ਸਾਜ਼ ਰਾਜ਼ੀ ਹੈ!
ਬਲਰਾਮ

ਸਾਜ਼ ਰਾਜ਼ੀ ਹੈ!

ਸਾਜ਼ ਰਾਜ਼ੀ ਹੈ!

ਬਲਰਾਮ

Autumn Art

Published by
Autumn Art (India)
V.P.O. Balian, Distt. Sangrur (148001), Mob. 9115872450
E-mail: autumnartpublishers@gmail.com

all rights reserved.
Logo of Autumn Art by Kafir
COVER PAINTING ADOPTED FROM HTTP://DAAK.CO.IN/GURU-NANAK-MECCA-REPRESENTING-SIKH-PHILOSOPHY-ART/
CALLIGRAPHY DILPREET CHAHAL


© Balram
1st Edition: 2018
ISBN 978-1-7753161-5-2
Hard Cover 145/-

Printed & Bound at:
Twentyfirst Centu ry Printing Press, (Patiala)



Saz Razi Hai (A Play)
By Balram
E-mail : balrambodhi@gmail.com

ਤਮਾਮ ਰਾਹੀਆਂ ਲਈ ਜੋ ਨਿਰਾਕਾਰ ਨੂੰ ਸਕਾਰ ’ਚ ਦੇਖਣ-ਦਿਖਾਉਣ ਦੀ
ਸਾਧਨਾ ਜਾਂ ਧੁਨ 'ਚ ਹਨ।

'ਬੋਲ ਮਰਦਾਨਿਆ' ਦਾ ਨਾਟਕੀ ਰੂਪ

ਬਲਰਾਮ ਲੰਬੇ ਸਮੇਂ ਤੋਂ ਨਾਵਲ 'ਬੋਲ ਮਰਦਾਨਿਆ' ਨਾਲ ਜੁੜਿਆ ਹੈ। ਇਸ ਤੋਂ ਪਹਿਲਾਂ ਉਸਨੇ ਇਸਦਾ ਹਿੰਦੀ ਅਨੁਵਾਦ ਵੀ ਕੀਤਾ, ਅਤੇ ਹੁਣ ਇਸ ਨਾਵਲ ਦਾ ਨਾਟਕੀ ਰੂਪ ਲਿਖਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਨਾਵਲ ਦਾ ਨਾਟਕੀ ਰੂਪ ਵੀ ਬਲਰਾਮ ਨੇ ਕੀਤਾ ਹੈ। ਅਸੀਂ ਆਪਸ ਵਿੱਚ ਵੀ ਇਸ ਨਾਟਕ ਬਾਰੇ ਵਿਚਾਰ-ਵਿਟਾਂਦਰਾ ਕਰਦੇ ਰਹੇ ਹਾਂ। ਭਾਵੇਂ ਨਾਟਕੀ ਵਿਧੀ ਵਿਧਾਨ ਦਾ ਮੈਂ ਜਾਣਕਾਰ ਨਹੀਂ ਹਾਂ; ਫਿਰ ਵੀ ਮੇਰੇ ਲਈ ਇਹ ਤਸੱਲੀ ਦੀ ਗੱਲ ਸੀ ਕਿ ਬਲਰਾਮ ਕੋਲ ਉਹ ਸੂਝ ਹੈ ਜਿਸ ਦੁਆਲੇ ਇਹ ਨਾਵਲ ਘੁੰਮਦਾ ਹੈ। ਇਸ ਸੂਝ ਨੂੰ ਨਾਟਕੀ ਰੂਪ ਵਿੱਚ ਕਿਥੇ ਤੇ ਕਿਵੇਂ ਜੀਵਤ ਰੱਖਣਾ ਹੈ; ਇਹ ਜਿੰਮੇਵਾਰੀ ਹੁਣ ਬਲਰਾਮ ਕੋਲ ਸੀ। ਇਸ ਜਿੰਮੇਵਾਰੀ ਨੂੰ ਨਿਭਾਉਂਦਿਆਂ ਬਲਰਾਮ ਨੇ ਇਹਦੇ ਨਾਟਕੀ ਰੂਪ ਵਿੱਚ ਕਾਫ਼ੀ ਕੁਝ ਨਵਾਂ ਸਿਰਜਿਆ ਹੈ। ਜਿਸ ਦੀ ਸਿਰਜਣਾ ਤੋਂ ਬਿਨਾਂ ਇਹਨੇ ਨਾਟਕੀ ਰੂਪ ਵਿੱਚ ਨਹੀਂ ਸੀ ਢਲਣਾ।

ਨਾਵਲ ਕੋਲ ਨਾਟਕ ਨਾਲੋਂ ਕਿਤੇ ਜਿਆਦਾ ਖੁੱਲਾਂ ਲੈਣ ਦੀ ਆਜ਼ਾਦੀ ਹੁੰਦੀ ਹੈ। ਨਾਵਲ ਸ਼ਬਦਾਂ ਰਾਹੀਂ ਅਸੀਮਤ ਸਟੇਜ ਸਿਰਜ ਸਕਦਾ ਹੈ। ਪਰ ਨਾਟਕ ਨੇ ਆਖ਼ਰ ਸਟੇਜ ਉੱਤੇ ਆ ਕੇ ਹੀ ਨਿਭਣਾ ਹੁੰਦਾ ਹੈ। ਆਪਣੀ ਗੱਲ ਕਹਿਣ ਤੇ ਵਿਖਾਉਣ ਲਈ ਉਹ ਨਾਵਲ ਜਿਹੀਆਂ ਖੁੱਲਾਂ ਨਹੀਂ ਮਾਣ ਸਕਦਾ। ਇਨ੍ਹਾਂ ਸਾਰੀਆਂ ਬੰਦਿਸ਼ਾਂ ਵਿੱਚੋਂ ਗੁਜ਼ਰਦਿਆਂ ਬਲਰਾਮ ਨੇ ਇਸ ਨਾਟਕ ਵਿੱਚ ਬਹੁਤ ਸਾਰੇ ਨਵੇਂ ਰਾਹ ਤੇ ਵਿਧੀਆਂ ਸਿਰਜੀਆਂ ਹਨ। ਇਨ੍ਹਾਂ ਵਿਧੀਆਂ ਨੂੰ ਸਿਰਜਦਿਆਂ ਉਹਨੇ ਆਪਣੀ ਸਿਰਜਣਾਤਮਿਕ ਪ੍ਰਤਿਭਾ ਵਿਖਾਈ ਹੈ। ਇਸ ਨਾਵਲ ਵਿੱਚ ਬਹੁਤ ਸਾਰੇ ਦ੍ਰਿਸ਼ ਅਜਿਹੇ ਸਨ ਜਿਥੇ ਨਾਵਲ ਆਪਣੀ ਗੱਲ ਵੱਖਰੇ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਹੋ ਗੱਲ ਸਟੇਜ ਉੱਤੇ ਲਿਆਉਣ ਦੀਆਂ ਬਹੁਤ ਸਾਰੀਆਂ ਤਕਨੀਕੀ, ਸਮਾਜਿਕ ਤੇ ਧਾਰਮਿਕ ਬੰਦਿਸ਼ਾਂ ਸਨ। ਇਨ੍ਹਾਂ ਰੁਕਾਵਟਾਂ ਨੂੰ ਵਾਰ-ਵਾਰ ਦੂਰ ਕਰਦਿਆਂ ਬਲਰਾਮ ਨੇ ਆਪਣੀ ਸੂਝ ਨਾਲ ਉਹਦੇ ਲਈ ਨਵਾਂ ਰਾਹ ਕੱਢਿਆ।

ਭਾਵੇਂ ਉਹਨੇ ਇਸ ਨਾਵਲ ਦੇ ਪਾਤਰ ਆਨੰਦ ਨੂੰ ਨਾਵਲ ਨਾਲੋਂ ਲੰਬਾ ਕੀਤਾ। ਭਾਵੇਂ ਨੇਹਰਾ ਦੇ ਪਾਤਰ ਲਈ ਨਵੀਆਂ ਥਾਂਵਾਂ ਤਲਾਸ਼ੀਆਂ; ਜਿੰਨ੍ਹਾਂ ਰਾਹੀਂ ਉਹਨੇ ਨਾਵਲ ਵਿੱਚਲੀ ਭਾਵਨਾ ਨੂੰ ਉਘਾੜਣ ਦੀ ਕੋਸ਼ਿਸ਼ ਕੀਤੀ। ਜਿਥੇ-ਜਿਥੇ ਵੀ ਬਲਰਾਮ ਨੂੰ ਆਪਣੀ ਗੱਲ ਕਹਿਣ ਦਾ ਨਵਾਂ ਨਾਟਕੀ ਢੰਗ ਲੱਭਿਆ, ਉਹਨੇ ਉਹਨੂੰ ਬਹੁਤ ਸਹਿਜਤਾ ਨਾਲ ਵਰਤਿਆ।

ਇਸ ਨਾਵਲ ਨੂੰ ਨਾਟਕੀ ਰੂਪ ਵਿੱਚ ਲਿਖਣ ਦੀ ਸਭ ਤੋਂ ਵੱਡੀ ਚਣੌਤੀ ਹੀ ਇਹ ਸੀ ਕਿ ਜਿਸ ਨਾਇਕ ਦੇ ਚਾਨਣ ਨਾਲ ਇਹ ਨਾਵਲ ਜਗਮਾਗਉਂਦਾ ਹੈ, ਉਹਦਾ ਚੇਹਰਾ ਨਾਟਕਕਾਰ ਸਟੇਜ ਉੱਤੇ ਨਹੀਂ ਸੀ ਵਿਖਾ ਸਕਦਾ। ਇਸ ਨਾਇਕ ਦੀ ਸਾਰੀ ਊਰਜਾ ਸਟੇਜ ਉੱਤੇ ਦਿੱਸੇ ਪਰ ਨਾਇਕ ਦਾ ਚੇਹਰਾ ਨਾ ਦਿੱਸੇ। ਮੈਂ ਸਮਝਦਾਂ ਬਲਰਾਮ ਲਈ ਇਹ ਸਭ ਤੋਂ ਵੱਡੀ ਚੁਣੌਤੀ ਸੀ। ਸ਼ਾਇਦ ਇਸੇ ਕਰਕੇ ਬਹੁਤ ਸਾਰੇ ਦ੍ਰਿਸ਼ ਇਸ ਨਾਟਕ ਵਿੱਚ ਅਜਿਹੇ ਹਨ ਜੋ ਨਾਵਲ ਵਿੱਚ ਨਹੀਂ ਹਨ। ਪਰ ਉਹ ਚੇਹਰਾ ਜੋ ਦਿਸ ਨਹੀਂ ਰਿਹਾ ਉਹਨੂੰ ਸੰਜੀਵ ਕਰਨ ਲਈ ਬਲਰਾਮ ਵਾਰ-ਵਾਰ ਕੁਝ ਨਵਾਂ ਸਿਰਜਦਾ ਰਿਹਾ। ਇਸ ਦੇ ਕੁਝ ਹੋਰ ਹਿੱਸੇ ਸ਼ਾਇਦ ਸਾਨੂੰ ਸਟੇਜ 'ਤੇ ਹੋਰ ਵੀ ਸਪੱਸ਼ਟ ਦਿਸਣ। ਫਿਰ ਵੀ ਬਲਰਾਮ ਨੇ ਨਾਵਲ ਦਾ ਬਹੁਤ ਕੁਝ ਆਪਣੇ ਨੇੜੇ ਸਰਕਾਇਆ ਹੈ ਜੋ ਨਾਟਕੀ ਰੂਪ ਵਿੱਚ ਢਲ ਸਕਦਾ ਸੀ।

ਮੇਰੇ ਤੇ ਬਲਰਾਮ ਕੋਲ ਇੱਕ ਹੀ ਸਮੱਸਿਆ ਪਲਟ ਕੇ ਵੱਖ-ਵੱਖ ਰੂਪ ਵਿੱਚ ਸਾਹਮਣੇ ਆਈ ਹੈ। ਮੈਂ ਬਾਬੇ ਦੇ ਅਣਕਹੇ ਰਹੱਸ ਨੂੰ ਸ਼ਬਦਾਂ ਰਾਹੀਂ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ। ਬਲਰਾਮ ਹੋਰ ਅੱਗੇ ਮੇਰੇ ਕਹੇ ਨੂੰ ਚੇਹਰੇ ਤੋਂ ਬਿਨਾਂ ਮਹਿਸੂਸ ਕਰਾਉਣ ਦੀ ਕੋਸ਼ਿਸ਼ ਵਿੱਚ ਰਿਹਾ, ਜਿਸ ਵਿੱਚ ਬਾਬੇ ਨੇ ਆਪ ਦਿਸਣਾ ਹੀ ਨਹੀਂ ਸੀ। ਬਲਰਾਮ ਲਈ ਇਹ ਚਣੌਤੀ ਮੇਰੇ ਨਾਲੋਂ ਵੀ ਔਖੀ ਸੀ। ਇੱਕੋ ਸਮੱਸਿਆ ਨਾਲ ਜੂਝਦੇ ਅਸੀ ਦੋਵੇਂ 'ਬਾਬੇ' ਨੇ ਗੁਰ ਭਾਈ ਬਣਾ ਦਿੱਤੇ।

-ਜਸਬੀਰ ਮੰਡ

ਮੰਡ ਹੋਰਾਂ ਦੇ 'ਬੋਲ ਮਰਦਾਨਿਆ' ਨੂੰ ਨਾਟਕ 'ਚ ਢਾਲਣ ਦਾ ਪੂਰਾ ਸਫ਼ਰ ਇੱਕ ਰੂਹਾਨੀ ਯਾਤਰਾ ਹੈ। ਇਹ ਚੇਤਨਾ ਦੇ ਅਮੂਰਤ ਆਕਾਸ਼ ਅੰਦਰੋਂ ਇੱਕ ਮੂਰਤ ਦੇ ਦਰਸ਼ਨ ਕਰਾਉਣ ਦਾ ਯਤਨ ਹੈ। ਬਾਬਾ ਜੋ ਸਾਰੀ ਕਥਾ ਦੀ ਜਿੰਦ ਜਾਨ ਤੇ ਮੁੱਖ ਪਾਤਰ ਹੈ, ਨੂੰ ਦੇਹ ਰੂਪ ਵਿੱਚ ਦਿਖਾਏ ਬਿਨਾ ਉਸਦੀ ਮੌਜੂਦਗੀ ਨੂੰ ਹਰ ਵੇਲੇ ਦਿਲਾਂ ਲਾਗੇ ਮਹਿਸੂਸ ਕਰਾਈ ਰੱਖਣਾ, ਆਲੇ-ਦੁਆਲੇ ਤੁਰਦਾ-ਫਿਰਦਾ ਤੇ ਦਿਖਦਾ-ਦਿਖਦਾ ਜਿਹਾ ਲਾਈ ਰੱਖਣਾ ਸਚੁਮੱਚ ਇੱਕ ਵੱਡੀ ਚੁਣੌਤੀ ਸੀ, ਖ਼ਾਸ ਤੌਰ 'ਤੇ ਜਦੋਂ ਤੁਸੀਂ ਪਹਿਲੋਂ ਤੋਂ ਪ੍ਰਚਲਿਤ ਰੁੱਖੇ ਤਕਨੀਕੀ ਸਾਧਨਾਂ ਨੂੰ ਨਾ ਵਰਤਣ ਦਾ ਪੱਕਾ ਮਨ ਬਣਾਇਆ ਹੋਵੇ? ਮੈਂ ਕਿਸ ਹੱਦ ਤੱਕ ਕਾਮਯਾਬ ਰਿਹਾ ਹਾਂ, ਜ਼ਾਹਿਰ ਹੈ ਕਿ ਇਸਦੀ ਗਵਾਹੀ ਤਾਂ ਪਾਠਕ ਜਾਂ ਉਨ੍ਹਾਂ ਨਾਲੋਂ ਵੀ ਵੱਧ ਉਹ ਦਰਸ਼ਕ ਹੀ ਦੇਣਗੇ ਜਿਹੜੇ ਇਸਨੂੰ ਮੰਚ 'ਤੇ ਖੇਡਿਆ ਜਾਂਦਾ ਦੇਖਣਗੇ।

ਜਿੱਥੋਂ ਤੱਕ ਮੈਂ ਸਮਝ ਸਕਦਾ ਹਾਂ ਇਹ ਇੱਕ ਰੂਹਾਨੀ ਨਾਟਕ ਹੈ, ਜਿਸਦੇ ਪਾਤਰ ਨਾਵਾਂ ਦੇ ਪੱਖੋਂ ਜ਼ਰੂਰ ਇਤਿਹਾਸਿਕ ਹਨ, ਪਰ ਉਹ ਅਕਾਲ ਵਿੱਚ ਹੀ ਵਿਚਰਦੇ ਹਨ। ਮੇਰੀ ਕੋਸ਼ਿਸ਼ ਰਹੀ ਹੈ ਕਿ ਮੂਲ ਨਾਵਲ ਦੇ ਸਵਾਦ ਨੂੰ ਸੰਭਵ ਹੱਦ ਤੱਕ ਕਾਇਮ ਰਖਿਆ ਜਾ ਸਕੇ, ਪਰ ਆਪਣੀ ਸ਼ਖਸੀਅਤ ਤੇ ਵਿਧਾ ਦੀਆਂ ਸੀਮਾਵਾਂ ਤੇ ਮੰਗਾਂ ਦਾ ਅਸਰ ਮੈਂ ਨਾਟਕ ਦੀ ਬਣਤਰ 'ਚ ਦੇਖ ਸਕਦਾ ਹਾਂ, ਕਈ ਥਾਵਾਂ 'ਤੇ ਨਾਟਕ ਮੰਡ ਸਾਹਿਬ ਦੀ ਕਥਾ ਦੇ ਮੂਲ ਸੁਰ ਨਾਲੋਂ ਕੁਝ ਵੱਖਰਾ ਰੰਗ ਵੀ ਗ੍ਰਹਿਣ ਕਰ ਜਾਂਦਾ ਹੈ, ਹਾਲਾਂਕਿ ਮੇਰਾ ਕੁਲ ਯਤਨ ਉਸਨੂੰ ਗੂੜਾ ਕਰਨ ਦਾ ਹੀ ਹੈ। ਏਥੇ ਇਹ ਕਹਿਣਾ ਜ਼ਰੁਰੀ ਹੈ ਕਿ ਇਹ ਨਾਟਕ ਮੰਡ ਸਾਹਿਬ ਦੀ ਰਚਨਾ ਦਾ ਬਦਲ ਨਹੀਂ ਹੈ, ਉਸਦਾ ਸਵਾਦ ਉਸਦੇ ਮੂਲ ਸਰੂਪ 'ਚ ਹੀ ਲਿਆ ਜਾ ਸਕਦਾ ਹੈ, ਪਰ ਮੇਰੀ ਇਹ ਵੀ ਉਮੀਦ ਹੈ ਕਿ ਨਾਟਕ ਦੇ ਰੂਪ 'ਚ ਇੱਕ ਵੱਖਰਾ ਅਹਿਸਾਸ, ਇੱਕ ਵਖਰੀ ਊਰਜਾ ਪਾਠਕਾਂ ਤੇ ਦਰਸ਼ਕਾਂ ਨੂੰ ਲਾਜ਼ਮੀ ਤੌਰ 'ਤੇ ਮਹਿਸੂਸ ਹੋਵੇ।

-ਬਲਰਾਮ



(ਹਨੇਰੇ 'ਚ ਛੈਣੀ ਨਾਲ ਬੁੱਤ ਤਰਾਸ਼ਣ ਦੀ ਹਲਕੀ-ਹਲਕੀ ਆਵਾਜ਼ ਉਭਰਦੀ ਹੈ। ਰੌਸ਼ਨੀ ਵਧਦੀ ਹੈ। ਮਰਦਾਨਾ ਸਿਰ ਫੜੀ ਬੈਠਾ ਹੈ, ਰਬਾਬ ਇੱਕ ਪਾਸੇ ਪਈ ਹੈ। ਆਨੰਦ ਬੁੱਤ ਤਰਾਸ਼ਣ 'ਚ ਲੱਗਾ ਹੋਇਆ ਹੈ। ਉਸ ਵੱਲ ਦੇਖਦਾ ਹੈ ਤੇ ਫੇਰ ਦਰਸ਼ਕਾਂ ਵੱਲ, ਤੇ ਹੌਂਕਾ ਭਰਦਾ ਹੋਇਆ ਮਰਦਾਨਾ ਉਠਦਾ ਹੈ।)

ਮਰਦਾਨਾ :

(ਰਬਾਬ ਤੋਂ ਬਿਨਾ) ਮੈਂ ਇਸ ਨਾਟਕ ਦਾ ਮਰਦਾਨਾ...; ਐਕਟਰ ਤੇ ...ਨਾਟਕਕਾਰ! ਕਥਾ ਉਹਦੀ ਹੈ...ਜੋ ਬੰਦੇ ਅੰਦਰ ਨਿਰਭੈਤਾ ਜਗਾਉਣੀ ਚਾਹੁੰਦਾ; ਨਿਰਵੈਰਤਾ ਤੇ ਨਿਰਭੈਤਾ ਦੀਆਂ ਤੰਦਾਂ ਤਲਾਸ਼ਦਾ...ਦਿਖਾਉਂਦਾ ਤੇ ਏਕਮਕਾਰ ਤਾਈਂ ਲੈ ਕੇ ਜਾਂਦਾ। ਜਗ ਜਾਣਦੈ ਸਾਰਾ...(ਉੱਚੀ) "ਨਾਨਕ ਤਪੇ ਦੀ ਨਿਸ਼ਾਨੀ ਪੱਕੀ ਐ, ਮੀਰ ਜਾ ਰਿਹੈ ਉਸਦੇ ਨਾਲ। ਤਲਵੰਡੀ ਦਾ ਡੂਮ!"

ਆਨੰਦ :

(ਛੈਣੀ-ਹਥੌੜੀ ਰੱਖਦਾ ਮੁੜਦਾ ਹੈ। ਹਾਲੇ ਹੱਥ 'ਚ ਕਾਸਾ ਨਹੀਂ ਹੈ।) ਤੇ ਮੈਂ ਆਨੰਦ! ਬੁੱਧ ਦਾ ਸ਼ਿਸ਼। ਮਰਦਾਨੇ ਤੋਂ ਦੋ ਹਜ਼ਾਰ ਸਾਲ ਪਹਿਲਾਂ ਦਾ! ਪਰ ਹਾਂ ਇਸੇ ਨਾਟਕ ਦਾ ਪਾਤਰ। (ਮਰਦਾਨੇ ਵੱਲ ਦੇਖ ਕੇ ਹਲਕਾ ਜਿਹਾ ਹੱਸਦਾ ਹੈ।)

ਮਰਦਾਨਾ :

(ਮਰਦਾਨਾ ਮੁਸਕਰਾਉਂਦਾ ਹੈ ਤੇ ਫੇਰ ਮੁੜ ਦਰਸ਼ਕਾਂ ਨੂੰ ਮੁਖਾਤਬ ਹੁੰਦਾ ਹੈ) ...ਨਾਟਕਕਾਰ ਦੀ ਮਜਬੂਰੀ...ਏ (ਮੋਢੇ ਉਚਕਾਉਂਦਾ ਹੈ)ਬਾਬੇ ਨੂੰ...ਦਿਖਾ ਨਹੀਂ ਸਕਦੇ! (ਕੜਕ ਕੇ) ਪਰੰਪਰਾ ਹੈ। ਸਵਾਲ ਨਹੀਂ ਕਰ ਸਕਦੇ ਉਸਨੂੰ! (ਸੋਚਦਾ ਹੋਇਆ ਮੌਨ) ਫੇਰ ਕੀ ਕਰੀਏ! ਡਰਾ ਦਈਏ ਸਵਾਲ ਨੂੰ! ਤਾਂ ਫੇਰ ਨਿਰਭੈਤਾ ਦਾ ਕੀ ਬਣੇਗਾ ? (ਅੱਖਾਂ 'ਚ ਚਮਕ) ਕਿੰਜ ਹੋਵੇਗਾ ਇਹ ਨਾਟਕ ?

ਆਨੰਦ :

ਪਾਤਰ ਹੋਣਾ ਐਕਟਰ ਦੀ ਸਾਧਨਾ ਹੈ...ਜੋਗ ਸਾਧਨਾ! ਪਰ ਐਕਟਰ ਦੀ ਹੋਂਦ..., ਉਸਦੇ ਸਵਾਲ...ਡਰ...; ਪਾਤਰ ਤੇ ਐਕਟਰ ਵਿਚਾਲੇ ਰੜਕਦੇ ਰਹਿੰਦੇ! ਤੇ ਜੇ ਪਾਤਰ ਨਾਨਕ ਵਰਗਾ ਹੋਵੇ...ਨਿਰਭੈ...ਨਿਰਵੈਰ...ਤਾਂ..., (ਸੋਚਦੇ ਹੋਏ ਇਨਕਾਰ 'ਚ ਸਿਰ ਮਾਰਦਾ ਹੈ।) ਹੋਰ ਵੀ ਔਖਾ, ਨਾਮੁਮਕਿਨ! ਅਕਾਲ ਨੂੰ ਦ੍ਰਿਸ਼ 'ਚ ਬੰਨਣਾ...ਤੇ...ਨਿਰਾਕਾਰ ਨੂੰ ਰੂਪ 'ਚ... ਹੋਰ ਵੀ ਔਖਾ... (ਅਸਮਰਥਤਾ ਦੇ ਆਸ਼ੇ ਵਰਗਾ ਕੋਈ ਜੈਸਚਰ) ਸ਼ਾਇਦ ਪਰੰਪਰਾ ਦੀ ਇਹੋ ਮਜਬੂਰੀ ਹੋਵੇ! ਹੈ ਤਾਂ ਬੁੱਧ ਵੇਲੇ ਵੀ ਸੀ। (ਜ਼ੋਰ ਦੇ ਕੇ) ਬੁੱਧ ਦੇ ਬੁੱਤ ਵਰਜਿਤ ਸੀ, ਪਰ ਉਹ ਬਣੇ ਇੱਕ-ਦੋ ਨਹੀਂ ...ਹਜ਼ਾਰਾਂ...ਤੇ ਲੱਖਾਂ...

ਮਰਦਾਨਾ :

(ਜ਼ੋਰ ਦੇ ਕੇ) ਪਰ ਨਾਟਕ ਕਿਵੇਂ ਹੋਵੇਗਾ? (ਸੋਚਦੇ ਹੋਏ) ਇੱਥੇ ਬੁੱਤ ਨਹੀਂ...ਜਿਉਂਦੇ...ਬੰਦੇ ਚਾਹੀਦੇ! (ਰੁਕ ਜਾਂਦਾ ਹੈ।)

ਕੋਰਸ ਵਿੱਚੋਂ :

ਤੇ ਤੇਰੀ ਕੀ ਕੋਹਲੂ 'ਚ ਬਾਂਹ ਫਸੀ ਐ! (ਹਾਸਾ)

ਚੁੱਪੀ!!!

ਮਰਦਾਨਾ :

ਤੇ ਜਿਸ ਦੀ ਅਰਾਧਨਾ... ਬੰਦਗੀ ਹੀ ਨਾਟਕ ਹੋਵੇ...ਉਹ ਕੀ ਕਰੇ ? ਨਾਸਤਿਕ ਹੋ ਜਾਏ ?

ਆਨੰਦ :

(ਹੌਕਾ) ਤੁਰਣਾ ਤਾਂ ਪਵੇਗਾ ਗੁਰਭਾਈ! ਤੁਰਿਆਂ ਰਾਹ ਬਣਦੇ ਨੇ!

ਮਰਦਾਨਾ :

(ਖੁਸ਼) ...। ਗੁਰਭਾਈ!

(ਮਰਦਾਨਾ ਹੈਰਾਨ ਇੱਕ ਟੱਕ ਉਸ ਵੱਲ ਦੇਖਦਾ ਰਹਿੰਦਾ ਹੈ। ਰੌਸ਼ਨੀ ਨਾਲ ਦ੍ਰਿਸ਼ ਬਦਲਦਾ ਹੈ। ਉਸ ਥਾਂ 'ਤੇ ਰੌਸ਼ਨੀ ਹੁੰਦੀ ਹੈ, ਜਿੱਥੇ ਰਬਾਬ ਪਈ ਹੈ। ਮਰਦਾਨਾ ਮੀਰ ਵਾਲਾ ਸਾਫ਼ਾ ਲੈਂਦਾ ਹੈ ਤੇ ਗੋਲ ਮੂਵ ਲੈਂਦਾ ਹੈ।)

ਆਨੰਦ :

(ਦਰਸ਼ਕਾਂ ਨੂੰ) ਤੁਰਨਾ ਤਾਂ ਤੁਹਾਨੂੰ ਵੀ ਪਵੇਗਾ,...ਤੇ ਉਹ ਵੀ ਜਾਗ ਕੇ! ਮੂਰਤ-ਅਮੂਰਤ ਤੇ ਐਕਟਰ-ਪਾਤਰ ਦੀਆਂ ਗੁੰਝਲਾਂ ਸੁਲਝਾਣੀਆਂ...,ਇਹ ਨਾਟ ਦੇਖਣ ਦੀ ਸਾਧਨਾ ਹੈ।

(ਬਾਹਰ ਜਾਂਦੇ ਹੋਏ। ਮਰਦਾਨੇ 'ਤੇ ਰੌਸ਼ਨੀ ਵਧਦੀ ਹੈ ਤੇ ਆਨੰਦ 'ਤੇ ਘਟਦੀ ਜਾਂਦੀ ਹੈ।)

ਆਨੰਦ :

ਸਾਜ਼...ਸਾਜੀ...ਸਰੋਤੇ ਇੱਕ ਸੁਰ ਹੋਣਗੇ ਤਾਂ ਕੁਝ ਹੋਏਗਾ!

(ਰਬਾਬ ਵੱਜਦੀ ਹੈ। ਆਨੰਦ ਬਾਹਰ ਜਾਂਦਾ ਹੈ। ਮਰਦਾਨਾ ਰਬਾਬ ਲਈ ਬੈਠਾ ਹੈ।)

ਮਰਦਾਨਾ :

ਇਸ ਥਾਂ ਨੂੰ ਕੋਈ ਨੀ ਜਾਣਦਾ। ਬਸ ਮੈਂ ਤੇ ਸਾਈਂ! (ਇਕਤਾਰੇ/ਰਬਾਬ ਕੋਲ ਜਾ ਕੇ ਬੈਠਦਾ ਹੈ ਤੇ ਹੌਲੀ ਹੌਲੀ ਉਸਨੂੰ ਵਜਾਉਣ ਲਗਦਾ ਹੈ) ਇਹ ਸਾਜ਼ ਸਾਈਂ ਨੇ ਆਪਣੇ ਹੱਥੀਂ ਬਣਾਇਆ! ਮਿਲਦਾ ਤਾਂ ਪੁੱਛਦਾ "ਸਾਜ਼ ਰਾਜ਼ੀ ਏ ਮਰਦਾਨਿਆ!" (ਪਰੇਸ਼ਾਨ) ਤੇ ਅੱਜ...!(ਪਰੇਸ਼ਾਨੀ 'ਚ ਥਾਂ ਛਡਦਾ ਹੈ ਤੇ ਆਲੇ ਦੁਆਲੇ ਦੇਖਦਾ ਹੈ ਤੇ ਜ਼ੋਰ-ਜ਼ੋਰ ਦੀ ਸਾਹ ਬਾਹਰ ਛੱਡਦਾ ਹੈ।) ਤੇ ਇਹੋ ਉਹ ਗੋਲ ਪਹਾੜੀ ਹੈ ਜਿਥੇ ਜੈ ਰਾਮ ਨੇ ਕਿਹਾ ਸੀ, "ਇਥੋਂ ਮੈਂ ਤੇ ਨਾਨਕ ਇਕੱਲੇ ਜਾਵਾਂਗੇ..."... । ਸੁਲਤਾਨਪੁਰ। (ਬਾਹਰ ਵੱਲ ਨੂੰ ਦੇਖਦੇ ਹੋਏ) ਤੇ ਫੇਰ ਉਹ ਉਨ੍ਹਾਂ ਬੇਰੀਆਂ ਓਹਲੇ ਓਝਲ ਹੋ ਗਏ! ਮੈਨੂੰ ਅੜਨਾ ਚਾਹੀਦਾ ਸੀ। ਉਹ ਬੋਲ ਮੇਰੇ ਲਈ ਨਹੀਂ ਸਨ। (ਕਾਹਲੀ ਨਾਲ ਇੱਕ ਦਿਸ਼ਾ ਵੱਲ ਜਾਂਦਾ ਹੈ) ਇਹ ਵਿਛੋੜਾ ਮੇਰੇ ਲਈ ਨਹੀਂ...!

(ਦੂਜੇ ਪਾਸਿਓਂ ਨਾਨਕੀ ਆਉਂਦੀ ਹੈ।)

ਨਾਨਕੀ :

ਤੂੰ ਅੱਜ ਖਾਲੀ ਹੱਥ ਆਇਆਂ...?

ਮਰਦਾਨਾ :

ਹਾਂ ਭੈਣੇ,(ਹੌਂਕਾ) ਤਾਹੀਉਂ ਸ਼ਾਇਦ ਭਾਰੀ-ਭਾਰੀ ਜਿਹਾ ਲੱਗਦਾ......।

ਨਾਨਕੀ :

ਸਾਜ਼ ਹੱਥ 'ਚ ਹੋਵੇ ਤਾਂ ਵੀਰ ਦਾ ਝਾਉਲਾ ਪੈਂਦਾ... ਤੂੰ ਖਾਲੀ ਹੱਥ ਨਾ ਆਇਆ ਕਰ। (ਅੱਖਾਂ ਪੂੰਝਦੀ ਅੰਦਰ ਨੂੰ ਜਾਂਦੀ ਹੈ।)

(ਮਰਦਾਨੇ ਦਾ ਧਿਆਨ ਪਿਛੇ ਪਈ ਕਲਮ ਦਵਾਤ ਤੇ ਕੰਧ ਉੱਤੇ ਪਏ ਸਿਆਹੀ ਦੇ ਛਿੱਟਿਆਂ 'ਤੇ ਪੈਂਦਾ ਹੈ ਤੇ ਉਹ ਉਨ੍ਹਾਂ ਵੱਲ ਵਧਦਾ ਹੈ, ਕੋਲ ਜਾ ਕੇ ਖੜਦਾ ਹੈ ਤੇ ਫੇਰ ਪਿੱਠ ਮੋੜ ਕੇ ਦੌੜ ਜਾਂਦਾ ਹੈ। ਨਾਨਕੀ ਮੁੜ ਆਉਂਦੀ ਹੈ ਤੇ ਉਸਨੂੰ ਜਾਂਦਿਆਂ ਦੇਖਦੀ ਹੈ, ਤੇ ਫੇਰ ਮੁੜ ਕੇ ਕਲਮ-ਦਵਾਤ ਵੱਲ ਦੇਖਦੀ ਹੈ।)


ਫ਼ੇਡ ਆਊਟ

(ਰੌਸ਼ਨੀ ਹੁੰਦੀ ਹੈ ਤਾਂ ਮਰਦਾਨੇ ਦੀ ਘਰਵਾਲੀ ਅੱਲਾ ਰੱਖੀ ਘਰੇਲੂ ਕੰਮਾਂ 'ਚ ਰੁੱਝੀ ਦਿਖਾਈ ਪੈਂਦੀ ਹੈ। ਕੰਧ ਉੱਤੇ ਕਈ ਸਾਜ਼ ਟੰਗੇ ਹਨ ਜਿੰਨ੍ਹਾਂ 'ਚੋਂ ਕਈਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਵਾਣ ਦੀ ਮੰਜੀ ਡੱਠੀ ਹੈ। ਅੱਲਾ ਰੱਖੀ ਅੰਦਰ ਜਾਂਦੀ ਹੈ ਤਾਂ ਥੱਕਿਆ ਹਾਰਿਆ ਮਰਦਾਨਾ ਆ ਕੇ ਮੰਜੀ 'ਤੇ ਬਹਿ ਜਾਂਦਾ ਹੈ। ਅੱਲਾ ਰੱਖੀ ਦੀ ਸਰਸਰੀ ਨਜ਼ਰ ਉਸ 'ਤੇ ਪੈਂਦੀ ਹੈ ਤੇ ਫੇਰ ਗੌਰ ਨਾਲ ਦੇਖ ਕੇ)

ਅੱਲਾ ਰੱਖੀ :

ਕੀ ਹੋਇਆ ਤੈਨੂੰ! ਮਰਾਸਣਾਂ ਮਜ਼ਾਕ ਕਰਦੀਆਂ, ਅਖੇ ਮਰਾਸੀ ਦਾ ਪੁੱਤ ਫ਼ਕੀਰ ਹੋਣ ਨੂੰ ਫਿਰਦਾ ... (ਕੰਮ 'ਚ ਰੁੱਝੀ ਰਹਿੰਦੀ ਹੈ। ਮਰਦਾਨਾ ਟਿਕ-ਟਿਕੀ ਲਾਈ ਇੱਕ ਪਾਸੇ ਨੂੰ ਘੂਰਦਾ ਰਹਿੰਦਾ ਹੈ।) ਕੁਝ ਬੋਲੇਂਗਾ ਵੀ?

ਮਰਦਾਨਾ :

(ਗੁਮਸੁਮ) ਗੋਪਾਲਾ ਪੰਡਿਤ ਮਿਲਿਆ ਸੀ... ਕਹਿੰਦਾ ਤਲਵੰਡੀ ਦੀ ਸਾਰੀ ਮਹਿਮਾਂ ਨਾਲ ਈ ਤੁਰ ਗਈ ਉਸਦੇ।

ਅੱਲਾ ਰੱਖੀ:

(ਹੈਰਾਨ ਹੋ ਕੇ ਉਸ ਵੱਲ ਨੂੰ ਆਉਂਦੀ ਹੈ।) ਉਸ ਨੇ ਗੱਲ ਕੀਤੀ ਤੇਰੇ ਨਾਲ!

ਮਰਦਾਨਾ :

(ਉਸ ਵੱਲ ਦੇਖਦਾ ਹੈ) ਨਹੀਂ, ਬੁੜਬੁੜ ਕਰਦਾ ਲੰਘ ਗਿਆ ਕੋਲੋਂ।

ਅੱਲਾ ਰੱਖੀ :

(ਹੌਂਕਾ ਭਰ ਕੇ) ਜਾ... ਤੂੰ ਗੇੜਾ ਮਾਰ ਆ ਬੇਦੀਆਂ ਦੇ।

ਮਰਦਾਨਾ :

(ਪਰੇਸ਼ਾਨ ਹੋ ਕੇ) ਗਿਆ ਸੀ, ਕੁਝ ਨਹੀਂ ਉੱਥੇ। ਖਾਲੀ ਕਲਮ ਦਵਾਤ ਤੇ ...ਸਿਆਹੀ ਦੇ ਛਿੱਟੇ ... ਬਸ।

ਅੱਲਾ ਰੱਖੀ :

(ਬੁੜਬੁੜਾਂਦੀ ਹੋਈ ਸਾਜ਼ ਸਾਫ਼ ਕਰਦੀ ਹੈ) ਮਰਾਸੀਆਂ ਦੇ ਪੁੱਤ ਸੁਣੇ ਆ ਕਦੇ ਇਹੋ ਜਿਹੀਆਂ ਗੱਲਾਂ ਕਰਦੇ!

(ਬਾਹਰੋਂ ਮਰਦਾਨੇ ਦੀ ਅੰਮੀ ਦੀ ਆਵਾਜ਼ ਆਉਂਦੀ ਹੈ। : "ਵੇ ਮਰਦਾਨਿਆ ਤੇਰੀ ਸੁਣ ਲਈ ਦਾਤੇ ਨੇ।"

(ਮੰਦਰ ਦੀ ਘੰਟੀ ਖੜਕਦੀ ਹੈ। ਮਰਦਾਨਾ ਖੜਾ ਹੁੰਦਾ ਹੈ।)

ਅੰਮੀ :

(ਅੰਦਰ ਆਉਂਦੇ ਹੋਏ ਪੰਡੋਕਲੀ ਕੋਲ ਧਰਦੀ ਹੈ।) ਓਦਰਿਆ ਕਿਉਂ ਫਿਰਦਾਂ, ਤਿਆਰੀ ਫੜ ਲੈ, ਸੁਨੇਹਾ ਲੈ ਕੇ ਆਈ ਹਾਂ, ਬੇਦੀਆਂ ਦਾ। ਸੁਲਤਾਨਪੁਰ ਜਾਣਾਂ...ਨਾਨਕ ਕੋਲ।

(ਰਬਾਬ ਵੱਜਦੀ ਹੈ। ਮਰਦਾਨਾ ਖੁਸ਼ ਹੋ ਜਾਂਦਾ ਹੈ। ਅੰਮੀ ਅੰਦਰ ਜਾਂਦੀ ਹੈ। ਮਰਦਾਨਾ ਪੰਡੋਕਲੀ ਕੋਲ ਬੈਠਦਾ ਹੈ, ਉਸਨੂੰ ਛੂਹ ਕੇ ਦੇਖਦਾ ਹੈ। ਮੀਰਾਜ਼ਾਦੀ ਹਿਰਸ ਭਰੀਆਂ ਨਜ਼ਰਾਂ ਨਾਲ ਚੁਪਚਾਪ ਸਭ ਦੇਖਦੇ ਰਹਿੰਦੀ ਹੈ। ਅੰਮੀ ਵਾਪਿਸ ਆ ਕੇ)

ਅੰਮੀ :

"ਸੁਣਿਆ ਏ ਉਹਦਾ ਸੌਹਰਾ ਮੂਲ ਚੰਦ ਸ਼ਾਮੇ ਪੰਡਤ ਨਾਲ ਸੁਲਤਾਨਪੁਰ ਆਇਆ ਹੋਇਆ। ਉਹਨੂੰ ਪੱਕੀ ਏ ਪਈ...ਜੁਆਈ ਤਿਆਗੀ ਹੋ ਗਿਆ; (ਮਰਦਾਨਾ ਸਾਜ਼ ਤੇ ਪੰਡੋਕਲੀ ਚੁੱਕ ਤਿਆਰ ਹੁੰਦਾ ਹੈ। ਅੰਮੀ ਅੱਲਾ ਰੱਖੀ ਵਲ ਦੇਖ ਕੇ) ਸੁਲੱਖਣੀ ਕਹਿੰਦੀ ਏ, "ਜਦ ਤਾਈਂ ਨਨਾਣ ਹੈ ਮੈਂ ਖੇੜੇ ਵਸਾਂਗੀ।"

ਚੁੱਪੀ!

ਮਰਦਾਨਾ :

ਚੰਗਾ ਅੰਮੀ! ਚੱਲਦਾਂ!

(ਅੰਮੀ ਗਠੜੀ ਉਸਦੇ ਸਿਰ 'ਤੇ ਧਰਦੀ ਹੈ। ਰਬਾਬ ਵੱਜਦੀ ਹੈ।)

ਅੰਮੀ:

ਮਰਾਸੀ ਦੇ ਪੁੱਤਰ ਦਾ ਫ਼ਕੀਰਾਂ ਨਾਲ ਤੁਰ ਕੇ ਨਹੀਂ ਸਰਦਾ ਪੁੱਤ...ਤੂੰ ਡੂਮ ਬਣ ਕੇ ਮੁੜ ਆਵੀਂ! (ਉਸ ਦੀ ਆਵਾਜ਼ 'ਚ ਮਿੰਨਤ ਹੈ, ਤੇ ਅੱਖਾਂ ਭਰ ਆਉਂਦੀਆਂ ਹਨ।)

(ਮਰਦਾਨਾ ਜਾਂਦਾ ਹੈ। ਥੋੜੀ ਦੇਰ ਸੰਗੀਤ ਵੱਜਦਾ ਹੈ। ਦੋਹੇਂ ਉਸ ਨੂੰ ਜਾਂਦਿਆਂ ਦੇਖ ਦੀਆਂ ਹਨ।

ਫ਼ੇਡ ਆਉਟ

(ਕੋਰਸ ਵਾਲੇ ਸੀਨ ਸ਼ੁਰੂ ਕਰਦੇ ਹਨ। ਦੋ ਜਣੇ ਸਿਪਾਹੀ ਬਣ ਕੇ ਚੌਸਰ ਨੁਮਾ ਕੋਈ ਖੇਡ ਖੇਡਣ ਲਗਦੇ ਹਨ। ਉਨ੍ਹਾਂ ਦੇ ਭਾਲੇ ਪਿੱਛੇ ਕੰਧ ਨਾਲ ਲੱਗੇ ਹਨ। ਸੁਲਤਾਨਪੁਰ ਦੇ ਲੋਕ ਗੱਲਾਂ ਕਰਦੇ ਲੰਘਦੇ ਹਨ ਜਿੰਨ੍ਹਾਂ ਤੋਂ ਭਾਵੀ ਘਟਨਾਵਾਂ ਦਾ ਕੁਝ ਅੰਦਾਜ਼ਾ ਹੁੰਦਾ ਹੈ।)

1 :

ਪਹੁੰਚਿਆ ਫ਼ਕੀਰ ਐ ਕੋਈ। ਨਹੀਂ ਲੋਧੀ ਭਲਾ ਐਂ ਕਿਸੇ ਨੂੰ ਛੱਡਦੇ ਆ।

2 :

ਕੰਸ ਨੂੰ ਮਾਰਨ ਤੋਂ ਪਹਿਲਾਂ ਕਿਸ਼ਣ ਵੀ ਐਂ ਈ ਪਾਣੀ 'ਚ ਉਤਰਿਆ ਸੀ, ਜਮੁਨਾ 'ਚ।

1 :

ਪਰ ਕੰਸ ਕਿਹੜਾ ਇੱਥੇ?

3 :

ਸਾਰੇ ਕੰਸ ਐ।

(ਹਸਦੇ ਹੋਏ ਜਾਂਦੇ ਹਨ। ਮਰਦਾਨਾ ਮੰਚ 'ਤੇ ਆਉਂਦਾ ਹੈ।)

ਮਰਦਾਨਾ :

(ਸਿਪਾਹੀਆਂ ਨੂੰ) ਗਰਾਂਈ ਮੋਦੀਖਾਨਾ...

ਸਿਪਾਹੀ 1 :

(ਖਾ ਜਾਣ ਵਾਂਗ ਦੇਖਦਾ ਹੈ।) ਪੰਡ ਤਾਂ ਪਹਿਲੋਂ ਈ ਚੁੱਕੀ ਫਿਰਦਾਂ, ਹੋਰ ਕੀ ਸਾਰਾ ਈ ਲੁਟਣਾ...

ਮਰਦਾਨਾ :

ਨਹੀਂ, ਇਹ ਤਾਂ ਸਾਈਂ ਦੀ ਅਮਾਨਤ ਐ।

ਸਿਪਾਹੀ 1 :

(ਘੂਰ ਕੇ ਦੇਖਦਾ) ਆਹੋ, ਸਾਈਂਆਂ ਈ ਸਾਂਭ ਲਏ ਹੁਣ ਮੋਦੀਖਾਨੇ।

ਸਿਪਾਹੀ 2 :

(ਨਾਲ ਦੇ ਨੂੰ ਕੰਨ 'ਚ) ਕੋਈ ਜੈ ਰਾਮ ਦੇ ਸੋਹਰਿਆਂ ਤੋਂ ਨਾ ਹੋਵੇ!

(ਦੂਜਾ ਡਰ ਜਾਂਦਾ ਹੈ।) ਉਹ ਸਾਹਮਣੇ ਗੋਲ ਗੜੀ ਐ ਭਾਈ... ਸਿੱਧਾ ਤੁਰਿਆ ਜਾ।

(ਦੋਹੇਂ ਮਸ਼ਾਲ ਬਾਲਣ ਲਗਦੇ ਹਨ। ਉਸ ਦਿਸ਼ਾ ਵੱਲੋਂ ਭਗੀਰਥ ਦੌੜਿਆ ਆਉਂਦਾ ਹੈ।)

ਮਰਦਾਨਾ :

(ਉੱਚੀ) ਭਗੀਰਥ...ਭਗੀਰਥ!

(ਭਗੀਰਥ ਰੁਕ ਕੇ ਉਸਨੂੰ ਪਛਾਣਦਾ ਹੈ।)

ਭਗੀਰਥ :

(ਭਾਵੁਕ) ਮਰਦਾਨਿਆਂ ਤੂੰ?

ਮਰਦਾਨਾ :

(ਕੁਝ ਭਾਂਪਦੇ ਹੋਏ) ਕੀ ਹੋਇਆ?

ਭਗੀਰਥ :

ਵੇਂਈ 'ਚ ਉਤਰਿਆ... ਬਾਬਾ ਮੁੜ ਦਿਸਿਆ ਨੀ। ਨਾਨਕੀ ਸੁੰਨ ਹੋਈ ਬੈਠੀ ਹੈ, ਸੁਲਖਣੀ ਦੀ ਹਾਲਤ ਬੁਰੀ ਹੈ, ਉਹ ਉਸ ਦਾ ਮੋਢਾ ਨਹੀਂ ਛੱਡਦੀ। (ਮਰਦਾਨੇ ਹੱਥੋਂ ਗਠੜੀ ਛੁੱਟ ਜਾਂਦੀ ਹੈ।)...। ਜੈ ਰਾਮ ਨੇ ਤਲਵੰਡੀ ਸੁਨੇਹਾ ਭੇਜ ਦਿੱਤਾ, ਮੈਂ ਵਈ ਕੰਢੇ ਚੱਲਿਆਂ..., ਤੂੰ ਵੀ ਉੱਥੇ ਈ ਆ ਜਾ।

(ਭਗੀਰਥ ਕਾਹਲੀ ਨਾਲ ਜਾਂਦਾ ਹੈ। ਮਰਦਾਨਾ ਜੜ੍ਹ ਹੋ ਗਿਆ ਹੈ। ਸਿਪਾਹੀ ਮਸ਼ਾਲ ਬਾਲਣ 'ਚ ਰੁੱਝੇ ਹਨ।)

ਫ਼ੇਡ ਆਊਟ

(ਰੌਸ਼ਨੀ ਹੁੰਦੀ ਹੈ ਤਾਂ ਇੱਕ ਪਾਸੇ ਮਰਦਾਨੇ ਦਾ ਮੁਸੱਲਾ ਵਿਛਿਆ ਹੈ, ਲਾਗੇ ਗਠੜੀ ਪਈ ਹੈ। ਮਰਦਾਨਾ ਦੂਜੇ ਪਾਸੇ ਖੜਾ ਹੈ।)

ਮਰਦਾਨਾ :

ਜਿਸ ਮੂਰਤ ਪਿੱਛੇ ਪਿੱਛੇ ਆਇਆ ਸੀ ਉਹ ਤੇ ਪਾਣੀ ਦੀ ਮੌਜ ਵਾਂਗ ਹੱਥੋਂ ਵਗ ਗਈ। (ਮੁਸੱਲੇ ਤੇ ਗਠੜੀ ਵਾਲੀ ਥਾਂ ਵੱਲ ਦੇਖਦਾ ਹੈ।) ਉਸ ਵਿਛੋੜੇ ਨੂੰ ਦ੍ਰਿਸ਼ ਬਣਾਉਣਾ ..., (ਔਖਾ ਜਿਹਾ ਹੋ ਕੇ) ਹੋਛੀ ਗੱਲ ਹੋ ਜਾਣੀ ਮਰਾਸੀਆ.... ਰਹਿਣ ਦੇ।

(ਉਹ ਚੁੱਪ-ਚਾਪ ਮਰਦਾਨੇ ਵਾਲੀ ਥਾਂ 'ਤੇ ਜਾ ਕੇ ਬੈਠ ਜਾਂਦਾ ਹੈ। ਥੋੜੀ ਦੂਰੀ 'ਤੇ ਕੁਝ ਇਕੱਠ ਹੋ ਜਾਂਦਾ ਹੈ, ਲੋਕ ਉਸ ਨੂੰ ਦੇਖ ਕੇ ਖੜਨ ਲਗਦੇ ਹਨ।)

1 :

ਇਹ ਨਵਾਂ ਸਾਈਂ ਕੌਣ ਏ ਭਾਈ!

2 :

ਮੁਰੀਦ ਏ ਮੋਦੀਖਾਨੇ ਵਾਲੇ ਦਾ।

3 :

ਮੈਂ ਸੁਣਿਆ... ਯਾਰ ਏ ...ਬਚਪਣ ਦਾ...।

1 :

ਦੋ ਦਿਨ ਤੋਂ ਕੰਢਾ ਮੱਲੀ ਬੈਠਾ...ਹਿੱਲਿਆ ਨੀ।

(ਚੌਥਾ ਬੰਦਾ ਕੋਲੋਂ ਲੰਘਦੇ ਹੋਏ ਬਿਨਾ ਰੁਕੇ ਬੋਲਦੇ ਹੋਏ ਲੰਘ ਜਾਂਦਾ ਹੈ।)

4 :

ਮਰਾਸੀ ਏ ਸੁਨੇਹਾ ਲੈ ਕੇ ਆਇਆ ਤਲਵੰਡੀਓਂ!

(ਹੌਲੀ ਹੌਲੀ ਇਕੱਠ ਖਿੰਡ ਜਾਂਦਾ ਹੈ।)

ਮਰਦਾਨਾ :

ਰਾਤ-ਦਿਨ ਦੀ ਨਮਾਜ਼ ਉਸੇ ਕੰਢੇ ਪੜ੍ਹੀ। ਪਰ ਕੋਈ ਯਾਦ ਵਸਲ ਦਾ ਬਦਲ ਨਾ ਬਣੀ। ਸੁਲਤਾਨਪੁਰ ਤਲਵੰਡੀਓਂ ਭਾਰਾ ਹੋ ਗਿਆ। ਰਹਿ-ਰਹਿ ਕੇ ਸੰਤਰੇਣ ਦਾ ਖਿਆਲ ਆਉਂਦਾ...

