ਮੈਕਬੈਥ  (1606) 
ਸ਼ੇਕਸਪੀਅਰ


ਐਕਟ-੫


ਸੀਨ-1


ਡਨਸੀਨਾਨ।
ਕਿਲੇ 'ਚ ਇੱਕ ਕਮਰਾ।
{ਪ੍ਰਵੇਸ਼ ਇੱਕ ਹਕੀਮ ਅਤੇ ਹਜ਼ੂਰੀ ਲੌਂਡੀ ਦਾ}

ਹਕੀਮ:ਦੋ ਰਾਤਾਂ ਮੈਂ ਬਹਿ ਕੇ ਨਾਲ ਤੇਰੇ, ਇਹਦੀ ਹੈ ਨਿਗਰਾਨੀ ਕੀਤੀ,
ਇਤਲਾਹ ਤੇਰੀ 'ਚ ਸੱਚ ਨਹੀਂ ਦਿੱਸਿਆ;
ਆਖਰੀ ਵਾਰ ਕਦੋਂ ਭਲਾ ਇਹ, ਨੀਂਦ 'ਚ ਉੱਠ ਤੁਰੀ ਸੀ ?
ਹਜ਼ੂਰੀ ਲੌਂਡੀ:ਮਹਾਰਾਜ ਅਧਿਰਾਜ ਜਦ ਦੇ ਰਣਖੇਤਰ ਨੇ ਧਾਏ,
ਬਿਸਤਰ ਛੱਡ ਇਹ ਉੱਠ ਪੈਂਦੀ ਹੈ,
ਪਾ ਕੇ ਮੋਢੀਂ ਰੈਣ-ਲੱਬਾਦਾ, ਖੋਲ੍ਹ ਅਲਮਾਰੀ , ਕਾਗਜ਼ ਕੱਢੇ,
ਤਹਿ ਕਰਕੇ ਫਿਰ ਉੱਪਰ ਲਿੱਖੇ, ਪੜ੍ਹ ਕੇ ਮੁਹਰ ਲਗਾਵੇ,
ਮੁੜ ਬਿਸਤਰ ਜਾ ਡਿੱਗੇ; ਤੇ ਇਹ ਸਭ ਕਰਦੀ ਗੂੜ੍ਹੀ ਨੀਂਦਰ।
ਹਕੀਮ:ਬੜੀ ਬੇਚੈਨੀ, ਵਿਆਕੁਲਤਾ ਹੈ ਸੁਭਾਅ 'ਚ ਆਈ ,
ਮਿੱਠੀ ਨੀਂਦ ਮਾਨਣੀ ਨਾਲੇ, ਜਾਗਣ ਦੇ ਸਭ ਅਸਰ ਹੰਢਾਉਣੇ!
ਇਸ ਨਿੰਦ੍ਰਾਲੀ ਹਾਲਤ ਅੰਦਰ, ਤੁਰਨ ਫਿਰਨ ਤੇ ਕਰਮ ਇਲਾਵਾ,
ਕਹਿੰਦਿਆਂ ਕਰਦਿਆਂ ਹੋਰ ਕੁੱਝ ਵੀ, ਸੁਣਿਐ, ਵੇਖਿਐ ਹੋਰ ਕਦੇ ?
ਲੌਂਡੀ:ਇਹ ਜਨਾਬ, ਮੈਂ ਕਹਿ ਨਹੀਂ ਸਕਦੀ ਉਹਦੀ ਪਿੱਠ ਦੇ ਪਿੱਛੇ।
ਹਕੀਮ:ਐਪਰ ਮੈਨੂੰ ਤਾਂ ਦੱਸ ਸਕਨੀ ਏਂ ਤੂੰ; ਤੇ ਵਾਜਬ ਵੀ ਏਹੋ ਹੈਸੀ ।
ਲੌਂਡੀ:ਨਾਂ ਹੀ ਤੁਹਾਨੂੰ ਨਾਂ ਹੋਰ ਕਿਸੇ ਨੂੰ: 'ਟੋਭੇ ਮੂਤਿਆ ਕੌਣ ਗੁਆਹੀ'?
ਲਓ, ਆਪ ਵੇਖ ਲੌ : ਤੁਰੀ ਹੈ ਆਉਂਦੀ : ਹੱਥ ਕੰਗਣ ਨੂੰ ਆਰਸੀ ਕਾਹਦੀ !
{ਪ੍ਰਵੇਸ਼ ਲੇਡੀ ਮੈਕਬੈਥ, ਹੱਥ 'ਚ ਬੱਤੀ }

ਏਹੋ ਵੇਸ ਹਮੇਸ਼ਾ ਹੁੰਦੈ, ਸੌਹ ਜਿੰਦ ਦੀ,ਗੂੜ੍ਹੀ ਨੀਂਦੇ। ਵੇਖੋ ਇਹਨੂੰ;ਖਲੋ ਕੇ ਨੇੜੇ।
ਹਕੀਮ:ਕਿੱਥੋਂ ਸ਼ਮਾਅ ਲਿਆਈ ਇਹ?
ਲੌਂਡੀ:ਕਿਉਂ, ਬਿਸਤਰ ਨਾਲ ਖੜੀ ਸੀ ਇਹ ਤਾਂ:
ਬੱਤੀ ਸਦਾ ਹੀ ਬਲਦੀ ਰੱਖੋ: ਹੁਕਮ ਹੈ ਇਹਦਾ।


