ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸ਼ੁੱਧ ਦੇਸੀ ਘੀ ਦਾ ਵੈਸ਼ਨੋ ਭੋਜਨ

49639ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ — ਸ਼ੁੱਧ ਦੇਸੀ ਘੀ ਦਾ ਵੈਸ਼ਨੋ ਭੋਜਨ

ਦਿੱਲੀ ਦੇ ਚਾਂਦਨੀ ਚੌਕ ਵਿੱਚ ਤੁਸੀਂ ਸੀਸ ਗੰਜ ਗੁਰਦੁਆਰੇ ਵੱਲ ਦੇਸੀ ਘਿਓ ਦੀਆਂ ਜਲੇਬੀਆਂ ਦੀ ਦੁਕਾਨ ਵੇਖੀ ਹੋਵੇਗੀ। ਸਵੇਰ ਤੋਂ ਸ਼ਾਮ ਤੱਕ ਓਥੇ ਗਾਹਕਾਂ ਦੀ ਭੀੜ ਰਹਿੰਦੀ ਹੈ। ਗਰਮਾ-ਗਰਮ ਜਲੇਬੀਆਂ ਤੁਲਵਾ-ਤੁਲਵਾ ਲੋਕ ਬੋਹੜ ਦੇ ਪੱਤਿਆਂ ਉੱਤੇ ਰੱਖ ਕੇ ਖਾਂਦੇ ਹਨ। ਮਿੱਠੇ ਤੇ ਗਰਮ ਰਸ ਦੀਆਂ ਘੁੱਟਾਂ ਬੰਦੇ ਦੀ ਤਬੀਅਤ ਵਿੱਚ ਖੇੜਾ ਲਿਆਉਂਦੀਆਂ ਹਨ। ਕੋਲ ਹੀ ਪਾਣੀ ਦੀ ਟੂਟੀ ਹੈ। ਹੱਥ ਧੋ ਲਓ, ਕੁਰਲੀ ਕਰ ਲਓ ਤੇ ਚਾਹੇ ਇੱਕ ਅੱਧ ਘੁੱਟ ਪੀ ਵੀ ਲਵੋ। ਦਿੱਲੀ ਵਾਸੀ ਤੇ ਬਾਹਰੋਂ ਆਏ ਲੋਕ ਚਾਂਦਨੀ ਚੌਕ ਦੀਆਂ ਦੇਸੀ ਘਿਓ ਦੀਆਂ ਜਲੇਬੀਆਂ ਨਾ ਖਾਣ, ਚਾਹੇ ਕਦੇ-ਕਦੇ ਹੀ, ਤਾਂ ਸਮਝੋ ਦਿੱਲੀ ਆਏ, ਜਿਹੇ ਨਾ ਆਏ।

