ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਅੜਬ ਆਦਮੀ

ਅੜਬ ਆਦਮੀ

ਕਾਲਜ ਵਿੱਚ ਉਹ ਇਕੱਠੇ ਪੜ੍ਹੇ ਸਨ। ਅਨਿਲ ਬੀ.ਏ. ਕਰਕੇ ਹਟ ਗਿਆ ਤੇ ਫਿਰ ਦੋ-ਤਿੰਨ ਸਾਲ ਏਧਰ-ਓਧਰ ਦੇ ਧੱਕੇ ਖਾ ਕੇ ਬਿਜਲੀ ਬੋਰਡ ਵਿੱਚ ਕਲਰਕ ਲੱਗ ਗਿਆ। ਬਲਕਰਨ ਨੇ ਐੱਮ.ਏ. ਕੀਤੀ ਤੇ ਹੁਣ ਪਟਿਆਲੇ ਕਾਲਜ ਵਿੱਚ ਲੈਕਚਰਾਰ ਸੀ।

ਕਾਲਜ ਵਿੱਚ ਉਹ ਚੰਗੇ ਦੋਸਤ ਸਨ। ਕਈ ਸਾਲਾਂ ਤੱਕ ਇੱਕੋ ਕਮਰੇ ਵਿੱਚ ਰਹੇ, ਪਰ ਕਾਲਜੋਂ ਨਿੱਕਲਣ ਬਾਅਦ ਅਜਿਹੇ ਚੱਕਰ ਵਿੱਚ ਪਏ ਕਿ ਛੇਤੀ-ਛੇਤੀ ਮਿਲਿਆ ਹੀ ਨਾ ਜਾਂਦਾ। ਕਈ-ਕਈ ਮਹੀਨੇ ਲੰਘ ਜਾਂਦੇ ਤੇ ਫਿਰ ਸਾਲਾਂ ਦਾ ਫ਼ਰਕ ਪੈਣ ਲੱਗਿਆ, ਪਰ ਉਹਨਾਂ ਦੀ ਦੋਸਤੀ ਬਰਕਰਾਰ ਸੀ। ਜਦੋਂ ਵੀ ਮਿਲਦੇ, ਖੁੱਲ੍ਹ ਕੇ ਗੱਲਾਂ ਕਰਦੇ। ਨਿਖੜਨ ਵੇਲੇ ਦੋਵਾਂ ਦੇ ਮਨਾਂ ਵਿੱਚ ਇੱਕ ਉਦਰੇਵਾਂ ਭਰ ਜਾਂਦਾ।

ਇੱਕ ਵਾਰ ਅਨਿਲ ਪਟਿਆਲੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਕਿਸੇ ਕੰਮ ਗਿਆ, ਬਾਅਦ ਵਿੱਚ ਉਹ ਬਲਕਰਨ ਨੂੰ ਮਿਲਣ ਉਹਦੇ ਕਾਲਜ ਚਲਿਆ ਗਿਆ। ਉਹ ਉੱਡ ਕੇ ਮਿਲਿਆ, ਬਹੁਤ ਖ਼ੁਸ਼। ਉਸ ਦਿਨ ਉਹ ਆਪਣੇ ਸਟਾਫ਼ ਰੂਮ ਵਿੱਚ ਉੱਚੀ-ਉੱਚੀ ਬੋਲ ਕੇ ਕੋਈ ਗੱਲ ਸੁਣਾਉਂਦਾ ਸਾਥੀ ਲੈਕਚਰਾਰਾਂ ਨੂੰ ਹਸਾ ਰਿਹਾ ਸੀ। ਖ਼ੁਦ ਬੇ-ਹਾਲ ਜਿਹਾ ਹੋ ਕੇ ਹੱਸਦਾ। ਚੀਖ ਮਾਰਵਾਂ ਹਾਸਾ। ਅਜਿਹੇ ਸਮੇਂ ਉਹਦੇ ਚਿਹਰੇ ਦੇ ਨਿੱਕੇ-ਨਿੱਕੇ ਮਾਤਾ ਦੇ ਦਾਗ਼ ਉਹਦੀ ਆਕ੍ਰਿਤੀ ਨੂੰ ਹੋਰ ਵੀ ਸੁੰਦਰ ਉਭਾਰਦੇ ਜਾਂਦੇ। ਸਟਾਫ਼ ਰੂਮ ਦੇ ਬਾਹਰੋਂ ਹੀ ਉਹਦਾ ਤਿੱਖਾ ਠਹਾਕਾ ਸੁਣ ਕੇ ਅਨਿਲ ਸਮਝ ਗਿਆ ਸੀ ਕਿ ਉਹ ਕਾਲਜ ਵਿੱਚ ਹੈਗਾ।

ਬਲਕਰਨ ਨੇ ਉਹਨੂੰ ਦੱਸਿਆ ਕਿ ਉਹ ਅਗਲੇ ਮਹੀਨੇ ਦੀ ਪੰਜ ਤਰੀਕ ਨੂੰ ਸ੍ਰੀਨਗਰ ਜਾ ਰਿਹਾ ਹੈ। ਓਥੇ ਜੰਮੂ-ਕਸ਼ਮੀਰ ਦੇ ਵਿੱਦਿਆ ਮਹਿਕਮੇ ਵੱਲੋਂ ਇੱਕ ਪੁਲੀਟੀਕਲ ਕਾਨਫ਼ਰੰਸ ਹੈ। ਵੱਖ-ਵੱਖ ਸੂਬਿਆਂ ਦੇ ਬਹੁਤ ਸਾਰੇ ਲੈਕਚਰਾਰ-ਪ੍ਰੋਫ਼ੈਸਰ ਇਕੱਠੇ ਹੋਣਗੇ। ਪੰਜਾਬ ਵੱਲੋਂ ਉਹ ਦੋ ਬੰਦੇ ਜਾ ਰਹੇ ਹਨ। ਇੱਕ ਕੋਈ ਹੋਰ ਹੈ। ਏਜੰਡੇ ਵਿੱਚ ਇੱਕ ਭਖ਼ਦਾ ਮਸਲਾ ਹੈ। ਆਪਾਂ ਓਥੇ ਕਿਹੜੇ ਤੀਰ ਚਲੌਣੇ ਨੇ। ਹਫ਼ਤਾ ਸੈਰ ਕਰ ਆਵਾਂਗੇ, ਬਹਾਨੇ ਨਾਲ। ਉਹਨੇ ਅਨਿਲ ਨੂੰ ਜ਼ੋਰ ਦਿੱਤਾ ਕਿ ਉਹ ਵੀ ਉਹਦੇ ਨਾਲ ਚੱਲੇ। ਉਹਨੂੰ ਸਿਰਫ਼ ਕਿਰਾਇਆ-ਭਾੜਾ ਹੀ ਖਰਚ ਕਰਨਾ ਪਵੇਗਾ। ਰਿਹਾਇਸ਼ ਤੇ ਖਾਣ-ਪੀਣ ਦਾ ਪ੍ਰਬੰਧ ਉੱਥੋਂ ਦੀ ਸਰਕਾਰ ਨੇ ਕਰਨਾ ਹੈ। ਬਲਕਰਨ ਨੇ ਦੱਸਿਆ ਕਿ ਉਹ ਆਪਣੇ ਨਾਲ ਇੱਕ ਮੈਂਬਰ ਹੋਰ ਲਿਜਾ ਸਕਦਾ ਹੈ। ਅਨਿਲ ਉਹਨਾਂ ਦਿਨਾਂ ਵਿੱਚ ਇਕੱਲਾ ਸੀ। ਉਹਦੀ ਪਤਨੀ ਪਹਿਲਾ ਬੱਚਾ ਜੰਮਣ ਆਪਣੇ ਮਾਪਿਆਂ ਦੇ ਘਰ ਗਈ ਹੋਈ ਸੀ। ਦਫ਼ਤਰ ਵਿੱਚ ਉਹ ਸਾਥੀ ਕਲਰਕਾਂ ਵੱਲੋਂ ਚਿੜ੍ਹਿਆ-ਬੁਝਿਆ ਜਿਹਾ ਰਹਿੰਦਾ। ਉਹਦਾ ਅਫ਼ਸਰ ਵੀ ਬਹੁਤ ਉਜੱਡ ਸੀ। ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਅਨਿਲ ਖਿਝ ਉੱਠਦਾ, ਪਰ ਬੋਲਦਾ ਕੁਝ ਨਾ। ਵਿੱਚੇ ਵਿੱਚ ਤਪਦਾ ਰਹਿੰਦਾ। ਇੱਕ ਕਲਰਕ ਬੜਾ ਕਮੂਤ ਸੀ, ਹਰ ਕਿਸੇ ਦਾ ਮਜ਼ਾਕ ਉਡਾ ਦਿੰਦਾ। ਕਮਜ਼ੋਰੀ ਲੱਭ ਕੇ ਚੋਟ ਕਰਨੀ ਉਹਦਾ ਸ਼ੁਗਲ ਸੀ। ਹੱਡ ਉੱਤੇ ਮਾਰਦਾ ਸੀ। ਕਈ ਤਾਂ ਉਹਦੀਆਂ ਚੋਟਾਂ ਤੋਂ ਡਰਦੇ ਹੀ ਤੜਕੇ ਆਉਣ ਸਾਰ ਉਹਨੂੰ ਨਮਸਕਾਰ ਕਰਦੇ। ਦਫ਼ਤਰ ਵਿੱਚ ਦੋ-ਤਿੰਨ ਬੰਦੇ ਅਜਿਹੇ ਵੀ ਸਨ, ਜਿਹੜੇ ਉਸ ਨੂੰ ਟੁੱਟ ਕੇ ਪੈ ਜਾਂਦੇ। ਇੱਕ ਬੰਦੇ ਨੇ ਤਾਂ ਇੱਕ ਦਿਨ ਉਹਦੀ ਬਾਂਹ ਨੂੰ ਗੇੜਾ ਦੇ ਲਿਆ ਸੀ। ਅਜਿਹੇ ਲੋਕਾਂ ਨੂੰ ਚਾਂਦੀ ਰਾਮ ਮਜ਼ਾਕ ਨਹੀਂ ਕਰਦਾ ਸੀ, ਪਰ ਅਨਿਲ ਨੂੰ ਤਾਂ ਉਹ ਬੇਹੇ ਕੜਾਹ ਵਾਂਗੂੰ ਲੈਂਦਾ। ਗੱਲ ਐਨੀ ਸੀ ਕਿ ਅਨਿਲ ਦਾ ਰੰਗ ਪੱਕਾ ਸੀ। ਉਹਦੀਆਂ ਅੱਖਾਂ ਛੋਟੀਆਂ ਤੇ ਦੰਦ ਉੱਚੇ ਸਨ। ਉਹਦੀ ਪਤਨੀ ਬਹੁਤ ਸੋਹਣੀ ਸੀ। ਰੰਗ ਗੋਰਾ ਤੇ ਤਿੱਖੇ ਨੈਣ-ਨਕਸ਼। ਕੱਦ ਅਨਿਲ ਨਾਲੋਂ ਥੋੜ੍ਹਾ ਉੱਚਾ। ਚਾਂਦੀ ਰਾਮ ਨੇ ਇੱਕ ਦਿਨ ਉਹਨੂੰ ਅਨਿਲ ਨਾਲ ਬਾਜ਼ਾਰ ਵਿੱਚ ਦੇਖ ਲਿਆ ਸੀ। ਉਸ ਦਿਨ ਤੋਂ ਹੀ ਉਹ ਅਨਿਲ ਦਾ ਖਹਿੜਾ ਨਹੀਂ ਛੱਡਦਾ ਸੀ। ਗੱਲ-ਗੱਲ ਉੱਤੇ ਉਹ ਅਨਿਲ ਦਾ ਮੌਜੂ ਉਡਾ ਦਿੰਦਾ। ਅਨਿਲ ਕੁਝ ਨਾ ਬੋਲਦਾ। ਬਸ ਮੁਸਕਰਾ ਛੱਡਦਾ। ਦੂਜੇ ਕਲਰਕ ਹਾਸੜ ਚੁੱਕ ਲੈਂਦੇ। ਉਹ ਹੱਤਕ ਮੰਨਦਾ। ਕਦੇ-ਕਦੇ ਉਹ ਐਨਾ ਪਰੇਸ਼ਾਨ ਹੋ ਜਾਂਦਾ ਕਿ ਇਸ ਦਫ਼ਤਰ ਵਿੱਚੋਂ ਆਪਣੀ ਬਦਲੀ ਕਰਾਉਣ ਬਾਰੇ ਸੋਚਣ ਲੱਗਦਾ। ਹੁਣ ਜਦੋਂ ਕਿ ਉਹਦੀ ਪਤਨੀ ਪੇਕਿਆਂ ਦੇ ਘਰ ਗਈ ਹੋਈ ਤੇ ਇਸ ਦਾ ਪਤਾ ਚਾਂਦੀ ਰਾਮ ਨੂੰ ਲੱਗ ਗਿਆ ਸੀ, ਉਹ ਅਨਿਲ ਨੂੰ ਹੋਰ ਖਿਝਾਉਣ ਲੱਗਿਆ ਸੀ। ਬਸ ਇੱਕੋ ਗੱਲ ਫ਼ੜ ਰੱਖੀ ਸੀ, ਅਖੇ- "ਅਨਿਲ ਬਾਬੂ, ਜੁਆਕ ਦੀ ਸ਼ਕਲ ਜੇ ਤੇਰੇ 'ਤੇ ਚਲੀ ਗਈ, ਫਿਰ ...?"

