ਜਾਗੋ

ਜਾਗੋ

ਵਿਆਹ ਵਿਚ ਮੁਟਿਆਰਾਂ ਨੂੰ ਸਭ ਤੋਂ ਵੱਧ ਚਾਅ ਜਾਗੋ ਕੱਢਣ ਦਾ ਹੁੰਦਾ ਹੈ। ਜਾਗੋ ਵਿਆਹ ਦੀ ਇਕ ਅਜਿਹੀ ਸ਼ਾਨਾਂਮੱਤੀ, ਖ਼ੂਬਸੂਰਤ ਤੇ ਮਨਮੋਹਕ ਰਸਮ ਹੈ ਜਿਸ ਨੂੰ ਨਾਨਕਾ ਮੇਲ਼ ਵਲੋਂ ਮੁੰਡੇ-ਕੁੜੀ ਦੇ ਵਿਆਹ ਦੇ ਅਵਸਰ 'ਤੇ ਬੜੇ ਉਤਸ਼ਾਹ ਅਤੇ ਉਮਾਹ ਨਾਲ਼ ਕੱਢਿਆ ਜਾਂਦਾ ਹੈ। ਪੁਰਾਤਨ ਸਮੇਂ ਤੋਂ ਹੀ ਜਾਗੋ ਕੱਢਣ ਦਾ ਰਿਵਾਜ ਪ੍ਰਚੱਲਿਤ ਹੈ। ਇਹ ਰਾਤ ਸਮੇਂ ਕੱਢੀ ਜਾਂਦੀ ਹੈ। ਦਿਨ ਵੇਲੇ ਪਿੱਤਲ ਦੀ ਵਲਟੋਹੀ 'ਤੇ ਆਟੇ ਦੇ ਦੀਵੇ ਬਣਾ ਕੇ ਚਿਪਕਾ ਦਿੱਤੇ ਜਾਂਦੇ ਹਨ ਅਤੇ ਰਾਤੀਂ ਉਨ੍ਹਾਂ ਵਿਚ ਰੂੰ ਦੀਆਂ ਬੱਤੀਆਂ ਰੱਖ ਕੇ ਤੇ ਸਰ੍ਹੋਂ ਦਾ ਤੇਲ ਪਾ ਕੇ ਮਘਾ ਦਿੱਤਾ ਜਾਂਦਾ ਹੈ। ਇਸ ਜਗਦੀ ਹੋਈ ਵਲਟੋਹੀ ਨੂੰ ਜਾਗੋ ਆਖਦੇ ਹਨ।

