ਭੂਮਿਕਾ

ਕਵੀ ਦੇਸ ਦਾ ਮਾਣ ਤੇ ਧਨ ਹੁੰਦਾ ਹੈ। ਇਹਨੂੰ ਸਾਂਭਣ ਨਾਲ ਦੇਸ਼ ਬਣਦਾ ਤੇ ਸੌਰਦਾ ਹੈ। ਪੰਜਾਬ ਨੇ ਰਿਸ਼ੀਆਂ ਨੂੰ ਸੰਭਾਲਿਆ ਤਾਂ ਵੇਦਕ ਰਿਚਾਂ ਰਚੀਆਂ ਗਈਆਂ, ਗੁਰੂਆਂ ਨੂੰ ਸਤਿਕਾਰਿਆ ਤਾਂ ਗੁਰਬਾਣੀ ਦਾ ਪ੍ਰਕਾਸ਼ ਹੋਇਆ, ਭਗਤਾਂ, ਫ਼ਕੀਰਾਂ ਤੇ ਸਾਈਂ ਲੋਕਾਂ ਆਦਿ ਦੀ ਕਦਰ ਕੀਤੀ ਤਾਂ ਭਗਤ ਬਾਣੀ ਤੇ ਸੂਫ਼ੀ ਕਵਿਤਾ ਦੇ ਦਰਸ਼ਨ ਹੋਏ। ਸ਼ਾਇਰੀ ਨੂੰ ਪੈਗ਼ੰਬਰੀ ਦਾ ਰੁਤਬਾ ਦਿਤਾ ਗਿਆ ਹੈ। ਜਦੋਂ ਦੇਸ ਦੇ ਭਾਗ ਸੌਣੇ ਹੋਣ ਤਾਂ ਏਸ ਧਨ ਦਾ ਮੁੱਲ ਨਹੀਂ ਪੈਂਦਾ।

ਅਸਾਂ ਪੰਜਾਬੀਆਂ, ਆਪਣੀ ਬਣੀ ਬਣਾਈ ਬੋਲੀ ਨੂੰ ਆਪੇ, ਗਵਾਰਾਂ ਦੀ ਬੋਲੀ ਕਹਿ ਕਹਿ ਕੇ ਆਪਣੇ ਸੁੱਚੇ ਕਵੀਆਂ ਦੀ ਆਬ ਗਵਾ ਲਈ। ਥੁੜ੍ਹ-ਦਿਲੇ ਤੇ ਗ਼ੈਰ ਬੋਲੀ ਦੇ ਅਧ-ਪੜ੍ਹਿਆਂ ਨੂੰ ਆਪਾ ਵਧਾਊ ਬਿਰਤੀ ਨੇ ਜਿੱਚ ਕੀਤਾ ਤੇ ਓਹ ਆਪਣੇ ਆਪ ਨੂੰ ਪੰਜਾਬੀ ਰਹਿਣੀ ਬਹਿਣੀ ਤੋਂ ਵੱਖਰਾ ਸਮਝਣ ਲਗ ਪਏ। ਆਪਣੇ ਘਰ ਦੀ ਸ਼ੈ ਨੂੰ ਪਰਖਿਆ ਨਾ, ਸਗੋਂ ਓਸ ਵਿਚ ਰਜ ਰਜ ਕੇ ਕੀੜੇ ਪਾਣ ਲੱਗੇ, ਡੰਝਾਂ ਲਾਹ ਲਾਹ ਕੇ ਓਹਨੂੰ ਲੀਕਾਂ ਲਾਣ ਲੱਗੇ। ਅਜਿਹੇ ਸਮੇਂ ਕਵਿਤਾ ਵਿਚ ਬਜ਼ਾਰੀ-ਪਣ ਆ ਜਾਂਦਾ ਹੈ ਤੇ ਓਹ ਹੋਰ ਨਿੰਦਣ ਜੋਗ ਹੋ ਜਾਂਦੀ ਹੈ।

ਡਾਕਟਰ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਕਵਿਤਾ ਦੀ ਬਿਖੜੀ ਦਸ਼ਾ ਤੱਕੀ ਤੇ ਗੁਰਬਾਣੀ ਦੇ ਤਤ ਲੈ ਕੇ ਕਲਮ ਚੁੱਕੀ। ਲਾਲਾ ਧਨੀ ਰਾਮ ਜੀ ਉੱਤੇ ਵੀ ਭਾਈ ਸਾਹਿਬ ਦੀ ਸ਼ਖਸੀਅਤ ਦਾ ਅਸਰ ਹੋਇਆ। ਦੂਜਾ ਆਪ ਸਾਦੇ, ਅੰਦਰੋਂ ਸੁੱਚ-ਰਹਿਣੇ ਚੁਗਿਰਦੇ ਵਿਚ ਪਲ ਕੇ ਆਏ ਹੋਏ ਸਨ। ਓਹਨੀਂ ਦਿਨੀਂ ਓਹਨਾਂ ਪਿੰਡਾਂ ਵਿਚ ਕੋਈ ਬੰਦਾ ਊਟ ਪਟਾਂਗ ਕਰਦਾ ਤਾਂ ਓਹਨੂੰ ਪਿੰਡੋਂ ਕਢ ਦਿੱਤਾ ਜਾਂਦਾ ਸੀ। ਇਹਨਾਂ ਦੇ ਦਿਲ ਉੱਤੇ ਸਦਾਚਾਰ ਦੀ ਛਾਪ ਲਗਦੀ ਗਈ। ਤੀਜਾ ਅੰਮ੍ਰਿਤਸਰ ਵਿਚ ਕਾਫ਼ੀ ਬੁਰਾਈਆਂ ਦਿੱਸੀਆਂ। ਜਵਾਨੀਆਂ ਉੱਤੇ ਕਾਬੂ ਨਹੀਂ ਸੀ। ਇਹਨਾਂ ਗੱਲਾਂ ਨੇ ਆਪ ਜੀ ਨੂੰ ਸਤਿ ਦੀ ਭਾਲ ਕਰਨ ਵਲ ਲਾਇਆ। ਸਤਿ ਦੀ ਭਾਲ ਡੂੰਘੇ ਫ਼ਲਾਸਫ਼ਰਾਂ ਵਾਂਗ ਨਹੀਂ ਸੀ। ਦਿਮਾਗ਼-ਖੋਰੀ ਨਹੀਂ ਸੀ। ਹਰ ਵਕਤ ਦਿੱਸਣ ਵਾਲੀਆਂ ਚੀਜ਼ਾਂ ਵਿੱਚੋਂ ਦਿਸਣ ਵਾਲੀ ਵਸਤ ਨੂੰ ਸਾਦੇ ਪਰ ਹੁਨਰ ਗੜੁੱਚੇ ਤਰੀਕੇ ਨਾਲ ਸੁਝਾਇਆ। ਪੰਜਾਬ ਦੀਆਂ ਰੁੱਤਾਂ ਤੋਂ ਲੈ ਕੇ ਨਿੱਕੀ ਜਿੰਨੀ ਗੱਲ ਨੂੰ ਬਿਆਨਿਆ ਤਾਂ ਓਸ ਵਿਚ ਕੁਹਜ ਨਹੀਂ ਆਉਣ ਦਿੱਤਾ। ਬੋਲੀ ਵਿਚ ਸਤਿ ਹੈ। ਸਤਿ ਦਾ ਭਾਵ ਕੌੜ ਜਾਂ ਮਿਰਚ ਨਹੀਂ। ਠੁੱਕ (ਰੋਜ਼ਮੱਰ੍ਰਾ) ਤੇ ਮੁਹਾਵਰੇ ਵਿਚ ਵੀ ਸਤਿ ਹੈ ਭਾਵ ਸ਼ੁਧ ਹੈ। ਅਜਿਹੀ ਸਤਿਵਾਦਨ ਕਲਮ ਨੇ ਦੇਸ ਦੀ ਮੁਟਿਆਰ ਦੇ ਸੀਨੇ ਵਿਚ ਧੜਕਦੇ ਸ਼ੁਧ ਪਿਆਰ ਨੂੰ ਦਿਖਾਇਆ:-

ਗਭਰੂਟ ਸਭ ਪੰਜਾਬ ਦੇ, ਮੁੱਛਾਂ ਦੇ ਵੱਟ ਸੁਆਰ ਕੇ।
ਕਰ ਕੇ ਲੜਾਈ ਦੀ ਫ਼ਤੇ, ਆ ਗਏ ਦਮਾਮੇ ਮਾਰਦੇ।
****

ਬਾਂਕਾ ਸਿਪਾਹੀ ਆ ਗਿਆ, ਫ਼ੌਜੀ ਬਹਾਦੁਰ ਆ ਗਿਆ।
ਸੱਸ ਪੁੱਤ ਨੂੰ ਚੁੰਮਣ ਲਗ ਪਈ, ਮੈਂ ਸੰਗ ਕੇ ਅੰਦਰ ਜਾ ਵੜੀ।
****
ਸੋਚੀ ਕਿ ਮੈਂ ਨਹੀਂ ਹੱਸਣਾ, ਪੁੱਛੇ ਤੇ ਕੁਝ ਨਹੀਂ ਦੱਸਣਾ।
ਰਾਤਾਂ ਵਿਛੋੜੇ ਮਾਰੀਆਂ, ਰੋ ਰੋ ਕੇ ਕਿੰਜ ਗੁਜ਼ਾਰੀਆਂ।
ਅੱਗੇ ਈ ਮਜਾਜ਼ੀ ਸੀ ਬੜਾ, ਹੁਣ ਤੇ ਲੜਾਕਾ ਬਣ ਗਿਆ,
ਉਸ ਨੇ ਤੇ ਮੁਲ ਪਾਣਾ ਨਹੀਂ, ਪਰ ਮੈਂ ਵੀ ਡਰ ਜਾਣਾ ਨਹੀਂ।
****
ਪਰ ਹਾਏ ਨੀ ਦਿਲ ਚੰਦਰਾ, ਆਪੇ ਹੀ ਹੌਲਾ ਪੈ ਗਿਆ,
ਓਹ ਆ ਗਿਆ ਮੈਂ ਹੱਸ ਪਈ, ਗਲ ਲਗ ਕੇ ਛਮ ਛਮ ਵੱਸ ਪਈ।
(੬ ਤੇ ੭ ਸਫ਼ਾ)

ਝਾਕੀ, ਰਵਾਨੀ ਤੇ ਸ਼ਿੰਗਾਰੀ ਸ਼ੁਧਤਾ ਚੰਦਨਵਾੜੀ ਦੇ 'ਦਿਲ' ਵਾਲੀ ਹੀ ਹੈ। ਹੁਣ ਹੋਰ ਦੇਖੋ ਸ਼ਿੰਗਾਰੀ ਰਸ ਵਿਚ ਸਤਿ ਜਾਂ ਸ਼ੁੱਧਤਾ:-

ਖੀਵੀ ਹੁੰਦੀ ਦਰਸ਼ਨ ਕਰ ਕੇ,
ਢਹਿ ਪੈਂਦੀ ਚਰਨੀਂ ਸਿਰ ਧਰ ਕੇ,
ਪਾ ਪਾ ਕੇ ਹੰਝੂਆਂ ਦਾ ਪਾਣੀ,
ਮੀਟੇ ਨੈਣ ਖੁਲ੍ਹਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।
ਓਹ ਤਕ ਲੈਂਦੇ ਮੈਂ ਤਰ ਜਾਂਦੀ,
ਓਹ ਚੁਕ ਲੈਂਦੇ ਮੈਂ ਠਰ ਜਾਂਦੀ,
ਪੀੜ ਹਿਜਰ ਦੀ, ਜ਼ਖ਼ਮ ਜਿਗਰ ਦੇ,
ਹਿਰਦਾ ਚੀਰ ਵਿਖਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।
(ਸਫ਼ਾ ੬੩)

ਉੱਪਰਲੀਆਂ ਕਲੀਆਂ ਵਿਚ ਹਲਕਾ ਜਾਂ ਕੁਹਜਾ ਸਵਾਦ ਨਹੀਂ ਸਗੋਂ ਸਤਿ ਦੇ ਰਸ ਨਾਲ ਭਰੀ ਸੁੰਦਰਤਾ ਹੈ। ਅਜਿਹੀ ਸੁੰਦਰਤਾ ਸੁਖਦਾਈ ਜਾਂ ਏਸੇ ਨੂੰ ਸਤਿਅਮ, ਸ਼ਿਵਮ, ਸੁੰਦਰਮ ਕਿਹਾ ਜਾਂਦਾ ਹੈ। ਸਤਿ ਦੇ ਕਵੀ ਨੂੰ ਪ੍ਰੋਫ਼ੈਸਰ ਪੂਰਨ ਸਿੰਘ ਨੇ ਬੜਾ ਉਚਿਆਇਆ ਹੈ। ਸਤਿ ਕਵੀ ਦੇ ਸਾਹਮਣੇ ਕਾਲੀਦਾਸ ਤੇ ਸ਼ੈਕਸਪੀਅਰ ਨੂੰ ਵੀ ਓਹ ਬਾਲ ਗੋਪਾਲ ਹੀ ਸਮਝਦੇ ਹੈਨ। ਸ਼ਾਇਦ ਏਸ ਕਰ ਕੇ ਕਿ ਓਹ ਕਵੀ, ਖ਼ਿਆਲ ਦੇ ਕੈਮਰੇ ਨਾਲ ਜਾਂ ਤਸੱਵਰ ਤੋਂ ਲੈ ਕੇ ਝਾਉਲੇ ਦਿਖਾਉਂਦੇ ਹਨ। ਸਤਿ ਦੇ ਕਵੀ-ਗਰੂ, ਸੰਤ ਤੇ ਭਗਤ ਆਦਿ ਦਿਲ ਦਿਮਾਗ਼ ਵਿਚ ਵਰਤੀ ਰਹੇ ਸਤਿ ਨੂੰ ਬਾਹਰ ਲਿਆ ਬਹਾਲਦੇ ਹਨ। ਗੱਲ ਕੀ ਕਵੀ ਦਾ ਜੀਵਨ ਕਾਫ਼ੀ ਹਦ ਤਕ ਸਤਿ-ਮਯ ਹੋਣਾ ਚਾਹੀਦਾ ਹੈ। ਇਹ ਗੱਲ ਜਚਦੀ ਨਹੀਂ ਪਈ ਕਵੀ ਦੀ ਕਵਿਤਾ ਦੇਖੋ ਉਹਦੀ ਆਪਣੀ ਜ਼ਿੰਦਗੀ ਨਾ ਦੇਖੋ। ਕਵੀ ਦਾ ਜੀਵਨ ਕਵਿਤਾ ਹੈ ਤੇ ਓਹਦੀ ਕਵਿਤਾ ਹੀ ਅਸਲ ਜੀਵਨ।

ਗੁਰੂ ਨਾਨਕ ਜੀ ਦੀ ਅਸਲ ਜਨਮ ਸਾਖੀ ਓਹਨਾਂ ਦੀ ਬਾਣੀ ਹੈ। ਬਾਬਾ ਫ਼ਰੀਦ ਦਾ ਵੈਰਾਗੀ ਜੀਵਨ ਓਹਨਾਂ ਦੀ ਸ਼ਾਇਰੀ ਨਾਲ ਇਕ ਜਾਨ ਹੋਇਆ ਹੋਇਆ ਹੈ। ਮੀਰਾਂ ਬਾਈ ਜੀ ਦਾ ਜੀਵਨ ਕੀ ਸੀ? ਪ੍ਰੇਮ ਬਿਰਹਾ ਤੇ ਭਗਤੀ। ਸੋ ਇਹ ਤਿੰਨ ਗੱਲਾਂ ਓਹਨਾਂ ਦੀ ਕਵਿਤਾ ਵਿਚ ਐਨ ਦਿਸ ਰਹੀਆਂ ਹਨ। ਏਸ ਬਿਰਹੇ ਦਾ ਦਰਦ ਸਾਨੂੰ ਨੀਵੇਂ ਪਾਸੇ ਡਿੱਗਣ ਨਹੀਂ ਦੇਂਦਾ। ਸਮਾਜਿਕ ਹਦ ਬੰਨੇ ਟੱਪਣ ਨਹੀਂ ਦੇਂਦਾ।

"ਅਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਹਿ!"

ਆਦਿ ਤੁਕਾਂ ਸਾਨੂੰ ਸਾਡੇ ਮਿਥੇ ਨੀਵੇਂ ਚੁਗਿਰਦੇ ਵਿਚ ਨਹੀਂ ਆਉਣ ਦੇਂਦੀਆਂ। ਸਿਰਫ਼ ਏਸ ਲਈ ਕਿ ਕਵੀ ਦੀ ਆਤਮਾ ਦੀ ਆਵਾਜ਼ ਤੇ ਤਸਵੀਰ ਪੂਰੇ ਸੱਚ ਨਾਲ ਖਿੱਚੀ ਹੋਈ ਦਿਸਦੀ ਪਈ ਹੈ ਤੇ ਖ਼ੂਬੀ ਇਹ ਹੈ ਕਿ ਹੋਰ ਤਸਵੀਰ ਓਹ ਬਣਨ ਹੀ ਨਹੀਂ ਦੇਂਦੀ। ਜੇ ਅਸੀਂ ਅਜਿਹੀਆਂ ਤੁਕਾਂ ਵਿਚ ਅਸ਼ਲੀਲਤਾ ਮੰਨ ਲਈਏ ਤਾਂ ਇਹਦਾ ਇਹ ਮਤਲਬ ਹੈ ਪਈ ਸਾਡੇ ਹੋਰਥੇ ਲੱਗੇ ਚਿੱਤ ਨੇ ਏਸ ਨੂੰ ਆਪਣੇ ਸੱਚੇ ਵਿਚ ਢਾਲ ਲਿਆ ਹੈ। ਅਜ ਕਲ ਕੁਝ ਸਜਣ ਆਪਣੇ ਦਿਲ ਦੇ ਘਟੀਆ ਖ਼ਿਆਲ ਦਿਖਾਉਣ ਲਈ ਪਵਿੱਤ੍ਰ ਬਾਣੀ ਵਿਚ ਵੀ ਅਸ਼ਲੀਲਤਾ ਕਹਿਣ ਲਗ ਪਏ ਹਨ। ਓਹਨਾਂ ਨੂੰ ਇਹ ਪਤਾ ਨਹੀਂ ਕਿ ਕੌਣ ਕੀ ਤੇ ਕਿਸ ਤਰ੍ਹਾਂ ਕਹਿੰਦਾ ਹੈ? ਜੇ ਉਹਨਾਂ ਦੀ ਗੱਲ ਮੰਨ ਵੀ ਲਈਏ ਤਾਂ ਕੀ ਦੂਜੇ ਦੀ ਅਸ਼ਲੀਲਤਾ ਦੱਸਣ ਨਾਲ ਆਪਣੀ ਅਸ਼ਲੀਲਤਾ ਬਚ ਸਕਦੀ ਹੈ?

ਸਤਿ ਦੇ ਕਵੀ ਵਿਚ ਅਸ਼ਲੀਲਤਾ ਨਹੀਂ ਹੋਂਦੀ। ਜਿਸ ਤਰ੍ਹਾ ਸਮਝਦਾਰ ਚਿਤਰਕਾਰ ਦੇ ਨੰਗੇ ਚਿਤਰ ਵਿਚ ਕਾਮ ਭੜਕਾਊ ਰੰਗਤ ਨਹੀਂ ਹੋਂਦੀ, ਓਹਨੇ ਹੁਨਰ ਨਾਲ ਨੰਗੇਜ ਹੀ ਕੱਜਿਆ ਹੋਂਦਾ ਹੈ। ਸਤਿ-ਕਵੀ ਕੁਹਜ ਨੂੰ ਹੁਨਰ ਨਾਲ ਲੁਕਾਂਦਾ ਹੈ ਤੇ ਏਥੇ ਹੀ ਓਹ ਵੱਡਾ ਕਲਾਕਾਰ ਹੈ। ਅਜਿਹੀ ਕਲਾਕਾਰੀ ਏਸ ਕਿਤਾਬ ਦੇ ਵਿਚ ਸਾਫ਼ ਦਿਸ ਰਹੀ ਹੈ। ਇਹਨਾਂ ਕਵਿਤਾਵਾਂ ਦੇ ਕਵੀ ਜੀ ਜਿਸ ਵਕਤ ਸਾਕੀ ਪਦ ਵਰਤਦੇ ਹਨ ਤਾਂ ਪਿਅੱਕੜਾਂ ਨੂੰ ਹੱਲਾ ਸ਼ੇਰੀ ਦੇਣ ਵਾਲਾ ਤੇ ਪਿਆਉਣ ਵਾਲਾ ਨਹੀਂ ਦਿਸਦਾ। ਨਾ ਹੀ ਇਹਨਾਂ ਦਾ ਓਹੋ ਜਿਹਾ ਮੈ-ਖ਼ਾਨਾ ਹੈ:-

ਮਦਰਾਲਯ ਦੇ ਅੰਗਣ ਅੰਦਰ,
ਜਦ ਪਿਆਕ ਕੋਈ ਆਵੇ।
ਨਾਲ ਉਹਦੇ ਰਲ ਕੇ ਪੀਵਣ ਦਾ,
ਚਾਉ ਜਿਹਾ ਚੜ੍ਹ ਜਾਵੇ।
ਖਬਰੇ ਉਸ ਨੇ ਕਿਸ ਕਿਸ ਮੈ ਦੀ,
ਮਸਤੀ ਮਾਣੀ ਹੋਵੇ,
ਉਸ ਦੀ ਰੰਗਣ ਸ਼ਾਇਦ ਮੈਨੂੰ,
ਭੀ ਅਰਸ਼ੀ ਪਹੁੰਚਾਵੇ।
(ਸਫ਼ਾ ੩੭)

ਏਸ ਸੂਫ਼ੀ ਖ਼ਾਨੇ ਜਾਂ ਮੈ-ਖ਼ਾਨੇ ਵਿਚ ਮਾਰੂ ਸੋਹਲਿਆਂਂ ਜਿਹੀ ਰਵਾਨੀ ਦੀ ਮਿੱਟੀ ਦੇ ਪਿਆਲੇ, ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਰਗੀ ਤਾਅਨੇ ਤੇ ਪਿਆਰ ਦੀਆਂ ਰੰਗੀਨ ਸੁਰਾਹੀਆਂ ਹਨ। ਰੂਹ ਮਸਤਾਉਣਾ, ਹਾਫ਼ਜ਼ੀ ਸਾਕੀ, ਹਰ ਪਾਸੇ ਨਜ਼ਰ ਆ ਰਿਹਾ ਹੈ। ਪਰ ਵੀਹਵੀਂ ਸਦੀ ਦਾ ਇਹ ਸੂਫ਼ੀ ਮਜ਼ਹਬੀ ਝੇੜਿਆਂ ਨੂੰ ਦੂਰ ਕਰਨ ਉੱਤੇ ਹੀ ਨਹੀਂ ਰਿਹਾ, ਹਮੇਸ਼ਾਂ ਸਮਾਜ ਦੀ ਕੁਸੁੰਦਰਤਾ ਨੂੰ ਉਡਾਉਣ ਲਈ ਸੋਚਦਾ ਰਿਹਾ। ਗੋਰੇ ਰਾਜ ਤੇ ਏਥੋਂ ਤਕ ਆਪਣੇ ਰਾਜ ਦੇ ਭੈੜਾਂ ਵਲ ਵੀ ਏਸ ਸੂਫ਼ੀ ਜਾਂ ਆਗੂ ਨੇ ਤੱਕਿਆ, ਜਿਸ ਤਰਾਂ:-

ਨਵੀਂ ਕਿਸਮ ਦੀ ਅਮਨ ਪਸੰਦੀ,
ਜੀਭ ਕਲਮ ਦੀ ਨਾਕਾ ਬੰਦੀ,
ਆਜ਼ਾਦੀ ਦੇ ਸਿਰ ਤੇ ਲਟਕੇ,
ਤਾਕਤ ਵੀ ਤਲਵਾਰ।ਸਮੇਂ ਦੀ ਨਵੀਓਂ ਨਵੀਂ ਬਹਾਰ।
(ਸਫ਼ਾ ੯੭)

ਹੋਰ ਦੇਖੋ:-

ਨੀ ਆਜ਼ਾਦੀ ਦੀ ਘੜੀ,
ਕਿਸ ਦੇ ਕੋਠੇ ਜਾ ਚੜ੍ਹੀ,
ਕਿਹੜੇ ਡਾਕੂ ਨੇ ਫੜੀ,
ਦਿੱਤੀ ਮਹੁਰੇ ਦੀ ਪੁੜੀ,
ਨੀ ਬਲੈਕ ਦੀ ਜੁੜੀ।
(ਸਫ਼ਾ ੧੦੫)

ਏਸ ਸੂਫ਼ੀ ਖ਼ਾਨੇ ਵਿਚ ਰਾਜ ਨੂੰ ਸੁਧਾਰਨ ਦੇ ਵਿਚਾਰ ਹੋ ਰਹੇ ਹਨ ਜਾਂ ਰਾਜ ਨੂੰ ਸਤਿ, ਸ਼ਿਵ ਤੇ ਸੁੰਦਰ ਬਣਾਉਣ ਦੇ ਜਤਨ ਸੁਝਾਏ ਜਾ ਰਹੇ ਹਨ। ਏਸੇ ਲਈ ਏਸ ਪੁਸਤਕ ਨੂੰ ਆਪਣੇ ਸੂਬੇ ਦੇ ਮਾਨ ਜੋਗ ਵਜ਼ੀਰ ਸਰਦਾਰ ਈਸ਼ਰ ਸਿੰਘ ਜੀ ਮਝੈਲ ਦੀ ਸੇਵਾ ਵਿਚ ਰਖਿਆ ਹੈ ਕਿ ਓਹ ਲਗਦੀ ਵਾਹ ਸਤਿਜੁਗ ਵਰਤਾ ਕੇ ਦੱਸਣ, ਸਾਹਿੱਤ ਤੇ ਕਲਾ ਦਾ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਤੋਂ ਮਾਣ ਕਰਾਇਆ, ਓਸੇ ਤਰ੍ਹਾਂ ਪੰਜਾਬ ਸਰਕਾਰ ਤੋਂ ਵੀ ਕੋਮਲ ਕਲਾਂ ਦੀ ਕਦਰ ਕਰਾ ਕੇ, ਏਸ ਸੂਫ਼ੀ ਖ਼ਾਨੇ ਦੀ ਲਾਜ ਰੱਖਣ।

ਬੁਰਜ ਗਿਆਨੀਆਂ
ਅੰਮ੍ਰਿਤਸਰ
੧੦ ਅਕਤੂਬਰ ੧੯੫੦

ਹਰਿੰਦਰ ਸਿੰਘ
"ਰੂਪ"


ਸਮਰਪਣ






ਪੰਜਾਬ ਸਰਕਾਰ ਦੀ ਸੱਜੀ ਬਾਂਹ


ਸਾਹਿੱਤ ਤੇ ਕਲਾ ਨੂੰ ਚੜ੍ਹਦੀ ਕਲਾ ਵਿਚ ਲੈ ਜਾਣ ਵਾਲੇ


ਮਾਨਜੋਗ



ਸਰਦਾਰ ਈਸ਼ਰ ਸਿੰਘ ਜੀ ਮਝੈਲ


ਦੇ ਨਾਂ

ਆਰਤੀ


ਮੈਂ ਮਲਿਆ ਦਾਤਾ ਦਾ ਦੁਆਰ-ਟੇਕ

ਲੰਮਾ ਚੌੜਾ ਬਾਗ਼ ਬਗੀਚਾ, ਜਿਸ ਦਾ ਕੋਈ ਉਰਾਰ ਨਾ ਪਾਰ,
ਤ੍ਰੈਲੋਕੀ ਵਿਚ ਤਾਣਾ ਪੇਟਾ, ਬ੍ਰਹਮੰਡਾਂ ਵਿਚ ਖਿਲਰ-ਖਿਲਾਰ।

ਸੂਰਜ, ਚੰਦ, ਸਤਾਰੇ, ਧਰਤੀ, ਚਰਖ ਚਲ ਰਿਹਾ ਚੱਕਰ ਮਾਰ,
ਝੀਲਾਂ, ਚਸ਼ਮੇ, ਪਰਬਤ, ਨਦੀਆਂ, ਕੈਲਾਂ, ਚੀਲ, ਦਿਆਰ, ਚਿਨਾਰ।

ਫਲ, ਫੁਲ, ਮਧੁ, ਮਕਰੰਦ ਮਧਰੁ ਦੀ, ਮਨ ਮੋਹੀ ਜਾਏ ਮਹਿਕਾਰ,
ਵੇਲਾਂ ਵੱਲਾਂ ਵਣ ਤ੍ਰਿਣ ਬਿਰਛ, ਖਲੋਤੇ ਨੇਂ ਇਕ ਟੰਗ ਦੇ ਭਾਰ।

ਸੋਭਾ ਕਰਨ ਸੁਰੀਲੇ ਪੰਛੀ, ਉਸ਼ਾ ਉਭਾਰੇ ਨੂਰ ਨਿਖਾਰ,
ਦਾਤਾਂ ਮਿਲਣ ਕਲਾਵੇ ਭਰ ਭਰ, ਖੁੱਲ੍ਹਾ ਕੁਦਰਤ ਦਾ ਭੰਡਾਰ।

ਸਾਰੀ ਸ੍ਰਿਸ਼ਟਿ ਜਿਦ੍ਹੇ ਦਰਬਾਰੋਂ, ਬਰਕਤ ਮੰਗੇ ਬਾਹਾਂ ਪਸਾਰ,
ਚਾਤ੍ਰਿਕ ਮੰਗੇ ਦਾਨ ਮਿਹਰ ਦਾ, ਭਵ ਸਾਗਰ ਤੋਂ ਕਰ ਦੇ ਪਾਰ।

ਓ ਦੇਸ਼ ਦੇ ਪੁਜਾਰੀ![ਗੀਤ


੧. ਓ ਹਿੰਦ ਦੇ ਜਵਾਨਾ! ਹਿੰਦੂ ਤੇ ਮੁਸਲਮਾਨਾ!
ਹੁਸ਼ਿਆਰ ਹੋ ਕੇ ਡਟ ਜਾ, ਉਕ ਜਾਏ ਨਾ ਨਿਸ਼ਾਨਾ।
ਹਿੰਮਤ ਦੇ ਨਾਲ ਛੋਹ ਦੇ, ਇਤਫਾਕ ਦੀ ਉਸਾਰੀ,
ਓ ਦੇਸ਼ ਦੇ ਪੁਜਾਰੀ!

੨. ਮਾਤਾ ਤੇਰੀ ਦੇ ਗਲ ਦੇ, ਸੰਗਲ ਏ ਮੋਟੇ ਮੋਟੇ,
ਜੰਗਾਲ ਖਾ ਚੁਕੇ ਨੇਂ, ਕਰ ਸੁਟ ਏ ਟੋਟੇ ਟੋਟੇ।
ਲਾ ਜ਼ੋਰ ਦਾ ਇਕ ਝਟਕਾ, ਮੁਸ਼ਕਿਲ ਮੁਕਾ ਦੇ ਸਾਰੀ,
ਓ ਦੇਸ਼ ਦੇ ਪੁਜਾਰੀ!

੩. ਤੇਰੀ ਘਾਲ ਹੋਈ ਪੂਰੀ, ਜੇਲਾਂ ਨਿਸ਼ੰਗ ਨਾ ਭਰ,
ਛਡ ਦੇ ਪਰਾਈ ਪੂਜਾ, ਤੇ ਅਪਣਿਆਂ ਤੋਂ ਨਾ ਡਰ।
ਨਫਰਤ ਤੇ ਬੇਵਿਸਾਹੀ, ਹੁਣ ਹੋ ਗਈ ਨਿਕਾਰੀ,
ਓ ਦੇਸ਼ ਦੇ ਪੁਜਾਰੀ!

੪. ਆਸ਼ਾ ਤੇਰੀ ਦਾ ਸੂਰਜ, ਸਭ ਥਾਂ ਤੇ ਚ੍ਹੜ ਚੁਕਾ ਹੈ,
ਦੁਨੀਆ ਦੀ ਤੱਕੜੀ ਤੇ, (ਤੇਰਾ) ਤੋਲ ਵਧ ਗਿਆ ਹੈ।
ਨੀਯਤ ਹੈ ਰਾਸ ਤੇਰੀ, ਹੁਣ ਮਾਰ ਇਕ ਉਡਾਰੀ,
ਓ ਦੇਸ਼ ਦੇ ਪੁਜਾਰੀ!

੫. ਅਹਿਮਕ ਬਣਾਣ ਵਾਲਾ, ਬੈਠਾ ਸੀ ਜੋ ਮਦਾਰੀ,
ਕਰਤਬ ਦਿਖਾ ਦਿਖਾ ਕੇ, ਚੁਕ ਲੈ ਗਿਆ ਪਟਾਰੀ।
ਜਾਦੂ ਉਤਰ ਗਿਆ ਹੈ, ਮੁਕ ਗਈ ਦੁਕਾਨਦਾਰੀ,
ਓ ਦੇਸ਼ ਦੇ ਪੁਜਾਰੀ!

੬. ਤਕ ਨਾ ਪਰਾਏ ਮੂੰਹ ਵਲ, ਤਕਦੀਰ ਆਪ ਘੜ ਲੈ,
ਤੇਰੇ ਅੰਦਰੇ ਹੈ ਸਭ ਕੁਝ, ਹਿੰਮਤ ਦੀ ਬਾਂਹ ਫੜ ਲੈ।
ਖੀਸੇ ਫਰੋਲ ਅਪਣੇ, ਦੌਲਤ ਨ ਲੈ ਉਧਾਰੀ,
ਓ ਦੇਸ਼ ਦੇ ਪੁਜਾਰੀ!

ਵਹਿੰਦਾ ਜਾਏ[ਗੀਤ


ਨੀਰ ਨਦੀ ਦਾ ਵਹਿੰਦਾ ਜਾਏ।

ਉਤਰ ਪਹਾੜੋਂ, ਡਿਗਦਾ ਢਹਿੰਦਾ,
ਚੱਕਰ ਖਾਂਦਾ, ਧੁੱਪੇ ਸਹਿੰਦਾ,
ਨਾਲ ਚਿਟਾਨਾਂ ਖਹਿੰਦਾ ਖਹਿੰਦਾ,
ਨੀਰ ਨਦੀ ਦਾ ਵਹਿੰਦਾ ਜਾਏ।

ਰਾਹ ਤੁਰਦਾ ਅਸਮਾਨੀ ਤਾਰਾ,
ਲਹਿਰਾਂ ਵਿਚ ਪਾ ਪਾ ਝਲਕਾਰਾ,
'ਪੰਧ ਤੇਰਾ ਹੈ ਲੰਮਾ ਸਾਰਾ',
ਚਲ ਚਲ ਚਲ ਚਲ ਕਹਿੰਦਾ ਜਾਏ।
ਨੀਰ ਨਦੀ ਦਾ ਵਹਿੰਦਾ ਜਾਏ।

ਨਾਲ ਸਮੁੰਦਰ ਸਾਕਾਦਾਰੀ,
ਵਿਛੜੇ ਮਿਲੇ ਹਜ਼ਾਰਾਂ ਵਾਰੀ,
ਖਾ ਗਰਮੀ ਅਸਮਾਨੇ ਚੜ੍ਹਿਆ,
ਮੁੜ ਪਹਾੜ ਤੇ ਬਹਿੰਦਾ ਜਾਏ।
ਨੀਰ ਨਦੀ ਦਾ ਵਹਿੰਦਾ ਜਾਏ।

ਆਣਾ, ਜਾਣਾ, ਫੇਰੇ ਪਾਣਾ,
ਤੁਰਿਆਂ ਰਹਿਣਾ, ਅੱਖ ਨ ਲਾਣਾ,
ਹੁਕਮਾਂ ਅੰਦਰ ਵਾਂਗ ਫੁਹਾਰੇ,
ਮੁੜ ਮੁੜ ਚੜ੍ਹਦਾ ਲਹਿੰਦਾ ਜਾਏ।
ਨੀਰ ਨਦੀ ਦਾ ਵਹਿੰਦਾ ਜਾਏ।


ਇਸ਼ਾਰੇ ਤੇ[ਕਾਫ਼ੀ ਕਵਾਲੀ


ਵਿਛੀ ਬ੍ਰਹਮੰਡ ਦੀ ਸ਼ਤਰੰਜ, ਫੁਰਨੇ ਦੇ ਇਸ਼ਾਰੇ ਤੇ,
ਤੇ ਆ ਗਿਆਂ ਚੱਕਰਾਂ ਵਿਚ ਚਰਖ਼, ਮਰਕਜ਼ ਦੇ ਸਹਾਰੇ ਤੇ।

ਚੜ੍ਹੀ ਇਕ ਪੀਂਘ ਸਤਰੰਗੀ, ਇਧਰ ਔਂਦੀ, ਉਧਰ ਜਾਂਦੀ,
ਤੇ ਝੂਲਣ ਲਗ ਪਈ ਤਕਦੀਰ, ਮੌਜਾਂ ਦੇ ਹੁਲਾਰੇ ਤੇ।

ਹੈ ਲੰਮਾ ਰਾਹ ਲੈ-ਪਰਲੈ ਦਾ, ਆਸ਼ਾ ਹੈ ਬੜੀ ਉੱਚੀ,
ਕਦਮ ਹੈ ਇਕ ਦੁਆਰੇ ਵਲ, ਨਿਗਹ ਹੈ ਇਕ ਸਤਾਰੇ ਤੇ।

ਹਨੇਰੀ ਰਾਤ, ਘੁੱਮਣ ਘੇਰ, ਡਗਮਗ ਡੋਲਦੀ ਬੇੜੀ,
ਤਸੱਲੀ ਹੈ, ਕਿਸੇ ਦਿਨ ਪਹੁੰਚ ਜਾਣਾ ਹੈ ਕਿਨਾਰੇ ਤੇ।

ਸਮਝ ਕੇ ਰਾਹ ਹਕੀਕਤ ਦਾ, ਤਰੀਕਤ ਦੀ ਨ ਪਾ ਉਲਝਣ,
ਕਿ ਮੱਕਾ ਛੋੜ ਜਾਈਏ ਨਾ, ਮਜੌਰਾਂ ਦੇ ਦੁਆਰੇ ਤੇ।

ਲਿਆ ਕੇ ਰਹਿਮਤਾਂ ਦਾ ਰੋੜ੍ਹ, ਧੋ ਜਾਏਗੀ ਸਭ ਧੋਣੇ,
ਨਿਗਾਹ ਇਕ ਪ੍ਯਾਰ ਦੀ ਪੈ ਗਈ, ਜਦੋਂ ਚਾਤ੍ਰਿਕ ਨਿਕਾਰੇ ਤੇ।

ਬਸੰਤ


(ਜੰਗ ਜਿੱਤ ਕੇ ਆਏ ਫੌਜੀ)

ਕੁਦਰਤ ਨੇ ਪਾਸਾ ਮੋੜਿਆ, ਤਸਵੀਰ ਦਾ ਰੁਖ਼ ਪਲਟਿਆ,
ਬਿਸਤਰ ਉਠਾਇਆ ਪਤਝੜੀ, ਆ ਗਈ ਬਹਾਰ ਬਸੰਤ ਦੀ।

ਸਜਰੇ ਸ਼ਿਗੂਫੇ ਪੁੰਗਰੇ, ਕਲੀਆਂ ਦੇ ਮੁਖੜੇ ਧੁਲ ਗਏ।
ਆਈਆਂ ਚਮਨ ਵਿਚ ਬਰਕਤਾਂ, ਮਹਿਕਾਂ ਦੇ ਦਫਤਰ ਖੁਲ ਗਏ।

ਨਿਕਲੀ ਬਸੰਤੋ ਵੇਸ ਕਰ, ਫੁੱਲਾਂ ਦੀ ਖਾਰੀ ਸਿਰ ਤੇ ਧਰ।
ਖਿੜਦੀ ਤੇ ਹਸ ਹਸ ਗਾਉਂਦੀ, ਨਚਦੀ ਤੇ ਪੈਲਾਂ ਪਾਉਂਦੀ।

ਮੱਥੇ ਤੇ ਡਲ੍ਹਕ ਸ਼ਹਾਬ ਦੀ, ਗਲ੍ਹਾਂ ਤੇ ਰੰਗ ਗੁਲਾਬ ਦਾ,
ਘਰ ਘਰ ਢੰਡੋਰਾ ਫਿਰ ਗਿਆ, ਮੈਂ ਹੁਸਨ ਹਾਂ ਪੰਜਾਬ ਦਾ।

ਆਖੇ ਨੀ ਆਓ ਸਹੇਲੀਓ! ਅਣਖੀਲੀਓ! ਅਲਬੇਲੀਓ!
ਆਓ ਬਣਾਈਏ ਟੋਲੀਆਂ, ਰਲ ਕੇ ਮਨਾਈਏ ਹੋਲੀਆਂ।

ਗਭਰੂਟ ਸਭ ਪੰਜਾਬ ਦੇ, ਮੁੱਛਾਂ ਦੇ ਵੱਟ ਸੁਆਰ ਕੇ।
ਕਰ ਕੇ ਲੜਾਈ ਦੀ ਫਤੇ, ਆ ਗਏ ਦਮਾਮੇ ਮਾਰਦੇ।

ਪਾਈਆਂ ਨੇ ਖਾਕੀ ਵਰਦੀਆਂ, ਮੋਢੇ ਤੇ ਨੰਬਰ ਚਮਕਦੇ।
ਪਗੜੀ ਤੇ ਝਾਲਰ ਝੂਮਦੀ, ਛਾਤੀ ਤੇ ਤਕਮੇ ਲਮਕਦੇ।

ਝੋਲੇ ਸੁਗਾਤਾਂ ਦੇ ਭਰੇ, ਨੋਟਾਂ ਦੇ ਬਟੂਏ ਆਫਰੇ,
ਬੂਟਾਂ ਦੀ ਚਿਰ ਚਿਰ ਦੱਸਿਆ, ਰੌਲਾ ਪਿਆ ਔਹ ਆ ਗਿਆ।

ਬਾਂਕਾ ਸਿਪਾਹੀ ਆ ਗਿਆ, ਫੌਜੀ ਬਹਾਦੁਰ ਆ ਗਿਆ।
ਸੱਸ ਪੁਤ ਨੂੰ ਚੁੰਮਣ ਲਗ ਪਈ, ਮੈਂ ਸੰਗ ਕੇ ਅੰਦਰ ਜਾ ਵੜੀ।

ਸੋਚੀ ਕਿ ਮੈਂ ਨਹੀਂ ਹੱਸਣਾ, ਪੁੱਛੇ ਤੇ ਕੁਝ ਨਹੀਂ ਦੱਸਣਾ।
ਰਾਤਾਂ ਵਿਛੋੜੇ ਮਾਰੀਆਂ, ਰੋ ਰੋ ਕੇ ਕਿੰਜ ਗੁਜ਼ਾਰੀਆਂ।

ਅੱਗੇ ਈ ਮਜਾਜੀ ਸੀ ਬੜਾ, ਹੁਣ ਤੇ ਲੜਾਕਾ ਬਣ ਗਿਆ।
ਉਸ ਨੇ ਤੇ ਮੁਲ ਪਾਣਾ ਨਹੀਂ, ਪਰ ਮੈਂ ਵੀ ਡਰ ਜਾਣਾ ਨਹੀਂ।

ਆਖੇਗਾ ਜੇ, 'ਕੂ ਤੇ ਸਹੀ', ਆਖਾਂਗੀ ਮੈਂ 'ਛੇੜੋ ਨਾ ਜੀ'।
ਦੁਖਿਆਂ ਨੂੰ ਹੋਰ ਦੁਖਾਓ ਨਾ, ਪੱਛਾਂ ਤੇ ਮਿਰਚਾਂ ਪਾਓ ਨਾ।

ਸਾਡੀ ਤੁਹਾਨੂੰ ਸਾਰ ਕੀ, ਇਸ ਪ੍ਰੀਤ ਦਾ ਇਤਬਾਰ ਕੀ।
ਲੋਭੀ ਓ ਤਲਬਾਂ ਦੇ ਤੁਸੀ, ਜੁੱਤੀ ਤੋਂ ਵਾਰੀ ਨੌਕਰੀ।

ਸਾਡੀ ਜਵਾਨੀ ਰੁਲ ਗਈ, ਉਲਫਤ ਤੁਹਾਡੀ ਖੁਲ ਗਈ।
ਸੌ ਸੌ ਖਿਆਲਾਂ ਦੇ ਕਿਲੇ, ਢਾਏ ਉਸਾਰੇ ਅੰਦਰੇ।

ਪਰ ਹਾਇ ਨੀ ਦਿਲ ਚੰਦਰਾ, ਆਪੇ ਈ ਹੌਲਾ ਪੈ ਗਿਆ।
ਉਹ ਆ ਗਿਆ, ਮੈਂ ਹਸ ਪਈ, ਗਲ ਲਗ ਕੇ ਛਮ ਛਮ ਵਸ ਪਈ।

ਕੀ ਕੀ ਹੈ?


