ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਗੱਜਣ ਸਿੰਘ

ਗੱਜਣ ਸਿੰਘ

‘ਜੇ ਬੁੜ੍ਹੇ ਦਾ ਹਕਾਮਾ ਈ ਨਾ ਹੋਵੇ ਤਾਂ ਜਹੇ ਜੇ ਫੁੱਲ ਗੰਗਾ ਜਾ ਕੇ ਪਾ ’ਤੇ, ਜਹੇ ਜੇ ਰਜਾਦੀਆਣੇ ਟੋਭੇ `ਚ ਤੇਰ 'ਤੇ।’ ਗੱਜਣ ਸਿੰਘ ਨੇ ਆਉਂਦਿਆਂ ਹੀ ਰੋਜ਼ ਵਾਂਗ ਪਾਡੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਫੇਰ ਦੱਸਿਆ- 'ਮੈਂ ਆਪਣੇ ਪਿਓ ਦਾ ਹਕਾਮਾ ਕੀਤਾ, ਪੂਰਾ ਹਜ਼ਾਰ ਲਾ ’ਤਾ। ਹਜ਼ਾਰ ਤਾਂ ਠੀਕਰੀਆਂ ਮਸ੍ਹਾਂ ਕੱਠੀਆਂ ਹੁੰਦੀਆਂ ਨੇ। ਘਰ-ਘਰ ਪਤਾ ਲੱਗ ਗਿਆ, ਬਈ ਗੱਜਣ ਦਾ ਪਿਓ ਮਰਿਐ।'

ਇਸ ਤਰ੍ਹਾਂ ਹੀ ਕਈ ਗੱਲਾਂ ਉਹ ਆਪਣੇ ਪਿਓ ਦੇ ਹਕਾਮੇ ਦੀਆਂ ਕਰਦਾ ਰਿਹਾ- ਕਿੰਨੇ ਲੱਡੂ ਪੱਕੇ, ਕਿੰਨੇ ਕੜਾਹੇ ਚੌਲਾਂ ਦੇ ਨਿਕਲੇ ਤੇ ਗਦੌੜੇ ਲਈ ਕਿੰਨੇ ਮਣ ਖੰਡ ਲੱਗੀ।

ਗੱਜਣ ਸਿੰਘ ਦੇ ਗਵਾਂਢ ਵਿੱਚ ਹੀ ਮੈਨੂੰ ਰਹਿੰਦੇ ਨੂੰ ਦੋ ਸਾਲ ਹੋ ਗਏ ਸਨ। ਉਹ ਦੇ ਕੋਲ ਦਸ ਘੁਮਾਂ ਜ਼ਮੀਨ ਸੀ। ਵਾਹੀ ਉਹ ਆਪ ਨਹੀਂ ਸੀ ਕਰਦਾ। ਹਿੱਸੇ ਤੇ ਜਾਂ ਠੇਕੇ ’ਤੇ ਕਿਸੇ ਹੋਰ ਨੂੰ ਹਰ ਸਾਲ ਦੇ ਛੱਡਦਾ ਸੀ। ਉਸ ਦਾ ਇੱਕੋ ਇੱਕ ਮੁੰਡਾ ਸੀ, ਜਿਹੜਾ ਬੀ. ਏ. ਤੱਕ ਪੜ੍ਹ ਗਿਆ ਸੀ ਤੇ ਹੁਣ ਬੀ. ਐੱਡ ਕਰਕੇ ਮਾਸਟਰ ਵੀ ਲੱਗ ਗਿਆ ਸੀ। ਮੁੰਡਾ ਵਿਆਹਿਆ ਗਿਆ ਸੀ। ਮਹਿੰਗਾਈ ਕਰਕੇ ਉਸ ਦਾ ਆਪਣਾ ਢਿੱਡ ਮਸ੍ਹਾਂ ਪੂਰਾ ਹੁੰਦਾ ਸੀ। ਨਵਾਂ ਨਵਾਂ ਵਿਆਹ। ਮੁੰਡੇ ਕੋਲ ਪਹੁੰਚ ਹੀ ਨਹੀਂ ਸੀ ਕਿ ਆਪਣੇ ਪਿਓ ਨੂੰ ਵੀ ਕੁਝ ਭੇਜ ਸਕੇ। ਆਪਣੇ ਪਿਓ ਦੀਆਂ ਫੜ੍ਹਾਂ ਤੇ ਚੱਕਵੇਂ ਖ਼ਰਚ ਤੋਂ ਖਿਝ ਕੇ ਉਹ ਕਦੇ ਕਦੇ ਹੀ ਪਿੰਡ ਆਉਂਦਾ। ਐਡੀ ਦੂਰੋਂ ਆਉਣਾ ਕਿਹੜਾ ਸੌਖੀ ਗੱਲ ਸੀ। ਇੱਕ ਵਾਰੀ ਆਉਣ ਨਾਲ ਪੰਜ ਰੁਪਈਆਂ ਨੂੰ ਥੁੱਕ ਲੱਗ ਜਾਂਦਾ ਸੀ।

