੫.

ਮਨੁਖ ਜਦ ਪਾਪ ਕਰਨ ਪਰ ਉਤਰਦਾ ਏ ਤਾਂ ਹੌਸਲੇ ਨਾਲ ਆਪਣੇ ਆਲੇ ਦੁਆਲੇ ਤੋਂ ਬੇ ਪ੍ਰਵਾਹ ਹੋ ਕੇ ਜੁਟਿਆ ਰਹਿੰਦਾ ਏ। ਉਸ ਨੂੰ ਆਪਣੀ ਹੁਸ਼ਿਆਰੀ ਪਰ ਮਾਣ ਹੁੰਦਾ ਏ ਤੇ ਉਹ ਸਮਝਦਾ ਏ ਕਿ ਉਸ ਦੇ ਕੰਮਾਂ ਨੂੰ ਕੋਈ ਵੇਖ ਨਹੀਂ ਸਕੇਗਾ। ਉਹ ਨਹੀਂ ਸਮਝਦਾ ਕਿ ਘਟ ਘਟ ਦੀ ਜਾਨਣ ਵਾਲਾ ਪ੍ਰਮਾਤਮਾ ਉਸ ਦੀਆਂ ਸਾਰੀਆਂ ਕਰਤੂਤਾਂ ਵੇਖ ਰਿਹਾ ਏ ਤੇ ਕਿਸੇ ਸਮੇਂ ਭੀ ਮਨੁਖੀ ਹਿਰਦੇ ਵਿਚ ਬਹਿ ਕੇ ਉਨ੍ਹਾਂ ਦਾ ਭਾਂਡਾ ਭੰਨ ਸਕਦਾ ਹੈ। ਮਨੁਖ ਨੂੰ ਪਤਾ ਤਦ ਹੀ ਲਗਦਾ ਏ ਜਦ ਅਚਾਨਕ ਉਸ ਦੀਆਂ ਕਰਤੂਤਾਂ ਦਾ ਭਾਂਡਾ ਭਜ ਜਾਂਦਾ ਏ। ਸ: ਹਰੀ ਸਿੰਘ ਨਲੂਏ ਦੀ ਮੌਤ ਦੀ ਇਤਲਾਹ ਮਹਾਰਾਜਾ ਸ਼ੇਰੇ ਪੰਜਾਬ ਨੂੰ ਨਾ ਦੇਣ ਵਿਚ ਧਿਆਨ ਸਿੰਘ ਦੀ ਗਹਿਰੀ ਚਾਲ ਸੀ, ਪਰ ਜਦ ਉਸ ਦਾ ਭਾਂਡਾ ਚੁਰਾਹੇ ਵਿਚ ਭਜ ਗਿਆ ਤਦ ਉਸ ਨੂੰ ਸ਼ਰਮ ਨਾਲ ਸਿਰ ਨੀਵਾਂ ਕਰਨਾ ਪਿਆ।

ਉਹ ਸਮਝਦਾ ਸੀ ਕਿ ਪੰਜਾਂ ਦਰਿਆਵਾਂ ਦੇ ਪਾਤਸ਼ਾਹ ਦੇ ਦਿਲ ਦਿਮਾਗ ਪਰ ਉਸ ਦਾ ਅਧਿਕਾਰ ਹੋ ਗਿਆ ਏ। ਇਤਨਾ ਵਡਾ ਨੀਤੀਵੇਤਾ ਹੋਣ ਦੇ ਬਾਵਜੂਦ ਸੁਆਰਥ ਵਿਚ ਉਸ ਨੂੰ ਇਸ ਗੱਲ ਦੀ ਸੋਝੀ ਨਹੀਂ ਸੀ ਰਹੀ ਕਿ ਪਾਤਸ਼ਾਹਾਂ ਦੀ ਤਬੀਅਤ ਦੋ ਧਾਰੀ ਤਲਵਾਰ ਹੁੰਦੀ ਏ ਤੇ ਉਸ ਦੇ ਉਲਟ ਜਾਣ ਦਾ ਕੋਈ ਪਤਾ ਨਹੀਂ ਹੁੰਦਾ ਹੁਣ ਜਦ ਸ਼ੇਰੇ ਪੰਜਾਬ ਤੋਂ ਇਸ ਤਰ੍ਹਾਂ ਝਿੜਕਾਂ ਤੇ ਮਾਰ ਪਈ ਤਦ ਕਿਤੇ ਜਾ ਕੇ ਉਸ ਨੂੰ ਇਸ ਗੱਲ ਦਾ ਅਨੁਭਵ ਹੋਇਆ। ਹੁਣ ਜਾ ਕੇ ਉਸ ਨੂੰ ਪਤਾ ਲਗਾ ਕਿ ਪਾਤਸ਼ਾਹ ਦੇ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਜਾ ਸਕਦੀ। ਉਸ ਨੂੰ ਇਹ ਭੀ ਖਤਰਾ ਭਾਸਣ ਲਗਾ। ਕਿ ਜੇ ਸ਼ੇਰੇ ਪੰਜਾਬ ਦਾ ਗੁਸਾ ਥੋੜਾ ਜਿਹਾ ਹੋਰ ਤੇਜ਼ ਹੋ ਗਿਆ। ਤਦ ਉਸਦੀ ਤੇ ਉਸ ਦੇ ਪਰਵਾਰ ਦੀ ਖ਼ੈਰ ਨਹੀਂ ਅਤੇ ਸਭ ਕੁਝ ਕੀਤਾ ਕਰਾਇਆ ਖੂਹ ਵਿਚ ਪੈ ਜਾਵੇਗਾ, ਇਸ ਲਈ ਉਸ ਨੇ ਆਪਣਾ ਤੇ ਆਪਣੇ ਪ੍ਰਵਾਰ ਭਲਾ ਵਧੇਰੇ ਵਫਾਦਾਰੀ ਪਰਗਟ ਕਰਨ ਵਿਚ ਹੀ ਸਮਝਿਆ। ਜਿਹਾ ਕਿ ਪਿਛਲੇ ਕਾਂਡ ਵਿਚ ਦੱਸਿਆ ਜਾ ਚਕਿਆ ਹੈ, ਸ਼ੇਰੇ ਪੰਜਾਬ ਤੋਂ ਝਾੜ ਖਾਣ ਪਿਛੋਂ ਰਾਜਾ ਧਿਆਨ ਸਿੰਘ, ਆਪਣੇ ਭਰਾ ਮੀਆਂ ਸੁਚੇਤ ਸਿੰਘ ਤੇ ਹੋਰ ਸਿਖ ਸਰਦਾਰਾਂ ਸਮੇਤ ਫੌਜ ਲੈ ਕੇ ਜਮਰੋਦ ਨੂੰ ਚਲ ਪਿਆ।

ਇਹ ਸਿਖ ਫੌਜ ਰਾਜਾ ਧਿਆਨ ਸਿੰਘ ਦੀ ਕਮਾਨ ਹੇਠ ਬੜੀ ਤੇਜ਼ੀ ਨਾਲ ਜਮਰੋਦ ਵਲ ਵਧ ਰਹੀ ਸੀ, ਜਦ ਕਿ ਹਜ਼ਾਰਾ ਦੇ ਮਕਾਮ ਪਰ ਫਤਹ ਖਾਂ ਅਫਗਾਨ ਨੇ ਮੁਸਲਮਾਨਾਂ ਨੂੰ ਦੀਨੀ ਯੁਧ ਦਾ ਚਕਮਾਂ ਦੇ ਕੇ ਇਕ ਤਕੜੀ ਧਾੜ ਇਕੱਠੀ ਕਰ ਲਈ ਤੇ ਖਾਲਸਾ ਫੌਜ ਦਾ ਰਸਤਾ ਰੋਕ ਲਿਆ ਪਰ ਕਿਥੇ ਰਾਜਾ ਭੋਜ ਤੇ ਕਿਥੇ ਗੰਗਾ ਤੇਲੀ, ਉਸ ਨੇ ਮੁਕਾਬਲਾ ਕੀ ਕਰਨਾ ਸੀ, ਖਾਲਸਾ ਫੌਜ ਦੀ ਮਾਰ ਅਗੇ ਉਹ ਕੁਝ ਘੰਟੇ ਵੀ ਨਾ ਠਹਿਰ ਸਕਿਆ ਤੇ ਫਤਹ ਦਾ ਡੰਕਾ ਵਜਾਉਂਦੀ ਹੋਈ ਸਿਖ ਫੌਜ ਅਗੇ ਵਧੀ। ਧਿਆਨ ਸਿੰਘ ਇਸ ਮੁਹਿੰਮ ਵਿਚ ਬੜੀ ਸਰਗਰਮੀ ਨਾਲ ਕੰਮ ਕਰ ਰਿਹਾ ਸੀ। ਲਸ਼ਕਰ ਵਿਚ ਫਿਰਕੇ ਆਪ ਹਦਾਇਤਾਂ ਦਿੰਦਾ ਤੇ ਫੌਜੀਆਂ ਦੇ ਹੌਸਲੇ ਵਧਾਉਂਦਾ ਰਿਹਾ।

ਜਮਰੌਦ ਦਾ ਕਿਲਾ ਤਾਂ ਨਲੂਆ ਸਰਦਾਰ ਜਿਤ ਹੀ ਗਿਆ ਸੀ ਪਰ ਚੂੰਕਿ ਕਿਲੇ ਵਿਚ ਸਿਖ ਫੌਜ ਦੀ ਗਿਣਤੀ ਥੋੜੀ ਸੀ, ਇਸ ਲਈ ਉਸ ਨੂੰ ਮੁਕੰਮਲ ਜਿਤ ਨਹੀਂ ਸਮਝਿਆ ਜਾ ਸਕਦਾ ਸੀ ਤੇ ਨਾਲ ਇਸ ਗੱਲ ਦਾ ਭੀ ਖਤਰਾ ਸੀ ਕਿ ਜੇ ਨਲੂਆ ਸਰਦਾਰ ਦੀ ਮੌਤ ਦੀ ਖਬਰ ਬਾਹਰ ਨਿਕਲ ਗਈ ਤਦ ਕਿ ਪਠਾਣੀ ਲਸ਼ਕਰ ਉਲਟ ਕੇ ਨਾ ਪੈ ਜਾਵੇ। ਇਸ ਕਰਕੇ ਸ:ਮਹਾਂ ਸਿੰਘ ਨੇ ਲਾਹੌਰ ਤੋਂ ਖਾਲਸਾ ਫੌਜ ਦੇ ਪੁਜਣ ਤਕ ਇਸ ਮੌਤ ਦੀ ਖਬਰ ਨੂੰ ਲੁਕਾਈ ਰਖਿਆ, ਪਰੰਤੂ ਜਦ ਫੌਜ ਕਿਲੇ ਦੇ ਅੰਦਰ ਪੁਜ ਗਈ ਤੇ ਕੋਈ ਖਤਰਾ ਬਾਕੀ ਨਾ ਰਿਹਾ ਤੇ ਨਲੂਏ ਸਰਦਾਰ ਦੀ ਮੌਤ ਦਾ ਭੇਦ ਖੋਲ੍ਹ ਦਿਤਾ ਗਿਆ।

ਅੱਜ ਸਿਖ ਫੌਜ ਦੇ ਬਹਾਦਰ ਜਰਨੈਲ ਸ:ਹਰੀ ਸਿੰਘ ਨਲੂਏ ਦੀ ਮੌਤ ਪਰ ਸਾਰਾ ਪੰਜਾਬ ਅਥਰੂ ਕੇਰ ਰਿਹਾ ਹੈ। ਸਰਹੱਦ ਵਿਚ ਤਾਂ ਖਾਸ ਤੌਰ ਪਰ ਹਲ-ਚਲੀ ਮਚੀ ਹੋਈ ਏ ਕਾਬਲ ਵਿਚ ਘਿਉ ਦੇ ਦੀਵੇ ਬਲ ਰਹੇ ਹਨ ਤੇ ਜਮਰੋਦ ਦੇ ਕਿਲੇ ਵਿਚ ਮਾਤਮ ਹੋ ਰਿਹਾ ਏ। ਪਠਾਣ ਹੱਥ ਮਲ ਰਹੇ ਹਨ ਕਿ ਜੋ ਇਸ ਮੌਤ ਦੀ ਖਬਰ ਉਹਨਾਂ ਨੂੰ ਪਹਿਲਾਂ ਮਿਲ ਜਾਂਦੀ ਤਾਂ ਉਹ ਕਿਲਾ ਸਿਖਾਂ ਪਾਸ ਕਦੇ ਭੀ ਨਾ ਰਹਿਣ ਦਿੰਦੇ, ਅਕਾਲ ਪੁਰਖ ਕਿਸੇ ਮਨੁਖ ਨੂੰ ਹੀ ਅਜੇਹਾ ਦਬਦਬਾ ਦਿੰਦਾ ਹੈ ਕਿ ਜਿਸ ਦਾ ਅਸਰ ਉਸ ਦੇ ਮਰਨ ਪਿਛੋਂ ਭੀ ਨਹੀਂ ਜਾਂਦਾ ਤੇ ਉਹਨਾਂ ਹੀ ਮਨੁਖਾਂ ਵਿਚੋਂ ਸੀ ਇਕ ਨਲੂਆ ਸਰਦਾਰ।

ਇਸ ਮੌਤ ਦਾ ਜਿੰਨਾ ਵਧੇਰੇ ਦੁਖ ਸ਼ੇਰੇ ਪੰਜਾਬ ਨੂੰ ਹੋਇਆ, ਸਾਰੀ ਜ਼ਿੰਦਗੀ ਵਿਚ ਉਹਨਾਂ ਨੂੰ ਇੰਨਾ ਦੁਖ ਕਾਸੇ ਦਾ ਨਹੀਂ ਹੋਇਆ। ਕਹਿੰਦੇ ਹਨ ਕਿ ਪੰਜਾਂ ਦਰਿਆਵਾਂ ਦਾ ਸ਼ੇਰ ਇਸ ਖਬਰ ਨਾਲ ਭੁਬਾਂ ਮਾਰ ਕੇ ਰੋਇਆ ਤੇ ਉਸ ਨੇ ਸਾਫ ਕਹਿ ਦਿਤਾ ਸੀ ਕਿ ਇਹ ਮੌਤ ਸਿਖ ਰਾਜ ਲਈ ਸਭ ਤੋਂ ਵੱਡੀ ਬਦ-ਸ਼ਗਣੀ ਹੈ, ਜਿਸ ਦਾ ਨਤੀਜਾ ਕਦੇ ਚੰਗਾ ਨਹੀਂ ਨਿਕਲ ਸਕਦਾ।

ਹਾਂ, ਅਸੀਂ ਕਹਿ ਰਹੇ ਸਾਂ ਕਿ ਰਾਜਾ ਧਿਆਨ ਸਿੰਘ ਹੁਣ ਵਧੇਰੇ ਰਾਜ-ਭਗਤੀ ਪਰਗਟ ਕਰਕੇ ਆਪਣੇ ਵਿਰੁਧ ਪੈਦਾ ਹੋਏ ਸ਼ੱਕ ਸ਼ੁਬਹਿਆਂ ਨੂੰ ਦੂਰ ਕਰਨ ਦੇ ਯਤਨਾਂ ਵਿਚ ਹੈ। ਧਿਆਨ ਸਿੰਘ ਜਮਰੋਦ ਵਿਚ ਨਲੂਏ ਸਰਦਾਰ ਦੀ ਲਾਸ਼ ਪਰ ਉਹ ਧਾਹਾਂ ਮਾਰ ਕੇ ਰੋ ਰਿਹਾ ਹੈ ਤੇ ਉਸ ਦੇ ਨਾਲ ਹੀ ਸੁਚੇਤ ਸਿੰਘ ਵਿਲਕ ਰਿਹਾ ਹੈ। ਬਾਕੀ ਸਿਖ ਸਰਦਾਰਾਂ ਤੇ ਸਿਖ ਫੌਜਾਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ, ਉਹਨਾਂ ਨੇ ਤਾਂ ਰੌਣਾ ਹੀ ਸੀ। ਆਖਰ ਸਿਖ ਰਾਜ ਦੇ ਇਸ ਥੰਮ ਦੇ ਸਸਕਾਰ ਦੀ ਤਿਆਰੀ ਹੋਈ। ਸ਼ਾਨਦਾਰ ਬੀਬਾਨ ਤਿਆਰ ਹੋਇਆ ਤੇ ਸ਼ਾਹੀ ਠਾਠ ਨਾਲ ਬਕੋਠ ਯਲਗਰ ਤਕ ਪੁਜਿਆ। ਰਾਜਾ ਧਿਆਨ ਸਿੰਘ ਤੇ ਉਸਦੇ ਸਾਥੀ ਅੱਖਾਂ ਤੋਂ ਅਥਰੂ ਵਹਾਉਂਦੇ ਹੋਏ ਨੰਗੇ ਸਿਰ ਨਾਲ ਜਾ ਰਹੇ ਸਨ। ਕਹਿੰਦੇ ਹਨ ਕਿ ਸਰਦਾਰ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਸ਼ੇਰੇ ਪੰਜਾਬ ਆਪ ਭੀ ਪੁਜ ਗਿਆ ਸੀ, ਪਰੰਤੂ ਡੋਗਰਾ ਸਰਦਾਰਾਂ ਪਰ ਹਾਲਾਂ ਉਸ ਦਾ ਇੰਨਾ ਗੁਸਾ ਸੀ ਕਿ ਉਹਨਾਂ ਨਾਲ ਉਸ ਨੇ ਗਲ ਤਕ ਨਾ ਕੀਤੀ।

ਰਾਜਾ ਧਿਆਨ ਸਿੰਘ ਆਪਣੀ ਰਾਜ-ਭਗਤੀ ਨੂੰ ਸਾਬਤ ਕਰਨ ਲਈ ਹੱਥ ਪੈਰ ਮਾਰ ਰਿਹਾ ਸੀ ਇਸ ਤੋਂ ਪਹਿਲਾਂ ਉਸ ਨੇ ਕੈਲਾਸ਼ ਦਾ ਕਿਲਾ ਭੀ ਜਿਤ ਲਿਆ ਸੀ ਤੇ ਪਿਸ਼ਾਵਰ ਦਾ ਸ਼ੋਰਸ਼ ਭੀ ਦਬਾ ਲਈ ਸੀ। ਨਲੂਏ ਸਰਦਾਰ ਦੇ ਸਸਕਾਰ ਤੋਂ ਵਿਹਲੇ ਹੋ ਕੇ ਉਸ ਨੇ ਅਫਗਾਨਿਸਤਾਨ ਤੇ ਪੰਜਾਬ ਦੀਆਂ ਸਰਹੱਦਾਂ ਨੂੰ ਤਕੜਾ ਤੇ ਅਜਿਤ ਕਰਨ ਵਲ ਧਿਆਨ ਦਿਤਾ। ਫੌਜ ਦੇ ਕੇ ਆਪਣੇ ਭਰਾ ਗੁਲਾਬ ਸਿੰਘ ਤੇ ਸੁਚੇਤ ਸਿੰਘ ਨੂੰ ਦਰਾ ਖ਼ੈਬਰ ਤਕ ਅਗਾਂਹ ਭੇਜ ਦਿਤਾ ਤੇ ਆਪ ਕਿਲਾ ਜਮਰੋਦ ਦੀ ਪਿਕਆਈ ਵਿਚ ਲਗ ਗਿਆ। ਦਰਾ ਖੈਬਰ ਵਿਚ ਤਕੜਾ ਘਮਸਾਨ ਮਚਿਆ ਪਰ ਖਾਲਸਾ ਜੀ ਦੀ ਤਲਵਾਰ ਅਗੇ ਪਠਾਣੀ ਠਹਿਰ ਨਹੀਂ ਸਕੇ ਤੇ ਸਿਰ ਤੇ ਪੈਰ ਰੱਖ ਕੇ ਭਜ ਗਏ।

ਹੁਣ ਧਿਆਨ ਸਿੰਘ ਨੇ ਕਿਲਾ ਜਮਰੋਦ ਨੂੰ ਪੱਕਿਆਂ ਕਰ ਲਿਆ ਸੀ ਪਰ ਇਹ ਕਿਲਾ ਹਮਲਿਆਂ ਦੀ ਰੋਕ ਥਾਮ ਲਈ ਕਾਫੀ ਮਲੂਮ ਨਹੀਂ ਸੀ, ਹੁੰਦਾ ਇਸ ਲਈ ਕਿਲਾ ਜਮਰੋਦ ਦੇ ਨੇੜੇ ਹੀ ਉਸ ਨੇ ਇਸ ਫਤਹ ਦੀ ਖੁਸ਼ੀ ਵਿਚ ਇਕ ਫਤਹ ਗੜ੍ਹ ਨਾਮੀ ਕਿਲਾ ਬਣਾਉਣਾ ਸ਼ੁਰੂ ਕੀਤਾ। ਇਸ ਕਿਲੇ ਦਾ ਕੰਮ ਧਿਆਨ ਸਿੰਘ ਨੇ ਬਹੁਤ ਫੁਰਤੀ ਨਾਲ ਕਰਵਾਇਆ। ਸਾਰੀ ਖਾਲਸਾ ਫੌਜ ਇਸ ਕੰਮ ਵਿਚ ਲਗ ਗਈ। ਧਿਆਨ ਸਿੰਘ ਲਈ ਆਪਣੇ ਮਾਲਕ ਦੀ ਵਫਾਦਾਰੀ ਦਾ ਸਬੂਤ ਦੇਣ ਦਾ ਇਹ ਸੁਨਹਿਰੀ ਸਮਾਂ ਸੀ ਤੇ ਉਸ ਨੇ ਇਹ ਸਬੂਤ ਦੇਣ ਲਈ ਆਪਣੇ ਹੱਥਾ ਨਾਲ ਕਿਲੇ ਦੀ ਉਸਾਰੀ ਲਈ ਇੱਟਾਂ ਢੋਹੀਆਂ। ਅਣਜਾਣ ਉਸਦੀ ਵਫਾਦਾਰੀ ਪਰ ਅਸ਼ ਅਸ਼ ਕਰ ਰਹੇ ਸਨ ਤੇ ਜਾਣਕਾਰ ਉਸ ਦੀ ਇਸ ਚਾਲ ਪਰ ਅੰਦਰ ਹੀ ਅੰਦਰ ਹੱਸ ਰਹੇ ਸਨ। ਸ਼ੇਰੇ ਪੰਜਾਬ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਨ ਤੇ ਸੱਚ ਤਾਂ ਇਹ ਹੈ ਕਿ ਧਿਆਨ ਸਿੰਘ ਇਹ ਸਭ ਕੁਝ ਕਰ ਹੀ ਉਹਨਾਂ ਨੂੰ ਵਿਖਾਉਣ ਲਈ ਰਿਹਾ ਹੈ। ਹੁਣ ਸ਼ੇਰੇ ਪੰਜਾਬ ਦਾ ਗੁਸਾ ਠੰਢਾ ਹੋ ਚੁਕਿਆ ਸੀ। ਉਹਨਾਂ ਨੂੰ ਨਲੂਏ ਦੀ ਮੌਤ ਇਕ ਤਕੜੀ ਸਾਜ਼ਸ਼ ਦਾ ਨਤੀਜਾ ਭਾਸਦੀ ਸੀ। ਉਸ ਦਾ ਦੂਰ-ਦਰਸ਼ੀ ਦਿਮਾਗ ਸਭ ਕੁਝ ਭਾਪ ਗਿਆ ਸੀ ਪਰ ਉਹ ਸਮਝਦਾ ਸੀ ਕਿ ਇਹ ਡੋਗਰੇ ਤੇ ਨਲੂਏ ਸਰਦਾਰ ਵਿਚ ਆਪਸ ਦੇ ਨਿਜੀ ਵੈਰ ਦਾ ਇਹ ਨਤੀਜਾ ਹੈ ਤੇ ਸਮੁਚੇ ਰਾਜ ਨਾਲ ਇਸ ਦਾ ਕੋਈ ਵਧੇਰੇ ਸਬੰਧ ਨਹੀਂ। ਇਹ ਸੋਚ ਕੇ ਮਹਾਰਾਜਾ ਨੇ ਇਸ ਸਵਾਲ ਨੂੰ ਨਜ਼ਰ ਅੰਦਾਜ਼ ਹੀ ਕਰ ਦਿਤਾ। ਫੇਰ ਸ਼ੇਰੇ ਪੰਜਾਬ ਪਾਸ ਇਸ ਦਾ ਕੋਈ ਸਬੂਤ ਨਹੀਂ ਸੀ ਕਹਿੰਦੇ ਹਨ ਕਿ ਇਸ ਗੱਲ ਦਾ ਸਾਰਾ ਭੇਤ ਪਿਛੋਂ ਕਰਨੈਲ ਬਿਜੈ ਸਿੰਘ ਡੋਗਰੇ ਨੇ ਖੋਲ੍ਹਿਆ ਪਰ ਸ਼ੇਰੇ ਪੰਜਾਬ ਦੇ ਕੰਨਾਂ ਤਕ ਇਹ ਗੱਲ ਗਈ ਕਿ ਨਹੀਂ....... ਇਸ ਦਾ ਪਤਾ ਨਹੀਂ ਮਿਲਦਾ।

ਹਾਂ, ਸਿਖ ਫੌਜ ਦਾ ਬਹਾਦਰ ਜਰਨੈਲ ਹਰੀ ਸਿੰਘ ਨਲੂਆ ਇਸ ਸੰਸਾਰ ਵਿਚ ਨਹੀਂ ਰਿਹਾ। ਅਕਾਲੀ ਫੂਲਾ ਸਿੰਘ ਨੁਸ਼ਿਹਰੇ ਦੀ ਜੰਗ ਵਿਚ ਇਸ ਤੋਂ ਪਹਿਲਾਂ ਹੀ ਸ਼ਹੀਦ ਹੋ ਚੁਕਿਆ ਸੀ।

ਹੁਣ ਰਾਜ ਦਰਬਾਰ ਵਿਚ ਰਾਜਾ ਧਿਆਨ ਸਿੰਘ ਤੇ ਖਾਲਸਾ ਫੌਜ ਵਿਚ ਉਸ ਦੇ ਭਰਾ ਗੁਲਾਬ ਸਿੰਘ ਤੇ ਸੁਚੇਤ ਸਿੰਘ ਦੀ ਹਰ ਪਾਸੇ ਤੂਤੀ ਬੋਲਦੀ ਸੀ। ਉਹਨਾਂ ਦੇ ਟਾਕਰੇ ਦਾ ਕੋਈ ਸਰਦਾਰ ਬਾਕੀ ਨਹੀਂ ਸੀ। ਰਾਜ ਦੀ ਅਸਲ ਤਾਕਤ ਇਸ ਸਮੇਂ ਧਿਆਨ ਸਿੰਘ ਦੇ ਹੱਥ ਵਿਚ ਸੀ। ਹੁਣ ਉਹ ਪੰਜਾਬ ਦਾ ਵੱਡਾ ਵਜ਼ੀਰ ਸੀ ਤੇ ਸਾਰੇ ਰਾਜ ਦੀ ਸਿਆਹੀ-ਸਫੈਦੀ ਉਸਦੇ ਵੱਸ ਵਿਚ ਸੀ। ਸ਼ਾਹੀ ਜ਼ਨਾਨ ਖ਼ਾਨੇ ਵਿਚ, ਜਿਥੇ ਜਾਣ ਲਈ ਰਾਜ ਕੁਮਾਰਾਂ ਨੂੰ ਭੀ ਘੰਟਿਆਂ ਬੱਧੀ ਖੜੇ ਰਹਿਣਾ ਪੈਂਦਾ ਸੀ, ਉਹ ਹਰ ਸਮੇਂ ਬਿਨਾਂ ਰੋਕ ਟੋਕ ਜਾ ਸਕਦਾ ਸੀ।

ਨਲੂਆ ਸਰਦਾਰ ਤਾਂ ਚਲ ਵਸਿਆ ਪਰ ਕਸ਼ੀਮਰ ਦੇ ਇਲਾਕੇ ਵਿਚ ਉਸ ਦੀ ਜਾਗੀਰ ਹਾਲਾਂ ਤੀਕ ਡੋਗਰੇ ਸਰਦਾਰਾਂ ਲਈ ਹਊਏ ਦਾ ਕਾਰਨ ਬਣੀ ਹੋਈ ਸੀ। ਕਾਰਨ ਇਹ ਕਿ ਗੁਲਾਬ ਸਿੰਘ ਕਸ਼ਮੀਰ ਤੇ ਉਤਰ ਪੱਛਮੀ ਇਲਾਕੇ ਪਰ ਨਿਗਾਹ ਲਾਈ ਬੈਠਾ ਸੀ ਤੇ ਨਲੂਏ ਸਰਦਾਰ ਦੀ ਉਹ ਜਾਗੀਰ ਕਿਸੇ ਸਮੇਂ ਭੀ ਉਸਦੇ ਇਸ ਇਰਾਦੇ ਵਿਚ ਰੋਕ ਪਾ ਸਕਦੀ ਸੀ। ਕਿਸ਼ੋਰ ਸਿੰਘ ਦੀ ਮੌਤ ਦੇ ਪਿਛੋਂ ਗੁਲਾਬ ਸਿੰਘ ਜਮੂੰ ਦਾ ਹਾਕਮ ਮੁਕੱਰਰ ਕੀਤਾ ਜਾ ਚੁਕਿਆ ਸੀ ਤੇ ਰਾਜ ਦਰਬਾਰ ਵਿਚੋਂ ਉਸ ਨੂੰ ਰਾਜਾ ਦਾ ਖ਼ਿਤਾਬ ਭੀ ਮਿਲ ਚੁਕਿਆ ਸੀ। ਇਸ ਸਮੇਂ ਤਿੰਨੇ ਭਰਾਵਾਂ ਨੂੰ ਰਾਜੇ ਦਾ ਖ਼ਿਤਾਬ ਮਿਲ ਗਿਆ ਹੋਇਆ ਸੀ। ਰਾਜਾ ਧਿਆਨ ਸਿੰਘ, ਰਾਜਾ ਗੁਲਾਬ ਸਿੰਘ ਤੇ ਰਾਜਾ ਸੁਚੇਤ ਸਿੰਘ ਤੇ ਰਾਜਾ ਧਿਆਨ ਸਿੰਘ ਦਾ ਪੁਤਰ ਰਾਜਾ ਹੀਰਾ ਸਿੰਘ।

ਹੁਣ ਡੋਗਰਾ ਸਰਦਾਰਾਂ ਦਾ ਧਿਆਨ ਨਲੂਏ ਸਰਦਾਰ ਦੀ ਜਾਗੀਰ ਦੀ ਜ਼ਬਤੀ ਵਲ ਹੋਇਆ। ਇਤਿਹਾਸਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਨਲੂਏ ਸਰਦਾਰ ਦਾ ਪੁਤਰ ਕੋਈ ਨਹੀਂ ਸੀ ਤੇ ਉਸ ਨੇ ਸ: ਮਹਾਂ ਸਿੰਘ ਨੂੰ ਮੁਤਬੰਨਾ ਬਣਾਇਆ ਹੋਇਆ ਸੀ। ਉਸ ਸ਼ੇਰ ਜਰਨੈਲ ਦੀ ਜ਼ਿੰਦਗੀ ਵਿਚ ਤਾਂ ਕਿਸੇ ਨੂੰ ਹੌਸਲਾ ਨਹੀਂ ਸੀ ਕਿ ਉਸ ਦੇ ਸਾਹਮਣੇ ਅੱਖ ਕਰਕੇ ਕੋਈ ਗੱਲ ਕਹਿ ਸਕੇ ਪਰ ਮੌਤ ਦੇ ਪਿਛੋਂ ਡੋਗਰੇ ਭਰਾਵਾਂ ਸ਼ੇਰੇ ਪੰਜਾਬ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ ਤੇ ਉਸਦੀ ਜਾਇਦਾਦ ਦੀ ਜ਼ਬਤੀ ਦੇ ਹੁਕਮ ਰਾਜ ਦਰਬਾਰ ਵਿਚੋਂ ਜਾਰੀ ਕਰਵਾਉਣ ਵਿਚ ਸਫਲ ਹੋ ਗਏ।

