ਰੇਤ ਦੇ ਘਰ/ਗੱਡੀ ਦੌੜੀ ਜਾ ਰਹੀ

ਰੇਤ ਦੇ ਘਰ
 ਪਰਮਜੀਤ ਮਾਨ
ਗੱਡੀ ਦੌੜੀ ਜਾ ਰਹੀ
49599ਰੇਤ ਦੇ ਘਰ — ਗੱਡੀ ਦੌੜੀ ਜਾ ਰਹੀਪਰਮਜੀਤ ਮਾਨ

ਗੱਡੀ ਦੌੜੀ ਜਾ ਰਹੀ

ਵੈਸੇ ਤਾਂ ਹੁਣ ਯਾਦਾਂ ਧੁੰਦਲੀਆਂ ਪੈਣ ਲੱਗ ਗਈਆਂ ਪਰ ਇੱਕ ਮੁੰਡਾ ਜੋ ਉਸ ਵੇਲੇ ਮੁੰਡਾ ਸੀ, ਕਦੇ ਨੀ ਭੁੱਲਦਾ। ਪਤਾ ਨਹੀਂ ਹੁਣ ਕਿੱਥੇ ਹੈ। ਕਿਤੇ ਹੈ ਵੀ ਜਾਂ ਨਹੀਂ। ਹੈ ਤਾਂ ਕਿਸ ਹਾਲ ’ਚ, ਪ੍ਰਮਾਤਮਾ ਹੀ ਜਾਣਦਾ ਹੈ ਪਰ ਜਿੱਥੇ ਵੀ ਹੈ, ਪ੍ਰਮਾਤਮਾ ਉਸ ਦਾ ਭਲਾ ਕਰੇ।

ਮੈਂ ਬੰਬਈ (ਮੁੰਬਈ) ਦੇ ਸੈਂਟਰਲ ਸਟੇਸ਼ਨ ਤੋਂ ਗੱਡੀ ਫੜੀ। ਰੀਜ਼ਰਵੇਸ਼ਨ ਨਾ ਹੋਣ ਕਰਕੇ ਇੱਕ ਆਮ ਡੱਬੇ ਵਿੱਚ ਚੜ੍ਹਿਆ। ਡੱਬੇ ਅੰਦਰ ਬੜੀ ਭੀੜ ਸੀ। ਪਲੇਟਫਾਰਮ ’ਤੇ ਵੀ ਭੀੜ ਸੀ। ਅਖ਼ੀਰ ਇੱਕ ਲੰਬੀ ਸੀਟੀ ਵੱਜੀ, ਫਿਰ ਦੂਸਰੀ ਸੀਟੀ ਤੇ ਗੱਡੀ ਚੱਲ ਪਈ। ਜਲਦੀ ਹੀ ਗੱਡੀ ਨੇ ਸਪੀਡ ਫੜ ਲਈ। ਮੁੰਬਈ ਸ਼ਹਿਰ ਦੀਆਂ ਬਿਲਡਿੰਗਾਂ ਪਿੱਛੇ ਵੱਲ ਨੂੰ ਦੌੜਨ ਲੱਗੀਆਂ ....ਗੱਡੀ ਦੌੜੀ ਜਾ ਰਹੀ ਸੀ।

ਮੈਂ ਡੱਬੇ ਦੇ ਦਰਵਾਜ਼ੇ ’ਚ ਰੇਲਿੰਗ ਫੜੀ ਖੜ੍ਹਾ ਬਾਹਰ ਵੱਲ ਦੇਖ ਰਿਹਾ ਸੀ। ਸਾਮਾਨ ਅਜੇ ਰਸਤੇ ’ਚ ਹੀ ਪਿਆ ਸੀ। ਸੋਚਿਆ, ਪਹਿਲਾਂ ਸਾਮਾਨ ਸੈੱਟ ਕੀਤਾ ਜਾਵੇ, ਫੇਰ ਬੈਠਣ ਦਾ ਕੋਈ ਪ੍ਰਬੰਧ ਦੇਖਦੇ ਹਾਂ।

ਮੈਂ ਆਪਣਾ ਸੂਟਕੇਸ ਇੱਕ ਸੀਟ ਦੇ ਹੇਠਾਂ ਸੈੱਟ ਕਰ ਦਿੱਤਾ। ਹੈੱਡ-ਬੈਗ ਨੂੰ ਉੱਪਰ ਰੱਖਣਾ ਠੀਕ ਸਮਝਿਆ, ਕਈ ਵਾਰ ਕੋਈ ਚੀਜ਼ ਕੱਢਣੀ ਪੈ ਜਾਂਦੀ ਹੈ। ਹੈਂਡ-ਬੈਗ ਨੂੰ ਉੱਪਰ ਰੱਖਣ ਲਈ ਪਹਿਲਾਂ ਤੋਂ ਪਏ ਇੱਕ ਬੈਗ ਨੂੰ ਥੋੜ੍ਹਾ ਸਰਕਾਉਣਾ ਪੈਣਾ ਸੀ। ਸਰਕਾਉਣ ਲਈ ਅਜੇ ਹੱਥ ਹੀ ਲਾਇਆ ਸੀ ਕਿ ਅਚਾਨਕ, “ਏ ਸਰਦਾਰ, ਕਿਆ ਕਰ ਰਹੇ ਹੋ? ਸਾਮਾਨ ਕੋ ਹਾਥ ਨਹੀਂ ਲਗਾਨਾ।” ਇੱਕ ਤਿੱਖੀ ਕੜਕਦੀ ਆਵਾਜ਼ ਮੇਰੇ ਕੰਨਾਂ ’ਚ ਗੂੰਜੀ।

ਸਾਮਾਨ ਤੋਂ ਧਿਆਨ ਹਟਾ ਮੈਂ ਪਿੱਛੇ ਮੁੜ ਕੇ ਦੇਖਿਆ। ਸਾਹਮਣੇ ਵਾਲੀਆਂ ਲੰਬੀਆਂ ਸੀਟਾਂ ’ਤੇ ਛੇ-ਸੱਤ ਸਵਾਰੀਆਂ ਬੈਠੀਆਂ ਸਨ। ਯੂ.ਪੀ. ਦੀਆਂ ਲਗਦੀਆਂ ਇਹ ਸਵਾਰੀਆਂ ਮੇਰੀ ਤਰਫ਼ ਘੂਰ-ਘੂਰ ਕੇ ਦੇਖ ਰਹੀਆਂ ਸਨ, ਜਿਵੇਂ ਮੈਂ ਕੋਈ ਗੁਨਾਹ ਜਾਂ ਅਪਰਾਧ ਕੀਤਾ ਹੋਵੇ। ਮੈਂ ਸ਼ਾਂਤ ਰਿਹਾ। ਸਾਰਿਆਂ ਨੂੰ ਸੰਬੋਧਨ ਹੋ ਆਰਾਮ ਨਾਲ ਪੁੱਛਿਆ, “ਕਿਆ ਹੋ ਗਿਆ ਭਈ?”

ਇੱਕ ਮਾੜਚੂ ਜਿਹੇ ਮੁੰਡੇ ਨੇ ਬੀੜੀ ਦਾ ਲੰਬਾ ਕਸ਼ ਖਿੱਚ, ਧੂੰਆਂ ਮੇਰੇ ਵੱਲ ਨੂੰ ਛੱਡਿਆ। ਫਿਰ ਬੜੀ ਤੇਜ਼, ਤਿੱਖੀ ਤੇ ਕਟਾਖ਼ਸ਼ ਭਰੀ ਆਵਾਜ਼ ’ਚ ਬੋਲਿਆ, “ਹੋਨਾ ਕਿਆ ਹੈ ਰੇ ਸਰਦਾਰ, ਸਾਮਾਨ ਕੋ ਹਾਥ ਨਹੀਂ ਲਗਾਨਾ।” ਉਸ ਦੀਆਂ ਅੱਖਾਂ ’ਚ ਲਾਲੀ ਤੇ ਚਿਹਰੇ ’ਤੇ ਕ੍ਰੋਧ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ।

ਮੈਂ ਹੈਰਾਨ! ਸਾਮਾਨ ਨੂੰ ਥੋੜ੍ਹਾ-ਬਹੁਤਾ ਸਰਕਾ ਕੇ ਸੈੱਟ ਕਰਨਾ, ਰੇਲ ਡੱਬੇ ’ਚ ਇੱਕ ਆਮ ਗੱਲ ਹੈ ਪਰ ਏਥੇ ਤਾਂ ‘ਆ ਬੈਲ ਮੁਝੇ ਮਾਰ’ ਦੀ ਕਹਾਵਤ ਮੁਤਾਬਿਕ ਇਹ ਬਿਨਾਂ ਵਜ੍ਹਾ ਲੜਾਈ ਦਾ ਰਾਹ ਪੱਧਰਾ ਕਰ ਰਿਹਾ। ਮੈਨੂੰ ਬੜਾ ਗੁੱਸਾ ਆਇਆ। ਗੁੱਸੇ ’ਚ ਭਰਿਆ ਮੈਂ ਕੁੱਝ ਬੋਲਣ ਹੀ ਲੱਗਾ ਸੀ, ਇੱਕ ਹੋਰ ਆਵਾਜ਼ ਮੇਰੇ ਕੰਨਾਂ ’ਚ ਪਈ। “ਓ ਵੀਰ ਜੀ ਕੀ ਹੋ ਗਿਆ, ਆ ਜੋ... ਅੱਗੇ ਆ ਜੋ....ਏਧਰ ਜਗ੍ਹਾ ਹੈਗੀ ਜੇ।”

