ਸ਼ਤਰੰਜ ਕੇ ਖਿਲਾੜੀ
ਫਿਲਮ ਸਮੀਖਿਆ
ਸ਼ਤਰੰਜ ਕੇ ਖਿਲਾੜੀ (1977)
ਲੇਖਕ- ਤਰਸੇਮ ਬਸ਼ਰ
ਅੱਜ ਜਿਸ ਫ਼ਿਲਮ ਦੀ ਚਰਚਾ ਕਰ ਰਹੇ ਹਾਂ ਉਹ ਹੈ "ਸ਼ਤਰੰਜ ਕੇ ਖਿਲਾੜੀ"। ਇਸ ਫ਼ਿਲਮ ਦੇ ਨਿਰਦੇਸ਼ਕ ਸੱਤਿਆਜੀਤ ਰੇਅ ਸਨ ਤੇ ਇਹ ਕਹਾਣੀ ਇਸੇ ਨਾਂ ਤੇ ਮੁਨਸ਼ੀ ਪ੍ਰੇਮ ਚੰਦ ਵੱਲੋਂ ਲਿਖੀ ਗਈ ਸੀ। ਸੱਤਿਆਜੀਤ ਰੇਅ ਨੂੰ ਹਿੰਦੀ ਫ਼ਿਲਮ ਜਗਤ ਵਿੱਚ ਸਰਵ ਸ੍ਰੇਸ਼ਟ ਨਿਰਦੇਸ਼ਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਸੰਜੀਵ ਕੁਮਾਰ, ਸਈਦ ਜਾਫ਼ਰੀ, ਅਮਜ਼ਦ ਖਾਨ ਰਿਚਰਡ ਐਟਨਬਰੋ (ਅੰਗਰੇਜ਼ ਅਧਿਕਾਰੀ) ਫ਼ਰੀਦਾ ਜਲਾਲ ਅਤੇ ਫਾਰੂਕ ਸ਼ੇਖ ਨੇ ਨਿਭਾਈਆਂ ਸਨ।
ਇਸ ਫ਼ਿਲਮ ਨੂੰ ਵੀ ਚਰਚਾ ਮਿਲੀ ਸੀ ਤੇ ਮੁਨਸ਼ੀ ਪ੍ਰੇਮ ਚੰਦ ਦੀ ਇਹ ਕਹਾਣੀ ਵੀ ਬਹੁਤ ਚਰਚਿਤ ਸੀ। ਕਹਾਈ ਦਰ ਅਸਲ ਐਸ਼ਪ੍ਰਸਤ ਬਾਦਸ਼ਾਹਾਂ ਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਹੋਈ ਬਾਰੇ ਹੈ। 1856 ਦੇ ਲਖਨਊ ਦਾ ਜ਼ਿਕਰ ਹੈ ਜਦੋਂ ਨਵਾਬ ਵਾਜਿਦ ਅਲੀ ਸ਼ਾਹ ਖ਼ੁਦ ਐਸ਼ਪ੍ਰਸਤੀ ਵਿੱਚ ਡੁੱਬਿਆ ਹੋਇਆ ਸੀ ਤੇ ਪਰਜਾ ਵੀ ਅੰਗਰੇਜ਼ਾਂ ਦੀਆਂ ਚੜ੍ਹ ਰਹੀਆਂ ਫ਼ੌਜਾਂ ਤੋਂ ਬੇਪ੍ਰਵਾਹ ਵਿਚਰ ਰਹੀ ਸੀ ...ਮੁਨਸ਼ੀ ਪ੍ਰੇਮ ਚੰਦ ਅਨੁਸਾਰ ਅੰਗਰੇਜ਼ ਫ਼ੌਜਾਂ ਅਵਧ ਵੱਲ ਵਧ ਰਹੀਆਂ ਸਨ ਤੇ ਨੇੜੇ ਸਨ ਪਰ ਨਵਾਬ ਸਮੇਤ ਪਰਜਾ ਵੀ ਬੇਪ੍ਰਵਾਹ ਬੇਫ਼ਿਕਰ ਸੀ।