ਗੱਜਣ ਸਿੰਘ ਦੀ ਉਮਰ ਉਸ ਵੇਲੇ ਸੱਠ ਸਾਲ ਨੂੰ ਟੱਪੀ ਹੋਈ ਸੀ। ਪੰਦਰਾਂ ਵੀਹ ਸਾਲ ਤੋਂ ਉਹ ਫ਼ੀਮ ਦਾ ਆਦੀ ਸੀ। ਭਾਵੇਂ ਸਰਕਾਰੀ ਤੌਰ 'ਤੇ ਫ਼ੀਮ ਦੀ ਉਦੋਂ ਮਨਾਹੀ ਸੀ, ਪਰ ਉਹ ਤਿੰਨ ਤੋਲੇ ਆਪਣਾ ਮਹੀਨੇ ਦਾ ਖ਼ਰਚ ਕਿਤੋਂ ਨਾ ਕਿਤੋਂ ਪੂਰਾ ਕਰ ਹੀ ਲੈਂਦਾ। ਮੁੰਡਾ ਕਦੇ ਜੇ ਪਿੰਡ ਆਉਂਦਾ ਤਾਂ ਬਾਪੂ ਨੂੰ ਸਮਝਾਉਣ ਲੱਗਦਾ- 'ਬਾਪੂ, ਜ਼ਮਾਨਾ ਬਹੁਤ ਮਾੜਾ ਆ ਗਿਆ। ਮੇਰੇ ਕੰਨੀਂ ਵੀ ਕੁਸ਼ ਸੋਚ।’ ਤਾਂ ਗੱਜਣ ਚਾਰੇ ਪੈਰ ਚੁੱਕ ਕੇ ਉਸ ’ਤੇ ਵਰ੍ਹ ਪੈਂਦਾ- 'ਓਏ, ਮੈਂ ਤੈਨੂੰ ਕੋਈ ਬਦਨਾਮੀ ਤਾਂ ਨੀਂ ਖੱਟ ’ਤੀ। ਤੈਨੂੰ ਪੜ੍ਹਾ ਤਾ, ਵਿਆਹ ’ਤਾ, ਹੁਣ ਤੂੰ ਮੈਨੂੰ ਮੱਤਾ ਦੇਣ 'ਆਲਾ ਆ ਗਿਆ। ਮੈਂ ਤੈਨੂੰ ਜੰਮਿਐ ਕਿ ਤੂੰ ਮੈਨੂੰ ਜੰਮਿਐ?' ਮੁੰਡਾ ਚੁੱਪ ਵੱਟ ਲੈਂਦਾ, ਸ਼ਾਇਦ ਇਹ ਸੋਚ ਕੇ ਬੁੜ੍ਹਾ ਕਦੇ ਤਾਂ ਮਰੇਗਾ ਹੀ।

