ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਦੈਂਤ
ਦੈਂਤ
ਟੰਬਿਆਂ ਵਾਲੀ ਬਾਂਸ ਦੀ ਪੌੜੀ ਤੋਂ ਡਿੱਗ ਕੇ ਉਹਦੀ ਧੌਣ ਟੁੱਟ ਗਈ ਸੀ ਤੇ ਉਹ ਹੁਣ ਮੰਜੇ ਉੱਤੇ ਪਿਆ ਖਿਚਵੇਂ ਸਾਹ ਲੈ ਰਿਹਾ ਸੀ। ਘਰ ਦਿਆਂ ਨੂੰ ਉਮੀਦ ਸੀ, ਉਹ ਬਚ ਜਾਵੇਗਾ। ਸਾਰੇ ਉਹਦਾ ਓਹੜ-ਪੋਹੜ ਕਰ ਰਹੇ ਸਨ। ਉਹਦੀ ਘਰਵਾਲੀ ਜੰਗੀਰੋ, ਉਹਦਾ ਵੱਡਾ ਮੁੰਡਾ ਮੁਖਤਿਆਰ, ਕੁੜੀ ਨਛੱਤਰੋ। ਛੋਟਾ ਮੁੰਡਾ ਕਾਟਾ ਪਰ੍ਹੇ ਡਰਿਆ-ਭੰਵੱਤਰਿਆ ਖੜ੍ਹਾ ਸੀ। ਉਹਦਾ ਬਾਪੂ ਹੁਣੇ ਉਹਨੂੰ ਘੁਰਕੀ ਲੈ ਕੇ ਪਵੇਗਾ ਤੇ ਉਹਦਾ ਕਾਲਜਾ ਬਾਪੂ ਦੇ ਖਰਭੇ ਬੋਲ ਨਾਲ ਢੇਰੀ ਹੋ ਕੇ ਰਹਿ ਜਾਵੇਗਾ।
ਗਿੰਦਰ ਦੇ ਨੱਕ ਵਿੱਚੋਂ ਖੂਨ ਵਗਦਾ ਸੀ। ਜੰਗੀਰੋ ਬਿੰਦੇ-ਝੱਟੇ ਉਹਦੇ ਮੰਜੇ ਕੋਲ ਆਉਂਦੀ ਤੇ ਸਮੋਸੇ ਨਾਲ ਮੈਲ਼ਾ ਪੂੰਝ ਜਾਂਦੀ। ਉਹਦੀਆਂ ਮੁੱਛਾਂ ਤੇ ਹੱਥ ਕੰਬਦੇ। ਹੁਣੇ ਉਹ ਪਤਾ ਨਹੀਂ ਕੀ ਆਖ ਦੇਵੇ। ਉਹਦਾ ਕੀ ਵਸਾਹ, ਉੱਠ ਕੇ ਧੱਕਾ ਹੀ ਦੇ ਦੇਵੇ। ਅਜਿਹਾ ਗਿੰਦਰ ਨੇ ਕਈ ਵਾਰ ਕੀਤਾ ਸੀ। ਜੰਗੀਰੋ ਦਾ ਉਤਲਾ ਦੰਦ ਏਸੇ ਕਰਕੇ ਭੁਰਿਆ ਹੈ। ਮੂੰਹ ਨੂੰ ਪਾਣੀ ਲਾਇਆ, ਇੱਕ ਬੂੰਦ ਵੀ ਉਹਦੇ ਸੰਘੋਂ ਥੱਲੇ ਨਹੀਂ ਉੱਤਰੀ। ਉਹ ਅੱਖਾਂ ਖੋਲ੍ਹਦਾ, ਪਰ ਅੱਖਾਂ ਮਿਚ-ਮਿਚ ਜਾਂਦੀਆਂ। ਉਹਦੇ ਤੌਰ ਕਸੂਤੇ ਹੁੰਦੇ ਦੇਖ ਕੇ ਜੰਗੀਰੇ ਨੇ ਨਛੱਤਰੋ ਨੂੰ ਪਿੰਡ ਦੇ ਡਾਕਟਰ ਕੋਲ ਭੇਜਿਆ। ਜਾ ਕੇ ਉਹ ਕਹਿੰਦੀ-'ਵੇ ਭਾਈ ਰਾਮ ਲਾਲ, ਆਈਂ ਝੱਟ ਦੇ ਕੇ ਸਾਡੇ ਘਰ, ਬਾਪੂ ਨੂੰ ਪਤਾ ਨ੍ਹੀਂ ਕੀ ਹੋ ਗਿਆ।'
'ਕੀ ਹੋ ਗਿਆ?'
