ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਬ)
ਫੋਲਾ: ਅੱਖ ਵਿਚ ਫੁਨਸੀ/ਫਿਨਸੀ
ਕਾਈ ਤ੍ਰਿਖੀ ਸ਼ੈ ਚੁੱਭੀ ਹਿੱਸ ਤੇ ਅੱਖ ਵਿਚ ਫੋਲਾ ਥੀ ਗਿਐ।
(ਕੋਈ ਤਿਖੀ ਚੀਜ਼ ਖੁੱਭੀ ਹੈ ਤੇ ਅੱਖ ਵਿਚ ਫਿਨਸੀ ਹੋ ਗਈ ਹੈ)
ਫ਼ੌਤ: ਚਲਾਣਾ
ਤਕਵੇ ਦੇ ਸਾਈਂ ਦੇ ਫ਼ੌਤ ਹੋਵਣ ਤੇ ਗਦੀ ਦਾ ਝਗੜਾ ਪਇਆ ਹੇ।
(ਡੇਰੇ ਦੇ ਸਾਈਂ ਦੀ ਮੌਤ ਤੇ ਹੀ ਗਦੀ ਲਈ ਰੌਲਾ ਪਇ ਗਿਆ ਹੈ)
(ਬ)
{{overfloat left|ਬਸ: ਭਿਆਂ
ਡਾਢਾ ਔਖਾ ਕੰਮ ਤਾਂ ਕਰ ਘਿਧਮ, ਬਸ ਥੀ ਗਈ ਹੇ।
(ਬਹੁਤਾ ਔਖਾ ਕੰਮ ਤਾਂ ਮੈਂ ਕਰ ਲਿਐ, ਭਿਆਂ ਹੋ ਗਈ ਹੈ)
ਬੰਸ ਲੋਚਨ: ਬਾਂਸਾਂ ਦੀ ਗੂੰਦ
ਪਸਾਰੀ ਦੇ ਵੰਞ, ਬੰਸ ਲੋਚਨ ਘਿਨਾ।
(ਪੰਸਾਰੀ ਦੇ ਜਾ, ਬਾਂਸਾਂ ਦੀ ਗੁੰਦ ‘ਬੰਸ ਲੋਚਨ' ਲੈ ਆ)
ਬਹਾਲ: ਪੈਰਾਂ ਸਿਰ
ਉਜਾੜੇ ਪਿਛੂੰ ਹਰ ਵੇਲੇ ਜ਼ਿੰਦਗੀ ਬਹਾਲ ਕਰਨ ਦਾ ਝੋਰਾ।
(ਉਜਾੜੇ ਪਿਛੋਂ ਹਰ ਵੇਲੇ ਜ਼ਿੰਦਗੀ ਪੈਰਾਂ ਸਿਰ ਕਰਨ ਦਾ ਫ਼ਿਕਰ)
ਬਹਿਸ਼ਤੀ: ਮਾਸ਼ਕੀ
ਪਾਣੀ ਮੁੱਕਾ ਪਿਆ ਹੇ, ਬਹਿਸ਼ਤੀ ਹਜੇ ਤਕ ਨਹੀਂ ਵੱਲਿਆ।
(ਪਾਣੀ ਮੁੱਕ ਗਿਆ ਹੈ, ਮਾਸ਼ਕੀ ਅਜੇ ਤਕ ਨਹੀਂ ਮੁੜਿਆ)
ਬਹਿ ਥੀ/ ਬਾਹਿ ਥੀ: ਬੈਠ ਜਾ
ਕਤਰਾ ਬਹਿ/ਬਾਹਿ ਤਾਂ ਥੀ ਤੇ ਡੁੱਖ ਤਾਂ ਸੁਣ।
(ਜ਼ਰਾ ਬੈਠ ਤਾਂ ਜਾ ਤੇ ਦੁੱਖ ਤਾਂ ਸੁਣ)
ਬਹੁੜਨਾ: ਮਦਦ ਤੇ ਆਣਾ,
ਔਖਾ ਵੇਲਾ ਆਣ ਪਵੇ ਤਾਂ ਆਪਣੇ ਹੀ ਬਹੁੜਦੇ ਹਿਨ।
(ਔਖਾ ਸਮਾਂ ਆਵੇ ਤਾਂ ਆਪਦੇ ਹੀ ਮਦਦ ਤੇ ਆਂਦੇ ਨੇ)
ਬਹੂੰ ਬਹੁਤ
ਡੁੱਧ ਬਹੂੰ ਡੀਂਦੀ ਹੈ, ਲਸੀ-ਮਖਣ ਦੀ ਮੌਜ ਲਾ ਡੇਸੀ।
(ਦੁੱਧ ਬਹੁਤ ਦਿੰਦੀ ਹੈ, ਲਸੀ ਮਖਣ ਦੀ ਮੌਜ ਲਾਦੂ)
ਬਕਰ ਡੰਡੀ: ਮੰਜੇ ਦਾ ਮੁੱਲ
ਪਿਊ ਤੂੰ ਬਕਰ ਡੰਡੀ ਬੰਨਣੀ ਸਿੱਖ ਘਿਨ।
(ਪਿਉ ਤੋਂ ਮੰਜੇ ਦਾ ਮੱਲ ਬੰਨ੍ਹਣਾ ਸਿੱਖ ਲੈ)
ਬਖ਼ਤ/ਬਦਬਖਤ: ਸੁਭਾਗ/ਬਦਕਿਸਮਤੀ
ਬਖਤ/ਬਦਬਖਤ ਕਾਈ ਲਿਖਦਾ ਨਹੀਂ, ਕਰਦੇ ਕੰਮਾਂ ਦੇ ਫਲ ਹਿਨ।
(ਸੁਭਾਗ/ਮਾੜੇ ਭਾਗ ਕੋਈ ਲਿਖਦਾ ਨਹੀਂ, ਕੀਤੇ ਕੰਮਾਂ ਦੇ ਫਲ ਨੇ)
ਬਖਸ਼ਿਸ਼/ਬਖ਼ਸ਼ੀਸ਼: ਇਨਾਮ/ਮਿਹਰ
ਅਲਾ ਮੀਆਂ ਦੀ ਬਖਸ਼ਿਸ਼ ਹੋ ਇਹ ਬਦਨ, ਵਡੀ ਬਖਸ਼ੀਸ਼।
