ਡਰ

ਉਹ ਜਦੋਂ ਕਦੇ ਵੀ 'ਗਧੇ' ਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟਦੀ ਤਾਂ ਉਹਦਾ ਮੂੰਹ ਚੁੰਮ ਲੈਂਦੀ। 'ਗਧੇ' ਨੂੰ ਤਾਪ ਚੜ੍ਹ ਜਾਂਦਾ, ਟੱਟੀਆਂ ਜਾਂ ਉਛਾਲੀਆਂ ਲੱਗ ਜਾਂਦੀਆਂ। ਉਹ ਰੋਟੀ ਨੂੰ ਮੂੰਹ ਨਾ ਕਰਦਾ। ਬੀਮਾਰ ਪੈ ਜਾਂਦਾ। ਉਹਦੀ ਸੱਸ ਪਿੱਟ ਉੱਠਦੀ- 'ਤੈਨੂੰ ਕਿੰਨੇ ਵਾਰੀ ਆਖਿਐ ਬਹੂ, ਮੁੰਡੇ ਨੂੰ ਬੀਹੀ 'ਚ ਨਾ ਲਜਾਇਆ ਕਰ। ਨਜ਼ਰ ਤਾਂ ਪੱਥਰਾਂ ਨੂੰ ਕਿਹੜਾ ਨਹੀਂ ਪਾੜ ਕੇ ਰੱਖ ਦਿੰਦੀ। ਜਿਊਣ ਜੋਗਾ ਨਿੱਤ ਬਮਾਰ, ਨਿੱਤ ਬਮਾਰ।'

ਸ਼ਰਨਪਾਲ ਨੂੰ ਪਤਾ ਸੀ, ਉਹਦਾ 'ਗਧਾ' ਕਿਉਂ ਬੀਮਾਰ ਹੋ ਜਾਂਦਾ ਹੈ, ਪਰ ਉਹ ਕੀ ਕਰਦੀ, ਉਹਦੇ ਕਾਲਜੇ ਵਿਚੋਂ ਡੌਂ ਉੱਠਦਾ ਸੀ। ਉਹ ਤਾਂ ਬੇਸੁਧ ਜਿਹੀ ਹੋ ਜਾਂਦੀ। ਧਾਹ ਕੇ ਆਪਣੇ 'ਗਧੇ' ਨੂੰ ਬਾਹੋਂ ਫੜਦੀ, ਹਿੱਕ ਨਾਲ ਲਾਉਂਦੀ ਤੇ ਮੂੰਹ ਚੁੰਮ ਲੈਂਦੀ। ਜਿਵੇਂ ਕੁਝ ਯਾਦ ਆ ਜਾਂਦਾ ਹੋਵੇ। ਉਹ ਝੱਟ ਹੀ ਉਹਨੂੰ ਆਪਣੇ ਨਾਲੋਂ ਤੋੜਦੀ ਤੇ ਝਟਕਾ ਜਿਹਾ ਮਾਰ ਕੇ ਉਹਨੂੰ ਪਰ੍ਹਾਂ ਕਰ ਦਿੰਦੀ, ਜਿਵੇਂ ਉਹ ਕੋਈ ਬਿਗ਼ਾਨਾ ਪੁੱਤ ਹੋਵੇ। ਜਿਵੇਂ ਉਹ ਕੋਈ ਭੁੱਲ ਕਰ ਬੈਠੀ ਹੋਵੇ।

ਇਸ ਸਾਲ ਫੇਰ ਉਹੀ ਨਾਮੁਰਾਦ ਬੁਖ਼ਾਰ ਲੋਕਾਂ ਨੂੰ ਚੜ੍ਹਨ ਲੱਗ ਪਿਆ। ਜਦ ਕਿਸੇ ਨੂੰ ਵੀ ਚੜ੍ਹਦਾ, ਜ਼ੋਰਾਂ ਦਾ ਚੜ੍ਹਦਾ। ਕਈ ਦਿਨ ਉੱਤਰਦਾ ਹੀ ਨਾ। ਨਾ ਇਹ ਮਲੇਰੀਆਂ, ਨਾ ਟਾਈਫਾਈਡ। ਕੋਈ ਇਸ ਨੂੰ ਵਾਈਰਲ ਆਖਦਾ, ਕੋਈ ਡੇਂਗੂ।

ਲੋਕਾਂ ਵਿੱਚ ਆਮ ਚਰਚਾ ਸੀ ਕਿ ਪੰਜਾਬ ਦੇ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਜ਼ਿਆਦਾ ਬੀਜੇ ਜਾਣ ਕਾਰਨ ਇਹ ਬੀਮਾਰੀ ਪੈਦਾ ਹੁੰਦੀ ਹੈ। ਝੋਨੇ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਪਾਣੀ ਸੜ ਜਾਂਦਾ ਹੈ। ਫੇਰ ਮੱਛਰ ਪੈਦਾ ਹੁੰਦਾ ਹੈ। ਮੱਛਰ ਵੀ ਇਹੋ ਜਿਹਾ ਕਿ ਪਹਿਲਾਂ ਕਦੇ ਕਿਸੇ ਨੇ ਦੇਖਿਆ ਹੀ ਨਾ ਹੋਵੇ। ਇਸ ਮੱਛਰ ਉੱਤੇ ਕੋਈ ਕੀੜੇ ਮਾਰ ਦਵਾਈ ਕੰਮ ਨਾ ਕਰਦੀ। ਲੋਕ ਹੱਸਦੇ ਵੀ-ਅਖੇ, ਜਿਵੇਂ ਬਹੁਤੀ ਫ਼ੀਮ ਖਾਣ ਵਾਲੇ ਅਮਲੀ ਨੂੰ ਕਿੰਨੀ ਫ਼ੀਮ ਖਵਾ ਦਿਓ, ਉਹ ਮਰਦਾ ਨਹੀਂ। ਏਵੇਂ ਹੀ ਇਹ ਮੱਛਰ ਵੀ ਅਮਲੀ ਬਣ ਗਿਆ। ਡੀ.ਡੀ.ਟੀ. ਜਿਹੀਆਂ ਦਵਾਈਆਂ ਤਾਂ ਹੁਣ ਇਹਦਾ ਨਸ਼ਾਪਾਣੀ ਹੀ ਨੇ।

