ਰਾਜਾ ਧਿਆਨ ਸਿੰਘ/੧੦
੧੦.
ਰਾਜ ਇਕ ਬੜੀ ਉਚੀ ਸ਼ੈ ਹੈ ਪਰ ਇਹ ਸੁਖ ਨਾਲ ਭੋਗਣਾ ਕਿਸੇ ਨੂੰ ਹੀ ਮਿਲਦਾ ਏ। ਸਿਆਣਿਆਂ ਨੇ ਸੱਚ ਕਿਹਾ ਏ ਕਿ ਪਾਤਸ਼ਾਹ ਦਾ ਸੱਜਣ ਕੋਈ ਨਹੀਂ ਹੁੰਦਾ। ਸਭ ਜੁਤੀ ਦੇ ਹੀ ਹੁੰਦੇ ਹਨ। ਜਦ ਤਕ ਉਸ ਦਾ ਦਬਦਬਾ ਕਾਇਮ ਰਿਹਾ, ਆਪਣੇ ਬਗਾਨੇ ਸਾਰੇ ਉਸ ਦੇ ਬਣੇ ਰਹੇ ਪਰ ਜਦ ਹੀ ਉਸ ਵਿਚ ਥੋੜਾ ਜਿਹਾ ਖਮ ਆਇਆ, ਇਕ ਦਮ ਸਾਰੇ ਦੁਸ਼ਮਨ ਹੋ ਉਠੇ। ਸੰਸਾਰ ਦਾ ਸਾਰਾ ਇਤਹਾਸ ਇਸ ਗਲ ਦੀ ਗਵਾਹੀ ਦੇ ਰਿਹਾ ਹੈ ਤੇ ਸਿਖ ਰਾਜ ਦੇ ਅੰਤਮ ਦਿਨਾਂ ਦੇ ਇਤਹਾਸ ਨ ਤਾਂ ਇਸ ਗਲ ਵਿਚ ਕਸਰ ਹੀ ਕੋਈ ਨਹੀਂ ਰਹਿਣ ਦਿਤੀ-ਚਿਟੇ ਦਿਨ ਵਾਂਗ ਸਾਫ ਕਰ ਦਿਤੀ ਏ ਸਾਰੀ ਗਲ।
ਓਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਖਾਂ ਮੀਟੀਆਂ ਤੇ ਏਧਰ ਇਹ ਧਿਆਨ ਸਿੰਘ ਰਾਜ ਨੂੰ ਹੜੱਪ ਕਰਨ ਲਈ ਸਾਜਸ਼ਾਂ ਵਿਚ ਰੁਝ ਗਿਆ, ਸਾਰੀਆਂ ਸਹੁੰਆਂ ਸੁਗੰਧਾਂ, ਜੋ ਉਸ ਨੇ ਆਪਣੇ ਮਾਲਕ ਤੇ ਮਾਲਕਾਨੀਆਂ ਦੇ ਸਾਹਮਣੇ ਖਾਧੀਆਂ ਸਨ, ਉਸ ਨੂੰ ਮਹਾਰਾਜ ਦਾ ਸਿਵਾ ਠੰਢਾ ਹੋਣ ਤੋਂ ਪਹਿਲਾਂ ਹੀ ਭੁਲ ਗਈਆਂ। ਮਹਾਰਾਜਾ ਖੜਕ ਸਿੰਘ ਤੇ ਸ੍ਰਦਾਰ ਚੇਤ ਸਿੰਘ ਭੀ ਉਸ ਦੀਆਂ ਚਾਲਾਂ ਨੂੰ ਸਮਝ ਗਏ ਸਨ ਤੇ ਉਨ੍ਹਾਂ ਨੂੰ ਖਤਮ ਕਰਨ ਲਈ ਸੋਚ ਵਿਚਾਰ ਵਿਚ ਰੁਝੇ ਹੋਏ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਧਿਆਨ ਸਿੰਘ ਦੀਆਂ ਤੇਜ਼ ਚਾਲਾਂ ਅਗੇ ਉਨ੍ਹਾਂ ਦੀ ਇਕ ਨਹੀਂ ਚਲਣੀ ਤੇ ਉਸ ਨੇ ਅਚਾਨਕ ਹੀ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੈਦਾਂ ਪਰ ਪਾਣੀ ਫੇਰ ਦੇਣਾ ਏ।
ਕੰਵਰ ਨੌ ਨਿਹਾਲ ਸਿੰਘ ਪਸ਼ਾਵਰ ਤੋਂ ਦੁਪਹਿਰੇ ਹੀ ਲਾਹੌਰ ਪੁਜ ਗਿਆ ਸੀ। ਉਸ ਦੇ ਪੁਜਦੇ ਹੀ ਰਾਜਾ ਧਿਆਨ ਸਿੰਘ ਨੇ ਸ਼ਾਲਾਮਾਰ ਬਾਗ ਵਿਚ ਉਸ ਨਾਲ ਮੁਲਾਕਾਤ ਕੀਤੀ। ਕੰਵਰ ਦੀ ਮਾਤਾ ਮਹਾਰਾਣੀ ਚੰਦ ਕੌਰ ਵੀ ਇਸ ਮੌਕੇ ਪਰ ਮੌਜੂਦ ਸੀ। ਕੋਈ ਦੋ ਤਿੰਨ ਘੰਟੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਜਿਸ ਵਿਚ ਰਾਜਾ ਧਿਆਨ ਸਿੰਘ ਨੇ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ ਪਰ ਇਹ ਗਲ ਸਾਬਤ ਕਰ ਦਿਤੀ ਕਿ ਮਹਾਰਾਜ਼ਾ ਖੜਕ ਸਿੰਘ ਤੇ ਸ:ਚੇਤ ਸਿੰਘ ਸਿਖ ਰਾਜ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰਨ ਲਈ ਤਿਆਰ ਹਨ।
ਜਿਹਾ ਕੁ ਅਸੀਂ ਉਪਰ ਦੱਸ ਆਏ ਹਾਂ। ਰਾਜਸੀ ਸੰਸਾਰ ਵਿਚ ਕੋਈ ਕਿਸੇ ਦਾ ਸੱਜਣ ਨਹੀਂ। ਪਿਉਂ ਪੁਤਰ ਦਾ ਨਹੀਂ, ਪੁਤਰ ਪਿਓ ਦਾ ਨਹੀਂ, ਰੰਨ ਖਸਮ ਦੀ ਨਹੀਂ ਤੇ ਖਸਮ ਰੰਨ ਦਾ ਨਹੀਂ, ਰਾਜ ਦੀ ਭੁਖ ਸਾਰਿਆਂ ਨੂੰ ਆਪਣੀ ਗਰਜ ਦੇ ਬੰਦੇ ਤੇ ਇਕ ਦੂਜੇ ਦੇ ਦੁਸ਼ਮਨ ਬਣਾ ਦਿੰਦੀ ਹੈ। ਦੂਜੀ ਗਲ ਪਾਤਸ਼ਾਹ ਤੇ ਉਨ੍ਹਾਂ ਦੇ ਪ੍ਰਵਾਰ ਕੰਨਾਂ ਦੇ ਬੜੇ ਕੱਚੇ ਹੁੰਦੇ ਹਨ ਤੇ ਰਾਜ ਦਾ ਲਾਲਚ ਉਨ੍ਹਾਂ ਵਿਚ ਇਤਨਾ ਪਿਆਰ ਬਾਕੀ ਨਹੀਂ ਰਹਿਣ ਦਿੰਦਾ ਕਿ ਉਹ ਕਿਸੇ ਦੀ ਕੀਤੀ ਗਲ ਦੀ ਆਪਸ ਵਿੱਚ ਤਸਦੀਕ ਕਰ ਸਕਣ। ਇਹੋ ਗਲ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਬਾਰੇ ਕਹੀ ਜਾ ਸਕਦੀ ਏ। ਰਾਜਾ ਧਿਆਨ ਸਿੰਘ ਨੇ ਕਮਾਲ ਹੁਸ਼ਿਆਰੀ ਨਾਲ ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਪਰ ਇਹ ਸਾਬਤ ਕਰ ਦਿਤਾ ਹੈ ਕਿ ਮਹਾਰਾਜਾ ਖੜਕ ਸਿੰਘ ਸਿਖ ਰਾਜ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਏ?
ਇਸ ਦਾ ਇਲਾਜ ਕੀ ਕੀਤਾ ਜਾਵੇ?
