ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਰਬਦਾ ਦੀਦੀ
ਕਮਾਲ ਟਾਕੀਜ਼ ਚੌਂਕ ਉਹ ਦਾ ਪੱਕਾ ਅੱਡਾ ਸੀ। ਉਹ ਪਿਛਲੇ ਪਹਿਰ ਏਥੇ ਆਉਂਦੀ ਤੇ ਚੌਕ ਵਿੱਚ ਏਧਰ-ਓਧਰ ਖੜ੍ਹੀ ਰਹਿੰਦੀ। ਕਦੇ ਕਿਸੇ ਮੋਚੀ ਤੋਂ ਆਪਣੇ ਸੈਂਡਲ ਪਾਲਿਸ਼ ਕਰਵਾ ਰਹੀ ਹੈ, ਕਦੇ ਸਾਈਕਲਾਂ ਵਾਲੇ ਦੀ ਦੁਕਾਨ 'ਤੇ ਖੜ੍ਹੀ ਨੌਕਰ ਮੁੰਡੇ ਨਾਲ ਇਸ ਤਰ੍ਹਾਂ ਗੱਲ ਕਰਦੀ ਹੈ, ਜਿਵੇਂ ਉਹ ਉਹਦੀ ਹੀ ਸਾਈਕਲ ਦੀ ਟਿਊਬ ਦਾ ਪੰਕਚਰ ਲਾ ਰਿਹਾ ਹੋਵੇ। ਹੋਰ ਨਹੀਂ ਤਾਂ ਕਿਸੇ ਚਾਹ ਦੀ ਦੁਕਾਨ ਅੱਗੇ ਖੜ੍ਹੀ ਕੱਚ ਦੇ ਗਲਾਸ ਵਿੱਚੋਂ ਚਾਹ ਪੀਂਦੀ ਹੈ ਨਿੱਕੇ ਨਿੱਕੇ ਸੜ੍ਹਾਕੇ ਮਾਰ-ਮਾਰ। ਕਮਾਲ ਟਾਕੀਜ਼ ਵਿੱਚ ਫ਼ਿਲਮ ਦਾ ਟਾਈਮ ਹੋਣ ਲੱਗਦਾ ਹੈ ਤਾਂ ਉਹ ਟਿਕਟ ਲੈ ਕੇ ਅੰਦਰ ਚਲੀ ਜਾਂਦੀ ਹੈ। ਲੇਡੀਜ਼ ਲਈ ਮਖ਼ਸੂਸ ਬਾਕਸਾਂ ਵਿੱਚ ਕਦੇ ਨਹੀਂ ਬੈਠਦੀ ਆਮ ਜਨਤਾ ਵਿੱਚ ਬੈਠਦੀ ਹੈ, ਚੰਗੇ ਬੰਦਿਆਂ ਵਿੱਚ ਘੁਸੜ ਕੇ ਬੈਠੇਗੀ, ਜਿਵੇਂ ਉਹ ਨੂੰ ਮਸਾਂ ਕਿਤੇ ਜਾ ਕੇ ਸੀਟ ਮਿਲੀ ਹੋਵੇ। ਨਰਬਦਾ ਸਾਦਾ-ਮਿਜਾਜ਼ ਕੁੜੀ ਸੀ। ਹਲਕੇ ਰੰਗ ਦੀ ਕਮੀਜ਼-ਸਲਵਾਰ, ਕਦੇ-ਕਦੇ ਹਲਕੇ ਰੰਗ ਦੀ ਹੀ ਪਲੇਨ ਸਾੜੀ, ਪੈਰਾਂ ਵਿੱਚ ਸੈਂਡਲ 'ਤੇ ਕਦੇ ਚਮੜੇ ਦੀ ਚੱਪਲ। ਹੱਥ ਵਿੱਚ ਛੋਟਾ ਪਰਸ ਤੇ ਛੋਟਾ ਹੀ ਰੁਮਾਲ। ਚਿਹਰੇ ਦਾ ਮਾਮੂਲੀ ਮੇਕਅੱਪ ਕੀਤਾ ਹੋਇਆ, ਮੇਕ-ਅੱਪ ਜਿਵੇਂ ਕੀਤਾ ਹੀ ਨਾ ਹੋਵੇ। ਤਿੱਖੇ ਨੈਣ-ਨਕਸ਼, ਕੁਦਰਤੀ ਜਿਹਾ ਕਿਤਾਬੀ ਚਿਹਰਾ। ਮੋਟੀਆਂ-ਮੋਟੀਆਂ ਕਜਲਈ ਅੱਖਾਂ। ਦੰਦ ਬੀੜ 'ਤੇ ਬੁੱਲ੍ਹਾਂ ਦਾ ਪਰਦਾ ਹਟਿਆ ਨਹੀਂ ਕਿ ਚਿਹਰਾ ਗੁਲਾਬ ਵਾਂਗ ਖਿੜ ਉੱਠਦਾ। ਮੂੰਹ ਮੀਚਿਆ ਹੁੰਦਾ ਤਾਂ ਅੱਖਾਂ ਹੱਸਦੀਆਂ।
