ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਦੋਸਤੀ ਦਾ ਸਿਮਰਨ

ਦੋਸਤੀ ਦਾ ਸਿਮਰਨ


ਬੇਬੇ ਨੇ ਦੱਸਿਆ-"ਸਰਦੂਲ ਮਰ ਗਿਆ।"

"ਕਿਵੇਂ ਮਰ ਗਿਆ?" ਸੁਣ ਕੇ ਮੇਰੀ ਜਾਨ ਨਿਕਲ ਗਈ ਹੋਵੇ ਜਿਵੇਂ।

"ਮੰਜੇ ’ਚ ਈ ਸੁੱਤਾ ਪਿਆ ਰਹਿ ਗਿਆ। ਤੈਨੂੰ ਪਤੈ, ਦਮਾ ਸੀ ਉਹ ਨੂੰ। ਰਾਤ ਨੂੰ ਕਿਤੇ ਖੰਘ ਦਾ ਗੁਲਫ਼ਾ ਸੰਘ 'ਚ ਅੜ ਗਿਆ, ਸਾਹ ਬੰਦ ਹੋ ਗਿਆ। ਮਰ ਗਿਆ ਬੱਸ।" ਬੇਬੇ ਨੇ ਸੁਭਾਇਕੀ ਗੱਲ ਕੀਤੀ। ਪਰ ਮੇਰੇ ਲਈ ਇਹ ਬੜੀ ਦੁਖਦਾਇਕ ਖ਼ਬਰ ਸੀ। ਸਰਦੂਲ ਮੇਰਾ ਬਚਪਨ ਦਾ ਯਾਰ ਸੀ। ਬੜਾ ਹੀ ਦਰਵੇਸ਼।

ਆਪਣੇ ਪਿੰਡ ਨਾਲੋਂ ਸਬੰਧ ਟੁੱਟੇ ਨੂੰ ਵਰ੍ਹੇ ਬੀਤ ਗਏ ਸਨ। ਐਡੀ ਦੂਰ ਬੈਠਾ ਸਾਂ। ਤੇ ਫੇਰ ਮੇਰੀ ਨੌਕਰੀ ਵੀ ਕੁਝ ਅਜਿਹੀ ਸੀ। ਛੇਤੀ ਛੇਤੀ ਮੈਥੋਂ ਪਿੰਡ ਦਾ ਗੇੜਾ ਨਾ ਵੱਜਦਾ। ਵਰ੍ਹੇ ਛਮਾਹੀ ਹੀ ਚੱਕਰ ਲੱਗਦਾ। ਕਦੇ ਕਦੇ ਤਾਂ ਡੇਢ ਦੋ ਸਾਲ ਵੀ ਲੰਘ ਜਾਂਦੇ।

ਵੱਡਾ ਭਾਈ ਤੇ ਬਾਪੂ ਕਦੋਂ ਦੇ ਗੁਜ਼ਰ ਚੁੱਕੇ ਸਨ। ਹੁਣ ਭਤੀਜਾ ਸੀ ਤੇ ਭਤੀਜੇ ਦਾ ਪਰਿਵਾਰ। ਮਾਂ ਬੈਠੀ ਸੀ। ਉਮਰ ਚਾਹੇ ਉਹ ਦੀ ਅੱਸੀਆਂ ਤੋਂ ਟੱਪ ਚੁੱਕੀ ਸੀ, ਪਰ ਉਹ ਦੀ ਕਾਠੀ ਤਕੜੀ ਸੀ। ਅੱਖਾਂ ਦੀ ਨਜ਼ਰ ਘਟ ਗਈ ਸੀ, ਦੰਦ-ਜਾੜ੍ਹਾਂ ਵੀ ਨਹੀਂ ਸਨ। ਪਰ ਸੋਟੀ ਫੜ ਕੇ ਸਾਰੇ ਅਗਵਾੜ ਵਿੱਚ ਘਰ ਘਰ ਦੀ ਸੁੱਖ ਸਾਂਦ ਪੁੱਛਣ ਦਾ ਕੰਮ ਪਹਿਲਾਂ ਵਾਂਗ ਜਾਰੀ ਸੀ। ਕਿਸੇ ਦੀਆਂ ਦੋ ਸੁਣੀਆਂ, ਕਿਸੇ ਨੂੰ ਦੋ ਸੁਣਾ ਦਿੱਤੀਆਂ। ਗੱਲਾਂ ਉਹ ਦੀ ਆਕਸੀਜਨ ਸੀ। ਅਗਵਾੜ ਕੀ, ਉਹ ਨੂੰ ਤਾਂ ਸਾਰੇ ਪਿੰਡ ਦੀ ਖ਼ਬਰ ਸਾਰ ਸੀ।