ਇਸ ਸਵਾਲ ਪਰ ਵਿਚਾਰ ਕਰਨ ਲਈ ਇਕ ਗੁਪਤ ਸਭਾ ਉਸੇ ਸ਼ਾਮ ਨੂੰ ਸ਼ਾਹੀ ਕਿਲੇ ਵਿਚ ਰਖੀ ਗਈ, ਜਿਸ ਵਿਚ ਰਾਜਾ ਧਿਆਨ ਸਿੰਘ, ਰਾਜਾ ਗੁਲਾਬ ਸਿੰਘ, ਰਾਜਾ ਸੁਚੇਤ ਸਿੰਘ ਤੇ ਰਾਜਾ ਹੀਰਾ ਸਿੰਘ ਚਾਰੇ ਡੋਗਰੇ ਸ੍ਰਦਾਰ ਸ਼ਾਮਲ ਹੋਏ, ਚਾਰੇ ਸੰਧਾ ਵਾਲਏ ਸ੍ਰਦਾਰ ਅਤਰ ਸਿੰਘ, ਲਹਿਣਾ ਸਿੰਘ, ਕਿਹਰ ਸਿੰਘ ਤੇ ਅਜੀਤ ਸਿੰਘ ਸੱਦੇ ਗਏ, ਇਨ੍ਹਾਂ ਤੋਂ ਇਲਾਵਾ ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਵੀ ਮੌਜੂਦ ਸਨ ਅਤੇ ਸ:ਕੇਸਰੀ ਸਿੰਘ, ਸ: ਲਾਲ ਸਿੰਘ ਤੇ ਜਨਰਲ ਗਾਰਡਨਰ ਸੱਦੇ ਗਏ ਸਨ। ਇਨ੍ਹਾਂ ਵਿਚੋਂ ਸ:ਕੇਸਰੀ ਸਿੰਘ, ਸ:ਲਾਲ ਸਿੰਘ, ਜਨਰਲ ਗਾਰਡਨਰ ਧਿਆਨ ਸਿੰਘ ਦੇ ਪੂਰੇ ਤੌਰ ਪਰ ਹੱਥ ਠੋਕੇ ਸਨ, ਡੋਗਰੇ ਸਨ ਹੀ ਉਹ ਆਪ ਤੇ ਬਾਕੀਆਂ ਨੂੰ ਹੁਸ਼ਿਆਰੀ ਨਾਲ ਕਰਨ ਵਾਲੇ ਨਾਜ਼ਕ ਕੰਮ ਲਈ ਉਨ੍ਹਾਂ ਆਪਣਾ ਹਥ ਠੋਕਾ ਬਨਾਉਣ ਲਈ ਸੱਦਿਆ ਹੋਇਆ ਸੀ।
ਜਦ ਸਾਰੇ ਜਣੇ ਇਕ ਕਾਲੀਨ ਪਰ ਬਹਿ ਗਏ ਤਾਂ ਰਾਜਾ ਧਿਆਨ ਸਿੰਘ ਨੇ ਕੰਮ ਦੀ ਗਲ ਛੇੜੀ ਸਭ ਤੋਂ ਪਹਿਲਾਂ ਉਹੋ ਦੋ ਚਿੱਠੀਆਂ ਜਿਨ੍ਹਾਂ ਦਾ ਵਰਨਣ ਇਸ ਤੋਂ ਪਹਿਲਾਂ ਹੀ ਆ ਚੁਕਿਆ ਹੈ, ਸਭਾ ਦੇ ਸਾਹਮਣੇ ਰਖੀਆਂ। ਇਨ੍ਹਾਂ ਚਿਠੀਆਂ ਪਰ ਮਹਾਰਾਜਾ ਖੜਕ ਸਿੰਘ ਅਤੇ ਸ੍ਰਦਾਰ ਚੇਤ ਸਿੰਘ ਦੇ ਦਸਤਖਤਾਂ ਦੀਆਂ ਮੋਹਰਾਂ ਸਨ, ਇਸ ਲਈ ਕਿਸੇ ਨੂੰ ਕੋਈ ਸ਼ਕ ਨਹੀ ਪਿਆ। ਸ਼ੱਕ ਦਾ ਕਾਰਨ ਹੀ ਨਹੀਂ ਸੀ ਰਹਿਣ ਦਿਤਾ, ਚਾਲਾਕ ਧਿਆਨ ਸਿੰਘ ਨੇ। ਜਾਹਲੀ ਚਿਠੀਆਂ ਪਰ ਮਹਾਰਾਜੇ ਤੇ ਚੇਤ ਸਿੰਘ ਦੀਆਂ ਮੋਹਰਾਂ ਬੜੀ ਹੁਸ਼ਿਆਰੀ ਨਾਲ ਬਣਵਾਈਆਂ ਗਈਆਂ ਸਨ ਤੇ ਜੀਊਂਦਾ ਜਾਗਦਾ ਗਵਾਹ ਕੇਸਰੀ ਸਿੰਘ ਮੌਜੂਦ ਸੀ, ਜਿਸ ਨੇ ਸਤਿਲੁਜ ਦੇ ਪਤਨ ਪਰ ਉਨ੍ਹਾਂ ਦੇ ਏਲਚੀ ਪਾਸੋਂ ਚਿਠੀਆਂ ਬਰਾਮਦ ਕੀਤੀਆਂ ਸਨ ਤੇ ਉਸ ਨੇ ਦੱਸਿਆ ਕਿ ਏਲਚੀ ਉਹ ਚਿਠੀਆਂ ਲੈ ਕੇ ਫਿਰੋਜ਼ਪੁਰ ਦੀ ਅੰਗ੍ਰੇਜ਼ੀ ਛਾਉਣੀ ਜਾ ਰਿਹਾ ਸੀ।
ਇਸ ਗਲ ਨੂੰ ਸਭਾ ਵਿਚ ਮਨਵਾਉਣ ਦੇ ਧਿਆਨ ਸਿੰਘ ਨੇ ਕਿਹਾ- ‘‘ਭਰਾਵੋ! ਉਹ ਸਿਖ ਰਾਜ ਜਿਸ ਨੂੰ ਆਪਾਂ ਜਾਨਾਂ ਹੀਲ ਕੇ ਕਾਇਮ ਕੀਤਾ ਹੈ ਤੇ ਹਰੀ ਸਿੰਘ ਨਲੂਏ ਤੇ ਅਕਾਲੀ ਫੂਲਾ ਸਿੰਘ ਜਿਹੇ ਜਰਨੈਲਾਂ ਦੀਆਂ ਕੀਮਤੀ ਜਾਨਾਂ ਜਿਸ ਦੀਆਂ ਨੀਹਾਂ ਵਿਚ ਚਿਣੀਆਂ ਗਈਆਂ, ਉਹ ਅਜ ਸਾਡੇ ਭੋਲੇ ਪਾਤਸ਼ਾਹ ਮਹਾਰਾਜਾ ਖੜਕ ਸਿਘ ਨਿਮਕ ਹਰਾ ਚੇਤ ਸਿੰਘ ਦੇ ਢਹਿ ਚੜ੍ਹ ਕੇ ਬਰਬਾਦ ਕਰਨ ਲਗੇ ਹਨ। ਸਿਖ ਫੌਜ ਕਮਜ਼ੋਰ ਨਹੀਂ ਹੈ, ਸਿਖ ਸ੍ਰਦਾਰ ਬਜ਼ਦਿਲ ਨਹੀਂ ਹਨ, ਅੰਗ੍ਰੇਜ਼ ਦੀ ਕੋਈ ਤਾਕਤ ਨਹੀਂ ਕਿ ਉਹ ਸਾਡੇ ਸ਼ੇਰੇ ਪੰਜਾਬ ਦੀ ਪੰਜਾਂ ਦਰਿਆਵਾਂ ਦੀ ਧਰਤੀ ਪਰ ਕਦਮ ਰਖ ਸਕੇ। ਸਾਡੇ ਵਿਚ ਉਸਨੂੰ ਰੋਕਣ ਦੀ ਸਮਰਥਾ ਹੈ ਪਰ ਜੇ ਘਰ ਵਿਚੋਂ ਹੀ ਨਿਮਕ ਹਰਾਮੀ ਸ਼ੁਰੂ ਹੋ ਜਾਵੇ ਤਾਂ ਕੀ ਕੀਤਾ ਜਾਵੇ। ਮਹਾਰਾਜਾ ਖੜਕ ਸਿੰਘ ਸਾਹਿਬ ਸੰਤ ਹਨ, ਚਾਲਾਕ ਤੇ ਨਿਮਕ ਹਰਾਮ ਚੇਤ ਸਿੰਘ ਅੰਗ੍ਰੇਜ਼ਾਂ ਦਾ ਏਜੰਟ ਹੈ। ਇਹ ਹੈ ਸਾਰੀ ਹਾਲਤ ਜਿਸ ਨੂੰ ਮੈਂ ਤੁਹਾਡੇ ਸਾਹਮਣੇ ਰਖ ਦਿਤਾ ਹੈ, ਅਗੇ ਫੈਸਲਾ ਕਰਨਾ ਤੁਹਾਡੇ ਆਪਣੇ ਹੱਥ ਵਿਚ ਹੈ ਮੇਰੀ ਵਲੋਂ ਨਿਸ਼ਚਾ ਜਾਣੋ ਕਿ ਮੇਰੀ ਜਾਨ ਹਰ ਵੇਲੇ ਆਪਣੇ ਮਾਲਕ ਦੇ ਰਾਜ ਨੂੰ ਬਚਾਉਣ ਲਈ ਹਾਜ਼ਰ ਹੈ।’’
ਨਿਹਾਇਤ ਹਸ਼ਿਆਰੀ ਤੇ ਸਿਆਣਪ ਨਾਲ ਕੀਤੀਆਂ ਇਨ੍ਹਾਂ ਗਲਾਂ ਦਾ ਸਭ ਪਰ ਬਹੁਤ ਚੰਗਾ ਅਸਰ ਪਿਆ। ਰਾਜਾ ਧਿਆਨ ਸਿੰਘ ਦਾ ਤੀਰ ਨਿਸ਼ਾਨੇ ਪਰ ਲੱਗਾ।
ਸੰਧਾਵਾਲੀਏ ਸ: ਅਤਰ ਸਿੰਘ ਨੇ ਕਿਹਾ- ‘‘ਭਾਈਆ ਧਿਆਨ ਸਿੰਘਾ! ਅਸੀਂ ਤੇਰੇ ਰਿਣੀ ਹਾਂ ਕਿ ਤੁਸਾਂ ਸਮੇਂ ਸਿਰ ਨੂੰ ਹੁਸ਼ਿਆਰ ਕਰ ਦਿਤਾ ਏ। ਮੇਰੀ ਚਾਹ ਏ ਕਿ ਮਹਾਰਾਜਾ ਖੜਕ ਸਿੰਘ ਦੀ ਥਾਂ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਪਰ ਬਿਠਾ ਦਿਤਾ ਜਾਵੇ।’’
‘‘ਅਤਰ ਸਿੰਘਾ! ਤੇਰੀ ਇਹ ਗਲ ਸੋਲਾਂ ਆਨੇ ਠੀਕ ਏ, ਸੋਲਾਂ ਆਨੇ ਪਰ ਤਰੀਕਾ ਕੀ ਵਰਤਿਆ ਜਾਵੇ, ਇਹੋ ਗੱਲ ਆਪਾਂ ਸੋਚਣੀ ਏਂ।’’
ਸ: ਅਜੀਤ ਸਿੰਘ ਸੰਧਾਵਾਲੀਆ ਬੋਲਿਆ- "ਰਾਜਾ ਜੀ!ਤੁਸੀਂ ਹੀ ਦੱਸੋ?’’
