ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇੱਜ਼ਤ

ਇੱਜ਼ਤ

ਉਸ ਦਿਨ ਚੰਦਾ ਸਿੰਘ ਘਰ ਨਹੀਂ ਸੀ।ਤਿੱਖੜ ਦੁਪਹਿਰਾ ਢਲਣ ਲੱਗ ਪਿਆ ਸੀ। ਕੁਤਰੇ ਵਾਲੀ ਮਸ਼ੀਨ ਤੋਂ ਥੋੜ੍ਹਾ ਜਿਹਾ ਹਟ ਕੇ ਖੁਲਵਾਰੇ ਛਤਨੇ ਅੰਦਰ ਉਹ ਮੰਜੇ 'ਤੇ ਵੱਖੀ ਪਰਨੇ ਪਿਆ ਸੀ। ਹੌਲੀ ਹੌਲੀ ਪੱਖੀ ਦੀ ਝੱਲ ਮਾਰ ਕੇ ਚਿਪਚਿਪੇ ਮੂੰਹ ਤੋਂ ਮੌਖੀਆਂ ਹਟਾਉਂਦਾ। ਪੰਖੀ ਨੌਲੀ ਜਾਂਦੀ ਤਾਂ ਮੌਖੀ ਮੱਥੇ 'ਤੇ ਪਤਾ ਨਹੀਂ ਕਿੱਥੋਂ ਆਚਿਪਕਦੀ।ਉਸ ਦੀ ਨਿਗਾਹ ਵਿਹੜੇ ਵਿਚ ਸੀ। ਉਹ ਸੋਚ ਰਿਹਾ ਸੀ ਦੁਪਹਿਰਾ ਢਲ ਗਿਆ ਹੈ, ਫੇਰ ਵੀ ਧੁੱਪ ਕਿੰਨੀ ਤੇਜ਼ ਹੈ।ਇਕਦਮ ਦਗੜ ਦਗੜ ਹੁੰਦੀਉਸ ਨੇ ਸੁਣੀ। ਭੱਜੀ ਜਾਂਦੀ ਤੀਵੀਂਦਾ ਝੂਪਿਆਹੱਥ ਵਿਚ ਚੁਨੀ।ਕੁੜਤੀ ਤਾਂ ਹੈਗੀ ਸੀ, ਪਰ ਸੁੱਥਣ? ਲੱਚਾਂ, ਪੱਟ ਨੰਗੇ ਕਿਉਂ ਸਨ? ਕੁਤਰੇ ਵਾਲੀ ਮਸ਼ੀਨ ਉਸ ਦੇ ਸਾਹਮਣੇ ਹੋਣ ਕਰਕੇ ਉਹ ਸਿਆਣ ਨਾ ਸਕਿਆ ਕਿ ਉਹ ਤੀਵੀਂ ਕੌਣ ਸੀ।

ਉਹ ਮੰਜੇ ਤੋਂ ਉੱਠ ਕੇ ਵਿਹੜੇ ਵਿਚ ਆਇਆ।

“ਬੁਹ ਨੀ, ਤੂੰ ਤਾਂ ਚਰਨੋ ਕੋਲ ਚਾਦਰਾ ਕੱਢਣ ਗਈ ਸੀ। ਆਹ ਕੀ ਚੰਦ ਚਾੜ੍ਹ ਆਈ? ਤੇਰੀ ਸੁੱਥਣ ਸ਼ਿਆਮੋ ਦਾ ਬੋਲ ਉੱਚਾ ਸੀ।

