ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/ਅਰੋੜਬੰਸ ਸਭਾ ਦਾ ਇਕ ਹੋਰ ਸਾਹਿਤਿਕ ਉਪਰਾਲਾ

ਕੁਝ ਸ਼ਬਦ 'ਕੋਸ਼' ਦੇ ਰਚਨਾਕਾਰ ਬਾਰੇ

ਜਲਤੇ ਹੁਏ ਚਿਰਾਗੋਂ ਮੇਂ ਬੱਸ ਏਕ ਹੀ ਬਾਤ ਦੇਖੀ ਹੈ।
ਔਰੋਂ ਕੋ ਰੋਸ਼ਨ ਕਰਨਾ ਹੈ ਤੋ ਖੁਦ ਕੋ ਜਲਾਨਾ ਪੜਤਾ ਹੈ।

ਸਵਰਗਵਾਸੀ ਸ. ਲਾਲ ਸਿੰਘ ਮੱਕੜ ਅਤੇ ਸਵਰਗਵਾਸੀ ਮਾਤਾ ਹਰਭਜਨ ਕੌਰ ਮੱਕੜ ਦੇ ਹੋਣਹਾਰ ਪੁੱਤਰ ਹਰਨਾਮ ਸਿੰਘ ਮੱਕੜ ਨੇ ਕਰੀਬ 81 ਸਾਲ ਪਹਿਲਾ ਮਿਤੀ 30-8-1938 ਨੂੰ ਪਿੰਡ ਸਾਧ ਵਾਲਾ ਜ਼ਿਲ੍ਹਾ ਮੀਆਂਵਾਲੀ (ਹੁਣ ਪਾਕਿਸਤਾਨ) ਵਿਖੇ ਜਨਮ ਲਿਆ! ਛੋਟੀ ਉਮਰ ਵਿੱਚ ਜਦੋਂ 1947 ਮੌਕੇ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਸਾਰਾ ਪਰਵਾਰ ਉਸ ਸਮੇਂ ਸਭ ਕੁਝ ਲੁਟ-ਲੁਟਾ ਕੇ ਭਾਰਤ ਆ ਗਏ। ਇਸ ਪਰਿਵਾਰ ਨੇ ਕੈਂਪਾਂ ਵਿਚ ਰੁਲ ਖੁਲ ਕੇ ਅੰਤ ਕੋਟਕਪੂਰੇ ਵਿੱਚ ਸ਼ਰਨ ਲਈ। ਪਰਿਵਾਰ ਨੇ ਏਧਰ ਆ ਕੇ ਜਿਥੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕੀਤਾ ਉਥੇ ਹੀ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਬਹੁਤ ਮਿਹਨਤ ਮੁਸ਼ੱਕਤ ਕਰਕੇ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦਾ ਯਤਨ ਕੀਤਾ। ਹਰਨਾਮ ਸਿੰਘ ਮੱਕੜ ਨੇ ਮਾਤਾ-ਪਿਤਾ ਦੇ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਦਾ ਸਾਥ ਦਿੱਤਾ। ਅਧਿਆਪਕ ਖਿੱਤੇ ਵਿੱਚ ਆਪਣੀ ਸੇਵਾ ਨਿਭਾਉਣ ਦੇ ਨਾਲ ਨਾਲ ਉਚੇਰੀ ਵਿੱਦਿਆ ਵੀ ਪ੍ਰਾਪਤ ਕੀਤੀ। ਆਪਣੀਆਂ ਭੈਣਾਂ ਅਤੇ ਭਰਾਵਾਂ ਨੂੰ ਵੀ ਚੰਗੀ ਵਿੱਦਿਆ ਦਿਵਾ ਕੇ ਸਰਕਾਰੀ ਨੌਕਰੀ ਤੇ ਲਗਵਾਇਆ। ਇਸ ਤਰ੍ਹਾਂ ਇਹਨਾਂ ਦੇ ਆਪਣੇ ਦੋ ਬੇਟੇ ਅਤੇ ਇੱਕ ਬੇਟੀ ਨੂੰ ਵਧੀਆ ਤਾਲੀਮ ਦਿਵਾ ਕੇ ਨੌਕਰੀ ਤੇ ਲਗਵਾਇਆ ਜੋ ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਐਮ.ਏ.ਐਮ.ਐਡ ਕਰਕੇ ਬਤੌਰ ਲੈਕਚਰਾਰ 31-8-1996 ਨੂੰ ਸਰਕਾਰੀ ਹਾਈ ਸਕੂਲ ਬਾਜਾਖਾਨਾ ਤੋਂ ਸੇਵਾ ਮੁਕਤ ਹੋਏ।