ਹਕੀਮ:ਵੇਖ, ਅੱਖਾਂ ਬਿਲਕੁਲ ਖੁੱਲ੍ਹੀਆਂ!
ਲੌਂਡੀ:ਹਾਂ, ਪਰ ਹੋਸ਼ ਹੈ ਸੁੱਤੀ ।
ਹਕੀਮ:ਹੁਣ ਭਲਾ ਕੀ ਕਰਦੀ? ਵੇਖ, ਕਿਵੇਂ ਹੱਥ ਮਲਦੀ ਆਪਣੇ।
ਲੌਂਡੀ:ਇਹ ਤਾਂ ਪੱਕੀ ਆਦਤ ਇਹਦੀ, ਲਗਦੀ ਜਿੱਦਾਂ ਹੱਥ ਹੈ ਧੋਂਦੀ:
ਵੀਹ, ਵੀਹ ਮਿੰਟ ਲੱਗੀ ਇਉਂ ਰਹਿੰਦੀ।
ਲੇਡੀ ਮੈਕਬੈਥ:ਹਾਲੀਂ ਵੀ ਆਹ ਧੱਬੈ ਏਥੇ।
ਹਕੀਮ:ਸੁਣ ਜ਼ਰਾ, ਕੁੱਝ ਬੋਲ ਰਹੀ ਹੈ: ਮੈਂ ਲਿਖ ਲੈਣੈ ਜੋ ਇਸ ਕਹਿਣੈ,
ਤਾਂ ਜੋ ਚੇਤਾ ਰਹਿ ਜੇ ਪੂਰਾ।
ਲੇਡੀ ਮੈਕਬੈਥ:ਓ ਸਰਾਪੇ ਧੱਬੇ! ਮਿਟ ਜਾ, ਦੂਰ ਹੋ ਨਜ਼ਰਾਂ ਤੋਂ, ਹੁਕਮ ਹੈ ਮੇਰਾ!-
ਇੱਕ, ਦੋ, ਕਿਉਂ- ਕਿੱਸਾ ਖਤਮ ਕਰਨ ਦਾ ਇਹ ਵੇਲਾ :
ਨਰਕ ਵੀ ਹੁਣ ਤਾਂ ਘੋਰ ਉਦਾਸ, ਨਿਰਾਨੰਦ ਹੈ!
ਲਾਅਣਤ ਮੇਰੇ ਕੰਤ ਸੁਆਮੀ, ਲਾਅਣਤ! ਸੈਨਕ ਹੋ ਕੇ ਵੀ ਤੂੰ ਡਰਦੈਂ?
ਕੀ ਖਬਰ ਭਲਾ ਕਿਸੇ ਨੂੰ, ਡਰਨ ਦੀ ਸਾਨੂੰ ਲੋੜ ਏ ਕਿਹੜੀ,
ਕਿਤੇ ਨਹੀਂ ਜਦ ਐਸਾ ਕੋਈ, ਸੱਤਾ ਤੋਂ ਜੋ ਮੰਗੇ ਲੇਖਾ?
ਫਿਰ ਵੀ ਕੀਹਨੂੰ ਪਤਾ ਸੀ, ਕੌਣ ਜਾਣਦਾ, ਬੁੱਢੜੇ ਵਿੱਚ ਲਹੂ ਸੀ ਏਨਾ?
ਹਕੀਮ:ਗੱਲ ਸੁਣੀ ਆਹ?
ਲੇਡੀ ਮੈਕਬੈਥ:ਸੂਬੇਦਾਰ ਫਾਈਫ ਦੀ ਵੀ ਬੀਵੀ ਸੀਗੀ ; ਕਿੱਥੇ ਹੁਣ ਗਈ ਭਲਾ ਉਹ?-
ਕੀ ਇਹ ਹੱਥ ਨਿਰਮਲ ਨਹੀਂ ਹੋਣੇ?-
ਹੋਰ ਨਹੀਂ ਹੁਣ ਮੇਰੇ ਸੁਆਮੀ, ਹੋਰ ਗੱਲ ਨਹੀਂ ਕਰਨੀ ਏਹੇ:
ਤ੍ਰਭਕ ਤ੍ਰਭਕ ਕੇ ਤੁਸੀਂ ਤਾਂ ਸਾਰਾ ਕੰਮ ਵਿਗਾੜੀਂ ਜਾਂਦੇ।
ਹਕੀਮ:ਚੱਲ, ਚੱਲ ਤੂੰ; ਤੂੰ ਤਾਂ ਹੁਣ ਸਭ ਜਾਣ ਗਈ ਹੈਂ,
ਜੋ ਨਾਂ ਜਾਨਣਾ ਚਾਹੀਏ ਤੈਨੂੰ।
ਲੌਂਡੀ ਹਜ਼ੂਰੀ:ਬੋਲ ਗਈ ਹੈ ਗੱਲ ਇਹ ਉਹੋ, ਨਾਂ ਕਹਿੰਦੀ ਤਾਂ ਚੰਗਾ ਹੁੰਦਾ:
ਰੱਬ ਜਾਣਦੈ ਕੀ ਕੀ ਹੋਰ ਪਤਾ ਹੈ ਇਹਨੂੰ।
ਲੇਡੀ ਮੈਕਬੈਥ:ਰੱਤ ਦੀ ਬੂ ਪਈ ਆਉਂਦੀ ਹਾਲੇ:
ਅਤਰ-ਫਲੇਲ ਕੁੱਲ ਅਰਬ ਦੇ,
ਸੁਗੰਧਤ ਨਹੀਂ ਕਰ ਸਕਦੇ ਮੇਰੇ ਨਿੱਕੇ ਹੱਥ ਨੂੰ।
ਓਹ, ਓਹ, ਓਹ!
ਹਕੀਮ:ਕੇਹਾ ਹੌਂਕਾ, ਕਿੱਡਾ ਹਾਵਾ! ਦਿਲ ਦੁਖੀ ਤਾਂ ਭਰਿਆ ਲਗਦੈ।
ਲੌਂਡੀ:ਮੈਂ ਤਾਂ ਕਦੇ ਨਾਂ ਰੱਖਾਂ ਸੀਨੇ, ਦੁਖੀਆ ਦਿਲ ਅਜਿਹਾ,
ਭਾਵੇਂ ਦੇਹ ਮੇਰੀ ਨੂੰ, ਸ਼ਾਨ ਸੁਨਹਿਰੀ ਮਿਲੇ ਜੇ ਸਾਰੀ ।
ਹਕੀਮ:ਠੀਕ, ਠੀਕ, ਠੀਕ ਆਖਿਐ।
ਲੌਂਡੀ ਹਜ਼ੂਰੀ:ਦੁਆ ਕਰੋ ਰੱਬ ਨੂੰ ਸਾਹਿਬ, ਸਭ ਕੁੱਝ ਠੀਕ ਹੀ ਹੋਵੇ!
ਹਕੀਮ:ਮੇਰੇ ਵੱਸ ਦਾ ਰੋਗ ਨਹੀਂ ਇਹ: ਐਪਰ ਜਾਣਾਂ ਕੁੱਝ ਐਸੇ ਬੰਦੇ,