ਬੁਖ਼ਾਰ ਚੜ੍ਹਨ ਤੋਂ ਪਹਿਲਾਂ ਮਰੀਜ਼ ਦੇ ਹੱਥ ਪੈਰ ਟੁੱਟਦੇ ਤੇ ਫੇਰ ਅੱਖਾਂ ਲਾਲ ਹੋ ਜਾਂਦੀਆਂ। ਕਿਸੇ ਨੂੰ ਪਾਲ਼ਾ ਲੱਗ ਕੇ ਬੁਖ਼ਾਰ ਚੜ੍ਹਦਾ, ਕਿਸੇ ਨੂੰ ਪਾਲ਼ਾ ਲੱਗਦਾ ਵੀ ਨਾ ਉਲਟੀਆਂ ਟੁੱਟੀਆਂ ਵੀ ਲੱਗ ਜਾਂਦੀਆਂ। ਦੋ ਚਹੁੰ ਦਿਨਾਂ ਵਿੱਚ ਹੀ ਮਰੀਜ਼ ਦਾ ਲਹੂ ਸੂਤਿਆ ਜਾਂਦਾ। ਉੱਠਣ ਬੈਠਣ ਦੀ ਹਿੰਮਤ ਜਾਂਦੀ ਰਹਿੰਦੀ। ਸਭ ਡਾਕਟਰ ਇਕੋਂ ਕਿਸਮ ਦੀ ਦਵਾਈ ਦਿੰਦੇ। ਗੋਲ਼ੀਆਂ ਤੇ ਪੀਣ ਵਾਲੀ ਦਵਾਈ। ਐਮ.ਬੀ.ਬੀ.ਐਸ. ਡਾਕਟਰ ਤੇ ਤਜਰਬਾਕਾਰ ਵੈਦਾਂ ਹਕੀਮਾਂ ਦੀ ਗੱਲ ਹੀ ਕੀ, ਨਿੱਕੇ-ਨਿੱਕੇ ਆਰ. ਐਮ. ਪੀ. ਵੀ ਧਜਾਧਾਰੀ ਬਣ ਬੈਠੇ। ਵਾਰੇ ਨਿਆਰੇ ਹੋ ਗਏ ਏਸ ਕੰਮ ਵਾਲਿਆਂ ਦੇ। ਜਿਨ੍ਹਾਂ ਤੋਂ ਕਦੇ ਕੋਈ ਐਸਪਰੋ ਦੀ ਗੋਲ਼ੀ ਲੈ ਕੇ ਵੀ ਨਹੀਂ ਜਾਂਦਾ ਸੀ, ਉਹ ਵੀ ਧਨੰਤਰ ਬਣ ਬੈਠੇ। ਅਖੇ ਜੀ ਸੀਜ਼ਨ ਐ। ਧੜਾਧੜ ਮੌਤਾਂ ਹੋ ਰਹੀਆਂ ਸਨ। ਪਿੰਡਾਂ ਦੇ ਪਿੰਡ ਉੱਠ ਕੇ ਸ਼ਹਿਰਾਂ ਵੱਲ ਤੁਰ ਪਏ। ਟਰਾਲੀਆਂ ਵਿੱਚ ਰੱਖੇ ਮੰਜੇ ਤੇ ਮੰਜਿਆਂ ਉੱਤੇ ਅੱਧ-ਮਰੇ ਮਰੀਜ਼।

ਸ਼ਰਨਪਾਲ ਨੂੰ ਬੁਖ਼ਾਰ ਨਹੀਂ ਚੜ੍ਹੀਆ ਸੀ। ਗੁਰਦੇਵ ਸਿੰਘ ਤੇ ਉਹਦੀ ਮਾਂ ਆਪਣੀ ਵਾਰੀ ਕੱਟ ਚੁੱਕੇ ਸਨ। ਸੱਸ ਆਖਦੀ- 'ਬਹੂ ਤੂੰ ਬਚ ਕੇ ਰਹਿ। ਹੁਣ ਤੇਰੀ ਵਾਰੀ ਐ।'

'ਚੱਲ, ਮੇਰਾ ਤਾਂ ਕੁਸ਼ ਨੀ। ਚੜ੍ਹ ਜੂ ਤਾਂ ਚੜ੍ਹ ਜੇ। ਬਥੇਰਾ ਝੱਲ ਲੂ ਮੈਂ ਤਾਂ। ‘ਗਧਾ’ ਰਾਜ਼ੀ ਬਾਜ਼ੀ ਰਹੇ।' ਸ਼ਰਨਪਾਲ ਕਹਿਣਾ ਚਾਹੁੰਦੀ, ਪਰ ਉਹ ਬੋਲਦੀ ਨਾ। ਇੰਝ ਬੋਲਣ ਨਾਲ ਤਾਂ 'ਗਧੇ' ਨਾਲ ਉਹਦਾ ਪਿਆਰ ਜ਼ਾਹਰ ਹੁੰਦਾ ਸੀ।