(ਪਿੱਛੋਂ ਠਹਾਕੇ ਦੀ ਆਵਾਜ਼ ਆਉਂਦੀ ਹੈ ਤੇ ਇਕਤਾਰਾ ਵਜਾਉਂਦਾ ਸੰਤਰੇਣ ਆਉਂਦਾ ਹੈ। ਉਹ ਮਰਦਾਨੇ ਦੇ 'ਵਾਜਾਂ ਮਾਰਨ 'ਤੇ ਵੀ ਰੁਕਦਾ

ਨਹੀਂ। ਮਰਦਾਨਾ ਉਸਨੂੰ ਘੇਰ ਕੇ ਰੋਕਦਾ ਹੈ।)

ਸੰਤਰੇਣ:

ਵਗਦੇ ਨੂੰ ਰੋਕਣਾ ਖਤਰਨਾਕ ਹੁੰਦਾ...

ਮਰਦਾਨਾ:

ਪਰ ਉਹ ਤੇ ਪਾਣੀ ਹੋ ਗਿਆ ਏ!

ਸੰਤਰੇਣ:

(ਰਮਜ਼ ਨਾਲ) ਫੇਰ ਉਡਦਾ ਦੇਖ ਪਾਣੀ ਨੂੰ... ਤੇ ਰਾਹ ਛੱਡ।

ਮਰਦਾਨਾ:

(ਅੱਖਾਂ 'ਚ ਤਰਲਾ ਹੈ।) ਅੱਜ ਤੀਜਾ ਦਿਨ ਹੈ, ਇਹ ਮਾਤਮ...

ਸੰਤਰੇਣ:

(ਮਰਦਾਨੇ ਵੱਲ ਗੌਰ ਨਾਲ ਦੇਖਦਾ ਹੈ।) ਕੋਈ ਪਾਗਲ ਪਾਗਲ ਦਿਖਦਾ ਨਹੀਂ! (ਖੁੱਲ ਕੇ ਹੱਸਦਾ ਹੈ) ਉਹ ਵਪਾਰੀ ਏ ... ਸੱਚਾ! ਬੇਦੀਆਂ ... ਲੋਧੀਆਂ ਦਾ ਧਾਨ ਤੋਲਣ ਨਹੀਂ ਆਇਆ। ਸਾਡੀ ਭੁੱਖ ਹਰੀ ... ਤੇ (ਖੁਸ਼ ਹੋ ਕੇ) ਪਿਆਸ ਖਰੀਦ ਲਈ ਉਸ ਨੇ! ਇਹ ਸੌਦੇ ਸਭ ਨੂੰ ਰਾਸ ਨਹੀਂ ਆਉਂਦੇ। ਪਿਆਸ ਬੇਅੰਤ ... ਕਿਨਾਰਿਆਂ 'ਤੇ ਫਲਦੀ ਨਹੀਂ। (ਰਮਜ਼ ਨਾਲ) ਜੜ੍ਹਾਂ ਦਾ ਸੁਨੇਹਾ ਹੁੰਦੇ ਨੇ ... ਫੁੱਲ ਤੇ ਖੁਸ਼ਬੂ ਹੁੰਦੀ ਵੈਰਾਗ ਦੇ ਖੰਭ!

(ਹੱਸਦਾ ਹੋਇਆ ਜਾਂਦਾ ਹੈ।)

ਮਰਦਾਨਾ:

(ਸੋਚਦੇ ਹੋਏ) ਸੁਨੇਹਾ... (ਵਾਕ ਅਧੂਰਾ ਛੱਡਦਾ ਹੈ।) ਜੜ੍ਹਾਂ ਦਾ ਸੁਨੇਹਾ! (ਚੇਹਰੇ 'ਤੇ ਕਈ ਭਾਵ ਬਦਲਦੇ ਹਨ।)

ਗਾਇਣ:

"ਜਿਨ ਢੂਂਢਾ ਤਿਨ ਪਾਇਆ ਗਹਰੇ ਪਾਣੀ ਪੈਠ, ਮੈਂ ਬਉਰੀ ਬੂੜਨ ਡਰੀ ਰਹੀ ਕਿਨਾਰੇ ਬੈਠ।

ਮਰਦਾਨਾ:

ਫ਼ੇਰ ਇਹ ਉਦਾਸੀ ਕਿਉਂ...? ਉਦਾਸੀ ਨੂੰ ਖੰਭ ਨੀ ਲਗਦੇ। (ਰਬਾਬ ਲੱਭਦਾ ਹੈ।) ਸਾਈਂ ਕਹਿੰਦਾ ਸੀ 'ਵੈਰਾਗ ਨੂੰ ਉਦਾਸ ਨਹੀਂ ਹੋਣ ਦੇਣਾ!'

(ਰਬਾਬ ਵਜਾਉਂਦਾ ਹੈ।)

ਪਿਛੋਂ ਭਾਗੀਰਥ ਦੀ ਆਵਾਜ਼: "ਸਾਈਂ ਆ ਗਿਆ ਮਰਦਾਨਿਆ-2!

ਮਰਦਾਨਾ:

ਸਾਈਂ ਆ ਗਿਆ! (ਸਾਜ਼ ਨੂੰ ਹਿੱਕ ਨਾਲ ਲਾਈ ਉਠਦਾ ਹੈ।)... ਸੁਨੇਹਾ ਆ ਗਿਆ!

ਜੈ ਰਾਮ:

(ਜਾਂਦੇ ਜਾਂਦੇ) ਕੱਚੀ ਲੱਸੀ ਦੀ ਧਾਰ ਪਿੰਡ ਦੁਆਲੇ ਘੁਮਾਓ। ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਨਿਉਂਦਾ ਭੇਜੋ। ਪਾਂਧੇ ਬੁਲਾਓ...। ਹਵਨ ਹੋਵੇਗਾ।

(ਸੰਗੀਤ ਤੇ ਨ੍ਰਿਤ ਕਰਦੇ ਮਾਸ਼ਕੀ ਮੰਚ 'ਤੇ ਕੱਚੀ ਲੱਸੀ ਦਾ ਛਿੜਕਾ ਕਰਦੇ ਹਨ। ਕੁਝ ਪੋਚੇ ਮਾਰਦੇ ਹਨ। ਮੰਤਰ ਗੂੰਜ ਉਠਦੇ ਹਨ।)

(ਮਰਦਾਨਾ ਸੋਚਾਂ 'ਚ ਪਿਆ ਖੜਾ ਹੈ। ਆਨੰਦ (ਬਿਨ੍ਹਾਂ ਕਾਸੇ ਤੋਂ) ਉਸ ਨੂੰ ਫੜ ਕੇ ਖੂੰਜੇ 'ਚ ਲੈ ਕੇ ਜਾਂਦਾ ਹੈ।)

ਆਨੰਦ :

ਕੀ ਸੋਚਦੈਂ!

ਮਰਦਾਨਾ :

ਬਾਬਾ ਆ ਤਾਂ ਗਿਐ, ਪਰ ਦਿਖੇਗਾ ਕਿਵੇਂ?

ਆਨੰਦ :

ਤੂੰ ਆਪਣਾ ਦੇਖ,... ਬਾਕੀ ਛੱਡ... ਮਰਦਾਨਾ ਤਾਂ ਹੋ ਲੈ ਪਹਿਲੋਂ!

(ਨਾਨਕੀ ਦੀ ਆਵਾਜ਼ ਸੁਣ ਕੇ ਦੌੜ ਜਾਂਦਾ ਹੈ।)

ਨਾਨਕੀ :

('ਵਾਜਾਂ ਮਾਰਦੀ ਆਉਂਦੀ ਹੈ।) ਭਗੀਰਥ...ਭਗੀਰਥ! (ਭਗੀਰਥ ਦੂਜੇ ਪਾਸਿਓਂ ਦੌੜਿਆ ਆਉਂਦਾ ਹੈ। ਮਨਸੁਖ ਕਿੱਥੇ ਏ? (ਉਹ ਸਿਰ ਖੁਰਕਦਾ ਵਾਪਿਸ ਜਾਣ ਲਗਦਾ ਹੈ।) ਸੁਣ... ਸੁਣ... ਹਲਵਾਈ ਨੂੰ ਕਹੋ ਬਕਲੀਆਂ ਬਣਾਏ...ਮਿੱਠੀਆਂ ਤੇ ਸਲੂਣੀਆਂ ਵੀ। (ਮਰਦਾਨੇ 'ਤੇ ਨਿਗਾਹ ਪੈਂਦੀ ਹੈ।) ਮਰਦਾਨਿਆ...। ਵੀਰ ...ਆ ਗਿਆ! ਅਰਸ਼ਾਂ ਦੀਆਂ ਟੁੱਭੀਆਂ ਲਾ ਕੇ ਆਇਆ ਮੇਰਾ ਵੀਰ। ਜਾਹ ਕੋਲ ਬਹਿ ਉਹਦੇ।

(ਭਗੀਰਥ ਸ਼ੱਕਰ ਦਾ ਥਾਲ ਭਰੀ ਆਉਂਦਾ ਹੈ।)

ਨਾਨਕੀ :

ਇਹ ਕੀ ਹੈ?

ਭਗੀਰਥ :

ਸ਼ੱਕਰ!

ਨਾਨਕੀ :

ਸੁਲੱਖਣੀ ਨੂੰ ਦਿਓ, ਕਹੋ ਮੁੱਠੀਆਂ ਭਰ ਭਰ ਵੰਡੇ! ਮੈਂ ਵੀ ਆਉਂਦੀ ਆਂ। ਕਿੰਨੇ ਕੰਮ ਨੇ...।

(ਚਲੀ ਜਾਂਦੀ ਹੈ। ਭਗੀਰਥ ਦੂਜੇ ਪਾਸੇ ਨਿਕਲ ਜਾਂਦਾ ਹੈ। ਮੰਤਰਾਂ ਦੀ ਗੂੰਜ ਉਠਦੀ ਹੈ। ਮਰਦਾਨਾ ਚੁਫੇਰੇ ਦੀਆਂ ਰੌਣਕਾਂ ਦੇਖਦਾ ਹੈ।)

ਮਰਦਾਨਾ :

ਅੰਮੀ ਦੇ ਨਾਲ ਕਿੰਨੇ ਈ ਵਿਆਹ ਕਮਾਏ ਸੀ ਮੈਂ। ਪਰ ਇਹ ਤਾਂ ਉਤਸਵ ਈ ਕੁਝ ਵੱਖਰਾ ਸੀ। ਸੁਲੱਖਣੀ ਦੇ ਹੱਥਾਂ 'ਚ ਥਾਲ ਤੇ ਨਾਨਕੀ ...ਅਰਸ਼ਾਂ 'ਤੇ ਤੁਰਦੀ ਸ਼ੱਕਰ ਵੰਡਦੀ ਜਾਂਦੀ। ਮਨਸੁਖ ...ਭਗੀਰਥ ਉੱਡੇ ਫਿਰਦੇ। ਆਲੇ ਦੁਆਲੇ ਦੇ ਸਾਰੇ ਪਿੰਡ ਉਲਰ ਆਏ ਸਨ, ਕਾਜ਼ੀ, ਪਾਂਧੇ ਸਭ...। (ਗਠੜੀ 'ਤੇ ਨਜ਼ਰ ਪੈਂਦੀ ਹੈ, ਸੰਨਾਟਾ



ਛਾ ਜਾਂਦਾ ਹੈ।) ਪਰ ਨਾਨਕ ਚੁੱਪ ਸੀ! (ਕੋਲ ਜਾਂਦਾ ਹੈ।) ਮੈਂ ਉਸਦੇ ਕੋਲ ਈ ਬੈਠਾ ਸੀ, ਇਉਂ... ਰਬਾਬ ਲਈ...! ਅੱਠ ਪੈਹਰ ਲੰਘ ਗਏ, ਲੱਗਾ...ਹਵਾ ਮੇਰੇ ਅੰਦਰ ਰੁੱਕ ਗਈ ਏ। ਤਦੇ ਨਾਨਕ ਨੇ ਚੁੱਪੀ ਤੋੜੀ, (ਆਕਾਸ਼ ਵੱਲ ਦੇਖਦਾ ਹੈ,ਰਬਾਬ ਵੱਜਦੀ ਹੈ।)

ਕੋਰਸ:

"ਨਾ ਕੋਈ ਹਿੰਦੂ ਨਾ ਮੁਸਲਮਾਨ!"

(ਚੁੱਪੀ)

ਮਰਦਾਨਾ:

ਜੜ੍ਹਾਂ ਦਾ ਸੁਨੇਹਾ ਸੀ..., ਵੈਰਾਗ ਦੀ ਖੁਸ਼ਬੂ ਨੇ ਖੰਭ ਖੋਲੇ! ਉਹ ਦੇਖ ਰਿਹਾ ਸੀ! ਪਤਾ ਨਹੀਂ ਕਿੱਥੋਂ...! ਪਰ ਦ੍ਰਿਸ਼ ਉਸਦੀਆਂ ਅੱਖਾਂ 'ਚ ਸਾਫ਼ ਦਿਖ ਰਿਹਾ ਸੀ। (ਆਲੇ ਦੁਆਲੇ ਝਾਤ ਮਾਰਦੇ ਹੋਏ) ਸੰਨਾਟਾ ਪੱਸਰ ਗਿਆ! ਮੁਸਲਮਾਨੀ ਹਕੂਮਤ ਦੀ ਛਾਤੀ 'ਤੇ ਖਲੋ...ਇਹ ਐਲਾਨ "ਨਾ ਕੋਈ ਹਿੰਦੂ ਨਾ ਮੁਸਲਮਾਨ..." ਖਤਰੇ ਨੂੰ ਨਿਉਂਦਾ ਸੀ; ...ਪਰ ਉਸਨੂੰ ਤੇ ਦਿਖ ਰਿਹਾ ਸੀ...ਸਾਫ਼-ਸਾਫ਼ ਦਿਖ ਰਿਹਾ ਸੀ। ਲਾਲ, ਪੀਲੀਆਂ, ਭੂਰੀਆਂ, ਬਦਾਮੀ ਅੱਖਾਂ ਖਾਮੋਸ਼ ਘੂਰ ਰਹੀਆਂ ਸਨ,ਸੁਆਲਾਂ ਨਾਲ ਸੁੱਜੀਆਂ ਅੱਖਾਂ, ਕੁਝ ਹੋਣ ਵਾਲਾ ਸੀ! ਆਖਰ ਬੱਦਲ ਫਟਿਆ...ਸਵਾਲਾਂ ਦੀ ਬੌਛਾਰ ਤੀਰਾਂ ਵਾਂਗ ਵਰ੍ਹਣ ਲੱਗੀ ਪਾਂਡਿਆਂ-ਮੌਲਾਣਿਆਂ ਦੇ ਸ਼ੰਕੇ...ਸੰਸ਼ੇ...ਅੰਬਰ ਛੂਹਣ ਲੱਗੇ; ਚੁਫ਼ੇਰਾ ਭੈਅ ਨਾਲ ਕੰਬਣ ਲੱਗਾ... ਤੇ ਬਾਬਾ ਗਾਉਣ ਲੱਗਾ!


ਰਬਾਬ 'ਤੇ ਮੂਲ ਮੰਤਰ ਵੱਜਦਾ ਹੈ!

ਮੌਨ!!!

(ਸ਼ਬਦ ਗਾਇਣ ਦੇ ਨਾਲ ਝੂਮਦੀਆਂ ਸੰਗਤਾਂ ਦਾ ਦ੍ਰਿਸ਼। ਹੌਲੀ ਹੌਲੀ ਰਬਾਬ ਵੱਜਦੀ ਰਹਿੰਦੀ ਹੈ।)

ਨਾਨਕੀ ਦੇ ਘਰ ਮੂਹਰੇ...ਬਰੋਟੇ ਥੱਲੇ ਕੀਰਤਨ ਹੋਇਆ! ਸੰਗਤਾਂ ਝੂਮਦੀਆਂ...ਕਾਇਨਾਤ ਮਦਹੋਸ਼ ਸੀ। ਕਦੇ ਕਦੇ ਸੁਲੱਖਣੀ...ਪਤੀ ਨੂੰ ਦੇਖਣ ਲਈ...ਕੰਧ ਉੱਤੋਂ ਝਾਤ ਮਾਰਦੀ ਤੇ ਮੁੜ ਲਾਲਾਂ ਨੂੰ ਹਿੱਕ ਨਾਲ

ਘੁੱਟ... ਨਾਲ ਖੜੀ ਨਨਾਣ ਦੇ ਮੋਢੇ 'ਤੇ ਸਿਰ ਰਖ ਲੈਂਦੀ। (ਚੁੱਪੀ) ਬਾਬੇ ਨੇ ਫਕੀਰੀ ਬਾਣਾ ਤਨ ਲਾਇਆ। ਲੰਬੇ ਵਿਛੋੜੇ ਦੀ ਕੰਨਸੋ ਉਸ ਸੁਣ ਲਈ ਸੀ! (ਟਕਟਕੀ ਲਾ ਕੇ ਦੇਖਦਾ ਹੈ।)

ਪਤਾ ਨਹੀਂ ਮੈਂਨੂੰ ਕਿਉਂ ਲੱਗਿਆ... ਖੱਬੇ-ਸੱਜੇ ਉਹਦੇ ਅੰਮੀ ਤੇ ਅੱਲਾ ਰੱਖੀ ਖੜੀਆਂ! ਉਨ੍ਹਾਂ ਉਹ ਦੇਖ ਲਿਆ ਜਿਸਦਾ ਹਾਲੇ ਕਿਸੇ ਨੂੰ ਇਲਮ ਨਹੀਂ ਸੀ।

ਚੁੱਪੀ!

"ਸਾਜ਼ ਰਾਜ਼ੀ ਏ ਭਾਈ ਮਰਦਾਨਿਆ!" ਬਾਬੇ ਦੀ ਆਵਾਜ਼ ਤੇ ਮੈਂ ਬਸ ਤੁਰ ਪਿਆ। ਵਿਛੋੜਾ ਤਲਵੰਡੀਓਂ ਸੁਲਤਾਨਪੁਰ ਆ ਗਿਆ ਤੇ ਨਾਲ-ਨਾਲ ਤੁਰਨ ਲੱਗਾ। (ਕਾਹਲੀ-ਕਾਹਲੀ ਤੁਰਦਾ ਹੈ ਜਿਵੇਂ ਕਿਸੇ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੋਵੇ।) ਬਾਬੇ ਦੀ ਬਸ ਪਿੱਠ ਈ ਦਿਖਦੀ। ਉਹ ਤੁਰਿਆ ਜਾਂਦਾ ਤੇ ਗਾਉਂਦਾ ਜਾਂਦਾ। ਕਈ ਵਾਰ ਤਾਂ ਕੋਈ ਸੁਣਨ ਵਾਲਾ ਵੀ ਨਹੀਂ ਸੀ! (ਰਫ਼ਤਾਰ ਹੌਲੀ) ਮੇਰਾ ਗਲਾ ਸੁੱਕਦਾ ਦੇਖ... ਉਹ ਇੱਕ ਖੂਹ 'ਤੇ ਰੁੱਕ ਗਿਆ।

ਮੌਣ 'ਤੇ ਖੜੇ ਜਨੇਊ ਨੇ ਭਵਾਂ ਚੁੱਕ ਲਈਆਂ..., ਭਗਵਾਂ ਚੋਗਾ ਤੇ ਪਿੱਛੇ ਮੁਸਲਮਾਨੀ ਪਹਿਰਾਵਾ! "ਕੌਣ ਜਾਤ?" ਓਕ ਬਣਦੇ ਬਾਬੇ ਦੇ ਹੱਥ ... ਥਾਏਂ ਮੁੜ ਆਏ। "ਚੱਲ ਮਰਦਾਨਿਆ।" (ਮੁੜ ਕਾਹਲੀ-ਕਾਹਲੀ ਤੁਰਨ ਲਗਦਾ ਹੈ।) ਖੁਹ ਦੇ ਨਾਲ ਪਿਆਸ ਵੀ ਪਿੱਛੇ ਰਹਿ ਗਈ ਸੀ। ਕਈ ਖੂਹ ਲੰਘੇ ਬਾਬੇ ਨੇ ਅੱਖ ਚੁੱਕ ਨਾ ਦੇਖਿਆ। ਇੱਕ ਥਾਂਏ ਬਾਬਾ ਰੁਕਿਆ; ਕੱਚਾ ਖੂਹ...ਨਾ ਮੌਣ ਨਾ ਚੌਂਤਰਾ...! (ਆਪ ਹੀ ਬਾਂਹ ਚੁੱਕ ਕੇ ਪਾਣੀ ਪਿਆਉਣ ਦਾ ਅਭਿਨੈ ਕਰਦਾ ਹੈ ਤੇ ਆਪ ਹੀ ਨੀਝ ਲਾ ਕੇ ਦੇਖਦਾ ਹੈ।)

ਲੰਬੇ ਲੰਬੇ ਘੁੱਟ ਉਸਦੇ ਗਲੇ 'ਚੋਂ ਥੱਲੇ ਉਤਰਦੇ ਚਲੇ ਗਏ। ਚਮੜੇ ਦਾ ਡੋਲ ਹੇਠਾਂ ਹੋਇਆ, "ਰਾਹੀਆ ਤੂੰ ਮੇਰੀ ਜਾਤ ਨੀ ਪੁੱਛੀ।" ਓਸਨੇ ਜਿਵੇਂ ਸਾਜ਼ ਨੂੰ ਉਂਗਲ ਛੁਹਾ ਦਿੱਤੀ! ਕਾਇਨਾਤ ਨੇ ਮੁੜ ਓਕ ਬਣਾ ਲਈ ... ਤੇ ਗਾਉਣ ਲੱਗੀ! ਰਾਤ ਦੀ ਸੰਗਤ

...ਜੁੜੀ...ਉੱਥੇ ਈ...ਬੇਰੀ ਥੱਲੇ।

ਕੋਰਸ:

ਕਿਵ ਸਚਿਆਰਾ ਹੋਈਐ

ਕਿਵ ਕੂੜੈ ਤੁਟੈ ਪਾਲਿ॥


(ਰਬਾਬ ਦੇ ਨਾਲ ਲੋਕ ਝੂਮਦੇ ਆਉਂਦੇ ਹਨ ਤੇ ਫੇਰ ਖਿੰਡ ਜਾਂਦੇ ਹਨ। ਮਰਦਾਨਾ ਇੱਕ ਦਿਸ਼ਾ ਵੱਲ ਦੇਖਦਾ ਹੈ ਤੇ ਤੇਜੀ ਨਾਲ ਪਿੱਛੇ ਭੱਜਦਾ ਹੈ, ਸਾਹੋ ਸਾਹੀ ਹੋਇਆ।)

ਮਰਦਾਨਾ:

ਸੱਪਾਂ ਦੀਆਂ ਬਿਰਮੀਆਂ.....ਬੰਦਿਆਂ ਦੀਆਂ ਖੋਪੜੀਆਂ ਲਗਦੀਆਂ..., ਵਿਚੋਂ ਵਲੇਵੇਂ ਖਾਂਦੇ ਰਾਹ..., ਬਾਬੇ ਨਾਲ ਤੁਰਨਾ ਤਾਂ ਉਂਜ ਈ ਮੁਹਾਲ ਸੀ। (ਏਧਰ ਨਜ਼ਰ ਦੌੜਾਂਦਾ ਹੈ।) ...ਹੁਣ ਤਾਂ ...ਖੜਾਵਾਂ ਦੀ ਆਵਾਜ਼ ਵੀ ਸੁਣਨੋਂ ਹੱਟ ਗਈ।

(ਵਹਿੰਗੀ ਲਈ ਇੱਕ ਬੰਦਾ ਲੰਘਦਾ ਹੈ। ਮਰਦਾਨਾ ਉਸ ਨੂੰ ਹਾਕ ਮਾਰ ਕੇ ਰੋਕਦਾ ਹੈ।)

ਮਰਦਾਨਾ:

ਸੁਣ ਭਾਈ! ਰੁਕੀਂ ਜ਼ਰਾ ਕੁ...। ਤੂੰ ਕੋਈ ਭਗਵਿਆਂ ਵਾਲਾ ਅੱਗੇ ਜਾਂਦਾ ਦੇਖਿਆ?

ਵਹਿੰਗੀ ਵਾਲਾ:

(ਉਸ ਨੂੰ ਸਿਰ ਤੋਂ ਪੈਰਾਂ ਤਾਈਂ ਦੇਖਦਾ ਹੈ।) ਤੂੰ ਉਹਦੇ ਨਾਲ ਦਾ ਐਂ!

ਮਰਦਾਨਾ:

ਨਹੀਂ, ਉਹ ਮੇਰੇ ਨਾਲ ਦਾ ਹੈ,...ਨਹੀਂ.....ਹਾਂ ਮੈਂ ਉਹਦੇ..(ਅਧੂਰਾ ਛੱਡਦਾ) ਪਤਾ ਨਹੀਂ.... (ਜਾਣ ਲਗਦਾ ਹੈ।)

ਵਹਿੰਗੀ ਵਾਲਾ:

ਸੁਣ ਸਾਈਂ! ਅੱਗੇ ਕਿੱਥੇ ਜਾਂਦੇ ਓ? ਅੱਗੇ ਕੋਈ ਪਿੰਡ ਨਹੀਂ।

(ਮਰਦਾਨਾ ਰੁਕ ਕੇ ਉਹ ਦੇ ਵੱਲ ਦੇਖਦਾ ਹੈ।)

ਵਹਿੰਗੀ ਵਾਲਾ:

ਵੇਸਵਾਵਾਂ ਦਾ ਡੇਰਾ ਏ। (ਰਮਜ਼ ਨਾਲ) ...ਜਿੰਨੀ ਦੇਰ ਇਥੇ ਰਹਿੰਦੀਆਂ...,ਮਰਦਾਂ ਨੂੰ ਨਹੀਂ ਨੇੜੇ ਫਟਕਣ ਦਿੰਦੀਆਂ। ਵਡੇਰਿਆਂ ਦੀ ਜਗ੍ਹਾ ਏ ਕੋਈ।

(ਦੂਰੋਂ ਕੰਧ ਨਾਲ ਟਲ ਖੜਕਣ ਦੀ ਆਵਾਜ਼)

ਮਰਦਾਨਾ:

(ਦੂਰੋਂ ਦੇਖਦੇ ਹੋਏ) ਮੰਦਰ ਏ ... ਪਰ ਛੱਤ ਕੋਈ ਨੀ, ਕੰਧ ਨਾਲ

ਲਟਕਦਾ ਟੱਲ ਵਾਰ-ਵਾਰ ਉਹਦੇ 'ਚ ਮੱਥਾ ਮਾਰਦਾ, ਜਿਵੇਂ ਢਾਹਣੀ

ਹੋਵੇ।

(ਦੂਰੋਂ ਔਰਤਾਂ ਦੇ ਹਾਸੇ ਦੀ ਆਵਾਜ਼! ਰਾਗ ਰਾਮਕਲੀ ਅਲਾਪ। ਮਰਦਾਨਾ

ਉਸ ਪਾਸੇ ਵਧਦਾ ਹੈ।)

(ਵਹਿੰਗੀ ਵਾਲੇ ਦੀ ਆਵਾਜ਼ "ਨੇੜੇ ਨੀ ਢੁੱਕਣ ਦਿੰਦੀਆਂ।")

(ਮਰਦਾਨਾ ਕਾਹਲੀ ਨਾਲ ਨਿਕਲਦਾ ਹੈ। ਵੇਸਵਾਵਾਂ ਦਾ ਝੁੰਡ ਮੰਚ 'ਤੇ

ਆਉਂਦਾ ਹੈ। ਸਭ ਨੇ ਨਾਚ ਵਾਲੀਆਂ ਪੋਸ਼ਾਕਾਂ ਪਾਈਆਂ ਹਨ। ਨੇਹਰਾ

ਨੂੰ ਛੱਡ ਕੇ ਸਭ ਦੇ ਚੇਹਰੇ 'ਤੇ ਹਾਫ਼-ਮਾਸਕ ਨੇ।)

ਆਵਾਜ਼ਾਂ : ਭਗਵਿਆਂ ਨੇ ਤਾਂ ਏਧਰ ਦਾ ਰੁਖ ਅੱਜ ਤਾਈਂ ਨੀ ਕੀਤਾ, ਤੇਰਾ ਡੇਰਾ

ਕਿਧਰ ਏ ਪੀਰਾ!

ਨਿਰਤ ਮੰਡਲੀ : ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵੇਹੜਾ

ਬਾਬੇ ਨਾਨਕ ਦਾ ਘਰ ਕਿਹੜਾ ਬਾਬੇ ਨਾਨਕ

ਦਾ ਘਰ ਕਿਹੜਾ?

(ਸਭ ਸੈਂਟਰ ਸਟੇਜ ਦੇ ਗਿਰਦ ਘੇਰਾ ਘੱਤ ਕੇ ਨਿਰਤ ਕਰਦੀਆਂ ਹਨ।

ਮਰਦਾਨਾ ਆਉਂਦਾ ਹੈ। ਨਾਚ ਦੇ ਆਖ਼ੀਰ 'ਚ ਖੜਾਵਾਂ ਦੀ ਆਵਾਜ਼

ਆਉਂਦੀ ਹੈ। ਨੇਹਰਾ ਉਸ ਦਿਸ਼ਾ ਵੱਲ ਵਧਦੀ ਹੈ ਤੇ ਹੱਥ ਜੋੜ ਕੇ

ਖੜ੍ਹਦੀ ਹੈ। ਬਾਕੀ ਸਭ ਗੋਡਿਆਂ ਭਾਰ ਹੋ ਜਾਂਦੀਆਂ ਹਨ।)

ਮਰਦਾਨਾ : (ਦਰਸ਼ਕਾਂ ਵੱਲ ਨੂੰ ਆ ਕੇ) ਨੈਣ ਨਕਸ਼ ਚੇਹਰਾ ...ਸਭ ਉਸ ਦਾ

ਜਿਵੇਂ ਚੁੱਪ ਦਾ ਬਣਿਆ ਸੀ। ਦੇਹ ਦਾ ਸਾਰਾ ਬਿਆਨ ਨਜ਼ਰਾਂ 'ਚ

ਉਤਰ ਆਇਆ ਸੀ, ਸਾਰੀ ਯਾਤਰਾ। (ਕੰਬਦਾ ਹੈ।) ਅਜਿਹਾ ਚੁੱਪ

ਸੰਵਾਦ ਕਦੇ ਸੁਣਿਆ ਨਹੀਂ ਸੀ! ਲੱਗਾ ਅੰਦਰ ਕੁਝ ਖੁੱਲ੍ਹ ਰਿਹੈ! (ਖੁਦ

ਨੂੰ ਗੌਰ ਨਾਲ ਦੇਖਦਾ ਹੈ।) ਘਬਰਾਹਟ ਹੋਣ ਲੱਗੀ।

(ਮਖੌਟਿਆਂ ਵਾਲੀਆਂ ਮਰਦਾਨੇ ਨਾਲ ਛੇੜਛਾੜ ਕਰਦੀਆਂ ਹਨ।)

1 : ਚੇਲਿਆ..., ਵਜਾ ਖਾਂ ਸਾਜ਼, ਤੈਨੂੰ ਨੱਚ ਦੇ ਵਿਖਾਈਏ।

ਹਾਸਾ ਗੂੰਜਦਾ ਹੈ!

2 : ਚੱਕੀ ਓ ਫਿਰਦੈਂ ਜਾਂ ਹੁਨਰ ਵੀ ਸਿੱਖਿਆ ਕੋਈ?

3 : ਵਜਾ..., ਤੇਰੇ ਸੁਰ ਦਾ ਵੈਰਾਗ ਤਾਂ ਵੇਖੀਏ..., ਦੇਹ ਤੋਂ ਬਾਹਰ ਵੀ ਆਉਂਦਾ ਏ ਕਿ ਐਵੇਂ...

(ਹਾਸਾ ਮੁੜ ਗੂੰਜਦਾ ਹੈ।)

4:ਅਸੀਂ ਵੀ ਦੇਹ ਦੀ ਸਾਧਨਾ ਕੀਤੀ ਏ।

1:ਤੂੰ ਤਾਂ ਇਸਨੂੰ ਦੇਹ ਤੋਂ ਅੱਡ ਈ ਨਹੀਂ ਕਰਦਾ।

(ਮਰਦਾਨਾ ਅੱਖਾਂ ਬੰਦ ਕਰਦਾ ਹੈ। ਹੱਸਦੀਆਂ ਹੋਈਆਂ ਜਾਂਦੀਆਂ

ਹਨ। ਨੇਹਰਾ ਨੇੜੇ ਆਉਂਦੀ ਹੈ। ਮਰਦਾਨਾ ਡਰਦਾ-ਡਰਦਾ ਅੱਖਾਂ ਖੋਲਦਾ

ਹੈ।)

ਨੇਹਰਾ: ਦੇਹ ਤਾਂ ਛੁੱਟ ਜਾਂਦੀ ਏ, ਜੋ ਛਿੱਜੇ ਨਾ ਉਸਦਾ ਨਾਦ ਸੁਣਾ।

...ਫੇਰ ਵੇਖੀਂ ਇੱਕ ਵੇਸਵਾ ਜੋਗਣ ਦੇ ਕਿੰਨੀ ਨੇੜੇ ਰਹਿੰਦੀ ਏ।

( ਮਰਦਾਨਾ ਹੈਰਾਨ ਹੋ ਕੇ ਉਸ ਵੱਲ ਵੇਖਦਾ ਹੈ। ਮਾਸਕ ਵਾਲੀਆਂ

ਵਾਪਿਸ ਆਉਂਦੀਆਂ ਹਨ। ਸਭਨਾਂ ਦੇ ਹੱਥ 'ਚ ਸ਼ਿੰਗਾਰ ਦਾ ਕੋਈ ਨਾ

ਕੋਈ ਸਮਾਨ ਹੈ: ਕਿਸੇ ਦੇ ਹੱਥ 'ਚ ਚੋਗਾ ਹੈ ਤੇ ਕਿਸੇ ਦੇ ਪਗੜੀ!

ਕੋਈ ਲੋਕ ਸਾਜਾਂ ਵਰਗੇ ਤਬੀਤ ਲਈ ਆਉਂਦੀ ਹੈ, ਕਿਸੇ ਦੇ ਹੱਥ 'ਚ

ਛਣਕਣ ਵਾਲੇ ਫੁੰਮਣ ਹਨ। ਉਹ ਪਗੜੀ ਤੇ ਚੋਗੇ ਨਾਲ ਮਿਲਾ-ਮਿਲਾ

ਕੇ ਦੇਖਦੀਆਂ ਹਨ ਤੇ ਖੁਸ਼ ਹੁੰਦੀਆਂ ਹਨ।)

ਮਰਦਾਨਾ: ਬਾਬਾ! ਐਨੇ ਮਰਦਾਨੇ! ਮੈਂ ਤਾਂ ਗਵਾਚ ਜਾਂਗਾ ਬਾਬਾ, ਏਥੋਂ ਲੈ ਚਲ।

1:ਆ ਜੀ ਨੀ ਨੇਹਰਾਂ। ਬਾਬੇ ਦਾ ਡੋਲ੍ਹਾ ਤੋਰਨਾ ਏ ਕੀ ਨਹੀਂ। (ਹਾਸਾ)

ਬਜੁਰਗ ਵੇਸਵਾ: ਧੀਆਂ ਬਾਬਲ ਨੂੰ ਤੋਰਨ ਲੱਗੀਆਂ ਤਾਂ ਵੈਰਾਗ ਉਤਰ ਆਉਣਾ।

ਫੇਰ ਰੁਕੋਂਗੀਆਂ ਕਿਵੇਂ?

ਹਾਸਾ!

ਬਜੁਰਗ ਵੇਸਵਾ: ਨਾ ਨੀਂ ਮਰਜਾਣੀਓ! ਤੁਹਾਨੂੰ ਖੰਭ ਲੱਗ ਗਏ ਤਾਂ ਲਾਹੌਰ ਵਸੂਗਾ

ਕਿਵੇਂ।

(ਸਾਰੀਆਂ ਹੱਸਦੀਆਂ ਹਨ। ਉਹ ਚੁੰਨੀਆਂ ਦੀ ਛਾਵੇਂ ਬਾਬੇ ਨੂੰ ਤੋਰਦੀਆਂ ਹਨ।

ਪਿੱਛੇ ਲੋਕ ਸਾਜ਼ਾਂ ਦਾ ਮੇਲਾ ਤੁਰਦਾ ਹੈ।)

ਮਰਦਾਨਾ: ਬਾਬੇ ਨੂੰ ਉਨ੍ਹਾਂ ਬਹੁਤ ਸਜਾ ਕੇ ਤੋਰਿਆ ਸੀ, ਨੀਲੇ-ਭਗਵੇਂ ਚੋਗੇ....ਉੱਤੇ

ਲੋਕ-ਸਾਜ਼ਾਂ ਵਰਗੇ ਲਟਕਦੇ ਤਬੀਤ...। ਹਰ ਅੰਗ ਦੀ ਲਰਜਿਸ਼ ਨਾਲ ਛਣਕ ਪੈਣ...। ਭਗਵੀਂ ਪੱਗ ਉੱਪਰ ਬੁਣੀਆਂ...ਹਰੀਆਂ

ਤਿਤਲੀਆਂ...। ਤੇ ਫੁੰਦਿਆਂ 'ਤੇ ਪੈਂਦੀ ਸਵੇਰ ਦੀ ਧੁੱਪ...

1 :ਪੀਰਾ ...ਇਹ ਤਾਂ ਦੱਸ ਜਾ ਉਡਾਰੀ ਕਿਧਰ ਦੀ ਏ... (ਮਾਸਕ

ਵਾਲੀਆਂ ਦੀ ਮੂਵਮੈਂਟ ਤੇਜ ਹੁੰਦੀ ਹੈ।)

ਮਰਦਾਨਾ : ...ਬਾਬੇ ਨੂੰ ਤਾਂ ਫੰਘ ਲੱਗ ਗਏ...ਜਿਉਂ ਧੁਨਾਂ ਤੇ ਸਵਾਰ ਹੋਵੇ... । ਮੈਂ

ਬਸ ਪਿੱਛੇ-ਪਿੱਛੇ !

(ਮਾਸਕ ਵਾਲੀ ਟੋਲੀ ਬਾਹਰ ਨਿਕਲ ਜਾਂਦੀ ਹੈ।)

ਮਰਦਾਨਾ : ਕੋਈ ਮੰਜ਼ਿਲ ਨੀ, ਨਾ ਪਹੁੰਚਣ ਦੀ ਕਾਹਲ, ਬਾਬਾ ਸਫ਼ਰ ਨੂੰ ਗਾਉਂਦਾ

ਤੁਰਦਾ! ਪੈਰਾਂ ਦੀ ਜੁੱਤੀ ਕਦੋਂ ਕਿਸੇ ਹੋਰ ਦੇ ਪੈਰੀਂ ਜਾ ਪਈ..., ਕੋਈ

ਪਤਾ ਨਹੀਂ ਗਿੱਟਿਆਂ 'ਤੇ ਲਾਲੀ ਆ ਗਈ ਸੀ ਤੇ ਸੋਜਿਸ਼ ਵੀ, ਪਰ

ਮਸਤੀ ਦਾ ਆਲਮ ਉਹੋ।

(ਸੰਗੀਤ!)

(ਮਰਦਾਨੇ ਦੀ ਚਾਲ ਬਦਲਦੀ ਹੈ।)

ਕਦੇ ਲਗਦਾ ਜ਼ਖਮਾਂ ਉੱਤੋਂ ਲੰਘ ਰਹੇ ਹਾਂ,...ਕਦੇ ਦੁਖ ਨਾਲ ਤੁਰਦੇ

ਲਗਦੇ! ਤੁਰਨ ਲੱਗੇ ਨਹੀਂ ਸੀ ਸੋਚਿਆ ਕੀ ਤੁਰਨ ਦੇ ਵੀ ਇੰਜ ਅਰਥ

ਬਦਲ ਜਾਣਗੇ! ਬਾਬਾ ਛੇੜਖਾਣੀਆਂ ਕਰਦਾ, ਖੜ-ਖੜ ਹਾਕਾਂ ਮਾਰਦਾ,

"ਕਾਮ ਹੈ ਭਾਈ..., ਕ੍ਰੋਧ ਹੈਂ?

ਕੋਰਸ : ...ਭਾਈ ਘਰੇ ਹੈ ਨੀ!

ਮਰਦਾਨਾ : ਕੋਈ ਨਾ ਫ਼ੇ...ਉਡੀਕ ਲੈਂਦੇ ਆਂ! (ਬੈਠਦੇ-ਬੈਠਦੇ ਉਠ ਪੈਂਦਾ ਹੈ।)

ਘਬਰਾਈ ਹੋਈ ਆਵਾਜ਼ ਆਉਂਦੀ!

ਕੋਰਸ : "ਅੱਜ ਨੀ ਆਉਂਦੇ...ਦੁਰ ਗਏ ਨੇ ਰਿਸ਼ਤੇਦਾਰੀ 'ਚ!"

ਮਰਦਾਨਾ : (ਹੱਸਦਾ ਹੈ।) ਬਾਬਾ ਗਾਉਣ ਲਗ ਜਾਂਦਾ, "ਰਿਸ਼ਤੇਦਾਰੀਆਂ ਉਨ੍ਹਾਂ

ਦੀਆਂ ਸਭ ਜਾਣਦੇ ਆਂ!"... ਫੇਰ ਦੋਹੇਂ ਪਾਸੇ ਚੁੱਪ... ... ... ਦੁੱਖ

ਦਾ ਆਪਾ ਪਿਘਲ ਕੇ ਗਾਉਣ ਬਣ ਜਾਂਦਾ...

ਕੋਰਸ : ਮਨ ਪ੍ਰਦੇਸੀ ਜੇ ਥਿਐ...

ਮਰਦਾਨਾ : ਅੱਜ ਪਤਾ ਨੀ ਕਿਉਂ ਗਠੜੀ ਵੀ ਉਸਨੇ ਮੈਥੋਂ ਲੈ ਲਈ ਤੇ ਸਿਰ 'ਤੇ

ਚੁੱਕ ਮੂਹਰੇ ਮੂਹਰੇ ਤੁਰ ਪਿਆ। ਖੂਹ 'ਤੇ ਖੜੀਆਂ ਕੁੜੀਆਂ ਮਖ਼ੌਲ ਕੀਤਾ ਤਾਂ ਮੇਰਾ ਮੱਥਾ ਠਣਕਿਆ!

(ਮੱਥੇ 'ਤੇ ਹੱਥ ਮਾਰਦਾ) ਓ ਤੇਰੇ ਦੀ..ਮਰਾਸੀਆ! ਇਹ ਤਾਂ ਪੱਖੋਕੀ

ਐ। ਬਾਬੇ ਦੇ ਸੌਹਰਿਆਂ ਦਾ ਪਿੰਡ।

(ਮਗਰ ਦੌੜਦਾ ਹੈ।) ਬਾਬਾ...। ਬਾਬਾ..., ਪੰਡ ਮੈਨੂੰ ਫੜਾ ਦੇ!

(ਸਾਹੋ-ਸਾਹੀ) ਜਾ ਓਇ ਮਰਾਸੀਆ... ਤੈਨੂੰ ਨਾ ਚੱਜ ਆਇਆ ਕੋਈ।

(ਹੌਲੀ ਹੁੰਦਾ ਹੈ।) ਬਾਬਾ ਬਹੁਤ ਅੱਗੇ ਲੰਘ ਗਿਆ ਸੀ। ਚੌਰਾਹੇ 'ਤੇ

'ਕੱਠ...ਦੇਖ.. (ਥੁੱਕ ਨਿਗਲਦਾ ਹੈ।)

(ਲੋਕਾਂ ਦਾ ਇਕੱਠ ਹੋਇਆ ਹੈ ਤੇ ਚੰਦੋ ਉੱਚੀ-ਉੱਚੀ ਬੋਲ ਰਹੀ ਹੈ।)

ਚੰਦੋ : ਨਾ ਪੁੱਛੋ ਇਹਨੂੰ ਜਿਹੜਾ ਬੈਠਾ ਐਂ ਮਕਰਾ ਹੋ ਕੇ। (ਖਾਸ ਦਿਸ਼ਾ ਵੱਲ

ਇਸ਼ਾਰਾ ਕਰਕੇ) ਪਖੋਕੀ ਦਾ ਜੁਆਈ ਐਂ ਤੂੰ; ਤੇ ਲੰਘਿਆ ਐਂ...ਪਖੀਰਾਂ

ਵਾਂਗ, ਨਾ ਸ਼ੰਗ ਨੀ ਆਈ। (ਲੋਕਾਂ ਨੂੰ) ਮੈਂ ਕਹਿਨੀਂ ਆਂ, ਨਾ ਸੁਣਿਓ

ਏਹਦੀ..ਜੇ ਧੀਆਂ ਪੁੱਤਾਂ ਨਾਲ ਰਤਾ ਮੋਹ ਏ ਤੁਹਾਡਾ। (ਰੋਣਹਾਕੀ)

ਘਰ-ਬਾਰ ਛੁਡਾ ਦੇਣੇ ਇਹਨੇ...ਨੀ ਵਸਣ ਦੇਣਾ ਕਿਸੇ ਨੂੰ। ਮੇਰੀ ਧੀ ਦਾ

ਹਾਲੇ ਚੂੜੇ ਦਾ ਚਾਅ ਨੀ ਲਿਹਾ... ਤੁਰ ਪਿਆ...ਨੰਗੇ ਪੈਰੀਂ...ਚੁੱਕ ਕੇ

ਪੰਡ।

(ਮਰਦਾਨਾ ਕੁਝ ਬੋਲਣ ਦੀ ਕੋਸ਼ਿਸ਼ ਕਰਦਾ ਹੈ।)

ਚੰਦੋ : ਤੂੰ ਚੁੱਪ ਕਰ ਉਏ ਚੁੰਬੜਾ..., ਪਿਓ ਤੇਰਾ ਸਿਆਣਾ-ਬਿਆਣਾ। ਗਲੀ-

ਗਲੀ ਡੱਫ਼ ਕੁੱਟਦਾ ਫਿਰਦਾ...ਨਿਆਣੇ ਪਾਲਦਾ ਤੇਰੇ, ਤੇ ਤੂੰ ਵੱਡਾ

ਗਵੱਈਆ ਕਹਾਉਨੈ...ਹੂੰਅ! (ਲੋਕਾਂ ਨੂੰ ਸੁਣਾਉਂਦੀ ਜਾਂਦੀ ਹੈ, ਫੇਰ ਮੁੜ ਕੇ)

ਨੰਗ ਨੀ ਐ! ਚੰਗਾ ਭਲਾ ਸਭ ਕੁਝ ਐ, (ਬਾਹਰ ਨਿਕਲ ਜਾਂਦੀ

ਹੈ।) ਇਹਦੇ ਈ ਸਿਰ ਨੂੰ ਚੜੀ ਫ਼ਕੀਰੀ। ਮਾੜੀ ਕਿਸਮਤ ਕੁੜੀ ਦੀ!

(ਲੋਕ ਵੀ ਖਿੰਡ ਜਾਂਦੇ ਨੇ। ਮਰਦਾਨਾ ਪਸੀਨਾ ਪੂੰਝਦਾ ਹੈ।)

ਮਰਦਾਨਾ : ਇੰਨੇ ਨੂੰ ਬਾਬੇ ਨੇ ਫੇਰ ਸਾਜ਼ ਦਾ ਮਿਜ਼ਾਜ ਪੁੱਛਿਆ। (ਹੌਂਕਾ ਭਰਦਾ

ਹੈ।)...ਕਿੱਥੋਂ ਸ਼ੁਰੂ ਕਰਾਂ ਬਾਬਾ? ਆਵਾਜ਼ ਆਈ:

(ਪੈਰਾਂ ਵੱਲ ਨੂੰ ਦੇਖਦਾ ਹੈ ਤੇ ਫੇਰ ਆਕਾਸ਼ ਵੱਲ ਨੂੰ ਮੂੰਹ ਕਰਕੇ)

"ਜਿੱਥੇ ਹੈਂ...ਭਾਈ...ਸ਼ੁਰੂ ਤਾਂ ਉੱਥੋਂ ਈ ਹੋਣੈ!"

...ਤੇ ਯਾਤਰਾ ਮੁੜ ਸ਼ੁਰੂ ਹੋ ਗਈ। (ਸਾਜ਼ ਠੀਕ ਕਰਦਾ ਹੋਇਆ ਤੁਰਦਾ ਹੈ।)

ਕੋਰਸ: "ਆਪਣੇ ਆਪ ਤੋਂ ਗਾ ਮੀਤਾ, ਆਪਣੇ ਆਪ ਨੂੰ ਗਾ!"

(ਸ਼ੰਖ ਤੇ ਘੜਿਆਲਾਂ ਦੀਆਂ ਆਵਾਜ਼ਾਂ। ਮਰਦਾਨਾ ਉਦਾਸ ਤੁਰਿਆ

ਜਾਂਦਾ ਹੈ, ਜਿਵੇਂ ਅੰਦਰ ਕੋਈ ਖਹਿਬੜਬਾਜ਼ੀ ਚਲ ਰਹੀ ਹੋਵੇ, ਇੱਕ ਦੋ

ਵਾਰ ਠੇਡੇ ਵੀ ਖਾਂਦਾ ਹੈ।)

(ਹਨੇਰਾ ਹੋ ਜਾਂਦਾ ਹੈ। ਅੱਡੋ-ਅੱਡ ਪਹਿਰਾਵਿਆਂ ਵਾਲੇ ਲੋਕਾਂ ਦੀ ਭੀੜ

ਕਈ ਪਾਸਿਆਂ ਤੋਂ ਆਉਂਦੀ ਹੈ। ਮਰਦਾਨੇ ਦਾ ਉਨ੍ਹਾਂ ਨਾਲ ਸੰਵਾਦ

ਹੁੰਦਾ ਹੈ।)

1: ਸਾਜ਼ੀ ਹੈਗਾ ਏ?

ਮਰਦਾਨਾ: ਮੈਂ ਤੇ ਰਬਾਬ ਤਾਂ ਸਾਜ਼ ਆਂ। ਸਾਜ਼ੀ ਉਹ ਰਿਹੈ...।। ਮੁਹਰੇ!

2: (ਦੂਜੇ ਪਾਸਿਉਂ) ਚੰਗਾ, ਸਾਜ਼ ਤੋਂ ਬਿਨਾ ਵੱਜ ਕੇ ਦਿਖਾ!

(ਮਰਦਾਨਾ ਮੁੜ ਕੇ ਦੇਖਦਾ ਹੈ। ਉਸਨੂੰ ਕੋਈ ਨੀ ਦਿਖਦਾ!)

(ਕੋਰਸ): "ਜਾਗਦਾ ਰਹੁ ਭਈ ਮਰਦਾਨਿਆ!"

ਮਰਦਾਨਾ: (ਮੁਸਕਰਾ ਕੇ) ਨੀਂਦ ਦਾ ਝੋਕਾ ਆਉਂਦਾ ਤਾਂ ਫੂਹ...ਕਰਦਾ

(ਫੂਕ ਮਾਰਦਾ ਹੈ।) ਬਾਬਾ ਤੇ ਸੁਆਹ ਉੜਾ ਦਿੰਦਾ!

(ਸਜਗ ਹੋ ਕੇ ਚਲਦਾ ਹੈ। ਥੋੜੀ ਦੇਰ ਚਲ ਕੇ ਫੇਰ ਢਿੱਲਾ ਪੈਣ ਲਗਦਾ

ਹੈ।)

(ਕੋਰਸ): "ਬੀਜ 'ਤੇ ਨਜ਼ਰ ਰਖੇਂਗਾ ਤਾਂ ਹੀ ਖਿੜੇਂਗਾ।"

(ਮਰਦਾਨਾ ਫੇਰ ਚੌਕਸ ਹੋ ਕੇ 'ਵਾਜ ਦਾ ਸਰੋਤ ਲਭਦਾ ਹੈ! ਫੇਰ ਕਾਹਲੀ

ਨਾਲ ਬਾਬੇ ਪਿਛੇ ਦੌੜਦਾ ਹੈ। ਹੰਭਣ ਲਗਦਾ ਹੈ।)

ਮਰਦਾਨਾ: ਬਾਬਾ ! ਬਾਬੇ ਨਾਲ ਤੁਰਨਾ...

(ਫੇਰ ਢਿੱਲਾ ਪੈਂਦਾ, ਆਵਾਜ਼ਾਂ ਸੁਣ ਕੇ ਚੁਕੰਨਾ ਹੁੰਦਾ ਹੈ।)

1: (ਕੋਰਸ) ਮੈਂਨੂੰ ਕਿਸੇ ਗੱਲ 'ਤੇ ਗੁੱਸਾ ਨਹੀਂ ਆਉਂਦਾ...

2: (ਕੋਰਸ) ਪਰ ਜੇ ਕੋਈ ਮੇਰੇ ਗੁਰੂ ਨੂੰ ਕੁਝ ਕਹੇ ਤਾਂ...

3: ਬਰਦਾਸ਼ਤ ਨਹੀਂ ਹੁੰਦਾ ਮੈਥੋਂ!