'ਪੌੜੀ ਉਤਰਦਾ ਸੀ, ਡਿੱਗ ਪਿਆ।'
'ਪੀਤੀ ਹੋਊਗੀ ਰਾਤ?'
ਕੁੜੀ ਬੋਲੀ ਨਹੀਂ।
'ਕਦੋਂ ਡਿੱਗਿਐ?'
'ਤੜਕੇ ਅੱਜ।'
'ਕੋਠੇ 'ਤੇ ਚੜ੍ਹ ਕੇ ਪੀਣ ਦੀ ਕੀ ਲੋੜ ਸੀ ਉਹਨੂੰ ਭਲਾ? ਫਹੁੜੀ ਲੈ ਕੇ ਤਾਂ ਪਹਿਲਾਂ ਈ ਤੁਰਦਾ ਸੀ ਓਹੋ। ਚੂਲਾ ਵੀ ਤਾਂ ਕੋਠੇ ਤੋਂ ਡਿੱਗ ਕੇ ਈ ਤੁੜਾਇਆ ਸੀ।' ਰਾਮ ਲਾਲ ਬੋਲ ਰਿਹਾ ਸੀ। ਤੜਕੇ-ਤੜਕੇ ਉਹਦੀ ਦੁਕਾਨ 'ਤੇ ਮਰੀਜ਼ ਬਹੁਤ ਸਨ। ਉਹ ਉਨ੍ਹਾਂ ਨੂੰ ਗੋਲ਼ੀਆਂ ਤੇ ਪੀਣ ਵਾਲੀਆਂ ਦਵਾਈਆਂ ਵੀ ਦੇਈ ਜਾ ਰਿਹਾ ਸੀ, ਨਾਲ ਦੀ ਨਾਲ ਬੋਲਦਾ ਵੀ ਜਾਂਦਾ ਸੀ। ਨਛੱਤਰੋ ਉਹਦੇ ਮੂੰਹ ਵੱਲ ਬਿਟਰ-ਬਿਟਰ ਝਾਕਦੀ ਚੁੱਪ ਖੜ੍ਹੀ ਸੀ। 'ਤੂੰ ਚੱਲ ਕੁੜੀਏ, ਮੈਂ ਔਨਾਂ, ਆਹ ਬਸ ਬੈਠਿਆਂ ਨੂੰ ਤੋਰ ਦਿਆਂ। ਸੈਕਲ 'ਤੇ ਤੈਥੋਂ ਪਹਿਲਾਂ ਅੱਪੜ ਜੂੰ।'
ਕੁੜੀ ਚਲੀ ਗਈ। ਉਹ ਉੱਚੀ ਦੇ ਕੇ ਬੋਲਿਆ। ਇਸ ਤਰ੍ਹਾਂ ਨਾਲ ਗਿੰਦਰ ਦਾ ਮਜ਼ਾਕ ਉਡਾਇਆ- 'ਉਹ ਤਾਂ ਮਰਿਆ ਈ ਚੰਗੈ, ਬਤਾਰੂ ਜਿੱਡੀ ਹੋ'ਗੀ। ਇਹਦੇ ਵਿਆਹ ਦਾ ਕੋਈ ਫ਼ਿਕਰ ਨ੍ਹੀਂ ਉਹਨੂੰ। ਮੰਗੀ ਵੀ ਨ੍ਹੀਂ ਹਾਲੇ ਕਿਤੇ। ਬਸ ਇੱਕ ਮੂੰਹ ਦਾ ਸੁਆਦ।' ਫੇਰ ਬੁੜਬੁੜਾਇਆ- 'ਇਹਦੇ ਮਰੇ ਤੋਂ ਈ ਬਾਰੋਂ ਉੱਠੇਂਗੀ ਸਹੁਰੀਏ, ਤੂੰ ਤਾਂ।' ਉਹ ਅੱਖਾਂ ਚੁੱਕ ਕੇ ਦੁਕਾਨ ਤੋਂ ਬਾਹਰ ਵੀ ਝਾਕ ਲੈਂਦਾ। ਮਰੀਜ਼ ਮੁਸਕਰਾ ਰਹੇ ਸਨ। ਪਰ ਉਨ੍ਹਾਂ ਨੂੰ ਦਵਾਈ ਲੈਣ ਦੀ ਕਾਹਲ ਸੀ।