ਬਸ ਏਦਾਂ ਦਾ ਹੀ ਸੀ ਦੁਰਗਾ ਦਾਸ ਹਲਵਾਈ ਦਾ ਢਾਬਾ। ਓਥੇ ਦੇਸੀ ਘੀ ਵਿੱਚ ਪੂਰੀਆਂ ਪੱਕਦੀਆਂ ਤੇ ਸਬਜ਼ੀ ਦਾਲ ਨੂੰ ਦੇਸੀ ਘਿਓ ਦਾ ਹੀ ਤੜਕਾ ਲਗਦਾ। ਕਾਂਸੀ ਪਿੱਤਲ ਦੇ ਭਾਂਡੇ, ਕੌਲੀਆਂ, ਗਿਲਾਸ ਤੇ ਥਾਲ, ਸਭ ਮਾਂਜ-ਸੰਵਾਰ ਕੇ ਲਿਸ਼ਕਾਏ ਹੋਏ। ਨਲਕੇ ਦਾ ਠੰਡਾ ਪਾਣੀ, ਜੋ ਸਰਦੀਆਂ ਵਿੱਚ ਨਿੱਘਾ ਹੁੰਦਾ ਹੈ। ਢਾਬੇ ਦੇ ਬੈਂਚਾਂ ਉੱਤੇ ਨਾ ਕੋਈ ਸ਼ਰਾਬ ਪੀ ਕੇ ਬੈਠ ਸਕਦਾ ਸੀ ਤੇ ਨਾ ਓਥੇ ਬੈਠ ਕੇ ਸਿਗਰਟ-ਬੀੜੀ ਪੀਣ ਦਾ ਹੁਕਮ ਸੀ। ਸਵੇਰੇ ਦਿਨ ਚੜ੍ਹੇ ਤੋਂ ਸ਼ਾਮ ਡੂੰਘੇ ਹਨੇਰੇ ਤੱਕ ਓਥੇ ਗਾਹਕਾਂ ਦੀ ਭੀੜ ਰਹਿੰਦੀ। ਦੇਵੀਗੜ੍ਹ ਆ ਕੇ ਜਿਸ ਨੇ ਦੁਰਗਾ ਦਾਸ ਦੇ ਢਾਬੇ ਦੀ ਰੋਟੀ ਨਹੀਂ ਖਾਧੀ, ਸਮਝੋ ਉਹ ਦੇਵੀਗੜ੍ਹ ਆਇਆ ਹੀ ਨਹੀਂ। ਲੋਕ ਸਬਜ਼ੀ-ਪੂਰੀ ਖਾਂਦੇ ਵੀ ਚਲੇ ਜਾਂਦੇ ਤੇ ਹੈਰਾਨ ਵੀ ਹੁੰਦੇ ਹਨ ਕਿ ਮਹਿੰਗਾਈ ਦਾ ਜ਼ਮਾਨਾ ਹੈ, ਦੇਸੀ ਘੀ ਤਾਂ ਮੁੱਛਾਂ ਉੱਤੇ ਲਾਉਣ ਨੂੰ ਨਹੀਂ ਮਿਲਦਾ ਤੇ ਇਹ ਦੁਰਗਾ ਦਾਸ ਪੂਰੇ ਦਾ ਪੂਰਾ ਖਾਣਾ ਦੇਸੀ ਘੀ ਵਿੱਚ ਬਣਾ ਕੇ ਦਿੰਦਾ ਹੈ। ਇੱਕ ਥਾਲੀ ਦੋ ਰੁਪਏ, ਦੇਸੀ ਘੀ ਨੂੰ ਦੇਖ ਕੇ ਕੋਈ ਬਹੁਤੇ ਨਹੀਂ ਸਨ ਲੱਗਦੇ।

ਦੁਰਗਾ ਦਾਸ ਦੇ ਸਭ ਨੌਕਰ-ਚਾਕਰ ਇਸ਼ਨਾਨ ਕਰਨ ਬਾਅਦ ਹੀ ਕੰਮ ਕਰਨ ਲੱਗਦੇ। ਸੁੱਚ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ। ਉਹ ਨਿੱਤ ਧੋਤੇ ਹੋਏ ਚਿੱਟੇ ਕੱਪੜੇ ਪਾਉਂਦੇ। ਦੁਰਗਾ ਦਾਸ ਦੇ ਵਾਲ਼ ਲੰਮੇ-ਲੰਮੇ ਸਿੱਧੇ ਵਾਹ ਕੇ ਪਿਛਾਂਹ ਨੂੰ ਸੁੱਟੇ ਹੁੰਦੇ। ਉਹ ਦਾੜ੍ਹੀ ਮੁੰਨ ਕੇ ਰੱਖਦਾ ਤੇ ਮੁੱਛਾਂ ਕੁੰਡਲਦਾਰ। ਅੱਖਾਂ ਤੋਂ ਲੱਗਦਾ, ਜਿਵੇਂ ਕੋਈ ਗੁੰਡਾ ਬਦਮਾਸ਼ ਹੋਵੇ, ਪਰ ਉਹ ਅਜਿਹਾ ਬਿਲਕੁਲ ਨਹੀਂ ਸੀ। ਉਹ ਦੇਵਤਾ-ਪੁਰਸ਼ ਸੀ ਦੂਜਿਆਂ ਢਾਬਿਆਂ ਉੱਤੇ ਆਪਣੀ ਈਮਾਨਦਾਰੀ ਦਾ ਰੋਅਬ ਜਮਾ ਕੇ ਰੱਖਦਾ। ਉਹਨੂੰ ਅਭਿਮਾਨ ਸੀ ਕਿ ਉਹ ਸ਼ੁੱਧ ਦੇਸੀ ਘਿਓ ਦਾ ਭੋਜਨ ਵਰਤਾਉਂਦਾ ਹੈ। ਦੇਵੀਗੜ੍ਹ ਸਾਰੇ ਵਿੱਚ ਉਹਦੀ ਮਸ਼ਹੂਰੀ ਹੈ। ਉਹਦੇ ਢਾਬੇ ਉੱਤੇ ਦੂਰੋਂ-ਦੂਰੋਂ ਗਾਹਕ ਚੱਲ ਕੇ ਆਉਂਦਾ ਹੈ। ਉਹ ਢਾਬੇ ਤੋਂ ਬਾਹਰ ਨਿੱਕਲ ਕੇ ਸੜਕ ਉੱਤੇ ਕੁਰਸੀ ਡਾਹ ਲੈਂਦਾ। ਕੁਰਸੀ ਅੱਗੇ ਮੇਜ਼ ਰੱਖਦਾ। ਦੋ ਤਿੰਨ ਫ਼ਾਲਤੂ ਕੁਰਸੀਆਂ ਵੀ। ਖੜ੍ਹਾ ਹੋ ਕੇ ਉੱਚੀ ਆਵਾਜ਼ ਵਿੱਚ ਹੋਕਰਾ ਮਾਰਦਾ- "ਆਓ ਬਈ, ਦੇਸੀ ਘਿਓ 'ਚ ਪੱਕੀ ਰੋਟੀ ਛਕੋ। ਸ਼ੁੱਧ ਦੇਸੀ ਘੀ ਦਾ ਵੈਸ਼ਨੂੰ ਭੋਜਨ।" ਉਹਦੇ ਢਾਬੇ ਉੱਤੇ ਪੰਜਾਬੀ ਅੱਖਰਾਂ ਵਿੱਚ ਲੱਕੜ ਦੇ ਫੱਟੇ ਉੱਤੇ ਮੋਟਾ-ਮੋਟਾ ਲਿਖ ਕੇ ਲਾਇਆ ਹੋਇਆ ਸੀ, 'ਸ਼ੁੱਧ ਦੇਸੀ ਘੀ ਦਾ ਵੈਸ਼ਨੂੰ ਭੋਜਨ।'

