ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਤੀਰਥ

ਤੀਰਥ

ਬੱਸ ਵਿਚੋਂ ਉੱਤਰ ਕੇ ਮੈਂ ਲੋਕਾਂ ਦੇ ਇੱਕ ਵਿਸ਼ਾਲ ਸਮੂਹ ਵਿੱਚ ਗੁਆਚ ਗਿਆ। ਬੱਸ-ਅੱਡੇ ਦੀ ਕੁਰਬਲ-ਕੁਰਬਲ, ਕੀਹਨੂੰ ਪੁੱਛਾਂ ਕਿ ਤੀਰਥ ਨੂੰ ਕਿਵੇਂ ਜਾਇਆ ਜਾਵੇ। ਇੱਕ ਵੀ ਜਾਣਕਾਰ ਚਿਹਰਾ ਨਹੀਂ ਲੱਭ ਰਿਹਾ ਸੀ। ਪਰ ਇਸ ਪ੍ਰਦੇਸ ਵਿੱਚ ਮੇਰਾ ਕੌਣ ਜਾਣਕਾਰ ਹੋ ਸਕਦਾ ਸੀ? ਸਭ ਅਜਨਬੀ ਚਿਹਰੇ ਸਨ। ਕਹਿੰਦੇ ਨੇ-ਧਰਤੀ ਦੇ ਕਿਸੇ ਵੀ ਖੂੰਜੇ ਚਲੇ ਜਾਓ, ਕਿਸੇ ਪੰਜਾਬੀ ਭਰਾ ਦੇ ਦਰਸ਼ਨ ਜ਼ਰੂਰ ਹੋ ਜਾਣਗੇ। ਪੰਜਾਬ ਦੁਨੀਆ ਦੀ ਨਾੜ-ਨਾੜ ਵਿੱਚ ਫ਼ੈਲ ਗਿਆ ਹੈ। ਪਰ ਮੈਂ ਹੈਰਾਨ-ਐਨੇ ਇਕੱਠ ਵਿੱਚ ਇੱਕ ਬੰਦਾ ਵੀ ਕੋਈ ਪਗੜੀ ਵਾਲਾ ਨਹੀਂ। ਪੰਜਾਬੀ ਪਗੜੀ ਵਾਲਾ। ਉਂਜ ਟੇਢੀਆਂ-ਵਿੰਗੀਆਂ ਰੱਸੇ ਵਾਂਗ ਮਰੋੜੀ ਦੇ ਕੇ ਬੰਨ੍ਹੀਆਂ ਪਗੜੀਆਂ ਵਾਲੇ ਕਈ ਨਜ਼ਰੀਂ ਪੈ ਰਹੇ ਸਨ। ਪੰਜਾਬੀ ਪਗੜੀ ਦੀ ਤਾਂ ਪਹਿਚਾਣ ਹੀ ਅਲੱਗ ਹੁੰਦੀ ਹੈ। ਹਿੰਦੂ ਹੋਵੇ, ਸਿੱਖ ਹੋਵੇ ਤੇ ਚਾਹੇ ਮੁਸਲਮਾਨ ਪਗੜੀ ਬੰਨ੍ਹਣ ਦਾ ਰੰਗ-ਢੰਗ ਪੰਜਾਬੀ ਹੋਵੇਗਾ ਤੇ ਉਸ ਦਿਨ ਪ੍ਰਦੇਸ ਦੇ ਉਸ ਬੱਸ-ਅੱਡੇ ਵਿੱਚ ਮੈਂ ਹੀ ਇਕੱਲਾ ਪੰਜਾਬੀ ਸਾਂ। ਉਂਜ ਮੈਂ ਸੁਣਿਆ ਹੋਇਆ ਸੀ ਕਿ ਜੇ ਪੈਰੀਂ ਤੁਰ ਕੇ ਵੀ ਤੀਰਥ ਪਹੁੰਚਣਾ ਹੋਵੇ ਤਾਂ ਪੰਦਰਾਂ-ਵੀਹ ਮਿੰਟ ਤੋਂ ਵੱਧ ਦਾ ਪੈਂਡਾ ਨਹੀਂ। ਪੱਕੀ ਸੜਕ ਜਾਂਦੀ ਹੈ। ਉਂਜ ਤਾਂਗੇ ਤੇ ਰਿਕਸ਼ੇ ਵੀ ਚਲਦੇ ਹਨ। ਥਿਰੀ-ਵ੍ਹੀਲਰ ਵੀ ਹੋਣਗੇ। ਬੱਸ-ਅੱਡੇ ਵਿਚੋਂ ਨਿਕਲ ਕੇ ਛੋਟਾ ਜਿਹਾ ਬਾਜ਼ਾਰ ਆਇਆ, ਬਾਜ਼ਾਰ ਤੋਂ ਅੱਗੇ ਬਸਤੀ ਦੇ ਨਾਲ ਨਾਲ ਤੀਰਥ ਨੂੰ ਸੜਕ ਜਾਂਦੀ ਸੀ। ਮੈਂ ਪੈਦਲ ਹੀ ਤੁਰਿਆ ਜਾ ਰਿਹਾ ਸੀ। ਮੋਢੇ ਏਅਰ-ਬੈਗ ਲਟਕਾਇਆ ਹੋਇਆ, ਬਸ ਜਾ ਰਿਹਾ ਸਾਂ, ਮੂੰਹ ਦੀਆਂ ਵਿਸਲਾਂ ਵਜਾਉਂਦਾ...।

'ਮਾਸਟਰ ਜੀ....' ਕਿਧਰੋਂ ਕੋਈ ਆਵਾਜ਼ ਆਈ।

ਮੈਂ ਸੜਕ ਉੱਤੇ ਹੀ ਖੜ੍ਹਾ ਰਹਿ ਗਿਆ। ਜਿਵੇਂ ਕੋਈ ਜਾਣਿਆ-ਪਛਾਣਿਆ ਬੋਲ ਹੋਵੇ। ਤੇ ਜਿਵੇਂ ਮੈਨੂੰ ਹੀ ਬੁਲਾਇਆ ਗਿਆ ਹੋਵੇ। ਪਰ ਇਸ ਪ੍ਰਦੇਸ ਵਿੱਚ, ਇਹ ਕਿਵੇਂ ਹੋ ਸਕਦਾ ਹੈ? ਮੈਂ ਏਧਰ ਓਧਰ ਅੱਖਾਂ ਪਾੜ ਪਾੜ ਝਾਕਣ ਲੱਗਿਆ। ਕੋਈ ਨਹੀਂ ਦਿਸ ਰਿਹਾ ਸੀ, ਜਿਸ ਨੇ ਮੈਨੂੰ ਆਵਾਜ਼ ਦਿੱਤੀ ਹੋਵੇ। ਲੱਗਿਆ, ਐਵੇਂ ਕੰਨ ਬੋਲੇ ਹੋਣਗੇ। 'ਮਾਸਟਰ ਜੀ' ਕਹਿ ਕੇ ਬੁਲਾਉਣ ਵਾਲਾ ਏਥੇ ਕਿੱਥੇ ਹੈ। ਮੈਂ ਫੇਰ ਤੁਰ ਪਿਆ। ਤਾਹੀਏਂ ਇੱਕ ਦਸ-ਬਾਰਾਂ ਸਾਲ ਦੀ ਨਿੱਕੀ ਕੁੜੀ ਨੇ ਪਿੱਛੋਂ ਆ ਕੇ ਮੇਰੀ ਬਾਂਹ ਫ਼ੜ ਲਈ। ਬੋਲੀ-'ਆਪ ਕੋ ਬੁਲਾਇਆ ਹੈ।'

ਮੈਂ ਪਿਛਾਂਹ ਮੁੜ ਕੇ ਦੇਖਿਆ, ਬਸਤੀ ਦੇ ਘਰਾਂ ਵਿੱਚ ਇੱਕ ਬਾਰ ਮੂਹਰੇ ਖੜ੍ਹੀ ਔਰਤ ਨੇ ਮੇਰੇ ਵੱਲ ਹੱਥ ਖੜ੍ਹਾ ਕੀਤਾ। ਉਹਨੇ ਸਾੜ੍ਹੀ ਪਹਿਣ ਰੱਖੀ ਸੀ। ਮੇਰਾ ਦਿਮਾਗ਼ ਚਕਰਾ ਕੇ ਰਹਿ ਗਿਆ-'ਇਹ ਕੌਣ ਹੋਈ?'

ਨੇੜੇ ਜਾ ਕੇ ਵੀ ਮੈਂ ਉਹਨੂੰ ਪਹਿਚਾਣ ਨਾ ਸਕਿਆ। ਪਰ ਉਹ ਤਾਂ ਮੁਸਕਰਾ ਰਹੀ ਸੀ। ਮੈਨੂੰ ਅੰਦਰ ਲੰਘ ਆਉਣ ਲਈ ਕਹਿ ਰਹੀ ਸੀ।

