ਕਿੱਟੂ ਕਾਂ

ਜਿਸ ਦਰੱਖਤ ਉਪਰ ਕਿੱਟੂ ਕਾਂ ਰਹਿੰਦਾ ਸੀ, ਉਸੇ ਦਰੱਖਤ ਦੇ ਹੇਠਾਂ ਇਕ ਕੁੱਤਾ ਵੀ ਘੁਰਨੇ ਵਿਚ ਰਹਿੰਦਾ ਸੀ। ਕਿੱਟੂ ਕਾਂ ਤੇ ਕੁੱਤਾ ਭਾਵੇਂ ਇੱਕੋ ਥਾਂ 'ਤੇ ਰਹਿੰਦੇ ਸਨ, ਪਰ ਉਹ ਦੋਵੇਂ ਰੋਜ਼ਾਨਾ ਰਾਤ ਨੂੰ ਹੀ ਇਕੱਠੇ ਹੁੰਦੇ ਸਨ। ਦਿਨ ਵਿਚ ਕਿੱਟੂ ਕਾਂ ਨਾਲ ਦੇ ਪਿੰਡ ਵਿਚ ਚਲਾ ਜਾਂਦਾ ਸੀ। ਕਿੱਟੂ ਕਾਂ ਸਾਰਾ ਦਿਨ ਪਿੰਡ ਭਉਂਦਾ ਰਹਿੰਦਾ ਸੀ ਤੇ ਕਾਂ ਕਾਂ ਕਰਕੇ ਪਿੰਡ ਦੇ ਲੋਕਾਂ ਨੂੰ ਮਹਿਮਾਨਾਂ ਦੇ ਆਉਣ ਦੀ ਖ਼ਬਰ ਦਿੰਦਾ ਰਹਿੰਦਾ ਸੀ। ਮਹਿਮਾਨਾਂ ਦੇ ਆਉਣ ਦੀ ਸ਼ੁਭ ਖ਼ਬਰ ਦੇਣ ਬਦਲੇ ਪਿੰਡ ਦੇ ਲੋਕ ਕਿੱਟੂ ਕਾਂ ਨੂੰ ਕੁਝ ਨਾ ਕੁਝ ਖਾਣ-ਪੀਣ ਨੂੰ ਦਿੰਦੇ ਰਹਿੰਦੇ ਸਨ। ਇਸ ਤਰ੍ਹਾਂ ਕਿੱਟੂ ਕਾਂ ਰੋਜ਼ਾਨਾ ਮਿਹਨਤ ਨਾਲ ਆਪਣਾ ਢਿੱਡ ਭਰਦਾ ਸੀ ਤੇ ਕੁੱਤਾ ਨਾਲ ਦੇ ਪਿੰਡ ਵਿਚ ਜਾਣ ਦੀ ਥਾਂ ਰੋਜ਼ਾਨਾ ਸ਼ਹਿਰ ਚਲਾ ਜਾਂਦਾ ਸੀ। ਕੁੱਤਾ ਸ਼ਹਿਰੋਂ ਵੰਨ-ਸੁਵੰਨਾ ਖਾਂਦਾ ਪੀਂਦਾ ਸੀ।

ਕੁੱਤਾ ਸ਼ਹਿਰੋਂ ਰੋਜ਼ਾਨਾ ਹਨੇਰਾ ਹੋਣ ਤੋਂ ਬਾਅਦ ਆਪਣੇ ਘੁਰਨੇ ਵਿਚ ਆਉਂਦਾ ਸੀ। ਰੋਜ਼ਾਨਾ ਰਾਤ ਨੂੰ ਆਪਣੇ ਘੁਰਨੇ ਵਿਚ ਆਣ ਕੇ ਕੁੱਤਾ, ਕਿੱਟੂ ਕਾਂ ਨੂੰ ਸ਼ਹਿਰੋਂ ਵੰਨ-ਸੁਵੰਨਾ ਖਾਣ ਤੇ ਸ਼ਹਿਰੀ ਚਕਾਚੌਂਧ ਦੇ ਕਿੱਸੇ ਸੁਣਾਉਣ ਲੱਗ ਪੈਂਦਾ। ਕੁੱਤਾ ਕਿੱਟੂ ਕਾਂ ਨੂੰ ਵੀ ਰੋਜ਼ਾਨਾ ਸ਼ਹਿਰ ਜਾ ਕੇ ਵੰਨ-ਸੁਵੰਨਾ ਖਾਣ ਲਈ ਆਖਦਾ।

