ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਾੜੂਆ

ਨਾੜੂਆ

ਦੁਰਗੀ ਦੇ ਇੱਕ ਹੱਥ ਫੱਟੀ ਤੇ ਦੂਜੇ ਹੱਥ ਕਿਤਾਬ ਪੈਨਸਿਲ ਤੇ ਸਿਆਹੀ ਦੀ ਦਵਾਤ ਦੇਖ ਕੇ ਪਿੱਪਲ ਥੱਲੇ ਬੈਠੇ ਬੰਦੇ ਗੁੱਝਾ-ਗੁੱਝਾ ਹੱਸਣ ਲੱਗੇ। ਹੈਰਾਨੀ ਭਰਿਆ ਹਾਸਾ।

'ਓਏ, ਦੁਰਗੀ ਸਕੂਲ ਪੜ੍ਹਨ ਜਾਂਦੀ ਐ?' ਇੱਕ ਨੇ ਜਿਵੇਂ ਮਸ਼ਕਰੀ ਕੀਤੀ ਹੋਵੇ।

'ਓਏ ਨਹੀਂ, ਮਾਸਟਰਨੀ ਐ, ਪੜ੍ਹਾਉਣ ਜਾਂਦੀ ਹੋਊ।' ਇਕ ਹੋਰ ਨੇ ਕਿਹਾ।

ਹਾਸੇ ਦਾ ਭਾਂਬੜ ਉੱਚਾ ਮੱਚ ਉੱਠਿਆ। ਪਾਲੇ ਮਾਰੇ ਲੋਕਾਂ ਦੀਆਂ ਬੁੱਕਲਾਂ ਖੁਲ੍ਹ ਗਈਆਂ। ਦੁਰਗੀ ਬੀਹੀ ਦਾ ਮੋੜ ਟੱਪ ਚੁੱਕੀ ਸੀ। ਪਰ ਹਾਸੇ ਦੀ ਲਾਟ ਦਾ ਇੱਕ ਟੋਟਾ ਉਹ ਦੀ ਪਿੱਠ ਪਿੱਛੇ ਜ਼ਰੂਰ ਜਾ ਚਿੰਬੜਿਆ ਹੋਵੇਗਾ। ਉਹ ਕਾਹਲ ਨਾਲ ਤੁਰਨ ਲੱਗੀ। ਸਕੂਲ ਜਾਣ ਦਾ ਵੇਲਾ ਹੁੰਦਾ ਜਾ ਰਿਹਾ ਸੀ। ਉਹ ਪਹਿਲਾਂ-ਪਹਿਲਾਂ ਸੱਜਣ ਸਿੰਘ ਦੇ ਘਰ ਪਹੁੰਚ ਜਾਣਾ ਚਾਹੁੰਦੀ ਸੀ।

ਉਦੋਂ ਤਾਂ ਦੁਰਗੀ ਨੇ ਲੋਹੜਾ ਹੀ ਮਾਰਿਆ ਸੀ। ਉਹ ਆਪਣੇ ਇੱਕੋ-ਇੱਕ ਪੁੱਤਰ ਛਿੰਦੇ ਨੂੰ ਛੱਡ ਕੇ ਘਣੀਏ ਨਾਲ ਨਿਕਲ ਤੁਰੀ ਸੀ। ਛਿੰਦਾ ਤਿੰਨ ਵਰ੍ਹਿਆਂ ਦਾ ਬਲੂਰ ਸੀ ਮਸ੍ਹਾਂ। ਰੋਂਦਾ ਕੀ ਡਾਡਾਂ ਮਾਰਦਾ। ਦਾਦੀ ਉਹ ਨੂੰ ਹਿੱਕ ਨਾਲ ਘੁੱਟ-ਘੁੱਟ ਵਰਿਆਉਂਦੀ, ਪਰ ਉਹ ਘਰ ਦੀਆਂ ਖਾਲੀ ਸਬ੍ਹਾਤਾਂ ਵੱਲ ਝਾਕਦਾ, ਸੁੰਨ-ਸਰਾਂ ਗਲੀ ਵਿੱਚ ਭੱਜਦਾ। ਮਾਂ ਤਾਂ ਕਿਧਰੇ ਵੀ ਨਹੀਂ ਸੀ।