ਉਹਦੀ ਆਵਾਜ਼ ਐਨੀ ਤਿੱਖੀ ਤੇ ਗੜ੍ਹਕਵੀਂ ਸੀ, ਲੱਗਦਾ ਬੰਦਾ ਵਾਕਿਆ ਹੀ ਦੇਸੀ ਘਿਓ ਖਾ ਕੇ ਬੋਲਦਾ ਹੈ। ਖੰਘਾਰ ਕੇ ਦੂਰ ਥੁੱਕਣਾ ਤੇ ਫਿਰ ਮੁੱਛਾਂ ਉੱਤੇ ਹੱਥ ਫੇਰਨਾ ਉਹਦੀ ਪੱਕੀ ਆਦਤ ਸੀ। ਉਹਦੀਆਂ ਕੁੰਡਲਦਾਰ ਖੜਵੀਆਂ ਮੁੱਛਾਂ ਹੀ ਜਿਵੇਂ ਉਹਦੇ ਰੋਅਬ ਦੀ ਨਿਸ਼ਾਨੀ ਹੋਵੇ।

ਦੁਰਗਾ ਦਾਸ ਦੇ ਕਈ ਬੱਚੇ ਸਨ-ਦੋ ਤਿੰਨ ਮੁੰਡੇ ਤੇ ਤਿੰਨ ਚਾਰ ਕੁੜੀਆਂ। ਉਹਨੂੰ ਪਤਾ ਨਹੀਂ ਸੀ ਕਿ ਉਹ ਕਿਹੜੀ-ਕਿਹੜੀ ਜਮਾਤ ਵਿੱਚ ਪੜ੍ਹਦੇ ਸਨ, ਪਰ ਉਹਨਾਂ ਉੱਤੇ ਡਾਂਟ-ਡਪਟ ਪੂਰੀ ਰੱਖਦਾ ਉਹ। ਹੱਥ ਧੋ ਕੇ ਰੋਟੀ ਖਾਓ। ਕੁੜੀਆਂ ਬਹੁਤੇ ਭੜਕੀਲੇ ਕੱਪੜੇ ਨਾ ਪਾ ਸਕਦੀਆਂ। ਮੁੰਡਾ ਕੋਈ ਫ਼ਿਲਮ ਦੇਖਣ ਸਿਨਮਾ ਚਲਿਆ ਗਿਆ ਜਾਂ ਕਿਧਰੇ ਕਿਸੇ ਨੇ ਤਾਸ਼ ਖੇਡੀ ਤਾਂ ਗਲ ਲਾਹ ਦਿਆਂਗਾ। ਸ਼ਾਮ ਨੂੰ ਆਰਤੀ ਵਿੱਚ ਸਭ ਨੇ ਸ਼ਾਮਿਲ ਹੋਣਾ ਹੈ।

