ਵਿਆਹ ਦੇ ਗੀਤ/ਸੁਹਾਗ
ਸੁਹਾਗ
ਵਿਆਹ ਦਾ ਅਵਸਰ ਪੰਜਾਬੀਆਂ ਲਈ ਅਦੁੱਤੀ ਮਹੌਤਤਾ ਰੌਖਦਾ ਹੈ। ਇਹ ਉਨ੍ਹਾਂ ਦੀ ਜਿੰਦਗੀ ਵਿਚ ਕਈ ਪ੍ਰਕਾਰ ਦੀਆਂ ਮਾਨਸਿਕ ਰਾਹਤਾਂ ਅਤੇ ਰੰਗੀਨੀਆਂ ਲੈ ਕੇ ਆਉਂਦਾ ਹੈ। ਇਸ ਲਈ ਸਮੂਹ ਪੰਜਾਬੀ ਵਿਆਹ ਦੇ ਅਵਸਰ ਨੂੰ ਬੜੀ ਤੀਬਰਤਾ ਨਾਲ ਉਡੀਕਦੇ ਹਨ। ਵਿਆਹ ਕਿਸੇ ਦੇ ਘਰ ਹੁੰਦਾ ਹੈ ਚਾਅ ਸਾਰੇ ਸ਼ਰੀਕੇ ਨੂੰ ਚੜ੍ਹ ਜਾਂਦਾ ਹੈ। ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸਿਰਜਿਆ ਜਾਂਦਾ ਹੈ। ਵਿਆਹ ਦੀਆਂ ਵੱਖ-ਵੱਖ ਰੀਤਾਂ ਸਮੇਂ ਗਾਏ ਜਾਂਦੇ ਲੋਕ ਗੀਤ ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ ਅਤੇ ਛੰਦ ਪਰਾਗੇ ਆਦਿ ਗੀਤ ਵਿਆਹ ਸਮਾਗਮਾਂ ਵਿਚ ਖ਼ੁਸ਼ੀਆਂ ਖੇੜਿਆਂ ਅਤੇ ਮੌਜ ਮਸਤੀ ਦਾ ਸੰਚਾਰ ਕਰਦੇ ਹਨ।
ਸੁਹਾਗ ਅਤੇ ਘੋੜੀਆਂ ਵਿਆਹ ਦੇ ਪ੍ਰਮੁੱਖ ਲੋਕ-ਗੀਤ ਹਨ। ਧੀ ਵਾਲੇ ਘਰ ਸੁਹਾਗ ਗਾਏ ਜਾਂਦੇ ਹਨ ਅਤੇ ਮੁਡੇ ਵਾਲੇ ਘਰ ਘੋੜੀਆਂ ਗਾਉਣ ਦੀ ਪਰੰਪਰਾ ਹੈ। ਵਿਆਹ ਵਾਲੇ ਦਿਨ ਤੋਂ ਇਕ ਮਹੀਨਾ ਪਹਿਲਾਂ ਮੁੰਡੇ ਕੁੜੀ ਦੇ ਘਰਾਂ ਵਿਚ ਗਾਉਣ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਗਾਉਣ ਬਠਾਉਣਾ ਆਖਦੇ ਹਨ। ਰਾਤ ਸਮੇਂ ਤੀਵੀਆਂ ਵਿਆਹ ਵਾਲ਼ੇ ਘਰ ਆ ਕੇ ਘੋੜੀਆਂ ਤੇ ਸੁਹਾਗ ਗਾ ਕੇ ਕੋਈ ਸਮਾਂ ਬੰਨ੍ਹ ਦੇਂਦੀਆਂ ਹਨ। ਆਮ ਕਰਕੇ ਜਨਾਨੀਆਂ ਇਹ ਗੀਤ ਜੋਟੇ ਬਣਾ ਕੇ ਲੰਬੀ ਹੇਕ ਨਾਲ ਗਾਉਂਦੀਆਂ ਹਨ। ਕਈ ਵਾਰ ਸਮੂਹਿਕ ਰੂਪ ਵਿਚ ਗਾ ਲੈਂਦੀਆਂ ਹਨ। ਇਨ੍ਹਾਂ ਤੋਂ ਬਿਨਾਂ ਹੋਰ ਗੀਤ ਵੀ ਵੱਖ-ਵੱਖ ਰੀਤਾਂ ਸਮੇਂ ਗਾਏ ਜਾਂਦੇ ਹਨ ਜਿਨ੍ਹਾਂ ਨੂੰ ਸ਼ਗਨਾਂ ਦੇ ਗੀਤ ਆਖਦੇ ਹਨ।
ਸੁਹਾਗ ਔਰਤਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਨ ਵਾਲੇ ਗੀਤ ਹਨ। ਮੂਲ ਰੂਪ ਵਿਚ ਪੰਜਾਬੀ ਸਭਿਆਚਾਰ ਕਿਸਾਨੀ ਸਭਿਆਚਾਰ ਹੈ। ਮਰਦ ਦੀ ਸਰਦਾਰੀ ਕਾਰਨ ਔਰਤ ਸਦੀਆਂ ਤੋਂ ਦਬੀ ਰਹੀ ਹੈ- ਪੇਕੇ ਘਰ ਵਿਚ ਉਸ ਨੂੰ ਕਈ ਇਕ ਪਰਿਵਾਰਕ ਅਤੇ ਸਮਾਜਿਕ ਬੰਦਸ਼ਾਂ ਵਿਚ ਰਹਿਣਾ ਪੈਂਦਾ ਹੈ ਉਹ ਆਪਣੇ ਮਨ ਦੀ ਗੱਲ ਖੋਹਲ ਕੇ ਨਾ ਆਪਣੇ ਬਾਬਲ ਨਾਲ਼ ਕਰ ਸਕਦੀ ਹੈ ਨਾ ਪਰਿਵਾਰ ਦੇ ਹੋਰ ਜੀਆਂ ਨਾਲ। ਸਹੁਰੇ ਘਰ ਵਿਚ ਵੀ ਉਸ ਨੂੰ ਸੈਆਂ ਸਮਾਜੀ ਬੰਦਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਆਹ ਦੇ ਅਵਸਰ 'ਤੇ ਗਾਏ ਜਾਂਦੇ ਸੁਹਾਗ ਗੀਤ ਉਸ ਨੂੰ ਆਪਣੇ ਦਿਲ ਦੀ ਦਾਸਤਾਨ ਬਿਆਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਨ੍ਹਾਂ ਦੀ ਸਿਰਜਣਾ ਔਰਤ ਨੇ ਆਪ ਕੀਤੀ ਹੈ। ਇਹ ਸੰਬੋਧਨੀ ਗੀਤ ਹਨ ਜਿਨ੍ਹਾਂ ਵਿਚ ਧੀ ਆਪਣੇ ਮਨ ਦੀ ਗੱਲ ਕਹਿਣ ਲਈ ਆਪਣੀ ਮਾਂ ਜਾਂ ਦਾਦੀ ਨੂੰ ਸੰਬੋਧਿਤ ਹੁੰਦੀ ਹੈ ਅਤੇ ਆਪਣੇ ਵਰ, ਸਹੁਰਾ ਪਰਿਵਾਰ, ਦਾਜ ਦਹੇਜ ਅਤੇ ਹੋਰ ਲਾਭ ਯੁਕਤ ਕਾਰਜਾਂ ਲਈ ਆਪਣੇ ਦਾਦੇ, ਬਾਬਲ, ਭਰਾ ਅਤੇ ਮਾਮੇ ਨੂੰ ਮੁਖ਼ਾਤਿਬ ਹੋ ਕੇ ਆਪਣੀਆਂ ਭਾਵਨਾਵਾਂ ਅਤੇ ਇਛਾਵਾਂ ਦਾ ਇਜ਼ਹਾਰ ਕਰਦੀ ਹੈ।
ਮੱਧ ਕਾਲ ਤੋਂ ਹੀ ਧੀ ਦਾ ਜਨਮ ਪੰਜਾਬੀ ਸਮਾਜ ਲਈ ਬਦਸ਼ਗਨਾ ਮੰਨਿਆ ਜਾਂਦਾ ਰਿਹਾ ਹੈ। ਮੁੰਡੇ ਦੇ ਜਨਮ ਦੀ ਖ਼ਬਰ ਸੁਣਨ ਦੀ ਥਾਂ ਕੁੜੀ ਦੇ ਜਨਮ ਦੀ ਕਨਸੋ ਸੁਣ ਕੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਜਾਂਦੀ ਹੈ:
ਨੱਤੀਆਂ ਘੜਾਈਆਂ ਰਹਿ ਗੀਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ
ਸਭ ਚਾਅ ਮਧੋਲੇ ਜਾਂਦੇ ਹਨ। ਪੰਜਾਬ ਦੀ ਧੀ ਜਿਸ ਨੂੰ ਸਦਾ ‘ਪਰਾਇਆ ਧਨ’ ਆਖ ਕੇ ਦੁਰਕਾਰਿਆ ਜਾਂਦਾ ਰਿਹਾ ਹੈ ਆਪਣੇ ਜਨਮ ਕਾਰਨ ਪੈਦਾ ਹੋਏ ਪਰਿਵਾਰ ਦੇ ਸੋਗੀ ਮਾਹੌਲ ਨੂੰ ਸਹਿਜ ਕਰਨ ਲਈ ਬੜੇ ਦਰਦੀਲੇ ਬੋਲਾਂ ਨਾਲ ਸੁਹਾਗ ਦੇ ਬੋਲ ਬੋਲਦੀ ਹੈ:
ਬੀਬੀ ਦਾ ਜਰਮਿਆ
ਬੀਬੀ ਦੇ ਬਾਬਲ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਲਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ
ਉਨ੍ਹਾਂ ਸਮਿਆਂ ਵਿਚ ਪੰਜਾਬ ਦੀ ਆਰਥਕ ਹਾਲਤ ਬਹੁਤੀ ਚੰਗੀ ਨਹੀਂ ਸੀ। ਸਿੰਜਾਈ ਦੇ ਸਾਧਨ ਸੀਮਤ ਸਨ- ਮਾਰੂ ਜ਼ਮੀਨਾਂ... ਬਾਰਸ਼ਾਂ ਤੇ ਬਹੁਤਾ ਨਿਰਭਰ ਸੀ... ਮਾੜੇ ਆਰਥਿਕ ਹਾਲਾਤ ਕਾਰਨ ਧੀਆਂ ਦੀ ਪਰਵਰਿਸ਼ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਜਦੋਂ ਧੀ ਰੁਲ-ਖੁਲ਼ ਕੇ ਮੁਟਿਆਰ ਹੋ ਜਾਣੀ... ਮਾਪਿਆਂ ਨੂੰ ਉਹਨੂੰ ਦਰੋਂ ਤੋਰਨ ਦਾ ਸੰਸਾ ਲੱਗ ਜਾਣਾ ... ਦਾਜ ਦਹੇਜ ਤੇ ਬਰਾਤ ਦੀ ਸਾਂਭ ਸੰਭਾਲ ਦੇ ਖ਼ਰਚੇ ਦਾ ਫ਼ਿਕਰ ਉਨ੍ਹਾਂ ਦੀ ਨੀਂਦ ਉਡਾ ਦੇਂਦਾ। ਧੀ ਲਈ ਵਰ ਦੀ ਭਾਲ ਸ਼ੁਰੂ ਹੋ ਜਾਣੀ। ਇਸ ਸਬੰਧੀ ਧੀਆਂ ਦੀ ਕੋਈ ਰਾਏ ਨਹੀਂ ਸੀ ਲੈਂਦਾ। ਦਾਦਾ, ਬਾਬਲ, ਭਰਾ ਤੇ ਮਾਮਾ ਜਿਹੋ ਜਿਹੇ ਪਰਿਵਾਰ ਦਾ ਮਾੜਾ ਚੰਗਾ ਵਰ ਲੱਭ ਲੈਂਦੇ, ਉਹ ਉਨ੍ਹਾਂ ਦੀ ਚੋਣ ਅੱਗੇ ਆਪਣੀ ਧੌਣ ਨਿਵਾ ਦੇਂਦੀ। ਕਈ ਵਾਰ ਨਾਈ ਅਤੇ ਪਾਂਧੇ ਵੀ ਕੁੜੀ ਦਾ ਰਿਸ਼ਤਾ ਜੋੜ ਆਉਂਦੇ। ਧੀਆਂ ਦੇ ਵੀ ਆਪਣੇ ਅਰਮਾਨ ਹਨ, ਭਾਵਨਾਵਾਂ ਹਨ ਭਾਵੇਂ ਉਹ ਖੁਲ੍ਹ ਕੇ ਆਪਣੇ ਦਿਲ ਦੀ ਗੱਲ ਨਹੀਂ ਸੀ ਕਰ ਸਕਦੀਆਂ ਪਰੰਤੂ ਉਹ ਆਪਣੇ ਵਰ ਅਤੇ ਸਹੁਰੇ ਪਰਿਵਾਰ ਦੀ ਚੋਣ ਸਬੰਧੀ ਚਾਹਤ ਦਾ ਪ੍ਰਗਟਾਵਾ ਸੁਹਾਗ ਗੀਤਾਂ ਦੇ ਮਾਧਿਅਮ ਰਾਹੀਂ ਕਰ ਲੈਂਦੀਆਂ ਸਨ:
ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇੱਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਬੱਜਣ ਲੱਗੀ ਬੰਸਰੀ
ਕੂਕਣ ਲੱਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲ਼ੇ ਜੇਹੀੜੇ ਕੋਈ ਹੋਰ ਵੇ
ਗੋਰੇ ਤੇ ਛੈਲ ਛਬੀਲੇ ਵਰ ਦੀ ਚਾਹਤ ਉਪਰੰਤ ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦਾ ਸਹੁਰਾ ਪਰਿਵਾਰ ਪਰੀ ਪੂਰਨ ਅਤੇ ਰੱਜਿਆ ਪੁੱਜਿਆ ਹੋਵੇਂ:
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸ ਭਲੀ ਪਰਧਾਨ
ਤੇ ਸਹੁਰਾ ਥਾਣੇਦਾਰ ਹੋਵੇ
ਸੱਸ ਨੂੰ ਸੱਦਣ ਸ਼ਰੀਕਣੀਆਂ
ਸਹੁਰਾ ਕਚਹਿਰੀ ਦਾ ਮਾਲਕ
ਬਾਬਲ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸੂ ਦੇ ਬਾਹਲੜੇ ਪੁੱਤ
ਬਾਬਲਾ ਤੇਰਾ ਪੁੰਨ ਹੋਵੇ
ਇਕ ਮੰਗਦੀ ਇਕ ਵਿਆਂਮਦੀ
ਮੈਂ ਸ਼ਾਦੀਆਂ ਵੇਖਾਂਗੀ ਨਿੱਤ
ਬਾਬਲ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਕਾਲ਼ੀਆਂ ਬੂਰੀਆਂ ਸੱਤ
ਮੈਂ ਇਕ ਚੋਮਦੀ ਇਕ ਜਮਾਂਮਦੀ
ਮੇਰਾ ਚਾਟੀਆਂ ਦੇ ਵਿਚ ਹੱਥ
ਬਾਬਲ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਘਾੜਤ ਘੜੇ ਸੁਨਿਆਰ
ਮੈਂ ਇਕ ਪਾਮਦੀ ਇਕ ਲਾਂਹਮਦੀ
ਮੇਰਾ ਡੱਬਿਆਂ ਦੇ ਵਿਚ ਹੱਥ
ਬਾਬਲ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਦਰਜ਼ੀ ਸੀਵੇ ਪਟ
ਇਕ ਪਾਮਾਂ ਇਕ ਰੰਗਾਮਾਂ
ਵੇ ਮੇਰਾ ਸੰਦੂਖਾਂ ਦੇ ਵਿਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਤੇਰਾ ਹੋਵੇ ਵੱਡੜਾ ਜੱਸ
ਬਾਬਲ ਤੇਰਾ ਪੁੰਨ ਹੋਵੇ
ਉਹ ਇਹ ਵੀ ਲੋਚਦੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਿਚ ਸੱਸ ਸਹੁਰੇ ਤੋਂ ਇਲਾਵਾ ਜੇਠ-ਜਠਾਣੀ ਅਤੇ ਨਣਦ-ਨਣਦੋਈਆ ਵੀ ਹੋਣ:
ਉਰੋ ਨਾ ਟੋਲ਼ੀਂ ਬਾਬਾ ਪਰੇ ਨਾ ਟੋਲ਼ੀਂ
ਟੋਲ਼ੀਂ ਵੇ ਬਾਬਾ ਧੁਰ ਜਗਰਾਵੀਂ
ਸੱਸ ਵੀ ਟੋਲ਼ੀਂ ਬਾਬਾ ਸਹੁਰਾ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ,
ਸੱਸ ਵੀ ਟੋਲ਼ੀ ਬੀਬੀ ਸਹੁਰਾ ਵੀ ਟੋਲ਼ਿਆ ਨੀ
ਟੋਲ਼ਿਆ ਨੀ ਸਭ ਪਰਿਵਾਰੇ
ਜੇਠ ਵੀ ਟੋਲ਼ੀਂ ਬਾਬਾ ਜਠਾਣੀ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ
ਜੇਠ ਵੀ ਟੋਲ਼ਿਆ ਬੀਬੀ ਜਠਾਣੀ ਵੀ ਟੋਲ਼ੀ ਨੀ
ਟੋਲ਼ਿਆ ਨੀਂ ਸਭ ਪਰਿਵਾਰੇ
ਨਣਦ ਵੀ ਟੋਲ਼ੀਂ ਬਾਬਾ ਨਣਈਆ ਵੀ ਟੋਲ਼ੀਂ
ਟੋਲ਼ੀਂ ਸਭ ਪਰਿਵਾਰੇ,
ਨਣਦੀ ਵੀ ਟੋਲ਼ੀ ਬੀਬੀ ਨਣਦੋਈਆ ਵੀ ਟੋਲ਼ਿਆ ਨੀ
ਟੋਲ਼ਿਆ ਨੀ ਸਭ ਪਰਿਵਾਰੇ
ਉਹ ਇਹ ਵੀ ਲੋਚਦੀ ਹੈ ਕਿ ਉਹਦਾ ਸਹੁਰਾ ਪਿੰਡ ਉਹਦੇ ਪੇਕੇ ਪਿੰਡ ਤੋਂ ਬਹੁਤਾ ਦੂਰ ਨਾ ਹੋਵੇ। ਉਨ੍ਹਾਂ ਵੇਲਿਆਂ ਵਿਚ ਆਵਾਜਾਈ ਦੇ ਸਾਧਨ ਸੀਮਤ ਸਨ। ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ ਨਦੀਆਂ ਨਾਲ਼ਿਆਂ 'ਤੇ ਕੋਈ ਪੁਲ਼ ਨਹੀਂ- ਦੁਸ਼ਵਾਰ ਰਾਹਾਂ ਕਾਰਨ ਸਹੁਰੀਂ ਬੈਠੀ ਧੀ ਨੂੰ ਵਰ੍ਹਿਆਂ ਬੱਧੀ ਕੋਈ ਮਿਲਣ ਨਹੀਂ ਸੀ ਜਾਂਦਾ- ਵਿਚਾਰੀ ਝੂਰਦੀ ਰਹਿੰਦੀ ਇਸੇ ਲਈ ਉਹ ਆਪਣੇ ਬਾਬਲ ਨੂੰ ਬਹੁਤੀ ਦੂਰ ਰਿਸ਼ਤਾ ਕਰਨ ਤੋਂ ਹੋੜਦੀ ਹੈ:
ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀ ਨੀਂਦ ਨਾ ਆਵੇ
ਪੇਕਿਆਂ ਤੋਂ ਬਹੁਤੀ ਦੂਰ ਮਜਬੂਰੀ ਵਸ ਰਿਸ਼ਤਾ ਕਰਨ ਲਈ ਉਹ ਆਪਣੇ ਬਾਬਲ ਅਤੇ ਭਰਾ ਦੀ ਚੋਣ 'ਤੇ ਸਹੀ ਪਾ ਦੇਂਦੀ ਹੈ:
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ
ਜੀਹਨੇ ਵਰ ਟੋਲ਼ਿਆ ਨੀ ਦੂਰੇ
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਵੀਰਨ ਮੇਰਾ ਰਾਜੇ ਦਾ ਨੌਕਰ
ਜੀਹਨੇ ਵਰ ਟੋਲ਼ਿਆ ਨੀ ਦੂਰੇ
ਕੋਈ ਮੁਟਿਆਰ ਨਹੀਂ ਚਾਹੁੰਦੀ ਕਿ ਉਸ ਦਾ ਘਰ ਵਾਲ਼ਾ ਸਰੀਰਕ ਪੱਖੋਂ ਊਣਾ ਹੋਵੇ। ਕਾਣੇ ਅਤੇ ਕਾਲ਼ੇ ਵਰ ਦੀ ਚੋਣ 'ਤੇ ਉਹ ਬਿਟਰ ਜਾਂਦੀ ਹੈ:
ਤੂੰ ਰਤਨ ਵਰਿੱਕ ਲੈ ਨੀ ਮੇਰੀ ਬੀਬੀ
ਤੋਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲ਼ਾ ਏ ਵੇ ਮੇਰਿਆ ਬਾਬਾ
ਤੂੰ ਰਤਨ ਵਰਿੱਕ ਲੈ ਨੀ ਮੇਰੀਏ ਧੀਏ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਣਾ ਏ ਵੇ ਮੇਰਿਆ ਬਾਬਾ
ਜਦੋਂ ਉਸ ਨੂੰ ਆਪਣੇ ਮਨ ਪਸੰਦ ਦਾ ਵਖਤਾਵਰ, ਕ੍ਰਿਸ਼ਨ ਘਣਈਏ ਅਤੇ ਸਿਰੀ ਰਾਮ ਜਿਹਾ ਛੈਲ ਛਬੀਲਾ ਵਰ ਪ੍ਰਾਪਤ ਹੋ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਹਿੰਦਾ। ਜਿੱਥੇ ਉਹ ਆਪਣੇ ਪਿਤਾ ਦੀ ਚੋਣ 'ਤੇ ਵਾਰੇ-ਵਾਰੇ ਜਾਂਦੀ ਹੈ ਉੱਥੇ ਉਹ ਆਪਣੇ ਦਿਲ ਜਾਨੀ ਲਈ ਸੈਆਂ ਖ਼ਾਤਰਾਂ ਕਰਦੀ ਹੈ:
ਬੀਬੀ ਦਾ ਬਾਬਲ ਚਤਰ ਸੁਣੀਂਦਾ
ਪਰਖ ਵਰ ਟੋਲ਼ਿਆ
ਕਾਗਤਾਂ ਦਾ ਲਖਊਆ
ਰੁਪਈਆ ਉਹਦਾ ਰੋਜ਼ ਦਾ
ਦਿੱਲੀ ਦਾ ਏ ਰਾਜਾ
ਮੁਹੱਲੇ ਦਾ ਚੌਧਰੀ
ਹਾਥੀ ਤਾਂ ਝੂਲਣ ਉਹਦੇ ਬਾੜੇ
ਘੋੜੇ ਤਾਂ ਹਿਣਕਣ ਧੌਲਰੀਂ
ਬੀਬੀ ਦਾ ਬਾਬਲ ਚਤੁਰ ਸੁਣੀਂਦਾ
ਪਰਖ ਵਰ ਟੋਲ਼ਿਆ
ਮਨ ਦਾ ਮੀਤ ਉਹਦੀ ਨੀਂਦ ਉਡਾ ਕੇ ਲੈ ਜਾਂਦਾ ਹੈ:
ਉੱਠ ਸਵੇਰੇ ਮੈਂ ਪਾਂਧੇ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸਾਹਾ ਸਧਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ
ਉੱਠ ਸਵੇਰੇ ਮੈਂ ਦਰਜ਼ੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣ ਨਾ ਦੇਵੇ
ਨੰਦ ਜੀ ਦੀ ਬੰਸਰੀ
ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣ ਨਾ ਦੇਵੇ
ਨੰਦ ਜੀ ਦੀ ਬੰਸਰੀ
ਧੀ ਦੇ ਵਿਆਹ ਦੇ ਕਾਰਜ ਨੂੰ ਪਵਿੱਤਰ ਤੇ ਪੁੰਨ ਵਾਲ਼ਾ ਕਾਰਜ ਸਮਝਿਆ ਜਾਂਦਾ ਸੀ। ਓਦੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਨਹੀਂ ਸੀ ਹੋਈ ਪੰਡਤ-ਪਾਧੇ ਬੇਦੀ ਦੇ ਦੁਆਲੇ ਲਾੜਾ ਲਾੜੀ ਦੀਆਂ ਭੁਆਂਟਣੀਆਂ ਦੇ ਕੇ ਇਹ ਰਸਮ ਅਦਾ ਕਰਦੇ ਸਨ। ਇਸ ਰਸਮ ਨੂੰ ਸਾਹਾ ਸਧਾਉਣ ਦੀ ਰਸਮ ਕਹਿੰਦੇ ਸਨ। ਇਸ ਬਦਲੇ ਪੰਡਤ ਪਾਂਧੇ ਨੂੰ ਗਊਆਂ ਦਾਨ ਵਜੋਂ ਦੇਣ ਦਾ ਰਿਵਾਜ ਸੀ ਤੇ ਧੀਆਂ ਦੇ ਦਾਨ ਜਮਾਈ ਲੈਂਦੇ ਸਨ:
ਬੇਦੀ ਦੇ ਅੰਦਰ ਮੇਰਾ ਬਾਬਾ ਬੁਲਾਵੇ
ਸੱਦਿਆਂ ਬਾਝ ਕਿਉਂ ਨੀ ਆਉਂਦਾ
ਵੇ ਰੰਗ ਰਤੜਿਆ ਕਾਨ੍ਹਾਂ
ਗਊਆਂ ਦੇ ਦਾਨ ਪਾਂਧੇ ਪੰਡਤ ਲੈਂਦੇ
ਧੀਆਂ ਦੇ ਦਾਨ ਜਮਾਈ
ਵੇ ਰੰਗ ਰਤੜਿਆ ਕਾਨ੍ਹਾਂ
ਦਿੱਤੜੇ ਦਾਨ ਕਿਉਂ ਨੀ ਲੈਂਦਾ
ਵੇ ਰੰਗ ਰਤੜਿਆ ਕਾਨ੍ਹਾਂ
ਵਿਆਹ ਜਾਤ ਬਰਾਦਰੀ ਵਿਚ ਹੀ ਕੀਤੇ ਜਾਂਦੇ ਸਨ! ਉੱਚ ਜਾਤੀ ਦੇ ਲੋਕ ਨਿਮਨ ਜਾਤੀ ਦੀ ਧੀ ਨਾਲ਼ ਵਿਆਹ ਨਹੀਂ ਸੀ ਕਰਵਾਉਂਦੇ। ਬੋਪਾਂ ਨਾਂ ਦਾ ਇਕ ਬੜਾ ਹਰਮਨ ਪਿਆਰਾ ਸੁਹਾਗ ਗੀਤ ਹੈ ਜਿਸ ਵਿਚ ਰਣ ਸਿੰਘ ਨਾਂ ਦਾ ਉੱਚ ਜਾਤੀ ਦਾ ਗਭਰੂ ਪਾਣੀ ਭਰਨ ਗਈ ਬੋਪਾਂ ਦਾ ਪਲੜਾ ਚੁੱਕ ਦੇਂਦਾ ਹੈ ਤੇ ਬੋਪਾਂ ਆਪਣੇ ਆਪ ਨੂੰ ਨੀਵੀਂ ਜਾਤ ਦੀ ਆਖ ਕੇ ਆਪਣਾ ਖਹਿੜਾ ਛੁਡਾ ਲੈਂਦੀ ਹੈ। ਜਦੋਂ ਰਣ ਸਿੰਘ ਨੂੰ ਪਤਾ ਲਗਦਾ ਹੈ ਕਿ ਬੋਪਾਂ ਰਾਜੇ ਦੀ ਬੇਟੀ ਹੈ ਤਾਂ ਉਹ ਉਸ ਨਾਲ ਵਿਆਹ ਕਰਵਾਉਣ ਲਈ ਤਤਪਰ ਹੋ ਜਾਂਦਾ ਹੈ:
ਉੱਚਾ ਸੀ ਬੁਰਜ ਲਾਹੌਰ ਦਾ
ਵੇ ਬੋਪਾਂ ਪਾਣੀ ਨੂੰ ਗਈ ਆ
ਜਦ ਬੋਪਾਂ ਪਾਨੜਾ ਭਰ ਮੁੜੀ
ਰਣ ਸਿੰਘ ਪਲੜਾ ਚੁੱਕਿਆ ਵੇ
ਨਾ ਚੱਕੀਂ ਪਲੜਾ ਰਣ ਸਿਆਂ
ਬੋਪਾਂ ਜਾਤ ਕੁਜਾਤੇ
ਰਣ ਸਿੰਘ ਪੁੱਛਦਾ ਪਾਂਧੇ ਤੇ ਪੰਡਤਾਂ ਨੂੰ
ਵੇ ਬੋਪਾਂ ਕੀਹਦੀ ਐ ਜਾਈ
ਪਾਂਧੇ ਤੇ ਪੰਡਤ ਸੱਚ ਦੱਸਿਆ
ਵੇ ਬੋਪਾਂ ਰਾਜੇ ਦੀ ਜਾਈ
ਸਦਿਓ ਬਾਬਲ ਦੇ ਪਾਂਧੇ ਨੂੰ
ਵੇ ਮੇਰਾ ਸਾਹਾ ਸਧਾਇਓ ਵੇ
ਸਦਿਓ ਬਾਬਲ ਦੇ ਨਾਈ ਨੂੰ
ਵੇ ਮੇਰੀ ਚਿੱਠੀ ਤੁਰਾਇਓ ਵੇ
ਸਦਿਓ ਬਾਬਲ ਦੇ ਸੁਨਿਆਰੇ ਨੂੰ
ਵੇ ਮੇਰਾ ਗਹਿਣਾ ਘੜਾਇਓ ਵੇ
ਸਦਿਓ ਬਾਬਲ ਦੇ ਦਰਜੀ ਨੂੰ
ਮੇਰਾ ਸੂਟ ਸਮਾਇਓ ਵੇ
ਸਦਿਓ ਬਾਬਲ ਦੇ ਮੋਚੀ ਨੂੰ
ਮੇਰਾ ਜੋੜਾ ਸਮਾਇਓ ਵੇ
ਉਨ੍ਹਾਂ ਸਮਿਆਂ ਵਿਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿਚ ਹੀ ਕਰ ਦੇਂਦੇ ਸਨ ਤੇ ਮੁਕਲਾਵੇ ਕੁੜੀ ਦੇ ਭਰ ਜੁਆਨ ਹੋਣ 'ਤੇ ਤੋਰੇ ਜਾਂਦੇ ਸਨ- ਆਰਥਿਕ ਮਜਬੂਰੀਆਂ ਕਾਰਨ ਆਪਣੀ ਧੀ ਦਾ ਮੁਕਲਾਵਾ ਤੋਰਨ ਵਿਚ ਮਾਪਿਆਂ ਵਲੋਂ ਬੇਲੋੜੀ ਦੇਰੀ ਹੋ ਜਾਂਦੀ ਸੀ ਜਿਸ ਕਾਰਨ ਉਸ ਦੇ ਚਾਅ ਅਧੂਰੇ ਰਹਿ ਜਾਂਦੇ ਸਨ। ਇਕ ਗੀਤ ਵਿਚ ਧੀ ਆਪਣੀ ਮਾਂ ਨੂੰ ਮੁਕਲਾਵਾ ਤੋਰਨ ਲਈ ਆਖਦੀ ਹੈ:
ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਜੇਂ ਤੇਰੇ ਘਰ ਹੈਨੀ ਮੌਲ਼ੀ
ਬਾਣ ਦੀਆਂ ਰੱਸੀਆਂ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਜੇ ਤੇਰੇ ਘਰ ਹੈਨੀ ਲੱਡੂਏ
