ਕੁਦਰਤੀ ਸ਼ਕਤੀਆਂ ਦਾ ਪ੍ਰਭਾਵ ਮਨੁੱਖੀ ਹਿਰਦੇ ਤੇ ਪਿਆ। ਇਸੇ ਪ੍ਰਭਾਵ ਦਾ ਸਦਕਾ ਮਨੁੱਖ ਇਨ੍ਹਾਂ ਨੂੰ ਦੇਵਤੇ ਬਣਾ ਕੇ ਪੂਜਣ ਲੱਗ ਪਿਆ। ਸੂਰਜ ਨੂੰ ਉਨ੍ਹਾਂ ਸੂਰਜ ਦੇਵਤਾ, ਆਖਿਆ, ਅੱਗ ਨੂੰ ਉਨ੍ਹਾਂ ਅਗਨੀ ਦੇਵਤੇ ਦਾ ਨਾਂ ਦਿੱਤਾ। ਇਸ ਪ੍ਰਕਾਰ ਵੱਖ-ਵੱਖ ਸ਼ਕਤੀਆਂ ਦੇ ਵੱਖ-ਵੱਖ ਨਾਂ ਦਿੱਤੇ ਗਏ। ਫੇਰ ਸਾਇੰਸ ਦਾ ਯੁਗ ਆਇਆ। ਸਾਇੰਸਦਾਨਾਂ ਨੇ ਇਨ੍ਹਾਂ ਦੀ ਜਾਣਕਾਰੀ ਲਈ ਦਿਨ ਰਾਤ ਇਕ ਕਰ ਛੱਡੇ, ਸੂਰਜ ਕੀ ਹੈ? ਚੰਦ ਤਾਰੇ ਕੀ ਹਨ? ਬਾਰਸ਼ ਕਿਵੇਂ ਪੈਦਾ ਹੁੰਦੀ ਹੈ? ਹਵਾ ਕਿਹੜੀ ਸ਼ੈਅ ਹੈ? ਆਦਿ ਪ੍ਰਸ਼ਨਾਂ ਬਾਰੇ ਸੈਂਕੜੇ ਖੋਜਾਂ ਕੀਤੀਆਂ ਗਈਆਂ।

ਪਰ ਬੁਝਾਰਤਾਂ ਦੇ ਪੇਂਡੂ ਅਨਪੜ੍ਹ ਮਨ ਨੂੰ ਇਨ੍ਹਾਂ ਪ੍ਰਸ਼ਨਾਂ ਬਾਰੇ ਕੀ? ਉਹ ਤਾਂ ਜਾਣਦਾ ਹੈ ਇਨ੍ਹਾਂ ਸ਼ਕਤੀਆਂ ਨੂੰ ਆਪਣੀਆਂ ਮਨੋਰੰਜਕ ਬੁਝਾਰਤਾਂ ਦਾ ਵਿਸ਼ਾ ਬਣਾਉਣਾ। ਉਹ ਚੰਦ ਸੂਰਜ ਨੂੰ ਸਮੁੰਦਰੋਂ ਪਾਰ ਤੋਂ ਆਏ ਅੰਗਰੇਜ਼ ਸਮਝਦਾ ਹੈ:-

ਪਾਰੋਂ ਆਏ ਦੋ ਅੰਗਰੇਜ਼
ਇਕ ਮਿੱਠਾ ਇਕ ਤੇਜ਼

(ਚੰਦ ਸੂਰਜ)

ਅਤੇ

ਨੀਲੀ ਟਾਕੀ ਦੋ ਕਨਾਰੇ
ਵੱਡਾ ਸ਼ਹਿਰ ਦੋ ਬਣਜਾਰੇ

(ਚੰਦ ਸੂਰਜ)

ਸੂਰਜ ਦਿਨ ਦਾ ਸਫਰ ਮੁਕਾ ਪੱਛਮ ਦੀ ਕੁੱਖ ਵਿਚ ਜਾ ਛਿਪਦਾ ਹੈ। ਛਿਪਣ ਤੇ ਕੋਈ ਬੁਝਾਰਤ ਦਾ ਰਸੀਆ ਸੂਰਜ ਦੀ ਭਾਲ ਕਰਦਾ ਹੈ:-