ਕਈ ਦਿਨਾਂ ਪਿੱਛੋਂ ਫੇਰ ਗੱਜਣ ਸਿੰਘ ਮੇਰੀ ਬੈਠਕ ਵਿੱਚ ਆ ਬੈਠਾ। ਐਧਰ ਓਧਰ ਦੀਆਂ ਗੱਲਾਂ ਕਰਕੇ ਉਸ ਨੇ ਫੇਰ ਆਪਣੀ ਗੱਲ ਛੇੜ ਦਿੱਤੀ-'ਹੁਣ ਕੁੜੀਆਂ ਦੇ ਵਿਆਹ ਕਾਹਦੇ ਨੇ-ਗੁੱਡੇ ਗੁੱਡੀ ਦਾ ਵਿਆਹ ਸਮਝੋ। ਮੈਂ ਆਪਣੀ ਕੁੜੀ ਦੀ ਜੰਨ ਚੌਥੇ ਦਿਨ ਤੋਰੀ ਸੀ। ਪ੍ਰਾਹੁਣੇ ਨੂੰ ਕੰਠਾ ਤੇ ਕੁੜੀ ਨੂੰ ਮਹਿੰ ਦਿੱਤੀ ਸੀ, ਦਾਜ ’ਚ ਹਥਨੀ ਅਰਗੀ।'

ਗੱਜਣ ਸਿੰਘ ਐਡਾ ਵੱਡਾ ਅਜੇ ਨਹੀਂ ਸੀ ਹੋਇਆ। ਪਰ ਅਫ਼ੀਮ ਨੇ ਉਸ ਦੇ ਹੱਡ ਚਰ ਲਏ ਸਨ। ਸੱਠ ਸਾਲ ਦੀ ਉਮਰ ਵਿੱਚ ਹੀ ਉਸ ਦਾ ਸਰੀਰ ਅੱਸੀ-ਨੱਬੇ ਸਾਲ ਦਾ ਲੱਗਦਾ ਸੀ। ਉਸ ਨੂੰ ਸਾਹ ਦੀ ਕਸਰ ਵੀ ਸੀ। ਸਾਹ ਵਾਲੇ ਬੰਦੇ ਦੀ ਸਾਹ ਚੜ੍ਹ ਕੇ ਭਾਵੇਂ ਹੁਣ ਜਾਨ ਨਿਕਲ ਜਾਵੇ। ਉਹ ਦਿਨੋਂ ਦਿਨ ਥਿਵਦਾ ਗਿਆ।

ਇੱਕ ਦਿਨ ਗੱਜਣ ਆਉਂਦਾ ਹੀ ਮਗਜਾਟ ਮਾਰਨ ਲੱਗ ਪਿਆ-'ਜਗਰਾਜ ਤਾਂ ਮਿੱਟੀ ਐ ਨਿਰਾ। ਕਹਿੰਦਾ, ਬਦਲੀ ਨ੍ਹੀਂ ਹੁੰਦੀ। ਮੈਂ ਜਾਵਾਂ ਤਾਂ ਅਫ਼ਸਰਾਂ ਦਾ ਭੁਘਾਟ ਪਾ ਦਿਆਂ। ਬਹੁਤ ਵਰ੍ਹੇ ਹੋ 'ਗੇ-ਆਪਣੇ ਖੇਤ 'ਚ ਮੋਘੀ ਲੱਗਣੀ ਸੀ, ਕੱਸੀ 'ਚੋਂ। ਜਦੋਂ ਮੈਂ ਜਾਵਾਂ, ਅਫ਼ਸਰ ਮੂੰਹ ਫੇਰ ਲੈਣ। ਚੁੱਪ ਕਰਕੇ ਇੱਕ ਦਿਨ ਸੌ ਦਾ ਨੋਟ ਮੈਂ ਸਾਹਬ ਦੀ ਜੇਬ੍ਹ 'ਚ ਪਾ ’ਤਾ, ਫੇਰ ਤਾਂ ਓਵਰਸੀਰ ਸਾਲਾ ਨੜੇ ਆਂਗੂੰ ਉਧੜਦਾ ਫਿਰੇ। ਚੌਥੇ ਦਿਨ ਮੋਘੀ ਲਾ ’ਤੀ।’

