ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕੋਈ ਨਹੀਂ ਆਵੇਗਾ

ਉਹਦਾ ਜੀਅ ਕੀਤਾ, ਉਹ ਦੂਜੀ ਵਾਰ ਚਾਹ ਬਣਾ ਕੇ ਪੀਵੇ। ਪਰ ਸੋਚਿਆ, ਪਹਿਲਾਂ ਨਹਾ ਲਵਾਂ। ਐਤਵਾਰ ਦਾ ਦਿਨ ਹੈ। ਤੜਕੇ ਨਹਾ ਲਿਆ ਜਾਵੇ ਤਾਂ ਠੀਕ, ਨਹੀਂ ਤਾਂ ਫਿਰ ਸਾਰਾ ਦਿਨ ਨਿੱਕਲ ਜਾਂਦਾ ਹੈ, ਨਹਾਉਣ ਦਾ ਮੂਡ ਹੀ ਨਹੀਂ ਬਣਦਾ। ਉਹਨੇ ਤੌਲੀਆ ਚੁੱਕਿਆ ਤੇ ਗ਼ੁਸਲਖ਼ਾਨੇ ਵੱਲ ਤੁਰ ਪਿਆ ਸੀ। ਉਹਦਾ ਮੁੰਡਾ ਰਾਹੁਲ ਅਜੇ ਤੱਕ ਵੀ ਖੇਸ ਲਈ ਸੁੱਤਾ ਪਿਆ ਸੀ। ਸੀਲਿੰਗ-ਫ਼ੈਨ ਤੇਜ਼ੀ ਨਾਲ ਚੱਲ ਰਿਹਾ ਸੀ। ਅਜੀਬ ਆਦਤ ਸੀ, ਰਾਹੁਲ ਦੀ। ਪੱਖਾ ਚੱਲ ਰਿਹਾ ਹੋਵੇ ਤਾਂ ਸਾਰਾ ਦਿਨ ਨਹੀਂ ਉੱਠੇਗਾ। ਪੱਖੇ ਦੀ ਹਵਾ ਉਹਦੇ ਲਈ ਨੀਂਦ ਦੀ ਗੋਲ਼ੀ ਸੀ। ਉਠਾ ਕੇ ਚਾਹ ਪਿਆ ਦਿਓ ਤਾਂ ਠੀਕ, ਨਹੀਂ ਤਾਂ ਬਸ ਲੇਟਿਆ ਰਹੇਗਾ।

ਉਹ ਨਹਾ ਕੇ ਵਾਪਸ ਆਇਆ ਤੇ ਮੇਜ਼ ਉੱਤੋਂ ਘੜੀ ਚੁੱਕ ਕੇ ਉਹਨੂੰ ਚਾਬੀ ਦੇਣ ਲੱਗਿਆ। ਛੁੱਟੀ ਵਾਲੇ ਦਿਨ ਨਹਾਉਣ ਤੋਂ ਫ਼ੌਰਨ ਬਾਅਦ ਉਹ ਘੜੀ ਨੂੰ ਚਾਬੀ ਦੇਵੇ ਤਾਂ ਠੀਕ, ਨਹੀਂ ਤਾਂ ਫਿਰ ਚਾਬੀ ਨਹੀਂ ਦਿੱਤੀ ਜਾਂਦੀ ਸੀ। ਦੂਜੇ ਦਿਨ ਸਵੇਰੇ ਦਫ਼ਤਰ ਜਾਣ ਵੇਲੇ ਹੀ ਪਤਾ ਲੱਗਦਾ ਕਿ ਘੜੀ ਤਾਂ ਇੱਕ ਵਜਾ ਰਹੀ ਹੈ। ਚਾਬੀ ਦਿੰਦਿਆਂ ਉਹਨੂੰ ਅਲਕਤ ਆਈ, ਘੜੀ ਦਾ ਫ਼ੀਤਾ ਬਹੁਤ ਗੰਦਾ ਹੋ ਚੁੱਕਿਆ ਸੀ। ਉਹਨੇ ਚਾਹਿਆ, ਫ਼ੀਤੇ ਨੂੰ ਧੋ ਲਵੇ। ਛੇ ਮਹੀਨੇ ਪਹਿਲਾਂ ਉਹਦੀ ਪਤਨੀ ਨੇ ਹੀ ਇਹ ਫ਼ੀਤਾ ਧੋਤਾ ਸੀ। ਹੁਣ ਉਹਨੂੰ ਆਪਣੀ ਪਤਨੀ ਦੇ ਨਿੱਕੇ-ਨਿੱਕੇ ਕੰਮ ਯਾਦ ਆਉਂਦੇ ਤਾਂ ਬਦੋਬਦੀ ਉਹਦੇ ਅੰਦਰੋਂ ਇੱਕ ਲੰਮਾ ਸਾਹ ਨਿੱਕਲ ਜਾਂਦਾ। ਉਹ ਸੋਚਦਾ, 'ਘਰ' ਹੋਰ ਕਿਸ ਨੂੰ ਕਹਿੰਦੇ ਹਨ। ਇੱਟਾਂ ਗਾਰੇ ਦਾ ਮਕਾਨ ਹੀ ਤਾਂ ‘ਘਰ’ ਨਹੀਂ ਹੁੰਦਾ। ਉਹਦੇ ਵਿੱਚ ਵਸਦੀ ਕੋਈ ਔਰਤ ਹੁੰਦੀ ਹੈ, ਜਿਸ ਨੂੰ 'ਘਰ' ਕਹਿੰਦੇ ਹਨ। ਸਭ ਕੁਝ ਉਹਦੇ ਦਿਮਾਗ਼ ਵਿੱਚ ਆਇਆ ਤਾਂ ਉਹਦੀ ਸੁਰਤ ਝੁੰਜਲਾ ਕੇ ਰਹਿ ਗਈ।

ਉਹਨੇ ਪੱਖਾ ਬੰਦ ਕੀਤਾ ਸਟੋਵ ਨੂੰ ਅੱਗ ਲਾ ਕੇ ਚਾਹ ਧਰ ਦਿੱਤੀ। ਪੱਖਾ ਬੰਦ ਹੁੰਦਿਆਂ ਹੀ ਰਾਹੁਲ ਨੇ ਆਪਣੇ ਮੂੰਹ ਉੱਤੋਂ ਖੇਸ ਲਾਹਿਆ ਤੇ ਚੂੰ-ਚੂੰ ਕਰਨ ਲੱਗਿਆ। 'ਪਿਆ ਰਹਿ ਓਏ, ਚਾਹ ਹੁੰਦੀ ਐ।' ਉਹਨੇ ਰਾਹੁਲ ਨੂੰ ਮਿੱਠਾ ਜਿਹਾ ਝਿੜਕਿਆ। ਰਾਹੁਲ ਬੈਠਾ ਹੋ ਗਿਆ। ਸੁੱਕਾ ਜਿਹਾ ਰੋ ਕੇ ਚਾਹ ਮੰਗਣ ਲੱਗਿਆ। ਇੱਕ ਮਿੰਟ ਬਾਅਦ ਚੁੱਪ ਹੋਇਆ ਤੇ ਲੇਟ ਗਿਆ। ਕਹਿੰਦਾ, 'ਆਂ... ਪੱਖਾ ਚਲਾ ਦਿਓ।'

'ਚਾਹ ਕਿਵੇਂ ਹੋਊ ਓਏ? ਪੱਖੇ ਦੀ ਹਵਾ ਨਾਲ ਜੇ ਸਟੋਵ ਬੁਝ ਗਿਆ। ਪਿਆ ਰਹਿ ਬਿੰਦ।' ਚਾਹ ਗਲਾਸਾਂ ਵਿਚ ਪਾ ਕੇ ਉਹਨੇ ਪੱਖਾ ਚਲਾ ਦਿੱਤਾ।

ਰਾਹੁਲ ਤੱਤੀ-ਤੱਤੀ ਚਾਹ ਪੀਣ ਲੱਗਿਆ। ਦੋ ਘੁੱਟਾਂ ਭਰ ਕੇ ਉਹ ਪੁੱਛਣ ਲੱਗਿਆ, ‘ਡੈਡੀ, ਤੁਸੀਂ ਕੱਲ੍ਹ ਆਥਣੇ ਜਹਾਜ਼ ਦੇਖਿਆ ਸੀ। ਦੇਖੋ, ਕਿੰਨਾ ਨੀਵਾਂ ਸੀ।’

'ਨਾ, ਕਦੋਂ?'

‘ਕੱਲ੍ਹ ਜਦੋਂ ਤੁਸੀਂ ਪਿੰਡ ਨੂੰ ਗਏ ਹੋਏ ਸੀ। ਡੈਡੀ ਤੁਸੀਂ ਪਿੰਡ ਨੂੰ ਕੀ ਕਰਨ ਗਏ ਸੀ?'