‘‘ਭਾਈਆ, ਮੈਥੋਂ ਕੀ ਪੁਛਦੇ ਹੋ! ਸਾਡੀ ਬਦਕਿਸਮਤੀ ਇਹੋ ਜਿਹੇ ਨਿਮਕ ਹਰਾਮਾਂ ਨਾਲ ਵਾਹ ਪਿਆ ਏ। ਨਹੀਂ ਤਾਂ ਲਹੂ ਨਾਲ ਹੱਥ ਰੰਗਣ ਨੂੰ ਕਿਸ ਦਾ ਜੀ ਕਰਦਾ ਏ।" ਧਿਆਨ ਸਿੰਘ ਨੇ ਹੌਲੀ ਜਿਹੀ ਕਿਹਾ। ਅਜੇਹਾ ਪ੍ਰਤੀਤ ਹੁੰਦਾ ਸੀ ਕੇ ਉਹ ਬਹੁਤ ਦੁਖੀ ਹੋ ਰਿਹਾ ਹੈ।
ਲਹੂ ਨਾਲ ਹੱਥ ਰੰਗਣ ਦੀ ਗੱਲ ਸੁਣ ਕੇ ਇਕ ਵਾਰ ਸਾਰੇ ਜਣੇ ਕੰਬ ਗਏ। ਹਾਲਾਂ ਤਕ ਕੋਈ ਨਹੀਂ ਸੀ ਜਾਣਦਾ ਕਿ ਧਿਆਨ ਸਿੰਘ ਦੇ ਦਿਲ ਵਿਚ ਕੀ ਹੈ।
ਇਸ ਗਲ ਦਾ ਚੰਗਾ ਅਸਰ ਨਹੀਂ ਹੋਇਆ। ਸਿਆਣਾ ਧਿਆਨ ਸਿੰਘ ਇਸ ਗਲ ਨੂੰ ਚੰਗੀ ਤਰ੍ਹਾਂ ਭਾਪ ਗਿਆ। ਉਸਨੇ ਕਿਹਾ- ‘‘ਮੇਰੀ ਗਲ ਦਾ ਕੋਈ ਗਲਤ ਅਰਥ ਨਾ ਸਮਝ ਲੈਣਾ, ਮੈਂ ਕਦਾਚਿਤ ਖੂਨ ਖਰਾਬੇ ਦਾ ਹਾਮੀ ਨਹੀਂ ਤੇ ਸੱਚੀ ਗਲ ਤਾਂ ਇਹ ਹੈ ਕਿ ਰਾਜਸੀ ਝੰਮੇਲਿਆਂ ਤੋਂ ਮੇਰਾ ਜੀ ਉਕਤਾ ਗਿਆ ਹੈ। ਮੇਰੀ ਇਛਿਆ ਹੈ ਕਿ ਕੰਵਰ ਦੇ ਤਖਤ ਪਰ ਬਹਿੰਦੇ ਹੀ ਸ: ਅਜੀਤ ਸਿੰਘ ਜਾਂ ਜਿਸ ਨੂੰ ਤੁਸੀਂ ਕਹੋ, ਵਜ਼ੀਰ ਬਣਾ ਕੇ ਜ਼ਿੰਦਗੀ ਦੇ ਬਾਕੀ ਦਿਨ ਹਰਦੁਵਾਰ ਜਾ ਕੇ ਭਗਵਾਨ ਦੇ ਭਜਨ ਵਿਚ ਗੁਜ਼ਾਰਾਂ; ਬਸ ਇਕ ਵਾਰ ਆਪਣੇ ਮਾਲਕ ਦੇ ਰਾਜ ਨੂੰ ਮਹਫੂਜ਼ ਵੇਖਣਾ ਹੀ ਮੇਰਾ ਉਦੇਸ਼ਯ ਏ।"
ਪਹਿਲੀ ਗਲ ਨਾਲ ਜੇ ਬੁਰਾ ਅਸਰ ਪਿਆ ਸੀ, ਉਹ ਦੂਰ ਹੋ ਗਿਆ। ਸਿਆਣਾ ਸ਼ਿਕਾਰੀ ਇਕੇ ਤੀਰ ਨਾਲ ਕਈ ਨਿਸ਼ਾਨੇ ਫੁੰਡ ਗਿਆ ਸੀ।
ਜਨਰਲ ਗਾਰਡਨਰ ਨੇ ਕਿਹਾ- ‘‘ਰਾਜਾ ਜੀ! ਤੁਸੀ ਗਲ ਕਰੋ, ਅਸੀਂ ਸਾਰੇ ਤੁਹਾਡੇ ਨਾਲ ਹਾਂ।’’
ਜਨਰਲ ਗਾਰਡਨਰ ਨੇ ਸਾਰੀ ਗਲ ਇਸ ਢੰਗ ਨਾਲ ਕਹੀ ਕਿ ਸਾਰਿਆਂ ਨੂੰ ਉਸ ਦੀ ਹਾਂ ਨਾਲ ਹਾਂ ਮਿਲਾਉਣੀ ਪਈ। ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਨੂੰ ਵੀ।
ਚੰਗਾ ਵਾਯੂ ਮੰਡਲ ਪੈਦਾ ਹੋਇਆ ਵੇਖ ਕੇ ਰਾਜਾ ਧਿਆਨ ਸਿੰਘ ਨੇ ਕਿਹਾ- ‘‘ਭਰਾਵੋ! ਚੰਗਾ ਸੀ ਕਿ ਤੁਸੀਂ ਆਪ ਹੀ ਇਸ ਮਰਜ ਦਾ ਇਲਾਜ ਦੱਸਦੇ ਪਰ ਜਦ ਤੁਸੀਂ ਮੇਰੇ ਪਰ ਹੀ ਛਡਦੇ ਹੋ ਤਾਂ ਮੇਰੀ ਜਾਚੇ ਤਾਂ ਇਸ ਦਾ ਇਲਾਜ ਇਕੋ ਹੀ ਹੈ ਕਿ ਚੇਤ ਸਿੰਘ ਨੂੰ ਰਸਤੇ ਵਿਚੋਂ ਹਟਾ ਦਿਤਾ ਜਾਵੇ ਅਤੇ ਮਹਾਰਾਜਾ ਸਾਹਿਬ ਨੂੰ ਹਾਲਾਂ ਕੁਝ ਸਮੇਂ ਲਈ ਸਭ ਤੋਂ ਵੱਖ ਰਖਿਆ ਜਾਵੇ।
ਰਾਜਾ ਧਿਆਨ ਸਿੰਘ ਇਹ ਸਭ ਕੁਝ ਕਹਿਣ ਨੂੰ ਤਾਂ ਕਹਿ ਗਿਆ ਪਰ ਡਰਦਾ ਡਰਦਾ। ਉਸ ਦਾ ਡਰ ਹੈ ਭੀ ਸੱਚਾ ਸੀ ਕਿਉਂਕਿ ਸੰਧਾਵਾਲੀਏ ਸ੍ਰਦਾਰ ਤੇ ਮਹਾਰਾਣੀ ਚੰਦ ਕੌਰ ਉਸ ਨੂੰ ਮਹਾਰਾਜ ਦੀ ਕੈਦ ਅਤੇ ਸ: ਚਤ ਸਿੰਘ ਦੇ ਕਤਲ ਦੀ ਆਗਿਆ ਦੇਣ ਲਈ ਤਿਆਰ ਨਹੀਂ ਸਨ। ਇਸ ਲਈ ਜਦ ਰਾਜਾ ਧਿਆਨ ਸਿੰਘ ਨੇ ਇਹ ਇਰਾਦਾ ਪ੍ਰਗਟ ਕੀਤਾ ਤਾਂ ਸ: ਅਜੀਤ ਸਿੰਘ ਸੰਧਾਵਾਲੀਆ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਕਿਹਾ- ‘‘ਭਾਈਆ ਜੀ! ਭਾਵੇਂ ਹਾਲਾਤ ਕੁਝ ਵੀ ਕਿਉਂ ਨਾ ਹੋਣ ਅਸੀਂ ਚੇਤ ਸਿੰਘ ਦੇ ਕਤਲ ਤੇ ਮਹਾਰਾਜ ਨੂੰ ਕੈਦ ਕਰਨ ਦੀ ਆਗਿਆ ਨਹੀਂ ਦੇ ਸਕਦੇ।"
ਮਹਾਰਾਣੀ ਚੰਦ ਕੌਰ ਵੀ ਭਰਾ ਦੇ ਕਤਲ ਦੇ ਨਾਮ ਤੋਂ ਇਕ ਵਾਰ ਕੰਬ ਉਠੀ ਤੇ ਕੰਵਰ ਸਾਹਿਬ ਨੇ ਭੀ ਖੂਨ ਖਰਾਬੇ ਦੀ ਵਿਰੋਧਤਾ ਕੀਤੀ।
ਹੁਣ ਧਿਆਨ ਸਿੰਘ ਨੂੰ ਆਪਣੀ ਸਾਰੀ ਕੀਤੀ ਕਰਾਈ ਪਰ ਸਵਾਹ ਪੈਂਦੀ ਦਿਸੀ ਪਰ ਉਹ ਇਕ ਹੁਸ਼ਿਆਰ ਸ਼ਿਕਾਰੀ ਸੀ। ਜਾਲ ਵਿਚ ਆਇਆ ਸ਼ਿਕਾਰ ਕਿਸ ਤਰ੍ਹਾਂ ਨਿਕਲਣ ਦਿੰਦਾ। ਉਸ ਨੇ ਕਹਿਣਾ ਸ਼ੁਰੂ ਕੀਤਾ-‘‘ਭਰਾਵੇ! ਤੁਸਾਂ ਮੇਰੀ ਗਲ ਨੂੰ ਗਹੁ ਨਾਲ ਵਿਚਾਰਨ ਦਾ ਯਤਨ ਨਹੀਂ ਕੀਤਾ। ਸੰਸਾਰ ਪਰ ਆਜ਼ਾਦੀ ਤੋਂ ਚੰਗੀ ਸ਼ੈ ਕੋਈ ਨਹੀ। ਤੁਸੀਂ ਚੇਤ ਸਿੰਘ ਨੂੰ ਵਿਚੋਂ ਹਟਾਉਣ ਦਾ ਵਿਰੋਧ ਕਰਦੇ ਹੋ ਪਰ ਕੀ ਆਜ਼ਾਦੀ ਨਾਲੋਂ ਚੇਤ ਸਿੰਘ ਵਧੇਰੇ ਪਿਆਰਾ ਹੈ। ਪਤਾ ਏ ਸ਼ੇਰੇ ਪੰਜਾਬ ਦੇ ਝੰਡੇ ਹੇਠ ਕਿਤਨੇ ਬਹਾਦੁਰ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਿਖ ਰਾਜ ਕਾਇਮ ਕੀਤਾ ਸੀ ਤਦ ਕੀ ਇਕ ਚੇਤ ਸਿੰਘ ਬਦਲੇ ਇਹ ਸੁਤੰਤਰ ਸਿਖ ਰਾਜ ਕੁਰਬਾਨ ਕਰ ਦਿਤਾ ਜਾਵੇ, ਨਹੀਂ ਇਹ ਕਦੇ ਨਹੀਂ ਹੋ ਸਕਦਾ। ਭਰਾਵੋ! ਜੇ ਮੇਰੀ ਰਾਇ ਪੁਛਦੇ ਹੋ ਤਾਂ ਇਕ ਚੇਤ ਸਿੰਘ ਕੀ-ਹਜ਼ਾਰਾਂ ਚੇਤ ਸਿੰਘ ਪੰਜਾਬ ਦੀ ਅਜ਼ਾਦੀ ਤੋਂ ਕੁਰਬਾਨ ਕੀਤੇ ਜਾ ਸਕਦੇ ਹਨ, ਬਾਕੀ ਰਹੀ ਮਹਾਰਾਜਾ ਖੜਕ ਸਿੰਘ ਦੀ ਗਲ, ਉਹ ਕਿਹੜਾ ਨਿਮਕ ਹਰਾਮ ਹੋ ਸਕਦਾ ਏ ਕਿ ਜਿਸ ਨੂੰ ਆਪਣੇ ਸੰਤ ਸਰੂਪ ਪਾਤਸ਼ਾਹ ਨੂੰ ਕਸ਼ਟ ਦੇਣ ਦਾ ਸੁਫਨੇ ਵਿਚ ਵੀ ਖਿਆਲ ਆ ਸਕਦਾ ਹੈ। ਹਾਂ, ਸਿਖ ਰਾਜ ਨੂੰ ਬਚਾਉਣ ਲਈ ਉਨ੍ਹਾਂ ਨੂੰ ਕੁਝ ਦਿਨਾਂ ਲਈ ਇਕਾਂਤ ਵਿਚ ਰੱਖਣਾ ਜ਼ਰੂਰੀ ਹੈ।"