ਉਸ ਦਿਨ ਸਿਨੇਮਾ ਦਾ ਟਿਕਟ ਲੈ ਕੇ ਜਦੋਂ ਉਹ ਹਾਲੇ ਅੰਦਰ ਨਹੀਂ ਗਈ ਤੇ ਬਾਹਰ ਲੋਕਾਂ ਦੀ ਭੀੜ ਵਿੱਚ ਹੀ ਇੰਝ ਖੜ੍ਹੀ ਸੀ, ਜਿਵੇਂ ਕਿਸੇ ਦਾ ਇੰਤਜ਼ਾਰ ਕਰ ਰਹੀ ਹੋਵੇ। ਉਸ ਦੀ ਚੋਰ ਨਿਗਾਹ ਉਸ ਨੌਜਵਾਨ 'ਤੇ ਹੀ ਟਿਕੀ ਰਹੀ, ਜਿਹੜਾ ਆਪਣਾ ਟਿਕਟ ਲੈ ਕੇ ਉਸ ਵਾਂਗ ਹੀ ਖੜ੍ਹਾ ਤੇ ਨਜ਼ਰ ਆ ਰਿਹਾ ਸੀ। ਉਹ ਬਿੰਦੇ-ਬਿੰਦੇ ਆਪਣੇ ਪੈਂਟ ਦੀ ਹਿੱਪ ਪਾਕਿਟ 'ਤੇ ਹੱਥ ਧਰਦਾ, ਜਿਵੇਂ ਕੁਝ ਟੋਹ ਕੇ ਦੇਖਦਾ ਹੋਵੇ, ਜਿਵੇਂ ਕੋਈ ਜਾਂਚ-ਪੜਤਾਲ ਕਰ ਰਿਹਾ ਹੋਵੇ। ਨਰਬਦਾ ਉਹ ਦੇ ਵੱਲ ਖਿੱਚੀ ਗਈ ਤੇ ਖਿੱਚਦੀ ਹੀ ਤੁਰੀ ਗਈ। ਅਖ਼ੀਰ ਉਹ ਨੇ ਫ਼ੈਸਲਾ ਕਰ ਲਿਆ ਕਿ ਉਹ ਉਸ ਨੌਜਵਾਨ ਦੇ ਨਾਲ ਲੱਗਦੀ ਕੁਰਸੀ 'ਤੇ ਬੈਠੇਗੀ।
ਫ਼ਿਲਮ ਸ਼ੁਰੂ ਹੋਈ, ਨੌਜਵਾਨ ਫ਼ਿਲਮ ਨਹੀਂ ਦੇਖ ਰਿਹਾ ਸੀ। ਇੱਕ ਬਿੰਦ ਸਾਹਮਣੇ ਸਕਰੀਨ 'ਤੇ ਨਜ਼ਰਾਂ ਮਾਰਦਾ ਤੇ ਫੇਰ ਅਗਲੀ ਕੁਰਸੀ ਦੀ ਪਿੱਠ ਤੇ ਮੱਥਾ ਰੱਖ ਕੇ ਪਤਾ ਨਹੀਂ ਕੀ ਸੋਚਣ ਲੱਗਦਾ। ਫ਼ਿਲਮ ਵੱਲ ਉਹ ਦਾ ਕੋਈ ਧਿਆਨ ਨਹੀਂ ਸੀ। ਜਿਵੇਂ ਸਿਨੇਮਾ ਵਿੱਚ ਢਾਈ-ਤਿੰਨ ਘੰਟੇ ਦਾ ਸਮਾਂ ਹੀ ਬਸ ਗੁਜ਼ਾਰਨ ਆਇਆ ਹੋਵੇ। ਜਿਵੇਂ ਸਿਨੇਮੇ ਵਿੱਚ ਤਿੰਨ ਘੰਟੇ ਲਈ ਸੌਣ ਆਇਆ ਹੋਵੇ। ਜਿਵੇਂ ਢਾਈ-ਤਿੰਨ ਘੰਟਿਆਂ ਲਈ ਬਾਹਰਲੇ ਸੰਸਾਰ ਤੋਂ ਭੱਜ ਕੇ ਸਿਨਮਾ ਅੰਦਰ ਆ ਵੜਿਆ ਹੋਵੇ। ਨਰਬਦਾ ਸੋਚਦੀ, ਜ਼ਰੂਰ ਇਸ਼ਕ ਦਾ ਮਰੀਜ਼ ਹੈ। ਉਹ ਦਾ ਵੀ ਕਿੱਥੇ ਫ਼ਿਲਮ ਵੱਲ ਧਿਆਨ ਸੀ। ਉਹ ਦਾ ਤਾਂ ਸਾਰੇ ਦਾ ਸਾਰਾ ਧਿਆਨ ਨੌਜਵਾਨ ਵੱਲ ਸੀ। ਜਿਵੇਂ ਉਹ ਨੌਜਵਾਨ ਲਈ ਹੀ ਸਿਨਮਾ ਅੰਦਰ ਆਈ ਹੋਵੇ।
ਫ਼ਿਲਮ ਦਾ ਅੱਧਾ ਵਕਤ ਖ਼ਤਮ ਹੋਇਆ ਤਾਂ ਲਾਈਟਾਂ ਜਲੀਆਂ। ਉਹ ਫੁਰਤੀ ਨਾਲ ਬਾਹਰ ਨਿਕਲੀ, ਉਹ ਨੇ ਆਪਣੀ ਚੁੰਨੀ ਦੇ ਲੜ ਵਿੱਚ ਵਲ੍ਹੇਟਿਆ ਨੌਜਵਾਨ ਦਾ ਪਰਸ ਬੇਮਲੂਮਾ ਜਿਹਾ ਫੜਿਆ ਹੋਇਆ ਸੀ। ਤੇਜ਼ ਕਦਮਾਂ ਨਾਲ ਕਮਾਲ ਟਾਕੀਜ਼ ਚੌਂਕ ਦੀ ਭੀੜ ਨੂੰ ਚੀਰਦੀ ਉਹ ਤੁਰਦੀ ਗਈ ਤੇ ਇੱਕ ਸੁੰਨੇ ਥਾਂ ਜਾ ਕੇ ਫਟਾਫਟ ਪਰਸ ਦੀ ਤਲਾਸ਼ੀ ਲਈ। ਉਸ ਵਿੱਚ ਇੱਕ ਦਸਾਂ ਦਾ ਨੋਟ ਤੇ ਇੱਕ ਕਾਗਜ਼ ਦਾ ਪੁਰਜ਼ਾ ਸੀ। ਪਰਸ ਪਰ੍ਹਾਂ ਸੁੱਟ ਕੇ ਦਸ ਦਾ ਨੋਟ ਆਪਣੇ ਬਰਾਅ ਵਿੱਚ ਰੱਖ ਲਿਆ ਤੇ ਕਾਗਜ਼ ਦਾ ਪੁਰਜ਼ਾ ਗਾਲ਼ ਕੱਢ ਕੇ ਫਾੜਨ ਲੱਗੀ। ਨਜ਼ਰ ਲਿਖਾਈ, ਉੱਤੇ ਗਈ ਤਾਂ ਅੱਖਰ ਉਹ ਨੂੰ ਸੋਹਣੇ ਲੱਗੇ। ਜਿਵੇਂ ਛਾਪੇ ਦੀ ਲਿਖਾਈ ਹੋਵੇ। ਪੜ੍ਹਨ ਲੱਗੀ। ਇਹ ਇੱਕ ਚਿੱਠੀ ਸੀ, ਜਿਹੜੀ ਉਸ ਨੌਜਵਾਨ ਮੁੰਡੇ ਨੇ ਆਪਣੇ ਚਾਚਾ ਜੀ ਨੂੰ ਲਿਖੀ ਹੋਈ ਸੀ। ਮੁੰਡਾ ਬੀ.ਏ. ਦੇ ਆਖ਼ਰੀ ਸਾਲ ਵਿੱਚ ਪੜਦਾ ਤੇ ਉਸ ਕੋਲ ਇਸ ਵਾਰ ਇਮਤਿਹਾਨ ਦੀ ਫ਼ੀਸ ਭਰਨ ਲਈ ਕੋਈ ਪੈਸਾ ਨਹੀਂ ਸੀ। ਉਹ ਨੇ ਚਾਚੇ ਨੂੰ ਲਿਖਿਆ ਸੀ ਕਿ ਉਹ ਇੱਕ ਸੌ ਰੁਪਿਆ ਮਨੀਆਰਡਰ ਕਰਕੇ ਉਹ ਨੂੰ ਭੇਜ ਦੇਵੇ ਤੇ ਉਹ ਇਹ ਸੌ ਰੁਪਿਆ ਉਦੋਂ ਮੋੜਾ ਦੇਵੇਗਾ, ਜਦੋਂ ਉਹ ਦੀ ਨੌਕਰੀ ਲੱਗ ਗਈ। ਚਿੱਠੀ ਦੇ ਅਖ਼ੀਰ ਵਿੱਚ ਮੁੰਡੇ ਦਾ ਅੰਡਰੱਸ਼ ਸੀ। ਨਰਬਦਾ ਨੇ ਚਿੱਠੀ ਵੀ ਦਸਾਂ ਦੇ ਨੋਟ ਵਾਲੀ ਥਾਂ ਰੱਖ ਲਈ।
ਨਰਬਦਾ ਜਦੋਂ ਦਸਵੀਂ ਵਿੱਚ ਪੜ੍ਹਦੀ ਸੀ, ਉਹ ਦੇ ਬਾਊ ਜੀ ਚੱਲ ਵਸੇ। ਉਹ ਰੇਲਵੇ ਵਿੱਚ ਮੁਲਾਜ਼ਮ ਸਨ। ਨਰਬਦਾ ਦਾ ਨਾ ਕੋਈ ਭਾਈ ਤੇ ਨਾ ਕੋਈ ਭੈਣ। ਇੱਕ ਮਾਂ ਸੀ। ਬੱਸ। ਰੇਲਵੇ ਵਾਲਿਆਂ ਨੇ ਕੁਆਰਟਰ ਵੀ ਛੁਡਵਾ ਲਿਆ। ਉਹ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗੀਆਂ। ਨਰਬਦਾ ਦੀ ਮਾਂ ਚਾਹੁੰਦੀ ਕਿ ਉਹ ਦਾ ਵਿਆਹ ਹੋ ਜਾਵੇ। ਪਰ ਨਰਬਦਾ ਤਾਂ ਕਾਲਜ ਪੜ੍ਹ ਰਹੀ ਸੀ। ਨਰਬਦਾ ਦੇ ਬਾਊ ਜੀ ਕਹਿੰਦੇ ਹੁੰਦੇ ਕਿ ਉਹ ਆਪਣੀ ਬੇਟੀ ਨੂੰ ਗੈਜੂਏਟ ਬਣਾ ਕੇ ਹੀ ਉਹ ਦਾ ਵਿਆਹ ਕਰਨਗੇ। ਤੇ ਹੁਣ ਉਹ ਕਾਲਜ ਪੜ੍ਹਦੀ ਜਿਵੇਂ ਆਪਣੇ ਬਾਊ ਜੀ ਦੀ ਹੀ ਇੱਛਾ ਪੂਰੀ ਕਰ ਰਹੀ ਹੋਵੇ। ਉਹ ਦੇ ਦਿਲ ਅੰਦਰ ਕਿਧਰੇ ਇਹ ਆਸ ਵੀ ਬੈਠੀ ਸੀ ਕਿ ਉਹ ਜਦੋਂ ਬੀ.ਏ ਪਾਸ ਕਰ ਲਵੇਗੀ ਤਾਂ ਉਸ ਨੂੰ ਕੋਈ ਚੰਗੀ ਸਰਵਿਸ ਮਿਲ ਜਾਵੇਗੀ। ਉਹ ਬਾਊ ਜੀ ਦੀ ਜਗ੍ਹਾ ਵੀ ਲੱਗ ਸਕਦੀ ਸੀ। ਰੇਲਵੇ ਦੀ ਨੌਕਰੀ ਉਹ ਕਰਨਾ ਨਹੀਂ ਹੁੰਦੀ ਸੀ। ਬਾਊ ਜੀ ਕਲਰਕ ਸਨ। ਨਰਬਦਾ ਨਹੀਂ ਚਾਹੁੰਦੀ ਸੀ ਕਿ ਉਹ ਕਲਰਕ ਬਣੇ।