ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ/ਘੋੜੀਆਂ
ਘੋੜੀਆਂ
ਘੋੜੀਆਂ
'ਘੋੜੀਆਂ' ਪੰਜਾਬੀ ਲੋਕ ਕਾਵਿ ਦਾ ਹਰਮਨ ਪਿਆਰਾ ਕਾਵਿ-ਰੂਪ ਹਨ। ਇਹ ਮੁੰਡੇ ਦੇ ਵਿਆਹ ਨਾਲ਼ ਸਬੰਧਿਤ ਵੱਖ-ਵੱਖ ਰਸਮਾਂ ਰੀਤਾਂ ਸਮੇਂ ਗਾਏ ਜਾਣ ਵਾਲ਼ੇ ਲੋਕ ਗੀਤ ਹਨ ਜਿਨ੍ਹਾਂ ਨੂੰ ਔਰਤਾਂ ਜੋਟੇ ਬਣਾ ਕੇ ਜਾਂ ਕਦੀ ਕਦੀ ਸਮੂਹਿਕ ਰੂਪ ਵਿਚ ਲੰਬੀ ਹੇਕ ਨਾਲ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਰਾਹੀਂ ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਓਥੇ ਵਿਆਂਹਦੜ ਮੁੰਡੇ ਦੇ ਬਾਪ-ਦਾਦੇ ਅਤੇ ਮਾਂ-ਦਾਦੀ ਆਦਿ ਨੇੜਲੇ ਸਾਕਾਂ ਨੂੰ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਮੱਧ ਕਾਲੀਨ ਸਮਿਆਂ ਵਿਚ ਪੰਜਾਬ ਵਿਚ ਆਉਣ ਜਾਣ ਦੇ ਸਾਧਨ ਜੋਖ਼ਮ ਭਰੇ ਸਨ। ਕੱਚੇ ਤੇ ਉਭੜੇ-ਖੁਭੜੇ ਰਾਹ, ਕੋਈ ਸੜਕ ਨਹੀਂ, ਨਦੀਆਂ ਨਾਲ਼ੇ ਬਿਨਾਂ ਪੁਲਾਂ ਤੋਂ- ਰਾਹੀ ਜੰਗਲ ਬੀਆਬਾਨਾਂ 'ਚੋਂ ਲੰਘਦੇ ਡਰਦੇ ਸਨ- ਲੋਕ ਪੈਦਲ ਸਫ਼ਰ ਕਰਦੇ ਸਨ ਜਾਂ ਘੋੜੀਆਂ ਊਠਾਂ ਦੀ ਸਵਾਰੀ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਬਰਾਤਾਂ ਸਜ-ਧੱਜ ਕੇ ਘੋੜੀਆਂ, ਊਠਾਂ ਤੇ ਬੈਲ ਗੱਡੀਆਂ 'ਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹੁਣ ਜਾਂਦੀਆਂ ਸਨ! ਲਾੜੇ ਨੂੰ ਘੋੜੀ 'ਤੇ ਚੜ੍ਹਾਉਣ ਦੀ ਕੇਂਦਰੀ ਰਸਮ ਹੁੰਦੀ ਸੀ। ਇਸ ਰਸਮ ਸਮੇਂ ਜਿਹੜੇ ਗੀਤ ਗਾਏ ਜਾਂਦੇ ਸਨ ਉਨ੍ਹਾਂ ਦਾ ਨਾਂ ਘੋੜੀ ਦੇ ਨਾਂ 'ਤੇ 'ਘੋੜੀਆਂ' ਪ੍ਰਚਲਿਤ ਹੋ ਗਿਆ! ਲਾੜੇ ਦੀ ਜੰਨ ਦੀ ਤਿਆਰੀ ਅਤੇ ਚੰਨ ਚੜ੍ਹਨ ਸਮੇਂ ਦੇ ਸ਼ਗਨਾਂ ਵੇਲੇ ਗਾਏ ਜਾਣ ਵਾਲ਼ੇ ਗੀਤਾਂ ਨੂੰ ਵੀ 'ਘੋੜੀਆਂ' ਹੀ ਆਖਦੇ ਹਨ। ਪੁਰਾਤਨ ਸਮੇਂ ਤੋਂ ਹੀ ਪੁੱਤ ਵਾਲੇ ਘਰ 'ਘੋੜੀਆਂ' ਗਾਉਣ ਦੀ ਰੀਤ ਚਲੀ ਆ ਰਹੀ ਹੈ। 'ਘੋੜੀਆਂ' ਸੰਬੋਧਨੀ ਗੀਤ ਹਨ ਜਿਨ੍ਹਾਂ ਵਿਚ ਭੈਣਾਂ ਆਪਣੇ ਵੀਰਾਂ ਨੂੰ ਸੰਬੋਧਿਤ ਹੁੰਦੀਆਂ ਹਨ! ਇਨ੍ਹਾਂ ਗੀਤਾਂ ਵਿਚ ਭੈਣ ਵਲੋਂ ਆਪਣੇ ਲਾੜੇ ਭਰਾ ਦਾ ਜਸ ਗਾਇਨ ਹੀ ਨਹੀਂ ਕੀਤਾ ਜਾਂਦਾ ਬਲਕਿ ਉਸ ਪ੍ਰਤੀ ਆਪਣੇ ਪਿਆਰ-ਅਪਣੱਤ ਅਤੇ ਪਿਤਰੀ ਅਧਿਕਾਰ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ। ਪੰਜਾਬੀ ਸਮਾਜ ਮੁੱਖ ਤੌਰ 'ਤੇ ਕਿਸਾਨੀ ਅਧਾਰਿਤ ਸਮਾਜ ਹੈ ਜਿਸ ਵਿਚ ਮੁੰਡੇ ਦੇ ਜਨਮ ਅਤੇ ਵਿਆਹ ਦੇ ਅਵਸਰ ਦੀ ਵਿਸ਼ੇਸ਼ ਮਹੱਤਤਾ ਹੈ- ਇਹ ਦੋਨੋਂ ਅਵਸਰ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਮਾਣਨ ਅਤੇ ਮਨਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਮੁੰਡੇ ਦੇ ਜਨਮ ਨਾਲ਼ ਜਿੱਥੇ ਪਰਿਵਾਰ ਦੀ ਵੇਲ ਵਧਦੀ ਹੈ ਓਥੇ ਵਿਆਹ ਨਾਲ਼ ਨਵੇਂ ਪਰਿਵਾਰ ਦਾ ਆਗਾਜ਼ ਹੁੰਦਾ ਹੈ- ਮੁੰਡੇ ਦੇ ਸਹੁਰੇ ਪਰਿਵਾਰ ਨਾਲ਼ ਸਾਕਾਦਾਰੀ ਦੇ ਸਬੰਧ ਜੁੜਦੇ ਹਨ ਜਿਸ ਸਦਕਾ ਲਾੜੇ ਦੇ ਬਾਪ ਦਾਦੇ ਦਾ, ਆਪਣੇ ਭਾਈਚਾਰੇ ਵਿਚ, ਮਾਣ-ਤਾਣ ਵਧਦਾ ਹੈ।
ਧੀ ਵਾਲ਼ਿਆਂ ਵਲੋਂ 11 ਜਾਂ 21 ਦਿਨ ਪਹਿਲਾਂ ਲਾੜੇ-ਪੁੱਤ ਵਾਲ਼ਿਆਂ ਦੇ ਘਰ 'ਸਾਹੇ ਚਿੱਠੀ' ਭੇਜੀ ਜਾਂਦੀ ਹੈ। ਇਹ ਚਿੱਠੀ ਭਾਈਚਾਰਾ 'ਕੱਠਾ ਕਰਕੇ ਪੜ੍ਹੀ ਜਾਂਦੀ ਹੈ ਜਿਸ ਵਿਚ ਧੀ ਵਾਲ਼ਿਆਂ ਵਲੋਂ ਵਿਆਹ ਦਾ ਦਿਨ ਨਿਸਚਿਤ ਕੀਤਾ ਹੁੰਦਾ ਹੈ। ਇਸ ਚਿੱਠੀ ਦਾ ਸੁਆਗਤ 'ਘੋੜੀਆਂ' ਗਾ ਕੇ ਕੀਤਾ ਜਾਂਦਾ ਹੈ। ਇਸੇ ਦਿਨ ਤੋਂ ਪੁੱਤ ਵਾਲ਼ੇ ਘਰ ਰਾਤ ਸਮੇਂ ਰੋਟੀ ਟੁੱਕ ਦਾ ਕੰਮ ਮੁਕਾ ਕੇ ਆਂਢ-ਗੁਆਂਢ ਅਤੇ ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ 'ਕੱਠੀਆਂ ਹੋ ਕੇ 'ਘੋੜੀਆਂ' ਦੇ ਗੀਤ ਗਾਉਣੇ ਆਰੰਭ ਦੇਂਦੀਆਂ ਹਨ ਤੇ ਇਹ ਰੀਤ ਵਿਆਹ ਦੇ ਅੰਤਲੇ ਦਿਨ ਤਕ ਚਾਲੂ ਰਹਿੰਦੀ ਹੈ।
'ਸਾਹੇ ਚਿੱਠੀ' ਪੜ੍ਹਨ ਦੀ ਰਸਮ ਸਮੇਂ ਗਾਈਆਂ ਜਾਣ ਵਾਲ਼ੀਆਂ 'ਘੋੜੀਆਂ' ਵਿਚ ਭੈਣ ਜਿੱਥੇ ਸੁੱਖਾਂ ਲਧੜੇ ਵੀਰ ਨੂੰ ਮਿਥ ਨਾਇਕਾ ਰਾਧਾ ਅਤੇ ਸੀਤਾ ਵਰਗੀ ਸੁੰਦਰ ਭਾਬੋ ਵਿਆਹ ਕੇ ਲਿਆਉਣ ਲਈ ਸਰਾਹੁੰਦੀ ਹੈ ਓਥੇ ਉਹ ਉਸ ਨੂੰ ਆਪਣੀ ਮਾਂ, ਦਾਦੀ, ਨਾਨੀ, ਭੂਆ ਅਤੇ ਭੈਣ ਨੂੰ ਨਾ ਵਿਸਾਰਨ ਦੀ ਚਿਤਾਵਨੀ ਵੀ ਦੇਂਦੀ ਹੈ। ਉਸ ਦੇ ਅਚੇਤ ਮਨ ਵਿਚ ਇਹ ਡਰ ਵਸਿਆ ਹੋਇਆ ਹੈ ਮਤੇ ਉਸ ਦਾ ਵੀਰ ਆਪਣੀ ਨਵੀਂ-ਨਵੇਲੀ ਨਾਜੋ ਦੇ ਪ੍ਰਭਾਵ ਸਦਕਾ ਉਨ੍ਹਾਂ ਨੂੰ ਵਿਸਾਰ ਦੇਵੇ। ਉਹ ਉਨ੍ਹਾਂ ਦੀ ਕੀਰਤੀ ਯਾਦ ਕਰਵਾਉਂਦੀ ਹੈ:
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲਧੜਿਆ ਵੀਰਾ
ਮਾਂ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲਧੜਿਆ ਵੀਰਾ
ਨਾਨੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇਂ ਜਮਾਵਾਂ
ਸੁਖ ਲਧੜਿਆ ਵੀਰਾ
ਦਾਈ ਤੇਰੀ ਨੇ ਜਨਮ ਸਧਾਇਆ ਲਾਲ ਵੇ