ਭਾਵੇਂ ਨੀਂਦ 'ਚ ਤੁਰਦੇ ਸਨ, ਪਰ ਮੌਤ ਪਾਕ ਨੂੰ ਹੋਏ ਪਿਆਰੇ ਬਿਸਤਰ ਤੇ ਹੀ।
ਲੇਡੀ ਮੈਕਬੈਥ:ਧੋਵੋ ਹੱਥ, ਲੱਬਾਦਾ ਪਹਿਨੋ; ਪਿਲੱਤਣ ਲਾਹਵੋ ਚਿਹਰੇ ਉੱਤੋ:-
ਦੋ-ਬਾਰਾ ਮੈਂ ਦੱਸਾਂ ਤੁਹਾਨੂੰ, ਬੈਂਕੋ ਦਫਨ ਪਿਆ ਹੈ ਕਬਰੇ;
ਮੁੜ ਕੇ ਆ ਨਹੀਂ ਸਕਦਾ ਬਾਹਰ।
ਹਕੀਮ:ਇਹ ਵੀ?
ਲੇਡੀ ਮੈਕਬੈਥ:ਜਾਓ, ਜਾ ਕੇ ਸੌਂ ਜੋ ਬਿਸਤਰ; ਦਰਵਾਜ਼ੇ ਤੇ ਦਸਤਕ ਹੁੰਦੀ :
ਆਓ, ਆਓ, ਆਓ, ਆਓ, ਮੈਨੂੰ ਆਪਣਾ ਹੱਥ ਫੜਾਓ:
ਕੀਤਾ ਅਣਕੀਤਾ ਨਹੀਂ ਹੋਣਾ: ਚੱਲੋ ਸੇਜੇ, ਬਿਸਤਰ ਮੱਲੋ।
ਹਕੀਮ:ਕੀ ਹੁਣ ਜਾਊ ਬਿਸਤਰ ਆਪਣੇ?
ਲੌਂਡੀ ਹਜ਼ੂਰੀ:ਬਿਲਕੁਲ ਸਿੱਧੀ।
ਹਕੀਮ:ਕਾਨਾਫੂਸੀ ਕਰੇ ਲੁਕਾਈ, ਮੰਦੀਆਂ ਅਫਵਾਹਾਂ ਵਾਲੀ ਖੇਹ ਉਡਾਈ :
ਗ਼ੈਰਕੁਦਰਤੀ ਕਰਮ ਜੋ ਮੰਦੇ, ਗ਼ੈਰਕੁਦਰਤੀ ਰੋਗ ਲਿਆਵਣ:
ਦੂਸ਼ਤ ਮਨ ਜੋ ਰੋਗੀ ਹੁੰਦੇ, ਬੋਲ਼ਣ ਮੂਕ ਸਰਹਾਣਿਆਂ ਤਾਈਂ,
ਰਾਜ਼ ਦਿਲੇ ਦੇ ਸਾਰੇ ਆਖਣ।
ਰਹਿਮਤ ਰੱਬ ਦੀ ਲੋੜੇ ਇਹੇ, ਵੈਦ ਹਕੀਮ ਤੋਂ ਕਿਤੇ ਜ਼ਿਆਦਾ।-
ਓ ਰੱਬਾ, ਮੇਰਿਆ ਰੱਬਾ, ਮਾਫ ਕਰੀਂ ਤੂੰ ਸਭ ਨੂੰ!-
ਇਹਦੇ ਚਿੜਨ ਚਿੜਾਵਣ ਵਾਲੇ, ਸਾਧਨ ਸੱਭੇ ਦੂਰ ਕਰੋ,
ਫਿਰ ਵੀ ਰੱਖੋ ਚੌਕਸੀ ਪੂਰੀ;-ਬੱਸ ਫਿਰ ਆਖਾਂ ਸ਼ੁਭ ਰਾਤ੍ਰੀ :
ਮਨ ਮੇਰਾ ਇਸ ਕਾਬੂ ਕੀਤੈ, ਨਜ਼ਰ ਮੇਰੀ ਭਰਮਾਈ :
ਜੋ ਮੈਂ ਸੋਚਾਂ ਕਹਿ ਨਹੀਂ ਸਕਦਾ, ਜੁਰਅਤ ਨਹੀਂ ਹੈ ਕਾਈ।
ਲੌਂਡੀ ਹਜ਼ੂਰੀ:ਸ਼ੁਭ ਰਾਤ੍ਰੀ, ਹਕੀਮ ਸਾਹਿਬ।
{ਪ੍ਰਸਥਾਨ}