(ਮਰਦਾਨਾ ਆਵਾਜ਼ਾਂ ਦਾ ਸਰੋਤ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ

ਸਾਹ ਤੇਜ਼ ਹੁੰਦੇ ਹਨ ਜਿਵੇਂ ਸਾਰੀ ਵਾਰਤਾ ਉਸ ਦੇ ਹੀ ਅੰਦਰ ਚਲ ਰਹੀ ਹੋਵੇ।)

ਸਾਰੇ ਪਾਸਿਓਂ: ਜ਼ੋਰਦਾਰ ਠਹਾਕਾ! ਮਰਦਾਨਾ ਚੌਕ ਕੇ ਦੇਖਦਾ ਹੈ।

1: ਸਾਰੀ ਹਊਮੈਂ...ਗੁਰੂ ਦੇ ਈ ਦੁਆਲੇ ਇੱਕਠੀ ਕਰ ਲਈ...।

ਮਰਦਾਨਾ: ਕੌਣ...! ਕੌਣ ਏ?

(ਮਰਦਾਨਾ ਚਾਰ ਚੁਫੇਰੇ ਦੇਖਦਾ ਹੈ। ਸਭ ਬਾਹਰ ਨਿਕਲ ਜਾਂਦੇ ਹਨ।

ਕੋਰਸ: "ਸਾਜ਼ ਸੁਰਤ ਚ ਤਾਂ ਏ... ਮਰਦਾਨਿਆਂ!"?

ਮਰਦਾਨਾ: (ਸੰਭਲਦਾ ਹੈ।) ਹਾਂ...! ਕੋਈ ਜਗਾ ਗਿਆ ਬਾਬਾ!

ਅਲਾਪ!!!

(ਮਰਦਾਨਾ ਬੈਠ ਜਾਂਦਾ ਹੈ ਤੇ ਅੰਗੜਾਈ ਲੈਂਦਾ ਹੈ।)

ਕੋਰਸ: "ਤੁਰਿਆ ਤੁਰਿਆ ਜਾ ਫਰੀਦਾ, ਤੁਰਿਆ ਤੁਰਿਆ ਜਾ -2-" (ਸੂਫ਼ੀ

ਨਿਰਤ ਕਰਦੇ ਲੋਕ ਆਉਂਦੇ ਹਨ। ਮਰਦਾਨਾ ਛਾਲ ਮਾਰ ਕੇ ਉਠਦਾ ਹੈ

(ਧੁਨ ਚਲਦੀ ਰਹਿੰਦੀ ਹੈ। ਮਰਦਾਨਾ ਥਾਂ ਪਛਾਣਦਾ ਹੈ)।

ਕੋਰਸ: ...ਦੋ ਨੈਨਾ ਨਹੀਂ ਖਾਇਓ...ਮੋਹਿ ਪਿਰ ਦੇਖਣ ਕੀ ਆਸ!

ਮਰਦਾਨਾ: (ਖੁਸ਼ ਹੋ ਕੇ) ਬਾਬਾ ਫਰੀਦ ਕੋਲ ਲੈ ਆਇਆ ਸੀ,ਪਾਕ ਪਟਣ।

ਉਸਦਾ ਮੁਰੀਦ ਇਬਰਾਹੀਮ ਦੌੜਿਆ ਆਇਆ...ਸਿਜਦੇ ਕਰਦਾ...

(ਗਾਇਣ ਦੇ ਨਾਲ-ਨਾਲ ਇਬਰਾਹੀਮ ਬਾਬੇ ਦੀ ਅਗਵਾਨੀ ਕਰਦਾ ਲੈ

ਕੇ ਜਾਂਦਾ ਹੈ। ਮਰਦਾਨਾ ਉਸਦੇ ਪਿੱਛੇ ਹੈ। ਦੋਹੇਂ ਗੋਲ ਦਾਇਰੇ 'ਚ

ਘੁੰਮਦੇ ਹਨ। ਇੱਕ ਥਾਂ 'ਤੇ ਇਬਰਾਹੀਮ ਪਿੱਛੇ ਹੋ ਜਾਂਦਾ ਹੈ। ਉਹ ਤੇ

ਮਰਦਾਨਾ ਹੱਥ ਜੋੜ ਖਲੋਂਦੇ ਹਨ। ਘੰਟੀ ਵੱਜਦੀ ਹੈ:

ਕੋਰਸ: "ਰਾਤ ਨਾ ਸੁੱਤੀ ਕੰਤ ਸਉਂ ਅੰਗ ਅੰਗ ਮੁੜੇ ਮੁੜ ਜਾਏ!"

ਫ਼ੇਡ ਅਊਟ

(ਰੌਸ਼ਨੀ ਹੁੰਦੀ ਹੈ ਤਾਂ ਮਰਦਾਨਾ ਰਬਾਬ ਦੀਆਂ ਤਾਰਾਂ 'ਤੇ ਹੱਥ ਫੇਰਦਾ

ਬੈਠਾ ਹੈ। ਸ਼ੇਖ਼ ਇਬਰਾਹੀਮ ਆਉਂਦਾ ਹੈ। ਉਸ ਦੀਆਂ ਨਜ਼ਰਾਂ ਵਿੱਚ

ਸਵਾਲ ਹੈ।

ਮਰਦਾਨਾ: (ਉਸ ਵੱਲ ਦੇਖ ਕੇ ਕੁਝ ਡੱਕ ਰੱਖਿਆ ਸ਼ੇਖ਼ ਸਾਹਬ!

ਇਬਰਾਹੀਮ: ਗੁਰੂ-ਚੇਲੇ ਦੇ ਇਹ ਅੱਡ-ਅੱਡ ਭੇਸ, ਖਟਕਦਾ ਨਹੀਂ?

(ਮਰਦਾਨਾ ਉਦਾਸ ਹੋ ਜਾਂਦਾ ਹੈ।)

ਮਰਦਾਨਾ: ਫ਼ਰੀਦ ਦੀ ... ਐਡੀ ਸੁੱਚੀ ਅੱਗ ਅੰਦਰ ਵੀ ਇਹ ਸਵਾਲ ਬਚ

ਰਹਿੰਦੇ!

ਇਬਰਾਹੀਮ: (ਥੋੜਾ ਸੰਗਦੇ ਹੋਏ) ਤੇਰੇ ਅੰਦਰ ਨਹੀਂ?

ਮਰਦਾਨਾ: ਇੱਥੇ..., ਬਣਿਆ ਈ ਨਹੀਂ... ਗੁਰਭਾਈ।

ਇਬਰਾਹੀਮ: (ਇਕਦਮ ਹੈਰਾਨ ਤੇ ਫੇਰ ਹੱਸ ਕੇ) ਗੁਰੂ ਨੇ ਕਾਫੀ ਕੁਝ ਸਿਖਾ ਦਿਤੈ।

ਮਰਦਾਨਾ: (ਮੁਸਕਰਾ ਕੇ) ਹਾਂ! ਸੁਰ 'ਚ ਰਹਿਣਾ ਸਿਖਾ ਰਿਹੈ ਮਰਾਸੀ ਨੂੰ।

(ਇਬਰਾਹੀਮ ਖੁੱਲ ਕੇ ਹੱਸਦਾ ਹੈ ਤੇ ਉਸ ਦੇ ਕੋਲ ਬੈਠ ਜਾਂਦਾ ਹੈ।

ਇਬਰਾਹੀਮ: ਚਲ ਕੋਈ ਯਾਤਰਾ ਦੀ ਵਾਰਤਾ ਸੁਣਾ।

ਮਰਦਾਨਾ: ਯਾਤਰਾ ਕੀ..., ਨਿੱਤ ਨਵੇਂ ਪੰਗੇ ਨੇ। ਮੈਂ ਵੀ ਬੜੇ ਆਢੇ ਲਾਏ ਬਾਬੇ

ਨਾਲ, ਜਿਦਾਂ ਪੁਗਾਈਆਂ, ਮੇਹਣੇ ਮਾਰੇ...., ਹੱਸਦਾ ਹੈ। ਉਹ ਹੱਸ

ਛਡਦਾ। (ਲੰਬਾ ਸਾਹ) ਤੀਰਥਾਂ ਤੇ ਮਜ਼ਾਰਾਂ ਦਾ ਮੋਹ ਘਰਾਂ ਨਾਲੋਂ ਵੀ

ਸੰਘਣਾ ਭਰਾਵਾ। ਇਉਂ ਚੁੰਬੜ ਜਾਂਦਾ.. ਪਤਾ ਵੀ ਨੀ ਲੱਗਦਾ।

(ਖਿਆਲਾਂ 'ਚ ਜਾਂਦਾ ਹੈ। ਘਰਾਂ ਦੀ ਥਾਂ ਤੀਰਥ ਆ ਜਾਂਦੇ,

ਨਾਲ ਨਾਲ ਤੁਰਨ ਲਗਦੇ...ਲਗਦੈ ਗੁਜ਼ਰ ਗਏ, ਪਰ ਉਨ੍ਹਾਂ ਨੂੰ ਛੱਡਣਾ ਹੋਰ ਵੀ

ਔਖਾ।

ਚੁੱਪੀ!

(ਮਰਦਾਨਾ ਖਿਆਲਾਂ ਚ ਗੁੰਮ ਉਠਦਾ ਹੈ। ਦੂਜੇ ਪਾਸਿਉਂ ਆਨੰਦ ਹੱਥ  'ਚ ਕਾਸਾ ਲਈ ਆਉਂਦਾ ਹੈ। ਇਬਰਾਹੀਮ ਸਭ ਦੇਖ ਰਿਹਾ ਹੈ।

ਆਨੰਦ: ਭਾਈ ਮਰਦਾਨਿਆ! ਜਾਗਦਾ ਐਂ!

ਮਰਦਾਨਾ: (ਜਿਵੇਂ ਨੀਂਦ 'ਚੋਂ ਉੱਠਦਾ ਹੈ) ਕੌਣ? (ਆਨੰਦ ਨੂੰ ਦੇਖ ਕੇ ਲਗਦਾ

ਤਾਂ ਕੋਈ ਨਾਲ ਦਾ ਈ ਐਂ! ...ਰੁਕ...ਰੁਕ ਜ਼ਰਾ! ਤੇਰੀ ਆਵਾਜ਼ ਕਿਤੇ

ਸੁਣੀ ਏ...!(ਜੋਸ਼ 'ਚ) ਪਿੱਠ ਮੋੜ...। ਪਿੱਠ ਤੋਂ ਪਛਾਣਾਗਾ ਨਾ!

ਆਨੰਦ: (ਪਿੱਠ ਮੋੜਦਾ ਹੈ। ...ਕਿਵੇਂ ਪਛਾਣੇਗਾ...! ਦੋ ਹਜ਼ਾਰ ਸਾਲ ਦਾ

ਪੈਂਡਾ...(ਹਸਦਾ) ਤੇ ਭਿੱਛਿਆ ਪਾਤਰ ਵੀ...।(ਕਾਸੇ ਨੂੰ ਉਲਟ

ਪੁਲਟ ਕਰ ਕੇ ਦੇਖਦਾ ਹੈ।)

ਮਰਦਾਨਾ: (ਖੁਸ਼ੀ ਚ ਉਛਲਦਾ ਹੈ।) ਆਨੰਦ!...(ਨੇੜੇ ਜਾਂਦਾ ਹੈ) ਤੂੰ ਆਨੰਦ

ਐਂ! ਤੇ...

(ਉਸ ਦੇ ਪਿੱਛੇ ਝਾਕਦਾ ਹੈ ਜਿਵੇਂ ਕੁਝ ਲੱਭ ਰਿਹਾ ਹੋਵੇ ਤੇ ਫੇਰ ਉਸ

ਵੱਲ ਦੇਖਦਾ ਹੈ।)

ਆਨੰਦ: (ਗੰਭੀਰ ਤੇ ਹਰਖੀ ਹੋਈ ਆਵਾਜ਼ ਕੋਈ ਨਹੀਂ ਐ ਉੱਥੇ! (ਤੜਫਦਾ

ਹੈ)

ਚੁੱਪੀ!

ਮਰਦਾਨਾ: ਮੈਂ ਵੀ ਨਿਰਾ ਮਰਾਸੀ ਹਾਂ, ਜੇ ਹੁੰਦੇ ਵੀ... ਤਾਂ ਪਿੱਛੇ ਥੋੜ੍ਹੇ ਹੋਣਾ ਸੀ।

ਆਨੰਦ: ਭੰਤੇ ਦਾ ਰਾਜ਼ ਮੇਰੀ ਸਮਝ ਨੀ ਆਇਆ ਮਰਦਾਨਿਆ। ਸਾਰੀ ਉਮਰ

ਪਰਛਾਈਂ ਬਣ ਮੈਂ ਨਾਲ ਡੋਲਦਾ ਰਿਹਾ... ਤੇ ਅੰਤ ਵੇਲੇ ਅਖੇ ਆਪਣਾ

ਦੀਵਾ ਆਪ ਬਣ! ਹੱਥ ਛੁਡਾ ਲਿਆ!

(ਮਰਦਾਨਾ ਨੀਵੀਂ ਪਾ ਲੈਂਦਾ ਹੈ।)

ਆਨੰਦ:...ਤੇਰੇ ਕੋਲ ਤਾਂ ਸਾਜ਼ ਐ... ਮੈਥੋਂ ਤਾਂ ਭਿੱਛਿਆ ਪਾਤਰ ਵੀ ਰਖਾ

ਲਿਆ!

ਚੁੱਪੀ!

(ਭਿਛਿਆ ਪਾਤਰ ਨੂੰ ਟਟੋਲਦਾ ਹੋਇਆ ਆਨੰਦ ਉੱਠ ਜਾਂਦਾ ਹੈ।)

ਮਰਦਾਨਾ: ਬਹਿ ਜਾ ਗੁਰਭਾਈ! ਘੜੀ ਵਿਸਰਾਮ ਕਰ ਲੈਂਦਾ!

(ਅਨੰਦ ਚਲਾ ਜਾਂਦਾ ਹੈ। ਇਬਰਾਹੀਮ ਉਸਦੇ ਕੋਲ ਪੁੱਜਦਾ ਹੈ ਤੇ ਕੁਝ ਬੋਲਣ ਲੱਗਦਾ ਹੈ।

ਮਰਦਾਨਾ: ਗੁਰੁ ਜਿੱਥੇ ਬੋਲਦਾ ਹੈ ਉੱਥੇ ਸ਼ਾਇਦ ਅਸੀਂ ਹੁੰਦੇ ਈ ਨਹੀਂ।

ਇਬਰਾਹੀਮ: ਫੇਰ ਉਹ ਉੱਥੋਂ ਹੀ ਕਿਉਂ ਬੋਲਦੈ?

ਮਰਦਾਨਾ: ਤੋਰਨ ਲਈ; ਸਾਨੂੰ ਤੋਰਨ ਲਈ।

(ਇਬਰਾਹੀਮ ਮਰਦਾਨੇ ਕੋਲ ਆ ਕੇ ਉਸ ਦੇ ਮੋਢੇ 'ਤੇ ਹੱਥ ਧਰਦਾ

ਹੈ।)

ਮਰਦਾਨਾ: (ਉਸ ਦੇ ਦੂਜੇ ਮੋਢੇ ਤੇ ਹੱਥ ਧਰ ਕੇ ਤੇ ਹੁਣ ਉਹ ਕਿਤੇ ਵੀ ਆ

ਜਾਂਦਾ ਏ, ਕਦੇ ਵੀ !

ਇਬਰਾਹੀਮ: ਤੂੰ ਤਾਂ ਸਤਸੰਗ ਕਰਾ ਦਿੱਤਾ ਗੁਰਭਾਈ!

(ਮਰਦਾਨਾ ਉਸ ਵੱਲ ਦੇਖਦਾ ਹੈ।)

ਇਬਰਾਹੀਮ: (ਗਲਵਕੜੀ ਪਾਉਂਦਾ ਹੈ।) ਜੁੱਗਾਂ ਦੇ ਪਾਰ ਦਾ ਸਤਸੰਗ!

(ਰਬਾਬ ਵੱਜਦੀ ਹੈ।) ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ

ਹੋਸੀ ਭੀ ਸਚੁ॥)

ਫ਼ੇਡ ਆਊਟ



(ਮਰਦਾਨਾ ਸੁੱਤਾ ਪਿਆ ਹੈ। ਵੱਖ ਲੈ ਕੇ ਦਰਸ਼ਕਾਂ ਵੱਲ ਨੂੰ ਹੁੰਦਾ ਹੈ।

ਸੁਫਨਾ ਦੇਖਦਾ ਹੈ। ਅੰਮੀ: ਉਹ ਤਾਂ ਰੱਜ ਕੇ ਫਕੀਰ ਹੋਇਆ ਤੂੰ ਮਰਾਸੀ ਦੀ ਜਾਤ ਕਿੱਧਰ

ਪੁਠਾ ਘੁੰਮ ਗਈ।

ਮਰਦਾਨਾ:(ਤੜਫ਼ਦਾ ਹੈ। ਅੰਮੀ!)

ਚੰਦੋ: ਬਾਪ ਤੇਰਾ ਸਿਆਣਾ-ਬਿਆਣਾ॥ ਗਲੀ-ਗਲੀ ਡਫ ਕੱਟਦਾ...ਨਿਆਣੇ

ਪਾਲਦਾ ਤੇਰੇ 'ਤੇ ਤੂੰ ਵੱਡਾ ਗਵਈਆ ਕਹਾਉਨੈ...।

(ਮਰਦਾਨਾ ਕਰਵਟ ਬਦਲਦਾ ਹੈ। ਜਿਵੇਂ ਘਿਰ ਗਿਆ ਹੋਵੇ।)

ਅੱਲਾ ਰੱਖੀ: ਚੱਲ ਓਹ ਤਾਂ ਨਿਰਮੋਹਾ ਏ! ਤੂੰ ਤਾਂ ਸਾਰ ਲੈਂਦਾ ਧੀਆਂ ਪੁੱਤਾਂ ਦੀ।

ਮਰਦਾਨਾ: ਅੱਲਾ ਰੱਖੀਏ!

ਅੱਲਾ ਰੱਖੀ: ਤੈਨੂੰ ਤਾਂ ਯਾਦ ਵੀ ਨੀ ਹੋਣਾ ਕਿ ਅਸੀਂ ਵਿਛੜੇ ਆਂ!

ਮਰਦਾਨਾ: ਤੈਨੂੰ ਯਾਦ ਏ ਅੱਲਾ ਰਖੀਏ! ਬਾਬਾ ਬਰਾਤ 'ਚ ਨਾਲ ਗਿਆ ਸੀ

ਮੇਰੇ...

ਅੱਲਾ ਰਖੀ: ਉਹ ਬੇਦੀਆਂ ਦਾ ਪੁੱਤ ਐ...ਉਹਨੇ ਕਿਹੜਾ ਵਿਆਹ ਕਮਾਉਣੈ!

ਮਰਦਾਨਾ: ਐਨ ਸਾਹਮਣੇ ਬੈਠਾ ਸੀ ਨਿਕਾਹ ਵੇਲੇ!

ਅੱਲਾ ਰਖੀ: (ਹਿਰਖ਼ ਕੇ) ਅੱਬਾ ਬੁੱਢਾ ਹੋ ਚੱਲਿਆ... ।ਬੰਸਾਵਲੀਆਂ ਭੁੱਲਣ

ਲੱਗਾ, ਐਮੀ ਤੋਂ ਕੀਰਨੇ ਨਹੀਂ ਪੈਂਦੇ......।। ਜਜਮਾਨ ਉਲਾਂਭੇ

ਦੇਂਦੇ...!(ਰੋਣਹਾਕੀ ਹੁੰਦੀ ਹੈ। ਅੰਮੀ ਰੋਣ ਲਗ ਜਾਂਦੀ ਹੈ। ਉਹ ਸਹੀ

ਕਹਿੰਦੀ...। ਮਰਾਸੀ ਦੀ ਫਕੀਰੀ ਜਨਮਾਂ-ਜਨਮਾਂ ਦਾ ਸਰਾਪ ਐ।

(ਧਾਹ ਮਾਰਦੀ ਹੈ।)

(ਮਰਦਾਨਾ ਤੜਫ਼ਦਾ ਹੈ। ਤਿੰਨੋਂ ਇਕੱਠੀਆਂ ਤਾਹਨੇ ਮਾਰਦੀਆਂ

ਜਾਂਦੀਆਂ ਹਨ। ਮਰਦਾਨਾ ਅਭੜਵਾਹਾ ਉਠਦਾ ਹੈ। ਸਾਹਮਣੇ ਆਨੰਦ

ਖੜਾ ਹੈ।  ਮਰਦਾਨਾ: ਚੌਂਕਦਾ ਹੈ। ... ਤੂੰ! ਤੂੰ ਕਿਥੋਂ ਆ ਗਿਆਂ!

ਆਨੰਦ: (ਮੁਸਕਰਾ ਕੇ) ਕਿਤੋਂ ਨਹੀਂ! (ਕੋਲ ਬੈਠ ਜਾਂਦਾ ਹੈ। ਮੈਂ ਤਾਂ ਇੱਥੇ ਈ

ਸੀ।

ਚੁੱਪੀ

ਮਰਦਾਨਾ: ਉਹ ਫੇਰ ਆਈ ਸੀ! ਸਜਾਦਾ-ਰਜਾਦਾ ਵੀ ਨਾਲ ਸੀ, ਵੱਡੇ ਹੋ

ਗਏ...ਫੇਰ ਉਹੀ ਗੱਲਾਂ...ਮੁੜ-ਮੁੜ! ਬੋਲਦੀ ਰਹੀ ਉਹ... ਤੇ ਮੈਂ

ਦੂਰ ...ਬੈਠਾ ਸੁਣਦਾ ਰਿਹਾ! (ਹੌਂਕਾ) ਫੇਰ ਉਹ ਰੋਣ ਲੱਗ

ਪਈ......(ਵਿਹਲ ਹੁੰਦਾ, ਆਨੰਦ ਮੋਢੇ ਹੱਥ ਧਰਦਾ ਹੈ) ਤੇ ਬੱਚੇ ਮਾਂ

ਕੋਲ ਜਾ ਖੜੇ!(ਨਜ਼ਰਾਂ ਚੁਰਾਉਂਦਾ)

ਆਨੰਦ: ...ਸਿਧਾਰਥ...ਮੌਤ ਨੂੰ ਜਿੱਤਣ ਤੁਰਿਆ...

ਮਰਦਾਨਾ: ਮੈਂ ਐਮੀ ਨੂੰ ਨਿੱਤ ਮੌਤ ਨਾਲ ਆਹਡਾ ਲਾਉਂਦੇ ਦੇਖਿਐ!

ਆਨੰਦ: ਉਹ ਦੁੱਖਾਂ ਦਾ ਤੋੜ ਲਭਦਾ...

ਮਰਦਾਨਾ: ਉਹ ਉਨ੍ਹਾਂ ਨੂੰ ਪੌੜੀ ਬਣਾ ਲੈਂਦੀ,...ਬੰਦਗੀ!

ਆਨੰਦ: ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨਾ ਰਾਹੁਲ... ਨਾ ਯਸ਼ੋਧਰਾ!

ਮਰਦਾਨਾ: ਪਰ ਬਾਬਾ ਤਾਂ ਜਾਗ ਕੇ ਤੁਰਿਆ! ਵਿਦਾ ਲੈ ਕੇ...

ਚੁੱਪੀ

ਆਨੰਦ: ਤਾਹੀਓਂ ਤੇਰੇ ਹੱਥ ਸਾਜ਼ ਏ! (ਸੋਚਦੇ ਹੋਏ) ਪਰ...ਫੇਰ ਇਹ ਯਾਤਰਾ..?

ਮਰਦਾਨਾ: ਯਾਤਰਾ ਤਾਂ ਆਪੋ-ਆਪਣੀ ਏ..., ਸਭ ਦੀ!

ਆਨੰਦ: ਦੁੱਖ ਤੋਂ ਛੁਟਕਾਰੇ ਦਾ ਮਾਰਗ ਤਲਾਸ਼ਦੀ...। ਬੁੱਧ ਦੀ ਯਾਤਰਾ!

ਮਰਦਾਨਾ: ਮਰਾਸੀਆਂ ਨੂੰ ਕੋਈ ਉਪਰੇਵਾਂ ਨਹੀਂ ਦੁੱਖਾਂ ਤੋਂ। (ਹੱਸਦਾ ਹੈ। ਅਸੀਂ

ਤਾਂ 'ਕੱਠੇ ਖੇਡੇ ਆਂ। ਅੰਮੀ ਅੱਬਾ ਨੇ ਤਾਂ ਮਖੌਲ ਬਣਾ ਲਿਆ ਸੀ

ਉਨ੍ਹਾਂ ਨੂੰ! ਮਸੀਤ ਦੀ ਚੜਦੀ ਗੁਠੇ... ਸਾਡਾ ਘਰ ਸੀ...ਦੋ ਮੰਜੀਆਂ

ਦੀ ਥਾਂ ...ਖੁੱਲੀ ਡੁੱਲੀ, ਰਾਇ ਬੁਲਾਰ ਦੀ ਹਵੇਲੀ ਤੋਂ ਝੂਟਦੇ ਮਸ਼ਾਲਾਂ

ਦੇ ਪਰਛਾਵੇਂ ... ਰਾਤ ਨੂੰ ਸੋਹਣੇ ਲਗਦੇ। ਕੰਧਾਂ 'ਤੇ ਲਟਕਦੇ ਦਾਦੇ

ਪੜਦਾਦੇ ਵੇਲੇ ਦੇ ਸਾਜ਼...ਅੱਬਾ ਸੁੱਟਣ ਈ ਨਹੀਂ ਸੀ ਦਿੰਦਾ! ਦਿਨੇ

ਰਾਤ ਇੱਕੋ ਗੱਲ "ਮਰਾਸੀ ਦਾ ਫਕੀਰਾਂ ਪਿਛੇ ਲਗ ਕੇ ਨਹੀਂ ਸਰਦਾ।" ਉੱਤੋਂ ਅੰਮੀ ਹਾਮੀ ਭਰਦੀ, ਤੇ ਮੈਂ ਭੱਜ ਲੈਂਦਾ!

ਮਸੀਤ ਦੇ ਦੂਜੇ ਬੰਨੇ ਲੱਕ ਜਿੰਨਾ ਉੱਚਾ ਮੰਦਰ...ਸੰਧੂਰ ਨਾਲ ਲਿਬੜੀ ਮੂਰਤੀ ਤੇ ਸਾਹਮਣੇ ਨਿੱਕੀ ਜਿਹੀ ਟੱਲੀ॥ (ਜੈਸਚਰ ਕਰਦਾ ਹੈ।) ਜਿਸਦੀ ਆਵਾਜ਼ ਘੁੰਮਦੀ-ਘੁੰਮਦੀ ਥਾਂ ਈ ਖਤਮ ਹੋ ਜਾਂਦੀ।

ਦੋਹੀਂ ਬੰਨੀ ਨੀਵੀਆਂ ਢਾਲਵੀਆਂ ਛੱਤਾਂ ਵਾਲੇ ਘਰ, ਦਰਵਾਜ਼ੇ ਛੱਤਾਂ ਨੂੰ ਤੇ ਸਿਰ ਚੁਗਾਠਾਂ ਨੂੰ ਲਗਦੇ...ਹਲਕੀ ਜਿਹੀ ਠੋਕਰ ਤੇ ਪੂਰੀ ਛੱਤ ਕੰਬ ਜਾਂਦੀ। ਲੰਬੀ ਸੁਰੰਗ ਵਰਗੀਆਂ ਗਲੀਆਂ, (ਰੁਕ ਕੇ ਆਨੰਦ ਵੱਲ ਦੇਖਦਾ ਹੈ।) ਚਲੇਗਾ ਰਾਜਕੁਮਾਰਾ ... ਦੁਖਾਂ ਦੀ ਯਾਤਰਾ ਨੂੰ! ਆਜਾ...

(ਦੋਹੀਂ ਘੁੰਮਦੇ ਹਨ।)

ਆਸਮਾਨ ਨਹੀਂ ਸੀ ਦਿਸਦਾ, ਮੁਸ਼ਕਲ ਨਾਲ ਆਪਣਾ ਆਪਾ ਲੈ ਕੇ ਲੰਘਿਆ ਜਾਂਦਾ,...ਕੁਝ ਹੋਰ ਚੁਕਣਾ ਹੋਵੇ ਤਾਂ ਐ (ਗੋਢੇ ਮੋਢੇ ਕੱਠੇ ਕਰਦਾ ਹੈ ਤੇ ਆਨੰਦ ਵੀ ਉਵੇਂ ਹੀ ਕਰਦਾ ਹੈ।) ਖੁਦ ਨੂੰ ਛੋਟਾ ਕਰਨਾ ਪੈਂਦਾ। ਹਰ ਦਰ ਮੂਹਰੇ ਚੌਂਤਰੇ 'ਤੇ ਕੋਈ ਬੈਠਾ ਹੁੰਦਾ, ਅਣਘੜੇ ਪੱਥਰਾਂ ਦੀ ਕਤਾਰ...।,ਆਦਾਬ ਈ ਚਾਚਾ...,ਮੱਥਾ ਟੇਕਦਾਂ... (ਅਦਿੱਖ ਬੰਦਿਆਂ ਨਾਲ ਗੱਲਾਂ ਕਰਦਾ ਜਾਂਦਾ। ਆਨੰਦ ਹੈਰਾਨ ਹੋਇਆ ਉਸਦੇ ਮਗਰ ਦੌੜਦਾ ਹੈ।

ਪਿੱਛੇ-ਪਿੱਛੇ ਆਉਂਦੀ ਪੇਂਜਿਆਂ ਦੇ ਸਾਜ਼ ਦੀ ਉਚੀ ਨੀਵੀਂ ਹੁੰਦੀ ਆਵਾਜ਼..., ਇਹੋ ਕਹਿੰਦੀ ਲੱਗਦੀ, "ਓ ਤੂੰ ਬੇਦੀਆਂ ਦਾ ਮੁੰਡਾ ਥੋੜੀ ਏ... ਅਸਲ ਪਛਾਣ ਮਰਾਸੀਆ...।' ਮੈਂ ਹੋਰ ਤੇਜ਼ ਭੱਜ ਲੈਂਦਾ... (ਮਰਦਾਨੇ ਨੂੰ ਸਾਹ ਚੜ ਜਾਂਦਾ ਹੈ। ਆਨੰਦ ਉਹਦੇ ਨਾਲ ਹੈ।) ਪਰ ਉਹ ਆਵਾਜ਼ ਮੈਥੋਂ ਤੇਜ਼ ਸੀ। (ਸਿੱਧਾ ਹੁੰਦਾ ਹੈ) ਝੁਕੀ ਪਿੱਠ... ਖੂਹ ਵਾਲੀ ਥਾਂ 'ਤੇ ਆ ਕੇ ਸਿੱਧੀ ਹੁੰਦੀ, ...ਆਸਮਾਨ ਖੁੱਲ ਜਾਂਦਾ.., ਮੰਦਰ...ਮਸੀਤ ਵਿਚਾਲੇ ਖੂਹ ਸੀ, ਚਮੜੇ ਦੇ ਡੋਲ ਵਾਲਾ ਖੂਹ, ਡੂਮਾਂ...ਅਛੂਤਾਂ ਦੀ ਨਿਸ਼ਾਨੀ, ਤੁਹਾਡੇ ਵੇਲੇ  ਵੀ ਤਾਂ ਐਂ ਈ ਸੀ।

(ਦੋਹੇਂ ਸੋਚੀਂ ਪੈ ਜਾਂਦੇ ਹਨ।)

ਉੱਥੇ ਕੱਚੇ ਥੜੇ 'ਤੇ ਆ ਕੇ ਨਾਨਕ ਬੈਠਦਾ।

(ਘੰਟੀ ਦੀ ਆਵਾਜ਼)

ਚੁੱਪੀ!!!

ਉਨੀ ਦਿਨੀ ਆਪਣਾ ਦੀਵਾ ਕੋਈ ਨੀ ਸੀ, ਨਾ ਮੰਦਰ ਕੋਲ ਨਾ ਮਸੀਤੇ, ਵਿਚਾਲੇ ਧੂਣੀ ਲਾ ਲੈਂਦੇ, ਧੁਨਾਂ ਦਾ ਚਾਨਣ ਫੈਲਦਾ ਤਾਂ ਦੇਹਾਂ ਅੰਦਰਲਾ ਆਕਾਸ਼ ਨਿੱਤਰ ਆਉਂਦਾ, ਆਕਾਰ ਵੱਡੇ-ਵੱਡੇ ਦਿਖਣ ਲਗਦੇ...।!

"ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੇ ਆਦਮੀ ਨਾਨਕ ਵੇਚਾਰਾ।"

(ਕੋਰਸ ਮੰਚ 'ਤੇ ਆਉਂਦਾ ਹੈ! ਗਾਇਣ ਤੇ ਨਿਰਤ ਹੁੰਦਾ ਹੈ। ਮਰਦਾਨਾ ਉਸ 'ਚ ਸ਼ਾਮਿਲ ਹੁੰਦਾ ਹੈ। ਆਨੰਦ ਵਿਸਮੈ ਭਰਿਆ ਦੇਖਦਾ ਹੈ ਤੇ ਅਚੇਤ ਹੀ ਉਸਦੇ ਹੱਥ ਭਿਛਿਆ ਪਾਤਰ 'ਤੇ ਥਿਰਕਣ ਲੱਗਦੇ ਹਨ।

ਪਿਛੋਂ ਕੋਈ ਡੂਮਣੀ ਬੋਲੀ: ਵਾਹ! ਓਇ ਬੇਦੀਓ ਮਰਾਸੀ ਜੰਮ ਕੇ ਵਿਖਾ 'ਤਾਂ ...।

(ਸਭ ਖੁੱਲ੍ਹ ਕੇ ਹੱਸਦੇ ਹੋਏ ਜਾਂਦੇ ਹਨ। ਮਰਦਾਨਾ ਹਸਦਾ ਹੋਇਆ ਆਨੰਦ ਕੋਲ ਆਉਂਦਾ ਹੈ। ਜਗਰਾਤੇ ਤੋਂ ਘਰੇ ਮੁੱੜਦਾ ਤਾਂ ਅੰਮੀ ਜਾਗਦੀ ਪਈ ਹੁੰਦੀ... ਬੁੜ-ਬੁੜ ਕਰਦੀ।

(ਆਨੰਦ ਵੱਲ ਦੇਖਦਾ ਹੈ।)

ਹਰ ਮੌਤ ਉਸਨੂੰ ਖਹਿ ਕੇ ਲੰਘਦੀ। ਕੀਰਨੇ ਪਾਉਣ ਜਾਣਾ ਹੁੰਦਾ ਤਾਂ ... ਕੱਲੀ ਬਹਿ ਜਾਂਦੀ...; ਮਰ ਗਏ ਦੇ ਬੀਤੇ ਨੂੰ ਅੰਦਰ ਹੀ ਅੰਦਰ ਚਿਤਰਦੀ। ਉਸ ਵੇਲੇ ਉਹ ਕਿਸੇ ਵੱਲ ਧਿਆਨ ਨੀ ਸੀ ਦਿੰਦੀ, ਕਹਿੰਦੀ, "ਇਹ ਦੁੱਖਾਂ ਦੀ ਬੰਦਗੀ ਏ ਪੁੱਤਰ...!" ਲੰਬੀ ਖਾਮੋਸ਼ੀ  (ਆਨੰਦ ਸੋਚਦਾ ਹੈ।)

ਆਨੰਦ: ਦੁੱਖਾਂ ਦੀ ਬੰਦਗੀ...।, ਇਹ ਕਿਹਾ ਵੈਰਾਗ ਏ! ਬੁਧ ਨੇ ਤਾਂ... ਇੱਕੋ ਲਾਸ਼ ਦੇਖੀ...

ਮਰਦਾਨਾ: ਬੁੱਧ ਚੌਂਕਿਆ! ਅਸੀਂ ਤਾਂ ਉਸਦੇ ਨਾਲੋ-ਨਾਲ ਈ ਜਿਉਂਦੇ ਸੀ...

ਬਚਪਨ ਤੋਂ! ਮੌਤ। ਓਪਰੀ ਨਹੀਂ ਸੀ! (ਅੱਖਾਂ ਪੂੰਝਦਾ ਹੈ।)

ਆਨੰਦ: ਫੇਰ ਇਹ ਅੱਖਾਂ...

ਮਰਦਾਨਾ: ਹਾਂ! ਗਾ ਨਾ ਹੋਵੇ ਤਾਂ ਦੁੱਖ ਭਾਰੇ ਹੋ ਜਾਂਦੇ...। ਇਸੇ ਲਈ ਬਾਬੇ...

ਇਹ ਦਿੱਤਾ!

(ਰਬਾਬ ਵਿਖਾਉਂਦਾ ਹੈ। ਆਨੰਦ ਖੁੱਲ ਕੇ ਹਸਦਾ ਹੈ।)

ਮਰਦਾਨਾ: ਹੰਝੂ ਪੂੰਝਦਾ ਹੱਸਦਾ ਹੈ। ਦੇਖਿਆ! ਮਰਾਸੀ ਨੇ ਬੁੱਧ ਦੇ ਚੇਲੇ ਨੂੰ

ਹਸਾ ਦਿਤੈ।

ਆਨੰਦ: (ਹੱਸਦੇ-ਹੱਸਦੇ) ਪਰ ਤੂੰ ...ਤਾਂ

ਮਰਦਾਨਾ: ਬਾਬੇ ਨੂੰ ਕਿਸੇ ਪੁਛਿਆ ਕੇ ਬੁੱਧ ਹੱਸਦਾ ਕਿਉਂ ਨਹੀਂ ਸੀ..., ਤੇ ਬਾਬੇ

ਨੇ ਹੱਸ ਕੇ ਦਿਖਾ ਦਿੱਤਾ।

(ਦੋਹੇਂ ਖੁੱਲ ਕੇ ਹੱਸਦੇ ਹਨ।)

ਫ਼ੇਡ ਅਊਟ 

ਸੰਗੀਤ: (ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ -2-"ਧੁਨ ਚਲਦੀ ਹੈ। ਮਰਦਾਨਾ ਬਾਰਿਸ਼ ਤੋਂ ਬਚਣ ਦੀ ਕੋਸ਼ਿਸ਼ ਕਰਦਾ ਬਾਬੇ ਦੇ ਪਿੱਛੇ-ਪਿੱਛੇ ਤੁਰਿਆ ਹੈ।)

ਮਰਦਾਨਾ: ਬਾਬਾ ਨੁੱਚੜ ਚੱਲੇ ਆਂ ਪੂਰੇ। ਰਤਾ ਸਾਹ ਈ ਲੈ ਲਈਏ... ਰੁੱਖ

ਥੱਲੇ (ਰੁਕਦਾ ਹੈ।) (ਦੋ-ਤਿੰਨ ਫਕੀਰ ਹੱਸਦੇ ਹੋਏ ਦਾਖਿਲ ਹੁਣੇ ਹਨ। ਮਰਦਾਨਾ ਉਨ੍ਹਾਂ

ਵੱਲ ਦੇਖਦਾ ਹੈ।

1:ਉਹ ਦੇਖ ਓਇ ਦੀਨਿਆ..., ਉਪਰ ਕੀ ਲਟਕਦਾ...

3ਨਾਲਾ ਰੱਬ ਦੀ ਘਰਵਾਲੀ ਦਾ...।!(ਹੱਸਦਾ ਹੈ।)

1:ਵੇਖ ਤੇਰੇ ਪਤੰਦਰ ਦੀ! (ਹਾਸੇ 'ਚ ਸ਼ਾਮਿਲ ਹੁੰਦਾ ਹੈ।)

2:ਬੱਲੇ ਬੱਲੇ ਰੰਗ ਲਾ ਤੇ ਇਹਦੀ ਘਰਵਾਲੀ ਨੇ ਤਾਂ! ਐਨੇ ਰੰਗ।।

1:ਸੰਤਰੀ...ਲਾਲ...ਨਾਭੀ...

(ਸਾਰੇ ਖੁੱਲ ਕੇ ਹੱਸਦੇ ਹਨ। ਮਰਦਾਨਾ ਹੈਰਾਨੀ ਨਾਲ ਮੁਸਕਰਾਉਂਦਾ ਹੈ।)

1:ਮਾੜੀ ਗੱਲ ਏ ਭਾਈ..., ਘਰਵਾਲੀ ਤਾਂ ਘਰਵਾਲੀ ਐ; ਐ ਅਸਮਾਨੀ

ਨੀ ਟੈਗਣਾ ਚਾਹੀਦਾ ਨਾਲਾ...

2:ਆਹੋ ਆਖਿਰ ਘਰਵਾਲੀ ਏ।

3:ਤੇਰੀ ਨੀ ਰੱਬ ਦੀ।

(ਫੇਰ ਸਾਰੇ ਹੱਸਦੇ ਹਨ।)

2:ਕੰਜਰ ਦਿਆਂ ਨੂੰ ਪੱਜ ਰੱਬ ਦਾ..., 'ਤੇ ਸੁਆਦ ਆਪਣਾ...

1:ਯਾਦ ਆਉਂਦੀ ਉਏ ਆਪਣੇ ਵਾਲੀ! (ਹੱਸਦੇ ਹੋਏ)

2:ਓ...ਕੋਈ ਸੁਫਨਾ ਈ ਲੈ ਲੈ ਕਿਤੋਂ...  3:ਸੁਫਨੇ 'ਚ ਵੀ ਐਨੀਂ ਥਾਂ ਛੱਡ ਕੇ ਸੌਂਦਾਂ ਮੈਂ ਤਾਂ...

1"ਮਤਾ ਕੋਈ ਅਪਸਰਾ ਈ ਆ ਜੇ...।

2:ਉਰਵਸ਼ੀ...! (ਦਿਲ ਫੜ ਕੇ ਵਾਜ ਮਾਰਦਾ ਹੈ।)

3"ਮੇਨਕਾ! (ਉਸੇ ਅੰਦਾਜ਼ 'ਚ)

(ਲੋਟਪੋਟ ਹੁੰਦੇ ਜਾਂਦੇ ਹਨ।

ਮਰਦਾਨਾ: ਗੌਰ ਨਾਲ ਦੇਖਦੇ ਹੋਏ ਬੱਲੇ ਪਤੰਦਰੋ..., ਰੱਬ ਦੀ ਬਣਾ ਤੀ, ਪੀਂਘ

(ਹੱਸਦੇ ਹੋਏ) ਮਰਾਸੀ ਭੂੰਜੇ ਲਾ ਤੇ। (ਫੇਰ ਬਾਬੇ ਪਿੱਛੇ ਦੌੜਦਾ ਹੈ।)

ਓ ਬਾਬਾ...! ਕੁਰੂਖੇਤਰ ਨੇੜੇ ਆਈ ਜਾਂਦਾ ਤਾਂ ਬਾਬੇ ਦੀ ਤੋਰ ਹੋਰ

ਤਿੱਖੀ ਹੋਈ ਜਾਂਦੀ।

(ਇੱਕ ਪਾਸਿਓ ਤੋਂ ਨਿਕਲ ਜਾਂਦਾ ਹੈ। ਸੂਟੇ ਮਾਰਦੇ ਸਾਧ ਆਉਂਦੇ

ਹਨ। ਕੁਝ ਮੰਗਤੇ ਝੋਲੀਆਂ ਨੂੰ ਗੱਠਾਂ ਮਾਰਦੇ ਆਉਂਦੇ ਹਨ। ਮਰਦਾਨਾ

ਵੀ ਮੁੜ ਆਉਂਦਾ ਹੈ।

ਮਰਦਾਨਾ: ਰਾਹ ਇੱਕੋ ਸੀ, ਪਰ ਪਾੜੇ ਵੱਡੇ ਸਨ। ਹਰ ਕੋਈ ਹਰ ਕਿਸੇ ਤੋਂ ਦੂਰ

ਹੋ ਕੇ ਚਲਦਾ।

ਸਾਧ: (ਮੰਗਤੇ ਨੂੰ) ਹੱਟ...ਕਮੀਨ! ਪਰਾਂ ਹੋ ਕੇ ਤੁਰ ਮਰ!

ਮੰਗਤਾ: (ਬੁੜ ਬੁੜ ਕਰਦਾ ਜਾਂਦਾ ਹੈ।) ਸਾਲੇ ਨਸ਼ੇੜੀ! ਖਾ ਕੇ ਅੱਕ ਦੀਆਂ

ਡੋਡੀਆਂ, ਪੀ ਕੇ ਭੰਗ ਅੱਖਾਂ ਟੱਡੀਆਂ... ਸਾਨੂੰ ਦੱਸਦੇ ਕਮੀਨ!

ਦੂਜਾ ਸਾਧ: (ਦੂਜਾ ਸਾਧ ਲਾਠੀ ਚੁੱਕ ਕੇ ਪੈਂਦਾ ਹੈ।) ਹੁਰਰਰ!

ਇੱਕ ਬਾਲ ਵਿਧਵਾ ਆਪਣੀ ਮਾਂ ਨਾਲ ਆਉਂਦੀ ਹੈ, ਉਸਨੇ ਕੁਛੜ

ਬੱਚਾ ਚੁੱਕਿਆ ਹੈ। ਮੰਗਤਿਆਂ ਸਮੇਤ ਸਾਰੇ ਨੱਕ ਬੁੱਲ ਚਾਦੇ ਲਾਂਭੇ

ਹੋ ਜਾਂਦੇ ਹਨ। ਉਹ ਸੁੰਗੜੀ ਜਿਹੀ ਬਚਾ ਬਚਾ ਕੇ ਤੁਰਦੀ ਹੈ।)

ਮਰਦਾਨਾ: ਸਿਰੋਂ ਗੰਜੀ ਉਹ ਬਾਲ ਵਿਧਵਾ... ਮਾਂ ਦੇ ਜਣੇ ਨਵੇਂ ਬੋਝ ਨੂੰ ਚੁੱਕੀ

ਪਿਛੇ-ਪਿਛੇ ਭੱਜਦੀ, ਉਹਨੂੰ ਵੇਖ ਕਾਹਲੀਆਂ ਪੈਂਦੀਆਂ। ਹਰ ਕੋਈ

ਪਾਸਾ ਵੱਟ ਕੇ ਲੰਘਦਾ, ਕਿਤੇ ਸਾਇਆ ਨਾ ਪੈ ਜਾਏ। ਬੱਚਾ ਹਥੋਂ

ਨਿਕਲ ਗਿਆ ਤੇ ਮਾਂ ਦਾ ਸਬਰ ਵੀ...

(ਮਾਂ ਬੱਚਾ ਚੁੱਕੀ ਬਾਲ ਵਿਧਵਾ ਨੂੰ ਕੁੱਟਦੀ ਹੋਈ ਆਉਂਦੀ ਹੈ। ਉਹ ਰੋਂਦੀ ਹੈ।

ਚੁੱਪੀ! ਮਾਂ: ਨਖਸਮੀਏ ਪਹਿਲਾਂ ਖਾ ਗਈ ਸਿਰ ਆਪਣਾ, ਹੁਣ ਮੇਰਾ ਢਿੱਡ...।

(ਮਰਦਾਨਾ ਰੁੱਕ ਜਾਂਦਾ ਹੈ। ਬਾਕੀ ਸਭ ਉਵੇਂ ਤੁਰੇ ਨੇ।)

ਮਰਦਾਨਾ: ਰੋਣ ਦੀਆਂ ਕਿੰਨੀਆਂ ਆਵਾਜ਼ਾਂ। ਇੱਕ-ਦੂਏ 'ਚ ਵੱਜਦੀਆਂ...।

ਪਰ ਬਾਬਾ...

(ਮਰਦਾਨਾ ਅੱਗੇ ਵੱਲ ਝਾਕਦਾ ਹੈ। ਬਾਲ ਵਿਧਵਾ ਬੱਚੇ ਨੂੰ ਚੁੱਕਦੀ

ਹੈ, ਮਾਂ ਉਸਨੂੰ ਗਾਲਾਂ ਕੱਢਦੀ ਜਾਂਦੀ ਹੈ। ਬਾਲ ਵਿਧਵਾ ਆਪਣੀ ਮਾਂ ਦੇ


ਨਾਲ ਨਿਕਲ ਜਾਂਦੀ ਹੈ। ਮਰਦਾਨਾ ਸੁੱਖ ਦਾ ਸਾਹ ਲੈਂਦਾ ਹੈ।)

ਮਰਦਾਨਾ: ਡਰ ਲੱਗਿਆ ਰਿਹਾ ਕਿ ਬਾਬਾ ਹੁਣੇ ਕੁਝ ਬੋਲੇਗਾ, ਕਿਤੇ ਸਾਜ਼

ਜਗਾਉਣ ਨੂੰ ਨਾ ਕਹਿ ਦੇਵੇ। ਮੈਥੋਂ ਗਾ ਨੀ ਹੋਣਾ! (ਚੁੱਪੀ) ਅੱਜ ਰਾਤ

...ਸੁਫਨੇ 'ਚ ...ਉਹ ਵੈਸ਼ਵਾਵਾਂ ਦੇ ਮੰਦਰ ਵਾਲਾ...ਅੱਧ-ਬਣਿਆ...ਬੁੱਤ

ਜ਼ਰੂਰ ਆਵੇਗਾ...ਕੁੱਤੇ 'ਤੇ ਬੈਠੀ ਉਡੂੰ-ਉਡੂ ਕਰਦੀ ਘੁੱਗੀ ਦਾ ਬੁੱਤ।

(ਛੈਣੀ-ਹਥੌੜੀ ਨਾਲ ਬੁੱਤ ਤਰਾਸ਼ਣ ਦੀ ਆਵਾਜ਼ ਆਉਂਦੀ ਹੈ।)

ਚੁੱਪੀ!

(ਡੁਸਕਦਾ ਹੋਇਆ ਇੱਕ ਨੌਜਵਾਨ ਸਾਧ ਉਨ੍ਹਾਂ 'ਚ ਸ਼ਾਮਿਲ ਹੁੰਦਾ ਹੈ।

ਸਾਰੇ ਉਸ ਵੱਲ ਦੇਖਦੇ ਹਨ।)

ਸਾਧ: ਕੀ ਹੋਇਆ?

ਦੂਜਾ ਸਾਧ: ਫ਼ਕੀਰ ਹੋ ਕੇ ਰੋਦਾ..

ਨੌਜਵਾਨ ਸਾਧ: (ਤੁਰਦੇ ਤੁਰਦੇ ਨਾਸਾਂ ਪੂੰਝਦਾ ਹੋਇਆ ਮਾਂ ਮਰ ਗਈ।

(ਸਾਧ ਮੰਡਲੀ ਤੇ ਕੋਰਸ ਠਹਾਕੇ ਮਾਰ ਕੇ ਹੱਸਦਾ ਹੈ।)

ਸਾਧ: ਫਿੱਟ ਲਾਹਨਤ!

ਮਰਦਾਨਾ: ਹੱਕ! ਬਾਬਾ ਗਰਜਿਆ!

ਚੁੱਪੀ

ਮਰਦਾਨਾ: ਚੁੱਪ ਵਰਤ ਗਈ: "ਕਾਸਾ ਰਖ ਦੇ...! ਪੁੱਤਰ ਬਣ ਕੇ ਰੋ!"

(ਸਭ ਥਾਂਹ ਓ ਥਾਂਹੀ ਰੁਕ ਜਾਂਦੇ ਹਨ ਤੇ ਆਵਾਜ਼ ਦੀ ਦਿਸ਼ਾ ਵੱਲ ਦੇਖਦੇ

ਹਨ।)

ਮਰਦਾਨਾ: ਸਭ ਨੇ ਸੁਣੀ ਆਵਾਜ਼..., ਜਿਵੇਂ ਬੰਨ ਮਾਰ 'ਤਾ,  ਕੋਰਸ: "ਭਰ ਜਾਣ ਦੇ ਇਸਨੂੰ, ਤੂੰ ਹੌਲਾ ਹੋ...ਕੇ ਤੁਰ!"

(ਨੌਜਵਾਨ ਜਕਦਾ ਜਿਹਾ ਸਭ ਵੱਲ ਦੇਖਦੇ ਹੋਏ ਕਾਸਾ ਰੱਖ ਦਿੰਦਾ ਹੈ।

ਤੇ ਗੋਡਿਆਂ ਭਾਰ ਹੋ ਜਾਂਦਾ ਹੈ, ਫੇਰ ਰੋਣਾ ਸ਼ੁਰੂ ਕਰਦਾ ਹੈ। ਸਾਧ ਮੰਡਲੀ

ਦੇਖਦੀ ਹੈ। ਉਹ ਸ਼ਰੂ 'ਚ ਥੋੜਾ ਸੰਗਦਾ ਹੈ, ਹੌਲੀ ਹੌਲੀ ਖੁੱਲ ਕੇ ਰੋਣ

ਲਗਦਾ ਹੈ ਤੇ ਫੇਰ ਪੂਰੀ ਤਰ੍ਹਾਂ ਫੁੱਟ ਪੈਂਦਾ ਹੈ। ਬਾਲ ਵਿਧਵਾ ਤੇ ਉਸਦੀ

ਮਾਂ ਉਸ ਵੱਲ ਦੇਖਦੇ ਹਨ। ਬਾਲ ਵਿਧਵਾ ਦੌੜ ਕੇ ਉਸ ਵੱਲ ਜਾਂਦੀ ਹੈ

ਤੇ ਲਾਗੇ ਬੈਠ ਕੇ ਉਸਨੂੰ ਚੁੱਪ ਕਰਾਉਂਦੀ ਆਪ ਹੀ ਜ਼ਾਰ ਜ਼ਾਰ ਰੋਣ

ਲਗਦੀ ਹੈ। ਥੋੜੀ ਦੇਰ ਬਾਦ ਮਾਂ ਵੀ ਉਸ ਕੋਲ ਆਉਂਦੀ ਹੈ ਤੇ ਉਸਨੂੰ

ਗਲ ਲਾ ਕੇ ਰੋਣ ਲਗਦੀ ਹੈ। ਸਾਧ ਔਖੇ ਜਿਹੇ ਇਧਰ-ਓਧਰ ਦੇਖਦੇ

ਹਨ, ਜਿਵੇਂ ਕੁਝ ਅੰਦਰ ਡੱਕ ਰਹੇ ਹੋਣ।)

ਬਾਲ ਵਿਧਵਾ: (ਉਸਨੂੰ ਚਿੰਬੜਦੀ ਹੈ।) ਮਾਂ!