ਸਭ ਤੋਂ ਵੱਡੀ ਕੁੜੀ ਬਿਮਲਾ ਕਾਲਜ ਪੜ੍ਹਦੀ ਸੀ। ਬੀ.ਏ. ਦਾ ਦੂਜਾ ਸਾਲ ਸੀ ਉਹਦਾ। ਸਾਰਿਆਂ ਤੋਂ ਛੋਟਾ ਮੁੰਡਾ ਤੀਜੀ ਜਮਾਤ ਵਿੱਚ ਸੀ। ਇੱਕ ਮੁੰਡਾ ਦਸਵੀਂ ਵਿੱਚੋਂ ਚਾਰ ਵਾਰੀ ਫੇਲ੍ਹ ਹੋ ਕੇ ਆਖ਼ਰ ਢਾਬੇ ਉੱਤੇ ਹੀ ਬੈਠ ਗਿਆ। ਬਾਕੀ ਸਾਰੇ ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸਨ। ਕੋਈ ਕਿੰਨਾ ਹਸ਼ਿਆਰ ਸੀ ਪੜ੍ਹਨ ਵਿੱਚ ਜਾਂ ਕੋਈ ਕਿੰਨਾ ਕਮਜ਼ੋਰ ਸੀ - ਨਲਾਇਕ ਸੀ, ਦੁਰਗਾ ਦਾਸ ਨੂੰ ਕੋਈ ਪਤਾ ਨਹੀਂ ਸੀ ਤੇ ਨਾ ਕੋਈ ਪ੍ਰਵਾਹ। ਉਹਨੇ ਕਿਸੇ ਬੱਚੇ ਦੀ ਕਦੇ ਕੋਈ ਟਿਊਸ਼ਨ ਨਹੀਂ ਸੀ ਰਖਵਾਈ। ਆਖਦਾ-'ਸਕੂਲਾਂ ਦੇ ਮਾਸਟਰ ਫਿਰ ਸਕੂਲ ਜਾ ਕੇ ਕੀ ਕਰਦੇ ਨੇ?'

ਦੁਰਗਾ ਦਾਸ ਦਾ ਥੱਪੜ ਸਾਰੇ ਪਰਿਵਾਰ ਲਈ ਵੱਡੀ ਦਹਿਸ਼ਤ ਸੀ। ਪਤਾ ਨਹੀਂ ਸੀ, ਕੀਹਦੇ ਕਦੋਂ ਇਹ ਥੱਪੜ ਪੈ ਜਾਵੇ। ਉਹਦੇ ਹੱਥ ਵੱਡੇ-ਵੱਡੇ ਸਨ, ਚੌੜੇ-ਚੌੜੇ, ਫੁੱਲੀ ਹੋਈ ਵੱਡੀ ਪੂੜੀ ਜਿੱਡੇ। ਕੰਨ ਉੱਤੇ ਵੱਜਿਆ ਇੱਕੋ ਥੱਪੜ ਸਿਰ ਦੀ ਚੱਕਰੀ ਭੰਵਾ ਦਿੰਦਾ। ਧਰਤੀ ਘੁੰਮਣ ਲੱਗਦੀ। ਡਰਦਾ, ਉਹਦੇ ਸਾਹਮਣੇ ਕੋਈ ਬੋਲਦਾ ਨਹੀਂ ਸੀ। ਨਾ ਜੁਆਕ ਤੇ ਨਾ ਜੁਆਕਾਂ ਦੀ ਮਾਂ। ਕੁੰਢੀਆਂ ਮੁੱਛਾਂ ਤੇ ਗਹਿਰੀਆਂ ਅੱਖਾਂ ਵਾਲਾ ਉਹਦਾ ਚਿਹਰਾ ਗੁੱਸੇ ਵਿੱਚ ਹੁੰਦਾ ਤਾਂ ਬੜਾ ਭੈੜਾ ਲੱਗਦਾ-ਬਿਲਕੁਲ ਰਾਖ਼ਸ਼ ਦਾ ਰੂਪ। ਕੱਪੜਾ ਉਹ ਪੂਰਾ ਥਾਨ ਖਰੀਦਦਾ। ਕੁੜੀਆਂ ਤੇ ਕੁੜੀਆਂ ਦੀ ਮਾਂ ਦੇ ਸਭ ਦੇ ਇੱਕੋ ਜਿਹੇ ਸੂਟ। ਏਦਾਂ ਹੀ ਇਕ ਥਾਨ ਹੋਰ, ਜਿਸ ਦੇ ਮੁੰਡਿਆਂ ਦੇ ਕਮੀਜ਼ ਬਣਦੇ, ਉਹਦੇ ਆਪਣੇ ਕਮੀਜ਼ ਵੀ। ਪੈਂਟ ਨਹੀਂ ਪਾਉਣੀ, ਪਜਾਮੇ ਪਾਓ। ਪੈਂਟਾਂ ਦੀ ਗੱਲ ਛਿੜਦੀ ਤਾਂ ਉਹ ਆਖਦਾ 'ਵੱਡੇ ਅੰਗਰੇਜ਼ ਆ ਗਏ, ਪੈਂਟਾਂ ਦਾ ਕੀ ਕੰਮ? ਦੇਸੀ ਕੱਪੜੇ ਪਾਓ ਦੇਸੀ ਘਿਓ ਖਾਓ। ਭਾਰਤ ਵਰਸ਼ ਵਿੱਚ ਰਹਿੰਦੇ ਲੋਕ... ਘਰ ਵਿੱਚ ਤੇ ਢਾਬੇ ਉੱਤੇ ਦੁਰਗਾ ਦਾਸ ਦੀ ਪੂਰੀ ਬਾਦਸ਼ਾਹਤ ਸੀ।