ਸੀਨ-2


ਡਨਸੀਨਾਨ ਦਾ ਪੇਂਡੂ ਇਲਾਕਾ
{ਪ੍ਰਵੇਸ਼ ਨਗਾਰਿਆਂ ਅਤੇ ਪਰਚਮਾਂ ਸਹਿਤ ਮੈਂਟੀਥ, ਕੇਥਨੈਸ, ਅੰਗਸ, ਲੈਨੌਕਸ ਅਤੇ ਸੈਨਿਕ}
ਮੈਂਟੀਥ:ਅੰਗਰੇਜ਼ੀ ਫੌਜ ਹੈ ਨੇੜੇ ਢੁੱਕੀ, ਮੈਲਕੌਲਮ ਕਰੇ ਅਗਵਾਈ,
ਚਾਚਾ ਜਾਨੀ ਸੀਵਾਰਡ ਉਹਦਾ, ਮੈਕਡਫ ਸਾਊ ਕੁਮੇਦਾਨ ਨੇ।
ਅੱਗ ਬਦਲੇ ਦੀ ਭਖਦੀ ਮੱਥੀਂ;
ਜੋ ਉਹਨਾਂ ਨੂੰ ਕਾਜ ਪਿਆਰੇ, ਪੀੜਤ ਅਤੇ ਦੁਖਿਆਰਾਂ ਦੇ,