ਸੰਸਾਰ ਹੈ ਇਕ ਫੁਰਨਾ,
ਜੀਵਨ ਹੈ ਇਕ ਇਸ਼ਾਰਾ।
ਕੁਦਰਤ ਹੈ ਇਕ ਤਮਾਸ਼ਾ,
ਦੁਨੀਆ ਹੈ ਇਕ ਨਜ਼ਾਰਾ।
ਸੁੰਦਰਤਾ ਹੈ ਇਕ ਦੀਪਕ,
ਅਰ ਇਸ਼ਕ ਹੈ ਪਰਵਾਨਾ।
ਸ੍ਰਿਸ਼ਟੀ ਹੈ ਮੂਲ ਮਕਸਦ,
ਮਾਇਆ ਹੈ ਇਕ ਪਸਾਰਾ।
ਜੀਣਾ ਹੈ ਇਕ ਨਿਆਮਤ,
ਮਰਨਾ ਹੈ ਇਕ ਹਕੀਕਤ।
ਇਕ ਵਹਿਣ ਹੈ ਹਯਾਤੀ,
ਅਰ ਮੌਤ ਹੈ ਕਿਨਾਰਾ।
ਮੁਕਤੀ ਹੈ ਇਕ ਨਿਸ਼ਾਨਾ,
ਮਜ਼ਹਬ ਹੈ ਇਕ ਬਹਾਨਾ।
ਹੈ ਨਰਕ ਇਕ ਡਰਾਵਾ,
ਤੇ ਸੁਰਗ ਹੈ ਇਕ ਲਾਰਾ।
ਬੰਦਾ ਹੈ ਇਕ ਮੁਸਾਫ਼ਿਰ,
ਪਰਲੋਕ ਹੈ ਇਕ ਮੰਜ਼ਿਲ।
ਹਰ ਸਫਰ ਇਕ ਸਰਾਂ ਹੈ,
ਆਸ਼ਾ ਹੈ ਇਕ ਸਹਾਰਾ।

ਕਿਸਮਤ ਹੈ ਇਕ ਤਸੱਵੁਰ,
ਸੰਕਲਪ ਹੈ ਇਕ ਰਹਬਰ,
ਤਕਦੀਰ ਹੈ ਇਕ ਹੀਲਾ,
ਹਿੰਮਤ ਹੈ ਇਕ ਹੁਲਾਰਾ।
ਮਾਨੁੱਖਤਾ ਹੈ ਮੇਵਾ,
ਮਕਸਦ ਹੈ 'ਲੋਕ-ਸੇਵਾ',
ਮਿਲ ਬੈਠਣਾ ਗ਼ਨੀਮਤ,
ਇਕ ਰਾਤ ਦਾ ਗੁਜ਼ਾਰਾ।
ਜਿਤਨੀ ਹੈ ਰਾਤ ਬਾਕੀ,
ਖੁਸ਼ ਖੁਸ਼ ਲੰਘਾ ਦੇ ਸਾਕ਼ੀ,
ਚੜ੍ਹਿਆ ਹੀ ਚਾਹੁੰਦਾ ਹੈ,
ਪਰਭਾਤ ਦਾ ਸਤਾਰਾ।

ਮਹਾਰਾਜਾ ਰਣਜੀਤ ਸਿੰਘ ਨੂੰ

ਉਸ ਦੀ ਸ਼ਤਾਬਦੀ (੧੮-੬-੧੯੩੯) ਪਰ


ਮੈਂ ਮੰਨਦਾਂਂ ਤੈਨੂੰ ਦਾਨਸ਼ ਦਾ ਭੰਡਾਰਾ,
ਪਰਜਾ ਪਾਲਕ, ਜਰਨੈਲ, ਸੂਰਮਾ ਭਾਰਾ।
ਤੂੰ ਸਿੱਖ ਰਾਜ ਦੀ ਇੱਕੋ ਇੱਕ ਨਿਸ਼ਾਨੀ,
ਗੁਰੁਘਰ ਦਾ ਸ਼ਰਧਾਵਾਨ ਦਿਲਾਵਰ, ਦਾਨੀ।
ਹਰਿ-ਮੰਦਰ-ਸੇਵਾ ਤੋੜ ਚੜ੍ਹਾਉਣ ਵਾਲਾ,
ਸ੍ਰੀ ਕਲਗੀਧਰ ਦੀ ਮਹਿਮਾਂ ਦਾ ਮਤਵਾਲਾ।
ਕੁਲ ਅਪਣੀ ਗੁਰੁ-ਚਰਨਾਂ ਤੋਂ ਸਦਕੇ ਕੀਤੀ,
ਕਾਲੇ ਕੋਹਾਂ ਤੇ ਯਾਦਗਾਰ ਰਚ ਲੀਤੀ।
ਮੈਂ ਮੰਨਦਾ ਹਾਂ ਇਕਬਾਲ ਤੇਰਾ ਲਾਸਾਨੀ,
ਮੁਲਤਾਨ ਤੀਕ ਤੇ ਤੇਰੀ ਸੀ ਨਿਗਰਾਨੀ।
ਫਿਰਦੇ ਸਨ ਤੇਰੇ ਸ਼ੇਰ ਮਾਰਦੇ ਨਾਅਰਾ,
ਕਾਬਲ ਤਕ ਤੇਰਾ ਗਜਦਾ ਸੀ ਜੈਕਾਰਾ।
ਪਰ ਮੇਰਾ ਸਿਰ ਸਤਕਾਰ ਲਈ ਨੀਵਾਂ ਹੈ,
ਇਸ ਲਈ, ਕਿ ਸਭ ਦੇ ਦਿਲ ਵਿਚ ਤੇਰਾ ਥਾਂ।
ਤੂੰ ਪਹਿਲਾ ਹੈਂ ਮੇਰੇ ਪੰਜਾਬ ਦਾ ਵਾਲੀ,
ਜਿਨ ਹਿੰਮਤ ਕਰ, ਤਕਦੀਰ ਦੇਸ਼ ਦੀ ਢਾਲੀ।

ਤੂੰ ਤੀਲਾ ਤੀਲਾ ਜੋੜ ਬਹਾਰੀ ਬੰਨ੍ਹੀ,
ਬਿਸਮਾਰਕ ਵਰਗੀ ਸੋਚ ਤੇਰੀ ਗਈ ਮੰਨੀ।
ਜੇ ਤੈਨੂੰ ਸਾਥੋਂ ਹੋਣੀ ਖੋਹ ਨਾ ਖੜਦੀ,
ਪੰਜ ਦਰਿਆਵਾਂ ਦੀ ਸ਼ਾਨ ਕਿਤੇ ਜਾ ਚੜ੍ਹਦੀ।
ਹੁਣ ਤੇਰੇ ਪਿੱਛੋਂ ਦੇਸ਼ ਅਬਾਦ ਬੜਾ ਹੈ,
ਮੀਆਂ, ਲਾਲਾ, ਸਰਦਾਰ, ਸਭੋ ਵਸਦਾ ਹੈ।
ਘਰ ਘਰ ਵਿਚ ਝਲਕੇ ਪਈ ਸ਼ਾਨ ਨੱਵਾਬੀ,
ਪਰ ਨਜ਼ਰ ਨ ਆਵੇ ਕੋਈ ਨਿਰੋਲ ਪੰਜਾਬੀ।
ਤੇਰੀ ਅਰਥੀ ਦੇ ਨਾਲ ਸਲੂਕ ਸਿਧਾਇਆ,
ਨਕਸ਼ਾ ਪੰਜਾਬ ਦਾ ਕੁਦਰਤ ਨੇ ਬਦਲਾਇਆ।
ਜੇ ਮੁੜ ਆ ਕੇ ਬੰਨ੍ਹ ਸਕੇਂ ਉਹੋ ਸ਼ੀਰਾਜ਼ਾ,
ਖੁਲ੍ਹ ਜਾਏ ਸਾਡੀ ਉਨਤੀ ਦਾ ਦਰਵਾਜ਼ਾ।

ਬੋਲੀ ਹੈ ਪੰਜਾਬੀ ਸਾਡੀ


ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ।

ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ।

ਤ੍ਰਿੰਞਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ।

ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ,
ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ।

ਫੁਲਾਂ ਦੀ ਕਿਆਰੀ ਸਾਡੀ,
ਸੁਖਾਂ ਦੀ ਅਟਾਰੀ ਸਾਡੀ,
ਭੁੱਲ ਕੇ ਨਹੀਂ ਢਾਉਣੀ, ਬੋਲੀ ਹੈ ਪੰਜਾਬੀ ਸਾਡੀ।

ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇਂ!

[ਗੀਤ ਕਾਲੰਗੜਾ]


੧.ਨੀ ਪੰਜਾਬ ਦੀਏ ਪਟਰਾਣੀਏ!
ਤਖਤੋਂ ਡਿੱਗੀ ਪੰਜਾਬੀ ਨਿਮਾਣੀਏ!
ਪਿੱਛੇ ਪਾਈ ਧਰੇਲਾਂ ਦੀ ਮਾਰ ਨੇ,
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇਂ।

੨.ਬਾਬੇ ਨਾਨਕ ਦੀਏ ਵਡਿਆਈਏ!
ਬੁਲ੍ਹੇ ਸ਼ਾਹ ਦੀਏ ਸਿਰ ਤੇ ਚਾਈਏ!
ਫੇਰੇ ਦਿਨ ਤੇਰੇ ਸਿਰਜਣਹਾਰ ਨੇ,
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇਂ।

੩.ਹੋਈ ਸਾਈਂ ਦੀ ਨਜ਼ਰ ਸਵੱਲੀ ਏ,
ਤੇਰੀ ਕੱਟੀ ਮੁਸੀਬਤ ਚੱਲੀ ਏ,
ਉੱਠੇ ਜਾਗ ਤੇਰੇ ਬਰਖੁਰਦਾਰ ਨੇਂ,
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇਂ।

੪.ਆ ਕੇ ਸਾਂਭ ਲੈ ਆਪਣੀਆਂ ਗੱਦੀਆਂ,
ਗਈਆਂ ਮਾਵਾਂ ਮਤ੍ਰੇਈਆਂ ਰੱਦੀਆਂ,
ਹੱਕੋ ਹੱਕ ਹੁਣ ਲੱਗੇ ਨੇਂ ਨਿਤਾਰਨੇ,
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇਂ।

ਜਵਾਨ ਭਾਰਤੀ ਨੂੰ


[ਗੀਤ

ਜਵਾਨਾ! ਹਿੰਮਤ ਜ਼ਰਾ ਵਿਖਾ।

੧.ਨੀਂਦੋਂ ਜਾਗ ਪਿਆ ਜਗ ਸਾਰਾ,
ਗਿਆ ਜਹਾਲਤ ਦਾ ਅੰਧਿਆਰਾ,
ਤੂੰ ਬਣ ਕੇ ਪਰਭਾਤੀ ਤਾਰਾ,
ਸੂਰਜ ਨਵਾਂ ਚੜ੍ਹਾ,
ਜਵਾਨਾ! ਹਿੰਮਤ ਜ਼ਰਾ ਵਿਖਾ।

੨.ਪਲਚ ਗਿਆ ਮਜ਼ਹਬ ਦਾ ਤਾਣਾ,
ਗਲ ਪੈ ਗਿਆ ਇਤਿਹਾਸ ਪੁਰਾਣਾ,
ਭੋਲੇ ਪਾਂਧੀ ਤੇ ਰਾਹ ਬਿਖੜਾ,
ਪੱਥਰ ਪਰੇ ਹਟਾ,
ਜਵਾਨਾ! ਹਿੰਮਤ ਜ਼ਰਾ ਵਿਖਾ।

੩.ਮਾਨੁਖਤਾ ਚੱਕਰ ਵਿਚ ਆਈ,
ਸਹਿਮੀ ਫਿਰਦੀ ਹੈ ਸਚਿਆਈ,
ਕਲਮ, ਜ਼ਬਾਨ ਦੁਹਾਂ ਤੇ ਜੰਦਰੇ,
ਪਿੰਜਰੇ ਪਿਆ ਖੁਦਾ,
ਜਵਾਨਾ! ਹਿੰਮਤ ਜ਼ਰਾ ਵਿਖਾ।

੪.ਬਾਹਰ ਨਿਕਲ ਆ, ਲਾਹ ਕੇ ਸੰਗਾ,
ਪਾਖੰਡਾਂ ਨੂੰ ਕਰ ਸੁਟ ਨੰਗਾ।
ਭਗਵਾ, ਨੀਲਾ, ਮਹਿੰਦੀ ਰੰਗਾ,
ਬੁਰਕਾ ਦਿਹ ਉਲਟਾ,
ਜਵਾਨਾ! ਹਿੰਮਤ ਜ਼ਰਾ ਵਿਖਾ।

੫.ਪੈਦਾ ਕਰ ਜਾਗ੍ਰਤ ਵਿਸ਼ਵਾਸੀ,
ਭਾਰਤ ਦੀ ਹੋ ਜਾਇ ਖ਼ਲਾਸੀ,
ਤੂੰ ਜਾਗੇਂ ਤਾਂ ਸਭ ਜਗ ਜਾਗੇ,
ਚਲ ਪਏ ਨਵੀਂ ਹਵਾ,
ਜਵਾਨਾ! ਹਿੰਮਤ ਜ਼ਰਾ ਵਿਖਾ।

੬.ਰੱਬ ਮਜੌਰਾਂ ਪਾਸੋਂ ਖੋਹ ਲੈ,
ਉਸ ਦੇ ਦਿਲ ਦੀ ਮਰਜ਼ੀ ਟੋਹ ਲੈ,
ਫਿਰ ਸਚਿਆਈ ਦਾ ਦਰਵਾਜ਼ਾ,
ਓਸੇ ਤੋਂ ਖੁਲ੍ਹਵਾ,
ਜਵਾਨਾ! ਹਿੰਮਤ ਜ਼ਰਾ ਵਿਖਾ।

ਜੰਗਲ ਦਾ ਫੁੱਲ


ਖੁਦੀ ਨਸ਼ੇ ਵਿਚ ਮਸਤ ਮੁਸਾਫ਼ਿਰ! ਐਧਰ ਨਿਗਹ ਉਠਾਈ ਜਾ,
ਜੰਗਲ ਦੇ ਇਕ ਫੁੱਲ ਨਿਮਾਣੇ, ਵਲ ਭੀ ਝਾਤੀ ਪਾਈ ਜਾ।

ਝਾਕ ਰਿਹਾ ਹਾਂ ਕੱਲਮਕੱਲਾ, ਦੇਂਦਾ ਕੋਈ ਦਿਲਾਸਾ ਨਹੀਂ,
ਸੀਨੇ ਵਿਚ ਅਰਮਾਨ ਰੜਕਦੇ, ਕੋਈ ਪਰਤਦਾ ਪਾਸਾ ਨਹੀਂ।

ਛੁੱਟੜ ਤੀਵੀਂ ਵਾਂਗਰ, ਮੇਰੇ ਜੀ ਦੀਆਂ ਜੀ ਵਿਚ ਪਈਆਂ ਨੇਂ,
ਸਧਰਾਂ ਦੇ ਦਰਯਾ ਦੀਆਂ ਲਹਿਰਾਂ, ਉਭਰ ਉਭਰ ਲਹਿ ਗਈਆਂ ਨੇਂ।

ਰੀਝ ਨਹੀਂ ਹੁਣ ਮਹਿਬੂਬਾਂ ਦੀ, ਲਿਟ ਵਿਚ ਟਾਂਕੇ ਜਾਉਣ ਦੀ,
ਨਾ ਆਸ਼ਿਕ ਦਾ ਢੋਆ ਬਣ ਕੇ, ਦਿਲਬਰ ਨੂੰ ਪਰਚਾਉਣ ਦੀ।

ਚਾਹ ਨਹੀਂ, ਮੈਖ਼ਾਨੇ ਅੰਦਰ, ਸਾਕੀ ਦਾ ਸ਼ਿੰਗਾਰ ਬਣਾਂ,
ਸੱਜ ਵਿਆਹੀ ਜਾਂਦੀ ਜੋੜੀ, ਦੇ ਸੀਨੇ ਦਾ ਹਾਰ ਬਣਾਂ।

ਨਾ ਹੈ ਰੀਝ ਬਜ਼ੁਰਗ ਕਿਸੇ ਦੀ, ਧੌਣ ਦੁਆਲੇ ਪਾਇਆ ਜਾਂ,
ਨਾ ਹੈ ਚਾਉ ਕਿਸੇ ਮੰਦਰ ਵਿਚ, ਸ਼ਰਧਾ ਨਾਲ ਚੜ੍ਹਾਇਆ ਜਾਂ।

ਸੱਧਰ ਹੈ ਹੁਣ ਇੱਕੋ ਬਾਕੀ, ਜੇ ਤੂੰ ਤੋੜ ਚੜ੍ਹਾ ਦੇਵੇਂ,
ਪੈਰਾਂ ਦੇ ਵਿਚ ਰੁਲਣ ਲਈ, ਉਸ ਰਾਹ ਦੇ ਵਿੱਚ ਵਿਛਾ ਦੇਵੇਂ।

ਲੋਕ-ਪਿਆਰੇ ਯੁਵਕ ਜਿਥੋਂ ਦੀ, ਲੰਘਣ ਜਾਨ ਘੁਮਾਣ ਲਈ,
ਸਿਰ ਤਲੀਆਂ ਤੇ ਧਰੀ ਖਲੋਤੇ, ਡਿਗਿਆਂ ਤਾਈਂ ਉਠਾਣ ਲਈ।


ਰਾਹੀ ਨੂੰ


ਜੰਗਲ ਵਿੱਚ ਭਟਕਦੇ ਰਾਹੀਆ! ਥੱਕਾ ਤੇ ਘਬਰਾਇਆ ਹੋਇਆ,
ਧੜਕੇ ਦਿਲ, ਤਲਾਸ਼ ਦੀ ਚਿੰਤਾ, ਮੂੰਹ ਤੇਰਾ ਕੁਮਲਾਇਆ ਹੋਇਆ।
ਖਬਰੇ ਲੰਮੀ ਮੰਜ਼ਿਲ ਤੇਰੀ, ਮੁੱਕਣ ਵਿੱਚ ਅਜੇ ਨਹੀਂ ਆਈ,
ਕਿਸ ਚਸ਼ਮੇ ਵਲ ਤੁਰਿਆ ਜਾਵੇਂ? ਆਸ਼ਾ ਦਾ ਪਰਚਾਇਆ ਹੋਇਆ।

ਕੇਡੀ ਦੂਰੋਂ ਤੁਰਦਾ ਆਇਓਂ? ਟਪਦਾ ਪਰਬਤ ਨਦੀਆਂ ਨਾਲੇ,
ਵੇਸ ਵਟਾਂਦਾ, ਠੇਡੇ ਖਾਂਦਾ, ਸਹਿੰਦਾ ਮੀਂਹ ਧੁੱਪਾਂ ਤੇ ਪਾਲੇ।
ਰਾਤਾਂ ਕੱਟੀਆਂ, ਸੂਰਜ ਚਾੜ੍ਹੇ, ਦਿਨ ਢਾਲੇ, ਤਿਰਕਾਲਾਂ ਪਾਈਆਂ,
ਚੱਕਰ ਫੇਰ ਨ ਮੁੱਕੇ ਉਸ ਦੇ, ਜਿਸ ਕੋਹਲੂ ਦੇ ਰਿਹੋਂ ਦੁਆਲੇ।

ਪੈਂਡਾ ਤੇਰਾ ਘਟ ਜਾਣਾ ਸੀ, ਮਰਕਜ਼ ਵਲ ਜੇ ਤੁਰਿਆ ਜਾਂਦੋਂ,
ਭਰਮ ਭੁਲੇਖਿਆਂ ਤੋਂ ਬਚ ਬਚ ਕੇ, ਵਲ ਵਿੰਗਾਂ ਵਲ ਝਾਤ ਨ ਪਾਂਦੋਂ।
ਕਤਰੇ ਵਾਂਗ ਖੁਦੀ ਦਾ ਜਾਮਾ, ਪਾ ਥਾਂ ਥਾਂ ਨਾ ਭੌਂਦਾ ਫਿਰਦੋਂ,
ਜਲ ਵਿਚ ਵਾਂਗ ਬੁਲਬੁਲੇ ਰਹਿੰਦੋਂ, ਵਿੱਚੋਂ ਈ ਉਠਦੋਂ, ਵਿੱਚਿ ਸਮਾਂਦੋਂ।

ਮੇਰਾ ਹਿੰਦੁਸਤਾਨ


ਕੁਦਰਤ ਦੇ ਜਲਵਿਆਂ ਨੂੰ, ਭਰਮਾ ਕੇ ਜਿਨ ਬਹਾਇਆ,
ਸੁਹਜਾਂ ਸਜਾਉਟਾਂ ਨੇ, ਜਿਸ ਥਾਂ ਨੂੰ ਘਰ ਬਣਾਇਆ।

ਚਾਨਣ ਜਿਦ੍ਹੇ ਹਟਾਇਆ, ਅਗਿਆਨ ਦਾ ਹਨੇਰਾ,
ਅੰਗੂਰ ਸੱਭਤਾ ਦਾ, ਜਿਸ ਧਰਤਿ ਨੇ ਉਗਾਇਆ।

ਸ਼ਰਧਾ ਦੇ ਫੁੱਲ ਖੇੜੇ, ਭਗਤੀ ਨੂੰ ਭਾਗ ਲਾਏ,
ਈਸ਼ਰ ਤੇ ਜੀਵ ਵਿਚਲਾ, ਪਰਦਾ ਜਿਨ੍ਹੇ ਹਟਾਇਆ।

ਜਿਨ ਪ੍ਰੇਮ ਦੇ ਪੁਹਾਰੇ ਵਿਚ ਮਾਰਿਆ ਉਛਾਲਾ,
ਏਕੇ ਅਤੇ ਅਹਿੰਸਾ ਦਾ ਪਾਠ ਜਿਨ ਪੜ੍ਹਾਇਆ।

ਉਹ ਨੇਕੀਆਂ ਦਾ ਚਸ਼ਮਾ,
ਉਹ ਬਰਕਤਾਂ ਦਾ ਡੇਰਾ,
ਉਹ ਧਰਮ ਦਾ ਬਗ਼ੀਚਾ,
ਹਿੰਦੋਸਤਾਨ ਮੇਰਾ।

ਜਿਸ ਥਾਂ ਤੇ ਮੂਲ-ਜਨਿਤਾ[1] ਦੀ ਨੀਂਹ ਗਈ ਟਿਕਾਈ,
ਅਜ਼ਲੀ ਧਰਮ[2] ਦੀ ਜਿਸ ਥਾਂ, ਕੀਤੀ ਗਈ ਬਿਆਈ।

ਰਿਸ਼ੀਆਂ ਦੇ ਸੀਨਿਆਂ ਵਿਚ, ਰੱਬੀ ਜਲਾਲ ਲਹਿ ਕੇ,
ਜਿਸ ਥਾਂ ਤੋਂ ਪਹੁ ਫੁਟਾਈ, ਦੁਨੀਆ ਨੂੰ ਲੋ ਪੁਚਾਈ।

ਜਿਸ ਮੰਦਰੋਂ ਸੁਰੀਲੇ, ਵਹਦਤ ਦੇ ਰਾਗ ਗੂੰਜੇ,
ਅਸਮਤ[3] ਦੇ ਧੌਲਰਾਂ ਦੀ, ਕੀਤੀ ਜਿਨ੍ਹੇ ਚਿਣਾਈ।


ਸਭ ਪ੍ਰਾਣੀਆਂ ਨੂੰ ਜਿਸ ਨੇ, ਇਕ ਤਾਰ ਵਿਚ ਪਰੋਤਾ,
ਸਬਜ਼ੇ ਦੀ ਤਰਬ ਛੇੜੀ, ਫੁੱਲਾਂ ਦੀ ਸੁਰ ਸੁਣਾਈ।

ਵੇਦਕ ਫਿਲਾਸਫੀ ਨੇ,
ਜਿਸ ਥਾਂ ਲਿਆ ਬਸੇਰਾ,
ਉਹ ਸਤਿਅਤਾ ਦਾ ਆਗੂ,
ਹਿੰਦੋਸਤਾਨ ਮੇਰਾ।

ਜਿਸ [4]ਨਭ ਦੇ ਚਾਨਣਾਂ ਨੇ, ਤਾਰੇ ਨਵੇਂ ਚੜ੍ਹਾਏ,
ਕਰਮਾਂ ਦੇ ਮਰਮ ਦੱਸੇ, ਮੁਕਤੀ ਦੇ ਰਾਹ ਸੁਝਾਏ।

ਜੋਤਸ਼ ਦੀ ਚਾਲ ਦੇਖੀ, ਹਿਕਮਤ ਦੀ ਨਾੜ ਟੋਹੀ,
ਆਵਾਗਵਨ ਨੂੰ ਫੜਿਆ, ਵਰਣਾਸ਼ਰਮ ਟਿਕਾਏ।

ਲਾ ਲਾ ਸਮਾਧ ਡਿੱਠਾ, ਕੁਦਰਤ ਦਾ ਕਾਰਖ਼ਾਨਾ,
ਮੂੰਹ ਮੌਤ ਦਾ ਭੁਆਇਆ, ਜੀਵਨ ਦੇ ਭੇਦ ਪਾਏ।

ਜਿਨ ਤਿਆਗ ਵਿਚ ਲਭਾਏ, ਸੰਤੋਖ ਦੇ ਖ਼ਜ਼ਾਨੇ,
ਕੁਰਬਾਨੀਆਂ ਕਰਾਈਆਂ, ਉਪਕਾਰ ਜਿਨ ਸਿਖਾਏ।

ਆਚਰਨ ਜਿਸ ਦਾ ਸੁੱਚਾ,
ਆਸ਼ਾ ਜਿਦ੍ਹਾ ਉਚੇਰਾ,
ਉਹ ਚਾਨਣਾ ਮੁਨਾਰਾ,
ਹਿੰਦੋਸਤਾਨ ਮੇਰਾ।

ਜਿਨ ਭਗਤ ਕੀਤੇ ਪੈਦਾ, ਅਵਤਾਰ ਜਿਨ ਉਤਾਰੇ,
ਜਿਸ ਥਾਂ ਰਿਸ਼ੀ ਉਪਾਏ, ਦੁਰਗਾ ਨੇ ਦੈਂਤ ਮਾਰੇ।
ਸਤੀਆਂ ਨੇ ਸਤ ਨਿਬਾਹੇ, ਦੇਵਾਂ ਨੇ ਖੂਨ ਸਿੰਜੇ,
ਸੰਤਾਂ ਨੇ ਘਾਲ ਘਾਲੀ, ਬੀਰਾਂ ਨੇ ਪ੍ਰਾਣ ਵਾਰੇ।

ਸਤਿਆਗ੍ਰਹੀ, ਅਹਿੰਸਕ, ਦਾਨੀ ਤੇ ਸੱਤਵਾਦੀ,
ਧਰਮੀ, ਤਪੀ, ਤਿਆਗੀ, ਅਣਖੀ, ਅਸੀਲ ਭਾਰੇ।

ਇਸ ਆਨ ਸ਼ਾਨ ਵਾਲੇ, ਦੁਨੀਆਂ ਜਗਾਣ ਵਾਲੇ,
ਏਹ ਬੁਰਜ ਰੋਸ਼ਨੀ ਦੇ, ਜਿਸ ਧਰਤ ਨੇ ਉਸਾਰੇ।

ਉਹ ਭਾਰਤਾ ਭਵਾਨੀ,
ਇਕਬਾਲ ਦੀ ਅਟਾਰੀ,
ਠੰਢੀ ਠਰੀ ਸੁਹਾਨੀ,
ਮੇਰੀ ਹੈ ਮਾਤ ਪਿਆਰੀ।

ਨਿਰਮਲ ਭਗੀਰਥੀ ਦੇ, ਪਾਵਨ ਤਿਲਕ ਸੁਹਾਈ!
ਅਰਸ਼ੇ ਚੜ੍ਹੇ ਹਿਮਾਲਾ ਦੇ ਮੁਕਟ ਨੇ ਸਜਾਈ!

ਨਦੀਆਂ ਦੇ ਨੀਰ ਠਾਰੀ! ਹਰਿਆਉਲਾਂ ਸ਼ਿੰਗਾਰੀ!
ਚੰਦਨ-ਬਨਾਂ ਦੀ ਸੀਤਲ, ਮਹਿਕਾਰ ਵਿਚ ਵਸਾਈ!

ਫਸਲਾਂ ਦੇ ਨਾਲ ਫੱਬੀ! ਫੁੱਲਾਂ ਫਲਾਂ ਦੀ ਲੱਦੀ!
ਲੋ ਸਰਦ ਚਾਨਣੀ ਦੀ, ਚੰਬੇ ਤਰ੍ਹਾਂ ਖਿੜਾਈ!

ਹਸਮੁਖ, ਰਸਾਲ, ਸੁੰਦਰ, ਸੀਤਲ, ਤਿਜੱਸ, ਨਿਰਮਲ,
ਮਿਠ-ਬੋਲਣੀ, ਮਨੋਹਰ, ਹਰ ਮਨ ਦੇ ਵਿਚ ਸਮਾਈ!

ਵਰਦਾਨ ਕਰਨ ਵਾਲੀ!
ਸੁਖ ਸ਼ਾਨਤੀ ਦੀ ਢੇਰੀ!
ਹੇ ਬਿਰਦਪਾਲ ਭਾਰਤ!
ਪਰਣਾਮ ਤੈਨੂੰ ਮੇਰੀ।


ਇਕ ਸੱਧਰ


ਪ੍ਰਭੂ! ਤਿਰੀ ਕ੍ਰਿਪਾ ਦੇ ਨਾਲ,
ਜਿਸ ਤਰਾਂ ਦੀ ਜ਼ਿੰਦਗੀ,

ਅਰੋਗ ਤੇ ਅਚਿੰਤ,
ਹੱਸ ਖੇਡ ਕੇ ਗੁਜ਼ਰ ਗਈ,

ਉਸੇ ਤਰਾਂ ਲੰਘਾ ਦੇ,
ਰਹਿ ਗਏ ਜੋ ਹੋਰ ਚਾਰ ਦਿਨ,

ਏ ਹੱਡ ਪੈਰ ਚਲਦਿਆਂ,
ਸੁਖੀ ਸੁਖੀ, ਖੁਸ਼ੀ ਖੁਸ਼ੀ,

ਕਿਸੇ ਦਾ ਕਰਜ਼ ਚੁੱਕਣਾ,
ਪਏ ਨ ਆ ਕੇ ਤੰਗਸੀ,

ਸਮਰਥ ਦੇ, ਕਿ ਹੋ ਸਕੇ,
ਮਦਦ ਕਿਸੇ ਮੁਥਾਜ ਦੀ।

ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ


[ਗੀਤ ਪਹਾੜੀ

ਨੀਂ ਨਵੀਏਂ ਕੁੜੀਏ ਮੁਟਿਆਰੇ!
ਗਿਆ ਹਨੇਰਾ, ਡੁਬ ਗਏ ਤਾਰੇ,
ਸੂਰਜ ਨਵਾਂ ਅਵਾਜ਼ਾਂ ਮਾਰੇ,
ਉਠ ਕੇ ਬਿਗਲ ਵਜਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ।

ਸੁਘੜ, ਸਲੋਨੀ, ਛੈਲ, ਨਰੋਈ,
ਹੁਸਨ ਹੁਲਾਰੇ ਖਾਂਦੀ ਹੋਈ,
ਮਾਰ ਫਰਜ਼ ਦਾ ਹੰਭਲਾ ਕੋਈ,
ਪੀਂਘ ਅਕਾਸ਼ ਚੜ੍ਹਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ।

ਮਾਤ-ਭੂਮਿ ਕੁਝ ਸੇਵਾ ਲੋੜੇ,
ਜੋਧੇ ਨਰ ਨਾਰਾਂ ਦੇ ਜੋੜੇ,
ਪਹਿਨ ਸੰਜੋਆਂ ਜੋੜ ਕੇ ਘੋੜੇ,
ਜਾਨਾਂ ਦੇਣ ਲੜਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ।

ਤੂੰ ਭਰਤਾ ਦੀ ਕਮਰ ਬਨ੍ਹਾ ਲੈ,
ਦੇਸ ਦੀ ਬਿਗੜੀ ਬਣਤ ਬਣਾ ਲੈ,
ਸਜਰੀ ਉਲਝਣ ਨੂੰ ਸੁਲਝਾ ਲੈ,
ਰਾਮ ਰਾਜ ਵਰਤਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ


ਸਮਾਂ ਬੜਾ ਬਲਵਾਨ


[ਗੀਤ ਕਾਲੰਗੜਾ

ਸਮਾਂ ਬੜਾ ਬਲਵਾਨ, ਦੋਸਤਾ! ਸਮਾਂ ਬੜਾ ਬਲਵਾਨ।

੧.ਜਿਧਰ ਜਿਧਰ ਇਹ ਤੁਰਿਆ ਜਾਏ, ਪੈਂਦੇ ਜਾਣ ਨਿਸ਼ਾਨ,
ਅੱਗੇ ਅੱਗੇ ਨੇਕ ਇਰਾਦੇ, ਮਗਰ ਮਗਰ ਸ਼ੈਤਾਨ।
ਦੋਸਤਾ! ਸਮਾਂ ਬੜਾ ਬਲਵਾਨ।

੨.ਭੋਲੀ ਭਾਲੀ ਪਰਜਾ ਦਾ ਮਨ, ਮਤਲਬੀਏ ਭਰਮਾਣ,
ਕਿਰਤ ਕਮਾਈ ਜਾਣ ਲੁਟਾਈ, ਕਿਰਤੀ ਤੇ ਕਿਰਸਾਣ।
ਦੋਸਤਾ! ਸਮਾਂ ਬੜਾ ਬਲਵਾਨ।

੩.ਹਿੰਮਤ ਵਾਲੇ ਮਾਰ ਕੇ ਹੰਭਲਾ, ਕਿਸਮਤ ਆਪ ਬਣਾਣ,
ਤਾਕਤ ਦੌਲਤ ਤਕਦੇ ਰਹਿ ਗਏ, ਜਿਤ ਗਏ ਨੈਣ ਪਰਾਣ।
ਦੋਸਤਾ! ਸਮਾਂ ਬੜਾ ਬਲਵਾਨ।

੪.ਹਕ ਹਲਾਲ ਦਾ ਅੰਨ ਮਿਹਨਤੀ, ਰਜ ਕੇ ਲਗ ਪਏ ਖਾਣ,
ਰਾਜਾ ਪਰਜਾ ਰਾਜ਼ੀ ਹੋ ਗਏ, ਖੁਸ਼ ਹੋ ਗਿਆ ਭਗਵਾਨ।
ਦੋਸਤਾ! ਸਮਾਂ ਬੜਾ ਬਲਵਾਨ।

ਤਾਜ ਮਹਲ


ਚਾਨਣੀ ਦੇ ਫੁੱਲ ਵਰਗਿਆ ਚਿੱਟਿਆ!
ਬਰਫ਼ਚੋਟੀ ਜਿਹਾ ਲਿਸ਼ਕਿਆ ਪੁਸ਼ਕਿਆ!
ਜਮਨ ਦੀ ਝਿਲਮਿਲੀ ਹਿੱਕ ਤੇ ਲੇਟਿਆ!
ਹਿਲਦਿਆ ਜੁਲਦਿਆ ਪਿਆਰ ਦਿਆ ਟਿੱਲਿਆ!

ਕਿਸ ਸੁਘੜ ਨੇ ਤੈਨੂੰ ਸੱਚੇ ਵਿਚ ਢਾਲਿਆ?
ਕਿਸ ਸ਼ਹਿਨਸ਼ਾਹ ਤੇਰਾ ਖ਼ਰਚ ਸੰਭਾਲਿਆ?

ਵਾਂਗ ਸ਼ੀਸ਼ੇ ਤੇਰਾ ਠਾਠ ਹੈ ਮਰਮਰੀ,
ਰੇਸ਼ਮੋਂ ਭੀ ਤੇਰੀ ਦੇਹ ਹੈ ਲੁਸਲੁਸੀ,
ਜੜਤ ਸ਼ਿੰਗਾਰ ਤੇ ਨਿਗਹ ਨਹੀਂ ਠਹਿਰਦੀ,
ਤੇਰੇ ਤੇ ਹੋ ਗਈ ਖਤਮ ਕਾਰੀਗਰੀ।

ਬਿਰਧ ਹੋ ਕੇ ਭੀ ਤੂੰ ਕੱਲ੍ਹ ਦਾ ਜ੍ਵਾਨ ਹੈਂ,
ਬੁਝ ਗਏ ਦਿਲਾਂ ਦੀ ਚਮਕਦੀ ਸ਼ਾਨ ਹੈਂ।

ਜਗਤ ਦੇ ਸੱਤ ਸੁਹਜਾਂ ਦਿਆ ਅਫ਼ਸਰਾ,
ਤੂੰਹੇਂ ਹੈਂ ਸੁੰਦਰੀ ਤਾਜ ਦਾ ਮਕਬਰਾ?
ਤੇਰੇ ਤੇ ਹੀ ਹਿੰਦ ਨਾਜ਼ ਹੈ ਕਰ ਰਿਹਾ,
ਤੇਰੇ ਸਿਰ ਤੇ ਤੀਰਥ ਬਣ ਗਿਆ ਆਗਰਾ।

ਤੂੰਹੇਂ ਹਨ ਮੁਗ਼ਲ ਸੁਲਤਾਨ ਦੇ ਦਿਲ ਦੀਆਂ
ਦੌਲਤਾਂ ਹਸ਼ਮਤਾਂ ਸਾਂਭ ਕੇ ਰੱਖੀਆਂ।

ਜਿਸ ਪਤੀ ਦੇ ਪ੍ਰੇਮ-ਰੰਗ ਵਿਚ ਮੱਤੜੀ,
ਜਿੰਦ ਤੇਰੇ ਬਦਨ ਵਿਚ ਹੈ ਸੁੱਤੜੀ,
ਕਿਸ ਤਰਾਂ ਦੇ ਲਾਡ ਚਾਉ ਹੈ ਕਰ ਰਹੀ?
ਸ਼ਾਹਜਹਾਂ ਦੀ ਬਗ਼ਲ ਵਿੱਚ ਬੈਠੀ ਹੋਈ।

ਪੁੱਛ ਖਾਂ ਬੀਤਦਾ ਵਕਤ ਹੈ ਕਿਸ ਤਰਾਂ?
ਫ਼ਿਕਰ ਗ਼ਮ ਤੇ ਨਹੀਂ ਛੇੜਦੇ ਏਸ ਥਾਂ?