ਲੇਖਕ ਹਰਨਾਮ ਸਿੰਘ 'ਹਰਲਾਜ' ਵੱਲੋਂ ਜਿਹੜੇ-ਜਿਹੜੇ ਸਕੂਲਾਂ ਵਿੱਚ ਆਪਣੀ ਸੇਵਾ ਨਿਭਾਈ ਗਈ ਉਥੇ ਵਿਦਿਆਰਥੀਆਂ ਨੂੰ ਵਧੀਆ ਤਾਲੀਮ ਦਿੱਤੀ ਅਤੇ ਇਹਨਾਂ ਵੱਲੋਂ ਪੜਾਏ ਗਏ ਵਿਦਿਆਰਥੀ ਅੱਜ ਆਪਣੇ ਪੈਰਾਂ ਸਿਰ ਖੜੇ ਹੋ ਕੇ ਸਮਾਜ ਵਿੱਚ ਇੱਕ ਚੰਗੇ ਵਿਅਕਤੀ, ਕਾਰੋਬਾਰੀ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਉਚੇ ਅਹੁਦਿਆ ਤੇ ਸੇਵਾ ਨਿਭਾ ਕੇ ਜਿਥੇ ਆਪਣੇ ਮਾਤਾ-ਪਿਤਾ ਦੇ ਨਾਲ ਨਾਲ ਅਧਿਆਪਕ ਦਾ ਵੀ ਮਾਣ ਵਧਾ ਰਹੇ ਹਨ।
ਸੇਵਾ ਕਾਰਜ ਦੌਰਾਨ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਲਈ ਜਿਥੇ ਕਾਫੀ ਸ਼ੰਘਰਸ਼ ਕਰਨ ਦੇ ਨਾਲ ਨਾਲ ਕਈ ਟਰੇਡ ਯੂਨੀਅਨਾਂ ਦੇ ਮੈਂਬਰ ਵੀ ਰਹੇ। ਪਹਿਲਾ ਸੀ.ਪੀ.ਆਈ. ਅਤੇ ਹੁਣ ਵੀ ਯੂ.ਸੀ.ਪੀ.ਆਈ. ਦੇ ਸਰਗਰਮ ਮੈਂਬਰ ਹਨ ਅਤੇ ਆਲ ਇੰਡੀਆ ਕਮਿਊਨਿਸਟ ਪਾਰਟੀ ਦੇ ਡਿਸਪਲਿਨ ਕਮੇਟੀ ਦੇ ਮੈਂਬਰ ਵਜੋਂ ਵੀ ਕੰਮ ਕਰਦੇ ਰਹੇ ਹਨ।
ਲੇਖਕ ਹਰਨਾਮ ਸਿੰਘ 'ਹਰਲਾਜ ਪਹਿਲਾਂ ਵਾਂਗ ਅੱਜ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਸਮਾਜ ਸੇਵੀ ਕੰਮਾਂ ਵਿੱਚ ਜਿਥੇ ਹਿੱਸਾ ਲੈ ਰਹੇ ਹਨ ਉਥੇ ਹੀ ਆਪਣੇ ਤਜਰਬੇ ਨਾਲ ਹੋਰਾਂ ਤੋਂ ਕੰਮ ਕਰਵਾ ਰਹੇ ਹਨ। ਅਰੋੜ ਬੰਸ ਸਭਾ (ਰਜਿ) ਕੋਟਕਪੂਰਾ
ਦੇ ਸਰਗਰਮ ਮੈਂਬਰ ਹੋਣ ਤੋਂ ਇਲਾਵਾ ਇਸ ਸਮੇਂ ਸਭਾ ਦੇ ਸਰਪ੍ਰਸਤ ਵੀ ਹਨ।
1947 ਦੀ ਵੰਡ ਤੋਂ ਹੁਣ ਤੱਕ 72 ਸਾਲ ਦੀ ਤਪਸ਼ ਜ਼ਿਹਨ ਵਿੱਚ ਲੇਈ ਬੈਠੇ ਹਰਨਾਮ ਸਿੰਘ ਨੇ ਲਹਿੰਦੀ ਪੰਜਾਬੀ ਜੋ ਆਪਣੀ ਮਾਂ ਬੋਲੀ ਤੇ ਸਾਡੇ ਵੱਡ-ਵਡੇਰਿਆਂ ਦੀ ਬੋਲੀ ਹੈ, ਉਸ ਦਰਦ ਨੂੰ ਲਿਖਣ ਲਈ ਇੱਕ ਨਿਮਾਣਾ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਅਸੀਂ ਅਕਸਰ ਹੀ ਸੁਣਦੇ ਹਾਂ ਕਿ ਜੋ ਇਨਸਾਨ ਆਪਣੀ ਮਾਂ ਬੋਲੀ ਅਤੇ ਪਿਛੋਕੜ ਨੂੰ ਭੁੱਲ ਜਾਂਦਾ ਹੈ ਉਹ ਇਨਸਾਨ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦਾ। ਪਾਕਿਸਤਾਨ ਦੀ ਵੰਡ ਸਮੇਂ ਏਧਰ ਆਉਣ ਵਾਲੇ ਵਿਅਕਤੀਆਂ ਨੂੰ ਸਰਕਾਰਾਂ ਵੱਲੋਂ ਕੋਈ ਖਾਸ ਸਹੂਲਤ ਜਾਂ ਰਿਆਇਤਾਂ ਨਹੀਂ ਦਿੱਤੀਆਂ ਗਈਆਂ। ਲੋਕਾਂ ਨੇ ਆਪਣੀ ਮਿਹਨਤ ਨਾਲ ਆਪਣਾ ਅਤੇ ਆਪਣੇ ਪਰਿਵਾਰ ਨੂੰ ਪਾਲਣ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਕੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਨਾਲ ਨਾਲ ਉਹਨਾਂ ਨੂੰ ਪੈਰਾਂ ਸਿਰ ਖੜਾ ਕੀਤਾ। ਇਹ ਵਾਰਤਾ ਇਕ ਠੋਸ ਮਿਸਾਲ ਹੈ।