ਈਸਟ ਇੰਡੀਆ ਕੰਪਨੀ ਉਦੋਂ ਤਕ ਰਾਜਸ਼ਾਹੀ ਵਿਚ ਬਦਲ ਚੁੱਕੀ ਸੀ। ਇਸ ਕਹਾਣੀ ਵਿਚ ਅਵਧ ਦੇ ਉਸ ਹਿੱਸੇ ਦਾ ਜ਼ਿਕਰ ਹੈ ਜੋ ਹਾਲੇ ਈਸਟ ਇੰਡੀਆ ਕੰਪਨੀ ਦੇ ਅਧੀਨ ਨਹੀਂ ਸੀ ਆਇਆ ਤੇ ਇਹ ਇਲਾਕਾ ਲਖਨਊ ਦਾ ਹੈ ਜਿਸ ਦਾ ਨਵਾਬ ਵਾਜਿਦ ਅਲੀ ਸ਼ਾਹ ਹੈ । ਪਰ ਇਸ ਕਹਾਣੀ ਵਿੱਚ ਮੁੱਖ ਕਿਰਦਾਰ ਵਾਜਿਦ ਅਲੀ ਸ਼ਾਹ ਨਹੀਂ ਹੈ ਬਲਕਿ ਉਸ ਦੇ ਦੋ ਜ਼ਿਮੀਂਦਾਰ ਹਨ।
ਇਹ ਜ਼ਿਮੀਂਦਾਰ ਹਨ ਮਿਰਜ਼ਾ ਸੈਯਾਦ ਅਤੇ ਮੀਰ ਰੋਸ਼ਨ ਅਲੀ। ਮਿਰਜ਼ਾ ਸੈਯਾਦ ਦੀ ਭੂਮਿਕਾ ਸੰਜੀਵ ਕੁਮਾਰ ਨੇ ਕੀਤੀ ਸੀ ਤੇ ਮੀਰ ਰੌਸ਼ਨ ਅਲੀ ਦੀ ਭੂਮਿਕਾ ਸਈਅਦ ਜਾਫਰੀ ਨੇ। ਦੋਵੇਂ ਐਸ਼ਪ੍ਰਸਤ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਵੀ। ਉਨ੍ਹਾਂ ਨੂੰ ਸਮਾਜ ਅਤੇ ਦੇਸ਼ ਵਿੱਚ ਵਾਪਰ ਰਹੇ ਹਾਲਾਤਾਂ ਦੀ ਕੋਈ ਚਿੰਤਾ ਨਹੀਂ ਉਨ੍ਹਾਂ ਦਾ ਸ਼ੌਕ ਹੈ- ਸ਼ਤਰੰਜ ਖੇਡਣਾ।
ਸ਼ਤਰੰਜ ਦੀ ਬਾਜ਼ੀ ਚੱਲ ਪੈਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਸੁਧ ਨਹੀਂ ਰਹਿੰਦੀ। ਨਾ ਖਾਣ ਪੀਣ ਦੀ ਨਾ ਘਰ ਦੀ ਤੇ ਨਾ ਹੀ ਦੇਸ਼ ਦੇ ਵਿੱਚ ਵਧ ਰਹੇ ਅੰਗਰੇਜ਼ ਹਕੂਮਤ ਦੇ ਦਖ਼ਲ ਦੀ। ਉਨ੍ਹਾਂ ਦੀ ਸ਼ਤਰੰਜ ਤੋਂ ਘਰ ਵਾਲੇ ਵੀ ਦੁਖੀ ਹਨ .....ਕਹਾਈ ਵਿੱਚ ਇਸਦਾ ਜ਼ਿਕਰ ਨਹੀਂ ਮਿਲਦਾ ਪਰ ਫ਼ਿਲਮ ਵਿੱਚ ਮਿਲਦਾ ਹੈ ਕਿ ਮਿਰਜ਼ਾ ਸਯਾਦ ਦੀ ਪਤਨੀ ਅਕੀਲ ਨੂੰ ਪਸੰਦ ਕਰਦੀ ਹੈ। ਉਹ ਬਹੁਤ ਖੁਸ਼ ਹੈ ਕਿ ਸਤਰੰਜ ਕਰਕੇ ਮਿਰਜ਼ਾ ਸਾਹਿਬ ਹਰ ਦਮ ਘਰੇ ਹੀ ਟਿਕੇ ਰਹਿੰਦੇ ਹਨ।