ਤੇ ਫਿਰ ਇੱਕ ਦਿਨ 'ਗਧੇ' ਨੂੰ ਵੀ ਬੁਖ਼ਾਰ ਚੜ੍ਹ ਗਿਆ। ਪੂਰਾ ਗਰਨਾ ਕੇ। ਅੱਖਾਂ ਲਾਲ ਝਰੰਗ। ਮੰਜੇ ਉੱਤੇ ਪਿਆ ਲੱਤਾਂ ਵਗਾਹ-ਵਗਾਹ ਮਾਰਦਾ। ਦਾਦੀ ਨੇ ਪਿੰਡ ਦੇ ਡਾਕਟਰ ਤੋਂ ਗੋਲ਼ੀਆਂ ਲਿਆ ਕੇ ਦਿੱਤੀਆਂ। ਬੁਖ਼ਾਰ ਤਾਂ ਫੈਲਾ ਹੋ ਗਿਆ, ਪਰ ਉਛਾਲੀਆਂ ਲੱਗ ਗਈਆਂ। ਪਾਣੀ ਦੀ ਤਿੱਪ ਵੀ ਨਹੀਂ ਪਚਦੀ ਸੀ। ਉਛਾਲੀ ਕਰਨ ਬਾਅਦ ਉਹ ਪੂਰਾ ਔਖਾ ਹੋ ਜਾਂਦਾ। ਦਾਦੀ ਉਸਦਾ ਸਿਰ ਘੁੱਟ ਕੇ ਫੜਦੀ ਤੇ ਫੇਰ ਉਛਾਲੀ ਨਾਲ ਅੰਦਰੋਂ ਤਾਂ ਕੁਝ ਵੀ ਨਾ ਨਿੱਕਲਦਾ। ਫੋਕੇ ਉਵੱਡ। ਜਿਵੇਂ ਮੁੰਡੇ ਦਾ ਕਾਲਜਾ ਪਾਟ ਕੇ ਬਾਹਰ ਆ ਜਾਣਾ ਹੋਵੇ।

ਮੁੰਡਾ ਪੰਜ-ਛੇ ਸਾਲ ਦਾ ਹੋ ਚੁੱਕਿਆ ਸੀ। ਸਕੂਲ ਜਾਂਦਾ। ਉਸਦੀ ਦਾਦੀ ਨੇ ਉਸ ਨੂੰ ਪਾਲ਼ਿਆ ਸੀ। ਸ਼ਰਨਪਾਲ ਨੇ ਤਾਂ ਬਸ ਜਨਮ ਦਿੱਤਾ। ਉਹਨੇ ਤਾਂ ਉਹਨੂੰ ਦੁੱਧ ਵੀ ਬਹੁਤਾ ਚਿਰ ਨਹੀਂ ਚੁੰਘਾਇਆ। ਦੁੱਧ ਚੁੰਘਦਾ ਤਾਂ ਉਹ ਉਹਨੂੰ ਦੇਖਦੀ ਨਾ, ਪਰ੍ਹੇ ਮੂੰਹ ਕਰ ਕੇ ਰੱਖਦੀ। ਡਰਦੀ ਕਿਤੇ ਉਹਦੇ ਦਿਲ ਵਿੱਚ ਮੁੰਡੇ ਲਈ ਪਿਆਰ ਦੀ ਕੋਈ ਚਿਣਗ ਬਲ ਨਾ ਉੱਠੇ। ਹੁਣ ਜਦੋਂ ਉਹ ਬੀਮਾਰ ਸੀ ਤਾਂ ਦਾਦੀ ਹੀ ਉਸਨੂੰ ਸੰਭਾਲਦੀ, ਪਰ ਉਹ ਤਾਂ ਹੱਥਾਂ ਵਿੱਚ ਆ ਗਿਆ ਲੱਗਦਾ ਸੀ। ਪਿੰਡ ਦੇ ਡਾਕਟਰ ਦੀਆਂ ਗੋਲ਼ੀਆਂ ਨੇ ਕੋਈ ਖ਼ਾਸ ਅਸਰ ਨਹੀਂ ਕੀਤਾ ਸੀ। ਇਸ ਤਰ੍ਹਾਂ ਹੀ ਉਹਦੀ ਹਾਲਤ ਰਹੀ ਤਾਂ ਉਹ ਮਰ ਵੀ ਸਕਦਾ ਹੈ। ਸ਼ਰਨਪਾਲ ਦੇ ਕਾਲਜਿਉਂ ਹੂਕ ਉੱਠਦੀ। ਉਹ ਆਪਣੇ ਆਪ ਨੂੰ ਬਹੁਤ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰਦੀ। ਇਹ ਹੂਕ ਤਾਂ ਉਹਦੀ ਦੇਹ ਨੂੰ ਕੰਬਾਅ-ਕੰਬਾਅ ਜਾਂਦੀ। ਉਹਨੂੰ ਲੱਗਦਾ ਉਹਦੀ ਸੱਸ 'ਗਧੇ' ਨੂੰ ਚੰਗੂੰ ਨਹੀਂ ਸੰਭਾਲ ਰਹੀ। ਉਲਟੀ ਪਿੱਛੋਂ ਉਹ ਉਹਨੂੰ ਆਪਣੀ ਹਿੱਕ ਨਾਲ ਲਾ ਕੇ ਕਿਉਂ ਨਹੀਂ ਘੁੱਟ ਲੈਂਦੀ। ਘੁੱਗੀ ਜਿਹਾ 'ਗਧਾ' ਕਿੰਨਾ ਤੜਫ਼-ਤੜਫ਼ ਜਾਂਦਾ ਹੈ, ਪਰ ਉਹ ਬੇਵਸ ਸੀ। ਉਹਨੇ 'ਗਧੇ' ਨੂੰ ਖ਼ੁਦ ਸੰਭਾਲਿਆ ਤਾਂ ਇਹ ਬੜੀ ਖ਼ਤਰਨਾਕ ਗੱਲ ਹੋਵੇਗੀ। 'ਗਧਾ' ਉਲਟੀਆਂ ਕਰਦਾ ਤੇ ਹਾਲੋਂ-ਬੇਹਾਲ ਹੋ ਜਾਂਦਾ। ਸ਼ਰਨਪਾਲ ਉਹਨੂੰ ਦੇਖਦੀ ਤੱਕ ਵੀ ਨਾ। ਪਰ੍ਹਾਂ ਕਿਧਰੇ ਜਾ ਕੇ ਬੈਠ ਜਾਂਦੀ ਤੇ ਮੁੰਡੇ ਦੀ ਹਾਲਤ ਨੂੰ ਭੁੱਲਣ ਦੀ ਕੋਸ਼ਿਸ਼ ਕਰਦੀ। ਗੁਰਦੇਵ ਸਿੰਘ ਘਰ ਨਹੀਂ ਸੀ। ਬਾਹਰੋਂ ਆਇਆ ਤਾਂ 'ਹੈਪੀ' ਦੀ ਐਨੀ ਭੈੜੀ ਹਾਲਤ ਦੇਖ ਕੇ ਮਾਂ ਤੋਂ ਉਹਦੇ ਬਾਰੇ ਪੁੱਛਣ ਲੱਗਿਆ। ਉਹਨੇ ਦੇਖਿਆ, ਸ਼ਰਨਪਾਲ ਕਿਧਰੇ ਨੇੜੇ-ਤੇੜੇ ਵੀ ਨਹੀਂ ਸੀ। ਪਰ੍ਹਾਂ ਕਿਧਰੇ ਪਤਾ ਨਹੀਂ ਕਿੱਥੇ ਬੈਠੀ ਸੀ। ਉਹਨੂੰ ਉਹਦੇ ਉੱਤੇ ਗੁੱਸਾ ਆਇਆ। ਉਹਦਾ ਦਿਲ ਕੀਤਾ, ਲਫੇੜਿਆਂ ਨਾਲ ਉਹ ਆਪਣੀ ਤੀਵੀਂ ਦਾ ਮੂੰਹ ਭੰਨ ਦੇਵੇ। ਮੁੰਡੇ ਦੀ ਇਹ ਹਾਲਤ ਹੈ ਤੇ ਉਸ ਨੂੰ ਕੋਈ ਖ਼ਿਆਲ ਹੀ ਨਹੀਂ। ਕਿੰਨੀ ਨਿਰਦਈ ਔਰਤ ਹੈ। ਅਜਿਹੀ ਗੰਦੀ ਔਰਤ ਨੂੰ ਕੀ ਪਤਾ ਹੈ ਕਿ ਔਲਾਦ ਕੀ ਹੁੰਦੀ ਹੈ। ਵਿਆਹ ਤੋਂ ਚਾਰ ਸਾਲ ਬਾਅਦ ਮਸਾਂ ਕਿਤੇ ਜਾ ਕੇ ਇਹ ਜੁਆਕ ਹੋਇਆ। ਇਕੋਂ ਟਿੰਘ ਤਾਂ ਹੈ। ਮੁੜ ਕੇ ਕੋਈ ਜਵਾਕ ਨਹੀਂ। ਇਹੋ ਤਾਂ ਇਕ ਚਰਾਗ ਹੈ ਘਰ ਦਾ।

