ਮੁਖ-ਬੰਦ

(ਲੋਕ-ਕਲਾ ਤੇ ਉਸਦਾ ਵਿਸ਼ੇਸ਼ ਅੰਗ ਬੁਝਾਰਤਾਂ)

ਹਰ ਇੱਕ ਲੋਕ ਕਲਾ ਦਾ ਆਰੰਭ, ਲੋਕਾਂ ਦੇ ਸਾਂਝੇ ਗ਼ਮਾਂ, ਸਾਂਝੀਆਂ ਖ਼ੁਸ਼ੀਆਂ ਤੇ ਸਾਂਝੀਆਂ ਮਿਹਨਤਾਂ ਦੇ ਝੂਮਦੇ ਉਦਗਾਰਾਂ ਦੀ ਕੁੱਖ ਵਿੱਚੋਂ ਹੁੰਦਾ ਹੈ। ਲੋਕ-ਮਨਾਂ ਦੇ ਸਾਂਝੇ ਜਜ਼ਬੇ ਧਰਤੀ ਦੀ ਉਮਰ ਵਰਗੀ ਹੀ ਲੰਮੀ ਉਮਰ ਭੋਗਦੇ ਹਨ, ਏਨੀ ਲੰਮੀ ਉਮਰ ਕਿਸੇ ਇੱਕੇ ਦੁੱਕੇ ਮਨੁੱਖ ਜਾਂ ਕਲਾਕਾਰ ਦੇ ਨਿੱਜੀ ਜਜ਼ਬਿਆਂ ਦੀ ਨਹੀਂ ਹੋ ਸਕਦੀ। ਏਥੇ, ਇੱਕੇ ਦੁੱਕੇ ਮਨੁੱਖ ਜਾਂ ਕਲਾਕਾਰ ਤੋਂ ਮੇਰਾ ਮਤਲਬ ਉਹ ਵਿਅਕਤੀ ਹੈ, ਜੋ ਆਪਣੇ ਵੇਲੇ ਦੇ ਸਮਾਜ ਨਾਲ ਸੰਬੰਧਿਤ ਭਾਵਾਂ ਦੀ ਥਾਂ, ਸਮਾਜ ਤੇ ਲੋਕਾਂ ਨਾਲੋਂ ਟੁੱਟ ਕੇ ਕੇਵਲ ਆਪਣੀ ਨਿੱਜੀ ਕਲਪਨਾ ਤੇ ਆਧਾਰਿਤ ਭਾਵਾਂ ਦੀ ਹੀ ਆਪਣੀ ਕਲਾ ਰਾਹੀਂ ਪ੍ਰਤੀਨਿਧਤਾ ਕਰਦਾ ਹੋਵੇ, ਪਰ ਲੋਕਾਂ ਵਿਚੋਂ ਪੈਦਾ ਹੋਇਆ ਕਲਾਕਾਰ, ਆਪਣੀ ਨਿੱਜੀ ਭਾਵਨਾ ਵਿਚ ਵੀ ਆਪਣੇ ਵੇਲੇ ਦੇ ਸਮਾਜ ਦੀ ਪ੍ਰਤੀਨਿਧਤਾ ਕਰ ਜਾਂਦਾ ਹੈ ਕਿਉਂਕਿ ਉਸਦੀ ਕਲਾ ਦੇ ਸੰਸਕਾਰਾਂ ਵਿਚ ਉਸਦੇ ਦੇਸ਼ ਦੀ ਲੋਕ- ਕਲਾ ਪੂਰੇ ਤੌਰ ਤੇ ਘੁਲੀ ਮਿਲੀ ਹੁੰਦੀ ਹੈ। ਇਸ ਲਈ ਉਹ ਆਪਣੀ ਕਲਾ ਦੀ ਸਿਰਜਨਾ ਕਰਨ ਲੱਗਿਆਂ, ਸਹਿਜ ਸੁਭਾਅ ਹੀ ਲੋਕ-ਕਲਾ ਵਾਲੇ ਸਾਰੇ ਗੁਣ ਅਪਣਾ ਲੈਂਦਾ ਹੈ।

ਇਕੱਲੇ ਉਦਗਾਰ, ਆਪਣੇ ਮੂਲ ਰੂਪ ਵਿਚ ਕਲਾ ਨਹੀਂ; ਇਹਨਾਂ ਨੂੰ ਕਲਾ ਦਾ ਸੋਮਾ, ਕਲਾ ਦਾ ਆਧਾਰ ਜਾਂ ਕਲਾ ਦਾ ਭੀ ਚਾਹੇ ਕੁਝ ਵੀ ਆਖ ਲਵੋ। ਇਹ ਉਦਗਾਰ ਚਾਹੇ ਲੋਕਾਂ ਦੇ ਕਿੰਨੇ ਵੀ ਸਾਂਝੇ ਕਿਉਂ ਨਾ ਹੋਣ, ਕਲਾ ਦੀ ਪਿਉਂਦ ਤੋਂ ਬਿਨਾਂ ਕਲਾ ਦੇ ਰੂਪ ਵਿਚ ਨਹੀਂ ਬਦਲਦੇ।

ਨਿੱਜੀ ਤੇ ਸਾਂਝੇ ਉਦਗਾਰਾਂ ਵਿਚ ਬਹੁਤ ਵੱਡਾ ਫਰਕ ਹੈ, ਦੋਵੇਂ ਤਰ੍ਹਾਂ ਦੇ ਉਦਗਾਰ ਆਪਣੇ ਵਾਤਾਵਰਣ ਤੇ ਚੁਗਿਰਦੇ ਅਨੁਸਾਰ ਜਨਮ ਲੈਂਦੇ ਤੇ ਪਰਵਾਨ ਚੜ੍ਹਦੇ ਹਨ। ਸੌੜੇ ਵਾਤਾਵਰਣ ਤੋਂ ਉਪਜੇ ਉਦਗਾਰ ਕਲਾ ਦੇ ਰੂਪ ਵਿਚ ਆ ਕੇ ਵੀ ਆਪਣੇ ਉਤੋਂ ਆਪਣੇ ਸੌੜੇ ਵਾਤਾਵਰਣ ਦੀ ਛਾਪ ਨਹੀਂ ਗੁਆਉਂਦੇ। ਇਸੇ ਤਰ੍ਹਾਂ ਵਿਸ਼ਾਲ ਚੁਗਿਰਦੇ ਦੀ ਪੈਦਾਵਾਰ ਉਦਗਾਰ, ਆਪਣੀ ਵਿਰਾਸਤ ਦਾ ਸਦਕਾ ਕਲਾ ਦੇ ਰੂਪ ਵਿਚ ਆ ਕੇ ਵੀ ਵਿਸ਼ਾਲਤਾ ਦੇ ਲਖਾਇਕ ਰਹਿੰਦੇ ਹਨ। ਇਹ ਮੰਨ ਲੈਣਾ ਅਨੁਚਿਤ ਨਹੀਂ ਕਿ ਇੱਕੇ ਦੁੱਕੇ ਆਦਮੀ ਦਾ, ਜੋ ਸਮਾਜ ਤੋਂ ਉੱਕਾ ਹੀ ਨਿਖੜ ਚੁੱਕਾ ਹੋਵੇ, ਅਨੁਭਵ ਓਨਾਂ ਵਿਸ਼ਾਲ ਨਹੀਂ ਹੋ ਸਕਦਾ ਜਿੰਨਾਂ ਕਿ ਲੋਕਾਂ ਦੇ ਸਮੂਹ ਦਾ। ਇਸੇ ਲਈ ਨਿੱਜੀ ਕਲਾਕਾਰ ਦੀ ਕਲਾ ਵਿੱਚ ਉਹ ਵਿਸ਼ਾਲਤਾ ਨਹੀਂ ਆ ਸਕਦੀ, ਜੋ ਹਰ ਲੋਕ-ਕਲਾ ਦਾ ਮੁਖੀ ਭਾਗ ਹੁੰਦੀ ਹੈ। ਪਹਿਲੀ ਪ੍ਰਕਾਰ ਦੀ ਕਲਾ ਦੇ ਉਦਗਾਰ ਤੇ ਪ੍ਰਗਟਾਅ ਇਕ ਨਿੱਜੀ ਲਾਲਸਾ ਤੇ ਯਤਨ ਦਾ ਸਿੱਟਾ ਹੁੰਦੇ ਹਨ, ਪਰ ਦੂਜੀ ਪ੍ਰਕਾਰ ਦੀ ਕਲਾ ਵਿਚਲੇ ਉਦਗਾਰ ਲੋਕਾਂ ਦੇ ਸਾਂਝੇ ਉੱਦਮਾਂ ਦਾ ਸਿੱਟਾ।

ਲੋਕ-ਕਲਾ ਆਪਣੇ ਵੇਲੇ ਦੇ ਲੋਕ-ਦਿਲਾਂ ਦੀ ਪ੍ਰਤੀਨਿਧ ਆਵਾਜ਼ ਤਾਂ ਹੁੰਦੀ ਹੀ ਹੈ, ਪਰ ਉਸ ਵਿਚੋਂ ਬੀਤੇ ਦੇ ਨਕਸ਼, ਬੀਤੇ ਦੇ ਲੋਕਾਂ ਦੀਆਂ ਮਿਹਨਤਾਂ, ਮੁਸ਼ੱਕਤਾਂ ਤੇ ਘਾਲਾਂ ਦਾ ਬੀਰਤਾ ਭਰਿਆ ਇਤਿਹਾਸ ਵੀ ਵਾਚਿਆ ਜਾ ਸਕਦਾ ਹੈ ਤੇ ਬੀਤ ਰਹੇ ਦੇ ਸੁਪਨਿਆਂ ਨੂੰ ਆਉਣ ਵਾਲੇ ਸਮੇਂ ਵਿਚ ਆਸ਼ਾਵਾਦੀ ਨਜ਼ਰ ਨਾਲ ਤੋੜ ਚੜ੍ਹਦਿਆਂ ਵੀ ਦੇਖਿਆ ਜਾ ਸਕਦਾ ਹੈ, ਜਿਸ ਦਾ ਸਦਕਾ ਲੋਕ-ਕਲਾ ਹਰ ਜੁਗ ਤੇ ਹਰ ਸਮੇਂ ਦੇ ਲੋਕਾਂ ਲਈ ਖਿੱਚ ਦਾ ਕਾਰਨ ਬਣੀ ਰਹਿੰਦੀ ਹੈ