ਰਾਹੁਲ ਨੂੰ ਜਹਾਜ਼ ਭੁੱਲ ਗਿਆ ਸੀ।

'ਅੰਬੋ ਦਾ ਪਤਾ ਲੈਣ ਗਿਆ ਸੀ।'

'ਕੀ ਹੋ ਗਿਆ ਅੰਬੋ ਨੂੰ, ਡੈਡੀ?'

'ਉਹਨੂੰ ਟੱਟੀਆਂ ਲੱਗੀਆਂ ਹੋਈਆਂ ਸੀ।’ ਤੇ ਫੇਰ ਕਿਹਾ, 'ਚਾਹ ਪੀ ਕੇ ਟੱਟੀ ਜਾ ਆ ਓਏ।’ ਤੇ ਫਿਰ ਉਹਨੇ ਰਾਹੁਲ ਨੂੰ ਪੁੱਛਿਆ, 'ਕਦੋਂ ਜਾਨਾ ਹੁੰਨੈ ਟੱਟੀ?'

'ਆਥਣੇ।'

'ਆਥਣੇ ਨ੍ਹੀਂ, ਤੜਕੇ ਜਾਇਆ ਕਰ। ਚਾਹ ਪੀਣ ਸਾਰ। ਚੰਗਾ?'

'ਤੜਕੇ ਔਂਦੀ ਨ੍ਹੀਂ, ਡੈਡੀ।' ਰਾਹੁਲ ਹੱਸਣ ਲੱਗਿਆ।

'ਚੰਗਾ, ਚਾਹ ਪੀ ਲੈ ਪਹਿਲਾਂ। ਬਿਸਤਰੇ ਉੱਤੇ ਨਾ ਡੋਲ੍ਹ ਦੀਂ।' ਉਹਦੇ ਹੱਥੋਂ ਟੇਢੇ ਹੁੰਦੇ ਜਾ ਰਹੇ ਗਲਾਸ ਨੂੰ ਦੇਖ ਕੇ ਉਹਨੇ ਰਾਹੁਲ ਨੂੰ ਤਾੜਿਆ।

ਚਾਹ ਦੀ ਘੁੱਟ ਭਰ ਕੇ ਮੇਜ਼ ਉੱਤੇ ਪਏ ਮੋਮੀ ਕਾਗ਼ਜ਼ ਦੀ ਪੁੜੀ ਨੂੰ ਉਹਨੇ ਖੋਲ੍ਹਿਆ ਤੇ ਇੱਕ ਮਾਵਾ ਫ਼ੀਮ ਦਾ ਤੋੜ ਕੇ ਮੂੰਹ ਵਿੱਚ ਪਾ ਲਿਆ।

'ਡੈਡੀ, ਫ਼ੀਮ ਕਿਉਂ ਖਾਨੇ ਓਂ ਤੁਸੀਂ?' ਰਾਹੁਲ ਨੇ ਹਮੇਸ਼ਾ ਵਾਂਗ ਸਵਾਲ ਕੀਤਾ।

'ਓਏ, ਅੱਖ ਖੜ੍ਹੀ ਰਹਿੰਦੀ ਐ।' ਉਸ ਨੇ ਹਮੇਸ਼ਾ ਵਾਂਗ ਜਵਾਬ ਦਿੱਤਾ।

ਦੋਵੇਂ ਨਿੱਕਾ-ਨਿੱਕਾ ਹੱਸਣ ਲੱਗੇ।

ਅੰਬੋ ਦੀਆਂ ਟੱਟੀਆਂ ਦਾ ਬਹਾਨਾ ਸੀ, ਉਹ ਪਿੰਡੋਂ ਫ਼ੀਮ ਲੈਣ ਹੀ ਤਾਂ ਗਿਆ ਸੀ। ਕਿਸੇ ਦਿਨ ਉਹਦਾ ਦਿਲ ਬਹੁਤਾ ਹੀ ਉਦਾਸ ਹੁੰਦਾ ਤਾਂ ਉਹ ਫ਼ੀਮ ਖਾ ਲੈਂਦਾ, ਨਿੱਤ ਉਹ ਫ਼ੀਮ ਨਹੀਂ ਖਾਂਦਾ ਸੀ। ਪਿੰਡ ਜਾਂਦਾ ਤਾਂ ਤੋਲਾ, ਅੱਧਾ ਤੋਲਾ ਲੈ ਆਉਂਦਾ। ਇਸ ਵਾਰ ਫ਼ੀਮ ਵੇਚਣ ਵਾਲੇ ਦੇ ਕਹਿਣ ਉੱਤੇ ਉਹ ਦੋ ਤੋਲੇ ਇਕੱਠੀ ਹੀ ਲੈ ਆਇਆ ਸੀ। ਫ਼ੀਮ ਵਧੀਆ ਸੀ, ਕੱਚ ਵਾਂਗ ਭੁਰਦੀ। ਅੰਦਰ ਜਾਂਦੀ ਤਾਂ ਦਿਲ ਨੂੰ ਬੰਨ੍ਹ ਕੇ ਖੜ੍ਹਾ ਕਰ ਦਿੰਦੀ। ਸੰਘ ਵਿੱਚ ਪੈਦਾ ਹੋਈ ਫ਼ੀਮ ਦੀ ਕੁੜੱਤਣ ਉਸ ਨੂੰ ਕੋਈ ਮਾਨਸਿਕ ਤਸੱਲੀ ਦਿੰਦੀ।

'ਮੈਨੂੰ ਵੀ ਦੇ ਦਿਓ ਥੋੜ੍ਹੀ ਜ੍ਹੀ।' ਰਾਹੁਲ ਨੇ ਹਿੰਡ ਕੀਤੀ।

'ਨਹੀਂ, ਬੱਚੇ ਨਹੀਂ ਖਾਇਆ ਕਰਦੇ।'

ਚਾਹ ਪੀ ਕੇ ਰਾਹੁਲ ਗਲ਼ੀ ਵਿੱਚ ਹਾਣੀ ਮੁੰਡਿਆਂ ਨਾਲ ਖੇਡਣ ਲਈ ਦੌੜ ਗਿਆ। ਰਾਵਿੰਦਰ ਨੇ ਇੱਕ ਅੰਗਰੇਜ਼ੀ ਨਾਵਲ ਮੇਜ਼ ਉੱਤੋਂ ਚੁੱਕਿਆ ਤੇ ਉਸ ਨੂੰ ਪੜ੍ਹਨ ਲੱਗ ਪਿਆ। ਪਰ ਉਹਦਾ ਧਿਆਨ ਲਫ਼ਜ਼ਾਂ ਦੀ ਸਮਝ ਤੋਂ ਹਿੱਲ ਕੇ ਹੋਰ ਹੀ ਕਿਧਰੇ ਉੱਖੜ-ਉੱਖੜ ਜਾ ਰਿਹਾ ਸੀ। ਖੁੱਲ੍ਹੇ ਦਾ ਖੁੱਲ੍ਹਾ ਨਾਵਲ ਉਸ ਨੇ ਮੇਜ਼ ਉੱਤੇ ਮੂਧਾ ਮਾਰ ਦਿੱਤਾ। ਉਹ ਸੋਚਣ ਲੱਗਿਆ, ਸੋਮਾ ਅੱਜ ਆਵੇਗੀ ਤਾਂ ਉਹ ਉਹਨੂੰ ਆਖ਼ਰੀ ਵਾਰ ਕਹਿ ਕੇ ਦੇਖੇਗਾ। ਨਾ ਮੰਨੀ ਤਾਂ ਸਦਾ ਲਈ ਉਹ ਉਸ ਨਾਲੋਂ ਆਪਣੇ ਸੰਬੰਧ ਤੋੜ ਲਵੇਗਾ।

ਉਹਦੀ ਪਤਨੀ ਛੇ ਮਹੀਨੇ ਪਹਿਲਾਂ ਲਗਾਤਾਰ ਕਈ ਸਾਲ ਬੀਮਾਰ ਰਹਿ ਕੇ ਮਰ ਗਈ ਸੀ। ਉਹਦੇ ਦੋ ਬੱਚੇ ਸਨ। ਇੱਕ ਕੁੜੀ ਸੀ, ਵੀਹ-ਬਾਈ ਸਾਲ ਦੀ। ਬੀਵੀ ਦੀ ਹਾਲਤ ਦੇਖ ਕੇ ਰਾਵਿੰਦਰ ਨੇ ਪਿਛਲੇ ਸਾਲ ਕੁੜੀ ਨੂੰ ਵਿਆਹ ਦਿੱਤਾ ਸੀ। ਇੱਕ ਇਹ ਮੁੰਡਾ ਰਾਹੁਲ, ਜੋ ਦਸ-ਗਿਆਰਾਂ ਸਾਲ ਦਾ ਸੀ ਤੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਰੋਟੀ ਟੁੱਕ ਪਕਾਉਣ ਲਈ ਉਹਨੇ ਇੱਕ ਮਾਈ ਰੱਖ ਛੱਡੀ ਸੀ। ਉਹ ਬਰਤਨ ਮਾਂਜਦੀ ਤੇ ਉਹਨਾਂ ਦੇ ਕੱਪੜੇ ਵੀ ਧੋ ਜਾਂਦੀ।