ਅਨਿਲ ਨੇ ਪਹਿਲੇ ਬੋਲ ਹੀ ਕਹਿ ਦਿੱਤਾ ਕਿ ਉਹ ਬਲਕਰਨ ਨਾਲ ਸ੍ਰੀਨਗਰ ਜਾਵੇਗਾ। ਦੱਸਿਆ ਕਿ ਉਹ ਅੱਜ-ਕੱਲ੍ਹ ਉਦਾਸ ਰਹਿੰਦਾ ਹੈ।

ਬਲਕਰਨ ਹੱਸ ਕੇ ਕਹਿਣ ਲੱਗਿਆ- "ਭਾਬੀ ਤਾਂ ਗਈ ਹੋਈ ਐ। ਐਤਕੀ ਦੀ ਸਾਰੀ ਤਨਖਾਹ ਲੈ ਕੇ ਐਥੇ ਆ ਜਾਈਂ ਫਿਰ। ਐਥੋਂ ਈ ਚੱਲਾਂਗੇ।" ਤੇ ਫਿਰ ਦੱਸਿਆ-"ਤਿੰਨ ਦੀ ਸ਼ਾਮ ਨੂੰ ਚੱਲਾਂਗੇ। ਗੱਡੀ ਫੜਾਂਗੇ। ਸਵੇਰੇ ਜੰਮੂ ਪਹੁੰਚ ਜਾਵਾਂਗੇ। ਉੱਥੋਂ ਸਵੇਰੇ ਬਸਾਂ ਚੱਲਦੀਆਂ ਨੇ। ਬਾਰਾਂ ਘੰਟੇ ਦਾ ਰਾਹ ਐ। ਸ਼ਾਮ ਤੱਕ ਸ੍ਰੀਨਗਰ ਪਹੁੰਚ ਜਾਣੈ।"

ਉਹਨਾਂ ਨੂੰ ਯੂਥ ਹੋਸਟਲ ਵਿੱਚ ਠਹਿਰਾਇਆ ਗਿਆ। ਦੋ ਦਿਨ ਤਾਂ ਉਹ ਕਾਨਫ਼ਰੰਸ ਵਿੱਚ ਹੀ ਰੁੱਝੇ ਰਹੇ। ਸਵੇਰੇ ਸ਼ਾਮ ਦੋ-ਦੋ ਸ਼ੈਸ਼ਨ ਹੋਏ ਸਨ। ਦੋਵੇਂ ਦਿਨ ਕੋਈ ਵਿਹਲ ਨਹੀਂ ਮਿਲੀ ਕਿ ਉਹ ਕਿਧਰੇ ਬਾਹਰ ਜਾ ਸਕਣ। ਘੁੰਮ ਫਿਰ ਸਕਣ। ਦੁਪਹਿਰ ਸੀ। ਦੋ ਘੰਟੇ ਮਿਲਦੇ। ਰੋਟੀ ਖਾਂਦੇ ਤੇ ਸੌਂ ਜਾਂਦੇ। ਤੀਜੇ ਦਿਨ ਹੋਸਟਲ ਦਾ ਮੈਨੇਜਰ ਕਹਿੰਦਾ- "ਕਮਰਾ ਖ਼ਾਲੀ ਕਰ ਦਿਓ।"

"ਕਿਉਂ?"

"ਸ਼ਾਮ ਨੂੰ ਨਵੇਂ ਲੋਕ ਆ ਰਹੇ ਨੇ। ਤੁਹਾਡੀ ਬੁਕਿੰਗ ਕੱਲ੍ਹ ਰਾਤ ਤੱਕ ਸੀ।"

"ਅਸੀਂ ਤਾਂ ਇੱਕ ਰਾਤ ਹੋਰ ਠਹਿਰਨਾ ਚਾਹਵਾਂਗੇ।"

"ਕਿਸੇ ਹੋਟਲ ਵਿੱਚ ਇੰਤਜ਼ਾਮ ਕਰੋ ਆਪਣਾ। ਨਹੀਂ ਤਾਂ ਹਾਊਸ-ਬੋਟ ਬਹੁਤ ਮਿਲ ਜਾਣਗੇ।"

"ਕਿਰਾਇਆ ਕਮਰੇ ਦਾ ਅਸੀਂ ਖ਼ੁਦ ਦੇ ਦਿਆਂਗੇ।"

"ਕਿਰਾਏ ਦੀ ਗੱਲ ਨਹੀਂ, ਭਾਈ ਸਾਹਿਬ। ਇੱਕ ਵਾਰ ਕਹਿ ਦਿੱਤਾ ਹੈ, ਕਮਰਾ ਸ਼ਾਮ ਤੱਕ ਖ਼ਾਲੀ ਹੋ ਜਾਵੇ। ਦੂਜੇ ਲੋਕਾਂ ਦੀ ਬੁਕਿੰਗ ਹੈ।"

ਬਲਕਰਨ ਦੇ ਗੁੱਸੇ ਦਾ ਬੰਬ ਫਟਣ ਹੀ ਵਾਲਾ ਸੀ। ਅਨਿਲ ਨੇ ਕਹਿਣਾ ਸ਼ੁਰੂ ਕੀਤਾ- "ਮੈਨੇਜਰ ਸਾਹਿਬ, ਹੁਣ ਅਸੀਂ ਆਪਣਾ ਸਾਮਾਨ ਕਿੱਥੇ ਚੁੱਕਦੇ ਫਿਰਾਂਗੇ। ਅਸੀਂ ਇੱਕ ਦਿਨ ਹੋਰ ਰਹਿਣੈ। ਅੱਜ ਦੀ ਰਾਤ ਐਕਸਟੈਂਡ ਕਰ ਦਿਓ, ਪਲੀਜ਼।"