ਇਹ ਗੁਣ, ਲੋਕ-ਕਲਾ ਦੇ ਹਰ ਅੰਗ ਵਿਚ ਮੁੱਖ ਤੌਰ ਤੇ ਦੇਖੇ ਜਾ ਸਕਦੇ ਹਨ। ਲੋਕ-ਗੀਤ, ਲੋਕਾਂ ਦੀਆਂ ਦੁਸ਼ਮਣ-ਸ਼ਕਤੀਆਂ ਵਿਰੁੱਧ ਲੋਕਾਂ ਦੀਆਂ ਬਹਾਦਰੀਆਂ ਤੇ ਸੰਗਰਾਮਾਂ ਦਾ ਬੀਰਤਾ ਭਰਿਆ ਇਤਿਹਾਸ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਲੋਕ-ਗੀਤਾਂ ਦੇ ਨਾਇਕ ਆਪਣੇ ਵੇਲੇ ਦੇ ਪ੍ਰਤੀਨਿਧ ਸਮਾਜਕ ਵਿਅਕਤੀ, ਜਿਨ੍ਹਾਂ ਨੇ ਜਾਨਾਂ ਹੂਲਕੇ ਘਾਲਾਂ ਘਾਲੀਆਂ ਹੋਣ, ਹੀ ਹੋ ਸਕਦੇ ਹਨ। ਉਹਨਾਂ ਦੀਆਂ ਉਹ ਘਾਲਾਂ ਲੋਕ-ਗੀਤਾਂ ਰਾਹੀਂ ਸਦੀਆਂ ਬਾਅਦ ਵੀ ਲੋਕਾਂ ਨੂੰ ਪ੍ਰੇਰਨਾ ਦੇਣ ਦਾ ਵਸੀਲਾ ਬਣੀਆਂ ਰਹਿੰਦੀਆਂ ਹਨ। ਇਹੋ ਕਾਰਨ ਹੈ ਕਿ ਲੋਕ-ਗੀਤਾਂ ਦੇ ਨਾਇਕ ਲੋਕਾਂ ਨੂੰ ਪ੍ਰੇਰਨਾ ਦਿੰਦੇ ਤੇ ਉਹਨਾਂ 'ਚੋਂ ਨਵੇਂ ਸਮਾਜਕ ਨਾਇਕ ਪੈਦਾ ਕਰਦੇ ਰਹਿੰਦੇ ਹਨ ਤੇ ਇਹ ਸਿਲਸਿਲਾ ਹਮੇਸ਼ਾਂ ਜਾਰੀ ਰਹਿੰਦਾ ਹੈ। ਲੋਕ-ਗੀਤਾਂ ਵਾਂਗ ਹੀ ਲੋਕ-ਕਹਾਣੀਆਂ ਲੋਕਾਂ ਤੇ ਸਮਾਜ ਲਈ ਆਪਣਾ ਕਰਤੱਵ ਪਾਲਦੀਆਂ ਹਨ। ਲੋਕ-ਕਹਾਣੀਆਂ ਦਾ ਸੁਭਾਅ ਵੀ ਤੇ ਰੂਪ ਵੀ ਲੋਕਾਂ ਵਾਂਗ ਸਰਲ ਤੇ ਸਾਦ-ਮੁਰਾਦਾ ਹੁੰਦਾ ਹੈ। ਇਹ ਵੀ ਲੋਕ-ਹਿੱਤਾਂ ਲਈ, ਲੋਕਾਂ ਲਈ ਦੁਸ਼ਮਣ-ਸ਼ਕਤੀਆਂ ਵਿਰੁੱਧ ਸੰਗਰਾਮ ਕਰਦੇ ਰਹਿਣ ਦੀ ਲੋਕਾਂ ਨੂੰ ਪ੍ਰੇਰਨਾ ਦਿੰਦੀਆਂ ਹਨ। ਸੱਚ ਤੇ ਨਿਆਂ ਲਈ ਇਹਨਾਂ ਦੇ ਨਾਇਕ ਸਿਰਧੜ ਦੀ ਬਾਜ਼ੀ ਲਾਕੇ, ਜ਼ੁਲਮਾਂ ਨਾਲ ਸੰਗਰਾਮ ਕਰਦੇ ਤੇ ਜ਼ੁਲਮ ਤੇ ਕਾਬੂ ਪਾਉਂਦੇ ਹਨ। ਲੋਕ ਕਹਾਣੀਆਂ ਦੇ ਨਾਇਕ, ਲੋਕ-ਗੀਤਾਂ ਨਾਲੋਂ ਵੀ ਕਿਸੇ ਹੱਦ ਤੱਕ ਵੱਧ, ਲੋਕਾਂ ਨੂੰ ਆਪਣੇ ਵਰਗੇ ਸਮਾਜਕ ਵਿਅਕਤੀ ਬਣਨ ਦੀ ਪ੍ਰੇਰਨਾ ਦਿੰਦੇ ਹਨ।

ਲੋਕ-ਕਹਾਣੀਆਂ ਦੇ ਸਾਦ-ਮੁਰਾਦੇ ਵੇਸ ਵਿੱਚ ਵੀ, ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ, ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅਗੇ ਉਘਾੜ ਕੇ ਪੇਸ਼ ਕਰਦੇ ਹਨ।

ਲੋਕ-ਗੀਤਾਂ ਤੇ ਲੋਕ-ਕਹਾਣੀਆਂ ਤੋਂ ਉਤਰ ਕੇ ਲੋਕ-ਕਲਾ ਦਾ ਵਿਸ਼ੇਸ਼ ਅੰਗ ਲੋਕ-ਬੁਝਾਰਤਾਂ ਹੀ ਹਨ। ਭਾਵੇਂ ਇਸ ਕਲਾ ਦੇ ਅੰਗ ਜਿਵੇਂ ਲੋਕਨਾਚ, ਲੋਕ-ਸੰਗੀਤ ਤੇ ਲੋਕ-ਚਿਤਰ ਵੀ ਆਪਣੀ ਆਪਣੀ ਥਾਂ ਵਿਸ਼ੇਸ਼ਤਾ ਰੱਖਦੇ ਹਨ। ਇਹਨਾਂ ਅੰਗਾਂ ਬਾਰੇ ਵਿਚਾਰ, ਪੂਰੇ ਵਿਸਤਾਰ ਤੋਂ ਸੱਖਣੀ ਮੰਤਵ ਤੋਂ ਲਾਂਭੇ ਲੈ ਜਾਏਗੀ, ਇਸ ਲਈ ਉਸ ਤੋਂ ਸੰਕੋਚ ਕਰਦਾ ਹਾਂ।

ਲੋਕ-ਬੁਝਾਰਤਾਂ ਲੋਕ-ਸਾਹਿਤ ਦਾ ਇਕ ਵਿਸ਼ੇਸ਼ ਅੰਗ ਹੁੰਦੇ ਹੋਏ ਵੀ, ਲੋਕਾਂ ਅੱਗੇ ਕਿਤਾਬੀ ਸਾਹਿਤ ਦੇ ਰੂਪ ਵਿਚ ਘੱਟ ਹੀ ਆਈਆਂ ਹਨ। ਪਰ ਲੋਕਾਂ ਦੀ ਕੋਈ ਵੀ ਕਲਾ ਆਪਣੇ ਜੀਊਂਦੇ ਰਹਿਣ ਲਈ, ਕਿਤਾਬੀ ਜਾਂ ਕਿਸੇ ਕਿਸਮ ਦੇ ਹੋਰ ਸਾਧਨਾਂ ਦੀ ਮੁਹਤਾਜ ਨਹੀਂ ਹੁੰਦੀ। ਲੋਕ-ਸਾਹਿਤ ਦੇ ਵਿਰੋਧੀ, ਭਾਵੇਂ ਵਿਰੋਧ ਕਰਨ ਵਿਚ ਆਪਣੀ ਪੂਰੀ ਟਿੱਲ ਲਾਉਂਦੇ ਹਨ, ਪਰ ਲੋਕਸਾਹਿਤ ਹਮੇਸ਼ਾਂ ਜੀਉਂਦਾ ਤੇ ਵਿਕਾਸ ਕਰਦਾ ਹੈ, ਠੀਕ ਲੋਕਾਂ ਤੇ ਲੋਕਸ਼ਕਤੀ ਵਾਂਗ ਹੀ, ਜੋ ਕਿਸੇ ਵਿਰੋਧੀ ਦੀ ਈਨ ਮੰਨੇ ਬਗੈਰ, ਜੀਊਂਦੀ, ਵਧਦੀ ਤੇ ਆਪਣੇ ਵਿਕਾਸ ਦੇ ਪੜਾਅ ਪਾਰ ਕਰਦੀ ਜਾਂਦੀ ਹੈ।

ਲੋਕ-ਬੁਝਾਰਤਾਂ ਵੀ ਲੋਕ-ਸਾਹਿਤ ਦੇ ਹੋਰਾਂ ਅੰਗਾਂ ਵਾਂਗ ਸਰਲਤਾ ਤੇ ਸਾਦ-ਮੁਰਾਦੇ ਵੇਸ ਨੂੰ ਆਪਣਾ ਸ਼ਿੰਗਾਰ ਬਣਾਉਂਦੀਆਂ ਹਨ। ਇਹ ਸਾਦਗੀ ਤੇ ਸਰਲਤਾ ਇਨ੍ਹਾਂ ਦੀ ਸਾਹਿਤਕ ਵਿਸ਼ੇਸ਼ਤਾ ਨੂੰ ਵਧਾਉਂਦੀ ਹੈ, ਘਟਾਉਂਦੀ ਨਹੀਂ। ਇਨ੍ਹਾਂ ਦਾ ਵਿਸ਼ਾ ਤੇ ਰੂਪ ਇਕ ਦੂਏ ਨਾਲ ਇਕ-ਮਿਕ ਹੋਏ ਹੁੰਦੇ ਹਨ, ਜਿਨ੍ਹਾਂ ਨੂੰ ਇਕ ਦੂਏ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਹ ਬੁੱਧੀ-ਪ੍ਰਧਾਨ ਤੇ ਗੁੰਝਲ-ਭਰਪੂਰ ਹੁੰਦਿਆਂ ਹੋਇਆਂ ਵੀ, ਜੀਵਨ ਤੇ ਚੁਗਿਰਦੇ ਨਾਲ ਇਕ ਮਿਕ ਹੋਈਆਂ ਹੁੰਦੀਆਂ ਹਨ। ਇਹਨਾਂ ਦੇ ਵਿਸ਼ੇ ਚਿੜੀਆਂ ਜਨੌਰਾਂ ਤੇ ਮਨੁੱਖਾਂ ਦੀ ਜ਼ਿੰਦਗੀ, ਜੀਵਨ ਦੇ ਚੁਗਿਰਦੇ ਤੇ ਪ੍ਰਕਿਰਤੀ ਵਿਚੋਂ ਚੁਣੇ ਜਾਂਦੇ ਹਨ। ਜ਼ਿੰਦਗੀ ਲਈ ਆਮ-ਵਰਤੋਂ ਦੀਆਂ ਚੀਜ਼ਾਂ, ਕੁਦਰਤ, ਮਨੁੱਖ ਤੇ ਪਸ਼ੂ, ਜਿਸਮ ਦੇ ਵੱਖੋ ਵੱਖ ਅੰਗ ਬੁਝਾਰਤਾਂ ਦਾ ਰੂਪ ਧਾਰਦੇ ਹਨ। ਹਰ ਸ਼੍ਰੇਣੀ ਤੇ ਹਰ ਉਮਰ ਦੇ ਲੋਕੀ ਇਹਨਾਂ ਨੂੰ ਆਪਣੀ ਬੁੱਧੀ, ਆਪਣੇ ਤਜਰਬੇ ਤੇ ਨਿਰੀਖਸ਼ਣ ਅਨੁਸਾਰ ਸਦੀਆਂ ਤੋਂ ਸਿਰਜਦੇ ਆਏ ਹਨ ਤੇ ਅਗੋਂ ਲਈ, ਵਿਗਿਆਨ ਦੀ ਉੱਨਤੀ ਸਦਕਾ, ਜੀਵਨ ਵਿਚ ਆ ਰਹੀ ਤਬਦੀਲੀ ਅਨੁਸਾਰ, ਇਹਨਾਂ ਦੀ ਸਿਰਜਣਾ ਹੁੰਦੀ ਰਹੇਗੀ। ਜੀਵਨ ਦੀ ਧਾਰਾ ਕਦੇ ਰੁਕੀ ਨਹੀਂ; ਕੋਈ ਰੋਕ ਉਸਨੂੰ ਰੋਕ ਨਹੀਂ ਸਕੀ, ਲੋਕ-ਬੁਝਾਰਤਾਂ ਦਾ ਵਿਕਾਸ ਵੀ ਕਿਸੇ ਤਰ੍ਹਾਂ ਰੁਕ ਨਹੀਂ ਸਕਦਾ।

ਲੋਕ-ਬੁਝਾਰਤਾਂ ਦੀ ਸਿਰਜਨਾ ਵਿਚ ਉਪਮਾ ਜਾਂ ਤਸ਼ਬੀਹ ਨੂੰ ਹਮੇਸ਼ਾਂ ਮੁਖੀ ਮੰਨਿਆਂ ਗਿਆ ਹੈ। ਉਪਮਾਂ ਤੋਂ ਬਿਨਾਂ ਇਹਨਾਂ ਦੀ ਸਿਰਜਨਾ ਅਸੰਭਵ ਹੀ ਹੈ। ਸਿਰਜਣਹਾਰ ਦੀ ਸੂਝ ਸਭ ਤੋਂ ਪਹਿਲਾਂ, ਇਕ ਸੁਭਾਅ ਜਾਂ ਇਕ ਰੂਪ ਵਾਲੀਆਂ ਦੋ ਚੀਜ਼ਾਂ ਦੀ ਚੋਣ ਕਰਦੀ ਹੈ ਤੇ ਫੇਰ ਉਹਨਾਂ ਵਿਚੋਂ ਇਕ ਚੀਜ਼ ਨੂੰ ਜੋ ਲੋਕਾਂ ਦੀ ਲੋੜ ਦਾ ਵਿਸ਼ੇਸ਼ ਭਾਗ ਹੁੰਦੀ ਹੈ, ਆਪਣੀ ਬੁਝਾਰਤ ਦਾ ਵਿਸ਼ਾ ਬਣਾਉਂਦੀ ਤੇ ਉਸ ਨਾਲ ਸੁਭਾਅ ਤੇ ਰੂਪ ਦੇ ਪੱਖ ਤੋਂ ਮੇਲ ਰੱਖਦੀ ਦੂਜੀ ਚੀਜ਼ ਨਾਲ ਉਸ ਨੂੰ ਉਪਮਾ ਦਿੰਦੀ ਹੈ, ਪਰ ਸੁਣਨ ਵਾਲੇ ਅੱਗੇ ਕੇਵਲ ਉਪਮਾ ਹੀ ਰਹਿੰਦੀ ਹੈ, ਮੂਲ ਚੀਜ਼ ਦਾ ਰੂਪ ਜੋ ਬੁਝਾਰਤ ਦਾ ਉੱਤਰ ਹੁੰਦਾ ਹੈ, ਸ਼ਬਦਾਂ ਵਿਚ ਲੁਕਿਆ ਰਹਿੰਦਾ ਹੈ। ਸੁਣਨ ਵਾਲੇ ਦੀ ਬੁੱਝਣ ਸ਼ਕਤੀ ਨੂੰ ਐਧਰ ਓਧਰ ਭਟਕਾਉਣਾ ਇਸਦਾ ਮਨੋਰਥ ਹੁੰਦਾ ਹੈ। ਜਿਹੜੀ ਬੁਝਾਰਤ ਇਸ ਭਟਕਣਾ ਨੂੰ ਜ਼ਿਆਦਾ ਉਤਸੁਕਤਾ ਦੇਣ ਵਿਚ ਸਫ਼ਲ ਹੁੰਦੀ ਹੈ, ਉਹੀ ਵਧੀਆ ਸਮਝੀ ਜਾਂਦੀ ਹੈ।

ਇਹ, ਢੁੱਕਵੀਂ ਪਰ ਸਾਦਾ ਉਪਮਾ ਦੇ ਸਕਣ ਦਾ ਚਮਤਕਾਰ ਕੇਵਲ ਬੁਝਾਰਤਾਂ ਦੇ ਹੀ ਹਿੱਸੇ ਵਿਚ ਆਇਆ ਹੈ। ਭਾਵੇਂ ਕਾਵਿ-ਕਲਾ ਵਿਚ ਉੱਚੀ ਤੋਂ ਉੱਚੀ ਉਪਮਾ ਦੇ ਸਕਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਪਰ ਉਪਮਾ ਦੀ ਸਾਦਗੀ ਤੇ ਅਸਚਰਜਤਾ ਭਰੀ ਰੌਚਿਕਤਾ ਲੋਕ-ਬੁਝਾਰਤਾਂ ਦੀ ਹੀ ਵਿਸ਼ੇਸ਼ਤਾ ਹੈ। ਇਸ ਸਾਦਗੀ ਤੇ ਅਸਚਰਜਤਾ ਦੇ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਅਨੁਭਵ ਕੰਮ ਕਰਦਾ ਰਿਹਾ ਹੈ, ਜੋ ਲੋਕ-ਸੂਝ ਦੀ ਕੁਠਾਲੀ ਵਿਚ ਪੈ ਪੈ ਕੇ ਅੱਖ-ਚੁੰਧਿਆਊ ਦਮਕਾਂ ਮਾਰਨ ਦੇ ਸਮਰੱਥ ਹੋ ਸਕਿਆ ਹੈ। ਉਪਮਾ ਦੀ ਇਹ ਸਮਰੱਥਾ ਕਿਸੇ ਇਕ ਕਵੀ ਦੀ ਕਲਪਣਾ ’ਚੋਂ ਪੈਦਾ ਹੋਈ ਉਪਮਾ ਵਿਚ ਭਲਾ ਕਿੱਥੇ? ਕਵੀ ਦੀ ਉਪਮਾ ਵਿੱਚ ਸ਼ਬਦ ਤੇ ਲੈਅ ਦਾ ਯਤਨਾਂ ਨਾਲ ਪੈਦਾ ਕੀਤਾ ਸ਼ਿੰਗਾਰ ਤਾਂ ਭਾਵੇਂ ਕਿੰਨਾ ਹੋਵੇ, ਪਰ ਲੋਕ-ਬੁਝਾਰਤਾਂ ਵਰਗੀ ਆਪਮੁਹਾਰੀ ਸਾਦਗੀ ਤੇ ਅਸਚਰਜਤਾ-ਭਰੀ ਰੌਚਿਕਤਾ ਨਹੀਂ ਹੋ ਸਕਦੀ।

