ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49595ਰੇਤ ਦੇ ਘਰ — ਵਰ ਕਿ ਸਰਾਪਪਰਮਜੀਤ ਮਾਨ

ਵਰ ਕਿ ਸਰਾਪ

ਮੈਂ ਕਲੱਬ ਬਾਰ ਦੇ ਦਰਵਾਜ਼ੇ ਵੱਲ ਵਧਿਆ। ਇੱਕ ਵਰਦੀਧਾਰੀ ਨੌਜਵਾਨ ਨੇ ਸਲੂਟ ਮਾਰ ਕੇ ਦਰਵਾਜ਼ਾ ਖੋਲ੍ਹਿਆ। ਅੰਦਰੋਂ ਸਿਗਰਟਾਂ ਦੇ ਧੂੰਏਂ ਦੀ ਹਵਾੜ੍ਹ ਨੇ ਮੇਰਾ ਸਵਾਗਤ ਕੀਤਾ। ਬਿਨਾਂ ਝਿਜਕ ਮੈਂ ਦਾਖ਼ਲ ਹੋ ਗਿਆ। ਅੰਦਰ ਰੌਣਕ ਸੀ।

ਹੌਲੀ-ਹੌਲੀ ਮੈਂ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜੇ ਸ਼ਰਾਬ ਦੇ ਕਾਊਂਟਰ ਵੱਲ ਵਧਣ ਲੱਗਾ। ਮੇਰੀ ਨਜ਼ਰ ਚਾਰ-ਚੁਫ਼ੇਰੇ ਰਡਾਰ ਦੀ ਤਰ੍ਹਾਂ ਘੁੰਮ ਰਹੀ ਸੀ। ਵਧ-ਘਟ ਰਹੀ ਇਸ ਰੌਸ਼ਨੀ ’ਚ, ਮੇਰੀਆਂ ਨਜ਼ਰਾਂ ਪੂਰੀ ਵਾਹ ਲਾ ਰਹੀਆਂ ਸਨ। ਉਹ ਥੋੜ੍ਹਾ ਮਧਰਾ ਕੱਦ, ਚੁਸਤ ਗੁੰਦਵਾਂ ਸਰੀਰ, ਗੋਰਾ ਰੰਗ, ਤਿੱਖੇ ਨੈਣ-ਨਕਸ਼, ਗੋਲ ਜਿਹੇ ਹਸੂੰ-ਹਸੂੰ ਕਰਦੇ ਚਿਹਰੇ ਨੂੰ ਤਲਾਸ਼ ਰਹੀਆਂ ਸਨ। ਅਜੇ ਤੱਕ ਉਹ ਪਿਆਰਾ ਤੇ ਸੁੰਦਰ ਚਿਹਰਾ ਵਿਖਾਈ ਨਹੀਂ ਸੀ ਦਿੱਤਾ।

ਮੁਸਕਰਾਹਟਾਂ ਬਖੇਰਦੀ, ਚੁਸਤ ਚਾਲ ਚਲਦੀ, ਬਾਰ-ਟੇਬਲਾਂ ਉੱਪਰ ਸ਼ਰਾਬ ਤੇ ਹੋਰ ਸਨੈਕਸ ਵਰਤਾਉਂਦੀ, ਏਧਰ-ਓਧਰ ਘੁੰਮਦੀ, ਉਹ ਬੜੀ ਪਿਆਰੀ ਲੱਗਦੀ। ਝੂੰਮ-ਝੂੰਮ ਕੇ ਤੁਰਦੀ ਜਦ ਮੇਰੇ ਟੇਬਲ ’ਤੇ ਆਉਂਦੀ ਤਾਂ ਵੱਧ ਸਮਾਂ ਰੁਕਦੀ। ਕਿੰਨਾ-ਕਿੰਨਾ ਚਿਰ ਗੱਲਾਂ ਮਾਰਦੀ ਰਹਿੰਦੀ। ਕਈ ਵਾਰ ਗੱਲਾਂ ਦੇ ਨਾਲ-ਨਾਲ ਕੋਈ ਪਿਆਰੀ ਸ਼ਰਾਰਤ ਵੀ ਕਰਦੀ। ਮੇਰੇ ਅੰਦਰ ਖ਼ੁਸ਼ੀ ਤੇ ਮਸਤੀ ਦੇ ਸਾਜ਼ ਆਪ-ਮੁਹਾਰੇ ਵੱਜਣ ਲੱਗਦੇ। ਕੋਲ ਬੈਠਦੀ ਨਹੀਂ ਸੀ ਕਿਉਂਕਿ ਉਹ ਬੈਠ ਨਹੀਂ ਸੀ ਸਕਦੀ। ਹਾਂ, ਡਾਂਸ ਕਰਨ ਲਈ ਉਕਸਾਉਂਦੀ ਰਹਿੰਦੀ। ਬਾਰ ਗੈਸਟਾਂ ਨਾਲ ਡਾਂਸ ਕਰਨ ਦੀ ਉਨ੍ਹਾਂ ਨੂੰ ਪੂਰੀ ਖੁੱਲ੍ਹ ਸੀ। ਇਹ ਸਭ ਬਿਜ਼ਨਿਸ ਦੇ ਢੰਗ-ਤਰੀਕੇ ਹਨ।

ਬੜੇ ਹੀ ਸਲੀਕੇ ਤੇ ਪ੍ਰੇਮ ਭਰੇ ਅੰਦਾਜ਼ ਨਾਲ ਮਨ ਨੂੰ ਮੋਹ ਲੈਣ ਵਾਲੀ ਉਸ ਕੁੜੀ ’ਤੇ ਮੈਂ ਕੁੱਝ ਜ਼ਿਆਦਾ ਹੀ ਮੋਹਿਤ ਸੀ। ਉਸ ਨੂੰ ਦੇਖਣ ਲਈ ਮਨ ਬੇਚੈਨ ਸੀ ਪਰ ਉਹ ਤਾਂ ਅੱਜ ਨਜ਼ਰ ਹੀ ਨਹੀਂ ਸੀ ਪੈ ਰਹੀ। ਮਨ ਉਦਾਸ ਹੋ ਗਿਆ, ਚਲੋ ਵਾਪਸ ਚਲਦੇ ਹਾਂ। ਫਿਰ ਸੋਚਿਆ, ਸ਼ਾਇਦ ਏਥੇ ਹੀ ਕਿਤੇ ਹੋਵੇ ਤੇ ਜਲਦੀ ਆ ਜਾਵੇ। ਮੈਂ ਪੈੱਗ ਲਿਆ ਤੇ ਇੱਕ ਖਾਲੀ ਟੇਬਲ ’ਤੇ ਜਾ ਬੈਠਾ।