(ਰੱਬ ਦੀ ਮਿਹਰ ਹੈ ਇਹ ਸਰੀਰ, ਵੱਡਾ ਇਨਾਮ)
ਬਖ਼ਤਾਵਰ/ਬਖ਼ਤਾਵਰੀ:ਭਾਗਾਂ ਵਾਲਾ/ਅਮੀਰੀ
ਸੁਣ ਬਖਤਾਵਰਾ, ਹੇ ਬਖ਼ਤਾਵਰੀ ਪੁਰਖਿਆਂ ਦੀ ਖੱਟੀ ਹੇ।
(ਸੁਣ ਭਾਗਾਂ ਵਾਲੇ, ਇਹ ਅਮੀਰੀ ਬਜ਼ੁਰਗਾਂ ਦੀ ਕਮਾਈ ਹੈ)
ਬਖਾ/ਬਖੀਆ: ਸਿਉਣ/ਭੇਦ
ਜੀਵੇਂ ਬਖਾ ਮੋਟਾ ਰੱਖ ਤੇ ਦੜ ਵੱਟੀ ਰੱਖ, ਬਖੀਆ ਉਧੇੜ ਬਾਸੇਂ।
(ਜੀਵੇਂ ਸਿਉਣ ਮੋਟੀ ਰਖ, ਚੁੱਪ ਵੱਟੀ ਰੱਖ, ਭੇਦ ਕੱਢ ਬੈਠੇਂਗਾ)
ਬਖ਼ਾਧ/ਬਿਆਧ: ਝਗੜਾ/ਈਰਖਾ
ਸਾਰਾ ਬਖਾਧ/ਬਿਆਧ ਆਪਣੀ ਬਿਆਧੀ ਪਿਛੂੰ ਹੇ।
(ਸਾਰਾ ਝਗੜਾ/ਬਖੇੜਾ ਆਪਸੀ ਈਰਖਾ ਤੋਂ ਹੈ)
ਬਖੀਲੀ: ਝਗੜਾਲੂ ਬਹਿਸ
ਅਗਲੇ ਜਨਮ ਦੀ ਬਖੀਲੀ ਛੇੜ ਬੈਠੇ, ਮੰਨਦਾ ਹੇ ਨਹੀਂ।
(ਅਗਲੇ ਜਨਮ ਦੀ ਝਗੜਾਲੂ ਬਹਿਸ ਤੋਰ ਲਈ ਹੈ, ਮੰਨਦਾ ਹੈ ਨਹੀਂ)
ਬਗਲ: ਕੁੱਛੜ; ਬਗਲੀ: ਬੋਝੀ/ਝੋਲੀ
ਬਗਲੇ ਛੁਰੀ ਮੂੰਹੇ ਰਾਮ ਹੈ, ਤਾਂ ਬਗਲੀ ਖਾਲੀ ਵੈਸੀ।
(ਕੁਛੜ ਛੁਰੀ, ਮੂੰਹ ਵਿਚ ਰਾਮ, ਤਾਂ ਝੋਲੀ ਖਾਲੀ ਜਾਉ)
ਬੱਗਾ: ਸਫੈਦ
ਬੱਗਾ ਰੰਗ, ਬੱਗੇ ਕਪੜੇ ਤੇ ਤੀਰਥੀਂ ਵਾਸਾ, ਪਰ ਪਾਪ ਨਾ ਛੱਡੇਂ।
(ਗੋਰਾ ਰੰਗ, ਸਫ਼ੈਦ ਪੋਸ਼ ਤੇ ਤੀਰਥਾਂ ਤੇ ਵਾਸਾ, ਪਰ ਪਾਪ ਨਹੀਂ ਛਡਦਾ)
ਬਘੇਲਾ: ਸ਼ੇਰ ਦਾ ਬੱਚਾ
ਗਭਰੂ ਜ਼ੋਰਦਾਰ ਹੇ, ਪਿਊ ਦਾ ਬਘੇਲਾ, ਕੰਡ ਨਾ ਡਿਖੈਸੀ।
(ਜੁਆਨ ਤਕੜਾ ਹੈ, ਪਿਉ ਦਾ ਸ਼ੇਰ ਬਚਾ, ਪਿੱਠ ਨਾ ਦੇਊ)
ਬਚੜਾ/ਬਚੜੀ/ਬਚੜਦਾਰ: ਬਚੂ/ਬਚੀਏ/ਟਬਰ ਵਾਲੇ
ਬਚੜਾ-ਬਚੜੀ, ਹੁਣ ਬਚੜਦਾਰ ਹੋ, ਸੰਭਲ ਵੰਞੋ।
(ਬਚੂ-ਬਚੀਏ, ਹੁਣ ਟਬਰਾਂ ਵਾਲੇ ਹੋ, ਸੰਭਲ ਜਾਓ)
ਬੱਚੀ: ਰਸੀ ਦੀ ਲੜੀ
ਰੱਸਾ ਝਬਦੇ ਵਟੀਂਦਾ ਵੈਸੀ ਜੇ ਬੱਚੀ ਤੁਰਤ ਮਿਲਸੀ।
(ਰੱਸਾ ਛੇਤੀ ਵੱਟਿਆ ਜਾਊ ਜੇ ਲੜੀ ਤੁਰਤ ਮਿਲਦੀ ਰਹੀ)
ਬੰਜ: ਨੁਕਸ/ਬਦਨਾਮੀ/ਅਪਾਹਜਤਾ
ਛੋਹਰ ਤੇ ਛੇਹਰ ਡੋਹਾਂ ਵਿਚ ਭਾਈ ਬੱਜ ਨਹੀਂ।
(ਮੁੰਡੇ ਤੇ ਕੁੜੀ ਦੋਨਾਂ ਵਿ ਕੋਈ ਨੁਕਸ/ਧੱਬਾ/ਅਪਾਹਜਤਾ ਨਹੀਂ ਹੈ)
ਬਜਾਅ: ਸਹੀ/ਤਰਕ ਭਰਪੂਰ
ਏਡੀ ਭਾਰੀ ਉਲਝਣ ਵਿਚ ਪੈਂਡਾ ਸੁਝਾ ਬਜਾਅ ਹੇ।
(ਏਨੀ ਭਾਰੀ ਉਲਝਣ ਵਿਚ ਤੇਰਾ ਸੁਝਾ ਸਹੀ ਤਰਕ ਭਰਪੂਰ ਹੈ)
ਬਣਤ: ਯੋਜਨਾ