ਰਾਮ ਲਾਲ ਨੇ ਫਿਰ ਬੁੜਬੁੜ ਕੀਤੀ- 'ਪੈਸਾ ਨ੍ਹੀਂ ਦੇਣਾ, ਧੇਲਾ ਨ੍ਹੀਂ ਦੇਣਾ, ਅਖੇ-ਆਈਂ ਭਾਈ ਰਾਮ ਲਾਲ, ਝੱਟ ਦੇ ਕੇ।'
ਗਿੰਦਰ ਪਹਿਲੇ ਦਿਨੋਂ ਅਲੱਥ ਸੀ।ਉਹਦਾ ਬਾਪ ਭਜਨੀਕ ਬੰਦਾ ਸੀ। ਹਮੇਸ਼ਾ ਰੱਬ ਵੱਲ ਧਿਆਨ। ਖੇਤੀ ਦਾ ਕੰਮ ਦੇਹ ਤੋੜ ਕੇ ਕਰਦਾ। ਦਾਣਾ-ਫੱਕਾ ਬਹੁਤ ਹੁੰਦਾ। ਪਰ ਗਿੰਦਰ ਦੀ ਮਾਂ ਨੇ ਗਿੰਦਰ ਨੂੰ ਲਾਡਲਾ ਰੱਖਿਆ ਹੋਇਆ ਸੀ। ਇਕੱਲਾ ਪੁੱਤ ਹੋਣ ਕਰਕੇ ਪੂਰਾ ਖਵਾਉਂਦੀ-ਪਿਆਉਂਦੀ। ਕੁੜੀਆਂ ਤੋਂ ਸਨ। ਦੋਵੇਂ ਕੁੜੀਆਂ ਦੇ ਸਿਰੇ-ਸੱਟ ਵਿਆਹ ਕੀਤੇ। ਗਿੰਦਰ ਛੋਟਾ ਹੀ ਸੀ। ਉਹ ਵੀ ਵਿਆਹ ਲਿਆ। ਬਹੂ ਆਈ, ਚੰਦ ਦਾ ਉਤਾਰ। ਪਰ ਗਿੰਦਰ ਦੇ ਕੁਲੱਛਣਾਂ ਕਰਕੇ ਰੁਲ ਗਈ ਵਿਚਾਰੀ। ਸੱਸ ਤਾਂ ਜੰਗੀਰ ਕੁਰੇ, ਜੰਗੀਰ ਕੁਰੇ ਕਰਦੀ ਹੁੰਦੀ, ਪਰ ਗਿੰਦਰ ਕਰਕੇ ਰਹਿ ਗਈ ਬਦਕਿਸਮਤ ਜੰਗੀਰੋ ਦੀ ਜੰਗੀਰੋ।
ਬੁੜ੍ਹਾ-ਬੁੜ੍ਹੀ ਮਰੇ ਤੇ ਉਹ ਹੋਰ ਮਸਤ ਗਿਆ। ਪਹਿਲਾਂ ਤਾਂ ਚੋਰੀ-ਛੁਪੇ ਚਿਲਮ ਦਾ ਸੂਟਾ ਲਾਉਂਦਾ ਹੁੰਦਾ, ਫੇਰ ਸ਼ਰ੍ਹੇਆਮ ਘਰ ਵਿੱਚ ਤਮਾਖੂ ਦਾ ਕੁੱਜਾ ਰੱਖਣ ਲੱਗ ਪਿਆ। ਖੱਦਰ ਦੀ ਤਾਣੀ ਵਿੱਚੋਂ ਜਾਲਖੀਆਂ ਸਾਫੀਆਂ ਕਢਵਾ ਲਈਆਂ। ਲੱਭੂ ਸੁਨਿਆਰ ਦੇ ਪਹਾਰੇ ਤੋਂ ਅਲੋਕਾਰ ਕਿਸਮ ਦੀ ਚਿਲਮ ਲੈ ਆਇਆ। ਇੱਕ ਹੱਥ ਵਿੱਚ ਫੜ ਕੇ ਪੀਣ ਵਾਲੀ ਚਿਲਮ, ਵਿੱਚ ਇੱਕ ਛੋਟਾ ਜਿਹਾ 'ਰੱਖਣਾ' ਰੱਖਿਆ ਹੋਇਆ, ਅਖੇ-ਏਥੇ ਸੁਲਫ਼ੇ ਦੀ ਗੋਲੀ ਟਿਕਦੀ ਐ। ਤਮਾਖੂ ਦੇ ਧੂੰਏਂ ਵਿੱਚ ਸੁਲਫ਼ੇ ਦੀ ਕੁੜੱਤਣ। ਚਿਲਮ ਵਿੱਚੋਂ ਲਾਟ ਉੱਠਦੀ ਤੇ ਓਧਰ ਪਾਤਲੀਆਂ ਥੱਲੇ ਚੰਗਿਆੜੇ ਮਚਦੇ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲਗਦੇ। ਸਭ ਵਸਤੂਆਂ ਗੋਲਾਕਾਰ ਦਿਸਣ ਲਗਦੀਆਂ। ਸੁਰਤੀ ਦਸਵੇਂ ਦੁਆਰ ਜਾ ਪਹੁੰਚਦੀ। ਅਜਿਹੀ ਅਵਸਥਾ ਵਿੱਚ ਗਿੰਦਰ ਨੂੰ ਆਨੰਦ ਆਉਂਦਾ।
ਉਹਦੇ ਅਜੀਬ ਸ਼ੌਕ ਸਨ। ਸੱਪ, ਕੁੱਤਾ ਤੇ ਬਿੱਲੀ ਉਹਦੇ ਪੱਕੇ ਵੈਰੀ ਸਨ। ਕਿਸੇ ਘਰ ਸੱਪ ਨਿੱਕਲ ਆਉਂਦਾ, ਆਖਦੇ-ਬੁਲਾਓ ਗਿੰਦਰ ਨੂੰ। ਉਹ ਹੱਥ ਕੁ ਦਾ ਡੰਡਾ ਲੈਂਦਾ ਤੇ ਅਗਲੇ ਬਿੰਦ ਹੀ ਸੱਪ ਦੀ ਸੀਰੀ ਚਿੱਪੀ ਪਈ ਹੁੰਦੀ। ਮਰੇ ਸੱਪ ਨੂੰ ਡੰਡੇ ਉੱਤੇ ਲਟਕਾ ਕੇ ਉਹ ਅਗਲੇ ਦੇ ਘਰੋਂ ਬਾਹਰ ਨਿਕਲਦਾ ਤਾਂ ਆਂਢੀਆਂ-ਗੁਆਂਢੀਆਂ ਦੇ ਇਕੱਠ ਵਿੱਚ 'ਵਾਹ ਬਈ ਵਾਹ' ਦੀ ਲਹਿਰ ਦੌੜ ਜਾਂਦੀ। ਗਿੰਦਰ ਲੋਕ-ਨਾਇਕ ਬਣ ਉੱਠਦਾ।
