ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਤੇ ਦੇਵਤਾ ਪ੍ਰਸੰਨ ਸੀ
ਸੂਰਜਮੁੱਖ ਦੇ ਉੱਤਰ ਵੱਲ ਇੱਕ ਸ਼ੂਕਦੀ ਨਦੀ ਵਗਦੀ ਸੀ। ਬਰਸਾਤ ਦੇ ਦਿਨਾਂ ਵਿੱਚ ਤਾਂ ਇਹ ਹੋਰ ਵੀ ਤੇਜ਼ ਚੱਲਦੀ, ਭਰੀ-ਭਰੀ, ਫੈਲੀ-ਫੈਲੀ। ਕਿਨਾਰਿਆਂ 'ਤੇ ਕਿੰਨੇ ਹੀ ਪਿੰਡ ਵਸੇ ਹੋਏ ਸਨ। ਬਰਸਾਤ ਦੇ ਦਿਨਾਂ ਵਿੱਚ ਕੋਈ ਪਿੰਡ ਰੁੜ੍ਹ ਜਾਂਦਾ ਤਾਂ ਬਰਸਾਤ ਦਾ ਮੌਸਮ ਲੰਘ ਜਾਣ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਓਸੇ ਥਾਂ ਨਵਾਂ ਪਿੰਡ ਖੜ੍ਹਾ ਹੋ ਜਾਂਦਾ। ਲੋਕਾਂ ਨੇ ਕਿਤੇ ਤਾਂ ਰਹਿਣਾ ਸੀ। ਕਿਤੇ ਵੀ ਰਹਿ ਸਕਦੇ। ਨਦੀ ਦੀ ਕਰੋਪੀ ਤੋਂ ਬਚਣ ਲਈ ਕਿੰਨੀਆਂ ਹੀ ਮੰਨਤਾਂ ਮੰਗਦੇ। ਯੱਗ ਤੇ ਹਵਨ ਕੀਤੇ ਜਾਂਦੇ। ਅਜੀਬ-ਅਜੀਬ ਰਿਵਾਜ ਸਨ। ਸੂਰਜਮੁੱਖ ਵਿੱਚ ਤਾਂ ਹਰ ਸਾਲ ਇੱਕ ਨੌਜਵਾਨ ਦੀ ਬਲੀ ਦਿੱਤੀ ਜਾਂਦੀ।
ਨੇੜੇ-ਤੇੜੇ ਦੇ ਸਾਰੇ ਪਿੰਡਾਂ ਵਿੱਚੋਂ ਇਹ ਵੱਡਾ ਪਿੰਡ ਸੀ। ਇੱਕ ਸਾਲ ਅਜਿਹਾ ਨੌਜਵਾਨ ਬਲੀ ਚੜ੍ਹਦਾ, ਉਹ ਅਗਲੇ ਸਾਲ ਦੀ ਨਰ-ਬਲੀ ਲਈ ਪਿੰਡ ਦੇ ਸਭ ਤੋਂ ਸੁਹਣੇ ਲੜਕੇ ਨੂੰ ਆਪਣੀ ਜੁੱਤੀ ਦੇ ਜਾਂਦਾ। ਤੇ ਫੇਰ ਅਗਲਾ ਸਾਰਾ ਸਾਲ ਉਸ ਨੂੰ ਖੂਬ ਪਾਲ਼ਿਆ ਜਾਂਦਾ। ਬਲੀ ਚੜ੍ਹਨ ਤੋਂ ਸਵਾ ਮਹੀਨਾ ਪਹਿਲਾਂ ਉਹ ਨੌਜਵਾਨ ਪਿੰਡ ਦੀ ਕਿਸੇ ਵੀ ਖ਼ੂਬਸੂਰਤ ਕੁੜੀ ਕੋਲ ਜਾ ਸਕਦਾ। ਜਿਸ ਕੁੜੀ 'ਤੇ ਉਸ ਦਾ ਮਨ ਆਉਂਦਾ, ਉਸ ਦੇ ਮਗਰ ਲੱਗ ਤੁਰਦਾ। ਕੁੜੀ ਆਪਣੇ ਘਰ ਆਉਂਦੀ ਤੇ ਬਾਕੀ ਦਾ ਸਾਰਾ ਟੱਬਰ ਬਾਹਰ ਹੋ ਜਾਂਦਾ। ਨੌਜਵਾਨ ਜੁੱਤੀ ਉਸ ਘਰ ਦੇ ਬਾਰ ਮੂਹਰੇ ਲਾਹ ਦਿੰਦਾ। ਜਿਸ ਦਾ ਮਤਲਬ ਹੁੰਦਾ ਕਿ ਉਹ ਅੰਦਰ ਹੈ। ਬਾਰ ਮੂਹਰੇ ਪਈ ਜੁੱਤੀ ਦੇਖ ਕੇ ਕਿਸੇ ਦੀ ਹਿੰਮਤ ਨਾ ਹੁੰਦੀ ਕਿ ਅੰਦਰ ਜਾ ਸਕੇ। ਕਮਾਲ ਦੀ ਗੱਲ ਇਹ, ਜਿਸ ਬਾਰ ਮੂਹਰੇ ਇਹ ਜੁੱਤੀ ਲਹਿੰਦੀ, ਉਹ ਘਰ ਭਾਗਾਂ ਵਾਲਾ ਸਮਝਿਆ ਜਾਂਦਾ। ਉਹ ਕੁੜੀ ਸੁਲੱਖਣੀ ਗਿਣੀ ਜਾਂਦੀ।
ਹਰ ਸਾਲ ਦਿੱਤੀ ਜਾਂਦੀ ਇਸ ਨਰ-ਬਲੀ ਕਰਕੇ ਸੂਰਜਮੁੱਖ ਪਿੰਡ ਨੂੰ ਸਾਰੀਆਂ ਬਰਕਤਾਂ ਹਾਸਲ ਸਨ। ਫ਼ਸਲ ਵਧੀਆ ਹੁੰਦੀ। ਨਦੀ ਨੇ ਕਦੇ ਏਧਰ ਮੂੰਹ ਨਹੀਂ ਕੀਤਾ। ਸਾਰੇ ਲੋਕ ਸੁਖੀ ਸਨ।
ਗੋਪਾਲ ਬਚਪਨ ਤੋਂ ਬਹੁਤ ਨਰੋਆ ਮੁੰਡਾ ਸੀ। ਸੁਹਣਾ ਵੀ ਬੜਾ। ਉਸ ਦੀ ਮਾਂ ਸੋਚਦੀ ਹੁੰਦੀ, ਉਹ ਤਾਂ ਜ਼ਰੂਰ ਨਰ-ਬਲੀ ਲਈ ਚੁਣਿਆ ਜਾਵੇਗਾ। ਉਸ ਦਾ ਬਾਪ ਸੋਚਦਾ, ਉਹ ਤਾਂ ਜ਼ਰੂਰ ਹੀ ਬਲੀ ਚੜ੍ਹੇਗਾ। ਗੋਪਾਲ ਦੀ ਸਿਹਤ ਤੇ ਸੁਹੱਪਣ ਨੂੰ ਦੇਖ-ਦੇਖ ਮਾਪਿਆਂ ਨੂੰ ਚਾਅ ਚੜ੍ਹਿਆ ਰਹਿੰਦਾ। ਦੇਵਤਾ ਜਿਵੇਂ ਉਨ੍ਹਾਂ ਦੇ ਘਰ 'ਤੇ ਮੁੱਢ ਤੋਂ ਹੀ ਪ੍ਰਸੰਨ ਸੀ। ਸੱਤੇ ਖੈਰਾਂ ਸਨ, ਇਸ ਘਰ ਲਈ।ਉਹੀ ਗੱਲ ਹੋਈ, ਗੋਪਾਲ ਜਦ ਬਾਈ ਸਾਲ ਦਾ ਹੋਇਆ, ਉਸ ਨੂੰ ਨਰ-ਬਲੀ ਦੀ ਜੁੱਤੀ ਮਿਲ ਗਈ। ਐਡਾ ਵੱਡਾ ਕੱਦ, ਖੁੱਲ੍ਹੇ-ਖੁੱਲ੍ਹੇ ਹੱਡ-ਪੈਰ, ਮੋਟੀ ਅੱਖ, ਚਿਹਰੇ 'ਤੇ ਕੋਈ ਗੈਬੀ ਨੂਰ।
ਸਾਰੇ ਪਿੰਡ ਨੇ ਉਸ ਵਾਸਤੇ ਘਿਓ ਇਕੱਠਾ ਕੀਤਾ। ਸਵੇਰ ਦੇ ਖਾਣੇ ਵਿੱਚ ਤਾਜ਼ਾ ਮੱਖਣ, ਜੰਗਲੀ ਸ਼ਹਿਦ ਤੇ ਹੋਰ ਪਦਾਰਥਾਂ ਨਾਲ ਕੱਚਾ ਦੁੱਧ ਹੁੰਦਾ। ਸ਼ਾਮ ਦੇ ਖਾਣੇ ਵਿੱਚ ਪਹਾੜੀ ਮੁਰਗੇ ਦਾ ਭੁੰਨਿਆ ਹੋਇਆ ਮਾਸ, ਅੰਗੂਰਾਂ ਦੀ ਸ਼ਰਾਬ ਤੇ ਕੜ੍ਹੇ ਦੁੱਧ ਦੀ ਦਹੀਂ ਹੁੰਦੀ। ਸਵੇਰੇ-ਸ਼ਾਮ ਸਰੋਂ ਦੇ ਤੇਲ ਨਾਲ ਉਸ ਦੀ ਮਾਲਸ਼ ਕੀਤੀ ਜਾਂਦੀ ਤੇ ਫਿਰ ਖੱਟੀ ਲੱਸੀ ਨਾਲ ਪਿੰਡਾ ਮਲ ਗਰਮ ਪਾਣੀ ਨਾਲ ਨੁਹਾਇਆ ਜਾਂਦਾ। ਪਿੰਡ ਵੱਲੋਂ ਨਿਯੁਕਤ ਕੀਤੇ ਦੋ ਬੰਦੇ ਉਸ ਦੀ ਸੇਵਾ ਲਈ ਹਰ ਸਮੇਂ ਉਸ ਦੇ ਅੰਗ-ਸੰਗ ਰਹਿੰਦੇ। ਹਰ ਸਮੇਂ ਹੀ ਉਸ ਨੂੰ ਖੁਸ਼ ਰੱਖਣ ਦੇ ਸਾਧਨਾਂ ਵਿੱਚ ਜੁਟੇ ਰਹਿੰਦੇ। ਉਸ ਨੂੰ ਦੇਵਤਾ ਦੀਆਂ ਕਹਾਣੀਆਂ ਸੁਣਾਉਂਦੇ। ਦੇਵਤਾ ਦੀ ਉਪਮਾ ਕਰਦੇ। ਦੇਵਤਾ ਨੂੰ ਖੁਸ਼ ਕਰਨ ਲਈ ਨਰ-ਬਲੀ ਚੜ੍ਹ ਚੁੱਕੇ ਨੌਜਵਾਨਾਂ ਦੀ ਮਹਿਮਾ ਗਾਉਂਦੇ।
ਗੋਪਾਲ ਦਾ ਜਦ ਜੀਅ ਕਰਦਾ, ਉੱਠ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਣ ਲੱਗ ਪੈਂਦਾ। ਇਸ ਮੌਕੇ ਵੀ ਬੰਦੇ ਉਸ ਦੇ ਮਗਰ-ਮਗਰ ਤੁਰੇ ਜਾਂਦੇ। ਗੋਪਾਲ ਉਦਾਸ ਹੁੰਦਾ ਤਾਂ ਬਹੁਤਾ ਕਰਕੇ ਘਰ ਹੀ ਪਿਆ ਰਹਿੰਦਾ। ਬਹੁਤੀ ਉਦਾਸੀ ਦੇ ਵਾਤਾਵਰਣ ਵਿੱਚ ਉਸ ਦੇ ਸੇਵਾਦਾਰ ਉਸ ਨਾਲ ਬਹੁਤ ਘੱਟ ਗੱਲ ਕਰਦੇ। ਬੱਸ ਬੈਠੇ ਰਹਿੰਦੇ ਉਸ ਕੋਲ ਜਾਂ ਉਸ ਦੀਆਂ ਟੰਗਾਂ-ਬਾਹਾਂ ਘੁੱਟਦੇ। ਕਦੇ-ਕਦੇ ਉਹ ਬਹੁਤ ਖੁਸ਼ ਹੁੰਦਾ ਤਾਂ ਗਾਉਣ ਤੇ ਨੱਚਣ ਲੱਗ ਪੈਂਦਾ। ਇਸ ਹਾਲਤ ਵਿੱਚ ਸੇਵਾਦਾਰ ਖੁਸ਼ ਹੁੰਦੇ। ਬਾਪ ਖੁਸ਼ ਹੁੰਦਾ। ਸਾਰਾ ਪਿੰਡ ਪ੍ਰਸੰਨ ਚਿੱਤ ਹੋ ਜਾਂਦਾ।
ਤੇ ਫਿਰ ਦੇਵਤਾ ਦਾ ਉਤਸਵ ਨੇੜੇ ਆਉਣ ਲੱਗਿਆ। ਤਿੰਨ ਮਹੀਨੇ, ਦੋ ਮਹੀਨੇ, ਡੇਢ ਮਹੀਨਾ, ਸਵ ਮਹੀਨਾ...ਗੋਪਾਲ ਦੀਆਂ ਅੱਖਾਂ ਵਿੱਚ ਪਿੰਡ ਦੀਆਂ ਸਾਰੀਆਂ ਸੁਹਣੀਆਂ ਕੁੜੀਆਂ ਦੀ ਤਸਵੀਰ ਬੈਠ ਗਈ। ਪਹਿਲੇ ਦਿਨ ਉਸ ਨੇ ਮੇਨਕਾ ਦੇ ਘਰ ਮੂਹਰੇ ਜੁੱਤੀ ਲਾਹੀ। ਦੂਜੇ ਦਿਨ ਕਮਲਾ ਦੇ, ਤੀਜੇ, ਚੌਥੇ ਤੇ ਫਿਰ ਨਵੀਂ ਤੋਂ ਨਵੀਂ ਨਰਬਦਾ, ਕੁੰਤੀ, ਤ੍ਰਿਪਤਾ, ਸ਼ਕੁੰਤਲਾ, ਗੋਮਤੀ, ਗੋਮਤੀ ਕੋਲ ਤਾਂ ਉਹ ਦੂਜੇ ਦਿਨ ਵੀ ਚਲਿਆ ਗਿਆ। ਗੋਮਤੀ ਵਿੱਚ ਪਤਾ ਨਹੀਂ ਕੀ ਸੀ ਤੇ ਫਿਰ ਤੀਜੇ ਦਿਨ ਵੀ ਗੋਮਤੀ ਕੋਲ ਹੀ ਜਾਂਦਾ ਸੀ।
ਗੋਮਤੀ ਪਤਲੀ, ਲੰਮੀ, ਗੋਰੀ, ਮ੍ਰਿਗਨੈਣੀ, ਨਿਰੀ ਅੱਗ...ਲੁੱਸ-ਲੁੱਸ ਕਰਦੇ ਅੰਗ। ਗੋਮਤੀ ਦੇ ਮਾਂ-ਬਾਪ ਹੈਰਾਨ ਹੋਣ ਲੱਗੇ। ਗੋਪਾਲ ਦੇ ਸੇਵਾਦਾਰ ਹੈਰਾਨ। ਸਾਰਾ ਪਿੰਡ ਹੈਰਾਨ। ਕਿਉਂ ਜਾਂਦਾ ਸੀ। ਉਹ ਨਿੱਤ ਹੀ ਗੋਮਤੀ ਕੋਲ? ਦੇਵਤਾ ਦਾ ਦਿਨ ਵੀ ਆ ਗਿਆ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਿੰਡ ਦੇ ਸਭ ਤੀਵੀਂ-ਪੁਰਸ਼ ਨਦੀ ਵਿੱਚ ਇਸ਼ਨਾਨ ਕਰਕੇ ਆਏ। ਘਰ-ਘਰ ਪਕਵਾਨ ਪੱਕਣ ਲੱਗੇ। ਦੇਵਤਾ ਦੀ ਵੇਦੀ 'ਤੇ ਚੜਾਉਣ ਲਈ ਘਰ-ਘਰ ਸੀਧਾ ਮਿਣਸਿਆ ਗਿਆ। ਸਾਰਾ ਦਿਨ ਪਿੰਡ ਵਿੱਚ ਜਸ਼ਨ ਹੁੰਦੇ ਰਹੇ। ਦੇਵਤਾ ਦੀ ਵੇਦੀ ਅੱਗੇ ਸਾਰਾ ਦਿਨ ਹਵਨ ਹੁੰਦਾ ਰਿਹਾ। ਮੰਤਰ ਪੜ੍ਹੇ ਜਾਂਦੇ ਰਹੇ। ਨਰ-ਬਲੀ ਦਾ ਸਮਾਗਮ ਸੂਰਜ ਦੀ ਟਿੱਕੀ ਛਿਪਦੀ ਨਾਲ ਸ਼ੁਰੂ ਹੋਣਾ ਸੀ।ਗੋਪਾਲ ਦੇ ਪੈਰਾਂ ਵਿੱਚ ਨਰ-ਬਲੀ ਵਾਲੀ ਜੁੱਤੀ ਪਾਈ ਹੋਈ ਸੀ। ਗਲ ਜਨਿਊ, ਤੇੜ ਚਿੱਟੀ ਧੋਤੀ। ਸਿਰ 'ਤੇ ਚਿੱਟਾ ਪਟਕਾ ਬੰਨ੍ਹਿਆ ਹੋਇਆ। ਉਸ ਦੇ ਮੱਥੇ 'ਤੇ ਲਾਲ ਤਿਲਕ ਲੱਗਿਆ ਹੋਇਆ ਸੀ। ਦੋਵਾਂ ਡੌਲਿਆਂ 'ਤੇ ਹਲਦੀ ਨਾਲ ਤਿੰਨ-ਤਿੰਨ ਲਕੀਰਾਂ ਕੱਢੀਆਂ ਹੋਈਆਂ ਸਨ। ਛਾਤੀ 'ਤੇ ਚੰਦਨ ਦਾ ਲੇਪ ਕੀਤਾ ਹੋਇਆ ਸੀ। ਉਸ ਦੀਆਂ ਅੱਖਾਂ ਲਾਲ ਰੰਗ ਸਨ।
ਪਿੰਡ ਦੇ ਸਾਰੇ ਲੋਕਾਂ ਦਾ ਇਕੱਠ ਬੱਝਿਆ ਹੋਇਆ ਸੀ। ਦੇਵਤਾ ਦੀ ਵੇਦੀ ਅੱਗੇ ਅੱਗ ਬਲ ਰਹੀ ਸੀ। ਅਹੂਤੀਆਂ ਪਾਈਆਂ ਜਾ ਰਹੀਆਂ ਸਨ। ਇੱਕ ਪਾਸੇ ਬੁੱਢੇ ਤੇ ਅਧਖੜ ਆਦਮੀ ਖੜ੍ਹੇ ਸਨ। ਉਨ੍ਹਾਂ ਦੇ ਨਾਲ ਹੀ ਨੌਜਵਾਨ ਸਨ। ਇੱਕ ਪਾਸੇ ਬੁੱਢੀਆਂ ਤੇ ਪਕਰੋੜ ਤੀਵੀਆਂ ਖੜ੍ਹੀਆਂ ਸਨ। ਸਾਹਮਣੇ ਨੌਜਵਾਨ ਕੁੜੀਆਂ, ਬਹੂਆਂ ਤੇ ਛੋਟੇ ਬੱਚੇ ਖੜ੍ਹੇ ਸਨ।