ਚੋਰਾਂ ਬਾਹਿ ਕੇ ਪਹਿਲੂੰ ਚੋਰੀ ਕਰਨ ਦੀ ਬਣਤ ਕੀਤੀ ਹੋਸੀ।
(ਚੋਰਾਂ ਬੈਠ ਕੇ ਪਹਿਲਾਂ ਚੋਰੀ ਦੀ ਯੋਜਨਾ ਘੜੀ ਹੋਊ)
ਬਣ ਮਾਹਣੂੰ: ਬਣਮਾਨਸ
ਬਣ ਮਾਹਣੂੰਏਂ ਕੀ ਪੂਰਾ ਮਾਨਸ ਬਣਨੇ ਮੇਂ ਲਖੂੰ ਸਾਲ ਲੰਘੇ।
(ਬਣਮਾਨਸ ਨੂੰ ਮਨੁੱਖ ਬਣਨ ਵਿਚ ਲੱਖਾਂ ਸਾਲ ਲੰਘੇ)
ਬਤਾਊਂ/ਵਤਾਉਂ: ਬੈਂਗਣ/ਵੈਂਗਣ
ਬਤਾਊਂ/ਵਤਾਉਂ ਜੋ ਕੱਟ ਰਖੇਨ, ਕਾਲੇ ਨਾ ਥੀ ਵੈਸਨ।
(ਬੈਂਗਣ/ਵੈਂਗਣ ਜੋ ਕਟ ਰਖੇ ਨੇ, ਕਾਲੇ ਨਾ ਹੋ ਜਾਣਗੇ)
ਬਤਾਰੂ: ਬੋਤਾ
ਬਤਾਰੂ ਜੇਡਾ ਤਾਂ ਥੀ ਗਿਐ, ਬੋਲਣ ਦਾ ਸ਼ਹੂਰ ਨਹੀਂ।
(ਬੋਤੇ ਜਿਡਾ ਤਾਂ ਹੋ ਗਿਐ, ਬੋਲਣ ਦੀ ਤਮੀਜ਼ ਨਹੀਂ ਹੈ)
ਬਦ: ਬੁਰਾ-ਚਸ਼ਮੇਂ ਬਦਦੂਰ (ਬੁਰੀ ਨਜ਼ਰ ਤੋਂ ਬਚੇ ਰਹੋ)
ਬਦਦਿਆਨਤ:ਬੁਰੀ ਨੀਤ,ਬਦ ਹਵਾਸ:ਹਫਿਆ ਹੋਇਆ
ਬਦਗੁਮਾਨੀ:ਹੰਕਾਰ
ਬਦਖੋਹੀ:ਨਿੰਦਿਆ,ਬਦਜ਼ਾਤ:ਕਮੀਨਾ,ਬਦਦੁਆ:ਸਰਾਪ,ਬਦਨੀਤ:
ਖੋਟੀ ਭਾਵਨਾ ਬਦਮਜ਼ਗੀ:ਬੇਸੁਆਦੀ,ਬਦਮਸਤ:ਨਸ਼ੇ ਵਿਚ ਧੁੱਤ
ਬਦਨਾਮ ਭੈੜੀ ਸ਼ੁਹਰਤ ਆਦਿ
ਬਦਸਤੂਰ: ਨੇਮ ਅਨੁਸਾਰ
ਸਾਰਾ ਮੁਕੱਦਮਾ ਬਦਸਤੂਰ ਚਲਿਆ, ਤਾਂ ਹੀ ਦੇਰ ਥਈ।
(ਸਾਰਾ ਮੁਕੱਦਮਾ ਨੇਮਾ ਹੇਠ ਚਲਿਆ, ਤਾਂ ਹੀ ਦੇਰ ਹੋਈ)
ਬਦਰੂੰ: ਭਾਦੋਂ
ਬਦਰੂੰ ਹੇ, ਮੁਸ਼ਕੱਤ ਕਰਸੂੰ ਤਾਂ ਪਸੀਨਾ ਵਗਸੀ।
(ਭਾਦੋਂ ਹੈ, ਜ਼ੋਰ ਦਾ ਕੰਮ ਕਰਾਂਗੇ ਤਾਂ ਮੁੜਕਾ ਵਗੂ)
ਬੰਨਾਂ/ਬੰਨੀ: ਲਾੜਾ/ਲਾੜੀ
ਪਾਣੀ ਵਾਰ ਬੰਨੇ ਕੀ ਮਾਊ ਨੀ, ਬੰਨਾ/ਬਨੀ ਆਣ ਖੜੇ।
(ਪਾਣੀ ਵਾਰ ਲਾੜੇ ਦੀ ਮਾਏ ਨੀ, ਲਾੜਾ/ਲਾੜੀ ਆਏ ਖੜੇ)
ਬਰ: ਅਰਜ਼/ਕਪੜੇ ਦੀ ਚੁੜਾਈ/ਪੰਨਾ
ਹਿੱਸ ਕਪੜੇ ਨਾ ਬਰ ਘਟ ਹੇ, ਢੇਰ ਲਗਸੀ।
(ਇਸ ਕਪੜੇ ਦਾ ਪੰਨਾ ਘਟ ਹੈ, ਬਹੁਤਾ ਲਗੂ)
ਬਰਕਤ: ਇੱਕ/ਪਹਿਲਾ ਤੋਲ/ਵਧੇ ਫੁਲੇ
ਤੋਲਾ ਤੋਲਣ ਲਗਾ ਬੋਲਿਆ 'ਬਰਕਤ' ਤੇ ਭਾਵਨਾ ਹਾਈ ਬਰਕਤ ਪਵੇ।
(ਤੋਲਾ ਤੋਲਣ ਲਗਾ ਬੋਲਿਆ 'ਬਰਕਤ' (ਇੱਕ) ਤੇ ਭਾਵ ਰਿਹਾ ਵਧੇ ਫੁਲੇ)
ਬਰਦਾ/ਬਰਦੀ: ਗੁਲਾਮ
ਹਸਾਂ ਤੇ ਜ਼ਰਖਰੀਦ ਬਰਦੇ ਹੋਏ, ਕਡਣ ਛੁਟਸੂੰ।
(ਅਸੀਂ ਤਾਂ ਮੁਲ ਖਰੀਦੇ ਗੁਲਾਮ ਹੋ ਗਏ, ਕਦੋਂ ਅਜ਼ਾਦ ਹੋਵਾਂਗੇ)
ਬਰੜਾਉਣਾ/ਬਿਫ਼ਲਣਾ/ਵਿਫਲਣਾ: ਬੜਾਉਣਾ
