ਰੁਖ

ਉਹਨੂੰ ਕਿਸੇ ਨੇ ਦੱਸ ਪਾਈ ਕਿ ਮਲੋਟ ਮੰਡੀ ਇੱਕ ਮੁੰਡਾ ਹੈ। ਦਸਵੀਂ ਪਾਸ ਤੇ ਕਪਾਹ ਦੇ ਕਾਰਖਾਨੇ ਵਿੱਚ ਨੌਕਰੀ ਉੱਤੇ ਲੱਗਿਆ ਹੋਇਆ। ਪੰਜ ਸੌ ਰੁਪਿਆ ਤਨਖਾਹ। ਬਾਪ ਕੱਪੜੇ ਦੀ ਦੁਕਾਨ ਕਰਦਾ ਹੈ। ਦੋ ਮੁੰਡੇ ਨੇ, ਵੱਡਾ ਵਿਆਹਿਆ ਹੋਇਆ ਹੈ। ਬੰਦੇ ਨੇ ਆਖਿਆ ਸੀ ਕਿ ਉਹ ਇੱਕ ਵਾਰੀ ਜਾ ਕੇ ਮੁੰਡਾ ਦੇਖ ਆਵੇ। ਮੁੰਡੇ ਦੇ ਬਾਪ ਨਾਲ ਗੱਲਾਂ ਬਾਤਾਂ ਕਰ ਲਵੇ। ਘਰ-ਬਾਰ ਵੀ ਨਿਗਾਹ ਵਿੱਚ ਦੀ ਨਿਕਲ ਜਾਵੇਗਾ। ਉਹਨੂੰ ਗੱਲ ਜਚੀ ਤਾਂ ਉਹ ਵਿੱਚ ਪੈ ਜਾਵੇਗਾ। ਗੱਲ ਨੂੰ ਸਿਰੇ ਲਾ ਦੇਵੇਗਾ।

ਰਾਮ ਕਿਸ਼ਨ ਨੂੰ ਹੋਰ ਕੀ ਚਾਹੀਦਾ ਸੀ। ਮੁੰਡਾ ਦਸਵੀਂ ਪਾਸ ਹੈ ਤੇ ਕੰਮ ਉੱਤੇ ਲੱਗਿਆ ਹੋਇਆ। ਇਹੀ ਤਾਂ ਉਹ ਚਾਹੁੰਦਾ ਸੀ। ਉਹਦੀ ਕੁੜੀ ਅੱਠਵੀਂ ਫੇਲ੍ਹ ਸੀ। ਅੱਠਵੀਂ ਫੇਲ੍ਹ ਨੂੰ ਤਾਂ ਇਹੋ ਜਿਹਾ ਹੀ ਕੋਈ ਮਿਲੇਗਾ। ਇਹੋ ਜਿਹਾ ਮਿਲ ਜਾਵੇ ਤਾਂ ਕੀ ਮਾੜਾ। ਮੁੰਡਾ ਆਪਣੀ ਰੋਟੀ ਆਪ ਕਮਾਉਂਦਾ ਹੋਵੇ, ਬਸ ਠੀਕ ਹੈ। ਤੇ ਉਹਨੇ ਸੋਚਿਆ, ਕਿਹੜਾ ਇਹ ਇਕੱਲੀ ਹੈ। ਦੋ ਹੋਰ ਬੈਠੀਆਂ ਨੇ। ਹੁਣ ਤਾਂ ਉਹ ਵੀ ਮੁਟਿਆਰ ਹੋ ਚੱਲੀਆਂ ਹਨ। ਚਾਹੇ ਅੱਜ ਕੋਈ ਇਨ੍ਹਾਂ ਨੂੰ ਵਿਆਹ ਕੇ ਲੈ ਜਾਵੇ। ਵਿਚਕਾਰਲੀ ਦਸ ਪਾਸ ਹੈ ਤੇ ਗਿਆਨੀ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਹੈ। ਛੋਟੀ ਦਸਵੀਂ ਵਿੱਚ ਪੜ੍ਹਦੀ ਹੈ। ਭਾਵੇਂ ਦਸਵੀਂ ਵਿੱਚ ਹੀ ਹੈ, ਪਰ ਹੈ ਤਾਂ ਅਠਾਰਾਂ ਸਾਲ ਦੀ। ਕੋਠੇ ਜੇਡੀ ਲੱਗਦੀ ਹੈ। ਕੁੜੀ ਤੇ ਤੋਰੀ ਦੀ ਵੇਲ ਦਾ ਕੀ ਟਕਾਣਾ, ਨਿੱਤ ਗਿੱਠ ਵਾਰ ਆਉਂਦਾ ਹੈ। ਪਰ ਉਹ ਪਹਿਲਾਂ ਵੱਡੀ ਦਾ ਜੂੜ ਵੱਢੇ। ਉਹ ਘਰੋਂ ਤੁਰੇ ਤਾਂ ਉਹ ਅਗਲੀ ਬਾਰੇ ਸੋਚੇ। ਉਹਨੇ ਕੀ ਲੈਣਾ ਹੈ, ਉਸ ਦੀਆਂ ਗਿਆਨੀਆਂ ਤੋਂ। ਵਿਆਹੇ ਤੇ ਪਰ੍ਹੇ ਕਰੇ। ਆਪਣੇ ਕਰਮ ਭੋਗਣੇ ਹੁੰਦੇ ਨੇ। ਤਿੰਨੇ ਕੁੜੀਆਂ ਵਿਆਹੀਆਂ ਜਾਣ ਤਾਂ ਉਹ ਸੁਰਖ਼ਰੂ ਹੋ ਕੇ ਬੈਠ ਜਾਵੇਗਾ। ਘਰ ਵਿੱਚ ਇੱਕ ਮਾਂ ਹੈ। ਅਜੇ ਤਾਂ ਤਗੜੀ ਹੈ। ਰੋਟੀ ਟੁੱਕ ਦਾ ਸਾਂਭ ਕਰ ਲੈਂਦੀ ਹੈ। ਉਹ ਆਪਣੀ ਨੌਕਰੀ ਕਰਦਾ ਰਹੇਗਾ। ਦੋਵੇਂ ਮਾਂ-ਪੁੱਤ ਪਕੌਣਗੇ ਤੇ ਖਾਣਗੇ।

ਉਹ ਹਉਕਾ ਲੈਂਦਾ, ਉਹਦੀ ਇਹ ਕੁੜੀ ਵੀ ਜੇ ਦਸ ਜਮਾਤਾਂ ਪਾਸ ਕਰ ਜਾਂਦੀ ਤਾਂ ਉਹ ਇਹਨੂੰ ਕੋਈ ਨਿੱਕੀ ਮੋਟੀ ਟਰੇਨਿੰਗ ਕਰਵਾ ਦਿੰਦਾ। ਟਰੇਂਡ ਕੜੀ ਨੂੰ ਤਾ ਵਧੀਆ ਮੁੰਡਾ ਲੱਭਦਾ। ਚੰਗੀ ਨੌਕਰੀ ਉੱਤੇ ਲੱਗਿਆ ਹੋਇਆ। ਸਰਕਾਰੀ ਨੌਕਰੀ ਵਾਲਾ। ਉਹ ਜ਼ਮਾਨਾ ਤਾਂ ਰਿਹਾ ਹੀ ਨਹੀਂ। ਹੁਣ ਤਾਂ ਪੜ੍ਹੇ ਲਿਖੇ ਤੇ ਨੌਕਰੀਆਂ ਉੱਤੇ ਲੱਗੇ ਮੁੰਡੇ ਪੜ੍ਹੀ ਲਿਖੀ ਤੇ ਨੌਕਰੀ ਉੱਤੇ ਲੱਗੀ ਕੁੜੀ ਹੀ ਭਾਲਦੇ ਹਨ ਤਾਂ ਕਿ ਉਹ ਬਰਾਬਰ ਦਾ ਕਮਾਵੇ ਤੇ ਘਰ ਦੀ ਆਰਥਿਕ ਦਸ਼ਾ ਠੀਕ ਰਹੇ। ਪਰ ਉਹ ਕੀ ਕਰਦਾ ਇਸ ਅਠਵੀਂ ਫੇਲ੍ਹ ਕੁੜੀ ਦਾ। ਇਸ ਕੁੜੀ ਨੂੰ ਤਾਂ ਹੁਣ ਐਸਾ ਵੈਸਾ ਹੀ ਕੋਈ ਮੁੰਡਾ ਮਿਲੇਗਾ, ਉਹ ਸੋਚਦਾ।