ਬੇਬੇ ਮੇਰਾ ਖ਼ਬਰਨਾਮਾ ਸੀ। ਬਹੁਤੀਆਂ ਗੱਲਾਂ ਦਾ ਪਤਾ ਓਸੇ ਤੋਂ ਲੱਗਦਾ। ਪਿੰਡ ਵਿੱਚ ਕੀ ਅਣਹੋਣੀ ਹੋ ਗਈ। ਕਿਹੜਾ ਬੁੜ੍ਹਾ ਮਰ ਗਿਆ ਤੇ ਕਿਹੜੀ ਬੁੜ੍ਹੀ। ਕੀਹਦੀ ਕੁੜੀ ਵਿਆਹੀ ਗਈ ਤੇ ਕੀਹਦੇ ਮੁੰਡੇ ਦੀ ਮੰਗ ਛੁਟ ਗਈ। ਕਿਹੜੇ ਘਰ ਦਾ ਵੰਡ ਵੰਡਾਰਾ ਹੋ ਗਿਆ। ਅਗਵਾੜ ਦੇ ਕਿਹੜੇ ਘਰ ਦਾ ਕਿਹੜੇ ਘਰ ਨਾਲ ਕਿਹੜੀ ਗੱਲ ਪਿੱਛੇ ਵਟਿੱਟ ਪੈ ਗਿਆ ਹੈ।

ਨਵੀਂ ਉਮਰ ਦੇ ਮੁੰਡੇ ਕੁੜੀਆਂ ਮੈਨੂੰ ਤਾਂ ਸ਼ਾਇਦ ਜਾਣਦੇ ਹੋਣਗੇ, ਪਰ ਮੈਂ ਉਨ੍ਹਾਂ ਨੂੰ ਨਹੀਂ ਪਹਿਚਾਣਦਾ ਸੀ। ਮੁੜ੍ਹੰਗੇ ਤੋਂ ਹੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਕੀਹਦਾ ਮੁੰਡਾ ਹੋ ਸਕਦਾ ਹੈ ਜਾਂ ਕੀਹਦੀ ਕੁੜੀ। ਮੇਰੇ ਲਈ ਕਿੰਨਾ ਬਦਲ ਗਿਆ ਸੀ ਪਿੰਡ। ਜਿਵੇਂ ਕੋਈ ਦੂਜਾ ਪਿੰਡ ਹੋਵੇ। ਜਿਵੇਂ ਮੈਂ ਇਸ ਲਈ ਓਪਰਾ ਹੋ ਗਿਆ ਹੋਵਾਂ। ਪਰ ਹਾਂ, ਮੇਰੇ ਹਾਣੀ ਬੰਦੇ ਤੇ ਵੱਡੀ ਉਮਰ ਦੇ ਲੋਕ ਜਿਵੇਂ ਮੇਰੇ ਆਪਣੇ ਹੋਣ। ਉਨ੍ਹਾਂ ਕਰਕੇ ਹੀ ਤਾਂ ਇਹ ਪਿੰਡ ਮੇਰਾ ਆਪਣਾ ਸੀ। ਕੋਈ ਵੀ ਮਿਲਦਾ, ਮੇਰਾ ਹਾਲ ਚਾਲ ਪੁੱਛਦਾ। ਬੁੜ੍ਹੀਆਂ ਮੇਰੇ ਜੁਆਕ ਜੱਲਿਆਂ ਦੀ ਸੁੱਖ ਸਾਂਦ ਪੁੱਛਦੀਆਂ।