ਦਹਿਸ਼ਤਨਾਕ ਜੋ ਜ਼ਾਲਮਾਂ ਕੀਤੀ , ਮੁਰਦਾ ਦਿਲ ਸੁਣ ਉੱਠ ਖਲੋਂਦੇ,
ਚੁੱਕ ਹਥਿਆਰ ਨਾਲ ਆ ਰਲਦੇ, ਰੋਹ, ਜੋਸ਼ 'ਚ ਭਰੇ ਭਰਾਏ।
ਅੰਗਸ:ਬਿਰਨਮ ਬਣ ਦੇ ਕੋਲ ਮਿਲਾਂਗੇ; ਉਹ ਰਸਤਾ ਹੈ ਉਨ ਅਪਣਾਇਆ।
ਕੇਥ:ਕੌਣ ਜਾਣੇ ਡੋਨਲਬੇਨ ਵੀ , ਨਾਲ ਭਰਾ ਦੇ ਹੋਵੇ ਆਇਆ?
ਲੈਨੌਕਸ:ਨਹੀਂ ਜੁਨਾਬ, ਉਹ ਸੱਚੀਂ ਨਹੀਂ ਆਇਆ;
ਮੇਰੇ ਕੋਲ ਕੁੱਲ ਭੱਦਰਾਂ ਦੀ ਸੂਚੀ ਆਈ : ਸੀਵਾਰਡ ਦਾ ਪੁੱਤਰ ਵੀ ਆਇਐ,
ਨਾਲ ਕਈ ਨੇ ਮਸਫੁਟ ਮੁੰਡੇ, ਦਿਹਲ਼ੀ ਚੜ੍ਹਨ ਦਾ ਮਰਦਪੁਣੇ ਦੀ,
ਜੋ ਵਿਗਿਆਪਨ ਕਰਦੇ ਆਉਂਦੇ।
ਮੈਂਟੀਥ:ਜ਼ਾਲਿਮ ਹੁਣ ਕੀ ਕਰਦੈ?
ਕੇਥ:ਡਨਸੀਨਾਨ ਦਾ ਗੜ੍ਹ ਓਸਨੇ, ਬੜਾ ਹੀ ਤੱਗੜਾ ਕੀਤੈ:
ਕੁੱਝ ਕਹਿੰਦੇ ਨੇ ਪਾਗਲ ਹੋਇਐ;
ਜੋ ਘੱਟ ਕਰਦੇ ਘਿਰਣਾ ਉਹਨੂੰ, ਤੁੰਦੀ, ਗ਼ੈਜ਼, ਦਲੇਰੀ ਵਾਲਾ ਤੈਸ਼ ਆਖਦੇ:
ਐਪਰ ਗੱਲ ਇਹ ਪੱਕੀ ਲਗਦੀ, ਆਪਣੇ ਵਿਗੜੇ ਤੇਵਰ ਦੇ ਮੂੰਹ,
ਨੇਮ-ਕੰਡਿਆਲਾ ਪਾ ਨਹੀਂ ਸਕਦਾ।
ਅੰਗਸ:ਹੁਣ ਉਹਨੂੰ ਅਹਿਸਾਸ ਹੈ ਲਗਦਾ, ਗੁਪਤ ਕਤਲ ਹੱਥਾਂ ਨੂੰ ਚਿਪਕੇ;
ਹਰ ਪਲ ਹੁਣ ਬਗ਼ਾਵਤ ਉੱਠਦੀ, ਇਲਜ਼ਾਮ ਦਗ਼ੇ ਦਾ ਦੇਵਣ ਉਹਨੂੰ;
ਜਿਹਨਾਂ ਤੇ ਉਹ ਕਰੇ ਹਕੂਮਤ, ਜਬਰੀ ਮੰਨਦੇ ਹੁਕਮ ਓਸਦਾ, ਮੋਹ ਨਹੀਂ ਕਰਦੇ:
ਲਗਦੈ ਉਹਨੂੰ ਮੁਕਟ ਓਸਦਾ, ਲਟਕੇ ਢਿੱਲਾ ਮੱਥੇ ਉੱਤੇ,
ਦੈਂਤ ਕਿਸੇ ਦਾ ਚੋਗ਼ਾ ਜਿੱਦਾਂ, ਬੌਨੇ ਚੋਰ ਨੂੰ ਫਿੱਟ ਨਾਂ ਆਵੇ।
ਮੈਂਟੀਥ:ਕੌਣ ਦਿਊ ਇਲਜ਼ਾਮ ਫਿਰ ਉਹਦੀ, ਅਤਿ ਪੀੜਤ ਸੁਧ ਬੁਧ ਤਾਈਂ,
ਕਿ ਤ੍ਰੱਭਕੇ ਤੇ ਮੁੜਦੀ ਹੋਵੇ,
ਜਦ ਕਿ ਉਹਦਾ ਨਿੱਜ-ਅੰਤਰ ਹੀ, ਆਪਣੀ ਹੋਂਦ ਨੂੰ ਨਿੰਦੀਂ ਜਾਂਦੈ?
ਕੇਥ:ਠੀਕ; ਆਪਾਂ ਚੱਲੋ, ਵਧਦੇ ਚੱਲੀਏ, ਤਾਅਬੇਦਾਰੀ ਪੇਸ਼ ਕਰਨ ਨੂੰ,
ਉਸ ਨੂੰ ਜੀਹਦਾ ਹੱਕ ਵੀ ਬਣਦੈ;
ਜਾ ਲੱਭੀਏ ਉਸ ਦਾਰੂ ਤਾਈਂ, ਰੋਗ ਮੇਟ ਕਲਿਆਣ ਕਰੇ ਜੋ,
ਸੁਖ-ਸਮ੍ਰਿਧੀ ਨੂੰ ਮੋੜ ਲਿਆਵੇ, ਸਾਫ ਕਰਨ ਨੂੰ ਦੇਸ਼ ਅਸਾਡਾ;
ਉਹਦੇ ਨਾਲ ਫਿਰ ਮਿਲਕੇ ਆਪਾਂ, ਆਖਰੀ ਕਤਰੇ ਰੱਤ ਦੇ ਆਪਣੀ,
ਆਜ਼ਾਦੀ ਦੇ ਦੀਪ 'ਚ ਪਾਈਏ।
ਲੈਨੌਕਸ:ਜਾਂ ਫਿਰ ਜਿੰਨਾ ਪ੍ਰਭੂਸੱਤਾ ਦਾ ਫੁੱਲ ਗੁਲਾਬੀ, ਖਿੜਨ ਜਾਂ ਨਦੀਨ ਮਾਰਨ ਨੂੰ,
ਸ਼ਬਨਮ, ਤਰਲ ਤਰੇਲ ਲੋੜਦਾ। ਵਹੀਰਾਂ ਘੱਤੋ ਬਿਰਨਮ ਬਣ ਨੂੰ।
{ਮਾਰਚ ਕਰਦੇ ਜਾਂਦੇ ਹਨ}