ਨੌਜਵਾਨ ਸਾਧ: (ਧਾਹ ਮਾਰਦਾ ਹੈ) ਮਾਂ!

(ਤਿੰਨੋਂ ਜਣੇ ਗਲ ਲੱਗ ਰੋਂਦੇ ਹਨ।

ਸੰਨਾਟਾ

ਸਾਧ: (ਘਬਰਾਹਟ ਲੁਕਾਉਂਦੇ ਹੋਏ) ਚਲੋ ਓਇ, ਚਲੋ ਇੱਥੋਂ!

(ਨੱਕ ਬੁੱਲ ਚਾੜ੍ਹਦੇ ਹੋਏ ਸਾਧ ਜਾਂਦੇ ਹਨ। ਮਰਦਾਨਾ ਨੌਜਵਾਨ ਦੇ ਨੇੜੇ

ਜਾਂਦਾ ਜਾਂਦਾ ਰੁੱਕ ਜਾਂਦਾ ਹੈ। ਥੋੜੀ ਦੇਰ 'ਚ ਉਹ ਸ਼ਾਂਤ ਹੋਣ ਲਗਦੇ

ਹਨ। ਤੇ ਮਾਂ ਬਾਲ ਵਿਧਵਾ ਕੋਲੋਂ ਬੱਚਾ ਲੈ ਲੈਂਦੀ ਹੈ। ਦੋਹੇਂ ਜਾਂਦੀਆਂ

ਹਨ। ਨੌਜਵਾਨ ਸਾਧ ਖੜਾ ਹੋ ਕੇ ਆਵਾਜ਼ ਦੀ ਦਿਸ਼ਾ ਵੱਲ ਦੇਖਦਾ ਹੈ।

ਨੌਜਵਾਨ ਸਾਧ: (ਹੱਥ ਜੋੜਦਾ ਹੈ) ਸਾਈਂ! ਪੀੜਾਂ ਦੇ ਵੀ ... ਕੀ ਘਾਟ ਹੁੰਦੇ ਨੇ?

ਮਰਦਾਨਾ: ਬਾਬਾ ਬੋਲਿਆ ਤਾਂ ਅੰਮੀ ਯਾਦ ਆ ਗਈ!

ਕੋਰਸ: "ਹੋਣ ਦਾ ਹਰ ਪਲ ਘਾਟ ਐ! ...।ਜੇ ਤੀਰਥ ਦਾ ਮੋਹ ਨਾ ਬਣਾ ਲਏਂ!

ਨੌਜਵਾਨ ਸਾਧ: ...ਪਛਾਣਾਂ ਕਿਵੇਂ ਸਾਈਂ!

ਕੋਰਸ: ਆਵਾਜ਼ ਲਹਿਰਾਈ 'ਆਪੇ ਈ ਆਪੇ ਨੂੰ ਦੇਖਣਾ ਏ ਭਾਈ।"

ਨੌਜਵਾਨ ਸਾਧ: ਤੇ ਗੁਰੂ...?  ਕੋਰਸ: ਰਬਾਬ ਵੱਜਦੀ ਹੈ। ਥੋੜੀ ਦੇਰ ਪਹਿਲੋਂ ... ਪਈ ਸੀ ਲੋੜ! (ਰਬਾਬ

ਫੇਰ ਵੱਜਦੀ ਹੈ)

ਮਰਦਾਨਾ: ਆਵਾਜ਼ ... ਸ਼ਾਂਤ ... ਜਿਵੇਂ ਦੂਰੋਂ ...ਉਤਰ... ਰਹੀ ...

ਕੋਰਸ: "ਗੁਰੂ...ਦੁਆਰ ਏ... ਦਰਸ਼ਨ ਦਾ..; ਦੁਆਰ 'ਤੇ ਕੋਈ ਬੈਠ ਰਹਿੰਦਾ

ਏ!"

(ਰਬਾਬ ਵੱਜਦੀ ਹੈ।)

ਮਰਦਾਨਾ: (ਮਰਦਾਨਾ ਹੱਸਦਾ ਹੈ) ਬਾਬਾ ਹੱਸ ਕੇ ਦਿਖਾ ਰਿਹਾ ਸੀ।

(ਹਸਦਾ ਰਹਿੰਦਾ ਹੈ)

(ਸ਼ੰਖ ਪੂਰਦੇ ਸਾਧੂਆਂ ਦਾ ਟੋਲਾ ਆਉਂਦਾ ਹੈ। ਯਾਤਰੀ ਤੇ ਮੰਗਤਿਆਂ ਦੇ

ਟੋਲੇ। ਨੌਜਵਾਨ ਤੇ ਮਰਦਾਨਾ ਇਕਠੇ ਤੁਰਨ ਲਗਦੇ ਹਨ।)

ਨੌਜਵਾਨ ਸਾਧ: ਚੰਗਾ ਚੇਲਾ ਐ! ਕੁਝ ਪੁੱਛਦਾ ਈ ਨਹੀਂ!

ਮਰਦਾਨਾ: ਸੁਭਾਗਾ ਹਾਂ ਮੈਂ ਸੋਹਣਿਆਂ! (ਰਬਾਬ ਛੇੜਦਾ ਹੈ) ਕੋਈ... ਵੀ ਪੁੱਛੇ...

ਸੁਣਦਾ ਮੈਂਨੂੰ ਏ!

(ਭੀੜ ਵੱਧਦੀ ਹੈ। ਰੌਸ਼ਨੀ ਮੱਧਮ ਪੈਂਦੀ ਹੈ। ਸ਼ੇਖ ਤੇ ਨਰਸਿੰਘਿਆਂ

ਦੀਆਂ ਆਵਾਜ਼ਾਂ 'ਚ ਗ੍ਰਸ ਲਿਆ... ਗ੍ਰਸ ਲਿਆ ਦੀਆਂ ਆਵਾਜ਼ਾਂ

ਆਉਂਦੀਆਂ ਹਨ। ਇੱਕ ਪਾਸਿਓਂ ਧੂਆ ਉਠਦਾ ਦਿਖਦਾ ਹੈ।)

ਦਿਗ ਵਿਜੈ: (ਚੀਖਦਾ) ਨਾਨੂੰ..., ਯਹ ਗ੍ਰਹਿਣ ਕੇ ਸਮੇਂ ਆਗ ...?

ਨਾਨੂੰ: ਜ਼ਰੂਰ ਕੋਈ ਨਾਸਤਿਕ ਹੋਗਾ। (ਮਰਦਾਨੇ ਨੂੰ ਦੇਖ ਕੇ ਹਿੰਦੂਓਂ ਕੋ ਤੋਂ ਖਰਾਬ

ਕਿਆ ਹੀ ਥਾ...ਮੁਸਲਮਾਨ ਕਾ ਭੀ ਇਮਾਨ ਖੋ ਲਿਆ!

ਭੀੜ 'ਚ ਹਲਚਲ ਦੇਖ ਮਰਦਾਨਾ ਘਾਬਰ ਜਾਂਦਾ ਹੈ। ਅੱਖਾਂ ਮੀਚ ਕੇ

ਰਬਾਬ ਵਜਾਉਣ ਲਗਦਾ ਹੈ।

ਕੋਰਸ: ਧੁੰਏ ਤੇ ਧੁੰਦ ਗੁਬਾਰ 'ਚੋਂ ਕੋਈ ਬੋਲਿਆ, "ਜਿੱਥੇ ਤੂੰ ਐਂ ਭਾਈ..., ਉਥੋਂ

ਇੰਨਾ ਈ ਦਿਖਦੈ!"

(ਰੋਸ਼ਨੀ ਹੋ ਜਾਂਦੀ ਹੈ। ਸ਼ੰਖ ਵੱਜਦੇ ਹਨ। ਸਾਰੇ ਹੈਰਾਨ ਆਸਮਾਨ ਵੱਲ

ਦੇਖਦੇ ਹਨ। ਮਰਦਾਨਾ ਸਾਜ਼ ਵਜਾ ਰਿਹਾ ਹੈ)

ਨਾਨੂੰ: ਹੁਣ ਦਿਖਦੈ!

ਦਿਗ ਵਿਜੈ: (ਹੈਰਾਨ) ਨਾਨੂੰ...!ਗ੍ਰਹਿਣ ਟੁਟ ਗਿਆ!  ਨਾਨੂੰ: ਹਾਂ! (ਆਪਨੇ ਆਪ ਨੂੰ ਦੇਖਦਾ ਹੈ। ਗ੍ਰਹਿਣ ਟੁੱਟ ਗਿਆ!

ਕੋਰਸ: ਰਬਾਬ ਨੇ ਮੁੜ ਸਿਰ ਚੁੱਕਿਆ: "ਸਹਿਜ ਵੇਖ।। ਸਹਿਜ ਸੁਣ...ਤੇ

ਸਹਿਜ ਹੀ ਹੋ ਜਾ!"

(ਨਾਨੂੰ ਤੇ ਦਿਗ ਵਿਜੈ ਹੱਥ ਜੋੜਦੇ ਹਨ।)

ਫ਼ੇਡ ਆਉਟ

(ਹਲਕੀ ਰੌਸ਼ਨੀ 'ਚ ਭੀੜ ਦਾ ਦ੍ਰਿਸ਼। ਮਰਦਾਨਾ ਭੀੜ 'ਚ ਆਵਾਜ਼ਾਂ

ਮਾਰਦਾ ਦੌੜਦਾ ਹੈ। ਗਧੇ ਦੇ ਮਾਸਕ ਵਾਲੇ ਇੱਕ ਬੰਦੇ ਨੂੰ ਹੱਕਦਾ ਇੱਕ

ਸਾਧ ਮੰਚ 'ਤੇ ਆਉਂਦਾ ਹੈ। ਗਧੇ ਦੇ ਦੋਹੀਂ ਪਾਸੀਂ ਗ੍ਰੰਥ ਲੱਦੇ ਹੋਏ ਨੇ

ਤੇ ਉਨ੍ਹਾਂ ਉੱਤੇ ਸਾਧ ਦਾ ਕਾਸਾ ਵੀ ਪਿਆ ਹੈ। ਲੋਕ ਗਧੇ ਦੀ ਖਸਤਾ

ਹਾਲਤ ਨੂੰ ਦੇਖਦੇ ਲੰਘਦੇ ਹਨ।)

1:ਓ ਫੱਕਰੋ ਮਾਸਾ ਤਰਸ ਕਰੋ ਗਧੇ ਦੀ ਜੂਨ 'ਤੇ...,

2:ਕਾਸਾ ਤੇ ਚੁੱਕ ਲਓ ਆਪਣਾ।

ਸਾਧ: ਓਇ ਕੋਈ ਇਵੇਂ ਕਿਵੇਂ ਦਾ ਗਧਾ ਨਹੀਂ ਐ! ਪੀੜੀਆਂ ਤੋਂ ਐ ਅਖਾੜੇ

'ਚ! ਇਹਦੇ ਬਾਪ ਨੇ ਵੀ ਬੜੇ ਗ੍ਰੰਥ ਢੋਏ...(ਗਧਾ ਦੁਲੱਤੀ ਝਾੜਦਾ ਹੈ

ਤੇ ਸਾਧ ਗਾਲਾਂ ਕਢਦਾ ਚਿਮਟਾ ਮਾਰਦਾ ਹੈ।)

ਪੰਡਤ: ਹੈ ਤਾਂ ਰੱਬ ਦਾ ਜੀਵ ਭਾਈ! ਭੋਰਾ ਖਿਆਲ ਕਰੋ!

ਸਾਧ: ਵੇਦ ਸ਼ਾਸਤਰਾਂ ਦਾ ਕੋਈ ਭਾਰ ਨਹੀਂ ਹੁੰਦਾ ਮੂਰਖੋ! ਭਲਾ ਅਗਨੀ ਦਾ ਵੀ

ਬੋਝਾ ਹੁੰਦਾ?

1:ਫੇਰ ਭੋਰਾ ਅੱਗ ਆਪ ਵੀ ਚੱਕ ਲਓ...

ਹਾਸਾ

ਦੂਜਾ ਸਾਧ: (ਗੰਭੀਰ ਚਿਹਰੇ ਵਾਲਾ, ਜ਼ਿਲਮ ਦਾ ਸੁਟਾ ਮਾਰਦੇ ਹੋਏ ਇਹ

ਦਬਿਆ ਈ ਚੰਗੈ ਬਾਲਗੋ। ਹੌਲਾ ਹੋ ਗਿਆ ਤਾਂ ਫੇਰ ਨੀ ਆਉਣਾ

ਕਾਬੂ! ਚੜ ਜਾਣੈ ਤੁਹਾਡੇ 'ਤੇ (ਇਕੱਲਾ ਈ ਹੱਸਦਾ ਹੈ)

(ਸਾਰੇ ਬੈਠ ਕੇ ਦਮ ਲੈਂਦੇ ਹਨ।)

ਮਰਦਾਨਾ: ਪਿਆਰਿਓ ਤੁਸਾਂ ਕੋਈ ਗਾਉਂਦਾ ਬੰਦਾ ਏਧਰੋਂ ਲੰਘਦਾ ਦੇਖਿਆ?

ਪੰਚਰੰਗਾ...।

ਦੂਜਾ ਸਾਧ: ਏਨੇ ਬੋਝ ਥੱਲੇ ਕੋਈ ਗਾ ਸਕਦੈ! (ਹਾਸਾ)  ਪੰਡਤ: ਤੂੰ ਮਰਦਾਨਾ ਐਂ ਨਾ! (ਮਰਦਾਨਾ ਰੁੱਕਦਾ ਨਹੀਂ) ਕੁਰੂਖੇਤਰ ਤੋਂ ਮਗਰ

ਲੱਗਾਂ, ਹਰ ਕੋਈ ਤੇਰੀ ਓ ਨਿਸ਼ਾਨੀ ਦਸਦੈ! (ਮਰਦਾਨਾ ਕਾਹਲਾ

ਪਿਆ ਹੈ) ਹਰਿਦੁਆਰ ਜਾ ਰਿਹਾਂ ਮੈਂ...। ਮਰਨੇ ਦੀ ਖਾਤਿਰ...ਸਾਡੇ

ਸਭ ਵੱਡੇ ਵਡੇਰੇ...ਐਂ ਈ (ਸਾਹੋ ਸਾਹੀਂ) ਰੀਤ ਹੈ ਇਹ! ਬਸ ਉਸ ਤੋਂ

ਪਹਿਲੋਂ ਇੱਕ ਵਾਰ...ਨਾਨਕ

(ਮਰਦਾਨਾ ਇਸ਼ਾਰਾ ਕਰਦਾ ਤੇਜੀ ਨਾਲ ਇੱਕ ਦਿਸ਼ਾ 'ਚ ਜਾਂਦਾ ਹੈ।

ਉਸ ਦੇ ਪਿੱਛੇ ਪੋਟਲੀ ਚੁੱਕ ਕੇ ਪੰਡਤ ਭੱਜਦਾ ਹੈ, ਗਧੇ 'ਚ ਉਲਝ ਕੇ

ਡਿੱਗਦਾ ਹੈ ਤੇ ਫੇਰ ਉਠ ਕੇ ਭੱਜਦਾ ਹੈ।)

ਸਾਧ: ਦੀਹਦਾ ਨੀ ਤੈਨੂੰ, ਅਧਰਮੀ, ਪਾਪੀ..., ਨਰਕ 'ਚ ਜਾਏਂਗਾ! (ਯਕੀਨ

ਨਹੀਂ ਆਉਂਦਾ। ਹਰੀ ਓਮ! ਸ਼ਾਸਤਰਾਂ 'ਤੇ ਪੈਰ ਰੱਖ ਕੇ ਜਾਂਦਾ।

(ਸ਼ਾਸਤਰ ਇਕੱਠੇ ਕਰਦਾ ਹੈ।)

ਪੰਡਤ: (ਮੰਚ ਤੋਂ ਬਾਹਰ ਆਵਾਜ਼ਾਂ ਮਾਰਦਾ ਜਾਂਦਾ ਹੈ।) ਮੀਰ ਜੀਓ... ।ਰਤਾ

ਰੁਕੇ...!

ਫ਼ੇਡ ਆਊਟ 

ਆਰਤੀ:

ਜੈ ਗੰਗੇ ਜੈ ਹਰ ਹਰ ਗੰਗੇ, ਪਾਪ ਨਿਵਾਰਣੀ ਸ੍ਰੀ ਗੰਗੇ-2
ਸਾਗਰ ਸੁਤ ਜਗ ਤਾਰ ਆਈ, ਜਟਾ ਸਮਾਣੀ ਸ਼ਿਵ ਗੰਗੇ!
ਜੈ ਗੰਗੇ ਜੈ ਹਰ ਹਰ ਗੰਗੇ, ਪਾਪ ਨਿਵਾਰਣੀ ਸ੍ਰੀ ਗੰਗੇ-2-
ਤੀਨੋਂ ਲੋਕ ਕੇ ਤਾਪ ਨਿਵਾਰਣੀ, ਹੈ ਭਵ ਤਾਰਣੀ ਸ੍ਰੀ ਗੰਗੇ!
ਜੈ ਗੰਗੇ ਜੈ ਹਰ ਹਰ ਗੰਗੇ, ਪਾਪ ਨਿਵਾਰਣੀ ਸ੍ਰੀ ਗੰਗੇ-2-
ਤਨ ਕੀ ਧੂਲ ਹੋ ਮਨ ਕਾ ਕਜਲਾ ਸੰਗ ਵਹਾਣੀ ਸ੍ਰੀ ਗੰਗੇ!
ਜੈ ਗੰਗੇ ਜੈ ਹਰ ਹਰ ਗੰਗੇ, ਪਾਪ ਨਿਵਾਰਣੀ ਸ੍ਰੀ ਗੰਗੇ-2

ਗੰਗਾ ਦੀ ਆਰਤੀ ਗਾਉਂਦੇ ਵੱਖੋ ਵੱਖ ਪਹਿਰਾਵਿਆਂ ਵਾਲੇ ਲੋਕ ਆਉਂਦੇ ਹਨ ਤੇ ਇਸੇ ਦੌਰਾਨ ਹਰ ਕੀ ਪਉੜੀ ਦਾ ਦ੍ਰਿਸ਼ ਬਣਾਉਂਦੇ ਹਨ। ਕੋਈ ਧੂਣੀ ਰਮਾਈ ਬੈਠਾ ਹੈ, ਕੋਈ ਵਿਭੂਤ ਮਲ ਰਿਹਾ, ਕੋਈ ਤਿਲਕ ਲਾ ਰਿਹਾ, ਕੋਈ ਕਪੜੇ ਸੁਕਾ ਰਿਹਾ, ਸਾਰੇ ਮਰਦਾਨੇ ਨੂੰ ਦੇਖ ਕੇ ਸੁੰਗੜਦੇ ਹਨ ਤੇ ਹੈਰਾਨੀ ਨਾਲ ਉਸ ਵੱਲ ਦੇਖਦੇ ਹਨ। ਅੰਤ ਵਿੱਚ ਮਰਦਾਨਾ ਇੱਕ ਕਪੜੇ ਸੁਕਾਉਂਦੇ ਬੰਦੇ ਨੂੰ ਕੁਝ ਕਹਿੰਦਾ ਹੈ, ਉਹ ਗੌਰ ਨਾਲ ਉਸ ਵੱਲ ਦੇਖਦਾ ਹੈ ਤੇ ਫੇਰ ਬੇਯਕੀਨੀ 'ਚ ਸਿਰ ਹਿਲਾਉਂਦਾ ਇੱਕ ਜਨੇਊਧਾਰੀ ਕੋਲ ਜਾਂਦਾ ਹੈ। ਮਰਦਾਨਾ ਸਭ ਦੇਖਦਾ ਹੈ। ਆਰਤੀ ਦੇ ਖ਼ਤਮ ਹੁੰਦੇ ਈ ਜਨੇਊਧਾਰੀ ਅੱਗੇ ਆਉਂਦਾ ਹੈ ਤੇ ਮਰਦਾਨੇ ਨੂੰ ਦੇਖਦੇ ਈ ਅਭੜਵਾਹਾ ਪਿੱਛੇ ਹਟਦਾ ਹੈ।

ਪੰਡਤ: ਯਵਣ.., ਤੁਰਕ...! ਹਰ ਹਰ ਗੰਗੇ! ਹਰ ਹਰ ਗੰਗੇ! (ਪਿੱਛੇ ਮੁੜਦਾ ਹੈ।)

ਮੁਸਲਮਾਣ...!

ਮਰਦਾਨਾ: (ਮੁਸਕਰਾਉਂਦਾ) ਚਲ ਮਰਦਾਨਿਆ! ਏਥੋਂ ਐੱਨਾ ਈ ਦਿਖਦੈ। ਗੰਗਾ

ਮਾਈ ਸਭ ਨੂੰ ਢੋਈ ਦਿੰਦੀ! (ਰਬਾਬ ਵਜਾਂਦਾ ਜਾਂਦਾ ਹੈ। ਤਨ ਕੀ ਧੂਲ  ਹੋ ਮਨ ਕਾ ਕਜਲਾ...

ਪੰਡਤ: (ਸੋਚਦਾ ਹੈ ਓ ਸੁਣ! ਐ ਭਾ...(ਰੁਕ ਜਾਂਦਾ ਹੈ। ਮਰਦਾਨਾ ਜਾ ਚੁੱਕਾ

ਹੈ। ਹੰਅ!

(ਬੁੱਢੀ ਨੇਹਰਾ ਨੂੰ ਲੈ ਕੇ ਆਉਂਦੀ ਹੈ। ਨੇਹਰਾ ਦੇ ਕੰਨ ਚੋਂ ਲਹੂ ਚੋ ਰਿਹਾ

ਹੈ। ਬੁੱਢੀ ਦੀ ਚੂਲੀ ਲਹੂ ਨਾਲ ਭਰੀ ਹੈ। ਸੀਨ ਦੌਰਾਨ "ਪਾਪ

ਨਿਵਾਰਣੀ ਸ੍ਰੀ ਗੰਗੇ" ਦੀ ਧੁਨ ਹੌਲੀ ਹੌਲੀ ਚਲਦੀ ਰਹਿੰਦੀ ਹੈ।)

ਬੁੱਢੀ: ਤੂੰ ਏਧਰ ਆ ਜਾ ਧੀਏ, ਏਧਰ। (ਬੈਠਦੇ ਹੋਏ) ਇਨ੍ਹਾਂ ਮਰਦੂਦਾਂ ਨੀ

ਟਿਕਣ ਦੇਣਾ ਕਿਤੇ। (ਲਹੂ ਵਾਲੀ ਚੂਲੀ ਡੋਲਦੀ ਹੈ।) ਵੇਖ ਖਾਂ, ਕਿਵੇਂ

ਪਰਲ ਪਰਲ ਲਹੂ ਵਗਣ ਡਿਆ। (ਸੂਈ ਨਾਲ ਸਿਉਂਦੀ ਹੈ। ਨੇਹਰਾ

ਕਰਾਹ ਉਠਦੀ ਹੈ।) ਨਾ ਤੁਸੀਂ ਜਾਂਦੀਆਂ ਕਿਉਂ ਹੁੰਦੀਆਂ ਇਹੋ ਜਿਹੇ

ਨੁਪੁੱਤੇ ਗਾਹਕਾਂ ਕੋਲ...,

ਨੇਹਰਾ: ਆਲੇ ਦੁਆਲੇ ਨਿਗਾਹ ਮਾਰ ਕੇ ਬੁਝੀ ਧੂਣੀ ਵਾਲੇ ਸਾਧ ਵੱਲ ਇਸ਼ਾਰਾ

ਕਰਦੀ ਹੈ। ਮੇਰਾ ਵੱਸ ਚੱਲੇ ਮਾਈ ਤਾਂ ਸਾਰੀ ਸੁਆਹ ਉੜਾ

ਦਿਆਂ...ਹੱਸਦੀ ਹੈ। ਫੂਕ ਮਾਰ ਕੇ... ।ਫੂਹ...; ਤੇ ਚਿੰਗਾਰੀ ਕਰ

ਦਿਆਂ ਨੰਗੀ... ਜਿਹੜੀ ਹੇਠਾਂ ਦੱਬੀ...(ਹੱਸਦੀ ਦੀ ਆਹ

ਨਿਕਲਦੀ...ਉ।।

ਬੁੱਢੀ: ਜ਼ਬਤ ਕਰ...ਬਸ ਥੋੜਾ ਹੋਰ... (ਜ਼ੋਰ ਲਾਉਂਦੀ ਹੈ! ਨੇਹਰਾ ਦੀ ਚੀਖ

ਨਿਕਲਦੀ ਹੈ। ਖੂਨ ਦੇ ਛਿੱਟੇ ਸਮਾਧੀ ਲਾਈ ਬੈਠੇ ਬੰਦੇ 'ਤੇ ਪੈਂਦੇ

ਹਨ। ਉਹ ਚਿਮਟਾ ਲਈ ਮਗਰ ਭੱਜਦਾ ਹੈ।

ਸਾਧ: ਠਹਿਰ ਸਤਿਆਨਾਸਿਨੀ...।ਠਗਣੀ! ਬੇੜਾ ਗਰਕ ਤੇਰਾ ਤੋ...।

(ਭੀੜ ਵਿੱਚੋਂ ਉਸ ਦੇ ਪਿੱਛੇ ਭੱਜਦਾ ਹੈ। ਬੁੱਢੀ ਇੱਕ ਪਾਸੇ ਨਿਕਲ

ਜਾਂਦੀ ਹੈ।

(ਨੇਹਰਾ ਫੂਕਾਂ ਮਾਰਦੀ ਚਿੜਾਉਂਦੀ ਹੋਈ ਉਸ ਨੂੰ ਦੌੜਾਉਂਦੀ ਹੈ।)

ਨੇਹਰਾ: ਮਾਇਆ ਮਹਾ ਠਗਣੀ ਜੰਮ ਜਾਣੀ! (ਹਸਦੀ)

(ਮਰਦਾਨਾ ਮੂਹਰਿਓਂ ਆਉਂਦਾ ਹੈ। ਨੇਹਰਾ ਉਸ ਦੇ ਪਿੱਛੇ ਹੋ ਜਾਂਦੀ

ਹੈ।

ਮਰਦਾਨਾ: ਹਰ ਹਰ ਗੀਗੇ... ਪਾਪ ਨਿਵਾਰਣੀ...ਹੱਥ ਜੋੜਦਾ ਹੈ।  (ਮਰਦਾਨੇ ਦਾ ਪਹਿਰਾਵਾ ਦੇਖ ਸਾਧ ਨੱਕ ਬੁੱਲ ਵੱਟਦਾ ਮੁੜ ਜਾਂਦਾ

ਹੈ।)

ਮਰਦਾਨਾ:(ਹੈਰਾਨ) ਤੂੰ!...(ਇੱਕ ਪਾਸੇ ਲੈ ਜਾ ਕੇ ਬਿਠਾਉਂਦਾ ਹੈ।)

ਮਰਦਾਨਾ: ਪਾਪ ਧੋਣ ਆਈ ਸੀ ਤੂੰ ਵੀ!

ਨੇਹਰਾ: ਜਿਉਂਦੇ ਜੀ ਲੋੜ ਨਹੀਂ ਖੇਚਲ ਦੀ। ਹੱਡੀਆਂ ਰੋੜਨ ਨਾਲ ਵੀ ਸਰ

ਜਾਂਦੈ। (ਮੁਸਕਰਾਉਂਦੀ ਹੈ।) ਤੂੰ ਸੁਣਾ..., ਕਿੱਥੇ ਪਹੁੰਚਿਆਂ?

ਮਰਦਾਨਾ: ਗੁਰੂ ਦੇ ਨਾਲ-ਨਾਲ!


ਨੇਹਰਾ: ਗੁਰੂ ਦੇ ਨਾਲ! (ਗੰਭੀਰ ਹੋ ਜਾਂਦੀ ਹੈ। ਅੱਖਾਂ ਬੰਦ ਕਰ ਲੈਂਦੀ ਹੈ।)

(ਨੇਹਰਾ ਉਦਾਸ ਹੋ ਜਾਂਦੀ ਹੈ। ਮਰਦਾਨਾ ਗੌਰ ਨਾਲ ਦੇਖਦਾ ਹੈ। ਪਿਛਲੇ

ਪਾਸਿਓਂ ਆਵਾਜ਼ਾਂ ਆਉਂਦੀਆਂ ਹਨ। ਮਰਦਾਨਾ ਉਠ ਕੇ ਦੇਖਦਾ ਹੈ।

ਭੀੜ ਉਲਟ ਦਿਸ਼ਾ ਵੱਲ ਜਾਂਦੀ ਹੈ।

ਮਰਦਾਨਾ: ਨਾਂਗੇ ਸਾਧ ਗੰਗਾ ਨਹਾਉਣ ਚੱਲੇ...।

(ਚੁਪੀ)

ਮਰਦਾਨਾ: ਸਭ ਉਸੇ ਪਾਸੇ ਜਾ ਰਹੇ ਨੇ...। (ਕੋਲ ਬੈਠ ਜਾਂਦਾ ਹੈ)

ਨੇਹਰਾ: (ਝਟਕੇ ਨਾਲ ਮਰਦਾਨੇ ਵੱਲ ਦੇਖਦੀ ਹੈ) ਨਾਂਗੇ! ਉਹ ਨਿਪੱਤੀ... ਯਾਦ

ਏ ਤੈਨੂੰ?

(ਮਰਦਾਨਾ ਇਕਰਾਰ 'ਚ ਸਿਰ ਹਿਲਾਉਂਦਾ ਹੈ।)

ਮਰਦਾਨਾ: (ਬਿਨਾ ਉਸ ਵੱਲ ਦੇਖੇ) ਹਾਂ...ਉਹ! ਬਿਨਾ ਛੱਤ ਦੇ ਮੰਦਰ ਹੇਠਾਂ ਬੈਠੀ

... ਸੁੱਚੀ ਅੱਗ ਵਰਗੀ...

ਨੇਹਰਾ: ਪਤਾ ਨੀ ਕਿੰਨੇ ਅਰਸੇ ਤੋਂ ਵਸਤਰ ਉਸਨੇ ਅੰਗ ਨਹੀਂ ਛੁਹਾਏ! ਤੂੰ ਕੀ

ਦੇਖਿਆ ਭਲਾ ਉਸ ਵਿੱਚ?

(ਪਿਛਲੇ ਪਾਸਿਓਂ ਨਾਂਗਿਆਂ ਦੇ ਜਲੂਸ ਦੀਆਂ ਆਵਾਜ਼ਾਂ ਆਉਂਦੀਆਂ

ਹਨ।

ਮਰਦਾਨਾ: ...ਦੇਖਿਆ, ਕੱਪੜਿਆਂ ਦੇ ਨਾਲ ਈ ... ਨਗਨਤਾ ਕਿਤੇ ਦੂਰ ਚਲੀ

ਗਈ ਏ! (ਚੁੱਪੀ) ਤੇਰਾ ਉਸਨੂੰ ਬਹੁਤ ਫ਼ਿਕਰ ਰਹਿੰਦਾ ਸੀ।

ਨੇਹਰਾ: ਸ਼ਾਇਦ ਭਵਿੱਖ ਐ ਉਹ ਮੇਰਾ! (ਚੁੱਪੀ) ਲਾਹੌਰ ਦੀ ਸਭ ਤੋਂ ਮਸ਼ਹੂਰ

ਨਾਚੀ ਸੀ, ਜਦ ਵਸਤਰ ਪਾਉਣੇ ਛੱਡੇ ਤਾਂ ਗਾਹਕ...ਡਰ ਗਏ... ਭੱਜ  ਗਏ! (ਮਰਦਾਨਾ ਕੰਬਦਾ ਹੈ) ਉਹ ਨਗਨ ਬਾਜ਼ਾਰਾਂ 'ਚ ਘੁੰਮਣ ਲੱਗੀ...ਲੋਕ

ਪੱਥਰ ਮਾਰਨ ਲੱਗੇ..., (ਪਿੱਛੋ ਸ਼ੋਰ ਸ਼ਰਾਬੇ ਤੇ ਸ਼ੰਖ, ਮਜੀਰੇ ਵਗੈਰਾ)

ਲਾਹੌਰ ਛੱਡਣ ਦਾ ਹੁਕਮ ਹੋ ਗਿਆ!

(ਮਰਦਾਨਾ ਝੁਣਝੁਣੀ ਲੈਂਦਾ ਹੈ... ਰਬਾਬ ਡਿੱਗਦੇ-ਡਿੱਗਦੇ ਬਚਦੀ

ਹੈ।)

ਨੇਹਰਾ: ...ਕੀ ਹੋਇਆ? ਮਰਦਾਨਾ: ਕੁਝ ਨਹੀਂ! (ਹੱਸਦਾ ਹੈ) ਮੈਂ ਦੇਖਿਆ...। ਅੰਗੁਲੀਮਾਲ ਦੇ

ਪੱਥਰ ਵੱਜਦੇ...ਤੇ ਆਨੰਦ ਖੜਾ... ਦੇਖ ਰਿਹਾ...! ਨੇਹਰਾ ਦੇ ਚੇਹਰੇ 'ਤੇ

ਕੋਈ ਭਾਵ ਨਾ ਦੇਖ ਕੇ) ...ਆਨੰਦ ...ਮੇਰਾ ਗੁਰੁਭਾਈ!

ਚੁੱਪੀ!!!

ਨੇਹਰਾ: ਤੂੰ ਮਿਲਿਆ ਸੀ ਉਹਨੂੰ..., ਕੁਝ ਕਿਹਾ ਸੀ ਉਸਨੇ?

ਮਰਦਾਨਾ: ਕਿਹਾ ਸੀ...ਕਿ ਕਵੀਂ ਆਪਨੇ ਸਾਈਂ ਨੂੰ...(ਖੜਾ ਹੋ ਜਾਂਦਾ ਹੈ)

"ਇੱਕ ਤਵਾਇਫ਼, ...ਖਾਲੀ ਪਿੰਡੇ ਕਿਵੇਂ ਆਵੇ! ਹਾਂ ਆ ਰੁਹ ਲੈ ਕੇ

ਆਵਾਂਗੀ! ਸਭ ਪੱਤ ਝੜੇ ਪਿੰਡੇ ਦੇ ...ਪਰ... ਰੁਹ ਨੀ ਲੱਭਦੀ..."

(ਮਰਦਾਨਾ ਨੀਵੀਂ ਪਾ ਲੈਂਦਾ ਹੈ।)

(ਲੋਕ ਦੌੜਦੇ ਹੋਏ ਜਾਂਦੇ ਹਨ। ਉਹ ਬੁੱਢੀ ਵੀ ਆਉਂਦੀ ਹੈ।)

ਬੁੱਢੀ: ਪੰਗੇ ਲੈਣੋਂ ਕਿਹੜਾ ਹਟਦੇ ਐ ਲੋਕ....,ਉਲਟੀਮਤ...

(ਨੇਹਰਾ ਉਸਨੂੰ ਰੋਕ ਕੇ ਪੁੱਛਦੀ ਹੈ)

ਨੇਹਰਾ: ਕੀ ਹੋਇਆ?

ਬੁੱਢੀ: ਓਧਰ ਕੋਈ ਉਲਟੇ ਪਾਸੇ ਈ ਪਾਣੀ ਦੇਈ ਜਾ ਰਿਹੈ। ਲਹਿੰਦੇ ਵੱਲ ਨੂੰ!

ਕੋਈ ਨਾਨਕ ਏ।(ਦੌੜ ਜਾਂਦੀ ਹੈ) ਪੰਗਾ ਪੈਣ ਵਾਲਾ।

ਮਰਦਾਨਾ: ਬਾਬਾ!

(ਉਲਟੇ ਪਾਸੇ ਦੌੜਦਾ ਹੈ।)

ਨੇਹਰਾ: ਸਾਈਂ (ਹਿਰਦੇ 'ਤੇ ਹੱਥ ਧਰ ਕੇ ਲਹਿੰਦੇ ਨੂੰ... ।।(ਅੱਖਾਂ 'ਚ ਰੋਸ਼ਨੀ

ਹੈ। ਲਹਿੰਦੇ ਵੱਲ ਨੂੰ! (ਅੱਖਾਂ ਭਰ ਆਉਂਦੀਆਂ ਹਨ। ਬਾਬਾ...!

ਫ਼ੇਡ ਆਉਟ  (ਮੰਚ 'ਤੇ ਨੇਰਾ ਪਸਰ ਜਾਂਦਾ ਹੈ। ਸੂਰਜ ਉਸਤਤੀ ਦੇ ਸ਼ਲੋਕ ਦੇ ਨਾਲ-

ਨਾਲ ਸਾਇਕ ਉੱਤੇ ਵਗਦੇ ਪਾਣੀ ਦਾ ਦ੍ਰਿਸ਼ ਉਭਰਦਾ ਹੈ। ਕੁਝ

ਪਰਛਾਵੇਂ ਪਿੱਠਾਂ ਕਰੀ ਪਾਣੀ ਦੇ ਰਹੇ ਹਨ।)

ਓਮ ਘਰਿਣੀਮ ਸੂਰਯਾ ਆਦਿਤਯਾ:;

ਓਮ ਸੂਰਯ ਨਮ, ਭਾਸਕਰਾਯ ਨਮ,

ਰਵਯ ਨਮ, ਮਿਤਰੇ ਨਮ;,

ਭਾਨਵੇ ਨਮ;, ਸਾਵਿਤ੍ਰ ਨਮ:।

(ਇੱਕ ਮਸ਼ਾਲ ਉੱਠਦੀ ਹੈ, ਪਰਛਾਵਿਆਂ 'ਚ ਕੋਹਰਾਮ ਮੱਚ ਜਾਂਦਾ

ਹੈ। ਮੰਚ 'ਤੇ ਸਿਰਫ ਮਰਦਾਨੇ ਉਪਰ ਸਪਾਟ ਲਾਈਟ ਹੈ।)

ਮਰਦਾਨਾ: (ਪਰੇਸ਼ਾਨ ਬਾਬਾ...! ਪਰਛਾਵਿਆਂ ਨਾਲ...ਇਹ...ਛੇੜ...

(ਮੰਤਰ ਰੁਕ ਜਾਂਦੇ ਹਨ। ਪਰਛਾਵਿਆਂ ਨੂੰ ਜਿਵੇਂ ਕ੍ਰੋਧ ਦਾ ਤਾਪ ਚੜ

ਜਾਂਦਾ ਹੈ। ਸ਼ੰਖ ਤੇ ਨਰਸਿੰਘੇ ਗੂੰਜ ਉਠਦੇ ਨੇ। ਦਰਮਿਆਨ ਮਸ਼ਾਲ

ਸ਼ਾਂਤ ਖੜੀ ਹੈ--ਰਬਾਬ ਵੱਜਦੀ ਹੈ--। ਇੱਕ ਸਾਇਆ ਬਾਹਾਂ ਚੁੱਕ

ਕੇ ਸਭ ਨੂੰ ਸ਼ਾਂਤ ਕਰਾਉਂਦਾ ਹੈ।)

ਪਰਛਾਵਾਂ 1: ਕੌਣ ਐਂ ਤੂੰ? ...ਹਿੰਦੂ?

ਦੂਜੇ ਪਾਸੇ ਉਹੋ ਮੌਨ ਹੈ, ਮਸ਼ਾਲ ਸ਼ਾਂਤ ਹੈ, ਰਬਾਬ ਵੱਜਦੀ ਹੈ। ਬਾਕੀ

ਪਰਛਾਵੇਂ ਰੋਹ 'ਚ ਪਾਗਲ ਹੋ ਰਹੇ ਹਨ। ਨਗਾਰੇ ਖੜਕਣ ਲਗਦੇ ਹਨ।

ਇੱਕ ਸਾਇਆ ਫੇਰ ਬਾਹਾਂ ਚੁੱਕ ਕੇ ਸਭ ਨੂੰ ਸ਼ਾਂਤ ਕਰਾਉਂਦਾ ਹੈ।)

ਪਰਛਾਵਾਂ 2: ਸੂਰਜ ਵੱਲ ਪਿੱਠ ਕਰਕੇ...ਪਾਣੀ ਕਿਸ ਨੂੰ?

ਪਰਛਾਵਾਂ 3: ਹਿੰਦੂ ਐਂ ਤਾਂ ਪਿਤਰਾਂ ਨੂੰ ਪਾਣੀ ਦੇ...।

ਰਬਾਬ ਵੱਜਦੀ ਹੈ ਤੇ ਮਸ਼ਾਲ ਸ਼ਾਂਤ! ਪਰਛਾਵੇਂ ਭੂਚੱਕੇ ਜਿਹੇ ਇੱਕ-ਦੂਜੇ ਵੱਲ ਦੇਖਦੇ ਹਨ।  ਪਰਛਾਵਾਂ 1: (ਗੁਰਜਦਾ ਹੈ) ਤੇਰੇ ਤਰਕ ਨਾਸਤਕ ਨੇ।

ਰੌਲਾ: ਘੋਰ ਨਾਸਤਿਕ!

ਰਬਾਬ!!!

ਕੋਰਸ: "ਤਰਕਾਂ ਦੀਆਂ ਸੀਮਾਵਾਂ ਨੇ, ਜਿਵੇਂ ਨਜ਼ਰ ਦੀਆਂ ਨੇ, ਇਸ ਨਾਲ ਨਾ

ਨਜ਼ਰ ਨਾਸਤਿਕ ਹੁੰਦੀ ਹੈ ਨਾ ਤਰਕ,...ਜੇ ਉਸ ਨੂੰ ਆਪਣੀ ਹੱਦ

ਨਜ਼ਰ ਆਉਂਦੀ ਏ ਤਾਂ!" ਕਿਸੇ ਨੇ ਰਬਾਬ ਦਾ ਤਨ ਛੋਹਿਆ ...

ਮਚਲਦੀ ਗੰਗਾ ਸ਼ਾਂਤ ਹੋਣ ਲੱਗੀ।

ਚੁੱਪੀ!!!

(ਪਰਛਾਵੇਂ ਇੱਕ ਦੂਜੇ ਵੱਲ ਦੇਖਦੇ ਹਨ।)

ਪਰਛਾਵਾਂ 2: ਸੱਚ-ਸੱਚ ਦੱਸ ਕਿਉਂ ਉਤਰਿਆਂ ਏ ਗੰਗਾ ਵਿੱਚ?

ਪਰਛਾਵਾਂ 3: ਹਾਂ, ਸੱਚੋ ਸਚ!

ਰੌਲਾ: ਹਾਂ! ਕਿਉਂ ਉਤਰਿਆਂ ਏ ਗੰਗਾ ਵਿੱਚ?

(ਇਸੇ ਦੌਰਾਨ ਮਰਦਾਨਾ ਤੇ ਫੇਰ ਨੇਹਰਾ ਮੰਚ 'ਤੇ ਆਉਂਦੀ ਹੈ।)

ਕੋਰਸ: ਕੋਈ ਲਾਂਬੂ ਉੱਠਿਆ, ਰਬਾਬ ਸ਼ਬਾਬ 'ਤੇ ਆਈ: "ਜੋ ਸਵਾਲ... ਖੁਦ

ਤੋਂ ਪੁੱਛਣਾ ਏ ਉਹ ਮੇਰੇ ਵੱਲ ਕਿਉਂ ਉਛਾਲ ਰਿਹੈਂ!

ਰਬਾਬ ਉੱਚੀ ਹੁੰਦੀ ਹੈ।

(ਉਹ ਪਰਛਾਵਾਂ ਸੋਚੀਂ ਪੈ ਜਾਂਦਾ ਹੈ। ਪਰਛਾਵੇਂ ਇੱਕ-ਦੂਜੇ ਵੱਲ

ਦੇਖਦੇ ਹਨ। ਮਸ਼ਾਲ ਸ਼ਾਂਤ ਹੈ... ਰਬਾਬ ਵੱਜ ਰਹੀ ਹੈ।)

ਨੇਹਰਾ: (ਦੁਹਰਾਉਂਦੀ ਹੈ। "ਜੋ ਖੁਦ ਤੋਂ ਪੁੱਛਣਾ ਏ ਉਹ ਮੇਰੇ ਵੱਲ ਕਿਉਂ ਉਛਾਲ

ਰਿਹੈਂ!

(ਦੂਜੇ ਪਾਸਿਓਂ ਸ਼ੋਰ ਫੇਰ ਉਛਾਲਾ ਖਾਂਦਾ ਹੈ। ਪਰਛਾਵੇਂ ਬੇਕਾਬੂ ਹੁੰਦੇ

ਨਜ਼ਰ ਆਉਂਦੇ ਹਨ। ਮਰਦਾਨਾ ਬਾਬੇ ਨੂੰ ਪੁਕਾਰਦਾ ਹੋਇਆ ਬਾਹਰ

ਵੱਲ ਨੱਸਦਾ ਹੈ। ਪਾਣੀ ਤੇ ਪਰਛਾਵੇਂ ਮਸ਼ਾਲ ਵੱਲ ਵਧਦੇ ਹਨ।

ਨੇਹਰਾ ਵੀ ਭੱਜਦੀ ਹੈ। ਸਾਈਕ ਤੋਂ ਦ੍ਰਿਸ਼ ਅਲੋਪ ਹੁੰਦਾ ਹੈ।)

(ਰਬਾਬ ਵੱਜਦੀ ਰਹਿੰਦੀ ਹੈ। ਮੰਚ ’ਤੇ ਹੌਲੀ ਹੌਲੀ ਰੌਸ਼ਨੀ ਹੁੰਦੀ ਹੈ।

ਚੌਗਿਆਂ, ਕਾਸਿਆਂ ਤੇ ਖੜਾਵਾਂ ਵਾਲਾ ਦ੍ਰਿਸ਼ ਮੁੜ ਉਭਰਦਾ ਹੈ। ਮਰਦਾਨਾ

ਦੂਜੇ ਪਾਸਿਓਂ ਆਉਂਦਾ ਹੈ। ਰੋਸ਼ਨੀ ਸਿਰਫ਼ ਉਸ 'ਤੇ ਰਹਿ ਜਾਂਦੀ  ਹੈ।)

ਮਰਦਾਨਾ: ਜਦ ਨੂੰ ਮੈਂ ਪੁੱਜਾ... ਬਾਬਾ ਵਿਚਾਲੇ ਖੜਾ ਸੀ, ਫਕੀਰਾਂ ਤੇ ਲੋਕਾਂ

ਵਿਚਲੀ ਥਾਂ 'ਤੇ... ਸ਼ਾਂਤ। ...ਜਟਾਧਾਰੀ ਹੱਥ ਬੰਨੀ ਖੜੇ ਸਨ। ਪਿੱਛੇ

ਖੁਸਰ ਫੁਸਰ... ਜਾਰੀ ਸੀ। ਮਰਨਾਂ ਲੋਚਦਾ ਉਹ ਲਾਹੌਰੀ ਪੰਡਤ ਕੰਬਦਾ

ਹੋਇਆ...ਬਾਬੇ ਨੂੰ ਰਾਹ ਦੇ ਰਿਹਾ ਸੀ...।

(ਰਬਾਬ ਵੱਜਦੀ ਹੈ। ਮਰਦਾਨਾ ਹੱਥ ਜੋੜ ਲੈਂਦਾ ਹੈ ਜਿਵੇਂ ਬਾਬੇ ਨੂੰ ਰਾਹ

ਦੇ ਰਿਹਾ ਹੋਵੇ। ਤੇ ਫੇਰ ਮੁੜ ਦਰਸ਼ਕਾਂ ਵੱਲ ਨੂੰ)

ਬਾਬਾ ਕੱਲਾ ਹੋਇਆ ਤਾਂ ...ਬਸ ਮੈਂ ਸੀ ...ਤੇ ਸੁਆਲਾਂ

ਦੀ ਝੜੀ: ਬਾਬਾ... ਸਨਿਆਸ ਇੰਨਾ ਉਦਾਸ ਕਿਉਂ ਹੋ ਗਿਆ...ਇੰਨਾ

ਖਿਝਿਆ ਹੋਇਆ? ਫਕੀਰਾਂ ਦੇ ਬੋਲ ਇੰਨੇ ਸਖਣੇ ਕਿਉਂ ਲਗਦੇ?

ਤੀਰਥਾਂ 'ਤੇ ਫਿਰਨ ਵਾਲੇ ਇੰਨੇ ਡਰੇ ਕਿਉਂ ਹੋਏ ਨੇ ......(ਰਬਾਬ

ਵੱਜਦੀ ਹੈ) ਬਾਬੇ ਦੇ ਬੁੱਲਾਂ 'ਤੇ ਚੁੱਪ ਮੁਸਕਾਨ ਸੀ,...ਮੈਂ ਸੁਣਿਆ!

ਕੋਰਸ: "ਜੋ ਖੁਦ ਕੋਲੋਂ ਪੁਛਣਾ ਏ ਉਹ ਮੇਰੇ ਵੱਲ ਕਿਉਂ ਉਛਾਲ ਰਿਹੈ!?

(ਆਪੇ ਹੱਸ ਪੈਂਦਾ ਹੈ। ਰਬਾਬ ਦੀ ਤੋਰ ਬਦਲਦੀ ਹੈ)

ਮਰਦਾਨਾ: ਜਿਥੇ-ਜਿਥੇ ਬਾਬਾ ਜਾਂਦਾ... ਆਵਾਜ਼ਾਂ ਨਾਲ-ਨਾਲ ਚੱਲਦੀਆਂ...

"ਉਹੀ ਐ...ਜਿਨ੍ਹੇ ਪਿਤਰਾਂ ਵੱਲ ਪਾਣੀ ਨੀ ਸੁਟਿਆ! ਫੇਰ

...ਆਵਾਜ਼ਾਂ ਦੇ ਸੁਆਲ...ਤੇ ਸੁਆਲਾਂ ਦੇ ਘੇਰੇ ਬਣ ਜਾਂਦੇ।

(ਤਿੰਨ-ਚਾਰ ਅੱਡ-ਅੱਡ ਪਹਿਰਾਵਿਆਂ ਵਾਲੇ ਇੱਕ ਗੋਲ ਦਾਇਰਾ

ਬਣਾ ਕੇ ਖੜਦੇ ਹਨ ਤੇ ਸਵਾਲ ਕਰਦੇ ਹਨ ਜਿਵੇਂ ਬਾਬਾ ਵਿਚਾਲੇ ਖੜਾ

ਹੈ। ਮਰਦਾਨਾ ਬਾਹਰੋਂ ਦੇਖਦਾ ਹੈ।)

1: ਇੰਨਾ ਕਿਉਂ ਦੁੜਾਉਂਦੇ ਓ? ਇੱਕ ਥਾਂ ਰੁਕਦੇ ਕਿਉਂ ਨੀਂ?

ਕੋਰਸ 1: ਆਸਮਾਨ ਬੋਲਿਆ...

ਕੋਰਸ 2: ਤੁਰਨਾ ਵਿਚਾਰ ਦਾ ਸੁਭਾ ਏ, ਸੁਣਨ ਲਈ ਰੁੱਕਣਾ ਪੈਂਦਾ।

2: ਫੇਰ...ਗਵਾਹੀ ਵੀ ਤਾਂ ?

ਕੋਰਸ 3: ਅੰਤਮ ਗਵਾਹੀ ਤਾਂ ਆਪਣੀ ਓ ਹੋ ਸਕਦੀ।

1: ਦੁੱਖਾਂ ਦਾ ਕੀ ਕਰੀਏ ?

ਕੋਰਸ 1: ਬੁੱਧੀ ਨੂੰ ਬਾਲ ਦੀ ਝੋਲੀ ਪਾਓ, ਜੋ ਰੋਣ ਨੂੰ ਸੋਗ ਨਹੀਂ ਬਣਨ ਦਿੰਦਾ!  ਕੋਇਲੇ ਨੇ ਹੀਰਾ ਬਣ ਜਾਣੈ!

੩: ...ਪਰ.... ਉਹ ਤਾਂ...ਫੇਰ ਮਨ...

ਕੋਰਸ 2: ਮਨ ਦੀ ਖੇਡ ਹੈ ਰੁਝੇਵਾਂ...ਉਸਨੂੰ ਇਹੋ ਪਸੰਦ ਹੈ।

(ਬੇਚੈਨ ਦਿਸਦੇ ਆਕਾਰ ਸ਼ਾਂਤ ਹੁੰਦੇ ਹਨ। ਚੁੱਪੀ!)

(ਰਬਾਬ ਵੱਜਦੀ ਹੈ। ਮਰਦਾਨਾ ਇੰਜ ਦੇਖਦਾ ਹੈ ਜਿਵੇਂ ਕੋਈ ਘੇਰੇ 'ਚੋਂ

ਨਿਕਲ ਤੁਰ ਪਿਆ ਹੋਵੇ, ਬਾਕੀ ਸਭ ਵੀ ਘੁੰਮਦੇ ਹਨ ਤੇ ਗੋਲ ਦਾਇਰਾ

ਬਣਾ ਲੈਂਦੇ ਹਨ।)

ਮਰਦਾਨਾ: ਚੰਨ ਚਾਨਣੀ ਰਾਤ ਸੀ, ਅੱਖਾਂ ਲਿਸ਼ਕਦੀਆਂ... ਜਾਂ...