ਦੂਜੇ ਵਿਆਹ ਲਈ ਉਹਨੂੰ ਕਈ ਥਾਵਾਂ ਤੋਂ ਪੁੱਛਿਆ ਗਿਆ ਸੀ। ਕੋਈ ਤਲਾਕ-ਸ਼ੁਦਾ ਹੁੰਦੀ ਤੇ ਕੋਈ ਵਿਧਵਾ। ਕਿਸੇ ਵਿਧਵਾ ਦੇ ਆਪਣੇ ਇੱਕ ਦੋ ਬੱਚੇ ਹੁੰਦੇ। ਵੱਡੀ ਉਮਰ ਦੀ ਕੋਈ ਕੰਵਾਰੀ ਬੈਠੀ ਹੁੰਦੀ ਤਾਂ ਅਨਪੜ੍ਹ। ਕੋਈ ਪੜ੍ਹੀ ਪਕਰੋੜ ਹੁੰਦੀ ਤਾਂ ਉਹਦੇ ਆਚਰਣ ਬਾਰੇ ਕਈ ਗੱਲਾਂ ਸੁਣਨ ਨੂੰ ਮਿਲਦੀਆਂ।

ਰਾਹੁਲ ਉਹਨੂੰ ਬਹੁਤ ਪਿਆਰਾ ਸੀ। ਉਹ ਡਰਦਾ ਸੀ, ਕੋਈ ਅਜਿਹੀ ਔਰਤ ਨਾ ਘਰ ਵਿੱਚ ਆ ਜਾਵੇ, ਜਿਸ ਕਰਕੇ ਰਾਹੁਲ ਪਿਤਾ ਪਿਆਰ ਵੱਲੋਂ ਵੀ ਜਾਂਦਾ ਰਹੇ। ਉਹ ਝਿਜਕਦਾ, ਮਤਰੇਈ ਮਾਂ ਦੇ ਸਲੂਕ ਨਾਲ ਰਾਹੁਲ ਟਹਿਕਦਾ ਫੁੱਲ ਕਿਤੇ ਮੁਰਝਾ ਨਾ ਜਾਵੇ। ਇਹ ਸੱਟ ਤਾਂ ਉਹ ਸਹਿ ਨਹੀਂ ਸਕੇਗਾ। ਬੇਗ਼ਾਨੀ ਔਰਤ ਕੋਈ ਨਰਕ ਨਾ ਖੜ੍ਹਾ ਕਰ ਦੇਵੇ। ਆਪਣੇ ਸੁਖ ਨਾਲੋਂ ਉਹਨੂੰ ਰਾਹੁਲ ਦਾ ਪਿਆਰ ਵਧੇਰੇ ਤਸੱਲੀ ਦਿੰਦਾ, ਪਰ ਕਦੇ-ਕਦੇ ਉਹ ਸੋਚਦਾ, ਮੁੰਡਾ ਤਾਂ ਆਪਣੀ ਥਾਂ ਹੈ, ਵੱਡਾ ਹੋ ਕੇ ਵਿਆਹਿਆ ਜਾਵੇਗਾ ਤਾਂ ਬੇਗ਼ਾਨੀ ਧੀ ਉਹਦੀ ਕੀ ਲੱਗੇਗੀ। ਲੋਕ ਗੱਲਾਂ ਬਣਾਉਣਗੇ। ਬੁਢਾਪੇ ਦਾ ਸੁਖ ਉਹ ਕਿੱਥੋਂ ਪ੍ਰਾਪਤ ਕਰੇਗਾ। ਉਹ ਸ਼ਿੱਦਤ ਨਾਲ ਵਿਚਾਰ ਕਰਨ ਲਗਦਾ, ਕੋਈ ਵੀ ਔਰਤ ਉਹ ਕਿੱਧਰੋਂ ਲੈ ਆਵੇ। ਉਹਦੀ ਰੋਟੀ ਪੱਕਦੀ ਹੋ ਜਾਵੇ। ਕੋਈ ਉਹਦੇ ਕੱਪੜੇ ਧੋ ਕੇ ਦਿਆ ਕਰੇ। ਉਹਦੇ ਘਰ ਨੂੰ ਸੁੰਭਰ-ਸੂਹਰ ਕੇ ਰੱਖੇ। ਉਹ ਦਫ਼ਤਰੋਂ ਆਵੇ ਤਾਂ ਉਹ ਉਹਦੇ ਨਾਲ ਬੇਮਤਲਬ ਜਿਹੀਆਂ ਗੱਲਾਂ ਕਰੇ। ਉਹ ਉਸ ਔਰਤ ਨੂੰ ਆਪਣੀਆਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਦੱਸੇ। ਕੋਈ ਹੋਵੇ, ਕੋਈ ਤਾਂ ਹੋਵੇ।

ਉਹਦੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਵੀ ਹੁਣ ਤਾਂ ਕੋਈ ਗੱਲਬਾਤ ਕਿਧਰੇ ਨਹੀਂ ਚਲਾ ਰਹੇ ਸਨ। ਮਿਲਦੇ ਤਾਂ ਤਰਸ ਭਰੀਆਂ ਨਜ਼ਰਾਂ ਨਾਲ ਉਹਦੇ ਚਿਹਰੇ ਵੱਲ ਦੇਖਣ ਲੱਗਦੇ।

ਜ਼ਿੰਦਗੀ ਵਿੱਚ ਇੱਕੋ-ਇੱਕ ਸਹਾਰਾ ਉਹਦੇ ਲਈ ਬਸ ਸੋਮਾ ਸੀ। ਸੋਮਾ ਉਹਦੀ ਕੁਲੀਗ ਸੀ। ਪਹਿਲੇ ਦਿਨੋਂ ਹੀ ਉਹ ਇੱਕ ਦੂਜੇ ਦੇ ਨੇੜੇ ਸਨ। ਘੰਟਿਆਂ ਬੱਧੀ ਉਹ ਗੱਲਾਂ ਕਰਦੇ ਰਹਿੰਦੇ। ਰਾਵਿੰਦਰ ਨੂੰ ਸੋਮਾ ਬਹੁਤ ਚੰਗੀ ਲੱਗਦੀ। ਨਿੱਤ ਇੱਕ ਦੂਜੇ ਨੂੰ ਮਿਲ ਕੇ ਜੇ ਉਹ ਕੋਈ ਇੱਕ-ਅੱਧ ਗੱਲ ਨਾ ਕਰ ਲੈਂਦੇ ਤਾਂ ਦੋਹਾਂ ਨੂੰ ਹੀ ਔਖੇ ਸਾਹ ਆਉਣ ਲੱਗਦੇ। ਰਾਵਿੰਦਰ ਆਪਣੀ ਬੀਮਾਰ ਪਤਨੀ ਬਾਰੇ ਦੱਸਦਾ। ਸੋਮਾ ਉਹਦੇ ਨਾਲ ਹਮਦਰਦੀ ਪ੍ਰਗਟ ਕਰਦੀ। ਉਹ ਦੱਸਦਾ ਕਿ ਉਹਦੀ ਪਤਨੀ ਇੱਕ ਦਿਨ ਮਰ ਜਾਵੇਗੀ ਤਾਂ ਸੰਸਾਰ ਵਿੱਚ ਉਹਦਾ ਕੋਈ ਨਹੀਂ ਰਹਿ ਜਾਵੇਗਾ। ਸੋਮਾ ਗੰਭੀਰ ਹੋ ਕੇ ਜਵਾਬ ਦਿੰਦੀ, 'ਕੋਈ ਕਿਉਂ ਨਹੀਂ, ਤੇਰਾ ਰਾਹੁਲ ਐ, ਮੈਂ ਆਂ।'

'ਤੂੰ ਕੀ ਐਂ?'

'ਜੋ ਕੁਛ ਸਮਝ ਲਵੇਂ।'

'ਕੀ ਸਮਝ ਲਵਾਂ?'

'ਇਕ ਦੋਸਤ।'

'ਕਿਵੇਂ?'

'ਮੈਂ ਤੇਰੀ ਦੋਸਤ ਆਂ। ਤੇਰੇ ਦੁੱਖ, ਮੇਰੇ ਦੁੱਖ ਨੇ। ਦੱਸ, ਮੈਂ ਤੇਰੇ ਲਈ ਕੀ ਕਰ ਸਕਦੀ ਆਂ?'

