ ਦਸ਼ਾ ਦੇਖ ਕੇ ਹੀ ਨਿਕਲਿਆ ਸੀ—‘ਰਾਜੇ ਸ਼ੀਂਹ ਮੁਕਦਮ ਕੁਤੇ।' ਤਲਵਾਰੀਆਂ ਦਾ ਗਰੋਹ ਇਕੱਠਾ ਕਰ, ਉਹਨਾਂ ਦਾ ਭੈ ਦੇ ਕੇ, ਜਨਤਾ ਉਤੇ ਰਾਜ ਕਰਨ ਵਾਲਾ ਇਬਰਾਹੀਮ ਲੋਧੀ ਜਾ, ਤੇ ਬਾਬਰ ਆ ਰਿਹਾ ਸੀ।

ਇਹ ਦੋ ਭੇਡੂਆਂ ਦਾ ਘੋਲ ਸੀ, ਦੋ ਸ਼ੇਰਾਂ ਦੀ ਲੜਾਈ ਸੀ ਜਿਸ ਕਰਕੇ ‘ਜੋਗੀ ਲੜ ਮੂਏ, ਖੱਪਰ ਦਾ ਨੁਕਸਾਨ' ਦੀ ਅਖ਼ੌਤ ਅਨੁਸਾਰ ਗ਼ਰੀਬ ਜਨਤਾ ਪਿਸ ਰਹੀ ਸੀ। ਜਦੋਂ ਬਾਬਰ ਆਪਣੇ ਸਿਪਾਹੀਆਂ ਦੀ ਫ਼ੌਜ ਲੈ, ਪੰਜਾਬ ਦੇਸ਼ ਨੂੰ ਲੁਟਦਾ-ਮਾਰਦਾ ਦਿੱਲੀ ਵੱਲ ਵਧ ਰਿਹਾ ਸੀ, ਓਦੋਂ ਜਨਤਾ ਦੀ ਹਾਲਤ ਦੇਖ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਿੱਤਰ ਭਾਈ ਲਾਲੋ ਨਾਲ ਵਿਚਾਰ ਕਰਦਿਆਂ ਹੋਇਆਂ ਕਿਹਾ, “ਇਸ ਜੁਗ-ਗਰਦੀ ਵਿਚ ਤਬਾਹੀ ਲਿਆਉਣ ਵਾਲੀਆਂ ਸ਼ਕਤੀਆਂ ਹਿੰਦੂ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ ਕਰ ਰਹੀਆਂ। ਜਿਥੇ ਹਿੰਦੂਆਂ ਦੀਆਂ ਛੋਟੀਆਂ ਵੱਡੀਆਂ ਜਾਤਾਂ ਠਿਕਾਣੇ ਲਗਾਈਆਂ ਜਾ ਰਹੀਆਂ ਹਨ, ਉਥੇ ਮੁਸਲਮਾਨ ਭੀ ਕਸ਼ਟਾਂ ਤੋਂ ਡਰਦੇ ਖ਼ੁਦਾ ਖ਼ੁਦਾ ਕਰ ਰਹੇ ਹਨ।”

ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।

(ਤਿਲੰਗ ਮਹਲਾ ੧, ਪੰਨਾ ੭੨੨)

ਬਾਬੇ ਨੇ ਕਿਹਾ, “ਜੇ ਸਕਤੇ ਸਕਤੇ ਲੜ ਮਰਦੇ ਤਾਂ ਮੈਨੂੰ ਕੋਈ ਰੋਸ ਨਾ ਹੁੰਦਾ, ਪਰ ਏਥੇ ਤਾਂ ਮਾੜਿਆਂ ਵੱਗਾਂ ਨੂੰ ਸ਼ੀਂਹ ਚੀਰ ਰਹੇ ਹਨ, ਖਸਮ ਦੀ ਪੁੱਛ ਹੋ ਸਕਦੀ ਹੈ, ਉਸਨੂੰ ਕੋਈ ਪਰਬੰਧ ਕਰਨਾ ਹੀ ਪਵੇਗਾ।”

ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥
ਸਕਤਾ ਸੀਹੁ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ॥

(ਆਸਾ ਮਹਲਾ ੧, ਪੰਨਾ ੩੬੦)

ਉਹਨਾਂ ਨੇ ਭਾਵੇਂ ਭਾਈ ਤਾਰੇ ਵਰਗੀਆਂ ਨਿਡਰ ਸ਼ਖ਼ਸੀਅਤਾਂ, ਬਾਬਰ ਦੇ ਹੁਕਮ ਨਾਲ ਲੱਗੀ ਅੱਗ ਨਾਲ ਜਲ ਰਹੇ ਲਾਹੌਰ ਨੂੰ ਬੁਝਾਉਣ ਦੀ ਦਲੇਰੀ ਕਰਨ ਵਾਲੀਆਂ ਪੈਦਾ ਕੀਤੀਆਂ, ਪਰ ਵਿਅਕਤੀਆਂ ਦੀ ਹਿੰਮਤ ਨਾਲ ਇਹ ਰਾਜਨੀਤਿਕ ਨਿਜ਼ਾਮ ਬਦਲਿਆ ਨਹੀਂ ਸੀ ਜਾ ਸਕਦਾ। ਇਸ ਹੜ ਨੂੰ ਦਲ ਹੀ ਰੋਕ ਸਕਦੇ ਸਨ। ਦਲ ਬਣਾਉਣ ਲਈ ਢੇਰ ਦਿਨ ਚਾਹੀਦੇ ਸਨ, ਇਹਨਾਂ ਦਿਨਾਂ ਦੀ ਹੀ ਲੋੜ ਨੇ ਦਸ ਜਾਮੇ ਬਣਾਏ।

ਸੱਚ, ਨੇਕੀ, ਸਮਾਨਤਾ ਦਾ ਪ੍ਰਚਾਰ ਜੋ ਸਤਿਗੁਰਾਂ ਨੇ ਸ਼ੁਰੂ ਕੀਤਾ, ਉਹ ਇਸ ਅੰਧੇਰੇ ਜਗਤ ਵਿਚ ਇਕ ਭਾਰਾ ਲੈਂਪ ਜਗਾਣ ਵਾਂਗਰ ਸੀ। ਜਿਸ ਤਰ੍ਹਾਂ ਲੈਂਪ ਵਿਚ ਬੱਤੀ, ਬੱਤੀ ਨੂੰ ਹਵਾ ਦੇ ਝੋਕਿਆਂ ਤੋਂ ਬਚਾਉਣ ਲਈ ਚਿਮਨੀ ਤੇ ਚਿਮਨੀ ਨੂੰ ਠੋਕਰ ਤੋਂ ਸੁਰੱਖਿਅਤ ਕਰਨ ਲਈ ਤਾਰ ਦਾ ਇਕ ਜੰਗਲਾ ਲਗਾਇਆ ਜਾਂਦਾ ਹੈ, ਓਦਾਂ ਹੀ ਸੱਚ ਦੇ ਪ੍ਰਚਾਰ ਲਈ ਗਿਆਨਵਾਨ ਸੰਗਤ, ਮਜ਼ਬੂਤ ਸਮਾਜ ਤੇ ਤੇਜੱਸਵੀ ਰਾਜ-ਪਰਬੰਧ ਦੀ ਲੋੜ ਸੀ। ਧਰਮ ਸੱਚ ਦੇ, ਸਮਾਜ ਸਮਾਨਤਾ ਦੇ, ਤੇ ਰਾਜ ਨਿਆਇ ਦੇ ਆਸਰੇ ਕਾਇਮ ਕਰਨਾ ਸੀ। ਇਸ ਲਈ ਸੰਗਤ ਨੂੰ ਇਹ ਸਮੁੱਚਾ ਸਬਕ ਸਿਖਾਉਂਦਿਆਂ ਹੋਇਆਂ ਖ਼ਾਸ ਖ਼ਾਸ ਜਾਮਿਆਂ ਵਿਚ ਖ਼ਾਸ ਗੱਲਾਂ ਵੱਲ ਧਿਆਨ ਦਿਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭ ਕਰ, ਮਨੁੱਖੀ ਜਾਮੇ ਦੀ ਉਮਰ ਦੇ ਅੰਤ 'ਤੇ ਬਾਕੀ ਕੰਮ ਗੁਰੂ ਅੰਗਦ ਜੀ ਨੂੰ ਸੌਂਪਿਆ, ਪਰ ਇਹ ਸੌਂਪਣਾ ਸਾਧਾਰਨ ਨਹੀਂ ਸੀ ਸਗੋਂ ਦੀਪਕ ਤੋਂ ਦੀਪਕ ਬਾਲਿਆ:

ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥

(ਰਾਮਕਲੀ ਮ: ੧, ਪੰਨਾ ੯੦੭)

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇਹ ਦੂਸਰੀ ਸੀ, ਉਸਦਾ ਨਾਮ ਭੀ ‘ਲਹਿਣਾ’ ਸੀ। ਅੰਗਦ ਨਾਨਕ ਦੇ ਅੰਦਰਲੇ ਦਾ ਅੰਗ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ: ਗੁਰੂਆਂ ਦਾ ਗੁਰੂ, ਗੁਰੂ ਨਾਨਕ ਦੇਵ ਸਹਿਜ ਰੂਪ ਹੋ ਸਮਾਇਆ:

ਸਤਿਗੁਰ ਨਾਨਕ ਦੇਉ ਗੁਰਾ ਗੁਰ ਹੋਇਆ।
ਅੰਗਦੁ ਅਲਖੁ ਅਭੇਉ ਸਹਿਜ ਸਮੋਇਆ॥

(ਭਾਈ ਗੁਰਦਾਸ, ਵਾਰ ੩, ਪਉੜੀ ੧੨)

ਲਹਿਣੇ ਨੇ ਅੰਗਦ ਬਣ ਆਪਣਾ ਫ਼ਰਜ਼ ਸੰਭਾਲ ਲਿਆ। ਬਾਬੇ ਨਾਨਕ ਜੀ ਵਾਲੀ ਸਾਰੀ ਮਰਯਾਦਾ ਕਾਇਮ ਰਖ ਅਗਾਂਹ ਤੋਰੀ, ਪਰ ਸੰਗਤ ਨੂੰ ਉਚੇਰਿਆਂ ਕਰਨ ਲਈ ਇਕ ਖ਼ਾਸ ਅੰਗ ਨੂੰ ਮੁੱਖ ਰਖ ਲਿਆ ਤੇ ਉਹ ਸੀ ਮਨੁੱਖ ਨੂੰ ਆਪਣੀ ਬੋਲੀ ਵਿਚ ਉੱਚੇ ਤੋਂ ਉੱਚਾ ਗਿਆਨ ਲੈਣ ਦੇ ਯੋਗ ਬਣਾਣਾ। ਇਹ ਇਕ ਜਗਤ ਪ੍ਰਸਿਧ ਸਚਾਈ ਹੈ ਕਿ ਮਨੁੱਖ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਉੱਚੇ ਤੋਂ ਉੱਚਾ ਗਿਆਨ ਆਪਣੀ ਮਾਤ-ਭਾਸ਼ਾ ਵਿਚ ਹੀ ਲੈ ਸਕਦਾ ਹੈ। ਸੋ ਸਤਿਗੁਰਾਂ ਨੇ ਦੂਸਰੇ ਜਾਮੇ ਵਿਚ ਸਿੱਖ ਸੰਗਤ ਦੀ ਇਸ ਉਸਾਰੀ ਵੱਲ ਉਚੇਚਾ ਧਿਆਨ ਦਿੱਤਾ। ਗੁਰਮੁਖੀ ਲਿੱਪੀ ਪ੍ਰਚਲਿਤ ਕਰ ਪੰਜਾਬੀ ਸਿੱਖਾਂ ਵਿਚ ਪੰਜਾਬੀ ਦੇ ਰਾਹੀਂ ਹੀ ਗਿਆਨ ਪ੍ਰਾਪਤੀ ਦਾ ਸਾਧਨ ਕਾਇਮ ਕਰ, ਜਗਤ ਨੂੰ ਦਰਸਾਇਆ ਕਿ ਮਨੁੱਖ ਨੂੰ ਆਪਣੀ ਹੀ ਮਾਤ-ਭਾਸ਼ਾ ਦੇ ਰਾਹੀਂ ਉੱਚੇ ਤੋਂ ਉੱਚਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਤੀਸਰਾ ਜਾਮਾ ਧਾਰ ਸ੍ਰੀ ਗੁਰੂ ਅਮਰਦਾਸ ਸਦਵਾ ਲੰਗਰ 'ਤੇ ਵਧੇਰਾ ਤਾਣ ਲਾਇਆ। ਸਭ ਨੂੰ ਇਕ ਪੰਗਤ ਵਿਚ ਇਕੱਠੇ ਖੁਆਣ ਨਾਲ ਬ੍ਰਾਹਮਣ ਦੀ ਕਾਇਮ ਕੀਤੀ ਹੋਈ ਜ਼ਾਤ-ਪਾਤ ਤੇ ਛੂਤ-ਛਾਤ ਦਾ ਵਿਤਕਰਾ ਉਡਾਇਆ। ਲੋਕ-ਪਿਆਰ ਦੀ ਇਸ ਪਾਵਨ ਮਰਯਾਦਾ ਨੂੰ ਪ੍ਰਚਲਿਤ ਹੁੰਦਾ ਦੇਖ ਬ੍ਰਾਹਮਣ ਇਤਨਾ ਘਬਰਾ ਉਠਿਆ ਕਿ ਉਸਨੇ ਅਕਬਰ ਦੇ ਦਰਬਾਰ ਵਿਚ ਜਾ ਸ਼ਿਕਾਇਤ ਕੀਤੀ। ਜਦ ਅਕਬਰ ਨੇ ਕੋਈ ਕਦਮ ਉਠਾਣ ਤੋਂ ਪਹਿਲਾਂ ਆਪਣੇ ਅੱਖੀਂ ਗੁਰੂ ਦੀ ਮਰਯਾਦਾ ਦੇਖਣ ਦਾ ਇਰਾਦਾ ਕੀਤਾ ਤੇ ਗੋਇੰਦਵਾਲ ਪੁੱਜਾ ਤਾਂ ਸਤਿਗੁਰਾਂ ਨੇ ਉਸਨੂੰ ਵੀ ਫਟੇ ਪੁਰਾਣੇ ਕਪੜਿਆਂ ਵਾਲੇ ਗ਼ਰੀਬ ਕੰਗਾਲ ਲੋਕਾਂ ਵਿਚ ਬੈਠ ਕੇ ਪ੍ਰਸ਼ਾਦ ਛਕਣ ਲਈ ਮਜਬੂਰ ਕੀਤਾ ਤੇ ਇਸ ਤਰ੍ਹਾਂ ਉਸ ਨੂੰ ਰਾਜਾ ਪਰਜਾ ਦੀ ਵਿਤਕਰੇ ਭਰੀ ਵਰਤੋਂ ਤੋਂ ਉਤਾਂਹ ਚੁੱਕ, ਮਨੁੱਖੀ ਸਮਾਨਤਾ ਦੀ ਪਿਆਰ-ਭਰੀ ਝਲਕ ਦਿਖਾਈ। ਇਸ ਜਾਮੇ ਵਿਚ ਹੀ ਪ੍ਰਚਾਰ ਨੂੰ ਵੱਡੇ ਪੈਮਾਨੇ 'ਤੇ ਕਰਨ ਲਈ ਮਰਦ ਪ੍ਰਚਾਰਕਾਂ ਦੀਆਂ ਮੰਜੀਆਂ ਤੇ ਇਸਤਰੀ ਪ੍ਰਚਾਰਕਾਂ ਦੇ ਪੀੜ੍ਹੇ ਕਾਇਮ ਕੀਤੇ। ਚੌਥੇ ਜਾਮੇ ਵਿਚ ਸਿਖੀ ਨੂੰ ਧਾਰਨ ਕਰ ਚੁਕੇ, ਸਮਾਜ ਦੀਆਂ ਪੁਰਾਤਨ ਜ਼ੰਜੀਰਾਂ ਨੂੰ ਤੋੜ ਆਏ ਲੋਕਾਂ ਦਾ ਕੇਂਦਰੀ ਇਕੱਠ ਕਾਇਮ ਕਰਨ ਲਈ ਬਸਤੀ ਵਸਾਈ, ਜੋ ਅੱਜ ਵੀ ਸ਼ਹਿਰ ਅੰਮ੍ਰਿਤਸਰ ਰੂਪ ਵਿਚ ਸਿੱਖ ਕੌਮ ਦੀਆਂ ਸਾਰੀਆਂ ਪੰਥਕ ਸਰਗਰਮੀਆਂ ਦਾ ਕੇਂਦਰੀ ਅਸਥਾਨ ਹੈ।

ਪੰਜਵੇਂ ਰੂਪ ਵਿਚ ਜਿਥੇ ਲੋਕ ਭਲਾਈ ਦੇ ਸਾਂਝੇ ਕੰਮ ਮੰਦਰ, ਲੰਗਰ, ਹਸਪਤਾਲ, ਤਾਲਾਬ, ਨਗਰ ਕਾਇਮ ਰਖੇ ਤੇ ਹੋਰ ਵਸਾਏ, ਉਥੇ ਬਾਦਸ਼ਾਹ ਨੂੰ ਪ੍ਰੇਰ ਕਹਿਤਸਾਲੀ ਸਮੇਂ ਗ਼ਰੀਬ ਕਿਸਾਨਾਂ ਦਾ ਮਾਮਲਾ ਮਾਫ਼ ਕਰਾ, ਗ਼ਰੀਬ ਕਿਸਾਨਾਂ ਦੀ ਸੇਵਾ ਦਾ ਰਿਵਾਜ ਚਲਾਇਆ। ਸੱਚਾਈ ਆਪਣੀਆਂ ਚਮਕਾਂ ਕਰਕੇ ਹੀ ਚਮਕਦੀ ਹੈ, ਕਿਸੇ ਦਾ ਵਿਰਸਾ ਹੋਣ ਕਰਕੇ ਨਹੀਂ, ਉਹ ਕਿਸੇ ਮਤ, ਸਮਾਜ ਜਾਂ ਸ਼੍ਰੇਣੀ ਦੀ ਮਲਕੀਅਤ ਨਹੀਂ, ਉਹ ਈਸ਼ਵਰ ਦੀ ਕਿਰਨ ਤੋਂ ਪ੍ਰਗਟਦੀ ਹੈ ਜੋ ਮਹਾਂਪੁਰਸ਼ਾਂ ਦੇ ਸੁਵੱਛ ਮਨ 'ਤੇ ਪੈ ਚਮਕ ਦੇਂਦੀ ਹੈ। ਇਸ ਸੱਚਾਈ ਨੂੰ ਪੰਜਵੇਂ ਜਾਮੇਂ ਵਿਚ ਦ੍ਰਿੜ੍ਹ ਕਰਾਂਦਿਆ ਹੋਇਆਂ ਆਪਣੇ ਪਿਛਲਿਆਂ ਚੌਹਾਂ ਜਾਮਿਆਂ ਵਿਚ ਉਚਾਰੀ ਹੋਈ ਬਾਣੀ ਨੂੰ ਇਕੱਠਾ ਕਰ ਕੇ ਨਾਲ ਹੀ ਸ਼ੇਖ਼ ਫ਼ਰੀਦ, ਭਗਤ ਕਬੀਰ, ਭਗਤ ਨਾਮਦੇਵ, ਭਗਤ ਤ੍ਰਿਲੋਚਨ, ਭਗਤ ਪੀਪਾ, ਭਗਤ ਸਧਨਾ ਤੇ ਹੋਰ ਸੰਤਾਂ ਦੀ ਬਾਣੀ ਜੋ ਤੀਸਰੇ ਜਾਮੇ ਤੋਂ ਇਕੱਠੀ ਕਰ ਰਹੇ ਸਨ, ਉਸਨੂੰ ਇਕ ਥਾਂ ਇਕੱਠਿਆਂ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹੀ। ਹਰੀ ਦੇ ਕੀਰਤਨ ਨੂੰ ਜਨਤਾ ਵਿਚ ਵਧੇਰੇ ਰਿਵਾਜ ਦੇਣ ਲਈ ਸਿੱਖਾਂ ਵਿਚ ਸੰਗੀਤ ਵਿੱਦਿਆ ਦਾ ਪ੍ਰਚਾਰ ਕੀਤਾ ਤੇ ਇਕ ਸਰੰਦਾ ਬਣਾ ਕੇ ਸਾਜ਼ਾਂ ਵਿਚ ਵਾਧਾ ਕੀਤਾ ਤੇ ਆਖ਼ਰ ਸੱਚਾਈ ਦੇ ਵਿਰੋਧੀਆਂ ਦੀ ਬਹਿਕਾਈ ਹੋਈ ਹਕੂਮਤ ਨੂੰ ਸੱਚ ਸੁਣਾਂਦਿਆਂ ਹੋਇਆਂ ਸੰਸਾਰ ਦੇ ਸਭ ਤੋਂ ਵੱਡੇ ਕਸ਼ਟ ਸਹੇ। ਅਖ਼ੀਰ ਸ਼ਹੀਦੀ ਪਾਉਂਦਿਆਂ ਹੋਇਆਂ ਮਨੁੱਖਾਂ ਨੂੰ ਮਰਦਾਂ ਦਾ ਮਰਨ ਸਿਖਾਇਆ।

ਛੇਵੇਂ ਜਾਮੇ ਵਿਚ ਹਕੂਮਤ ਦੀ ਧਰਮ ਵਿਚ ਨਾਜਾਇਜ਼ ਦਖ਼ਲ-ਅੰਦਾਜ਼ੀ ਨੂੰ ਸ਼ਸਤਰਾਂ ਨਾਲ ਰੋਕਣ ਦੀ ਰੀਤ ਚਲਾਈ, ਜਿਸ ਹਕੂਮਤ ਨੂੰ ਪੰਜਵੇਂ ਜਾਮੇ ਵਿਚ ਚੁੱਪ, ਸ਼ਾਂਤ, ਅਡੋਲ ਤੱਤੀਆਂ ਤਵੀਆਂ 'ਤੇ ਬਹਿ ਆਪਣੀ ਸੱਚਾਈ ਦਾ ਸਬੂਤ ਦਿੱਤਾ ਸੀ, ਉਸ ਪਸ਼ੂ-ਬਲ ਦੇ ਮਦ ਵਿਚ ਪਾਗਲ ਹੋਈ ਹਕੂਮਤ ਨੂੰ ਪਾਗਲ ਪਸ਼ੂਆਂ ਵਾਂਗ ਸ਼ਸਤਰਾਂ ਨਾਲ ਰੋਕਿਆ ਗਿਆ। ਧਰਮਰਾਜ ਦੀ ਪੂਜਾ ਖੜੀ ਕਰ ਤੇ ਸ੍ਰੀ ਅਕਾਲ ਤਖ਼ਤ ਕਾਇਮ ਕਰ, ਧਰਮ ਬੀਰਾਂ ਦੀ ਜਮਾਤ ਆਤਮਵੇਤਾ ਮਨੁੱਖਾਂ ਵਿਚੋਂ ਖੜੀ ਕੀਤੀ।

ਇਸ ਖ਼ਿਆਲ ਨਾਲ ਕਿ ਧਰਮ ਬਲ ਸਹਿਤ ਸ਼ਸਤਰ ਚਲਾਣ ਕਰਕੇ, ਰੋਜ਼ ਰੋਜ਼ ਦੀਆਂ ਜਿੱਤਾਂ ਕਿਤੇ ਸਿੱਖ ਸਿਪਾਹੀਆਂ ਵਿਚ ਬਦਮਸਤੀ ਨਾ ਪੈਦਾ ਕਰ ਦੇਣ ਤੇ ਉਹ ਮਰਯਾਦਾ ਤੋਂ ਥਿੜਕ ਜਾਣ, ਸੰਤ ਸਿਪਾਹੀਆਂ ਦੀ ਮਰਯਾਦਾ ਸਿਖਾਉਣ ਲਈ ਸਤਵਾ ਜਾਮਾ ਧਾਰਨ ਕੀਤਾ। ਸ਼ਸਤਰਧਾਰੀ ਹੁੰਦਿਆਂ ਹੋਇਆਂ ਵੀ ਇਹ ਹੁਕਮ ਮਿਲਣ 'ਤੇ ਕਿ ਸ਼ਸਤਰ ਨਹੀਂ ਕੱਢਣਾ, ਵੱਡੇ ਤੋਂ ਵੱਡਾ ਇਮਤਿਹਾਨ ਆਉਣ 'ਤੇ ਵੀ ਸ਼ਸਤਰ ਖਿੱਚ, ਮਰਯਾਦਾ ਤੋੜਨ ਦੀ ਭੁੱਲ ਤੋਂ ਬਚਣ ਦਾ ਸੁਭਾਅ ਦ੍ਰਿੜ੍ਹ ਕਰਾਇਆ।

ਇਕ ਸਚਿਆਰ ਬਾਲਗ਼ ਅਵਸਥਾ ਦਾ ਹੋਣ 'ਤੇ ਵੀ ਕਿਸ ਤਰ੍ਹਾਂ ਇਕ ਜਾਬਰ ਸ਼ਹਿਨਸ਼ਾਹ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਸਕਦਾ ਹੈ, ਇਸਦਾ ਪ੍ਰਮਾਣ ਦਰਸਾਣ ਲਈ ਅਠਵਾਂ ਜਾਮਾ ਲਿਆ।

ਆਪਣੀ ਸੰਗਤ ਤੋਂ ਬਿਨਾਂ ਜਗਤ ਦੀ ਕਿਸੇ ਹੋਰ ਸ਼੍ਰੇਣੀ ਦੀ ਨਿਰਬਲਤਾ ਨੂੰ ਤੱਕ, ਜੇ ਕੋਈ ਜਾਬਰ ਹਾਕਮ ਉਹਨਾਂ ਤੋਂ ਆਪਣੀ ਈਨ ਮਨਵਾਣਾ ਚਾਹੇ, ਤਾਂ ਉਸਦੇ ਸਾਹਮਣੇ ਕਿਸ ਤਰ੍ਹਾਂ ਜਾ ਡਟੀਦਾ ਹੈ, ਕਿਸੇ ਦੀ ਬਾਂਹ ਫੜ ਕੇ ਉਸ ਨਾਲ ਕਿਸ ਤਰ੍ਹਾਂ ਤੋੜ ਨਿਭਾਈਦੀ ਹੈ। ਕਿਸੇ ਮਾੜੇ ਦੀ ਮਦਦ ਕਰਨ ਲਗਿਆਂ ਇਹ ਨਹੀਂ ਦੇਖੀਦਾ ਕਿ ਉਸ ਦਾ ਮਜ਼ਹਬ ਕੀ ਹੈ, ਤੇ ਧਾਰਮਕ ਚਿੰਨ੍ਹ ਕੀ ਹਨ। ਮਹਾਂ ਬਲੀ ਸੈਨਾ ਦੇ ਮਾਲਕ ਬਾਦਸ਼ਾਹ ਦੇ ਸਾਹਮਣੇ ਮਜ਼ਲੂਮਾਂ ਦੇ ਹੱਕ ਵਿਚ ਅਵਾਜ਼ ਉਠਾ ਕੇ ਆਪਣੇ ਸੀਸ ਤਕ ਦੀ ਬਲੀ ਕਿਸ ਤਰ੍ਹਾਂ ਦੇ ਦੇਈਦੀ ਹੈ, ਇਹ ਸਬਕ ਸਿਖਾਉਣ ਲਈ ਨੌਵੇਂ ਤਨ ਵਿਚ ਪ੍ਰਵੇਸ਼ ਕੀਤਾ।