ਇਹ ਇੱਕ ਪੰਜਾਬੀ ਮੁੰਡੇ ਦੀ ਆਵਾਜ਼ ਸੀ। ਥੋੜ੍ਹਾ ਅੱਗੇ ਖੜ੍ਹਾ ਉਹ ਮੇਰੇ ਵੱਲ ਹੀ ਦੇਖ ਰਿਹਾ ਸੀ ਪਰ ਮੇਰੇ ਅੰਦਰ ਤਾਂ ਕੁੱਝ ਉਬਲਣਾ ਸ਼ੁਰੂ ਹੋ ਚੁੱਕਾ ਸੀ। ਮੈਨੂੰ ਆਪਣੇ ਆਪ ’ਚੋਂ ਸੇਕ ਨਿਕਲਦਾ ਮਹਿਸੂਸ ਹੋਇਆ। ਮੈਂ ਕੁੱਝ ਬੋਲਣ ਹੀ ਵਾਲਾ ਸੀ ਕਿ ਠੀਕ ਉਸੇ ਟਾਈਮ, ਉਸ ਮੁੰਡੇ ਨੇ ਮੇਰੇ ਹੱਥਾਂ ’ਚੋਂ ਬੈਗ ਫੜ ਲਿਆ। ਫਿਰ ਮੇਰੀ ਬਾਂਹ ਫੜ ਕੇ ਬੋਲਿਆ, “ਆ ਜੋ ਵੀਰ ਜੀ, ਅੱਗੇ ਬੈਠਦੇ ਹਾਂ....ਛੱਡੋ ਗੁੱਸਾ-ਗ਼ਿਲਾ।”

ਪਤਾ ਨਹੀਂ ਕਿਵੇਂ ਤੇ ਕਿਉਂ, ਬਿਨਾਂ ਕੁੱਝ ਬੋਲੇ ਮੈਂ ਉਸਦੇ ਮਗਰ ਹੀ ਤੁਰ ਪਿਆ। ਤੁਰਨ ਤੋਂ ਪਹਿਲਾਂ ਮੈਂ ਉਸ ਮਾੜਚੂ ਵੱਲ ਘੂਰ ਕੇ ਵੇਖਿਆ। ਉਹ ਵੀ ਮੇਰੇ ਵੱਲ ਹੀ ਵੇਖ ਰਿਹਾ ਸੀ।

ਆਪਣੀ ਸੀਟ ਕੋਲ ਜਾ ਕੇ ਉਸ ਮੁੰਡੇ ਨੇ ਬੈਗ ਉੱਪਰ ਰੱਖ ਦਿੱਤਾ। ਕੋਲ ਬੈਠੀਆਂ ਹੋਰ ਸਵਾਰੀਆਂ ਨੇ ਥੋੜ੍ਹਾ-ਥੋੜ੍ਹਾ ਖਿਸਕ ਕੇ ਮੇਰੇ ਬੈਠਣ ਲਈ ਜਗ੍ਹਾ ਬਣਾ ਲਈ। ਬਿਨਾਂ ਕਿਸੇ ਵੱਲ ਵੇਖਿਆਂ ਮੈਂ ਚੁੱਪ-ਚਾਪ ਬੈਠ ਗਿਆ। ਮਨ ਅਸ਼ਾਂਤ ਸੀ। ਬਹੁਤੇ ਲੋਕ ਅਜੇ ਆਪੋ-ਆਪਣਾ ਸਾਮਾਨ ਸੈੱਟ ਕਰਨ ਵਿੱਚ ਲੱਗੇ ਹੋਏ ਸਨ। ਗੱਡੀ ਦੌੜੀ ਜਾ ਰਹੀ ਸੀ।

‘ਇਹ ਕੀ ਗੱਲ ਹੋਈ? ਬੈਗ ਨੂੰ ਹੱਥ ਲਾਉਣਾ ਹੀ ਜੁਰਮ ਹੋ ਗਿਆ? ਕੋਈ ਨਾਜ਼ੁਕ ਚੀਜ਼ ਸੀ ਤਾਂ ਕਹਿ ਦਿੰਦਾ ਕਿ ਸਰਦਾਰ ਜੀ ਥੋੜ੍ਹਾ ਸੰਭਾਲ ਕੇ ਖਿਸਕਾਨਾ। ਇਹ ਵੀ ਕਹਿ ਸਕਦੇ ਸੀ ਸਰਦਾਰ ਜੀ ਰੁਕੋ, ਮੈਂ ਸੈੱਟ ਕਰਦਾ ਹਾਂ। ਕਮਾਲ ਹੋ ਗਈ। ਇਹ ਕੋਈ ਤਰੀਕਾ ਹੈ। “ਰੇ ਸਰਦਾਰ”। ਉਹ ਵੀ ਗੁੱਸੇ ਭਰੇ ਅੰਦਾਜ਼ ’ਚ। ਉੱਪਰੋਂ ਬੀੜੀ ਦਾ ਧੂੰਆਂ ਉਛਾਲ ਰਿਹਾ ਸੀ। ਗਲਤੀ ਕੀਤੀ, ਜੜ ਦੇਣਾ ਸੀ ਇੱਕ ਥੱਪੜ ਸਾਲੇ ਭਈਏ ਦੇ। ਜੋ ਹੁੰਦਾ ਵੇਖੀ ਜਾਂਦੀ ਪਰ ਆਹ ਮੁੰਡਾ ਆ ਗਿਆ।’ ਮਨ ਅੰਦਰ ਖੌਰੂ ਜਿਹਾ ਪਿਆ ਹੋਇਆ ਸੀ।

ਮੈਨੂੰ ਚੁੱਪ ਦੇਖ ਉਹ ਮੁੰਡਾ ਮੇਰੇ ਮੋਢੇ ਤੇ ਹੱਥ ਰੱਖ ਪੁੱਛਣ ਲੱਗਾ, “ਵੀਰ ਕੀ ਸੋਚੀ ਜਾ ਰਿਹੈ, ਹਰੇਕ ਗੱਲ ਮਨ ’ਤੇ ਨਹੀਂ ਲਾਈਦੀ। ਤਰ੍ਹਾਂ-ਤਰ੍ਹਾਂ ਦੇ ਲੋਕ ਨੇ, ਛੱਡ ਪਰ੍ਹੇ। ਤੈਨੂੰ ਪਤਾ ਹੀ ਹੈ ਬੜਾ ਕੁੱਝ ਬਦਲ ਗਿਆ। ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਸਮਾਂ ਵਿਚਾਰਨਾ ਚਾਹੀਦੈ। ਲੜਨ ਦਾ ਕੋਈ ਫ਼ਾਇਦਾ ਨਹੀਂ। ਬੜਾ ਕੁੱਝ ਬਦਲ ਰਿਹਾ ਹੈ, ਕਿਸ-ਕਿਸ ਦਾ ਮੂੰਹ ਫੜੇਂਗਾ। ਕਿਸ-ਕਿਸ ਨਾਲ ਲੜਦਾ ਰਹੇਂਗਾ।”

“ਉਹ ਤਾਂ ਠੀਕ ਹੈ ਲੜਾਈ ਦਾ ਕੋਈ ਫ਼ਾਇਦਾ ਨਹੀਂ ਪਰ ਲੜਾਈ ਤਾਂ ਉਹ ਕਰਨ ਨੂੰ ਫਿਰਦੇ ਸੀ। ਸਿਗਰਟ ਦਾ ਧੂੰਆਂ, ਨਾਲ ਰੁੱਖੀ ਤੇ ਖਰਵੀਂ ਭਾਸ਼ਾ। ਆਰਾਮ ਨਾਲ ਵੀ ਕਹਿ ਸਕਦੇ ਸੀ।” ਮੈਂ ਦਲੀਲ ਦਿੱਤੀ।

“ਮੈਂ ਸਮਝ ਸਕਦਾ ਉਹਨਾਂ ਦੀਆਂ ਕਹੀਆਂ ਗੱਲਾਂ ਤੈਨੂੰ ਕੌੜੀਆਂ ਲੱਗੀਆਂ। ਕੰਡਿਆਂ ਵਾਂਗ ਚੁਭ ਰਹੀਆਂ ਹੋਣਗੀਆਂ ਪਰ ਇਹ ਕੰਡੇ ਕਿਤੇ ਇੱਕ ਥਾਂ ਨੇ, ਇਹ ਤਾਂ ਥਾਂ-ਥਾਂ ਖਿੱਲਰੇ ਪਏ ਨੇ। ਬਥੇਰਿਆਂ ਨੂੰ ਚੁਭ ਕੇ ਰੜਕੀ ਜਾ ਰਹੇ ਨੇ। ਮੇਰੇ ਵੱਲ ਵੇਖ, ਮੈਂ ਅਕਸਰ ਗੱਡੀ ਦਾ ਸਫ਼ਰ ਕਰਦਾ ਰਹਿੰਦਾ ਹਾਂ। ਇਨ੍ਹਾਂ ਲੋਕਾਂ ਦੇ ਬਦਲੇ ਸੁਭਾਅ ਨੂੰ ਖ਼ੂਬ ਜਾਣਦਾ ਹਾਂ। ਨਾ ਮੇਰੇ ਸਿਰ ’ਤੇ ਪੱਗ ਹੈ ਤੇ ਨਾ ਮੈਂ ਸਿੱਖ-ਸਰਦਾਰ ਹਾਂ ਪੰਜਾਬੀ ਬੋਲਣ ਕਰਕੇ ਇਹ ਲੋਕ ਮੈਨੂੰ ਵੀ ਸਰਦਾਰ ਸਮਝਣ ਲੱਗ ਪੈਂਦੇ ਨੇ। ਕਈ ਵਾਰ ਇਨ੍ਹਾਂ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਚੁੱਕਾ ਹਾਂ। ਤਾਹਨੇ-ਮਿਹਣੇ ਵੀ ਸੁਣਨੇ ਪਏ ਨੇ। ਇਹ ਕਹਿੰਦੇ ਨੇ, ‘ਤੁਸੀਂ ਸਾਡੀ ਮਾਂ ਮਾਰ ਦਿੱਤੀ।’ ਬਹੁਤ ਲੋਕ ਨੇ ਜਿਨ੍ਹਾਂ ਦੇ ਮਨ ’ਚ ਅਜੇ ਵੀ ਗੁੱਸਾ ਭਰਿਆ ਪਿਆ। ਇਸੇ ਲਈ ਤੈਨੂੰ ਏਧਰ ਲੈ ਆਇਆ। ਗੱਲ ਹੋਰ ਵਿਗੜ ਜਾਂਦੀ, ਤੁਸੀਂ ਆਪਸ ਵਿੱਚ ਉਲਝ ਜਾਣਾ ਸੀ। ਕੋਈ ਫ਼ਾਇਦਾ ਨੀ ਸੀ ਹੋਣਾ, ਉਲਟਾ ਨੁਕਸਾਨ ਹੋ ਸਕਦਾ ਸੀ।”

