ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਤੂੰ ਵੀ ਮੁੜ ਆ ਸਦੀਕ

ਤੂੰ ਵੀ ਮੁੜ ਆ, ਸਦੀਕ

ਹੁਣ ਤੱਕ ਤਾਂ ਤੈਨੂੰ ਯਾਦ ਵੀ ਨਹੀਂ ਰਹਿ ਗਿਆ ਹੋਵੇਗਾ ਕਿ ਬਚਪਨ ਵਿੱਚ ਤੇਰੇ ਨਾਲ ਇੱਕ ਜੱਟਾਂ ਦਾ ਮੁੰਡਾ ਜਰਨੈਲ ਖੇਡਦਾ ਹੁੰਦਾ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਤੈਨੂੰ ਹੁਣ ਤੱਕ ਯਾਦ ਰੱਖਿਆ ਹੋਵੇ ਤੇ ਤੂੰ ਮੈਨੂੰ ਭੁੱਲ ਗਿਆ ਹੋਵੇਂ। ਮੇਰੇ ਤਾਂ ਤੂੰ ਯਾਦ ਕੀ, ਹਮੇਸ਼ਾ ਹਿੱਕ ਉੱਤੇ ਚੜ੍ਹਿਆ ਰਹਿੰਦਾ ਹੈ, ਦਿਮਾਗ਼ ਵਿੱਚ ਘੁੰਮਦਾ ਹੈਂ। ਮੈਂ ਹਮੇਸ਼ਾ ਤੈਨੂੰ ਆਪਣੇ ਨਾਲ, ਆਪਣੇ ਅੰਗ-ਸੰਗ ਮਹਿਸੂਸ ਕੀਤਾ ਹੈ। ਜਿਵੇਂ ਤੂੰ ਐਥੇ ਕਿਤੇ ਹੀ ਹੋਵੇਂ, ਪਰ ਮੇਰੇ ਸਾਹਮਣੇ ਨਾ ਆ ਰਿਹਾ ਹੋਵੇਂ।
ਆਪਾਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਚਾਰ ਜਮਾਤਾਂ ਤੱਕ ਇਕੱਠੇ ਪੜ੍ਹੇ ਸੀ। ਚੌਥੀ ਜਮਾਤ ਵਿੱਚ ਪੜ੍ਹਦੇ ਹੀ ਸੀ ਕਿ ਪਾਕਿਸਤਾਨ ਬਣ ਗਿਆ। ਤੈਨੂੰ ਇਹ ਵੀ ਯਾਦ ਹੋਵੇਗਾ ਕਿ ਆਪਣੇ ਨਾਲ ਇੱਕ ਮੁੰਡਾ ਬਾਣੀਆਂ ਦਾ ਪੜ੍ਹਦਾ ਹੁੰਦਾ। ਆਪਣੇ ਹੀ ਅਗਵਾੜ ਦਾ। ਉਹਦਾ ਨਾਉਂ ਨੰਦ ਲਾਲ ਸੀ। ਉਹਦਾ ਘਰ ਸਾਡੇ ਗੁਆਂਢ ਵਿੱਚ ਸੀ।
ਤੈਨੂੰ ਯਾਦ ਹੋਵੇਗਾ, ਇੱਕ ਵਾਰ ਮਾਸਟਰ ਬਾਬੂ ਰਾਮ ਦੀ ਘਰਵਾਲੀ ਨੇ ਆਪਾਂ ਚਾਰ ਮੁੰਡਿਆਂ ਨੂੰ ਬਾਹਰ ਖੇਤਾਂ ਵਿੱਚ ਬੇਰ ਲੈਣ ਭੇਜ ਦਿੱਤਾ ਸੀ। ਚਮਿਆਰਾਂ ਦਾ ਖੇਤੂ ਬੇਰੀ ਉੱਤੇ ਚੜ੍ਹ ਕੇ ਡਾਹਣਾ ਹਲੂਣਦਾ ਤੇ ਬੇਰਾਂ ਨੂੰ ਡੰਡਾ ਮਾਰਦਾ। ਥੱਲਿਓਂ ਆਪਾਂ ਤਿੰਨੇ ਧਰਤੀ ਉੱਤੇ ਡਿੱਗੇ ਬੇਰ ਚੁਗ਼ਦੇ ਜਾ ਰਹੇ ਸਾਂ ਕਿ ਖੇਤ ਦਾ ਮਾਲਕ ਆ ਗਿਆ। ਉਹ ਦੂਰੋਂ ਹੀ ਉੱਚਾ-ਉੱਚਾ ਬੋਲਦਾ, ਹੋਕਰੇ ਮਾਰਦਾ ਤੇ ਗਾਲ੍ਹਾਂ ਕੱਢਦਾ ਆ ਰਿਹਾ ਸੀ- 'ਕਿਹੜੇ ਓ ਓਏ ਤੁਸੀਂ, ਕਾਕੜੇ ਝਾੜਦੇ? ਥੋਡੀ ਮੈਂ ਮਾਂ ਦੀ... ਖੜ ਜੋ ... ਆ ਲੈਣ ਦਿਓ 'ਕੇਰਾਂ ਮੈਨੂੰ।'
ਡਰਦਾ ਮਾਰਿਆ ਖੇਤੂ ਥੱਲੇ ਉੱਤਰ ਆਇਆ। ਉੱਤਰ ਕੀ ਆਇਆ, ਡਾਹਣੇ ਤੋਂ ਥੱਲੇ ਲਮਕ ਕੇ ਹੱਥ ਛੱਡ ਦਿੱਤੇ। ਜੱਟ ਕੋਲ ਕੱਖਾਂ ਦੀ ਭਰੀ ਬੰਨ੍ਹਣ ਲਈ ਢੀਂਡੀ ਵਾਲਾ ਰੱਸਾ ਸੀ ਤੇ ਦਾਤੀ। ਉਹਨੇ ਆਪਾਂ ਚਾਰਾਂ ਨੂੰ ਇੱਕ ਕਤਾਰ ਵਿੱਚ ਖੜ੍ਹਾ ਲਿਆ। ਮੈਨੂੰ ਕਿਹਾ, 'ਤੂੰ ਐਧਰ ਖੜ੍ਹ ਓਏ ਇੱਕ ਪਾਸੇ। ਤੇਰਾ ਤਾਂ ਫੇਰ ਪੁੱਛੂ ਗੋਤ ਮੈਂ, ਪਹਿਲਾਂ ਏਸ ਨਿੱਕੀ-ਸੁੱਕੀ ਜਾਤ ਨੂੰ ਕਰਾਂ ਲੋਟ।' ਉਹਨੇ ਰੱਸੇ ਨਾਲ ਖੇਤੂ ਦੀ ਬਾਂਹ ਬੰਨ੍ਹ ਲਈ, ਫੇਰ ਤੇਰੀ ਬਾਂਹ ਬੰਨ੍ਹੀ, ਨੰਦ ਲਾਲ ਦੀ ਬਾਂਹ ਨੂੰ ਰੱਸਾ ਥੋੜ੍ਹਾ ਰਹਿ ਗਿਆ। ਉਹਦੇ ਵਾਰੀ ਉਹ ਬੋਲਿਆ- 'ਹੁਣ ਕਰਿਆੜਾ, ਤੇਰੀ ਬਾਂਹ ਤਾਂ ਮੈਂ ਦਾਤੀ ਨਾਲ ਵੱਢੂੰ। ਆ ਦੇਖ ਦਾਤੀ, ਦੀਂਹਦੀ ਐ?' ਨੰਦ ਲਾਲ ਚੀਕਾਂ ਮਾਰਨ ਲੱਗਿਆ। ਤੂੰ ਤੇ ਖੇਤੂ ਵੀ ਰੋਣ ਲੱਗ ਪਏ। ਥੋਨੂੰ ਤਿੰਨਾਂ ਨੂੰ ਰੋਂਦੇ ਦੇਖ ਕੇ ਮੈਂ ਵੀ ਅੱਖਾਂ ਭਰ ਲਈਆਂ। ਮੈਨੂੰ ਉਹਨੇ ਫੋਕਾ ਦਬਕਾ ਮਾਰਿਆ- 'ਮਾਂ ਦਿਆ ਖਸਮਾਂ, ਆਵਦੀ ਦਿਆ, ਦੀਂਹਦਾ ਨ੍ਹੀਂ ਤੈਨੂੰ ਕਾਕੜੇ ਝਾੜੀ ਜਾਨੇ ਓਂ? ਚੱਲ ਘਰੇ, ਤੇਰੇ ਪਿਓ ਤੋਂ ਈ ਕਟਾਊਂ ਤੈਨੂੰ। ਤੈਨੂੰ ਤਾਂ ਉਹ ਦੇਊਂ ਧਨੇਸੜੀ।' ਉਹਨੇ ਮੇਰੇ ਵੱਲ ਲਫੇੜਾ ਉੱਘਰਿਆ ਸੀ।