ਨਾਨਕਾ ਮੇਲ਼ ਨਾਲ਼ ਆਈ ਵਿਆਂਹਦੜ ਦੀ ਜੋਬਨ ਮੱਤੀ, ਬਾਂਕੀ ਮੁਟਿਆਰ ਮਾਮੀ, ਪੰਜਾਬੀ ਪਹਿਰਾਵੇ ਵਿਚ ਫੱਬੀ, ਸੱਗੀ ਫੁੱਲਾਂ ਨਾਲ਼ ਗੁੰਦੇ ਸਿਰ ਉਤੇ ਮਲਕੜੇ ਜਹੇ ਜਗਮਗਾਂਦੇ ਦੀਵਿਆਂ ਵਾਲ਼ੀ ਵਲਟੋਹੀ ਨੂੰ ਟਿਕਾਂਦੀ ਹੈ ਤੇ ਵਿਆਹ ਵਾਲ਼ੇ ਘਰ ਵਿਚ ਸ਼ਗਨ ਵਜੋਂ ਪਹਿਲਾਂ ਗਿੱਧੇ ਦੀਆਂ ਕੁਝ ਬੋਲੀਆਂ ਪਾਈਆਂ ਜਾਂਦੀਆਂ ਹਨ। ਜਾਗੋ ਵਾਲ਼ੀ ਮਾਮੀ ਬਿਨਾਂ ਵਲਟੋਹੀ ਨੂੰ ਹੱਥ ਲਾਏ ਗਿੱਧੇ ਵਿਚ ਨੱਚਦੀ ਹੋਈ ਆਪਣੀ ਕਲਾ-ਕੌਸ਼ਲਤਾ ਦਾ ਪ੍ਰਗਟਾਵਾ ਕਰਦੀ ਹੈ। ਗਹਿਣੇ-ਗੱਟਿਆਂ ਅਤੇ ਝਿਲਮਲ-ਝਿਲਮਲ ਕਰਦੀਆਂ ਰੇਸ਼ਮੀ ਪੁਸ਼ਾਕਾਂ ਨਾਲ਼ ਸਜੀਆਂ ਫੱਬੀਆਂ ਮੇਲਣਾਂ ਅਤੇ ਸ਼ਰੀਕੇ ਦੀਆਂ ਮੁਟਿਆਰਾਂ ਦੇ ਚਿਹਰਿਆਂ 'ਤੇ ਪੈਂਦੀ ਜਾਗੋ ਦੀ ਰੋਸ਼ਨੀ ਕਹਿਰਾਂ ਦਾ ਰੂਪ ਚਾੜ੍ਹ ਦੇਂਦੀ ਹੈ ਅਤੇ ਉਨ੍ਹਾਂ ਦਿਆਂ ਨੈਣਾਂ ਵਿਚੋਂ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਤੁਰਦੀਆਂ ਹਨ। ਉਹ ਜਾਗੋ ਦੇ ਗੀਤ ਗਾਉਂਦੀਆਂ ਹੋਈਆਂ ਅਦਭੁੱਤ ਨਜ਼ਾਰਾ ਪੇਸ਼ ਕਰਦੀਆਂ ਹਨ। ਇਨ੍ਹਾਂ ਮੁਟਿਆਰਾਂ ਦਾ ਜਲੌ ਵੇਖਣ ਵਾਲ਼ਾ ਹੁੰਦਾ ਹੈ। ਇਨ੍ਹਾਂ ਮੇਲਣਾਂ ਵਿਚੋਂ ਕੋਈ ਹੁੰਦੜਹੇਲ ਮੁਟਿਆਰ ਖੂੰਡੇ 'ਤੇ ਘੁੰਗਰੂ ਬੰਨ੍ਹ ਕੇ ਖੂੰਡਾ ਖੜਕਾਉਂਦੀ ਹੋਈ ਜਾਗੋ ਦੇ ਅੱਗੇ-ਅੱਗੇ ਤੁਰਦੀ ਹੈ- ਇਹ ਜਾਗੋ ਪਿੰਡ ਵਿਚ ਸ਼ਰੀਕੇ ਦੇ ਘਰਾਂ ਵਿਚ ਲਜਾ ਕੇ ਜਾਗੋ ਦਾ ਗਿੱਧਾ ਪਾਇਆ ਜਾਂਦਾ ਹੈ- ਜਾਗੋ ਕਢਦੀਆਂ ਹੋਈਆਂ ਸੁਆਣੀਆਂ ਪਿੰਡ ਦੀਆਂ ਗਲ਼ੀਆਂ ਵਿਚ ਤੁਰਦੀਆਂ ਹੋਈਆਂ ਸਮੂਹਿਕ ਰੂਪ ਵਿਚ ਜਾਗੋ ਅਤੇ 'ਆਉਂਦੀਏ ਕੁੜੀਏ, ਜਾਂਦੀਏ ਕੁੜੀਏ' ਦੇ ਗੀਤ ਰੂਪ ਗਾਉਂਦੀਆਂ ਹਨ:

ਜਾਗੋ ਕਢਣੀ ਮੜਕ ਨਾਲ਼
ਤੁਰਨਾ ਬਈ ਵਿਆਹ ਕਰਤਾਰੇ ਦਾ

ਜਾਗੋ ਵਾਲ਼ੀਆਂ ਘਰੋਂ ਤੁਰਨ ਸਮੇਂ ਮੰਗਲਾਚਰਨ ਵਜੋਂ ਗੁਰੂਆਂ ਪੀਰਾਂ ਨੂੰ ਧਿਆਉਂਦੀਆਂ ਹਨ:

ਆਉਂਦੀ ਕੁੜੀਏ, ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਕਾਨਾ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ

ਉਹ ਜਨ-ਸਾਧਾਰਨ ਵਿਚ ਜਾਗਰੂਕਤਾ ਦੀ ਭਾਵਨਾ ਦਾ ਸੰਚਾਰ ਕਰਨ ਲਈ ਹੋਕਾ ਦੇਂਦੀਆਂ ਹਨ:

ਜਾਗੋ ਜਾਗਦਿਆਂ ਦਾ ਮੇਲਾ ਬਈ
ਜਾਗੋ ਆਈ ਆ

ਪਿਛਲੀ ਸਦੀ ਦੇ ਛੇਵੇਂ ਦਹਾਕੇ ਤਕ ਪਿੰਡਾਂ ਵਿਚ ਬਿਜਲੀ ਨਹੀਂ ਸੀ ਆਈ। ਹਨ੍ਹੇਰੀਆਂ ਗਲ਼ੀਆਂ ਵਿਚੋਂ ਲੰਘਦੀ ਜਗਮਗਾਂਦੀ ਜਾਗੋ ਨੇ ਚਾਰੇ ਬੰਨੇ ਚਾਨਣ ਬਖੇਰਦੇ ਹੋਏ ਖ਼ੁਸ਼ੀਆਂ 'ਚ ਮਖ਼ਮੂਰ ਹੋਈਆਂ ਮੁਟਿਆਰਾਂ ਦੇ ਮੁਖੜਿਆਂ ਦੀ ਆਭਾ ਨੂੰ ਚਾਰ ਚੰਦ ਲਾ ਦੇਣੇ। ਉਨ੍ਹਾਂ ਆਪਣੀ ਆਮਦ ਦੀ ਸੂਚਨਾ ਗੀਤਾਂ ਦੇ ਬੋਲਾਂ ਨਾਲ਼ ਦੇਣੀ:

ਇਸ ਪਿੰਡ ਦੇ ਪੰਚੋ ਤੇ ਸਰਪੰਚੋ ਲੰਬੜਦਾਰੋ
ਬਈ ਬੱਤੀਆਂ ਜਗਾ ਕੇ ਰੱਖਿਓ
ਸਾਰੇ ਪਿੰਡ 'ਚ ਫੇਰਨੀ ਜਾਗੋ
ਬਈ ਲੋਕਾਂ ਦੇ ਪਰਨਾਲੇ ਭੰਨਣੇ

ਵਿਆਹ ਦੇ ਚਾਅ 'ਚ ਭੂਸਰੀਆਂ ਹੋਈਆਂ ਮੇਲਣਾਂ ਨੇ ਰਾਹ ਵਿਚ ਆਉਂਦੇ ਰੇਹੜੇ-ਗੱਡੇ ਉਲਟਾ ਦੇਣੇ, ਪਏ ਬਜ਼ੁਰਗਾਂ ਦੇ ਮੰਜੇ ਮੂਧੇ ਕਰ ਸੁਟਣੇ, ਓਟੇ ਝਲਿਆਨੀਆਂ ਤੋੜ ਦੇਣੀਆਂ, ਘਰਾਂ ਦੇ ਪਰਨਾਲੇ ਭੰਨਣੇ ਅਤੇ ਪਿੰਡ ਦੇ ਹਟਵਾਣੀਆਂ ਦੀਆਂ ਹੱਟੀਆਂ ਤੋਂ ਖਾਣ ਵਾਲ਼ੇ ਖਿੱਲਾਂ-ਮਖਾਣੇ ਲੁੱਟ ਲੈਣੇ। ਜੇ ਕੁਝ ਨਾ ਮਿਲਣਾ ਤਾਂ ਪਿੰਡ ਨੂੰ ਤਾਹਨੇ ਮਾਰਨੇ: 

ਆਉਂਦੀ ਕੁੜੀਏ, ਜਾਂਦੀਏ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀ ਏਥੇ ਦੇ ਮਲੰਗ ਬਾਣੀਏਂ
ਸਾਨੂੰ ਜੰਗ-ਹਰੜਾਂ ਨਾ ਥਿਆਈਆਂ
ਏਥੇ ਦੇ ਮਲੰਗ ਬਾਣੀਏਂ

ਆਉਂਦੀ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਟੋਕਰਾ ਨੜਿਆਂ ਦਾ
ਕਿੱਥੇ ਲਾਹੇਂਗੀ ਕਿੱਥੇ ਲਾਹੇਂਗੀ
ਸਾਰਾ ਪਿੰਡ ਛੜਿਆਂ ਦਾ
ਕਿੱਥੇ ਲਾਹੇਂਗੀ...

