ਲੋਕ ਬੁਝਾਰਤਾਂ/ਕੁਝ ਹੋਰ ਬੁਝਾਰਤਾਂ

52892ਲੋਕ ਬੁਝਾਰਤਾਂ — ਕੁਝ ਹੋਰ ਬੁਝਾਰਤਾਂਸੁਖਦੇਵ ਮਾਦਪੁਰੀ

ਕੁਝ ਹੋਰ ਬੁਝਾਰਤਾਂ

(1)
ਇਲ੍ਹ ਬੋਲੇ ਆਹਲਣੇ
ਬੰਬੀਹਾ ਬੋਲੇ ਜੜੀਂ
ਊਂਠ ਚਿੜ੍ਹੀ ਨੂੰ ਚੁੰਘਣ ਲੱਗਾ
ਡੋਕੇ ਰਹਿ ਗਏ ਜੜੀਂ
(ਹੁੱਕਾ)

(2)
ਐਨੀ ਹੱਕ ਹੱਗੀ
ਭੋਏਂ ਵਿਚ ਗੱਡੀ
ਮੀਆਂ ਜੀ ਬੁਲਾਈ
ਠੁਮ ਠੁਮ ਕਰਦੀ ਆਈ
(ਹੁੱਕਾ)

(3)
ਕਾਬਲ ਕੁੱਜਾ ਚਾੜ੍ਹਿਆ
ਅੱਗ ਬਾਲੀ ਮੁਲਤਾਨ
ਦਿੱਲੀ ਕੂਕਾਂ ਮਾਰਦੀ
ਜਲ ਗਿਆ ਪਾਕਿਸਤਾਨ
(ਹੁੱਕਾ)

(4)
ਪਿੱਪਲ ਦੂਸਰੀਆ
ਭੀਤਰ ਭਾਣੀ ਭਰਿਆ
ਸਿਰ ਤੇ ਲੱਗੀ ਅੱਗ
ਬੰਦਾ ਬੈਠਾ ਕਨਾਰੇ ਲੱਗ
(ਹੁੱਕਾ)

(5)
ਹੇਠਾਂ ਗੰਗਾ
ਉੱਤੇ ਬਸੰਤਰ ਜਲ਼ੇ ਸ਼ਬਦ ਬੋਲੇ ਨੜਾ
ਮੇਰੀ ਬੁਝਾਰਤ ਬੁਝਲੈ
ਨਹੀਂ ਚਰਖਾ ਕਰਦੇ ਖੜਾ
(ਹੁੱਕਾ)

(6)
ਗਡਿਆਣਾ ਟੋਭਾ ਗੈੜ ਗੱਪ
ਪਾਣੀ ਵਿਚ ਭੜਾਕੇ ਮਾਰੇ
ਪੂਛ ਮੇਰੇ ਹੱਥ
(ਹੁੱਕਾ)

(7)
ਚੜ੍ਹ ਚੌਂਕੇ ਪਰ ਬੈਠੀ ਰਾਣੀ
ਸਿਰ ਪਰ ਅਗਨੀ
ਪਿੱਠ ਪਰ ਪਾਣੀ
(ਹੁੱਕਾ)

(8)
ਤੇਲੀ ਦਾ ਤੇਲ
ਘੁਮਾਰ ਦਾ ਭਾਂਡਾ
ਸਭ ਦਾ ਸਾਂਝਾ
(ਹੁੱਕਾ)

(9)
ਅੱਗ ਲੱਗੀ ਜਗਰਾਵੀਂ
ਧੂੰਆਂ ਨਿਕਲਿਆ ਬੋਪਾਰਾਮੀਂ
(ਹੁੱਕਾ)

(10)
ਹੱਟੀਏਂ ਮੱਝ ਖੜੀ
ਉਹਨੂੰ ਸਾਰੇ ਚੁੰਘ ਚੁੰਘ ਜਾਂਦੇ
(ਹੁੱਕਾ)

(11)
ਖਾਲ 'ਚ ਟਾਂਡਾ
ਸਭਨਾਂ ਦਾ ਸਾਂਝਾ
(ਹੁੱਕਾ)

(12)
ਰੱਬ ਦੇ ਸਬੱਬ
ਪਾਣੀ ਹੇਠਾਂ ਉੱਤੇ ਅੱਗ
(ਹੁੱਕਾ)

(13)
ਐਨੀ 'ਕ ਛੋਕਰੀ
ਉਹਦੇ ਸਿਰ ਸੁਆਹ ਦੀ ਟੋਕਰੀ
(ਚਿਲਮ)

(14)
ਰੜੇ ਮੈਦਾਨ ਵਿਚ ਪਿਆ ਡੱਬਾ
ਚੱਕ ਨੀ ਹੁੰਦਾ ਚਕਾਈਂ ਰੱਬਾ
(ਖੂਹ)

(15)
ਬਣ ਹਿੱਲੇ ਬਰੋਟਾ ਹਿੱਲੇ
ਜੋਧਾ ਪਿੱਪਲ ਕਦੇ ਨਾ ਹਿੱਲੇ
(ਖੂਹ)

(16)
ਸੁੱਟ ਕੇ ਚੁੱਕਿਆ ਹੀ ਨਾ
(ਖੂਹ ਦਾ ਚੱਕ)

(17)
ਐਨਾ 'ਕ ਸਿਪਾਹੀ
ਸਾਰੀ ਫ਼ੌਜ ਘੇਰੀਂ ਖੜਾ
(ਹਲਟ ਦਾ ਕੁੱਤਾ)

(18)
ਪਾਲੋ ਪਾਲ ਬੱਛੇ ਬੰਨ੍ਹੇ
ਇਕ ਬੱਛਾ ਬਲਾਹਾ
ਜਿਹੜਾ ਮੇਰੀ ਬਾਤ ਨੀ ਬੁੱਝੂ
ਓਹਦਾ ਪਿਓ ਜੁਲਾਹਾ
(ਖੂਹ ਦੀਆਂ ਟਿੰਡਾਂ)



(19)
ਕੁਆਰੀ ਸਾਂ ਮੈਂ ਮਾਰੀ ਸਾਂ
ਮਾਰ ਮਾਰ ਕੇ ਸੁਆਰੀ ਸਾਂ
ਤਾਂ ਮੈਂ ਜਾਣਾਂ ਤੈਨੂੰ
ਜੇ ਵਿਆਹ ਕੇ ਮਾਰੇਂ ਮੈਨੂੰ
(ਮਿੱਟੀ ਦੀ ਟਿੰਡ)

(20)
ਜਦ ਸਾਂ ਮੈਂ ਭੋਲੀ ਭਾਲੀ
ਤਦ ਸਹਿੰਦੀ ਸਾਂ ਮਾਰ
ਜਦੋਂ ਮੈਂ ਪਾਲੇ ਲਾਲ ਕਪੜੇ
ਹੁਣ ਨਾ ਸਹਿੰਦੀ ਗਾਲ
(ਮਿੱਟੀ ਦਾ ਬਰਤਣ)

(21)
ਕਥ ਪਾਵਾਂ ਕਥੌਲੀ ਪਾਵਾਂ
ਕਥ ਨੂੰ ਲਾਵਾਂ ਆਟਾ
ਪੁਤ ਪੋਤਾ ਵਿਆਇਆ ਗਿਆ
ਕੁਮਾਰਾ ਰਹਿ ਗਿਆ ਦਾਦਾ
(ਘੁਮਾਰਾਂ ਦਾ ਚੱਕ)

(22)
ਜਲ ਚੋਂ ਨਿਕਲੀ ਜਲਜਲੀ
ਜਲ ਵੇਖ ਮਰ ਜਾਏ
ਲਿਆਓ ਬਸੰਤਰ ਫੂਕੀਏ
ਇਹਦੀ ਉਮਰ ਬੜੀ ਹੋ ਜਾਏ
(ਇਟ)