ਮੈਨੈਜਰ ਸਿਰ ਮਾਰਦਾ ਰਿਹਾ।

ਬਲਕਰਨ ਨੇ ਅੱਖਾਂ ਦੇ ਤੌਰ ਬਦਲੇ। ਗਰਦਨ ਸਿੱਧੀ ਕੀਤੀ। ਪੁੱਛਣ ਲੱਗਿਆ- "ਕਿਉਂ ਜੀ, ਜਿਸ ਕਮਰੇ ਵਿੱਚ ਉੱਪਰ ਅਸੀਂ ਠਹਿਰੇ ਹੋਏ ਆਂ, ਉਹਦੇ ਨਾਲ ਲੱਗਦੇ ਦੋ ਕਮਰੇ ਤਿੰਨ ਦਿਨਾਂ ਤੋਂ ਖ਼ਾਲੀ ਪਏ ਨੇ। ਓਥੇ ਠਹਿਰਾ ਦਿਓ ਨਵੇਂ ਲੋਕਾਂ ਨੂੰ।"

"ਨਹੀਂ ਸਾਹਿਬ, ਉਹ ਵੀ.ਆਈ.ਪੀਜ਼. ਲਈ ਰਿਜ਼ਰਵ ਨੇ।"

"ਵੀ.ਆਈ.ਪੀਜ਼. ਲਈ ਤਾਂ ਸਾਰਾ ਸ੍ਰੀਨਗਰ ਸੁੰਨਾ ਪਿਐ। ਵੀ.ਆਈ.ਪੀਜ਼. ਇੱਥੇ ਆ ਕੇ ਕੌਣ ਠਹਿਰਦੈ?" ਅਸੀਂ ਅੱਜ ਦੀ ਰਾਤ ਵੀ ਏਥੇ ਈ ਠਹਿਰਾਂਗੇ। ਅਸੀਂ ਸਟੇਟ ਗੈਸਟ ਆਂ। ਸਾਨੂੰ ਚਿੱਠੀਆਂ ਪਾ ਕੇ ਸੱਦਿਆ ਗਿਐ।" ਕਹਿ ਕੇ ਬਲਕਰਨ ਦਫ਼ਤਰੋਂ ਬਾਹਰ ਆ ਗਿਆ। ਅਨਿਲ ਨੂੰ ਕਹਿੰਦਾ- "ਚੱਲ ਤੁਰ, ਪਹਿਲਗਾਮ ਚੱਲਦੇ ਆਂ। ਇਹਨੂੰ ਦੇਖਾਂਗੇ, ਕੀ ਕਰਦੈ?"

ਮੈਨੇਜਰ ਚੁੱਪ ਬੈਠਾ ਉਹਨੂੰ ਦੇਖਦਾ-ਸੁਣਦਾ ਜਾ ਰਿਹਾ ਸੀ।

ਪਹਿਲਗਾਮ ਤੋਂ ਉਹ ਸ਼ਾਮ ਨੂੰ ਮੁੜੇ। ਦੁਪਹਿਰ ਦੀ ਰੋਟੀ ਓਥੇ ਹੀ ਖਾਧੀ। ਇੱਕ ਪੰਜਾਬੀ ਹੋਟਲ ਸੀ। ਹੋਟਲ ਵਾਲਿਆਂ ਨੇ ਤੰਦੂਰ ਦੀਆਂ ਰੋਟੀਆਂ ਪਰੋਸ ਦਿੱਤੀਆਂ। ਬਲਕਰਨ ਨੇ ਉਤਲੀਆਂ ਦੋ ਗਰਮ ਰੋਟੀਆਂ ਚੁੱਕ ਕੇ ਥੱਲੇ ਵਾਲੀਆਂ ਠੰਡੀਆਂ ਰੋਟੀਆਂ ਨੌਕਰ ਨੂੰ ਮੋੜ ਦਿੱਤੀਆਂ। ਕਹਿੰਦਾ- "ਅਹਿਨਾਂ ਨੂੰ ਤਾਂ ਰੱਖੇ ਆਪਣੇ ਕੋਲ ਈ। ਬੇਹੀਆਂ ਸਾਡੇ ਵਾਸਤੇ ਈ ਸੰਭਾਲ ਰੱਖੀਆਂ ਸੀ?" ਹੋਟਲ ਦਾ ਮਾਲਕ ਸਰਦਾਰ ਕਹਿਰ ਭਰੀਆਂ ਅੱਖਾਂ ਨਾਲ ਉਹਨਾਂ ਵੱਲ ਝਾਕਣ ਲੱਗਿਆ।

ਨੌਕਰ ਨੇ ਦੋ ਰੋਟੀਆਂ ਲਿਆਂਦੀਆਂ ਤਾਂ ਇੱਕ ਚੁੱਕ ਕੇ ਬਲਕਰਨ ਕਹਿੰਦਾ "ਯਾਰ, ਕੱਚਾ ਆਟਾ ਤਾਂ ਨ੍ਹੀਂ ਖਵੌਣਾ। ਰਾੜ੍ਹ ਕੇ ਲਿਆ।"

ਨੌਕਰ ਰੋਟੀ ਵਾਪਸ ਲੈ ਕੇ ਜਾਣ ਤੋਂ ਝਿਜਕ ਰਿਹਾ ਸੀ।

ਬਲਕਰਨ ਰੁੱਖਾ ਹੋ ਕੇ ਕੜਕਿਆ- "ਓਏ, ਲੈ ਜਾ ਤਾਇਆ!" ਤੇ ਫਿਰ ਉਹਨੇ ਮਾਲਕ, ਨੂੰ ਸੁਣਾ ਕੇ ਕਿਹਾ- "ਸਰਦਾਰ ਜੀ, ਰੋਟੀ ਤਾਂ ਚੱਜ ਨਾਲ ਖਵਾ ਦਿਓ। ਐਡੀ ਦੂਰੋਂ ਚੱਲ ਕੇ ਆਏ ਆਂ। ਤੁਹਾਡੇ ਪੰਜਾਬੀ ਭਰਾ ਆਂ।"

"ਮਾਲਕ ਖੀਂ-ਖੀਂ ਕਰਕੇ ਹੱਸਿਆ, ਪਰ ਉਹਦੀਆਂ ਅੱਖਾਂ ਵਿੱਚ ਗਿਲਾ ਸੀ। ਖੱਸੀ ਜਿਹਾ ਗੁੱਸਾ। ਉਹਨੇ ਲਾਂਗਰੀ ਮੁੰਡੇ ਨੂੰ ਹੋਕਰਾ ਮਾਰਿਆ ਤੇ ਫਿਰ ਇੱਕ ਕਾਗ਼ਜ਼ ਉੱਤੇ ਅੱਖਾਂ ਟਿਕਾ ਲਈਆਂ। ਕੋਈ ਹਿਸਾਬ ਜਿਹਾ ਕਰਨ ਲੱਗ ਪਿਆ ਜਾਂ ਉਂਝ ਹੀ ਉਹਨਾਂ ਵੱਲੋਂ ਬੇਧਿਆਨ ਹੋ ਗਿਆ ਹੋਵੇਗਾ।

ਬਾਕੀ ਰੋਟੀਆਂ ਪੂਰੀਆਂ ਰੜ੍ਹੀਆਂ ਹੋਈਆਂ ਆਉਣ ਲੱਗੀਆਂ।

ਰੋਟੀ ਖਾ ਕੇ ਸੌਂਫ ਚੱਬਦੇ ਉਹ ਹੋਟਲ ਵਿੱਚੋਂ ਬਾਹਰ ਆਏ ਤਾਂ ਅਨਿਲ ਕਹਿੰਦਾ- "ਰੋਟੀ ਖਾ ਕੇ ਸੁਆਦ ਆ ਗਿਆ। ਤੂੰ ਵੀ ਹੱਦ ਐਂ, ਯਾਰ। ਹਰ ਥਾਂ ਆਢ੍ਹਾ ਲਾ ਕੇ ਬਹਿ ਜਾਨੈਂ। ਪਰ ਇੱਕ ਗੱਲੋਂ ਤੇਰਾ ਸੁਭਾਅ ਵਧੀਆ ਰਹਿੰਦੈ। ਮੈਂ 'ਕੱਲਾ ਹੁੰਦਾ ਤਾਂ ਕੱਚੀਆਂ ਪਿੱਲੀਆਂ ਖਾ ਕੇ ਈ ਉੱਠ ਖੜ੍ਹਦਾ।" "ਦੇਖਿਆ ਫਿਰ" ਬਲਕਰਨ ਚੀਖਵਾਂ ਠਹਾਕਾ ਮਾਰ ਕੇ ਹੱਸਿਆ।