ਰਾਜਾ ਧਿਆਨ ਸਿੰਘ ਦੇ ਇਨ੍ਹਾਂ ਜਜ਼ਬਾਤੀ ਸ਼ਬਦਾਂ ਨਾਲ ਸਾਰੇ ਜਣੇ ਫੇਰ ਕੁਝ ਨਰਮ ਹੋ ਗਏ। ਉਸ ਨੇ ਆਪਣੀ ਤਕਰੀਰ ਦਾ ਸਿਲਸਿਲਾ ਜਾਰੀ ਰਖਦੇ ਹੋਏ ਕਿਹਾ-"ਰਾਜਸੀ ਸੰਸਾਰ ਵਿਚ ਕਈ ਵਾਰ ਮਨੁਖ ਨੂੰ ਸੁਤੰਤਰਤਾ ਤੇ ਰਾਜ ਦੀ ਰਾਖੀ ਲਈ ਕੁਝ ਨਾਮੁਨਾਸਬ ਕੰਮ ਭੀ ਕਰਨੇ ਪੈਂਦੇ ਹਨ ਪਰ ਰਾਜਨੀਤੀ ਦੇ ਨੁਕਤਾ ਨਿਗਾਹ ਨਾਲ ਉਹ ਗਲਤ ਨਹੀਂ ਹੁੰਦੇ। ਤੁਸਾਂ ਚੇਤ ਸਿੰਘ ਦੇ ਕਤਲ ਦਾ ਵਿਰੋਧ ਕੀਤਾ ਏ ਪਰ ਜ਼ਰਾ ਸੋਚੋ ਤਾਂ ਸਹੀ ਕੀ ਇਸ ਵਿਚ ਮੇਰੀ ਕੋਈ ਖੁਦਗਰਜੀ ਏ, ਭਰਾਵੋ! ਮੈਂ ਤਾਂ ਪਹਿਲਾਂ ਹੀ ਕਹਿ ਚੁਕਿਆ ਹਾਂ ਕਿ ਰਾਜਸੀ ਦੁਨੀਆਂ ਤੋਂ ਮੈਂ ਤੰਗ ਆ ਗਿਆ ਹਾਂ। ਜਿਓ ਹੀ ਕੰਵਰ ਨੌ ਨਿਹਾਲ ਸਿੰਘ ਤਖਤ ਪਰ ਬੈਠ ਗਿਆ ਤੇ ਸਿਖ ਰਾਜ ਮਹਿਫੂਜ ਹੋ ਗਿਆ ਤਾਂ ਗੰਗਾ ਜਾ ਕੇ ਜ਼ਿੰਦਗੀ ਦੇ ਬਾਕੀ ਦਿਨ ਭਜਨ ਬੰਦਗੀ ਵਿਚ ਗੁਜ਼ਾਰਾਂਗਾ। ਸ: ਚੇਤ ਸਿੰਘ ਨਾਲ ਮੇਰਾ ਕੋਈ ਨਿਜੀ ਵੈਰ ਨਹੀਂ। ਫੇਰ ਮੈਂ ਪੰਜਾਬ ਦਾ ਤਖਤ ਨਹੀਂ ਸਾਂਭਣਾਂ, ਮੈਂ ਤਾਂ ਵਜ਼ੀਰੀ ਛਡਣ ਦਾ ਭੀ ਫੈਸਲਾ ਕਰ ਚੁਕਿਆ ਹਾਂ। ਤਖਤ ਤੇ ਤਾਂ ਤਖਤ ਦੇ ਵਾਰਸ ਕੰਵਰ ਨੌ ਨਿਹਾਲ ਸਿੰਘ ਸਾਹਿਬ ਹੀ ਬੈਠਣਗੇ। ਇਸ ਹਾਲਤ ਵਿਚ ਸੋਚੋ ਕਿ ਮੇਰੇ ਦਿਲ ਵਿਚ ਕੋਈ ਬੇਈਮਾਨੀ ਕਿਸ ਤਰ੍ਹਾਂ ਹੋ ਸਕਦੀ ਏ। ਭਰਾਵੋ! ਮੈਂ ਤਾਂ ਇਹ ਸਲਾਹ ਪੰਜਾਬ ਦੀ ਸੁਤੰਤਰਤਾ ਤੇ ਤੁਹਾਡੀ ਇਜ਼ਤ ਕਾਇਮ ਰੱਖਣ ਲਈ ਹੀ ਦੇ ਰਿਹਾ ਹਾਂ, ਅਗੇ ਤੁਸੀਂ ਜਾਣੋ ਤੇ ਤੁਹਾਡਾ ਕੰਮ। ਜੇ ਤੁਸੀਂ ਇਹ ਸਲਾਹ ਮੰਨਣੀ ਜੋਗ ਨਹੀਂ ਸਮਝਦੇ ਤਾਂ ਬੇਸ਼ਕ ਨਾ ਮੰਨੋ ਪਰ ਇਸ ਹਾਲਤ ਵਿਚ ਮੈਨੂੰ ਛੁਟੀ ਦਿਓ। ਮੈਂ ਗੰਗਾ ਜਾਂਦਾ ਹਾਂ। ਪੰਜਾਬ ਦੇ ਰਾਜ ਦੀ ਇਸ ਤਰ੍ਹਾਂ ਬਰਬਾਦੀ ਮੈਂ ਨਹੀਂ ਵੇਖ ਸਕਾਂਗਾ। ਮਾਲਕ ਦਾ ਦੇਸ ਅੰਗ੍ਰੇਜ਼ ਦੇ ਤਾਬੇ ਚਲੇ ਜਾਵੇ, ਇਹ ਮੇਰੇ ਲਈ ਅਸਹਿ ਹੈ।
ਧਿਆਨ ਸਿੰਘ ਦੀ ਇਹ ਤਕਰੀਰ ਆਪਣਾ ਪੂਰਾ ਪੂਰਾ ਕੰਮ ਕਰ ਗਈ। ਸ਼ਿਕਾਰੀ ਦਾ ਤੀਰ ਠੀਕ ਨਿਸ਼ਾਨੇ ਪਰ ਜਾ ਲੱਗਿਆ। ਮਹਾਰਾਣੀ ਚੰਦ ਕੌਰ ਤੇ ਸੰਧਾਵਾਲੀਏ ਸ੍ਰਦਾਰ ਉਸ ਨਾਲ ਸਰਿਮਤ ਹੋ ਗਏ।
ਧਿਆਨ ਸਿੰਘ ਨੇ ਕਿਹਾ-ਮੈਨੂੰ ਖੁਸ਼ੀ ਹੈ ਕਿ ‘ਸੇਰੇ ਪੰਜਾਬ’ ਦੇ ਵਿਸ਼ਾਲ ਰਾਜ ਨੂੰ ਕਾਇਮ ਤੇ ਸੁਤੰਤਰ ਰੱਖਣ ਲਈ ਤੁਸਾਂ ਮੇਰੀ ਤੁਛ ਜਿਹੀ ਸਲਾਹ ਦੀ ਕਦਰ ਕੀਤੀ ਏ, ਪਰ ਭਰਾਵੋ! ਮੈਂ ਕੌਣ ਹਾਂ ਕੰਵਰ ਸਾਹਿਬ ਦੇ ਹੁੰਦਿਆਂ ਕੋਈ ਹੁਕਮ ਜਾਰੀ ਕਰਨ ਵਾਲਾ, ਹੁਕਮ ਕੰਵਰ ਸਾਹਿਬ ਹੀ ਜਾਰੀ ਕਰਨ ਦੇ ਅਧਿਕਾਰੀ ਹਨ। ਹਾਂ, ਇਕ ਵਫਾਦਾਰ ਨੌਕਰ ਹੋਣ ਦੀ ਹੈਸੀਅਤ ਵਿਚ ਮੈਂ ਉਸ ਹੁਕਮ ਪਰ ਅਮਲ ਕਰਨ ਲਈ ਜਾਨ ਤਕ ਵੀ ਵਾਰਨ ਤੋਂ ਪਿਛਾਂ ਨਹੀਂ ਰਹਾਂਗਾ। ਮਾਲਕਾਂ ਦੇ ਲੇਖੇ ਜਾਨ ਲਗ ਜਾਵੇ, ਇਸ ਤੋਂ ਵਧੇਰੇ ਖੁਸ਼-ਕਿਸਮਤੀ ਹੋਰ ਕੀ ਹੋ ਸਕਦੀ ਹੈ।’’
ਇਹ ਕਹਿਣ ਦੇ ਪਿਛੋਂ ਰਾਜਾ ਧਿਆਨ ਸਿੰਘ ਨੇ ਇਕ ਕਾਗਜ਼ ਕੰਵਰ ਨੌ ਨਿਹਾਲ ਸਿੰਘ ਵਲ ਵਧਾਇਆ। ਇਹ ਸ: ਚੇਤ ਸਿੰਘ ਦੇ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਨਜ਼ਰਬੰਦੀ ਦਾ ਹੁਕਮ ਸੀ, ਕੰਵਰ ਨੂੰ ਇਸ ਪ੍ਰਵਾਨੇ ਪਰ ਦਸਤਖਤ ਕਰਨ ਲਈ ਕਿਹਾ ਗਿਆ।
ਸ਼ਾਹੀ ਤਖਤ ਇਕ ਅਜਹੀ ਚੀਜ਼ ਏ ਕਿ ਜਿਸ ਦਾ ਲਾਲਚ ਮਿਤਰ ਨੂੰ ਦੁਸ਼ਮਨ ਬਣਾ ਦਿੰਦਾ ਏ। ਪੁਤਰ ਪਿਓ ਦੇ ਘਾਤ ਲਈ ਤਿਆਰ ਹੋ ਜਾਂਦਾ ਏ ਤੇ ਇਸਤਰੀ ਪਤੀ ਨੂੰ ਮੌਤ ਦੇ ਮੂੰਹ ਵਿਚ ਪਾਉਣ ਤੋਂ ਜ਼ਰਾ ਭੀ ਸ਼ਰਮ ਨਹੀਂ ਕਰਦੀ। ਇਸ ਹਾਲਤ ਵਿਚ ਸ਼ਾਹੀ ਤਖਤ ਨੂੰ ਚੰਗਾ ਸਮਝਣਾ ਇਕ ਪਾਗਲਪਨ ਹੈ ਪਰ ਫੇਰ ਵੀ ਸੰਸਾਰ ਪਰ ਬਹੁਤ ਥੋੜੀਆਂ ਵਿਯਕਤੀਆਂ ਅਜੇਹੀਆਂ ਹੁੰਦੀਆਂ ਹਨ ਕਿ ਜੋ ਇਸ ਪਾਗਲਪਨ ਤੋਂ ਬਚ ਸਕਣ। ਅਜ ਇਹ ਲਾਲਚ ਕੰਵਰ ਨੌ ਨਿਹਾਲ ਸਿੰਘ ਜਿਹੇ ਸਿਆਣੇ ਗਭਰੂ ਨੂੰ ਭੀ ਪਾਗਲ ਬਣਾ ਰਿਹਾ ਹੈ। ਮਾਮੇ ਦੇ ਕਤਲ ਤੇ ਪਿਉ ਦੇ ਕੈਦ ਕਰਨ ਦਾ ਹੁਕਮ ਉਸ ਤੋਂ ਲਿਆ ਜਾ ਰਿਹਾ ਹੈ। ਕੰਵਰ ਨੇ ਦਸਤਖਤ ਕਰਨ ਤੋਂ ਪਹਿਲਾਂ ਉਸ ਹੁਕਮ ਨੂੰ ਇਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਵਾਰ ਪੜ੍ਹਿਆ। ਦਸਤਖਤ ਕਰਨ ਲਈ ਕਈ ਵਾਰ ਕਲਮ ਚੁਕੀ ਤੇ ਰਖੀ, ਉਸ ਦੇ ਹਿਰਦੇ ਵਿਚ ਇਸ ਸਮੇਂ ਇਕ ਤਕੜਾ ਘੋਲ ਮਚਿਆ ਹੋਇਆ ਸੀ। ਆਪਣੇ ਪਿਉ ਦੀ ਕੈਦ ਦੇ ਹੁਕਮ ਪਰ ਦਸਤਖਤ ਕਰੇ-ਇਹ ਮੰਨਣ ਲਈ ਉਸ ਦਾ ਦਿਲ ਕਦ ਵੀ ਰਾਜ਼ੀ ਹੋਣ ਲਈ ਤਿਆਰ ਨਹੀਂ ਸੀ। ਆਖਰ ਉਸ ਨੇ ਕਲਮ ਹੱਥੋਂ ਰਖ ਦਿਤੀ ਤੇ ਹੌਲੀ ਜਿਹੀ ਕਿਹਾ- ‘‘ਰਾਜਾ ਜੀ! ਮੈਥੋਂ ਇਹ ਨਹੀਂ ਹੋ ਸਕੇਗਾ।’’