ਐਨਾ ਹੀ ਸੀ ਨਾ ਕਿ ਬਾਬੂ ਉਹ ’ਤੇ ਸ਼ੱਕ ਕਰਦਾ ਤੇ ਆਨੀ ਬਹਾਨੀ ਉਹ ਨੂੰ ਕੁੱਟਦਾ-ਮਾਰਦਾ ਰਹਿੰਦਾ ਸੀ। ਘਣੀਏ ਨੂੰ ਤਾਂ ਉਹ ਕੁਝ ਆਖ-ਵੇਖ ਨਾ ਸਕਦਾ, ਤੀਵੀਂ ਉੱਤੇ ਜ਼ੋਰ। ਉਹ ਅਜਿਹਾ ਵਰਤਾਓ ਨਾ ਕਰਦਾ ਤਾਂ ਉਹ ਨੇ ਕਾਹਨੂੰ ਜਾਣਾ ਸੀ ਕਿਧਰੇ। ਗੁਆਂਢੀ ਤੀਵੀਆਂ ਨੂੰ ਉਹ ਰੋ-ਰੋ ਆਪਣੇ ਪਿੰਡ ਦੇ ਚਟਾਕ ਦਿਖਾਉਂਦੀ ਤੇ ਫਿਰ ਅੱਖਾਂ ਪੂੰਝ ਕੇ ਆਖਦੀ, ਜਿਵੇਂ ਖਿਲਾਅ ਵਿੱਚ ਐਲਾਨ ਕਰ ਰਹੀ ਹੋਵੇ-'ਦੂਸ਼ਣ ਲਾਉਨੈ, ਪਾਪੀਆ, ਮੇਰੇ ’ਤੇ। ਇੱਕ ਦਿਨ ਕਰਕੇ ਵੀ ਦਿਖਾ ਦੂੰਗੀ।'

ਘਣੀਆ ਸੱਥ ਵਿੱਚ ਖੜ੍ਹਾ ਰਹਿੰਦਾ, ਜਿੰਨਾ ਚਿਰ ਉਹ ਗੋਹੇ-ਕੂੜੇ ਦੇ ਬੱਠਲ ਸੁੱਟਦੀ, ਉਹ ਖੜੇ ਦਾ ਖੜ੍ਹਾ। ਵਿਹਲਾ ਬੰਦਾ, ਕਿਹੜਾ ਕੰਮ ਸੀ ਉਹ ਨੂੰ ਕੋਈ। ਰੰਡੀ ਮਾਂ ਦਾ ਇਕੱਲਾ ਪੁੱਤ। ਜ਼ਮੀਨ ਹਿੱਸੇ ਉੱਤੇ। ਖਾਣ -ਪੀਣ ਨੂੰ ਖੁੱਲ੍ਹਾ। ਉਹ ਦੀ ਮਾਂ ਨੂੰਹ ਨੂੰ ਵਸਾਉਂਦੀ ਨਹੀਂ ਸੀ। ਨੂੰਹ ਪੇਕਿਆਂ ਬਾਰ ਬੈਠੀ ਮਨਜ਼ੂਰ, ਸੱਸ ਦੀ ਜੁੱਤੀ ਥੱਲੇ ਨਹੀਂ ਰਹਿਣਾ। ਘਣੀਆ ਤੜਕੇ ਹੀ ਸੱਥ ਵਿੱਚ ਆ ਖੜ੍ਹਦਾ। ਮੁੱਛਾਂ ਮਰੋੜਦਾ ਤੇ ਨਿੱਕੀਆਂ-ਨਿੱਕੀਆਂ ਖੰਘੂਰਾਂ ਮਾਰਦਾ। ਉਹ ਨੇ ਕਦੇ ਕੋਈ ਚੰਗੀ ਮਾੜੀ ਗੱਲ ਦੁਰਗੀ ਨੂੰ ਨਹੀਂ ਆਖੀ ਸੀ। ਕੀ ਪਤਾ, ਉਹ ਉਂਝ ਹੀ ਖੜ੍ਹਾ ਰਹਿੰਦਾ ਹੋਵੇ। ਜਾਂ ਕੀ ਪਤਾ, ਕੀਹਦੇ 'ਤੇ ਅੱਖ ਸੀ ਉਹਦੀ। ਕੀਹਦੀ ਖ਼ਾਤਰ ਖੜ੍ਹਦਾ ਸੀ।ਪਰ ਬਾਬੂ ਨੂੰ ਸ਼ੱਕ ਸੀ ਕਿ ਘਣੀਆ ਉਹ ਦੀ ਤੀਵੀਂ 'ਤੇ ਨਿਗਾਹ ਰੱਖਦਾ ਹੈ।

ਹੌਲੀ-ਹੌਲੀ ਦੁਰਗੀ ਦੀ ਕੁੱਟ ਘਣੀਏ ਦੇ ਕੰਨਾਂ ਤੱਕ ਜਾ ਪਹੁੰਚੀ। ਉਹ ਦੇ ਹੀ ਇੱਕ ਮਿੱਤਰ ਬੇਲੀ ਨੇ ਇੱਕ ਦਿਨ ਉਹ ਨੂੰ ਹੱਸ ਕੇ ਆਖਿਆ ਸੀ, 'ਕਿਉਂ ਗ਼ਰੀਬਣੀ ਦੇ ਹੱਡ ਤੁੜਵਾਉਨੈਂ ਯਾਰ,ਅੱਗੋਂ-ਪਿੱਛੋਂ ਆ ਜਿਹਾ ਕਰ ਹਥਾਈ ਮੂਹਰੇ। ਓਸ ਕੰਜਰ ਦੇ ਝੂੰਗੇ ਜ੍ਹੇ ਨੂੰ ਤਾਂ ਤੇਰੇ 'ਤੇ ਪੂਰਾ ਸ਼ੱਕ ਐ।'