ਸ਼ਤਰੰਜ ਦੀ ਬਾਜ਼ੀ ਅਕਸਰ ਮਿਰਜ਼ਾ ਸੱਯਾਦ ਦੇ ਘਰ ਲੱਗਦੀ ਹੈ... ਇਸ ਬਾਜ਼ੀ ਦਾ ਕੋਈ ਵਕਤ ਮੁਕੱਰਰ ਨਹੀਂ ਹੈ। ਇਹ ਲਗਾਤਾਰ ਚਲਦੀ ਰਹਿੰਦੀ ਹੈ ਤੇ ਨੌਕਰ ਪਰੇਸ਼ਾਨ ਹੁੰਦੇ ਰਹਿੰਦੇ ਹਨ। ਕੁੱਲ ਮਿਲਾ ਕੇ ਉਨ੍ਹਾਂ ਦੀ ਸ਼ਤਰੰਜ ਦੀ ਬਾਜ਼ੀ ਤੇ ਟੀਕਾ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਹਨ। ਪਰ ਦੋਹਾਂ ਨੂੰ ਹੀ ਇਸ ਦੀ ਪਰਵਾਹ ਨਹੀਂ ਹੈ।
ਇਕ ਦਿਨ ਮਿਰਜ਼ਾ ਸੱਯਾਦ ਦੇ ਘਰ ਇੱਕ ਅੰਗਰੇਜ਼ ਅਧਿਕਾਰੀ ਆਉਂਦਾ ਹੈ। ਮਿਰਜ਼ਾ ਸੱਯਾਦ ਉਸ ਅਧਿਕਾਰੀ ਨੂੰ ਨਹੀਂ ਮਿਲਦਾ ਪਰ ਉਹ ਅਧਿਕਾਰੀ ਉਸ ਦੇ ਨੌਕਰ ਨੂੰ ਇਹ ਸੁਨੇਹਾ ਲਾ ਕੇ ਜਾਂਦਾ ਹੈ ਕਿ ਮਿਰਜ਼ਾ ਸਾਹਿਬ ਨੂੰ ਸ਼ਾਇਦ ਮੋਰਚੇ ਤੇ ਜਾਣਾ ਪਵੇ ...ਉਹ ਕੱਲ੍ਹ ਫਿਰ ਆਏਗਾ ਤੇ ਮਿਰਜ਼ਾ ਸੱਯਾਦ ਨੂੰ ਲੈ ਜਾਵੇਗਾ। ਉਹ ਦੱਸਦਾ ਹੈ ਕਿ ਇਹ ਨਵਾਬ ਸਾਹਿਬ ਦੀ ਸਹਿਮਤੀ ਨਾਲ ਜਾਰੀ ਕੀਤਾ ਗਿਆ ਪ੍ਰਸ਼ਾਸਨਿਕ ਫ਼ੈਸਲਾ ਹੈ।
ਮਿਰਜ਼ਾ ਸੈਯਾਦ ਐਸ਼ਪ੍ਰਸਤੀ ਦਾ ਜੀਵਨ ਜਿਉਂਦਿਆਂ ਹੁਣ ਇਸ ਹਾਲਤ ਵਿੱਚ ਨਹੀਂ ਕਿ ਉਹ ਕਿਸੇ ਤਰ੍ਹਾਂ ਦਾ ਜੋਖਮ ਲੈ ਲਵੇ। ਉਹ ਚਿੰਤਾਵਾਂ ਚ ਘਿਰ ਜਾਂਦਾ ਹੈ, ਉਸ ਨੂੰ ਪਤਾ ਹੈ ਕਿ ਉਹ ਹੁਣ ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿੱਚ ਨਹੀਂ ਜਾ ਸਕਦਾ...