ਹੋਰ ਟੇਬਲਾਂ ’ਤੇ ਬੈਠੇ ਲੋਕ ਸ਼ਰਾਬ ਦੀਆਂ ਚੁਸਕੀਆਂ ਲੈ ਰਹੇ ਸਨ। ਬਾਰ-ਗਰਲਜ਼ ਏਧਰ-ਓਧਰ ਘੁੰਮ ਰਹੀਆਂ ਸਨ। ਹਲਕਾ ਮਿਊਜ਼ਿਕ ਮਾਹੌਲ ਨੂੰ ਸੰਗੀਤਮਈ ਬਣਾ ਰਿਹਾ ਸੀ। ਕਿਸੇ-ਕਿਸੇ ਟੇਬਲ ’ਤੇ ਹਾਸੇ-ਮਜ਼ਾਕ ਵੀ ਚੱਲ ਰਿਹਾ ਸੀ। ਪਤਾ ਨਹੀਂ ਕਿਉਂ, ਮੈਨੂੰ ਸਾਰੀ ਬਾਰ ਸੁੰਨੀ-ਸੁੰਨੀ ਲੱਗ ਰਹੀ ਸੀ। ਮੈਂ ਪਹਿਲਾਂ ਵੀ ਕਈ ਵਾਰ ਇਸ ਬਾਰ ਵਿੱਚ ਆਇਆ ਸੀ। ਕਦੀ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਸੀ ਹੋਇਆ। ਸ਼ਾਇਦ ਉਸ ਕੁੜੀ ਨੂੰ ਮੈਂ ਲੋੜ ਤੋਂ ਵੱਧ ਚਾਹੁਣ ਲੱਗ ਪਿਆ ਸੀ ਤੇ ਉਸਦਾ ਬਾਰ ਵਿੱਚ ਨਾ ਹੋਣਾ ਮੈਨੂੰ ਉਦਾਸ ਕਰ ਰਿਹਾ ਸੀ।

‘ਚੈਰੀਂ’, ਹਾਂ ਇਹੀ ਨਾਮ ਤਾਂ ਦੱਸਿਆ ਸੀ ਉਸਨੇ। ਬਾਰ ਅੰਦਰ ਵੀ ਸਾਰੇ ਉਸ ਨੂੰ ‘ਚੈਰੀਂ’ ਨਾਮ ਨਾਲ ਹੀ ਬੁਲਾਉਂਦੇ ਸੀ। ਵੈਸੇ ਮੈਨੂੰ ਸ਼ੱਕ ਸੀ, ਇਹ ਨਾਮ ਉਹ ਸਿਰਫ਼ ਬਾਰ ਲਈ ਵਰਤਦੀ ਹੋਵੇਗੀ। ਉਸ ਦਾ ਅਸਲੀ ਨਾਮ ਜ਼ਰੂਰ ਕੋਈ ਹੋਰ ਹੋਵੇਗਾ.... ਪਰ ਨਾਮ ਨਾਲ ਕੀ, ਕੋਈ ਵੀ ਹੋਵੇ, ਕੀ ਫ਼ਰਕ ਪੈਂਦੈ। ਗੱਲ ਤਾਂ ਇਹ ਹੈ ਕਿ ਮੇਰੀਆਂ ਨਜ਼ਰਾਂ ਐਨੀ ਬੇਸਬਰੀ ਨਾਲ ਉਸ ਨੂੰ ਕਿਉਂ ਤਲਾਸ਼ ਰਹੀਆਂ ਨੇ? ਉਸ ਬਿਨਾਂ ਬਾਰ ਸੁੰਨੀ-ਸੁੰਨੀ ਕਿਉਂ ਲੱਗ ਰਹੀ ਹੈ?

ਪੈੱਗ ਖ਼ਤਮ ਹੋ ਚੁੱਕਾ ਸੀ। ਮੈਂ ਖਾਲੀ ਪਏ ਗਿਲਾਸ ਵੱਲ ਵੇਖ ਰਿਹਾ ਸੀ। ਇੱਕ ਬਾਰ-ਗਰਲ ਮੇਰੇ ਕੋਲ ਆਈ ਤੇ ਮੁਸਕਰਾ ਕੇ ਬੋਲੀ, “ਸਰ, ਹੋਰ ਪੈੱਗ ਜਾਂ ਸਨੈਕਸ, ਕੋਈ ਮੱਦਦ ਸਰ?”

ਮਨ ਹੀ ਮਨ ਸੋਚਣ ਲੱਗਾ, ‘ਹੋਰ ਪੈੱਗ ਲਵਾਂ ਕਿ ਜਾਵਾਂ?’ ਅਖ਼ੀਰ ਫੈਸਲਾ ਕੀਤਾ, ਮਜ਼ਾ ਨੀ ਆ ਰਿਹਾ, ਚੱਲਿਆ ਜਾਵੇ।

"ਨਹੀਂ, ਧੰਨਵਾਦ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ।" ਉਸ ਕੁੜੀ ਨੂੰ ਇਹ ਕਹਿ ਮੈਂ ਉੱਠ ਕੇ ਜਾਣ ਲਈ ਤਿਆਰ ਹੋ ਗਿਆ। ਉਹ ਖਾਲੀ ਗਿਲਾਸ ਲੈ ਕੇ ਚਲੀ ਗਈ।

ਮੈਂ ਵਾਪਸ ਜਾਣ ਲਈ ਬਾਹਰ ਨੂੰ ਮੂੰਹ ਕੀਤਾ ਹੀ ਸੀ ਕਿ ਇੱਕ ਕੋਨੇ ਵਿੱਚੋਂ ਆਵਾਜ਼ ਆਈ, “ਬਾਈ ਕੀ ਗੱਲ, ਬੜੀ ਜਲਦੀ ਉੱਠ ਕੇ ਤੁਰ ਚੱਲਿਆਂ?”

ਮੈਂ ਹੈਰਾਨ ਹੋ ਕੇ ਉਸ ਕੋਨੇ ਵੱਲ ਵੇਖਿਆ। ਓਧਰ ਬਹੁਤ ਹੀ ਹਲਕਾ ਜਿਹਾ ਚਾਨਣ ਸੀ। ਨਾ ਤਾਂ ਮੈਨੂੰ ਕੋਈ ਉਮੀਦ ਸੀ ਕਿ ਮੈਕਸੀਕੋ ਦੀ ਇਸ ਬਾਰ ਵਿੱਚ ਕੋਈ ਪੰਜਾਬੀ ਵੀ ਹੋ ਸਕਦਾ ਹੈ ਤੇ ਨਾ ਹੀ ਮੈਂ ਉਸ ਕੋਨੇ ਵੱਲ ਕੋਈ ਖ਼ਾਸ ਧਿਆਨ ਦਿੱਤਾ ਸੀ। ਮੈਂ ਤਾਂ ਚੈਰੀ ਨੂੰ ਮਿਲਣ ਆਇਆ ਸੀ। ਉਸੇ ਬਾਰੇ ਸੋਚ ਰਿਹਾ ਸੀ ਤੇ ਉਸੇ ਨੂੰ ਲੱਭ ਰਿਹਾ ਸੀ।

ਖ਼ੈਰ, ਕਿਸੇ ਪੰਜਾਬੀ ਬੰਦੇ ਦੇ ਮਿਲਣ ਦੀ ਖ਼ੁਸ਼ੀ ਹੋਈ। ਮੈਂ ਉਸ ਕੋਨੇ ਵੱਲ ਮੁੜ ਕੇ ਉਸ ਟੇਬਲ ਵੱਲ ਵਧਿਆ, ਜਿੱਧਰੋਂ ਆਵਾਜ਼ ਆਈ ਸੀ। ਇੱਕ ਕਲੀਨ-ਸ਼ੇਵ ਸੋਹਣਾ ਜਵਾਨ, ਪੈੱਗ ਲਈ ਟੇਬਲ ’ਤੇ ਇਕੱਲਾ ਬੈਠਾ ਸੀ। ਸਪਾਟ ਚਿਹਰਾ, ਕੋਈ ਹਾਵ-ਭਾਵ ਨਹੀਂ। ਮੇਰੇ ਜਾਣ ’ਤੇ ਉੱਠਿਆ ਵੀ ਨਹੀਂ ਤੇ ਨਾ ਹੀ ਹੱਥ ਮਿਲਾਉਣ ਦੀ ਕੋਈ ਕੋਸ਼ਿਸ਼ ਕੀਤੀ। ਇੱਕ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਕਿਹਾ, “ਆ ਜਾ, ਬਹਿ ਜਾ, ਸੁਣਾ ਕੋਈ ਗੱਲਬਾਤ। ਜਦੋਂ ਤੂੰ ਬਾਰ ’ਚ ਦਾਖ਼ਲ ਹੋਇਆ, ਮੈਂ ਵੇਖ ਲਿਆ ਸੀ ਕਿ ਬੰਦਾ ਪੰਜਾਬੀ ਹੈ।”