ਵੱਸਦੀ ਰੱਸਦੀ ਹੈ ਉਸੇ ਪਿਆਰ ਵਿਚ?
ਮਸਤ ਸੀ ਜਿਸ ਤਰ੍ਹਾਂ ਇਸ ਸੰਸਾਰ ਵਿਚ।
ਨੈਣ ਖੀਵੇ ਘਿਰੇ ਕੱਜਲੀ ਧਾਰ ਵਿਚ,
ਤੀਰ ਕੱਸੀ ਖੜੇ ਹੁਸਨ-ਹੰਕਾਰ ਵਿਚ।

ਬੇ-ਵਸੇ ਖਿੜਖਿੜਾ ਉੱਠਦੇ ਨੇਂ ਕਦੀ?
ਤਰਸਦੀ ਦੇਖ ਕੇ ਆਤਮਾ ਕੰਤ ਦੀ।

ਸੁੱਤੀਆਂ ਰੂਹਾਂ ਦੇ ਜਾਗਦੇ ਪਹਿਰੂਏ!
ਆਖਮਾਣੀ ਚਲੋ ਸੁਆਦ ਇਸ ਮੇਲ ਦੇ,
ਕੋਈ ਨਹੀਂ ਏਸ ਥਾਂ ਛੇੜਦਾ ਆਣ ਕੇ,
ਧੁਰਾਂ ਦੇ ਜੋੜ ਇਹ ਤੋੜ ਚੜ੍ਹ ਜਾਣਗੇ।

ਖ਼ਿਜ਼ਾਂ ਦੇ ਦੌਰ ਨਿਤ ਆਣਗੇ ਜਾਣਗੇ,
ਪਰ ਨਹੀਂ ਪਿਆਰ ਦੇ ਫੁੱਲ ਕੁਮਲਾਣਗੇ।

ਪਿੰਜਰਾ ਬੁਲਬੁਲ ਨੂੰ


ਬੁਲਬੁਲ ਨੀਂ ਦੀਵਾਨੀ ਬੁਲਬੁਲ! ਘੋਲੇਂ ਕੀ ਚਤੁਰਾਈ ਤੂੰ?
ਖੇਖਨ ਕਰ, ਡੁਸਕਾ ਕੇ ਦੀਦੇ, ਦੁਨੀਆਂ ਸਿਰ ਤੇ ਚਾਈ ਤੂੰ।

ਫਾਂਂਧੀ ਤੈਨੂੰ ਫੜ ਕੇ ਆਂਦਾ, ਜ਼ਹਿਮਤ ਸਿਰ ਤੇ ਚਾ ਬੈਠਾ,
ਬੈਠਾ ਬੈਠਾ, ਉਸਤਰਿਆਂ ਦੀ ਮਾਲਾ ਗਲ ਵਿਚ ਪਾ ਬੈਠਾ।

ਤੇਰੇ ਪਿੰਜਰੇ ਨਾਲ ਉਦ੍ਹੀ ਭੀ, ਜਾਨ ਲਟਕਦੀ ਰਹਿੰਦੀ ਏ,
ਪਰ ਤੇਰੀ ਬੇ-ਸਬਰ ਤਬੀਅਤ, ਚੌ ਕਰ ਕੇ ਨਹੀਂ ਬਹਿੰਦੀ ਏ।

ਸੁਟ ਸੁਟ ਧੌਣ, ਪਖੰਡ ਖਿਲਾਰੇਂ, ਤੜਫ ਤੜਫ ਦਿਖਲਾਨੀ ਏਂ,
ਮਾਲਕ ਦੇ ਉਪਕਾਰਾਂ ਦਾ ਇਹ, ਮੋੜ ਖਰਾ ਭੁਗਤਾਨੀ ਏਂ।

ਦੁਨੀਆਂ ਵਿਚ ਇਨਸਾਫ਼ ਨਹੀਂ, ਯਾ ਤੈਨੂੰ ਵਗ ਗਈ ਮਾਰ ਕੋਈ,
ਤੇਰੇ ਵਰਗੀ ਨਾਸ਼ੁਕਰੀ ਦੇ ਨਾਲ ਕਰੇ ਕੀ ਪਿਆਰ ਕੋਈ।

ਭਲਿਆਈ ਦੀ ਰਸਮ ਜਹਾਨੋਂ, ਏਸ ਤਰਾਂ ਉਠ ਜਾਵੇਗੀ,
ਤੇਰੇ ਨਾਲ ਹਜ਼ਾਰਾਂ ਲੋਕਾਂ ਦੀ ਭੀ ਸ਼ਾਮਤ ਆਵੇਗੀ।

ਆ ਟਲ ਜਾ, ਤੇ ਰਾਹ ਰਸਤਾ ਫੜ, ਸ਼ੁਕਰ ਖ਼ੁਦਾ ਦਾ ਕਰਿਆ ਕਰ,
ਖਾਂਦੀ ਪੀਂਦੀ, ਵਸਦੀ ਰਸਦੀ, ਹੌਕੇ ਨਾ ਨਿਤ ਭਰਿਆ ਕਰ।

ਬੁਲਬੁਲ ਪਿੰਜਰੇ ਨੂੰ


ਪਿੰਜਰਿਆ! ਤੂੰ ਕਿਸ ਪਥਰੀਲੇ ਜੰਗਲ ਦੇ ਵਿਚ ਪਲਿਓਂ ਵੇ?
ਅਪਣੇ ਵੱਡ-ਵਡੇਰੇ ਦੀ ਕਰਤੂਤੋਂ ਮੂਲ ਨ ਟਲਿਓਂ ਵੇ।

ਉਸ ਦੇ ਤਨ ਨੂੰ ਚੰਦਨ-ਬਨ ਦੀਆਂ ਲਪਟਾਂ ਨੇ ਮਹਿਕਾਇਆ ਨਾ,
ਆਂਢ ਗੁਆਂਢ ਬਹਾਰ ਖਿੜੀ ਨੇ, ਰੂਪ ਤੇਰਾ ਪਲਟਾਇਆ ਨਾ।

ਨਾ ਉਸ ਨੂੰ ਕੁਝ ਪੋਹੰਦਾ ਸੀ, ਨਾ ਤੇਰੇ ਜੀ ਨੂੰ ਲਗਦੀ ਏ,
ਕੀ ਜਾਣੇਂ ਤੂੰ, ਦੁਨੀਆਂ ਤੇ, ਵਾ ਕਿਸ ਪਾਸੇ ਦੀ ਵਗਦੀ ਏ।

ਜੰਗਲ ਦੇ ਵਿਚ ਖੁਲ੍ਹਿਆਂ ਫਿਰ ਫਿਰ, ਕਦੇ ਨ ਚੁਗਿਆ ਚੋਗਾ ਤੂੰ,
ਫਲ, ਫੁਲ, ਮਹਿਕ, ਮਿਠਾਸ ਬਿਨਾਂ, ਰਹਿ ਗਿਓਂ ਟਿਚਕਰਾਂ ਜੋਗਾ ਤੂੰ।

ਕੰਨਾਂ ਤੇਰਿਆਂ ਨੇ ਨਾ ਸੁਣਿਆ, ਆਜ਼ਾਦੀ ਦੀਆਂ ਤਾਨਾਂ ਨੂੰ,
ਖੁਸ਼ਕ-ਦਿਲਾ! ਕੀ ਸਮਝ ਸਕੇਂ ਤੂੰ, ਬੁਲਬੁਲ ਦੇ ਅਰਮਾਨਾਂ ਨੂੰ।

ਸਤੀ ਹੋਈ ਦੇ ਘਾਵਾਂ ਤੇ ਤੂੰ, ਲੂਣ ਮਿਰਚ ਕਿਉਂ ਪਾਂਦਾ ਹੈਂ?
ਅਰਸ਼ਾਂ ਦੀ ਸੈਲਾਨਣ ਨੂੰ, ਪਿੰਜਰੇ ਦਾ ਰਾਗ ਸੁਣਾਂਦਾ ਹੈਂ।

ਤੂੰ ਕਿਸਮਤ ਦਾ ਕਾਇਲ ਰਹੁ, ਮੈਂ ਹਿੰਮਤ ਕਦੇ ਨ ਹਾਰਾਂਗੀ,
ਜਾਨ ਜਦੋਂ ਤਕ ਬਾਕੀ ਹੈ, ਮੈਂ ਰੋਵਾਂਗੀ ਪਰ ਮਾਰਾਂਗੀ ।

ਕਦੀਮੀ ਕਿੱਸਾ


ਕਦੀਮੀ ਕਿੱਸਾ ਹੈ ਤੇਰਾ ਮੇਰਾ,
ਜਦ ਇਕ ਦੁਰਾਹੇ ਤੇ ਆ ਮਿਲੇ ਸਾਂ,
ਮੈਂ ਤੇਰੀ ਖਾਤਿਰ, ਤੂੰ ਮੇਰੀ ਖਾਤਿਰ,
ਬੜੇ ਚਿਰੋਂ ਤਲਮਲਾ ਰਹੇ ਸਾਂ।

ਨਿਗਾਹਾਂ ਲੜੀਆਂ, ਕਲੇਜੇ ਧੜਕੇ,
ਤੇ ਪਾਟ ਨਿਕਲੇ, ਦਿਲਾਂ ਦੇ ਚਸ਼ਮੇ।
ਇਸ਼ਾਰਿਆਂ ਨਾਲ ਗੱਲਾਂ ਹੋਈਆਂ,
ਤੇ ਬੁੱਲਾਂ ਵਿਚ ਮੁਸਕਰਾ ਰਹੇ ਸਾਂ।

ਦੁਹਾਂ ਨੇ ਜੀਵਨ ਦਾ ਸਾਥ ਛੋਹਣ
ਲਈ, ਮੁਹੱਬਤ ਦੀ ਗੰਢ ਪਾਈ,
ਕਿ ਹਸ਼੍ਰ ਤਕ ਪ੍ਰੇਮ ਪੁੰਗਰੇਗਾ,
ਜ਼ਮੀਰ ਜ਼ਾਮਨ ਬਣਾ ਰਹੇ ਸਾਂ।

ਨਸ਼ੀਲੇ ਨੈਣਾਂ ਨੇ ਮਾਰੀ ਸੈਨਤ,
ਤੇ ਹਿਲ ਪਏ ਪੈਰ ਆਰਜ਼ੂ ਦੇ,
ਤੂੰ ਨਾਚ ਛੋਹਿਆ, ਮੈਂ ਸੁਰ ਅਲਾਪੀ,
ਖੁਸ਼ੀ ਦੀ ਨੌਬਤ ਵਜਾ ਰਹੇ ਸਾਂ।

ਹਸਰਤਾਂ ਆਂਦੀ ਘੜੀ ਮੁਰਾਦਾਂ ਦੀ,
ਤਾਰੇ ਹੱਸੇ ਤਰੇਲ ਵੱਸੀ,
ਰਜ਼ਾ ਦੇ ਹੁਜ਼ਰੇ 'ਚਿ ਹੁਕਮ ਕੁਦਰਤ ਦਾ,
ਹਸਦੇ ਹਸਦੇ ਬਜਾ ਰਹੇ ਸਾਂ।

ਜੋ ਹੁਸਨ ਤੇ ਇਸ਼ਕ ਦਾ ਤਰਾਨਾ,
ਖੁਦਾ ਦੇ ਵੇਲੇ ਦਾ ਛਿੜ ਚੁਕਾ ਸੀ,
ਗ੍ਰਹਸਥ ਮਾਰਗ ਦੇ ਦੋ ਮੁਸਾਫ਼ਿਰ,
ਨਵਾਂ ਜਹਾਨ ਇਕ ਵਸਾ ਰਹੇ ਸਾਂ।

ਪ੍ਰਭੂ ਨੇ ਕੀਤੀ ਅਕਾਸ਼ ਬਾਣੀ,
ਕਿ ਜੀਓ ਜਾਗੋ, ਵਧੋ ਤੇ ਫੁੱਲੋ,
ਉਸੇ ਤੋਂ ਲੈ ਲੈ ਅਸ਼ੀਰਵਾਦਾਂ,
ਉਸੇ ਦੀ ਸ਼੍ਰਿਸ਼ਟੀ ਵਧਾ ਰਹੇ ਸਾਂ।

ਤੂੰ ਮੈਨੂੰ ਜਗ ਵਿਚ ਅਮਰ ਬਣਾਇਆ,
ਤੇ ਆਪ ਬਣੀਓਂ ਜਗੱਤ ਮਾਤਾ,
ਜੇ ਤੂੰ ਨਾ ਹੁੰਦੀ, ਤਾਂ ਕੁਝ ਨਾ ਹੁੰਦਾ,
ਏ ਦੁਨੀਆ ਸੁਹਣੀ ਬਣਾ ਰਹੇ ਸਾਂ।

ਜੀਵਨ ਨਈਆ


[ਗੀਤ

ਜੀਵਨ ਨਈਆ ਡਗਮਗ ਡੋਲੇ,
ਆਸ਼ਾ ਨਦੀ-ਕਿਨਾਰੇ ਤੇ,

ਅੰਧੇਰੇ ਨੇ ਨਿਗਹ ਜਮਾਈ,
ਕਿਸੇ ਗੁਪਤ ਝਲਕਾਰੇ ਤੇ।

ਅਰਸ਼ੇ ਚੜ੍ਹੀ ਪਤੰਗ ਥਰਕਦੀ,
ਧੀਰੇ ਧੀਰੇ ਡੋਰ ਸਰਕਦੀ,
ਹੁੰਦੀ ਜਾਵੇ ਤਾਰ ਲਮੇਰੀ,
ਨਾ-ਮਾਲੂਮ ਸਹਾਰੇ ਤੇ।

ਪੀਂਘ ਚੜ੍ਹੀ ਹੈ ਅਜ਼ਲੀ, ਅਬਦੀ,
ਪਿਛਾਂਹ ਅਗਾਂਹ ਦੀਆਂ ਸੀਮਾਂ ਲਭਦੀ,
ਆਵੇ ਜਾਵੇ ਫੜ ਫੜ ਛੋਹਾਂ,
ਉਡਦੀ ਫਿਰੇ ਹੁਲਾਰੇ ਤੇ।

ਦੇਸ਼ ਕਾਲ ਦਾ ਕੀ ਅੰਦਾਜ਼ਾ,
ਮਲ ਛਡਿਆ ਮੁਹਕਮ ਦਰਵਾਜ਼ਾ,
ਪੁਤਲੀ ਨੱਚੇ ਤਕਵਾ ਰੱਖੀ,
ਤਾਰ ਹਿਲਾਉਣ ਹਾਰੇ ਤੇ।

ਮੋਮਨ ਹਾਂ, ਯਾ ਕਾਫਰ ਹਾਂ ਮੈਂ,
ਸਮਝ ਰਖੀ ਹੈ ਅਪਣੀ ਥਾਂ ਮੈਂ,
ਕਤਰਾ ਸਾਗਰ ਵਿਚ ਮਿਲ ਜਾਣਾ,
ਝਟਕੇ ਨਾਲ ਇਸ਼ਾਰੇ ਤੇ।


ਕਬਰ ਵੱਲ ਆਉਂਦਿਆਂ ਨੂੰ


੧.ਬੇਕਦਰੀ ਦੀਆਂ ਸੱਟਾਂ ਖਾ ਖਾ, ਅਸਾਂ ਘੁੱਟ ਸਬਰ ਦਾ ਪੀਤਾ,
ਝੋਰਿਆਂ ਹੱਥੋਂ ਜਿੰਦ ਛੁਡਾ ਕੇ, ਅਸਾਂ ਜੰਗਲ ਡੇਰਾ ਕੀਤਾ।
ਜੀਉਂਦੀ ਜਿੰਦੇ ਅਸੀਂ ਰਹੇ ਤੜਫਦੇ, ਤੁਸੀ ਲੰਘ ਗਏ ਢਾਕ ਭੁਆ ਕੇ,
ਤਦ ਭੀ ਸ਼ੁਕਰ ਜਿ ਮੋਇਆਂ ਮਗਰੋਂ, ਤੁਸਾਂ ਯਾਦ ਤੇ ਹੈ ਕਰ ਲੀਤਾ।

੨.ਗਿਆਂ ਗੁਆਤਿਆਂ ਦੀ ਮਿੱਟੀ ਵਲ, ਜ਼ਰਾ ਸੰਭਲ ਸੰਭਲ ਕੇ ਔਣਾ,
ਮਰ ਕੇ ਸੀਤੇ ਅਸਾਂ ਫੱਟ ਜਿਗਰ ਦੇ, ਤੁਸਾਂ ਦੁਖਣੋਂ ਜ਼ਰਾ ਬਚੌਣਾ।
ਹੰਝੂ ਕੇਰਨ ਜਮ ਜਮ ਆ ਜਾਓ, ਪਰ ਦਿਲ ਦੇ ਨੈਣ ਵਹਾਣੇ,
ਬਲ ਬੁਝਿਆਂ ਅਰਮਾਨਾਂ ਉੱਤੇ, ਕੋਈ ਮੁੜ ਕੇ ਤੇਲ ਨਾ ਪੌਣਾ।

੩.ਮੋਇਆਂ ਨਾਲ ਯਰਾਨੇ ਨਿਭਣੇ, ਕੋਈ ਕੰਮ ਨਹੀਂ ਸੁਖਲੇਰਾ,
ਮਸਖਰੀਆਂ ਦੇ ਮੂੰਹ ਨਾ ਦੇਣਾ, ਜੇ ਐਡਾ ਨਹੀਂ ਜੇ ਜੇਰਾ।
ਓਪਰੀਆਂ ਦਿਲਬਰੀਆਂ ਸੰਦਾ, ਅਸਾਂ ਪੌਣਾ ਨਹੀਂ ਵਿਖਾਲਾ,
ਤੇਲ ਵਿਹੂਣੇ ਦੀਵਿਆਂ ਬਾਝੋਂ, ਸਾਨੂੰ ਚੰਗਾ ਏ ਇਹੋ ਹਨੇਰਾ।

ਕਿਉਂ ਨਹੀਂ?


[ਗੀਤ ਕਵਾਲੀ

ਮੈਂ ਜੁ ਤੇਰਾ ਦਿਲ ਟੋਂਹਦਾ ਫਿਰਨਾਂ, ਤੂੰ ਖੁਲ੍ਹ ਕੇ ਗਲ ਦਸਦਾ ਕਿਉਂ ਨਹੀਂ?
ਜੁਗੜੇ ਹੋ ਗਏ ਪੜਦਾ ਤਣਿਆਂ, ਘੁੰਡ ਹਟਾ ਕੇ ਹਸਦਾ ਕਿਉਂ ਨਹੀਂ?

ਮੈਂ ਜੂ ਓਥੇ ਚੰਗਾ ਭਲਾ ਸਾਂ, ਘੱਲ ਕੇ ਕੀ ਹੱਥ ਆਇਆ ਤੇਰੇ?
ਜਿਵੇਂ ਰਜ਼ਾ ਸੀ ਤਿਵੇਂ ਸਹੀ, ਪਰ ਕੋਲ ਮੇਰੇ ਹੁਣ ਵਸਦਾ ਕਿਉਂ ਨਹੀਂ?

ਇਕ ਦੀਵੇ ਵਲ ਲਖ ਪਰਵਾਨੇ, ਰਿਸ਼ਮਾਂ ਫੜ ਫੜ ਦੌੜੇ ਜਾਂਦੇ,
ਪਰ ਰਸਤੇ ਵਿਚ ਵਲ ਵਿੰਗ ਕਿਉਂ ਨੇਂ, ਭਰਮ ਕਦੋਕਾ ਨਸਦਾ ਕਿਉਂ ਨਹੀ?

ਕਦਮ ਕਦਮ ਤੇ ਚਸ਼ਮੇ ਜਾਰੀ, ਲਭਦੇ ਫਿਰਨ ਹਜ਼ਾਰਾਂ ਪਿਆਸੇ,
ਤ੍ਰਿਪਤੀ ਦਾ ਦਰਵਾਜ਼ਾ ਖੁਲ੍ਹ ਕੇ, ਰਸ ਲੂੰ ਲੂੰ ਵਿਚ ਧਸਦਾ ਕਿਉਂ ਨਹੀਂ?

ਭਗਵਾਨ ਨੂੰ


[ਕਾਫ਼ੀ ਕਵਾਲੀ

੧.ਭਗਵਨ! ਕਿਹੜੇ ਨਵੇਂ ਜਗਤ ਤੇ, ਅਜ ਕਲ ਜੀ ਭਰਮਾਇਆ ਜੇ?
ਅਪਣੇ ਭਗਤ ਪੁਰਾਣੇ ਨੂੰ ਭੀ, ਯਾਦ ਕਦੇ ਫਰਮਾਇਆ ਜੇ?

੨.ਸਾਰਾ ਜਗਤ ਕਮਾਈਆਂ ਕਰ ਕਰ, ਸੁਖ ਦੀ ਨੀਂਦੇ ਸੌਂਦਾ ਏ,
ਪਰ ਇਸ ਧਰਤੀ ਦੇ ਬੀਰਾਂ ਨੂੰ, ਲੜਨ ਮਰਨ ਤੇ ਲਾਇਆ ਜੇ!

੩.ਲੰਗਰ, ਭੋਗ, ਨਿਆਜ਼, ਚੜ੍ਹਾਵੇ, ਲੈ ਲੈ ਕੇ ਖੁਸ਼ ਹੁੰਦੇ ਓ,
ਪਰ ਭਾਰਤ ਦੇ ਭੁਖਿਆਂ ਨੰਗਿਆਂ ਦਾ ਚੇਤਾ ਭੀ ਆਇਆ ਜੇ?

੪.ਪਾ ਪੈਸਾ ਖਲਕਤ ਦਾ ਖੋਹ ਖੋਹ, ਅੰਦਰ ਪਾਈ ਜਾਂਦੇ ਨੇ,
ਅਪਣੇ ਠੇਕੇਦਾਰਾਂ ਪਾਸੋਂ, ਲੇਖਾ ਭੀ ਮੰਗਵਾਇਆ ਜੇ?

੫.ਖੁਦ-ਗ਼ਰਜ਼ੀ ਨੇ ਖੰਡਰ ਕੀਤਾ, ਵਸਦੀ ਰਸਦੀ ਦੁਨੀਆਂ ਨੂੰ,
ਭੂਤੀ ਹੋਈ ਤਾਕਤ ਨੂੰ ਭੀ, ਕੰਨੋਂ ਫੜ ਸਮਝਾਇਆ ਜੇ?

੬.ਆਜ਼ਾਦੀ ਦੀ ਤਾਂਘ ਪੁਰਾਣੀ, ਰਾਤ ਦਿਨੇਂ ਤੜਫਾਂਦੀ ਏ,
ਬੇ-ਇਨਸਾਫ਼ੀ ਦੇ ਪਿੰਜਰੇ ਦੀ, ਖਿੜਕੀ ਖੋਲ੍ਹ ਛੁਡਾਇਆ ਜੇ?

ਬੀਰ ਰਸ


ਗ਼ਜ਼ਲ
}}

ਓ ਭਾਰਤੀ ਜਵਾਨਾ! ਜੋਧੇ ਤੇ ਬੁੱਧਿਵਾਨਾ!
ਹੁਸ਼ਿਆਰ ਹੋ ਕੇ ਡਟ ਜਾ, ਉੱਕ ਜਾਏ ਨਾ ਨਿਸ਼ਾਨਾ।

ਬੇਅੰਤ ਮੁਸ਼ਕਿਲਾਂ ਦੀ, ਕਾਲੀ ਘਟਾ ਹੈ ਛਾਈ,
ਬਿਜਲੀ ਨ ਸਾੜ ਜਾਏ, ਇਹ ਤੇਰਾ ਆਸ਼ੀਆਨਾ।[5]

ਹਮਸਾਇਆ ਇਕ ਪੁਰਾਣਾ, ਬੈਠਾ ਸੀ ਬਣ ਕੇ ਅਪਣਾ,
ਪੜ੍ਹ ਕੇ ਪਰਾਈ ਪੱਟੀ, ਅਜ ਹੋ ਗਿਆ ਬਿਗਾਨਾ।

ਬਘਿਆੜ ਹੈ ਤਾਂ ਕੀ ਹੈ? ਤੂੰ ਸ਼ੇਰ ਬਣ ਕੇ ਢਾ ਲੈ,
ਭੁੱਲ ਜਾਈਂ ਨਾ ਪੁਰਾਣਾ, ਇਸ ਦੇਸ਼ ਦਾ ਫਸਾਨਾ।[6]

ਉਹ ਸ਼ਾਨ ਰਾਜਪੂਤੀ, ਓਹ ਮਰਹਟੇ ਬਹਾਦੁਰ,
ਦਲ ਸ਼ੇਰ ਖਾਲਸੇ ਦਾ, ਬਲਕਾਰ ਦਾ ਖ਼ਜ਼ਾਨਾ।

ਇਤਫ਼ਾਕ ਵਿਚ ਹੈ ਬਰਕਤ, ਸਿਰ ਜੋੜ ਕੇ ਡਟ ਜਾਓ,
ਮੈਦਾਨ ਵਧ ਕੇ ਮਾਰੋ, ਛੋਹ ਦੇਸ਼ ਦਾ ਤਰਾਨਾ।

ਇਕ ਵਕਤ ਸੀ ਕਿ ਭਾਰਤ ਵਿਚ ਰਾਜ ਸੀ ਪ੍ਰਜਾ ਦਾ,
ਯੁਗ ਰਾਮ ਕ੍ਰਿਸ਼ਨ ਵਾਲਾ, ਇਕਬਾਲ ਸੀ ਸ਼ਹਾਨਾ।


ਗ਼ਲਬਾ ਸਚਾਈ ਦਾ ਸੀ, ਰਿਸ਼ੀਆਂ ਦੀ ਗਲ ਸੀ ਚਲਦੀ,
ਇਨਸਾਫ਼ ਦੇ ਸਹਾਰੇ, ਚਲਦਾ ਸੀ ਕਾਰਖ਼ਾਨਾ।

ਦੁਸ਼ਮਨ ਦਾ ਦਿਲ ਹੈ ਕਾਲਾ, ਉਲਟਾ ਹੈ ਉਸ ਦਾ ਚਾਲਾ,
ਜਿਣ ਜਾਇਗੀ ਸਚਾਈ, ਢਾ ਕੂੜ ਦਾ ਬਹਾਨਾ।

ਹੋ ਸਾਵਧਾਨ ਖੜ੍ਹ ਜਾ, ਤਕਦੀਰ ਆਪ ਘੜ ਲੈ,
ਸ਼ਕਤੀ ਦਾ ਯੁਗ ਹੈ ਚਾਤ੍ਰਿਕ, ਤਾਕਤ ਦਾ ਹੈ ਜ਼ਮਾਨਾ।

ਪ੍ਰੇਮ ਪਰਵਾਨ


[ਗੀਤ ਢੋਲਕ

ਧਾਰਨਾ:ਤੈਨੂੰ ਵੇ ਮੈਂ ਆਖ ਵੇ ਰਹੀ, ਬੀਬਾ!

ਨੌਕਰ ਲਗ ਜਾ ਮੇਰਾ।

ਪ੍ਰੇਮ ਦੀਆਂ ਪੀੜਾਂ ਗੁੱਝੀਆਂ,
ਸਈਓ! ਹਿੱਲ ਗਿਆ ਬੰਦ ਬੰਦ ਸਾਰਾ।

ਪ੍ਰੇਮ ਨੇ ਤਣਾਵਾਂ ਖਿੱਚੀਆਂ,
ਮੈਨੂੰ ਸੁੱਝ ਪਿਆ ਸਾਈਂ ਦਾ ਚੁਬਾਰਾ।

ਚੰਨ ਸੂਰ ਤਾਰਿਓਂ ਪਰੇ,
ਸਈਓ! ਚਾਨਣ ਦਾ ਚਾਨਣਾ ਮੁਨਾਰਾ।

ਸਿਦਕ ਦਾ ਸਹਾਰਾ ਸਾਂਭ ਕੇ,
ਨੀ ਮੈਂ ਮਾਣ ਲਿਆ ਪੀਂਘ ਦਾ ਹੁਲਾਰਾ।

ਚਰਖੇ ਵਾਂਗੂ ਗੇੜ ਖਾਂਦਿਆਂ,
ਮੈਨੂੰ ਦਿੱਸ ਪਿਆ ਪਾਰਲਾ ਕਿਨਾਰਾ।

ਮਾਹੀ ਨੇ ਇਸ਼ਾਰਾ ਘੱਲਿਆ,
ਤੇਰੇ ਅੰਦਰੇ ਜਲਾਲ ਦਾ ਉਤਾਰਾ।

ਨਦਰ ਨੇ ਨਿਹਾਲ ਕਰ ਲਿਆ,
ਜਦੋਂ ਰਹਿਮਤਾਂ ਦਾ ਖੁਲ ਗਿਆ ਭੰਡਾਰਾ।

ਪ੍ਰੇਮ ਪਰਵਾਣ ਹੋ ਗਿਆ,
ਰਿਹਾ ਸਾਗਰੋਂ ਨਾ ਬੁਲਬੁਲਾ ਨਿਆਰਾ।

ਮਦਰਾਲਯ


੧.ਗੋ ਕਬਰਾਂ ਦੀ ਮਿੱਟੀ, ਚਕ ਤੇ-
ਚਾੜ੍ਹੇਂ ਨਿਤ ਕੁਮਿਹਾਰਾ!
ਅਜ ਮੇਰੀ ਮਿੱਟੀ ਨੂੰ ਭੀ,
ਦੇ ਦੇ ਇਕ ਰੂਪ ਨਿਆਰਾ।
ਸੁਥਰੀ ਜਿਹੀ ਪਿਆਲੀ ਘੜ ਕੇ,
ਮਦਰਾਲਯ ਪਹੁੰਚਾ ਦੇ,
ਛੁਹ ਬੁੱਲਾਂ ਦੀ ਮਾਣ ਸਕਾਂ,
ਮੂੰਹ ਲਾਵੇ ਜਦੋਂ ਪਿਆਰਾ।

੨.ਮਦਰਾਲਯ ਦੇ ਅੰਗਣ ਅੰਦਰ,
ਜਦ ਪਿਆਕ ਕੋਈ ਆਵੇ,
ਨਾਲ ਉਦ੍ਹੇ ਰਲ ਕੇ ਪੀਵਣ ਦਾ,
ਚਾਉ ਜਿਹਾ ਚੜ੍ਹ ਜਾਵੇ।
ਖਬਰੇ ਉਸ ਨੇ ਕਿਸ ਕਿਸ ਮੈ ਦੀ,
ਮਸਤੀ ਮਾਣੀ ਹੋਵੇ,
ਉਸ ਦੀ ਰੰਗਣ ਸ਼ਾਇਦ ਮੈਨੂੰ,
ਭੀ ਅਰਸ਼ੀਂ ਪਹੁੰਚਾਵੇ।

ਮੁਸਾਫ਼ਿਰ ਨੂੰ


[ਗੀਤ

ਮੁਸਾਫ਼ਿਰ! ਜਾਗ ਹੋਈ ਪਰਭਾਤਟੇਕ

ਪੂਰਬ ਪੱਛਮ ਰੋਸ਼ਨ ਹੋ ਗਏ,
ਮੁਕ ਗਈ ਕਾਲੀ ਰਾਤ।
ਮੁਸਾਫ਼ਿਰ! ਜਾਗ ਹੋਈ ਪਰਭਾਤ।

ਸੁਤਿਆਂ ਸੁਤਿਆਂ ਜੁਗੜੇ ਬੀਤੇ,
ਲੁਟਦੇ ਰਹੇ ਯਾਰ ਬਦਨੀਤੇ,
ਹਰਕਤ ਦੇ ਵਿਚ ਆਈ ਗ਼ੁਲਾਮੀ,
ਤਕ ਤਕ ਨਵੀਂ ਹਯਾਤ।
ਮੁਸਾਫ਼ਿਰ! ਜਾਗ ਹੋਈ ਪਰਭਾਤ।

ਸੌਂ ਉਠਿਆ ਬਾਹਮਣ ਮੌਲਾਣਾ,
ਜਾਣ ਵਲ੍ਹੇਟੀ ਜਾਲ ਪੁਰਾਣਾ,
ਹਿੰਮਤ ਦੇ ਦਰਵਾਜ਼ੇ ਖੁਲ੍ਹ ਗਏ,
ਕਿਸਮਤ ਪੈ ਗਈ ਮਾਤ।
ਮੁਸਾਫਿਰ! ਜਾਗ ਹੋਈ ਪਰਭਾਤ।

ਖਿਲਰ ਗਏ ਪਿੰਜਰੇ ਦੇ ਤੀਲੇ,
ਜਾਗ ਉਠੇ ਜੀਵਨ ਦੇ ਹੀਲੇ।
ਕੁਦਰਤ ਨੇ ਪੰਛੀ ਨੂੰ ਬਖ਼ਸ਼ੀ,
ਆਜ਼ਾਦੀ ਦੀ ਦਾਤ।
ਮੁਸਾਫ਼ਿਰ! ਜਾਗ ਹੋਈ ਪਰਭਾਤ।

ਪ੍ਰੇਮ-ਨਦੀ ਵਿਚ ਭਾਈਚਾਰਾ,
ਢੂੰਡਣ ਲਗ ਪਿਆ ਮੁਕਤ-ਕਿਨਾਰਾ।
ਧੋ ਧੋ ਲਾਹੀ ਮੈਲ ਦਿਲਾਂ ਦੀ,
ਦੂਰ ਹੋਈ ਛੂ ਛਾਤ।
ਮੁਸਾਫ਼ਿਰ! ਜਾਗ ਹੋਈ ਪਰਭਾਤ।

ਸਭ ਦੁਨੀਆਂ ਦੀ ਸਾਂਝੀ ਵਸਤੀ,
ਜੀਵਨ ਜੁਗਤੀ ਹੋ ਗਈ ਸਸਤੀ,
ਲਹੂ ਰਲ ਗਿਆ ਕਾਲਾ ਗੋਰਾ,
ਮਾਨੁਖਤਾ ਦੀ ਜ਼ਾਤ।
ਮੁਸਾਫਿਰ! ਜਾਗ ਹੋਈ ਪਰਭਾਤ।

ਖੀਵਾ ਹੋ ਗਿਆ ਆਸ਼ਾਵਾਦੀ,
ਜੀਭ ਕਲਮ ਦੀ ਤਕ ਆਜ਼ਾਦੀ,
ਘਰ ਘਰ ਦੇਂਦੀ ਫਿਰੇ ਮੁਨਾਦੀ,
ਸਾਈਂ ਦੀ ਸੌਗ਼ਾਤ।
ਮੁਸਾਫਿਰ! ਜਾਗ ਹੋਈ ਪਰਭਾਤ।

ਚਾਨਣ


[ਗੀਤ ਕੱਵਾਲੀ

ਚਾਨਣ ਮੇਰੇ ਅੰਦਰ ਬਾਹਰਟੇਕ

 ਰੋਸ਼ਨ ਮੇਰਾ ਚਾਰ ਚੁਫੇਰਾ,
ਹਰ ਹੁਜਰੇ ਮਾਹੀ ਦਾ ਡੇਰਾ,
ਲੌਲਾਕੇ ਦਾ ਤਾਣਾ ਪੇਟਾ,
ਉਣੀ ਹੋਈ ਹੈ ਇਕ ਇਕ ਤਾਰ।
ਚਾਨਣ ਮੇਰੇ ਅੰਦਰ ਬਾਹਰ।

ਲੰਮਾ ਰਸਤਾ, ਚੌੜਾ ਘੇਰਾ,
ਲੈ-ਪਰਲੈ ਦਾ ਅਜ਼ਲੀ ਗੇੜਾ,
ਕਦੇ ਹਨੇਰਾ, ਕਦੇ ਸਵੇਰਾ,
ਲੱਗੀ ਰਹਿੰਦੀ ਏ ਢਾਹ-ਉਸਾਰ।
ਚਾਨਣ ਮੇਰੇ ਅੰਦਰ ਬਾਹਰ।

ਹਰ ਪਲ ਜੀਵਨ ਦਾ ਸੰਦੇਸ਼ਾ,
ਜੀਵਨ ਚਲਦਾ ਰਹੇ ਹਮੇਸ਼ਾ,
ਟਿੰਡਾਂ ਦਾ ਇਕ ਗੇੜ ਮੁਕਾਇਆ,
ਨਵਾਂ ਜਹਾਨ ਮਿਲੇ ਤੱਯਾਰ।
ਚਾਨਣ ਮੇਰੇ ਅੰਦਰ ਬਾਹਰ।

ਦੁਨੀਆਂ ਦਾ ਮੈਂ ਹੋ ਗਿਆ ਭੇਤੀ,
ਮਿਲ ਪੈਂਦੇ ਹਾਂ ਛੇਤੀ ਛੇਤੀ,
ਮਨ ਪੰਛੀ ਤੇ ਤਨ ਪਿੰਜਰੇ ਦੇ,
ਨਿਭਦੇ ਆਏ ਕੌਲ ਕਰਾਰ।
ਚਾਨਣ ਮੇਰੇ ਅੰਦਰ ਬਾਹਰ ।


ਆਸ਼ਾਵਾਦ


ਆਸ਼ਾ ਦੇ ਆਧਾਰ,
ਖੜੋਤੀ ਹੈ
ਮਖ਼ਲੂਕ ਖੁਦਾ ਦੀ,

ਛੱਲ ਕਦੇ-
ਆ ਹੀ ਜਾਵੇਗੀ
ਮਿਹਰਾਂ ਦੇ ਦਰਯਾ ਦੀ।

ਮੂਰਖ ਨੂੰ ਭੀ
ਮਿਲ ਜਾਂਦੀ ਹੈ,
ਜੰਗਲ ਦੇ ਵਿਚ ਰੋਟੀ,

ਕੰਨਾਂ ਨੂੰ ਲਾ ਹੱਥ,
ਕਦੇ ਨਾ ਬਣੀਂ
ਨਿਰਾਸ਼ਾਵਾਦੀ।

ਜਿਹਲਮ ਦਰਿਆ ਨੂੰ


ਚਲ ਚਲ ਚਲ ਚਲ ਚਲਿਆ ਚਲ,
ਚਲਿਆ ਚਲ ਭਈ ਚਲਿਆ ਚਲ।ਟੇਕ

ਪਰਬਤ ਪਰ ਬਰਫ਼ਾਨੀ ਢੇਰ, ਚਸ਼ਮਾ ਭਰਦੇ ਹੰਝੂ ਕੇਰ,
ਫੁੱਲਾਂ ਫਲਾਂ ਸ਼ਿੰਗਾਰੀ ਭੋਂ, ਇੰਦਰ ਪੁਰੀਓਂ ਪਿਆਰੀ ਭੋਂ,
ਵੈਰੀਨਾਗ ਸੁਹਾਣੀ ਥਾਂ, ਓਹੋ ਥਾਂ ਹੈ ਤੇਰੀ ਮਾਂ,
ਨਿਰਮਲ ਸੀਤਲ ਵਹਿੰਦਾ ਜਲ,
ਚਲਿਆ ਚਲ ਭਈ ਚਲਿਆ ਚਲ।

ਉਠ ਬਹੁ ਸ਼ੇਰਾ ਛਾਲਾਂ ਲਾ, ਰੋਕਾਂ ਅਟਕਾਂ ਚੀਰੀ ਜਾ।
ਗਰਜਾਂ ਬੜ੍ਹਕਾਂ ਮਾਰੀ ਜਾ, ਡਿਗ ਡਿਗ ਝੱਗ ਖਿਲਾਰੀ ਜਾ।
ਵਿੰਗ, ਵਲਾਵੇਂ, ਰੋੜ੍ਹਾ, ਸ਼ੋਰ, ਛੋਡ ਕੇ ਛੋਹ ਮਸਤਾਨੀ ਤੋਰ।
ਸਿਰੀ ਨਗਰ ਦਾ ਭਰ ਦੇ ਡਲ,
ਚਲਿਆ ਚਲ ਭਈ ਚਲਿਆ ਚਲ।

ਬਰਕਤ ਹੈ ਇਹ ਤੇਰੀ ਚਾਲ, ਦੁਨੀਆਂ ਵੱਸੇ ਇਸ ਦੇ ਨਾਲ।
ਝਾਤ ਦੁਪਾਸੜ ਪਾਈ ਜਾ, ਜਟ ਦੇ ਭਾਗ ਜਗਾਈ ਜਾ।
ਫਲ, ਫੁਲ, ਫਸਲਾਂ ਤਾਰੀ ਜਾ, ਮੋਤੀ ਗਿਰਦ ਖਿਲਾਰੀ ਜਾ।
ਵੁੱਲਰ ਦੇ ਵਿਚ ਚਲ ਕੇ ਰਲ,
ਚਲਿਆ ਚਲ ਭਈ ਚਲਿਆ ਚਲ।

ਏਥੋਂ ਫੇਰ ਅਗੇਰੇ ਹੋ, ਰਸਤੇ ਵਿਚ ਨਾ ਕਿਤੇ ਖਲੋ।
ਬੜਾ ਪਿਆ ਹੈ ਤੇਰਾ ਰਾਹ, ਪੈਂਡੇ ਪੈ ਜਾ ਵਾਹੋ ਦਾਹ।
ਪੱਥਰ ਵੱਟਾ ਤੋੜੀ ਜਾ, ਜੋ ਮਿਲ ਜਾਏ ਰੋੜ੍ਹੀ ਜਾ।
ਪਾ ਦੇ ਪਰਬਤ ਵਿਚ ਤਰਥਲ,
ਚਲਿਆ ਚਲ ਭਈ ਚਲਿਆ ਚਲ।

ਛੱਡ ਪਹਾੜ ਮਿਦਾਨੀਂ ਆ, ਚੌੜੀ ਕਰ ਕੇ ਹਿੱਕ ਵਿਖਾ।
ਦੇ ਜਾ ਅਪਣੇ ਨਾਂ ਦੀ ਯਾਦ, ਕੰਢੇ ਤੇ ਕਰ ਸ਼ਹਿਰ ਅਬਾਦ।
ਤੇਰੀ ਵੱਡੀ ਭੈਣ ਝਨਾਂ, ਰਲ ਕੇ ਰਖ ਲਓ ਇੱਕੋ ਨਾਂ।
ਸੀਤਲ ਕਰਦਾ ਮਾਰੂ ਥਲ,
ਚਲਿਆ ਚਲ ਭਈ ਚਲਿਆ ਚਲ।

ਅਪਣੀ ਦਰਯਾ-ਦਿਲੀ ਵਿਖਾ, ਨਹਿਰਾਂ ਨਾਲ ਬਹਾਰਾਂ ਲਾ।
ਕਰ ਦੇ ਸਭ ਦਲਿੱਦਰ ਦੂਰ, ਬਾਰਾਂ ਨੂੰ ਕਰ ਦੇ ਭਰਪੂਰ।
ਮੁੰਜੀ, ਗੰਨਾ, ਕਣਕ, ਕਪਾਹ, ਕਾਸੇ ਦੀ ਨਾ ਛਡ ਪਰਵਾਹ।
ਕੁਰਬਾਨੀ ਦਾ ਮਿਲਸੀ ਫਲ,
ਚਲਿਆ ਚਲ ਭਈ ਚਲਿਆ ਚਲ।

ਰਾਵੀ ਆ ਗਈ ਦੇਸ ਵਸਾ, ਮਿਲ ਲੈ ਸੂ ਗਲਵਕੜੀ ਪਾ।
ਸਤਲੁਜ ਦੇ ਵਿਚ ਰਲੀ ਬਿਆਸ, ਉਹ ਵੀ ਆਈ ਤੁਹਾਡੇ ਪਾਸ।
ਕੱਠੇ ਹੋ ਕੇ ਪੰਜ ਦਰਯਾ, ਦੇਸ ਲਓ ਪੰਜਾਬ ਬਣਾ।
ਹੋ ਜਾਏ ਸਾਂਝਾ ਨਾਮ ਅਟਲ,
ਚਲਿਆ ਚਲ ਭਈ ਚਲਿਆ ਚਲ।

ਚਲਣਾ ਹੈ ਜੀਵਨ ਦੀ ਸ਼ਾਨ, ਅਣ-ਚਾਲੂ ਦਾ ਥਾਂ ਸ਼ਮਸ਼ਾਨ।
ਬੰਦ ਨ ਕਰੀਂ ਕਦੇ ਤੂੰ ਚਾਲ, ਜਾ ਰਲ ਸਿੰਧ, ਸਮੁੰਦਰ ਨਾਲ।
ਉਥੋਂ ਉਡ ਕੇ ਚੜ੍ਹ ਆਕਾਸ਼, ਆ ਜਾ ਫੇਰ ਹਿਮਾਲਾ ਪਾਸ।
ਉਹੋ ਚਾਲ ਪੁਰਾਣੀ ਮਲ,
ਚਲਿਆ ਚਲ ਭਈ ਚਲਿਆ ਚਲ।

ਦਿਲੀ ਵਲਵਲੇ


ਮੈਂ ਪੈਦਾ ਹੋਇਆ ਇਸ ਦੁਨੀਆਂ ਵਿਚ,
ਚਾਰ ਦਿਹਾੜੇ ਜੀਉਣ ਲਈ,
ਭਲਿਆਂ ਲੋਕਾਂ ਵਿਚ ਬਹਿਣ ਲਈ,
ਇਨਸਾਨ ਬਣਨ ਤੇ ਨੀਉਣ ਲਈ।
ਕੁਝ ਰੋਟੀ ਦਾ ਉਪਰਾਲਾ ਸੀ,
ਕੁਝ ਪੜ੍ਹਨ ਲਿਖਣ ਦਾ ਚਸਕਾ ਸੀ,
ਕਵਿਤਾ ਕਰਦਾ ਸਾਂ ਦੇਸ ਲਈ,
ਯਾ ਪਾਟੇ ਸੀਨੇ ਸੀਉਣ ਲਈ।
ਈਸ਼ਰ ਹੈ ਸਚਮੁਚ ਬਹੁਤ ਬੜਾ,
ਪਰ ਮੈਂ ਉਸ ਨੂੰ ਨਹੀਂ ਪਾ ਸਕਿਆ,
ਨਾ ਉਸ ਦੇ ਭੇਦ ਸਮਝ ਸਕਿਆ,
ਨਾ ਦੁਨੀਆਂ ਨੂੰ ਸਮਝਾ ਸਕਿਆ।
ਮਜ਼ਹਬ ਤੇ ਫਿਰਕੇਦਾਰੀ ਦੀ,
ਰੰਗਣ ਨੇ ਮੈਨੂੰ ਮੋਹਿਆ ਨਹੀਂ,
ਮੈਂ ਧਰਤੀ ਦਾ ਪੰਖੇਰੂ ਸਾਂ,
ਅਸਮਾਨਾਂ ਤਕ ਨਹੀਂ ਜਾ ਸਕਿਆ।
ਨਰਕਾਂ ਦਾ ਮੈਨੂੰ ਖੌਫ ਨਹੀਂ,
ਸੁਰਗਾਂ ਵਿਚ ਜਾਣਾ ਚਾਹੁੰਦਾ ਨਹੀਂ,
ਇਨਸਾਨੀਅਤ ਦਾ ਹਾਮੀ ਹਾਂ,
ਲੁਟ ਲੁਟ ਕੇ ਖਾਣਾ ਚਾਹੁੰਦਾ ਨਹੀਂ।

ਰਬ ਦੇ ਚਾਲਾਕ ਏਜੰਟਾਂ ਨੂੰ,
ਨਿਤ ਨੰਗਾ ਕਰਦਾ ਆਇਆ ਹਾਂ,
ਖੱਟੀ ਇਸ ਲੋਕ ਦੇ ਲੋਕਾਂ ਦੀ,
ਪਰਲੋਕ ਪੁਚਾਣਾ ਚਾਹੁੰਦਾ ਨਹੀਂ।
ਮੈਂ ਬੰਦਿਆਂ ਵਰਗਾ ਬੰਦਾ ਹਾਂ,
ਪੈਗ਼ੰਬਰ ਨਹੀਂ ਮਲਾਹ ਨਹੀਂ,
ਮੈਂ ਸੰਤ ਨਹੀਂ, ਗੁਰ ਪੀਰ ਨਹੀਂ,
ਮੁਕਤੀ ਦੀ ਹਾਲੀ ਚਾਹ ਨਹੀਂ।
ਬੁਲਬੁਲਾ ਸਮੁੰਦਰ ਵਿਚ ਤਰਦਾ,
ਜਿਸ ਦਿਨ ਜੀ ਆਵੇ ਫਟ ਜਾਵੇ,
ਕੋਈ ਮੇਰੀ ਬਾਬਤ ਕੁਝ ਆਖੇ,
ਇਸ ਦੀ ਮੈਨੂੰ ਪਰਵਾਹ ਨਹੀਂ।

ਉਇ ਦੂਰ ਦੇ ਰਾਹੀ!