ਉਹ ਦੀਆਂ ਆਸਾਂ ਤਾਂ ਉੱਚੀਆਂ ਸਨ। ਉਹ ਕਿਸੇ ਅਫ਼ਸਰ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਅਫ਼ਸਰ ਮੁੰਡਾ ਕਲਰਕ ਕੁੜੀ ਨਾਲ ਵਿਆਹ ਕਿਉਂ ਕਰਵਾਏਗਾ। ਨਰਬਦਾ ਦੀ ਮਾਂ ਨੇ ਬਾਊ ਜੀ ਦਾ ਸਾਰਾ ਬਕਾਇਆ ਲਿਆ ਤੇ ਆਪਣੀ ਪੈਨਸ਼ਨ ਬੰਨ੍ਹਵਾ ਲਈ। ਨਰਬਦਾ ਨੂੰ ਆਪਣੇ ਭਵਿੱਖ ਲਈ ਅਜ਼ਾਦ ਛੱਡ ਦਿੱਤਾ। ਨਰਬਦਾ ਬੀ.ਏ. ਪੂਰੀ ਕਰ ਗਈ। ਪਰ ਨਾ ਤਾਂ ਉਹ ਨੂੰ ਕੋਈ ਅਫ਼ਸਰ ਮੁੰਡਾ ਮਿਲ ਸਕਿਆ ਤੇ ਨਾ ਹੀ ਕੋਈ ਚੱਜ ਦੀ ਨੌਕਰੀ। ਓਧਰ-ਉਹ ਦੀ ਮਾਂ ਕੋਲ ਬੈਂਕ ਵਿੱਚ ਰੱਖਿਆ ਪੈਸਾ ਦਾਣਾ-ਦਾਣਾ ਕਰਕੇ ਘਰ ਕਬੀਲ ਦਾਰੀ ਦੀਆਂ ਖੱਡਾ ਅੰਦਰ ਚਲਿਆ ਗਿਆ। ਬਸ ਪੈਨਸ਼ਨ ਹੀ ਪੈਨਸ਼ਨ ਰਹਿ ਗਈ। ਮਹਿੰਗਾਈ ਦੇ ਜ਼ਮਾਨੇ ਵਿੱਚ ਪੈਨਸ਼ਨ ਦੇ ਬੱਧੇ-ਰੁੱਧੇ ਰੁਪਈਆਂ ਨਾਲ ਗੁਜ਼ਾਰਾ ਮੁਸ਼ਕਲ ਸੀ।
ਨਰਬਦਾ ਸ਼ਾਮ ਨੂੰ ਹਲਕੇ-ਹਲਕੇ ਹਨੇਰੇ ਵਿੱਚ ਜਦੋਂ ਘਰ ਆਉਂਦੀ ਤਾਂ ਮੁਹੱਲੇ ਦੇ ਨਿੱਕੇ-ਨਿੱਕੇ ਬੱਚੇ ਮੁੰਡੇ-ਕੁੜੀਆਂ ਸਭ ਉਹ ਦੇ ਮਗਰ ਲੱਗ ਲੈਂਦੇ। ਜਿਵੇਂ ਨਰਬਦਾ ਇੱਕ ਤਮਾਸ਼ਾ ਹੋਵੇ। ਉਹ ਬੱਚਿਆਂ ਨੂੰ ਟਾਫ਼ੀਆਂ, ਚਾਕਲੇਟ, ਰਿਊੜੀਆਂ ਤੇ ਗੱਜਕਾਂ ਦੇ ਪੈਕਟ ਵੰਡਦੀ ਤੁਰੀ ਜਾਂਦੀ। ਨਰਬਦਾ ਦੀਦੀ...ਨਰਬਦਾ ਦੀਦੀ....ਸਾਰੇ ਬੱਚੇ ਬੋਲਦੇ। ਉਹ ਦੇ ਨਾਲ-ਨਾਲ ਤੁਰੇ ਜਾਂਦੇ। ਜਿਸ ਨੂੰ ਮਿਲ ਜਾਂਦਾ, ਥਾਂ ਦੀ ਥਾਂ ਖੜ੍ਹ ਕੇ ਖਾਣ ਲੱਗਦਾ। ਬਾਕੀ ਉਹ ਦੇ ਨਾਲ-ਨਾਲ ਤੁਰਦੇ ਤੇ ਕੋਈ ਚੰਗੀ ਚੀਜ਼ ਮਿਲਣ ਦੀ ਆਸ ਰੱਖਦੇ। ਨਰਬਦਾ ਦੀਦੀ.....ਨਰਬਦਾ ਦੀਦੀ......। ਨਰਬਦਾ ਦੀਦੀ ਜਿਵੇਂ ਮਹਾਰਾਣੀ ਹੋਵੇ।....ਸੁਗਾਤਾਂ ਵੰਡਦੀ ਜਾ ਰਹੀ। ਜਿਵੇਂ ਉਹ ਦਾ ਆਪਣਾ ਦੁੱਖ ਕੋਈਂ ਨਾ ਹੋਵੇ।