ਘਣੀਏ ਨੂੰ ਦੁਰਗੀ ਦੀ ਹਾਲਤ ਤੇ' ਤਰਸ ਆਇਆ। ਉਹ ਦੇ ਨਾਲ ਹਮਦਰਦੀ ਵੀ ਹੋਈ ਤੇ ਇੱਕ ਗੁੱਝਾ-ਗੁੱਝਾ ਲਗਾਓ ਵੀ ਕਿ ਉਹ ਉਹਦੀ ਖਾਤਰ ਹੀ ਕੁੱਟ ਖਾਂਦੀ ਹੈ। ਦੁਰਗੀ ਨਾਲ ਉਹਨੂੰ ਇੱਕ ਅਜੀਬ ਕਿਸਮ ਦੀ ਮੂਕ ਜਿਹੀ ਮੁਹੱਬਤ ਹੋਣ ਲੱਗੀ। ਦੂਜੇ ਪਾਸੇ ਉਹਨੂੰ ਬਾਬੂ ’ਤੇ ਹਰਖ ਚੜ੍ਹਦਾ, 'ਸਾਲਾ, ਕਿੱਡਾ ਮੂਰਖ਼ ਆਦਮੀ ਐ, ਬਿਨਾਂ ਕਿਸੇ ਗੱਲ ਤੋਂ ਈ ਤੀਮੀਂ ਨੂੰ ਭੰਨ੍ਹੀਂ ਜਾਂਦੈ।

ਘਣੀਏ ਦਾ ਜੀਅ ਕਰਦਾ, ਉਹ ਬਾਬੂ ਨੂੰ ਸਮਝਾਵੇ, ਪਰ ਉਹ ਸੋਚਦਾ,ਇਸ ਤਰ੍ਹਾਂ ਕਰਨ ਨਾਲ ਤਾਂ ਬਾਬੂ ਦਾ ਸ਼ੱਕ ਪੱਕਾ ਹੋ ਜਾਵੇਗਾ।

ਕਿਵੇਂ ਵੀ, ਉਹ ਸੱਥ ਵਿੱਚ ਆਉਣ ਤੋਂ ਹਟਿਆ ਨਾ। ਸੋਚਦਾ ਸੀ, ਆਪਣਾ ਇਹ ਕੀ ਮਸਲਾ ਹੈ? ਕੁੱਟੀ ਜਾਂਦਾ ਹੈ ਆਪਣੀ ਤੀਵੀਂ ਨੂੰ ਕੁੱਟੀਂ ਜਾਵੇ। ਕਿਸੇ ਦਾ ਕੀ ਲੈਂਦਾ ਹੈ। ਆਪਣਾ ਘਰ ਹੀ ਵਿਗਾੜਦਾ ਹੈ, ਵਿਗਾੜੀ ਜਾਵੇ।

ਘਣੀਆ ਆਪਣੇ ਬਾਹਰਲੇ ਘਰ ਡੰਗਰਾਂ ਕੋਲ ਰਾਤ ਨੂੰ ਸੌਂਦਾ ਹੁੰਦਾ। ਇੱਕ ਦਿਨ ਵੱਡੇ ਤੜਕੇ ਉਹ ਦੀ ਬੈਠਕ ਦਾ ਬਾਰ ਖੜਕਿਆ। ਉਹਨੇ ਅੰਦਰਲਾ ਕੁੰਡਾ ਖੋਲ੍ਹਿਆ, ਦੁਰਗੀ ਭੂਤ ਵਾਂਗ ਅੰਦਰ ਆ ਵੜੀ। ਘਣੀਏ ਦਾ ਸਰੀਰ ਕੰਬ ਗਿਆ। ਦੁਰਗੀ ਨੰਗੇ ਮੂੰਹ ਸੀ। ਰੋਸ਼ਨਦਾਨ ਦੀ ਜਾਲੀ ਵਿੱਚ ਦੀ ਗਲੀ ਦੀ ਟਿਊਬ ਦਾ ਚਾਨਣ ਬੈਠਕ ਅੰਦਰ ਆ ਰਿਹਾ ਸੀ। ਘਣੀਏ ਨੇ ਉਹ ਨੂੰ ਸਿਆਣ ਤਾਂ ਲਿਆ, ਪਰ ਬੜਾ ਹੈਰਾਨ ਕਿ ਉਹ ਇਸ ਤਰ੍ਹਾਂ ਉਹ ਦੇ ਕੋਲ ਕਿਉਂ ਆ ਗਈ ਹੈ। ਗਲੀਆਂ ਵਿੱਚ ਲੋਕ ਅਜੇ ਤੁਰਨ-ਫਿਰਨ ਨਹੀਂ ਲੱਗੇ ਸਨ।