ਡਿਮਾਗ ਤੇ ਭਾਰ ਰਾਂਧੈਸ, ਰਾਤੀਂ ਬਰੜਾਂਦੈ/ਬਿਫ਼ਲਦੈ। ਵਿਫਲਦੈ।
(ਦਿਮਾਗ ਤੇ ਬੋਝ ਹੈਸ, ਰਾਤੀਂ ਬੜਾਉਂਦੈ)
ਬਲਾਂਅ: ਬਦਰੂਹ/ਬਿਮਾਰੀ
ਭੂਤ ਬਲਾਂਅ ਚੰਬੜੀ ਹਿਸ, ਹਕੀਮ ਕੋਲ ਬਿਨ੍ਹਾਂ ਬਲਾਂਵਾਂ ਦੇ ਦਾਰੂ ਹੀ ਹਿਨ।
(ਕੋਈ ਬਦਰੂਹ ਚਿੰਬੜ ਗਈ ਹੈ, ਹਕੀਮ ਕੋਲ ਹੋਰ ਬਿਮਾਰੀਆਂ ਦੀ ਦਵਾ ਹੀ ਹੈ)
ਬਲ੍ਹਾਵਣਾ: ਬਿਠਾਉਣਾ,
ਬਲ੍ਹਾਵਣਾ ਤਾਂ ਕੇ ਹਸ, ਬਾਹਰੂੰ ਬਾਹਰੂੰ ਵਾਲਾ ਡਿਤਿਸ।
(ਬਿਠਾਉਣ ਤਾਂ ਕੀ ਸੀ, ਬਾਹਰੋਂ ਹੀ ਮੋੜ ਦਿਤਾ ਸੀ)
ਬਾਸ/ਬਾਸੀ: ਬੇਹੀ ਵਾਸ਼ਨਾ
ਬਾਸੀ ਕੜ੍ਹੀ ਦੀ ਬਾਸ ਤੂੰ ਛਿੱਕਾਂ ਛਿੜ ਪੋਸਿਨ।
(ਬੇਹੀ ਕੜ੍ਹੀ ਦੀ ਵਾਸ਼ਨਾ ਤੋਂ ਛਿਕਾਂ ਛਿੜ ਪੈਣਗੀਆਂ)
ਬਾਸ਼ਕ/ਨਾਂਗ: ਸੱਪ/ਨਾਗ
ਛੱਜਲੀ ਆਲਾ ਬਾਸ਼ਕ/ਨਾਂਗ ਲੜੇ ਤਾਂ ਡੂ ਪੈਰ ਨਾ ਪੱਟਣ ਡੇਵੇ।
(ਛੱਜਲੀ ਵਾਲਾ ਨਾਗ ਲੜੇ ਤਾਂ ਦੋ ਪੈਰ ਨਾ ਪੁੱਟਣ ਦੇਵੇ)
ਬਾਸੂੰ: ਬੈਠਾਂਗੇ
ਸਭਾ ਵਿਚ ਅਸਾਂ ਕੋਲ ਕੋਲ ਬਾਸੂੰ।
(ਸਭਾ ਵਿਚ ਆਪਾਂ ਕੋਲ ਕੋਲ ਬੈਠਾਂਗੇ)
ਬਾਹਰ ਵੰਞਣਾ ਹਾਜਤ ਨਵਿਰਤੀ ਨੂੰ ਜਾਣਾ
ਅਗੇ ਸਵਾਣੀਆਂ ਕੱਠੀਆਂ ਥੀ ਕੇ ਵਡਲੇ ਨਾਲ ਬਾਹਰ ਵੈਂਦੀਆਂ ਹਨ।
(ਅਗੇ ਔਰਤਾਂ ਰੱਲ ਕੇ ਸਵੇਰੇ ਹੀ ਹਾਜਤ ਨਵਿਰਤੀ ਨੂੰ ਜਾਂਦੀਆਂ ਸਨ)
ਬਾਕਾਂ/ਬਾਂਕਾ/ਬਾਂਕਾਂ: ਚੀਕਾਂ/ਛਬੀਲਾ/ਪੰਜੇਬ
ਬਾਂਕਾਂ ਮੰਗਦੀ ਕੂੰ ਬਾਂਕੇ ਨੇ ਛਮਕਾਂ ਨਾਲ ਬਾਕਾਂ/ਬਾਂਕਾਂ ਕਢਾ ਡਿੱਤੀਆਂ।
(ਪੰਜੇਬਾਂ ਮੰਗਦੀ ਨੂੰ ਛਬੀਲੇ ਨੇ ਛਮਕਾਂ ਨਾਲ ਚੀਕਾਂ ਕਢਾ ਦਿਤੀਆਂ)
ਬਾਂਗਰ: ਖੁਸ਼ਕ ਰੇਤਲੀ ਧਰਤ
ਕਾਲ ਪੂੰਦੈ ਤਾਂ ਬਾਂਗਰ ਤੂੰ ਸਣੇ ਮਾਲ ਡੰਗਰ ਨਿਕਲ ਪਵਣ।
(ਕਾਲ ਪੈਂਦੇ ਤਾਂ ਰੇਤਲੇ ਖੁਸ਼ਕ ਥਾਵਾਂ ਤੋਂ ਸਣੇ ਮਾਲ ਡੰਗਰ ਨਿਕਲ ਪੈਣ)
ਬਾਘੀ: ਜਾੜ੍ਹਾਂ ਦੇ ਭੇੜ/ਫੋਕੀ ਬਹਿਸ
ਬਾਘੀ ਪਾਈ ਰਖਸੋ ਕੇ ਕਾਈ ਥਿੱਤ ਦੀ ਗੱਲ ਕਰੇਸੋ।
(ਜਾੜ੍ਹਾਂ ਦੇ ਭੇੜ ਕਰਦੇ ਰਹੋਗੇ ਕਿ ਕੋਈ ਚੱਜ ਦੀ ਗਲ ਕਰੋਗੇ)
ਬਾਟੀ: ਪਤੀਲੀ
ਰੋਜ਼ ਡਿਹਾੜੇ ਬਾਟੀ ਡਾਲ ਦੀ ਜੋ ਚੜ੍ਹਦੀ ਹੈ, ਮੁਕ ਵੈਂਦੀ ਹੇ।
(ਹਰ ਰੋਜ਼ ਪਤੀਲੀ ਦਾਲ ਦੀ ਚੜ੍ਹਦੀ ਹੈ, ਮੁੱਕ ਜਾਂਦੀ ਹੈ)
ਬਾਣ: ਆਦਤ