ਗੌਰ ਨਾਲ ਗੱਲ ਸੁਣਦਿਆਂ ਮੈਂ ਉਸ ਵੱਲ ਵੇਖਣ ਲੱਗਾ। ਉਹ ਫਿਰ ਬੋਲਣ ਲੱਗਾ, “ਹੋਰ ਸੁਣ, ਇੱਕ ਜ਼ਖ਼ਮ ਮੇਰੇ ਅੰਦਰ ਵੀ ਹੈ, ਜੋ ਹੁਣ ਨਾਸੂਰ ਬਣ ਗਿਆ ਹੈ। ਮੈਂ ਕਿਸੇ ਨੂੰ ਵਿਖਾ ਵੀ ਨਹੀਂ ਸਕਦਾ। ਕੀ ਕਰਾਂ, ਕਿਸੇ ਨੂੰ ਕੀ ਕਹਾਂ। ਤੇਰੇ ਅੰਦਰ ਮੱਚੀ ਅੱਗ ਬਿਲਕੁਲ ਠੀਕ ਹੈ। ਇਹ ਕਿਤੇ ਇੱਕ ਥਾਂ ਥੋੜ੍ਹਾ ਹੈ। ਬਥੇਰੇ ਭਾਂਬੜ ਹੋਰਨਾਂ ਅੰਦਰ ਵੀ ਮੱਚੇ ਨੇ। ਇਨ੍ਹਾਂ ਭਾਂਬੜਾਂ ਦਾ ਸੇਕ ਵੀ ਬੜੀ ਦੂਰ-ਦੂਰ ਤੱਕ ਗਿਆ। ਇਸ ਸੇਕ ਨੇ ਬੜਿਆਂ ਦੀ ਜ਼ਿੰਦਗੀ ’ਤੇ ਅਸਰ ਪਾਇਆ। ਕਈਆਂ ਦੀ ਜ਼ਿੰਦਗੀ ਤਾਂ ਸਵਾਹ ਹੀ ਹੋ ਗਈ, ਕੀ ਕਰੀਏ?”

ਉਸ ਦੀਆਂ ਗੱਲਾਂ ਸੁਣ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਣ ਲੱਗਾ, ‘ਇਹ ਵੀ ਕੋਈ ਦੁਖੀ ਆਤਮਾ ਲੱਗਦਾ ਹੈ।’

ਹੌਲੀ ਜਿਹੀ ਮੈਂ ਪੁੱਛਿਆ, “ਬਾਈ ਕੀ ਗੱਲ, ਤੂੰ ਵੀ ਦਿਲ ’ਚ ਕੋਈ ਗ਼ਮ ਲਈ ਫਿਰਦਾ ਲੱਗਦੈ।”

ਉਸਨੇ ਸਿਰ ਨੂੰ ਥੋੜ੍ਹਾ ਝਟਕਿਆ ਤੇ ਸਹਿਜ ਹੋ ਕੇ ਪੁੱਛਣ ਲੱਗਾ, “ਛੱਡ ਸਭ ਕੁੱਝ, ਐਵੇਂ ਆਪਣੀ ਰਾਮ ਕਹਾਣੀ ਛੇੜ ਬੈਠਾ। ਇਹ ਦੱਸ ਵੀਰ ਨੇ ਜਾਣਾ ਕਿੱਥੇ ਹੈ?”

“ਲੁਧਿਆਣੇ।” ਮੈਂ ਦੱਸਿਆ।

“ਲੁਧਿਆਣਾ!” ਉਸਨੇ ਇਕਦਮ ਮੇਰੇ ਵੱਲ ਵੇਖਿਆ। ਚਿਹਰਾ ਫਿੱਕਾ ਜਿਹਾ ਪੈਣ ਲੱਗਾ। “ਵੀਰ ... ਜੀ....ਤੁਸੀਂ... ਲੁਧਿਆਣੇ ਰਹਿੰਦੇ ਹੋ?” ਇਹ ਸ਼ਬਦ ਉਸਨੇ ਇਸ ਤਰ੍ਹਾਂ ਕਹੇ ਜਿਵੇਂ ਅੰਦਰੋਂ ਬੜੀ ਹੀ ਔਖਿਆਈ ਨਾਲ ਬਾਹਰ ਆਏ ਹੋਣ ਤੇ ਉਹ ਇਕਦਮ ਚੁੱਪ ਹੋ ਗਿਆ। ਉਸਦੇ ਚਿਹਰੇ ਦੇ ਹਾਵ-ਭਾਵ ਬਦਲਣ ਲੱਗੇ। ਅੱਖਾਂ ਨੀਵੀਆਂ ਕਰ ਲਈਆਂ। ਦੇਖਦੇ ਹੀ ਦੇਖਦੇ, ਉਸਦੀਆਂ ਅੱਖਾਂ ’ਚ ਪਾਣੀ ਭਰ ਆਇਆ।

ਮੈਂ ਲਗਾਤਾਰ ਉਸ ਵੱਲ ਵੇਖੀ ਜਾ ਰਿਹਾ ਸੀ ਪਰ ਉਸਦੀ ਮਨੋ-ਸਥਿਤੀ ਨੂੰ ਸਮਝ ਨਹੀਂ ਸੀ ਆ ਰਿਹਾ। ਚਿਹਰਾ ਬੜਾ ਅਜੀਬ ਜਿਹਾ ਲੱਗਾ। ਮੈਂ ਹੈਰਾਨ, ‘ਲੁਧਿਆਣਾ’ ਕਹਿਣ ਤੇ ਅਚਾਨਕ ਇਹਨੂੰ ਕੀ ਹੋ ਗਿਆ।

ਮੈਨੂੰ ਆਪਣੇ ਬੈਗ ਵਾਲੀ ਘਟਨਾ ਭੁੱਲ ਗਈ। ਉਸ ਮੁੰਡੇ ਬਾਰੇ ਹੈਰਾਨੀ ਹੋਣ ਲੱਗੀ। ਮੈਂ ਪੁੱਛਿਆ, “ਬਾਈ ਜੀ, ਕੀ ਗੱਲ ਹੋ ਗਈ, ਲੁਧਿਆਣੇ ਦਾ ਨਾਮ ਸੁਣ ਕੇ ਮੇਰੀਆਂ ਅੱਖਾਂ ਕਿਉਂ ਭਰ ਆਈਆਂ? ਯਾਰ ਮੇਰਾ ਪਿੰਡ ਤਾਂ ਜਗਰਾਵਾਂ ਕੋਲ ਹੈ। ਲੁਧਿਆਣੇ ਤਾਂ ਮੈਂ ਸਿਰਫ਼ ਉਤਰਨਾ ਹੈ।”

ਉਹ ਚੁੱਪ ਰਿਹਾ। ਮੈਂ ਉਸੇ ਵੱਲ ਦੇਖਦਾ ਰਿਹਾ। ਕੁੱਝ ਚਿਰ ਬਾਅਦ ਬੋਲਿਆ, “ਵੀਰ ਕੀ ਦੱਸਾਂ, ਲੁਧਿਆਣੇ ਨੂੰ ਮੈਂ ਚਾਹ ਕੇ ਵੀ ਨਹੀਂ ਭੁੱਲ ਸਕਦਾ। ਲੁਧਿਆਣੇ ਨਾਲ ਮੇਰੀ ਜ਼ਿੰਦਗੀ ਦੀਆਂ ਬੜੀਆਂ ਅਹਿਮ ਯਾਦਾਂ ਜੁੜੀਆਂ ਹੋਈਆਂ ਨੇ। ਇਸੇ ਲਈ ਭਾਵੁਕ ਹੋ ਗਿਆ। ਹੋਰ ਕੋਈ ਗੱਲ ਨਹੀਂ। ਚਲੋ ਛੱਡੋ।”

ਮੈਂ ਗੱਲ ਅੱਗੇ ਵਧਾਉਂਦਿਆਂ ਪੁੱਛਿਆ, “ਬਾਈ ਆਪਣਾ ਨਾਮ ਤਾਂ ਦੱਸ, ਮੈਂ ਤਾਂ ਤੇਰਾ ਨਾਮ ਵੀ ਨਹੀਂ ਪੁੱਛਿਆ।”

