ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਥ)
ਤ੍ਰੇਢਾ: ਟੇਢਾ
ਜੇ ਭਿਰਾ ਹੀ ਤ੍ਰੇਢੇ ਥੀ ਵੈਸਿਨ ਤਾਂ ਬਿਨ੍ਹਾਂ ਤੇ ਕੇ ਗਿਲਾ।
(ਜੇ ਭਰਾ ਹੀ ਟੇਢੇ ਹੋ ਜਾਣ ਤਾਂ ਹੋਰਾਂ ਨੂੰ ਕੀ ਉਲਾਹਮਾ)
ਤ੍ਰੇਵਰ: ਤਿਉਰ
ਮੈਂ ਤਾਂ ਤਨ ਦੇ ਲੀੜੇ ਬਿਨਾ ਹਿੱਕ ਤ੍ਰੇਵਰ ਵੀ ਨਾ ਚਾਇਆ।
(ਮੈਂ ਤਾਂ ਪਾਏ ਕਪੜੇ ਬਿਨ੍ਹਾਂ ਇਕ ਤਿਉਰ ਵੀ ਨਾ ਚੁਕਿਆ)
ਤ੍ਰੇੜ: ਫੁੱਟ
ਲੋਕਾਂ ਦੇ ਏਕੇ ਵਿੱਚ ਤ੍ਰੇੜ ਪਾਣ 'ਚ ਸ਼ਾਸਨ ਸਫਲ ਥੀਏ।
(ਲੋਕਾਂ ਦੀ ਏਕਤਾ ਵਿੱਚ ਫੁੱਟ ਪਾਣ ਵਿੱਚ ਹਾਕਮ ਸਫ਼ਲ ਹੋਏ)
ਤੈਂ: ਤੂੰ ਤੈਵਲ: ਤੇਰੇ ਵਲ; ਪੈਂਤੂੰ ਤੈਨੂੰ, ਤੈਂਡਾ/ਤੈਂਡੀ:
ਤੇਰਾ/ਤੇਰੀ ਤ੍ਰੈਗਲ: ਤੰਗਲੀ
ਢੀਂਗਰਾਂ ਦਾ ਢੇਰ ਹੇ, ਤ੍ਰੈਂਗਲ ਨਾਲ ਲੱਡ ਸੰਗਸੇ।
(ਝਾਫਿਆਂ ਦਾ ਢੇਰ ਹੈ, ਤੰਗਲੀ ਨਾਲ ਹੀ ਲਦ ਪਾਵੇਂਗਾ)
ਤੈਂਵੱਡ: ਤੇਰੇ ਜਿੰਨਾ ਵੱਡਾ
ਮਸਖਰੇ ਆਖਿਨ ਤੈਂਵਡ ਪਾਤਸ਼ਾਹ ਕਾਈ ਨਹੀਂ।
(ਮਿਰਾਸੀ ਆਖੀ ਜਾਣ ਤੇਰੇ ਜਿੰਨਾ ਵੱਡਾ ਕੋਈ ਪਾਤਸ਼ਾਹ ਨਹੀਂ ਹੈ)
ਤ੍ਰੋਪਾ/ਤ੍ਰੋਪਾ ਭਰ/ਤੋਪਾ ਤਲਾ: ਤੋਪਾ/ਤੋਪਾ ਮੇਲ/ਛੋਟੀ ਮੋਟੀ ਸਿਲਾਈ
ਬਹੂੰ ਤੋਪਾ ਤਰੱਲਾ ਕਰ ਘਿਧਈ, ਤ੍ਰੋਪੇ ਛੱਡ, ਸਾਕਾਂ ਦੇ ਤ੍ਰੋਪੇ ਭਰ।