ਦੁਰਗੀ ਨੇ ਖ਼ੁਦ ਹੀ ਬਾਰ ਦਾ ਅੰਦਰਲਾ ਕੁੰਡਾ ਲਾ ਦਿੱਤਾ। ਉਹ ਮੰਜੇ 'ਤੇ ਬੈਠਾ ਤਾਂ ਦੁਰਗੀ ਮੰਜੇ ਦੀਆਂ ਪੈਂਦਾ ’ਤੇ ਟੇਢੀ ਜਿਹੀ ਹੋ ਕੇ ਬੈਠ ਗਈ। ਪੂਰਾ ਦਿਲ ਕੱਢ ਕੇ ਕਹਿਣ ਲੱਗੀ, 'ਦੇਖ ਮਰੀ ਤਾਂ ਮੈਂ ਪਹਿਲਾਂ ਈ ਪਈ ਆਂ, ਨਿੱਤ ਹੱਡ ਭੰਨ੍ਹਦੈ ਮੇਰੇ, ਤੇਰਾ ਨਾਉਂ ਲੈ-ਲੈ। ਜਾਂ ਤਾਂ ਐਸੇ ਵਖ਼ਤ ਲੈ ਚੱਲ ਮੈਨੂੰ ਕਿਧਰੇ, ਨਹੀਂ ਮੈਂ ਹੁਣੇ ਕੋਈ ਖੂਹ-ਖਾਤਾ ਗੰਦਾ ਕਰਦੀ ਆਂ।'

'ਮੈਂ ਸਭ ਸੁਣਿਆ ਹੋਇਆ, ਪਰ ਮੈਂ ਤਾਂ ਤੈਨੂੰ ਕਦੇ ਕੋਈ ਚੰਗੀ-ਮਾੜੀ ਆਖੀ ਨੀਂ। ਤੂੰ ਆਵਦੇ ਦਿਲ ਨੂੰ ਪੁੱਛ ਕੇ ਦੇਖ।'

‘ਤੂੰ ਨਹੀਂ ਆਖੀ, ਮੈਂ ਆਖਦੀ ਆਂ ਅੱਜ ਤੈਨੂੰ। ਮੈਂ ਬਾਬੂ ਨੂੰ ਚੰਡੀ ਦਾ ਭੌਣ ਦਿਖਾਉਣੈ। ਤੀਹੋ ਕਾਲ ਮੈਂ ਨ੍ਹੀਂ ਰਹਿਣਾ ਓਸ ਚੰਡਾਲ ਦੇ ਘਰ। ਉਹ ਤੇਰਾ ਨਾਉਂ ਧਰਦੈ ਨਾ, ਮੈਂ ਉਹ ਦਾ ਚੂਲੀਏਂ ਲਹੂ ਪੀਣੇ ਬੱਸ, ਪਾਪੀ ਦਾ। ਫੇਰ ਕਹਿਣ ਲੱਗੀ, 'ਦੇਖ, ਮੈਂ ਤੇਰੀ ਕਪਲਾ ਗਊ ਆਂ, ਮੈਨੂੰ ਗਾਰ 'ਚੋਂ ਕੱਢ ਲੈ। ਉਹ ਨੇ ਸਿਰ ਦੀ ਚੁੰਨੀ ਲਾਹ ਕੇ ਘਣੀਏ ਦੇ ਪੈਰਾਂ 'ਤੇ ਰੱਖ ਦਿੱਤੀ।

ਦੋ ਮਹੀਨੇ ਉਹ ਪਤਾ ਨਹੀਂ ਕਿੱਥੇ-ਕਿੱਥੇ ਫਿਰਦੇ ਰਹੇ। ਕਿਹੜੇ ਦੇਸ਼-ਪ੍ਰਦੇਸ਼ ਗਾਹੇ ਉਨ੍ਹਾਂ ਨੇ। ਅਖ਼ੀਰ ਅਦਾਲਤ ਵਿੱਚ ਪੇਸ਼ ਹੋ ਕੇ ਘਣੀਏ ਨੇ ਦੁਰਗੀ ਨਾਲ ਕਰੇਵਾ ਕਰਵਾ ਲਿਆ ਤੇ ਉਹ ਪਿੰਡ ਆ ਵੜੇ।

