ਕੰਮ

ਪਥੇਰਿਆ ਦੀਆਂ ਤਿੰਨੇ ਕੁੱਲੀਆਂ ਵਿੱਚ ਉਸ ਦਿਨ ਸਵੇਰੇ ਤੋਂ ਹੀ ਚੁੱਪ-ਚਾਂ ਸੀ। ਨਹੀਂ ਤਾਂ ਪਹਿਲਾਂ ਸਵੇਰੇ-ਸਵੇਰੇ ਉਹਨਾਂ ਦੀਆਂ ਜ਼ਨਾਨੀਆਂ ਉੱਚਾ-ਉੱਚਾ ਬੋਲਦੀਆਂ। ਬੰਦਿਆਂ ਵਿਚੋਂ ਕੋਈ ਰਾਗਣੀ ਗਾ ਰਿਹਾ ਹੁੰਦਾ। ਛੋਟੇ ਬੱਚੇ ਰੋਂਦੇ ਜਾਂ ਆਪਸ ਵਿੱਚ ਲੜਦੇ-ਝਗੜਦੇ ਚੀਕਾਂ ਮਾਰਦੇ, ਚੁੱਲ੍ਹੇ ਦੀਆਂ ਲੱਕੜਾਂ ਨਾਲ ਖੇਡ ਰਹੇ ਹੁੰਦੇ। ਚੁੱਲ੍ਹਿਆਂ ਵਿਚੋਂ ਚਿੱਟਾ ਧੂੰਆਂ ਉੱਠਦਾ, ਬਾਲਣ ਦੀਆਂ ਲੱਕੜਾਂ ਟੁੱਟਣ ਦੀ ਆਵਾਜ਼ ਸੁਣਦੀ, ਚੁੱਲ੍ਹਿਆਂ ਦਾ ਚਾਨਣ ਜ਼ਿੰਦਗੀ ਦਾ ਅਹਿਸਾਸ ਕਰਾਉਂਦਾ ਅਤੇ ਤਵੇ ਉੱਤੇ ਰੋਟੀ ਪਾ ਰਹੀ ਜ਼ਨਾਨੀ ਦਾ ਚਿਹਰਾ ਕੁੱਲੀ ਦਾ ਲੇਖਾ-ਜੋਖਾ ਦਰਸਾਉਂਦਾ। ਉਸ ਸਵੇਰ ਅਜਿਹਾ ਕੁਝ ਵੀ ਨਹੀਂ ਸੀ। ਬੱਸ, ਇੱਕ ਕੁੱਲੀ ਦੇ ਚੁੱਲ੍ਹੇ ਉੱਤੇ ਚਾਹ ਦਾ ਪਤੀਲਾ ਉਬਲਿਆ ਸੀ। ਬੰਦਿਆਂ ਤੇ ਜ਼ਨਾਨੀਆਂ ਨੇ ਚਾਹ ਦਾ ਗਿਲਾਸ-ਗਿਲਾਸ ਪੀਤਾ ਸੀ ਅਤੇ ਚੁੱਪ-ਚੁਪੀਤੇ ਹੀ ਆਪਣੇ ਕੰਮ ਉੱਤੇ ਚਲੇ ਗਏ ਸਨ। ਕੁੱਲੀ ਵਿੱਚ ਨਿੱਕੀ ਜਿਹੀ ਮੰਜੀ ਉੱਤੇ ਸਿੱਧੀ ਪਈ ਮਾਂ ਦਾ ਚਿਹਰਾ ਲਛੁਏ ਨੇ ਇੱਕ ਹੋਰ ਕੱਪੜੇ ਨਾਲ ਢਕ ਦਿੱਤਾ ਸੀ।