ਬੈਠਣ ਤੋਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਬੁਲਾਈ। ਮਿਲਾਉਣ ਲਈ ਹੱਥ ਵੀ ਅੱਗੇ ਵਧਾਇਆ। ਉਸ ਨੇ ਬੈਠੇ-ਬੈਠੇ ਹੀ ਰਸਮੀ ਜਿਹਾ ਹੱਥ ਮਿਲਾ ਤਾਂ ਲਿਆ ਪਰ ਉਸ ਵਿੱਚ ਪੰਜਾਬੀਆਂ ਵਾਲੀ ਗਰਮ-ਜੋਸ਼ੀ ਨਹੀਂ ਸੀ। ਮੈਨੂੰ ਧੱਕਾ ਜਿਹਾ ਲੱਗਾ। ਫਿਰ ਮੈਂ ਕੁਰਸੀ ’ਤੇ ਬੈਠ ਗਿਆ ਤੇ ਗੱਲ ਸ਼ੁਰੂ ਕਰਨ ਦੇ ਇਰਾਦੇ ਨਾਲ ਪੁੱਛਿਆ, “ਹੋਰ ਸੁਣਾਓ ਵੀਰ ਜੀ ਕੀ ਹਾਲ ਚਾਲ ਹੈ, ਤੁਸੀਂ ਏਥੇ ਕਿਵੇਂ?”

ਉਸਨੇ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਚੁੱਪ-ਚਾਪ ਬੈਠਾ ਮੇਰੇ ਵੱਲ ਵੇਖਦਾ ਰਿਹਾ। ਮੈਨੂੰ ਅਜੀਬ ਜਿਹਾ ਲੱਗਾ। ਜਵਾਬ ਦੇਣ ਦੀ ਬਜਾਏ ਹੌਲੀ ਜਿਹੀ ਬੋਲ ਕੇ ਕਹਿੰਦਾ, “ਜਹਾਜ਼ੀ ਲੱਗਦੈਂ, ਪਹਿਲਾਂ ਤਾਂ ਕਦੇ ਦੇਖਿਆ ਨੀ?”

ਉਸ ਦੀ ਇਹ ਗੱਲ ਮੈਨੂੰ ਚੁਭੀ। ਪਹਿਲੀ ਸੱਟੇ ਹੀ ‘ਪੰਜਾਬੀ ਭਰਾ ਮਿਲ ਗਿਆ’ ਵਾਲਾ ਚਾਅ ਢੈਲਾ ਪੈ ਗਿਆ। ਉਸਦਾ ਗੱਲ ਕਰਨ ਦਾ ਵਿਵਹਾਰ ਵਧੀਆ ਨਾ ਲੱਗਾ। ਉਹ ਕੋਈ ਵੱਡੀ ਉਮਰ ਦਾ ਨਹੀਂ ਸੀ ਕਿ ਇਸ ਤਰ੍ਹਾਂ ਗੱਲ ਕਰਦਾ।

ਬੁਝੇ ਜਿਹੇ ਮਨ ਨਾਲ ਮੈਂ ਦੱਸਿਆ, “ਹਾਂ ਵੀਰ ਜਹਾਜ਼ੀ ਹਾਂ, ਜਹਾਜ਼ ਵਿੱਚ ਨੌਕਰੀ ਕਰਦਾਂ। ਅੱਜ ਹੀ ਮੇਰਾ ਜਹਾਜ਼ ਇਸ ਬੰਦਰਗਾਹ ’ਤੇ ਆਇਐ।”

ਉਹ ਕੁੱਝ ਸੋਚਣ ਲੱਗਾ। ਦੋ ਘੁੱਟ ਦਾਰੂ ਦੇ ਭਰੇ ਪਰ ਬੋਲਿਆ ਕੁੱਝ ਨਾ, ਚੁੱਪ ਰਿਹਾ। ਮੈਂ ਗੱਲ ਨੂੰ ਹੋਰ ਅੱਗੇ ਤੋਰਦੇ ਫੇਰ ਪੁੱਛਿਆ, “ਵੀਰ ਜੀ ਤੁਸੀਂ ਏਥੇ ਕਿਵੇਂ, ਕਿੰਨਾ ਕੁ ਚਿਰ ਹੋ ਗਿਆ ਏਥੇ ਆਇਆਂ ਨੂੰ?”

ਕੋਈ ਜਵਾਬ ਨਹੀਂ, ਉਲਟਾ ਮੈਨੂੰ ਹੀ ਫਿਰ ਸਵਾਲ ਕਰ ਦਿੱਤਾ, “ਤੈਨੂੰ ਕਿੰਨਾ ਕੁ ਚਿਰ ਹੋ ਗਿਆ ਜਹਾਜ਼ ਚੜ੍ਹੇ ਨੂੰ? ਪੰਜਾਬ ਤੋਂ ਕਦੋਂ ਆਇਆਂ? ਪੰਜਾਬ ਦਾ ਕੀ ਹਾਲ-ਚਾਲ ਹੈ?”

ਬੜਾ ਅਜੀਬ ਲੱਗਿਆ। ‘ਕਿੱਦਾਂ ਦਾ ਬੰਦਾ ਹੈ ਯਾਰ।’