ਦੁਰਗਾ ਦਾਸ ਘਰ ਹੁੰਦਾ ਤਾਂ ਕਬਰਾਂ ਵਰਗੀ ਚੁੱਪ ਛਾ ਜਾਂਦੀ। ਉਹ ਘਰੋਂ ਬਾਹਰ ਹੋਇਆ ਨਹੀਂ ਕਿ ਘਰ ਵਾਕਿਆ ਹੀ ਘਰ ਵਰਗੀ ਸ਼ਕਲ ਅਖ਼ਤਿਆਰ ਕਰਨ ਲੱਗਦਾ। ਮੁੰਡੇ ਕੂਕਾਂ ਮਾਰਨ ਲੱਗਦੇ। ਕੁੜੀਆਂ ਵਿਹੜੇ ਵਿੱਚ ਨੱਚ ਰਹੀਆਂ ਹੁੰਦੀਆਂ। ਸੱਤੋ ਬਹੁਤ ਚੰਚਲ ਸੀ। ਉਹ ਬਿਮਲਾ ਤੋਂ ਤੀਜੇ ਥਾਂ ਉੱਤੇ ਸੀ। ਉਹ ਦੁਰਗਾ ਦਾਸ ਦੀ ਪਿੱਠ ਪਿੱਛੇ ਬੋਲ ਕੱਢਦੀ, ਦੰਦ ਪੀਂਹਦੀ ਤੇ ਅੱਖਾਂ ਲਾਲ ਕਰਕੇ ਉਹਦੀ ਨਕਲ ਲਾਹੁੰਦੀ। ਮਾਂ ਉਹਨੂੰ ਬਹੁਤ ਵਰਜਦੀ ਸੀ, ਆਖਦੀ 'ਤੇਰੇ ਪਿਓ ਨੂੰ ਤੇਰਾ ਜੇ ਪਤਾ ਲੱਗ ਗਿਆ ਨਾ, ਤੂੰ ਜਿਹੜੀਆਂ ਨਕਲਾਂ ਲਾਹੁਨੀ ਐਂ ਉਹਦੀਆਂ, ਤੇਰੀ ਗੁੱਤ ਪੁੱਟ ਕੇ ਤੇਰੇ ਹੱਥ 'ਚ ਫੜਾ ਦੂ। ਇਹ ਦੇਖ ਲੈ ਤੂੰ। ਹੁਣ ਆਵਦਾ ਪੜ੍ਹਿਆ ਵਚਾਰ ਲੈ।' ਤੇ ਫਿਰ ਉਦਾਸ ਬੋਲ ਕੱਢਦੀ, ‘ਉਹਤੋਂ ਤਾਂ ਰੱਬ ਡਰਦੈ, ਧੀਏ! ਆਪਾਂ ਕੀਹਦੇ ਵਚਾਰੇ ਆਂ।'

ਮਾਂ ਦੀ ਗੱਲ ਸੁਣ ਕੇ ਸੱਤੋ ਜੀਭ ਕੱਢਦੀ। ਤੇ ਫਿਰ ਗੰਭੀਰ ਹੋ ਕੇ ਆਖਦੀ- ‘ਇਉਂ ਤਾਂ ਮਾਂ ਮਰ ਮੁੱਕ ਜੂ ’ਗਾ ਆਪਣਾ ਸਾਰਾ ਟੱਬਰ ਈ। ਕੋਈ ਹੋਰ ਖ਼ਰਾਬੀ ਕਰਦੇ ਹੋਈਏ, ਫਿਰ ਵੀ ਐ। ਹੁਣ ਹੱਸਣ-ਬੋਲਣ ਵੀ ਨ੍ਹੀਂ ਦੇਣਾ ਕਿਸੇ ਨੂੰ?'