ਮੈਨੂੰ ਕੱਲੀਓ ਸ਼ਕਰ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਜੇ ਤੇਰੇ ਘਰ ਹੈਨੀ ਮਹਿੰਦੀ
ਮੈਨੂੰ ਅੱਸਰ ਝੋਟੀ ਦਾ ਗੋਹਾ ਮੰਗਾਂ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਜੇ ਤੇਰੇ ਘਰ ਹੈਨੀ ਕੱਪੜੇ
ਮੈਨੂੰ ਬੋਰੀ ਦਾ ਪੱਲੜ ਸਮਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਜਦੋਂ ਵਿਆਹ ਦਾ ਕਾਰਜ ਸਿਰ 'ਤੇ ਹੋਵੇ ਤਾਂ ਮੰਦਹਾਲੀ ਕਾਰਨ ਚਿੰਤਾ ਵਿਚ ਗਰੱਸੇ ਬਾਬੇ ਤੇ ਬਾਬਲ ਦੀ ਨੀਂਦ ਖੰਭ ਲਾ ਕੇ ਉੱਡ ਜਾਂਦੀ ਹੈ:
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀ ਨੀਂਦ ਨਾ ਆਵੇ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਵੇ
ਧੀ ਦੇ ਮਾਪੇ ਚਾਹੇ ਕਿੰਨੇ ਵੀ ਬਖ਼ਤਾਵਰ ਹੋਣ ਪਰੰਤੂ ਉਨ੍ਹਾਂ ਦੀ ਸਥਿਤੀ ਧੀ ਦੇ ਸਹੁਰਿਆਂ ਨਾਲ਼ੋਂ ਦੁਜੈਲੀ ਹੁੰਦੀ ਹੈ। ਧੀ ਦਾ ਬਾਬਾ ਤੇ ਬਾਬਲ ਗਲ਼ ਵਿਚ ਪੱਲਾ ਪਾ ਕੇ ਉਸ ਦਾ ਸਾਹਾ ਸਧਾਉਂਦੇ ਹਨ:
ਪਾਲਕੀਆਂ ਤੋਂ ਉਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਾ
ਹੱਥ ਬੰਨ੍ਹਣੇ ਆਏ
ਪਾਲਕੀਆਂ ਤੋਂ ਉਠ ਮੇਰੇ ਬਾਬਲ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਲ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਲ
ਹੱਥ ਬੰਨ੍ਹਣੇ ਆਏ
ਧੀ ਦੀ ਡੋਲੀ ਤੋਰਨ ਦਾ ਦਿਸ਼ ਅਤਿ ਕਰੁਣਾਮਈ ਹੁੰਦਾ ਹੈ। ਉਸ ਦੀਆਂ ਸਹੇਲੀਆਂ ਦਰਦੀਲੇ ਗੀਤ ਗਾ ਕੇ ਸਾਰੇ ਮਾਹੌਲ ਨੂੰ ਸੋਗੀ ਬਣਾ ਦੇਂਦੀਆਂ ਹਨ। ਉਹ ਸਹੁਰਿਆਂ ਅੱਗੇ ਆਪਣੀ ਹਲੀਮੀ ਤੇ ਬੇਬਸੀ ਦਾ ਇਜ਼ਹਾਰ ਕਰਦੀਆਂ ਹਨ:
ਜੇ ਅਸੀਂ ਦਿੱਤੀ ਮੋਠਾਂ ਦੀ ਮੁੱਠੀ
ਮੋਤੀ ਕਰਕੇ ਜਾਣਿਓਂ ਜੀ
ਜੇ ਅਸੀਂ ਦਿੱਤਾ ਪਾਣੀ ਦਾ ਛੰਨਾ
ਦੁਧੂਆ ਕਰਕੇ ਜਾਣਿਓ ਜੀ
ਜੇ ਅਸੀਂ ਦਿੱਤਾ ਖੱਦਰ ਚੌਂਸੀ
ਰੇਸ਼ਮ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਮੋਟਾ ਕੱਤੇ
ਨਿੱਕਾ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਕੰਮ ਵਿਗਾੜੇ
ਅੰਦਰ ਬੜ ਸਮਝਾਇਓ ਜੀ
ਵਿਦਾ ਹੋ ਰਹੀ ਧੀ ਦਾ ਰੁਦਨ ਝੱਲਿਆ ਨੀ ਜਾਂਦਾ:
ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਬਾਬਲਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ
ਉਹ ਕੇਵਲ ਅੱਜ ਦੀ ਰਾਤ ਰੱਖਣ ਲਈ ਬਾਬਲ ਅੱਗੇ ਲੇਲੜ੍ਹੀ ਕੱਢਦੀ ਹੈ ਪਰੰਤੂ ਬਾਬਲ ਵੀ ਮਜਬੂਰ ਹੈ:
ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸਜਣ ਸਦਾ ਲਏ ਆਪ ਨੀ
ਧੀ ਨੂੰ ਵਿਦਾ ਕਰਕੇ ਮਾਪਿਆਂ ਦਾ ਗ਼ਮਗੀਨ ਹੋਣਾ ਸੁਭਾਵਿਕ ਹੀ ਹੈ ਪਰੰਤੂ ਵਾਰੇ ਜਾਈਏ ਧੀ ਦੇ ਜਿਹੜੀ ਉਨ੍ਹਾਂ ਦੀ ਦਿਲਗੀਰੀ ਨੂੰ ਨਾ ਸਹਾਰਦੀ ਹੋਈ ਏਸ ਸਾਰੇ ਵਰਤਾਰੇ ਨੂੰ ਆਪਣੀ ਹੋਣੀ ਦਸ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ। ਗੀਤ ਦੇ ਦਰਦੀਲੇ ਬੋਲ ਸਰੋਤਿਆਂ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਅੱਖੀਆਂ ਨਮ ਹੋ ਜਾਂਦੀਆਂ ਹਨ:
ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜ਼ੀਰ ਵੇ
ਤੁਸੀਂ ਕਿਉਂ ਬੈਠੇ ਮਾਪਿਓ
ਦਿਲ ਦਿਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੰਗੀ ਤਕਦੀਰ ਵੇ
ਸੈਂਕੜਿਆਂ ਦੀ ਗਿਣਤੀ ਵਿਚ ਸੁਹਾਗ ਗੀਤ ਪ੍ਰਾਪਤ ਹਨ। ਇਨ੍ਹਾਂ ਨੂੰ ਭਾਸ਼ਾ ਵਿਗਿਆਨ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਵਾਚਣ ਦੀ ਲੋੜ ਹੈ। ਇਨ੍ਹਾਂ ਵਿਚ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਅਵਸ਼ੇਸ਼ ਸਮੋਏ ਹੋਏ ਹਨ।
*
ਨੈਣੀਂ ਨੀਂਦ ਨਾ ਆਵੇ
1.
ਬੀਬੀ ਦਾ ਜਰਮਿਆਂ
ਬੀਬੀ ਦੇ ਬਾਬੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ
ਬੀਬੀ ਦਾ ਜਰਮਿਆਂ
ਬੀਬੀ ਦੇ ਬਾਬਲ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਲ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ
ਬੀਬੀ ਦਾ ਜਰਮਿਆਂ
ਬੀਬੀ ਦੇ ਮਾਮੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਮਾਮਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ
2.
ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ,
ਬੱਜਣ ਲੱਗੀ ਬੰਸਰੀ
ਕੂਕਣ ਲੱਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲ਼ੇ ਜੇਹੀੜੇ ਕੋਈ ਹੋਰ ਵੇ
3.
