ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਹੀਂ

ਨਹੀਂ

ਸਵੇਰ ਦੀਆਂ ਧੁੱਪਾਂ ਬਨੇਰਿਆਂ ਤੋਂ ਥੱਲੇ ਕੰਧਾਂ ਉੱਤੇ ਵਿਛਣ ਲੱਗੀਆਂ।

ਘਰ ਦੇ ਵਿਹੜੇ ਵਿੱਚ ਵੇਦੀ ਲਿਸ਼ਕੀ-ਸੰਵਰੀ ਤਿਆਰ ਦਿਸਦੀ ਸੀ। ਆਲੇ ਦੁਆਲੇ ਦਰੀਆਂ-ਚਾਦਰਾਂ ਵਿਛੀਆਂ ਹੋਈਆਂ ਸਨ।

ਚਾਹ ਪੀ ਕੇ ਬਰਾਤੀ ਫੇਰਿਆਂ ਉੱਤੇ ਬੈਠ ਗਏ।

ਵਿਆਹੁਲੇ ਮੁੰਡੇ ਨੂੰ ਗੁਦੈਲਾ ਵਿਛੇ ਪਟੜੇ ਉੱਤੇ ਬਿਠਾ ਕੇ ਤੇ ਲੜਕੀ ਦੇ ਬਾਪ ਦੀ ਥਾਂ ਉਹਦੇ ਨਾਨੇ ਨੂੰ ਕੋਲ ਬੁਲਾ ਕੇ ਪੰਡਤ ਨੌਂ ਗ੍ਰਹਿਆਂ ਦੀ ਪੂਜਾ ਕਰਾਉਣ ਲੱਗਿਆ।

ਲੜਕੀ ਦਾ ਪਿਤਾ ਇਸ ਸੰਸਾਰ ਉੱਤੇ ਨਹੀਂ ਸੀ।

ਨਾਨੇ ਵੱਲੋਂ ਵਰ-ਪੂਜਨ...

ਤੇ ਫੇਰ ਲੜਕੇ ਵੱਲੋਂ ਮਦ ਮਦ-ਪਾਨ ਹੋਣ ਲੱਗਿਆ, ਲੜਕੀ ਦੀ ਮਾਂ ਨੂੰ ਮੂੰਹੋਂ ਤਿੱਖੀ ਆਵਾਜ਼ ਬਾਹਰ ਤੱਕ ਸੁਣਾਈ ਦਿੱਤੀ-"ਕੀ ਹੋਇਐ ਤੈਨੂੰ?"

ਵੇਦੀ ਕੋਲੋਂ ਉੱਠ ਕੇ ਘਰ ਦੇ ਦੋ ਬੰਦੇ ਅੰਦਰ ਗਏ। ਆਸ਼ਾ ਨੇ ਸਹਾਗ ਦੇ ਕੱਪੜੇ ਤਾਂ ਸਾਰੇ ਪਹਿਨ ਰੱਖੇ ਸਨ। ਫੇਰਿਆਂ ਲਈ ਉਹ ਤਿਆਰ ਤਾਂ ਪੂਰੀ ਸੀ। ਪਰ ਲੱਗਦਾ ਸੀ, ਜਿਵੇਂ ਡਰੀ-ਡਰੀ ਜਿਹੀ ਹੋਵੇ। ਚਿਹਰਾ ਕੁਮਲਾਇਆ ਹੋਇਆ, ਦੋਵਾਂ ਬੰਦਿਆਂ ਦੇ ਕੁਝ ਵੀ ਪੱਲੇ ਨਾ ਪਿਆ। ਮਾਂ ਦੰਦ ਪੀਹ ਰਹੀ ਸੀ। ਉਹਦੀਆਂ ਅੱਖਾਂ ਵਿੱਚ ਅੱਗ ਸੀ। ਉਹ ਫੇਰ ਕੁੜਕੀ-'ਉੱਠੱਗੀ ਕਿ...?'

ਆਸ਼ਾ ਦੇ ਚੇਹਰੇ ਉੱਤੇ ਇੱਕ ਤਰਲਾ ਹੋਰ ਆਇਆ। ਉਹਨੇ ਮਾਂ ਵੱਲ ਦੇਖਿਆ 'ਤੇ ਅੱਖਾਂ ਰਾਹੀਂ ਹੀ ਉਹਤੋਂ ਕੁੱਝ ਪੁੱਛਣਾ ਚਾਹਿਆ।

ਮਾਂ ਨੇ ਆਪਣੇ ਬੋਲਾਂ ਵਿੱਚ ਪੂਰੀ ਹਲੀਮੀ ਭਰ ਲਈ, ਆਸ਼ਾ ਦਾ ਮੱਥਾ ਚੁੰਮ ਲਿਆ। ਕਿਹਾ-'ਉੱਠ ਮੇਰੀ ਰਾਣੀ ਧੀ। ਸੱਦੀ ਜਾਂਦੇ ਨੇ ਬਾਹਰ।'

ਇੱਕ ਆਦਮੀ ਬਾਹਰੋਂ ਹੋਰ ਆਇਆ ਤਾਂ ਨੇੜੇ ਖੜ੍ਹੀਆਂ ਕੁੜੀਆਂ ਨੇ ਆਸ਼ਾ ਨੂੰ ਬਾਹਾਂ ਤੋਂ ਫੜ ਕੇ ਹੌਲੀ-ਹੌਲੀ ਖੜ੍ਹੀ ਕਰ ਲਿਆ। ਕੁੜੀ ਵੀ ਚੁੱਪ ਕੀਤੀਆਂ ਜਿਹੀਆਂ ਸਨ, ਹੈਰਾਨ ਸਨ।

ਹੇਮ ਚੰਦ ਦੇ ਸੱਜੇ ਹੱਥ ਉਹਨੂੰ ਬਿਠਾ ਦਿੱਤਾ ਗਿਆ। ਪੰਡਤ ਨੇ ਆਸ਼ਾ ਵਲੋਂ ਗੌਰ-ਪੂਜਨ ਸ਼ੁਰੂ ਕੀਤਾ ਤੇ ਫੇਰ ਲੜਕੇ 'ਤੇ ਲੜਕੀ ਦੇ ਹੱਥ ਪੀਲੇ ਕਰਨ ਤੋਂ ਬਾਅਦ ਉਨ੍ਹਾਂ ਦਾ ਗ੍ਰੰਥੀ-ਬੰਧਨ ਕੀਤਾ ਗਿਆ।

ਤੇ ਫੇਰ ਹਵਨ ਹੋਣ ਲੱਗਿਆ। ਅਗਨੀ ਉੱਤੋਂ ਦੀ ਤਿੰਨ ਫੇਰੇ ਲਏ ਗਏ। ਲੜਕੀ ਅੱਗੇ ਤੇ ਲੜਕਾ ਪਿੱਛੇ। ਚੌਥੇ ਫੇਰੇ ਲੜਕਾ ਅੱਗੇ ਤੇ ਲੜਕੀ ਪਿੱਛੇ। ਚੌਥਾ ਫੇਰਾ ਤਾਂ ਅਜੇ ਸ਼ੁਰੂ ਹੀ ਹੋਇਆ ਸੀ ਕਿ ਆਸ਼ਾ ਪੈਂਹ ਦੇ ਕੇ ਪਟੜੇ ਉੱਤੇ ਡਿੱਗ ਪਈ। ਬੁੜ੍ਹੀਆਂ ਫੇਰੇ ਦਿਵਾਉਣ ਵਾਲੇ ਇੱਕ ਬੰਦੇ ਨੂੰ ਹਾਲ-ਹਾਲ ਕਰਨ ਲੱਗੀਆਂ। ਓਸੇ ਨੇ ਆਸ਼ਾ ਨੂੰ ਸੰਭਾਲਿਆ ਹੋਇਆ ਸੀ। ਕਹਿ ਰਹੀਆਂ ਸਨ, 'ਵੇ ਭਾਈ, ਤੂੰ ਸਹਾਰਾ ਦੇ ਕੇ ਰੱਖਣਾ ਸੀ ਕੁੜੀ ਨੂੰ।' ਇੱਕ ਹੋਰ ਬੋਲੀ, 'ਵੇ ਸੰਤੂ ਕਾਣਿਆ, ਤੈਨੂੰ ਦਿਸਿਆ ਨਾ?'

ਸੰਤੂ ਦਾ ਜਵਾਬ ਕਿਸੇ ਨੇ ਨਹੀਂ ਸੁਣਿਆ। ਕਿਸੇ ਹੋਰ ਨੇ ਫਟਾ-ਫਟ ਆਸ਼ਾ ਨੂੰ ਬਾਹੋਂ ਫੜ ਕੇ ਖੜ੍ਹਾ ਕੀਤਾ, ਪਰ ਉਹ ਤਾਂ ਫੇਰ ਲੁੜ੍ਹਕ ਗਈ। ਥਾਂ ਦੀ ਥਾਂ ਢੇਰੀ ਹੋ ਗਈ। ਮਾਂ ਨੇ ਆ ਕੇ ਉਹਦਾ ਮੂੰਹ ਨੰਗਾ ਕੀਤਾ। ਉਹਦੀ ਤਾਂ ਦੰਦ ਬੀੜ ਜੁੜੀ ਪਈ ਸੀ। ਸੰਤੁ ਨੇ ਉਹਨੂੰ ਗੋਦੀ ਚੁੱਕਿਆ ਤੇ ਅਗਨੀ ਉੱਤੋਂ ਦੀ ਮੁੰਡੇ ਦੇ ਮਗਰ-ਮਗਰ ਗੇੜਾ ਦਿਵਾ ਦਿੱਤਾ ਤੇ ਫੇਰ ਓਵੇਂ ਹੀ ਸੰਤੂ ਉਹਨੂੰ ਗੋਦੀ ਚੁੱਕ ਕੇ ਅੰਦਰ ਕਮਰੇ ਵਿੱਚ ਲੈ ਗਿਆ।

ਸਪਤ ਪਦੀ ਦਾ ਉਚਾਰਨ ਪੰਡਤ ਨੇ ਆਸ਼ਾ ਦੀ ਗੈਰ-ਹਾਜ਼ਰੀ ਵਿੱਚ ਕਰ ਦਿੱਤਾ ਤੇ ਗੋ-ਦਾਨ ਵੀ, ਮੰਗਲੀਕਰਨ ਹੋਇਆ ਹੀ ਨਹੀਂ।

ਬਰਾਤ ਵਾਲੇ ਹੈਰਾਨ ਸਨ। ਹੇਮ ਚੰਦ ਪੁਰੀ ਚਿੰਤਾ ਵਿੱਚ ਸੀ। ਸੰਤੁ ਵੇਦੀ ਕੋਲ ਆਇਆ ਤੇ ਸਹਿਜ ਸੁਭਾਓ ਜਿਹਾ ਦੱਸਣ ਲੱਗਿਆ-'ਹੁਣ ਠੀਕ ਐ।' ਤੇ ਫੇਰ ਉਹਨੇ ਪੰਡਤ ਨੂੰ ਪੁੱਛਿਆ-'ਫੇਰ ਲੈ ਕੇ ਆਈਏ ਲੜਕੀ ਨੂੰ?'

'ਨਹੀਂ ਨਹੀਂ, ਬੱਸ, ਵਿਆਹ ਪੱਧਤੀ ਅਨੁਸਾਰ ਤਾਂ ਸਭ ਹੋ ਗਿਐ। ਹੁਣ ਆਪਣੀ ਸਿਕਸ਼ਾ ਵਿਕਸ਼ਾ ਦਾ ਕਰਨ ਕੁੜੀਆਂ ਜੋ ਕਰਨੈ। ਹਰੀ ਓਮ ਪੰਡਤ ਨੇ ਡਕਾਰ ਮਾਰਿਆ।

ਵੇਦੀ ਕੋਲ ਬੈਠੀਆਂ ਰਿਸ਼ਤੇਦਾਰ ਬੁੜ੍ਹੀਆਂ ਕਹਿ ਰਹੀਆਂ ਹਨ, 'ਵਿਚਾਰੀ ਦੇ ਪਿਓ ਨ੍ਹੀਂ ਨਾ, ਕਿੱਦਣ ਦੀ ਰੋਈ ਜਾਂਦੀ ਐ ਇਹ ਤਾਂ।'

ਕੋਈ ਕਹਿ ਰਹੀ ਸੀ, 'ਮਾਂ ਦਾ ਹੌਲ ਵੱਡੈ ਇਹਨੂੰ ਤਾਂ। ਅਖੇ 'ਕੱਲੀ ਰਹਿ ਜੂਗੀ।'

ਕਿਸੇ ਹੋਰ ਨੇ ਕਿਹਾ, "ਕੋਈ ਭਾਈ-ਭਰਾ ਹੁੰਦਾ ਤਾਂ ਵੀ ਸੀ।'

ਇੱਕ ਹੋਰ ਕਹਿੰਦੀ, 'ਨੱਗਰ-ਖੇੜਾ ਛੱਡਣਾ ਕਿਤੇ ਸੌਖੇ? ਦੰਦਲਾਂ ਨਾ ਪੈਣ ਤਾਂ ਹੋਰ ਕੀ ਹੋਵੇ?'

'ਲੈ ਭੈਣੇ, ਸੁੱਖੀ-ਸਾਂਦੀ ਆਪਣੇ ਘਰ ਜਾਵੇ। ਵਸੇ-ਰਸੇ। ਮਾਂ ਦੇ ਦਿਨ ਵੀ ਨਿੱਕਲ ਜਾਣਗੇ ਕਿਮੇਂ ਨਾ ਕਿਮੇਂ। ਇੱਕ ਸਿਆਣੀ ਬੁੜ੍ਹੀ ਨੇ ਆਖਰੀ ਗੱਲ ਆਖੀ।

ਬਰਾਤ ਵਿਚੋਂ ਇੱਕ ਕੋਈ ਕੋਲ ਖੜ੍ਹੇ ਕੁੜੀ ਵੱਲ ਦੇ ਕਿਸੇ ਰਿਸ਼ਤੇਦਾਰ ਨੂੰ ਪੁੱਛ ਰਿਹਾ ਸੀ, 'ਪਹਿਲਾਂ ਵੀ ਦੌਰਾ ਪੈ ਜਾਂਦਾ ਕੁੜੀ ਨੂੰ?'