ਸੀਨ-3


ਡਨਸੀਨਾਨ
ਕਿਲੇ ਦਾ ਇੱਕ ਕਮਰਾ

{ਪ੍ਰਵੇਸ਼ ਮੈਕਬੈਥ, ਹਕੀਮ ਅਤੇ ਨੌਕਰ ਚਾਕਰ}

ਮੈਕਬੈਥ:ਹੁਣ ਰਪਟਾਂ ਦੀ ਲੋੜ ਨਹੀਂ ਹੈ; ਬੰਦ ਕਰੋ ਹਰਕਾਰੇ ਸਾਰੇ;
ਭੱਜਣ ਦਿਓ ਜੋ ਭੱਜੀਂ ਜਾਂਦੇ, ਸਭ ਨੂੰ ਜਾਣ ਦਿਓ:
ਜਦ ਤੱਕ ਬਿਰਨਮ ਬਣ ਨਹੀਂ ਆਉਂਦਾ, ਡਨਸੀਨਾਨ ਨੂੰ ਆਪੂੰ ਟੁਰ ਕੇ,
ਮੈਨੂੰ ਡਰ ਭੈ ਛੁਹ ਨਹੀਂ ਸਕਦਾ।
ਕੀ ਏ ਭਲਾ ਮੈਲਕੌਲਮ ਮੁੰਡਾ, ਕੀ ਤੀਵੀਂ ਨੇ ਉਹ ਨਹੀਂ ਜਾਇਆ?
ਬਦ ਰੂਹਾਂ ਨੇ ਫਤਵਾ ਦਿੱਤੈ, ਨਸ਼ਵਰ ਜੋ ਨਤੀਜੇ ਜਾਨਣ:-
"ਡਰ ਨਾਂ ਮੈਕਬੈਥ; ਤੀਵੀਂ ਜਣਿਆ ਕਦੇ ਵੀ ਕੋਈ ,
ਕਾਬੂ ਤੈਨੂੰ ਕਰ ਨਹੀਂ ਸਕਦਾ।
ਜਾਓ ਭੱਜੋ ਝੂਠੇ ਸਰਦਾਰੋ, ਜਾ ਮਿਲੋ ਛਤਖੋਰੇ,
ਰਸੀਏ ਅੰਗਰੇਜ਼ੀ ਖੁਸ਼ਖੋਰਾਂ ਤਾਈ:
ਮਨ ਜੋ ਮੇਰਾ ਦ੍ਰਿੜ੍ਹ ਬਣਿਆ ਹੈ, ਸ਼ੇਰ ਜਿਹਾ ਹੈ ਜੇਰਾ ਮੇਰਾ,
ਸ਼ੰਕੇ, ਸੰਸੇ ਪਾਉਣ ਨਾਂ ਛਿੱਥਾ, ਡਰ ਭੈ ਕੋਈ ਹਿਲਾ ਨਹੀਂ ਸਕਦੇ।
{ਇੱਕ ਨੌਕਰ ਦਾ ਪ੍ਰਵੇਸ਼}

ਸ਼ੈਤਾਨ ਕਰੇ ਮੂੰਹ ਕਾਲਾ ਤੇਰਾ, ਓ ਚਿਕਨੇ ਸੌਦਾਈ , ਦੀਵਾਨੇ!
ਮੂਰਖ ਮੂੰਹ ਇਹ ਕਿੱਥੋਂ ਲੱਭਾ?
ਨਫਰ:ਦਸ ਹਜ਼ਾਰ ਨੇ ਓਥੇ
ਮੈਕਬੈਥ:ਮੂਰਖ ਮੂੰਹ? ਬਦਮਾਸ਼ਾ!
ਨਫਰ:ਨਹੀਂ ਜਨਾਬ, ਸੈਨਕ ਨੇ ਉਹ।
ਮੈਕਬੈਥ:ਜਾਹ, ਨੋਚ ਮੂੰਹ ਆਪਣਾ ਜਾ ਕੇ, ਓ ਡਰਪੋਕ, ਕਾਇਰ ਕਾਕੇ,
ਭੈ ਦੀ ਲਾਲਿਮਾ ਕਰ ਲੈ ਗਹਿਰੀ। ਕਿਹੜੇ ਸੈਨਿਕ, ਦੱਸ ਓ ਜੋਕਰ?
ਮੌਤ ਪਵੇ ਤੇਰੀ ਇਸ ਰੂਹ ਤਾਈਂ! ਰੱਤਹੀਣ ਇਹ ਤੇਰੀਆਂ ਗੱਲ੍ਹਾਂ,
ਡਰ ਤੇਰੇ ਦੀ ਦੇਣ ਗਵਾਹੀ। ਕਿਹੜੇ ਸੈਨਿਕ, ਲੱਸੀ-ਮੂੰਹੇ?
ਨਫਰ:ਅੰਗਰੇਜ਼ੀ ਸੈਨਾ ਦੇ ਸੈਨਿਕ; ਹੁਕਮ ਜੁਨਾਬ।
ਮੈਕਬੈਥ:ਚੱਲ, ਦਫਾਅ ਹੋ, ਮੂੰਹ ਕਾਲਾ ਕਰ ਆਪਣਾ ਏਥੋਂ।
{ਪ੍ਰਸਥਾਨ ਨਫਰ}


ਸੀਟਨ!- ਦਿਲੋਂ ਵੱਲ ਨਹੀਂ ਹਾਂ ਮੈਂ ਤਾਂ,
ਜਦ ਮੈਂ ਵੇਹਨਾਂ, ਸੀਟਨ, ਮੈਂ ਕਹਿਨਾਂ!-
ਆਹ ਧੱਕਾ ਕਰ ਦੂ ਤਖਤਨਸ਼ੀਨ ਸਦਾ ਲਈ, ਜਾਂ ਹੁਣ ਗੱਦੀਓਂ ਲਾਹ ਦੂ ਮੈਨੂੰ।
ਲੰਮੀ ਬੜੀ ਉਮਰ ਭੋਗ ਲੀ : ਜੀਵਨ-ਪੰਧ ਸੋਕੇ ਤੇ ਪੁੱਜੈ,
ਪੱਤਰ ਪੈਗੇ ਪੀਲੇ ਮੇਰੇ, ਉਹ ਜੋ ਵੱਡੀ ਉਮਰ ਦੀ ਸ਼ੋਭਾ ਹੁੰਦੇ:
ਸਤਿਕਾਰ, ਪਿਆਰ, ਤਾਅਬੇਦਾਰੀ, ਝੁੰਡ ਮਿੱਤਰਾਂ ਦੇ,
ਆਸ ਇਨ੍ਹਾਂ ਦੀ ਕਰ ਨਹੀਂ ਸਕਦਾ;
ਥਾਂ ਏਨਾਂ ਦੀ ਮਿਲ ਰਹੀਆਂ ਨੇ, ਮੰਦੀਆਂ, ਦੀਰਘ ਦੁਰ-ਆਸੀਸਾਂ,
ਤੇ ਦਮੋ ਦਮੀ ਸਨਮਾਨ ਜ਼ੁਬਾਨੀ ;
ਦਿਲ ਚਾਹੇ ਇਨਕਾਰ ਕਰਨ ਨੂੰ, ਪਰ ਬੇਚਾਰਾ ਜੁਰਅਤ ਕਰੇ ਨਾਂ।
ਸੀਟਨ-!-ਹੋ!
{ਪ੍ਰਵੇਸ਼ ਸੀਟਨ}