ਬੂਹੇ ਹੇਠ ਖੜੋਤੀਏ
ਨੀ ਤੂੰ ਮਲ਼ ਮਲ਼ ਪੈਰ ਨਾ ਧੋ
ਬਾਗੀਂ ਚੰਬਾ ਖਿੜ ਰਿਹਾ
ਨੀ ਤੂੰ ਬੈਠੀ ਹਾਰ ਪਰੋ
ਸੁਣ ਨੀ ਮਾਏਂ ਮੇਰੀਏ
ਮੇਰੇ ਬਾਪੂ ਨੂੰ ਸਮਝਾ
ਧੀ ਹੋਈ ਮੁਟਿਆਰ
ਕੋਈ ਵਰ-ਘਰ ਟੋਲਣ ਜਾ
ਸੁਣ ਨੀ ਧੀਏ ਮੇਰੀਏ
ਤੂੰ ਐਡੜੇ ਬੋਲ ਨਾ ਬੋਲ
ਜਿੱਥੇ ਰਹੀ ਤੂੰ ਵੀਹ ਵਰ੍ਹੇ
ਨੀ ਓਥੇ ਛੇ ਮਹੀਨੇ ਹੋਰ
ਸੁਣ ਨੀ ਮਾਏਂ ਮੇਰੀਏ
ਮੇਰਾ ਬਾਪੂ ਨਾਲ਼ ਅੱਜ ਪਿਆਰ
ਹੁਣ ਨੀ ਰਹਿੰਦੀ ਇਕ ਘੜੀ
ਨੀ ਮੇਰਾ ਅਨਜਲ ਹੋਇਆ ਤਿਆਰ
4.
ਕੂਏਂ 'ਤੇ ਪਾਣੀ ਭਰੇਂਦੀਏ
ਨੀ ਕੋਈ ਮਲ਼ ਮਲ਼ ਪੈਰ ਨਾ ਧੋ
ਬਾਗੀਂ ਚੰਬਾ ਖਿੜ ਰਿਹਾ
ਸੁਣ ਨੀ ਮਾਤਾ ਮੇਰੀਏ
ਨੀ ਮੇਰੇ ਬਾਬਲ ਨੂੰ ਸਮਝਾ
ਧੀਆਂ ਹੋਈਆਂ ਲਟਵਾਰੀਆਂ
ਨੀ ਕਿਸੇ ਨੌਕਰ ਦੇ ਲੜ ਲਾ
ਸੁਣ ਨੀ ਧੀਏ ਮੇਰੀਏ
ਨੀ ਤੂੰ ਐਡੇ ਬੋਲ ਨਾ ਬੋਲ
ਜਿੱਥੇ ਗੁਜ਼ਾਰੇ ਬਾਰਾਂ ਸਾਲ
ਓਥੇ ਛੇ ਮਹੀਨੇ ਹੋਰ
ਬਾਰਾਂ ਬਰਸ ਅਸੀਂ ਇੰਝ ਗੁਜ਼ਾਰੇ
ਜੀ ਸਾਡਾ ਮਾਪਿਆਂ ਨਾਲ਼ ਪਿਆਰ
ਹੁਣ ਰਹਿ ਨਾ ਸਕਾਂ ਇਕ ਘੜੀ
ਸਾਡਾ ਅਨਜਲ ਹੋਇਆ ਤਿਆਰ
ਸੁਣ ਵੇ ਵੀਰਨ ਮੇਰਿਆ
ਤੂੰ ਬਾਬਲ ਨੂੰ ਸਮਝਾ
ਧੀਆਂ ਹੋਈਆਂ ਲਟਵਾਰੀਆਂ
ਕਿਸੇ ਨੌਕਰ ਦੇ ਲੜ ਲਾ
ਸੁਣ ਨੀ ਭੈਣੇਂ ਮੇਰੀਏ
ਤੂੰ ਐਡੇ ਬੋਲ ਨਾ ਬੋਲ
ਜਿੱਥੇ ਗੁਜ਼ਾਰੇ ਬਾਰਾਂ ਬਰਸ
ਓਥੇ ਛੇ ਮਹੀਨੇ ਹੋਰ
ਬਾਰਾਂ ਬਰਸ ਅਸੀਂ ਇੰਝ ਗੁਜ਼ਾਰੇ
ਜੀ ਸਾਡਾ ਮਾਪਿਆਂ ਨਾਲ਼ ਪਿਆਰ
ਹੁਣ ਰਹਿ ਨਾ ਸਕਾਂ ਇਕ ਘੜੀ
ਸਾਡਾ ਅਨਜਲ ਹੋਇਆ ਤਿਆਰ
ਤੂੰ ਬੀਬੀ ਕਿਉਂ ਰੋ ਰਹੀ ਏਂ
ਦਾਦੇ ਮੇਰੇ ਕਾਜ ਰਚਾਇਆ
ਦਾਦੀ ਮੇਰੀ ਸਾਜ ਸਜਾਇਆ
ਮੈਂ ਪਰਦੇਸਣ ਹੋ ਰਹੀ ਆਂ
ਨਿੱਕੀ ਜੇਹੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ
ਤੂੰ ਬੀਬੀ ਕਿਉਂ ਰੋ ਰਹੀ ਏਂ
ਬਾਬਲ ਮੇਰੇ ਕਾਜ ਰਚਾਇਆ
ਮਾਤਾ ਮੇਰੀ ਸਾਜ ਸਜਾਇਆ
ਮੈਂ ਪਰਦੇਸਣ ਹੋ ਰਹੀ ਆਂ
ਨਿੱਕੀ ਜੇਹੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ
ਤੂੰ ਬੀਬੀ ਕਿਉਂ ਰੋ ਰਹੀ ਏਂ
ਵੀਰੇ ਮੇਰੇ ਕਾਜ ਰਚਾਇਆ
ਭਾਬੀ ਮੇਰੀ ਸਾਜ ਸਜਾਇਆ
ਮੈਂ ਪਰਦੇਸਣ ਹੋ ਰਹੀ ਆਂ
ਨਿੱਕੀ ਜੇਹੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ
ਤੂੰ ਬੀਬੀ ਕਿਉਂ ਰੋ ਰਹੀ ਏਂ
ਮਾਮੇ ਮੇਰੇ ਕਾਜ ਰਚਾਇਆ
ਮਾਮੀ ਮੇਰੀ ਸਾਜ ਸਜਾਇਆ
ਮੈਂ ਪਰਦੇਸਣ ਹੋ ਰਹੀ ਆਂ
ਨਿੱਕੀ ਜੇਹੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀ ਆਂ
6.
ਮੋਰਾਂ ਨੇ ਪੈਲਾਂ ਪਾ ਲਈਆਂ
ਬਾਬਲ ਛਮ ਛਮ ਰੋਵੇ
ਤੂੰ ਕਿਉਂ ਰੋਵੇਂ ਬਾਬਲਾ
ਧੀਆਂ ਧਨ ਵੇ ਪਰਾਇਆ
ਇਕ ਧੀਆਂ ਦੀ ਬੇਨਤੀ
ਸਾਨੂੰ ਦੂਰ ਨਾ ਵਿਆਹਿਓ
ਦੂਰਾਂ ਦੀਆਂ ਵਾਟਾਂ ਲੰਮੀਆਂ
ਸਾਥੋਂ ਮਿਲ਼ਿਆ ਨਾ ਜਾਵੇ
ਮੋਰਾਂ ਨੇ ਪੈਲਾਂ ਪਾ ਲਈਆਂ
ਵੀਰਨ ਛਮ ਛਮ ਰੋਵੇ
ਤੂੰ ਕਿਉਂ ਰੋਵੇਂ ਵੀਰਨ ਮੇਰਿਆ
ਧੀਆਂ ਧਨ ਵੇ ਪਰਾਇਆ
ਇਕ ਧੀਆਂ ਦੀ ਬੇਨਤੀ
ਸਾਨੂੰ ਦੂਰ ਨਾ ਵਿਆਹਿਓ
ਦੂਰਾਂ ਦੀਆਂ ਵਾਟਾਂ ਲੰਮੀਆਂ
ਸਾਥੋਂ ਮਿਲ਼ਿਆ ਨਾ ਜਾਵੇ
ਮੋਰਾਂ ਨੇ ਪੈਲਾਂ ਪਾ ਲਈਆਂ
ਚਾਚਾ ਛਮ ਛਮ ਰੋਵੇ
ਤੂੰ ਕਿਉਂ ਰੋਵੇਂ ਚਾਚਿਆ
ਧੀਆਂ ਧਨ ਵੇ ਪਰਾਇਆ
ਇਕ ਧੀਆਂ ਦੀ ਬੇਨਤੀ
ਸਾਨੂੰ ਦੂਰ ਨਾ ਵਿਆਹਿਓ
ਦੂਰਾਂ ਦੀਆਂ ਵਾਟਾਂ ਲੰਮੀਆਂ
ਸਾਥੋਂ ਮਿਲ਼ਿਆ ਨਾ ਜਾਵੇ
ਮੋਰਾਂ ਨੇ ਪੈਲਾਂ ਪਾ ਲਈਆਂ
ਮਾਮਾ ਛਮ ਛਮ ਰੋਵੇ
ਤੂੰ ਕਿਉਂ ਰੋਵੇਂ ਮਾਮਿਆਂ
ਧੀਆਂ ਧਨ ਵੇ ਪਰਾਇਆ
ਇਕ ਧੀਆਂ ਦੀ ਬੇਨਤੀ
ਸਾਨੂੰ ਦੂਰ ਨਾ ਵਿਆਹਿਓ
ਦੂਰਾਂ ਦੀਆਂ ਵਾਟਾਂ ਲੰਮੀਆਂ
ਸਾਥੋਂ ਮਿਲ਼ਿਆ ਨਾ ਜਾਵੇ
7.
