ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਰੇਸ਼ਮਾ

ਸੁਦੀਪ ਇੱਕ ਲੇਖਕ ਸੀ, ਕਹਾਣੀ ਲੇਖਕ। ਉਹਨੂੰ ਤਿੰਨਾਂ ਭਾਸ਼ਾਵਾਂ ਵਿੱਚ ਇੱਕੋ ਜਿੰਨੀ ਮੁਹਾਰਤ ਹਾਸਲ ਸੀ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਹਾਣੀਕਾਰ ਸੀ, ਪਰ ਉਹਦੀਆਂ ਕਹਾਣੀਆਂ ਹਿੰਦੀ ਤੇ ਉਰਦੂ ਵਿੱਚ ਵੀ ਲਗਾਤਾਰ ਛਪਦੀਆਂ ਰਹਿੰਦੀਆਂ। ਆਪਣੀਆਂ ਕਹਾਣੀਆਂ ਦੇ ਅਨੁਵਾਦ ਉਹ ਖ਼ੁਦ ਹੀ ਕਰਦਾ।

ਪੰਜਾਬੀ ਵਿੱਚ ਉਹਦੇ ਕਈ ਕਹਾਣੀ-ਸੰਗ੍ਰਹਿ ਛਪ ਚੁੱਕੇ ਸਨ। ਹਿੰਦੀ ਤੇ ਉਰਦੂ ਵਿੱਚ ਵੀ ਕਹਾਣੀ-ਸੰਗ੍ਰਹਿ ਛਪੇ ਸਨ। ਮੈਗ਼ਜ਼ੀਨਾਂ ਵਿੱਚ ਉਹਦੀਆਂ ਕਹਾਣੀਆਂ ਛਪਦੀਆਂ ਤਾਂ ਉਹਨੂੰ ਦੂਰ-ਦੂਰ ਤੋਂ ਪਾਠਕਾਂ ਦੇ ਖ਼ਤ ਮਿਲਦੇ। ਇਸਤਰੀ-ਪਾਠਕਾਂ ਤੇ ਮਰਦ-ਪਾਠਕਾਂ ਦੋਵਾਂ ਦੇ। ਇਸਤਰੀ-ਪਾਠਕਾਂ ਦੇ ਖ਼ਤ ਪੜ੍ਹ ਕੇ ਉਹ ਕਦੇ ਭਾਵੁਕ ਨਹੀਂ ਹੋਇਆ ਸੀ। ਸਹਿਜ ਅਵਸਥਾ ਵਿੱਚ ਰਹਿ ਕੇ ਹੀ ਉਹ ਖ਼ਤਾਂ ਦਾ ਜੁਆਬ ਲਿਖਦਾ। ਹਰ ਕਿਸੇ ਨਾਲ ਉਹਦਾ ਬਸ ਇੱਕ ਲੇਖਕ-ਪਾਠਕ ਵਾਲਾ ਰਿਸ਼ਤਾ ਸੀ। ਆਮ ਜੀਵਨ ਨਾਲੋਂ ਇਹ ਇੱਕ ਅਲੱਗ ਸੰਸਾਰ ਸੀ। ਇਸ ਸੰਸਾਰ ਵਿੱਚ ਵਿਚਰ ਕੇ ਉਹਨੂੰ ਅਜੀਬ ਕਿਸਮ ਦੀ ਤਸਕੀਨ ਮਿਲਦੀ ਸੀ।

ਕਈ ਪਾਠਕ ਤਾਂ ਉਹਨੂੰ ਹਰ ਵਾਰ ਖ਼ਤ ਲਿਖਦੇ। ਹਰ ਵਾਰ ਉਹ ਜਵਾਬ ਭੇਜਦਾ। ਬਸ ਆਮ ਜਿਹੀ ਭਾਸ਼ਾ ਵਿੱਚ- "ਤੁਹਾਡਾ ਖ਼ਤ ਮਿਲਿਆ। ਬਹੁਤ ਸ਼ੁਕਰੀਆ। ਖ਼ੁਸ਼ੀ ਹੈ ਕਿ ਤੁਸੀਂ ਮੇਰੀ ਕਹਾਣੀ ਨੂੰ ਐਨਾ ਪਸੰਦ ਕੀਤਾ। ਖ਼ਤ-ਪੱਤਰ ਲਿਖਦੇ ਰਿਹਾ ਕਰੋ, ਸੰਬੰਧ ਬਣਿਆ ਰਹਿੰਦਾ ਹੈ।"

ਹਰ ਇੱਕ ਲਈ ਉਹਦਾ ਇਹੀ ਸਾਈਕਲੋ ਸਟਾਈਲ ਜਿਹਾ ਖ਼ਤ ਹੁੰਦਾ। ਇਸ ਤਰ੍ਹਾਂ ਦਾ ਖ਼ਤ ਲਿਖਣ ਲਈ ਉਹਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ ਸੀ। ਪਾਠਕ ਲਈ ਹੋ ਸਕਦਾ ਸੀ, ਕੋਈ ਮਹੱਤਵ ਹੋਵੇ।

ਪਰ ਅੰਮ੍ਰਿਤਸਰ ਦੀ ਇੱਕ ਕੁੜੀ ਅਲਕਾ ਨੇ 'ਸੰਬੰਧ ਬਣੇ ਰਹਿਣ' ਵਾਲੀ ਗੱਲ ਨੂੰ ਐਨਾ ਗੰਭੀਰ ਲਿਆ ਕਿ ਸੱਚਮੁੱਚ ਹੀ ਸੰਬੰਧ ਵਧਾਉਣੇ ਸ਼ੁਰੂ ਕਰ ਦਿੱਤੇ। ਕਹਾਣੀ ਸੰਬੰਧੀ ਖ਼ਤਾਂ ਤੋਂ ਬਗੈਰ ਵੀ ਖ਼ਤ ਆਉਣ ਲੱਗੇ। ਕਈ ਖ਼ਤ ਆਏ, ਸੁਦੀਪ ਨੇ ਵੀ ਲਿਖੇ।

ਸੁਦੀਪ ਦੀ ਉਮਰ ਪੈਂਤੀ ਤੋਂ ਉੱਤੇ ਹੋ ਚੁੱਕੀ ਸੀ, ਪਰ ਹਾਲੇ ਤੱਕ ਉਹਨੇ ਸ਼ਾਦੀ ਨਹੀਂ ਕਰਾਈ ਸੀ। ਕਾਰਨ ਸਨ, ਪਹਿਲਾਂ-ਪਹਿਲਾਂ ਤਾਂ ਕੋਈ ਕੁੜੀ ਉਹਨੂੰ ਜਚੀ ਹੀ ਨਹੀਂ। ਫੇਰ ਦੋ ਕੁੜੀਆਂ ਨਾਲ ਸੰਬੰਧ ਬਣੇ, ਪਰ ਵਿਆਹ ਕਿਸੇ ਨਾਲ ਵੀ ਨਾ ਹੋ ਸਕਿਆ। ਇੱਕ ਕੁੜੀ ਛੁੱਟੜ ਸੀ, ਉਹਦੇ ਲਈ ਸੁਦੀਪ ਦੀ ਮਾਂ ਨਹੀਂ ਮੰਨੀ ਸੀ। ਦੂਜੀ ਨਾਲ ਜ਼ਾਤ-ਬਰਾਦਰੀ ਦਾ ਫ਼ਰਕ ਸੀ, ਮਾਂ ਉਹਦੇ ਲਈ ਵੀ ਨਹੀਂ ਮੰਨੀ। ਉਹਨੂੰ ਮਾਂ ਬਹੁਤ ਪਿਆਰੀ ਸੀ। ਉਹ ਚਾਹੁੰਦਾ ਸੀ, ਉਹ ਕੁੜੀ ਹੋਵੇ, ਜੀਹਨੂੰ ਮਾਂ ਪਸੰਦ ਕਰਦੀ ਹੋਵੇ। ਉਹ ਕੁੜੀ ਹੋਵੇ, ਜਿਹੜੀ ਮਾਂ ਦੀ ਸੇਵਾ ਕਰ ਸਕੇ। ਫੇਰ ਮਾਂ ਵੀ ਮਰ ਗਈ ਤੇ ਉਹ ਆਪ ਵੱਡੀ ਉਮਰ ਦਾ ਹੋ ਕੇ ਰਹਿ ਗਿਆ। ਫੇਰ ਤਾਂ ਜੇ ਕੋਈ ਉਹਨੂੰ ਵਿਆਹ ਬਾਬਤ ਪੁੱਛਦਾ ਤਾਂ ਉਹ ਜਵਾਬ ਦਿੰਦਾ, "ਵਿਆਹ ਨਹੀਂ ਕਰਾਉਣਾ ਹੁਣ। ਹੁਣ ਤਾਂ ਇਕੱਲੇ ਰਹਿਣ ਦੀ ਆਦਤ ਪੈ ਗਈ, ਨਾਲੇ ਵਿਆਹ ਦੀ ਉਮਰ ਤਾਂ ਉਦੋਂ ਹੁੰਦੀ ਹੈ, ਜਦੋਂ ਨਵੇਂ ਨਵੇਂ ਕੱਪੜੇ ਪਾਉਣ ਨੂੰ ਦਿਲ ਕਰਦਾ ਹੋਵੇ। ਮੇਰੀ ਫਟੀ-ਪੁਰਾਣੀ ਜੀਨ ਦੀ ਪੈਂਟ ਨੂੰ ਭਲਾ ਕੀ ਚਾਅ ਹੋ ਸਕਦੈ ਵਿਆਹ ਦਾ?”

ਪਰ ਅਲਕਾ ਦਾ ਉਹ ਕੀ ਕਰਦਾ? ਉਹ ਤਾਂ ਅੱਗੇ ਹੀ ਅੱਗੇ ਵਧਦੀ ਆ ਰਹੀ ਸੀ, ਜਿਵੇਂ ਹੜ੍ਹ ਦਾ ਪਾਣੀ। ਉਹਨੂੰ ਲੱਗਦਾ, ਇੱਕ ਦਿਨ ਇਸ ਪਾਣੀ ਵਿੱਚ ਘਿਰ ਕੇ ਉਹ ਇਸ ਪਾਣੀ ਦਾ ਹੋ ਕੇ ਹੀ ਰਹਿ ਜਾਵੇਗਾ, ਪਰ ਕੁੜੀਆਂ ਭਾਵੁਕ ਹੁੰਦੀਆਂ ਨੇ, ਕੀ ਪਤਾ? ਪਾਠਕ-ਕੁੜੀਆਂ ਐਵੇਂ ਹੀ ਲੇਖਕਾਂ ਨੂੰ ਚਾਹੁਣ ਲੱਗ ਪੈਂਦੀਆਂ ਹਨ। ਉਹਨਾਂ ਪ੍ਰਤੀ ਇੱਕ ਉਤਸੁਕਤਾ ਹੁੰਦੀ ਹੈ, ਫ਼ਿਲਮ ਐਕਟਰਾਂ ਨੂੰ ਮਿਲਣ ਵਰਗੀ। ਉਹ ਸਮਝਦੀਆਂ ਹਨ, ਲੇਖਕ ਕੋਈ ਵੱਡੀ ਚੀਜ਼ ਹੁੰਦੀ ਹੋਵੇਗੀ, ਜਦੋਂ ਕਿ ਅਸਲੀਅਤ ਵਿੱਚ ਉਹ ਇੱਕ ਆਮ ਆਦਮੀ ਹੀ ਤਾਂ ਹੁੰਦਾ ਹੈ। ਦੁੱਖ-ਸੁੱਖ ਭੋਗਣ ਵਾਲਾ ਇੱਕ ਸਮਾਜਿਕ ਪ੍ਰਾਣੀ।

ਅਲਕਾ ਤੇ ਰੇਸ਼ਮਾ ਦੋ ਭੈਣਾਂ ਸਨ। ਅੰਮ੍ਰਿਤਸਰ ਉਨ੍ਹਾਂ ਦਾ ਬਾਪ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਲੇਖਾ-ਕਲਰਕ ਸੀ। ਉਹਨੂੰ ਉਤਲੀ ਆਮਦਨ ਵੀ ਸੀ। ਰੇਸ਼ਮਾ ਬੀ. ਏ. ਵਿੱਚ ਪੜ੍ਹਦੀ ਸੀ, ਜਦੋਂ ਕਿ ਅਲਕਾ ਬੀ. ਏ. ਕਦੋਂ ਦੀ ਕਰ ਚੁੱਕੀ ਸੀ। ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ। ਬੜੀ ਹੀ ਸੁਪਨੇਸਾਜ਼ ਕੁੜੀ। ਏਸੇ ਕਰਕੇ ਹੁਣ ਤੱਕ ਉਹਦਾ ਵਿਆਹ ਨਹੀਂ ਹੋਇਆ ਸੀ। ਦੁਨੀਆ ਭਰ ਵਿੱਚ ਕੋਈ ਮੁੰਡਾ ਉਹਨੂੰ ਪਸੰਦ ਨਹੀਂ ਆਇਆ ਸੀ। ਪਤਾ ਨਹੀਂ ਕੀ ਚਾਹੁੰਦੀ ਸੀ ਉਹ? ਰੇਸ਼ਮਾ ਤੇ ਅਲਕਾ ਵਿਚਕਾਰ ਦੋ ਮੁੰਡੇ ਵੀ ਸਨ-ਵਿਨੋਦ ਤੇ ਪ੍ਰਮੋਦ।

ਅਲਕਾ ਜ਼ੋਰ ਪਾ ਰਹੀ ਸੀ ਕਿ ਸੁਦੀਪ ਉਹਨੂੰ ਅੰਮ੍ਰਿਤਸਰ ਆ ਕੇ ਮਿਲੇ। ਉਹ ਉਹਦੇ ਨਾਲ ਜ਼ੁਬਾਨੀ ਗੱਲਾਂ ਕਰਨੀਆਂ ਚਾਹੁੰਦੀ ਹੈ।

ਸੁਦੀਪ ਹੋਰ ਕੋਈ ਕੰਮ ਨਹੀਂ ਕਰਦਾ ਸੀ, ਕੋਈ ਸਰਕਾਰੀ ਨੌਕਰੀ, ਕੁਝ ਵੀ ਨਹੀਂ, ਬਸ ਉਹ ਤਾਂ ਕਹਾਣੀਕਾਰ ਸੀ ਜਾਂ ਅਖ਼ਬਾਰਾਂ ਵਿੱਚ ਫੋਟੋ-ਫੀਚਰ ਲਿਖਦਾ। ਏਸੇ ਕੰਮ ਵਿੱਚੋਂ ਬਹੁਤ ਕਮਾ ਲੈਂਦਾ। ਗਲ ਤੱਕ ਆਇਆ ਪਾਣੀ ਦੇਖ ਕੇ ਉਹਨੇ ਫ਼ੈਸਲਾ ਕੀਤਾ ਕਿ ਅੰਮ੍ਰਿਤਸਰ ਜਾਇਆ ਜਾਵੇ। ਅਲਕਾ ਨੂੰ ਇੱਕ ਵਾਰ ਮਿਲ ਤਾਂ ਲਵੇ, ਗੱਲ ਕਰਨ ਵਿੱਚ ਕੀ ਹਰਜ਼ ਹੈ। ਨਾ ਜਚੀ ਤਾਂ ਉਹ ਮੁੜ ਆਵੇਗਾ। ਉਹ ਉਹਦਾ ਕੁਝ ਤੋੜ ਤਾਂ ਨਹੀਂ ਲਵੇਗੀ।

ਅਲਕਾ ਦੀ ਉਮਰ ਬੱਤੀ-ਤੇਤੀ ਤੋਂ ਵੱਧ ਨਹੀਂ ਸੀ, ਪਰ ਦੇਖਣ ਵਿੱਚ ਉਹ ਚਾਲੀਆਂ ਦੀ ਲੱਗ ਰਹੀ ਸੀ। ਅੱਖਾਂ ਥੱਲੇ ਘੇਰੇ ਦਾਖੀ ਹੋ ਚੁੱਕੇ ਸਨ। ਗੱਲ੍ਹਾਂ ਦਾ ਮਾਸ ਢਲ਼ ਗਿਆ ਸੀ। ਠੋਡੀ ਥੱਲੇ ਇੱਕ ਹੋਰ ਠੋਡੀ ਦਿਸਣ ਲੱਗੀ ਸੀ। ਦੰਦਾਂ ਉੱਤੇ ਪਿਲੱਤਣ ਸੀ। ਹੱਥਾਂ ਦੀਆਂ ਉਂਗਲਾਂ ਲੱਗਦਾ ਨਹੀਂ ਸੀ, ਕੰਵਾਰੀ ਕੁੜੀ ਦੀਆਂ ਹਨ। ਛਾਤੀਆਂ ਵੀ ਢਿਲਕੀਆਂ ਹੋਈਆਂ ਸਨ। ਉਹ ਕੁਰਸੀ ਤੋਂ ਉੱਠੀ, ਜਿਵੇਂ ਥੱਕੀ-ਥੱਕੀ ਹੋਵੇ, ਪਰ ਹਾਂ, ਬੋਲਾਂ ਵਿੱਚ ਅਲਸਾਹਟ ਸੀ। ਨਜ਼ਾਕਤ ਤੇ ਮਸਤੀ ਦਾ ਵਿਚ-ਵਿਚਾਲਾ ਵੀ ਕੁਝ ਕੁਝ।

ਗੱਲਾਂ ਹੋਈਆਂ, ਅਸਲ ਵਿੱਚ ਤਾਂ ਉਹ ਦੋਵੇਂ ਹੀ ਬਾਕੀ ਬਚੇ ਔਰਤ-ਮਰਦ ਸਨ। ਦੋਵਾਂ ਵਿੱਚ ਹੀ ਹੁਣ ਕੀ ਰਹਿ ਗਿਆ ਸੀ, ਆਪਣਾ। ਨਿਰਣੇ ‘ਅੱਧੀ ਹਾਂ’ ਤੱਕ ਪਹੁੰਚ ਗਏ ਤੇ ਫੇਰ ਪੰਦਰਾਂ ਦਿਨਾਂ ਬਾਅਦ ਹੀ ਸੁਦੀਪ ਅਲਕਾ ਨੂੰ ਵਿਆਹ ਕੇ ਪਟਿਆਲੇ ਲੈ ਗਿਆ। ਵਿਆਹ ਵੀ ਕੀ ਸੀ ਉਹ। ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਗਿਆ ਸੀ। ਅਲਕਾ ਲਈ ਦੋ ਸੂਟ ਤੇ ਕੰਨਾਂ ਲਈ ਸੋਨੇ ਦੇ ਟਾਪਸ। ਇੱਕ ਨੱਕ ਦਾ ਕੋਕਾ ਬਣਵਾ ਕੇ ਲੈ ਗਿਆ। ਵਿਆਹ ਦੀ ਸਾਦੀ ਜਿਹੀ ਰਸਮ ਹੋਈ। ਟੈਕਸੀ ਵਿੱਚ ਬਿਠਾ ਕੇ ਉਹ ਉਹਨੂੰ ਲੈ ਆਇਆ ਸੀ।

ਫੇਰ ਜਦੋਂ ਵੀ ਉਹ ਅੰਮ੍ਰਿਤਸਰ ਜਾਂਦਾ,ਰੇਸ਼ਮਾ ਉਹਦੇ ਪੈਰ ਮਿੱਧਦੀ ਰਹਿੰਦੀ। ਬੈਠ ਕੇ ਗੱਲਾਂ ਮਾਰਨ ਲੱਗਦੀ ਤਾਂ ਗੱਲਾਂ ਹੀ ਮਾਰੀ ਜਾਂਦੀ। ਰੋਟੀ ਵੀ ਉਹੀ ਖਵਾਉਂਦੀ। ਸੁਦੀਪ ਦੇ ਕੱਪੜੇ ਧੋ ਦਿੰਦੀ। ਸ਼ਾਮ ਵਕਤ ਬਾਜ਼ਾਰ ਦੀ ਸੈਰ ਨੂੰ ਲੈ ਤੁਰਦੀ ਤੇ ਸੁਦੀਪ ਦਾ ਖਰਚ ਕਰਵਾਉਂਦੀ। ਜੀਜਾ ਜੀ, ਜੀਜਾ ਜੀ ਕਰਦੀ ਦਾ ਜਿਵੇਂ ਮੂੰਹ ਸੁੱਕਦਾ ਹੋਵੇ।

ਅਲਕਾ ਬਹੁਤ ਘੱਟ ਬੋਲਦੀ। ਕਦੇ-ਕਦੇ ਰੇਸ਼ਮਾ ਨੂੰ ਝਿੜਕਦੀ- “ਏ ਲੜਕੀ, ਜ਼ਰਾ ਸੰਕੋਚ ਰੱਖ ਬਈ। ਨਹੀਂ ਤਾਂ ਕੀ ਕਹਿਣਗੇ ਜੀਜਾ ਜੀ ਤੇਰੇ। ਇੰਪਰੈਸ਼ਨ ਬਣਾ ਕੇ ਰੱਖ।”

-"ਕਿਉਂ ਰੱਖਾਂ ਮੈਂ ਇੰਪਰੈਸ਼ਨ ਬਣਾ ਕੇ। ਜੀਜਾ ਜੀ ਮੇਰੇ ਹੀ ਨੇ ਨਾ। ਤੇ ਹਾਂ..." ਉਹ ਫੇਰ ਬੋਲਣ ਲੱਗ ਪੈਂਦੀ।

ਕਦੇ-ਕਦੇ ਉਹ ਸੁਦੀਪ ਨਾਲ ਇਕੱਲੀ ਬਾਹਰ ਜਾਂਦੀ। ਉਹਨੇ ਸੁਦੀਪ ਨੂੰ ਅੰਮ੍ਰਿਤਸਰ ਦੀਆਂ ਸਾਰੀਆਂ ਪ੍ਰਸਿੱਧ ਥਾਵਾਂ ਦਿਖਾਈਆਂ ਸਨ। ਦਰਬਾਰ ਸਾਹਿਬ, ਜਲ੍ਹਿਆਂ ਵਾਲਾ ਬਾਗ਼, ਦੁਰਗਿਆਣਾ ਮੰਦਰ, ਬਾਬਾ ਅਟੱਲ, ਯੂਨੀਵਰਸਿਟੀ ਤੇ ਹਵਾਈ ਅੱਡਾ। ਜਦੋਂ ਉਹ ਸੁਦੀਪ ਨਾਲ ਇਕੱਲੀ ਹੁੰਦੀ ਤਾਂ ਘੱਟ ਬੋਲਦੀ। ਖਾਣ-ਪੀਣ ਨੂੰ ਵੀ ਨਾ ਆਖਦੀ, ਪਰ ਅਲਕਾ ਨਾਲ ਹੁੰਦੀ ਤਾਂ ਅਲਕਾ ਨੂੰ ਗੱਲ ਨਾ ਕਰਨ ਦਿੰਦੀ। ਪੂਰੀ ਮਛਰੀ ਰਹਿੰਦੀ। ਸੁਦੀਪ ਨੂੰ ਉਹਦੀ ਚੁਲਬੁਲਾਹਟ ਪਿਆਰੀ ਲੱਗਦੀ। ਉਹਦੇ ਧੁਰ ਅੰਦਰ ਕਿਧਰੇ ਉਮੰਗ ਉੱਠਦੀ-ਰੇਸ਼ਮਾ ਵਰਗੀ ਕੋਈ ਹੋਵੇ। ਅਜਿਹੀ ਕੁੜੀ ਨਾਲ ਬੰਦਾ ਬਿਨਾਂ ਖੰਭਾਂ ਤੋਂ ਹੀ ਉੱਡਦਾ ਫਿਰਦਾ ਰਹਿੰਦੈ। ਅਜਿਹੀ ਕੁੜੀ ਦਾ ਸੰਗ ਬੰਦੇ ਨੂੰ ਵਰ੍ਹਿਆਂ ਦਾ ਅਹਿਸਾਸ ਨਹੀਂ ਹੋਣ ਦਿੰਦਾ।

ਕਦੇ ਉਹਨੇ ਆਖਣਾ- “ਜੀਜਾ ਜੀ, ਮੇਰੇ ਵਾਲ਼ ਦੇਖੋ, ਹਨ ਨਾ ਕਿੰਨੇ ਲੰਮੇ।"

ਰੇਸ਼ਮਾ ਦੀਆਂ ਅੱਖਾਂ ਬਹੁਤ ਪ੍ਰਭਾਵਪੂਰਤ ਸਨ। ਕਦੇ-ਕਦੇ ਉਹਨੇ ਬਹੁਤਾ ਹੀ ਖੁੱਲ੍ਹ ਜਾਣਾ ਤਾਂ ਪੁੱਛਣਾ- "ਜੀਜਾ ਜੀ, ਤੁਹਾਨੂੰ ਅੱਖ ਦੱਬਣੀ ਆਉਂਦੀ ਐ?"

ਸੁਦੀਪ ਉਹਦੀ ਹਰ ਹਰਕਤ ਉੱਤੇ ਬਸ ਹੱਸ ਛੱਡਦਾ। ਇਹ ਅਲਕਾ ਨਾਲ ਬਣੇ ਇਕ ਵਿਸ਼ਵਾਸ ਦਾ ਬੰਧਨ ਸੀ। ਰੇਸ਼ਮਾ ਨੂੰ ਉਹ ਉਹਦੀ ਵੱਡੀ ਭੈਣ ਦੀ ਅੱਖ ਨਾਲ ਦੇਖਦਾ। ਕਦੇ-ਕਦੇ ਉਹ ਆਪ ਵੀ ਉਹਨੂੰ ਝਿੜਕ ਦਿੰਦਾ- "ਰੇਸ਼ਮਾ, ਚੁੱਪ ਹੋ ਜਾ। ਅੱਗੇ ਬੋਲੀ ਤਾਂ ਮਾਰਾਂਗਾ ਤੈਨੂੰ, ਸਮਝੀ।" ਉਹ ਜੀਭ ਕੱਢਦੀ ਤੇ ਉੱਠ ਕੇ ਦੂਜੇ ਕਮਰੇ ਵਿੱਚ ਜਾ ਬੈਠਦੀ। ਕਦੇ ਰੁੱਸ ਜਾਂਦੀ ਤਾਂ ਰੋਣ ਲੱਗਦੀ। ਅਲਕਾ ਆਖਦੀ- "ਤੁਸੀਂ ਰੇਸ਼ਮਾ ਨੂੰ ਬਹੁਤ ਸਿਰ ਚੜ੍ਹਾ ਰੱਖਿਐ। ਮਨਾਓ ਹੁਣ ਆਪ ਜੀ ਜਾ ਕੇ, ਆਪਣੀ ਲਾਡਲੀ ਨੂੰ।"

ਤੇ ਫੇਰ ਕਈ ਸਾਲ ਬੀਤ ਗਏ। ਇਸ ਦੌਰਾਨ ਵਿਨੋਦ ਤੇ ਪ੍ਰਮੋਦ ਨੌਕਰੀਆਂ ਉੱਤੇ ਲੱਗ ਚੁੱਕੇ ਸਨ। ਉਹਨਾਂ ਦੇ ਵਿਆਹ ਵੀ ਹੋ ਗਏ ਸਨ। ਅਲਕਾ ਦੇ ਪਿਤਾ ਰਿਟਾਇਰ ਹੋ ਕੇ ਬਾਜ਼ਾਰ ਵਿੱਚ ਦੁਕਾਨਾਂ ਦਾ ਹਿਸਾਬ-ਕਿਤਾਬ ਦੇਖਣ ਲੱਗੇ ਸਨ। ਉਹਨਾਂ ਕੋਲ ਸੱਤ-ਅੱਠ ਦੁਕਾਨਾਂ ਸਨ। ਘੰਟਾ-ਘੰਟਾ ਹਰ ਦੁਕਾਨ ਉੱਤੇ ਲਾਉਂਦੇ। ਰੇਸ਼ਮਾ ਨੇ ਬੀ. ਏ. ਤੋਂ ਬਾਅਦ ਬੀ. ਐੱਡ. ਕੀਤੀ ਸੀ ਤੇ ਉੱਥੇ ਅੰਮ੍ਰਿਤਸਰ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਉਹਨੂੰ ਨੌਕਰੀ ਮਿਲ ਗਈ ਸੀ। ਫੇਰ ਉਹਦਾ ਵਿਆਹ ਵੀ ਹੋ ਗਿਆ। ਮੁੰਡਾ ਬੈਂਕ ਵਿੱਚ ਕਲਰਕ ਸੀ। ਚੰਗੀ ਤਨਖ਼ਾਹ ਸੀ ਉਹਦੀ। ਰੇਸ਼ਮਾ ਕੋਲ ਇੱਕ ਮੁੰਡਾ ਸੀ। ਓਧਰ ਅਲਕਾ ਨੇ ਦੋ ਜੁਆਕ ਜੰਮ ਲਏ ਸਨ। ਇੱਕ ਮੁੰਡਾ ਤੇ ਇੱਕ ਕੁੜੀ। ਪਟਿਆਲਾ ਛੱਡ ਕੇ ਉਹ ਬਠਿੰਡੇ ਆ ਟਿਕੇ ਸਨ।

ਥਰਮਲ ਪਲਾਂਟ ਲੱਗ ਜਾਣ ਕਰਕੇ ਬਠਿੰਡਾ ਦਿਨੋਂ-ਦਿਨ ਤਰੱਕੀ ਕਰਦਾ ਜਾ ਰਿਹਾ ਸੀ। ਥਰਮਲ ਪਲਾਂਟ ਦੇ ਕੋਲ ਹੀ ਰੋਜ਼ ਗਾਰਡਨ ਬਣ ਗਿਆ ਸੀ। ਕਦੇ ਕਿਸੇ ਨੂੰ ਇਹ ਸੁਪਨਾ ਵੀ ਨਹੀਂ ਸੀ ਕਿ ਬਠਿੰਡੇ ਦੇ ਟਿੱਬਿਆਂ ਵਿੱਚ ਕਦੇ ਕੋਈ ਫੁੱਲਾਂ ਦਾ ਬਾਗ਼ ਲੱਗੇਗਾ। ਏਥੇ ਝੀਲਾਂ ਬਣ ਜਾਣਗੀਆਂ। ਓਧਰ ਛਾਉਣੀ ਬਣ ਕੇ ਇੱਕ ਨਵਾਂ ਬਠਿੰਡਾ ਉਸਰਦਾ ਜਾ ਰਿਹਾ ਸੀ। ਖ਼ਾਦ-ਫੈਕਟਰੀ ਅਲੱਗ। ਬਰਸਾਤਾਂ ਵਿੱਚ ਟੋਭੇ ਦੇ ਪਾਣੀ ਵਾਂਗ਼ ਫ਼ੈਲ ਰਿਹਾ ਸੀ ਸ਼ਹਿਰ। ਆਲੇ-ਦੁਆਲੇ ਦੇ ਕਈ ਨਿੱਕੇ-ਨਿੱਕੇ ਪਿੰਡ ਇਸ ਸ਼ਹਿਰ ਦੀ ਲਪੇਟ ਵਿੱਚ ਆ ਗਏ ਸਨ। ਸਿਆਣਿਆਂ ਦਾ ਅਨੁਮਾਨ ਸੀ ਕਿ ਕਿਸੇ ਦਿਨ ਬਠਿੰਡਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਬਣ ਜਾਵੇਗਾ। ਨਾਉਂ ਤਾਂ ਪਹਿਲਾਂ ਹੀ ਵੱਡਾ ਸੀ, ਬਠਿੰਡੇ ਵਿੱਚ ਸੱਤ ਰੇਲਵੇ-ਲਾਈਨਾਂ ਪੈਂਦੀਆਂ।

ਸ਼ਹਿਰ ਵਧਦਾ ਦੇਖ ਕੇ ਏਥੋਂ ਅਖ਼ਬਾਰ-ਰਸਾਲੇ ਨਿੱਕਲਣੇ ਵੀ ਜ਼ਰੂਰੀ ਸਨ। ਕਿੰਨੇ ਸਾਰੇ ਜ਼ਿਲ੍ਹਾ-ਦਫ਼ਤਰ ਸਨ, ਪ੍ਰਾਈਵੇਟ ਅਦਾਰੇ ਤੇ ਫੇਰ ਇਲਾਕੇ ਦੀਆਂ ਰਾਜਨੀਤਕ ਸਰਗਰਮੀਆਂ ਦਾ ਕੇਂਦਰ। ਇੱਕ ਸੇਠ, ਜਿਹੜਾ ਕੱਪੜੇ ਦਾ ਬਹੁਤ ਵੱਡਾ ਵਪਾਰੀ ਸੀ, ਪਰ ਰਾਜਨੀਤੀ ਵਿੱਚ ਵੀ ਮੂੰਹ ਮਾਰਦਾ, ਨੇ ‘ਸ਼ਕਤੀ ਪੰਜਾਬ’ ਨਾਉਂ ਦਾ ਇੱਕ ਸਪਤਾਹਿਕ ਪੱਤਰ ਛਾਪਣਾ ਸ਼ੁਰੂ ਕੀਤਾ। ਸੋਲ੍ਹਾਂ ਸਫ਼ੇ ਦਾ ਇੱਕ ਪਰਚਾ ਪੰਜਾਬੀ ਵਿੱਚ ਛਪਦਾ ਹੁੰਦਾ। ਇਸ ਵਿੱਚ ਇੱਕ ਕਹਾਣੀ ਤੇ ਚਾਰ-ਪੰਜ ਗ਼ਜ਼ਲਾਂ ਵੀ ਹੁੰਦੀਆਂ, ਪਰ ਬਹੁਤੀਆਂ ਖ਼ਬਰਾਂ ਇਲਾਕੇ ਦੀਆਂ ਛਪਦੀਆਂ। ਬਠਿੰਡੇ ਦੀਆਂ ਸਥਾਨਕ ਖ਼ਬਰਾਂ ਵੀ। ਪਰਚੇ ਵਿੱਚ ਸਾਫ਼-ਸੁਥਰਾ ਮੈਟਰ ਹੁੰਦਾ। ਇਹ ਸਪਤਾਹਿਕ ਬਲੈਕ-ਮੇਲਰ ਬਿਲਕੁਲ ਨਹੀਂ ਸੀ। ਘਰਾਂ ਵਿੱਚ ਪੜ੍ਹਨ ਵਾਲਾ ਪਰਚਾ ਸੀ- 'ਸ਼ਕਤੀ ਪੰਜਾਬ'। ਜਦੋਂ ਤੋਂ ਸੁਦੀਪ ਇਹਦਾ ਸੰਪਾਦਕ ਬਣਿਆ, ਪਰਚਾ ਹੋਰ ਵੀ ਦਿਲਚਸਪ ਹੋ ਗਿਆ। ਅਸ਼ਾਇਤ ਵਧ ਗਈ। ਰੇਲਵੇ ਬੁੱਕਸਟਾਲ ਤੇ ਬੱਸ-ਸਟੈਂਡ ਉੱਤੇ ਇਹ ਵੱਧ ਗਿਣਤੀ ਵਿੱਚ ਵਿਕਣ ਲੱਗਿਆ।

ਸੁਦੀਪ ਨੇ ਬਠਿੰਡੇ ਆ ਕੇ ਕਹਾਣੀਆਂ ਲਿਖਣੀਆਂ ਘੱਟ ਕਰ ਦਿੱਤੀਆਂ। ਸੇਠ ਚੰਗੀ ਤਨਖਾਹ ਦਿੰਦਾ ਸੀ। ਦਿੰਦਾ ਵੀ ਕਿਵੇਂ ਨਾ, 'ਸ਼ਕਤੀ ਪੰਜਾਬ' ਵਿੱਚੋਂ ਉਹਨੂੰ ਚੰਗਾ 'ਪੜਤਾ' ਪੈਂਦਾ ਸੀ। ਬਾਣੀਆਂ ਹਰ ਉਹ ਕੰਮ ਕਰਨ ਲਈ ਤਿਆਰ ਹੁੰਦਾ ਹੈ, ਜਿਸ ਵਿੱਚ ਉਹਨੂੰ 'ਪੜਤਾ' ਪੈਂਦਾ ਹੋਵੇ। ਸੁਦੀਪ ਦਾ ਅੰਮ੍ਰਿਤਸਰ ਜਾਣਾ ਹੁਣ ਘਟਿਆ ਹੋਇਆ ਸੀ। ਅਲਕਾ ਵੀ ਮਸਾਂ ਹੀ ਕਦੇ ਜਾਂਦੀ। ਆਮ ਕਰਕੇ ਗਰਮੀ ਦੀਆਂ ਛੁੱਟੀਆਂ ਵਿੱਚ ਜਾਂਦੀ। ਉਹਨਾਂ ਦਿਨਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੁੰਦਾ ਸੀ। ਰੇਸ਼ਮਾ ਬਠਿੰਡੇ ਕਦੇ ਨਹੀਂ ਆਈ ਸੀ। ਕੰਵਾਰੀ ਹੁੰਦੀ ਪਟਿਆਲੇ ਤਾਂ ਕਈ ਚੱਕਰ ਮਾਰ ਗਈ ਸੀ। ਇੱਕ ਵਾਰ ਵਿਆਹ ਤੋਂ ਬਾਅਦ ਵੀ ਆਈ ਸੀ, ਆਪਣੇ ਮਿਸਟਰ ਨੂੰ ਨਾਲ ਲੈ ਕੇ। ਉਦੋਂ ਤਾਂ ਉਹ ਚਾਰ-ਪੰਜ ਦਿਨ ਠਹਿਰੇ ਸਨ। ਸੁਦੀਪ ਨੂੰ ਮੁੰਡਾ ਖਚਰਾ ਜਿਹਾ ਲੱਗਿਆ ਸੀ। ਵਿਆਹ ਤੋਂ ਬਾਅਦ ਰੇਸ਼ਮਾ ਪਹਿਲਾਂ ਜਿੰਨੀ ਚੁਲਬੁਲੀ ਨਹੀਂ ਰਹੀ ਸੀ। ਗੱਲਾਂ ਘੱਟ ਕਰਦੀ। ਉਹਨੂੰ ਖਾਣ-ਪੀਣ ਦਾ ਬਹੁਤਾ ਲਾਲਚ ਵੀ ਨਹੀਂ ਰਿਹਾ ਸੀ। ਹਾਂ, ਘੁੰਮਣ ਫਿਰਨ ਦੀ ਆਦਤ ਓਹੀ ਪੁਰਾਣੀ ਸੀ।

ਰੇਸ਼ਮਾ ਜਦੋਂ ਕੰਵਾਰੀ ਸੀ, ਕਹਾਣੀਆਂ ਲਿਖਦੀ ਹੁੰਦੀ। ਉਹਦੀਆਂ ਦੋ ਕਹਾਣੀਆਂ ਉਹਨਾਂ ਦੇ ਕਾਲਜ ਮੈਗਜ਼ੀਨ ਵਿੱਚ ਛਪੀਆਂ ਸਨ। ਫੇਰ ਉਹ ਕਹਿੰਦੀ ਰਹਿੰਦੀ- ‘ਜੀਜਾ ਜੀ, ਮੇਰੀਆਂ ਕਹਾਣੀਆਂ ਛਪਵਾ ਦਿਓ ਕਿਧਰੇ। ਤੁਹਾਡਾ ਤਾਂ ਐਡਾ ਵੱਡਾ ਨਾਉਂ ਐ, ਲੇਖਕਾਂ ਵਿਚ।

ਸੁਦੀਪ ਨੇ ਉਹਦੀਆਂ ਦੋ ਕਹਾਣੀਆਂ ਜਲੰਧਰ ਦੇ ਇੱਕ ਅਖ਼ਬਾਰ ਵਿੱਚ ਛਪਵਾ ਦਿੱਤੀਆਂ ਸਨ। ਏਧਰ-ਓਧਰ ਦੋ-ਤਿੰਨ ਮਾਸਿਕ ਪੱਤਰਾਂ ਨੂੰ ਵੀ ਕਹਾਣੀਆਂ ਭੇਜੀਆਂ ਸਨ, ਪਰ ਉਹਨਾਂ ਵਿੱਚ ਕਿਤੇ ਨਹੀਂ ਛਪੀ ਸੀ ਕੋਈ ਕਹਾਣੀ। ਜਲੰਧਰ ਦੇ ਉਸ ਅਖ਼ਬਾਰ ਬਾਰੇ ਮਸ਼ਹੂਰ ਸੀ ਕਿ ਬਸ ਲਿਖਾਈ ਪੜ੍ਹਨ ਯੋਗ ਹੋਵੇ, ਕਹਾਣੀ ਛਪ ਜਾਂਦੀ ਹੈ ਤੇ ਰੇਸ਼ਮਾ ਦੀਆਂ ਕਹਾਣੀਆਂ ਛਪ ਗਈਆਂ ਸਨ। ਉਹ ਇਹ ਕਹਾਣੀਆਂ ਮੁੰਡੇ/ਕੁੜੀ ਦੇ ਭਾਵੁਕ ਪਿਆਰ ਬਾਰੇ ਹੀ ਲਿਖਦੀ। ਇਹਨਾਂ ਕਹਾਣੀਆਂ ਵਿੱਚ ਕੋਈ ਖ਼ਾਸ ਸਮਾਜਕ ਤੱਥ ਨਹੀਂ ਹੁੰਦਾ ਸੀ। ਕਹਾਣੀ ਵਿੱਚ ਹਮੇਸ਼ਾ ਉਹ ਕੁੜੀ ਦਾ ਪੱਖ ਲੈਂਦੀ।

ਤੇ ਜਦੋਂ ਹੁਣ ਉਹ ਬਠਿੰਡੇ ਆਈ, ਉਹਦਾ ਮੁੰਡਾ ਪੰਜ ਵਰ੍ਹਿਆਂ ਦਾ ਹੋ ਚੁੱਕਿਆ ਸੀ। ਸਕੂਲ ਜਾਂਦਾ ਸੀ। ਰੇਸ਼ਮਾ ਵਿੱਚ ਪਹਿਲਾਂ ਜਿੰਨੀ ਰੜਕ ਨਹੀਂ ਰਹਿ ਗਈ ਸੀ। ਚਿਹਰਾ ਉਦਾਸ ਲੱਗਦਾ। ਬਾਹਾਂ ਦਾ ਮਾਸ ਢਿਲਕਿਆ-ਢਿਲਕਿਆ। ਅੱਖਾਂ ਵਿੱਚ ਉਹ ਚਮਕ ਨਹੀਂ ਸੀ। ਸਿਰ ਦੇ ਵਾਲ਼ ਛੋਟੇ ਹੋ ਗਏ ਸਨ। ਗੱਲ-ਗੱਲ ਉੱਤੇ ਉਹ ਆਪਣੇ ਮੁੰਡੇ ਨੂੰ ਝਿੜਕਦੀ ਤੇ ਨਿੱਕਾ ਜਿਹਾ ਬਹਾਨਾ ਲੈ ਕੇ ਉਹਨੂੰ ਕੁੱਟ ਸੁੱਟਦੀ। ਮੁੰਡੇ ਦਾ ਬੁਰਾ ਹਾਲ ਕਰ ਦਿੰਦੀ ਤੇ ਫੇਰ ਖ਼ੁਦ ਵੀ ਬਦਹਵਾਸ ਜਿਹੀ ਹੋ ਜਾਂਦੀ। ਅਲਕਾ ਨੇ ਉਸਨੂੰ ਸਮਝਾਇਆ, ਬੱਚੇ ਨੂੰ ਐਨਾ ਮਾਰਨਾ ਨਹੀਂ ਚਾਹੀਦਾ, ਢੀਠ ਹੋ ਜਾਂਦੈ ਫੇਰ। ਘੰਟੇ-ਅੱਧੇ ਘੰਟੇ ਬਾਅਦ ਹੀ ਰੇਸ਼ਮਾ ਸਹਿਜ ਹੋ ਜਾਂਦੀ ਤੇ ਫੇਰ ਅਲਕਾ ਜਾਂ ਸੁਦੀਪ ਨਾਲ ਗੱਲਾਂ ਕਰਨ ਲੱਗਦੀ। ਪਤਾ ਨਹੀਂ ਉਹਨੇ ਕਿਉਂ ਇਸ ਤਰ੍ਹਾਂ ਦਾ ਸੁਭਾਓ ਬਣਾ ਲਿਆ ਸੀ। ਇਸ ਤਰ੍ਹਾਂ ਦੀ ਉਹ ਹੁੰਦੀ ਨਹੀਂ ਸੀ। ਇਸ ਤਰ੍ਹਾਂ ਦੀ ਤਾਂ ਉਹ ਕਦੇ ਵੀ ਨਹੀਂ ਸੀ।

ਉਸ ਦਿਨ ਉਹ ਦੁਪਹਿਰੇ ਜਿਹੇ ਆਈ ਸੀ। ਸ਼ਾਮ ਵੇਲੇ ਜਦੋਂ ਉਹ ਸਾਰੇ ਜਣੇ ਬੈਠ ਕੇ ਰੋਟੀ ਖਾਣ ਲੱਗੇ ਤਾਂ ਰੇਸ਼ਮਾ ਬੋਲੀ- "ਜੀਜਾ ਜੀ, ਇੱਕ ਕਹਾਣੀ ਲਿਖੋ। ਕਹਾਣੀ ਦਾ ਮਸਾਲਾ ਤੁਹਾਨੂੰ ਮੈਂ ਦਿੰਦੀ ਹਾਂ।"

"ਤੂੰ ਆਪ ਈ ਲਿਖ ਲੈ। ਤੂੰ ਵੀ ਤਾਂ ਕਹਾਣੀਕਾਰ ਐਂ। "ਨਹੀਂ, ਮੈਂ ਨਹੀਂ! ਤੁਸੀਂ ਲਿਖੋ! ਤੁਸੀਂ ਚੰਗੀ ਲਿਖੋਗੇ। ਮੈਂ ਤਾਂ ਸਭ ਛੱਡਿਆ ਛੁਡਾਇਆ, ਇਹ ਧੰਦਾ।"

"ਕਿਉਂ, ਕਹਾਣੀਆਂ ਲਿਖਣਾ ਧੰਦਾ ਹੁੰਦੈ?"

"ਸਭ ਲੋਕ ਕੋਈ ਨਾ ਕੋਈ ਧੰਦਾ ਕਰਦੇ ਨੇ। ਧੰਦੇ ਬਗ਼ੈਰ ਗੁਜ਼ਾਰਾ ਨਹੀਂ। ਕਹਾਣੀਆਂ ਲਿਖਣਾ ਵੀ ਤਾਂ ਇਕ ਧੰਦਾ ਹੋਇਆ।"

"ਤੂੰ ਫੇਰ ਏਸ ਧੰਦੇ ਵਿੱਚ ਅੱਗੇ ਕਿਉਂ ਨਾ ਵਧੀ? ਤੂੰ ਚੰਗਾ ਲਿਖ ਲੈਂਦੀ ਸੀ।" ਸੁਦੀਪ ਨੇ ਉਹਦੀ ਫ਼ੋਕੀ ਵਡਿਆਈ ਕੀਤੀ।

"ਨਹੀਂ, ਮੈਂ ਨਹੀਂ, ਤੁਸੀਂ ਲਿਖੋ।"

"ਚੰਗਾ, ਸੁਣਾ ਫੇਰ। ਕੀ ਗੱਲ ਐ?"

"ਰੋਟੀ ਖਾ ਕੇ ਸੁਣਾਵਾਂਗੀ।"

"ਕੋਈ ਅਜਿਹੀ ਗੱਲ ਤਾਂ ਨਹੀਂ ਕਿ ਅਲਕਾ ਤੋਂ ਸ਼ਰਮਾਉਂਦੀ ਹੋਵੇਂ?"

"ਨਹੀਂ! ਦੀਦੀ ਤੋਂ ਕਾਹਦੀ ਸ਼ਰਮ?" ਉਹ ਅਲਕਾ ਦੇ ਬੱਚਿਆਂ ਵੱਲ ਝਾਕੀ। ਫੇਰ ਕਹਿੰਦੀ- "ਰੋਟੀ ਖਾ ਲਈਏ, ਫੇਰ ਸੁਣਾਵਾਂਗੀ।"

ਰੋਟੀ ਤੋਂ ਬਾਅਦ ਅਲਕਾ ਦੇ ਦੋਵੇਂ ਬੱਚੇ ਦਿਨੇਸ਼ ਤੇ ਸੋਨੀਆ ਬਾਹਰ ਗਲੀ ਵਿੱਚ ਦੌੜ ਗਏ। ਅਲਕਾ ਨੇ ਮਗਰੋਂ ਉੱਚੀ ਹਾਕ ਮਾਰੀ- "ਦੀਨੂੰ ਬੇਟੇ।"

ਉਹ ਮੁੜ ਆਇਆ-"ਹਾਂ, ਮੰਮੀ।"

"ਬੇਟਾ, ਰੋਹਿਤ ਨੂੰ ਨਾਲ ਲੈ ਕੇ ਜਾਓ। ਇਹ ਵੀ ਖੇਡੇਗਾ ਤੁਹਾਡੇ ਨਾਲ।" ਤੇ ਫੇਰ ਰੋਹਿਤ ਨੂੰ ਕਿਹਾ- "ਜਾਹ ਰੋਹੀ, ਤੂੰ ਵੀ ਜਾਹ।" ਮੂੰਹ ਵਿੱਚ ਉਂਗਲੀ, ਉਹ ਹੌਲ਼ੀ-ਹੌਲ਼ੀ ਦਿਨੇਸ਼ ਮਗਰ ਤੁਰਨ ਲੱਗਿਆ। ਸੋਨੀਆ ਆਈ ਤੇ ਰੋਹਿਤ ਦੀ ਬਾਂਹ ਫੜ ਕੇ ਉਹਨੂੰ ਗਲੀ ਵਿੱਚ ਘੜੀਸਦੀ ਹੋਈ ਭੱਜਣ ਲੱਗੀ।

"ਅਲਕਾ, ਰੇਸ਼ਮਾ ਤੇ ਸੁਦੀਪ ਮਕਾਨ ਦੀ ਛੱਤ ਉੱਤੇ ਚੜ੍ਹ ਗਏ। ਗਰਮੀ ਦਾ ਮਹੀਨਾ ਸੀ। ਉੱਤੇ ਤਾਜ਼ੀ ਹਵਾ ਵਗ਼ ਰਹੀ ਸੀ। ਰੇਸ਼ਮਾ ਆਸਮਾਨ ਵੱਲ ਝਾਕ ਕੇ ਕਹਿਣ ਲੱਗੀ- "ਏਥੇ ਵੀ ਅਮ੍ਰਿੰਤਸਰ ਵਾਲਾ ਹਾਲ ਐ, ਦੀਦੀ! ਨਿੱਖਰਿਆ ਆਕਾਸ਼ ਤਾਂ ਦਿਸਦਾ ਹੀ ਨਹੀਂ। ਕਿੰਨੀ ਧੂੜ ਐ ਤੇ ਕਿੰਨਾ ਧੂੰਆਂ।"

"ਹਾਂ, ਇਹ ਤਾਂ ਹੈ। ਇੱਕ ਤਾਂ ਬਠਿੰਡੇ ਵਿੱਚ ਰੇਲ-ਗੱਡੀਆਂ ਦਾ ਧੂੰਆਂ ਬਹੁਤ ਰਹਿੰਦੈ, ਦਿਨ ਰਾਤ! ਦੂਜਾ ਇਹ ਥਰਮਲ ਪਲਾਂਟ। ਆਬਾਦੀ ਵੀ ਬਹੁਤ ਵਧ ਗਈ ਨਾ। ਐਨੀਆਂ ਕਾਰਾਂ, ਟਰੱਕ, ਟੈਂਪੂ ਤੇ ਫੇਰ ਘਰਾਂ ਦਾ ਧੂੰਆਂ।"

"ਅਜੇ ਤਾਂ ਤੜਕੇ ਪਤਾ ਲੱਗੂ, ਜਦੋਂ ਇੰਚ-ਇੰਚ ਸੁਆਹ ਕੱਪੜਿਆਂ 'ਤੇ ਜੰਮੀ ਪਈ ਹੋਈ।" ਸੁਦੀਪ ਨੇ ਰੇਸ਼ਮਾ ਨੂੰ ਹੈਰਾਨ ਕੀਤਾ।

"ਉਹ ਕਿਵੇਂ ਜੀਜਾ ਜੀ?" ਉਹ ਉਤਸੁਕ ਸੀ।

"ਇਹ ਥਰਮਲ ਪਲਾਂਟ ਐ ਨਾ, ਇਹਦੇ ਕਰਕੇ ਆਸਮਾਨ ਵਿੱਚ ਉੱਡੀ ਸੁਆਹ ਤੜਕੇ ਦੇ ਸਾਫ਼ ਵਾਯੂਮੰਡਲ ਵਿੱਚ ਧਰਤੀ ਉੱਤੇ ਉੱਤਰ ਆਉਂਦੀ ਹੈ। ਹੁਣ ਬਾਹਰ ਕੋਈ ਭਾਂਡਾ ਰੱਖ ਦਿਓ, ਸਵੇਰੇ ਉਂਗਲ ਫੇਰ ਕੇ ਦੇਖੋ, ਸੁਆਹ ਜੰਮੀ ਪਈ ਹੁੰਦੀ ਐ।" ਸੁਦੀਪ ਬੋਲ ਰਿਹਾ ਸੀ। "ਕਿੰਨੀ-ਕਿੰਨੀ?"