ਕੁੜੀ ਵਿਚਾਰੀ ਦਾ ਵੀ ਕੋਈ ਕਸੂਰ ਨਹੀਂ ਸੀ। ਕੁੜੀ ਦੀ ਮਾਂ ਦੋ ਸਾਲ ਪੇਟ ਦੀ ਬੀਮਾਰੀ ਨਾਲ ਮੰਜੇ ਉੱਤੇ ਪਈ ਰਹੀ। ਘਰ ਦਾ ਸਾਰਾ ਕੰਮ ਇਸ ਕੁੜੀ ਦੇ ਸਿਰ ਆ ਪਿਆ। ਘਰ ਦਾ ਕੰਮ ਕਰੇ ਜਾਂ ਸਕੂਲ ਜਾਵੇ। ਕਦੇ ਸਕੂਲ ਜਾਂਦੀ, ਕਦੇ ਨਾ ਜਾਂਦੀ। ਅਖੀਰ ਅਠਵੀਂ ਵਿੱਚੋਂ ਫੇਲ੍ਹ ਹੋ ਕੇ ਘਰ ਬੈਠ ਗਈ। ਮਾਂ ਵੀ ਨਾ ਬਚੀ, ਪੇਟ ਦੀ ਬੀਮਾਰੀ ਦਾ ਕੋਈ ਇਲਾਜ ਨਾ ਹੋ ਸਕਿਆ। ਲੁਧਿਆਣੇ ਜਾ ਕੇ ਪਤਾ ਲੱਗਿਆ ਕਿ ਇਹ ਤਾਂ ਕੈਂਸਰ ਹੈ। ਕੈਂਸਰ ਦਾ ਕੀ ਇਲਾਜ ਹੁੰਦਾ। ਕੈਂਸਰ ਤਾਂ ਮੌਤ ਦਾ ਦੂਜਾ ਨਾਉਂ ਹੁੰਦਾ ਹੈ। ਉਹਦੇ ਪੇਟ ਦਾ ਅਪਰੇਸ਼ਨ ਕੀਤਾ ਗਿਆ ਤੇ ਉਹ ਓਥੇ ਹਸਪਤਾਲ ਵਿੱਚ ਹੀ ਮਰ ਗਈ। ਰਾਮ ਕਿਸ਼ਨ ਪਤਨੀ ਦੀ ਲੋਥ ਚੁੱਕ ਕੇ ਘਰ ਲੈ ਆਇਆ ਸੀ।

ਤੇ ਹੁਣ ਘਰ ਵਿੱਚ ਇਹ ਤਿੰਨ ਕੁੜੀਆਂ ਸਨ ਤੇ ਜਾਂ ਰਾਮ ਕਿਸ਼ਨ ਦੀ ਬੁੱਢੀ ਮਾਂ। ਪਤਨੀ ਦੀ ਮੌਤ ਬਾਅਦ ਉਹ ਆਪਣੀ ਮਾਂ ਨੂੰ ਪਿੰਡ ਤੋਂ ਲੈ ਆਇਆ ਸੀ। ਮਾਂ ਪਿੰਡ ਛੋਟੇ ਮੁੰਡਿਆਂ ਕੋਲ ਰਹਿੰਦੀ ਹੁੰਦੀ ਸੀ। ਕੁੜੀਆਂ ਦਾ ਮਾਮਲਾ ਸੀ, ਉਹ ਇਕੱਲੀਆਂ ਰਹਿ ਗਈਆਂ ਸਨ, ਘਰ ਵਿੱਚ ਬੁੜ੍ਹੀ ਤਾਂ ਕੋਈ ਜ਼ਰੂਰੀ ਸੀ। ਹੁਣ ਤਾਂ ਉਹਦੀ ਜ਼ਿੰਦਗੀ ਦਾ ਇਹੀ ਆਖ਼ਰੀ ਮਕਸਦ ਰਹਿ ਗਿਆ ਸੀ। ਕਿ ਉਹ-ਤਿੰਨੇ ਕੁੜੀਆਂ ਨੂੰ ਘਰੋਂ ਤੋਰੇ ਤੇ ਸੁਰਖ਼ਰੂ ਹੋ ਕੇ ਬਾਕੀ ਜ਼ਿੰਦਗੀ ਬਤੀਤ ਕਰੇ।

ਇੱਕ ਦਿਨ ਉਹਨੇ ਸਵੇਰ ਦੀ ਹੀ ਗੱਡੀ ਫੜੀ ਤੇ ਬਠਿੰਡੇ ਪਹੁੰਚ ਗਿਆ। ਬਠਿੰਡੇ ਤੋਂ ਬੱਸ ਲੈ ਕੇ ਮਲੋਟ ਜਾ ਉੱਤਰਿਆ। ਮੰਡੀ ਦੇ ਵਿਚਕਾਰ ਜਿਹੇ ਜਾ ਕੇ ਉਹਨੇ ਮੁਹੱਲੇ ਦਾ ਨਾਉਂ ਲੈ ਕੇ ਇੱਕ ਦੁਕਾਨਦਾਰ ਤੋਂ ਸਤਪਾਲ ਦਾ ਮਕਾਨ ਪੁੱਛਿਆ। ਉਹ ਤਾਂ ਓਸੇ ਮੁਹੱਲੇ ਵਿੱਚ ਖੜ੍ਹਾ ਸੀ ਤੇ ਸਾਹਮਣੇ ਵਾਲੀ ਗਲੀ ਵਿੱਚ ਸਤਪਾਲ ਦਾ ਮਕਾਨ ਸੀ। ਹਾਕ ਮਾਰ ਕੇ ਉਹਨੇ ਦਰਵਾਜ਼ਾ ਖੜਕਾਇਆ। ਇੱਕ ਛੋਟੀ ਕੁੜੀ ਅੰਦਰੋਂ ਆਈ। ਪੁੱਛਣ ਲੱਗੀ- 'ਕੀ ਐ, ਭਾਈ?'

‘ਸਤਪਾਲ ਜੀ ਘਰੇ ਨੇ?’ ਰਾਮ ਕਿਸ਼ਨ ਨੇ ਮੁਸਕਰਾ ਕੇ ਪੁੱਛਿਆ।

‘ਉਹ ਤਾਂ ਦੁਕਾਨ 'ਤੇ ਹੋਣਗੇ।’

‘ਹੋਰ ਕੌਣ ਐ ਘਰੇ?’