“ਨਾਮ ਤਾਂ ਵੀਰੇ ਮਾਪਿਆਂ ਨੇ ਬਥੇਰਾ ਸੋਹਣਾ ਰੱਖਿਆ ਸੀ, ਦੀਪਕ। ਜੰਮਣ ’ਤੇ ਬੜੇ ਚਾਅ ਵੀ ਮਨਾਏ ਹੋਣਗੇ। ਦੀਪਕ ਨਾਮ ਰੱਖ ਕੇ ਸੋਚਿਆ ਹੋਊ, ‘ਮੁੰਡਾ ਵੱਡਾ ਹੋ ਕੇ ਸਾਰੇ ਹਨ੍ਹੇਰੇ ਮਿਟਾ ਦੂ।’ ਜਿਵੇਂ ਕਹਿੰਦੇ ਹੁੰਦੇ ਨੇ, ‘ਦੀਪਕ ਬਣ ਕੇ ਤੁਰੀ ਤੂੰ ਮੇਟਣ ਲਈ ਨੇਰ੍ਹੇ, ਚਾਨਣ ਬਣ ਕੇ ਫੈਲ ਜੀ ਤੂੰ ਚਾਰ ਚੁਫ਼ੇਰੇ।’ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇੱਕੋ ਝੱਖੜ ਨੇ, ਨਾ ਦੀਵਾ ਛੱਡਣਾ ਹੈ ਤੇ ਨਾ ਬੱਤੀ....ਤੇ ਬੱਤੀ ਬਿਨਾਂ ਕਾਹਦਾ ਦੀਪਕ। ਦੀਵਾਲੀ ਦੀ ਰਾਤ ਤੋਂ ਬਾਅਦ ਅਗਲੇ ਦਿਨ ਸਵੇਰੇ ਦੀਵੇ ਦੇਖੇ ਨੇ। ਇਕਦਮ ਖ਼ੁਸ਼ਕ ਤੇ ਵਿੱਚ ਮੱਚੀ ਹੋਈ ਬੱਤੀ ਦੀ ਕਾਲਖ਼। ਹੁਣ ਤਾਂ ਵੀਰੇ ਬੱਸ ਉਹ ਦੀਪਕ ਹਾਂ?”

ਦੀਪਕ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਸਨ। ਅਜੇ ਤੱਕ ਕੋਈ ਵੀ ਇੱਕ-ਦੂਜੇ ਨੂੰ ਨਹੀਂ ਸੀ ਜਾਣਦਾ ਪਰ ਸਾਰੇ ਹੀ ਉਸਨੂੰ ਬੜੇ ਧਿਆਨ ਨਾਲ ਸੁਣ ਰਹੇ ਸੀ। ਗੱਡੀ ਦੌੜੀ ਜਾ ਰਹੀ ਸੀ।

ਫੇਰ ਹਲਕੀਆਂ-ਫੁਲਕੀਆਂ ਗੱਲਾਂ ਸ਼ੁਰੂ ਹੋ ਗਈਆਂ। ਦੀਪਕ ਤੇ ਇੱਕ ਹੋਰ ਸਾਥੀ ਨੇ ਦੱਸਿਆ ਉਨ੍ਹਾਂ ਦਿੱਲੀ ਉਤਰਨਾ ਹੈ। ਚਾਂਦ ਭਾਰਦਵਾਜ਼ ਦੇ ਹਿਮਾਚਲੀ ਸਨ, ਜਿਨ੍ਹਾਂ ਪਠਾਨਕੋਟ ਉਤਰਨਾ ਸੀ। ਇੱਕ ਪੰਕਜ ਸੀ, ਜਿਸ ਨੇ ਅੰਬਾਲੇ ਉਤਰਨਾ ਸੀ। ਮੈਂ ਦੱਸਿਆ ਮੇਰਾ ਨਾਮ ਤਾਂ ਪ੍ਰੀਤਮ ਹੈ ਪਰ ਸਾਰੇ ਮੈਨੂੰ ਪ੍ਰੀਤ ਹੀ ਬੁਲਾਉਂਦੇ ਹਨ। ਕੱਲ੍ਹ ਹੀ ਜਹਾਜ਼ ਮੁੰਬਈ ਬੰਦਰਗਾਹ 'ਤੇ ਲੱਗਾ ਸੀ ਤੇ ਅਚਾਨਕ ਛੁੱਟੀ ਜਾਣਾ ਪੈ ਰਿਹਾ ਹੈ। ਇਸ ਤਰ੍ਹਾਂ ਇੱਕ-ਦੂਜੇ ਨਾਲ ਜਾਣ-ਪਛਾਣ ਹੋ ਗਈ।

"ਯਾਰ ਦੀਪਕ ਤੂੰ ਬੜੇ ਉਦਾਸ ਲਹਿਜ਼ੇ ਵਿੱਚ ਇੱਕ ਗੱਲ ਕਹੀ ਸੀ, ਕਿ ਲੁਧਿਆਣੇ ਨਾਲ ਮੇਰੀ ਜ਼ਿੰਦਗੀ ਦੀਆਂ ਅਹਿਮ ਯਾਦਾਂ ਜੁੜੀਆਂ ਹੋਈਆਂ ਹਨ। ਤੂੰ ਭਾਵੁਕ ਵੀ ਹੋ ਗਿਆ ਸੀ। ਤੇਰੇ ਅੰਦਰ ਕੀ ਤੜਫ਼ ਹੈ, ਪਤਾ ਨਹੀਂ ਪਰ ਤੇਰੀ ਗੱਲ ਸੁਣ ਮੇਰਾ ਮਨ ਵੀ ਉਦਾਸ ਹੋ ਗਿਆ। ਬੁਰਾ ਨਾ ਮੰਨੇ ਉਹ ਲੁਧਿਆਣੇ ਵਾਲੀ ਗੱਲ ਪੂਰੀ ਸੁਣਾ। ਕਈ ਵਾਰ ਗੱਲ ਕਰ ਲੈਣ ਨਾਲ ਮਨ ਨੂੰ ਧਰਵਾਸ ਮਿਲਦੈ। ਨਾਲੇ ਤੇਰਾ ਢਿੱਡ ਹੌਲਾ ਹੋ ਜਾਊ, ਨਾਲੇ ਮੇਰੇ ਮਨ ਦੀ ਅੱਚਵੀ।" ਅੰਬਾਲੇ ਵਾਲੇ ਪੰਕਜ ਨੇ ਦੀਪਕ ਵੱਲ ਵੇਖਦਿਆਂ ਕਿਹਾ।