(ਛੋਟੀ ਮੋਟੀ ਸਿਲਾਈ ਬਹੁਤ ਹੋ ਗਈ, ਤੋਪੇ ਛੱਡ ਤੇ ਰਿਸ਼ਤੇ ਦੇ ਤੋਪੇ ਭਰ)
ਤ੍ਰੋਟ/ਤ੍ਰੋਟ ਮਾਰਿਆ: ਵਗਾਰ/ਬੇਦਿਲਾ
ਤ੍ਰੋਟ ਪਈ ਹਿਵੇ ਜੋ ਤ੍ਰੋਟ ਮਾਰਿਆ ਕੰਮ ਕਰੀਂਦੇ ਹੋ।
(ਵਗਾਰ ਪਈ ਜੇ ਜੋ ਬੇਦਿਲਾ ਜਿਹਾ ਕੰਮ ਕਰਦੇ ਹੋ)
ਤੋੜ ਤਕ: ਅੰਤ ਤੱਕ
ਬੇਲੀਓ, ਕਸਮਾਂ ਖਾਵੋ, ਯਾਰੀ ਤੋੜ ਤਕ ਨਿਭਸੀ।
(ਮਿੱਤਰੋਂ, ਸੌਹਾਂ ਪਾਵੋ, ਦੋਸਤੀ ਅੰਤ ਤੱਕ ਨਿਭੂ)
ਤ੍ਰੌਕਣਾ: ਛਿੜਕਣਾ
ਮਹਾਰਾਜ ਦੀ ਸਵਾਰੀ ਅਗੂੰ ਪਾਣੀ ਤ੍ਰੌਕਣਾ ਰੂੜ੍ਹੀ ਰੀਤ ਹੈ।
(ਗ੍ਰੰਥ ਸਾਹਿਬ ਲਿਜਾਣ ਵੇਲੇ ਅੱਗੇ ਅੱਗੇ ਪਾਣੀ ਛਿੜਕਣਾ ਰੂੜ੍ਹੀ ਰੀਤ ਹੈ)
(ਥ)
ਥਹੀ: ਰੋਟੀਆਂ ਦਾ ਥੱਬਾ
ਟੱਬਰ ਵਡਾ ਹੇ, ਥਹੀ ਰੋਟੀਆਂ ਦੀ ਲਾਂਧੀ ਹੈ।
(ਟੱਬਰ ਵੱਡਾ ਹੈ, ਥੱਬਾ ਰੋਟੀਆ ਦਾ ਲਹਿੰਦਾ ਹੈ)
ਥਥਲਾ/ਬਾਤਾ: ਘੱਚ
ਡਰ ਹੇਠ ਪਲਦੇ ਕਈ ਬਾਲ ਥਥਲੇ/ਬਾਤੇ ਥੀਂ ਵੈਂਦੇ ਹਿਨ।
(ਡਰ ਵਿੱਚ ਪਲਦੇ ਕਈ ਬਚੇ ਘੱਚੇ ਹੋ ਜਾਂਦੇ ਨੇ)
ਥੱਪ/ਚਮਾਠ: ਚਪੇੜਲਫੜ-ਦੇਖੋ 'ਚਮਾਠ
ਥਮਲਾ:ਥੰਬਾ
ਥਮਲੇ ਕੋਲ ਬੈਠਾ ਹਮ, ਟੇਕ ਲਾਈ ਥੀ, ਨਿੰਦਰ ਆ ਗਈ।
(ਥੰਬੇ ਕੋਲ ਬੈਠਾ ਸੀ, ਟੇਕ ਲਾ ਲਈ, ਨੀਂਦ ਆ ਗਈ)
ਥਰਥਰੀ: ਧੁੜਧੁੜੀ
ਵਾ ਠੰਢੀ ਦਾ ਬੁਲਾ ਆਇਆ, ਯਕ ਲਖ਼ਤ ਥਰਥਰੀ ਆਈ।
(ਠੰਡੀ ਹਵਾ ਦਾ ਬੁਲਾ ਆਇਆ, ਇਕ ਦਮ ਧੁੜਧੁੜੀ ਆਈ)