"ਨਾ ਨਾ, ਸੁਣਿਆ ਈ ਨ੍ਹੀਂ ਸੀ ਕਦੇ। ਇਹ ਤਾਂ ਹੁਣ..'

'ਹਾਂ ਹੋ ਜਾਂਦੈ ਕਦੇ-।' ਬਰਾਤੀ ਨੇ ਆਪ ਹੀ ਜਵਾਬ ਲੈ ਲਿਆ।

ਹੇਮ ਚੰਦ ਨੂੰ ਪਟੜੇ ਤੋਂ ਉਠਾ ਕੇ ਮੁੜ ਓਥੇ ਹੀ ਬਿਠਾ ਦਿੱਤਾ ਗਿਆ। ਲਾਊਡ ਸਪੀਕਰ ਉੱਤੇ ਇੱਕ ਕੁੜੀ ਨੇ 'ਸਿੱਖਿਆ' ਪੜ੍ਹੀ ਤੇ ਫੇਰ ਬਰਾਤੀਆਂ ਵਲੋਂ ਸਾਈ ਉੱਤੇ ਲਿਆਂਦਾ ਇੱਕ ਸ਼ੁਕੀਨ ਜਿਹਾ ਮੁੰਡਾ ਤੂੰਬੀ ਲੈ ਕੇ 'ਸੇਹਰਾ' ਪੜ੍ਹਨ ਲੱਗਿਆ। ਢੋਲਕ ਦੀ ਥਾਪ ਨੇ ਰੰਗ ਬੰਨ੍ਹ ਦਿੱਤਾ। ਸਾਰੇ ਬਰਾਤੀ, ਕੁੜੀ ਨਾਲ ਰਿਸ਼ਤੇਦਾਰ ਤੇ ਵਿਹੜੇ ਵਿੱਚ ਫਿਰਦੇ-ਤੁਰਦੇ ਬਾਕੀ ਸਭ ਖ਼ੁਸ਼ ਸਨ, ਸੇਹਰਾ ਗਾਉਣ ਵਾਲੇ ਮੁੰਡੇ ਨੂੰ ਦੋ-ਦੋ, ਪੰਜ-ਪੰਜ ਤੇ ਦਸ-ਦਸ ਦੇ ਨੋਟ ਲਗਾਤਾਰ ਦਿੱਤੇ ਜਾ ਰਹੇ ਸਨ। ਇਹ ਤਾਂ ਕਿਸੇ ਨੂੰ ਯਾਦ ਚੇਤੇ ਵੀ ਨਹੀਂ ਰਹਿ ਗਿਆ ਹੋਵੇਗਾ ਕਿ ਵਿਆਹੁਲੀ ਕੁੜੀ ਨੂੰ ਦੌਰਾ ਪਿਆ ਸੀ।

ਆਸ਼ਾ ਚਾਰ ਕੁ ਸਾਲਾਂ ਦੀ ਹੋਵੇਗੀ ਜਦੋਂ ਉਹਦਾ ਬਾਪ ਮਰ ਗਿਆ। ਉਹ ਰੇਲਵੇ ਵਿੱਚ ਬੁਕਿੰਗ-ਕਲਰਕ ਸੀ ਤੇ ਪਿਛਲੇ ਪੰਦਰਾਂ ਸਾਲਾਂ ਤੋਂ ਉਸ ਸ਼ਹਿਰ ਵਿੱਚ ਟਿਕਿਆ ਹੋਇਆ ਸੀ। ਰੇਲਵੇ-ਕੁਆਟਰਾਂ ਵਿੱਚ ਰਹਿੰਦਾ। ਉਹਨੂੰ ਸਾਰੀ ਮੰਡੀ ਜਾਣਦੀ ਸੀ। ਮੰਡੀ ਦੇ ਦੁਕਾਨਦਾਰਾਂ, ਸਰਕਾਰੀ ਮੁਲਾਜ਼ਮਾਂ ਤੇ ਸ਼ਹਿਰ ਦੇ ਆਮ ਲੋਕਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਨਾਲ ਵਾਹ ਰਹਿੰਦਾ। ਸਵੇਰ ਦੀਆਂ ਗੱਡੀਆਂ ਭੁਗਤਾ ਕੇ ਉਹ ਹੱਥ ਵਿੱਚ ਦੋ ਥੈਲੇ ਫੜਦਾ ਤੇ ਮੰਡੀ ਵਿੱਚ ਨਿੱਕਲ ਜਾਂਦਾ। ਕਿਤੋਂ ਕੁਝ ਤੇ ਕਿਤੋਂ ਕੁਝ ਘਰ ਵਾਸਤੇ ਨਿੱਕ-ਸੁੱਕ ਦੇ ਦੋਵੇਂ ਥੈਲੇ ਭਰੀ ਉਹ ਕੁਆਟਰ ਵਿੱਚ ਪਹੁੰਚਦਾ। ਸਾਰੀ ਮੰਡੀ ਵਿੱਚ ਗੇੜਾ ਦਿੰਦਾ। ਹਰ ਦੁਕਾਨਦਾਰ ਨਾਲ ਉਹਦਾ ਹਾਸਾ-ਮਖੌਲ ਚਲਦਾ ਰਹਿੰਦਾ। ਹਰ ਕੋਈ ਉਹਦੇ ਕੋਲੋਂ ਖ਼ੁਸ਼ ਹੁੰਦਾ। ਕੁਆਟਰ ਵਿੱਚ ਆ ਕੇ ਉਹ ਦਾਤਣ-ਕੁਰਲਾ ਕਰਦਾ ਤੇ ਚਾਹ ਪੀਂਦਾ। ਫੇਰ ਨਹਾ-ਧੋ ਕੇ ਨਵੇਂ ਕੱਪੜੇ ਪਾ ਲੈਂਦਾ। ਨਵੇਂ ਕੱਪੜੇ ਧੋਤੇ ਹੋਏ ਤੇ ਲੋਹਾ ਕੀਤੇ ਹੁੰਦੇ ਬੱਸ। ਹਮੇਸ਼ਾਂ ਹੀ ਖਾਕੀ ਜੀਨ ਦੀ ਪੈਂਟ ਤੇ ਸਫੈਦ ਕਮੀਜ਼। ਦੂਜਾ ਕੱਪੜਾ ਉਹਦੇ ਤਨ ਨੂੰ ਲੱਗਿਆ ਕਦੇ ਕਿਸੇ ਨੇ ਦੇਖਿਆ ਨਹੀਂ ਸੀ। ਸਿਆਲਾਂ ਵਿੱਚ ਨੀਲਾ ਕੋਟ ਜ਼ਰੂਰ ਵਧ ਜਾਂਦਾ।

ਵਿਆਹ ਤੋਂ ਦਸ ਸਾਲ ਬਾਅਦ ਮਸਾਂ ਕਿਤੇ ਜਾ ਕੇ ਉਹਦੇ ਘਰ ਇਹ ਇੱਕ ਲੜਕੀ ਪੈਦਾ ਹੋਈ। ਉਹਦਾ ਵਿਆਹ ਵੀ ਉਸ ਸ਼ਹਿਰ ਵਿੱਚ ਆ ਕੇ ਹੋਇਆ ਸੀ।

ਉਹ ਦਿਲ ਦਾ ਮਰੀਜ਼ ਸੀ। ਬਹੁਤ ਝੋਰਾ ਉਹ ਇਸ ਗੱਲ ਦਾ ਕਰਦਾ ਕਿ ਉਹਦੇ ਘਰ ਕੋਈ ਮੁੰਡਾ ਕਿਉਂ ਨਹੀਂ। ਉਹ ਮਰਿਆ ਤਾਂ ਸਾਰੀ ਮੰਡੀ ਵਿੱਚ ਹਾਹਾਕਾਰ ਮੱਚ ਗਈ। ਹਰ ਕੋਈ ਬਾਬੂਆਣੀ ਦੇ ਕੁਆਟਰ ਵਿੱਚ ਅਫ਼ਸੋਸ ਕਰਨ ਆਇਆ।

ਰੇਲਵੇ ਵਾਲਿਆਂ ਨੇ ਚਾਰ ਮਹੀਨਿਆਂ ਤੱਕ ਆਸ਼ਾ ਦੀ ਮਾਂ ਤੋਂ ਕੁਆਟਰ ਖ਼ਾਲੀ ਨਹੀਂ ਕਰਵਾਇਆ।

ਪੈਨਸ਼ਨ ਦੇ ਕਾਗ਼ਜ਼ਾਂ ਦੇ ਨਾਲ ਹੀ ਉਹਨੂੰ ਰੇਲਵੇ ਮਹਿਕਮੇ ਵਲੋਂ ਦਸ ਹਜ਼ਾਰ ਰੁਪਿਆ ਇਕੱਠਾ ਵੀ ਮਿਲ ਗਿਆ। ਕੁਝ ਰੁਪਿਆ ਉਸ ਰੇਲਵੇ-ਸਟੇਸ਼ਨ ਦੇ ਮੁਲਾਜ਼ਮਾਂ ਨੇ ਆਪਣੇ ਵਲੋਂ ਇਕੱਠਾ ਕੀਤਾ। ਚਾਰ-ਪੰਜ ਹਜ਼ਾਰ ਮੰਡੀ ਦੇ ਦੁਕਾਨਦਾਰਾਂ ਨੇ ਉਗਰਾਹ ਲਿਆ। ਨਵੀਂ ਬਸਤੀ ਵਿੱਚ ਆਸ਼ਾ ਦੀ ਮਾਂ ਨੇ ਇੱਕ ਛੋਟਾ ਜਿਹਾ ਪਲਾਟ ਲੈ ਕੇ ਕਮਰੇ ਛੁਡਾ ਲਏ।

ਸਿਲਾਈ ਮਸ਼ੀਨ ਦਾ ਕੰਮ ਉਹ ਜਾਣਦੀ ਸੀ। ਆਂਢ-ਗੁਆਂਢ ਵਿਚੋਂ ਕੱਪੜੇ ਆਉਣ ਲੱਗ ਪਏ। ਸੌ ਰੁਪਿਆ ਮਹੀਨਾ ਉਹਦੀ ਪੈਨਸ਼ਨ ਆ ਜਾਂਦੀ। ਉਹ ਵਾਹਵਾ ਰੋਟੀ ਖਾਣ ਲੱਗੀ ਤੇ ਰੱਬ ਦਾ ਸ਼ੁਕਰ ਗੁਜ਼ਾਰਿਆ।

ਅਗਲੇ ਸਾਲ ਹੀ ਉਹਨੇ ਆਸ਼ਾ ਨੂੰ ਸਕੂਲ ਭੇਜ ਦਿੱਤਾ। ਪ੍ਰਾਇਮਰੀ ਸਕੂਲ ਉਸ ਬਸਤੀ ਵਿੱਚ ਨਵਾਂ ਖੁੱਲ੍ਹ ਗਿਆ ਸੀ। ਪੰਜ ਜਮਾਤਾਂ ਕਰਕੇ ਉਹ ਸ਼ਹਿਰ ਦੇ ਗਰਲ ਹਾਈ ਸਕੂਲ ਵਿੱਚ ਜਾਣ ਲੱਗੀ। ਮਾਂ ਚਾਹੁੰਦੀ ਸੀ ਕਿ ਆਸ਼ਾ ਦਸ ਜਮਾਤਾਂ ਪਾਸ ਕਰ ਲਵੇ ਤਾਂ ਉਹ ਕੋਈ ਚੰਗਾ ਮੁੰਡਾ ਲੱਭ ਕੇ ਉਹਨੂੰ ਘਰੋਂ ਤੋਰ ਦੇਵੇ। ਘਰ ਦਾ ਖਰਚ ਤਾਂ ਉਹ ਪੈਨਸ਼ਨ ਨਾਲ ਹੀ ਤੋਰ ਰਹੀ ਸੀ। ਮਸ਼ੀਨ ਦੀ ਕਮਾਈ ਬੈਂਕ ਵਿੱਚ ਜਮ੍ਹਾ ਕਰਵਾਉਂਦੀ ਰਹਿੰਦੀ ਤੇ ਜਾਂ ਫਿਰ ਆਸ਼ਾ ਲਈ ਕੋਈ ਚੀਜ਼ ਖ਼ਰੀਦ ਲੈਂਦੀ, ਜੋ ਉਹਨੂੰ ਦਾਜ ਵਿੱਚ ਦਿੱਤੀ ਜਾ ਸਕੇ। |

ਦਸਵੀਂ ਪਾਸ ਕਰਨ ਤੱਕ ਉਹਦੀ ਮਾਂ ਨੇ ਉਹਦੇ ਵਿਆਹ ਲਈ ਖਾਸਾ ਕੁਝ ਬਣਾ ਲਿਆ ਸੀ। ਉਹ ਤਾਂ ਕਹਿੰਦੀ ਸੀ, 'ਚਾਹੇ ਅੱਜ ਉਹਨੂੰ ਕੋਈ ਮੁੰਡਾ ਲੱਭ ਪਵੇ ਤਾਂ ਉਹ ਆਸ਼ਾ ਨੂੰ ਘਰੋਂ ਤੁਰਦੀ ਕਰੇ।