ਘਰ ਦੇ ਛੋਟੇ-ਛੋਟੇ ਕਮਰੇ ਸਨ। ਇੱਕ ਕਮਰੇ ਪਿੱਛੇ, ਫੇਰ ਛੋਟਾ ਜਿਹਾ ਵਿਹੜਾ। ਫੇਰ ਇੱਕ ਕਮਰਾ। ਇਸ ਕਮਰੇ ਅੱਗੇ ਨਿੱਕੀ ਜਿਹੀ ਥਾਂ ਛੱਡ ਕੇ ਦਰਵਾਜ਼ੇ ਦੀ ਕੰਧ। ਕਮਰੇ ਤੋਂ ਦਰਵਾਜ਼ੇ ਦੀ ਕੰਧ ਤੱਕ ਛੱਪਰ ਸੀ। ਬਾਂਸਾਂ ਤੇ ਸਿਰਕੀ ਦਾ ਛੱਪਰ। ਇਸ ਛੱਪਰ ਥੱਲੇ ਸਾਈਕਲ ਸੰਵਾਰਨ ਦਾ ਸਾਮਾਨ ਪਿਆ ਸੀ। ਬੰਦਾ ਕੋਈ ਘਰ ਵਿੱਚ ਨਹੀਂ ਦਿਸਦਾ ਸੀ। ਇੱਕ ਛੋਟੀ ਕੁੜੀ ਹੋਰ ਸੀ। ਜਾਂ ਬੱਸ ਉਹ ਔਰਤ। ਕੋਈ ਬੁੜ੍ਹੀ-ਠੇਰੀ ਵੀ ਨਹੀਂ ਸੀ। ਉਹਨੇ ਮੈਨੂੰ ਕਮਰੇ ਵਿੱਚ ਬਿਠਾ ਲਿਆ। ਕਮਰੇ ਵਿੱਚ ਦੋ ਕੁਰਸੀਆਂ ਸਨ। ਲੱਕੜ ਦਾ ਤਖਤਪੋਸ਼, ਉੱਤੇ ਘਸਮੈਲ਼ੀ ਜਿਹੀ ਚਾਦਰ ਵਿਛੀ ਹੋਈ ਤੇ ਸਿਰਹਾਣਾ। ਮੈਂ ਕੁਰਸੀ ਉੱਤੇ ਬੈਠ ਗਿਆ। ਉਹ ਤਖ਼ਤਪੋਸ਼ ਉੱਤੇ ਸੀ। ਮੈਂ ਉਹਨੂੰ ਅਜੇ ਵੀ ਨਹੀਂ ਪਛਾਣਿਆ ਸੀ। ਹੁਣ ਉਹ ਮੁਸਕਰਾ ਨਹੀਂ ਰਹੀ ਸੀ। ਚੁੱਪ ਸੀ। ਫੇਰ ਬੋਲੀ-'ਤੁਸੀਂ ਮਾਸਟਰ ਜੀ, ਪਛਾਣਿਆ ਨ੍ਹੀ ਮੈਨੂੰ?' ਬੋਲਣ ਤੋਂ ਉਹ ਮੈਨੂੰ ਪੰਜਾਬਣ ਲੱਗੀ। ਕੁੱਝ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਕੌਣ ਹੈ। ਪ੍ਰਦੇਸਾਂ ਵਿੱਚ ਸਾੜ੍ਹੀ ਵਾਲੀ ਔਰਤ ਪੰਜਾਬੀ ਬੋਲ ਰਹੀ ਸੀ। ਮੈਂ ਉਹਦੇ ਵੱਲ ਮੂਰਖ਼ਾਂ ਵਾਂਗ ਝਾਕ ਰਿਹਾ ਸਾਂ। ਫੇਰ ਉਹ ਆਪ ਬੋਲੀ-'ਮੈਂ, ਮਾਸਟਰ ਜੀ, ਸੀਬੋ ਆਂ।'

'ਕਿਹੜੀ ਸੀਬੋ?' ਮੈਂ ਆਪਣਾ ਮੱਥਾ ਛੋਟਾ ਕੀਤਾ।

'ਤੁਸੀਂ ਸਾਡੇ ਪਿੰਡ ਮਾਸਟਰ ਹੁੰਦੇ ਸੀ, ਦਿਆਲਪੁਰੇ।'

'ਅੱਛਾ!' ਇੱਕ ਦਮ ਮੇਰੇ ਕੰਨ ਖੁੱਲ੍ਹ ਗਏ। ਨਾਲ ਦੀ ਨਾਲ ਮੈਂ ਸ਼ਰਮਸਾਰ ਵੀ ਹੋਇਆ। ਮੇਰੀ ਜ਼ੁਬਾਨ ਥਿੜਕ ਰਹੀ ਸੀ- ਸੱਚੀ ਗੱਲ ਐ, ਮੈਂ ਤਾਂ ਭਾਈ, ਪਛਾਣਿਆ ਨ੍ਹੀ ਸੀ, ਤੈਨੂੰ।' ਫੇਰ ਕਿਹਾ-'ਤੂੰ ਤਾਂ ਭਾਈ ਬਹੁਤ ਬਦਲ 'ਗੀ।'

'ਬਦਲ' ਗੀ ਛੱਡ, ਮਾਸਟਰ ਜੀ, ਪਹਿਲਾਂ ਵਾਲੀ ਸੀਬੋ ਦਾ ਮੇਰੇ 'ਚ ਹੈ ਈ ਕੀ?'

'ਐਥੇ, ਭਾਈ, ਕਿਵੇਂ ਤੂੰ?' ਮੈਂ ਆਪਣਾ ਏਅਰ ਬੈਗ ਮੋਢਿਓਂ ਉਤਾਰ ਕੇ ਕੁਰਸੀ ਦੀ ਲੱਤ ਕੋਲ ਰੱਖ ਲਿਆ ਤੇ ਨਿਸ਼ਚਿੰਤ ਹੋ ਕੇ ਬੈਠ ਗਿਆ।

'ਬੱਸ, ਮਾਸਟਰ ਜੀ, ਹੁਣ ਤਾਂ ਇਹੀ ਘਰ ਐ ਮੇਰਾ।' ਉਹਨਾਂ ਤਸੱਲੀ ਨਾਲ ਦੱਸਿਆ। ਫੇਰ ਕਹਿਣ ਲੱਗੀ-'ਇਹ ਦੋ ਕੁੜੀਆਂ ਮੇਰੀਆਂ ਈ ਨੇ। ਇਹਨਾਂ ਦਾ ਪਿਓ ਏਧਰ ਦਾ ਐ। ਇਹ ਪਹਿਲਾਂ ਟਰੱਕਾਂ ਦੀ ਕਲੀਨਰੀ ਕਰਦਾ ਹੁੰਦਾ ਸੀ। ਕਦੇ ਕਿਤੇ ਹੁੰਦਾ ਤੇ ਕਦੇ ਕਿਤੇ। ਏਹੇ ਮੈਨੂੰ ਲੈ ਆਇਆ। ਏਥੇ ਹੁਣ ਸਾਈਕਲ ਸੰਵਾਰਨ ਦੀ ਦੁਕਾਨ ਐ ਇਹਦੀ। ਸਾਡੇ ਕੋਲ ਚਾਰ ਰਿਕਸ਼ੇ ਵੀ ਨੇ। ਉਹਨਾਂ ਦੀ ਕਮਾਹੀ ਐ। ਸੁਹਣਾ ਗੁਜ਼ਾਰਾ ਹੋਈ ਜਾਂਦੈ। ਮਾਸਟਰ ਜੀ।' ਫੇਰ ਪੁੱਛਿਆ-'ਤੁਸੀਂ ਐਡੀ ਦੂਰ ਏਥੇ ਕਿਵੇਂ ਆ 'ਗੇ?'

'ਮੈਂ ਦੱਸਣ ਲੱਗਿਆ-'ਮੈਂ ਨੌਕਰੀ ਤੋਂ ਤਾਂ ਰਿਟਾਇਰ ਹੋ ਗਿਆ, ਭਾਈ।'

'ਅੱਛਾ, ਰਿਟਾਇਰ ਵੀ ਹੋ 'ਗੇ? ਲੱਗਦਾ ਤਾਂ ਹੈਨ੍ਹੀ। ਓਹੋ-ਜ੍ਹੇ ਈ ਪਏ ਓਂ। ਮਾਸਟਰ ਜੀ। ਤੁਸੀਂ ਤਾਂ।' ਉਹ ਮੇਰੀ ਗੱਲ ਨੂੰ ਕੱਟ ਕੇ ਬੋਲ ਗਈ।

'ਹੁਣ ਵਿਹਲਾ ਆਂ ਜਮ੍ਹਾਂ। ਘਰ ਦੀ ਕਬੀਲਦਾਰੀ ਮੁੰਡਿਆਂ ਨੇ ਸਾਂਭ 'ਲੀ। ਦੋਵੇਂ ਵਿਆਹੇ-ਵਰ੍ਹੇ ਨੇ। ਮਾਂ ਉਹਨਾਂ ਦੀ, ਚਾਰ-ਪੰਜ ਸਾਲ ਹੋ 'ਗੇ, ਗੁਜ਼ਰ 'ਗੀ ਸੀ, ਦੇਖ ਲੈ।

ਮਖਿਆ ਦੁਨੀਆਂ ਦੇਖ ਲੀਏ, ਤੁਰ-ਫਿਰ ਕੇ। ਐਥੇ ਏਸ ਤੀਰਥ ਦੀ ਬੜੀ ਮਹਿਮਾ ਸੁਣੀ ਸੀ ਮੈਂ।'

'ਹਾਂ ਜੀ, ਏਥੇ ਤਾਂ ਬੜੀ ਦੁਨੀਆਂ ਆਉਂਦੀ ਐ? ਦੂਰ-ਦੂਰ ਤੋਂ ਚੱਲ ਕੇ।'

'ਸੁਣਿਐ, ਇਹ ਸਰੋਵਰ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਦਾ ਐ। ਬ੍ਰਹਮਾ ਦਾ ਮੰਦਰ ਐ ਏਥੇ। ਬੱਸ, ਇਹ ਇਕੋ ਐ। ਸੰਸਾਰ 'ਚ ਬ੍ਰਹਮਾ ਦਾ ਮੰਦਰ ਹੋਰ ਕਿਤੇ ਨ੍ਹੀ।'

'ਐਂ ਈ ਸੁਣਦੇ ਆਂ, ਮਾਸਟਰ ਜੀ। ਅਸੀਂ ਤਾਂ ਕਈ ਵਾਰੀ ਜਾ ਆਏ ਆਂ, ਜੁਆਕਾਂ ਨੂੰ ਨਾਲ ਲੈ ਕੇ।'

'ਲੈ, ਥੋਡੇ ਤਾਂ ਘਰ 'ਚ ਤੀਰਥ ਐ, ਭਾਈ।' ਮੈਂ ਹੱਸਣ ਲੱਗਿਆ।

'ਚਾਹ ਬਣਾਵਾਂ, ਮਾਸਟਰ ਜੀ, ਜਾਂ ਦੁੱਧ ਪੀਣੈ?' ਜਿਵੇਂ ਉਹਨੂੰ ਇੱਕਦਮ ਯਾਦ ਆਇਆ ਹੋਵੇ।

'ਦੁੱਧ ਨੂੰ ਕੀ ਏਥੇ ਮੈਸ ਬੰਨ੍ਹੀ ਹੋਈ ਐ ਤੇਰੀ, ਕੁੜੀਏ, ਚਾਹ ਦੀ ਘੁੱਟ ਕਰ ਲੈ, ਪੀ ਲਾਂਗੇ।' ਮੈ ਫੇਰ ਹੱਸਿਆ।