ਇਸ ਉਸ ਲਈ ਤਕਲੀਫ਼ ਦੇਹ ਹੈ ...ਦਰਅਸਲ ਉਹ ਲੜਾਈ ਦੇ ਨਾਂ ਤੋਂ ਹੀ ਡਰ ਰਿਹਾ ਹੈ। ਉਹ ਆਪਣੀ ਸਮੱਸਿਆ ਆਪਣੇ ਸ਼ਤਰੰਜ ਦੇ ਸਾਥੀ ਮੀਰ ਰੌਸ਼ਨ ਅਲੀ ਨੰ ਦੱਸਦਾ ਹੈ।
ਮੀਰ ਰੋਸ਼ਨ ਅਲੀ ਉਸ ਤੋਂ ਵੀ ਵੱਡਾ ਐਸ਼ਪ੍ਰਸਤ ਜ਼ਿਮੀਂਦਾਰ ਹੈ ..ਉਸ ਦਾ ਵੀ ਬਹੁਤਾ ਜੀਅ ਸ਼ਤਰੰਜ ਦੀ ਬਾਜ਼ੀ ਖੇਡਦਿਆਂ ਹੀ ਪਰਚਦਾ ਹੈ । ਮੀਰ, ਮਿਰਜ਼ਾ ਨੂੰ ਇੱਕ ਤਰਕੀਬ ਦੱਸਦਾ ਹੈ। ਉਹ ਸੁਝਾਓ ਦਿੰਦਾ ਹੈ ਕਿ ਉਹ ਸਵੇਰੇ-ਸਵੇਰੇ ਹੀ ਸ਼ਤਰੰਜ ਅਤੇ ਬਾਕੀ ਸਾਮਾਨ ਲੈ ਕੇ ਵੀਰਾਨੇ ਵਿਚ ਉਜਾੜ ਪਈ ਮਸਜਿਦ ਤੇ ਚਲੇ ਜਾਣਗੇ ਅਤੇ ਉਥੇ ਸ਼ਾਮ ਨੂੰ ਵਾਪਸ ਆਉਣਗੇ ਤਾਂ ਸਮੱਸਿਆ ਦਾ ਹੱਲ ਹੋ ਜਾਵੇਗਾ। ਨਾ ਮਿਰਜ਼ਾ ਸਾਹਿਬ ਘਰੇ ਮਿਲਣਗੇ ਨਾ ਹੀ ਕਿਤੇ ਜਾਣਾ ਪਵੇਗਾ। ਮੁਨਸ਼ੀ ਪ੍ਰੇਮ ਚੰਦ ਦਰਅਸਲ ਇੱਥੇ ਉਸ ਕਿਰਦਾਰ ਤੇ ਉਂਗਲ ਰੱਖਦੇ ਹਨ ਜੋ ਜ਼ਿੰਮੇਵਾਰ ਹੁੰਦਿਆਂ ਵੀ, ਕੌਮ ਤੇ ਦੇਸ਼ ਦੀ ਹੋਣੀ ਤੇ ਚਿੰਤਾਤੁਰ ਨਹੀਂ। ਉਨ੍ਹਾਂ ਨੂੰ ਫਿਕਰ ਹੈ ਤਾਂ ਸਿਰਫ਼ ਆਪਣੀ ਐਸ਼ਪ੍ਰਸਤੀ ਅਤੇ ਸ਼ਤਰੰਜ ਖੇਡਣ ਦਾ .....ਉਂਜ ਪ੍ਰੇਮ ਚੰਦ ਇਸੇ ਕਿਰਦਾਰ ਰਾਹੀਂ ਹੀ ਇਹ ਵੀ ਬਾਖ਼ੂਬੀ ਦੱਸ ਦਿੰਦੇ ਹਨ ਜਿੱਥੇ ਅਜਿਹੇ ਸ਼ਾਸਕ ਹੋਣ ਉਸ ਕੌਮ ਹੋਣੀ ਕੀ ਹੋਣੀ ਹੈ?