ਘਣੀਏ ਦੀ ਸਿਹਰੇ ਬੰਨ੍ਹ ਕੇ ਲਿਆਂਦੀ ਬਹੂ ਪੇਕਿਆਂ ਨੇ ਹੋਰ ਕਿਸੇ ਥਾਂ ਬਿਠਾ ਦਿੱਤੀ। ਬਾਬੂ ਨੇ ਦੂਜਾ ਵਿਆਹ ਕਰਵਾ ਲਿਆ।੍ਰਦੁਰਗੀ ਦਾ ਮੁੰਡਾ ਛਿੰਦਾ ਬਾਬੂ ਕੋਲ ਸੀ।

ਦੁਰਗੀ ਦੇ ਮੁੜ ਕੇ ਕੋਈ ਜੁਆਕ ਨਾ ਹੋਇਆ। ਓਧਰ ਬਾਬੂ ਦੀ ਦੂਜੀ ਬਹੂ ਨੇ ਇਸ ਦੌਰਾਨ ਤਿੰਨ ਜੁਆਕ ਜੰਮ ਲਏ। ਜੱਭਲ ਜਿਹੀ ਔਰਤ ਸੀ, ਪਤਾ ਨਹੀਂ ਹੋਰ ਕਿੰਨੇ ਜੁਆਕ ਜੰਮਣੇ ਸੀ ਉਹਨੇ। ਬਾਬੂ ਏਸ ਤੀਵੀਂ ਤੇ ਪੂਰਾ ਖੁਸ਼ ਰਹਿੰਦਾ।ਉਹ ਸੰਤੁਸ਼ਟ ਸੀ ਕਿ ਉਹ ਬੜੀ ਕੂਨੀ ਹੈ। ਡੱਕਾ ਵੀ ਘਰ ਦਾ ਡੋਲ੍ਹਦੀ-ਵਿਗਾੜਦੀ ਨਹੀਂ। ਆਣ-ਜ਼ਤ ਸੰਭਾਲ ਕੇ ਰੱਖਣ ਵਾਲੀ ਤੀਵੀਂ ਹੈ। ਹਮੇਸ਼ਾ ਧਰਤੀ 'ਤੇ ਨਿਗਾਹ ਰੱਖਦੀ ਹੈ। ਦੁਰਗੀ ਵਰਗੀ ਹੰਕਾਰੀ ਹੋਈ ਨਹੀਂ ਹੈ।

ਬਾਬੂ ਦੀ ਤੀਵੀਂ ਤੋਂ ਆਪਣੇ ਜੁਆਕ ਹੀ ਮਸ੍ਹਾਂ ਸੰਭਲਦੇ, ਛਿੰਦੇ ਨੂੰ ਉਹ ਵਾਧੂ ਜਿਹਾ ਸਮਝਦੀ। ਉਹ ਨੂੰ ਕੁੱਤਿਆਂ-ਬਿੱਲਿਆ ਵਾਂਗ ਰੋਟੀ ਦਿੰਦੀ। ਉਹ ਨੂੰ ਯਾਦ ਹੀ ਨਹੀਂ ਰਹਿੰਦਾ ਸੀ, ਛਿੰਦੇ ਨੇ ਰੋਟੀ ਖਾ ਲਈ ਹੈ ਜਾਂ ਨਹੀਂ। ਦੂਜੇ ਜੁਆਕ ਰੋਟੀ ਖਾਣ ਲੱਗਦੇ ਤਾਂ ਉਹ ਵੀ ਉਨ੍ਹਾਂ ਵਿੱਚ ਬੈਠ ਜਾਂਦਾ। ਚਾਹ ਵੇਲੇ ਉਹ ਵੀ ਆਪਣਾ ਗਲਾਸ ਚੁੱਕ ਲੈਂਦਾ। ਸਿਰ ਤੇੜ ਦੇ ਕੱਪੜੇ ਉਹ ਆਪ ਹੀ ਕੁੱਟ-ਧੋ ਲੈਂਦਾ ਸੀ।

ਵੱਡਾ ਮੁੰਡਾ ਸਕੂਲ ਪੜ੍ਹਨ ਲਾਇਆ ਤਾਂ ਛਿੰਦਾ ਵੀ ਸਕੂਲ ਜਾਣ ਲੱਗ ਪਿਆ। ਚਾਹੇ ਛਿੰਦਾ ਉਹ ਤੋਂ ਚਾਰ ਵਰ੍ਹੇ ਵੱਡਾ ਸੀ, ਉਹ ਦੋਵੇਂ ਪਹਿਲੀ ਜਮਾਤ ਵਿੱਚ ਪੜਨ ਲੱਗੇ।