ਮੁਹੱਲੇ ਦੇ ਨੌਜਵਾਨ ਮੁੰਡੇ-ਕੁੜੀਆਂ ਵਿੱਚ ਵੀ ਉਹ ਹਰਮਨ ਪਿਆਰੀ ਸੀ। ਥੁੜੇ-ਟੁੱਟੇ ਘਰਾਂ ਦੇ ਮੁੰਡਿਆਂ ਦੀਆਂ ਤੇ ਬੇਸਹਾਰਾ ਕੁੜੀਆਂ ਦੀਆਂ ਫ਼ੀਸਾਂ ਭਰਦੀ। ਕਿਸੇ ਮੁੰਡੇ-ਕੁੜੀ ਨੂੰ ਕਿਸੇ ਹੋਰ ਮਾਮਲੇ ਵਿੱਚ ਉਹ ਦੀ ਲੋੜ ਹੁੰਦੀ, ਪੈਸਿਆਂ ਦੀ ਮਦਦ ਜਾਂ ਕੋਈ ਇਖ਼ਲਾਕੀ ਮਦਦ ਤਾਂ ਨਰਬਦਾ ਨੂੰ ਯਾਦ ਕੀਤਾ ਜਾਂਦਾ। ਉਹ ਕਿਸੇ ਪੁਲਿਸ ਅਫ਼ਸਰ ਵਾਂਗ ਜਾਂ ਹੰਢੇ ਵਰਤੇ ਬਦਮਾਸ਼ ਵਾਂਗ ਹਿੱਕ ਕੱਢ ਕੇ ਅਗਲੇ ਦੇ ਅੱਗੇ ਲੱਗ ਤੁਰਦੀ ਤੇ ਹਰ ਮੁਕਾਮ ਤੇ ਪੂਰੀਆਂ ਪਾ ਕੇ ਆਉਂਦੀ। ਮੁਹੱਲਾ ਸਾਰਾ ਜਾਣਦਾ ਸੀ, ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿ ਨਰਬਦਾ ਜੇਬਕਤਰੀ ਹੈ। ਉਹ ਪੁਲਿਸ ਵਾਲਿਆਂ ਨੂੰ 'ਮਹੀਨਾ' ਦਿੰਦੀ ਹੈ। ਹੌਲਦਾਰ-ਸਿਪਾਹੀ ਉਸ ਨੂੰ ਗੁੱਝੀ ਸਲਾਮ ਕਰਦੇ। 'ਮਹੀਨਾ' ਲੈਣ ਵਾਲਾ ਇਲਾਕੇ ਦਾ ਪੁਲਿਸ ਅਧਿਕਾਰੀ ਉਹ ਨੂੰ ਉਡੀਕਦਾ ਰਹਿੰਦਾ।
ਨਰਬਦਾ ਕਦੇ ਸੋਚਦੀ ਤਾਂ ਸੁੰਨ ਹੋ ਕੇ ਰਹਿ ਜਾਂਦੀ ਉਹ ਕਿਹੜੇ ਰਾਹ ਤੁਰ ਪਈ ਹੈ। ਉਹ ਨੇ ਚੰਗੀ ਨੌਕਰੀ 'ਤੇ ਲੱਗਣਾ ਸੀ। ਉਹ ਨੇ ਤਾਂ ਕਿਸੇ ਅਫ਼ਸਰ ਮੁੰਡੇ ਨਾਲ ਵਿਆਹ ਕਰਵਾਉਣਾ ਸੀ। ਪਰ ਉਹ ਖਿਆਲ ਕਿਸੇ ਝਟਕੇ ਵਾਂਗ ਹੀ ਉਹ ਦੇ ਦਿਮਾਗ਼ ਵਿੱਚ ਆਉਂਦਾ ਤੇ ਤੁਰ ਜਾਂਦਾ। ਹੁਣ ਤਾਂ ਇਹੀ ਉਸ ਦੀ ਜ਼ਿੰਦਗੀ ਸੀ। ਇਹੀ ਜ਼ਿੰਦਗੀ ਵਿੱਚ ਉਹਨੂੰ ਲੁਤਫ ਆਉਂਦਾ। ਜਿਵੇਂ ਉਹ ਜ਼ਮਾਨੇ ਦਾ ਮੂੰਹ ਚਿੜਾਅ ਰਹੀ ਹੋਵੇ। ਜਿਵੇਂ ਉਹ ਵਕਤ ਨੂੰ ਠੋਸਾ ਦਿਖਾ ਰਹੀ ਹੋਵੇ। ਉਹ ਦਾ ਆਪਣਾ ਕਸੂਰ ਕੋਈ ਨਹੀਂ ਸੀ। ਇਹ ਤਾਂ ਜ਼ਮਾਨੇ ਨੇ ਉਹ ਨੂੰ ਇਸ ਤਰ੍ਹਾਂ ਬਣਾ ਦਿੱਤਾ ਸੀ। ਜ਼ਮਾਨੇ ਨੇ ਹੀ ਉਹ ਨੂੰ ਇਸ ਰਾਹ ਤੇ ਤੋਰਿਆ ਸੀ।
ਨਰਬਦਾ ਦੇ ਦੋ ਅਸਤਿੱਤਵ ਸਨ। ਇੱਕ ਅਸਤਿਤਵ ਨੀਮ-ਬੇਹੋਸ਼ੀ ਦਾ ਤੇ ਇੱਕ ਅਸਤਿੱਤਵ ਜਾਗਰੂਕਤਾ ਦਾ। ਜੇਬ ਕੱਟਣ ਵੇਲੇ ਉਹ ਦੇ ਹੱਥਾਂ ਦੀਆਂ ਪਹਿਲੀਆਂ ਦੋ ਉਂਗਲਾਂ ਇੰਝ ਕੰਮ ਕਰਦੀਆਂ, ਜਿਵੇਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੋਵੇ, ਉਹ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਿ ਉਹ ਇਹ ਕੀ ਕਰ ਰਹੀ ਹੈ। ਖ਼ੁਦ-ਬਖ਼ੁਦ ਹੀ ਸਭ ਹੁੰਦਾ ਤੁਰਿਆ ਜਾਂਦਾ। ਮੁਹੱਲੇ ਦੇ ਨੌਜਵਾਨ ਮੁੰਡੇ-ਕੁੜੀਆਂ ਦੀ ਆਰਥਿਕ ਸਹਾਇਤਾ ਕਰਨ ਵੇਲੇ ਜਾਂ ਬੱਚਿਆਂ ਨੂੰ ਟਾਫ਼ੀਆਂ ਆਦਿ ਵੰਡਣ ਵੇਲੇ ਉਹ ਪੂਰੀ ਜਾਗਰੂਕ ਹੁੰਦੀ। ਉਹ ਨੂੰ ਲੱਗਦਾ, ਇਹ ਉਹ ਚੰਗਾ ਕੰਮ ਕਰ ਰਹੀ ਹੈ। ਮਾਂ ਦੀ ਉਹ ਕੋਈ ਗੱਲ ਨਾ ਸੁਣਦੀ। ਮਾਂ ਆਖਦੀ, 'ਬਦੂ, ਕੀ ਤੂੰ ਇਸ ਤਰ੍ਹਾਂ ਹੀ ਸਾਰੀ ਜ਼ਿੰਦਗੀ ਗੁਜ਼ਾਰ ਦੇਵੇਂਗੀ? ਵਿਆਹ ਬਾਬਤ ਕਦੇ ਸੋਚਿਆ ਕੁਝ?
ਨਰਬਦਾ ਕੋਈ ਜਵਾਬ ਨਾ ਦਿੰਦੀ। ਕੋਈ ਜਵਾਬ ਦੇ ਵੀ ਨਾ ਸਕਦੀ। ਬੱਸ, ਸਭ ਕੁਝ ਇਸ ਤਰ੍ਹਾਂ ਹੀ ਹੁੰਦਾ ਜਾ ਰਿਹਾ ਸੀ, ਇਸ ਤਰ੍ਹਾਂ ਹੀ ਬੀਤਦਾ ਜਾ ਰਿਹਾ ਸੀ। ਨਰਬਦਾ ਦੀ ਜਾਗਰੂਕਤਾ ਵੀ ਜਿਵੇਂ ਬੇਹੋਸ਼ੀ ਹੋਵੇ। ਮਾਂ ਨੂੰ ਵੀ ਉਹ ਵਧੀਆ ਤੋਂ ਵਧੀਆ ਕੱਪੜੇ ਲੈ ਕੇ ਦਿੰਦੀ। ਘਰ ਵਿੱਚ ਵਧੀਆ ਖਾਣਾ ਪੈਂਦਾ ਸੀ। ਸਾਰ ਸਮਾਨ ਸੀ, ਘਰ ਵਿੱਚ, ਜਿਸ ਤਰਾਂ ਦਾ ਨਰਬਦਾ ਦੇ ਬਾਉ ਜੀ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਬਣਾ ਸਕੇ ਸਨ।
ਉਸ ਦਿਨ ਸਿਨਮਾ ਵਿੱਚ ਜਿਸ ਨੌਜਵਾਨ ਦੀ ਉਹਨੇ ਜੇਬ ਕੱਟੀ ਸੀ, ਅਗਲੇ ਦਿਨ ਹੀ ਨਰਬਦਾ ਨੇ ਉਹ ਨੂੰ ਦੋ ਸੌ ਰੁਪਏ ਦਾ ਮਨੀਆਰਡਰ ਕਰ ਦਿੱਤਾ ਤੇ ਸੁਰਖਰੂ ਹੋ ਗਈ।
ਮਨੀਆਰਡਰ ਲੈਣ ਬਾਅਦ ਨੌਜਵਾਨ ਮੁੰਡੇ ਹਿਤੇਸ਼ ਦੀ ਉਹ ਨੂੰ ਇੱਕ ਚਿੱਠੀ ਮਿਲੀ, ਮਨੀਆਰਡਰ ਦੀ ਵਾਪਸੀ ਰਸੀਦ ਦੇ ਨਾਲ ਹੀ ਹਿਤੇਸ਼ ਨੇ ਨਰਬਦਾ ਬਾਰੇ ਕਾਫ਼ੀ ਕੁਝ ਪੁੱਛਿਆ ਹੋਇਆ ਸੀ।
ਨਰਬਦਾ ਨੂੰ ਇੱਕ ਵਾਰ ਤਾਂ ਪੂਰੀ ਖਿਝ ਚੜ੍ਹੀ-ਬਈ ਤੂੰ ਦੋ ਸੌ ਰੁਪਿਆ ਲੈ ਲਿਆ, ਲੈ ਕੇ ਚੁੱਪ ਹੋ ਜਾ ਤੇ ਆਪਣਾ ਕੰਮ ਸਾਰ। ਕੀ ਲੈਣਾ ਹੈ ਤੂੰ ਮੈਥੋਂ, ਮੈਂ ਕੌਣ ਹਾਂ, ਕੀ ਕੰਮ ਕਰਦੀ ਹਾਂ, ਐਨੀ ਚੰਗੀ ਕਿਉਂ ਹਾਂ?'