ਧਿਆਨ ਸਿੰਘ ਫੇਰ ਘਬਰਾਇਆ। ਬਣਿਆ ਬਣਾਇਆ ਖੇਡ ਫੇਰ ਵਿਗੜ ਰਿਹਾ ਸੀ। ਉਸ ਨੇ ਕਿਹਾ- ‘‘ਕੰਵਰ ਜੀ, ਬੜੇ ਭੋਲੇ ਹੋ ਤੁਸੀਂ। ਇਹ ਕੀ ਬੁਜ਼ਦਿਲੀ ਕਰ ਰਹੇ ਹੋ। ਗੀਤਾ ਦਾ ਉਪਦੇਸ਼ ਉਕਾ ਹੀ ਭਲ ਗਏ ਜਾਪਦੇ ਹੋ, ਰਾਜਾਂ ਲਈ ਆਪਣੇ ਦੇਸ ਦੀ ਸੁਤੰਤਰਤਾ ਤੇ ਪਰਜਾ ਦੇ ਸੁਖ ਦਾ ਖਿਆਲ ਰਖਣਾ ਜ਼ਰੂਰੀ ਹੈ। ਨਾ ਕਰੋ ਦਸਤਖਤ, ਪਰ ਜਾਣਦੇ ਹੋ ਇਸ ਦਾ ਨਤੀਜਾ ਕੀ ਹੋਵੇਗਾ? ਤੇਰੇ ਦਾਦੇ ਦਾ ਤਲਵਾਰ ਨਾਲ ਕਾਇਮ ਕੀਤਾ ਇਹ ਰਾਜ ਅਖ ਦੇ ਫੋਰ ਵਿਚ ਅੰਗ੍ਰੇਜ਼ ਦੀ ਅਧੀਨਗੀ ਵਿਚ ਚਲਾ ਜਾਵੇਗਾ। ਇਹ ਸ਼ਾਹੀ ਕਿਲਾ ਤੇ ਰਾਜ ਮਹੱਲ ਲਾਲ ਮੂੰਹਾਂ ਵਾਲੇ ਮੱਲ ਲੈਣਗੇ। ਤੁਹਾਡਾ ਤੇ ਸਾਡਾ ਅੰਤ ਭਗਵਾਨ ਹੀ ਜਾਣਦਾ ਏ ਕੀ ਹੋਵੇਗਾ, ਤਦ ਕੀ ਤੁਹਾਨੂੰ ਉਹ ਹਾਲਤ ਪ੍ਰਵਾਨ ਏ? ਤੇ ਕੀ ਉਸ ਖਤਰੇ ਤੋਂ ਦੇਸ ਨੂੰ ਬਚਾਉਣ ਲਈ ਤੁਸੀਂ ਇਸ ਕਾਗਜ਼ ਤੇ ਦਸਤਖਤ ਨਹੀਂ ਕਰ ਸਕਦੇ?’’
"ਬੀਬਾ ਜੀ! ਦਸਤਖਤ ਕਰ ਦਿਓ, ਸਿੰਘ ਸਾਹਿਬ ਦੇ ਰਾਜ ਨੂੰ ਬਚਾਉਣ ਲਈ ਧਿਆਨ ਸਿੰਘ ਦੀ ਸਲਾਹ ਸਾਨੂੰ ਮੰਨਣੀ ਹੀ ਪਵੇਗੀ। ’’ ਮਹਾਰਾਣੀ ਚੰਦ ਕੌਰ ਨੇ ਕਿਹਾ। ਇਸਦੇ ਨਾਲ ਹੀ ਸੰਧਾਵਾਲੀਏ ਸ੍ਰਦਾਰਾਂ ਨੇ ਭੀ ਕੰਵਰ ਪਰ ਜ਼ੋਰ ਪਾਇਆ। ਵਜ਼ਾਰਤ ਦਾ ਲਾਲਚ ਇਸ ਸਮੇਂ ਉਨ੍ਹਾਂ ਨੂੰ ਅੰਨਾ ਕਰੀ ਜਾ ਰਿਹਾ ਸੀ। ਜਨਰਲ ਗਾਰਡਨਰ ਨੇ ਭੀ ਇਹੋ ਸਲਾਹ ਦਿਤੀ। ਕੰਵਰ ਹਾਲਾਂ ਭੀ ਡੂੰਘੀਆਂ ਸੋਚਾਂ ਵਿਚ ਪਿਆ ਹੋਇਆ ਸੀ। ਆਖਰ ਕਠ ਪਤਲੀ ਵਾਂਗ ਉਸਦਾ ਹੱਥ ਹਿਲਿਆ ਕਲਮ ਫੜੀ ਤੇ ਕਾਗਜ਼ ਦੇ ਉਸ ਪੁਰਜ਼ੇ ਤੇ ਦਸਤਖਤ ਕਰ ਦਿਤੇ ਪਰ ਇਹ ਕੰਮ ਉਸ ਨੇ ਆਪਣੀ ਜ਼ਮੀਰ ਦੀ ਅਵਾਜ਼ ਅਨੁਸਾਰ ਕੀਤਾ, ਇਹ ਗਲ ਨਹੀਂ ਕਹੀ ਜਾ ਸਕਦੀ।
ਇਸ ਸਾਰੀ ਗਲ ਕਥ ਵਿਚ ਰਾਤ ਦੇ ੧੨ ਵਜ ਚੁਕੇ ਸਨ। ਰਾਜਾ ਧਿਆਨ ਸਿੰਘ ਜਦ ਕੰਵਰ ਨੌਨਿਹਾਲ ਸਿੰਘ ਦੇ ਦਸਤਖਤਾਂ ਵਾਲਾ ਕਾਗਜ਼ ਜੇਬ ਵਿਚ ਪਾ ਰਿਹਾ ਸੀ ਤਾਂ ਸ਼ਾਹੀ ਕਿਲੇ ਦਾ ਘੜਿਆਲ ਉਨ੍ਹਾਂ ਨੂੰ ਅੱਧੀ ਰਾਤ ਦਾ ਸੁਨੇਹਾ ਦੇ ਰਿਹਾ ਸੀ।
‘‘ਹੁਣ ਦੇਰ ਕਰਨ ਦਾ ਸਮਾਂ ਨਹੀਂ।" ਧਿਆਨ ਸਿੰਘ ਨੇ ਕਾਗਜ਼ ਜੇਬ ਵਿਚ ਪਾਉਣ ਪਿਛੋਂ ਆਖਿਆ।
"ਕੀ ਕਰਨਾ ਚਾਹੀਦਾ ਏ?’’
‘‘ਰਾਜ ਮਹੱਲ ਨੂੰ ਚਲੋ!’’ ਸ: ਕਿਹਰ ਸਿੰਘ ਦੀ ਪੁਛ ਪਰ ਧਿਆਨ ਸਿੰਘ ਨੇ ਕਿਹਾ।
‘‘ਨਹੀਂ ਅਧੀ ਰਾਤ ਰਾਜ ਮਹੱਲ ਨਹੀਂ ਜਾਣਾ ਚਾਹੀਦਾ ਸਵੇਰੇ ਵੇਖੀ ਜਾਵੇਗੀ।’’ ਕੰਵਰ ਨੌਨਿਹਾਲ ਸਿੰਘ ਨੇ ਕਿਹਾ।
ਭੋਲੇ ਕੰਵਰ ਸਾਹਿਬ, ਤੁਸੀਂ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ।’’ ਇਹ ਕਹਿ ਕੇ ਧਿਆਨ ਸਿੰਘ ਕਿਲੇ ਵਿਚੋਂ ਬਾਹਰ ਨੂੰ ਤੁਰਿਆ, ਉਸ ਦੇ ਪਿਛੋਂ ਰਾਜਾ ਗੁਲਾਬ ਸਿੰਘ, ਸੁਚੇਤ ਸਿੰਘ ਤੇ ਹੀਰਾ ਸਿੰਘ ਸਨ, ਫੇਰ ਕੇਸਰੀ ਸਿੰਘ, ਲਾਲ ਸਿੰਘ ਤੇ ਗਾਰਡਨਰ ਤੁਰੇ। ਉਨ੍ਹਾਂ ਦੇ ਪਿਛੋਂ ਸੰਧਾਵਾਲੀਏ ਸ੍ਰਦਾਰ ਤੇ ਫੇਰ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ। ਡੋਗਰੇ ਸ੍ਰਦਾਰ, ਜਨਰਲ ਗਾਰਡਨਰ, ਕੇਸਰੀ ਸਿੰਘ ਤੇ ਲਾਲ ਸਿੰਘ ਪਾਸ ਬੰਦੂਕਾਂ ਹਨ ਤੇ ਸੰਧਾਵਾਲੀਏ ਸ੍ਰਦਾਰਾਂ ਪਾਸ ਤਲਵਾਰਾਂ। ਮਹਾਰਾਣੀ ਚੰਦ ਕੌਰ ਤੇ ਕੰਵਰ ਸਾਹਿਬ ਖਾਲੀ ਹੱਥ ਹਨ।
ਸ਼ਾਹੀ ਮਹੱਲ ਦੇ ਬਾਹਰ ਇਸ ਸਮੇਂ ਚੁਪ ਛਾਈ ਹੋਈ ਏ। ਨਾ ਅੰਦਰੋਂ ਕੋਈ ਅਵਾਜ਼ ਆਉਂਦੀ ਏ ਤੇ ਨਾ ਬਾਹਰੋਂ। ਦਰਵਾਜ਼ੇ ਪਰ ਤਲਵਾਰਾਂ ਫੜੀ ਦੋ ਪੂਰਬੀਏ ਗਭਰੂ ਪਹਿਰਾ ਦੇ ਰਹੇ ਹਨ। ਅਧੀ ਰਾਤ ਦੇ ਥੋੜਾ ਜਿਹਾ ਪਿਛੋਂ ਇਸ ਚੁਪ ਨੂੰ ਤੋੜਦੀ ਇਕ ਧਾੜ ਮਹੱਲ ਵਲ ਵਧੀ। ਇਸ ਧਾੜ ਵਿਚ ਉਹੋ ਬੰਦੇ ਹਨ, ਜਿਨ੍ਹਾਂ ਨੂੰ ਅਧੀ ਰਾਤ ਤਕ ਅਸੀਂ ਸ਼ਾਹੀ ਕਿਲੇ ਵਿਚ ਵੇਖਦੇ ਆਏ ਹਾਂ। ਰਾਜਾ ਧਿਆਨ ਸਿੰਘ, ਰਾਓ ਕੇਸਰੀ ਸਿੰਘ ਤੋਂ ਜਨਰਲ ਗਾਰਡਨਰ ਇਸ ਦੇ ਮੋਹਰੇ ਸਨ। ਇਨ੍ਹਾਂ ਦੇ ਦਰਵਾਜ਼ੇ ਪਰ ਪੂਜਦੇ ਹੀ ਪੂਰਬੀ ਪਹਿਰੇਦਾਰਾਂ ਨੇ ਲਲਕਾਰਿਆ:-
‘‘ਇਸ ਸਮੇਂ ਕੌਨ ਹੈ?"