'ਨਹੀਂ, ਇਹ ਗੱਲ ਨ੍ਹੀ। ਘਰੇ ਪਿਐ ਦੁੱਧ। ਅਸੀਂ ਤਾਂ ਸਵੇਰੇ ਈ 'ਕੱਠਾ ਲੈ ਲੈਨੇ ਆਂ, ਤਿੰਨ ਕਿਲੋ। ਸਾਰਾ ਦਿਨ ਚਾਹ ਬਣਦੀ ਰਹਿੰਦੀ ਐ। ਇਹਦਾ ਚਾਹ ਪੀਣ ਦਾ ਬਹੁਤ ਸੁਭਾਅ ਐ। ਅੱਜ ਤੜਕੇ ਦਾ ਗਿਐ ਕਿਧਰੇ। ਦੁੱਧ ਦਾ ਪਤੀਲਾ, ਤੱਤਾ ਕੀਤਾ, ਓਵੇਂ-ਜਿਵੇਂ ਪਿਐ, ਭਰੇ ਦਾ ਭਰਿਆ।' ਜਿਵੇਂ ਉਹਨੇ ਇਸ ਖਾਂਦੇ-ਪੀਂਦੇ ਘਰ ਦੀ ਫੜ੍ਹ ਮਾਰੀ ਹੋਵੇ।

'ਚਾਹ ਈ ਠੀਕ ਹੈ।' ਮੈਂ ਕਹਿ ਦਿੱਤਾ।

ਦੋਵੇਂ ਕੁੜੀਆਂ ਉਹਦੇ ਕੋਲ ਬੈਠੀਆਂ ਹੋਈਆਂ ਸਨ। ਮੇਰੇ ਵੱਲ ਉਹ ਬਹੁਤ ਗ਼ੌਰ ਨਾਲ ਝਾਕ ਰਹੀਆਂ ਸਨ। ਸਾਡੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਹੋਣਗੀਆਂ। ਜਦੋਂ ਉਹ ਚਾਹ ਬਣਾਉਣ ਲਈ ਉੱਠੀ ਤਾਂ ਵੱਡੀ ਕੁੜੀ ਉਹਦੇ ਮਗਰ ਹੀ ਉਹਦੀ ਸਾੜ੍ਹੀ ਦਾ ਪੱਲਾ ਫ਼ੜ ਕੇ ਤੁਰਨ ਲੱਗੀ। ਪੁੱਛ ਰਹੀ ਸੀ-'ਕੌਣ ਹੈਂ ਯੇਹ? ਕਯਾ ਬੋਲ ਰਹੇ ਹੈਂ?'


ਜਾਂਦੇ ਜਾਂਦੇ ਸੀਬੋ ਨੇ ਹਿੰਦੀ ਵਿੱਚ ਬੋਲ ਕੇ ਹੀ ਕੁੜੀ ਨੂੰ ਕੁਝ ਸਮਝਾਇਆ।

ਦਿਆਲਪੁਰੇ ਉਹਨਾਂ ਦੇ ਪਿੰਡ ਮੈਂ ਨਵਾਂ-ਨਵਾਂ ਬਦਲ ਕੇ ਗਿਆ ਸਾਂ। ਪ੍ਰਾਇਮਰੀ ਸਕੂਲ ਸੀ। ਮੈਂ ਇਕੱਲਾ ਹੀ ਸੀ ਉਸ ਸਕੂਲ ਵਿੱਚ। ਇਮਾਰਤ ਕੋਈ ਨਹੀਂ ਸੀ। ਪਿੰਡ ਦੀ ਇੱਕ ਹਥਾਈ ਵਿੱਚ ਸਕੂਲ ਲੱਗਦਾ। ਹਥਾਈ ਦੇ ਦੋ ਕਮਰੇ ਸਨ। ਕਮਰਿਆਂ ਅੱਗੇ ਇੱਕ ਵੱਡਾ ਸਾਰਾ ਲੰਬਾ-ਚੌੜਾ ਵਰ੍ਹਾਂਡਾ। ਵਰ੍ਹਾਂਡੇ ਤੋਂ ਬਾਹਰ ਚੌੜਾ ਵਿਹੜਾ ਸੀ। ਇੱਕ ਕਮਰੇ ਵਿੱਚ ਮੇਰੀ ਰਿਹਾਇਸ਼ ਸੀ। ਦੂਜੇ ਕਮਰੇ ਵਿੱਚ ਸਕੂਲ ਦਾ ਸਾਮਾਨ ਪਿਆ ਰਹਿੰਦਾ। ਮੁੰਡੇ-ਕੁੜੀਆਂ ਵਰ੍ਹਾਂਡੇ ਵਿੱਚ ਪੱਕੇ ਫਰਸ਼ ਉੱਤੇ ਬੈਠਦੇ। ਸਿਆਲ ਦੇ ਦਿਨਾਂ ਲਈ ਵਿਹੜਾ ਸੀ।

ਮੇਰੇ ਕੋਲ ਮਿੱਟੀ ਦੇ ਤੇਲ ਵਾਲਾ ਸਟੋਵ ਸੀ। ਚਾਹ-ਰੋਟੀ ਖ਼ੁਦ ਹੀ ਬਣਾਉਂਦਾ। ਸਕੂਲ ਸਮੇਂ ਪਿੱਛੋਂ ਪਿੰਡ ਦੇ ਮੁੰਡੇ ਮੇਰੇ ਕੋਲ ਆ ਕੇ ਬੈਠੇ ਰਹਿੰਦੇ ਤੇ ਗੱਲਾਂ ਮਾਰਦੇ। ਜਿਹੜੇ ਕੁਝ ਪੜ੍ਹੇ ਹੋਏ ਸਨ, ਮੇਰਾ ਅਖ਼ਬਾਰ ਪੜ੍ਹ ਜਾਂਦੇ। ਹਨੇਰਾ ਹੋਣ ਤੱਕ ਬੈਠੇ ਰਹਿੰਦੇ। ਉਹ ਕਈ ਸਨ। ਦੋ ਆ ਗਏ, ਦੋ ਚਲੇ ਗਏ।

ਇੱਕ ਮੁੰਡਾ ਸੀ- ਬੱਲਾ। ਉਹ ਨਵਾਂ ਹੀ ਆਉਣ ਲੱਗਿਆ ਸੀ। ਉਹ ਦਿਨ-ਛਿਪੇ ਆਉਂਦਾ ਤੇ ਸਭ ਤੋਂ ਮਗਰੋਂ ਜਾਂਦਾ। ਉਹ ਤਾਂ ਮੇਰੇ ਨਿੱਕੇ-ਮੋਟੇ ਕੰਮ ਧੰਦੇ ਵੀ ਕਰਦਾ ਰਹਿੰਦਾ। ਮੇਰੀ ਦਾਲ-ਸਬਜ਼ੀ ਬਣਾ ਦਿੰਦਾ। ਕਦੇ-ਕਦੇ ਓਥੇ ਹੀ ਰੋਟੀ ਖਾ ਲੈਂਦਾ। ਫੇਰ ਤਾਂ ਉਹ ਮੇਰੇ ਜੂਠੇ ਭਾਂਡੇ ਨਿੱਤ ਮਾਂਜ ਕੇ ਜਾਂਦਾ।

ਇੱਕ ਰਾਤ ਉਹ ਕਾਫ਼ੀ ਦੇਰ ਤੱਕ ਬੈਠਾ ਰਿਹਾ। ਘਰ ਨੂੰ ਜਾਵੇ ਨਾ। ਸਿਆਲ ਦੀਆਂ ਰਾਤਾਂ ਸਨ। ਮੈਂ ਬਿਸਤਰਾ ਵਿਛਾ ਕੇ ਰਜ਼ਾਈ ਵੀ ਖੋਲ੍ਹ ਲਈ। ਪਰ ਉਹ ਕੁਰਸੀ ਉੱਤੇ ਬੈਠੇ ਦਾ ਬੈਠਾ। ਉਸ ਦਿਨ ਉਹ ਬਹੁਤ ਘੱਟ ਬੋਲ ਰਿਹਾ ਸੀ। ਜਿਵੇਂ ਆਪਣੇ ਅੰਦਰ ਕੁਝ ਲਈ ਬੈਠਾ ਹੋਵੇ।

'ਬੱਲਿਆ, ਕੀ ਗੱਲ ਓਏ? ਅੱਜ ਜਾਂਦਾ ਨੀ?' ਮੈਂ ਇਸ ਢੰਗ ਨਾਲ ਪੁੱਛਿਆ ਜਿਵੇਂ ਉਹਨੂੰ ਮੱਲੋ ਮੱਲੀ ਕਮਰੇ ਵਿਚੋਂ ਬਾਹਰ ਕੱਢ ਦੇਣਾ ਹੋਵੇ।

'ਆਹ ਇੱਕ ਕਾਗ਼ਜ਼ ਪੜ੍ਹ ਕੇ ਦੱਸਿਓ, ਕੀ ਲਿਖਿਆ ਹੋਇਐ?' ਉਹਨੇ ਆਪਣੇ ਗੀਝੇ ਵਿਚੋਂ ਚਾਰ ਤਹਿਆਂ ਕੀਤਾ ਸਕੂਲੀ ਕਾਪੀ ਦਾ ਇੱਕ ਵਰਕਾ ਕੱਢਿਆ।

ਲੈਂਪ ਕੋਲ ਜਾ ਕੇ ਮੈਂ ਇਹ ਪੜ੍ਹ ਲਿਆ। ਕਿਸੇ ਕੁੜੀ ਦੀ ਚਿੱਠੀ ਸੀ, ਬੱਲੇ ਦੇ ਨਾਉਂ।

'ਇਹ ਕੌਣ ਐਂ ਓਏ?' ਮੈਂ ਉਹਦੇ ਵੱਲ ਝਾਕਿਆ ਤੇ ਝਾਕਦਾ ਹੀ ਰਿਹਾ। ਉਹ ਸ਼ਰਮਾ ਰਿਹਾ ਸੀ।

'ਇਹੀ ਪੜ੍ਹੌਣ ਨੂੰ ਬੈਠਾ ਸੀ ਐਨੇ ਚਿਰ ਦਾ।' ਮੈਂ ਸ਼ੱਕੀ ਨਿਗਾਹਾਂ ਨਾਲ ਉਹਦੇ ਵੱਲ ਕਣੱਖਾ ਜਿਹਾ ਦੇਖ ਰਿਹਾ ਸਾਂ। ਫੇਰ ਪੁੱਛਿਆ-'ਕੌਣ ਐਂ ਇਹ ਕੁੜੀ?'