ਚਾਂਦੀ ਦਾ ਮੁਖੜਾ
ਸੋਨੇ ਦੀਆਂ ਮੁੱਛਾਂ
ਰਾਮ ਜੀ ਲੈ ਗਿਆ
ਮੈਂ ਕੀਹਨੂੰ ਕੀਹਨੂੰ ਪੁੱਛਾਂ

(ਸੂਰਜ)

ਕਾਲੋਂ ਭਰੀ ਰਾਤ ਸਮੇਂ ਟਿਮਟਿਮਾਂਦੇ ਤਾਰੇ ਪਿਆਰੇ ਪਿਆਰੇ, ਚੰਗੇ ਚੰਗੇ ਲਗਦੇ ਹਨ। ਦਿਨ ਚੜ੍ਹਦਾ ਹੈ ਸੂਰਜ ਦੀ ਪਹਿਲੀ ਕਿਰਨ ਹੀ ਆਪਣੀ ਬੁੱਕਲ ਵਿਚ ਲੁਕੋ ਲੈਂਦੀ ਹੈ ਉਨ੍ਹਾਂ ਨੂੰ:-

ਨੀਲੀ ਟਾਕੀ
ਚਾਵਲ ਬੱਧੇ
ਦਿਨੇ ਗੁਆਚੇ
ਰਾਤੀਂ ਲੱਭੇ

(ਤਾਰੇ)

ਜਿਨ੍ਹਾਂ ਪੁਰਸ਼ਾਂ ਨੂੰ ਚਾਂਦੀ ਦੇ ਰੁਪਿਆਂ ਨਾਲ ਪ੍ਰੇਮ ਹੁੰਦਾ ਹੈ। ਉਹ ਨੀਲ ਗਗਨ ਤੇ ਚਮਕਦੇ ਤਾਰਿਆਂ ਨੂੰ ਰੁਪਿਆਂ ਨਾਲ ਭਰੀ ਥਾਲੀ ਨਾਲ ਤੁਲਨਾ ਦੇਂਦੇ ਹਨ:-

ਰੜੇ ਮੈਦਾਨ ਵਿਚ
ਰੁਪਿਆਂ ਦੀ ਥਾਲੀ
ਭਰੀ ਪਈ ਏ

(ਤਾਰੇ)

ਰੁਪਏ ਤਾਂ ਗਿਣੇ ਜਾ ਸਕਦੇ ਹਨ, ਪਰ ਤਾਰਿਆਂ ਦੀ ਗਿਣਤੀ ਭਲਾ ਕੌਣ ਕਰ ਸਕਦੈ:

ਥਾਲੀ ਭਰੀ ਰੁਪਿਆਂ ਦੀ
ਪਰ ਗਿਣੀ ਨਾ ਜਾਏ

ਸੂਰਜ, ਚੰਦ, ਤਾਰਿਆਂ ਬਾਰੇ ਇੱਕ ਸਮੁੱਚੀ ਬੁਝਾਰਤ ਇਸ ਤਰ੍ਹਾਂ ਵੀ ਪਾਈ ਜਾਂਦੀ ਹੈ:-

ਚੋਰ ਦੀ ਮਾਂ ਦਾ
ਕੋਠੀ 'ਚ ਮੂੰਹ

(ਸੂਰਜ, ਚੰਦ, ਸਤਾਰੇ)

ਦਿਨ ਰਾਤ ਬਾਰੇ ਵੀ ਕਿਸੇ ਨੇ ਬੁਝਾਰਤ ਇਸ ਤਰ੍ਹਾਂ ਘੜ ਲਈ:-

ਇਕ ਦਰੱਖ਼ਤ ਦੇ ਪੱਤੇ
ਇਕ ਬੰਨੇ ਕਾਲੇ ਦੂਜੇ ਬੰਨੇ ਚਿੱਟੇ

ਅਸਮਾਨੀਂ ਬੱਦਲ ਗਰਜਦੇ ਹਨ। ਬਿਜਲੀ ਕੜਕਦੀ ਹੈ। ਬਿਜਲੀ ਚਮਕਣ ਦਾ ਸਮਾਂ ਅਤੇ ਗੜ ਗੜ ਦੀ ਆਵਾਜ਼ ਨੂੰ ਕਿਸੇ ਨੇ ਬੁਝਾਰਤ ਵਿਚ ਇਸ ਤਰ੍ਹਾਂ ਉਲੀਕਿਆ ਹੈ:-

