ਸਲੋਕ ਡਖਣੇ ਗੁਰੂ ਅਰਜਨ ਦੇਵ ਜੀ

ਸਲੋਕ ਡਖਣੇ ਗੁਰੂ ਅਰਜਨ ਦੇਵ ਜੀ
1. ਹਠ ਮਝਾਹੂ ਮਾ ਪਿਰੀ

ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥1॥80॥

(ਡਖਣਾ =ਦੱਖਣਾ,ਮੁਲਤਾਨ ਦੇ ਇਲਾਕੇ ਦੀ
ਬੋਲੀ ਵਿਚ ਉਚਾਰਿਆ ਹੋਇਆ ਸਲੋਕ ਜਾਂ
ਦੋਹਰਾ । ਇਸ ਵਿਚ ਅੱਖਰ 'ਦ' ਦੇ ਥਾਂ
ਅੱਖਰ 'ਡ' ਪਰਧਾਨ ਹੈ, ਹਠ ਮਝਾਹੂ=
ਹਿਰਦੇ ਵਿਚ, ਮਾਂ ਪਿਰੀ=ਮੇਰੇ ਪ੍ਰਭੂ-ਪਤੀ,
ਪਸੇ=ਪੱਸੇ,ਦਿੱਸੇ, ਕਿਉਂ=ਕਿਵੇਂ, ਪ੍ਰਾਣ
ਅਧਾਰ=ਜ਼ਿੰਦਗੀ ਦਾ ਆਸਰਾ ਪ੍ਰਭੂ)

2. ਸੋਹੰਦੜੋ ਹਭ ਠਾਇ

ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥
ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥1॥80॥

(ਹਭ ਠਾਇ=ਹਰੇਕ ਥਾਂ ਵਿਚ, ਡੂਜੜੋ=
ਦੂਜਾ,ਪਰਮਾਤਮਾ ਤੋਂ ਵੱਖਰਾ ਕੋਈ ਹੋਰ,
ਕਪਾਟ=ਕਵਾੜ,ਭਿੱਤ, ਸਤਿਗੁਰ ਭੇਟਤੇ=
ਸਤਿਗੁਰੂ ਨੂੰ ਮਿਲਿਆਂ)

3. ਧੂੜੀ ਮਜਨੁ ਸਾਧ ਖੇ

ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥1॥80॥

(ਮਜਨੁ=ਮੱਜਨੁ,ਇਸ਼ਨਾਨ,ਖੇ=ਦੀ,
ਸਾਈ=ਸਾਂਈ, ਥੀਏ=ਹੋਵੇ, ਹਭੇ=
ਸਾਰੇ, ਥੋਕੜੇ=ਸੋਹਣੇ ਪਦਾਰਥ)

4. ਜੋ ਤਉ ਕੀਨੇ ਆਪਣੇ

ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥
ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥1॥81॥

(ਜੋ=ਜਿਨ੍ਹਾਂ ਮਨੁੱਖਾਂ ਨੂੰ, ਤਉ=ਤੂੰ, ਕੂੰ=ਨੂੰ,
ਮਿਲਿਓਹਿ=ਤੂੰ ਮਿਲ ਪਿਆ ਹੈਂ, ਮੋਹਿਓਹੁ=
ਤੂੰ ਮਸਤ ਹੋ ਰਿਹਾ ਹੈਂ, ਜਸੁ=ਸੋਭਾ)

5. ਸਾਈ ਨਾਮੁ ਅਮੋਲੁ

ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥
ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥1॥81॥

(ਸਾਈ ਨਾਮੁ=ਸਾਈਂ ਦਾ ਨਾਮੁ, ਅਮੋਲ=
ਮੁੱਲ ਤੋਂ ਪਰੇ, ਕੀਮ=ਕੀਮਤ, ਜਾਣਦੋ=
ਜਾਣਦਾ, ਮਥਾਹਿ=ਮੱਥੇ ਉੱਤੇ, ਸੇ=ਉਹ
ਬੰਦੇ, ਹਰਿ ਰੰਗੁ=ਪ੍ਰਭੂ ਦੇ ਮਿਲਾਪ ਦਾ ਆਨੰਦ)

6. ਭੋਰੀ ਭਰਮੁ ਵਞਾਇ

ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥
ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥1॥322॥

(ਭੋਰੀ=ਰਤਾ ਕੁ ਭੀ ,ਵਞਾਇ=ਦੂਰ ਕਰੇ,
ਪਿਰੀ=ਪਿਆਰ, ਮੁਹਬਤਿ=ਪਿਆਰ,
ਜਿਥਹੁ=ਜਿੱਥੇ, ਜਾਇ ਵੰਞੈ=ਜਾਇੰਗਾ,
ਤਿਥਾਊ=ਓਥੇ ਹੀ, ਸੋਇ=ਉਹ ਪ੍ਰਭੂ)

7. ਚੜਿ ਕੈ ਘੋੜੜੈ ਕੁੰਦੇ ਪਕੜਹਿ

ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥
ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥2॥322॥

(ਘੋੜੜੈ=ਸੋਹਣੇ ਘੋੜੇ ਤੇ, ਕੁੰਦੇ=ਬੰਦੂਕ ਦਾ ਹੱਥਾ,
ਖੇਡਾਰੀ=ਖੇਡ ਜਾਣਨ ਵਾਲੇ, ਉਲਾਸਹਿ=ਉਤਸ਼ਾਹ
ਵਿਚ ਲਿਆਉਂਦੇ ਹਨ, ਸੇਤੀ=ਨਾਲ)

8. ਤੂ ਚਉ ਸਜਣ ਮੈਡਿਆ

ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥1॥1094॥

(ਚਉ=ਕਹੁ,ਦੱਸ, ਸਜਣ ਮੈਡਿਆ=ਹੇ ਮੇਰੇ
ਸੱਜਣ, ਡੇਈ=ਡੇਈਂ,ਮੈਂ ਦਿਆਂ, ਸਿਸੁ=
ਸੀਸ,ਸਿਰ, ਮਹਿੰਜੇ=ਮੇਰੇ, ਪਸੀ=ਪੱਸੀਂ,ਵੇਖਾਂ)

9. ਨੀਹੁ ਮਹਿੰਜਾ ਤਊ ਨਾਲਿ

ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥
ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥2॥1094॥

(ਨੀਹੁ=ਪ੍ਰੇਮ, ਤਊ ਨਾਲਿ=ਤੇਰੇ ਨਾਲ, ਬਿਆ=ਦੂਜੇ,
ਕੂੜਾਵੇ=ਝੂਠੇ, ਡੇਖੁ=ਵੇਖ ਲਏ ਹਨ, ਪਿਰੀ=ਖਸਮ,ਪ੍ਰਭੂ)

10. ਉਠੀ ਝਾਲੂ ਕੰਤੜੇ

ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥
ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥3॥1094॥