(23)
ਸੂਈ ਜਿੱਡਾ ਦਰੱਖਤ
ਢਾਲ ਜਿੱਡਾ ਫੁੱਲ
ਕੱਚਾ ਕੱਚਾ ਤੋੜ ਲੈ
ਪੱਕੇ ਦਾ ਪਾ ਲੋ ਮੁੱਲ
(ਮਖਿਆਲ)

(24)
ਕਾਲੀ ਕੁੱਤੀ ਬਾੜ 'ਚ ਸੁੱਤੀ
ਸੌਂਹ ਮੈਨੂੰ ਬਾਪੂ ਦੀ
ਬੜੀਓ ਮਿੱਠੀ
(ਮਖਿਆਲ)

(25)
ਕਾਲਾ ਕੁੱਤਾ
ਬਾੜ 'ਚ ਸੁੱਤਾ
(ਮਖਿਆਲ)

(26)
ਕਈ ਲੱਖੀ ਹਜ਼ਾਰੀਂ ਭੈਣਾਂ
ਓਹਨਾਂ ਹੀ ਪਿਓ ਜਾਇਆ
ਰਲ ਮਿੱਲ ਕੇ ਪਿੱਟਣ ਲੱਗੀਆਂ
ਹਾਏ! ਹਾਏ! ਪਿਓ ਪਰਾਇਆ
(ਮਖਿਆਲ ਦੀਆਂ ਮੱਖੀਆਂ)

(27)
ਇਕ ਤੀਵੀਂ ਸੌ ਗੁੱਤ
(ਸੂਲਾਂ)

(28)
ਸੌਣ ਭਾਦੋਂ ਇੱਕ ਰੁੱਤ
ਦੋ ਤੀਵੀਆਂ ਦੀ ਇੱਕ ਗੁੱਤ
(ਸੂਲਾਂ)

(30)
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਔਲੂ
ਇੱਕ ਜਟ ਮੈਂ ਖਾਂਦਾ ਦੇਖਿਆ
ਸੱਕਰ ਨਾਲ ਸਪੋਲੂ
(ਸੇਵੀਆਂ)

(31)
ਬਾਤ ਪਾਵਾਂ
ਪਾ ਵੀ ਲਈ
(ਬੁਰਕੀ)

(32)
ਹਰੀ ਭਰੀ ਡੱਬੀ
ਵਿਚ ਭੂਰੀਆਂ ਮੁੱਛਾਂ
ਹਰੀਆ ਬਾਹਮਣ ਲੈ ਗਿਆ
ਮੈਂ ਕੀਹਨੂੰ ਕੀਹਨੂੰ ਪੁੱਛਾਂ
(ਅੰਬ ਤੇ ਤੋਤਾ)

(33)
ਚੰਮ ਨੂੰ ਦੰਮ ਦੱਬੇ
ਅੱਡੀਆਂ ਚੁੱਕੀਆਂ ਪੱਬ ਦੱਬੇ
ਜਿਉਂ ਜਿਉਂ ਦੱਬੇ
ਵਿਚੋਂ ਚਿੱਟਾ ਚਿੱਟਾ ਵੱਗੇ
(ਥਣਾਂ 'ਚੋਂ ਦੁੱਧ)

(34)
ਚਾਰ ਘੜੇ ਅਮ੍ਰਿਤ ਭਰੇ
ਮੂਧੇ ਪਏ ਡੁਲ੍ਹਦੇ ਨਾਹੀਂ
(ਥਣ ਦੁਧ ਦੇ)

(35)
ਚਾਰ ਘੜੇ
ਦੁੱਧ ਭਰੇ
ਪੁੱਠੇ ਕਰੋ
ਸਿੱਧੇ ਕਰੋ
ਡੁਲਦੇ ਹੀ ਨਹੀਂ
(ਥਣ)

(36)
ਪੱਥਰ ਪਰ ਪਥਰ
ਪੱਥਰ ਤੇ ਖੰਜੂਰ
ਪੰਜੋ ਭਾਈਓ ਮੁੜ ਜੋ
ਮੈਂ ਜਾਣਾ ਬੜੀ ਦੂਰ
(ਬੁਰਕੀ)