'ਤੂੰ ਮੇਰੇ ਲਈ ਬਹੁਤ ਕੁਛ ਕਰ ਸਕਦੀ ਐਂ। ਤੂੰ ...ਰਾਵਿੰਦਰ ਕੁਝ ਵੀ ਨਾ ਕਹਿ ਸਕਦਾ।’

ਤੇ ਫਿਰ ਜਦ ਉਹਦੀ ਪਤਨੀ ਮਰ ਗਈ, ਇੱਕ ਮਹੀਨਾ ਉਹ ਬਹੁਤ ਉਦਾਸ ਰਿਹਾ। ਗੁੰਮ-ਸੁੰਮ ਜਿਹਾ ਬਣਿਆ ਰਹਿੰਦਾ। ਸਿਰ ਸੁੱਟ ਕੇ ਆਪਣੀ ਮੇਜ਼ ਉੱਤੇ ਕੰਮ ਕਰਦਾ ਰਹਿੰਦਾ। ਸੋਮਾ ਉਹਦੇ ਕੋਲ ਆਉਂਦੀ ਤੇ ਉਹਦੇ ਨਾਲ ਸਾਧਾਰਨ ਜਿਹੀਆਂ ਗੱਲਾਂ ਮਾਰ ਕੇ ਚਲੀ ਜਾਂਦੀ। ਹੌਲ਼ੀ-ਹੌਲ਼ੀ ਉਹ ਉਹਦੇ ਕੋਲ ਆਪਣੇ ਘਰ ਦੀਆਂ ਹੋਰ ਗਹਿਰੀਆਂ ਗੱਲਾਂ ਕਰਨ ਲੱਗਿਆ ਤੇ ਫਿਰ ਇੱਕ ਦਿਨ ਰਾਵਿੰਦਰ ਨੇ ਉਹਨੂੰ ਆਪਣੇ ਘਰ ਬੁਲਾਇਆ। ਉਹ ਆਈ ਤਾਂ ਰਾਵਿੰਦਰ ਦੀ ਗੱਲ ਸੁਣ ਦੰਦਾਂ ਵਿੱਚ ਉਂਗਲ ਦੇ ਕੇ ਬੈਠ ਗਈ। ਸੋਚਣ ਲੱਗੀ, ਕੀ ਜਵਾਬ ਦੇਵੇ ਉਸ ਨੂੰ?

'ਮੈਂ ਤਾਂ ਸੋਚਿਆ ਸੀ, ਮੈਂ ਤੇਰੀ ਦੋਸਤ ਬਣ ਕੇ ਰਹਾਂਗੀ, ਤੇਰੀ ਸੱਚੀ ਹਮਦਰਦਣ। ਮੇਰੇ ਹੁੰਦਿਆਂ ਤੇਰੇ ਮਨ ਨੂੰ ਕੁਛ ਸਕੂਨ ਮਿਲੇਗਾ, ਪਰ ਤੂੰ ਇਹ ਕੀ ਕਹਿ ਬੈਠਾ?'

'ਤੂੰ ਸੋਚ ਕੇ ਤਾਂ ਦੇਖ...'

'ਨਹੀਂ, ਮੇਰੇ ਮਾਪੇ ਇਹ ਕਦੇ ਨਹੀਂ ਮੰਨ ਸਕਦੇ।'

ਰਾਵਿੰਦਰ ਨੇ ਇੱਕ ਲੰਬਾ ਸਾਹ ਬਾਹਰ ਕੱਢਿਆ ਤੇ ਚੁੱਪ ਬੈਠਾ ਧਰਤੀ ਵੱਲ ਟਿਕ-ਟਿਕੀ ਲਾ ਕੇ ਦੇਖਣ ਲੱਗਿਆ। ਰਾਹੁਲ ਬਾਹਰੋਂ ਆਇਆ ਤੇ ਸੋਮਾ ਦੀ ਗੋਦੀ ਵਿੱਚ ਬੈਠ ਗਿਆ। ਉਹ ਗੱਲ੍ਹ ਨਾਲ ਗੱਲ੍ਹ ਲਾ ਕੇ ਰਾਹੁਲ ਨੂੰ ਪਿਆਰ ਕਰਨ ਲੱਗੀ।

ਰਾਵਿੰਦਰ ਚਾਹ ਵਾਲੇ ਗਲਾਸ ਮੇਜ਼ ਉੱਤੋਂ ਚੁੱਕ ਕੇ ਰਸੋਈ ਵਿੱਚ ਧਰਨ ਗਿਆ ਤਾਂ ਸੋਮਾ ਖੜ੍ਹੀ ਹੋ ਗਈ। ‘ਚੰਗਾ ਫਿਰ' ਕਹਿ ਕੇ ਜਾਣ ਲੱਗੀ। ਰਾਵਿੰਦਰ ਨੇ ਉਹਨੂੰ ਰੋਕਿਆ ਨਹੀਂ। ਉਹਨੇ ਫਿੱਕੀ ਮੁਸਕਰਾਹਟ ਬੁੱਲ੍ਹਾ ਉੱਤੇ ਲਿਆਂਦੀ ਤੇ ਦਰਵਾਜ਼ੇ ਤੱਕ ਉਹਨੂੰ ਛੱਡਣ ਆਇਆ।

ਕਈ ਦਿਨਾਂ ਤੱਕ ਉਹ ਮਿਲੇ ਨਹੀਂ ਤੇ ਫਿਰ ਇੱਕ ਦਿਨ ਸੋਮਾ ਖ਼ੁਦ ਹੀ ਉਹਦੀ ਸੀਟ 'ਤੇ ਆਈ ਤੇ ਕਹਿਣ ਲੱਗੀ, 'ਅੱਜ ਮੈਂ ਘਰ ਆਵਾਂਗੀ। ਆ ਜਾਵਾਂ?'

'ਲੈ ਕਿਉਂ ਨਹੀਂ। ਜੀਅ ਸਦਕੇ, ਸੌ ਵਾਰੀ ਆ।' ਰਾਵਿੰਦਰ ਨੇ ਹੱਸ ਕੇ ਜਵਾਬ ਦਿੱਤਾ। ਅੰਦਰੋਂ ਪਰ ਉਸ ਦਾ ਚਿੱਤ ਹੋਰ ਗੰਭੀਰ ਹੋ ਗਿਆ। ਇੱਕ ਬਿੰਦ ਉਹਦੀ ਆਸ ਬੱਝੀ, ਜ਼ਰੂਰ ਹੀ ਸੋਮਾ ਨੇ ਕੋਈ ਫ਼ੈਸਲਾ ਕਰ ਲਿਆ ਹੋਵੇਗਾ। ਉਹ ਆਈ ਤੇ ਰੋਣ ਬੈਠ ਗਈ, ‘ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ, ਰਵੀ ਤੂੰ ਮੇਰੇ ਨਾਲ ਬੋਲਣੋਂ ਕਿਉਂ ਹਟ ਗਿਐਂ? ਗੁੱਸੇ ਐਂ ਤੂੰ?’

‘ਨਹੀਂ।’

'ਝੂਠ ਬੋਲਦੈਂ?' ਉਹ ਅੱਖਾਂ ਪੂੰਝ ਕੇ ਮੁਸਕਰਾਉਣ ਲੱਗੀ।

'ਨਹੀਂ, ਗੁੱਸੇ ਕਾਹਨੂੰ ਆਂ ਮੈਂ ਤੇਰੇ ਨਾਲ। ਤੇਰੇ 'ਤੇ ਕੀ ਜ਼ੋਰ ਐ ਮੇਰਾ।'

'ਫਿਰ ਬੋਲਦਾ ਕਿਉਂ ਨ੍ਹੀਂ ਮੇਰੇ ਨਾਲ?'

'ਬੋਲਦਾ ਤਾਂ ਹਾਂ।'

'ਕਿੰਨੇ ਦਿਨ ਹੋ 'ਗੇ, ਕੀਤੀ ਐ ਕੋਈ ਗੱਲ?'