ਉਹ ਲਗਾਤਾਰ ਮੇਰੇ ਵੱਲ ਵੇਖੀ ਜਾ ਰਿਹਾ ਸੀ। ਜਲਦੀ ਮੈਂ ਕੁੱਝ ਬੋਲਾਂ ਤੇ ਉਸ ਦੇ ਸਵਾਲ ਦਾ ਜਵਾਬ ਦੇਵਾਂ। ਮੈਨੂੰ ਖੁੰਧਕ ਜਿਹੀ ਹੋਈ ਤੇ ਮੈਂ ਬੋਲਣਾ ਸ਼ੁਰੂ ਕੀਤਾ, “ਪੰਜਾਬ ਠੀਕ ਹੈ, ਰੰਗੀਂ ਵੱਸਦੈ, ਢੋਲੇ ਦੀਆਂ ਲਾਉਂਦੇ ਨੇ ਲੋਕ। ਜੱਟਾਂ ਦੇ ਮੁੰਡੇ ਜੀਅ ਕਰੇ ਮੋਟਰਸਾਈਕਲ ’ਤੇ ਖੇਤ ਗੇੜਾ-ਗੂੜਾ ਮਾਰ ਆਉਂਦੇ ਆ, ਨਹੀਂ ਤਾਂ ਖ਼ੈਰ ਸੱਲਾ। ਫਿਰ ਸ਼ਾਮ ਨੂੰ ਪੈੱਗ-ਪੁੱਗ ਚਲਦੈ। ਕਈਆਂ ਨੇ ਲੰਡੀਆਂ ਜੀਪਾਂ ਤੇ ਕਈਆਂ ਨੇ ਮਹਿੰਗੀਆਂ ਕਾਰਾਂ ਵੀ ਰੱਖੀਆਂ ਹੋਈਆਂ ਨੇ। ਰੋਜ਼ ਹੀ ਸ਼ਹਿਰ ਦਾ ਗੇੜਾ-ਗੂੜਾ ਵੀ ਮਾਰਦੇ ਰਹਿੰਦੇ ਨੇ। ਕੋਈ ਬੱਸ ਅੱਡਿਆਂ ਵੱਲ ’ਤੇ, ਕੋਈ ਕੁੜੀਆਂ ਦੇ ਸਕੂਲਾਂ-ਕਾਲਜਾਂ ਵੱਲ ਚੱਕਰ-ਚੁੱਕਰ ਮਾਰ ਛੱਡਦੇ ਨੇ। ਉਨ੍ਹਾਂ ਲਈ ਉਹ ਵੀ ਜ਼ਰੂਰੀ ਕੰਮ ਹੋਇਆ। ਕਈ ਬਾਹਰ ਜਾਣ ਖ਼ਾਤਰ ਏਜੰਟਾਂ ਕੋਲ ਗੇੜੇ ਮਾਰਦੇ ਨੇ। ਆਈਲੈਟ ਸੈਂਟਰ ਵਾਧੂ। ਖੁੰਬਾਂ ਵਾਂਗੂੰ ਉੱਗ ਪਏ ਨੇ ਹਰੇਕ ਸ਼ਹਿਰ ’ਚ। ਨੌਜਵਾਨ ਮੁੰਡੇ-ਕੁੜੀਆਂ ਨਾਲ ਭਰੇ ਪਏ ਨੇ। ਉੱਥੇ ਨਾਲੇ ਅੰਗਰੇਜ਼ੀ ਬੋਲਣੀ ਸਿਖਦੇ ਨੇ, ਨਾਲ ਅੰਗਰੇਜ਼ੀ ਫੈਸ਼ਨ ਤੇ ਹੋਰ ਵੀ ਕਈ ਕੁੱਝ। ਬਾਕੀ ਜਿਹੜੇ ਬਾਹਲੇ ਹੀ ਉੜੇ-ਥੁੜੇ ਨੇ ਤੇ ਕੋਈ ਵਾਹ ਨੀ ਲੱਗਦੀ, ਉਨ੍ਹਾਂ 'ਚੋਂ ਇੱਕ-ਦੋ ਰੋਜ਼ ਪੰਜਾਬ ਤੋਂ ਸਿੱਧੀ ਰੱਬ ਦੀ ਟਿਕਟ ਕਟਾ ਲੈਂਦੇ ਆ। ਕੋਈ ਕਰਜ਼ੇ ਦਾ ਭੰਨਿਆ ਪਿਆ, ਕੋਈ ਨਸ਼ਿਆਂ ਦਾ। ਖੇਤੀ ਦਾ ਕੰਮ ਤਾਂ ਅੱਜਕੱਲ ਸਾਰਾ ਭਈਏ ਹੀ ਕਰਦੇ ਨੇ ਜਾਂ ਮਾੜਾ-ਮੋਟਾ ਪੁਰਾਣੇ ਬੰਦੇ। ਤੈਨੂੰ ਵੀ ਸਾਰਾ ਪਤਾ ਹੀ ਹੋਣੈ।" ਮੈਂ ਰੁੱਖਾ ਜਿਹਾ ਜਵਾਬ ਦਿੱਤਾ।

“ਹੂੰ....ਅ... ਅ।” ਇਹ ਕਹਿ ਉਹਨੇ ਬਾਰ-ਗਰਲ ਨੂੰ ਇਸ਼ਾਰਾ ਕੀਤਾ ਤੇ ਪੈੱਗ ਲਿਆਉਣ ਲਈ ਕਿਹਾ। ਫਿਰ ਉਹ ਮੈਨੂੰ ਹੋਰ ਪੁੱਛਣ ਲੱਗਾ, “ਕਿੰਨੇ ਕੁ ਚਿਰ ਬਾਅਦ ਪੰਜਾਬ ਗੇੜਾ ਮਾਰ ਆਉਂਨੈਂ?”

“ਪੰਜ ਮਹੀਨੇ ਹੋ ਗਏ ਪੰਜਾਬ ਤੋਂ ਆਏ ਨੂੰ। ਅਜੇ ਦੋ-ਢਾਈ ਮਹੀਨੇ ਹੋਰ ਲਾਉਣੇ ਆਂ। ਫੇਰ ਛੁੱਟੀ ਚਲੇ ਜਾਣਾ ਤੇ ਘੱਟੋ-ਘੱਟ ਤਿੰਨ ਕੁ ਮਹੀਨੇ ਘਰ। ਫਿਰ ਵਾਪਸ ਕਿਸੇ ਜਹਾਜ਼ ’ਚ। ਐਦਾਂ ਹੀ ਗੇੜ ਜਿਹਾ ਚਲਦਾ ਰਹਿੰਦੈ ਸਾਡਾ ਤਾਂ। ਜਹਾਜ਼ਾਂ ਵਿੱਚ ਹੁਣ ਚਾਰ-ਪੰਜ ਸਾਲ ਹੀ ਹੋਰ ਲਾਉਣੇ ਨੇ। ਬੱਸ ਫੇਰ ਪੰਜਾਬ ਵਿੱਚ ਪੱਕਾ ਅੱਡਾ ਲਾ ਲੈਣਾ। ਛੱਡ ਦੇਣੀ ਹੈ ਜਹਾਜ਼ਾਂ ਦੀ ਨੌਕਰੀ। ਨੌਕਰੀ ਤਾਂ ਠੀਕ ਹੈ ਪਰ ਕੰਪਨੀਆਂ ਨਿਚੋੜ ਲੈਂਦੀਆਂ ਨੇ ਬੰਦੇ ਨੂੰ। ਕੰਮ ਦੀ ਟੈਂਸ਼ਨ ਬਹੁਤ ਹੈ। ਪੰਜਾਬ ਵਿੱਚ ਹੀ ਵੇਖਾਂਗੇ ਕੋਈ ਕੰਮ-ਕਾਰ।” ਮੈਂ ਸਾਰੀ ਸਥਿਤੀ ਦੱਸ ਦਿੱਤੀ ਜਾਂ ਇੰਝ ਮੰਨੋ ਆਪਣੀ ਸਾਰੀ ਭੜਾਸ ਹੀ ਕੱਢ ਦਿੱਤੀ।

“ਵਧੀਆ ਗੱਲ ਹੈ, ਤੇਰਾ ਛੇਤੀ-ਛੇਤੀ ਪੰਜਾਬ ਗੇੜਾ ਵੱਜਦਾ ਰਹਿੰਦੈ। ਚੰਗੀ ਨੌਕਰੀ ਐ, ਲਾ ਲੈ ਹੋਰ 10-12 ਸਾਲ। ਛੱਡਣ ਦੀ ਕਾਹਲ ਨਾ ਕਰੀਂ। ਪੰਜਾਬ ਦਾ ਕੀ ਐ, ਜਦੋਂ ਮਰਜ਼ੀ ਜਾ ਬੈਠੇ। ਕੁਛ ਨੀ ਰਹਿ ਗਿਆ ਹੁਣ ਪੰਜਾਬ ’ਚ। ਬਹੁਤ ਬੁਰਾ ਹਾਲ ਐ ਉਥੇ।” ਉਹ ਗੰਭੀਰ ਹੋ ਕੇ ਗੱਲ ਕਰ ਰਿਹਾ ਸੀ। ਉਸ ਦੀ ਇਹ ਗੱਲ ਮੈਨੂੰ ਚੰਗੀ ਲੱਗੀ।

