ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਟੁੰਡਾ

ਟੁੰਡਾ

ਮੇਰਾ ਨਵਾਂ ਕਹਾਣੀ-ਸੰਗ੍ਰਹਿ ਪ੍ਰੈੱਸ ਵਿੱਚ ਸੀ।

ਉਹਨਾਂ ਦਿਨਾਂ ਵਿੱਚ ਕਈ ਵਾਰ ਮੈਨੂੰ ਜਲੰਧਰ ਜਾਣਾ ਪਿਆ ਸੀ। ਰਾਤ ਦੀ ਗੱਡੀ ਜਾ ਕੇ ਅਗਲੀ ਸਵੇਰ ਸਾਰਾ ਦਿਨ ਕੰਮ ਕਰਦਾ ਤੇ ਫਿਰ ਓਸੇ ਦਿਨ ਦੀ ਗੱਡੀ ਹੀ ਵਾਪਸ ਆ ਜਾਂਦਾ। ਸਾਡੇ ਵੱਲ ਧੂਰੀ ਨੂੰ ਆਉਣ ਵਾਲੀ ਗੱਡੀ ਜਲੰਧਰ ਸਾਢੇ ਬਾਰਾਂ, ਪੌਣੇ ਇੱਕ ਆਉਂਦੀ। ਰੋਟੀ ਖਾਣ ਤੇ ਫਿਰ ਪ੍ਰੈੱਸ ਵਿੱਚ ਹੀ ਕਿਸੇ ਨਾਲ ਯੱਕੜ ਮਾਰ-ਮਾਰ ਕੇ ਮਸਾਂ ਦਸ ਵੱਜਦੇ। ਤੇ ਫਿਰ ਅਗਲੀ ਤਰੀਕ ਦਾ ਅਖ਼ਬਾਰ ਵੀ ਆਊਟ ਹੋ ਚੁੱਕਿਆ ਹੁੰਦਾ, ਪਰਚਾ ਫੋਲਡ ਕਰਨ ਵਾਲੇ ਕਾਮਿਆਂ ਤੋਂ ਲੈ ਕੇ ਉਹ ਵੀ ਪੜ੍ਹ ਲਿਆ ਜਾਂਦਾ। ਇੱਕ ਘੰਟੇ ਦੀ ਲੰਬੀ ਉਡੀਕ ਤੇ ਅਕੇਵੇਂ ਦੇ ਬਾਅਦ ਮੁਸ਼ਕਲ ਨਾਲ ਗਿਆਰਾਂ ਵਜਾਏ ਜਾਂਦੇ। ਆਖ਼ਰ ਸਟੇਸ਼ਨ 'ਤੇ ਆ ਕੇ ਬੈਠਣਾ ਪੈਂਦਾ। ਪ੍ਰੈੱਸ ਵਿੱਚੋਂ ਚੋਰੀਓਂ ਲਿਆਂਦਾ ਅਖ਼ਬਾਰ ਦੂਜੀ ਵਾਰ ਪੜ੍ਹਨ ਤੋਂ ਬਿਨਾਂ ਵਕਤ-ਕਟੀ ਦਾ ਹੋਰ ਕੋਈ ਸਾਧਨ ਨਾ ਲੱਭਦਾ।

