ਮੋਘੇ ਵਿਚਲੀ ਚਿੜੀ/ਰੋਝ ਦੀ ਦਾਵਤ
ਰੋਝ ਦੀ ਦਾਵਤ
ਰੋਝ ਪ੍ਰੀਤੀ ਭੋਜ ਦੇ ਉੱਤੇ, ਜਾਨਵਰਾਂ ਤਾਈਂ ਬੁਲਾਵੇ।
ਯਾਕ ਲਿਆਵੇ ਡਾਕ, ਗਰੀਟਿੰਗ ਸਭ ਦੇ ਤਾਈਂ ਪੁਚਾਵੇ।
ਖੋਤਾ ਚੌਂਕ ਖਲੋਤਾ, ਚਿੱਠੀ ਦੇਖਕੇ ਭੱਜਾ ਆਇਆ।
ਘੋੜੇ ਦੰਦ ਘਰੋੜੇ ਨੂੰ ਵੀ ਉਸ ਨੇ ਨਾਲ ਰਲਾਇਆ!
ਕੁੱਤਾ ਸੀ ਅਧਸੁੱਤਾ ਸੁਣਕੇ ਦੇਰੀ ਨਾ ਉਸ ਲਾਈ।
ਬਿੱਲੀ ਸੁੱਖ ਸਬੀਲੀ ਦੇ ਨਾਲ ਜਾਕੇ ਸੁਰ ਮਿਲਾਈ।
ਹਾਥੀ ਮਾਰ ਪਲਾਥੀ ਬੈਠਾ ਚੱਬ ਰਿਹਾ ਸੀ ਗੰਨੇ।
ਭਾਲੂ ਪੱਟ ਕਚਾਲੂ ਦੇ ਨਾਲ ਜਾਊਂਗਾ ਜੇ ਮੰਨੇ।
ਝੋਟਾ ਕੱਸ ਲੰਗੋਟਾ ਵੀਰੋ ਤੁਰਿਆ ਬੀੜ ਪਲਾਣੇ
ਢੱਠਾ ਹਾਸੀ ਠੱਠਾ ਕਰਦਾ ਆਇਆ ਵਲ ਧਿੰਙਾਣੇ।
ਬਾਂਦਰ ਕਸਕੇ ਆਂਦਰ ਪੋਟਾ ਛੱਡ ਗਿਆ ਝੂਟੇ-ਮਾਟੇ।
ਲੂੰਬੜ ਬਣਿਆ ਤੂੰਬੜ ਉਸਨੂੰ ਮਿਲਿਆ ਸੀ ਅਧਵਾਟੇ।
ਜੰਗਲੀ ਜਾਨਵਰ ਸੰਗਲੀਆਂ ਤੇ ਤੋੜ ਕੇ ਪਿੰਜਰੇ ਆਏ।
ਚੀਤਾ ਚੁੱਪ-ਚਪੀਤਾ ਸਭ ਨੂੰ ਭੋਜਨ ਹੈ ਵਰਤਾਏ।
ਖਾਣਾ ਸੀ ਮਨ ਭਾਣਾ ਸਭ ਨੂੰ ਰਾਮ ਨੇ ਪਰਦੇ ਕੱਜੇ।
ਰੱਜ ਪੁੱਜ ਕੇ ਗੱਜ ਗੁੱਜ ਕੇ ਜੰਗਲ ਵੱਲ ਸਭ ਭੱਜੇ।