‘‘ਕਿਉਂ ਭੌਕਦੇ ਹੋ ਕੁਤਿਓ।’’ ਇਕ ਰੋਹਬਦਾਰ ਅਵਾਜ਼ ਵਿਚ ਉਤਰ ਮਿਲਿਆ।
‘‘ ਹਮ ਨਹੀਂ ਜਾਨੇ ਦੇਂਗੇ, ਮਾਲਕ ਕਾ ਹੁਕਮ ਨਹੀਂ ਹੈ।’’ ਪੂਰਬੀ ਪਹਿਰੇਦਾਰਾਂ ਨੇ ਤਲਵਾਰਾਂ ਸੂਤਦੇ ਹੋਏ ਕਿਹਾ।
"ਹੂੰ’’ ਕਹਿ ਕੇ ਰਾਜਾ ਧਿਆਨ ਸਿੰਘ ਨੇ ਇਕ ਇਸ਼ਾਰਾ ਕੀਤਾ, ਉਸ ਦੇ ਨਾਲ ਹੀ ਕੁਝ ਤਲਵਾਰਾਂ ਉਪਰ ਉਠੀਆਂ ਤੇ ਦੋਹਾਂ ਪਹਿਰੇਦਾਰਾਂ ਦੇ ਸਿਰ ਵਖ ਹੋ ਕੇ ਧਰਤੀ ਪਰ ਆਣ ਡਿਗੇ ਹਨੇਰੇ ਵਿਚ ਇਹ ਨਹੀਂ ਪਤਾ ਲਗਾ ਕਿ ਇਹ ਵਾਰ ਕਿਸ ਨੇ ਕੀਤਾ।
ਇਸ ਖੂਨੀ-ਕਾਂਡ ਤੋਂ ਪਿਛੋਂ ਦਰਵਾਜ਼ਾ ਖੋਹਲ ਕੇ ਇਹ ਧਾੜ ਮਹੱਲ ਵਿਚ ਜਾ ਵੜੀ। ਮਹਾਰਾਜਾ ਖੜਕ ਸਿੰਘ ਦਾ ਗੜਵਈ ਮਹਾਰਾਜ ਦੀ ਹਜ਼ੂਰੀ ਵਿਚੋਂ ਨਿਕਲ ਕੇ ਆਪਣੇ ਸੌਣ ਵਾਲੇ ਕਮਰੇ ਵਲ ਜਾ ਰਿਹਾ ਸੀ। ਪੂਰਬੀ ਪਹਿਰੇਦਾਰਾਂ ਦੀਆਂ ਚੀਕਾਂ ਤੇ ਧਿਆਨ ਸਿੰਘ ਦੀ ਗਰਜਵੀਂ ਅਵਾਜ਼ ਨੇ ਉਸ ਦਾ ਦਿਲ ਹਿਲਾ ਦਿਤਾ। ਉਸ ਨੇ ਅਨਭਵ ਕਰ ਲਿਆ ਕਿ ਇਹ ਧਾੜ ਸੁਖ ਦੀ ਨਹੀਂ ਆਈ; ਸਗੋਂ ਉਸ ਦੇ ਮਾਲਕ ਦੇ ਖੂਨ ਦੀ ਤਿਹਾਈ ਬਣ ਕੇ ਆਈ ਏ, ਉਹ ਆਪਣੇ ਕਮਰੇ ਵਲ ਜਾਂਦਾ ਜਾਂਦਾ ਫੇਰ ਪਰਤ ਪਿਆ ਤੇ ਮਾਲਕ ਨੂੰ ਖਬਰ ਦੇਣ ਲਈ ਪੂਰੇ ਜ਼ੋਰ ਨਾਲ ਮਹਾਰਾਜਾ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਵਲ ਦੌੜਿਆ ਪਰ ਹਾਲਾਂ ਉਹ ਬ੍ਰਡ ਪਾਸ ਭੀ ਨਹੀਂ ਪੁਜਿਆ ਸੀ ਕਿ ਛਰਰ ਕਰਦੀ ਇਕ ਗੋਲੀ ਉਸ ਦੀ ਪਿਠ ਪਰ ਲਗੀ ਤੇ ਉਹ ਜ਼ਮੀਨ ਪਰ ਢਹਿ ਕੇ ਆਖਰੀ ਦਮ ਤੋੜਨ ਲਗ ਪਿਆ।
‘‘ਤੂੰ ਤਾਂ ਨਿਮਕ ਹਲਾਲੀ ਦਾ ਫਲ ਲੈ ਲੈ?’’ ਧਿਆਨ ਸਿੰਘ ਕਹਿ ਰਿਹਾ ਸੀ।
ਮਹਾਰਾਜਾ ਖੜਕ ਸਿੰਘ ਤੇ ਸ੍ਰਦਾਰ ਚੇਤ ਸਿੰਘ ਨਾਲ ਨਾਲ ਦੋ ਪਲੰਗਾਂ ਪਰ ਸੁਤੇ ਹੋਏ ਸਾਰੀ ਦੁਨੀਆ ਦੇ ਫਿਕਰ ਫਾਕੇ ਭੁਲ ਕੋ ਨੀਂਦ ਦੇ ਸੁਵਰਗੀ ਹੁਲਾਰੇ ਲੈ ਰਹੇ ਸਨ। ਇਸ ਤੋਂ ਕੁਝ ਘੰਟੇ ਪਹਿਲਾਂ ਉਹ ਇਹ ਫੈਸਲਾ ਕਰਕੇ ਸੁਤੇ ਸਨ ਕਿ ਜਿਸ ਤਰ੍ਹਾਂ ਭੀ ਹੋ ਸਕੇ ਛੇਤੀ ਤੋਂ ਛੇਤੀ ਡੋਗਰਿਆਂ ਦਾ ਖਾਤਮਾਂ ਕਰ ਦੇਣਾ ਚਾਹੀਦਾ ਏ। ਮਹਾਰਾਜਾ ਖੜਕ ਸਿੰਘ ਤੇ ਸ: ਚੇਤ ਸਿੰਘ ਦੋਵੇਂ ਅਨਭਵ ਕਰ ਚੁਕੇ ਸਨ ਕਿ ਜਦ ਤਕ ਡੋਗਰਾ-ਗਰਦੀ ਦਾ ਖਾਤਮਾਂ ਨਹੀਂ ਹੁੰਦਾ, ਸਿਖ ਰਾਜ ਸੁਰਅਖਤ ਨਹੀਂ ਹੋ ਸਕਦਾ। ਉਨ੍ਹਾਂ ਨੂੰ ਚਿਤ ਚਤਾ ਵੀ ਨਹੀਂ ਸੀ ਕਿ ਧਿਆਨ ਸਿੰਘ ਚਾਲਾਂ ਚਲਣ ਵਿਚ ਇਤਨਾ ਚਾਲਾਕ ਹੈ ਕਿ ਉਨ੍ਹਾਂ ਨੂੰ ਕੁਝ ਕਰਨ ਦਾ ਮੌਕਿਆ ਹੀ ਨਹੀਂ ਦਵੇਗਾ।
ਗੋਲੀ ਚਲਣ ਦੀ ਆਵਾਜ਼ ਨਾਲ ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ ਦੀ ਅਖ ਖੁਲ੍ਹ ਗਈ। ਬਾਹਰੋਂ ਧਾੜ ਅੰਦਰ ਨੂੰ ਆ ਰਹੀ ਸੀ। ਪੰਜਾਬ ਦਾ ਪਾਤਸ਼ਾਹ ਤੇ ਉਸਦਾ ਵਫਾਦਾਰ ਸਰਦਾਰ ਅਚਾਨਕ ਦੁਸ਼ਮਨਾਂ ਦੇ ਘੇਰੇ ਵਿਚ ਸਨ। ਸਰਦਾਰ ਚੇਤ ਸਿੰਘ ਮਹਾਰਾਜਾ ਖੜਕ ਸਿੰਘ ਦੇ ਇਸ਼ਾਰ ਪਰ ਹਠਾਂ ਤਹਿਖਾਨੇ ਵਿਚ ਭਜ ਗਿਆ। ਜਦ ਇਹ ਧਾੜ ਮਹਾਰਾਜਾ ਖੜਕ ਸਿੰਘ ਦੇ ਕਮਰੇ ਵਿਚ ਪੁਜੀ ਤਾਂ ਮਹਾਰਾਜਾ ਖੜਕ ਸਿੰਘ ਆਪਣੇ ਪਲੰਗ ਪਰ ਬੈਠਾ ਹੋਇਆ ਸੀ ਤੇ ਸ: ਚੇਤ ਸਿੰਘ ਦਾ ਪਲੰਗ ਖਾਲੀ ਪਿਆ ਸੀ।
ਰਾਜਾ ਧਿਆਨ ਸਿੰਘ ਨੇ ਜਾਂਦੇ ਹੀ ਮਹਾਰਾਜਾ ਖੜਕ ਸਿੰਘ ਦੇ ਪੈਰੀਂ ਹੱਥ ਲਾਇਆ। ਇਸ ਤਰ੍ਹਾਂ ਹੀ ਉਹ ਮਹਾਰਾਜਾ ਸ਼ੇਰੇ ਪੰਜਾਬ ਤੋਂ ਪਿਛੋਂ ਮਹਾਰਾਜਾ ਖੜਕ ਸਿੰਘ ਨੂੰ ਮਿਲਿਆ ਕਰਦਾ ਸੀ। ਉਹ ਤੇ ਬਾਕੀ ਧਾੜ ਹੁਣ ਮਹਾਰਾਜ ਦੇ ਸਾਹਮਣੇ ਖੜੀ ਸੀ।
‘‘ਕੀ ਗੱਲ ਏ ਧਿਆਨ ਸਿੰਘਾ?’’ ਮਹਾਰਾਜਾ ਖੜਕ ਸਿੰਘ ਨੇ ਪੁਛਿਆ।
‘‘ਮਾਲਕ! ਸਾਨੂੰ ਸ: ਚੇਤ ਸਿੰਘ ਦੀ ਲੋੜ ਏ।’’ ਧਿਆਨ ਸਿੰਘ ਨੇ ਉਤਰ ਦਿਤਾ।
ਮਹਾਰਾਜਾ ਖੜਕ ਸਿੰਘ ਸਾਰੀ ਗਲ ਸਮਝ ਗਿਆ। ਉਹ ਕੁਝ ਬੋਲਿਆ ਨਹੀਂ। ਸਿਖ ਰਾਜ ਦੀ ਤਬਾਹੀ ਦਾ ਨਕਸ਼ਾ ਨਗਨ ਰੂਪ ਵਿਚ ਇਸ ਸਮੇਂ ਉਸ ਦੀਆਂ ਅਖਾਂ ਦੇ ਸਾਹਮਣੇ ਸੀ।
ਧਿਆਨ ਸਿੰਘ ਨੇ ਫੇਰ ਕਿਹਾ- ‘‘ਹਜ਼ੂਰ ਛੇਤੀ ਦੱਸੋ ਚੇਤ ਸਿੰਘ ਕਿਥੇ ਹੈ?’’