ਰਾਵਿੰਦਰ ਚੁੱਪ ਬੈਠਾ ਲੰਮੇ ਸਾਹ ਲੈਣ ਲੱਗਿਆ ਤੇ ਫਿਰ ਸੋਮਾ ਦਾ ਹੱਥ ਫ਼ੜ ਕੇ ਪਿਆਰ ਨਾਲ ਘੁੱਟ ਦਿੱਤਾ। 'ਸੋਮੀ...' ਉਹਨੇ ਕਹਿਣਾ ਸ਼ੁਰੂ ਕੀਤਾ, '...ਦੇਖ, ਮੇਰਾ ਇਸ ਸੰਸਾਰ ਵਿੱਚ ਕੋਈ ਨ੍ਹੀਂ।' ਜੇ ਤੂੰ ਮੇਰੀ ਜ਼ਿੰਦਗੀ ’ਚ ਆ ਜਾਵੇਂ, ਮੈਂ ਜਿਊਂਦਿਆਂ 'ਚ ਹੋ ਜਾਂ।'

'ਰਵੀ ਤੈਨੂੰ ਵਿਸ਼ਵਾਸ ਕਿਉਂ ਨ੍ਹੀਂ ਆਉਂਦਾ, ਮੈਂ ਤੈਨੂੰ ਬੇਹੱਦ ਪਿਆਰ ਕਰਦੀ ਆਂ।'

'ਵਿਸ਼ਵਾਸ ਤਾਂ ਹੈ, ਪਰ ...'

'ਪਰ ਕੀ?'

'ਤੂੰ ਸਾਰੀ ਦੀ ਸਾਰੀ ਕਿਉਂ ਨ੍ਹੀਂ ਹੋ ਜਾਂਦੀ ਮੇਰੀ।'

'ਸਾਰੀ ਤਾਂ ਹਾਂ। ਆਹ ਬੈਠੀ ਆਂ ਤੇਰੇ ਕੋਲ, ਦੱਸ ਕੀ ਕਹਿਣਾ ਮੈਨੂੰ?'

ਰਾਵਿੰਦਰ ਹਉਕਾ ਲੈ ਕੇ ਰਹਿ ਗਿਆ। ਉਹਨੂੰ ਪਤਾ ਸੀ ਕਿ ਵਿਆਹ ਵਾਸਤੇ ਤਾਂ ਉਹ ਮੰਨਦੀ ਨਹੀਂ, ਉਹ 'ਸਾਰੀ ਦੀ ਸਾਰੀ' ਉਹਦੀ ਕਿਵੇਂ ਹੋਈ। ਇੱਕ ਹਿਜੜਾ ਜਿਹਾ ਅਹਿਸਾਸ ਉਹਦੇ ਸਾਰੇ ਸਰੀਰ ਨੂੰ ਪੱਛ ਕੇ ਰੱਖ ਗਿਆ। ਫਿਰ ਵੀ ਉਹਦਾ ਜੀਅ ਕੀਤਾ ਕਿ ਉਹ ਸੋਮਾ ਨੂੰ ਆਪਣੀ ਬੁੱਕਲ ਵਿੱਚ ਲੈ ਲਵੇ ਤੇ ਉਹਨੂੰ ਐਨਾ ਜ਼ੋਰ ਦੀ ਘੁੱਟੇ ਕਿ ਉਹਦੀ ਜਾਨ ਕੱਢ ਦੇਵੇ। ਅਜਿਹਾ ਕਰਨ ਲਈ ਉਹ ਉੱਠਿਆ ਵੀ, ਪਰ ਸੋਮਾ ਨੇ ਉਹਦਾ ਹੱਥ ਫ਼ੜ ਕੇ ਉਹਨੂੰ ਥਾਂ ਦੀ ਥਾਂ ਬਿਠਾ ਦਿੱਤਾ ਤੇ ਫਿਰ ਸੋਮਾ ਦਫ਼ਤਰ ਦੀਆਂ ਗੱਲਾਂ ਛੇੜ ਕੇ ਬੈਠ ਗਈ। ਰਾਵਿੰਦਰ ਨੂੰ ਇਨ੍ਹਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਰਾਵਿੰਦਰ ਨੇ ਚਾਹ ਬਣਾਈ ਤੇ ਉਹ ਪੀਣ ਲੱਗੇ। ਉਹਨੇ ਫਿਰ ਗੱਲ ਛੇੜੀ, ਸੋਮੀ, ਤੂੰ ਗੱਲ ਕਿਉਂ ਨਹੀਂ ਸਮਝਦੀ ਮੇਰੀ? ਮੈਂ ਕਿੰਨਾ ਦੁਖੀ ਹਾਂ। ਤੂੰ ਐਨਾ ਪਿਆਰ ਕਰਦੀ ਐਂ ਮੈਨੂੰ, ਤੂੰ...

'ਦੇਖ ਰਵੀ, ਵਿਆਹ ਨਹੀਂ ਹੋ ਸਕਣਾ ਆਪਣਾ। ਮੇਰੇ ਲਈ ਇਹ ਬਹੁਤ ਔਖੈ। ਤੈਨੂੰ ਵਿਆਹ ਦੀ ਲੋੜ ਵੀ ਕੀ ਐ। ਬਹੁਤ ਦੇਖ ਲਿਆ, ਬਸ ਸਬਰ ਕਰ ਹੁਣ। ਰਾਹੁਲ ਹੈਗਾ। ਇਹਦੀ ਜ਼ਿੰਦਗੀ ਬਣਾ।'

ਰਾਹੁਲ ਬਾਹਰੋਂ ਆਇਆ, ਸੋਮਾ ਉਹਨੂੰ ਗੋਦੀ ਵਿੱਚ ਲੈ ਕੇ ਪਿਆਰ ਕਰਨ ਲੱਗੀ ਤੇ ਫਿਰ ਚਲੀ ਗਈ। ਰਾਵਿੰਦਰ ਉਹਨੂੰ ਦਰਵਾਜ਼ੇ ਤੱਕ ਛੱਡਣ ਗਿਆ ਸੀ। ਵਾਪਸ ਕਮਰੇ ਵਿੱਚ ਆਇਆ ਸੀ ਤੇ ਸਿਰਹਾਣੇ ਵਿੱਚ ਮੂੰਹ ਦੇ ਕੇ ਰੋਣ ਲੱਗਿਆ ਸੀ। ਰਾਹੁਲ ਗਲ਼ੀ ਵਿੱਚ ਦੌੜ ਗਿਆ ਸੀ। ਸੋਮਾ ਉਹਨੂੰ ਬਹੁਤ ਚੰਗੀ ਲੱਗਦੀ। ਉਹਦਾ ਲੰਬਾ-ਲੰਬਾ ਤੇ ਗੁੰਦਵਾਂ-ਭਰਵਾਂ ਸਰੀਰ, ਲੰਬੇ ਸੰਘਣੇ ਸਿਰ ਦੇ ਵਾਲ਼। ਗਹਿਰ-ਗੰਭੀਰ ਚਿਹਰੇ ਉੱਤੇ ਮਸ਼ਾਲ ਵਾਂਗ ਮਚਦੀਆਂ ਤੇ ਬਾਤਾਂ ਪਾਉਂਦੀਆਂ ਅੱਖਾਂ। ਸਭ ਤੋਂ ਵੱਡੀ ਗੱਲ, ਉਹ ਸਮਝਦਾਰ ਬਹੁਤ ਸੀ। ਉਹਦੀ ਕੋਈ ਵੀ ਗੱਲ ਹੁੰਦੀ, ਉਹਦੇ ਵਿੱਚ ਡੂੰਘੇ ਅਰਥ ਭਰੇ ਹੁੰਦੇ ਤੇ ਜਿਸ ਗੱਲ ਨੇ ਰਾਵਿੰਦਰ ਨੂੰ ਸੋਮਾ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ, ਉਹ ਸੀ ਉਹਦਾ ਕਿਸੇ ਵੀ ਗੱਲ ਉੱਤੇ ਗੁੱਸੇ ਨਾ ਹੋਣਾ। ਰਾਵਿੰਦਰ ਉਹਨੂੰ ਆਪਣੇ ਰਾਹ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਗੱਲਾਂ ਹੀ ਗੱਲਾਂ ਵਿੱਚ ਉਹਨੂੰ ਸੰਤੁਸ਼ਟ ਕਰ ਦਿੰਦੀ। ਠੋਕਵਾਂ ਜਵਾਬ ਕਦੇ ਵੀ ਨਾ ਦਿੰਦੀ, ਪਰ ਗੱਲ ਅਜਿਹੀ ਕਰਦੀ ਕਿ ਰਾਵਿੰਦਰ ਅਵਾਕ ਰਹਿ ਜਾਂਦਾ। ਉਹ ਸੋਮਾ ਨਾਲ ਬੋਲਣਾ ਬੰਦ ਕਰ ਦਿੰਦਾ, ਪਰ ਉਹ ਤਾਂ ਫਿਰ ਉਸ ਨੂੰ ਆ ਬੁਲਾਉਂਦੀ ਤੇ ਉਹ ਨਾਲ ਪਿਆਰ-ਮੁਹੱਬਤ ਦੀਆਂ ਗੱਲਾਂ ਕਰਨ ਲੱਗਦੀ। ਕਦੇ-ਕਦੇ ਉਹਨੂੰ ਲੱਗਦਾ, ਜਿਵੇਂ ਉਹ ਗੱਲਾਂ ਰਾਹੀਂ ਹੀ ਆਪਣਾ ਠਰਕ ਪੂਰਾ ਕਰਦੀ ਹੋਵੇ। ਉਹਨੂੰ ਬੇਵਕੂਫ਼ ਜਿਹਾ ਸਮਝ ਕੇ। ਪਰ ਨਹੀਂ...