(ਉਠੀ=ਉੱਠੀਂ,ਮੈਂ ਉੱਠਾਂ, ਝਾਲੂ=ਝਲਾਂਗੇ,ਸਵੇਰੇ,
ਕੰਤੜੇ=ਹੇ ਸੋਹਣੇ ਕੰਤ, ਹਉ=ਮੈਂ, ਪਸੀ=ਪੱਸੀਂ,
ਵੇਖਾਂ, ਕਾਜਲੁ=ਸੁਰਮਾ, ਤਮੋਲ=ਪਾਨ, ਹਭਿ=ਸਾਰੇ,
ਛਾਰੁ=ਸੁਆਹ)

11. ਜੇ ਤੂ ਮਿਤ੍ਰੁ ਅਸਾਡੜਾ

ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥1॥1094॥

(ਹਿਕ=ਇੱਕ, ਭੋਰੀ=ਰਤਾ ਭਰ, ਮਹਿੰਜਾ=ਮੇਰਾ,
ਪਸੀ=ਪੱਸੀਂ,ਮੈਂ ਵੇਖਾਂ, ਜਾਨੀ=ਪਿਆਰੇ, ਤੋਹਿ=ਤੈਨੂੰ)

12. ਦੁਰਜਨ ਤੂ ਜਲੁ ਭਾਹੜੀ

ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥
ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥2॥1094॥

(ਦੁਰਜਨੁ=ਦੁਸ਼ਮਨ,ਜਲੁ=ਸੜ ਜਾ, ਭਾਹੜੀ=ਅੱਗ
ਵਿਚ, ਮੈਡਾ=ਮੇਰਾ, ਉਲਾਹਿ=ਲਾਹ ਦੇ,ਦੂਰ ਕਰ ਦੇ)

13. ਦੁਰਜਨੁ ਦੂਜਾ ਭਾਉ ਹੈ

ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥
ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥3॥1094॥

(ਦੁਰਜਨੁ=ਦੁਸ਼ਮਨ, ਦੂਜਾ ਭਾਉ=ਕਿਸੇ ਹੋਰ ਦਾ
ਪਿਆਰ, ਜਿਸੁ ਮਿਲਿ=ਜਿਸ ਨੂੰ ਮਿਲ ਕੇ, ਕੀਚੈ=
ਕਰ ਸਕੀਦਾ ਹੈ, ਭੋਗੁ=ਆਨੰਦ, ਸਚਾ=ਸੱਚਾ)

14. ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ

ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥
ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥1॥1095॥

(ਵਤਹਿ=ਆ ਜਾਏਂ, ਅੰਙਣੇ=ਵੇਹੜੇ ਵਿਚ,
ਦਿਲ ਵਿਚ, ਹਭ=ਸਾਰੀ, ਧਰਤਿ=ਧਰਤੀ,
ਸਰੀਰ, ਵਾਤ=ਗੱਲ,ਖ਼ਬਰ)

15. ਹਭੇ ਟੋਲ ਸੁਹਾਵਣੇ

ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥
ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥2॥1095॥

(ਟੋਲ=ਪਦਾਰਥ, ਮਲਿ=ਮੱਲ ਕੇ, ਪਹੀ=ਜੀਵ-ਰਾਹੀ,
ਬਿਰਥੜਾ=ਖ਼ਾਲੀ-ਹੱਥ, ਜੋ=ਜੇਹੜਾ ਜੀਵ-ਰਾਹੀ,
ਘਰਿ=ਘਰ ਵਿਚ,ਦਿਲ ਵਿਚ)

16. ਸੇਜ ਵਿਛਾਈ ਕੰਤ ਕੂ

ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥
ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥3॥1095॥

(ਕੰਤ ਕੂ=ਕੰਤ ਦੀ ਖ਼ਾਤਰ, ਹਭੁ=ਸਾਰਾ, ਇਤੀ=
ਇਤਨੀ ਭੀ, ਮੰਝਿ=ਵਿਚਕਾਰ, ਨ ਸਮਾਵਈ=
ਟਿਕੀ ਹੋਈ ਚੰਗੀ ਨਹੀਂ ਲੱਗਦੀ, ਗਲਿ=ਗਲ ਵਿਚ)

17. ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ

ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥
ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥1॥1095॥

(ਮੂ=ਮੈਂ, ਪਸੀ=ਪੱਸੀਂ,ਮੈਂ ਵੇਖਦਾ ਹਾਂ, ਹਠ ਮੈ=
ਹਿਰਦੇ ਵਿਚ, ਮਹਿਜੈ=ਮੇਰੇ, ਉਲਾਹਿਅਮੁ=ਉਸ
ਨੇ ਮੇਰੇ ਦੁੱਖ ਲਾਹ ਦਿੱਤੇ ਹਨ, ਨਦਰਿ=ਮਿਹਰ ਦੀ
ਨਿਗਾਹ, ਨਿਹਾਲਿ=ਵੇਖ ਕੇ)

18. ਨਾਨਕ ਬੈਠਾ ਭਖੇ ਵਾਉ

ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥
ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥2॥1095॥

(ਭਖੇ ਵਾਉ=ਤੇਰੀ ਵਾ ਭਖ ਰਿਹਾ ਹੈ, ਲੰਮੇ=
ਬੇਅੰਤ ਜੀਵ, ਸੇਵਹਿ=ਸੇਂਵਦੇ ਹਨ,ਮੱਲੀ ਬੈਠੇ
ਹਨ, ਪਿਰੀਏ=ਹੇ ਪਤੀ, ਸਾਉ=ਸੁਆਉ,
ਮਨੋਰਥ, ਜੋਈ=ਜੋਈਂ,ਮੈਂ ਤੱਕ ਰਿਹਾ ਹਾਂ)

19. ਕਿਆ ਗਾਲਾਇਓ ਭੂਛ

ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥
ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥3॥1095॥

(ਗਾਲਾਇਓ=ਬੋਲ ਰਿਹਾ ਹੈਂ, ਭੂਛ=ਮਤਿ-ਹੀਣੇ,
ਨਾਪਾਕ, ਪਰ=ਪਰਾਈ,ਵੇਲਿ=ਇਸਤ੍ਰੀ (ਵੇਲਿ ਰੁੱਖ
ਦੇ ਆਸਰੇ ਵਧਦੀ ਫੁੱਲਦੀ ਹੈ, ਇਸਤ੍ਰੀ ਪਤੀ ਦੇ
ਆਸਰੇ ਸੁਖੀ ਰਹਿ ਸਕਦੀ ਹੈ, ਜਗਤ-ਫੁਲਵਾੜੀ
ਵਿਚ ਇਸਤ੍ਰੀ ਵੇਲਿ ਸਮਾਨ ਹੈ), ਨ ਜੋਹੇ=ਨਾਹ ਤੱਕ,
ਜਿਉ ਫੁਲਾ ਸੰਦੀ ਵਾੜਿ=ਜਿਵੇਂ ਫੁਲਵਾੜੀ ਹੈ, ਸੰਦੀ=
ਦੀ, ਵਾੜਿ=ਵਾੜੀ,ਬਗ਼ੀਚੀ, ਕੰਤ ਤੂ=ਤੂੰ ਕੰਤ ਨੂੰ ਵੇਖ)

20. ਕੁਰੀਏ ਕੁਰੀਏ ਵੈਦਿਆ

ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥
ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥1॥1095॥