ਉਪਮਾਂ ਤੋਂ ਬਿਨਾਂ ਲੋਕ-ਬੁਝਾਰਤਾਂ ਦੀ ਮਹੱਤਤਾ ਉਹਨਾਂ ਦੀ ਸਮਾਜਕ ਵਿਆਪਕਤਾ ਤੋਂ ਜਾਚੀ ਜਾ ਸਕਦੀ ਹੈ। ਲੋਕ-ਗੀਤਾਂ ਤੇ ਲੋਕ-ਕਹਾਣੀਆਂ ਦੀ ਵਿਆਪਕਤਾ ਜਿਵੇਂ ਕੌਮਾਂ, ਜਾਂ ਦੇਸ਼ਾਂ ਦੀਆਂ ਵੰਡੀਆਂ ਦੀ ਮੁਹਤਾਜ ਨਹੀਂ, ਓਵੇਂ ਲੋਕ-ਬੁਝਾਰਤਾਂ ਦੀ ਵਿਆਪਕਤਾ ਨੂੰ ਵੀ ਇਸ ਤਰ੍ਹਾਂ ਦੇ ਕੋਈ ਬੰਧਨ ਕੜੀਆਂ ਨਹੀਂ ਪਾ ਸਕੇ। ਲੋਕ-ਬੁਝਾਰਤਾਂ ਦੀ ਇਹ ਵਿਆਪਕਤਾ ਵੀ ਇਹਨਾਂ ਨੂੰ ਲੋਕਾਂ ਦੇ ਸਰਬ-ਵਿਆਪੀ ਅਨੁਭਵਾਂ ਤੋਂ ਹੀ ਪ੍ਰਾਪਤ ਹੋਈ ਹੈ। ਇਸ ਤੋਂ ਲੋਕਾਂ ਦੀ ਆਪਣੇ ਵਿਕਾਸ ਦੇ ਪੜਾਅ ਵੱਲ ਵਧਦੀ, ਲੋਕ-ਸੂਝ ਦੀ ਇਕੋ ਜਹੀ ਰਫਤਾਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਏਥੇ ਭਾਰਤ ਦੇ ਪ੍ਰਾਂਤਾਂ ਦੀਆਂ ਲੋਕ-ਬੁਝਾਰਤਾਂ ਵਿਚਲੀ ਸਮਤਾ ਦੀ ਹੀ ਗੱਲ ਨਹੀਂ, ਸਗੋਂ ਭਾਰਤ, ਚੀਨ, ਰੂਸ, ਅਮਰੀਕਾ, ਇੰਗਲੈਂਡ ਆਦਿ ਸਾਰੇ ਦੁਨੀਆਂ ਦੇ ਦੇਸ਼ਾਂ ਦੀਆਂ ਲੋਕ ਬੁਝਾਰਤਾਂ ਵਿਚ ਇਹ ਸਾਂਝ ਮਿਲ ਸਕਦੀ ਹੈ, ਠੀਕ ਓਵੇਂ ਹੀ ਜਿਵੇਂ ਕਿ ਇਹਨਾਂ ਦੇਸ਼ਾਂ ਦੇ ਲੋਕ-ਗੀਤਾਂ, ਲੋਕ-ਕਹਾਣੀਆਂ ਤੇ ਹੋਰ ਲੋਕ-ਕਲਾ ਦੇ ਅੰਗਾਂ ਵਿੱਚ। ਲੋਕ-ਕਲਾ ਤੋਂ ਉੱਤਰ ਕੇ ਇਨ੍ਹਾਂ ਦੇਸ਼ਾਂ ਦੇ ਲੋਕ-ਕਲਾਕਾਰਾਂ ਰਾਹੀਂ ਸਿਰਜੀ ਕਲਾ ਵਿਚ ਵੀ ਇਸ ਸਾਂਝ ਦਾ ਮਿਲ ਸਕਣਾ ਸੰਭਵ ਹੋ ਸਕਦਾ ਹੈ, ਪਰ ਉਹ ਓਨੀਂ ਨੇੜਤਾ ਨਾਲ ਨਹੀਂ। ਦੇਸਾਂ ਪਰਦੇਸਾਂ ਦੀਆਂ ਲੋਕ-ਬੁਝਾਰਤਾਂ ਵਿਚਲੀ ਇਹ ਸਾਂਝ ਕੇਵਲ ਅੱਜ ਦੇ ਜੁਗ ਦੀ ਦੇਣ ਹੀ ਨਹੀਂ, ਸਗੋਂ ਅੱਜ ਤੋਂ ਸਦੀਆਂ ਪਹਿਲਾਂ ਦੀਆਂ ਬੁਝਾਰਤਾਂ ਵਿਚ ਵੀ- ਜਦ ਕਿ ਦੇਸ, ਇਕ ਦੂਜੇ ਦੇਸ ਦੀ ਹੋਂਦ ਬਾਰੇ ਵੀ ਸ਼ਕ ਵਿਚ ਸਨ, ਜਦ ਕਿ ਧਰਤੀ, ਪੌਣ ਤੇ ਪਾਣੀ ਰਾਹੀਂ ਏਨੀਂ ਤੇਜ਼ ਰਫਤਾਰੀ ਨਾਲ ਸਫਰ ਕਰ ਸਕਣਾ ਅਸੰਭਵ ਸੀ- ਇਹ ਸਾਂਝੀ ਨੇੜਤਾ ਲੱਭੀ ਜਾ ਸਕਦੀ ਹੈ। ਲੋਕਾਂ ਦੀ ਸਾਂਝ ਵਾਂਗ ਹੀ ਲੋਕ-ਕਲਾ ਦੀ ਇਹ ਵਿਆਪਕ ਸਾਂਝ ਮਹਾਨ ਹੈ। ਲੋਕ-ਬੁਝਾਰਤਾਂ ਵਿਚਲੀ ਕੁਦਰਤ ਵੀ ਲੋਕ-ਗੀਤਾਂ ਦੀ ਕੁਦਰਤ ਵਾਂਗ ਆਮ ਲੋਕਾਂ ਦੀਆਂ ਰੁਚੀਆਂ ਨੂੰ ਧੂਹ ਪਾ ਸਕਣ ਵਾਲੀ ਉਹਨਾਂ ਦੇ ਚੁਗਿਰਦੇ ਵਿਚ ਟਹਿਕਦੀ, ਉਹਨਾਂ ਦੀ ਜ਼ਿੰਦਗੀ ਦੀ ਸਾਂਝੀਵਾਲ ਤੇ ਨਵੀਂ ਪ੍ਰੇਰਨਾ ਦੇਣ ਵਾਲੀ ਹੈ। ਕਪਾਹ ਦੀਆਂ ਫੁੱਟੀਆਂ, ਕਣਕ ਦੀਆਂ ਬੱਲੀਆਂ, ਮੱਕੀ ਦੀਆਂ ਛੱਲੀਆਂ, ਖੇਤ, ਖੇਤਾਂ ਦੇ ਸਿਆੜ, ਖੂਹ, ਖਾਲ, ਬੱਦਲ, ਮੀਂਹ, ਬਿਜਲੀ, ਨ੍ਹੇਰੀ, ਚੰਦ, ਤਾਰੇ, ਸੂਰਜ ਤੇ ਰੁੱਤਾਂ ਲੋਕ-ਬੁਝਾਰਤਾਂ ਦੇ ਵਿਸ਼ੇ ਤੇ ਇਹਨਾਂ ਵਿਚਲੀਆਂ ਉਪਮਾਵਾਂ ਦਾ ਆਧਾਰ ਹਨ।