ਦੀਵਾਲੀ-ਦੁਸ਼ਹਿਰੇ ਤੋਂ ਪਹਿਲਾਂ ਦੇ ਦਿਨ। ਗਰਮੀ ਮੁੱਕ ਰਹੀ ਹੁੰਦੀ, ਸਰਦੀ ਸ਼ੁਰੂ ਹੋ ਰਹੀ ਹੁੰਦੀ। ਛਾਂ ਵਿੱਚ ਖੜੋ ਤਾਂ ਪਾਲਾ ਲਗਦਾ, ਧੁੱਪ ਵਿੱਚ ਖੜੋ ਤਾਂ ਛਾਵੇਂ ਜਾਣ ਨੂੰ ਜੀਅ ਕਰਦਾ। ਇਹਨਾਂ ਦਿਨਾਂ ਵਿੱਚ ਆਕਾਸ਼ ਉੱਤੇ ਬੱਦਲਾਂ ਦਾ ਕਿਧਰੇ ਨਾਂਨਿਸ਼ਾਨ ਨਹੀਂ ਹੁੰਦਾ। ਮੀਂਹ ਦੀਆਂ ਕਣੀਆਂ ਦੂਰ ਸਮੁੰਦਰਾਂ ਦੀ ਕੁੱਖ ਵਿੱਚ ਜਾ ਕੇ ਸੌਂ ਚੁੱਕੀਆਂ ਹੁੰਦੀਆਂ ਸਨ। ਇਹਨਾਂ ਦਿਨਾਂ ਵਿੱਚ ਹੀ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਧੂੰਆਂ ਨਿੱਕਲਣਾ ਸ਼ੁਰੂ ਹੁੰਦਾ ਹੈ। ਨਵੀਆਂ ਇੱਟਾਂ ਪੱਥਣ ਤੇ ਸੁੱਕੀਆਂ ਇੱਟਾਂ ਦੀ ਭਰਾਈ ਜ਼ੋਰ ਸ਼ੋਰ ਨਾਲ ਹੋ ਰਹੀ ਹੁੰਦੀ ਹੈ। ਜਮਾਂਦਾਰ ਪਥੇਰਿਆਂ ਤੇ ਭਰਾਵਿਆਂ ਦੇ ਪੜਾਂ ਉੱਤੇ ਅੱਗ ਮਚਾਈ ਰੱਖਦੇ ਹਨ।

ਇਸ ਇਲਾਕੇ ਵਿੱਚ ਪਥੇਰ ਦਾ ਕੰਮ ਉੱਤਰ ਪ੍ਰਦੇਸ਼ ਤੋਂ ਮੇਰਠ, ਮੁਜ਼ੱਫਰਪੁਰ ਤੇ ਸਹਾਰਨਪੁਰ ਜ਼ਿਲਿਆਂ ਦੇ ਰਮਦਾਸੀ ਜਾਤੀ ਦੇ ਲੋਕ ਆ ਕੇ ਕਰਦੇ ਸਨ। ਸੁੱਕੀਆਂ ਇੱਟਾਂ ਦੀ ਭਰਾਈ ਇੱਧਰ ਦੇ ਹੀ ਬੰਦਿਆਂ ਹੱਥ ਹੈ। ਖੱਚਰ-ਰੇਹੜਿਆਂ ਦੀ ਭਰਮਾਰ ਦੀ ਭਰਮਾਰ। ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਤਾਂ ਕਿਸੇ-ਕਿਸੇ ਘਰ ਕੋਲ ਹੀ ਰਹਿ ਗਿਆ, ਬਾਕੀ ਸਭ ਖੱਚਰ-ਰੇਹੜੇ ਦਾ ਧੰਦਾ ਕਰਦੇ ਸਨ। ਪੱਕੀਆਂ ਇੱਟਾਂ ਦੀ ਢੁਆਈ, ਕਾਲੀ ਮਿੱਟੀ, ਪੀਲੀ ਮਿੱਟੀ, ਰੇਤਾ, ਬਜਰੀ.... ਅਨੇਕਾਂ ਹੋਰ ਕੰਮ ਹਨ। ਓਧਰ ਕੋਈ ਨਹੀਂ ਸੀ। ਬਾਪ ਮਰ ਗਿਆ, ਮਾਂ ਸੀ ਬੱਸ ਜਾਂ ਇੱਕ ਛੋਟਾ ਭਾਈ, ਜਿਸਨੂੰ ਉਹ ਆਪਣੇ ਨਾਲ ਹੀ ਇੱਧਰ ਲੈ ਆਇਆ ਸੀ। ਉਹ ਸੱਤਵੀਂ ਵਿੱਚ ਪੜ੍ਹਦਾ ਸੀ। ਪਿਓ ਓਧਰ ਜ਼ਿੰਮੀਦਾਰਾਂ ਦੇ ਖੇਤ ਵਿੱਚ ਮਜ਼ਦੂਰੀ ਦਾ ਕੰਮ ਕਰਦਾ। ਉਹਦਾ ਦਿਲ ਸੀ ਕਿ ਉਹ ਆਪਣੇ ਦੋਵੇਂ ਮੁੰਡਿਆਂ ਨੂੰ ਪੜ੍ਹਾਏਗਾ। ਉਹ ਸਰਕਾਰੀ ਨੌਕਰੀ ਕਰਨਗੇ। ਕੁਰਸੀਆਂ ਉੱਤੇ ਬੈਠਣਗੇ।ਉਹਨਾਂ ਨੂੰ ਜ਼ਿੰਮੀਦਾਰ ਦੀਆਂ ਝਿੜਕਾਂ ਨਹੀਂ ਖਾਣੀਆਂ ਪੈਣਗੀਆਂ। ਪਰ ਲਛੂਆ ਕਸਬੇ ਦੇ ਸਕੂਲ ਵਿਚੋਂ ਬਾਰਾਂ ਜਮਾਤਾਂ ਪਾਸ ਕਰ ਗਿਆ ਸੀ, ਉਹਦਾ ਕਿਧਰੇ ਕੁਝ ਨਹੀਂ ਬਣਿਆ। ਉਹ ਬਾਪ ਵਾਂਗ ਹੀ ਦਿਹਾੜੀ ਕਰਦਾ। ਰਿਸ਼ਵਤ ਬਗੈਰ ਕੋਈ ਨੌਕਰੀ ਨਹੀਂ ਸੀ। ਬਾਪ ਮਰੇ ਤੋਂ ਲਛੂਏ ਨੇ ਖੱਡੂ ਨੂੰ ਵੀ ਸਕੂਲੋਂ ਹਟਾ ਲਿਆ। ਇਸ ਵਾਰ ਉਹ ਮਾਂ ਨੂੰ ਵੀ ਇੱਧਰ ਲੈ ਆਏ ਸਨ। ਉਹ ਜਿਸ ਦਿਨ ਦੀ ਇੱਥੇ ਆਈ ਸੀ, ਢਿੱਲੀ-ਮੱਠੀ ਹੀ ਰਹਿੰਦੀ। ਬੁਖ਼ਾਰ ਚੜ੍ਹਨ ਲੱਗ ਪਿਆ। ਡਾਕਟਰ ਸਆ ਲਾ ਦਿੰਦਾ, ਗੋਲੀਆਂ ਦੇ ਦਿੰਦਾ ਤੇ ਪੀਣ ਵਾਲੀ ਦਵਾਈ ਦੱਸਦਾ ਕੁਝ ਨਾ, ਮਲੇਰੀਆ ਹੈ, ਟਾਈਫਾਈਡ ਹੈ ਜਾਂ ਕੀ ਹੈ? ਕਿਸੇ ਕਿਸੇ ਦਿਨ ਬੁਖ਼ਾਰ ਉੱਤਰ ਵੀ ਜਾਂਦਾ। ਡਾਕਟਰ ਦੋ ਦਿਨਾਂ ਦੀ ਦਵਾਈ ਦਿੰਦਾ ਤੇ ਮੁੱਠੀ ਨੋਟਾਂ ਦੀ ਝਾੜ ਲੈਂਦਾ। ਮਾਂ ਦਾ ਚਿਹਰਾ ਉਤਰਦਾ ਜਾ ਰਿਹਾ ਸੀ। ਰੰਗ ਪੀਲਾ ਪੈ ਗਿਆ। ਖਾਣ-ਪੀਣ ਲਗਭਗ ਛੱਡ ਹੀ ਦਿੱਤਾ। ਕੁੱਲੀ ਵਿਚੋਂ ਉੱਠ ਕੇ ਮਸਾਂ ਹੀ ਬਾਹਰ ਜਾ ਸਕਦੀ।ਉਹ ਮਾਂ ਨੂੰ ਸਾਂਭਣ ਜਾਂ ਕੰਮ ਉੱਤੇ ਜਾਣ? ਕੰਮ ਨਹੀਂ ਕਰਦੇ ਤਾਂ ਆਪਣਾ ਦੇਸ਼ ਛੱਡ ਕੇ ਆਉਣ ਦਾ ਮਤਲਬ ਕੀ। ਕੰਮ ਬਗ਼ੈਰ ਸਰਦਾ ਨਹੀਂ ਸੀ। ਉਹ ਪੰਜ-ਛੇ ਢਿੱਡ ਸਨ।

ਐਲ ਪਚਾਨਵੇਂ ਭੱਠਾ ਸੜਕ ਕਿਨਾਰੇ ਸੀ। ਇਹ ਸੜਕ ਸ਼ਹਿਰ ਦੀ ਵੱਡੀ ਸੜਕ ਤੋਂ ਅਗਲੇ ਪਿੰਡ ਨੂੰ ਜਾਂਦੀ ਤੇ ਅਗਾਂਹ ਹੋਰ ਪਿੰਡਾਂ ਨੂੰ ਨਿਕਲ ਜਾਂਦੀ ਸੀ। ਭੱਠਾ ਐਨ ਦਰੇ ਉੱਤੇ ਸੀ। ਸ਼ਹਿਰ ਨੂੰ ਇੱਟਾਂ ਜਾਂਦੀਆਂ ਤੇ ਨੇੜੇ-ਤੇੜੇ ਦੇ ਪਿੰਡਾਂ ਨੂੰ ਵੀ। ਭੱਠੇ ਦੇ ਲਗਭਗ ਨਾਲ ਹੀ ਮਿੱਟੀ ਮਿਲ ਗਈ ਸੀ। ਖੇਤ ਵਿੱਚ ਜੱਟ ਦਾ ਬੋਰ ਲੱਗਿਆ ਹੋਇਆ ਸੀ। ਥੋਰ ਤੇ ਮੋਟਰ ਸੀ। ਪਾਣੀ ਦੀ ਕੋਈ ਕਮੀ ਨਹੀਂ ਸੀ ਪਥਰ ਦੇ ਆਦਮੀ ਜਿੱਥੇ ਕਿਤੇ ਇੱਟਾਂ ਪੱਥਦੇ, ਉਥੇ ਹੀ ਦੋ-ਦੋ, ਚਾਰ-ਚਾਰ ਕਰਕੇ ਆਪਣੀਆਂ ਕੁੱਲੀਆਂ ਉਸਾਰ ਲੈਂਦੇ।ਕੱਚੀਆਂ ਇੱਟਾਂ ਕੋਲ ਸਨ, ਗਾਰਾ ਸੀ, ਕੁੱਲੀ ਇੱਕ ਦਿਨ ਵਿੱਚ ਹੀ ਖੜੀ ਹੋ ਜਾਂਦੀ। ਛੱਤ ਉੱਤੇ ਸਰਕੰਡਾ ਬੰਨ੍ਹ ਕੇ ਸੁੱਟ ਲੈਂਦੇ। ਟੱਪਰੀਵਾਸ ਜੀਵਨ ਸੀ ਇਹਨਾਂ ਲੋਕਾਂ ਦਾ। ਬਰਸਾਤਾਂ ਬੰਦ ਹੋਣ ਤੋਂ ਲੈ ਕੇ ਬਰਸਾਤਾਂ ਸ਼ੁਰੂ ਹੋਣ ਤੱਕ ਭੱਠੇ ਦਾ ਕਾਰੋਬਾਰ ਚਲਦਾ ਰਹਿੰਦਾ।