ਤੇ ਅੱਜ ਬੇਬੇ ਜਿੰਨੀਆਂ ਵੀ ਗੱਲਾਂ ਸੁਣਾ ਰਹੀ ਸੀ, ਮੇਰਾ ਉਨ੍ਹਾਂ ਵੱਲ ਕੋਈ ਖ਼ਾਸ ਧਿਆਨ ਨਹੀਂ ਸੀ। ਸਰਦੂਲ ਦੀ ਗੱਲ ਕਰਕੇ ਉਹ ਨੇ ਮੈਨੂੰ ਸੁੰਨ ਮਿੱਟੀ ਬਣਾ ਦਿੱਤਾ ਸੀ। ਜਦੋਂ ਵੀ ਮੈਂ ਪਿੰਡ ਆਉਂਦਾ, ਸਰਦੂਲ ਦੇ ਘਰ ਜ਼ਰੂਰ ਜਾਂਦਾ। ਉਹ ਦੇ ਨਾਲ ਪੁਰਾਣੀਆਂ ਗੱਲਾਂ ਕਰਕੇ ਜਿਵੇਂ ਢਿੱਡ ਭਰ ਜਾਂਦਾ ਹੋਵੇ, ਢਿੱਡ ਜਿਵੇਂ ਹੌਲਾ ਹੋ ਜਾਦਾ। ਉਹ ਦੇ ਬੋਲ ਵਿੱਚ ਚਾਹੇ ਉਹ ਪੁਰਾਣੀ ਜੁਆਨੀ ਪਹਿਰੇ ਵਾਲੀ ਮੜਕ ਨਹੀਂ ਰਹਿ ਗਈ ਸੀ, ਪਰ ਗੱਲ ਕਰਨ ਦਾ ਅੰਦਾਜ਼ ਓਹੀ ਸੀ। ਕਾਗਜ਼ ਦੇ ਟੁਕੜੇ ਨੂੰ ਗੋਲ ਕਰਕੇ ਤੇ ਕਾਗਜ਼ ਦੀ ਬੱਤੀ ਕੰਨ ਵਿੱਚ ਪਾ ਕੇ ਹੀ ਉਸ ਨੂੰ ਨਵੀਂ ਗੱਲ ਔੜਦੀ। ਚੁੱਕਵੀਂ ਗੱਲ ਕਰਦਾ। ਚਹੇਡੀ ਬੜਾ ਸੀ। ਬੇਬੇ ਨੇ ਸਾਰੀਆਂ ਗੱਲਾਂ ਮੁਕਾ ਕੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਸਰਦੂਲ ਦੇ ਘਰ ਉਹ ਦੀ ਮਾਂ ਕੋਲ ਬੈਠ ਆਵਾਂ। ਬੇਬੇ ਨੂੰ ਸਰਦੂਲ ਨਾਲ ਮੇਰੀ ਪੱਕੀ ਯਾਰੀ ਦਾ ਪਤਾ ਸੀ। ਕਹਿੰਦੀ-'ਤੂੰ ਤਾਂ ਉਹ ਨੂੰ ਸਰਦੂਲ ਅਰਗਾ ਈ ਐਂ। ਜਾਵੇਂਗਾ ਤਾਂ ਹਰ ਕੁਰ ਦੀ ਆਤਮਾ ਠਰੂਗੀ, ਭਾਈ। ਜ਼ਰੂਰ ਜਾਈਂ।"

ਭਤੀਜਾ ਹਾਲੇ ਖੇਤੋਂ ਨਹੀਂ ਮੁੜਿਆ ਸੀ। ਭਤੀਜੇ ਦੇ ਜੁਆਕ ਮੁੰਡਾ ਤੇ ਕੁੜੀ ਮੇਰੀ ਗੋਦੀ ਵਿੱਚ ਬੈਠ ਕੇ ਮੈਥੋਂ ਪਿਆਰ ਲੈ ਗਏ ਸਨ। ਨੂੰਹ ਪੈਰੀਂ ਹੱਥ ਲਾ ਗਈ ਸੀ। ਚਾਹ ਕਰਕੇ ਪਿਆ ਦਿੱਤੀ ਸੀ। ਬੇਬੇ ਨੂੰ ਵੀ। ਦਿਨ ਢਲਣ ਲੱਗਿਆ ਸੀ। ਮੈਂ ਦੁਪਹਿਰੇ ਜਿਹੇ ਆਇਆ ਸਾਂ। ਚਾਹੁੰਦਾ ਸਾਂ, ਘੰਟਾ ਕੁ ਲਾਵਾਂ ਤੇ ਮੁੜ ਜਾਵਾਂ। ਏਥੇ ਹੋ ਕੇ ਮੈਂ ਹੋਰ ਪਿੰਡ ਵੀ ਜਾਣਾ ਚਾਹੁੰਦਾ ਸੀ। ਪਰ ਭਤੀਜੇ ਨਾਲ ਇੱਕ ਖ਼ਾਸ ਗੱਲ ਕਰਨੀ ਜ਼ਰੂਰੀ ਸੀ। ਅਖ਼ੀਰ ਮੈਂ ਫ਼ੈਸਲਾ ਕੀਤਾ ਕਿ ਅੱਜ ਦੀ ਰਾਤ ਇੱਥੇ ਹੀ ਰਹਿੰਦੇ ਹਾਂ। ਭਤੀਜੇ ਨਾਲ ਰਾਤ ਨੂੰ ਸੰਵਾਰ ਕੇ ਗੱਲ ਹੋ ਜਾਵੇਗੀ। ਭੱਜ ਦੁੜੱਕੇ ਵਿੱਚ ਗੱਲ ਦਾ ਸੁਆਦ ਨਹੀਂ ਆਉਂਦਾ।