ਦੂਜੇ ਦਿਨ ਉਹ ਬੜੇ ਮਜ਼ੇ ਨਾਲ ਮਸਜਿਦ ਵਿੱਚ ਸ਼ਤਰੰਜ ਖੇਡ ਰਹੇ ਹੁੰਦੇ ਹਨ। ਅਚਾਨਕ ਕਿਤੇ ਹਲਚਲ ਸ਼ੁਰੂ ਹੋ ਜਾਂਦੀ ਹੈ। ਹਲਚਲ ਅੰਗਰੇਜ਼ ਫ਼ੌਜ ਦੀ ਹੈ ਜੋ ਭਾਰੀ ਗਿਣਤੀ ਵਿਚ ਲਖਨਊ ਵੱਲ ਵਧ ਰਹੀ ਹੈ। ਉਸੇ ਦੁਪਹਿਰ ਪਤਾ ਲੱਗਦਾ ਹੈ ਕਿ ਅੰਗਰੇਜ਼ ਫ਼ੌਜ ਨੇ ਨਵਾਬ ਵਾਜਿਦ ਅਲੀ ਸ਼ਾਹ ਨੂੰ ਕੈਦ ਕਰ ਲਿਆ ਹੈ ਅਤੇ ਪੂਰੇ ਅਵਧ ਵਿਚ ਅੰਗਰੇਜ਼ ਹਕੂਮਤ ਨੇ ਆਪਣਾ ਰਾਜ ਸਥਾਪਤ ਕਰ ਲਿਆ ਹੈ।
ਇਹ ਇਕ ਬਹੁਤ ਵੱਡੀ ਘਟਨਾ ਵਾਪਰ ਗਈ ਹੁੰਦੀ ਹੈ ਪਰ ਉਹ ਦੋਵੇਂ ਬੇਪਰਵਾਹੀ ਨਾਲ ਸ਼ਤਰੰਜ ਖੇਡਦੇ ਰਹਿੰਦੇ ਹਨ। ਉਸ ਸ਼ਤਰੰਜ ਦੀ ਬਾਜ਼ੀ ਵਿਚ ਇਸ ਤਰ੍ਹਾਂ ਡੁੱਬ ਜਾਂਦੇ ਹਨ ਕਿ ਕਿਸੇ ਹੋਰ ਚੀਜ਼ ਦਾ ਉਨ੍ਹਾਂ ਨੂੰ ਇਲਮ ਨਹੀਂ ਹੈ।
ਉਸ ਦਿਨ ਰੋਸ਼ਨ ਅਲੀ ਸ਼ਤਰੰਜ ਦੀਆਂ ਬਾਜ਼ੀਆਂ ਸਵੇਰ ਤੋਂ ਹਾਰ ਰਿਹਾ ਸੀ। ਅਕਸਰ ਮੀਰ ਰੋਸ਼ਨ ਅਲੀ ਤੋਂ ਪਿੱਛੇ ਰਹਿਣ ਵਾਲਾ ਮਿਰਜ਼ਾ ਸੱਯਾਦ ਉਸ ਦਿਨ ਬਾਜ਼ੀਆਂ ਜਿੱਤ ਰਿਹਾ ਸੀ ਤੇ ਉਹ ਬਹੁਤ ਖੁਸ਼ ਸੀ। ਇਨ੍ਹਾਂ ਕਿ ਸ਼ਾਇਦ ਕੋਈ ਰਾਜ ਭਾਗ ਮਿਲ ਜਾਵੇ ਤਾਂ ਵੀ ਨਾ ਹੋਵੇ। ਮੀਰ ਅਲੀ ਉਸ ਦਿਨ ਖਿਝਿਆ ਹੋਇਆ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਮੋਹਰੇ ਅੱਜ ਉਸ ਨਾਲ ਵਫ਼ਾ ਕਿਉਂ ਨਹੀਂ ਕਰ ਰਹੇ।