ਉਰੇ ਨਾ ਟੋਲ਼ੀਂ ਬਾਬਾ ਪਰੇ ਨਾ ਟੋਲ਼ੀ
ਟੋਲ਼ੀਂ ਵੇ ਬਾਬਾ ਧੁਰ ਜਗਰਾਵੀਂ
ਸੱਸ ਵੀ ਟੋਲ਼ੀਂ ਬਾਬਾ ਸਹੁਰਾ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ ,
ਸੱਸ ਵੀ ਟੋਲ਼ੀਂ ਬੀਬੀ ਸਹੁਰਾ ਵੀ ਟੋਲ਼ਿਆ ਨੀ
ਟੋਲਿਆ ਨੀ ਸਭ ਪਰਿਵਾਰੇ
ਜੇਠ ਵੀ ਟੋਲ਼ਿਆ ਬਾਬਾ ਜਠਾਣੀ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ
ਜੇਠ ਵੀ ਟੋਲ਼ਿਆ ਬੀਬੀ ਜਠਾਣੀ ਵੀ ਟੋਲ਼ੀ ਨੀ
ਟੋਲਿਆ ਨੀਂ ਸਭ ਪਰਿਵਾਰੇ
ਨਣਦ ਵੀ ਟੋਲ਼ੀਂ ਬਾਬਾ ਨਣਦੋਈਆ ਵੀ ਟੋਲ਼ੀਂ
ਟੋਲ਼ੀਂ ਸਭ ਪਰਿਵਾਰੇ
ਨਣਦੀ ਵੀ ਟੋਲ਼ੀ ਬੀਬੀ ਨਣਦੋਈਆ ਵੀ ਟੋਲ਼ਿਆ ਨੀ
ਟੋਲਿਆ ਨੀ ਸਭ ਪਰਿਵਾਰੇ
8.
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸ ਭਲੀ ਪਰਧਾਨ
ਤੇ ਸਹੁਰਾ ਥਾਣੇਦਾਰ ਹੋਵੇ
ਸੱਸ ਨੂੰ ਸੱਦਣ ਸ਼ਰੀਕਣੀਆਂ
ਸਹੁਰਾ ਕਚਹਿਰੀ ਦਾ ਮਾਲਕ
ਬਾਬਲ ਤੇਰਾ ਪੁੰਨ ਹੋਵੇ
ਤੇਰਾ ਦਿੱਤੜਾ ਦਾਨ ਪਰਵਾਨ
ਬਾਬਲਾ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸੂ ਦੇ ਬਾਹਲੜੇ ਪੁੱਤ
ਬਾਬਲਾ ਤੇਰਾ ਪੁੰਨ ਹੋਵੇ
ਇਕ ਮੰਗਦੀ ਇਕ ਵਿਆਂਮਦੀ
ਮੈਂ ਸ਼ਾਦੀਆਂ ਵੇਖਾਂਗੀ ਨਿੱਤ
ਬਾਬਲਾ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਕਾਲ਼ੀਆਂ ਬੂਰੀਆਂ ਸੱਤ
ਮੈਂ ਇਕ ਚੋਮਦੀ ਇਕ ਜਮਾਂਮਦੀ
ਮੇਰਾ ਚਾਟੀਆਂ ਦੇ ਵਿਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਘਾੜਤ ਘੜੇ ਸੁਨਿਆਰ
ਮੈਂ ਇਕ ਪਾਮਦੀ ਇਕ ਲਾਂਹਦੀ
ਮੇਰਾ ਡੱਬਿਆਂ ਦੇ ਵਿਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਦਰਜ਼ੀ ਸੀਵੇ ਪਟ
ਇਕ ਪਾਮਾਂ ਇਕ ਰੰਗਾਮਾਂ
ਵੇ ਮੇਰਾ ਸੰਦੂਖਾਂ ਦੇ ਵਿਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਤੇਰਾ ਹੋਵੇ ਵੱਡੜਾ ਜੱਸ
ਬਾਬਲਾ ਤੇਰਾ ਪੁੰਨ ਹੋਵੇ
9.
ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ
ਮੈਂ ਤੈਨੂੰ ਵਰਜਦੀ ਵੀਰਨਾ ਵੇ
ਭੈਣਾਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ
10.
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ
ਜੀਹਨੇ ਵਰ ਟੋਲ਼ਿਆ ਨੀ ਦੂਰੇ
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਵੀਰਨ ਮੇਰਾ ਰਾਜੇ ਦਾ ਨੌਕਰ
ਜੀਹਨੇ ਵਰ ਟੋਲ਼ਿਆ ਨੀ ਦੂਰੇ
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਚਾਚਾ ਮੇਰਾ ਦੇਸਾਂ ਦਾ ਰਾਜਾ
ਜੀਹਨੇ ਵਰ ਟੋਲ਼ਿਆ ਨੀ ਦੂਰੇ
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਮਾਮਾ ਮੇਰਾ ਦੇਸਾਂ ਦਾ ਰਾਜਾ
ਉਹਨੇ ਵਰ ਟੋਲ਼ਿਆ ਨੀ ਦੂਰੇ
11.
ਕਿਹੜੇ ਵੇ ਸ਼ਹਿਰ ਦਿਆ ਰਾਜਿਆ
ਮਾਲੀ ਬਾਗ਼ ਵੇ ਲਵਾਇਆ
ਕਿਹੜੇ ਵੇ ਸ਼ਹਿਰ ਦੇ ਰਾਜੇ
ਕੰਨਿਆਂ ਨੂੰ ਵਿਆਹੁਣ ਆਏ
ਮਾਦਪੁਰ ਸ਼ਹਿਰ ਦੇ ਰਾਜੇ
ਮਾਲੀ ਬਾਗ਼ ਵੇ ਲਵਾਇਆ
ਬੇਗੋਵਾਲ ਦਾ ਰਾਜਾ
ਕੰਨਿਆਂ ਨੂੰ ਵਿਆਹੁਣ ਵੇ ਆਇਆ
12.
ਬੀਬੀ ਦਾ ਬਾਬਲ ਚਤੁਰ ਸੁਣੀਂਦਾ
ਪਰਖ ਵਰ ਟੋਲ਼ਿਆ
ਕਾਗਤਾਂ ਦਾ ਲਖਊਆ
ਰੁਪਈਆ ਉਹਦਾ ਰੋਜ਼ ਦਾ
ਦਿੱਲੀ ਦਾ ਏ ਰਾਜਾ
ਮੁਹੱਲੇ ਦਾ ਚੌਧਰੀ
ਹਾਥੀ ਤਾਂ ਝੂਲਣ ਉਹਦੇ ਬਾੜੇ
ਘੋੜੇ ਤਾਂ ਹਿਣਕਣ ਧੌਲਰੀਂ
ਬੀਬੀ ਦਾ ਬਾਬਲ ਚਤੁਰ ਬੁਣੀਂਦਾ
ਪਰਖ ਵਰ ਟੋਲ਼ਿਆ
13.
ਸਿੰਜੀਂ ਵੇ ਬਾਬਲ ਧਰਮ ਕਿਆਰੀਆਂ
ਜੋੜੀਂ ਵੇ ਬਾਬਾ ਹਾਰੀ ਹਲਟ
ਸਿੰਜੀਂ ਧਰਮ ਕਿਆਰੀਆਂ
ਜੋੜਿਆ ਨੀ ਬੇਟੀ ਹਾਰੀ ਹਲਟ
ਮੇਰੀ ਲਾਡਲੀ
ਸਿੰਜੀਆਂ ਧਰਮ ਕਿਆਰੀਆਂ
ਕਿਥੋਂ ਵੇ ਬਾਬਾ ਆਈ ਮੇਰੀ ਜੰਨ
ਕਿਥੇ ਸਿਰੀ ਰੰਗ ਆਪ ਐ
ਨੀਵੇਓਂ ਨੀ ਆਈ ਬੇਟੀ ਤੇਰੀ ਜੰਨ
ਮੇਰੀ ਲਾਡਲੀ
ਉੱਚਿਓਂ ਨੀ ਸਿਰੀ ਰੰਗ ਆਪ
ਕਿੱਥੇ ਵੇ ਉਤਰੀ ਬਾਬਾ ਮੇਰੀ ਜੰਨ
ਕਿੱਥੇ ਸ਼੍ਰੀ ਰੰਗ ਆਪ ਐ
ਮਹਿਲੀਂ ਸੀ ਉਤਰੀ ਤੇਰੀ ਜੰਨ
ਤੰਬੂਏਂ ਸਿਰੀ ਰੰਗ ਆਪ ਐ
ਦੇਏਓ ਵੇ ਨਾਈਓ ਥਾਲੀਆਂ ਕਟੋਰੇ
ਪੀਵਣਗੇ ਹਰੀ ਜੀ ਦੇ ਜਾਨੀ
ਪਾਇਓ ਵੇ ਵੀਰੋ ਸੀਰਨੀ
ਖਾਵਣਗੇ ਹਰੀ ਜੀ ਦੇ ਜਾਨੀ
14.
ਉੱਪਰ ਤਾਂ ਬਾੜੇ ਤੈਨੂੰ ਸਦ ਹੋਈ
ਸਾਲੂ ਵਾਲ਼ੀਏ ਨੀਂ
ਆਣ ਕੇ ਸਾਹਾ ਨੀ ਸਧਾ
ਦਿਲਾਂ ਵਿਚ ਵਸ ਰਹੀਏ
ਸਾਹਾ ਸਧਾਵਣ ਨਾਈ ਬਾਹਮਣ
ਚੀਰੇ ਵਾਲ਼ਿਆ
ਜਿਨ੍ਹਾਂ ਨੇ ਲੈਣਾ ਤੈਥੋਂ ਲਾਗ
ਦਿਲਾਂ ਵਿਚ ਵਸ ਰਹੀਏ
15.
ਉੱਠ ਸਵੇਰੇ ਮੈਂ ਪਾਂਧੇ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸਾਹਾ ਸਧਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ
ਉੱਠ ਸਵੇਰੇ ਮੈਂ ਦਰਜ਼ੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ
ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ
16.