ਥਲ: ਰੇਤਲਾ ਖੇਤਰ
ਥਲ ਤੇ ਰਾਂਹਦੇ ਹਾਸੇ, ਉਠਾਂ ਤੇ ਚੜ੍ਹਦੇ, ਉਹੋ ਜਹਾਜ਼ ਹਈ।
(ਰੇਤਲੇ ਖੇਤਰ ਵਿੱਚ ਰਹਿੰਦੇ ਸਾਂ, ਉਠਾਂ ਤੇ ਚੜ੍ਹਦੇ, ਉਹੀ ਜਹਾਜ਼ ਸੀ)
ਥੱਲਾ: ਅੱਗ ਨਿਕਲਣੀ
ਸਬਜ਼ੀ 'ਚ ਕੜਛੀ ਨਹੀਂ ਮਾਰੀ, ਥੱਲਾ ਲਗ ਗਿਐ।
(ਸ਼ਬਜ਼ੀ ਵਿਚ ਕੜਛੀ ਨਹੀਂ ਫੇਰੀ, ਅੱਗ ਨਿਕਲ ਗਈ ਹੈ)
ਥੰਦਾ/ਛਿੰਦਾ: ਘਿਉ
ਲੌਆਂ ਦੀ ਰੁੱਤ ਹੇ, ਵਾਢੇ ਸ਼ਾਮੀਂ ਥੰਦਾ/ਥਿੰਦਾ ਸ਼ਕਰ ਮੰਗਦੇਨ।
(ਵਾਢੀ ਦੀ ਰਤ ਹੈ, ਵਾਢੇ ਸ਼ਾਮੀਂ ਘਿਉ-ਸ਼ਕਰ ਮੰਗਦੇ ਨੇ)
ਥਾਨ: ਸਥਾਨ
ਭਗਤਾਂ ਨੇ ਭਗਤੀ ਸਿਰ ਕਈ ਥਾਨ ਬੰਨ੍ਹੇ।
(ਭਗਤਾਂ ਨੇ ਕਈ ਸਥਾਨ ਭਗਤੀ ਸਿਰ ਵਸਾਏ)
ਥਾਪੜਨਾ: ਪੁਚਕਾਰਨਾ
ਕੋਲ ਬੈਠੇ ਹੋ, ਹੁੰਦੇ ਬਾਲ ਕੂੰ ਥਾਪੜ ਕੇ ਚੁੱਪ ਕਰਾਉ।
(ਕੋਲ ਬੈਠੇ ਹੋ, ਰੋਂਦੇ ਬਾਲ ਨੂੰ ਪੁਚਕਾਰ ਕੇ ਚੁਪ ਕਰਾ ਲੈ)
ਥਾਪੀ/ਥਾਪੀ ਮਾਰਨੀ/ਥਾਪੀ ਦੇਣੀ: ਘੁਮਾਰ ਦਾ ਜੰਤਰ,
ਲਲਕਾਰਨਾ, ਸ਼ਾਬਾਸ਼ ਦੇਣੀ
ਥਾਪੀ ਮਾਰ ਕਹਾਂ, ਸੁਰਾਹੀ ਘੜਨ ਵਿਚ ਥਾਪੀ ਦੇ ਕਮਾਲ ਤੇ ਥਾਪੀ ਦਿਉ।
(ਲਲਕਾਰ ਕੇ ਕਹਾਂ, ਸੁਰਾਹੀ ਘੜਨ ਵਿਚ ਥਾਪੀ ਜੰਤਰ ਦੀ ਕਮਾਲ ਤੇ ਸ਼ਾਬਾਸ਼ ਦਿਉ)
ਥਿਆ/ਥੀਆ/ਥੀ ਵੰਞੇ/ਥੀਵਣੈ:ਹੋਇਐ:ਹੋਇਆ/ਹੋਊ/ਹੋਵੇ/ਹੋ ਜਾਵੇ/ਹੋਣੈ
