ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਚਿੱਠੀ ਦਾ ਜਵਾਬ
ਰਮੇਸ਼ ਨੂੰ ਸਲੋਚਨਾ ਦੀ ਚਿੱਠੀ ਲਿਖੀ ਆਉਂਦੀ, ਜਿਵੇਂ ਕਿਸੇ ਮੁੰਡੇ ਦੀ ਲਿਖੀ ਹੋਵੇ। ਉਹ ਉਸ ਨੂੰ ਚਿੱਠੀ ਲਿਖ ਕੇ ਭੇਜਦਾ, ਜਿਵੇਂ ਕਿਸੇ ਕੁੜੀ ਦੀ ਲਿਖੀ ਹੋਵੇ।
ਰਮੇਸ਼ ਦਾ ਪਿਤਾ ਜਦੋਂ ਤਾਈਂ ਚੰਗਾ ਤੁਰਦਾ ਫਿਰਦਾ ਰਿਹਾ, ਸਰਕਾਰੀ ਠੇਕੇਦਾਰੀ ਕਰਦਾ ਸੀ ਤੇ ਹੁਣ ਰਮੇਸ਼ ਨੇ ਉਹੀ ਕੰਮ ਸਾਂਭਿਆ ਹੋਇਆ ਸੀ। ਉਨ੍ਹਾਂ ਦੇ ਪਿੰਡ ਤੋਂ ਕੋਹ ਭਰ ਦੂਰ ਇੱਕ ਬਹੁਤ ਵੱਡਾ ਬਰਸਾਤੀ ਨਾਲਾ ਲੰਘਦਾ ਸੀ। ਇੱਕ ਨਵੀਂ ਸੜਕ ਉਸ ਬਰਸਾਤੀ ਨਾਲੇ ਨੂੰ ਕੱਟਦੀ ਸੀ ਤੇ ਉਹ ਨਾਲੇ ’ਤੇ ਬਣਦੇ ਸੜਕ ਦੇ ਪੁਲ ਦਾ ਠੇਕਾ ਹੁਣ ਉਸ ਨੇ ਲਿਆ ਹੋਇਆ ਸੀ।
ਦਿਨ ਭਰ ਬਾਹਰ ਉਹ ਕੰਮ 'ਤੇ ਰਹਿੰਦਾ। ਨਿੱਤ ਦੀ ਡਾਕ ਜਿਹੜੀ ਉਸ ਨੂੰ ਆਉਂਦੀ, ਘਰ ਦੇ ਉਸ ਨੂੰ ਉਹ ਦੀ ਮੇਜ਼ 'ਤੇ ਰੱਖ ਦਿੰਦੇ। ਆਥਣ ਨੂੰ ਜਦ ਉਹ ਘਰ ਪਹੁੰਚਦਾ, ਸਾਈਕਲ ਵਰਾਂਡੇ ਦੀ ਕੰਧ ਨਾਲ ਖੜ੍ਹਾ ਕਰਕੇ ਸਭ ਤੋਂ ਪਹਿਲਾਂ ਦਬਾਸੱਟ ਆਪਣੀ ਮੇਜ਼ ਤੇ ਜਾ ਝੁਕਦਾ। ਦੇਖਦਾ, ਕੋਈ ਚਿੱਠੀ ਆਈ ਹੈ ਜਾਂ ਨਹੀਂ। ਜੇ ਆਈ ਹੈ ਤਾਂ ਕੀਹਦੀ। ਸਭ ਤੋਂ ਵੱਧ ਉਡੀਕ ਉਹ ਨੂੰ ਉਸ ਦੀ ਚਿੱਠੀ ਦੀ ਹੁੰਦੀ ਸੀ, ਜਿਸ ਦੀ ਚਿੱਠੀ ਵਿੱਚ ਬਿਹਾਰੀਆਂ ਨੂੰ ਕੱਟ ਕੱਟ ਪਿੱਛੋਂ ਕੰਨੇ ਬਣਾਏ ਹੁੰਦੇ।