ਚੰਦ ਸਿੰਘ ਦੇ ਕੰਨਾਂ ਵਿਚ ਘੁ ਘੂ ਹੋਣ ਲੱਗੀ ਇਹ ਤਾਂ ਉਸ ਦੀ ਧੀ ਵਿੱਦੋ ਸੀ, ਪਰ ਉਸ ਦੀਆਂ ਟੰਗਾਂ ਕਿਉਂ ਬੇਪਰਦ ਸਨ? ਉਸ ਦੀ ਸੁੱਥਣ ਕਿਸੇਨੇ ਲਾਹ ਲਈ ਸੀ? ਉਹ ਵਿਹੜੇ ਵਿਚੋਂ ਹਿੱਲ ਕੇ ਸਬਾਤ ਵੱਲ ਹੋਇਆ।ਅੰਦਰ ਜਾ ਕੇ ਦੇਖਿਆ, ਵਿੱਦੋਸੁੱਥਣ ਪਾਕੇਛੇਤੀ ਛੇਤੀਨਾਲਾ ਬਨ ਰਹੀ ਸੀ। ਸ਼ਿਆਮੋਂ ਹੁਣ ਨੀਵੇਂ ਬੋਲ ਵਿਦੋ ਨੂੰ ਗਾਲਾਂ ਦੇ ਰਹੀ ਸੀ ਤੇ ਆਪਣੇ ਪੱਟਾਂ ਤੇ ਦੁਹੱਥੜ ਮਾਰ ਮਾਰ ਕੇ ਬੇਹਾਲ ਹੋਈ ਖੜੀ ਸੀ। ਚੰਦਾ ਸਿੰਘ ਨੂੰ ਉਸ ਨੇ ਸਬਾਤ ਵਿਚ ਦੇਖਿਆ ਤਾਂ ਚੁੱਪ ਕਰ ਗਈ। ਵਿੱਦੋ ਮੰਜੇ 'ਤੇ ਕੰਧ ਵੱਲ ਮੂੰਹ ਕਰ ਕੇ ਪੈ ਗਈ।

“ਕੀ ਗੱਲ ਐ?? ਚੰਦਾ ਸਿੰਘ ਕੜਕਿਆ।

“ਗੱਲ ਬੱਸ ਦੀਂਹਦੀ ਐ। ਮਿੱਟੀ ਪਾ ਦੇ। ਚੁੱਪ ਈ ਚੰਗੀ ਐ। ਹਾੜੇ, ਤੂੰ ਨਾ ਬੋਲੀਂ ਕੁਸ।” ਸ਼ਿਆਮੋ ਨੇ ਚੰਦਾ ਸਿੰਘ ਦੇ ਪੈਰ ਛਲੋਟੀ ਸੁੱਟੀ।

ਚੰਦਾ ਸਿੰਘ ਦੇ ਦਿਮਾਗ਼ ਵਿਚ ਜਿਵੇਂ ਕੋਈ ਭੂਤ ਵੜ ਬੈਠਾ ਹੋਵੇ। ਥਮਲੇ ਕੋਲ ਪਿਆ ਕੱਪੜੇ ਧੋਣ ਵਾਲਾ ਥਾਪਾ ਚੁੱਕਿਆਤੇ ਠਾਹ ਕਰਕੇ ਵਿਦੋ ਦੇ ਡੌਲੇ 'ਤੇ ਮਾਰਿਆ। ਇਕ ਪਟ ’ਤੇ, ਇਕ ਗੋਡੇ ਤੇ, ਕੜਾਕ ਕਰਕੇ ਤੇ ਦੋ, ਤਿੰਨ ਹੋਰ , ਸੁਕਡ਼ਜਾ ਤੇ। ਸ਼ਿਆਮੇਂ ਛੁਡਾਉਣ ਲੱਗੀ। ਦੋ ਤਿੰਨ ਫੜ ਉਸ ਨੇ ਉਸ ਦੇ ਵੀ ਜੜ ਦਿੱਤੇ ਤੇ ਧੱਕਾ ਦੇ ਕੇ ਪਰ੍ਹਾਂ ਸੁੱਟ ਦਿੱਤਾ।