ਧਾਰਨਾ: -ਐ ਕਾਫ਼ਲੇ ਵਾਲੋ-!

ਉਇ ਲੰਮੇ ਮੁਸਾਫ਼ਿਰ! ਤੇਰਾ ਪੰਧ ਪੁਰਾਣਾ,
ਕਦ ਛੋਹਿਆ ਸਫ਼ਰ ਤੂੰ? ਕਦ ਘਰ ਤੂੰ ਜਾਣਾ?
ਰਸਤੇ ਵਿਚ ਕੀ-ਕੀ ਸੁਖ ਦੁਖ ਤੂੰ ਮਾਣੇ?
ਕੀ ਵੇਸ ਵਟਾਏ, ਛਡ ਚੋਲੇ ਪੁਰਾਣੇ?
ਕਿਸ ਤਾਕਤ ਤੈਨੂੰ ਇਸ ਰਾਹ ਤੇ ਪਾਇਆ?
ਕੀ ਹੁਕਮ ਚੜ੍ਹਾਏ? ਕੀ ਨਾਚ ਨਚਾਇਆ?
ਜਿਸ ਕਾਦਰ ਕੁਦਰਤ ਦੀ ਸਫਾ ਵਿਛਾਈ,
ਉਹ ਤੇਰਾ ਕਮਾਂਡਰ, ਤੂੰ ਉਸ ਦਾ ਸਿਪਾਹੀ।
ਉਇ ਦੂਰ ਦੇ ਰਾਹੀ!

ਕੀ ਦੱਸੇ ਕੋਈ, ਤੇਰੇ ਪੈਰਾਂ ਥੱਲੇ,
ਥਰ ਕਿੰਨੇ ਬੱਝੇ, ਹੜ ਕਿੰਨੇ ਚੱਲੇ?
ਬਣ ਜਲ ਦਾ ਕੀੜਾ, ਕਦ ਭੁਇਂ ਤੇ ਆਇਆ?
ਕਦ ਜੰਗਲ ਰੁੱਖਾਂ ਵਿਚ ਡੇਰਾ ਲਾਇਆ?
ਕਦ ਬਣ ਪੰਖੇਰੂ, ਹੋ ਗਿਓਂ ਉਡਾਰੂ?
ਚੌਖੁਰ ਬਣ ਹੋਇਓਂ ਕਦ ਤਾਰੂ ਚਾਰੂ?
ਕਦ ਬਾਂਦਰ ਜੂਨੋਂ ਤੂੰ ਨਸਲ ਵਟਾਈ?
ਕਦ ਬੰਦਾ ਬਣ ਕੇ, ਤੂੰ ਨਾਰ ਵਿਆਹੀ?
ਉਇ ਦੂਰ ਦੇ ਰਾਹੀ!

ਇਕ ਵਕਤ ਤੂੰ ਬਣਿਆ, ਇਕ ਵਡ-ਪਰਵਾਰੀ,
ਘੜ ਪੱਥਰ ਬਣਿਓਂ, ਮਿਰਗਾਂ ਦਾ ਸ਼ਿਕਾਰੀ।
ਤੂੰ ਜੋੜ ਕਬੀਲਾ, ਇਕ ਨਗਰ ਵਸਾਇਆ,
ਰਾਜਾ ਜਿਹਾ ਬਣ ਕੇ, ਤੂੰ ਰਣ ਵਿਚ ਆਇਆ।
ਹਥਿਆਰ ਫੜਾ ਕੇ ਤੂੰ ਫੌਜ ਬਣਾਈ,
ਇਕ ਹੋਰ ਕਬੀਲੇ ਤੇ ਜਾਇ ਚੜ੍ਹਾਈ
ਬੰਦੂਕਾਂ ਤੋਪਾਂ ਧਰ ਜੰਗ ਮਚਾਈ
ਬਮ ਅਰਸ਼ੋਂ ਵੱਸੇ, ਮਚ ਗਈ ਤਬਾਹੀ।
ਉਇ ਦੂਰ ਦੇ ਰਾਹੀ!

ਐਥੋਂ ਤਕ ਜਾ ਕੇ, ਕੀ ਬਣਿਆ ਤੇਰਾ?
ਪੈਂਡਾ ਨਹੀਂ ਮੁੱਕਾ, ਰਾਹ ਪਿਆ ਬੁਤੇਰਾ।
ਹੁਣ ਐਟਮ ਬਮ ਦੀ ਆ ਗਈ ਹੈ ਵਾਰੀ,
ਤੂੰ ਸਾਂਭ ਸਕੇਂਗਾ, ਹੁਣ ਦੁਨੀਆਂ ਸਾਰੀ।
ਪਰ ਲੰਮਾ ਪੈਂਡਾ, ਤੂੰ ਕਿਉਂ ਨਹੀਂ ਤਕਦਾ?
ਕੀ ਬੰਦਿਓਂ ਦਿਉਤਾ ਤੂੰ ਬਣ ਨਹੀਂ ਸਕਦਾ?
ਇਕ ਰੀਝ ਅਮਨ ਦੀ ਜੇ ਚਾਹੇਂ ਲਾਹੀ,
ਤੂੰ ਰਚ ਸਕਦਾ ਹੈਂ ਇਕ ਸਮਾਂ ਅਲਾਹੀ।
ਉਇ ਦੂਰ ਦੇ ਰਾਹੀ?

ਵੀਣਾ

[ਮਨ-ਸਮਝਾਵਾ]
[ਗੀਤ

ਮਧੁਰ ਮਧੁਰ ਧੁਨ ਗਾ ਮੇਰੀ ਵੀਣਾ! ਟੇਕ
੧.ਨਾਜ਼ਕ ਤਰਬਾਂ, ਕੋਮਲ ਤਾਰਾਂ,
ਲੰਮੀਆਂ ਉੱਚੀਆਂ ਤੇ ਮੁਟਿਆਰਾਂ।
ਤੜਫਣ, ਜੀਵਨ-ਛੁਹ ਦੀਆਂ ਭੁਖੀਆਂ,
ਜ਼ਖਮੇ ਨਾਲ ਬੁਲਾ ਮੇਰੀ ਵੀਣਾ,
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ।

੨.ਸੁੰਦਰ ਸੁੰਦਰੀਆਂ ਵਿਚ ਅੜੀਆਂ,
ਕੋਈ ਇਸ਼ਾਰਾ ਤਾਂਘਣ ਖੜੀਆਂਂ।
ਦੇ ਕੇ ਸੁਹਲ ਜਿਹਾ ਲਚਕਾਰਾ,
ਬੰਦ ਬੰਦ ਥਰਕਾ ਮੇਰੀ ਵੀਣਾ।
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ।

੩.ਛੇੜ ਕੋਈ ਰਸਰਸਾ ਤਰਾਨਾ,
ਅਪਣੇ ਜੀਵਨ ਦਾ ਅਫ਼ਸਾਨਾ।
ਲੈ ਪਰਲੈ ਦਾ ਗੀਤ ਪੁਰਾਣਾ,
ਗਾ ਗਾ ਪੌਣ ਹਿਲਾ ਮੇਰੀ ਵੀਣਾ,
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ।

੪.ਜਦ ਤਕ ਚਲੇ ਚਲਾਈ ਚਲ ਤੂੰ,
ਦੁਨੀਆਂ ਨਾਲ ਨਿਭਾਈ ਚਲ ਤੂੰ,
ਜਦ ਹੋ ਜਾਏ ਉਛਾੜ ਪੁਰਾਣਾ,
ਨਵਾਂ ਲਈਂ ਬਦਲਾ ਮੇਰੀ ਵੀਣਾ,
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ।


ਨੇਮ ਤੇ ਪ੍ਰੇਮ


[ਕਾਫ਼ੀ ਕਵਾਲੀ

ਇਕ ਦਿਨ ਨੇਮ ਤੇ ਪ੍ਰੇਮ ਦੁਹਾਂ ਵਿਚ ਹੋ ਪਈ ਛੇੜ ਛਿੜਾਈ ਸੀ,
ਹਸਦਿਆਂ ਹਸਦਿਆਂ ਵਾਧੇ ਪੈ ਗਈ, ਲੱਸੀ ਵਾਂਗ ਲੜਾਈ ਸੀ।

ਨੇਮ ਕਹੇ ਮਰਜਾਦਾ ਬਾਝੋਂ, ਕੋਈ ਗੱਲ ਨ ਸਰਨੀ ਹੈ,
ਪ੍ਰੇਮ ਕਹੇ ਮੈਂ ਖੰਭ ਖੁਹਾ ਕੇ, ਦੁਨੀਆਂ ਕੈਦ ਨ ਕਰਨੀ ਹੈ।

ਨੇਮ ਕਹੇ ਫੜ ਮਨ ਦੀਆਂ ਵਾਗਾਂ, ਨਕ ਦੀ ਸੇਧੇ ਜਾਣਾ ਹੈ,
ਪ੍ਰੇਮ ਕਹੇ ਇਹ ਮੱਤਾ ਹਾਥੀ, ਬਿਨਾਂ ਲਗਾਮ ਚਲਾਣਾ ਹੈ।

ਨੇਮ ਕਹੇ ਚਲ ਮੰਦਰ ਦੇ ਵਿਚ, ਚੰਦਨ ਤਿਲਕ ਲਗਾਇਆ ਕਰ,
ਪ੍ਰੇਮ ਕਹੇ ਬਹਿ ਇੱਕਲਵਾਂਜੇ, ਅੰਦਰ ਜੋਤ ਜਗਾਇਆ ਕਰ।

ਨੇਮ ਕਹੇ ਫੜ ਤੁਲਸੀ ਮਾਲਾ, ਹਰ ਦਮ ਨਾਮ ਧਿਆਈ ਦਾ,
ਪ੍ਰੇਮ ਕਹੇ ਸਮਝਾ ਕੇ ਲੇਖਾ, ਰੱਬ ਨੂੰ ਨਹੀਂ ਪਰਚਾਈ ਦਾ।

ਨੇਮ ਕਹੇ ਮੈਂ ਮੰਦਰ ਦੇ ਵਿਚ, ਮੂਰਤ ਪੂਜ ਬਹਾਲੀ ਹੈ,
ਪ੍ਰੇਮ ਕਹੇ ਉਸ ਮਨ-ਮੋਹਨ ਤੋਂ, ਖੂੰਜ ਨ ਕੋਈ ਖ਼ਾਲੀ ਹੈ।

ਨੇਮ ਕਹੇ ਮੈਂ ਜ਼ੁਹਦ ਕਮਾ ਕੇ, ਜੰਨਤ ਦੇ ਵਿਚ ਜਾਣਾ ਹੈ,
ਪ੍ਰੇਮ ਕਹੇ ਅਸਾਂ ਏਸੇ ਜਗ ਵਿਚ, ਨਵਾਂ ਬਹਿਸ਼ਤ ਬਣਾਣਾ ਹੈ।

ਨੇਮ ਕਹੇ ਮੈਂ ਫਲਸਫਿਆਂ ਦਾ, ਉੱਚਾ ਤੰਬੂ ਤਾਣ ਲਿਆ,
ਪ੍ਰੇਮ ਕਹੇ ਮੈਂ ਬੇ-ਇਲਮਾਂ ਵਿਚ, ਵਸਦਾ ਰੱਬ ਪਛਾਣ ਲਿਆ।

ਨੇਮ ਕਹੇ ਮੈਂ ਲੀਹਾਂ ਕਦੀਮੀ, ਉੱਤੇ ਉੱਤੇ ਜਾਣਾ ਹੈ,
ਪ੍ਰੇਮ ਕਹੇ ਮੈਂ ਜੁਗ ਜੁਗ ਦੇ ਵਿਚ, ਨਵਾਂ ਲਿਬਾਸ ਵਟਾਣਾ ਹੈ।


ਕਮਾਲ ਕੀ ਹੈ?


[ਗਜ਼ਲ ਕੱਵਾਲੀ

ਕਿਸੇ ਨੇ ਇਸ਼ਕੇ ਨੂੰ ਪੁੱਛ ਕੀਤੀ,
ਕਿ ਤੇਰੇ ਅੰਦਰ ਕਮਾਲ ਕੀ ਹੈ?

ਜੋ ਫਸ ਗਿਆ, ਫਿਰ ਫਟਕ ਨ ਸਕਦਾ,
ਅਜ਼ਾਬ ਹੈ ਤੇਰਾ ਜਾਲ ਕੀ ਹੈ?

ਵਿਖਾ ਕੇ ਝਾਕੀ, ਉਡਾ ਕੇ ਜਿਗਰਾ,
ਅੜਾ ਕੇ ਕੁੰਡੀ, ਫਸਾ ਕੇ ਪੰਛੀ,

ਨਾ ਆ ਕੇ ਫਿਰ ਉਸ ਦੀ ਵਾਤ ਪੁੱਛੇਂ,
'ਸੁਣਾ ਮੀਆਂ ਤੇਰਾ ਹਾਲ ਕੀ ਹੈ?

ਤੇਰੇ ਭੁਲਾਏ, ਖੁਦਾ ਭੁਲਾ ਕੇ,
ਤੇਰੇ ਧੂਏਂ ਦੇ ਫ਼ਕੀਰ ਬਣਦੇ,

ਤੇ ਤੂੰ ਪਿਆ ਅੱਖੀਆਂ ਚੁਰਾਵੇਂ,
ਏ ਬੇ-ਵਫ਼ਾਈ ਦੀ ਚਾਲ ਕੀ ਹੈ?

ਜਵਾਬ ਮਿਲਿਆ, ਕਿ ਤੂੰ ਕੀ ਜਾਣੇਂ?
ਹੈ ਖੇਡ ਬਾਲਾਂ ਦੀ ਤੇਰੇ ਭਾਣੇ।

ਏ ਲੱਗੇ ਜਿਸ ਤਨ ਉਹੋ ਪਛਾਣੇ,
ਕਿ ਇਸ ਖ਼ਜ਼ਾਨੇ 'ਚਿ ਮਾਲ ਕੀ ਹੈ?

ਜਿਨ੍ਹਾਂ ਨੇ ਇਸ ਨੈਂ ਦੀ ਲੀਤੀ ਤਾਰੀ,
ਉਨ੍ਹਾਂ ਨੂੰ ਰਹਿੰਦੀ ਨ ਜਾਨ ਪਿਆਰੀ,

ਜੋ ਬਣ ਗਏ ਇਸ਼ਕ ਦੇ ਬਪਾਰੀ,
ਉਨ੍ਹਾਂ ਨੂੰ ਮਰਨਾ ਮਹਾਲ ਕੀ ਹੈ?

ਏ ਐਸਾ ਚੇਟਕ ਹੈ ਨਾਸ ਜਾਣਾ,
ਹਰਾਮ ਕਰ ਦੇਵੇ ਪੀਣਾ ਖਾਣਾ,

ਨਾ ਟਿਕ ਕੇ ਬਹਿਣਾ ਨਾ ਅੱਖ ਲਾਣਾ,
ਕਰਾਰ ਆਵੇ ਮਜਾਲ ਕੀ ਹੈ?

ਹੈ ਇਸ਼ਕ ਦੀ ਐਸੀ ਲਿਸ਼ਕ ਬਾਹੀ,
ਨ ਜਾਨ ਨਿਕਲੇ ਨਾ ਖੁਲ੍ਹੇ ਫਾਹੀ,

ਤੜਫਦੇ ਰਹਿਣਾ ਤੇ ਸੀ ਨਾ ਕਰਨਾ,
ਇਹੋ ਹੀ ਹੈ, ਹੋਰ ਘਾਲ ਕੀ ਹੈ?

ਵਿਛੋੜਾ ਤੇ ਮੇਲ ਦੋਵੇਂ ਭੈੜੇ,
ਅਨੰਦ ਸਾਰਾ ਉਡੀਕ ਵਿਚ ਹੈ,

ਜੁਦਾਈ ਮੱਛੀ ਨੂੰ ਪੁੱਛ ਜਾ ਕੇ,
ਪਤੰਗਾ ਜਾਣੇ ਵਿਸਾਲ ਕੀ ਹੈ?

ਏ ਉੱਤੋਂ ਵੇਖੀਂ ਨਾ ਭੋਲੇ ਭਾਲੇ,
ਇਨ੍ਹਾਂ ਦੇ ਦੀਦੇ ਨੇਂ ਸੂਝ ਵਾਲੇ,

ਨਫ਼ੇ ਤੇ ਘਾਟੇ ਨੂੰ ਜਾਣਦੇ ਨੇਂ,
ਹਰਾਮ ਕੀ ਹੈ, ਹਲਾਲ ਕੀ ਹੈ?

ਲਹਾ ਕੇ ਖੱਲਾਂ, ਵਢਾ ਕੇ ਧੌਣਾਂਂ,
ਕਰਾ ਕੇ ਟੋਟੇ, ਬਣਾ ਕੇ ਕੀਮੇ,

ਦਿਖਾਣ ਚੜ੍ਹ ਚੜ੍ਹ ਕੇ ਸੂਲੀਆਂ ਤੇ,
ਕਿ ਆਸ਼ਕੀ ਦਾ ਜਲਾਲ ਕੀ ਹੈ?

ਏ ਪੌੜੀ ਅਰਸ਼ਾਂ ਤੇ ਜਾਣ ਦੀ ਹੈ,
ਫਨਾ ਬਕਾ ਵਿਚ ਪੁਚਾਣ ਦੀ ਹੈ,

ਏ ਜ਼ੱਰੇ ਸੂਰਜ ਬਣਨ ਨੂੰ ਉਠਦੇ,
ਇਨ੍ਹਾਂ ਦੇ ਅੱਗੇ ਮਸ਼ਾਲ ਕੀ ਹੈ?


ਜਗ ਰਚਨਾ


ਸੋਚਾਂ ਖੋਜਾਂ ਤਜਰਬਿਆਂ ਨੇ,
ਕੀਤਾ ਅੰਤ ਨਿਤਾਰਾ,

ਕਾਦਰ ਵਿੱਚੋਂ ਕੁਦਰਤ ਬਣ ਗਈ,
ਸੁਹਜਾਂ ਦਾ ਭੰਡਾਰਾ।

ਹੁਸਨ ਇਸ਼ਕ ਦਾ ਕਿੱਸਾ ਛਿੜਿਆ,
ਅਗਨਿ ਪ੍ਰੇਮ ਦੀ ਜਾਗੀ,

ਨਰ ਮਦੀਨ ਦਾ ਸੰਗਮ ਹੋ ਕੇ,
ਫੈਲ ਗਿਆ ਜਗ ਸਾਰਾ।

ਮਾਨੁਖਤਾ ਨੇ ਹੋਸ਼ ਸੰਭਾਲੀ,
ਰੱਬ ਦਾ ਹੁਲੀਆ ਘੜਿਆ,

ਕਲਪੀ ਗਈ ਖਿਆਲ ਦੀ ਦੁਨੀਆਂ,
ਰਿਸ਼ੀਆਂ ਮੁਨੀਆਂ ਦੁਆਰਾ।

ਸਿੱਧਾਂਤਾਂ ਤੇ ਮਤਭੇਦਾਂ ਦੀ,
ਪੈ ਗਈ ਭੀੜ ਚੁਫੇਰੇ,

ਫਿਰਕੇਦਾਰਾਂ ਨੇ ਲੜ ਭਿੜ ਕੇ,
ਕੀਤਾ ਚੌੜ ਅਖਾੜਾ।


ਅਣਡਿਠਾ ਸਾਜਨ


ਅਣਡਿੱਠੇ ਸਾਜਨ ਦਾ ਹੁਲੀਆ,
ਮੈਂ ਸੁਪਨੇ ਵਿਚ ਘੜਿਆ,

ਖੇੜਾ, ਖੁਸ਼ੀ ਖੁਮਾਰ ਅਗੰਮੀ,
ਦਰਸ਼ਨ ਕਰ ਕੇ ਚੜ੍ਹਿਆ।

ਛੁਹ ਬੁੱਲਾਂ ਦੀ ਲੂੰ ਲੂੰ ਮੇਰਾ,
ਸੁਆਦ ਸੁਆਦ ਕਰ ਛੜਿਆ,

ਰਸ ਦਾਤੇ ਨੇ ਪਲਕਾਰੇ ਵਿਚ,
ਸਬਰ ਮੇਰਾ ਖੁਹ ਖੜਿਆ।

ਤ੍ਰਬਕ ਉਠੀ, ਖੁਲ ਗਈਆਂ ਅੱਖਾਂ,
ਮੁੜ ਮੁੜ ਮਲ ਮਲ ਤੱਕਾਂ,

ਸ਼ਾਲਾ ਓਹ ਅਧ-ਖੁਲ੍ਹੀਆਂ ਬੁਲੀਆਂ,
ਜਾਗਦਿਆਂ ਛੁਹ ਸੱਕਾਂ।

ਸੁਪਨੇ ਅੰਦਰ ਕਲਪੀ ਸੁਹਣੀ,
ਸੂਰਤ ਜੇ ਮਿਲ ਜਾਵੇ,

ਜੀਵਨ ਜੋਤ ਜੜੀ ਚਾਨਣ ਦੀ,
ਦਿਲ ਸ਼ੀਸ਼ੇ ਵਿਚ ਰੱਖਾਂ।


ਭਾਵੇਂ ਤੁਸਾਂ ਭੁਲਾ.....


ਭਾਵੇਂ ਤੁਸਾਂ ਭੁਲਾ ਛੱਡਿਆ ਹੈ,
ਮੈਂ ਤੇ ਨਹੀਂ ਭੁਲ ਸਕਦਾ,

ਮਰਨ ਕਿਨਾਰੇ ਆ ਪਹੁੰਚਾ ਹਾਂ,
ਦਰਵਾਜ਼ੇ ਵਲ ਤਕਦਾ।

ਜ਼ਰਾ ਕੁ ਹੱਥ ਉਲਾਰੋਗੇ ਤਾਂ,
ਲਗ ਜਾਵਾਂਗਾ ਬੰਨੇ,

ਬਿਰਦਪਾਲ ਨਹੀਂ ਕਦੇ ਬੂਹੇ ਤੇ,
ਆਏ ਹੋਏ ਧਕਦਾ।

ਨਿਰਾ ਹੁਸਨ ਹੀ ਹੁਸਨ ਤੁਸੀਂ,
ਅਸੀਂ ਦਰਸ਼ਨ ਦੇ ਦੀਵਾਨੇ,

ਸਖਣੇ ਸਖਣੇ ਸਹਿਕ ਰਹੇ,
ਦੋ ਨੈਣਾਂ ਦੇ ਪੈਮਾਨੇ।

ਜੋਤ ਹਜੂਰੀ ਜਗੀ ਜਦੋਂ ਦੀ,
ਸਿਦਕੀ ਪੁਜਦੇ ਆਏ,

ਸਾਡੇ ਤੇ ਭੀ ਖੋਲ੍ਹੋ ਨਾ ਹੁਣ,
ਬਖਸ਼ਾਂ ਦੇ ਮੈਖ਼ਾਨੇ।


ਅਣਮੁੱਕ ਰਸਤਾ


ਰਾਹੀ ਦੇ ਚਿਹਰੇ ਤੇ,
ਖਿੜਦੇ ਹਾਸੇ,
ਵਲ ਨਾ ਜਾਈਂ,

ਸੀਨੇ ਵਿਚ
ਨਾਸੂਰ ਪੁਰਾਣੇ
ਚੋਣ ਹਜ਼ਾਰੀਂ ਥਾਈਂਂ।

ਜੀਉਣ-ਪੰਧ ਦੀ
ਅਦਲ ਬਦਲ ਵਿਚ,
ਹੁਲੀਏ ਕਈ ਵਟਾਏ,

ਪਤਾ ਨਹੀਂ
ਇਸ ਰਾਹ ਵਿਚ
ਤੁਰਿਆ ਜਾਣਾ ਹੈ ਕਦ ਤਾਈਂ।

ਆਵਾਗਵਨ


ਕਰ ਇਤਫ਼ਾਕ ਤ੍ਰੇਲ-ਕਣੀਆਂ ਨੇ,
ਮੋਤੀ ਚਾ ਝਲਕਾਇਆ,

ਪੌਣ ਚਲੀ, ਮੋਤੀ ਢਹਿ ਥੱਲੇ,
ਧਰਤੀ ਵਿੱਚ ਸਮਾਇਆ।

ਮੁੱਦਤ ਪਾ, ਇਕ ਨਵੇਂ ਸ਼ਿਗੂਫ਼ੇ,
ਹੋਰ ਗੁਲਾਬ ਖਿੜਾਇਆ,

ਚੱਕਰ ਦੇ ਵਿਚ ਤ੍ਰੇਲ ਪੈ ਗਈ,
ਕਰਤੇ ਗੇੜ ਚਲਾਇਆ।

ਆਉਣ ਜਾਣ ਅਨਾਦਿ ਅਨੰਤੀ,
ਚੱਕਰ ਚਲੇ ਪੁਰਾਣਾ,

ਤ੍ਰੇਲ-ਕਣੀ ਨੇ ਅਰਸ਼ੋਂ ਲਹਿ ਕੇ,
ਸਬਜ਼ੇ ਤੇ ਬਹਿ ਜਾਣਾ।

ਸੂਰਜ-ਕਿਰਨਾਂ ਭਾਫ ਬਣਾ ਕੇ,
ਫਿਰ ਅਰਸ਼ੇ ਪਹੁੰਚਾਣਾ।

ਜੀਵ ਜੁਲਾਹੀ ਵਾਂਗ,
ਚਲਾਈ ਰੱਖੇ ਤੰਦਣ-ਤਾਣਾ।


ਰਾਂਝਣ ਯਾਰ


[ਕਾਫ਼ੀ ਕੱਵਾਲੀ

ਮੈਂ ਚੂੰਡੇਂਦੀ ਰਾਂਝਣ ਯਾਰਟੇਕ

੧.ਲਾਚੇ ਨੂੰ ਲੱਗੇ ਬੁਕ ਬੁਕ ਤਾਰੇ,
ਵੰਝਲੀ 'ਕੁਨ-ਫਯਕੂਨ' ਪੁਕਾਰੇ,
ਮੰਗੂ ਜਿਦ੍ਹੇ ਫਰਿਸ਼ਤਿਓਂ ਸੁਹਣੇ,
ਸਭ ਦੁਨੀਆਂ ਤੋਂ ਚੌੜੀ ਬਾਰ।ਮੈਂ ਢੂੰਡੇਂਦੀ ਰਾਂਝਣ ਯਾਰ।

੨.ਰਾਂਝਣ ਨਾਲ ਮੁਹੱਬਤ ਲਾਈ,
ਪਰ ਉਸ ਐਸੀ ਨਿਗਹ ਖੁੰਝਾਈ,
ਮੈਂ ਲਭਦੀ ਰਹੀ ਝੰਗ ਸਿਆਲੀਂ,
ਉਹ ਜਾਪੇ ਲੌਲਾਕੋਂ ਪਾਰ।ਮੈਂ ਢੂੰੰਡੇਂਦੀ ਰਾਂਝਣ ਯਾਰ।

੩.ਖੋਜ ਫੜਨ ਮੈਂ ਬਾਹਰ ਆਈ,
ਦੱਸ ਪਈ ਦਿਲਬਰ ਹਰ-ਜਾਈ,
ਬਣੇ ਮਸੀਤੇ ਮੱਕੀ ਮਦਨੀ,
ਮੰਦਰ ਦੇ ਵਿਚ ਕ੍ਰਿਸ਼ਨ ਮੁਰਾਰ।ਮੈਂ ਢੂੰੰਡੇਂਦੀ ਰਾਂਝਣ ਯਾਰ।

੪.ਸੁਘੜ ਸਹੇਲੀਓ ਤਰਸ ਕਮਾਓ,
ਜਾ ਰਾਂਝਣ ਨੂੰ ਯਾਦ ਕਰਾਓ,
ਡੋਲੇ ਚੜ੍ਹਦੀ ਨਾਲ ਜੁ ਕੀਤੇ,
ਭੁੱਲ ਨਾ ਜਾਏ ਕੌਲ ਕਰਾਰ।ਮੈਂ ਢੂੰਡੇਂਦੀ ਰਾਂਝਣ ਯਾਰ।


ਬਸੰਤ


੧.ਸਰਦੀ ਸਰਦ ਪੈ ਗਈ, ਆਈ ਰੁੱਤ ਮਿੱਠੀ,
ਖੇਤਰ ਪੱਲ੍ਹਰੇ ਟਹਿਕੀਆਂ ਵਾੜੀਆਂ ਨੇਂ,

ਰੁੱਖ ਪੁੰਗਰੇ, ਡਾਲੀਆਂ ਫੁੱਲ ਕੱਢੇ,
ਲਗਰਾਂ ਖੁਸ਼ਕ, ਪਤਝੜੀ ਦੀਆਂ ਸਾੜੀਆਂ ਨੇ,

ਕਲੀਆਂ ਲੁਕ ਲੁਕ ਝਾਕਦੀਆਂ ਘੁੰਡ ਵਿੱਚੋਂ,
ਜਿਵੇਂ ਡੋਲਿਓਂ ਨਿਕਲੀਆਂ ਲਾੜੀਆਂ ਨੇਂ,

ਢੋਲਕ ਧਰੀ ਸ਼ਦਿਆਨੇ ਦੀ ਬੁਲਬੁਲਾਂ ਨੇ,
ਅਤੇ ਭੌਰਿਆਂ ਸੁੱਖਣਾਂ ਚਾੜ੍ਹੀਆਂ ਨੇਂ।

ਕੁਦਰਤ ਨਿੱਕਲੀ ਹਾਰ ਸ਼ਿੰਗਾਰ ਕਰ ਕੇ,
ਨੱਢੀ ਬਾਹਰ ਸਿਆਲ[7] ਤੋਂ ਆਉਂਦੀ ਏ,

ਅਤਰ ਭਿੰਨੀਆਂ ਮਾਰ ਕੇ ਫੁੱਲ-ਛਟੀਆਂ,
ਮੁਰਦਾ ਰੂਹਾਂ ਨੂੰ ਮੁੜ ਕੇ ਜਿਵਾਉਂਦੀ ਏ।


੨.ਨੀ ਕਪਾਹੀ ਦੁਪੱਟੜੇ ਵਾਲੀਏ ਨੀਂ!
ਕਾਮਨਹਾਰੀਏ, ਕਾਮ ਦੀਏ ਕੁੰਨੀਏ ਨੀਂ!

ਟਾਹਣੀ ਵਾਂਗ ਫੁੱਲਾਂ ਨਾਲ ਲੱਦੀਏ ਨੀਂ!
ਮਹਿਕਾਂ ਭਰੀ, ਫੁਲੇਲ ਵਿਚ ਗੁੰਨ੍ਹੀਏ ਨੀਂ!

ਸਰੂ ਵਾਂਗ ਹੈ ਕਦੇ ਨਿਗਾਹ ਉੱਚੀ,
ਲਗਰ ਵਾਂਗ ਦੂਹਰੀ ਕਦੇ ਹੁੰਨੀਏ ਨੀਂ,

ਬਾਗਾਂ ਵਿੱਚ ਪੇਲੇਂ, ਥਈਆ ਥਈਆ ਕਰਦੀ,
ਸੈਤੀ[8] ਵਾਂਗ ਮੁਰਾਦ ਨੂੰ ਪੁੰਨੀਏ ਨੀਂ,

ਨੀ ਬਸੰਤ ਕੌਰੇ! ਕੋਈ ਹੋਸ਼ ਕਰ ਨੀਂ,
ਤੈਨੂੰ ਮਰਨ-ਮਿੱਟੀ ਕਾਹਦੀ ਚੜ੍ਹੀ ਹੋਈ ਏ?

ਨਿੱਕਲ ਖ਼ਿਜ਼ਾਂ ਦੇ ਸੂਤਕੋਂ ਫੁੱਲੀਓਂ ਕਿਉਂ?
ਔਧਰ ਦੇਖ, ਗਰਮੀ ਸਿਰ ਤੇ ਖੜੀ ਹੋਈ ਏ।

ਨਵੀਂ ਦੁਨੀਆਂਂ


[ਗੀਤ

ਪੰਛੀਆ! ਨਵੀਂ ਉਡਾਰੀ ਮਾਰ।ਟੇਕ}}

੧.ਖੰਭ ਖਿਲਾਰ, ਫੁਲਾ ਕੇ ਛਾਤੀ,
ਅਰਸ਼ੇ ਪਹੁੰਚ, ਮਾਰ ਇਕ ਝਾਤੀ,
ਵੇਖ ਰਚੀਂਦਾ ਮਾਤ ਲੋਕ ਵਿਚ,

ਸੁਪਨਿਆਂ ਦਾ ਸੰਸਾਰ,
ਪੰਛੀਆ! ਨਵੀਂ ਉਡਾਰੀ ਮਾਰ।

੨.ਰੰਗ ਨਸਲ ਤਕ ਘੁਲਦੇ ਮਿਲਦੇ,
ਮਿਟਦੇ ਜਾਂਦੇ ਪਾੜੇ ਦਿਲ ਦੇ,
ਰਲਦੇ ਲਹੂ, ਰਿਵਾਜ ਬਦਲਦੇ,

ਏਕੇ ਦਾ ਪਰਚਾਰ,
ਪੰਛੀਆ! ਨਵੀਂ ਉਡਾਰੀ ਮਾਰ।

੩.ਦਫ਼ਨ ਹੋ ਰਹੀ ਫ਼ਿਰਕੇਦਾਰੀ,
ਛੁਹ ਦੀ ਲਾਨਤ, ਬੇ-ਇਤਬਾਰੀ,
ਗ਼ਲਤ ਅਕੀਦਿਆਂ ਦੀ ਬੀਮਾਰੀ,
ਸਭ ਦੁਨੀਆਂ ਬੇਜ਼ਾਰ,
ਪੰਛੀਆ! ਨਵੀਂ ਉਡਾਰੀ ਮਾਰ।

੪.ਤਕ ਮਜ਼ਹਬ ਦਾ ਸੂਰਜ ਢਲਦਾ,
ਮਾਨੁਖਤਾ ਦਾ ਸਿੱਕਾ ਚਲਦਾ,
ਮਕਰ, ਦਿਖਾਵੇ ਦਾ ਮੂੰਹ ਕਾਲਾ,

ਸਚ ਦੀ ਜੈ-ਜੈ-ਕਾਰ,
ਪੰਛੀਆ! ਨਵੀਂ ਉਡਾਰੀ ਮਾਰ।

੫.ਜੰਗ ਜਦਲ ਹਟਕੋਰੇ ਖਾਂਦਾ,
ਅਮਨ ਨਵਾਂ ਸੰਸਾਰ ਵਸਾਂਦਾ,
ਅਪਣੀ ਮੌਤੇ ਮਰਦਾ ਜਾਂਦਾ,

ਤਾਕਤ ਦਾ ਹੰਕਾਰ,
ਪੰਛੀਆ! ਨਵੀਂ ਉਡਾਰੀ ਮਾਰ।

੬.ਸਭ ਦੁਨੀਆਂ ਦੀ ਸਾਂਝੀ ਧਰਤੀ,
ਖੋਜਾਂ ਵਾਲੇ ਹੋ ਰਹੇ ਭਰਤੀ,
ਫੋਲ ਫੋਲ ਕੇ ਬਾਹਰ ਲਿਆਉਣ,

ਦੌਲਤ ਦਾ ਭੰਡਾਰ,
ਪੰਛੀਆ! ਨਵੀਂ ਉਡਾਰੀ ਮਾਰ।

ਸ਼ਾਲਾ


[ਕਾਫ਼ੀ ਕੱਵਾਲੀ

ਸ਼ਾਲਾ ਮੈਂ ਲਾਲ ਰਿਝਾ ਸਕਦੀ।ਟੇਕ

੧.ਪ੍ਰੇਮ ਨਗਰ ਵਿਚ ਅੱਪੜ ਜਾਂਦੀ, ਗਲੀ ਬਜ਼ਾਰੀਂ ਫੇਰਾ ਪਾਂਦੀ,
ਪੁਛਦੀ ਪੁਛਦੀ ਲਭਦੀ ਲਭਦੀ,
ਦਰਵਾਜ਼ੇ ਤਕ ਜਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।

੨.ਹੌਲੀ ਹੌਲੀ ਪੌੜੀ ਚੜ੍ਹਦੀ,
ਹਿੰਮਤ ਕਰ, ਅੰਦਰ ਜਾ ਵੜਦੀ,
ਝਕਦੀ ਝਕਦੀ, ਡਰਦੀ ਡਰਦੀ,
ਪਰਦਾ ਪਰੇ ਹਟਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।

੩.ਖੀਵੀ ਹੁੰਦੀ ਦਰਸ਼ਨ ਕਰ ਕੇ,
ਢਹਿ ਪੈਂਦੀ, ਚਰਨੀਂ ਸਿਰ ਧਰ ਕੇ,
ਪਾ ਪਾ ਕੇ ਹੰਝੂਆਂ ਦਾ ਪਾਣੀ,
ਮੀਟੇ ਨੈਣ ਖੁਲ੍ਹਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।

੪.ਓਹ ਤਕ ਲੈਂਦੇ, ਮੈਂ ਠਰ ਜਾਂਦੀ,
ਓਹ ਚੁਕ ਲੈਂਦੇ, ਮੈਂ ਤਰ ਜਾਂਦੀ,
ਪੀੜ ਹਿਜਰ ਦੀ, ਜ਼ਖਮ ਜਿਗਰ ਦੇ,
ਹਿਰਦਾ ਚੀਰ ਵਿਖਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।

੫.ਸੁਣਿਆ ਜਾਂਦਾ ਕਿੱਸਾ ਸਾਰਾ,
ਖੁਲ ਜਾਂਦਾ ਬਖਸ਼ਸ਼ ਦਾ ਦੁਆਰਾ,
ਤੁਲ੍ਹਾ ਜਰਜਰਾ, ਦੂਰ ਕਿਨਾਰਾ,
ਤਕਵੇ ਨਾਲ ਲੰਘਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।

ਭੰਭਟ


ਭੰਭਟ ਪਾਸੋਂ, ਕੁੱਕੜਾ! ਸਿੱਖ ਪ੍ਰੇਮ ਦਾ ਰਾਜ਼,
ਦੀਪਕ ਤੇ ਭੁਜ ਭੁਜ ਮਰੇ, ਕੱਢੇ ਨਾ ਆਵਾਜ਼।




ਬੁਲਬੁਲ ਨਹੀਂ ਕਿ ਰੋਂਦਿਆਂ, ਲਾ ਦੇਵਾਂ ਸਿਰ ਪੀੜ,
ਪਰਵਾਨਾ ਹਾਂ, ਸ਼ਮ੍ਹਾ ਤੋਂ, ਸਦਕੇ ਕਰਾਂ ਸਰੀਰ।




ਭੰਭਟ ਭੁੱਜੇ ਸ਼ਮ੍ਹਾ ਤੇ, ਇੱਕ ਫਟਾਕਾ ਖਾਇ,
ਸ਼ਮ੍ਹਾ ਵਹਾਂਦੀ ਅੱਥਰੂ, ਘੁਲ ਘੁਲ ਕੇ ਮੁਕ ਜਾਇ।




ਪ੍ਰੇਮ ਪੰਥ ਦੀ ਰੀਤਿ ਹੈ, ਗੁਪਤ ਰਹਿਣ ਜਜ਼ਬਾਤ,
ਹੋਛਾ ਤੇ ਹੌਲਾ ਕਰੇ, ਨੰਗੀ ਹੋ ਗਈ ਬਾਤ।


ਮਾਲਣ ਨੂੰ


[ਗੀਤ

ਮਾਲਣੇ! ਗੁੰਦ ਕੇ ਲਿਆ ਦੇ ਹਾਰ।ਟੇਕ}}

੧.ਪ੍ਰੇਮ ਬਗ਼ੀਚਾ, ਕੋਮਲ ਕਲੀਆਂ,
ਕੁਦਰਤ ਦੀ ਗੋਦੀ ਵਿਚ ਪਲੀਆਂ,
ਧੁਰ ਦਰਗਾਹੋਂ ਵੰਡਣ ਚਲੀਆਂ,
ਸੇਵਾ ਦੀ ਮਹਿਕਾਰ।ਮਾਲਣੇ! ਗੁੰਦ ਕੇ ਲਿਆ ਦੇ ਹਾਰ।