ਭਾਵੇਂ ਉਸ ਦੀ ਚਿੱਠੀ ਪੰਦਰ੍ਹਵੇ-ਵੀਹਵੇਂ ਦਿਨ ਆਉਂਦੀ ਸੀ, ਪਰ ਉਸ ਨੂੰ ਪਤਾ ਨਹੀਂ ਕਿਉਂ ਨਿੱਤ ਉਡੀਕ ਰਹਿੰਦੀ ਕਿ ਸਲੋਚਨਾ ਦੀ ਚਿੱਠੀ ਅੱਜ ਆਉਣੀ ਹੈ।
ਪੰਦਰਾਂ ਦਿਨ ਲੰਘ ਗਏ ਸਨ, ਪਰ ਹੁਣ ਉਸ ਦੀ ਚਿੱਠੀ ਨਹੀਂ ਸੀ ਆਈ।ਉਹ ਨਿੱਤ ਆਥਣ ਨੂੰ ਮੇਜ਼ ਤੇ ਆਕੇ ਝੁਕਦਾ।ਵੀਹ ਦਿਨ ਲੰਘ ਗਏ, ਪਰ ਉਸ ਦੀ ਚਿੱਠੀ ਨਾ ਆਈ। ਫੇਰ ਹੋਰ ਦਿਨ ਲੰਘਦੇ ਗਏ, ਹੋਰ ਦਿਨ ਤੇ ਮਹੀਨਾ ਪੂਰਾ ਹੋ ਗਿਆ ਸੀ, ਪਰ ਉਸ ਦੀ ਚਿੱਠੀ ਨਾ ਆਈ। ਰਿਸ਼ਤੇਦਾਰਾਂ ਦੀਆਂ ਕੋਠੀਆਂ ਹੁੰਦੀਆਂ, ਦੋਸਤਾਂ ਦੀਆਂ ਚਿੱਠੀਆਂ ਹੁੰਦੀਆਂ ਤੇ ਕੋਈ ਕੋਈ ਸਰਕਾਰੀ ਚਿੱਠੀਆਂ ਹੁੰਦੀ। ਰਮੇਸ਼ ਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਉਸ ਦੀ ਚਿੱਠੀ ਨਹੀਂ ਆਵੇਗੀ। 'ਹੋ ਸਕਦਾ ਹੈ ਕਿ ਮੇਰੀ ਚਿੱਠੀ ਫੜੀ ਗਈ ਹੋਵੇ ਤੇ ਸਾਰਾ ਭੇਤ ਖੁੱਲ੍ਹ ਗਿਆ ਹੋਵੇ। ਹੋ ਸਕਦਾ ਹੈ ਕਿ ਮੇਰੀ ਚਿੱਠੀ ਲਿਖ ਕੇ ਪਾ ਤਾਂ ਦਿੱਤੀ ਹੋਵੇ ਤੇ ਮੇਰੇ ਤੀਕ ਪਹੁੰਚੀ ਨਾ ਹੋਵੇ ਤੇ ਕਿਸੇ ਦੇ ਹੱਥ ਲੱਗ ਗਈ ਹੋਵੇ।' ਕੁੜੀਆਂ ਵਾਂਗ ਲਿਖੀ ਰਮੇਸ਼ ਦੀ ਚਿੱਠੀ ਉਸ ਨੂੰ ਲੱਗਦਾ ਸੀ, ਜਿਵੇਂ ਪੜ੍ਹੀ ਜਾਵੇ ਤਾਂ ਆਦਮੀ ਦੀ ਲਿਖੀ ਲੱਗੇ। ਸਲੋਚਨਾ ਬਥੇਰਾ ਜ਼ੋਰ ਲਾ ਕੇ ਲਿਖਦੀ ਸੀ ਕਿ ਚਿੱਠੀ ਮੁੰਡੇ ਦੀ ਲਿਖੀ ਲੱਗੇ, ਪਰ ਉਹ ਜਜ਼ਬਾਤਾਂ ਵਿੱਚ ਐਨੀ ਧਸ ਗਈ ਹੁੰਦੀ ਤੇ ਸਾਫ਼ ਜ਼ਾਹਰ ਹੁੰਦਾ ਕਿ ਚਿੱਠੀ ਕਿਸੇ ਇਸ਼ਕ ਫੱਟੀ ਕੁੜੀ ਦੀ ਲਿਖੀ ਹੋਈ ਹੈ। ਐਨਾ ਚਿਰ ਹੋ ਗਿਆ, ਉਸ ਦੀ ਚਿੱਠੀ ਨਹੀਂ ਸੀ ਆਈ। ਆਥਣ ਨੂੰ ਉਹ ਘਰ ਆਉਂਦਾ ਤੇ ਨਿਰਾਸ਼ ਹੋ ਕੇ ਪੈ ਜਾਂਦਾ। ਹਾਉਂਕਾ ਲੈਂਦਾ ਤੇ ਉਸ ਦੇ ਨਿੱਘੇ ਮਿੱਠੇ ਖ਼ਿਆਲਾਂ ਨੂੰ ਚਿੱਤ ਵਿੱਚ ਲੈ ਕੇ ਸੌਂ ਜਾਂਦਾ।
ਦੋ ਵਾਰ ਹੀ ਤਾਂ ਪਹਿਲਾਂ ਉਹ ਉਸ ਨੂੰ ਮਿਲੀ ਸੀ। ਇੱਕ ਵਾਰੀ ਉਸ ਦੇ ਪਿੰਡ, ਉਸ ਦੀ ਇੱਕ ਸਹੇਲੀ ਦੇ ਘਰ ਜਿੱਥੇ ਰਮੇਸ਼ ਨੇ ਉਸ ਦੇ ਹੱਥ ਨੂੰ ਘੁੱਟ ਕੇ ਦੇਖਿਆ ਸੀ। ਓਦਣ ਸਲੋਚਨਾ ਦਾ ਹੱਥ ਉਸ ਨੂੰ ਇਉਂ ਲੱਗਾ ਸੀ ਕਿ ਜਿਵੇਂ ਰੇਸ਼ਮ ਵਰਗੇ ਪਿੰਡੇ ਵਾਲੀ ਘੁੱਗੀ ਉਸ ਦੇ ਹੱਥਾਂ ਵਿੱਚ ਆ ਗਈ ਹੋਵੇ। ਓਦੋਂ ਉਸ ਨੂੰ ਇਉਂ ਮਹਿਸੂਸ ਹੋਇਆ ਸੀ, ਜਿਵੇਂ ਸਲੋਚਨਾ ਦੇ ਸਾਰੇ ਸਰੀਰ ਦਾ ਸੇਕ ਉਸ ਦੇ ਇੱਕ ਹੱਥ ਵਿੱਚ ਸਿਮਟ ਗਿਆ ਹੋਵੇ। ਉਸ ਹੱਥ ਨੂੰ ਰਮੇਸ਼ ਨੇ ਘੁੱਟਿਆ ਤਾਂ ਉਸ ਦੇ ਸਾਰੇ ਅੰਗਾਂ ਵਿੱਚ ਬਿਜਲੀ ਥਰਕ ਪਈ ਸੀ।
ਦੂਜੀ ਵਾਰ ਤਿੰਨ ਕੁ ਮਹੀਨਿਆਂ ਬਾਅਦ ਉਹ ਅਚਾਨਕ ਰਮੇਸ਼ ਨੂੰ ਉਸ ਦੇ ਇੱਕ ਦੋਸਤ ਦੇ ਪਿੰਡ ਮਿਲ ਗਈ ਸੀ। ਉੱਥੇ ਰਮੇਸ਼ ਨੇ ਉਸ ਨਾਲ ਰੱਜ ਦੇ ਦੋ ਤਿੰਨ ਘੰਟੇ ਗੱਲਾਂ ਕੀਤੀਆਂ ਸਨ ਤੇ ਉਸ ਦੇ ਕੋਸੇ ਕੋਸੇ ਸਾਹਾਂ ਦੀ ਮਹਿਕ ਪੀਤੀ ਸੀ। ਉਸ ਤੋਂ ਪਿੱਛੋਂ ਸਲੋਚਨਾ ਨੇ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਵੇਂ ਕਿਸੇ ਮੁੰਡੇ ਦੀਆਂ ਲਿਖੀਆਂ ਹੋਣ, ਪਰ ਉਹ ਮੁੰਡੇ ਦੀਆਂ ਲਿਖੀਆਂ ਨਹੀਂ ਸਨ ਲੱਗਦੀਆਂ। ਰਮੇਸ਼ ਉਸ ਨੂੰ ਚਿੱਠੀਆਂ ਲਿਖਦਾ ਸੀ, ਜਿਵੇਂ ਕਿਸੇ ਕੁੜੀ ਦੀਆਂ ਲਿਖੀਆਂ ਹੋਈਆਂ ਹੋਣ, ਪਰ ਉਹ ਕੁੜੀਆਂ ਵਰਗੀਆਂ ਬਹੁਤ ਘੱਟ ਹੁੰਦੀਆਂ ਸਨ। ਵਹਿਣਾ ਵਿੱਚ ਵਹਿ ਕੇ ਅੰਦਰਲੇ ਦੇ ਟਸਕ ਕਿਵੇਂ ਰੋਕੀ ਜਾ ਸਕਦੀ ਹੈ। ਬਹੁਤ ਚਿੱਠੀਆਂ ਰਮੇਸ਼ ਨੇ ਲਿਖੀਆਂ, ਬਹੁਤ ਚਿੱਠੀਆਂ ਸਲੋਚਨਾ ਨੇ ਲਿਖੀਆਂ। ਪਰ ਹੁਣ ਇੱਕ ਮਹੀਨੇ ਤੋਂ ਉੱਤੇ ਹੀ ਹੋ ਗਿਆ ਸੀ, ਸੁਲੋਚਨਾ ਦੀ ਚਿੱਠੀ ਨਹੀਂ ਸੀ ਆਈ। ਰਮੇਸ਼ ਨੇ ਆਪ ਵੀ ਕੋਈ ਚਿੱਠੀ ਨਹੀਂ ਸੀ ਲਿਖੀ। ਸਲੋਚਨਾ ਦੀ ਚਿੱਠੀ ਦੀ ਤੀਬਰ ਉਡੀਕ ਹੀ ਜਿਵੇਂ ਰਮੇਸ਼ ਦੇ ਸਾਰੇ ਜਵਾਬ ਸਨ। ਉਸ ਦੇ ਮਨ ਵਿੱਚ ਸੈਂਕੜੇ ਸਵਾਲ ਉੱਠਦੇ, ਪਰ ਉਹ ਉਨ੍ਹਾਂ ਦੇ ਆਪ ਹੀ ਜਵਾਬ ਦੇ ਲੈਂਦਾ ਤੇ ਚੁੱਪ ਰਹਿ ਛੱਡਦਾ।
ਫੇਰ ਇੱਕ ਦਿਨ ਜਦ ਉਹ ਆਥਣ ਨੂੰ ਆਇਆ, ਉਸ ਦੀ ਮੇਜ਼ 'ਤੇ ਇੱਕ ਅਟੈਚੀ ਪਿਆ ਸੀ।ਘਰੇ ਕੋਈ ਨਹੀਂ ਸੀ। ਵੱਡੀ ਕੁੜੀ ਦਾ ਜਾਪਾ ਕਰਵਾਉਣ ਉਸ ਦੀ ਮਾਂ ਗਈ ਹੋਈ ਸੀ ਤੇ ਉੱਥੇ ਜਾ ਕੇ ਨਮੂਨੀਏ ਨਾਲ ਬਿਮਾਰ ਹੋ ਗਈ ਸੀ। ਉਸਦਾ ਪਿਤਾ ਤੇ ਛੋਟੀ ਭੈਣ ਉਸ ਦੀ ਮਾਂ ਦਾ ਪਤਾ ਲੈਣ ਗਏ, ਚਾਰ ਦਿਨ ਹੋ ਗਏ ਸੀ, ਅਜੇ ਤਾਈਂ ਨਹੀਂ ਸਨ ਮੁੜੇ। ਹੁਣ ਘਰ ਵਿੱਚ ਇਕੋਂ ਇੱਕ ਜੀਅ ਬੁੱਢੀ ਦਾਦੀ ਸੀ। ਆਥਣ ਵੇਲੇ ਨਿੱਤ ਉਹ ਨਿਆਈਆਂ ਵਿੱਚ ਜੰਗਲ ਪਾਣੀ ਚਲੀ ਜਾਂਦੀ ਸੀ। ਉਸ ਦਿਨ ਜਦੋਂ ਉਹ ਬਾਹਰੋਂ ਮੁੜ ਕੇ ਆਈ, ਰਮੇਸ਼ ਆਪਣੀ ਮੇਜ਼ 'ਤੇ ਪਏ ਅਟੈਚੀ ਨੂੰ ਉਲਟਾ ਸਿੱਧਾ ਕਰਕੇ ਦੇਖ ਰਿਹਾ ਸੀ-ਆਖ਼ਰ ਪਤਾ ਤਾਂ ਲੱਗੇ, ਇਹ ਕਿਸਦਾ ਹੈ। ਉਸ ਦਾ ਸਾਹ ਉਤਲਾ ਉੱਤੇ ਤੇ ਹੇਠਲਾ ਹੇਠਾਂ, ਜੰਗਲ ਪਾਣੀ ਜਾ ਕੇ ਆਈ ਦਾਦੀ ਦੇ ਨਾਲ ਸਲੋਚਨਾ ਸੀ। ਬਦਾਮੀ ਰੰਗ ਵਾਲੀ ਸਲੋਚਨਾ। ਝੂਲ ਝੂਲ ਤੁਰਦੀ ਲੰਮੇ ਕਰਮੀਂ ਉਹ ਰਮੇਸ਼ ਕੋਲ ਮੇਜ਼ ਨਾਲ ਪਈ ਦੂਜੀ ਕੁਰਸੀ 'ਤੇ ਆ ਬੈਠੀ। ਦਾਦੀ ਰਸੋਈ ਵਿੱਚ ਰੋਟੀ ਟੁੱਕ ਦਾ ਆਹਰ ਕਰਨ ਲੱਗ ਪਈ। ਮਧਰਾ ਗੁੰਦਵਾਂ ਸਰੀਰ। ਮੋਟੀਆਂ ਮੋਟੀਆਂ ਅੱਖਾਂ। ਆਥਣ ਦੀ ਠੰਡ ਵਿੱਚ ਠਰਿਆ ਲੱਸ ਲੱਸ ਕਰਦਾ ਭਰਵਾਂ ਚਿਹਰਾ। ਪ੍ਰਿੰਟਡ ਡੈਕਾਰਿਨ ਦਾ ਦੁੱਧ ਕਾਸ਼ਣੀ ਭਾਅ ਮਾਰਦਾ ਘੱਟਵਾਂ ਤੇ ਸਰੀਰ ਨਾਲ ਸੂਤਵਾਂ ਸੂਟ ਅਤੇ ਉੱਭਰ ਕੇ ਦੀਂਹਦੀਆਂ ਅੱਖ ਖਿੱਚ ਸਰੀਰ ਦੀਆਂ ਗੁਲਾਈਆਂ, ਮਲਾਗੀਰੀ ਪਸ਼ਮ ਦੀ ਲੱਕ ਤੋਂ ਢਿਲਕਵੀਂ ਕੋਟੀ ਤੇ ਪੈਰਾਂ ਵਿੱਚ ਨਾਭੀ ਸ਼ਨੀਲ ’ਤੇ ਕੱਢੀ ਚਿੱਟੀ ਜ਼ਰੀ ਵਾਲੀ ਮੋਡੀ ਜੁੱਤੀ।
‘ਤੂੰ ਕਿੱਧਰੋਂ ਆ ’ਗੀ ਸਲੋਚਨਾ?' ਰਮੇਸ਼ ਨੇ ਅੰਦਰਲੀ ਸਾਰੀ ਹੈਰਾਨੀ ਤੇ ਗੁੱਝੀ ਗੁੱਝੀ ਖ਼ੁਸ਼ੀ ਨੂੰ ਬੁੱਲ੍ਹਾਂ ਵਿੱਚ ਨਪੀੜ ਕੇ ਪੁੱਛਿਆ। 'ਮੈਂ ਤੇਰੀ ਚਿੱਠੀ ਦਾ ਜਵਾਬ ਬਣ ਕੇ ਆਈ ਆਂ- ਸਾਰੀ ਦੀ ਸਾਰੀ। ਸਲੋਚਨਾ ਦੇ ਨੀਵੇਂ ਜਿਹੇ ਬੋਲ ਵਿੱਚ ਬਹੁਤ ਵੱਡੀ ਦਲੇਰੀ ਸੀ। ਤੇ ਫੇਰ ਉਹ ਨਿੱਕੀਆਂ ਨਿੱਕੀਆਂ ਬੇਥਵੀਆਂ ਜਿਹੀਆਂ ਹੋਰ ਕਈ ਗੱਲਾਂ ਕਰਦੇ ਰਹੇ। ਬਿੰਦ ਝੱਟ ਹੋਰ ਬਹਿ ਕੇ ਉਹ ਦਾਦੀ ਕੋਲ ਹੀ ਰਸੋਈ ਵਿੱਚ ਚਲੀ ਗਈ। ਰਮੇਸ਼ ਦੇ ਅੰਦਰ ਆਉਣ ਵਾਲੀ ਰਾਤ ਦਾ ਬਾਲਣ ਧੁਖਣ ਲੱਗ ਪਿਆ।