ਘਰੋਂ ਉੱਠ ਕੇ ਮੈਂ ਸੱਥ ਵਿੱਚ ਹਥਾਈ ਦੇ ਪਿੱਪਲ ਥੱਲੇ ਤਖ਼ਤਪੋਸ਼ 'ਤੇ ਆ ਬੈਠਾ। ਏਥੇ ਹੋਰ ਬੰਦੇ ਵੀ ਬੈਠੇ ਸਨ। ਮੈਂ ਸਾਰਿਆਂ ਵੱਲ ਹੱਥ ਜੋੜੇ ਤੇ ਸਤਿ ਸ੍ਰੀ ਅਕਾਲ ਬੁਲਾਈ। ਇਕੱਲੇ ਇਕੱਲੇ ਦਾ ਨਾਉਂ ਲੈ ਕੇ ਹਾਲ ਚਾਲ ਪੁੱਛਿਆ। ਇਹ ਸਭ ਵੱਡੀ ਉਮਰ ਦੇ ਸਨ। ਤੇ ਫੇਰ ਉਨ੍ਹਾਂ ਵਿਚੋਂ ਇੱਕ ਨੇ ਮੇਰਾ ਹਾਲ ਚਾਲ ਪੁੱਛਿਆ। ਜਿਵੇਂ ਸਾਰਿਆਂ ਨੇ ਮੇਰਾ ਹਾਲ ਚਾਲ ਪੁੱਛਿਆ ਹੋਵੇ। ਮੈਂ ਦੇਖਿਆ, ਇਹ ਉਹੀ ਪੁਰਾਣਾ ਤਖ਼ਤਪੋਸ਼ ਸੀ। ਇੱਥੇ ਬੈਠ ਕੇ ਹੀ ਸਰਦੂਲ ਰੌਣਕਾਂ ਲਾਉਂਦਾ ਹੁੰਦਾ।

ਸਰਦੂਲ ਨੂੰ ਦਮੇ ਦੀ ਬਿਮਾਰੀ ਪਹਿਲਾਂ ਤੋਂ ਹੀ ਹੋਵੇਗੀ। ਮੇਰਾ ਉਹ ਦੇ ਨਾਲ ਜਦੋਂ ਸਬੰਧ ਹੋਇਆ, ਮੈਂ ਤਾਂ ਉਹ ਨੂੰ ਖੰਘਦੇ ਦਾ ਖੰਘਦਾ ਦੇਖਿਆ। ਉਹ ਦਾ ਸਾਹ ਉਲਟ ਜਾਂਦਾ ਤੇ ਉਹ ਦਾ ਬੁਰਾ ਹਾਲ ਹੋ ਜਾਂਦਾ। ਕਿੰਨਾਂ ਕਿੰਨਾਂ ਚਿਰ ਉਹ ਤੋਂ ਬੋਲਿਆ ਨਹੀਂ ਜਾਂਦਾ ਸੀ। ਘਰ ਦੀ ਕੱਢੀ ਦਾਰੂ ਦਾ ਪਊਆ ਉਹ ਦੀ ਨਿੱਤ ਦੀ ਦਵਾਈ ਸੀ। ਉਹ ਦਾ ਸਾਹ ਟਿਕਿਆ ਰਹਿੰਦਾ। ਨੀਂਦ ਸੰਵਾਰ ਕੇ ਆ ਜਾਂਦੀ। ਦਾਰੂ ਪੀ ਕੇ ਉਹ ਰੋਟੀ ਵੀ ਚੰਗੀ ਖਾ ਲੈਂਦਾ ਸੀ। ਉਨ੍ਹਾਂ ਦਿਨਾਂ ਵਿੱਚ ਇੱਕ ਪਊਆ ਡੇਢ ਦੋ ਰੁਪਏ ਦਾ ਆ ਜਾਂਦਾ। ਪਿੰਡ ਵਿੱਚ ਬਹੁਤ ਸਨ ਘਰ ਦੀ ਕੱਢਣ ਵਾਲੇ। ਪੀਂਦੇ ਤੇ ਵੇਚਦੇ। ਕੁਝ ਇੱਕ ਨੇ ਤਾਂ ਇਹ ਧੰਦਾ ਹੀ ਬਣਾ ਰੱਖਿਆ ਸੀ। ਪੁਲਿਸ ਨਾਲ ਮਿਲ ਕੇ ਕੀ ਨਹੀਂ ਕੀਤਾ ਜਾ ਸਕਦਾ।