ਹਾਏ ਨ੍ਹੀਂ, ਆਪਣਾ ਕੀ ਹੱਸਣ-ਬੋਲਣ ਬਣਦੈ? ਦੋ ਵੇਲੇ ਟੁੱਕ ਦੀ ਬੁਰਕੀ ਮਿਲੀ ਜਾਂਦੀ ਐ, ਇਹੀ ਬਹੁਤ ਐ ਭਾਈ। ਮਾਂ ਸਬਰ ਕਰਦੀ।

ਸੱਤੋ ਵਿਹੜੇ ਵਿੱਚ ਪਾਇਲਾਂ ਪਾ ਕੇ ਨੱਚਦੀ ਤਾਂ ਮਾਂ ਦੀ ਬਾਂਹ ਵੀ ਖਿੱਚ ਲੈਂਦੀ। ਆਖਦੀ ਮਾਂ ਤੂੰ ਵੀ ਨੱਚ।

ਬਿਮਲਾ ਗੁੰਮ-ਸੁੰਮ ਰਹਿੰਦੀ। ਕਿਤਾਬ ਲੈ ਕੇ ਬੈਠੀ ਪੜ੍ਹਦੀ-ਪੜ੍ਹਦੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੀ। ਕਿਤਾਬ ਕਿਤੇ ਤੇ ਉਹਦੀ ਨਿਗਾਹ ਕਿਤੇ। ਮਾਂ ਉਹਦੇ ਚਿਹਰੇ ਵੱਲ ਝਾਕਦੀ ਤਾਂ ਉਹਨੂੰ ਕੋਈ ਸਮਝ ਨਾ ਆਉਂਦੀ। ਸੱਤੋ ਬਿਮਲਾ ਦਾ ਮਜ਼ਾਕ ਉਡਾਉਣ ਲੱਗਦੀ। ਆਖਦੀ ਕਿਹੜੇ ਦਸਮੇਂ ਦੁਆਰ ਸੁਰਤ ਪਹੁੰਚ ਗਈ, ਮਹਾਰਾਣੀ ਸਾਹਿਬਾ ਦੀ?

ਸੱਤੋ ਦੇ ਇੰਝ ਟੋਕਣ ਨਾਲ ਹੀ ਬਿਮਲਾ ਨੂੰ ਸਾਹ ਆਉਂਦਾ।

ਤੇ ਫਿਰ ਇੱਕ ਦਿਨ...

ਸਵੇਰ ਦੀ ਕਾਲਜ ਗਈ ਬਿਮਲਾ ਮੁੜੀ ਨਹੀਂ। ਪਹਿਲਾਂ ਤਾਂ ਉਹ ਆਪਣੇ ਚਾਰੇ ਪੀਰੀਅਡ ਲਾ ਕੇ ਵੱਧ ਤੋਂ ਵੱਧ ਦੋ ਵੱਜਦੇ ਨੂੰ ਦਰ ਪਹੁੰਚ ਜਾਂਦੀ ਸੀ, ਪਰ ਉਸ ਦਿਨ ਤਿੰਨ, ਚਾਰ ਤੇ ਸ਼ਾਮ ਦੇ ਛੇ ਵੱਜ ਗਏ, ਪਰ ਬਿਮਲਾ ਮੁੜੀ ਨਹੀਂ। ਉਹ ਕਿਸੇ ਸਹੇਲੀ ਦੇ ਘਰ ਕਦੇ ਨਹੀਂ ਗਈ ਸੀ। ਦੁਰਗਾ ਦਾਸ ਦੀ ਦਹਿਸ਼ਤ ਹੀ ਐਨੀ ਸੀ। ਸਹੇਲੀ ਦੇ ਘਰ ਕਦੇ ਵੀ ਨਾ ਜਾਣ ਦਾ ਸਖ਼ਤ ਹੁਕਮ ਸੀ। ਭੈਣ-ਭਰਾ ਸਭ ਡੂੰਘੀ ਸੋਚ ਵਿੱਚ ਡੁੱਬੇ ਹੋਏ ਸਨ, ਆਖ਼ਰ ਬਿਮਲਾ ਹੈ ਕਿੱਥੇ? ਸ਼ਾਮ ਨੂੰ ਹਨੇਰੇ ਹੋਏ ਦੁਰਗਾ ਦਾਸ ਘਰ ਆਇਆ ਤਾਂ ਰੋਜ਼ ਵਾਂਗ ਹੀ ਉੱਚਾ-ਉੱਚਾ ਬੋਲ ਕੇ ਦਹਿਸ਼ਤ ਦੇ ਤੀਰ ਛੱਡਣ ਲੱਗਿਆ। ਕਿਸੇ ਮੁੰਡੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਕਿਸੇ ਕੁੜੀ ਦੇ ਕੰਨ ਉੱਤੇ ਥੱਪੜ ਜੜ੍ਹ ਦਿੱਤਾ ਹੈ। ਘਰਵਾਲੀ ਨੂੰ ਕਿਸੇ ਨਿਗੂਣੀ ਗੱਲ ਉੱਤੇ ਵੱਢੂੰ ਖਾਊਂ ਕਰਦਾ ਜਾ ਰਿਹਾ ਹੈ। ਨੱਕ ਵਿੱਚੋਂ ਠੂੰਹੇਂ ਡਿੱਗਦੇ ਹਨ। ਅੱਖਾਂ ਦਾ ਰੰਗ ਗਹਿਰੇ ਤੋਂ ਗਹਿਰਾ ਹੁੰਦਾ ਜਾ ਰਿਹਾ ਹੈ। ਘਰਵਾਲੀ ਨਾ ਉਹਦੇ ਨ੍ਹਾਉਣ ਲਈ ਬਾਲਟੀ ਭਰਦੀ ਹੈ ਤੇ ਨਾ ਰੋਟੀ-ਟੁੱਕ ਦਾ ਕੋਈ ਆਹਰ ਕੀਤਾ ਜਾ ਰਿਹਾ ਹੈ। ਘਰ ਵਿੱਚ ਸੋਗ ਹੈ। ਸਭ ਨੂੰ ਦਿਸਦਾ ਹੈ, ਪਰ ਦੁਰਗਾ ਦਾਸ ਨੂੰ ਨਹੀਂ ਦਿਸਦਾ।