"ਬਸ ਸੁਆਹ ਹੁੰਦੀ ਐ।

"ਤੁਸੀਂ ਤਾਂ ਇੰਚ-ਇੰਚ ਕਹਿ ਰਹੇ ਸੀ।"

"ਉਹ ਤਾਂ ਕਹਿਣ ਦੀ ਗੱਲ ਐ। ਬੁੜ੍ਹੀਆਂ ਕਹਿੰਦੀਆਂ ਨ੍ਹੀ ਹੁੰਦੀਆਂ, ਨ੍ਹਾ ਲੈ ਵੇ ਮੁੰਡਿਆ, ਗਿੱਟਿਆਂ 'ਤੇ ਮਣ-ਮਣ ਮੈਲ਼ ਜੰਮੀ ਪਈ ਐ। ਉਹ ਮੈਲ਼ ਮਣ ਪੱਕੀ ਥੋੜ੍ਹੀ ਹੁੰਦੀ ਐ।" ਉਹ ਨਿੱਕਾ-ਨਿੱਕਾ ਹੱਸਣ ਲੱਗਿਆ।

"ਤੁਸੀਂ ਜੀਜਾ-ਸਾਲ਼ੀ ਕਰੋ ਗੱਲਾਂ, ਮੈਂ ਤਾਂ ਚੱਲੀ। ਬਰਤਨ ਸਾਫ਼ ਕਰਾਂ।"

ਅਲਕਾ ਥੱਲੇ ਉੱਤਰ ਗਈ।

"ਹਾਂ, ਕੀ ਕਹਾਣੀ ਐ ਉਹ?"

"ਕਿਹੜੀ?"

"ਜਿਹੜੀ ਤੂੰ ਸੁਣਾਉਣਾ ਚਾਹੁੰਦੀ ਹੈਂ, ਅਖੇ ਲਿਖੋ ਇਹ।"

"ਅੱਛਾ ਅੱਛਾ।" ਰੇਸ਼ਮਾ ਜਿਵੇਂ ਆਪਣੇ ਅੰਦਰ ਉੱਤਰਨ ਲੱਗੀ ਹੋਵੇ। ਦੱਸਣ ਲੱਗੀ-"ਅੰਮ੍ਰਿਤਸਰ, ਜਿੱਥੇ ਅਸੀਂ ਰਹਿੰਦੇ ਹਾਂ ਨਾ ਹੁਣ, ਮਤਲਬ ਜਿਹੜਾ ਇਨ੍ਹਾਂ ਦਾ ਪੁਰਾਣਾ ਮਕਾਨ ਐ, ਸਾਡੇ ਗੁਆਂਢ ਵਿੱਚ ਇੱਕ ਔਰਤ ਐ। ਕੋਮਲ ਐ ਉਹਦਾ ਨਾਉਂ। ਖ਼ਾਸਾ ਚੰਗਾ ਵਪਾਰ ਐ ਉਹਦੇ ਹਸਬੈਂਡ ਦਾ। ਉਹ ਦੋ ਭਾਈ ਨੇ। ਛੋਟਾ ਉਹਦੇ ਨਾਲ ਹੀ ਕੰਮ ਕਰਦੈ। ਉਹਦੇ ਹਸਬੈਂਡ ਤੋਂ ਕਾਫ਼ੀ ਛੋਟਾ ਹੋਣੈ। ਛੋਟੇ ਦੀ ਉਮਰ ਤੀਹ-ਬੱਤੀ ਸਾਲ ਹੋਵੇਗੀ। ਪਹਿਲਾਂ ਤਾਂ ਅਸੀਂ ਸੋਚਦੇ ਹੁੰਦੇ, ਇਹ ਛੋਟਾ ਵਿਆਹ ਕਿਉਂ ਨਹੀਂ ਕਰਾਉਂਦਾ। ਚੰਗਾ ਸੋਹਣਾ ਜੁਆਨ ਐ। ਕਮਾਊ ਐ। ਪਰ ਵਿਆਹ...। ਫੇਰ ਅਸੀਂ ਅੰਦਾਜ਼ਾ ਲਾਇਆ ਕਰੀਏ ਕਿ ਭਰਜਾਈ ਨਾਲ ਉਹਦੇ ਸੰਬੰਧ ਹੋਣਗੇ। ਭਰਜਾਈ ਉਹਦਾ ਵਿਆਹ ਨਹੀਂ ਹੋਣ ਦਿੰਦੀ, ਪਰ ਗੱਲ ਤਾਂ ਉਲਟ ਨਿਕਲੀ। ਹੁਣ ਕੋਮਲ, ਉਹਦੀ ਭਰਜਾਈ ਦਿਨੋਂ-ਦਿਨ ਸੁੱਕੀ ਜਾਂਦੀ ਐਸ ਗਲੀ-ਗੁਆਂਢ ਵਿੱਚ ਹਰ ਕਿਸੇ ਨੂੰ ਪਤਾ ਹੈ।

"ਵਿਚਲੀ ਗੱਲ ਕੀ ਐ?"

"ਉਹ ਛੋਟਾ ਜਦੋਂ ਵਿਆਹ ਲਿਆ ਨਾ, ਘਰਵਾਲੀ ਦੋ-ਚਾਰ ਵਾਰ ਆਈ। ਫੇਰ ਕਈ ਮਹੀਨੇ ਆਈ ਹੀ ਨਾ। ਤੇ ਫੇਰ ਉਨ੍ਹਾਂ ਦੇ ਘਰ ਛੋਟੇ ਮੁੰਡੇ ਦੇ ਸਹੁਰਿਆਂ ਦੇ ਫ਼ੋਨ ਆਇਆ ਕਰਨ। ਘੁਸਰ-ਮੁਸਰ ਜਿਹੀ ਹੁੰਦੀ ਰਿਹਾ ਕਰੇ। ਪਤਾ ਭਾਈ, ਕੋਈ ਨਾ ਲੱਗੇ ਕਿਸੇ ਨੂੰ। ਫੇਰ ਛੋਟੇ ਦੀ ਬਹੂ ਆ ਗਈ।"

"ਫੇਰ ਕੀ ਹੋਇਆ?"

"ਅਸੀਂ ਇੱਕ ਗੱਲ ਹੋਰ ਦੇਖੀ, ਜਦੋਂ ਬਹੂ ਉੱਥੇ ਨਹੀਂ ਸੀ, ਛੋਟਾ ਭਰਾ ਖ਼ੁਸ਼ ਰਹਿੰਦਾ। ਜਦੋਂ ਉਹ ਫੇਰ ਮੁੜ ਕੇ ਆ ਗਈ ਤਾਂ ਉਹ ਉਦਾਸ ਰਹਿਣ ਲੱਗਿਆ। ਮੂੰਹ ਲਟਕਾਈ ਰੱਖਿਆ ਕਰੇ। ਫੇਰ ਕਈ ਮਹੀਨਿਆਂ ਪਿੱਛੋਂ ਸਹਿਜ ਹੋ ਗਿਆ। ਉਹਦੀ ਬਹੂ ਵੀ ਟਹਿਕਣ ਲੱਗੀ। ਫੇਰ ਬਹੂ ਕੋਲ ਇੱਕ ਮੁੰਡਾ ਹੋ ਗਿਆ। ਫੇਰ ਇੱਕ ਹੋਰ ਮੁੰਡਾ। ਹੁਣ ਦੋ ਮੁੰਡੇ ਨੇ ਉਹਦੇ।"

"ਕੀ ਗੱਲ ਬਣੀ? ਇਹ ਕੋਈ ਲਿਖਣ ਵਾਲੀ ਗੱਲ ਐ? ਇਹ ਤਾਂ ਆਮ ਜਿਹੀ ਘਰੇਲੂ ਵਾਰਤਾ ਹੈ।" ਸੁਦੀਪ ਨੇ ਕਿਹਾ। ਤੇ ਫੇਰ ਪੁੱਛਣ ਲੱਗਿਆ, ‘ਹੋਰ ਸੁਣਾ, ਤਰਸੇਮ ਲਾਲ ਜੀ ਦਾ ਕੀ ਹਾਲ ਐ?" ਉਹ ਗੱਲਾਂ ਕਰ ਹੀ ਰਹੇ ਸਨ ਕਿ ਥੱਲਿਓਂ ਉਹਨਾਂ ਨੂੰ ਬੱਚਿਆਂ ਦਾ ਰੌਲਾ ਸੁਣਿਆ। ਚੀਕਦੇ ਤੇ ਭੱਜੇ ਆਉਂਦੇ ਤਿੰਨੇ ਬੱਚੇ। ਸੁਦੀਪ ਨੇ ਜੰਗਲੇ ਉੱਤੋਂ ਦੀ ਸਿਰ ਕੱਢ ਕੇ ਪੁੱਛਿਆ- "ਅਲਕਾ, ਕੀ ਹੋ ਗਿਆ?"

ਉਹ ਰਸੋਈ ਤੋਂ ਬਾਹਰ ਹੋਈ। ਪੁੱਛਿਆ- "ਕੀ ਆਖਿਆ ਜੀ?"

"ਇਹ ਜੁਆਕਾਂ ਨੂੰ ਕੀ ਹੋ ਗਿਆ?"

"ਚਿੱਤਰਹਾਰ!" ਕਹਿ ਕੇ ਉਹ ਰਸੋਈ ਅੰਦਰ ਫੇਰ ਚਲੀ ਗਈ।

ਰੇਸ਼ਮਾ ਓਥੇ ਦੀ ਓਥੇ ਖੜ੍ਹੀ ਰਹੀ। ਉਹਨੇ ਪੁੱਛਿਆ ਤਾਂ ਸੁਦੀਪ ਕਹਿੰਦਾ- “ਟੀ. ਵੀ. ਕਲਚਰ।”

"ਅੱਛਾ, ਚਿੱਤਰਹਾਰ ਦਾ ਵੇਲਾ ਹੋ ਗਿਆ। ਅੱਜ ਬੁੱਧਵਾਰ ਐ ਨਾ।"

"ਤਰਸੇਮ ਲਾਲ ਜੀ ਖ਼ੁਸ਼ ਨੇ? ਸੁਦੀਪ ਨੇ ਮੁੜ ਕੇ ਗੱਲ ਛੇੜੀ।

"ਉਹ ਵੀ ਦੱਸਦੀ ਆਂ, ਪਰ ਤੁਸੀਂ ਪੂਰੀ ਗੱਲ ਤਾਂ ਸੁਣੀ ਹੀ ਨਹੀਂ।"

"ਕਿਹੜੀ?" ਉਹ ਚੌਂਕਿਆ।

"ਕਹਾਣੀ, ਜਿਹੜੀ ਮੈਂ ਸੁਣਾ ਰਹੀ ਸੀ।"

“ਉਹ ਤਾਂ ਮੁੱਕ ਗਈ।

"ਨਹੀਂ, ਅਸਲੀ ਗੱਲ ਤਾਂ ਅਜੇ ਰਹਿੰਦੀ ਐ।"

"ਚੰਗਾ, ਬਾਕੀ ਜੋ ਹੈ, ਉਹ ਵੀ ਸੁਣਾ ਦੇ।"

"ਉਹ ਛੋਟੇ ਦੀ ਬਹੂ ਦੇ ਜਿਹੜੇ ਦੋ ਮੁੰਡੇ ਨੇ ਨਾ, ਕੋਮਲ ਕਹਿੰਦੀ ਐ, ਉਹ ਉਹਦੇ ਹਸਬੈਂਡ ਦੇ ਮੁੰਡੇ ਨੇ।"

"ਇਹ ਕਿਵੇਂ ਬਈ?"

"ਕੋਮਲ ਨੂੰ ਜਦੋਂ ਇਸ ਭੇਤ ਦਾ ਪਤਾ ਲੱਗਿਆ ਤਾਂ ਉਹਨੇ ਘਰ ਵਿੱਚ ਕਲੇਸ਼ ਪਾ ਕੇ ਦਿਉਰ ਨੂੰ ਅੱਡ ਕਰ ਦਿੱਤਾ ਸੀ, ਪਰ ਉਹਦਾ ਹਸਬੈਂਡ ਓਥੇ ਵੀ ਜਾਂਦਾ ਰਹਿੰਦਾ, ਛੋਟੇ ਦੇ ਘਰ।

"ਅੱਛਾ?"

"ਛੋਟੇ ਭਾਈ ਨੂੰ ਪਤੈ ਸਾਰਾ।"

"ਉਨ੍ਹਾਂ ਦਾ ਬਿਜ਼ਨੈਸ?"

"ਬਿਜ਼ਨੈਸ ਅਜੇ ਵੀ ਸਾਂਝਾ ਹੈ। ਬਸ ਘਰ ਦੋ ਹੋ ਗਏ।"

"ਛੋਟਾ ਭਾਈ ਕਿਵੇਂ ਸਹਿਨ ਕਰੀ ਜਾਂਦੈ ਸਭ?"

"ਮਰਦ ਉਹ ਕਦੇ ਵੀ ਨਹੀਂ ਸੀ।"

"ਫੇਰ ਉਹਨੇ ਵਿਆਹ ਕਿਉਂ ਕਰਾਇਆ?"

"ਪਹਿਲਾਂ ਨਹੀਂ ਪਤਾ ਹੋਣਾ ਉਹਨੂੰ।"

ਸੁਦੀਪ ਇੰਕ ਬਿੰਦ ਗੰਭੀਰ ਹੋ ਗਿਆ। ਫੇਰ ਬੋਲਿਆ, "ਹਾਂ, ਹੁਣ ਬਣਦੀ ਐ, ਕੁਛ-ਕੁਛ ਗੱਲ।"

"ਕੋਮਲ ਕਹਿੰਦੀ ਐ, ਚਾਹੇ ਉਹਦਾ ਹਸਬੈਂਡ ਉਹਨੂੰ ਵੀ ਬਹੁਤ ਚਾਹੁੰਦੈ, ਪਰ ਉਹ ਇਹ ਸਭ ਬਰਦਾਸ਼ਤ ਨਹੀਂ ਕਰਦੀ। ਉਹਨੂੰ ਲੱਗਦੈ, ਉਹਦਾ ਹਸਬੈਂਡ ਅੱਧਾ ਕਿਸੇ ਹੋਰ ਦਾ ਹੈ। ਬਸ ਏਸੇ ਗ਼ਮ ਵਿੱਚ ਸੁੱਕਦੀ ਰਹਿੰਦੀ ਐ।" ਸਾਰੇ ਕੰਮ ਮੁਕਾ ਕੇ ਅਲਕਾ ਛੱਤ ਉੱਤੇ ਆ ਗਈ। ਗੁਟਕੀ- "ਜੀਜਾ ਸਾਲ਼ੀ ਵਿੱਚ ਕੀ ਗੁੱਝੀਆਂ ਗੱਲਾਂ ਹੋ ਰਹੀਆਂ ਨੇ?"