“ਕਿੱਟੂ! ਮੈਂ ਸ਼ਹਿਰ ਵਿਚ ਇਕ ਹੋਟਲ ’ਤੇ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਹਾਂ। ਸਕਿਉਰਟੀ ਗਾਰਡ ਦਾ ਕੰਮ ਕਰਨ ਕਰਕੇ ਮੈਨੂੰ ਹੋਟਲ ਤੋਂ ਵੰਨ-ਸੁਵੰਨਾ ਖਾਣ ਨੂੰ ਮਿਲ ਜਾਂਦਾ। ਤੂੰ ਵੀ ਮੇਰੇ ਨਾਲ ਸ਼ਹਿਰ ਚੱਲਿਆ ਕਰ। ਇਥੇ ਸਾਰਾ ਦਿਨ ਪਿੰਡ ਵਿਚ ਚਉਂ-ਚਉਂ ਕੇ ਤੇਰੀ ਕਮਰ ਟੁੱਟ ਜਾਂਦੀ ਹੈ। ਸ਼ਹਿਰ ਤੈਨੂੰ ਮੈਂ ਕਿਸੇ ਦੁਕਾਨ 'ਤੇ ਗਾਹਕਾਂ ਦੇ ਆਉਣ ਦੀ ਸੂਚਨਾ ਦੇਣ ਦਾ ਕੰਮ ਦਿਵਾ ਦੇਵਾਂਗਾ। ਆਰਾਮ ਨਾਲ ਇਕ ਥਾਂ 'ਤੇ ਬੈਠਿਆ ਕਰੀਂ ਤੇ ਵੰਨ-ਸੁਵੰਨਾ ਖਾਇਆ ਕਰੀਂ।” ਕੁੱਤਾ, ਕਿੱਟੂ ਕਾਂ ਨੂੰ ਰੋਜ਼ਾਨਾ ਆਖਦਾ।

ਜਿਥੇ ਕਿੱਟੂ ਕਾਂ ਰਹਿੰਦਾ ਸੀ, ਉਥੇ ਨਜ਼ਦੀਕ ਹੀ ਇਕ ਕਬੂਤਰ ਵੀ ਰਹਿੰਦਾ ਸੀ। ਕਬੂਤਰ, ਕੁੱਤੇ ਦੀਆਂ ਬਦੀਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਕਬੂਤਰ, ਕਿੱਟੂ ਕਾਂ ਨੂੰ ਕੁੱਤੇ ਨਾਲ ਸ਼ਹਿਰ ਨਾ ਜਾਣ ਲਈ ਆਖਦਾ ਤੇ ਕਿੱਟੂ ਕਾਂ ਨੂੰ ਕੁੱਤੇ ਦੀਆਂ ਗੱਲਾਂ ਵਿਚ ਨਾ ਆਉਣ ਦੀ ਸਲਾਹ ਦਿੰਦਾ ਰਹਿੰਦਾ।

“ਕਿੱਟੂ ਭਰਾਵਾ! ਕੁੱਤਾ ਸ਼ਹਿਰ ਵਿਚ ਸਕਿਉਰਟੀ ਗਾਰਡ ਵਰਗਾ ਕੋਈ ਕੰਮ ਨਹੀਂ ਕਰਦਾ। ਇਹ ਬੇਹੱਦ ਨਿਕੰਮਾ ਅਤੇ ਅਵਾਰਾ-ਗਰਦ ਹੈ। ਇਹ ਹੋਰ ਅਵਾਰਾ ਕੁੱਤਿਆਂ ਨਾਲ ਮਿਲ ਕੇ ਚੋਰੀਆਂ ਕਰਦਾ ਤੇ ਸ਼ਹਿਰ ਵਿਚ ਤੇਰੇ ਲਈ ਕੋਈ ਮੁਸੀਬਤ ਖੜ੍ਹੀ ਕਰਕੇ ਆਪ ਖਿਸਕ ਜਾਵੇਗਾ।" ਕਬੂਤਰ ਆਖਦਾ।

ਭਾਵੇਂ ਕਬੂਤਰ ਨੇ ਕਿੱਟੂ ਕਾਂ ਨੂੰ ਸਮਝਾਇਆ ਸੀ, ਫਿਰ ਵੀ ਉਹ ਨਿਕੰਮੇ ਕੁੱਤੇ ਦੀਆਂ ਗੱਲਾਂ ਵਿਚ ਆ ਗਿਆ ਸੀ ਤੇ ਕੁੱਤੇ ਨਾਲ ਸ਼ਹਿਰ ਪਹੁੰਚ ਗਿਆ।