ਗੁਰਦੇਵ ਸਿੰਘ ਨੂੰ ਗੁੱਸਾ ਚੜ੍ਹ ਰਿਹਾ ਸੀ। ਢਿੱਡੋਂ ਕੱਢੀ ਅੱਗ ਨੂੰ ਵੀ ਕੋਈ ਇਸ ਤਰ੍ਹਾਂ ਵਸਾਰ ਕੇ ਰੱਖਦਾ ਹੁੰਦਾ ਹੈ, ਪਰ ਛੇਤੀ ਹੀ ਉਹਦਾ ਗੁੱਸਾ ਠੰਡਾ ਹੋਣ ਲੱਗਿਆ ਉਹਨੂੰ ਪਿਛਲਾ ਸਾਰਾ ਸਮਾਂ ਯਾਦ ਆ ਗਿਆ। ਜਦ ਤੋਂ ਉਹ ਵਿਆਹੀ ਆਈ ਸੀ, ਇੱਕ ਦਿਨ ਵੀ ਉਹਨੇ ਉਹਨੂੰ ਸਿੱਧੇ ਮੂੰਹ ਨਾਲ ਨਹੀਂ 'ਬੁਲਾਇਆ-ਚਲਾਇਆ' ਸੀ। ਹੁਣ ਤੱਕ ਵੀ ਉਹਦੀ ਮਾਂ ਹੀ ਉਹਨੂੰ ਥਾਲੀ ਵਿੱਚ ਰੋਟੀ ਪਾ ਕੇ ਦਿੰਦੀ। ਕੱਪੜੇ ਵੀ ਮਾਂ ਧੋਂਦੀ। ਸ਼ਰਨਪਾਲ ਤਾਂ ਮੁੱਢ ਤੋਂ ਹੀ ਚੁੱਪ-ਚਾਪ ਰਹੀ ਸੀ। ਕਦੇ ਲੜੀ-ਝਗੜੀ ਵੀ ਨਹੀਂ ਸੀ, ਗੁਰਦੇਵ ਸਿੰਘ ਨਾਲ। ਕਦੇ ਬਿੰਦ-ਝੱਟ ਬੈਠ ਕੇ ਵੀ ਉਹ ਪਿਆਰ ਦੀਆਂ ਗੱਲਾਂ ਨਹੀਂ ਕਰਦੀ ਸੀ।