(ਕੁਰੀਏ ਕੁਰੀਏ=ਨਦੀ ਦੇ ਕੰਢੇ ਕੰਢੇ, ਵੈਦਿਆ=ਵੈਂਦਿਆ,
ਹੇ ਜਾਣ ਵਾਲਿਆ, ਤਲਿ=ਹੇਠ, ਮਹਰੇਰੁ=ਢਾਹ,ਮਿੱਟੀ ਦਾ
ਕਿਰਨਾ, ਗਾੜਾ ਮਹਰੇਰੁ=ਬੜੀ ਢਾਹ, ਵੇਖੇ=ਵੇਖੀਂ,ਧਿਆਨ
ਰੱਖੀਂ, ਛਿਟੜਿ ਥੀਵਦੋ=ਲਿੱਬੜ ਜਾਏਂਗਾ, ਜਾਮਿ=ਜਦੋਂ,
ਖਿਸੰਦੋ=ਤਿਲਕ ਗਿਆ, ਪੇਰੁ=ਪੈਰ)

21. ਸਚੁ ਜਾਣੈ ਕਚੁ ਵੈਦਿਓ

ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥
ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥2॥1095॥

(ਵੈਦਿਓ=ਵੈਂਦਿਓ,ਨਾਸਵੰਤ, ਆਘੂ ਆਘੇ=ਅਗਾਂਹ ਅਗਾਂਹ,
ਸਲਵੇ=ਤੂੰ ਇਕੱਤ੍ਰ ਕਰਦਾ ਹੈਂ, ਆਤਸੜੀ=ਅੱਗ, ਮੰਝਿ=ਵਿੱਚ,
ਨੈਣੂ=ਮੱਖਣ, ਬਿਆ=ਦੂਜੀ ਗੱਲ,ਦੂਜਾ, ਢਲਿ=ਢਲ ਕੇ, ਪਬਣਿ=
ਚੁਪੱਤੀ, ਜੁੰਮਿਓ=ਨਾਸ ਹੋ ਜਾਂਦੀ ਹੈ)

22. ਭੋਰੇ ਭੋਰੇ ਰੂਹੜੇ

ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥
ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥3॥1095॥

(ਭੋਰੇ ਰੂਹੜੇ=ਹੇ ਭੋਲੀਏ ਜਿੰਦ,ਹੇ ਭੋਲੀ ਰੂਹ,
ਆਲਕੁ=ਆਲਸ, ਚਿਰਾਣੀਆ ਮੁਦਤਿ=ਢੇਰ
ਸਮਾਂ, ਕਡੂ=ਕਦੋਂ)

23. ਗਹਡੜੜਾ ਤ੍ਰਿਣਿ ਛਾਇਆ

ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥
ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥1॥1096॥

(ਗਹਡੜੜਾ=(ਸਰੀਰ) ਛੱਪਰ, ਤ੍ਰਿਣਿ=ਕੱਖ ਨਾਲ,
ਛਾਇਆ=ਬਣਿਆ ਹੋਇਆ, ਗਾਫਲ=ਗ਼ਾਫ਼ਲ
ਮਨੁੱਖ ਦਾ, ਭਾਹਿ=ਅੱਗ ਵਿਚ, ਤ੍ਰਿਸ਼ਨਾ-ਅੱਗ
ਵਿਚ, ਉਸਤਾਦ=ਗੁਰੂ, ਪਨਾਹਿ=ਓਟ,ਸਹਾਰਾ)

24. ਨਾਨਕ ਪੀਠਾ ਪਕਾ ਸਾਜਿਆ

ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥
ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥2॥1096॥

(ਆਣਿ=ਲਿਆ ਕੇ, ਮਉਜੂਦ=ਖਾਣ ਲਈ ਤਿਆਰ,
ਦਰੂਦ=ਦੁਆ,ਅਰਦਾਸ (ਮੁਸਲਮਾਨ ਈਦ ਆਦਿਕ
ਪਵਿਤ੍ਰ ਦਿਹਾੜੇ ਅੱਲਾ-ਨਿਮਿਤ ਆਪਣੇ ਕਾਜ਼ੀ ਨੂੰ
ਚੰਗਾ-ਚੋਖਾ ਖਾਣਾ ਪਕਾ ਕੇ ਭੇਟਾ ਕਰਦੇ ਹਨ, ਕਾਜ਼ੀ
ਆ ਕੇ ਪਹਿਲਾਂ ਦਰੂਦ ਪੜ੍ਹਦਾ ਹੈ, ਫਿਰ ਉਹ ਖਾਣਾ
ਮਨਜੂਰ ਕਰਦਾ ਹੈ, ਉਸ ਤੋਂ ਪਿਛੋਂ ਘਰ ਵਾਲਿਆਂ ਨੂੰ
ਖਾਣ ਨੂੰ ਮਿਲਦਾ ਹੈ, ਇਸੇ ਤਰ੍ਹਾਂ ਜੀਵ ਕਈ ਸਾਧਨ
ਪਿਆ ਕਰੇ, ਪਰ ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ ਦੀ
ਮੇਹਰ ਦਾ ਦਰ ਨਹੀਂ ਖੁਲ੍ਹਦਾ)

25. ਨਾਨਕ ਭੁਸਰੀਆ ਪਕਾਈਆ

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥3॥1096॥

(ਭੁਸਰੀ=ਭੂਸ਼੍ਰਿਤ,ਧਰਤੀ ਦਾ ਆਸਰਾ ਲੈ ਕੇ ਤਿਆਰ
ਕੀਤੀ ਹੋਈ,ਗੁੜ ਵਾਲੀ ਰੋਟੀ,ਰੋਟ,ਮੰਨ)

26. ਆਗਾਹਾ ਕੂ ਤ੍ਰਾਘਿ

ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥1॥1096॥

(ਤ੍ਰਾਘਿ=ਤਾਂਘ ਕਰ, ਸਿਝਿ=ਸਫਲ ਹੋ, ਇਵੇਹਾ ਵਾਰ=
ਇਸੇ ਵਾਰੀ,ਇਸੇ ਜਨਮ ਵਿਚ, ਬਹੁੜਿ=ਮੁੜ,ਫਿਰ)

27. ਸਜਣੁ ਮੈਡਾ ਚਾਈਆ

ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥
ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥2॥1096॥

(ਮੈਡਾ=ਮੇਰਾ, ਚਾਈਆ=ਚਾ ਵਾਲਾ, ਹਭ
ਕਹੀ ਦਾ=ਹਰ ਕਿਸੇ ਦਾ, ਹਭੇ=ਸਾਰੇ ਜੀਵ,
ਜਾਣਨਿ=ਜਾਣਦੇ ਹਨ, ਕਹੀ ਚਿਤੁ=ਕਿਸੇ ਦਾ
ਭੀ ਦਿਲ, ਨ ਠਾਹੇ=ਨਹੀਂ ਢਾਹੁੰਦਾ)

28. ਗੁਝੜਾ ਲਧਮੁ ਲਾਲੁ

ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥
ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥3॥1096॥

(ਗੁਝੜਾ=ਲੁਕਿਆ ਹੋਇਆ, ਲਧਮੁ=ਮੈਂ ਲੱਭਾ,
ਮਥੈ=ਮੱਥੇ ਉਤੇ, ਥਿਆ=ਹੋ ਗਿਆ, ਸੁਹਾਵਾ=
ਸੋਹਣਾ, ਪਿਰੀਏ ਜੀ=ਹੇ ਪਤੀ-ਪ੍ਰਭੂ ਜੀ, ਵੁਠਿਆ=
ਆ ਵੱਸਿਆ)

29. ਡੇਖਣ ਕੂ ਮੁਸਤਾਕੁ

ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥
ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥1॥1096॥

(ਕੂ=ਵਾਸਤੇ, ਮੁਸਤਾਕੁ=ਉਤਾਵਲਾ,ਚਾਹਵਾਨ,
ਕਿਜੇਹਾ=ਕਿਹੋ ਜੇਹਾ, ਤਉ=ਤੇਰਾ, ਧਣੀ=ਹੇ
ਮਾਲਕ, ਕਿਤੈ ਹਾਲਿ=ਕਿਸੇ ਭੈੜੇ ਹਾਲ ਵਿਚ,
ਜਾ=ਜਦੋਂ, ਡਿਠਮੁ=ਮੈਂ ਵੇਖ ਲਿਆ, ਧ੍ਰਾਪਿਆ=
ਰੱਜ ਗਿਆ)

30. ਦੁਖੀਆ ਦਰਦ ਘਣੇ

ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥
ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥2॥1097॥

(ਧਣੀ=ਹੇ ਮਾਲਕ, ਵੇਦਨ=ਦੁੱਖ, ਭਵੇ=ਭਾਵੇਂ,
ਜਾਣਾ ਲਖ=ਮੈਂ ਲੱਖ ਵਾਰੀ ਜਾਣਦਾ ਹੋਵਾਂ, ਪਿਰੀ
ਡਿਖੰਦੋ=ਖਸਮ-ਪ੍ਰਭੂ ਨੂੰ ਵੇਖਾਂ, ਜੀਵਸਾ=ਮੈਂ ਜੀਊ
ਸਕਦੀ ਹਾਂ)

31. ਢਹਦੀ ਜਾਇ ਕਰਾਰਿ

ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥
ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥3॥1097॥

(ਕਰਾਰਿ=(ਸੰਸਾਰ-ਨਦੀ ਦਾ) ਕਿਨਾਰਾ, ਵਹਣਿ=
ਨਦੀ ਦੇ ਰੋਹੜ ਵਿਚ, ਵਹੰਦੇ=ਰੁੜ੍ਹਦੇ, ਸੇਈ=ਉਹੀ
ਬੰਦੇ, ਅਮਾਣ=ਸਹੀ-ਸਲਾਮਤ, ਭੇਟਿਆ=ਮਿਲਿਆ)

32. ਜਿਨਾ ਪਿਛੈ ਹਉ ਗਈ

ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥
ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥1॥1097॥

(ਹਉ=ਮੈਂ, ਸੇ ਭੀ=ਉਹ ਭੀ, ਮੈ ਪਿਛੈ=ਮੇਰੇ ਪਿਛੇ
ਪਿਛੇ, ਰਵਿਆਸੁ=ਤੁਰੇ ਫਿਰਦੇ ਹਨ, ਆਸੜੀ=
ਮਾੜੀ ਮਾੜੀ ਆਸ, ਮਹਿਜੀ=ਮੇਰੀ)

33. ਗਿਲੀ ਗਿਲੀ ਰੋਡੜੀ

ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥
ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥2॥1097॥

(ਗਿਲੀ ਗਿਲੀ=ਚਿਪ-ਚਿਪ ਕਰਦੀ, ਰੋਡੜੀ=
ਗੁੜ ਦੀ ਰੋੜੀ, ਭਉਦੀ=ਮੱਖੀ, ਭਵਿ ਭਵਿ=ਮੁੜ
ਮੁੜ ਉੱਡ ਉੱਡ ਕੇ, ਮਥਾਇ=ਮੱਥੇ ਉਤੇ)

34. ਡਿਠਾ ਹਭ ਮਝਾਹਿ

ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥
ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥3॥1097॥

(ਹਭ ਮਝਾਹਿ=ਸਭ ਜੀਵਾਂ ਵਿਚ, ਤੈ ਮਥਾਹਿ=
ਉਹਨਾਂ ਦੇ ਹੀ ਮੱਥੇ ਉਤੇ, ਰਾਵਿਆ=ਮਿਲਾਪ ਦਾ
ਰਸ ਮਾਣਿਆ ਹੈ)

35. ਜਾ ਛੁਟੇ ਤਾ ਖਾਕੁ ਤੂ

ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥
ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥1॥1097॥

(ਜਾ=ਜਦੋਂ, ਛੁਟੇ=ਤੇਰਾ ਤੇ ਜਿੰਦ ਦਾ ਸੰਬੰਧ ਮੁੱਕ
ਜਾਇਗਾ, ਸੁੰਞੀ=ਜਿੰਦ ਤੋਂ ਸੱਖਣੀ, ਨ ਜਾਣਹੀ=
ਨਹੀਂ ਜਾਣ ਸਕੇਂਗੀ, ਦੁਰਜਨ ਸੇਤੀ=ਵਿਕਾਰਾਂ
ਨਾਲ, ਕੈ ਗੁਣਿ=ਕਿਸ ਗੁਣ ਦੀ ਰਾਹੀਂ)

36. ਨਾਨਕ ਜਿਸੁ ਬਿਨੁ ਘੜੀ ਨ ਜੀਵਣਾ

ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥2॥1097॥

(ਨ ਜੀਵਣਾ=ਜੀਊ ਨਹੀਂ ਸਕੀਦਾ, ਨ ਸਰੈ=ਨਹੀਂ ਨਿਭਦੀ,
ਚਿੰਦ=ਫ਼ਿਕਰ)

37. ਰਤੇ ਰੰਗਿ ਪਾਰਬ੍ਰਹਮ ਕੈ

ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥
ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥3॥1097॥

(ਕੈ ਰੰਗਿ=ਦੇ ਰੰਗ ਵਿਚ, ਪਾਰਬ੍ਰਹਮ=ਪਰਮ ਜੋਤਿ ਪ੍ਰਭੂ,
ਅਤਿ ਗੁਲਾਲੁ=ਗੂੜ੍ਹਾ ਲਾਲ, ਆਲੂਦਿਆ=ਮਲੀਨ, ਜਿਤੀ=
ਜਿਤਨਾ ਭੀ)

38. ਜਾ ਮੂੰ ਆਵਹਿ ਚਿਤਿ ਤੂ

ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥
ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥1॥1098॥

(ਮੂੰ ਚਿਤਿ=ਮੇਰੇ ਚਿੱਤ ਵਿਚ, ਲਹਾਉ=ਮੈਂ ਲੈ ਲੈਂਦਾ ਹਾਂ,
ਪ੍ਰਾਪਤ ਕਰ ਲੈਂਦਾ ਹਾਂ, ਰੰਗਾਵਲਾ=ਰੰਗ ਪੈਦਾ ਕਰਨ
ਵਾਲਾ,ਸੁਹਾਵਣਾ, ਪਿਰੀ=ਹੇ ਪਿਰ, ਤਹਿਜਾ=ਤੇਰਾ)