'ਪੈਲੇ 'ਗਵਾੜੋਂ ਐਂ। ਬਾਬੇ ਕੇ ਵਜਦੇ ਨੇ ਓਹੋ। ਦੋ ਭਾਈ ਨੇ ਉਹ-ਜੰਗਾ ਤੇ ਮੋਦਨ। ਉਹਨਾਂ ਦਾ ਇੱਕ ਮੁੰਡਾ ਵੀ ਪੜ੍ਹਦੈ ਥੋਡੇ ਕੋਲ।' ਉਹ ਦੱਸ ਰਿਹਾ ਸੀ।

'ਪੜ੍ਹੀ ਵਈ ਐ?'

'ਹੋਰ ਫੇਰ। ਤਾਂ ਹੀ ਲਿਖੀ ਐ ਚਿੱਠੀ ਉਹਨੇ।'

ਉਹਨੂੰ ਤੇਰੀ ਨ੍ਹੀ ਪਤਾ, ਬਈ ਤੂੰ ਅਣਪੜ੍ਹ ਐਂ?'

'ਕੀ ਪਤੈ ਜੀ। ਉਹ ਮੈਨੂੰ ਪੜ੍ਹਿਆ ਵਿਆ ਈ ਸਮਝਦੀ ਹੋਊ। ਨਹੀਂ ਤਾਂ ਸਿੱਧੇ ਮੂੰਹ ਕਰਦੀ ਗੱਲ। ਲਿਖ ਕੇ ਕਾਹਨੂੰ ਦਿੰਦੀ।'

ਤੇ ਫੇਰ ਬੱਲੇ ਨੇ ਮੈਨੂੰ ਦੱਸਿਆ ਕਿ ਇਹ ਕੁੜੀ ਤੀਆਂ ਵਾਲੇ ਖੂਹ ਵੱਲ ਆਪਣੇ ਵਾੜੇ ਵਿੱਚ ਗੋਹਾ ਸੁੱਟਣ ਆਉਂਦੀ ਹੈ। ਕਿੰਨਾ-ਕਿੰਨਾ ਚਿਰ ਓਥੇ ਪਾਥੀਆਂ ਪਥਦੀ ਰਹਿੰਦੀ ਹੈ। ਸੁੱਕੀਆਂ ਪਾਥੀਆਂ ਗੁਹਾਰੇ ਉੱਤੇ ਚਿਣਦੀ ਹੈ। ਕੰਮ ਘੱਟ ਕਰਦੀ ਹੈ, ਏਧਰ-ਓਧਰ ਦੇਖਦੀ ਬਹੁਤ ਹੈ। ਜਿਵੇਂ ਕਿਸੇ ਨੂੰ ਉਡੀਕਦੀ ਹੋਵੇ। ਜਿਵੇਂ ਕੁਝ ਲੱਭਦੀ ਹੋਵੇ। ਜਿਵੇਂ ਉਹਦਾ ਕੰਮ ਕਰਨ ਨੂੰ ਜੀਅ ਨਾ ਕਰਦਾ ਹੋਵੇ। ਜਿਵੇਂ ਉਹ ਘਰ ਨੂੰ ਵਾਪਸ ਜਾਣਾ ਚਾਹੁੰਦੀ ਨਾ ਹੋਵੇ।

ਉਹ ਕਹਿੰਦਾ- 'ਮੈਂ ਓਥੇ ਦੀ, ਉਹਨਾਂ ਦੇ ਵਾੜੇ ਮੂਹਰ ਦੀ ਲੰਘਦਾ ਹੁੰਨਾ- ਡੇਰੇ ਵਾਲੀ ਹਲਟੀ 'ਤੇ ਨ੍ਹਾਉਣ ਜਾਨਾਂ ਨਾ, ਦਿਨ-ਚੜ੍ਹੇ ਜ੍ਹੇ। ਬੱਸ ਮਾਸਟਰ ਜੀ, ਪਹਿਲਾਂ ਤਾਂ ਝਾਕ-ਝਕਈਆਂ ਜ੍ਹਾ ਸੀ। ਇੱਕ ਦਿਨ ਉਹਨੇ ਖੰਘੂਰ ਮਾਰੀ ਤੇ ਮੈਨੂੰ ਇੱਕ ਕਾਗ਼ਜ਼ ਜ੍ਹਾ ਦਖਾ ਕੇ ਪਾਥੀ ਥੱਲੇ ਦੇ 'ਤਾ। ਮੈਂ ਹਲਟੀ ਤੋਂ ਮੁੜ ਕੇ ਆਇਆ ਤਾਂ ਦੇਖਿਆ, ਆਪ ਉਹ ਓਥੇ ਨਹੀਂ ਸੀ। ਇੱਕ ਪਾਥੀ 'ਤੇ ਕਾਨਾ ਗੱਡਿਆ ਪਿਆ। ਮੈਂ ਉਹ ਕਾਨੇ ਆਲੀ ਪਾਥੀ ਉਲਟਾ ਕੇ ਦੇਖੀ, ਥੱਲੇ ਇਹ ਕਾਗ਼ਜ਼। ਮੈਂ ਤਾਂ, ਮਾਸਟਰ ਜੀ, ਕਈ ਦਿਨਾਂ ਤੋਂ ਇਹ ਕਾਗ਼ਜ਼ ਗੀਝੇ 'ਚ ਪਾਈ ਫ਼ਿਰਦਾ। ਹਿੰਮਤ ਨ੍ਹੀ ਪਈ ਕਿਸੇ ਨੂੰ ਦਖੌਣ ਦੀ। ਬੱਸ ਅੱਜ...।'

ਮੈਂ ਉਹਦੀ ਕੁਰਸੀ ਕੋਲ ਹੀ ਦੂਜੇ ਮੰਜੇ ਉੱਤੇ ਬੈਠ ਗਿਆ ਤੇ ਸਾਰੀ ਚਿੱਠੀ ਉਹਨੂੰ ਪੜ੍ਹ ਕੇ ਸੁਣਾਈ। ਉਹ ਮੁਸਕਰਾ ਰਿਹਾ ਸੀ, ਹੈਰਾਨ ਸੀ ਤੇ ਕੁਝ ਸ਼ਰਮਾਉਂਦਾ ਵੀ ਸੀ। ਕੁੜੀ ਨੇ ਉਹਨੂੰ ਬਹੁਤ ਪਿਆਰੀਆਂ ਗੱਲਾਂ ਲਿਖੀਆਂ ਸਨ। ਨਿੱਕੀ-ਨਿੱਕੀ ਲਿਖਾਈ ਸੀ। ਵਿੱਚ ਦੋ ਟੱਪੇ ਵੀ ਸਨ। ਇੱਕ ਟੱਪਾ- 'ਤੇਰਾ ਪਿੱਛਾ ਨਹੀਂ ਛੱਡਣਾ, ਭਾਵੇਂ ਲੱਗ ਜਾਣ ਹੱਥਕੜੀਆਂ।'

ਓਦੋਂ ਉਸ ਚਿੱਠੀ ਨੂੰ ਮੈਂ ਕੋਈ ਬਹੁਤੀ ਮਹੱਤਤਾ ਨਹੀਂ ਦਿੱਤੀ ਸੀ। ਇਹ ਐਂਵੇ ਬੱਸ ਮੁੰਡੇ-ਕੁੜੀਆਂ ਦੇ ਭਾਵੁਕ ਜਿਹੇ ਇਸ਼ਕ-ਮੁਸ਼ਕ ਵਾਲੀ ਗੱਲ ਸੀ। ਕੁੜੀ ਨਾਲ ਨਫ਼ਰਤ ਵੀ ਹੋਈ ਸੀ- ਹਾਸੇ ਭਰੀ ਨਫ਼ਰਤ। ਮਨ ਵਿੱਚ ਕਿਹਾ-'ਅਣਪੜ੍ਹ ਮੁੰਡਾ ਐ। ਤੇਰੀ ਭਾਵੁਕ ਸਾਂਝ ਨਾਲ ਕਿਵੇਂ ਪੂਰਾ ਪੈ ਸਕੂਗਾ, ਸਹੁਰੀਏ। ਫੇਰ ਪਿੰਡ ਦਾ ਮੁੰਡਾ। ਤੂੰ ਖਾਂਦੇ ਪੀਂਦੇ ਘਰ ਦੀ, ਇਹ ਨੰਗ-ਮਲੰਗ। ਜ਼ਿੰਦਗੀ ਦੀ ਆਖ਼ਰੀ ਮੰਜ਼ਲ ਤੱਕ ਕਿਵੇਂ ਤੁਰ ਸਕੇਂਗੀ ਤੂੰ ਇਹਦੇ ਨਾਲ।'

ਫੇਰ ਵੀ ਮੈਂ ਉਹਨੂੰ ਪੁੱਛਿਆ-ਕਿਵੇਂ ਕਰਨੈ?'

ਉਹ ਕਹਿੰਦਾ-'ਇੱਕ ਵਧੀਆਂ ਜ੍ਹੀ ਚਿੱਠੀ ਲਿਖ ਦਿਓ, ਮੇਰੇ ਵੰਨੀਓ। ਬੱਸ, ਏਸ ਚਿੱਠੀ ਨਾਲੋਂ ਉਤੋਂ ਦੀ ਹੋਵੇ ਚਿੱਠੀ।'

ਮੈਂ ਕਿਹਾ-'ਚੰਗਾ, ਤੂੰ ਚਾਹ ਧਰ ਸਟੋਵ 'ਤੇ। ਠੰਢ ਜ੍ਹੀ ਐ। ਨਾਲੇ ਚਾਹ ਪੀ ਕੇ ਲਿਖਦੇ ਆਂ ਤੇਰੀ ਚਿੱਠੀ। ਚੰਗੀਆਂ ਗੱਲਾਂ ਔੜਨਗੀਆਂ। ਮੈਂ ਐਧਰ ਰੂੜੀਆਂ 'ਤੇ ਜਾ ਆਵਾ। ਅੱਜ ਪੇਟ 'ਚ ਕੁੱਛ ਗੜਬੜ ਜ੍ਹੀ ਲੱਗਦੀ ਹੈ।'

ਪਾਣੀ ਦੀ ਗੜਵੀ ਭਰ ਕੇ ਮੈਂ ਹਥਾਈ ਤੋਂ ਬਾਹਰ ਹੋ ਗਿਆ। ਸਾਰਾ ਸਮਾਂ ਮੈਂ ਇਹੀ ਸੋਚਦਾ ਰਿਹਾ ਕਿ ਕੁੜੀ ਨੂੰ ਚਿੱਠੀ ਵਿੱਚ ਕੀ ਲਿਖਿਆ ਜਾਵੇ।

ਹਥਾਈ ਵਿੱਚ ਵਾਪਸ ਆਇਆ ਤਾਂ ਉਹ ਦੋ ਗਿਲਾਸ ਵਿੱਚ ਚਾਹ ਪਾਈ ਬੈਠਾ ਮੇਰੀ ਉਡੀਕ ਕਰ ਰਿਹਾ ਸੀ। ਚਾਹ ਪੀਤੀ ਤੇ ਫੇਰ ਮੈਂ ਥੋੜ੍ਹਾ ਚਿਰ ਲਾ ਕੇ ਵਧੀਆ-ਵਧੀਆ ਅੱਖਰਾਂ ਵਿੱਚ ਭਾਵੁਕ ਜਿਹੇ ਫਿਕਰੇ ਲਿਖ ਦਿੱਤੇ। ਖਾਸੀ ਲੰਬੀ ਚਿੱਠੀ ਲਿਖੀ। ਉਹਨੂੰ ਪੜ੍ਹ ਕੇ ਸੁਣਾਈ ਤਾਂ ਉਹ ਪੂਰਾ ਖ਼ੁਸ਼ ਹੋਇਆ। ਉਹਨੇ ਦੋਵੇਂ ਚਿੱਠੀਆਂ ਜੇਬ ਵਿੱਚ ਪਾ ਲਈਆਂ।

ਉਹ ਕੁੜੀ ਦੇ ਵਾੜੇ ਵਿੱਚ ਜਾਂਦਾ ਤੇ ਕਾਨੇ ਵਾਲੀ ਪਾਥੀ ਥੱਲਿਓਂ ਚਿੱਠੀ ਕੱਢ ਲਿਆਉਂਦਾ। ਮੇਰੇ ਕੋਲ ਆ ਕੇ ਉਹ ਉਸ ਚਿੱਠੀ ਨੂੰ ਸੁਣਦਾ ਤੇ ਫੇਰ ਮੈਨੂੰ ਨਵੀਂ ਚਿੱਠੀ ਲਿਖਣ ਲਈ ਆਖਦਾ। ਮੈਂ ਉਹਦੀ ਚਿੱਠੀ ਲਿਖ ਦਿੰਦਾ। ਉਹ ਆਥਣੇ ਦਿਨ-ਛਿਪੇ ਜਿਹੇ ਵਾੜੇ ਵਿੱਚ ਜਾ ਕੇ ਓਸੇ ਕਾਨੇ ਵਾਲੀ ਪਾਥੀ ਥੱਲੇ ਆਪਣੀ ਚਿੱਠੀ ਰੱਖ ਆਉਂਦਾ।

ਚਿੱਠੀਆਂ ਦਾ ਸਿਲਸਿਲਾ ਇੱਕ ਮਹੀਨਾ ਚੱਲਦਾ ਰਿਹਾ। ਇਸ ਦੌਰਾਨ ਬੱਲਾ ਮੇਰੇ ਕੋਲ ਆ ਕੇ ਪੜ੍ਹਨ ਵੀ ਲੱਗ ਪਿਆ। ਘੰਟਾ-ਘੰਟਾ, ਦੋ-ਦੋ ਘੰਟੇ ਰਾਤ ਨੂੰ ਬੈਠਾ ਸਲੇਟ ਉੱਤੇ ਅੱਖਰ ਪਾਉਂਦਾ ਰਹਿੰਦਾ। ਪੈਂਤੀ ਸਿੱਖ ਲਈ ਤੇ ਫੇਰਨ ਲਗਾਂ-ਮਾਤਰਾਂ ਸਿੱਖ ਕੇ ਅੱਖਰ ਜੋੜ ਜੋੜ ਸ਼ਬਦ ਲਿਖਣ ਲੱਗਿਆ। ਦੋ ਅੱਖਰੇ, ਤਿੰਨ ਅੱਖਰੇ ਤੇ ਫੇਰ ਚਾਰ ਅੱਖਰੇ ਸ਼ਬਦ ਵੀ।

ਗੱਲ ਏਥੋਂ ਤੱਕ ਪਹੁੰਚ ਗਈ, ਉਹ ਫੇਰ ਦਾਨੋ ਬੁੜ੍ਹੀ ਦੇ ਘਰ ਮਿਲਣ ਲੱਗੀ। ਚਿੱਠੀਆਂ ਰਾਹੀਂ ਮਿਲਣ ਦ ਪ੍ਰੋਗਰਾਮ ਬਣਾ ਲੈਂਦੇ। ਹੁਣ ਬੱਲਾ ਆਪ ਚਿੱਠੀ ਲਿਖ ਲੈਂਦਾ, ਕੁੜੀ ਦੀ ਚਿੱਠੀ ਪੜ੍ਹ ਵੀ ਲੈਂਦਾ। ਉਹ ਛੋਟੀ ਚਿੱਠੀ ਲਿਖਦਾ। ਕੁੜੀ ਲੰਬੀ ਚਿੱਠੀ ਲਿਖਦੀ ਸੀ। ਪਾਥੀਆਂ ਦੇ ਵਾੜੇ ਵਿੱਚ ਕਾਨੇ ਵਾਲੀ ਪਾਥੀ ਮੁੰਡੇ-ਕੁੜੀ ਦਾ ਪੱਤਰ-ਵਿਹਾਰ ਦਫ਼ਤਰ ਬਣਿਆ ਹੋਇਆ ਸੀ।

ਦਾਨੋ ਇਕੱਲੀ ਸੀ। ਉਹਦਾ ਇੱਕ ਮੁੰਡਾ ਸੀ ਬੱਸ। ਉਹ ਫੌਜ ਵਿੱਚ ਸੀ। ਇੱਕ ਕੁੜੀ ਵੀ ਸੀ, ਉਹ ਵਿਆਹ-ਵਰ ਦਿੱਤੀ ਸੀ। ਕਦੇ-ਕਦੇ ਆਉਂਦੀ। ਕੁੜੀ ਦੇ ਅਗਾਂਹ ਕੋਈ ਔਲਾਦ ਨਹੀਂ ਸੀ। ਦਾਨੋ ਦਾ ਘਰ ਵਾਲਾ ਕਈ ਵਰ੍ਹੇ ਹੋਏ ਮਰ ਗਿਆ ਸੀ। ਥੋੜ੍ਹੀ ਜਿੰਨੀ ਜ਼ਮੀਨ ਸੀ। ਬੁੜ੍ਹੀ ਦੇ ਖਾਣ ਜੋਗਾ ਦਾਣਾ-ਫੱਕਾ ਆਈ ਜਾਂਦਾ। ਘਰ ਵਿੱਚ ਉਹ ਇੱਕ ਮੱਝ ਰੱਖਦੀ। ਇੱਕ ਪਾਲ਼ੀ ਵੀ। ਪਾਲ਼ੀ ਹੀ ਮੱਝ ਦਾ ਸਭ ਕਰਦਾ। ਜੁਆਨੀ-ਪਹਿਰੇ ਦਾਨੋ ਦੇ ਆਪਣੇ ਚਾਲੇ ਵੀ ਠੀਕ ਨਹੀਂ ਰਹੇ ਸਨ। ਹੁਣ ਉਹ ਖਾਣ ਦੀ ਕੁੱਤੀ ਸੀ। ਬੱਲਾ ਉਹਨੂੰ ਲਾਲਚ ਦਿੰਦਾ ਰਹਿੰਦਾ। ਕੁੜੀ ਬੱਲੇ ਨੂੰ ਖਵਾਉਂਦੀ ਸੀ।

ਇਸ਼ਕ ਛੁਪਾਇਆ ਛੁਪਦਾ ਨਹੀਂ,

ਭਾਹ ਨਾ ਛੁਪਦੀ ਕੱਖੀਂ।

ਓੜਕ ਇੱਕ ਦਿਨ ਜ਼ਾਹਰ ਹੋਵੇ,

ਨਸ਼ਰ ਹੋਵੇ ਵਿੱਚ ਲੱਖੀਂ।

ਕੁੜੀ ਦੇ ਭਰਾਵਾਂ ਨੇ ਕੁੜੀ ਨੂੰ ਘਰ ਲਿਜਾ ਕੇ ਮੱਕੀ ਦੀਆਂ ਛੱਲੀਆਂ ਵਾਂਗ ਕੁੱਟ ਦਿੱਤਾ। ਉਹਦੇ ਗਲ਼ ਵਿੱਚ ਰੱਸਾ ਪਾ ਕੇ ਉਹਨੂੰ ਲਟੈਣ ਨਾਲ ਫਾਹਾ ਦੇਣ ਲੱਗੇ ਸਨ, ਪਰ ਭਰਜਾਈਆਂ ਨੇ ਉਹਨੂੰ ਬਚਾ ਲਿਆ।