ਪਰ ਆਪਣੇ ਬਾਰੇ ਅਜੇ ਵੀ ਉਸਨੇ ਕੋਈ ਗੱਲ ਨਹੀਂ ਸੀ ਕੀਤੀ। ਥੋੜ੍ਹੀ ਹੈਰਾਨੀ ਹੋਈ ਕਿ ਆਪਣੇ ਬਾਰੇ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਜਾਂ ਦੱਸਣ ਤੋਂ ਝਿਜਕ ਰਿਹਾ ਹੈ।

“ਤੁਹਾਨੂੰ ਪੰਜਾਬ ਤੋਂ ਆਇਆਂ ਕਿੰਨੇ ਸਾਲ ਹੋ ਗਏ?” ਮੈਂ ਸਿੱਧਾ ਸਵਾਲ ਕੀਤਾ। “ਕਰੀਬ ਤਿੰਨ ਸਾਲ ਪਰ ਐਂ ਮੰਨ ਅਜੇ ਵੀ ਪੰਜਾਬ ’ਚ ਹੀ ਹਾਂ। ਰੋਜ਼ ਦੋ ਵਾਰ ਗੱਲ ਕਰਦਾ ਹਾਂ। ਰੋਜ਼ ਘਰਦਿਆਂ ਦਾ ਰੋਣਾ-ਧੋਣਾ ਸੁਣਦਾ ਹਾਂ। ਹੋਰ ਵੀ ਬਥੇਰਾ ਕੁੱਝ ਸੁਣਦਾਂ।” ਮੈਂ ਨੋਟ ਕੀਤਾ, ਇਹ ਗੱਲਾਂ ਕਰ ਕੇ ਉਹ ਖ਼ੁਸ਼ ਨਹੀਂ ਸੀ।

“ਹੁਣ ਕਦੋਂ ਜਾਣੈ ਫੇਰ ਪੰਜਾਬ?” ਮੈਂ ਫਿਰ ਸਵਾਲ ਕੀਤਾ।

“ਪੰਜਾਬ! ਕੋਈ ਪਤਾ ਨੀ।” ਪੰਜਾਬ, ਉਸ ਨੇ ਇਸ ਢੰਗ ਨਾਲ ਕਿਹਾ, ਜਿਵੇਂ ਕਹਿ ਰਿਹਾ ਹੋਵੇ, ਪੰਜਾਬ ਕਾਹਦੇ ਲਈ?

“ਏਥੇ ਮੈਕਸੀਕੋ ਕਿਵੇਂ ਪਹੁੰਚੇ?”

“ਪਹੁੰਚਿਆ ਕਾਹਦਾ, ਕਈ ਥਾਂਈਂ ਧੱਕੇ ਖਾ-ਖਾ ਏਥੇ ਤੱਕ ਅੱਪੜ ਗਿਆ। ਅੱਗੇ ਦੇਖੋ।”

ਮੈਂ ਸਮਝ ਗਿਆ। ਇਹ ਦੋ ਨੰਬਰ ਵਾਲਾ ਕੋਈ ਵਿੰਗਾ-ਟੇਢਾ ਕੇਸ ਹੈ। ਪੰਜਾਬ ਦੇ ਲਾਲਚੀ ਏਜੰਟਾਂ ਦਾ ਫਸਾਇਆ ਕੋਈ ਮੁਰਗਾ। ਪਤਾ ਨੀ ਕਿੱਧਰ-ਕਿੱਧਰ ਦੀ ਗੇੜੇ ਖਵਾ ਕੇ ਏਥੇ ਲਿਆ ਫਸਾਇਆ ਹੋਣੈ।

ਮਨ ਹੀ ਮਨ ਏਜੰਟਾਂ ’ਤੇ ਬੜਾ ਗੁੱਸਾ ਆਇਆ, ‘ਪਤੰਦਰੋ ਪਤਾ ਨੀ ਕਿੰਨੇ ਲੱਖ ਲਏ ਹੋਣੇ ਨੇ। ਫੇਰ ਕਿਹੜੇ-ਕਿਹੜੇ ਮੁਲਕਾਂ ਦੀਆਂ ਚੋਰੀ-ਛੁਪੇ ਹੱਦਾਂ ਪਾਉਂਦੇ ਇਹਨੂੰ ਏਥੇ ਮੈਕਸੀਕੋ ’ਚ ਲਿਆ ਕੇ ਛੱਡ ਗਏ। ਦੱਸੋ ਇਹ ਧਗੜਾ ਹੁਣ ਏਥੇ ਕੀ ਕਰੇ? ਏਥੇ ਕਿਹੜੇ ਨੌਕਰੇ ਨੇ। ਸਾਰਾ ਮੈਕਸੀਕੋ ਤਾਂ ਪਹਿਲਾਂ ਹੀ ਚੋਰੀ-ਛੁਪੇ ਅਮਰੀਕਾ ਦਾਖ਼ਲ ਹੋਣ ਨੂੰ ਫਿਰਦੈ, ਇਹਨੂੰ ਇੱਥੇ ਕੰਮ ਕਿੱਥੇ। ਫੇਰ ਮਨ ’ਚ ਆਇਆ, ਇਹਨੂੰ ਵੀ ਇਹੀ ਲਾਲਚ ਦਿੱਤਾ ਹੋਊ ਬਈ ਅੱਗੇ ਅਮਰੀਕਾ ਟਪਾ ਦਿਆਂਗੇ। ਬਥੇਰੇ ਪੁੱਠੇ-ਸਿੱਧੇ ਸੁਪਨੇ ਦਿਖਾਉਂਦੇ ਨੇ ਕੰਜਰ ਦੇ। ਹੁਣ ਇਹ ਵੀ ਉਸ ਦਿਨ ਦੀ ਉਡੀਕ ’ਚ ਹੋਣੈ ਕਿ ਕਦੋਂ ਅਮਰੀਕਾ ’ਚ ਦਾਖ਼ਲ ਹੋਵਾਂਗੇ।’

ਬੈਠੇ-ਬੈਠੇ ਲਾਗਲੇ ਪਿੰਡ ਦਾ ਇੱਕ ਕੇਸ ਯਾਦ ਆ ਗਿਆ। ਇਸ ਵਾਰ ਛੁੱਟੀ ਦੌਰਾਨ ਪਿੰਡ ਦੇ ਲੋਕਾਂ ਤੋਂ ਹੀ ਗੱਲਾਂ ਸੁਣੀਆਂ ਸਨ। ਏਜੰਟਾਂ ਨੇ ਅਮਰੀਕਾ ਲੰਘਾਉਣ ਦੀ ਗੱਲ ਕਰਕੇ ਵੀਹ ਲੱਖ ਲੈ ਲਿਆ। ਰੋਂਦੇ-ਪਿਟਦੇ ਬਾਪੂ ਨੇ ਜ਼ਮੀਨ '’ਤੇ ਗੂਠਾ ਲਾ ਕੇ ਪੈਸੇ ਦੇ ਦਿੱਤੇ। ਕੀ ਕਰਦਾ, ਘਰ ਦੀਆਂ ਬੁੱਢੀਆਂ ਹੀ ਨੀ ਸੀ ਮਾਣ, ‘ਵੇ ਜ਼ਮੀਨ ਤੈਨੂੰ ਵਾਧੂ ਲੈ ਦੂ, ਤੂੰ ਇੱਕ ਵਾਰ ਮੁੰਡੇ ਨੂੰ 'ਮਰੀਕਾ (ਅਮਰੀਕਾ) ਤਾਂ ਭੇਜ।’