39. ਕਪੜ ਭੋਗ ਵਿਕਾਰ

ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥
ਖਾਕੁ ਲ?ੜੇਦਾ ਤੰਨਿ ਖੇ ਜੋ ਰਤੇ ਦੀਦਾਰ ॥2॥1098॥

(ਕਪੜ ਭੋਗ=ਭੋਗ ਕੱਪੜ,ਨਿਰੇ ਖਾਣ-ਹੰਢਾਣ,
ਛਾਰ=ਸੁਆਹ, ਲੁੜੇਦਾ=ਮੈਂ ਚਾਹੁੰਦਾ ਹਾਂ, ਤੰਨਿ
ਖੇ=ਤਿਨ੍ਹਾਂ ਦੀ, ਖਾਕੁ=ਚਰਨ-ਧੂੜ)

40. ਕਿਆ ਤਕਹਿ ਬਿਆ ਪਾਸ ਕਰਿ

ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥
ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥3॥1098॥

(ਬਿਆ=ਦੂਜੇ, ਪਾਸ=ਪਾਸੇ,ਆਸਰੇ, ਹੀਅੜੇ=ਹੇ ਮੇਰੇ ਦਿਲ,
ਹਿਕੁ=ਇਕ, ਅਧਾਰੁ=ਆਸਰਾ, ਥੀਉ=ਹੋ ਜਾ, ਰੇਣੁ=ਚਰਨ-ਧੂੜ,
ਜਿਤੁ=ਜਿਸ ਦੀ ਰਾਹੀਂ)

41. ਲੋੜੀਦੋ ਹਭ ਜਾਇ

ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥
ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥1॥1098॥

(ਲੋੜੀਦੋ=ਮੈਂ ਭਾਲ ਕਰਦਾ ਸਾਂ, ਹਭ ਜਾਇ=ਹਰ ਥਾਂ,
ਮੀਰੰਨ ਸਿਰਿ ਮੀਰਾ=ਸ਼ਾਹਾਂ ਦੇ ਸਿਰ ਉਤੇ ਸ਼ਾਹ,
ਹਠ=ਹਿਰਦਾ, ਮੰਝਾਹੂ=ਵਿਚ,ਅੰਦਰ, ਧਣੀ=ਮਾਲਕ,
ਚਉਦੋ=ਮੈਂ ਉਚਾਰਦਾ ਹਾਂ, ਮੁਖਿ=ਮੂੰਹ ਨਾਲ, ਅਲਾਇ=
ਬੋਲ ਕੇ)

42. ਮਾਣਿਕੂ ਮੋਹਿ ਮਾਉ

ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥
ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥2॥1098॥

(ਮਾਉ=ਹੇ ਮਾਂ, ਮੋਹਿ=ਮੈਨੂੰ, ਮਾਣਿਕੂ=ਮੋਤੀ,
ਡਿੰਨਾ=ਦਿੱਤਾ, ਆਪਹਿ=ਆਪ ਹੀ, ਧਣੀ=
ਮਾਲਕ, ਹਿਆਉ=ਹਿਰਦਾ, ਮੁਖਹੁ=ਮੂੰਹੋਂ,
ਅਲਾਇ=ਬੋਲ ਕੇ)

43. ਮੂ ਥੀਆਊ ਸੇਜ ਨੈਣਾ

ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥
ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥3॥1098॥

(ਮੂ=ਮੈਂ, ਥੀਆਊ=ਮੈਂ ਬਣ ਗਿਆ ਹਾਂ, ਪਿਰੀ=
ਪ੍ਰਭੂ-ਪਤੀ ਵਾਸਤੇ, ਡੇਖੈ=ਵੇਖੇ, ਕੀਮਾਹੂ ਬਾਹਰੇ=
ਕੀਮਤ ਤੋਂ ਪਰੇ,ਅਮੋਲਕ)

44. ਮੂ ਥੀਆਊ ਤਖਤੁ

ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥
ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥1॥1098॥

(ਮੂ=ਮੈਂ,ਮੇਰਾ ਹਿਰਦਾ, ਮਹਿੰਜੇ=ਮੇਰੇ, ਪਿਰੀ
ਪਾਤਿਸਾਹ=ਹੇ ਮੇਰੇ ਪਤੀ,ਹੇ ਪਾਤਿਸ਼ਾਹ, ਪਾਵ=
ਚਰਨ, ਕੋਲਿ=ਨੇੜੇ, ਮਿਲਾਵੇ=ਛੁਹਾਵੇਂ, ਕਵਲ
ਜਿਵੈ=ਕੌਲ ਫੁੱਲ ਵਾਂਗ, ਬਿਗਸਾਵਦੋ=ਮੈਂ ਖਿੜ
ਪੈਂਦਾ ਹਾਂ)

45. ਪਿਰੀਆ ਸੰਦੜੀ ਭੁਖ

ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥
ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥2॥1098॥

(ਪਿਰੀਆ ਸੰਦੜੀ ਭੁਖ=ਪਿਆਰੇ ਪਤੀ-ਪ੍ਰਭੂ ਨੂੰ
ਮਿਲਣ ਦੀ ਭੁੱਖ ਮਿਟਾਣ ਲਈ, ਥੀ ਵਿਥਰਾ=ਹੋ
ਜਾਵਾਂ, ਮੂ=ਮੈਂ, ਲਾਵਣ=ਸਲੂਣਾ, ਜਾਣੁ=ਮੈਂ ਬਣਨਾ
ਸਿੱਖ ਲਵਾਂ, ਮਿਠਾਈ ਇਖ=ਗੰਨੇ ਦੀ ਮਿਠਾਸ,
ਬੇਈ ਪੀੜੇ=ਮੁੜ ਮੁੜ ਪੀੜਿਆਂ, ਨਾ ਹੁਟੈ=ਨਾਹ
ਮੁੱਕੇ)

46. ਠਗਾ ਨੀਹੁ ਮਤ੍ਰੋੜਿ

ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥
ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥3॥1098॥

(ਠਗਾ ਨੀਹੁ=ਠੱਗ ਦਾ ਪਿਆਰ,ਦੁਨੀਆ ਦਾ ਮੋਹ,
ਮਤ੍ਰੋੜਿ=ਚੰਗੀ ਤਰ੍ਹਾਂ ਤੋੜ ਦੇ, ਗੰਧ੍ਰਬਾ ਨਗਰੀ=ਧੁਏਂ
ਦਾ ਪਹਾੜ,ਛਲ, ਜਾਣੁ=ਸਮਝ, ਸੁਖ ਘਟਾਊ ਡੂਇ=
ਦੋ ਘੜੀਆਂ ਦਾ ਸੁਖ ਮਾਣਿਆਂ, ਪੰਧਾਣੂ=ਰਾਹੀ,ਜੀਵ,
ਘਣੇ=ਅਨੇਕਾਂ, ਘਰ=ਜੂਨਾਂ)