ਬੱਲਾ ਪਿੰਡ ਛੱਡ ਕੇ ਕਿਧਰੇ ਭੱਜ ਗਿਆ। ਕਈ ਦਿਨ ਨਾ ਮੁੜਿਆ। ਕੁੜੀ ਦੇ ਭਰਾਵਾਂ ਨੇ ਮਿਥੀ ਹੋਈ ਸੀ ਕਿ ਜਿੱਥੇ-ਕਿਤੇ ਵੀ ਉਹ ਮਿਲ ਗਿਆ, ਉਹ ਉਹਨੂੰ ਜਾਨੋਂ ਮਾਰ ਦੇਣਗੇ। ਪਹਿਲਾਂ ਉਹਦੀ ਲੱਤ ਵੱਢਣਗੇ। ਫੇਰ ਅੱਖਾਂ ਕੱਢ ਕੇ ਉਹਨੂੰ ਜਿਉਂਦੇ ਨੂੰ ਕਿਸੇ ਖੂਹ ਵਿੱਚ ਸੁੱਟਣਗੇ।

ਪੰਦਰਾਂ ਦਿਨ, ਵੀਹ ਦਿਨ ਤੇ ਫੇਰ ਮਹੀਨਾ ਲੰਘ ਗਿਆ। ਬੱਲਾ ਪਿੰਡ ਨਹੀਂ ਵੜਿਆ। ਕੁੜੀ ਨੂੰ ਬਾਰ ਦੀ ਦੇਹਲੀ ਟੱਪਣ ਦਾ ਹੁਕਮ ਨਹੀਂ ਸੀ। ਉਹ ਕੱਚੀਆਂ ਕੰਧਾਂ ਦੀ ਵਲਗਣ ਵਿੱਚ ਘਰ ਦੇ ਨਿੱਕੇ-ਮੋਟੇ ਕੰਮ ਕਰਦੀ ਰਹਿੰਦੀ। ਮਨ ਨਾਲ ਝੇੜਾ ਕਰਦੀ। ਦਿਨ ਚੜ੍ਹਦਾ ਸੀ, ਲਹਿ ਜਾਂਦਾ ਸੀ। ਰਾਤਾਂ ਮੁੱਕਣ ਵਿੱਚ ਨਾ ਆਉਂਦੀਆਂ।

ਦਾਨੋ ਬਘਿਆੜੀ ਬਣ ਬੈਠੀ-'ਜੀਹਨੇ ਮੈਨੂੰ ਕੁਛ ਆਖਿਐ, ਮੈਂ ਤਾਂ ਪਾੜ ਕੇ ਦੋ ਬਣਾ ਦੂੰਗੀ। ਮੈਂ ਕੋਈ ਨ੍ਹੀ ਕਿਸੇ ਤੋਂ ਡਰਦੀ-ਝਿਪਦੀ। ਮੈਂ ਕਿਹੜਾ ਉਹਨੂੰ ਕੰਜਰੀ ਨੂੰ ਘਰੋਂ ਸੱਦ ਕੇ ਲਿਆਉਂਦੀ ਸੀ? ਆਵਦੀ ਨੂੰ ਸਮਝਾ ਕੇ ਰੱਖਦੇ। ਅੰਨ੍ਹੇ ਤਾਂ ਨ੍ਹੀ ਸੀ ਓਦੋਂ?'

ਤੇ ਫੇਰ ਇੱਕ ਦਿਨ ਗਜ਼ਬ ਹੋ ਗਿਆ। ਸੂਰਜ ਚੜ੍ਹਦੇ ਨਾਲ ਹੀ ਹਵਾ ਨੂੰ ਗੰਢਾਂ ਪੈ ਗਈਆਂ। ਕੰਧਾਂ-ਕੌਲੇ ਚੁਗ਼ਲੀਆਂ ਕਰਨ ਲੱਗੇ। ਕੁੜੀ ਗਈ ਤਾਂ ਗਈ ਕਿਵੇਂ? ਇਹ ਤਾਂ ਹੱਦ ਹੋ ਗਈ। ਘੋਰ-ਮਸੋਰਾ ਇਹ ਵੀ ਕਿ ਕੱਲ੍ਹ ਆਥਣ ਦੇ ਘੁਸ-ਮੁਸੇ ਵਿੱਚ ਕਿਸੇ ਨੇ ਬੱਲੇ ਨੂੰ ਪਿੰਡ ਵਿੱਚ ਦੇਖਿਆ ਸੀ।

ਛੇ ਮਹੀਨੇ ਕੋਈ ਪਤਾ ਨਹੀਂ ਲੱਗਿਆ। ਜਿਵੇਂ ਮੁੰਡਾ-ਕੁੜੀ ਊਈਂ ਕਿਧਰੇ ਖਪਨ ਹੋ ਗਏ ਹੋਣ। ਜਿਵੇਂ ਧਰਤੀ ਉਤੋਂ ਲਕੀਰ ਮਿਟ ਜਾਂਦੀ ਹੈ।

ਸੱਥ ਵਿੱਚ ਦੱਬੀ ਸੁਰ ਵਾਲੀਆਂ ਗੱਲਾਂ ਹੁੰਦੀਆਂ-'ਬਾਬੇ ਕਿਆਂ ਨੇ ਦੋਵਾਂ ਨੂੰ ਵੱਢ-ਟੁੱਕ ਕੇ ਕਿਸੇ ਖੂਹ-ਖਾਤੇ 'ਚ ਸਿੱਟ 'ਤਾ। ਜੰਗਾ ਤੇ ਮੋਦਨ ਬੜੇ ਜ਼ਹਿਰੀ ਬੰਦੇ ਨੇ। ਐਵੇਂ ਲੱਗਦੇ ਨੇ, ਚੁੱਪ ਕੀਤੇ ਜ੍ਹੇ। ਇਹ ਦਾਨੋ ਨਾਲ ਵੀ ਖ਼ੈਰ ਨ੍ਹੀ ਗੁਜ਼ਾਰਨਗੇ। ਦੇਖ ਲਿਓ, ਇਹ ਵੈਂਗਣੀ ਵੀ ਉੱਘੜੀ ਲੈ। ਜੀਹਨੇ ਕੁਛ ਕਰਨਾ ਹੁੰਦੈ, ਉਹ ਬੋਲਦਾ ਨ੍ਹੀ ਹੁੰਦਾ। ਬਾਂ-ਬਾਂ ਕਰਨ ਆਲੇਤਾਂ ਨਖੱਟੂ ਹੁੰਦੇ ਨੇ।'

ਤੇ ਫੇਰ ਦੋ ਕੁ ਮਹੀਨੇ ਹੋਏ ਬੱਲਾ ਪਿੰਡ ਮੁੜ ਆਇਆ। ਇਕੱਲਾ। ਆਖਦਾ ਫਿਰੇ-'ਮੈਨੂੰ ਕਿਸੇ ਦੀ ਕੁੜੀ ਦਾ ਕੀ ਪਤੈ, ਮੈਂ ਤਾਂ 'ਕੱਲਾ ਗਿਆ ਸੀ, 'ਕੱਲਾ ਆ ਗਿਆ।' ਮੈਂ ਤਾਂ ਕੰਮ 'ਤੇ ਗਿਆ ਸੀ।

'ਕੰਮ ਕਿਹੜੇ ਬਈ? ਲੋਕ ਮੁਸਕੜੀਏਂ ਹੱਸਦੇ।

'ਟਰੱਕਾਂ ਦਾ ਕੰਮ ਸੀ।

'ਕੀ ਕੰਮ?'

'ਪਹਿਲਾਂ ਮੈਂ ਕਲੀਨਰ ਰਿਹਾ। ਫੇਰ ਡਰੈਵਰੀ ਮੇਰੀ ਤੱਕ 'ਚ ਨ੍ਹੀ ਆਈ। ਹਾਨੀਸਰ ਨੂੰ ਮੈਨੂੰ ਘਰ ਭੇਜ 'ਤਾ ਉਹਨਾਂ ਨੇ। ਅਖੇ-ਜਾਹ, ਤੇਰੇ ਸਿੱਖਣ ਦਾ ਕੰਮ ਨ੍ਹੀ ਏਹੇ। ਮਖਿਆ-ਚੰਗਾ ਭਾਈ। ਆ ਗਿਆ ਫੇਰ ਮੈਂ।'

ਉਹਦਾ ਬੋਲਣ-ਢੰਗ ਤੋਂ ਲੱਗਦਾ, ਜਿਵੇਂ ਉਹ ਕੋਈ ਗੱਲ ਲੁਕੋਂਦਾ ਹੋਵੇ। ਜਿਵੇਂ ਕੋਈ ਪਰਦਾ ਪਾਉਂਦਾ ਹੋਵੇ। ਸਭ ਨੂੰ ਇਹੀ ਸ਼ੱਕ, ਓਹੀ ਕੁੜੀ ਨੂੰ ਲੈ ਕੇ ਗਿਆ ਸੀ। ਲੱਖਣ ਲਾਉਂਦੇ- 'ਇਹ ਕਿਧਰੇ ਬਿਠਾ ਆਇਆ ਉਹਨੂੰ। ਪਿੰਡ ਦੀ ਖ਼ਬਰ-ਸਾਰ ਲੈਣ ਆਇਐ, ਫੇਰ ਜਾਉ ਓਥੇ ਈ।'

ਜੰਗੇ ਤੇ ਮੋਦਨ ਨੂੰ ਪੱਕਾ ਵਿਸ਼ਵਾਸ 'ਇਹੀ ਲੈ ਕੇ ਗਿਐ ਕੁੜੀ ਨੂੰ। ਇਹਤੋਂ ਬਗ਼ੈਰ ਹੋਰ ਕੋਈ ਹੋ ਈ ਨ੍ਹੀ ਸਕਦਾ।'

ਉਹ ਚਾਹ ਲੈ ਕੇ ਆਈ ਤਾਂ ਮੇਰੇ ਦਿਮਾਗ਼ ਦੀ ਕਥਾ-ਲੜੀ ਟੁੱਟ ਗਈ। ਦੋਵੇਂ ਕੁੜੀਆਂ ਨੂੰ ਉਹ ਅੰਦਰ ਹੀ ਛੱਡ ਆਈ ਸੀ। ਸ਼ਾਇਦ ਉਹ ਚਾਹ ਪੀ ਰਹੀਆਂ ਹੋਣਗੀਆਂ। ਚਾਹ ਨਾਲ ਕੁਝ ਖਾ ਵੀ ਰਹੀਆਂ ਹੋਣਗੀਆਂ। ਉਹ ਮੇਰੇ ਵਾਸਤੇ ਖਾਸਾ ਕੁਝ ਖਾਣ ਨੂੰ ਲੈ ਕੇ ਆਈ। ਇੱਕ ਪਲੇਟ ਵਿੱਚ ਬਰਫ਼ੀ, ਇੱਕ ਪਲੇਟ ਵਿੱਚ ਰਸਗੁੱਲੇ ਤੇ ਗੁਲਾਬ ਜਾਮਣਾਂ, ਇੱਕ ਹੋਰ ਪਲੇਟ ਵਿੱਚ ਨਮਕੀਨ। ਇਹ ਸਭ ਉਹਨੇ ਪਤਾ ਨਹੀਂ ਕਦੋਂ ਮੰਗਵਾ ਲਿਆ। ਮੈਂ ਹੱਸਿਆ-'ਭਾਈ ਸੀਬੋ, ਏਥੇ ਵੀ ਚਾਹ ਦਾ ਤਾਂ ਪਿੰਡ ਆਲਾ ਕੰਮ ਕਰ ਲਿਆ। ਐਨੀ ਚਾਹ!'