ਵਿੱਦੋ ਮੰਟਰ ਹੋਈ ਪਈ ਰਹੀ। ਨਾ ਕੋਈਚਾਂਗਮਾਰੀ ਤੇ ਨਾ ਅੱਖਾਂ ਵਿੱਚੋਂ ਹੰਝੂ ਵਹਾਏ। ਉਸ ਤੇ ਤਾਂ ਜਿਵੇਂ ਭੋਰਾਸਟਵੀਹੀਂ ਲੱਗੀ। ਇੱਕ ਥਾਪਾਉਲਾਰ ਕੇ ਉਹ ਵਿਦੋਦੇਸਿਰ ਵਿੱਚ ਮਾਰਨ ਲੱਗਿਆ ਸੀ ਕਿ ਸ਼ਿਆਮੋ ਭਜਿਓਂ ਉੱਠ ਕੇ ਵਿੱਦੋ ਤੇ ਲਿਟ ਗਈ। ਚੰਦਾ ਸਿੰਘ ਨੇ ਥਾਪਾ ਥੰਮ ਲਿਆ। ਉਸ ਦੇ ਜੀਅ ਵਿਚ ਆਇਆ ਕਿ ਉਹ ਸ਼ਿਆਮੋ ਦੇ ਹੀ ਥਾਪਾ ਜੜ੍ਹ ਦੇਵੇ, ਪਰ ਨਹੀਂ। ਇਕ ਬਿਦ ਉਹ ਜਿਵੇਂ ਖੜ੍ਹਾ ਰਿਹਾ। ਹੁਣ ਉਹ ਕੁਝ ਨਹੀਂ ਸੀ ਕਰ ਰਿਹਾ। ਹੱਥ ਵਿਚਲੇ ਥਾਪੇ ਦੇ ਦੋਵੇਂ ਸਿਰੇ ਉਸਨੇ ਆਪਣੇ ਦੋਵੇਂ ਹੱਥਾਂ ਵਿਚ ਫੜ ਲਏ ਤੇ ਪੜਾਕ ਦੇ ਕੇ ਥਾਪਾ ਆਪਣੇ ਮੱਥੇ ਨਾਲ ਮਾਰਿਆ "ਪੱਟ ’ਤੇ ਓਏ ਧੀ ਨੇ।" ਥਾਪਾ ਵਗਾਹ ਕੇ ਉਸ ਨੇ ਮੰਜੇ ਵੱਲ ਮਾਰਿਆ। ਸ਼ਿਆਮੋ ਦੇ ਲੰਗਿਆ ਜਾ ਵਿੱਦੋ ਦੇ, ਉਸ ਨੂੰ ਕੋਈ ਪਤਾ ਨਹੀਂ ਸੀ। ਉਹ ਸਬਾਤ ਵਿਚੋਂ ਨਿਕਲ ਕੇ ਵਿਹੜੇ ਵਿਚ ਆ ਗਿਆ ਤੇ ਫਿਰ ਛਤਨੇ ਵਿਚ ਓਸੇ ਮੰਜੇ ’ਤੇ। ਸੱਜੇ ਹੱਥ ਦਾ ਅੰਗੂਠਾ ਤੇ ਅੰਗੂਠੇ ਕੋਲ ਦੀ ਉਂਗਲ ਨੇ ਉਸ ਦੇ ਮੱਥੇ ਨੂੰ ਸਹਾਰਾ ਦਿੱਤਾ ਹੋਇਆ ਸੀ।

ਚੰਦਾ ਸਿੰਘ ਪਿੰਡ ਦਾ ਖੱਬੀ ਖਾਨ ਜੱਟ ਸੀ। ਉਸ ਕੋਲ ਚਾਲੀ ਕਿੱਲੇ ਜ਼ਮੀਨ ਸੀ। ਇਸ ਤੋਂ ਜ਼ਿਆਦਾ ਜ਼ਮੀਨ ਉਸ ਨੇ ਥੁੜੇ ਟੁੱਟੇ ਜੱਟਾਂ ਦੀ ਗਹਿਣੇ ਲੈ ਰੱਖੀ ਸੀ। ਪਿੰਡ ਵਿਚ ਵਿਆਜੂ ਪੈਸਾ ਉਸ ਦਾ ਆਮ ਚੱਲਦਾ ਸੀ। ਉਸ ਦੇ ਦੋ ਮੁੰਡੇ ਸਨ। ਵੱਡਾ ਵਿਆਹਿਆ ਹੋਇਆ ਸੀ। ਉਸ ਦੀ ਬਹੂ ਜਵਾਕ ਜੰਮਣ ਪੇਕੀਂ ਗਈ ਹੋਈ ਸੀ। ਦੋਵੇਂ ਮੁੰਡੇ ਦੋ ਸੀਰੀ ਰਲਾ ਕੇ ਵਾਹੀ ਕਰਦੇ ਸਨ। ਕੁੜੀ ਚੰਦਾ ਸਿੰਘ ਦੇ ਬੱਸ ਇੱਕੋ ਸੀ। ਓਹੀ ਵਿੱਦੋ। ਮੰਗੀ ਨੂੰ ਚਾਰ ਸਾਲ ਹੋ ਗਏ ਸਨ, ਪਰ ਵਿਆਹ ਅਜੇ ਨਹੀਂ ਸੀ ਦਿੱਤਾ।