ਪਸ਼ੂ ਲੈਣ ਦੇਣ ਵਿੱਚ ਉਹ ਭੋਰਾ ਸਮਝ ਨਹੀਂ ਸੀ ਵਰਤਦਾ। ਛੀ ਸੌ ਦੀ ਲਵੇਰੀ ਮਹਿੰ ਲੈਂਦਾ, ਤੋਕੜ ਹੋ ਜਾਂਦੀ ਤਾਂ ਤਿੰਨ ਸੌ ਵਿੱਚ ਨਵੇਂ ਦੁੱਧ ਹੋਈ ਵਈ ਵੀ ਵੇਚ ਦਿੰਦਾ। ਉਸੇ ਤਿੰਨ ਸੌ ਵਿੱਚ ਚਾਰ ਸੇਰ ਦੁੱਧ ਵਾਲੀ ਗਾਂ ਲੈ ਲੈਂਦਾ। ਮਨ ਵਿੱਚ ਖਰੂਦ ਉੱਠਦਾ ਤਾਂ ਓਹੀ ਗਾਂ ਦੂਜੇ ਮਹੀਨੇ ਵੱਟੇ ਵਿੱਚ ਦੇ ਕੇ ਸੱਜਰ ਸੂਈ ਮਹਿੰ ਲੈ ਲੈਂਦਾ ਤੇ ਚਾਰ ਸੌ ਰੁਪਿਆ ਆਪਣੇ ਨਾਉਂ ਬਿਆਜੂ ਲਿਖਵਾ ਲੈਂਦਾ। ਕਦੇ ਕਦੇ ਇਹੋ ਜਿਹੇ ਸੌਦੇ ਵਿੱਚ ਇਹੋ ਜਿਹੀ ਮਹਿੰ ਫੰਡਰ ਹੀ ਨਿਕਲ ਜਾਂਦੀ।

ਸਰੀਰਕ ਤੌਰ 'ਤੇ ਗੱਜਣ ਸਿੰਘ ਦਿਨੋਂ ਦਿਨ ਕਮਜ਼ੋਰ ਹੁੰਦਾ ਗਿਆ। ਹੁਣ ਉਸ ਤੋਂ ਤੁਰਿਆ ਮਸ੍ਹਾਂ ਜਾਂਦਾ ਸੀ। ਖੰਘ ਨੇ ਵੀ ਜ਼ੋਰ ਪਾ ਲਿਆ। ਫ਼ੀਮ ਵੀ ਚੰਗੀ ਨਹੀਂ ਸੀ ਮਿਲਦੀ। ‘ਹੁਣ ਫ਼ੀਮਾਂ ਕਿੱਥੇ ਨੇ, ਕੀੜਿਆਂ ਦਾ ਗੂੰਹ ਐ’ ਕਈ ਵਾਰ ਉਹ ਕਹਿੰਦਾ ਹੁੰਦਾ।

ਦੋ ਮਹੀਨੇ ਲੰਘ ਗਏ, ਹੁਣ ਕਦੇ ਗੱਜਣ ਮੇਰੇ ਕੋਲ ਨਹੀਂ ਸੀ ਆਇਆ। ਸੁਣਿਆ ਕਿ ਗੱਜਣ ਬੁੜ੍ਹਾ ਬਿਮਾਰ ਐ ਬਹੁਤ। ਫੇਰ ਸੁਣਿਆ ਇੱਕ ਦਿਨ ਕਿ ਗੱਜਣ ਸਿੰਘ ਨੂੰ ਅੱਜ ਭੁੰਜੇ ਲਾਹ ਲਿਆ ਹੈ। ਮੈਂ ਝੱਟ ਦੇ ਕੇ ਉਨ੍ਹਾਂ ਦੇ ਘਰ ਗਿਆ। ਜਗਰਾਜ ਵੀ ਮੌਕੇ 'ਤੇ ਆ ਗਿਆ ਸੀ। ਮੈਂ ਆਪਣੇ ਕੰਮਾਂ ਕਾਰਾਂ ਵਿੱਚ ਰੁੱਝਿਆ ਪਹਿਲਾਂ ਕਦੇ ਗੱਜਣ ਸਿੰਘ ਦੇ ਘਰ ਮਸ੍ਹਾਂ ਆਉਂਦਾ ਸਾਂ-ਭਾਵੇਂ ਘਰ ਗਵਾਂਢ ਵਿੱਚ ਹੀ ਸੀ। ਉਹ ਆਪ ਹੀ ਤਾਂ ਪਹਿਲਾਂ ਮੈਨੂੰ ਮਿਲ ਜਾਂਦਾ ਸੀ, ਇਸ ਕਰਕੇ ਸ਼ਾਇਦ ਕਿ ਉਸ ਦਾ ਮੁੰਡਾ ਜਗਰਾਜ ਮੇਰਾ ਜਾਣਕਾਰ ਸੀ। ਬੁੜ੍ਹੇ ਆਪਣੇ ਮੁੰਡਿਆਂ ਦੀਆਂ ਚੁਗਲੀਆਂ ਉਨ੍ਹਾਂ ਦੇ ਦੋਸਤਾਂ ਕੋਲ ਕਰਕੇ ਬਹੁਤ ਰਾਜ਼ੀ ਹੁੰਦੇ ਨੇ।