ਕੁਝ ਨ ਥਿਆ ਹੇ/ਨਾ ਥੀਆ ਨਾ ਥੀਸੀ/ ਨਾ ਥੀਵੇ/ ਥੀ ਨਾ ਵੰਞੇ ਨਹੀਂ ਥੀਵਣੈ।
(ਕੁਝ ਨਹੀਂ ਹੋਇਐ/ ਨਾ ਹੋਇਆ ਨਾ ਹੋਊਨਾ ਹੋਵੇ। ਹੋ ਨਾ ਜਾਵੇ/ਨਹੀਂ ਹੋਣਾ)
ਥਿੱਗੜੀ: ਲੀਰ
ਥਿੱਗੜੀਆਂ ਦੀ ਉਲੀ ਹਾਈ, ਕਿਉਂ ਮੁੰਹ ਲਮਕਾਇਆਈ।
(ਲੀਰਾਂ ਦੀ ਖਿੱਦੋ ਸੀ, ਕਿਉਂ ਉਦਾਸ ਹੈਂ)
ਥਿੱਡੀ: ਛਿੱਡੀ
ਲੱਸੀ ਬੇਸੁਆਦ ਹੇ, ਥਿੱਡੀਆਂ ਹੀ ਹਨ।
(ਲਸੀ ਬੇਸੁਆਦ ਹੈ, ਛਿੱਡੀਆਂ ਹੀ ਹਨ)
ਥਿਰੀ: ਮਲਾਈ
ਡੁੱਧ ਪਤਲਾ ਹਾਈ, ਥਿਰੀ ਕਾਈ ਨਹੀਂ ਆਈ।
(ਦੁੱਧ ਪਤਲਾ ਸੀ, ਮਲਾਈ ਕੋਈ ਨਹੀਂ ਆਈ)
ਥੁੱਡ/ਥੁੰਨ: ਅਟੇਰੇ ਬੁਲ੍ਹਨਿਕੜਾ ਭੁਖੈ, ਰੋਣ ਹਾਕੇ ਥੁੱਡ/ਥੁੱਨ ਬਣੈਂਦਾ ਪਿਆ।
(ਨਿਕੜਾ ਭੁਖਾ ਹੈ, ਰੋਣ ਵਾਂਗ ਬੁਲ੍ਹ ਅਟੇਰਦਾ ਪਿਐ)
ਥੁੱਡਾ ਵਾਧੂ ਗੇੜਾ/ਠੇਡਾ
ਨਾਹੀ ਸਡਣਾ, ਥੁੱਡਾ ਡਿਤਈ, ਟੁਰਦਾਂ ਥੁੱਡੇ ਆਂਦੇਨ।
(ਨਹੀਂ ਸੀ ਬੁਲਾਣਾ, ਵਾਧੂ ਗੇੜਾ ਪਿਐ, ਤੁਰਦੇ ਠੇਡੇ ਲਗਦੇ ਨੇ)
ਥੁੱਬੜ: ਬੇਡੌਲ
ਕੁੱਤੇ ਦੀ ਇਸ ਨਸਲ ਦਾ ਬੂਥਾ ਥੁੱਬੜ ਜਿਹਾ ਹੇ।
(ਕੁੱਤੇ ਦੀ ਇਸ ਨਸਲ ਦਾ ਬੂਥਾ ਬੇਡੌਲ ਜਿਹਾ ਹੈ)
ਥੂਹ: ਆੜੀ ਕੱਟ
ਮੈਕੂੰ ਨਾ ਸੱਡ, ਤੈਂਡੀ ਮੈਂਡੀ ਥੂਹ ਹੇ।
(ਮੈਨੂੰ ਨਾ ਬੁਲਾ, ਤੇਰੀ ਮੇਰੀ ਆੜੀ ਕੱਟ ਹੈ)
ਥੂਲਾਂ: ਰੁਕਾਵਟ/ਵੇਟਾਂ