ਉਹ ਵਾਪਸੀ ਲਈ ਬੱਸ ਵਿੱਚ ਬੈਠੇ ਤਾਂ ਬਲਕਰਨ ਨੇ ਆਪਣੇ ਕਾਲਜ ਦੀਆਂ ਗੱਲਾਂ ਛੇੜ ਲਈਆਂ। ਦੱਸਣ ਲੱਗਿਆ- "ਸਾਡੇ ਇੱਕ ਕਮਿਸਟਰੀ ਦਾ ਲੈਚਕਰਾਰ ਐ, ਭਾਰਦਵਾਜ। ਬਜ਼ੁਰਗ ਬੰਦਾ ਐ। ਮੈਂ ਬੜੀ ਇੱਜ਼ਤ ਕਰਿਆ ਕਰਾਂ ਉਹਦੀ। ਜਦੋਂ ਵੀ ਮਿਲਦਾ, ਪਹਿਲਾਂ ਹੱਥ ਜੋੜ ਕੇ ਨਮਸਕਾਰ ਕਰਨੀ। ਉਂਝ ਸਟਾਫ਼ ਰੂਮ ਚ ਕਿੰਨਾ ਹੱਸੀ ਖੇਡੀ ਜਾਈਦੈ, ਮੈਂ ਉਹਨੂੰ ਕਦੇ ਮਜ਼ਾਕ ਨਹੀਂ ਕੀਤਾ ਸੀ। ਜਦੋਂ ਵੀ ਕੋਈ ਮੈਨੂੰ ਬਾਹਰੋਂ ਮਿਲਣ ਆਇਆ ਕਰੇ, ਭਾਰਦਵਾਜ ਪੁੱਛਦਾ ਇਹ ਕਾਮਰੇਡ ਕੌਣ ਸੀ? ਮੇਰੇ ਕੋਲ ਦੋਸਤ ਮਿੱਤਰ ਮਿਲਣ ਔਂਦੇ ਈ ਰਹਿੰਦੇ ਐ। ਸਕੂਲ ਟੀਚਰ, ਯੂਨੀਅਨ-ਵਰਕਰ, ਲੇਖਕ-ਦੋਸਤ ਆਰਟਿਸਟ ਲੋਕ। ਪਹਿਲਾਂ-ਪਹਿਲਾਂ ਮੈਂ ਸਮਝਿਆ, ਭਾਰਦਵਾਜ ਮੇਰੇ ਵਿੱਚ ਦਿਲਚਸਪੀ ਲੈਂਦੈ। ਇਹ ਅਗਾਂਹਵਧੂ ਖ਼ਿਆਲਾਂ ਦਾ ਹੋਵੇਗਾ, ਪਰ ਇੱਕ ਦਿਨ ਖਚਰੀ ਜਿਹੀ ਹਾਸੀ ਹੱਸ ਕੇ ਮੈਨੂੰ ਪੁੱਛਣ ਲੱਗਿਆ-ਅੱਜ ਨ੍ਹੀਂ ਆਇਆ ਕੋਈ ਕਾਮਰੇਡ? ਮੈਂ ਕਿਹਾ ਮਤਲਬ? ਉਹ ਫਿਰ ਹੱਸਿਆ ਤੇ ਫਿਰ ਹੱਸਦਾ-ਹੱਸਦਾ ਹੀ ਚੁੱਪ ਹੋ ਗਿਆ। ਰਜਿਸਟਰ ਵਿੱਚ ਮੁੰਡੇ-ਕੁੜੀਆਂ ਦੀ ਹਾਜ਼ਰੀ ਭਰਨ ਲੱਗਿਆ। ਮੈਂ ਗੱਲ ਨੂੰ ਵਿੱਚੇ ਪੀ ਗਿਆ। ਮੇਰੀ ਨਿਗਾਹ ਭਾਰਦਵਾਜ ਵਿੱਚ। ਦੋਸਤ ਸਟਾਫ਼-ਰੂਮ ਤੋਂ ਬਾਹਰ ਹੋਇਆ। ਭਾਰਦਵਾਜ ਝੱਟ ਬੋਲ ਉੱਠਿਆ "ਇਹ ਕਿਹੜਾ ਕਾਮਰੇਡ ਸੀ?" ਮੈਂ ਕੁਰਸੀ ਤੋਂ ਬੁੜ੍ਹਕਿਆ- "ਇਹ ਤੇਰੀ ਕੁੜੀ ਦਾ ਖਸਮ ਸੀ। ਭੈਣ ਦਾ ਯਾਰ ਨਾ ਹੋਵੇ।" ਭਾਰਦਵਾਜ ਦੀਆਂ ਬੋਦੀਆਂ ਨੂੰ ਮੈਂ ਹੱਥ ਪਾਇਆ ਹੀ ਸੀ ਕਿ ਪ੍ਰੋਫ਼ੈਸਰ ਗਰੇਵਾਲ ਮੇਰੇ ਉੱਤੇ ਇੱਲ ਵਾਂਗ ਝਪਟ ਪਿਆ। ਜੱਫਾ ਮਾਰ ਕੇ ਮੈਨੂੰ ਬਾਹਰ ਲੈ ਗਿਆ। ਮੈਂ ਉੱਚੀ-ਉੱਚੀ ਬੋਲ ਰਿਹਾ ਸੀ- "ਹੁਣ ਬੋਲ ਓਏ, ਕੁੱਤਿਆ। ਤੇਰੀਆਂ ਰਗ਼ਾਂ ਨਾ ਮਲ਼ੀਆਂ ਤਾਂ ਮੈਨੂੰ ਜੱਟ ਦਾ ਪੁੱਤ ਕੌਣ ਆਖੂ।" ਭਾਰਦਵਾਜ ਖੜ੍ਹਾ ਕੰਬ ਰਿਹਾ ਸੀ ਤੇ ਫਿਰ ਗੱਲ ਹੋਈ ਬੀਤੀ। ਅਸੀਂ ਕਈ ਦਿਨ ਨਾ ਬੋਲੇ। ਹੁਣ ਭਾਰਦਵਾਜ ਨੇ ਮੇਰੇ ਨਾਲ ਦੋਸਤੀ ਬਣਾ ਰੱਖੀ ਐ। ਹੁਣ ਉਹ ਮੈਨੂੰ ਨਮਸਕਾਰ ਕਰਦੈ।"

ਉਹ ਯੂਥ ਹੋਸਟਲ ਪਹੁੰਚੇ ਤਾਂ ਹਨੇਰਾ ਹੋ ਚੁੱਕਿਆ ਸੀ। ਉਹ ਮੈਨੇਜਰ ਦੇ ਦਫ਼ਤਰ ਨਹੀਂ ਗਏ। ਕੰਟੀਨ ਵਿੱਚ ਰੋਟੀ ਖਾਧੀ ਤੇ ਕਮਰੇ ਵਿੱਚ ਆ ਗਏ। ਮੈਨੇਜਰ ਦਾ ਕੋਈ ਬੰਦਾ ਉਹਨਾਂ ਦੇ ਕਮਰੇ ਵਿੱਚ ਨਹੀਂ ਆਇਆ। ਅਨਿਲ ਸਵੇਰ ਤੋਂ ਹੀ ਡਰਦਾ ਰਿਹਾ ਸੀ, ਮੈਨੇਜਰ ਪਤਾ ਨਹੀਂ ਕੀ ਸਲੂਕ ਕਰੇਗਾ। ਉਹ ਸੌਣ ਤੋਂ ਪਹਿਲਾਂ ਕਮਰੇ ਵਿੱਚ ਪਿਆ ਸੋਚਣ ਲੱਗਿਆ, ਬਲਕਰਨ ਪਹਿਲੇ ਦਿਨੋਂ ਹੀ ਕਿੱਡਾ ਅੜਬ ਆਦਮੀ ਹੈ। ਹਰ ਗੱਲ ਉੱਤੇ ਅੜ ਜਾਂਦਾ ਹੈ। ਹੱਥੋ-ਪਾਈ ਕਰਨ ਲਈ ਵੀ ਤਿਆਰ ਰਹਿੰਦਾ ਹੈ। ਅਸਲ ਵਿੱਚ ਤਾਂ ਜ਼ਮਾਨੇ ਵਿੱਚ ਅਜਿਹੇ ਲੋਕਾਂ ਦੀ ਹੀ ਕਦਰ ਹੈ। ਅੜਬ ਬੰਦੇ ਤੋਂ ਹਰ ਕੋਈ ਭੈਅ ਖਾਂਦਾ ਹੈ। ਅਨਿਲ ਸੋਚ ਰਿਹਾ ਸੀ, ਇੱਕ ਏਧਰ ਮੈਂ ਹਾਂ, ਜਿਸ ਤੋਂ ਚਾਂਦੀ ਰਾਮ ਹੀ ਠੀਕ ਨਹੀਂ ਹੁੰਦਾ।