ਛੋਟੀ ਕੁੜੀ ਅੰਦਰ ਚਲੀ ਗਈ। ਅੰਦਰੋਂ ਇੱਕ ਔਰਤ ਬਾਹਰ ਆਈ। ਪੁੱਛਿਆ- 'ਤੁਸੀਂ ਕੀਹਨੂੰ ਮਿਲਣੈ, ਭਰਾ ਜੀ?'

'ਸਤਪਾਲ ਜੀ ਨੂੰ ਮਿਲਣੈ, ਕਿਥੇ ਨੇ?'

'ਤੁਸੀਂ, ਭਰਾ ਜੀ ਕਿਥੋਂ ਆਏ ਓ?'

'ਰਾਮਪੁਰਾ ਫੂਲ ਤੋਂ। ਮੈਨੂੰ ਭੁੱਚੋ ਮੰਡੀ ਆਲੇ ਨੰਦ ਰਾਮ ਨੇ ਭੇਜਿਐ।' ਰਾਮ ਕਿਸ਼ਨ ਨੇ ਦੱਸਿਆ।

ਔਰਤ ਕੁਝ-ਕੁਝ ਸਮਝ ਗਈ ਤੇ ਉਹਨੂੰ ਅੰਦਰ ਬੈਠਕ ਵਿੱਚ ਬਿਠਾ ਲਿਆ। ਕੁੜੀ ਨੂੰ ਆਖਿਆ ਕਿ ਉਹ ਦੁਕਾਨ ਤੋਂ ਆਪਣੇ ਬਾਬਾ ਜੀ ਨੂੰ ਸੱਦ ਲਿਆਵੇ। ਆਖੇ ਕੋਈ ਆਇਆ ਹੈ। ਸੱਤਪਾਲ ਭੱਜਿਆ-ਭੱਜਿਆ ਦੁਕਾਨ ਤੋਂ ਆਇਆ। ਰਾਮ ਕਿਸ਼ਨ ਨਾਲ ਹੱਥ ਮਿਲਾਇਆ। ਰਾਮ ਕਿਸ਼ਨ ਨੇ ਨੰਦ ਰਾਮ ਦਾ ਨਾਉਂ ਲਿਆ ਤਾਂ ਉਹ ਧੰਨ ਭਾਗ... ਧੰਨ ਭਾਗ ਕਰਨ ਲੱਗਿਆ। ਰਾਮ ਕਿਸ਼ਨ ਨੂੰ ਲੱਗਿਆ, ਜਿਵੇਂ ਉਸ ਨੇ ਪਹਿਲਾਂ ਵੀ ਕਦੇ ਸਤਪਾਲ ਨੂੰ ਦੇਖਿਆ ਹੋਵੇ। ਇੱਕ ਜਾਣਿਆ-ਪਛਾਣਿਆ ਜਿਹਾ ਚਿਹਰਾ। ਉਹ ਦਿਮਾਗ਼ ਉੱਤੋਂ ਜ਼ੋਰ ਪਾਕੇ ਯਾਦ ਕਰਨ ਲੱਗਿਆ, ਉਸ ਨੇ ਕਦੋਂ ਦੇਖਿਆ ਸੀ ਇਸ ਚਿਹਰੇ ਨੂੰ? ਪਰ ਨਾਂਹ ਉਸ ਨੂੰ ਕੁਝ ਵੀ ਯਾਦ ਨਾ ਆਇਆ। ਕਈ ਵਾਰ ਚਿਹਰੇ ਮਿਲਦੇ ਜੁਲਦੇ ਵੀ ਤਾਂ ਹੁੰਦੇ ਨੇ। ਕਿਸੇ ਹੋਰ ਚਿਹਰੇ ਦੀ ਸ਼ਕਲ ਅਚੇਤ ਮਨ ਵਿੱਚ ਬੈਠੀ ਹੁੰਦੀ ਹੈ। ਫੇਰ ਉਹ ਸ਼ਕਲ ਯਾਦ ਨਹੀਂ ਰਹਿ ਗਈ ਹੁੰਦੀ।

ਰਾਮ ਕਿਸ਼ਨ ਨੇ ਗੱਲ ਤੋਰੀ। ਸੱਤਪਾਲ ਨੰਦ ਰਾਮ ਦੀ ਤਾਰੀਫ਼ ਕਰਨ ਲੱਗਿਆ। ਤੇ ਫੇਰ ਓਹੀ... ਧੰਨ ਭਾਗ, ਧੰਨ ਭਾਗ। ਇੱਕ ਵਾਰ ਵਿਚਕਾਰ ਹੀ ਗੱਲ ਛੱਡ ਕੇ ਸਤਪਾਲ ਬੈਠਕ ਵਿੱਚੋਂ ਬਾਹਰ ਵਿਹੜੇ ਵਿੱਚ ਆਇਆ ਤੇ ਬੈਠਕ ਦੇ ਬਾਰ ਦੀ ਕੰਧ ਨਾਲ ਲੱਗ ਕੇ ਉਹਨਾਂ ਦੀਆਂ ਗੱਲਾਂ ਸੁਣਦੀ ਆਪਣੀ ਘਰ ਵਾਲੀ ਨੂੰ ਕਹਿਣ ਲੱਗਿਆ.... 'ਛੋਟੀ ਕੁੜੀ ਨੂੰ ਭੇਜ, ਕਾਰਖ਼ਾਨੇ ਜਾ ਕੇ ਬਿੱਟੂ ਨੂੰ ਸੱਦ ਲਿਆਊਗੀ। ਉਹਨੂੰ ਆਏ ਨੂੰ ਆਖੀਂ, ਮੂੰਹ ਧੋ ਕੇ ਨਵੇਂ ਕਪੜੇ ਪਾਲੂਗਾ।' ਤੇ ਫੇਰ ਸੱਤਪਾਲ ਨੇ ਪੰਜਾਂ ਦਾ ਇੱਕ ਨੋਟ ਆਪਣੀ ਜੇਬ ਵਿੱਚੋਂ ਕੱਢ ਕੇ ਘਰ ਵਾਲੀ ਨੂੰ ਫੜਾਇਆ। ਕਹਿੰਦਾ- ਤੂੰ ਹਲਵਾਈ ਦੀ ਦੁਕਾਨ ਤੇ ਜਾ ਕੇ ਖਾਣ ਨੂੰ ਕੋਈ ਨਿੱਕ-ਸੁੱਕ ਲੈ ਆ। ਬਹੂ ਨੂੰ ਕਹਿ, ਸਟੋਵ ਬਾਲ ਕੇ ਚਾਹ ਧਰ ਲੂਗੀ। ਵਿੱਚ ਇੱਕ ਲੌਂਗ ਤੇ ਦੋ ਲੈਚੀਆਂ ਕੁੱਟ ਕੇ ਪਾ ਲਵੇ। ਘਰੇ ਹੋਣਗੀਆਂ ਲੌਂਗ ਲੈਚੀਆਂ, ਮੇਰੀ ਜਾਣ 'ਚ। ਮੈਂ ਬੈਠਾ ਇਹਦੇ ਕੋਲ, ਬੈਠਕ 'ਚ।'

ਉਹ ਆਪਣੀਆਂ ਗੱਲਾਂ ਮੁਕਾ ਕੇ ਹੁਣ ਏਧਰ ਓਧਰ ਦੀਆਂ ਗੱਲਾਂ ਮਾਰ ਰਹੇ ਸਨ। ਰਾਮ ਕਿਸ਼ਨ ਦੀ ਇੱਕੋ ਚਾਹ ਕਿ ਉਹ ਮੁੰਡੇ ਨੂੰ ਨਿਗਾਹ ਵਿੱਚ ਦੀ ਕੱਢ ਲਵੇ। ਬਾਕੀ ਤਾਂ ਸਭ ਠੀਕ ਹੀ ਹੈ, ਲਗਭਗ।