ਚਾੜ੍ਹ ’ਤਾ ਜਹਾਜ਼, ਸਾਰਾ ਟੱਬਰ ਖ਼ੁਸ਼। ਮਹੀਨੇ ਕੁ ਬਾਅਦ ਪਤਾ ਲੱਗਿਆ ਕਿਹੜਾ ਅਮਰੀਕਾ, ਏਜੰਟਾਂ ਨੇ ਮੁੰਡਾ ਮਨੀਲਾ ਜਾ ਕੇ ਲਾਹਤਾ। ਪਾਸਪੋਰਟ ਲੈ ਕੇ ਆਪ ਕਿਧਰੇ ਹੋਰ ਖਿਸਕ ਗਏ। ਲੋਕ ਗੱਲਾਂ ਕਰਦੇ ਸੀ ਬਈ ਹੁਣ ਸਾਰਾ ਟੱਬਰ ਪਿਟਦੈ। ਲੀਡਰਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਨੇ। ਇਹ ਤਾਂ ਹਾਲ ਨੇ ਸਾਡੇ ਲੋਕਾਂ ਦੇ।

ਮੈਨੂੰ ਉਸ ਨਾਲ ਥੋੜ੍ਹੀ ਹਮਦਰਦੀ ਤਾਂ ਹੋਣ ਲੱਗੀ। ਫਿਰ ਵੀ ਉਹਦੇ ਕੋਲ ਬੈਠਣਾ ਚੰਗਾ ਨਹੀਂ ਸੀ ਲੱਗ ਰਿਹਾ। ਕਦੇ ਉਸ ’ਤੇ ਗੁੱਸਾ ਆਉਂਦਾ ਤੇ ਕਦੇ ਤਰਸ, ‘ਚਲੋ ਜੋ ਵੀ ਹੈ ਉਹ ਤੂੰ ਜਾਣੇ ਤੇ ਤੇਰੇ ਏਜੰਟ ਪਰ ਯਾਰ ਪੰਜਾਬੀ ਬੰਦੇ ਆਮ ਤੌਰ ’ਤੇ ਤਾਂ ਇਸ ਤਰ੍ਹਾਂ ਦੇ ਨਹੀਂ ਹੁੰਦੇ। ਨਾਲੇ ਫੇਰ ਪੈੱਗ ਲਾ ਕੇ ਤਾਂ ਭਾਵੇਂ ਪਲ ਦੀ ਪਲ ਹੀ ਸਹੀ, ਸਭ ਕੁੱਝ ਊਂਈਂ ਹਵਾ ’ਚ ਉਡਾ ਦਿੰਦੇ ਨੇ। ਪੂਰੀ ਬੜ੍ਹਕ ਮਾਰਦੇ ਨੇ। ਬਾਅਦ ’ਚ ਸਵੇਰੇ ਭਾਵੇਂ ਸਿਰ ਫੜ ਕੇ ਜੋ ਮਰਜ਼ੀ ਸੋਚੀ ਜਾਣ। ਇਹ ਕਿਸ ਬੋਰ ਆਦਮੀ ਨਾਲ ਪਾਲਾ ਪੈ ਗਿਆ।’

ਸੋਚਿਆ ਸੀ ਪੰਜਾਬੀ ਭਰਾ ਮਿਲ ਗਿਆ, ਵਧੀਆ ਟਾਇਮ ਪਾਸ ਹੋਜੂ। ਇਸ ਨੂੰ ਸ਼ਹਿਰ ਦਾ ਵੱਧ ਪਤਾ ਹੋਣੈ। ਕਿਸੇ ਹੋਰ ਵਧੀਆ ਕਲੱਬ ਜਾਂ ਅੱਡੇ ਬਾਰੇ ਗੱਲਬਾਤ ਦੱਸੇਗਾ, ਜਿੱਥੇ ਰਾਤ ਸੋਹਣੀ ਲੰਘ ਜਾਵੇ। ਪੰਜਾਬੀ ਬੰਦੇ ਤਾਂ ਆਪ ਹੀ ਕੁੜੀਆਂ ਤੇ ਕਲੱਬਾਂ ਦੀਆਂ ਗੱਲਾਂ ਛੇੜ ਲੈਂਦੇ ਨੇ, ‘ਆਹ ਕਲੱਬ ਤਾਂ ਯਾਰ ਟਾਇਮ ਪਾਸ ਹੀ ਹੈ, ਫਲਾਣਾਂ ਕਲੱਬ ਬਹੁਤ ਸਿਰੇ ਆ। ਤੂੰ ਏਥੇ ਨਵਾਂ ਆਇਐਂ, ਚੱਲ ਤੈਨੂੰ ਵਧੀਆ ਨਵੇਂ ਚੂਚੇ ਦਿਖਾ ਕੇ ਲਿਆਈਏ। ਤੂੰ ਵੀ ਕੀ ਯਾਦ ਕਰੇਂਗਾ ਕੋਈ ਪੰਜਾਬੀ ਭਰਾ ਮਿਲਿਆ ਸੀ।’ ਵਗੈਰਾ ਵਗੈਰਾ। ਦਾਰੂ ਤਾਂ ਸਾਲੀ ਹੈ ਈ ਏਨ੍ਹਾਂ ਕੰਮਾਂ ਨੂੰ। ਹੋਰ ਇਹ ਪੀ ਕੇ ਕੀ ਮੱਲ ਢਾਹੁਣੇ ਨੇ। ’ਕੱਲਾ ਬੰਦਾ ਪ੍ਰਦੇਸ਼ਾਂ ’ਚ ਬੈਠਾ ਕਰੇ ਵੀ ਕੀ। ਬਿੰਦ ਦੀ ਬਿੰਦ ਦਾ ਮਨ ਪਰਚਾਵਾ ਹੈ ਇਹ ਤਾਂ। ਫੇਰ ਉਹੀ ਫ਼ਿਕਰ, ਉਹੀ ਝੋਰੇ। ਆਖ਼ਰ ਤਾਂ ਸਿਰ ਨੇ ਪੰਜਾਲੀ ਵਿੱਚ ਹੀ ਰਹਿਣੈ।

ਕਿੱਥੇ ਇਹ ਬੰਦਾ, ਬੱਸ ਪੰਜਾਬ-ਪੰਜਾਬ ਹੀ ਕਰੀ ਜਾਂਦੈ, ਦੱਸ ਤੂੰ ਹੁਣ ਪੰਜਾਬ ਤੋਂ ਕੜ੍ਹੀ ਲੈਣੀ ਐ। ਨੌਕਰੀ ਉਥੇ ਨਾ ਤੈਨੂੰ ਮਿਲੀ ਨਾ ਮੈਨੂੰ। ਮੈਂ ਕਈ-ਕਈ ਮਹੀਨੇ ਸਮੁੰਦਰ ’ਚ ਘੁੰਮੀ ਜਾਨਾਂ। ਤੂੰ ਏਥੇ ਮੈਕਸੀਕੋ ਬੈਠਾ ਧੱਕੇ ਖਾ ਰਿਹੈਂ। ਜਿੱਥੇ ਪੰਜਾਬ ਨੂੰ ਛੱਡ ਕੇ ਆਇਆ ਸੀ, ਉੱਥੇ ਹੀ ਖੜੈ, ਉਹਨੂੰ ਕੋਈ ਪੁੱਟ ਕੇ ਤਾਂ ਕਿਧਰੇ ਲੈ ਕੇ ਜਾਣੋ ਰਿਹਾ। ਬਾਕੀ ਗੱਲ ਲੁੱਟਣ ਦੀ ਐ, ਜੀਹਦਾ ਵੀ ਦਾਅ ਲੱਗ ਜਾਂਦੈ, ਲੁੱਟੀ ਜਾਂਦੈ। ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਨੇ। ਕੋਈ ਘੱਟ ਨੀ, ਇੱਕ ਤੋਂ ਇੱਕ ਵਧ ਕੇ ਨੇ। ਰੱਜ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ। ਲੋਕ ਬਣਦੇ ਨੇ।’