ਮੈਂ ਜੋ ਥੂਲਾਂ ਕੀਤੀਆਂ ਹਿਨ ਵਤ ਮੈਕੂੰ ਨਾਹੀ ਛੂਹਣਾ।
(ਮੈਂ ਵੇਟਾਂ ਕੀਤੀਆਂ ਨੇ, ਫਿਰ ਮੈਨੂੰ ਨਹੀਂ ਸੀ ਛੂਹਣਾ)
ਥੋਮ: ਲਸਣ
ਜੈਨ ਧਰਮ ਦੇ ਪੈਰੋਕਾਰ ਥੋਮ ਨਹੀਂ ਖਾਂਦੇ।
(ਜੈਨ ਧਰਮ ਵਾਲੇ ਲਸਣ ਨਹੀਂ ਨਾ ਖਾਂਦੇ)
ਥੌਹ/ਥਹੁ ਪਤਾ ਪੁਤਾ/ਜਾਣਕਾਰੀ
ਤੈਕੂੰ ਉਨ੍ਹਾਂ ਦੇ ਘਰ ਬਾਰ ਦਾ ਕੋਈ ਥੌਹ/ਥਹੁ ਪਤਾ ਹੇ ਵੀ।
(ਤੈਨੂੰ ਉਨ੍ਹਾਂ ਦੇ ਘਰ ਦਾ ਕੋਈ ਪਤਾ-ਪੁਤਾ/ਜਾਣਕਾਰੀ ਹੈ ਵੀ)
(ਦ)
ਦਊਸ ਭੈੜਿਆ/ਭੈੜਾ
ਦਊਸ ਕੂੰ ਸੱਡੋ, ਭੈੜਾ ਕਿੱਡੇ ਧੱਕੇ ਖਾਂਦਾ ਵੱਦੈ।
(ਭੈੜੇ ਨੂੰ ਸਦੋ, ਭੈੜਾ ਕਿਥੇ ਧੱਕੇ ਖਾਂਦਾ ਫਿਰਦੈ)
ਦਸਤਰਖ਼ਾਨ: ਭੋਜਨ ਦੀ ਵਿਛਾਈ/ਮੇਜ਼/ਪੋਸ
ਬਾਬੇ ਦੇ ਉਥੂ ਨਾਲ ਦਸਤਰਖ਼ਾਨ ਤੇ ਡਹੀਂ ਵਿਟੀਚੀ ਹਾਈ।
(ਬਾਬੇ ਦੇ ਉਥੂ ਨਾਲ ਮੇਜ਼ਪੋਸ਼ ਤੇ ਦਹੀਂ ਡੁਲ੍ਹੀ ਸੀ)
ਦਸਤੂਰ: ਰਿਵਾਜ
ਚਲਾਣੇ ਪਿਛੂੰ ਪੁਤਰ ਕੂੰ ਦਸਤਾਰ ਦੇਣ ਦਾ ਦਸਤੂਰ ਹੇ।
(ਮੌਤ ਬਾਦ ਪੁਤਰ ਨੂੰ ਪੱਗ ਦੇਣ ਦਾ ਰਿਵਾਜ ਹੈ)
ਦਸੋਂ ਦਿਸ਼ਾ: ਦਸੀਂ ਪਾਸੀਂ (ਉਤਰ, ਪੂਰਬ, ਦੱਖਣ, ਪਛਮ,
ਧਰਤ, ਆਕਾਸ਼,ਉਤਰ-ਪੂਰਬ, ਪੂਰਬ-ਦਖਣ, ਦਖਣ-ਪਛਮ,
ਪਛਮ-ਉਤਰ)
ਵਿਰਾਟ ਪੁਲਾੜ ਵਿਚ ਦਸੋਂ ਦਿਸ਼ਾ ਅਲੋਪ ਹਿਨ।
(ਆਸੀਮ ਪੁਲਾੜ ਵਿਚ ਦਸੇਂ ਪਾਸੇ ਅਲੋਪ ਨੇ)