ਚੜ੍ਹ ਚੜ੍ਹ ਚੰਦਾ
ਵੇ ਚੌਦੇ ਦਿਆ ਚੰਦਾ
ਚਾਨਣ ਕਰੀਂ ਵੇ ਚੁਫ਼ੇਰੇ
ਕਿਸੇ ਰਾਜੇ ਨੇ ਢੁਕਣਾ
ਵੇ ਮੇਰੇ ਬਾਬਲ ਵਿਹੜੇ
ਵੇ ਮੇਰੇ ਬਾਬਲ ਦਿਓ ਲਾਗੀਓ
ਵੇ ਖਾਣਾ ਖੂਬ ਬਣਾਇਓ
ਬਾਬਲ ਦੇਸ਼ਾਂ ਦਾ ਰਾਜਾ
ਵੇ ਕਿਤੇ ਨਿੰਦਿਆ ਨਾ ਜਾਵੇ
ਚੜ੍ਹ ਚੜ੍ਹ ਚੰਦਾ
ਵੇ ਚੌਦੇ ਦਿਆ ਚੰਦਾ
ਚਾਨਣ ਕਰੀਂ ਵੇ ਚੁਫ਼ੇਰੇ
ਕਿਸੇ ਰਾਜੇ ਨੇ ਢੁਕਣਾ
ਮੇਰੇ ਵੀਰੇ ਦੇ ਵਿਹੜੇ
ਵੇ ਮੇਰੇ ਵੀਰੇ ਦੇ ਲਾਗੀਓ
ਵੇ ਖਾਣਾ ਖੂਬ ਬਣਾਇਓ
ਵੀਰਨ ਮੇਰਾ ਦੇਸ਼ਾਂ ਦਾ ਰਾਜਾ
ਵੇ ਕਿਤੇ ਨਿੰਦਿਆ ਨਾ ਜਾਵੇ
ਚੜ੍ਹ ਚੜ੍ਹ ਚੰਦਾ
ਵੇ ਚੌਦੇ ਦਿਆ ਚੰਦਾ
ਚਾਨਣ ਕਰੀਂ ਵੇ ਚੁਫ਼ੇਰੇ
ਕਿਸੇ ਰਾਜੇ ਨੇ ਢੁਕਣਾ
ਮੇਰੇ ਚਾਚੇ ਵਿਹੜੇ
ਵੇ ਮੇਰੇ ਚਾਚੇ ਦੇ ਲਾਗੀਓ
ਖਾਣਾ ਖੂਬ ਬਣਾਇਓ
ਚਾਚਾ ਮੇਰਾ ਦੇਸ਼ਾਂ ਦਾ ਰਾਜਾ
ਵੇ ਕਿਤੇ ਨਿੰਦਿਆ ਨਾ ਜਾਵੇ
17.
ਬੇਦੀ ਦੇ ਅੰਦਰ ਮੇਰਾ ਬਾਪ ਬੁਲਾਵੇ
ਸੰਦੜੀ ਵਾਜ ਕਿਉਂ ਨਹੀਂ ਦਿੰਦਾ
ਵੇ ਰੰਗ ਰੱਤੜਿਆ ਕਾਹਨਾ
ਗਊਆਂ ਦੇ ਦਾਨ ਮੇਰਾ ਬਾਬਲ ਕਰੇਂਦਾ
ਦਿੱਤੜੇ ਦਾਨ ਕਿਉਂ ਨਹੀਂ ਲੈਂਦਾ
ਵੇ ਰੰਗ ਰੱਤੜਿਆ ਕਾਹਨਾ
ਵੇ ਰਾਣੀ ਰੁਕਮਣ ਦਿਆ ਜਾਇਆ
ਗਊਆਂ ਦੇ ਦਾਨ ਪੰਡਤ ਪਾਂਧੇ ਲੈਂਦੇ
ਧੀਆਂ ਦੇ ਦਾਨ ਨੀ ਜਮਾਈ
ਨੀ ਰੰਗ ਰੱਤੜੀਏ ਰਾਧਾ
ਨੀ ਰਾਣੀ ਰੁਕਮਣ ਦੀਏ ਜਾਈਏ
ਬੇਦੀ ਦੇ ਅੰਦਰ ਮੇਰਾ ਵੀਰ ਬੁਲਾਵੇ
ਸੱਦੜੀ ਵਾਜ਼ ਕਿਉਂ ਨੀ ਦਿੰਦਾ
ਵੇ ਰੰਗ ਰੱਤੜਿਆ ਕਾਹਨਾ
ਵੇ ਰਾਣੀ ਰੁਕਮਣ ਦਿਆ ਜਾਇਆ
ਗਊਆਂ ਦੇ ਦਾਨ ਪੰਡਤ ਪਾਂਧੇ ਲੈਂਦੇ
ਧੀਆਂ ਦੇ ਦਾਨ ਨੀ ਜਵਾਈ
ਨੀ ਰੰਗ ਰੱਤੜੀਏ ਰਾਧਾ
ਨੀ ਰਾਣੀ ਰੁਕਮਣ ਦੀਏ ਜਾਈਏ
ਬੇਦੀ ਦੇ ਅੰਦਰ ਮੇਰਾ ਮਾਮਾ ਬੁਲਾਵੇ
ਸੱਦੜੀ ਵਾਜ਼ ਕਿਉਂ ਨਹੀਂ ਦਿੰਦਾ
ਵੇ ਰੰਗ ਰੱਤੜਿਆ ਕਾਹਨਾ
ਵੇ ਰਾਣੀ ਰੁਕਮਣ ਦਿਆ ਜਾਇਆ
ਗਊਆਂ ਦੇ ਦਾਨ ਮੇਰਾ ਮਾਮਾ ਕਰੇਂਦਾ
ਦਿੱਤੜੇ ਦਾਨ ਕਿਉਂ ਨਹੀਂ ਲੈਂਦਾ
ਵੇ ਰੰਗ ਰੱਤੜਿਆ ਕਾਹਨਾ
ਵੇ ਰਾਣੀ ਰੁਕਮਣ ਦਿਆ ਜਾਇਆ
ਗਊਆਂ ਦੇ ਦਾਨ ਪੰਡਤ ਪਾਂਧੇ ਲੈਂਦੇ
ਧੀਆਂ ਦੇ ਦਾਨ ਨੀ ਜਵਾਈ
ਨੀ ਰੰਗ ਰੱਤੜੀਏ ਰਾਧਾ
ਨੀ ਰਾਣੀ ਰੁਕਮਣ ਦੀਏ ਜਾਈਏ
18.
ਬੇਦੀ ਦੇ ਅੰਦਰ ਮੇਰਾ ਬਾਬਾ ਬੈਠਾ
ਉੱਤੇ ਹੀ ਕਾਹਨ ਸੀ ਆਇਆ
ਵੇ ਮੈਂ ਸ਼ਰਮੀਂ ਮਰ ਮਰ ਜਾਵਾਂ
ਕਾਹਨਾ ਤਾਹੀਓਂ ਕਲਜੁਗ ਆਇਆ
19.
ਆਪਣੇ ਬੰਨੇ ਨੂੰ ਮੈਂ ਦੇਖ ਆਈ
ਚਤਰ ਬੰਨੇ ਨੂੰ ਮੈਂ ਦੇਖ ਆਈ
ਜਾਲੀ ਦੀ ਓਟ ਮਾਂ
ਸੁਰਮਾ ਮੈਂ ਪਾ ਆਈ
ਸ਼ੀਸ਼ਾ ਦਖਲਾ ਆਈ
ਚੀਰਾ ਬਨ੍ਹਾ ਆਈ
ਜਾਲੀ ਦੀ ਓਟ ਮਾਂ
ਆਪਣੇ ਬੰਨੇ ਨੂੰ ਮੈ ਦੇਖ ਆਈ
ਚਤਰ ਬੰਨੇ ਨੂੰ ਮੈਂ ਦੇਖ ਆਈ
ਜਾਲੀ ਦੀ ਓਟ ਮਾਂ
ਕੈਂਠਾ ਪਵਾ ਆਈ
ਵਰਦੀ ਪਵਾ ਆਈ
ਘੋੜੀ ਚੜ੍ਹਾ ਆਈ
ਜਾਲੀ ਦੀ ਓਟ ਮਾਂ
ਆਪਣੇ ਬੰਨੇ ਨੂੰ ਮੈਂ ਦੇਖ ਆਈ
ਚਤਰ ਬੰਨੇ ਨੂੰ ਦੇਖ ਆਈ
ਜਾਲੀ ਦੀ ਓਟ ਮਾਂ
20.
ਬੀਬੀ ਬਾਹਰ ਖੇਡਣ ਮੌਤ ਜਾਇਓ
ਸੱਜਣ ਘਰ ਆਉਣਗੇ
ਮੈਂ ਤਾਂ ਲੁਕਜੂੰ ਬਾਬੇ ਜੀ ਦੀ ਗੋਦ
ਜਦੋਂ ਸੱਜਣ ਘਰ ਆਉਣਗੇ
ਬੀਬੀ ਬਾਹਰ ਖੇਡਣ ਮੱਤ ਜਾਇਓ
ਸੱਜਣ ਘਰ ਆਉਣਗੇ
ਮੈਂ ਤਾਂ ਲੁਕਜੂੰ ਦਾਦੀ ਜੀ ਦੀ ਗੋਦ
ਜਦੋਂ ਸੱਜਣ ਘਰ ਆਉਣਗੇ
ਬਾਹਰ ਬੀਬੀ ਖੇਡਣ ਮੱਤ ਜਾਇਓ
ਸੱਜਣ ਘਰ ਆਉਣਗੇ
ਮੈਂ ਤਾਂ ਲੁਕਜੂੰ ਬਾਬਲ ਜੀ ਦੀ ਗੋਦ
ਜਦੋਂ ਸੱਜਣ ਘਰ ਆਉਣਗੇ
21.