ਗੱਜਣ ਸਿੰਘ ਭੁੰਜੇ ਲਾਹਿਆ ਹੋਇਆ ਸੀ। ਉਸ ਵਿੱਚ ਕੋਈ ਕੋਈ ਸਾਹ ਸੀ। ਜਗਰਾਜ, ਉਸ ਦੀ ਮਾਂ ਤੇ ਵਹੁਟੀ ਕੋਲ ਬੈਠੇ ਸਨ, ਚੁੱਪ ਕਰੇ, ਜਿਵੇਂ ਪੂਰੇ ਸਾਹ ਨਿਕਲਣ 'ਤੇ ਹੀ ਰੋਣ ਲੱਗਣਗੇ। ਗਵਾਂਢ ਵਿਚੋਂ ਵੀ ਚਾਰ ਪੰਜ ਬੁੜ੍ਹੀਆਂ ਤੇ ਕੁਝ ਬੰਦੇ ਆ ਗਏ। ਅਗਵਾੜ ਸਾਰੇ ਵਿੱਚ ਫੇਰ ਪਿੰਡ 'ਚ ਵੀ ਮੂੰਹੋਂ ਮੂੰਹ ਇਕਦਮ ਗੱਲ ਹੋ ਗਈ ਕਿ ਗੱਜਣ ਸਿੰਘ ਭੁੰਜੇ ਲਾਇਆ ਹੋਇਐ।

ਕੁਝ ਬੰਦੇ ਹੋਰ ਵੀ ਆ ਗਏ। ਇੱਕ ਬੰਦਾ ਜਿਸ ਦੇ ਤੇੜ ਚਿੱਟੀ ਮੈਲੀ ਟੰਗਵੀ ਧੋਤੀ ਬੰਨੀ ਹੋਈ ਸੀ, ਦਾੜ੍ਹੀ ਕੱਟੀ ਹੋਈ ਸੀ ਤੇ ਸਿਰ 'ਤੇ ਪੱਗ, ਆਉਣ ਸਾਰ ਪੁੱਛਣ ਲੱਗਾ-'ਅਜੇ ਸਾਹ ਹੈਗੇ ਐ?' ਮੈਂ ਉਸ ਨੂੰ ਦੱਸਿਆ ਕਿ ਇਹ ਤਾਂ ਕਦੋਂ ਦਾ ਪੂਰਾ ਹੋ ਗਿਆ। ਉਹ ਬੰਦਾ ਚੁੱਪ ਕਰਕੇ ਜਗਰਾਜ ਨੂੰ ਮੋਢਿਓਂ ਫੜ ਕੇ ਇੱਕ ਖੂੰਜੇ ਲੈ ਗਿਆ ਤੇ ਬੱਚਿਆਂ ਵਾਂਗ ਸਮਝਾਇਆ- 'ਦੇਖ ਭਾਈ ਜਗਰਾਜ ਸਿਆਂ, ਤੇਰੇ ਬਾਪੂ ਨੂੰ ਛੇ ਮਹੀਨੇ ਹੋ ’ਗੇ, ਨਾਮਾ ਕਰਨ ਖਾਤਰ ਕਹਿੰਦਿਆਂ ਨੂੰ, ਪਰ ਉਸ ਤੋਂ ਆਇਆ ਨ੍ਹੀਂ ਗਿਆ। ਬਿਮਾਰ ਬਹੁਤ ਰਿਹਾ ਵਿਚਾਰਾ। ਬੁੜ੍ਹੇ ਦੇ ਹਕਾਮੇ ਵੇਲੇ ਪੈਸੇ ਲਏ ਸੀ। ਹੁਣ ਡੂਢ ਹਜ਼ਾਰ ਦਾ ਨਾਮਾ ਹੋ ਗਿਆ। ਆਥਣੇ ਹੱਟ 'ਤੇ ਆਜੀ ਤੂੰ ਜ਼ਰੂਰ।’