ਚੰਗਾ ਕਲਾਕਾਰ ਉਹੀ ਹੈ ਜੋ ਧਰਤੀ 'ਤੇ ਖਿੰਡੀ ਪਈ ਸੁੰਦਰਤਾ ਨੂੰ ਚੁਣ ਚੁਣ ਤਰਤੀਬ ਵਿਚ ਲਗਾ ਸੁੰਦਰ ਚਿੱਤਰ ਪੈਦਾ ਕਰ ਦੇਂਦਾ ਹੈ। ਅਵਾਜ਼ ਦੀ ਮਧੁਰਤਾ ਵਿਚੋਂ ਸੁਰਾਂ ਨੂੰ ਤਰਤੀਬ ਤੇ ਨਗ਼ਮੇ-ਰੰਗਾਂ ਦੇ ਮਿਲਾਪ ਤੋਂ ਤਸਵੀਰ ਤੇ ਚਲਨ ਦੀਆਂ ਖ਼ੂਬਸੂਰਤੀਆਂ ਨੂੰ ਜੋੜ ਪੰਥ ਬਣਾਇਆ ਜਾਂਦਾ ਹੈ। ਪਿਛਲੇ ਨੌਵਾਂ ਜਾਮਿਆਂ ਵਿਚ ਮੁਨੱਖ-ਮਨ 'ਤੇ ਜੋ ਸ਼ੁਭ ਗੁਣਾਂ ਦੀ ਵਰਖਾ ਕੀਤੀ ਸੀ, ਹੁਣ ਆਖ਼ਰੀ ਦਸਵੇਂ ਜਾਮੇ ਵਿਚ ਪਿਛਲੇ ਸਾਰੇ ਕੰਮ 'ਤੇ ਨਿਗਾਹ ਮਾਰ ਕੇ ਉਸ ਨੂੰ ਤਰਤੀਬ ਦੇ ਪੰਥ ਸਾਜਿਆ ਗਿਆ। ਬੱਸ ਐਨਾ ਹੀ ਕੰਮ ਸੀ। ਪੰਥ, ਜਾਗੀ ਹੋਈ ਮਨੁੱਖਤਾ ਦਾ ਜੀਵਨ-ਸ਼ਾਹ-ਰਾਹ ਸੀ। ਮਜ਼ਹਬਾਂ ਦੀਆਂ ਮਨੌਤਾਂ, ਸਮਾਜ ਦੀਆਂ ਜ਼ੰਜੀਰਾਂ, ਹਕੂਮਤ ਦੀਆਂ ਧਮਕੀਆਂ ਤੋਂ ਇਕੱਠ ਬੇਪਰਵਾਹ ਸੀ। ਜਦ ਜੀਵਨ ਜੁਗਤੀ ਨੂੰ ਸਮਝ ਚੁੱਕੇ ਸਿੱਖਾਂ ਦੀ ਸੰਗਤ ਕਾਇਮ ਹੋ ਗਈ, ਭਾਈਚਾਰਾ ਬਣ ਗਿਆ, ਧਰਮ ਰਾਜ ਦੀ ਸਥਾਪਨਾ ਸ਼ੁਰੂ ਹੋ ਗਈ ਤਾਂ ਹੋਰ ਜਾਮਾ ਧਾਰਨ ਦੀ ਕੋਈ ਲੋੜ ਨਾ ਰਹੀ।

ਪਿਛਲੀ ਵਿਚਾਰ ਤੋਂ ਇਹ ਸਾਫ਼ ਸਿੱਧ ਹੈ ਕਿ ਜਗਤ-ਕਰਤਾ ਪਰਮੇਸ਼੍ਵਰ ਨੇ ਸੰਸਾਰ ਦੀ ਚਾਲ ਸਹੀ ਰਾਹ 'ਤੇ ਪਾਉਣ ਲਈ ਆਪਣੀ ਜੋਤੀ ਦੀ ਗੁਰ-ਕਿਰਨ ਜਦ ਨਾਨਕ ਨਾਮ ਦੇ ਮਨੁੱਖ ਵਿਚ ਪਾਈ ਤਾਂ ਉਹ ਗੁਰੂ ਨਾਨਕ ਦੇਵ ਕਹਿਲਾਇਆ। ਇਹ ਦੋਹਾਂ ਦਾ ਇਕੱਠ ਸੀ, ਨਾਨਕ ਮਨੁੱਖ ਤੇ ਗੁਰ ਪਰਮੇਸ਼੍ਵਰ। ਜਗਤ ਉੱਧਾਰ ਦਾ ਕੰਮ ਵਡੇਰਾ ਹੋਣ ਕਰਕੇ ਕੰਮ ਕਰਨ ਦੀ ਢੇਰ ਚਿਰ ਲੋੜ ਸੀ, ਜਿਸ ਕਰਕੇ ਜੋਤ ਨੂੰ ਦਸ ਜਾਮੇ ਧਾਰਨ ਕਰਨੇ ਪਏ। ਇਹ ਦਸ ਗਿਣਤੀ ਸੀ ਸਰੀਰਾਂ ਦੀ, ਪਰ ਗੁਰੂ ਇਕੋ ਸੀ, ਉਹ ਸੀ ਜੋਤ-ਸਰੂਪ। ਪੰਨਾ

ਰਹਿਤ ਦਾਤਾ

ਪੰਦਰ੍ਹਵੀਂ ਸਦੀ ਵਿਚ ਜੋ ਪੈਗ਼ਾਮ ਮਨੁੱਖ ਜਾਤੀ ਨੂੰ ਸੁਲਤਾਨਪੁਰ ਦੀ ਜੂਹ ਵਿਚ ਬਹਿ ਕੇ ਜੀਵਨ ਦਾਤਾ ਜੀ ਨੇ ਇਕ ਅਰਸ਼ੀ ਗੀਤ ਵਿਚ ਗਾ ਕੇ ਸੁਣਾਇਆ ਸੀ, ਉਸ ਦੀ ਅਸਥਾਈ, ਜੋ ਬਾਰ ਬਾਰ ਦੁਹਰਾਈ ਗਈ ਏਹ ਸੀ:

ਹਰਿ ਬਿਨੁ ਜੀਉ ਜਲਿ ਬਲਿ ਜਾਉ॥

ਜੀਉ ਹਰੀ ਤੋਂ ਬਿਨਾਂ ਜਲ ਜਾਵੇਗਾ, ਇਸ ਲਈ ਇਸ ਨੂੰ ਹਰਿਆ ਭਰਿਆ ਰੱਖਣ ਲਈ ਹਰਿ ਨਾਮ ਦੀ ਸੰਚਣ ਅਤਿ ਜ਼ਰੂਰੀ ਹੈ। ਇਸ ਨੂੰ ਨਾ ਭੁੱਲਣਾ। ਹੋਰ ਕੋਈ ਦੂਜੀ ਥਾਂ ਨਹੀਂ ਹੈ। ਦੇਖਣਾ! ਮੋਤੀਆਂ ਦੇ ਮੰਦਰ, ਖ਼ੂਬਸੂਰਤ ਅਪੱਛਰਾਂ, ਰਾਜ ਮਦ ਤੇ ਰਿਧੀਆਂ ਸਿਧੀਆਂ ਆ ਆ ਕੇ ਭਰਮਾਣਗੀਆਂ, ਪਰ ਇਹਨਾਂ ਨੂੰ ਦੇਖ ਕੇ ਹਰੀ ਨੂੰ ਨਾ ਭੁੱਲ ਜਾਣਾ।

ਜੀਵਨ ਜੁਗਤੀ ਦੇ ਇਸ ਸੱਚੇ ਸੰਦੇਸ਼ ਨੂੰ ਖ਼ਲਕਤ ਨੇ ਸੁਣਿਆ, ਭਾਗਾਂ ਵਾਲਿਆਂ ਨੇ ਮਨ ਵਿਚ ਵਸਾਇਆ, ਜਿਨ੍ਹਾਂ 'ਤੇ ਬਖ਼ਸ਼ਿਸ਼ ਹੋਈ ਉਹ ਤੋੜ ਚੜ੍ਹੇ। ਦੋ ਸਦੀਆਂ ਤਕ ਇਸ ਦਾ ਅਭਿਆਸ ਹੁੰਦਾ ਰਿਹਾ। ਹੁਣ ਸੰਥਾ, ਵਿਦਿਆਰਥੀ ਨੂੰ ਦ੍ਰਿੜ ਹੋ ਗਈ ਸੀ, ਉਹ ਇਸ ਦੇ ਤੱਤ ਨੂੰ ਸਮਝ ਗਿਆ ਸੀ ਤੇ ਇਸ 'ਤੇ ਈਮਾਨ ਲੈ ਆਇਆ ਸੀ। ਉਸਨੂੰ ਜੀਅ ਦੇ ਜੀਵਨ ਦੀ ਸਮਝ ਆ ਗਈ ਸੀ ਤੇ ਇਸ ਜੀਵਨ ਵਿਚ ਜੀਵਣ ਲਈ ਤੱਤਪਰ ਸੀ। ਜੀਵਨ ਜੁਗਤੀ ਨੂੰ ਇਸ ਕੁਠਾਲੀ ਵਿਚ ਢਾਲਣ ਦਾ ਸਮਾਂ ਆ ਪੁੱਜਾ ਸੀ।

ਹੇਮਕੁੰਟ ਪਰਬਤ ਦੀ ਸਪਤ ਸ੍ਰਿੰਗ ਚੋਟੀ ਤੋਂ ਇਕ ਪੁੱਗੀ ਹੋਈ ਰੂਹ ਕੁਲ-ਮਾਲਕ ਨੇ ਆਪਣੇ ਦਰਬਾਰ ਸੱਦੀ ਤੇ ਕਿਹਾ, “ਮਾਤ ਲੋਕ ਜਾਓ, ਧਾਤੂ ਤੇ ਕੁਠਾਲੀ ਤਿਆਰ ਹੈ। ਰੂਹਾਨੀ ਜੀਵਨ ਦੇ ਪੁਤਲੇ ਤਿਆਰ ਕਰੋ। ਇਕ ਰੰਗਣ ਵਿਚ ਰੰਗੋ ਤੇ ਸ਼ਖ਼ਸੀ ਚਲਨ ਨੂੰ ਜਮਾਤੀ ਬਣਾ ਦਿਉ। ਸਾਦਕਾਂ ਦੀ ਜਮਾਤ ਤਿਆਰ ਕਰੋ ਤੇ ਪ੍ਰੇਮ ਦਾ ਪੰਥ ਤਿਆਰ ਕਰੋ।”

ਸੱਚਖੰਡ ਦੇ ਅਲੌਕਿਕ ਰਸ ਦੇ ਸੁਆਦ ਵਿਚੋਂ ਆਉਣ ਨੂੰ ਕਿਸ ਦਾ ਚਿਤ ਕਰਦਾ ਸੀ, ਪਰ ਹੁਕਮ ਅੱਗੇ ਸਦਾ ਸਿਰ ਝੁਕਾਣਾ ਹੀ ਬਣਿਆ ਹੈ। ਆਗਿਆ ਪਾ, ਥੱਲੇ ਮਾਤ ਲੋਕ ਵਿਚ ਉਤਰੇ, ਸ੍ਰੀ ਪਟਨੇ ਪ੍ਰਕਾਸ਼ ਹੋਇਆ, ਨਗਾਰਿਆਂ 'ਤੇ ਚੋਟਾਂ ਪਾਈਆਂ, ਅਤੇ ਸਾਜ਼ਾਂ ਦੀ ਧੁਨੀ ਵਿਚ ਆਪਣੇ ਆਉਣ ਦਾ ਉਦੇਸ਼ ਖ਼ਲਕਤ ਨੂੰ ਸੁਣਾਇਆ:

ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥

ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥੪੩॥

(ਬਚਿਤ੍ਰ ਨਾਟਕ, ਪਾ: ੧੦)

ਸੱਚੇ ਪਾਤਸ਼ਾਹ ਜੀ ਦਾ ਸ਼ਾਹੀ ਫ਼ੁਰਮਾਨ ਸੁਭਾਗ ਸਿੱਖਾਂ ਨੇ ਸੁਣਿਆ ਤੇ ਪੁੱਛਿਆ, “ਧਰਮ ਕੀ ਹੈ?” ਤਾਂ ਸ੍ਰੀ ਮੁੱਖ ਤੋਂ ਉੱਤਰ ਮਿਲਿਆ, “ਜੋ ਅੱਜ ਤੋਂ ਦੋ ਸਦੀਆਂ ਪਹਿਲਾਂ ਦੱਸਿਆ ਗਿਆ ਸੀ।”

ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ॥
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥


ਚੌਪਈ॥ ਤਿਨ ਇਹ ਕਲ ਮੋ ਧਰਮੁ ਚਲਾਯੋ॥

ਸਭ ਸਾਧਨ ਕੋ ਰਾਹੁ ਬਤਾਯੋ॥

(ਬਚਿਤ੍ਰ ਨਾਟਕ, ਪਾ: ੧੦)

ਧਰਮ ਸਤਿਗੁਰ ਨਾਨਕ ਨੇ ਦੱਸਿਆ ਹੈ, ਸੰਗਤ ਨੇ ਸੁਣਿਆ ਤੇ ਮੰਨਿਆ ਹੈ, ਹੁਣ ਉਸ ਧਰਮ ਦਾ ਪੰਥ ਚਲਾਇਆ ਜਾਵੇਗਾ। ਦਿਲਾਂ ਦੀਆਂ ਪੱਟੀਆਂ 'ਤੇ ਪੂਰਨੇ ਪੈਣਗੇ ਤੇ ਸਾਧੂ ਉਹਨਾਂ 'ਤੇ ਚੱਲ ਕੇ ਧਰਮ ਦ੍ਰਿੜ੍ਹ ਕਰਨਗੇ। ਧਰਮ ਜੀਅ ਦੇ ਜੀਵਨ ਨੂੰ ਸੰਭਾਲਣਾ ਸੀ, ਪਰ ਮੰਦਿਆਂ ਭਾਗਾਂ ਨੂੰ ਮਨੁੱਖ ਚਿਰਾਂ ਤੋਂ ਤਨ ਦੇ ਜਾਂ ਮਨ ਦੇ ਜੀਵਨ ਵਿਚ ਜੀਊਂਦਾ ਸੀ, ਖਾਣਾ ਪੀਣਾ ਤੇ ਸੰਤਾਨ ਪੈਦਾ ਕਰਨਾ, ਤਨ ਦਾ ਜੀਵਨ ਅਤੇ ਕਥਾ ਵਾਰਤਾ, ਗਿਆਨ ਧਿਆਨ ਦਾ ਪਠਨ ਪਾਠਨ ਮਾਨਸਕ ਜੀਵਨ ਸੀ, ਸੰਸਾਰ ਇਹਦੇ ਵਿਚ ਬੱਝ ਰਿਹਾ ਸੀ। ਬਾਬੇ ਨੇ ਆਣ ਕੇ ਜੀਅ ਦਾ ਜੀਵਨ ਦੱਸਿਆ। ਪਰ ਨਿਸ਼ਾਨੇ ਹੋਰ ਗੱਲ ਤੇ ਸਾਧਨ ਹੋਰ ਗੱਲ ਹੁੰਦੀ ਹੈ। ਸਾਧਨ ਤੋਂ ਬਿਨਾਂ ਨਿਸ਼ਾਨੇ 'ਤੇ ਨਹੀਂ ਪੁੱਜਿਆ ਜਾਂਦਾ, ਸਾਧਨ ਦੀ ਰਹਿਣੀ ਰਹਿਣ ਵਾਲੇ ਹੀ ਅੱਪੜ ਸਕਦੇ ਹਨ। ਸੋ ਹੁਣ ਨਿਸ਼ਾਨੇ 'ਤੇ ਲੈ ਜਾਣ ਦਾ ਸਾਧਨ, ਜੀਵਨ ਵਿਚ ਬਿਆਨ ਕੀਤਾ ਗਿਆ।

ਅਨੰਦਪੁਰ ਦੀਆਂ ਉੱਚੀਆਂ ਘਾਟੀਆਂ 'ਤੇ ਉੱਚੇ ਭਾਗਾਂ ਵਾਲੇ ਗੁਰਸਿੱਖਾਂ ਦਾ ਦੀਵਾਨ ਸਜ ਰਿਹਾ ਸੀ। ਉੱਚ ਦਮਾਲੇ ਵਾਲੇ ਉੱਚੇ ਸ਼ਹਿਨਸ਼ਾਹ ਕਲਗੀਆਂ ਵਾਲੇ ਨੇ ਸ੍ਰੀ ਸਾਹਿਬ ਸੰਭਾਲ ਉੱਚੀ ਅਵਾਜ਼ ਵਿਚ ਕਿਹਾ, “ਕੋਈ ਹੈ, ਜੋ ਸਰੀਰ ਤੇ ਮਨ ਦੇ ਜੀਵਨ ਤੋਂ ਉਤਾਂਹ ਚੜ੍ਹਿਆ ਹੋਵੇ? ਉੱਠੇ, ਜੁ ਮੈਂ ਉਸਦਾ ਠੀਕਰਾ ਆਪਣੀ ਤਲਵਾਰ ਨਾਲ ਤੋੜ ਦਿਆਂ।” ਇਕ ਉਠਿਆ, ਫਿਰ ਦੂਜਾ, ਤੀਜਾ, ਚੌਥਾ। ਜਦ ਪੰਜਵਾਂ ਵੀ ਉੱਠ ਖੜੋਤਾ ਤਾਂ ਫ਼ੁਰਮਾਣ ਲੱਗੇ, “ਬਸ! ਜਿਥੇ ਪੰਜ ਹਨ ਉਥੇ ਸਭ ਕੁਝ ਹੈ।” ‘ਪੰਜੀਂ ਪਰਮੇਸ਼ਰ' ਭਾਈ ਗੁਰਦਾਸ ਜੀ ਨੇ ਕਿਹਾ ਸੀ। ਹੁਕਮ ਹੋਇਆ, ਹੇਠਲੇ ਮੰਡਲਾਂ ਨੂੰ ਤਿਆਗ ਆਏ ਤੁਸੀਂ, ਜੀਵਨ ਦੇਸ਼ ਦੇ ਵਾਸੀ, ਮੇਰੇ ਹਮ ਸ਼ਹਿਰੀ ਮੀਤ ਹੋ, ਮੈਂ ਤੁਹਾਨੂੰ ਆਪਣੇ ‘ਪਿਆਰੇ’ ਕਹਿੰਦਾ ਹਾਂ। ਅੱਜ ਤੋਂ ਤੁਸੀਂ ਪਿਆਰੇ ਹੋ ਤੇ ਸਦਾ ਪਿਆਰੇ ਰਹੋਗੇ। ਜੀਵਨ ਜੁਗਤੀ ਤੁਹਾਨੂੰ ਸਮਝਾਂਦਾ ਹਾਂ, ਤੁਸਾਂ ਜਗਤ ਨੂੰ ਦੱਸਣੀ। ਪਹਿਲਾਂ ਤਨ ਮਨ ਤੋਂ ਉੱਤੇ ਉੱਠ ਅੰਮ੍ਰਿਤਪਾਨ ਕਰਨਾ ਹੈ, ਇਹ ਜੀਵਨ ਪੂੰਜੀ ਹੈ, ਇਕ ਦਾਤ ਇਲਾਹੀ ਹੈ। ਇਸ ਜਗਤ ਦੇ ਉਦਿਆਨ ਬਣ ਵਿਚ ਅਮੀਰਾਂ ਨੂੰ ਚੋਰ ਪੈਂਦੇ ਹਨ, ਸੁਦਾਗਰਾਂ ਦੇ ਕਾਫ਼ਲਿਆਂ 'ਤੇ ਡਕੈਤੀ ਹੁੰਦੀ ਹੈ, ਇਹ ਮਾਲਕ ਦੀ ਰਜ਼ਾ ਹੈ। ਤੁਸਾਂ ਧਨ ਪਾਇਆ ਹੈ, ਤੁਹਾਨੂੰ ਦਾਤ ਲੱਭੀ ਹੈ; ਹੁਣ ਅਮੀਰ ਹੋ, ਸ਼ਹਿਜ਼ਾਦੇ ਹੋ, ਚੋਰਾਂ ਤੋਂ ਬਚ ਕੇ ਰਹਿਣਾ ਤੇ ਉਹ ਬਚਾਉ, ਸਦਾ ਰਹਿਤ ਦੇ ਜੀਵਨ ਵਿਚ ਹੈ।

ਰਣਭੂਮੀ ਵਿਚ ਦਬਾ ਦਬ ਤੋਪਾਂ, ਬੰਦੂਕਾਂ ਤੇ ਰਹਿਕਲੇ ਚਲ ਰਹੇ ਸਨ। ਇਕ ਸੁਆਰ ਘੋੜਾ ਦੌੜਾਈ ਕਿਲ੍ਹੇ ਦੇ ਦਰਵਾਜ਼ੇ 'ਤੇ ਪੁੱਜਾ ਤੇ ਕਿਲ੍ਹੇਦਾਰ ਨੂੰ ਕਹਿਣ ਲੱਗਾ, “ਛੇਤੀ ਬੂਹਾ ਖੋਲ੍ਹ ਤੇ ਮੈਨੂੰ ਅੰਦਰ ਵਾੜ ਲੈ।” ਦਰਬਾਨ ਨੇ ਕਿਹਾ, “ਇਹ ਤਾਂ ਛੋਟਾ ਜਿਹਾ ਕਿਲ੍ਹਾ ਹੈ, ਇਸ ਦੇ ਸਿਹਨ ਵਿਚ ਤਾਂ ਖੁਲ੍ਹੇ ਦਾਲਾਨ ਤੇ ਮੈਦਾਨ ਵੀ ਨਹੀਂ। ਜੇ ਅੰਦਰ ਆ ਗਿਓਂ ਤਾਂ ਘੋੜਾ ਕਿਥੇ ਦੌੜਾਏਂਗਾ?” ਸੁਆਰ ਬੋਲਿਆ, “ਬਾਹਰ ਗੋਲੀ ਚਲ ਰਹੀ ਹੈ, ਦਮ-ਬ-ਦਮ ਮੌਤ ਦਾ ਖ਼ਤਰਾ ਹੈ, ਮੈਂ ਕੀ ਕਰਾਂ, ਖੁਲ੍ਹਿਆਂ ਮੈਦਾਨਾਂ ਤੇ ਲੰਮੀਆਂ ਦੌੜਾਂ ਨੂੰ? ਛੇਤੀ ਬੂਹਾ ਖੋਲ੍ਹ ਤੇ ਮੈਨੂੰ ਇਸ ਨਿਕੇ ਜਿਹੇ ਪਰ ਮੌਤ ਤੋਂ ਬੇਫ਼ਿਕਰ ਕਰ ਦੇਣ ਵਾਲੇ ਕਿਲ੍ਹੇ ਵਿਚ ਦਾਖ਼ਲ ਹੋਣ ਦੇ। ਜੇ ਜੀਵਨ-ਆਸ ਬੱਝ ਗਈ ਤਾਂ ਦੋੜਾਂ ਨਾਲੋਂ ਥੋੜ੍ਹਾ ਟਹਿਲ ਲੈਣਾ ਹੀ ਗ਼ਨੀਮਤ ਹੋਵੇਗਾ।” ਦਰਬਾਨ ਨੇ ਦਰਵਾਜ਼ਾ ਖੋਲ੍ਹਿਆ ਤੇ ਆਜ਼ਾਦ ਸੁਆਰ ਨੇ ਕਿਲ੍ਹੇ ਦਾ ਕੈਦੀ ਹੋ ਸੁਖ ਦਾ ਸਾਹ ਲਿਆ।

ਪਿਤਾ ਨੇ ਦੱਸਿਆ ਕਿ ਜਗਤ ਦੇ ਇਸ ਬੇਅੰਤ ਖੁਲ੍ਹੇ ਮੈਦਾਨ ਵਿਚ ਜੋ ਸ਼ੈਤਾਨੀਅਤ ਦੀਆਂ ਤੋਪਾਂ ਤੇ ਬੰਦੂਕਾਂ ਚਲ ਰਹੀਆਂ ਹਨ, ਵਿਕਾਰਾਂ ਦੇ ਗੋਲੇ ਤੇ ਗੋਲੀਆਂ ਮੀਂਹ ਵਾਂਗ ਬਰਸ ਰਹੀਆਂ ਹਨ, ਇਹਨਾਂ ਤੋਂ ਬਚਾਅ ਉਹਨਾਂ ਦਾ ਹੀ ਹੋਵੇਗਾ ਜੋ ਭੱਜ ਕੇ ਸੰਗਤ ਦੇ ਕਿਲ੍ਹੇ ਵਿਚ ਵੜ ਗਏ ਤੇ ਜੀਵਨ ਨੂੰ ਕਿਸੇ ਰਹਿਤ ਵਿਚ ਰਖ ਲਿਆ:

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ॥
ਜੋ ਜਨ ਪੀਰਿ ਨਿਵਾਜਿਆ ਤਿੰਨਾ ਅੰਚ ਨ ਲਾਗ॥

(ਸਲੋਕ ਫਰੀਦ, ਪੰਨਾ ੧੩੮੨)

ਕੇਹਾ ਉੱਤਮ, ਫ਼ਰੀਦ ਜੀ ਨੇ ਕਿਹਾ ਹੈ ਕਿ ਇਸ ਵਸੂਲੇ ਬਾਗ਼ ਵਿਚੋਂ ਉਹੀ ਬਚਣਗੇ ਜਿਨ੍ਹਾਂ ਨੂੰ ਪੀਰ ਨੇ ਨਿਵਾਜਿਆ ਹੈ। ਪੀਰ ਦੀ ਨਿਵਾਜ਼ਸ਼ ਕੀ ਸੀ? ਉਹ ਪੀਰਾਨ ਪੀਰ ਦੇ ਇਸ ਇਲਾਹੀ ਕੌਤਕ' ਤੋਂ ਪ੍ਰਗਟ ਹੋ ਰਹੀ ਹੈ—ਪਹਿਲੇ ਅੰਮ੍ਰਿਤ ਪਿਲਾਇਆ, ਧਨੀ ਮਾਮੂਰ ਕੀਤਾ ਤੇ ਫੇਰ ਰਹਿਤ ਦਾ ਜੀਵਨ ਦੇ ਕੇ ਅਗਾਂਹ ਆਉਣ ਵਾਲਿਆਂ ਖ਼ਤਰਿਆਂ ਤੋਂ ਇਕ ਬਚਾਅ ਦੀ ਸੂਰਤ ਪੈਦਾ ਕਰ ਦਿੱਤੀ। ਜਾਂ ਐਦਾਂ ਕਹੋ ਕਿ ਉਸ ਅਰਜ਼ੀ ਮਾਲੀ ਨੇ ਸਿੱਖ ਦੇ ਮਨ ਵਿਚ ਅੰਮ੍ਰਿਤ ਦਾ ਬੀਜ ਬੀਜਿਆ ਤੇ ਰਹਿਤ ਦੀ ਵਾੜ ਉਦਾਲੇ ਦੇ ਦਿੱਤੀ, ਕਿਉਂਜੋ ਇਥੇ ਹਰਨਾਂ ਦੀਆਂ ਡਾਰਾਂ ਅੰਗੂਰੀ ਚੁਗਣ ਲਈ ਫਿਰ ਰਹੀਆਂ ਸਨ। ਹੁਕਮ ਹੋਇਆ, “ਮਨ ਤੇ ਤਨ ਦੋਹਾਂ ਨੂੰ ਮਰਯਾਦਾ ਵਿਚ ਰਖੋ। ਤੁਸੀਂ ਸਿਪਾਹੀ ਹੋ, ਸੂਤ ਵਿਚ ਰਹਿਣਾ ਸਿਪਾਹੀ ਦਾ ਸਦਾ ਕਰਤਵ ਹੈ। ਸੂਤ ਨੂੰ ਸਮਝੋ ਤੇ ਸਦਾ ਧਿਆਨ ਵਿਚ ਰਖੋ।” ਬਾਣੀ ਵਿਚ ਆਇਆ ਹੈ:

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥
ਇਸ ਹਸਤ ਬਿਨੋਦ ਬਿਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥

(ਰਾਮਕਲੀ ਨਾਮਦੇਉ, ਪੰਨਾ ੯੭੨)