ਮੇਲਣਾਂ ਦੀ ਭੰਨ-ਤੋੜ ਅਤੇ ਹਾਸੇ-ਠੱਠੇ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ। ਅਸਲ ਵਿਚ ਪੰਜਾਬ ਦੀ ਔਰਤ ਸਦੀਆਂ ਤੋਂ ਮਰਦ ਦੇ ਦਾਬੇ ਹੇਠ ਰਹੀ ਹੈ ਜਿਸ ਕਰਕੇ ਮਰਦ ਉਸ ਨੂੰ ਕੁਸਕਣ ਨਹੀਂ ਸੀ ਦੇਂਦੇ। ਕੇਵਲ ਵਿਆਹ ਦਾ ਹੀ ਇਕ ਅਵਸਰ ਹੁੰਦਾ ਹੈ ਜਿੱਥੇ ਪੰਜਾਬ ਦੀਆਂ ਔਰਤਾਂ ਆਪਣੀਆਂ ਦੱਬੀਆਂ ਕੁਚਲੀਆਂ ਅਤ੍ਰਿਪਤ ਕਾਮਨਾਵਾਂ ਦਾ ਇਜ਼ਹਾਰ ਨਸਿੰਗ ਹੋ ਕੇ ਕਰਦੀਆਂ ਹਨ ਅਤੇ ਮਨਾਂ ਦੇ ਗੁਭ-ਗੁਭਾੜ ਕੱਢਦੀਆਂ ਹਨ। ਵਿਆਹ ਦਾ ਆਯੋਜਨ ਔਰਤਾਂ ਨੂੰ ਖੁਲ੍ਹਾਂ ਲੈਣ ਦਾ ਅਵਸਰ ਪ੍ਰਦਾਨ ਕਰਦਾ ਹੈ- ਮਰਦ ਕੋਲ ਨਹੀਂ ਹੁੰਦੇ ਜਿਸ ਕਰਕੇ ਮੇਲਣਾਂ ਜਾਗੋ ਕੱਢਦੀਆਂ ਹੋਈਆਂ ਅਨੇਕ ਪ੍ਰਕਾਰ ਦੇ ਹਾਸੇ ਠੱਠੇ ਵਾਲ਼ੀਆਂ ਸ਼ਰਾਰਤਾਂ ਹੀ ਨਹੀਂ ਕਰਦੀਆਂ ਬਲਕਿ ਜਾਗੋ ਦੇ ਗਿੱਧੇ ਵਿਚ ਦਿਲ ਖੋਹਲ ਕੇ ਨੱਚਦੀਆਂ ਹੋਈਆਂ ਅਜਿਹੀਆਂ ਬੋਲੀਆਂ ਪਾਉਂਦੀਆਂ ਹਨ ਜਿਹੜੀਆਂ ਉਨ੍ਹਾਂ ਦੀ ਮਾਨਸਿਕਤਾ ਦੀ ਸ਼ਾਹਦੀ ਭਰਦੀਆਂ ਹਨ:

ਕੋਈ ਵੇਚੇ ਸੁੰਢ ਜਵੈਨ
ਕੋਈ ਵੇਚੇ ਰਾਈ
ਲੰਬੜ ਅਪਣੀ ਜ਼ੋਰੂ ਵੇਚੇ
ਟਕੇ ਟਕੇ ਸਿਰ ਸਾਈ
ਖ਼ਬਰਦਾਰ ਰਹਿਣਾ ਜੀ
ਜਾਗੋ ਨਾਨਕਿਆਂ ਦੀ ਆਈ