ਪਰ ਇਹ ਕੀ, ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਹੀ ਉਹ ਤਾਂ ਚਿੱਠੀ ਲਿਖਣ ਬੈਠ ਗਈ। ਪਤਾ ਨਹੀਂ, ਕਿੰਨੇ ਵਰਿਆਂ ਬਾਅਦ ਉਹ ਚਿੱਠੀ ਲਿਖਣ ਦਾ ਨਿਕੰਮਾ ਜਿਹਾ ਕਾਰਜ ਨਿਭਾਅ ਰਹੀ ਸੀ। ਲਿਖਦੀ ਗਈ, ਲਿਖਦੀ ਗਈ, ਉਹ ਦੀ ਚਿੱਠੀ ਤਾਂ ਹਿਤੇਸ਼ ਦੀ ਚਿੱਠੀ ਨਾਲੋਂ ਵੀ ਲੰਮੀ ਹੁੰਦੀ ਜਾ ਰਹੀ ਸੀ। ਉਹ ਨੇ ਆਪਣੇ ਬਾਰੇ ਸਭ ਦੱਸ ਦਿੱਤਾ। ਇੱਥੋਂ ਤੱਕ ਕਿ ਜੇਬ ਕੱਟਣ ਦਾ ਧੰਦਾ ਵੀ ਦੱਸ ਦਿੱਤਾ। ਉਹ ਚਿੱਠੀ ਵਿੱਚ ਅਪਣੱਤ ਸੀ, ਪਿਆਰ ਸੀ, ਜਿਵੇਂ ਆਪਣੇ ਕਿਸੇ ਨੂੰ ਕੋਈ ਆਪਣਾ ਸਭ ਕੁਝ ਦੱਸ ਦਿੰਦਾ ਹੋਵੇ।
ਹਿਤੇਸ਼ ਦੀ ਇਕ-ਚਿੱਠੀ ਹਰ ਆਈ, ਪਹਿਲੀ ਨਾਲੋਂ ਵੱਧ ਲੰਮੀ। ਤੇ ਫੇਰ ਚਿੱਠੀਆ ਦਾ ਇੱਕ ਲੰਮਾ ਸਿਲਸਿਲਾ। ਦਸ ਦਿਨਾਂ ਦੇ ਅੰਦਰ-ਅੰਦਰ ਦੋਵਾਂ ਦੀਆਂ ਚਿੱਠੀਆਂ ਦਾ ਵਟਾਂਦਰਾ ਹੋ ਜਾਂਦਾ। ਇਹ ਸਿਲਸਿਲਾ ਦੋ ਮਹੀਨੇ ਚੱਲਦਾ ਰਿਹਾ। ਦੋਵਾਂ ਨੇ ਇਕ-ਦੂਜੇ ਬਾਰੇ ਸਭ ਕੁਝ ਜਾਣ ਲਿਆ। ਮਹੀਨੇ-ਮਹੀਨੇ ਪਿੱਛੋਂ ਦੋ-ਦੋ ਸੌ ਦੇ ਦੋ ਮਨੀਆਰਡਰ ਨਰਬਦਾ ਨੇ ਉਹ ਨੂੰ ਹੋਰ ਭੇਜੇ ਸਨ।
ਹਿਤੇਸ਼ ਬੀ.ਏ. ਦਾ ਇਮਤਿਹਾਨ ਦੇ ਕੇ ਇੱਟਾਂ ਦੇ ਭੱਠੇ ਤੇ ਮੁਣਸ਼ੀ ਦੀ ਨੌਕਰੀ ਕਰਨ ਲੱਗਿਆ। ਉਹਦਾ ਸ਼ਹਿਰ ਵੱਡਾ ਸ਼ਹਿਰ ਨਹੀਂ ਸੀ। ਤੇ ਫਿਰ ਇੱਕ ਦਿਨ ਨਰਬਦਾ ਦੇ ਕਹਿਣ 'ਤੇ ਉਹ ਉਹਦੇ ਸ਼ਹਿਰ ਗਿਆ। ਚਾਰ ਘੰਟਿਆਂ ਦਾ ਰੇਲ ਸਫ਼ਰ ਸੀ। ਉਹ ਨਿਸ਼ਚਤ ਥਾਂ 'ਤੇ ਮਿਲੇ। ਗੱਲਾਂ ਹੋਈਆਂ। ਉਹ ਚਿੱਠੀਆਂ ਦੇ ਸੰਸਾਰ ਨਾਲੋਂ ਵੱਧ ਨਵਾਂ-ਨਵਾਂ ਮਹਿਸੂਸ ਕਰ ਰਹੇ ਸਨ। ਸੋਨਾ ਬਾਗ ਦੀਆਂ ਖ਼ੁਸ਼ਬੂਆਂ ਲੱਦੀ ਹਵਾ ਕੋਈ ਨਸ਼ੇ ਜਿਹੇ ਦਾ ਸੰਚਾਰ ਕਰਦੀ ਜਾ ਰਹੀ ਸੀ, ਉਨ੍ਹਾਂ ਦੇ ਅਲਸਾਏ-ਅਲਸਾਏ ਪਿੰਡਿਆਂ ਵਿੱਚ।
'ਤੂੰ ਉਸ ਦਿਨ ਏਥੇ ਸਾਡੇ ਸ਼ਹਿਰ ਕੀ ਕਰਨ ਆਇਆ ਸੀ?' ਕੁੜੀ ਨੇ ਪੁੱਛਿਆ।
