ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਬੀਤੇ ਸਮੇਂ ਦੇ ਲੋਕ

ਬੀਤੇ ਸਮੇਂ ਦੇ ਲੋਕ

'ਬਹੂ ਦੀ ਦੱਸ ਗੱਲ, ਰਾਮ ਐ ਹੁਣ ਕੁਸ ਲੱਤ ਨੂੰ?' ਸੰਤੋਂ ਬੁੜ੍ਹੀ ਆਪਣੀ ਸੋਟੀ ’ਤੇ ਦੋਵੇਂ ਹੱਥਾਂ ਦਾ ਭਾਰ ਦੇ ਕੇ ਝੁਕੀ ਤੇ ਗਹੁ ਨਾਲ ਈਸਰੀ ਤੋਂ ਪੁੱਛਿਆ।

ਈਸਰੀ ਬੁੜ੍ਹੀ ਆਪਣੇ ਦਰਵਾਜ਼ੇ ਅੱਗੇ ਪੱਕੀ ਚੌਕੜੀ 'ਤੇ ਪੀਹੜੀ 'ਤੇ ਬੈਠੀ ਗਲੋਟੇ ਅਟੇਰ ਰਹੀ ਸੀ। ਸਾਲ ਸਵਾ ਸਾਲ ਦੀ ਉਸ ਦੀ ਪੋਤੀ ਉਸ ਦੇ ਕੋਲ ਹੀ ਗਿਲਟ ਦਾ ਛੁਣਛੁਣਾ ਵਜਾ ਵਜਾ ਖੇਡ ਰਹੀ ਸੀ ਤੇ ਪਤਲੀ ਮਲਮਲ ਦੇ ਝੱਗੇ 'ਤੇ ਮੂੰਹ ਦੀਆਂ ਲਾਰਾਂ ਵਗਾ ਰਹੀ ਸੀ।

ਤੇ ਫਿਰ ਸੰਤੋ ਆਪਣੀਆਂ ਐਨਕਾਂ ਠੀਕ ਕਰਨ ਲੱਗੀ। ਈਸਰੀ ਨੇ ਅਟੇਰਨ ਖੜ੍ਹਾ ਕੇ ਖੰਘੂਰ ਮਾਰੀ ਤੇ ਕਹਿਣ ਲੱਗੀ- 'ਡਾਕਟਰ ਨੇ ਗੋਲੀਆਂ ਦਿੱਤੀਆਂ ਸੀ, ਖਾਈ ਜਾਂਦੀ ਐ, ਪੰਜ ਦਿਨ ਹੋਗੇ। ਸੂਆ ਵੀ ਨਿੱਤ ਲੱਗਦੈ ਇੱਕ। ਪੀਣ ਨੂੰ ਦਿੱਤੀ ਐ ਦਵਾਈ। ਪਰ ਰਾਮ ਤਾਂ, ਸੰਤ ਕੁਰੇ ਆਇਆ ਕੁਸ ਦੀਂਹਦਾ ਨੀ। ਮੰਜੇ ਤੋਂ ਥੱਲੇ ਤਾਂ ਪੈਰ ਨਹੀਂ ਲੌਂਦੀ। ਕੀ ਰਾਮ ਸਮਝੀਏ ਭਲਾ?'

'ਕੋਈ ਪੁੱਛਿਆ ਕਢਾ ਕੇ ਈ ਦੇਖ ਲੈਂਦੇ।' ਸੰਤੋ ਸੋਟੀ ਨੂੰ ਪਰ੍ਹਾਂ ਰੱਖ ਕੇ ਚੌਕੜੀ ’ਤੇ ਬੈਠ ਗਈ। ਇੱਕ ਪੈਰ ਉੱਤੇ ਅਤੇ ਇੱਕ ਥੱਲੇ ਲਮਕਾ ਲਿਆ। ਗੱਲ ਤਾਂ ਉਹ ਈਸਰੀ ਨਾਲ ਕਰਦੀ ਸੀ, ਪਰ ਨਿਗਾਹ ਉਸ ਦੀ ਗਲੀ ਵੱਲ ਸੀ। ਇੱਕੜ ਦੁੱਕੜ ਆਉਂਦੇ ਜਾਂਦੇ ਲੋਕਾਂ ਨੂੰ ਮੈਂ ਧਿਆਨ ਨਾਲ ਦੇਖ ਲੈਂਦੀ।