ਖੇਤ ਵਾਲੇ ਜੱਟ ਦਾ ਇਹ ਸਭ ਡਰਾਮਾ ਸੀ, ਪਰ ਆਪਾਂ ਬਹੁਤ ਡਰ ਗਏ ਸੀ।
ਹੋਰ ਅਨੇਕਾਂ ਗੱਲਾਂ ਮੈਨੂੰ ਯਾਦ ਆ ਰਹੀਆਂ ਸਨ, ਜਿਵੇਂ ਕੋਈ ਫ਼ਿਲਮ ਚਲਦੀ ਹੋਵੇ। ਇਹ ਗੱਲਾਂ ਤੂੰ ਵੀ ਯਾਦ ਕਰਦਾ ਰਹਿੰਦਾ ਹੋਵੇਂਗਾ। ਯਾਦ ਕਰਦਾ ਹੋਵੇਂਗਾ ਤੇ ਆਪਣੀ ਧਰਤੀ ਨਾਲੋਂ ਵਿੱਛੜ ਕੇ ਉਦਾਸ ਵੀ ਹੋ ਜਾਂਦਾ ਹੋਵੇਂਗਾ।
ਕਈ ਵਰ੍ਹੇ ਹੋਏ, ਏਧਰੋਂ ਇੱਕ 'ਜਥੇ' ਵਿੱਚ ਗਏ ਬੰਦੇ ਨੇ ਦੱਸਿਆ ਸੀ ਕਿ ਤੂੰ ਲਾਹੌਰ ਨੇੜੇ ਦੇ ਇੱਕ ਪਿੰਡ ਵਿੱਚ ਰਹਿੰਦਾ ਹੈਂ। ਖੇਤੀ ਦਾ ਕੰਮ ਕਰਦਾ ਹੈਂ। ਤੇਰੇ ਬਾਲ ਬੱਚੇ ਵੀ ਹਨ। ਥੋੜ੍ਹੀ ਘਣੀ ਜ਼ਮੀਨ ਵੀ ਹੈ। ਏਧਰ ਵੀ ਤਾਂ ਤੁਹਾਡੀ ਜ਼ਮੀਨ ਹੁੰਦੀ ਸੀ। ਤੁਹਾਡੀ ਇਹ ਜ਼ਮੀਨ ਏਥੇ ਆ ਕੇ ਵਸੇ ਰਫ਼ਿਊਜੀਆਂ ਨੂੰ ਮਿਲ ਗਈ ਸੀ। ਕਈ ਵਰ੍ਹੇ ਤਾਂ ਉਹ ਏਥੇ ਰਹਿ ਕੇ ਖੇਤੀ ਕਰਦੇ ਰਹੇ। ਫੇਰ ਉਹ ਇਹ ਜ਼ਮੀਨ ਵੇਚ ਗਏ ਤੇ ਪਤਾ ਨਹੀਂ ਕਿੱਧਰ ਨੂੰ ਤੁਰ ਪਏ। ਤੁਹਾਡਾ ਘਰ ਵੀ ਉਹਨਾਂ ਕੋਲ ਹੁੰਦਾ ਸੀ। ਤੁਹਾਡਾ ਘਰ ਵੀ ਉਹ ਏਥੋਂ ਦੇ ਇੱਕ ਬੰਦੇ ਨੂੰ ਮੁੱਲ ਦੇ ਗਏ। ਬੜਾ ਅਜੀਬ ਲੱਗਿਆ ਸੀ, ਕਦੇ ਕੋਈ ਘਰ ਨੂੰ ਵੀ ਵੇਚ ਦਿੰਦਾ ਹੁੰਦਾ ਹੈ? ਇਹ ਘਰ ਓਵੇਂ ਦਾ ਓਵੇਂ ਖੜ੍ਹਾ ਹੈ, ਜਿਵੇਂ ਤੁਸੀਂ ਇਸ ਨੂੰ ਛੱਡ ਕੇ ਤੁਰ ਗਏ ਸੀ। ਪੱਕਾ ਘਰ ਹੈ। ਕੱਚੀਆਂ ਇੱਟਾਂ ਦਾ ਹੁੰਦਾ ਤਾਂ ਹੁਣ ਨੂੰ ਢਹਿਢੇਰੀ ਹੋ ਗਿਆ ਹੁੰਦਾ। ਤੁਹਾਡੀ ਜ਼ਮੀਨ ਨੂੰ ਹੁਣ ਤੱਕ ਵੀ ਲੋਕ 'ਜੁਲਾਹਿਆਂ ਆਲ਼ੀ' ਆਖਦੇ ਹਨ। ਜੁਲਾਹੇ ਤੁਹਾਡੀ ਜਾਤ ਸੀ, ਨਹੀਂ ਤਾਂ ਕੱਪੜਾ ਬੁਣਨ ਦਾ ਕੰਮ ਤੁਸੀਂ ਕਦੋਂ ਕਰਦੇ ਸੀ। ਪੰਜ-ਸੱਤ ਪੀੜ੍ਹੀਆਂ ਪਹਿਲਾਂ ਕੋਈ ਕਦੇ ਖੱਡੀ ਦਾ ਕੰਮ ਕਰਦਾ ਹੋਵੇਗਾ। ਤੁਸੀਂ ਤਾਂ ਜ਼ਮੀਨ ਵਾਲੇ ਜੁਲਾਹੇ ਸੀ। ਸਾਡੇ ਵਾਂਗ ਹੀ ਜ਼ਿਮੀਂਦਾਰ ਸੀ, ਤੁਸੀਂ ਯਾਰ। ਓਧਰ ਵੀ ਤਾਂ ਤੂੰ ਜ਼ਿਮੀਂਦਾਰ ਹੈਂ। ਲਾਹੌਰ ਸ਼ਹਿਰ ਵਿੱਚ ਏਧਰ ਦਾ ਜਿਹੜਾ ਬੰਦਾ ਤੈਨੂੰ ਮਿਲਿਆ ਸੀ, ਉਹਨੂੰ ਏਧਰਲੇ ਪਿੰਡਾਂ ਦਾ ਜਾਣ ਕੇ ਤੇ ਉਹਦੇ ਮੂੰਹੋਂ ਆਪਣੇ ਪਿੰਡ ਦਾ ਨਾਉਂ ਸੁਣ ਕੇ ਤੂੰ ਉਹਨੂੰ ਜੱਫੀ ਵਿੱਚ ਘੁੱਟ ਲਿਆ। ਪਿੰਡ ਦਾ ਹਾਲ-ਚਾਲ ਪੁੱਛਿਆ। ਮੇਰੇ ਬਾਰੇ ਬਹੁਤ ਗੱਲਾਂ ਕੀਤੀਆਂ। ਓਸ ਬੰਦੇ ਨੇ ਕਈ ਮਹੀਨਿਆਂ ਪਿੱਛੋਂ ਆਪਣੇ ਪਿੰਡ ਆ ਕੇ ਮੈਨੂੰ ਇਹ ਸਭ ਗੱਲਾਂ ਦੱਸੀਆਂ ਸਨ। ਮੇਰੇ ਸਾਹਮਣੇ ਉਸ ਦਿਨ ਤੇਰਾ ਸਮੁੱਚਾ ਵਜੂਦ ਸੀ। ਜਿਵੇਂ ਉਹ ਬੰਦਾ ਤੂੰ ਆਪ ਹੋਵੇਂ- 'ਸਾਵੇਂ ਦਾ ਸਾਵਾਂ ਸਦੀਕ।
ਇੱਕ ਹਨੇਰੀ ਝੁੱਲੀ ਸੀ, ਜਿਸ ਨੇ ਤੈਨੂੰ ਪਿੰਡੋਂ ਪੁੱਟ ਕੇ ਓਧਰ ਕਿਸੇ ਪਿੰਡ ਵਿੱਚ ਜਾ ਸੁੱਟਿਆ। ਤੇਰੇ ਜਾਣ ਬਾਅਦ ਧੂੜ ਵਗਦੀ ਰਹੀ, ਹਵਾ ਨਹੀਂ ਵਗੀ। ਦੇਸ਼ ਨੂੰ ਆਜ਼ਾਦੀ ਕਾਹਦੀ ਮਿਲੀ, ਹਰ ਪਾਸੇ ਬਰਬਾਦੀ ਹੀ ਬਰਬਾਦੀ ਫੈਲਣ ਲੱਗੀ। ਲੋਕਾਂ ਦਾ ਸੁਪਨਾ ਮਿੱਟੀ ਵਿੱਚ ਮਿਲ ਕੇ ਰਹਿ ਗਿਆ। ਉਹਨਾਂ ਨੇ ਤਾਂ ਚਾਹਿਆ ਸੀ ਕਿ ਅਮੀਰੀ-ਗ਼ਰੀਬੀ ਦਾ ਪਾੜਾ ਮਿਟ ਜਾਵੇਗਾ। ਛੋਟੇ ਲੋਕ ਅਮਨ ਚੈਨ ਨਾਲ ਰੱਜ ਕੇ ਰੋਟੀ ਖਾਣਗੇ। ਕਿਸੇ ਵੀ ਕਿਸਮ ਦੀ ਹੱਦਬੰਦੀ ਨਹੀਂ ਰਹੇਗੀ। ਭਾਰਤ ਦੇਸ਼ ਦੂਜੇ ਦੇਸ਼ਾਂ ਵਾਂਗ ਉੱਨਤੀ ਦੀਆਂ ਮੰਜ਼ਲਾਂ ਛੋਹੇਗਾ, ਪਰ ਸਭ ਕਾਸੇ ਦਾ ਸਤਿਆਨਾਸ ਹੋ ਕੇ ਰਹਿ ਗਿਆ। ਰਾਜਨੀਤੀ ਨੇ ਦੇਸ਼ ਨੂੰ ਅੱਗੇ ਕੀ ਲਿਜਾਣਾ ਸੀ, ਖ਼ੁਦ ਹੀ ਗੰਧਲ ਕੇ ਗ਼ਾਰਾ ਹੋ ਗਈ। ਕੁਰਸੀ-ਯੁੱਧ ਛਿੜਨ ਲੱਗੇ। ਕੁਰਸੀ ਦੇ ਦਾਓ ਉੱਤੇ ਆਮ ਜਨਤਾ ਨੂੰ ਕੁਰਬਾਨ ਕਰ ਦਿੱਤਾ ਜਾਂਦਾ। ਧਰਮ ਦੇ ਅਰਥ ਬਦਲ ਗਏ। ਜਿਵੇਂ ਸਰੀਰ ਦਾ ਮਾਸ ਹੀ ਸਰੀਰ ਨੂੰ ਖਾਣ ਲੱਗ ਪੈਂਦਾ ਹੋਵੇ। ਮਨੁੱਖੀ ਭਾਵਨਾ ਦੀ ਗੁੰਜਾਇਸ਼ ਖ਼ਤਮ ਹੋਣ ਲੱਗੀ। ਤੇਰੇ ਮੁਲਕ ਦਾ ਪਤਾ ਨਹੀਂ, ਏਧਰ ਤਾਂ ਸ਼ੁਰੂ ਤੋਂ ਅਖ਼ੀਰ ਤੱਕ ਹਮੇਸ਼ਾ ਡਰ-ਭੈਅ ਦੇ ਹਾਲਾਤ ਹੀ ਬਣੇ ਰਹੇ ਹਨ। ਸੁੱਖ-ਸ਼ਾਂਤੀ ਪਤਾ ਨਹੀਂ ਕੀ ਚੀਜ਼ ਹੁੰਦੀ ਹੈ।

ਸੰਤਾਲੀ ਤੋਂ ਬਾਅਦ ਪੈਂਤੀ-ਚਾਲੀ ਸਾਲਾਂ ਪਿੱਛੋਂ ਪੰਜਾਬ ਵਿੱਚ ਫੇਰ ਇੱਕ ਹਨੇਰੀ ਝੁੱਲੀ। ਇਹ ਹਨੇਰੀ ਸੰਤਾਲੀ ਦੀ ਹਨੇਰੀ ਨਾਲੋਂ ਬਹੁਤ ਭਾਰੀ ਤੇ ਤੇਜ਼ ਸੀ। ਫ਼ਰਕ ਇਹ ਸੀ ਕਿ ਸੰਤਾਲੀ ਵਾਲੀ ਹਨੇਰੀ ਤਾਂ ਦੋ-ਚਾਰ ਮਹੀਨਿਆਂ ਤੱਕ ਹੀ ਵਗੀ ਸੀ। ਇਹ ਹਨੇਰੀ ਕਈ ਵਰ੍ਹੇ ਚਲਦੀ ਰਹੀ। ਇਹਦਾ ਕੋਈ ਅੰਤ ਨਹੀਂ ਦਿਸਦਾ ਸੀ। ਪੰਜਾਬੀ ਲੋਕ ਹਨੇਰੇ ਦਾ ਜੀਵਨ ਜਿਉਂ ਰਹੇ ਸਨ। ਸੂਰਜ ਚੜ੍ਹਦਾ ਲੱਥਦਾ ਹੋਵੇਗਾ, ਪਰ ਦਿਸਦਾ ਨਹੀਂ ਸੀ। ਕਿਸੇ ਦੀ ਕਿਸੇ ਨੂੰ ਕੋਈ ਪਹਿਚਾਣ ਨਹੀਂ ਰਹਿ ਗਈ ਸੀ। ਹਨੇਰੇ ਦਾ ਦੈਂਤ ਕਦੇ ਵੀ ਕਿਸੇ ਨੂੰ ਨਿਗ਼ਲ ਲੈਂਦਾ। ਮਨੁੱਖ ਦੀ ਜਾਨ ਕੁੱਤਿਆਂ-ਬਿੱਲਿਆਂ ਨਾਲੋਂ ਸਸਤੀ ਹੋ ਗਈ। ਪੰਜਾਬੀ ਕੌਮ ਲਗਾਤਾਰ ਖ਼ਤਮ ਹੁੰਦੀ ਜਾ ਰਹੀ ਸੀ। ਪੰਜਾਬ ਨੂੰ ਪਤਾ ਨਹੀਂ ਇਹ ਕਿਹੜੇ ਜੁੱਗ ਦਾ ਸਰਾਪ ਸੀ ਕਿ ਇੱਕ ਦਿਨ ਅਜਿਹਾ ਆਵੇਗਾ, ਜਦੋਂ ਭਾਈ ਨੂੰ ਭਾਈ ਖ਼ਤਮ ਕਰਨ ਲੱਗਣਗੇ ਜਾਂ ਕੀ ਪਤਾ ਬਈ ਧਰਤੀ ਬੰਦਿਆਂ ਦਾ ਭਾਰ ਮੰਨਣ ਲੱਗ ਪਈ ਹੋਵੇ।

ਆਪਣਾ ਪਰਮ-ਮਿੱਤਰ ਨੰਦ ਲਾਲ ਬਹੁਤ ਦੁਖੀ ਸੀ। ਦਹਿਸ਼ਤ ਹਰ ਪੰਜਾਬੀ ਹਿੰਦੂ ਦੇ ਮਨ ਵਿੱਚ ਗਹਿਰਾਈ ਤੱਕ ਉੱਤਰ ਗਈ। ਪਿੰਡਾਂ ਦੇ ਹਿੰਦੂ ਪਰਿਵਾਰ ਉੱਠ ਕੇ ਸ਼ਹਿਰਾਂ ਵਿੱਚ ਜਾ ਵਸੇ। ਕੁਝ ਹਿੰਦੂ ਲੋਕ ਬਹੁਤ ਤੱਤੇ ਵਗੇ ਤੇ ਪੰਜਾਬ ਹੀ ਛੱਡ ਦਿੱਤਾ। ਦੂਜੇ ਸੂਬਿਆਂ ਵਿੱਚ ਜਾ ਕੇ ਡੇਰੇ ਲਾਏ। ਉਹਨਾਂ ਲਈ ਜਿਵੇਂ ਦੂਜਾ ਪਾਕਿਸਤਾਨ ਬਣ ਗਿਆ ਹੋਵੇ। ਰਾਜਸਥਾਨ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ ਹਜ਼ਾਰਾਂ ਪਰਿਵਾਰ ਜਾ ਟਿਕੇ। ਅਖੇ ਓਥੇ ਆਪਣੇ ਹਿੰਦੂ ਭਰਾਵਾਂ ਵਿੱਚ ਰਹਾਂਗੇ।

ਨੰਦ ਲਾਲ ਤੇ ਉਹਦਾ ਮੁੰਡਾ ਪਰਮਾਤਮਾ ਨੰਦ ਨਿੱਤ ਸ਼ਹਿਰ ਜਾਂਦੇ ਸਨ। ਨੰਦ ਲਾਲ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਤੇ ਪਰਮਾਤਮਾ ਨੰਦ ਸਬਜ਼ੀ ਲੈਣ ਜਾਂਦਾ। ਨੰਦ ਲਾਲ ਦੇ ਦਿਮਾਗ਼ ਵਿੱਚ ਕੈਂਸਰ ਰੋਗ ਜਿਹਾ ਡਰ ਬੈਠ ਗਿਆ ਸੀ ਕਿ ਉਹਨਾਂ ਦੋਵੇਂ ਪਿਓ-ਪੁੱਤਾਂ ਨੂੰ ਇੱਕ ਦਿਨ ਕੋਈ ਕਤਲ ਕਰ ਦੇਵੇਗਾ। ਨੰਦ ਲਾਲ ਨੂੰ ਆਥਣ ਦੇ ਹਨੇਰੇ ਵਿੱਚ ਤੇ ਪਰਮਾਤਮਾ ਨੰਦ ਨੂੰ ਸਵੇਰ ਦੇ ਹਨੇਰੇ ਵਿੱਚ।