ਲੋਕ-ਬੁਝਾਰਤਾਂ ਦੀ ਅਸਚਰਜਤਾ ਤੇ ਰੌਚਿਕਤਾ ਵਿਚ, ਇਹਨਾਂ ਦੀ ਬਣਤਰ ਵਿਚਲਾ ਕੁਦਰਤੀ ਸੰਗੀਤ ਤੇ ਤੁਕਾਂਤ ਵਾਧਾ ਕਰਦਾ ਹੈ। ਲੋਕਗੀਤਾਂ ਵਾਂਗ ਹੀ ਲੋਕ-ਬੁਝਾਰਤਾਂ ਦੇ ਤੁਕਾਂਤ ਜਾਂ ਤੋਲ ਕਿਸੇ ਗਿਣੇ ਮਿਥੇ ਮਾਤਿਕ ਜਾਂ ਗਣਕ ਛੰਦ ਦੇ ਨੇਮਾਂ ਦੇ ਅਧੀਨ ਨਹੀਂ, ਸਗੋਂ ਇਹ ਤਾਂ ਸੋਚ ਤੇ ਵਿਸ਼ੇ ਦੇ ਸੁਭਾਅ ਤੇ ਵੇਗ ਅਨੁਸਾਰ ਹੀ ਆਉਂਦੇ ਤੇ ਕੰਨ-ਰਸ ਵਿਚ ਵਾਧਾ ਕਰਦੇ ਹਨ। ਬਣਤਰ ਦੇ ਪੱਖ ਦੀ ਇਹ ਖੁੱਲ੍ਹ ਵੀ ਦੇਸਾਂ ਤੇ ਪਰਦੇਸਾਂ ਦੀਆਂ ਲੋਕ-ਬੁਝਾਰਤਾਂ ਵਿਚ ਇਕੋ ਤਰ੍ਹਾਂ ਮਿਲ ਸਕਦੀ ਹੈ।

ਲੋਕ-ਗੀਤਾਂ ਵਾਂਗ ਹੀ ਬੁਝਾਰਤਾਂ ਇਕ-ਤੁਕੀਆਂ, ਦੋ-ਤੁਕੀਆਂ ਜਾਂ ਚਾਰ-ਤੁਕੀਆਂ ਤੇ ਜਾਂ ਸੱਤ-ਅੱਠ ਤੁਕੀਆਂ ਦੇ ਰੂਪ ਵਿਚ ਮਿਲ ਸਕਦੀਆਂ ਹਨ।