ਜਾਗੋ ਦਾ ਵਿਆਂਦੜ ਮੁੰਡੇ ਦੇ ਸ਼ਰੀਕੇ ਵਿਚ ਖ਼ਾਸ ਖ਼ਾਸ ਘਰਾਂ ਵਿਚ ਲੈ ਕੇ ਜਾਣਾ ਭਾਈਚਾਰਕ ਸਾਂਝਾਂ ਦਾ ਪ੍ਰਤੀਕ ਹੈ। ਮੁੰਡੇ ਦੀ ਮਾਂ ਜਾਗੋ ਨੂੰ ਖ਼ਾਸ ਖ਼ਾਸ ਅਪਣੱਤ ਵਾਲ਼ੇ ਘਰਾਂ ਵਿਚ ਲੈ ਕੇ ਜਾਂਦੀ ਹੈ ਜਿੱਥੇ ਜਾਗੋ ਦਾ ਗਿੱਧਾ ਪਾ ਕੇ ਖ਼ੂਬ ਨੱਚਿਆ ਜਾਂਦਾ ਹੈ ਅਤੇ ਨਸੰਗ ਹੋ ਕੇ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਜਿਸ ਰਿਸ਼ਤੇਦਾਰੀ ਵਿਚ ਜਾਗੋ ਲਿਜਾਈ ਜਾਂਦੀ ਹੈ ਓਸ ਘਰ ਦੀ ਮਾਲਕਣ ਜਾਗੋ ਦੇ ਦੀਵਿਆਂ ਵਿਚ ਸਰ੍ਹੋਂ ਦਾ ਤੇਲ ਪਾਉਂਦੀ ਹੈ ਤੇ ਨਚਦੀਆਂ ਹੋਈਆਂ ਮੁਟਿਆਰਾਂ 'ਤੇ ਰੁਪਿਆਂ ਦੇ ਵਾਰਨੇ ਕਰਕੇ ਸ਼ਗਨ ਮਨਾਉਂਦੀ ਹੈ। ਇਸ ਪ੍ਰਕਾਰ ਅੱਧੀ ਰਾਤ ਤੋਂ ਵੀ ਵਧ ਸਮੇਂ ਤਕ ਮੇਲਣਾਂ ਜਾਗੋ ਕੱਢਦੀਆਂ ਹੋਈਆਂ ਪਿੰਡ ਵਿਚ ਖੌਰੂ ਪਾਈ ਰੱਖਦੀਆਂ ਹਨ।

ਜਾਗੋ ਕੱਢਣ ਦੇ ਕੁਝ ਸਾਰਥਕ ਕਾਰਨ ਸਨ। ਸਾਡੇ ਵਡਾਰੂਆਂ ਨੇ ਬੜੀ ਸਿਆਣਪ ਨਾਲ਼ ਸੋਚ ਸਮਝ ਕੇ ਜਾਗੋ ਕੱਢਣ, ਛੱਜ ਕੁੱਟਣ ਅਤੇ ਗਿੱਧਾ ਪਾਉਣ ਦੀ ਰੀਤ ਤੋਰੀ ਸੀ। ਪੁਰਾਣੇ ਸਮਿਆਂ ਵਿਚ ਪਿੰਡਾਂ ਦੀ ਸੁਰੱਖਿਆ ਪੱਖੋਂ ਹਾਲਤ ਬਹੁਤੀ ਚੰਗੀ ਨਹੀਂ ਸੀ। ਚੋਰੀਆਂ ਡਾਕੇ ਆਮ ਸਨ! ਜੰਗਲ ਬੇਲਿਆਂ, ਝਿੜੀਆਂ ਵਿਚੋਂ ਲੰਘਦੀਆਂ ਬਰਾਤਾਂ ਲੁੱਟਣ ਦੇ ਕਿੱਸੇ ਆਮ ਸਨ। ਓਦੋਂ ਬਰਾਤਾਂ ਕਈ-ਕਈ ਦਿਨ ਕੁੜੀ ਵਾਲ਼ਿਆਂ ਦੇ ਪਿੰਡ ਠਹਿਰਦੀਆਂ ਸਨ। ਜਨਾਨੀਆਂ ਤੇ ਮੁਟਿਆਰਾਂ ਨੂੰ ਅੱਜ ਕਲ੍ਹ ਵਾਂਗ ਬਰਾਤ ਨਾਲ਼ ਨਹੀਂ ਸੀ ਲਿਜਾਇਆ ਜਾਂਦਾ। ਪਿੰਡ ਦੇ ਗੱਭਰੂ ਤਾਂ ਬਰਾਤ ਨਾਲ਼ ਚਲੇ ਜਾਂਦੇ ਸਨ ਪਿਛੋਂ ਗਹਿਣੇ-ਗੱਟਿਆਂ ਨਾਲ਼ ਲੱਦੀਆਂ ਮੇਲਣਾਂ ਅਤੇ ਘਰਾਂ ਦੀ ਚੋਰ ਉਚੱਕਿਆਂ ਪਾਸੋਂ ਸੁਰੱਖਿਆ ਲਈ ਜਾਗੋ ਕੱਢਣ ਦਾ ਰਿਵਾਜ ਪ੍ਰਚੱਲਿਤ ਹੋ ਗਿਆ। ਇਸ ਨਾਲ਼ ਜਿਥੇ ਪਿਛੇ ਰਹੀਆਂ ਮੇਲਣਾਂ ਦਾ ਵਿਹਲਾ ਸਮਾਂ ਨਚਦਿਆਂ-ਟੱਪਦਿਆਂ ਵਧੀਆ ਢੰਗ ਨਾਲ਼ ਬਤੀਤ ਹੋ ਜਾਂਦਾ, ਓਥੇ ਉਹ ਪਿੰਡ ਦੇ ਲੋਕਾਂ ਨੂੰ ਸਾਰੀ-ਸਾਰੀ ਰਾਤ ਜਗਾਈ ਰੱਖਣ ਲਈ ਵੀ ਕਾਰਗਰ ਸਿੱਧ ਹੁੰਦੀਆਂ। ਛੱਜ ਬਰਾਤ ਚੜ੍ਹਨ ਵਾਲ਼ੀ ਰਾਤ ਨੂੰ ਕੁੱਟਿਆ ਜਾਂਦਾ ਸੀ ਤੇ ਜਾਗੋ ਗੱਭਲੀ ਰਾਤ ਨੂੰ ਕੱਢੀ ਜਾਂਦੀ।