(37)
ਪੰਜਾਂ ਭਾਈਆਂ ਨੇ ਪੰਡ ਚੁਕਾਈ
ਸੁੱਟੀ ਬੂਹੇ ਦੇ ਬਾਰ
ਚਾਮ ਚੜਿਕ ਨੇ ਧੱਕਾ ਲਾਇਆ
ਗਈ ਸਮੁੰਦਰੋਂ ਪਾਰ
(ਬੁਰਕੀ ਜਾਂ ਗਰਾਹੀ)

(38)
ਪੰਜਾਂ ਜਣਿਆਂ ਭਰੀ ਚਕਾਈ
ਸੁੱਟੀ ਦਰਵਾਜੇ ਵਿਚ
ਰਾਮ ਚੜਿਕ ਨੇ ਧੱਕਾ ਲਾਇਆ
ਗਈ ਸਮੁੰਦਰ ਵਿਚ
(ਬੁਰਕੀ)

(39)
ਨਾ ਹਿੱਲੇ ਨਾ ਜੁੱਲੇ
ਦਿਨ ਰਾਤ ਚਲੇ
(ਸੜਕ)

(40)
ਰੜੇ ਮੈਦਾਨ ਵਿਚ ਝੋਟਾ
ਨੂੜਿਆ ਖੜੈ
(ਤੂੜੀ ਦਾ ਕੁੱਪ)

(41)
ਆਜਾ ਭੂਆ ਬਹਿ ਜਾ
ਨਾ ਭਤੀਜੀ ਜਾਨੀ ਆਂ
(ਸੂਆ ਤੇ ਕੱਸੀ)

(42)
ਨਿੱਕੀਆਂ ਨਿੱਕੀਆਂ ਕਿਆਰੀਆਂ
ਨਿੱਕੇ ਓਹਦੇ ਬੀ
ਜਿਥੇ ਮੇਰਾ ਰਾਮ ਜੀ
ਓਥੇ ਮੇਰਾ ਜੀ
(ਪੋਥੀ)

(43)
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚੌਂਹ ਕੂੰਟਾਂ ਦੇ ਮੁੰਡੇ
(ਖਿੱਦੋ ਖੂੰਡੀ)

(44)
ਬਾਹਰੋਂ ਲਿਆਦੀ ਵਢ ਕੇ
ਘਰ ਕੀਤੀ ਮੁਟਿਆਰ
ਬਾਰਾਂ ਮੀਢੀਆਂ ਗੁੰਦ ਕੇ
ਲੈ ਬੜਿਆ ਬਾਜ਼ਾਰ
(ਮਧਾਣੀ)

(45)
ਪਾਰੋਂ ਲਿਆਂਦੀ ਵਢ ਕੇ
ਆਰੋਂ ਲਿਆਂਦੀ ਛਿਲ ਕੇ
ਘਰ ਕੀਤੀ ਮੁਟਿਆਰ
ਅੱਸੀ ਮੀਢੀਆਂ ਗੁੰਦ ਕੇ
ਲੈ ਬੜਿਆ ਬਾਜ਼ਾਰ
(ਸਫ)

(46)
ਬਾਹਰੋ ਲਿਆਂਦੀ ਵੱਢ ਕੇ
ਸਿੱਟੀ ਤਖਾਣਾਂ ਬਾਰ
ਪੈਂਚਾਂ ਮੂਹਰੇ ਕੂਕਦੀ
ਸਣੇ ਪਿਆਦੇ ਨਾਰ
(ਸਾਰੰਗੀ)

(47)
ਬਾਹਰੋਂ ਲਿਆਂਦੀ ਵੱਢ ਕੇ
ਘਰ ਕੀਤੀ ਮੁਟਿਆਰ
ਪੈਂਚਾ ਮੂਹਰੇ ਚੀਕਦੀ
ਪੰਚ ਕਰਨ ਵਿਚਾਰ
(ਸਾਰੰਗੀ)

(48)
ਗੋਲ ਮੋਲ ਚੱਕਰੀ
ਪੋਰੀ ਪੋਰੀ ਰੱਸ
ਬੁਝਣੀਏਂ ਬੁੱਝ
ਨਹੀਂ ਰੁਪਏ ਧਰ ਦਸ
(ਜਲੇਬੀ)