"ਕੋਈ ਖ਼ਾਸ ਨਹੀਂ।" ਸੁਦੀਪ ਨੇ ਸਹਿਜਤਾ ਨਾਲ ਕਿਹਾ।

"ਖ਼ਾਸ ਫੇਰ ਕਦੋਂ ਕਰਨੀਆਂ ਨੇ ਜੀਜਾ ਸਾਲ਼ੀ ਨੇ? ਨਿੱਤ ਇਹਨੂੰ ਯਾਦ ਕਰਦੇ ਓ, ਹੁਣ ਆ ਗਈ ਤਾਂ ਕਰੋ ਗੱਲਾਂ ਜੀਅ ਭਰ ਕੇ, ਆਪਣੀ ਲਾਡਲੀ ਨਾਲ।"

"ਹਾਂ, ਹੁਣ ਤਾਂ ਕਈ ਦਿਨ ਰਹੇਗੀ ਇਹ। ਗੱਲਾਂ ਵੀ ਹੁੰਦੀਆਂ ਰਹਿਣਗੀਆਂ।" ਸੁਦੀਪ ਨੇ ਕਿਹਾ।

"ਰੇਸ਼ਮਾ, ਕਿੰਨੇ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆਈ ਐਂ?" ਅਲਕਾ ਨੇ ਪੁੱਛਿਆ।

"ਜਿੰਨੇ ਦਿਨ ਰੱਖ ਸਕੋ?"

"ਅਸੀਂ ਤਾਂ ਕਹਿੰਦੇ ਹਾਂ, ਏਥੇ ਹੀ ਰਹਿ।" ਅਲਕਾ ਹੱਸਣ ਲੱਗੀ।

"ਸ਼ਾਇਦ ਏਥੇ ਹੀ ਰਹਿਣਾ ਪੈ ਜਾਏ।" ਰੇਸ਼ਮਾ ਦੇ ਬੋਲਾਂ ਵਿੱਚ ਉਦਾਸੀ ਸੀ, ਪਰ ਮੀਆਂ ਬੀਵੀ ਨੇ ਇਸਦਾ ਕੋਈ ਨੋਟਿਸ ਨਹੀਂ ਲਿਆ।

ਅਗਲੇ ਦਿਨ ਸਵੇਰੇ ਉਹ ਜਾਗੇ ਤਾਂ ਚਾਹ ਪੀਂਦੇ ਵਕਤ ਰੇਸ਼ਮਾ ਬੋਲੀ- "ਜੀਜਾ ਜੀ, ਅੱਜ ਕਿੱਥੇ ਲੈ ਕੇ ਜਾ ਰਹੇ ਓ ਮੈਨੂੰ?"

"ਬਈ ਵਾਹ! ਤੂੰ ਸਾਡੇ ਕੋਲ ਈ ਐਂ। ਮੈਂ ਤੈਨੂੰ ਹੋਰ ਕਿਧਰ ਲੈ ਕੇ ਜਾਣੈ?"

"ਨਹੀਂ, ਮੇਰਾ ਮਤਲਬ ਏਥੇ ਬਠਿੰਡੇ ਵਿੱਚ ਕਿਹੜੀ ਕੋਈ ਥਾਂ ਹੈ, ਦੇਖਣ ਆਲ਼ੀ?"

"ਕਹਿਣ ਨੂੰ ਤਾਂ ਕਈ ਨੇ, ਪਰ ਕੀ ਪਤਾ ਉਹ ਤੇਰੇ ਦੇਖਣ ਲਈ ਥਾਂ ਹੋਵੇਗੀ ਜਾਂ ਨਹੀਂ।"

"ਮਸਲਨ?"

"ਬਠਿੰਡੇ ਦਾ ਕਿਲ੍ਹਾ ਬਹੁਤ ਮਸ਼ਹੂਰ ਐ। ਰਜ਼ੀਆ ਸੁਲਤਾਨਾ ਇਸ ਕਿਲ੍ਹੇ ਵਿੱਚ ਰਹਿ ਕੇ ਰਾਜ ਕਰਦੀ ਰਹੀ ਐ। ਇਤਿਹਾਸਕ ਕਿਲ੍ਹਾ ਹੈ।

"ਹੋਰ?"

"ਨਵੀਆਂ ਥਾਵਾਂ 'ਚੋਂ ਥਰਮਲ ਪਲਾਂਟ ਕਹਿ ਸਕਦੇ ਹਾਂ। ਉਹਦੇ ਨਾਲ ਹੀ ਰੋਜ਼ ਗਾਰਡਨ ਐ।"

"ਪੁਰਾਣੀਆਂ ਵਿਚੋਂ?"

"ਸੱਤ ਲਾਈਨਾਂ ਵਾਲਾ ਰੇਲਵੇ ਸਟੇਸ਼ਨ।"

"ਰੇਲਵੇ ਸਟੇਸ਼ਨ ਤਾਂ ਹਰ ਥਾਂ ਇੱਕੋ ਜਿਹੇ ਹੁੰਦੇ ਐ। ਉਹਦੇ ਵਿੱਚ ਕੁਛ ਨਵਾਂ ਨਹੀਂ ਹੋਵੇਗਾ, ਉਹ ਛੱਡੋ।"

"ਕੈਂਟ ਐ। ਉਹਦੇ ਵਿੱਚ ਵੀ ਨਵਾਂ ਕੁਛ ਨਹੀਂ, ਛਾਉਣੀਆਂ ਸਭ ਥਾਂ ਇੱਕੋ ਜਿਹੀਆਂ ਹੁੰਦੀਆਂ ਨੇ, ਹੈ ਨਾ?" ਉਹ ਹੱਸਿਆ।

"ਅੱਛਾ ਚਲੋ, ਰੋਜ਼ ਗਾਰਡਨ ਚੱਲਦੇ ਹਾਂ।" ਰੇਸ਼ਮਾ ਨੇ ਲਾਚੜ ਕੇ ਕਿਹਾ।

"ਠੀਕ ਐ।" ਤੇ ਫੇਰ ਸੁਦੀਪ ਅਲਕਾ ਨੂੰ ਕਹਿਣ ਲੱਗਿਆ- "ਆਲੂਆਂ ਵਾਲੇ ਪਰੌਂਠੇ ਪਕਾ ਲੈ। ਕੋਈ ਆਚਾਰ ਲੈ ਚੱਲ। ਅੰਡਿਆਂ ਦੀ ਭੁਰਜੀ। ਨਾਸ਼ਤਾ ਓਥੇ ਹੀ ਕਰਾਂਗੇ। ਬਾਰ੍ਹਾਂ ਵਜੇ ਤੋਂ ਪਹਿਲਾਂ ਵਾਪਸੀ। ਫੇਰ ਤਾਂ ਧੁੱਪ ਬਹੁਤ ਤਿੱਖੀ ਹੋ ਜਾਂਦੀ ਐ।" "ਤੁਸੀਂ ਦਫ਼ਤਰੋਂ ਅੱਜ ਛੁੱਟੀ ਲੈ ਲਓ।" ਰੇਸ਼ਮਾ ਨੇ ਕਿਹਾ।

"ਛੁੱਟੀ ਮੈਂ ਕੀਹਤੋਂ ਲੈਣੀ ਐ। ਏਥੋਂ ਗੁਆਂਢ ਵਿੱਚੋਂ ਕਲਰਕ ਕੁੜੀ ਨੂੰ ਫ਼ੋਨ ਕਰ ਦੇਣੈ ਬਸ। ਨਵਾਂ ਇਸ਼ੂ ਕੱਲ੍ਹ ਪੋਸਟ ਹੋ ਗਿਆ ਸੀ। ਅੱਜ ਮੈਟਰ ਦੇਣਾ ਐ ਪ੍ਰੈੱਸ ਨੂੰ, ਕੱਲ੍ਹ ਦੇ ਦਿਆਂਗੇ। ਬਸ ਅੱਲ੍ਹਾ ਅੱਲ੍ਹਾ, ਖ਼ੈਰ ਸੱਲਾ।"

ਮੰਮੀ-ਪਾਪਾ ਦੀਆਂ ਗੱਲਾਂ ਸੁਣ ਕੇ ਦਿਨੇਸ਼ ਤੇ ਸੋਨੀਆ ਆਪਣੇ ਬਸਤਿਆਂ ਵਿੱਚੋਂ ਕਾਪੀਆਂ ਕੱਢ ਕੇ ਛੁੱਟੀ ਦੀ ਅਰਜ਼ੀ ਲਿਖਣ ਲੱਗੇ।

ਰੇਸ਼ਮਾ ਨੇ ਤਿੰਨਾਂ ਬੱਚਿਆਂ ਨੂੰ ਤਿਆਰ ਕਰ ਦਿੱਤਾ। ਫੇਰ ਆਪ ਵੀ ਨ੍ਹਾ ਕੇ ਤਿਆਰ ਹੋ ਗਈ। ਓਨੀ ਦੇਰ ਤੱਕ ਸੁਦੀਪ ਅਖ਼ਬਾਰ ਪੜ੍ਹਦਾ ਰਿਹਾ। ਅਲਕਾ ਨੇ ਆਲੂ ਉੱਬਲਣੇ ਧਰ ਦਿੱਤੇ ਸਨ। ਫੇਰ ਸੁਦੀਪ ਨ੍ਹਾ ਲਿਆ। ਬੱਚੇ ਸਵੇਰ ਦਾ ਟੈਲੀਵਿਜ਼ਨ ਦੇਖਣ ਲੱਗੇ। ਅਲਕਾ ਪਰੌਂਠੇ ਪਕਾ ਰਹੀ ਸੀ। ਰੇਸ਼ਮਾ ਸੁਦੀਪ ਨੂੰ ਲੈ ਕੇ ਬੈਠ ਗਈ। ਉਹ ਇੱਕ ਅਲੱਗ ਕਮਰੇ ਵਿੱਚ ਸਨ। ਰੇਸ਼ਮਾ ਕਹਿ ਰਹੀ ਸੀ- "ਜੀਜਾ ਜੀ, ਲਓ ਮੈਂ ਤੁਹਾਨੂੰ ਇੱਕ ਔਰਤ ਦੀ ਸੱਚੀ ਕਹਾਣੀ ਸੁਣਾਉਂਦੀ ਹਾਂ।"

"ਕੱਲ੍ਹ ਜੋ ਸੁਣਾਈ ਸੀ, ਉਹ ਨਹੀਂ ਸੀ ਸੱਚੀ?"

"ਉਹ ਵੀ ਸੱਚੀ ਸੀ। ਇੱਕ ਹੋਰ ਸੁਣੋ। ਇਹ ਵੀ ਲਿਖਿਓ।"

"ਚੱਲ, ਸੁਣਾ ਦੇ।"

"ਉਹ ਔਰਤ ਨੇ ਖ਼ੁਦ ਮੈਨੂੰ ਇਹ ਗੱਲ ਸੁਣਾਈ ਸੀ। ਦੋ ਦੋਸਤ ਨੇ ਓਥੇ ਅੰਮ੍ਰਿਤਸਰ ਹੀ ਇੱਕ ਧਾਗਾ ਫ਼ੈਕਟਰੀ ਵਿੱਚ ਕੰਮ ਕਰਦੇ ਐ। ਇੱਕੋ ਕਮਰੇ ਵਿੱਚ ਰਹਿੰਦੇ ਹੁੰਦੇ, ਹੁਣ ਵੀ ਓਸੇ ਕਮਰੇ ਵਿੱਚ ਨੇ। ਲਓ ਜੀ, ਬੜਾ ਪਿਆਰ ਦੋਵਾਂ ਵਿੱਚ। ਸਕੇ ਭਰਾਵਾਂ ਤੋਂ ਵੱਧ। ਜਿਵੇਂ ਇੱਕ ਨੂੰ ਦੂਜੇ ਵਿੱਚ ਦੀ ਸਾਹ ਆਉਂਦਾ ਹੋਵੇ। ਇੱਕੋ ਖਾਣ-ਪੀਣ, ਇੱਕੋ ਜਿਹੇ ਕੱਪੜੇ ਆਉਂਦੇ। ਮਿੱਤਰ-ਮੰਡਲ ਵਿੱਚੋਂ ਫੇਰ ਇੱਕ ਦਾ ਵਿਆਹ ਹੋ ਗਿਆ। ਸ਼ਾਦੀ-ਸ਼ੁਦਾ ਬੰਦੇ ਨੇ ਆਪਣੀ ਘਰਵਾਲੀ ਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਉਹ ਉਹਦੇ ਦੋਸਤ ਨੂੰ ਆਪਣਾ ਪਤੀ ਸਮਝੇ। ਉਹਨਾਂ ਵਿੱਚ ਕੋਈ ਫ਼ਰਕ ਨਹੀਂ। ਉਹ ਚੀਜ਼ ਵੰਡ ਕੇ ਖਾਂਦੇ ਹਨ। ਪਤੀ ਦੀ ਗੱਲ ਸੁਣ ਕੇ ਉਹਦੇ ਜਿਵੇਂ ਔਸਾਣ ਹੀ ਮਾਰੇ ਗਏ ਹੋਣ। ਉਹਦੀ ਹੋਸ਼ ਉੱਡ ਗਈ। ਉਹਨੂੰ ਕੋਈ ਸਮਝ ਨਹੀਂ ਆਈ ਕਿ ਉਹ ਬੁਰਾ ਕਰ ਰਹੀ ਹੈ। ਸੁਪਨੇ ਜਿਹੀ ਜ਼ਿੰਦਗੀ ਵਿੱਚ ਕਈ ਮਹੀਨੇ ਲੰਘ ਗਏ। ਹੁਣ ਉਹਨੂੰ ਬੱਚਾ ਹੋਣਾ ਹੈ, ਪਰ ਉਹਨੂੰ ਸੋਝੀ ਨਹੀਂ ਕਿ ਉਹ ਆਪਣੇ ਆਉਣ ਵਾਲੇ ਬੱਚੇ ਦੇ ਚਿਹਰੇ ਵਿੱਚ ਕਿਸ ਮਰਦ ਦੀ ਨੁਹਾਰ ਦੇਖੇਗੀ। ਕੁਝ ਉਹਦੇ ਅੰਦਰੋਂ ਖੁਰਦਾ ਰਹਿੰਦਾ ਹੈ। ਵਿਆਹ ਦਾ ਸੰਕਲਪ ਕਦੇ ਉਹਦੇ ਚੇਤੇ ਵਿੱਚ ਆਇਆ ਹੀ ਨਹੀਂ। ਵਿਆਹ ਦੇ ਨਾਉਂ ਉੱਤੇ ਉਹਨੂੰ ਵੇਸਵਾਪਣ ਮਿਲਿਆ। ਉਹ ਇਹ ਵੀ ਨਹੀਂ ਸੋਚ ਸਕਦੀ ਕਿ ਹੁਣ ਕੀ ਕੀਤਾ ਜਾਵੇ। ਉਹਦਾ ਪਤੀ ਉਹਨੂੰ ਤਾਂ ਛੱਡ ਸਕਦਾ ਹੈ, ਆਪਣੇ ਦੋਸਤ ਨੂੰ ਕਦੇ ਨਹੀਂ ਛੱਡੇਗਾ।"