ਕਿੰਨਾ ਚਿਰ ਹੋ ਗਿਆ ਸੀ, ਸੁਲੋਚਨਾ ਦੀ ਚਿੱਠੀ ਆਈ ਨੂੰ। ਜਿਹੜੀ ਆਖ਼ਰੀ ਚਿੱਠੀ ਰਮੇਸ਼ ਨੇ ਉਸ ਨੂੰ ਲਿਖੀ ਸੀ, ਉਸ ਵਿੱਚ ਉਸ ਨੇ ਲਿਖ ਦਿੱਤਾ ਸੀ- ‘ਚਿੱਠੀਆਂ ਵਿੱਚ ਉੱਖੜੇ ਕੁਹਾੜੇ ਮਾਰਨ ਦਾ ਕੀ ਲਾਭ? ਕਦੇ ਜੇ ਤੇਰੀ ਪੂਰੀ ਇੱਕ ਰਾਤ ਦਾ ਸੰਸਾਰ ਮੈਂ ਮਾਣ ਸਕਾਂ।'
ਰੋਟੀ ਟੁੱਕ ਖਾ ਕੇ ਉਹ ਤਿੰਨੇ ਅੰਦਰਲੇ ਕਮਰੇ ਵਿੱਚ ਪੈ ਗਏ। ਦੋ ਘੰਟੇ ਦਾਦੀ ਅਗਲੇ ਜੁੱਗ ਦੀਆਂ ਗੱਲਾਂ ਕਰਕੇ ਸੌਂ ਗਈ। ਸੁੱਤੀ ਪਈ ਵੀ ਉਹ ਖੰਘਦੀ ਸੀ, ਜਿਵੇਂ ਜਾਗਦੀ ਹੋਵੇ। ਸੁੱਤੀ ਪਈ ਵੀ ਉਹ ‘ਹਰੇ ਰਾਮ’ ‘ਹਰੇ ਰਾਮ’ ਕਰਦੀ ਸੀ, ਜਿਵੇਂ ਜਾਗਦੀ ਹੋਵੇ, ਪਰ ਸੀ ਪੂਰੀ ਸੁੱਤੀ ਹੋਈ।
ਧੁਆਂਖੀ ਚਿਮਨੀ ਵਾਲੇ ਲੈਂਪ ’ਤੇ ਇੱਕ ਕਿਤਾਬ ਦੀ ਝੱਲ ਮਾਰ ਕੇ ਲੈਂਪ ਰਮੇਸ਼ ਨੇ ਬੁਝਾ ਦਿੱਤਾ। ਲੈਂਪ ਦੀ ਚਿਮਨੀ ਨਿੱਤ ਮਾਂਜਣੀ, ਇਹ ਵੀ ਇੱਕ ਟੰਟਾ ਹੈ। ਸੜਕੇ ਸੜਕ ਬਿਜਲੀ ਦੀਆਂ ਤਾਰਾਂ ਉੱਥੋਂ ਦੀ ਲੰਘਦੀਆਂ ਸਨ ਤੇ ਨੇੜੇ ਦੇ ਪਿੰਡ ਦੇਵੀਕੋਟ ਬਿਜਲੀ ਆਈ ਨੂੰ ਦੋ ਸਾਲ ਹੋ ਗਏ ਸਨ, ਪਰ ਅਜੇ ਉਸ ਪਿੰਡ ਵਿੱਚ ਬਿਜਲੀ ਨਹੀਂ ਸੀ ਆਈ।