ਸਖੀਆਂ ਨਾਲ ਪਾਣੀ ਭਰਨ ਆਈ ਕੁੜੀ ਗੱਲਾਂ-ਬਾਤਾਂ ਵੀ ਕਰਦੀ ਰਹੀ, ਹਾਸੇ ਵੀ ਪੈਂਦੇ ਰਹੇ, ਅਠਖੇਲੀਆਂ ਹੁੰਦੀਆਂ ਰਹੀਆਂ, ਪਰ ਸੁਰਤ ਗਾਗਰ ਵਿਚ ਰਹੀ ਤੇ ਉਸ ਨੂੰ ਡਿਗਣ ਨਾ ਦਿਤਾ। ਗੁੱਡੀ ਉਡਾਉਂਦੇ ਮੁੰਡੇ ਤੇ ਪਾਣੀ ਭਰਦੀ ਸੁੰਦਰੀ ਨੇ ਜਗਤ ਦੀ ਦਸ਼ਾ ਦਾ ਨਕਸ਼ਾ ਖਿਚਿਆ ਹੈ, ਜੋ ਮਨ ਦੇ ਹਿਸਿਆਂ ਵਿਚ ਤਕਸੀਮ ਹੋਇਆ, ਅੰਦਰ ਤੇ ਬਾਹਰ ਕੰਮ ਕਰੀ ਜਾਂਦਾ ਹੈ। ਸਾਹਿਬ ਨੇ ਫ਼ੁਰਮਾਇਆ ਕਿ ਜਗਤ ਤਨ ਦੀ ਜ਼ਿੰਦਗੀ ਬਿਤਾਂਦਾ ਹੈ, ਕਥਾ ਕਰੀ ਜਾਂਦਾ ਹੈ, ਗਿਆਨ ਸੁਣਾਈ ਜਾਂਦਾ ਹੈ, ਤਪ ਸਾਧਦਾ ਤੇ ਜੋਗ ਕਮਾਉਂਦਾ ਹੈ, ਪਰ ਇਹ ਸਭ ਕੁਝ ਕਰਦਾ ਹੋਇਆ ਧਿਆਨ ਵਿਚ ਤਨ, ਤੇ ਸੁਰਤ ਸੰਬੰਧੀਆਂ ਵਿਚ ਜੋੜੀ ਰਖਦਾ ਹੈ। ਗੁਰਦੁਆਰੇ ਵਿਚ ਕਥਾ ਸੁਣਦਿਆਂ ਧਿਆਨ ਘਰ ਦੇ ਪਸ਼ੂਆਂ ਦੀਆਂ ਖੁਰਲੀਆਂ ਵਿਚ ਫਿਰਦਾ ਹੈ। ਬਾਣੀ ਪੜ੍ਹਦਿਆਂ ਪੈਸੇ ਗਿਣੀ ਜਾਣ ਦੀ ਬਾਣ ਪਈ ਹੋਈ ਹੈ। ਇਹੋ ਹੀ ਤਰੁਟੀ ਸੁਲਤਾਨਪੁਰ ਦੇ ਕਾਜ਼ੀ ਤੇ ਨਵਾਬ ਦੀ ਨਮਾਜ਼ ਵਿਚ ਸੀ, ਇਹੋ ਹੀ ਤੋਟਾ ਅੱਚਲ ਵਟਾਲੇ ਦੇ ਭਗੌਤੀਆਂ ਵਿਚ ਸੀ। ਪਰ ਇਹ ਸਭ ਕੁਝ ਕਿਉਂ ਸੀ? ਅਰਸ਼ 'ਤੇ ਖੜੋਤਾ ਮਨੁੱਖ ਫ਼ਰਸ਼ ਵੱਲ ਕਿਉਂ ਤਕਦਾ ਸੀ? ਚੋਟੀ ਚੜ੍ਹੇ ਦੀ ਰਸਾਤਲ ਵਿਚ ਕਿਉਂ ਰੁਚੀ ਸੀ? ਇਸ ਦਾ ਉੱਤਰ ਇੱਕੋ ਸੀ ਕਿ ਤਨ ਰਾਹੀਂ ਨਿੰਮਿਆ ਗਿਆ, ਤਨ ਥਾਣੀ ਜੰਮਿਆ ਤੇ ਤਨ ਵਿਚ ਹੀ ਪਲਿਆ, ਸਦਾ ਤਨ ਦਾ ਹੀ ਹੋ ਰਿਹਾ ਸੀ। ਅੱਜ ਕੇਸਗੜ੍ਹ ਸਾਹਿਬ ਦੇ ਟਿੱਲੇ 'ਤੇ ਨਵਾਂ ਜਨਮ ਦਿੱਤਾ ਗਿਆ। ਹੱਡ, ਮਾਸ ਤੇ ਚੰਮ ਵਿਚੋਂ ਜੰਮੇ ਹੋਏ ਨੂੰ ਕਲਗੀਧਰ ਪਿਤਾ ਦੀ ਤਲਵਾਰ ਨੇ ਝਟਕਾ ਦਿੱਤਾ ਸੀ। ਪਿਛਲੇ ਜੀਵਨ ਦਾ ਭੋਗ ਪੈ ਗਿਆ ਸੀ। ਹੁਣ ਤਾਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮਕ ਪਤਨੀ ਸਾਹਿਬ ਦੇਵਾਂ ਦੀ ਰੂਹਾਨੀ ਕੁੱਖ ਥਾਣੀ ਇਹਨੂੰ ਪੈਦਾ ਕੀਤਾ ਸੀ। ਇਸ ਆਤਮਕ-ਜਨਕ (Spirit Born) ਪੁੱਤਰ ਨੂੰ ਪਹਿਲੀ ਗੁੜ੍ਹਤੀ ਹੀ ਇਹ ਦਿੱਤੀ ਗਈ:

ਉਲਟੀ ਰੇ ਮਨ ਉਲਟੀ ਰੇ॥
ਸਾਕਤ ਸਿਉ ਕਰਿ ਉਲਟੀ ਰੇ।

(ਦੇਵਗੰਧਾਰੀ ਮ: ੫, ਪੰਨਾ ੫੩੫)

ਸਾਕਤ ਤਾਂ ਤਨ ਥਾਣੀ ਜੰਮਿਆ ਤੇ ਤਨ ਵਿਚ ਹੀ ਪ੍ਰਵਿਰਤ ਰਿਹਾ, ਪਰ ਖ਼ਾਲਸੇ ਨੇ ਤਾਂ ਆਤਮਾ ਵਿਚੋਂ ਜਨਮ ਲਿਆ ਹੈ, ਇਸ ਨੇ ਤਾਂ ਆਤਮ ਪਰਵਿਰਤੀ ਹੀ ਕਰਨੀ ਹੈ। ਲੀਲ੍ਹਾ ਪਨਿਹਾਰੀ ਵਾਂਗ ਹੀ ਰਹੇਗੀ, ਖੇਲ੍ਹ ਗੁੱਡੀ ਉਡਾਉਣ ਵਾਲੀ ਹੀ ਹੈ, ਪਰ ਤਰੀਕਾ ਸਾਕਤ ਤੋਂ ਉਲਟਾ ਹੈ। ਉਹ ਭਜਨ ਕਰਦਾ, ਬਾਣੀ ਪੜ੍ਹਦਾ ਤੇ ਅਧਿਆਤਮ ਕਰਮ ਕਰਦਾ ਹੋਇਆ ਸੁਰਤ ਪ੍ਰਭੂ ਦੇ ਚਰਨਾਂ ਵਿਚ ਰਖੇਗਾ। ਉਹ ਇਸ ਮਾਤ ਲੋਕ ਵਿਚ ਗੁਸਾਈਂ ਦਾ ਪਹਿਲਵਾਨ ਉਤਰਿਆ ਹੈ, ਸੇਵਾ ਲਈ ਆਇਆ ਹੈ, ਉਪਕਾਰ ਕਮਾਉਣਾ ਹੈ। ਫਿਰਨਾ ਧਰਤ 'ਤੇ ਹੈ, ਰਹਿਣਾ ਫ਼ਰਸ਼ 'ਤੇ ਅਤੇ ਨਿਗਾਹ ਅਰਸ਼ ਵੱਲ ਰਖਣੀ ਹੈ। ਹੋਰ ਕਾਰ-ਵਿਹਾਰ ਕਰਨੇ ਹਨ, ਪਰ ਅੰਦਰੋਂ ਜੁੜੇ ਰਹਿਣਾ ਹੈ। ਇਹ ਉਸਦਾ ਜੀਵਨ-ਆਦਰਸ਼ ਹੈ। ਇਸੇ ਆਦਰਸ਼ ਵਿਚ ਟਿਕ ਕੇ ਖ਼ਾਲਸੇ ਨੇ ਜਗਤ ਤੋਂ ਨਿਆਰਾ ਰਹਿਣਾ ਹੈ।

ਪੰਨਾ

ਰਹਿਤ ਦੀ ਲੋੜ

ਰਹਤ ਰਹਤ ਰਹਿ ਜਾਹਿ ਬਿਕਾਰਾ॥
ਗੁਰ ਪੂਰੇ ਕੈ ਸਬਦਿ ਅਪਾਰਾ॥

(ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੯)

ਇਹ ਰੱਬੀ ਹੁਕਮ ਜੋ ਪੰਜਵੀਂ ਪਾਤਸ਼ਾਹੀ ਜੀ ਦੇ ਸ੍ਰੀ ਮੁਖਵਾਕ ਰਾਹੀਂ ਸੰਸਾਰ ਨੂੰ ਦਿੱਤਾ ਗਿਆ ਹੈ, ਆਪਣੇ ਅੰਦਰ ਰਹਿਤ ਦੇ ਸਾਰੇ ਭੇਦ ਨੂੰ ਬੰਦ ਕਰੀ ਬੈਠਾ ਹੈ। ਆਖ਼ਰੀ ਅਰਥ ਸਪੱਸ਼ਟ ਹਨ ਕਿ ਗੁਰ ਪੂਰੇ ਦੇ ਅਪਾਰ ਬਚਨਾਂ ਦੀ ਰਹਿਤ ਵਿਚ ਜੋ ਰਹੇਗਾ, ਉਸ ਦੇ ਵਿਕਾਰ ਮੁਕ ਜਾਣਗੇ। ਜੇ ਭਾਵ ਵੱਲ ਜ਼ਰਾ ਗਹੁ ਕਰੀਏ ਤਾਂ ਪ੍ਰਾਣੀ-ਮਾਤ੍ਰ ਦੀ ਜੀਵਨ ਮਰਯਾਦਾ ਵਿਚ ਕਾਮਯਾਬੀ ਦਾ ਮੁਢਲਾ ਕਾਰਨ ਪਤਾ ਲਗ ਜਾਂਦਾ ਹੈ। ਇਹ ਗੱਲ ਬਿਨਾਂ ਕਿਸੇ ਸੰਦੇਹ ਦੇ ਸਿੱਧ ਹੈ ਕਿ ਮਨੁੱਖ-ਜੀਵਨ ਵਿਕਾਰਾਂ ਦੀ ਮਾਰ ਦਾ ਮਾਰਿਆ ਹੋਇਆ ਹੀ ਸਫਲਤਾ ਦੀ ਸਿਖ਼ਰ ਤੋਂ ਡਿਗਦਾ ਹੈ। ਜੇ ਕਦੀ ਉਹ ਆਪਣੀ ਚਾਲ ਵਿਚ ਵਿਕਾਰ ਦੇ ਹਮਲਿਆਂ ਤੋਂ ਖ਼ਬਰਦਾਰ ਰਹਿੰਦਾ ਤਾਂ ਕਦੇ ਵੀ ਅਸਫਲਤਾ, ਉਦਾਸੀਨਤਾ ਤੇ ਨਿਰਾਸਤਾ ਦੀਆਂ ਨਿਵਾਣਾਂ ਵਿਚ ਨਾ ਡਿਗਦਾ। ਸੰਸਾਰ ਦੇ ਇਤਿਹਾਸ ਤੇ ਸਤਿ-ਪੁਰਸ਼ਾਂ ਦੀ ਬਾਣੀ ਵਿਚ ਇਸ ਗੱਲ ਨੂੰ ਬਾਰ ਬਾਰ ਦਰਸਾਇਆ ਗਿਆ ਹੈ। ਬੜੇ ਬੜੇ ਰਾਜ-ਪ੍ਰਬੰਧ ਤੇ ਸ਼ੁਹਰਤ ਦੀ ਟੀਸੀ 'ਤੇ ਪੁੱਜੀਆਂ ਹੋਈਆਂ ਕੌਮਾਂ ਵਿਕਾਰੀ ਆਦਮੀਆਂ ਦੇ ਹੱਥੋਂ ਸਦਾ ਲਈ ਤਬਾਹ ਹੋ ਗਈਆਂ।

ਹਿੰਦ ਦੇ ਇਤਿਹਾਸ ਵਿਚ ਮੁਗ਼ਲਾਂ ਦਾ ਐਸ਼੍ਵਰਜੀ ਰਾਜ-ਪ੍ਰਬੰਧ ਜਿਸ ਤਰ੍ਹਾਂ ਨਸ਼ਟ ਹੋਇਆ, ਉਹ ਸਾਡੇ ਲਈ ਸੰਸਾਰ ਦੀਆਂ ਬੇਅੰਤ ਮਿਸਾਲਾਂ ਵਿਚੋਂ ਇਕ ਘਰੋਗੀ ਪ੍ਰਮਾਣ ਹੈ। ਬਿਖਮ ਤਪਾਂ ਵਿਚ ਰੁੱਝੇ ਹੋਏ ਤਪੀ, ਆਸਣਾਂ 'ਤੇ ਬੈਠੇ ਸਿੱਧ, ਜੰਗਲਾਂ, ਪਹਾੜਾਂ, ਕੁੰਦਰਾਂ ਤੇ ਬੀਆਬਾਨਾਂ ਵਿਚ ਰਮਣ ਕਰਨ ਵਾਲੇ ਤਿਆਗੀ ਵਿਕਾਰ ਦੀ ਇਕ ਚੋਟ ਨੇ ਚੂਰ ਕਰ ਸੁਟੇ। ਰਾਜਪਾਟ ਤਿਆਗ ਉਦਾਸੀਨ ਫਿਰਦੇ ਭਰਥਰੀ ਦਾ ਪਾਨ ਦੀ ਥੁੱਕ ਨੂੰ ਲਾਲ ਸਮਝ ਕੇ ਹੱਥ ਪਾਉਣਾ, ਰਾਣੀ ਸੁੰਦਰਾਂ ਦੀ ਇਕ ਦਰਸ਼ਨ-ਝਲਕ ਨਾਲ ਸਿੱਧ ਮੰਡਲੀ ਦੇ ਆਸਣਾਂ ਦਾ ਉੱਖੜ ਜਾਣਾ, ਧਾਰਮਕ ਇਤਿਹਾਸ ਵਿਚ ਬ੍ਰਹਮਾ, ਸ਼ਿਵਜੀ ਤੇ ਇੰਦਰ ਆਦਿਕਾਂ ਦੀਆਂ ਗਿਰਾਵਟਾਂ, ਪੁਰਾਣਾਂ ਵਿਚ ਪੁਕਾਰ ਪੁਕਾਰ ਕੇ ਕਹਿ ਰਹੀਆਂ ਹਨ ਕਿ ਵਿਕਾਰ ਤੋਂ ਬਚੋ।

ਬਾਈਬਲ ਵਿਚ ਵਿਕਾਰਾਂ ਦੇ ਸਰਦਾਰ ਸ਼ੈਤਾਨ ਅਤੇ ਹਿੰਦੂ ਗ੍ਰੰਥਾਂ ਵਿਚ ਕਲਜੁਗ ਤੋਂ ਸਦਾ ਹੀ ਸੁਚੇਤ ਰਹਿਣ ਦੀ ਤਾਕੀਦ ਕੀਤੀ ਗਈ ਹੈ। ਗੁਰਬਾਣੀ ਵਿਚ ਜ਼ੋਰਦਾਰ ਚੇਤਾਵਨੀ ਆਈ ਹੈ:

ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ॥
ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥
ਜਿਨਿ ਮਿਲਿ ਮਾਰੇ ਪੰਚ ਸੂਰ ਬੀਰ ਐਸੋ ਕਉਨੁ ਬਲੀ ਰੇ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰਿ ਸੋ ਪੂਰਾ ਇਹ ਕਲੀ ਰੇ॥੧॥ਰਹਾਉ॥
ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ॥
ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧ ਸੰਗਤਿ ਕੈ ਝਲੀ ਰੇ॥੨॥੩॥

(ਆਸਾ ਮਹਲਾ ੫, ਪੰਨਾ ੪੦੪)

ਇਸ ਮੋਹਕਮ ਤੇ ਹਠਲੀ ਫ਼ੌਜ ਕੋਲੋਂ ਬਚਣਾ ਜਿਤਨਾ ਕਠਨ ਹੈ, ਉਤਨਾ ਹੀ ਜ਼ਰੂਰੀ ਵੀ ਹੈ, ਕਿਉਂਜੋ ਇਹਨਾਂ ਦੀ ਰਾਸ ਪੂੰਜੀ ਦੁੱਖ ਹੈ। ਜਿਥੇ ਵੀ ਇਹਨਾਂ ਦਾ ਰਾਜ ਹੋਵੇਗਾ, ਦੁੱਖ ਦਾ ਸਿੱਕਾ ਚਲੇਗਾ ਤੇ ਮਨੁੱਖ ਦੀ ਸ਼ਾਂਤੀ ਤੇ ਰਸ-ਸੁਆਦ ਕੂਚ ਕਰ ਜਾਣਗੇ। ਜਿਥੇ ਇਹਨਾਂ ਦੇ ਡੇਰੇ ਜੰਮੇ, ਉਥੇ ਹੀ ਇਹ ਵਰਤਾਰਾ ਵਰਤਿਆ। ਬਾਣੀ ਵਿਚ ਆਇਆ ਹੈ:

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ॥ ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ॥ ਜਤ ਦੇਖਉ ਤਤ ਦੁਖ ਕੀ ਰਾਸੀ॥ ਅਜੌਂ ਨ ਪਤਹਾਇ ਨਿਗਮ ਭਏ ਸਾਖੀ॥
ਗੋਤਮ ਨਾਰਿ ਉਮਾਪਤਿ ਸ੍ਵਾਮੀ॥
ਸੀਸੁ ਧਰਨਿ ਸਹਸ ਭਗ ਗਾਮੀ॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ॥
ਬਡੋ ਨਿਲਾਜੁ ਅਜਹੂ ਨਹੀ ਹਾਰਿਓ॥

(ਜੈਤਸਰੀ ਰਵਿਦਾਸ, ਪੰਨਾ ੭੧੦)

ਕਿਆ ਸੋਹਣਾ ਉਦਾਹਰਣ ਹੈ। ਕਹਾਵਤ ਹੈ ਕਿ ਫਲਾਣਾ ਚਲਾਕ ਆਦਮੀ ਇਕ ਪੱਥਰ ਨਾਲ ਦੋ ਸ਼ਿਕਾਰ ਮਾਰ ਰਿਹਾ ਹੈ, ਪਰ ਏਥੇ ਛਲੀ ਵਿਕਾਰ ਨੇ ਇਕ ਚੋਟ ਨਾਲ ਕਿਤਨਿਆਂ ਨੂੰ ਦਾਗ਼ੀ ਕੀਤਾ। ਕੁੱਕੜ ਦੀ ਬੇਇਤਬਾਰੀ, ਚੰਦਰਮਾ ਦੇ ਨੂਰੀ ਬਦਨ 'ਤੇ ਕਾਲਾ ਦਾਗ਼, ਇੰਦਰ ਨੂੰ ਸਹਸ ਭਗ ਦਾ ਕਲੰਕ, ਅਹੱਲਿਆ ਨੂੰ ਪੱਥਰ ਤੇ ਉਸਦੀ ਮੁਨਿਆਦ ਗੁਜ਼ਾਰਨ ਲਈ ਯੁਗਾਂ ਦਾ ਪਲਟਾ ਅਤੇ ਨਿਸਤਾਰੇ ਦੇ ਬਹਾਨੇ ਰਾਮ ਜੀ ਦਾ ਬਣਵਾਸ। ਗੱਲ ਕੀ, ਵਿਕਾਰ ਦੀ ਇਕ ਲਹਿਰ ਨੇ ਬੇਅੰਤ ਲੰਬੀ ਗੀਤਾ ਪਸਾਰ ਦਿਤੀ। ਭਾਵੇਂ ਕਿੱਸਾ ਪੁਰਾਣਕ ਹੀ ਹੈ, ਪਰ ਸਿਖਿਆ ਸੋਹਣੀ ਦੇਂਦਾ ਹੈ। ਵਾਜਦ ਅਲੀ[1] ਸ਼ਾਹ ਲਖਨਊ ਵਾਲੇ ਤੇ ਰੋਮ ਦੇ ਨੀਰੋ[1] (Nero) ਦੇ ਜੀਵਨ ਸਾਕੇ ਮਨੁੱਖ ਜਾਤੀ ਨੂੰ ਵਿਕਾਰਾਂ ਤੋਂ ਬਚਣ ਦਾ ਕਿਤਨਾ ਜ਼ੋਰ ਦਾ ਸੰਦੇਸ਼ ਦੇਂਦੇ ਹਨ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਕਾਰ ਹੈ ਕੀ ਤੇ ਇਸ ਦਾ ਮੁੱਢ ਕਿਵੇਂ ਅਰੰਭ ਹੁੰਦਾ ਹੈ? ਪੁਰਾਣੀਆਂ ਧਾਰਮਕ ਪੁਸਤਕਾਂ ਨੇ ਇਸ ਵਿਚਾਰ ਨੂੰ ਸੰਖੇਪ ਕਰਦਿਆਂ ਹੋਇਆਂ ਕੋਈ ਵਿਅਕਤੀ ਜਾਂ ਸ਼ਕਤੀ ਕਲਪ ਕਰ ਲਈ ਹੈ, ਜਿਸਦੇ ਪ੍ਰਭਾਵ ਤੇ ਯਤਨ ਨਾਲ ਮਨੁੱਖ ਔਝੜ 'ਚ ਪੈ ਜਾਂਦਾ ਹੈ। ਪਾਰਸੀਆਂ ਦਾ ਅਹਿਰਮਨ, ਸਾਮੀ (Semitic)


  1. 1.0 1.1 ਇਹ ਦੋਵੇਂ ਬੜੇ ਅੱਯਾਸ਼ ਹੁਕਮਰਾਨ ਸਨ ਤੇ ਇਹਨਾਂ ਦੇ ਅੰਤ ਬੜੇ ਭਿਆਨਕ ਹੋਏ ਹਨ।
ਮਜ਼ਹਬਾਂ ਦਾ ਸ਼ੈਤਾਨ ਤੇ ਹਿੰਦੂਆਂ ਦੀ ਮਾਇਆ ਇਸ ਸੰਬੰਧ ਵਿਚ ਬਿਆਨ ਕੀਤੀਆਂ ਗਈਆਂ ਵਿਕਾਰ ਦੀਆਂ ਵੱਡੀਆਂ ਵੱਡੀਆਂ ਏਜੰਸੀਆਂ ਦੇ ਨਾਉਂ ਹਨ। ਅਹਿਰਮਨ ਤੇ ਸ਼ੈਤਾਨ ਤਾਂ ਪਰਮੇਸ਼ਰ ਨਾਲ ਗ਼ੁੱਸੇ ਹੋ ਗਏ ਸਨ ਤੇ ਉਸ ਪੁਰਾਣੇ ਰੰਜ ਕਰਕੇ ਉਸ ਦੇ ਪਿਆਰੇ ਮਨੁੱਖ ਨੂੰ ਸਦਾ ਗੁਮਰਾਹ ਕਰਦੇ ਹਨ, ਤੇ ਮਾਇਆ ਭਗਵਾਨ ਦੀ ਘਰਵਾਲੀ ਹੋਣ ਕਰਕੇ ਪਸਾਰਾ ਪਸਾਰਨ ਲਈ ਮਨੁੱਖ ਨੂੰ ਵਿਵੇਕ ਤੋਂ ਉਖੇੜ ਕੇ ਮਹਾਂ ਮੋਹ ਦੇ ਅਧੀਨ ਕਰਦੀ ਤੇ ਜਨਮ ਲੈਣ ਦਾ ਭਾਗੀ ਬਣਾ ਕੇ ਬੇਅੰਤ ਜੂਨੀਆਂ ਵਿਚ ਫਿਰਾਂਦੀ ਰਹਿੰਦੀ ਹੈ।

ਪੁਰਾਣੀਆਂ ਗੱਲਾਂ ਭਾਵੇਂ ਕਿੰਨੀਆਂ ਹੀ ਭਾਵਪੂਰਤ ਤੇ ਭਲੇ ਸੰਕਲਪਾਂ ਨਾਲ ਮਨੁੱਖ ਨੂੰ ਉੱਚਿਆਂ ਕਰਨ ਲਈ ਜੋੜੀਆਂ ਗਈਆਂ ਸਨ, ਪਰ ਓੜਕ ਪੁਰਾਣੀਆਂ ਹੀ ਹਨ। ਐਵੋਲਿਊਸ਼ਨ (evolution) ਦੀ ਥਿਊਰੀ ਦੇ ਅਨੁਸਾਰ ਮਨੁੱਖ ਬੁੱਧੀ ਮੰਡਲ (realm of intellect) ਵਿਚ ਦਾਖ਼ਲ ਹੋ ਰਿਹਾ ਹੈ ਤੇ ਹੁਣ ਉਹ ਸ਼ਬਦ ਪ੍ਰਮਾਣ (school of authority) ਵੱਲ ਵਧੇਰੇ ਗਹੁ ਨਹੀਂ ਕਰਦਾ। ਉਹ ਹਰ ਇਕ ਸ਼ੈ ਨੂੰ ਅਕਲ ਤੇ ਦਲੀਲ ਦੀ ਕਸਵੱਟੀ 'ਤੇ ਪਰਖਣਾ ਚਾਹੁੰਦਾ ਹੈ। ਉਹ ਆਪਣੇ ਧਾਰਮਕ ਆਗੂ ਤੋਂ ਵੀ:

ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥

(ਵਾਰ ਸਾਰੰਗ, ਮ: ੧, ਪੰਨਾ ੧੨੪੫)

ਦੀ ਰਹੁ-ਰੀਤ ਅਨੁਸਾਰ ਗਿਆਨ ਹਾਸਲ ਕਰਨਾ ਚਾਹੁੰਦਾ ਹੈ, ਵਿਅਕਤੀਗਤ ਸ਼ੈਤਾਨ ਤੇ ਕਲਪਿਤ ਮਾਇਆ ਦੇ ਅਕਲੀ ਸਬੂਤ ਮੰਗਦਾ ਹੈ। ਇਸ ਲਈ ਵਿਕਾਰ ਦੀ ਵਿਆਖਿਆ ਲਈ ਸਾਨੂੰ ਹੁਣ ਪੁਰਾਣੇ ਖ਼ਿਆਲ ਛੱਡ ਕੇ ਕੁਝ ਵਧੇਰੇ ਸਮਝ ਤੋਂ ਕੰਮ ਲੈਣਾ ਪਵੇਗਾ।

ਸਿੱਖ ਧਰਮ ਦੀ ਇਹ ਖ਼ਾਸ ਖ਼ੂਬੀ ਹੈ ਤੇ ਗੁਰਮਤਿ ਦਾ ਇਹ ਇਕ ਨਿਰਾਲਾ ਲੱਛਣ ਹੈ ਕਿ ਉਹ ਵਿਸਮਾਦ ਮੰਡਲ ਤੋਂ ਹੇਠਲੇ ਦਰਜੇ ਦੀਆਂ ਸਾਰੀਆਂ ਗੱਲਾਂ ਦੀ ਅਕਲੀ ਛਾਣ-ਬੀਣ ਕਰਦਾ ਹੈ। ਗੁਰਬਾਣੀ ਨੇ ਸਾਨੂੰ ਕੇਵਲ ਸ਼ੈਤਾਨ ਜਾਂ ਮਾਇਆ ਦਾ ਨਾਉਂ ਦੱਸ ਕੇ ਹੀ ਨਹੀਂ ਵਰਚਾ ਛੱਡਿਆ ਸਗੋਂ ਵਧੇਰੇ ਗਹਿਰਾਈ ਵੱਲ ਲੈ ਗਈ ਹੈ।

ਮਨੁੱਖ ਜੀਵਨ ਵਿਚ ਵਿਕਾਰਾਂ ਦੀ ਵੰਡ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਚ ਹੀ ਕੀਤੀ ਗਈ ਹੈ। ਬਾਣੀ ਵਿਚ ਭੀ ਆਇਆ ਹੈ:

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ, ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥
ਅੰਮ੍ਰਿਤ ਲੂਟਹਿ ਮਨਮੁਖ ਨਹੀਂ ਬੂਝਹਿ ਕੋਈ ਨ ਸੁਣੈ ਪੂਕਾਰਾ॥

(ਸੋਰਠਿ ਮ: ੩, ਪੰਨਾ ੬੦੦)

ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨੁੱਖ-ਜੀਵਨ ਦੀ ਨਗਰੀ ਵਿਚ ਚੋਰ ਹਨ। ਇਹ ਜੀਵਨ-ਅੰਮ੍ਰਿਤ ਲੁੱਟ ਰਹੇ ਹਨ, ਮਨਮੁਖ ਨਹੀਂ ਬੁੱਝਦਾ, ਜਦੋਂ ਲੁਟਿਆ ਗਿਆ ਫਿਰ ਪਛਤਾਏਗਾ ਤੇ ਪੁਕਾਰ ਕਰੇਗਾ, ਪਰ ਸਮਾਂ ਬੀਤ ਜਾਣ ਕਰ ਕੇ ਕੋਈ ਬਹੁੜੀ ਨਹੀਂ ਕਰੇਗਾ। ਹੁਣ ਕਾਮ ਕ੍ਰੋਧ ਆਦਿਕ ਜਿਥੇ ਜੀਵਨ-ਨਾਸ਼ਕ ਦਸੇ ਗਏ ਹਨ, ਉਥੇ ਇਹ ਵੀ ਸੋਚਣਾ ਹੈ ਕਿ ਕੀ ਮਨੁੱਖ ਇਹਨਾਂ ਤੋਂ ਪਰੇ ਹੋ ਕੇ ਜੀਵਨ ਕਾਇਮ ਰਖ ਸਕਦਾ ਹੈ? ਇਸ ਦਾ ਉੱਤਰ ਇਕ ਛਿਣ ਦੀ ਵਿਚਾਰ ਦੇਵੇਗੀ ਕਿ ਨਹੀਂ, ਪਰ ਜੀਊਣ ਇਸਥਿਤੀ ਲਈ ਇਹਨਾਂ ਦਾ ਹੋਣਾ ਅਜਿਹਾ ਹੀ ਜ਼ਰੂਰੀ ਹੈ ਜਿਹਾ ਕਿ ਕਿਸੇ ਹੋਰ ਸ਼ੈਅ ਦਾ। ਲੋਭ ਤੋਂ ਬਿਨਾਂ ਸ਼ੁਭ ਗੁਣਾਂ ਦੀ ਪ੍ਰਾਪਤੀ ਲਈ ਯਤਨ ਕਿਥੇ? ਮੋਹ ਤੋਂ ਬਿਨਾਂ ਸਨੇਹੀਆਂ ਨਾਲ ਲਗਾਉ ਕਿਵੇਂ? ਕ੍ਰੋਧ ਤੋਂ ਬਿਨਾਂ ਦੈਂਤਾਂ ਤੇ ਦੁਸ਼ਟਾਂ ਤੋਂ ਦੀਨ ਦੀ ਰਖਿਆ ਕਿੱਦਾਂ? ਹੰਕਾਰ ਤੋਂ ਬਿਨਾਂ ਸ੍ਵੈ-ਸਤਿਕਾਰ ਅਤੇ ਕਾਮ ਤੋਂ ਬਿਨਾਂ ਸੰਤਾਨ ਦੀ ਉਤਪਤੀ ਤੇ ਜਗਤ ਮਰਯਾਦਾ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ? ਹੁਣ ਇਕ ਅਜਬ ਵਿਚਾਰ ਪੈਦਾ ਹੁੰਦੀ ਹੈ ਕਿ ਮਨੁੱਖ ਇਹਨਾਂ ਪੰਜਾਂ ਨੂੰ ਛੱਡ ਕੇ ਬਚ ਵੀ ਨਹੀਂ ਸਕਦਾ ਹੈ ਅਤੇ ਨਾਲ ਹੀ ਇਹਨਾਂ ਪੰਜਾਂ ਕਰਕੇ ਲੁਟਿਆ ਵੀ ਜਾਂਦਾ ਹੈ। ਤਾਂ ਫਿਰ ਕਰੇ ਤਾਂ ਕੀ ਕਰੇ? ਇਸ ਦਾ ਉੱਤਰ ਬਾਣੀ ਵਿਚ ਬੜਾ ਸੁੰਦਰ ਦਿੱਤਾ ਗਿਆ ਹੈ ਕਿ ਲੋੜਾਂ ਨੂੰ ਪੂਰਿਆਂ ਕਰੇ ਤੇ ਖਾਹਸ਼ਾਂ ਤੋਂ ਬਚੇ। ਲੋੜਾਂ ਨੂੰ ਪੂਰਾ ਕਰਨਾ ਪ੍ਰਮਾਰਥ ਦੇ ਯਤਨਾਂ ਦਾ ਅਰੰਭ ਦਸਿਆ ਗਿਆ ਹੈ:

ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥
ਹਉ ਮਾਂਗਉ ਸੰਤਨ ਰੇਨਾ॥ ਮੈ ਨਾਹੀ ਕਿਸੀ ਕਾ ਦੇਨਾ॥੧॥
ਮਾਧੋ ਕੈਸੀ ਬਨੈ ਤੁਮ ਸੰਗੇ॥ ਆਪਿ ਨ ਦੇਹੁ ਤ ਲੇਵਉ ਮੰਗੇ॥ਰਹਾਉ॥
ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥
ਅਧ ਸੇਰੁ ਮਾਂਗਉ ਦਾਲੇ॥ ਮੋਕਉ ਦੋਨਉ ਵਖਤ ਜਿਵਾਲੇ॥੨॥
ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰ ਤੁਲਾਈ॥
ਊਪਰ ਕਉ ਮਾਂਗਉ ਖੀਂਧਾ॥ ਤੇਰੀ ਭਗਤਿ ਕਰੈ ਜਨੁ ਥੀਧਾ॥੩॥
ਮੈ ਨਾਹੀ ਕੀਤਾ ਲਬੋ॥ ਇਕ ਨਾਉ ਤੇਰਾ ਮੈ ਫਬੋ॥
ਕਹਿ ਕਬੀਰ ਮਨੁ ਮਾਨਿਆ॥ ਮਨੁ ਮਾਨਿਆ ਤਉ ਹਰਿ ਜਾਨਿਆ॥੪॥੧੧॥

(ਰਾਗੁ ਸੋਰਠਿ ਕਬੀਰ ਜੀ, ਪੰਨਾ ੬੫੬)

ਇਹਨਾਂ ਸ਼ਬਦਾਂ ਵਿਚ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦਾ ਭਾਵ ਕਿਤਨੀ ਪੂਰਨਤਾ ਨਾਲ ਦਰਸਾਇਆ ਗਿਆ ਹੈ। ਪਰੰਤੂ ਸ਼ਬਦ ਦੀ ਪਿਛਲੀ ਤੁਕ ਖ਼ਾਸ ਵਿਚਾਰਗੋਚਰੀ ਹੈ। ਕਬੀਰ ਜੀ ਕਹਿੰਦੇ ਹਨ:

ਮੈਂ ਨਾਹੀਂ ਕੀਤਾ ਲਬੋ॥ ਇਕ ਨਾਉ ਤੇਰਾ ਮੈ ਫਬੋ॥

(ਸੋਰਠਿ ਕਬੀਰ, ਪੰਨਾ ੬੫੬)

ਹੇ ਪ੍ਰਭੂ, ਵਸਤਾਂ ਮੰਗਣ ਵਿਚ ਮੈਂ ਲੋਭ ਨਹੀਂ ਕੀਤਾ ਕਿਉਂ ਜੁ ਇਹ ਤਾਂ ਮੇਰੀਆਂ ਲੋੜਾਂ ਹੀ ਸਨ। ਮੇਰੀ ‘ਫਬਨ' ਤਾਂ ਤੇਰਾ ਨਾਮ ਹੀ ਹੈ। ਇਸ ਲਈ ਇਕ-ਰਸ ਅਤੁਟ ਪ੍ਰਵਿਰਤੀ ਮੈਂ ਤੇਰੇ ਨਾਮ ਵਿਚ ਹੀ ਲੋੜਦਾ ਹਾਂ, ਪਰ ਨਿਰਬਾਹ ਮਾਤਰ ਲੋੜਾਂ ਪੂਰੀਆਂ ਕਰਨ ਲਈ ਮੈਂ ਪਿਛਲੀਆਂ ਵਸਤਾਂ ਤੇਰੇ ਕੋਲੋਂ ਪਹਿਲਾਂ ਮੰਗ ਲੈਂਦਾ ਹਾਂ।

ਪਰ ਸੰਸਾਰ ਵਿਚ ਇਸਦੇ ਮੁਕਾਬਲੇ 'ਤੇ ਮਨੁੱਖ ਉਲਟੀ ਚਾਲ ਚਲਦਾ ਦਿਸ ਆ ਰਿਹਾ ਹੈ। ਉਸ ਦੀ ‘ਫਬਨ’ ਨਾਮ ਨਹੀਂ, ਸਗੋਂ ਲੋੜਾਂ ਦੇ ਪੂਰਨ ਹੋਣ ਉਤੇ ਜੋ ਆਰਜ਼ੀ (Temporary) ਜਿਹਾ ਸੁਆਦ ਆਉਂਦਾ ਹੈ, ਉਸ ਉਤੇ ਮੋਹਿਤ ਹੋ ਕੇ ਇਹਨਾਂ ਪਦਾਰਥਾਂ ਦਾ ਲੋਭ ਕਰਦਾ ਹੈ ਤੇ ਸਦੈਵੀ ਪ੍ਰਵਿਰਤੀ ਨਾਮ ਵਲੋਂ ਉਖੇੜ ਕੇ ਇਹਨਾਂ ਰਸਾਂ ਵਿਚ ਲਗਾ ਲੈਂਦਾ ਹੈ। ਮਰਯਾਦਾ ਛੱਡ ਬਹਿੰਦਾ ਹੈ, ਜਿਸ ਵਸਤ ਦੀ ਥੋੜ੍ਹੀ ਲੋੜ ਸੀ, ਉਸ ਨੂੰ ਵਿਹਾਜਣਾ ਚਾਹੁੰਦਾ ਹੈ ਤੇ ਜਿਸ ‘ਨਾਮ’ ਵਸਤ ਦੀ ਅਤਿਅੰਤ ਜ਼ਰੂਰਤ ਸੀ ਉਸ ਨੂੰ ਬਾਹਲਾ ਗੌਣ ਕਰ ਛੱਡਦਾ ਹੈ। ਇਹ ਬੇਤਰਤੀਬੀ ਹੀ ਵਿਕਾਰ ਦਾ ਮੁੱਢ ਹੈ। ਕੀ ਸਰੀਰਕ ਰੋਗ ਤੇ ਕੀ ਮਾਨਸਕ ਕਸ਼ਟ, ਸਭ ਇਸ ਕੁਚਾਲ ਤੋਂ ਹੀ ਉਪਜਦੇ ਹਨ। ਰਸਾਂ ਵਿਚ ਅਤਿਅੰਤ ਪ੍ਰਵਿਰਤੀ ਹੀ ਵਿਕਾਰ ਹੈ। ਭਾਵੇਂ ਸਾਰੇ ਜਾਨਦਾਰ ਅੱਖਾਂ ਰਖਦੇ ਹਨ, ਕੁਲ ਮਖ਼ਲੂਕ ਖਾਂਦੀ ਹੈ, ਹਰ ਕੋਈ ਸੁੰਘਦਾ ਹੈ, ਸਭ ਕਿਸੇ ਨੂੰ ਸਪਰਸ਼ ਭਾਉਂਦੀ ਹੈ ਤੇ ਜਣਾ ਖਣਾ ਸੁਣਦਾ ਹੈ ਪਰ ਇਸ ਸੁਣਨ, ਸੁੰਘਣ, ਖਾਣ, ਛੋਹਣ ਤੇ ਵੇਖਣ ਦੀ ਮਰਯਾਦਾ ਨੂੰ ਛੱਡ ਕੇ ਜੋ ਓੜਕ ਤਕ ਪੁਜੇ ਉਹ ਵਿਕਾਰੀ ਹੋ ਗਏ। ਗੁਰਬਾਣੀ ਨੇ ਸਾਨੂੰ ਖੋਲ੍ਹ ਕੇ ਸਮਝਾਇਆ ਹੈ:

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ॥

(ਆਸਾ ਰਵਿਦਾਸ, ਪੰਨਾ ੪੮੬)

ਸਾਹਿਬ ਫ਼ੁਰਮਾਉਂਦੇ ਹਨ ਕਿ ਸੁਣਦਾ ਤਾਂ ਹਰ ਕੋਈ ਸੀ, ਪਰ ਮਿਰਗ ਕੰਨ-ਰਸ ਵਿਚ ਅਤਿਅੰਤ ਪ੍ਰਵਿਰਤ ਹੋ ਗਿਆ, ਇਸੇ ਤਰ੍ਹਾਂ ਮੱਛੀ ਜੀਭਾ ਦੇ ਰਸ, ਭਰਿੰਗੀ ਸੁਗੰਧੀ ਦੇ ਲੋਭ, ਪਤੰਗ ਰੂਪ ਦੇ ਮੋਹ ਤੇ ਕੁੰਚਰ ਸਪਰਸ਼ ਵਿਚ ਪਚ ਮੋਇਆ। ਇਹ ਪੰਜੇ ਵਿਕਾਰੀ ਹਨ। ਇਹਨਾਂ ਨੇ ਲੋੜਾਂ ਤੋਂ ਵੱਧ ਖ਼ਾਹਸ਼ਾਂ ਦੇ ਬਿਖੈ-ਬਣ ਵਿਚ ਪ੍ਰਵੇਸ਼ ਕੀਤਾ। ਉਹ ਫਿੱਕਾ ਤੇ ਬੇ-ਸੁਆਦਾ ਕੰਡਿਆਂ ਵਾਲਾ ਜੰਗਲ ਸੀ, ਥੱਕ ਹੁੱਟ ਕੇ ਓੜਕ ਢਹਿ ਢੇਰੀ ਹੋਏ। ਇਹਨਾਂ ਵਿਚ ਤਾਂ ਇੱਕੋ ਇਕ ਰਸ ਦੀ ਵਧੀ ਹੋਈ ਲਾਲਸਾ ਸੀ, ਪਰ ਮਨੁੱਖ ਤਾਂ ਪੰਜਾਂ ਦੇ ਮਗਰ ਹੀ ਬਾਵਲਾ ਹੋ ਦੌੜ ਰਿਹਾ ਹੈ, ਇਸ ਦੇ ਬਚਾਅ ਦੀ ਕੀ ਆਸ ਹੋ ਸਕਦੀ ਹੈ। ਗੁਰਬਾਣੀ ਵਿਚ ਕਥਨ ਕੀਤਾ ਗਿਆ ਹੈ ਕਿ ਇਹ ਗਿਆਨ ਰੋਜ਼ ਸਾਡੇ ਵਿਚ ਵਾਪਰਦਾ ਹੈ। ਅਸੀਂ ਰੋਜ਼ ਵੇਖਦੇ ਹਾਂ ਕਿ ਸੁਆਦਲਾ ਤੇ ਬਲਦਾਇਕ ਭੋਜਨ, ਮਰਯਾਦਾ ਤੋਂ ਵੱਧ ਖਾਧਾ ਹੋਇਆ, ਰੋਗ-ਜਨਕ ਬਿਖਿਆ ਬਣ ਜਾਂਦਾ ਹੈ। ਤਰਨ-ਤੇਜ ਵਿਚ ਮਸਤ ਹੋਇਆ ਭੋਗੀ ਮਨੁੱਖ ਮਰਯਾਦਾਹੀਣ ਪ੍ਰਵਿਰਤੀ ਕਰਦਾ ਹੋਇਆ ਛੇਤੀ ਹੀ ਆਪਣੇ ਸੁੰਦਰ ਸਰੂਪ ਨੂੰ ਭਾਂਤ-ਭਾਂਤ ਦਿਆਂ ਰੋਗਾਂ ਦੇ ਹੱਥੋਂ ਲੁਟਾ ਬਹਿੰਦਾ ਹੈ ਤੇ:

ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ॥

(ਸੋਰਠਿ ਭੀਖਨ, ਪੰਨਾ ੬੫੯)

ਦੇ ਮਹਾਂਵਾਕ ਅਨੁਸਾਰ ਬਾਕੀ ਰਹਿੰਦੀ ਠੰਢਿਆਂ ਹਉਕਿਆਂ ਤੇ ਪਛਤਾਵਿਆਂ ਵਿਚ ਲੰਘਾਉਂਦਾ ਹੈ।

ਉਤਲੀ ਵਿਚਾਰ ਤੋਂ ਪਤਾ ਲਗਦਾ ਹੈ ਕਿ ਵਿਕਾਰ ਕਿਸੇ ਬਾਹਰਲੀ ਸ਼ਕਤੀ ਦੀ ਸ਼ਰਾਰਤ ਤੋਂ ਸਾਡੇ ਵਿਚ ਪੈਦਾ ਨਹੀਂ ਹੁੰਦਾ, ਸਗੋਂ ਉਹ ਜੀਵਨ ਦੀ ਬੇਕਾਇਦਗੀ ਤੇ ਰਸਾਂ ਦੇ ਅਧੀਨ ਹੋ ਕੇ, ਜੋ ਅਸੀਂ ਮਰਯਾਦਾ ਭੰਗ ਕਰ ਦੇਂਦੇ ਹਾਂ, ਉਸ ਤੋਂ ਪੈਦਾ ਹੁੰਦਾ ਹੈ। ਜੇ ਅਸੀਂ ਸੱਚ-ਮੁੱਚ ਵਿਕਾਰਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਆਪਣੀ ਸੁਖਾਂ ਦੀ ਪੂੰਜੀ ਨੂੰ ਇਸ ਤੋਂ ਬਚਾਣਾ ਲੋੜਦੇ ਹਾਂ ਤਾਂ ਜ਼ਰੂਰੀ ਹੈ ਕਿ ਜੀਵਨ ਨੂੰ ਕਿਸੇ ਮਰਯਾਦਾ ਤੇ ਰਹਿਤ ਵਿਚ ਲਿਆਂਦਾ ਜਾਵੇ। ਉਹ ਮਰਯਾਦਾ ਗੁਰ-ਪੂਰੇ ਦੇ ਸ਼ਬਦ ਵਿਚੋਂ ਹੀ ਲੱਭ ਸਕਦੀ ਹੈ, ਕਿਉਂਜੁ ਗੁਰ-ਪੂਰਾ ਆਪ ਸੁਖੀ ਹੈ ਤੇ ਆਪਣੇ ਪਿਛੇ ਆਉਣ ਵਾਲਿਆਂ ਨੂੰ ਵੀ ਸੁਖੀ ਕਰਦਾ ਹੈ।

ਉਹ ਇਕ ਜੀਵਨ-ਮਰਯਾਦਾ ਆਪਣੇ ਸਿੱਖਾਂ ਦੇ ਅਗੇ ਰਖਦਾ ਹੈ, ਜਿਸ ਨੂੰ ਧਾਰਨ ਕਰ ਕੇ ਸਿੱਖ ਆਪਣੀ ਜੀਵਨ-ਯਾਤਰਾ ਸਫਲ ਕਰ ਸਕਦਾ ਹੈ। ਇਸੇ ਹੀ ਮਰਯਾਦਾ ਤੇ ਰਹਿਤ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਤੁਕ ਆਖੀ ਗਈ ਹੈ;

ਰਹਤ ਰਹ ਰਹਿ ਜਾਹਿ ਬਿਕਾਰਾ॥
ਗੁਰ ਪੂਰੈ ਕੈ ਸਬਦਿ ਅਪਾਰਾ॥

(ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੯)

ਪੰਨਾ

ਰਹਿਤ ਕੀ ਹੈ?

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥

(ਰਾਮਕਲੀ ਮਹਲਾ ੩, ਪੰਨਾ ੯੧੮)

ਮਨੁੱਖ ਕਹਿਣ ਨੂੰ ਤਾਂ ਇਕ ਵਿਅਕਤੀ ਹੈ ਪਰ ਜੇ ਜ਼ਰਾ ਕੁ ਵਧੇਰੇ ਗਹੁ ਕਰੀਏ ਤਾਂ ਘੱਟ ਤੋਂ ਘੱਟ ਤਿੰਨ ਵਿਅਕਤੀਆਂ ਦਾ ਇਕ ਇਕੱਠ ਹੈ ਜੋ ਕਿਸੇ ਹੁਕਮੀ ਦੇ ਹੁਕਮ ਅਨੁਸਾਰ ਇਕੱਠੀਆਂ ਹੋਈਆਂ ਹਨ। ਇਹ ਵਿਚਾਰ ਬੜੀ ਡੂੰਘੀ ਤੇ ਆਪਣੇ ਆਪ ਵਿਚ ਇਕ ਅੱਡ ਮਜ਼ਮੂਨ ਹੈ ਪਰ ਅਸੀਂ ਸੰਖੇਪ ਤੋਂ ਕੰਮ ਲੈਂਦੇ ਹਾਂ ਕਿਉਂਜੁ ਏਥੇ ਸਾਡੀ ਵਿਚਾਰ ਦਾ ਕੇਂਦਰ ਕੇਵਲ ਰਹਿਤ ਹੈ। ਮਨੁੱਖ ਨੂੰ ਬਾਣੀ ਨੇ ਇਕ ਥਾਂ ਦੋ ਹਿਸਿਆਂ ਵਿਚ ਵੰਡਿਆ ਹੈ:

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥

(ਸੋਰਠਿ ਰਵਿਦਾਸ, ਪੰਨਾ ੬੫੯)

ਇਕ ਪੌਣ-ਪਾਣੀ ਤੇ ਹੱਡ ਚੰਮ ਦਾ ਪਿੰਜਰ ਹੈ ਅਤੇ ਦੂਸਰੀ ਜੋ ਪੰਛੀ ਵਾਂਗਰ ਵਿਚ ਟਿਕੀ ਹੋਈ ਹੈ। ਪਰ ਗਹੁ ਕੀਤਿਆਂ ਪਤਾ ਲਗਦਾ ਹੈ ਕਿ ਇਹਨਾਂ ਦੋਹਾਂ ਦਾ ਪ੍ਰਸਪਰ ਸੰਬੰਧ ਤੇ ਲਗਾਉ ਪੈਦਾ ਕਰਨ ਲਈ ਦੋਹਾਂ ਦੇ ਜੁੜਨ ਦੇ ਸਮੇਂ ਤੋਂ ਹੀ ਇਕ ਤੀਸਰੀ ਸ਼ੈ ‘ਮਨ’ ਪੈਦਾ ਹੋ ਜਾਂਦੀ ਹੈ। ਬਾਣੀ ਦੀ ਵਿਚਾਰ ਤੇ ਆਮ ਵਰਤਾਰਾ ਸਾਨੂੰ ਇਸ ਨਤੀਜੇ 'ਤੇ ਪੁਚਾਂਦਾ ਹੈ ਕਿ ਜੀਵ ਆਪਣੀ ਮੁਖ਼ਤਾਰੀ ਮਨ ਨੂੰ ਸੌਂਪਦਾ ਤੇ ਮਨ ਆਪਣੀ ਇੱਛਾ ਅਨੁਸਾਰ ਤਨ ਨੂੰ ਚਲਾਉਂਦਾ ਹੈ। ਪਰ ਮਨ ਤੇ ਤਨ ਪ੍ਰਸਪਰ ਮਿਲਵਰਤਣ ਹੋਣ ਕਰਕੇ ਇਕ ਦੂਜੇ ਦੇ ਅਸਰ ਕਬੂਲ ਕਰਦੇ ਰਹਿੰਦੇ ਹਨ। ਭਾਵੇਂ ਵਿਸ਼ੇਸ਼ ਕਰਕੇ ਮਨ ਦੀ ਹਕੂਮਤ ਹੀ ਤਨ 'ਤੇ ਪ੍ਰਭਾਵ ਪਾਉਂਦੀ ਹੈ ਪਰ ਮਨ ਦਾ ਸੁਭਾਉ ਕੁਝ ਅਲਬੇਲਾ ਜਿਹਾ ਹੈ, ਕਦੀ ਇਹ ਆਤਮ ਪ੍ਰਾਇਣ ਹੋ ਜਾਂਦਾ ਹੈ ਤੇ ਕਦੀ ਸਰੀਰ ਵੱਲ ਵਿਸ਼ੇਸ਼ ਝੁਕਾਉ ਕਰਦਾ ਹੈ:

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ॥
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥

(ਰਾਮਕਲੀ ਮ: ੧, ਪੰਨਾ ੮੭੬)

ਗੁਰਬਾਣੀ ਦੇ ਇਸ ਮਹਾਂਵਾਕ ਵਿਚ ਮਨ ਦੀ ਅਵਸਥਾ ਦਾ ਸਹੀ ਨਕਸ਼ਾ ਖਿੱਚਿਆ ਗਿਆ ਹੈ। ਇਹ ਬੜਾ ਸ਼ੋਖ਼ ਤੇ ਚੰਚਲ ਹੈ। ਜਿਤਨੇ ਜ਼ੋਰ ਨਾਲ ਉਤਾਂਹ ਚੜ੍ਹਦਾ ਹੈ ਉਤਨੀ ਹੀ ਤੇਜ਼ੀ ਨਾਲ ਥੱਲੇ ਡਿਗਦਾ ਹੈ। ਉਤੇ ਤਾਂ ਗਗਨ 'ਤੇ ਜੀਵਨ ਜੋਤੀ ਦਾ ਸੂਰਜ ਚਮਕਦਾ ਹੈ, ਪਰ ਥੱਲੇ ਪ੍ਰਿਥਵੀ 'ਤੇ ਘੋਰ ਹਨੇਰੇ ਮੰਡਲ ਹਨ। ਜੇ ਸੂਰਤ ਉਤਾਂਹ ਰਖੇ, ਪ੍ਰਕਾਸ਼ ਪਾਉਂਦਾ ਹੈ, ਜੇ ਉਲਟਾ ਹੋ ਲਹਿੰਦੀਆਂ ਕਲਾਂ ਵਿਚ ਉਤਰ ਜਾਵੇ ਤਾਂ ਤਿਮਰ ਅਗਿਆਨ ਦੇ ਅਧੀਨ ਠੋਕਰ ਖਾਂਦਾ ਹੈ। ਜੀਵਨ ਦੀ ਸਹੀ ਚਾਲ ਤਾਂ ਇਹ ਹੈ ਕਿ ਮਨ ਆਤਮ ਪ੍ਰਾਇਣ ਰਹੇ ਤੇ ਉਸ ਰੋਸ਼ਨੀ ਵਿਚ ਜੋ ਇਸ ਨੂੰ ਆਤਮਾ ਤੋਂ ਪ੍ਰਾਪਤ ਹੋਵੇ, ਤਨ ਨੂੰ ਚਲਾਵੇ। ਪਰ ਆਪਣੀ ਚੰਚਲਤਾ ਕਰਕੇ ਬਹੁਤ ਵੇਰੀ ਇਹ ਚਾਲੋਂ ਉੱਖੜ ਜਾਂਦਾ ਹੈ।