ਸਰਦੂਲ ਦਿਨ ਛਿਪਣ ਤੋਂ ਪਹਿਲਾਂ ਪਊਆ ਲਿਆ ਕੇ ਘਰ ਰੱਖ ਦਿੰਦਾ। ਤੇ ਫੇਰ ਸੱਥ ਵਿੱਚ ਤਖ਼ਤਪੋਸ਼ 'ਤੇ ਬੈਠ ਕੇ ਕੰਨਾਂ ਦੀ ਮੈਲ ਕੱਢਦਾ ਤੇ ਉੱਚਾ ਉੱਚਾ ਬੋਲ ਕੇ ਗੱਲਾਂ ਸੁਣਾਉਂਦਾ। ਕੜਾਕੇਦਾਰ ਗੱਲ ਕਰਦਾ, ਜਿਵੇਂ ਪੀਣ ਤੋਂ ਪਹਿਲਾਂ ਹੀ ਉਹ ਨੂੰ ਨਸ਼ਾ ਚੜ੍ਹਿਆ ਹੋਇਆ ਹੋਵੇ।

ਉਹ ਪੁਰਾਣੇ ਵਕਤਾਂ ਦੀਆਂ ਚਾਰ ਜਮਾਤਾਂ ਪੜ੍ਹਿਆ ਹੋਇਆ ਸੀ। ਉਰਦੂ ਦੇ ਅਖ਼ਬਾਰ ਨੂੰ ਚਰ੍ਹੀ ਵਾਂਗੂੰ ਵੱਢਦਾ। ਉਹ ਅਖ਼ਬਾਰ ਦਾ ਨਿੱਤ ਦਾ ਗਾਹਕ ਸੀ। ਉਹ ਦੁਨੀਆ ਭਰ ਦੇ ਰਾਜਨੀਤਿਕ ਮਾਮਲਿਆਂ ਤੋਂ ਜਾਣੂ ਰਹਿੰਦਾ।

ਤੇ ਅੱਜ ਸੱਥ ਵਿੱਚ ਪਤਾ ਨਹੀਂ ਕਿਵੇਂ ਕਿਸੇ ਨੇ ਸਰਦੂਲ ਦੀ ਗੱਲ ਛੇੜ ਦਿੱਤੀ। ਹਾਂ ਸੱਚ, ਇਹ ਗੱਲ ਲੈ ਕੇ, ਅਖੇ-"ਹੁੰਦਾ ਅੱਜ ਸਰਦੂਲ ਤਾਂ ਕੀ ਆਪਾਂ ਨੂੰ ਇਉਂ ਚੁੱਪ ਬੈਠਣ ਦਿੰਦਾ? ਉਹ ਤਾਂ ਅਗਲੇ ਦੇ ਢਿੱਡ ਵਿਚੋਂ ਗੱਲ ਕੱਢਵਾ ਲੈਂਦਾ ਸੀ।"

ਨੰਬਰਦਾਰਾਂ ਦਾ ਹਰਨੇਕ, ਜਿਹੜਾ ਹੁਣੇ ਆ ਕੇ ਬੈਠਾ ਸੀ, ਕਹਿੰਦਾ-"ਸੀ ਤਾਂ ਸਾਲਾ ਛਿਲਕਾਂ ਦਾ ਘੋੜਾ ਜ੍ਹਾ, ਗੱਲਾਂ ਦੇਖ ਕਿਵੇਂ ਦਮਾਕ ਪਾੜ ਪਾੜ ਆਉਂਦੀਆਂ ਹੁੰਦੀਆਂ ਉਹ ਨੂੰ।"

"ਅੱਖਰਾਂ ਦਾ ਸਿਆਣੂ ਸੀ ਭਾਈ, ਗੱਲਾਂ ਕਿਵੇਂ ਨਾ ਆਉਣ। ਉਹ ਦੀਆਂ ਚਾਰ ਤਾਂ ਅੱਜ ਕੱਲ੍ਹ ਦੇ ਚੌਦਾਂ ਪੜ੍ਹੇ ਦਾ ਮੁਕਾਬਲਾ ਕਰਦੀਆਂ ਸੀ।" ਤੇਲੂ ਤਖਾਣ ਨੇ ਸਰਦੂਲ ਵਰਗਾ ਹੀ ਕੜਕਵਾਂ ਬੋਲ ਕੱਢਿਆ।