'ਤੁਸੀਂ ਜੀ, ਸੁਰਤ ਕਰੋ ਕੁਛ। ਅੱਜ ਬਿਮਲਾ ਕਾਲਜੋਂ ਨਹੀਂ ਮੁੜੀ। ਹੁਣ ਤੱਕ ਨਹੀਂ ਮੁੜੀ। ਮੈਂ ਤਾਂ ਸਾਰੇ ਪਤਾ ਲੈ ਲਿਆ। ਉਹ ਕਿਤੇ ਵੀ ਨਹੀਂ।' ਘਰਵਾਲੀ ਨੇ ਜਿਗਰਾ ਕੀਤਾ ਤੇ ਸਭ ਦੱਸ ਦਿੱਤਾ।

ਦੁਰਗਾ ਦਾਸ ਨਾਲ ਦੀ ਨਾਲ ਛਾਈਂ-ਮਾਈਂ ਹੋ ਗਿਆ। ਸਾਰਾ ਟੱਬਰ ਉਹਦੀ ਚੁੱਪ ਤੋਂ ਡਰ ਰਿਹਾ ਸੀ। ਇਸ ਤਰ੍ਹਾਂ ਹੀ ਅੱਧਾ ਘੰਟਾ ਬੀਤ ਗਿਆ ਤੇ ਫਿਰ ਦੁਰਗਾ ਦਾਸ ਨੇ ਡੰਡਾ ਫੜ ਕੇ ਘਰਵਾਲੀ ਦਾ ਪੋਰ-ਪੋਰ ਭੰਨ ਸੁਟਿਆ। ਪਾਗ਼ਲ ਹੋਇਆ ਉਹ ਬੋਲ ਰਿਹਾ ਸੀ ਕੁੱਤੀਏ ਤੂੰ ਕੁੜੀ ਦੀ ਨਿਗਾਹ ਕਿਉਂ ਨਹੀਂ ਰੱਖੀ।

ਉਸ ਰਾਤ ਚੁੱਲ੍ਹੇ ਵਿੱਚ ਅੱਗ ਨਹੀਂ ਮੱਚੀ।

ਅਗਲੇ ਦਿਨ ਦੁਰਗਾ ਦਾਸ ਢਾਬੇ 'ਤੇ ਨਹੀਂ ਗਿਆ, ਮੁੰਡਾ ਗਿਆ। ਇਹ ਪਹਿਲਾ ਦਿਨ ਸੀ ਕਿ ਦੁਰਗਾ ਦਾਸ ਘਰ ਵਿੱਚ ਹੀ ਰਜ਼ਾਈ ਲੈ ਕੇ ਪਿਆ ਰਿਹਾ ਹੋਵੇ। ਉਸ ਤੋਂ ਅਗਲੇ ਦਿਨ ਉਹ ਸਵੇਰੇ ਗਿਆ ਤੇ ਦੁਪਹਿਰ ਨੂੰ ਘਰ ਆ ਕੇ ਫਿਰ ਮੰਜਾ ਮੱਲ ਲਿਆ।