ਉਹਦੇ ਏਸ ਹੱਥ ਕੁ ਦੇ ਡੰਡੇ ਵਿੱਚ ਪਤਾ ਨਹੀਂ ਕੀ ਪੀਰੀ ਸੀ। ਕਿਸੇ ਘਰ ਬਿੱਲੀ ਗਿੱਝੀ ਹੁੰਦੀ, ਰਿੜਕਣੇ ਦੀ ਬਠਲੀ ਲਾਹ ਕੇ ਦੁੱਧ ਪੀ ਜਾਂਦੀ। ਕੋਈ-ਕੋਈ ਬਿੱਲੀ ਤਾਂ ਰਿੜਕਣੇ-ਪੀੜ੍ਹੀ ਉੱਤੋਂ ਦੀ ਬੰਨ੍ਹਿਆ ਢੀਂਡੀ-ਰੱਸਾ ਵੀ ਮੂੰਹ ਤੇ ਪੌਂਚਿਆਂ ਨਾਲ ਖੋਲ੍ਹ ਲੈਂਦੀ ਸੀ। ਆਖਦੇ-ਗਿੰਦਰ ਕਰੂ ਇਹਦਾ 'ਲਾਜ ਤਾਂ।
ਉਹ ਬਿੱਲੀ ਨੂੰ ਸਬਾਤ ਅੰਦਰ ਘੇਰ ਲੈਂਦਾ। ਨਾਲ ਦੋ ਮੁੰਡੇ ਵੀ ਰੱਖਦਾ। ਉਹਨੂੰ ਤਜ਼ਰਬਾ ਸੀ, ਘਿਰੀ ਹੋਈ ਤੇ ਮੌਤੋਂ ਡਰਦੀ ਬਿੱਲੀ ਅਗਲੇ ਦੇ ਗਲ਼ ਨੂੰ ਆ ਪੈਂਦੀ ਹੈ। ਡੰਡਾ ਉਹ ਬਿੱਲੀ ਦੀਆਂ ਨਾਸਾਂ ਉੱਤੇ ਟਕਿਆ ਕੇ ਮਾਰਦਾ। ਛਿੱਕਾਂ ਜਿਹੀਆਂ ਮਾਰਦੀ ਬਿੱਲੀ ਦਮ ਤੋੜ ਜਾਂਦੀ। ਓਸ ਡੰਡੇ ਉੱਤੇ ਪਾ ਕੇ ਡੰਡੇ ਦਾ ਇੱਕ ਸਿਰਾ ਉਹ ਆਪ ਫੜਦਾ ਤੇ ਦੂਜਾ ਸਿਰਾ ਨਾਲ ਦੇ ਮੁੰਡੇ ਨੂੰ ਫੜਾ ਕੇ ਘਰੋਂ ਬਾਹਰ ਨਿਕਲਦਾ ਤੇ ਫੇਰ ਓਹੀ- 'ਵਾਹ ਬਈ ਵਾਹ।'
ਛਣਕਦੇ-ਟੁਣਕਦੇ ਹਾਸੇ ਵਿੱਚ ਲਟਬੌਰੀਆਂ ਗੱਲਾਂ ਵੀ ਹੋਣ ਲਗਦੀਆਂ-
'ਐਮੇਂ ਤਾਂ ਨ੍ਹੀਂ ਕਹਿੰਦੇ, ਅਖੇ-ਗਿੰਦਰ ਸੂੰ ਬਿੱਲੀ ਮਾਰ।'
'ਕੋਈ ਢੱਟੇ-ਕੁੱਟ, ਕੋਈ ਗਿੱਦੜ ਮਾਰ ਤੇ ਇਹ ਸਾਡਾ ਗਿੰਦਰ ਸੂੰ ਬਿੱਲੀ ਮਾਰ।'
