ਸ਼ਲੋਕ ਗੁਰੂ ਅਰਜਨ ਦੇਵ ਜੀ
ਸਲੋਕ ਗੁਰੂ ਅਰਜਨ ਦੇਵ ਜੀ
1. ਪਤਿਤ ਅਸੰਖ ਪੁਨੀਤ ਕਰਿ
ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥
ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥248॥
(ਪਤਿਤ=ਡਿੱਗੇ ਹੋਏ, ਅਸੰਖ=ਅਣਗਿਣਤ, ਕਰਿ=ਕਰੇ, ਪੁਨਹ ਪੁਨਹ=
ਮੁੜ ਮੁੜ, ਪਾਵਕੋ=ਪਾਵਕੁ,ਅੱਗ, ਤਿਨ=ਤ੍ਰਿਣ,ਤੀਲੇ, ਕਿਲਬਿਖ=ਪਾਪ,
ਦਾਹਨਹਾਰ=ਸਾੜਨ ਦੀ ਸਮਰੱਥਾ ਵਾਲਾ)
2. ਗੁਰਦੇਵ ਮਾਤਾ ਗੁਰਦੇਵ ਪਿਤਾ
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥1॥250॥
(ਸਖਾ=ਮਿੱਤਰ, ਅਗਿਆਨ ਭੰਜਨੁ=ਅਗਿਆਨ ਦਾ ਨਾਸ ਕਰਨ ਵਾਲਾ, ਬੰਧਿਪ=
ਸੰਬੰਧੀ, ਸਹੋਦਰਾ=(ਸਹ-ਉਦਰ=ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ) ਭਰਾ,
ਨਿਰੋਧਰਾ=ਜਿਸ ਨੂੰ ਰੋਕਿਆ ਨਾ ਜਾ ਸਕੇ, ਮੰਤੁ=ਉਪਦੇਸ਼, ਸਤਿ=ਸੱਚ, ਬੁਧਿ=
ਅਕਲ, ਮੂਰਤਿ=ਸਰੂਪ, ਪਰਸ=ਛੋਹ, ਅੰਮ੍ਰਿਤ ਸਰੋਵਰੁ=ਅੰਮ੍ਰਿਤ ਦਾ ਸਰੋਵਰ,
ਮਜਨੁ=ਚੁੱਭੀ,ਇਸ਼ਨਾਨ, ਅਪਰੰਪਰਾ=ਪਰੇ ਤੋਂ ਪਰੇ, ਹਰਤਾ=ਦੂਰ ਕਰਨ ਵਾਲਾ,
ਪਤਿਤ=ਵਿਕਾਰੀ, ਪਵਿਤ ਕਰਾ=ਪਵਿਤ੍ਰ ਕਰਨ ਵਾਲਾ, ਜਪਿ=ਜਪ ਕੇ, ਉਧਰਾ=
ਬਚ ਜਾਈਦਾ ਹੈ, ਜਿਤੁ ਲਗਿ=ਜਿਸ ਵਿਚ ਲੱਗ ਕੇ)
3. ਆਪਹਿ ਕੀਆ ਕਰਾਇਆ
ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥
ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥1॥250॥
(ਆਪਹਿ=ਆਪ ਹੀ, ਰਵਿ ਰਹਿਆ=ਵਿਆਪਕ ਹੈ, ਹੋਗੁ=ਹੋਵੇਗਾ)
4. ਨਿਰੰਕਾਰ ਆਕਾਰ ਆਪਿ
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥1॥250॥
(ਆਕਾਰ=ਸਰੂਪ, ਨਿਰੰਕਾਰ=ਆਕਾਰ ਤੋਂ ਬਿਨਾ, ਗੁਨ=
ਮਾਇਆ ਦੇ ਤਿੰਨ ਸੁਭਾਵ, (ਰਜ, ਤਮ, ਸਤ), ਨਿਰਗੁਨ=
ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਜ਼ੋਰ ਨਹੀਂ ਪਾ ਰਹੇ,
ਸਰਗੁਨ=ਉਹ ਸਰੂਪ ਜਿਸ ਵਿਚ ਮਾਇਆ ਦੇ ਤਿੰਨ ਸੁਭਾਵ
ਮੌਜੂਦ ਹਨ, ਏਕਹਿ=ਇਕੋ ਹੀ)
5. ਸੇਈ ਸਾਹ ਭਗਵੰਤ ਸੇ
ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥
ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥1॥250॥
(ਸੇਈ=ਉਹੀ ਬੰਦੇ, ਭਗਵੰਤ=ਧਨ ਵਾਲੇ, ਸੇ=ਉਹੀ ਬੰਦੇ,
ਸੰਪੈ=ਧਨ, ਰਾਸਿ=ਪੂੰਜੀ, ਸੁਚਿ=ਆਤਮਕ ਪਵਿਤ੍ਰਤਾ, ਤਿਹ=ਉਹਨਾਂ)
6. ਧਨੁ ਧਨੁ ਕਹਾ ਪੁਕਾਰਤੇ
ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥
ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥1॥251॥
(ਕੂਰ=ਕੂੜ,ਨਾਸਵੰਤ, ਧੂਰ=ਖੇਹ)
7. ਅਨਿਕ ਭੇਖ ਅਰੁ ਙਿਆਨ ਧਿਆਨ
ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥
ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥1॥251॥
(ਙਿਆਨ=ਗਿਆਨ,ਧਰਮ-ਚਰਚਾ, ਹਠਿ=ਹਠ ਨਾਲ, ਙਿਆਨੀ=ਗਿਆਨੀ,
ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ)
8. ਆਵਨ ਆਏ ਸ੍ਰਿਸਟਿ ਮਹਿ
ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥
ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥1॥251॥
(ਢੋਰ=ਡੰਗਰ,ਮਹਾ ਮੂਰਖ, ਆਏ=ਜੰਮੇ, ਮਥੋਰ=ਮੱਥੇ ਉਤੇ)
9. ਆਵਤ ਹੁਕਮਿ ਬਿਨਾਸ ਹੁਕਮਿ
ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥
ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥1॥251॥
(ਹੁਕਮਿ=ਹੁਕਮ ਅਨੁਸਾਰ, ਆਗਿਆ=ਹੁਕਮ, ਭਿੰਨ=ਵੱਖਰਾ,
ਆਵਨ ਜਾਨਾ=ਜਨਮ ਮਰਨ, ਤਿਹ=ਉਸ ਦਾ, ਜਿਹ ਮਨਿ=
ਜਿਸ ਦੇ ਮਨ ਵਿਚ)
10. ਕਿਰਤ ਕਮਾਵਨ ਸੁਭ ਅਸੁਭ
ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥
ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥1॥251॥
(ਸੁਭ ਅਸੁਭ ਕਿਰਤ=ਚੰਗੇ ਮੰਦੇ ਕੰਮ, ਤਿਨਿ ਪ੍ਰਭਿ=ਉਸ ਪ੍ਰਭੂ ਨੇ,
ਪਸੁ=ਪਸ਼ੂ,ਮੂਰਖ, ਹਉ ਹਉ ਕਰੈ= 'ਮੈਂ ਮੈਂ' ਕਰਦਾ ਹੈ, ਅਹੰਕਾਰ ਕਰਦਾ ਹੈ)
11. ਰਾਚਿ ਰਹੇ ਬਨਿਤਾ ਬਿਨੋਦ
ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥
ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥1॥252॥
(ਬਨਿਤਾ=ਇਸਤ੍ਰੀ, ਬਿਨੋਦ=ਚੋਜ-ਤਮਾਸ਼ੇ, ਕੁਸਮ-ਫੁੱਲ,ਕਸੁੰਭਾ ਫੁੱਲ,
ਬਿਖ ਸੋਰ=ਬਿਖਿਆ ਦੇ ਸ਼ੋਰ, ਮਾਇਆ ਦੀ ਫੂੰ-ਫਾਂ, ਪਰਉ=ਪਰਾਉਂ,
ਮੈਂ ਪੈਂਦਾ ਹਾਂ, ਮੈ=ਹਉਮੈ, ਮੋਰ=ਮੇਰੀ,ਮਮਤਾ)
12. ਟੂਟੇ ਬੰਧਨ ਜਾਸੁ ਕੇ
ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥
ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥1॥252॥
(ਜਾਸੁ ਕੇ=ਜਿਸ ਮਨੁੱਖ ਦੇ, ਗੂੜਾ ਰੰਗ=ਪੱਕਾ ਰੰਗ)
13. ਲਾਲਚ ਝੂਠ ਬਿਕਾਰ ਮੋਹ
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥
ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥1॥252॥
(ਬਿਆਪਤ=ਜ਼ੋਰ ਪਾ ਲੈਂਦੇ ਹਨ, ਅੰਧ=ਸੂਝ-ਹੀਣ,
ਦੁਰਗੰਧ=ਗੰਦਗੀ,ਮੰਦੇ ਕੰਮ, ਬੰਧ=ਬੰਧਨ)
14. ਲਾਲ ਗੁਪਾਲ ਗੋਬਿੰਦ ਪ੍ਰਭ
ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥
ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥1॥252॥
(ਲਾਲ=ਪਿਆਰਾ, ਗੋਪਾਲ=ਧਰਤੀ ਦਾ ਪਾਲਕ, ਗਹਿਰ=
ਡੂੰਘਾ, ਜਿਸ ਦਾ ਭੇਤ ਨ ਪਾਇਆ ਜਾ ਸਕੇ, ਗੰਭੀਰ=
ਵੱਡੇ ਜਿਗਰੇ ਵਾਲਾ, ਬੇਪਰਵਾਹ=ਚਿੰਤਾ-ਫ਼ਿਕਰ ਤੋਂ ਉਤਾਂਹ)
15. ਆਤਮ ਰਸੁ ਜਿਹ ਜਾਨਿਆ
ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥
ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥1॥252॥
(ਰਸੁ=ਆਨੰਦ, ਜਿਹ=ਜਿਨ੍ਹਾਂ ਨੇ, ਸਹਜੇ=ਸਹਜਿ, ਧਨਿ=
ਧੰਨ, ਭਾਗਾਂ ਵਾਲੇ, ਪਰਵਾਣੁ=ਕਬੂਲ)
16. ਯਾਸੁ ਜਪਤ ਮਨਿ ਹੋਇ ਅਨੰਦੁ
ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥
ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥1॥253॥
(ਯਾਸੁ=ਜਾਸੁ, ਜਿਸ ਨੂੰ, ਮਨਿ=ਮਨ ਵਿਚ, ਦੂਜਾ ਭਾਉ=
ਕਿਸੇ ਹੋਰ ਨਾਲ ਪਿਆਰ,ਤ੍ਰਿਸਨਾ=ਮਾਇਆ ਦਾ ਲਾਲਚ,
ਨਾਮਿ=ਨਾਮ ਵਿਚ, ਸਮਾਉ=ਲੀਨ ਹੋਵੋ)
17. ਅੰਤਰਿ ਮਨ ਤਨ ਬਸਿ ਰਹੇ
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥
ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥1॥253॥
(ਅੰਤਰਿ=ਅੰਦਰ, ਈਤ ਊਤ ਕੇ ਮੀਤ=ਲੋਕ ਪਰਲੋਕ ਵਿਚ
ਸਾਥ ਦੇਣ ਵਾਲਾ ਮਿੱਤਰ, ਗੁਰਿ=ਗੁਰੂ ਨੇ, ਉਪਦੇਸਿਆ=ਨੇੜੇ
ਵਿਖਾ ਦਿੱਤਾ)
18. ਅਤਿ ਸੁੰਦਰ ਕੁਲੀਨ ਚਤੁਰ
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥1॥253॥
(ਮੁਖਿ=ਮੁਖੀ, ਮੰਨੇ-ਪਰਮੰਨੇ, ਮਿਰਤਕ=ਮੁਰਦੇ)
19. ਕੁੰਟ ਚਾਰਿ ਦਹ ਦਿਸਿ ਭ੍ਰਮੇ
ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥
ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥1॥253॥
(ਕੁੰਟ=ਕੂਟ,ਤਰਫ਼, ਦਹ ਦਿਸਿ=ਦਸ ਦਿਸ਼ਾਂ, ਰੇਖ=ਲੀਕ,
ਸੰਸਕਾਰ, ਕਿਰਤਿ=ਕੀਤੇ ਹੋਏ)
20. ਖਾਤ ਖਰਚਤ ਬਿਲਛਤ ਰਹੇ
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥
ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥1॥253॥
(ਬਿਲਛਤ= ਵਿਲਸਿਤ,ਆਤਮਕ ਆਨੰਦ ਮਾਣਦੇ)
21. ਗਨਿ ਮਿਨਿ ਦੇਖਹੁ ਮਨੈ ਮਾਹਿ
ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥
ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥1॥254॥
(ਗਨਿ ਮਿਨਿ=ਗਿਣ ਕੇ,ਮਿਣ ਕੇ, ਸਰਪਰ=ਜ਼ਰੂਰ,
ਅਨਿਤ ਆਸ=ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੀ ਆਸ)
22. ਘੋਖੇ ਸਾਸਤ੍ਰ ਬੇਦ ਸਭ
ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥
ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥1॥254॥
(ਘੋਖੇ=ਗਹੁ ਨਾਲ ਪੜ੍ਹ ਵੇਖੇ ਹਨ, ਆਨ=ਕੋਈ ਹੋਰ,
ਜੁਗਾਦੀ=ਜੁਗਾਂ ਦੇ ਆਦਿ ਤੋਂ, ਹੋਵਤ=ਅਗਾਂਹ ਨੂੰ ਭੀ
ਕਾਇਮ ਰਹਿਣ ਵਾਲਾ)
23. ਙਣਿ ਘਾਲੇ ਸਭ ਦਿਵਸ ਸਾਸ
ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥
ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥1॥254॥
(ਙਣਿ=ਗਿਣ ਕੇ, ਘਾਲੇ=ਭੇਜਦਾ ਹੈ, ਦਿਵਸ=ਦਿਨ,
ਤਿਲੁ ਸਾਰ=ਤਿਲ ਜਿਤਨਾ ਭੀ, ਲੋਰਹਿ=ਲੋੜਦੇ ਹਨ)
24. ਚਿਤਿ ਚਿਤਵਉ ਚਰਣਾਰਬਿੰਦ
ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥
ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ ॥1॥254॥
(ਚਿਤਿ=ਚਿਤ ਵਿਚ, ਚਿਤਵਉ=ਚਿਤਵਉਂ, ਮੈਂ ਚਿਤਵਦਾ ਹਾਂ,
ਚਰਣਾਰਬਿੰਦ=ਚਰਣ ਅਰਬਿੰਦ, ਚਰਨ ਕਮਲ, ਊਧ=
ਉਲਟਿਆ ਹੋਇਆ, ਆਪਹਿ=ਆਪ ਹੀ)
25. ਛਾਤੀ ਸੀਤਲ ਮਨੁ ਸੁਖੀ
ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥
ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥1॥254॥
(ਸੀਤਲ=ਠੰਡੀ, ਛੰਤ=ਛੰਦ,ਗੀਤ, ਗਾਇ=ਗਾ ਕੇ,
ਦਾਸ ਦਸਾਇ=ਦਾਸਾਂ ਦਾ ਦਾਸ)
26. ਜੋਰ ਜੁਲਮ ਫੂਲਹਿ ਘਨੋ
ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥
ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥1॥255॥
(ਫੂਲਹਿ=ਫੁਲਦੇ ਹਨ, ਅਹੰਕਾਰ ਕਰਦੇ ਹਨ,
ਕਾਚੀ=ਨਾਸਵੰਤ, ਬਿਕਾਰ=ਬੇਕਾਰ,ਵਿਅਰਥ,
ਅਹੰਬੁਧਿ=ਮੈਂ ਮੈਂ ਕਰਨ ਵਾਲੀ ਅਕਲ)
27. ਝਾਲਾਘੇ ਉਠਿ ਨਾਮੁ ਜਪਿ
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥1॥255॥
(ਝਾਲਾਘੇ=ਸਵੇਰੇ, ਅੰਮ੍ਰਿਤ ਵੇਲੇ, ਉਠਿ=ਉਠ ਕੇ, ਨਿਸਿ=
ਰਾਤ, ਬਾਸੁਰ=ਦਿਨ, ਕਾਰਾ=ਝੋਰਾ, ਚਿੰਤਾ-ਫ਼ਿਕਰ, ਨ
ਬਿਆਪਈ=ਜ਼ੋਰ ਨਹੀਂ ਪਾ ਸਕੇਗਾ, ਉਪਾਧਿ=ਝਗੜੇ ਦਾ ਸੁਭਾਉ)
28. ਞਤਨ ਕਰਹੁ ਤੁਮ ਅਨਿਕ ਬਿਧਿ
ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥1॥255॥
(ਮੀਤ= ਮਿੱਤਰ, ਞਤਨ=ਜਤਨ, ਜੀਵਤ ਰਹਹੁ=
ਆਤਮਕ ਜੀਵਨ ਹਾਸਲ ਕਰੋਗੇ)
29. ਟੂਟੇ ਬੰਧਨ ਜਨਮ ਮਰਨ
ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥
ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥1॥255॥
(ਨਿਧਿ=ਖ਼ਜ਼ਾਨਾ)
30. ਠਾਕ ਨ ਹੋਤੀ ਤਿਨਹੁ ਦਰਿ
ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥
ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥1॥256॥
(ਠਾਕ=ਰੋਕ, ਦਰਿ=ਪ੍ਰਭੂ ਦੇ ਦਰ ਉਤੇ, ਪ੍ਰਭਿ=ਪ੍ਰਭੂ ਨੇ,
ਧਨਿ ਧੰਨਿ=ਬੜੇ ਭਾਗਾਂ ਵਾਲੇ)
31. ਡੰਡਉਤਿ ਬੰਦਨ ਅਨਿਕ ਬਾਰ
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥1॥256॥
(ਦੇ ਕਰਿ=ਦੇ ਕੇ, ਕਲਾ=ਤਾਕਤ, ਤੇ=ਤੋਂ)
32. ਢਾਹਨ ਲਾਗੇ ਧਰਮ ਰਾਇ
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥1॥256॥
(ਧਰਮਰਾਇ ਢਾਹ=ਧਰਮਰਾਜ ਦੀ ਢਾਹ,ਆਤਮਕ ਜੀਵਨ
ਦੀ ਇਮਾਰਤ ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ, ਕਿਨਹਿ=
ਕਿਸੇ ਭੀ ਵਿਕਾਰ ਨੇ, ਬੰਧ ਨ ਘਾਲਿਓ=ਆਤਮਕ ਜੀਵਨ
ਦੇ ਰਸਤੇ ਵਿਚ ਰੋਕ ਨ ਪਾਈ, ਸਨਬੰਧ=ਸੰਬੰਧ,ਪ੍ਰੀਤ)
33. ਜਹ ਸਾਧੂ ਗੋਬਿਦ ਭਜਨੁ
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥1॥256॥
(ਦੂਤ=ਹੇ ਮੇਰੇ ਦੂਤੋ,ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਹੈ)
34. ਤਨੁ ਮਨੁ ਧਨੁ ਅਰਪਉ ਤਿਸੈ
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥1॥256॥
(ਅਰਪਉ=ਮੈਂ ਭੇਟਾ ਕਰ ਦਿਆਂ, ਮੋਹਿ=ਮੈਨੂੰ, ਜੋਹ=ਤੱਕ,ਘੂਰੀ)
35. ਥਾਕੇ ਬਹੁ ਬਿਧਿ ਘਾਲਤੇ
ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥
ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥1॥257॥
(ਸੰਚਿ=ਇਕੱਠੀ ਕਰ ਕੇ, ਸਾਕਤ=ਮਾਇਆ-ਗ੍ਰਸੇ ਜੀਵ)
36. ਦਾਸਹ ਏਕੁ ਨਿਹਾਰਿਆ
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥1॥257॥
(ਦਾਸਹ=ਦਾਸਾਂ ਨੇ, ਨਿਹਾਰਿਆ=ਵੇਖਿਆ ਹੈ, ਅਧਾਰ=ਆਸਰਾ)
37. ਧਰ ਜੀਅਰੇ ਇਕ ਟੇਕ ਤੂ
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥1॥257॥
(ਜੀਅਰੇ=ਹੇ ਜਿੰਦੇ, ਲਾਹਿ=ਦੂਰ ਕਰ, ਬਿਡਾਨੀ=ਬਿਗਾਨੀ)
38. ਨਾਨਕ ਨਾਮੁ ਨਾਮੁ ਜਪੁ
ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥
ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥1॥257॥
(ਨਾਮੁ ਨਾਮੁ=ਪ੍ਰਭੂ ਦਾ ਨਾਮ ਹੀ ਨਾਮ, ਅੰਤਰਿ ਬਾਹਰਿ=
ਅੰਦਰ ਬਾਹਰ,ਹਰ ਵੇਲੇ, ਰੰਗਿ=ਪਿਆਰ ਵਿਚ, ਗੁਰਿ=
ਗੁਰੂ ਨੂੰ, ਉਪਦੇਸਿਆ=ਨੇੜੇ ਵਿਖਾ ਦਿੱਤਾ, ਨਰਕੁ=ਦੁੱਖ-ਕਲੇਸ਼)
39. ਪਤਿ ਰਾਖੀ ਗੁਰਿ ਪਾਰਬ੍ਰਹਮ
ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥
ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥1॥258॥
(ਗੁਰਿ=ਗੁਰੂ ਨੇ, ਤਜਿ=ਤਜੈ,ਤਿਆਗ ਦੇਂਦਾ ਹੈ)
40. ਫਾਹੇ ਕਾਟੇ ਮਿਟੇ ਗਵਨ
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥1॥258॥
(ਗਵਨ=ਭਟਕਣ, ਫਤਿਹ=ਵਿਕਾਰਾਂ ਤੇ ਜਿੱਤ, ਮਨਿ ਜੀਤ=
ਮਨ ਜਿੱਤਿਆਂ, ਥਿਤਿ=ਇਸਥਿਤੀ,ਮਨ ਦੀ ਅਡੋਲਤਾ,
ਨਿਤ ਨੀਤ=ਸਦਾ ਲਈ, ਫਿਰਨ=ਜਨਮ ਮਰਨ ਦੇ ਗੇੜ)
41. ਬਿਨਉ ਸੁਨਹੁ ਤੁਮ ਪਾਰਬ੍ਰਹਮ
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥
ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥1॥258॥
(ਬਿਨਉ=ਬੇਨਤੀ,ਵਿਨਯ, ਸੰਪੈ=ਧਨ, ਰਵਾਲ=ਚਰਨ-ਧੂੜ)
42. ਭੈ ਭੰਜਨ ਅਘ ਦੂਖ ਨਾਸ
ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥
ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥1॥258॥
(ਭੰਜਨ=ਤੋੜਨ ਵਾਲਾ, ਅਘ=ਪਾਪ, ਮਨਹਿ=ਮਨ ਵਿਚ,
ਹਰੇ=ਹਰੀ ਨੂੰ, ਸੰਗਿ=ਸੰਗ ਵਿਚ, ਜਿਹ=ਜਿਨ੍ਹਾਂ ਦੇ, ਤੇ=
ਉਹ ਬੰਦੇ, ਭ੍ਰਮੇ=ਭੁਲੇਖੇ ਵਿਚ ਪਏ)
43. ਮਾਇਆ ਡੋਲੈ ਬਹੁ ਬਿਧੀ
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥1॥258॥
(ਮਾਇਆ=ਮਾਇਆ ਵਿਚ, ਮਾਗਨ ਤੇ=ਮਾਇਆ ਮੰਗਣ ਤੋਂ,
ਜਿਹ=ਜਿਸ ਜੀਵ ਨੂੰ, ਨਾਮਹਿ=ਨਾਮ ਵਿਚ ਹੀ, ਰੰਗ=ਪਿਆਰ)
44. ਮਤਿ ਪੂਰੀ ਪਰਧਾਨ ਤੇ
ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥
ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥1॥259॥
(ਮਤਿ ਪੂਰੀ=ਮੁਕੰਮਲ ਅਕਲ, ਪੂਰੀ ਸਮਝ, ਗੁਰ ਪੂਰੇ ਮੰਤ=
ਪੂਰੇ ਗੁਰੂ ਦਾ ਉਪਦੇਸ਼, ਜਾਨਿਓ=ਜਾਣ ਲਿਆ, ਭਗਵੰਤ=ਭਾਗਾਂ ਵਾਲੇ)
45. ਯਾਰ ਮੀਤ ਸੁਨਿ ਸਾਜਨਹੁ
ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥
ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥1॥259॥
(ਛੂਟਨੁ=ਮਾਇਆ ਦੇ ਬੰਧਨਾਂ ਤੋਂ ਖ਼ਲਾਸੀ, ਤਿਹ=ਉਹਨਾਂ ਦੇ,
ਪਾਹਿ=ਪੈਂਦੇ ਹਨ)
46. ਰੋਸੁ ਨ ਕਾਹੂ ਸੰਗ ਕਰਹੁ
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥1॥259॥
(ਰੋਸ=ਗੁੱਸਾ, ਆਪਨ ਆਪੁ=ਆਪਣੇ ਆਪ ਨੂੰ, ਨਿਮਾਨਾ=
ਧੀਰੇ ਸੁਭਾਵ ਵਾਲਾ, ਜਗਿ=ਜਗਤ ਵਿਚ, ਨਦਰੀ=ਪ੍ਰਭੂ ਦੀ
ਮਿਹਰ ਦੀ ਨਜ਼ਰ ਨਾਲ)
47. ਲਾਲਚ ਝੂਠ ਬਿਖੈ ਬਿਆਧਿ
ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥1॥259॥
(ਬਿਖੈ=ਵਿਸ਼ੇ-ਵਿਕਾਰ, ਬਿਆਧਿ=ਬੀਮਾਰੀਆਂ, ਰੋਗ, ਇਆ=
ਇਸ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ, ਸੂਖਿ=ਸੁਖ ਵਿਚ,
ਆਤਮਕ ਆਨੰਦ ਵਿਚ)
48. ਵਾਸੁਦੇਵ ਸਰਬਤ੍ਰ ਮੈ
ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥
ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥1॥259॥
(ਵਾਸੁਦੇਵ=(ਵਸੁਦੇਵ ਦਾ ਪੁਤ੍ਰ, ਕ੍ਰਿਸ਼ਣ ਜੀ) ਪਰਮਾਤਮਾ,
ਊਨ=ਅਣਹੋਂਦ,ਊਣਤਾ, ਕਤਹੂ ਠਾਇ=ਕਿਸੇ ਥਾਂ ਵਿਚ,
ਕਾਇ ਦੁਰਾਇ=ਕੇਹੜਾ ਲੁਕਾਉ, ਠਾਉ=ਥਾਂ, ਠਾਇ=ਥਾਂ)
49. ਹਉ ਹਉ ਕਰਤ ਬਿਹਾਨੀਆ
ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥
ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥1॥260॥
(ਹਉ ਹਉ=ਮੈਂ ਮੈਂ, ਸਾਕਤ=ਮਾਇਆ-ਗ੍ਰਸੇ ਜੀਵ, ਮੁਗਧ=
ਮੂਰਖ, ੜੜਕਿ=ਹਉਮੈ ਦਾ ਕੰਡਾ ਚੁਭ ਚੁਭ ਕੇ, ਮੁਏ=
ਆਤਮਕ ਮੌਤੇ ਮਰਦੇ ਹਨ, ਤ੍ਰਿਖਾਵੰਤ=ਤਿਹਾਇਆ,
ਕਿਰਤਿ ਕਮਾਨ=ਕਮਾਈ ਹੋਈ ਕਿਰਤ ਅਨੁਸਾਰ)
50. ਸਾਧੂ ਕੀ ਮਨ ਓਟ ਗਹੁ
ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥
ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥1॥260॥
(ਸਾਧੂ=ਗੁਰੂ, ਗਹੁ=ਫੜ, ਉਕਤਿ=ਦਲੀਲ-ਬਾਜ਼ੀ, ਦੀਖਿਆ=
ਸਿੱਖਿਆ, ਜਿਹ ਮਨਿ=ਜਿਸ ਦੇ ਮਨ ਵਿਚ, ਮਸਤਕਿ=ਮੱਥੇ ਉਤੇ,
ਭਾਗੁ=ਚੰਗਾ ਲੇਖ)
51. ਖੁਦੀ ਮਿਟੀ ਤਬ ਸੁਖ ਭਏ
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥
ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥1॥260॥
(ਖੁਦੀ=ਮੈਂ ਮੈਂ ਵਾਲਾ ਸੁਭਾਉ,ਹਉਮੈ, ਅਰੋਗ=ਨਿਰੋਆ,
ਦ੍ਰਿਸਟੀ ਆਇਆ=ਦਿੱਸ ਪੈਂਦਾ ਹੈ, ਉਸਤਤਿ ਕਰਨੈ ਜੋਗ=
ਜੋ ਸਚ-ਮੁਚ ਵਡਿਆਈ ਦਾ ਹੱਕਦਾਰ ਹੈ)
52. ਸਤਿ ਕਹਉ ਸੁਨਿ ਮਨ ਮੇਰੇ
ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥
ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥1॥260॥
(ਸਤਿ=ਸੱਚ, ਕਹਉ=ਕਹਉਂ, ਮੈਂ ਆਖਦਾ ਹਾਂ, ਉਕਤਿ=ਦਲੀਲ-ਬਾਜ਼ੀ)
53. ਹਰਿ ਹਰਿ ਮੁਖ ਤੇ ਬੋਲਨਾ
ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥
ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥1॥260॥
(ਮਨਿ ਵੂਠੈ=ਜੇ ਮਨ ਵਿਚ ਵੱਸ ਪਏ, ਰਵਿ ਰਹਿਆ=
ਵਿਆਪਕ ਹੈ, ਥਾਨ ਥਨੰਤਰਿ=ਥਾਨ ਥਾਨ ਅੰਤਰਿ,
ਹਰੇਕ ਥਾਂ ਦੇ ਅੰਦਰ)
54. ਲੇਖੈ ਕਤਹਿ ਨ ਛੂਟੀਐ
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥1॥261॥
(ਨ ਛੂਟੀਐ=ਸੁਰਖ਼ਰੂ ਨਹੀਂ ਹੋ ਸਕੀਦਾ)
55. ਖਾਤ ਪੀਤ ਖੇਲਤ ਹਸਤ
ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥
ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥1॥261॥
(ਭਵਜਲ=ਸੰਸਾਰ-ਸਮੁੰਦਰ, ਤੇ=ਤੋਂ)
56. ਆਏ ਪ੍ਰਭ ਸਰਨਾਗਤੀ
ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥1॥261॥
(ਨਿਧਿ=ਖ਼ਜ਼ਾਨਾ, ਅਖਰੁ=ਅਵਿਨਾਸ਼ੀ ਪ੍ਰਭੂ,ਪ੍ਰਭੂ ਦਾ ਹੁਕਮ,
ਮਨਿ=ਮਨ ਵਿਚ, ਨਿਹਾਲ=ਆਨੰਦਿਤ,ਖਿੜਿਆ ਹੋਇਆ)
57. ਹਥਿ ਕਲੰਮ ਅਗੰਮ
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥1॥261॥
(ਅਗੰਮ ਹਥਿ=ਅਪਹੁੰਚ ਹਰੀ ਦੇ ਹੱਥ ਵਿਚ,
ਮਸਤਕਿ=ਮੱਥੇ ਉਤੇ, ਉਰਝਿ ਰਹਿਓ=ਮਿਲਿਆ
ਹੋਇਆ ਹੈ, ਅਨੂਪ=ਸੋਹਣਾ, ਰੂਪਾਵਤੀ=ਰੂਪ
ਵਾਲਾ, ਮੁਖਹੁ=ਮੂੰਹ ਤੋਂ, ਮੋਹੀ=ਮਸਤ ਹੋ ਗਈ ਹੈ)
58. ਆਦਿ ਗੁਰਏ ਨਮਹ
ਆਦਿ ਗੁਰਏ ਨਮਹ ॥
ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥
ਸ੍ਰੀ ਗੁਰਦੇਵਏ ਨਮਹ ॥1॥262॥
(ਨਮਹ=ਨਮਸਕਾਰ, ਗੁਰਏ=ਸਭ ਤੋਂ
ਵੱਡੇ ਨੂੰ, ਆਦਿ=ਸਭ ਦਾ ਮੁੱਢ, ਜੁਗਾਦਿ=
ਜੋ ਜੁੱਗਾਂ ਦੇ ਮੁੱਢ ਤੋਂ ਹੈ, ਸਤਿਗੁਰਏ=ਸਤਿਗੁਰੂ
ਨੂੰ, ਸ੍ਰੀ ਗੁਰਦੇਵਏ=ਸ੍ਰੀ ਗੁਰੂ ਜੀ ਨੂੰ)
59. ਦੀਨ ਦਰਦ ਦੁਖ ਭੰਜਨਾ
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥1॥263॥
(ਦੀਨ=ਗਰੀਬ,ਕੰਗਾਲ,ਕਮਜ਼ੋਰ, ਭੰਜਨਾ=ਤੋੜਨ ਵਾਲਾ,
ਨਾਸ ਕਰਨ ਵਾਲਾ, ਘਟਿ ਘਟਿ=ਹਰੇਕ ਸਰੀਰ ਵਿਚ,
ਨਾਥ=ਮਾਲਕ, ਅਨਾਥ=ਯਤੀਮ,ਨਿਖਸਮੇ, ਆਇਓ=
ਆਇਆ ਹਾਂ)
60. ਬਹੁ ਸਾਸਤ੍ਰ ਬਹੁ ਸਿਮ੍ਰਿਤੀ
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥1॥265॥
(ਸਾਸਤ੍ਰ=ਧਾਰਮਿਕ ਪੁਸਤਕ,ਪਦਾਰਥ ਵਿੱਦਿਆ ਦੇ
ਪੁਸਤਕ, ਸਿਮ੍ਰਿਤਿ=ਹਿੰਦੂ ਕੌਮ ਵਾਸਤੇ ਧਾਰਮਿਕ ਤੇ
ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂ ਆਦਿਕ
ਆਗੂਆਂ ਨੇ ਲਿਖੀਆਂ, ਪੇਖੇ=ਵੇਖੇ ਹਨ, ਸਰਬ=ਸਾਰੇ,
ਢਢੋਲਿ=ਢੂੰਡ ਕੇ,ਖੋਜ ਕੇ, ਪੂਜਸਿ ਨਾਹੀ=ਨਹੀਂ ਅੱਪੜਦੇ,
ਬਰਾਬਰੀ ਨਹੀਂ ਕਰਦੇ, ਅਮੋਲ=ਜਿਸ ਦਾ ਮੁੱਲ ਨਹੀਂ
ਪਾਇਆ ਜਾ ਸਕਦਾ)
61. ਨਿਰਗੁਨੀਆਰ ਇਆਨਿਆ
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥1॥266॥
(ਨਿਰਗੁਨੀਆਰ=ਹੇ ਨਿਰਗੁਣ ਜੀਵ, ਇਆਨਿਆ=
ਹੇ ਅੰਞਾਣ, ਸਮਾਲਿ=ਚੇਤੇ ਰੱਖ,ਯਾਦ ਕਰ, ਜਿਨਿ=
ਜਿਸ ਨੇ, ਕੀਆ=ਪੈਦਾ ਕੀਤਾ, ਤਿਸੁ=ਉਸ ਨੂੰ, ਚਿਤਿ=
ਚਿੱਤ ਵਿਚ, ਨਿਬਹੀ=ਨਿਭਦਾ ਹੈ,ਸਾਥ ਨਿਬਾਹੁੰਦਾ ਹੈ)
62. ਦੇਨਹਾਰੁ ਪ੍ਰਭ ਛੋਡਿ ਕੈ
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥1॥268॥
(ਲਾਗਹਿ=ਲੱਗਦੇ ਹਨ, ਆਨ=ਹੋਰ, ਸੁਆਇ=ਸੁਆਦ
ਵਿਚ,ਸੁਆਰਥ ਵਿਚ, ਕਹੂ ਨ=ਕਦੇ ਨਹੀਂ, ਸੀਝਈ=
ਸਿੱਝਦਾ,ਕਾਮਯਾਬ ਹੁੰਦਾ, ਪਤਿ=ਇੱਜ਼ਤ)
63. ਕਾਮ ਕ੍ਰੋਧ ਅਰੁ ਲੋਭ ਮੋਹ
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥1॥269॥
(ਬਿਨਸਿ ਜਾਇ=ਨਾਸ ਹੋ ਜਾਏ, ਅਹੰਮੇਵ=ਮੈਂ ਹੀ ਹਾਂ,
ਇਹ ਖ਼ਿਆਲ ਕਿ ਮੈਂ ਹੀ ਵੱਡਾ ਹਾਂ,ਅਹੰਕਾਰ, ਸਰਣਾਗਤੀ=
ਸਰਣ ਆਇਆ ਹਾਂ, ਪ੍ਰਸਾਦੁ=ਕ੍ਰਿਪਾ,ਮੇਹਰ)
64. ਅਗਮ ਅਗਾਧਿ ਪਾਰਬ੍ਰਹਮੁ ਸੋਇ
ਅਗਮ ਅਗਾਧਿ ਪਾਰਬ੍ਰਹਮੁ ਸੋਇ ॥
ਜੋ ਜੋ ਕਹੈ ਸੁ ਮੁਕਤਾ ਹੋਇ ॥
ਸੁਨਿ ਮੀਤਾ ਨਾਨਕੁ ਬਿਨਵੰਤਾ ॥
ਸਾਧ ਜਨਾ ਕੀ ਅਚਰਜ ਕਥਾ ॥1॥271॥
(ਅਗਮ=ਜਿਸ ਤਕ ਪਹੁੰਚ ਨਾ ਹੋ ਸਕੇ,
ਅਗਾਧਿ=ਅਥਾਹ, ਕਹੈ=ਆਖਦਾ ਹੈ,
ਸਲਾਹੁੰਦਾ ਹੈ, ਮੁਕਤਾ=ਆਜ਼ਾਦ, ਮੀਤਾ=
ਹੇ ਮਿਤ੍ਰ, ਨਾਨਕੁ ਬਿਨਵੰਤਾ=ਨਾਨਕ ਬੇਨਤੀ
ਕਰਦਾ ਹੈ, ਸਾਧ=ਉਹ ਮਨੁੱਖ ਜਿਸ ਨੇ
ਆਪਣੇ ਆਪ ਨੂੰ ਸਾਧਿਆ ਹੈ,ਗੁਰਮੁਖ,
ਅਚਰਜ=ਹੈਰਾਨ ਕਰਨ ਵਾਲੀ, ਕਥਾ=ਜ਼ਿਕਰ,
ਗੱਲ-ਬਾਤ)
65. ਮਨਿ ਸਾਚਾ ਮੁਖਿ ਸਾਚਾ ਸੋਇ
ਮਨਿ ਸਾਚਾ ਮੁਖਿ ਸਾਚਾ ਸੋਇ ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥1॥272॥
(ਮਨਿ=ਮਨ ਵਿਚ, ਸਾਚਾ=ਸਦਾ ਕਾਇਮ ਰਹਿਣ
ਵਾਲਾ ਅਕਾਲ ਪੁਰਖ, ਮੁਖਿ=ਮੂੰਹ ਵਿਚ, ਅਵਰੁ ਕੋਇ=
ਕੋਈ ਹੋਰ, ਪੇਖੈ=ਵੇਖਦਾ ਹੈ, ਏਕਸੁ ਬਿਨੁ=ਇਕ ਪ੍ਰਭੂ ਤੋਂ
ਬਿਨਾ, ਇਹ ਲਛਣ=ਇਹਨਾਂ ਲੱਛਣਾਂ ਦੇ ਕਾਰਣ,ਇਹਨਾਂ
ਗੁਣਾਂ ਨਾਲ, ਬ੍ਰਹਮਗਿਆਨੀ=ਅਕਾਲ ਪੁਰਖ ਦੇ ਗਿਆਨ
ਵਾਲਾ, ਗਿਆਨ=ਜਾਣ-ਪਛਾਣ,ਡੂੰਘੀ ਸਾਂਝ)
66. ਉਰਿ ਧਾਰੈ ਜੋ ਅੰਤਰਿ ਨਾਮੁ
ਉਰਿ ਧਾਰੈ ਜੋ ਅੰਤਰਿ ਨਾਮੁ ॥
ਸਰਬ ਮੈ ਪੇਖੈ ਭਗਵਾਨੁ ॥
ਨਿਮਖ ਨਿਮਖ ਠਾਕੁਰ ਨਮਸਕਾਰੈ ॥
ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥1॥274॥
(ਉਰਿ=ਹਿਰਦੇ ਵਿਚ, ਅੰਤਰਿ=ਅੰਦਰ, ਧਾਰੈ=
ਟਿਕਾਏ, ਮੈ=ਮਿਲਿਆ ਹੋਇਆ, ਵਿਆਪਕ,
ਸਰਬ ਮੈ=ਸਾਰਿਆਂ ਵਿਚ ਵਿਆਪਕ, ਨਿਮਖ=
ਅੱਖ ਦਾ ਫਰਕਣਾ, ਅਪਰਸੁ=ਅਛੋਹ,
ਜੋ ਕਿਸੇ ਨਾਲ ਨਾਹ ਛੋਹੇ)
67. ਉਸਤਤਿ ਕਰਹਿ ਅਨੇਕ ਜਨ
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥1॥275॥
(ਉਸਤਤਿ=ਵਡਿਆਈ, ਕਰਹਿ=ਕਰਦੇ ਹਨ, ਅੰਤੁ ਨ
ਪਾਰਾਵਾਰ=ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, ਪ੍ਰਭਿ=
ਪ੍ਰਭੂ ਨੇ, ਰਚਨਾ=ਸ੍ਰਿਸ਼ਟੀ,ਜਗਤ ਦੀ ਬਣਤਰ, ਬਹੁ ਬਿਧਿ=
ਕਈ ਤਰੀਕਿਆਂ ਨਾਲ)
68. ਕਰਣ ਕਾਰਣ ਪ੍ਰਭੁ ਏਕੁ ਹੈ
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥1॥276॥
(ਕਰਣ=ਰਚਨਾ, ਜਲਿ=ਜਲ ਵਿਚ, ਮਹੀਅਲਿ=ਮਹੀਤਲ,
ਧਰਤੀ ਦੇ ਤਲ ਉਤੇ, ਮਹੀ=ਧਰਤੀ)
69. ਸੁਖੀ ਬਸੈ ਮਸਕੀਨੀਆ
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥1॥278॥
(ਮਸਕੀਨੀਆ=ਮਸਕੀਨ ਮਨੁੱਖ,ਗ਼ਰੀਬੀ ਸੁਭਾਉ
ਵਾਲਾ ਬੰਦਾ, ਆਪੁ=ਆਪਾ-ਭਾਵ,ਹਉਮੈ, ਨਿਵਾਰਿ=
ਦੂਰ ਕਰ ਕੇ, ਤਲੇ=ਹੇਠਾਂ,ਨੀਵਾਂ, ਗਰਬਿ=ਗਰਬ ਵਿਚ,
ਅਹੰਕਾਰ ਵਿਚ, ਗਲੇ=ਗਲ ਗਏ)
70. ਸੰਤ ਸਰਨਿ ਜੋ ਜਨੁ ਪਰੈ
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥279॥
(ਜਨੁ=ਮਨੁੱਖ, ਪਰੈ=ਪੈਂਦਾ ਹੈ, ਉਧਰਨਹਾਰੁ=ਬਚਣ ਜੋਗਾ,
ਬਹੁਰਿ ਬਹੁਰਿ=ਮੁੜ ਮੁੜ, ਅਵਤਾਰ=ਜਨਮ)
71. ਤਜਹੁ ਸਿਆਨਪ ਸੁਰਿ ਜਨਹੁ
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥1॥281॥
(ਸਿਆਨਪ=ਚਤੁਰਾਈ,ਅਕਲ ਦਾ ਮਾਣ, ਸੁਰਿ ਜਨਹੁ=
ਹੇ ਭਲੇ ਪੁਰਸ਼ੋ, ਏਕ ਆਸ ਹਰਿ=ਇਕ ਪ੍ਰਭੂ ਦੀ ਆਸ,
ਮਨਿ=ਮਨ ਵਿਚ, ਭਰਮੁ=ਭੁਲੇਖਾ, ਭਉ=ਡਰ, ਜਾਇ=
ਦੂਰ ਹੋ ਜਾਂਦਾ ਹੈ)
72. ਸਰਬ ਕਲਾ ਭਰਪੂਰ ਪ੍ਰਭ
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥1॥282॥
(ਕਲਾ=ਤਾਕਤ,ਸ਼ਕਤੀ, ਭਰਪੂਰ=ਭਰਿਆ ਹੋਇਆ,
ਬਿਰਥਾ=ਵਯਥਾ,ਦੁੱਖ,ਦਰਦ, ਜਾ ਕੈ ਸਿਮਰਨਿ=
ਜਿਸ ਦੇ ਸਿਮਰਨ ਦੀ ਰਾਹੀਂ, ਉਧਰੀਐ=ਬਚ
ਜਾਈਦਾ ਹੈ)
73. ਰੂਪੁ ਨ ਰੇਖ ਨ ਰੰਗੁ ਕਿਛੁ
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥1॥283॥
(ਰੇਖ=ਚਿਹਨ-ਚੱਕ੍ਰ, ਤ੍ਰਿਹੁ ਗੁਣ ਤੇ=ਤਿੰਨ ਗੁਣਾਂ ਤੋਂ, ਭਿੰਨ=
ਵੱਖਰਾ,ਨਿਰਲੇਪ, ਤਿਸਹਿ=ਉਸ ਨੂੰ ਹੀ, ਬੁਝਾਏ=ਸਮਝ ਦੇਂਦਾ
ਹੈ, ਸੁਪ੍ਰਸੰਨ=ਖ਼ੁਸ਼)
74. ਆਦਿ ਸਚੁ ਜੁਗਾਦਿ ਸਚੁ
