ਵਿਚਕਾਰਲੀ ਭੈਣ/੨.
੨.
ਦੋਹਾਂ ਭਰਾਵਾਂ ਨੇ ਜੱਦੀ ਮਕਾਨ ਆਪੋ ਵਿਚ ਦੀ ਵੰਡ ਲਿਆ ਸੀ। ਲਾਗਲਾ ਦੋਂਹ ਛੱਤਾਂ ਵਾਲਾ ਮਕਾਨ ਵਿਚਕਾਰਲੇ ਭਰਾ 'ਵਿਪਨ’ ਦਾ ਸੀ। ਛੋਟੇ ਭਰਾ ਨੂੰ ਮੰਗਿਆਂ ਕਈ ਚਿਰ ਹੋ ਗਿਆ ਹੈ। ਵਿਪਨ ਵੀ ਚਾਵਲਾਂ ਦਾ ਹੀ ਕੰਮ ਕਰਦਾ ਹੈ। ਗੁਜ਼ਾਰਾ ਤਾਂ ਇਹਦਾ ਵੀ ਚੰਗਾ ਹੈ, ਪਰ ਵੱਡੇ ਭਰਾ 'ਨਵੀਨ' ਵਰਗਾ ਨਹੀਂ। ਫੇਰ ਵੀ ਇਸਦਾ ਮਕਾਨ ਦੋਹਰਾ ਹੈ। ਵਿਚਕਾਰਲੀ ਨੋਂਹ 'ਹੇਮਾਂਗਨੀਂ' ਸ਼ਹਿਰਨ ਕੜੀ ਹੈ। ਇਹ ਨੌਕਰ ਨੌਕਰਿਆਣੀਆਂ ਰੱਖਕੇ ਤੇ ਚੌਹ ਆਦਮੀਆਂ ਰੋਟੀ ਖੁਆ ਕੇ ਖੁਸ਼ ਹੋਣ ਵਾਲੀ ਇਸਤਰੀ ਹੈ। ਉਹ ਕੰਜੂਸ ਮੱਖੀ ਚੂਸ ਬਣਕੇ ਰਹਿਣਾ ਪਸੰਦ ਨਹੀਂ ਸੀ ਕਰਦੀ ਇਸੇ ਕਰਕੇ ਚਾਰ ਵਰ੍ਹੇ ਪਹਿਲਾਂ, ਦੋਵੇਂ ਜੇਠਾਣੀ ਦਰਾਣੀ ਲੜਕੇ ਅੱਡ ਹੋ ਚੁੱਕੀਆਂ ਹਨ। ਇਸਤੋਂ ਪਿੱਛੋਂ ਉਤੋਂ ਉਤੋਂ ਤਾਂ ਕਈ ਵਾਰੀ ਲੜਾਈ ਝਗੜੇ ਹੋ ਕੇ ਸੁਲ੍ਹਾ ਵੀ ਹੋ ਚੁਕੀ ਹੈ, ਪਰ ਦਿਲੋਂ ਰੰਜ ਦੂਰ ਨਹੀਂ ਹੋਏ। ਇਸਦਾ ਕਾਰਣ ਜੇਠਾਣੀ ਕਾਦੰਬਨੀ ਹੀ ਹੈ। ਉਹ ਚੰਗੀ ਤਰਾਂ ਨਿਸਚਾ ਕਰੀ ਬੈਠੀ ਹੈ ਕਿ ਟੁਟੇ ਹੋਏ ਦਿਲ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਪਰ ਵਿਚਕਾਰਲੀ ਨੋਂਹ ਐਨੀ ਪੱਕੀ ਨਹੀਂ ਹੈ। ਉਹ ਏਦਾਂ ਦਾ ਸੋਚ ਵੀ ਨਹੀਂ ਸਕਦੀ। ਇਹ ਠੀਕ ਹੈ ਕਿ ਝਗੜਾ ਪਹਿਲਾਂ ਵਿਚਕਾਰਲੀ ਨੋਂਹ ਦੇ ਪੈਰੋਂ ਹੀ ਖੜਾ ਹੁੰਦਾ ਹੈ, ਪਰ ਇਹ ਲੜ ਝਗੜ ਕੇ ਪਛਤਾਵਾ ਵੀ ਕਰਨ ਲੱਗ ਜਾਂਦੀ ਹੈ। ਕਈ ਵਾਰੀ ਖਾਣ ਪੀਣ ਜਾਂ ਹੋਰ ਕਿਸੇ ਪੱਜ ਇਹ ਜੇਠਾਣੀ ਨੂੰ ਕੁਆਉਣ ਲਈ ਉਸਦੇ ਪਾਸ ਵੀ ਆ ਬਹਿੰਦੀ ਹੈ। ਹੱਥ ਪੈਰ ਜੋੜ ਕੇ, ਮਾਫੀ ਮੰਗਕੇ ਇਹ ਜੇਠਾਣੀ ਨੂੰ ਆਪਣੇ ਘਰ ਲੈ ਜਾਂਦੀ ਹੈ। ਪਿਆਰ ਕਰਦੀ ਹੈ। ਏਸ ਤਰਾਂ ਦੋਹਾਂ ਦੇ ਦਿਨ ਕੱਟ ਰਹੇ ਹਨ।