ਅਨਿਲ ਨੂੰ ਯਾਦ ਆਇਆ, ਜਦੋਂ ਉਹ ਕਾਲਜ ਵਿੱਚ ਪੜ੍ਹਦੇ ਸਨ, ਉਹਨਾਂ ਦਿਨਾਂ ਵਿੱਚ ਵੀ ਬਲਕਰਨ ਕਿੰਨੇ ਹੀ ਮੁੰਡਿਆਂ ਨਾਲ ਲੜਿਆ ਸੀ। ਨਿੱਕੀ ਜਿਹੀ ਗੱਲ ਹੁੰਦੀ ਤੇ ਉਹ ਦੂਰ੍ਹੋ-ਦੂਰ੍ਹੀ ਹੋ ਜਾਂਦਾ। ਹੋਰ ਤਾਂ ਹੋਰ, ਉਹ ਦੂਜੇ ਮੁੰਡਿਆਂ ਦੀ ਖ਼ਾਤਰ ਵੀ ਆਪਣੀ ਹਿੱਕ ਡਾਹ ਦਿੰਦਾ ਸੀ। ਇੱਕ ਵਾਰ ਬਲਕਰਨ ਉਹਦੇ ਨਾਲ ਵੀ ਖਹਿਬੜ ਪਿਆ ਸੀ। ਹੁਣ ਉਹਨੂੰ ਇਹ ਯਾਦ ਨਹੀਂ ਕਿ ਉਹ ਗੱਲ ਕੀ ਸੀ। ਬਲਕਰਨ ਉਹਦੇ ਨਾਲ ਇੱਕ ਹਫ਼ਤਾ ਨਹੀਂ ਬੋਲਿਆ ਸੀ। ਘੁੱਟਿਆ-ਵੱਟਿਆ ਜਿਹਾ ਰਿਹਾ ਸੀ ਤੇ ਫਿਰ ਉਸਨੇ ਖ਼ੁਦ ਹੀ ਅਨਿਲ ਨੂੰ ਬੁਲਾ ਲਿਆ ਸੀ। ਬੀ.ਏ. ਫਾਈਨਲ ਦੇ ਇਮਤਿਹਾਨਾਂ ਵਿੱਚ ਵੀ ਉਹ ਲੜੇ ਹੋਏ ਸਨ। ਉਹਨਾਂ ਦਿਨਾਂ ਵਿੱਚ ਉਹ ਕਾਲਜ-ਹੋਸਟਲ ਛੱਡ ਕੇ ਰਾਘੇ ਮਾਜਰੇ ਦੇ ਨਾਹਰ ਭਵਨ ਵਿੱਚ ਆ ਚੁੱਕੇ ਸਨ ਤੇ ਇੱਕੋ ਕਮਰੇ ਵਿੱਚ ਰਹਿੰਦੇ ਸਨ, ਪਰ ਬੋਲਦੇ ਨਹੀਂ ਸਨ। ਕਮਰੇ ਦੇ ਜਿੰਦਰੇ ਦੀਆਂ ਦੋ ਚਾਬੀਆਂ ਸਨ। ਰੋਟੀ ਹੋਟਲ ’ਤੇ ਜਾ ਕੇ ਖਾਂਦੇ। ਜਦੋਂ ਕਿਸੇ ਦਾ ਦਿਲ ਕਰਦਾ, ਇਕੱਲਾ ਰੋਟੀ ਖਾ ਆਉਂਦਾ। ਚਾਹ ਸਟੋਵ ਉੱਤੇ ਕਮਰੇ ਵਿੱਚ ਬਣਾਉਂਦੇ। ਅਨਿਲ ਚਾਹ ਬਣਾਉਂਦਾ ਤਾਂ ਗਿਲਾਸ ਚੁੱਪ ਕੀਤਾ ਹੀ ਬਲਕਰਨ ਮੂਹਰੇ ਰੱਖ ਦਿੰਦਾ। ਬਲਕਰਨ ਵੀ ਇੰਝ ਹੀ ਕਰਦਾ। ਚੁੱਪ-ਚਪੀਤੇ ਹੀ ਪੜ੍ਹਦੇ ਜਾ ਰਹੇ ਸਨ। ਚੁੱਪ-ਚਪੀਤੇ ਹੀ ਪੇਪਰ ਦਿੱਤੇ ਜਾ ਰਹੇ ਸਨ। ਕਦੇ ਕਿਸੇ ਨੇ ਇੱਕ ਦੂਜੇ ਨੂੰ ਨਹੀਂ ਪੁੱਛਿਆ-ਦੱਸਿਆ ਸੀ ਕਿ ਤੇਰਾ ਪੇਪਰ ਕਿਹੋ ਜਿਹਾ ਹੋ ਗਿਆ ਹੈ ਜਾਂ ਮੇਰਾ ਪੇਪਰ ਕਿਹੋ ਜਿਹਾ ਹੋ ਗਿਆ। ਕਮਰਾ ਛੱਡਣ ਵਾਲੇ ਦਿਨ ਉਹ ਗੱਲਾਂ ਕਰਨ ਲੱਗੇ ਸਨ। ਨਹਾ ਧੋ ਕੇ ਤੇ ਪੂਰੀ ਸ਼ੁਕੀਨੀ ਲਾ ਕੇ ਬਾਜ਼ਾਰ ਗਏ ਸਨ। ਇਕੱਠਿਆਂ ਨੇ ਫੋਟੋ ਖਿਚਵਾਈ ਸੀ। ਤਿੰਨ ਵਜੇ ਵਾਲਾ ਫ਼ਿਲਮ ਸ਼ੋਅ ਦੇਖਿਆ ਸੀ।

ਯੂਥ ਹੋਸਟਲ ਵਿੱਚ ਦੂਜੇ ਦਿਨ ਉਹ ਸਦੇਹਾਂ ਹੀ ਉੱਠੇ ਸਨ। ਲੈਟਰਿਨ-ਬੁਰਸ਼ ਤੋਂ ਬਾਅਦ ਨਹਾਤੇ ਸਨ ਤੇ ਫਟਾ ਫਟ ਤਿਆਰ ਹੋ ਕੇ ਲਾਲ ਚੌਕ ਨੂੰ ਚੱਲ ਪਏ ਸਨ। ਬੱਸ ਫ਼ੜੀ ਸੀ। ਪਹਿਲਾਂ ਸਿੱਧੇ ਸ਼ਾਲੀਮਾਰ ਬਾਗ਼ ਪਹੁੰਚੇ। ਓਥੋਂ ਵਾਪਸੀ ਉੱਤੇ ਨਿਸ਼ਾਤ ਬਾਗ, ਚਸ਼ਮਾ ਸ਼ਾਹੀ ਤੇ ਫਿਰ ਨਹਿਰੂ ਪਾਰਕ ਦੇਖ ਕੇ ਡਲ-ਲੇਕ ਉੱਤੇ ਆ ਗਏ। ਸਤੰਬਰ ਦਾ ਮਹੀਨਾ ਸੀ। ਦੁਪਹਿਰ ਢਲ ਰਹੀ ਸੀ। ਉਹ ਜਾ ਕੇ ਖੜ੍ਹੇ ਹੀ ਸਨ, ਕਿੰਨੇ ਸਾਰੇ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ। ਇਹ ਸਭ ਸ਼ਿਕਾਰਿਆਂ ਵਾਲੇ ਸਨ। ਹਰ ਕੋਈ ਆਪਣੇ ਸ਼ਿਕਾਰੇ ਲਈ ਕਹਿ ਰਿਹਾ ਸੀ। ਆਪਣੇ ਸ਼ਿਕਾਰੇ ਵੱਲ ਉਂਗਲ ਕਰਕੇ ਉਹਦੀ ਤਾਰੀਫ਼ ਕਰ ਰਿਹਾ ਸੀ। ਉਹ ਚੁੱਪ ਖੜ੍ਹੇ ਸਨ। ਕੁਝ ਵੀ ਨਹੀਂ ਦੱਸ ਰਹੇ ਸਨ। ਆਖ਼ਰ ਇੱਕ ਤੋਂ ਬਲਕਰਨ ਨੇ ਪੁੱਛ ਲਿਆ- "ਕਿੰਨੇ ਰੁਪਏ?"

"ਕਹਾਂ ਤੱਕ ਜਾਓਗੇ?" ਸ਼ਿਕਾਰੇ ਵਾਲੇ ਨੇ ਪੁੱਛਿਆ। ਉਹਦੀ ਚਾਲੀ ਕੁ ਸਾਲ ਦੀ ਉਮਰ ਹੋਵੇਗੀ। ਮਧਰਾ ਪਤਲਾ ਸਰੀਰ।

"ਚਾਰ ਚਿਨਾਰੀ ਚੱਲਣੈ।" ਬਲਕਰਨ ਨੇ ਦੱਸਿਆ।

"ਦੋ ਘੰਟੇ ਲੱਗ ਜਾਏਂਗੇ, ਸਾਅਬ।"

"ਠੀਕ ਐ।"

"ਪੈਂਤੀਸ ਰੁਪਏ।"

ਉਹ ਅੱਗੇ ਨੂੰ ਤੁਰ ਗਏ।

"ਆਪ ਕਿਤਨਾ ਦੇਂਗੇ?" ਸ਼ਿਕਾਰੇ ਵਾਲਾ ਮਗਰੋਂ ਬੋਲਿਆ।

"ਰੁਪਏ ਪੰਦਰਾਂ ਦੇਵਾਂਗੇ। ਬੋਲ, ਹੈ ਸਲਾਹ?" ਬਲਕਰਨ ਨੇ ਪੈਰ ਰੱਖ ਕੇ ਗੱਲ ਕੀਤੀ।

"ਨਹੀਂ ਸਾਅਬ, ਦੋ ਘੰਟੇ ਲਗੇਂਗੇ। ਚਲੋ, ਤੀਸ ਦੇ ਦੇਨਾ।"

"ਨਹੀਂ। ਬਲਕਰਨ ਸਿਰ ਮਾਰ ਰਿਹਾ ਸੀ। ਮੁਸਕਰਾ ਵੀ ਰਿਹਾ ਸੀ।"

"ਅੱਛਾ ਚਲੋ, ਪੱਚੀਸ ਦੇ ਦੋ। ਅਬ ਤੋ ਠੀਕ ਹੈ ਨਾ? ਆਓ ਬੈਠੋ।" ਸ਼ਿਕਾਰੇ ਵਾਲਾ ਡਲ ਗੇਟ ਦੀਆਂ ਪੌੜੀਆਂ ਉਤਰਨ ਲੱਗਿਆ। ਉਹਦਾ ਸ਼ਿਕਾਰਾ ਸਾਹਮਣੇ ਪਾਣੀ ਵਿੱਚ ਖੜ੍ਹਾ ਸੀ।