"ਪਲਾਸਟਿਕ ਦੀ ਟੋਕਰੀ ਵਿੱਚ ਖਾਣ-ਪੀਣ ਦਾ ਸਾਰਾ ਸਾਮਾਨ ਪਾ ਕੇ ਉਹ ਚੱਲ ਪਏ। ਘਰ ਨੂੰ ਬਾਹਰੋਂ ਜਿੰਦਾ ਲਾ ਦਿੱਤਾ। ਕਾਫ਼ੀ ਦਿਨ ਚੜ੍ਹ ਆਇਆ ਸੀ। ਉਹ ਬਾਜ਼ਾਰ ਵਿੱਚ ਆ ਗਏ ਤੇ ਰਿਕਸ਼ਿਆਂ ਦੀ ਇੰਤਜ਼ਾਰ ਕਰਨ ਲੱਗੇ। ਸੁਦੀਪ ਇੱਕ ਦੁਕਾਨ ਉੱਤੇ ਗਿਆ ਤੇ ਆਪਣੇ ਦਫ਼ਤਰ ਦੀ ਕਲਰਕ-ਕੁੜੀ ਨੂੰ ਫ਼ੋਨ ਕਰ ਦਿੱਤਾ। ਓਦੋਂ ਤੱਕ ਉਹ ਦਫ਼ਤਰ ਆ ਚੁੱਕੀ ਸੀ। ਦੋ ਰਿਕਸ਼ਿਆਂ ਵਿੱਚ ਉਹ ਜਾ ਰਹੇ ਸਨ। ਰਾਹ ਵਿੱਚ ਸੜਕ ਉੱਤੇ ਦੋ ਨਵੇਂ ਸਿਨਮਾ ਘਰ ਆਏ। ਰੇਸ਼ਮਾ ਸੁਦੀਪ ਨਾਲ ਬੈਠੀ ਹੋਈ ਸੀ ਤੇ ਨਾਲ ਹੀ ਰੇਸ਼ਮਾ ਦਾ ਮੁੰਡਾ ਰੋਹਿਤ। ਅਲਕਾ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਦੂਜੇ ਰਿਕਸ਼ਾ ਵਿੱਚ ਸੀ। ਟੋਕਰੀ ਵੀ ਉਹਦੇ ਕੋਲ ਸੀ। ਸੁਦੀਪ ਨੇ ਦੱਸਿਆ ਕਿ ਇਹ ਦੋਵੇਂ ਸਿਨਮਾਘਰ ਬਠਿੰਡੇ ਦੀ ਨਵੀਂ ਉਸਾਰੀ ਵੇਲੇ ਬਣੇ ਸਨ। ਨਹੀਂ ਤਾਂ ਪਹਿਲਾਂ ਬਠਿੰਡੇ ਵਿੱਚ ਸਿਰਫ਼ ਇੱਕ ਸਿਨਮਾਘਰ ਹੁੰਦਾ ਸੀ। ਉਹ ਹੁਣ ਬੰਦ ਪਿਆ, ਉਹਦਾ ਕੋਈ ਝਗੜਾ ਚੱਲ ਰਿਹਾ ਹੈ। ਰੇਸ਼ਮਾ ਨੇ ਦੋਵੇਂ ਸਿਨਮਿਆਂ ਦੇ ਬੋਰਡਾਂ ਵੱਲ ਝਾਤ ਤਾਂ ਮਾਰੀ ਕਿ ਕਿਹੜੀ-ਕਿਹੜੀ ਪਿਕਚਰ ਲੱਗੀ ਹੋਈ ਹੈ, ਪਰ ਪਿਕਚਰ ਦੇਖਣ ਦੀ ਦਿਲਚਸਪੀ ਨਹੀਂ ਦਿਖਾਈ। ਨਹੀਂ ਤਾਂ ਨਵੀਂ ਫ਼ਿਲਮ ਦਾ ਨਾਉਂ ਸੁਣ ਕੇ ਉਹ ਟੱਪ ਉੱਠਿਆ ਕਰਦੀ ਸੀ- "ਜੀਜਾ ਜੀ, ਹਾਏ! ਇਹ ਫ਼ਿਲਮ ਤਾਂ ਮੈਂ ਜ਼ਰੂਰ ਦੇਖਾਂਗੀ।" ਪਰ ਇਹ ਗੱਲਾਂ ਅੰਮ੍ਰਿਤਸਰ ਦੀਆਂ ਸਨ। ਜਦੋਂ ਉਹ ਕੰਵਾਰੀ ਹੁੰਦੀ। ਜਦੋਂ ਉਹ ਵਕਤ ਦੇ ਝਮੇਲਿਆਂ ਵਿੱਚ ਤਿਲ-ਮਾਤਰ ਵੀ ਨਹੀਂ ਫ਼ਸੀ ਸੀ। ਵਿਆਹ ਨੇ ਪਤਾ ਨਹੀਂ ਹੁਣ ਉਹਨੂੰ ਐਨਾ ਗੰਭੀਰ ਕਿਉਂ ਕਰ ਦਿੱਤਾ ਸੀ। ਉਹ ਐਸੀ 'ਸਮਝਦਾਰ' ਜਿਹੀ ਕਿਉਂ ਬਣ ਗਈ ਸੀ? ਉਹਦੀਆਂ ‘ਸਮਝਾਂ’ ਨੇ ਤਾਂ ਜਿਵੇਂ ਉਹਨੂੰ ਦਸ ਵਰ੍ਹੇ ਅਗਾਂਹ ਲਿਜਾ ਕੇ ਕਿਸੇ ਉਦਾਸ ਜਿਹੀ ਫ਼ਿਜ਼ਾ ਵਿੱਚ ਖੜ੍ਹਾ ਕਰ ਦਿੱਤਾ ਹੋਵੇ।

ਸੁਦੀਪ ਸੋਚ ਰਿਹਾ ਸੀ ਕਿ ਰੇਸ਼ਮਾ ਆਪਣੇ ਸੱਸ-ਸਹੁਰੇ, ਕਿਸੇ ਨਣਦ-ਦਿਉਰ ਜਾਂ ਤਰਸੇਮ ਲਾਲ ਦੀ ਗੱਲ ਕਿਉਂ ਨਹੀਂ ਕਰਦੀ, ਹੋਰਾਂ ਦੀਆਂ ਕਹਾਣੀਆਂ ਹੀ ਸੁਣਾਉਂਦੀ ਜਾ ਰਹੀ ਹੈ?

ਰੋਜ਼ ਗਾਰਡਨ ਜਾ ਕੇ ਪਹਿਲਾਂ ਤਾਂ ਉਹਨਾਂ ਸਭ ਨੇ ਫਿਰ ਤੁਰ ਕੇ ਫੁੱਲਾਂ ਦੇ ਬੂਟੇ ਦੇਖੇ। ਹਰ ਕਿਆਰੀ ਦੀ ਤਖਤੀ ਪੜ੍ਹਦੇ ਜਾ ਰਹੇ ਸਨ। ਸੁਦੀਪ ਖ਼ਾਸ ਤੌਰ 'ਤੇ ਰੇਸ਼ਮਾ ਨੂੰ ਫੁੱਲਾਂ ਬਾਰੇ ਦੱਸ ਰਿਹਾ ਸੀ। ਬੱਚਿਆਂ ਨੂੰ ਫੁੱਲ ਬੂਟੇ ਦੇਖਣ ਦਾ ਕੋਈ ਖ਼ਾਸ ਚਾਅ ਨਹੀਂ ਸੀ। ਉਹ ਤਾਂ ਇੱਕ ਦੂਜੇ ਨੂੰ ਛੇੜਦੇ ਤੇ ਭੱਜਦੇ ਹੋਏ ਦੂਰ ਨਿੱਕਲ ਜਾਂਦੇ। ਫੇਰ ਓਧਰੋਂ ਭੱਜੇ ਆਉਂਦੇ ਤੇ ਮੰਮੀਆਂ ਕੋਲ ਆ ਖੜ੍ਹਦੇ। ਮੰਮੀਆਂ ਦੇ ਹੱਥਾਂ ਦੀਆਂ ਉਂਗਲਾਂ ਫੜ ਕੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ। ਘੰਟਾ ਭਰ ਘੁੰਮ ਫਿਰ ਕੇ ਉਨ੍ਹਾਂ ਨੇ ਇੱਕ ਟੂਟੀ ਤੋਂ ਪਾਣੀ ਪੀਤਾ। ਫੇਰ ਇੱਕ ਵੱਡੇ ਸਾਰੇ ਥੜ੍ਹੇ ਦੀ ਛਾਂ ਵਿੱਚ ਘਾਹ ਉੱਤੇ ਬੈਠ ਗਏ। ਬੱਚੇ ਟਿਕ ਕੇ ਨਹੀਂ ਬੈਠ ਰਹੇ ਸਨ। ਅਲਕਾ ਉਹਨਾਂ ਨੂੰ ਝਿੜਕ-ਝਿੜਕ ਬਿਠਾਉਂਦੀ, ਪਰ ਉਹ ਝਿੜਕਾਂ ਦੀ ਕੋਈ ਪਰਵਾਹ ਨਾ ਕਰਦੇ ਤੇ ਉੱਠ ਕੇ ਏਧਰ-ਓਧਰ ਭੱਜ ਜਾਂਦੇ, ਫੁੱਲਾਂ ਉੱਤੇ ਬੈਠੀਆਂ ਤਿਤਲੀਆਂ ਵਾਂਗ। ਅਲਕਾ ਘਾਹ ਉੱਤੇ ਟੇਢੀ ਹੋ ਗਈ। ਉਹ ਥੱਕੀ ਥੱਕੀ ਲੱਗਦੀ ਸੀ। ਬੱਚੇ ਹੁਣ ਦੂਰ ਜਾ ਚੁੱਕੇ ਸਨ। ਤਿਤਲੀਆਂ ਮਗਰ ਦੌੜਦੇ-ਦੌੜਦੇ। ਰੇਸ਼ਮਾ ਨੇ ਇੱਕ ਹੋਰ ਕਹਾਣੀ ਛੋਹ ਦਿੱਤੀ। ਕਹਿ ਰਹੀ ਸੀ- "ਇਹ ਬਿਲਕੁਲ ਸੱਚੀ ਐ।"

"ਤੂੰ ਸੱਚੀ ਆਖ ਕੇ ਸੁਣਾ ਰਹੀ ਐਂ ਤਾਂ ਮੈਂ ਸੱਚੀ ਸਮਝ ਕੇ ਹੀ ਸੁਣ ਰਿਹਾਂ, ਸੁਣਾ।"

"ਜਿੱਥੇ ਸਾਡਾ ਪੁਰਾਣਾ ਮਕਾਨ ਹੈ ਨਾ, ਓਸੇ ਮੁਹੱਲੇ ਦੀ ਦੂਜੀ ਗਲੀ ਵਿੱਚ ਇੱਕ ਹਵੇਲੀ ਹੈ, ਛੋਟੀਆਂ ਇੱਟਾਂ ਦੀ, ਤੁਸੀਂ ਦੇਖੀ ਹੋਣੀ ਐ। ਮੇਨ-ਗੇਟ ਉੱਚਾ ਜਿਹਾ, ਦਿਹਲੀ ਤੱਕ ਤਿੰਨ ਚਾਰ ਪੌੜੀਆਂ ਨੇ। ਓਸ ਹਵੇਲੀ ਨੂੰ ਰਾਮ ਦਾਸ ਹਵੇਲੀ ਆਖਦੇ ਨੇ। ਸੇਠ ਰਾਮ ਦਾਸ ਬੜਾ ਵੱਡਾ ਵਪਾਰੀ ਸੀ, ਕੱਪੜੇ ਦਾ। ਉਹਦੇ ਚਾਰ ਮੰਡੇ ਸੀ ਹੁਣ ਤਿੰਨ ਰਹਿ ਗਏ। ਇੱਕ ਮਰ ਗਿਆ। ਵੱਡੇ ਤੋਂ ਛੋਟਾ ਸੀ, ਮਰਨ ਵਾਲਾ। ਖਾਨਦਾਨੀ ਰਵਾਇਤ, ਉਨ੍ਹਾਂ ਦੇ ਪਰਿਵਾਰਾਂ ਵਿੱਚ ਬਹੂ ਜੇ ਰੰਡੀ ਹੋ ਜਾਏ ਤਾਂ ਮਾਪੇ ਉਹਦਾ ਦੂਜਾ ਵਿਆਹ ਨਹੀਂ ਕਰਦੇ। ਉਹ ਸਹੁਰੇ ਘਰ ਹੀ ਆਪਣੀ ਸਾਰੀ ਉਮਰ ਬਿਤਾ ਦਿੰਦੀ ਹੈ। ਉਹਦਾ ਇੱਕ ਬੱਚਾ ਵੀ ਹੈ। ਉਹਨੂੰ ਵੱਖਰਾ ਕਮਰਾ ਦਿੱਤਾ ਹੋਇਆ ਹੈ। ਸਾਰਾ ਟੱਬਰ ਇਕੱਠਾ ਹੈ। ਸਾਰਿਆਂ ਦੀ ਇੱਕ ਥਾਂ ਰੋਟੀ ਬਣਦੀ ਹੈ। ਓਸ ਔਰਤ ਦੇ ਦੋਵੇਂ ਦਿਉਰ ਵਿਆਹੇ ਵਰ੍ਹੇ ਨੇ। ਉਹ ਰੰਡੀ-ਔਰਤ ਤਿੰਨਾਂ ਭਰਾਵਾਂ ਦੀ ਰਖੇਲ ਬਣ ਕੇ ਰਹਿ ਗਈ ਹੈ। ਜੇਠ ਕੋਈ ਵੀ ਮੌਕਾ ਤਾੜ ਕੇ ਉਹਦੇ ਕਮਰੇ ਵਿੱਚ ਆ ਵੜਦਾ ਹੈ। ਦਿਉਰ ਵੀ ਏਵੇਂ ਹੀ ਕਰਦੇ ਨੇ। ਉਹ ਆਪਣੇ ਮਾਂ-ਬਾਪ ਕੋਲ ਜਾਵੇ ਤਾਂ ਪੰਜਾਂ ਸੱਤਾਂ ਦਿਨਾਂ ਬਾਅਦ ਹੀ ਕੋਈ ਉਹਨੂੰ ਜਾ ਕੇ ਲੈ ਆਉਂਦਾ ਹੈ। ਕਦੇ-ਕਦੇ ਦਿਉਰ ਤੇ ਕਦੇ ਜੇਠ ਸਾਹਿਬ। ਤਿੰਨਾਂ ਦੀਆਂ ਬਹੂਆਂ ਨੂੰ ਸਭ ਪਤਾ ਹੈ, ਪਰ ਬੋਲਦੀ ਕੁਸਕਦੀ ਕੋਈ ਨਹੀਂ। ਖ਼ਾਨਦਾਰੀ ਰੋਅਬ ਬਹੁਤ ਭਾਰੂ ਹੈ। ਉਹ ਵਿਚਾਰੀ ਘਰ ਵਿੱਚ ਖਾਧੀ ਜਾਣ ਵਾਲੀ ਇੱਕ ਵਸਤੁ ਬਣ ਕੇ ਰਹਿ ਗਈ, ਜਿਵੇਂ ਕੱਕੜੀ ਖਰਬੂਜ਼ਾ ਜਾਂ ਕੋਈ ਵੀ ਚੀਜ਼। ਫਰਿੱਜ ਵਿੱਚ ਪਈ ਹੋਈ, ਕੋਈ ਵੀ ਫਰਿੱਜ ਖੋਲ੍ਹੇ ਤੇ ਇੱਛਾ ਅਨੁਸਾਰ ਖਾ ਲਵੇ।"

"ਓਸ ਔਰਤ ਨੇ ਕਦੇ ਕੋਈ ਇਨਕਾਰ ਦੀ ਭਾਵਨਾ ਨਹੀਂ ਦਿਖਾਈ?" ਸੁਦੀਪ ਨੇ ਪੁੱਛਿਆ।

"ਉਹ ਖਾਨਦਾਨੀ ਔਰਤ ਐ। ਬਾਹਰ ਤਾਂ ਇਹ ਹਵਾ ਬਣੀ ਹੋਈ ਹੈ ਕਿ ਤਿੰਨੇ ਭਰਾ ਆਪਣੀ ਇੱਕ ਵਿਧਵਾ ਭਰਜਾਈ ਦੀ ਕਿੰਨੀ ਸੇਵਾ-ਸੰਭਾਲ ਕਰਦੇ ਨੇ। ਭਤੀਜਾ ਪਲ ਰਿਹਾ ਹੈ। ਉਹ ਕੋਈ ਵਿਦਰੋਹ ਕਰੇਗੀ ਤਾਂ ਬਾਹਰਲੀ ਹਵਾ ਖ਼ਰਾਬ ਹੋ ਜਾਏਗੀ। ਉਹ ਚੁੱਪ-ਚਾਪ ਸਭ ਸਹਿੰਦੀ ਜਾ ਰਹੀ ਹੈ। ਖ਼ਾਨਦਾਨ ਦੀ ਸਾਊ ਨੂੰਹ-ਧੀ ਜੋ ਹੋਈ।"

"ਉਂਝ ਕਦੇ ਵੀ ਕੋਈ ਹੋਰ ਘਟਨਾ ਵਾਪਰੀ ਹੋਵੇ?"

"ਹਾਂ, ਇਹੀ ਮੈਂ ਤੁਹਾਨੂੰ ਦੱਸਣ ਲੱਗੀ ਸੀ। ਉਨ੍ਹਾਂ ਦੀ ਕੱਪੜੇ ਦੀ ਬਹੁਤ ਵੱਡੀ ਦੁਕਾਨ ਹੈ। ਥੋਕ ਦੀ ਦੁਕਾਨ। ਲੱਖਾਂ ਰੁਪਏ ਦਾ ਲੈਣ-ਦੇਣ ਰਹਿੰਦਾ ਹੈ। ਦੁਕਾਨ ਉੱਤੇ ਅਠਾਰਾਂ ਵੀਹ ਨੌਕਰ ਵੀ ਕੰਮ ਕਰਦੇ ਨੇ। ਨੌਕਰ ਘਰ ਵੀ ਕੰਮਾਂ-ਕਾਰਾਂ ਦੇ ਸਿਲਸਿਲੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਇੱਕ ਨੌਕਰ-ਮੁੰਡੇ ਨਾਲ ਇੱਕ ਵਾਰ ਉਸ ਰੰਡੀ-ਔਰਤ ਦਾ ਸੰਬੰਧ ਹੋ ਗਿਆ। ਕਿਵੇਂ ਹੋ ਗਿਆ, ਕਦੋਂ ਹੋ ਗਿਆ, ਕਿਸੇ ਨੂੰ ਕੋਈ ਪਤਾ ਨਹੀਂ। ਇੱਕ ਦਿਨ ਉਨ੍ਹਾਂ ਨੂੰ ਦੇਖ ਲਿਆ, ਜੇਠ ਦੀ ਘਰਵਾਲੀ ਨੇ। ਉਹਨੇ ਅਗਾਂਹ ਆਪਣੇ ਪਤੀ ਨੂੰ ਦੱਸ ਦਿੱਤਾ। ਹਵੇਲੀ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਨੌਕਰ-ਮੁੰਡੇ ਨੂੰ ਪੁਲਿਸ-ਥਾਣੇ ਪਹੁੰਚਾ ਦਿੱਤਾ ਗਿਆ। ਸਿਪਾਈਆਂ ਨੇ ਉਹਦੀ ਚੰਗੀ ਕੁਟਾਈ ਕੀਤੀ। ਫੇਰ ਸੇਠਾਂ ਨੇ ਉਹਨੂੰ ਕੰਮ ਤੋਂ ਹਟਾ ਦਿੱਤਾ। ਓਧਰ ਬਹੂ ਨੂੰ ਚਾਰ ਦਿਨ ਅੰਦਰ ਕਮਰੇ ਵਿੱਚ ਬੰਦ ਰੱਖਿਆ। ਨਾ ਰੋਟੀ, ਨਾ ਪਾਣੀ। ਉਹਦੇ ਰੌਂਦੇ-ਕੁਰਲਾਉਂਦੇ ਮੁੰਡੇ ਨੂੰ ਚਾਚੀਆਂ ਸੰਭਾਲਦੀਆਂ ਰਹੀਆਂ। ਮੁੜ ਕੇ ਨੋਜਵਾਨ ਨੌਕਰਾਂ ਦਾ ਘਰ ਆਉਣਾ-ਜਾਣਾ ਬੰਦ। ਚਾਰ ਬੁੱਢੇ-ਠੇਰੇ ਹੀ ਆਉਂਦੇ।" "ਅਜੀਬ ਖ਼ਾਨਦਾਨੀ ਰਿਵਾਇਤਾਂ ਨੇ ਬਈ ਇਹ ਤਾਂ। ਮੈਂ ਕਹਾਣੀ ਲਿਖੀ ਤਾਂ ਉਹ ਔਰਤ ਦੇ ਮੂੰਹੋਂ ਨੰਗਾ ਸੱਚ ਬੁਲਵਾ ਦਿਆਂਗਾ। ਅਜਿਹੇ ਖ਼ਾਨਦਾਨੀ ਵੱਕਾਰ ਦਾ ਚੌਰਾਹੇ ਵਿੱਚ ਭਾਂਡਾ ਭੰਨਣਾ ਚਾਹੀਦਾ ਹੈ। ਉਹ ਔਰਤ ਉਸ ਖ਼ਾਨਦਾਨ ਦੀ ਝੂਠੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਸਕਦੀ ਹੈ। ਕਹਾਣੀ ਦਾ ਇਸ ਤਰ੍ਹਾਂ ਦਾ ਹੀ ਕੋਈ ਅੰਤ ਹੋਣਾ ਚਾਹੀਦਾ ਹੈ।"