ਧੰਨ ਧੰਨ ਵੇ ਵੀਰਾ ਮਾਂ ਤੇਰੀ
ਜਿਨ੍ਹੇਂ ਤੂੰ ਕੁੱਖ ਨਮਾਇਆ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
ਧੰਨ ਧੰਨ ਵੇ ਵੀਰਾ ਦਾਦੀ ਤੇਰੀ
ਜੀਹਨੇ ਤੇਰਾ ਜਨਮ ਸਧਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
ਧੰਨ ਧੰਨ ਵੇ ਵੀਰਾ ਭੈਣ ਤੇਰੀ
ਜੀਹਨੇ ਤੂੰ ਗੋਦ ਘਲਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
ਧੰਨ ਧੰਨ ਵੇ ਵੀਰਾ ਭੂਆ ਤੇਰੀ
ਜੀਹਨੇ ਤੂੰ ਲਾਡ ਲਡਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ।
ਇਸ ਸ਼ੁਭ ਅਵਸਰ 'ਤੇ ਲਾੜੇ ਦੇ ਦਾਦੇ, ਨਾਨੇ, ਮਾਮੇ ਅਤੇ ਚਾਚੇ ਨੂੰ ਵੀ ਬੜੇ ਆਦਰ ਨਾਲ਼ ਯਾਦ ਕੀਤਾ ਜਾਂਦਾ ਹੈ:
ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਪੋਤਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ
ਪੋਤਾ ਦਾਦੇ ਦਾ ਸੁਣੀਂਦਾ ਵੇ
ਜੀਹਨੇ ਧਰਿਆ ਸੀ ਨਾਂ
ਪੋਤਾ ਦਾਦੇ ਦਾ ਸੁਣੀਂਦਾ
ਰਾਜਾ ਧਰਿਆ ਸੀ ਨਾਂ
ਸਿਰ ਨੀ ਬੰਨੇ ਦੇ ਚੀਰਾ ਨੀ ਬਣਦਾ
ਨਾਦਾਨ ਬੰਨੇ ਸਿਰ ਚੀਰਾ ਨੀ ਬਣਦਾ
ਹਾਂ ਨੀ ਇਹਦੇ ਚੀਰੇ ਨੇ
ਇਹਦੀ ਕਲਗੀ ਨੇ
ਬੰਦੀ ਦਾ ਮਨ ਮੋਹ ਲਿਆ ਨੀ ਮਾਏਂ
ਕੇਸਰ ਘੋਲ਼ ਮੈਂ ਰੰਗ ਬਣਾਵਾਂ
ਹਾਂ ਨੀ ਇਹ ਕੇਸਰ
ਹਾਂ ਨੀ ਇਹ ਕੇਸਰ
ਮਾਈਆਂ ਪਿਆਰੇ ਦੇ ਲਾਵਾਂ ਨੀ ਮਾਏਂ
ਕੇਸਰ ਕਾਲ਼ੇ
ਗਲ਼ ਨੀ ਬੰਨੇ ਦੇ ਕੈਂਠਾ ਨੀ ਬਣਦਾ
ਨਾਦਾਨ ਬੰਨੇ ਦੇ ਕੈਂਠਾ ਨੀ ਬਣਦਾ
ਇਹਦੇ ਕੈਂਠੇ ਨੇ
ਇਹਦੀ ਜੁਗਨੀ ਨੇ
ਬੰਦੀ ਦਾ ਮਨ ਮੋਹਿਆ ਨੀ ਮਾਏਂ
ਕੇਸਰ ਕਾਲ਼ੇ
ਕੇਸਰ ਘੋਲ਼ ਮੈਂ ਰੰਗ ਬਣਾਵਾਂ
ਹਾਂ ਨੀ ਇਹ ਕੇਸਰ
ਹਾਂ ਨੀ ਇਹ ਕੇਸਰ
ਮਾਈਆਂ ਪਿਆਰੇ ਦੇ ਲਾਵਾਂ ਨੀ ਮਾਏਂ
ਕੇਸਰ ਕਾਲ਼ੇ।
ਨਾਈ ਧੋਈ ਦੀ ਰਸਮ ਵੇਲੇ ਗਾਈਆਂ ਜਾਂਦੀਆਂ 'ਘੋੜੀਆਂ' ਵਿਚ ਨਾਨਕਿਆਂ ਦਾਦਕਿਆਂ ਦੀ ਹਾਜ਼ਰੀ ਲੁਆਈ ਜਾਂਦੀ ਹੈ:
ਆਂਗਣ ਚਿੱਕੜ ਕੀਹਨੇ ਕੀਤਾ
ਕੀਹਨੇ ਡੋਹਲਿਆ ਪਾਣੀ
ਦਾਦੇ ਦਾ ਪੋਤਾ ਲਾਵ੍ਹੇ ਧੋਵੇ
ਉਹਨੇ ਡੋਹਲਿਆ ਪਾਣੀ
ਆਂਗਣ ਚਿੱਕੜ ਕੀਹਨੇ ਕੀਤਾ
ਕੀਹਨੇ ਡੋਹਲਿਆ ਪਾਣੀ
ਨਾਨੇ ਦਾ ਦੋਹਤਾ ਨਾਵ੍ਹੇ ਧੋਵੇ
ਉਹਨੇ ਡੋਹਲਿਆ ਪਾਣੀ
ਨਾਈ ਧੋਈ ਮਗਰੋਂ ਵੀਰ ਦਾ ਰੂਪ ਨਿੱਖਰ ਕੇ ਡਲ੍ਹਕਾਂ ਮਾਰਦਾ ਹੈ। ਭੈਣ ਉਹਦੇ ਸਰੀਰਕ ਅੰਗਾਂ ਦੀ ਸਿਫ਼ਤ ਕਰਦੀ ਨਹੀਂ ਥੱਕਦੀ:
ਤੇਰਾ ਮੱਥਾ ਘਾੜੂ ਘੜਿਆ ਵੇ
ਤੇਰੇ ਸੋਨੇ ਵਰਗੇ ਕੇਸ ਵੇ