ਇਸ ਐਤਵਾਰ ਸੋਮਾ ਨੇ ਆਉਣਾ ਸੀ। ਰਾਵਿੰਦਰ ਨੇ ਸੋਚ ਲਿਆ ਸੀ ਕਿ ਉਹ ਉਸ ਨੂੰ ਆਖ਼ਰੀ ਵਾਰ ਕਹਿ ਕੇ ਦੇਖੇਗਾ। ਨਾ ਮੰਨੀ ਤਾਂ ਸਦਾ ਲਈ ਉਹ ਉਸ ਨਾਲੋਂ ਆਪਣੇ ਸੰਬੰਧ ਤੋੜ ਲਵੇਗਾ।

ਮਾਈ ਆਈ ਸੀ। ਰੋਟੀ ਬਣਾ ਕੇ ਦੋਵਾਂ ਪਿਓ-ਪੁੱਤਾਂ ਨੂੰ ਖਵਾ ਗਈ ਸੀ। ਬਰਤਨ ਮਾਂਜ ਕੇ ਪੰਜ-ਚਾਰ ਕੱਪੜੇ ਵੀ ਧੋ ਗਈ। ਪੱਖਾ ਛੱਡ ਕੇ ਰਾਹੁਲ ਸੌਂ ਗਿਆ ਸੀ। ਤੇਜ਼ ਧੁੱਪ ਬਾਹਰ ਵਿਹੜੇ ਵਿੱਚ ਲਗਾਤਾਰ ਵਰ੍ਹ ਰਹੀ ਸੀ। ਦੁਪਹਿਰ ਦੇ ਦੋ ਵੱਜਣ ਵਾਲੇ ਸਨ। ਸੋਮਾ ਅਜੇ ਆਈ ਨਹੀਂ ਸੀ। ਰਾਵਿੰਦਰ ਨੂੰ ਨੀਂਦ ਦਾ ਲੋਰ ਜਿਹਾ ਆਉਂਦਾ, ਪਰ ਉਹਦੀ ਅੱਖ ਭੜਕ ਦੇ ਕੇ ਖੁੱਲ੍ਹ ਜਾਂਦੀ। ਉਹਦੇ ਕੰਨ ਦਰਵਾਜ਼ੇ ਦੀ ਦਸਤਕ ਵੱਲ ਲੱਗੇ ਹੋਏ ਸਨ। ਸੀਲਿੰਗ ਫ਼ੈਨ ਬੇਆਵਾਜ਼ ਚੱਲ ਰਿਹਾ ਸੀ। ਕੋਈ ਸ਼ਾਂਤ ਜਿਹਾ ਮਾਹੌਲ ਕਮਰੇ ਵਿੱਚ ਆ ਕੇ ਬੈਠ ਗਿਆ ਸੀ। ਇਸ ਸ਼ਾਂਤ ਮਾਹੌਲ ਵਿੱਚ ਇੱਕ ਬੇਚੈਨੀ ਔਖੇ-ਔਖੇ ਸਾਹ ਲੈ ਰਹੀ ਸੀ। ਰਾਵਿੰਦਰ ਨੂੰ ਖਿਝ ਚੜ੍ਹਨ ਲੱਗਦੀ, ਉਹ ਆਈ ਕਿਉਂ ਨਹੀਂ? ਉਹਦਾ ਦਮ ਟੁੱਟਣ ਲੱਗਦਾ, ਸ਼ਾਇਦ ਨਾ ਹੀ ਆਵੇ। ਢਾਈ ਦਾ ਵਕਤ ਹੋਇਆ ਤਾਂ ਦਰਵਾਜ਼ੇ ਦੇ ਤਖ਼ਤਿਆਂ ਨੂੰ ਥਾਪ ਲੱਗੀ। ਦਰਵਾਜ਼ੇ ਦਾ ਅੰਦਰਲਾ ਕੁੰਡਾ ਤਾਂ ਖੁੱਲ੍ਹਾ ਹੀ ਸੀ, ਪਰ ਉਹ ਉੱਠ ਕੇ ਗਿਆ ਤੇ ਦਰਵਾਜ਼ਾ ਖੋਲ੍ਹਿਆ। ਤੇਜ਼ ਧੁੱਪ ਵਿੱਚ ਰਾਵਿੰਦਰ ਦੀਆਂ ਅੱਖਾਂ ਮਿਚ ਰਹੀਆਂ ਸਨ। ਸੋਮਾ ਦਾ ਸਾਹ ਚੜ੍ਹਿਆ ਹੋਇਆ ਸੀ। ਧੁੱਪ ਵਿੱਚ ਜਾਂ ਪਤਾ ਨਹੀਂ ਕਿਸੇ ਡਰ ਕਰਕੇ। ਬੈਠਣ ਸਾਰ ਉਹਨੇ ਪਾਣੀ ਦਾ ਗਿਲਾਸ ਮੰਗਿਆ। ਇੱਕ ਗਿਲਾਸ ਹੋਰ ਪੀਣ ਲੱਗੀ ਤਾਂ ਅੱਧਾ ਗਿਲਾਸ ਰਾਵਿੰਦਰ ਨੇ ਉਹਦੇ ਬੁੱਲ੍ਹਾਂ ਨਾਲੋਂ ਤੋੜ ਲਿਆ। ਆਪ ਪੀਣ ਲੱਗਿਆ। ਸੋਮਾ ਦੀ ਜੂਠ ਪੀਣੀ ਉਹਦੀ ਆਦਤ ਸੀ ਤੇ ਫਿਰ ਉਸ ਨੇ ਸੋਮਾ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ। ਬਹੁਤ ਜ਼ੋਰ ਦੀ ਘੁੱਟ ਕੇ ਉਹਦੀਆਂ ਪਸਲੀਆਂ ਦੇ ਕੜਾਕੇ ਕੱਢ ਦਿੱਤੇ। ਉਹ ਉਹਨੂੰ ਚੁੰਮਣ ਲੱਗਿਆ ਤਾਂ ਸੋਮਾ ਨੇ ਉਹਦਾ ਮੂੰਹ ਪਰ੍ਹੇ ਭਵਾ ਦਿੱਤਾ। ਰਾਵਿੰਦਰ ਦੇ ਅੰਗਾਂ ਵਿੱਚ ਜ਼ਬਰਦਸਤੀ ਦੀ ਦਲੇਰੀ ਨਹੀਂ ਸੀ। ਉਹ ਤਾਂ ਸੋਮਾ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ, ਪਰ ਉਸ ਦਿਨ ਤਾਂ ਉਹਨੇ ਹੋਰ ਹੀ ਕੁਝ ਮਨ ਵਿੱਚ ਧਾਰ ਲਿਆ ਹੋਇਆ ਸੀ। ਉਹ ਟਿਕ ਕੇ ਬੈਠੇ ਤਾਂ ਸੋਮਾ ਕਹਿਣ ਲੱਗੀ, 'ਹੁਣ ਇਹੋ ਜ੍ਹਾ ਕੁਛ ਕਰਿਆ ਕਰੇਂਗਾ ਮੇਰੇ ਨਾਲ?'

'ਮੇਰਾ ਕੀ ਘਟ ਗਿਆ ਇਹਦੇ 'ਚ?'

'ਇੱਕ ਆਮ ਕੁੜੀ ਤੇ ਮੇਰੇ 'ਚ ਫ਼ਰਕ ਕੀ ਹੋਇਆ ਫਿਰ?'

'ਨਹੀਂ, ਕੁਛ ਨ੍ਹੀਂ ਹੋਇਆ ਤੈਨੂੰ।'

'ਹੋਇਆ ਕਿਉਂ ਨ੍ਹੀਂ, ਏਸੇ ਕਰਕੇ ਨਾ ਬਈ ਮੈਂ ਆ ਜਾਨੀ ਆਂ ਤੇਰੇ ਕੋਲ।' ਸੋਮਾ ਨੇ ਅੱਖਾਂ ਭਰ ਲਈਆਂ।

'ਓਏ, ਤੂੰ ਚੁੱਪ ਵੀ ਕਰ।’ ਤੇ ਫਿਰ ਉਹ ਸੋਮਾ ਨੂੰ ਸਮਝਾਉਣ ਲੱਗਿਆ। 'ਪਿਆਰ ਵਿੱਚ ਇਹ ਗੱਲਾਂ ਮਾਮੂਲੀ ਹੁੰਦੀਆਂ ਨੇ, ਸੋਮੀ। ਸਰੀਰਾਂ ਦੀ ਛੁਹ ਤਾਂ ਸਗੋਂ ਮੁਹੱਬਤ ਵਿੱਚ ਤਾਅ ਪੈਦਾ ਕਰਦੀ ਐ।'

'ਨਹੀਂ, ਇਹ ਬਦਮਾਸ਼ੀ ਐ।'

'ਨਹੀਂ, ਇਹ ਪੂਜਾ ਐ, ਮੁਹੱਬਤ ਦੇ ਦੇਵਤੇ ਦੀ।'

'ਚੰਗਾ, ਹੁਣ ਤਾਂ ਖ਼ੁਸ਼ ਐਂ ਨਾ ਤੂੰ?' ਗਿੱਲੀਆਂ ਅੱਖਾਂ ਵਿੱਚ ਮੁਸਕਰਾਹਟ ਦੀ ਚਮਕ ਲਿਆ ਕੇ ਸੋਮਾ ਨੇ ਕਿਹਾ।

'ਕਿਵੇਂ?'