"ਲਿਖੋ ਫੇਰ। ਏਸੇ ਕਰਕੇ ਤਾਂ ਤੁਹਾਨੂੰ ਸੁਣਾਈ ਹੈ ਇਹ ਕਹਾਣੀ।"

ਉਹਨਾਂ ਨੇ ਦੇਖਿਆ, ਅਲਕਾ ਘਾਹ ਉੱਤੇ ਹੀ ਸੌਂ ਚੁੱਕੀ ਸੀ। ਹਵਾ ਵਿੱਚ ਅਜੇ ਕੁਝ ਠੰਡਕ ਸੀ। ਉਹਦੇ ਨਿੱਕੇ-ਨਿੱਕੇ ਘੁਰਾੜੇ ਸੁਗੰਧੀਆਂ ਭਰੀ ਖ਼ਾਮੋਸ਼ ਫ਼ਿਜ਼ਾ ਵਿੱਚ ਤਰੰਗਾਂ ਛੇੜ ਰਹੇ ਸਨ। ਰੋਜ਼ ਗਾਰਡਨ ਵਿੱਚ ਇਸ ਸਮੇਂ ਬਹੁਤ ਘੱਟ ਲੋਕ ਆਉਂਦੇ ਹਨ। ਸਵੇਰੇ ਤੇ ਡੂੰਘੀ ਸ਼ਾਮ ਨੂੰ ਹੀ ਖ਼ਾਸ ਚਹਿਲ-ਪਹਿਲ ਹੁੰਦੀ ਹੈ।

ਥੋੜ੍ਹੇ ਸਮੇਂ ਬਾਅਦ ਰੋਹਿਤ ਆਉਂਦਾ ਉਨ੍ਹਾਂ ਨੇ ਦੇਖਿਆ। ਸੋਨੀਆ ਉਹਨੂੰ ਵਰਿਆਉਂਦੀ ਆ ਰਹੀ ਸੀ, ਪਰ ਉਹਦੀ ਰੀਂ-ਰੀਂ ਜਾਰੀ ਸੀ। ਸੋਨੀਆ ਨੇ ਨੇੜੇ ਆ ਕੇ ਦੱਸਿਆ ਕਿ ਦੀਨੂੰ ਤੇ ਰੋਹੀ ਦਾ ਇੱਕ ਫੁੱਲ ਪਿੱਛੇ ਝਗੜਾ ਹੋ ਗਿਆ। ਦੀਨੂੰ ਨੇ ਰੋਹੀ ਨੂੰ ਮਾਰਿਆ ਹੈ। ਪਿੱਛੇ-ਪਿੱਛੇ ਆ ਰਿਹਾ ਦਿਨੇਸ਼ ਰੋਹੀ ਦੀ ਸ਼ਿਕਾਇਤ ਲਾ ਰਿਹਾ ਸੀ ਕਿ ਰੋਹੀ ਨੇ ਉਸ ਨੂੰ ਗਾਲ੍ਹ ਕੱਢੀ।

ਰੇਸ਼ਮਾ ਰੋਹਿਤ ਨੂੰ ਗੋਦੀ ਵਿੱਚ ਲੈ ਕੇ ਪਿਆਰ ਕਰਨ ਲੱਗੀ। ਬੱਚਿਆਂ ਦਾ ਰੌਲ਼ਾ-ਗੌਲ਼ਾ ਸੁਣ ਕੇ ਅਲਕਾ ਜਾਗ ਉੱਠੀ ਤੇ ਅੱਖਾਂ ਮਲਣ ਲੱਗੀ। ਪੁੱਛਿਆ, "ਕੀ ਟਾਈਮ ਹੋ ਗਿਆ?"

"ਨਾਸ਼ਤਾ ਕਰੀਏ, ਬੇਗ਼ਮ ਸਾਹਿਬਾ?" ਸੁਦੀਪ ਨੇ ਟੁਣਕ ਕੇ ਕਿਹਾ।

"ਹੋ ਗਈਆਂ ਗੱਲਾਂ" ਅਲਕਾ ਮੁਸਕਰਾ ਰਹੀ ਸੀ।

ਮੀਆਂ-ਬੀਵੀ ਦਾ ਵਿਵਹਾਰ ਦੇਖ ਕੇ ਰੇਸ਼ਮਾ ਹੋਰ ਉਦਾਸ ਹੋ ਗਈ। ਅੱਧਾ ਸਾਹ ਉਹਨੇ ਆਪਣੇ ਸੰਘੋਂ ਥੱਲੇ ਹੀ ਮੋੜ ਲਿਆ ਤੇ ਫੇਰ ਰੋਹਿਤ ਦੇ ਵਾਲ਼ਾਂ ਉੱਤੇ ਹੱਥ ਫੇਰਨ ਲੱਗੀ।

"ਭੁੱਖ ਤਾਂ ਖ਼ੂਬ ਲੱਗੀ ਹੋਣੀ ਐਂ, ਰੇਸ਼ਮਾ?" ਸੁਦੀਪ ਉਹਦੇ ਵੱਲ ਸਨੇਹ ਨਾਲ ਝਾਕਿਆ।

"ਤੁਹਾਨੂੰ ਨਹੀਂ ਲੱਗੀ ਭੁੱਖ? ਕਰ ਲਓ, ਨਾਸ਼ਤਾ ਤਾਂ ਕਰਨਾ ਹੀ ਕਰਨਾ ਹੈ। ਰੇਸ਼ਮਾ ਨੇ ਕਿਹਾ।

ਨਾਸ਼ਤੇ ਬਾਅਦ ਉਹ ਉੱਠਣ ਹੀ ਲੱਗੇ ਸਨ ਕਿ ਅਲਕਾ ਨੇ ਯਾਦ ਕਰਾਇਆ-"ਇਕ-ਇਕ ਕੱਪ ਚਾਹ ਵੀ ਲੈ ਲਓ। ਥਰਮਸ ਭਰ ਕੇ ਕਾਹਦੇ ਲਈ ਲਿਆਂਦੀ ਐ।"

"ਵਾਹ! ਕਮਾਲ ਐ, ਚਾਹ ਵੀ ਹੈ?" ਸੁਦੀਪ ਖਿੜ ਉੱਠਿਆ।

ਰੋਜ਼ ਗਾਰਡਨ ਤੋਂ ਬਾਹਰ ਆ ਕੇ ਉਹ ਝੀਲਾਂ ਦੇਖਣ ਲੱਗੇ। ਇੱਕ ਝੀਲ ਕਿਨਾਰੇ ਦੋ ਕਿਸ਼ਤੀਆਂ ਖੜ੍ਹੀਆਂ ਸਨ। ਬੋਟਿੰਗ ਵੀ ਹੁੰਦੀ ਹੋਵੇਗੀ।

ਧੁੱਪ ਪੂਰੀ ਤੇਜ਼ ਹੋ ਚੁੱਕੀ ਸੀ, ਪਰ ਹਾਲੇ ਤਿੱਖੀ ਲੂਅ ਨਹੀਂ ਵਗਣ ਲੱਗੀ ਸੀ। ਉਹ ਪਹਿਲਾਂ ਵਾਂਗ ਹੀ ਦੋ ਰਿਕਸ਼ਿਆਂ ਵਿੱਚ ਬੈਠ ਗਏ। ਓਸੇ ਤਰ੍ਹਾਂ ਇੱਕ ਵਿੱਚ ਸੁਦੀਪ ਤੇ ਰੇਸ਼ਮਾ ਤੇ ਦੂਜੇ ਵਿੱਚ ਅਲਕਾ। ਇਸ ਵਾਰ ਤਿੰਨੇ ਬੱਚੇ ਅਲਕਾ ਵਾਲੇ ਰਿਕਸ਼ਾ ਵਿੱਚ ਫ਼ਸ ਕੇ ਬੈਠੇ ਹੋਏ ਸਨ।

ਰੇਸ਼ਮਾ ਕਹਿਣ ਲੱਗੀ, "ਤੁਹਾਨੂੰ ਇੱਕ ਹੋਰ ਔਰਤ ਦੀ ਗੱਲ ਦੱਸਦੀ ਹਾਂ। ਉਹ ਆਪਣੇ ਪਤੀ ਨਾਲੋਂ ਉਮਰ ਵਿੱਚ ਵੱਡੀ ਹੈ। ਉਨ੍ਹਾਂ ਦੇ ਬੱਚੇ ਹਨ, ਪਰ ਪਤੀ ਆਪਣੀ ਹਮ-ਉਮਰ ਇੱਕ ਹੋਰ ਔਰਤ ਕੋਲ ਜਾਂਦਾ ਹੈ।"

"ਪਤੀ, ਠੀਕ ਐ ਫੇਰ।” ਸੁਦੀਪ ਨੇ ਫ਼ੈਸਲਾ ਸੁਣਾਇਆ। ਤੇ ਫੇਰ ਕਹਿਣ ਲੱਗਿਆ, "ਇਸ ਕਹਾਣੀ ਵਿੱਚ ਲਿਖਣ ਵਾਲੀ ਕਿਹੜੀ ਗੱਲ ਐ?"

"ਪਰ ਉਹ ਔਰਤ ਆਪਣੇ ਪਤੀ ਨੂੰ ਚਾਹੁੰਦੀ ਬਹੁਤ ਐ।"

"ਉਸਨੇ ਤਾਂ ਚਾਹੁਣਾ ਹੀ ਸੀ। ਉਹ ਵੱਡੀ ਹੈ ਨਾ, ਉਮਰ ਵਿਚ। ਸੈਕਸ ਦੇ ਮਾਮਲੇ ’ਚ...।"

"ਨਹੀਂ ਜੀਜਾ ਜੀ, ਉਸ ਔਰਤ ਦੀ ਸਮੱਸਿਆ ਹੋਰ ਐ। ਉਹਦਾ ਪਤੀ ਉਹਦਾ ਅਗਿਆਕਾਰ ਬਹੁਤ ਹੈ। ਬੱਚਿਆਂ ਵਾਂਗ ਕਹਿਣਾ ਮੰਨਦਾ ਹੈ। ਪਤਨੀ ਦੇ ਆਖੇ ਦੀ ਉਲੰਘਣਾ ਨਹੀਂ ਕਰਦਾ। ਉਹ ਆਪਣੇ ਪਤੀ ਨੂੰ ਰੋਕ ਨਹੀਂ ਸਕਦੀ ਕਿ ਉਹ ਕਿਸੇ ਹੋਰ ਔਰਤ ਕੋਲ ਨਾ ਜਾਵੇ। ਉਹ ਬੰਦਾ ਆਪਣੀ ਪਤਨੀ ਦਾ ਵੀ ਪੂਰਾ ਸਾਥ ਦਿੰਦੈ, ਪਰ ਇੱਕ ਦੂਰੀ ਜਿਹੀ, ਇੱਕ ਵਿੱਥ ਜਿਹੀ ’ਤੇ, ਇੱਕ ਅਜਨਬੀਅਤ ਜਿਹੀ ਹਮੇਸ਼ਾ ਉਹਦੇ ਪਿੰਡੇ ਨੂੰ ਖੁਰਚਦੀ ਰਹਿੰਦੀ ਐ।"

"ਉਸ ਅੰਦਰ ਘਟੀਆਪਣ ਦਾ ਅਹਿਸਾਸ ਹੈ। ਬੰਦਾ ਕਿਤੇ ਜਾਂਦਾ ਫਿਰੇ, ਉਹਨੂੰ ਪੂਰਾ ਸਮਾਂ ਦਿੰਦੈ। ਬੰਦੇ ਦਾ ਕੀਹ ਐ, ਉਹ ਤਾਂ...।"

"ਨਹੀਂ ਜੀਜਾ ਜੀ, ਇਹ ਗੱਲ ਨਹੀਂ। ਇਹ ਤਾਂ ਗ਼ਲਤ ਹੈ। ਤੁਸੀਂ ਮਰਦ ਲੋਕ ਨਹੀਂ ਸਮਝ ਸਕਦੇ, ਇਸ ਦਰਦ ਨੂੰ। ਤੁਸੀਂ ਔਰਤ ਦੇ ਨੁਕਤੇ ਤੋਂ ਸੋਚ ਕੇ ਦੇਖੋ ਜ਼ਰਾ।"

"ਬਈ, ਔਰਤ ਦੇ ਨੁਕਤੇ ਤੋਂ ਹੀ ਸੋਚ ਰਿਹਾਂ।"

"ਨਹੀਂ ਸੋਚ ਰਹੇ।

ਘਰ ਆ ਕੇ ਸਭ ਨੇ ਨਿੰਬੂ-ਪਾਣੀ ਪੀਤਾ। ਫੇਰ ਅਲਕਾ ਦੁਪਹਿਰ ਦੀ ਰੋਟੀ ਦਾ ਆਹਰ ਕਰਨ ਲੱਗੀ। ਸੁਦੀਪ ਚਾਹ ਦਾ ਪਿਆਲਾ ਪੀ ਕੇ ਦਫ਼ਤਰ ਚਲਿਆ ਗਿਆ। ਕਹਿੰਦਾ- "ਹੁਣੇ ਆਇਆ ਮੈਂ ਅਲਕਾ। ਜ਼ਰਾ ਇੱਕ ਚੱਕਰ ਮਾਰ ਆਵਾਂ।"

ਰੇਸ਼ਮਾ ਅਲਕਾ ਦਾ ਹੱਥ ਵਟਾਉਣ ਲੱਗੀ। ਬੱਚੇ ਖਿਲੌਣੇ ਲੈ ਕੇ ਬੈਠ ਗਏ। ਅਸਲ ਵਿੱਚ ਉਹ ਦੋਵੇਂ ਭੈਣ-ਭਾਈ ਦੇਖ ਰਹੇ ਸਨ ਕਿ ਰੋਹਿਤ ਨੂੰ ਕਿਹੜਾ ਖਿਲੌਣਾ ਪਸੰਦ ਹੈ।

ਸੁਦੀਪ ਜ਼ਰਾ ਲੇਟ ਆਇਆ। ਬੱਚੇ ਰੋਟੀ ਖਾ ਚੁੱਕੇ ਸਨ। ਉਹ ਦੋਵੇਂ ਸੁਦੀਪ ਦੀ ਉਡੀਕ ਵਿੱਚ ਬੈਠੀਆਂ ਅੰਮ੍ਰਿਤਸਰ ਦੀਆਂ ਗੱਲਾਂ ਕਰਦੀਆਂ ਰਹੀਆਂ। ਪ੍ਰਮੋਦ ਤੇ ਵਿਨੋਦ ਦੀਆਂ ਵਹੁਟੀਆਂ ਦੀਆਂ ਗੱਲਾਂ ਤੇ ਆਂਢ-ਗੁਆਂਢ ਦੀਆਂ ਕੁੜੀਆਂ ਬਾਰੇ, ਕਿਹੜੀ ਵਿਆਹੀ ਗਈ ਤੇ ਕਿਹੜੀ ਰਹਿ ਗਈ। ਕੀਹਨੂੰ ਕਿਹੋ ਜਿਹਾ ਹਸਬੈਂਡ ਮਿਲਿਆ ਹੈ।