ਹੁਣ ਸ਼ਾਮ ਹੋ ਰਹੀ ਹੈ ....ਉਧਰ ਅਵਧ ਵਿੱਚ ਹਿੰਦੁਸਤਾਨੀ ਰਾਜ ਦੀ ਵੀ ਸ਼ਾਮ ਹੋ ਗਈ ਹੈ ...ਅੰਗਰੇਜ਼ ਹਕੂਮਤ ਦਾ ਸੂਰਜ ਚੜ੍ਹ ਗਿਆ ਹੈ ....ਪਰ ਉਹ ਦੋਵੇਂ ਇਸ ਤੋਂ ਅਣਭਿੱਜ ਇੱਕ ਦੂਜੇ ਨੂੰ ਤਾਅਨੇ ਮਿਹਣੇ ਦੇਣ ਵਿੱਚ ਰੁੱਝੇ ਹੋਏ ਹਨ। ਮਿਰਜ਼ਾ ਸੈਯਾਦ ਖ਼ੁਸ਼ੀ ਵਿੱਚ ਖੀਵਾ ਹੈ ਤੇ ਉਹ ਕਈ ਵਾਰ ਅਜਿਹੀਆਂ ਨਿੱਜੀ ਟਿੱਪਣੀਆਂ ਮੀਰ ਰੋਸ਼ਨ ਨੂੰ ਕਰ ਦਿੰਦਾ ਹੈ ਜਿਸ ਨਾਲ ਉਹ ਤਪ ਜਾਂਦਾ ਹੈ।
ਮੀਰ ਰੋਸ਼ਨ ਅਲੀ ਸ਼ਤਰੰਜ ਵਿੱਚ ਹਾਰਨ ਕਾਰਨ ਪਹਿਲਾਂ ਹੀ ਖ਼ਫ਼ਾ ਹੈ ਉੱਤੋਂ ਇਹ ਟਿੱਪਣੀਆਂ ਸੁਣ ਕੇ ਉਹ ਨਫ਼ਰਤ ਨਾਲ ਭਰ ਜਾਂਦਾ ਹੈ। ਉਹ ਵੀ ਮਿਰਜ਼ਾ ਸੱਯਾਦ ਨੂੰ ਨਿੱਜੀ ਟਿੱਪਣੀਆਂ ਕਰਕੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਦਾ ਹੈ ...ਉਹ ਮਿਰਜ਼ਾ ਨੂੰ ਉਸ ਦੀ ਪਤਨੀ ਦੇ ਨਾਂ ਤੇ ਬੇਇੱਜ਼ਤ ਕਰਨ ਦਾ ਯਤਨ ਕਰਦਾ ਹੈ। ਮੁੱਦਾ ਦਰਅਸਲ ਸ਼ਤਰੰਜ ਵਿੱਚ ਹਾਰਨ ਦਾ ਹੀ ਹੈ ...ਪਰ ਹੁਣ ਇਹ ਲੜਾਈ ਵਿੱਚ ਬਦਲ ਚੁੱਕਿਆ ਹੈ। ਦੋਵਾਂ ਕੋਲੇ ਹੀ ਲੜਨ ਵਾਲੇ ਹਥਿਆਰ ਹਨ ...ਉਹ ਆਪਸ ਵਿੱਚ ਲੜ ਵੀ ਪੈਂਦੇ ਹਨ ਅਤੇ ਇੱਕ ਦੂਜੇ ਨੂੰ ਛੁਰਾ ਮਾਰ ਕੇ ਡਿੱਗ ਪੈਂਦੇ ਹਨ। ਕਹਾਣੀ ਵਿਚ ਦੋਵੇਂ ਮਰ ਵੀ ਜਾਂਦੇ ਹਨ ਪਰ ਫ਼ਿਲਮ ਵਿੱਚ ਇਹ ਸੰਕੇਤਕ ਤੌਰ ਤੇ ਹੀ ਦਿਖਾਇਆ ਗਿਆ ਹੈ।