ਬਲਕਰਨ ਨੇ ਅਨਿਲ ਨਾਲ ਗੱਲ ਕੀਤੀ ਤੇ ਸ਼ਿਕਾਰੇ ਵਾਲੇ ਨੂੰ ਵੀਹ ਆਖ ਦਿੱਤਾ। ਅਖ਼ੀਰ ਉਹਨਾਂ ਦਾ ਸੌਦਾ ਬਾਈ ਰੁਪਏ ਉੱਤੇ ਟੁੱਟ ਗਿਆ। ਉਹ ਸ਼ਿਕਾਰੇ ਵਿੱਚ ਜਾ ਬੈਠੇ। ਚੱਪੂ ਵੱਜਣ ਲੱਗਿਆ। ਉਹ ਸ਼ਿਕਾਰਿਆਂ ਦੀ ਬਸਤੀ ਵਿੱਚੋਂ ਬਾਹਰ ਹੋਏ ਤੇ ਖੁੱਲ੍ਹੇ ਥਾਂ ਆ ਕੇ ਉਹਨਾਂ ਨੂੰ ਇੱਕ ਅਜੀਬ ਮਜ਼ਾ ਆਉਣ ਲੱਗਿਆ। ਜਿਵੇਂ ਹੰਸ ਦੀ ਸਵਾਰੀ ਕਰ ਰਹੇ ਹੋਣ। ਉਹਨਾਂ ਨੇ ਇੱਕ ਕੁੜੀ ਦੀ ਗੱਲ ਤੋਰ ਲਈ। ਸਾਧਾਰਨ ਗੱਲਾਂ ਵਿੱਚ ਇਹ ਕੁੜੀ ਪਤਾ ਨਹੀਂ ਕਿੱਧਰੋਂ ਆ ਟਪਕੀ ਸੀ ਤੇ ਫਿਰ ਉਹ ਕਸ਼ਮੀਰੀ ਕੁੜੀਆਂ ਦੀਆਂ ਗੱਲਾਂ ਕਰਨ ਲੱਗੇ। ਅਨਿਲ ਨੇ ਉਹਨਾਂ ਦੇ ਭੋਲ਼ੇ-ਭਾਲ਼ੇ ਸਾਫ਼ ਸ਼ੱਫ਼ਾਫ਼ ਚਿਹਰਿਆਂ ਦੀ ਤਾਰੀਫ਼ ਕੀਤੀ।

ਬਲਕਰਨ ਕਹਿੰਦਾ- "ਕਸ਼ਮੀਰ ਦੀ ਕੁੜੀ ਕਸ਼ਮੀਰ ਦਾ ਅੰਬਰੀ ਸੇਬ ਈ ਐ ਬਸ।"

"ਇੱਕ ਗੱਲ ਹੋਰ ਦੇਖੀ, ਯਾਰ ਮੈਂ ਏਥੇ .." ਅਨਿਲ ਕਹਿਣ ਲੱਗਿਆ।

"ਕੀ?"

"ਸ੍ਰੀਨਗਰ ਦੇ ਬਾਜ਼ਾਰਾਂ ਵਿੱਚ ਮੈਂ ਇੱਕ ਵੀ ਕਿਸੇ ਕੁੜੀ ਜਾਂ ਔਰਤ ਨੂੰ ਦੇਖ ਕੇ ਕੋਈ ਆਵਾਜ਼ ਕੱਸਦੇ ਨਹੀਂ ਸੁਣਿਆ। ਓਧਰ ਸਾਡੇ ਸ਼ਹਿਰਾਂ 'ਚ ਤਾਂ ਰੇੜ੍ਹੀਆਂ 'ਤੇ ਆਲੂ ਗੰਢੇ ਵੇਚਣ ਵਾਲੇ ਵੀ ਪਤੰਦਰ ਨੇ। ਦੁਅਰਥੇ ਬੋਲ ਕੱਢ-ਕੱਢ ਹੋਕਾ ਦੇਣਗੇ।"

ਉਹ ਹੱਸਣ ਲੱਗੇ। ਰਾਹ ਵਿੱਚ ਇੱਕ ਰੈਸਟ-ਹਾਊਸ ਆਇਆ। ਇਹ ਝੀਲ ਦੇ ਐਨ ਵਿਚਕਾਰ ਹੈ। ਸਾਹਮਣੇ ਹੀ ਚਾਰ ਚਿਨਾਰੀ ਦਿਸ ਰਹੀ ਸੀ। ਵੱਧ ਤੋਂ ਵੱਧ, ਦਸ ਬਾਰਾਂ ਮਿੰਟ ਦਾ ਫ਼ਾਸਲਾ ਹੋਵੇਗਾ। ਸ਼ਿਕਾਰੇ ਵਾਲੇ ਨੇ ਚੱਪੂ ਮਾਰਨਾ ਬੰਦ ਕਰਕੇ ਉੱਚੀ ਆਵਾਜ਼ ਵਿੱਚ ਕਿਹਾ- "ਸਾਅਬ ਏਕ ਘੰਟਾ ਗੁਜ਼ਰ ਗਿਆ, ਏਕ ਘੰਟਾ ਵਾਪਸੀ ਕਾ। ਆਪ ਕਾ ਟਾਈਮ ਪੂਰਾ ਹੋ ਚੁੱਕਾ। ਅਬ ਫ਼ਾਲਤੂ ਪੈਸਾ ਦੇਨਾ ਹੋਗਾ।"

ਬਾਈ ਰੁਪਏ ਚਾਰ-ਚਿਨਾਰੀ ਪਹੁੰਚਣ ਦੇ ਕੀਤੇ ਨੇ, ਦੋ ਘੰਟਿਆਂ ਦੇ ਨਹੀਂ। ਬਲਕਰਨ ਨੇ ਧੀਮੇ ਭਾਵ ਨਾਲ ਜਵਾਬ ਦਿੱਤਾ। "ਨਹੀਂ ਹਜ਼ੂਰ, ਟਾਈਮ ਹੋ ਗਿਆ ਆਪਕਾ। ਐਕਸਟਰਾ ਪੇਮੈਂਟ ਹੋਗੀ ਅਬ।"

“ਓਏ ਖ਼ਾਨ, ਤੂੰ ਇਹ ਇੰਗਲਿਸ਼ ਫਿੰਗਲਿਸ਼ ਜਹੀ ਬੋਲ ਕੇ ਡਰਾ ਨਾ ਸਾਨੂੰ। ਸਿੱਧਾ ਹੋ ਕੇ ਚਾਰ-ਚਿਨਾਰੀ ਚੱਲ। ਨੋ ਐਕਸਟਰਾ ਪੇਮੈਂਟ। ਕਹਿ ਦਿੱਤਾ।”

ਸ਼ਿਕਾਰਾ ਠਹਿਰ ਗਿਆ।

ਸ਼ਿਕਾਰੇ ਵਾਲਾ ਜ਼ਿੱਦ ਉੱਤੇ ਆ ਗਿਆ ਸੀ। ਕਹਿ ਰਹਿ ਸੀ। ਹਮ ਹਰਾਮ ਕੀ ਕਮਾਈ ਨਹੀਂ ਖਾਤਾ ਬਾਬੂ। ਹੱਕ ਹਲਾਲ ਕੀ ਕਮਾਈ ਖਾਤਾ ਹੈ। ਮਿਹਨਤ ਕਰਤਾ ਹੈ। ਮਜ਼ਦੂਰੀ ਕਰਤਾ ਹੈ। ਪੈਸਾ ਦੇਣਾ ਪੜੇਗਾ।

“ਇਕ ਕੈਂਚੀ ਲੈ ਲੈ, ਲੋਕਾਂ ਦੀਆਂ ਜੇਬਾਂ ਕੱਟਿਆ ਕਰ। ਕਮਾਈ ਤਾਂ ਉਹ ਵੀ ਐ। ਚੱਲ, ਬਾਈ ਰੁਪਏ ਈ ਮਿਲਣਗੇ।" ਬਲਕਰਨ ਵੀ ਤਿੱਖਾ ਹੋ ਗਿਆ।

“ਕਿਉਂ ਨਹੀਂ ਦੇਗਾ?”

“ਚਾਰ ਚਿਨਾਰੀ ਲੈ ਕੇ ਚੱਲ ਪਹਿਲਾਂ। ਵਾਪਸ ਡਲ-ਗੇਟ ਜਾ ਕੇ ਪੇਮੈਂਟ ਕਰੂੰਗਾ। ਹੁਣ ਤੈਨੂੰ ਪੁਲਿਸ ਦੀ ਮਾਰਫ਼ਤ ਪੈਸੇ ਦਿਆਂਗਾ। ਤੂੰ ਸਮਝਦਾ ਕੀਹ ਐਂ? ਚੱਲ ਤੋਰ ਸ਼ਿਕਾਰਾ।"

"ਸ਼ਿਕਾਰਾ ਨਹੀਂ ਚੱਲੇਗਾ।"

"ਤਾਂ ਖੜ੍ਹਾ ਰਹਿ ਏਥੇ ਈ।"

"ਕਯਾ ਪਤਾ ਤੁਮਾਰਾ ਰੀਕਾਰਡ ਕੈਸਾ ਹੈ, ਪੁਲਿਸ ਕੀ ਮਾਰਫ਼ਤ ਪੈਸੇ ਦੇਗਾ।” ਸ਼ਿਕਾਰੇ ਵਾਲੇ ਨੇ ਬਲਕਰਨ ਦਾ ਮੂੰਹ ਚਿੜਾਇਆ।