ਕਾਲੀ ਤੌੜੀ
ਲਾਲ ਗੱਪਾ
ਸਣੇ ਤੌੜੀ
ਇਕ ਖੜੱਪਾ

(ਬਿਜਲੀ)

ਗੂੜੀ ਨੀਂਦਰ ਵਿਚ ਸੁੱਤੇ ਹੋਇਆਂ ਨੂੰ ਬਰਸਾਤ ਸਮੇਂ ਬਾਰਸ਼ ਦੀਆਂ ਕਣੀਆਂ ਜਗਾ ਦੇਂਦੀਆਂ ਹਨ। ਜਾਗਣ ਵਾਲਾ ਸਮਝਦਾ ਹੈ ਕਿ ਪ੍ਰਮਾਤਮਾ ਨੇ ਆਪ ਬਾਰਸ਼ ਘਲ ਕੇ ਸਾਨੂੰ ਜਗਾਇਆ ਹੈ:-

ਰੜੇ ਮੈਦਾਨ ਵਿਚ ਡਾਂਗਾਂ ਖੜੀਆਂ
ਉੱਤੇ ਨੀਲੇ ਧਾਗੇ

ਰਾਮ ਜੀ ਨੇ ਸੁਨੇਹੇ ਘੱਲੇ
ਸੁੱਤੇ ਲੋਕ ਜਾਗੋ

(ਬਾਰਸ਼)

ਬਾਰਸ਼ ਬਾਰੇ ਇਕ ਹੋਰ ਬੁਝਾਰਤ ਹੈ। ਜਦ ਇਹ ਬੁਝਾਰਤ ਪਾਈ ਜਾਂਦੀ ਹੈ। ਤਾਂ ਇਕੋ ਪੱਧਰ ਦੀਆਂ ਨਾਲ ਲਗਦੀਆਂ ਛੱਤਾਂ ਦੇ ਵਾਯੂਮੰਡਲ ਵਿੱਚ ਹਾਸਾ ਪ੍ਰਧਾਨ ਹੋ ਜਾਂਦਾ ਹੈ। ਹਸਦਿਆਂ ਹਸਦਿਆਂ ਕਈਆਂ ਦੀਆਂ ਵੱਖੀਆਂ ਦੂਹਰੀਆਂ ਹੋ ਜਾਂਦੀਆਂ ਹਨ:-

ਕੀੜੀ ਗਿਰਾਂ ਅਸਮਾਨ ਚੋਂ
ਚੁਕਣ ਆਏ ਚਮਾਰ
ਨੌ ਸੌ ਜੁੱਤੀ ਬਣ ਗਈ
ਛਾਂਟੇ ਕਈ ਹਜ਼ਾਰ

(ਬਾਰਸ਼)

ਬਾਰਸ਼ ਦੇ ਨਾਲ ਕਈ ਵੇਰੀ ਹਨੇਰੀ ਤੇ ਗੋਲੇ ਜਾਂ ਗੜ੍ਹੇ ਵੀ ਆਉਂਦੇ ਹਨ। ਫਸਲਾਂ ਨੂੰ ਗੋਲੇ ਕਾਫੀ ਨੁਕਸਾਨ ਪੁਚਾਉਂਦੇ ਹਨ ਪਰ ਬੱਚੇ ਇਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਨ੍ਹਾਂ ਬਾਰੇ ਕਿਸੇ ਬੱਚੇ ਨੇ ਇਕ ਬੁਝਾਰਤ ਇਸ ਤਰ੍ਹਾਂ ਘੜ ਲਈ ਹੈ:-