47. ਸੋ ਨਿਵਾਹੂ ਗਡਿ

ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥
ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥1॥1099॥

(ਨਿਵਾਹੂ=ਤੋੜ ਨਿਬਾਹੁਣ ਵਾਲਾ, ਗਡਿ=
ਹਿਰਦੇ ਵਿਚ ਪੱਕਾ ਕਰ ਕੇ ਰੱਖ, ਚਲਾਊ=
ਸਾਥ ਛੱਡ ਜਾਣ ਵਾਲਾ, ਥੀਐ=ਹੋਵੇ, ਸੰਮਲੁ=
ਸੰਭਾਲ ਕੇ ਰੱਖ, ਧਣੀ=ਮਾਲਕ)

48. ਹਭ ਸਮਾਣੀ ਜੋਤਿ

ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥
ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥2॥1099॥

(ਹਭ=ਹਰ ਥਾਂ, ਘਟਾਊ=ਘੜਿਆਂ ਵਿਚ, ਮਸਤਕਿ=
ਮੱਥੇ ਉਤੇ)

49. ਮੁਖ ਸੁਹਾਵੇ ਨਾਮੁ ਚਉ

ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥
ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥3॥1099॥

(ਸੁਹਾਵੇ=ਸੋਹਣੇ, ਚਉ=ਉਚਾਰ, ਮੰਨੀਅਹਿ=
ਆਦਰ ਪ੍ਰਾਪਤ ਕਰਦੇ ਹਨ)

50. ਮੁਖਹੁ ਅਲਾਏ ਹਭ

ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥
ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥1॥1099॥

(ਅਲਾਏ=ਆਖਦਾ ਹੈ, ਹਭ=ਸਾਰੀ ਸ੍ਰਿਸ਼ਟੀ,
ਕੋਇ=ਕੋਈ ਵਿਰਲਾ, ਖਾਕੁ=ਚਰਨ-ਧੂੜ,
ਯਕੀਨਾ=ਪਰਤੀਤ,ਸਰਧਾ, ਹਿਕ=ਇਕ)

51. ਜਾਣੁ ਵਸੰਦੋ ਮੰਝਿ

ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥
ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥2॥1099॥

(ਜਾਣੁ=ਅੰਤਰਜਾਮੀ, ਮੰਝਿ=ਅੰਦਰ, ਕੋ ਹੋਕੜੋ=
ਕੋਈ ਵਿਰਲਾ ਇਕ, ਤੈ ਤਨਿ=ਉਸ ਮਨੁੱਖ ਦੇ
ਸਰੀਰ ਵਿਚ, ਪੜਦਾ=ਪਰਮਾਤਮਾ ਨਾਲੋਂ ਵਿੱਥ,
ਜੈ=ਜਿਸ ਨੂੰ, ਭੇਟਿਆ=ਮਿਲਿਆ)

52. ਮਤੜੀ ਕਾਂਢਕੁ ਆਹ

ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥
ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥3॥1099॥

(ਕੁਆਹੁ=ਭੈੜੀ,ਖੋਟੀ,ਕੁਲਾਹ,ਘਾਟੇ ਵਾਲੀ, ਮਤੜੀ=ਕੋਝੀ ਮਤ,
ਕਾਂਢ=ਕੱਢਣ ਵਾਲਾ, ਕਾਂਢ ਪਾਵ=ਕੱਢਣ ਵਾਲੇ ਦੇ ਪੈਰ, ਮੂ ਤਨਿ=
ਮੇਰੇ ਹਿਰਦੇ ਵਿਚ, ਅਥਾਹ=ਬੇਅੰਤ, ਪਸਣ ਕੂ=ਵੇਖਣ ਲਈ, ਧਣੀ=
ਮਾਲਕ)

53. ਪਰਭਾਤੇ ਪ੍ਰਭ ਨਾਮੁ ਜਪਿ

ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥
ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥1॥1099॥

(ਪ੍ਰਭ ਨਾਮੁ=ਪ੍ਰਭੂ ਦਾ ਨਾਮ, ਧਿਆਇ=ਧਿਆਨ ਧਰ)

54. ਦੇਹ ਅੰਧਾਰੀ ਅੰਧੁ

ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥
ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥2॥1099॥

(ਦੇਹ=ਕਾਇਆਂ, ਅੰਧੁ ਅੰਧਾਰੀ=ਪੂਰਨ ਤੌਰ ਤੇ ਅੰਨ੍ਹੀ,
ਸੁੰਞੀ=ਆਤਮਕ ਜੀਵਨ ਤੋਂ ਸੱਖਣੀ, ਜੈ ਘਟਿ=ਜਿਸ ਮਨੁੱਖ
ਦੇ ਹਿਰਦੇ ਵਿਚ, ਸਚੁ=ਸਦਾ-ਥਿਰ, ਵੁਠਾ=ਆ ਵੱਸਿਆ)

55. ਲੋਇਣ ਲੋਈ ਡਿਠ

ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥3॥1099॥

(ਲੋਇਣ=ਅੱਖਾਂ ਨਾਲ , ਲੋਈ=ਲੋਕ,ਜਗਤ, ਪਿਆਸ=
ਮਾਇਕ ਪਦਾਰਥਾਂ ਦੀ ਲਾਲਸਾ, ਮੂ=ਮੇਰੀ, ਘਣੀ=ਬਹੁਤ
ਵਧੀ ਹੋਈ, ਅਖੜੀਆ=ਅੱਖਾਂ, ਬਿਅੰਨਿ=ਹੋਰ ਕਿਸਮ ਦੀਆਂ,
ਮਾ=ਮੇਰਾ)

56. ਸਚੁ ਸੁਹਾਵਾ ਕਾਢੀਐ

ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥
ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥1॥1100॥

(ਸਚੁ=ਸਦਾ-ਥਿਰ ਰਹਿਣ ਵਾਲਾ ਨਾਮ-ਧਨ,
ਸੁਹਾਵਾ=ਸੁਖ ਦੇਣ ਵਾਲਾ, ਕਾਢੀਐ=ਆਖੀਦਾ
ਹੈ, ਕੂੜੈ=ਝੂਠਾ ਧਨ,ਨਾਸਵੰਤ ਪਦਾਰਥ, ਕੂੜੀ
ਸੋਇ=ਮੰਦੀ ਸੋਇ, ਬੁਰੀ ਖ਼ਬਰ, ਜਾਣੀਅਹਿ=
ਜਾਣੇ ਜਾਂਦੇ ਹਨ,ਪਤਾ ਲੱਗਦਾ ਹੈ)

57. ਸਜਣ ਮੁਖੁ ਅਨੂਪੁ

ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥
ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥2॥1100॥

(ਅਨੂਪੁ=ਉਪਮਾ ਰਹਿਤ, ਬੇ-ਮਿਸਾਲ, ਨਿਹਾਲਸਾ=
ਮੈਂ ਵੇਖਾਂਗੀ, ਸੁਤੜੀ=ਸੁੱਤੀ ਹੋਈ ਨੇ, ਸਹੁ=ਖਸਮ,
ਸੁਪਨੇ=ਹੇ ਸੁਪਨੇ, ਤੈ=ਤੈਥੋਂ, ਹਉ=ਮੈਂ, ਖੰਨੀਐ=ਕੁਰਬਾਨ
ਹਾਂ, ਸਜਣ ਮੁਖੁ=ਮਿਤ੍ਰ ਪ੍ਰਭੂ ਦਾ ਮੂੰਹ)