ਸ਼ਬਦ!...ਨਿਰਵੈਰਤਾ ...ਨਿਰਭੈਤਾ...। ਤੋਰ ਹੋ ਤੁਰੀ ਜਾਂਦੀ...ਤੇ ਪਿੱਛੇ

ਪਿੱਛੇ (ਤੁਰ ਪੈਂਦਾ ਹੈ) ਕੋਈ ਰਬਾਬ! ਫੇਰ ਉਹ ਸ਼ਬਦ ਪਹਾੜਾਂ ਵੱਲ ਹੋ

ਤੁਰਿਆ!

ਉੱਪਰ ਦੇਖਦਾ ਹੈ। ਦੂਰ... ਢਲਾਣਾਂ 'ਤੇ...ਪਿੰਡ...ਪਹਾੜਾਂ

ਨੂੰ ਚਿਪਕੇ...ਹੋਏ ਲੱਗਦੇ। (ਪੈਰਾਂ ਵਲ ਵੇਖ ਪੈਰਾਂ ਹੇਠਲੀ ਪਗਡੰਡੀ

ਦਾ...ਅਗਲਾ ਸਿਰਾ... ਦੂਰ ਚਮਕਦਾ, ਵਿਚਕਾਰੋਂ ਸਭ ਹਰਿਆਈ ਨੇ

ਘੁੱਟ ਲਿਆ ਸੀ!

ਚਾਰੇ ਆਕਾਰ ਘੁੰਮਦੇ ਹਨ, ਮਰਦਾਨਾ ਥਾਏਂ ਖੜਾ ਹੈ।

ਰਬਾਬ ਇੱਕ ਥਾਂ 'ਤੇ ਰੁੱਕ ਜਾਂਦੀ ਹੈ। ਫੇਰ ਉਹ ਵੀ ਰੁਕ ਜਾਂਦੇ ਹਨ।)

4:ਮਨ... ...ਸ਼ਬਦ... ਇਹ ਸਭ ਤਾਂ ਫੇਰ...ਵਰਤਿਆ ਜਾ ਚੁਕਿਆ!

1: ਵੇਦ ਪੁਰਾਨ ਤਾਂ ਫੇਰ ਸਭ ਨਿਰਮੂਲ ਹੋਏ?

(ਮਰਦਾਨਾ ਸੁਣਦਾ ਹੈ।)

ਕੋਰਸ: (ਰਬਾਬ ਵੱਜੀ) ..."ਉਧਾਰ ਦਾ ਸਚ ਤਾਂ ਉਧਾਰ ਹੀ ਹੈ! ਸੇਕ ਤੇ ਸੱਚ

ਉਹੋ ਜੋ ਅੰਦਰੋਂ ਉੱਠੇ!"

2: ਤਾਂ ਫੇਰ..., ਸੁੰਨੀ ਜਗਾ ਆਉਣਾ ਵਿਅਰਥ ਹੋਇਆ?

(ਮਰਦਾਨਾ ਬੇਚੈਨ ਹੈ।)

ਕੋਰਸ: (ਬਾਬਾ ਬੋਲਿਆ): ਸੁੰਨੀ ਜਗ੍ਹਾ ਹਰ ਜਗ੍ਹਾ ਹੈ।

3: ਅਸੀਂ ਘਰ ਛੱਡ ਆਏ ਹਾਂ।

ਕੋਰਸ: ਕਾਰਣ ਤਾਂ ਛੁੱਟੇ ਨਹੀਂ, ...ਸੋ ਛੁੱਟਿਆ ਕੁਝ ਨਹੀਂ।" ਪਹਾੜੀਆਂ  ਗੂੰਜੀਆਂ!

1: ਮਤਲਬ...। ਜੋਗੀ ਤੇ ਗ੍ਰਹਿਸਥੀ ਦੀ ਸਥਿਤੀ ਕੀ ਇੱਕੋ ਹੈ?

ਚੁੱਪੀ!!!

ਕੋਰਸ: ਏਸ ਵਾਰ ਆਵਾਜ਼ ਉਦਾਸੀ ਸੀ;

ਗ੍ਰਹਿਸਥੀ ਮੰਨਦਾ ਹੈ ਭਾਈ ਕਿ ਉਸਨੇ ਫੜ ਰਖਿਆ, ...ਸਾਧੁ ਮੰਨਦਾ

ਨਹੀਂ।"

(ਰਬਾਬ ਵੱਜਦੀ ਹੈ)

ਕੋਰਸ: ਯਾਨੀ ਜਿੱਥੋਂ ਤੁਰੇ ਸੀ ਉਥੇ ਈ ਰੁਕੇ ਆਂ?

ਰਬਾਬ!!!

ਮਰਦਾਨਾ: (ਮਨਬਚਨੀ) ਇਹ ਤਾਂ ਖੁਦ ਤੋਂ ਹੀ ਪੁੱਛਣਾ ਪਵੇਗਾ!

(ਸਭ ਉਸ ਵੱਲ ਦੇਖਦੇ ਹਨ।)

ਮਰਦਾਨਾ: ਸਾਰੇ ਸਵਾਲ ਝੜ ਗਏ... ਤੇ ਜਵਾਬ ਵੀ! ਤੇ ... ਰਬਾਬ ਗਾਉਣ

ਲੱਗੀ!

(ਗੋਲ ਦਾਇਰੇ ਵਾਲੇ ਲੋਕ ਪਛਾਣ ਨਾਲ ਜੁੜੀਆਂ ਵਸਤਾਂ ਉਤਾਰਦੇ ਹੋਏ...ਅਨੰਦ

ਨਾਲ ਭਰੇ ਬਾਹਰ ਵੱਲ ਜਾਂਦੇ ਹਨ।)

ਮਰਦਾਨਾ: ਸਿਮਰਨੇ ਵੀ ਕਾਸਿਆਂ 'ਚ ਜਾ ਪਏ! ਮੌਨ ਵੱਜਦਾ ਰਿਹਾ! ਇੱਕ

ਛਿਣ ਲਈ... ਮੈਂ ਆਪਣੀ ਸੱਤਾ ਉਪਰੋਂ... ਆਪਣੇ ਆਪ ਨੂੰ...

ਗੁਜ਼ਰਦਾ ਹੋਇਆ ਦੇਖਿਆ! (ਰੁਕਦਾ ਹੈ ਜਿਵੇਂ ਮੁੜ ਦੇਖ ਰਿਹਾ ਹੋਵੇ)

ਨਿੱਕਾ ਜਿਹਾ ਛਿਣ! (ਅੱਖਾਂ 'ਚ ਰੋਸ਼ਨੀ। ਕੀ ਇਸੇ ਨੂੰ ਬਾਬਾ ਪਕੜਨਾ

ਕਹਿੰਦਾ ਹੈ? (ਚੁੱਪੀ ਦੂਜੇ ਕੰਢੇ ਇਕਤਾਰੇ 'ਤੇ ਕੋਈ ਗਾ ਰਿਹਾ

ਸੀ............

ਓ ਰੀ ਮਾਣਸ ਕੀ ਗਹਿਰਾਈ,

ਨਾ ਲਖੀ ਜਾਈ ਨਾ ਕਹੀ ਜਾਈ,

ਓ ਰੀ ਮਾਣਸ ਕੀ ਗਹਿਰਾਈ!

(ਫੇਰ ਰਬਾਬ ਰਫ਼ਤਾਰ ਫ਼ੜ੍ਹਦੀ ਹੈ। ਮੱਧਮ ਰੌਸ਼ਨੀ 'ਚ ਮਰਦਾਨਾ ਤੁਰ

ਪੈਂਦਾ ਹੈ।


ਮਰਦਾਨਾ: ਕੋਸ਼ਿਸ਼ ਬੜੀ ਕੀਤੀ ਕਿ ਸਭ..
ਸੁਣ ਸਕਾਂ...ਪਰ ਵਿੱਚ ਕਦੇ ਤਲਵੰਡੀ
ਆ ਜਾਂਦੀ... (ਚੜਾਈ ਚੜ੍ਹਨ ਵਾਂਗ ਤੁਰਦਾ ਹੈ ਤੇ ਕਦੇ... ਉਹ ਬੁੱਢੀ
ਮਾਈ... ਜੋ ਪੁਤਰਾਂ 'ਚੋਂ ਵੈਰਾਗ ਦਾ ਮੋਹ' ਕੱਢਣ ਲਈ ਇਸ ਉਮਰੇ
ਪਹਾੜ ਚੜਦੀ ਪਈ ਸੀ...(ਹੱਸਦਾ ਹੈ ਤੇ ਫੇਰ ਰੁੱਕ ਜਾਂਦਾ ਹੈ) ...ਵੈਰਾਗ
ਦਾ ਵੀ ਮੋਹ ਹੁੰਦਾ ਹੈ!

(ਸਾਹ ਲੈਂਦਾ ਹੈ। ਹੌਲੀ-ਹੌਲੀ ਰੌਸ਼ਨੀ ਵਧਦੀ ਹੈ। ਹੱਸਦਾ ਹੈ।)
ਬਸ ਇੰਨਾ ਈ ਯਾਦ ਰਿਹਾ: "ਆਪੇ ਪਟੀ ਕਲਮ ਆਪਿ ਉਪਰਿ ਲੇਖੁ
ਭਿ ਤੂੰ॥ ਏਕੋ ਕਹੀਐ ਨਾਨਕਾ ਦੂਜਾ ਹੈ ਕੂ॥"
ਇਹਨੂੰ ਬਾਬਾ ਭੁਲਣ ਈ ਨਹੀਂ ਸੀ ਦਿੰਦਾ!

(ਖੁੱਲ ਕੇ ਹੱਸਦਾ ਹੈ। ਰਬਾਬ ਦੀ ਤੋਰ ਬਦਲਦੀ ਹੈ ਸਿਖਰ ਛੋਹ ਕੇ
ਮੁੜ ਵਿਸਰਾਮ ਵੱਲ ਪਲਟਦੀ ਹੈ।
(ਅਲ੍ਹੇ ਦੁਆਲ੍ਹੇ ਦੇਖ ਕੇ ਫੇਰ ਤੁਰ ਪੈਂਦਾ ਹੈ)
ਦੂਰ ਤੱਕ ਮਕਾਰਬੀ ਸਾਧਾਂ ਦੇ ਡੇਰੇ ਸਨ। ਸਨਿਆਸ
ਉਦਾਸ ਹੋ ਗਿਆ ਸੀ! ਅਜੀਬ ਲੋਕ ਸਨ, ਮਰਜ਼ੀ ਨਾਲ... ਛੱਡਕੇ
ਆਏ ਸੀ ਸੰਸਾਰ...ਪਰ ਰਾਜ਼ੀ ਤਾਂ ਇਥੇ ਵੀ ਨਹੀਂ, ਘਿਰਣਾ ਨਾਲ
ਭਰੇ...ਪੀਤੇ, ਤੇ ਉਸੇ ਘਿਰਣਾ ਨੂੰ ਤਾਕਤ ਬਣਾ ਲਿਆ ਸੀ, ਤਪ
ਲਈ...ਘਿਰਣਾ ਦਾ ਬਾਲਣ, ਹੱਸਦਾ) (ਰੁਕ ਜਾਂਦਾ ਹੈ ਤੇ ਲੋਕਾਂ ਵੱਲ
ਦੇਖਦਾ ਹੈ। ਹਾਂ, ਸਨਿਆਸ ਉਦਾਸ ਹੋ ਗਿਆ ਸੀ।

ਦੇਹਾਂ ਦਰਿਆ ਵਾਂਗ ਸੀ ਖੜੀਆਂ ਵੀ ਤੇ ਵਗਦੀਆਂ ਵੀ,
... ਰਬਾਬ ਗਾਉਂਦੀ, "ਅਭਿਆਸ ਨੂੰ ਟੱਪ ਕੇ ਆ!" ਤੇ ਕੋਈ ਦੇਹ
ਛਾਲ ਮਾਰ ਜਾਂਦੀ... ਬੇੜੀ ਬੱਦਲ ਹੋ ਉੱਡ ਜਾਂਦੀ! (ਹੈਰਾਨ ਤੇ ਖੁਸ਼)
ਫੇ...ਵਾਜ਼ ਆਉਂਦੀ...!"ਤੂੰ ਨਿਰਾ ਬੀਜ ਥੋੜੇ ਐਂ! ...ਅੰਦਰ ਝਾਕ
... ਵੇਖ।" ਸੁਆਲਾਂ ਦੇ ਤੀਰ ... ਤੇ ਫੇਰ ਕੋਈ ਅਹੰਕਾਰ ਢਹਿ... ਸਿਜਦਾ
ਹੋ ਜਾਂਦਾ! ਇੰਜ ਦਾ ਝੁਕਣਾ ਵੇਖ ਮਨ 'ਚ ਰਸ਼ਕ ਹੁੰਦਾ...(ਮੁਸਕਾਨ)
ਬਾਬਾ ਕਹਿੰਦਾ 'ਜਾ ਤੂੰ ਮੁਕਤ ਹੋਇਆ!"



(ਮਰਦਾਨਾ ਮੁੜ ਤੁਰ ਪੈਂਦਾ ਹੈ। ਰਬਾਬ ਵੱਜਦੀ ਹੈ।)

ਓ ਰੀ ਮਾਣਸ ਕੀ ਗਹਿਰਾਈ,

ਨਾ ਲਖੀ ਜਾਈਨਾ ਕਹੀ ਜਾਈ,

ਓ ਰੀ ਮਾਣਸ ਕੀ ਗਹਿਰਾਈ!

ਫ਼ੇਡ ਆਊਟ  (ਕੁਝ ਲੋਕ ਝਾੜੀਆਂ ਆਪਣੇ ਦੁਆਲੇ ਲਪੇਟੀ ਲੁਕੇ ਹੋਏ ਨੇ। ਵਿਚੋਂ

ਝਾਕ ਕੇ ਇੱਕ ਦੂਏ ਨਾਲ ਖੁਸਰ ਫੁਸਰ ਵੀ ਕਰਦੇ ਹਨ।)

ਕਿਸਾਨ: ਐਵੇਂ ਭਾਜੜ ਪਾ 'ਤੀ! ਏਡੀ ਤੜਕੇ ਕਿਹੜੀ ਧਾੜ ਪੈਗੀ!

ਔਰਤ: ਘੋੜਿਆਂ ਦੀਆਂ ਟਾਪਾਂ ਮੈਂ ਆਪ ਸੁਣੀਆਂ! ਸੌਂ ਜਾ..(ਬੱਚੇ ਨੂੰ ਥਾਪੜਦੀ

ਹੈ।)

ਕਿਸਾਨ: ਸ਼ੀਦੇ ਹੋਰਾਂ ਨੂੰ ਵਾਜ ਦੇਤੀ ਸੀ...

(ਬਾਹਰ ਨਿਕਲ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਰਬਾਬ ਵੱਜਦੀ ਹੈ।

ਮੁੜ ਲੁਕਣ ਦੇ ਚੱਕਰ 'ਚ ਡਿੱਗ ਪੈਂਦਾ ਹੈ। ਪਿਛੇ ਮਰਦਾਨਾ ਹੈ।)

ਮਰਦਾਨਾ: (ਆਸਰਾ ਦਿੰਦਾ ਹੈ। ਵੇਖ ਕੇ ਭਾਈ! ਸੰਭਲ ਕੇ...

ਕਿਸਾਨ: ਤੂੰ ਕੌਣ ਐਂ? (ਫੇਰ ਦੂਸਰੇ ਪਾਸੇ ਨੂੰ ਦੇਖਦਾ ਹੈ।)

ਮਰਦਾਨਾ: ਮਰਾਸੀ! ਤੂੰ ਮੈਂਨੂੰ ਵੇਖਕੇ ਲੁੱਕਣ ਲੱਗਾ ਸੀ! (ਹੱਸਦਾ ਹੈ।) ਬਾਬਾ...ਵੇਖ

ਲੈ, ਕੀ ਬਣਾ ਤਾ ਈ ਮਰਾਸੀ ਦਾ! (ਆਸੇ ਪਾਸਿਓਂ ਹੋਰ ਲੋਕ ਨਿਕਲ

ਆਉਂਦੇ ਹਨ।) ਮਾਮਲਾ ਕੀ ਐ!

ਕਿਸਾਨ: ਧਾੜ ਪਈ ਏ, ਸਰਕਾਰੀ ਲਸ਼ਕਰ...(ਡਰਿਆ)

ਕਿਸਾਨ 2: ਜਜੀਏ ਦੇ ਚੱਕਰ 'ਚ ...ਉਜਾੜਾ ਪਾ ਦਿੱਤੈ। ਘਰ ਖੇਤ ਛੱਡ...ਆ

ਬੈਠੇ ਆਂ...ਬੀਹੜ...ਮੱਲ...

ਮਰਦਾਨਾ: ਪਰ ਤੂੰ ਤਾਂ ਮੋਮਨ ਲੱਗਦਾ...

ਕਿਸਾਨ: ਪਤਾ ਥੋੜੀ ਲਗਦਾ ਏ ਕਿਸ ਲਈ ਆਏ ਨੇ!

ਕਿਸਾਨ 2: ਕਿਸੇ ਨਾ ਕਿਸੇ ਪੱਜ ਫਸਾ ਈ ਲੈਂਦੇ...! ਜਜ਼ੀਆ ਨਹੀਂ ਤੇ ਜਕਾਤ

ਸਹੀ

ਔਰਤ: ਜ਼ੋਰੀਂ ਦਾਨ ਮੰਗਦੇ..., ਧੱਕੇ ਨਾਲ।

ਕਿਸਾਨ ਉਨ੍ਹਾਂ ਨੂੰ ਤਾਂ ਵਗਾਰ ਚਾਹੀਦੀ ਏ ਬਸ!  ਮਰਦਾਨਾ: ਤਾਂ ਹੀ...ਖੇਤਾਂ 'ਚ ਭੰਗ ਉੱਗੀ। ਖਾਲੀ ਪਈਆਂ ਬਸਤੀਆਂ...

ਕਿਸਾਨ 2: ਏਦੂੰ ਤਾਂ ...ਭਾਈ ਤੁਹਾਡੇ ਨਾਲ ਈ ਰਲ ਜਾਈਏ, ਤੋਰਾ ਫੇਰਾ ਈ

ਸਹੀ।

ਮਰਦਾਨਾ: ਹਸਦਾ ਹੋਇਆ ਮਰਾਸੀ ਤਾਂ ਭਰਾਵਾ ਆਪ ਭੁੱਖੇ ਐ ਚੋਂ ਪਹਿਰਾਂ

ਤੋਂ! ਬਾਬਾ! ਕੀ ਹੈ ਇਹ, ਸਨਿਆਸ ਵੀ ਉਦਾਸ ਤੇ ਗ੍ਰਿਹਸਤ ਵੀ।

ਔਰਤ: ਨਾ...! ਦੁਰਾਸੀਸ ਨਾ ਦੇਈਓ ਦਰਵੇਸ਼ੋ; ਪਹਿਲਾਂ ਈ ਨਮੋਸ਼ੀ ਦੇ ਮਾਰੇ ਆਂ

ਅਸੀਂ! ਕਦੇ ਪੰਛੀ ਪਖੇਰੂ ਨੀ ਭੁੱਖਾ ਗਿਆ ਇਨ੍ਹਾਂ ਦਰਾਂ ਤੋਂ! (ਹੱਥ

ਬੰਨਣ ਦੀ ਕੋਸ਼ਿਸ਼ ਕਰਦੀ ਹੈ। ਹੰਝੂ ਵਗ ਪੈਂਦੇ ਹਨ।)

ਮਰਦਾਨਾ: ਨਾ ਮਾਈ ਇਹ ਕੁਫਰ ਨਾ ਕਰ। ਨਾ ਮਰਾਸੀਆਂ ਤੋਂ ਕਾਹਦਾ ਡਰ।

ਕਿਸਾਨ: (ਸ਼ੱਕੀ ਅੰਦਾਜ਼ 'ਚ) ਤੂੰ ਮਰਾਸੀ..., ਤੇ ਫ਼ੇ ਉਹ ਕੌਣ ਸੀ?

ਮਰਦਾਨਾ: (ਜਿਵੇਂ ਯਾਦ ਆਉਂਦਾ ਹੈ) ਬਾਬਾ! (ਹਾਕ ਮਾਰਦਾ ਭੱਜਦਾ ਹੈ।)

(ਰਬਾਬ ਵੱਜਦੀ ਹੈ। ਸਭ ਉਸ ਵੱਲ ਦੇਖਦੇ ਹਨ। ਪਿੱਛੋਂ ਘੋੜਿਆਂ ਦੀਆਂ

ਆਵਾਜ਼ਾਂ। ਸਾਰੇ ਘਬਰਾ ਜਾਂਦੇ ਹਨ।)

ਫ਼ੇਡ ਆਊਟ  ਹੌਲੀ ਹੌਲੀ ਰੋਸ਼ਨੀ ਹੁੰਦੀ ਹੈ। ਆਵਾਜ਼ਾਂ ਆਉਣ ਲਗਦੀਆਂ ਹਨ।

ਸੈਮੀ-ਸਰਕਲ 'ਚ ਲੋਕ ਦਰਸ਼ਕਾਂ ਵੱਲ ਪਿੱਠ ਕਰੀ ਮੱਧ ਵਿੱਚ ਖਾਲੀ

ਥਾਂ ਵੱਲ ਦੇਖਦੇ ਬੈਠੇ ਹਨ।)

1: ਓ ਭਾਈ ਤੂੰ ਹੈ ਕੌਣ?

ਮਰਦਾਨਾ: (ਦੌੜਦੇ-ਦੌੜਦੇ ਡਾਉਨ ਸਟੇਜ ਤੋਂ) ਲਗਦੈ ਬਾਬੇ ਨੇ ਫੇਰ ਕੋਈ ਸ਼ਬਦ

ਮਘਾ ਲਿਆ!

2: ਕੌਣ ਦੇਸ ਸੇ ਆਇਆਂ?

ਮਰਦਾਨਾ: (ਦੌੜਦੇ-ਦੌੜਦੇ): ਉੱਡਦੀ -ਉੱਡਦੀ ਧੁਨ ਕੰਨੀਂ ਪਈ ...।

ਕੋਰਸ: "ਨਾਮ ਨਿਰੰਕਾਰੀ! ਦੇਸ ਨਿਰੰਕਾਰ!"

1:ਸਾਲਗਰਾਮ ਕਿਥੇ ਐ ਤੇਰੇ?

2: ਨਾ ਤੁਲਸੀ ਮਾਲਾ?

3:ਕਾਹਦਾ ਭਗਤ ਐਂ...

4: ਜਿੰਨੇ ਕੁ ਗ੍ਰੰਥ ਤੇਰੇ ਕੋਲ ਨੇ...

ਸਾਰੇ: ਏਦੂੰ ਵਧ ਤਾਂ ਸਾਡੇ ਕਿਸਾਨ ਚੁੱਕੀ ਫਿਰਦੇ ... (ਹਾਸਾ)

(ਰਬਾਬ ਵੱਜਣ ਲਗਦੀ ਹੈ...। ਮਰਦਾਨੇ ਦੀ ਤੋਰ ਆਪ ਮੁਹਾਰੇ ਸ਼ਾਂਤ

ਹੋਣ ਲਗਦੀ ਹੈ। ਸ਼ਾਂਤ ਹੋ ਕੇ ਅਰਧ-ਘੇਰੇ 'ਚ ਬੈਠੇ ਲੋਕਾਂ ਵੱਲ ਦੇਖਦਾ

ਹੈ!

ਮਰਦਾਨਾ: (ਦਰਸ਼ਕਾਂ ਵੱਲ ਮੁੜਦੇ ਹੋਏ) ਬਨਾਰਸ ਦੇ ਪਾਂਡੇ ਕੱਠੇ ਹੋਏ ਸੀ! ਇੱਕ

ਹੋਰ...ਇੱਕ ਤਰਫਾ ਦੰਗਲ ਸ਼ਾਂਤ ਹੋ ਗਿਆ। ਬਾਬਾ ਸਮਾਧੀ 'ਚ ...।

ਆਪਣੇ 'ਤੇ ਸੰਗ ਜਿਹੀ ਆਉਂਦੀ! ਇੱਕ ਵਾਰ ਫੇਰ ਖੁੰਝ ਗਿਆ ਸੀ  ਮੈਂ!(ਹੌਂਕਾ) ਰਬਾਬ ਹਾਲੇ ਵੀ ਵੱਜ ਰਹੀ ਲਗਦੀ ਸੀ।

(ਸਾਰੇ ਪੰਡਤ ਸ਼ਾਂਤ ਧਿਆਨ 'ਚ ਬੈਠੇ ਲਗਦੇ ਹਨ। ਮਰਦਾਨਾ ਰੀਝ

ਲਾਈ ਦੇਖਦਾ ਹੈ।)

ਮਰਦਾਨਾ: ਚੁੱਪ ਨੂੰ ਦੂਰੋਂ ... ਸੁਣਨਾ.....ਕਿੰਨਾ ਔਖਾ..., ਨੇੜਿਓਂ ਹਾਲੇ ਡਰ

ਲੱਗਦਾ!

(ਚੁੱਪੀ। ਹਨੇਰਾ ਹੋਣ ਲਗਦਾ ਹੈ।)

ਮਰਦਾਨਾ: ਜੇ ਕਿਧਰੇ ਏ ਰਬਾਬ ਨਾ ਹੁੰਦੀ! (ਮਰਦਾਨਾ ਕੰਬ ਜਾਂਦਾ ਹੈ।)

ਫ਼ੇਡ ਆਊਟ  (ਕੁੜੀਆਂ ਦਾ ਹਾਸਾ। ਮਰਦਾਨਾ ਚੁਫੇਰੇ ਦੇਖਦਾ ਹੈ! ਨੇਹਰਾ ਤੇ ਉਸ

ਦੀਆਂ ਮੁਖੌਟਿਆਂ ਵਾਲੀਆਂ ਸਾਥਣਾਂ ਮੰਚ 'ਤੇ ਆਉਂਦੀਆਂ ਹਨ।)

ਨੇਹਰਾ: ਸਾਜ਼ ਦੀ ਸਾਧਨਾ ਜਾਰੀ ਏ ਚੇਲਿਆ! (ਉਸ ਦੇ ਦੁਆਲੇ ਘੁੰਮਦੀਆਂ

ਹਨ।)

ਮਰਦਾਨਾ: ਹੁੰਅ...।। ਨੇਹਰਾਂ ਤੂੰ! ਆਪਣੀ ਸੁਣਾ ਤੂੰ!

(ਨੇਹਰਾ ਹੱਸਦੀ ਹੈ।)

ਸਾਰੀਆਂ: ਸਾਡਾ ਸਾਜ਼ ਤਾਂ...ਦੇਹ ਹੈ ਸਾਡੀ ... ਰਾਗ ਵੀ! ਇਸੇ ਦੀ ਸਾਧਨਾ

ਕਰਦੀਆਂ...

ਨੇਹਰਾ: ਕਾਮਰੂਪ ਚੱਲਿਆਂ ਚੇਲਿਆ, ਸੰਭਲ ਕੇ ਰਹੀਂ ਰਤਾ!

(ਹਸਦੀਆਂ ਜਾਂਦੀਆਂ ਹਨ।

ਮਰਦਾਨਾ: (ਉਦਾਸ ਹੋ ਜਾਂਦਾ ਹੈ) ...ਉਹ ਦੇਹ ’ਤੇ ਚੜਿਆ ਕਾਮ ਉਤਾਰਨ

ਚੱਲੀਆਂ ਸਨ ...ਤਾਂ ਜੋ ਤਾਜ਼ਾ ਦੁਮ ਦੇਹ...ਗਾਹਕਾਂ ਨੂੰ ਮਿਲ ਸਕੇ।

ਕੇਹੀ ਅਨੌਖੀ ਸਾਧਨਾ ਸੀ! ਮਨ ਕਿਉਂ ਤਾਜ਼ਾ ਦਮ ਨਹੀਂ ਹੁੰਦਾ ...

ਕਦੇ!

(ਕਬਾਈਲੀ ਸੰਗੀਤ ਸ਼ੁਰੂ ਹੁੰਦਾ ਹੈ ਤੇ ਕੋਚੀ ਕਬੀਲੇ ਦੇ ਲੋਕ ਆ ਕੇ

ਮਰਦਾਨੇ ਨੂੰ ਘੇਰਦੇ ਹਨ! ਉਨ੍ਹਾਂ ਦੀਆਂ ਅੱਖਾਂ ਸੁੱਜੀਆਂ ਤੇ ਲਾਲ ਹਨ,

ਕਪੜਿਆਂ ਨੂੰ ਲਟਕਦੀਆਂ ਰੰਗ ਬਰੰਗੀਆਂ ਡੋਰਾਂ! ਕਾਮਾਖਿਆ ਦੇਵੀ ਦੇ

ਜੈਕਾਰੇ!)

ਮਰਦਾਨਾ: (ਬੁਰੀ ਤਰ੍ਹਾਂ ਘਬਰਾਇਆ ਹੈ) ਬਾਬਾ...! ਇਹ ਕਿੱਥੇ ਲੈ ਆਇਆਂ!

ਕੋਰਸ: ਕਬਾਈਲੀ ਲੋਕਾਂ ਦੀਆਂ ਥਿਰਕ ਨਾਲ ਤਾਲ ਦੇਂਦੀ ਉਹ ਇਲਾਹੀ  ਆਵਾਜ਼ ਗੂੰਜੀ: "ਭੈਅ ਦੇ ਕੋਲ ਮਰਦਾਨਿਆ! ਡਰ ਕੋਲ..., ਬੈਠ

ਇਸਦੇ ਕੋਲ। ਨੇੜੇ ਹੋ ਕੇ ਵੇਖ ਇਸ ਨੂੰ!"

ਮਰਦਾਨਾ: ਪਰ ਨੇੜਿਓਂ ਤਾਂ... ਹੋਰ ਭੈਅ ਆਉਂਦਾ!

ਕੋਰਸ: ਬਾਬਾ ਹੱਸਿਆ: "ਐਵੇਂ ਦੂਰੋਂ ਲੱਗਦੈ; ਉਹ ਤੇਰਾ ਆਪਣੈ, ਤੇਰੇ ਈ

ਅੰਦਰ ਦਾ ਭੈਅ!"

ਮਰਦਾਨਾ: (ਥੁੱਕ ਨਿਗਲਦਾ ਹੋਇਆ) ਪਰ ਇਸਤੋਂ ਭੈਅ ਕਿਉਂ ਆਉਂਦੈ?

ਕੋਰਸ: ਬਾਬਾ ਚੁੱਪ ਸੀ। ਰਬਾਬ ਗਾਉਣ ਲੱਗੀ ਸੀ: "ਫੇਰ ਮੇਰੇ ਤੋਂ ਮੈਥੋਂ

ਪੁਛਦੈ!"

(ਰਬਾਬ ਵੱਜਦੀ ਹੈ। ਮਰਦਾਨਾ ਸ਼ਾਂਤ ਹੁੰਦਾ ਜਾਂਦਾ ਹੈ।)

(ਕਬਾਈਲੀ ਉਸਦਾ ਗਲ ਵੱਡਣ ਦੇ ਸੰਕੇਤ ਕਰਦੇ ਹਨ।)

ਮਰਦਾਨਾ: (ਖੁਦ ਨਾਲ) ਏਥੇ ਦੂਜਾ ਕੋਈ ਨਹੀਂ ਪਹੁੰਚਦਾ ਮਰਦਾਨਿਆ! ਤੂੰ

ਦੁਆਰ ਖੋਲ.. ਮਨ ਦੇ! ਆਪੇ...ਬਾਹਰ ਸੁੱਟਣਾ ਪੈਂਦਾ...ਖ਼ੁਦ ਨੂੰ!(ਡੋਲਦਾ

ਹੋਇਆ ਸਿਰ ਫੜਦਾ ਹੈ। ਇਥੇ ਤਾਂ ਕੰਧਾਂ ਈ ਕੰਧਾਂ ਨੇ! ਬਾਬਾ...!

ਦਰਵਾਜ਼ਾ...

ਕੋਰਸ: (ਗਾਇਣ) ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹਿ॥

(ਮਰਦਾਨਾ ਚੱਕਰ ਖਾਂਦਾ ਹੋਇਆ ਟਟੋਲਦਾ ਹੈ।)

(ਕਬਾਈਲੀ ਮੂਵਮੈਂਟਜ਼ ਤੇਜ਼ ਹੁੰਦੀਆਂ ਹਨ।)

ਮਰਦਾਨਾ: (ਖੁਦ ਨਾਲ ...ਸਾਜ਼ ਜਗਾ ਮਰਦਾਨਿਆ...ਸਾਜ਼। ਡਰ ਤੋਂ ਕਾਹਦਾ

ਡਰ! ਖੁਰਨ ਦੇ ਇਸ ਨੂੰ! (ਹਫ਼ਦਾ ਹੈ) ਪਰ ਇਹ ਤਾਂ ਮੈਂ ਹਾਂ! ... ਤੂੰ

ਅੱਖਾਂ ਖੋਲ੍ਹ! ਦੇਖ! ਧੁਨ ਦੀ ਲੋਂ 'ਚ ...ਦੇਖਣ ਚ ਜਾਗ!

(ਮਰਦਾਨਾ ਰਬਾਬ ਟੋਲਦਾ ਹੈ। ਰਬਾਬ ਮਿਲਦੇ ਹੀ ਉਹ ਸ਼ਾਂਤ ਹੋਣ

ਲਗਦਾ ਹੈ। ਸਾਰੇ ਆਕਾਰ ਥਾਏਂ ਰੁੱਕ ਜਾਂਦੇ ਹਨ। ਹੌਲੀ ਹੌਲੀ ਵਜਾਉਣ

ਲਗਦਾ ਹੈ। ਸਾਰੇ ਆਕਾਰ ਪਿਛੇ ਹੱਟਦੇ ਜਾਂਦੇ ਹਨ।)

ਮਰਦਾਨਾ: (ਰਬਾਬ ਵਜਾਉਂਦਾ ਹੋਇਆ ਬੋਲਦਾ ਹੈ।) ਆਪੇ...ਬਾਹਰ ਸੁੱਟਣਾ

ਪੈਂਦਾ ਇਨ੍ਹਾਂ ਨੂੰ! ... ਦੂਜਾ ਕੋਈ ਨਹੀਂ ਪਹੁੰਚਦਾ।

(ਸਭ ਮਰਦਾਨੇ ਮੂਹਰੇ ਝੁਕਦੇ ਹੋਏ ਬਾਹਰ ਜਾਂਦੇ ਹਨ। ਮਰਦਾਨਾ ਸ਼ਾਂਤ

ਸਾਜ਼ ਵਜਾ ਰਿਹਾ ਹੈ।)


ਮਰਦਾਨਾ: (ਸਿਰ ਝਟਕ ਕੇ ਸੁਫਨਾ ਟੁੱਟਿਆ...ਜਾਨ 'ਚ ਜਾਨ ਆਈ। ਓਧਰ
ਬਾਬੇ ਦੇ ਸਾਹਮਣੇ ਸ਼ਾਹ ਜਲਾਲ' ਖੜਾ ਸੀ ਬਾਹਾਂ ਅੱਡੀ, "ਚਲ ਫ਼ੇ
ਸ਼ਾਹਾ ਵਿਛੜੀਏ! "ਤੇ ਅਸੀਂ ਵਿਛੜ ਗਏ।
(ਰਬਾਬ ਵੱਜਦੀ ਹੈ ਤੇ ਮਰਦਾਨਾ ਤੁਰ ਪੈਂਦਾ ਹੈ।)
... ਕਟਕ ਦਾ ਰਾਜਾ... ਪ੍ਰਤਾਪ ਰੁਦ੍ਰਦੇਵ... ਫੇਰ ਲੈਣ ਆਇਆ।
ਰੱਜ ਸੇਵਾ ਕੀਤੀ। ਹਾਜੀਪੁਰ ਦਾ ਉਹ ਸਾਲਸ ਰਾਏ ਤੇ ਉਹਦਾ ਮੁਨੀਮ
...ਕੀ ਨਾਂ ਸੀ...ਤੇ ਉਹ...ਸ਼ਾਹੂਕਾਰ ਰਾਮ ਦੇਵ...ਕਈ ਕਈ ਵਾਰ ਤਾਂ
ਪੈਰੀਂ ਹਥ ਲਾਉਂਦੇ ਬਾਬੇ ਦੇ।

ਕੱਚਾ-ਪੱਕਾ ਖਾ ਕੇ ਮੋਟੀ ਹੋਈ ਜੀਭ ਮਰਾਸੀ ਦੀ ਮਸਤ
ਗਈ। (ਬੈਠਦਾ) ਮੁੜ ਕੇ ਮੋਟਾ-ਤਾਜ਼ਾ ਹੋ ਗਿਆ, ਤਲਵੰਡੀ ਵਰਗਾ।
ਨੌਕਰ-ਚਾਕਰ ਅੱਗੇ ਪਿਛੇ, ਮਨ ਮਚਲ ਜਾਂਦਾ ...ਮਨਾ ਏਥੇ ਈ ਟਿਕ
ਜਾ...ਥੋੜਾ ਚਿਰ ਹੋਰ! ਤੇ ਫੇਰ ਬਾਬੇ ਦੀ ਆਵਾਜ਼, "ਸਾਜ਼ ਵੱਲ ਰੁੱਖ
ਮਰਦਾਨਿਆ!" ...ਤੇ ਧੁਨਾਂ ਮੁੜ...ਰਾਹੇ ਪੈ ਜਾਂਦੀਆਂ!

ਸੁਨੇਹਾ ਉੱਡ ਗਿਆ! (ਏਲਚੀ ਵਾਂਗ ਕਟਕ ਦੇ ਰਾਜੇ ਨੂੰ
ਭਾਈ ਇੱਕ ਫਕੀਰ ਨੇ ਮੋਹ ਲਿਆ! ਨਾਲ ਉਹਦੇ ਇੱਕ ਸਾਜ਼ੀ ਵੀ ਹੈ!
(ਮੰਚ 'ਤੇ ਗੇੜਾ ਲਾਉਂਦਾ ਹੈ। ਸੰਖ ਵਰਗੀ ਟੋਪੀ...ਬਾਬੇ ਦੀ ...ਦੂਰੋਂ
ਚਮਕਦੀ। (ਪੂਰੇ ਉਤਸ਼ਾਹ 'ਚ ਨੀਲੇ ਆਸਮਾਨ ਹੇਠਾਂ ਨੀਲਾ-ਨੀਲਾ
ਉਛਲਦਾ ਸਮੁੰਦਰ...ਵਿਸਮੈ 'ਚ ਮੁਗਧ) ਮਰਾਸੀ ਦੇ ਹੋਸ਼ ਗੁੰਮ!
ਜਗਨਨਾਥ ਦੇ ਕਲਸ ਵੇਖਣੇ ਕੀਹਨੂੰ ਯਾਦ ਸੀ। ਬੱਚਿਆਂ ਵਰਗਾ
ਵਿਸਮੈ ਇਹ ਕੀ ਐ ਬਾਬਾ! ਨਾ ਵਗਦੈ ਨਾ ਖੜਦੈ...ਐਨੀ
ਤਰਲਤਾ... ਐਨੀ...ਐਨੀ... ਤਰਲਤਾ...ਏਥੇ...ਓਥੇ...ਹਰ ...ਥਾਏਂ
(ਢਹਿ ਪੈਂਦਾ ਹੈ ਜਿਵੇਂ ਸਿਜਦੇ 'ਚ ਹੋਵੇ)

ਮਰਦਾਨਾ: ਹੋਰ ਈ ਰੂਪ ਬਾਬੇ ਦਾ ਓਦਣ ਮੈਂ ਦੇਖਿਆ...ਜਦ ਜੀਅ ਕੀਤਾ...
ਸਮੰਦਰ ਬਣ ਨਿਰਤ ਕੀਤਾ, ਪਾਣੀਆਂ ਨੂੰ ਖੰਭ ਲਾਏ ਉੜਿਆ, ਤੇ ਖੜੇ
ਆਸਮਾਨ ਤੋਰ ਲਏ, (ਚੁੱਪੀ) ਤੇ ਫ਼ੇ ਮੁੜ..ਪਰਬਤੋਂ ਛਾਲਾਂ ਮਾਰਦਾ...
ਧਰਤੀਆਂ ਆਸਮਾਨਾਂ ਦੇ ਸੰਗਮ ਰਚਾਉਂਦਾ..।ਦਰਿਆ ਹੈ ਵਗ ਪਿਆ।
(ਅਚਾਨਕ ਜ਼ੋਰ ਦੀ ਕੜਕਦਾ ਹੈ। ਰੁਕ ਜਾ! ਇਹ... ਕਲਜੁਗ



ਪਾਂਡੇ ਦਾ ਲਠਮਾਰ ਸੀ। (ਚਾਰੇ ਪਾਸੇ ਦੇਖਦਾ ਹੈ) ਮੰਦਰ ਦੇ ਕਲਸ ਹੁਣ

ਦਿਖਣ ਲੱਗੇ ਸਨ। ਪਰ ਹੁਣ ਮੈਂਨੂੰ ਇਨ੍ਹਾਂ ਤੋਂ ਡਰ ਨਹੀਂ ਆਉਂਦਾ।

ਉਹੀ ਹੋਇਆ...! ਸਵਾਲਾਂ ਦੇ ਸ਼ੂਕਣੇ ਦਰਿਆ ਧੁਨਾ ਦੇ ਸਮੁੰਦਰ 'ਚ

ਸਮਾ ਗਏ... ਤੇ ਗਾਉਣ ਲੱਗੇ! ਤਣੀਆਂ ਲਾਠੀਆਂ ਸਾਜਾਂ ਵਾਂਗ ਬਗਲਾਂ

'ਚ ਜਾ ਪਈਆਂ!

(ਮੌਨ! ਜਿਵੇਂ ਦ੍ਰਿਸ਼ ਦਾ ਆਨੰਦ ਲੈ ਰਿਹਾ ਹੈ।)

ਕੋਰਸ: ਚਾਰੇ ਪਾਸੇ ਹਥਿਆਰ ਈ ਹਥਿਆਰ..., ਕਟਕ ਦਾ ਰਾਜਾ ਮੁੜ ਆ ਰਿਹਾ

ਸੀ...ਬਾਬੇ ਦੇ ਦਰਸ਼ਨਾਂ ਨੂੰ। ਪਾਂਧੇ ਆਲੇ-ਦੁਆਲੇ ਭੱਜੇ ਫਿਰਦੇ!

ਸ਼ਿਕਾਇਤ ਤਾਂ ਉਸ ਕੋਲ... ਪਹਿਲਾਂ ਈ ਪਹੁੰਚ ਗਈ ਸੀ:

ਪਾਂਧਾ: ਇਹ ਨਾਨਕ ... ਫਕੀਰ ਭਲਾ ਸਮਝਦੈ ਕੀ ਏ ਖੁਦ ਨੂੰ!

ਦੂਜਾ ਪਾਂਧਾ: ਜਗਨਨਾਥ ਦੀ ਆਰਤੀ ਵੱਲ... ਮੁੰਹ ਫੇਰ ਕੇ ਖੜ ਜਾਂਦੈ!"

ਪਾਂਧਾ: ਰੱਬ ਸਮਝਦਾ ...

(ਮਰਦਾਨਾ ਦੇਖਦਾ ਤੇ ਹਸਦਾ ਹੈ।)

(ਢੋਲਕੀ-ਸੰਖ-ਬੀਨਾਂ ਆਦਿ ਸਾਜਾਂ ਨਾਲ ਆਰਤੀ ਸ਼ੁਰੂ ਹੁੰਦੀ ਹੈ। ਪਾਂਡੇ

ਦੇ ਹੱਥ 'ਚ ਥਾਲ ਹੈ, ਜਿਸ ਵਿੱਚ ਦੋ-ਮੂੰਹਾਂ ਦੀਵਾ ਦਿਖਦਾ ਹੈ, ਧੂਫ

ਧੁਖ ਰਹੀ ਹੈ। ਰਾਜੇ ਸਮੇਤ ਅਨੇਕ ਲੋਕ ਖੜੇ ਹਨ। ਮੱਧਮ ਰੌਸ਼ਨੀ

ਕਰਕੇ ਪ੍ਰਭਾਵ ਹਨੇਰੇ ਵਾਲਾ ਹੈ। ਸੰਗੀਤ ਰੁਕਦਾ ਹੈ ਤੇ ਜੋਤ ਸੰਗਤ 'ਚ

ਘੁਮਾਈ ਜਾਂਦੀ ਹੈ। ਅਚਾਨਕ ਰਬਾਬ ਵੱਜਣ ਲਗਦੀ ਹੈ, ਮਰਦਾਨਾ

ਉਸ ਦਿਸ਼ਾ ਵੱਲ ਦੇਖਦਾ ਹੈ। ਸਭੁ ਆਰਤੀ ਛੱਡ ਉਸੇ ਪਾਸੇ ਦੇਖਣ

ਲਗਦੇ ਹਨ। ਮਰਦਾਨਾ ਹੌਲੀ ਹੌਲੀ ਧੁਨ ਦੀ ਦਿਸ਼ਾ ਵੱਲ ਖਿਚਿਆ

ਜਾਂਦਾ ਹੈ। ਪਾਂਡੇ ਗੁੱਸੇ 'ਚ ਬੁੱਲ੍ਹ ਚਿੱਥਦੇ ਹਨ।

ਫ਼ੇਡ ਆਊਟ  (ਰਬਾਬ ਵੱਜਦੀ ਹੈ ਤੇ ਮੰਚ ਉੱਤੇ ਰੋਸ਼ਨੀ ਦਾ ਇੱਕ ਸਪਾਟ ਹੌਲੀ ਹੌਲੀ

ਉਸਰਦਾ ਹੈ। ਮਰਦਾਨਾ ਪੋਲੇ ਪੈਰੀਂ ਕੋਲ ਜਾਂਦਾ ਹੈ। ਸਾਰੀ ਸੰਗਤ ਪਿਛੇ

ਆਉਂਦੀ ਹੈ।

ਮਰਦਾਨਾ: (ਮਰਦਾਨਾ ਆਕਾਸ਼ ਵੱਲ ਦੇਖਦਾ ਰੌਸ਼ਨੀ ਦੇ ਘੇਰੇ ਕੋਲ ਜਾ ਕੇ ਖੜਦਾ

ਹੈ ਤੇ ਨੀਝ ਲਾਈ ਆਸਮਾਨ ਵੱਲ ਦੇਖਦੇ ਹੋਏ)... ।ਬਾਬਾ! ਕੋਈ

ਤਰਾਨਾ ਉੱਤਰ ਰਿਹੈ...

(ਮੌਨ!)

ਕੋਰਸ: ਜਿਉਂ ਆਸਮਾਨ ਗੁਣਗੁਣਾਇਆ..."ਕੋਈ ਤਰਾਨਾ ਤੈਥੋਂ ਕਦੇ ਲੁਕਾਇਆ

ਏ ਮੀਤਾ...।

(ਮਰਦਾਨੇ ਦੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਰੌਸ਼ਨੀ ਦੇ

ਦਾਇਰੇ ਵੱਲ ਦੇਖਦਾ ਪਲਕਾਂ ਝੁਕਾ ਲੈਂਦਾ ਹੈ। ਨਿਰਤ ਕਰਦੇ ਹੋਏ

ਆਕਾਰ ਮੰਚ 'ਤੇ ਆਉਂਦੇ ਹਨ। ਆਰਤੀ ਸ਼ੁਰੂ ਹੁੰਦੀ ਹੈ।)

ਗਗਨ ਮੈ ਥਾਲ ਰਵੀ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥

ਫ਼ੇਡ ਆਊਟ  (ਰਬਾਬ ਵੱਜਦੀ ਹੈ। ਮਰਦਾਨਾ ਆਉਂਦਾ ਹੈ।)

ਮਰਦਾਨਾ: (ਬੱਚਿਆਂ ਵਾਂਗ) ਉੱਜੜ ਜਾਓ ਭਾਈ, ਉੱਜੜ ਜਾਓ...ਉੱਜੜ

ਜਾਓ।" ਨਿਰਾਲੇ ਚੋਜ...ਬਾਬੇ ਦੇ...ਸੇਵਾ ਕਰੇ ਸੋ ਉੱਜੜ ਜਾਏ ਤੇ

ਜਿਹੜੇ ਪਾਣੀ ਨਾ ਪੁਛਣ ...(ਮੁਸਕਰਾਹਟ ਚੇਹਰੇ 'ਤੇ ਫੈਲਦੀ ਹੈ)

"ਵਸੇ ਰਹੇ ਭਾਈ!",...।ਆਖੇ ਦੋਨੋ ਈ ਵਰ ਨੇ! (ਲੰਮੇ ਪੈ ਜਾਂਦਾ ਹੈ।

(ਹੱਸਣ ਵਾਲੇ ਸਾਧੂਆਂ ਦਾ ਟੋਲਾ ਮੰਚ ਉਪਰ ਆਉਂਦਾ ਹੈ ਤੇ ਮਰਦਾਨੇ

ਦੇ ਗਿਰਦ ਬੈਠ ਜਾਂਦੇ ਹਨ, ਬਿਲਕੁਲ ਚੁੱਪ ਚਾਪ। ਕੋਰਸ ਵਾਲੇ ਗਹੁ

ਨਾਲ ਉਨ੍ਹਾਂ ਨੂੰ ਦੇਖਦੇ ਤੇ ਗੱਲਾਂ ਕਰਦੇ ਹਨ।)

ਕੋਰਸ 1: ਇਹ ਤਾਂ ਉਹੀ ਨੇ ਰੱਬ ਦੀ ਘਰਵਾਲੀ ਦਾ ਨਾੜਾ ਪਰਖਣ ਵਾਲੇ।

ਕੋਰਸ 2: (ਦਰਸ਼ਕਾਂ ਵੱਲ) ਹਾਂ, ਲੱਗਦੇ ਤਾਂ ਨੇ, ਪਰ ਏਥੇ ਕਾਂਚੀਪੁਰਮ 'ਚ!

ਕੋਰਸ 3: ... ਇਹ ਉਹ ਨਹੀਂ ਹੋ ਸਕਦੇ; ਉਹ ਤਾਂ ਕਿਵੇਂ ਕੰਵਲਿਆਂ ਵਾਂਗ ਹੱਸਦੇ

ਸੀ। ਪੀਂਘ ਸਤਰੰਗੀ ਨੂੰ ਨਾੜਾ ਈ ਬਣਾ 'ਤਾਂ ਸੀ ਰੱਬ ਦੀ ਜਨਾਨੀ

ਦਾ!

ਕੋਰਸ 1: ਉਹਨੂੰ ਦੇਖ... ਜਿਹੜਾ ਮੰਜੀ 'ਤੇ ਅਪਸਰਾ ਲਈ ਥਾਂ ਛੱਡ ਕੇ ਸੌਂਦਾ

ਸੀ।

ਕੋਰਸ 2: ਤੇ ਹੁਣ ...ਲਗਦੈ ਕਦੇ ਹੱਸੇ ਹੋਣਗੇ!

(ਸਾਧੂਆਂ ਦਾ ਟੋਲਾ ਮਰਦਾਨੇ ਦੇ ਗਿਰਦ ਬੈਠਾ ਹੈ।)

ਤਿੰਨੋਂ: ਘਰਾੜੇ ਪਿਆ ਮਾਰਦੈ, ਉੱਠ!

1: ਹਾਲੇ ਤਾਈਂ ਦੁਆਰ 'ਤੇ ਬੈਠਾਂ...

2: ਗੁਰੂ ਤੇ ਦੁਆਰ ਏ...  3: ਦੁਆਰ 'ਤੇ ਕੋਈ ਬੈਠਣ ਥੋੜੀ ਆਉਂਦਾ ...

ਤਿੰਨੋਂ: ਉੱਠ ਉਜੜਨਾ ਸਿੱਖ! -2

(ਰਬਾਬ ਵੱਜਣ ਲਗਦੀ ਹੈ। ਉਹ ਜਾਂਦੇ ਹਨ। ਮਰਦਾਨਾ ਅੱਭੜਵਹਾ

ਉਠਦਾ ਹੈ, ਆਵਾਜ਼ਾਂ ਹਾਲੇ ਵੀ ਗੂੰਜ ਰਹੀਆਂ ਹਨ, ਮਰਦਾਨਾ ਉਨ੍ਹਾਂ ਦੇ

ਪਿੱਛੇ ਦੌੜਦਾ ਹੈ।)

ਕੋਰਸ: ਮਰਦਾਨਾ ਹਫ਼ਿਆ ਸੀ; ਤੇ ਸਵਾਲ ਉਸ ਨਾਲੋਂ ਵੀ ਵੱਧ.....

ਕੋਰਸ 1: ਬਾਬਾ...,ਬਾਬਾ... ਇਹ ਕੀ ਹੋਇਆ ਇਨ੍ਹਾਂ ਨੂੰ

ਕੋਰਸ 2:..., ਬੁੱਧ ਜਾਂ ਮਹਾਵੀਰ ਵਰਗਾ ਕੁਝ ... ਵੈਰਾਗ?