ਅਜ ਕੋਈ ਸਾਢੇ ਤਿੰਨ ਵਜੇ ਹੇਮਾਂਗਨੀ ਇਸ ਮਕਾਨ ਵਿਚ ਆਈ ਹੈ। ਲਾਗੇ ਹੀ ਖੂਹ ਤੇ ਸੀਮੈਂਟ ਦੀ ਮਣ ਤੇ ਕਿਸ਼ਨ,ਸਾਬਣ ਲਾ ਲਾ ਕੇ ਬੈਠਾ ਕਪੜੇ ਧੋ ਰਿਹਾ ਹੈ। ‘ਕਾਦੰਬਨੀ ਦੂਰ ਖਲੋਤੀ ਘਟ ਤੋਂ ਘਟ ਸਾਬਣ ਲਾਕੇ ਵੱਧ ਤੋਂ ਵੱਧ ਕਪੜੇ ਧੋਣ ਦੀ ਜਾਚ ਸਿਖਾ ਰਹੀ ਸੀ। ਉਹ ਦਰਾਣੀ ਨੂੰ ਵੇਖਦਿਆਂ ਹੀ ਬੋਲ ਪਈ ।" ਵੇਖ ਨੀ ਭੈਣ ! ਇਹ ਲੜਕਾ ਕਿੰਨੇ ਗੰਦੇ ਕਪੜੇ ਪਾ ਕੇ ਆਇਆ ਹੈ।"
ਗੱਲ ਠੀਕ ਸੀ । ਕਿਸ਼ਨ ਵਰਗੀ ਲਾਲ ਕੰਨੀ ਵਾਲੀ ਧੋਤੀ ਤੇ ਦੁਪੱਟਾ ਲੈਕੇ ਕੋਈ ਵੀ ਆਪਣੇ ਸਾਕਾਂ ਦੇ ਨਹੀਂ ਜਾਂਦਾ। ਇਹਨਾਂ ਦੋਹਾਂ ਚੀਜ਼ਾਂ ਨੂੰ ਧੋਣ ਦੀ ਬੜੀ ਲੋੜ ਸੀ। ਧੋਬੀ ਦੇ ਨਾ ਹੋਣ ਕਰਕੇ ਪੁਤ੍ਰ ਗੋਪਾਲ ਤੇ ਉਸਦੇ ਬਾਬੂ ਦੇ ਦੋ ਦੋ ਜੋੜੇ ਕਪੜੇ ਧੋਣੇ ਵੀ ਜ਼ਰੂਰੀ ਸਨ। ਸੋ ਕਿਸ਼ਨ ਇਹ ਸੇਵਾ ਹੀ ਕਰ ਰਿਹਾ ਸੀ। 'ਹੇਮਾਂਗਨੀ’ ਵੇਖਦਿਆਂ ਹੀ ਸਮਝ ਗਈ ਕਿ ਕੱਪੜੇ ਕਿਸਦੇ ਹਨ, ਪਰ ਉਹ ਇਸ ਗੱਲ ਨੂੰ ਅਣਡਿੱਠ ਕਰਦੀ ਹੋਈ ਬੋਲੀ, “ਬੀਬੀ ਇਹ ਲੜਕਾ ਕੌਣ ਹੈ?"
ਪਰ ਇਸ ਤੋਂ ਪਹਿਲਾਂ ਉਹ ਆਪਣੇ ਘਰ ਬੈਠੀ ਹੀ ਇਹ ਸਾਰੀਆਂ ਗੱਲਾਂ ਸੁਣ ਚੁਕੀ ਸੀ। ਜਿਠਾਣੀ ਨੂੰ ਉਰਾ ਪਰਾ ਕਰਦੀ ਨੂੰ ਵੇਖ ਕੇ ਉਸਨੇ ਫੇਰ ਆਖਿਆ, “ਲੜਕਾ ਤਾਂ ਬੜਾ ਸੋਹਣਾ ਹੈ ਇਹਦਾ ਮੂੰਹ ਵੀ ਬਿਲਕੁਲ ਤੇਰੇ ਹੀ ਵਰਗਾ ਹੈ। ਕੀ ਤੁਹਾਡੇ ਪੇਕਿਆਂ ਤੋਂ ਹੈ?