ਆਦਿ ਸਚੁ ਜੁਗਾਦਿ ਸਚੁ ॥
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥1॥285॥
(ਸਚੁ=ਸਦਾ-ਥਿਰ ਰਹਿਣ ਵਾਲਾ,ਹਸਤੀ ਵਾਲਾ,
ਆਦਿ=ਮੁੱਢ ਤੋਂ, ਜੁਗਾਦਿ=ਜੁਗਾਂ ਤੋਂ, ਹੋਸੀ=ਰਹੇਗਾ)
75. ਸਤਿ ਪੁਰਖੁ ਜਿਨਿ ਜਾਨਿਆ
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥1॥286॥
(ਸਤਿ ਪੁਰਖੁ=ਉਹ ਜੋਤਿ ਜੋ ਸਦਾ-ਥਿਰ ਤੇ ਸਭ ਵਿਚ
ਵਿਆਪਕ ਹੈ, ਜਿਨਿ=ਜਿਸ ਨੇ, ਤਿਸ ਕੈ ਸੰਗਿ=ਉਸ
ਸਤਿਗੁਰੂ ਦੀ ਸੰਗਤਿ ਵਿਚ, ਉਧਰੈ=ਵਿਕਾਰਾਂ ਤੋਂ ਬਚ
ਜਾਂਦਾ ਹੈ)
76. ਸਾਥਿ ਨ ਚਾਲੈ ਬਿਨੁ ਭਜਨ
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥1॥288॥
(ਬਿਖਿਆ=ਮਾਇਆ, ਸਗਲੀ=ਸਾਰੀ, ਛਾਰੁ=ਸੁਆਹ,
ਸਾਰੁ=ਸ੍ਰੇਸ਼ਟ,ਚੰਗਾ)
77. ਫਿਰਤ ਫਿਰਤ ਪ੍ਰਭ ਆਇਆ
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥1॥289॥
(ਪਰਿਆ=ਪਿਆ ਹਾਂ, ਤਉ ਸਰਨਾਇ=ਤੇਰੀ ਸਰਨ,
ਲਾਇ=ਜੋੜ)
78. ਸਰਗੁਨ ਨਿਰਗੁਨ ਨਿਰੰਕਾਰ
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥1॥290॥
(ਸਰਗੁਨ=ਤ੍ਰਿਗੁਣੀ ਮਾਇਆ ਦਾ ਰੂਪ, ਨਿਰਗੁਨ=ਮਾਇਆ
ਦੇ ਤਿੰਨਾਂ ਗੁਣਾਂ ਤੋਂ ਪਰੇ, ਨਿਰੰਕਾਰ=ਆਕਾਰ-ਰਹਿਤ, ਸੁੰਨ=
ਸੁੰਞ,ਜਿਥੇ ਕੁਝ ਨਾਹ ਹੋਵੇ, ਸੁੰਨ ਸਮਾਧੀ=ਟਿਕਾਉ ਦੀ ਉਹ
ਅਵਸਥਾ ਜਿਥੇ ਸੁੰਞ ਹੋਵੇ,ਕੋਈ ਫੁਰਨਾ ਨਾਹ ਉਠੇ, ਕੀਆ=
ਪੈਦਾ ਕੀਤਾ ਹੋਇਆ, ਜਾਪਿ=ਜਾਪੈ, ਜਪ ਰਿਹਾ ਹੈ)
79. ਜੀਅ ਜੰਤ ਕੇ ਠਾਕੁਰਾ
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥1॥292॥
(ਵਰਤਣਹਾਰ=ਸਭ ਥਾਈਂ ਮੌਜੂਦ, ਪਸਰਿਆ=
ਸਭ ਥਾਈਂ ਹਾਜ਼ਰ ਹੈਂ, ਕਹੁ=ਕਿਥੇ, ਦ੍ਰਿਸਟਾਰ=
ਵੇਖਣ ਵਿਚ ਆਉਂਦਾ ਹੈ)
80. ਗਿਆਨ ਅੰਜਨੁ ਗੁਰਿ ਦੀਆ
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥1॥293॥
(ਅੰਜਨੁ=ਸੁਰਮਾ, ਗੁਰਿ=ਗੁਰੂ ਨੇ, ਅੰਧੇਰ ਬਿਨਾਸੁ=ਹਨੇਰੇ
ਦਾ ਨਾਸ, ਸੰਤ ਭੇਟਿਆ=ਗੁਰੂ ਨੂੰ ਮਿਲਿਆ, ਮਨਿ=ਮਨ
ਵਿਚ, ਪਰਗਾਸੁ=ਚਾਨਣ)
81. ਪੂਰਾ ਪ੍ਰਭੁ ਆਰਾਧਿਆ
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥1॥295॥
(ਪੂਰਾ=ਮੁਕੰਮਲ,ਸਦਾ ਕਾਇਮ ਰਹਿਣ ਵਾਲਾ,
ਪੂਰਾ ਜਾ ਕਾ ਨਾਉ=ਜਿਸ ਦਾ ਨਾਮ ਸਦਾ ਕਾਇਮ
ਰਹਿਣ ਵਾਲਾ ਹੈ, ਆਰਾਧਿਆ=ਸਿਮਰਿਆ ਹੈ,
ਪੂਰਾ ਪਾਇਆ=ਉਸ ਨੂੰ ਪੂਰਨ ਪ੍ਰਭੂ ਮਿਲ ਪਿਆ)
82. ਜਲਿ ਥਲਿ ਮਹੀਅਲਿ ਪੂਰਿਆ
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥1॥296॥
(ਜਲਿ=ਪਾਣੀ ਵਿਚ, ਥਲਿ=ਧਰਤੀ ਵਿਚ, ਮਹੀਅਲਿ=
ਮਹੀ ਤਲਿ,ਧਰਤੀ ਦੇ ਤਲ ਉਤੇ,ਆਕਾਸ਼ ਵਿਚ, ਭਾਂਤਿ=
ਤਰੀਕੇ, ਪਸਰਿਆ=ਖਿਲਰਿਆ ਹੋਇਆ, ਏਕੰਕਾਰੁ=
ਇਕ ਅਕਾਲ ਪੁਰਖ)
83. ਕਰਉ ਬੰਦਨਾ ਅਨਿਕ ਵਾਰ
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥2॥296॥
(ਕਰਉ=ਕਰਉ,ਮੈਂ ਕਰਦਾ ਹਾਂ, ਪਰਉ=ਮੈਂ ਪੈਂਦਾ ਹਾਂ,
ਹਰਿ ਰਾਇ=ਪ੍ਰਭੂ-ਪਾਤਿਸ਼ਾਹ ਦੀ, ਭ੍ਰਮੁ=ਭਟਕਣਾ,
ਦੁਤੀਆ=ਦੂਜਾ, ਭਾਉ=ਪਿਆਰ, ਮਿਟਾਇ=ਮਿਟਾ ਕੇ)
84. ਤੀਨਿ ਬਿਆਪਹਿ ਜਗਤ ਕਉ
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥
ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥3॥297॥
(ਤੀਨਿ=ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ),
ਬਿਆਪਹਿ=ਜ਼ੋਰ ਪਾਈ ਰੱਖਦੇ ਹਨ, ਤੁਰੀਆ=ਚੌਥੀ,
ਵੇਦਾਂਤ ਫ਼ਿਲਾਸਫ਼ੀ ਅਨੁਸਾਰ ਆਤਮਾ ਦੀ ਚੌਥੀ ਅਵਸਥਾ
ਜਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ,
ਕੋਇ=ਕੋਈ ਵਿਰਲਾ, ਮਨਿ=ਮਨ ਵਿਚ, ਸੋਇ=ਉਹ
ਪਰਮਾਤਮਾ ਹੀ)
85. ਚਤੁਰ ਸਿਆਣਾ ਸੁਘੜੁ ਸੋਇ
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥
ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥4॥297॥
(ਚਤੁਰ=ਅਕਲਮੰਦ, ਸੁਘੜੁ=ਸੁਚੱਜਾ, ਸੋਇ=ਉਹ ਮਨੁੱਖ ਹੀ,
ਚਾਰਿ ਪਦਾਰਥ=(ਧਰਮ, ਅਰਥ, ਕਾਮ, ਮੋਖ), ਅਸਟ=ਅੱਠ,
ਸਿਧਿ=ਸਿੱਧੀਆਂ,ਕਰਾਮਾਤੀ ਤਾਕਤਾਂ, ਭਜੁ=ਸਿਮਰੁ,ਜਪ)
86. ਪੰਚ ਬਿਕਾਰ ਮਨ ਮਹਿ ਬਸੇ ਰਾਚੇ
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥5॥297॥
(ਪੰਚ=(ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਪੰਜ ਵਿਕਾਰ,
ਮਹਿ=ਵਿਚ, ਰਾਚੇ=ਮਸਤ, ਸਾਧ ਸੰਗਿ=ਸਾਧ ਸੰਗਤਿ ਵਿਚ,
ਰੰਗਿ=ਪ੍ਰੇਮ ਰੰਗ ਵਿਚ)
87. ਖਟ ਸਾਸਤ੍ਰ ਊਚੌ ਕਹਹਿ
ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥6॥297॥
(ਖਟ=ਛੇ, ਖਟ ਸਾਸਤ੍ਰ=ਸਾਂਖ,ਯੋਗ,ਨਿਆਇ,
ਵੈਸ਼ੇਸ਼ਿਕ,ਮੀਮਾਂਸਾ,ਵੇਦਾਂਤ, ਪਾਰਾਵਾਰ=ਪਾਰਲਾ
ਉਰਲਾ ਬੰਨਾ, ਸੋਹਹਿ=ਸੋਭਦੇ ਹਨ, ਕੈ ਦੁਆਰਿ=
ਦੇ ਦਰ ਉਤੇ)
88. ਸੰਤ ਮੰਡਲ ਹਰਿ ਜਸੁ ਕਥਹਿ
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥7॥298॥
(ਮੰਡ=ਮੰਡਲੀਆਂ,ਸਮੂਹ, ਜਸੁ=ਸਿਫ਼ਤਿ-ਸਾਲਾਹ, ਸਤਿ=
ਸਦਾ-ਥਿਰ ਪ੍ਰਭੂ ਦੇ ਗੁਣ, ਸੁਭਾਇ=ਪ੍ਰੇਮ ਵਿਚ, ਭਾਉ=
ਪ੍ਰੇਮ, ਲਿਵ=ਲਗਨ)
89. ਆਠ ਪਹਰ ਗੁਨ ਗਾਈਅਹਿ
ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥
ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥8॥298॥
(ਗਾਈਅਹਿ=ਜੇ ਗਾਏ ਜਾਣ, ਤਜੀਅਹਿ=ਜੇ ਤਜੇ ਜਾਣ,
ਅਵਰਿ=ਹੋਰ, ਜੰਜਾਲ=ਮਾਇਆ ਵਿਚ ਫਸਾਣ ਵਾਲੇ ਬੰਧਨ,
ਜਮ ਕੰਕਰੁ=(ਕਿੰਕਰੁ=ਨੌਕਰ) ਜਮ ਦਾ ਸੇਵਕ,ਜਮਦੂਤ,
ਜੋਹਿ ਨ ਸਕਈ=ਤੱਕ ਨਹੀਂ ਸਕਦਾ)
90. ਨਾਰਾਇਣੁ ਨਹ ਸਿਮਰਿਓ
ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥
ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥9॥298॥
(ਨਾਮਿ ਬਿਸਾਰਿਐ=ਜੇ ਨਾਮ ਵਿਸਾਰ ਦਿੱਤਾ ਜਾਏ,
ਅਵਤਾਰ=ਜਨਮ)
91. ਦਸ ਦਿਸ ਖੋਜਤ ਮੈ ਫਿਰਿਓ
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥10॥298॥
(ਦਿਸ=ਪਾਸੇ,ਤਰਫ਼ਾਂ, ਖੋਜਤ=ਢੂੰਡਦਾ, ਜਤ=ਜਿਥੇ,
ਦੇਖਉ=ਦੇਖਉਂ,ਮੈਂ ਦੇਖਦਾ ਹਾਂ, ਤਤ=ਉਥੇ, ਸੋਇ=
ਉਹ ਪਰਮਾਤਮਾ ਹੀ, ਬਸਿ=ਵੱਸ ਵਿਚ)
92. ਏਕੋ ਏਕੁ ਬਖਾਨੀਐ
ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥
ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥11॥299॥
(ਏਕੋ ਏਕੁ=ਸਿਰਫ਼ ਇਕ ਪਰਮਾਤਮਾ, ਬਖਾਨੀਐ=
ਬਿਆਨ ਕਰਨਾ ਚਾਹੀਦਾ ਹੈ, ਸ੍ਵਾਦ=ਆਨੰਦ, ਗੁਣ=
ਗੁਣਾਂ ਦੇ ਬਿਆਨ ਕਰਨ ਦੀ ਰਾਹੀਂ, ਨ ਜਾਣੀਐ=ਨਹੀਂ
ਜਾਣਿਆ ਜਾ ਸਕਦਾ, ਬਿਸਮਾਦੁ=ਅਸਚਰਜ)
93. ਦੁਰਮਤਿ ਹਰੀ ਸੇਵਾ ਕਰੀ
ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥
ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥12॥299॥
(ਦੁਰਮਤਿ=ਖੋਟੀ ਮਤਿ, ਹਰੀ=ਦੂਰ ਕਰ ਲਈ, ਭੇਟੇ=
ਮਿਲੇ, ਸਾਧ=ਗੁਰੂ, ਕ੍ਰਿਪਾਲ=ਕ੍ਰਿਪਾ+ਆਲਯ,ਦਇਆ
ਦਾ ਘਰ, ਸਿਉ=ਨਾਲ, ਜੰਜਾਲ=ਮਾਇਆ ਦੇ ਮੋਹ
ਵਿਚ ਫਸਾਣ ਵਾਲੇ ਬੰਧਨ)
94. ਤੀਨਿ ਗੁਣਾ ਮਹਿ ਬਿਆਪਿਆ
ਤੀਨਿ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ॥
ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥13॥299॥
(ਤੀਨਿ=ਤਿੰਨ, ਤੀਨਿ ਗੁਣਾ ਮਹਿ=ਮਾਇਆ ਦੇ (ਤਮੋ ਰਜੋ ਸਤੋ)
ਤਿੰਨ ਗੁਣਾਂ ਵਿਚ, ਬਿਆਪਿਆ=ਦਬਿਆ ਹੋਇਆ, ਕਾਮ=ਕਾਮਨਾ,
ਵਾਸਨਾ, ਪਤਿਤ ਉਧਾਰਣੁ=ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਬਚਾਣ
ਵਾਲਾ, ਮਨਿ=ਮਨ ਵਿਚ, ਛੁਟੈ=ਬਚਦਾ ਹੈ)
95. ਚਾਰਿ ਕੁੰਟ ਚਉਦਹ ਭਵਨ
ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥
ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ॥14॥299॥
(ਕੁੰਟ=ਕੂਟ,ਪਾਸੇ, ਚਉਦਹ ਭਵਨ=ਸੱਤ ਆਕਾਸ਼ ਤੇ
ਸੱਤ ਪਾਤਾਲ, ਸਗਲ=ਸਭਨਾਂ ਵਿਚ, ਬਿਆਪਤ=ਮੌਜੂਦ
ਹੈ, ਊਨ=ਘਾਟ,ਕਮੀ, ਤਾ ਕੇ=ਉਸ ਦੇ)
96. ਆਤਮੁ ਜੀਤਾ ਗੁਰਮਤੀ
ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥15॥300॥
(ਆਤਮੁ=ਆਪਣੇ ਆਪ ਨੂੰ, ਗੁਰਮਤੀ=ਗੁਰੂ ਦੀ
ਸਿੱਖਿਆ ਨਾਲ, ਸੰਤ ਪ੍ਰਸਾਦੀ=ਸੰਤ ਪ੍ਰਸਾਦਿ,
ਗੁਰੂ ਦੀ ਕਿਰਪਾ ਨਾਲ, ਚਿੰਦ=ਚਿੰਤਾ,ਫ਼ਿਕਰ)
97. ਪੂਰਨੁ ਕਬਹੁ ਨ ਡੋਲਤਾ
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥16॥300॥
(ਪੂਰਨ=ਉਕਾਈ-ਹੀਣ ਜੀਵਨ ਵਾਲਾ, ਪ੍ਰਭ ਆਪਿ=
ਪ੍ਰਭੂ ਨੇ ਆਪ, ਦਿਨੁ ਦਿਨੁ=ਦਿਨੋ ਦਿਨ, ਚੜੈ ਸਵਾਇਆ=
ਵਧਦਾ ਹੈ,ਆਤਮਕ ਜੀਵਨ ਵਿਚ ਚਮਕਦਾ ਹੈ, ਘਾਟਿ=ਕਮੀ)
98. ਦੁਖ ਬਿਨਸੇ ਸਹਸਾ ਗਇਓ
ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥
ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥17॥300॥
(ਬਿਨਸੇ=ਨਾਸ ਹੋ ਗਏ, ਸਹਸਾ=ਸਹਮ, ਗਹੀ=ਫੜੀ,
ਹਰਿ ਰਾਇ=ਪ੍ਰਭੂ ਪਾਤਿਸ਼ਾਹ, ਮਨਿ=ਮਨ ਵਿਚ, ਚਿੰਦੇ=
ਚਿਤਵੇ ਹੋਏ, ਗਾਇ=ਗਾ ਕੇ)
99. ਰਹਦੇ ਖੁਹਦੇ ਨਿੰਦਕ ਮਾਰਿਅਨੁ
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥1॥315॥
(ਰਹਦੇ ਖੁਹਦੇ=ਬਚਦੇ ਖੁਚਦੇ, ਆਹਰੁ=ਉੱਦਮ)
100. ਮੁੰਢਹੁ ਭੁਲੇ ਮੁੰਢ ਤੇ
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥
ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥2॥315॥
(ਮੁੰਢਹੁ=ਸ਼ੁਰੂ ਤੋਂ ਹੀ, ਪਾਇਨਿ ਹਥੁ=ਹੱਥ ਪਾਉਣ,ਆਸਰਾ ਲੈਣ,
ਤਿੰਨੈ=ਉਸੇ ਨੇ ਹੀ)
101. ਸੇਵਕ ਸਚੇ ਸਾਹ ਕੇ
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥
ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥1॥315॥
(ਸੇਈ=ਉਹੀ, ਪਰਵਾਣ=ਕਬੂਲੁ, ਪਚਿ ਪਚਿ=ਖਪ ਖਪ ਕੇ)
102. ਜੋ ਧੁਰਿ ਲਿਖਿਆ ਲੇਖੁ
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥
ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥2॥315॥
(ਵਖਰੋ=ਸੌਦਾ)
103. ਨਰਕ ਘੋਰ ਬਹੁ ਦੁਖ ਘਣੇ
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥1॥315॥
(ਅਕਿਰਤਘਣ=ਕੀਤੇ ਉਪਕਾਰ ਨੂੰ ਵਿਸਾਰਨ ਵਾਲੇ)
104. ਅਵਖਧ ਸਭੇ ਕੀਤਿਅਨੁ
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥2॥315॥
(ਅਵਖਧ=ਦਵਾਈਆਂ,ਦਾਰੂ, ਕੀਤਿਅਨੁ=ਕੀਤੇ ਹਨ,
ਪਾਹਿ=ਪੈਂਦੇ ਹਨ, ਪਚਿ ਪਚਿ=ਖਪ ਖਪ ਕੇ)
105. ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥
ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥1॥317॥
(ਦ੍ਰਿੜਾਇਆ=ਦ੍ਰਿੜ੍ਹ ਕਰਾ ਦਿੱਤਾ ਹੈ,ਪੱਕਾ ਕਰਾ ਦਿੱਤਾ ਹੈ)
106. ਖੁਧਿਆਵੰਤੁ ਨ ਜਾਣਈ
ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥
ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥2॥317॥
(ਖੁਧਿਆ=ਭੁੱਖ, ਸੰਜੋਗੁ=ਮਿਲਾਪ)
107. ਹਰਿ ਹਰਿ ਨਾਮੁ ਜੋ ਜਨੁ ਜਪੈ
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥1॥318॥
(ਨਿਰਬਾਣੁ=ਵਾਸ਼ਨਾ-ਰਹਿਤ, ਪੁਰਖੁ=ਵਿਆਪਕ ਪ੍ਰਭੂ,
ਸੁਜਾਣੁ=ਚੰਗੀ ਤਰ੍ਹਾਂ ਜਾਣਨ ਵਾਲਾ), ਤਾਣੁ=ਆਸਰਾ,
ਬਲ, ਜਨਮ ਮਰਨ ਦੁਖੁ=ਜਨਮ ਤੋਂ ਮਰਨ ਤਕ ਸਾਰੀ
ਉਮਰ ਦਾ ਦੁੱਖ-ਕਲੇਸ਼)
108. ਭਲਕੇ ਉਠਿ ਪਰਾਹੁਣਾ
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥2॥318॥
(ਪਰਾਹੁਣਾ=ਸੰਤ ਪਰਾਹੁਣਾ, ਮੇਰੈ ਘਰਿ=ਮੇਰੇ ਘਰ ਵਿਚ,
ਆਵਉ=ਆਵੇ, ਪਖਾਲਾ=ਮੈਂ ਧੋਵਾਂ, ਤਿਸ ਕੇ=ਉਸ ਪਰਾਹੁਣੇ
ਦੇ, ਮਨਿ=ਮਨ ਵਿਚ, ਭਾਵਉ=ਭਾਵੇ, ਸੰਗ੍ਰਹੈ=ਇਕੱਠਾ ਕਰੇ,
ਨਾਮੇ=ਨਾਮ ਵਿਚ ਹੀ, ਲਾਵਉ=ਲਾਵੇ, ਗਾਵਉ=ਮੈਂ ਗਾਵਾਂ,
ਪਾਵਉ=ਮੈਂ ਪਾਵਾਂ)
109. ਚੇਤਾ ਈ ਤਾਂ ਚੇਤਿ
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥1॥318॥
(ਚੇਤਾ ਈ=ਜੇ ਤੈਨੂੰ ਯਾਦ ਹੈ, ਚੇਤਿ=ਸਿਮਰ, ਸਚਾ=
ਸਦਾ-ਥਿਰ ਰਹਿਣ ਵਾਲਾ, ਧਣੀ=ਮਾਲਕ, ਬੋਹਿਥਿ=
ਬੋਹਿਥ ਤੇ,ਜਹਾਜ਼ ਤੇ, ਪਾਰਿ ਪਉ=ਪਾਰ ਲੰਘ)
110. ਵਾਊ ਸੰਦੇ ਕਪੜੇ
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥2॥318॥
(ਵਾਊ ਸੰਦੇ=ਹਵਾ ਦੇ,ਹਵਾ ਵਰਗੇ ਬਾਰੀਕ,
ਸੋਹਣੇ ਸੋਹਣੇ ਬਾਰੀਕ, ਪਹਿਰਹਿ=ਪਹਿਨਦੇ
ਹਨ, ਗਰਬਿ=ਅਹੰਕਾਰ ਵਿਚ,ਆਕੜ ਨਾਲ,
ਗਵਾਰ=ਮੂਰਖ ਮਨੁੱਖ, ਛਾਰੁ=ਸੁਆਹ)
111. ਨਾਨਕ ਸੋਈ ਦਿਨਸੁ ਸੁਹਾਵੜਾ
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥1॥318॥
(ਜਿਤੁ=ਜਿਸ ਵਿਚ, ਚਿਤਿ=ਚਿਤ ਵਿਚ, ਜਿਤੁ ਦਿਨਿ=
ਜਿਸ ਦਿਨ ਵਿਚ, ਭਲੇਰੀ=ਭਲੀ ਤੋਂ ਉਲਟ,ਮੰਦੀ, ਰੁਤਿ=ਸਮਾਂ)
112. ਨਾਨਕ ਮਿਤ੍ਰਾਈ ਤਿਸੁ ਸਿਉ
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥2॥318॥
(ਕੁਮਿਤ੍ਰਾ=ਭੈੜੇ ਮਿੱਤਰ, ਕਾਂਢੀਅਹਿ=ਕਹੀਦੇ ਹਨ, ਵਿਖ=ਕਦਮ)
113. ਡਿਠੜੋ ਹਭ ਠਾਇ
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥1॥318॥
(ਹਭ ਠਾਇ=ਸਾਰੀਆਂ ਥਾਵਾਂ ਵਿਚ, ਠਾਉ=ਥਾਂ, ਠਾਇ=
ਥਾਂ ਵਿਚ, ਊਣ=ਖ਼ਾਲੀ, ਜਾਇ=ਥਾਂ, ਸੁਆਉ=ਜੀਵਨ ਦਾ
ਮਨੋਰਥ)
114. ਦਾਮਨੀ ਚਮਤਕਾਰ
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥2॥319॥
(ਦਾਮਨੀ=ਬਿਜਲੀ, ਖੇ=ਦਾ, ਵਥੁ=ਵਸਤ,ਚੀਜ਼, ਧਣੀ=
ਮਾਲਕ, ਤਿਸੁ ਧਣੀ ਨਾਉ=ਉਸ ਮਾਲਕ ਦਾ ਨਾਮ,
ਚਮਤਕਾਰ=ਲਿਸ਼ਕ, ਸਾਇ=ਇਹੀ)
115. ਅੰਤਰਿ ਚਿੰਤਾ ਨੈਣੀ ਸੁਖੀ
ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥1॥319॥
(ਨੈਣੀ=ਵੇਖਣ ਨੂੰ,ਜ਼ਾਹਰਾ ਤੌਰ ਤੇ, ਮੂਲਿ ਨ=ਉੱਕਾ ਹੀ ਨਹੀਂ)
116. ਮੁਠੜੇ ਸੇਈ ਸਾਥ
ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥
ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥2॥319॥
(ਸਾਥ=ਕਾਫ਼ਲੇ,ਵਪਾਰੀਆਂ ਦੇ ਟੋਲੇ, ਸਾਬਾਸਿ=ਧੰਨ,
ਗੁਰ ਮਿਲਿ=ਗੁਰੂ ਨੂੰ ਮਿਲ ਕੇ)
117. ਚਿੜੀ ਚੁਹਕੀ ਪਹੁ ਫੁਟੀ
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥1॥319॥
(ਚੁਹਕੀ=ਬੋਲੀ, ਪਹੁ ਫੁਟੀ=ਪਹੁ-ਫੁਟਾਲਾ ਹੋਇਆ,
ਅੰਮ੍ਰਿਤ ਵੇਲਾ ਹੋਇਆ, ਤਰੰਗ=ਲਹਿਰਾਂ,ਸਿਮਰਨ ਦੇ
ਤਰੰਗ, ਨਾਮਹਿ=ਨਾਮ ਵਿਚ)
(ਤਹੀ ਘਰ ਮੰਦਰ=ਉਹਨਾਂ ਘਰਾਂ ਮੰਦਰਾਂ ਵਿਚ, ਜਹ=
ਜਿੱਥੇ, ਚਿਤਿ=ਚਿੱਤ ਵਿਚ, ਕੁਮਿਤ=ਖੋਟੇ ਮਿੱਤਰ)
119. ਖਖੜੀਆ ਸੁਹਾਵੀਆ
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥
ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥1॥319॥
(ਅਕ ਕੰਠਿ=ਅੱਕ ਦੇ ਗਲ ਨਾਲ, ਬਿਰਹ=ਵਿਜੋਗ,
ਧਣੀ ਸਿਉ=ਮਾਲਕ ਨਾਲੋਂ, ਸਹਸੈ=ਹਜ਼ਾਰਾਂ ਹੀ,
ਗੰਠਿ=ਗੰਢਾਂ,ਤੂੰਬੇ)
120. ਵਿਸਾਰੇਦੇ ਮਰਿ ਗਏ
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥
ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥2॥319॥
(ਵਿਸਾਰੇਦੇ=ਵਿਸਾਰਨ ਵਾਲੇ, ਮੂਲਿ=ਉੱਕਾ ਹੀ,
ਮੁਕੰਮਲ ਤੌਰ ਤੇ, ਤਸਕਰ=ਚੋਰ, ਸੂਲਿ=ਸੂਲੀ)
121. ਜਿਨਾ ਸਾਸਿ ਗਿਰਾਸਿ ਨ ਵਿਸਰੈ
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥1॥319॥
(ਸਾਸਿ=ਸੁਆਸ ਨਾਲ, ਗਿਰਾਸਿ=ਗਰਾਹੀ ਨਾਲ,ਖਾਂਦਿਆਂ,
ਮਨਿ=ਮਨ ਵਿਚ, ਮੰਤੁ=ਮੰਤਰ, ਧੰਨੁ=ਮੁਬਾਰਿਕ, ਸੋਈ=
ਉਹੀ ਬੰਦਾ)
122. ਅਠੇ ਪਹਰ ਭਉਦਾ ਫਿਰੈ
ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥
ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥2॥319॥
(ਅਠੇ ਪਹਰ=ਚਾਰ ਪਹਿਰ ਦਿਨ ਤੇ ਚਾਰ ਪਹਿਰ ਰਾਤ,
ਦਿਨ ਰਾਤ, ਸੰਦੜੇ=ਦੇ, ਖਾਵਣ ਸੰਦੜੈ ਸੂਲਿ=ਖਾਣ ਦੇ
ਦੁਖ ਵਿਚ, ਦੋਜਕਿ=ਦੋਜ਼ਕ ਵਿਚ, ਰਸੂਲਿ=ਪੈਗ਼ੰਬਰ ਦੀ
ਰਾਹੀਂ,ਗੁਰੂ ਦੀ ਰਾਹੀਂ)
123. ਜਾਚਕੁ ਮੰਗੈ ਦਾਨੁ
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥1॥320॥
(ਜਾਚਕੁ=ਮੰਗਤਾ, ਦਾਨੁ=ਖ਼ੈਰ, ਚਿਤਾਰਿਆ=ਚੇਤੇ ਕਰਦਾ ਹਾਂ,
ਅਤੁਲ=ਜੋ ਤੋਲਿਆ ਨਾਹ ਜਾ ਸਕੇ,ਬੇਅੰਤ, ਸਾਰਿਆ=ਸੰਵਾਰ
ਦਿੱਤਾ ਹੈ, ਸਭੁ ਕਿਛੁ=ਹਰੇਕ ਕਾਰਜ)
124. ਸਿਖਹੁ ਸਬਦੁ ਪਿਆਰਿਹੋ
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥2॥320॥
(ਸਿਖਹੁ=ਸਿੱਖ ਲਓ, ਟੇਕ=ਆਸਰਾ, ਜਨਮ ਮਰਨ=
ਸਾਰੀ ਉਮਰ, ਊਜਲ=ਰੌਸ਼ਨ,ਖਿੜਿਆ ਹੋਇਆ)
125. ਸਤਿਗੁਰਿ ਪੂਰੈ ਸੇਵਿਐ
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥
ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥1॥320॥
(ਸਤਿਗੁਰਿ ਪੂਰੈ ਸੇਵਿਐ=ਜੇ ਪੂਰੇ ਗੁਰੂ ਦੀ ਸੇਵਾ
ਕੀਤੀ ਜਾਏ, ਨਾਮਿ ਅਰਾਧਿਐ=ਜੇ ਨਾਮ ਸਿਮਰਿਆ
ਜਾਏ, ਕਾਰਜੁ=ਜ਼ਿੰਦਗੀ ਦਾ ਮਨੋਰਥ, ਰਾਸਿ ਆਵੈ=
ਸਫਲ ਹੋ ਜਾਂਦਾ ਹੈ)
126. ਜਿਸੁ ਸਿਮਰਤ ਸੰਕਟ ਛੁਟਹਿ
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥
ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥2॥320॥
(ਸੰਕਟ=ਦੁੱਖ, ਮੰਗਲ=ਖ਼ੁਸ਼ੀਆਂ, ਬਿਸ੍ਰਾਮ=ਟਿਕਾਣਾ,
ਨਿਮਖ=ਅੱਖ ਦੇ ਝਮਕਣ ਜਿੰਨੇ ਸਮੇਂ ਲਈ, ਨ ਬਿਸਰਉ=
ਵਿਸਰ ਨਾਹ ਜਾਏ)
127. ਕਾਮੁ ਨ ਕਰਹੀ ਆਪਣਾ
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥1॥320॥
(ਨ ਕਰਹੀ=ਤੂੰ ਨਹੀਂ ਕਰਦਾ, ਅਵਤਾ=ਅਵੈੜਾ,ਆਪ-ਹੁਦਰਾ,
ਲੋਇ=ਲੋਕ ਵਿਚ,ਜਗਤ ਵਿਚ , ਨਾਇ ਵਿਸਾਰਿਅ=ਜੇ ਨਾਮ
ਵਿਸਾਰ ਦਿੱਤਾ ਜਾਏ, ਕਿਨੇਹਾ ਹੋਇ=ਕੋਈ ਨਹੀਂ ਹੋ ਸਕਦਾ)
128. ਬਿਖੈ ਕਉੜਤਣਿ ਸਗਲ ਮਾਹਿ
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥2॥320॥
(ਬਿਖੈ=ਬਿਖ ਦੀ,ਮਾਇਆ ਰੂਪ ਜ਼ਹਿਰ ਦੀ, ਸਗਲ=
ਸਾਰੇ ਜੀਵ, ਜਗਤਿ=ਜਗਤ ਵਿਚ, ਰਹੀ ਲਪਟਾਇ=
ਚੰਬੜ ਰਹੀ ਹੈ, ਜਨਿ=ਜਨ ਨੇ,ਸੇਵਕ ਨੇ)
129. ਨਾਨਕ ਆਏ ਸੇ ਪਰਵਾਣੁ ਹੈ
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥
ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥1॥320॥
(ਸੇ=ਉਹ, ਪਰਵਾਣੁ=ਆਉਣਾ ਸਫਲ ਹੈ, ਵੁਠਾ=ਵਸਿਆ ਹੈ,
ਅਲ ਪਲਾਲੀਆ=ਫੋਕੀਆਂ ਗੱਲਾਂ ਕਿਸੇ)
130. ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥
ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥2॥320॥
(ਦ੍ਰਿਸਟੀ ਆਇਆ=ਦਿੱਸ ਪਿਆ ਹੈ, ਪੂਰਨ=ਹਰ ਥਾਂ ਮੌਜੂਦ,
ਅਗਮ=ਅਪਹੁੰਚ, ਬਿਸਮਾਦ=ਅਚਰਜ, ਪਰਸਾਦਿ=ਕਿਰਪਾ ਨਾਲ)
131. ਉਠੰਦਿਆ ਬਹੰਦਿਆ
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥1॥321॥
(ਸੁਖੁ ਸੋਇ=ਉਹੀ ਸੁਖ,ਇਕ-ਸਾਰ ਸੁਖ, ਨਾਮਿ ਸਲਾਹਿਐ=
ਜੇ ਨਾਮ ਸਲਾਹਿਆ ਜਾਏ, ਸੀਤਲੁ=ਠੰਢਾ)
132. ਲਾਲਚਿ ਅਟਿਆ ਨਿਤ ਫਿਰੈ
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥2॥321॥
(ਲਾਲਚਿ=ਲਾਲਚ ਨਾਲ, ਅਟਿਆ=ਲਿੱਬੜਿਆ ਹੋਇਆ,
ਸੁਆਰਥੁ=ਆਪਣੇ ਅਸਲੀ ਭਲੇ ਦਾ ਕੰਮ, ਕੋਇ=ਕੋਈ ਭੀ
ਜੀਵ, ਭੇਟੈ=ਮਿਲਦਾ ਹੈ, ਸੋਇ=ਉਹ ਪ੍ਰਭੂ, ਤਿਸੁ ਮਨਿ=ਉਸ
ਦੇ ਮਨ ਵਿਚ)
133. ਜਾਚੜੀ ਸਾ ਸਾਰੁ
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥
ਗਾਲ੍ਹ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥1॥321॥
(ਜਾਚੜੀ=ਜਾਚਨਾ,ਮੰਗ, ਸਾਰੁ=ਸ੍ਰੇਸ਼ਟ, ਜਾਚੰਦੀ=ਮੰਗਦੀ ਹੈ,
ਹੇਕੜੋ=ਇਕ ਰੱਬ ਨੂੰ, ਗਾਲ੍ਹੀ ਬਿਆ=ਹੋਰ ਗੱਲਾਂ, ਵਿਕਾਰ=
ਵਿਅਰਥ, ਧਣੀ=ਮਾਲਕ)
134. ਨੀਹਿ ਜਿ ਵਿਧਾ ਮੰਨੁ
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥
ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥2॥321॥
(ਨੀਹਿ=ਨਿਹੁੰ ਵਿਚ,ਪ੍ਰੇਮ ਵਿਚ, ਜਿ ਮੰਨੁ=ਜਿਸ ਦਾ
ਮਨ, ਥਿਓ=ਹੁੰਦਾ ਹੈ, ਪਾਧਰੁ=ਰਸਤਾ, ਪਧਰੋ=ਸਿੱਧਾ)
135. ਵਤ ਲਗੀ ਸਚੇ ਨਾਮ ਕੀ
ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥
ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥1॥321॥
(ਵਤ=ਵੱਤਰ,ਫਬਵਾਂ ਸਮਾਂ, ਤਿਸਹਿ=ਉਸ ਨੂੰ ਹੀ)
136. ਮੰਗਣਾ ਤ ਸਚੁ ਇਕੁ ਜਿਸੁ
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥2॥321॥
(ਤੁਸਿ=ਤ੍ਰੁੱਠ ਕੇ,ਖ਼ੁਸ਼ ਹੋ ਕੇ, ਜਿਤੁ ਖਾਧੈ=ਜਿਸ ਦੇ ਖਾਧਿਆਂ,
ਤ੍ਰਿਪਤੀਐ=ਰੱਜ ਜਾਂਦਾ ਹੈ, ਸਾਹਿਬ ਦਾਤਿ=ਮਾਲਕ ਦੀ ਬਖ਼ਸ਼ਸ਼)
137. ਪਾਰਬ੍ਰਹਮਿ ਫੁਰਮਾਇਆ
ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥
ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥
ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥
ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥1॥321॥
(ਪਾਰਬ੍ਰਹਮਿ=ਪਰਮਾਤਮਾ ਨੇ, ਮੀਹੁ=ਨਾਮ ਦੀ ਵਰਖਾ,
ਵੁਠਾ=ਵੱਸਿਆ,ਮੀਂਹ ਪਿਆ, ਸਹਜਿ ਸੁਭਾਇ=ਆਪਣੇ
ਆਪ, ਪ੍ਰਿਥਮੀ=ਹਿਰਦਾ-ਰੂਪ ਧਰਤੀ, ਅੰਨੁ ਧੰਨੁ=(ਜਿਵੇਂ
ਸਰੀਰ ਦਾ ਆਸਰਾ ਅੰਨ ਹੈ, ਤਿਵੇਂ ਹਿਰਦੇ ਦੇ ਆਸਰੇ
ਲਈ) ਸਿਫ਼ਤਿ-ਸਾਲਾਹ ਰੂਪ ਅੰਨ, ਤਿਪਤਿ ਆਘਾਇ
ਰਜੀ=ਚੰਗੀ ਤਰ੍ਹਾਂ ਰੱਜ ਗਈ, ਦਾਲਦੁ=ਦਲਿੱਦ੍ਰ, ਬਿਲਾਇ
ਗਇਆ=ਦੂਰ ਹੋ ਜਾਂਦਾ ਹੈ, ਪੂਰਬਿ=ਮੁੱਢ ਤੋਂ, ਤਿਸੈ
ਰਜਾਏ=ਉਸ ਪ੍ਰਭੂ ਦੀ ਰਜ਼ਾ ਅਨੁਸਾਰ)
138. ਜੀਵਨ ਪਦੁ ਨਿਰਬਾਣੁ
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥
ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥
ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥
ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥
ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥2॥322॥
(ਜੀਵਨ ਪਦੁ=ਅਸਲੀ ਜ਼ਿੰਦਗੀ ਦਾ ਦਰਜਾ,
ਨਿਰਬਾਣੁ=ਨਿਰਵਾਣ, ਵਾਸ਼ਨਾ-ਰਹਿਤ ਪ੍ਰਭੂ,
ਜਾਇ=ਥਾਂ, ਕਿਨਿ ਬਿਧਿ=ਕਿਸ ਤਰ੍ਹਾਂ, ਧੀਰੀਐ=
ਧੀਰਜ ਆਵੇ,ਮਨ ਟਿਕੇ, ਛਾਰੁ=ਸੁਆਹ, ਬਾਦਿ=
ਵਿਅਰਥ, ਰਸ=ਚਸਕੇ, ਕਰਹਿ=ਤੂੰ ਕਰਦਾ ਹੈਂ,
ਕਲ=ਸ਼ਾਂਤੀ ਦੀ ਸਾਰ, ਰੰਗਿ=ਪਿਆਰ ਵਿਚ,
ਗਾਵਹੀ=ਗਾਉਂਦੇ ਹਨ, ਦੁਆਰਿ=ਦਰ ਤੇ,
ਭਾਵਹੀ=ਚੰਗੇ ਲੱਗਣ)
139. ਧਰਣਿ ਸੁਵੰਨੀ ਖੜ ਰਤਨ ਜੜਾਵੀ
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥
ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥1॥322॥
(ਧਰਣ=ਧਰਤੀ, ਸੁਵੰਨੀ=ਸੋਹਣੇ ਵੰਨ ਵਾਲੀ,ਸੋਹਣੇ ਰੰਗ ਵਾਲੀ,
ਖੜ=ਘਾਹ, ਰਤਨ=ਤ੍ਰੇਲ-ਰੂਪ ਮੋਤੀ, ਜੜਾਵੀ=ਜੜਾਊ, ਮਨਿ=
ਮਨ ਵਿਚ)
140. ਫਿਰਦੀ ਫਿਰਦੀ ਦਹ ਦਿਸਾ
ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥
ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥2॥322॥
(ਦਹ=ਦਸ, ਦਿਸਾ=ਪਾਸੇ, ਦਹਦਿਸਾ=ਦਸੀਂ ਪਾਸੀਂ,
ਬਨਰਾਇ=ਬਨਸਪਤੀ, ਮਿਰਤਕੋ=ਮੁਰਦਾਰ, ਬਹਿਠੀ=
ਬੈਠਦੀ ਹੈ, ਜਲ=ਦਰਿਆ ਆਦਿਕ)
141. ਏਕੁ ਜਿ ਸਾਜਨੁ ਮੈ ਕੀਆ
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥1॥322॥
(ਜਿ=ਜੋ, ਕਲਾ=ਸੱਤਿਆ, ਤਾਕਤ, ਖੰਨੀਐ=ਟੋਟੇ
ਟੋਟੇ ਹੋਵੇ,ਕੁਰਬਾਨ ਜਾਵੇ, ਸੰਦੜੀ=ਦੀ, ਵਥੁ=ਚੀਜ਼)
142. ਜੇ ਕਰੁ ਗਹਹਿ ਪਿਆਰੜੇ
ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥
ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥2॥322॥
(ਕਰੁ=ਹੱਥ, ਗਹਹਿ=ਤੂੰ ਫੜ ਲਏਂ, ਨ ਮੂਲਿ=ਕਦੇ ਨਾ,
ਛੋਡਨਿ=ਛੱਡ ਦੇਂਦੇ ਹਨ, ਦੁਰਜਨਾ=ਮੰਦ-ਕਰਮੀ ਮਨੁੱਖ,
ਪੜਹਿ=ਪੈਂਦੇ ਹਨ, ਸੂਲਿ=ਅਸਹਿ ਪੀੜ ਵਿਚ)
143. ਧੰਧੜੇ ਕੁਲਾਹ ਚਿਤਿ ਨ ਆਵੈ
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥1॥323॥
(ਧੰਧੜੇ=ਕੋਝੇ ਧੰਧੇ, ਕੁਲਾਹ=(ਕੁ+ਲਾਹ) ਘਾਟੇ ਵਾਲੇ,
ਹੇਕੜੋ=ਇੱਕ ਪਰਮਾਤਮਾ, ਤੰਨ=ਸਰੀਰ, ਫੁਟੰਨਿ=
ਫੁੱਟ ਜਾਂਦੇ ਹਨ,ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ)
144. ਪਰੇਤਹੁ ਕੀਤੋਨੁ ਦੇਵਤਾ
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥2॥323॥
(ਪਰਤੇਹੁ=ਪਰੇਤ ਤੋਂ,ਭੂਤ ਤੋਂ, ਕੀਤੋਨੁ=ਉਸ ਨੇ
ਬਣਾ ਦਿੱਤਾ, ਤਿਨਿ=ਉਸ ਨੇ, ਉਬਾਰਿਅਨੁ=ਉਸ
ਨੇ ਬਚਾ ਲਏ, ਪ੍ਰਭਿ=ਪ੍ਰਭੂ ਨੇ, ਪਛਾੜਿਅਨੁ=ਧਰਤੀ
ਤੇ ਪਟਕਾ ਕੇ ਮਾਰੇ ਉਸ ਨੇ, ਸਾਜਿ=ਪੈਦਾ ਕਰ ਕੇ)
145. ਤਿੰਨਾ ਭੁਖ ਨ ਕਾ ਰਹੀ
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥1॥323॥
(ਕਾ=ਕੋਈ,ਕਿਸੇ ਤਰ੍ਹਾਂ ਦੀ, ਸਭੋ ਕੋਇ=ਹਰੇਕ ਜੀਵ)
146. ਜਾਚਿਕੁ ਮੰਗੈ ਨਿਤ ਨਾਮੁ
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥2॥323॥
(ਜਾਚਿਕੁ=ਮੰਗਤਾ, ਜਜਮਾਨੁ=ਦੱਛਨਾ ਦੇਣ ਵਾਲਾ,
ਨ ਮੂਲਿ=ਰਤਾ ਭੀ ਨਹੀਂ)
147. ਅੰਤਰਿ ਗੁਰੁ ਆਰਾਧਣਾ
ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥1॥517॥
(ਅੰਤਰਿ=ਮਨ ਵਿਚ, ਆਰਾਧਣਾ=ਯਾਦ ਕਰਨਾ,
ਸ੍ਰਵਣੀ=ਕੰਨਾਂ ਨਾਲ, ਸੇਤੀ=ਨਾਲ, ਰਤਿਆ=ਰੰਗੀਜ
ਕੇ,ਪਿਆਰ ਕੀਤਿਆਂ, ਵਥੁ=ਚੀਜ਼, ਕਾਢੀਅਹਿ=
ਅਖਵਾਂਦੇ ਹਨ)
148. ਰਖੇ ਰਖਣਹਾਰਿ
ਰਖੇ ਰਖਣਹਾਰਿ ਆਪਿ ਉਬਾਰਿਅਨੁ ॥
ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥
ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥
ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥
ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥
ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥
ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥2॥517॥
(ਰਖਣਹਾਰਿ=ਰੱਖਿਆ ਕਰਨ ਵਾਲੇ ਨੇ, ਉਬਾਰਿਅਨੁ=
ਬਚਾ ਲਏ ਉਸ ਨੇ, ਸਵਾਰਿਅਨੁ=ਸਵਾਰ ਦਿੱਤੇ ਉਸ ਨੇ,
ਮਨਹੁ=ਮਨ ਤੋਂ, ਵਿਸਾਰਿਅਨੁ=ਵਿਸਾਰ ਦਿੱਤੇ ਉਸ ਨੇ,
ਭਵਜਲੁ=ਸੰਸਾਰ-ਸਮੁੰਦਰ, ਤਾਰਿਅਨੁ=ਤਾਰੇ ਉਸ ਨੇ,
ਸਾਕਤੁ=ਟੁਟੇ ਹੋਏ,ਵਿਛੁੜੇ ਹੋਏ, ਬਿਦਾਰਿਅਨੁ=ਨਾਸ ਕਰ
ਦਿੱਤੇ ਉਸ ਨੇ)
149. ਜਾ ਤੂੰ ਤੁਸਹਿ ਮਿਹਰਵਾਨ
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥
ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥
ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥
ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥1॥518॥
(ਤੁਸਹਿ=ਤਰੁੱਠਦਾ ਹੈਂ, ਅਚਿੰਤੁ=ਅਚਨਚੇਤ ਹੀ,ਸੋਚ ਤੇ
ਜਤਨ ਤੋਂ ਬਿਨਾ ਹੀ, ਵਸਹਿ=ਤੂੰ ਆ ਵੱਸਦਾ ਹੈਂ, ਨਿਧਿ=
ਖ਼ਜ਼ਾਨੇ, ਮੰਤ੍ਰੁ=ਉਪਦੇਸ਼, ਸਚਿ=ਸੱਚ ਵਿਚ)
150. ਕਿਤੀ ਬੈਹਨ੍ਹਿ ਬੈਹਣੇ
ਕਿਤੀ ਬੈਹਨ੍ਹਿ ਬੈਹਣੇ ਮੁਚੁ ਵਜਾਇਨਿ ਵਜ ॥
ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥2॥518॥
(ਕਿਤੀ=ਕਈ ਜੀਵ, ਬੈਹਨ੍ਹਿ=ਬੈਠਦੇ ਹਨ, ਬੈਹਣ=
ਬੈਠਣ ਦੀ ਥਾਂ, ਬੈਹਣੇ=ਥਾਂ ਤੇ, ਮੁਚੁ=ਬਹੁਤ, ਵਜ=
ਵਾਜੇ, ਲਜ=ਇੱਜ਼ਤ)
151. ਚੰਗਿਆਈ ਆਲਕੁ ਕਰੇ
ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥
ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥1॥518॥
(ਆਲਕੁ=ਆਲਸ, ਸੇਰੁ=ਦਲੇਰ, ਅਜੁ ਕਲਿ=
ਛੇਤੀ ਹੀ, ਆਵਸੀ=ਆ ਜਾਇਗਾ, ਗਾਫਲ ਪੇਰੁ=
ਗ਼ਾਫ਼ਲ ਮਨੁੱਖ ਦਾ ਪੈਰ, ਫਾਹੀ=ਮੌਤ ਦੀ ਫਾਹੀ ਵਿਚ)
152. ਕਿਤੀਆ ਕੁਢੰਗ
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥2॥518॥
(ਕਿਤੀਆ=ਕਈ, ਕੁਢੰਗ=ਭੈੜੇ ਢੰਗ,ਖੋਟੇ ਕਰਮ,
ਗੁਝਾ=ਲੁਕਿਆ ਛਿਪਿਆ, ਤੈ ਸਹਿ=ਤੂੰ ਖਸਮ ਨੇ)
153. ਸਾਜਨ ਤੇਰੇ ਚਰਨ ਕੀ
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥1॥518॥
(ਧੂਰਿ=ਧੂੜ,ਖ਼ਾਕ, ਪੇਖਉ=ਵੇਖਾਂ, ਹਜੂਰਿ=ਅੰਗ ਸੰਗ)
154. ਪਤਿਤ ਪੁਨੀਤ ਅਸੰਖ
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥
ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥2॥518॥
(ਪਤਿਤ=ਡਿੱਗੇ ਹੋਏ, ਪੁਨੀਤ=ਪਵਿਤ੍ਰ, ਅਸੰਖ=ਬੇਅੰਤ ਜੀਵ,
ਅਠਸਠਿ=ਅਟਾਹਠ, ਮਸਤਕਿ=ਮੱਥੇ ਤੇ)
155. ਕਾਮੁ ਕ੍ਰੋਧੁ ਲੋਭੁ ਛੋਡੀਐ
ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥
ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥1॥519॥
156. ਸਿਮਰਤ ਸਿਮਰਤ ਪ੍ਰਭੁ ਆਪਣਾ
ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥
ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥2॥519॥
(ਆਹਿ=ਹਨ, ਗੁਰਿ=ਗੁਰੂ ਨੇ)
157. ਮਨ ਮਹਿ ਚਿਤਵਉ ਚਿਤਵਨੀ
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥1॥519॥
(ਚਿਤਵਉ=ਮੈਂ ਸੋਚਦਾ ਹਾਂ, ਚਿਤਵਨੀ=ਸੋਚ, ਕਰਉ=ਕਰਾਂ,
ਉਠਿ=ਉੱਠ ਕੇ)
158. ਦ੍ਰਿਸਟਿ ਧਾਰਿ ਪ੍ਰਭਿ ਰਾਖਿਆ
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥
ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥2॥519॥
(ਦ੍ਰਿਸਟਿ=ਮੇਹਰ ਦੀ ਨਜ਼ਰ, ਪ੍ਰਭਿ=ਪ੍ਰਭੂ ਨੇ, ਮੂਲਿ=
ਮੂਲ ਵਿਚ,ਕਰਤਾਰ ਵਿਚ, ਪ੍ਰਭ ਭਾਣੀਆ=ਪ੍ਰਭੂ ਨੂੰ
ਚੰਗੀਆਂ ਲੱਗਦੀਆਂ ਹਨ, ਮਰਉ=ਮੈਂ ਮਰ ਰਹੀ ਹਾਂ,
ਸੂਲਿ=ਦੁਖ ਵਿਚ)
159. ਲਗੜੀ ਸੁਥਾਨਿ
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥
ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥1॥519॥
(ਸੁਥਾਨਿ=ਚੰਗੇ ਟਿਕਾਣੇ ਤੇ, ਲਹਰੀ=ਲਹਰਾਂ,
ਸੈ=ਸੈਂਕੜੇ, ਆਨ=ਹੋਰ ਹੋਰ, ਭਾਵ, ਵਿਕਾਰਾਂ
ਦੀਆਂ, ਮਾ ਪਿਰੀ=ਮੇਰਾ ਪਿਆਰਾ)
160. ਬਨਿ ਭੀਹਾਵਲੈ ਹਿਕੁ ਸਾਥੀ ਲਧਮੁ
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥
ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥2॥519॥
(ਭੀਹਾਵਲੈ ਬਨਿ=ਡਰਾਉਣੇ ਜੰਗਲ ਵਿਚ, ਹਿਕੁ=ਇੱਕ,
ਲਧਮੁ=ਮੈਂ ਲੱਭਾ ਹੈ, ਹਰਤਾ=ਨਾਸ ਕਰਨ ਵਾਲਾ, ਪੂਰਨ
ਕਾਮਾਂ=ਕੰਮ ਪੂਰਾ ਹੋ ਗਿਆ ਹੈ)
161. ਪ੍ਰੇਮ ਪਟੋਲਾ ਤੈ ਸਹਿ ਦਿਤਾ
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥1॥520॥
(ਪ੍ਰੇਮ ਪਟੋਲਾ='ਪ੍ਰੇਮ' ਦਾ ਰੇਸ਼ਮੀ ਕੱਪੜਾ, ਤੈ ਸਹਿ=
ਤੂੰ ਖਸਮ ਨੇ, ਮੈਡਾ=ਮੇਰਾ, ਸਾਰ=ਕਦਰ)
162. ਤੈਡੈ ਸਿਮਰਣਿ ਹਭੁ ਕਿਛੁ ਲਧਮੁ
ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥2॥520॥
(ਤੈਡੈ ਸਿਮਰਣਿ=ਤੇਰੇ ਸਿਮਰਨ ਨਾਲ, ਹਭੁ ਕਿਛੁ=
ਸਭ ਕੁਝ,ਹਰੇਕ ਚੀਜ਼, ਕੋਈ ਬਿਖਮੁ=ਕੋਈ ਔਖ)
163. ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥
ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥1॥520॥
(ਖੋਜੁ=ਪੈਰ, ਖੁੰਭੈ=ਖੁੱਭਦਾ, ਮੰਝਿ=ਮੇਰੇ ਅੰਦਰ, ਸਹ=ਹੇ ਪਤੀ ਪ੍ਰਭੂ,
ਤਉ ਚਰਣੀ=ਤੇਰੇ ਚਰਨਾਂ ਵਿਚ, ਹੀਅੜਾ=ਨਿਮਾਣਾ ਜਿਹਾ ਦਿਲ,
ਸੀਤਮੁ=ਮੈਂ ਸਿਊਂ ਲਿਆ ਹੈ, ਤੁਲਹਾ=ਤੁਲ੍ਹਾ,ਲੱਕੜਾਂ ਦਾ ਬੱਧਾ ਹੋਇਆ
ਗੱਠਾ ਜੋ ਦਰਿਆ ਦੇ ਕੰਢੇ ਤੇ ਵੱਸਣ ਵਾਲੇ ਮਨੁੱਖ ਦਰਿਆ ਪਾਰ ਕਰਨ
ਲਈ ਵਰਤਦੇ ਹਨ)
164. ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ
ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥2॥520॥
(ਦਿਸੰਦੜਿਆ=ਦੀਦਾਰ ਹੋਇਆਂ, ਦੁਰਮਤਿ ਵੰਞੈ=ਭੈੜੀ
ਮੱਤ ਦੂਰ ਹੋ ਜਾਂਦੀ ਹੈ, ਸਬਾਇਆ=ਸਾਰਾ ਜਗਤ ਭਾਲ
ਵੇਖਿਆ ਹੈ, ਕੇਈ=ਕੋਈ)
165. ਬਾਰਿ ਵਿਡਾਨੜੈ ਹੁੰਮਸ ਧੁੰਮਸ
ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥
ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥1॥520॥
(ਬਾਰਿ ਵਿਡਾਨੜੈ=ਬਿਗਾਨੀ ਜੂਹ ਵਿਚ,ਸੰਸਾਰ-ਰੂਪ ਬਿਗਾਨੀ
ਜੂਹ ਵਿਚ ਜਿਥੇ ਹਰੇਕ ਜੀਵ ਥੋੜ੍ਹੇ ਜਿਹੇ ਸਮੇ ਲਈ ਮੁਸਾਫ਼ਿਰ
ਬਣ ਕੇ ਆਇਆ ਹੈ, ਹੁੰਮਸ=ਅੱਗ ਦਾ ਸੇਕ, ਕੂਕਾ=ਵਾਹਰਾਂ,
ਦੁਹਾਈ, ਸਹ=ਹੇ ਸ਼ਹ, ਤਉ ਸੇਤੀ=ਤੇਰੇ ਨਾਲ, ਬਨੁ ਗਾਹੀ=
ਮੈਂ ਸੰਸਾਰ ਰੂਪੀ ਜੰਗਲ ਗਾਹ ਰਿਹਾ ਹਾਂ)
166. ਸਚੀ ਬੈਸਕ ਤਿਨ੍ਹ੍ਹਾ ਸੰਗਿ
ਸਚੀ ਬੈਸਕ ਤਿਨ੍ਹ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥
ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥2॥520॥
(ਸਚੀ=ਸਦਾ ਕਾਇਮ ਰਹਿਣ ਵਾਲੀ,ਤੋੜ ਨਿਭਣ ਵਾਲੀ,
ਬੈਸਕ=ਬੈਠਕ, ਸੰਗਿ=ਨਾਲ, ਸੰਗੁ=ਸਾਥ, ਸੁਆਉ=ਸੁਆਰਥ,
ਗ਼ਰਜ਼)
167. ਵਿਛੋਹੇ ਜੰਬੂਰ ਖਵੇ
ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥
ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥1॥520॥
(ਵਿਛੋਹੇ=ਵਿਛੋੜੇ ਦੇ ਦੁੱਖ, ਜੰਬੂਰ=ਚਿਮਟੇ ਵਰਗਾ
ਇਕ ਹਥਿਆਰ ਜਿਸ ਨਾਲ ਆਪਣੇ ਵੱਸ ਪਏ
ਵੈਰੀਆਂ ਨੂੰ ਲੋਕ ਤਸੀਹੇ ਦਿਆ ਕਰਦੇ ਸਨ,
ਜੰਬੂਰ ਨਾਲ ਬੋਟੀ ਬੋਟੀ ਕਰ ਕੇ ਪਿੰਡੇ ਦਾ ਮਾਸ
ਤੋੜਿਆ ਜਾਂਦਾ ਸੀ, ਖਵੇ ਨ ਵੰਞਨਿ=ਸਹਾਰੇ
ਨਹੀਂ ਜਾ ਸਕਦੇ, ਗਾਖੜੇ=ਔਖੇ, ਸੰਬੂਹ=ਸਾਰੇ)
168. ਜਿਮੀ ਵਸੰਦੀ ਪਾਣੀਐ
ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥
ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥2॥521॥
(ਪਾਣੀਐ=ਪਾਣੀ ਵਿਚ, ਈਧਣੁ=ਬਾਲਣ,ਲੱਕੜ,
ਭਾਹਿ=ਅੱਗ, ਆਹਿ=ਹੈ, ਆਢਲਿ=ਆਸਰੇ
ਵਿਚ, ਹਭੁ ਕੋ=ਹਰੇਕ ਜੀਵ)
169. ਕੜਛੀਆ ਫਿਰੰਨ੍ਹਿ
ਕੜਛੀਆ ਫਿਰੰਨ੍ਹਿ ਸੁਆਉ ਨ ਜਾਣਨ੍ਹਿ ਸੁਞੀਆ ॥
ਸੇਈ ਮੁਖ ਦਿਸੰਨ੍ਹਿ ਨਾਨਕ ਰਤੇ ਪ੍ਰੇਮ ਰਸਿ ॥1॥521॥
(ਸੁਆਉ=ਸੁਆਦ, ਸੁਞੀਆ=ਖ਼ਾਲੀ, ਸੇਈ=ਉਹੀ,
ਸੇਈ ਮੁਖ ਦਿਸੰਨ੍ਹਿ=ਉਹੀ ਮੂੰਹ ਸੋਹਣੇ ਦਿੱਸਦੇ ਹਨ,
ਪ੍ਰੇਮ ਰਸਿ=ਪ੍ਰਭੂ ਦੇ ਪਿਆਰ ਦੇ ਰਸ ਵਿਚ)
170. ਖੋਜੀ ਲਧਮੁ ਖੋਜੁ
ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥
ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥2॥521॥