"ਕੀ ਸੁਣਾਵਾਂ ਯਾਰ, ਹੁਣ ਤਾਂ ਜ਼ਖ਼ਮ ਨੇ, ਬੱਸ ਜ਼ਖ਼ਮ। ਜਿੰਨੇ ਉਚੇੜਾਂਗੇ ਉਤਨੇ ਹੀ ਦੁਖਣਗੇ। ਹੁਣ ਤਾਂ ਵੀਰਾਨ ਜ਼ਿੰਦਗੀ ਹੈ ਤੇ ਮੇਰੇ ਲਈ ਸਭ ਕੁੱਝ ਖ਼ਤਮ ਹੋ ਚੁੱਕਾ ਹੈ। ਜ਼ਿੰਦਗੀ ਦੇ ਅਰਥ ਹੀ ਬਦਲ ਗਏ। ਫਿਰ ਵੀ ਸੁਣਨਾ ਹੈ ਤਾਂ ਸੁਣੋ, ਇਸ ਬਾਗ 'ਤੇ ਵੀ ਕਦੀ ਬਹਾਰ ਸੀ। ਮੇਰੀ ਇੱਕ ਦੋਸਤ ਸੀ ਸਰਬੀ, ਸਰਬਜੀਤ। ਦੋਸਤ ਕਾਹਦੀ, ਉਹ ਮੇਰੀ ਜ਼ਿੰਦਗੀ ਸੀ ਤੇ ਮੇਰੀ ਜਾਨ ਵੀ। ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ, ਬੇ-ਪਨਾਹ ਮੁਹੱਬਤ। ਬੜੇ ਸੁਪਨੇ ਸੀ ਜ਼ਿੰਦਗੀ ਦੇ। ਸਰਬੀ ਮੇਰੇ ਨਾਲ ਦਿੱਲੀ ਯੂਨੀਵਰਸਿਟੀ 'ਚ ਪੜ੍ਹਦੀ ਸੀ। ਉਥੇ ਹੀ ਸਾਡਾ ਪਿਆਰ ਪਰਵਾਨ ਚੜ੍ਹਿਆ। ਅਸੀਂ ਜ਼ਿੰਦਗੀ ਭਰ ਇਕੱਠੇ ਰਹਿਣ ਤੇ ਇਕੱਠੇ ਜਿਉਣ ਦੇ ਸੁਪਨੇ ਬੁਣੇ। ਜ਼ਿੰਦਗੀ ਲਈ ਬੜਾ ਕੁੱਝ ਪਲਾਨ ਕੀਤਾ, ਆਹ ਕਰਾਂਗੇ, ਵਾਹ ਕਰਾਂਗੇ। ਅਸੀਂ ਆਪਣੀ ਇੱਕ ਐਸੀ ਦੁਨੀਆਂ ਉਸਾਰ ਲਈ, ਜਿੱਥੇ ਪਿਆਰ ਹੀ ਪਿਆਰ ਸੀ। ਪਿਆਰ ਦੇ ਰੰਗਾਂ 'ਚ ਰੰਗੇ ਉਹ ਦਿਨ ਬਹੁਤ ਹੀ ਖੂਬਸੂਰਤ ਲੱਗਦੇ। ਨਫ਼ਰਤ, ਕੁੜੱਤਣ ਵਰਗੇ ਸ਼ਬਦ ਤਾਂ ਅਸੀਂ ਭੁੱਲ ਹੀ ਗਏ ਸਾਂ। ਫਿਰ ਇੱਕ ਬਹੁਤ ਵੱਡਾ ਝੱਖੜ ਆਇਆ। ਛੋਟੇ ਵੱਡੇ ਕਿੰਨੇ ਹੀ ਦਰੱਖ਼ਤ ਜੜ੍ਹਾਂ ਤੋਂ ਹੀ ਪੁੱਟ ਹੋ ਗਏ। ਘਰਾਂ ਦੇ ਘਰ ਬਰਬਾਦ ਹੋ ਗਏ। ਅਸੀਂ ਵੀ ਬਰਬਾਦ ਹੋ ਗਏ। ਸਾਰੇ ਸੁਪਨੇ ਚੂਰ-ਚੂਰ ਹੋ ਗਏ ਤੇ ਸਭ ਕੁੱਝ ਹੀ ਬਿਖ਼ਰ ਗਿਆ।" ਗੱਲ ਕਰਦਾ-ਕਰਦਾ ਦੀਪਕ ਚੁੱਪ ਹੋ ਗਿਆ। ਉਸਦਾ ਗਲਾ ਭਰ ਆਇਆ। ਅੱਗੇ ਗੱਲ ਕਰਨੀ ਔਖੀ ਲੱਗੀ। ਉਹ ਕੁੱਝ ਚਿਰ ਚੁੱਪ ਰਿਹਾ। ਸਭ ਬੜੀ ਉਤਸੁਕਤਾ ਨਾਲ ਉਸ ਵੱਲ ਵੇਖ ਰਹੇ ਸਨ। ਥੋੜ੍ਹਾ ਰੁਕ ਕੇ ਉਸ ਫਿਰ ਬੋਲਣਾ ਸ਼ੁਰੂ ਕੀਤਾ, “ਬਜ਼ੁਰਗਾਂ ਕੋਲੋਂ ਸੁਣੀਆਂ ਸੰਨ ਸੰਤਾਲੀ ਦੀਆਂ ਕਹਾਣੀਆਂ ਹੂ-ਬ-ਹੂ ਅੱਖਾਂ ਸਾਹਮਣੇ ਵਾਪਰਨ ਲੱਗੀਆਂ। ਲੱਗਦਾ ਸੀ ਉੱਨੀ ਸੌ ਚੁਰਾਸੀ ਵਾਲੀ ਸੂਈ, ਅੱਗੇ ਜਾਣ ਦੀ ਥਾਂ, ਪਿੱਛੇ ਘੁੰਮ ਕੇ ਉੱਨੀ ਸੌ ਸੰਤਾਲੀ ’ਤੇ ਜਾ ਅਟਕੀ। ਸ਼ਾਂਤ ਹੋਏ ਪਾਣੀਆਂ ’ਚ ਫਿਰ ਚੱਕਰਵਰਤੀ ਤੂਫ਼ਾਨ ਆ ਗਿਆ। ਮਾਰ-ਧਾੜ, ਲੁੱਟ-ਖੋਹ, ਅੱਗਾਂ ਤੇ ਸਾੜ-ਫੂਕ। ਹਰ ਕੋਈ ਡਰਿਆ ਹੋਇਆ ਸੀ। ਮੈਂ ਵੀ ਡਰਿਆ ਹੋਇਆ ਸੀ। ਸਰਬੀ ਵੀ ਡਰੀ ਹੋਈ ਸੀ। ਜੇ ਕੋਈ ਨਹੀਂ ਡਰਿਆ ਹੋਇਆ ਸੀ ਤਾਂ ਉਹ ਸੀ ਹੁੱਲ੍ਹੜਬਾਜ਼, ਉਹ ਸੀ ਲੁਟੇਰੇ, ਉਹ ਸੀ ਮਾਰ-ਧਾੜ ਕਰਦਾ ਹਜ਼ੂਮ, ਉਹ ਸੀ ਜਨੂੰਨੀ ਲੋਕ। ਸਾਰਾ ਕੁੱਝ ਸੁਣ ਕੇ ਤੇ ਵੇਖ ਕੇ ਸਰਬੀ ਦਾ ਮਨ ਐਨਾ ਡੋਲ ਗਿਆ ਕਿ ਉਹ ਜਲਦੀ ਤੋਂ ਜਲਦੀ ਕਿਵੇਂ ਵੀ ਆਪਣੇ ਘਰ ਲੁਧਿਆਣੇ ਪਹੁੰਚਣਾ ਚਾਹੁੰਦੀ ਸੀ। ਮੈਂ ਰੋਕਿਆ, ਸਰਬੀ ਮਾਹੌਲ ਖ਼ਰਾਬ ਹੈ, ਬਹੁਤ ਖ਼ਰਾਬ। ਤੂੰ ਬਾਹਰ ਕਿਤੇ ਨੀ ਜਾਣਾ। ਜੇ ਜਾਣਾ ਹੀ ਹੈ ਤਾਂ ਚੱਲ ਮੇਰੇ ਘਰ ਚੱਲ। ਮੇਰੇ ਮੰਮੀ-ਡੈਡੀ ਕੋਲ ਚੱਲ, ਉਥੇ ਤੇਰਾ ਦਿਲ ਵੀ ਲੱਗ ਜਾਵੇਗਾ। ਮੈਨੂੰ ਤਸੱਲੀ ਹੋਵੇਗੀ ਤੇ ਮੰਮੀ-ਡੈਡੀ ਨੂੰ ਵੀ ਖ਼ੁਸ਼ੀ ਹੋਵੇਗੀ। ਤੈਨੂੰ ਕਿਸੇ ਕਿਸਮ ਦਾ ਡਰ ਜਾਂ ਫ਼ਿਕਰ ਕਰਨ ਦੀ ਲੋੜ ਨੀ।”

ਕਹਿਣ ਲੱਗੀ, “ਦੀਪਕ, ਕੀ ਪਤੈ ਇਹ ਅੱਗ ਕਦੋਂ ਬੁਝਣੀ ਹੈ। ਕਿੱਥੇ-ਕਿੱਥੇ ਤੱਕ ਇਸਦਾ ਕਿੰਨਾ-ਕਿੰਨਾ ਸੇਕ ਜਾਣਾ ਹੈ, ਕੌਣ ਜਾਣਦੈ। ਸ਼ਾਦੀ ਤੋਂ ਬਿਨਾਂ ਤੇਰੇ ਘਰ, ਤੇਰੇ ਮੰਮੀ-ਡੈਡੀ ਕੋਲ, ਕਿਸ ਤਰ੍ਹਾਂ ਜਾ ਸਕਦੀ ਹਾਂ। ਇਸ ਮਾਹੌਲ ਵਿੱਚ ਤਾਂ ਇਹ ਹੋਰ ਵੀ ਔਖਾ ਹੈ। ਸਾਡੇ ਇਸ ਕਦਮ ਨੂੰ ਜਨੂੰਨੀ ਲੋਕ ਪਤਾ ਨੀ ਕੀ ਰੰਗਤ ਦੇ ਦੇਣ।”

“ਬਿਨਾਂ ਦੱਸੇ ਅਚਾਨਕ ਉਹ ਯੁਨਵਿਰਸਿਟੀ ’ਚੋਂ ਗਾਇਬ ਹੋ ਗਈ। ਕਿੱਥੇ, ਕੋਈ ਪਤਾ ਨੀ। ਸ਼ਾਇਦ ਸੋਚਿਆ ਹੋਵੇ ਕਿ ਦੱਸਣ ’ਤੇ ਦੀਪਕ ਨੇ ਜਾਣ ਨਹੀਂ ਦੇਣਾ, ਰੋਕੇਗਾ। ਇਸ ਲਈ ਚੁੱਪਚਾਪ ਹੀ ਨਿਕਲ ਜਾਵਾਂ। ਬੱਸ ਉਹ ਦਿਨ ਤੇ ਆਹ ਦਿਨ। ਬੜਾ ਰੋਇਆ, ਬੜਾ ਤੜਫਿਆ, ਬੜਾ ਪਛਤਾਇਆ, ਕਿਤੇ ਚੈਨ ਨਾ ਆਵੇ। ਗੁੱਸਾ ਆਇਆ ਕਰੇ ਕਿ ਸਭ ਨੂੰ ਗੋਲੀ ਮਾਰ ਦਿਆਂ। ਸਭ ਕੁੱਝ ਫੂਕ ਦੇਵਾਂ। ਕਦੇ ਆਪਣੇ ਆਪ ’ਤੇ ਗੁੱਸਾ ਆਵੇ, ‘ਉਸਨੂੰ ਜਬਰੀ ਘਰ ਕਿਉਂ ਨਾ ਲੈ ਕੇ ਆਇਆ।’ ਉਹ ਕਿੱਧਰ ਚਲੀ ਗਈ। ਫਿਰ ਸੋਚਦਾ ਹਾਂ, ‘ਕੀ ਉਸਨੂੰ ਜਬਰੀ ਘਰ ਲੈ ਆਉਣਾ ਠੀਕ ਹੁੰਦਾ।’ ਐਸੇ ਮਾਹੌਲ ਵਿੱਚ ਉਸਦੇ ਮਨ ’ਤੇ ਕੀ ਬੀਤਦੀ। ਸਾਡਾ ਪਿਆਰ ਤਾਂ ਪਾਕ ਤੇ ਪਵਿੱਤਰ ਸੀ। ਲੋਕਾਂ ਨੇ ਇਸ ਰਿਸ਼ਤੇ ਉੱਪਰ ਤਰ੍ਹਾਂ-ਤਰ੍ਹਾਂ ਦਾ ਚਿੱਕੜ ਮਲ ਦੇਣਾ ਸੀ। ਸਰਬੀ ਦਾ ਮਨ ਹੋਰ ਦੁਖੀ ਹੋਣਾ ਸੀ। ਬੱਸ ਅੰਦਰ ਹੀ ਅੰਦਰ ਕੋਈ ਅੱਗ ਧੁਖੀ ਜਾ ਰਹੀ ਹੈ ਤੇ ਕੁੱਝ ਵੀ ਸਮਝ ਨਹੀਂ ਆ ਰਿਹਾ। ਝੱਖੜ ਆਇਆ ਤੇ ਲੰਘ ਗਿਆ ਪਰ ਉਸਦੇ ਝੰਬੇ ਅਸੀਂ ਅੱਜ ਵੀ ਵੀਰਾਨ ਹਾਂ। ਪਤਾ ਨਹੀਂ ਸਾਡੇ ਵਰਗੇ ਹੋਰ ਕਿੰਨੇ ਬਾਗ ਬਗੀਚੇ ਉੱਜੜੇ ਤੇ ਉਡੀਕ ਰਹੇ ਨੇ ਕਦੀ ਫਿਰ ਬਹਾਰ ਆਵੇ, ਨਵੇਂ ਪੱਤੇ ਆਉਣ, ਨਵੇਂ ਫੁੱਲ ਆਉਣ ਤੇ ਪੰਛੀ ਚਹਿਕਣ। ਏਸੇ ਲਈ ਕਿਹਾ ਸੀ ਕਿ ਬੱਤੀ ਬਿਨਾਂ ਕਾਹਦਾ ਦੀਪਕ।” ਤੇ ਦੀਪਕ ਚੁੱਪ ਕਰ ਗਿਆ।