'ਪੁੱਛ ਵੀ ਕਢਾਈ ਸੀ, ਮੈਂ ਤਾਂ ਮੁੰਡੇ ਤੋਂ ਚੋਰੀਓ। ਲਾਲਾਂ' ਆਲੇ ਦੀ ਨਿਕਲੀ। ਮੱਥਾ ਟੇਕਣ ਲੱਗੀ ਬਹੂ ਤਾਂ ਮੁੰਡੇ ਨੇ ਕਲੇਸ਼ ਪਾ ਲਿਆ। ਤੈਨੂੰ ਪਤਾ ਈ ਐ ਕਾਸੇ ਨੂੰ ਨਹੀਂ ਮੰਨਦਾ। ਪਤਾ ਨਹੀਂ ਕੀਹਨੇ ਦੇ ਦਿੱਤੀ ਮੱਤ ਚੰਦਰੇ ਨੂੰ। ਕਹਿੰਦਾ, ਦੇਵੀ ਦੇਵਤਾ ਕੋਈ ਚੀਜ਼ ਈ ਨਹੀਂ। ਟੂਣੇ ਟਾਮਣ ਸਭ ਪਖੰਡ ਐ। ਲੁੱਟਣ ਖਾਣ ਦੇ ਢਕਵੰਜ ਖੜ੍ਹੇ ਕੀਤੇ ਨੇ ਵਿਹਲੇ ਲੋਕਾਂ ਦੇ।' ਈਸਰੀ ਦਾ ਅਟੇਰਨ ਬਹੁਤ ਹੌਲੀ ਚੱਲ ਰਿਹਾ ਸੀ।

'ਅੱਛਿਆ, ਐਂ ਬੋਲਦੈ?'

‘ਹੋਰ ਤਾਂ ਹੀ ਤਾਂ ਮੁਸੀਬਤ ਨੂੰ ਫੜਿਆ ਬੈਠੇ। ਜੇਹੇ ਜਾ ਕਰੀਂ ਜਾਂਦੈ, ਉਹੋ ਜਾਂ ਭਰੀ ਜਾਂਦੈ। ਪੁੱਤ ਤਾਂ ਆਬਦੈ ਫੇਰ ਵੀ, ਨੂੰਹ ਘਰ ਦੀ ਨਿਉਂ ਜੜ੍ਹ ਹੈ। ਝੱਲਿਆ ਨੀ ਜਾਂਦਾ ਦੁੱਖ। ਮੈਂ ਤਾਂ ਫੇਰ ਵੀ ਓਹੜ ਪੋਹੜ ਕਰੀਂ ਜਾਨੀ ਆਂ।'

'ਮੁੰਡਾ ਨਾ ਮੰਨੇ, ਬਹੁ ਨੂੰ ਕਹਿ, ਮੰਨੇ ਸਿੱਧੀ ਹੋ ਕੇ ਵਚਾਰੇ ਸਤਿਆਮਾਨ ਲਾਲਾਂ 'ਆਲੇ ਨੂੰ। ਗਹਿਣਾ ਚੱਕ ਕੇ ਰੱਖ ਦਿਓ। ਭੈਰੋਂ (ਕਾਲੇ ਕੁੱਤੇ) ਨੂੰ ਰੋਟੀ ਪਾਓ, ਸੱਤ ਡੰਗ-ਦੱਸਿਆ ਜਿਵੇਂ ਭਲਾਂ ‘ਸਿਆਣੇ' ਨੇ। ਰਾਮ ਕਿਵੇਂ ਨਹੀਂ ਆਊ, ਆਪੇ ਆਊ। ਡਾਕਧਾਰਾਂ ਕੋਲ ਕੁਸ ਨੀ ਈਸਰੀ।’ ਗਲੀ ਵਿੱਚ ਦੀ ਲੰਘੀ ਜਾਂਦੀ ਇੱਕ ਔਰਤ ਉਨ੍ਹਾਂ ਨੂੰ ਦਿੱਸੀ। ਉਹ ਬੋਲੀ ਨਹੀਂ ਸੀ, ਉਨ੍ਹਾਂ ਨਾਲ। ਆਪਣੇ ਮਤੇ ਵਿੱਚ ਹੀ ਨੀਵੀਂ ਪਾ ਕੇ ਲੰਘ ਗਈ। ਜੁੱਤੀ, ਸਲਵਾਰ, ਕਮੀਜ਼ ਤੇ ਚੁੰਨੀ ਸਧਾਰਨ ਵਾਂਗ ਹੀ ਉਸ ਨੇ ਪਹਿਨੀ ਹੋਈ ਸੀ।