ਉਹ ਕਹਿੰਦੀ-'ਮੈਨੂੰ ਤਾਂ, ਮਾਸਟਰ ਜੀ, ਥੋੜੀ ਚਾਹ ਨਾਲ ਜਾਣੀ ਰੱਜ ਜ੍ਹਾ ਨ੍ਹੀ ਆਉਂਦਾ। ਤੁਸੀਂ ਵੀ ਤਾਂ ਪਿੰਡਾਂ ਦੇ ਓਂ। ਗੜਵੀ ਭਰ ਕੇ ਪੀਨੇ ਆਂ, ਆਪਾਂ ਪਿੰਡਾਂ ਦੇ ਲੋਕ ਤਾਂ।'

ਉਹ ਸਿਰਫ਼ ਚਾਹ ਪੀ ਰਹੀ ਸੀ। ਖਾਣਾ ਜਿਵੇਂ ਮੈਂ ਹੀ ਹੋਵੇ ਐਨਾ ਕੁਝ। ਉਹ ਪੁੱਛਣ ਲੱਗੀ-'ਸਾਡੇ ਪਿੰਡ ਕਿੰਨੇ ਸਾਲ ਰਹੇ ਤੁਸੀਂ?' 'ਓਥੇ ਮੈਂ ਪੰਦਰਾਂ ਸਾਲ ਲਾਏ ਹੋਣਗੇ, ਭਾਈ। ਫੇਰ ਮੈਂ ਆਪਣੇ ਪਿੰਡ ਬਦਲੀ ਕਰਵਾ ਲੀ ਸੀ। ਸਰਵਿਸ ਦੇ ਵੀ ਦੋ-ਚਾਰ ਸਾਲ ਈ ਰਹਿੰਦੇ ਸੀ।'

'ਹਣ ਵੀ ਕਦੇ ਗਏ ਓਂ, ਦਿਆਲਪੁਰੇ?'

'ਹਾਂ ਭਾਈ, ਮੈਂ ਤਾਂ ਜਾਂਦਾ ਈ ਰਹਿਨਾਂ। ਕਈ ਘਰਾਂ ਨਾਲ ਓਥੇ ਮੇਰੀ ਖ਼ੁਸ਼ੀ-ਗ਼ਮੀ ਦੀ ਸਾਂਝ ਐ। ਜਾਈਂ ਦੈ। ਕਦੇ ਵਿਆਹ, ਕਦੇ ਭੋਗ 'ਤੇ।'

'ਉਹਨਾਂ ਦਾ ਕੀ ਹਾਲ ਐ, ਸਾਡਿਆਂ ਦਾ?' ਉਹ ਜੰਗੇ ਤੇ ਮੋਦਨ ਬਾਰੇ ਪੁੱਛ ਰਹੀ ਸੀ।

'ਉਹ ਠੀਕ ਨੇ, ਭਾਈ। ਮੌਜਾਂ 'ਚ ਨੇ। ਹੁਣ ਤਾਂ ਖੇਤੀ ਦਾ ਕੰਮ ਖਾਸਾ ਵਧਾਈ ਬੈਠੇ ਨੇ। ਪਰ ਅੱਡ ਹੋ 'ਗੇ।' ਆਪਣੇ ਭਰਾਵਾਂ ਬਾਰੇ ਸੁਣ ਰਹੀ ਉਹ ਅੱਧ ਕੁ ਦੀ ਹੋ ਕੇ ਬੈਠੀ ਹੋਈ ਸੀ।

'ਜਵਾਕ-ਜੱਲੇ ਕੀਹ ਨੇ, ਦੋਵਾਂ ਦੇ?'

'ਐਨਾ ਤਾਂ, ਭਾਈ ਮੈਨੂੰ ਪਤਾ ਨ੍ਹੀ। ਊਂ ਜੁਆਕ ਹੈਗੇ ਦੋਹਾਂ ਦੇ। ਉਹ ਤਾਂ ਤੇਰੇ ਹੁੰਦੇ ਵੀ ਸੀ, ਮੈਂ ਕਹਿਨਾਂ। ਉਹਨਾਂ ਦਾ ਇੱਕ ਮੁੰਡਾ ਸਕੂਲ ਵੀ ਆਉਂਦਾ ਹੁੰਦਾ।'

'ਨਹੀਂ ਛੋਟੀ ਬਹੂ ਦੇ ਹਾਲੇ ਕੋਈ ਜੁਆਕ ਨ੍ਹੀ ਸੀ। ਵੱਡੀ ਦੇ ਸੀ-ਇੱਕ ਮੁੰਡਾ, ਇੱਕ ਕੁੜੀ। ਮੁੰਡਾ ਜੱਸੀ ਥੋਡੇ ਕੋਲੇ ਪੜ੍ਹਦਾ ਹੁੰਦਾ ਸੀ।

ਇੱਕ ਗੱਲ ਜਿਹੜੀ-ਮੇਰੇ ਬੁੱਲ੍ਹਾ 'ਤੇ ਵਾਰ-ਵਾਰ ਆ ਕੇ ਰੁਕ ਜਾਂਦੀ, ਉਹ ਮੈਂ ਪੁੱਛ ਹੀ ਲਈ-'ਤੂੰ ਭਾਈ ਸੀਬੋ, ਐਥੇ ਕਿਵੇਂ ਪਹੁੰਚੀ ਫੇਰ?'

'ਕਿਸਮਤ ਮੇਰੀ ਚੱਕ ਲਿਆਈ, ਮਾਸਟਰ ਜੀ।' ਉਹਦੀਆਂ ਅੱਖਾਂ ਦੇ ਕੋਏ ਗਿੱਲੇ ਸਨ। ਸਾੜ੍ਹੀ ਦੇ ਪੱਲੇ ਨਾਲ ਉਹਨੇ ਆਪਣਾ ਨੱਕ ਘੁੱਟਿਆ।

ਚਾਹ ਅਸੀਂ ਪੀ ਚੁੱਕੇ ਸਾਂ। ਉਹਦੀਆਂ ਕੁੜੀਆਂ ਅੰਦਰ ਸਨ। ਮੈਂ ਉਹਦੇ ਨਾਲ ਭੇਤ ਭਰੀਆਂ ਗੱਲਾਂ ਕਰਨ ਲੱਗਿਆ-'ਬੱਲਾ ਪਿੰਡੋਂ ਤੈਨੂੰ ਕਿੱਥੇ ਲੈ ਗਿਆ ਸੀ?'

'ਪਿੰਡੋਂ ਨਿਕਲ ਕੇ ਅਸੀਂ ਤੜਕੇ ਦੀ ਗੱਡੀ ਚੜ੍ਹੇ ਸੀ। ਖਾਸਾ ਨ੍ਹੇਰਾ ਸੀ। ਟੇਸ਼ਣ ਤੱਕ ਤੁਰ ਕੇ ਆਏ।

'ਐਨੀ ਵਾਟ?'

'ਹੋਰ ..... ਬੱਸ ਤੁਰੇ ਆਏ।'  'ਗੱਡੀ ਚੜ੍ਹਕੇ ਕਿੱਥੇ ਪਹੁੰਚੇ?'

'ਬਠਿੰਡੇ।'

'ਓਥੋਂ ਫੇਰ?'

'ਬਠਿੰਡਿਓਂ ਫੇਰ ਗੱਡੀ ਫ਼ੜ 'ਲੀ। ਦਿੱਲੀ ਜਾ ਪਹੁੰਚੇ। ਦਿੱਲੀ ਬੱਲਾ ਮੈਨੂੰ ਆਪਣੀ ਭੂਆ ਦੇ ਮੁੰਡੇ ਕੋਲ ਲੈ ਗਿਆ। ਉਹ ਪਹਿਲਾਂ ਉਹਦੇ ਨਾਲ ਗੱਲ ਕਰਕੇ ਗਿਆ ਸੀ। ਉਹ ਓਥੇ ਟੈਕਸੀ ਚਲਾਉਂਦਾ ਸੀ। ਦਿੱਲੀਓਂ ਉਹਨੇ ਸਾਨੂੰ ਕਲਕੱਤੇ ਦੀ ਗੱਡੀ ਚੜ੍ਹਾ ਤਾ।'

'ਓਥੇ ਜਾ ਕੇ ਕਿੱਥੇ ਰਹੇ?'