ਕੋਰਸ 3: ... ਉਸ ਦਿਨ ਬਾਬਾ ਗੰਭੀਰ ਸੀ, ਬੋਲਿਆ:

ਕੋਰਸ: "ਬੀਜ ਜ਼ਮੀਨ ਉਪਰ ਨਹੀਂ ਪੁੰਗਰਦਾ ਮਰਦਾਨਿਆ! ਅੰਦਰ ...ਜਾਣਾ

ਪੈਂਦਾ...ਏਕਾਂਤ 'ਚ।"

(ਵੱਜਦੀ ਰਬਾਬ 'ਚ ਮਰਦਾਨਾ ਨੀਵੀਂ ਪਾਈ ਮੰਚ 'ਤੇ ਆਉਂਦਾ ਹੈ।)

ਕੋਰਸ: ਇਸਤੋਂ ਪਹਿਲਾਂ ਕਿ ਮਰਦਾਨਾ ਕੁਝ ਹੋਰ ਪੁੱਛਦਾ..., ਕੋਈ ਨਾਂਗਾ ਫਕੀਰ

(ਉੱਚੀ ਉੱਚੀ "ਸੁੰਦਰ ਹੈ...ਸੁੰਦਰ ਹੈ..." ਕੂਕਦਾ ਕੋਲੋ ਲੰਘਿਆ।

(ਮਰਦਾਨਾ ਚੌਂਕ ਕੇ ਦੇਖਦਾ ਹੈ) ਲੋਕਾਂ ਦੀ ਭੀੜ ਪਿੱਛੇ ਤੇ...ਨਗਨਤਾ

'ਚ ਮਗਨ ਉਹ ਆਪਣੇ ਸ਼ਰੀਰ ਵੱਲ ਦੇਖਦਾ ਤੇ ਕੂਕਦਾ "ਸੁੰਦਰ

ਹੈ...। ਸੁੰਦਰ ਹੈ..."

(ਮਰਦਾਨਾ ਹੱਸਣ ਲੱਗਦਾ ਹੈ।)

ਮਰਦਾਨਾ: ਸਾਰੇ ਸੁਆਲ ਉਹਦੇ ਨਾਲ ਈ ਉੱਡ ਗਏ...ਜਾਂ ...ਖੌਰੇ ਅੰਦਰ ਲਹਿ

ਗਏ। (ਮੌਨ)

ਕੋਰਸ: ਓਧਰ ਬਾਬੇ ਨੂੰ ਕਿਸੇ ਜੈਨੀ ਸਾਧ ਨੇ ਘੇਰ ਲਿਆ ਸੀ। ਲੋਕ ਪੁੱਛਦੇ...। ਤੇ

ਬਾਬਾ ਗਾਉਂਦਾ...। ਤਰਾਨੇ ਤੁਰਦੇ ਜਾਂਦੇ। ਕਾਂਚੀਪੁਰਮ

ਤੋਂ..ਤ੍ਰਿਅਪਾਰੁਤਿ...ਤੇ ਤ੍ਰਿਵਨਮਲਾਏ, ...। ਕਹਿੰਦੇ ਨੇ ਏਥੇ ਪਾਰਬਤੀ

ਨੇ ਸ਼ਿਵਾ ਦੇ ...ਅੱਖਾਂ 'ਤੇ ਹੱਥ ਰੱਖ ਦਿੱਤੇ ਸੀ...। ਹਨੇਰਾ ਹੋ ਗਿਆ

ਸੰਸਾਰ 'ਚ। ਪਾਰਬਤੀ ਨੂੰ ਕੀਤਾ ਭੁਗਤਨਾ ਪਿਆ...।  ਮਰਦਾਨਾ: ਪਰ ਮੈਂਨੂੰ ਇਸੇ ਬਹਾਨੇ ਮਰਾਸਣ ਯਾਦ ਆ ਗਈ! (ਚੁੱਪ ਹੁੰਦੈ....,

ਮਨਾਂ ਦਾ ਕੋਈ ਭੇਤ ਨਹੀਂ, ਅਚਾਨਕ ਕਿਤੇ ਵੀ ਤਲਵੰਡੀ ਦੇ ਖੇਤ ਯਾਦ

ਆਉਣ ਲੱਗਦੇ। ਦੱਖਣ 'ਚ ਇੱਕ ਥਾਂ ਮਨਸੁਖ ਮਿਲ ਪਿਆ। ਰੱਜ

ਰੱਜ ਪੰਜਾਬੀ ਬੋਲੀ ਉਸ ਨਾਲ! ਵਪਾਰ ਕਰਦਾ ਉਹ ਏਧਰ ਆ

ਨਿਕਲਿਆ ਸੀ। ਕਹਿੰਦਾ ...

ਕੋਰਸ: "ਸੱਚਾ ਵਪਾਰੀ ਤਾਂ ਤੂੰ ਈ ਐਂ ਮਰਦਾਨਿਆ... ਗੁਰੂ ਦੇ ਨਾਲ ਐਂ!

(ਚੁੱਪੀ)

ਮਰਦਾਨਾ: ਉਨ੍ਹਾਂ ਸਾਧਾਂ ਦੇ ਬੋਲ ਮੁੜ ਗੂੰਜੇ: "ਦੁਆਰ 'ਤੇ ਕੋਈ ਬੈਠਣ ਥੋੜੀ

ਆਉਂਦਾ!' (ਹੌਂਕਾ) ਮਨਮੁਖਾ...। ਮੈਂ ਤਾਂ ਲਗਦੈ... ਬਸ ਪਿਠ ਈ

ਪਛਾਣੀ ਐ ਬਾਬੇ ਦੀ!

ਕੋਰਸ: ਬਾਬੇ ਦਾ ਹਾਸਾ ਮਰਦਾਨੇ ਨੂੰ ਰਬਾਬ ਵਾਂਗ ਸੁਣਿਆ: "ਵਗਦੇ ਪਾਣੀਆਂ

ਦੀ ਪਿਠ ਨਹੀਂ ਹੁੰਦੀ ਮਰਦਾਨਿਆ..., ਸਭ ਘੁਲਿਆ...ਮੀਤਾ।"

ਮਰਦਾਨਾ: ਬਾਬੇ ਸੁਣ ਲਿਆ ਸੀ..., ਅਣ-ਬੋਲਿਆ ਈ।

(ਫੇਰ ਮਸਤੀ 'ਚ ਤੁਰਨ ਲਗਦਾ ਹੈ)

ਕਿੰਨੀ ਦੇਰ ਇਹ ਰਸ ਅੰਦਰ ਘੁਲਿਆ ਰਿਹਾ।

(ਹੌਲੀ ਹੁੰਦਾ ਹੈ।)

ਬਾਬੇ ਦੀ ਤੋਰ ਹੋਲੀ ਹੋਈ, ਹਵਾ 'ਚ ਕੇਹੀ ਅਜਬ ਸੁਗੰਧ!

ਕੋਰਸ: " ਇਹ ਪ੍ਰੇਮ ਸੁਗੰਧੀਏ ਮਰਦਾਨਿਆ! ਇਹ ... ਸੋਰਠ ਦੇਸ, ਸੋਰਠ ਤੇ

ਬੀਜਾ...।"

(ਮਰਦਾਨਾ ਚੁਫੇਰੇ ਦੇਖਦਾ ਹੈ)

ਕੋਰਸ: "ਇੱਕ ਵਾਰ ਸੋਰਠ ਤਾਂ ਵਜਾ ਮਰਦਾਨਿਆ....ਮੁੱਹਬਤਾਂ ਦੀ ਖਾਤਿਰ!"

(ਕੁਝ ਦੇਰ ਰਬਾਬ 'ਤੇ ਉਹ ਰਾਗ ਵੱਜਦਾ ਹੈ ਜਿਸਦੇ ਨਾਲ ਮਰਦਾਨਾ

ਮਸਤਾਨਾ ਹੋਇਆ ਤੁਰਦਾ ਹੈ। ਰਬਾਬ ਦੇ ਰੁਕਦਿਆਂ ਈ ਉਹ ਵੀ ਰੁਕ

ਜਾਂਦਾ ਹੈ।)

ਮਰਦਾਨਾ: ਬਾਬਾ ਰੁਕਿਆ, ਮੂਹਰੇ ਗੁਫਾ ਭਰਥਰੀ ਦੀ..., ਤੇ ਸਫਰਾਂ ਦਾ ਝੰਬਿਆ

ਬਾਬਾ, ...ਲਗਿਆ ਭਰਥਰੀ ਸਾਹਮਣੇ ਈ ਖੜਾ। (ਰਬਾਬ ਫੇਰ ਸ਼ੁਰੂ  ਹੁੰਦੀ ਹੈ। ਮਰਦਾਨੇ ਦੇ ਹੱਥ ਜੁੜਦੇ ਹਨ) ਰਬਾਬ ਧੜਕੀ...,ਬਲਦਾ

ਦੀਵਾ ਤੇ ਬਾਬੇ ਦੇ ਬੋਲ ਲਹਿਰੋ-ਲਹਿਰ ਹੋਏ!

ਕੋਰਸ: ਲਹਿਰਾਂ ਮਥਰਾ ਪਹੁੰਚੀਆਂ।

ਮਰਦਾਨਾ: ਤਾਂ ਮਾਖਨ ਚੋਰ ਦੀ ਅੰਮੀ ਦੇ ਬਹਾਨੇ... ਅੰਮੀ ਮੂਹਰੇ ਆਣ ਖੜੀ!

ਕੋਲ ਖੜੀ ਵੀ ਪਤਾ ਨੀ ਕਿਉਂ ਬਹੁਤ ਦੂਰ ਲਗਦੀ ਸੀ..., ਮੈਥੋਂ ਅੱਖਾਂ

ਨੀ ਮਿਲਾ...; ਮੈਂ ਰਬਾਬ ਮੋਹਰੇ ਕਰ ਦਿੱਤੀ।

(ਯਾਦ ਕਰਦਾ ਹੈ।)

ਮਾਂ ਨੂੰ ਯਾਦ ਕਰਨ 'ਚ ਕੋਈ ਹਰਜ਼ ਨਹੀਂ ਮਰਦਾਨਿਆ...ਯਾਦਾਂ ਨੂੰ

ਗਿਆਨ 'ਚ ਨਹਾਉਣ ਦੇ।"

(ਮੌਨ)

ਮਜਨੂੰ ਟੀਲੇ ਤੋਂ ਗਾਉਂਦੇ ਤੁਰੇ ਤਾਂ ਕਈ ਦਰਵੇਸ਼ ਸਵਾਲ ਬਣ ਨਾਲ

ਹੋ ਤੁਰੇ:

(ਮਰਦਾਨਾ ਕਈ ਦਰਵੇਸ਼ਾਂ ਵਿਚਾਲੇ ਸੂਫ਼ੀ ਘੂਮਰ ਘੁੰਮਦਾ ਜਾਂਦਾ ਹੈ।

ਕੋਰਸ ਦੇ ਸਵਾਲ-ਜਵਾਬ।)

ਸਵਾਲ: ਫਕੀਰੀ ਬਾਣੇ 'ਚ ਕੇਸ?

ਕੋਰਸ: ਮੁੰਨਣਾ ਤਾਂ ਮਨ ਦਾ ਹੈ। ਸਰੀਰ ਦਾ ਕੀ...।

ਸਵਾਲ: ਦਰਵੇਸ਼ਾ ਨੰਗੇ ਤੇਰੇ ਪੈਰਾਂ ਦਾ ਪਹਿਰਾਵਾ ਕੀ ...

ਕੋਰਸ: ਬਾਬਾ ਬੋਲਿਆ: ਜੋ ਪਹਿਰਾਵਾ ਧੁੱਪ ਦਾ...।

ਕੋਰਸ: ਪੀਰ ਨੂੰ ਸਿਜਦਾ ਨਹੀਂ ਕਰੋਗੇ?

ਕੋਰਸ: ਇੱਕ ਹਾਸਾ ਦਸੇ ਦਿਸ਼ਾਵਾਂ 'ਚ ਭਰ ਗਿਆ......

ਕੋਰਸ: ਸਿਜਦੇ ਵਿੱਚ ਹੀ ਤਾਂ ਹਾਂ!

(ਫਕੀਰ ਘੁੰਮਦੇ ਰਹਿੰਦੇ ਹਨ। ਮਰਦਾਨਾ ਰੁਕ ਜਾਂਦਾ ਹੈ ਜਿਵੇਂ ਕੋਈ

ਸਵਾਲ ਅਟਕ ਗਿਆ ਹੋਵੇ। ਰੌਸ਼ਨੀ ਸਿਰਫ ਉਸ 'ਤੇ ਰਹਿ ਜਾਂਦੀ ਹੈ।)

ਫ਼ੇਡ ਆਊਟ  (ਮਰਦਾਨੇ ਦੀ ਰਬਾਬ ਤੇ ਆਨੰਦ ਦਾ ਕਾਸਾ ਕੋਰਸ 'ਚ ਪਏ ਹਨ।

ਕੋਰਸ ਵਾਲੇ ਆਪਸ ਵਿੱਚ ਖੁਸਰ ਫੁਸਰ ਕਰ ਰਹੇ ਹਨ। ਰੋਸ਼ਨੀ

ਆਨੰਦ ਤੇ ਮਰਦਾਨੇ 'ਤੇ ਹੁੰਦੀ ਹੈ। ਉਹ ਇੱਕ-ਦੂਜੇ ਨੂੰ ਚੁੱਪ ਕਰਾਉਂਦੇ

ਹਨ।

ਮਰਦਾਨਾ: ਕੀ ਮੈਂ ਸਚਮੁਚ ਸਿਜਦੇ ਚ ਹਾਂ? ਕੀ ਮੇਰਾ ਸਿਰ ਸੱਚੀਂਓ ਕਦੇ

ਝੁਕਦਾ..., ਝੁਕਦਾ ਤਾਂ ਪਿੱਛੋਂ ਡਰ ਝਾਤੀਆਂ ਮਾਰਦੇ... ਕੋਈ ਲੋਭ

ਲੋਕ-ਪਰਲੋਕ ਦਾ! (ਅਨੰਦ ਵੱਲ ਦੇਖਦਾ ਹੈ।) ਕੀ ਸਾਈਂ ਦਾ ਇਹ

ਸੱਚ, ਮੇਰੇ ਲਈ ਓਪਰਾ ਨਹੀਂ ..., ਸਿਰਫ਼ ਉਧਾਰ?

ਚੁੱਪੀ!!!

ਆਨੰਦ: (ਹਸਦਾ ਹੈ) ਜੋ ਖੁਦ ਤੋਂ ਪੁਛਣੈ..., ਉਹ ਮੈਥੋਂ ਪੁੱਛਦਾ ਐ!

(ਮਰਦਾਨਾ ਮੁਸਕਰਾ ਕੇ ਉਸ ਵੱਲ ਦੇਖਦਾ ਹੈ, ਤੇ ਫੇਰ ਰਬਾਬ ਲਭਣ

ਲੱਗਦਾ ਹੈ। ਆਨੰਦ ਦੇਖਦਾ ਰਹਿੰਦਾ ਹੈ।)

ਮਰਦਾਨਾ: ਮੇਰੀ ਰਬਾਬ! ਸਾਜ਼ ਮੇਰਾ....।

ਆਨੰਦ: (ਹੌਂਕਾ) ਬਿਨਾ ਰਬਾਬੋਂ ਵੱਜ ਕੇ ਦਿਖਾ ਨਾ ਮਰਦਾਨਿਆ!

(ਮਰਦਾਨਾ ਹੈਰਤ ਭਰਿਆ ਉਸ ਵੱਲ ਤੱਕਦਾ ਰਹਿ ਜਾਂਦਾ ਹੈ ਤੇ ਫੇਰ

ਧਾਹ ਕੇ ਗਲ ਨਾਲ ਲੱਗ ਜਾਂਦਾ ਹੈ। ਤੇ ਫੇਰ ਅਚਾਨਕ ਜਾਣ ਲੱਗਦਾ ਹੈ।)

ਆਨੰਦ: ਗੁਰੂਭਾਈ!

ਆਨੰਦ: (ਜਾਂਦੇ ਹੋਏ) ਕੋਈ ਉਡੀਕ ਰਿਹੈ! ਉਡੀਕ ਰਿਹਾ ਏ ਸਾਨੂੰ!

ਫ਼ੇਡ ਆਊਟ  (ਹੌਲੀ-ਹੌਲੀ ਰੌਸ਼ਨੀ ਹੁੰਦੀ ਹੈ। ਨਾਨਕੀ ਦੀ ਆਵਾਜ਼ ਆਉਂਦੀ ਹੈ:

ਵੀਰ ਆ ਗਏ! ਵੀਰ ਆ ਗਏ। ਕੱਚੀ ਲੱਸੀ ਦਾ ਛਿੜਕਾ ਕਰਾਓ!

ਮੰਚ 'ਤੇ ਚਹਿਲ ਪਹਿਲ ਹੋ ਜਾਂਦੀ ਹੈ। ਮਾਸ਼ਕੀ ਆਉਂਦੇ ਹਨ। ਇੱਕ

ਪਾਸਿਓਂ ਨਾਨਕੀ ਥਾਲ ਲਈ ਆਉਂਦੀ ਹੈ।)

ਨਾਨਕੀ: (ਖੁਸ਼ੀ 'ਚ) ਮਨਸੁਖ ਕਿੱਥੇ ਐ।

ਕੋਰਸ 1: ਉਹਨੂੰ ਤਾਂ ਜੀ...ਪਾਂਧੇ ਵੱਲ ਭੇਜਿਆ, ਹਵਨ ਹੋਏਗਾ ...

ਨਾਨਕੀ: ਅੱਛਾ ਅੱਛਾ! ਹਲਵਾਈ ਵੱਲ ਕੌਣ ਗਿਆ, ਘੁੰਗਣੀਆਂ ਬਨਾਉਣੀਆਂ

ਮਿੱਠੀਆਂ ਤੇ ਸ਼ੀਰਨੀ...। ਨਾਲੇ ਸੁਲਖਣੀ ਭਾਬੀ ਨੂੰ ਕਹੋ ਬਾਹਰ ਆਵੇ!

(ਰਬਾਬ ਵੱਜਦੀ ਹੈ। ਨਾਨਕੀ ਦੌੜ ਕੇ ਅਗਾਂਹ ਹੁੰਦੀ ਹੈ, ਮਰਦਾਨੇ ਨੂੰ

ਦੇਖ ਕੇ ਰੁਕ ਜਾਂਦੀ ਹੈ। ਵੀਰ...! (ਕੋਲ ਜਾਂਦੀ ਹੈ) ਬਾਰ੍ਹਾਂ ਸਾਲ

ਬਾਅਦ..,(ਟੋਹ ਕੇ ਦੇਖਦੀ ਹੈ) ਕਿੰਨੇ ਲਿੱਸੇ ਹੋ ਗਏ...।

(ਮਰਦਾਨਾ ਹੱਥ ਬੰਨੀ ਖੜਾ ਹੈ। ਉਸਦੀ ਨਜ਼ਰ ਪਿਛੋਕੜ 'ਚੋਂ ਝਾਕਦੇ

ਇੱਕ ਸਾਏ 'ਤੇ ਪੈਂਦੀ ਹੈ, ਨਾਨਕੀ ਉਸ ਪਾਸੇ ਮੁੜ ਕੇ ਦੇਖਦੀ ਹੈ ਤੇ

ਫੇਰ ਮਰਦਾਨੇ ਦੇ ਪਿੱਛੇ ਦੇਖਦੇ ਹੈ।)

ਨਾਨਕੀ: ਵੀਰ ਕਿੱਥੇ ਐ?

ਚੁੱਪੀ!

ਮਰਦਾਨਾ: (ਝਿਜਕਦੇ ਹੋਏ) ਉਹ ਤਾਂ...। ਬਰੋਟੇ ਹੇਠਾਂ ਈ

ਨਾਨਕੀ: ਸਫ਼ਰ ਕੱਟਿਆ ਨਹੀਂ ਹਾਲੇ..., ਬਾਰ੍ਹਾਂ ਸਾਲ ਬਾਦ ਵੀ ਘਰ ਆਉਣ ਨੂੰ

ਜੀ ਨਹੀਂ ਕੀਤਾ...

(ਮਰਦਾਨਾ ਦੇਖਦਾ ਹੈ, ਪਰਦੇ ਪਿਛਲਾ ਸਾਇਆ ਅੰਦਰ ਵੱਲ ਨੂੰ ਮੁੜ

ਜਾਂਦਾ ਹੈ।)

ਨਾਨਕੀ: ਕਿਹੜਾ ਬਰੋਟਾ?  ਮਰਦਾਨਾ: ਮੋਦੀਖਾਨੇ ਦੇ ਸਾਹਮਣੇ।

ਨਾਨਕੀ: (ਘਬਰਾ ਜਾਂਦੀ ਹੈ। ਮੋਦੀਖਾਨੇ ਦੇ!

ਮਰਦਾਨਾ: ਲੋਕਾਂ ਘੇਰ ਲਿਐ...

ਨਾਨਕੀ: ਪਰ ਕਿਉਂ ?

ਮਰਦਾਨਾ: (ਅੱਖਾਂ ਭਰ ਆਉਂਦਾ ਹੈ) ਅੱਜ ਅੰਨ ਦੀ ਚਰਚਾ ਚਲ ਰਹੀ ਹੈ, ਬੇਬੇ!

ਖਲਕਤ ਅਨਾਜ ਤੇ ਆਪਣੇ ਵਿਚਲੀ ਵਿੱਥ ਦੀ ਵਜਾਹ ਪੁਛਦੀ ਹੈ, ਤੇ

ਪੁਛਦੀ.....। (ਰੁਕ ਜਾਂਦਾ ਹੈ)

ਨਾਨਕੀ: (ਤੜਪ ਕੇ) ਕੀ ਪੁਛਦੀ ...।

ਮਰਦਾਨਾ: ਭੰਡਾਰ ਭਰੇ ਨੇ, ਲੱਦੇ ਊਠ ਹੋਰ ਤੁਰੇ ਆਉਂਦੇ...,ਪਰ ਨਾਨਕ ਦਾ

ਹੱਥ... ਕਿੱਥੇ ਐ? ਕੋਈ ਵੰਡਣ ਵਾਲਾ ਨਹੀਂ...! ਅਕਾਲ... ਓਂਕਾਰ

... ਚੁੱਪ ਵੱਟੀ ਬੈਠੇ!

ਨਾਨਕੀ: (ਏਧਰ-ਓਧਰ ਦੇਖਦੀ ਡਰ ਜਾਂਦੀ ਹੈ) ਅਸੀਂ ਸੰਸਾਰੀ ਲੋਕ ਆਂ ਵੀਰਾ।

ਖਲਕਤ ਦੀ ਬਾਂਹ ਫੜਣ ਦੀ ਹਿੰਮਤ ਨਹੀਂ ਸਾਡੇ 'ਚ। ਤੂੰ ਇਹ

ਗੱਲਾਂ...ਇਥੇ ਨਾ ਕਰ! (ਮਰਦਾਨੇ ਨੂੰ ਰੋਂਦਾ ਦੇਖ) ਵੇ ਜਾ ਵੇ ...

ਕਾਹਦਾ ਮਰਾਸੀ ਏ ਤੂੰ...ਘੜੀ ਮਗਰੋਂ ਡੁਸਕਣ ਲਗ ਜਾਂਦੈ! (ਆਪਣੇ

ਹੰਝੂ ਰੋਕਣ ਦੀ ਕੋਸ਼ਿਸ਼ ਕਰਦੀ ਹੈ।)

ਮਰਦਾਨਾ: ਮੈਂਨੂੰ ਪਤਾ...ਸਾਈਂ ਦੀ ਭੈਣ ਬਣ ਜਿਉਣਾ...ਕੋਈ ਸੌਖਾ ਨਹੀਂ।

ਨਾਨਕੀ: ਮੇਰੀ ਛੱਡ...,ਕਦੇ ਤਲਵੰਡੀ ਬਾਰੇ ਸੋਚਿਆ! (ਉਲਾਂਭਾ) ਤੁਸੀਂ ਹੋਵੋਗੇ

ਅਰਸ਼ਾਂ ਦੇ, ਪਰ ਮਾਵਾਂ ਤਾਂ ਧਰਤੀ 'ਤੇ ਰਹਿੰਦੀਆਂ! ਧੀ ਵਿਆਹੀ

ਗਈ ਤੇ ਅੰਮੀ ਆਖਰੀ ਸਾਹਾਂ ਤਾਈਂ ...(ਚੁੱਪੀ)

ਮਰਦਾਨਾ: (ਨਾਨਕੀ ਵੱਲ ਦੇਖਦੇ ਹੋਏ) ਅੰਮੀ...?

ਨਾਨਕੀ: ਮਾੜੀ ਜਿਹੀ ਬਿੜਕ ਹੁੰਦੀ ਤਾਂ ਅੱਖਾਂ ਖੋਹਲ ਦਿੰਦੀ।

(ਨਾਨਕੀ ਨੀਵੀਂ ਪਾ ਲੈਂਦੀ ਹੈ। ਮਰਦਾਨਾ ਗੋਢੇ ਟੇਕ ਲੈਂਦਾ: ਇੱਕ

ਵਖਰੇ ਸਪਾਟ ਵਿੱਚ ਉਹੀ ਨੌਜਵਾਨ ਸਾਧੂ ਕਾਸਾ ਲਈ ਆ ਖੜਦਾ ਹੈ।

ਮਰਦਾਨਾ ਉਸ ਕੋਲ ਜਾਂਦਾ ਹੈ।

ਮਰਦਾਨਾ: (ਨੌਜਵਾਨ ਸਾਧ ਦੇ ਗੱਲ ਲੱਗ ਰੋਂਦਾ ਹੈ) ਅੰਮੀ ਮਰ ਗਈ!

ਸਾਧ: ਸਾਜ਼ ਰੱਖ ਦੇ...। ਤੇ ਖੁਦ ਨੂੰ ਵੱਜਣ ਦੇ...  (ਦੂਜੇ ਪਾਸਿਓਂ ਆਨੰਦ ਵੀ ਆਉਂਦਾ ਹੈ। ਮਰਦਾਨਾ ਗੋਡਿਆਂ ਭਾਰ ਹੋ

ਕੇ ਸਾਜ਼ ਰੱਖ ਦਿੰਦਾ ਹੈ ਤੇ ਫੁੱਟ ਫੁੱਟ ਕੇ ਰੋਂਦਾ ਹੈ। ਨੌਜਵਾਨ ਸਾਧ

ਸ਼ਾਂਤ ਅੱਖਾਂ ਬੰਦ ਕਰੀ ਖੜਾ ਹੈ। ਨਾਨਕੀ ਹੈਰਾਨੀ ਨਾਲ ਉਨ੍ਹਾਂ ਵੱਲ

ਦੇਖਦੀ ਹੈ। ਪਰਦੇ ਪਿਛਲਾ ਸਾਇਆ ਮੁੜ ਆ ਕੇ ਉੱਥੇ ਖੜਦਾ ਹੈ।

ਪਿੱਛੋਂ ਰਬਾਬ ਵੱਜਦੀ ਹੈ।

ਸਾਧ: (ਅੱਖਾਂ ਬੰਦ ਨੇ ਇਹ ਦੁੱਖਾਂ ਦੀ ਬੰਦਗੀ ਏ ਮਰਦਾਨਿਆ... ਦੁੱਖਾਂ ਦੀ!

ਮਰਦਾਨਾ: (ਇੱਕ ਵਾਰ ਹੈਰਤ ਨਾਲ ਸਿਰ ਚੁੱਕ ਕੇ ਉਸ ਵੱਲ ਦੇਖਦਾ ਹੈ ਤੇ ਫੇਰ

ਫੁੱਟ ਫੁੱਟ ਕੇ ਰੋਣ ਲੱਗ ਜਾਂਦਾ ਹੈ।) ਅੰਮੀ...! (ਉਸ ਦੀਆਂ ਲੱਤਾਂ

ਨੂੰ ਗਲਵਕੜੀ ਪਾਉਂਦਾ ਹੈ)

ਸਾਧ: (ਉਵੇਂ ਹੀ ਅੱਖਾਂ ਬੰਦ ਕਰੀ ਖੜਾ ਹੈ। ਇਸ ਨੂੰ ਗਿਆਨ 'ਚ ਨਹਾਉਣ ਦੇ

ਮਰਦਾਨਿਆ! ਰੋਣ ਨੂੰ ਸੋਗ ਨਾ ਬਣਾ! ਯਾਦਾਂ ਨੂੰ ਗਿਆਨ 'ਚ

ਟੁੱਭੀ ਲੁਆ ਤੇ... ਜਾਣ ਦੇ...। ਉਨ੍ਹਾਂ ਨੇ ਘਾਟ ਬਣ ਜਾਣਾ..(ਚਿਹਰੇ 'ਤੇ

ਮੁਸਕਾਨ ਆਉਂਦੀ ਹੈ।)

(ਹੌਲੀ ਹੌਲੀ ਰੌਸ਼ਨੀ ਮੱਧਮ ਪੈਂਦੀ ਹੈ।

ਫ਼ੇਡ ਆਊਟ  (ਮੁੜ ਰੌਸ਼ਨੀ ਹੁੰਦੀ ਹੈ ਤਾਂ ਮਰਦਾਨਾ ਇਕੱਲਾ ਬੈਠਾ ਹੈ। ਅੱਖਾਂ 'ਚ

ਹੰਝੂ ਨੇ ਤੇ ਗੋਦੀ 'ਚ ਰਬਾਬ ਪਈ ਹੈ।)

ਮਰਦਾਨਾ: (ਰਬਾਬ ਛੇੜਦਾ ਹੈ। ਨਾਨਕੀ ਨੂੰ ਦੇਖ ਖੜਾ ਹੋ ਜਾਂਦਾ ਹੈ। ਉਹ ਉਸ

ਵੱਲ ਦੇਖਦੀ ਨਹੀਂ। ਉਸਦੇ ਹੱਥਾਂ 'ਚ ਥਾਲ ਦੇਖ ਕੇ ਹੈਰਾਨ ਹੁੰਦਾ

ਹੈ। ਇਹ...ਇੰਨਾ...ਕੁਝ... ਕੀ ਐ ਭੈਣੇ!

ਨਾਨਕੀ: ਮੈਥੋਂ ਕੀ ਪੁੱਛਦੇ...ਓ! (ਜਿਵੇਂ ਜਜ਼ਬਾਤਾਂ ਨੂੰ ਬੰਨ ਮਾਰ ਰਹੀ ਹੋਵੇ) ਇਹ

...ਫੜ੍ਹ ਦਵਾਤ ਤੇ ਏ ਸਿਆਹੀ, ਸੁੱਲਖਣੀ ਨੇ... ਆਪ ਘੋਲੀ ਏ...;

ਕਲਮ ਆਪੇ ਘੜ ਲਈਓ; (ਰੋਣਾ ਰੋਕਦੇ ਹੋਏ ਦੂਜਾ ਥਾਲ ਫੜਾਂਦੀ

ਹੈ।) ਤੇ ਇਹ ਚੋਗੇ...,ਸਰਦੀਆਂ ਦੇ ਵੀ ਵਿੱਚ ਈ ਨੇ, (ਗੌਰ ਨਾਲ

ਦੇਖ ਕੇ) ਲਿੱਸੇ ਨਾ ਹੋ ਕੇ ਆਇਓ! (ਮਰਦਾਨਾ ਅੱਖਾਂ ਭਰ ਆਉਂਦਾ

ਹੈ।)

ਐਵੇਂ ਗਲੇਡੂ ਨਾ ਵਿਖਾ... ਉਹਨੂੰ ਵੇਖ (ਥੋੜਾ ਜਿਹਾ ਪਿੱਛੇ ਵੱਲ

ਝਾਕਦੀ ਹੈ। ਜਿਨ੍ਹੇ ਫੇਰ ਤੁਹਾਡੀਆਂ ਪਿੱਠਾਂ ਵੇਖਣੀਆਂ ...। (ਮਰਦਾਨਾ

ਪਿੱਛੇ ਵੱਲ ਝਾਕਦਾ ਹੈ।)

(ਰਬਾਬ ਵੱਜਦੀ ਹੈ।)

...ਝੱਲੀ ਆਂ ਮੈਂ ਵੀ..., (ਮੱਥਾ ਝਟਕਦੀ ਹੈ) ਮੇਰੇ ਜੋਗੀ ਵੀਰ ਹੱਜ ਨੂੰ

ਚੱਲੇ ਤੇ ਮੈਂ...(ਹੰਝੂ ਪੂੰਝਦੀ ਹੈ।)

ਮਰਦਾਨਾ: (ਹੈਰਾਨ) ਹੱਜ!

ਨਾਨਕੀ: ਤਲਵੰਡੀ ਹੋ ਕੇ ਜਾਇਓ... ਨਹੀਂ...ਯਾਤਰਾ ਪੂਰੀ ਨੀ ਹੋਣੀ! ਹੰਝੂ

ਪੂੰਝਦੀ ਜਾਂਦੀ ਹੈ।)

(ਮਰਦਾਨਾ ਝੋਲਾ ਤਿਆਰ ਕਰਦਾ ਹੈ।)

ਕੋਰਸ: ਜੋ ਰੁਕਿਆ ਨਹੀਂ ਸੀ ਉਹ ਫੇਰ ਤੁਰ ਪਿਆ...  ਮਰਦਾਨਾ: (ਤੁਰਦੇ ਤੁਰਦੇ) ਕਿੰਨੀ ਦੇਰ ਤਾਈਂ ਉਹ ਆਵਾਜ਼ ਪਿੱਛਾ ਕਰਦੀ

ਰਹੀ...

ਨਾਨਕੀ ਦੀ ਆਵਾਜ਼: ਵੀਰਨੋਂ ਤਲਵੰਡੀ ਵਿਚ ਦੀ ਜਾਇਓ... ਨਹੀਂ...ਯਾਤਰਾ

ਪੂਰੀ ਨੀ ਹੋਣੀ!"

(ਚੁੱਪੀ)

ਮਰਦਾਨਾ: ਤਲਵੰਡੀ ਵੜਦਿਆਂ ਈ...ਮੋਹਰਿਓ...ਮਾਸੀ ਦੌਲਤਾਂ...(ਜਿਵੇਂ ਕਿਸੇ

ਨੂੰ ਦੇਖ ਕੇ ਚੁੱਪ ਹੋ ਜਾਂਦਾ ਹੈ।

ਕੋਰਸ ਚੋਂ ਇੱਕ ਜਣਾ: ਆਹਾਹਾ ਹਾਅ ਵੇਖ ਲਓ, ਵੇਖ ਲਓ...ਤਲਵੰਡੀ ਵਾਲਿਓ...

ਆ ਗਈਆਂ ਮਾਵਾਂ ਦੀਆਂ ਭੁੱਲਾਂ!

ਕੋਰਸ ਖੁੱਲ ਕੇ ਹੱਸਦਾ ਹੈ।

ਮਰਦਾਨਾ: (ਹੱਸਦੇ ਹੋਏ) ਵੇਖ ਲੈ ਬਾਬਾ... ਆਹ ਕਦਰ ਐ ਆਪਣੀ ਤਲਵੰਡੀ

'ਚ।

(ਇੱਕ ਥਾਂ 'ਤੇ ਬੈਠ ਕੇ ਜਗਾਹ ਨੂੰ ਹੱਥ ਨਾਲ ਛੁਂਹਦਾ ਹੈ 1) ਬਾਬਾ ਭੁੰਜੇ

ਈ ਬੈਠਾ ਸੀ, ਮਾਤਾ ਤ੍ਰਿਪਤਾ ਦੇ ਅਥਰੂਆਂ ਨੂੰ ਧਰਤੀ 'ਚ ਸਿੰਮਦਾ

ਵੇਖਦਾ।

(ਤੇ ਫੇਰ ਦੂਜੇ ਪਾਸੇ ਦੇਖਦਾ ਹੈ। ਥੱਕਿਆ ਜਿਹਾ ਉੱਠਦਾ ਹੈ) ਅੰਮੀ ਦੀ

ਕਬਰ 'ਤੇ ਸਿਜਦਾ ਕੀਤਾ...ਕੱਠਿਆਂ! (ਆਕਾਸ਼ ਵੱਲ ਦੇਖਦਾ ਹੈ)

ਬੱਦਲ ਪਤਾ ਨੀ ਕਿੱਥੋਂ ਘਿਰ ਆਏ ਸਨ।

(ਰਬਾਬ ਵੱਜਦੀ ਹੈ। ਕੋਰਸ ਮਰਦਾਨੇ ਦੀ ਰਬਾਬ ਨੂੰ ਹਰੀ ਪੱਟੀ

ਲਪੇਟਦਾ ਹੈ।)

(ਆਕਾਸ਼ ਵੱਲ ਦੇਖਦਾ ਤੁਰਦਾ ਹੈ) ਵੱਡੀਆਂ-ਵੱਡੀਆਂ ਡਿੰਗਾਂ ਭਰਦਾ

...ਆਕਾਸ਼ ਰੁੜ੍ਹ ਪਿਆ ਸੀ। ਪਹਿਲੀ ਵਾਰ ਕਿਸੇ ਨੇ ਰਬਾਬ ਨੂੰ ਹਾਜੀ

ਬਣਾਇਆ! (ਰਬਾਬ ਨੂੰ ਸਿਰੋਂ ਉੱਚਾ ਕਰਕੇ ਦੇਖਦਾ ਤੁਰਦਾ ਹੈ।)

ਕੋਰਸ 1: ਹਾਜੀ ਹੀ ਹੋ ਕੇ ਆਈਂ...ਹੋਰ ਕਿਤੇ ਮਰਾਸਣ ਨੂੰ... (ਸਾਰੇ ਖੁੱਲ੍ਹ ਕੇ

ਹਸਦੇ ਹਨ)

ਕੋਰਸ 2: ਚੁੱਪ ਕਰੋ ਓਇ! ਵੇਖਦੇ ਨਹੀਂ ਮੀਰ ਜੀ ਹੱਜ ਨੂੰ ਚੱਲੇ... ਸਿਰ 'ਤੇ  ਜੋਗੀਆ ਲਪੇਟ ਕੇ...(ਹੱਸਦਾ ਹੈ)

ਕੋਰਸ 3: ਹੱਥ 'ਚ ਸਾਜ਼ ਤੇ ਗੱਲ 'ਚ ਰੁਦਰਾਖਸ਼ ਦੀ ਮਾਲਾ। ਸ਼ਹੀਦ ਹੋਣ ਦੀ

ਇਹ ਵੀ ਚੰਗੀ ਤਰਕੀਬ ਏ!

ਸਾਰੇ ਹੱਸਦੇ ਹਨ।

ਮਰਦਾਨਾ: ਤੇ ਮੱਕੇ ਦੇ ਰਾਹਾਂ ਨੂੰ ਗੀਤ ਸੁਣਾਂਦਾ ਬਾਬਾ ਤੁਰਿਆ ਗਿਆ!

(ਪਿੱਛੇ ਪਿੱਛੇ ਤੁਰਦਾ ਹੈ। ਹਰੇ ਚੋਗਿਆਂ ਵਾਲੇ ਕਈ ਲੋਕ ਕਾਫ਼ਿਲੇ 'ਚ

ਸ਼ਾਮਿਲ ਹੁੰਦੇ ਹਨ। ਪੀਰਾਂ ਤੇ ਖਾਦਿਮਾਂ ਦਾ ਫਰਕ ਸਾਫ਼ ਨਜ਼ਰ ਆਉਂਦਾ

ਹੈ। ਸਾਰੇ ਉਨ੍ਹਾਂ ਨੂੰ ਘੂਰ ਘੂਰ ਲੰਘਦੇ ਹਨ। ਕੁਝ ਤਾਂ ਰਬਾਬ ਵੱਲ

ਇਸ਼ਾਰਾ ਕਰਕੇ ਪੀਰਾਂ ਵੱਲ ਸੈਨਤ ਮਾਰਦੇ ਹਨ। ਮਰਦਾਨਾ ਮੁਸਕਰਾ

ਛੱਡਦਾ ਹੈ।)

ਮਰਦਾਨਾ: ਖਾਦਿਮਾਂ ਦੇ ਦਿਲਾਂ ਨੂੰ ਡਰ ਚੂੰਡੀਆਂ ਵੱਢ-ਵੱਢ ਖਾਂਦਾ, ਭਲਾ

ਮਖਦੂਮ ਕੀ ਕਹਿਣਗੇ...

(ਇੱਕ ਜਣਾ ਮੋਢਾ ਮਾਰਦਾ ਲੰਘਦਾ ਹੋਇਆ ਪੁੱਛਦਾ ਹੈ:)

1: (ਆਕੜ ਕੇ) ਹਿੰਦੂ ਏਂ ਕੇ ਮੁਸਲਮਾਨ?

ਮਰਦਾਨਾ: (ਜਵਾਬ ਦੇਣ ਲਗਦਾ...ਪਰ ਉਹ ਰੁੱਕਦਾ ਨਹੀਂ।) ਜਵਾਬ ਦੇਣ ਨੂੰ

ਜੀ ਕਰਦਾ... ਤਾਂ ਦਿਖਦਾ... ਸੁਣਨ ਵਾਲਾ ਤਾਂ ਹੈ ਈ ਨਹੀਂ। (ਉਦਾਸ

ਹੋ ਕੇ ਉਨ੍ਹਾਂ ਦੀ ਪੈਂਠ ਇੰਦਰੀਆਂ ਤੋਂ 'ਗਾਂਹ ਨਹੀਂ ਸੀ ... ਉਹ

ਵਿਚਾਰੀਆਂ ਮੂਰਤ ਨਾਲ ਖਹਿ ਮੁੜ ਜਾਂਦੀਆਂ!

ਕੋਰਸ: (ਉਤਸ਼ਾਹ 'ਚ) ਤੇ ਦੂਰੋਂ ਰਬਾਬ ਗੂੰਜਦੀ ਦਰਿਆ ਨੂੰ ਝੂਮਦੇ ਦੇਖ

ਮਰਦਾਨਿਆ...ਵੇਖ...ਕੰਢੇ ਪਾਣੀ...ਹੁੰਦੇ ਜਾਂਦੇ...

ਮਰਦਾਨਾ: (ਇੱਕ ਵਾਰ ਤਾਂ ਸੁੰਨ ਖੜਾ ਰਹਿ ਜਾਂਦਾ ਹੈ! ਰਬਾਬ ਵੱਜਦੀ ਦੂਰ ਹੁੰਦੀ

ਜਾਂਦੀ ਹੈ। ਫੇਰ ਬਾਬੇ ਨੂੰ ਅੱਗੇ ਲੰਘਆ ਵੇਖ) ਬਾਬਾ...! (ਮੰਚ 'ਤੋਂ

ਬਾਹਰ ਜਾਂਦਾ ਹੈ।

(ਤੁਰਦੇ ਤੁਰਦੇ...ਕੁਝ ਲੋਕ ਨਮਾਜ਼ ਲਈ ਮੁਸੱਲੇ ਵਿਛਾਉਂਦੇ ਹਨ। ਸਿਜਦੇ

'ਚ ਹੁੰਦੇ ਹਨ, ਰਬਾਬ ਨੇੜੇ ਆਉਂਦੀ ਹੈ...ਉਨ੍ਹਾਂ ਲੋਕਾਂ ਦੀ ਬੇਚੈਨੀ

ਵਧਦੀ ਹੈ। ਮਰਦਾਨਾ ਮੁੜ ਮੰਚ 'ਤੇ ਆਉਂਦਾ ਹੈ ਤੇ ਉਨ੍ਹਾਂ ਨੂੰ ਦੇਖ  ਰਬਾਬ ਬੰਦ ਕਰ ਦਿੰਦਾ ਹੈ ਤੇ ਇੱਕ ਪਾਸਿਓਂ ਦੀ ਹੋ ਕੇ ਲੰਘਦਾ ਹੈ ਤੇ

ਫੇਰ ਦਰਸ਼ਕਾਂ ਨੂੰ ਮੁਖਾਤਬ ਹੁੰਦਾ ਹੈ)

ਮਰਦਾਨਾ: ਬਾਬਾ ਹਾਲੇ ਦੂਰ ਸੀ, ਜੀਅ ਕੀਤਾ ਰਬਾਬ ਤੋਂ ਈ ਪੁੱਛ ਲਵਾਂ...,

ਇਹ ਡਰੇ ਹੋਏ ਮਨ ਸਿੱਜਦਾ ਕਿਵੇਂ ਕਰਣਗੇ!

ਫ਼ੇਡ ਆਊਟ  (ਰੌਸ਼ਨੀ ਮੁੜ ਕੋਰਸ 'ਤੇ ਹੁੰਦੀ ਹੈ।

ਕੋਰਸ: ਬਾਬੇ ਦੀ ਪਿੱਠ ਮੁਸਕਰਾਉਂਦੀ! ਉਸਦਾ ਜਲੌਅ ਈ ਵੱਖਰਾ...ਸਫਰਾਂ

ਵਰਗੇ ਨੈਣ-ਨਕਸ਼ ਤੇ ਚੇਹਰਾ ਸਦਾ..ਠਹਿਰਿਆ ਪੜਾਵ। ਲੰਘਦੇ ਲੰਘਦੇ

ਕੁਝ ਪੀਰ ਸਿਰ ਨਿਵਾ ਜਾਂਦੇ!

ਮਰਦਾਨਾ: ਆ ਗਿਆ... ਹਿੰਗਲਾਜ... ਠਾਠਾਂ ਮਾਰਦਾ! ਰਾਤ ਦਰਿਆ ਕੰਢੇ ਇਕ

ਮੰਦਰ 'ਚ ਕੱਟੀ। ਹਿੰਦੂ ਕਹਿੰਦੇ... ਕਾਲੀ ਏ...ਤੇ ਮੁਸਲਮਾਨ

"ਨਾਨੀ ਦੇਵੀਂ"। ਹਿੰਗਲਾਜ ਤੋਂ ਸੋਨਮਿਆਨੀ, ਕਲਹਟ, ਅਦਨ ਤੋਂ

ਜੱਦਾ ਤੇ ਫੇਰ ਹਾਜੀਆਂ ਦੀ ਬੰਦਰਗਾਹ...

ਕੋਰਸ: ..."ਅਲਅਸਵਦ"!

ਮਰਦਾਨਾ: ਇੱਕ ਦਿਸ਼ਾ ਵੱਲ ਦੇਖਦੇ ਹੋਏ ਬਾਬਾ ਸ਼ਾਂਤ ਪਾਣੀਆਂ 'ਤੇ ਪੰਛੀਆਂ

ਦੇ ਪਰਾਂ ਦੇ ਹਿਲੋਰ ਦੇਖ ਰਿਹਾ ਸੀ ਕਿ ਚੁਫੇਰਿਓਂ ਸ਼ੋਰ ਉਠਿਆ:

ਕੋਰਸ: ਦਾਰ ਉਲ ਇਸਲਾਮ, ਦਾਰ ਉਲ ਇਸਲਾਮ!

ਮੋਮਿਨਾਂ ਦੀ ਧਰਤੀ ਆ ਗਈ -2-।

(ਕੁਝ ਲੋਕ ਖੁਸ਼ੀ 'ਚ ਇੱਕ ਦੂਜੇ ਨੂੰ ਗਲੇ ਲਾਉਂਦੇ ਹਨ, ਮੁਬਾਰਕਬਾਦ

ਦਿੰਦੇ ਹਨ ਤੇ ਵਿਚ-ਵਿਚ ਉਨ੍ਹਾਂ ਵੱਲ ਵੀ ਦੇਖਦੇ ਹਨ। ਇੱਕ ਨੁੱਕਰ

ਵਿਚ ਕੁਝ ਲੋਕ ਇਕੱਠੇ ਹੋਣ ਲਗਦੇ ਹਨ। ਮਰਦਾਨਾ ਆਪਣੀ ਪੋਟਲੀ

ਖੋਲ੍ਹਦਾ ਹੈ। ਰੌਸ਼ਨੀ ਸਿਰਫ਼ ਲੋਕਾਂ ਵਾਲੇ ਸਰਕਲ 'ਤੇ ਸਿਮਟਦੀ ਹੈ।

ਉਹ ਖੁਸਰ ਫੁਸਰ ਕਰ ਰਹੇ ਹਨ। ਮਰਦਾਨੇ ਵਾਲੇ ਸਰਕਲ 'ਚ ਸਿਰਫ

ਰਬਾਬ, ਕਲਮ-ਦਵਾਤ ਤੇ ਕੁਝ ਕਿਤਾਬਾਂ ਪਈਆਂ ਹਨ, ਉੱਥੇ ਹਲਕੀ

ਰੌਸ਼ਨੀ ਹੈ। ਦੂਜੇ ਪਾਸੇ ਸ਼ੋਰ ਦੇ ਨਾਲ-ਨਾਲ ਰੌਸ਼ਨੀ ਵਧਦੀ ਹੈ ਨਾਲ ਹੀ  ਰੌਲਾ... "ਪਰ ਇਹ ਹੈ ਕੌਣ? "।)

ਆਵਾਜ਼ਾਂ 1: ਕੋਈ ਹਿੰਦੀ ਐ!

2: ਗੱਲਾਂ ਬੜੀਆਂ ਅਜਬ ਨੇ... ਅਖੇ ਜੋ ਹੱਦ ਤੁਹਾਡੀ ਉਹੀ ਤੁਹਾਡੇ ਗਿਆਨ

ਦੀ!

ਜੀਵਨ ਸ਼ਾਹ: (ਉੱਚੀ) ਪਰ ਹੈ ਤਾਂ ਕਾਫ਼ਰ। ਹੱਜ ਦਾ ਹੱਕ ਕੋਈ ਨਹੀਂ ਉਸਨੂੰ।

3: ਪਰ ਕੀ ਕਹਿ ਕੇ ਰੋਕੋਗੇ?

2: ਅੱਲਾਹ ਦੇ ਦਰ ਬੰਦ ਨਹੀਂ ਕਰ ਸਕਦੇ!

ਜੀਵਨ: ਵਿਖਦਾ ਨਹੀਂ ਤੁਹਾਨੂੰ ਸਾਜ਼ ਸਿਰ ਹਰੀ ਪੱਟੀ ਬੰਨ ਰੱਖੀ! ਪਾਕ ਕੁਰਾਨ

ਦੇ ਨਾਲ ਕਾਫਰਾਂ ਦੀ ਉਹ ਕਿਤਾਬ...(ਕੰਨਾਂ ਨੂੰ ਹੱਥ ਲਾ ਕੇ ਤੌਬਾ

ਕਰਦਾ ਹੈ) ਕੀ ਇਹ ਸਭ ਕੁਫਰ ਨਹੀਂ...

2: ਉਸਨੂੰ ਉਹ ਪ੍ਰਾਣਾਂ ਦਾ ਗੀਤ ਕਹਿੰਦਾ!

(ਰੌਲਾ ਪੈ ਜਾਂਦਾ ਹੈ। ਬਹਾਉਦੀਨ ਮਖਦੂਮ ਤੇ ਅਬਦੁਲ ਵਹਾਬ ਜਿਹੜੇ

ਹੁਣ ਤੱਕ ਚੁੱਪ ਬੈਠੇ ਸਨ। ਇਕ ਦੂਜੇ ਵੱਲ ਦੇਖਦੇ ਹਨ। ਬਹਾਉਦੀਨ

ਖੜਾ ਹੁੰਦਾ ਹੈ। ਖ਼ਾਦਿਮ ਇਕ ਦੂਜੇ ਨੂੰ ਚੁੱਪ ਹੋਣ ਦਾ ਇਸ਼ਾਰਾ ਕਰਦੇ

ਹਨ।)

ਬਹਾਉਦੀਨ: ਤੁਸੀਂ ਤੇ ਖੁਦ ਖ਼ਾਦਿਮ ਓ ਜੀਵਨ ਸ਼ਾਹ ਜੀ। ਫਜ਼ਰ ਵੇਲੇ ਤੋਂ ਹਜੂਰੀ

ਚ ਰਹਿੰਦੇ ਓ..., ਕਦੇ ਕਿਸੇ ਨੂੰ ਐਸੀ ਨਮਾਜ਼ ਪੜਦੇ ਦੇਖਿਐ! (ਸਾਰੇ

ਜੀਵਨ ਵੱਲ ਦੇਖਦੇ ਹਨ! ਉਹ ਚੁੱਪ ਹੈ।)

1:...ਪਰ ਹੈ ਤਾਂ ਕਾਫ਼ਿਰ ਈ...

ਬਹਾਉਦੀਨ: ਉਹ ਕੀ ਹੈ...ਇਸਦਾ ਨਜ਼ਾਰਾ ਤਾਂ... ਉਸ ਦੀ ਥਾਂ ਖੜੇ ਹੋ ਕੇ ਹੀ ਹੋ

ਸਕਦੈ! ਚੁੱਪੀ) ਹੈ ਕੋਈ ਰਾਹ ... ਕਿਸੇ ਦੂਸਰੇ ਦੀ ਥਾਂ 'ਤੇ ਖੜੇ ਹੋਣ

ਦਾ?

(ਸਾਰੇ ਚੁੱਪ ਹੋ ਜਾਂਦੇ ਹਨ। ਬਹਾਉਦੀਨ ਬਾਹਰ ਚਲੇ ਜਾਂਦੇ ਹਨ। ਉਨ੍ਹਾਂ

ਦੇ ਪਿੱਛੇ ਅਬਦੁਲ ਵਹਾਬੀ ਵੀ ਜਾਂਦਾ ਹੈ। ਖ਼ਾਦਿਮ ਸਿਰ ਝੁਕਾਉਂਦੇ

ਹਨ। ਜੀਵਨ ਸ਼ਾਹ ਹੱਥ ਮਲਦਾ ਹੈ।  ਜੀਵਨ ਸ਼ਾਹ: (ਉਸ ਪਾਸੇ ਵੱਲ ਮੂੰਹ ਕਰਕੇ ਠੀਕ ਐ; ਪਰ ਇੰਨਾ ਸੁਣ

ਲਓ..., ਮੱਕੇ ਦੀ ਹੱਦ ਵਿਚ ਸਾਜ਼ ਨਹੀਂ ਵੱਜਣ ਦੇਣਾ ਮੈਂ।

(ਜਾਂਦਾ ਹੈ। ਬਾਕੀ ਲੋਕ ਮੁਸਕਰਾਉਂਦੇ ਹੋਏ ਵੱਖ ਵੱਖ ਦਿਸ਼ਾਵਾਂ 'ਚ

ਜਾਣ ਲੱਗੇ ਰੁੱਕ ਜਾਂਦੇ ਹਨ।)

(ਰੌਸ਼ਨੀ ਹੁਣ ਰਬਾਬ ਤੇ ਕਲਮ-ਦਵਾਤ ਵਾਲੇ ਪਾਸੇ ਵਧਦੀ ਹੈ।)

ਮਰਦਾਨਾ: (ਦਰਸ਼ਕਾਂ ਵੱਲ) ਬਾਬੇ ਨੇ ਸੱਦ ਮਾਰੀ, "ਰਬਾਬ ਵਜਾਓ ਓ ਹਾਜੀ

ਜੀ!"