(49)
ਚਿੱਟੀ ਭੌਂ
ਤਿਲਾਂ ਦੇ ਬੰਨੇ
ਬੁਝਣੀਏਂ ਬੁੱਝ
ਨਹੀਂ ਪੁਚਾ ਦੂੰ ਖੰਨੇ
(ਚਿੱਠੀ)

(50)
ਠੱਕ ਠੱਕ ਟੈਂਚੂ
ਧਰਤ ਪਟੈਂਚੂ
ਤਿਨ ਸਿਰੀਆਂ
ਦਸ ਪੈਰ ਟਕੈਂਚੂ
(ਹਲ ਮਗਰ ਜੱਟ)

(51)
ਠੀਕਰੀ ਪਰ ਠੀਕਰੀ
ਠੀਕਰੀ ਪਰ ਦਾਣਾ
ਸੱਤ ਘਰ ਛੱਡ ਕੇ
ਬਜ਼ੀਰ ਘਰ ਜਾਣਾ
ਬਜ਼ੀਰ ਘਰ ਹੈਨੀ
ਅਮੀਰ ਬਣ ਜਾਣਾ
(ਅਮਲੀ ਤੇ ਫੀਮ)

(52)
ਇਕ ਮਰਦ ਸਿਰ ਪਗੜੀ ਸੋਹੇ
ਪਗੜੀ ਬਹੁਤ ਚੰਗੇਰੀ
ਨਾ ਓਹ ਕੱਤੀ ਨਾ ਓਹ ਤੁੰਬੀ
ਨਾ ਓਹ ਹਈ ਅਟੇਰੀ
ਜਿਹੜਾ ਮੇਰੀ ਬਾਤ ਨੂੰ ਬੁੱਝੂ
ਉਹਨੂੰ ਅਕਲ ਬਥੇਰੀ
(ਮੁਰਗੇ ਦੀ ਕਲਗੀ)

(53)
ਅਨਖ ਪਰ ਅਨਖ
ਅਨਖ ਪਰ ਪਾਣੀ
ਜਿਹੜਾ ਮੇਰੀ ਬਾਤ ਨੀ ਬੁੱਝੂ
ਮੈਂ ਭਰਥਾ ਉਹ ਰਾਣੀ
(ਅੱਖ ਤੇ ਤ੍ਰੇਲ ਤੁਬਕੇ)

(54)
ਮਾਸੜ ਚੁੱਕੇ ਮਾਸੀ ਨੂੰ
ਮਾਸੀ ਚੁੱਕੇ ਲਟਾ ਪਟਾ
(ਸ਼ਤੀਰ ਉਤੇ ਸ਼ਤੀਰੀਆਂ ਕੜੀਆਂ)

(55)
ਹੱਥ 'ਕ ਬਾਬਾ
ਨੌਂ ਹੱਥ ਦੀ ਦਾਹੜੀ
(ਪਰਨਾਲਾ)

(56)
ਇਕ ਘਰ
ਦੱਸ ਦਰ
(ਜੰਗਲਾ)

(57)
ਪੈਰ ਕੱਟੋ ਤਾਂ ਛੁੱਟੀ ਹੋਵੇ
ਲੱਕ ਕੱਟੋ ਹੋ ਨੀਰ
ਸੀਸ ਕੱਟੋ ਟੱਬਰ ਰੋਵੇ
ਬੁੱਝੋ ਮੇਰੇ ਵੀਰ
(ਜਾਲ)

(58)
ਤਿਉਂ ਡਲਿਆਂ ਤੇ ਹਰਨੀ ਬੈਠੀ
ਬਟੇਰਾ ਬੈਠਾ ਖੇਤ ਮੇਂ
ਜਦ ਹਰਨੀ ਟੱਪਣ ਲੱਗੀ
ਬਟੇਰਾ ਬੜ ਗਿਆ ਪੇਟ ਮੇਂ
(ਸਾਗ ਦੀ ਤੌੜੀ ਅਤੇ ਕੜਛੀ)