‘ਵੋਟਾਂ ਵੇਲੇ ਮੁਫ਼ਤ ਦੀ ਦਾਰੂ ਪੀ-ਪੀ ਲੋਕ ਚੌੜੇ ਹੋ-ਹੋ ਤੁਰਦੇ ਨੇ। ਮੁਫ਼ਤ ਦੇ ਰਾਸ਼ਨ ਤੇ ਹੋਰ ਛੋਟੇ-ਮੋਟੇ ਲਾਲਚ ਲੈ ਕੇ ਪਸ਼ਤੋ ਬੋਲਦੇ ਨੇ। ਜਿਵੇਂ ਸਾਰੀ ਅਕਲ ਇਨ੍ਹਾਂ ਕੋਲ ਹੀ ਹੋਵੇ ਤੇ ਲੀਡਰ ਬੁੱਧੂ। ਪਤਾ ਬਾਅਦ 'ਚ ਲੱਗਦੈ, ਜਦ ਲੀਡਰ ਪੰਜ ਸਾਲ ਲਈ ਬੁੱਧੂ ਬਣਾ ਕੇ ਔਹ ਗਏ ਔਹ ਗਏ। ਇਹ ਹੈ ਪੰਜਾਬ ਦਾ ਹਾਲ। ਦੱਸ ਤੂੰ ਤੇ ਮੈਂ ਏਥੇ ਬੈਠੇ ਕਿਸੇ ਦਾ ਕੀ ਕਰ ਲਵਾਂਗੇ। ਮਸਾਂ ਬਿੰਦ ਝੱਟ ਮੌਜ-ਮਸਤੀ ਕਰਨ ਦਾ ਮੌਕਾ ਮਿਲਦੈ, ਬਈ ਤੂੰ ਵਧੀਆ ਕੋਈ ਕਰਾਰੀ ਜੀ ਗੱਲ ਕਰ। ਹੁਣ ਮੈਨੂੰ ਉਸ ਉੱਪਰ ਗੁੱਸਾ ਆਉਣ ਲੱਗਾ।

ਉਹ ਚੁੱਪ ਸੀ। ਸਾਰੀ ਗੱਲਬਾਤ ਦੌਰਾਨ ਨਾ ਕੋਈ ਹਾਸਾ ਨਾ ਮੁਸਕਰਾਹਟ। ਹਾਏ ਰੱਬਾ, ਕਿਹੜਾ ਹਾਸਾ। ਹੱਸਣ ਵਾਲੀ ਤਾਂ ਕੋਈ ਗੱਲ ਹੀ ਨੀ ਸ਼ੁਰੂ ਹੋਣ ਦਿੱਤੀ ਪਤੰਦਰ ਨੇ।ਉਹਦੇ ਚਿਹਰੇ ’ਤੇ ਤਾਂ ਕੋਈ ਖੁਸ਼ੀ ਦੇ ਨਿਸ਼ਾਨ ਵੀ ਨਹੀਂ ਸੀ ਆਏ, ਜਿਹੜੇ ਕਿ ਆਮ ਹੀ ਪੰਜਾਬੀ ਭਰਾ ਮਿਲਣ ’ਤੇ ਆ ਜਾਂਦੇ ਨੇ। ਸਮਝ ਨੀ ਸੀ ਆ ਰਹੀ ਕਿ ਇਸ ਨੇ ਮੈਨੂੰ ਬੁਲਾਇਆ ਕਾਹਦੇ ਵਾਸਤੇ।

ਫਿਰ ਮੈਨੂੰ ਅਚਾਨਕ ਖ਼ਿਆਲ ਆਇਆ, “ਕਿਤੇ ਇਹ ਵੀ ਕਿਸੇ ਦਾ ਇੰਤਜ਼ਾਰ ਤਾਂ ਨੀ ਕਰ ਰਿਹਾ। ਮੈਨੂੰ ਸੱਦਣਾ ਤੇ ਮੇਰੇ ਨਾਲ ਗੱਲਾਂ ਕਰਨਾ, ਇਸ ਲਈ ਇੱਕ ਟਾਇਮ ਪਾਸ ਹੀ ਹੋਵੇ। ਜਦੋਂ ਮੈਂ ਬਾਰ ’ਚ ਦਾਖ਼ਲ ਹੋਇਆ ਸੀ, ਜੇ ਪੰਜਾਬੀ ਭਰਾ ਵਾਲਾ ਮੋਹ ਹੁੰਦਾ ਤਾਂ ਉਸੇ ਟਾਇਮ ਮੈਨੂੰ ਆਵਾਜ਼ ਦਿੰਦਾ।”

ਹੁਣ ਅਸੀਂ ਦੋਵੇਂ ਚੁੱਪ ਸਾਂ। ਕੋਈ ਹੋਰ ਗੱਲ ਕਰਨ ’ਚ ਮੇਰੀ ਕੋਈ ਦਿਲਚਸਪੀ ਨਹੀਂ ਸੀ। ਮੈਂ ਬਾਰ-ਗਰਲਜ਼ ਵੱਲ ਵੇਖਣ ਲੱਗਾ। ਚੈਰੀ ਦੇ ਆਉਣ ਦੀ ਹੁਣ ਕੋਈ ਉਮੀਦ ਹੀ ਨਹੀਂ ਸੀ ਲੱਗ ਰਹੀ। ਡਾਂਸ-ਫਲੋਰ ’ਤੇ ਕਈ ਲੋਕ ਕਿਸੇ ਨਾ ਕਿਸੇ ਕੁੜੀ ਨੂੰ ਨਾਲ ਲੈ ਡਾਂਸ ਕਰ ਰਹੇ ਸਨ। ਮੇਰਾ ਕਿਸੇ ਨਾਲ ਡਾਂਸ ਕਰਨ ਨੂੰ ਵੀ ਜੀਅ ਨਹੀਂ ਸੀ ਕਰ ਰਿਹਾ। ਮੇਰੇ ਮਨ ਵਿੱਚ ਤਾਂ ਚੈਰੀ ਵਸੀ ਹੋਈ ਸੀ। ਉਹ ਹੁੰਦੀ ਤਾਂ ਗੱਲ ਹੀ ਹੋਰ ਹੋਣੀ ਸੀ। ਐਨਾ ਪਿਆਰ ਤੇ ਖ਼ੁਸ਼ੀ ਨਾਲ ਡਾਂਸ ਕਰਦੀ, ਉਸ ਨੇ ਮੈਨੂੰ ਵੀ ਡਾਂਸ ਦੇ ਸਭ ਸਟੈਪ ਸਿਖਾ ਦਿੱਤੇ ਹਨ। ਹਰ ਵਾਰ ਜੱਫੀ ਪਾ ਕੇ ਕਹੂ, ‘ਐਨੇ ਚਿਰ ਬਾਅਦ ਆਏ ਹੋ, ਮੇਰੀ ਯਾਦ ਨਹੀਂ ਆਈ?’ ਬੜੀ ਪਿਆਰੀ ਚੀਜ਼ ਹੈ।

ਮੈਂ ਆਪਣੇ ਹੀ ਖ਼ਿਆਲਾਂ 'ਚ ਗੁਆਚਿਆ ਹੋਇਆ ਸੀ ਕਿ ਅਚਾਨਕ ਉਸਨੇ ਹੋਰ ਸਵਾਲ ਕੀਤਾ, “ਤੂੰ ਏਸ ਕਲੱਬ ’ਚ ਕਿਸ ਤਰ੍ਹਾਂ ਆ ਗਿਆ? ਬੰਦਰਗਾਹ ਦੇ ਨਜ਼ਦੀਕ ਤਾਂ ਹੋਰ ਵੀ ਕਈ ਕਲੱਬ ਨੇ। ਐਨੀ ਦੂਰ ਇਸ ਕਲੱਬ ਵਿੱਚ ਕਿਵੇਂ?”