ਸੀਟਨ:ਦਿਆਲੂ ਮਾਲਿਕ, ਹੁਕਮ ਫਰਮਾਓ!
ਮੈਕਬੈਥ:ਖਬਰ ਕੋਈ ਹੋਰ ਵੀ ਆਈ?
ਸੀਟਨ:ਜੋ ਮਾਲਿਕ ਇਤਲਾਹਾਂ ਆਈਆਂ, ਸਭ ਦੀ ਪੁਸ਼ਟੀ ਹੋਗੀ।
ਮੈਕਬੈਥ:ਆਖਰ ਤੱਕ ਲੜੂੰਗਾ ਮੈਂ ਤਾਂ, ਕੱਟ ਕੱਟ ਜਦ ਥੀਂ ਮਾਸ ਨਹੀਂ ਲਾਹੁੰਦੇ,
ਮੇਰੀਆਂ ਹੱਡੀਆਂ ਉੱਤੋਂ। ਲਿਆ ਬਕਤਰ ਪਹਿਨਾ ਦੇ ਮੈਨੂੰ।
ਸੀਟਨ:ਹਾਲੀਂ ਇਸ ਦੀ ਲੋੜ ਨਹੀਂ ਹੈ।
ਮੈਕਬੈਥ:ਮੈਂ ਪਹਿਨੂੰਗਾ ਇਹਨੂੰ।
ਘੋੜਸਵਾਰ ਹੋਰ ਵੀ ਭੇਜੋ, ਆਲਾ ਦੁਆਲਾ ਖੋਜੋ ਸਾਰਾ;
ਜੋ ਡਰਦੇ ਨੇ ਫਾਹੇ ਲਾਓ।-ਬਕਤਰ ਮੇਰਾ ਹੁਣੇ ਲਿਆਓ।
ਹਕੀਮ ਸਾਹਿਬ, ਕਿਵੇਂ ਮਰੀਜ਼ ਤੁਹਾਡਾ?
ਹਕੀਮ:ਏਨੀ ਨਹੀਂ ਬੀਮਾਰ ਉਹ, ਮਾਲਿਕ,
ਦੀਰਘ, ਸੰਘਣੀ ਬੱਸ ਕਲਪਣਾ, ਨੀਂਦ ਚੈਨ ਦੀ ਸੌਣ ਨਹੀਂ ਦੇਂਦੀ।
ਮੈਕਬੈਥ:ਇਲਾਜ ਕਰ ਉਹਦਾ: ਕਰ ਨਹੀਂ ਸਕਦਾ ਮਨੋਰੋਗ ਦਾ ਚਾਰਾ ਕੋਈ ;
ਯਾਦ ਚੋਂ ਉਹਦੀ ਜੜ੍ਹ ਸੋਗ ਦੀ ਪੁੱਟ ਨਹੀਂ ਸਕਦਾ;
ਜ਼ਿਹਨ ਦੀ ਪੱਟੀ ਜੋ ਲਿਖੀਆਂ ਨੇ, ਉਹ ਤਕਲੀਫਾਂ ਪੋਚ ਨਹੀਂ ਸਕਦਾ;
ਮਿੱਠੀ ਕੋਈ ਤੁਗ਼ਾਫਲ ਵਾਲੀ, ਜ਼ਹਿਰ ਨਿਵਾਰਕ ਬੂਟੀ ਕੋਈ
ਸਾਫ ਕਰਨ ਨੂੰ ਰਿਦੇ ਤੋਂ ਉਹਦੇ,
ਖਤਰਨਾਕ ਮੁਵਾਦ ਜਿਹੇ ਨੂੰ,
ਦੇ ਨਹੀਂ ਸਕਦਾ,
ਤਾਂ ਜੋ ਬੋਝ ਘਟੇ ਕੁੱਛ ਸੀਨੇ ਦਾ?
ਹਕੀਮ:ਐਸੀ ਹਾਲਤ ਅੰਦਰ ਰੋਗੀ, ਖੁਦ ਹੀ ਆਪਣਾ ਚਾਰਾ ਕਰਦੈ।
ਮੈਕਬੈਥ:ਪਾ ਕੁੱਤਿਆਂ ਨੂੰ ਹਿਕਮਤ ਆਪਣੀ, ਮੈਨੂੰ ਇਹਦੀ ਲੋੜ ਨਹੀਂ ਹੈ।