ਸੰਸਾਰ ਦੀ ਹਰ ਇਕ ਜੀਊਂਦੀ ਜਾਗਦੀ ਹਸਤੀ ਦੀ ਚਾਲ ਕਿਸੇ ਨਿਯਮ ਵਿਚ ਬੱਝੀ ਹੋਈ ਹੈ। ਚਾਲ ਤੋਂ ਉਖੜਿਆਂ ਬੜੇ ਬੜੇ ਸਿਆਰੇ ਤੇ ਸਿਤਾਰੇ ਇਕ ਅੱਖ ਦੇ ਪਲਕਾਰੇ ਵਿਚ ਅਸਮਾਨ ਤੋਂ ਟੁੱਟ ਕੇ ਚੀਣੀ ਚੀਣੀ ਹੋ ਖਿੰਡ ਜਾਂਦੇ ਹਨ। ਚਾਲ ਦਾ ਇਕ-ਰਸ ਤੇ ਇਕ ਨਿਯਮ ਵਿਚ ਰਹਿਣਾ ਹੀ ਸਾਰੀ ਮਕੈਨੀਕਲ (mechanical) ਦੁਨੀਆਂ ਦਾ ਭੇਦ ਹੈ। ਛੋਟੀ ਜੇਹੀ ਘੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਸਟੀਮ ਇੰਜਣਾਂ ਤਕ ਸਾਰੇ ਚਾਲ ਦੀ ਨਿਯਮਾਵਲੀ ਅੰਦਰ ਹੀ ਕੰਮ ਕਰਦੇ ਹਨ। ਮਨੁੱਖੀ ਸਰੀਰ ਵੀ ਖ਼ੂਨ ਦੀ ਬਾਕਾਇਦਾ ਚਾਲ ਕਰਕੇ ਹੀ ਕਾਇਮ ਰਹਿੰਦਾ ਹੈ।

ਗੱਲ ਕੀ, ਚਾਲ ਦੀ ਬਾਕਾਇਦਗੀ ਤੇ ਤਰਤੀਬ ਦੀ ਹਰ ਥਾਂ ਲੋੜ ਹੈ ਤੇ ਉਹ ਕਿਸੇ ਨਾ ਕਿਸੇ ਸੂਤ (discipline) ਵਿਚ ਬੱਝ ਕੇ ਹੀ ਠੀਕ ਰਹਿ ਸਕਦੀ ਹੈ। ਕਈ ਵੇਰਾਂ ਇਹ ਵੀ ਪ੍ਰਸ਼ਨ ਹੁੰਦਾ ਹੈ ਕਿ ਤਨ ਤਾਂ ਨਿਰਾ ਪੁਰਾ ਮਨ ਦੇ ਅਧੀਨ ਹੈ, ਮਾਨਸਕ ਭਾਵ ਸ਼ੁੱਧ ਹੋਣ ਨਾਲ ਤਨ ਦੀ ਚਾਲ ਆਪੇ ਹੀ ਦਰੁਸਤ ਹੋ ਜਾਵੇਗੀ। ਇਹ ਗੱਲ ਬਹੁਤ ਹਦ ਤਕ ਤਾਂ ਸਹੀ ਹੈ, ਪਰ ਇਸ ਨੂੰ ਦੋ ਤੇ ਦੋ ਚਾਰ ਵਾਂਗ ਨਹੀਂ ਆਖ ਸਕਦੇ।

ਢਹਿੰਦੀਆਂ ਕਲਾਂ ਵਾਲਾ ਮਨ, ਤਨ 'ਤੇ ਅਸਰਾਂ ਨੂੰ ਕਬੂਲ ਕਰਦਾ ਦਿਸ ਆਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਪੱਕ ਅਵਸਥਾ ਵਾਲੇ ਮਨ ਉਤੇ ਤਨ ਦਾ ਪ੍ਰਭਾਵ ਨਹੀਂ ਪੈ ਸਕਦਾ, ਪਰ ਪ੍ਰਪੱਕ ਅਵਸਥਾ ਨਿਰਾ ਪੁਰਾ ਕਹਿਣ ਸੁਣਨ ਤੇ ਸਮਝਣ ਨਾਲ ਨਹੀਂ ਹੋ ਜਾਂਦੀ, ਇਸ ਅਭਿਆਸ ਲਈ ਯਤਨ ਤੇ ਸਮੇਂ ਦੀ ਲੋੜ ਹੈ। ਸੰਤਾਂ ਨੇ ਇਸ ਗੱਲ ਲਈ ਜਨਮ-ਜਨਮਾਂਤਰਾਂ ਦਾ ਲਗ ਜਾਣਾ ਕਥਨ ਕੀਤਾ ਹੈ:

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥

(ਧਨਾਸਰੀ ਰਵਿਦਾਸ, ਪੰਨਾ ੬੯੪)

ਰਵਿਦਾਸ ਜੀ ਨੇ ਇਸ ਅੰਮ੍ਰਿਤ ਵਚਨ ਵਿਚ ਕਈ ਜਨਮ ਆਸ ਵਿਚ ਬਿਤਾਏ ਦੱਸੇ ਹਨ।

ਸਰਮੱਦ ਜੀ ਦਾ ਕਥਨ ਹੈ:

ਉਮਰੇ ਬਾਯਦ ਕਿ ਆਯਦ ਯਾਰੇ ਬਕਨਾਰ

(ਉਮਰਾਂ ਚਾਹੀਦੀਆਂ ਹਨ, ਤਾਂ ਯਾਰ ਬੁੱਕਲ ਵਿਚ ਆਉਂਦਾ ਹੈ।)

ਮਸਤ ਸ਼ਮਸ ਵੀ ਕਈ ਜਨਮਾਂ ਦਾ ਜ਼ਿਕਰ ਕਰਦਾ ਹੈ:

ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾ ਮੇਹਮਾਂ ਕੁਨਮ॥
ਹਰ ਕਿ ਜੁਜ਼ ਦਿਲਬਰ ਬਵਦ ਅਜ਼ ਸ਼ਹਿਰੇ ਦਿਲ ਬੇਰੂੰ ਕੁਨਮ॥

‘ਮੈਂ ਮੁੜ ਮੁੜ ਆਉਂਦਾ ਹਾਂ ਕਿ ਆਪਣੇ ਯਾਰ ਨੂੰ ਘਰ ਸੱਦਾਂ, ਪਰ ਪਹਿਲਾਂ ਇਹ ਯਤਨ ਹੈ ਕਿ ਬਿਗਾਨੇ ਨੂੰ ਘਰੋਂ ਕੱਢ ਦਿਆਂ'। ਪਰ ਉਹ ਬਿਗਾਨੇ ਘਰੋਂ ਕਿੱਦਾਂ ਨਿਕਲਣ? ਤੇ ਉਹ ਏਥੋਂ ਦੇ ਪੁਰਾਣੇ ਵਸਨੀਕ ਹਨ ਤੇ ਉਹਨਾਂ ਦਾ ਕਬਜ਼ਾ ਚਿਰਾਕਾ ਹੈ। ਯਤਨ ਕਰ ਕੱਢੀਦੇ ਹਨ, ਪਰ ਭਉਂ ਭਉਂ ਕੇ ਫਿਰ ਅੰਦਰ ਆ ਵੜਦੇ ਹਨ। ਲਓ ਸੁਣੋ ਕਬੀਰ ਜੀ ਕੀ ਆਖਦੇ ਹਨ:

ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ॥
ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ॥

(ਬਿਲਾਵਲੁ ਕਬੀਰ, ਪੰਨਾ ੮੫੫)

ਵਾਸ਼ਨਾਵਾਂ ਤਾਂ ਖਹਿੜਾ ਨਹੀਂ ਛਡਦੀਆਂ, ਫਿਰ ਪ੍ਰਪੱਕ ਅਵਸਥਾ ਕਿੱਦਾਂ ਹੋਵੇਗੀ? ਮਨ ਤਾਂ ਮੁੱਦਤ ਤੋਂ ਤਨ ਪ੍ਰਾਇਣ ਹੋਇਆ ਹੋਇਆ ਹੈ, ਜਿਹਬਾ ਭਾਂਤ ਭਾਂਤ ਦੇ ਸੁਆਦਾਂ ਦੀ ਗਿੱਝੀ ਹੋਈ ਮਨ ਨੂੰ ਸੁਆਨ ਵਤ ਬੂਹੇ ਬੂਹੇ ਡੁਲਾ ਰਹੀ ਹੈ। ਹੁਣ ਤਾਂ ਹੀ ਗੱਲ ਬਣ ਸਕਦੀ ਹੈ ਜੇ ਮਨ ਤੇ ਤਨ ਦੋਹਾਂ ਨੂੰ ਹੀ ਕਿਸੇ ਕੁੰਡੇ ਹੇਠਾਂ ਕੀਤਾ ਜਾਏ, ਦੋਹਾਂ ਦੀ ਚਾਲ ਇਕ ਬਣੇ, ਦੋਵੇਂ ਹੀ ਹੁਕਮ ਹੇਠ ਚੱਲਣ ਦੀ ਜਾਚ ਸਿੱਖਣ, ਤਾਂ ਹੀ ਜੀਵਨ ਦੇ ਸਹੀ ਆਦਰਸ਼ 'ਤੇ ਪੁੱਜਣਗੇ। ਫ਼ਰਸ਼ਾਂ ਵਿਚ ਸੁਰਤ ਰਖ ਕੇ ਅਰਸ਼ਾਂ 'ਤੇ ਪੁੱਜਣ ਦੀ ਇੱਛਾ ਕਰਨਾ ਪਾਗਲਪੁਣਾ ਹੈ:

ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ॥

(ਮਲਾਰ ਮ: ੫, ਪੰਨਾ ੧੨੬੭)

‘ਪੀਆ ਰੰਗ-ਰਤੀਆਂ ਦੀ ਬਰਾਬਰੀ ਚਾਹੁਣੀ ਤੇ ਰਹਿਣਾ ਗ਼ਾਫ਼ਲ' ਇਹ ਢੀਠਪੁਣਾ ਹੈ।

ਜਿੱਦਾਂ ਮਸ਼ੀਨਾਂ ਦੀ ਚਾਲ ਨੂੰ ਬਾਕਾਇਦਾ (regular) ਕਰਨਾ ਇੰਜੀਨੀਅਰ ਦੇ ਹੱਥ ਗੋਚਰਾ ਹੈ, ਓਦਾਂ ਹੀ ਮਨੁੱਖ-ਵਿਅਕਤੀ ਦੀ ਵਿਗੜੀ ਹੋਈ ਚਾਲ ਵਾਲੀ ਮਸ਼ੀਨਰੀ ਨੂੰ ਦਰੁੱਸਤ ਕਰਨਾ ਗੁਰ-ਪੂਰੇ ਦੇ ਅਧੀਨ ਹੈ। ਇਤਿਹਾਸ ਦਸਦਾ ਹੈ ਕਿ ਆਤਮ ਜਨਮਦਾਤਾ ਸਾਹਿਬ ਕਲਗੀਧਰ ਜੀ ਨੇ ਆਪਣੇ ਸਿੱਖਾਂ ਨੂੰ ਅਮਰ ਖ਼ਾਲਸੇ ਦੀ ਉੱਚੀ ਪਦਵੀ 'ਤੇ ਪੁਚਾਉਣ ਲਈ ਜ਼ਿੰਦਗੀ ਦੀ ਚਾਲ ਨੂੰ ਇਕ ਖ਼ਾਸ ਸੂਤ ਵਿਚ ਬੰਨ੍ਹਿਆ ਸੀ। ਉਹਨਾਂ ਨੇ ਕਿਹਾ ਸੀ, “ਖ਼ਾਲਸਾ ਮੇਰਾ ਪੁੱਤਰ ਅਮਰ ਹੋਵੇਗਾ। ਦੀਨ ਦੁਨੀਆ ਵਿਚ ਸੁਰਖ਼ਰੂ ਤੇ ਨਿਸ਼ਾਨੇ 'ਤੇ ਪੁੱਜਣ ਵਾਲਾ ਆਦਰਸ਼ਕ ਮਨੁੱਖ ਹੋਵੇਗਾ।"

ਜਦ ਪ੍ਰਸ਼ਨ ਹੋਇਆ ਕਿ ਮਨੁੱਖ ਦੀ ਚਾਲ ਤਾਂ ਬਿਗੜੀ ਹੋਈ ਹੈ, ਉਹ ਆਤਮ ਜੀਵਨ ਦੇ ਉਦੇਸ਼ ਨੂੰ ਕਿੱਦਾਂ ਪੂਰਾ ਕਰੇਗਾ? ਆਲੇ ਦੁਆਲੇ ਭਾਂਬੜ ਬਲ ਰਹੇ ਹਨ, ਜਗਤ ਕਾਲਖ ਦੀ ਕੋਠੜੀ ਹੈ, ਇਸ ਵਿਚ ਵੜ ਕੇ ਬੇਦਾਗ਼ ਰਹਿਣਾ ਕਿੱਦਾਂ ਹੋਵੇਗਾ?

ਤਾਂ ਪਿਤਾ ਨੇ ਫ਼ੁਰਮਾਇਆ—“ਸੁਚੇਤ ਰਹਿ ਕੇ।” ਖ਼ਾਲਸਾ ਸਿਪਾਹੀ ਹੈ, ਸਿਪਾਹੀ ਦੀ ਚਾਲ ਬੱਝਵੀਂ! ਸਿਪਾਹੀ ਦੀ ਕਿਰਿਆ ਉੱਦਮ ਵਾਲੀ! ਉਹ ਨਿਸ਼ਾਨੇ ਵਿਚ ਟਕ ਰਖ ਕੇ ਚਲਦਾ ਹੈ। ਚਾਲ ਨੂੰ ਸੂਤ ਵਿਚ ਬੰਨ੍ਹੋਂ, ਤਨ ਤੇ ਮਨ ਨੂੰ ਇਕ ਕਤਾਰ ਵਿਚ ਖੜਾ ਕਰੋ। ਮਨ ਖਿੰਡੇਗਾ, ਸ਼ਬਦ ਨਾਲ ਬੰਨ੍ਹੋਂ; ਤਨ ਲਪਕੇਗਾ, ਹੋੜ ਦਿਓ; ਖ਼ਾਹਸ਼ਾਂ ਵੱਲ ਵਧੇ ਤਾਂ ਡਾਂਟ ਦੇਣਾ। ਅਜੇ ਅੰਞਾਣਾ ਹੈ, ਸਮਝਦਾ ਸਮਝ ਜਾਏਗਾ, ਪਰ ਅਰੰਭ ਏਦਾਂ ਈ ਕਰਨਾ ਹੈ। ਬਾਲਕ ਦੀਆਂ ਲੱਤਾਂ ਵਿਚ ਬਲ ਕਿਸੇ ਟੇਕ ਦੇ ਆਸਰੇ ਤੁਰਨ ਨਾਲ ਹੀ ਆਉਂਦਾ ਹੈ। ਰਹਿਤ ਧਾਰਨ ਕਰੋ, ਮਨ ਵਿਚ ਉਸ ਦੀ ਟੇਕ ਟਿਕਾਓ। ਇਹ ਬਾਣੀ ਨਹੀਂ, ਵਰਦੀ ਹੈ। ਪਹਿਨੋ ਤੇ ਪਹਿਰੇ 'ਤੇ ਹੁਸ਼ਿਆਰ ਰਹੋ, ਜਦੋਂ ਕਮਜ਼ੋਰੀ ਆਵੇ, ਵਰਦੀ ਵੱਲ ਤੱਕੋ ਤੇ ਸਿਪਾਹੀ ਹੋਣ ਦੇ ਮਾਣ ਵਿਚ ਸਵੈ-ਤਾਣ ਨਾਲ ਭਰ ਜਾਓ। ਜਲਾਲ ਨਾਲ ਕਮਜ਼ੋਰੀ ਨੂੰ ਜਲਾ ਦਿਉ। ਮਨ ਦਾ ਪਹਿਰਾ ਮਜ਼ਬੂਤ ਰਖਣਾ, ਇਹ ਬੜਾ ਚੰਚਲ ਹੈ; ਤਿਲਕੇਗਾ, ਸ਼ਬਦ ਦੇ ਕਿੱਲੇ ਨਾਲ ਬੰਨ੍ਹਣਾ:

ਭਰੀਐ ਹਥੁ ਪੈਰੁ ਤਨੁ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਓਹੁ ਧੋਇ।
ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੈ ਕੈ ਰੰਗਿ॥

(ਜਪੁ ਜੀ ਸਾਹਿਬ, ਪੰਨਾ ੪)

ਜਿਵੇਂ ਰੋਜ਼ ਗਰਦ ਉਡਦੀ ਹੈ ਤੇ ਰਸੋਈ ਦੇ ਝਰੋਖਿਆਂ ਥਾਣੀ ਭਾਂਡਿਆਂ 'ਤੇ ਪੈਂਦੀ ਹੈ, ਪਰ ਸੁਘੜ ਸਿਆਣੀ ਰੋਜ਼ ਹੀ ਉਹਨਾਂ ਤੇ ਹੱਥ ਫੇਰ ਛਡਦੀ ਹੈ, ਤਾਹੀਓਂ ਚਮਕਦੇ ਨੇ। ਹੁਸ਼ਿਆਰ ਸਿਪਾਹੀ ਆਪਣੇ ਸ਼ਸਤਰਾਂ 'ਤੇ ਰੋਜ਼ ਟਾਕੀ ਫੇਰ ਛਡਦਾ ਹੈ, ਤਾਹੀਓਂ ਜੰਗ ਨਹੀਂ ਲਗਦਾ। ਖ਼ਾਲਸਾ! ਤੂੰ ਸਿਪਾਹੀ ਹੈਂ, ਮਨ ਨੂੰ ਰੋਜ਼ ਸ਼ਬਦ ਦੇ ਪਾਣੀ ਨਾਲ ਧੋਣਾ ਹੈ, ਇਕਾਂਤ ਥਾਂ ਲੱਭਣੀ ਹੈ, ਜਿਥੇ ਬਹਿ ਸੰਧਾ ਪਕਾਈ ਜਾਵੇ। ਉਹ ਜੰਗਲਾਂ, ਪਹਾੜਾਂ, ਬਣਾਂ, ਉਦਿਆਨਾਂ ਵਿਚ ਨਹੀਂ, ਜਿਥੇ ਬਣਚਰ ਤੇ ਪੰਛੀ ਰੌਲਾ ਪਾਉਂਦੇ ਹਨ। ਇਕਾਂਤ ਪਿਛਲ ਰਾਤ ਦੀ ਗੋਦ ਵਿਚ ਹੈ, ਜਦੋਂ ਨੀਂਦ ਨੇ ਸਭ ਰੌਲੇ ਪਾਉਣ ਵਾਲਿਆਂ ਨੂੰ ਸੁਆਇਆ ਹੁੰਦਾ ਹੈ, ਤੂੰ ਉਦੋਂ ਉੱਠ ਕੇ ਬਹਿਣਾ ਹੈ:

ਭਿੰਨੀ ਰੈਨੜੀਐ ਚਾਮਕਨਿ ਤਾਰੇ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥

(ਆਸਾ ਮ: ੫, ਪੰਨਾ ੪੫੯)

ਚਮਕਦੀ ਰੈਣ ਵਿਚ ਜਦੋਂ ਸੂਰਜ ਦਾ ਦੀਵਾ ਬੁਝਣ ਕਰਕੇ ਆਪਣੀ ਧਰਤੀ ਦੇ ਵੇਹੜੇ ਵਿਚ ਹਨੇਰਾ ਹੋਣ ਨਾਲ ਸਾਰੇ ਰੌਸ਼ਨ ਦੀਪ ਦਿਸਦੇ ਪਏ ਹੋਣ, ਕੁਦਰਤ ਦੀਆਂ ਮਜਲਿਸਾਂ ਗਰਮ ਹੋਣ, ਗੁੰਚੇ ਖਿੜ ਕੇ ਫੁੱਲ ਬਣਨ ਦੀ ਤਿਆਰੀ ਕਰ ਰਹੇ ਹੋਣ, ਖ਼ਾਲਸਾ ਰਸਿਕ ਸਿਪਾਹੀ। ਤੂੰ ਉਦੋਂ ਉਠ ਕੇ ਬੈਠ। ਤੂੰ ਜਦੋਂ ਤੋਂ ਆਤਮਕ ਜਨਮ ਲਿਆ ਹੈ, ਪਿੰਡੀ ਨਹੀਂ ਰਿਹਾ, ਬ੍ਰਹਿਮੰਡੀਆਂ ਵਿਚ ਹੋ ਗਿਆ ਹੈਂ। ਦੇਖ! ਦੁਨੀਆ ਦੀ ਹੂ ਹਾ ਤੋਂ ਬਚ ਕੇ ਭਰੇ ਸ਼ੌਕ ਨਾਲ ਇਕ ਦੂਜੇ ਵੱਲ ਤਕਦੇ ਹੋਏ ਚਮਕਦੇ ਸਿਤਾਰੇ ਕੁਝ ਰਸ-ਭਿੰਨੀਆਂ ਗੱਲਾਂ ਚੁਪ ਦੀ ਬੋਲੀ ਵਿਚ ਕਰ ਰਹੇ ਹਨ। ਉਹ ਡਲ੍ਹਕਦੇ ਨੈਣਾਂ ਨਾਲ ਤੇਰੇ ਵਲ ਤੱਕ ਰਹੇ ਨੇ, ਸਾਰੀ ਕੁਦਰਤ ਚੁੱਪ ਖੜੋਤੀ ਤੇਰੇ' ਤੇ ਟਿਕ ਲਾਈ ਬੈਠੀ ਹੈ। ਹੁਣ ਤੂੰ ਆਪਣਾ ਇਲਾਹੀ ਨਗ਼ਮਾ ਛੇੜ। ਧੁਰ ਦੀ ਬਾਣੀ ਦਾ ਅਲਾਪ ਕਰ, ਪਰ ਕੋਈ ਨੀਂਦ ਦਾ ਝੂਟਾ ਨਾ ਆ ਜਾਵੇ, ਸੁਸਤੀ ਨਾ ਪਵੇ, ਪਹਿਲਾਂ ਇਸ਼ਨਾਨ ਕਰ ਲੈ। ‘ਦਰਿਆਵਾਂ ਸਿਉਂ ਦੋਸਤੀ', ਆਸ਼ਕਾਂ ਦੀ ਨਿਤ ਕਾਰ ਧੁਰੋਂ ਚਲੀ ਆਈ ਹੈ। ਇਸ਼ਨਾਨ ਕਰ ਤੇ ਗਾਉਣ ਲਗ ਜਾ, ਰਸ ਲੈ ਤੇ ਕੁਦਰਤ ਨੂੰ ਰਸ ਦੇ। ਤਾਰਿਆਂ ਤੋਂ ਇੰਤਜ਼ਾਰ ਤੇ ਬਿਹਬਲਤਾ, ਦਰੱਖ਼ਤਾਂ ਪਹਾੜਾਂ ਤੋਂ ਟਿਕਾਉ, ਫੁੱਲਾਂ ਤੋਂ ਖੇੜੇ ਤੇ ਦਰਿਆਵਾਂ ਤੋਂ ਨਿਸ਼ਾਨੇ ਵੱਲ ਵਹਿਣਾ ਸਿੱਖ, ਉਹਨਾਂ ਤੋਂ ਫ਼ੈਜ਼ ਲੈ ਤੇ ਗੁਰੂ ਦੀ ਬਖ਼ਸ਼ੀ ਹੋਈ ਬਾਣੀ ਦਾ ਫ਼ੈਜ਼ ਉਹਨਾਂ ਨੂੰ ਦੇ। ਟਿਕਿਆ ਰਹੁ ਜਦ ਤਕ ਪਹੁ ਨਾ ਫੁੱਟੇ, ਕਿਰਨ ਨਾ ਚਮਕੇ ਤੇ ਚਿੜੀਆਂ ਰੌਲਾ ਨਾ ਪਾਉਣ।

ਦਿਨ ਚੜ੍ਹੇ, ‘ਵਗਣ ਬਹੁਤ ਤਰੰਗ' ਦੇ ਸਮੇਂ ਉੱਠ, ਕਿਰਤ ਵਿਚ ਲੱਗ, ਜਗਤ ਨੂੰ ਕੰਮ ਕਰਨ ਦੀ ਜਾਚ ਦੱਸ, ਤਾਂ ਜੋ ਉਹ ਹੱਕ ਸੱਚ ਦੀ ਕਮਾਈ ਕਰਨ, ਦਸਾਂ ਨਹੁੰਆਂ ਦੀ ਘਾਲ ਘਾਲਣ ਤੇ ਲੋਭ ਤੋਂ ਬਚ ਲੋੜਾਂ ਪੂਰੀਆਂ ਕਰਨ ਦੀ ਜਾਚ ਸਿਖਾ। ਤੂੰ ਤਕੜਾ ਹੈਂ, ਤੇਰੀ ਦੇਹ ਸੁੰਦਰ ਹੈ, ਅੰਗਾਂ ਵਿਚ ਬਲ ਹੈ, ਪਰ ਤੇਰੀ ਬਰਾਦਰੀ ਵੱਡੀ ਹੈ, ਤੇਰੇ ਪਿਤਾ ਦਾ ਪਰਵਾਰ ਬਾਹਲਾ ਹੈ। ਕਈ ਭਰਾ ਮਾੜੇ ਵੀ ਹਨ ਤੇ ਕਈ ਆਪਣੀ ਚੰਚਲਤਾ ਕਰਕੇ ਛੋਟਿਆਂ ਹੁੰਦਿਆਂ ਤੋਂ ਹੀ ਅੰਗਹੀਣ ਹੋ ਬੈਠੇ ਹਨ, ਉਹਨਾਂ ਦਾ ਵੀ ਫ਼ਿਕਰ ਕਰਨਾ ਹੈ। ਭਾਵੇਂ ਉਹ ਕਿਰਤ ਕਰਨ ਜੋਗੇ ਨਹੀਂ ਰਹੇ, ਪਰ ਕੀ ਕਰਨ? ਅਸਮਰਥ ਜੋ ਹੋਏ, ਤੇ ਹੋਏ ਭਰਾ, ਸੂਟ ਤਾਂ ਨਹੀਂ ਪਾਉਣੇ। ਓੜਕ ਇੱਕੋ ਪਿਤਾ ਦੇ ਪੁੱਤਰ ਹਾਂ। ਉਹਨਾਂ ਦੇ ਗੁਜ਼ਾਰੇ ਲਈ ਹਰ ਸ਼ਾਮ ਨੂੰ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਰੱਖ ਲੈਣਾ ਹੈ। ਬ੍ਰਾਹਮਣ ਦੇ ਦਾਨ ਪੁੰਨ ਤੇ ਮੌਲਵੀ ਦੇ ਸਦਕੇ ਖ਼ੈਰਾਤ ਦੀਆਂ ਗੱਲਾਂ ਨਹੀਂ ਸੁਣਨੀਆਂ, ਦਾਨ ਪੁੰਨ ਤੇ ਖ਼ੈਾਰਾਤਾਂ ਉਥੇ ਹੁੰਦੀਆਂ ਹਨ ਜਿਥੇ ਭਾਂਤ-ਭਾਂਤ ਦੇ ਮਨੁੱਖ ਕੋਈ, ਅਮੀਰ ਤੇ ਕੋਈ ਮੰਗਤਾ, ਕੋਈ ਧਨੀ ਤੇ ਕੋਈ ਕੰਗਾਲ ਹੋਵੇ, ਖ਼ਾਲਸੇ ਨੇ ਤਾਂ ਹੱਦਾਂ ਢਾਹ ਘਤੀਆਂ ਹਨ, ਸਾਡਾ ਤਾਂ ਘਰ ਹੀ ਇਕ ਬਣ ਗਿਐ। ਕਲਗੀਆਂ ਵਾਲੇ ਤੇ ਸਾਹਿਬ ਦੇਵਾਂ ਦੇ ਜਣੇ ਸਾਰੇ ਹੀ ਭਰਾ ਹੋਏ। ਹੁਣ ਦਾਨ ਕਿਹਨੂੰ ਦੇਣਾ ਤੇ ਖ਼ੈਰਾਤ ਕੀਹਦੀ ਝੋਲੀ ਪਾਉਣੀ? ਛੋਟਿਆਂ ਤੇ ਮਾੜਿਆਂ ਭਰਾਵਾਂ ਨੂੰ ਪਾਲਣਾ ਤਾਂ ਤਕੜਿਆਂ ਤੇ ਵੱਡਿਆਂ ਦਾ ਫ਼ਰਜ਼ ਹੁੰਦਾ ਹੈ। ਜੇ ਉਹ ਕਰਤਵ ਨੂੰ ਨਾ ਪਾਲਣ ਤਾਂ ਨਿਸ਼ਾਨਿਓਂ ਉੱਕ ਗਏ। ਫੇਰ ਪਿਤਾ ਦੀਆਂ ਖ਼ੁਸ਼ੀਆਂ ਕਿੱਥੇ? ਇਸ ਲਈ ਦਸਵੰਧ ਜ਼ਰੂਰ ਕੱਢਣਾ ਹੈ।