ਰਾਜੇ ਦੇ ਰਾਜ 'ਚ ਨਹੀਂ
ਬਾਵੇ ਦੇ ਬਾਗ 'ਚ ਨਹੀਂ
ਉਹ ਫਲ ਖਾਣਾ
ਜੀਹਦੇ 'ਚ ਹਿੜਕ ਨਹੀਂ

(ਗੋਲੇ)

ਬਰਸਾਤ ਦੇ ਦਿਨੀਂ ਕੋਈ ਖੂਹ ਉੱਤੋਂ ਪਾਣੀ ਲੈਣ ਲਈ ਜਾਂਦੀ ਹੈ ਰਸਤੇ ਵਿਚ ਇਕ ਦਮ ਬਾਰਸ਼ ਦਾ ਸਰਾਟਾ ਆ ਜਾਂਦਾ ਹੈ। ਭਿੱਜਣ ਤੋਂ ਡਰਦੀ ਉਹ ਕਿਸੇ ਘਰ ਛਿਪ ਜਾਂਦੀ ਹੈ। ਜਿੰਨਾ ਚਿਰ ਬਾਰਸ਼ ਪੈਂਦੀ ਰਹਿੰਦੀ ਹੈ ਉਹ ਬਾਹਰ ਨਹੀਂ ਨਿਕਲਦੀ। ਬਾਰਸ਼ ਹਟ ਜਾਂਦੀ ਹੈ ਤਾਂ ਉਹ ਪਾਣੀ ਲੈ ਕੇ ਘਰ ਨੂੰ ਪਰਤਦੀ ਹੈ। ਇਸ ਘਟਨਾ ਨੂੰ ਉਸ ਨੇ ਬੁਝਾਰਤ ਦਾ ਇਸ ਤਰ੍ਹਾਂ ਦਾ ਰੂਪ ਦਿੱਤਾ ਹੈ:-

ਜੀਹਨੂੰ ਮੈਂ ਗਈ
ਓਹੀ ਮੈਨੂੰ ਪਿਆ
ਪਿਆ ਤਾਂ ਮੈਂ ਲੁਕ ਗਈ
ਗਿਆ ਤਾਂ ਮੈਂ ਲਿਆ

(ਪਾਣੀ)

ਬਾਰਸ਼ ਪੈਣ ਤੋਂ ਮਗਰੋਂ ਜੇ ਅਸਮਾਨ ਬੱਦਲਾਂ ਵਲੋਂ ਸਾਫ ਹੋਵੇ ਤਾਂ ਰਾਤ ਸਮੇਂ ਤ੍ਰੇਲ ਮੀਂਹ ਵਾਂਗ ਹੀ ਪੈਂਦੀ ਹੈ। ਤ੍ਰੇਲ ਬਾਰੇ ਕਿਸੇ ਨੇ ਇਸ ਤਰ੍ਹਾਂ ਬੁਝਾਰਤ ਰਚੀ ਹੈ:-

ਇਕ ਸਮੁੰਦਰ ਮੈਂ ਦੇਖਿਆ
ਹਾਥੀ ਮਲ ਮਲ ਨ੍ਹਾਏ
ਘੜਾ ਡੋਬਿਆਂ ਨਾ ਡੁੱਬੇ
ਚਿੜੀ ਤਿਹਾਈ ਜਾਏ

(ਤ੍ਰੇਲ)

ਜਦ ਤੀਕਰ ਰੌਸ਼ਨੀ ਹੋਵੇ ਛਾਂ ਖ਼ਤਮ ਨਹੀਂ ਕੀਤੀ ਜਾ ਸਕਦੀ। ਇਸ ਅਸਲੀਅਤ ਨੂੰ ਬੁਝਾਰਤ ਨੇ ਇਸ ਤਰ੍ਹਾਂ ਅਪਣਾਇਆ ਹੈ:-

ਅਮਰ ਵੇਲ
ਅਮਰ ਵੇਲ
ਕਹੀਆਂ ਕੁਹਾੜੇ ਟੁੱਟ ਜਾਂਦੇ
ਵੱਢੀ ਨਾ ਜਾਵੇ ਅਮਰ ਵੇਲ

(ਛਾਂ)