ਲਛੂਏ ਦੀ ਕੁੱਲੀ ਨਾਲ ਲੱਗਦੀਆਂ ਦੂਜੀਆਂ ਦੋ ਕੁੱਲੀਆਂ ਵੀ ਉਸੇ ਜ਼ਿਲ੍ਹੇ ਦੇ ਬੰਦਿਆਂ ਦੀਆਂ ਸਨ। ਉਹਨਾਂ ਦੇ ਕੁੱਲੀਆਂ ਵਿੱਚ ਵੀ ਜ਼ਨਾਨੀਆਂ ਸਨ, ਬੱਚੇ ਸਨ। ਬੰਦੇ ਗਾਰਾ ਬਣਾਉਂਦੇ, ਹੱਥ-ਰੇਹੜੀ ਉੱਤੇ ਗਾਰਾ-ਮਿੱਟੀ ਢੋਂਹਦੇ ਤੇ ਔਰਤਾਂ ਸੰਚਿਆਂ ਵਿੱਚ ਇੱਟਾਂ ਪੱਥਦੀਆਂ। ਛੋਟੇ ਬੱਚੇ ਉਹਨਾਂ ਦੀ ਮਦਦ ਕਰਦੇ। ਸਾਰਾ ਕੰਮ ਮਸ਼ੀਨ ਵਾਂਗ ਹੁੰਦਾ। ਬੰਦੇ ਵੀ ਜਿਵੇਂ ਸੰਚੇ ਸਨ।

ਮਾਲਕ ਨਾਲ ਜਮਾਂਦਾਰ ਦਾ ਠੇਕਾ ਕੀਤਾ ਹੋਇਆ ਸੀ। ਭਾਂਡੇ ਵਿੱਚ ਦਸ ਲੱਖ ਇੱਟ ਭਰਦੀ। ਇੱਟਾਂ ਸੁੱਕੀ ਜਾਂਦੀਆਂ ਤੇ ਖੱਚਰ-ਰੇਹੜੇ ਚੁੱਕੀ ਜਾਂਦੇ। ਸੁੱਕੀ ਇੱਟ ਇੱਕ ਸੌ ਰੁਪਿਆ ਹਜ਼ਾਰ ਚੁੱਕੀ ਜਾਂਦੇ। ਪਰ ਜਮਾਂਦਾਰ ਮਾਲਕ ਤੋਂ ਇੱਕ ਸੌ ਸੱਤ ਰੁਪਏ ਲੈਂਦਾ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਇੱਟਾਂ ਪੱਥਣ ਲੱਗਦੇ ਤੇ ਰਾਤ ਨੂੰ ਤਾਰਿਆਂ ਦੇ ਚਾਨਣ ਤੱਕ ਕੰਮ ਕਰਦੇ।ਤੀਵੀਂ-ਆਦਮੀ ਦੋਵਾਂ ਦੀ ਦਿਹਾੜੀ ਸੋਲਾਂ-ਸਤਾਰਾ ਸੌ ਇੱਟ ਬਣਦੀ।ਐਨਾ ਕੰਮ ਉਹਨਾਂ ਲਈ ਬਹੁਤ ਸੀ। ਐਨਾ ਕੰਮ ਕੀਤੇ ਬਗੈਰ ਸਰਦਾ ਵੀ ਨਹੀਂ ਸੀ। ਮਾਂ ਬੀਮਾਰ ਸੀ। ਨਿੱਤ ਖਰਚ ਹੁੰਦਾ ਇਹ ਵਾਧੂ ਦਾ। ਜਮਾਂਦਾਰ ਹਫ਼ਤੇ ਬਾਅਦ ਇਕੱਠੇ ਪੈਸੇ ਦਿੰਦਾ। ਚੰਗਾ ਬੰਦਾ ਸੀ, ਪੇਸ਼ਗੀ ਵੀ ਦੇ ਦਿੰਦਾ।