ਟਰੇਅ ਵਿੱਚ ਚਾਹ ਧਰ ਕੇ ਮੁੰਡਾ ਹੀ ਲਿਆਇਆ। ਰਾਮ ਕਿਸ਼ਨ ਨੂੰ ਦੇਖਣ ਚਾਖਣ ਤੋਂ ਮੁੰਡਾ ਠੀਕ ਲੱਗਿਆ। ਉਹਨੇ ਸੋਚਿਆ, ਹੋਰ ਕਿਹੋ ਜਿਹੇ ਹੁੰਦੇ ਨੇ ਮੁੰਡੇ। ਮੁੰਡਾ ਬਣਦਾ ਤਣਦਾ ਹੈ। ਉਹਦੀ ਆਪਣੀ ਕੁੜੀ ਕਿਹੜਾ ਪੰਜ ਫੂਲਾਂ ਰਾਣੀ ਐ। ਜੋੜੀ ਠੀਕ ਬਣੇਗੀ। ਟਰੇਅ ਵਿੱਚ ਦੋ ਕੱਪ ਦੇਖ ਕੇ ਰਾਮ ਕਿਸ਼ਨ ਨੇ ਕਿਹਾ- 'ਤੂੰ ਵੀ ਲਿਆ ਬਈ ਆਪਣਾ ਕੱਪ। ਤੂੰ ਵੀ ਪੀ ਚਾਹ।' ਮੁੰਡਾ ਨਹੀਂ-ਨਹੀਂ ਕਰਨ ਲੱਗਿਆ। ਅਖ਼ੀਰ ਸੱਤਪਾਲ ਨੇ ਹੀ ਆਖ ਦਿੱਤੀ ਕਿ ਉਹ ਇੱਕ ਪਿਆਲੀ ਹੋਰ ਲੈ ਆਵੇ। ਰਾਮ ਕਿਸ਼ਨ ਦਾ ਮਤਲਬ ਸੀ ਕਿ ਮੁੰਡਾ ਚਾਹ ਪੀਣ ਬਹਾਨੇ ਉਹਨਾਂ ਕੋਲ ਬੈਠੇਗਾ ਤਾਂ ਉਹ ਉਹਦੇ ਨਾਲ ਇਕ ਅੱਧ ਗੱਲ ਕਰੇਗਾ। ਗੱਲਾਂ ਕਰਨ ਨਾਲ ਮੁੰਡੇ ਦੀ ਅਕਲ ਦਾ ਪਤਾ ਵੀ ਲੱਗ ਜਾਵੇਗਾ। ਕਿਤੇ ਬੱਧੂ ਹੀ ਨਾ ਹੋਵੇ। ਪਰ ਨਹੀਂ, ਅਜਿਹੀ ਲੱਗ ਨਹੀਂ ਸੀ। ਉਹ ਭੁੱਟ-ਭੁੱਟ ਬੋਲਦਾ ਤੇ ਸਿਆਣੇ ਜਵਾਬ ਦੇ ਰਿਹਾ ਸੀ।

ਰਾਮ ਕਿਸ਼ਨ ਨੇ ਪੱਛਿਆ- 'ਕਾਕਾ, ਦਸਵੀਂ ਐਥੋਂ ਦੇ ਸਕੂਲ 'ਚ ਈ ਕੀਤੀ ਸੀ? ਡਵੀਜ਼ਨ ਕਿਹੜੀ ਐ?'

'ਡਵੀਜ਼ਨ ਤਾਂ ਜੀ ਸੈਕਿੰਡ ਈ ਰਹਿ ਗਈ ਸੀ। ਅਸਲ 'ਚ ਇਹਨੂੰ ਇਹਦੀ ਭੂਆ ਲੈ ਗਈ ਸੀ ਆਪਣੇ ਕੋਲ, ਗਿੱਦੜਬਾਹੇ। ਬਗ਼ਾਨੇ ਘਰ ਅਹਿਓ ਜ੍ਹੀ ਈ ਹੁੰਦੀ ਐ ਪੜ੍ਹਾਈ।' ਸੱਤਪਾਲ ਨੇ ਜਵਾਬ ਦਿੱਤਾ। 'ਕਿਉਂ ਜੀ, ਐਥੇ ਮਲੋਟ ਕਿਉਂ ਨਾ ਪੜ੍ਹਾਇਆ ਤੁਸੀਂ ਇਹਨੂੰ?'

'ਉਹ ਜੀ, ਸਾਡੀ ਭੈਣ ਵਿਧਵਾ ਹੋ ਗਈ ਸੀ। ਉਹਦੇ ਦੋ ਕੁੜੀਆਂ ਨੇ। ਉਹ ਇਹਨੂੰ ਲੈ ਗਈ ਫੇਰ। ਅਖੇ ਮੈਂ ਰੱਖੂਗੀ ਇਹਨੂੰ ਤਾਂ। ਪਰ ਇਹਨੇ ਦਸਵੀਂ ਤਾਂ ਓਥੇ ਕਰ 'ਲੀ, ਜੀਅ ਨ੍ਹੀਂ ਲਾਇਆ। ਐਥੇ ਆ ਗਿਆ ਬੱਸ, ਆਖੇ ਨੌਕਰੀ ਕਰਨੀ ਐ ਮੈਂ ਤਾਂ। ਮੈਂ ਕਿਹਾ-ਚੰਗਾ ਭਾਈ, ਤੇਰੀ ਮਰਜ਼ੀ।'

'ਥੋਡੀ ਉਹ ਭੈਣ ਵਿਧਵਾ ਕਦੋਂ ਹੋ 'ਗੀ ਸੀ ਜੀ?' ਰਾਮ ਕਿਸ਼ਨ ਹਮਦਰਦੀ ਵਜੋਂ ਪੁੱਛਣ ਲੱਗਿਆ।

'ਉਹ ਜੀ, ਪਰ੍ਹੌਣਾ ਸਾਡਾ ਸ਼ਰਾਬੀ ਸੀ। ਟਿਕ ਕੇ ਕੋਈ ਕੰਮ ਤਾਂ ਕਰਦਾ ਨ੍ਹੀਂ ਸੀ। ਕਦੇ ਇਟਾਂ ਦੇ ਭੱਠੇ 'ਤੇ ਮੁਣਸ਼ੀ ਲੱਗ ਗਿਆ, ਕਦੇ ਸ਼ਰਾਬ ਦੇ ਠੇਕੇ 'ਤੇ ਕਰਿੰਦਾ। ਕਦੇ ਕਿਸੇ ਦੁਕਾਨ 'ਤੇ ਕੰਮ ਕਰਦਾ, ਕਦੇ ਕਿਸੇ ਦੁਕਾਨ 'ਤੇ। ਪਰ ਸ਼ਰਾਬ ਨਿੱਤ ਪੀਂਦਾ। ਆਥਣੇ ਆ ਕੇ ਕੁੜੀ ਨੂੰ ਕੁੱਟਦਾ ਮਾਰਦਾ। ਉਹ ਤਾਂ ਜੀ ਮਰਿਆਈ ਚੰਗਾ ਸੀ।ਉਸਦਾ ਕੋਈ ਸੁਖ ਨ੍ਹੀਂ ਸੀ, ਸਾਡੀ ਕੁੜੀ ਨੂੰ।'

'ਫੇਰ ਤਾਂ ਜੀ ਬੜਾ.....'

'ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ, ਭਾਈ ਸਾਅਬ। ਤਿੰਨ ਸਾਲ ਭਾਈ ਰੂਪੇ ਮੰਗੀ ਰਹੀ। ਓਥੇ ਵਿਆਹੀ ਜਾਂਦੀ ਤਾਂ ਕਾਹਨੂੰ ਪਹੁੰਚਦੀ ਉਹ ਇਸ ਮੁਸੀਬਤ ਨੂੰ।'

ਭਾਈ ਰੂਪੇ ਦਾ ਨਾਉਂ ਸੁਣ ਕੇ ਰਾਮ ਕਿਸ਼ਨ ਨੇ ਕੰਨ ਚੁੱਕੇ। ਝਟ ਪੁੱਛਿਆ- 'ਭਾਈ ਰੂਪੇ ਜੀ?'

ਬਿੱਟੂ ਉੱਠ ਕੇ ਜਾ ਚੁੱਕਿਆ ਸੀ। ਟਰੇਅ ਵੀ ਲੈ ਗਿਆ। ਮਾਂ ਨਾਲ ਕੋਈ ਗੱਲ ਕੀਤੀ ਤੇ ਕਾਰਖ਼ਾਨੇ ਨੂੰ ਆਪਣੇ ਕੰਮ ਉੱਤੇ ਚਲਿਆ ਗਿਆ।

ਹਾਲੇ ਤਕ ਸਤਪਾਲ ਨੇ ਘਰ ਆਏ ਮਹਿਮਾਨ ਦਾ ਨਾਉਂ ਨਹੀਂ ਪੁੱਛਿਆ ਸੀ ਤੇ ਨਾ ਹੀ ਇਹ ਕਿ ਉਹ ਰਾਮਪੁਰਾ ਫੂਲ ਸ਼ੁਰੂ ਤੋਂ ਹੀ ਰਹਿੰਦੇ ਹਨ ਜਾਂ ਪਿਛਲਾ ਪਿੰਡ ਵੀ ਕੋਈ ਹੈ। ਪੁੱਛਦਾ ਤਾਂ ਗੱਲ ਖੁੱਲ੍ਹ ਜਾਂਦੀ। ਦੱਸਣ ਲੱਗਿਆ, 'ਪਹਿਲਾਂ ਇਹ ਮੇਰੀ ਭੈਣ ਥੋਡੇ ਰਾਮਪੁਰਾ ਫੂਲ ਕੋਲ ਈ ਭਾਈ ਰੁਪੇ ਪਿੰਡ ਮੰਗ ਹੋਈ ਸੀ। ਤਿੰਨ ਸਾਲ ਮੰਗੀ ਰਹੀ ਚੰਗਾ ਭਲਾ ਮੁੰਡਾ ਸੀ। ਉਹ ਜ਼ਮੀਨ ਜੈਦਾਦ ਆਲੇ ਬੰਦੇ ਸੀ। ਮੁੰਡਾ ਖੇਤੀ ਦਾ ਕੰਮ ਕਰਦਾ ਸੀ। ਊਂ ਦਸ ਜਮਾਤਾਂ ਪਾਸ ਸੀ। ਪਰ ਇੱਕ ਦਿਨ ਓਸ ਪਿੰਡ ਦਾ ਇੱਕ ਬੰਦਾ ਸਾਡੇ ਪਿੰਡ ਫਖਰਸਰ ਆਇਆ। ਸਾਡਾ ਪਿਛਲਾ ਪਿੰਡ ਫਖਰਸਰ ਐ ਨਾ ਜੀ। ਦੱਸਿਆ, ਉਸ ਮੁੰਡੇ ਦੇ ਨਾਉਂ ਜ਼ਮੀਨ ਤਾਂ ਹੈ ਨ੍ਹੀਂ। ਊਂ ਮੁੰਡਾ ਹੈ ਪੁੱਤਾਂ ਆਂਗੂੰ ਈ ਪਾਲਿਆ ਉਨ੍ਹਾਂ ਦਾ! ਮੇਰੇ ਬਜ਼ੁਰਗ ਬੜੇ ਵਹਿਮੀ ਸੁਭਾਅ ਦੇ ਸੀ। ਝੱਟ ਥਿੜਕਗੇ। ਵਚੋਲੇ ਨੂੰ ਜਾ ਕੇ ਕਿਹਾ। ਵਚੋਲਾ ਤਾਂ ਅੱਗ ਭਬੂਕਾ ਹੋ ਉੱਠਿਆ। ਕਹਿੰਦਾ ਥੋਨੂੰ ਮੁੰਡਿਆਂ ਦਾ ਘਾਟਾ ਨ੍ਹੀਂ, ਉਹਨਾਂ ਨੂੰ ਕੁੜੀਆਂ ਦਾ ਘਾਟਾ ਨ੍ਹੀਂ। ਆਵਦੀ ਨੂੰ ਕਿਤੇ ਹੋਰ ਦਿਓ। ਉਹਨਾਂ ਦਾ ਜਾਵਬ।' ਰਾਮ ਕਿਸ਼ਨ ਖਿੰਡਿਆ-ਉਖੜਿਆ ਜਿਹਾ ਪੂਰਾ ਚੁਕੰਨਾ ਹੋ ਕੇ ਬੈਠਾ ਉਹਦੀ ਗੱਲ ਸੁਣ ਰਿਹਾ ਸੀ। ਹੁੰਗਾਰਾ ਭਰਿਆ- 'ਫੇਰ ਜੀ?'

'ਵਚੋਲੇ ਨੇ ਝੱਟ ਓਸ ਮੁੰਡੇ ਨੂੰ ਕਿਤੋਂ ਹੋਰ ਸਾਕ ਲਿਆ 'ਤਾ ਜੀ, ਮ੍ਹੀਨੇ ਅੰਦਰ ਵਿਆਹ ਵੀ ਦਿੱਤਾ। ਬਜ਼ੁਰਗ ਸਾਡਾ ਦੇਖਦਾ ਰਹਿ ਗਿਆ। ਪਿੰਛੋਂ ਪਤਾ ਲੱਗਿਆ, ਉਹ ਗੱਲ ਸੀ ਗ਼ਲਤ। ਭਾਈ ਰੂਪੇ ਦਾ ਉਹ ਆਦਮੀ ਭਾਨੀ ਮਾਰ ਸੀ, ਪੱਕਾ। ਸਾਨੂੰ ਕੀ ਪਤਾ ਸੀ।' 'ਨਾਉਂ ਕੀ ਸੀ ਉਹਦਾ...ਹਾਂ, ਅਜੇ ਤਕ ਵੀ ਯਾਦ ਐ ਮੇਰੇ, ਮਿਲਖੀ ਰਾਮ ਸੀ ਉਹਦਾ ਨਾਉਂ। ਉਹਨਾਂ ਦੇ ਸ਼ਰੀਕੇ ਵਿੱਚੋਂ ਈ ਸੀ।'