ਕਿੱਟੂ ਕਾਂ ਨੂੰ ਸ਼ਹਿਰ ਜਾਕੇ ਪਤਾ ਲੱਗਾ ਕਿ ਕਬੂਤਰ ਠੀਕ ਹੀ ਆਖਦਾ ਸੀ। ਕੁੱਤਾ, ਕਿਸੇ ਵੀ ਹੋਟਲ ਉੱਪਰ ਸਕਿਉਰਟੀ ਦਾ ਕੰਮ ਕਰਨ ਨਾ ਗਿਆ। ਤਿੰਨ-ਚਾਰ ਹੋਰ ਅਵਾਰਾ ਕੁੱਤਿਆਂ ਨਾਲ ਰਲ ਕੇ ਉਹ ਵੱਖ-ਵੱਖ ਹੋਟਲਾਂ-ਢਾਬਿਆਂ 'ਤੇ ਘੁੰਮਣ ਲੱਗ ਪਿਆ। ਕੁੱਤਾ, ਚਲਾਕੀ ਨਾਲ ਢਾਬਿਆਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਚੁਰਾਉਣ ਲੱਗ ਪਿਆ। ਉਸਨੇ ਕਿੱਟੂ ਕਾਂ ਨੂੰ ਵੀ ਖਾਣ-ਪੀਣ ਲਈ ਚੀਜ਼ਾਂ ਚੁਰਾ ਕੇ ਹੀ ਦਿੱਤੀਆਂ।

ਫਿਰ ਸ਼ਾਮ ਨੂੰ ਸਾਰੇ ਕੁੱਤੇ, ਕਿੱਟੂ ਕਾਂ ਨੂੰ ਲੈ ਕੇ ਸ਼ਰਾਬ ਦੇ ਠੇਕੇ 'ਤੇ ਪਹੁੰਚ ਗਏ। ਠੇਕੇ ਤੋਂ ਉਨ੍ਹਾਂ ਕਿੱਟੂ ਕਾਂ ਨੂੰ ਜਬਰਦਸਤੀ ਗਲਾਸੀਆਂ ਵਿਚਲੀ ਬਚੀ-ਖੁਚੀ ਸ਼ਰਾਬ ਪਿਲਾਈ।

ਠੇਕੇ ਦੇ ਨਾਲ ਹੀ ਅਹਾਤਾ ਸੀ। ਅਹਾਤੇ ਵਿਚ ਬਹਿ ਕੇ ਲੋਕ ਸ਼ਰਾਬ ਪੀਂਦੇ ਤੇ ਕਬਾਬ ਖਾਂਦੇ ਸਨ। ਕੁੱਤਿਆਂ ਨੇ ਅਹਾਤੇ ਵਿਚੋਂ ਕਬਾਬ ਵੀ ਚੁਰਾਇਆ ਤੇ ਕਿੱਟੂ ਕਾਂ ਨੂੰ ਖਾਣ ਲਈ ਦਿੱਤਾ।

ਕਿੱਟੂ ਕਾਂ ਨੇ ਅੱਜ ਤਾਈਂ ਕਦੇ ਸ਼ਰਾਬ ਨਹੀਂ ਪੀਤੀ ਸੀ। ਕਿੱਟੂ ਕਾਂ ਨੂੰ ਜਲਦੀ ਹੀ ਨਸ਼ਾ ਹੋ ਗਿਆ। ਉਹ ਭਉਣ ਲੱਗ ਪਿਆ ਤੇ ਕੁੱਤਾ, ਕਿੱਟੂ ਕਾਂ ਨੂੰ ਲੈ ਕੇ ਵਾਪਸ ਆਪਣੇ ਰੈਣ-ਬਸੇਰੇ ਨੂੰ ਤੁਰ ਪਿਆ।

ਹੁਣ ਕਿੱਟੂ ਕਾਂ ਨਸ਼ੇ ਨਾਲ ਝੂਲਦਾ ਹੋਇਆ ਹਨੇਰੇ ਵਿਚ ਉਡਣ ਲੱਗ ਪਿਆ ਤੇ ਕੁੱਤਾ ਹੇਠਾਂ ਜ਼ਮੀਨ ’ਤੇ ਕਿੱਟੂ ਕਾਂ ਦੇ ਨਾਲ-ਨਾਲ ਭੱਜਦਾ ਆ ਰਿਹਾ ਸੀ।