੨.ਮਹਿਕ ਦੇ ਅੰਦਰ ਰਮਜ਼ ਉਚੇਰੀ,
ਇਹ ਦੁਨੀਆਂ ਫੁੱਲਾਂ ਦੀ ਢੇਰੀ,
ਮਹਿਕ ਲੁਟਾ ਕੇ ਸੁਕ ਸੜ ਜਾਣਾ,
ਕਰ ਕਰ ਪਰ-ਉਪਕਾਰ।ਮਾਲਣੇ! ਗੁੰਦ ਕੇ ਲਿਆ ਦੇ ਹਾਰ।

੩.ਸਾਈਂ ਦਾ ਸਦਕਾ ਜਗ ਵਿਚ ਆਈਆਂ,
ਸਾਈਂ ਨੇ ਸੇਵਾ ਹੇਤ ਬਣਾਈਆਂ,
ਕਰ ਲੈ ਬੰਦਿਆ ਨੇਕ ਕਮਾਈਆਂ,
ਮਾਨੁਖ ਜਨਮ ਸੁਆਰ।ਮਾਲਣੇ! ਗੁੰਦ ਕੇ ਲਿਆ ਦੇ ਹਾਰ।

੪.ਚਾਤ੍ਰਿਕ ਲਗ ਜਾ ਸੇਵਾ ਦੀ ਕਾਰੇ,
ਵੰਡ ਸੁਟ ਜੀਵਨ ਦੇ ਫੁਲ ਸਾਰੇ,
ਪਹੁੰਚ ਸਕੇਂ ਜੇ ਦੂਰ ਕਿਨਾਰੇ,
ਬੇੜਾ ਹੋ ਜਾਏ ਪਾਰ।ਮਾਲਣੇ! ਗੁੰਦ ਕੇ ਲਿਆ ਦੇ ਹਾਰ।


ਦੇਸ ਪੰਜਾਬ


੧.ਹਰੇ ਭਰੇ ਹੇ ਦੇਸ ਪੰਜਾਬ ਮੇਰੇ,
ਸਾਰੇ ਦੇਸ਼ਾਂ ਦੇ ਸਿਰ ਦਾ ਸਰਦਾਰ ਹੈਂ ਤੂੰ,

ਮੁਕਟ ਸਿਹਰਿਆਂ ਲੱਦਿਆ ਪਰਬਤਾਂ ਦਾ,
ਲਾੜਾ ਰੱਬ ਨੇ ਦਿੱਤਾ ਸ਼ਿੰਗਾਰ ਹੈਂ ਤੂੰ,

ਪੰਜਾਂ ਨੈਆਂ ਦੀ ਸਾਈਂ ਨੇ ਲਹਿਰ ਲਾਈ,
ਨਹਿਰਾਂ ਨਾਲ ਬਣ ਰਿਹਾ ਗੁਲਜ਼ਾਰ ਹੈਂ ਤੂੰ,

ਭਾਰਤ-ਵਰਸ਼ ਦੇ ਸੀਸ ਤੇ ਛਤ੍ਰ ਛਾਇਓਂ,
ਅੰਨਾਂ ਧਨਾਂ ਦਾ ਭਰਿਆ ਭੰਡਾਰ ਹੈਂ ਤੂੰ।

੨.ਹਰੀ ਹਰੀ ਪੱਧਰ ਫਸਲਾਂ ਭਰੀ ਤੇਰੀ,
ਠੰਢੀ ਠਰੀ ਪਹਾੜਾਂ ਦੀ ਧਾਰ ਤੇਰੀ,

ਮਾਝੇ, ਮਾਲਵੇ, ਦੜਪ, ਬਹਾਰ ਬੱਧੀ,
ਖਾਣ ਸੋਨੇ ਦੀ ਹੋ ਗਈ ਬਾਰ ਤੇਰੀ,

ਕੰਢੀ, ਬੇਟ, ਡੁੱਗਰ, ਮੈਨਦ੍ਵਾਬ, ਲੰਮਾ,
ਲਹਿ ਲਹਿ ਕਰੇ ਧੰਨੀ ਪੋਠੋਹਾਰ ਤੇਰੀ,

ਤੇਰੇ ਹਲਾਂ ਪੰਜਾਲੀਆਂ ਰੰਗ ਲਾਇਆ,
ਚਾਰ ਕੂਟ ਖਾਵੇ ਪੈਦਾਵਾਰ ਤੇਰੀ।

੩.ਮਾਈ ਬਾਪ ਤੂੰ ਭੁੱਖਿਆਂ ਨੰਗਿਆਂ ਦਾ
ਵੰਨੋ ਵੰਨ ਦੇ ਅੰਨ ਉਗਾਉਨਾ ਏਂ,

ਫੁੱਲਾਂ ਫਲਾਂ ਵੱਲਾਂ ਵੱਖਰ-ਵਾੜੀਆਂ ਤੇ,
ਰਸਾਂ ਕਸਾਂ ਦੇ ਢੇਰ ਲਗਾਉਨਾ ਏਂ,

ਵੱਗ ਚਾਰ ਕੇ ਕੁੰਢੀਆਂ ਬੂਰੀਆਂ ਦੇ,
ਦੁੱਧ ਘਿਉ ਦੀ ਨਹਿਰ ਵਗਾਉਨਾ ਏਂ,

ਰਸਤਾਂ ਖੋਲ੍ਹ ਤੂੰ ਮੋਦੀਆ! ਜੱਗ ਲਾਇਆ,
ਸਾਰੇ ਜੱਗ ਦੀ ਅੱਗ ਬੁਝਾਉਨਾ ਏਂ।

੪.ਤੇਰੀ ਦਿੱਲੀ[9] ਨੇ ਦਿਲ ਦੀ ਮਰੋੜ ਕਿੱਲੀ,
ਤੇ ਕਲਕੱਤਿਓਂ ਤਖਤ ਪਲਟਾ ਦਿੱਤਾ,

ਝਾਕੀ ਸ਼ਿਮਲੇ ਦੀ ਸੁਰਗ ਦੀ ਖੋਲ੍ਹ ਤਾਕੀ,
ਇੰਦਰਪੁਰੀ ਨੂੰ ਭੀ ਵੱਟਾ ਲਾ ਦਿੱਤਾ,

ਮਰੀ, ਭਾਗਸੂ, ਭਾਗ ਕਸ਼ਮੀਰ ਲਾਇਆ,
ਤੇ ਲਹੌਰ ਦਾ ਹੁਲੀਆ ਵਟਾ ਦਿੱਤਾ,

ਭੌਣ ਪਰਸਦੇ ਤੇਰੇ ਦਰਬਾਰ ਅੱਗੇ,
ਅਮ੍ਰਿਤਸਰ ਨੇ ਬਿਕੁੰਠ ਭਰਮਾ ਦਿੱਤਾ।


੫.ਤੇਰੇ ਜੋਬਨ ਤੇ ਹੁਸਨ ਦੀ ਰੀਸ ਹੈ ਨਹੀਂ,
ਬਰਸੇ ਨੂਰ ਤੇ ਭਖਦੀਆਂ ਲਾਲੀਆਂ ਨੇਂ,

ਸਿੰਘ ਸੂਰਮੇ, ਡੋਗਰੇ ਕੁੰਢ ਮੁੱਛੇ,
ਪੋਠੋਹਾਰ ਦੀਆਂ ਪੱਟੀਆਂ ਕਾਲੀਆਂ ਨੇਂ,

ਛੈਲ ਗੱਭਰੂ ਬਾਂਕੇ ਜੁਆਨ ਸੁਹਣੇ,
ਹਿੱਕਾਂ ਚੌੜੀਆਂ ਅੱਖਾਂ ਮਤਵਾਲੀਆਂ ਨੇਂ,

ਦਰਸ਼ਨ ਕੀਤਿਆਂ ਜਿਨ੍ਹਾਂ ਦੇ ਭੁੱਖ ਲੱਥੇ,
ਕਹੀਆਂ ਸੂਰਤਾਂ ਸੱਚੇ ਵਿਚ ਢਾਲੀਆਂ ਨੇਂ।

੬.ਜਿਹੜੇ ਦੇਸ਼ ਦਿਸੌੜ ਵਿਚ ਜਾ ਨਿਕਲੋ,
ਝੰਡੇ ਗੱਡੇ ਨੇਂ ਤੇਰੇ ਦੁਲਾਰਿਆਂ ਦੇ,

ਥੋੜਾ ਖਾਂਦੇ ਤੇ ਬਹੁਤੀ ਕਮਾਈ ਕਰਦੇ,
ਜਾ ਜਾ ਪਾਰ ਸਮੁੰਦਰਾਂ ਖਾਰਿਆਂ ਦੇ,

ਧੁੰਮ ਪਈ ਹੈ ਤੇਰੀ ਬਹਾਦੁਰੀ ਦੀ,
ਕੰਬਣ ਕਾਲਜੇ ਵੈਰੀਆਂ ਸਾਰਿਆਂ ਦੇ,

ਬਰਮਾ ਚੀਨ ਅਫ਼ਰੀਕਾ ਫਰਾਂਸ ਅੰਦਰ,
ਤਕਮੇ ਮਿਲੇ ਤੈਨੂੰ ਜੰਗਾਂ ਭਾਰਿਆਂ ਦੇ।

੭.ਤੇਰੀ ਹੱਡ-ਬੀਤੀ ਕੀਤੀ ਮਾਤ ਮਹਿਫ਼ਲ,
ਮੱਤਾਂ ਸਿੱਖੀਆਂ ਤੈਥੋਂ ਸੰਸਾਰ ਸਾਰੇ,

ਪਹਿਲਾ ਬਾਬ ਕਿਤਾਬ ਦਾ ਧਰਤ ਤੇਰੀ,
ਖੇਡੇ ਤੇਰੇ ਵਿਚ ਰਿਸ਼ੀ ਅਵਤਾਰ ਸਾਰੇ,

ਇਹ ਸ਼ਿਕਾਰਗਾਹ ਭੀਲਾਂ ਲੁਟੇਰਿਆਂ ਦੀ,
ਵਣਾਂ ਕੰਡਿਆਂ ਦੀ ਭਰੀ ਬਾਰ ਸਾਰੇ,

ਕੀਕੁਰ ਵੱਟ ਕੇ ਆਰੀਆ-ਵਰਤ ਬਣ ਗਈ,
ਤੇਰੀ ਰਾਹੀਂ ਏਹ ਏਹੋ ਵਿਹਾਰ ਸਾਰੇ।

੮.ਰਿਸ਼ੀਆਂ ਮੁਨੀਆਂ ਦੇ ਤਪਾਂ ਦਾ ਤੇਜ ਤੁਧ ਵਿਚ,
ਵਾਰਾਂ ਤੇਰੀਆਂ ਜੱਗ ਵਿਚ ਚੱਲੀਆਂ ਨੇਂ,

ਪੂਰਨ ਜਤੀ, ਪ੍ਰਹਿਲਾਦ ਜਿਹੇ ਭਗਤ ਹੋਏ,
ਸੀਤਾ ਸਤੀ ਤੇਰੀਆਂ ਜੂਹਾਂ ਮੱਲੀਆਂ ਨੇਂ,

ਲਊ ਕੁਸ਼ੂ ਨੇ ਜੱਗ ਦਾ ਬੰਨ੍ਹ ਘੋੜਾ,
ਫੌਜਾਂ ਰਾਮ ਦੀਆਂ ਪਿਛ੍ਹਾਂ ਨੂੰ ਘੱਲੀਆਂ ਨੇਂ,

ਕੈਰੋ ਪਾਂਡਵਾਂ ਛੇੜਿਆ ਮਹਾਂਭਾਰਤ,
ਠਾਰਾਂ ਖੂਹਣੀਆਂ ਖਾਕ ਵਿਚ ਰੱਲੀਆਂ ਨੇਂ।

੯.ਲਹੂਆਂ ਭਰੀ ਤਰਥੱਲਾਂ ਦੀ ਵਾਰ ਤੇਰੀ,
ਵੱਗੇ ਕਈ ਅਨ੍ਹੇਰ ਤੂਫ਼ਾਨ ਏਥੇ,

ਲੁੱਟਾਂ ਧਾਵਿਆਂ ਭਾਜੜਾਂ ਮੱਤ ਮਾਰੀ,
ਘੱਲੂਘਾਰੇ ਦੇ ਪਏ ਘਮਸਾਨ ਏਥੇ,

ਜਾਗੇ ਦੇਸ ਨੂੰ ਕਈ ਜਗਾਣ ਵਾਲੇ,
ਸੁੱਤੇ ਸੌਂ ਗਏ ਕਈ ਸੁਲਤਾਨ ਏਥੇ,

ਸਿਰ ਨੂੰ ਤਲੀ ਧਰ ਕੇ ਖੰਡਾ ਵਾਹਣ ਵਾਲੇ,
ਹੀਰੇ ਹੋ ਗਏ ਕਈ ਕੁਰਬਾਨ ਏਥੇ।

੧੦.ਜੰਮਣ ਭੌਂ ਅਵਤਾਰਾਂ ਤੇ ਆਰਿਫ਼ਾਂ ਦੀ,
ਹਠੀਆਂ ਤਪੀਆਂ ਤੇ ਰੂਹਾਂ ਮਸਤਾਨੀਆਂ ਦੀ,

ਸੂਰਬੀਰਾਂ, ਕਵੀਸ਼ਰਾਂ, ਪੰਡਿਤਾਂ ਦੀ,
ਭਗਤਾਂ, ਧਰਮੀਆਂ, ਬ੍ਰਹਮ-ਗਿਆਨੀਆਂ ਦੀ,

ਤੂੰ ਦਰਗਾਹ ਹੈਂ ਆਸ਼ਕਾਂ ਸਾਦਕਾਂ ਦੀ,
ਤੂੰ ਸਮਾਧ ਸਰਬੰਸ ਦੇ ਦਾਨੀਆਂ ਦੀ,

ਤੇਰੀ ਮਿੱਟੀ ਵਿਚ ਮਹਿਕ ਸ਼ਹੀਦੀਆਂ ਦੀ,
ਤੇਰੀਆਂ ਤਰਬਾਂ ਵਿਚ ਗੂੰਜ ਕੁਰਬਾਨੀਆਂ ਦੀ।

੧੧.ਕੋਟ ਅਕਲ ਦਾ, ਤੇਗ਼ ਦਾ ਧਨੀ ਪੂਰਾ,
ਛੇਤਰ ਧਰਮ ਦਾ, ਭਗਤੀ ਭੰਡਾਰ ਹੈਂ ਤੂੰ,

ਤੂੰ ਉਸਤਾਦ ਕਾਰੀਗਰੀਆਂ ਹਿਕਮਤਾਂ ਦਾ,
ਸ਼ੀਲ ਸੱਭਤਾ, ਨੀਤਿ ਦਾ ਦ੍ਵਾਰ ਹੈਂ ਤੂੰ,

ਹੀਰੇ ਲਾਲਾਂ ਦੀ ਖਾਣ ਸਾਹਿੱਤ ਤੇਰਾ,
ਕਾਵਿ-ਕੋਸ਼ ਦਾ ਕੁੰਜੀ-ਬਰਦਾਰ ਹੈਂ ਤੂੰ,

ਰਿਸ਼ਮਾਂ ਇਲਮ ਦੀਆਂ ਪਾਵੇ ਜਹਾਨ ਉੱਤੇ,
ਓਸ ਤਕਸਿਲਾ ਦਾ ਦਾਵੇਦਾਰ ਹੈਂ ਤੂੰ।

੧੨.ਰੁੱਤਾਂ ਮਿੱਠੀਆਂ, ਬਲੀ ਹੈ ਪੌਣ ਪਾਣੀ,
ਜੋਬਨ ਮੱਤੜਾ ਰੂਪ ਅਪਾਰ ਤੇਰਾ,

ਵੇਸ ਉੱਜਲਾ, ਮਿੱਠੜਾ ਬੋਲ ਤੇਰਾ,
ਬਾਂਕੀ ਚੜ੍ਹਤ ਚਿਹਰਾ ਸ਼ਾਨਦਾਰ ਤੇਰਾ,

ਸ਼ਾਹੂਕਾਰ, ਸਿਪਾਹੀ, ਕਿਰਸਾਣ, ਕਿਰਤੀ,
ਉੱਚਾ ਵਣਜ ਤੇ ਸੁੱਚਾ ਵਪਾਰ ਤੇਰਾ,

ਤੇਰੇ ਦਾਨੇ ਖ਼ਜ਼ਾਨੇ ਭਰਪੂਰ 'ਚਾਤ੍ਰਿਕ',
ਪੁੰਨ ਖਾ ਰਿਹਾ ਸਾਰਾ ਸੰਸਾਰ ਤੇਰਾ।

ਜਵਾਨੀ


ਡਿੱਠੀ ਮੈਂ ਜਵਾਨੀ, ਇਕ ਜੱਟੀ ਮੁਟਿਆਰ ਤੇ,
ਵਿਛੀ ਹੋਈ ਇੱਕ ਸੂਬੇਦਾਰ ਦੇ ਪਿਆਰ ਤੇ।

ਮੱਥਾ ਉਹਦਾ ਡਲ੍ਹਕਦਾ ਤੇ ਨੈਣਾਂ ਵਿੱਚ ਨੂਰ ਸੀ,
ਰੂਪ ਦਾ ਗੁਮਾਨ ਤੇ ਜਵਾਨੀ ਦਾ ਗ਼ਰੂਰ ਸੀ।

ਆਕਰੀ ਨਰੋਈ, ਫੁੱਲ ਵਾਂਗ ਖਿੜ ਖਿੜ ਹੱਸਦੀ,
ਸ਼ਾਬਣ ਦੀ ਚਾਕੀ ਵਾਂਗ ਤਿਲਕ ਤਿਲਕ ਨੱਸਦੀ।

ਸੇਮ ਵਾਂਗ ਸਿੰਮਦਾ ਸੁਹਾਗ ਦਾ ਸੰਧੂਰ ਸੀ,
ਬੋਤਲ ਦਾ ਨਸ਼ਾ ਉਹਦੇ ਨੈਣਾਂ 'ਚਿ ਸਰੂਰ ਸੀ।

ਕੱਸੇ ਹੋਏ ਪਿੰਡੇ ਉੱਤੋਂ ਮੱਖੀ ਤਿਲਕ ਜਾਂਦੀ ਸੀ,
ਹੁਸਨ ਦੇ ਹੁਲਾਰੇ ਸ਼ਮਸ਼ਾਦ ਵਾਂਗ ਖਾਂਦੀ ਸੀ।

ਚੀਕੂ ਵਾਂਗ ਮਿੱਠੀ ਤੇ ਖਰੋਟ ਵਾਂਗ ਪੱਕੀ ਸੀ,
ਪੀਆ ਦਾ ਪਿਆਰ ਨਾ ਸੰਭਾਲ ਹਾਲ ਸੱਕੀ ਸੀ।

ਜੋਬਨ ਮਝੈਲਣਾਂ ਦਾ ਝਲਕਦਾ ਗੁਲਾਬ ਤੇ,
ਸ਼ਾਲਾ ਏਹੋ ਰੰਗ ਚੜ੍ਹੇ ਸਾਰੇ ਹੀ ਪੰਜਾਬ ਤੇ।

ਖੁਸ਼ ਰਹੁ


[ਕਾਫ਼ੀ ਕੱਵਾਲੀ

੧.ਗ਼ਮਾਂ ਦੀ ਡੋਬ ਦੇ ਬੇੜੀ,
ਖੁਸ਼ੀ ਦੀ ਨੈਂ 'ਚਿ ਤਰਿਆ ਕਰ,
ਬਰਾਬਰ ਤੇ ਖੜਾ ਰਹਿ ਕੇ,
ਡਰਾਇਆ ਕਰ ਨ ਡਰਿਆ ਕਰ।

੨.ਜੇ ਚੜ੍ਹ ਬੈਠੇਂ ਚੁਮਜ਼ਲੇ ਤੇ,
ਤਾਂ ਹੇਠਾਂ ਭੀ ਨਿਗਾਹ ਮਾਰੀਂ,
ਗ਼ਰੀਬਾਂ ਤੇ ਮੁਥਾਜਾਂ ਤੇ,
ਕੋਈ ਉਪਕਾਰ ਕਰਿਆ ਕਰ।

੩.ਤੂੰ ਸੂਰਜ ਵਾਂਗ ਤੇਜੱਸੀ,
ਤੇ ਚੰਦਰ ਵਾਂਗ ਸੀਤਲ ਹੈਂ,
ਉਦ੍ਹੇ ਗੁਣ ਨਾਲ ਕਾਇਮ ਰਹੁ,
ਇਦ੍ਹੇ ਗੁਣ ਨਾਲ ਠਰਿਆ ਕਰ।

੪.ਤਿਰਾ ਜੌਹਰ ਹੈ ਸੁਬਹਾਨੀ,
ਤਿਰੀ ਹੈ ਸ਼ਾਨ ਸੁਲਤਾਨੀ,
ਸਦਾ ਖੁਸ਼ ਰਹਿਣ ਦੀ ਆਦਤ-
ਪਕਾ, ਹੌਕੇ ਨ ਭਰਿਆ ਕਰ।

ਮਹਾਤਮਾ ਗਾਂਧੀ


ਜਦ ਭਾਰਤ ਦੇ ਵਿਚ ਤਾਕਤ ਨੇ, ਅਪਣੀ ਤਾਕਤ ਅਜ਼ਮਾ ਲੀਤੀ,
ਜ਼ੋਰਾਵਰ ਨੇ ਬੇ-ਜ਼ੋਰਾਂ ਤੇ, ਰਜ ਰਜ ਕੇ ਧੌਂਸ ਜਮਾ ਲੀਤੀ।

ਸਾਹ ਲੈਣਾ ਮੁਸ਼ਕਿਲ ਦਿਸਦਾ ਸੀ, ਆਜ਼ਾਦੀ ਦੀ ਫਰਯਾਦ ਲਈ,
ਬੁਲਬੁਲ ਦਾ ਰੋਣਾ ਧੋਣਾ ਭੀ, ਗੁਸਤਾਖ਼ੀ ਸੀ ਸੱਯਾਦ ਲਈ।

ਜਿਉਂ ਜਿਉਂ ਸਖ਼ਤੀ ਸਿਰ ਚੜ੍ਹੀ ਗਈ, ਨਰਮੀ ਕੁਝ ਜਿਗਰਾ ਫੜੀ ਗਈ,
ਉਹ ਚੜ੍ਹੀ ਗਈ, ਇਹ ਅੜੀ ਗਈ, ਹੱਕਾਂ ਲਈ ਹਿੰਮਤ ਲੜੀ ਗਈ।

ਤਲਵਾਰ ਤੋਪ ਬੰਦੂਕ ਬੰਬ, ਜਦ ਸਭ ਨੁਸਖ਼ੇ ਬੇਕਾਰ ਗਏ,
ਤਦ ਭਗਵਨ ਵੱਲੋਂ ਭਾਰਤ ਵਿਚ, ਭੇਜੇ ਨਿਰਭੈ ਅਵਤਾਰ ਗਏ।

ਇਸ ਨਵੇਂ ਬੁੱਧ ਨੇ ਚੜ੍ਹਦਿਆਂ ਹੀ, ਤਾਕਤ ਦਾ ਚਰਖ਼ ਭੁਆ ਦਿੱਤਾ,
ਫੁੰੰਕਾਰੇ ਭਰਦੇ ਇੰਜਨ ਦਾ, ਵਧ ਕੇ ਕਾਂਟਾ ਬਦਲਾ ਦਿੱਤਾ।

ਭੂਤੇ ਹੋਏ ਜਿੰਨ ਨੂੰ ਕੀਲ ਲਿਆ, ਸਚਿਆਈ ਦੀਆਂ ਕਲਾਮਾਂ ਨੇ,
ਵਗਦੇ ਦਰਿਆ ਨੂੰ ਰੋਕ ਲਿਆ, ਕੁਰਬਾਨੀ ਦੇ ਪੈਗ਼ਾਮਾਂ ਨੇ।

ਲੰਗੋਟੀ ਵਾਲੇ ਬਾਪੂ ਦੀ, ਲਲਕਾਰ ਗਈ ਅਸਮਾਨਾਂ ਤੇ,
ਚੁਪ-ਬਰਤੀ ਦੀ ਛਾਯਾ ਪੈ ਗਈ, ਚਾਲਾਕ ਸਿਆਸਤ-ਦਾਨਾਂ ਤੇ।

ਇਸ ਅਤਿ ਵਿਸ਼ਾਲ ਛਾਤੀ ਉਹਲੇ, ਇਕ ਪ੍ਰੇਮ-ਸਿੰਧ ਲਹਿਰਾਂਦਾ ਸੀ,
ਲੰਗੋਟੀ ਬੰਦ ਸੁਦਾਮਾ ਵਿਚ, ਮੋਹਨ ਝਲਕਾਰੇ ਪਾਂਦਾ ਸੀ।

ਬੇ-ਤਾਜ ਬਾਦਸ਼ਾਹ ਭਾਰਤ ਦਾ, ਪਰ ਨਗਨ ਫਿਰਨ ਤੋਂ ਆਰ ਨਹੀਂ,
ਜਰਨੈਲ ਸਾਰੀਆਂ ਫੌਜਾਂ ਦਾ, ਪਰ ਹੱਥਾਂ ਵਿਚ ਹਥਿਆਰ ਨਹੀਂ।

ਅਪਣਾ ਕੇ ਸੂਦ ਅਛੂਤ ਦੁਖੀ, ਹੰਕਾਰੀ ਦੇ ਗਲ ਲਾਏ ਤੂੰ,
ਰਬ ਦੇ ਅਣ-ਕੰਧੇ ਮੰਦਿਰ ਵਿਚ, ਚੌ ਵਰਣੇ ਭਗਤ ਬਹਾਏ ਤੂੰ।

ਤੂੰ ਛੋਹੀ ਉਸਾਰੀ ਕੌਮੀ ਸੀ, ਇਤਫ਼ਾਕ ਦੇ ਗੀਤ ਸੁਣਾਂਦਾ ਸੈਂ,
ਗੁਰ ਨਾਨਕ ਵਾਂਗਰ, ਭਾਰਤ ਵਿਚ, ਤੂੰ ਸਾਂਝਾ ਪੀਰ ਸਦਾਂਂਦਾ ਸੈਂ।

ਬਾਰਾਂ ਸੌ ਸਾਲ ਗ਼ੁਲਾਮੀ ਦੇ, ਮੁਕ ਗਏ ਭਾਰਤ ਦੁਖਿਆਰੀ ਦੇ,
ਚੁਕਵਾ ਕੇ ਘਰ ਪਹੁੰਚਾਏ ਗਏ, ਥੈਲੇ ਉਸਤਾਦ ਮਦਾਰੀ ਦੇ।

ਤੂੰ ਧੁਨ ਵਿਚ ਮੇਲ ਮਿਲਾਪਾਂ ਦੀ, ਢਾਕਾ, ਬੰਗਾਲਾ ਗਾਹ ਮਾਰੇ,
ਜਦ ਫਿਰ ਫਿਰ ਆਇਓਂ ਦਿੱਲੀ ਵਿਚ, ਚੋਲੇ ਜਰਜਰੇ ਵਗਾਹ ਮਾਰੇ।

ਇਸ ਨੇਕੀ ਦੇ ਰਾਹ ਚਲਦੇ ਨੇ, ਬਹਿ ਨਾਮ ਰਾਮ ਦਾ ਲੀਤਾ ਤੂੰ,
ਅਣ-ਮੰਗਿਆ ਜਾਮ ਸ਼ਹਾਦਤ ਦਾ, ਗੋਲੀ ਖਾ ਖਾ ਕੇ ਪੀਤਾ ਤੂੰ।

ਕਤਰਾ ਰਲ ਗਿਆ ਸਮੁੰਦਰ ਵਿਚ, ਸੂਰਜ ਨੇ ਕਿਰਨ ਬੁਲਾ ਲੀਤੀ,
ਭਗਵਨ ਨੇ ਜਗਦੀ ਜੋਤ ਮੰਗਾ, ਚਰਨਾਂ ਦੇ ਪਾਸ ਬਹਾ ਲੀਤੀ।

ਹਰ ਥਾਂ ਦੁਹਰਾਇਆ ਜਾਂਦਾ ਹੈ, ਮਾਨੁਖਤਾ ਦਾ ਪੈਗ਼ਾਮ ਤੇਰਾ,
ਦੁਨੀਆਂ ਭਰ ਦਿਆਂ ਮਹਾਂ-ਪੁਰਖਾਂ ਵਿਚ, ਸ਼ਾਮਲ ਹੋ ਗਿਆ ਨਾਮ ਤਿਰਾ।

ਨਿਸ਼ਕਾਮ ਰੂਹ ਲਾਫਾਨੀ ਦੇ, ਨੇੜੇ ਆ ਸਕਦਾ ਕਾਲ ਨਹੀਂ,
ਉਪਕਾਰੀ ਗਾਂਧੀ ਦੀ ਸ਼ੋਭਾ ਨੂੰ, ਚਾਤ੍ਰਿਕ ਕਦੇ ਜ਼ਵਾਲ ਨਹੀਂ।

ਸਾਕ਼ੀ


[ਕਾਫ਼ੀ ਕੱਵਾਲੀ

੧.ਰਹੇ ਸਲਾਮਤ, ਤਿਰੇ ਚਮਨ ਦੀ,
ਸਦਾ ਸੁਹਾਣੀ ਬਹਾਰ ਸਾਕ਼ੀ!

ਹੁਸਨ ਤੇਰੇ ਦਾ ਨਿਖਾਰ ਦੇਖਾਂ ਮੈਂ,
ਹਸ਼੍ਰ ਤਕ ਬਰ-ਕਰਾਰ ਸਾਕ਼ੀ!

੨.ਹੈ ਅਜ਼ਲ ਦੇ ਦਿਨ ਤੋਂ ਖੁਲ੍ਹਾ ਹੋਇਆ,
ਤਿਰੇ ਸਦਾ-ਬਰਤ ਦਾ ਦੁਆਰਾ,

ਮੈਂ ਪੀਤੀ ਮੁੜ ਮੁੜ ਹਜ਼ਾਰਾਂ ਵਾਰੀ,
ਰਿਹਾ ਅਧੂਰਾ ਖ਼ੁਮਾਰ ਸਾਕ਼ੀ!

੩.ਏ ਅਪਨੀ ਹਸਤੀ ਭੀ ਕੀ ਏ ਹਸਤੀ,
ਦਿਨੇ ਬੁਲੰਦੀ ਤੇ ਰਾਤ ਪਸਤੀ,

ਏ ਚਰਖ਼ਾ ਚਲਦਾ ਏ ਜ਼ਬ੍ਰਦਸਤੀ,
ਤੇ ਗੇੜੇ ਭੀ ਬੇ-ਸ਼ੁਮਾਰ ਸਾਕ਼ੀ!

੪.ਮੈਂ ਫ਼ਿਰਕੇਦਾਰੀ ਤੋਂ ਤੰਗ ਆਇਆ,
ਬੁਤਾਂ ਦੀ ਪੂਜਾ ਤੋਂ ਕੁਝ ਨਾ ਪਾਇਆ,
 
ਮੈਂ ਖੁਦ ਤਰੀਕਤ ਤੋਂ ਜੀ ਚੁਰਾਇਆ,
ਤੇ ਤੇਰੇ ਵਲ ਹਾਂ ਤਿਆਰ ਸਾਕ਼ੀ!

੫.ਉਡੀਕ ਨੇ ਮੈਨੂੰ ਕੜ ਲਿਆ ਹੈ,
ਤੇ ਪੱਲਾ ਤਕਵੇ ਦਾ ਫੜ ਲਿਆ ਹੈ,

ਹੈ ਵਾਅਦਿਆਂ ਤੇ ਯਕੀਨ ਮੇਰਾ,
ਤੇ ਕਰ ਰਿਹਾਂ ਇੰਤਿਜ਼ਾਰ ਸਾਕ਼ੀ!

੬.ਪਿਆ ਤੂੰ ਇਸ ਵਾਰ ਬਹੁਤ ਸਾਰੀ,
ਕਿ ਤਾਰ ਚੜ੍ਹ ਜਾਏ ਇੱਕੋ ਵਾਰੀ,

ਨ ਜਾਏ ਮੁੜ ਕੇ ਹਿਠਾਂ ਉਤਾਰੀ,
ਤੇ ਬੇੜਾ ਹੋ ਜਾਏ ਪਾਰ ਸਾਕ਼ੀ!

ਕਸ਼ਮੀਰ


(੧)

ਚਲ ਮਨ ਅਰਸ਼-ਉਡਾਰੀ ਭਰ ਕੇ, ਕਾਸ਼ਮੀਰ ਦੇ ਰਾਹੇ ਪੈ ਜਾ,
ਭਾਰਤ ਦੇ ਨੈਣਾਂ ਦੇ ਤਾਰੇ, ਧਰਤੀ ਦੇ ਬਹਿਸ਼ਤ ਵਿਚ ਲੈ ਜਾ।

ਕੁਦਰਤ ਦੀ ਗੋਦੀ ਵਿਚ ਪਲਿਆ, ਫਲਾਂ ਮੇਵਿਆਂ ਦਾ ਭੰਡਾਰਾ,
ਇੰਦਰ ਰਾਜੇ ਉਤਰ ਅਗਾਸੋਂ, ਲਾਇਆ ਜਿਸ ਥਾਂ ਆਣ ਅਖਾੜਾ।

ਚੱਪਾ ਚੱਪਾ ਜਿਸ ਧਰਤੀ ਦਾ, ਯਾ ਸਬਜ਼ਾ ਯਾ ਬਾਗ਼ ਬਹਾਰਾਂ,
ਡਲ, ਝੀਲਾਂ, ਨਦੀਆਂ ਤੇ ਨਾਲੇ, ਚਸ਼ਮੇ ਸੋਮੇ ਤੇ ਅਬਸ਼ਾਰਾਂ।

ਥਾਂ ਥਾਂ ਸ਼ਾਹੀ ਬਾਗ਼ਾਂ ਦੇ ਵਿਚ, ਉਛਲ ਉਛਲ ਕੇ ਵਹਿਣ ਫੁਹਾਰੇ,
ਨੀਲਮ, ਲਾਲ, ਜ਼ਮੁੱਰਦ, ਹੀਰੇ, ਮਾਰਨ ਸਤਰੰਗੇ ਝਲਕਾਰੇ।

ਬਰਫ਼ਾਂ ਢੱਕੇ ਪਰਬਤ-ਟਿੱਲੇ, ਸੀਤਲ ਨੀਰ ਵਹਾਈ ਜਾਂਦੇ,
ਝਰ ਝਰ ਝਰਨ ਨਿਵਾਣਾਂ ਦੇ ਵਲ, ਰਾਗ ਰਸੀਲਾ ਗਾਈ ਜਾਂਦੇ।

ਜਿਧਰ ਜਿਧਰ ਬਰਫ਼ਾਨੀ ਨਾਲੇ, ਵਲ ਖਾ ਖਾ ਕੇ ਵਹਿੰਦੇ ਜਾਵਣ,
ਧੂੰਏਂ ਵਾਂਗ ਤੁਖਾਰ ਸੰਭਾਲੀ, ਥੱਲੇ ਥੱਲੇ ਲਹਿੰਦੇ ਜਾਵਣ।

ਵੈਰੀ ਨਾਗੋਂ ਤੁਰੀ ਵਿਦਸਥਾ[10] ਸਿਰੀ ਨਗਰ ਰਾਹ ਵੁੱਲਰ ਆਈ,
ਓਥੋਂ ਨਿਕਲ, ਤੁਰੀ ਜਿਹਲਮ[11] ਨੂੰ, ਛੋੜ ਪੰਜਾਬ ਸਮੁੰਦ ਸਮਾਈ।

ਨੂਰਜਹਾਂ ਤੇ ਤਾਜ ਮਹਲ ਲਈ, ਤੁਹਫੇ ਮੁਗ਼ਲ ਸ਼ਹਾਂ ਬਣਵਾਏ,
ਕੁਝ ਢਹਿ ਗਏ, ਕੁਝ ਹਾਲੀ ਵੱਸਣ, ਦੁਨੀਆਂ ਓਨ੍ਹਾਂ ਤੋਂ ਸੁਖ ਪਾਏ।


(੨)

ਵਾਹ ਕਸ਼ਮੀਰਾ! ਵਾਹ ਕਸ਼ਮੀਰਾ! ਵਾਹ ਰੌਣਕ, ਵਾਹ ਬਾਗ਼ ਬਹਾਰਾਂ,
ਗਿੱਲੇ ਸੁੱਕੇ ਫਲ ਦੇ ਮੇਵੇ, ਪਰਬਤ-ਧਾਰਾਂ, ਪੈਦਾਵਾਰਾਂ।

ਫਲਾਂ ਸਮੇਤ ਬਿਰਸ਼ ਜੰਗਲ ਦੇ, ਕਈ ਕਰੋੜ ਝਾਤੀਆਂ ਪਾਂਦੇ,
ਅੰਬਰ-ਤਾਰੇ ਗਿਣ ਸਕੀਏ, ਪਰ ਤੇਰੇ ਰੁੱਖ ਗਿਣੇ ਨਹੀਂ ਜਾਂਦੇ।

ਵਾਹ ਵਰਖਾ, ਬੱਦਲ ਤੇ ਬਿਜਲੀ, ਵਾਹ ਦੱਰੇ, ਵਾਹ ਸਰਦ ਹਵਾਵਾਂ,
ਖਿੜੇ ਕਮਲ, ਡਲ ਤੇ ਵੁੱਲਰ ਦੇ, ਤਕ ਤਕ ਸਦਕੇ ਹੁੰਦਾ ਜਾਵਾਂ।

ਪਹਿਲਗਾਮ, ਗੁਲਮਰਗ, ਮਟਨ ਤੇ ਅਮਰਨਾਥ ਜਹੇ ਸੁਰਗੀ ਝਾਕੇ,
ਸਾਰੇ ਗਿਣੇ ਨ ਜਾਣ ਨਜ਼ਾਰੇ, ਥੱਕਣ ਅੱਖਾਂ ਦਰਸ਼ਨ ਪਾ ਕੇ।

ਕੋਹ-ਹਿਮਾਲਾ ਦਾ ਤੂੰ ਜੇਠਾ ਪੁੱਤਰ, ਦਾਵੇਦਾਰ ਪੁਰਾਣਾ,
ਤੇਰੇ ਸਿਰ ਹੈ ਭਾਰਤ ਨੂੰ ਤ੍ਰਿਪਤਾਣਾ ਤੇ ਖੁਸ਼ਹਾਲ ਬਣਾਣਾ।

ਸ਼ਾਲਾ ਰਹੇਂ ਕਿਆਮਤ ਤੀਕਰ, ਜੀਣ ਤੇਰੀਆਂ ਬਾਗ਼ ਬਹਾਰਾਂ,
ਸਦਾ-ਵਰਤ ਰਹੇ ਜਾਰੀ ਤੇਰਾ, ਫਲ ਮੇਵੇ ਤੇ ਚੀਲ ਦਿਆਰਾਂ।

ਸੇਉ, ਬਦਾਮ, ਅੰਗੂਰ, ਖੁਮਾਨੀ, ਬੱਗੂ-ਗੋਸ਼ੇ ਦਾ ਭੰਡਾਰਾ,
ਚਾਤ੍ਰਿਕ ਚਾਹੇ ਚਲ ਕੇ ਆਣਾ, ਪਰਸਣ ਤੇਰਾ ਸੁਰਗ-ਦੁਆਰਾ।

ਜੀਵਨ-ਜੋੜੀ


ਜੀਵਨ ਸਾਥ ਉਸੇ ਨੂੰ ਕਹਿੰਦੇ,
ਦੋਵੇਂ ਦਿਲ ਹੋ ਜਾਣ ਇਕੱਠੇ,

ਇੱਕ ਟਿਕਾਣਾ, ਇੱਕ ਨਿਸ਼ਾਨਾ,
ਸਫ਼ਰ ਮੁਕਾਉਣ ਨੱਠੇ ਨੱਠੇ।

ਮਿਲੇ ਦਿਲਾਂ ਦੀ ਸਾਂਝੀ ਧੜਕਣ,
ਗੱਡੀ ਦੇ ਦੋ ਚੱਲਣ ਪਹੀਏ,

ਵਖਰੇ ਵਖਰੇ ਮਕਸਦ ਵਾਲੇ,
ਚਲਦੇ ਨੇਂ ਪਰ ਢਿੱਲੇ ਮੱਠੇ।




ਕੁਦਰਤ ਢਾਲੀ ਭਾਗਾਂ ਵਾਲੀ,
ਨਰ ਨਾਰੀ ਦੀ ਸੁੰਦਰ ਜੋੜੀ,

ਉੱਚੇ ਮਕਸਦ, ਗਰਦਨ ਨੀਵੀਂ,
ਮਿੱਠਤ ਬਹੁਤੀ, ਆਕੜ ਥੋੜੀ,

ਪ੍ਰੇਮ ਨਿਮ੍ਰਤਾ, ਨੇਕੀ, ਸੇਵਾ,
ਸਚਿਆਈ ਤੇ ਦਇਆ ਗ਼ਰੀਬੀ,

ਸੱਤਾਂ ਸਿਫ਼ਤਾਂ ਵਾਲੀ ਜੋੜੀ,
ਜੀਵੇ ਜਾਗੇ ਜੁੱਗਾਂ ਤੋੜੀ।


ਰਮਜ਼ੀ ਨੂੰ


ਰਮਜ਼ੀਆ! ਪਰਦਾ ਪਰੇ ਹਟਾ।ਟੇਕ

੧.ਗੰਗਾ ਵਾਂਗ ਜਟਾਂ ਵਿਚ ਵੜਿਆ,
ਖਾ ਖਾ ਗੇੜ, ਉਤਰਿਆ ਚੜ੍ਹਿਆ,
ਭੇਦ ਤੇਰਾ ਪਰ ਗਿਆ ਨ ਫੜਿਆ,
ਕੁਝ ਤੇ ਗਲ ਸਮਝਾ।ਰਮਜ਼ੀਆ! ਪਰਦਾ ਪਰੇ ਹਟਾ।

੨.ਲਾਰਿਆਂ ਦਾ ਫੜ ਸਿਦਕ ਸਹਾਰਾ,
ਤਾਂਘ ਰਿਹਾਂ ਕੋਈ ਗੁਪਤ ਇਸ਼ਾਰਾ,
ਰਾਤ ਹਨੇਰੀ, ਦੂਰ ਕਿਨਾਰਾ,
ਬੰਨੇ ਛਡਦੋਂ ਲਾ।ਰਮਜ਼ੀਆ! ਪਰਦਾ ਪਰੇ ਹਟਾ।

੩.ਰਾਹ ਤਕਦਿਆਂ ਆਹ ਦਿਨ ਲੈ ਆਂਦਾ,
ਸ਼ਾਲਾ ਉਹ ਵੇਲਾ ਆ ਜਾਂਦਾ,
ਮਾਲਿਕ ਬੰਦੇ ਨੂੰ ਫਰਮਾਂਦਾ,
ਕੀ ਹੈ ਤੇਰੀ ਰਜ਼ਾ?ਰਮਜ਼ੀਆ! ਪਰਦਾ ਪਰੇ ਹਟਾ।

੪.ਤੂੰ ਨਹੀਂ ਵਖਰਾ, ਮੈਂ ਨਹੀਂ ਵਖਰਾ,
ਕਰ ਹੁਣ ਖ਼ਤਮ ਪੁਰਾਣਾ ਨਖ਼ਰਾ,
ਹਸਰਤ ਸੀ, ਇਕ-ਮਿਕ ਹੋ ਜਾਂਦੇ,
ਕਤਰਾ ਤੇ ਦਰਯਾ।ਰਮਸ਼ੀਆ! ਪਰਦਾ ਪਰੇ ਹਟਾ।


ਚਲ ਜਿੰਦੀਏ!