(ਰਬਾਬ ਵੱਜਦੀ ਹੈ -- ਰਾਗ ਸਾਰੰਗ। ਝੂਮਦੇ ਖ਼ਾਦਿਮ ਆਉਂਦੇ ਹਨ।

ਬਹਾਉਦੀਨ ਤੇ ਅਬਦੁਲ ਆਉਂਦੇ ਹਨ ਤੇ ਉਸ ਥਾਂ ਨੂੰ ਗੌਰ ਨਾਲ ਦੇਖਦੇ

ਹਨ।)

ਬਹਾਉਦੀਨ: ਅਬਦੁਲ!

ਅਬਦੁਲ: ਜੀ ਮਖ਼ਦੂਮ ਸਾਹਿਬ!

ਬਹਾਉਦੀਨ: ਦਰਗਾਹ ਦਾ ਨਜ਼ਾਰਾ ਤਾਂ ਦਰਗਾਹ 'ਤੇ ਹੀ ਆਉਂਦੈ ਕੋਈ ਦੂਜੇ ਦੀ

ਥਾਂ ਨੀ ਖੜ ਸਕਦਾ!

(ਦੋਹੇਂ ਹੌਲੀ ਹੌਲੀ ਨੇੜੇ ਪਹੁੰਚਦੇ ਹਨ।)

ਬਹਾਉਦੀਨ: ਇੱਕ ਵਾਰ ਫੇਰ ਸੁਣਾਓ... ਜੋ ਮੈਂ ਹੁਣੇ ਸੁਣਿਆ!

(ਦੋਹੇਂ ਹੱਥ ਜੋੜ ਲੈਂਦੇ ਹਨ।)

ਫ਼ੇਡ ਆਊਟ  (ਕੋਰਸ ਵਾਲੇ ਬਹਾਉਦੀਨ ਤੇ ਅਬਦੁਲ ਵਹਾਬੀ ਦੇ ਖ਼ਾਦਿਮ ਮਰਦਾਨੇ ਨੂੰ

ਘੇਰ ਕੇ ਬੈਠੇ ਹਨ।)

1: ਤੂੰ ਬੁੱਤਾਂ ਅੱਗੇ ਸਿਜਦੇ ਕੀਤੇ ਨਾ... ਕਦੇ ਪੀੜ ਨੀ ਹੋਈ?

ਮਰਦਾਨੇ: ਬਾਬੇ ਨੇ ਦੇਹਾਂ ਵਿਚਲੇ ਬੁੱਤ ਦਿਖਾ ਦਿੱਤੇ ... ਤੇ ਉਨ੍ਹਾਂ ਦੀ ਪੀੜ...

ਬਸ ਉਸ ਦਿਨ ਤੋਂ ਪੀੜ ਦੀ ਹਿੰਮਤ ਨਹੀਂ ਹੋਈ! (ਮੁਸਕਰਾਉਂਦਾ ਹੈ)

ਚੁੱਪੀ!!!

2: (ਜ਼ੋਰ ਦੇ ਕੇ) ਪਰ ਬੁੱਤਾਂ 'ਤੇ ਈਮਾਨ ਤਾਂ ਕੁਫਰ ਈ ਐ ...

(ਮਰਦਾਨਾ ਮੰਚ ਦੇ ਉੱਪਰ ਵਾਲੇ ਪਾਸੇ ਨੂੰ ਪਿਛੇ ਵੱਲ ਦੇਖਦਾ ਜਾਂਦਾ

ਹੈ।)

ਮਰਦਾਨਾ: ਵੇਖੀ ਰਤਾ ਟੋਹ ਕੇ... ਕਿਤੇ ਬੁੱਤ ਈ ਤਾਂ ਨਹੀਂ ਬੋਲਦਾ!

(ਹੱਸਦੇ ਹਨ ਤੇ ਫੇਰ ਇਕਦਮ ਗੰਭੀਰ ਹੋ ਜਾਂਦੇ ਹਨ। ਉਸੇ ਦਿਸ਼ਾ 'ਚ

ਘੁੰਮਦੇ ਹਨ ਜਿਧਰ ਮਰਦਾਨਾ ਦੇਖ ਰਿਹਾ ਹੈ।)

3: (ਵਿਸਮੈ) ਪਰ ਹੱਜ ਤੋਂ ਬਾਅਦ...ਗਾਣਾ!

ਮਰਦਾਨਾ: ... ਐਡੇ ਸਰੂਰ ਨੂੰ...; ਗਾਏ ਬਿਣ... ਸਰਦਾ ਕਿਵੇਂ ...! ਡੱਕਦਾ

ਕੌਣ... ਜੋ ਅੰਦਰ ਉਤਰਿਆ ... ਛਲਕ ਗਿਆ ... ਕਦੇ ਫੁੱਲ ਬਣਦੈ

... ਕਦੇ ਤਾਨ! ...ਤੇ ਮੌਨ ਫੇਰ ਬੱਚ ਜਾਂਦਾ!

1: ਪਰ ਤਾਨ ਤੇ ਮੌਨ ਦਾ ਮੇਲ ਕੀ?

ਮਰਦਾਨਾ: ਕੁੱਜਾ ਦਰਿਆ ਦਾ ਈ ਤਾਂ ਬਣਿਆ! ਗੀਤ ... ਰਾਹ ਵੀ ... ਤੇ

ਮੰਜ਼ਲ ਵੀ!

2: ਫੇਰ ਫਰਕ ਕਿੱਥੇ। ?

ਮਰਦਾਨਾ: ਹੈ ਨਹੀਂ ...। ...ਹੈ ਤੇ ਵਿਖਾ! (ਖੁੱਲ ਕੇ ਹੱਸਦਾ ਹੈ। ਬਾਕੀਆਂ ਦੇ

ਵੀ ਚੇਹਰੇ ਖਿੜਦੇ ਹਨ।)  2: (ਜਿੱਦ ਕਰਦਾ ਹੈ। ਮੂਰਤ 'ਚ ਨਹੀਂ ਸਮਾ ਸਕਦਾ ਉਹ!

ਮਰਦਾਨਾ: ਤੂੰ ਮੂਰਤ ਚੋਂ ਉਸਨੂੰ ਕੱਢ ਕੇ ਦਿਖਾ!

(ਸਾਰੇ ਸੋਚੀਂ ਪੈ ਜਾਂਦੇ ਹਨ।)

3: (ਖੁਦ 'ਚ) ਹਾਂ, ਝਲਕ ਤਾਂ ਸਕਦੈ ..., (ਪ੍ਰਗਟ 'ਚ) ਕੋਈ ਇਸ਼ਾਰਾ!

1: ਪਰ ਉਸਦੀ ਇਬਾਦਤ ਨਹੀਂ ਹੋ ਸਕਦੀ...

ਮਰਦਾਨਾ: ਫੇਰ ਤੋੜਨਾ ਵੀ ਕਿਉਂ...?

2: (ਜ਼ੋਰ ਦੇ ਕੇ) ਤਵਾਰੀਖ 'ਚ ਜ਼ਿਕਰ ਹੈ ਬੁੱਤ ਉਠਵਾਉਣ ਦਾ।

ਮਰਦਾਨਾ: ਕੀ ਤਵਾਰੀਖ ਵੀ ਬੁੱਤ ਹੀ ਨਹੀਂ ਹੋ ਗਈ ... ਜਿਹੜਾ ਧੜਕਦਾ ਹੀ

ਨਹੀਂ (ਸਭ ਦੇ ਚਿਹਰਿਆਂ 'ਤੇ ਤਣਾਓ ਹੈ।) ਐਡੀ ਕਾਹਲੀ ਕਾਹਦੀ ...

ਜ਼ਰਾ ਕੋਲ ਬੈਠ ... ਹੋ ਸਕਦੈ ਬੁੱਤ ਗਾਉਣ ਲੱਗੇ!

3: (ਝਿਜਕਦੇ ਹੋਏ) ਬੰਦਾ ਉਲਝ ਸਕਦਾ..., ਸ਼ਿੰਗਾਰ ਬੇੜੀ ਬਣ ਜਾਂਦੇ!

ਮਰਦਾਨਾ: ਬੇੜੀ ਓਸ ਪਾਰ ਵੀ ਲੈ ਜਾਂਦੀ ਐ..., ਜੇ ਸਿਰ ਤੇ ਨਾ ਚੁੱਕੀ ਹੋਏ!

(ਸਿਰ 'ਤੇ ਬੋਝ ਚੁੱਕਣ ਦਾ ਜੈਸਚਰ ਕਰਦਾ ਹੈ।) ਚੁੱਕੀ ਤਾਂ ਨੀ?

(ਸਾਰੇ ਹੱਸ ਪੈਂਦੇ ਹਨ।)

ਕੋਰਸ: ਸ਼ਬਦ ਮੁੜ ਹਮਲਾਵਰ ਹੋਣ ... ਇਸਤੋਂ ਪਹਿਲਾਂ ਹੀ ਬਾਬੇ ਦੀ ਸੱਦ ਆ

ਗਈ: "ਅੱਲਾ ਹੂ ਅਕਬਰ ਲਾਇਲਾਹ ਇੱਲਿਲਾ ਹੱਯ ਅਲ ਮੁੰਹਮਦ

ਰਸੂਲ ਅੱਲਾ...।!

(ਸਾਰੇ ਸਿਜਦੇ 'ਚ ਹੋ ਜਾਂਦੇ ਹਨ।)

ਮਰਦਾਨਾ: ਬਾਬਾ! (ਅੱਖਾਂ ਮੀਟਦਾ ਹੈ।)

ਫ਼ੇਡ ਆਊਟ  (ਰੌਸ਼ਨੀ ਹੁੰਦੀ ਹੈ ਤਾਂ ਕਾਫ਼ਿਲੇ ਤੁਰੇ ਜਾਂਦੇ ਦਿਖਾਈ ਪੈਂਦੇ ਹਨ। ਮਰਦਾਨਾ

ਵੀ ਦਾਖਿਲ ਹੁੰਦਾ ਹੈ। ਕਾਹਲੀ ਕਾਹਲੀ ਤੁਰਦੇ ਹੋਏ।)

ਕੋਰਸ: ਹਾਜੀਆਂ ਦੇ ਰਾਹ ਪਿੱਛੇ ਰਹਿ ਰਹੇ ਸੀ! ਬਾਬਾ ਤੁਰਿਆ ਜਾਂਦਾ। ਧੌੜੇ ਦੀ

ਜੁੱਤੀ ਵਾਰ-ਵਾਰ ਰੇਤ ਨਾਲ ਭਰਦੀ ਤੇ ਖਾਲੀ ਹੋ ਜਾਂਦੀ। ਮਰਦਾਨਾ

ਮੁੜ ਪਿੱਛੇ ਰਹਿ ਗਿਆ ਸੀ।

ਮਰਦਾਨਾ: ਬੜਾ ਦਿਲ ਕਰਦਾ ਕਿ ਮੋਹਰੇ ਹੋ ਕੇ ਦੇਖਾਂ...ਹੱਜ ਤੋਂ ਬਾਅਦ ਬਾਬਾ

ਹੋਰ ਵੀ ਸੋਹਣਾ ਲਗਦਾ ਸੀ! ਪਰ ਸੰਸਾਰ ਉਵੇਂ ਦਾ ਉਵੇਂ ਸੀ!

(ਆਸਮਾਨ ਵੱਲ ਦੇਖ ਕੇ ਸਾਹ ਲੈਂਦਾ ਹੈ।)

ਕੋਰਸ: ਮੋਮਨ ਈ ਏਥੇ ਮੋਮਿਨਾਂ ਦੇ ਗਲ ਲਾਹ ਦਿੰਦੇ, ਮਸੀਤਾਂ ਤੋੜਦੇ..ਇਮਾਮਾਂ

ਨੂੰ ਫਾਹੇ ਟੰਗ ਦਿੰਦੇ। ਪੁਰਾਣੇ ਨਾਲ ਇਕ ਸਵਾਲ ਹੋਰ ਜੁੜ ਗਿਆ...

ਮਰਦਾਨਾ: "ਸ਼ੀਆ ਜਾਂ ਸੁੰਨੀ...?" ਪਤਾ ਨਹੀਂ ਬਾਬਾ ਅੱਕਦਾ ਕਿਉਂ ਨਹੀਂ।

(ਅੱਕਿਆ ਬੈਠ ਜਾਂਦਾ ਹੈ)

ਦੂਰੋਂ ਆਵਾਜ਼: ਓ ਰੀ ਮਾਣਸ ਕੀ ਗਹਿਰਾਈ,

ਨਾ ਲਖੀ ਜਾਈ ਨਾ ਕਹੀ ਜਾਈ,

ਓ ਰੀ ਮਾਣਸ ਕੀ ਗਹਿਰਾਈ!

(ਮਰਦਾਨਾ ਚੌਂਕ ਕੇ ਆਵਾਜ਼ ਦੀ ਦਿਸ਼ਾ ਵੱਲ ਦੇਖਦਾ ਹੈ ਤੇ ਫੇਰ ਰਬਾਬ

ਵੱਲ; ਤੇ ਫੇਰ ਆਪੇ ਹੱਸ ਪੈਂਦਾ ਹੈ।)

ਫਕੀਰ: (ਦੂਰੋਂ ਆਵਾਜ਼ ਓ ਭਾਈ ਮੋਮਨਾਂ...ਰੁਕੀੰ ਜ਼ਰਾ! (ਨੇੜੇ ਆਉਂਦਾ, ਤੁਰਦੇ

ਤੁਰਦੇ) ਦੇਖ ਗੁਰਭਾਈ...

ਮਰਦਾਨਾ: (ਹੈਰਾਨੀ ਨਾਲ ਗੁਰਭਾਈ!

ਫਕੀਰ: ਗੱਲ ਸਮਝ! ਸਮਝਾਉਣ ਦਾ ਸਮਾਂ ਹੈ ਨੀ ਮੇਰੇ ਕੋਲ। ਮੈਂ ਮੱਕੇ ਤੋਂ ਈ  ਤੁਹਾਡੇ ਪਿੱਛੇ ਲੱਗਿਆ ਆਂ! ਬਸ..ਮੂਹਰੇ ਨੀ ਆਇਆ। ਸਵਾਲਾਂ ਨੂੰ

ਮੇਟਦਾ... ਪਿੱਛੇ-ਪਿੱਛੇ ਤੁਰਿਆਂ! (ਚੁਕੰਨਾ ਹੋ ਕੇ) ਦੇਖ ਭਾਈ ਅੱਗੇ

ਜ਼ਰਾ ਹੁਸ਼ਿਆਰੀ ਨਾਲ। ਹੁਕਮ ਦੇ ਜਿਹਾਦ ਨੂੰ ਇੱਥੇ ਕੋਈ ਨੀ ਸਮਝਦਾ!

ਹੋਰ ਈ ਰੰਗ ਫੜ ਲਿਆ ਜਿਹਾਦ ਨੇ ਏਧਰ! ਬਾਬਰ ਗਿਆ ਤੁਹਾਡੇ

ਮੋਹਰੇ ਮੋਹਰੇ! ਹਾਂ..., ਇਹ ਗੜ੍ਹੀਆਂ...ਤੇ ਕਿਲੇ..(ਸਾਹੋ-ਸਾਹੀ ਹੋਇਆ

ਹੈ।)

ਮਰਦਾਨਾ:...ਡਰ ਨੇ ਬੰਦੇ ਦੇ...ਜਿਹੜੇ ਕੰਧਾਂ ਬਣ ਗਏ; ਬਾਬਾ ਕਹਿੰਦਾ।

ਫਕੀਰ: (ਤੁਰਦੇ ਤੁਰਦੇ) ਆਹੋ ਭਰਾਵਾ, ਡਰ ਈ ਗਲ ਨੂੰ ਪੈਦੇ ਨੇ ਅੰਤ ਨੂੰ!

ਖਿਆਲ ਰੱਖਿਓ ਆਪਣਾ!

(ਕਾਹਲੀ ਨਾਲ ਨਿਕਲ ਜਾਂਦਾ ਹੈ। ਮਰਦਾਨਾ ਸੋਚਦਾ ਹੋਇਆ ਉਸਨੂੰ

ਜਾਂਦੇ ਹੋਏ ਦੇਖਦਾ ਰਹਿੰਦਾ ਹੈ।)

ਦੂਰੋਂ ਆਵਾਜ਼: ਓ ਰੀ ਮਾਣਸ ਕੀ ਗਹਿਰਾਈ...

(ਹੌਲੀ-ਹੌਲੀ ਮਰਦਾਨਾ ਫੇਰ ਤੁਰ ਪੈਂਦਾ ਹੈ।)

ਕੋਰਸ: ਰਾਹ ਤਾਂ ਇੱਕੋ ਹੀ ਸੀ, ਸੰਗੀ ਵੱਖਰੇ ਸਨ, ਬਾਬਾ ਗੀਤ ਦੇ ਨਾਲ ਨਾਲ

ਤੁਰ ਰਿਹਾ ਸੀ ਤੇ ਲੋਕ ਡਰ ਦੇ ਨਾਲ! ...ਕਾਬੁਲ ਗਿਆ... ਦਰ੍ਰਾ

ਕੁਰਮ...,ਪਾਗਚਿਨਾਰ ਤੇ ਫੇਰ ਗੋਰਖ ਹੱਟੜੀ...।

(ਮਰਦਾਨਾ ਇੱਕ ਥਾਂ 'ਤੇ ਗਠੜੀ ਰੱਖਦਾ ਹੈ ਕੁਝ ਹੋਰ ਲੋਕ ਵੀ ਆ ਕੇ

ਬੈਠਦੇ ਹਨ।)

ਕੋਰਸ: ਬਾਬੇ ਦੀ ਤਾਂ ਹੱਦ ਸੀ; ਮਰਦਾਨੇ ਨੂੰ ਹਾਕ ਮਾਰੀ, "ਹਾਜੀ ਜੀ"!

ਸਭਦੇ ਕੰਨ ਖੜੇ ਹੋਗੇ। ਬਹੁਤਿਆਂ ਨੇ ਤਾਂ ਗਾਜੀ ਹੀ ਸੁਣਿਆ!

ਮਰਦਾਨਾ: (ਹੱਸਦਾ ਹੈ) ਧੂਣੇ ਉੱਥੇ ਜਗਦੇ ਸਨ ਤੇ ਅੱਖਾਂ ਬੁਝੀਆਂ। ਗੋਰਖ

ਹੱਟੜੀ ਦੇ ਜੋਗੀਆਂ ਤੋਂ ਸੁਣਿਆ ਕਿ ਬਾਬਰ ਲਾਹੌਰ ਵੱਲ ਨੂੰ ਗਿਆ।

ਹਾਜੀ: ਇਸਲਾਮ ਵਿਚ ਦੂਜਾ ਜਨਮ ਹੈ ਈ ਨਹੀਂ। ਜੋ ਕਰਨੈ ਇਸੇ ਜਨਮ 'ਚ।

ਜੋਗੀ: ਪਰ ਇਹ ਘੋੜ ਚੜਿਆ ਇਸਲਾਮ...ਇੰਨ੍ਹਾਂ ਖਿਝਿਆ ਕਿਉਂ ਹੈ ? ਕੋਈ

ਤਾਂ ਮਿਲਾਵਟ ਐ ਭਾਈ!

(ਅਚਾਨਕ ਦੋਹੇਂ ਚੁੱਪ ਕਰ ਜਾਂਦੇ ਹਨ।

ਚੁੱਪੀ! ਮਰਦਾਨਾ: ਅਜੀਬ ਸੀ ...ਬਾਬੇ ਨੂੰ ਦੇਖ ਕੇ ਵੀ ਕੋਈ ਡਰ ਸਕਦਾ ਹੈ! ਉਹ ਚੁਪ

ਕਰ ਗਏ ਸਨ, ਪਰ ਮੇਰੇ ਅੰਦਰ ਤੁਫ਼ਾਨ ਉੱਠ ਖੜਿਆ ਸੀ। (ਬੋਝਲ

ਜਿਹਾ ਉੱਠ ਕੇ ਆਲੇ-ਦੁਆਲੇ ਦੇਖਦਾ ਹੈ।

(ਰਬਾਬ ਵੱਜਦੀ ਹੈ। ਮਰਦਾਨਾ ਗਠੜੀ ਚੁੱਕ ਤੁਰ ਪੈਂਦਾ ਹੈ। ਜੋਗੀ

ਤੇ ਹਾਜੀ ਮਰਦਾਨੇ ਵੱਲ ਨੀਝ ਲਾ ਕੇ ਦੇਖਦੇ ਰਹਿੰਦੇ ਹਨ ਤੇ ਫੇਰ ਪਿੱਛੇ

ਤੁਰ ਪੈਂਦੇ ਹਨ।

(ਮੱਧਮ ਰੋਸ਼ਨੀ 'ਚ ਲੋਕਾਂ ਦੇ ਨਾਲ-ਨਾਲ ਆਵਾਜ਼ਾਂ ਵੀ ਲੰਘਦੀਆਂ ਹਨ

ਜੋ ਦੂਰੋਂ ਆ ਰਹੀਆਂ ਲਗਦੀਆਂ ਹਨ।

1: ਹਿੰਦੂਆਂ 'ਚ ਹੈ ਨੀ ਤਾਕਤ ਜਿਹਾਦ ਦੀ।

2: ਸੰਗ ਮੰਨ! ਪੁਰਖੇ ਨੇ ਤੇਰੇ ਵੀ!

1: (ਗੁੱਸੇ 'ਚ) ਆਹੋ...,ਅੰਗੂਠੇ ਤਾਂ ਲੁਹਾ ਛੱਡੇ..., ਲੜੀਏ ਕਿਵੇਂ?

ਚੁੱਪੀ!

(ਮਰਦਾਨਾ ਸਿਰ ਮਾਰਦਾ ਤੁਰਿਆ ਹੈ ਜਿਵੇਂ ਸੁਣ ਰਿਹਾ ਹੋਵੇ। ਜੋਗੀ ਤੇ

ਹਾਜੀ ਵੀ ਥੋੜਾ ਪਿੱਛੇ ਸਭ ਸੁਣਦੇ ਤੁਰੇ ਆਉਂਦੇ ਹਨ। ਆਵਾਜ਼ਾਂ ਦੂਰ

ਹੁੰਦੀਆਂ ਹਨ। ਮਰਦਾਨੇ ਦੀ ਤੋਰ 'ਚ ਥਕੇਵਾਂ ਝਲਕਦਾ ਹੈ। ਕਈ ਹੋਰ

ਰਾਹੀ ਚੁਪ ਚਾਪ ਲੰਘਦੇ ਹਨ, ਇੱਕ-ਦੂਜੇ ਤੋਂ ਨਜ਼ਰਾਂ ਬਚਾਉਂਦੇ ਹੋਏ।)

ਮਰਦਾਨਾ: ਆਵਾਜ਼ਾਂ ਨਾਲ... ਰਾਹ ਲੰਮੇ ਹੋ ਗਏ। ਸਭ ਨਜ਼ਰਾਂ ਬਚਾ ਬਚਾ ਲੰਘਦੇ

... ਕੁਝ ਲੁਕਾਉਂਦੇ! (ਸਾਹਮਣੇ ਦੇਖਦਾ ਹੈ ਤੇ ਹੱਸ ਪੈਂਦਾ ਹੈ, ਹਾਜੀ ਤੇ

ਜੋਗੀ ਵੀ ਪਿੱਛੇ ਆ ਖੜਦੇ ਹਨ।) ਹਾਜੀ: ਓ... ਏ ਬਾਬਾ ਕੀ ਕਰ

ਰਿਹੈ ... ਜੋਗੀ: ਇੰਨੀ ਨੀਝ ਨਾਲ ....ਦੋਹੇਂ: ਨੇੜੇ ਹੋ ਕੇ ਦੇਖਦੇ ਹਨ

(ਮੰਚ 'ਤੇ ਇੱਕ ਗੇੜਾ ਲਾ ਕੇ ਫੇਰ ਇੱਕ ਜਗ੍ਹਾ ਤੋਂ ਰੁਕ ਕੇ ਦੇਖਦੇ

ਹਨ। ਮਰਦਾਨਾ: ਬਾਬਾ... ਕਿੱਕਰ ਦੀ ਗੂੰਦ 'ਚ ਫਸੇ... ਕਾਡੇ ਦੀ

ਲੱਤ ਕੱਡ ਰਿਹਾ ਸੀ...,(ਗੌਰ ਨਾਲ ਦੇਖਦਾ ਹੈ। ਜਿਵੇਂ ਅਨਹਦ ਗਾ

ਰਿਹਾ ਹੋਵੇ! ਲੱਗਾ ... ਮੈਂ ਧਿਆਨ 'ਚ ਚਲਾ ਗਿਆ ਹੋਵਾਂ!

(ਮਰਦਾਨਾ ਸਿਜਦੇ 'ਚ ਹੋ ਜਾਂਦਾ ਹੈ। ਜੋਗੀ ਤੇ ਹਾਜੀ ਉਸ ਵੱਲ ਦੇਖਦੇ ਹਨ।  ਪਿਛੋਕੜ 'ਚੋਂ ਚੀਖਾਂ ਕੂਕਾਂ ਦਾ ਤੁਫ਼ਾਨ ਉਠਦਾ ਹੈ। ਕੁਝ ਸਿਪਾਹੀ

ਨੰਗੀਆਂ ਤਲਵਾਰਾਂ ਨਾਲ ਔਰਤਾਂ ਦੇ ਪਿੱਛੇ ਭੱਜ ਰਹੇ ਹਨ। ਮਾਰਧਾੜ

ਤੇ ਭਗਦੜ ਮਚਦੀ ਹੈ। ਕੁਝ ਲੋਕ ਮਰਦਾਨੇ ਨੂੰ ਲਤਾੜ ਕੇ ਲੰਘਦੇ ਹਨ।

ਹਰੀ ਲੀਰ ਵਾਲੀ ਰਬਾਬ ਉਸਦੇ ਹੱਥੋਂ ਨਿਕਲ ਜਾਂਦੀ ਹੈ ਤੇ ਸਿਪਾਹੀਆਂ

ਦੇ ਪੈਰਾਂ ਹੇਠ ਰੋਂਦੀ ਜਾਂਦੀ ਹੈ। ਮੰਚ 'ਤੇ ਹਨੇਰਾ ਪਸਰ ਜਾਂਦਾ ਹੈ। ਲੋਕ

ਭੱਜਦੇ ਹਨ।)

ਸਿਪਾਹੀ: ਦਾਰੁਲ ਹਰਬ ਹੈ..., ਕਾਫਰਾਂ ਦੀ ਧਰਤੀ ...ਰੌਦ ਦਿਓ...!

(ਸਿਪਾਹੀਆਂ ਦੇ ਨਿਕਲਣ ਤੋਂ ਬਾਦ ਮਰਦਾਨਾ ਰਬਾਬ ਲਭਦਾ ਹੈ।

ਰਬਾਬ ਦੀਆਂ ਟੁੱਟੀਆਂ ਤਾਰਾਂ ਦੇਖ ਕੇ ਪਰੇਸ਼ਾਨ ਹੋ ਜਾਂਦਾ ਹੈ।)

ਮਰਦਾਨਾ: ਮਰਾਸੀਆ ਰਬਾਬ ਗਈ...; ਤੇ ਰਬਾਬ ਤੋਂ ਬਿਨਾ...ਤੂੰ ਕੀ ਏ...!

(ਸੋਚ ਕੇ ਪਿਛਾਂਹ ਨੂੰ ਦੌੜਦਾ ਹੈ। ਹਾਜੀ ਤੇ ਜੋਗੀ ਹੈਰਾਨੀ ਨਾਲ ਉਸ

ਵੱਲ ਦੇਖਦੇ ਹਨ ਤੇ ਫੇਰ ਅਗਾਂਹ ਨੂੰ ਭੱਜ ਲੈਂਦੇ ਹਨ।)

ਮਰਦਾਨਾ: ਜੇ ਬਾਬੇ ਨੇ ਪੁੱਛ ਲਿਆ... "ਸਾਜ ਰਾਜ਼ੀ ਏ ਮਰਦਾਨਿਆ!" ...ਕੀ

ਕਹੇਂਗਾ!

(ਦੋ ਲੋਕ ਹੋਰ ਲੁਕਦੇ ਹੋਏ ਉਸੇ ਦਿਸ਼ਾ 'ਚ ਦੌੜਦੇ ਹਨ।)

ਮਰਦਾਨਾ: (ਤੁਰਦੇ-ਤੁਰਦੇ) ਬਸ। ਇੱਕ ਵਾਰ ਪਹਿਲਾਂ ਏਦਾਂ ਹੋਇਆ ਸੀ...,

ਓ ਜਿਦਣ (ਰੁਕਦਾ ਹੈ ਤਾਂ ਉਹ ਦੋਹੇਂ ਵੀ ਡਰਦੇ ਹੋਏ ਲੁਕ ਜਾਂਦੇ ਹਨ।)

...ਬਾਲ ਵਿਧਵਾ ਵੇਖੀ ਸੀ..., ਕੀਰਤਨ ਤੋਂ ਬਾਅਦ...ਰਬਾਬ ਉੱਥੇ

ਈ ਭੁੱਲ ਆਇਆ ਸੀ! ਕਿਸੇ ਨੇ ਵਾਜ ਮਾਰੀ... "ਸਾਜੀਆ... ਸਾਜ਼!

ਤੇ ਸਾਜ਼ ਅੱਜ ਚੜ ਗਿਆ ਮੋਮਿਨਾਂ ਦੀ ਭੇਂਟ (ਰਬਾਬ ਵੱਲ ਦੇਖ

ਮੁੜ ਦੌੜ ਪੈਂਦਾ ਹੈ। ਦੋਹੇਂ ਬੰਦੇ ਵੀ ਨਾਲ ਦੌੜ ਪੈਂਦੇ ਹਨ। ਮਰਦਾਨਾ

ਚੁਕੰਨਾ ਹੁੰਦਾ ਹੈ ਤੇ ਆਖ਼ਰ ਮਰਦਾਨਾ ਝਕਾਨੀ ਦੇ ਕੇ ਫੜ ਲੈਂਦਾ ਹੈ।)

ਮਰਦਾਨਾ: ਕੌਣ...? (ਪਛਾਣ ਕੇ) ਨਾਥ ਬਾਬਾ...

ਨਾਥ: (ਮੁਸਲਮਾਨ ਭੇਸ਼ ਵੇਖ ਕੇ) ਤੂੰ ਕੌਣ?

ਨਾਥ 2: ਇਹ ਤਾਂ ਉਹੀ ਏ, ਨਾਨਕ ਦੇ ਨਾਲ ਦਾ। (ਸਹਿਜ ਹੋ ਜਾਂਦੇ ਹਨ।)

ਨਾਥ: ਸਾਡੀ ਭਾਈ ਪੋਟਲੀ ਡਿਗ ਗਈ ਭੰਗ ਵਾਲੀ

ਨਾਥ 2: ਇਸੇ ਦੀ ਲਾਪਰਵਾਹੀ ਏ  ਨਾਥ: (ਖਿਝ ਕੇ) ਤੂੰ...

(ਲੜਣ ਲਗਦੇ ਹਨ।)

ਮਰਦਾਨਾ: ਮਹਾਪੁਰਖੋ ਕੋਈ ਸਾਜ਼ਿੰਦਾ ਹੈ ਨਜ਼ਰਾਂ 'ਚ...

(ਹੈਰਾਨ ਹੋ ਕੇ ਉਸ ਵੱਲ ਦੇਖਦੇ ਰਹਿ ਜਾਂਦੇ ਹਨ।)

ਨਾਥ: ਲਓ! ਲੋਕ ਜਾਨ ਬਚਾਉਂਦੇ ਫਿਰਦੇ ਤੇ ਇਹ ਜੰਗ 'ਚ ਸਾਜ਼ ਚੁੱਕੀ ਫਿਰਦੇ।

ਨਾਥ 2: ਪਿੰਡਾਂ 'ਚ ਲੁਹਾਰ, ਤਖਾਣ ਨੀ ਰਹੇ, ਤੂੰ ਸਾਜਿੰਦੇ ਲਭਦੈ। (ਜਾਂਦੇ ਹੋਏ)

ਓਧਰ ਤੁਰ ਜਾ ਪੁੱਠੇ ਵੰਨੇ, ਹੈਗੀ ਏ ਬਸਤੀ ਜੇ ਵਸੀ ਹੋਈ ਹੁਣ

ਤਾਈਂ। (ਦੌੜ ਜਾਂਦੇ ਹਨ।)

(ਮਰਦਾਨਾ ਸਾਜ਼ ਲਈ ਖੜਾ ਹੈ। ਸ਼ੋਰ!)

ਫ਼ੇਡ ਆਊਟ  (ਮੁੜ ਰੌਸ਼ਨੀ ਹੁੰਦੀ ਹੈ ਤਾਂ ਕੁਝ ਟੁੱਟੀਆਂ ਹੋਈਆਂ ਮੂਰਤੀਆਂ ਪਈਆਂ।

ਸਰਸਵਤੀ ਦੀ ਇੱਕ ਲਹੂ 'ਚ ਭਿੱਜੀ ਮੂਰਤੀ ਖੜੀ ਹੈ, ਜਿਸਦੀ

ਟੁੱਟੀ ਵੀਣਾ ਇੱਕ ਪਾਸੇ ਨੂੰ ਲਟਕ ਰਹੀ ਹੈ। ਉਹਦੇ ਪੈਰਾਂ 'ਚ ਇੱਕ

ਸੂਫ਼ੀ ਦੀ ਲਾਸ਼ ਪਈ ਏ, ਜਿਸਦੇ ਹੱਥ 'ਚ ਬੰਸਰੀ ਹੈ। ਕੁਝ ਲੋਕ ਇਸ

ਦੁਆਲੇ ਘੇਰਾ ਪਾਈ ਖੜੇ ਨੇ ਤੇ ਸਾਰੀ ਤਬਾਹੀ ਨੂੰ ਦੇਖ ਰਹੇ ਹਨ।)

ਬਜੁਰਗ: ਹੁਣ ਇਸਦਾ ਕੀ ਕਰੀਏ। ਨਾ ਜਲਾ ਸਕਦੇ ਹਾਂ, ਨਾ ਜਲ 'ਚ ਪ੍ਰਵਾਹ

ਸਕਦੇ ਆਂ!

1: ਅਸੀਂ ਤਾਂ ਆਪ ਉੱਜੜੇ ਪਏ ਆਂ, ਸੜਨ ਦਿਓ ਪਿਆ।

3: (ਦਬੀ ਜ਼ਬਾਨ 'ਚ ਹੈ ਤਾਂ ਉਨ੍ਹਾਂ ਦੇ ਨਾਲ ਦਾ ਹੀ ...

ਬਜੁਰਗ: ਤੂੰ ਜ਼ੁਬਾਨ ਬੰਦ ਰੱਖ, ਹਾਲੇ ਤੇਰੀ ਉਮਰ ਨਹੀਂ ...।

1: ਫੇਰ ਬ੍ਰਾਹਮਣਾਂ ਦੇ ਪਿੰਡ 'ਚ ਇੱਕ ਮਲੇਛ ਨੂੰ ਦਫ਼ਨ ਕਰਕੇ ... ਭਿੱਟ

ਦਈਏ ਧਰਤੀ!

(ਸਭ ਲੋਕ ਖਾਮੋਸ਼ ਨੇ। 3 ਬੋਲਣ ਲੱਗਦਾ ਹੈ, ਪਰ ਬਜੁਰਗ ਦੀ ਘੂਰੀ

ਵੇਖ ਚੁੱਪ ਕਰ ਜਾਂਦਾ ਹੈ।)

1: (ਅੰਦਰੋ ਅੰਦਰ ਝੂਰਦਾ ਹੋਇਆ) ਪਹਿਲੋਂ ਈ ਪਤਾ ਨੀ ਕਿਸ ਪਾਪ ਦੀ

ਸਜਾ ਮਿਲੀ...

ਸਮਝ ਨੀ ਆਉਂਦੀ, ਜੇ ਉਨ੍ਹਾਂ ਦੇ ਨਾਲ ਦਾ ਸੀ ਤਾਂ ਉਨ੍ਹਾਂ ਮਾਰਿਆ

ਕਿਉਂ, ਤੇ ਜੇ ਨਾਲਦਾ ਨਹੀਂ ਸੀ ਤਾਂ ਬਾਕੀਆਂ ਵਾਂਗ ਭੱਜਿਆ ਕਿਉਂ

ਨਹੀਂ! ਸਰਸਵਤੀ ਮੂਹਰੇ ਝੂਮਦਾ... ਬਾਂਸਰੀ ਬਜਾਉਂਦਾ ... ਕਦੇ

ਨੱਚਦਾ। ਲੱਗਿਆ ਮੂਰਤੀ ਪਿਘਲ ਜਾਏਗੀ

2: (ਜਿਹੜਾ ਹੁਣ ਤਾਈਂ ਸੂਫੀ ਨੂੰ ਹੀ ਦੇਖ ਰਿਹਾ ਸੀ, ਅਚਾਨਕ ਬੋਲ

ਪੈਂਦਾ ਹੈ। ਉਹੀ ਪਹਿਰਾਵਾ...., ਭਾਸ਼ਾ ਵੀ ਉਹੀ ਬੋਲਦਾ ਸੀ, ਪਰ  ਗੱਲ ਕੋਈ ਵੱਖਰੀ ਸੀ ... ਨੱਚਦਾ ਮੂਰਤੀਆਂ ਤੇ ਉਨ੍ਹਾਂ ਦਰਮਿਆਨ

ਭੰਵਰ ਬਣ ਗਿਆ ਸੀ। ਇੱਕ ਘੁੜਸਵਾਰ ਨੇ ਨੇਜਾ ...ਇਉਂ ਗੱਲ

ਨਾਲ ਲਾ ਦਿੱਤਾ।

ਕੋਰਸ: "ਅਨਲਹੱਕ ਅਨਲਹੱਕ"

4: ਹਾਂ, ਕੋਈ ਕੂਕ ਤਾਂ ਮੈਂ ਵੀ ਸੁਣੀ ਸੀ।

ਕੋਰਸ: "ਕੀ ਲਗਦੈ ਤੂੰ ਇੰਨਾਂ ਬੁੱਤਾਂ ਦਾ..." ਉਹ ਉੱਚੀ-ਉੱਚੀ ਹੱਸਣ

ਲੱਗਾ। ਉਸ ਨੂੰ ...ਹੱਸਦਾ ਵੇਖ ਕੇ ...ਉਹ ਹੋਰ ਪਾਗਲ ਹੋ ਗਏ...

ਤੇ...

(ਸਾਰੇ ਉਸਦੀ ਗੱਲ ਧਿਆਨ ਨਾਲ ਸੁਣ ਰਹੇ ਹਨ। ਗੱਲ ਅਧੂਰੀ ਛੱਡ

ਕੇ ਮੂਰਤੀ ਵੱਲ ਜਾਂਦਾ ਹੈ ਤੇ ਉਸ ਤੋਂ ਖੂਨ ਪੂੰਝਦਾ ਹੈ ਤੇ ਫੇਰ ਸੂਫ਼ੀ ਦੀ

ਲਾਸ਼ ਵੱਲ ਦੇਖਦਾ ਹੈ।) 1 'ਤੇ ਉਨ੍ਹਾਂ ਦੀਆਂ ਗੱਲਾਂ ਦਾ ਪ੍ਰਤੱਖ ਅਸਰ

ਪੈਂਦਾ ਹੈ ਤੇ ਉਹ ਪਰੇਸ਼ਾਨ ਹੋ ਜਾਂਦਾ ਹੈ। ਸਾਰੇ ਉਸ ਸੂਫ਼ੀ ਦੀ ਲਾਸ਼

ਵੱਲ ਦੇਖ ਰਹੇ ਹਨ।)

3: (ਜ਼ੋਰ ਦੇ ਕੇ) ਪਰ ਸ਼ਾਸਤਰ ਇਸ ਗੱਲ ਦੀ ਆਗਿਆ ਨਹੀਂ ਦਿੰਦੇ ਕਿ

ਕਿਸੇ ਮਲੇਛ ਦੀ ਦੇਹ ਇਸ ਧਰਤੀ ਦਾ ਹਿੱਸਾ ਬਣੇ।

ਬਜ਼ੁਰਗ: ਸ਼ਾਸਤਰਾਂ ਦਾ ਨਿਰਣਾ ਕਰਨ ਲਈ ਅਸੀਂ ਹਾਲੇ ਜਿਉਂਦੇ ਹਾਂ।

(ਪਿੱਛੋਂ ਚੀਖਾਂ ਉਭਰਦੀਆਂ ਹਨ।)

6: (ਮੰਚ ਦੇ ਪਿੱਛੋਂ) ਦੇਖ ਮੈਂ ਇੱਕ ਸੁੰਦਰ ਔਰਤ ਨਾਲ ਗੱਲ ਮੁਕਾ ਲਈ

ਐ। ਇਹ ਗਰਭ ਤਾਂ ਤੈਨੂੰ ਗਿਰਾਉਣਾ ਈ ਪੈਣਾ।

(ਔਰਤ ਛੁਟਣ ਦੀ ਕੋਸ਼ਿਸ਼ ਕਰਦੀ ਹੈ। ਦੋ ਲੋਕ ਜਿਨ੍ਹਾਂ ਦੇ ਜਨੇਊ ਪਾਏ

ਹਨ, ਇੱਕ ਵਿਧਵਾ ਔਰਤ ਨੂੰ ਘਸੀਟੀ ਲਈ ਆਉਂਦੇ ਹਨ।)

ਵਿਧਵਾ: ਏਸ ਵਿਧਵਾ ਬਾਹਮਣੀ ਦਾ ਸਰਾਪ ਲੱਗਣਾ ਤੈਨੂੰ। ਪਾਣੀ ਦੇਣ ਵਾਲਾ

ਨੀ ਰਹਿਣਾ ਕੋਈ!

ਬਜ਼ੁਰਗ: (ਰੋਕਦਾ ਹੈ। ਗੱਲ ਕੀ ਐ।

6: ਇਹ ਸਾਡਾ ਗੋਤੀ ਮਾਮਲੇ!

(ਤਣਾਓ ਵਧ ਜਾਂਦਾ ਹੈ।)  5: ਬੱਚਾ ਜੰਮਣਾ ਚਾਹੁੰਦੀ ਐ, ਚਾਹੁੰਦੀ ਐ ਅਸੀਂ... ਵਰਣਸੰਕਰ ਹੋ

ਜਾਈਏ!

ਸੰਨਾਟਾ!!!

ਬਜ਼ੁਰਗ: ਵਰਣਸੰਕਰ!

6: ਬਾਹਮਣੀਆਂ ਦੇ ਢਿੱਡੋ ਮੁਗਲ ਨੀ ਜੰਮਣ ਦੇਣੇ ਅਸੀਂ। ਚਲ...।

(ਸਭ ਲੋਕ ਬੁੱਤ ਬਣੇ ਖੜੇ ਰਹਿੰਦੇ ਹਨ। ਉਹ ਦੋਹੇਂ ਉਸ ਵਿਧਵਾ

ਔਰਤ ਨੂੰ ਧੂਹ ਕੇ ਲੈ ਜਾਂਦੇ ਹਨ।)

ਹੌਲੀ ਹੌਲੀ ਫ਼ੇਡ ਆਊਟ ਹੁੰਦਾ ਹੈ।  (ਰੋਸ਼ਨੀ ਹੁੰਦੀ ਹੈ। ਮਰਦਾਨਾ ਥੱਕਿਆ ਜਿਹਾ ਤੁਰ ਰਿਹਾ ਹੈ। ਕੋਰਸ 'ਚੋਂ ਇੱਕ

ਬੰਦਾ ਆ ਕੇ ਲੱਕੜੀ ਤਰਾਸ਼ਣ ਦੀ ਅਦਾਕਾਰੀ ਕਰਦਾ ਹੈ। ਮਰਦਾਨਾ

ਉਸਦੇ ਕੋਲ ਆ ਕੇ ਖੜਦਾ ਹੈ।)

ਤਰਖਾਣ: (ਬਿਨਾ ਉਸ ਵੱਲ ਦੇਖਿਆਂ ਕੰਬਦੇ ਹੱਥਾਂ ਨਾਲ ਲਿਆ ਫੜਾ, ਕੀ

ਕਰਾਉਣੈ ਤਿੱਖਾ ਤੂੰ।

(ਮਰਦਾਨਾ ਚੁੱਪ ਚਪੀਤੇ ਰਬਾਬ ਅੱਗੇ ਕਰ ਦਿੰਦਾ ਹੈ। ਰਬਾਬ ਫੜ ਕੇ

ਤਰਖ਼ਾਣ ਹੈਰਾਨੀ ਨਾਲ ਮਰਦਾਨੇ ਵੱਲ ਦੇਖਦਾ ਹੈ ਤੇ ਕੋਰਸ ਵਿੱਚ ਜਾ

ਕੇ ਤਾਰ ਲੈ ਕੇ ਆਉਂਦਾ ਹੈ। ਬੈਠਣ ਲਈ ਮੁੱਢ ਦਿੰਦਾ ਹੈ।)

ਤਰਖਾਣ: (ਹੌਂਕਾ) ਬਹਿ ਜਾ... | ਦੂਰੋਂ ਆਇਆਂ ਲਗਦੈ। (ਕੰਮ 'ਚ ਲਗ ਜਾਂਦਾ

ਹੈ।)

ਮਰਦਾਨਾ: (ਬੈਠਦੇ ਹੋਏ) ਸਫਰ ਤਾਂ ਹੁਣ ਕੁਝ ਨੀ ਕਹਿੰਦੇ..., ਪਰ ਤਾਰ ਟੁੱਟ

ਜਾਣ ਤਾਂ...। ਸਾਜ਼ ਭਾਰੀ ਹੋ ਜਾਂਦੈ।

(ਤਰਖਾਣ ਉਸ ਵੱਲ ਦੇਖਦਾ ਹੈ ਤੇ ਫੇਰ ਸਾਜ਼ ਠੀਕ ਕਰ ਕੇ ਉਸਨੂੰ

ਫੜਾਉਂਦਾ ਹੈ। ਮਰਦਾਨਾ ਤਾਰਾਂ ਨੂੰ ਟੋਹ ਕੇ ਵੇਖਦਾ ਹੈ।)

ਤਰਖ਼ਾਣ: (ਉਠਦੇ ਹੋਏ) ਬਸ ਇਹੋ ਆਖਰੀ ਹੁੰਦੀ ਸੀ, ਹੋਰ ਹੈ ਨਹੀਂ ਮੇਰੇ ਕੋਲ।

ਮਰਦਾਨਾ: (ਖ਼ੁਦ ਨਾਲ) ਉਹ ਤੰਦਾਂ ਤਾਂ ... ਤਲਵੰਡੀਓਂ ਮੱਕੇ ਤਾਈਂ ਜੁੜੀਆਂ ਸੀ

... ਭਾਈ। (ਜਾਣ ਲਗਦਾ ਹੈ।)

ਤਰਖ਼ਾਣ: (ਫੁਰਤੀ ਨਾਲ ਮੁੜਦਾ ਹੈ ਤੇ ਪਛਾਣਨ ਦੀ ਕੋਸ਼ਿਸ਼ ਕਰਦਾ ਹੈ।)

ਤਲਵੰਡੀਓਂ ....ਮੱਕਾ ਤੂੰ ਕਿਤੇ ਨਾਨਕ ਪੀਰ... ਦੇ ਨਾਲਦਾ ਤਾਂ

ਨਹੀਂ। (ਚੁੱਪੀ)  (ਮਰਦਾਨੇ ਦੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਮਰਦਾਨੇ ਦੇ

ਗੱਲ ਲੱਗ ਫੁੱਟਫੁੱਟ ਰੋਂਦਾ ਹੈ। ਮਰਦਾਨਾ ਸੁੰਨ ਖੜਾ ਹੈ। ਪਿੱਛੋਂ

ਰਬਾਬ ਵੱਜਦੀ ਹੈ: "ਮਨ ਪਰਦੇਸੀ ਜੇ ਥਿਐ ਸਭ ਦੇਸ ਪਰਾਏ॥

ਕਿਸ ਪਹਿ ਖੋਲਓ ਗੰਠੜੀ ਜਬ ਦੁਖ ਭਰ ਆਏ।")

ਤਰਖਾਣ: (ਚੁੱਪ ਹੁੰਦਾ ਹੈ) ਮੈਂ ਵੀ ਆਖਾਂ ...ਕੌਣ ਜੰਗਾਂ ਵਿੱਚ ਸਾਜ਼ ਚੱਕੀ

ਫਿਰਦੈ! ਇਕ ਵਾਰ ਵਜਾ ਕੇ ਤਾਂ ਦਿਖਾ...

(ਰਬਾਬ ਮੁੜ ਉਹੋ ਧੁਨ ਵਜਾਉਂਦੀ ਹੈ।)

ਫ਼ੇਡ ਆਉਟ  (ਉਸੇ ਧੁਨ 'ਚ ਹੀ ਮੁੜ ਹਲਕੀ-ਹਲਕੀ ਰੌਸ਼ਨੀ ਹੁੰਦੀ ਹੈ ਤਾਂ ਵੱਖ

ਵੱਖ ਕੋਨਿਆਂ ਵਿਚ ਜੋਗੀ ਤੇ ਇਕ ਫ਼ਕੀਰ ਖੱਪਰ ਲਈ ਖੜੇ ਹਨ।

ਕੁਝ ਲੋਕ ਲੁਕੇ ਨੇ ਤੇ ਮਰਦਾਨਾ ਇੱਕ ਪਾਸੇ ਨੀਂਵੀ ਪਾਈ ਬੈਠਾ ਹੈ।)

ਫਕੀਰ: ਖੈਰ ਮਾਈ, ਫ਼ਕੀਰ ਆਏ ਐ!

ਜੋਗੀ: ਭਿਛਿਆ ਮਾਤਾ! ਦੋ ਦਿਨਾਂ ਦੇ ਭੁੱਖੇ ਨੇ ਜੋਗੀ!

ਔਰਤ ਦੀ ਆਵਾਜ਼: ਸੰਤੋ ਅਸੀਂ ਐਸ ਵੇਲੇ ਗਜ਼ਾ ਨੀ ਪਾਂਦੇ ਹੁਣ! ਸਾਝਰੇ

ਆਇਆ ਕਰੋ, ਦਿਨ ਖੜੇ!

(ਫਕੀਰ ਤੇ ਜੋਗੀ ਹੌਂਕਾ ਭਰਦੇ ਹਨ। ਤੇ ਮਨ ਹੀ ਮਨ ਸੋਚਦੇ ਹੋਏ

ਤੁਰਦੇ ਤੁਰਦੇ ਇਕੱਠੇ ਹੋ ਜਾਂਦੇ ਹਨ, ਪਰ ਦੂਰ-ਦੁਰ ਹੋ ਕੇ ਚੱਲਦੇ

ਹਨ।)

ਜੋਗੀ: (ਫ਼ਕੀਰ ਵੱਲ ਦੇਖ ਕੇ ਮਨ ਹੀ ਮਨ ਬੜਬੜਾਂਦਾ ਹੈ) ਪੈਗੰਬਰ ਤੇ

ਇਮਾਮ ਨਾਲ ਅਸੀਂ ਤਾਂ ਨੀ ਸੀ ਲੜੇ ਜਾ ਕੇ! ਫ਼ੇ ਸਾਡਾ ਉਜਾੜਾ ਕਿਉਂ

ਫਕੀਰ: (ਚੋਰ ਅੱਖ ਨਾਲ ਜੋਗੀ ਵੱਲ ਦੇਖਦੇ ਹੋਏ) ਮੈਂ ਕਿਹੜਾ ਮਦੀਨੇ ਓਂ ਆ ਕੇ

ਉੱਜੜਿਆ ਆਂ। ਨਾਲਦਾ ਈ ਆਂ, ਕੋਈ ਪਛਾਣੇ ਤੇ...

(ਦੋਹੇਂ ਮੂੰਹ ਮੋੜ ਕੇ ਨਾਲ-ਨਾਲ ਬੈਠਦੇ ਹਨ। ਹੌਲੀ ਹੌਲੀ ਹੋਰ ਲੋਕ ਵੀ

ਨਾਲ ਆ ਕੇ ਬੈਠਦੇ ਹਨ। ਰਬਾਬ 'ਤੇ "ਸਰਮੁ ਧਰਮੁ ਦੁਪਿ ਛਪਿ

ਖਲੋਏ ਕੂੜੁ ਫਿਰੈ ਪਰਧਾਨ ਵੇ ਲਾਲੋਂ" ਦੀ ਧੁਨ ਵੱਜਦੀ ਹੈ। ਮੰਚ 'ਤੇ

ਬਹੁਤ ਘੱਟ ਰੌਸ਼ਨੀ ਹੈ।)

1: ਜੀਹਨੂੰ ਦੇਖੋ ਖਾਣ ਨੂੰ ਆਉਂਦਾ।

2: ਪਤਾ ਵੀ ਲਗਦਾ ਤੈਨੂੰ... ਕਿਹਾ ਕੀ ਏ ਕਿਸੇ ਨੇ...?  3: ਭਾਸ਼ਾ ਈ ਓਪਰੀ ਏ, ਗੁੱਸਾ ਤਾਂ ਉਹੋ ਐ।

ਮਰਦਾਨਾ: ਬਾਬਾ ਕੁਝ ਤਾਂ ਬੋਲ! ਇਹ ਚੁੱਪ ਬਹੁਤ ਭਾਰੀ ਐ!