ਗੁਰਦੇਵ ਸਿੰਘ ਘਰ ਦੇ ਕਿਸੇ ਮਸਲੇ ਵਿੱਚ ਗੁੱਸੇ ਹੁੰਦਾ ਤਾਂ ਰੁੱਸ ਕੇ ਬੈਠ ਜਾਂਦਾ। ਰੋਟੀ ਹੀ ਨਾ ਖਾਂਦਾ। ਘਰ ਦੇ ਸਭ ਜਣੇ ਰੋਟੀ ਖਾ ਚੁੱਕੇ ਹੁੰਦੇ। ਗੁਰਦੇਵ ਸਿੰਘ ਦੀ ਮਾਂ ਉਹਨੂੰ ਰੋਟੀ ਖਾਣ ਲਈ ਕਈ ਵਾਰ ਆਖਦੀ, ਪਰ ਉਹਦਾ ਗੁੱਸਾ ਓਵੇਂ ਹੀ ਕਾਇਮ ਰਹਿੰਦਾ। ਉਹਦਾ ਅੰਦਰੋਂ ਕਿਤੋਂ ਦਿਲ ਕਰਦਾ, ਸ਼ਰਨਪਾਲ ਥਾਲੀ ਵਿੱਚ ਰੋਟੀ ਪਾ ਕੇ ਲਿਆਵੇ ਤੇ ਉਹਦੀਆਂ ਮਿੰਨਤਾਂ ਜਿਹੀਆਂ ਕਰੇ। ਉਹਨੂੰ ਛੇੜੇ। ਹਾਸੀ ਮਜ਼ਾਕ ਵਿੱਚ ਹੀ ਇੱਕ ਬੁਰਕੀ ਤੋੜ ਕੇ ਉਹਦੇ ਮੂੰਹ ਵਿੱਚ ਪਾ ਦੇਵੇ ਤੇ ਫੇਰ ਸਾਰੀ ਰੋਟੀ ਉਹ ਖਾ ਲਵੇ, ਪਰ ਸ਼ਰਨਪਾਲ ਤਾਂ ਨੇੜੇ ਵੀ ਨਹੀਂ ਆਉਂਦੀ ਸੀ। ਉਹਨੂੰ ਤਾਂ ਜਿਵੇਂ ਯਾਦ ਵੀ ਰਹਿੰਦਾ ਨਹੀਂ ਸੀ ਕਿ ਖ਼ੁਦ ਰੋਟੀ ਖਾਣ ਵੇਲੇ ਉਹ ਆਪਣੇ ਪਤੀ ਦੀ ਰੋਟੀ ਖਾਧੀ, ਨਾ ਖਾਧੀ ਦੀ ਗੱਲ ਮਨ ਵਿੱਚ ਲਿਆਵੇ। ਰੋਟੀ ਖਾਂਦੀ, ਭਾਂਡਾ ਰੀਂਡਾ ਸਾਂਭਦੀ ਤੇ ਮੰਜੇ ਉੱਤੇ ਜਾ ਪੈਂਦੀ।

ਗੁਰਦੇਵ ਸਿੰਘ ਸੋਚਦਾ ਰਹਿੰਦਾ, ਕੀ ਸ਼ਰਨਪਾਲ ਦੀਆਂ ਪੇਕੇ-ਪਿੰਡ ਸਹੇਲੀਆਂ ਨਹੀਂ ਸਨ? ਕੁਝ ਸਹੇਲੀਆਂ ਉਸ ਨਾਲੋਂ ਪਹਿਲਾਂ ਵਿਆਹੀਆਂ ਵੀ ਗਈਆਂ ਹੋਣਗੀਆਂ। ਵਿਆਹ ਬਾਅਦ ਪੇਕੇ-ਪਿੰਡ ਆ ਕੇ ਕੁੜੀਆਂ ਆਪਣੀਆਂ ਸਹੇਲੀਆਂ ਨੂੰ 'ਗੱਲਾਂ' ਸੁਣਾਉਂਦੀਆਂ ਹੁੰਦੀਆਂ ਹਨ। ਕੀ ਕਿਸੇ ਤੋਂ ਸ਼ਰਨਪਾਲ ਨੇ ਕਦੀ ਨਹੀਂ ਸੁਣਿਆ ਹੋਵੇਗਾ ਕਿ ਨਵੇਂ ਵਿਆਹੇ ਮੁੰਡੇ ਕੁੜੀ ਦਾ ਭਖਵਾਂ ਪਿਆਰ ਤੇ ਅੰਨ੍ਹਾ ਲਾਡ-ਚਾਅ ਕੀ ਹੁੰਦਾ ਹੈ ਜਾਂ ਕੀ ਉਹਨੇ ਕਦੇ ਐਥੇ ਸਹੁਰੇ-ਪਿੰਡ ਹੋਰਨਾ ਤੀਵੀਂਆਂ ਤੋਂ ਆਪਣੇ ਬੰਦਿਆਂ ਦੀਆਂ ਗੱਲਾਂ ਕਦੇ ਨਹੀਂ ਸੁਣੀਆਂ? ਆਪਣੇ ਬੰਦਿਆਂ ਨਾਲ ਉਹ ਕਿਵੇਂ ਲੜਦੀਆਂ ਝਗੜਦੀਆਂ ਤੇ ਫਿਰ ਕਿਵੇਂ ਇਕ-ਮਿਕ ਹੋ ਜਾਂਦੀਆਂ ਹਨ। ਗੁਰਦੇਵ ਸਿੰਘ ਨਿਰਣਾ ਲੈਂਦਾ, ਉਹਦੀ ਤੀਵੀਂ ਤਾਂ ਬੁੱਧੂ ਹੈ, ਬੇਅਕਲ, ਢਾਂਡਾ, ਮ੍ਹੈਸ ਐ ਨਿਰੀ। ਉਹਦੇ ਉੱਤੇ ਜ਼ਮਾਨੇ ਦਾ ਕੋਈ ਅਸਰ ਨਹੀਂ। ਉਹਨੂੰ ਨਹੀਂ ਪਤਾ, ਔਰਤ ਕੀ ਹੁੰਦੀ ਹੈ। ਉਹਨੂੰ ਨਹੀਂ ਪਤਾ, ਬੰਦਾ ਕਿਸ ਜਾਤ ਦਾ ਹੁੰਦਾ ਹੈ, ਬੰਦੇ ਨੂੰ ਰਿਝਾਉਣ ਲਈ ਔਰਤ ਕੋਲ ਕੀ ਕੀ ਹੁਨਰ ਹੁੰਦਾ ਹੈ, ਕੀ ਕੀ ਚਲਿੱਤਰ ਹੁੰਦੇ ਹਨ।