[ਗੀਤ ਕੱਵਾਲੀ

੧.ਚਲ ਜਿੰਦੀਏ! ਚੜ੍ਹ ਉਡਣ-ਖਟੋਲੇ,
ਗਗਨ ਮੰਡਲ ਤੋਂ ਪਾਰ ਕੁੜੇ,
ਅਰਸ਼ੀ ਰੂਹਾਂ, ਪ੍ਰੇਮ-ਮਦ ਮਤੀਆਂ,
ਦਾ ਕਰੀਏ ਦੀਦਾਰ ਕੁੜੇ।
ਨਾਨਕ, ਰਾਮ, ਮੁਹੰਮਦ, ਈਸਾ,
ਨੇਕੀ ਦੇ ਅਵਤਾਰ ਕੁੜੇ,
ਸਿਦਕ ਰਜ਼ਾ ਦੇ ਸੌਦੇ ਕਰਦੇ,
ਭਗਤੀ ਦੇ ਭੰਡਾਰ ਕੁੜੇ।

੨.ਤਪਦੇ ਠਾਰਨ ਬਚਨ ਜਿਨ੍ਹਾਂ ਦੇ,
ਮੁਕਦੇ ਜਾਵਣ ਭਰਮ ਦਿਲਾਂ ਦੇ,
ਨਾਮ-ਪ੍ਰੇਮ ਦੀ ਮਦ ਵਰਤਾਂਦੇ,
ਰੰਗਣ ਚੜ੍ਹੇ ਅਪਾਰ ਕੁੜੇ।

੩.ਪ੍ਰੇਮ-ਨਗਰ ਦੀ ਅਕਥ ਕਹਾਣੀ,
ਰਾਹ ਲੰਮਾ, ਅਣ-ਮਿਣਿਆ ਪਾਣੀ,
ਔਣ ਜਾਣ ਦੀ ਮਜ਼ਲ ਮੁਕਾਣੀ,
ਬੇੜਾ ਹੋ ਜਾਏ ਪਾਰ ਕੁੜੇ।

੪.ਜਨ-ਸੇਵਾ, ਮਿਠ-ਬੋਲ, ਸਚਾਈ,
ਨਿਉਂ ਚਲਣਾ, ਨੇਕੀ, ਭਲਿਆਈ,
ਹਰ ਮੁਸ਼ਕਿਲ ਵਿਚ ਬਣੇ ਸਹਾਈ,
ਸੰਤਾਂ ਦਾ ਉਪਕਾਰ ਕੁੜੇ।


ਚੰਦ-ਚਾਨਣੀ


ਸੰਝ ਪਈ, ਉਂਘਲਾ ਗਿਆ ਸੂਰਜ,
ਅਰਸ਼ ਤੇ ਗੋਟਾ ਕਿਨਾਰੀ ਖਿੰਡਾ ਕੇ,

ਛੁੱਟੀ ਮਨਾ, ਬੈਠੀ ਛੱਤੇ ਤੇ ਜਾ, ਮੱਖੀ-
ਫੁੱਲਾਂ ਨੂੰ ਫੋਲ, ਮਖਾਣੇ ਉੜਾ ਕੇ।

ਥੱਲੇ ਨੂੰ ਚੱਲੀ ਪਹਾੜੀ ਨਦੀ,
ਤੁਖਰਾਈ ਹਵਾ ਨਾਲ ਰਾਗਣੀ ਗਾ ਕੇ,

ਵਿੱਛੁੜਦੇ ਚਕਵਾ ਚਕਵੀ ਤਕ,
ਤਾਰੇ ਰੋਏ ਉੱਤੋਂ ਤ੍ਰੇਲ ਵਹਾ ਕੇ।




ਪੁੰਨਿਆਂ ਦਾ ਚੰਦ, ਦੇਖ ਚਕੋਰਨੀ,
ਭੂਏ ਹੋਈ ਭੁੜਕੇ ਚਿਚਲਾ ਕੇ,

ਗੋਪੀਆਂ ਦੇਖ ਖਿੜੀ ਹੋਈ ਚਾਨਣੀ,
ਚੱਲ ਪਈਆਂ ਕੰਮ ਧੰਦੇ ਭੁਲਾ ਕੇ।

ਬੰਸੀ ਵਜੱਯੇ ਕਨ੍ਹੱਯੇ ਨੂੰ ਲੈ ਆਈਆਂ,
ਅੰਮਾਂ ਜਸੋਧਾਂ ਦੀ ਗੱਦੋਂ ਉਠਾ ਕੇ,

ਰਾਸ ਰਚੀ ਮਨਮੋਹਨ ਨੇ,
ਸਖੀਆਂ ਦੀ ਹਥੇਲੀ ਤੇ ਹੱਥ ਛੁਹਾ ਕੇ।


ਨਿਮ੍ਰਤਾ


ਦੋਹਰਾ:- ਦਰਦ ਵੰਡਾਉਣ ਵਾਸਤੇ, ਰਚੇ ਗਏ ਇਨਸਾਨ,

ਜੱਸ ਕਰਨ ਨੂੰ ਦੇਉਤੇ, ਅੱਗੇ ਈ ਘੱਟ ਨ ਸਾਨ।


ਰੱਬ ਦੇ ਇਕਬਾਲ, ਜੇ ਕਰੇ ਸਿੰਬਲ,
ਬੇਰੀ ਵਾਂਗ ਨਿਉਂ, ਜੀਉਰ ਕੇ ਖਾਈਏ ਜੀ,

ਖਿੜਨਾ ਮਿਲੇ ਜੇ ਫੁੱਲ ਦੇ ਵਾਂਗ ਦੋ ਦਿਨ,
ਮਹਿਕਾਂ ਵੰਡ ਕੇ, ਨੇਕੀ ਕਮਾਈਏ ਜੀ,

ਮੋਤੀ ਮਿਲਣ ਤਾਂ ਦੱਬ ਕੇ ਰੱਖੀਏ ਨਾ,
ਸਗੋਂ ਹੋਰਨਾਂ ਦੇ ਕੰਮ ਆਈਏ ਜੀ,

ਏਥੇ ਵੱਸੀਏ ਰੱਸੀਏ ਚੈਨ ਕਰੀਏ,
ਐਪਰ ਮੌਤ ਨਾ ਮਨੋਂ ਭੁਲਾਈਏ ਜੀ।

ਜਦ ਗੁਲਾਬ ਦਾ ਫੁੱਲ ਕੁਰਬਾਨ ਹੋਵੇ,
ਬਣ ਗੁਲ-ਆਬ ਗੁਲ-ਕੰਦ ਬਰਬਾਦ ਹੋਵੇ।

ਮੱਖੀ ਡੂਮਣੇ ਮਾਖਿਓਂ ਖਾਣ ਵੰਡਣ,
ਅਗਲੇ ਸਮੇਂ ਗੁਲਾਬ ਫਿਰ ਯਾਦ ਹੋਵੇ।




ਦੋਹਰਾ:- ਸੁਰਮੇ ਵਾਂਗਰ ਸੰਤ ਜਨ, ਆਪਾ ਗਏ ਪਿਸਾਇ,

ਧੂੜੀ ਕਰ ਭਗਵਾਨ ਨੇ, ਮਸਤਕ ਲਏ ਚੜ੍ਹਾਇ।



ਜੇ ਬੰਦਿਆ!


ਜੇ ਬੰਦਿਆ!
ਈਮਾਨ ਤਿਰੇ ਦਾ
ਪੈਰ ਕੁਫ਼ਰ ਵਲ ਥਿੜਕੇ,
ਤੌਬਾ ਦਾ ਦਰ
ਸਦਾ ਖੁਲ੍ਹਾ ਹੈ,
ਆਈ ਜਾ ਮੁੜ ਘਿੜ ਕੇ।
ਮਾਂ ਜੀਕਰ
ਬਾਲਾਂ ਦੇ ਲਾਡ
ਸਹਾਰੀ ਜਾਏ ਖਿੜ ਕੇ,
ਮੈਂ
ਗੁੱਸੇ ਨਹੀਂ ਹੁੰਦਾ,
ਤੇਰੀ ਗੁਸਤਾਖ਼ੀ ਤੋਂ ਚਿੜ ਕੇ।

ਸਾਉਣ ਦਾ ਨਾਚ


[ਗੀਤ

ਸਈਓ! ਸਾਉਣ ਦੀ ਆ ਗਈ ਬਹਾਰ,
ਮੈਂ ਨਚਨੀ ਆਂ ਥਈਆ ਥਈਆ।- ਟੇਕ



੧. ਬਦਲੀਆਂ ਘੁਰ ਘੁਰ ਝੜੀਆਂ ਲਾਈਆਂ,
ਨਦੀਆਂ ਨਿਕਲ ਪਹਾੜਾਂ ਤੋਂ ਆਈਆਂ,
ਧਰਤੀ ਜਲ ਥਲ, ਸਰਵੇ ਫੁਲ ਫਲ,
ਫਸਲਾਂ ਤੇ ਆ ਗਿਆ ਨਿਖਾਰ। ਮੈਂ ਨਚਨੀ ਆਂ ਥਈਆ ਥਈਆ।

੨. ਪਿਪਲਾਂ ਦੀ ਛਾਵੇਂ ਪੀਘਾਂ ਪਈਆਂ,
ਜੋੜੀਆਂ ਬਣ ਬਣ ਝੂਟਣ ਸਈਆਂ,
ਕੰਤ ਕਬੂਲੀਆਂ, ਮਾਹੀ ਕੋਲ ਗਈਆਂ,
ਲਾ ਲਾ ਕੇ ਸੋਲਾਂ ਸਿੰਗਾਰ। ਮੈਂ ਨਚਨੀ ਆਂ ਥਈਆ ਥਈਆ।

੩. ਮਾਹੀ ਮੈਨੂੰ ਮਿਲ ਕੇ ਗਲ ਸਮਝਾਈ,
ਮਾਹੀ ਤੇ ਮੇਰੇ ਵਿਚ ਫਰਕ ਨ ਕਾਈ,
ਘਟ ਘਟ ਵਿਚ ਵਸਦਾ ਏ ਹਰਜਾਈ,
ਜੀ ਜੀ ਦਾ ਜੀਵਨ ਅਧਾਰ। ਮੈਂ ਨਚਨੀ ਆਂ ਥਈਆ ਥਈਆ।

੪. ਮਾਹੀ ਦਾ ਤੇ ਮੇਰਾ ਪਿਆਰ ਪੁਰਾਣਾ,
ਉਸ ਸੱਦਣਾ, ਮੈਂ ਨਿਤ ਨਿਤ ਜਾਣਾ,
ਜਿਸ ਵੇਲੇ ਉਸ ਦਾ ਹੋਇਆ ਭਾਣਾ,
ਹੱਥ ਬੰਨ੍ਹੀ ਬੈਠੀ ਆਂ ਤਿਆਰ। ਮੈਂ ਨਚਨੀ ਆਂ ਥਈਆ ਥਈਆ।


ਜੀਵਨ ਆਦਰਸ਼


ਜੀਵਨ ਦਾ ਆਦਰਸ਼
ਚੁਣਨ ਦੀ,
ਮਨ ਵਿਚ, ਜਦ ਭੀ ਉਠੇ ਉਮੰਗ,

ਰਾਜਾ, ਜੋਗੀ,
ਪੰਡਿਤ, ਦਾਨੀ,
ਜੋਧਾ, ਬਣਨਾ ਮੰਗ ਨਿਸ਼ੰਗ।

ਦਸਾਂ ਨਵ੍ਹਾਂ ਦੀ
ਕਿਰਤ ਕਮਾ ਕੇ,
ਹਕ ਹਲਾਲ ਦੀ ਰੋਟੀ ਖਾਹ,

ਯਾ ਫਿਰ,
ਤੁਲਸੀ ਮੀਰਾਂ ਵਰਗੀ,
ਭਗਵਨ ਪਾਸੋਂ ਭਗਤੀ ਮੰਗ।


ਆਪ ਦੀ ਯਾਦ


[ਗ਼ਜ਼ਲ ਕੱਵਾਲੀ

ਯਾਦ ਔਂਦਾ ਹੈ ਉ ਮੁੜ ਮੁੜ ਯਾਦ ਆਣਾ ਆਪ ਦਾ,
ਮਾਰ ਮਾਰ ਹਜ਼ਾਰਾਂ ਵਾਰੀ, ਫਿਰ ਜਿਵਾਣਾ ਆਪ ਦਾ।

ਮੇਰੀ ਗੁਸਤਾਖ਼ੀ ਤੋਂ ਚਿੜ ਕੇ, ਵੱਟ ਮੱਥੇ ਚਾੜ੍ਹਨਾ,
ਕੁਹਣ ਨੂੰ ਖੰਜਰ ਪਕੜ, ਫਿਰ ਤਰਸ ਖਾਣਾ ਆਪ ਦਾ।

ਸਦਕੇ ਬੇ-ਪਰਵਾਹੀਓਂ, ਕੁਰਬਾਨ ਕਾਲੇ ਬੁਰਕਿਓਂ,
ਘੁੰਮਣਾ ਘਰ ਘਰ ਤੇ ਫਿਰ ਮੂੰਹ ਨਾ ਦਿਖਾਣਾ ਆਪ ਦਾ।

ਸੁਪਨੇ ਅੰਦਰ ਆ ਕੇ, ਪੂਰਾ ਕਰਨਾ ਵਾਅਦਾ ਵਸਲ ਦਾ,
ਚੁਪ ਚੁਪੀਤੇ, ਬਿਸਤਰੇ ਤੋਂ ਖਿਸਕ ਜਾਣਾ ਆਪ ਦਾ।

ਮੈਂ ਤੇ ਆਉਣ ਜਾਣ ਬਾਝੋਂ ਕੱਖ ਵੀ ਨਹੀਂ ਖੱਟਿਆ,
ਚਲ ਰਿਹਾ ਹੈ ਆਦ ਤੋਂ ਚੱਕਰ ਪੁਰਾਣਾ ਆਪ ਦਾ।

ਬੇ-ਰੁਖ਼ੀ ਤੇ ਬੇ-ਨਿਆਜ਼ੀ, ਹਾਇ! ਮੈਂ ਸਦਕੇ ਗਈ,
ਬੇ-ਬਸੀ ਮੇਰੀ ਨੂੰ ਸੁਣ ਕੇ ਮੁਸਕਰਾਣਾ ਆਪ ਦਾ।

ਗੁੰਮ ਸੁੰਮ ਰਹਿਣਾ ਸਦਾ, ਨਾ ਹੱਸਣਾ, ਨਾ ਬੋਲਣਾ,
ਫੱਟਿਆ ਗਿਆ ਚਾਤ੍ਰਿਕ ਤਕ ਘੁੰਡ ਕਾਣਾ ਆਪ ਦਾ।

ਹਾਰ ਕੇ


[ਗ਼ਜ਼ਲ

ਲੁਕ ਰਹੇ ਹੋ ਖ਼ੂਬ, ਖੇਡ ਖਿਲਾਰ ਕੇ,
ਮੈਂ ਭੀ ਆ ਬੈਠਾ ਹਾਂ, ਧਰਨਾ ਮਾਰ ਕੇ।

ਆਪ ਦੇ ਚਰਨਾਂ 'ਚਿ ਸਾਂ ਚੰਗਾ ਭਲਾ,
ਹੱਥ ਕੀ ਆਇਓ ਜੇ? ਹੇਠ ਉਤਾਰ ਕੇ।

ਮਾਣ ਹੈ ਮਾਂ ਪਿਉ ਤੇ ਬਾਲਾਂ ਨੂੰ ਬੜਾ,
ਗਲ ਲਗਾ ਲਓ, ਝਾੜ ਪੂੰਝ ਸੁਆਰ ਕੇ।

ਪਿਆਰ ਦੀ ਖ਼ੈਰਾਤ ਬਖ਼ਸ਼ੋ, ਜਿਸ ਤਰ੍ਹਾਂ
ਤਾਰਿਆ ਧੰਨਾ ਸੀ, ਵੱਛੇ ਚਾਰ ਕੇ।

ਡੂੰਘਾ ਦਰਯਾ, ਰਾਤ ਕਾਲੀ, ਕੰਬੇ ਦਿਲ,
ਕਰ ਦਿਓ ਨਿਸ਼ਚਿੰਤ, ਪਾਰ ਉਤਾਰ ਕੇ।

ਬੰਦਾ ਹਾਂ ਆਖ਼ਿਰ, ਫ਼ਰਿਸ਼ਤਾ ਤੇ ਨਹੀਂ,
ਥਕ ਗਿਆਂ ਬੇਅੰਤ ਮਜ਼ਲਾਂ ਮਾਰ ਕੇ।

ਹੁਣ ਤੇ ਹੈ ਇੱਕੋ ਈ ਤਕਵਾ ਆਸਰਾ,
ਚਾ ਲਓ ਗੇ ਆਪੇ ਬਾਂਹ ਉਲਾਰ ਕੇ।

ਆ ਕੇ ਲੈ ਜਾਓ ਤਾਂ ਮੇਰਾ ਮਾਣ ਹੈ,
ਚਾਤ੍ਰਿਕ ਬੈਠਾ ਹੈ ਖੰਭ ਸੁਆਰ ਕੇ।


ਸੁੰਦਰਤਾ ਤੇ ਪ੍ਰੇਮ


ਹੁਸਨ ਤੇ ਇਸ਼ਕ

ਖਿੜਾਇਆ ਜਿਨ ਚਮਨ ਕੁਦਰਤ ਦਾ, ਉਹ ਰੱਬੀ ਇਸ਼ਾਰਾ ਤੂੰ,
ਵਸਾਈ ਚੰਦ ਵਿਚ ਜਿਨ ਠੰਢ, ਉਹ ਅਮ੍ਰਿਤ ਦੀ ਧਾਰਾ ਤੂੰ।
ਹੈ ਰੋਸ਼ਨ ਅੱਖ ਜਿਸ ਦੀ ਡਲ੍ਹਕ ਪਾ ਕੇ, ਉਹ ਸਤਾਰਾ ਤੂੰ,
ਜਿਦ੍ਹੇ ਸਰ ਨ੍ਹਾ ਕੇ ਖ਼ਾਕੀ, ਹੋਣ ਨੂਰਾਨੀ, ਓ ਪਾਰਾ ਤੂੰ।

ਨਿਗਹ ਤੇਰੀ ਨੇ ਕੋਹੇ ਦੈਂਤ, ਅੰਮ੍ਰਿਤ ਦੀ ਵੰਡਾਈ ਵਿਚ,
ਗੁਆਚੀ ਸ਼ਾਨਤੀ ਸ਼ਿਵ ਦੀ, ਤੇਰੀ ਜਲਵਾ-ਨਮਾਈ ਵਿਚ,
ਤੇਰੇ ਹੀ ਰੂਪ ਤੇ ਭੁੱਲਾ, ਖ਼ੁਦਾ ਰੁੱਝਾ ਖ਼ੁਦਾਈ ਵਿਚ,
ਤੂਹੇਂ ਹੂਰਾਂ ਸੁਝਾਈਆਂ ਮੁਸਲਿਮਾਂ ਨੂੰ, ਪਾਰਸਾਈ ਵਿਚ।

ਤੇਰੀ ਬੰਸੀ ਦੀਆਂ ਤਾਨਾਂ, ਕਿਤੇ ਗੋਕੁਲ ਗੁੰੰਜਾਈ ਸੀ,
ਤੇਰੀ ਬਿਜਲੀ ਜ਼ੁਲੈਖਾਂ ਦੇ ਕਲੇਜੇ ਅੱਗ ਲਾਈ ਸੀ।
ਸ਼ਮ੍ਹਾ ਤੇਰੀ ਨੇ ਪਰਵਾਨੇ ਨੂੰ, ਕੁਰਬਾਨੀ ਸਿਖਾਈ ਸੀ,
ਤੇਰੀ ਹੀ ਮਹਿਕ ਨੇ ਉਠ, ਫੁੱਲ ਦੀ ਮਹਿਫਲ ਭਖਾਈ ਸੀ।

ਤੇਰੀ ਹੀ ਮੁਸਕਰਾਹਟ ਨੇ, ਉਸ਼ਾ ਤੇ ਨੂਰ ਪਾਇਆ ਹੈ,
ਤੇਰੀ ਹੀ ਜ਼ੁਲਫ਼ ਦੇ ਵਿਚ, ਸ਼ਾਮ ਨੇ ਦਰਬਾਰ ਲਾਇਆ ਹੈ।
ਜਲਾਲੀ ਰੂਪ ਤੇਰਾ ਹੀ, ਨਦੀ ਵਿਚ ਝਿਲ-ਮਿਲਾਇਆ ਹੈ,
ਲਗਾ ਸ਼ਿੰਗਾਰ ਪਰਬਤ ਨੂੰ, ਤੂੰਹੇਂ ਲਾੜਾ ਬਣਾਇਆ ਹੈ।

ਨਿਵਾਈ ਤੇਗ਼ ਤਾਕਤ ਦੀ, ਹਕੂਮਤ ਤੂੰ ਝੁਕਾਈ ਹੈ,
ਤੇਰੀ ਮੇਢੀ ਦੇ ਵਲ ਨੇ, ਵਲ ਛਡੀ ਸਾਰੀ ਖ਼ੁਦਾਈ ਹੈ।
ਪਤਾ ਹੈ ਪਰ? ਏ ਤੇਰੀ ਸ਼ਾਨ, ਕਿਨ ਅਰਸ਼ੀਂ ਚੜ੍ਹਾਈ ਹੈ?
ਤੇਰੇ ਗੌਹਰ ਦੀ ਕਿਸ ਸੱਰਾਫ ਨੇ, ਕੀਮਤ ਵਧਾਈ ਹੈ?

ਹੈ ਬੇਸ਼ਕ ਹੁਸਨ ਯੂਸੁਫ਼ ਪਰ,
ਜ਼ੁਲੈਖ਼ਾਂ ਮੁੱਲ ਪਾਵੇ ਤਾਂ,
ਖਿੜੇ ਹੋਏ ਕਮਲ ਪਰ ਪ੍ਰੇਮ,
ਭੌਰਾ ਬਣ ਕੇ ਆਵੇ ਤਾਂ।

ਭਾਰਤ ਮਾਤਾ


ਰੰਗਣਾਂ ਵਿਚ ਵਸਦਿਆਂ, ਸ਼ਹਿਰਾਂ ਦੇ ਉਜੜੇ ਢੇਰ ਵਿਚ,
ਇੱਕ ਅਬਲਾ ਹੈ ਘਿਰੀ ਹੋਈ, ਦਿਨਾਂ ਦੇ ਫੇਰ ਵਿਚ।

ਤਾਉ ਖਾ ਖਾ ਚਰਖ਼ ਦੇ, ਚਿਹਰਾ-ਕਮਲ ਕੁਮਲਾ ਗਿਆ,
ਫ਼ਿਕਰ ਵਿਚ ਘੁਲ ਘੁਲ, ਜਵਾਨੀ ਤੇ ਬੁਢੇਪਾ ਆ ਗਿਆ।

ਖੰਡਰਾਂ ਵਿਚ ਖੋਜਦੀ ਹੈ, ਲਾਲ ਟੁੱਟੇ ਹਾਰ ਦੇ,
ਫੁੱਲ ਰੋ ਰੋ ਚੁਣ ਰਹੀ ਹੈ, ਮਰ ਮਿਟੀ ਗੁਲਜ਼ਾਰ ਦੇ।

ਸੋਨੇ ਦੀ ਲੰਕਾ ਮੇਰੀ ਵਿਚ, ਮੌਤ ਲੰਬੂ ਲਾ ਗਈ,
ਮੇਰੇ ਸ਼ੇਰਾਂ ਦਾ ਕਲੇਜਾ, ਕੋਈ ਡਾਇਣ ਖਾ ਗਈ।

ਐਥੇ ਮੇਰਾ ਰਾਮ ਲਛਮਣ, ਮੋਰਚੇ ਸੀ ਲਾ ਰਿਹਾ,
ਐਥੇ ਮੇਰਾ ਸ਼ਾਮ ਸੀ ਦੁਸ਼ਟਾਂ ਨੂੰ ਰਾਹੇ ਪਾ ਰਿਹਾ।

ਐਥੇ ਅਰਜਨ ਭੀਮ ਮੇਰੇ, ਦਿਗ-ਵਿਜੈ ਸਨ ਕਰ ਰਹੇ,
ਐਸ ਥਾਂ ਸਰਬੰਸ-ਦਾਨੀ, ਚੂਲੀਆਂ ਸਨ ਭਰ ਰਹੇ।

ਐਥੇ ਮੇਰੀ ਜਾਨਕੀ ਸੀ, ਧਰਮ ਦੀ ਨੀਂਹ ਧਰ ਰਹੀ,
ਐਸ ਤਾਂ ਦੁਰਗਾ ਸੀ ਦੈਤਾਂ ਦੀ ਸਫ਼ਾਈ ਕਰ ਰਹੀ।

ਐਥੋਂ ਰਿਸ਼ਮਾਂ ਪਾਉਂਦੇ ਸਨ, ਵਿੱਸ਼-ਵਿਦਿਆਲੇ ਮਿਰੇ,
ਐਥੇ ਮੇਰੇ ਜੋਤਸ਼ੀ, ਆਕਾਸ਼ ਸਨ ਮਿਣਦੇ ਰਹੇ।

ਐਸ ਥਾਂ ਲੀਲਾਵਤੀ ਨੇ, ਬਹਿ ਕੇ ਲੇਖੇ ਲਾਏ ਸਨ,
ਐਥੇ ਕਾਲੀਦਾਸ ਨੇ ਕਵਿਤਾ ਨੂੰ ਕਾਮਨ ਪਾਏ ਸਨ।

ਹਾਇ! ਮੇਰੀ ਸ਼ਾਨ ਤੇ ਸ਼ੌਕਤ ਜੜ੍ਹੋਂ ਪੱਟੀ ਗਈ,
ਚੜ੍ਹ ਕੇ ਗੁੱਡੀ ਅਰਸ਼ ਤੇ, ਇਕਬਾਲ ਦੀ ਕੱਟੀ ਗਈ।

ਹੋਏ ਜੋ ਖ਼ਾਲੀ ਸਿੰਘਾਸਣ, ਮੁੜ ਸੰਭਾਲੇ ਨਾ ਕਿਸੇ,
ਕਲਮ ਤੇ ਤਲਵਾਰ ਦੇ ਜੌਹਰ ਵਿਖਾਲੇ ਨਾ ਕਿਸੇ।

ਸਾਰੇ ਜਗ ਦਾ ਰਾਹ-ਦਿਖਲਾਊ ਮੁਨਾਰਾ ਢਹਿ ਗਿਆ,
ਕਾਗਤਾਂ ਵਿਚ ਸਹਿਕਦਾ, ਇਤਿਹਾਸ ਖ਼ਾਲੀ ਰਹਿ ਗਿਆ।

ਮੈਂ ਨਹੀਂ, ਮਸਤੀ ਨਹੀਂ, ਮਹਿਫ਼ਲ ਨਹੀਂ, ਸਾਕ਼ੀ ਨਹੀਂ,
ਬਾਗ਼ ਬੁਲਬੁਲ, ਬਾਗ਼ਬਾਨ, ਬਹਾਰ ਕੁਝ ਬਾਕੀ ਨਹੀਂ।

ਧਰਮ, ਧੀਰਜ, ਧਾਮ, ਧਨ, ਧੌਂਸਾ, ਨਗਾਰਾ ਰਹਿ ਗਿਆ,
ਹਿੱਮਤੀ ਸੰਤਾਨ ਦਾ ਇੱਕੋ ਸਹਾਰਾ ਰਹਿ ਗਿਆ।

ਲੱਛਮੀ


ਭਾਰਤ ਮਾਤਾ ਨੂੰ

ਉੱਨਤੀ ਦੇ ਲੋਰ ਵਿਚ, ਮਸਤਾਨਾ ਅੱਜ ਜਹਾਨ ਹੈ,
ਜ਼ਿੰਦਗੀ ਦੀ ਦੌੜ ਹੈ, ਹਿੰਮਤ ਦਾ ਇਹ ਘਮਸਾਨ ਹੈ।

ਟਾਕਰਾ ਹੈ ਜੋਸ਼ ਦਾ, ਸਰਗਰਮੀਆਂ ਦਾ ਜੰਗ ਹੈ,
ਰਾਜ ਹੈ ਸਰਮਾਏ ਦਾ, ਮਜ਼ਦੂਰੀਆਂ ਦੀ ਮੰਗ ਹੈ।

ਜੋਸ਼ ਖਾਂਦਾ ਹੈ ਉਮੰਗਾਂ ਦਾ ਲਹੂ ਇਨਸਾਨ ਵਿਚ,
ਮਾਰਾ ਮਾਰੀ ਹੋ ਰਹੀ ਹੈ, ਇਸ ਭਖੇ ਮੈਦਾਨ ਵਿਚ।

ਮੌਤ ਤੋਂ ਡਰਦੇ ਨਹੀਂ, ਥੱਕਣ ਤੋਂ ਘਬਰਾਂਦੇ ਨਹੀਂ,
ਹਿੰਮਤਾਂ ਵਾਲੇ ਕਦੀ ਪਿੱਛੇ ਕਦਮ ਪਾਂਦੇ ਨਹੀਂ।

ਲੱਛਮੀ ਦੇਵੇ ਬਹਾਰੀ, ਮਿਹਨਤੀ ਦੇ ਦੁਆਰ ਤੇ,
ਨੱਚਦੀ ਹੈ ਕਾਮਯਾਬੀ, ਹਿੰਮਤੀ ਦੀ ਤਾਰ ਤੇ।

ਪੈ ਗਈ ਬਿਜਲੀ ਕੋਈ, ਖਬਰੇ ਤੇਰੀ ਸੰਤਾਨ ਤੇ,
ਹੋਸ਼ ਫਿਰਦੀ ਹੀ ਨਹੀਂ, ਸੌ ਸੌ ਹਲੂਣੇ ਖਾਣ ਤੇ।

ਤੂੰ ਜਗਾ ਜੇ ਜਾਗਦੇ ਨੀਂ, ਕੋਈ ਮੰਤਰ ਮਾਰ ਕੇ,
ਇਲਮ ਦਾ ਹਥਿਆਰ ਦੇ ਦੇ ਨੇਂ ਜ਼ਰਾ ਖਲਿਹਾਰ ਕੇ।

ਦਸਤਕਾਰੀ ਦੇ ਵਦਾਣਾਂ, ਥੀਂ ਦਲਿੱਦਰ ਤੋੜ ਲੈ,
ਮੁੱਠ ਵਿਚ ਲੈ ਕੇ ਤਜਾਰਤ, ਮਾਲ ਦੌਲਤ ਮੋੜ ਲੈ।

ਵਣਜ ਦੀ ਤਲਵਾਰ, ਜਿਹੜੀ ਕੌਮ ਦੇ ਹੱਥ ਆ ਗਈ,
ਨਹਿਰ ਦੌਲਤ ਦੀ, ਉਸੇ ਦਾ ਘਰ ਬਹਿਸ਼ਤ ਬਣਾ ਗਈ।

ਭੇਦ ਇਸ ਦਾ ਖੁਲ ਗਿਆ, ਜਿਸ ਦਿਨ ਤੇਰੀ ਸੰਤਾਨ ਤੇ,
ਬਰਕਤਾਂ ਦਾ ਮੀਂਹ ਤਦੋਂ, ਵੱਸੇਗਾ ਹਿੰਦੁਸਤਾਨ ਤੇ।

ਮੈਂ ਉਹੋ, ਮਾਇਆ ਉਹੋ, ਓਹੋ ਤੇਰਾ ਇਕਬਾਲ ਹੈ,
ਆਪਣੀ ਗ਼ਫ਼ਲਤ ਹੈ ਕੁਝ, ਬਸ ਦੇਸ਼ ਮਾਲਾ-ਮਾਲ ਹੈ।




ਤੇਰੀ ਵਾ ਵਲ ਕੋਈ ਨਾ ਵੇਖੇ,
ਹਿੰਦੀਆ! ਤੂੰ ਲੱਕ ਬੰਨ੍ਹ ਲੈ।

ਆਜ਼ਾਦੀ


ਬੀਤੀਆਂ ਸਦੀਆਂ ਜਿਦ੍ਹੀ,
ਸੂਰਤ ਦੇ ਸੁਪਨੇ ਘੜਦਿਆਂ,
ਸੁੱਖਣਾਂ ਸੁਖ ਸੁਖ ਜਿਦ੍ਹੇ,
ਬੂਹੇ ਤੇ ਹਾੜੇ ਕਰਦਿਆਂ।

ਵੇਖ ਸਾਡੀ ਬੇ-ਕਸੀ,
ਬੇ-ਚਾਰਗੀ, ਬੇ-ਹਿੰਮਤੀ,
ਨਾਲ ਭਾਰਤ ਵਰਸ਼ ਦੇ,
ਰੁੱਸੀ ਰਹੀ ਹੂਰਾਂ ਪਰੀ।

ਸ਼ੁਕ੍ਰ ਹੈ ਉਹ ਸਹਿਕਵੀਂ ਸੁਹਣੀ,
ਆਜ਼ਾਦੀ ਦੀ ਘੜੀ,
ਬਰਕਤਾਂ ਖ਼ੁਸ਼ੀਆਂ ਦਾ ਨੂਰ ਉਛਾਲ,
ਇਕ ਦਿਨ ਚੜ੍ਹ ਪਈ।

ਟੁਟ ਗਏ ਸੰਗਲ ਗ਼ੁਲਾਮੀ ਦੇ,
ਓ ਦੋ ਸੌ ਸਾਲ ਦੇ,
ਕੰਮ ਆਏ ਹਠ ਤੇ ਤਪ,
ਗਾਂਧੀ ਜਵਾਹਰ ਲਾਲ ਦੇ।

ਨਵੀਂ ਬਹਾਰ


ਨਵੀਓਂ ਨਵੀਂ ਬਹਾਰ, ਸਮੇਂ ਦੀ ਨਵੀਓਂ ਨਵੀਂ ਬਹਾਰ।ਟੇਕ

ਨਵੀਂ ਹਿਸਟਰੀ, ਨਵੇਂ ਫ਼ਸਾਨੇ।
ਨਵੇਂ ਸ਼ਿਕਾਰੀ, ਨਵੇਂ ਨਿਸ਼ਾਨੇ,
ਨਵੇਂ ਚਿਰਾਗ਼, ਨਵੇਂ ਪਰਵਾਨੇ,
ਨਵੇਂ ਨਵੇਂ ਦਿਲਦਾਰ,ਸਮੇਂ ਦੀ ਨਵੀਓਂ ਨਵੀਂ ਬਹਾਰ।

ਨਵੇਂ ਤਮਾਸ਼ੇ, ਨਵੇਂ ਮਦਾਰੀ,
ਨਵੇਂ ਦੇਵਤੇ, ਨਵੇਂ ਪੁਜਾਰੀ,
ਨਵੇਂ ਬਹਾਨੇ, ਨਵੀਆਂ ਚਾਲਾਂ,
ਨਵੇਂ ਕੌਲ ਇਕਰਾਰ,ਸਮੇਂ ਦੀ ਨਵੀਓਂ ਨਵੀਂ ਬਹਾਰ।

ਮਾਸ਼ੂਕਾਂ ਦੀ ਚਾਲ ਪੁਰਾਣੀ,
ਗੱਲਾਂ ਨਾਲ ਰਿੜਕਣਾ ਪਾਣੀ,
ਨਾ ਮਰਨਾ, ਨਾ ਮੰਜੀ ਚਾਣੀ,
ਲਾਈ ਰਖਣੀ ਲਾਰ,ਸਮੇਂ ਦੀ ਨਵੀਓਂ ਨਵੀਂ ਬਹਾਰ।

ਨਵੀਂ ਕਿਸਮ ਦੀ ਅਮਨ-ਪਸੰਦੀ,
ਜੀਭ ਕਲਮ ਦੀ ਨਾਕਾ-ਬੰਦੀ,
ਆਜ਼ਾਦੀ ਦੇ ਸਿਰ ਤੇ ਲਟਕੇ,
ਤਾਕਤ ਦੀ ਤਲਵਾਰ,ਸਮੇਂ ਦੀ ਨਵੀਓਂ ਨਵੀਂ ਬਹਾਰ।


ਨੂਰਜਹਾਂ ਬਾਦਸ਼ਾਹ ਬੇਗਮ*[12]


ਸ਼ਾਇਰ ਦੀ ਸੱਦ[ਧਾਰਨਾ ਮਿਰਜ਼ਾ ਸਾਹਿਬਾਂ

ਉੱਠ ਨੀਂ ਨੂਰਾਂ ਬੀਬੀਏ! ਪਾਸਾ ਤੇ ਪਰਤਾ,
ਤੇਰੀ ਛੇਜ ਹਲੂਣੇ ਕਦੋਂ ਦਾ, ਰਾਵੀ ਖੌਰੂ ਪਾ।

ਖੋਲ੍ਹ ਬਹਿਸ਼ਤੀ ਬਾਰੀਆਂ, ਵੇਖੇਂ ਨਵਾਂ ਜਹਾਨ,
ਪਿਛਲੇ ਪਾਸੇ ਵੱਲ ਵੀ, ਮਾਰੀਂ ਜ਼ਰਾ ਧਿਆਨ।

ਕਿੱਥੇ ਈ ਜਲਵਾ ਹੁਸਨ ਦਾ? ਕਿੱਥੇ ਈ ਸ਼ਾਹੀ ਤਾਜ,
ਕਿਸ ਨੂੰ ਸੌਂਪਿਆ ਸਮੇਂ ਨੇ, ਹਿੰਦ ਤੇਰੇ ਦਾ ਰਾਜ।

ਚੱਕਰ ਫਿਰਿਆ ਚਰਖ਼ ਦਾ, ਪਛੜ ਗਿਆ ਇਕਬਾਲ,
ਪਰ ਤੇਰੀ ਤਾਰੀਖ਼ ਤੇ, ਜੀਉਂਦੀ ਏ ਤੇਰੇ ਨਾਲ।

ਇਸ ਰਾਵੀ ਨੇ ਕਰ ਛਡੇ, ਪਾਰ ਕਰੋੜਾਂ ਪੂਰ,
ਤੈਨੂੰ ਸਾਂਭੀ ਰੱਖਣਾ, ਰੱਬ ਨੂੰ ਸੀ ਮਨਜ਼ੂਰ।

ਖੁਰ ਖੁਰ ਕੱਲਰ ਹੋ ਗਿਆ, ਫੁੱਲੋਂ ਸੁਹਲ ਸਰੀਰ,
ਖੁਦੀ ਹੋਈ ਹੈ ਦਿਲਾਂ ਤੇ, ਪਰ ਤੇਰੀ ਤਸਵੀਰ।

ਦੀਵਾ ਭੰਬਟ ਨਾ ਰਹੇ, ਨਾ ਬੁਲਬੁਲ ਨਾ ਫੁੱਲ,
ਸ਼ੁਹਰਤ ਤੇਰੇ ਦਾਨ ਦੀ, ਪਰ ਨਹੀਂ ਸਕਦੀ ਭੁੱਲ।


ਸੂਰਤ, ਦਾਨਸ਼, ਸ਼ਾਇਰੀ, ਚੌਥਾ ਪਤੀ ਪਿਆਰ,
ਚਹੁੰ ਥੰਮ੍ਹਾਂ ਤੇ ਖੜਾ ਹੈ, ਨੂਰਾਨੀ ਮੀਨਾਰ।

ਰੰਗ ਬਿਰੰਗੀ ਜ਼ਿੰਦਗੀ, ਅਜਬ ਉਤਾਰ ਚੜ੍ਹਾ,
ਇਕ ਪਲ ਅੱਥਰੂ ਕੇਰਦੇ, ਇਕ ਪਲ ਦੇਣ ਖਿੜਾ।

ਕੁੱਖੇ ਪਈ ਇਰਾਨ ਦੇ, ਅੱਖ ਖੁਲ੍ਹੀ ਕੰਧਾਰ,
ਦਾਣਾ-ਪਾਣੀ ਆਗਰੇ, ਵਿੱਚ ਲਹੌਰ ਮਿਜ਼ਾਰ।

ਸ਼ੇਰ-ਅਫ਼ਗਨ ਜਿਹਾ ਸ਼ੇਰਦਿਲ, ਛੁਟ ਗਿਆ ਕਦਰ ਸ਼ਨਾਸ,
ਪਰ ਆਖ਼ਰ ਜਹਾਂਗੀਰ ਦੀ, ਅੱਖ ਵਿਚ ਮਿਲ ਗਿਆ ਵਾਸ।

ਸ਼ਾਹ ਦੀਆਂ ਅੱਖਾਂ ਸਾਹਮਣੇ, ਜੇਕਰ ਪੈਂਦੀਓਂ ਚੱਲ,
ਬਣਦਾ ਹਿੰਦੁਸਤਾਨ ਵਿਚ, ਦੂਜਾ ਤਾਜ ਮਹੱਲ।

ਕੁਦਰਤ ਖੂੰਜੇ ਪਾ ਛਡੀ, ਸੁਹਣਿਆਂ ਦੀ ਸਰਕਾਰ,
ਨਾ ਸ਼ਾਨਾਂ ਦਾ ਮਕਬਰਾ, ਨਾ ਉੱਤੇ ਮੀਨਾਰ।

ਥਾਂ ਥਾਂ ਤ੍ਰੇੜਾਂ ਪਾਟੀਆਂ, ਥਾਂ ਥਾਂ ਜਾਪੇ ਖੋੜ,
ਕੌਮਾਂ ਹਿੰਦੁਸਤਾਨ ਦੀਆਂ, ਵਿੱਚ ਜਿਵੇਂ ਅਨਜੋੜ।

ਕਿਰਲੇ, ਕਹਿਣੇ, ਟਿੱਡੀਆਂ, ਮੱਲੀ ਬੈਠੇ ਥਾਂ,
ਪਾਇਆ ਗੰਦ ਕਬੂਤਰਾਂ, ਸਮਝੀ ਕੋਈ ਸਰਾਂ।

ਤੂੰ ਪਰ ਅੱਖਾਂ ਮੀਟ ਕੇ, ਸਭ ਕੁਝ ਲਿਆ ਸਹਾਰ,
ਸਿਰ ਤੋਂ ਰੋਜ਼ ਲੰਘਾਨੀ ਏਂ,ਸੈ ਰੇਲਾਂ ਦਾ ਭਾਰ।

ਭਗਵਾਨ


ਅਨਾਥ ਜਨਿਤਾ ਦੇ ਨਾਥ ਮੋਹਨ!
ਜਸੋਧਾਂ ਮਈਆ ਦੇ ਲਾ ਭਗਵਨ!
ਅਜੀਬ ਗਲ ਹੈ, ਕਿ ਤੇਰੀ ਭਾਰਤ,
ਅਜੇ ਤਲਕ ਹੈ ਕੰਗਾਲ ਭਗਵਨ!