(59)
ਅੱਕ ਵਿਚ ਢੱਕ ਜੰਮਿਆ
ਪੱਤ ਪੱਤ ਖਟਿਆਈ
ਨੂੰਹ ਆਈ ਤੇ ਸੌਹਰਾ ਜੰਮਿਆ
ਪੋਤੇ ਦੇਣ ਵਧਾਈ
(ਦਹੀਂ-ਮੱਖਣ)

(60)
ਲਾਲ ਜ਼ਮੀਨ
ਹਲ ਲੋਹੇ ਦਾ
ਬੀ ਪੈਂਦਾ ਮਾਸੇ ਤੋਲੇ ਦਾ
(ਫੁਲਕਾਰੀ)

(61)
ਐਨਾ 'ਕ ਬਹਿੜਕਾ
ਸਿੰਗਾਂ ਤੋਂ ਨਹਿੜਕਾ
ਹਲ ਵਾਹੇ ਟਿੱਬੇ ਢਾਹੇ
ਚਾਲੀ ਨੱਥਾਂ
ਫੇਰ ਵੀ ਬੜ੍ਹਕਾਂ ਮਾਰੇ
(ਢੋਲ)

(62)

ਬਰੀਕ ਜਹੀ ਇਕ ਲੱਤ ਏ ਮੇਰੀ
ਫਿਰ ਵੀ ਜਾਵਾਂ ਚੜ੍ਹ ਉਚੇਰੀ
ਲੈ ਜਾਏ ਮੈਨੂੰ ਚੁੱਕ ਹਨੇਰੀ
ਡਿੱਗ ਪਵਾਂ ਫਿਰ ਤੇਰੀ ਮੇਰੀ
(ਪਤੰਗ)

(63)
ਹੂੰ ਹਾਂ ਨੀ ਹੂੰ ਹਾਂ
ਛੇ ਟੰਗਾਂ ਦੋ ਬਾਹਾਂ
ਢੂਹੀ ਉੱਤੇ ਨਾਚੀ ਨੱਚੇ
ਇਹ ਤਮਾਸ਼ਾ ਕਾਹਾਂ
(ਘੋੜੀ ਤੇ ਸਵਾਰ)

(64)
ਦਰਿਆ ਉੱਤੇ ਇੱਲ੍ਹ ਬਹੇਲੀ
ਪਾਟੇ ਪੇਟ ਚਲੇਂਦੀ
ਖੋਹਲੇ ਚੁੰਝ, ਕੇਰੇ ਮੋਤੀ
ਕੀਮਤ ਪਈ ਜਿਨੇਂ ਦੀ
(ਕਲਮ)

(65)
ਲੱਕ ਵਢ ਮੂੰਹ ਕਾਲਾ ਕਰਦੀ
ਆਉਂਦੀ ਸਭ ਦੇ ਕੰਮ
ਵਰਤਣ ਮੈਨੂੰ ਸਾਰੇ ਲੋਕੀ
ਕੀ ਬੱਚਾ ਕੀ ਰੰਨ
(ਕਲਮ)

(66)

ਭੈਣੋਂ ਭੈਣ ਪਤੀਹਸ ਲੱਗੇ
ਨੂੰਹ ਬਾਬੇ ਦੀ ਸਾਲੀ
ਮੁੰਡੇ ਕੁੜੀਆਂ ਮਾਸੀ ਕਹਿੰਦੇ
ਇਹ ਬਝਣੀ ਗੱਲ ਸੁਖਾਲੀ
(ਚਾਚੇ ਭਤੀਜੇ ਸਾਢੂ)

(67)

ਤਿੰਨ ਲਫਜ਼ਾਂ ਦਾ ਦੇਸ਼ ਹਾਂ
ਜਾਨਣ ਲੋਕੀ ਲਖ ਕਰੋੜ
ਪਿੱਠ ਕੱਟੋ ਬਣ ਜਾਂਵਸਾਂ
ਪੰਜ ਉਂਗਲਾਂ ਦਾ ਜੋੜ
(ਪੰਜਾਬ)