'ਬੱਲਾ ਦਿੱਲੀਓਂ ਭੂਆ ਦੇ ਮੁੰਡੇ ਤੋਂ ਚਿੱਠੀ ਲੈ ਕੇ ਗਿਆ ਸੀ। ਕਲਕੱਤੇ ਉਹਦਾ ਇੱਕ ਬੰਦਾ ਸੀ। ਉਹਦੇ ਕੋਲ ਟਰੱਕ ਸੀ ਕਈ। ਅਸੀਂ ਇੱਕ ਕਮਰਾ ਲੈ ਕੇ ਰਹਿਣ ਲੱਗੇ। ਬੱਲਾ ਟਰੱਕ 'ਤੇ ਲੱਗ ਗਿਆ। ਰਾਤ ਨੂੰ ਘਰ ਆ ਜਾਂਦਾ। ਕਦੇ ਨਾ ਵੀ ਆਉਂਦਾ। ਮੈਂ 'ਕੱਲੀ ਡਰਦੀ ਨ੍ਹੀ ਸੀ।' 'ਫੇਰ ਜਾ ਕੇ ਕਿੱਥੇ ਰਹੇ?'

'ਉਹਦੇ ਨਾਲ ਹੋਰ ਡਰੈਵਰ ਵੀ ਆਉਣ ਲੱਗੇ। ਬੈਠ ਕੇ ਸ਼ਰਾਬ ਪੀਂਦੇ। ਪਿੰਡਾਂ ਦੇ ਮੋਹ-ਪਿਆਰ ਵਾਲੀਆਂ ਗੱਲਾਂ ਕਰਦੇ ਰਹਿੰਦੇ। ਕਦੇ-ਕਦੇ ਓਥੇ ਸਾਡੇ ਕਮਰੇ 'ਚ ਈ ਸੌਂ ਜਾਂਦਾ।

'ਇਉਂ ਕਿਉਂ ਕਰਦਾ ਸੀ ਬੱਲਾ।'

'ਪੁੱਛੋ ਨਾ, ਮਾਸਟਰ ਜੀ, ਓਥੇ ਜਾ ਕੇ ਉਹ ਬੱਲਾਂ ਨ੍ਹੀ ਰਿਹਾ ਸੀ ਉਹ। ਦਿਨੋਂ-ਦਿਨ ਉਹਦੀਆਂ ਆਦਤਾਂ ਵਿਗੜਦੀਆਂ ਜਾ ਰਹੀਆਂ ਸੀ। ਮੈਂ ਬਥੇਰਾ ਸਮਝਾਉਂਦੀ, ਬਈ ਮੈਂ ਤੇਰੇ ਮਗਰ ਲੱਗ ਕੇ ਆਈ ਆਂ। ਇਹ ਮੁਸ਼ਟੰਡੇ ਮੇਰੇ ਕੀ ਲੱਗਦੇ ਨੇ? ਤੂੰ ਸੁਰਤ ਕਰ ਕੁੱਛ। ਪਰ ਨਾ, ਉਹਦਾ ਓਹੀ ਹਾਲ। ਤੜਕੇ ਉੱਠਕੇ ਮਾਫ਼ੀਆਂ ਮੰਗਣ ਲੱਗਦਾ।'

'ਇਹ ਤਾਂ ਬਹੁਤ ਮਾੜੀ ਗੱਲ ਸੀ ਉਹਦੀ।' ਮੈਂ ਬੱਲੇ ਨੂੰ ਗਾਲ੍ਹਾਂ ਕੱਢੀਆਂ।

ਉਹਨੇ ਨੀਵੀਂ ਪਾ ਲਈ। ਮੱਥਾਂ ਬਾਂਹ ਉੱਤੇ ਧਰ ਲਿਆ। ਉਹਦੀਆਂ ਹੁੱਬਕੀਆਂ ਨਿਕਲ ਆਈਆਂ। ਦੇਹ ਕੰਬ ਰਹੀ ਸੀ। ਮੇਰਾ ਜੀਅ ਭੈੜਾ ਪੈ ਗਿਆ। ਮੈਂ ਉੱਠਕੇ ਉਹਨੂੰ ਧੀਰਜ ਦੇਣ ਲੱਗਿਆ। ਜਿਵੇਂ ਉਹ ਮੇਰੇ ਪਿੰਡ ਦੀ ਹੀ ਧੀ-ਭੈਣ ਹੋਵੇ। ਮੇਰੀ ਆਪਣੀ ਕੋਈ ਸਕੀ ਰਿਸ਼ਤੇਦਾਰ।

ਅੱਖਾਂ ਪੂੰਝ ਕੇ ਫੇਰ ਉਹ ਬੋਲੀ-'ਫੇਰ ਤਾਂ, ਮਾਸਟਰ ਜੀ, ਮੇਰੇ ਤੇ ਕੋਠੇ ਵਾਲੀਆਂ 'ਚ ਕੋਈ ਫਰਕ ਨ੍ਹੀ ਸੀ। ਉਹਨਾਂ 'ਚ ਇੱਕ ਡਰੈਵਰ ਸੀ ਰਾਮਾ। ਉਹ ਰੋਪੜ ਕੰਨੀ ਦਾ ਸੀ। ਤਰਸ ਖਾ ਕੇ ਉਹ ਮੈਨੂੰ ਆਪਣੇ ਕੋਲ ਲੈ ਗਿਆ। ਉਹ ਵੀ 'ਕੱਲਾ ਰਹਿੰਦਾ ਸੀ। ਬੱਲਾ ਪਤਾ ਨ੍ਹੀ ਕਿਧਰ ਭੱਜ ਗਿਆ। ਮੁੜਕੇ ਮੈਨੂੰ ਉਹਦਾ ਕੋਈ ਪਤਾ ਨਾ ਲੱਗਿਆ। ਰਾਮੇ ਨੇ ਹੀ ਮੈਨੂੰ ਦੱਸਿਆ ਸੀ ਕਿ ਉਹ ਮੈਨੂੰ ਸੱਤ ਸੌ ਰੁਪਈਆਂ 'ਚ ਉਹਦੇ ਕੋਲ ਵੇਚ ਗਿਐ। ਫੇਰ ਰਾਮੇ ਦਾ ਜਦੋਂ ਜੀਅ ਭਰ ਗਿਆ, ਉਹਨੇ ਮੈਨੂੰ ਗਾਹਾਂ ਏਸ ਬੰਦੇ ਨਾਲ ਤੋਰ 'ਤਾ। ਇਹ ਚੰਗਾ ਸੀ। ਐਥੇ ਲੈ ਆਇਆ ਮੈਨੂੰ। ਇਹ ਏਧਰ ਦਾ ਈ ਐ। ਬੱਸ, ਠੀਕ ਐ ਹੁਣ, ਜਿੱਥੇ ਰੱਬ ਰੱਖੇ।' ਗੱਲ ਮੁਕਾ ਕੇ ਉਹ ਸਿਰ ਖੁਰਕਣ ਲੱਗੀ।

'ਬੱਲਾ ਤਾਂ ਭਾਈ ਪਿੰਡ ਆ ਗਿਆ ਸੀ ਫੇਰ।'

'ਅੱਛਾ, ਹੁਣ ਕੀ ਹਾਲ ਐ ਉਹਦਾ?' ਸੀਬੋ ਦੀ ਸਿੱਥਲ ਦੇਹ ਨੂੰ ਜਿਵੇਂ ਬਿਜਲੀ ਦਾ ਕਰੰਟ ਵੱਜਿਆ ਹੋਵੇ। ਉਹ ਅੱਖਾਂ ਝਮਕਣ ਲੱਗੀ। ਮੇਰੇ ਵੱਲ ਉਹਦਾ ਪੂਰਾ ਧਿਆਨ ਸੀ।

'ਉਹ ਥੋੜ੍ਹੇ ਦਿਨ ਈ ਪਿੰਡ ਰਿਹਾ। ਮੈਂ ਸਹਿਜ ਸੁਭਾਅ ਦੱਸ ਰਿਹਾ ਸਾਂ।

'ਫੇਰ?' ਸੀਬੋ ਜਿਵੇਂ ਇਕਦਮ ਉਹਦੇ ਬਾਰੇ ਸਭ ਕੁਝ ਜਾਣਨਾ ਚਾਹੁੰਦੀ ਹੋਵੇ।

'ਫੇਰ ਉਹਦਾ ਕਤਲ ਕਰ 'ਤਾ ਜੰਗੇ ਤੇ ਮੈਦਾਨ ਨੇ।'

'ਬੂਹ! ਹਾਏ ਵੇ ਟੁੱਟ-ਜਾਣਿਓਂ, ਇਹ ਕੀ ਕੀਤਾ?' ਸੀਬੋ ਨੇ ਮੱਥੇ ਉੱਤੇ ਦੋਵੇਂ ਹੱਥ ਰੱਖ ਲਏ। ਅੱਖਾਂ ਧਰਤੀ ਉੱਤੇ ਸਨ। ਗੁੰਮ-ਸੁੰਮ ਹੋ ਗਈ। ਜਿਵੇਂ ਮੈਂ ਉਹਦੇ ਕੋਲ ਬੈਠਾ ਹੀ ਨਾ ਹੋਵਾਂ। ਜਿਵੇਂ ਸਾਰੀਆਂ ਗੱਲਾਂ ਮੁੱਕ ਗਈਆਂ ਹੋਣ। ਮੈਂ ਆਪਣਾ ਏਅਰ-ਬੈਗ ਸੰਭਾਲਣ ਲੱਗਿਆ। ਖੜ੍ਹਾ ਹੋਇਆ ਤਾਂ ਉਹ ਕਹਿੰਦੀ-'ਚੰਗਾ, ਮਾਸਟਰ ਜੀ, ਤੁਸੀਂ ਤੀਰਥ ਹੋ ਆਓ। ਅੱਜ ਦੀ ਰਾਤ ਐਥੇ ਸਾਡੇ ਕੋਲ ਰਹਿਓ।'

'ਚੰਗਾ, ਦੇਖਦਾ ਭਾਈ।' ਸੀਬੋ ਮੇਰੇ ਲਈ ਕਿਤੇ ਵੱਡਾ ਤੀਰਥ ਸੀ। ਉਹਦੇ ਘਰ ਰਾਤ ਕੱਟਣ ਦੀ ਮੇਰੇ ਵਿੱਚ ਕਿੱਥੇ ਹਿੰਮਤ ਸੀ। ਜਿਵੇਂ ਮਰਗ ਵਾਲੇ ਘਰ ਅਫ਼ਸੋਸ ਕਰਨ ਗਏ ਰਾਤ ਨਹੀਂ ਰਹਿੰਦੇ ਹੁੰਦੇ।♦