ਕਦੇ-ਕਦੇ ਆ ਕੇ ਢਾਬੇ 'ਤੇ ਰੋਟੀ ਖਾਣ ਵਾਲੇ ਬੰਦੇ ਹੈਰਾਨ ਸਨ ਕਿ ਦੁਰਗਾ ਦਾਸ ਹੁਣ ਢਾਬੇ ਦੇ ਸਾਹਮਣੇ ਸੜਕ ਉੱਤੇ ਕੁਰਸੀ ਡਾਹ ਕੇ ਤੇ ਮੇਜ਼ ਲਾ ਕੇ ਕਿਉਂ ਨਹੀਂ ਬੈਠਦਾ? ਉਹ ਸ਼ੁੱਧ ਦੇਸੀ ਘਿਓ ਦਾ ਨਾਂ ਲੈ ਕੇ ਉੱਚਾ ਗੜ੍ਹਕਦਾ ਹੋਕਰਾ ਕਿਉਂ ਨਹੀਂ ਮਾਰਦਾ? ਢਾਬੇ ਅੰਦਰ ਹੀ ਤਖ਼ਤਪੋਸ਼ ਉੱਤੇ ਛਾਪਲਿਆ ਜਿਹਾ ਬੈਠਾ ਉਹ ਬੋਲਦਾ ਕਿਉਂ ਨਹੀਂ? ਗਾਹਕ ਆਉਂਦੇ ਹਨ ਤੇ ਸਬਜ਼ੀ-ਪੂਰੀ ਖਾ ਕੇ ਚੁੱਪ-ਚਾਪ ਉਹਦੇ ਚਿਹਰੇ ਵੱਲ ਝਾਕਦੇ ਤੁਰ ਜਾਂਦੇ ਹਨ। ਉਹਦੀਆਂ ਮੁੱਛਾਂ ਕੁੰਡਲਦਾਰ ਨਹੀਂ ਰਹੀਆਂ। ਮੁੱਛਾਂ ਦੇ ਨਿਸ਼ਾਨ ਤਾਂ ਹਨ, ਮੁੱਛਾਂ ਨਹੀਂ।

ਛੇ ਮਹੀਨਿਆਂ ਬਾਅਦ ਕਿਸੇ ਅਗਿਆਤ ਸ਼ਹਿਰੋਂ ਬਿਮਲਾ ਦੀ ਚਿੱਠੀ ਆਈ। ਐਡਰੈੱਸ ਦੁਰਗਾ ਦਾਸ ਦਾ। ਚਿੱਠੀ ਮਾਂ ਦੇ ਨਾ ਲਿਖੀ ਹੋਈ। ਉਹ ਨੇੜੇ ਦੇ ਪਿੰਡੋਂ ਆਉਂਦੇ ਇੱਕ ਮੁੰਡੇ ਨਾਲ ਚਲੀ ਗਈ ਸੀ। ਉੱਥੇ ਉਹ ਮੁੰਡਾ ਇੱਕ ਕੱਪੜੇ ਦੇ ਕਾਰਖ਼ਾਨੇ ਵਿੱਚ ਕਲਰਕੀ ਦਾ ਕੰਮ ਕਰਦਾ ਤੇ ਬਿਮਲਾ ਮੁਹੱਲੇ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੀ ਸੀ। ਉਹ ਓਥੇ ਸੁਖੀ ਤੇ ਖ਼ੁਸ਼ ਸਨ। ਬਾਪ ਦੀ ਦਹਿਸ਼ਤ ਦਾ ਪਰਛਾਵਾਂ ਕਿਧਰੇ ਨਹੀਂ ਸੀ।

ਗੱਲ ਨਿੱਕਲਦੀ ਨਿੱਕਲ ਗਈ। ਆਂਢੀ-ਗੁਆਂਢੀ ਸੋਚਦੇ-ਅਜਿਹਾ ਕੰਮ ਤਾਂ ਸੱਤੋ ਕਰ ਸਕਦੀ ਸੀ, ਬਿਮਲਾ ਦਾ ਤਾਂ ਸੁਪਨਾ ਵੀ ਨਹੀਂ ਸੀ।◆