58. ਸਜਣ ਸਚੁ ਪਰਖਿ

ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥3॥1100॥

(ਸਜਣ=ਹੇ ਮਿਤ੍ਰ, ਸਚੁ=ਨਾਮ-ਧਨ, ਪਰਖਿ=ਮੁੱਲ ਪਾ,
ਗਹੁ ਨਾਲ ਵੇਖ, ਮੁਖਿ=ਨਿਰਾ ਮੂੰਹੋਂ, ਅਲਾਵਣੁ=ਬੋਲਣਾ,
ਥੋਥਰਾ=ਖ਼ਾਲੀ, ਮੰਨ ਮਝਾਹੂ=ਮਨ ਵਿਚ, ਲਖਿ=ਵੇਖ, ਸੁ=ਉਹ)

59. ਡਿਠੀ ਹਭ ਢੰਢੋਲਿ

ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥
ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥1॥1100॥

(ਹਭ=ਸਾਰੀ ਸ੍ਰਿਸ਼ਟੀ, ਢੰਢੋਲਿ=ਭਾਲ ਕੇ, ਸਜਣ=ਹੇ ਮਿਤ੍ਰ-ਪ੍ਰਭੂ,
ਮੁਖਿ ਲਗੁ=ਮਿਲ,ਦੀਦਾਰ ਦੇਹ, ਤਨੁ ਮਨੁ ਠੰਢਾ ਹੋਇ=ਤਨ ਮਨ
ਵਿਚ ਠੰਢ ਪੈਂਦੀ ਹੈ)

60. ਆਸਕੁ ਆਸਾ ਬਾਹਰਾ

ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥2॥1100॥

(ਆਸਕੁ=ਪ੍ਰੇਮੀ, ਆਸਾ=ਆਸਾਂ,ਮਾਇਕ ਲਾਲਸਾ, ਮੂ ਮਨਿ=
ਮੇਰੇ ਮਨ ਵਿਚ, ਆਸ ਨਿਰਾਸਾ=ਦੁਨੀਆਵੀ ਆਸਾਂ ਤੋਂ ਉਪਰਾਮ
ਕਰਨ ਵਾਲਾ, ਹਿਕੁ ਤੂ=ਸਿਰਫ਼ ਤੂੰ ਹੈਂ)

61. ਵਿਛੋੜਾ ਸੁਣੇ ਡੁਖੁ

ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥
ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥3॥1100॥

(ਸੁਣੇ=ਸੁਣ ਕੇ, ਮਰਿਓਦਿ=ਆਤਮਕ ਮੌਤ ਹੋ ਜਾਂਦੀ ਹੈ,
ਬਿਰਹੀ=ਪ੍ਰੇਮੀ, ਨਾ ਧੀਰੋਦਿ=ਧੀਰਜ ਨਹੀਂ ਕਰਦਾ)

62. ਸੈ ਨੰਗੇ ਨਹ ਨੰਗ ਭੁਖੇ

ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥
ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥1॥1100॥

(ਸੈ=ਸੈਂਕੜੇ ਵਾਰੀ, ਨਹ ਨੰਗ=ਨੰਗ ਦੀ ਪਰਵਾਹ ਨਹੀਂ ਹੁੰਦੀ,
ਲਖ=ਲੱਖਾਂ ਵਾਰੀ, ਨ ਭੁਖਿਆ=ਭੁੱਖ ਚੁੱਭਦੀ ਨਹੀਂ, ਡੁਖ=ਦੁੱਖ,
ਕੋੜਿ=ਕ੍ਰੋੜਾਂ, ਸੁਭ ਦਿਸਟਿ=ਚੰਗੀ ਨਿਗਾਹ ਨਾਲ, ਪਿਖੰਦੋ=ਵੇਖੇ)

63. ਸੁਖ ਸਮੂਹਾ ਭੋਗ

ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥
ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥2॥1101॥

(ਸਮੂਹ=ਢੇਰ,ਸਾਰੇ, ਭੂਮਿ=ਧਰਤੀ, ਸਬਾਈ=
ਸਾਰੀ, ਧਣੀ=ਮਾਲਕ, ਮਿਰਤਕ=ਮੁਰਦਾ)

64. ਹਿਕਸ ਕੂੰ ਤੂ ਆਹਿ

ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥
ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥3॥1101॥

(ਹਿਕਸ ਕੂੰ=ਸਿਰਫ਼ ਇਕ ਪ੍ਰਭੂ ਨੂੰ, ਆਹਿ=ਮਿਲਣ ਦੀ ਤਾਂਘ ਬਣਾ,
ਪਛਾਣੂ=ਮਿੱਤਰ, ਕਰਿ=ਬਣਾ, ਨਿਬਾਹਿ=ਨਿਬਾਹੁੰਦਾ ਹੈ, ਪਰਥਾਈ=
ਤੁਰ ਕੇ ਜਾਣਾ,ਆਸਰਾ ਲੈਣਾ, ਲਜੀਵਦੋ=ਲੱਜਾ ਦਾ ਕਾਰਨ ਬਣਦਾ ਹੈ)

65. ਜੋ ਡੁਬੰਦੋ ਆਪਿ

ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ਹ੍ਹ ਖੇ ॥
ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥1॥1101॥

(ਕਿਨ੍ਹ ਖੇ=ਕਿਨ੍ਹਾਂ ਨੂੰ, ਤਾਰਿ=ਤਾਰੀ ਲਾਂਦੇ ਹਨ)

66. ਜਿਥੈ ਕੋਇ ਕਥੰਨਿ ਨਾਉ

ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥
ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥2॥1101॥

(ਕਥੰਨਿ=ਕਥਦੇ ਹਨ,ਉਚਾਰਦੇ ਹਨ, ਮਾ ਪਿਰੀ=
ਮੇਰੇ ਪਿਰ ਦਾ, ਮੂੰ=ਮੈਂ, ਜੁਲਾਊਂ=ਮੈਂ ਜਾਵਾਂ, ਤਥਿ=
ਤਿੱਥੇ,ਉਥੇ, ਪਿਰੀ ਪਸੰਦੋ=ਪਿਰ ਨੂੰ ਵੇਖ ਕੇ, ਥੀਓਸਿ=
ਹੋ ਜਾਈਦਾ ਹੈ)

67. ਮੇਰੀ ਮੇਰੀ ਕਿਆ ਕਰਹਿ

ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥
ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥3॥1101॥

(ਕਲਤ੍ਰ=ਇਸਤ੍ਰੀ, ਸਨੇਹ=ਪਿਆਰ, ਨਿਮੁਣੀਆਦੀ=
ਬੇ-ਬੁਨਿਆਦੀ, ਦੇਹ=ਕਾਇਆਂ,ਸਰੀਰ)