ਸ਼ਰਨਪਾਲ ਹੋਰੀਂ ਤਿੰਨ ਭੈਣਾਂ ਸਨ। ਦੋ ਉਸ ਤੋਂ ਛੋਟੀਆਂ। ਇੱਕ ਉਹਨਾਂ ਦਾ ਭਰਾ ਸੀ। ਸਭ ਤੋਂ ਛੋਟਾ। ਭਰਾ ਦਸ ਕੁ ਵਰ੍ਹਿਆਂ ਦਾ ਹੋਵੇਗਾ, ਜਦੋਂ ਉਹਨਾਂ ਦਾ ਬਾਪ ਪਰਲੋਕ ਸਿਧਾਰ ਗਿਆ। ਘਰ ਵਿੱਚ ਹੁਣ ਉਹਨਾਂ ਦਾ ਇਕੋ ਇਕ ਭਰਾ ਸੀ। ਬਾਕੀ ਉਹ ਚਾਰੇ ਮਾਂ-ਧੀਆਂ। ਘਰ ਵਿੱਚ ਬੰਦਾ ਨਾ ਹੋਵੇ ਤਾਂ ਤੀਵੀਂ ਜਾਤ ਦੀ ਕੀ ਵੁੱਕਤ। ਬੰਦਾ ਇਕੋ ਹੋਵੇ, ਘਰ ਦਾ ਥੰਮ੍ਹ ਹੁੰਦਾ ਹੈ। ਉਹ ਸ਼ਰਨਪਾਲ ਨੂੰ ਬੇਹੱਦ ਪਿਆਰਾ ਸੀ। ਭਰਾ ਕਿਸ ਨੂੰ ਪਿਆਰਾ ਨਹੀਂ ਹੁੰਦਾ ਹੈ, ਪਰ ਸ਼ਰਨਪਾਲ ਦੀ ਤਾਂ ਉਹ ਜਿੰਦ-ਜਾਨ ਸੀ।

ਹਰ ਵੇਲੇ ਉਹ ਉਸਨੂੰ ਆਪਣੇ ਕੋਲ ਰੱਖਦੀ। ਪਲ਼ ਦਾ ਵੀ ਵਸਾਹ ਨਾ ਕਰਦੀ। ਦਸ ਸਾਲ ਦਾ ਹੋ ਕੇ ਵੀ ਉਹ ਉਹਦੇ ਨਾਲ ਸੌਂਦਾ। ਇੱਕ ਥਾਲੀ ਵਿੱਚ ਉਹ ਰੋਟੀ ਖਾਂਦੇ। ਸਵੇਰੇ ਉਹ ਉਸਨੂੰ ਨੁਹਾ ਦਿੰਦੀ ਤੇ ਸਕੂਲ ਛੱਡ ਕੇ ਆਉਂਦੀ। ਹਰ ਚੀਜ਼ ਉਹ ਸ਼ਰਨਪਾਲ ਤੋਂ ਹੀ ਮੰਗਦਾ। ਮਾਂ ਨੂੰ ਕੁਛ ਪੁੱਛਦਾ ਹੀ ਨਾ। ਮਾਂ ਕੋਲ ਬਹਿੰਦਾ-ਉੱਠਦਾ ਵੀ ਨਾ।

ਇਕ ਵਾਰ ਉਹਨੂੰ ਟਾਈਫਾਈਡ ਹੋ ਗਿਆ। ਉਹਦਾ ਬਹੁਤ ਇਲਾਜ ਕੀਤਾ ਗਿਆ, ਪਰ ਬੁਖ਼ਾਰ ਟੁੱਟਦਾ ਨਹੀਂ ਸੀ। ਸ਼ਰਨਪਾਲ ਪੂਰੀ ਦੇਹ ਵੇਲਦੀ। ਉਹਦੇ ਮਰਨੇ ਮਰ-ਮਰ ਜਾਂਦੀ। ਸਾਰੀ ਰਾਤ ਸੌਂਦੀ ਹੀ ਨਾ। ਉਹਨੂੰ ਹਿੱਕ ਨਾਲ ਲਾ ਕੇ ਪੈ ਜਾਂਦੀ, ਪਰ ਉਹ ਬਚਿਆ ਨਾ। ਸ਼ਰਨਪਾਲ ਨੇ ਰੋ ਪਿੱਟ ਕੇ ਸਿਰ ਦੇ ਵਾਲ਼ ਪੁੱਟ ਲਏ। ਕੰਧਾਂ ਨਾਲ ਟੱਕਰਾਂ ਮਾਰੀਆਂ। ਦੋਵੇਂ ਛੋਟੀਆਂ ਭੈਣਾਂ ਤੇ ਮਾਂ ਫੇਰ ਉਸਨੂੰ ਹੀ ਸੰਭਾਲਣ ਉੱਤੇ ਹੋ ਗਈਆਂ। ਕਿਤੇ ਉਹੀ ਨਾ ਆਪਣੇ ਆਪ ਨੂੰ ਗੰਵਾ ਲਵੇ।

ਤੇ ਫੇਰ ਉਹਨਾਂ ਦੇ ਘਰ ਇੱਕ ਮੁੰਡਾ ਆਉਣ ਲੱਗਿਆ। ਗਵਾਂਢ ਵਿਚੋਂ ਹੀ ਸੀ। ਭੂਆ ਕੋਲ ਰਹਿੰਦਾ ਸੀ ਤੇ ਸ਼ਹਿਰ ਕਾਲਜ ਵਿੱਚ ਪੜ੍ਹਨ ਜਾਂਦਾ।