ਇੱਕ ਦਿਨ ਦੀ ਖੁੰਝੀ ਦਿਹਾੜੀ ਬਹੁਤ ਫ਼ਰਕ ਪਾ ਦਿੰਦੀ। ਲਛੂਏ ਨੂੰ ਪੰਜ ਦਿਨ ਮਲੇਰੀਆ ਬੁਖ਼ਾਰ ਰਿਹਾ ਤੇ ਕਿੰਨਾ ਫ਼ਰਕ ਪੈ ਗਿਆ ਸੀ।ਉਹਦੀ ਘਰਵਾਲੀ ਤੇ ਛੋਟਾ ਭਾਈ ਖੱਡੂ ਤਾਂ ਅੱਧ ਵੀ ਨਾ ਨਿਬੇੜ ਸਕੇ। ਮਾਂ ਦੀ ਦਵਾਈ ਉੱਤੇ ਬਹੁਤ ਪੈਸਾ ਰੁੜ੍ਹ ਗਿਆ ਸੀ। ਉੱਧਰੋਂ ਜਮਾਂਦਾਰ ਵੀ ਕਾਹਲ ਮਚਾਈ ਰੱਖਦਾ।ਪਿਛਲੇ ਪੈਸੇ ਨਾ ਦੇਣ ਦੀ ਧਮਕੀ ਦਿੰਦਾ। ਬੁਰਾ-ਭਲਾ ਵੀ ਬੋਲਣ ਲੱਗਦਾ।

ਸਵੇਰ-ਸਵੇਰੇ ਗੁਰਦੁਆਰੇ ਦੇ ਪਹਿਲੇ ਬੋਲ ਨਾਲ ਜਦੋਂ ਉਹ ਜਾਗਦੇ ਤੇ ਕੁੱਲੀ ਦਾ ਭਾਂਡਾ-ਟੰਡਾ ਖੜਕਣ ਲੱਗਦਾ ਤਾਂ ਮਾਂ ਪਾਸੇ ਪਰਤਨ ਲੱਗਦੀ, ਉੱਠ ਕੇ ਬੈਠ ਜਾਂਦੀ ਤੇ ਪਾਣੀ ਮੰਗਦੀ। ਉਸ ਦਿਨ ਕੁਝ ਵੀ ਅਜਿਹਾ ਨਹੀਂ ਹੋਇਆ। ਲਛੂਏ ਨੇ ਦੇਖਿਆ ਮਾਂ ਉੱਠ ਕੇ ਬੈਠੀ ਹੀ ਨਹੀਂ, ਪਾਣੀ ਨਹੀਂ ਮੰਗਿਆ।ਉਹ ਖ਼ੁਦ ਹੀ ਪਾਣੀ ਦਾ ਗਿਲਾਸ ਲੈ ਕੇ ਆਇਆ ਤੇ ਮਾਂ ਦੇ ਮੋਢੇ ਨੂੰ ਹੱਥ ਲਾ ਕੇ ਬੋਲਿਆ-ਮਾਂ, ਪਾਣੀ ਉਹ ਬੋਲੀ ਨਹੀਂ। ਜਿਵੇਂ ਗੂੜ੍ਹੀ ਨੀਂਦ ਸੁੱਤੀ ਪਈ ਹੋਵੇ। ਲਛੂਏ ਨੇ ਦੂਜੀ ਵਾਰ ਫੇਰ ਬੁਲਾਇਆ। ਉਹਨੇ ਸੋਚਿਆ, ਜਦੋਂ ਉੱਠਗੀ, ਆਪੇ ਮੰਗ ਲਵੇਗੀ ਪਾਣੀ। ਕਾਹਨੂੰ ਇਹਦੀ ਨੀਂਦ ਖ਼ਰਾਬ ਕਰਨੀ ਹੈ।