ਮਨ ਅਤੇ ਧਨ ਤਾਂ ਸੁੰਦਰ ਮਰਯਾਦਾ ਵਿਚ ਲਗਾਏ ਗਏ, ਪਰ ਹੁਣ ਤਨ ਸੂਤ ਕਰਨਾ ਵੀ ਬੜਾ ਜ਼ਰੂਰੀ ਸੀ। ਭਾਵੇਂ ਜੀਵਨ-ਯਾਤਰਾ ਵਿਚ ਤਨ ਨੂੰ ਬਹੁਤ ਥੱਲੇ ਜਗ੍ਹਾ ਦਿੱਤੀ ਗਈ ਹੈ, ਪਰ ਇਸਦੀ ਲੋੜ ਤੋਂ ਤਾਂ ਇਨਕਾਰ ਨਹੀਂ ਹੋ ਸਕਦਾ। ਇਹੋ ਹੀ ਇਕ ਸ਼ੀਸ਼ਾ ਹੈ ਜਿਸ ਥਾਣੀਂ ਆਤਮਾ ਦਾ ਅਕਸ ਬਾਹਰ ਦਿਸ ਆਉਂਦਾ ਹੈ। ਭਾਵੇਂ ਇਸ ਉਤੇ ਸਿੱਧੀ ਮਨ ਦੀ ਹੀ ਚੌਧਰ ਹੈ ਪਰ ਫਿਰ ਵੀ ਜਿਵੇਂ ਕੈਂਪ ਦੇ ਪ੍ਰਕਾਸ਼ ਲਈ ਸਾਫ਼ ਚਿਮਨੀ ਦੀ ਜ਼ਰੂਰਤ ਹੁੰਦੀ ਹੈ, ਓਦਾਂ ਹੀ ਆਤਮ ਜੀਵਨ ਦੇ ਅਭਿਆਸ ਲਈ ਤਨ ਨੂੰ ਵੀ ਖ਼ਾਸ ਮਰਯਾਦਾ ਵਿਚ ਰੱਖ ਕੇ ਦਰੁਸਤ ਕਰਨਾ ਪਵੇਗਾ, ਆਮ ਤੌਰ 'ਤੇ ਸਰੀਰ ਰਾਹੀਂ ਤਿੰਨ ਕਿਸਮ ਦੀ ਕਿਰਿਆ ਹੀ ਕੀਤੀ ਜਾਂਦੀ ਹੈ, ਅਰਥਾਤ ਖਾਣਾ, ਸੰਤਾਨ ਉਤਪਤੀ ਤੇ ਸੁੰਦਰਤਾ ਦੀ ਨੁਮਾਇਸ਼। ਇਹਨਾਂ ਤਿੰਨਾਂ ਨੂੰ ਖ਼ਾਸ ਮਰਯਾਦਾ ਵਿਚ ਰਖਿਆਂ ਹੀ ਕੰਮ ਚਲ ਸਕਦਾ ਹੈ। ਜੀਵਨ-ਯਾਤਰਾ ਵਿਚ ਜੋ ਲੋੜ ਹੈ, ਉਸਨੂੰ ਜ਼ਰੂਰ ਪੂਰਨ ਕਰਨਾ ਚਾਹੀਦਾ ਹੈ। ਭਾਵੇਂ ਲਗਦੇ ਵਾਹ ਲੋੜਾਂ ਨੂੰ ਵੀ ਘਟਾਣਾ ਚਾਹੀਦਾ ਹੈ, ਪਰ ਦੂਜੇ ਪਾਸੇ ਖ਼ਾਹਸ਼ਾਂ ਦੇ ਉਦਿਆਨ ਬਣ ਵਿਚ ਵੜਨੋਂ ਤਾਂ ਬਚਣਾ ਅਤਿ ਜ਼ਰੂਰੀ ਹੈ। ਪਹਿਲਾਂ ਜੀਭ ਦੇ ਸੁਆਦ ਨੂੰ ਹੀ ਲੈ ਲਓ:

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥

(ਆਸਾ ਦੀ ਵਾਰ, ਮ: ੧, ਪੰਨਾ ੪੭੨)

ਖਾਣਾ ਪੀਣਾ ਤਾਂ ਪਵਿੱਤਰ ਹੈ, ਤਾਂ ਹੀ ਰਿਜਕ ਮਾਲਕ ਨੇ ਦਿੱਤਾ ਹੈ, ਪਰ ਜੀਭ ਦੇ ਸੁਆਦ ਵਿਚ ਪ੍ਰਵਿਰਤ ਹੋ ਕੇ ਹੱਕ ਨਾਹੱਕ ਦੀ ਕਮਾਈ ਦੀ ਵਿਚਾਰ ਹੀ ਨਾ ਕਰਨੀ, ਸੂਰਤ ਵਿਚ ਗਿਰਾਉ ਪੈਦਾ ਕਰਦੀ ਹੈ। ਪਿਤਾ ਨੇ ਕਿਹਾ ਹੈ, “ਜਹਿੰ ਕਹਿੰ ਦਾ ਪ੍ਰਸ਼ਾਦ ਛਕਣ ਵਾਲਾ ਮੇਰਾ ਸਿਖ ਨਹੀਂ।”

ਇਤਿਹਾਸ ਵਿਚ ਭਾਈ ਲਾਲੋ ਕੋਧਰੇ ਦੀ ਰੋਟੀ ਤੇ ਮਲਕ ਭਾਗੋ ਦੀਆਂ ਪੂਰੀਆਂ ਦੀ ਕਥਾ ਇਸ ‘ਜਿਹਬਾ’ ਦੀ ਰਹਿਤ ਨੂੰ ਦ੍ਰਿੜ ਕਰਾਉਣ ਲਈ ਕਾਫ਼ੀ ਹੈ। ਮਲਕ ਭਾਗੋ ਦੀਆਂ ਸੁਆਦੀ ਪੂਰੀਆਂ ਤੇ ਕੜਾਹ, ਜਬਰ ਤੇ ਧੱਕੇ ਦੀ ਕਮਾਈ ਦਾ ਹੋਣ ਕਰਕੇ, ਗ਼ਰੀਬਾਂ ਦਾ ਖ਼ੂਨ ਚੂਸ ਕੇ ਆਏ ਹੋਏ ਰੁਪਏ ਦਾ, ਸਤਿਗੁਰਾਂ ਦੇ ਨਿਆਇਕਾਰੀ ਹੱਥ ਵਿਚ ਖ਼ੂਨ ਬਣ ਕੇ ਹੀ ਵਹਿ ਤੁਰਿਆ। ਸੋ, ਰਹਿਤਵਾਨ ਸਿੱਖ ਨੇ ਨਾਹੱਕ ਦੀ ਕਮਾਈ ਤੇ ਧੱਕੇ ਦੇ ਧਨ ਤੋਂ ਖ਼ਰੀਦੇ ਗਏ ਅੰਨ ਪਾਣੀ ਤੇ ਸ੍ਵਾਦਿਸ਼ਟ ਖਾਣਿਆਂ ਤੋਂ ਸਦਾ ਪਰਹੇਜ਼ ਕਰਨਾ ਹੈ, ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਪ੍ਰਸ਼ਾਦਾ ਛਕਣਾ ਹੈ, ਅਤੇ ਨਸ਼ੇ ਤਾਂ ਨਿਰਾ ਵਿਕਾਰ ਹਨ, ਉਹਨਾਂ ਦੇ ਵਰਤਣ ਨਾਲ ਤਾਂ ਪੁਰਸ਼ ਅਲਪ ਰਸ ਦੀ ਖ਼ਾਤਰ ਆਪਣੀ ਬੁੱਧੀ, ਧਨ ਤੇ ਧਰਮ ਤੇ ਹੱਥ ਧੋ ਬਹਿੰਦਾ ਹੈ। ਰਹਿਤਵਾਨ ਸਿੱਖ ਨੇ ਉਹਨਾਂ ਦਾ ਤਿਆਗ ਕਰਨਾ ਹੈ, ਰਸ ਨਾਮ ਦਾ ਤੇ ਸਰੂਰ ਭਜਨ ਦਾ ਹੀ ਕਾਫ਼ੀ ਹੈ:

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥

(ਆਸਾ ਮ: ੫, ਪੰਨਾ ੩੯੯)

ਪਾਤਸ਼ਾਹ ਦਾ ਫ਼ੁਰਮਾਨ ਹੈ।

ਸਰੀਰ ਦਾ ਦੂਜਾ ਕਰਤਵ ਸਪਰਸ਼ ਹੈ। ਸ਼ੁਭ ਸੰਤਾਨ ਜਗਤ ਵਿਚ ਇਕ ਨਿਸ਼ਾਨ ਹੈ, ਦੰਪਤੀ ਦੇ ਪਿਆਰ ਦੀ ਗੰਢ ਹੈ:

ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥

(ਵਾਰ ਮਾਝ, ਮ: ੧, ਪੰਨਾ ੧੪੩)

ਰੱਬੀ ਹੁਕਮ ਹੈ। ਸੋ ਇਸ ਕਰਤਵ ਦੀ ਪਾਲਣਾ ਲਈ ਰਹਿਤਵਾਨ ਸਿੰਘ ਸਿੰਘਣੀ ਦਾ ਆਨੰਦ ਕਾਰਜ ਗੁਰੂ ਕੀ ਆਗਿਆ ਹੈ। ਪਰ ਜੇ ਸਿੱਖ ਵਿਸ਼ੇ ਅਧੀਨ ਹੋ ਇਸ ਸੰਧੀ ਤੋਂ ਟੱਪੇ, ਬਦ-ਪਰਹੇਜ਼ੀ ਕਰੇ, ਤਦ ਉਹ ਨਿਸ਼ਾਨਿਓਂ ਗਿਰ ਜਾਂਦਾ ਹੈ। ਤਿਆਰ-ਬਰ-ਤਿਆਰ ਰਹਿਤਵਾਨ ਉਹੀ ਹੈ ਜੋ ਸੰਜਮ ਦਾ ਜੀਵਨ ਬਸਰ ਕਰੇ। ਦੰਪਤੀ ਦੇ ਜੋੜ ਦਾ ਮੁੱਖ ਪਰਯੋਜਨ ਸਭ ਸੰਗ ਹੈ। ਭੋਗ ਲੰਪਟ ਹੋਣਾ ਤੇ ਇਸ ਰਸ ਦੇ ਅਧੀਨ ਹੋ ਥੱਲੇ ਗਿਰ ਜਾਣਾ, ਰਹਿਤਹੀਣ ਤੇ ਟੁਟਿਆਂ ਹੋਇਆਂ ਲਈ ਬਣਿਆ ਹੈ। ਰਹਿਤਵਾਨ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਹ ਘਾਟੀ ਬਿਖਮ ਤੇ ਤਿਲਕਣੀ ਹੈ, ਪਰ ਇਹਨਾਂ ਬਿਖਮ ਘਾਟੀਆਂ ਤੇ ਤਿਲਕਣਾਂ ਨੂੰ ਸੁਚੇਤ ਹੋ ਕੇ ਲੰਘ ਜਾਣ ਲਈ ਹੀ ‘ਸਿੰਘ ਸਿਪਾਹੀ’ ਬਣਾਇਆ ਗਿਆ ਹੈ। ਬਾਕੀ ਰਿਹਾ ਸੁੰਦਰਤਾ ਦਾ ਸੁਆਲ, ਸੋ ਸਰੀਰ ਨੂੰ ਸਵੱਛ ਤੇ ਉਜਲਾ ਰੱਖਣਾ ਹੁਕਮ ਹੈ, ਨਿੱਤ ਇਸ਼ਨਾਨ ਇਸਦਾ ਸਾਧਨ ਹੈ। ਉਜਲਾ ਤੇ ਸਵੱਛ ਇਸ ਲਈ ਰੱਖਣਾ ਹੈ, ਕਿਉਂਜੋ ਇਸ ਵਿਚ ਬੈਠ ਕੇ ਕੀਰਤਨ ਕਰਨਾ ਹੈ, ਸਤਿਗੁਰਾਂ ਦਾ ਧਿਆਨ ਧਰਨਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਣਾ ਹੈ, ਪਵਿੱਤਰ ਰੁਮਾਲੇ ਤੇ ਮਹਾਰਾਜ ਦੀ ਪਾਵਨ ਦੇਹ ਨੂੰ ਹੱਥ ਲਗਾਉਣੇ ਹਨ, ਪਰ ਸੁੰਦਰਤਾ ਦਾ ਖ਼ਿਆਲ ਹੁਕਮ ਤੇ ਰਜ਼ਾ ਦੇ ਅੰਦਰ ਹੀ ਰਹੇ ਤਾਂ ਯੋਗ ਹੈ। ਤਨ ਪ੍ਰਾਇਣ ਹੋਇਆਂ ਤੇ ਮਨੋਂ ਵਾਸ਼ਨਾ ਨੂੰ ਪੂਰਨ ਕਰਨ ਲੱਗਿਆਂ ਤਾਂ ਕਿਤੇ ਟਿਕਾਣਾ ਹੀ ਨਹੀਂ। ਸੂਰਤ ਸੰਵਾਰਨੀ, ਇਸ਼ਨਾਨ ਕਰਨਾ ਤੇ ਸਵੱਛ ਉਜਲ ਰਹਿਣਾ ਲੋੜ ਹੈ, ਪਰ ਵਾਲ ਮੁਨਾਉਣੇ, ਸੂਰਤ ਨੂੰ ਹੋਰ ਦਾ ਹੋਰ ਕਰਨਾ, ਮਨ ਦੀਆਂ ਵਧੀਆਂ ਹੋਈਆਂ ਮਾਰਾਂ ਦਾ ਫਲ ਹੈ, ਇਸ ਨੂੰ ਠਾਕਣਾ ਹੈ, ਬਾਣੀ ’ਤੇ ਸ਼ਾਕਰ ਰਹਿਣ ਦਾ ਸੁਭਾਉ ਪਾਉਣਾ ਹੈ।

ਇਹ ਗੁਰਮਤਿ ਦੇ ਦੱਸੇ ਹੋਏ ਢੰਗਾਂ ਦਾ ਸਾਰੰਸ਼ ਹੈ, ਜਿਨ੍ਹਾਂ ਰਾਹੀਂ ਮਨੁੱਖੀ ਜੀਵਨ ਦੀ ਚਾਲ ਸੂਤ ਵਿਚ ਬੱਝਦੀ ਹੈ। ਪਰ ਜ਼ਰੂਰੀ ਇਹ ਹੈ ਕਿ ਤਨ ਮਨ ਧਨ ਤਿੰਨੇ ਹੀ ਕਿਸੇ ਕਰਮ ਵਿਚ ਆਉਣ। ਇਕ ਨੂੰ ਛੱਡ ਦੂਜਿਆਂ ਦਾ ਮੰਜ਼ਲ 'ਤੇ ਪਹੁੰਚਣਾ ਕਠਨ ਹੈ। ਕਈ ਵੇਰਾਂ ਇਹ ਹੁੰਦਾ ਤਾਂ ਹੈ ਕਿ ਮੰਜ਼ਲ 'ਤੇ ਤੁਰੇ ਮੁਸਾਫ਼ਰਾਂ ਵਿਚੋਂ ਕੋਈ ਥੱਕ ਜਾਵੇ ਜਾਂ ਕੰਡਾ ਚੁਭਣ ਦੇ ਕਾਰਨ ਲੰਗੜਾਉਣ ਲਗ ਪਵੇ ਤਾਂ ਦੂਜਾ ਬਲੀ ਸਾਥੀ ਉਸ ਨੂੰ ਮੋਢਾ ਦੇ ਕੇ ਮੰਜ਼ਲ ਤੇ ਲੈ ਅੱਪੜੇ, ਪਰ ਇਹ ਖ਼ਾਸ ਖ਼ਾਸ ਹਾਲਤਾਂ ਵਿਚ ਹੀ ਹੁੰਦਾ ਹੈ, ਜਗਤ ਦੀ ਆਮ ਮਰਯਾਦਾ ਨਹੀਂ। ਸਾਰੇ ਮਨਸੂਰ ਨਹੀਂ ਹੁੰਦੇ, ਸ਼ਮਸ ਜਿਤਨਾ ਤਾਣ ਤੇ ਕਬੀਰ ਜੈਸਾ ਬਲ ਨਹੀਂ ਰੱਖ ਸਕਦੇ। ਸਰਲ ਤੇ ਸੁਖ਼ੈਨ ਪੈਂਡਾ ਤਾਂ ਹੀ ਮੁਕਦਾ ਹੈ ਜੋ ਸਾਰੇ ਸਾਥੀ ਹੀ ਮਿਲ ਕੇ ਉੱਦਮ ਕਰਨ ਤੇ ਤੁਰੀ ਜਾਣ। ਸੋ, ਤਨ ਮਨ ਧਨ ਤਿੰਨਾਂ ਨੂੰ ਗੁਰੂ ਦੇ ਹਵਾਲੇ ਕਰਨਾ ਤੇ ਸੰਜਮ ਵਿਚ ਲਿਆਉਣਾ ਹੀ ਸੱਚੀ ਰਹਿਤ ਹੈ, ਜਿਨ੍ਹਾਂ ਨੇ ਰੱਖੀ ਹੈ ਉਹਨਾਂ ਪ੍ਰਤੀ ਹੀ ਇਸ਼ਾਰਾ ਕਰ ਕੇ ਪਿਤਾ ਨੇ ਕਿਹਾ ਹੈ:

ਰਹਿਣੀ ਰਹੈ ਸੋਈ ਸਿਖ ਮੇਰਾ॥
ਓਹੁ ਠਾਕੁਰੁ ਮੈ ਉਸ ਕਾ ਚੇਰਾ॥

(ਰਹਿਤਨਾਮਾ, ਭਾ: ਦੇਸਾ ਸਿੰਘ)

ਪੰਨਾ

ਗੁਰ ਭਗਤੀ ਤੇ ਰਹਿਤ

ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥

(ਗਉੜੀ ਸੁਖਮਨੀ ਮਹਲਾ ੫, ਪੰਨਾ ੨੮੮)

ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਤਰੱਕੀ ਜਾਂ ਵਾਧੇ ਲਈ ਯਤਨ ਕਰਦਾ ਨਜ਼ਰ ਆ ਰਿਹਾ ਹੈ, ਤੇ ਹਰ ਇਕ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਵਿਤ ਅਨੁਸਾਰ ਕੀਮਤ ਅਦਾ ਕਰਨ ਲਈ ਤਤਪਰ ਦਿਸਦਾ ਹੈ। ਸਿੱਪੀਆਂ, ਮੋਤੀ ਪੈਦਾ ਕਰਨ ਲਈ ਸਾਲਾਂ ਬੱਧੀ ਸੁਮੰਦਰ ਦੀਆਂ ਲਹਿਰਾਂ ਵਿਚ ਥਪੇੜੇ ਖਾਂਦੀਆਂ ਹਨ, ਕੰਘਾ ਤੇ ਕੰਘੀ ਸੁੰਦਰਾਂ ਦੀਆਂ ਜ਼ੁਲਫ਼ਾਂ ਵਿਚ ਫਿਰਨ ਲਈ ਤਨ ਚਿਰਵਾਂਦੇ ਤੇ ਮਹਿੰਦੀ ਰੰਗਲੀ ਹੋਣ ਲਈ ਆਪਾ ਪਿਸਾਂਦੀ ਚਲੀ ਆ ਰਹੀ ਹੈ। ਤਰੱਕੀ ਦੇ ਪ੍ਰਕਿਰਤਕ ਮੰਡਲਾਂ ਵਿਚ ਦਿਸ ਆਉਂਦੇ ਰੂਪ ਤੋਂ ਅਗਾਂਹ ਵਧ ਕੇ ਜਿਉਂ ਜਿਉਂ ਅਸੀਂ ਸੂਖਮ ਮੰਡਲਾਂ ਵਿਚ ਇਸ ਨੂੰ ਤੱਕਾਂਗੇ, ਤਿਉਂ ਤਿਉਂ ਹੀ ਇਸ ਦੀ ਪ੍ਰਾਪਤੀ ਲਈ ਯਤਨ ਵੀ ਵਡੇਰਾ ਤੇ ਮੁੱਲ ਵੀ ਜ਼ਿਆਦਾ ਹੁੰਦਾ ਚਲਾ ਜਾਵੇਗਾ। ਮਾਨਸਿਕ ਮੰਡਲ ਵਿਚ ਵਾਧੇ ਦੀ ਚਾਲ ਬੁੱਧੀ ਦੇ ਅਧੀਨ ਹੁੰਦੀ ਹੈ। ਬੁੱਧੀ ਦੇ ਉਤਾਂਹ ਉਠਣ ਨਾਲ ਥੱਲੇ ਡਿਗਦਾ ਹੈ। ਬੁੱਧੀ ਮੂਲ ਰੂਪ ਵਿਚ ਮਨੁੱਖ ਨੂੰ ਧੁਰੋਂ ਮਿਲੀ ਹੋਈ ਇਕ ਸ਼ਕਤੀ ਹੈ, ਪਰ ਸਹਿਜੇ ਸਹਿਜੇ ਮਨੁੱਖ ਦੀਆਂ ਦੂਸਰੀਆਂ ਸ਼ਕਤੀਆਂ ਵਾਂਗ ਉੱਨਤ (develop) ਹੁੰਦੀ ਹੈ। ਇਸ ਦਾ ਸੁਭਾਉ ਰੁੱਖ 'ਤੇ ਚੜ੍ਹਾਈ ਗਈ ਵੇਲ ਵਾਂਗ ਹੈ, ਜਿਤਨੇ ਉੱਚੇ ਰੁੱਖ 'ਤੇ ਵੇਲ ਚੜ੍ਹਾਈ ਜਾਵੇ ਉਹ ਉਤਨੀ ਹੀ ਉੱਚੀ ਹੋ ਜਾਂਦੀ ਹੈ। ਮਨੁੱਖ-ਜੀਵਨ ਦੇ ਪਹਾਰੇ ਵਿਚ ਬੁੱਧੀ ਘੜੀ ਜਾਂਦੀ ਹੈ, ਜੇ ਯੋਗ ਸੁਨਿਆਰੇ ਦੇ ਹੱਥ ਆ ਜਾਵੇ ਤਾਂ ਸੁੰਦਰ ਤੇ ਸ਼ੋਭਨੀਕ ਰੂਪ ਲੈ ਲੈਂਦੀ ਹੈ, ਪਰ ਜੇ ਅਣਜਾਣ ਦੇ ਹੱਥ ਆ ਜਾਵੇ ਤਾਂ ਅਲ੍ਹੜ ਸੁਨਿਆਰੇ ਦੇ ਘੜੇ ਹੋਏ ਗਹਿਣੇ ਵਾਂਗ ਅੱਗੇ ਨਾਲੋਂ ਵੀ ਘੱਟ ਕੀਮਤ ਹੋ ਜਾਂਦੀ ਹੈ।

ਇਹ ਗੱਲ ਤਾਂ ਪਰਤੱਖ ਹੀ ਹੈ ਕਿ ਬੁੱਧੀ ਇਕ ਚਾਨਣ ਹੈ, ਜਿਸਦੀ ਹੋਂਦ ਕਰਕੇ ਅਗਿਆਨ ਤੇ ਜੜ੍ਹਤਾ ਦਾ ਹਨੇਰਾ ਦੂਰ ਹੁੰਦਾ ਹੈ। ਪਰ ਇਹ ਚਾਨਣ-ਰੂਪ ਬੁੱਧੀ ਵਧਦੀ ਸਹਿਜੇ ਸਹਿਜੇ ਹੈ। ਜਦੋਂ ਇਹਦਾ ਅਰੰਭ ਹੋਵੇ ਤਦ ਇਸ ਦੇ ਧਾਰਨੀ ਨੂੰ ਅੰਞਾਣਾ ਕਹਿੰਦੇ ਹਨ। ਅੰਞਾਣੇ ਦੇ ਅਰਥ ਕਦੇ ਵੀ ਪਾਗਲ ਨਹੀਂ ਹੁੰਦੇ, ਸਗੋਂ ਬੁੱਧੀ ਦੀ ਕੱਚੀ ਅਵਸਥਾ ਵਾਲੇ ਮਨੁੱਖ ਨੂੰ ਅੰਞਾਣਾ ਕਿਹਾ ਜਾਂਦਾ ਹੈ। ਇਹ ਆਮ ਕਹਾਵਤ ਹੈ, “ਉਹ ਅਜੇ ਅੰਞਾਣਾ ਹੈ, ਸਹਿਜੇ ਸਹਿਜੇ ਸਿਆਣਾ ਹੋ ਜਾਵੇਗਾ।” ਸੋ, ਬੁੱਧੀ ਦਾ ਅਰੰਭ ਕਰ ਰਿਹਾ ਪੁਰਖ ਅੰਞਾਣਾ ਅਤੇ ਇਸ ਚਾਨਣ ਦਾ ਅੰਤਮ ਪਦ ਗ੍ਰਹਿਣ ਕਰ ਚੁੱਕਾ ਪੁਰਖ ‘ਗੁਰੂ’ ਕਿਹਾ ਜਾਂਦਾ ਹੈ। ਭਾਵੇਂ ਗੁਰੂ, ਬੁੱਧੀ ਮੰਡਲ ਤੋਂ ਲੰਘ ਕੇ ਰਸ-ਆਦਿਕ ਮੰਡਲ ਦਾ ਮਾਲਕ ਵੀ ਹੁੰਦਾ ਹੈ, ਪਰ ਗੁਰੂ ਤੇ ਸਿੱਖ ਦਾ ਜੋੜ ਪਹਿਲੇ ਪਹਿਲ ਧਰਮ ਵਿਚ ਬੁੱਧੀ ਮੰਡਲ ਵਿਚ ਆਣ ਕੇ ਹੀ ਜੁੜਦਾ ਹੈ। ਸੋ, ਸਿੱਖ ਨੂੰ ਆਪਣੀ ਬੁੱਧੀ ਦੀ ਵੇਲ ਵਧਾਣ ਲਈ ਗੁਰੂ-ਬੁਧਿ ਨਾਲ ਜੋੜ ਜੋੜਨਾ ਪੈਂਦਾ ਹੈ ਤੇ ਉਸੇ ਪਹਾਰੇ ਵਿਚ ਹੀ ਇਸ ਦੀ ਬੁੱਧੀ ਘੜੀ ਜਾ ਸਕਦੀ ਹੈ। ਜਿਤਨਾ ਚਿਰ ਮਨੁੱਖ ਕਿਸੇ ਸੁਜਾਨ ਗੁਰੂ ਦੀ ਮਤ ਨਹੀਂ ਲੈਂਦਾ ਤੇ ਆਪਣੀ ਕੱਚੀ ਮਤ ਉਤੇ ਭਰੋਸਾ ਰਖਦਾ ਹੈ, ਉਤਨਾ ਚਿਰ ਕਦਮ ਕਦਮ 'ਤੇ ਉਸ ਦੇ ਡਿੱਗ ਪੈਣ ਦੀ ਸੰਭਾਵਨਾ ਹੋ ਸਕਦੀ ਹੈ। ਸ੍ਰਿਸ਼ਟੀ ਨਿਯਮ ਵਿਚ ਜਦੋਂ ਅਸੀਂ ਵਾਧੇ ਦੇ ਕਾਨੂੰਨ ਦੀ ਵਿਚਾਰ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਹਰ ਇਕ ਸ਼ੈ ਆਪਣੇ ਆਪਣੇ ਵਾਧੇ ਲਈ ਉਠਦੀ ਤੇ ਦੂਜੀਆਂ ਚੀਜ਼ਾਂ ਨੂੰ ਥਲੇ ਗਿਰਾ ਜਾਂ ਲਾਂਭੇ ਹਟਾ ਕੇ ਆਪਣਾ ਰਸਤਾ ਕਢਣਾ ਚਾਹੁੰਦੀ ਹੈ। ਇਸ ਨਿਯਮ ਅਨੁਸਾਰ ਵਿਰੋਧੀ ਤਾਕਤਾਂ ਮਨੁੱਖ ਦੀ ਬੁੱਧੀ ਨੂੰ ਕੱਚਾ ਜਾਣ ਕੇ ਹਰ ਵੇਰ ਥੱਲੇ ਸੁਟਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ। ਮਨੁੱਖ ਨੇ ਆਪਣੇ ਬਚਾਅ ਲਈ ਅਗੋਂ ਕਰੜਾ ਟਾਕਰਾ ਕਰਨਾ ਹੈ ਤੇ ਇਸ ਟਾਕਰੇ ਦੇ ਰਣ-ਖੇਤਰ ਦਾ ਨਾਮ ਹੀ ਜੀਵਨ ਦਾ ਕਾਰਨ ਕਿਹਾ ਜਾ ਸਕਦਾ ਹੈ। ਰਣ ਵਿਚ ਤਕੜਿਆਂ ਦੀ ਓਟ ਲੈਣੀ ਸਦਾ ਤੋਂ ਚਲੀ ਆਈ ਹੈ, ਸੋ ਬੁੱਧੀ ਮੰਡਲ ਦੇ ਇਸ ਖੇਤਰ ਵਿਚ ਵੀ ਤਕੜੇ ਗੁਰੂ ਦੀ ਮਦਦ ਲੈਣੀ ਬੜੀ ਜ਼ਰੂਰੀ ਹੈ। ਇਸ ਖ਼ਿਆਲ ਦੇ ਉਤੇ ਹੀ ਗੁਰੂ ਚੇਲੇ ਦੀ ਸੰਧੀ ਕਾਇਮ ਹੁੰਦੀ ਹੈ ਤੇ ਕਮਜ਼ੋਰ ਚੇਲਾ ਗੁਰੂ ਨੂੰ ਸਾਥੀ ਬਣਾ ਕੇ ਇਸ ਛਿੰਝ ਵਿਚ ਹਨੇਰੇ ਦੀਆਂ ਵਿਰੋਧੀ ਤਾਕਤਾਂ 'ਤੇ ਪ੍ਰਬਲ ਹੋ ਸਕਦਾ ਹੈ।