ਇਹ ਰਾਜਾ ਧਿਆਨ ਸਿੰਘ ਤੇ ਉਸ ਦੇ ਭਰਾਵਾਂ ਦੀ ਇਕ ਬਹੁਤ ਵੱਡੀ ਸਫਲਤਾ ਸੀ। ਇਸ ਨਾਲ ਇਕ ਪਾਸੇ ਉਹਨਾਂ ਦੇ ਹੌਸਲੇ ਤੇ ਦਬ ਦਬਾ ਬਹੁਤ ਵਧ ਗਿਆ ਤੇ ਦੂਜੇ ਪਾਸੇ ਦਰਬਾਰ ਦੇ ਸਾਰੇ ਸਰਦਾਰਾਂ ਦੇ ਦਿਲ ਢਹਿ ਗਏ। ਉਹ ਸੋਚਣ ਲਗੇ ਕਿ ਜਦ ਨਲੂਏ ਸਰਦਾਰ ਦੇ ਵਾਰਸਾਂ ਨਾਲ ਅਜੇਹੀ ਤੋਤਾ-ਚਿਸ਼ਮੀ ਹੋ ਸਕਦੀ ਹੈ ਤਾਂ ਉਹ ਕਿਸ ਪਾਣੀ ਹਾਰ ਹਨ। ਉਹਨਾਂ ਨੂੰ ਆਪਣੀ ਭਲਾਈ ਡੋਗਰਾ ਸਰਦਾਰਾਂ ਦੇ ਸਾਹਮਣੇ ਦਬ ਕੇ ਰਹਿਣ ਵਿਚ ਹੀ ਨਜ਼ਰ ਆਉਣ ਲਗੀ। ਉਹ ਇਸ ਗੱਲ ਨੂੰ ਭਲੀ ਪ੍ਰਕਾਰ ਸਮਝਦੇ ਸਨ ਕਿ ਸਿਖ ਦਰਬਾਰ ਵਿਚ ਡੋਗਰਾ ਸਰਦਾਰਾਂ ਦਾ ਇਹ ਜ਼ੋਰ ਰਾਜ ਲਈ ਲਾਭਵੰਦਾ ਨਹੀਂ ਹੋ ਸਕਦਾ ਪਰ ਸ਼ੇਰੇ ਪੰਜਾਬ ਦੇ ਕਿਰਪਾ-ਪਾਤਰ ਡੋਗਰਿਆ ਦੇ ਸਾਹਮਣੇ ਕਿਸੇ ਦੀ ਦਮ ਮਾਰਨ ਦੀ ਵੀ ਸ਼ਕਤੀ ਨਹੀਂ ਸੀ ਤੇ ਸ਼ੇਰੇ ਪੰਜਾਬ ਉਸ ਦੇ ਸਾਹਮਣੇ ਅੱਖ ਉਚੀ ਕਰਨ ਦਾ ਤਾਂ ਕੋਈ ਨਾਢੂ ਖਾਂ ਹੌਸਲਾ ਭੀ ਨਹੀਂ ਸੀ ਕਰ ਸਕਦਾ। ਉਹ ਡੋਗਰਾ ਸਰਦਾਰ ਜਿਹੜੇ ਸਤਲੁਜ ਤੋਂ ਲੈ ਕੇ ਜਮਰੋਦ ਤਕ ਸਾਰੇ ਸਿਖ ਰਾਜ ਉਤੇ ਛਾਏ ਹੋਏ ਸਨ, ਸ਼ੇਰੇ ਪੰਜਾਬ ਦੇ ਸਾਹਮਣੇ ਉਹ ਭੀ ਖਸਿਆਣੀ ਬਿੱਲੀ ਬਣ ਕੇ ਰਹਿ ਜਾਂਦੇ ਸਨ ਤੇ ਇਹੋ ਸੀ ਉਹਨਾਂ ਦੀ ਸਫਲਤਾ ਦਾ ਭੇਦ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਕ ਬੇਹੱਦ ਦਬਦਬੇ ਵਾਲਾ ਤੇ ਦੂਰ-ਦਰਸ਼ੀ ਪਾਤਸ਼ਾਹ ਸੀ, ਪਰ ਡੋਗਰਿਆਂ ਦੀ ਵਧ ਰਹੀ ਸ਼ਕਤੀ ਨੂੰ ਰੋਕਣ ਲਈ ਉਹ ਅਸਰਮਥ ਸੀ। ਇਸ ਦਾ ਇਹ ਕਾਰਨ ਨਹੀਂ ਸੀ ਕਿ ਉਸ ਨੂੰ ਇਹਨਾਂ ਦੀ ਕੋਈ ਕਾਣ ਸੀ ਜਾਂ ਉਸ ਵਿਚ ਇਹਨਾਂ ਨੂੰ ਦਬਾਉਣ ਦੀ ਸ਼ਕਤੀ ਨਹੀਂ ਸੀ। ਕਾਰਨ ਇਹ ਸੀ ਕਿ ਆਪਣੇ ਖੁਸ਼ਾਮਦੀ ਸੁਭਾਅ ਦੇ ਕਾਰਨ ਇਹਨਾਂ ਨੇ ਸ਼ੇਰੇ ਪੰਜਾਬ ਦੇ ਦਿਲ ਦਿਮਾਗ ਪਰ ਕਬਜ਼ਾ ਕੀਤਾ ਹੋਇਆ ਸੀ ਤੇ ਹਰ ਉਹ ਸਮੇਂ ਛਾਏ ਵਾਂਗ ਉਸਦੇ ਨਾਲ ਰਹਿੰਦੇ ਸਨ। ਕੋਈ ਦੂਜਾ ਸਿਖ ਸਰਦਾਰ ਉਹਨਾਂ ਦੀ ਆਗਿਆ ਤੋਂ ਬਿਨਾਂ ਸ਼ੇਰੇ ਪੰਜਾਬ ਦੇ ਨੇੜੇ ਫਟਕ ਨਹੀਂ ਸੀ ਸਕਦਾ। ਧਿਆਨ ਸਿੰਘ ਜਾਂ ਹੀਰਾ ਸਿੰਘ ਦੋਹਾਂ ਵਿਚੋਂ ਇਕ ਹੋਰ ਸਮੇਂ ਮਹਾਰਾਜਾ ਸਾਹਿਬ ਦੇ ਪਾਸ ਰਹਿੰਦਾ ਤੇ ਬੜੀ ਹੁਸ਼ਿਆਰੀ ਨਾਲ ਹੋਰ ਸਿਖ ਸਰਦਾਰਾਂ ਤੇ ਰਾਜ ਕੁਮਾਰਾਂ ਵਿਰੁਧ ਉਹਨਾਂ ਦੇ ਕੰਨ ਭਰਦਾ ਰਹਿੰਦਾ ਇਸ ਦੇ ਬਾਵਜੂਦ ਸ਼ੇਰੇ ਪੰਜਾਬ ਇਹ ਸਮਝਣ ਲਗ ਪਏ ਸਨ ਕਿ ਇਹਨਾਂ ਲੋਕਾਂ ਦੀ ਨੀਤ ਸਾਫ ਨਹੀਂ ਏ ਪਰ ਇਹ ਅਨਭਵ ਉਹਨਾਂ ਨੂੰ ਬਹੁਤ ਪਿੱਛੋਂ ਹੋਇਆ.......ਉਸ ਸਮੇਂ ਜਦ ਕੁਝ ਹੋ ਨਹੀਂ ਸਕਦਾ ਸੀ। ਉਸ ਸਮੇਂ ਇਕ ਪਾਸ ਡੋਗਰਾ ਭਰਾਵਾਂ ਦੀ ਤਾਕਤ ਬਹੁਤ ਵਧ ਗਈ ਸੀ ਤੇ ਦੂਜੇ ਪਾਸੇ ਸ਼ੇਰੇ ਪੰਜਾਬ ਦੀ ਸਿਹਤ ਜਵਾਬ ਦੇ ਬੈਠੀ ਸੀ, ਇਸ ਲਈ ਉਹ ਕੁਝ ਕਰ ਨਹੀਂ ਸਕੇ। ਸ਼ਾਇਦ ਸ਼ੇਰੇ ਪੰਜਾਬ ਇਹ ਭੀ ਸਮਝਦੇ ਹੋਣ ਕਿ ਡੋਗਰੇ ਭਰਾ ਕੇਵਲ ਔਹਦਿਆਂ ਦੇ ਭੁਖੇ ਹਨ ਤੇ ਰਾਜ ਧ੍ਰੋਹੀ ਨਹੀਂ ਹਨ, ਇਸ ਲਈ ਉਹਨਾਂ ਨੇ ਇਹਨਾਂ ਦੇ ਦਮਨ ਵਲ ਧਿਆਨ ਨਾ ਦਿਤਾ ਹੋਵੇ। ਕੁਝ ਵੀ ਹੋਵੇ ਸ਼ੇਰੇ ਪੰਜਾਬ ਨੇ ਡੋਗਰਾ ਭਰਾਵਾਂ ਦੇ ਦਮਨ ਦਾ ਕਦੇ ਖਿਆਲ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਜਾਣੀ ਨਹੀਂ ਜਾਂ ਜਾਣ ਕੇ ਵੀ ਅਣਜਾਣ ਬਣੇ ਰਹੇ ਕਿ ਇਕ ਦਿਨ ਅਜੇਹਾ ਆਵੇਗਾ ਜਦ ਕਿ ਇਹ ਬੁਕਲ ਦੇ ਸੱਪ ਸਿਖ ਰਾਜ ਨੂੰ ਡੱਸ ਦੇਣਗੇ ਤੇ ਉਸ ਦੀ ਔਲਾਦ ਨਾਲ ਧ੍ਰੋਹ ਕਮਾਉਣਗੇ ਪਰ ਹੋਣੀ ਬੜੀ ਪ੍ਰਬਲ ਹੈ, ਉਸ ਦੇ ਸਾਹਮਣੇ ਕਿਸੇ ਦੀ ਪੇਸ਼ ਨਹੀਂ ਜਾਂਦੀ ਤੇ ਉਸਨੂੰ ਕੋਈ ਟਾਲ ਨਹੀਂ ਸਕਦਾ। ਫੇਰ ਜੇ ਸ਼ੇਰੇ ਪੰਜਾਬ ਇਸ ਸਿਲਸਿਲੇ ਵਿਚ ਗਲਤੀ ਖਾ ਗਿਆ। ਤਾਂ ਇਸ ਵਿਚ ਹੈਰਾਨੀ ਦੀ ਕਿਹੜੀ ਗੱਲ ਹੈ।