ਲੋਕਾਂ ਦੀ ਵਿਹਲ ਵਿਚ, ਖਾਸ ਤੌਰ ਤੇ ‘ਖਾਓ ਪੀਓ' ਤੋਂ ਪਿਛੋਂ ਸੋਤੇ ਵੇਲੇ, ਲੋਕ-ਬੁਝਾਰਤਾਂ ਲੋਕਾਂ ਦੇ ਮਨ-ਪਰਚਾਵੇ ਤੇ ਉਹਨਾਂ ਦੀ ਸੂਝ ਨੂੰ ਸਾਣ ਤੇ ਲਾਣ ਦਾ ਸਾਧਨ ਬਣਦੀਆਂ ਹਨ। ਇਹੋ ਜਿਹੀ ਵਿਹਲ ਵਿਚ ਹੀ ਬੁਝਾਰਤਾਂ ਜਨਮਦੀਆਂ ਤੇ ਪ੍ਰਵਾਨ ਚੜ੍ਹਦੀਆਂ ਹਨ, ਕਿਸੇ ਪੁਰਾਣੀ ਬੁਝਾਰਤ ਦੀ ਕੁਖੋਂ ਕੋਈ ਨਵੀਂ ਬੁਝਾਰਤ, ਸੋਵਤੀ ਹੀ ਜਨਮ ਧਾਰ ਲੈਂਦੀ ਹੈ, ਜਿਵੇਂ ਕਿ ਲੋਕਾਂ ਦੀ ਪੁਰਾਣੀ ਨਸਲ ਤੋਂ ਨਵੀਂ ਨਸਲ ਤੇ ਨਵੀਂ ਤੋਂ ਫੇਰ ਨਵੀਂ। ਨਵੀਆਂ ਬੁਝਾਰਤਾਂ ਵਿਚ ਪੁਰਾਣੀਆਂ ਬੁਝਾਰਤਾਂ ਦੇ ਸੰਸਕਾਰ ਆਪ ਮੁਹਾਰੇ ਆ ਸਮਾਉਂਦੇ ਹਨ ਤੇ ਨਾਲ ਹੀ ਨਵੇਂ ਚੌਗਿਰਦੇ ਦੇ ਨਵੇਂ ਪ੍ਰਭਾਵ ਵੀ ਤੇ ਇਸੇ ਤਰ੍ਹਾਂ ਉਹਨਾਂ ਦੇ ਵਿਕਾਸ ਦਾ ਚੱਕਰ ਚਲਦਾ ਰਹਿੰਦਾ ਹੈ। ਉਹਨਾਂ ਵਿਚ ਬੁੱਧੀ ਦੇ ਨਵੇਂ ਤੋਂ ਨਵੇਂ ਚਮਤਕਾਰ ਸਮਾਉਂਦੇ ਰਹਿੰਦੇ ਹਨ। ਇਹੋ ਅਮਲ ਲੋਕ-ਕਲਾ ਦੇ ਬਾਕੀ ਅੰਗਾਂ ਵਿਚ ਵੀ ਚਲਦਾ ਤੇ ਉਹਨਾਂ ਨੂੰ ਵਿਕਾਸ ਵਿਚ ਲਿਆਉਂਦਾ ਰਹਿੰਦਾ ਹੈ। ਕਿਸੇ ਦੇਸ ਦੇ ਲੋਕਾਂ ਵਿਚ ਪ੍ਰਚਲਤ ਪੁਰਾਣੀਆਂ ਤੇ ਨਵੀਂਆਂ ਲੋਕ-ਬੁਝਾਰਤਾਂ, ਉਸ ਦੇਸ਼ ਦੇ ਲੋਕਾਂ ਦਾ ਬੌਧਿਕ-ਚਮਤਕਾਰਾਂ ਭਰਿਆ ਇਤਿਹਾਸ ਆਖਿਆ ਜਾ ਸਕਦਾ ਹੈ। ਇਹਨਾਂ ਨੂੰ ਲੱਭਣਾ, ਖੋਜਣਾ ਤੇ ਇਕੱਠਿਆਂ ਕਰਨਾ; ਵਿਗਿਆਨਕ ਪੱਖ ਤੋਂ ਵੇਰਵੇ ਨਾਲ ਉਹਨਾਂ ਦੀ ਵਿਆਖਿਆ ਕਰਨੀ, ਇਕ ਇਤਿਹਾਸਕਾਰ ਦੇ ਕੰਮ ਨਾਂਲੋਂ ਸੌਖਾ ਕੰਮ ਨਹੀਂ; ਇਸ ਕੰਮ ਨੂੰ ਤੋੜ ਚਾੜ੍ਹਨ ਲਈ ਜ਼ਰੂਰੀ ਹੈ ਕਿ ਲੋਕ-ਸਾਹਿਤਕਾਰਾਂ ਤੇ ਲੋਕ-ਸਰਕਾਰਾਂ ਵਲੋਂ ਸਰਗਰਮ ਯਤਨ ਆਰੰਭ ਕੀਤੇ ਜਾਣ।

ਸਾਡੇ ਅੱਜ ਦੇ ਹਾਲਾਤ ਅਨੁਸਾਰ ਸਾਹਿਤ-ਰਚਨਾ ਨੂੰ ਸੂਰਮਗਤੀ ਆਖਿਆ ਗਿਆ ਹੈ, ਪਰ ਲੋਕ-ਸਾਹਿਤ ਨੂੰ ਵਿਗਿਆਨਕ ਢੰਗ ਨਾਲ ਇਕੱਤਰ ਕਰਕੇ ਲੋਕਾਂ ਅਗੇ ਲਿਆਉਣਾ ਇਸ ਤੋਂ ਵੀ ਵੱਡਾ ਤੇ ਜੇਰੇ ਦਾ ਕੰਮ ਹੈ।

ਲੋਕ-ਗੀਤ ਤੇ ਲੋਕ-ਕਹਾਣੀਆਂ ਨੂੰ ਇਕੱਠੇ ਕਰਨ ਦਾ ਕੰਮ ਪਿਛਲੇ ਕੁਝ ਵਰਿਆਂ ਤੋਂ ਅਰੰਭ ਜ਼ਰੂਰ ਹੋਇਆ ਹੈ, ਪਰ ਲੋਕ-ਬੁਝਾਰਤਾਂ ਨੂੰ ਇਕੱਤਰ ਕਰਨ ਵੱਲ ਲੋਕ-ਸਾਹਿਤਕਾਰਾਂ ਦਾ ਧਿਆਨ ਘੱਟ ਹੀ ਗਿਆ ਹੈ। ਇਸ ਵਿਸ਼ੇ ਤੇ ਅਜੇ ਤੱਕ ਕੋਈ ਚੰਗੀ ਪੁਸਤਕ ਪ੍ਰਕਾਸ਼ਤ ਨਹੀਂ ਹੋਈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਮੈਦਾਨ ਵਿਚ, ਸੁਖਦੇਵ ਮਾਦਪੁਰੀ ਵਰਗਾ ਸੂਝਵਾਨ ਤੇ ਉਤਸ਼ਾਹ-ਭਰਪੂਰ ਨੌਜਵਾਨ ਲੇਖਕ, ਨਿੱਤਰ ਆਇਆ ਹੈ। ਉਹ ਇਸ ਪੁਸਤਕ ਰਾਹੀਂ, ਲੋਕ-ਬੁਝਾਰਤਾਂ ਨੂੰ ਇਕੱਤਰ ਕਰਨ ਦੀ ਪਹਿਲ ਕਰ ਰਿਹਾ ਹੈ, ਜੋ ਹੋਰ ਲੋਕ-ਲਿਖਾਰੀਆਂ ਵਿਚ ਇਸ ਪਾਸੇ ਕੰਮ ਕਰਨ ਦੀ ਰੀਸ ਤੇ ਪ੍ਰੇਰਨਾ ਜਗਾਵੇਗੀ।

ਅਜਾਇਬ ਚਿਤਰਕਾਰ