‘ਕੁੜੇ, ਕੌਣ ਹੋਈ ਇਹ?' ਸੰਤੋ ਨੇ ਈਸਰੀ ਦੀ ਨੂੰਹ ਦੀ ਗੱਲ ਵਿਚੇ ਛੱਡ ਕੇ ਪੁੱਛਿਆ।

'ਤੈਂ ਨ੍ਹੀਂ ਪਛਾਣੀ? ਬਿੱਕਰ ਦੀ ਬਹੂ ਐ।' ਈਸਰੀ ਨੇ ਅਟੇਰਨ ਘੁੰਮਾ ਕੇ ਜਵਾਬ ਦਿੱਤਾ।

‘ਬਿੱਕਰ, ਦੇਖ ਲੈਂ ਨੌਂ ਨਮੂਦ ਨਹੀਂ ਵਚਾਰੇ ਦਾ ਕਿਤੇ।' ਹਉਕਾ ਲੈ ਕੇ ਸੰਤੋ ਨੇ ਕਿਹਾ।

'ਇਹ ਦੇ ਤਾਂ ਜੁੱਤੀ ਦੇ ਜਾਦ ਨ੍ਹੀ। ਰੰਡੀਆਂ ਤੀਵੀਆਂ ਇਹ ਦੇ ਵਾਂਗੂੰ ਰਹਿੰਦੀਆਂ ਹੁੰਦੀਆਂ ਨੇ? ਰੰਡੀਆਂ ਤਾਂ ਜੁੱਤੀ ਨ੍ਹੀਂ ਪੌਂਦੀਆਂ, ਸਿਰ ਨੀ ਵਾਹੁੰਦੀਆਂ, ਦਾਤਣ ਨ੍ਹੀਂ ਕਰਦੀਆਂ ਹੁੰਦੀਆਂ। ਇਹ ਤਾਂ ਸਾਬਣ ਲਾ ਲਾ ਨ੍ਹੌਂਦੀ ਐ। ਸੁਣਿਐ। ਕੁੜਤੀ ਸਲਵਾਰ ਦੇਖੀ ਸੀ ਕਿਵੇ ਧੋ ਸੰਵਾਰ ਕੇ ਵੱਟ ਕੱਢ ਕੇ ਪਾਈ ਹੋਈ ਐ, ਵਹਿਚਰ ਦੇ?' ਈਸਰੀ ਦਾ ਅਟੇਰਨ ਫਿਰ ਹੌਲੀ ਹੌਲੀ ਚੱਲਣ ਲੱਗਿਆ।

‘ਕਲਯੁਗ ਹੋਰ ਕੀਹਨੂੰ ਕਹਿੰਦੇ ਨੇ, ਭਾਈ। ਆਦਮੀ ਮਰੇ ਦੀ ਸ਼ਰਮ ਨ੍ਹੀ, ਤਾਂ ਧੀਆਂ ਤਿੰਨਾਂ ਦੀ ਤਾਂ ਸ਼ਰਮ ਕਰੇ। ਕੀ ਸੁਝਦੈ ਇਹ ਨੂੰ ਖਾਣ ਪਹਿਨਣ?'

