ਲੋਕ ਬੁਝਾਰਤਾਂ/ਮੁਢਲੇ ਸ਼ਬਦ/'ਲੋਕ ਬੁਝਾਰਤਾਂ' ਦਾ ਸੁੰਦਰ ਸੰਪਾਦਨ
'ਲੋਕ ਬੁਝਾਰਤਾਂ' ਦਾ ਸੁੰਦਰ ਸੰਪਾਦਨ
ਲੋਕ ਗੀਤ, ਲੋਕ ਕਹਾਣੀਆਂ ਤੇ ਬੁਝਾਰਤਾਂ ਸਾਹਿਤ ਅਤੇ ਸਮਾਜ ਦੇ ਆਰੰਭਕ ਵਿਕਾਸ ਦੀ ਤਸਵੀਰ ਸਾਡੀਆਂ ਅੱਖਾਂ ਸਾਹਮਣੇ ਲੈ ਆਉਂਦੀਆਂ ਹਨ।
ਨਵੇਂ ਯੁੱਗ ਦੇ ਨਵੇਂ ਸਾਹਿਤਕ ਰੂਪਾਂ ਦੀ ਚਟਕ ਮਟਕ ਨੇ ਕੁਝ ਚਿਰ ਤਾਂ ਪੁਰਾਣੇ ਆਰੰਭਕ ਸਾਹਿਤਕ ਰੂਪਾਂ ਵੱਲੋਂ ਲੋਕਾਂ ਦਾ ਧਿਆਨ ਇਸੇ ਤਰ੍ਹਾਂ ਮੋੜ ਲਿਆ ਸੀ ਜਿਵੇਂ ਸਿਨਮੇ ਨੇ ਥੀਏਟਰਾਂ ਵੱਲੋਂ। ਪਰ ਦੇਸ਼ ਨੂੰ ਆਜ਼ਾਦੀ ਮਿਲਣ ਮਗਰੋਂ ਸਾਹਿਤਕਾਰਾਂ ਤੇ ਖੋਜੀਆਂ ਨੇ ਆਪਣੇ ਇਸ ਪੁਰਾਣੇ ਵਿਰਸੇ ਤੇ ਸਾਹਿਤ ਖਜ਼ਾਨੇ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਲੋਕ ਗੀਤਾਂ ਸੰਬੰਧੀ ਤਾਂ ਕਈ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਪਰ ਲੋਕ ਬੁਝਾਰਤਾਂ ਦੀ ਇਹ ਪਹਿਲੀ ਪੁਸਤਕ ਮੇਰੀ ਨਜ਼ਰੀਂ ਪਈ ਹੈ।
ਸੁਖਦੇਵ ਮਾਦਪੁਰੀ ਨੇ ਸੈਂਕੜੇ ਬੁਝਾਰਤਾਂ ਨੂੰ ਇਕੱਤਰ ਕਰਕੇ ਬੜੀ ਸੁੰਦਰ ਤੇ ਸੁਚੱਜੀ ਤਰਤੀਬ ਨਾਲ ਉਨ੍ਹਾਂ ਨੂੰ ਨਿਖੇੜ ਕੇ ਮਹਾਨਤਾ ਦਰਸਾਉਂਦਿਆਂ ਹੋਇਆਂ ਸੰਪਾਦਨ ਕੀਤਾ ਹੈ।
ਲੋਕ ਬੁਝਾਰਤਾਂ ਭਾਵੇਂ ਬੁੱਧੀ ਪ੍ਰਧਾਨ ਤੇ ਗੁੰਝਲਦਾਰ ਵੀ ਹੁੰਦੀਆਂ ਹਨ ਪਰ ਕਿਤਨੀਆਂ ਸੁੰਦਰ, ਮਨੋਰੰਜਕ ਤੇ ਰਸ ਭਰਪੂਰ ਹੁੰਦੀਆਂ ਹਨ, ਇਹ ਗੱਲ ਇਸ ਪੁਸਤਕ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਪਤਾ ਲੱਗ ਜਾਂਦੀ ਹੈ।
ਮੇਰੀ ਦਿਲੀ ਇੱਛਾ ਹੈ ਕਿ ਸੁਖਦੇਵ ਮਾਦਪੁਰੀ ਦਾ ਇਹ ਸ਼ੁਭ ਯਤਨ ਸਫ਼ਲ ਹੋਵੇ। ਇਸ ਭੁਲਦੇ ਜਾ ਰਹੇ ਪੁਰਾਣੇ ਆਰੰਭਕ ਸਾਹਿਤ-ਰੂਪ ਦੀ ਇਤਿਹਾਸਕ ਮਹਾਨਤਾ ਵੱਲ ਸਾਹਿਤ ਰਸੀਆਂ ਦਾ ਧਿਆਨ ਖਿੱਚਿਆ ਜਾਵੇ।
(ਆਕਾਸ਼ਬਾਣੀ ਜਲੰਧਰ ਦੇ ਧੰਨਵਾਦ ਸਹਿਤ)
ਗਿਆਨੀ ਹੀਰਾ ਸਿੰਘ ਦਰਦ