ਤੂੰ ਵੇਖੇ ਜਨਿਤਾ ਦੇ ਸਿਰ ਕਟੀਂਦੇ,
ਤੂੰ ਵੇਖੇ ਲਹੂਆਂ ਦੇ ਹੜ ਵਹੀਂਦੇ,
ਤੇ ਬੰਦੇ ਰੁਲਦੇ ਤਬਾਹ ਥੀਂਦੇ,
ਨ ਆਇਆ ਤੈਨੂੰ ਉਬਾਲ ਭਗਵਨ!

ਤੂੰ ਮੁਰਦਿਆਂ ਦਾ ਅੰਬਾਰ ਤਕਦੋਂ,
ਤੂੰ ਰੱਤੇ ਪਾਣੀ ਦੀ ਧਾਰ ਤਕਦੋਂ,
ਤੜਪਦਿਆਂ ਦੀ ਪੁਕਾਰ ਸੁਣਦੋਂ,
ਤੇ ਤਕਦੋਂ ਵਿਧਵਾਂ ਦੇ ਹਾਲ ਭਗਵਨ!

ਤੂੰ ਵੇਖ ਲੈਂਦੋਂ ਓ ਹੂਰਾਂ ਪਰੀਆਂ,
ਜੋ ਖੋਹ ਕੇ ਮੁਸ਼ਟੰਡਿਆਂ ਨੇ ਖੜੀਆਂ,
ਜੋ ਬੇ-ਦਰੇਗ਼ਾਂ ਦੀ ਭੇਟ ਚੜ੍ਹੀਆਂ,
ਜੋ ਸੜੀਆਂ ਗਲ ਲਾ ਕੇ ਬਾਲ ਭਗਵਨ!

ਜੋ ਆਲ੍ਹਣੇ ਏਨ੍ਹਾਂ ਬੁਲਬੁਲਾਂ ਦੇ,
ਬੁਲੰਦ ਥਾਂ ਸਨ ਹੁਲਾਰੇ ਖਾਂਦੇ,
ਕਜ਼ਾ ਨੇ ਉਹ ਉਹ ਤੁਫ਼ਾਨ ਆਂਦੇ,
ਕਿ ਰਲ ਗਏ ਖ਼ਾਕ ਨਾਲ ਭਗਵਨ!

ਤੂੰ ਛੋੜ ਦੇ ਠਾਕੁਰੀ ਹਿੰਡੋਲਾ,
ਪਹਿਨ ਲੈ ਰਿਫ਼ਯੂਜੀਆਂ ਦਾ ਚੋਲਾ,
ਤੂੰ ਦੇਖ ਦੁਖਿਆਰਿਆਂ ਦਾ ਟੋਲਾ,
ਤੇ ਫਿਰਦਾ ਰਹੁ ਨਾਲ ਨਾਲ ਭਗਵਨ!

ਤੂੰ ਅਰਬਾਂ ਖਰਬਾਂ ਦੇ ਤਕ ਉਜਾੜੇ,
ਤੇ ਦੇਖ ਫਿਰਦੇ ਜੋ ਮਾਰੇ ਮਾਰੇ,
ਜੋ ਬੈਠੇ ਹੋਏ ਤੇਰੇ ਸਹਾਰੇ,
ਤੂੰ ਕਰ ਉਨ੍ਹਾਂ ਦੀ ਸੰਭਾਲ ਭਗਵਨ!

ਪਸ਼ੌਰੋਂ ਚਲ ਕੇ ਜੋ ਦਿੱਲੀ ਆਏ,
ਤੇ ਸੂਬਿਆਂ ਵਿਚ ਗਏ ਖਿੰਡਾਏ,
ਬਿਗਾਨੀ ਬੋਲੀ ਤੇ ਥਾਂ ਪਰਾਏ,
ਤੂੰ ਬਾਹੋਂ ਫੜ ਕੇ ਉਠਾਲ ਭਗਵਨ!

ਵਿਰਾਟ ਸੂਰਤ ਤੇਰੀ 'ਚਿ ਸਾਰੇ,
ਅਕਾਸ਼ੋਂ ਟੁਟ ਟੁਟ ਕੇ ਡਿਗਦੇ ਤਾਰੇ,
ਤੂੰ ਦੇਖੇ ਹੋਸਣ ਏ ਸਭ ਨਜ਼ਾਰੇ,
ਵਿਖਾਂਦੇ ਹੋਣੀ ਦੇ ਤਾਲ ਭਗਵਨ!

ਹੈਂ ਤੂੰ ਕੀ ਭਾਰਤ ਦਾ ਜਾਇਆ ਹੋਇਆ,
ਉਸੇ ਦੇ ਦਿਲ ਵਿਚ ਸਮਾਇਆ ਹੋਇਆ,
ਜੇ ਹੈਂ ਦਇਆ ਵਿਚ ਤੂੰ ਆਇਆ ਹੋਇਆ,
ਤਾਂ ਕਰ ਵਿਖਾ ਇਕ ਕਮਾਲ ਭਗਵਨ!

ਤੂੰ ਫੜ ਲੈ ਸ਼ੈਤਾਨ ਦੇ ਭੁਲਾਏ,
ਜੋ ਲਾਲਚਾਂ ਨੇ ਕੁਰਾਹੇ ਪਾਏ,
ਦਿਖਾ ਕੇ ਦੁਰ-ਭਾਗ ਦੇ ਸਤਾਏ,
ਤੂੰ ਦੇਸ਼ ਭਗਤੀ ਸਿਖਾਲ ਭਗਵਨ!

ਜਾਣ ਲਿਆ


ਲੁਕ ਬਹਿਣ ਲਈ ਸੁਰਮਈ ਤੁਸਾਂ,
ਬਾਰੀਕ ਦੁਪੱਟਾ ਤਾਣ ਲਿਆ,
ਪਰ ਜਾਲੀ ਵਿੱਚੋਂ ਦੇਖ ਅਸਾਂ,
ਸਾਰਾ ਰੰਗ ਰੂਪ ਪਛਾਣ ਲਿਆ।

ਜਿਸ ਖੂੰਜੇ ਅੰਦਰ ਵਸਦੇ ਹੋ,
ਉਹ ਹੁਜਰਾ ਏ ਏਸੇ ਬੰਦੇ ਦਾ,
ਘਟ ਘਟ ਵਿਚ ਆਸਣ ਵਿਛਿਆ ਹੈ,
ਇਹ ਭੇਦ ਪੁਰਾਣਾ ਜਾਣ ਲਿਆ।

ਨੂਰਜਹਾਂ ਬਾਦਸ਼ਾਹ ਬੇਗਮ*[13]


ਸ਼ਾਇਰ ਦੀ ਅਰਜ਼[ਧਾਰਨਾ ਮਿਰਜ਼ਾ ਸਾਹਿਬਾਂ

ਧੀ ਸੈਂ ਤੂੰ ਈਰਾਨ ਦੀ, ਹਿੰਦੁਸਤਾਨੀ ਨਾਰ,
ਭੈਣ ਬਣੀ ਪੰਜਾਬ ਦੀ, ਠਾਰਾਂ ਸਾਲ ਗੁਜ਼ਾਰ।

ਪੰਜਾਬਣ ਬਣ ਹਿਸਟਰੀ, ਹੋਈ ਤੇਰੀ ਮਦਾਮ,
ਇਹ ਕੰਮ ਕਰੇਂ ਤਾਂ ਰਹੇਗਾ, ਕਾਇਮ ਤੇਰਾ ਨਾਮ।

ਤੇਰੇ ਸਮੇਂ ਪੰਜਾਬ ਵਿਚ, ਜੋ ਸੀ ਮੇਲ ਮਿਲਾਪ,
ਓਹੋ ਵਕਤ ਵਿਖਾਲ ਦੇ, ਵਿੱਚ ਖਲੋ ਕੇ ਆਪ।

ਹਿੰਦੂ ਮੁਸਲਿਮ ਇੱਕ ਸਨ, ਇੱਕੋ ਮਾਂ ਦੇ ਲਾਲ,
ਜਪਦੇ ਰਾਮ ਰਹੀਮ ਨੂੰ, ਬਹਿ ਕੇ ਨਾਲੋਨਾਲ।

ਪਰ ਇਸ ਵੀਹਵੀਂ ਸਦੀ ਨੇ, ਡਿੱਠੇ ਉਹ ਉਹ ਹਾਲ,
ਸੱਚ ਸ਼ਰਮ ਦਾ ਮਾਰਿਆ, ਮੂੰਹ ਤੇ ਲਏ ਰੁਮਾਲ।

ਇਨਸਾਨੀਅਤ ਇਸ ਤਰ੍ਹਾਂ ਹੋ ਗਈ ਲਹੂ ਲੁਹਾਣ,
ਵਰਕੇ ਭੀ ਤਾਰੀਖ਼ ਦੇ, ਅੱਖਾਂ ਪਏ ਲੁਕਾਣ।

ਸਿਖਰ ਚੜ੍ਹੇ ਇਖ਼ਲਾਕ ਨੂੰ, ਧੁਰ ਥੱਲੇ ਪਟਕਾ,
ਸੋਨੇ ਦੀ ਝਲਕਾਰ ਨੇ, ਲਿਆ ਗ਼ੁਲਾਮ ਬਣਾ।

ਚਿੱਕੜ ਭਰੀਆਂ ਆਤਮਾਂ, ਮੁਰਦਾ ਹੋਏ ਜ਼ਮੀਰ,
ਫਿਰ ਗਈ ਧਰਮ ਇਮਾਨ ਦੀ, ਗਰਦਨ ਤੇ ਸ਼ਮਸ਼ੀਰ।


ਕਿੱਕਲੀ ਕਲੀ


[ਕੁੜੀਆਂ ਦੇ ਕਿੱਕਲੀ ਦੇ ਗੀਤ ਜਾਂ ਖੇਨੂੰ ਖੇਡਣ ਵਾਲੇ ਗੀਤ ਦੀ ਧਾਰਨਾ ਉੱਤੇ]

੧. ਕਿੱਕਲੀ ਕਲੀ,
ਕੁੜੀਓ ਕਿੱਕਲੀ ਕਲੀ,
ਹਾਲੀ ਐਥੇ ਸੀ ਖਲੀ,
ਕਿੱਥੇ ਗਈ ਨੀ ਚਲੀ?
ਨੀ ਆਜ਼ਾਦੀ ਦੀ ਘੜੀ,
ਕਿਸ ਦੇ ਕੋਠੇ ਜਾ ਚੜ੍ਹੀ?
ਕਿਹੜੇ ਡਾਕੂ ਨੇ ਫੜੀ?
ਦਿੱਤੀ ਮੁਹਰੇ ਦੀ ਪੁੜੀ,
ਨੀ ਹਰਾਮ ਦੀ ਕੁੜੀ,
ਨੀ ਬਲੈਕ ਦੀ ਜੁੜੀ।

੨. ਹੁਣ ਤੇ ਓਹੋ ਹੈ ਆਜ਼ਾਦ,
ਜਿਸ ਨੂੰ ਰੱਬ ਨਾ ਬਿਲਕੁਲ ਯਾਦ,
ਜਿਸ ਨੂੰ ਰਿਸ਼ਵਤ ਦਾ ਪਰਸ਼ਾਦ,
ਖਾ ਖਾ ਆਵੇ ਬੜਾ ਸੁਆਦ।

੩.ਕੋਈ ਚਾਚੇ ਦਾ ਜੁਵਾਈ,
ਕੋਈ ਮਾਮੇ ਦਾ ਜੁਵਾਈ,
ਕੋਈ ਸਾਂਢੂ, ਕੋਈ ਸਾਲਾ,
ਕੋਈ ਸਾਲੇ ਦਾ ਵੀ ਸਾਲਾ,
ਸਾਂਭੀ ਜਾਂਦੇ ਠੇਕੇ ਸਾਰੇ,
ਆਪੂੰ ਬੈਠੇ ਰਹਿਣ ਕਿਨਾਰੇ।

੪.ਹੁਣ ਤੇ ਸਾਰੇ ਲੋਕ ਗ਼ੁਲਾਮ,
ਦੁਨੀਆਂ ਪੈਸੇ ਦੀ ਗ਼ੁਲਾਮ,
ਖੁਲ੍ਹਾ ਪੈਸੇ ਦਾ ਬਾਜ਼ਾਰ,
ਸਭ ਨੂੰ ਪੈਸੇ ਨਾਲ ਪਿਆਰ।

੫.ਪੂਰੇ ਦੋ ਹਜ਼ਾਰ ਸਾਲ,
ਦੀ ਗ਼ੁਲਾਮੀ ਦਾ ਉਬਾਲ,
ਰਚ ਗਿਆ ਹੱਡਾਂ ਵਿਚ ਹਰਾਮ,
ਨੀ ਜਮਾਂਦਰੂ ਗ਼ੁਲਾਮ,
ਲੁਟੀ ਜਾਣ ਸਵੇਰੇ ਸ਼ਾਮ,
ਨੀ ਹਰਾਮ ਦੀ ਕੁੜੀ,
ਬੇ-ਈਮਾਨੀ ਦੀ ਜੁੜੀ।

੬.ਅੜੀਓ ਕਿੱਕਲੀ ਕਲੀ,
ਕਿੱਥੇ ਗਈ ਨੀ ਚਲੀ?
ਨੀ ਆਜ਼ਾਦੀ ਦੀ ਘੜੀ,
ਕਿਹੜੀ ਖੂੰਜੇ ਜਾ ਵੜੀ?

ਆਗ਼ਾ ਸਾਹਿਬ*[14]


[ਲਾਹੌਰ ਦੇ ਪ੍ਰਸਿੱਧ ਉਸਤਾਦ "ਆਗ਼ਾ" ਦੇ ਦੇਹਾਂਤ ਸਮੇਂ ਲਿਖੀ ਗਈ ਸੀ]

ਸਾਡੇ ਸੱਜਣਾ! ਰੁੱਠ ਕੇ ਉੱਠ ਤੁਰਿਓਂ,
ਸਾਡੀ ਦੋਸਤੀ ਦਿਲ ਤੋਂ ਭੁਲਾ ਦਿੱਤੀ,
ਤੂੰ ਸ਼ਿੰਗਾਰ ਸੈਂ ਸਾਡੀਆਂ ਮਹਿਫ਼ਲਾਂ ਦਾ,
ਵਿੱਚੋਂ ਚਾਨਣੀ ਸ਼ਮਾ ਬੁਝਾ ਦਿੱਤੀ,
ਤੇਰੀ ਸ਼ਾਨ ਚਮਕਾਇਆ ਸ਼ਾਇਰੀ ਨੂੰ,
ਪਾ ਕੇ ਜਾਨ ਅਸਮਾਨ ਚੜ੍ਹਾ ਦਿੱਤੀ।
ਲਾਹ ਜੰਜਾਲ ਤੇ ਛੱਡ ਧੰਦਾਲ ਸਾਰੇ,
ਜਾ ਨਵੇਕਲੀ ਝੌਂਪੜੀ ਪਾ ਦਿੱਤੀ।
ਬਗ਼ਲੀ ਪਾ ਤੁਰਿਓਂ ਛੱਡ ਯਾਰ ਬੇਲੀ,
ਬਗ਼ਲੀ ਵਿਚ ਹੁਣ ਧੂਣੀ ਰੁਮਾ ਦਿੱਤੀ।
ਰੁੱਝੋਂ ਸੈਰ ਬਹਿਸ਼ਤਾਂ ਦੀ ਖੋਲ੍ਹ ਤਾਕੀ,
ਫ਼ਾਨੀ ਜੱਗ ਦੀ ਝਾਕ ਹਟਾ ਦਿੱਤੀ,
ਕਤਰੇ ਬਹਿਰ ਦਾ ਪਾਇਆ ਵਿਸਾਲ ਜਾ ਕੇ,
ਅਪਣੀ ਬੁਲਬੁਲੇ ਹਸਤੀ ਮਿਟਾ ਦਿੱਤੀ,
ਹੋ ਫ਼ਨਾਹ ਜ਼ੱਰਾ ਆਫਤਾਬ ਬਣਿਆ,
ਆਉਣ ਜਾਣ ਦੀ ਤਾਂਘ ਮੁਕਾ ਦਿੱਤੀ।
ਤੇਰੀ ਮੌਤ ਨੇ ਦਿੱਤੀਆਂ ਖੋਲ੍ਹ ਅੱਖਾਂ,
ਮੌਤ ਸਾਨੂੰ ਭੀ ਯਾਦ ਕਰਵਾ ਦਿੱਤੀ।
ਜਿਹੜੀ ਸ਼ਾਂਨਤੀ ਢੂੰਡਦੇ ਹੋਏ ਬੱਗੇ,
ਤੂੰ ਅਮਾਨਤੀ ਰਮਜ਼ ਸਮਝਾ ਦਿੱਤੀ।


ਤ੍ਰੈ ਮਾਂਵਾਂ


੧.ਪਹਿਲੀ ਮਾਤਾ ਲਛਮੀ ਦੇਵੀ,
ਜਿਸ ਨੇ ਜਣ ਕੇ ਅਕਲ ਸਿਖਾਈ,
ਪੜ੍ਹ ਗੁੜ੍ਹ ਜੋਬਨ ਮਾਣ ਜਵਾਨੀ,
ਉਮਰਾ ਛੱਤੀ ਸਾਲ ਹੰਡਾਈ।
ਓਸੇ ਦੀਆਂ ਅਸੀਸਾਂ ਲੈ ਲੈ,
ਭਲਿਆਂ ਲੋਕਾਂ ਦੀ ਛੁਹ ਪਾਈ,
ਸੁਰਗੀ ਵਾਸਾ ਹੋਵੇ ਸ਼ਾਲਾ,[15]
ਮਾਨੁਖਤਾ ਜਿਸ ਪਾਸੋਂ ਆਈ।

੨.ਦੂਜੀ ਅੱਮਾਂ ਭਾਰਤ ਮਾਤਾ,
ਜਿਸ ਦੀ ਮਿੱਟੀ ਮੈਨੂੰ ਜਣਿਆ,
ਉਸ ਦੀ ਭਗਤੀ ਕਰਦਾ ਕਰਦਾ,
ਮੈਂ ਪੰਜਾਬੀ ਸ਼ਾਇਰ ਬਣਿਆ।
ਏਕੇ ਤੇ ਇਤਫ਼ਾਕ ਕਰਾਂਦਿਆਂ,
ਸਾਰੀ ਉਮਰ ਬੀਤ ਗਈ ਮੇਰੀ,
ਓੜਕ ਦੁਧ ਵਿਚ ਕਾਂਜੀ ਪੈ ਗਿਆ,
ਪਾਕਿਸਤਾਨੀ ਫ਼ਿਤਨਾ ਛਣਿਆ।


੩.ਤੀਜੀ ਮਾਂ ਪੰਜਾਬੀ ਬੋਲੀ,
ਬਚਪਨ ਵਿਚ ਮਾਂ ਪਾਸੋਂ ਸਿੱਖੀ,
ਧੋਤੀ, ਮਾਂਜੀ, ਪਹਿਨੀ-ਪਚਰੀ,
ਨਜ਼ਮ ਨਸਰ ਬੋਲੀ ਤੇ ਲਿੱਖੀ।
ਮਤਰੇਈਆਂ ਨੂੰ ਪਰੇ ਹਟਾ ਕੇ,
ਪਟਰਾਣੀ ਨੂੰ ਤਖ਼ਤ ਬਹਾਇਆ,
ਏਹੋ ਜਿਹੀ ਮਨੋਹਰ ਮਿੱਠੀ,
ਹੋਰ ਕੋਈ ਬੋਲੀ ਨਹੀਂ ਡਿੱਠੀ।

ਦਾਤਾ ਨੂੰ


੧.ਦਾਤਾ! ਦੇਵੇਂ ਦਾਤਾਂ,
ਚੰਗ ਸੁ-ਚੰਗੀਆਂ,
ਖ਼ਲਕਤ ਖਾਏ ਖ਼ੁਰਾਕਾਂ, ਮੂੰਹੋਂ ਮੰਗੀਆਂ,
ਪਹਿਨਣ ਲਈ ਪੁਸ਼ਾਕਾਂ, ਰੰਗ-ਬਰੰਗੀਆਂ,
ਹੁੰਦੀ ਤੇਰੇ ਦਾਨ ਨਾਲ ਕਲਿਆਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੨.ਇਕਨਾਂ ਦੇ ਘਰ ਗਾਈਂ ਮਹੀਂ ਲਵੇਰੀਆਂ,
ਫ਼ਸਲਾਂ ਹਰੀਆਂ, ਨਾਲ ਅੰਨ ਦੀਆਂ ਢੇਰੀਆਂ,
ਉੱਚੇ ਉੱਚੇ ਮਹਿਲ, ਹਵੇਲੀਆਂ ਘੇਰੀਆਂ,
ਲੋਹ ਲੰਗਰ ਵਿਚ ਪੱਕ ਰਿਹਾ ਪਕਵਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੩.ਇਕਨਾਂ ਦਾ ਇਕਬਾਲ ਤੇ ਕਾਰੋਬਾਰ ਹੈ,
ਦੌਲਤ ਦਾ ਭੰਡਾਰ, ਚੜ੍ਹਨ ਨੂੰ ਕਾਰ ਹੈ,
ਨੌਕਰ ਖ਼ਿਦਮਤਗਾਰ ਤੇ ਸੁੰਦਰ ਨਾਰ ਹੈ,
ਪੁੱਤਰ ਆਗਿਆਕਾਰ, ਨੇਕ ਸੰਤਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ

੪.ਇਕ ਪੀਂਦੇ ਨੇ ਚਾਹਾਂ, ਲਾ ਲਾ ਸ਼ੁਰਕੀਆਂ,
ਕੇਕ ਪੇਸਟ੍ਰੀ ਖਾਂਦੇ, ਭਰ ਭਰ ਬੁਰਕੀਆਂ,
ਇਕ ਮੰਗਦੇ ਨੇਂ ਚਾਹ ਤੇ ਪੈਂਦੀਆਂ ਘੁਰਕੀਆਂ,
ਜੋ ਤੈਨੂੰ ਮਨਜ਼ੂਰ ਸੋਈ ਪਰਵਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੫.ਇਕ ਤਖ਼ਤਾਂ ਤੇ ਬੈਠੇ ਰਾਜ ਕਮਾਉਂਦੇ,
ਇਕ ਪਿਛਵਾੜ ਖਲੋਤੇ, ਛਤਰ ਝੁਲਾਉਂਦੇ,
ਇਕ ਅਗਵਾੜੇ ਨਸਦੇ ਭੀੜ ਹਟਾਉਂਦੇ,
ਇਕ ਫਾਟਕ ਨੂੰ ਫੜੀ ਖੜਾ ਦਰਬਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੬.ਇਕ ਉਜੜੇ ਹੋਏ ਧੰਨੀ ਪੋਠੋਹਾਰ ਦੇ,
ਇਕ ਲੁੱਟੇ ਹੋਏ ਲਹਿੰਦੇ ਗੰਜੀ ਬਾਰ ਦੇ,
ਸ਼ਾਹੂਕਾਰ ਨਿਥਾਵੇਂ ਅਟਕੋਂ ਪਾਰ ਦੇ,
ਮਿਲ ਗਈ ਮਿੱਟੀ ਨਾਲ ਜਿਨ੍ਹਾਂ ਦੀ ਸ਼ਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੭.ਲੱਖਾਂ ਬਾਲ ਯਤੀਮ ਤੇ ਵਿਧਵਾ ਨਾਰੀਆਂ,
ਖੜੀਆਂ ਖੋਹ ਜਵਾਨ ਤੇ ਕੰਜਕਾਂ ਕੁਆਰੀਆਂ,
ਫਿਰਨ ਰੁਲਦੀਆਂ ਥਾਂ ਥਾਂ, ਕਿਸਮਤ ਮਾਰੀਆਂ,
ਜਿੱਨ੍ਹਾਂ ਭਾਣੇ ਟੁੱਟ ਪਿਆ ਅਸਮਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੮.ਕਿਸਮਤ ਵਾਲੇ ਕਈ, ਅਡੋਲ ਬਚਾਏ ਤੂੰ,
ਔਣ ਨ ਦਿੱਤਾ ਸੇਕ, ਤੇ ਘਰ ਅਪੜਾਏ ਤੂੰ,
ਘੁੰਮਣ ਘੇਰੋਂ ਫੜ ਫੜ ਬੰਨੇ ਲਾਏ ਤੂੰ,
ਬੰਦਿਆਂ ਦੇ ਸਿਰ ਬੜਾ ਤੇਰਾ ਅਹਿਸਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੯.ਇਕ ਰਿਫ਼ਯੂਜੀ ਤਰਸਨ ਮੰਜੀ ਥਾਂ ਨੂੰ,
ਧੁੱਪੋਂ ਮੀਹੋਂ ਬਚਾਵੀਂ ਛੱਪਰ ਛਾਂ ਨੂੰ,
ਨਾ ਲੱਭੇ ਕੋਈ ਕਾਰ ਤੇ ਰੋਜ਼ੀ ਨਾਂ ਨੂੰ,
ਨਾਂ ਕੋਈ ਥੜ੍ਹਾ ਦੁਕਾਨ ਨ ਕੋਈ ਮਕਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੧੦.ਇਕਨਾਂ ਨੂੰ ਤੜਫਾਇਆ ਬੇ-ਰੁਜ਼ਗਾਰੀਆਂ,
ਆ ਪਈਆਂ ਪਰਦੇਸ ਮੁਸ਼ਕਲਾਂ ਭਾਰੀਆਂ,
ਪਿੱਛੇ ਕਰਦੇ ਆਏ ਕੋਠੀ-ਦਾਰੀਆਂ,
ਮੱਥੇ ਦੀ ਤਕਦੀਰ ਬੜੀ ਬਲਵਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੧੧.ਕਈ ਟੋਕਰੀ ਫੜੀ, ਮਜੂਰੀ ਭਾਲਦੇ,
ਕਈ ਘਾਲਣਾਂਂ ਘਾਲ, ਅੰਞਾਣੇ ਪਾਲਦੇ,
ਫਿਰਨ ਕਈ ਕੰਗਾਲ, ਸੁਦਾਮਾ ਨਾਲ ਦੇ,
ਮਗਰ ਜਿਨ੍ਹਾਂ ਦੇ ਖੜਾ ਕ੍ਰਿਸ਼ਨ ਭਗਵਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।

੧੨.ਇਕਨਾਂ ਦੇ ਮਨ ਭਾਉ, ਭਗਤ ਕਰਤਾਰ ਦੇ,
ਬੇਰੀ ਵਾਂਗਰ ਝੁਕਦੇ, ਨਾਲ ਪਿਆਰ ਦੇ,
ਦੁਖੀ ਗ਼ਰੀਬਾਂ ਉੱਤੇ ਝਾਤੀ ਮਾਰਦੇ,
ਪ੍ਰੇਮ ਗਲੀ ਦੇ ਰਾਹੀ, ਮਨ ਮਸਤਾਨ ਹੈ,
ਭਗਵਨ! ਤੇਰਾ ਮੰਗਤਾ ਸਗਲ ਜਹਾਨ ਹੈ।


ਗੁਲਾਬ ਦਾ ਫੁੱਲ


ਮੈਂ ਖੇੜੂ ਫੁੱਲ ਗੁਲਾਬ ਦਾਟੇਕ

੧.ਮੱਖੀਆਂ ਨੂੰ ਮੈਂ ਸ਼ਹਿਦ ਚੁੰਘਾਵਾਂ,
ਸੁਹਣਿਆਂ ਦੀ ਮੈਂ ਸੇਜ ਸਜਾਵਾਂ,
ਟਹਿਲ ਕਮਾਵਾਂ, ਘਰ ਤੁਰ ਜਾਵਾਂ,
ਦਾਈਆ ਮੇਰਾ ਉਕਾਬ ਦਾ,
ਮੈਂ ਖੇੜੂ ਫੁੱਲ ਗੁਲਾਬ ਦਾ।

੨.ਮੂੰਹ ਮੇਰੇ ਦਾ ਰੰਗ ਗੁਲਾਬੀ,
ਉੱਚਾ ਹੋਵਾਂ ਬਹੁਤ ਸ਼ਤਾਬੀ,
ਮਾਂ ਮੇਰੀ ਭਾਰਤ ਦੇ ਸਿਰ ਤੇ,
ਛਤਰ ਝੁਲੇ ਪੰਜਾਬ ਦਾ,
ਮੈਂ ਖੇੜੂ ਫੁੱਲ ਗੁਲਾਬ ਦਾ।

੩.ਅਸਲਾ ਮੇਰਾ ਅਰਸ਼ੀ ਜਾਣਾ,
ਸਭ ਦੁਨੀਆਂ ਤੇ ਝਾਤੀ ਪਾਣਾ,
ਦੁਖੀਆਂ ਨੂੰ ਆਰਾਮ ਪੁਚਾਣਾ,
ਕਰਨਾ ਕੰਮ ਸਵਾਬ ਦਾ,
ਮੈਂ ਖੇੜੂ ਫੁੱਲ ਗੁਲਾਬ ਦਾ।

੪.ਮੈਂ ਹਾਂ ਅਮਨ ਚੈਨ ਦਾ ਹਾਮੀ,
ਮੂਲ ਨ ਕਰਾਂ ਪਸੰਦ ਗ਼ੁਲਾਮੀ,
ਤਰਸਾਂ ਜੇ ਤਾਕਤ ਮਿਲ ਜਾਵੇ,
ਮੈਂ ਕਢ ਦਿਆਂ ਗੰਦ ਸਮਾਜ ਦਾ,
ਮੈਂ ਖੇੜੂ ਫੁੱਲ ਗੁਲਾਬ ਦਾ।


ਬੇਈਂ ਹੋ ਗਈ ਬੇਈਮਾਨ


ਇੰਦਰ ਰਾਜ ਕ੍ਰੋਧ ਵਿਚ ਆਇਆ,
ਬਦਲਾਂ ਦਾ ਲਸ਼ਕਰ ਸਦਵਾਇਆ,
ਚਲਾ ਗਿਆ ਅੰਗ੍ਰੇਜ਼ੀ ਪਹਿਰਾ,
ਪਰ ਫਿਰ ਭੀ ਪੰਜਾਬੇ ਅੰਦਰ,
ਲੜ ਲੜ ਮਰਨੋਂ ਬਾਜ਼ ਨ ਆਏ,
ਹਿੰਦੂ, ਸਿਖ ਤੇ ਮੁਸਲਮਾਨ।

ਹੁਕਮ ਚੜ੍ਹਾਇਆ: ਕੱਠੇ ਹੋ ਕੇ
ਵਰਖਾ ਕਰੋ ਜ਼ੋਰ ਦੀ ਐਨੀ,
ਰੁੜ੍ਹ ਪੁੜ੍ਹ ਜਾਵਣ ਸਭ ਸ਼ੈਤਾਨ।
ਬਦਲਾਂ ਨੇ ਗੁੱਸੇ ਵਿਚ ਆ ਕੇ,
ਲੈ ਆਂਦਾ ਐਨਾ ਤੂਫਾਨ।
ਨਦੀਆਂ ਨਾਲੇ ਚੜ੍ਹ ਚੜ੍ਹ ਆਏ,
ਕੰਢੇ ਦੰਦੇ ਤੋੜੀ ਜਾਣ।

ਬੇਈਂ ਨਦੀ ਕਪੂਰਥਲੇ ਦੀ,
ਜਿਸ ਨੇ ਕਿਸੇ ਜ਼ਮਾਨੇ ਅੰਦਰ,

ਗੁਰ ਨਾਨਕ ਨੂੰ ਤਿੰਨ ਦਿਹਾੜੇ,
ਗੋਦੀ ਵਿੱਚ ਛੁਪਾਈ ਰਖਿਆ,
ਇਸ ਵਰਖਾ ਦੀ ਕਾਂਗ ਦੇ ਅੰਦਰ,
ਰੋੜ੍ਹ ਲੈ ਗਈ ਲੱਖਾਂ ਜਾਨਾਂ,
ਡੰਗਰ ਵੱਛਾ ਤੇ ਇਨਸਾਨ।
ਬੇਈਂ ਹੋ ਗਈ ਬੇ-ਈਮਾਨ।

ਨਾ ਤੱਕਿਆ ਉਸ ਤੀਮਤ ਬੱਚਾ,
ਨਾ ਤੱਕਿਆ ਉਸ ਬਿਰਧ ਜਵਾਨ।
ਮੱਝੀਂ ਗਾਈਂ ਭੇਡ ਬਕਰੀਆਂ,
ਲਦੇ ਲਦਾਏ ਸਮਾਨੀ ਗੱਡੇ,
ਕਪੜੇ ਲੀੜੇ ਦੇ ਸੰਦੂਕ,
ਚਰਖੇ, ਮੰਜੇ, ਭਾਂਡੇ, ਬਰਤਨ,
ਕੁੱਕੜੀਆਂ ਦੇ ਭਰੇ ਟੋਕਰੇ,
ਆਟਾ ਕੋਟਾ ਮਿਰਚ ਮਸਾਲਾ,
ਸਭ ਸ਼ੈ ਹੋਈ ਵਿਰਾਨ।

ਨਾ ਤੱਕਿਆ ਉਸ ਜੰਞੂ ਟਿੱਕਾ,
ਨਾ ਦੇਖੇ ਉਸ ਤਸਬੀ ਮਾਲਾ,
ਕੱਛ, ਕੜਾ, ਕਿਰਪਾਨ,
ਮਜ਼ਹਬ ਧਰਮ ਇਮਾਨ,
ਨਾ ਇਨਸਾਨ, ਨਾ ਹੈਵਾਨ,
ਬੇਈਂ ਹੋ ਗਈ ਬੇ-ਈਮਾਨ।

ਪਾਣੀ ਦੇ ਧੱਕੇ ਵਿਚ ਚੜ੍ਹ ਕੇ,
ਕੁਝ ਨਾ ਕੀਤੀ ਗਈ ਸੰਭਾਲ,
ਅੱਠ ਪਹਿਰ ਦੀ ਵਰਖਾ ਅੰਦਰ,
ਬੇਈਂ ਫੈਲੀ ਮੀਲਾਂ ਤੀਕਰ,
ਰੇਲ ਪਟੜੀਆਂ ਭੀ ਹਿਲ ਗਈਆਂ,
ਪੁਲ ਦਾ ਭੀ ਕਾਫ਼ੀ ਨੁਕਸਾਨ।
ਬੇਈਂ ਹੋ ਗਈ ਬੇ-ਈਮਾਨ।

ਅਗਲੇ ਦਿਨ ਜਦ ਪਾਣੀ ਲੱਥੇ,
ਮੀਲਾਂ ਵਿੱਚ ਬਰੇਤਾ ਨੰਗਾ,
ਲੱਖਾਂ ਲਾਸ਼ਾਂ ਲੇਟੀਆਂ ਪਈਆਂ,
ਬੰਦਿਆਂ ਨਾਲੋਂ ਡੰਗਰ ਬਹੁਤੇ,
ਹੋਰ ਬਿਅੰਤ ਸਮਾਨ।
ਲੱਖਾਂ ਦਾ ਨੁਕਸਾਨ,
ਹੇ ਮੇਰੇ ਭਗਵਾਨ!