ਅੱਜਕਲ੍ਹ ਦੇ ਵਿਆਹਾਂ ਸਮੇਂ ਵੀ ਜਾਗੋ ਕੱਢਣ ਦਾ ਰਿਵਾਜ ਤਾਂ ਹੈ ਪਰੰਤੂ ਹੁਣ ਉਹ ਮੁਟਿਆਰਾਂ ਕਿੱਥੇ ਹਨ ਜਿਹੜੀਆਂ ਬਿਨਾਂ ਹੱਥ ਦਾ ਸਹਾਰਾ ਲਾਏ ਸਿਰ 'ਤੇ ਜਾਗੋ ਰੱਖ ਕੇ ਨੱਚਣ ਦਾ ਸਾਹਸ ਰਖਦੀਆਂ ਹਨ। ਹੁਣ ਮੁੰਡੇ ਕੁੜੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਲੇਡੀਜ਼ ਸੰਗੀਤ ਦੇ ਨਾਲ਼ ਹੀ ਜਾਗੋ ਕੱਢੀ ਜਾਂਦੀ ਹੈ। ਆਰਕੈਸਟਰਾਂ ਵਾਲ਼ੇ ਡੀਜੇ ਦੇ ਸ਼ੋਰ ਸ਼ਰਾਬੇ ਵਾਲ਼ੇ ਸੰਗੀਤ ਦੀਆਂ ਧੁਨਾਂ 'ਤੇ ਮਦਹੋਸ਼ ਹੋਏ ਮੁੰਡੇ ਕੁੜੀਆਂ ਨੱਚਦੇ ਹਨ। ਸ਼ਹਿਰਾਂ ਵਿਚ ਤਾਂ ਜਾਗੋ ਕੱਢਣ ਵਾਲ਼ੀਆਂ ਕੁੜੀਆਂ ਵੀ ਕਿਰਾਏ 'ਤੇ ਮਿਲ ਜਾਂਦੀਆਂ ਹਨ। ਹੁਣ ਪੁਰਾਣੀ ਜਾਗੋ ਦੀ ਆਭਾ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਬਸ ਯਾਦਾਂ ਦਾ ਝੋਰਾ ਹੀ ਬਾਕੀ ਰਹਿ ਗਿਆ ਹੈ।

*