ਉਸ ਦਿਨ ਵੀ ਕੋਈ ਸਾਢੇ ਗਿਆਰਾਂ ਦੇ ਕਰੀਬ ਮੁਸਾਫ਼ਰਖ਼ਾਨੇ ਵਿੱਚ ਟਿਕਟਾਂ ਵਾਲੀਆਂ ਖਿੜਕੀਆਂ ਸਾਹਮਣੇ ਇੱਕ ਬੈਂਚ ਉੱਤੇ ਬੈਠਾ ਮੈਂ ਅਖ਼ਬਾਰ ਪੜ੍ਹ ਰਿਹਾ ਸਾਂ। ਉਹ ਮੁਸਾਫ਼ਰਖ਼ਾਨੇ ਦੇ ਗੇਟ ਉੱਤੇ ਆਪਣੀ ਹੀ ਮੌਜ ਵਿੱਚ ਇੱਕ ਗਾਰਡਰ ਦੀ ਢੋਹ ਲਾਈ ਖੜ੍ਹਾ ਸੀ। ਜਦ ਕਦੇ ਵੀ ਮੈਂ ਰਾਤ ਦੀ ਗੱਡੀ ਲੈਣ ਏਥੇ ਆਇਆ ਸਾਂ, ਉਸ ਨੂੰ ਹਮੇਸ਼ਾ ਇਸ ਥਾਂ ਖੜ੍ਹੇ ਹੀ ਦੇਖਿਆ ਸੀ। ਆਪਣੀ ਹੀ ਮੌਜ ਵਿੱਚ। ਗਿਆਰਾਂ-ਬਾਰਾਂ ਵਜੇ ਰਾਤ ਗਈ ਤੱਕ ਉਹ ਇਥੇ ਕਿਉਂ ਖੜ੍ਹਾ ਰਹਿੰਦਾ ਸੀ? ਕੀ ਉਸ ਦਾ ਕੋਈ ਘਰ ਨਹੀਂ ਸੀ? ਉਸ ਨੂੰ ਕਿਸ ਦੀ ਉਡੀਕ ਸੀ? ਅਖ਼ਬਾਰ ਪੜ੍ਹਦਿਆਂ ਇੱਕ ਦੋ ਵਾਰ ਸਰਸਰੀ ਹੀ ਮੈਂ ਉਸ ਵੱਲ ਝਾਕਿਆ ਸਾਂ। ਫਿਰ ਮੈਂ ਦੇਖਿਆ, ਉਹ ਮੇਰੇ ਵੱਲ ਹੀ ਤੁਰਿਆ ਆ ਰਿਹਾ ਸੀ। ਖਾਕੀ ਮੈਲੀ ਪੈਂਟ, ਗੋਡਿਆਂ ਕੋਲੋਂ ਕੁਝ ਜ਼ਿਆਦਾ ਹੀ ਘਸੀ ਹੋਈ ਦਿਸਦੀ ਸੀ। ਕਿਸੇ ਮੋਟੇ ਜਿਹੇ ਕਪੜੇ ਦੀ ਘਸਮੈਲੀ ਜਿਹੀ ਬੁਰਸ਼ਟ। ਪੈਰਾਂ ਵਿੱਚ ਚਿੱਟੇ ਫਲੀਟ। ਪਰ ਉਹ ਐਨੇ ਪੁਰਾਣੇ ਹੋ ਚੁੱਕੇ ਸਨ ਕਿ ਚਿੱਟੇ ਨਹੀਂ ਲੱਗਦੇ ਸਨ। ਚੀਚੀਆਂ ਬਾਹਰ ਨਿਕਲੀਆਂ ਹੋਈਆਂ ਸਨ। ਮਾਵਾ ਦਿੱਤੀ ਪੱਗ, ਲੱਗਦਾ ਸੀ ਕਈ ਹਫ਼ਤਿਆਂ ਤੋਂ ਪਾਣੀ ਲਾ ਕੇ ਬੰਨ੍ਹੀ ਹੋਵੇਗੀ। ਸੇਲ੍ਹੀਆਂ ਤੇ ਮੱਥੇ ਕੋਲੋਂ ਬਹੁਤ ਗੰਦੀ ਹੋ ਚੁੱਕੀ ਸੀ, ਉੱਤੇ ਵੀ ਥਾਂ-ਥਾਂ ਦਾਗ਼ ਸਨ। ਉਹ ਮੇਰੇ ਕੋਲ, ਪਰ ਕੁਝ ਕੁ ਦੂਰੀ 'ਤੇ ਆ ਕੇ ਖਲੋ ਗਿਆ। ਮੇਰੇ ਵੱਲ ਨਹੀਂ, ਦੂਜੇ ਪਾਸੇ ਦੂਰ ਬੈਠੇ ਲੋਕਾਂ ਵੱਲ ਤੱਕ ਰਿਹਾ।..ਮੇਰਾ ਧਿਆਨ ਹੁਣ ਅਖ਼ਬਾਰ ਵੱਲ ਘੱਟ ਤੇ ਟਿਕਟਾਂ ਵਾਲੀ ਖਿੜਕੀ ਵੱਲ ਬਹੁਤਾ ਸੀ। ਮੈਨੂੰ ਪਤਾ ਸੀ, ਮੇਰੇ ਵਾਲੀ ਖਿੜਕੀ ਬਾਰਾਂ ਵਜੇ ਤੋਂ ਬਾਅਦ ਖੁੱਲ੍ਹਦੀ ਹੈ। ਫਿਰ ਵੀ ਮੈਨੂੰ ਅੱਚਵੀ ਲੱਗੀ ਹੋਈ ਸੀ। ਉਡੀਕ ਰਿਹਾ ਸਾਂ, ਖਿੜਕੀ ਹੁਣ ਖੁੱਲ੍ਹੀ, ਹੁਣ ਖੁੱਲ੍ਹੀ। ਖਿੜਕੀ ਅੱਗੇ ਮੁਸਾਫ਼ਰਾਂ ਦੀ ਕਤਾਰ ਹੁਣ ਤੋਂ ਹੀ ਲੱਗਦੀ ਜਾ ਰਹੀ ਸੀ। ਪਰ ਇਹ ਮੁਸਾਫ਼ਰ ਬਹੁਤੇ ਨਹੀਂ ਸਨ। ਬਸ ਗਿਣਤੀ ਦੇ ਦਸ ਬਾਰਾਂ ਹੀ। ਮੈਂ ਬੈਂਚ ਉੱਤੇ ਹੀ ਬੈਠਾ ਰਿਹਾ ਸਾਂ। ਖਿੜਕੀ ਖੁੱਲ੍ਹੇਗੀ, ਟਿਕਟ ਮਿਲਣ ਲੱਗਣਗੇ, ਆਪੇ ਪਤਾ ਲੱਗ ਜਾਵੇਗਾ।