ਲੈਂਪ ਬੁਝੇ ਤੋਂ ਕਮਰੇ ਵਿੱਚ ਹਨੇਰਾ ਘੁੱਪ ਹੋ ਗਿਆ ਤੇ ਰਮੇਸ਼ ਨੇ ਆਪਣਾ ਮੰਜਾ ਦੋਵੇਂ ਬਾਹੀਆਂ ਤੋਂ ਫੜ ਕੇ ਸਲੋਚਨਾ ਦੀ ਬਾਹੀ ਨਾਲ ਬਾਹੀ ਜੋੜ ਲਈ। ਸਿਰ ਨਾਲ ਸਿਰ ਜੋੜ ਕੇ ਸਲੋਚਨਾ ਗੱਲ ਕਰਦੀ ਸੀ ਕਿ ਗਿੱਠ ਤੋਂ ਦੂਰ ਉਸ ਦੀ ਆਵਾਜ਼ ਨਾ ਜਾਵੇ। ਸਿਰ ਨਾਲ ਸਿਰ ਜੋੜ ਕੇ ਰਮੇਸ਼ ਗੱਲ ਕਰਦਾ ਸੀ ਕਿ ਗਿੱਠ ਤੋਂ ਦੂਰ ਉਸ ਦੀ ਆਵਾਜ਼ ਨਾ ਜਾਵੇ। ਰਮੇਸ਼ ਦੇ ਕੰਨ ਨਾਲ ਸਲੋਚਨਾ ਦਾ ਮੂੰਹ ਜੁੜਿਆ ਹੁੰਦਾ ਤੇ ਫੇਰ ਸਲੋਚਨਾ ਦੇ ਕੰਨ ਨਾਲ ਰਮੇਸ਼ ਦਾ ਮੂੰਹ ਜੁੜ ਜਾਂਦਾ। ਬੁੱਢੀ ਖੰਘਦੀ ਤਾਂ ਉਨ੍ਹਾਂ ਦੇ ਬੁੱਲ੍ਹ ਮੀਚੇ ਜਾਂਦੇ। ਬੁੱਢੀ ‘ਹਰੇ ਰਾਮ’ ਕਹਿੰਦੀ ਤਾਂ ਉਨ੍ਹਾਂ ਦੇ ਸਾਹ ਰੋਕੇ ਜਾਂਦੇ। ਮੁਹੱਬਤ ਦੀ ਦੁਨੀਆਂ ਵਿੱਚ ਬੁੱਢੀ ਦਾਦੀ ਸਮਾਜ ਦਾ ਇੱਕ ਪੂਰਾ ਰੂਪ ਟੁੱਟੀ ਜਿਹੀ ਮੰਜੀ ਵਿੱਚ ਸੁੰਗੜਿਆ ਪਿਆ ਸੀ। ਜਿਸ ਤੋਂ ਸ਼ੇਰ ਵਰਗਾ ਡਰ ਮਾਰਦਾ ਸੀ।
ਸਲੋਚਨਾ ਦੇ ਮੱਥੇ ਨੂੰ ਹੱਥ ਲਾ ਕੇ ਰਮੇਸ਼ ਨੇ ਦੇਖਿਆ-'ਫਾਲੇ ਵਾਂਗ ਤਪਦਾ ਪਿਆ ਸੀ।' 'ਥੋਡੇ ਪਿੰਡ ਰਜਾਈ ’ਚ ਰੂੰ ਕਿੰਨੀ ਪੌਂਦੇ ਐ?' ਸਲੋਚਨਾ ਨੇ ਰਮੇਸ਼ ਦੇ ਕੰਨ ਵਿੱਚ ਫ਼ਜੂਲ ਜਿਹਾ ਸਵਾਲ ਪੁੱਛਿਆ।
'ਤਿੰਨ ਕਿੱਲੋਂ ਰਮੇਸ਼ ਨੇ ਦੱਸਿਆ।
‘ਤੇ ਥੋਡੀ ਏਸ ਰਜਾਈ 'ਚ ਤਾਂ ਪਾਈਆਂ ਰੂੰ ਮਸ੍ਹਾਂ ਹੋਣੀ ਐ!’ ਸਲੋਚਨਾ ਨੂੰ ਜਿਵੇਂ ਜ਼ਮਾਨੇ ਭਰ ਦੀ ਠਾਰੀ ਚੜ੍ਹੀ ਹੋਈ ਸੀ। ਰਮੇਸ਼ ਨੂੰ ਵੀ ਸ਼ਾਇਦ ਲੱਗਦਾ ਸੀ ਕਿ ਉਸ ’ਤੇ ਰਜਾਈ ਦੀ ਥਾਂ ਕੋਈ ਪਤਲੀ ਪਤੰਗ ਖੇਸੀ ਲਈ ਹੋਈ ਹੈ।