'ਤੂੰ ਆਖਿਆ ਕਰਦਾ ਸੀ, ਇੱਕ ਵਾਰੀ ਮੇਰੀ ਹਿੱਕ ਨਾਲ ਲੱਗ ਜ੍ਹਾ, ਸੋਮੀ।’ ਮੇਰਾ ਕਾਲਜਾ ਠਾਰ ਦੇ। ਹੁਣ ਤਾਂ ਠਰ ਗਿਐ ਤੇਰਾ ਕਾਲਜਾ?

'ਹਾਂ!'

'ਚੰਗਾ, ਏਦੂੰ ਮਗਰੋਂ ਮੁੜ ਕੇ ਮੈਨੂੰ ਟੱਚ ਨਹੀਂ ਕਰਨਾ।'

'ਸੋਮਾ!'

'ਦੱਸ।'

'ਇੱਕ ਡੰਗ ਰੋਟੀ ਖਾ ਕੇ, ਕੀ ਦੂਜੇ ਡੰਗ ਨ੍ਹੀਂ ਲੋੜ ਹੁੰਦੀ ਰੋਟੀ ਦੀ?'


'ਤੂੰ ਫ਼ਿਲਾਸਫ਼ੀਆਂ ਨੂੰ ਰਹਿਣ ਦੇ। ਤੇਰਾ ਦਿਮਾਗ਼ ਐਨਾ ਪੁੱਠਾ ਕਿਉਂ ਸੋਚਣ ਲੱਗ ਪੈਂਦੈ?'

ਰਾਵਿੰਦਰ ਦੀ ਨਿਗਾਹ ਕੰਧ ਵੱਲ ਗਈ। ਉਹਦਾ ਜੀਅ ਕਰਦਾ ਸੀ, ਉਹ ਕੰਧ ਨਾਲ ਟੱਕਰ ਮਾਰ ਕੇ ਆਪਣੀ ਇਸ ਫ਼ਿਲਾਸਫ਼ੀ ਨੂੰ ਦਿਮਾਗ਼ ਦੇ ਖ਼ੂਨ ਰਾਹੀਂ ਧਰਤੀ ਉੱਤੇ ਵਹਾ ਦੇਵੇ, ਸੋਮਾ ਦੇ ਸਾਹਮਣੇ।

ਉਹ ਘੰਟਾ ਭਰ ਬਹਿਸ ਕਰਦੇ ਰਹੇ। ਦੋਵਾਂ ਦੇ ਵਿਚਾਰਾਂ ਦੀਆਂ ਤੰਦਾਂ ਇੱਕ ਦੂਜੇ ਦੇ ਨੇੜੇ ਨਾ ਆਈਆਂ।

'ਮੈਂ ਤੈਨੂੰ ਜ਼ਿੰਦਗੀ ਭਰ ਪਿਆਰ ਕਰਾਂਗੀ, ਸੱਚਾ ਪਿਆਰ।'

'ਸੱਚਾ ਪਿਆਰ ਕੀ ਹੁੰਦੈ?'

'ਜੋ ਮੈਂ ਕਰਦੀ ਐਂ।'

'ਸੁਆਹ ਕਰਦੀ ਐਂ।'

'ਸੁਆਹ ਐ ਤਾਂ ਸੁਆਹ ਸਹੀ।' ਦੋਵੇਂ ਚੁੱਪ ਬੈਠੇ ਰਹੇ।

ਸੋਮਾ ਨੇ ਚੁੱਪ ਤੋੜੀ। 'ਚਾਹ ਨ੍ਹੀਂ ਪਿਆਉਣੀ ਅੱਜ?'

'ਚਾਹ ਵੀ ਕਰਦੇ ਆਂ।'

'ਉੱਠ ਫੇਰ, ਜਾਣਾ ਵੀ ਐ ਮੈਂ।'

'ਪਾਣੀ ਪੀਣੈ?'

'ਪੀ ਲੈਨੀ ਆਂ, ਅੱਧਾ ਕੁ ਗਲਾਸ ਲਿਆ ਦੇ।'

'ਅੱਧਾ ਤੇਰਾ ਅੱਧਾ ਮੇਰਾ!'

ਰਾਵਿੰਦਰ ਪਾਣੀ ਦਾ ਗਿਲਾਸ ਲੈਣ ਗਿਆ, ਪਤਾ ਨਹੀਂ ਕੀ ਸੋਚ ਆਇਆ। ਪਾਣੀ ਪਿਆ ਕੇ ਉਹਨੇ ਸੋਮਾ ਨੂੰ ਮੰਜੇ ਉੱਤੇ ਸੁੱਟ ਲਿਆ। ਸੋਮਾ ਫ਼ੁਰਤੀ ਨਾਲ ਖੜ੍ਹੀ ਹੋਈ ਤੇ ਰਾਵਿੰਦਰ ਨੂੰ ਧੱਕਾ ਦੇ ਕੇ ਦੂਰ ਵਗਾਹ ਮਾਰਿਆ। ਐਨਾ ਜ਼ੋਰ ਉਹਦੇ ਵਿੱਚ ਪਤਾ ਨਹੀਂ ਕਿੱਧਰੋਂ ਆ ਗਿਆ ਸੀ। ਰਾਵਿੰਦਰ ਫ਼ਰਸ਼ ਉੱਤੇ ਡਿੱਗਿਆ ਪਿਆ ਖੜ੍ਹਾ ਹੋਇਆ ਤੇ ਹੱਤਕ ਮੰਨ ਕੇ ਉਹਦੇ ਮਗਰ ਦੌੜਿਆ। ਉਹ ਗਲ਼ੀ ਵਿੱਚ ਤੇਜ਼ ਕਦਮੀਂ ਜਾ ਰਹੀ ਸੀ। ਦੋ-ਚਾਰ ਆਦਮੀ ਵੀ ਓਧਰੋਂ ਏਧਰ ਆ ਰਹੇ ਸਨ। ਉਹ ਵਾਪਸ ਆਪਣੇ ਮੰਜੇ ਉੱਤੇ ਆਇਆ। ਸੀਲਿੰਗ ਫ਼ੈਨ ਧੀਮਾ ਧੀਮਾ ਚੱਲ ਰਿਹਾ ਸੀ। ਰਾਹੁਲ ਨੇ ਅੱਖਾਂ ਝਮੱਕੀਆਂ ਸਨ। ਪਾਸਾ ਲੈ ਕੇ ਫਿਰ ਸੌਂ ਗਿਆ ਸੀ।

ਸੋਮਾ ਤਾਂ ਉਹਨੂੰ ਜੜ੍ਹਾਂ ਤੋਂ ਹੀ ਵੱਢ ਗਈ ਸੀ। ਉਹਨੇ ਗਿਲਾਸ ਵਿੱਚ ਸੋਮਾ ਦੇ ਬਚੇ ਪਏ ਜੂਠੇ ਪਾਣੀ ਵੱਲ ਦੇਖਿਆ ਤੇ ਕੱਲ੍ਹ ਪਿੰਡੋਂ ਲਿਆਂਦੀ ਸਾਰੀ ਫ਼ੀਮ ਉਹਦੇ ਵਿੱਚ ਉਲੱਦ ਦਿੱਤੀ। ਦੰਦਾਂ ਦੇ ਬੁਰਸ਼ ਦੀ ਡੰਡੀ ਨੂੰ ਗਲਾਸ ਵਿੱਚ ਘੁਮਾਉਣ ਲੱਗਿਆ। ਕਾਲ਼ਾ ਪਾਣੀ ਉਹਦੇ ਦਿਮਾਗ਼ ਵਿੱਚ ਤੇਜ਼ੀ ਨਾਲ ਘੁੰਮ ਰਿਹਾ ਸੀ। ਹੁਣ ਕੋਈ ਨਹੀਂ ਆਵੇਗਾ। ਕੋਈ ਘੁਮੇਰ ਜਿਹੀ ਉਹਦੇ ਲੂੰ-ਲੂੰ ਵਿੱਚ ਰਚਣ ਲੱਗਦੀ ਤਾਂ ਉਹ ਬੁਰਸ਼ ਦੀ ਡੰਡੀ ਨੂੰ ਹੋਰ ਤੇਜ਼ ਘੁਮਾਉਂਦਾ। ਕਰੰਟ ਲੱਗਣ ਵਾਂਗ ਉਹਨੇ ਬੁਰਸ਼ ਦੂਰ ਵਗਾਹ ਮਾਰਿਆ। ਕਾਲ਼ੇ ਪਾਣੀ ਨੂੰ ਇੱਕੋ ਸਾਹ ਸੰਘੋਂ ਥੱਲੇ ਉਤਾਰ ਦਿੱਤਾ।