ਤਿੰਨੇ ਕੁੱਲੀਆਂ ਜਾਗ ਉੱਠੀਆਂ ਸਨ। ਨੇੜੇ-ਤੇੜੇ ਦੀਆਂ ਦੂਜੀਆਂ ਕੁੱਲੀਆਂ ਵਿਚੋਂ ਚੁੱਲ੍ਹਿਆਂ ਦਾ ਧੂੰਆਂ ਉੱਠ ਰਿਹਾ ਸੀ। ਲਛੂਏ ਨੂੰ ਅੱਚਵੀ ਲੱਗੀ ਹੋਈ ਸੀ, ਮਾਂ ਜਾਗੀ ਕਿਉਂ ਨਹੀਂ। ਉਹਨੇ ਅੰਦਾਜਾ ਲਾਇਆ, ਬੁਖ਼ਾਰ ਤੇਜ਼ ਹੋ ਗਿਆ ਹੋਵੇਗਾ। ਬੁਖਾਰ ਦੀ ਘੂਕੀ ਵਿੱਚ ਸੁੱਤੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਕਿਥੇ ਪਿਆ ਹੈ।ਉਹਨੇ ਹੱਥਲਾ ਕੰਮ ਛੱਡ ਕੇ ਮਾਂ ਦੇ ਮੱਥੇ ਉੱਤੇ ਹੱਥ ਧਰਿਆ, ਠੰਡਾ ਸੀਤ ਪਿਆ ਸੀ। ਬੁਖ਼ਾਰ ਤਾਂ ਕਿਧਰੇ ਵੀ ਨਹੀਂ ਸੀ। ਉਹਦਾ ਹੱਥ ਵੀ ਠੰਡਾ ਸੀ। ਪੈਰ ਫੜ ਕੇ ਦੇਖੋ, ਉਹ ਵੀ ਬਰਫ਼ ਬਣੇ ਪਏ। ਫੇਰ ਇਹ ਅੱਜ ਉੱਠੀ ਕਿਉਂ ਨਹੀਂ? ਪਾਣੀ ਕਿਉਂ ਨਹੀਂ ਮੰਗਿਆ? ਪਾਣੀ ਤਾਂ ਉਹ ਸਵੇਰੇ-ਸਵੇਰ ਨਿੱਤ ਪੈਂਦੀ ਹੈ। ਉਹਨੇ ਮਾਂ ਦਾ ਮੋਢਾ ਜ਼ੋਰ ਨਾਲ ਝੰਜੋੜਿਆ। ਉਹਦੇ ਕੰਨ ਕੋਲ ਆਪਦਾ ਮੂੰਹ ਲਿਜਾ ਕੇ ਉੱਚੀ ਹਾਕ ਮਾਰੀ। ਪਰ ਨਾ, ਉਹ ਬਿਲਕੁਲ ਵੀ ਦਿੱਲੀ ਨਹੀਂ।ਲਛੂਏ ਨੇ ਆਪਣੇ ਹੱਥ ਫੜ ਕੇ ਨਬਜ਼ ਟੋਹੀ। ਨਬਜ਼ ਬੰਦ ਸੀ। ਬਾਂਹ ਵੀ ਲੱਕੜ ਵਾਂਗ ਆਕੜੀ ਪਈ। ਮਾਂ ਮਰ ਚੁੱਕੀ ਸੀ। ਲਛੂਆ ਉਹਦੀ ਮੰਜੀ ਕੋਲ ਹੀ ਧਰਤੀ ਉੱਤੇ ਬੈਠ ਗਿਆ। ਦੋਵੇਂ ਹੱਥਾਂ ਨਾਲ ਮੱਥਾ ਫੜ ਲਿਆ ਆਪਣਾ॥ ਲਛੂਏ ਦੀ ਭੁੱਬ ਨਿਕਲ ਗਈ। ਉਹਦੀ ਘਰਵਾਲੀ ਭੱਜ ਕੇ ਉਹਦੇ ਕੋਲ ਆਈ ਤੇ ਪੁੱਛਿਆ-ਕਿਆ ਹੂਆ?? ਲਛੂਏ ਨੇ ਮਾਂ ਵੱਲ ਹੱਥ ਕਰਕੇ ਹਵਾ ਵਿੱਚ ਖ਼ਾਲੀ ਛੱਡ ਦਿੱਤਾ।

‘ਮਰ ਗਈ ਕਿਆ?' ਘਰਵਾਲੀ ਨੇ ਚਉਂਕ ਕੇ ਪੁੱਛਿਆ। ਲਛੂਏ ਨੇ ਸਿਰਫ਼ ਸਿਰ ਹਿਲਾਇਆ।

ਉਹ ਉੱਚਾ ਬੋਲ ਕੱਢ ਕੇ ਰੋਣ ਲੱਗੀ ਸੀ। ਲਛੂਏ ਨੇ ਉਹਦੇ ਮੂੰਹ ਅੱਗੇ ਹੱਥ ਕਰ ਦਿੱਤਾ। ਕੜਕ ਕੇ ਕਿਹਾ-'ਯੇਹ ਨਹੀਂ ਕਰਨਾ। ਜੋ ਹੋਨਾ ਥਾ ਹੋ ਗਿਆ।'

ਖੱਡੂ ਹਾਲੇ ਜਾਗਿਆ ਨਹੀਂ ਸੀ। ਅਚਾਨਕ ਦੂਜੀ ਕੁੱਲੀ ਦੀ ਇੱਕ ਔਰਤ ਉਹਨਾਂ ਦੇ ਬਾਰ ਅੱਗੇ ਆ ਖੜ੍ਹੀ। ਉਹ ਕੋਈ ਚੀਜ਼ ਮੰਗਣ ਆਈ ਸੀ। ਲਛੂਏ ਤੇ ਉਹਦੀ ਘਰਵਾਲੀ ਨੂੰ ਇੰਜ ਧਰਤੀ ਉੱਤੇ ਚੁੱਪ-ਚਾਪ ਬੈਠੇ ਦੇਖਕੇ ਉਹ ਖੜੀ ਦੀ ਖੜੀ ਰਹਿ ਗਈ। ਲਛੂਏ ਨੇ ਹੌਂਸਲਾ ਕੀਤਾ ਤੇ ਉਸ ਔਰਤ ਨੂੰ ਕੋਲ ਬਿਠਾ ਕੇ ਕਹਿਣ ਗਿਆ-ਆਂ ਚਲੀ ਗਈ। ਦੂਰ ਪ੍ਰਮਾਤਮਾ ਕੇ ਪਾਸ। ਅਬ ਇਸਕੀ ਮਿੱਟੀ ਕੋ ਅਗਨੀ ਦਿਖਾਏਂਗੇ, ਔਰ ਕਿਆ। ਯੇਹ ਕਾਮ ਤੋਂ ਜ਼ਰੂਰੀ ਹੈ। ਸਭੀ ਕੋ ਕਹਿ ਦੋ, ਬੋਲਨਾ ਨਹੀਂ, ਬੱਸ ਰੋਨਾ-ਧੋਨਾ ਫਿਰ ਕਰ ਲੈਂਗੇ।ਪਹਿਲੇ ਦੁਪਹਿਰ ਤੱਕ ਈਂਟੋ ਦਾ ਕਾਮ ਕਰੇਂਗੇ। ਨਹੀਂ ਤੋਂ ਸਭੀ ਕਾ ਬਹੁਤ ਨੁਕਸਾਨ ਹੋ ਜਾਏਗਾ।*