ਕਾਦੰਬਨੀ ਨੇ 'ਉਦਾਸ ਤੇ ਸਿਆਣਾ ਜਿਹਾ ਮੂੰਹ ਬਣਾ ਕੇ ਆਖਿਆ, “ਹਾਂ ਮੇਰਾ ਮਤੇਇਆ ਭਰਾ ਹੈ। "ਵੇਂ ਕਿਸ਼ਨਿਆ ਆਪਣੀ ਇਸ ਭੈਣ ਨੂੰ ਮੱਥਾ ਤਾਂ ਟੇਕ ! ਕਿਹੋ ਜਿਹਾ ਮੂਰਖ ਮੁੰਡਾ ਹੈ! ਵੱਡਿਆਂ ਨੂੰ ਮੱਥਾ ਟੇਕਣਾ, ਤੇਰੀ ਮਾਂ ਇਹ ਵੀ ਨਹੀਂ ਦੱਸ ਗਈ?
ਕਿਸ਼ਨ ਬੌਦਲਿਆਂ ਵਾਂਗੂ ਉਠ ਬੈਠਾ ਤੇ ਕਾਦੰਬਨੀ ਦੇ ਪੈਰਾਂ ਤੇ ਮੱਥਾ ਟੇਕਣ ਨੂੰ ਤਿਆਰ ਹੋ ਪਿਆ, ਉਹਨੇ ਹੋਰ ਵੀ ਗੁੱਸੇ ਨਾਲ ਆਖਿਆ, 'ਡੰਗਰ ਕਿਸੇ ਥਾਂ ਦਾ, ਆਖਿਆ ਕਿਸਨੂੰ ਹੈ ਤੇ ਇਹ ਮੱਥਾ ਕਿਸਨੂੰ ਟੇਕਦਾ ਹੈ । ਪਾਗਲਾ ਉਸ ਪਾਸੇ ਜਾ ਕੇ ਮਰ।'
ਅਸਲ ਵਿਚ ਜਦੋਂ ਦਾ ਕਿਸ਼ਨ ਆਇਆ ਹੈ, ਨਿਰਾਦਰੀ ਤੇ ਅਪਮਾਨ ਦੀਆਂ ਅਸਹਿ ਚੋਟਾਂ ਨੇ ਉਹਦਾ ਦਿਮਾਗ ਹਿਲਾ ਦਿਤਾ ਹੈ। ਜਦੋਂ ਹੀ ਉਸਨੇ ਹੇਮਾਂਗਨੀ ਦੇ ਪੈਰਾਂ ਉਤੇ ਸਿਰ ਝੁਕਾਇਆ ਤਾਂ ਉਸਨੇ ਇਸਦੀ ਧੋਤੀ ਫੜਕੇ ਆਖਿਆ, 'ਬੱਸ ਕਾਕਾ ਰਹਿਣ ਦਿਹ, ਹੋਗਿਆ। ਰੱਬ ਤੇਰੀ ਉਮਰ ਵੱਡੀ ਕਰੇ ।'
ਕਿਸ਼ਨ ਮੂਰਖਾਂ ਵਾਂਗੂੰ ਉਹਦੇ ਮੂੰਹ ਵਲ ਵੇਖਦਾ ਰਿਹਾ। ਜਾਣੀਦੀ ਇਹ ਗਲ ਉਹਦੇ ਮਨ ਅੰਦਰ ਨਹੀਂ ਸੀ ਆ ਰਹੀ ਕਿ ਦੁਨੀਆਂ ਵਿਚ ਕੋਈ ਏਦਾਂ ਵੀ ਬੋਲ ਸਕਦਾ ਹੈ।
ਉਸਦਾ ਦੁਖ ਭਰਿਆ ਚਿੱਹਰਾ ਵੇਖਕੇ ਹੇਮਾਂਗਨੀ' ਦਾ ਦਿਲ ਹਿਲ ਗਿਆ ਉਹ ਰੋਣ ਹਾਕੀ ਹੋ ਗਈ। ਉਹ ਆਪਣੇ ਆਪ ਨੂੰ ਕਾਬੂ ਨ ਰਖ ਸਕੀ। ਉਸਨੇ ਛੇਤੀ ਨਾਲ ਉਸ ਅਭਾਗੇ ਬੱਚੇ ਨੂੰ ਖਿੱਚਕੇ ਛਾਤੀ ਨਾਲ ਲਾ ਲਿਆ। ਉਸਦਾ ਮੁੜ੍ਹਕੇ ਤੇ ਅਥਰੂਆਂ ਨਾਲ ਭਿੱਜਾ ਹੋਇਆ ਮੂੰਹ ਪਲੇ ਨਾਲ ਪੰਝਦੀ ਹੋਈ ਨੇ ਆਖਿਆ, 'ਹਾਇ ਹਾਇ ਬੀਬੀ ਇਹਦੇ ਕੋਲੋਂ ਕਪੜੇ ਧੋਤੇ ਜਾਂਦੇ ਹਨ। ਕਿਸੇ ਨੌਕਰ ਨੂੰ ਕਿਉਂ ਨ ਸੱਦ ਲਿਆ ?'