ਉਹਨੇ ਦੇਖਿਆ, ਰਾਹੁਲ ਸੁੱਤਾ ਪਿਆ ਹੈ। ਸੀਲਿੰਗ ਫ਼ੈਨ ਤੇਜ਼ ਚੱਲ ਰਿਹਾ ਹੈ। ਸਿਰਹਾਣੇ ਵਿੱਚ ਮੂੰਹ ਦੇ ਕੇ ਉਹ ਮੂਧਾ ਪੈ ਗਿਆ। ਉਹ ਸੋਚਣ ਲੱਗਿਆ, ਸੋਮਾ ਨੂੰ ਜਦ ਉਹਦੇ ਮਰਨ ਦਾ ਪਤਾ ਲੱਗਿਆ ਤਾਂ ਉਹ ਕਿੰਨਾ ਰੋਵੇਗੀ। ਆਪਣੀ ਭੁੱਲ ਉੱਤੇ ਪਛਤਾਵੇਗੀ। ਲੋਕ ਸੋਮਾ ਨੂੰ ਫਿਟ-ਲਾਹਨਤਾਂ ਦੇਣਗੇ...

ਪੰਜਾਂ ਮਿੰਟਾਂ ਬਾਅਦ ਹੀ ਨਸ਼ਾ ਉਹਦੀਆਂ ਨਸਾਂ ਵਿੱਚ ਤੈਰਨ ਲੱਗ ਪਿਆ, ਪਰ ਉਹ ਇੱਕ ਗੁੱਸੇ ਭਰੀ ਸ਼ਾਂਤੀ ਵਿੱਚ ਅਡੋਲ ਪਿਆ ਰਿਹਾ। ਲੱਗਿਆ ਜਿਵੇਂ ਉਹਨੂੰ ਨੀਂਦ ਆ ਰਹੀ ਹੋਵੇ। ਉਹ ਪਿਆ ਰਿਹਾ। ਇੱਕ ਬਿੰਦ ਉਹਦੇ ਮਨ ਵਿੱਚ ਆਈ, ਉਹ ਆਪਣੇ ਰਾਹੁਲ ਨੂੰ ਆਖ਼ਰੀ ਵਾਰ ਚੁੰਮ ਤਾਂ ਲਵੇ। ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਅੰਗਾਂ ਵਿੱਚ ਅਕੜੇਵਾਂ ਭਰਦਾ ਜਾ ਰਿਹਾ ਸੀ। ਉਹਦੀਆਂ ਲੱਤਾਂ ਜਿਵੇਂ ਸੌਂ ਗਈਆਂ ਹੋਣ। ਉਹਦੀਆਂ ਅੱਖਾਂ ਦੀਆਂ ਪਲ਼ਕਾਂ ਮਿਚ ਮਿਚ ਜਾਂਦੀਆਂ ਸਨ। ਉਹ ਖੜ੍ਹਾ ਹੋਇਆ ਤੇ ਬੜੀ ਮੁਸ਼ਕਿਲ ਨਾਲ ਰਾਹੁਲ ਤੱਕ ਪਹੁੰਚਿਆ। ਉਹ ਚੁੰਮਣ ਲੱਗਿਆ ਤਾਂ ਉਹ ਜਾਗ ਪਿਆ। ਜਾਗ ਕੇ ਚੂੰ-ਚੂੰ ਕਰਨ ਲੱਗਿਆ ਤੇ ਫਿਰ ਚਾਹ ਮੰਗੀ। ਰਾਵਿੰਦਰ ਰਾਹੁਲ ਦੇ ਮੰਜੇ ਉੱਤੇ ਹੀ ਡਿੱਗ ਪਿਆ। ਹੁਣ ਉਹ ਆਪਣੇ ਆਪ ਉੱਤੇ ਲਾਹਣਤਾਂ ਪਾਉਣ ਲੱਗਿਆ। ਉਹ ਕੀਹਦੇ ਲਈ ਮਰ ਰਿਹਾ ਹੈ? ਉਹ ਜਿਊਂਦਾ ਕਿਉਂ ਨਹੀਂ ਰਹਿਣਾ ਚਾਹੁੰਦਾ? ਘੱਟੋ ਘੱਟ ਰਾਹੁਲ ਲਈ ਤਾਂ ਜਿਊਂਦਾ ਰਹੇ। ਜ਼ਿੰਦਗੀ ਵਿੱਚ ਬੜਾ ਕੁਝ ਹੈ, ਜੀਹਦੇ ਲਈ ਉਹ ਜਿਊਂਦਾ ਰਹਿ ਸਕਦਾ ਹੈ। ਔਰਤ ਹੀ ਤਾਂ ਜ਼ਿੰਦਗੀ ਨਹੀਂ। ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ। ਉਹਦੇ ਦਿਮਾਗ਼ ਵਿੱਚ ਇੱਕ ਰੂਲਾ ਉੱਠਿਆ, ਉਹ ਕਿਸੇ ਗਵਾਂਢੀ ਨੂੰ ਬੁਲਾਵੇ ਤੇ ਉਹਨੂੰ ਫ਼ੀਮ ਖਾਣ ਬਾਰੇ ਦੱਸ ਦੇਵੇ। ਸ਼ਾਇਦ ਉਹਨੂੰ ਕੋਈ ਬਚਾ ਹੀ ਲਵੇ। ਰਾਹੁਲ ਹੁਣ ਰੋਣ ਲੱਗ ਪਿਆ ਸੀ ਤੇ ਫਿਰ ਰੋਂਦਾ ਰੋਂਦਾ ਚੁੱਪ ਹੋਇਆ ਸੀ ਤੇ ਸੌਂ ਗਿਆ ਸੀ।

ਲੱਤਾਂ ਘੜੀਸਦਾ ਰਾਵਿੰਦਰ ਹੌਲ਼ੀ-ਹੌਲ਼ੀ ਵਿਹੜੇ ਵਿੱਚ ਆਇਆ, ਉਹਦੇ ਸੰਘ ਦੀਆਂ ਰਗ਼ਾਂ ਖ਼ੁਸ਼ਕ ਹੋ ਚੁੱਕੀਆਂ ਸਨ। ਉਹਦੀ ਆਵਾਜ਼ ਨਹੀਂ ਨਿੱਕਲ ਰਹੀ ਸੀ। ਦਰਵਾਜ਼ੇ ਦਾ ਅੰਦਰਲਾ ਕੁੰਡਾ ਬੰਦ ਸੀ।

ਸ਼ਾਮ ਹੋਈ ਤਾਂ ਗਲ਼ੀ ਦੇ ਲੋਕਾਂ ਨੇ ਦੇਖਿਆ। ਉਹਦਾ ਮੁੰਡਾ ਰਾਹੁਲ ਦਰਵਾਜ਼ੇ ਕੋਲ ਖੜ੍ਹਾ ਹੋ ਰਿਹਾ ਹੈ। ਕੋਈ ਕੰਧ ਉੱਤੋਂ ਦੀ ਚੜ੍ਹ ਕੇ ਝਾਕਿਆ, ਮੁੰਡੇ ਤੋਂ ਕੁੰਡਾ ਨਹੀਂ ਖੁੱਲ੍ਹ ਰਿਹਾ। ਰਾਵਿੰਦਰ ਦਾ ਹੱਥ ਦਰਵਾਜ਼ੇ ਤੋਂ ਦੋ ਕੁ ਇੰਚ ਦੀ ਦੂਰੀ ਉੱਤੇ ਹੀ ਰਹਿ ਗਿਆ ਸੀ। ਉਹ ਗੁੱਛਾ-ਮੁੱਛਾ ਹੋਇਆ ਪਿਆ ਸੀ। ਉਹਦੇ ਮੂੰਹ ਵਿੱਚੋਂ ਮੱਖੀਆਂ ਵੜ-ਵੜ ਨਿੱਕਲ ਰਹੀਆਂ ਸਨ।◆