ਇਕਦਮ ਚੁੱਪ ਛਾ ਗਈ। ਸਾਰੇ ਕਿਧਰੇ ਡੂੰਘੀਆਂ ਸੋਚਾਂ ’ਚ ਜਾ ਡੁੱਬੇ। ਦੀਪਕ ਦੀਆਂ ਅੱਖਾਂ ਵਿੱਚ ਪਾਣੀ ਤੈਰ ਰਿਹਾ ਸੀ। ਗੱਡੀ ਦੌੜੀ ਜਾ ਰਹੀ ਸੀ।

“ਤੂੰ ਬਾਅਦ ’ਚ ਸਰਬੀ ਕੋਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ?” ਕੁੱਝ ਦੇਰ ਬਾਅਦ ਮੈਂ ਹੌਲੀ ਜਿਹੀ ਦੀਪਕ ਨੂੰ ਪੁੱਛਿਆ।

“ਉਸ ਵੇਲੇ ਸਾਡੇ ਕੋਲ ਕੋਈ ਫੋਨ ਨਹੀਂ ਸਨ, ਨਾ ਕੋਈ ਹੋਰ ਕੰਟੈਕਟ। ਬਾਅਦ ’ਚ ਯੂਨੀਵਰਸਿਟੀ 'ਚੋਂ ਹੀ ਪਤਾ ਲੱਗਾ ਕਿ ਉਹ ਘਰ ਪਹੁੰਚੀ ਹੀ ਨਹੀਂ। ਜਦ ਤੱਕ ਮੈਂ ਉਸਦੇ ਘਰ ਬਾਰੇ ਪਤਾ ਕੀਤਾ, ਉਸਦੇ ਘਰ ਵਾਲਿਆਂ ਦਾ ਹਾਲ ਮੇਰੇ ਨਾਲੋਂ ਵੀ ਮਾੜਾ ਸੀ। ਬੜਾ ਲੱਭਿਆ, ਬੜਾ ਲੱਭਿਆ ਪਰ ਕੁੱਝ ਪੱਲੇ ਨਾ ਪਿਆ। ਟੱਕਰਾਂ, ਟੱਕਰਾਂ ਤੇ ਬੱਸ ਸਿਰਫ਼ ਟੱਕਰਾਂ ਪੱਲੇ ਪਈਆਂ।”

ਦੀਪਕ ਦੀਆਂ ਗੱਲਾਂ ਸੁਣ ਮੈਂ ਤਾਂ ਜਿਵੇਂ ਸੁੰਨ ਹੀ ਹੋ ਗਿਆ। ਪੰਕਜ, ਜੋ ਦੀਪਕ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ, ਉਸਦਾ ਚਿਹਰਾ ਵੀ ਉਦਾਸ ਸੀ।

ਫਿਰ ਪੰਕਜ ਹੀ ਬੋਲਿਆ, “ਯਾਰ ਕਦੇ-ਕਦੇ ਮੈਂ ਸੋਚਦਾਂ, ਕੀ ਹੈ ਇਹ ਜ਼ਿੰਦਗੀ। ਕੀ ਹੈ ਇਹ ਮਨੁੱਖ, ਸਭ ਮੋਹਰੇ ਨੇ। ਉੱਪਰ ਤੋਂ ਥੱਲੇ ਤੱਕ, ਵੱਡੇ ਤੋਂ ਛੋਟੇ ਤੱਕ, ਸਭ ਮੋਹਰੇ। ਜਿਸ ਝੱਖੜ ਦੀ ਦੀਪਕ ਨੇ ਗੱਲ ਕੀਤੀ ਹੈ, ਆਪਾਂ ਸਾਰੇ ਜਾਣਦੇ ਹਾਂ। ਮੇਰੀ ਸਮਝ ਮੁਤਾਬਿਕ ਝੱਖੜ ਦਾ ਆਉਣਾ, ਛੋਟੇ ਵੱਡੇ ਦਰੱਖ਼ਤਾਂ ਦਾ ਜੜ੍ਹ ਤੋਂ ਪੁੱਟ ਹੋ ਜਾਣਾ, ਘਰਾਂ ਦੇ ਘਰ ਬਰਬਾਦ ਹੋਣਾ, ਹੋਰ ਬਹੁਤ ਕੁੱਝ ਹੋਣਾ, ਇਹ ਸਭ ਦੇ ਪਿੱਛੇ ਵੱਡੇ-ਵੱਡੇ ਮੁਹਰਿਆਂ ਦਾ ਹੱਥ ਸੀ। ਜੋ ਵੱਡਾ ਦਰਖ਼ਤ ਡਿੱਗਿਆ, ਉਹ ਵੀ ਇੱਕ ਮੋਹਰਾ ਸੀ ਤੇ ਉਸਨੂੰ ਡੇਗਣ ਵਾਲੇ ਵੀ ਮੋਹਰੇ ਸੀ। ਉਸਦੇ ਡਿੱਗਣ ’ਤੇ ਕਿੰਨੇ ਛੋਟੇ-ਮੋਟੇ ਬੂਟੇ ਤੇ ਝਾੜੀਆਂ ਨੇ ਸੰਤਾਪ ਭੋਗਿਆ ਤੇ ਇਸ ਸੰਤਾਪ ਦਾ ਸੇਕ ਹੋਰ ਕਿੰਨੀ ਦੇਰ ਤੱਕ ਕਾਇਮ ਰਹੇਗਾ, ਕਹਿਣਾ ਬੜਾ ਮੁਸ਼ਕਿਲ ਹੈ। ਵੱਡਾ ਦੁੱਖ ਤਾਂ ਇਹ ਹੈ, ਕਰਨ ਵਾਲੇ ਹੋਰ, ਕਰਵਾਉਣ ਵਾਲੇ ਹੋਰ ਤੇ ਸੰਤਾਪ ਭੋਗਣ ਵਾਲੇ ਕੋਈ ਹੋਰ। ਦੱਸੋ ਆਮ ਲੋਕ ਕੀ ਕਰਨ। ਵੱਡੀਆਂ ਚਾਲਾਂ ਨੂੰ ਸਮਝਣ ਦੀ ਬਜਾਏ, ਉਹ ਖ਼ੁਦ ਮੋਹਰੇ ਬਣ ਜਾਂਦੇ ਨੇ।”

ਕੁੱਝ ਚਿਰ ਚੁੱਪ ਰਹਿਣ ਤੋਂ ਬਾਅਦ ਪੰਕਜ ਫਿਰ ਬੋਲਿਆ, “ਕਈ ਵਾਰ ਖੁਦ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਮੋਹਰਾ ਬਣ ਚੁੱਕਾ ਹੈ। ਆਪਾਂ ਵੀ ਮੋਹਰੇ ਬਣ ਸਕਦੇ ਹਾਂ। ਸਾਨੂੰ ਵੀ ਵਰਤਿਆ ਜਾ ਸਕਦਾ ਹੈ। ਵੇਖੋ, ਹੁਣ ਇਸ ਡੱਬੇ ਵਿੱਚ ਬੈਠੇ, ਕਿੰਨੇ ਆਰਾਮ ਨਾਲ ਇੱਕ-ਦੂਜੇ ਨਾਲ ਗੱਲਾਂ ਕਰ ਰਹੇ ਹਾਂ। ਹਮਦਰਦੀ ਜ਼ਾਹਰ ਕਰ ਰਹੇ ਹਾਂ। ਕਿਸੇ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਪਰ ਕਿਸੇ ਇੱਕ ਜਨੂੰਨੀ ਸ਼ੈਤਾਨ ਦੁਆਰਾ, ਧਰਮ ਜਾਂ ਜਾਤ ਦੇ ਨਾਮ ਤੇ ਛੱਡੀ ਇੱਕ ਛੋਟੀ ਜਿਹੀ ਛੁਰਲੀ, ਛੋਟੀ ਜਿਹੀ ਚੰਗਿਆੜੀ, ਪਲਾਂ ਵਿੱਚ ਭਾਂਬੜ ਬਣ ਕੇ ਸਭ ਕੁੱਝ ਫੂਕ ਸਕਦੀ ਹੈ। ਪੰਕਜ ਨੇ ਆਪਣੇ ਹੱਥ ਫੈਲਾਏ ਤੇ ਕਿਹਾ, ਸ਼ਾਇਦ ਆਪਣੇ ਵਿੱਚੋਂ ਕਿਸੇ ਦੇ ਆਹੀ ਹੱਥ, ਦੂਸਰੇ ਦੀ ਜਾਨ ਲੈਣ ਤੱਕ ਚਲੇ ਜਾਣ। ਇਹ ਹੈ ਜਨੂੰਨ ਦਾ ਅਸਰ। ਇਹ ਹੈ ਜਨੂੰਨ ਦੀ ਸ਼ੈਤਾਨੀ ਤਾਕਤ।”