ਪੰਜਾਬ ਛੱਡ ਕੇ ਉਹ ਗਏ ਤਾਂ ਓਥੇ ਜਾ ਕੇ ਵੀ ਓਹੀ ਕੰਮ ਕਰਨ ਲੱਗੇ। ਨੰਦ ਲਾਲ ਕਿਸੇ ਕੱਪੜੇ ਦੀ ਦੁਕਾਨ 'ਤੇ ਬੈਠ ਗਿਆ ਤੇ ਪਰਮਾਤਮਾ ਨੰਦ ਸਬਜ਼ੀ ਦੀ ਰੇਹੜੀ ਲਾਉਂਦਾ, ਪਰ ਦੋਹਾਂ ਦੀ ਦਾਲ ਨਹੀਂ ਗਲ਼ੀ। ਉਹ ਪੰਜਾਬ ਵਿੱਚ 'ਹਿੰਦੂ' ਸਨ ਤਾਂ ਪੰਜਾਬ ਤੋਂ ਬਾਹਰ ਜਾ ਕੇ 'ਪੰਜਾਬੀ' ਹੋ ਗਏ। ਓਥੇ ਉਹ ਦੋ-ਤਿੰਨ ਮਹੀਨੇ ਹੀ ਮਸਾਂ ਟਿਕ ਸਕੇ। ਭੁੱਖੇ ਮਰਨ ਲੱਗੇ। ਨੰਦ ਲਾਲ ਨੂੰ ਕੱਪੜੇ ਦੀ ਦੁਕਾਨ ਤੋਂ ਹਟਾ ਦਿੱਤਾ ਗਿਆ ਸੀ ਤੇ ਪਰਮਾਤਮਾ ਨੰਦ ਦੀ ਰੇਹੜੀ ਚੱਲਦੀ ਨਹੀਂ ਸੀ। ਆਖ਼ਰ ਸਾਰਾ ਲਕਾ-ਤੁਕਾ ਚੁੱਕ ਕੇ ਵਾਪਸ ਆ ਗਏ। ਨੰਦ ਲਾਲ ਆਖਦਾ ਸੀ- 'ਬਿਗ਼ਾਨੀ ਧਰਤੀ 'ਤੇ ਭੁੱਖੇ ਮਰਨ ਨਾਲੋਂ, ਜੇ ਭਲਾ ਮਰਨਾ ਈ ਹੋਇਆ, ਆਪਣੀ ਧਰਤੀ 'ਤੇ ਖਾਂਦੇ-ਪੀਂਦੇ ਤਾਂ ਮਰਾਂਗੇ।'

ਨੰਦ ਲਾਲ ਦੇ ਘਰ ਦੀਆਂ ਚਾਬੀਆਂ ਮੇਰੇ ਕੋਲ ਸਨ। ਉਹ ਮੁੜ ਕੇ ਆਇਆ ਤਾਂ ਉਹਦਾ ਘਰ ਓਵੇਂ ਦਾ ਓਵੇਂ ਕਾਇਮ ਸੀ। ਰਿਸ਼ਮ ਭਰ ਦੀ ਵੀ ਕੋਈ ਚੀਜ਼ ਨਹੀਂ ਹਿੱਲੀ ਕਿਧਰੇ।

ਫੇਰ ਭਾਈ ਦਿਨ ਭਰ ਫਿਰਨ ਲੱਗੇ। ਉਹ ਗੱਲਾਂ ਰਹੀਆਂ ਹੀ ਨਾ। ਦਹਿਸ਼ਤ ਹਲਕੀ ਪੈਣ ਲੱਗੀ। ਹਨੇਰੀਆਂ ਦਾ ਕਾਲ਼ਾ ਰੰਗ ਬਾਦਾਮੀ ਹੋ ਗਿਆ ਤੇ ਫਿਰ ਬਾਦਾਮੀ ਵੀ ਨਾ ਰਿਹਾ। ਹਵਾ ਟਿਕ ਕੇ ਚੱਲਣ ਲੱਗੀ। ਹੁਣ ਉਹੀ ਨੰਦ ਲਾਲ ਹੈ ਤੇ ਓਹੀ ਉਹਦਾ ਮੁੰਡਾ ਪਰਮਾਤਮਾ ਨੰਦ। ਨੰਦ ਲਾਲ ਸ਼ਹਿਰ ਜਾ ਕੇ ਮਜ਼ੇ ਨਾਲ ਕੱਪੜੇ ਦੀ ਦੁਕਾਨ 'ਤੇ ਬੈਠਦਾ ਹੈ ਤੇ ਪਰਮਾਤਮਾ ਨੰਦ ਬੇਖ਼ੌਫ਼ ਸਬਜ਼ੀ ਦਾ ਸਾਈਕਲ ਪਿੰਡਾਂ ਵਿੱਚ ਰੇੜ੍ਹੀ ਫਿਰਦਾ ਹੈ। ਸਬਜ਼ੀ ਦਾ ਹੋਕਾ ਦੇਣ ਵੇਲੇ ਉਹਦੇ ਬੋਲ ਵਿੱਚ ਕੋਈ ਥਿੜਕਣ ਨਹੀਂ। ਸਭ ਸ਼ਾਂਤ ਹੋ ਗਿਆ ਹੈ।

ਪਤਾ ਨਹੀਂ ਕਿਉਂ, ਸਦੀਕ! ਹੁਣ ਮੈਨੂੰ ਤੂੰ ਬਹੁਤ ਯਾਦ ਆਉਂਦਾ ਹੈਂ। ਲੱਗਦਾ ਹੈ, ਤੇਰੇ ਬਗ਼ੈਰ ਪਿੰਡ ਸੁੰਨਾ ਹੈ। ਅਸਲ ਵਿੱਚ ਤਾਂ ਮੁਲਸਮਾਨ ਭਰਾਵਾਂ ਬਗ਼ੈਰ ਇਹ ਪਿੰਡ ਹੁਣ ਇਉਂ ਲੱਗਦਾ ਹੈ, ਜਿਵੇਂ ਕੋਈ ਪਿੰਡ ਹੋਵੇ ਹੀ ਨਾ। ਕੱਟੀ ਹੋਈ ਬਾਂਹ ਵਾਲਾ ਪਿੰਡ।

ਉਹ ਕਿਹੀਆਂ ਬਹਾਰਾਂ ਸਨ, ਜਦੋਂ ਪਿੰਡ ਵਿੱਚ ਬਾਣੀਏ-ਬਾਮ੍ਹਣ, ਜੱਟ-ਤਖਾਣ, ਮਜ਼੍ਹਬੀ-ਰਮਦਾਸੀਏ ਅਤੇ ਮੁਸਲਮਾਨਾਂ ਦੇ ਸਾਰੇ ਘਰ ਵਸਦੇ ਹੁੰਦੇ। ਪਿੰਡ ਤਾਂ ਵਸਦਾ ਹੀ ਓਦੋਂ ਸੀ। ਹੁਣ ਕਾਹਦਾ ਵਸੇਵਾ ਹੈ। ਮੁਸਲਮਾਨਾਂ ਵਾਲੇ ਸਾਰੇ ਕੰਮ ਹੁਣ ਏਧਰਲੇ ਲੋਕ ਕਰਦੇ ਹਨ। ਪਿੰਡ ਅਧੂਰਾ ਹੈ, ਸਦੀਕ। ਤੂੰ ਵੀ ਮੁੜ ਆ। ਤੈਨੂੰ ਮੈਂ ਆਪਣੀ ਜ਼ਮੀਨ ਵਿਚੋਂ ਤੇਰੇ ਵਾਹੁਣ ਜੋਗੀ ਜ਼ਮੀਨ ਦੇ ਦਿਆਂਗਾ। ਮੇਰੇ ਕੋਲ ਬਥੇਰੀ ਜ਼ਮੀਨ ਹੈ। ਤੇਰੇ ਜੁਆਕਾਂ-ਜੱਲਿਆਂ ਤੇ ਭਰਜਾਈ ਖ਼ਾਤਰ ਬਾਹਰ ਫਿਰਨੀ ਉੱਤੇ ਪੱਕਾ ਘਰ ਛੱਤ ਦਿਆਂਗਾ। ਫਿਰਨੀ ਉੱਤੇ ਮੇਰੀ ਆਬਾਦੀ ਦੀ ਜ਼ਮੀਨ ਓਵੇਂ ਦੀ ਓਵੇਂ ਖ਼ਾਲੀ ਪਈ ਹੈ। ਤੂੰ ਜਿੱਥੇ ਵੀ ਕਿਤੇ ਹੈਂ, ਜਿਸ ਹਾਲ ਵਿੱਚ ਵੀ ਹੈਂ, ਸਭ ਛੱਡ ਕੇ ਆ ਜਾ ਆਪਣੇ ਪਿੰਡ, ਆਪਣੀ ਧਰਤੀ ਉੱਤੇ।*