ਹਵਾਂ ਨੂੰ ਵੀ ਤਾਂ ਅਸੀਂ ਮਹਿਸੂਸ ਕਰਦੇ ਹਾਂ। ਹਵਾ ਦਾ ਵਰਨਣ ਲੋਕ-ਬੁਝਾਰਤਾਂ ਵਿਚ ਆ ਜਾਣਾ ਕੁਦਰਤੀ ਹੀ ਹੈ:-

ਤੁਰਦਾ ਹਾਂ ਪਰ ਪੈਰ ਨਹੀਂ
ਦੇਵਾਂ ਸਭ ਨੂੰ ਜਾਨ
ਦੋਹ ਲਫ਼ਜ਼ਾਂ ਦੀ ਚੀਜ਼ ਹਾਂ
ਬੁੱਝੋ ਮੇਰਾ ਨਾਮ

(ਹਵਾ)

ਹਵਾ ਦੀ ਉਡਾਨ ਬਾਰੇ ਇਕ ਹੋਰ ਬੁਝਾਰਤ ਹੈ:-

ਵਿਚ ਅਸਮਾਨੇ ਉਡਦੀ ਜਾਵਾਂ
ਪੈਰ ਨਾ ਮੇਰਾ ਕੋਈ
ਸਭ ਮੇਰੇ ਵਿਚ ਹੋ ਗਏ
ਮੈਂ ਸਭਨਾਂ ਦੀ ਹੋਈ

(ਹਵਾ)

ਅੱਗ ਨਾਲ ਵੀ ਸਾਡਾ ਸਿੱਧਾ ਵਾਹ ਪੈਂਦਾ ਹੈ। ਅੱਗ ਦੀ ਇੱਕੋ ਇਕ ਅੰਗਾਰੀ ਸਾਰੇ ਪਿੰਡ ਲਈ ਅਗਨੀ ਦੇਣ ਦੀ ਸ਼ਕਤੀ ਰੱਖਦੀ ਹੈ:-

ਇੰਨੀ 'ਕ ਰਾਈ
ਸਾਰੇ ਪਿੰਡ 'ਚ ਖਿੰਡਾਈ

(ਅੱਗ)

ਅੱਗ ਬਲਣ ਤੋਂ ਪਹਿਲਾਂ ਧੂਆਂ- ਜਿਹੜਾ ਕਿ ਅੱਗ ਦਾ ਪੁੱਤਰ ਹੈ- ਜਨਮ ਲੈਂਦਾ ਹੈ। ਧੂਏਂ ਬਾਰੇ ਵੀ ਕਈ ਇਕ ਬੁਝਾਰਤਾਂ ਹਨ:-

ਮੁਢ ਮਢੇਲਾ
ਮੁਢ ਤੇ ਬੈਠਾ ਕਾਂ


ਪਹਿਲਾਂ ਜੰਮਿਆ ਪੁੱਤਰ
ਪਿੱਛੋਂ ਜੰਮੀਂ ਮਾਂ

(ਧੂੰਆਂ)

ਅਤੇ

ਮਾਂ ਜੰਮੀ ਨਾ ਜੰਮੀ
ਪੁੱਤ ਕੋਠੇ ਤੇ

(ਧੂੰਆਂ)

ਜਦ ਕੋਈ ਅੱਗ ਬਾਲਦੀ ਹੈ ਤਾਂ ਧੂੰਆਂ ਦੂਜੀ ਗੁਆਂਢਣ ਦੇ ਜਾ ਵੜਦਾ ਹੈ। ਟਿਕਚਰ ਕਰਨ ਵਜੋਂ ਕੋਈ ਆਖ ਹੀ ਦੇਂਦੀ ਏ:-

ਬਾਬਾ ਆਇਆ ਸਾਡੇ ਘਰ
ਟੰਗ ਫਸਾਲੀ ਥੋਡੇ ਘਰ

(ਧੂੰਆਂ)