ਪੰਕਜ ਦੀਆਂ ਗੱਲਾਂ ਸੁਣ ਹਿਮਾਚਲੀ ਚਾਂਦ ਇਕਦਮ ਬੋਲ ਪਿਆ, “ਬਿਲਕੁਲ ਸਹੀ ਕਹਾ ਪੰਕਜ ਜੀ, ਬਿਲਕੁਲ ਸਹੀ ਕਹਾ। ਮੈਂ ਵੀ ਸੰਤਾਪ ਭੋਗਿਆ। ਉਨ ਦਿਨੋ, ਮੈਂ ਜਲੰਧਰ ਇੱਕ ਫਰਮ ’ਚ ਨੌਕਰੀ ਕਰਦਾ ਸੀ। ਕੰਮ ਦੇ ਸਬੰਧ ’ਚ ਲੁਧਿਆਣਾ ਤਥਾ ਹੋਰ ਕਈ ਜਗ੍ਹਾ ਆਨਾ-ਜਾਨਾ ਰਹਿੰਦਾ ਸੀ। ਅਸੀਂ ਖੁੱਲ੍ਹੇ ਆਂਦੇ ਜਾਂਦੇ ਸੀ। ਪੰਜਾਬ ਹਮਾਰੀ ਰੋਜ਼ੀ-ਰੋਟੀ ਸੀ। ਹਮਾਰੀ ਜੀਵਿਕਾ ਸੀ। ਹਮੇ ਕੋਈ ਡਰ ਭੈਅ ਨਹੀਂ ਥਾ। ਫਿਰ ਅਚਾਨਕ ਇੱਕ ਐਸਾ ਬੱਸ ਕਾਂਡ ਹੁਆ ਕਿ ਮੈਂ ਬਹੁਤ ਡਰ ਗਿਆ। ਉਸ ਤੋਂ ਬਾਅਦ ਸਭ ਕੁੱਝ ਬਹੁਤ ਡਰਾਵਨਾ ਲਗਨੇ ਲਗਾ। ਇਤਨਾ ਡਰ ਲਗਨੇ ਲਗਾ ਕਿ ਥੋੜ੍ਹੇ ਦਿਨ ਬਾਅਦ ਮੈਨੇ ਜਲੰਧਰ ਵਾਲਾ ਨੌਕਰੀ ਹੀ ਛੋੜ ਦੀਆ। ਕੈਸੇ ਦਿਨ ਆ ਗਏ ਥੇ। ਰਾਮ....ਰਾਮ....ਰਾਮ।”

ਭਾਰਦਵਾਜ਼ ਜੋ ਅਜੇ ਤੱਕ ਚੁੱਪ ਬੈਠਾ ਸੁਣ ਰਿਹਾ ਸੀ, ਉਹ ਵੀ ਬੋਲ ਪਿਆ, “ਯਾਰ ਅਸਲ ਮਸਲਾ ਸੱਤਾ ਦਾ ਹੈ। ਆਪਣੀ ਸੱਤਾ ਨੂੰ ਕਾਇਮ ਰੱਖਣ ਦਾ ਹੈ। ਸੱਤਾ ਨੂੰ ਖ਼ਤਰਾ ਹੋਇਆ ਤਾਂ ਸੱਤਾ ਦੇ ਗਲਿਆਰਿਆਂ ’ਚ ਬੈਠੇ ਕੁੱਝ ਚਲਾਕ ਤੇ ਸ਼ੈਤਾਨ ਲੋਕ, ਕੋਈ ਨਾ ਕੋਈ ਸ਼ਾਤਰ ਚਾਲ ਚਲਦੇ ਹਨ। ਕੋਈ ਮਸਲਾ ਫੜ ਲੈਂਦੇ ਹਨ ਜਾਂ ਮਸਲਾ ਖੜ੍ਹਾ ਕਰ ਦਿੰਦੇ ਹਨ। ਜੋ ਵੀ ਹੋਵੇ, ਉਸਨੂੰ ਕਿਸੇ ਨਾ ਕਿਸੇ ਢੰਗ ਨਾਲ ਧਰਮ ਜਾਂ ਜਾਤ ਦੀ ਚਾਸ਼ਨੀ ਲਗਾ ਕੇ, ਹਿੰਦੂ, ਸਿੱਖ, ਮੁਸਲਮਾਨ, ਕਿਸੇ ਦੇ ਗਲ ਜਾਂ ਝੋਲੀ ’ਚ ਪਾ ਦਿੰਦੇ ਨੇ। ਬੱਸ, ਲੋਕ ਲੜਨ ਮਰਨ ਲਈ ਤਿਆਰ। ਇਹ ਸ਼ੈਤਾਨ ਆਪ ਸਾਫ਼ ਨਿਕਲ ਜਾਂਦੇ ਨੇ। ਲੋਕ ਇਨਕੀ ਚਾਲ ਤਾਂ ਸਮਝਦੇ ਨਹੀਂ, ਬੱਸ ਇਕਦਮ ਭਾਵੁਕ ਹੋ ਜਾਂਦੇ ਨੇ। ਕੱਲ੍ਹ ਤੱਕ ਇਕੱਠੇ ਰਹਿਣ ਵਾਲੇ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਨੇ। ਮਸਲਾ ਹਿੰਦੂ, ਸਿੱਖ, ਮੁਸਲਮਾਨ, ਕੋਈ ਨਾ ਕੋਈ ਜਾਤੀ ਰੂਪ ਧਾਰਨ ਕਰ ਜਾਂਦਾ ਹੈ।

ਸਭ ਲੋਕ ਮਿਲ ਕੇ ਰਹਿਣਾ ਚਾਹੁੰਦੇ ਨੇ। ਸਭ ਨੂੰ ਕੰਮ ਤੇ ਰੋਟੀ ਨਾਲ ਮਤਲਬ ਹੈ। ਲੋਕ ਆਪਸ ’ਚ ਲੜਨਾ ਨਹੀਂ ਚਾਹੁੰਦੇ ਪਰ ਸ਼ੈਤਾਨ ਤੇ ਸ਼ਾਤਰ ਲੋਕ ਕਿਸੇ ਨਾ ਕਿਸੇ ਬਹਾਨੇ ਜ਼ਹਿਰ ਘੋਲ ਆਪਣਾ ਉੱਲੂ ਸਿੱਧਾ ਕਰ ਲੈਂਦੇ ਨੇ। ਮਰਦਾ ਕੌਣ ਹੈ, ਦੇਖਣ ਨੂੰ ਕੋਈ ਸਿੱਖ ਮਰਦਾ ਹੈ, ਹਿੰਦੂ ਮਰਦਾ ਹੈ, ਮੁਸਲਮਾਨ ਮਰਦਾ ਹੈ ਪਰ ਸੱਚ ਵਿੱਚ ਕੌਣ ਮਰਦਾ ਹੈ, ਸੱਚ ਵਿੱਚ ਮਰਦੀ ਹੈ ਇਨਸਾਨੀਅਤ, ਸੱਚ ਵਿੱਚ ਮਰਦਾ ਹੈ ਮਨੁੱਖ।” ਭਾਰਦਵਾਜ਼ ਪੂਰਾ ਭਾਵੁਕ ਹੋ ਗਿਆ ਸੀ।....ਗੱਡੀ ਦੌੜੀ ਜਾ ਰਹੀ ਸੀ।

ਮੈਂ ਚੁੱਪ ਬੈਠਾ ਸਭ ਦੀਆਂ ਗੱਲਾਂ ਸੁਣੀ ਜਾ ਰਿਹਾ ਸੀ। ਸੋਚਿਆ, “ਯਾਰ ਗੱਲ ਤਾਂ ਠੀਕ ਲੱਗਦੀ ਹੈ।” ਅਚਾਨਕ ਅਸੀਂ ਆਪਣੇ ਹੀ ਲੋਕਾਂ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੇ ਹਾਂ। ਨਫ਼ਰਤ ਦੀ ਨਜ਼ਰ ਨਾਲ ਦੇਖਣ ਲੱਗਦੇ ਹਾਂ। ਸਾਡੀ ਕੋਈ ਨਿੱਜੀ ਦੁਸ਼ਮਣੀ ਵੀ ਨਹੀਂ ਹੁੰਦੀ ਪਰ ਅਸੀਂ ਇਹ ਇਸ ਲਈ ਕਰਦੇ ਹਾਂ, ‘ਸਾਨੂੰ ਸਾਡੇ ਕਿਸੇ ਧਰਮ ਜਾਂ ਜਾਤੀ ਵਾਲੇ ਵਿਆਕਤੀ ਵਿਸ਼ੇਸ਼ ਨੇ ਕਿਹਾ ਹੁੰਦਾ ਹੈ।’