'ਕਿਸ ਦਿਨ?' ਮੁੰਡੇ ਨੂੰ ਸ਼ਾਇਦ ਯਾਦ ਨਹੀਂ ਰਹਿ ਗਿਆ ਸੀ। ਜਾਂ ਉਂਝ ਹੀ ਉਹ ਦੇ ਮੂੰਹੋਂ ਨਿਕਲਿਆ।
'ਜਿਸ ਦਿਨ ਤੇਰਾ ਪਰਸ..' ਨਰਬਦਾ ਦੇ ਚਿਹਰੇ 'ਤੇ ਨਿਰਛਲ ਹਾਸੀ ਸੀ।
ਉਹ ਵੀ ਮੁਸਕਰਾਉਣ ਲੱਗਿਆ, ਕਹਿੰਦਾ, 'ਏਥੇ ਮੇਰਾ ਚਾਚਾ ਰਹਿੰਦਾ ਹੈ। ਉਸ ਦਿਨ ਉਹ ਘਰ ਨਹੀਂ ਸੀ। ਨਾ ਚਾਚੀ ਤੇ ਨਾ ਕੋਈ ਹੋਰ। ਉਹ ਚਿੱਠੀ ਮੈਂ ਇਸ ਲਈ ਲਿਖੀ ਸੀ ਕਿ ਪੋਸਟ ਕਰ ਦਿਆਂਗਾ, ਪਰ ਉਹ ਤੇਰੇ ਹੱਥ ਲੱਗ ਗਈ।'
'ਉਹ ਚਿੱਠੀ ਤਾਂ ਤੂੰ ਮੇਰੇ ਲਈ ਹੀ ਲਿਖੀ ਸੀ। ਲਿਖੀ ਸੀ ਨਾ?' ਨਰਬਦਾ ਸ਼ਰਮਾ ਰਹੀ ਸੀ।
'ਹਾਂ ਫੇਰ ਤਾਂ ਉਹ ਤੇਰੀ ਹੋ ਗਈ।'
'ਤੂੰ ਵੀ ਮੇਰਾ ਹੋ ਗਿਆ। ਨਹੀਂ?'
'ਇਹ ਤਾਂ ਹੈ।' ਮੁੰਡੇ ਨੇ ਸਾਰਾ ਵਜੂਦ ਇਕੱਠਾ ਕਰਕੇ ਜਵਾਬ ਦਿੱਤਾ।
ਉਹ ਦਿਨ ਸੋ ਉਹ ਦਿਨ, ਮੁੜ ਕੇ ਮੁਹੱਲੇ ਵਾਲਿਆਂ ਨੇ ਨਰਬਦਾ ਨੂੰ ਨਹੀਂ ਦੇਖਿਆ। ਉਹ ਦੀ ਮਾਂ ਉਹ ਨੂੰ ਉਡੀਕਦੀ ਰਹਿੰਦੀ। ਸੋਚਦਿਆਂ-ਸੋਚਦਿਆਂ ਉਹ ਦੇ ਮੱਥੇ ਦੀ ਠੀਕਰੀ ਕਿਚਰ-ਕਿਚਰ ਕਰਨ ਲੱਗਦੀ, 'ਇਹ ਕੀ ਕੀਤਾ, ਨਰਬਦਾ ਨੇ? ਉਹ ਨੇ ਤਾਂ ਕਦੇ ਇੱਕ ਰਾਤ ਵੀ ਘਰੋਂ ਬਾਹਰ ਨਹੀਂ ਕਿਧਰੇ ਕੱਟੀ ਸੀ। ਉਹ ਕਿਧਰੇ ਤੁਰ-ਫਿਰ ਆਉਂਦੀ, ਕੁਝ ਵੀ ਕਰ ਆਉਂਦੀ, ਆਖ਼ਰ ਰਾਤ ਨੂੰ ਘਰ ਆ ਕੇ ਸੌਂਦੀ।'
ਮੁਹੱਲੇ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਹੈਰਾਨ ਤੇ ਪ੍ਰੇਸ਼ਾਨ ਸਨ, 'ਨਰਬਦਾ ਦੀਦੀ ਕਿੱਧਰ ਚਲੀ ਗਈ?' ਮੁਹੱਲੇ ਦੇ ਨਿੱਕੇ ਬੱਚਿਆਂ ਦੀ ਜਿਵੇਂ ਮਾਂ ਮਰ ਗਈ ਹੋਵੇ। ਜਿਵੇਂ ਕਿਸੇ ਨੇ ਉਨ੍ਹਾਂ ਦੇ ਮੂੰਹਾਂ ਦਾ ਦੁੱਧ ਖੋਹ ਲਿਆ ਹੋਵੇ। ਬੱਚਿਆਂ ਦੀਆਂ ਭੁੱਖਾਂ ਮਰ ਗਈਆਂ। ਉਹ ਟਾਫ਼ੀਆਂ ਨਹੀਂ ਉਡੀਕਦੇ ਸਨ, ਨਰਬਦਾ ਨੂੰ ਉਡੀਕਦੇ ਤੇ ਔਖੇ ਸਾਹ ਭਰਦੇ। ♦