(ਰਬਾਬ ਉੱਚੀ ਹੁੰਦੀ ਹੈ ਤੇ ਰੌਸ਼ਨੀ ਵਧਦੀ ਹੈ।)

ਕੋਰਸ: ਰਬਾਬ ਬੋਲ ਪਈ, "ਅ-ਮਨ 'ਚ ਰਹੁ ਭਾਈ! ਅ-ਮਨ 'ਚ!"

ਮਰਦਾਨਾ: ਜੀ ਕੀਤਾ ਬਾਬੇ ਨਾਲ ਲੜ ਪਵਾਂ! ਕਿਵੇਂ ਬਾਬਾ...ਕਿਵੇਂ...!

(ਚੁੱਪੀ! ਰਬਾਬ ਦੂਰ ਹੋਣ ਲੱਗਦੀ ਹੈ ਤੇ ਫੇਰ ਮਰਦਾਨਾ ਵੀ ਉੱਠ ਕੇ

ਪੋਟਲੀ ਚੁੱਕਦਾ ਹੈ।

1: ਹਰ ਪੱਤਣ 'ਤੇ ਮੁਗਲਾਂ ਦਾ ਪਹਿਰਾ

2: ਕਿਵੇਂ ਲੰਘੋਗੇ?

ਜੋਗੀ: (ਉਨ੍ਹਾਂ ਨੂੰ ਜਾਂਦੇ ਦੇਖਦੇ ਹੋਏ) ਜੰਗ ਵੱਲ ਜਾਣ ਦੀ ਬਾਹਲੀ ਕਾਹਲੀ ਐ

ਇਨ੍ਹਾਂ ਨੂੰ!

ਮਰਦਾਨਾ: ਮਨ ਹੀ ਅਖਾੜਾ ਬਣਿਆ ਪਿਆ ਬਾਬਾ! (ਵਿਲਕਦਾ ਰੁਕ ਜਾਂਦਾ ਹੈ।)

ਸਾਹ ਸੁੱਕੇ ਜਾਂਦੇ!

ਕੋਰਸ: ਰੋਗ ਅੰਦਰ ਝਾਕ ਮਰਦਾਨਿਆ...! ਸਾਜ਼ ਨੂੰ... ਜਾਗ ਚੁਖਾ... ਥੋੜੀ

ਜਾਗ!" ... ਜਿਉਂ ਦੁਮੇਲ ਦੇ ਬੁੱਲ ਹਿੱਲੇ...

ਮਰਦਾਨਾ: (ਤੁਰ ਪੈਂਦਾ ਹੈ) ਚੱਲ ਭਾਈ ... "ਚਲ ਅ-ਮਨ 'ਚ ਤੁਰੀਏ!"

(ਮਰਦਾਨਾ ਅੱਖਾਂ ਮੂੰਦ ਲੈਂਦਾ ਹੈ: ਰਬਾਬ 'ਤੇ ਬਾਣੀ)

ਵਾਣੀ: "ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹਿ॥

(ਲੋਕ ਝਾੜੀਆਂ 'ਚੋਂ ਬਾਹਰ ਆਉਂਦੇ ਹਨ। ਕਾਫ਼ਿਲਾ ਤੁਰਦਾ ਹੈ।

ਰੌਸ਼ਨੀ ਮੱਧਮ ਹੁੰਦੀ ਜਾਂਦੀ ਹੈ।

ਮਰਦਾਨਾ: ਬਾਬਾ ਲਾਲੋਂ ਦਾ ਪਿੰਡ ਕਿੰਨੀ ਕੁ ਦੂਰ ਏ।

ਕੋਰਸ: ਆਵਾਜ਼ ਚੋਂ ਲਹੂ ਨੁੱਚੜ ਰਿਹਾ ਸੀ, "ਕੋਹਲੂ ਵਾਲੇ ਸਾਰੇ ਪਿੰਡ ਲਾਲੋ ਦੇ

ਈ ਨੇ ਮੀਤਾ।"

ਮਰਦਾਨਾ: ਇਹ ਤਾਂ ਸਾਰੇ ਉਜੜੇ ਨੇ!

ਕੋਰਸ: ਨ੍ਹੇਰੇ 'ਚ ਲਿਸ਼ਕੋਰ ਹੋਈ, "ਅੰਦਰ ਦਾ ਕੋਹਲੂ ਵੀ ਤਾਂ ਦੇਖ।"

ਰੌਸ਼ਨੀ ਘਟਦੀ ਜਾਂਦੀ ਹੈ ਤੇ ਜੰਗੀ ਨਗਾਰੇ ਤੇ ਆਵਾਜ਼ਾਂ ਉਚੀਆਂ

ਹੁੰਦੀਆਂ ਹਨ। ਮਰਦਾਨਾ ਰੁੱਕ ਜਾਂਦਾ ਹੈ ਤੇ ਲੋਕ ਅੱਗੇ ਲੰਘ ਜਾਂਦੇ ਹਨ।)

(ਲੰਬੀ ਬੋਝਲ ਚੁੱਪ ਹੈ। ਅਨੰਦ ਮੰਚ 'ਤੇ ਆਉਂਦਾ ਹੈ।)

ਮਰਦਾਨਾ: ਕੋਈ ਜਿੱਤੇ ਕੋਈ ਹਾਰੇ...,ਲਾਲੋ ਦਾ ਪਿੰਡ ਉਜੜਦੈ!

ਆਨੰਦ: ਬੁਧ ਬਚਨ ਏ ਗੁਰਭਾਈ ਜਦ ਤਾਈਂ ਕੋਈ ਵੀ...ਹਾਰਦਾ ਏ...ਜਿੱਤਦਾ

ਕੋਈ ਵੀ ਨਹੀਂ!

ਮਰਦਾਨਾ: (ਖਿਝ ਕੇ ਪੈਂਦਾ ਹੈ) ਮੇਰੇ ਨਹੀਂ ਪੱਲੇ ਪੈਂਦੀਆਂ ਤੁਹਾਡੀਆਂ ਇਹ

ਗੱਲਾਂ...! (ਖ਼ੁਦ ਨੂੰ ਰੋਕਦਾ ਹੈ। ਚੁੱਪੀ।) ਤੂੰ!

ਆਨੰਦ: ਜਿੱਤ ਦਾ ਸਿਰਫ ਭਰਮ ਹੁੰਦਾ ਹੈ!

ਮਰਦਾਨਾ: ਭਰਮ ਦਾ ਫ਼ੇ ਇੰਨਾ ਮੋਹ ਕਿਉਂ? ਕਿਉਂ ਜਿੱਤਣ ਚੜਦੇ ਦੁਨੀਆ...!

ਆਨੰਦ: (ਸੋਚਦੇ ਹੋਏ) ਮੋਹ ਈ ਜੰਗ ਐ ਮਰਦਾਨਿਆ, ਅ-ਮਨ... ਤਾਂ

ਸ਼ਾਇਦ... ਕੋਈ ਪਾਰ ਦੀ..., ਨਾਨਕ...ਬੁੱਧ... ਦੀ ਦੁਨੀਆ ... ਮੈਂ

ਤੋਂ ਪਾਰ!

(ਹੌਂਕਾ ਭਰ ਕੇ ਚੁੱਪ ਕਰ ਜਾਂਦਾ ਹੈ। ਮਰਦਾਨਾ ਕੋਲ ਜਾ ਕੇ ਬਾਹਾਂ ਤੋਂ

ਫੜਦਾ ਹੈ।)

ਮਰਦਾਨਾ: ਹੋਇਆ ਤਾਂ ਮਰਦਾਨਾ ਨੀ ਜਾਂਦਾ ਗੁਰਭਾਈ! ਬੁੱਧ...ਨਾਨਕ... ਕਿਵੇਂ

ਹੋਈਏ (ਹੌਕਾ) ਅ-ਮਨ... ਕਿਵੇਂ...ਹੋਈਏ!

(ਆਨੰਦ ਕੋਲ ਕੋਈ ਜਵਾਬ ਨਹੀਂ। ਹਨੇਰਾ ਹੁੰਦਾ ਹੈ। ਜੰਗੀ ਆਵਾਜ਼ਾ

ਮੁੜ ਉਭਰਦੀਆਂ ਹਨ। ਮਰਦਾਨਾ ਦੌੜ ਕੇ ਰਬਾਬ ਚੁੱਕਦਾ ਹੈ ਤੇ

ਨਿਕਲ ਜਾਂਦਾ ਹੈ। ਜੰਗੀ ਆਵਾਜ਼ਾਂ ਹੋਰ ਉੱਚੀ ਹੁੰਦੀਆਂ ਹਨ।)

ਆਨੰਦ: ਤੇਰੇ ਕੋਲ ਤਾਂ ਰਬਾਬ ਹੈ, ਮੇਰੇ ਕੋਲ ਤੇ ਹੁਣ ਕਾਸਾ ਵੀ ਨਹੀਂ! (ਖੁਦ ਨੂੰ

ਛੂੰਹਦੇ ਹੋਈ) ਇਸ ਕਿਵੇਂ ਦਾ ਜਵਾਬ ... ਕੌਣ ਦੇਵੇ! (ਅੱਖਾਂ ਮੀਚ

ਲੈਂਦਾ ਹੈ।)

ਫ਼ੇਡ ਆਊਟ  (ਕੁਝ ਲੋਕ ਲੁਕੇ ਹੋਏ ਹਨ ਤੇ ਵਿਚ ਵਿਚ ਝਾਤੀ ਮਾਰ ਕੇ ਦੇਖਦੇ ਹਨ।

ਗਾਉਣ ਵਾਲੀ ਮੰਡਲੀ ਨੀਵੀਂ ਪਾਈ ਲੰਘਦੀ ਹੈ, ਉਨ੍ਹਾਂ ਦੇ ਸਾਜ਼ ਬੰਨੇ

ਹੋਏ ਹਨ। ਰਬਾਬ ਦੀ ਆਵਾਜ਼ ਆਉਂਦੀ ਹੈ। ਉਹ ਇਸ ਤਰ੍ਹਾਂ ਪ੍ਰਭਾਵ

ਦਿੰਦੇ ਹਨ ਜਿਵੇਂ ਕੋਈ ਕੋਲੋਂ ਲੰਘਿਆ ਹੈ, ਰਾਹ ਛੱਡਦੇ ਹਨ। ਮਰਦਾਨੇ

ਨੂੰ ਵੇਖ ਕੇ)

ਗਾਇਕ: ਕੋਈ ਫ਼ਾਇਦਾ ਨੀ ਭਾਈ। ਅਸੀਂ ਟੱਕਰਾਂ ਮਾਰ ਆਏ ਹਾਂ...,

(ਮਰਦਾਨਾ ਤੁਰਿਆ ਜਾਂਦਾ ਹੈ। ਉੱਚੀ ਆਵਾਜ਼ 'ਚ ਗਾਉਣ ਵਜਾਉਣ

ਦਾ ਮਾਹੌਲ ਨੀ ਅੱਗੇ!

(ਮਰਦਾਨਾ ਰੁੱਕ ਕੇ ਪਿੱਛੇ ਦੇਖਦਾ ਹੈ। ਗਾਉਣ ਵਾਲੀ ਮੰਡਲੀ ਨਿਕਲ

ਜਾਂਦੀ ਹੈ। ਮਰਦਾਨਾ ਥਾਂ ਪਛਾਣਨ ਦੀ ਕੋਸ਼ਿਸ਼ ਕਰਦਾ ਹੈ। ਲੋਕ

ਗਰਦਨਾਂ ਕੱਢ ਕੇ ਦੇਖਦੇ ਹਨ।)

1: ਕੌਣ ਨੇ ?

2: ਸਿਪਾਹੀ ਤਾਂ ਦਿਖਦੇ ਨੀ।

3: ਨਾ ਸੂਹੀਏ ਲਗਦੇ।

1: ਫੇਰ ਇੰਨੀ ਬੇਪਰਵਾਹੀ!

(ਉਨਾ ਨੂੰ ਪਿਛਾਂਹ ਕਰਕੇ ਇਕ ਗਰਦਨ ਤੇਜੀ ਨਾਲ ਬਾਹਰ ਨਿਕਲਦੀ

ਹੈ।)

ਲਾਲੋ: ਬੇਪਰਵਾਹੀ! (ਤੇ ਮਰਦਾਨੇ ਨੂੰ ਪਛਾਣਦਾ ਹੈ। ਉੱਚੀ) ਗੁਰਭਾਈ!

ਮਰਦਾਨਾ: (ਹੈਰਾਨ) ਲਾਲੋ...!

(ਦੋਹੇਂ ਗਲੇ ਮਿਲਦੇ ਹਨ। ਬਾਕੀ ਲੋਕ ਵੀ ਬਾਹਰ ਆ ਜਾਂਦੇ ਹਨ।)

ਮਰਦਾਨਾ: ਮੇਰੇ ...ਲਾਲੋ ਦਾ ਪਿੰਡ...! ਪਛਾਣ ਈ ਨੀ ਹੋਇਆ ...ਨ੍ਹੇਰਾ ਇੰਨਾ

ਏ ... ਗੁਰਭਾਈ!  ਲਾਲੋ: ਪਰ ਤੇਰੇ ਨਾਲ ਤਾਂ ਬਾਬਾ ਸੀ: (ਮਰਦਾਨਾ ਨੀਵੀਂ ਪਾ ਲੈਂਦਾ ਹੈ) ਬਾਬਾ

..ਬਾਬਾ ਕਿੱਥੇ! (ਚੁਫੇਰੇ ਦੇਖਦਾ ਹੈ)

ਮਰਦਾਨਾ: ਹਉਕੇ ਚੁਗਦਾ ਫਿਰਦਾ!

(ਪਿੱਛਲੇ ਪਾਸਿਓਂ ਆਵਾਜ਼ ਆਉਂਦੀ ਹੈ।)

ਆਵਾਜ਼: ਨਾ ਗਾਈਂ ਸਾਈਂ...ਨਾ ਰੱਬ ਦਾ ਵਾਸਤਾ ਈ ਗਾਈਂ ਨਾ! ਹੁਣੇ ਗਏ ਨੇ,

ਮੁੜ ਆਉਣਗੇ। ਤੇਰਾ ਕੁਝ ਨੀ ਜਾਣਾ...

(ਦੋਹੇਂ ਆਵਾਜ਼ ਦੀ ਦਿਸ਼ਾ 'ਚ ਦੇਖਦੇ ਹਨ।)

ਬੁੱਢੀ ਆਵਾਜ਼: ਤੂੰ ਹੀ ਏਂ ਨਾ ... ਦੁੱਧ ਤੇ ਲਹੂ ਵਾਲਾ ਅੰਨ ਨਿਖੇੜਣ ਵਾਲਾ...,

ਫ਼ੇ ਰੋਕ ਇਨ੍ਹਾਂ ਮੁਗਲਾਂ ਨੂੰ!

ਲਾਲੋ: ਪੀਰਾਂ ਦੀ ਝੋਲੀ ਹਰ ਜੁਗ ... ਮੇਹਣੇ ਹੀ ਰਹੇ!

ਭਾਗੋ ਦੀ ਕੁੜੀ: ਨਾਨਕ ਸ਼ਹੁ...ਨਾਨਕ ਸ਼ਹੁ...(ਦੌੜੀ ਆਉਂਦੀ ਹੈ ਤੇ ਮਰਦਾਨੇ ਨੂੰ

ਪਛਾਣ ਕੇ ਰੁਕਦੀ ਹੈ।) ਸ਼ਹੁ ਕਿੱਥੇ ਐ? ਨਾਨਕ ਸ਼ਹੁ। ਤੂੰ ਲਾਲੋ ਏ

ਨਾ, ਪਛਾਣਿਆ ਮੈਨੂੰ! ਮੈਂ ਨਕਰਮਣ ਅੰਸ ਆਂ ਉਸੇ ਭਾਗੋ ਦਾ ...

ਮਲਿਕ ਭਾਗੋ! ਘਰ ਲੈ ਕੇ ਜਾਣਾ ਸ਼ਹੁ ਨੂੰ..., (ਫੁੱਟ ਪੈਂਦੀ ਹੈ) ਅੱਜ

ਜਾਣਾ ਈ ਪੈਣਾ ਉਸਨੂੰ, ਦੁੱਧ ਚੁੰਘਦੇ ਬਾਲ ਨੂੰ ਲਹੂ ਦੇ ਛੱਪੜ 'ਚ

ਇਕੱਲਾ ਛੱਡ ਕੇ ਆਈ ਹਾਂ, ਕੋਈ ਨੀ ਬਚਿਆ ... ਲਾਸ਼ਾਂ ਈ ਲਾਸ਼ਾਂ

ਤੇ ਉਹ ਨੰਨ੍ਹੀ ਜਾਨ ਘੱਟ ਦੁੱਧ ਨੂੰ ਤਰਸਦੀ। ਸ਼ਹੁ ਨੂੰ ਕਹਿ (ਲਓ ਦੇ

ਪੈਰ ਫੜ ਲੈਂਦੀ ਹੈ) ਉਹਦੇ ਸਿਰ 'ਤੇ ਹੱਥ ਰੱਖ ਦੇਵੇ!

(ਲਾਲੋ ਦੇ ਪੈਰਾਂ 'ਚ ਢਹਿ ਜਾਂਦੀ ਹੈ। ਸਾਰੇ ਨੀਵੀਂ ਪਾਈ ਖੜੇ ਹਨ।

ਮਰਦਾਨਾ ਤੇ ਲਾਲੋ ਉਸਨੂੰ ਉਠਾਉਂਦੇ ਹਨ।)

ਆਵਾਜ਼: ਓ ਭਾਈ ਫਕੀਰਾ... ਦੌੜ ਕੇ ਆਈਂ ਜ਼ਰਾ... ਹੱਥ ਦੇਈਂ, ਸਾਹ ਹੈਗੇ

ਹਾਲੇ ਇਹਦੇ 'ਚ।

(ਰਬਾਬ ਵੱਜਦੀ ਹੈ।)

ਬਾਣੀ: ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥

ਪਾਪ ਕੀ ਜੰਵ ਲੈ ਕਾਬਲਹੁ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ॥

ਫ਼ੇਡ ਆਊਟ  (ਆਨੰਦ ਤੇ ਮਰਦਾਨਾ ਬੈਠੇ ਹਨ। ਮੌਨ ਹੈ! ਆਨੰਦ ਗੌਰ ਨਾਲ ਮਰਦਾਨੇ

ਨੂੰ ਕਿਸਾਨੀ ਨਾਲ ਜੁੜੇ ਛੋਟੇ ਮੋਟੇ ਕੰਮ ਕਰਦੇ ਦੇਖ ਰਿਹਾ ਹੈ, ਤੇ ਡੂੰਘੇ

ਧਿਆਨ 'ਚ ਲਗਦਾ ਹੈ।)

ਮਰਦਾਨਾ: ਤੀਰਥਾਂ ਨੂੰ ਪਿੱਛੇ ਛੱਡ ਬਾਬਾ ਮੁੜ ਤਲਵੰਡੀ ਆ ਗਿਆ। ਰਾਏ

ਬੁਲਾਰ ਤਾਂ ਰਹੇ ਨਹੀਂ ਸੀ। ਸੁੰਨੀ ਹਵੇਲੀ ਦੌਲਤ ਖਾਂ ਦੇ ਫੜੇ ਜਾਣ ਦਾ

ਸੋਗ ਮਨਾਉਂਦੀ। ਧੀ ਵਿਆਹੀ ਸੀ ਨਾ ਇੱਥੇ! ਮੈਂ ਆਪਣੇ ਦਰਵਾਜ਼ਾ

ਮੂਹਰੇ ਸੀ (ਹੱਥ ਨਾਲ ਧੱਕਾ ਦਿੰਦਾ ਹੈ) ਹੱਥ ਲਾਂਦੇ ਈ ਖੁੱਲ

ਗਿਆ...ਥੱਲੜੇ ਪੱਲੇ ਝੜ ਗਏ ਸੀ।

(ਅੱਲਾ ਰੱਖੀ ਸਪਾਟ 'ਚ ਆਉਂਦੀ ਹੈ ਤੇ ਮਰਦਾਨੇ ਨੂੰ ਦੇਖ ਹੈਰਾਨ

ਰਹਿ ਜਾਂਦੀ ਹੈ। ਆਨੰਦ ਵੀ ਖੜਾ ਹੁੰਦਾ ਹੈ।)

ਅੱਲਾ ਰੱਖੀ: (ਜਿਵੇਂ ਸਾਹਮਣੇ ਮਰਦਾਨਾ ਖੜਾ ਹੈ।) ਸਦਕੇ ਮੀਰ ਜੀ ਹਾਜੀ ਹੋ

ਕੇ ਆਏ ਨੇ! (ਅੱਖਾਂ ਭਰ ਆਉਂਦੀਆਂ ਹਨ।)

ਮਰਦਾਨਾ: (ਆਨੰਦ ਵੱਲ ਮੁੜ ਕੇ) ਹੰਝੂ ਉਹ ਲਗਦੇ ਨਹੀਂ ਸਨ; ਕੋਈ ...ਪਾਵਨ

ਅੱਖਰ...ਉਹ ਦੀਆਂ ਅੱਖਾਂ 'ਚ ਕੰਬਦੇ ਰਹੇ...!

ਅੱਲਾ ਰੱਖੀ: ਮੇਰੇ ਲਈ ਕੀ ਲਿਆਏ ਓਂ?

ਮਰਦਾਨਾ: (ਆਨੰਦ ਨੂੰ) ਮੈਂ ਪੋਟਲੀ 'ਚੋਂ (ਰੁਬਾਬ ਦੇ ਨਾਲ ਬੰਨੀ ਲੀਰ 'ਚੋਂ

ਕਢਦਾ ਹੈ) ਮਾਲਾ ਕੱਢੀ... ਕਾਠ ਦੀ॥ ਤੇ ਉਹਦੇ ਗਲ ਪਾ ਦਿੱਤੀ।

(ਆਨੰਦ ਮਾਲਾ ਫੜਣ ਦਾ ਅਭਿਨੈ ਕਰਦਾ ਹੈ।)

ਅੱਲਾ ਰੱਖੀ: ਮਾਲਾ! (ਗਲ 'ਚ ਪਈ ਮਾਲਾ ਦੇਖਦੇ ਹੋਏ) ਤੇ... ਕਾਸਾ ਤਾਂ ਭੁੱਲ

ਈ ਗਏ..., ਹਾਜੀ ਜੀਓ!

(ਆਨੰਦ ਆਪਣੇ ਹੱਥ ਵੱਲ ਦੇਖਦਾ ਹੈ ਤੇ ਕਦੇ ਮੀਰਜ਼ਾਦੀ ਵੱਲ)

ਅੱਲਾ ਰੱਖੀ: (ਸਪਾਟ ਦੀ ਲਾਈਟ ਮੱਧਮ ਪੈਂਦੀ ਹੈ। ਕਾਸਾ ਤਾਂ ਭੁੱਲ ਈ ਗਏ  ਜੋਗੀ ਜੀਓ! (ਸਪਾਟ ਆਫ਼ ਹੁੰਦਾ ਹੈ ਤੇ ਮੀਰਜ਼ਾਦੀ ਜਾਂਦੀ ਹੈ।)

ਮਰਦਾਨਾ: ਰਾਜਕੁਮਾਰ ਏਂ ਨਾ ਤੂੰ ਨਹੀਂ ਸਮਝਦਾ ... ਮਰਾਸਣ ਜੋਗਣ ਹੋਈ ਕਿਹੋ

ਜਿਹੀ ਲੱਗਦੀ। (ਹੱਸਦਾ ਹੋਇਆ ਪੋਟਲੀ 'ਚੋਂ ਬੀਜ ਕੱਢ ਕੇ ਬਿਜਾਈ

ਦੀ ਤਿਆਰੀ ਕਰਦਾ ਹੈ ਹੈ। ਤਲਵੰਡੀਓਂ ਤੁਰੇ ਤਾਂ ਬੱਚੇ ਬਹੁਤ

ਦਿੱਸੇ...ਪੀਪਣੀਆਂ 'ਤੇ ਸਾਹ ਵਜਾਉਂਦੇ...(ਨਕਲ ਕਰਦਾ ਹੈ। ਬਾਬਾ

ਤਾਂ ਖੇਡੇ ਪੈ ਗਿਆ ਉਨ੍ਹਾਂ ਨਾਲ...ਮੈਨੂੰ ਵਜਾਣੀ ਨਾ ਆਵੇ ਪੀਪਣੀ॥

ਬੱਚੇ ਹੱਸਣ ਅਖੇ ਫਕੀਰਾਂ ਨੂੰ ਐਂਨਾ ਵੀ ਨੀ ਆਉਂਦਾ। (ਹੌਕਾ ਕਦੋਂ

ਤਲਵੰਡੀ... ਪਿੱਛੇ ਰਹਿ ਗਿਆ, ਪਤਾ ਈ ਨੀ...

ਰਾਵੀ ਦਾ ਕੰਢਾ! ਨਵੀਂ ਥਾਂ..(ਅੰਜਾਨ ਹੋਣ ਦਾ ਜੈਸਚਰ ਕਰਦਾ ਹੈ।)

ਬਾਬਾ ਇੱਥੇ ਰੁਕਿਆ... ਤੇ ਰੁਕ ਈ ਗਿਆ!

(ਦੌੜ ਦੌੜ ਕੇ ਸਮਾਨ ਕੱਠਾ ਕਰਦਾ ਹੈ ਤੇ ਆਨੰਦ ਨੂੰ ਵੀ ਨਾਲ ਲਾ

ਲੈਂਦਾ ਹੈ। ਪਹਿਲਾਂ ਹੀ ਪਏ ਪਾਣੀ ਦੇ ਮੱਟ ਕੋਲ ਰੱਖਦੇ ਹਨ।)

ਹਲ। ਪੰਜਾਲੀ, ਸੁਹਾਗਾ ਸਭ ਆ ਗਿਆ। ਹਲ ਚਲਾਉਣਾ ... ਤੇ ਫ਼ੇ

ਬਾਬੇ ਨਾਲ ਰੋਟੀਆਂ ਲਾਉਣੀਆਂ..., ਮੈਂ ਜਿੱਦ ਕਰਦਾ "ਵੇਖੀਂ ਬਾਬਾ

ਪਛਾਣ ਰੱਖੀਂ, ਮੈਂ ਤੇਰੇ ਹੱਥ ਦੀ ਖਾਣੀ ਐ ਤੇ ਤੂੰ ਖਾਈਂ ਮੇਰੇ

ਵਾਲੀਆਂ।" (ਦੋਹੇਂ ਹਸਦੇ ਹਨ)

(ਆਨੰਦ ਉਠ ਕੇ ਚੁੱਲ੍ਹਾ ਬਾਲਣ ਲਗਦਾ ਹੈ। ਵੇਹਲਾ ਹੋ ਕੇ ਆਨੰਦ ਕੋਲ

ਆਉਂਦਾ ਹੈ।)

ਮਨ ਨੂੰ ਹੌਲ ਪੈਂਦੇ ਤੀਰਥਾਂ ਦੇ, ਜਿਵੇਂ ਕਦੇ ਧੀਆਂ ਪੁੱਤਾਂ ਦੇ ਪੈਂਦੇ ਸੀ।

ਬਾਬੇ ਨੂੰ ਕਿਹਾ, ਪਾਣੀ ਗੰਧਲਾ ਹੋ ਗਿਆ ਬਾਬਾ, ਕੁਝ ਦਿਖਣ ਨੀ

ਦਿੰਦਾ। ਐਂ ਮੋਢੇ ਤੇ ਹੱਥ ਧਰ ਕੇ ਕਹਿੰਦਾ, "ਪਾਣੀ ਨਹੀਂ

ਮਰਦਾਨਿਆ... ਇਹ ਕਾਹਲ ਦਾ ਰੰਗ ਏ! (ਚੁੱਪ..., ਸਿਰ ਖੁਰਕਦਾ ਹੈ।

ਜਿਵੇਂ ਕੁਝ ਸਮਝ ਨਾ ਆਇਆ ਹੋਵੇ। ਯਾਦਾਂ 'ਚ ਗੁਆਚਾ ਖੁਦ ਨੂੰ

ਥਾਪੜਦਾ) "ਸੋਝੀ ਤੁਰਿਆਂ ਈ ਆਉਂਦੀ ਏ ਮਰਦਾਨਿਆ। ਪਰ ਜੇ

ਤੁਰਨ 'ਤੇ ਈ ਖੜ ਜਾਈਏ ਤਾਂ ਸਮੁੰਦਰ ਨੀ ਹੋ ਹੁੰਦਾ।"

ਮੌਨ!!!  ... ਤੇ ਮੈਂ ਬੈਠ ਗਿਆ! ਸਾਰੇ ਸਫ਼ਰ ਬੈਠ ਗਏ...ਜਿਵੇਂ ਗੁਰਦ ਬੈਠ

ਜਾਂਦੀ ਏ!

(ਆਨੰਦ ਸਾਰੀ ਗੱਲ ਧਿਆਨ ਨਾਲ ਸੁਣਦਾ ਹੈ। ਮੌਨ!!! ਗੋਡੀ ਕਰਨ

ਲਗਦਾ ਹੈ। ਰੋਸ਼ਨੀ ਮੱਧਮ ਪੈਂਦੀ ਹੈ। ਭਾਂਤ ਭਾਂਤ ਦੀਆਂ ਪੋਸ਼ਾਕਾਂ

ਵਾਲੀ ਸੰਗਤ ਜੁੜਦੀ ਹੈ, ਜਿੰਨ੍ਹਾਂ 'ਚ ਔਰਤਾਂ ਵੀ ਹਨ। ਸ਼ਕਲਾਂ ਸਾਫ਼

ਨਹੀਂ ਹੁੰਦੀਆਂ। ਰਬਾਬ ਵੱਜਦੀ ਹੈ। ਲੰਗਰ ਚਲਦਾ ਹੈ। ਮਰਦਾਨਾ

ਸਾਰੇ ਕੰਮ ਕਰਦਾ ਹੈ, ਆਨੰਦ ਵੀ ਉਸ ਨਾਲ ਹੱਥ ਵਟਾਉਂਦਾ ਹੈ। ਦੋ

ਔਰਤਾਂ ਗੌਰ ਨਾਲ ਆਲੇ ਦੁਆਲੇ ਨੂੰ ਦੇਖਦੀਆਂ ਹਨ।)

ਗਾਉਂਦਾ ਗਾਉਂਦਾ ਬਾਬਾ ਪੁੱਛਦਾ "ਜੋਤਾ ਲਾ ਆਇਆਂ ਭਾਈ

ਮਰਦਾਨਿਆ?"

(ਸਾਰੀ ਸੰਗਤ ਹੱਸ ਪੈਂਦੀ ਹੈ। ਔਰਤਾਂ ਜਿੰਨ੍ਹਾਂ ਦੀ ਪਿੱਠ ਹੈ, ਦਬੀ

ਜ਼ਬਾਨ 'ਚ ਗੱਲਾਂ ਕਰਦੀਆਂ ਹਨ।)

ਔਰਤ: (ਹੈਰਾਨ) ਇਹ ਸਾਰਾ...ਇੰਨ੍ਹਾਂ ਆਪ ਬੀਜਿਆ!

1: ਚੌਹ ਖੰਡਾਂ ਦਾ ਗਿਆਨ ਲਿਆ ਕੇ ਮਿੱਟੀ ਚ ਲਿਬੇੜ 'ਤਾ! ਕਮਾਲ

ਐ!

2: ਕਮਾਲ ਤਾਂ ਹੈ ਈ...ਮਰਾਸੀ ਨੂੰ ਕੰਮ ਲਾ ਲਿਆ।

(ਹੱਸਦੀ ਹੋਈ ਸੰਗਤ ਜਾਂਦੀ ਹੈ। ਦੋਹਾਂ ਔਰਤਾਂ ਆਪਣੇ 'ਚ ਹੀ ਗੁੰਮ

ਜਾਂਦੀਆਂ ਨੇ।)

ਮਰਦਾਨਾ: ਸਾਰੀ ਕਾਇਨਾਤ ਮਰਾਸੀ ਹੋ ਗਈ ਸੀ...ਹੱਸੀ ਜਾਵੇ! (ਹੱਸਦਾ

ਹੋਇਆ ਸੰਜੀਦਾ ਹੋ ਜਾਂਦਾ ਹੈ।) ਤੇ ਬਾਬਾ ਉਨ੍ਹਾਂ ਹੱਸਦੇ ਸਾਧਾਂ ਵਾਂਗ...ਮੌਨ

ਸੀ!

ਇਕ ਦਿਨ ਮੀਰਜ਼ਾਦੀ ਤੇ ਮਾਤਾ ਤ੍ਰਿਪਤਾ ਵੀ ਆਈਆਂ...ਕਿਸੇ ਨੇ

ਸਿਆਣਿਆ ਨੀ, ਨਾ ਜਾਣ ਲੱਗੇ ਰੋਕਿਆ। ਲੰਗਰ ਖਾਧਾ ਤੇ ਤੁਰ

ਗਈਆਂ।

(ਰੋਣਹਾਕਾ।)

ਜੀ ਕੀਤਾ। ਜਾ ਕੇ ਲੜਾਂ ਬਾਬੇ ਨਾ'...ਕੋਈ ਗੱਲ ਐ ਭਲਾ...,

ਦੱਸਣਾ ਚਾਹੀਦਾ ਸੀ ਭੀ ਮੇਰੀ ਮਾਂ ਐ!

(ਚੁੱਪੀ)

ਬਾਬਾ ਚੁਪਚਾਪ ਉੱਠਿਆ ਤੇ ਤੁਰ ਪਿਆ।

(ਮੱਟ ਵਾਲੀ ਥਾਂ ਵੱਲ ਜਾਂਦਾ ਹੈ। ਛੋਟੇ ਘੜੇ 'ਚੋਂ ਮੱਟ 'ਚ ਪਾਣੀ ਪੀਂਦੇ

ਹੋਏ ਆਨੰਦ ਨੂੰ ਅੱਖਾਂ ਮੀਟ ਕੇ ਮੁਖਾਤਬ ਹੁੰਦਾ ਹੈ।

"ਵਗਦੀਆਂ...ਉਡਦੀਆਂ...ਹੱਦਾਂ ਨੂੰ ਵੇਖ ਮਰਦਾਨਿਆ! ਆਪਣੇ ਵਗਣ

ਨੂੰ ਵੇਖ ਮੀਤਾ!"

(ਮਰਦਾਨਾ ਪਾਣੀ ਦੀ ਧਾਰ ਵੱਲ ਦੇਖਦਾ ਹੈ ਤੇ ਫੇਰ ਘੜਾ ਖਾਲੀ ਕਰ ਕੇ

ਖਲ੍ਹਾ 'ਚ ਕੁਝ ਲੱਭਦਾ ਹੈ। ਆਨੰਦ ਰਬਾਬ ਨੂੰ ਵਜਾਉਣ ਦੀ ਕੋਸ਼ਿਸ਼

ਕਰ ਰਿਹਾ ਹੈ। ਮਰਦਾਨਾ ਇਹ ਵੇਖ ਕੇ ਮੁਸਕਰਾਉਂਦਾ ਹੈ ਤੇ ਉਸਦੇ

ਕੋਲ ਜਾ ਕੇ ਬੈਠਦਾ ਹੈ।)

ਪਤਾ ਨਹੀਂ ਹੁਣ... ਹਰ ਗੱਲ ਵਿਛੋੜੇ 'ਚ ਈ ਕਿਉਂ ਖਤਮ ਹੁੰਦੀ,"

ਰੁਕ ਨਾ ਮਰਦਾਨਿਆ, ਬੀਜ ਨੀ ਝਾਕ ਸਕਦਾ...ਅੰਦਰ...ਬੰਦਾ ਝਾਕ

ਸਕਦੈ ...ਉਸ ਕੋਲ ਅਵਸਰ ਹੈ, ਫਲ ਹੋਣਾ ਏ ਤਾਂ ਬੀਜ ਨੂੰ ਫੁੱਟਣਾ

ਪੈਣਾ। ਰੁਕ ਨਾ ... ਸੁਰਤ ਦੀ ਦਹਲੀਜ਼ ਟੱਪ ਤੇ...! ਦੁਆਰ 'ਤੇ

ਕੋਈ ਬੈਠਣ ਥੋੜੀ ਆਉਂਦੇ!

(ਖੜਾ ਹੁੰਦਾ ਹੈ।)

ਇੱਕ ਦਿਨ ਮੈਂ ਫੁੱਟ ਪਿਆ! (ਤੜਪਦਾ ਹੈ) ਮੈਂ ਨਹੀਂ ਵਿਛੜਨਾ! ਜੇ

ਗਿਆਨ ਦਾ ਮਤਲਬ ਵਿਛੋੜਾ ਏ ਤਾਂ ਰਹਿਣ ਦੇ! ਮੈਂਨੂੰ ਤਲਵੰਡੀ ਦਾ

ਡੂਮ ਈ ਰਹਿਣ ਦੇ ਬਾਬਾ। ਤੂੰ ਰੱਖ ਆਪਣਾ ਗਿਆਨ!

(ਫੁੱਟ-ਫੁੱਟ ਕੇ ਰੋ ਪੈਂਦਾ ਹੈ, ਜਿਵੇਂ ਕਿਸੇ ਨੂੰ ਜੱਫਾ ਪਾ ਰਿਹਾ ਹੋਵੇ।

ਅਚਾਨਕ ਬਦਲਦਾ ਹੈ।)

ਕੋਰਸ: ਬਾਬਾ ਗਰਜਿਆ। ਜਿਉਂ ਅੰਬਰ ਗਰਜਦੈ "ਸੁਹਾਗੇ ਦੇ ਰੱਸੇ ਖੋਲ

ਮਰਦਾਨਿਆ! ਆਸਮਾਨ ਨੂੰ ਦੇਖ...ਅੰਦਰ ਏ ਕੇ ਬਾਹਰ!'

(ਕੰਬ ਜਾਂਦਾ ਹੈ।)

(ਚੁੱਪੀ)

(ਆਨੰਦ ਦੇ ਅੰਦਰ ਜਿਵੇਂ ਕੁਝ ਹਿਲਦਾ ਹੈ।)

ਆਨੰਦ: ਗੁਰੂ ਵੀ ਪਤਾ ਨੀ ਕੇਹੀ ਬੁਝਾਰਤ ਏ ਮਰਦਾਨਿਆ! ਜੋ ਦਿੰਦਾ ਏ,  ਆਖਿਰ 'ਚ ਉਹ ਵੀ ਖੋਹ ਲੈਂਦੇ! (ਮਰਦਾਨਾ ਸਿਰ ਹਿਲਾਉਂਦਾ ਹੈ।)

ਤੇਰੇ ਕੋਲੋਂ ਸਫ਼ਰ ਖੋਹ ਲਿਆ ਤੇ ਮੇਰੇ ਕੋਲੋਂ ਕਾਸਾ! ਤੇ ਬਚਿਆ

ਕੀ...ਸੁੰਨ ਆਕਾਸ਼!

(ਮਰਦਾਨਾ ਹੱਸਦਾ ਹੈ ਤੇ ਹੱਸਦੇ ਨੂੰ ਖੰਘ ਛਿੜ ਜਾਂਦੀ ਹੈ। ਆਨੰਦ

ਉਸਨੂੰ ਸੰਭਾਲਦਾ ਹੈ।)

ਮਰਦਾਨਾ (ਆਨੰਦ ਨੂੰ): ਨਹੀਂ ਗੁਰਭਾਈ, ਮੈਂ ਹੀ ਗਲਤ ਸੀ! (ਆਨੰਦ ਉਸ

ਵੱਲ ਗੌਰ ਨਾਲ ਦੇਖਦਾ ਹੈ। ਬੁੱਧ ਨੇ ਲਾਸ਼ ਦੇਖੀ॥ ਇਕ ਲਾਸ਼॥ ਤੇ

ਮੌਤ ਨੂੰ ਦੇਖ ਲਿਆ..., ਸਿੱਧਾ... ਤੁਰ...ਹਰ ਮੈਂ ਦਾ ਮਰਨਾ ਤੇ...

ਆਪਣਾ ਵੀ! (ਖੰਘਦਾ ਹੈ) ਅਸੀਂ ...ਹਮੇਸ਼ਾਂ ਇੱਕ ਹੱਥ ਦੀ ਵਿੱਥ 'ਤੇ

ਰਖਦੇ ਆਂ ਉਸਨੂੰ...! (ਜਿਵੇਂ ਕਿਸੇ ਚੀਜ਼ ਨੂੰ ਪਰੇ ਧਕੇਲ ਰਿਹਾ ਹੋਵੇ)

ਦੂਜੇ ਦੀ ਮੌਤ ਦਿਖਦੀ ਐ ਆਪਣਾ ਤਾਂ ਸਿਰਫ..... ਵਿਛੋੜਾ ਦਿਖਦਾ!

(ਆਨੰਦ ਵੱਲ) ਐਮੀ ਵੀ ਐਂ ਈ ਕਰਦੀ...ਮਰਨ ਵਾਲੇ ਦੀ ਜ਼ਿੰਦਗੀ

ਦਾ ਦੀਵਾ ਜਗਾਉਂਦੀ...ਜਿਸ ਵਿਚ ਮੌਤ ਨਹੀਂ ਸਿਰਫ਼ ਵਿਛੋੜਾ ਦਿਖਦਾ।

(ਰੁੱਕ ਜਾਂਦਾ ਹੈ। ਸਾਹ ਚੜਦਾ ਹੈ)

ਆਨੰਦ: (ਵਾਕ ਪੂਰਾ ਕਰਦਾ ਹੈ) ...ਤੇ ਮੌਤ ਤੋਂ ਖੁੰਝ ਜਾਂਦੀ। (ਮਜ਼ਾਕ ਕਰਦਾ

ਹੈ।) ਤੂੰ ਤੇ ਗੰਭੀਰ ਹੋ ਗਿਆ। ਓਏ...

ਮਰਦਾਨਾ: (ਪੂਰਾ ਕਰਦਾ ਹੈ) ਮਰਾਸੀਆ!

(ਦੋਨੋ ਹੱਸਦੇ ਹਨ। ਮਰਦਾਨਾ ਫੇਰ ਖੰਘਣ ਲਗਦਾ ਹੈ)

ਮਰਦਾਨਾ: ਵਾਹ ਉਏ ਮਰਾਸੀਆ... ਸਾਜ਼ ਸੁਰ ਹੋਣ ਲੱਗਾ ਤੇ ਉਖੜ ਚਲਿਐਂ...

(ਖੁਦ ਨੂੰ ਸੰਭਾਲਦਾ ਹੈ।) ਵੇਖੀਂ, ਨਾਸ਼ੁਕਰਾ ਨਾ ਹੋ ਜਾਈਂ...

ਆਨੰਦ:...ਮਰਦਾਨਿਆ!

ਮਰਦਾਨਾ: ਵੇਲਾ ਹੋ ਗਿਆ ਸੀ, ...ਵਿਛੜਣ...(ਇਨਕਾਰ 'ਚ ਸਿਰ ਮਾਰਦਾ ਹੈ)

ਆਨੰਦ: ਨਾ... (ਇਨਕਾਰ 'ਚ ਸਿਰ ਮਾਰਦਾ ਹੈ। ਮੈਂ ਭੰਤੇ ਨੂੰ ਵਿਛੜਦਿਆਂ

ਦੇਖਿਆ...ਹੁਣ ਤੂੰ!

ਮਰਦਾਨਾ: (ਜ਼ੋਰ ਦੇ ਕੇ) ਨਹੀਂ, ਵਿਛੜਣਾ ਨਹੀਂ..; ਮੌਤ ਨੂੰ ਵੇਖ... ਉਸਦੇ

ਵਿਚਾਰ ਨੂੰ ਨਹੀਂ!

(ਮਰਦਾਨੇ ਨੂੰ ਖੰਘਦਾ ਛੱਡ ਕੇ ਆਨੰਦ ਆਵਾਜ਼ਾਂ ਮਾਰਨ ਲੱਗਦਾ ਹੈ।)  ਅਨੰਦ: ਨੇਹਰਾ...ਇਬਰਾਹੀਮ...

ਕੋਰਸ 1: ਕੀ ਹੋਇਆ!

ਆਨੰਦ: (ਭਾਵਕ) ...ਮਰਦਾਨਾ... ਉਹ ਜਾ ਰਿਹੈ...

(ਮਰਦਾਨੇ ਦੀ ਖੰਘ ਵਧਦੀ ਜਾਂਦੀ ਹੈ। ਆਨੰਦ ਉਸਨੂੰ ਬਿਠਾਂਦਾ ਹੈ।

ਕੋਰਸ 'ਵਾਜਾਂ ਮਾਰਦਾ ਹੈ।)

ਕੋਰਸ: ਨੇਹਰਾ...; ਇਬਰਾਹੀਮ..., ਮਖਦੂਮ ਜੀਓ..., ਦਿਗਵਿਜੈ..., ਨਾਨੂੰ...

(ਰਬਾਬ ਵੱਜਦੀ ਹੈ। ਇਬਰਾਹੀਮ, ਨੇਹਰਾ, ਮਾਂ ਦੀ ਮੌਤ ਤੇ ਰੋਣ ਵਾਲਾ

ਨੌਜਵਾਨ ਸਾਧ, ਹੱਸਦੇ ਸਾਧੂ, ਬਹਾਉਦੀਨ ਮਖਦੂਮ ਤੇ ਅਬਦੁਲ

ਵਹਾਬ,ਦਿਗ ਵਿਜੈ ਤੇ ਸਾਨੂੰ ਸਭ ਮਰਦਾਨੇ ਦੇ ਗਿਰਦ ਬੈਠਦੇ ਹਨ।

ਮਰਦਾਨਾ ਉਨ੍ਹਾਂ ਨੂੰ ਪਛਾਣਦਾ ਹੈ।

ਮਰਦਾਨਾ: ਨੇਹਰਾਂ, ਇਬਰਾਹੀਮ..., ਪੰਡਿਤ ਜੀ...ਸਭ ਆ ਗਏ!

(ਅੱਲਾ ਰੱਖੀ ਆਉਂਦੀ ਹੈ, ਹੱਥ 'ਚ ਮਰਦਾਨੇ ਵਾਲੀ ਮਾਲਾ ਹੈ। ਉਹ

ਥੋੜੀ ਦੂਰ ਹੀ ਖੜ ਕੇ ਦੇਖਦੀ ਹੈ। ਮਰਦਾਨਾ ਸੰਭਲਣ ਦੀ ਕੋਸ਼ਿਸ਼

ਕਰਦਾ ਹੈ।

ਸੰਗਤ ਜੁੜ ਗਈ! ਹੁਣੇ ਆਵਾਜ਼ ਆਏਗੀ, "ਸਾਜ਼ ਉਡੀਕਦਾ ਏ

ਭਾਈ...ਵੱਜ ਕੇ ਦਿਖਾ "ਵੇਖੀਂ......, ਨਾਸ਼ੁਕਰਾ ਨਾ ਹੋ... ਜਾਈਂ!

ਮਰਦਾਨਿਆ, ਮੌਤ ਨੂੰ ਵੇਖ... ਉਹਦੇ ਵਿਚਾਰ ਨੂੰ ਨਹੀਂ! (ਅੱਖਾਂ 'ਚ

ਚਮਕ! ਹੱਥ ਨਾਲ ਉਪਰ ਵੱਲ ਕੁਝ ਟੋਹ ਕੇ ਦੇਖਦਾ ਹੈ, ਜਿਵੇਂ ਬਾਬੇ

ਦੀ ਗੋਦੀ 'ਚ ਪਿਆ ਹੋਵੇ।)

(ਆਨੰਦ ਰਬਾਬ ਚੁਕਦਾ ਹੈ।)

ਆਖਰੀ ਸਵਾਲ ਬਾਬਾ ... ਧੁਨਾਂ ਕਿੰਨੀ ਕੁ ਉਚਾਈ 'ਤੇ ਦੇਹ

ਤਿਆਗਦੀਆਂ...? ਦੇਖ ... ਇਹ ਸਾਜ ਦੋਹਾਂ ਨੂੰ ਗਾ ਰਿਹੈ

...ਹੋਣ...ਅਣਹੋਣ। ਦੋਹੇਂ! ਇਹੋ ਕਿਹਾ ਸੀ ਨਾ ਤੂੰ!

(ਨੇਹਰਾ ਘੁੰਘਰੂ ਲਾਹ ਕੇ ਉਸਦੇ ਸਾਹਮਣੇ ਰਖ ਦਿੰਦੀ ਹੈ। ਕਲਪਨਾ 'ਚ

ਬਾਬੇ ਦਾ ਹੱਥ ਘੱਟਦਾ ਹੈ।

ਨੰਗਾ ਬੰਦਾ ਦੇਖ ਜਦੋਂ... ਤੂੰ ਗਾਉਣ ਲੱਗਾ,(ਹੰਭਲਾ ਮਾਰਦਾ ਹੈ ਤੇ ਆਲੇ

ਦੁਆਲੇ ਦੇਖਦਾ ਹੈ।) ਲੋਕ ਮਾਰਨ ਆ ਪਾਏ, (ਹੱਸਦਾ)।। ਪਹਿਲੀ  ਯਾਤਰਾ...ਕਿਵੇਂ... ਭੋਜਨ ਲੱਦ ਲਿਆ। ਉੱਪਲਾਂ ਦੇ

ਪਿੰਡੋਂ...(ਹੱਸਦਾ)||! ਅੱਜ ਵੇਖ... ਹੱਥ ਵੀ ਖਾਲੀ॥ ਤੇ ਮਨ

ਵੀ!...ਮੈਂ ਮੌਤ ਨੂੰ ਕਰੂਪ ਨਹੀਂ ਕੀਤਾ..., ਪਰ...ਇਹ

ਵਿਛੋੜਾ...!(ਆਪਣਾ ਚੇਹਰਾ ਟੋਂਹਦਾ ਹੈ ਤੇ ਹੰਝੂ ਪੂੰਝਦਾ ਹੈ। ਭਾਵ

ਬਦਲਦੇ ਹਨ। ਕਾਹਲੀ ਨਾਲ ਹਵਾ 'ਚ ਬਾਬੇ ਦਾ ਚੇਹਰਾ ਟਟੋਲਦਾ ਹੈ)

... ਬਾਬਾ ... ਇਹ ਹੰਝੂ! ਬਾਬਾ ਤੂੰ ਰੋਇਆਂ...! ਤੂੰ... (ਹਵਾ 'ਚ

ਉਸਦਾ ਹੱਥ ਫੜ ਲੈਂਦਾ ਹੈ ਤੇ ਅੱਖਾਂ ਬੰਦ ਕਰ ਲੈਂਦਾ ਹੈ।)

ਚੁੱਪੀ!!!

ਨੇਹਰਾਂ: (ਆਨੰਦ ਕੋਲ ਜਾ ਕੇ, ਜਿਹੜਾ ਰਬਾਬ ਲਈ ਬੈਠਾ ਹੈ) ਉਠਾ ਈ ਲਿਆ

ਤੇ ... ਵਜਾ! ਉਹ ਜਾ ਨਹੀਂ ... ਰਿਹਾ... ਸਮਾ ਰਿਹੈ...! ਦੇਖ... ਕੁੱਲ

ਕਾਇਨਾਤ ਮਰਾਸੀ ਹੋ ਗਈ ਏ!

(ਸਭ ਆਸਮਾਨ ਵੱਲ ਦੇਖਦੇ ਹਨ। ਆਨੰਦ ਰਬਾਬ ਵਜਾਣ ਲੱਗਦਾ

ਹੈ। ਅੱਲਾ ਰੱਖੀ ਮਰਦਾਨੇ ਦੀ ਦਿੱਤੀ ਮਾਲਾ ਲਈ ਅੱਗੇ ਆਉਂਦੀ

ਹੈ, ਨੇਹਰਾ ਉਸਦੇ ਨਾਲ ਆ ਖੜ੍ਹਦੀ ਹੈ। ਇਬਰਾਹੀਮ ਤੇ ਨਾਨੂੰ ਉਸਦਾ

ਹੱਥ ਥੱਲੇ ਕਰਦੇ ਹਨ।

ਦਿਗਵਿਜੈ: ਸਤਿਸੰਗ ਕਰਾ 'ਤਾ ਗੁਰਭਾਈ! ਸਤਿਸੰਗ!

ਆਨੰਦ: (ਅੱਖਾਂ ਬੰਦ ਕਰੀ ਰਬਾਬ ਵਜਾਉਂਦੇ ਹੋਏ ਦੇਖ ਮਰਦਾਨਿਆ...ਨਾਟਕ

ਹੋ ਗਿਆ! ਨਿਰਾਕਾਰ ਦਾ ਨਾਟਕ! ਦੇਖ...ਅਸੀਂ ਵੈਰਾਗ ਨੂੰ ਉਦਾਸ

ਨਹੀਂ ਹੋਣ ਦਿਤਾ!


(ਅੱਲਾ ਰੱਖੀ ਮਾਲਾ ਲਈ ਉਸਦੇ ਪਿੱਛੇ ਆ ਕੇ ਖੜਦੀ ਹੈ।)

ਫ਼ੇਡ ਆਊਟ