ਵਿੱਦੋ ਗਵਾਂਢ ਵਿਚ ਹੀ ਚਾਰ ਘਰ ਛੱਡ ਕੇ ਚੰਨਣ ਦੇ ਛੀਂਬੇ ਦੇ ਘਰ ਆਪਣੀ ਸਹੇਲੀ ਚਰਨੋ ਕੋਲ ਚਾਦਰ ਕੱਢਣ ਜਾਂਦੀ। ਅੱਖ ਬਚਾ ਕੇ ਉਹ ਉੱਥੋਂ ਉੱਠਦੀ ਤੇ ਘੁਮਿਆਰਾਂ ਦੇ ਖੋਲ਼ੇ ਵਿਚ ਜਾ ਰਹਿੰਦੀ। ਚੁਬਾਰੇ ਦੀ ਮੋਰੀ ਵਿਚ ਬੈਠਾ ਘੁੰਦੇ ਦਾ ਮੁੰਡਾ ਸੁਰਜੀਤ, ਉਸ ਨੂੰ ਕਦੋਂ ਦਾ ਉਡੀਕ ਰਿਹਾ ਹੁੰਦਾ। ਜਦੋਂ ਹੀ ਉਹ ਖੋਲ਼ੇ ਵੱਲ ਆਉਂਦੀ, ਸੁਰਜੀਤ ਚੁਬਾਰੇ ਵਿਚੋਂ ਬਾਹਰ ਆ ਕੇ ਸਬਾਤ ਦੀ ਛੱਤ ਤੋਂ ਨੀਵੇਂ ਕੋਠੇ ’ਤੇ ਉਤਰਦਾ ਤੇ ਉਸ ਤੋਂ ਥੱਲੇ ਛੋਟੀ ਛੋਟੀ ਕੰਧ ’ਤੇ ਆ ਕੇ ਘੁਮਿਆਰਾਂ ਦੇ ਖੋਲ਼ੇ ਵੱਲ ਇੱਕ ਰੂੜੀ ’ਤੇ ਦਬੂਕਾ ਮਾਰਦਾ। ਝੱਟ ਉਹ ਵਿਦੋ ਨੂੰ ਆ ਚਿੰਬੜਦਾ। ਤੀਜੇ ਚੌਥੇ ਦਿਨ ਹੀ ਇਹ ਕੰਮ ਇੱਕ ਮਹੀਨੇ ਤੋਂ ਚੱਲ ਰਿਹਾ ਸੀ।

ਲੋਕ ਕਹਿੰਦੇ ਸਨ ਕਿ ਘੁਮਿਆਰਾਂ ਦਾ ਘਰ ‘ਪੱਕਾ’ ਹੈ। ਸਾਰੇ ਘੁਮਿਆਰ ਘਰ ਵਿਚ ਹੀ ਵੱਢ ਦਿੱਤੇ ਗਏ। ਹਾਏ ਪਾਣੀ! ਹਾਏ ਪਾਣੀ!! ਦੀਆਂ ਵਾਜਾਂ ਕੱਢਦੇ ਕਈ ਬੰਦਿਆਂ ਨੇ ਰਾਤ ਨੂੰ ਓਸ ਖੋਲ਼ੇ ਵਿਚੋਂ ਸੁਣੀਆਂ ਸਨ। ਪਿੰਡ ਵਿਚ ਰਫ਼ਿਊਜ਼ੀ ਵੀ ਕੋਈ ਨਹੀਂ ਸੀ ਆਇਆ। ਮੀਂਹਾਂ ਵਿਚ ਖ਼ੁਰ ਖ਼ੁਰ, ਢਹਿ ਢੇਰੀ ਇਹ ਘਰ ਖੋਲ਼ਾ ਬਣ ਗਿਆ ਸੀ।