ਸ਼ਰਨਪਾਲ ਦਸਵੀਂ ਪਾਸ ਕਰਕੇ ਹਟ ਗਈ ਸੀ। ਦੋਵੇਂ ਛੋਟੀਆਂ ਸਕੂਲ ਜਾਂਦੀਆ ਘਰ ਵਿੱਚ ਆਉਂਦਾ ਮੁੰਡਾ ਉਹਨਾਂ ਦੇ ਨਿੱਕੇ ਮੋਟੇ ਕੰਮ ਕਰ ਦਿੰਦਾ। ਸ਼ਹਿਰੋਂ ਚੀਜ਼ਾਂ ਲਿਆ ਦਿੰਦਾ। ਮਾਂ ਬੀਮਾਰ ਰਹਿੰਦੀ ਸੀ। ਮਹੀਨੇ ਪਿੱਛੋਂ ਉਹਦੇ ਲਈ ਸ਼ਹਿਰੋਂ ਪੀਣ ਵਾਲੀ ਦਵਾਈ ਦੀ ਬੋਤਲ ਲਿਆ ਕੇ ਦਿੰਦਾ। ਸ਼ਰਨਪਾਲ ਕੋਲ ਬੈਠ ਕੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ।

ਮਾਂ ਨੂੰ ਲੱਗਦਾ ਜਿਵੇਂ ਉਹਨਾਂ ਦਾ ਮਰ ਚੁੱਕਿਆ ਮੁੰਡਾ ਉਹਨਾਂ ਨੂੰ ਵਾਪਸ ਮਿਲ ਗਿਆ ਹੋਵੇ। ਸ਼ਰਨਪਾਲ ਨੂੰ ਲੱਗਦਾ ਜਿਵੇਂ ਉਹ ਤਾਂ ਉਹਦਾ ਭਰਾ ਸੀ। ਭਰਾ ਜਿੰਨਾ ਹੀ ਉਹਨੂੰ ਪਿਆਰ ਕਰਨ ਲੱਗੀ। ਦੁਵੱਲਾ ਪਿਆਰ। ਇੱਕ ਪਾਕ ਪਵਿੱਤਰ ਜਿਹਾ ਮੋਹ ਦਿਨੋ-ਦਿਨ ਹੋਰ ਨਿੱਘਾ ਹੁੰਦਾ ਗਿਆ। ਇੱਕ ਦੂਜੇ ਨੂੰ ਦੇਖੇ ਬਗ਼ੈਰ ਉਹ ਰਹਿ ਨਾ ਸਕਦੇ। ਸ਼ਰਨਪਾਲ ਨੂੰ ਆਪਣੇ ਭਰਾ ਦੀ ਯਾਦ ਭੁੱਲਣ ਲੱਗੀ ਤੇ ਫੇਰ ਜਿਵੇਂ ਪਤਾ ਵੀ ਨਾ ਲੱਗਿਆ ਹੋਵੇ, ਉਹਨਾਂ ਦੇ ਇਸ ਪਾਕ ਪਵਿੱਤਰ ਜਿਹੇ ਰਿਸ਼ਤੇ ਦਾ ਰੰਗ ਬਦਲ ਗਿਆ। ਉਹ ਕਿਸੇ ਰਾਂਗਲੇ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਲੱਗੇ। ਸ਼ਰਨਪਾਲ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਇਹ ਮੁੰਡਾ ਤਾਂ ਕਿੰਨਾ ਚੰਗਾ ਹੈ। ਸਾਡੇ ਘਰਾਂ ਨੂੰ ਸੰਭਾਲ ਲਵੇਗਾ। ਉਹਦੀਆਂ ਛੋਟੀਆਂ-ਛੋਟੀਆਂ ਭੈਣਾਂ ਲਈ ਧਿਰ ਬਣੇਗਾ। ਮਾਂ ਨੂੰ ਸੁੱਖ ਦੇਵੇਗਾ। ਉਹ ਉਸ ਨੂੰ ਏਥੇ ਹੀ ਆਪਣੇ ਘਰ ਵਿੱਚ ਰੱਖੇਗੀ। ਉਹਨਾਂ ਕੋਲ ਬਥੇਰੀ ਜ਼ਮੀਨ ਹੈਗੀ। ਉਹ ਮੌਜਾਂ ਕਰਨਗੇ। ਛੋਟੀਆਂ ਭੈਣਾਂ ਦੇ ਮਾਂ ਬਾਪ ਬਣ ਕੇ ਰਹਿਣਗੇ।

ਸ਼ਹਿਰ ਨੇੜੇ ਹੀ ਸੀ। ਮੁੰਡਾ ਸਾਈਕਲ ਉੱਤੇ ਕਾਲਜ ਪੜ੍ਹਨ ਜਾਂਦਾ ਹੁੰਦਾ। ਇਕ ਦਿਨ ਮੀਂਹ ਪਿਆ। ਝਖੇੜੇ ਦਾ ਮੀਂਹ ਸੀ। ਸੜਕ ਉੱਤੇ ਖੜ੍ਹੇ ਕਿੰਨੇ ਹੀ ਦਰਖ਼ਤ ਟੁੱਟ ਗਏ। ਬੱਸਾਂ, ਟਰੱਕਾਂ ਤੇ ਕਾਰਾਂ, ਮੈਟਾਡੋਰਾਂ ਲਈ ਚੱਲਣਾ ਮੁਸ਼ਕਿਲ ਹੋ ਗਿਆ। ਇੱਕ ਥਾਂ ਇਕ ਟਾਹਲੀ ਟੁੱਟ ਕੇ ਮੋਟਾ ਡਾਹਣਾ ਸੜਕ ਉੱਤੇ ਆ ਡਿੱਗਿਆ ਸੀ। ਐਨ ਓਸ ਥਾਂ ਮੁੰਡੇ ਦੇ ਸਾਈਕਲ ਉੱਤੇ ਟਰੱਕ ਆ ਚੜ੍ਹਿਆ। ਉਹਦੇ ਸਿਰ ਵਿੱਚ ਜ਼ਬਰਦਸਤ ਸੱਟ ਲੱਗੀ ਸੀ। ਉਹ ਥੋੜ੍ਹੀ ਦੇਰ ਬਾਅਦ ਹੀ ਤੜਫ਼-ਤੜਫ਼ ਕੇ ਮਰ ਗਿਆ।