ਏਵੇਂ ਹੀ ਉਹਨੇ ਅਗਵਾੜ ਵਿੱਚ ਲੰਡਰ-ਕੁੱਤਾ ਕੋਈ ਨਹੀਂ ਛੱਡਿਆ ਸੀ। ਪਾਲਤੂ ਕੁੱਤੇ ਵੀ ਉਹਨੂੰ ਦੂਰੋਂ ਦੇਖ ਕੇ ਭੌਂਕਣ ਲਗਦੇ। ਉਹ ਨੇੜੇ ਆ ਜਾਂਦਾ ਤਾਂ ਕੁੱਤਾ ਪਹਿਲਾਂ ਤਾਂ ਦੰਦੀਆਂ ਕੱਢ ਕੇ ਘੁਰਰ-ਘੁਰਰ ਕਰਦਾ, ਵੱਢਣ ਨੂੰ ਆਉਂਦਾ, ਪਰ ਅਗਲੇ ਪਲ਼ ਨੂੰ ਚੂੰ ਚੂੰ ਕਰਦਾ ਭੱਜ ਜਾਂਦਾ। ਕੁੱਤੇ ਗਿੰਦਰ ਦੇ ਡੰਡੇ ਨੂੰ ਜਾਣਦੇ ਸਨ।
'ਵਾਹ ਬਈ ਵਾਹ’ ਉਸਦੇ ਮੂੰਹ ਉੱਤੇ ਹੁੰਦੀ, ਪਿੱਠ ਪਿੱਛੇ ਤਾਂ ਬੁੜੀਆਂ ਲਾਹਨਤਾਂ ਪਾਉਂਦੀਆਂ-'ਗੁੱਤੇ ਬਿੱਲੀਆਂ ਦਾ ਪਾਪ ਕਰਦੈ, ਆਪ ਵੀ ਇੱਕ ਦਿਨ ਐਈਂ ਮਰੂ ਏਹੇ।"
ਉਹਦਾ ਡੰਡਾ ਜੰਗੀਰੋ ਦੇ ਮੌਰਾਂ ਉੱਤੇ ਵੀ ਖੜਕਦਾ ਤੇ ਮੁੰਡਿਆਂ ਉੱਤੇ ਵੀ। ਉਹ ਤਾਂ ਕਦੇ-ਕਦੇ ਨਛੱਤਰੋ ਨੂੰ ਵੀ ਪੜੇਥਨ ਦਿੰਦਾ ਸੀ। ਲਾਹਨਤਾਂ- 'ਕੰਨਿਆ ਨੂੰ ਹੱਥ ਲੌਣਾ ਤਾਂ ਊਂ ਈਂ ਪਾਪ ਐ। ਨਰਕਾਂ ਨੂੰ ਜਾਊ। ਕੀੜੇ ਪੈ ਕੇ ਮਰੂ।'
ਬਾਕੀ ਸਾਰਾ ਟੱਬਰ ਗੁੜ ਦੀ ਚਾਹ ਪੀਂਦਾ। ਗਿੰਦਰ ਇਕੱਲੇ ਵਾਸਤੇ ਖੰਡ ਦੀ ਬਣਦੀ। ਆਥਣ ਵੇਲੇ ਉਹ ਤੌੜੀ ਵਿੱਚੋਂ ਸੂਹਾ ਸੂਹਾ ਦੁੱਧ ਲੁਹਾ ਕੇ ਪੀਂਦਾ। ਵਿੱਚ ਖੰਡ ਦੀ ਮੁੱਠੀ ਪਾ ਕੇ। ਮੁਖਤਿਆਰ ਉਹਦਾ ਮੁੰਡਾ ਘਰ ਹੁੰਦਾ ਤੇ ਉਹ ਵਿਹੜੇ ਦੇ ਇੱਕ ਖੂੰਜੇ ਬੈਠਾ ਸੁਤੇ ਹੀ ਪਿਓ ਵੱਲ ਝਾਕ ਰਿਹਾ ਹੁੰਦਾ ਤਾਂ ਉਹ ਉੱਠ ਕੇ ਉਹਦੇ ਮੂੰਹ ਉੱਤੇ ਚਪੇੜ ਕੱਢ ਮਾਰਦਾ। ਕੜਕਦਾ- 'ਸਾਲਿਆ, ਮੇਰੀਆਂ ਘੁੱਟਾਂ ਗਿਣਦੈਂ?'
