ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ/ਕੁੜਮ ਬੈਟਰੀ ਵਰਗਾ

ਵੇ ਅੱਜ ਦੀ ਘੜੀ
ਬੀਬੀ ਕਿੱਥੋਂ ਲਿਆਮਾਂ ਜ਼ੋਰੋ
ਉਹਨੂੰ ਜੰਮੀ ਆ ਕੁੜੀ
ਦੇਮਾਂ ਸੁੰਢ ਤੇ ਜਮੈਣ
ਨਾਲ਼ੇ ਲੌਂਗਾਂ ਦੀ ਪੁੜੀ
ਕੁੜਮਾਂ ਕੱਲੜਾ ਕਿਉਂ ਆਇਆ
ਵੇ ਤੂੰ ਅੱਜ ਦੀ ਘੜੀ

65.
ਕੁੜਮ ਚਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ
ਮੁੜ ਕੇ ਨੀ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਕਰਦੂੰ ਗਾ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

66.
ਸਭ ਗੈਸ ਬੁਝਾ ਦਿਓ ਜੀ
ਕੁੜਮ ਬੈਟਰੀ ਵਰਗਾ
ਕੋਈ ਕੰਡਾ ਕਢਾ ਲੋ ਜੀ
ਕੁੜਮ ਮੋਚਨੇ ਵਰਗਾ
ਕੋਈ ਬਾੜ ਗਡਾ ਲੋ ਜੀ
ਕੁੜਮ ਗੰਦਾਲੇ ਵਰਗਾ

67.
ਕੁੜਮਾਂ ਨੂੰ ਖਲ਼ ਕੁੱਟ ਦਿਓ ਜੀ
ਜੀਹਨੇ ਧੌਣ ਪੱਚੀ ਸੇਰ ਖਾਣਾ
ਸਾਨੂੰ ਪੂਰੀਆਂ ਵੇ
ਜਿਨ੍ਹਾਂ ਮੁਸ਼ਕ ਲਏ ਰੱਜ ਜਾਣਾ

68.
ਮੇਰੀ ਹਾਜ਼ਰੀ ਰੱਬਾ
ਮੋਠਾਂ ਨੂੰ ਲੱਗੀਆਂ ਨੌਂ ਫ਼ਲੀਆਂ
ਮੇਰੀ ਹਾਜ਼ਰੀ ਰੱਬਾ
ਕੁੜਮਾਂ ਦੇ ਜੰਮੀਆਂ ਨੌਂ ਕੁੜੀਆਂ
ਮੇਰੀ ਹਾਜ਼ਰੀ ਰੱਬਾ
ਨਾ ਮੰਗੀਆਂ ਨਾ ਟੰਗੀਆਂ
ਮੇਰੀ ਹਾਜ਼ਰੀ ਰੱਬਾ
ਨਾ ਮੰਗੀਆਂ ਨਾ ਟੰਗੀਆਂ
ਨਾ ਸਾਨੂੰ ਦਿੱਤੀਆਂ
ਮੇਰੀ ਹਾਜ਼ਰੀ ਰੱਬਾ
ਪਾ ਕੇ ਭੜੋਲੇ ਵਿਚ ਮੁੰਦ ਦਿੱਤੀਆਂ
ਵੇ ਮੇਰੀ ਹਾਜ਼ਰੀ ਰੱਬਾ
ਨੌਆਂ ਨੂੰ ਦਿੱਤੀਆਂ ਨੌਂ ਚੁੰਨੀਆਂ
ਵੇ ਮੇਰੀ ਹਾਜ਼ਰੀ ਰੱਬਾ

69.
ਕੁੜਮ ਜੁ ਚਲਿਆ ਦੂਣੀ ਨੀ
ਬਰਜੰਗ ਬਜਾ ਲੈ
ਜੋਰੋ ਪਾ ਲਈ ਗੂਣੀਂ ਨੀ
ਬਰਜੰਗ ਬਜਾ ਲੈ
ਗੂਣਾਂ ਪਾਟਣ ਆਈਆਂ ਨੀ
ਬਰਜੰਗ ਬਜਾ ਲੈ
ਸ਼ਾਬਾ ਨੀ ਬਰਜੰਗ ਬਜਾ ਲੈ
ਰੜੇ ਲਿਆ ਪਟਕਾਈਆਂ ਨੀ
ਬਰਜੰਗ ਬਜਾ ਲੈ
ਨਾਲ਼ੇ ਰੋਵੇ ਨਾਲ਼ੇ ਦੱਸੇ ਨੀ
ਬਰਜੰਗ ਬਜਾ ਲੈ
ਸ਼ਾਬਾ ਨੀ ਬਰਜੰਗ ਬਜਾ ਲੈ

70.
ਵੇ ਜੋਰੋ ਤੇਰੀ ਕੁੜਮਾ
ਕਰਦੀ ਪਾਣੀ ਪਾਣੀ

ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਓਹੋ ਲਿਆਵੇ ਪਾਣੀ
ਨੀ ਸਰ ਸੁੱਕਗੇ ਨਖਰੋ
ਕਿੱਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿਚ ਰਾਹਾਂ ਦੇ ਪਾਣੀ

ਵੇ ਜੋਰੋ ਤੇਰੀ ਕੁੜਮਾਂ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁੱਕਗੇ ਨਖਰੋ
ਕਿੱਥੋਂ ਲਿਆਵਾਂ ਡੇਲੇ

71.
ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਮਿਰਚਾਂ ਦੀ ਲੱਪ ਪਵਾ ਲੈ
ਵੇ ਕੁਛ ਫੈਦਾ ਹੋ ਜੂ

ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਬਿੱਲੀ ਦੀ ਪੂਛ ਫਰਾ ਲੈ ਵੇ
ਕੁਛ ਫੈਦਾ ਹੋ ਜੂ

ਮੋਗੇ ਲਾਜ ਕਰਾ ਲੈ ਵੇ
ਕੁਛ ਫੈਦਾ ਹੋ ਜੂ

72.
ਕੁੜਮ ਜੁ ਚੜ੍ਹ ਆਇਆ ਜੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਮਗਰੇ ਹੀ ਚੜ੍ਹ ਆਈ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਜੇ ਤੇਰੀ ਮੁੜ ਆਵੇ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਸਾਡੇ ਪੀਰਾਂ ਫ਼ਕੀਰਾਂ ਨੂੰ ਮੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ

73.
ਸੁਣਿਆਂ ਨੀ ਮਾਸੜ ਦੇ ਪਿੱਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ
ਪਿੰਸੂ ਕਮਲ਼ਾ ਦੀਵਾਨਾ
ਕੁੜਮ ਦੀ ਗੋਗੜ ਉੱਤੇ ਚੜ੍ਹਿਆ
ਹਾਂ ਜੀ ਹਾਂ ਗੋਗੜ 'ਤੇ ਚੜ੍ਹਿਆ
ਓਥੇ ਬੜੀ ਰੇਲ ਚੱਲੀ
ਓਥੇ ਬੜਾ ਤਮਾਸ਼ਾ ਹੋਇਆ
ਓਥੇ ਵੇਖਣ ਲੋਕ ਆਇਆ
ਨੀ ਕਹਿੰਦੇ ਪਿੰਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