ਮੁਨਸ਼ੀ ਪ੍ਰੇਮ ਚੰਦ ਨੇ ਆਪਣੀ ਕਹਾਣੀ ਵਿੱਚ ਉਨ੍ਹਾਂ ਹਾਲਾਤਾਂ ਦਾ ਜ਼ਿਕਰ ਵੀ ਕੀਤਾ ਕਿ ਕਿਵੇਂ ਅੰਗਰੇਜ਼ ਕੰਪਨੀ ਅੰਗਰੇਜ਼ ਹਕੂਮਤ ਵਿਚ ਬਦਲ ਗਈ। ਦੋਹੇਂ ਜ਼ਿਮੀਂਦਾਰ ਜਦੋਂ ਸ਼ਤਰੰਜ ਦੀ ਬਾਜ਼ੀ ਕਾਰਨ ਇੱਕ ਦੂਜੇ ਦੀ ਜਾਨ ਲੈ ਲੈਂਦੇ ਹਨ ....ਪਰ ਉਨ੍ਹਾਂ ਨੂੰ ਦੇਸ਼ ਵਿਚ ਅੰਗਰੇਜ਼ ਹਕੂਮਤ ਦਾ ਰਾਜ ਸਥਾਪਤ ਹੋਣ ਤੇ ਕੋਈ ਰੰਜ ਨਹੀਂ।
ਇਹ ਕਹਾਣੀ ਮੁਨਸ਼ੀ ਪ੍ਰੇਮ ਚੰਦ ਹੋਰਾਂ ਦੀ ਦਲੇਰੀ ਦੀ ਪ੍ਰਤੀਕ ਵੀ ਹੈ ...ਉਨ੍ਹਾਂ ਨੇ ਬੜੀ ਦਲੇਰੀ ਨਾਲ ਉਹ ਹਾਲਾਤ ਕਲਾਤਮਕ ਤੌਰ ਤੇ ਬਿਆਨ ਕੀਤੇ ਜਿਨ੍ਹਾਂ ਕਾਰਨ ਇਕ ਵਪਾਰਕ ਕੰਪਨੀ ਪੂਰੀ ਹਕਮੂਤ ਵਿੱਚ ਬਦਲਦੀ ਚਲੀ ਗਈ ਸੀ ...ਦਰਅਸਲ ਹਾਲਾਤ ਹੀ ਨਹੀਂ ਬਿਆਨ ਕੀਤੇ, ਉਨ੍ਹਾਂ ਨੇ ਹੁਕਮਰਾਨਾਂ ਦੀ ਐਸ਼ ਪ੍ਰਸਤੀ ਤੇ ਨਾਹਿਲਯਤ ਨੂੰ ਬਾਖੂਬੀ ਚਿਤਰਿਆ ਹੈ ਜੋ ਐਸ਼ਪ੍ਰਸਤੀ ਵਿੱਚ ਰੁੱਝੇ ਹੋਏ ਸੀ ਜਿਸ ਨੂੰ ਭਵਿੱਖ ਬਾਰੇ ਕੋਈ ਇਲਮ ਨਹੀਂ ਸੀ ਨਾ ਹੀ ਫ਼ਿਕਰ ਸੀ।