ਕੋਈ ਅਜਿਹਾ ਦਿਨ ਜੰਗੀਰੋ ਨੂੰ ਯਾਦ ਨਹੀਂ ਸੀ, ਜਿਸ ਦਿਨ ਗਿੰਦਰ ਨੇ ਆਪਣੇ ਕਿਸੇ ਜੁਆਕ ਨੂੰ ਗੋਦੀ ਚੁੱਕ ਕੇ ਖਢਿਆਇਆ ਹੋਵੇ। ਉਨ੍ਹਾਂ ਨੂੰ ਕਦੇ ਹਿੱਕ ਨਾਲ ਘੁੱਟ ਕੇ ਪਿਆਰ ਕੀਤਾ ਹੋਵੇ। ਉਹਦੇ ਆਪਣੇ ਨਾਲ ਵੀ ਉਹਦਾ ਔਰਤ ਮਰਦ ਜਿਹਾ ਕੋਈ ਸੁਖਾਵਾਂ ਰਿਸ਼ਤਾ ਨਹੀਂ ਸੀ। ਪਸ਼ੂਆਂ ਜਿਹਾ 'ਵਿਹਾਰ' ਕਰਦਾ। ਗੁਆਂਢੀ ਔਰਤਾਂ ਤੋਂ ਉਹਨਾਂ ਦੇ ਮਰਦਾਂ ਬਾਰੇ ਸੁਣੀਆਂ ਗੱਲਾਂ ਨੂੰ ਉਹ ਤਰਸਦੀ ਰਹਿ ਜਾਂਦੀ। ਉਹ ਉਹਦੇ ਨਾਲ ਢੁਕ ਕੇ ਬੈਠੀ ਵੀ ਥਰ ਥਰ ਕੰਬਦੀ, ਕਿਤੇ ਉਹ ਕਿਸੇ ਗੱਲ ਤੋਂ ਖਿਝ ਕੇ ਏਧਰੋ-ਓਧਰੋਂ ਆਪਣਾ ਡੰਡਾ ਨਾ ਕੱਢ ਲਵੇ। ਉਹ ਬਿਲਕੁਲ ਚੁੱਪ ਰਹਿੰਦੀ। ਬੁੱਲ੍ਹਾਂ ਨੂੰ ਸੂਈ-ਧਾਗੇ ਨਾਲ ਸਿਉਂ 'ਤਾ ਹੋਵੇ ਜਿਵੇਂ। ਜਿਵੇਂ ਕਿਧਰੇ ਉਹਦਾ ਬਾਹਰ ਨਿਕਲਿਆ ਸਾਹ ਵੀ ਗੁਨਾਹ ਬਣ ਬੈਠੇਗਾ। ਫ਼ੀਮ ਤਾਂ ਉਹ ਖਾਂਦਾ ਹੀ ਸੀ, ਕਦੇ-ਕਦੇ ਦਾਰੂ ਪੀ ਕੇ ਵੀ ਘਰ ਵੜਦਾ। ਥਾਲੀ ਵਿੱਚ ਪਰੋਸੀ ਕੋਈ ਦਾਲ ਜਾਂ ਸਬਜ਼ੀ ਉਹਨੂੰ ਸੁਆਦ ਨਾ ਲਗਦੀ ਤੇ ਜੇ ਕੌਲੀ ਵਿੱਚ ਉਤੋਂ ਦੀ ਤਰਦਾ ਘਿਓ ਨਾ ਪਾਇਆ ਹੁੰਦਾ ਤਾਂ ਉਹ ਥਾਲੀ ਨੂੰ ਵਗਾਹ ਕੇ ਜੰਗੀਰੋ ਦੇ ਮੱਥੇ ਨਾਲ ਮਾਰਦਾ। ਉਹਨੂੰ ਧੌਲ-ਧੱਫਾ ਵੀ ਕਰਦਾ। ਨਛੱਤਰੋ ਨੂੰ ਉਹ ਕੱਪੜੇ ਧੌਣ ਪਿੱਛੇ ਕੁੱਟਦਾ ਸੀ।