ਉਹ ਮੇਰੇ ਵਾਲੇ ਬੈਂਚ ਉੱਤੇ ਮੇਰੇ ਕੋਲ ਹੀ ਬੈਠ ਗਿਆ। ਕਾਫ਼ੀ ਨਜ਼ਦੀਕ ਜਿਹਾ ਹੋ ਕੇ। ਮੈਨੂੰ ਉਸ ਵਿੱਚੋਂ ਮੁਸ਼ਕ ਆਇਆ। ਮੈਂ ਉਸ ਵੱਲ ਘ੍ਰਿਣਾ ਭਰੀਆਂ ਨਜ਼ਰਾਂ ਨਾਲ ਝਾਕਿਆ। ਉਹ ਗਹੁ ਨਾਲ ਮੇਰੀ ਅਖ਼ਬਾਰ ਵੱਲ ਝਾਕ ਰਿਹਾ ਸੀ। ਉਸ ਦੀ ਇੱਕ ਅੱਖ ਕਾਣੀ ਸੀ। ਦੂਜੀ ਅੱਖ ਦਾ ਆਂਡਾ ਜ਼ਰਦ ਜਿਹਾ ਸੀ। ਇਸ ਜ਼ਰਦ ਆਂਡੇ ਵਾਲੀ ਅੱਖ ਨਾਲ ਹੀ ਉਸ ਨੂੰ ਦਿਸਦਾ ਹੋਵੇਗਾ। ਕਾਣੀ ਅੱਖ ਤਾਂ ਬਸ ਨਾਉਂ ਨੂੰ ਹੀ ਅੱਖ ਲੱਗਦੀ ਸੀ। ਨਹੀਂ ਤਾਂ ਕੋਈ ਜਾਨ ਨਹੀਂ ਦਿਸਦੀ ਸੀ ਉਸ ਵਿੱਚ। ਉਸ ਦੀ ਕਰੜ ਬਰੜੀ ਦਾੜ੍ਹੀ ਤੇ ਮੁੱਛਾਂ ਬਹੁਤ ਛੋਟੀਆਂ ਸਨ। ਉਹ ਕੱਟੀਆਂ ਹੋਈਆਂ ਵੀ ਨਹੀਂ ਦਿਸਦੀਆਂ ਸਨ। ਇਉਂ ਲੱਗਦਾ ਸੀ, ਜਿਵੇਂ ਘਸਦੀਆਂ-ਘਸਦੀਆਂ ਹੀ ਐਡੀਆਂ ਕੁ ਰਹਿ ਗਈਆਂ ਹੋਣ। ਖੱਬੀ ਬਾਂਹ ਸਾਬਤ, ਜਿਸ ਵਿੱਚ ਲੋਹੇ ਦਾ ਕੜਾ ਤੇ ਸੱਜੀ ਬਾਂਹ ਡੌਲੇ ਕੋਲੋਂ ਵੱਢੀ ਹੋਈ ਸੀ। ਉਸ ਦਾ ਟੁੰਡ ਮੱਝ ਦੀ ਟੁੱਟੀ ਪੂਛ ਵਾਂਗ ਹਿੱਲਦਾ ਬਹੁਤ ਬੁਰਾ ਲੱਗ ਰਿਹਾ ਸੀ। ਸੱਚੀ ਗੱਲ ਹੈ, ਮੈਨੂੰ ਤਾਂ ਉਸ ਆਦਮੀ ਦੇ ਮੇਰੇ ਬਹੁਤ ਨਜ਼ਦੀਕ ਆ ਕੇ ਬੈਠਣ 'ਤੇ ਗ਼ੁੱਸਾ ਆਇਆ। ਓਧਰ ਬੈਂਚ ਖ਼ਾਲੀ ਪਿਆ ਸੀ। ਓਥੇ ਜਾ ਬੈਠਦਾ। ਜੇ ਏਸੇ ਬੈਂਚ ਉੱਤੇ ਬੈਠਣਾ ਸੀ ਤਾਂ ਕਿਸੇ ਦੇ ਐਨਾ ਨਜ਼ਦੀਕ ਹੋ ਕੇ ਬੈਠਣ ਦਾ ਕੀ ਮਤਲਬ? ਕਿੰਨੇ ਗਵਾਰ ਹਨ ਇਹ ਲੋਕ। ਨ੍ਹਾਉਣਾ ਨਹੀਂ, ਧੋਣਾ ਨਹੀਂ, ਪਸ਼ੂਆਂ ਵਾਂਗ ਤੁਰੇ ਫਿਰਦੇ ਹਨ। ਤੇ ਫਿਰ ਦੇਖੋ, ਅਖ਼ਬਾਰ ਵੱਲ ਕਿਵੇਂ ਝਾਕੀ ਜਾ ਰਿਹਾ ਹੈ, ਜਿਵੇਂ ਪੜ੍ਹਨ ਜਾਣਦਾ ਹੋਵੇ। ਭਲਿਆ-ਮਾਣਸਾ, ਪੜ੍ਹਨਾ ਤਾਂ ਆਉਂਦਾ ਨਹੀਂ, ਅੱਖਰਾਂ ਵੱਲ ਝਾਕਣ ਦਾ ਕੀ ਲਾਭ? ਪੈਂਟ-ਬੁਰਸ਼ਟ ਪਾ ਛੱਡੀ ਹੈ। ਪੱਗ ਦੇਖੋ ਕਿਵੇਂ ਘੋਟ-ਘੋਟ ਬੰਨ੍ਹੀ ਹੈ। ਆਉਂਦਾ ਤਾਂ ਇੱਲ੍ਹ ਤੋਂ ਕੁੱਕੜ ਨਹੀਂ ਹੋਣਾ।

ਵਿਚਕਾਰਲਾ ਸਫ਼ਾ ਤਾਂ ਦੇਣਾ ਜ਼ਰਾ, ਭਾਈ ਸਾਹਬ।' ਕਹਿ ਕੇ ਉਸ ਨੇ ਮੇਰੇ ਫ਼ਜ਼ੂਲ ਵਿਚਾਰਾਂ ਦੀ ਲੜੀ ਤੋੜ ਦਿੱਤੀ ਹੈ। ਹੈਂ, ਇਹ ਤਾਂ ਪੜ੍ਹਨਾ ਜਾਣਦਾ ਹੈ। ਸੁਰਖ਼ੀਆਂ ਦੇਖ ਕੇ ਉਹ ਖ਼ਬਰਾਂ ਨੂੰ ਡਿਟੇਲ ਵਿੱਚ ਪੜ੍ਹਨ ਲੱਗਿਆ।

'ਮੋਗੇ ਵਿੱਚ ਸਟੂਡੈਂਟਾਂ 'ਤੇ ਚੱਲੀ ਗੋਲੀ ਦੀ ਅਸਲੀਅਤ ਅਖ਼ਬਾਰਾਂ ਵਾਲੇ ਘੱਟ ਹੀ ਪੇਸ਼ ਕਰਦੇ ਹਨ।' ਉਸ ਨੇ ਸਹਿਜ ਸੁਭਾਅ ਹੀ ਆਖਿਆ, ਜਿਵੇਂ ਆਪਣੇ ਆਪ ਨੂੰ ਹੀ ਕਿਹਾ ਹੋਵੇ। ਪਰ ਮੈਨੂੰ ਵੀ ਹੁੰਗਾਰਾ ਭਰਨਾ ਬਣਦਾ ਸੀ।