ਇਸ਼ਕ ਕੂੰ ਕੂਣ ਦੀ ਬਾਣ ਪੈ ਵੰਞੇ ਤਾਂ ਸੰਭਲੋ।
(ਇਸ਼ਕ ਨੂੰ ਬੋਲਣ ਦੀ ਆਦਤ ਪੈ ਜਾਵੇ ਤਾਂ ਸੰਭਲ ਜਾਵੋ)
ਬਾਤਾ: ਘੱਚਾ
ਬੋਲਚਾਲ ਵਿਚ ਕਤਰਾ ਬਾਂਤਾ ਹੇ, ਇਲਾਜ ਹੋ ਸਕਨੈ।
(ਬੋਲਚਾਲ ਵਿਚ ਜ਼ਰਾ ਘੱਚਾ ਹੈ, ਇਲਾਜ ਹੋ ਸਕਦਾ ਹੈ)
ਬਾਂਦੀ: ਗੁਲਾਮ
ਭਾਵੇਂ ਮਾਰ, ਭਾਵੇਂ ਰੱਖ, ਬਾਂਦੀ ਹਾਂ, ਝੱਲੀ ਵੈਸਾਂ।
(ਮਾਰ ਚਾਹੇ ਰੱਖ, ਗੁਲਾਮ ਹਾਂ, ਝਲਦੀ ਰਹਾਂਗੀ)
ਬਾਧਾ ਬੰਨ੍ਹਿਆ
ਲਾਵਾਂ ਦੀ ਰੀਤ ਦਾ ਬਾਧਾ ਡੀਹ ਪਾਈ ਵੈਂਦਾਂ।
(ਲਾਵਾਂ ਦੀ ਰੀਤ ਦਾ ਬੰਨ੍ਹਿਆਂ ਦਿਨ ਕਟੀ ਕਰੀ ਜਾਂਦਾ ਹਾਂ)
ਬਾਬ ਆਣੀ: ਪੇਸ਼ ਪੈਣੀ/ਬਣ ਆਣੀ
ਕੀਤੀ ਭਰਜਾਈ ਦੀ, ਮੈਂਡੀ ਜਾਨ ਦੇ ਬਾਬ ਆਈ ਪਈ ਹੇ।
(ਕਰਤੂਤ ਭਾਬੀ ਦੀ, ਮੇਰੀ ਜਾਨ ਤੇ ਬਣੀ ਹੋਈ ਹੈ)
ਬਾਮੁਲਾਹਜ਼ਾ ਮੁਆਇਨੇ ਖ਼ਾਤਰ
ਬਾ ਮੁਲਾਹਜ਼ਾ, ਹੋਸ਼ਿਆਰ, ਸਾਹਿਬ ਆ ਰਹੇ ਹਿਨ।
(ਹੁਸ਼ਿਆਰ ਹੋਵੋ, ਮੁਆਇਨੇ ਖਾਤਰ ਸਾਹਬ ਆ ਰਹੇ ਹਨ)
ਬਾਰ੍ਹਾਂ ਤਾਲਣ: ਨਿਰੀ ਪਖੰਡਣ
ਇਹ ਸਵਾਣੀ ਬਹੂੰ ਬਾਰ੍ਹਾਂ ਤਾਲਣ ਹੈ, ਕੋਈ ਪੇਸ਼ ਨਹੀਂ ਵੈਂਦੀ।
(ਇਹ ਔਰਤ ਬਹੁਤਵੱਡੀ ਪਖੰਡਣ ਹੈ, ਕੋਈ ਚਾਰਾ ਨਹੀਂ ਚਲਦਾ)
ਬਾਲਮ: ਮਾਹੀ
ਜੇਹੇ ਬਾਲਮ ਘਰ ਰਾਹਵਣ, ਤੇਹੇ ਰਾਹਵਣ ਪਰਦੇਸ।
(ਜੇਹਾ ਮਾਹੀ ਘਰ ਰਹੇ ਤੇਰਾ ਰਹੇ ਪ੍ਰਦੇਸ)
ਬਿਆ ਕੇ/ਬਿਆ ਕੌਣ ਹੋਰ ਕੀ/ਹੋਰ ਕੌਣ
ਬਿਆ ਕੇ, ਜਿੱਥੇ ਆਪਣੇ ਤਾਂ ਹਿਨ, ਬਿਆ ਕੌਣ ਹੇ।
(ਹੋਰ ਕੀ, ਇਥੇ ਆਪਣੇ ਹੀ ਨੇ, ਹੋਰ ਓਪਰਾ ਕੌਣ ਹੈ)
ਬਿਆਧ: ਝਗੜਾ-ਦੇਖੋ ਬਿਖਾਧ/ਬਖਾਧ
ਬਿਸ਼ਨ ਪਦ: ਵਿਸ਼ਨੂੰ ਦੇ ਭਜਨ/ਭਲੇ ਬੋਲ (ਵਿਅੰਗ ਨਾਲ)
ਕਹਾਂ ਬਿਸ਼ਨਪਦ ਗਾਵੇ ਗੁੰਗ, ਤੂੰ ਮੈਥੂ ਹੁਣ ਬਿਸ਼ਨਪਦੇ ਸੁਣਨੇ।
(ਗੁੰਗਾ ਵਿਸ਼ਨੂੰ ਭਜਨ ਕਿਹੜੇ ਗਾਉ, ਤੂੰ ਮੈਥੋਂ ਭਲੇ ਬੋਲ ਸੁਣੇਗਾ)
ਬਿਸ਼ਨੀ: ਦੁਰਾਚਾਰਨ
ਪੇਰਾਂ ਵਿਚ ਘੁੰਗਰੂ, ਬਿਸ਼ਨੀ ਅੱਖ ਮਟੱਕੇ ਪਈ ਲਾਵੇ।
(ਪੈਰਾਂ ਵਿਚ ਘੁੰਗਰੂ ਬੰਨ੍ਹ ਲੁੱਚੀ ਰੰਨ ਅਖਾਂ ਮਟਕਾਉਂਦੀ ਨੱਚ ਰਹੀ ਹੈ)
ਬਿਸਮਿੱਲ/ਬਿਸਮਿੱਲਾ: ਜ਼ਖਮੀ/ਸ਼ੁਰੂ
ਇਸ਼ਕ ਦਾ ਬਿਸਮਿਲ ਕੀਤਮ, ਨੈਣਾਂ ਦੇ ਬਾਣ ਨਾਲ ਬਿਸਮਿਲ ਥਿਆਂ।
(ਇਸ਼ਕ ਸ਼ੁਰੂ ਕਰ ਬੈਠਾਂ, ਨੈਣਾਂ ਦੇ ਤੀਰਾਂ ਨਾਲ ਜ਼ਖਮੀ ਹਾਂ)