"ਉਹ ਦਾ ਤਾਂ ਭਾਈ ਪਊਆ ਬੋਲਦਾ ਹੁੰਦਾ। ਆਪ ਉਹ ਦੇ ’ਚ ਕਿੱਥੇ ਜਾਨ ਸੀ ਹੱਡੀਆਂ ਦੀ ਮੁੱਠੀ 'ਚ।" ਕਿਸੇ ਹੋਰ ਨੇ ਉਹ ਦਾ ਐਬ ਨਿਰਖਿਆ।

"ਗੱਲਾਂ ਈ ਗੱਲਾਂ ਸੀ ਉਹ ਦੇ ਕੋਲ, ਹੋਰ ਕੀ ਸੀ? ਕੰਮ ਦਾ ਤਾਂ ਡੱਕਾ ਦੂਹਰਾਂ ਨ੍ਹੀਂ ਸੀ ਕਰਦਾ, ਜਿਵੇਂ ਜ਼ਮੀਨ ਸੀ....

"ਤਾਂ ਹੀ ਕੋਈ ਸਾਕ ਨਾ ਹੋਇਆ ਉਹ ਨੂੰ। ਖਵਾਉਂਦਾ ਕਿੱਥੋਂ?" ਤੇਲੂ ਨੇ ਪਹਿਲੇ ਦੀ ਗੱਲ ਵਿਚੋਂ ਕੱਟ ਦਿੱਤੀ।

"ਓਏ, ਉਹ ਕਮਜ਼ੋਰ ਸੀ, ਭਾਈ। ਉਹ ਨੂੰ ਆਪ ਦੀਂਹਦਾ ਸੀ। ਕਹੀ ਕਿੱਥੋਂ ਚਲਾ ਲੈਂਦਾ ਉਹ? ਖਾਧਾ ਤਾਂ ਪਿਆ ਸੀ, ਖੰਘ ਦਾ।" ਨੰਬਰਦਾਰਾਂ ਦੇ ਹਰਨੇਕ ਨੇ ਉਹ ਦਾ ਪੱਖ ਪੂਰਿਆ।

ਮੇਰੇ ਦਿਮਾਗ ਵਿੱਚ ਸਰਦੂਲ ਦੀ ਮਾਂ ਘੁੰਮ ਰਹੀ ਸੀ। ਕਿਵੇਂ ਉਹ ਆਥਣ ਉੱਗਣ ਪੁੱਤ ਦੀ ਰੋਟੀ ਦਾ ਆਹਰ ਜਿਹਾ ਕਰਦੀ ਫਿਰਦੀ। ਉਹ ਸਰਦੂਲ ਦੀ ਮਨਪਸੰਦ ਦਾਲ ਸਬਜ਼ੀ ਰਿੰਨ੍ਹਦੀ। ਉਹ ਦੇ ਕੱਪੜੇ ਧੋ ਕੇ ਉਨ੍ਹਾਂ ਨੂੰ ਲਾਜਵਰ ਵਾਲੇ ਪਾਣੀ ਵਿੱਚ ਡੋਬਦੀ। ਕਿਵੇਂ ਉਹ ਆਪਣੀ ਮਾਂ 'ਤੇ ਹੁਕਮ ਜਿਹੇ ਚਲਾਉਂਦਾ ਰਹਿੰਦਾ-"ਬੇਬੇ, ਇਹ ਨਾ ਕਰੀਂ, ਬੇਬੇ, ਆਹ ਕਰਦੀਂ...."

ਕਦੇ ਕਦੇ ਅਸੀਂ ਉਨ੍ਹਾਂ ਦੇ ਘਰ ਇਕੱਠੇ ਬੈਠ ਕੇ ਦਾਰੂ ਪੀਂਦੇ। ਮੇਰੇ ਨਾਲ ਦਾਰੂ ਪੀ ਕੇ ਉਹ ਨੂੰ ਖੁਸ਼ੀ ਹੁੰਦੀ। ਉਹ ਬੜਾ ਹਿਸਾਬੀ ਕਿਤਾਬੀ ਬੰਦਾ ਸੀ। ਆਖਦਾ-"ਲੈ ਬਈ, ਮੈਂ ਤਾਂ ਪਊਏ ਦਾ ਭਾਈਵਾਲ ਆਂ, ਆਹ ਫੜ ਦੋ ਰੁਪਈਏ। ਤੂੰ ਜਿੰਨੀ ਪੀਣੀ ਐ, ਲੈ ਆ।"