ਦੇਵਤਾ ਦੀ ਉੱਚੀ ਵੇਦੀ ’ਤੇ ਗੋਪਾਲ ਖੜ੍ਹਾ ਸੀ। ਵੇਦੀ ਦੇ ਦੋਵੇਂ ਪਾਸੇ ਦੋ ਲੱਕੜਾਂ ਗੱਡ ਕੇ ਉਨ੍ਹਾਂ 'ਤੇ ਇਕ ਪੈਵੀਂ ਲੱਕੜ ਰੱਖੀ ਹੋਈ ਸੀ। ਇਸ ਪੈਵੀਂ ਲੱਕੜ ਤੇ ਜੋ ਚਪਟੀ ਜਿਹੀ ਸੀ, ਗੋਪਾਲ ਨੇ ਆਪਣੀ ਗਰਦਨ ਧਰੀ ਹੋਈ ਸੀ। ਦੋਵੇਂ ਬਾਹਾਂ ਪਿੱਠ ਪਿੱਛੇ ਕੀਤੀਆਂ ਹੋਈਆਂ ਸਨ। ਉਸ ਦਾ ਸਿਰ ਕੰਨ ਪਰਨੇ ਸੀ। ਅੱਖਾਂ ਮੀਚੀਆਂ ਹੋਈਆਂ ਸਨ। ਕਦੇ-ਕਦੇ ਅੱਖਾਂ ਖੋਲ੍ਹਦਾ ਤਾਂ ਲੱਗਦਾ ਜਿਵੇਂ ਉਨ੍ਹਾਂ ਵਿੱਚੋਂ ਲਹੂ ਚਿਉਂਦਾ ਹੋਵੇ। ਉਸ ਦੀ ਝਾਕਣੀ ਵਿੱਚੋਂ ਕੋਈ ਭਿਆਨਕਤਾ ਛਲਕਦੀ। ਅੱਗ ਮੂਹਰੇ ਵੇਦੀ ਦੇ ਸਾਹਮਣੇ ਕਿੰਨੇ ਹੀ ਪੰਡਤ ਆਪਣੀ-ਆਪਣੀ ਥਾਂ 'ਤੇ ਬੈਠੇ ਉੱਚੀ-ਉੱਚੀ ਇੱਕੋ ਮੰਤਰ ਦੇ ਸ਼ਬਦ ਬੋਲੀ ਜਾ ਰਹੇ ਸਨ। ਇੱਕੋ ਸਵਰ ਵਿੱਚ ਇਸ ਸਵਰ ਲਹਿਰੀ ਵਿੱਚੋਂ ਵੀ ਇੱਕ ਡਰ ਪੈਦਾ ਹੋ ਉੱਠਿਆ ਸੀ। ਇਸ ਮੰਤਰ ਦੇ ਸਮਾਪਤ ਹੋਣ ਤੋਂ ਝੱਟ ਬਾਅਦ ਗੋਪਾਲ ਨੇ ਲੱਕੜ ਤੋਂ ਆਪਣਾ ਸਿਰ ਉਠਾ ਕੇ ਨੌਜਵਾਨਾਂ ਵੱਲ ਗਹੁ ਨਾਲ ਝਾਕਣਾ ਸੀ ਤੇ ਫਿਰ ਕਿਸੇ ਇੱਕ ਨੌਜਵਾਨ ਦਾ ਨਾਉਂ ਲੈਣਾ ਸੀ।
ਉਸ ਨੌਜਵਾਨ ਨੇ ਹਵਾ ਦੀ ਤੇਜ਼ੀ ਨਾਲ ਵੇਦੀ ਅੱਗੇ ਆ ਖੜ੍ਹਨਾ ਸੀ। ਗੋਪਾਲ ਨੇ ਉਸ ਵੱਲ ਆਪਣੀ ਜੁੱਤੀ ਵਗਾਹ ਮਾਰਨੀ ਸੀ। ਨੌਜਵਾਨ ਨੇ ਜੁੱਤੀ ਪੈਰਾਂ ਵਿੱਚ ਪਾ ਕੇ ਨਹੀਂ, ਹੱਥਾਂ ਵਿੱਚ ਫੜ ਕੇ ਵੇਦੀ ਦੇ ਇੱਕ ਪਾਸੇ ਬੈਠਣਾ ਸੀ ਤੇ ਫਿਰ ਗੋਪਾਲ ਨੇ ਆਪਣੀ ਗਰਦਨ ਪਹਿਲਾਂ ਵਾਂਗ ਹੀ ਲੱਕੜ 'ਤੇ ਧਰ ਲੈਣੀ ਸੀ। ਪੰਡਤਾਂ ਦਾ ਸੰਕੇਤ ਪ੍ਰਾਪਤ ਕਰਕੇ ਗੋਪਾਲ ਦੇ ਸਿਰ 'ਤੇ ਖੜ੍ਹੇ ਦੇਵ ਕੱਦ ਕਾਲੇ ਮੂੰਹ ਵਾਲੇ ਆਦਮੀ ਨੇ ਆਪਣੀ ਤਲਵਾਰ ਨੂੰ ਹਵਾ ਵਿੱਚ ਲਹਿਰਾਉਣਾ ਸੀ ਤੇ ਇੱਕ ਟੱਕ ਨਾਲ ਉਸ ਦੀ ਗਰਦਨ ਕੱਟ ਦੇਣੀ ਸੀ। ਜਿਉਂ ਹੀ ਗੋਪਾਲ ਦਾ ਧੜ ਵੇਦੀ 'ਤੇ ਡਿੱਗਣਾ ਸੀ, ਪੰਡਤਾਂ ਨੇ ਉੱਚੇ ਸਵਰ ਵਿੱਚ ਉਚਾਰਨ ਕਰਨਾ ਸੀ...ਦੇਵਤਾ ਪ੍ਰਸੰਨ ਹੈ....ਦੇਵਤਾ ਪ੍ਰਸੰਨ ਹੈ ....
ਮੰਤਰ ਸਮਾਪਤ ਹੋਇਆ। ਗੋਪਾਲ ਨੇ ਲੱਕੜ ਤੋਂ ਆਪਣਾ ਸਿਰ ਉਠਾਇਆ। ਨੌਜਵਾਨ ਪੱਬਾਂ ਭਾਰ ਹੋ ਕੇ ਉਸ ਵੱਲ ਦੇਖਣ ਲੱਗੇ। ਇੱਕ-ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਵਿੱਚ। ਹਰ ਕੋਈ ਜੁੱਤੀ ਲੈਣ ਦਾ ਚਾਹਵਾਨ ਸੀ। ਉਹ ਨੌਜਵਾਨਾਂ ਵੱਲ ਨਹੀਂ ਝਾਕਿਆ। ਸਾਹਮਣੇ ਖੜ੍ਹੀਆਂ ਨੌਜਵਾਨ ਕੁੜੀਆਂ, ਬਹੂਆਂ ਤੇ ਬੱਚਿਆਂ ਵਿੱਚ ਉਸ ਦੀਆਂ ਅੱਖਾਂ ਘੁੰਮ ਰਹੀਆਂ ਸਨ ਤੇ ਫਿਰ ਇੱਕ ਕੁੜੀ 'ਤੇ ਹੀ ਉਸ ਦੀ ਨਿਗਾਹ ਟਿਕ ਗਈ। ਆਦਮੀਆਂ ਨੇ ਦੇਖਿਆ, ਤੀਵੀਆਂ ਨੇ ਦੇਖਿਆ, ਕੁੜੀਆਂ ਨੇ ਦੇਖਿਆ, ਬੱਚਿਆਂ ਨੇ ਦੇਖਿਆ-ਸਾਰੇ ਪਿੰਡ ਨੇ ਦੇਖਿਆ, ਗੋਮਤੀ ਖੜ੍ਹੀ ਰੋ ਰਹੀ ਸੀ। ਇਹ ਤਾਂ ਬਹੁਤ ਮਾੜਾ ਸ਼ਗਨ ਸੀ...