ਉਹਨੇ ਆਪਣੇ ਭਰਾਵਾਂ ਨੂੰ ਕਈ ਵਾਰ ਆਖਿਆ ਕਿ ਉਹ ਆਸ਼ਾ ਲਈ ਕੋਈ ਮੁੰਡਾ ਲੱਭਣ। ਭਰਾ ਬਹੁਤ ਕੋਸ਼ਿਸ਼ ਵਿੱਚ ਸਨ, ਪਰ ਕਿਧਰੇ ਵੀ ਕੋਈ ਗੱਲ ਨਹੀਂ ਤੁਰ ਸਕੀ। ਰੇਲਵੇ ਸਟੇਸ਼ਨ ਦੇ ਪੁਰਾਣੇ ਮੁਲਾਜ਼ਮਾਂ ਕੋਲ ਜਾ ਕੇ ਗੱਲ ਕਰਦੀ। ਉਹਦੇ ਪਤੀ ਦੇ ਕੁਲੀਗ ਉਹਦੇ ਨਾਲ ਹਮਦਰਦੀ ਦੀਆਂ ਗੱਲਾਂ ਤਾਂ ਬਹੁਤ ਕਰਦੇ, ਮੁੰਡਿਆਂ ਦੇ ਨਾਉਂ ਗਿਣਾ ਦਿੰਦੇ, ਪਰ ਕਰਦਾ-ਕਰਾਉਂਦਾ ਕੋਈ ਕਿਧਰੇ ਕੁਝ ਵੀ ਨਹੀਂ ਸੀ।

ਆਸ਼ਾ ਦੀ ਮਾਂ ਦਾ ਜੀਅ ਕਰਦਾ ਕਿ ਉਹਨੂੰ ਕੋਈ ਅਜਿਹਾ ਮੁੰਡਾ ਮਿਲੇ, ਜੋ ਇਕੱਲਾ ਹੋਵੇ ਤੇ ਜਿਸ ਦੇ ਮਾਂ-ਬਾਪ ਹੋਣ ਹੀ ਨਾ। ਉਹ ਉਹਨੂੰ ਆਪਣਾ ਘਰ ਜਵਾਈ ਬਣਾ ਕੇ ਰੱਖ ਲਵੇ। ਉਹਦੇ ਘਰ ਨੂੰ ਸਾਰੇ ਰੰਗ-ਭਾਗ ਲੱਗ ਜਾਣ। ਉਹਨੂੰ ਉਹਦਾ ਰੰਡੇਪਾ ਭੁੱਲ ਜਾਵੇ।

ਮੁੰਡਾ ਲੱਭਦਾ ਨਾ ਦੇਖ ਕੇ ਆਸ਼ਾ ਨੇ ਖ਼ੁਦ ਹੀ ਮਾਂ ਨੂੰ ਸਲਾਹ ਦਿੱਤੀ ਕਿ ਉਹ ਕਾਲਜ ਵਿੱਚ ਕਿਉਂ ਨਾ ਦਾਖ਼ਲ ਹੋ ਜਾਵੇ। ਵਿਹਲੀ ਘਰ ਬੈਠਕੇ ਕੀ ਕਰੇਗੀ?

ਮਾਂ ਕਹਿੰਦੀ, 'ਤੇਰੀਆਂ ਕਾਪੀਆਂ-ਕਿਤਾਬਾਂ ਤੇ ਫ਼ੀਸਾਂ ਦਾ ਖਰਚ ਕੌਣ ਭਰੂ ਧੀਏ?"

ਉਹ ਆਖਣ ਲੱਗੀ, 'ਅੱਜ ਤੋਂ ਮੰਮੀ ਮੈਂ ਥੋਡੇ ਨਾਲ ਮਸ਼ੀਨ 'ਤੇ ਬੈਠਿਆ ਕਰੂੰ। ਐਨੀਆਂ ਮੇਰੀਆਂ ਸਹੇਲੀਆਂ ਨੇ। ਸਾਰੀਆਂ ਦੇ ਘਰੀ ਜਾ ਕੇ ਕੱਪੜੇ ਲਿਆਇਆ ਕਰੂੰ। ਮੇਰੀ ਪੜ੍ਹਾਈ ਤੇ ਕਿੰਨਾ ਕੁ ਖਰਚ ਹੋਣੈ ਆਪਣਾ।'

ਉਸ ਸ਼ਹਿਰ ਵਿੱਚ ਇੱਕੋ-ਇੱਕ ਸਰਕਾਰੀ ਕਾਲਜ ਸੀ, ਜਿਸ ਵਿੱਚ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ। ਆਸ਼ਾ ਬੀ. ਏ. ਦੇ ਦੂਜੇ ਭਾਗ ਵਿੱਚ ਸੀ ਜਦੋਂ ਉਨ੍ਹਾਂ ਦੇ ਘਰ ਉਹਦੇ ਨਾਲ ਇੱਕ ਮੁੰਡਾ ਆਉਣ ਲੱਗ ਪਿਆ। ਬੜਾ ਸਾਊ, ਬੜਾ ਹੀ ਪਿਆਰਾ। ਆਸ਼ਾ ਦੀ ਮਾਂ ਉਹਨੂੰ ਬਹੁਤ ਮੋਹ ਕਰਦੀ। ਉਹਨੂੰ ਲੱਗਦਾ ਜਿਵੇਂ ਉਹ ਆਪਣਾ ਹੀ ਕੋਈ ਪੁੱਤ ਹੋਵੇ। ਉਹ ਸ਼ਰਮਾਕਲ ਬੜਾ ਸੀ। ਆਂਢ-ਗੁਆਂਢ ਦੇ ਲੋਕ ਸਮਝਦੇ ਜਿਵੇਂ ਉਨ੍ਹਾਂ ਦੇ ਘਰ ਆਸ਼ਾ ਦੇ ਨਾਲ ਆਉਂਦਾ ਮੁੰਡਾ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਹੋਵੇ। ਕਾਲਜ ਦੇ ਮੁੰਡੇ-ਕੁੜੀਆਂ ਵੀ ਇਹੀ ਸੋਚਦੇ। ਕਾਲਜ ਵਿੱਚ ਤੇ ਘਰ ਵਿੱਚ ਵੀ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ।

ਸ਼ੇਖਰ ਨੇੜੇ ਦੇ ਪਿੰਡ ਤੋਂ ਸਾਈਕਲ ਉੱਤੇ ਕਾਲਜ ਆਉਂਦਾ ਹੁੰਦਾ। ਰੋਟੀ ਉਹ ਆਪਣੀ ਨਾਲ ਲੈ ਕੇ ਆਉਂਦਾ। ਕੁਝ ਖਾ ਆਉਂਦਾ। ਕੁਝ ਨਾਲ ਲੈ ਆਉਂਦਾ। ਨਿੱਕਾ ਜਿਹਾ ਡੱਬਾ, ਹੱਥ ਵਿੱਚ ਫ਼ੜੀ ਇੱਕ ਕਾਪੀ ਤੇ ਦੋ ਕਿਤਾਬਾਂ ਨਾਲ ਉਹਦਾ ਡੱਬਾ ਵੀ ਇੱਕ ਕਿਤਾਬ ਹੀ ਲੱਗਦਾ। ਕਿਤਾਬਾਂ ਤੇ ਡੱਬੇ ਨੂੰ ਉਹ ਸਾਈਕਲ ਦੇ ਕੈਰੀਅਰ ਵਿੱਚ ਅੜੁੰਗ ਲੈਂਦਾ। ਭੁੱਖ ਲੱਗੀ ਤੋਂ ਕਾਲਜ ਕੰਟੀਨ ਵਿੱਚ ਬੈਠ ਕੇ ਚਾਹ ਨਾਲ ਰੋਟੀ ਖਾਂਦਾ। ਆਸ਼ਾ ਉਹਦੇ ਨਾਲ ਹੁੰਦੀ ਤਾਂ ਉਹ ਵੀ ਚਾਹ ਪੀਂਦੀ। ਸੁਆਦ ਦੇਖਣ ਵਜੋਂ ਹੀ ਉਹਦੇ ਡੱਬੇ ਵਿਚੋਂ ਅੱਧੀ ਰੋਟੀ ਤੋੜ ਕੇ ਖਾਣ ਲੱਗਦੀ।

ਕਦੇ-ਕਦੇ ਆਸ਼ਾ ਹਿੰਡ ਕਰਦੀ ਤੇ ਸ਼ੇਖਰ ਨੂੰ ਖਿੱਚ ਕੇ ਆਪਣੇ ਘਰ ਲੈ ਜਾਂਦੀ, ਘਰ ਜਾ ਕੇ ਉਹਦੀਆਂ ਰੋਟੀਆਂ ਤਵੇ ਉੱਤੇ ਤੱਤੀਆਂ ਕਰਦੀ ਤੇ ਆਪਣੀਆਂ ਰੋਟੀਆਂ ਵਿਚਕਾਰ ਰੱਖ ਲੈਂਦੀ। ਉਹ ਦੋਵੇਂ ਇਕੱਠੇ ਰੋਟੀ ਖਾਂਦੇ। ਉਹ ਮਾਂ ਨੂੰ ਚੰਗੇ-ਚੰਗੇ ਲੱਗਦੇ। ਜਿਵੇਂ ਮਾਂ ਦਾ ਕੋਈ ਸੰਸਾਰ ਵਸ ਗਿਆ ਹੋਵੇ। ਉਹ ਸ਼ੇਖਰ ਨੂੰ ਤਾੜਨ ਲੱਗਦੀ-"ਪੁੱਤ, ਇਹ ਠੰਢੀਆਂ ਰੋਟੀਆਂ ਕਾਹਨੂੰ ਚੱਕ ਲਿਆਉਨਾਂ ਹੁੰਨੈ? ਐਥੇ ਘਰ ਆ ਕੇ ਆਸ਼ੂ ਨਾਲ ਈ ਖਾ ਲਿਆ ਕਰ ਰੋਟੀ।"

ਉਹ ਹੱਸਦਾ, 'ਨਿੱਤ ਕੌਣ ਦਿੰਦੇ ਦੋੜਾਂ ਮੈਨੂੰ, ਮੰਮੀ ਜੀ।'

'ਲੈ, ਨਿੱਤ ਨੂੰ ਕੀਹ ਐ। ਤੇਰੀਆਂ ਦੋ ਬੁਰਕੀਆਂ ਨਾਲ ਕੀ ਬਖਾਰੀ ਊਣੀ ਹੁੰਦੀ ਐ, ਭਾਈ?'

ਸ਼ੇਖਰ ਤੇ ਮਾਂ ਦੀਆਂ ਗੱਲਾਂ ਸੁਣ ਕੇ ਆਸ਼ਾ ਖ਼ੁਸ਼ ਹੁੰਦੀ। ਉਹਦੀਆਂ ਅੱਖਾਂ ਹੱਸਣ ਲੱਗਦੀਆਂ ਤੇ ਫੇਰ ਕਦੇ-ਕਦੇ ਜਿਸ ਦਿਨ ਉਹਦਾ ਜੀਅ ਕਰਦਾ ਉਹ ਰਾਤ ਵੀ ਉਨ੍ਹਾਂ ਦੇ ਘਰ ਰਹਿ ਪੈਂਦਾ। ਦੋਵੇਂ ਮਾਵਾਂ-ਧੀਆਂ ਇੱਕ ਕਮਰੇ ਵਿੱਚ ਸੌਂਦੀਆਂ ਤੇ ਸ਼ੇਖਰ ਦੂਜੇ ਕਮਰੇ ਵਿੱਚ। ਇਹ ਵੱਖਰੀ ਗੱਲ ਸੀ ਕਿ ਅੱਧੀ ਰਾਤ ਤੱਕ ਤਿੰਨੇ ਜਣੇ ਇੱਕੋ ਥਾਂ ਬੈਠ ਕੇ ਦੁਨੀਆਂ ਭਰ ਦੀਆਂ ਗੱਲਾਂ ਕਰ ਮਾਰਦੇ।

ਅਪ੍ਰੈਲ ਵਿੱਚ ਇਮਤਿਹਾਨ ਸਨ। ਮਾਰਚ ਦੇ ਪਹਿਲੇ ਹਫ਼ਤੇ ਹੀ ਉਨ੍ਹਾਂ ਨੂੰ ਫ੍ਰੀ ਕਰ ਦਿੱਤਾ ਗਿਆ। ਇਮਤਿਹਾਨ ਤੋਂ ਪਹਿਲਾਂ ਮਹੀਨਾ ਭਰ ਉਹ ਉਨ੍ਹਾਂ ਦੇ ਘਰ ਰਿਹਾ।

ਸਾਰਾ ਸਾਰਾ ਦਿਨ ਉਹ ਇਕੱਠੇ ਬੈਠੇ ਰਹਿੰਦੇ। ਰਾਤ ਨੂੰ ਵੀ ਅੱਧੀ ਰਾਤ ਤੱਕ ਪੜ੍ਹਦੇ, ਇੱਕੋ ਕਮਰੇ ਵਿੱਚ, ਸੌਣ ਵੇਲੇ ਆਸ਼ਾ ਮਾਂ ਕੋਲ ਆ ਪੈਂਦੀ। ਦੋਵੇਂ ਵਕਤ ਦੀ ਰੋਟੀ ਮਾਂ ਬਣਾਉਂਦੀ। ਜਿੰਨੇ ਵਾਰ ਉਹ ਚਾਹ ਮੰਗਦੇ, ਚਾਹ ਕਰ ਦਿੰਦੀ। ਦੋਵਾਂ ਨੇ ਹੀ ਬੜਾ ਦਿਲ ਲਾ ਕੇ ਪੜ੍ਹਾਈ ਕੀਤੀ। ਇਮਤਿਹਾਨ ਸ਼ੁਰੂ ਹੋਣ ਵਾਲੇ ਦਿਨ ਦੋਵਾਂ ਦੇ ਹੀ ਚਿਹਰੇ ਉਤਰੇ ਹੋਏ ਸਨ, ਅੱਖਾਂ ਅੰਦਰ ਨੂੰ ਧਸੀਆਂ ਹੋਈਆਂ। ਪਰ ਮਨਾਂ ਵਿੱਚ ਇੱਕ ਗਰੂਰ ਸੀ। ਇੱਕ ਸ਼ਕਤੀ। ਦੋਵਾਂ ਦੇ ਹੀ ਪਰਚੇ ਵਧੀਆ ਹੋਏ।