68. ਲਗੜੀਆ ਪਿਰੀਅੰਨਿ

ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥
ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥1॥1101॥

(ਪਿਰੀਅੰਨਿ=ਪਿਰ ਨਾਲ, ਤਿਪੀਆ=ਰੱਜੀਆਂ,
ਹਭ ਮਝਾਹੂ=ਸਭਨਾਂ ਵਿਚ, ਬਿਆ=ਦੂਸਰਾ)

69. ਕਥੜੀਆ ਸੰਤਾਹ

ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥
ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥2॥1101॥

(ਕਥੜੀਆ=ਕਥਾ-ਕਹਾਣੀਆਂ,ਉਪਦੇਸ਼ ਦੇ ਬਚਨ,
ਪੰਧੀਆ=ਰਸਤਾ, ਸੁਖਾਊ=ਸੁਖ ਦੇਣ ਵਾਲੇ, ਮਥਾਹੜੈ=
ਮੱਥੇ ਉਤੇ, ਤਿੰਨਾਹ=ਉਹਨਾਂ ਨੂੰ)

70. ਡੂੰਗਰਿ ਜਲਾ ਥਲਾ

ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥
ਪਾਤਾਲਾ ਆਕਾਸ ਪੂਰਨੁ ਹਭ ਘਟਾ ॥
ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥3॥1101॥

(ਡੂੰਗਰਿ=ਡੁੱਗਰ ਵਿਚ,ਪਹਾੜ ਵਿਚ, ਬਨਾ=
ਜੰਗਲਾਂ ਵਿਚ, ਜਲਾ=ਪਾਣੀਆਂ ਵਿਚ, ਥਲਾ=
ਰੇਤਲੇ ਥਾਵਾਂ ਵਿਚ, ਕੰਦਰਾ=ਗੁਫ਼ਾਂ ਵਿਚ, ਪੂਰਨੁ=
ਵਿਆਪਕ, ਪੇਖਿ=ਵੇਖ ਕੇ, ਜੀਓ=ਮੈਂ ਜੀਊਂਦਾ ਹਾਂ,
ਮੈਨੂੰ ਆਤਮਕ ਜੀਵਨ ਮਿਲਦਾ ਹੈ, ਇਕਤੁ=ਇਕ
ਵਾਰ, ਸੂਤਿ=ਸੂਤ ਵਿਚ)

71. ਨਾਨਕ ਕਚੜਿਆ ਸਿਉ ਤੋੜਿ

ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥1॥1102॥

(ਕਚੜਿਆ ਸਿਉ=ਉਹਨਾਂ ਨਾਲੋਂ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ,
ਓਇ ਵਿਛੁੜਹਿ=ਮਾਇਆ ਦੇ ਆਸਰੇ ਬਣੇ ਹੋਏ ਸਾਕ-ਸੈਣ
ਪ੍ਰੀਤ ਤੋੜ ਲੈਂਦੇ ਹਨ)

72. ਨਾਨਕ ਬਿਜੁਲੀਆ ਚਮਕੰਨਿ

ਨਾਨਕ ਬਿਜੁਲੀਆ ਚਮਕੰਨਿ ਘੁਰਨ੍ਹਿ ਘਟਾ ਅਤਿ ਕਾਲੀਆ ॥
ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥2॥1102॥

(ਘੁਰਨਿ=ਘੁਰ-ਘੁਰ ਕਰਦੀਆਂ ਹਨ, ਗੱਜਦੀਆਂ ਹਨ,
ਅਤਿ ਕਾਲੀਆ=ਗੂੜ੍ਹੇ ਕਾਲੇ ਰੰਗ ਵਾਲੀਆਂ, ਮੇਘ=ਬੱਦਲ,
ਸੰਗਮਿ=ਮਿਲਾਪ ਵਿਚ, ਸੁਹੰਦੀਆ=ਸੋਹਣੀਆਂ ਲੱਗਦੀਆਂ ਹਨ)

73. ਜਲ ਥਲ ਨੀਰਿ ਭਰੇ

ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥3॥1102॥

(ਨੀਰਿ=ਪਾਣੀ ਨਾਲ, ਜਲ ਥਲ=ਨਦੀਆਂ ਤੇ ਮਦਾਨ,
ਟੋਏ-ਟਿੱਬੇ, ਸੀਤਲ ਪਵਣ=ਠੰਢੀਆਂ ਹਵਾਵਾਂ, ਝੁਲਾਰਦੇ=
ਵਗਦੀਆਂ ਹੋਣ, ਸੋਇੰਨ=ਸੋਨੇ ਦੀਆਂ, ਸੁਭਰ ਕਪੜ=ਸਗਨਾਂ
ਦੇ ਸਾਲੂ)

74. ਪਹਿਲਾ ਮਰਣੁ ਕਬੂਲਿ

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥1॥1102॥

(ਮਰਣੁ=ਮੌਤ,ਹਉਮੈ ਦੀ ਮੌਤ, ਕਬੂਲਿ=ਪਰਵਾਨ ਕਰ,
ਰੇਣੁਕਾ=ਚਰਨ-ਧੂੜ, ਤਉ=ਤਦੋਂ)

75. ਮੁਆ ਜੀਵੰਦਾ ਪੇਖੁ

ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥
ਜਿਨ੍ਹ੍ਹਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥2॥1102॥

(ਮੁਆ=ਸੰਸਾਰਕ ਵਾਸਨਾ ਵਲੋਂ ਮੋਇਆ ਹੋਇਆ,
ਪੇਖੁ=ਵੇਖੋ,ਸਮਝੋ, ਮਰਿ ਜਾਨ੍ਹਿ=ਆਤਮਕ ਮੌਤੇ ਮਰ
ਜਾਂਦੇ ਹਨ, ਜੀਵੰਦੇ=ਨਿਰੇ ਦੁਨੀਆ ਦੇ ਰੰਗ ਮਾਣਨ ਵਾਲੇ,
ਮੁਹਬਤਿ=ਪਿਆਰ, ਇਕ ਸਿਉ=ਇਕ ਪ੍ਰਭੂ ਨਾਲ, ਤੇ=ਉਹ,
ਮਾਣਸ=ਮਨੁੱਖ, ਪਰਧਾਨ=ਸ੍ਰੇਸ਼ਟ)

76. ਜਿਸੁ ਮਨਿ ਵਸੈ ਪਾਰਬ੍ਰਹਮੁ

ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥
ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥3॥1102॥

(ਜਿਸ ਮਨਿ=ਜਿਸ ਦੇ ਮਨ ਵਿਚ, ਨਿਕਟਿ=ਨੇੜੇ, ਪੀਰ=
ਦੁੱਖ-ਕਲੇਸ਼, ਭੁਖ ਤਿਖ=ਮਾਇਆ ਦੀ ਭੁੱਖ-ਤ੍ਰੇਹ, ਨ
ਵਿਆਪਈ=ਦਬਾਉ ਨਹੀਂ ਪਾ ਸਕਦੀ, ਜਮੁ=ਮੌਤ ਦਾ
ਡਰ, ਨੀਰ=ਨੇੜੇ)