ਗੱਲ ਸੁਣ ਕੇ ਥੋੜੀ ਹੈਰਾਨੀ ਹੋਈ, ‘ਮੈਂ ਕਿਸੇ ਕਲੱਬ ’ਚ ਜਾਵਾਂ, ਏਹਦੇ ’ਚ ਕਿਸੇ ਨੂੰ ਕੀ ਮਤਲਬ।’

ਪਰ ਫੇਰ ਜਲਦੀ ਹੀ ਬੇ-ਪਰਵਾਹ ਹੋ ਕੇ ਮੈਂ ਦੱਸਿਆ, “ਜਦੋਂ ਵੀ ਮੇਰਾ ਜਹਾਜ਼ ਇਸ ਬੰਦਰਗਾਹ ’ਤੇ ਆਉਂਦਾ ਹੈ, ਮੈਂ ਇਸੇ ਕਲੱਬ ਵਿੱਚ ਆਉਂਦਾ ਹਾਂ। ਏਥੇ ਇੱਕ ਕੁੜੀ ਹੈ, ਚੈਰੀ। ਪਹਿਲੀ ਵਾਰ ਮੈਨੂੰ ਏਥੇ ਹੀ ਮਿਲੀ ਸੀ। ਮੈਨੂੰ ਉਹ ਬਹੁਤ ਚੰਗੀ ਲੱਗੀ ਤੇ ਮੈਂ ਉਸ ਨਾਲ ਬਹੁਤ ਡਾਂਸ ਕੀਤਾ। ਫਿਰ ਹਰ ਵਾਰ ਇਸ ਕਲੱਬ 'ਚ ਆਉਣ ਲੱਗਾ। ਕਮਾਲ ਦੀ ਕੁੜੀ ਹੈ, ਉਸ ਨਾਲ ਡਾਂਸ ਕਰਨ ਦਾ ਮਜ਼ਾ ਹੀ ਹੋਰ ਹੈ। ਅੱਜ ਵੀ ਉਸ ਨੂੰ ਮਿਲਣ ਹੀ ਆਇਆ ਸੀ ਪਰ ਦਿਖਾਈ ਨਹੀਂ ਦਿੱਤੀ, ਸ਼ਾਇਦ ਅੱਜ ਆਈ ਨੀ ਹੋਣੀ। ਇਸੇ ਲਈ ਮੈਂ ਵਾਪਸ ਜਾ ਰਿਹਾ ਸੀ ਕਿ ਤੁਸੀਂ ਆਵਾਜ਼ ਮਾਰ ਲਈ।”

ਚੈਰੀ ਦਾ ਨਾਮ ਸੁਣ ਕੇ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ। ਉਸਦਾ ਚਿਹਰਾ ਸਖ਼ਤ ਹੋਣ ਲੱਗਾ। ਕੁੱਝ ਚਿਰ ਇੰਝ ਹੀ ਵੇਖਦਾ ਰਿਹਾ ਪਰ ਬੋਲਿਆ ਕੁੱਝ ਨਾ। ਮੈਨੂੰ ਹੋਰ ਵੀ ਬੁਰਾ ਲੱਗਣ ਲੱਗਾ। ਫਿਰ ਉਸਨੇ ਆਪਣਾ ਗਿਲਾਸ ਚੁੱਕਿਆ ਤੇ ਖਾਲੀ ਕਰਕੇ ਮੈਨੂੰ ਕਹਿੰਦਾ, “ਚੱਲ ਚੱਲੀਏ।”

ਮੈਂ ਵੀ ਬੈਠਣਾ ਨਹੀਂ ਸੀ ਚਾਹੁੰਦਾ। ਮੈਂ ਤਾਂ ਪਹਿਲਾਂ ਹੀ ਬੋਰ ਹੋ ਰਿਹਾ ਸੀ। ਮੈਂ ਵੀ ਗਿਲਾਸ ਖਾਲੀ ਕੀਤਾ ਤੇ ਅਸੀਂ ਕਲੱਬ ਤੋਂ ਬਾਹਰ ਆ ਗਏ।

“ਚੰਗਾ ਫਿਰ।” ਉਸਨੇ ਐਨਾ ਹੀ ਕਿਹਾ ਤੇ ਪਰ੍ਹਾਂ ਨੂੰ ਤੁਰ ਪਿਆ।

“ਓ ਕੇ ਭਾਅ ਜੀ, ਗੁੱਡ-ਨਾਈਟ, ਘਰ ਨੂੰ ਚੱਲੇ।” ਮੈਂ ਉਸ ਦੇ ਵਤੀਰੇ ਨੂੰ ਭੁੱਲ ਕੇ ਫਿਰ ਵੀ ਆਪਣੇ ਵੱਲੋਂ ਅਪਣੱਤ ਹੀ ਵਿਖਾਉਣਾ ਚਾਹੁੰਦਾ ਸੀ।

“ਪਤਾ ਨੀ, ਦੇਖਦਾ ਹਾਂ ਕਿੱਧਰ ਜਾਵਾਂ?”

‘ਚੱਲ ਜਾਹ ਪਰ੍ਹੇ, ਖਹਿੜਾ ਛੁੱਟਿਆ।’ ਮੈਂ ਮਨ ਹੀ ਮਨ ਕਿਹਾ। ਅਚਾਨਕ ਮੈਨੂੰ ਖ਼ਿਆਲ ਆਇਆ, ‘ਚੈਰੀ ਦਾ ਨਾਮ ਸੁਣਦੇ ਹੀ ਉਸਦੇ ਚਿਹਰੇ ਦਾ ਰੰਗ ਇਕਦਮ ਬਦਲ ਗਿਆ ਸੀ। ਉਹ ਪੈੱਗ ਖ਼ਤਮ ਕਰਕੇ ਬਾਹਰ ਆ ਗਿਆ। ਕਿਤੇ ਇਹ ਵੀ ਚੈਰੀ ਨੂੰ ਹੀ ਮਿਲਣ ਤਾਂ ਨਹੀਂ?’

ਮੈਂ ਜਲਦੀ ਨਾਲ ਟੈਕਸੀ ਫੜੀ ਤੇ ਜਹਾਜ਼ ਨੂੰ ਮੁੜ ਪਿਆ। ਸਾਰੇ ਰਾਹ ਮੈਂ ਇਹ ਦੋ ਨੰਬਰੀ ਕੇਸਾਂ ਤੇ ਏਜੰਟਾਂ ਬਾਰੇ ਸੋਚਦਾ ਰਿਹਾ। ਸੋਚੀ ਜਾਵਾਂ....ਸੋਚੀ ਜਾਵਾਂ ਕਿ ਇਹ ਏਜੰਟਾਂ ਦਾ ਜਾਲ, ਆਈਲੈਟ ਸੈਂਟਰਾਂ ਦੀ ਭਰਮਾਰ, ਪੰਜਾਬੀਆਂ ’ਚ ਹਰ ਹੀਲਾ ਵਰਤ ਕੇ ਬਾਹਰ ਜਾਣ ਦੀ ਦੌੜ, ਸਾਡੇ ਪੰਜਾਬ ਲਈ ਇਹ ਵਰ ਹੈ ਕਿ ਸਰਾਪ?