ਫਿਲਮ ਦੇਖਦਿਆਂ ਤੁਸੀਂ ਉਸ ਮੱਧ ਭਾਰਤ ਦੇ ਰੂਬਰੂ ਹੁੰਦੇ ਹੋ ਜਿਸ ਨੇ ਆਉਣ ਵਾਲੇ ਭਾਰਤ ਦੇ ਭਵਿੱਖ ਦਾ ਨਿਰਣਾ ਕਰਨਾ ਹੁੰਦਾ ਹੈ ! ਗੁਲਾਮੀ ਦਾ ਇੱਕ ਲੰਬਾ ਦੌਰ।
ਜੇ ਤੁਹਾਨੂੰ ਪੁਰਾਤਨ ਸੱਭਿਆਚਾਰ ਵਿੱਚ ਦਿਲਚਸਪੀ ਹੈ, ਨਵਾਬਾਂ ਦੀ ਜ਼ਿੰਦਗੀ ਵਿਚ ਦਿਲਚਸਪੀ ਹੈ, ਇਤਿਹਾਸ ਵਿੱਚ ਰੁਚੀ ਹੈ ..ਤੁਸੀਂ ਕਲਾਤਮਕ ਕਿਰਤ ਪਸੰਦ ਕਰਦੇ ਹੋ ..ਤਾਂ ਇਹ ਫ਼ਿਲਮ ਤੁਹਾਡੇ ਦੇਖਣ ਲਈ ਇੱਕ ਵਧੀਆ ਫ਼ਿਲਮ ਹੈ।
ਸ਼ਤਰੰਜ ਕੇ ਖਿਲਾੜੀ ਮੁਨਸ਼ੀ ਜੀ ਨੇ 1924 ‘ਚ ਲਿਖੀ ਹੋਈ ਸੀ, ਅਤੇ ਇਹ ਉਸ ਸਮੇਂ ਦੇ ਪਰਮੁੱਖ ਰਸਾਲੇ ‘ਮਾਧੁਰੀ’ ਵਿਚ ਛਪੀ ਸੀ। ਅੰਗਰੇਜੀ ਹਕੂਮਤ ਦੇ ਹੁੰਦਿਆਂ ਅਜਿਹੀ ਕਹਾਣੀ ਲਿਖਣਾ ਜਿੱਥੇ ਮੁਨਸ਼ੀ ਪ੍ਰੇਮ ਚੰਦ ਦੀ ਸ਼ਖਸ਼ੀਅਤ ਦੇ ਦਲੇਰਾਨਾ ਪੱਖ ਦੀ ਪ੍ਰਤੀਕ ਹੈ, ਉਥੇ ਹੀ ਦੂਜੇ ਲੇਖਕਾਂ ਲਈ ਪ੍ਰੇਰਨਾ ਸਰੋਤ ਵੀ ਹੈ।
ਲੇਖਕ ਨੇ ਇੱਕ ਕਹਾਈ ਦੁਆਰਾ ਆਪਣੇ ਹੁਕਮਰਨਾਂ ਦੀ ਕਮਜੋਰੀ ਨੂੰ ਸਮਾਜ ਅੱਗੇ ਰੱਖ ਦਿੱਤਾ ਸੀ।
ਫ਼ਿਲਮ ਵਿੱਚ ਸੰਗੀਤ ਲਈ ਜਿਆਦਾ ਜਗ੍ਹਾ ਨਹੀਂ ਸੀ, ਅਵਧ ਦੀ ਵਿਰਾਸਤ ਅਨੁਸਾਰ ਪਿੱਠਵਰਤੀ ਸੰਗੀਤ ‘ਚ ਠੁਮਰੀ ਦੇ ਆਲਾਪ ਕੁਝ ਕੁ ਪਲਾਂ ਲਈ ਸੁਣਦੇ ਹਨ। ਫ਼ਿਲਮ ਨੂੰ ਸਰਵਸ੍ਰੇਸ਼ਠ ਨਿਰਦੇਸ਼ਨ ਲਈ ਪੁਰਸਕਾਰ ਵੀ ਦਿੱਤਾ ਗਿਆ ਸੀ।