ਉਸ ਤੋਂ ਮੋਢਾ ਛੁਡਾ ਕੇ ਜਗਰਾਜ ਬਾਪੂ ਦੀ ਲੋਥ ਵੱਲ ਆਇਆ ਤਾਂ ਇੱਕ ਹੋਰ ਬੰਦੇ ਨੇ ਉੱਠ ਕੇ ਕੰਨ ਵਿੱਚ ਆਖਿਆ- 'ਜਗਰਾਜ ਭਾਈ, ਬੁੜ੍ਹੇ ਨੇ ਕੁੜੀ ਦੇ ਵਿਆਹ ਵੇਲੇ ਦੋ ਹਜ਼ਾਰ ਲਿਆ ਸੀ, ਬਿਆਜੂ। ਜਾਦ ਰੱਖੀਂ। ਬਹੀ ਮੇਰੇ ਕੋਲ ਐ, ਦੇਖਣੀ ਐ ਤਾਂ।' ਜਗਰਾਜ ਦੇ ਦਿਮਾਗ਼ ਵਿੱਚ ਹਥੌੜੇ ਦੀਆਂ ਸੱਟਾਂ ਵੱਜ ਰਹੀਆਂ ਸਨ।

ਗੱਜਣ ਦੀ ਅਰਥੀ ਅਜੇ ਚੁੱਕੀ ਨਹੀਂ ਸੀ ਕਿ ਤੀਜੇ ਬੰਦੇ ਨੇ ਜਗਰਾਜ ਨੂੰ ਆ ਕੇ ਆਖਿਆ- 'ਬਹੁਤ ਦੁੱਖ ਭੋਗਿਆ ਵਿਚਾਰੇ ਨੇ। ਚੰਗਾ ਇਹ ਵੀ ਐਨੀ ਈ ਲਿਖੀ ਸੀ। ਜਗਰਾਜ, ਵੇਲਾ ਭਾਵੇਂ ਗੱਲ ਕਰਨ ਦਾ ਨਹੀਂ, ਪਰ ਕੀਤੀ ਈ ਚੰਗੀ ਹੁੰਦੀ ਐ। ਨਾਲੇ ਗੱਲ ਕੰਨ 'ਚ ਕਰਨ ਆਲੀ ਐ। ਬੁੜ੍ਹੇ ਕੰਨੀਂ ਪੰਜਾਹ ਰੁਪਈਏ ਫ਼ੀਮ ਦੇ ਰਹਿੰਦੇ ਨੇ।'

ਜਗਰਾਜ ਦੀਆਂ ਅੱਖਾਂ ਵਿੱਚ ਅੱਥਰੂ ਸੁੱਕ ਗਏ। ਉਸ ਨੂੰ ਲੱਗਿਆ, ਜਿਵੇਂ ਧਰਮਰਾਜ ਦੇ ਜਮਦੂਤਾਂ ਨਾਲੋਂ ਤਕੜੇ ਇਹ ਤਿੰਨ ਜਮ ਉਸ ਦੇ ਬਾਪੂ ਨੂੰ ਮਰਨ ਨਹੀਂ ਦੇਣਾ ਚਾਹੁੰਦੇ।♦