‘ਗੌਰੀ ਦੇ ਨੰਦ ਰਾਮ ਦੀ ਗੱਲ ਸੁਣੀ ਐ ਤੂੰ?' ਈਸਰੀ ਨੇ ਅਟੇਰਨ ਖੜ੍ਹਾ ਕੇ ਨਵੀਂ ਗੱਲ ਤੋਰ ਦਿੱਤੀ।

‘ਕੀ ਕੁੜੇ? ਮੈਂ ਤਾਂ ਸੁਣੀ ਨ੍ਹੀ। ਸੰਤੋ ਨੇ ਆਪਣੀ ਐਨਕ ਫਿਰ ਠੀਕ ਕੀਤੀ ਤੇ ਦੂਜੀ ਲੱਤ ਵੀ ਚੌਂਕੜੀ 'ਤੇ ਧਰ ਲਈ।

‘ਕੁੜੀ, ਦੇਹ ਗਾਂ, ਰੰਡੀ ਹੋਗੀ ਸੀ। ਪਿਛਲੇ ਸਾਲ ਨੰਦ ਰਾਮ ਦੀ। ਜਿਹੜੀ ਮਾਸਟਰ ਲੱਗੀ ਹੋਈ ਹੈ।

‘ਅ੍ਹਾ ਹੋ...' ਸੰਤੋ ਨੇ ਓਲੀ ਕੌਡੀ ਵਰਗਾ ਮੂੰਹ ਬਣਾ ਕੇ ਹੁੰਗਾਰਾ ਭਰਿਆ।

'ਬਾਹਮਣਾਂ ਦੇ ਘਰ ਸੁਣੀ ਸੀ ਕਦੇ ਇਹ ਗੱਲ?'

‘ਤੂੰ ਗੱਲ ਵੀ ਕਰ।

‘ਕੁੜੀ ਨੂੰ ਹੋਰ ਥਾਂ ਬੈਠਾ ਰਹੇ ਨੇ।'

‘ਲੈ ਸੁਣ ਲੈ.....।'

‘ਸੱਚੀ ਗੱਲ ਐ, ਬਾਹਮਣਾਂ ਦੀ ਕੁੜੀ ਵਾਸਤੇ ਤਾਂ ਪਾਪ ਐ। ਭੂਆ ਨੀ ਨ੍ਹੀ ਸੀ ਕੱਟਿਆ ਰੰਡੇਪਾ ਸਾਰੀ ਉਮਰ? ਨਾਲੇ ਉਹ ਤਾਂ ਸੀ ਵੀ ਵਿਚਾਰੀ ਬਾਲ ਰੰਡ।'

‘ਕੁਝ ਨਾ ਪੁੱਛ ਭੈਣੇ। ਪੜ੍ਹਾਈਆਂ ਨੇ ਅੱਗ ਲਾ ਛੱਡੀ ਸਾਰੇ। ਪਿਛਲੀਆਂ ਗੱਲਾਂ ਤਾਂ ਰਹੀਆਂ ਈ ਨ੍ਹੀ। ਮੁੱਕਣ ’ਤੇ ਆ ਗਈ ਦੁਨੀਆ। ਚੰਗਾ ਮਾਲਕਾ......'ਸੰਤੋ ਨੇ ਫਿਰ ਹਉਕਾ ਭਰਿਆ ਤੇ ਨੱਕ ਦਾ ਸੜ੍ਹਾਕਾ ਮਾਰ ਕੇ ਐਨਕ ਠੀਕ ਕੀਤੀ।

ਈਸਰੀ ਦੀ ਪੋਤੀ ਠੁੱਸ ਠੁੱਸ ਕਰਨ ਲੱਗੀ। ਉਸ ਨੇ ਉਸ ਦਾ ਨੱਕ ਪੂੰਝਿਆ। ਉਸ ਦੇ ਹੱਥੋਂ ਦੂਰ ਜਾ ਕੇ ਡਿੱਗਿਆ ਛੁਣਛੁਣਾ ਚੁੱਕ ਕੇ ਉਸ ਨੂੰ ਫੜਾਇਆ। ਪਰ ਉਹ ਤਾਂ ਉੱਚੀ ਰੋਣ ਲੱਗ ਪਈ ਸੀ।ਫਿਰ ਉਸ ਨੇ ਵੱਡੀ ਕੁੜੀ ਨੂੰ ਹਾਕ ਮਾਰੀ ਤੇ ਕਿਹਾ- 'ਲੈ ਜਾ ਭਾਈ, ਹੁਣ ਏਸ ਨੂੰ। ਬਥੇਰਾ ਖੇਡ ਲੀ। ਹੁਣ ਨਹੀਂ ਰਹਿੰਦੀ ਇਹ ਮੇਰੇ ਕੋਲ ਐਥੇ। ਮਾਂ ਨੂੰ ਕਹਿ ਦੁੱਧ ਚੁੰਘਾ ਦੂਗੀ।' ਕੁੜੀ, ਕੁੜੀ ਨੂੰ ਚੁੱਕ ਕੇ ਲੈ ਗਈ ਤਾਂ ਉਹ ਨੇ ਹੌਲੀ ਹੌਲੀ ਚੰਦਾ ਸਿੰਘ ਦੀ ਕਾਲਜ ਪੜਦੀ ਕੁੜੀ ਦੀ ਗੱਲ ਤੋਰ ਲਈ।