ਕਦੇ ਕਦੇ ਉਹ ਆਂਡਿਆਂ ਦੀ ਸਬਜ਼ੀ ਬਣਵਾਉਂਦਾ, ਇੱਕ ਵਾਰ ਅਸੀਂ ਕੁੱਕੜ ਵੱਢਣ ਦੀ ਸਲਾਹ ਬਣਾਈ। ਮਜ੍ਹਬੀਆਂ ਵਿਹੜੇ ਜਾ ਕੇ ਕੁੱਕੜ ਲੈ ਆਏ। ਅੱਧੇ ਪੈਸੇ ਉਹ ਨੇ ਦਿੱਤੇ, ਅੱਧੇ ਮੈਂ। ਹੁਣ ਉਹ ਨੂੰ ਮਾਰੀਏ ਕਿਵੇਂ? ਨਾ ਉਹ ਨੂੰ ਪਤਾ, ਨਾ ਮੈਨੂੰ। ਅਖ਼ੀਰ ਅਸੀਂ ਇੱਟਾਂ ਦੇ ਇੱਕ ਪੁਰਾਣੇ ਭੱਠੇ ਵਿੱਚ ਉਹ ਨੂੰ ਲੈ ਗਏ। ਚਾਕੂ ਸਾਡੇ ਕੋਲ ਸੀ। ਮੈਂ ਕੁੱਕੜ ਨੂੰ ਟੰਗਾਂ ਤੋਂ ਫੜ ਕੇ ਰੱਖਿਆ। ਉਹ ਨੇ ਮਸ੍ਹਾਂ ਉਹ ਦੀ ਗਰਦਨ ਵੱਢੀ। ਕੁੱਕੜ ਖੰਭ ਫੜਫੜਾਉਂਦਾ ਮੇਰੇ ਹੱਥਾਂ ਵਿਚੋਂ ਨਿਕਲ ਪਿਆ। ਛਾਲਾਂ ਮਾਰਦਾ ਭੱਠੇ ਵਿਚੋਂ ਪਾਰ ਗਿਆ। ਅਸੀਂ ਉਹ ਦੇ ਮਗਰ ਭੱਜੇ। ਜਦੋਂ ਨੂੰ ਅਸੀਂ ਭੱਠੇ ਵਿਚੋਂ ਬਾਹਰ ਆਏ, ਉਹ ਪਤਾ ਨਹੀਂ ਕਿੱਥੇ ਜਾ ਡਿੱਗਿਆ ਸੀ। ਭੱਠੇ ਨੇੜੇ ਕਪਾਹਾਂ ਤੇ ਮੱਕੀਆਂ ਦੇ ਖੇਤ ਸਨ। ਇੱਕ ਘੰਟਾ ਲਾ ਕੇ ਅਸੀਂ ਮਸ੍ਹਾਂ ਕਿਤੇ ਕੁੱਕੜ ਦੀ ਲਾਸ਼ ਲੱਭੀ।

ਮਗਰੋਂ ਕਈ ਵਰ੍ਹਿਆਂ ਤੱਕ ਮੈਂ ਤੇ ਸਰਦੂਲ ਜਦੋਂ ਉਸ ਕੁੱਕੜ ਦੀ ਗੱਲ ਛੇੜਦੇ ਤਾਂ ਬੜੇ ਹੱਸਦੇ।"

ਫੇਰ ਮੈਨੂੰ ਜਦੋਂ ਵੀ ਕਦੇ ਘਰ ਦੀ ਕੱਢੀ ਦਾਰੂ ਪੀਣ ਦਾ ਮੌਕਾ ਮਿਲਦਾ, ਸਰਦੂਲ ਯਾਦ ਆਉਂਦਾ। ਦਾਰੂ ਦੀ ਕੱਚੀ ਕੱਚੀ ਖ਼ੁਸ਼ਬੂ ਦੇ ਨਾਲ ਹੀ ਜਿਵੇਂ ਉਹ ਦਾ ਖ਼ਿਆਲ ਮੱਥੇ ਵਿੱਚ ਆ ਵੜਦਾ ਹੋਵੇ। ਹਾੜਾ ਲਾ ਕੇ ਗੰਢੇ ਦੀਆਂ ਫਾੜੀਆਂ ਕਰਚ ਕਰਚ ਕਰਕੇ ਖਾਣਾ। ਅੰਬ ਦੇ ਆਚਾਰ ਦੀ ਚੀਰੀ ਹੋਈ ਗੁਠਲੀ ਚੂਸੀਂ ਜਾਂਦਾ..... ਕਿਆ ਅੰਦਾਜ਼ ਸੀ ਉਹ ਦਾਰੂ ਪੀਣ ਦਾ।