ਮਹਾਰਾਜਾ ਫੇਰ ਭੀ ਚੁਪ ਰਿਹਾ।
ਜਨਰਲ ਗਾਰਡਨਰ ਨੇ ਤਹਿਖਾਨੇ ਵਲ ਇਸ਼ਾਰਾ ਹੈ ਤੇ ਇਸ ਇਸ਼ਾਰੇ ਦੇ ਨਾਲ ਹੀ ਨੰਗੀਆਂ ਤਲਵਾਰਾਂ ਤੇ ਭਰੀਆਂ ਬੰਦੂਕਾ ਲੈ ਕੇ ਰਾਜਾ ਹੀਰਾ ਸਿੰਘ, ਸੁਚੇਤ ਸਿੰਘ ਤੇ ਰਾਓ ਕੇਸਰੀ ਸਿੰਘ ਤਹਿਖਾਨੇ ਵਿਚ ਉਤਰ ਗਏ ਅਤੇ ਥੋੜੀ ਦੇਰ ਪਿਛੋਂ ਸਰਦਾਰ ਚੇਤ ਸਿੰਘ ਨੂੰ ਧੂਹ ਕੇ ਬਾਹਰ ਲੈ ਆਏ-ਮੁਹਾਰਾਜਾ ਖੜਕ ਸਿੰਘ ਦੇ ਸਾਹਮਣੇ।
ਰਾਜਾ ਧਿਆਨ ਸਿੰਘ ਨੇ ਕੰਵਰ ਨੌ ਨਿਹਾਲ ਸਿੰਘ ਵਲੋਂ ਉਸ ਦੇ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਕੈਦ ਦਾ ਹੁਕਮ ਪੜ੍ਹ ਕੇ ਸੁਣਾਇਆ। ਚਾਲਾਕ ਧਿਆਨ ਸਿੰਘ ਨੂੰ ਤੌਖਲਾ ਸੀ ਕਿ ਕਿਤੇ ਸਾਹਮਣੇ ਆਏ ਪਿਉ ਪਤ ਦਾ ਮੋਹ ਹੀ ਨਾ ਭੜਕ ਉਠੇ। ਉਨ੍ਹਾਂ ਨੂੰ ਇਕ ਦੂਜੇ ਦੇ ਪਰਸਪਰ ਦੁਸ਼ਮਨ ਪ੍ਰਗਟ ਕਰਨ ਲਈ ਹੀ ਇਹ ਹੁਕਮ ਉਸ ਨੇ ਪੜ੍ਹ ਕੇ ਸੁਣਾਇਆ, ਨਹੀਂ ਤਾਂ ਇਸ ਦੀ ਲੋੜ ਕੋਈ ਨਹੀਂ ਸੀ। ਉਸਦਾ ਇਹ ਤੀਰ ਨਿਸ਼ਾਨੇ ਪਰ ਲਗਾ। ਪਿਉ ਪੁਤਰ ਤੇ ਪੁਤਰ ਪਿਉ ਵਲ ਕੈਰੀਆਂ ਅੱਖਾਂ ਨਾਲ ਵੇਖਣ ਲਗਾ। ਮਹਾਰਾਣੀ ਚੰਦ ਕੌਰ ਨੀਵੀਂ ਸੁਟੀ ਖੜੀ ਸੀ।
‘‘ਧਿਆਨ ਸਿੰਘਾ! ਭਾਵੇਂ ਮੈਨੂੰ ਕਤਲ ਹੀ ਕਰ ਦਿੰਦੋਂ ਪਰ ਇਸ ਕਪੁਤਰ ਤੇ ਇਸ ਕੁਪਤਨੀ ਨੂੰ ਮੇਰੇ ਸਾਹਮਣੇ ਨਾ ਲਿਆਉਂਦੋਂ।’’ ਮਹਾਰਾਜਾ ਖੜਕ ਸਿੰਘ ਨੇ ਕਿਹਾ।
‘‘ਸ੍ਰੀ ਮਾਨ ਜੀ! ਮੈਂ ਤਾਂ ਹੁਕਮ ਦਾ ਬੰਦਾ ਹਾ, ਸਿਖ ਸ੍ਰਦਾਰਾਂ ਕੰਵਰ ਤੇ ਮਹਾਰਾਣੀ ਨੇ ਜੋ ਹੁਕਮ ਦਿਤਾ ਏ, ਰਾਜ ਦੀ ਰਖਿਆ ਲਈ ਮੈਂ ਇਸ ਨੂੰ ਪਾਲਣ ਕਰਨ ਲਈ ਮਜਬੂਰ ਹਾਂ। ਆਸ ਹੈ ਖਿਮਾਂ ਕਰੋਗੇ।"
‘‘ਆਖਰ ਤੁਸੀਂ ਚਾਹੁੰਦੇ ਕੀ ਹੋ?’’ ਮਹਾਰਾਜ ਨੇ ਪੁਛਿਆ।
‘‘ਸ੍ਰੀਮਾਨ ਦਾ ਸਤਿਕਾਰ ਪਹਿਲਾਂ ਵਾਂਗ ਹੀ ਕਾਇਮ ਰਹੇਗਾ। ਹਾਂ, ਚੇਤ ਸਿੰਘ ਹੁਣ ਇਸ ਦੁਨੀਆ ਵਿਚ ਨਹੀਂ ਰਹਿ ਸਕਦਾ।"
‘‘ਧਿਆਨ ਸਿੰਘਾ! ਇਹ ਜ਼ੁਲਮ ਨਾ ਕਰ, ਇਸ ਤਰ੍ਹਾਂ ਸਿਖ ਰਾਜ ਦੀ ਬਰਬਾਦੀ ਨਾ ਕਰ। ਇਸ ਖੂਨ ਖਰਾਬੇ ਦਾ ਨਤੀਜਾ ਤੇਰੇ ਹੱਕ ਵਿਚ ਵੀ ਚੰਗਾ ਨਹੀਂ ਹੋਵੇਗਾ।" ਮਹਾਰਾਜੇ ਨੇ ਆਖਿਆ।’’
‘‘ਸ੍ਰੀ ਮਾਨ ਜੀ! ਚੰਗੇ ਮੰਦੇ ਦੀ ਗਲ ਨਹੀਂ। ਅਸੀਂ ਸਿਖ ਰਾਜ ਨੂੰ ਅੰਗ੍ਰੇਜਾਂ ਹੱਥੋਂ ਬਚਾਉਣ ਲਈ ਸਭ ਕੁਝ ਕਰਨ ਲਈ ਮਜਬੂਰ ਹਾਂ?’’ ਧਿਆਨ ਸਿੰਘ ਨੇ ਉਤਰ ਦਿਤਾ।"
‘‘ਸਿਖ ਰਾਜ ਨਾਲ ਅੰਗ੍ਰੇਜ਼ਾਂ ਦਾ ਕੀ ਵਾਸਤਾ?’’ "ਭੋਲੇ ਨਾ ਬਣੋ ਪਾਤਸ਼ਾਹੋ! ਸਾਨੂੰ ਸਾਰੇ ਪੱਕੇ ਸਬੂਤ ਮਿਲ ਚੁਕੇ ਹਨ।
‘‘ਸਾਨੂੰ ਭੀ ਤਾਂ ਪਤਾ ਲਗੇ।’’
‘‘ਕੰਵਰ ਸਾਹਿਬ ਤੋਂ ਪੁਛ ਲਓ।’’
ਮਹਾਰਾਜਾ ਖੜਕ ਸਿੰਘ ਦੀ ਗਲ ਨੂੰ ਟਾਲਣ ਦਾ ਰਾਜਾ ਧਿਆਨ ਸਿੰਘ ਨੇ ਇਹ ਸੁਚੱਜਾ ਢੰਗ ਕੱਢ ਲਿਆ; ਨਹੀਂ ਤਾਂ ਸਾਰਾ ਭੇਦ ਖੁਲ ਜਾਣ ਦਾ ਤੌਖਲਾ ਸੀ। ਕੰਵਰ ਦਾ ਨਾਮ ਸੁਣਦੇ ਹੀ ਮਹਾਰਾਜਾ ਖੜਕ ਸਿੰਘ ਨੇ ਇਕ ਠੰਢਾ ਹਾਉਕਾ ਭਰਿਆ ਤੇ ਨਫਰਤ ਨਾਲ ਮੂੰਹ ਦੂਜੇ ਪਾਸੇ ਫਰ ਲਿਆ।
ਦੂਜੇ ਪਾਸੇ ਰਾਜਾ ਧਿਆਨ ਸਿੰਘ ਸ੍ਰਦਾਰ ਚੇਤ ਸਿੰਘ ਨੂੰ ਕਹਿ ਰਿਹਾ ਸੀ- ‘‘ਭਾਈਆ ਚੇਤ ਸਿੰਘਾ! ਤੇਰੇ ਦੱਸੇ ਅੱਠ ਦਿਨ ਤਾਂ ਪੂਰੇ ਹੋਏ ਨਹੀਂ ਪਰ ਮੈਂ ਪਹਿਲਾਂ ਹੀ ਸੇਵਾ ਵਿਚ ਹਾਜ਼ਰ ਹੋ ਗਿਆ ਹਾਂ।"
‘‘ਰਾਜਾ ਜੀ ਮਾਫ ਕਰੋ।’’ ਸ: ਚੇਤ ਸਿੰਘ ਨੇ ਬੇਨਤੀ ਕੀਤੀ।
‘‘ਮਾਫੀ ਕੰਵਰ ਸਾਹਿਬ ਤੋਂ ਮੰਗੋ, ਮੈਂ ਤਾਂ ਹੁਕਮ ਦਾ ਨੌਕਰ ਹਾਂ।’’ ਧਿਆਨ ਸਿੰਘ ਨੇ ਹੈਂਕੜ ਨਾਲ ਕਿਹਾ।
ਮਹਾਰਾਜਾ ਖੜਕ ਸਿੰਘ ਫੇਰ ਬੋਲਿਆ, "ਵੇਖ ਧਿਆਨ ਸਿੰਘਾ, ਖੂਨ ਖਰਾਬੇ ਵਿਚ ਨਾ ਪਓ। ਸ: ਚੇਤ ਸਿੰਘ ਨੇ ਤੇਰਾ ਕੁਝ ਨਹੀਂ ਵਿਗਾੜਿਆ ਇਸ ਬੇਗੁਨਾਹ ਦੇ ਖੂਨ ਵਿਚ ਹੱਥ ਨਾ ਰੰਗ। ਨਤੀਜਾ ਚੰਗਾ ਨਹੀਂ ਨਿਕਲੇਗਾ।’’