ਜਿਵੇਂ ਕਿ ਹੁੰਦਾ ਸੀ, ਪਹਿਲੀਆਂ ਜਮਾਤਾਂ ਵਿੱਚ ਜੁਆਕ ਦੂਜੇ ਮਹੀਨੇ ਕੈਦਾ-ਕਿਤਾਬ ਪਾੜ ਦਿੰਦੇ ਹਨ। ਉਨ੍ਹਾਂ ਦੀਆਂ ਦੁਆਤਾਂ-ਪੈਨਸਿਲਾਂ ਤਾਂ ਨਿੱਤ ਗੁਆਚੀਆਂ ਰਹਿੰਦੀਆਂ ਹਨ। ਪੈਨਸਿਲਾਂ-ਕਲਮਾਂ ਨੂੰ ਉਹ ਘੜ-ਘੜ ਹੀ ਮੁਕਾ ਦਿੰਦੇ ਹਨ। ਟੀਨ ਦੀਆਂ ਸਲੇਟਾਂ ਨੂੰ ਕਾਤਰੀਆਂ ਬਣਾ ਲੈਂਦੇ ਹਨ। ਬਾਬੂ ਦੀ ਤੀਵੀ ਆਪਣੇ ਮੁੰਡੇ ਨੂੰ ਤਾਂ ਨਵੀਆਂ ਚੀਜ਼ਾਂ ਲੈ ਦਿੰਦੀ, ਛਿੰਦੇ ਨਾਲ ਲੜਦੀ। ਉਹ ਨੂੰ ਕੁਟਦੀ-ਮਾਰਦੀ ਵੀ। ਆਖਦੀ-'ਨਿੱਤ ਮੈਂ ਤੈਨੂੰ ਕੀ-ਕੀ ਲੈ ਕੇ ਦੇਈ ਜਾਵਾਂ ਵੇ?' ਰੱਜੀ-ਧਾਈ ਮੈਂ ਤੇਰੀਆਂ ਪੜ੍ਹਾਈਆਂ ਤੋਂ। ਸਿਰ ਚੜ੍ਹਾਅ ਰੱਖਿਐ, ਪਿਓ ਨੇ ਤੈਨੂੰ ਚੀਚਲੇ ਨੂੰ। ਅਖੇ ਪੜ੍ਹਾਉਂਗਾ ਇਹ ਨੂੰ। ਫੇਰ ਕਿਧਰੋਂ ਬਣਜੇਂਗਾ ਤੂੰ ਤਹਿਸੀਲਦਾਰ, ਇਹੀ ਰਹੇਂਗਾ ਡੰਗਰ ਦਾ ਡੰਗਰ। ਮ੍ਹੈਸ ਲੈ ਕੇ ਜਾਇਆ ਕਰ ਖੇਤ ਨੂੰ। ਹੋ ਗੀਆਂ ਤੇਰੀਆਂ ਪੜਾਈਆਂ।

ਉਹ ਦੇ ਕੋਲ ਕਿਤਾਬ ਨਾ ਹੁੰਦੀ, ਫੁੱਟੀ ਹੁੰਦੀ ਜਾਂ ਕਲਮ-ਦਵਾਤ ਤਾਂ ਸਕੂਲ ਵਿੱਚ ਮਾਸਟਰਾਣੀ ਉਹ ਦੇ ਨਾਲ ਵੈਰ ਬੰਨ੍ਹ ਲੈਂਦੀ। ਉਹ ਨੂੰ ਡੰਡੇ ਨਾਲ ਕੁੱਟਦੀ। ਪੁੱਠੇ ਕੰਨ ਫੜਾ ਕੇ ਮੁਰਗਾ ਬਣਾਈ ਰੱਖਦੀ। ਛਿੰਦਾ ਆਪਣੀ ਕਿਸਮਤ ਨੂੰ ਰੋਂਦਾ।

ਉਹਦੀ ਮਤੇਰ ਉਹਨੂੰ ਉਧਲ ਗਈ ਮਾਂ ਦੇ ਮਿਹਣੇ ਮਾਰਦੀ। ਅਲੇਲ ਮਨ ’ਤੇ ਪ੍ਰਭਾਵ ਤਾਂ ਦਿਨੋ-ਦਿਨ ਡੂੰਘੇ ਹੁੰਦੇ ਜਾ ਰਹੇ ਸਨ, ਪਰ ਉਹ ਬੋਲਦਾ ਕੁਝ ਨਹੀਂ ਸੀ। ਸਭ ਚੁੱਪ-ਚਾਪ ਸਹਿੰਦਾ ਰਹਿੰਦਾ। ਕਦੇ ਵੀਹੀ ਗਲੀ ਵਿੱਚ ਦੁਰਗੀ ਉਹ ਦੇ ਮੱਥੇ ਲੱਗਦੀ ਤਾਂ ਉਹ ਪਾਸਾ ਵੱਟ ਕੇ ਹੋਰ ਕਿਧਰੇ ਤੁਰ ਪੈਂਦਾ। ਬਾਬੂ ਨੇ ਉਹਨੂੰ ਡਰਾਇਆ ਹੋਇਆ ਸੀ, 'ਜੇ ਓਸ ਭੈਣ ਕੰਨੀ ਕਦੇ ਝਾਕਦਾ ਵੀ ਦੇਖ ਲਿਆ ਤਾਂ ਗਰਦਨ ਮਰੋੜ ਕੇ ਖੂਹ 'ਚ ਸੁਟ ਦੂੰਗਾ ਤੈਨੂੰ।'