ਬਿਸਵਾ: ਵਿਸਵਾ (ਵਿੱਘੇ ਦਾ ਵੀਹਵਾਂ ਹਿਸਾ)
ਘਰ ਪਾਵਣ ਕੂੰ ਬਸ ਤ੍ਰੈ ਬਿਸਵੇ ਜ਼ਮੀਨ ਮੈਕੂੰ ਮਿਲੀ।
(ਘਰ ਪਾਉਣ ਨੂੰ ਬਸ ਤਿੰਨ ਵਿਸਵੇ ਜ਼ਮੀਨ ਮੈਨੂੰ ਮਿਲੀ)
ਬਿਕੱਲਮ ਖੁਦ ਲਿਖਣ ਵਾਲਾ
ਅਜ ਤੂ ਆਪੂੰ ਪਾਤੀ ਲਿੱਖ ਤੇ ਥਲੂੰ ਲਿੱਖ 'ਬਿਕਲਮ ਖੁਦ'।
(ਅੱਜ ਤੂੰ ਆਪ ਹੀ ਚਿੱਠੀ ਲਿਖ ਕੇ ਹੇਠਾਂ ਲਿੱਖ ਲਿਖਣ ਵਾਲਾ)
ਬਿਖਮ/ਬਿਖੜਾ ਔਖਾ
ਪਰਦੇਸ ਵੰਞਣਾ ਤੇ ਵੰਞ ਕੇ ਵਸਣਾ, ਬਿਖਮ/ਬਿਖੜਾ ਹੇ।
(ਪਰਦੇਸ ਜਾਣਾ ਤੇ ਜਾ ਕੇ ਵਸਣਾ, ਔਖਾ ਹੈ)
ਬਿੱਖ/ਬਿਖਿਆ: ਵਿਸ਼/ਜ਼ਹਿਰ
ਜੇ ਵਿਸ਼ਵਾਸ਼ ਨਾ ਹੋਵੇ ਤਾਂ ਅੰਮ੍ਰਿਤ ਵੀ ਬਿਖ/ਬਿਖਿਆ ਹੇ।
(ਜੇ ਵਿਸ਼ਵਾਸ਼ ਨਾ ਹੋਵੇ ਤਾਂ ਅੰਮ੍ਰਿਤ ਵੀ ਵਿਸ਼/ਜ਼ਹਿਰ ਹੈ)
ਬਿਖਾਧ: ਝਗੜਾ-ਦੇਖੋ 'ਬਖਾਧ'
ਬਿੰਗ: ਕਾਪਾ
ਯਾਰ ਖੁਣੋਂ ਜੀਵਣਾ, ਕਸਾਈ ਦਾ ਬਿੰਗ ਝਲੁਣ ਹੇ।
(ਪਿਆਰੇ ਬਿਨਾਂ ਜੀਣ, ਕਸਾਈ ਦੇ ਕਾਪੇ ਨਾਲ ਵਢੀਣ ਹੈ)
ਬਿੱਜ ਪੈਣੀ: ਬਿਜਲੀ ਡਿਗਣੀ
ਮੌਤ ਦੀ ਖਬਰ ਆਈ, ਜਾਣੋ ਟੱਬਰ ਤੇ ਬਿੱਜ ਆ ਪਈ।
(ਮੌਤ ਦੀ ਸੂਚਨਾ ਆਈ, ਜਾਣੋ ਟੱਬਰ ਤੇ ਬਿਜਲੀ ਆ ਡਿੱਗੀ)
ਬਿਦ/ਬਿਦਣਾ: ਸੁਗਾਤ/ਮੁਕਾਬਲਾ ਕਰਨਾ
ਧੀਆਂ ਕੂੰ ਬਿਦ ਘਲਣੇ ਤੂੰ ਮਾਪੇ ਬਿਨ੍ਹਾਂ ਨਾਲ ਬਿਦਦੇ ਹਿਨ।
(ਧੀਆਂ ਨੂੰ ਸੁਗਾਤ ਘਲਣ ਨੂੰ ਮਾਪੇ ਹੋਰਾਂ ਨਾਲ ਮੁਕਾਬਲੇ ਕਰਦੇ ਹਨ)
ਬਿਲੱਜੀ: ਬਿਸ਼ਰਮ
ਬਿਲੱਜੀ ਥੀ ਬੈਠੀ ਹੇ, ਨਾ ਡਸਣ ਵਾਲੀ ਗਲ ਵੀ ਕੱਢ ਡੇਂਦੀ ਹੇ।
(ਬੇਸ਼ਰਮ ਹੋਈ ਬੈਠੀ ਹੈ, ਨਾ ਦਸਣ ਵਾਲੀ ਗਲ ਵੀ ਕਢ ਦਿੰਦੀ ਹੈ)
ਬਿਰਥਾ: ਵਿਅਰਥ/ਅਜਾਈਂ
ਬਿਰਥਾ ਕਡੂੰ ਵੈਂਦੀ ਹੇ, ਅਵਾਮ ਦੀ ਧਾਰੀ ਆਸਥਾ।
(ਅਜਾਈਂ ਕਦੋਂ ਜਾਂਦਾ ਹੈ, ਆਮ ਲੋਕਾਂ ਦਾ ਭਰੋਸਾ)
ਬਿਲਾਂਘ: ਕਦਮ
ਬਸ ਥਈ ਪਈ ਹੇ, ਹੁਣ ਤਾਂ ਬਿਲਾਂਘ ਹੀ ਨਹੀਂ ਪਟੀਦੀ।
(ਬਸ ਹੋਈ ਪਈ ਹੈ, ਹੁਣ ਤਾਂ ਕਦਮ ਹੀ ਨਹੀਂ ਪੁਟੀਦਾ)
ਬਿਲਾਣੀ: ਸਹੇਲੀ
ਤੀਆਂ ਤੇ ਵੈਸੂੰ ਤਾਂ ਕੋਈ ਬਿਲਾਣੀਆਂ ਮਿਲ ਪੋਸਿਨ।
(ਤੀਆਂ ਤੇ ਜਾਵਾਂਗੀਆਂ ਤਾਂ ਕਈ ਸਹੇਲੀਆਂ ਮਿਲ ਪੈਣਗੀਆਂ)
ਬੀੜੇ: ਬਟਣ
ਚੜ੍ਹੀ ਜਵਾਨੀ ਤਿੜਕਣ ਬੀੜੇ, ਜ਼ੋਰ ਨਾ ਵੰਞੇ ਝੱਲਿਆ।