ਗਿੰਦਰ ਬੱਗੇ ਕਾ ਕਈ ਦਿਨਾਂ ਤੋਂ ਕੁੜੀ ਦੀ ਤਾੜ ਵਿਚ ਸੀ। ਉਹ ਚਾਹੁੰਦਾ ਸੀ ਕਿ ਚੰਦਾ ਸਿੰਘ ਦੀ ਕੁੜੀ ਨੂੰ ਉੱਤੋਂ ਹੀ ਫੜ ਲਵੇ ਤੇ ਰੌਲਾ ਪਾ ਦੇਵੇ।

ਅੱਜ ਪਿੱਪਲ ਦੀਆਂ ਜੜ੍ਹਾਂ ਵਿਚ ਉਹ ਊਂਧਾ ਜਿਹਾ ਉਹ ਕਦੋਂ ਦਾ ਬੈਠਾ ਸੀ। ਪਿੰਪਲ ਤੋਂ ਖੋਲ਼ਾ ਭਾਵੇਂ ਕਾਫ਼ੀ ਦੂਰ ਸੀ, ਪਰ ਉਸ ਨੇ ਪੂਰੀ ਨਿਗਾਹ ਰੱਖੀ ਸੀ। ਜਦ ਹੀ ਕੁੜੀ ਖੋਲ਼ੇ ਵੱਲ ਅਹੁਲੀ ਤੇ ਓਧਰ ਸੁਰਜੀਤ ਨੇ ਸਬਾਤ ਦੇ ਬਨੇਰੇ ਤੋਂ ਨੀਵੇਂ ਕੋਠੇ ’ਤੋਂ ਛਾਲ ਮਾਰੀ, ਗਿੰਦਰ ਸਹਿਜ ਭਾਅ ਉੱਠ ਤੁਰਿਆ ਉਸ ਦੇ ਹੱਥ ਵਿਚ ਇੱਕ ਲੰਮੀ ਸਾਰੀ ਸੋਟੀ ਸੀ। ਪਰ ਪੈਰ ਜਿਹੇ ਮਲਦਾ ਉਹ ਖੋਲ਼ੇ ਵਿਚ ਆ ਖੜ੍ਹਾ। ਵਿੱਦੋ ਤੇ ਸੁਰਜੀਤ ਨੂੰ ਕੋਈ ਪਤਾ ਨਾ ਲੱਗਿਆ ਕਿ ਕੋਈ ਆ ਗਿਆ ਹੈ। ਸਰਦਈ ਸੁੱਥਣ ਮਿੱਟੀ ਦੀ ਇੱਕ ਢੇਰੀ ’ਤੇ ਰੱਖੀ ਪਈ ਸੀ। ਗਿੰਦਰ ਅਗਾਂਹ ਹੋਇਆ। ਸੋਟੀ ਦੀ ਹੁੰਜ ਨਾਲ ਉਸ ਨੇ ਸੁੱਥਣ ਚੁੱਕ ਲਈ ਤੇ ਕਾਹਲੀ ਨਾਲ਼ ਖੋਲ਼ੇ ਤੋਂ ਬਾਹਰ ਹੋ ਗਿਆ। ਸੁਰਜੀਤ ਨੇ ਉਸ ਦੀ ਤੁਰੇ ਜਾਂਦੇ ਦੀ ਪਿੱਠ ਦੇਖੀ। ਖੋਲ਼ੇ ਵਿਚੋਂ ਦਬਾ ਸੱਟ ਨਿੱਕਲ ਕੇ ਉਹ ਵੀ ਤਿੱਤਰ ਹੋ ਗਿਆ। ਖੋਲ਼ੇ ਦੇ ਬਾਰ ਮੂਹਰੇ ਆ ਕੇ ਵਿੱਦੋ ਨੇ ਗਿੰਦਰ ਨੂੰ ਦੱਬਵੀਂ ਜਿਹੀ ਹਾਕ ਮਾਰੀ "ਚਾਚਾ...।" ਗਿੰਦਰ ਇੱਕ ਬਿੰਦ ਧੌਣ ਭੰਵਾ ਕੇ ਪਿੱਛੇ ਨੂੰ ਝਾਕਿਆ ਤੇ ਸੁੱਥਣ ਵਿਚ ਸੋਟੀ ਦਾ ਸਿਰਾ ਅੜੁੰਗ ਕੇ ਬਾਂਹ ਨੂੰ ਸਿਰ 'ਤੇ ਉੱਚਾ ਕਰ ਲਿਆ। ਵਿੱਦੋ ਦੀ ਕੋਈ ਪੇਸ਼ ਨਾ ਗਈ। ਉਹ ਸਿਰਪੱਟ ਘਰ ਵੱਲ ਦੌੜ ਪਈ ਸੀ।