'ਕੁਝ ਕਹਿ ਨਹੀਂ ਸਕਦੇ।' ਮੈਂ ਸਿਰਫ਼ ਐਨਾ ਹੀ ਕਹਿ ਸਕਿਆ। ਜਦ ਉਹ ਬੋਲਿਆ ਸੀ, ਮੈਨੂੰ ਉਸ ਦੇ ਦੰਦ ਬਹੁਤ ਮੈਲੇ ਦਿਸੇ ਸਨ। ਪੀਲੇ ਪੀਲੇ ਜਿਵੇਂ ਮੱਕੀ ਦਾ ਆਟਾ ਜੰਮਿਆ ਹੋਇਆ ਹੋਵੇ। ਅਨੁਮਾਨ ਸੀ, ਦਾਤਣ ਜਾਂ ਬੁਰਸ਼ ਜੰਮ ਕੇ ਵੀ ਨਹੀਂ ਕੀਤਾ ਹੋਵੇਗਾ, ਪਰ ਇਸ ਵਾਰ ਮੈਂ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਨਹੀਂ ਕੀਤਾ। ਮੈਨੂੰ ਉਹ ਮਨੁੱਖ ਵਿੱਚ ਕੁਝ-ਕੁਝ ਦਿਲਚਸਪੀ ਹੋ ਗਈ। ਪੜ੍ਹਿਆ ਹੋਇਆ ਵੀ ਹੈ ਅਤੇ ਸਿਆਸਤ ਨੂੰ ਵੀ ਥੋੜ੍ਹਾ-ਥੋੜ੍ਹਾ ਮੂੰਹ ਮਾਰਦਾ ਲੱਗਦਾ ਹੈ। ਦੇਖਣ ਵਿੱਚ ਤਾਂ ਬੜਾ (ਖਾਸਤਾ) ਜਿਹਾ ਬੰਦਾ ਹੈ।

ਅਖ਼ਬਾਰ ਦਾ ਆਪਣੇ ਵਾਲਾ ਹਿੱਸਾ ਵੀ ਉਹ ਨੂੰ ਫੜਾ ਕੇ ਮੈਂ ਟਿਕਟ ਲੈਣ ਚਲਿਆ ਗਿਆ। ਦਸ ਕੁ ਮਿੰਟਾਂ ਬਾਅਦ ਵਾਪਸ ਆਇਆ, ਉਹ ਅਖ਼ਬਾਰ ਦੇ ਪਹਿਲੇ ਸਫ਼ੇ ਦੀਆਂ ਖ਼ਬਰਾਂ ਬਹੁਤ ਧਿਆਨ ਨਾਲ ਪੜ੍ਹ ਰਿਹਾ ਸੀ।

'ਤੁਸੀਂ ਕੀ ਕੰਮ ਕਰਦੇ ਹੋ?" ਮੈਂ ਉਹਨੂੰ ਪੁੱਛ ਲਿਆ।

'ਕੰਮ, ਕੰਮ ਕੋਈ ਵੀ, ਜੋ ਵੀ ਮਿਲ ਜਾਵੇ।' ਉਸ ਨੇ ਬਹੁਤ ਠਰ੍ਹੰਮੇ ਨਾਲ ਤੇ ਮੇਰੇ ਵੱਲ ਬਿਨਾਂ ਦੇਖਿਆਂ ਹੀ ਜਵਾਬ ਦਿੱਤਾ।

'ਮਤਲਬ?'

'ਮਤਲਬ ਮਜ਼ਦੂਰੀ, ਕਿਤੇ ਜਾ ਕੇ, ਕਿਸੇ ਵੀ ਕਿਸਮ ਦੀ।'

'ਕਿੰਨਾ ਕੁ ਕਮਾ ਲੈਂਦੇ ਹੋ?'

'ਕਮਾਈ?' .... ਉਹ ਹੱਸਿਆ।

'ਹਾਂ, ਕੁਝ ਤਾਂ ਕਮਾਉਂਦੇ ਹੀ ਹੋਵੇਗੇ?'

'ਬਸ ਰੋਟੀ, ਚਾਹ .....ਹੋਰ ਕੀ?'

ਮੈਂ ਉਸ ਤੋਂ ਪੁੱਛਿਆ ਨਹੀਂ ਕਿ ਉਹ ਇੱਕ ਹੱਥ ਨਾਲ ਹੀ ਕਿਹੜਾ ਕੰਮ ਕਿੰਨਾ ਕੁ ਕਰ ਲੈਂਦਾ ਹੋਵੇਗਾ। ਸਿਰਫ਼ ਐਨਾ ਹੀ ਪੁੱਛ ਸਕਿਆ (ਗੱਲ ਨੂੰ ਜਾਰੀ ਰੱਖਣ ਲਈ ਹੀ)- 'ਜਲੰਧਰ ਦੇ ਹੀ ਰਹਿਣ ਵਾਲੇ ਹੋ?'

ਹੁਣ ਤਾਂ ਜਲੰਧਰ ਦੇ ਹੀ ਸਮਝੋ।'

'ਮਤਲਬ? ਮੇਰਾ ਮਤਲਬ ਇਸ ਤੋਂ ਪਹਿਲਾਂ ਕਿਥੇ ਰਹਿੰਦੇ ਸੀ?'

'ਬਹੁਤ ਜਗ੍ਹਾ ਰਹਿ ਚੁੱਕੇ ਹਾਂ, ਜਨਾਬ। ਬਸ ਹੁਣ ਤਾਂ ਏਥੇ ਹੀ ਸਮਝੋ।' ਉਸ ਨੇ ਗੱਲ ਨੂੰ ਗੋਲ ਮੋਲ ਕਰ ਦਿੱਤਾ।

ਜਿਸ ਬੈਂਚ ਉੱਤੇ ਮੈਂ ਬੈਠਾ ਸਾਂ, ਓਥੇ ਹੀ ਮੇਰੇ ਵਾਲੀ ਗੱਡੀ ਦੇ ਆਉਣ ਦਾ ਪਤਾ ਲੱਗ ਜਾਣਾ ਸੀ ਤੇ ਮੈਂ ਗੱਡੀ ਦੇ ਪਲੇਟਫਾਰਮ ਉੱਤੇ ਜਾ ਕੇ ਖਲੋਂਦਿਆਂ-ਖਲੋਂਦਿਆਂ ਪੁਲ ਪਾਰ ਕਰਕੇ ਓਥੇ ਜਾ ਪਹੁੰਚਣਾ ਸੀ। ਸੋ ਮੈਂ ਓਥੇ ਹੀ ਬੈਠਾ ਰਿਹਾ। ਉਹ ਅਜੇ ਵੀ ਬਹੁਤ ਧਿਆਨ ਨਾਲ ਖ਼ਬਰਾਂ ਪੜ੍ਹੀ ਜਾ ਰਿਹਾ ਸੀ। ਮੈਂ ਸੋਚ ਰਿਹਾ ਸਾਂ, ਅਖ਼ਬਾਰ ਮੈਨੂੰ ਇਹ ਆਪ ਹੀ ਫੜਾ ਦੇਵੇ, ਤਦ ਹੀ ਮੈਂ ਇਥੋਂ ਉੱਠਾਂਗਾ।