ਇਮਤਿਹਾਨ ਮੁੱਕੇ ਤੋਂ ਸ਼ੇਖਰ ਆਪਣੇ ਪਿੰਡ ਨੂੰ ਚਲਿਆ ਗਿਆ। ਪੰਦਰਾਂ ਦਿਨ ਮੁੜ ਕੇ ਸ਼ਹਿਰ ਨਾ ਆਇਆ। ਵੀਹ ਦਿਨ ਤੇ ਫੇਰ ਮਹੀਨਾ ਨਿੱਕਲ ਗਿਆ। ਆਸ਼ਾ ਉਹਦਾ ਫ਼ਿਕਰ ਕਰਦੀ। ਮਾਂ ਨੇ ਕਈ ਵਾਰ ਯਾਦ ਕੀਤਾ-"ਕੁੜੇ ਆਸ਼ੂ, ਸ਼ੇਖਰ ਤਾਂ ਮੁੜ ਕੇ ਬਹੁੜਿਆ ਈ ਨਾ।"

'ਘਰ ਦਿਆਂ ਨੇ ਕੰਮ ਚ ਪਾ ਲਿਆ ਹੋਣੈ, ਮੰਮੀ। ਪਿਤਾ ਜੀ ਬੜੇ ਲਾਲਚੀ ਨੇ।' ਆਸ਼ਾ ਜਵਾਬ ਕਰਦੀ।

ਇੱਕ ਦਿਨ ਮਾਂ ਨੇ ਸਲਾਹ ਬਣਾਈ-'ਚੱਲ ਉਹਦੇ ਪਿੰਡ ਚੱਲ ਕੇ ਆਈਏ। ਉਹਨੇ ਤਾਂ ਉੱਤਾ ਈ ਨਾ ਵਾਚਿਆ। ਕਿਤੇ ਬੀਮਾਰ ਈ ਨਾ ਹੋਵੇ, ਚੰਦਰਾ।' ਦੋਵੇਂ ਜਣੀਆਂ ਪਿੰਡ ਗਈਆਂ। ਪੁੱਛ ਕੇ ਘਰ ਪਹੁੰਚੀਆਂ। ਪਤਾ ਲੱਗਿਆ, ਉਹ ਤਾਂ ਹੈ ਹੀ ਨਹੀਂ। ਮਾਮੇ ਦੇ ਮੁੰਡੇ ਨਾਲ ਕਲਕੱਤੇ ਨੂੰ ਚਲਿਆ ਗਿਆ ਹੈ। ਕਲਕੱਤੇ ਉਹਦੇ ਮਾਮੇ ਦੇ ਮੁੰਡੇ ਦੀਆਂ ਟੈਕਸੀਆਂ ਚੱਲਦੀਆਂ ਸਨ। ਸੈਰ ਕਰਨ ਸ਼ੇਖਰ ਉਹਦੇ ਨਾਲ ਚਲਿਆ ਗਿਆ। ਉਨ੍ਹਾਂ ਦੇ ਘਰਦਿਆਂ ਨੂੰ ਵੀ ਉਦੋਂ ਹੀ ਪਤਾ ਲੱਗਿਆ, ਜਦ ਕਲਕੱਤੇ ਤੋਂ ਦਸਾਂ ਦਿਨਾਂ ਬਾਅਦ ਉਹਦੀ ਚਿੱਠੀ ਪਿੰਡ ਆਈ। ਮਾਮੇ ਦਾ ਮੁੰਡਾ ਤੇ ਉਹ ਪਤਾ ਨਹੀਂ ਕਿੱਥੇ ਮਿਲੇ ਤੇ ਉਹ ਉਹਦੇ ਨਾਲ ਕਲਕੱਤੇ ਨੂੰ ਸਿੱਧਾ ਤੁਰ ਗਿਆ।

ਨਤੀਜਾ ਨਿਕਲਿਆ ਤਾਂ ਉਹ ਦੋਵੇਂ ਵਧੀਆ ਨੰਬਰ ਲੈ ਕੇ ਪਾਸ ਹੋਏ। ਆਸ਼ਾ ਦੀ ਮਾਂ ਬਹੁਤ ਖ਼ੁਸ਼, ਆਸ਼ਾ ਖੁਸ਼ ਵੀ ਤੇ ਉਦਾਸ ਵੀ। ਜੇ ਕਿਤੇ ਅੱਜ ਦੇ ਦਿਨ ਸ਼ੇਖਰ ਉਹਦੇ ਕੋਲ ਹੁੰਦਾ।

ਸੱਤਾਂ ਦਿਨਾਂ ਬਾਅਦ ਦੁਪਹਿਰੇ ਜਿਹੇ ਸ਼ੇਖਰ ਲੱਡੂਆਂ ਦਾ ਲਫ਼ਾਫ਼ਾ ਲੈ ਕੇ ਨਵੀਂ ਬਸਤੀ ਉਨ੍ਹਾਂ ਦੇ ਘਰ ਮੂਹਰੇ ਆ ਉੱਤਰਿਆ। ਆਸ਼ਾ ਦੀ ਮਾਂ ਉਹਨੂੰ ਜੱਫੀ ਪਾ ਕੇ ਮਿਲੀ। ਆਸ਼ਾ ਵਿਹੜੇ ਵਿੱਚ ਬੈਠੀ ਭੱਜ ਕੇ ਕਮਰੇ ਵਿੱਚ ਜਾ ਲੁਕੀ। ਸ਼ੇਖਰ ਉਹਦੇ ਮਗਰ ਅੰਦਰ ਗਿਆ ਤਾਂ ਉਹ ਰੋਣੋ ਹੀ ਨਾ ਹਟੇ। ਲਫ਼ਾਫ਼ੇ ਵਿੱਚ ਲੱਡੂ ਕੱਢ ਕੇ ਉਹਨੇ ਆਸ਼ਾ ਦੇ ਮੂੰਹ ਵਿੱਚ ਤੁੰਨ ਦਿੱਤਾ ਤੇ ਉੱਚੀ-ਉੱਚੀ ਹੱਸਣ ਲੱਗਾ। ਆਸ਼ਾ ਦੇ ਹੰਝੂ ਮੁਸਕਰਾਹਟਾਂ ਵਿੱਚ ਬਦਲ ਗਏ। ਮਾਂ ਵੀ ਉਨ੍ਹਾਂ ਕੋਲ ਕਮਰੇ ਵਿੱਚ ਆ ਬੈਠੀ। ਉਹ ਤਿੰਨੇ ਗੱਲਾਂ ਕਰਨ ਲੱਗੇ। ਮਾਂ ਨੇ ਪੁੱਛਿਆ, 'ਪਿੰਡ ਨੂੰ ਚਿੱਠੀ ਤਾਂ ਪਾ 'ਤੀ, ਐਥੇ ਕਿਉਂ ਨਾ ਪਤਾ ਦਿੱਤਾ ਕੋਈ? ਅਸੀਂ ਤਾਂ ਪਿੰਡ ਵੀ ਜਾ ਆਈਆਂ ਤੇਰੇ।'

'ਕਿਉਂ ਪਿੰਡ ਕੀ ਕਰਨ ਗਈਆਂ ਸੀ?'

'ਤੈਨੂੰ ਮਿਲਣ, ਤੂੰ ਤਾਂ ਜਿਉਂ ਇਮਤਿਹਾਨ ਦਿੱਤਾ ਤੇ ਬੱਸ ਮੁੜਕੇ ਕੋਈ ਉੱਘ ਨਾ ਸੁੱਘ।' ਮਾਂ ਨੇ ਆਖਿਆ।

'ਮਖਿਆ, ਕਲਕੱਤਾ ਦੇਖ ਆਈਏ। ਰਿਜ਼ਲਟ ਪਿੱਛੋਂ ਤਾਂ ਫੇਰ ਓਹੀ ਸਿੜ੍ਹੀ ਸਿਆਪਾ ਛਿੜ ਪੈਣੈ ਪੜ੍ਹਾਈ ਦਾ।'

'ਰਿਜ਼ਲਟ ਦਾ ਕਿਵੇਂ ਪਤਾ ਲੱਗਿਆ ਓਥੇ?' ਆਸ਼ਾ ਨੇ ਪੁੱਛਿਆ।

'ਪੰਜਾਬ ਦੇ ਸਾਰੇ ਅਖ਼ਬਾਰ ਪਹੁੰਚਦੇ ਨੇ। ਕਲਕੱਤਾ ਤਾਂ ਪੰਜਾਬ ਐ ਇੱਕ ਤਰ੍ਹਾਂ ਦਾ। ਰਿਜ਼ਲਟ ਦੇਖਿਆ ਤੇ ਭੱਜ ਆਏ ਜੁਆਨ।'

'ਬੜਾ ਬੋਲਣ ਲੱਗ ਪਿਐ।" ਆਸ਼ਾ ਤਿੜਕ ਉੱਠੀ। ਏਸ ਤੜਕਾਹਟ ਵਿੱਚ ਨਖ਼ਰਾ ਤਾਂ ਸੀ, ਪਰ ਮੋਹ ਵੀ ਅੰਤਾਂ ਦਾ ਸੀ।

'ਕਿਉਂ?'

'ਕਲਕੱਤੇ ਦਾ ਪਾਹ ਲੱਗ ਗਿਆ ਦਿਸਦੈ।'

'ਕਦੋਂ ਆਇਐ, ਕਲਕੱਤਿਓਂ?' ਮਾਂ ਨੇ ਪੁੱਛਿਆ।

'ਬੱਸ, ਆ ਹੀ ਰਹਿਆਂ ਏਸ ਗੱਡੀ। ਪਿੰਡ ਤਾਂ ਹਾਲੇ ਗਿਆ ਵੀ ਨ੍ਹੀਂ, ਮੰਮੀ।'

'ਸਾਮਾਨ ਤੇਰਾ?' ਆਸ਼ਾ ਪੁੱਛਣ ਲੱਗੀ।

'ਸਾਮਾਨ ਹੋਰ ਕਿਹੜਾ? ਬੱਸ ਆਹੀ ਇੱਕ ਏਅਰ ਬੈਗ ਐ। ਇਹਦੇ ਵਿੱਚ ਈ ਐ, ਸਾਰੀ ਸ੍ਰਿਸ਼ਟੀ।' ਉਹਨੇ ਲਾਚੜ ਕੇ ਜਵਾਬ ਦਿੱਤਾ। 'ਦੱਸ ਕੇ ਤਾਂ ਜਾਂਦਾ। ਜਾਂ ਓਥੇ ਜਾ ਕੇ ਕੋਈ ਚਿੱਠੀ-ਚੀਰਾ ਈ ਲਿਖਿਆ ਹੁੰਦਾ। ਅਸੀਂ ਤਾਂ ਨਿੱਤ ਫ਼ਿਕਰ ਕਰਦੀਆਂ ਸੀ ਤੇਰਾ। ਸ਼ੇਖਰ, ਤੂੰ ਇਉਂ ਕਿਉਂ ਕੀਤਾ ਭਾਈ?' ਮਾਂ ਨੇ ਨਿਹੋਰਾ ਮਾਰਿਆ।

'ਮਖਿਆ, ਦੇਖੀਏ! ਕੋਈ ਕਿੰਨਾ ਕੁ ਯਾਦ ਕਰਦੈ ਸਾਨੂੰ।' ਕਹਿ ਕੇ ਸ਼ੇਖਰ ਅੱਖਾਂ ਵਿੱਚ ਮੁਸਕਰਾਇਆ ਤੇ ਆਸ਼ਾ ਵੱਲ ਦੇਖ ਗਿਆ।

ਆਸ਼ਾ ਕਪਾਹ ਦੇ ਫੁੱਟ ਵਾਂਗ ਖਿੜ ਉੱਠੀ। ਮਾਂ ਵੀ ਹੱਸਣ ਲੱਗੀ ਤੇ ਫੇਰ ਕਹਿੰਦੀ, 'ਚੰਗਾ, ਮੈਂ ਚਾਹ ਬਣੌਨੀ ਆਂ ਪਹਿਲਾਂ। ਫੇਰ ਤੂੰ ਨ੍ਹਾ ਲੈ। ਐਨੇ ਨੂੰ ਰੋਟੀ ਬਣ ਜੂ। ਪਿੰਡ ਨੂੰ ਤਾਂ ਹੁਣ ਆਥਣੇ ਜਾਈ।'