ਜਹਾ ਭੀ ਜਾਏਗਾ ਰੋਸ਼ਨੀ ਲੁਟਾਏਗਾ।
ਚਿਰਾਗੋਂ ਕਾ ਅਪਣਾ ਕੋਈ ਮੁਕਾਮ ਨਹੀਂ ਹੋਤਾ।


ਲੇਖਕ ਹਰਨਾਮ ਸਿੰਘ ਨੇ ਕਦੇ ਵੀ ਆਪਣੇ ਆਪ ਨੂੰ ਵੱਡਾ ਅਖਵਾਉਣ ਦੀ। ਕੋਸ਼ਿਸ਼ ਨਹੀਂ ਕੀਤੀ। ਆਪਣੀ ਚੰਗੀ ਅਤੇ ਉਸਾਰੂ ਸੋਚ ਨਾਲ ਆਪਣੇ ਪਰਿਵਾਰ ਦੀ ਕਾਮਯਾਬੀ ਲਈ ਬਹੁਤ ਵੱਡਾ ਉਪਰਾਲਾ ਕੀਤਾ। ਪਾਕਿਸਤਾਨ ਦੀ ਵੰਡ ਤੋਂ ਬਾਅਦ ਆਏ ਪਰਿਵਾਰਾਂ ਵਿੱਚ ਸਾਡੀ ਮਾਂ ਬੋਲੀ ਲਹਿੰਦੀ ਪੰਜਾਬੀ ਖਤਮ ਹੁੰਦੀ ਜਾ ਰਹੀ ਹੈ। ਅੱਜ ਬੱਚਿਆਂ ਨੂੰ ਹਿੰਦੀ ਅੰਗਰੇਜ਼ੀ ਤੋਂ ਇਲਾਵਾ ਹੋਰ ਕੁਝ ਵੀ ਸਿੱਖਣ ਨੂੰ ਨਹੀਂ ਮਿਲਦਾ ਜਿਸ ਤਰ੍ਹਾਂ ਦਾ ਸਮਾਂ ਆ ਰਿਹਾ ਹੈ ਸਾਡੇ ਪਾਸੋਂ ਸਾਡੀ ਮਾਂ ਬੋਲੀ ਵੀ ਖੋਹ ਕੇ ਭਗਵਾਂ ਕਰਨ ਦੇ ਹਵਾਲੇ ਕਰ ਦਿੱਤੀ ਜਾਵੇਗੀ ਜੋ ਕਿ ਇੱਕ ਬਹੁਤ ਖਤਰਨਾਕ ਗੱਲ ਹੈ ਜਿਸ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ ਬੋਲੀ ਅਤੇ ਪਿਛੋਕੜ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਸਾਡੇ ਵੱਡ-ਵਡੇਰਿਆਂ ਵੱਲੋਂ ਕੀਤੀ ਮਿਹਨਤ ਅਤੇ ਆਪਣੇ ਉਪਰ ਹੰਢਾਏ ਦੁਖਾਂਤ ਅਤੇ ਸ਼ੰਤਾਪ ਦਾ ਪਤਾ ਲਗ ਸਕੇ। ਲੋਕਾਂ ਨਾਲ ਮਿਲਣ ਸਮੇਂ ਜੋ ਮਰਜ਼ੀ ਭਾਸ਼ਾ ਵਰਤੀ ਜਾਵੇ।