ਬਾਬੂ ਦੇ ਘਰ ਦੀ ਕੰਧ ਸੱਜਣ ਸਿੰਘ ਦੇ ਘਰ ਦੇ ਨਾਲ ਸਾਂਝੀ ਸੀ, ਪਰ ਦੋਵੇਂ ਘਰਾਂ ਦੇ ਬਾਰ ਵੱਖ-ਵੱਖ ਪੱਤੀਆਂ ਵਿੱਚ ਸਨ। ਬੁੜ੍ਹੀਆਂ-ਕੁੜੀਆਂ ਆਪਣੇ ਕੋਠੇ ਦੀ ਛੱਤ 'ਤੇ ਜਾਂਦੀਆਂ ਤਾਂ ਗੁਆਂਢੀ-ਘਰ ਦੇ ਜੰਗਲੇ 'ਤੋਂ ਦੀ ਗਰਦਨ ਕੱਢ ਕੇ ਦੋ ਗੱਲਾਂ ਵੀ ਮਾਰ ਆਉਂਦੀਆਂ। ਸੱਜਣ ਸਿੰਘ ਦੀ ਘਰਵਾਲੀ ਨਾਲ ਦੁਰਗੀ ਦਾ ਸਹੇਲਪੁਣਾ ਹਾਲੇ ਤੱਕ ਕਾਇਮ ਸੀ। ਦੁਰਗੀ ਕਦੇ-ਕਦੇ ਉਨ੍ਹਾਂ ਦੇ ਘਰ ਆਉਂਦੀ ਤੇ ਸੱਜਣ ਦੀ ਘਰਵਾਲੀ ਨਾਲ ਦੁੱਖ-ਸੁੱਖ ਕਰ ਜਾਂਦੀ।

ਸੱਜਣ ਸਿੰਘ ਦਾ ਛੋਟਾ ਮੁੰਡਾ ਵੀ ਸਕੂਲ ਜਾਂਦਾ। ਸੁਰਜੀਤ, ਛਿੰਦੇ ਨਾਲ ਹੀ ਪੜ੍ਹਦਾ ਸੀ। ਦੁਰਗੀ, ਸੁਰਜੀਤ ਤੋਂ ਛਿੰਦੇ ਦੀਆਂ ਗੱਲਾਂ ਸੁਣਦੀ। ਉਹ ਨੂੰ ਆਪਣੇ ਕੋਲ ਬਿਠਾ ਕੇ ਏਧਰ-ਉੱਧਰ ਦੀਆਂ ਗੱਲਾਂ ਮਾਰਦੀ ਤੇ ਵਿਚਦੀ ਛਿੰਦੇ ਦੀ ਕੋਈ ਗੱਲ ਵੀ ਪੁੱਛ ਲੈਂਦੀ। ਬਹਾਨੇ ਨਾਲ ਉਹ ਛਿੰਦੇ ਦੇ ਪਤਾ-ਸੁਤਾ ਲੈਂਦੀ।

ਸੁਰਜੀਤ ਨੇ ਹੀ ਦੁਰਗੀ ਨੂੰ ਦੱਸਿਆ ਕਿ ਸਕੂਲ ਵਿੱਚ ਛਿੰਦੇ ਨੂੰ ਕੁੱਟਾਂ ਪੈਂਦੀਆਂ ਹਨ। ਸੁਰਜੀਤ ਤੋਂ ਹੀ ਉਹ ਨੂੰ ਪਤਾ ਲੱਗਦਾ ਕਿ ਘਰੇ ਵੀ ਛਿੰਦੇ ਨੂੰ ਘੂਰ-ਘੱਪ ਹੁੰਦੀ ਰਹਿੰਦੀ ਹੈ।

ਹੁਣ ਛਿੰਦਾ ਚਾਰ ਦਿਨਾਂ ਤੋਂ ਸਕੂਲ ਨਹੀਂ ਗਿਆ ਸੀ। ਉਹ ਨੇ ਆਪਣੀ ਫੱਟੀ ਕਿਧਰੇ ਗੁਆ ਲਈ ਸੀ। ਉਹ ਦੀ ਕਿਤਾਬ ਫਟ ਗਈ ਸੀ। ਉਹ ਦੇ ਕੋਲ ਨਾ ਦਵਾਤ ਸੀ ਤੇ ਨਾ ਕੋਈ ਕਲਮ-ਪੈਨਸਿਲ।