ਬਹੁਤ ਝਿਜਕ ਤੋਂ ਬਾਅਦ ਅਖ਼ੀਰ ਮੈਂ ਉਸ ਤੋਂ ਪੁੱਛ ਲਿਆ- 'ਇਹ ਤੁਹਾਡੀ ਬਾਂਹ ਕਿਸ ਤਰ੍ਹਾਂ ਕੱਟੀ ਗਈ ਸੀ?'

'ਬਸ ਜੀ, ਜੋਸ਼ ਸੀ ਉਦੋਂ...'

ਮੈਂ ਹੁੰਗਾਰਾ ਭਰਿਆ।

ਉਹ ਚੁੱਪ ਹੋ ਗਿਆ।

'ਕਾਹਦਾ ਜੋਸ਼?' ਮੈਂ ਪੁੱਛਿਆ।

'ਆਜ਼ਾਦੀ ਮਿਲਣ ਤੋਂ ਪਹਿਲਾਂ ਕੱਟੀ ਗਈ ਸੀ।'

'ਫ਼ਸਾਦਾਂ 'ਚ?' 'ਨਹੀਂ, ਫ਼ਸਾਦ ਤਾਂ ਮਗਰੋਂ ਹੋਏ ਨੇ।

'ਹੋਰ ਫੇਰ?'

ਉਸ ਨੇ ਅਖ਼ਬਾਰ ਪੜ੍ਹਨਾ ਛੱਡ ਕੇ ਦੱਸਣਾ ਸ਼ੁਰੂ ਕੀਤਾ- 'ਛਿਆਲੀ ਵਿੱਚ ਅਸੀਂ ਲਾਹੌਰ ਬੰਬ ਬਣਾਇਆ ਕਰਦੇ ਸੀ। ਨੌਜਵਾਨਾਂ ਦਾ ਇੱਕ ਗਰੁੱਪ ਸੀ। ਸਾਰੇ ਹਿੰਦੁਸਤਾਨ ਵਿੱਚ ਹੀ ਇਸ ਤਰ੍ਹਾਂ ਦੇ ਸਾਥੀ ਸਨ। ਪੰਜਾਬੀ ਵਿੱਚ ਵੀ। ਸਾਡੀ ਸਕੀਮ ਸੀ, ਅੰਗਰੇਜ਼ ਗੱਲਾਂ-ਬਾਤਾਂ ਨਾਲ ਤਾਂ ਨਿਕਲਦੇ ਨਹੀਂ, ਕੁਝ ਅੰਗਰੇਜ਼ ਜੇ ਮਾਰ ਦਿੱਤੇ ਜਾਣ, ਦਹਿਸ਼ਤ ਫੈਲ ਜਾਵੇ, ਫਿਰ ਛੱਡ ਜਾਣਗੇ ਇਹ। ਅਸੀਂ ਤਿੰਨ ਜਣੇ ਸਾਂ। ਸੰਘਣੀ ਆਬਾਦੀ ਵਾਲੇ ਇੱਕ ਮਹੱਲੇ ਵਿੱਚ ਇੱਕ ਚੁਬਾਰਾ ਲੈ ਕੇ ਅਸੀਂ ਇਹ ਕੰਮ ਕਰਿਆ ਕਰਦੇ। ਹੋਰ ਨੌਜਵਾਨ ਕਈ ਥਾਈਂ ਇਹੀ ਕੰਮ ਕਰਦੇ ਸਨ। ਸਾਡਾ ਕੰਮ ਬੰਬਾਂ ਨੂੰ ਤਿਆਰ ਕਰਨਾ ਹੀ ਸੀ, ਉਨ੍ਹਾਂ ਨੂੰ ਚਲਾਉਣ ਮਤਲਬ ਐਕਸ਼ਨ ਕਰਨ ਵਾਲੇ ਹੋਰ ਸਾਥੀ ਸਨ। ਇੱਕ ਦਿਨ ਸਵੇਰੇ-ਸਵੇਰੇ ਹੀ ਅਸੀਂ ਆਪਣੇ ਕੰਮ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਏ ਸਾਂ। ਅਟੈਚੀਕੇਸਾਂ ਵਿੱਚ ਕਮਾਦ ਦੀ ਪੱਤੀ ਤੇ ਰੂੰ ਪਾ ਕੇ ਛੇ-ਛੇ ਬੰਬ ਪੈਕ ਕਰ ਰਹੇ ਸਾਂ। ਨਾਲ ਦੀ ਨਾਲ ਬੰਬਾਂ ਨੂੰ ਭਰੀ ਵੀ ਜਾ ਰਹੇ ਸਾਂ। ਇਕਦਮ ਛਾਪਾ ਪੈ ਗਿਆ। ਹੱਥਾਂ ਪੈਰਾਂ ਦੀ ਪੈ ਗਈ ਸਾਨੂੰ ਤਾਂ। ਕਮਰੇ ਦੀਆਂ ਖਿੜਕੀਆਂ ਤੇ ਦਰਵਾਜ਼ਾ ਅੰਦਰੋਂ ਬੰਦ ਸਨ। ਅਸੀਂ ਬਾਹਰ ਨਿਕਲਣ ਦਾ ਰਾਹ ਲੱਭ ਰਹੇ ਸਾਂ। ਨਾਲ ਦੀ ਨਾਲ ਚਾਹੁੰਦੇ ਸਾਂ, ਅਟੈਚੀਕੇਸਾਂ ਨੂੰ ਵੀ ਕਿਧਰੇ ਛੁਪਾ ਦਿੱਤਾ ਜਾਵੇ। ਇਸ ਹਫੜਾ-ਦਫੜੀ ਵਿੱਚ ਇੱਕ ਬੰਬ ਚੱਲ ਗਿਆ। ਮੇਰੇ ਨਾਲ ਦੇ ਦੋਵੇਂ ਸਾਥੀ ਤਾਂ ਸਖ਼ਤ ਜਖ਼ਮੀ ਹੋ ਗਏ ਤੇ ਓਥੇ ਮੇਰੇ ਸਾਹਮਣੇ ਹੀ ਦਮ ਤੋੜ ਗਏ। ਚੁਬਾਰੇ ਵਿੱਚ ਧੂੰਆ ਰੋਲ ਹੋ ਗਿਆ। ਨਾ ਤਾਂ ਮੈਨੂੰ ਕੁਝ ਦਿਸਦਾ ਸੀ ਤੇ ਨਾ ਸੁੱਝਦਾ। ਮੇਰੀ ਇਸ ਬਾਂਹ ਦਾ ਹੱਥ ਬਿਲਕੁਲ ਉੱਡ ਗਿਆ। ਮੂੰਹ ਉੱਤੇ ਵੀ ਬਾਰੂਦ ਵਾਰ ਕਰ ਗਿਆ। ਇਸ ਅੱਖ ਉੱਤੇ ਅਸਰ ਬਹੁਤਾ ਹੋਇਆ।' ਉਸ ਨੇ ਆਪਣੀ ਕਾਣੀ ਅੱਖ ਨੂੰ ਖੱਬੇ ਹੱਥ ਦੇ ਪੋਟਿਆਂ ਨਾਲ ਛੋਹਿਆ।