ਪਿਆਜੀ ਵੰਨਾ ਰੰਗ ਵੇ
ਤੇਰੀਆਂ ਅੱਖਾਂ ਅੰਬਾਂ ਦੀਆਂ ਫਾੜੀਆਂ ਵੇ
ਅਨਾਰ ਦਾ ਦਾਣਾ ਪਿਆਜੀ ਰੰਗਾ ਰੰਗ ਵੇ
ਤੇਰੇ ਅਨਾਰ ਦੇ ਦਾਣੇ ਦੰਦ ਵੇ
ਤੇਰਾ ਸੋਨੇ ਵਰਗਾ ਰੰਗ ਵੇ
ਅਨਾਰ ਦਾ ਦਾਣਾ ਪਿਆਜੀ ਰੰਗਾ ਰੰਗ ਵੇ
ਲਾੜੇ ਨੂੰ ਜੰਨ ਚੜ੍ਹਾਉਣ ਦੀ ਤਿਆਰੀ ਸਮੇਂ ਉਸ ਨੂੰ ਜਿੱਥੇ ਨਵੇਂ ਵਸਤਰ ਪਹਿਨਾਏ ਜਾਂਦੇ ਹਨ ਉਥੇ ਉਹਨੂੰ ਗਹਿਣਿਆਂ ਦੇ ਨਾਲ਼-ਨਾਲ਼ ਸੇਹਰੇ ਵੀ ਸਜਾਏ ਜਾਂਦੇ ਹਨ। ਭੈਣ ਨੂੰ ਇਸ ਗੱਲ ਦਾ ਮਾਣ ਹੈ ਕਿ ਸੁਨਿਆਰ ਅਤੇ ਧੋਬੀ ਦੇ ਬੇਟੇ ਉਹਦੇ ਮਿੱਤਰ ਹਨ ਜਿਹੜੇ ਉਹਦੀ ਸਰੀਰਕ ਦੱਖ ਨੂੰ ਚਮਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ:
ਧੋਬੀ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਧੋ ਧੋ ਲਿਆਵੇ ਚੀਰਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ
ਸੁਨਿਆਰੇ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਘੜ ਘੜ ਲਿਆਵੇ ਕੈਂਠਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ
ਕਲਪਨਾ ਹੀ ਸਹੀ, ਭੈਣ ਲਈ ਹੁਣ ਵੀਰਾ ਰਾਜ ਕੁਮਾਰ ਦੇ ਤੁਲ ਹੈ ਜਿਸ ਦੇ ਚੀਰੇ 'ਤੇ ਕਲਗੀ ਦਾ ਮੁੱਲ ਲੱਖ ਕਰੋੜ ਹੈ ਤੇ ਉਹਦੇ ਲਈ ਲਾਹੌਰ ਤੋਂ ਮਾਲਣ ਸਿਹਰਾ ਗੁੰਦ ਕੇ ਲਿਆਉਂਦੀ ਹੈ ਤੇ ਦਰਜਨ ਬੇਸ਼-ਕੀਮਤ ਜੋੜਾ:
ਚੀਰਾ ਤਾਂ ਵੀਰਾ ਤੇਰਾ ਲੱਖ ਦਾ
ਕਲਗੀ ਕਰੋੜ ਦੀ
ਤੇਰੇ ਪਹਿਨਣ ਦੀ ਕੀ ਸਿਫ਼ਤ ਕਰਾਂ
ਤੇਰੀ ਚਾਲ ਮਲੂਕਾਂ
ਤੇਰੀ ਰਹਿਤ ਨਵਾਬਾਂ ਦੀ
ਇਸੇ ਕਰਕੇ ਤਾਂ ਲਾਹੌਰ ਤੋਂ ਉਹਦੇ ਲਈ ਸਿਹਰੇ ਤੇ ਜੋੜੇ ਆਉਂਦੇ ਹਨ:
ਇਹਨੀਂ ਰਾਹੀਂ ਕਸੁੰਭੜਾ ਹੁਣ ਖਿੜਿਆ
ਇਹਨੀਂ ਰਾਹੀਂ ਮੇਰਾ ਵੀਰ ਹੁਣ ਤੁਰਿਆ
ਵੇ ਲਾਹੌਰੋਂ ਮਾਲਣ ਆਈ ਵੀਰਾ
ਤੇਰਾ ਸੇਹੀੜਾ ਗੁੰਦ ਲਿਆਈ ਵੀਰਾ
ਵੇ ਲਾਹੌਰੋਂ ਦਰਜਨ ਆਈ ਵੀਰਾ
ਤੇਰਾ ਜੋੜਾ ਸਿਊਂ ਲਿਆਈ ਵੀਰਾ
ਤੇਰੇ ਜੋੜੇ ਦਾ ਕੀ ਮੁੱਲ ਕੀਤਾ
ਇਕ ਲੱਖ ਤੇ ਡੇਢ ਹਜ਼ਾਰ ਵੀਰਾ
ਭੈਣ ਨੂੰ ਇਸ ਗੱਲ ਦਾ ਵੀ ਗੌਰਵ ਹੈ ਕਿ ਵੀਰ ਦੇ ਸਹੁਰੇ ਬਖ਼ਤਾਵਰ ਹਨ ਜਿਨ੍ਹਾਂ ਨੇ ਉਹਦੇ ਪਹਿਨਣ ਲਈ ਚੀਰਾ ਤੇ ਕੈਂਠਾ ਭੇਜੇ ਹਨ:
ਵੀਰਾ ਵੇ ਤੇਰੇ ਸਿਰ ਦਾ ਚੀਰਾ
ਚੰਦਾ ਵੇ ਤੇਰੇ ਸਿਰ ਦਾ ਚੀਰਾ
ਤੇਰੀ ਵੇ ਸੱਸ ਰਾਣੀ ਨੇ ਭੇਜਿਆ
ਵੀਰਾ ਵੇ ਤੇਰੇ ਗਲ਼ ਦਾ ਕੈਂਠਾ
ਚੰਦਾ ਵੇ ਤੇਰੇ ਗਲ ਦਾ ਕੈਂਠਾ
ਤੇਰੀ ਸੱਸ ਰਾਣੀ ਨੇ ਭੇਜਿਆ