‘ਲੈ, ਮੁੰਡਾ ਤਾਂ ਉਹ ਘਰ ਵੀ ਆ ਜਾਂਦੈ ਹੁਣ ਤਾਂ, ਨਾਲ ਈ ਛਿੰਦੋ ਦੇ।'

'ਕਿਹੜਾ ਪਿੰਡੋਂ ਐਂ ਅੜੀਏ?'

'ਖ਼ਬਰੈ, ਕਿਥੋਂ ਐ, ਜਾਤ ਕੁਜਾਤ ਈ ਨਾ ਹੋਵੇ? ਕੀ ਪਤੈ ਭਾਈ।'

‘ਦੇਖਣ ਨੂੰ ਤਾਂ, ਭਾਈ, ਸੋਹਣਾ ਸੁਨੱਖਾ ਲਗਦੈ।'

'ਅੱਕ ਕੱਲ੍ਹ ਤਾਂ ਫੈਂਸਲ (ਫੈਸ਼ਨ) ਨੇ ਪੱਟ ’ਤੀ ਦੁਨੀਆ। ਚੂਹੜੇ ਚਮਿਆਰਾਂ ਦੇ ਮੁੰਡੇ ਵੀ ਸਰਦਾਰਾਂ ਦੇ ਕਾਕੇ ਲੱਗਦੇ ਨੇ। ਹੁਣ ਤਾਂ ਕੋਈ ਵੀ ਧਰਮ ਨ੍ਹੀਂ ਰਿਹਾ। ਸਭ ਇੱਕੋ ਹੀ ਹੋਈ ਪਈ ਐ।'

‘ਲੈ ਹੋਰ..... ਤਾਂ ਹੀ ਤਾਂ ਲੈ ਹੋਣੈ ਸੰਸਾਰ ਨੇ।'

'ਅਕੇ, ਵਿਆਹ ਕਰਾਉਂਗੀ ਇਹ ਦੇ ਨਾਲ...?

ਸੰਤੋ ਨੇ ਫਿਰ ਓਲੀ ਵਰਗਾ ਮੂੰਹ ਬਣਾਇਆ।

‘ਕਰਾਊਂਗੀ ਨਾ, ਜਿਹੜੀ ਨਾਲ ਤੁਰੀ ਫਿਰਦੀ ਐ।'

'ਨ੍ਹੀਂ ਪਿਓ ਕੰਜਰ ਨੂੰ ਸ਼ਰਮ ਨੀ ਔਂਦੀ?'

‘ਪਿਓ ਨੂੰ ਸ਼ਰਮ ਕਾਹਦੀ ਐ। ਅਕੇ ਜੀਹਨੇ ਲਾਹ 'ਤੀ ਲੋਈ, ਕੀ ਕਰੂਗਾ ਕੋਈ। ਸ਼ਰਮ ਹੁੰਦੀ ਤਾਂ ਕੁੜੀ ਦਾ ਪੈਰ ਕਾਹਨੂੰ ਪਵੌਦਾ ਘਰੋਂ ਬਾਹਰ। ਪਿੰਡ 'ਚ ਦਸ ਜਮਾਤਾਂ ਕਰਗੀ, ਕੀ ਲੈਣਾ ਸੀ ਬੀਆ-ਐਮਾਂ ਕਰਾ ਕੇ?'