'ਬਾਂਹ ਏਥੋਂ ਤੱਕ ਉੱਡ ਗਈ ਸੀ?'

'ਨਹੀਂ, ਹੱਥ ਹੀ ਉੱਡਿਆ ਸੀ। ਬਾਅਦ ਵਿੱਚ ਹੋਰ ਮਾਸ ਗਲ ਜਾਣ ਕਰਕੇ ਬਾਂਹ ਇਥੋਂ ਕਟਵਾਉਣੀ ਪਈ ਸੀ।'

'ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ?'

'ਗ੍ਰਿਫ਼ਤਾਰ ਨਹੀਂ ਸੀ ਮੈਂ ਹੋਇਆ। ਚੁਬਾਰੇ ਦੇ ਫ਼ਰਸ਼ ਵਿੱਚ ਇੱਕ ਮੋਘਾ ਸੀ। ਚੌੜਾ ਸਾਰਾ। ਥੱਲੇ ਵਾਲੇ ਕਮਰੇ ਵਿੱਚ ਰੌਸ਼ਨੀ ਪਹੁੰਚਾਉਣ ਲਈ ਮਕਾਨ ਮਾਲਕ ਨੇ ਹੀ ਇਹ ਰਖਵਾਇਆ ਹੋਇਆ ਸੀ। ਪੁਰਾਣਾ ਮਕਾਨ ਸੀ, ਪੁਰਾਣੇ ਢੰਗ ਦਾ। ਮੋਘੇ ਵਿੱਚ ਲੋਹੇ ਦੀਆਂ ਦੋ ਸੀਖਾਂ ਲਾਈਆਂ ਹੋਈਆਂ ਸਨ ਤਾਂ ਕਿ ਉੱਤੋਂ ਕੋਈ ਚੀਜ਼ ਜਾਂ ਕੋਈ ਬੱਚਾ ਕਦੇ ਥੱਲੇ ਨਾ ਡਿੱਗ ਪਵੇ। ਧੂੰਏ ਦਾ ਗ਼ੁਬਾਰ ਕੁਝ ਘਟਣ ਬਾਅਦ ਦੋਵੇਂ ਸਾਥੀ ਮਰੇ ਪਏ ਦੇਖ ਕੇ ਤੇ ਬਾਹਰੋਂ ਪੁਲਿਸ ਵਾਲਿਆਂ ਦੀਆਂ ਦਬਵੀਆਂ ਦਬਵੀਆਂ ਆਵਾਜ਼ਾਂ ਸੁਣ ਕੇ ਮੈਨੂੰ ਤਰਕੀਬ ਸੁੱਝੀ, ਕਿਉਂ ਨਾ ਮੋਘੇ ਵਿੱਚ ਦੀ ਥੱਲੇ ਵਾਲੇ ਕਮਰੇ ਵਿੱਚ ਲੁਕ ਜਾਵਾਂ। ਲੋਹੇ ਦਾ ਵੱਡਾ ਮਾਮ-ਦਸਤਾ ਓਥੇ ਪਿਆ ਸੀ। ਮੋਘੇ ਦੀਆਂ ਸੀਖਾਂ ਜ਼ਰ ਖਾਧੀਆਂ ਸਨ। ਇੱਕ ਹੱਥ ਨਾਲ ਮਾਮ-ਦਸਤਾ ਉਤਾਂਹ ਉਲਾਰ ਕੇ ਤੇ ਬਹੁਤ ਜ਼ੋਰ ਨਾਲ ਮੈਂ ਉਸ ਨੂੰ ਮੋਘੇ ਦੀ ਵਿੱਚ ਮਾਰਿਆ। ਦੋਵੇਂ ਸੀਖਾਂ ਵਿੰਗੀਆਂ ਹੋ ਕੇ ਮੋਘੇ ਵਿੱਚੋਂ ਨਿਕਲ ਗਈਆਂ ਤੇ ਮਾਮ-ਦਸਤੇ ਸਮੇਤ ਸਭ ਕੁਝ ਥੱਲੇ ਕਮਰੇ ਵਿੱਚ ਜਾ ਡਿੱਗਿਆ। ਮਕਾਨ ਵਾਲੇ ਘਬਰਾ ਕੇ ਬਾਹਰ ਦੌੜ ਗਏ। ਮੋਘੇ ਵਿੱਚ ਦੀ ਮੈਂ ਲੱਤਾਂ ਲਮਕਾ ਦਿੱਤੀਆਂ ਤੇ ਫਿਰ ਬਾਂਹਾਂ ਉਤਾਂਹ ਚੁੱਕ ਕੇ ਮੋਘੇ ਦੀਆਂ ਇੱਟਾਂ ਨਾਲ ਘਸਰ ਘਸਰ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਥੱਲੇ ਕਮਰੇ ਵਿੱਚ ਸੁੱਟ ਲਿਆ। ਡਿੱਗਦਿਆਂ ਹੀ ਬੇਹੋਸ਼ ਹੋ ਗਿਆ। ਦੋ ਕੁ ਮਿੰਟਾਂ ਬਾਅਦ ਹੋਸ਼ ਆਈ ਤਾਂ ਮੈਂ ਉੱਠਿਆ ਤੇ ਕਮਰੇ ਵਿੱਚ ਹੀ ਕੰਧ ਵਿੱਚ ਬਣੇ ਇੱਕ ਦਬਕੇ ਵਿੱਚ ਆਪਣੇ ਆਪ ਨੂੰ ਛੁਪਾ ਲਿਆ। ਪੱਗ ਲਾਹ ਕੇ ਦੂਜੇ ਹੱਥ ਤੇ ਮੂੰਹ ਦੀ ਮਦਦ ਨਾਲ ਜ਼ਖਮੀ ਬਾਂਹ ਨੂੰ ਘੁੱਟ ਕੇ ਬੰਨ੍ਹ ਲਿਆ। ਲਹੂ ਬੰਦ ਹੋ ਗਿਆ ਸੀ। ਪੀੜ ਤਾਂ ਹੋ ਹੀ ਨਹੀਂ ਰਹੀ ਸੀ। ਦੋਵੇਂ ਸਾਥੀਆਂ ਦੀਆਂ ਲਾਸ਼ਾਂ ਨੂੰ ਪੁਲਿਸ ਕਦੋਂ ਲੈ ਕੇ ਗਈ ਤੇ ਹੋਰ ਕੀ-ਕੀ ਹੋਇਆ, ਮੈਨੂੰ ਕੋਈ ਪਤਾ ਨਹੀਂ ਸੀ।'

ਉਸ ਦੀ ਗੱਲ ਵਿਚਕਾਰ ਹੀ ਛੱਡ ਕੇ ਮੈਂ ਟਿਕਟ ਕੁਲੈਕਟਰ ਕੋਲ ਗਿਆ ਤੇ ਆਪਣੀ ਗੱਡੀ ਦੇ ਆਉਣ ਬਾਰੇ ਪੁੱਛਿਆ। ਉਸ ਨੇ ਦੱਸਿਆ ਗੱਡੀ ਤਾਂ ਅੱਧਾ ਘੰਟਾ ਲੇਟ ਹੈ। ਵਾਪਸ ਆ ਕੇ ਦੇਖਿਆ, ਉਹ ਫਿਰ ਅਖ਼ਬਾਰ ਪੜ੍ਹ ਰਿਹਾ ਸੀ। ਮੈਂ 'ਹੂੰ' ਆਖਿਆ। ਇਸ ਦਾ ਮਤਲਬ ਸੀ, ਉਹ ਅਗਾਂਹ ਸੁਣਾਏ।

'ਬਸ ਜੀ, ਜਾਨ ਬਚ ਗਈ। ਥੱਲੇ ਵਾਲੇ ਕਮਰੇ ਵਿੱਚ ਤਾਂ ਪੁਲਿਸ ਆਈ ਹੀ ਨਹੀਂ ਸੀ। ਮਕਾਨ ਵਾਲੇ ਵੀ ਪਤਾ ਨਹੀਂ ਕਿਥੇ ਸਨ। ਸਾਰਾ ਦਿਨ ਓਵੇਂ ਜਿਵੇਂ ਅੱਧ ਮਰਿਆ ਜਿਹਾ ਮੈਂ ਉਸ ਦਬਕੇ ਵਿੱਚ ਹੀ ਪਿਆ ਰਿਹਾ। ਹਨੇਰਾ ਜਿਹਾ ਹੋਏ ਤੋਂ ਕੁਝ ਨੌਜਵਾਨ ਸਾਥੀ ਆਏ ਸਨ ਤੇ ਮੈਨੂੰ ਲੱਭ ਕੇ ਲੈ ਗਏ ਸਨ। ਪਤਾ ਨਹੀਂ ਮੰਜੇ ਉੱਤੇ ਪਾ ਕੇ, ਪਤਾ ਨਹੀਂ ਕਿਸੇ ਦੇ ਕਨ੍ਹੇੜੇ ਜਾਂ ਪਤਾ ਨਹੀਂ ਕਿਵੇਂ, ਮੈਨੂੰ ਕੋਈ ਪਤਾ ਨਹੀਂ ਸੀ। ਸਵੇਰੇ ਹੀ ਮੈਨੂੰ ਪਤਾ ਲੱਗਿਆ, ਮੈਂ ਕਿਸੇ ਡਾਕਟਰ ਦੇ ਘਰ ਸਾਂ। ਕ੍ਰਾਂਤੀਕਾਰੀ ਨੌਜਵਾਨਾਂ ਨਾਲ ਉਸ ਡਾਕਟਰ ਨੂੰ ਪੂਰੀ ਹਮਦਰਦੀ ਸੀ। ਖ਼ੂਨ ਬਹੁਤ ਨਿਕਲ ਚੁੱਕਿਆ ਸੀ। ਬਸ ਜੀ, ਜਦੋਂ ਤੱਕ ਰਾਜ਼ੀ ਹੋਇਆ, ਓਦੋਂ ਨੂੰ ਆਜ਼ਾਦੀ ਮਿਲਣ ਦਾ ਐਲਾਨ ਹੋ ਗਿਆ। ਹੁਣ ਤਾਂ ਕਿਸੇ ਨੂੰ ਯਾਦ ਵੀ ਨਹੀਂ ਕਿ ਮੈਂ ਵੀ ਦੇਸ਼ ਦੀ ਆਜ਼ਾਦੀ ਵਿੱਚ ਕੋਈ ਹਿੱਸਾ ਪਾਇਆ ਸੀ।'