“ਹੁਣੇ ਦਿਖਾਵਾਂ ਤੈਨੂੰ ਆਪਣਾ ਰਿਕਾਰਡ?" ਬਲਕਰਨ ਖੜ੍ਹਾ ਹੋ ਗਿਆ।

"ਤੁਮ ਹਮਾਰਾ ਪੇਟ ਕਿਉਂ ਕਾਟਤਾ ਹੈ?” ਬਲਕਰਨ ਉਸ ਤੋਂ ਵੀ ਵੱਧ ਗੁੱਸੇ ਵਿੱਚ ਸੀ। ਅਨਿਲ ਕੁਝ ਨਹੀਂ ਬੋਲ ਰਿਹਾ ਸੀ। ਸਹਿਮਿਆ ਬੈਠਾ ਸੀ। ਉਹਨੂੰ ਡਰ ਸੀ, ਕਿਤੇ ਝਗੜਾ ਵਧ ਨਾ ਜਾਵੇ, ਝੀਲ ਦੇ ਐਨ ਵਿੱਚ ਉਹ ਖੜ੍ਹੇ ਸਨ। ਅਨਿਲ ਨੂੰ ਲੱਗਿਆ, ਸ਼ਿਕਾਰੇ ਵਾਲਾ ਸਾਲ਼ਾ ਕਿਧਾਰੇ ਸ਼ਿਕਾਰਾ ਹੀ ਨਾ ਉਲਟਾ ਦੇਵੇ ਤੇ ਉਹ ਝੀਲ ਵਿੱਚ ਡੁੱਬ ਕੇ ਮਰ ਜਾਣ। ਉਹਨੂੰ ਯਾਦ ਆਇਆ, ਪੰਜਾਬ ਵਿੱਚ 'ਸੁਥਰੇ' ਹੁੰਦੇ ਹਨ, ਡੰਡਾ ਵਜਾ ਕੇ ਮੰਗਣ ਵਾਲੇ। ਸੁਥਰਾ ਕਿਸੇ ਦੁਕਾਨ ਉੱਤੇ ਅੜ ਜਾਵੇ ਕਿ ਪੈਸਾ ਲੈ ਕੇ ਹੀ ਹਿੱਲਣਾ, ਦੁਕਾਨਕਾਰ ਕੁਝ ਵੀ ਨਾ ਦੇ ਰਿਹਾ ਹੋਵੇ ਤਾਂ ਸੁਥਰਾ ਆਪਣੇ ਮੱਥੇ ਵਿੱਚ ਹੀ ਕਿੱਲ ਮਾਰ ਕੇ ਆਪਣੇ ਆਪ ਨੂੰ ਲਹੂ-ਲੁਹਾਣ ਕਰ ਲੈਂਦਾ ਹੈ। ਉਹਨੇ ਬਲਕਰਨ ਨੂੰ ਕਹਿਣਾ ਚਾਹਿਆ ਕਿ ਚੱਲ ਛੱਡ ਯਾਰ, ਦੋ ਰੁਪਏ ਹੋਰ ਦੇ ਦਿਆਂਗੇ ਇਹਨੂੰ। ਪਰ ਉਹਦੀਆਂ ਲਾਲ ਅੱਖਾਂ ਤੇ ਮੂੰਹ ਵਿੱਚੋਂ ਅੱਗ ਵਰ੍ਹਦੀ ਦੇਖ ਕੇ ਉਹਦਾ ਹੌਸਲਾ ਹੀ ਨਾ ਪਿਆ ਕਿ ਉਹ ਬਲਕਰਨ ਨੂੰ ਕੋਈ ਸੁਝਾਓ ਦੇ ਸਕੇ। ਉਹਨੂੰ ਇਹ ਵੀ ਡਰ ਸੀ, ਕਿਤੇ ਉਹ ਉਹਦੇ ਹੀ ਗਲ ਨਾ ਪੈ ਜਾਵੇ। ਉਹਨੇ ਉੱਠ ਕੇ ਸ਼ਿਕਾਰੇ ਵਾਲੇ ਨੂੰ ਹੀ ਅਰਜ਼ ਜਿਹੀ ਕੀਤੀ "ਤੁਮ ਚਲੋ ਭਾਈ, ਚਾਰ ਚਿਨਾਰੀ ਤੋਂ ਪਹੁੰਚੋ।"

ਸ਼ਿਕਾਰਾ ਦੁਬਾਰਾ ਚੱਲਣ ਲੱਗਿਆ। ਅਨਿਲ ਆਪਣੀ ਥਾਂ ਉੱਤੇ ਆ ਕੇ ਬੈਠਾ ਤਾਂ ਬਲਕਰਨ ਨੇ ਭਲੇਮਾਣਸਾਂ ਵਾਂਗ ਸ਼ਿਕਾਰੇ ਵਾਲੇ ਨੂੰ ਕਿਹਾ- “ਖ਼ਾਨ ਤੂੰ ਸਾਡਾ ਮੂਡ ਖ਼ਰਾਬ ਨਾ ਕਰ। ਚਾਰ-ਚਿਨਾਰੀ ਪਹੁੰਚ। ਓਥੇ ਜਾ ਕੇ ਗੱਲ ਕਰਦੇ ਆਂ ਤੇਰੇ ਨਾਲ।”

ਚਾਰ-ਚਿਨਾਰੀ ਜਾ ਕੇ ਉਹ ਸਾਰੇ ਤੁਰੇ-ਫਿਰੇ, ਇੱਕ-ਇੱਕ ਪਿਆਲਾ ਕੌਫ਼ੀ ਦਾ ਵੀ ਪੀਤਾ, ਵੀਹ ਮਿੰਟ ਗੁਜ਼ਰ ਚੁੱਕੇ ਸਨ। ਅਨਿਲ ਮਲਵੀਂ ਜਿਹੀ ਜੀਭ ਨਾਲ ਵਾਰ-ਵਾਰ ਬਲਕਰਨ ਨੂੰ ਯਾਦ ਕਰਵਾ ਰਿਹਾ ਸੀ- “ਚੱਲ ਉੱਠ ਯਾਰ! ਟਾਈਮ ਨੂੰ ਲੈ ਕੇ ਇਹ ਫਿਰ ਝਗੜਾ ਪਾਊ।"

“ਤੂੰ ਚੁੱਪ ਰਹਿ। ਮੈਂ ਆਪੇ ਨਿਬੜੂੰ ਇਹਦੇ ਨਾਲ। ਇਹ ਬਦੇਸ਼ੀ ਟੂਰਿਸਟਾਂ ਨੂੰ ਲੁੱਟਣ ਗਿੱਝੇ ਨੇ, ਭੈਣ ਦੇ... ਜਾਂ ਹਨੀਮੂਨ 'ਤੇ ਆਏ ਜੋੜੇ ਇਨ੍ਹਾਂ ਤੋਂ ਮਾਰ ਖਾ ਜਾਂਦੇ ਨੇ। ਦੇਖੀਂ ਸਹੀ, ਇੱਕ ਦਸੀ ਵੀ ਵੱਧ ਨਹੀਂ ਦੇਣੀ ਇਹਨੂੰ ਮੈਂ।"

ਉਹ ਸ਼ਿਕਾਰੇ ਵਿੱਚ ਆ ਕੇ ਬੈਠੇ। ਸ਼ਿਕਾਰੇ ਵਾਲਾ ਚੁੱਪ-ਚਾਪ ਚੱਪੂ ਮਾਰਨ ਲੱਗਿਆ ਤੇ ਫਿਰ ਥੋੜ੍ਹੀ ਦੂਰ ਜਾ ਕੇ ਉਹ ਗਾਈਡ ਦਾ ਰੋਲ ਵੀ ਅਦਾ ਕਰਨ ਲੱਗ ਪਿਆ। ਆਸੇ-ਪਾਸੇ ਦੀਆਂ ਬਿਲਡਿੰਗਾਂ ਬਾਰੇ ਦੱਸਦਾ ਜਾ ਰਿਹਾ ਸੀ। ਬਲਕਰਨ ਉਹਦਾ ਹੁੰਗਾਰਾ ਭਰਦਾ। ਕਦੇ-ਕਦੇ ਉਹ ਅਨਿਲ ਵੱਲ ਝਾਕਦਾ ਤੇ ਮੁਸਕਰਾਉਂਦਾ ਤੇ ਫਿਰ ਸ਼ਿਕਾਰੇ ਵਾਲਾ ਚੁੱਪ ਹੋ ਗਿਆ। ਉਹ ਦੋਵੇਂ ਆਪਣੀਆਂ ਗੱਲਾਂ ਕਰਨ ਲੱਗੇ। ਡਲ-ਗੇਟ 'ਤੇ ਆ ਕੇ ਉਹ ਸ਼ਿਕਾਰੇ ਵਿੱਚੋਂ ਉੱਤਰੇ। ਬਲਕਰਨ ਨੇ ਆਪਣੀ ਪੈਂਟ ਦੀ ਹਿੱਪ-ਪਾਕਿਟ ਵਿੱਚੋਂ ਬਟੂਆ ਕੱਢਿਆ। ਬਾਈ ਰੁਪਏ ਗਿਣ ਕੇ ਸ਼ਿਕਾਰੇ ਵਾਲੇ ਵੱਲ ਵਧਾਏ। ਉਹਨੇ ਚੁੱਪ ਕਰਕੇ ਨੋਟ ਫੜ ਲਏ। ਗਿਣੇ ਵੀ ਨਹੀਂ। ਨਾ ਹੀ ਬਲਕਰਨ ਵੱਲ ਉਹ ਝਾਕਿਆ।