ਵਾਪਸ ਉੱਡੇ ਆਉਂਦੇ ਕਿੱਟੂ ਕਾਂ ਨੇ ਭਾਵੇਂ ਆਪਣੇ ਮਨ ਨਾਲ ਫੈਸਲਾ ਕਰ ਲਿਆ ਸੀ ਕਿ ਅੱਗੇ ਤੋਂ ਉਹ ਕੁੱਤੇ ਨਾਲ ਸ਼ਹਿਰ ਨਹੀਂ ਆਵੇਗਾ, ਪਰ ਰੈਣ-ਬਸੇਰੇ ਤਕ ਪਹੁੰਚਣ ਤੋਂ ਪਹਿਲਾਂ ਹੀ ਉਹ ਅਗਿਓਂ ਆ ਰਹੀ ਇੱਲ ਦੇ ਵਿਚ ਵੱਜ ਗਿਆ। ਇੱਲ ਵਿਚ ਵੱਜ ਕੇ ਕਿੱਟੂ ਕਾਂ ਹੇਠਾਂ ਕੁੱਤੇ ਦੇ ਪੈਰਾਂ ਵਿਚ ਡਿੱਗ ਪਿਆ।

ਕਿੱਟੂ ਕਾਂ ਭਾਵੇਂ ਕੁੱਤੇ ਦੇ ਪੈਰਾਂ ਵਿਚ ਡਿੱਗਾ ਸੀ, ਫਿਰ ਵੀ ਕੁੱਤੇ ਨੇ ਕਿੱਟੂ ਕਾਂ ਵੱਲ ਕੋਈ ਧਿਆਨ ਨਾ ਦਿੱਤਾ। ਕੁੱਤਾ ਮਸਤੀ ਵਿਚ ਤੁਰਦਾ-ਤੁਰਦਾ ਆਪਣੇ ਘੁਰਨੇ ਵਿਚ ਪਹੁੰਚ ਗਿਆ।

ਕਿੱਟੂ ਕਾਂ ਆਪਣੀ ਗ਼ਲਤੀ ਨਾਲ ਇੱਲ ਵਿਚ ਵੱਜਾ ਸੀ, ਫਿਰ ਵੀ ਇੱਲ ਨੇ ਫਟਾਫਟ ਕਿੱਟੂ ਕਾਂ ਨੂੰ ਸੰਭਾਲਿਆ। ਇੱਲ ਨੇ ਕਿੱਟੂ ਕਾਂ ਨੂੰ ਉਲਟਾ-ਪੁਲਟਾ ਕੇ ਵੇਖਿਆ। ਕਿੱਟੂ ਕਾਂ ਦੇ ਖੰਭ ਟੁੱਟ ਗਏ ਸਨ। ਉਸਨੂੰ ਹੋਰ ਵੀ ਗੁੰਮ ਸੱਟਾਂ ਵੱਜੀਆਂ ਸਨ। ਇੱਲ ਉਸੇ ਵਕਤ ਕਿੱਟੂ ਕਾਂ ਨੂੰ ਚੁੱਕ ਕੇ ਆਪਣੇ ਆਲ੍ਹਣੇ ਵਿਚ ਲੈ ਆਈ ਤੇ ਉਸਨੇ ਕਿੱਟੂ ਕਾਂ ਦੀ ਮਰਹਮ-ਪੱਟੀ ਕਰਵਾਈ।

ਉਸ ਰਾਤ ਕਿੱਟੂ ਕਾਂ, ਇੱਲ ਦੇ ਆਲ੍ਹਣੇ ਵਿਚ ਹੀ ਰਿਹਾ। ਸਵੇਰ ਹੋਣ ਤੱਕ ਕਿੱਟੂ ਕਾਂ ਦਾ ਨਸ਼ਾ ਲਹਿ ਗਿਆ ਤੇ ਉਸਨੂੰ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ। ਕਿੱਟੂ ਕਾਂ ਨੂੰ ਦੁਬਾਰਾ ਉਡਣ ਜੋਗਾ ਹੋਣ ਲਈ ਅਜੇ ਦਿਨ ਲਗਣੇ ਸਨ ਤੇ ਇੱਲ ਦੇ ਚੋਗਾ ਲੈਣ ਜਾਣ ਵੇਲੇ ਕਿੱਟੂ ਕਾਂ ਨੂੰ ਕੋਈ ਸ਼ਿਕਾਰੀ ਫੁੰਡ ਸਕਦਾ ਸੀ। ਕਿੱਟੂ ਕਾਂ ਨੇ ਆਪਣੀ ਮਜਬੂਰੀ ਇੱਲ ਨੂੰ ਦੱਸੀ।