'ਲੈ, ਤੈਂ ਜਾਨ ਹੀ ਗੰਵਾ ਲੈਣੀ ਸੀ।'

'ਮੇਰੀ ਜਾਨ ਨਹੀਂ ਗਈ ਤਾਂ ਮੇਰੇ ਸਾਹਮਣੇ ਲਾਹੌਰ ਵਿੱਚ ਹੀ ਮੇਰੇ ਵਰਗੇ ਕਿੰਨੇ ਹੀ ਨੌਜਵਾਨਾਂ ਨੇ ਜਾਨਾਂ ਗੰਵਾਈਆਂ। ਉਹਨਾਂ ਦਾ ਹੁਣ ਕਿਤੇ ਜ਼ਿਕਰ ਨਹੀਂ। ਚਰਖਿਆਂ ਤੇ ਵਰਤਾਂ ਨਾਲ ਆਜ਼ਾਦੀ ਨਹੀਂ ਆਈ ਸੀ.....'

ਤੂੰ ਹੁਣ ਸਰਕਾਰ ਨੂੰ ਕਹਿ, ਤੈਨੂੰ ਪੈਨਸ਼ਨ ਦੇਣ।' ਮੈਂ ਉਸ ਨੂੰ ਸੁਝਾਓ ਦਿੱਤਾ।

ਪੈਨਸ਼ਨ ਤਾਂ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਨੇ ਛੇ ਮਹੀਨਿਆਂ ਤੋਂ ਵੱਧ ਕੈਦ ਕੱਟੀ ਹੋਵੇ। ਮੈਂ ਤਾਂ ਇੱਕ ਦਿਨ ਵੀ ਜੇਲ੍ਹ ਨਹੀਂ ਗਿਆ ਸਾਂ।'

'ਆਪਣਾ ਕੇਸ ਦੱਸੋ ਤਾਂ ਕੁਝ ਨਾ ਕੁਝ ਤਾਂ ਦੇਣਗੇ ਹੀ।' ਮੈਂ ਜ਼ੋਰ ਦਿੱਤਾ।

'ਛੱਡੋ ਜੀ ਪੈਨਸ਼ਨ ਨੂੰ। ਪੈਨਸ਼ਨ ਕੀ ਕਰਨੀ ਹੈ। ਤੇ ਨਾਲ ਕੁਝ ਲੋਕਾਂ ਨੂੰ ਪੈਨਸ਼ਨ ਦੇਣ ਨਾਲ ਕੀ ਬਣਦਾ ਹੈ। ਇਸ ਸਰਕਾਰ ਦੀ ਪੁਰਸਕਾਰ ਨੀਤੀ ਇੱਕ ਤਿੱਖੀ ਚਾਲ ਹੀ ਤਾਂ ਹੈ। ਲੁੱਟ-ਖਸੁੱਟ ਤਾਂ ਓਵੇਂ ਜਿਵੇਂ ਹੈ। ਮਹਿੰਗਾਈ ਦੇਖੋ। ਅਫ਼ਸਰ ਕੁਰੱਪਟ ਨੇ, ਵਜ਼ੀਰ ਆਪ ਕਰਵਾਉਂਦੇ ਨੇ ਕੁਰੱਪਸ਼ਨ। ਆਮ ਆਦਮੀ ਦਰੜਿਆ ਜਾ ਰਿਹਾ ਹੈ। ਭੱਠਾ ਬੈਠਾ ਪਿਆ ਹੈ, ਸਾਰੇ ਮੁਲਕ ਦਾ। ਪੈਨਸ਼ਨ ਤਾਂ ਦੇਸ਼ ਨਾਲ ਗ਼ੱਦਾਰੀ ਹੈ। ਕਰੋੜਾਂ ਲੋਕਾਂ ਦੀਆਂ ਮਜਬੂਰੀਆਂ ਉੱਤੇ ਇੱਕ ਵੱਡਾ ਮਜ਼ਾਕ। ਦੇਸ਼ ਤਾਂ....'ਉਹ ਭਾਵੁਕ ਹੋ ਗਿਆ ਸੀ।

'ਗੱਲ ਤਾਂ ਠੀਕ ਹੈ, ਪਰ ਬਣੇ ਕੀ?' ਮੈਂ ਵੀ ਚਿੰਤਾ ਪ੍ਰਗਟ ਕੀਤੀ, ਪਰ ਬੈਂਚ ਉੱਤੋਂ ਉੱਠਣ ਦੀ ਕਾਹਲ ਵੀ ਦਿਖਾਈ।

'ਛੱਬੀ ਸਤਾਈ ਸਾਲ ਹੋ ਗਏ, ਹੁਣ ਤਾਂ ਲੋਕਾਂ ਨੂੰ ਕੋਈ ਹੱਲ ਸੋਚਣਾ ਹੀ ਪਵੇਗਾ।'

'ਕੀ ਹੱਲ?' ਉੱਠਦੇ-ਉੱਠਦੇ ਮੈਂ ਪੁੱਛਿਆ।

'ਇੱਕ ਸੰਗਾਰਾਮ ਹੋਰ ....' ਮੇਰੇ ਵੱਲ ਅਖ਼ਬਾਰ ਵਧਾਉਂਦਿਆਂ ਉਸ ਨੇ ਆਪਣੀ ਗੱਲ ਜਾਰੀ ਰੱਖੀ ਹੋਈ ਸੀ।

ਮੈਂ ਉਸ ਨਾਲ ਹੱਥ ਮਿਲਾਇਆ।

ਮੇਰੀ ਗੱਡੀ ਆ ਗਈ ਸੀ। ♦