ਨਰ-ਬਲੀ ਵਾਲੇ ਦਿਨ ਜੇ ਕੋਈ ਰੋ ਪੈਂਦਾ, ਇਸ ਨਾਲ ਤਾਂ ਸਾਰੇ ਪਿੰਡ ਤੇ ਆਫ਼ਤ ਆਉਣੀ ਸੰਭਵ ਸੀ। ਸਾਰਾ ਪਿੰਡ ਗੋਮਤੀ ’ਤੇ ਲਾਹਣਤਾਂ ਪਾਉਣ ਲੱਗਿਆ। ਦੁਸ਼ਟਣੀ-ਦੁਸ਼ਟਣੀ....ਪੰਡਤ ਉਚਾਰ ਰਹੇ ਸਨ। ਦੇਵਤਾ ਪ੍ਰਸੰਨ ਹੈ...ਦੇਵਤਾ ਪ੍ਰਸੰਨ ਹੈ। ਵੇਦੀ ਤੋਂ ਇੱਕ ਉੱਚੀ ਕੁੜਕਵੀਂ ਅਵਾਜ਼ ਅਸਮਾਨ ਤੱਕ ਗੂੰਜ ਗਈ। ਇਹ ਅਵਾਜ਼ ਗੋਪਾਲ ਦੀ ਸੀ।
ਤੇ ਫਿਰ ...ਤੇ ਫਿਰ ਉਹ ਵੇਦੀ ਤੋਂ ਥੱਲੇ ਉਤਰਿਆ। ਪੰਡਤਾਂ ਕੋਲ ਦੀ ਲੰਘਦਾ ਤੇ ਕੁੜੀਆਂ-ਬਹੂਆਂ ਦੀ ਭੀੜ ਨੂੰ ਚੀਰਦਾ ਹੋਇਆ ਗੋਮਤੀ ਕੋਲ ਜਾ ਖੜ੍ਹਾ। ਗੋਮਤੀ ਉਸ ਵੱਲ ਅੱਖਾਂ ਫਾੜ-ਫਾੜ ਦੇਖਣ ਲੱਗੀ। ਗੋਪਾਲ ਨੇ ਉਸ ਦਾ ਹੱਥ ਫੜ ਲਿਆ।
ਤੇ ਫਿਰ ਇਕੱਠ ਵਿੱਚੋਂ ਨਿਕਲ ਕੇ ਹੱਥ ਵਿੱਚ ਹੱਥ ਪਾਈ ਉਹ ਜਾ ਰਹੇ ਸਨ। ਗੋਪਾਲ ਪਾਗਲਾਂ ਵਾਂਗ ਬੋਲਦਾ ਜਾ ਰਿਹਾ ਸੀ-ਦੇਵਤਾ ਪ੍ਰਸੰਨ ਹੈ....ਦੇਵਤਾ ਪ੍ਰਸੰਨ ਹੈ....
ਸਾਰੇ ਪਿੰਡ ਨੂੰ ਜਿਵੇਂ ਗਸ਼ ਪੈ ਗਈ ਹੋਵੇ। ਇਹ ਅਨਰਥ ਤਾਂ ਬਹੁਤ ਵੱਡਾ ਸੀ। ਕੋਈ ਵੀ ਨਾ ਬੋਲਿਆ। ਕਿਸੇ ਨੇ ਵੀ ਉਨ੍ਹਾਂ ਨਹੀਂ ਰੋਕਿਆ।♦