ਮੱਛ ਕੱਛ ਸੰਸਾਰ ਤੇਂਦਵੇ,
ਭਰ ਭਰ ਬੁਰਕ ਡਕਾਰੀ ਜਾਨ,
ਬੇਈਂ ਹੋ ਗਈ ਬੇ-ਈਮਾਨ।
ਦੇਖ ਕੇ ਹੋਣੀ ਦੇ ਇਹ ਕਾਰੇ,
ਬੰਦਾ ਹੋ ਜਾਵੇ ਹੈਰਾਨ।
ਹੇ ਭਗਵਾਨ, ਹੇ ਭਗਵਾਨ!
ਤੂੰਹੇਂ ਜਾਣੇਂ ਤੇਰੀ ਸ਼ਾਨ।


ਪਪੀਹਾ


"ਪੀ ਪੀ" ਸਦਾ ਪੁਕਾਰਨ ਵਾਲੇ,
ਨੈਣਾਂ ਦੇ ਮਤਵਾਲੇ,
ਚੜ੍ਹੀ ਖ਼ੁਮਾਰੀ ਖੀਵੇ ਹੋ ਗਏ,
ਪੀ ਪੀ ਪ੍ਰੇਮ-ਪਿਆਲੇ।
ਨਰਗਸ ਨਿਗਾਹ ਪਈ ਦਾਤੇ ਦੀ,
ਬੇੜਾ ਲਗ ਗਿਆ ਬੰਨੇ,
ਨਦਰਿ ਨਿਹਾਲ ਹੋ ਗਿਆ ਚਾਤ੍ਰਿਕ,
ਤੱਕਿਆ ਨੈਣਾਂ ਵਾਲੇ।

ਚਾਤਕ ਚੁਭਕ ਪਿਰੰਮ ਦੀ,
ਪੀ ਪੀ ਕਰੇ ਪੁਕਾਰ,
ਸ੍ਵਾਂਤਿ ਬੂੰਦ ਜਦ ਆ ਮਿਲੀ,
ਬੇੜਾ ਹੋ ਗਿਆ ਪਾਰ।

ਅਗੇਰੇ


[ਕੌਮੀ ਗੀਤ

ਵਧੀ ਚਲ ਅਗੇਰੇ ਵਧੀ ਚਲ ਅਗੇਰੇ।ਟੇਕ

੧.ਮੇਰੇ ਸ਼ੇਰ ਦਿਲ ਹਿੰਦੀਆ! ਨੌਜਵਾਨਾ!
ਖੜਾ ਹੋਕੇ ਭਾਰਤ ਦਾ ਛੋਹ ਦੇ ਤਰਾਨਾ।
ਗ਼ੁਲਾਮੀ ਗਈ, ਹੁਣ ਨਵਾਂ ਹੈ ਜ਼ਮਾਨਾ,
ਬੜੀ ਜਿੰਮੇਂਵਾਰੀ ਏ ਤੇਰੇ ਚੁਫੇਰੇ,
ਵਧੀ ਚਲ ਅਗੇਰੇ, ਵਧੀ ਚਲ ਅਗੇਰੇ।

੨.ਕਿਸਾਨਾ! ਮਜੂਰਾ! ਤ੍ਰਖਾਣਾ! ਲੁਹਾਰਾ!
ਮੇਰੇ ਕਸਬੀਆ! ਕਿਰਤੀਆ! ਦਸਤਕਾਰਾ!
ਤੂੰ ਹੈਂ ਦੇਸ ਦਾ ਆਸਰਾ ਤੇ ਸਹਾਰਾ,
ਏ ਰੌਣਕ ਤੇ ਦੌਲਤ ਵਧੇ ਨਾਲ ਤੇਰੇ,
ਵਧੀ ਚਲ ਅਗੇਰੇ, ਵਧੀ ਚਲ ਅਗੇਰੇ।

੩.ਤੂੰ ਸ਼ੂਦਰ ਨਹੀਂ, ਤੇਰਾ ਪਿੰਡਾ ਏ ਸੁੱਚਾ,
ਤੂੰ ਨੀਵਾਂ ਨਾ ਹੋ, ਤੇਰਾ ਦਰਜਾ ਏ ਉੱਚਾ,
ਕਮੀਣਾਂ ਦਾ ਬਾਣਾ ਬਦਲ ਦੇ ਸਮੁੱਚਾ,
ਤੂੰ ਲੀੜੇ ਪਹਿਨ ਸਾਊਆਂ ਤੋਂ ਚੰਗੇਰੇ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ।

੪.ਤੇਰਾ ਦੇਸ ਅਪਣਾ, ਹਕੂਮਤ ਵੀ ਤੇਰੀ,
ਇਹ ਤਾਕਤ, ਲਿਆਕਤ ਤੇ ਹਿੰਮਤ ਵੀ ਤੇਰੀ,
ਇਹ ਧਰਤੀ ਤਲੇ ਦੱਬੀ ਦੌਲਤ ਵੀ ਤੇਰੀ,
ਦਫ਼ਾ ਹੋ ਚੁਕੇ ਨੇਂ ਫ਼ਰੰਗੀ ਲੁਟੇਰੇ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ।

੫.ਤੇਰੀ ਧਰਤਿ ਅੰਨਾਂ ਧਨਾਂ ਦਾ ਭੰਡਾਰਾ,
ਇਹ ਫ਼ਸਲਾਂ, ਇਹ ਮੇਵੇ, ਇਹ ਸਬਜ਼ੀ, ਇਹ ਚਾਰਾ,
ਤੇਰੇ ਡੌਲਿਆਂ ਦਾ ਨਜ਼ਾਰਾ ਇਹ ਸਾਰਾ,
ਤੂੰਹੇਂ ਢੇਰ ਲਾਏ ਉਚੇਰੇ ਉਚੇਰੇ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ।

੬.ਜੇ ਸਰਮਾਏਦਾਰੀ ਹੈ, ਤਾਂ ਕੀ ਹੈ? ਡਰ ਨਾ,
ਹੈ ਬਹੁ-ਗਿਣਤੀ ਤੇਰੀ, ਕੋਈ ਫ਼ਿਕਰ ਕਰ ਨਾ,
ਵਗਾਰਾਂ ਤੇ ਚੱਟੀ, ਕੋਈ ਟੈਕਸ ਭਰ ਨਾ,
ਫ਼ਤੇ ਤੇਰੀ ਹੋਸੀ ਅਵੇਰੇ ਸਵੇਰੇ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ।

੭.ਤੇਰੀ ਗਿਣਤੀ ਨੱਬੇ ਤੇ ਦਸ ਖਾਊਆਂ ਦੀ,
ਤੇਰੀ ਸ਼ਾਨ ਉੱਚੀ, ਹਿਠਾਂਹ ਸਾਊਆਂ ਦੀ,
ਤੇਰੇ ਪੈਰਾਂ ਥੱਲੇ ਹੈ ਤਾਕਤ ਦੁਹਾਂ ਦੀ,
ਓ ਥੋੜੇ ਜਿਹੇ ਤੇ ਤੁਸੀ ਹੋ ਵਧੇਰੇ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ।


ਜੋੜੀ


ਵਾਹ ਨੈਣਾਂ ਦੀ ਜੋੜੀਟੇਕ
ਨਰਗਸ ਵਾਂਗ ਧਰੂਹਾਂ ਪਾਂਦੇ,
ਕਮਲ ਵਾਂਗ ਖਿੜ ਚਿੱਤ ਚੁਰਾਂਦੇ,
ਪਲਕਾਂ ਨਾਲ ਤੀਰ ਵਰਸਾਂਦੇ,
ਧਸਣ ਕਲੇਜੇ ਤੋੜੀ।
ਵਾਹ ਨੈਣਾਂ ਦੀ ਜੋੜੀ।

ਹਰਨ ਵਾਂਗ ਉਭਰੇ ਅਧਗੋਲੇ,
ਨਚਦੇ ਟਪਦੇ ਵਾਂਗ ਮਮੋਲੇ,
ਭਵਾਂ ਕਮਾਨਾਂ ਨਿਗਹ ਕਟਾਰਾਂ,
ਜਾਂਦੇ ਧੌਣ ਮਰੋੜੀ।
ਵਾਹ ਨੈਣਾਂ ਦੀ ਜੋੜੀ।

ਅੰਮ੍ਰਤ-ਛੰਨੇ ਛੁਲਕੇ ਡੁਲ੍ਹੇ,
ਮਸਤੀ ਦੇ ਮੈ-ਖ਼ਾਨੇ ਖੁਲ੍ਹੇ,
ਸਾਕੀ ਵਰਤਾਵੇ ਤਿੰਨ ਰੰਗੀ,
ਵੰਡੇ ਥੋੜੀ ਥੋੜੀ।
ਵਾਹ ਨੈਣਾਂ ਦੀ ਜੋੜੀ।

ਦੋ ਨੈਣਾਂ ਦੇ ਕੋਹੇ ਆਏ,
ਬਿਰਹ ਸਤਾਏ ਦਰਸ ਤਿਹਾਏ,
ਮਿਲੇ ਨਿਗਾਹ ਨੈਣਾਂ ਵਾਲੇ ਦੀ,
ਬਹੁਮੁੱਲੀ ਬਹੁਲੋੜੀ।
ਵਾਹ ਨੈਣਾਂ ਦੀ ਜੋੜੀ।

ਜਵਾਹਰ ਲਾਲ ਨਹਿਰੂ


ਜਿਸ ਜੋਧੇ ਨੇ ਜਿੱਤਿਆ, ਦੁਨੀਆਂ ਦਾ ਸਨਮਾਨ,
ਨਹਿਰੂ ਹੀਰਾ ਹਿੰਦ ਦਾ, ਸਚਮੁਚ ਦਾ ਇਨਸਾਨ।

ਨਿਰਭਯ ਤੇ ਨਿਰਵੈਰ ਜਨ, ਨੀਤੀ ਦਾ ਭੰਡਾਰ,
ਗਾਂਧੀ ਜੀ ਦੇ ਮਰਮ ਦਾ, ਸੱਚਾ ਪੈਰੋਕਾਰ।

ਗਾਂਧੀ ਜੀ ਨੇ ਕਰ ਲਿਆ, ਜਾ ਬੈਕੁੰਠ ਨਿਵਾਸ,
ਸਭ ਮਨਸੂਬੇ ਰਹਿ ਗਏ, ਨਹਿਰੂ ਜੀ ਦੇ ਪਾਸ।

ਜਿਸ ਨੇ ਗੋਵਰਧਨ ਜਿਹਾ, ਭਾਰ ਲਿਆ ਸੰਭਾਲ,
ਇੱਕ ਜਵਾਹਰ ਲਾਲ ਹੈ, ਭਾਰਤ ਮਾਂ ਦਾ ਲਾਲ।

ਦੋਹਿਰੇ


੧.ਹੁਸਨ-ਬਾਗ਼ ਵਿਚ ਸੂਰਤਾਂ, ਖਿੱਚਣ ਲੱਖ ਧਿਆਨ,
ਵੇਖ ਮੁਸੱਵਰ ਦੀ ਕਲਮ, ਮੈਂ ਜਾਵਾਂ ਕੁਰਬਾਨ।

੨.ਦਮ ਦਮ ਵਿਚ ਦਾਤਾ ਸਿਮਰ, ਦਮ ਦਾ ਕੀ ਵਿਸ਼ਵਾਸ?
ਖਬਰੇ ਏਹੋ ਸਾਸ ਹੀ, ਹੋਇ ਅਖ਼ੀਰੀ ਸਾਸ।

੩.ਕਦਰ ਬੜੀ ਹੈ ਸੱਚ ਦੀ, ਪਰ ਇਹ ਰਹੇ ਖ਼ਿਆਲ,
ਸੱਚਾ ਹੋਣਾ ਚਾਹੀਏ, ਅਪਣੇ ਆਪੇ ਨਾਲ।

੪.ਤੂੰਹੇਂ ਸੱਚੋ ਸੱਚ ਕਹੁ, ਕਰ ਇਹ ਹੱਲ ਸਵਾਲ,
ਕਿਸ ਨੇ ਇਸ਼ਕ ਸਹੇੜਿਆ, ਅਪਣੀ ਮਰਜ਼ੀ ਨਾਲ।

੫.ਬੈਠੇ ਬੈਠੇ ਰੱਬ ਨੂੰ, ਕੁੱਦ ਪਿਆ ਸੌਦਾ,
ਦੁਨੀਆਂ ਰਚ ਕੇ ਲਾਹ ਲਿਆ, ਆਪ ਇਸ਼ਕ ਦਾ ਚਾ।

੬.ਤੋਰਨ ਲੱਗਿਆਂ ਕੰਨ ਵਿਚ, ਫੂਕ ਇਸ਼ਕ ਦੀ ਮਾਰ,
ਫਿਰ ਕਿਉਂ ਆਖੇਂਂ ਨਾ ਕਰੀਂ, ਹੁਸਨੇ ਨਾਲ ਪਿਆਰ?

੭.ਕੱਛੂ ਚਾਲੇ ਤੁਰ ਪਏ, ਆਸ਼ਿਕ ਧਰ ਕੇ ਆਸ,
ਜ਼ੱਰੇ ਦੇ ਮਨ ਦੀ ਲਗਨ, ਪਹੁੰਚਾਂ ਸੂਰਜ ਪਾਸ।

੮.ਬਾਹਰ ਕੀ ਹੈਂ ਭਾਲਦਾ? ਅਪਣਾ ਅੰਦਰ ਫੋਲ,
ਤੇਰੀ ਲੈਲਾ ਮਜਨੂਆ! ਬੈਠੀ ਤੇਰੇ ਕੋਲ,

੯.ਬੇਹੇ ਪੁਰਾਣੇ ਤਜਰਬੇ, ਐਵੇਂ ਸੁੱਟ ਨ ਪਾ,
ਮਾਲੀ ਵਾਂਗ ਪਨੀਰੀਆਂ, ਨਵੀਆਂ ਲਾਈ ਜਾ।

ਬੋਲੀਆਂ


੧.ਜਦੋਂ ਖੁੱਲ ਗਈ ਹੁਸਨ ਪਟਾਰੀ,
ਪ੍ਰੇਮ ਨੇ ਸਰੂਪ ਧਾਰਿਆ।

੨.ਤੇਰੇ ਨਾਲ ਦੇ ਤੁਰੇ ਸਭ ਜਾਂਦੇ,
ਤੈਨੂੰ ਕਿਸੇ ਸੱਦਿਆ ਨਹੀਂ?

੩.ਸਚ ਸਾਰਿਆਂ ਦੁਖਾਂ ਦਾ ਦਾਰੂ,
ਝੂਠ ਦੇ ਤੇ ਪੈਰ ਹੀ ਨਹੀਂ।

੪.ਜੇ ਨਿਰਾਸ਼ ਤੂੰ ਕਦੇ ਨਾ ਹੋਵੇਂ,
ਰੱਬ ਨੂੰ ਵੀ ਲੱਭ ਲਏਂਗਾ।

੫.ਛਡ ਦੇਈਂ ਨਾ ਤਲਾਸ਼ ਦਾ ਪੱਲਾ,
ਸੱਚ ਤੇ ਗੁਆਚਦਾ ਨਹੀਂ।

੬.ਝੂਠ ਕੰਬਦਾ ਖੁੱਡੀਂ ਛਿਪ ਜਾਵੇ,
ਚੰਦ ਜਦੋਂ ਸਚ ਦਾ ਚੜ੍ਹੇ।

੭.ਤੇਰੇ ਪਿਆਰ ਤੇ ਮਿਲਾਪ ਦੀਆਂ ਘੜੀਆਂ,
ਮੁੜ ਮੁੜ ਯਾਦ ਆਂਦੀਆਂ।

੮.ਤੇਰੇ ਨਾਮ ਦੀ ਯਾਦ ਨਾ ਭੁੱਲੇ,
ਸਚ ਦੇ ਕਪਾਟ ਖੋਲ੍ਹ ਦੇ।

੯.ਨਾਮ ਯਾਦ ਤੇ ਸਚਾਈ ਤਿੰਨੇ,
ਬੰਦੇ ਨੂੰ ਸੁਰਾਹੇ ਪਾਉਂਦੇ।


ਚਉਬਰਗੇ


ਬਿਰਲੇ, ਟਾਟੇ, ਦਾਲਮੀਏ ਨੇ,
ਰਲ ਕੇ ਏਕਾ ਕੀਤਾ,
ਵਡੇ ਵਡੇ ਅਖ਼ਬਾਰਾਂ ਨੂੰ,
ਕੁਝ ਦੇ ਕੇ ਮੁਲ ਲੈ ਲੀਤਾ।
ਧਨ ਭੀ ਅਪਣਾ, ਪ੍ਰੈਸ ਭੀ ਅਪਣਾ,
ਬਾਕੀ ਰਹਿ ਗਏ ਕਾਮੇ,
ਮੁੱਠ ਗਰਮ ਕਰ ਵੋਟ ਲੈ ਲਿਆ,
ਮੂੰਹ ਉਹਨਾਂ ਦਾ ਸੀਤਾ।




ਰੱਬਾ ਤੂੰ ਵੀ ਚੰਗਾ ਰੱਬ ਹੈਂ,
ਭੇਦ ਨ ਕੁਝ ਸਮਝਾਇਆ,
ਰੋਟੀ ਰਿਜ਼ਕ ਪਚਾਨਵਿਆਂ ਦਾ,
ਪੰਜਾਂ ਦੇ ਵਸ ਪਾਇਆ।
ਸਾਰਾ ਧਨ ਸਰਮਾਏਦਾਰਾਂ,
ਲਛਮੀ ਤੋਂ ਖੋਹ ਲੀਤਾ,
ਤੂੰ ਕਿਉਂ ਸਾਰੀ ਜਨਿਤਾ ਦੀ,
ਰੋਜ਼ੀ ਦਾ ਫ਼ਿਕਰ ਭੁਲਾਇਆ?


ਕਦੋਂ ਤਕ


ਇਹ ਸੁਖ ਦਾ ਸੰਸਾਰ ਕਦੋਂ ਤਕ, ਖਿੜੀ ਬਸੰਤ ਬਹਾਰ ਕਦੋਂ ਤਕ,
ਸੁਹਣਿਆਂ ਦੀ ਸਰਕਾਰ ਕਦੋਂ ਤਕ, ਜੋਬਨ ਦਾ ਹੰਕਾਰ ਕਦੋਂ ਤਕ?

ਵਸਦੀ ਰਸਦੀ ਦੁਨੀਆਂ ਅੰਦਰ, ਐਨੀ ਮਾਰੋ ਮਾਰ ਕਦੋਂ ਤਕ,
ਲਾਲਚ ਦਾ ਬੀਮਾਰ ਕਦੋਂ ਤਕ, ਤਾਕਤ ਦਾ ਹਥਿਆਰ ਕਦੋਂ ਤਕ?

ਅਸ਼ਰਾਫ਼ਤ, ਤੇ ਇਨਸਾਨੀਅਤ, ਨਿਰਮਲ ਜੋਤ, ਪਵਿੱਤਰ ਹਿਰਦਾ,
ਸ਼ੈਤਾਨੀ ਦੇ ਕਾਬੂ ਆਇਆ, ਚੜ੍ਹਿਆ ਰਹੂ ਖ਼ੁਮਾਰ ਕਦੋਂ ਤਕ?

ਬੰਦੇ ਦੇ ਸਿਰ ਜਗਦਾ ਦੀਵਾ, ਝੱਖੜ ਦੇ ਵਿਚ ਬੁਝਿਆ ਹੋਇਆ,
ਬੇ-ਸਮਝੀ ਤੇ ਮੂਰਖਤਾ ਦਾ, ਬਣਿਆ ਰਹੂ ਸ਼ਿਕਾਰ ਕਦੋਂ ਤਕ?

ਮੰਜ਼ਿਲ ਜਿਸ ਦੀ ਲੰਮੀ ਉੱਚੀ, ਕਦੇ ਨ ਚੁਣਿਆ ਗ਼ਲਤ ਨਿਸ਼ਾਨਾ,
ਦੂਰ ਕਿਨਾਰੇ ਦਾ ਉਤਸ਼ਾਹੀ, ਰਹਿਸੀ ਖੜਾ ਉਰਾਰ ਕਦੋਂ ਤਕ?

ਚਲੋ ਚਲੀ ਦਾ ਹੈ ਇਹ ਡੇਰਾ, ਚੁਪ ਰਹਿਣਾ ਕਰਤਬ ਨਹੀਂ ਤੇਰਾ,
ਵਸਦਾ ਰੌਣਕ ਦਾਰ ਰਹੇਗਾ, ਇਹ ਮੀਨਾ ਬਾਜ਼ਾਰ ਕਦੋਂ ਤਕ?

ਸਾਂਝੀ ਦੁਨੀਆਂ ਦੀ ਆਬਾਦੀ, ਰਲ ਕੇ ਵੰਡ ਗ਼ਮੀ ਤੇ ਸ਼ਾਦੀ,
ਤੂੰ ਚਾਤ੍ਰਿਕ ਹੈਂ ਆਸ਼ਾਵਾਦੀ, ਬਹਿ ਰਹਿਣਾ ਬੇਕਾਰ ਕਦੋਂ ਤਕ?


ਕਿਸੇ ਦਾ


[ਗ਼ਜ਼ਲ ਕੱਵਾਲੀ

ਏ ਕੀ ਹੋ ਗਿਆ ਹੈ ਇਸ਼ਾਰਾ ਕਿਸੇ ਦਾ?
ਕਿ ਮਨ ਸਹਿਕਦਾ ਹੈ ਸਹਾਰਾ ਕਿਸੇ ਦਾ।

ਮੇਰੇ ਕੰਨਾਂ ਵਿਚ ਗੂੰਜੇ ਦਰਸ਼ਨ ਦਾ ਵਾਅਦਾ,
ਪਤਾ ਕੀ ਕਦੋਂ ਤਕ ਹੈ ਲਾਰਾ ਕਿਸੇ ਦਾ।

ਮੈਂ ਰਾਹ ਵਿਚ ਖਲੋਤੀ ਜੁਗਾਂ ਤੋਂ ਉਡੀਕਾਂ,
ਕਿਸੇ ਦਿਨ ਤਾਂ ਹੋਸੀ ਇਸ਼ਾਰਾ ਕਿਸੇ ਦਾ।

ਨਿਗਾਹਾਂ ਮਿਲਾਣਾ ਤੇ ਫਿਰ ਖਿਸਕ ਜਾਣਾ,
ਏ ਨਖ਼ਰਾ ਜਹਾਨੋਂ ਨਿਆਰਾ ਕਿਸੇ ਦਾ,

ਥਰਕਦੀ ਹੈ ਬੇੜੀ ਮੇਰੇ ਨਿਸ਼ਚਿਆਂ ਦੀ,
ਹਨੇਰੇ 'ਚਿ ਢੂੰਡੇ ਸਤਾਰਾ ਕਿਸੇ ਦਾ।

ਰਹੇ ਮੇਰੇ ਤਕਵੇ ਦੀ ਡੋਰੀ ਸਲਾਮਤ,
ਮੈਂ ਮੱਲਿਆ ਹੈ ਇੱਕੋ ਦੁਆਰਾ ਕਿਸੇ ਦਾ।

ਕੋਈ ਕੋਈ


ਹੈ ਚਰਚਾ ਇਸ਼ਕ ਦਾ ਘਰ ਘਰ, ਕਮਾਂਦਾ ਕੋਈ ਕੋਈ ਹੈ,
ਬੜੇ ਇਕਰਾਰ ਹੁੰਦੇ ਨੇਂ, ਨਿਭਾਂਦਾ ਕੋਈ ਕੋਈ ਹੈ।

ਦਿਖਾਵੇ ਤੇ ਮੁਲੰਮੇ ਦੀ ਨਮਾਇਸ਼ ਹਰ ਜਗਹ ਦੇਖੀ,
ਕਸੌਟੀ ਤੇ ਉਤਰ ਪੂਰਾ, ਦਿਖਾਂਦਾ ਕੋਈ ਕੋਈ ਹੈ।

ਸੰਦੇਸ਼ੇ ਪਿਆਰ ਦੇ, ਪਾਣੀ ਤੇ ਤਰਦੇ, ਕਾਗਤੀ ਬੇੜੇ,
ਹਕੀਕਤ ਦੇ ਕਿਨਾਰੇ ਤੇ ਪੁਚਾਂਦਾ ਕੋਈ ਕੋਈ ਹੈ।

ਏ ਦੁਨੀਆਂ ਬਾਗ਼ ਬਹੁ-ਰੰਗਾ, ਨਵੇਂ ਫੁਲ ਰੋਜ਼ ਖਿੜਦੇ ਨੇਂ,
ਸ਼ਮਅ ਤੇ ਜਿੰਦ ਪਰਵਾਨਾ ਘੁਮਾਂਦਾ ਕੋਈ ਕੋਈ ਹੈ।

ਏ ਰਸਤਾ ਹੈ ਬੜਾ ਬਿਖੜਾ, ਤੇ ਜੰਗਲ ਕੰਡਿਆਂ ਭਰਿਆ,
ਪਕੜ ਬਾਹੋਂ ਗੁਰੂ ਪੂਰਾ ਲੰਘਾਂਦਾ ਕੋਈ ਕੋਈ ਹੈ।

ਜਗਤ ਹੈ ਗਰਜ਼ ਮੰਦਾਂ ਦਾ, ਕੋਈ ਬੇ-ਗਰਜ਼ ਮਿਲਿਆ ਨਹੀਂ,
ਕਮਰ ਤੋੜੂ ਬੜੇ ਨੇਂ, ਲਕ ਬਨ੍ਹਾਂਦਾ ਕੋਈ ਕੋਈ ਹੈ।

ਖ਼ੁਦਾਈ ਦਾਵੇ ਫ਼ਰਜ਼ੀ ਨੇਂ, ਦਿਖਾਵੇ ਦੀ ਹੈ ਕੁਰਬਾਨੀ,
ਏ ਲੋਹੇ ਦੇ ਚਣੇ ਚਾਤ੍ਰਿਕ, ਚਬਾਂਦਾ ਕੋਈ ਕੋਈ ਹੈ।

ਨਹੀਂ


ਮੈਨੂੰ ਕੋਈ ਗੁੱਸਾ ਗਿਲਾ ਨਹੀਂ,
ਪਾਈ ਮੈਂ ਕਦੇ ਦੁਹਾਈ ਨਹੀਂ,
ਬੇ-ਤਰਸੀ ਮੂੰਹੋਂ ਕੱਢੀ ਨਹੀਂ,
ਕੋਈ ਤੁਹਮਤ ਝੂਠੀ ਲਾਈ ਨਹੀਂ।

ਸੁਰਗਾਂ ਦਾ ਮੈਨੂੰ ਲਾਲਚ ਨਹੀਂ,
ਮੁਕਤੀ ਲਈ ਹੱਥ ਪਸਾਰੇ ਨਹੀਂ,
ਮੈਂ ਕਦੇ ਨਰਕ ਤੋਂ ਡਰਿਆ ਨਹੀਂ,
ਹਥ ਪੈਰ ਜੀਉਣ ਲਈ ਮਾਰੇ ਨਹੀਂ।

ਮੈਂ ਕਰਮ ਬਥੇਰੇ ਕੀਤੇ ਨੇਂ,
ਪਰ ਫਲ ਦੀ ਰੱਖੀ ਆਸ਼ਾ ਨਹੀਂ,
ਭਗਤੀ ਦਾ ਦਾਵਾ ਕੀਤਾ ਨਹੀਂ,
ਪਰ ਭਗਤੀ ਕੋਈ ਤਮਾਸ਼ਾ ਨਹੀਂ।

ਜੋ ਭਾਣਾ ਉਪਰੋਂ ਔਂਦਾ ਹੈ,
ਉਹ ਆਪੇ ਹੋਈ ਜਾਂਦਾ ਹੈ।
ਡੋਰੀ ਹੈ ਹੱਥ ਖਿਲਾੜੀ ਦੇ,
ਪੁਤਲੀ ਤੋਂ ਨਾਚ ਕਰਾਂਦਾ ਹੈ।

ਜਿਸ ਘੜੀ ਬੁਲਾਵਾ ਆਵੇਗਾ,
ਹਥ ਜੋੜ ਹੁਕਮ ਭੁਗਤਾਵਾਂਗੇ,
ਔਂਦੀ ਵਾਰੀ ਕੁਝ ਰੋਏ ਸਾਂ,
ਪਰ ਹਸਦੇ ਹਸਦੇ ਜਾਵਾਂਗੇ।


ਪ੍ਰਾਣਵਾਯੂ ਨੂੰ


ਤੇਰਾ ਮੇਰਾ ਸਾਥ ਸੀ ਧੁਰ ਦਾ,
ਕੱਠੇ ਗਏ ਉਤਾਰੇ,
ਰਲ ਮਿਲ ਕੇ ਰਹੇ ਕਰਮ ਕਮਾਂਦੇ,
ਚੰਗੇ ਮੰਦੇ ਸਾਰੇ।
ਅੰਤ ਸਮੇਂ ਹੁਣ ਨਿਖੜਨ ਲਗਿਆਂ,
ਇਹ ਗਲ ਨਹੀਂ ਸੁਹਾਂਦੀ,
ਮੈਂ ਰਹਿ ਜਾਂ ਅਣ-ਖਫਣਾਇਆ,
ਤੇ ਤੂੰ ਹੋ ਜਾਇਂਂ ਕਿਨਾਰੇ।

ਮੇਰੇ ਭਾਰਤ!


ਮੇਰੇ ਭਾਰਤ! ਜਗ ਵਿਚ ਤੇਰੀ, ਕਿਸੇ ਸਮੇਂ ਸੀ ਸ਼ਾਨ ਨਿਰਾਲੀ,
ਚੋਟੀ ਤੇ ਪ੍ਰਤਾਪ ਦਾ ਸੂਰਜ, ਰਾਜੇ ਪਰਜਾ ਦੀ ਖ਼ੁਸ਼ਹਾਲੀ।

ਦੌਲਤ, ਅੰਨ, ਜਵਾਹਰ, ਮੋਤੀ, ਵਿਦ੍ਯਾ, ਜੋਤਸ਼, ਨੀਤਿ ਉਚੇਰੀ,
ਪਰਦੇਸੀ ਭੀ ਗਏ ਸਲਾਂਹਦੇ, ਦਾਨਸ਼, ਦਾਨ, ਦਲੇਰੀ ਤੇਰੀ।

ਕਾਰੀਗਰੀ, ਘੜਤ, ਮਿਅਮਾਰੀ, ਚਿਤ੍ਰਕਲਾ, ਬੁਤਗਰੀ, ਜਰਾਹੀ,
ਜੁੱਧਨੀਤਿ-ਨੇਤਾ ਸੈਨਾਪਤਿ, ਸ਼ਸਤ੍ਰੀ, ਅਸਤ੍ਰੀ, ਬੀਰ ਸਿਪਾਹੀ।

ਚੜ੍ਹੀ ਅਕਾਸ਼ ਪਤੰਗ ਤੇਰੀ ਤਕ, ਉਪਰੋਂ ਤਾੜਨ ਇੱਲਾਂ ਆਈਆਂ,
ਸੋਨ-ਚਿੜੀ ਨੂੰ ਬੋਚਣ ਖ਼ਾਤਰ, ਲਗੀਆਂ ਪੈਣ ਨਿਗ੍ਹਾਂ ਲਲਚਾਈਆਂ।

ਯਨਾਨੋਂ ਆ ਸ਼ਾਹ ਸਿਕੰਦਰ, ਜਿਹਲਮ ਤੀਕਰ ਫਿਰ ਫਿਰ ਤਕਿਆ,
ਆਇਆ ਸੀ ਕੁਝ ਅਸਰ ਪਾਣ, ਪਰ ਸ਼ਾਨ ਤੇਰੀ ਤਕ ਪਹੁੰਚ ਨ ਸਕਿਆ।

ਅਰਬੀ, ਈਰਾਨੀ ਆ ਝਪਟੇ, ਪੈ ਗਈ ਲਾਲਚ ਦੀ ਬੀਮਾਰੀ,
ਮੁੜ ਮੁੜ ਆ ਮਹਮੂਦ ਗ਼ਜ਼ਨਵੀ, ਲੁਟਿਆ ਖ਼ੂਬ ਅਠਾਰਾਂ ਵਾਰੀ।

ਸੋਮਨਾਥ ਗੁਜਰਾਤੀ ਮੰਦਿਰ, ਕੀਤੀ ਹੂੰਝਾ-ਫੇਰ ਸਫ਼ਾਈ,
ਤਖ਼ਤ ਤਊਸ ਲੁਟੇਰਾ ਨਾਦਰ, ਲੈ ਵੜਿਆ ਊਠਾਂ ਤੇ ਚਾਈ।

ਮਾਰਾ ਮਾਰੀ ਕਰਦਾ ਬਾਬਰ, ਆ ਦਿੱਲੀ ਵਿਚ ਪੈਰ ਜਮਾਇਆ,
ਸੱਤ ਪੀਹੜੀਆਂ ਲੂਣ ਤੇਰਾ ਖਾ, ਆਖ਼ਰ ਵੇਲੇ ਦਗ਼ਾ ਕਮਾਇਆ।

ਔਰੰਗਜ਼ੇਬ ਨੀਤ ਦੇ ਖੋਟੇ, ਹਿੰਦੂਆਂ ਦੀ ਕਤਲਾਮ ਮਚਾਈ,
ਸੇਵਾ ਜੀ ਤੇ ਗੁਰੁ ਗੋਬਿੰਦ ਨੇ, ਮੁਗ਼ਲ ਰਾਜ ਦੀ ਅਲਖ ਮੁਕਾਈ।

ਅਹਿਮਦ ਸ਼ਾਹ ਅਬਦਾਲੀ ਨੇ ਆ, ਨਾਲ ਖਾਲਸੇ ਮੱਥਾ ਲਾਇਆ,
ਪਰ ਸਿੰਘਾਂ ਨੇ ਮਗਰੇ ਮਗਰੇ, ਮਾਰ ਚਪੇੜਾਂ ਘਰ ਪਹੁੰਚਾਇਆ।

ਮਹਾਰਾਜ ਰਣਜੀਤ ਸਿੰਘ ਨੇ ਉਠ ਪੰਜਾਬ ਦੀ ਸ਼ਾਨ ਬਣਾਈ,
ਪਰ ਹੋਣੀ ਨੇ ਅਧਖੜ ਉਮਰੇ, ਜਗਦੀ ਜਗਦੀ ਜੋਤ ਬੁਝਾਈ।

ਗ਼ਦਰੋਂ ਬਾਦ ਫ਼ਰੰਗੀ ਆਇਆ, ਮਲਕਾਂ ਨੂੰ ਚਾ ਤਖ਼ਤ ਬਹਾਇਆ,
ਪੜਪੋਤੇ ਤਕ ਲੁਟ ਲੁਟ ਖਾਧਾ, ਸਭ ਕੁਝ ਤੇਰਾ ਅੰਦਰ ਪਾਇਆ।

ਚਤੁਰ ਮਦਾਰੀ ਵਰਹਾ ਡੂਢ ਸੌ, ਅੱਖੀਂ ਘੱਟਾ ਪਾਂਦਾ ਪਾਂਦਾ,
ਰੁਖ਼ਸਤ ਹੋ ਗਿਆ, ਪਰ ਤੇਰੇ ਦੋ ਟੋਟੇ ਕਰ ਗਿਆ ਜਾਂਦਾ ਜਾਂਦਾ।

ਸਾਰੀ ਰਾਤ ਹਨੇਰਾ ਢੋਂਦਿਆਂ, ਟੈਕਸ ਡਾਲੀਆਂ ਦੇ ਦੇ ਬੀਤੀ,
ਜਿੰਨੇ ਆਏ ਵਾਰੋ ਵਾਰੀ, ਸਭ ਨੇ ਰੱਤ ਤੇਰੀ ਪੀ ਲੀਤੀ।

ਲੁੱਟਾਂ ਦੇ ਵਿਚ ਨਸਦਿਆਂ ਭਜਦਿਆਂ, ਮੱਤ ਗਈ ਜਨਤਾ ਦੀ ਮਾਰੀ,
ਤਾਕਤ ਵਾਲੀ ਛਾਤੀ ਤੇਰੀ[16], ਦੁਖ ਵਿਚ ਗਈ ਲਤਾੜੀ ਸਾਰੀ।

ਮੁੱਕੀ ਰਾਤ ਮੁਸੀਬਤ ਦੀ, ਹੁਣ ਧੁੱਮ ਪਈ ਊਸ਼ਾ ਦੀ ਲਾਲੀ,
ਹਿੰਮਤ ਦੇ ਕੇ ਫੇਰ ਜਗਾ ਲੈ, ਘੂਕੀ ਵਿੱਚ ਪਈ ਖ਼ੁਸ਼ਹਾਲੀ।

ਫੜ ਝੰਡਾ ਸਚਿਆਈ ਦਾ, ਤੇ ਪੈਦਾ ਕਰ ਜੀਵਨ ਦੇ ਹੀਲੇ,
ਇੱਤਿਫ਼ਾਕ ਦੀ ਲੋਰੀ ਦੇ ਕੇ, ਜੋੜ ਬਹਾਰੀ ਦੇ ਸਭ ਤੀਲੇ।

ਚਾਤ੍ਰਿਕ ਤੇਰਾ ਭਗਤ ਪੁਰਾਣਾ, ਬੁਢਾ ਹੋ ਗਿਆ ਆਸਾਂ ਕਰਦਾ,
ਆਜ਼ਾਦੀ ਦਾ ਖੁਲ੍ਹ ਗਿਆ ਬੂਹਾ, ਵੜਦਾ ਨਹੀਂ ਬਲੈਕੋਂਂ ਡਰਦਾ।


ਕਵਿਤਾ ਰਾਣੀ


[ਗੀਤ

੧.ਢਲ ਪਰਬਤ, ਜਲ ਡਲ ਵਿਚ ਢੱਠਾ,
ਹੌਲੀ ਹੌਲੀ ਹੋ ਗਿਆ ਕੱਠਾ,
ਸੀਤਲ, ਨਿਰਮਲ, ਮਧੁਰਾ ਪਾਣੀ,
ਕੁੱਖੇ ਪੈ ਗਈ ਕਵਿਤਾ ਰਾਣੀ ।

੨.ਸੁੰਦਰਤਾ ਨੇ ਧੂਹਾਂ ਪਾਈਆਂ,
ਪ੍ਰੇਮ ਦੌੜਿਆ, ਕਰ ਕਰ ਧਾਈਆਂ,
ਹੁਸਨ ਇਸ਼ਕ ਦੀ ਛਿੜੀ ਕਹਾਣੀ,
ਜਗ ਵਿਚ ਜਨਮੀ ਕਵਿਤਾ ਰਾਣੀ।

੩.ਈਸ਼ਰ-ਗਿਆਨ, ਨੂਰ ਭੰਡਾਰਾ,
ਬੁੱਧਿ, ਵਿਵੇਕ, ਸੱਭਤਾ ਦੁਆਰਾ,
ਮਨ ਨੇ ਉਸ ਦੀ ਮਹਿਮਾ ਜਾਣੀ,
ਜਗ ਵਿਚ ਜਨਮੀ ਕਵਿਤਾ ਰਾਣੀ।

੪.ਮਨ ਪੰਛੀ ਨੇ ਭਰੀ ਉਡਾਰੀ,
ਅਰਸ਼ੋਂ ਦੇਖੀ ਦੁਨੀਆਂ ਸਾਰੀ,
ਠੰਢ ਕਲੇਜੇ ਸਭ ਦੇ ਪਾਣੀ,
ਜਗ ਵਿਚ ਜਨਮੀ ਕਵਿਤਾ ਰਾਣੀ


ਅੰਧੇਰ ਨਗਰੀ


[ਗੀਤ

ਇਸ ਨਗਰੀ ਵਿਚ ਮੈਂ ਨਹੀਂ ਰਹਿਣਾਟੇਕ

੧.ਜਿੱਥੇ ਹਰ ਦਮ ਰਹੇ ਉਦਾਸੀ,
ਇੱਕ ਗਲੀ ਵਿਹੜੇ ਦੇ ਵਾਸੀ,
ਮਿਲੇ ਨ ਰਲ ਕੇ ਰਹਿਣਾ ਸਹਿਣਾ।
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ।

੨.ਅਸ਼ਰਾਫ਼ਤ ਕਢਿਆ ਦੀਵਾਲਾ,
ਮਾਨੁਖਤਾ ਮੂੰਹ ਕੀਤਾ ਕਾਲਾ,
ਮੁਸ਼ਕਿਲ ਹੋ ਗਿਆ ਕੱਠਿਆਂ ਬਹਿਣਾ।
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ।

੩.ਅਮਨ-ਪਸੰਦੀ ਦੀ ਵਾਦੀ ਸੀ,
ਲਿਖਣ ਪੜ੍ਹਨ ਦੀ ਆਜ਼ਾਦੀ ਸੀ,
ਸਚ ਸਚ ਸੁਣਨਾ, ਸਚ ਸਚ ਕਹਿਣਾ।
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ।

੪.ਉਪਜੀ ਚਤੁਰਾਈ ਚਾਲਾਕੀ,
ਖੋਟੀ ਮਹਿਫ਼ਲ, ਖਚਰਾ ਸਾਕੀ,
ਮੋਮੀ ਮੋਤੀ, ਗਿਲਟੀ ਗਹਿਣਾ,
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ।


ਭਾਰਤ ਕੁਟੰਬ


(੧)ਮੋਲਿਕ ਧਰਮ (Root Religion)
[17]ਮੋਢੀ ਬੋਹੜ ਬਜ਼ੁਰਗ ਪੁਰਾਣਾ,
ਚੌੜਾ ਘੇਰਾ ਗੂੜ੍ਹੀ ਛਾਇਆ,
ਲੈਣ ਸਹਾਰਾ ਜੋ ਭੀ ਆਇਆ,
ਦੇ ਪਿਆਰ, ਉਸ ਹੇਠ ਬਹਾਇਆ।
ਜਿਸ ਨੂੰ ਜਿਸ ਥਾਂ ਦਾੜ੍ਹੀ ਦਿਸ ਪਈ,
ਓਥੇ ਈ ਪੈਰ ਜਮਾਂਦਾ ਆਇਆ,
ਵਾਹ ਬਾਬਾ! ਪਰਵਾਰ ਤਿਰੇ ਨੇ,
ਖਿਲਰ ਖਿਲਰ ਕੇ ਦੇਸ਼ ਵਸਾਇਆ।

(੨)ਵਰਣ-ਸ਼ੰਕਰ
ਜੌਹਰੀ ਨੇ ਗੁਥਲੀ ਉਲਟਾਈ,
ਖਿਲਰ ਗਏ ਨਗ ਰੰਗ ਬਰੰਗੇ,
ਪੀਲੇ, ਲਾਲ, ਜ਼ਮੁਰਦੀ, ਨੀਲੇ,
ਹੌਲੇ, ਭਾਰੇ, ਮੰਦੇ, ਚੰਗੇ।
ਰਵਿ ਨੇ ਜੋਤਿ ਸਭਸ ਤੇ ਪਾਈ,
ਚੁਣਿ, ਗਲਿ ਪਾ ਲਏ ਬੁਢੜੀ ਮਾਈ,
ਸਾਂਝੀ ਡੋਰਿ ਪਰੋਤੇ, ਓੜਕ,
ਸਭ ਰੰਗੇ ਹੋ ਗਏ ਇਕ-ਰੰਗੇ।


(੩)ਖੁਲ੍ਹੇ ਦਰਵਾਜ਼ੇ
ਬੋਧੀ, ਜੈਨੀ, ਸ਼ੈਵ, ਵੈਸ਼ਨਵ,
ਈਸ਼ਰ ਅਤੇ ਅਨੀਸ਼ਰਵਾਦੀ,
ਸ਼ਾਕਤਿਕ, ਵੇਦਾਂਤੀ, ਯਤਿ, ਯੋਗੀ
ਸਿੱਖ, ਦੁਜਨਮੇ, ਸ਼ੂਦ੍ਰ ਅਬਾਦੀ,
ਸੁਆਗਤ ਹੇਤ ਤਿਆਰ ਖੜਾ ਹੈ,
ਭਾਰਤ-ਧਰਮ ਵਿਸ਼ਾਲ ਕਲਾਵਾ,
ਹਰ ਵਿਸ਼੍ਵਾਸੀ ਨੂੰ ਪ੍ਰਾਪਤ ਹੈ,
ਇਸ ਮੰਡਪ ਵਿਚ ਖੁਲ੍ਹੀ ਅਜ਼ਾਦੀ।

ਮਿਲ ਗਿਆ


[ਗ਼ਜ਼ਲ ਕੱਵਾਲੀ

ਪ੍ਰੇਮ-ਮਾਰਗ ਲਭਦਿਆਂ, ਕੋਈ ਇਸ਼ਾਰਾ ਮਿਲ ਗਿਆ,
ਡੁਬਦੇ ਜਾਂਦੇ ਦਿਲ ਨੂੰ, ਤਿਣਕੇ ਦਾ ਸਹਾਰਾ ਮਿਲ ਗਿਆ।

ਲੱਖਾਂ ਮਜ਼ਲਾਂ ਮਾਰ, ਥਕ ਕੇ ਚੂਰ ਹੋਏ ਰਾਹੀ ਨੂੰ,
ਜੀ ਕੇ ਮਾਣਨ ਵਾਸਤੇ, ਇਕ ਦਿਨ ਉਧਾਰਾ ਮਿਲ ਗਿਆ।

ਹੁਸਨ ਰੱਬੀ ਨੂਰ ਸੀ, ਦੋ ਨੈਣ ਮਿਲ ਗਏ ਇਸ਼ਕ ਨੂੰ,
ਹਸ਼੍ਰ ਤਕ ਮੋਮਿਨ ਨੂੰ ਵੇਲਾ, ਢੇਰ ਸਾਰਾ ਮਿਲ ਗਿਆ।

ਧੰਨੇ ਨਿਹੁਂ ਲਾਇਆ ਤ੍ਰਿਲੋਚਨ ਦੀ ਪਸੇਰੀ ਨਾਲ ਜਦ,
ਵੱਛੇ ਚਾਰਨ ਵਾਸਤੇ, ਪ੍ਰੀਤਮ ਪਿਆਰਾ ਮਿਲ ਗਿਆ।

ਹੁਕਮ ਹੋਇਆ ਤੁਰਨ ਦਾ, ਪਰ ਕੁਝ ਦਿਹਾੜੇ ਠਹਿਰ ਕੇ,
ਖੰਭ ਖੋਲ੍ਹਣ ਵਾਸਤੇ ਹਸਦਾ ਹੁਲਾਰਾ ਮਿਲ ਗਿਆ।

ਸੁੱਟ ਕੇ ਗਠੜੀ ਅਮਲ ਦੀ, ਚਾਤ੍ਰਿਕ ਜੀ ਚਲ ਤੁਰੇ,
ਸੁਰਗ ਨਰਕਾਂ ਤੋਂ ਨਿਆਰਾ, ਇਕ ਚੁਬਾਰਾ ਮਿਲ ਗਿਆ।

  1. *Root Race.
  2. †Root Religion.
  3. ‡ਪਤਿਬ੍ਰਤ ਧਰਮ, ਪਾਕਦਾਮਨੀ।
  4. *ਆਕਾਸ਼
  5. *ਆਲੂਣਾ
  6. †ਇਤਿਹਾਸ
  7. *ਝੰਗ ਸਿਆਲ ਤੇ ਸਰਦੀ।
  8. †ਸਹਿਤੀ ਤੇ ਸੇਤੀ ਨਾਮ ਦੀ ਸਰ੍ਹੋਂ।
  9. *ਹੁਣ ਪੰਜਾਬ ਤੋਂ ਬਾਹਰ ਹੈ।
  10. *ਜਿਹਲਮ ਦਰਿਆ।
  11. ਜਿਹਲਮ ਸ਼ਹਿਰ।
  12. *ਇਸ ਨਾਮ ਦੀ ਇਕ ਕਿਤਾਬ ਨੂਰਜਹਾਂ ਦਾ ਮਕਬਰਾ (ਸ਼ਾਹਦਰਾ) ਅੱਖੀਂ ਦੇਖ ਕੇ ੧੯੪੪ ਵਿਚ ਲਿਖੀ ਗਈ ਸੀ, ਉਸ ਦਾ ਕੁਝ ਹਿਸਾ ਹੈ।
  13. *ਸਫ਼ਾ ਸੌ ਵਾਲੀ ਕਵਿਤਾ ਦਾ ਅਖ਼ੀਰੀ ਹਿਸਾ
  14. *ਲਾਹੌਰ ਵਿਚ ਜਿਸ ਵੇਲੇ ਉਰਦੂ ਵਾਲਿਆਂ ਨੇ ਪੰਜਾਬੀ ਦਾ ਬਾਈਕਾਟ ਕਰ ਦਿੱਤਾ ਸੀ, ਆਗ਼ਾ ਉਸਤਾਦ ਨੇ ਦਲੇਰੀ ਨਾਲ ਆਪਣੇ ਸਕੂਲ ਨੂੰ ਜਾਰੀ ਰਖਿਆ।
  15. *ਦੇਹਾਂਤ ਸਾਲ ੧੯੧੨ ਈ:
  16. *ਪੰਜਾਬ
  17. *ਮੁਢ ਬੰਨ੍ਹਣ ਵਾਲਾ।