ਘਰ ਜਾਂ ਰਿਸ਼ਤੇਦਾਰੀ ਵਿੱਚ ਆਪਣੀ ਮਾਂ ਬੋਲੀ ਬੋਲਣ ਵਿੱਚ ਕੋਈ ਸੰਕੋਚ ਨਹੀਂ ਕਰਨੀ ਚਾਹੀਦੀ। ਲਹਿੰਦੀ ਪੰਜਾਬੀ ਭਾਸ਼ਾ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ। ਅੱਜ ਜਦੋਂ ਯੂ-ਟਿਊਬ ਤੇ ਪਾਕਿਸਤਾਨ ਦੇ ਚੈਨਲ ਲਗਾਉਂਦਾ ਹਾਂ ਉਥੇ ਲਹਿੰਦੇ ਪੰਜਾਬ ਵਿੱਚ ਲਾਹੌਰ, ਗੁਜਰਾਂਵਾਲਾ, ਮੀਆਂਵਾਲੀ, ਰੰਗਪੁਰ, ਝੰਗ, ਸ਼ੇਖੂਪੁਰਾ, ਸਰਗੋਧਾ ਇਲਾਕੇ ਵਿੱਚ ਲਹਿੰਦੀ ਪੰਜਾਬੀ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਉਹ ਆਪਸ ਵਿੱਚ ਲਹਿੰਦੀ ਪੰਜਾਬੀ ਵਿੱਚ ਗੱਲਾਂ ਕਰਦੇ ਹਨ ਤਾਂ ਬਹੁਤ ਚੰਗਾ ਲਗਦਾ ਹੈ। ਉਹਨਾਂ ਵਲੋਂ ਜਿਥੇ ਅੱਜ ਵੀ ਇਹ ਲਹਿੰਦੀ ਪੰਜਾਬੀ ਬੋਲੀ ਜਾਂਦੀ ਹੈ ਉਥੇ ਹੀ ਸਾਡੇ ਘਰਾਂ ਵਿੱਚੋਂ ਅਲੋਪ ਹੁੰਦੀ ਜਾ ਰਹੀ ਮਾਂ ਬੋਲੀ ਬਾਰੇ ਫਿਕਰ ਜਰੂਰ ਹੁੰਦਾ ਹੈ। ਪਾਕਿਸਤਾਨ ਵਿੱਚ ਹੋਰ ਭਸ਼ਾਵਾਂ ਨੂੰ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ।
ਆਪ ਜੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਮੈਂ ਲੇਖਕ ਹਰਨਾਮ ਸਿੰਘ ਮੱਕੜ ਨੂੰ ਇਹ ਮਾਂ ਬੋਲੀ ਲਹਿੰਦੀ ਪੰਜਾਬੀ ਦੇ ਚੁਗਵੇਂ ਸ਼ਬਦਾਂ ਦਾ
'ਸ਼ਬਦ ਕੋਸ਼' ਪੁਸਤਕ ਛਪਾਉਣ ਲਈ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ। ਕਿ ਸਾਡੇ ਆਪਣੇ ਘਰਾਂ ਵਿੱਚ ਖ਼ਤਮ ਹੁੰਦੀ ਜਾ ਰਹੀ ਮਾਂ ਬੋਲੀ ਨੂੰ ਬਚਾਉਣ ਲਈ ਇਹ ਪੁਸਤਕ ਮਾਰਗ ਦਰਸ਼ਕ ਦਾ ਕੰਮ ਕਰੇਗੀ।