ਮਾਂ ਰਸੋਈ ਵਿੱਚ ਗਈ 'ਤੇ ਉਹ ਬੈਠੇ-ਬੈਠੇ ਅਗਲੀ ਕਲਾਸ ਵਿੱਚ ਦਾਖ਼ਲ ਹੋਣ ਦੀਆਂ ਗੱਲਾਂ ਕਰਨ ਲੱਗੇ।

ਦੁਰ ਦੇ ਇੱਕ ਸ਼ਹਿਰ ਵਿੱਚ ਆਸ਼ਾ ਦੀ ਭੂਆ ਦੇ ਮੁੰਡੇ ਨਾਲ ਐਫ. ਸੀ. ਆਈ. ਵਿੱਚ ਹੇਮ ਚੰਦ ਨਾਂ ਦਾ ਇੱਕ ਮੁੰਡਾ ਇੰਸਪੈਕਟਰ ਸੀ। ਦੋਵਾਂ ਨੂੰ ਅੰਨ੍ਹੀ ਆਮਦਨ। ਪਰ ਸੀ ਹੇਮ ਚੰਦ ਗ਼ਰੀਬ ਘਰ ਦਾ ਮੁੰਡਾ। ਭੂਆ ਦੇ ਮੁੰਡੇ ਨੇ ਇੱਕ ਦਿਨ ਉਹਦੇ ਨਾਲ ਗੱਲ ਕੀਤੀ। ਉਹ ਮੰਨ ਗਿਆ। ਭੂਆ ਉਸ ਸ਼ਹਿਰ ਆਈ ਤੇ ਆਸ਼ਾ ਦੀ ਮਾਂ ਨੂੰ ਸਾਰੀ ਗੱਲ ਦੱਸੀ। ਉਹ ਕਹਿੰਦੀ, ਇਸ ਨਾਲੋਂ ਕੀ ਚੰਗਾ ਹੈ। ਨਣਦ ਦੇ ਨਾਲ ਹੀ ਉਹ ਦੂਰ ਸ਼ਹਿਰ ਨੂੰ ਚੱਲ ਪਈ। ਮੁੰਡਾ ਦੇਖਿਆ, ਘਰ-ਬਾਰ ਦੇਖਿਆ, ਗੱਲਾਂ ਕੀਤੀਆਂ, ਮੁੰਡਾ ਪਸੰਦ ਆ ਗਿਆ। ਸਵੇਰੇ ਸਾਢੇ ਪੰਜ ਵਜੇ ਦੀ ਪਹਿਲੀ ਬੱਸ ਉਹ ਗਈ ਸੀ। ਸ਼ਾਮ ਨੂੰ ਸੱਤ-ਅੱਠ ਵਜੇ ਵਾਪਸ ਆ ਗਈ।

ਆਸ਼ਾ ਨੂੰ ਦੱਸਿਆ ਤਾਂ ਉਹ ਚੁੱਪ ਦੀ ਚੁੱਪ ਰਹਿ ਗਈ। ਨਾ ਹਾਂ, ਨਾ ਨਾਂਹ।

ਉਨ੍ਹਾਂ ਦਿਨਾਂ ਵਿੱਚ ਬੀ. ਏ. ਫਾਈਨਲ ਦਾ ਇਮਤਿਹਾਨ ਹੋ ਚੁੱਕਿਆ ਸੀ। ਸ਼ੇਖਰ ਕਦੇ ਉਨ੍ਹਾਂ ਦੇ ਘਰ ਨਹੀਂ ਆਇਆ। ਆਸ਼ਾ ਉਸ ਨੂੰ ਉਡੀਕਦੀ ਰਹਿੰਦੀ। ਚਾਹੁੰਦੀ ਸੀ, ਉਹ ਸ਼ੇਖਰ ਨੂੰ ਦੱਸੇ। ਕਦੇ-ਕਦੇ ਉਹ ਢੇਰੀ ਢਾਹ ਦਿੰਦੀ ਤੇ ਸ਼ੇਖਰ ਦੇ ਆਉਣ ਦੀ ਆਸ ਮੁਕਾ ਬੈਠਦੀ। ਕੀ ਪਤਾ ਉਹਦਾ। ਪਿੰਡ ਹੋਵੇ ਜਾਂ ਨਾ। ਪਿਛਲੇ ਸਾਲ ਵਾਂਗ ਫੇਰ ਨਾ ਕਿਤੇ ਕਲਕੱਤੇ ਨੂੰ ਚਲਿਆ ਗਿਆ ਹੋਵੇ।

ਵੀਹ ਦਿਨ ਮਸਾਂ ਲੰਘੇ ਹੋਣਗੇ ਕਿ ਭੂਆ ਦਾ ਮੁੰਡਾ ਹੇਮ ਚੰਦ ਨੂੰ ਨਾਲ ਲੈ ਕੇ ਓਥੇ ਆ ਗਿਆ। ਘਰ ਬੈਠ ਕੇ ਚਾਰਾਂ ਨੇ ਚਾਹ ਪੀਤੀ ’ਤੇ ਏਧਰ-ਓਧਰ ਦੀਆਂ ਗੱਲਾਂ ਕੀਤੀਆਂ। ਹੇਮ ਚੰਦ ਨੂੰ ਕੁੜੀ ਪਸੰਦ ਆ ਗਈ।

ਆਸ਼ਾ ਦੀ ਫੇਰ ਵੀ ਨਾ ਹਾਂ ਨਾ ਨਾਂਹ।

ਬੀ. ਏ. ਦਾ ਨਤੀਜਾ ਨਿੱਕਲਣ ਤੋਂ ਪਹਿਲਾਂ ਹੀ ਵਿਆਹ ਧਰ ਦਿੱਤਾ ਗਿਆ। ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਬਾਰਾਂ ਦਿਨ ਬਾਕੀ ਸਨ ਕਿ ਬੀ.ਏ. ਦਾ ਨਤੀਜਾ ਨਿੱਕਲ ਗਿਆ। ਆਸ਼ਾ ਤੇ ਸ਼ੇਖਰ ਦੋਵੇਂ ਪਹਿਲਾਂ ਵਾਂਗ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ। ਸੱਚੀ ਗੱਲ ਸੀ, ਪਹਿਲਾਂ ਵਾਂਗ ਹੀ ਉਹ ਕਲਕੱਤੇ ਨੂੰ ਬਿਨਾਂ ਦੱਸੇ ਚਲਿਆ ਗਿਆ ਸੀ। ਪਹਿਲਾਂ ਵਾਂਗ ਹੀ ਲੱਡੂਆਂ ਦਾ ਲਿਫ਼ਾਫ਼ਾ ਲੈ ਕੇ ਘਰ ਆਇਆ। ਘਰ ਵਿੱਚ ਵਿਆਹ ਤਾਂ ਸੀ, ਪਰ ਆਸ਼ਾ ਲਈ ਇਹ ਕੁਝ ਵੀ ਨਹੀਂ ਸੀ। ਬੀ. ਏ. ਵਿਚੋਂ ਪਾਸ ਹੋਣ ਦੀ ਵੀ ਉਹਨੂੰ ਕੋਈ ਖ਼ੁਸ਼ੀ ਨਹੀਂ ਸੀ। ਲੱਡੂਆਂ ਦਾ ਲਿਫ਼ਾਫ਼ਾ ਫੜਕੇ ਮਾਂ ਨੇ ਪਰ੍ਹੇ ਮੇਜ਼ ਉੱਤੇ ਧਰ ਦਿੱਤਾ ਤੇ ਸ਼ੇਖਰ ਨੂੰ ਪਾਸ ਹੋਣ ਦੀਆਂ ਮੁਬਾਰਕਾਂ ਦੇਣ ਲੱਗੀ ਤੇ ਫੇਰ ਮੁੰਡੇ ਬਾਰੇ ਦੱਸ ਕੇ ਉਹ ਉਹਦੀਆਂ ਗੱਲਾਂ ਕਰਨ ਲੱਗੀ। ਸ਼ੇਖਰ ਹੁੰਗਾਰਾ ਭਰਦਾ, ਪਰ ਚੁੱਪ-ਚਾਪ ਰਹਿੰਦਾ। ਮਾਂ ਬਹੁਤ ਖੁਸ਼ ਸੀ। ਸ਼ੇਖਰ ਨੂੰ ਕਹਿੰਦੀ 'ਜਿੰਨੇ ਦਿਨ ਵਿਆਹ ਐ, ਤੂੰ ਐਥੇ ਈ ਰਹਿ। ਸੌ ਕੰਮ ਨੇ ਤੇਰੇ ਕਰਨ ਵਾਲੇ। ਇੱਕ ਦਿਨ ਪਹਿਲਾਂ ਮੁੰਡੇ ਨੂੰ ਸ਼ਗਨ ਪੌਣ ਜਾਣੈ, ਨਾਲ ਜਾਈਂ।'

ਮਾਂ ਏਧਰ-ਓਧਰ ਕਿਧਰੇ ਹੋਈ ਤਾਂ ਆਸ਼ਾ ਸ਼ੇਖਰ ਨੂੰ ਅੰਦਰ ਕਮਰੇ ਵਿੱਚ ਲੈ ਕੇ ਬੈਠ ਗਈ। ਬਹੁਤ ਗੱਲਾਂ ਕੀਤੀਆਂ ਪਰ ਸਥਿਤੀ ਵਿੱਚ ਕੋਈ ਫ਼ਰਕ ਨਹੀਂ ਸੀ।

ਉਹ ਰਾਤ ਸ਼ੇਖਰ ਉਨ੍ਹਾਂ ਦੇ ਘਰ ਹੀ ਠਹਿਰ ਗਿਆ ਤੇ ਫੇਰ ਰਾਤ ਆਪਣੇ ਪਿੰਡ ਰਹਿ ਕੇ ਓਥੇ ਹੀ ਆ ਗਿਆ।

ਮਾਂ ਤੋਂ ਦੂਰ-ਦੂਰ ਉਹ ਪਤਾ ਨਹੀਂ ਕੀ ਮਸ਼ਵਰਾ ਜਿਹਾ ਕਰਦੇ ਰਹਿੰਦੇ। ਪਤਾ ਨਹੀਂ ਕੀ ਲੜਾਈ ਝਗੜਾ ਜਿਹਾ ਛੇੜੀ ਰੱਖਦੇ। ਕਦੇ-ਕਦੇ ਦੋਵਾਂ ਦਾ ਮੂੰਹ ਹੀ ਰੋਣ ਵਰਗਾ ਹੁੰਦਾ। ਕਦੇ-ਕਦੇ ਦੋਵੇਂ ਹੀ ਉੱਚੀ-ਉੱਚੀ ਹੱਸ ਕੇ ਗੱਲਾਂ ਕਰਦੇ। ਊਟ-ਪਟਾਂਗ ਜਿਹੇ ਸਵਾਲ ਜਵਾਬ। ਮਾਂ ਨੂੰ ਉਨ੍ਹਾਂ ਦਾ ਕੋਈ ਪਤਾ ਨਾ ਲੱਗਦਾ। ਉਹ ਝਿੜਕ-ਝਿੜਕ ਪੈਂਦੀ, 'ਕਿਸੇ ਕੰਮ ਨੂੰ ਵੀ ਹੱਥ ਪਾ ਲਿਆ ਕਰੋ। ਸਾਰਾ ਦਿਨ ਹਿੜ-ਹਿੜ ਦੰਦ ਕੱਢਦੇ ਰਹਿੰਦੇ ਓ।'

ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ੇਖਰ ਘਰੋਂ ਚਲਿਆ ਗਿਆ। ਮਾਂ-ਧੀ ਨੂੰ ਦੱਸੇ ਬਗੈਰ ਹੀ।

ਦੁਰ ਸ਼ਹਿਰ ਆਸ਼ਾ ਸਹੁਰੇ ਘਰ ਗਈ। ਦੂਜੇ ਦਿਨ ਸ਼ਗਨ-ਵਿਹਾਰ ਕੀਤੇ ਗਏ। ਹੇਮ ਚੰਦ ਸ਼ਾਮ ਨੂੰ ਹੀ ਟੈਕਸੀ ਲੈ ਕੇ ਉਨ੍ਹਾਂ ਦੇ ਸ਼ਹਿਰ ਆਇਆ। ਰਾਤ ਸਮੇਂ ਰਿਸ਼ਤੇਦਾਰਾਂ ਵਿੱਚ ਬੈਠ ਕੇ ਹੱਸ-ਹੱਸ ਗੱਲਾਂ ਕੀਤੀਆਂ। ਸਾਲ਼ੀਆਂ ਨੇ ਮਹਿੰਦੀ ਲਾਈ। ਅਗਲੇ ਦਿਨ ਹੀ ਟੈਕਸੀ ਵਿੱਚ ਬਿਠਾ ਕੇ ਉਹ ਆਸ਼ਾ ਨੂੰ ਲੈ ਗਿਆ।