ਕਈ ਵੇਰਾਂ ਅਸੀਂ ਮਜ਼ਹਬ ਦਾ ਵਿਚਾਰ ਕਰਨ ਲਈ ਦੂਸਰੀ ਕਿਸਮ ਦੇ ਤਰਾਜ਼ੂ ਵਰਤਦੇ ਹਾਂ ਤੇ ਬਹੁਤ ਵੇਰੀ ਆਪਣੀ ਕੱਚੀ ਸਮਝ ਤੇ ਦਲੀਲ ਨੂੰ ਹੀ ਪਰਖ ਦੀ ਕਸਵੱਟੀ ਕਰਾਰ ਦੇਂਦੇ ਹਾਂ। ਪਰ ਜਿਸ ਤਰ੍ਹਾਂ ਹੋਰਨਾਂ ਕਈ ਇਕ ਮਾਮਲਿਆਂ ਵਿਚ ਸਾਨੂੰ ਆਪਣੀ ਸਮਝ ਤੇ ਅੰਦਰਲਿਆਂ ਭਾਵਾਂ ਨੂੰ ਰੋਕਣਾ ਤੇ ਕਿਸੇ ਦੂਸਰੇ ਦੇ ਮਗਰ ਲਗਣਾ ਪੈਂਦਾ ਹੈ, ਉਹੋ ਹੀ ਸੂਰਤ ਮਜ਼ਹਬੀ ਵਿਚਾਰ ਦੀ ਵੀ ਹੈ। ਮਿਸਾਲ ਦੇ ਤੌਰ 'ਤੇ, ਅਸੀਂ ਬਿਮਾਰੀ ਦੀ ਹਾਲਤ ਵਿਚ ਕਿਸੇ ਹਕੀਮ ਕੋਲ ਜਾਂਦੇ ਹਾਂ, ਉਹ ਸਾਨੂੰ ਦੇਖ ਕੇ ਕਿਸੇ ਖ਼ਾਸ ਰੋਗ ਦੀ ਹੋਂਦ ਸਾਡੇ ਸਰੀਰ ਵਿਚ ਦਸਦਾ ਹੈ ਤੇ ਨਾਲ ਹੀ ਖ਼ਾਸ ਕਿਸਮ ਦਾ ਪਥ-ਪਰਹੇਜ਼ ਬਿਆਨ ਕਰਦਾ ਹੈ। ਸਾਡੇ ਆਪਣੇ ਸਰੀਰ ਦੀਆਂ ਮੰਗਾਂ ਤੇ ਮਾਨਸਿਕ ਖ਼ਾਹਸ਼ਾਂ ਉਸ ਦੱਸੇ ਹੋਏ ਪਥ ਦੇ ਕਈ ਵੇਰਾਂ ਬਰਖ਼ਿਲਾਫ਼ ਜਾਂਦੀਆਂ ਹਨ, ਪਰ ਅਸੀਂ ਇਹ ਜਾਣਦੇ ਹੋਏ ਕਿ ਇਹ ਹਕੀਮ ਨੇ ਦੱਸੀਆਂ ਹਨ ਤੇ ਹਕੀਮ ਸਰੀਰ ਦੀ ਬਣਤਰ ਸਮਝਣ ਵਿਚ ਸਾਥੋਂ ਵਿਸ਼ੇਸ਼ ਬੁੱਧੀ ਰਖਦਾ ਹੈ, ਉਸ ਦੇ ਪਿਛੇ ਲਗ ਟੁਰਦੇ ਹਾਂ। ਸਾਨੂੰ ਬੁਖ਼ਾਰ ਵਿਚ ਪਿਆਸ ਲਗਦੀ ਹੈ, ਦਿਲ ਪਾਣੀ ਪੀਣ ਨੂੰ ਲੋਚਦਾ ਹੈ, ਪਰ ਹਕੀਮ ਦੇ ਇਹ ਕਹਿਣ ਤੇ ਕਿ 'ਪਾਣੀ ਨਹੀਂ ਪੀਣਾ, ਫਲਾਣੀ ਕਿਸਮ ਦਾ ਉਬਲਿਆ ਹੋਇਆ ਦੁਸ਼ਾਂਦਾ ਪੀਣਾ,' ਚਿਤ ਦੀ ਘਿਰਣਾ ਦੇ ਹੁੰਦਿਆਂ ਸੁੰਦਿਆਂ ਵੀ ਪਾਣੀ ਦੀ ਥਾਂ ਅਸੀਂ ਦੁਸ਼ਾਂਦਾ ਹੀ ਪੀਂਦੇ ਹਾਂ। ਜਿਸ ਤਰ੍ਹਾਂ ਅਸੀਂ ਹਕੀਮ ਦੇ ਪਾਸ ਜਾ ਕੇ ਆਪਣੇ ਸਰੀਰ ਦੀ ਅਰੋਗਤਾ ਲਈ ਆਪਣੇ ਰੋਗੀ ਸਰੀਰ ਵਾਲੇ ਮਨ ਦੀਆਂ ਸਮਝਾਂ ਛੱਡ ਬੈਠਦੇ ਹਾਂ, ਉਸੇ ਤਰ੍ਹਾਂ ਹੀ ਮਾਨਸਿਕ ਮੰਡਲ ਵਿਚ ਅਰੋਗ ਬਿਬੇਕ-ਬੁੱਧੀ ਦੀ ਪ੍ਰਾਪਤੀ ਲਈ ਕੱਚੀ ਬੁੱਧੀ ਨੂੰ ਅਗਵਾਈ ਕਰਨ ਤੋਂ ਰੋਕਣਾ ਪਵੇਗਾ ਤੇ ਪੱਕਿਆਂ ਦੇ ਮਗਰ ਲੱਗਣਾ ਹੋਵੇਗਾ:

ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥

(ਵਾਰ ਮਾਰੂ ਡਖਣੇ ਮ: ੫, ਪੰਨਾ ੧੧੦੨)

ਦਾ ਪਵਿਤਰ ਗੁਰਵਾਕ ਇਸੇ ਗੱਲ ਨੂੰ ਸਾਡੇ ਤੇ ਪ੍ਰਗਟ ਕਰਦਾ ਹੈ। ਮਜ਼ਹਬੀ ਦੁਨੀਆ ਵਿਚ ਇਸ ਚਲਨ ਦਾ ਨਾਮ ਹੀ ਸ਼ਰਧਾ ਰਖਿਆ ਗਿਆ ਹੈ।

ਸ਼ਰਧਾ ਪਿਛੇ ਲੱਗ ਤੁਰਨ ਦਾ ਨਾਂ ਹੈ, ‘ਹਮ ਪੀਛੈ ਲਾਗਿ ਚਲੀ' ਅਤੇ ਇਹ ਹੁਕਮ ਰੱਬੀ ਬਾਣੀ ਵਿਚ ਆਇਆ ਹੈ। ਭਾਵੇਂ ਸੰਸਾਰ ਦੇ ਹੋਰ ਸਾਰਿਆਂ ਸ੍ਰੇਸ਼ਟ ਕੰਮਾਂ ਦੀ ਨਕਲ ਵਾਂਗ ਇਸ ਉੱਚੇ ਚਲਨ ਦੀ ਨਕਲ ਵੀ ਬਹੁਤ ਵੇਰਾਂ ਕੀਤੀ ਜਾਂਦੀ ਹੈ ਤੇ ਬਿਬੇਕ-ਬੁੱਧੀ ਦੇ ਲੋੜਵੰਦ ਪੁਰਖ ਦੀ ਤੀਬਰਤਾ ਨੂੰ ਤੱਕ ਕੇ ਉਸ ਨੂੰ ਧੋਖਾ ਵੀ ਦਿੱਤਾ ਜਾਂਦਾ ਹੈ। ਮੈਲੀ ਤੇ ਵਧੇਰੀ ਕੱਚੀ ਬੁੱਧੀ ਵਾਲੇ ਲੋਕ ਕਈ ਵੇਰਾਂ ਭਰਮਾ ਕੇ ਜਗਿਆਸੂਆਂ ਨੂੰ ਮਗਰ ਲਾ ਲੈਂਦੇ ਹਨ, ਤੇ ਅੰਧ-ਵਿਸ਼ਵਾਸ ਦੇ ਜਾਲ ਵਿਚ ਫਸ ਕੇ ਦੁਖੀ ਹੋ ਰਹੇ ਲੋਕ ਇਸ ਗੱਲ ਦਾ ਪ੍ਰਤੱਖ ਪਰਮਾਣ ਹਨ, ਪਰ ਇਸ ਦੇ ਇਹ ਅਰਥ ਨਹੀਂ ਕਿ ਸ਼ਰਧਾ ਆਪਣੀ ਜ਼ਾਤ ਵਿਚ ਦੁਖਦਾਈ ਸ਼ੈ ਹੈ। ਜਿਸ ਤਰ੍ਹਾਂ ਮੁਲੰਮੇ ਦੇ ਗਹਿਣਿਆਂ ਦੀ ਝੂਠੀ ਨੁਮਾਇਸ਼ ਤਕ ਸੋਨੇ ਕੇ ਦੀ ਬਹੁਮੁੱਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਾਗ਼ਜ਼ਾਂ ਦੇ ਫੁੱਲ ਵੇਖ ਕੇ ਸੱਚੀ ਮੁੱਚੀ ਦੇ ਫੁੱਲਾਂ ਦੀ ਹੋਂਦ ਤੋਂ ਮੁੱਕਰ ਨਹੀਂ ਜਾਣਾ ਚਾਹੀਦਾ, ਉਸੇ ਤਰ੍ਹਾਂ ਹੀ ਅੰਧ-ਵਿਸ਼ਵਾਸੀ ਭਗਤਾਂ ਨੂੰ ਚੋਟਾਂ ਖਾਂਦਿਆਂ ਵੇਖ ਕੇ ਸੱਚੀ ਸ਼ਰਧਾ ਤੋਂ ਕੰਨੀ ਨਹੀਂ ਕਤਰਾਈ ਜਾ ਸਕਦੀ। ਇਹ ਗੱਲ ਤਾਂ ਸੰਤਾਂ ਨੇ ਵੀ ਕਹੀ ਹੈ ਕਿ ਰੋਗੀ ਦੇ ਦਰ 'ਤੇ ਢੱਠਾ ਮਰੀਜ਼ ਅਰੋਗਤਾ ਪ੍ਰਾਪਤ ਨਹੀਂ ਕਰ ਸਕਦਾ।

ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥

(ਵਾਰ ਮਲਾਰ ਮ: ੧, ਪੰਨਾ ੧੨੭੯)

ਦੇ ਮਹਾਂਵਾਕ ਅਨੁਸਾਰ ਰੋਗ ਰਹਿਤ ਹੀ ਵੈਦ ਹੋ ਸਕਦਾ ਹੈ ਤੇ ਉਸੇ ਤੋਂ ਹੀ ਮਰੀਜ਼ ਨੂੰ ਲਾਭ ਪੁੱਜ ਸਕਦਾ ਹੈ। ਮਾਨਸਿਕ ਤੌਰ 'ਤੇ ਰੋਗੀ ਗੁਰੂ ਵੀ ਮਾਨਸਿਕ ਰੋਗੀ ਜਗਿਆਸੂ ਨੂੰ ਸੁਖੀ ਨਹੀਂ ਕਰ ਸਕਦਾ। ਉਸ 'ਤੇ ਸ਼ਰਧਾ ਕਰਨਾ ‘ਰਸੁ ਮਿਸੁ ਮੇਧ ਅੰਮ੍ਰਿਤੁ ਬਿਖੁ ਚਾਖੀ' ਦੇ ਵਾਕ ਅਨੁਸਾਰ ਅੰਮ੍ਰਿਤ ਦੇ ਭੁਲਾਵੇ ਬਿਖਿਆ ਦਾ ਖਾਣਾ ਹੈ। ਸੋ ਕਬੀਰ ਜੀ ਦੇ ਕਥਨ ਅਨੁਸਾਰ ਕਿ ‘ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥' ਕੱਚੇ ਗੁਰੂ 'ਤੇ ਸ਼ਰਧਾ ਲਿਆਉਣੀ ਵੀ ਜ਼ਰੂਰ ਦੁੱਖ ਰੂਪ ਹੈ। ਪਰ:

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥

(ਸਵਈਏ ਮ: ੪, ਪੰਨਾ ੧੩੯੯)

ਦੇ ਪਵਿੱਤਰ ਬਚਨ ਅਨੁਸਾਰ ਸੱਚੇ ਗੁਰੂ 'ਤੇ ਸ਼ਰਧਾ ਦੀ, ਜਗਿਆਸੂ ਨੂੰ ਉਸੇ ਤਰ੍ਹਾਂ ਦੀ ਲੋੜ ਹੈ, ਜਿਸ ਤਰ੍ਹਾਂ ਅੰਨ੍ਹੇ ਮੁਸਾਫ਼ਰ ਨੂੰ ਅੱਖਾਂ ਵਾਲੇ ਆਗੂ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿਚ ਹੀ ਮੂਲ ਮੰਤਰ ਵਿਚ ਈਸ਼ਵਰ ਦਾ ਰੂਪ ਬਿਆਨ ਕਰਨ ਦੇ ਬਾਅਦ ਉਸਦੀ ਪ੍ਰਾਪਤੀ ਦੇ ਕਥਨ ਨੂੰ ਪਹਿਲਾਂ ਅਰੰਭ ਹੀ ‘ਗੁਰ ਪ੍ਰਸਾਦਿ’ ਤੋਂ ਕੀਤਾ ਗਿਆ ਹੈ। ਸੋ, ਗੁਰੂ ਦਾ ਪ੍ਰਸਾਦਿ ਗੁਰੂ 'ਤੇ ਸ਼ਰਧਾ ਕਰ ਕੇ ਹੀ ਲਿਆ ਜਾ ਸਕਦਾ ਹੈ।

ਜੀਵਨ ਦੇ ਸੰਗ੍ਰਾਮ ਵਿਚ ਪੰਜ ਮਹਾਂ ਬਲੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੀ ਮਨੁੱਖ ਨੂੰ ਥੱਲੇ ਡੇਗਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਪ੍ਰਸ਼ਨ ਆਇਆ ਹੈ:

ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ॥

(ਆਸਾ ਮ: ੫, ਪੰਨਾ ੪੦੪)

ਜੇ ਗਿਆਨ ਨੂੰ ਛੱਡ ਕੇ ਇਤਿਹਾਸ ਕੋਲ ਇਹ ਪ੍ਰਸ਼ਨ ਕੀਤਾ ਜਾਵੇ ਤਾਂ ਇਕ-ਦਮ ਉੱਤਰ ਮਿਲੇਗਾ ਕਿ ਐਸਾ ਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਹੈ। ਮਾਤਾ ਸਾਹਿਬ ਦੇਵਾਂ ਨਾਲ ਰੂਹਾਨੀ ਵਿਆਹ, ਮੁਗ਼ਲਾਂ ਦੇ ਖ਼ਿਰਾਜ ਮੰਗਣ ਤੋਂ ਤੰਗ ਆਏ ਹੋਏ ਪਹਾੜੀ ਰਾਜਿਆਂ ਦਾ ਮਦਦ ਦੇ ਜਾਚਕ ਹੋ ਕੇ ਸਤਿਗੁਰਾਂ ਨੂੰ ਰਣ-ਭੂਮੀ ਵਿਚ ਲੈ ਜਾਣਾ, ਬਹਾਦਰ ਸ਼ਾਹ ਦੇ ਭੇਟ ਕੀਤੇ ਕੀਮਤੀ ਹੀਰੇ ਨੂੰ ਦਰਿਆ ਵਿਚ ਸੁਟ ਪਾਣਾ, ਭੰਗਾਣੀ ਦੇ ਯੁਧ ਨੂੰ ਲਿਖਦਿਆਂ ਆਪਣੇ ਆਪ ਨੂੰ ਕੀਟ ਕਰ ਲਿਖਣਾ, ਚਮਕੌਰ ਵਿਚ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਾਣਾ, ਇਸ ਉੱਤਰ ਦੇ ਜਿਊਂਦੇ ਜਾਗਦੇ ਸਬੂਤ ਹਨ। ਜਦ ਇਹ ਸਾਬਤ ਹੈ ਕਿ ਗੁਰੂ ਕਲਗੀਧਰ ਜੀ ਪੰਜਾਂ 'ਤੇ ਫ਼ਤਹਿ ਪਾ ਚੁੱਕਾ ਸਤਿਗੁਰੂ ਹੈ ਤਾਂ ਕੋਈ ਵੀ ਵਜਹ ਮਲੂਮ ਨਹੀਂ ਹੁੰਦੀ ਕਿ ਉਹਨਾਂ 'ਤੇ ਕਿਉਂ ਸ਼ਰਧਾ ਨਾ ਕੀਤੀ ਜਾਵੇ। ਸੰਤਾਂ ਨੇ ਸ਼ਰਧਾ ਦੇ ਮਜ਼ਮੂਨ 'ਤੇ ਲਿਖਦਿਆਂ ਹੋਇਆਂ ਇਹ ਬਾਰ ਬਾਰ ਕਿਹਾ ਹੈ ਕਿ ਆਪਣੀ ਕੱਚੀ ਮਤ ਨੂੰ ਠਾਕ ਕੇ ਪਿਛੇ ਲਗਾਣਾ ਹੀ ਪਰਮਾਰਥ ਦੀ ਕਾਮਯਾਬੀ ਦਾ ਰਾਜ਼ ਹੈ:

ਬਮੈ ਸੱਜ਼ਾਦਾਂ ਰੰਗੀਂ ਕੁਨ ਅਗਰ ਪੀਰੇ ਮੁਗ਼ਾਂ ਗੋਯਦ।
ਕਿ ਸਲਿਕ ਬੇਖ਼ਬਰ ਨਬਵਦ ਜ਼ਿ ਰਾਹੋ ਰਸਮੇ ਮੰਜ਼ਿਲ ਹਾ।

(ਹਾਫ਼ਜ਼)

(ਜੇ ਤੈਨੂੰ ਗੁਰੂ ਆਖੇ ਤਾਂ ਮੁਸੱਲਾ ਸ਼ਰਾਬ ਨਾਲ ਰੰਗ ਲੈ, ਕਿਉਂਕਿ ਆਗੂ ਮੰਜ਼ਲਾਂ ਦੀ ਨਿਵਾਣ ਉਚਾਣ ਤੋਂ ਵਾਕਫ ਹੁੰਦਾ ਹੈ।)

ਹਾਫ਼ਜ਼ ਜਹੇ ਸੁਜਾਨ ਪੁਰਖਾਂ ਨੇ ਵੀ ਇਹੀ ਰਸਤਾ ਦੇਖਿਆ ਹੈ।

ਸਿੱਖੀ ਵਿਚ ਖ਼ਾਲਸਾ ਪਦ ਹੀ ਆਦਰਸ਼ਕ ਪਦ ਹੈ, ਤੇ ਉਸੇ ਦੀ ਪ੍ਰਾਪਤੀ ਲਈ ਹੀ ਸਿੱਖ ਦੀ ਬੁੱਧੀ ਉਤਾਂਹ ਉੱਠਦੀ ਹੈ।

ਖ਼ਾਲਸਾ ਪਦ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਲਈ ਕਾਇਮ ਕੀਤਾ ਹੋਇਆ ਹੈ। ਸਤਿਗੁਰਾਂ ਦੇ ਜੀਵਨ ਨੂੰ ਤੱਕ ਕੇ ਹੀ ਜੋ ਉੱਚ ਭਾਵ ਜਗਿਆਸੂ ਦੇ ਚਿਤ ਵਿਚ ਪੈਦਾ ਹੁੰਦੇ ਹਨ, ਉਹੋ ਖ਼ਾਲਸਾ ਪਦ ਦੀ ਪ੍ਰਾਪਤੀ ਲਈ ਸਿੱਖ ਦੀ ਅਗਵਾਈ ਕਰਦੇ ਹਨ। ਸੋ, ਇਸ ਤਰੀਕੇ ਵਿਚ ਉੱਨਤੀ ਕਰਨ ਵਾਲੇ ਜਗਿਆਸੂ ਲਈ ਇਹ ਜ਼ਰੂਰੀ ਹੈ ਕਿ ਉਹ ਸ੍ਰੀ ਗੁਰੂ ਕਲਗੀਧਰ 'ਤੇ ਸ਼ਰਧਾ ਕਰੇ ਤੇ ਉਹਨਾਂ ਦੀ ਦੱਸੀ ਹੋਈ ਰਹਿਤ ਅਨੁਸਾਰ ਰਹਿ ਕੇ ਉੱਚਾ ਹੋਵੇ।

ਪੰਨਾ

ਰਾਜ ਕਰੇਗਾ ਖ਼ਾਲਸਾ
ਆਕੀ ਰਹੇ ਨ ਕੋਇ

ਕੌਮਾਂ ਦੀਆਂ ਬਣਾਵਟਾਂ ਸਦਾ ਹੀ ਜ਼ਿਹਨੀ ਤਬਦੀਲੀ ਨਾਲ ਬਦਲਦੀਆਂ ਰਹਿੰਦੀਆਂ ਹਨ। ਜਿਹੋ ਜਿਹੀ ਮਾਨਸਿਕ ਅਵਸਥਾ ਕਿਸੇ ਕੌਮ ਦੀ ਹੁੰਦੀ ਹੈ, ਉਹੋ ਜਿਹਾ ਵਿਵਹਾਰ ਕਰਨ ਕਰਕੇ ਹੀ ਉਹ ਸਹਿਜੇ ਸਹਿਜੇ ਉਸ ਰੂਪ ਵਿਚ ਢਲ ਜਾਂਦੀ ਹੈ। ਇਸੇ ਕਰਕੇ ਹੀ ਆਗੂ ਜੋ ਚਲਨ ਤੇ ਜੀਵਨ ਕੌਮਾਂ ਦਾ ਬਣਾਉਣਾ ਚਾਹੁਣ, ਉਹਨਾਂ ਭਾਵਾਂ ਨੂੰ ਦ੍ਰਿੜ੍ਹ ਕਰਾਉਣ ਲਈ ਉਹ ਖ਼ਾਸ ਖ਼ਾਸ ਗੱਲਾਂ ਦੇ ਸ੍ਵਾਧਿਆਇ ਤੇ ਅਭਿਆਸ ਨੂੰ ਰਿਵਾਜ ਦੇਂਦੇ ਹਨ ਤੇ ਕਈ ਚਿਰਾਂ ਦੇ ਅਭਿਆਸ ਦੇ ਮਗਰੋਂ ਜ਼ਿਹਨ- ਨਸ਼ੀਨ ਹੋਈਆਂ ਹੋਈਆਂ ਗੱਲਾਂ ਕੰਮਾਂ ਦੇ ਜੀਵਨ-ਵਿਵਹਾਰ ਦਾ ਇਕ ਅੰਗ ਬਣ ਜਾਂਦੀਆਂ ਹਨ।