ਮਿਤੀ 30-6-2019

-ਸੁਰਜੀਤ ਸਿੰਘ ਗੁਲਿਆਣੀ

ਜਨ; ਸਕੱਤਰ,

ਅਰੋੜਬੰਸ ਸਭਾ (ਰਜਿ:) ਕੋਟਕਪੂਰਾ

ਕੁਝ ਸ਼ਬਦ ‘ਕੋਸ਼’ ਦੇ ਬਾਰੇ

ਮਾਨਯੋਗ ਸ. ਹਰਨਾਮ ਸਿੰਘ ਹੁਰਾਂ ਦਾ ਲਹਿੰਦੇ ਪੰਜਾਬ ਦੀ ਪੰਜਾਬੀ ਨੂੰ ਮੁੜ ਜਿੰਦਾ ਕਰਨ ਦਾ ਇਹ ਉਪਰਾਲਾ ਅਤਿ ਸ਼ਲਾਘਾਯੋਗ ਕਦਮ ਹੈ, ਇਹ ਉਪ ਬੋਲੀ ਜਿਸ ਨੂੰ ਪਾਕਿਸਤਾਨ ਵਿਚ ਸਰਾਇਕੀ ਭਾਸ਼ਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅੱਜ ਵੀ ਉਥੇ ਬੜੇ ਧੜੱਲੇ ਨਾਲ ਬੋਲੀ ਜਾਂਦੀ ਹੈ। ਸ਼ਾਇਦ ਇਹ ਕੇਂਦਰੀ ਪੰਜਾਬੀ ਅਤੇ ਫਾਰਸੀ ਭਾਸ਼ਾ ਦੇ ਟਕਰਾਅ ਤੋਂ ਉਤਪੰਨ ਹੋਈ ਹੋਵੇ, ਅਜਿਹਾ ਲੱਗਦਾ ਹੈ। 1947 ਦੇ ਘੱਲੂਘਾਰੇ ਵੇਲੇ ਜਦੋਂ ਧਰਮ ਤੇ ਆਧਾਰ ਤੇ ਮੁਲਕ ਦੀ ਵੰਡ ਹੋਈ ਤਾਂ ਇਧਰ ਦੇ ਮੁਸਲਮਾਨ ਪਾਕਿਸਤਾਨ ਵੱਲ ਭੱਜੇ ਤਾਂ ਉਥੋਂ ਦੇ ਹਿੰਦੂ-ਸਿੱਖ ਆਪਣੀਆਂ ਜਾਨਾਂ ਦੀ ਖੈਰ ਮਨਾਉਂਦੇ ਹੋਏ, ਬਿਲਕੁਲ ਨਿਹੱਥੇ ਇਧਰਲੇ ਪੰਜਾਬ ਜਾਂ ਲਾਗਲੇ ਇਲਾਕਿਆਂ ਵਿਚ ਸਿਰ ਲੁਕਾਉਣ ਦੀ ਜਗ੍ਹਾ ਭਾਲਦੇ ਫਿਰਦੇ ਸਨ। ਜਿਥੇ ਕਿਥੇ ਜਿਸ ਨੂੰ ਕੋਈ ਯੋਗ ਟਿਕਾਣਾ ਮਿਲਿਆ, ਉਹ ਲੋਕ ਉਥੋਂ ਦੇ ਹੋ ਕੇ ਰਹਿ ਗਏ ਪਰ ਆਪਣੇ ਨਾਲ ਆਪਣੀ ਭਾਸ਼ਾ ਅਤੇ ਪਹਿਰਾਵਾ (ਚਿੱਟਾ ਕੁੜਤਾ, ਚਿੱਟੀ ਧੋਤੀ, ਚਿੱਟੀ ਪੱਗ ਅਤੇ ਪੰਜਾਬੀ ਜੁੱਤੀ) ਜ਼ਰੂਰ ਕਾਇਮ ਰਖਿਆ ਜੋ ਕਿ ਇਹਨਾਂ ਦਾ ਪਹਿਚਾਣ ਚਿੰਨ੍ਹ ਬਣ ਕੇ ਰਹਿ ਗਏ ਪਰ ਇਹ ਵੀ ਇੱਕ ਕੌੜੀ ਸਚਾਈ ਹੈ ਕਿ ਇਥੋਂ ਦੀ ਬਹੁਗਿਣਤੀ ਠੇਠ ਪੰਜਾਬੀ ਬੋਲਦੇ ਵੀਰਾਂ ਵਾਸਤੇ ਉਕਤ ਭਾਸ਼ਾ ਇਕ ਹਾਸੋਹੀਣ ਵਿਸ਼ਾ ਬਣ ਕੇ ਉਭਰੀ। ਹੌਲੀ-ਹੌਲੀ ਅਗਲੀਆਂ ਪੀੜ੍ਹੀਆਂ 'ਜੈਸਾ ਦੇਸ਼ ਵੈਸਾ ਭੇਸ' ਅਨੁਸਾਰ ਚਲਦਿਆਂ ਹੋਇਆਂ ਆਪਣੀ ਭਾਸ਼ਾ ਨੂੰ ਬੜੀ ਤੇਜ਼ੀ ਨਾਲ ਮੋੜ ਦਿੰਦਿਆਂ ਚੜ੍ਹਦੇ ਪੰਜਾਬ ਵਾਲੇ ਸ਼ਬਦ ਆਪਣੀ ਬੋਲੀ ਵਿਚ ਲਿਆਉਣੇ ਸ਼ੁਰੂ ਕਰ ਦਿੱਤੇ ਤੇ 70 ਦੇ ਦਹਾਕੇ ਤੱਕ ਸਰਾਇਕੀ ਭਾਸ਼ਾ ਪੰਜਾਬ ਵਿਚ ਲਗਭਗ ਲੁਪਤ ਹੋਣ ਦੇ ਕਗਾਰ ਤੇ ਪਹੁੰਚ ਗਈ ਭਾਵੇਂ ਹਰਿਆਣੇ ਦੇ ਕਈ ਕਸਬਿਆਂ ਵਿਚ ਅੱਜ ਵੀ ਕਾਫੀ ਹੱਦ ਤੱਕ ਜਿੰਦਾ ਹੈ। ਪਰ ਮਾਸਟਰ ਜੀ ਦੀ ਉਕਤ ਕੋਸ਼ਿਸ਼ ਸਰਾਇਕੀ ਭਾਸ਼ਾ ਦੇ ਜਗਿਆਸੂਆਂ ਲਈ ਜਿੰਨ੍ਹਾਂ ਦੇ ਵੱਡ-ਵਡੇਰੇ ਕਈ ਸਦੀਆਂ ਇਹ ਬੋਲੀ ਬੋਲਦੇ ਰਹੇ ਅਤੇ ਜਿਸ ਭਾਸ਼ਾ ਨੂੰ ਗੁਰਬਾਣੀ ਵਿਚ ਦਰਜ ਹੋਣ ਦਾ ਮਾਣ ਹਾਸਿਲ ਹੈ, ਉਨ੍ਹਾਂ ਲਈ ਇਕ ਸਾਹਿਤਕ ਖੁਰਾਕ ਦਾ ਕੰਮ ਕਰੇਗੀ।
ਦਾਸ ਵੱਲੋਂ ਲੇਖਕ ਦੇ ਇਸ ਉਪਰਾਲੇ ਦਾ ਬਹੁਤ-ਬਹੁਤ ਧੰਨਵਾਦ ਅਤੇ ਮੁਬਾਰਕਾਂ!

-ਡਾ. ਸੁਨੀਲ ਛਾਬੜਾ

ਛਾਬੜਾ ਲੈਬਾਰਟਰੀ, ਕੋਟਕਪੂਰਾ

30-6-2019

ਮੋ: 98884-56585