ਸ਼ਰਨਪਾਲ ਦਾ ਸੰਸਾਰ ਉੱਜੜ ਗਿਆ। ਬਸ ਉਹ ਦਿਨ, ਸੋ ਉਹ ਦਿਨ ਸ਼ਰਨਪਾਲ ਦੇ ਮਨ ਵਿੱਚ ਇੱਕ ਗੰਢ ਪੈ ਗਈ ਕਿ ਉਹ ਜਿਸ ਕਿਸੇ ਨੂੰ ਵੀ ਦਿਲੋਂ ਪਿਆਰ ਕਰਦੀ ਹੈ, ਮਰ ਜਾਂਦਾ ਹੈ। ਪਹਿਲਾਂ ਉਹਦਾ ਭਰਾ, ਫੇਰ ਉਹਦਾ ਉਹ।

ਸ਼ਰਨਪਾਲ ਦਾ ਮੁੰਡਾ ਬੇਹੱਦ ਕਮਜ਼ੋਰ ਹੋ ਚੁੱਕਿਆ ਸੀ, ਹੌਲ਼ੀ-ਹੌਲ਼ੀ ਉਹ ਬੈਠਦਾ, ਹੌਲ਼ੀ-ਹੌਲ਼ੀ ਬੋਲਦਾ।ਜਿਵੇਂ ਜਮਾਂ ਹੀ ਸੱਤਿਆਨਾ ਰਹਿ ਗਈ ਹੋਵੇ। ਸ਼ਰਨਪਾਲ ਉਹਦੇ ਕੋਲ ਦੀ ਲੰਘਦੀ ਤਾਂ ਉਹ ਬਿਟਰ-ਬਿਟਰ ਉਹਦੇ ਵੱਲ ਝਾਕਦਾ। ਸ਼ਰਨਪਾਲ ਦਾ ਜੀਅ ਕਰਦਾ, ਉਹ ਆਪਣੇ 'ਗਧੇ' ਨੂੰ ਹਿੱਕ ਨਾਲ ਲਾ ਲਵੇ, ਪਰ ਉਹਨੂੰ ਯਾਦ ਆਉਂਦਾ, ਉਹ ਆਪਣੇ ਭਰਾ ਨੂੰ ਜਦੋਂ ਉਹ ਟਾਈਫਾਈਡ ਨਾਲ ਐਨਾ ਹੀ ਬੀਮਾਰ ਸੀ, ਹਿੱਕ ਨਾਲ ਲਾ ਕੇ ਰੱਖਦੀ ਹੁੰਦੀ।

ਸ਼ਰਨਪਾਲ ਨੇ ਆਪਣੇ ਅਟੈਚੀ ਵਿੱਚ ਕੱਪੜੇ ਪਾਏ ਤੇ ਸੱਸ ਨੂੰ ਕਹਿੰਦੀ- 'ਬੇ ਜੀ, ਮੈਂ ਮਾਂ ਕੋਲ ਚੱਲੀ ਆਂ। ਹਫ਼ਤਾ ਕੁ ਲਾ ਕੇ ਆਜੂੰਗੀ।'

'ਭਾਈ ਬਹੂ, ਮੁੰਡੇ ਕੰਨੀ ਤਾਂ ਦੇਖ। ਤੈਨੂੰ ਜਾਣ ਕੀ ਸੁੱਝਦੈ। ਮੁੰਡੇ ਦਾ ਰੱਥ ਵਿਗੜਿਆ ਲੱਗਦੈ। ਪਿੰਡ-ਪਿੰਡ ਲੋਕ ਮਰੀ ਜਾਂਦੀ ਐ। ਕੁਸ ਤਾਂ ਸੋਚ ਭਾਈ। ਐਡੀ ਕਾਹਲ ਕੀ ਪੈ ਗਈ ਤੈਨੂੰ ਜਾਣ ਦੀ?'

'ਤਾਪ ਈ ਐ, ਆਪੇ ਉਤਰ ਜੂ। ਕੀ ਹੋਇਆ ਇਹਨੂੰ?' ਸ਼ਰਨਪਾਲ ਨੇ ਰੁੱਖਾ ਜਵਾਬ ਦਿੱਤਾ।

ਸੱਸ ਕਹਿੰਦੀ- 'ਕਿੰਨੀ ਬੇਅਕਲ ਐਂ ਤੂੰ! ਤੇਰੇ ਵਰਗੀ ਦੇ ਕਾਹਨੂੰ ਲੱਗੇ ਵੇਲ-ਤੂਮੜੀ। ਐਨੀ ਨਿਰਦੈਣ! ਜਿਹਨੇ ਪੁੱਤ ਨੂੰ ਕੁਛ ਨਾ ਜਾਣਿਆ, ਹੋਰ ਕੀ ਲੱਗਦੈ ਉਹਦਾ ਕੋਈ। ਜਾਹ ਤੁਰਦੀ ਹੋ। ਤੂੰ ਨਹੀਂ, ਤਾਂ ਅਸੀਂ ਤਾਂ ਹੈਗੇ ਆਂ।

ਸੱਸ ਦੇ ਮੰਦੇ ਬੋਲ ਸੁਣ ਕੇ ਜਿਵੇਂ ਸ਼ਰਨਪਾਲ ਨੂੰ ਧਰਵਾਸ ਮਿਲਿਆ ਹੋਵੇ। ਹੁਣ ਉਹਦੇ ਲਾਲ ਦਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ। ਉਹਨੇ ਅਟੈਚੀਕੇਸ ਚੁੱਕਿਆ ਤੇ 'ਗਧੇ' ਵੱਲ ਝਾਕੇ ਬਗ਼ੈਰ ਘਰੋਂ ਬਾਹਰ ਹੋ ਗਈ।