ਉਪਰ ਦੱਸਿਆ ਨਿਯਮ ਭਾਵੇਂ ਕੌਮਾਂ ਵਿਚ ਆਮ ਕਰਕੇ ਵਰਤਿਆ ਜਾਂਦਾ ਹੈ, ਪਰ ਖ਼ਾਲਸੇ ਦਾ ਜੀਵਨ ਤਾਂ ਸਤਿਗੁਰਾਂ ਨੇ ਖ਼ਾਸ ਤੌਰ 'ਤੇ ਇਸੇ ਹੀ ਸਾਂਚੇ ਵਿਚ ਢਾਲਿਆ ਹੈ। ਹਰ ਇਕ ਖ਼ਾਲਸੇ ਦੇ ਨਾਮ ਦੇ ਮਗਰ ‘ਸਿੰਘ’ ਸ਼ਬਦ ਆਉਣਾ, ਸਿੰਘ ਦਾ ਆਪਣੇ ਆਪ ਨੂੰ ‘ਸਵਾ ਲੱਖ’ ਕਹਿਣਾ ਤੇ ‘ਫ਼ੌਜ' ਸਮਝਣਾ, ਦੋ ਸਿੰਘਾਂ ਦਾ ਮਿਲ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥' ਬੁਲਾਉਣਾ, ਅਰਦਾਸੇ ਦੇ ਬਾਅਦ ‘ਸਤਿ ਸ੍ਰੀ ਅਕਾਲ' ਦਾ ਜੈਕਾਰਾ ਛੱਡਣਾ ਤੇ ਗੜਗੱਜ ਬੋਲਿਆਂ ਦੀ ਵਰਤੋਂ ਕਰਨੀ, ਇਹ ਸਭ ਗੱਲਾਂ ਸਾਡੀ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਖ਼ਾਲਸੇ ਜੀ ਦਾ ਪ੍ਰਭਾਵਸ਼ਾਲੀ ਤੇ ਬਰਕਤ ਵਾਲਾ ਸੁਭਾਅ ਬਣਾਉਣ ਲਈ ਹੀ ਉਸਦੀ ਨਿਤ ਵਰਤੋਂ ਦੇ ‘ਬੋਲੇ’ ਉਤਸ਼ਾਹਜਨਕ ਬਣਾਏ ਗਏ ਹਨ। ਇਹੀ ਕਾਰਨ ਹੈ ਕਿ ਥੋੜ੍ਹੇ ਸਮੇਂ ਵਿਚ ਹੀ ਖ਼ਾਲਸਾ ਇਕ ਪ੍ਰਸਿੱਧ ਤਿਆਰ-ਬਰ-ਤਿਆਰ ਜਥਾ ਸਜ ਗਿਆ। ਜੇ ਅਸੀਂ ਗਹੁ ਕਰ ਕੇ ਤੱਕੀਏ ਤਾਂ ਖ਼ਾਲਸਈ ਵਰਤੋਂ ਦਾ ਹਰ ਇਕ ਫ਼ਿਕਰਾ ਕੋਈ ਨਾ ਕੋਈ ਤਅੱਲਕ ਇਸ ਕੌਮੀ ਉਸਾਰੀ ਨਾਲ ਰਖਦਾ ਹੈ, ਨਿਰਾਰਥ ਕੋਈ ਵੀ ਨਹੀਂ। ਇਹ ਗੱਲ ਅੱਡਰੀ ਹੈ ਕਿ ਅਸੀਂ ਉਸ ਦਾ ਸਹੀ ਮਤਲਬ ਸਮਝਣ ਵਿਚ ਟਪਲਾ ਖਾ ਗਏ ਹੋਈਏ।

ਖ਼ਾਲਸਾ ਜੋ ਸ਼ਬਦ ਰੋਜ਼ਾਨਾ ਵਰਤੋਂ ਵਿਚ ਦੁਹਰਾਉਂਦਾ ਹੈ, ਉਹਨਾਂ ਵਿਚੋਂ ਆਮ ਤੌਰ 'ਤੇ ਅਰਦਾਸ ਮਗਰੋਂ ਤਿੰਨ ਦੋਹਰੇ ਪੜ੍ਹੇ ਜਾਂਦੇ ਹਨ। ਪਹਿਲਿਆਂ ਦੋਹਾਂ ਵਿਚ ਸ੍ਰੀ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਦਾ ਕਾਇਮ ਹੋਣਾ ਤੇ ਸ੍ਰੀ ਗੁਰੂ ਜੀ ਦੀ ਅਰਸ਼ੀ ਬਾਣੀ ਦੀ ਤਾਬਿਆਦਾਰੀ ਕਰਨ ਦਾ ਈਮਾਨ ਰੋਜ਼ ਦੁਹਰਾਇਆ ਜਾਂਦਾ ਹੈ ਤੇ ਅਗਲੇ ਵਿਚ ਖ਼ਾਲਸੇ ਦਾ ਬ੍ਰਹਿਮੰਡੀ ਰਾਜ ਕਾਇਮ ਹੋਣ ਦਾ ਤੇ ਪ੍ਰਾਣੀ ਮਾਤ੍ਰ ਦੇ ਉਹਦੀ ਸ਼ਰਨ ਆਉਣ ਦਾ ਨਿਸਚਾ ਰੋਜ਼ ਯਾਦ ਕੀਤਾ ਜਾਂਦਾ ਹੈ। ਇਸ ਪਿਛਲੇ ਦੋਹਰੇ ਤੋਂ ਬਹੁਤ ਲੋਕਾਂ ਨੂੰ ਟਪਲਾ ਲਗਦਾ ਹੈ, ਕਈ ਤਾਂ ਇਹ ਸਮਝਦੇ ਹਨ ਕਿ ਇਸ ਦਾ ਪੜ੍ਹਨਾ ਮੌਜੂਦਾ ਰਾਜ ਦੇ ਕਰਮਚਾਰੀਆਂ ਨੂੰ ਨਰਾਜ਼ ਕਰਨਾ ਹੈ, ਤੇ ਕਈ ਇਹ ਸਮਝਦੇ ਹਨ ਕਿ ਇਹ ਫ਼ਿਰਕਾਦਾਰਾਨਾ ਰਾਜ ਦਾ ਨਿਸਚਾ ਹੋਣ ਕਰਕੇ ਦੇਸ਼ ਦੀ ਕੌਮੀ ਲਹਿਰ ਨੂੰ ਸੱਟ ਮਾਰਦਾ ਹੈ, ਇਸ ਲਈ ਇਹਨੂੰ ਨਹੀਂ ਪੜ੍ਹਨਾ ਚਾਹੀਦਾ। ਕਈਆਂ ਦਾ ਇਹ ਖ਼ਿਆਲ ਹੈ ਕਿ ਅਸੀਂ ਜਿਹੜੇ ੬੦ ਕੁ ਲੱਖ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲੇ ਤੁਰੇ ਫਿਰਦੇ ਹਾਂ, ਸਾਡਾ ਰਾਜ ਕਿਥੇ ਹੋਣਾ ਹੈ? ਤੇ ਜੇ ਸਾਡੇ ਵਿਚ ਬਲ ਹੁੰਦਾ ਤਾਂ ਖ਼ਾਲਸਾ ਸਲਤਨਤ ਹੀ ਕਿਉਂ ਹੱਥੋਂ ਜਾਂਦੀ? ਇਸ ਲਈ ਇਸ ਸ਼ੇਖ਼-ਚਿਲੀ ਵਾਲੀ ਮਨੌਤ ਨੂੰ ਦੁਹਰਾਉਣ ਦਾ ਕੋਈ ਲਾਭ ਨਹੀਂ।

ਸੋ, ਅਸੀਂ ਅੱਜ ਇਸ ਗੱਲ 'ਤੇ ਵਿਚਾਰ ਕਰਨੀ ਹੈ ਕਿ ਕੀ ਸਾਨੂੰ ਇਹਨਾਂ ਦੋਹਾਂ ਖ਼ਿਆਲਾਂ ਵਿਚੋਂ ਕਿਸੇ ਇਕ ਦੇ ਮਗਰ ਲਗ ਕੇ ਇਹ ਦੋਹਰਾ ਪੜ੍ਹਨਾ ਚਾਹੀਦਾ ਹੈ?

ਇਸ ਦਾ ਜਵਾਬ ਨਿਸਚੇ ਹੀ ‘ਨਹੀਂ' ਮਿਲੇਗਾ ਕਿਉਂਕਿ ਖ਼ਾਲਸੇ ਨੇ ਮੁੱਢ ਤੋਂ ਹੀ ਪੂਰਨ ਸ਼ਾਂਤ ਵਰਤਾਉਣ ਦਾ ਦਾਅਵਾ ਕੀਤਾ ਹੈ, ਤੇ ਕਲਗੀਧਰ ਪਿਤਾ ਨੇ ਇਸ ਨਾਦੀ ਪੁੱਤਰ ਦੀ ਰਾਹੀਂ ਜਗਤ ਦਾ ਨਕਸ਼ਾ ਇਸ ਤਰ੍ਹਾਂ ਬੰਨ੍ਹਣ ਦਾ ਐਲਾਨ ਕੀਤਾ ਹੋਇਆ ਹੈ:

ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ॥
ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ॥
ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ॥
ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤ੍ਰ ਸਭੈ ਅਵਲੋਕ ਚਪੈਂਗੇ॥੭॥

(ਤ੍ਵ-ਪ੍ਰਸਾਦਿ ਸਵੱਯੇ, ਪਾ: ੧੦)

ਇਹ ਲੋਕ-ਸ਼ਾਂਤੀ ਦਾ ਨਕਸ਼ਾ ਤਦ ਹੀ ਕਾਇਮ ਹੋ ਸਕਦਾ ਹੈ ਜੇ ਧਾਰਮਕ, ਭਾਈਚਾਰਕ ਤੇ ਰਾਜਨੀਤਿਕ ਅਵਸਥਾ ਧਰਮ ਮਰਯਾਦਾ ਅਨੁਸਾਰ ਕਾਇਮ ਕੀਤੀ ਜਾਏ। ਜਦ ਤਕ ਇਹ ਕਿਸੇ ਅਧਰਮ ਦੇ ਆਸਰੇ 'ਤੇ ਕਾਇਮ ਹਨ, ਚਾਹੇ ਉਹ ਮਾਇਕੀ ਤਾਣ ਹੋਵੇ ਤੇ ਚਾਹੇ ਆਸੁਰੀ ਸ਼ਸਤਰ ਬਲ, ਜਗਤ ਵਿਚ ਕਦੇ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਜਗਤ ਵਿਚ ਰੋਜ਼ ਰਾਜਨੀਤਿਕ ਤਬਦੀਲੀਆਂ ਹੋ ਰਹੀਆਂ ਹਨ, ਕੌਮਾਂ ਨਾਲ ਕੌਮਾਂ ਖਹਿ ਰਹੀਆਂ ਹਨ, ਮੁਲਕਾਂ 'ਤੇ ਮੁਲਕ ਚੜ੍ਹ ਰਹੇ ਹਨ, ਯੁੱਧ ਦੇ ਬੱਦਲ ਜਗਤ ਦੇ ਅਮਨ ਦੇ ਅਕਾਸ਼ 'ਤੇ ਹਰ ਵੇਲੇ ਘਿਰੇ ਰਹਿੰਦੇ ਹਨ। ਮਨੁੱਖ ਨੇ ਪਹਿਲੇ ਕਬੀਲਿਆਂ ਦੇ ਲੋਕ-ਰਾਜ ਤੋਂ ਅਰੰਭ ਕਰ ਕੇ ਇਕ ਸ਼ਹਿਨਸ਼ਾਹੀ ਰਾਜ ਕਾਇਮ ਕਰਨ ਤਕ ਤੇ ਫਿਰ ਉਸ ਤੋਂ ਉਪਰਾਮ ਹੋ ਮੁੜ ਕੇ ਲੋਕ-ਰਾਜ ਤਕ ਹਰ ਕਿਸਮ ਦੇ ਰਾਜ-ਪ੍ਰਬੰਧ ਦਾ ਤਰੀਕਾ ਅਜ਼ਮਾ ਦੇਖਿਆ ਹੈ, ਸ਼ਾਂਤੀ ਕਿਧਰੇ ਭੀ ਨਹੀਂ ਆਈ ਤੇ ਨਾ ਆਉਣੀ ਹੈ, ਕਿਉਂਜੋ ਹਰ ਇਕ ਪ੍ਰਬੰਧ ਵਿਚ ਦਵੈਸ਼ ਤੇ ਈਰਖਾ ਕੰਮ ਕਰਦੀ ਹੈ। ਜਿਥੇ ਰਾਜਾ ਤੇ ਸ਼ਹਿਨਸ਼ਾਹ ਹੈ, ਉਸ ਨੂੰ ਆਪਣੇ ਗੌਰਵ 'ਤੇ ਮਾਣ ਦਾ ਖ਼ਬਤ ਹੁੰਦਾ ਹੈ, ਜਿਥੇ ਗ਼ਰੀਬਾਂ ਦਾ ਇਕੱਠ ਹੁੰਦਾ ਹੈ, ਉਹ ਅਮੀਰਾਂ ਨਾਲ ਈਰਖਾ ਤੇ ਵਿਵਾਦ ਕਰਦੇ ਹਨ। ਜੇ ਕਿਸੇ ਇਕ ਪਾਤਸ਼ਾਹ ਦੇ ਹੱਥ ਸੈਨਾ ਦਾ ਬਲ ਆ ਜਾਂਦਾ ਹੈ ਤਾਂ ਉਹ ਰਿਆਇਆ ਨੂੰ ਟੈਕਸਾਂ ਤੇ ਉਗਰਾਹੀਆਂ ਦੇ ਪੱਜ ਲੁੱਟ ਲੈਂਦਾ ਹੈ। ਜੇ ਆਮ ਜਨਤਾ ਦਾ ਜ਼ੋਰ ਪੈਂਦਾ ਹੈ ਤਾਂ ਉਹ ਲੋਕ-ਵੰਡ ਦੇ ਬਹਾਨੇ ਅਮੀਰਾਂ ਨੂੰ ਲੁੱਟ ਲੈਂਦੇ ਹਨ। ਗੱਲ ਕੀ, ਹਰ ਤਰ੍ਹਾਂ ਕਲੇਸ਼ ਹੀ ਕਲੇਸ਼ ਹੈ। ਹੋਵੇ ਵੀ ਕਿਉਂ ਨਾ? ਧੁਰੋਂ ਹੁਕਮ ਹੈ:

ਅੰਧਕਾਰ ਸੁਖਿ ਕਬਹਿ ਨ ਸੋਈ ਹੈ॥
ਰਾਜਾ ਰੰਕੁ ਦੋਊ ਮਿਲਿ ਰੋਈ ਹੈ।

(ਗਉੜੀ ਕਬੀਰ, ਪੰਨਾ ੩੨੫)

ਸੁਖ ਤਾਂ ਪ੍ਰਕਾਸ਼ ਵਿਚ ਹੋਣਾ ਹੈ ਤੇ ਪ੍ਰਕਾਸ਼ ਜਾਗਤਿ ਜੋਤਿ ਦੇ ਪੁਜਾਰੀਆਂ ਦੇ ਹਿਰਦੇ ਵਿਚ ਹੀ ਆਉਣਾ ਹੈ। ਜੋ ਜੋਤਿ ਦੇ ਉਪਾਸ਼ਕ ਨਹੀਂ ਹਨ, ਜਿਨ੍ਹਾਂ ਦੇ ਹਿਰਦੇ ਵਿਚ ਜਾਗਤਿ ਜੋਤਿ ਦੇ ਚਾਨਣੇ ਦੇ ਸਾਹਮਣੇ ਮਾਇਆ ਦੀ ਭੀਤ ਆਈ ਹੋਈ ਹੈ ਉਹ ਤਾਂ ਹਨੇਰੇ ਵਿਚ ਹਨ ਭਾਵੇਂ ਉਹਨਾਂ ਦਾ ਜ਼ਾਹਿਰਾ ਭੇਖ ਸਿੱਖਾਂ ਵਾਲਾ ਹੀ ਕਿਉਂ ਨਾ ਹੋਵੇ। ਬਿਨਾਂ ਸੱਚੇ ਖ਼ਾਲਸੇ ਦੇ, ਜਗਤ ਹਨੇਰੇ ਵਿਚ ਹੈ ਤੇ ਹਨੇਰੇ ਦੇ ਰਾਜ-ਪ੍ਰਬੰਧ ਵਿਚ ਸੁਖ ਦੀ ਤਲਾਸ਼ ਅਕਾਸ਼ ਵਿਚੋਂ ਫੁਲ ਤੋੜਨੇ ਹਨ।

ਖ਼ਾਲਸੇ ਦੀ ਸਕੀਮ ਵਿਚ ਤਾਂ ਜੋ ਰਾਜ-ਪ੍ਰਬੰਧ ਲਿਖਿਆ ਹੈ, ਉਸ ਦਾ ਪਹਿਲਾ ਫ਼ਿਕਰਾ ਹੀ ਇਹ ਹੈ ਕਿ ਜਿਸ ਦਿਨ ਖ਼ਾਲਸਈ ਰਾਜ-ਪ੍ਰਬੰਧ ਹੋਵੇਗਾ, ਉਸ ਦਿਨ ਦੁਨੀਆ ਦਾ ਨਾਮ ਬਦਲ ਕੇ ‘ਬੇਗਮਪੁਰਾ' ਰੱਖ ਦਿੱਤਾ ਜਾਏਗਾ ਤੇ ਦਸਤੂਰ ਇਹ ਵਰਤੇਗਾ:

ਬੇਗਮਪੁਰਾ ਸਹਰ ਕੋ ਨਾਉ॥
ਦੂਖੁ ਅੰਦੇਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥

(ਗਉੜੀ ਰਵਿਦਾਸ, ਪੰਨਾ ੩੪੫)

ਦੁਨੀਆ ਗਈ ਤਾਂ ਲਾਲਚ ਮੋਇਆ, ਜਿਥੇ ਲਾਲਚ ਨਹੀਂ ਉਥੇ ਖੋਹਣ-ਖਿੱਚਣ ਤੇ ਚੋਰੀ-ਧਾੜੇ ਕਾਹਦੇ? ਜੋ ਚੋਰੀ ਨਹੀਂ ਤਾਂ ਰਾਖੀ ਕਿਉਂ? ਜੇ ਰਖਵਾਲੀ ਨਹੀਂ ਤਾਂ ਖ਼ਰਾਜ ਕਿਉਂ? ਇਹ ਤਾਂ ਸਾਰਾ ਢਾਂਚਾ ਹੀ ਲਾਲਚ ਦੇ ਸਿਰ 'ਤੇ ਖਲੋਤਾ ਹੋਇਆ ਹੈ। ਜਦੋਂ ਖ਼ਲਕਤ ਵਿਚ ਖ਼ਾਲਕ ਨੂੰ ਸਮਝ ਕੇ ਪੂਜਿਆ ਗਿਆ, ਤਦ ਉਹ ਸਾਮੱਗਰੀ ਇਕ ਦੂਜੇ ਨੂੰ ਚਾੜ੍ਹੀ ਜਾਏਗੀ। ਆਪਾ ਧਾਪੀ ਤਾਂ ਰਹਿਣੀ ਨਹੀਂ, ਉਸ ਬੇਗਮਪੁਰੇ ਵਿਚ ਹੀ ਸਮੂਹ ਸੰਤ ਪ੍ਰਸੰਨ ਫਿਰਨਗੇ। ਸੋ, ਸਤਿਗੁਰਾਂ ਦੇ ਇਸ ਦਾਅਵੇ ਨੂੰ ਪੂਰਨ ਕਰਨ ਲਈ ਖ਼ਾਲਸੇ ਨੇ ਸਦਾ ਤਿਆਰ ਰਹਿਣਾ ਹੈ ਤੇ ਉੱਚ ਭਾਵਾਂ ਨੂੰ ਅੰਦਰ ਵਸਾਉਣਾ ਹੈ, ਕਿਉਂਕਿ ਇਹ ਸਕੀਮ ਪੂਰਨ ਭੀ ਗੁਰਮਤਿ ਦੀ ਰੌਸ਼ਨੀ ਵਿਚ ਹੀ ਹੋ ਸਕਦੀ ਹੈ। ਜਿਹੜੇ ਲੋਕਾਂ ਦਾ ਇਹ ਖ਼ਿਆਲ ਹੈ ਕਿ ਪੰਜਾਬ ਵਿਚ ਪਿਛਲੀ ਹਕੂਮਤ, ਜੋ ਸਿੱਖ ਰਾਜ ਕਹੀ ਜਾਂਦੀ ਹੈ, ਜੇ ਸੱਚਮੁੱਚ ਹੀ ਖ਼ਾਲਸਈ ਰਾਜ-ਪ੍ਰਬੰਧ ਅਮਨ ਦਾ ਜ਼ਾਮਨ ਹੈ, ਤਾਂ ਉਹ ਕਿਉਂ ਬਦਲੀ? ਇਸ ਦਾ ਉੱਤਰ ਇਹ ਹੈ ਕਿ ਬੜੇ ਬੜੇ ਆਲੀਸ਼ਾਨ ਮਹਿਲ ਬਣਾਉਣ ਲਈ ਪਹਿਲਾਂ ਛੋਟੇ ਛੋਟੇ ਮਾਡਲ ਤਿਆਰ ਕੀਤੇ ਜਾਂਦੇ ਹਨ। ਜੇ ਮਾਡਲ ਵਿਚ ਕੋਈ ਗ਼ਲਤੀ ਆ ਜਾਵੇ ਤਾਂ ਉਸਨੂੰ ਤੋੜ ਘੱਤੀਦਾ ਹੈ, ਪਰ ਮਾਡਲ ਦਾ ਟੁੱਟਣਾ ਮਹਿਲ ਦਾ ਢਹਿਣ ਨਹੀਂ ਹੈ। ਖ਼ਾਲਸੇ ਵਿਚ ਭਜਨ-ਬਲ ਕਰਕੇ ਤੇਜ ਆਇਆ ਸੀ, ਉਸ ਆਸਰੇ ਥੋੜ੍ਹੇ ਜਿਹੇ ਹਿੱਸੇ ਵਿਚ ਬੇਗਮਪੁਰੇ ਦੀ ਤਹਿਰੀਕ ਚਲਾਈ ਗਈ ਸੀ, ਪਰ ਛੇਤੀ ਹੀ ਭੇਖੀਆਂ ਵਿਚ ਸ਼ਾਮਲ ਹੋ ਜਾਣ ਕਰਕੇ, ਰਾਜ-ਮਦ ਤੇ ਅਯਾਸ਼ੀ ਨੇ ਉਸ ਮਾਡਲ ਟਾਊਨ (ਨਮੂਨੇ ਦੇ ਸ਼ਹਿਰ) ਵਿਚ ਡੇਰਾ ਜਮਾ ਲਿਆ। ਸੋ, ਸਤਿਗੁਰ ਨੇ ਉਹ ਮਾਡਲ ਭੰਨ ਘਤਿਆ। ਜੇ ਉਹ ਸਹੀ ਤੌਰ 'ਤੇ ਖ਼ਾਲਸਈ ਰਾਜ-ਪ੍ਰਬੰਧ ਹੁੰਦਾ ਤਾਂ ਕਦੀ ਨਾ ਟੁੱਟਦਾ, ਸਗੋਂ ਵਧੇਰੇ ਫੈਲਦਾ।

ਬੱਸ ਉਪਰ ਲਿਖੀ ਸਾਰੀ ਵਾਰਤਾ ਤੋਂ ਸਾਡਾ ਭਾਵ ਇਹ ਹੈ ਕਿ ਜਾਗਤਿ ਜੋਤਿ ਉਪਾਸ਼ਕਾਂ ਤੋਂ ਬਿਨਾਂ ਕਿਸੇ ਕਿਸਮ ਦਾ ਪ੍ਰਬੰਧ ਸੁਖਦਾਈ ਨਹੀਂ ਹੋ ਸਕਦਾ। ਰਾਜ-ਪ੍ਰਬੰਧ ਦੇ ਮੌਜੂਦਾ ਤਰੀਕੇ ਇਕ ਇਕ ਕਰਕੇ ਅਜਮਾਏ ਜਾ ਰਹੇ ਹਨ।

ਮੁਸਲਮਾਨਾਂ ਦੀਆਂ ਕੁਲ ਰਾਜਧਾਨੀਆਂ ਵਿਚ ਖ਼ੁਦ ਮੁਖ਼ਤਾਰ ਬਾਦਸ਼ਾਹ ਹਨ, ਅੰਗਰੇਜ਼ਾਂ ਤੇ ਜਾਪਾਨ ਦੇ ਰਾਜ ਵਿਚ ਬਾਦਸ਼ਾਹਾਂ ਨਾਲ ਕਾਨੂੰਨੀ ਪਾਰਲੀਮੈਂਟਾਂ ਹਨ, ਫ਼ਰਾਂਸ ਤੇ ਜਰਮਨੀ ਵਿਚ ਜਮਹੂਰੀ ਹਕੂਮਤ ਤੇ ਰੂਸ ਵਿਚ ਮਜ਼ਦੂਰ ਕਿਸਾਨ ਰਾਜ ਹੈ। ਪਰ ਇਹਨਾਂ ਸਾਰਿਆਂ ਪ੍ਰਬੰਧਾਂ ਵਿਚੋਂ ਕਿਸੇ ਨੂੰ ਭੀ ਆਦਰਸ਼ਕ ਪ੍ਰਬੰਧ ਨਹੀਂ ਕਿਹਾ ਜਾ ਸਕਦਾ, ਹਰ ਥਾਂ ਗੜਬੜੀ ਤੇ ਬੇਚੈਨੀ ਹੈ। ਇਹ ਕਿਉਂ? ਇਸ ਲਈ ਕਿ ਰਾਜ ਕਰਮਚਾਰੀ ਜਾਗਤਿ ਜੋਤਿ ਦੇ ਉਪਾਸ਼ਕ ਨਹੀਂ, ਬਲਕਿ ਆਤਮ ਚਾਨਣ ਤੋਂ ਖ਼ਾਲੀ ਫੋਕੇ ਦਿਮਾਗਾਂ ਵਿਚ ਬੈਠ ਕੇ ਘਾੜਤਾਂ ਘੜਦੇ ਹਨ। ਦਿਮਾਗ ਪੰਜ ਤੱਤਾਂ ਦੀ ਅੰਸ਼ ਹੈ ਤੇ ਉਹਨਾਂ ਦਾ ਅਮਲ ਹੀ ਵਾਪਰਦਾ ਹੈ। ਇਸ ਲਈ ਜਗਤ ਨੂੰ ਸੁਖ ਕਦੇ ਨਹੀਂ ਹੋ ਸਕਦਾ, ਜਦ ਤਕ ਕਿ ਸੱਚਾ ਖ਼ਾਲਸਾ ਰਾਜ-ਪ੍ਰਬੰਧ ਸਾਰੇ ਜਗਤ ਵਿਚ ਕਾਇਮ ਨਾ ਕੀਤਾ ਜਾਵੇ।

ਹੁਣ ਉਹ ਹੋਵੇ ਕਿੱਦਾਂ? ਇਸ ਦਾ ਉੱਤਰ ਇਹੀ ਹੈ ਕਿ ਜਿਸ ਤਰ੍ਹਾਂ ਅਜੇ ਅਸੀਂ ਪੂਰਨ ਖ਼ਾਲਸੇ ਨਹੀਂ, ਪਰ ਖ਼ਾਲਸਾ ਬਣਨ ਲਈ ਉਸਦੀ ਕਰਨੀ ਦਾ ਕਥਨ ਪੜ੍ਹਦੇ ਤੇ ਦੁਹਰਾਉਂਦੇ ਹੋਏ ਗੁਰਾਂ ਕੋਲੋਂ ਖ਼ਾਲਸਾ ਹੋਣ ਦੀ ਮੰਗ ਮੰਗਦੇ ਹਾਂ, ਓਦਾਂ ਹੀ ਜਦ ਤਕ ਸਰਬੱਤ ਜਗਤ ਉਤੇ ਸਾਧੂਆਂ ਦੇ ਪ੍ਰਸੰਨ ਫਿਰਕੇ ਵਾਲਾ, ਸ਼ਤਰੂਆਂ ਦੇ ਅਵਲੋਕ ਚਪਣ ਵਾਲਾ ਧਰਮ-ਰਾਜ ਕਾਇਮ ਨਹੀਂ ਹੋ ਜਾਂਦਾ, ਸਾਨੂੰ ਵਾਜਬ ਹੈ ਕਿ ਅਸੀਂ ਨਿਤਾਪ੍ਰਤਿ ਇਸ ਨਿਸਚੇ ਨੂੰ ਦੁਹਰਾਂਦੇ ਰਹੀਏ ਤੇ ਯਾਦ ਰਖੀਏ ਕਿ ਜੇ ਅਸੀਂ ਸੱਚੇ ਖ਼ਾਲਸੇ ਬਣਨਾ ਹੈ ਤਾਂ ਅਸਾਂ ਸਤਿਗੁਰਾਂ ਦੇ ਐਲਾਨ ਕੀਤੇ ਹੋਏ ਗੁਰਸਿੱਖਾਂ ਦੇ ਇਸ ਬਚਨ ਨੂੰ ਪੂਰਨ ਕਰਨ ਦਾ ਯਤਨ ਕਰਦੇ ਰਹਿਣਾ ਹੈ ਕਿ:

ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ॥
ਖ਼ਵਾਰ ਹੋਇ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਇ॥

ਪੰਨਾ