(ਖੋਜੀ=ਖੋਜ ਲੱਭਣ ਵਾਲੇ ਗੁਰੂ ਦੀ ਰਾਹੀਂ, ਸਹਿ=ਸ਼ਹੁ ਨੇ,
ਨ ਛਿਜਈ=ਨਾਸ ਨਹੀਂ ਹੁੰਦਾ,ਨਹੀਂ ਉਜੜਦਾ)
171. ਲਧਮੁ ਲਭਣਹਾਰੁ
ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥1॥521॥
(ਲਭਣਹਾਰੁ=ਲੱਭਣ-ਜੋਗ ਪ੍ਰਭੂ, ਕਰਮੁ=ਬਖ਼ਸ਼ਸ਼,
ਮਾ ਪਿਰੀ=ਮੇਰੇ ਪਿਰ ਨੇ, ਪਸੀਐ=ਵੇਖੀਦਾ ਹੈ,
ਬਿਆ=ਕੋਈ ਹੋਰ)
172. ਪਾਪੜਿਆ ਪਛਾੜਿ
ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹਿ ਕੈ ॥
ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥2॥521॥
(ਪਾਪੜਿਆ=ਚੰਦਰੇ ਪਾਪਾਂ ਨੂੰ, ਪਛਾੜਿ=ਨਸਾ ਦੇ,
ਸਚਾਵਾ=ਸੱਚ ਦਾ, ਸੰਨ੍ਹਿ ਕੈ=ਤਾਣ ਕੇ, ਮੰਤ੍ਰੜਾ=
ਸੋਹਣਾ ਮੰਤ੍ਰ, ਚਿਤਾਰਿ=ਚੇਤੇ ਕਰ)
173. ਜਾ ਕਉ ਭਏ ਕ੍ਰਿਪਾਲ ਪ੍ਰਭ
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥1॥521॥
(ਭੇਟਤ=ਮਿਲਿਆਂ, ਤਿਨ=ਉਹਨਾਂ ਦੀ)
174. ਰਾਮੁ ਰਮਹੁ ਬਡਭਾਗੀਹੋ
ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥
ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥2॥521॥
(ਜਲਿ=ਪਾਣੀ ਵਿਚ, ਥਲਿ=ਧਰਤੀ ਦੇ ਅੰਦਰ, ਮਹੀਅਲਿ=
ਮਹੀ ਤਲਿ,ਧਰਤੀ ਦੇ ਤਲ ਤੇ,ਆਕਾਸ਼ ਵਿਚ, ਨਾਮਿ
ਅਰਾਧਿਐ=ਜੇ ਨਾਮ ਸਿਮਰੀਏ)
175. ਕੋਟਿ ਬਿਘਨ ਤਿਸੁ ਲਾਗਤੇ
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥1॥522॥
(ਕੋਟਿ=ਕ੍ਰੋੜਾਂ, ਅਨਦਿਨੁ=ਹਰ ਰੋਜ਼, ਘਰਿ=ਘਰ ਵਿਚ)
176. ਪਿਰੀ ਮਿਲਾਵਾ ਜਾ ਥੀਐ
ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥
ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥2॥522॥
(ਪਿਰੀ ਮਿਲਾਵਾ=ਪਿਆਰੇ ਪਤੀ ਦਾ ਮੇਲ, ਜਾ=ਜਦੋਂ,
ਸੁਹਾਵੀ=ਸੋਹਣੀ, ਮੁਹਤੁ=ਮੁਹੂਰਤ,ਦੋ ਘੜੀ, ਰਵੀਐ=
ਸਿਮਰੀਏ)
177. ਕਿਲਵਿਖ ਸਭੇ ਉਤਰਨਿ
ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥
ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥1॥522॥
(ਕਿਲਵਿਖ=ਪਾਪ, ਨੀਤ ਨੀਤ=ਨਿੱਤ ਨਿੱਤ,ਸਦਾ ਹੀ)
178. ਨਾਨਕ ਸਤਿਗੁਰਿ ਭੇਟਿਐ
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥2॥522॥
(ਸਤਿਗੁਰਿ ਭੇਟਿਐ=ਜੇ ਗੁਰੂ ਮਿਲ ਪਏ, ਜੁਗਤਿ=ਜੀਊਣ ਦੀ ਜਾਚ,
ਪੂਰੀ=ਮੁਕੰਮਲ,ਜਿਸ ਵਿਚ ਕੋਈ ਉਕਾਈ ਨਾਹ ਰਹਿ ਜਾਏ, ਵਿਚੇ=
ਮਾਇਆ ਵਿਚ ਵਰਤਦਿਆਂ ਹੀ, ਮੁਕਤਿ=ਮਾਇਆ ਦੇ ਬੰਧਨਾਂ ਤੋਂ
ਆਜ਼ਾਦੀ)
179. ਉਦਮੁ ਕਰੇਦਿਆ ਜੀਉ ਤੂੰ
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥522॥
(ਭੁੰਚ=ਮਾਣ, ਚਿੰਤ=ਫਿਕਰ)
180. ਸੁਭ ਚਿੰਤਨ ਗੋਬਿੰਦ ਰਮਣ
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥2॥522॥
(ਸੁਭ=ਭਲੀ, ਚਿੰਤਨ=ਸੋਚ, ਰਮਣ=ਸਿਮਰਨ, ਨਿਰਮਲੁ=ਪਵਿਤ੍ਰ,
ਨ ਵਿਸਰਉ=ਨਾਹ ਭੁਲਾਵਾਂ)
181. ਕਾਮ ਕ੍ਰੋਧ ਮਦ ਲੋਭ ਮੋਹ
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥
ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥1॥523॥
(ਮਦ=ਅਹੰਕਾਰ ਦੀ ਮਸਤੀ, ਦੁਸਟ=ਭੈੜੀਆਂ, ਨਿਵਾਰਿ=ਦੂਰ ਕਰ)
182. ਖਾਂਦਿਆ ਖਾਂਦਿਆ ਮੁਹੁ ਘਠਾ
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥
ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥2॥523॥
(ਘਠਾ=ਘਸ ਗਿਆ, ਸਭੁ ਅੰਗੁ=ਸਾਰਾ ਸਰੀਰ, ਧ੍ਰਿਗੁ=
ਫਿਟਕਾਰ=ਜੋਗ, ਸਚਿ=ਸੱਚ ਵਿਚ,ਸਦਾ-ਥਿਰ ਰਹਿਣ
ਵਾਲੇ ਪ੍ਰਭੂ ਵਿਚ, ਰੰਗੁ=ਪਿਆਰ)
183. ਜੀਵਦਿਆ ਨ ਚੇਤਿਓ
ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥
ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥1॥523॥
(ਸਾਕਤ=ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮੂੜ=ਮੂਰਖ,
ਨਪਾਕ=ਗੰਦਾ)
184. ਜੀਵੰਦਿਆ ਹਰਿ ਚੇਤਿਆ
ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥
ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥2॥523॥
(ਰੰਗਿ=ਪਿਆਰ ਵਿਚ, ਪਦਾਰਥੁ=ਕੀਮਤੀ ਚੀਜ਼,ਅਮੋਲਕ ਸ਼ੈ)
185. ਆਦਿ ਮਧਿ ਅਰੁ ਅੰਤਿ
ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥
ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥
ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥
ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥
ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥
ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥1॥523॥
(ਆਦਿ=ਸ਼ੁਰੂ ਵਿਚ, ਮਧਿ=ਵਿਚਕਾਰਲੇ ਸਮੇਂ,
ਅੰਤਿ=ਅਖ਼ੀਰ ਵਿਚ, ਆਦਿ ਮਧਿ ਅਰੁ ਅੰਤਿ=
ਸਦਾ ਹੀ, ਰਵੈ=ਯਾਦ ਕਰਦਾ ਹੈ, ਸਭਿ=ਸਾਰੇ,
ਕਾਰਣੁ=ਸਬੱਬ,ਵਸੀਲਾ, ਤਰੈ=ਤਰ ਜਾਏ)
186. ਤਿਸ ਨੋ ਮੰਨਿ ਵਸਾਇ
ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥
ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥
ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥
ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥
ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥
ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥
ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥
ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥2॥523॥
(ਮੰਨਿ=ਮਨ ਵਿਚ, ਜਿਨਿ=ਜਿਸ ਪ੍ਰਭੂ ਨੇ, ਜਿਨਿ ਜਨਿ=
ਜਿਸ ਮਨੁੱਖ ਨੇ, ਤਿਨਿ=ਉਸ ਮਨੁੱਖ ਨੇ, ਸਫਲੁ=ਫਲ
ਸਹਿਤ,ਕਾਮਯਾਬ, ਖਸਮਿ=ਖਸਮ ਨੇ, ਜਿਸਹਿ=ਜਿਸ
ਜਿਸ ਨੂੰ, ਜਮਹਿ=ਜੰਮਦੇ ਹਨ)
187. ਰਾਮੁ ਜਪਹੁ ਵਡਭਾਗੀਹੋ
ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥
ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥1॥524॥
(ਪੂਰਨੁ=ਵਿਆਪਕ, ਨਾਮਿ ਧਿਆਇਐ=ਜੇ ਨਾਮ
ਸਿਮਰਿਆ ਜਾਏ)
188. ਕੋਟਿ ਬਿਘਨ ਤਿਸੁ ਲਾਗਤੇ
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥2॥524॥
(ਕੋਟਿ=ਕ੍ਰੋੜਾਂ, ਬਿਘਨ=ਦੁੱਖ, ਅਨਦਿਨ=ਹਰ ਰੋਜ਼,
ਬਿਲਪਤੇ=ਵਿਲਕਦੇ)
189. ਹਰਿ ਨਾਮੁ ਨ ਸਿਮਰਹਿ ਸਾਧਸੰਗਿ
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥
ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥1॥553॥
(ਤੈ ਤਨਿ=ਉਹਨਾਂ ਦੇ ਸਰੀਰ ਤੇ, ਖੇਹ=ਸੁਆਹ, ਜਿਨਿ=
ਜਿਸ ਪ੍ਰਭੂ ਨੇ, ਅਲੂਣੀ=ਪ੍ਰੇਮ=ਵਿਹੂਣੀ, ਦੇਹ=ਸਰੀਰ)
190. ਘਟਿ ਵਸਹਿ ਚਰਣਾਰਬਿੰਦ
ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥2॥554॥
(ਘਟਿ=ਹਿਰਦੇ ਵਿਚ, ਚਰਣਾਰਬਿੰਦ=(ਚਰਣ+ਅਰਬਿੰਦ),
(ਅਰਬਿੰਦ=ਕੰਵਲ) ਕੰਵਲ ਫੁੱਲ ਵਰਗੇ ਪੈਰ, ਰਸਨਾ=ਜੀਭ,
ਦੇਹੀ=ਸਰੀਰ)
191. ਊਚਾ ਅਗਮ ਅਪਾਰ ਪ੍ਰਭੁ
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥1॥704॥
(ਅਗਮ=ਅਪਹੁੰਚ, ਕਥਨੁ ਨ ਜਾਇ=ਬਿਆਨ ਨਹੀਂ ਹੋ
ਸਕਦਾ, ਅਕਥੁ=ਬਿਆਨ ਤੋਂ ਪਰੇ, ਰਾਖਨ ਕਉ=
ਰੱਖਿਆ ਕਰਨ ਲਈ, ਸਮਰਥੁ=ਤਾਕਤ ਵਾਲਾ)
192. ਨਿਰਤਿ ਨ ਪਵੈ ਅਸੰਖ ਗੁਣ
ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥2॥704॥
(ਨਿਰਤਿ=ਨਿਰਨਾ,ਪਰਖ, ਅਸੰਖ=ਅਣਗਿਣਤ,
ਨਿਥਾਵੇ=ਨਿਆਸਰੇ ਨੂੰ)
193. ਰੇ ਮਨ ਤਾ ਕਉ ਧਿਆਈਐ
ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥
ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥3॥704॥
(ਤਾ ਕਉ=ਉਸ ਪ੍ਰਭੂ ਦੇ ਨਾਮ ਨੂੰ, ਸਭ ਬਿਧਿ=ਹਰੇਕ
ਕਿਸਮ ਦੀ ਜੁਗਤਿ, ਹਾਥਿ=ਹੱਥ ਵਿਚ, ਜਾ ਕੈ ਹਾਥਿ=
ਜਿਸ ਦੇ ਹੱਥ ਵਿਚ, ਸੰਚੀਐ=ਇਕੱਠਾ ਕਰਨਾ ਚਾਹੀਦਾ
ਹੈ, ਨਿਬਹੈ=ਸਾਥ ਕਰਦਾ ਹੈ, ਸਾਥਿ=ਨਾਲ)
194. ਚਿਤਿ ਜਿ ਚਿਤਵਿਆ
ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥
ਨਾਨਕ ਨਾਮੁ ਧਿਆਇ ਸੁਖ ਸਬਾਇਆ ॥4॥2॥705॥
(ਚਿਤਿ=ਚਿੱਤ ਵਿਚ, ਜਿ=ਜੋ ਕੁਝ, ਚਿਤਵਿਆ=
ਸੋਚਿਆ,ਧਾਰਿਆ,ਮੰਗਿਆ, ਸਬਾਇਆ=ਸਾਰੇ)