ਪਹਿਲੀ ਰਾਤ ਹੀ ਹਫ਼ੜਾ-ਦਫ਼ੜੀ ਪੈ ਗਈ। ਹੇਮ ਚੰਦ ਵੱਡੀ ਭਰਜਾਈ ਕੋਲੋਂ ਪੱਲੇ ਵਿੱਚ ਖੋਪੇ ਦਾ ਗੁੱਟ, ਲੱਡੂ-ਪਤਾਸੇ ਤੇ ਗਿਆਰਾਂ ਰੁਪਏ ਪਵਾ ਕੇ ਸੁਹਾਗ-ਕਮਰੇ ਵਿੱਚ ਗਿਆ। ਆਸ਼ਾ ਦੀ ਨਿਗਾਹ ਓਪਰੀ-ਓਪਰੀ ਲੱਗੀ। ਉਹਨੇ ਉਹਦੇ ਡੌਲ਼ੇ ਨੂੰ ਛੋਹਿਆ ਤਾਂ ਉਹ ਚੀਕ ਮਾਰ ਕੇ ਮੰਜੇ ਤੋਂ ਥੱਲੇ ਡਿੱਗ ਪਈ। ਡਿੱਗੀ ਪਈ ਕੰਬੀ ਜਾਵੇ ਤੇ ਰੋਈ ਜਾਵੇ। ਹੇਮ ਚੰਦ ਨੂੰ ਲੱਗਾ ਜਿਵੇਂ ਉਹ ਕੋਈ ਚੁੜੇਲ ਹੋਵੇ। ਉਹਨੀਂ ਪੈਰੀਂ ਉਹ ਕਮਰੇ ਵਿਚੋਂ ਬਾਹਰ ਆ ਗਿਆ। ਸਾਰਾ ਨਿੱਕ-ਸੁੱਕ ਮੋੜ ਕੇ ਵੱਡੀ ਭਰਜਾਈ ਨੂੰ ਫੜਾ ਦਿੱਤਾ ਤੇ ਉਹਨੂੰ ਓਸ ਵੇਲੇ ਸੁਹਾਗ-ਕਮਰੇ ਵਿੱਚ ਜਾਣ ਲਈ ਆਖਿਆ। ਵੱਡੀ ਭਰਜਾਈ ਭੱਜੀ-ਭੱਜੀ ਗਈ। ਉਹ ਫ਼ਰਸ਼ ਉੱਤੇ ਬੇਹੋਸ਼ ਪਈ ਸੀ। ਭਰਜਾਈ ਨੇ ਕਿਸੇ ਕੁੜੀ ਦਾ ਨਾਉਂ ਲੈ ਕੇ ਉੱਚੀ ਹਾਕ ਮਾਰੀ। ਬਿੰਦ ਦੀ ਬਿੰਦ ਸਾਰਾ ਟੱਬਰ ਕਮਰੇ ਵਿੱਚ ਇਕੱਠਾ ਹੋ ਗਿਆ। ਮੂੰਹ ਵਿੱਚ ਪਾਣੀ ਦੇ ਚਮਚੇ ਪਾ-ਪਾ ਉਹਦੀ ਦੰਦਲ ਭੰਨਣ ਲੱਗੇ। ਉਹਨੂੰ ਹੋਸ਼ ਆਈ ਤੇ ਉਹ ਡਰੀ-ਡਰੀ ਜਿਹੀ ਕੁੜੀਆਂ-ਬੁੜ੍ਹੀਆਂ ਵੱਲ ਝਾਕਣ ਲੱਗੀ। ਉਹਨੂੰ ਮੰਜੇ ਉੱਤੇ ਸਿੱਧੀ ਪਾ ਦਿੱਤਾ ਗਿਆ। ਕੋਈ ਜਣਾ ਭੱਜ ਕੇ ਕਿਸੇ ਡਾਕਟਰ ਤੋਂ ਦਵਾਈ ਲੈ ਕੇ ਆਇਆ। ਦਵਾਈ ਉਹਨੂੰ ਪਿਆਈ ਗਈ। ਉਹਨੂੰ ਸੁਰਤ ਤਾਂ ਸੀ ਪਰ ਉਹ ਸ਼ਰਮ ਦੀ ਮਾਰੀ ਆਪਣੇ ਸਾਹਾਂ ਨੂੰ ਵੀ ਘੁੱਟ-ਘੁੱਟ ਰੱਖਦੀ। ਉਹ ਕਿੰਨੀ ਨਮੋਸ਼ੀ ਮੰਨ ਗਈ ਸੀ।

ਹੇਮ ਚੰਦ ਮੁੜ ਕੇ ਉਹਦੇ ਕਮਰੇ ਵਿੱਚ ਨਹੀਂ ਆਇਆ। ਉਹਦੀਆਂ ਦੋਵੇਂ ਭੈਣਾਂ ਹੀ ਉਸ ਰਾਤ ਆਸ਼ਾ ਕੋਲ ਸੁੱਤੀਆਂ। ਉਹ ਸਾਰੀ ਅਹਿਲ ਪਈ ਰਹੀ। ਨਾ ਕੁਝ ਬੋਲੀ। ਨਾ ਉੱਠੀ-ਬੈਠੀ।

ਸਾਰੇ ਰਿਸ਼ਤੇਦਾਰ, ਸਭ ਕੁੜੀਆਂ-ਕੱਤਰੀਆਂ ਦੋ-ਦੋ, ਚਾਰ ਚਾਰ ਦਿਨ ਲਾ ਕੇ ਆਪੋ ਆਪਣੇ ਘਰ ਨੂੰ ਚਲੀਆਂ ਗਈਆਂ। ਵੱਡੀ ਭਰਜਾਈ ਨੇ ਇੱਕ ਦਿਨ ਹੇਮ ਚੰਦ ਨੂੰ ਆਖਿਆ ਕਿ ਉਹ ਅੱਜ ਰਾਤ ਆਸ਼ਾ ਕੋਲ ਮੰਜਾ ਡਾਹ ਕੇ ਪਵੇ।

ਸੁਹਾਗ-ਰਾਤ ਤੋਂ ਦੂਜੀ ਰਾਤ ਹੇਮ ਚੰਦ ਘਰ ਨਹੀਂ ਆਇਆ ਸੀ। ਜਿੱਥੇ ਉਹਦੀ ਪੋਸਟਿੰਗ ਸੀ, ਓਥੇ ਨੂੰ ਸਕੂਟਰ ਲੈ ਕੇ ਚਲਿਆ ਗਿਆ। ਉਹਨੇ ਪਹਿਲਾਂ ਸ਼ਰਾਬ ਕਦੇ ਨਹੀਂ ਪੀਤੀ ਸੀ। ਪੋਸਟਿੰਗ ਵਾਲੇ ਸ਼ਹਿਰ ਜਾ ਕੇ ਉਸ ਰਾਤ ਨੂੰ ਉਹਨੇ ਪਹਿਲੀ ਵਾਰ ਸ਼ਰਾਬ ਪੀਤੀ ਤੇ ਰੱਜ ਕੇ ਰੋਇਆ। ਉਹਦੇ ਸਾਥੀ ਸਾਰੀ ਰਾਤ ਉਹਨੂੰ ਪੁੱਛਦੇ ਰਹੇ, ਪਰ ਉਹਨੇ ਕੁਝ ਨਹੀਂ ਦੱਸਿਆ। ਰੋਂਦਾ ਰਿਹਾ ਤੇ ਮਨ-ਆਈਆਂ ਊਲ-ਜਲੂਲ ਗੱਲਾਂ ਬੋਲੀ ਗਿਆ।

ਇੱਕ ਹਫ਼ਤੇ ਬਾਅਦ ਉਹ ਘਰ ਆਇਆ। ਉਹ ਵੀ ਤਦ ਜੇ ਉਹਦਾ ਵੱਡਾ ਭਾਈ ਉਹਨੂੰ ਲੈ ਕੇ ਆਇਆ। ਹਫ਼ਤਾ ਭਰ ਉਹ ਹਰ ਰੋਜ਼ ਸ਼ਰਾਬ ਪੀਂਦਾ ਰਿਹਾ ਸੀ। ਡਿਊਟੀ ਉੱਤੇ ਵੀ ਕਿਸੇ-ਕਿਸੇ ਦਿਨ ਨਹੀਂ ਗਿਆ ਸੀ।

ਵੱਡੀ ਭਰਜਾਈ ਦੇ ਕਹਿਣ ਉੱਤੇ ਉਹ ਮੰਨ ਗਿਆ। ਉਸ ਦਿਨ ਉਸ ਨੇ ਸ਼ਰਾਬ ਨਹੀਂ ਪੀਤੀ ਸੀ। ਪਰ ਜਿਉਂ ਹੀ ਉਹ ਅੰਦਰ ਕਮਰੇ ਵਿੱਚ ਗਿਆ। ਆਸ਼ਾ ਚੀਕ ਮਾਰ ਕੇ ਮੰਜੇ ਤੋਂ ਥੱਲੇ ਡਿੱਗ ਪਈ। ਕੰਬੀ ਜਾਵੇ ਤੇ ਰੋਈ ਜਾਵੇ। ਹੇਮ ਚੰਦ ਓਸੇ ਵੇਲੇ ਘਰੋਂ ਬਾਹਰ ਹੋ ਗਿਆ। ਆਸ਼ਾ ਨੂੰ ਵੱਡੀ ਭਰਜਾਈ ਨੇ ਸੰਭਾਲਿਆ।

ਅੱਧੀ ਰਾਤ ਹੇਮ ਚੰਦ ਘਰ ਆਇਆ। ਸ਼ਰਾਬ ਦੇ ਨਸ਼ੇ ਵਿੱਚ ਉਹਨੂੰ ਕੋਈ ਹੋਸ਼ ਨਹੀਂ ਸੀ। ਆਇਆ, ਬੂਟ ਲਾਹ ਕੇ ਸਣੇ ਪੈਂਟ-ਬੁਰਸ਼ਟ ਵਿਹੜੇ ਵਿੱਚ ਅਣਵਿਛੇ ਮੰਜੇ ਉੱਤੇ ਲੇਟ ਗਿਆ ਤੇ ਸੌਂ ਗਿਆ। ਰੋਟੀ ਪਤਾ ਨਹੀਂ ਖਾਧੀ ਸੀ ਜਾਂ ਨਹੀਂ।

ਵੱਡੀ ਭਰਜਾਈ ਆਸ਼ਾ ਕੋਲ ਅੰਦਰ ਕਮਰੇ ਵਿੱਚ ਜਾ ਸੁੱਤੀ।

ਦੂਜੇ ਦਿਨ ਹੇਮ ਚੰਦ ਡਿਊਟੀ ਉੱਤੇ ਨਹੀਂ ਗਿਆ। ਅੱਠ ਵਜੇ ਤੱਕ ਸੁੱਤਾ ਹੀ ਪਿਆ ਰਿਹਾ। ਫੇਰ ਉੱਠਿਆ, ਬੁਰਸ਼ ਕੀਤਾ, ਚਾਹ ਪੀਤੀ ਤੇ ਲੈਟਰਿਨ ਜਾ ਕੇ ਬਾਥਰੂਮ ਵਿੱਚ ਨਹਾਉਣ ਬੈਠ ਗਿਆ। ਅੱਧਾ ਘੰਟਾ ਨਹਾਉਂਦਾ ਹੀ ਰਿਹਾ।

ਬਣ ਸੰਵਰ ਕੇ ਤੇ ਨਵੇਂ ਕੱਪੜੇ ਪਾ ਕੇ ਉਹ ਸ਼ਹਿਰ ਵਿੱਚ ਘੁੰਮਣ-ਫਿਰਨ, ਤੁਰ ਪਿਆ। ਸ਼ਰਾਬ ਨਹੀਂ ਪੀਤੀ। ਦੁਪਹਿਰ ਦੀ ਰੋਟੀ ਸਾਰੇ ਟੱਬਰ ਵਿੱਚ ਬੈਠ ਕੇ ਖਾਧੀ। ਆਸ਼ਾ ਨੇ ਵੀ। ਤੇ ਫੇਰ ਸਭ ਖਾਣੇ ਦੇ ਮੇਜ਼ ਤੋਂ ਉੱਠ ਕੇ ਚਲੇ ਗਏ। ਜਿਵੇ ਜਾਣ-ਬੁਝ ਕੇ ਹੀ ਦੂਰ ਹੋ ਗਏ ਹੋਣ। ਆਸ਼ਾ ਚੁੱਪ ਕੀਤੀ ਨੀਵੀਂ ਪਾ ਕੇ ਕੁਰਸੀ ਉੱਤੇ ਬੈਠੀ ਹੋਈ ਸੀ। ਏਧਰ-ਓਧਰ ਝਾਕ ਕੇ ਤੇ ਉਹਨੂੰ ਇਕੱਲੀ ਬੈਠੀ ਦੇਖ ਕੇ ਹੇਮ ਚੰਦ ਨੇ ਉਹਦੀ ਠੋਡੀ ਫ਼ੜੀ ਤੇ ਉਹਦਾ ਚਿਹਰਾ ਆਪਣੇ ਸਾਹਮਣੇ ਕਰ ਲਿਆ। ਪੁੱਛਣ ਲੱਗਿਆ, 'ਤੇਰਾ ਜੀ ਨ੍ਹੀਂ ਲੱਗਦਾ, ਐਥੇ, ਅਸੂ?'

ਆਸ਼ਾ ਨੇ ਪਰਲ-ਪਰਲ ਹੰਝੂਆਂ ਦੀਆਂ ਧਾਰਾਂ ਵਗਾ ਦਿੱਤੀਆਂ।

ਉਹਦੀਆਂ ਅੱਖਾਂ ਦਾ ਸਾਰਾ ਪਾਣੀ ਜਦ ਮੁੱਕ ਗਿਆ ਤਾਂ ਉਹ ਆਪਣੇ ਆਪ ਹੀ ਬੋਲ ਉੱਠੀ, 'ਥੋਡੇ ਵਰਗਾ ਹਸਬੈਂਡ ਮਸਾਂ ਮਿਲਦੈ ਕਿਸੇ ਨੂੰ। ਮੈਂ ਤਾਂ ਇੱਕ ਲਾਹਨਤ ਆਂ, ਥੋਨੂੰ ਆ ਚਿੰਬੜੀ। ਜਦੋਂ ਤੁਸੀਂ ਮੇਰੇ ਨੇੜੇ ਔਨੇ ਓਂ, ਮੈਨੂੰ ਪਤਾ ਨ੍ਹੀਂ ਕੀ ਹੋ ਜਾਂਦੈ। ਮੈਨੂੰ ਤਾਂ ਆਪ ਕੁੱਛ ਪਤਾ ਨ੍ਹੀਂ ਲੱਗਦਾ, ਮੈਂ ਕੀ ਕਰਾਂ?'

'ਦਿਲ ਦੀ ਘੁੰਡੀ ਦੱਸ। ਤੇਰੇ ਮਨ 'ਚ ਕੋਈ ਗੱਲ ਹੋਣੀ ਐ?'

'ਮਨ 'ਚ ਤਾਂ ਕੋਈ ਗੱਲ ਨ੍ਹੀਂ।'

'ਫੇਰ?'