ਇੱਲ, ਕਿੱਟੂ ਕਾਂ ਨੂੰ ਰਾਜ਼ੀ ਹੋਣ ਤਕ ਆਪਣੇ ਆਲ੍ਹਣੇ ਵਿਚ ਰੱਖਣਾ ਚਾਹੁੰਦੀ ਸੀ ਪਰ ਸੁਰੱਖਿਆ ਦਾ ਧਿਆਨ ਕਰਦਿਆਂ ਉਹ ਕਿੱਟੂ ਕਾਂ ਨੂੰ ਚੁੱਕ ਕੇ ਇਕ ਪੰਛੀ-ਪ੍ਰੇਮੀ ਦੇ ਘਰ ਛੱਡ ਆਈ।

ਪੰਛੀ-ਪ੍ਰੇਮੀ ਨੇ ਆਪਣੇ ਘਰ ਪੰਛੀਆਂ ਲਈ ਭਾਂਤ-ਭਾਂਤ ਦੇ ਆਲ੍ਹਣੇ ਬਣਾਏ ਹੋਏ ਸਨ ਤੇ ਇਨ੍ਹਾਂ ਆਲ੍ਹਣਿਆਂ ਵਿਚ ਕਈ ਪੰਛੀ ਰਹਿ ਰਹੇ ਸਨ। ਪੰਛੀ-ਪ੍ਰੇਮੀ ਸਾਰੇ ਪੰਛੀਆਂ ਦੀ ਬੇਹੱਦ ਸੇਵਾ ਕਰਦਾ ਸੀ।

ਕਿੱਟੂ ਕਾਂ ਵੀ ਰਾਜ਼ੀ ਹੋਣ ਤਕ ਪੰਛੀ-ਪ੍ਰੇਮੀ ਦੇ ਘਰ ਰਹਿੰਦਾ ਰਿਹਾ। ਇਥੇ ਉਸਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਸੀ। ਰਾਜ਼ੀ ਹੋਣ ਤੋਂ ਬਾਅਦ ਕਿੱਟੂ ਕਾਂ ਨੇ ਪੰਛੀ-ਪ੍ਰੇਮੀ ਤੋਂ ਵਾਪਸ ਆਪਣੇ ਆਲ੍ਹਣੇ ਵਿਚ ਜਾਣ ਦੀ ਇਜ਼ਾਜਤ ਮੰਗੀ।

"ਕਿੱਟੂ ਕਾਂ! ਤੈਨੂੰ ਇਕ ਸ਼ਰਤ 'ਤੇ ਆਪਣੇ ਆਲ੍ਹਣੇ ਵਿਚ ਜਾਣ ਦੀ ਇਜ਼ਾਜਤ ਮਿਲੇਗੀ ਕਿ ਅੱਗੇ ਤੋਂ ਤੂੰ ਕਿਸੇ ਨਿਕੰਮੇ ਤੇ ਅਵਾਰਾ-ਗਰਦ ਦੀਆਂ ਗੱਲਾਂ ਵਿਚ ਨਹੀਂ ਆਵੇਂਗਾ।" ਪੰਛੀ-ਪ੍ਰੇਮੀ ਨੇ ਆਖਿਆ।

ਕਿੱਟੂ ਕਾਂ ਨੇ ਉਸੇ ਵਕਤ ਪੰਛੀ-ਪ੍ਰੇਮੀ ਨਾਲ ਕਿਸੇ ਨਿਕੰਮੇ ਤੇ ਅਵਾਰਾ-ਗਰਦ ਦੀਆਂ ਗੱਲਾਂ ਵਿਚ ਨਾ ਆਉਣ ਦਾ ਵਾਅਦਾ ਕੀਤਾ। ਪੰਛੀ-ਪ੍ਰੇਮੀ ਨਾਲ ਵਾਅਦਾ ਕਰਨ ਤੋਂ ਬਾਅਦ ਕਿੱਟੂ ਕਾਂ ਚਾਈਂ-ਚਾਈਂ ਆਪਣੇ ਆਲ੍ਹਣੇ ਨੂੰ ਤੁਰ ਪਿਆ।