ਚੰਦਾ ਸਿੰਘ ਛਤਨੇ ਵਿਚ ਹੁਣ ਮੱਥਾ ਫੜੀ ਬੈਠਾ ਸੀ। ਪਤਾ ਨਹੀਂ ਕੀ ਸੋਚ ਰਿਹਾ ਸੀ। ਧੀ ਨੇ ਉਸ ਨੂੰ ਜਿਉਣ ਜੋਗਾ ਨਹੀਂ ਸੀ ਛੱਡਿਆ।

ਉਸ ਦੇ ਕੰਨੀਂ ਅਵਾਜ਼ਾਂ ਪਈਆਂ। ਬੰਦਿਆਂ ਦੀ ਕਚਰ ਕਚਰ। ਛੋਟੇ ਛੋਟੇ ਮੁੰਡਿਆਂ ਦੀ ਹਾਸੀ। ਕੋਈ ਇੱਕ ਉੱਚੀ ਬੋਲ ਰਿਹਾ ਸੀ, "ਬਾਹਰ ਨਿਕਲ ਕੇ ਦੇਖ ਓਏ ਵੰਡਿਆ ਸਰਦਾਰਾ। ਮੱਥੇ ਲਾ ਕੇ ਦੇਖ ਓਏ ਕੁੜੀ ਦਾ ਝੰਡਾ। ਬਾਹਰ ਆ ਓਏ ਚੰਦਿਆ, ਨੱਬੇ ਲੈ ਕੇ ਸੌ 'ਤੇ ਗੁੱਠਾ ਲਾਈਏ ਤੇਰੀ ਬਹੀ 'ਤੇ।

ਚੰਦਾ ਸਿੰਘ ਬਾਹਰ ਆਇਆ। ਲੋਕ ਹੱਸ ਰਹੇ ਸਨ। ਮੁੰਡੇ ਰੌਲਾ ਪਾ ਰਹੇ ਸਨ। ਸਾਰੇ ਚੁੱਪ ਹੋ ਗਏ।

ਗਿੰਦਰ ਫਿਰ ਬੋਲਿਆ, "ਸਿਆਣ ਗਾਂ, ਚੰਦਾ ਸਿਆਂ, ਸੁੱਥਣ ਥੋਡੀ ਐ?"

ਸਾਰਾ ਇਕੱਠ ਹਿੜ ਹਿੜ ਕਰਕੇ ਹੱਸ ਪਿਆ।

ਮਾਵਾਂ ਧੀਆਂ ਵੀ ਬਾਰ ਮੂਹਰੇ ਆ ਖੜ੍ਹੀਆਂ।

ਸ਼ਿਆਮੋ ਗਾਲ਼ਾਂ ਦੇ ਰਹੀ ਸੀ। ਵਿੱਦੋ ਗਾਲ਼ਾਂ ਦੇ ਰਹੀ ਸੀ। ਗਿੰਦਰ ਨੂੰ ਉਨ੍ਹਾਂ ਮੂਹਰੇ ਗੱਲ ਨਹੀਂ ਸੀ ਔੜਦੀ। ਚੰਦਾ ਸਿੰਘ ਨੇ ਗਿੰਦਰ ਦੇ ਹੱਥੋਂ ਸੋਟੀ ਫੜ ਲਈ। ਸੁੱਥਣ ਭੁੰਜੇ ਡਿੱਗ ਪਈ। ਸੋਟੀ ਦੀ ਹੁੱਜ ਨਾਲ ਸੁੱਥਣ ਚੰਦਾ ਸਿੰਘ ਨੇ ਪਰ੍ਹਾਂ ਵਗਾਹ ਮਾਰੀ।

"ਕੀਹਦੀ ਚੁੱਕ ਲਿਆਇਆ ਓਏ ਤੂੰ ਇਹ ਸੁੱਥਣ? ਕੀ ਸਾਂਗ ਧਾਰਿਆ ਏਹੋ? ਇਹ ਖੇਡਾ ਸਾਡੇ ਬਾਰ ਮੂਹਰੇ ਆ ਕੇ ਈ ਪੌਣੈ?" ਚੰਦਾ ਸਿੰਘ, ਆਪਣੇ ਮੂੰਹ ਦੀ ਉਦਾਸੀ ਨੂੰ ਮੱਲੋਜ਼ੋਰੀ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ।

"ਆਵ ਦੀ ਮਾਂ ਭੈਣ ਮੂਹਰੇ ਟੰਗ ਕੇ ਦਿਖਾ ਇਹ ਸੁੱਥਣਾ। ਇਹ ਕੰਜਰਖਾਨਾ ਐਥੇ ਈ ਕਰਨੈ?" ਸ਼ਿਆਮੋ ਨੇ ਕੜਕ ਕੇ ਆਖਿਆ।

ਕਾਲੀ ਸੁੱਥਣ ਪਾਈ ਵਿੱਦੋ ਆਪਣੇ ਬੂਹੇ ਵੱਲ ਜਾ ਰਹੀ ਸੀ।

ਗਿੰਦਰ ਦੇ ਮੂੰਹ ਵਿਚ ਬੋਲ ਨਹੀਂ ਸੀ। ਹੁਣ ਲੋਕ ਗਿੰਦਰ 'ਤੇ ਹੱਸ ਰਹੇ ਸਨ।

"ਬੋਲ ਗਿੰਦਰਾ, ਹੁਣ ਮੂੰਹੋਂ।" ਇਕੱਠ ਵਿਚੋਂ ਕਿਸੇ ਨੇ ਕਿਹਾ।

"ਇਹ ਸੁੱਥਣ ਥੋਡੀ ਕੁੜੀ ਦੀ ਨੀ?" ਗਿੰਦਰ ਨੇ ਚੰਦਾ ਸਿੰਘ ਤੋਂ ਪੁੱਛਿਆ।

"ਤੇਰੀ ਭੈਣ ਦੀ ਹੋਣੀ ਐ, ਜਿਹੜੀ ਕੁਮਾਰੀ ਐ ਜਾਂ ਤੇਰੀ ਧੀ ਦੀ। ਸਾਡੀ ਸੁੱਥਣ ਇਹ ਕਿਵੇਂ ਹੋਈ ਵੇ ਕੰਜਰਾ?" ਸ਼ਿਆਮੋ ਅੱਡੀਆਂ ਚੁੱਕ ਕੇ ਬੋਲੀ।

"ਬੂਥੜ ਤੋੜ ਦੂੰ ਸਾਲੇ ਦਾ। ਕੌਣ ਕਹਿੰਦੈ, ਇਹ ਸੁੱਥਣ ਸਾਡੀ ਐ?" ਚੰਦਾ ਸਿੰਘ ਦੇ ਮੂੰਹ 'ਤੇ ਪੂਰਾ ਗੁੱਸਾ ਸੀ। ਲੋਕ ਚੁੱਪ ਖੜ੍ਹੇ ਸਨ। ਉਹ ਮੁਸ਼ਕਰਾ ਰਹੇ ਸਨ। ਪਤਾ ਨਹੀਂ ਗਿੰਦਰ ’ਤੇ ਪਤਾ ਨਹੀਂ ਚੰਦਾ ਸਿੰਘ 'ਤੇ। ਗਿੰਦਰ ਪਿੰਠ ਮਰੋੜ ਕੇ 'ਕੱਠ ਵਿਚੋਂ ਖਿਸਕ ਰਿਹਾ ਸੀ।

***