‘‘ਮਹਾਰਾਜ! ਮੈਂ ਤਾਂ ਪਹਿਲਾਂ ਹੀ ਬੇਨਤੀ ਕਰ ਚੁਕਿਆ ਹਾਂ ਕਿ ਮੈਂ ਤਾਂ ਹੁਕਮ ਦਾ ਬੰਦਾ ਹਾਂ। ਆਹ ਕੰਵਰ ਸਾਹਿਬ ਦਾ ਹੁਕਮ ਪਿਆ ਏ ਤੇ ਔਹ ਕੰਵਰ ਸਾਹਿਬ ਖੜੇ ਨਿ।' ਧਿਆਨ ਸਿੰਘ ਨੇ ਉਤਰ ਦਿਤਾ।
‘‘ਮੈਂ ਪਾਤਸ਼ਾਹ ਹੋ ਕ ਬੇਨਤੀ ਕਰਦਾ ਹਾਂ ਕਿ ਇਸ ਨੂੰ ਨਾ ਮਾਰੋ। ’’ਮਹਾਰਾਜਾ ਖੜਕ ਸਿੰਘ ਨੇ ਫੇਰ ਕਿਹਾ।
‘‘ਪਾਤਸ਼ਾਹ ਤਾਂ ਹੁਣ ਮਹਾਰਾਜਾ ਨੌ ਨਿਹਾਲ ਸਿੰਘ ਹੈ। ਬੇਨਤੀ ਭੀ ਉਹੋ ਸੁਣ ਸਕਦਾ ਏ,’’ ਧਿਆਨ ਸਿੰਘ ਨੇ ਮਾਨੋ ਕਤੱਈ ਗਲ ਮੁਕਾ ਦਿਤੀ।
‘‘ਮਹਾਰਾਜਾ ਖੜਕ ਸਿੰਘ ਨੇ ਨਫਰਤ ਨਾਲ ਮੂੰਹ ਫੇਰਦੇ ਹੋਏ ਕਿਹਾ- ‘‘ਯਾਦ ਰਖੀਂ ਧਿਆਨ ਸਿੰਘਾ! ਇਹ ਤੂੰ ਆਪਣੇ ਲਈ ਕੰਢੇ ਬੀਜ ਰਿਹਾ ੲਂ।’’
ਧਿਆਨ ਸਿੰਘ ਨੇ ਇਸ ਗਲ ਦਾ ਕੋਈ ਉਤਰ ਨਹੀਂ ਦਿਤਾ, ਸਗੋਂ ਤਲਵਾਰ ਸੂਤ ਕੇ ਚੇਤ ਸਿੰਘ ਵਲ ਵਧਿਆ, ਮਹਾਰਾਜਾ ਖੜਕ ਸਿੰਘ ਨੇ ਉਸਨੂੰ ਬਚਾਉਣ ਲਈ ਉਠਣ ਦਾ ਯਤਨ ਕੀਤਾ ਪਰ ਸ: ਅਜੀਤ ਸਿੰਘ ਤੇ ਰਾਜਾ ਗੁਲਾਬ ਸਿੰਘ ਨੇ ਅਗੇ ਵਧ ਕੇ ਉਨ੍ਹਾਂ ਨੂੰ ਰੋਕ ਲਿਆ, ਰਾਜਾ ਗੁਲਾਬ ਸਿੰਘ ਬੋਲਿਆ- ‘‘ਮਹਾਰਾਜ! ਤੁਹਾਨੂੰ ਤਕਲੀਫ ਕਰਨ ਦੀ ਲੋੜ ਨਹੀਂ।’’
ਹੁਣ ਮਹਾਰਾਜਾ ਖੜਕ ਸਿੰਘ ਬੇਵੱਸ ਸੀ ਤੇ ਚੇਤ ਸਿੰਘ ਕੋਹਿਆ ਜਾ ਰਿਹਾ ਸੀ। ਧਿਆਨ ਸਿੰਘ ਨੇ ਤਾਬੜ ਤੋੜ ਤਲਵਾਰ ਦੇ ਕਈ ਵਾਰ ਉਸ ਪਰ ਕੀਤੇ। ਲਹੂ ਦੀ ਨਦੀ ਵਗ ਤੁਰੀ ਤੇ ਸ: ਚੇਤ ਸਿੰਘ ਦੀ ਲਾਸ਼ ਧਰਤੀ ਪਰ ਮਛੀ ਵਾਂਗ ਤੜਫਨ ਲਗੀ। ਪਲ ਕੁ ਪਿਛੋਂ ਉਹ ਬਿਲਕੁਲ ਠੰਢੀ ਹੋ ਚੁਕੀ ਸੀ।
ਸ: ਚੇਤ ਸਿੰਘ ਮਾਰਿਆ ਗਿਆ। ਉਸ ਦੀ ਲਾਸ਼ ਸਾਹਮਣੇ ਬੇ ਹਸੋ-ਹਰਕਤ ਪਈ ਸੀ ਪਰ ਧਿਆਨ ਸਿੰਘ ਬਘਿਆੜਾਂ ਦੀ ਖੂਨੀ ਭੁਖ ਹਾਲਾਂ ਨਹੀਂ ਸੀ ਲਥੀ।
ਧਿਆਨ ਸਿੰਘ ਨੇ ਗੁਲਾਬ ਸਿੰਘ ਨੂੰ ਵਖ ਲਿਜਾ ਕੇ ਕਿਹਾ- ‘‘ਖੜਕ ਸਿੰਘ ਦਾ ਭੀ ਕੀਰਤਨ ਸੋਹਲਾ ਪੜ ਦਈਏ ਕੀ?’’
‘‘ਪਾਗਲ ਨਾ ਬਣ’’ ਹੌਲੀ ਜਿਹੀ ਕਹਿਣ ਦੇ ਪਿਛੋਂ ਗੁਲਾਬ ਸਿੰਘ ਨੇ ਜ਼ੋਰ ਦੀ ਕਿਹਾ- ‘‘ਹਾਂ, ਮਹਾਰਾਜਾ ਖੜਕ ਸਿੰਘ ਦਾ ਸਤਿਕਾਰ ਕਾਇਮ ਰਖਣਾ ਸਾਡਾ ਧਰਮ ਹੈ।’’
ਧਿਆਨ ਸਿੰਘ ਮਹਾਨ ਗਲਤੀ ਕਰਨ ਲਗਾ ਸੀ। ਇਸ ਸਮੇਂ ਵਖ ਗਲ ਕਰਨ ਦਾ ਸਮਾਂ ਨਹੀਂ ਸੀ। ਨਾ ਜਾਣੇ ਸੰਧਾਵਾਲੀਏ ਸਰਦਾਰਾਂ ਦੇ ਮਨ ਵਿਚ ਕੋਈ ਸ਼ਕ ਆ ਵੜੇ। ਏਸੇ ਲਈ ਗੁਲਾਬ ਸਿੰਘਨੇ ਇਹ ਲਫਜ਼ ਵਧੇਰੇ ਜ਼ੋਰ ਦੀ ਆਖੇ।
ਇਸ ਦੇ ਪਿਛੋਂ ਗੁਲਾਬ ਸਿੰਘ ਨੇ ਕੰਵਰ ਤੇ ਮਹਾਰਾਣੀ ਨਾਲ ਵਖ ਗਲ ਕੀਤੀ। ਫੇਰ ਸੰਧਾਵਾਲੀਆਂ ਸ੍ਰਦਾਰਾਂ ਨਾਲ ਕਾਨਾ ਫੂਸੀ ਕੀਤੀ ਤੇ ਅਖਾਂ ਹੀ ਅਖਾਂ ਵਿਚ ਰਾਜਾ ਧਿਆਨ ਸਿੰਘ ਨੂੰ ਕੁਝ ਸਮਝਾਇਆ।
‘‘ਮਹਾਰਾਜ! ਜੇ ਤੁਸੀਂ ਕਿਲੇ ਤਕ ਚਲਨ ਦੀ ਕਿਰਪਾ ਕਰੋ।’’ ਇਸਦੇ ਪਿਛੋਂ ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਨੂੰ ਕਿਹਾ।
ਮਹਾਰਾਜਾ ਖੜਕ ਸਿੰਘ ਹੁਣ ਕੁਝ ਬੋਲਿਆ ਨਹੀਂ। ਚੁਪਚਾਪ ਜਾਣ ਲਈ ਉਠ ਖੜਾ ਹੋਇਆ। ਪਾਲਕੀ ਦਾ ਪ੍ਰਬੰਧ ਪਹਿਲਾਂ ਹੀ ਹੋ ਚੁਕਿਆ ਸੀ। ਮਹਾਰਾਜਾ ਖੜਕ ਸਿੰਘ ਨੇ ਹੈਦਲ ਹੀ ਚਲਣਾ ਚਾਹਿਆ ਪਰ ਧਿਆਨ ਸਿੰਘ ਨੇ ਕਿਹਾ- ‘‘ਮਾਲਕ! ਇਹ ਸਭ ਕੁਝ ਮਜਬੂਰੀ ਹੈ; ਨਹੀਂ ਤਾਂ ਤੁਹਾਡਾ ਸਤਿਕਾਰ ਪਹਿਲਾਂ ਵਾਂਗ ਹੀ ਮੇਰੇ ਹਿਰਦੇ ਵਿਚ ਮੌਜੂਦ ਹੈ। ਤੁਸੀਂ ਪਲਕੀ ਵਿਚ ਬੈਠੋ।’’
ਮਹਾਰਾਜਾ ਖੜਕ ਸਿੰਘ ਬੋਲਣ ਤੋਂ ਬਿਨਾਂ ਹੀ ਚੁਪਚਾਪ ਪਾਲਕੀ ਵਿਚ ਬੈਠ ਗਿਆ ਤੇ ਉਸ ਨੂੰ ਲੈ ਕੇ ਇਹ ਸਾਰੀ ਧਾੜ ਫੇਰ ਕਿਲੇ ਵਿਚ ਜਾ ਵੜੀ।