ਮੈਨੂੰ ਪਿਛਲੀ ਇੱਕ ਹੋਰ ਗੱਲ ਯਾਦ ਆ ਗਈ, ਜੋ ਗੱਡੀ ਦੇ ਸਭ ਤੋਂ ਪਹਿਲੇ ਸਫ਼ਰ ਦੀ ਸੀ। ਇਹ 1970 ਤੋਂ ਪਹਿਲਾਂ ਦੀ ਗੱਲ ਸੀ। ਪਹਿਲੀ ਵਾਰ ਪੰਜਾਬ ਤੋਂ ਬਾਹਰ ਨਿਕਲਿਆ ਸੀ। ਭਰਤੀ ਹੋ ਕੇ ਟਰੇਨਿੰਗ ਲਈ ਕੋਚੀਨ ਜਾ ਰਿਹਾ ਸੀ। ਲੈਰੀ ਜੀ ਉਮਰ। ਦਾੜ੍ਹੀ-ਮੁੱਛ ਵੀ ਚੰਗੀ ਤਰ੍ਹਾਂ ਨਹੀਂ ਸੀ ਆਏ। ਗੱਡੀ ਦਾ ਲੰਬਾ ਸਫ਼ਰ। ਘਰ ਪਰਿਵਾਰ ਦੀ ਯਾਦ। ਉਦਾਸ ਤੇ ਉਤਰਿਆ ਜਿਹਾ ਚਿਹਰਾ ਪਰ ਉਹ ਸਫ਼ਰ ਅੱਜ ਤੱਕ ਯਾਦ ਹੈ। ਅਸੀਂ ਚਾਰ ਪੰਜਾਬੀ ਮੁੰਡੇ ਇਕੱਠੇ ਸਫ਼ਰ ਕਰ ਰਹੇ ਸੀ। ਦੋ ਮੋਨੇ ਤੇ ਦੋ ਜੂੜੇ ਵਾਲੇ। ਜਾਣੀ ਦੇ ਹਿੰਦੂ ਤੇ ਦੋ ਸਿੱਖ। ਦਿੱਲੀ ਤੋਂ ਬਾਅਦ ਸਾਰੇ ਸਫ਼ਰ ਦੌਰਾਨ ਕੀ ਮਰਦ ਕੀ ਔਰਤਾਂ, ਸਭ ਲੋਕ ਸਾਨੂੰ ਚਾਰਾਂ ਨੂੰ ਹੀ ਸਰਦਾਰ (ਸਿੱਖ) ਸਮਝਦੇ ਸਨ। ਸਭ ਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੇ ਸਨ। ਸਰਦਾਰ ਜੀ ਕੈਸੇ ਹੋ, ਸਰਦਾਰ ਜੀ ਕਹਾਂ ਜਾ ਰਹੇ ਹੋ?

ਵੱਡੀਆਂ ਔਰਤਾਂ ਨੇ ਮਾਵਾਂ ਵਾਂਗ ਪਿਆਰ ਦਿੱਤਾ। ਜਦੋਂ ਵੀ ਕੋਈ ਫੇਰੀ ਵਾਲੇ ਨੇ ਡੱਬੇ ਚ ਆਉਣਾ, ਸਾਡੇ ਨਾ-ਨਾ ਕਰਨ ਦੇ ਬਾਵਜੂਦ ਉਹ ਜੋ ਚੀਜ਼ ਆਪਣੇ ਲਈ ਖਰੀਦਦੇ, ਨਾਲ ਸਾਡੇ ਲਈ ਵੀ ਜ਼ਰੂਰ ਖਰੀਦਦੇ। ਸਰਦਾਰ ਜੀ ਇਹ ਖਾਓ, ਸਰਦਾਰ ਜੀ ਇਹ ਪੀਓ। ਕਈ ਫਲ ਤਾਂ ਅਸੀਂ ਪਿੰਡਾਂ ’ਚ ਕਦੀ ਖਾਧੇ ਹੀ ਨਹੀਂ ਸੀ। ਨਾਮ ਵੀ ਨਹੀਂ ਸੀ ਪਤਾ। ਅਸੀਂ ਇੱਕ-ਦੂਜੇ ਦੇ ਮੂੰਹ ਵੱਲ ਦੇਖਦੇ। ਕੌਫ਼ੀ ਦੀ ਘੁੱਟ ਭਰੀ, ਪੂਰੀ ਕੌੜੀ ਲੱਗੀ। ਇਟਲੀ, ਸਾਂਬਰ, ਡੋਸਾ ਸਾਰੀਆਂ ਚੀਜ਼ਾਂ ਸਾਡੇ ਲਈ ਨਵੀਆਂ ਸਨ। ਉਸ ਵਕਤ ਪਹਿਲਾਂ ਕਦੇ ਅਜਿਹੇ ਨਾਮ ਨਹੀਂ ਸੀ ਸੁਣੇ, ਹੁਣ ਤਾਂ ਪੰਜਾਬ ’ਚ ਇਹ ਚੀਜ਼ਾਂ ਵੀ ਆਮ ਹਨ। ਉਹ ਸਾਡਾ ਕਿੰਨਾ ਖ਼ਿਆਲ ਰੱਖ ਰਹੇ ਸਨ। ਕੀ ਰਿਸ਼ਤਾ ਸੀ ਸਾਡਾ ਉਨ੍ਹਾਂ ਨਾਲ? ਉਸ ਉਮਰ ਵਿੱਚ ਮੈਨੂੰ ਬਹੁਤੀ ਸਮਝ ਨਹੀਂ ਸੀ। ਜਦ ਉਹ ਆਪਸ ਵਿੱਚ ਗੱਲਾਂ ਕਰਦੇ, ਸਾਡੇ ਕਿਸੇ ਦੇ ਵੀ ਕੁੱਝ ਪੱਲੇ ਨਾ ਪੈਂਦਾ। ਪਗੜੀ ਤੇ ਸਰਦਾਰ ਦੋ ਸ਼ਬਦ ਹੀ ਸਮਝ ਪੈਂਦੇ। ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬ ਤੋਂ ਬਾਹਰ ਲੋਕਾਂ ਦੇ ਮਨਾਂ ਵਿੱਚ ਸਰਦਾਰ ਦੀ ਬਹੁਤ ਇੱਜ਼ਤ ਹੁੰਦੀ ਸੀ ਤੇ ਹਰ ਪੰਜਾਬੀ ਬੋਲਣ ਵਾਲੇ ਨੂੰ ਉਹ ਸਰਦਾਰ ਸਮਝਦੇ ਸੀ।

ਯਾਦਾਂ ਦੇ ਘੇਰੇ ’ਚੋਂ ਬਾਹਰ ਆਇਆ ਤਾਂ ਦੀਪਕ ਫਿਰ ਉੱਚੀ ਆਵਾਜ਼ ’ਚ ਇਸ਼ਾਰਾ ਕਰ-ਕਰ ਬੋਲ ਰਿਹਾ ਸੀ, “ਐਨਾ ਕੁੱਝ ਵਾਪਰ ਗਿਆ, ਦੱਸੋ ਇਸ ’ਚ ਮੇਰਾ ਕੀ ਕਸੂਰ? ਸਰਬੀ ਦਾ ਕੀ ਕਸੂਰ? ਆਹ ਪ੍ਰੀਤ ਦਾ ਕੀ ਕਸੂਰ? ਸਭ ਕਾਸੇ ਦਾ ਦੋਸ਼ੀ ਕੌਣ?”

“ਕੀ ਮੈਂ, ਕੀ ਸਰਬੀ, ਕੀ ਪ੍ਰੀਤ, ਕੀ ਤੂੰ, ਕੀ ਤੂੰ, ਕੀ ਤੂੰ? ਨਹੀਂ, ਆਪਣੇ ਚੋਂ ਕੋਈ ਨਹੀਂ। ਇਹ ਉਂਗਲ ਕਿਤੋਂ ਹੋਰ ਹੀ ਹਿਲਦੀ ਹੈ। ਆਮ ਲੋਕਾਂ ਦੇ ਜਜ਼ਬਾਤਾਂ ਨੂੰ ਕਿਵੇਂ, ਕਿੱਥੇ ਤੇ ਕਦੋਂ ਲਾਂਬੂ ਲਾਉਣਾ ਹੈ, ਇਹ ਸ਼ੈਤਾਨ ਲੋਕਾਂ ਦੀਆਂ ਚਾਲਾਂ ਨੇ। ਭੋਲੇ ਲੋਕ ਅਸਾਨੀ ਨਾਲ ਮੋਹਰੇ ਬਣ ਜਾਂਦੇ ਹਨ। ਆਹ ਕੁੱਝ ਸੀਟਾਂ ਦੂਰ ਬੈਠੇ ਭਈਏ, ਜਿਨ੍ਹਾਂ ਦਾ ਪ੍ਰੀਤ ਨਾਲ ਕੋਈ ਲੈਣਾ-ਦੇਣਾ ਨਹੀਂ, ਇਹ ਵੀ ਮੋਹਰੇ ਹੀ ਨੇ।”

ਮੈਂ ਵੇਖਿਆ ਕਈ ਸਾਲ ਪਹਿਲਾਂ ਲੱਗੇ ਜ਼ਖ਼ਮ, ਅਜੇ ਵੀ ਅੱਲੇ ਸਨ। ਦੀਪਕ ਦੀ ਜ਼ਖ਼ਮੀ ਰੂਹ ਕੁੱਝ ਕਹਿਣਾ ਚਾਹੁੰਦੀ ਸੀ, ਫੁੱਟ-ਫੁੱਟ ਕੇ ਰੋਣਾ ਚਾਹੁੰਦੀ ਸੀ। ਉਸਦੇ ਜ਼ਖ਼ਮਾਂ ਸਾਹਮਣੇ, ਮੈਨੂੰ ਆਪਣੇ ਜ਼ਖ਼ਮ ਤਾਂ ਝਰੀਟਾਂ ਹੀ ਲੱਗਣ ਲੱਗ ਪਏ ਤੇ ਮੈਂ ਦੀਪਕ ਨੂੰ ਬਾਹਾਂ ’ਚ ਘੁੱਟ ਲਿਆ। ਗੱਡੀ ਦੌੜੀ ਜਾ ਰਹੀ ਸੀ।

໐໐໐