ਬਲਕਰਨ ਨੇ ਪੁਲ ਉੱਤੇ ਆ ਕੇ ਆਪਣਾ ਮਖ਼ਸੂਸ ਚੀਕਵਾਂ ਠਹਾਕਾ ਮਾਰਿਆ ਤੇ ਅਨਿਲ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ- “ਕਿਉਂ ਦੇਖਿਆ, ਇਹ ਦੁਨੀਆ ਜੁੱਤੀ ਦੀ ਯਾਰ ਐ। ਫੜ ਲਏ ਨਾ ਚੁੱਪ ਕਰਕੇ ਬਾਈ ਰੁਪਈਏ ਈ। ਜਿੱਥੇ ਵੀ ਤੁਹਾਨੂੰ ਗਲਤ ਲੱਗਦੈ, ਬਸ ਜੁੱਤੀ ਕੱਢ ਲਓ, ਤਦੇ ਜਿਉਂ ਸਕਦੇ ਓ। ਨਹੀਂ ਤਾਂ ਕੁੱਤਿਆਂ ਬਿੱਲਿਆਂ ਵਰਗੀ ਜੂਨ ਸਾਰੇ ਭੋਗੀ ਈ ਜਾਂਦੇ ਨੇ। ਦੁਨੀਆ ਡਰਦਿਆਂ ਨੂੰ ਡਰੌਂਦੀ ਐ।”

ਅਗਲੀ ਸਵੇਰ ਯੂਥ ਹੋਸਟਲ ਵਿੱਚੋਂ ਕਮਰਾ ਛੱਡਣ ਵੇਲੇ ਉਹ ਪੌੜੀਆਂ ਉੱਤਰ ਰਹੇ ਸਨ। ਮੈਨੇਜਰ ਆਪਣੇ ਦਫ਼ਤਰ ਵਿੱਚ ਬੈਠਾ ਸੀ। ਮੋਢੇ ਏਅਰ ਬੈਗ ਲਟਕਾਈ ਤੇ ਹਿੱਕ ਕੱਢ ਕੇ ਦੜਦੜਾਉਂਦਾ ਬਲਕਰਨ ਉਹਦੇ ਸਾਹਮਣੇ ਜਾ ਖੜ੍ਹਾ। ਕਹਿੰਦਾ- “ਦੋ ਰਾਤਾਂ ਵੱਧ ਅਸੀਂ ਰਹੇ ਆ, ਜਨਾਬ। ਪੇਮੈਂਟ ਦੱਸੋ, ਕਿੰਨੀ ਕਰੀਏ।"

ਮੈਨੇਜਰ ਮੁਸਕਰਾ ਰਿਹਾ ਸੀ। ਕਹਿੰਦਾ- “ਤੁਹਾਡੇ ਲਈ ਮੈਂ ਤਿੰਨ ਦਿਨ ਹੋਰ ਐਕਸਟੈਂਡ ਕਰ ਦਿੱਤੇ ਸਨ। ਮੈਂ ਖ਼ੁਦ ਈ ਡਾਇਰੈਕਟਰ ਸਾਹਿਬ ਨੂੰ ਫ਼ੋਨ ਕਰ ਲਿਆ ਸੀ। ਤੁਸੀਂ ਇੱਕ ਰਾਤ ਹੋਰ ਠਹਿਰ ਸਕਦੇ ਓ।"

ਬਲਕਰਨ ਦੇ ਚਿਹਰੇ ਉੱਤੇ ਹੁਣ ਮਾਸੂਮੀਅਤ ਦਾ ਰੰਗ ਸੀ।

ਸ਼ਾਮ ਤੱਕ ਉਹ ਜੰਮੂ ਪਹੁੰਚ ਗਏ ਤੇ ਫਿਰ ਰਾਤ ਦੀ ਐਕਸਪ੍ਰੈਸ ਗੱਡੀ ਲੈ ਕੇ ਤੜਕੇ ਸੂਰਜ ਚੜ੍ਹਦੇ ਨੂੰ ਪਟਿਆਲੇ। ਪਟਿਆਲੇ ਤੋਂ ਤੁਰਨ ਵੇਲੇ ਅਨਿਲ ਫਿਰ ਉਦਾਸ ਹੋ ਗਿਆ। ਬਲਕਰਨ ਨੇ ਉਹਦਾ ਮੋਢਾ ਝੰਜੋੜਿਆ। ਕਹਿੰਦਾ- “ਰੰਗੜਊ ਰੱਖਿਆ ਕਰ। ਮੁਰਦਿਆਂ ਵਾਂਗੂੰ ਜਿਊਣ ਦਾ ਕੀ ਮਤਲਬ? ਤੇ ਨਾਲੇ ਰਾਮੁਪਰਾ ਫੂਲ ਤੋਂ ਬਾਹਰ ਵੀ ਨਿੱਕਲ। ਐਵੇਂ ਨਾ ਓਥੇ ਬੈਠਾ ਸੜੀ ਜਾਹ। ਕਿਸੇ ਲੰਡੇ-ਲਾਟ ਦੀ ਪਰਵਾਹ ਨਾ ਕਰ। ਠੋਹਕਰ ਮਾਰ ਕੇ ਤੁਰਿਆ ਕਰ।"

ਅਨਿਲ ਘਰ ਪਹੁੰਚਿਆ। ਉਸ ਦਿਨ ਤਾਂ ਆਰਾਮ ਹੀ ਕੀਤਾ। ਥਕੇਵਾਂ ਉਤਾਰਿਆ। ਦੂਜੇ ਦਿਨ ਦਫ਼ਤਰ ਗਿਆ। ਸਭ ਨੂੰ ਹੱਸ-ਹੱਸ ਮਿਲਿਆ। ਹਰ ਕੋਈ ਉਹਨੂੰ ਕਸ਼ਮੀਰ ਬਾਰੇ ਪੁੱਛ ਰਿਹਾ ਸੀ। ਚਾਂਦੀ ਰਾਮ ਸੁਣੀ ਜਾਂਦਾ ਸੀ। ਅਜੇ ਤੱਕ ਬੋਲਿਆ ਕੁਝ ਨਹੀਂ ਸੀ ਤੇ ਫਿਰ ਉਹ ਬਣਾ ਸੰਵਾਰ ਕੇ ਕਹਿਣ ਲੱਗਿਆ- “ਦੰਦ ਵੀ ਸਿੱਧੇ ਕਰਵਾ ਲਿਉਣੇ ਸੀ, ਅਨਿਲ ਬਾਬੂ!"

ਅਨਿਲ ਕਰੰਟ ਲੱਗਣ ਵਾਂਗ ਕੁਰਸੀ ਤੋਂ ਬੁੜਕਿਆ, ਇੱਕ ਪੈਰ ਵਿੱਚੋਂ ਰਕਾਬੀ ਲਾਹੀ ਤੇ ਪੂਰੇ ਜ਼ੋਰ ਨਾਲ ਚਾਂਦੀ ਰਾਮ ਵੱਲ ਵਗਾਹ ਮਾਰੀ। ਤਲੇ ਉੱਤੇ ਖੁਰੀਆਂ ਲੱਗੀਆਂ ਹੋਈਆਂ ਸਨ। ਸਾਰੇ ਦਫ਼ਤਰ ਵਿੱਚ ਰੌਲਾ ਪੈ ਗਿਆ। ਚਾਂਦੀ ਰਾਮ ਦੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ। ਉਹ ਬਿੰਦੇ-ਬਿੰਦੇ ਥੁੱਕਦਾ ਤੇ ਅਨਿਲ ਨੂੰ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢ ਰਿਹਾ ਸੀ। ਦੋ ਬਾਬੂ ਅਨਿਲ ਨੂੰ ਬਾਹਾਂ ਤੋਂ ਫੜ ਕੇ ਬਾਹਰ ਲੈ ਗਏ। ਉਹਦੇ ਵਿੱਚ ਜਿਵੇਂ ਕੋਈ ਪ੍ਰੇਤ ਆ ਵੜਿਆ ਹੋਵੇ। ਉਹ ਦੰਦ ਪੀਹ ਰਿਹਾ ਸੀ। ਵਾਰ ਵਾਰ ਕਹਿੰਦਾ ਸੀ- "ਓਏ ਤੁਸੀਂ ਮੈਨੂੰ ਛੱਡ ਤਾਂ ਦਿਓ। ਮੈਂ ਚਾਂਦੀ ਰਾਮ ਦੇ ਮੂਹਰਲੇ ਦੰਦ ਕੱਢਣੇ ਨੇ, ਬੱਸ।"

ਦਫ਼ਤਰ ਦਾ ਹਰ ਬੰਦਾ ਹੈਰਾਨ ਸੀ। ਅਨਿਲ ਵਿੱਚ ਐਨਾ ਸਾਹਸ ਆ ਕਿੱਧਰੋਂ ਗਿਆ? ਤੇ ਫਿਰ ਤੀਜੇ-ਚੌਥੇ ਦਿਨ ਹੀ ਬਾਬੂ ਲੋਕਾਂ ਨੇ ਅਨਿਲ ਤੇ ਚਾਂਦੀ ਰਾਮ ਨੂੰ ਇਕੱਠਾ ਕੀਤਾ। ਚਾਹ ਪੀਤੀ ਗਈ ਤੇ ਦੋਵਾਂ ਦੇ ਹੱਥ ਮਿਲਾ ਦਿੱਤੇ। ਦੋਵੇਂ ਹੀ ਮੁਸਕਰਾ ਰਹੇ ਸਨ। |

ਉਹ ਦਿਨ, ਸੋ ਉਹ ਦਿਨ, ਮੁੜ ਕੇ ਕਿਸੇ ਨੇ ਅਨਿਲ ਨੂੰ ਮਜ਼ਾਕ ਨਹੀਂ ਕੀਤਾ। ਸਾਰੇ ਹੀ ਡਰਨ ਲੱਗੇ, ਇਹਦਾ ਕੀਹ ਐ ...।◆