(ਚੜ੍ਹੀ ਜੁਆਨੀ, ਬਟਣ ਟੁੱਟਣ, ਜ਼ੋਰ ਨਾ ਜਾਵੇ ਝੱਲਿਆ)
ਬੁਸ ਵੰਞਣਾ: ਬੇਹੇ ਹੋ ਜਾਣੇ
ਫਿਰਕੂ ਭੜਕਾਵਣ ਦੀਆਂ ਗਲਾਂ ਹੁਣ ਬੁਸ ਗਈਆਂ ਹਿਨ।
(ਫਿਰਕੂ ਭੜਕਾਹਟ ਦੀਆਂ ਗਲਾਂ ਹੁਣ ਬੇਹੀਆਂ ਹੋ ਗਈਆਂ ਨੇ)
ਬੁਸਰੀਆਂ: ਤਹਿਦਾਰ ਰੋਟੀਆਂ
ਨਾਨਕ ਕਹੇ- ਬੁਸਰੀਆਂ ਪੱਕਾ ਦਿੱਤੀਆਂ ਨੇ।
(ਨਾਨਕ ਕਹਿੰਦੇ ਨੇ-ਰੋਟੀਆਂ ਭਾਵ ਮਜ਼ੇਦਾਰ ਜੀਵਨ ਢੰਗ, ਤਿਆਰ ਹੈ)
ਬੁਹਾਰੀ: ਝਾੜੂ
ਕੂੜ ਕੁਫ਼ਰ ਵੀ, ਬੁੱਸੀਆਂ ਰੀਤਾਂ ਵਾਂਙੂ ਬੁਹਾਰੀ ਨਾਲ ਮੇਲ ਸਟੇਸੂੰ।
(ਕੂੜ ਕੁਫ਼ਰ ਵੀ, ਨਿਕਾਰਾ ਰੀਤਾਂ ਵਾਂਗੂੰ, ਝਾੜੂ ਨਾਲ ਹੂੰਝ ਦੇਵਾਂਗੇ)
ਬੁੱਕਣਾ: ਗਰਜ ਕੇ ਬੋਲਣਾ
ਨਿੱਕੀ ਜਿਹੀ ਗੱਲ ਹੁੰਦੀ ਹੇ ਤੇ ਬੁੱਕਣ ਲੱਗ ਪੂੰਦੈ।
(ਨਿਕੀ ਜਿਹੀ ਗੱਲ ਹੁੰਦੀ ਹੈ ਤੇ ਗਰਜ ਗਰਜ ਕੇ ਬੋਲਣ ਲਗ ਜਾਂਦਾ ਹੈ)
ਬੁੱਚ: ਕੈਂਚੀ ਦੇ ਕਟਾਂਗ
ਅੱਜ ਕਲ ਡੋੜੇ ਤ੍ਰੋਪੇ ਭਰ ਕੇ ਬੁੱਚ ਲੁਕਾ ਡੀਂਦੇ ਹਿਨ।
(ਅਜ ਕਲ ਦੂਹਰੇ ਤੋਪੇ ਲਾ ਕੇ ਕੈਂਚੀ ਦੇ ਕਟਾਂਗ ਲਕੋ ਦਿੰਦੇ ਨੇ)
ਬੁੱਚੀ: ਜ਼ੇਵਰਾਂ ਬਿਨਾਂ
ਦਾਨਸ਼ਵਰ ਸਵਾਣੀਆਂ, ਬੱਚੀਆਂ ਥੀ ਕੇ, ਬੇਚੈਨ ਨਾ ਹੋਵਿਨ।
(ਸਿਆਣੀਆਂ ਔਰਤਾਂ, ਜ਼ੇਵਰ ਰਹਿਤ ਹੋ ਕੇ, ਬੇਚੈਨ ਨਾ ਹੋਣ)
ਬੁਜਾ: ਲਾਹਨਤ ਦਾ ਸੰਕੇਤ
ਭਲੇ ਪੁਰਸ਼ ਕੂੰ ਠੱਗਿਆ ਹੇਈ, ਲੋਕ ਬੁੱਜੇ ਮਰੇਸਿਨ।
(ਭਲੇ ਬੰਦੇ ਨੂੰ ਠੱਗਿਆ ਹਈ, ਲੋਕ-ਲਾਹਨਤਾਂ ਦੇ ਸੰਕੇਤ ਮਿਲਣਗੇ)
ਬੁਡ: ਡੁੱਬ
ਟੋਆ ਢੇਰ ਡੂੰਘੇ, ਵੜਿਊਮ ਤਾਂ ਬੁਡ ਵੈਸਾਂ।
(ਟੋਆਂ ਬੜਾ ਡੂੰਘਾ ਹੈ, ਮੈਂ ਵੜਿਆਂ ਤਾਂ ਡੁੱਬ ਜਾਵਾਂਗਾ)
ਬੁਰ: ਮੂੰਹ ਜ਼ੋਰ
ਗਭਰੂ ਦੀ ਬੁਰ ਵਧੀ ਹੋਈ ਹੇ, ਕਹਿੰਦੀ ਨਾ ਸੁਣਸੀ।
(ਗਭਰੂ ਦੀ ਮੂੰਹ ਜ਼ੋਰੀ ਵਧੀ ਹੋਈ ਹੈ, ਕਿਸੇ ਦੀ ਨਾ ਸੁਣੂ)
ਬੁਲਾਕ: ਨੱਥ
ਬੁਲਾਕ ਵੱਡੀ ਹੇ ਤੇ ਮੁਖੜਾ ਨਿੱਕਾ, ਫਬੀ ਨਹੀਂ।
(ਨੱਥ ਵੱਡੀ ਹੈ ਤੇ ਚਿਹਰਾ ਨਿੱਕਾ, ਜੱਚੀ ਨਹੀਂ)
ਬੂਥਾ: ਸ਼ਕਲ
ਬੈ ਦਾ ਬੂਥਾ ਤਾਂ ਡਿਸ ਪੂੰਦੇ, ਟੋਕਦੇ ਹਾਂ, ਆਪਣਾ ਤਾਂ ਸ਼ੀਸ਼ੇ ਡਸਣੈ।
(ਦੂਜੇ ਦੀ ਸ਼ਕਲ ਦਿਸ ਪਵੇ, ਟੋਕਦੇ ਹਾਂ, ਆਪਣੀਆਂ ਤਾਂ ਸ਼ੀਸ਼ਾ ਵਿਖਾਉਂਦੈ)
ਬੂਦ ਬੇਹੂਦਾ