ਰਾਮ ਕਿਸ਼ਨ ਨੇ ਮਨ ਵਿੱਚ ਹੀ ਮਿਲਖੀ ਰਾਮ ਨੂੰ ਇੱਕ ਕਰਾਰੀ ਜਿਹੀ ਗਾਲ੍ਹ ਕੱਢੀ। ਹੁਣ ਉਹ ਬੈਠਕ ਦੀ ਕੰਧ ਵੱਲ ਲਗਾਤਾਰ ਝਾਕੀ ਜਾ ਰਿਹਾ ਸੀ। ਚਿਰ ਪੁਰਾਣੀ ਕੰਧ, ਮੈਲੀ ਤੇ ਚਿਪਚਿਪੀ, ਮੱਖੀਆਂ ਉੱਠਦੀਆਂ ਤੇ ਬੈਠਦੀਆਂ। ਉਹਦਾ ਦਿਲ ਕੀਤਾ, ਭਾਈ ਰੂਪੇ ਜਾ ਕੇ ਸਿਲਖੀ ਰਾਮ ਦਾ ਸਿਰ ...। ਕੰਜਰ ਹਾਲੇ ਵੀ ਜਿਊਂਦਾ ਹੈ, ਸਿਵੇ ਵਿੱਚ ਲੱਤਾਂ ਹਨ, ਵਾਣ ਬੁੱਧ ਨਹੀਂ ਗਈ। ਹਰ ਕਿਸੇ ਦੀ ਵੱਢਵੀਂ ਕਰਦਾ ਹੈ। ਸੁੰਡ ਚੱਲ ਕੇ ਮਰੂਗਾ....।

ਸੱਤਪਾਲ ਕਹਿੰਦਾ, 'ਸਾਡਾ ਬਜ਼ੁਰਗ ਅਜੇ ਵੀ ਹਿੰਡ ਨੂੰ ਪਿੱਛਾ ਨਾ ਦੇਵੇ। ਅਖੇ ਚੰਗਾ ਹੋਇਆ, ਆਪਾ ਉਹਨਾਂ ਨੂੰ ਕੁੜੀ ਨ੍ਹੀਂ ਦਿੱਤੀ, ਨਹੀਂ ਤਾਂ ਭੁੱਖੀ ਮਰਦੀ।' ਪੱਕੀ ਗੱਲ ਬਣਾ 'ਲੀ ਜਨਾਬ ਉਹਨੇ ਤਾਂ। ਆਖਿਆ ਕਰੇ- 'ਮਿਲਖੀ ਰਾਮ ਸੱਚ ਕਹਿ ਗਿਆ। ਛੋਟੇ ਦੋ ਮੁੰਡੇ ਆਵਦੇ ਵੀ ਤਾਂ ਨੇ, ਉਹਤੋਂ ਛੋਟੇ, ਉਹ ਕਾਲਜ 'ਚ ਪੜ੍ਹਦੇ ਐ। ਇਹ ਬਗ਼ਾਨਾ ਕਰਕੇ ਈ ਵਾਹੀ ਦੇ ਕੰਮ 'ਚ ਪਾ ਲਿਆ ਨਾ। ਉਹ ਕਾਲਜ ਪੜ੍ਹਦੇ ਨਾ ਪਾਏ ਵਾਹੀ 'ਚ।'

ਰਾਮ ਕਿਸ਼ਨ ਹੁਣ ਚੁੱਪ ਸੀ। ਜਿਵੇਂ ਉਹਨੂੰ ਜ਼ਹਿਰ ਚੜ੍ਹ ਰਹੀ ਹੋਵੇ। ਸੱਤਪਾਲ ਬੋਲਦਾ ਗਿਆ- 'ਅਖ਼ੀਰ ਇਹ ਮੁੰਡਾ ਬਿਆਇਆ ਜੀ, ਜਮ੍ਹਾਂ ਨਕੰਮਾ ਗਿੱਦੜਬਾਹੇ ਆਲਾ।' ਕੁੜੀ ਡੋਬ ਕੇ ਰੱਖ 'ਤੀ। ਕੋਈ ਜੈਦਾਦ ਨ੍ਹੀਂ। ਘਰ ਈ ਘਰ ਐ, ਦੋ ਕਮਰੇ ਬਸ। ਦੋ ਕੁੜੀਆਂ ਪਤਾ ਨ੍ਹੀਂ ਕਿਵੇਂ ਵਿਆਹੁ-ਵਰੂ?

'ਫੇਰ ਹੁਣ ਗੁਜ਼ਾਰਾ ਕਿਵੇਂ ਚੱਲਦੈ ਉਹਦਾ?' ਰਾਮ ਕਿਸ਼ਨ ਨੇ ਉੱਭੜ ਕੇ ਪੁੱਛਿਆ।

'ਗੁਜ਼ਾਰਾ ਕੀ ਜੀ ਬਸ, ਕੁੜੀ ਸਾਡੀ ਮਿਹਨਤੀ ਬਹੁਤ ਐ। ਸਿਲਾਈ ਮਸ਼ੀਨ ਹੈਗੀ ਘਰ 'ਚ। ਕੱਪੜੇ ਸਿਊਂਦੀ ਐ, ਗਲੀ ਮੁਹੱਲੇ ਦੇ, ਆਂਢੀਆਂ ਗੁਆਂਢੀਆਂ ਦੇ। ਵੇਲਾ ਟੱਪੀ ਜਾਂਦੈ।'

'ਕੁੜੀਆਂ ਦੀ ਕਰਦੀਆਂ ਨੇ?' ਰਾਮ ਕਿਸ਼ਨ ਨੇ ਬੜੇ ਗਹੁ ਨਾਲ ਪੁੱਛਿਆ। ਜਿਵੇਂ ਫ਼ਿਕਰ ਕੀਤਾ ਹੋਵੇ।

'ਇੱਕ ਤਾਂ ਦਸਵੀਂ ਕਰਕੇ ਜੇ ਬੀ ਟੀ ਦਾ ਕੋਸਰ ਕਰ 'ਗੀ ਸੀ। ਸਰਕਾਰੀ ਨੌਕਰੀ ਤਾਂ ਮਿਲੀ ਨ੍ਹੀਂ, ਓਥੇ ਕਿਸੇ ਪ੍ਰਾਈਵੇਟ ਸਕੂਲ ਚ ਪੜ੍ਹੌਂਦੀ ਐ। ਦੂਜੀ ਕੁੜੀ ਮੇਰਾ ਖਿਆਲ ਐਸ ਸਾਲ ਦਸਵੀਂ 'ਚ ਐ।'

'ਜਿਹੜੀ ਜੇ.ਬੀ.ਟੀ.ਐ, ਪੰਜ ਸੱਤ ਸੌਂ ਲੈਂਦੀ ਹੋਊ ਤਨਖਾਹ ਉਹ ਵੀ?'

'ਨਾ ਜੀ, ਰਾਮ ਰਾਮ ਕਰੋ। ਪੰਜ ਸੱਤ ਸੌਂ ਕੌਣ ਦਿੰਦੈ, ਦੋ ਸੌਂ ਮਹੀਨਾ ਦਿੰਦੇ ਐ, ਮੇਰੀ ਜਾਣ 'ਚ।'

'ਮਾਸਟਰਾਂ ਦੀ ਤਨਖਾਹ ਤਾਂ ਬਹੁਤ ਐ ਅੱਜ ਕੱਲ੍ਹ। ਤਾਂ ਫੇਰ ਉਹ ਕਿਸੇ ਦਾ ਆਪਣਾ ਸਕੂਲ ਹੋਣੈ, ਆਹ ਮਾਡਲ ਸਕੂਲ, ਜਿਹੜੇ ਸ਼ਹਿਰਾਂ 'ਚ ਹਰ ਗਲੀ ਮੁਹੱਲੇ ਅੱਜ ਕੱਲ੍ਹ ਖੋਲ੍ਹ ਰੱਖੇ ਐ ਲੋਕਾਂ ਨੇ।' 'ਹਾਂ ਹਾਂ ਓਹੀ ਸਕੂਲ ਐ ਜੀ, ਬੱਚਿਆਂ ਦਾ। ਚੌਥੀ ਪੰਜਵੀਂ ਤਕ ਪੜ੍ਹਾਈ ਹੁੰਦੀ ਐ ਓਥੇ।'