ਪੰਜ ਵਜੇ ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਰਾਤ ਮੁੜਕੇ ਫੇਰ ਸ਼ੁਰੂ ਹੋਣ ਵਾਲੀ ਹੈ। ਰੇਡੀਅਮ ਦੇ ਚਾਨਣ ਵਿੱਚ ਆਪਣੇ ਗੁੱਟ 'ਤੇ ਬੱਝੀ ਘੜੀ ਰਮੇਸ਼ ਜਦ ਦੇਖਦਾ ਤਾਂ ਉਸ ਦੀਆਂ ਅੱਖਾਂ ਦਾ ਵਿਸਵਾਸ਼ ਖੋਇਆ ਜਾਂਦਾ, ਜਿਵੇਂ ਘੜੀ ਦੀਆਂ ਸੂਈਆਂ ਕਿਸੇ ਮੇਲੇ ਵਿੱਚ ਲੱਗਿਆ ਚੱਕਰ ਚੂੰਢਾ ਬਣੀਆਂ ਪਈਆਂ ਹੋਣ। ਚੰਦਰੀ ਸਵੇਰ ਦਾ ਚਾਨਣ ਤਖ਼ਤਿਆਂ ਦੀਆਂ ਵਿਰਲਾਂ ਵਿੱਚ ਦੀ ਧੁੰਦਲਾ ਧੁੰਦਲਾ ਝਾਕਣ ਲੱਗ ਪਿਆ ਸੀ।
ਸੂਰਜ ਚੜ੍ਹੇ ਰਮੇਸ਼ ਨੇ ਆਪਣੀਆਂ ਅੱਖਾਂ ਟੋਹ ਕੇ ਦੇਖਿਆ, ਜਿਵੇਂ ਪੈਣ ਲੱਗਿਆਂ ਰਾਤ ਨੂੰ ਉਨ੍ਹਾਂ ਵਿੱਚ ਰੋੜ ਪਾ ਕੇ ਸੁੱਤਾ ਹੋਵੇ। ਸਲੋਚਨਾ ਦੀਆਂ ਅੱਖਾਂ ਜਿਵੇਂ ਹੋਰ ਨਸ਼ੀਲੀਆਂ ਹੋ ਗਈਆਂ ਹੋਣ। ਉਸ ਦਾ ਬਦਾਮੀ ਰੰਗ ਜਿਵੇਂ ਬੱਗਾ ਬੱਗਾ ਹੋ ਗਿਆ ਸੀ।
ਨਾਸ਼ਤਾ ਖਵਾ ਕੇ ਰਮੇਸ਼ ਉਸ ਨੂੰ ਜਦੋਂ ਬੱਸ ਅੱਡੇ 'ਤੇ ਛੱਡਣ ਗਿਆ ਤਾਂ ਬੱਸ ਚੜ੍ਹਨ ਲੱਗੀ ਨੂੰ ਖੜ੍ਹਾ ਕੇ ਉਸ ਨੇ ਮਿੱਠੀ ਚਹੇਡ ਕੀਤੀ, 'ਤੇਰੀ ਗੁੱਤ ਦਾ ਰੀਬਨ ਖੁੱਲ੍ਹ ਗਿਆ, ਸਲੋਚਨਾ!'
‘ਮੇਰੀ ਗੁੱਤ ਦਾ ਰਿਬਨ ਖੁੱਲ੍ਹਿਆ ਤਾਂ ਮੈਨੂੰ ਦੀਂਹਦੈ, ਪਰ ਮੇਰਾ ਸਭ ਕੁਸ ਤੇਰੇ ਮੋਹ ਦੀ ਕੁੰਡੀ ਨਾਲ ਜਿਹੜਾ ਚਿਪਕ ਗਿਐ, ਉਹਦਾ ਕੋਈ ਕੀ ਕਰੇ?' ਸਲੋਚਨਾ ਦੀ ਹੌਲੀ ਦੇ ਕੇ ਕਹੀ ਏਸ ਗੱਲ ਨੇ ਰਮੇਸ਼ ਨੂੰ ਇੱਕ ਸੱਜਰੀ ਧੁੜਧੜੀ ਛੇੜ ਦਿੱਤੀ।