ਕਾਦੰਬਨੀ ਇਕੇਵੇਰਾਂ ਹੀ ਬੁਤ ਬਣ ਗਈ ਤੇ ਉਸਨੂੰ ਕੋਈ ਜਵਾਬ ਨ ਔੜਿਆ, ਪਲਕੁ ਪਿਛੋਂ ਕਹਿਣ ਲੱਗੀ, ਮੈਂ ਤੇਰੇ ਵਰਗੀ ਅਮੀਰ ਨਹੀਂ ਹਾਂ ਜੋ ਘਰ ਵਿਚ ਨੌਕਰ ਨੌਕਰਿਆਣੀਆਂ ਰੱਖ ਲਵਾਂ। ਸਾਡੇ ਗ੍ਰਹਸਥੀਆਂ ਦੇ ਘਰ.............।
ਗਲ ਮੁਕਣ ਤੋਂ ਪਹਿਲਾਂ ਹੀ ਹੇਮਾਂਗਨੀ ਨੇ ਆਪਣੇ ਘਰ ਵਲ ਮੂੰਹ ਕਰਕੇ, ਲੜਕੀ ਨੂੰ ਅਵਾਜ ਮਾਰਕੇ ਆਖਿਆ ਉਮਾ ਸ਼ੰਭੂ ਨੂੰ ਭੇਜ, ਜ਼ਰਾ ਜੋਤ ਜੀ ਤੇ ‘ਪਾਂਚੂ ਗੋਪਾਲ' ਦੋਹਾਂ ਦੇ ਗੰਦੇ ਕਪੜੇ ਛਪੜੇ ਧੋਕੇ ਸੁਕਾ ਲਿਆਵੇ।'
ਫੇਰ ਉਸਨੇ ਜੇਠਾਣੀ ਵੱਲ ਮੂੰਹ ਕਰਕੇ ਆਖਿਆ, 'ਅਜ ਰਾਤ ਨੂੰ ਕਿਸ਼ਨ ਤੇ ਪਾਂਛੂ ਮੇਰੇ ਘਰੋਂ ਰੋਟੀ ਖਾਣਗੇ| ਸਕੂਲੋਂ ਔਂਦਿਆਂ ਹੀ ਪਾਂਚੂ ਨੂੰ ਭੇਜ ਦੇਣਾ ਉਨਾਂ ਚਿਰ ਮੈਂ ਇਹਨੂੰ ਲੈ ਜਾਂਦੀ ਹਾਂ। ਕਿਸ਼ਨ ਇਹਦੇ ਵਾਂਗ ਮੈਂ ਵੀ ਤੇਰੀ ਭੈਣ ਹਾਂ ਮੇਰੇ ਨਾਲ ਚਲ, ਇਹ ਆਖਕੇ ਉਹ ਕਿਸ਼ਨ ਦਾ ਹੱਥ ਫੜਕੇ ਆਪਣੇ ਨਾਲ ਲੈ ਗਈ।
ਕਾਦੰਬਨੀ ਨੇ ਕੋਈ ਰੋਕ ਨਹੀਂ ਪਾਈ। ਉਲਟਾ ਹੇਮਾਂਗਨੀ ਦਾ ਦਿੱਤਾ ਹੋਇਆ ਐਡਾ ਵੱਡਾ ਮੇਹਣਾ ਵੀ, ਚਪ ਚਾਪ ਸਹਾਰ ਲਿਆ ਕਿਉਂਕਿ, ਜਿਸਨੇ ਮੇਹਣਾ ਮਾਰਿਆ ਸੀ, ਉਸਨੇ ਇਸ ਦੇਉਰ ਦਾ ਖਰਚ ਵੀ ਤਾਂ ਬਚਾ ਦਿੱਤਾ ਸੀ। ਕਾਦੰਬਨੀ ਵਾਸਤੇ ਦੁਨੀਆਂ ਵਿਚ ਪੈਸੇ ਤੋਂ ਵਧਕੇ ਹੋਰ ਕੋਈ ਚੀਜ਼ ਨਹੀਂ ਸੀ। ਇਸ ਕਰਕੇ ਗਾਂ ਜੇ ਦੁੱਧ ਦੇਣ ਲਗਿਆਂ ਛੜ ਵੀ ਮਾਰੇ ਤਾਂ ਓਹ ਸਹਾਰੀ ਜਾ ਸਕਦੀ ਹੈ।