ਉਹ ਤੇੜ ਕਾਲ਼ੀ ਕੰਨੀ ਵਾਲੀ ਧੋਤੀ ਪਹਿਨਦਾ, ਪਿੰਜਣੀਆਂ ਤੱਕ ਛੱਡ ਕੇ। ਗਲ਼ ਚਿੱਟੇ ਬਾਰੀਕ ਖੱਦਰ ਦਾ ਮਲਗਰਦਨੀ ਕੁੜਤਾ। ਹਿੱਕ ਉੱਤੇ ਅੰਦਰਲੀ ਜੇਬ। ਲੜ ਛੱਡਵਾਂ ਸਾਫਾ ਬੰਨ੍ਹਦਾ-ਬਾਦਾਮੀ ਰੰਗ ਦਾ।
ਜਦੋਂ ਉਹਦਾ ਚੂਲ਼ਾ ਟੁੱਟ ਗਿਆ ਸੀ ਤੇ ਹਸਪਤਾਲੋਂ ਪਲੱਸਤਰ ਕਰਵਾ ਕੇ ਉਹ ਘਰ ਮੰਜੇ ਉੱਤੇ ਪਿਆ ਹੋਇਆ ਸੀ। ਟੱਟੀ-ਪਿਸ਼ਾਬ ਚਾਹੇ ਮੰਜੇ ਉੱਤੇ ਹੀ ਕਰਦਾ, ਪਰ ਅਕੜੇਵਾਂ ਓਹੀ ਸੀ। ਥਾਲੀ ਹੁਣ ਵੀ ਵਗਾਹ ਕੇ ਮਾਰਦਾ। ਗਾਲ-ਦੁੱਪੜ ਕੱਢਦਾ। ਉੱਠ ਕੇ ਮਾਰ ਤਾਂ ਸਕਦਾ ਨਾ, ਅੱਖਾਂ ਕੱਢਦਾ ਤੇ ਦੰਦ ਕਿਰਚਦਾ। ਟੱਬਰ ਦਾ ਹਰ ਜੀਅ ਉਹਦੇ ਕੋਲ ਆਉਣ ਤੋਂ ਡਰਦਾ। ਚਿਲਮ ਦੀ ਥਾਂ ਹੁਣ ਉਹ ਸਿਗਰਟ ਪੀਂਦਾ-ਕੈਂਚੀ ਮਾਰਕਾ। ਜੰਗੀਰੋ ਹੀ ਉਹਦੀਆਂ ਧੰਘੇੜਾਂ ਝੱਲਦੀ।
ਰਾਮ ਲਾਲ ਦੁਕਾਨ 'ਤੇ ਬੈਠੇ ਮਰੀਜ਼ਾਂ ਨੂੰ ਤੋਰ ਕੇ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਜੰਗੀਰੋ ਗਿੰਦਰ ਦੀ ਲੋਥ ਤੋਂ ਦੂਰ ਬੈਠੀ ਝੂਠੇ ਵੈਣ ਪਾ ਰਹੀ ਸੀ। ਦੋਵੇਂ ਮੁੰਡੇ ਤੇ ਕੁੜੀ ਮਾਂ ਤੋਂ ਵੀ ਪਰ੍ਹਾਂ ਸਹਿਮੇ ਹੋਏ ਬੈਠੇ ਸਨ। ਕਿਸੇ ਦੀਆਂ ਵੀ ਅੱਖਾਂ ਗਿੱਲੀਆਂ ਨਹੀਂ ਸਨ। ਰਾਮ ਲਾਲ ਨੇ ਰਸਮੀ ਤੌਰ 'ਤੇ ਗਿੰਦਰ ਦੀ ਨਬਜ਼ ਟੋਹੀ ਤੇ ਉਹਨੀਂ ਪੈਰੀਂ ਘਰੋਂ ਬਾਹਰ ਹੋ ਗਿਆ।
ਹੁਣ ਆਂਢੀ-ਗੁਆਂਢੀ ਉਨ੍ਹਾਂ ਦੇ ਘਰ ਜਾ ਰਹੇ ਸਨ।◆