ਜੇ ਵੀਰ ਦੇ ਸਹੁਰੇ ਬਖ਼ਤਾਵਰ ਹਨ ਤਾਂ ਉਨ੍ਹਾਂ ਦੇ ਮੁਕਾਬਲੇ 'ਤੇ ਉਹਦਾ ਪੇਕੜਾ ਪਰਿਵਾਰ ਵੀ ਘਟ ਨਹੀਂ। ਉਹ ਆਪਣੀ ਮਾਂ ਨੂੰ ਰਾਣੀ ਅਤੇ ਬਾਪ ਨੂੰ ਰਾਜੇ ਦੇ ਸਮਾਨ ਸਮਝਦੀ ਹੈ:
ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਣੀ ਬੇਗ਼ਮ ਦਿਆ ਜਾਇਆ
ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਜੇ ਬਾਬਲ ਦਿਆ ਜਾਇਆ
ਭੈਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀਰ ਦੇ ਸਜ ਸਜਾ ਵਿਚ ਕੋਈ ਕਸਰ ਬਾਕੀ ਨਾ ਰਹਿ ਜਾਵੇ। ਉਹ ਮਾਲਣ ਨੂੰ ਸਜਰੀਆਂ ਕਲੀਆਂ ਦਾ ਸਿਹਰਾ ਗੁੰਦ ਕੇ ਲਿਆਉਣ ਲਈ ਆਖਦੀ ਹੈ:
ਮੈਂ ਤੈਨੂੰ ਮਾਲਣੇ ਆਖਿਆ
ਉੱਠ ਸਵੇਰੇ ਵਿਹੜੇ ਆ
ਸਵੇਰੇ ਵਿਹੜੇ ਆਣ ਕੇ
ਬਾਗ਼ ਤਲੇ ਵਿਚ ਆ
ਬਾਗ਼ ਤਲੇ ਵਿਚ ਆਣ ਕੇ
ਨੀ ਤੂੰ ਕਲੀਆਂ ਚੁਗ ਲਿਆ
ਕਲੀਆਂ ਨੂੰ ਲਿਆਇਕੇ
ਸਿਹਰਾ ਗੁੰਦ ਲਿਆ
ਸਿਹਰਾ ਗੁੰਦ ਗੁੰਦਾ ਕੇ
ਨੀ ਤੂੰ ਵੀਰਨ ਮੱਥੇ ਲਾ
ਭੈਣ ਆਪ ਵੀ ਵੀਰ ਦੇ ਸਾਫ਼ੇ ਅਤੇ ਕੁੜਤੇ 'ਤੇ ਸਜਾਉਣ ਲਈ ਬਾਗ਼ ਵਿਚ ਜਾ ਕੇ ਕਲੀਆਂ ਚੁਗ ਕੇ ਲਿਆਉਂਦੀ ਹੈ:
ਲੰਬਾ ਸੀ ਵਿਹੜਾ ਵੇ ਵੀਰਨਾ
ਵਿਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿਚ ਮਰੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰਾ ਸਾਫ਼ੇ ਨੂੰ ਜੜੀਆਂ ਵੇ
ਸੋਹਣਿਆ ਤੇਰੇ ਸਾਫ਼ੇ ਨੂੰ ਜੜੀਆਂ ਵੇ
ਜੜੀਆਂ ਜੜੀਆਂ ਵੇ ਵੀਰਨਾ
ਤੇਰੇ ਕੁੜਤੇ ਨੂੰ ਜੜੀਆਂ ਵੇ
ਵੀਰ ਦੀ ਦੱਖ ਨੂੰ ਲਿਸ਼ਕਾ ਕੇ ਭੈਣ ਹੁਣ ਆਪਣੀਆਂ ਸਹੇਲੀਆਂ ਨੂੰ ਸ਼ਗਨ ਮਨਾਉਣ ਦਾ ਸੱਦਾ ਦੇਂਦੀ ਹੈ:
ਆਓ ਸੱਈਓ ਨੀ ਰਲ਼ ਮਿਲ਼ ਆਓ ਸੱਈਓ
ਵੀਰੇ ਦੇ ਸ਼ਗਨ ਮਨਾ ਲਈਏ
ਭਾਈਆਂ ਦੇ ਵਿਚ ਵੀਰਾਂ ਐਂ ਸਜੇ
ਜਿਵੇਂ ਚੰਦ ਸਜੇ ਵਿਚ ਤਾਰਿਆਂ ਦੇ
ਕੱਪੜੇ ਵੀਰ ਦੇ ਕੇਸਰ ਰੰਗੇ
ਜੁੱਤੀ ਜੜੀ ਐ ਨਾਲ਼ ਸਤਾਰਿਆਂ ਦੇ
ਵਿਆਹ ਵਿਚ ਚੰਗੀ ਨਸਲ ਦੀ ਘੋੜੀ ਹੀ ਫੱਬਦੀ ਹੈ, ਉਹਦਾ ਚੌਧਰੀ ਬਾਬਾ ਜਮਨਾ ਪਾਰ ਤੋਂ ਛਾਂਟਵੇਂ ਸਰੀਰ ਵਾਲ਼ੀ ਘੋੜੀ ਖ਼ਰੀਦ ਕੇ ਲਿਆਵੇਗਾ, ਜਿਸ ਨਾਲ਼ ਵਿਆਹ ਸਮਾਗਮਾਂ 'ਚ ਰੌਣਕ ਵਧੇਗੀ:
ਘੋੜੀਆਂ ਵਕੇਂਦੀਆਂ ਵੀਰਾ ਜਮਨਾਂ ਤੋਂ ਪਾਰ ਵੇ
ਬਾਬਾ ਤੇਰਾ ਚੌਧਰੀ ਘੋੜੀ ਲਿਆ ਦਿਊ ਅੱਜ ਵੇ
ਘੋੜੀਆਂ ਸੰਜੋਗੀਆਂ ਤੂੰ ਮੰਗ ਵੇ
ਬਾਬਲ ਤੇਰਾ ਚਾਵਲਾ ਘੋੜੀ ਲਿਆ ਦਿਊ ਅੱਜ ਵੇ
ਵੀਰ ਲਈ ਲਿਆਂਦੀ ਘੋੜੀ ਦਾ ਉਹ ਪੂਰਾ ਖ਼ਿਆਲ ਰੱਖਦੀ ਹੈ:
ਚੱਪੇ ਚੱਪੇ ਵੀਰਾਂ ਖੂਹ ਦੇ ਲਵਾਉਨੀ ਆਂ
ਘੋੜੀ ਤੇਰੀ ਨੂੰ ਵੀਰਾ ਜਲ ਵੇ ਛਕਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ
ਚੱਪੇ ਚੱਪੇ ਵੀਰਾਂ ਚੱਕੀ ਵੀ ਲਗਾਉਨੀ ਆਂ
ਘੋੜੀ ਤੇਰੀ ਨੂੰ ਦਾਣਾ ਵੇ ਦਲਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ
ਵੀਰਾ ਤੇਰੀ ਘੋੜੀ ਵੇ
ਘੁੰਗਰੂਆਂ ਦੀ ਜੋੜੀ ਵੇ
ਤੂੰ ਭਾਬੋ ਲਿਆਈਂ ਗੋਰੀ ਵੇ
ਜੇ ਗੋਰੀ ਨਾਜੋ ਪਤਲੀ ਪਤੰਗ ਹੋਵੇ ਤਾਂ ਨਾਲ਼ ਹੀ ਸੱਗੀਆਂ ਨਾਲ਼ ਸ਼ਿੰਗਾਰੀ ਹੋਵੇ ਤਾਂ ਉਸ ਦੇ ਰੂਪ ਨੇ ਤਾਂ ਫੱਬਣਾ ਹੀ ਹੈ:
ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ
ਵੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫ਼ੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ ਸੁਹਾਵੇ
ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ
ਉਹ ਤਾਂ ਰਾਧਾ ਵਰਗੀ ਭਾਬੋ ਦੀ ਕਾਮਨਾ ਵੀ ਕਰਦੀ ਹੈ:
ਵੇ ਵੀਰਾ ਤੇਰੀ ਨੀਲੀ ਵੇ ਘੋੜੀ
ਹਰੇ ਹਰੇ ਜੌਂ ਵੇ ਚੁੱਗੇ।
ਤਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਦਾਦਾ ਸੁਪੱਤਾ ਤੇਰੇ ਦੰਮ ਫੜੇ
ਰਾਧਾ ਵਿਆਹ ਘਰ ਆਉਣਾ ਵੇ
ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੱਧੀ ਬਾਬੇ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ
ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੰਨ੍ਹੀ ਬਾਬਲ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ
ਲਾੜੇ ਦੀ ਸਿਫ਼ਤ ਕਰਦੀਆਂ ਮੇਲਣਾਂ ਦੀ ਖ਼ੁਸ਼ੀ ਡੁਲ੍ਹ-ਡੁਲ੍ਹ ਪੈਂਦੀ ਹੈ:
ਘੋੜੀ ਸੋਂਹਦੀ ਕਾਠੀਆਂ ਦੇ ਨਾਲ਼
ਕਾਠੀ ਡੇਢ ਤੇ ਹਜ਼ਾਰ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਵਿਚ ਵਿਚ ਬਾਗਾਂ ਦੇ ਤੁਸੀਂ ਆਓ
ਚੋਟ ਨਗਾਰਿਆਂ 'ਤੇ ਲਾਓ
ਖਾਣਾ ਰਾਜਿਆਂ ਦੇ ਖਾਓ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਛੈਲ ਨਵਾਬਾਂ ਦੇ ਘਰ ਢੁਕਣਾਂ
ਸਰਦਾਰਾਂ ਦੇ ਘਰ ਢੁਕਣਾਂ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਚੀਰਾ ਤੇਰਾ ਮੱਲਾ ਵੇ ਸੋਹਣਾ
ਬਣਦਾ ਕਲਗੀਆਂ ਦੇ ਨਾਲ਼
ਕਲਗੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਕੈਂਠਾ ਤੇਰਾ ਮੱਲਾ ਵੇ ਸੋਹਣਾ
ਬਣਦਾ ਜੁਗਨੀਆਂ ਦੇ ਨਾਲ਼
ਜੁਗਨੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਜਾਮਾ ਤੇਰਾ ਵੇ ਮੱਲਾ ਸੋਹਣਾ
ਬਣਦਾ ਤਣੀਆਂ ਦੇ ਨਾਲ਼
ਤਣੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਜੁੱਤੀ ਤੇਰੀ ਵੇ ਮੱਲਾ ਸੋਹਣੀ
ਬਾਹਵਾ ਜੜੀ ਤਿੱਲੇ ਦੇ ਨਾਲ਼
ਕੇਹੀ ਸੋਹਣੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਖ਼ੁਸ਼ੀਆਂ ਨਾਲ਼ ਮਖ਼ਮੂਰ ਹੋਈ ਭੈਣ ਆਪਣੇ ਵੀਰ ਨੂੰ ਮਿਥ ਨਾਇਕ ਕਾਹਨ ਨਾਲ਼ ਮੇਚ ਕੇ ਆਪਣੀ ਪਰਿਵਾਰਕ ਵਡੱਤਣ ਦਾ ਪ੍ਰਗਟਾਵਾ ਕਰਦੀ ਹੈ:
ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ
ਜਿਉਂ ਤਾਰਿਆਂ ਦੇ ਵਿਚ ਚੰਦ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਘੋੜੀ ਚੜ੍ਹਿਆ ਦਾਦੇ ਦਾ ਪੋਤਾ ਵੇ
ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਘੋੜੀ ਚੜ੍ਹਿਆ ਭੈਣ ਦਾ ਭਾਈ ਐ ਵੇ
ਜਿਉਂ ਸੌਹਰੇ ਘਰ ਜਮਾਈ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਮਾਂ ਦਾਦੀ ਲਈ ਪੁੱਤ ਪੋਤੇ ਦੇ ਵਿਆਹ ਦਾ ਦਿਨ ਸੁਲੱਖਣਾ ਅਤੇ ਨਾ ਭੁੱਲਣ ਵਾਲ਼ਾ ਹੁੰਦਾ ਹੈ ਉਹ ਚਾਈਂ-ਚਾਈਂ ਸ਼ਗਨ ਮਨਾਉਂਦੀਆਂ ਹਨ:
ਹਰੇ ਹਰੇ ਜੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਨ ਚੜ੍ਹੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਹਰੇ ਹਰੇ ਜੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਬਾਪ ਤੇਰਾ ਤੇਰੀ ਜੰਨ ਚੜ੍ਹੇ
ਮਾਂ ਸੁਪੱਤੀ ਤੇਰੇ ਸ਼ਗਨ ਕਰੇ
ਭਾਗਾਂ ਵਾਲ਼ਿਆਂ ਦੇ ਘਰ ਹੀ ਸੁਲੱਖਣੇ ਦਿਨ ਆਉਂਦੇ ਹਨ। ਗੀਤ ਦੇ ਬੋਲ ਹਨ:
ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਮਨਾਵੇ
ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ
ਮਾਮੀ ਸ਼ਗਨ ਮਨਾਵੇ
ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਜੀਜੇ ਦੇ ਮਨ ਚਾਅ
ਭੈਣ ਸ਼ਗਨ ਮਨਾਵੇ
ਜੰਨ ਚੜ੍ਹਨ ਤੋਂ ਪਹਿਲਾਂ ਦੇ ਸ਼ਗਨ ਮਨਾ ਕੇ ਲਾੜਾ ਖੇੜੇ ਨੂੰ ਨਮਸਕਾਰ ਕਰਕੇ ਜੰਜ ਚੜ੍ਹ ਜਾਂਦਾ ਹੈ ਤੇ ਖੇੜਾ ਉਸ ਨੂੰ ਅਸੀਸਾਂ ਦੇਂਦਾ ਹੈ:
ਵੀਰ ਵਿਆਹੁਣ ਚੱਲਿਆ