ਜਿਵੇਂ ਸੱਥ ਵਿੱਚ ਗੱਲਾਂ ਕਰਦੇ ਬੰਦਿਆਂ ਵੱਲ ਮੇਰਾ ਉੱਕਾ ਹੀ ਧਿਆਨ ਨਾ ਰਹਿ ਗਿਆ ਹੋਵੇ। ਉਹ ਪਤਾ ਨੀ ਕੀ ਕਹਿ ਗਏ ਸਨ। ਤੇ ਹੁਣ ਬੱਗੂ ਬੁੜ੍ਹਾ ਆਖ ਰਿਹਾ ਸੀ-"ਭਾਈ, ਕਿਵੇਂ ਸੀ ਚਾਹੇ, ਇੱਕ ਉਹ ਦੇ 'ਚ ਪੱਕਾ ਗੁਣ ਸੀ। ਮਜਾਲ ਐ-ਕਿਸੇ ਦੀ ਭੈਣ ਕੰਨੀ ਕਦੇ ਅੱਖ ਭਰ ਕੇ ਝਾਕਿਆ ਹੋਵੇ।"

ਸਾਰੇ ਅਗਵਾੜ ਦੇ ਡੰਗਰ ਪਸ਼ੂ ਖੇਤੋਂ ਆ ਚੁੱਕੇ ਸਨ। ਬੰਦੇ ਵੀ ਇੱਕ ਇੱਕ ਕਰਕੇ ਤਖ਼ਤਪੋਸ਼ ਤੋਂ ਉੱਠਣ ਲੱਗੇ। ਮੈਂ ਘਰੋਂ ਮਿੱਥ ਕੇ ਆਇਆ ਸੀ ਕਿ ਸਰਦੂਲ ਦੀ ਮਾਂ ਕੋਲ ਜਾਵਾਂਗਾ। ਉਹ ਦੇ ਨਾਲ ਸਰਦੂਲ ਦਾ ਦੁੱਖ ਸੁੱਖ ਕਰਾਂਗਾ। ਪਰ ਲੋਕਾਂ ਮੂੰਹੋਂ ਉਹ ਦੇ ਬਾਰੇ ਐਨੀਆਂ ਗੱਲਾਂ ਸੁਣ ਕੇ ਤੇ ਆਪਣੇ ਦਿਮਾਗ਼ ਵਿੱਚ ਉਹ ਦਾ ਐਨਾ ਸਾਰਾ ਸਿਮਰਨ ਕਰਕੇ ਜਿਵੇਂ ਉਹ ਦੀ ਮਾਂ ਕੋਲ ਜਾਣ ਦੀ ਲੋੜ ਹੀ ਨਾ ਰਹਿ ਗਈ ਹੋਵੇ। ਮੈਂ ਭਤੀਜੇ ਬਾਰੇ ਸੋਚਣ ਲੱਗਿਆ। ਉਹ ਹੁਣ ਤੱਕ ਤਾਂ ਜ਼ਰੂਰ ਖੇਤੋਂ ਆ ਚੁੱਕਿਆ ਹੋਵੇਗਾ।

ਅਗਲੀ ਵਾਰ ਜਦੋਂ ਮੈਂ ਪਿੰਡ ਗਿਆ ਤਾਂ ਸੁਣਿਆ ਕਿ ਸਰਦੂਲ ਦੀ ਮਾਂ ਵੀ ਨਹੀਂ ਰਹੀ। ਬੇਬੇ ਨੇ ਮੈਨੂੰ ਦੱਸਿਆ ਕਿ ਪਿਛਲੀ ਵਾਰੀ ਜਦੋਂ ਮੈਂ ਆਇਆ ਸੀ ਤੇ ਸਰਦੂਲ ਦੀ ਮਾਂ ਕੋਲ ਨਹੀਂ ਗਿਆ ਸੀ ਤਾਂ ਉਹ ਘਰ ਉਲਾਂਭਾ ਦੇ ਕੇ ਗਈ ਸੀ-"ਜਿਉਂਦਿਆਂ ਦੇ ਮੇਲੇ ਹੁੰਦੇ ਨੇ, ਭਾਈ। ਹੁਣ ਕੌਣ ਆਉਂਦੇ ਕੋਈ ਮੇਰੇ ਕੋਲ। ਇਹੀ ਤੇਰਾ ਮੁੰਡਾ ਨਿੱਤ ਹਿਣਕਦਾ ਹੁੰਦਾ, ਸਰਦੂਲ ਕੋਲ। ਸੱਥ ਵਿੱਚ ਆ ਕੇ ਬੈਠਾ ਰਿਹਾ। ਗਹਾਂ ਮੇਰੇ ਕੋਲ ਆ ਜਾਂਦਾ ਤਾਂ ਕੀ ਉਹ ਦੇ ਪੈਰ ਘਸ ਜਾਂਦੇ।"♦