'ਮੈਨੂੰ ਤਾਂ ਆਪ ਪਤਾ ਨ੍ਹੀਂ।'

ਓਸੇ ਸ਼ਾਮ ਉਹਨੇ ਆਸ਼ਾ ਨੂੰ ਸਕੂਟਰ ਦੇ ਮਗਰ ਬਿਠਾਇਆ ਤੇ ਉਹਨੂੰ ਇੱਕ ਲੇਡੀ ਡਾਕਟਰ ਕੋਲ ਲੈ ਗਿਆ। ਆਪ ਤਾਂ ਉਹ ਬਾਹਰ ਬੈਂਚ ਉੱਤੇ ਬੈਠਾ ਰਿਹਾ। ਲੇਡੀ ਡਾਕਟਰ ਪਰਦੇ ਅੰਦਰ ਉਹਨੂੰ ਪਤਾ ਨਹੀਂ ਕੀ ਪੁੱਛਦੀ-ਵੇਖਦੀ ਰਹੀ। ਤੇ ਫੇਰ ਵਾਪਸ ਆ ਕੇ ਲੇਡੀ ਡਾਕਟਰ ਨੇ ਹੇਮ ਚੰਦ ਨੂੰ ਆਖਿਆ ਕਿ ਉਹ ਅੱਧਾ ਘੰਟਾ ਸ਼ਹਿਰ ਵਿੱਚ ਫਿਰ ਤੁਰ ਆਵੇ। ਓਦੋਂ ਤੱਕ ਉਹ ਉਸ ਨੂੰ ਹੋਰ ਦੇਖ ਪੁੱਛ ਲਵੇਗੀ।

ਉਹ ਵਾਪਸ ਕਲੀਨਿਕ ਆਇਆ ਤਾਂ ਆਸ਼ਾ ਬਾਹਰ ਬੈਂਚ ਉੱਤੇ ਬੈਠੀ ਸੀ ਤੇ ਬਹੁਤ ਖ਼ੁਸ਼ ਸੀ। ਹੇਮ ਚੰਦ ਨੇ ਲੇਡੀ ਡਾਕਟਰ ਨੂੰ ਮੂੰਹ ਮੰਗੀ ਫੀਸ ਦਿੱਤੀ। ਉਹ ਕਹਿੰਦੀ, 'ਜਾਓ ਮਿਸਟਰ, ਅੱਜ ਤੋਂ ਇਹ ਬਿਲਕੁਲ ਠੀਕ ਐ।ਓ. ਕੇ।' ਆਸ਼ਾ ਨੂੰ ਮਨੋਵਿਗਿਆਨਕ ਤੌਰ ਉੱਤੇ ਤਿਆਰ ਕੀਤਾ ਗਿਆ ਸੀ। ਲੇਡੀ ਡਾਕਟਰ ਨੇ ਉਹਨੂੰ ਹਮਦਰਦੀ ਅਤੇ ਉਤਸ਼ਾਹ ਹੀ ਦਿੱਤਾ।

ਸ਼ਰਾਬ ਪੀਣੀ ਤਾਂ ਜਿਵੇਂ ਉਸ ਨੂੰ ਯਾਦ ਹੀ ਨਾ ਰਹਿ ਗਈ ਹੋਵੇ। ਆਸ਼ਾ ਨੂੰ ਖ਼ੁਸ਼-ਖ਼ੁਸ਼ ਦੇਖ ਕੇ ਵੱਡੀ ਭਰਜਾਈ ਨੂੰ ਸਿਖ਼ਰ ਦਾ ਚਾਅ ਚੜ੍ਹ ਗਿਆ। ਇਸ ਤਰ੍ਹਾਂ ਦਾ ਖਿੜਿਆ ਚਿਹਰਾ ਤਾਂ ਉਹਨੇ ਪਿਛਲੇ ਸਾਰੇ ਦਿਨਾਂ ਵਿੱਚ ਆਸ਼ਾ ਦਾ ਕਦੇ ਦੇਖਿਆ ਨਹੀਂ ਸੀ। ਵੱਡਾ ਭਾਈ ਬਿਨ ਪੀਤਿਆਂ ਹੀ ਖੀਵਾ ਹੋਇਆ ਫ਼ਿਰਦਾ ਸੀ। ਉਸ ਸ਼ਾਮ ਘਰ ਵਿੱਚ ਚੰਗੇ-ਚੰਗੇ ਪਕਵਾਨ ਪੱਕੇ। ਸਭ ਨੇ ਇਕੱਠੇ ਬੈਠ ਕੇ ਰੋਟੀ ਖਾਧੀ। ਵੱਡੀ ਭਰਜਾਈ ਆਸ਼ਾ ਨੂੰ ਛੇੜਦੀ ਤਾਂ ਉਹ ਅੱਗੋਂ ਬਣਦਾ-ਫਬਦਾ ਜਵਾਬ ਕਰਦੀ। ਹੇਮ ਚੰਦ ਦੇ ਨਿੱਕੇ-ਨਿੱਕੇ ਭਤੀਜਿਆਂ ਭਤੀਜੇ ਵਾਰੀ-ਵਾਰੀ ਆਸ਼ਾ ਦੀ ਗੋਦੀ ਵਿੱਚ ਬੈਠਣ ਦਾ ਦਾਅ ਲਾ ਜਾਂਦੇ। ਉਹ ਸਭ ਨੂੰ ਇਕੋ ਜਿਹਾ ਪਿਆਰ ਦਿੰਦੀ।

ਤੇ ਫਿਰ ਰੋਟੀ ਟੁੱਕ ਦਾ ਸਾਰਾ ਕੰਮ ਮੁੱਕ ਗਿਆ। ਭਰਜਾਈ ਨੇ ਸੋਚਿਆ, ਬਰਤਨ ਹਣ ਤੜਕੇ ਹੀ ਮਾਂਜ ਧੋ ਲਏ ਜਾਣਗੇ। ਦੁੱਧ ਗਰਮ ਹੋਇਆ, ਸਭ ਨੇ ਪੀ ਲਿਆ। ਹੇਮ ਚੰਦ ਪਾਨ ਖਾਣ ਦੇ ਬਹਾਨੇ ਬਾਹਰ ਗਿਆ। ਸੋਚਿਆ ਹੋਵੇਗਾ, ਮੁੜਦੇ ਨੂੰ ਜਵਾਕ ਸੌਂ ਜਾਣਗੇ।

ਇੱਕ ਘੰਟੇ ਬਾਅਦ ਘਰ ਵਿੱਚ ਇੱਕ ਉੱਚੀ ਭਿਆਨਕ ਚੀਕ ਸੁਣਾਈ ਦਿੱਤੀ। ਭਰਾ ਭਰਜਾਈ ਬੁੜ੍ਹਕ ਕੇ ਉੱਠੇ। ਜਵਾਕ ਵੀ ਜਾਗ ਪਏ। ਭਰਜਾਈ ਭੱਜ ਕੇ ਉਨ੍ਹਾਂ ਦੇ ਕਮਰੇ ਵਿੱਚ ਗਈ। ਆਸ਼ਾ ਦਾ ਓਹੀ ਹਾਲ। ਉਹਨੂੰ ਲੱਗਿਆ ਜਿਵੇਂ ਹੇਮ ਚੰਦ ਵੀ ਖੜ੍ਹਾ ਖੜ੍ਹਾ ਡਿੱਗ ਪਵੇਗਾ।

ਹੇਮ ਚੰਦ ਬਾਹਰ ਵਿਹੜੇ ਵਿੱਚ ਆਇਆ ਤੇ ਹੁੱਬਕੀਂ-ਹੁੱਬਕੀ ਰੋਣ ਲੱਗਿਆ।

ਭਰਜਾਈ ਨੇ ਆਸ਼ਾ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹਦੇ ਕੋਲ ਹੀ ਦੂਜੇ ਮੰਜੇ ਉੱਤੇ ਪੈ ਗਈ।

ਹੇਮ ਚੰਦ ਘਰੋਂ ਬਾਹਰ ਹੋ ਗਿਆ। ਭਾਈ ਨੇ ਪਿਛੋਂ ਹਾਕ ਮਾਰੀ ਤਾਂ ਉਹ ਬਣਾ-ਸੰਵਾਰ ਕੇ ਕਹਿੰਦਾ-'ਨਹੀਂ ਵੀਰ, ਮੈਂ ਜਾਂਦਾ ਨ੍ਹੀਂ ਕਿਧਰੇ। ਹੁਣੇ ਆ ਜਾਨਾਂ।'

ਵਿਸਕੀ ਦੀ ਬੋਤਲ ਵਿੱਚ ਪਊਆ ਬੱਚਦੀ ਸ਼ਰਾਬ ਉਹਨੇ ਸਕੂਟਰ ਦੀ ਟੋਕਰੀ ਵਿੱਚ ਰੱਖ ਕੇ ਕਿੱਕ ਮਾਰਕੇ ਸਕੂਟਰ ਨੂੰ ਸਟਾਰਟ ਕਰ ਲਿਆ। ਵੱਡੇ ਭਾਈ ਨੇ ਲੱਖ ਜਤਨ ਕੀਤਾ, ਪਰ ਉਹ ਠਹਿਰਿਆ ਨਹੀਂ। ਬੱਸ ਇਹੀ ਕਹਿੰਦਾ ਰਿਹਾ-'ਨਹੀਂ ਵੀਰ, ਮੈਂ ਕਿਧਰੇ ਨ੍ਹੀਂ ਜਾਂਦਾ, ਹੁਣੇ ਆ ਜਾਨਾਂ।'

ਸ਼ਹਿਰੋਂ ਬਾਹਰ ਉਹ ਵੱਡੀ ਸੜਕ ਪਿਆ ਹੀ ਸੀ ਕਿ ਇੱਕ ਲੋਹੇ ਦੇ ਭਰੇ ਟਰੱਕ ਨਾਲ ਉਹਦੀ ਟੱਕਰ ਹੋ ਗਈ। ਹਨੇਰੀ ਰਾਤ ਸੀ। ਕਿਸੇ ਨੂੰ ਪਤਾ ਲੱਗਦਾ। ਕਿਸੇ ਨੂੰ ਕੌਣ ਪਛਾਣਦਾ ਹੈ ਤੇ ਫੇਰ ਕੌਣ ਕਿਸੇ ਨੂੰ ਚੁੱਕਦਾ ਹੈ, ਸੰਭਾਲਦਾ ਹੈ। ਦੂਜੇ ਦਿਨ ਦੁਪਹਿਰੇ ਜਾ ਕੇ ਉਨ੍ਹਾਂ ਦੇ ਘਰ ਖ਼ਬਰ ਹੋਈ। ਭਰਾ-ਭਰਜਾਈ ਨੰਗੇ ਪੈਰੀਂ ਉੱਠ ਭੱਜੇ।

ਪੋਸਟ ਮਾਰਟਮ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਹੇਮ ਚੰਦ ਦੀ ਲਾਸ਼ ਦਿੱਤੀ ਤਾਂ ਵੱਡਾ ਭਾਈ ਉਹਨੂੰ ਇੱਕ ਟੈਂਪੂ-ਗੱਡੀ ਵਿੱਚ ਪਾ ਕੇ ਘਰ ਲੈ ਆਇਆ। ਸਮਾਜਿਕ ਰਸਮ-ਰਿਵਾਜ ਨਿਭਾਏ ਤੇ ਫਿਰ ਆਂਢੀਆਂ-ਗੁਆਂਢੀਆਂ ਤੇ ਉਸ ਸ਼ਹਿਰ ਵਿੱਚ ਵੱਸਦੇ ਸਕੇ-ਸੰਬੰਧੀਆਂ ਨੇ ਉਹਨੂੰ ਰਾਮ ਬਾਗ ਵਿੱਚ ਲਿਜਾ ਕੇ ਫੂਕ ਦਿੱਤਾ।

ਭਰਾ-ਭਰਜਾਈ ਹੈਰਾਨ ਇਸ ਗੱਲ ਉੱਤੇ ਸਨ ਕਿ ਆਸ਼ਾ ਨੂੰ ਹੁਣ ਦੰਦਲਾਂ ਕਾਹਦੀਆਂ ਪੈ ਰਹੀਆਂ ਹਨ? ਵੱਡੇ ਭਾਈ ਨੂੰ ਉਹ ਜ਼ਹਿਰ ਲੱਗਦੀ। ਉਹਨੇ ਇਸ ਘਰ ਵਿੱਚ ਪੈਰ ਧਰਿਆ ਤਾਂ ਉਹਦੇ ਸੋਨੇ ਵਰਗਾ ਭਰਾ ਅਣਆਈ ਮੌਤ ਦੇ ਰਾਹ ਤੁਰ ਪਿਆ।

ਖ਼ਬਰ ਸੁਣ ਕੇ ਜਦੋਂ ਭਰਾ-ਭਰਜਾਈ ਹਸਪਤਾਲ ਨੂੰ ਭੱਜ ਉੱਠੇ ਤਾਂ ਉਧਰ ਆਸ਼ਾ ਨੂੰ ਦੰਦਲ ਪੈ ਗਈ। ਜੁਆਕਾਂ ਨੇ ਦੰਦਲ ਭੰਨਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦੰਦਲ ਤਾਂ ਟੁੱਟਦੀ ਨਹੀਂ ਸੀ ਤੇ ਫੇਰ ਗੁਆਂਢੀ ਬੁੜ੍ਹੀਆਂ ਆ ਗਈਆਂ। ਉਹਦੀ ਦੰਦਲ ਭੰਨੀ। ਘੰਟਾ-ਅੱਧਾ ਘੰਟਾ ਉਹ ਸੁਰਤ ਵਿੱਚ ਰਹਿੰਦੀ। ਫੇਰ ਅੱਖਾਂ ਚੜ੍ਹਾਂ ਜਾਂਦੀ। ਲਾਸ਼ ਘਰ ਆਉਣ ਤੱਕ ਗੁਆਂਢੀ ਬੁੜ੍ਹੀਆਂ ਹੀ ਉਹਨੂੰ ਸੰਭਾਲਦੀਆਂ ਰਹੀਆਂ।