'ਗਿੱਦੜਬਾਹੇ ਕਿਥੇ 'ਜੇ ਘਰ ਐ ਭੈਣ ਦਾ?' ਰਾਮ ਕਿਸ਼ਨ ਨੇ ਜਿਵੇਂ ਸੁਭਾਇਕੀ ਪੁੱਛਿਆ। ਪਰ ਜਿਵੇਂ ਦਿਮਾਗ ਉੱਤੇ ਕੋਈ ਜ਼ੋਰ ਜਿਹਾ ਪਾ ਕੇ ਕੋਈ ਫ਼ੈਸਲਾ ਜਿਹਾ ਧਾਰ ਕੇ ਤੇ ਜਿਵੇਂ ਲੁਕੋਅ ਨਾਲ ਜਾਣ-ਬੁੱਝ ਕੇ ਜਿਹੇ ਪੁੱਛਿਆ ਹੋਵੇ।

'ਘਰ ਤਾਂ ਜੀ ਬੀਬੀ ਦਾ ਲੱਭਣਾ ਬਹੁਤ ਈ ਸੁਖਾਲਾ ਐ। ਨਸਵਾਰ ਆਲਿਆਂ ਦਾ ਕਾਰਖਾਨਾ ਐ ਨਾ, ਪੰਜ ਫੋਟੋ ਨਸਵਾਰ ਆਲਿਆਂ, ਦਾ ਕਾਰਖਾਨੇ ਦੇ ਐਨ ਪਿਛਲੇ ਪਾਸੇ। ਰਾਮ ਰਤਨ ਦਾ ਨਾਉਂ ਲੈ ਕੇ ਪੁੱਛ 'ਲੇ ਘਰ। ਰਾਮ ਰਤਨ ਬੀਬੀ ਦੇ ਸਹੁਰੇ ਦਾ ਨਾਉਂ ਸੀ। ਬੜਾ ਕੰਮ ਸੀ ਉਹਦਾ ਤਾਂ। ਸਾਰਾ ਗਿੱਦੜਬਾਹਾ ਉਹਦੇ ਨਾਉਂ ਨੂੰ ਜਾਣਦੈ। ਪਰ ਸਾਲਾ ਮੁੰਡਾ ਈ ਕਮੂਤ ਨਿਕਲਿਆ। ਆਪ ਤਾਂ ਗਿਆ ਸੋ ਗਿਆ, ਸਾਡੀ ਕੁੜੀ ਨੂੰ ਨਰਕ 'ਚ ਧੱਕਾ ਦੇ ਗਿਆ।' ਤੇ ਫੇਰ ਸੱਤਪਾਲ ਭੈਣ ਦੀ ਤਾਰੀਫ਼ ਕਰਨ ਲੱਗਿਆ।

'ਐਡੀ ਦੇਹ ਸਹੁਰੀ ਦੀ ਤਾਪ ਸਰਵਾਹ ਤਾਂ ਉਹ ਜਾਣਦੀ ਈ ਨ੍ਹੀਂ। ਉਮਰ ਵੀ ਕੀਹ ਐ, ਮਸਾਂ ਚਾਲੀ-ਬਿਆਲੀ, ਕੋਈ ਉਮਰ ਹੁੰਦੀ ਐ। ਨਾ ਓਸ ਪਾਸੇ, ਨਾ ਓਸ ਪਾਸੇ। ਔਹ ਉਹ ਦੋ ਕੁੜੀਆਂ ਦਾ ਜੰਜਾਲ ਨਾ ਹੁੰਦਾ ਤਾਂ ਕੋਈ ਠਕਾਣਾ ਕਰ ਦਿੰਦਾ ਮੈਂ ਤਾਂ ਭੈਣ ਦਾ ਸੱਚੀ ਗੱਲ ਐ। ਤੀਹ ਤੋਂ ਥੱਲੇ-ਥੱਲੇ ਹੁੰਦੀ ਤਾਂ ਕੁੜੀਆਂ ਨੂੰ ਵੀ ਕਹਿ ਸੀ, ਕੁੜੀਆਂ ਮੈਂ ਲੈ ਲੈਂਦਾ। ਆਪੇ ਵਿਆਹੀਆਂ-ਵਰੀਆਂ ਜਾਂਦੀਆਂ। ਜਿਥੇ ਕੱਟੀਆਂ ਦਾ ਲੇਖਾ, ਓਥੇ ਵੱਛੀਆਂਦਾ। ਪਰ ਹੁਣ ਤਾਂ ਕੋਈ ਵੀ ਚਾਰਾ ਨ੍ਹੀਂ ਵਿਚਾਰੀ ਨਕਰਮਣ ਦਾ।'

ਰਾਮ ਕਿਸ਼ਨ ਚੁੱਪ ਕੀਤਾ ਜਿਹਾ ਉਹਨਾਂ ਦੇ ਘਰੋਂ ਉੱਠਿਆ ਤੇ ਸੱਤਪਾਲ ਨਾਲ ਹੱਥ ਮਿਲਾ ਕੇ ਬੱਸ ਸਟੈਂਡ ਨੂੰ ਚੱਲ ਪਿਆ। ਉਹਨੇ ਗਿੱਦੜਬਾਹੇ ਤਕ ਦੀ ਟਿਕਟ ਲਈ।

ਓਧਰ ਸੱਤਪਾਲ ਆਪਣੀ ਘਰਵਾਲੀ ਨਾਲ ਗੱਲਾਂ ਕਰਦਾ ਸੋਚਾਂ ਵਿੱਚ ਪਿਆ ਹੋਇਆ ਸੀ ਕਿ ਰਾਮਪੁਰਾ ਫੂਲ ਤੋਂ ਐਡੀ ਦੂਰੋਂ ਚੱਲ ਕੇ ਆਇਆ ਉਹ ਬੰਦਾ ਕੋਈ ਵੀ 'ਹਾਂ ਜਾਂ 'ਨਾਂਹ' ਨਹੀਂ ਕਰਕੇ ਗਿਆ। ਚੰਗਾ ਬੰਦਾ ਭੇਜਿਆ ਬਈ, ਨੰਦ ਰਾਮ ਨੇ। ਕਿਧਰੇ ਦੂਰ ਮਨ ਵਿੱਚ ਉਹਨੂੰ ਇਹ ਸਮਝ ਵੀ ਨਹੀਂ ਆ ਰਹੀ ਸੀ। ਕਿ ਉਹ ਆਇਆ ਤਾਂ ਉਹਨਾਂ ਦੇ ਬਿੱਟੂ ਨੂੰ ਦੇਖਣ ਸੀ, ਪਰ ਗੱਲਾਂ ਬਹੁਤੀਆਂ ਉਹ ਉਹਨਾਂ ਦੀ ਵਿਧਵਾ ਕੁੜੀ ਦੀਆਂ ਹੀ ਕਰਦਾ ਰਿਹਾ। ਬੜਾ ਅਜੀਬ ਆਦਮੀ ਸੀ।