‘ਨੀ ਸੰਤੋ!'

'ਹਾਂ!'

'ਊਂ ਤਾਂ......’ ਈਸਰੀ ਦਾ ਅਟੇਰਨ ਖੜ੍ਹ ਗਿਆ।

'ਕੀ?'

'ਆਪਾਂ ਤਾਂ ਕੁੜੇ ਨ੍ਹੇਰਾ ਈ ਢੋਇਆ, ਸਾਰੀ ਉਮਰ। ਚੱਜ ਦੇ ਬੰਦੇ ਵੀ ਨਾ ਮਿਲੇ।'

'ਲੈ ਭਾਈ, ਜਿੱਥੇ ਸਾਈਂ ਰੱਖੇ, ਉੱਥੇ ਈ ਰਹਿਣਾ ਚਾਹੀਦੈ। ਭਲੇ ਘਰਾਂ ਦੀਆਂ ਧੀਆਂ ਤਾਂ ਰੱਬ ’ਤੇ ਸਾਕਰ ਰਹਿੰਦੀਆਂ ਨੇ। ਇਹੋ ਜੀਆਂ ਕੰਜਰੀਆਂ ਦਾ ਕੀਹ ਐ। ਸੰਤੋ ਕੁੜ੍ਹ ਕੁੜ੍ਹ ਕੇ ਚੰਦਾ ਸਿੰਘ ਦੀ ਲੜਕੀ ਸੁਰਿੰਦਰ ਨੂੰ ਗਾਲ੍ਹਾਂ ਕੱਢਣ ਲੱਗੀ।

ਈਸਰੀ ਦਾ ਅਟੇਰਨ ਛੇਤੀ ਛੇਤੀ ਚੱਲਣ ਲੱਗਿਆ। ਉਹ ਚੁੱਪ ਹੋ ਗਈ ਸੀ।ਸੰਤੋ ਹੀ ਬੋਲੀ ਜਾ ਰਹੀ ਸੀ। ਚੌਂਕੜੀ ’ਤੇ ਧੁੱਪ ਆ ਗਈ ਸੀ। ਗੱਲਾਂ ਦੇ ਚਸਕੇ ਵਿੱਚ ਸੰਤੋਂ ਦੀ ਪਿੱਠ 'ਤੇ ਪੈ ਰਹੀ ਬੁੱਕ ਸਾਰੀ ਧੁੱਪ ਨੂੰ ਮਹਿਸੂਸ ਨਹੀਂ ਹੋਈ ਸੀ।

ਤੇ ਫਿਰ ਬੋਹਟੀ ਵਿੱਚ ਬਚਦੇ ਦੋ ਗਲੋਟੇ ਪਹਿਲਾਂ ਤਾਂ ਈਸਰੀ ਨੇ ਚੁੱਕ ਲਏ, ਪਰ ਫਿਰ ਪਤਾ ਨਹੀਂ ਕੀ ਸੋਚ ਕੇ ਬੋਹਟੀ ਵਿੱਚ ਹੀ ਰੱਖ ਦਿੱਤੇ। ਅਟੇਰਨ ਉੱਤੋਂ ਅੱਟੀ ਲਾਹ ਕੇ ਬੋਹਟੀ ਵਿੱਚ ਰੱਖੀ ਤੇ ਖੜ੍ਹੀ ਹੋ ਕੇ ਪੀਹੜੀ ਚੁੱਕਣ ਲੱਗੀ ਕਹਿਣ ਲੱਗੀ= ‘ਚੰਗਾ ਭੈਣੇ...।'

‘ਚੰਗਾ ਕੁੜੇ, ਮੈਂ ਵੀ ਚੱਲਾਂ... ਰੋਟੀ ਪਕਾ ਲੀ ਹੋਣੀ ਐ, ਬਹੂ ਨੇ। ਦੋ ਬੁਰਕੀਆਂ ਖਾਵਾਂ ਜਾ ਕੇ।' ਹੌਲੀ ਹੌਲੀ ਸੋਟੀ ਖੜਕਾਉਂਦੀ ਸੰਤੋ ਘਰ ਨੂੰ ਜਾਣ ਲੱਗੀ।