ਸ਼ਾਮ ਦੀ ਰੋਟੀ ਲਈ ਅਲਕਾ ਖਾਸਾ ਕੁਝ ਕਰਨ ਲੱਗੀ। ਕਿਧਰੇ ਕੱਦੂ ਦੇ ਕੋਫ਼ਤੇ ਬਣ ਰਹੇ ਸਨ। ਧੋਤੇ ਮਾਹਾਂ ਦੀ ਸੁੱਕੀ ਦਾਲ। ਵਿੱਚ ਖੋਪਾ, ਦਾਖਾਂ, ਕਾਜੂ ਤੇ ਛੋਟੀ ਅਲੈਚੀ ਪਾ ਕੇ ਖੀਰ ਕਮਾਲ ਦੀ ਬਣਾਉਂਦੀ ਹੁੰਦੀ ਅਲਕਾ। ਬਾਜ਼ਾਰੋਂ ਦੇਖ-ਦੇਖ ਕੇ ਮਿੱਠੇ ਅੰਬ ਲੈ ਕੇ ਆਈ ਉਹ। ਅੰਬਾਂ ਦਾ ਗੁੱਦਾ ਪਾ ਕੇ ਰਾਤ ਨੂੰ ਫਰਿੱਜ ਵਿੱਚ ਆਈਸ-ਕਰੀਮ ਵੀ ਰੱਖ ਦਿੱਤੀ।

ਫੇਰ ਰਾਤ ਨੂੰ ਜਦੋਂ ਅਲਕਾ ਬਰਤਨ ਸਾਫ਼ ਕਰਨ ਲੱਗੀ, ਬੱਚੇ ਟੀ. ਵੀ. ਦੇਖ ਰਹੇ ਸਨ, ਸੁਦੀਪ ਤੇ ਰੇਸ਼ਮਾ ਛੱਤ ਉੱਤੇ ਜਾ ਬੈਠੇ। ਏਧਰ-ਓਧਰ ਦੀਆ ਗੱਲਾਂ ਹੋਣ ਲੱਗੀਆਂ। ਸੁਦੀਪ ਨੇ ਆਪਣੇ ਸਾਢੂ ਤਰਸੇਮ ਲਾਲ ਦੀ ਗੱਲ ਛੇੜੀ ਤਾਂ ਰੇਸ਼ਮਾ ਟਾਲ ਗਈ। ਕਹਿਣ ਲੱਗੀ, "ਅੱਛਾ, ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦੀ ਹਾਂ। ਇਹ ਵੀ ਲਿਖਿਓ। ਬਸ ਇਹੀ ਇੱਕ ਸੁਣਾਵਾਂਗੀ, ਫੇਰ ਹੋਰ ਨਹੀਂ।"

"ਕਿਉਂ ਹੋਰ ਕਿਉਂ ਨਹੀਂ? ਸੁਣਾਉਂਦੀ ਜਾਹ।"

"ਤੁਸੀਂ ਕਿਹੜਾ ਸਾਰੀਆਂ ਲਿਖਣੀਆਂ ਹੋਣਗੀਆਂ। ਪਹਿਲਾਂ ਵਾਅਦਾ ਕਰੋ, ਲਿਖੋਗੇ ਇਹ ਸਭ ਕਹਾਣੀਆਂ?"

"ਹਾਂ ਜ਼ਰੂਰ, ਮੇਰੀ ਸਾਲ਼ੀ ਸਾਹਿਬਾ ਮੈਨੂੰ ਕਹਾਣੀਆਂ ਦੇ ਪਲਾਟ ਦੇ ਕੇ ਜਾਵੇ ਤੇ ਮੈਂ ਕਿਵੇਂ ਨਹੀਂ ਲਿਖਾਂਗਾ। ਬਈ, ਤੂੰ ਸੁਣਾ ਹੁਣ ਇਹ ਨਵੀਂ ਕਹਾਣੀ।"

"ਦੋ ਦੋਸਤ ਨੇ, ਇਕ ਸ਼ਾਦੀ-ਸ਼ੁਦਾ ਤੇ ਦੂਜਾ ਕੰਵਾਰਾ। ਦੋਸਤੀ ਉਹਨਾਂ ਦੀ ਬਹੁਤ ਪੱਕੀ ਐ। ਸ਼ਾਦੀ-ਸ਼ੁਦਾ ਦੋਸਤ ਨੂੰ ਟੀ. ਬੀ. ਹੋ ਜਾਂਦੀ ਹੈ। ਅਸਲ ਵਿੱਚ ਤਾਂ ਵਿਆਹ ਤੋਂ ਪਹਿਲਾਂ ਹੀ ਉਹਨੂੰ ਇਹ ਬੀਮਾਰੀ ਹੈਗੀ ਸੀ, ਪਰ ਉਹ ਚੋਰੀ-ਚੋਰੀ ਆਪਣਾ ਇਲਾਜ ਕਰਵਾ ਰਿਹਾ ਸੀ। ਕਿਸੇ ਨੂੰ ਦੱਸਦਾ ਨਹੀਂ ਸੀ। ਉਹਨੂੰ ਉਮੀਦ ਹੋਣੀ ਐ ਕਿ ਉਹ ਠੀਕ ਹੋ ਜਾਵੇਗੀ, ਪਰ ਵਿਆਹ ਤੋਂ ਬਾਅਦ ਬੀਮਾਰੀ ਹੋਰ ਵਧ ਜਾਂਦੀ ਹੈ। ਏਸੇ ਦੌਰਾਨ ਇੱਕ ਬੱਚਾ ਵੀ ਹੋ ਜਾਂਦਾ ਹੈ। ਫੇਰ ਵਿਚਾਰਾ ਉਹ ਕਾਫ਼ੀ ਜ਼ਿਆਦਾ ਬੀਮਾਰ ਰਹਿਣ ਲੱਗਦਾ ਹੈ। ਉਹਦਾ ਦੋਸਤ ਘਰ ਆਉਂਦਾ-ਜਾਂਦਾ ਹੈ। ਉਸ ਦੋਸਤ ਦੇ ਸੰਬੰਧ ਉਸ ਔਰਤ ਨਾਲ ਹੋ ਜਾਂਦੇ ਨੇ। ਦੋਸਤੀ ਦੀ ਭਾਵਨਾ ਅਧੀਨ ਇਹ ਸਭ ਹੁੰਦਾ ਹੈ। ਔਰਤ ਦੋ ਬੱਚੇ ਹੋਰ ਜੰਮਦੀ ਹੈ।"

“ਉਹ ਬੱਚੇ।

"ਪਿਛਲੇ ਦੋ ਬੱਚੇ ਉਸ ਦੋਸਤ ਦੇ ਨੇ। ਉਹਦਾ ਹਸਬੈਂਡ ਤਾਂ ਫੇਰ ਇਸ ਕਾਬਿਲ ਹੀ ਨਹੀਂ ਰਹਿ ਗਿਆ ਸੀ। ਉਹਦੇ ਹਸਬੈਂਡ ਨੂੰ ਵੀ ਇਹ ਪਤਾ ਹੁੰਦਾ ਹੈ, ਪਰ ਉਹ ਮਰੀਜ਼ ਹੈ, ਸਹਿ ਰਿਹਾ ਹੈ। ਉਹ ਤਾਂ ਸਗੋਂ ਆਪਣੇ ਦੋਸਤ ਦੀ ਮਿਹਰਬਾਨੀ ਸਮਝਦਾ ਹੈ। ਦੋਸਤ ਉਹਨੂੰ ਸੰਭਾਲਦਾ ਵੀ ਤਾਂ ਹੈ। ਘਰ ਦਾ ਸਾਰਾ ਖਰਚ ਤੇ ਬੀਮਾਰੀ ਉੱਤੇ ਲੱਗ ਰਹੇ ਪੈਸੇ, ਸਭ ਉਹ ਦੋਸਤ ਕਰਦਾ ਹੈ। ਅਖ਼ੀਰ ਉਸ ਔਰਤ ਦਾ ਪਤੀ ਮਰ ਜਾਂਦਾ ਹੈ।"

"ਫੇਰ ਕੀ ਹੁੰਦਾ ਹੈ? ਹੁਣ ਏਥੇ ਆ ਕੇ ਕਹਾਣੀ ਬਣੇਗੀ।" ਸੁਦੀਪ ਨੇ ਕਿਹਾ।

"ਉਹ ਔਰਤ ਹੁਣ ਆਪਣੇ ਪਤੀ ਦੇ ਦੋਸਤ ਨੂੰ ਕਹਿੰਦੀ ਹੈ ਕਿ ਉਹ ਉਹਦੇ ਨਾਲ ਵਿਆਹ ਕਰਵਾ ਲਵੇ। ਪਿਛਲੇ ਦੋ ਬੱਚੇ ਓਹਦੇ ਹੀ ਨੇ। ਤੇ ਨਾਲੇ ਦੋਸਤੀ ਦਾ ਮੁੱਲ ਵੀ ਅਦਾ ਹੋ ਜਾਏਗਾ।"

"ਵੈਸੇ ਰੇਸ਼ਮਾ, ਉਸ ਦੋਸਤ ਦਾ ਜਵਾਬ, ਜੋ ਤੂੰ ਹੁਣ ਦੱਸੇਂਗੀ, ਉਹ ਦੱਸਣ ਤੋਂ ਪਹਿਲਾਂ ਇਹ ਦੱਸ ਕਿ ਤੇਰੇ ਆਪਣੇ ਦਿਮਾਗ਼ ਅਨੁਸਾਰ ਕੀ ਹੋਣਾ ਚਾਹੀਦਾ ਹੈ?"

"ਮੈਂ ਤਾਂ ਕਹਿੰਦੀ ਹਾਂ, ਉਹਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ।" "ਠੀਕ! ਓਸ ਦੋਸਤ ਨੇ ਕੀ ਫ਼ੈਸਲਾ ਕੀਤਾ ਫੇਰ?"

"ਵਿਆਹ ਦੇ ਨਾਉਂ ਉੱਤੇ ਉਹ ਉਸ ਔਰਤ ਨੂੰ ਛੱਡ ਕੇ ਤੁਰ ਗਿਆ। ਮੁੜ ਕੇ ਕਦੇ ਘਰ ਨਹੀਂ ਆਇਆ। ਹੁਣ ਉਹ ਔਰਤ ਕੀ ਕਰੇ ਵਿਚਾਰੀ? ਉਹਨੂੰ ਆਪਣੇ ਪਤੀ ਮਰੇ ਦਾ ਐਨਾ ਦੁੱਖ ਨਹੀਂ, ਜਿੰਨਾ ਦੁੱਖ ਉਹਨੂੰ ਉਸ ਦੋਸਤ ਦਾ ਹੈ, ਉਹਦਾ ਉਹਦੀ ਜ਼ਿੰਦਗੀ ਵਿੱਚੋਂ ਹੀ ਨਿੱਕਲ ਜਾਣ ਦਾ ਦੁੱਖ।"

ਰੇਸ਼ਮਾ ਬਠਿੰਡੇ ਚਾਰ ਦਿਨ ਰਹੀ। ਉਨ੍ਹਾਂ ਨੇ ਓਥੋਂ ਦੀਆਂ ਹੋਰ ਥਾਵਾਂ ਵੀ ਦੇਖੀਆਂ। ਕਿਲ੍ਹਾ, ਥਰਮਲ ਪਲਾਂਟ ਤੇ ਇੱਕ ਦੋ ਹੋਰ ਥਾਵਾਂ। ਉਹਨੇ ਸੁਦੀਪ ਨੂੰ ਹੋਰ ਕਹਾਣੀਆਂ ਨਹੀਂ ਸੁਣਾਈਆਂ। ਬਠਿੰਡਾ ਛੱਡਣ ਤੋਂ ਇੱਕ ਦਿਨ ਪਹਿਲਾਂ ਉਹਨੇ ਅਲਕਾ ਨੂੰ ਤਰਸੇਮ ਲਾਲ ਬਾਰੇ ਦੱਸਿਆ- "ਘਰ ਦੇ ਬਰਤਨ ਸਾਫ਼ ਕਰਨ ਤੇ ਫ਼ਰਸ਼ਾਂ ਦੇ ਪੋਚੇ ਲਾਉਣ ਵਾਲੀ ਨੌਕਰਾਣੀ ਨਾਲ ਉਹਦਾ ਸੰਬੰਧ ਹੈ।"

"ਤੈਨੂੰ ਕੀ ਪਤਾ ਹੈ?"

"ਮੈਂ ਆਪ ਇੱਕ ਦਿਨ ਦੇਖਿਆ, ਦੋਵਾਂ ਨੂੰ।"

"ਤੂੰ ਝਗੜਾ ਕਿਉਂ ਨਹੀਂ ਕਰਦੀ ਤਰਸੇਮ ਨਾਲ?"

"ਨਹੀਂ ਮੰਨਦਾ। ਕਹਿੰਦਾ ਹੈ-ਹਾਂ, ਮੇਰਾ ਤਾਂ ਹੈਗਾ। ਮੈਂ ਤਾਂ ਏਸੇ ਤਰ੍ਹਾਂ ਕਰਾਂਗਾ। ਅਖੇ ਪਹਿਲਾਂ ਵਾਲੀਆਂ ਦੋ ਨੌਕਰਾਣੀਆਂ ਨਾਲ ਵੀ ਮੇਰੇ ਇਹੀ ਸੰਬੰਧ ਸੀ।"

"ਸਿੱਧੀ ਜਿਹੀ ਗੱਲ ਐ, ਤੂੰ ਨੌਕਰਾਣੀ ਨੂੰ ਹਟਾ ਦੇ, ਖ਼ੁਦ ਕਰਿਆ ਕਰ ਘਰ ਦਾ ਸਾਰਾ ਕੰਮ।"

"ਮੈਂ ਸਕੂਲ ਵੀ ਤਾਂ ਜਾਣਾ ਹੁੰਦਾ। ਐਡਾ ਪਰਿਵਾਰ, ਮੈਂ ਕਿਵੇਂ ਕਰ ਲਵਾਂਗੀ ਐਨਾ ਕੰਮ?" ਤੇ ਫੇਰ ਕਹਿਣ ਲੱਗੀ- "ਉਹਨੂੰ ਤਾਂ ਆਦਤ ਐ। ਉਹ ਰਹਿ ਨਹੀਂ ਸਕਦਾ।"

"ਫੇਰ ਕੀ ਸੋਚਿਆ ਹੈ ਤੂੰ?"

"ਸੋਚ-ਸੋਚ ਮੈਂ ਤਾਂ ਥੱਕ ਗਈ, ਦੀਦੀ। ਝਗੜਾ ਕਰਦੀ ਹਾਂ ਤਾਂ ਕੁੱਟ ਖਾ ਲੈਂਦੀ ਹਾਂ। ਸੱਸ-ਸਹੁਰਾ ਵੀ ਮੈਨੂੰ ਹੀ ਕੋਸਦੇ ਨੇ, ਅਖੇ ਤੂੰ ਸਾਡੇ ਮੁੰਡੇ ’ਤੇ ਦੂਸ਼ਣ ਲਾਉਂਦੀ ਹੈਂ।"

ਅਲਕਾ ਨੇ ਸਾਰੀ ਗੱਲ ਸੁਦੀਪ ਨੂੰ ਸੁਣਾਈ। ਉਹ ਹੈਰਾਨ ਸੀ ਕਿ ਉਹ ਦੂਜਿਆਂ ਦੀਆਂ ਐਨੀਆਂ ਕਹਾਣੀਆਂ ਸੁਣਾਉਂਦੀ ਰਹੀ, ਆਪਣੀ ਗੱਲ ਕਿਉਂ ਨਾ ਦੱਸੀ? ਫੇਰ ਉਹਨੂੰ ਸਮਝ ਆਉਣ ਲੱਗੀ ਕਿ ਉਹਨੇ ਜਿਹੜੀਆਂ ਪੰਜ ਕਹਾਣੀਆਂ ਸੁਣਾਈਆਂ, ਉਹਨਾਂ ਵਿੱਚ ਉਹ ਕਿਧਰੇ ਨਾ ਕਿਧਰੇ ਖ਼ੁਦ ਸ਼ਾਮਲ ਸੀ।

"ਵਿਚਾਰੀ ਰੇਸ਼ਮਾ!" ਸੁਦੀਪ ਨੂੰ ਅਫ਼ਸੋਸ ਹੋਇਆ। ਫੇਰ ਅਲਕਾ ਨੂੰ ਪੁੱਛਣ ਲੱਗਿਆ- "ਕੀ ਫ਼ੈਸਲਾ ਕੀਤਾ, ਰੇਸ਼ਮਾ ਨੇ?"

"ਸਹੁਰਿਆਂ ਦੇ ਘਰੋਂ ਤਾਂ ਆ ਚੁੱਕੀ ਐ, ਉਹ। ਹੁਣ ਮਾਂ ਕੋਲ ਐ।"

"ਫੇਰ?"

"ਏਥੋਂ ਫ਼ੈਸਲਾ ਕਰਕੇ ਗਈ ਐ ਮੇਰੇ ਨਾਲ, ਜਾ ਕੇ ਤਲਾਕ ਦੀ ਅਰਜ਼ੀ ਦੇ ਦੇਵੇਗੀ। ਕਹਿੰਦੀ ਸੀ-ਤਰਸੇਮ ਲਾਲ ਦੀ ਦੇਹ ਵਿੱਚੋਂ ਮੈਨੂੰ ਫ਼ਰਸ਼ਾਂ ਉੱਤੇ ਪੋਚਾ ਲਾਉਣ ਵਾਲੇ ਮੈਲ਼ੇ ਕੱਪੜੇ ਵਰਗਾ ਮੁਸ਼ਕ ਆਉਂਦੈ।"◆