ਦੁਰਗੀ ਨੇ ਸੁਰਜੀਤ ਨੂੰ ਕਿਹਾ ਕਿ ਉਹ ਕੋਠੇ 'ਤੋਂ ਦੀ ਛਿੰਦੇ ਨੂੰ ਆਪਣੇ ਕੋਲ ਬੁਲਾਵੇ ਤੇ ਇਹ ਚੀਜ਼ਾਂ ਉਹ ਨੂੰ ਦੇ ਦੇਵੇ। ਉਹ ਉਹ ਨੂੰ ਕਹੇ ਕਿ ਉਹ ਸਕੂਲ ਜਾਵੇ।

ਆਪ ਉਹ ਸੱਜਣ ਸਿੰਘ ਦੀਆਂ ਪੌੜੀਆਂ ਵਿੱਚ ਖੜ੍ਹ ਗਈ। ਕਦੇ ਇੱਕ ਪੌੜੀ, ਉਤਾਂਹ ਚੜ੍ਹਦੀ ਤੇ ਦੋਵੇਂ ਮੁੰਡਿਆਂ ਨੂੰ ਗੱਲਾਂ ਕਰਦੇ ਦੇਖਦੀ। ਜਦੋਂ ਹੀ ਛਿੰਦਾ ਏਧਰ ਝਾਕਦਾ, ਉਹ ਇੱਕ ਪੌੜੀ ਥੱਲੇ ਹੋ ਜਾਂਦੀ। ਉਨ੍ਹਾਂ ਨੂੰ ਦਿਸਣੋਂ ਹਟ ਜਾਂਦੀ।

ਸੁਰਜੀਤ ਤੇ ਛਿੰਦਾ ਖਾਸਾ ਚਿਰ ਖੜ੍ਹੇ ਰਹੇ। ਸੁਰਜੀਤ ਉਹ ਨੂੰ ਚੀਜ਼ਾਂ ਫੜਾਉਂਦਾ, ਪਰ ਉਹ ਹਰ ਵਾਰ ਲੈਣ ਤੋਂ ਇਨਕਾਰ ਕਰ ਦਿੰਦਾ। ਜਾਂ ਤਾਂ ਸੁਰਜੀਤ ਨੇ ਉਹ ਨੂੰ ਦੱਸ ਦਿੱਤਾ ਹੋਵੇਗਾ, ਜਾਂ ਫੇਰ ਛਿੰਦੇ ਨੇ ਪੌੜੀਆਂ ਵਿੱਚ ਖੜ੍ਹੀ ਦੁਰਗੀ ਨੂੰ ਦੇਖ ਲਿਆ ਹੋਵੇਗਾ।

ਦੁਰਗੀ ਪੌੜੀਆਂ ਉਤਰ ਕੇ ਸੁਰਜੀਤ ਦੀ ਮਾਂ ਕੋਲ ਪੀੜ੍ਹੀ 'ਤੇ ਆ ਬੈਠੀ। ਉਹ ਚੁੱਪ ਬੈਠੀਆਂ ਸਨ। ਸੁਰਜੀਤ ਨੇ ਸਾਰੀਆਂ ਚੀਜ਼ਾਂ ਲਿਆ ਕੇ ਪੈਰਾਂ ਕੋਲ ਰੱਖ ਦਿੱਤੀਆਂ। ਆਖਿਆ, 'ਤਾਈ, ਉਹ ਤਾਂ ਕਹਿੰਦਾ, ਮੈਂ ਨ੍ਹੀਂ ਲੈਂਦਾ।'

ਤੇ ਫੇਰ ਖ਼ਾਸਾ ਚਿਰ ਬੈਠਾ ਦੁਰਗੀ ਅੱਖਾਂ ਦਾ ਪਾਣੀ ਪੂੰਝਦੀ ਰਹੀ। ਸੁਰਜੀਤ ਦੀ ਮਾਂ ਉਹ ਨੂੰ ਕਹਿਣਾ ਚਾਹੁੰਦੀ ਸੀ। ਪਤਾ ਨਹੀਂ ਕੀ ਕਹਿਣਾ ਚਾਹੁੰਦੀ ਸੀ ਉਹ। ਦੁਰਗੀ ਨੇ ਫੱਟੀ, ਕਿਤਾਬ, ਦੁਆਤ ਤੇ ਪੈਨਸਿਲ ਸਭ ਚੀਜ਼ਾਂ ਸੁਰਜੀਤ ਨੂੰ ਹੀ ਸੰਭਾਲ ਦਿੱਤੀਆਂ। ਘਰ ਨੂੰ ਤੁਰਨ ਲੱਗੀ ਕਹਿੰਦੀ, 'ਸੀਤਿਆ ਤੂੰ ਹੀ ਰੱਖ, ਮੈਂ ਹੁਣ ਮੋੜ ਕੇ ਕੀ ਲਿਜਾਊਂਗੀ ਇਨ੍ਹਾਂ ਨੂੰ।'