ਖੇੜੇ ਨੂੰ ਕਰੇ ਸਲਾਮ
ਸਿਹਰੇ ਗੁੰਦੋ ਨੀ ਗੁੰਦ ਲਿਆਓ
ਮਾਲਣ ਸੇਹੀੜੇ
ਖੇੜੇ ਨੇ ਸੀਸਾਂ ਦਿੱਤੀਆਂ
ਤੇਰਾ ਜੀਵੇ ਬਰਖੁਰਦਾਰ
ਸਿਹਰੇ ਗੁੰਦੋ ਨੀ ਗੁੰਦ ਲਿਆਓ
ਮਾਲਣ ਸੇਹੀੜੇ
ਭੈਣਾਂ ਡੋਲ਼ੀ ਦੀ ਉਡੀਕ ਬੜੇ ਚਾਵਾਂ ਮਲ੍ਹਾਰਾਂ ਨਾਲ਼ ਕਰਦੀਆਂ ਹਨ। ਵੀਰ ਰੱਤਾ ਡੋਲ਼ਾ ਲੈ ਕੇ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਹਦੀ ਸੁਹਾਗਣ ਮਾਂ ਸ਼ੁਭ ਸ਼ਗਨਾਂ ਨਾਲ਼ ਉਨ੍ਹਾਂ ਦੀ ਆਰਤੀ ਉਤਾਰਦੀ ਹੈ। ਇਸ ਸਮੇਂ ਸਾਰੇ ਵਾਤਾਵਰਣ ਵਿਚ ਖ਼ੁਸ਼ੀਆਂ ਦੀਆਂ ਫੁਆਰਾਂ ਵਹਿ ਤੁਰਦੀਆਂ ਹਨ:
ਨਿੱਕੀ ਨਿੱਕੀ ਬੂੰਦੀਂ ਨਕਿਆਂ ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿੱਕਿਆ
ਦੰਮਾਂ ਦੀ ਬੋਰੀ ਦੇਰਾ ਬਾਬਾ ਫੜੇ
ਭੈਣ ਸੁਹਾਗਣ ਤੇਰੀ ਬਾਗ ਫੜੇ ਵੇ ਨਿੱਕਿਆ
ਪੀਲ਼ੀ ਪੀਲ਼ੀ ਦਾਲ਼ ਤੇਰੀ ਘੋੜੀ ਚਰੇ
ਪੀਲ਼ੀ ਪੀਲ਼ੀ ਦਾਲ਼ ਤੇਰੀ ਘੋੜੀ ਚਰੇ ਵੇ ਨਿੱਕਿਆ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ ਵੇ ਨਿੱਕਿਆ
ਰੱਤਾ ਰੱਤਾ ਡੋਲ਼ਾ ਮਹਿਲੀਂ ਆਣ ਬੜੇ
ਰੱਤਾ ਰੱਤਾ ਡੋਲ਼ਾ ਮਹਿਲੀਂ ਆਣ ਬੜੇ ਵੇ ਨਿੱਕਿਆ
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ
ਪਾਣੀ ਵਾਰਨ ਦੀ ਰਸਮ ਬੜੀ ਦਿਲਚਸਪ ਹੁੰਦੀ ਹੈ। ਚੰਦਨ ਚੌਕੀ 'ਤੇ ਬੰਨੇ-ਬੰਨੀ ਨੂੰ ਖੜ੍ਹਾ ਕੇ ਬੰਨੇ ਦੀ ਮਾਂ ਉਨ੍ਹਾਂ ਦੇ ਸਿਰਾਂ ਤੋਂ ਪਾਣੀ ਦੀ ਗੜਵੀ ਵਾਰ ਕੇ ਪਾਣੀ ਦੀਆਂ ਘੁੱਟਾ ਭਰਦੀ ਹੈ... ਗੀਤ ਦੇ ਬੋਲ ਉਭਰਦੇ ਹਨ:
ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਬਾਹਰ ਖੜਾ
ਬੰਨਾ ਆਪਣੀ ਬੰਨੋ ਦੇ ਚਾਅ
ਬੰਨਾ ਬਾਹਰ ਖੜਾ
ਪਾਣੀ ਵਾਰ ਬੰਨੇ ਦੀਏ ਮਾਏਂ
ਨੀ ਬੰਨਾ ਬਾਹਰ ਖੜਾ
ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ
ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਬਾਹਰ ਖੜਾ
'ਘੋੜੀਆਂ' ਨਿਰੀਆਂ ਤੁਕਬੰਦ ਰਚਨਾਵਾਂ ਨਹੀਂ। ਇਨ੍ਹਾਂ ਵਿਚ ਵਰਤੀ ਸ਼ਬਦਾਵਲੀ, ਰੂਪਕ, ਅਲੰਕਾਰ ਅਤੇ ਤਸ਼ਬੀਹਾਂ ਇਨ੍ਹਾਂ ਨੂੰ ਮਾਣਨ ਯੋਗ ਕਾਵਿ ਦਾ ਦਰਜਾ ਦੁਆਉਂਦੇ ਹਨ। ਇਹ ਸੰਵੇਦਨਸ਼ੀਲ ਗੁਮਨਾਮ ਸੁਆਣੀਆਂ ਦੀਆਂ ਕਾਵਿ ਮਈ ਰਚਨਾਵਾਂ ਹਨ ਜੋ ਸਰੋਤਿਆਂ ਨੂੰ ਸੁਹਜਆਤਮਕ ਆਨੰਦ ਪ੍ਰਦਾਨ ਕਰਕੇ ਸਰਸ਼ਾਰ ਕਰ ਦੇਂਦੀਆਂ ਹਨ। ਇਹ ਪੰਜਾਬੀ ਲੋਕ ਗੀਤਾਂ ਦਾ ਅਮੁੱਲ ਅੰਗ ਹਨ।