ਬਸ ਤੇਜ਼ ਤੇਜ਼ ਭੱਜੀ ਜਾ ਰਹੀ ਸੀ। ਰਾਮ ਕਿਸ਼ਨ ਦੇ ਮਨ ਵਿੱਚ ਇੱਕ ਕਹਾਲ ਮੱਚੀ ਹੋਈ ਸੀ। ਕਦ ਉਹ ਗਿੱਦੜਬਾਹੇ ਪਹੁੰਚੇ ਤੇ ਕਦ ਉਹਦਾ ਮੂੰਹ ਦੇਖੋ। ਉਹਨੂੰ ਮਿਲ ਕੇ ਉਹ ਦੱਸੇਗਾ ਕਿ ਭਾਈ ਰੂਪੇ ਵਾਲਾ ਮੁੰਡਾ ਰਾਮ ਕਿਸ਼ਨ ਓਹੀ ਹੈ, ਜਿਸ ਨੂੰ ਉਹ ਤਿੰਨ ਸਾਲ ਮੰਗੀ ਰਹੀ ਸੀ ਤੇ ਫੇਰ ਇੱਕ ਗ਼ਲਤ ਫਹਿਮੀ ਕਰਕੇ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਸੀ। ਉਹ ਉਸ ਨੂੰ ਦੇਖ ਕੇ ਕਿੰਨਾ ਖੁਸ਼ ਹੋਵੇਗੀ। ਪਰ ਨਹੀਂ, ਉਹ ਉਸ ਨੂੰ ਦੇਖ ਕੇ ਕਿੰਨਾ ਉਦਾਸ ਹੋਵੇਗੀ। ਉਦਾਸ ਤਾਂ ਉਹ ਵੀ ਬਹੁਤ ਹੋਵੇਗਾ। ਇੱਕ ਅਜੀਬ ਕਿਸਮ ਦੀ ਅਪਣੱਤ ਉਹਨਾ ਦੁਆਲੇ ਆ ਕੇ ਬੈਠ ਜਾਵੇਗੀ। ਬੱਸ ਵਿੱਚ ਬੈਠਿਆਂ ਉਹਨੂੰ ਲੱਗ ਰਿਹਾ ਸੀ, ਜਿਵੇਂ ਉਹਦੀਆਂ ਤਿੰਨ ਕੁੜੀਆਂ ਨਹੀਂ, ਹੁਣ ਪੰਜ ਕੁੜੀਆਂ ਦਾ ਉਹ ਬਾਪ ਹੈ। ਇੱਕ ਗੁੱਝਾ-ਗੁੱਝਾ ਫ਼ੈਸਲਾ ਕਿ ਉਹ ਇਹਨਾਂ ਦੋ ਕੁੜੀਆਂ ਲਈ ਵੀ ਓਨਾ ਹੀ ਕਰੇਗਾ। ਉਹ ਮਨ ਹੀ ਮਨ ਸੋਚ ਰਿਹਾ ਸੀ, ਜੇ ਕਿਤੇ ਉਹਦਾ ਵਿਆਹ ਇਸ ਕੁੜੀ ਨਾਲ ਹੋ ਜਾਂਦਾ ਤਾਂ ਉਹਦੀ ਜ਼ਿੰਦਗੀ ਹੋਰ ਦੀ ਹੋਰ ਹੁੰਦੀ। ਉਹਦੀ ਘਰ ਵਾਲੀ ਤਾਂ ਪਹਿਲੇ ਦਿਨੋਂ ਰੋਗਣ ਸੀ। ਰੋਗ ਦਾ ਕੁੱਜਾ। ਜਿਸ ਦਿਨ ਦੀ ਵਿਆਹੀ ਆਈ, ਉਹ ਇੱਕ ਦਿਨ ਵੀ ਰਾਜ਼ੀ ਨਹੀਂ ਰਹੀ ਸੀ। ਕਦੇ ਸਿਰ ਦੁਖਦਾ। ਕਦੇ ਢਿੱਡ ਵਿੱਚ ਦਰਦ। ਕਦੇ ਉਹਨੂੰ ਉਛਾਲੀਆਂ ਲੱਗੀਆਂ ਹੁੰਦੀਆਂ, ਕਦੇ ਟੱਟੀਆਂ। ਕਦੇ ਉਹਦੀ ਦਾੜ੍ਹ ਦੁਖਦੀ, ਕਦੇ ਪੈਰਾਂ ਦੀਆਂ ਉਂਗਲਾਂ ਸੁੱਜੀਆਂ ਪਈਆਂ ਹਨ। ਅਜਿਹੀ ਧੁਰ ਦਰਗਾਹੋਂ ਬੀਮਾਰ ਤੀਵੀਂ ਨਾਲ ਵਿਆਹ ਕਰਵਾ ਕੇ ਤਾਂ ਬੰਦਾ ਸਾਰੀ ਉਮਰ ਨਰਕ ਭੋਗਦਾ ਹੈ। ਉਹ ਸੋਚ ਰਿਹਾ ਸੀ, ਔਰਤ ਤਾਂ ਬਸ ਤੰਦਰੁਸਤ ਹੋਵੇ। ਘਰ ਵਿੱਚ ਖਾਣ ਨੂੰ, ਚਾਹੇ ਪਹਿਨਣ ਨੂੰ ਘੱਟ ਹੋਵੇ, ਪਰ ਤੀਵੀਂ ਹਰੜ ਵਰਗੀ ਨਵੀਂ ਨਰੋਈ ਰਹੇ।

ਉਸ ਨੂੰ ਆਪਣੇ ਆਪ ਉੱਤੇ ਹਾਸਾ ਜਿਹਾ ਆਉਂਦਾ। ਉਹ ਮਲੋਟ ਮੰਡੀ ਗਿਆ ਤਾਂ ਸੀ ਆਪਣੇ ਵੱਡੀ ਕੁੜੀ ਖ਼ਾਤਰ ਮੁੰਡਾ ਦੇਖਣ, ਓਥੋਂ ਮਿਲਿਆ ਉਹਨੂੰ ਕੀ?

ਇਕ ਹਉਕਾ ਲੈ ਕੇ ਹੀ ਮੁੜਿਆ। ਆਪਣੀ ਕੁੜੀ ਦੇ ਵਿਆਹ ਦਾ ਫ਼ਿਕਰ ਕਰਦਾ-ਕਰਦਾ ਉਹ ਇਹ ਕੀ ਝੋਰਾ ਲੈ ਬਿਠਾ?

ਚਿੱਤ ਨਾਲ ਝੇੜਾ ਅਜੇ ਮੁੱਕਿਆ ਨਹੀਂ ਸੀ, ਗਿੱਦੜਬਾਹਾ ਆ ਗਿਆ। ਉਹ ਬੱਸ ਵਿੱਚੋਂ ਥੱਲੇ ਉਤਰਿਆ। ਪਹਿਲਾਂ ਬੁੱਕ ਸਟਾਲ ਵੱਲ ਚਲਿਆ ਗਿਆ। ਓਥੇ ਖੜ੍ਹੇ-ਖੜ੍ਹੇ ਹੀ ਉਹਦੇ ਦਿਮਾਗ਼ ਵਿੱਚ ਚਾਨਣ ਭੜਕਿਆ-ਉਸ ਦੇ ਘਰ ਜਾ ਕੇ ਉਹ ਕੀ ਕਰੇਗਾ ਹੁਣ? ਉਸ ਦਾ ਉਹ ਹੁਣ ਕੀ ਲੱਗਦਾ ਹੈ? ਰਾਹ ਦੀਆਂ ਡੰਡੀਆਂ ਤਾਂ ਫਟ ਚੁੱਕੀਆਂ। ਔਝੜਾਂ ਨੂੰ ਜਾਂਦੀਆਂ ਦੋ ਡੰਡੀਆਂ। ਤੇ ਫੇਰ ਉਹਨੇ ਸੋਚ-ਸੋਚ ਕੇ ਬਠਿੰਡੇ ਜਾਣ ਵਾਲੀ ਬੰਸ ਵੱਲ ਪੈਰ ਵਧਾਇਆ। *