ਤੇ ਫੇਰ ਭੋਗ ਵਾਲੇ ਦਿਨ ਤੱਕ ਵੀ ਹਰ ਰੋਜ਼ ਹੀ ਇੱਕ ਵਾਰੀ ਜਾਂ ਦੋ ਵਾਰੀ ਆਸ਼ਾ ਬੇਹੋਸ਼ ਹੋ ਜਾਂਦੀ। ਹਰ ਕੋਈ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਪਰ ਆਸ਼ਾ ਦਾ ਦਿਲ ਖੜ੍ਹਦਾ ਨਹੀਂ ਸੀ। ਉਹਦੀ ਮਾਂ ਆਈ ਤਾਂ ਘਰ ਨੂੰ ਜਿੰਦਾ ਲਾ ਕੇ ਆਈ। ਭੋਗ ਤੱਕ ਉਹਦੇ ਕੋਲ ਰਹੀ। ਉਹਨੂੰ ਸੰਭਾਲਦੀ ਰਹੀ, ਉਹਨੂੰ ਅਜਿਹੀ ਹਾਲਤ ਵਿੱਚ ਛੱਡ ਕੇ ਉਹ ਕਿਉਂ ਜਾਂਦੀ।

ਭੋਗ ਤੋਂ ਬਾਅਦ ਉਹ ਆਸ਼ਾ ਨੂੰ ਆਪਣੇ ਨਾਲ ਲੈ ਆਈ। ਦੋ ਦਿਨ ਆਪਣੇ ਕੋਲ ਰੱਖਿਆ। ਦੋਵੇਂ ਦਿਨ ਆਸ਼ਾ ਨੂੰ ਦੰਦਲ ਨਹੀਂ ਪਈ। ਪਰ ਉਹ ਗੁੰਮ-ਸੁੰਮ ਜਿਹੀ ਜ਼ਰੂਰ ਰਹੀ। ਨਾ ਬੋਲਦੀ, ਨਾ ਰੋਂਦੀ। ਇਸ ਦੌਰਾਨ ਸ਼ੇਖਰ ਇੱਕ ਵਾਰੀ ਵੀ ਉਨ੍ਹਾਂ ਦੇ ਘਰ ਨਹੀਂ ਆਇਆ। ਮਾਂ ਹੈਰਾਨ ਸੀ।ਉਹ ਆਇਆ ਕਿਉਂ ਨਹੀਂ? ਉਹਦਾ ਤਾਂ ਇਸ ਘਰ ਨਾਲ ਮੋਹ ਹੀ ਬੜਾ ਸੀ, ਅਜਿਹੇ ਮੌਕੇ 'ਤੇ ਉਹਨੂੰ ਆਉਣਾ ਚਾਹੀਦਾ ਸੀ। ਹੇਮ ਚੰਦ ਦੀ ਮੌਤ ਦਾ ਪਤਾ ਲੱਗ ਹੀ ਗਿਆ ਹੋਵੇਗਾ ਉਹਨੂੰ, ਹੁਣ ਨਹੀਂ ਆਵੇਗਾ ਤਾਂ ਕਦੋਂ ਆਵੇਗਾ? ਚੰਦਰਾ, ਦੋ ਲਫ਼ਜਾਂ ਦਾ ਦੁੱਖ-ਸੁੱਖ ਤਾਂ ਕਰ ਜਾਂਦਾ।

ਤੀਜੇ ਦਿਨ ਆਸ਼ਾ ਨੇ ਮਾਂ ਨੂੰ ਕਿਹਾ ਕਿ ਉਹ ਉਸ ਨੂੰ ਉਹਦੀ ਮਾਸੀ ਦੇ ਪਿੰਡ ਛੱਡ ਆਵੇ, ਏਥੇ ਉਹਦਾ ਦਿਲ ਨਹੀਂ ਲੱਗਦਾ। ਉਹਦਾ ਚਿੱਤ ਕੁਝ ਠੀਕ ਹੋਇਆ ਤਾਂ ਉਹ ਮਹੀਨਾ-ਵੀਹ ਦਿਨ ਲਾ ਕੇ ਆ ਜਾਵੇਗੀ।

ਮਾਸੀ ਦਾ ਪਿੰਡ ਉਸ ਸ਼ਹਿਰ ਤੋਂ ਪੰਜਾਹ-ਸੱਠ ਮੀਲ ਦੂਰ ਸੀ। ਮਾਂ-ਧੀ ਨੇ ਘਰ ਨੂੰ ਜਿੰਦਾ ਲਾਇਆ 'ਤੇ ਦੁਪਹਿਰੇ ਜਿਹੇ ਬੱਸ ਫ਼ੜ ਲਈ। ਦੋ ਦਿਨ ਮਾਂ ਵੀ ਉੱਥੇ ਹੀ ਰਹੀ। ਸਾਰੀ-ਸਾਰੀ ਰਾਤ ਬੈਠੀਆਂ ਦੋਵੇਂ ਭੈਣਾਂ ਦੁੱਖ-ਸੁੱਖ ਕਰਦੀਆਂ ਰਹਿੰਦੀਆਂ, ਆਸ਼ਾ ਦੇ ਭਵਿੱਖ ਬਾਰੇ ਸੋਚਦੀਆਂ।

ਇੱਕ ਮਹੀਨੇ ਬਾਅਦ ਆਸ਼ਾ ਮਾਂ ਕੋਲ ਵਾਪਸ ਆ ਗਈ। ਉਦੋਂ ਤੱਕ ਲੋਕ ਅਫ਼ਸੋਸ ਲਈ ਸਭ ਆ ਚੁੱਕੇ ਸਨ। ਮਾਂ ਨੇ ਦੱਸਿਆ, ਸ਼ੇਖਰ ਦੋ ਵਾਰੀ ਆ ਕੇ ਮੁੜ ਗਿਆ ਹੈ, ਰੋਂਦਾ ਸੀ।

ਹਫ਼ਤੇ ਕੁ ਬਾਅਦ ਇੱਕ ਦਿਨ ਸ਼ੇਖਰ ਘਰ ਆਇਆ। ਆਸ਼ਾ ਕੋਈ ਨਾਵਲ ਪੜ੍ਹ ਰਹੀ ਸੀ। ਸ਼ੇਖਰ ਨੂੰ ਦੇਖ ਕੇ ਮੁਸਕਰਾਈ। ਉਹ ਝੂਠਾ ਜਿਹਾ ਪੈ ਗਿਆ। ਉਹ ਉਹਦੇ ਕੋਲ ਕੁਰਸੀ ਉੱਤੇ ਦਸ ਮਿੰਟ ਚੁੱਪ ਚਾਪ ਬੈਠਾ ਰਿਹਾ। ਮਾਂ ਨੇ ਚਾਹ ਬਣਾਈ, ਤਿੰਨਾਂ ਨੇ ਚਾਹ ਪੀ ਲਈ। ਆਸ਼ਾ ਨੇ ਇਸ ਦੌਰਾਨ ਸ਼ੇਖਰ ਨਾਲ ਕੋਈ ਗੱਲ ਨਹੀਂ ਕੀਤੀ। ਚਾਹ ਦੀਆਂ ਨਿੱਕੀਆਂ-ਨਿੱਕੀਆਂ ਘੁੱਟਾਂ ਭਰਦੀ ਵੀ ਉਹ ਨਾਵਲ ਪੜ੍ਹ੍ਦੀ ਰਹੀ। ਤੇ ਫੇਰ ਮਾਂ ਉੱਥੋਂ ਉੱਠ ਖੜ੍ਹੀ। ਰਸੋਈ ਵਿੱਚ ਜਾ ਕੇ ਕੋਈ ਕੰਮ ਧੰਦਾ ਕਰਨ ਲੱਗੀ। ਸ਼ੇਖਰ ਨੇ ਆਸ਼ਾ ਦੇ ਹੱਥਾਂ ਵਿਚੋਂ ਨਾਵਲ ਫ਼ੜਿਆ ਤੇ ਉਹਨੂੰ ਨਿੱਕੇ ਮੇਜ਼ ਉੱਤੇ ਉਵੇਂ ਜਿਵੇਂ ਮੂਧਾ ਧਰ ਦਿੱਤਾ। ਸਫ਼ਾ ਖੁੱਲ੍ਹੇ ਦਾ ਖੁੱਲ੍ਹਾ। ਉਹਨੇ ਅੱਖਾਂ ਵਿੱਚ ਪਾਣੀ ਭਰ ਲਿਆ। ਆਸ਼ਾ ਉਹਦੇ ਵੱਲ ਇੱਕ ਟਕ ਤੱਕ ਰਹੀ ਸੀ।

ਉਹ ਬੋਲਿਆ-'ਆਸ਼ੂ, ਮੈਂ ਗੁਨਾਹਗਾਰ ਆਂ। ਪਰ ਮੈਂ ਤੈਨੂੰ ਹੁਣ ਵੀ ਅਪਣਾ ਸਕਦਾ।'

'ਨਹੀਂ।' ਉਹ ਚੀਕ ਮਾਰਨ ਵਾਂਗ ਬੋਲੀ।

'ਕਿਉਂ?' ਸ਼ੇਖਰ ਜਿਵੇਂ ਕੰਬ ਰਿਹਾ ਹੋਵੇ।

'ਮੇਰਾ ਹਸਬੈਂਡ ਕਿੰਨਾ ਚੰਗਾ ਸੀ। ਤੇਰੇ ਇੱਕ ਮਨਹੂਸ ਖ਼ਿਆਲ ਨੇ ਉਹਨੂੰ ਮੇਰੇ ਨੇੜੇ ਨਾ ਔਣ ਦਿੱਤਾ। ਉਹ ਏਸੇ ਨਮੋਸ਼ੀ ਦਾ ਮਾਰਿਆ ਸ਼ਰਾਬ ਪੀਣ ਲੱਗਿਆ ਤੇ ਜਾਨ ਮੁਕਾ ਲੀ। ਤੇਰੇ ਇੱਕ ਮਨਹੂਸ ਖ਼ਿਆਲ ਨੇ ਇਹ ਸਭ ਕਰਵਾਇਐ।' ਉਹ ਦਮ ਰੱਖ ਕੇ ਬੋਲ ਰਹੀ ਸੀ।

ਧੀ ਦੀ ਐਨੀ ਤਿੱਖੀ ਆਵਾਜ਼ ਸੁਣ ਕੇ ਮਾਂ ਉਨ੍ਹਾਂ ਕੋਲ ਆ ਖੜ੍ਹੀ।

ਸ਼ੇਖਰ ਗਿੜਗਿੜਾਇਆ-'ਉਹ ਤਾਂ ਜੋ ਹੋਣਾ ਸੀ, ਮਿੱਟੀ ਪਾ ਦੇ। ਮੈਂ ਤੈਨੂੰ ਹੁਣ ਅਪਣਾ ਲੈਨਾਂ।' 'ਨਹੀਂ।' ਉਹ ਫੇਰ ਚੀਕੀ।

'ਤੇਰਾ ਕੁਛ ਨੀ ਵਿਗੜਿਆ, ਆਸ਼ੂ।'

'ਮੇਰਾ ਰਹਿਆ ਈ ਕੱਖ ਨੀ। ਤੂੰ ਓਦੋਂ ਕਿੱਥੇ ਸੀ, ਜਦੋਂ ਵਿਆਹ ਤੋਂ ਪਹਿਲਾਂ ਮੈਂ ਤੇਰੀਆਂ ਮਿੰਨਤਾ ਕਰਦੀ ਰਹੀ। ਤੇਰੇ ਪੈਰੀਂ ਹੱਥ ਲਾਏ ਸੀ ਮੈਂ। ਤੂੰ ਓਦੋਂ ਕਿੱਥੇ ਸੀ? ਓਦੋਂ ਮੇਰੀ ਖਾਤਰ ਉਹ ਮਨਹੂਸ ਸੀ, ਹੁਣ ਮੇਰੀ ਖਾਤਰ ਤੂੰ ਮਨਹੂਸ ਐਂ। ਤੂੰ ਬੁਜ਼ਦਿਲ ਆਦਮੀ ਐਂ।

'ਆਸ਼ੂ, ਓਦੋਂ ਮੇਰੇ 'ਚ ਹਿੰਮਤ ਨ੍ਹੀਂ ਸੀ। ਤੇਰੀ ਸਿਰੇ ਲੱਗੀ ਖੇਡ ਮੈਂ ਕਿਵੇਂ ਵਿਗਾੜ ਸਕਦਾ?'

'ਤੇਰੀ ਹੁਣ ਦੀ ਹਿੰਮਤ ਦਾ ਵੀ ਕੀ ਵਿਸ਼ਵਾਸ? ਬੁਜ਼ਦਿਲ ਲੋਕਾਂ ਦੀ ਕੋਈ ਹਿੰਮਤ ਨ੍ਹੀਂ ਹੁੰਦੀ। ਕੋਈ ਵਿਸ਼ਵਾਸ ਨਹੀਂ ਹੁੰਦਾ।'

ਸ਼ੇਖਰ ਬੇਹੱਦ ਹੱਤਕ ਮੰਨ ਗਿਆ। ਉਹ ਹੌਲੀ-ਹੌਲੀ ਉੱਥੋਂ ਉੱਠਿਆ ਤੇ ਘਰੋਂ ਬਾਹਰ ਹੋ ਗਿਆ।

ਆਸ਼ਾ ਨੇ ਉੱਠ ਕੇ ਠੰਢੇ ਪਾਣੀ ਦਾ ਗਿਲਾਸ ਪੀਤਾ ਤੇ ਸ਼ਾਂਤ ਚਿਤ ਹੋ ਕੇ ਮਾਂ ਨੂੰ ਕਹਿਣ ਲੱਗੀ-'ਮੰਮੀ, ਮੈਂ ਨੌਕਰੀ ਕਰੂੰਗੀ। ਵਿਆਹ ਨਾ ਕਰਵਾਵਾਂ ਤਾਂ ਵੀ ਕੀ ਐ? ਪਰ ਜੇ ਕਰਵਾਇਆ ਵੀ ਤਾਂ ਐਹੋ-ਜ੍ਹੇ ਕਿਸੇ ਸ਼ੇਖਰ ਹਰਾਮਜ਼ਾਦੇ ਨਾਲ ਨਹੀਂ।'