ਏਡੇ ਵੱਡੇ ਕੱਠ ਵਿਚ ਕੋਈ ਬੂਦਾਂ ਆਣ ਵੜਦੀਆਂ ਹਿਨ।
(ਏਡੇ ਵੱਡੇ ਇਕੱਠ ਵਿਚ ਕਈ ਬੇਹੂਦਾ ਆ ਜਾਂਦੇ ਹਨ)
ਬੂਰਾ ਅਧ ਰਿੜਕਿਆ
ਲਵੇਰੀ ਤਾਂ ਘਰ ਹੇਈ, ਰੋਜ਼ ਬੂਰਾ ਪੀ, ਠੀਕ ਥੀ ਵੈਸੇਂ।
(ਲਵੇਰੀ ਤਾਂ ਘਰੇ ਹੈਗੀ ਹਈ, ਅਧ ਰਿੜਕਿਆ ਪੀ, ਠੀਕ ਹੋ ਜਾਵੇਂਗਾ)
ਬੇ ਆਬਰੂ: ਅਪਮਾਨਿਤ
ਤੁ ਕੀ ਸ਼ਰਮ ਕਾਈ ਨਹੀਂ, ਸੱਕੇ ਬੇ ਆਬਰੂ ਕਰਕੇ ਕਢੇ ਹਿਨੀ।
(ਤੈਨੂੰ ਸ਼ਰਮ ਨਹੀਂ ਹੈ, ਕੁੜਮ ਅਪਮਾਨਿਤ ਕਰਕੇ ਤੋਰੇ ਨੇ)
ਬੇਨਜ਼ੀਰ: ਬੜੇ ਹੀ ਸੁੰਦਰ
ਹੂਰਾਂ ਦੇ ਨਕਸ਼ ਤੇ ਹੁਸਨ ਬੇਨਜ਼ੀਰ ਹੋਵਨ।
(ਹੂਰਾਂ ਦੇ ਮੁਖੜੇ ਤੇ ਹੁਸਨ ਬੜੇ ਹੀ ਸੁੰਦਰ ਹੁੰਦੇ ਹਨ)
ਬੇਲੀ: ਯਾਰ ਮਿਤਰ
ਤੂ ਤੇ ਮੈਂ ਬੇਲੀ, ਅਸਾਂ ਰੱਲਮਿਲ ਬੇੜੀ ਠੇਲ੍ਹੀ।
(ਤੂੰ ਤੇ ਮੈਂ ਯਾਰ ਮਿਤਰ ਹਾਂ, ਰਲ ਮਿਲ ਬੇੜੀ ਠੇਲ ਦਿਤੀ ਹੈ)
ਬੈੜ: ਚਰਖੇ ਦੇ ਚਕਰਾਂ ਨੂੰ ਬੰਨ੍ਹਦੀ ਡੋਰੀ
ਡਾਡੀ ਚਰਖੇ ਕੂੰ ਬੈੜ ਬਨ੍ਹੀਦੀ ਬੈਠੀ ਹਾਈ।
(ਦਾਦੀ ਚਰਖੇ ਦੇ ਚਕਰਾਂ ਦੀ ਡੋਰੀ ਬੰਨੀ ਜਾਂਦੀ ਸੀ)
ਬੋਸਕੀ ਧਾਰੀਦਾਰ ਕਪੜਾ
ਪਜਾਮਾ ਬੋਸਕੀ ਦਾ ਮਾਹੀ ਦਾ ਕੱਦ ਵਧਾਵੇ।
(ਪਜਾਮਾ ਧਾਰੀਦਾਰ ਕਪੜੇ ਦਾ, ਮਾਹੀ ਦਾ ਕੱਦ ਵਧਾਵੇ)
ਬੋਝਾ: ਜੇਬ/ਗੀਝਾ
ਬੋਝਾ ਭਰ ਖਿੱਲਾਂ ਦਾ ਘਿਨਾਇਆਂ, ਰਜ ਰਜ ਖਾ ਬਚੜਾ।
(ਜੇਬ ਭਰ ਕੇ ਖਿੱਲਾਂ ਲਿਆਇਆਂ, ਰਜ ਰਜ ਖਾਉ ਬਚੂ)
ਬੋਤੀ: ਊਠਣੀ-ਕਦਾਵਰ
ਛੋਹਿਰ ਬੋਤੀ ਬਣ ਨਿਕਲਦੀ ਪਈ ਹੇ, ਕਾਈ ਫਿਕਰ ਹੇਈ।
(ਕੁੜੀ ਬੋਤੀ ਵਾਂਗ ਕਦਾਵਰ ਹੁੰਦੀ ਪਈ ਹੈ, ਕੋਈ ਚਿੰਤਾ ਹੈ)
ਬੋੜ: ਡੋਬ
ਲੱਸੀ. ਵਿਚ ਘਿਰਾਈਆਂ ਬੋੜ ਬੋੜ ਖਾ ਘਿਨਸਾਂ, ਕੇ ਝੋਰਾ ਹੇਈ।
(ਲਸੀ ਵਿਚ ਬੁਰਕੀ ਡੋਬ ਡੋਬ ਖਾ ਲਊਂ, ਕੀ ਦੁੱਖ ਕਰੇਂ)
ਬੌਰਾ: ਝੱਲਾ
ਹੁਸੀਨ ਸੂਰਤ ਡੇਖ ਲੱਟ ਬੌਰਾ ਥਿਆ ਵੱਦੈ।
(ਸੋਹਣੀ ਸੂਰਤ ਵੇਖ ਝੱਲਾ ਹੋਇਆ ਹੋਇਆ ਹੈ)
(ਭ)
ਭਉ: ਭੈ
ਭਉ ਵਿਚੂੰ ਭਾਵ ਨਿਕਲਸਿਨ, ਭਉ ਬਣਾਈ ਰੱਖ।
(ਭੈ ਵਿਚੋਂ ਭਾਵਨਾ ਨਿਕਲੂ, ਭੈ ਬਣਾਈ ਰੱਖ)
ਭਉਂ ਭੌਂ: ਚੱਕਰ
ਚਾਅ ਚਾਅ ਵਿਚ ਕਿਕਲੀ ਪੋਂਦੀ ਕੂੰ ਭਉਂ ਭੌ ਚੜ੍ਹ ਗਏ।
(ਚਾਅ ਚਾਅ ਵਿਚ ਕਿਕਲੀ ਪੌਂਦੀ ਨੂੰ ਚਕਰ ਆ ਗਏ)