ਉੱਚਾ ਸੀ ਬੁਰਜ ਲਾਹੌਰ ਦਾ
ਵੇ ਬੋਪਾਂ ਪਾਣੀ ਨੂੰ ਗਈ ਆ
ਜਦ ਬੋਪਾ ਪਾਨੜਾ ਭਰ ਮੁੜੀ
ਰਣ ਸਿੰਘ ਪਲੜਾ ਚੁੱਕਿਆ ਵੇ
ਨਾ ਚੱਕੀਂ ਪਲੜਾ ਰਣ ਸਿਆਂ
ਬੋਪਾਂ ਜਾਤ ਕੁਜਾਤੇ
ਰਣ ਸਿਓਂ ਪੁੱਛਦਾ ਪਾਂਧੇ ਤੇ ਪੰਡਤਾਂ ਨੂੰ
ਵੇ ਬੋਪਾਂ ਕੀਹਦੀ ਐ ਜਾਈ
ਪਾਂਧੇ ਤੇ ਪੰਡਤ ਸੱਚ ਦੱਸਿਆ
ਵੇ ਬੋਪਾਂ ਰਾਜੇ ਦੀ ਜਾਈ
ਸਦਿਓ ਬਾਬਲ ਦੇ ਪਾਂਧੇ ਨੂੰ
ਵੇ ਮੇਰਾ ਸਾਹਾ ਸਧਾਇਓ ਵੇ
ਸਦਿਓ ਬਾਬਲ ਦੇ ਨਾਈ ਨੂੰ
ਵੇ ਮੇਰੀ ਚਿੱਠੀ ਤੁਰਾਇਓ ਵੇ
ਸਦਿਓ ਬਾਬਲ ਦੇ ਸੁਨਿਆਰੇ ਨੂੰ
ਵੇ ਮੇਰਾ ਗਹਿਣਾ ਘੜਾਇਓ ਵੇ
ਸਦਿਓ ਬਾਬਲ ਦੇ ਦਰਜੀ ਨੂੰ
ਮੇਰਾ ਸੂਟ ਸਮਾਇਓ ਵੇ
ਸਦਿਓ ਬਾਬਲ ਦੇ ਮੋਚੀ ਨੂੰ
ਮੇਰਾ ਜੋੜਾ ਸਮਾਇਓ ਵੇ
22.
ਅੰਬਾਂ ਹੇਠਾਂ ਬੀਬੀ ਝੂਟਦੀਏ
ਬੰਜਾਰੜੇ ਆਏ
ਮੈਂ ਕੀ ਜਾਣਾ ਦਾਦਾ ਮੇਰੜਿਆ
ਤੁਸੀਂ ਸਦ ਬੁਲਾਏ
ਅੰਬਾਂ ਹੇਠ ਬੀਬੀ ਝੂਟਦੀਏ
ਬੰਜਾਰੜੇ ਆਏ
ਮੈਂ ਕੀ ਜਾਣਾ ਬਾਬਲ ਮੇਰੜਿਆ
ਤੁਸੀਂ ਸਦ ਬੁਲਾਏ
ਅੰਬਾਂ ਹੇਠ ਭਤੀਜੀਏ ਝੂਟਦੀਏ
ਬੰਜਾਰੜੇ ਆਏ
ਮੈਂ ਕੀ ਜਾਣਾਂ ਚਾਚਾ ਮੇਰੜਿਆ
ਤੁਸੀਂ ਸਦ ਬੁਲਾਏ
23.
ਤੂੰ ਰਤਨ ਵਰਿੱਕ ਲੈ ਨੀ ਮੇਰੀ ਬੀਬੀ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲ਼ਾ ਏ, ਵੇ ਮੇਰਿਆ ਬਾਬਾ
ਤੂੰ ਰਤਨ ਵਰਿੱਕ ਲੈ ਨੀ ਮੇਰੀਏ ਧੀਏ
ਇਹ ਰਤਨ ਕਾਣਾ ਏ ਵੇ ਮੇਰਿਆ ਬਾਬਾ
ਤੂੰ ਅੱਗੋਂ ਕਿਉਂ ਨਾ ਦੱਸਿਆ ਮੇਰੀਏ ਧੀਏ
24.
ਨੀ ਤੂੰ ਜਾ ਬੀਬੀ ਵਿਹੜੇ
ਬਾਬੇ ਕਾਜ ਰਚਾਏ
ਨੀ ਤੂੰ ਦੇ ਦਾਦੀ ਚਾਵਲ ਖੰਡ
ਮੇਵੇ ਦੀਆਂ ਪੁੜੀਆਂ
ਖੰਡ ਥੋਹੜੀ ਸਜਣ ਬਹੁਤੇ ਆਏ
ਬਾਬਾ ਦੋ-ਦਿਲ ਹੋਇਆ
ਵੇ ਨਾ ਹੋ ਬਾਬਾ ਦੋ-ਦਿਲ ਵੇ
ਸਤਗੁਰ ਕਾਜ ਰਚਾਏ
25.
ਉੱਠ ਵੇ ਬਾਬਲ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ
ਉੱਠ ਵੇ ਚਾਚਾ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ
ਉੱਠ ਵੇ ਮਾਮਾ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ
ਉਠ ਵੇ ਵੀਰਨ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ
26.
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉੱਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਬੀਬੀ
ਨੈਣੀਂ ਨੀਂਦ ਨਾ ਆਏ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਉੱਠ ਵੇ ਬਾਬਲ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਏ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤਾਇਆ ਤੇਰਾ
ਉਠ ਵੇ ਤਾਇਆ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਤੀਜੜੀਏ
ਨੈਣੀਂ ਨੀਂਦ ਨਾ ਆਏ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਚਾਚਾ ਤੇਰਾ
ਉਠ ਵੇ ਚਾਚਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਤੀਜੜੀਏ
ਨੈਣੀ ਨੀਂਦ ਨਾ ਆਏ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਮਾਮਾ ਤੇਰਾ
ਉੱਠ ਵੇ ਮਾਮਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਾਣਜੀਏ
ਨੈਣੀਂ ਨੀਂਦ ਨਾ ਆਏ
27.
ਪਾਲਕੀਆਂ ਤੋਂ ਉੱਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਾ
ਹੱਥ ਬੰਨ੍ਹਣੇ ਆਏ
ਪਾਲਕੀਆਂ ਤੋਂ ਉੱਠ ਮੇਰੇ ਬਾਬਲ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਲ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਲ
ਹੱਥ ਬੰਨ੍ਹਣੇ ਆਏ
28.
ਸੱਗੀ ਕਰਨੀ ਦਿੱਤੀ
ਫੁੱਲ ਜੜਨੇ ਦਿੱਤੇ
ਨਿਗ੍ਹਾ ਰੱਖੀਂ ਵੇ ਵਿਚ ਮੂਰਤਾਂ ਦੇ
ਨੀ ਨਾ ਰੋ ਮਾਏਂ
ਸਾਨੂੰ ਤੋਰ ਮਾਏਂ
ਨਾਲ਼ ਮੂਰਤਾਂ ਦੇ
29.
ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਜੇ ਤੇਰੇ ਘਰ ਹੈਨੀ ਮੌਲੀ
ਬਾਣ ਦੀਆਂ ਰੱਸੀਆਂ ਮੰਗਾ ਦੇ ਨੀ
ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਜੇ ਤੇਰੇ ਘਰ ਹੈਨੀ ਲੱਡੂਏ
ਮੈਨੂੰ ਕੱਲੀਓ ਸ਼ੱਕਰ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਜੇ ਤੇਰੇ ਘਰ ਹੈ ਨੀ ਮਹਿੰਦੀ
ਮੈਨੂੰ ਅੱਸਰ ਝੋਟੀ ਦਾ ਗੋਹਾ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਜੇ ਤੇਰੇ ਘਰ ਹੈਨੀ ਕੱਪੜੇ
ਮੈਨੂੰ ਬੋਰੀ ਦਾ ਪੱਲੜ ਸਮਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਮੁਕਲਾਵਾ ਨੀ
30.
ਜੇ ਅਸੀਂ ਦਿੱਤੀ ਮੋਠਾਂ ਦੀ ਮੁੱਠੀ
ਮੋਤੀ ਕਰਕੇ ਜਾਣਿਓਂ ਜੀ
ਜੇ ਅਸੀਂ ਦਿੱਤਾ ਪਾਣੀ ਦਾ ਛੰਨਾ
ਦੁਧੂਆ ਕਰਕੇ ਜਾਣਿਓਂ ਜੀ
ਜੇ ਅਸੀਂ ਦਿੱਤਾ ਖੱਦਰ ਚੌਂਸੀ
ਰੇਸ਼ਮ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਮੋਟਾ ਕੱਤੇ
ਨਿੱਕਾ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਕੰਮ ਵਿਗਾੜੇ
ਅੰਦਰ ਬੜ ਸਮਝਾਇਓ ਜੀ
31.
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਵੇ ਜਾਣਾ
ਸਾਡੀ ਲੰਬੀ ਉਡਾਰੀ ਵੇ
ਬਾਬਲ ਕਿਹੜੇ ਦੇਸ ਜਾਣਾ
ਸਾਡਾ ਚਿੜੀਆਂ ਦਾ ਚੰਬਾ ਵੇ
ਵੀਰਨ ਅਸਾਂ ਉੱਡ ਵੇ ਜਾਣਾ
ਸਾਡੀ ਲੰਬੀ ਉਡਾਰੀ ਵੇ
ਵੀਰਨ ਕਿਹੜੇ ਦੇਸ ਜਾਣਾ
32.
ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ਼ ਪਰਾਏ
ਬਾਬਲਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿਜਣ ਛੋੜਿਆ ਛੋਪ
ਬਾਬਲਾ ਤੇਰੀ ਲਾਡਲੀ ਵੇ
ਲੈ ਚੱਲੇ ਵੀਰਾ ਲੈ ਚੱਲੇ ਵੇ
ਲੈ ਚੱਲੇ ਦੇਸ਼ ਪਰਾਏ
ਵੀਰਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋੜਿਆ ਛੋਪ
ਵੀਰਾ ਤੇਰੀ ਲਾਡਲੀ ਵੇ
33.
ਬਾਬਲ ਵਿਦਾ ਕਰੇਂਦਿਆ,
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸੱਚਣ ਸਦਾ ਲਏ ਆਪ ਨੀ
34.
ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜ਼ੀਰ ਵੇ
ਤੁਸੀਂ ਕਿਉਂ ਬੈਠੇ ਮਾਪਿਓ
ਦਿਲ ਦਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੰਗੀ ਤਕਦੀਰ ਵੇ