ਆ ਸੀਟਨ ਪਹਿਨਾ ਦੇ ਬਕਤਰ; ਖੂੰਡਾ ਹੱਥ ਫੜਾ, ਨਾਲੇ ਭੇਜੋ ਸ਼ਹਿਸਵਾਰ।
ਸਰਦਾਰ ਤਾਂ ਮੇਰੇ, ਓ ਤਬੀਬਾ! ਨੱਸੀਂ ਜਾਂਦੇ।-
ਆ ਤਾਂ ਵੱਡਿਆ, ਕੂਚ ਬਣਾਈਏ।
ਜੇ ਹਕੀਮਾਂ, ਦੇਸ਼ ਮੇਰੇ ਦੇ ਜਲ ਦਾ ਛਿੱਟਾ,ਪੜ ਕੇ ਮਾਰੇਂ, ਰੋਗ ਤਲਾਸ਼ੇ ਇਹਦਾ,
ਕਰਕੇ ਰੋਗ-ਮੁਕਤ ਫਿਰ ਇਹਨੂੰ, ਨਵੀਂ ਨਰੋਈ ਸਿਹਤ ਬਖਸ਼ ਦੇਂ,
ਐਸੀ ਕਰੂੰ ਪ੍ਰਸੰਸਾ ਗੁੰਬਦ-ਗੂੰਜੀ , ਮੁੜ ਮੁੜ ਗੂੰਜੂ ਕੰਨੀਂ ਤੇਰੇ।-
ਕਰ ਕੁੱਝ ਕ੍ਰਿਸ਼ਮਾ ਐਸਾ, ਹੱਥੀਂ ਸਰ੍ਹੋਂ ਜਮਾਦੇ- ਹੁਕਮ ਹੈ ਮੇਰਾ!
ਹੈ ਕੋਈ ਰਿਉਂਦ, ਸ੍ਰਨਾਂਅ ਦਾ ਕਾੜ੍ਹਾ, ਜਾਂ ਕੋਈ ਹੋਰ ਜੁਲਾਬ ਅਜਿਹਾ,
ਅੰਗਰੇਜ਼ਾਂ ਦੀ ਕਰੇ ਸਫਾਈ, ਦੇਸ ਮੇਰੇ ਨੂੰ ਤੱਗੜਾ ਕਰ ਦੇ?
ਸੁਣਿਐ ਕੁੱਝ ਤੂੰ ਉਹਨਾਂ ਬਾਰੇ?
ਹਕੀਮ:ਜੀ, ਸਰਕਾਰ; ਸ਼ਾਹੀ ਤਿਆਰੀ ਜਿਵੇਂ ਹੋ ਰਹੀ, ਸਾਡੇ ਵੀ ਕੁੱਝ ਕੰਨੀਂ ਪੈਂਦੈ।
ਮੈਕਬੈਥ:ਲੈ ਆ ਇਹਨੂੰ ਮਗਰੇ ਮੇਰੇ।
ਉਜਾੜੇ, ਮੌਤ, ਦਾ ਡਰ ਨਹੀਂ ਮੈਨੂੰ,
ਜਦ ਥੀਂ ਬਿਰਨਮ ਬਣ ਨਹੀਂ, ਡਨਸੀਨਾਨ ਦੇ ਅੰਦਰ ਵੜਦਾ।
{ਹਕੀਮ ਬਿਨਾਂ ਸਭ ਦਾ ਪ੍ਰਸਥਾਨ}

ਹਕੀਮ:ਡਨਸੀਨਾਨ ਤੋਂ ਦੂਰ ਸੁਰੱਖਿਅਤ, ਹੋਰ ਕਿਤੇ ਜੇ ਮੈਂ ਹੋਵਾਂ,
ਲਾਲਚ ਕਿਸੇ ਨਫੇ ਦੇ ਕਾਰਨ, ਕਦੇ ਨਾਂ ਮੁੜਦਾ ਹੋਵਾਂ।
{ਪ੍ਰਸਥਾਨ}

ਸੀਨ-4


ਡਨਸੀਨਾਨ ਦੇ ਨੇੜੇ ਪੇਂਡੂ ਇਲਾਕਾ

ਜੰਗਲ ਨਜ਼ਰ ਆਉਂਦਾ ਹੈ
{ਪ੍ਰਵੇਸ਼ ਮੈਲਕੌਲਮ ਨਗਾਰਿਆਂ, ਝੰਡਿਆਂ ਸਹਿਤ, ਬਜ਼ੁਰਗ ਸੀਵਾਰਡ ਤੇ
ਪੁੱਤਰ ਉਹਦਾ, ਮੈਕਡਫ, ਮੈਂਟੀਥ, ਕੇਥਨੈਸ, ਅੰਗਸ, ਲੈਨੌਕਸ, ਰੌਸ, ਤੇ
ਮਾਰਚ ਕਰਦੇ ਸੈਨਿਕ}

ਮੈਲਕੌਲਮ:ਚਚੇਰ, ਮਸੇਰ ਭਰਾਵੋ! ਲਗਦੈ ਮਾੜੇ ਦਿਨ ਹੁਣ ਨੇੜੇ ਲੱਗੇ,
ਘਰ ਸੁਰੱਖਿਅਤ ਮਿਲਣਗੇ ਸਾਡੇ।
ਮੈਂਟੀਥ:ਇਸ ਵਿੱਚ ਸ਼ੱਕ ਨਹੀਂ ਸਾਨੂੰ ਕੋਈ ।


ਸੀਵਾਰਡ:ਆਹ ਸਾਹਮਣੇ ਬਣ ਹੈ ਕਿਹੜਾ?
ਮੈਂਟੀਥ:ਬਿਰਨਮ ਬਣ ਇਹ ਨਾਮ ਕਹਾਵੇ।
ਮੈਲਕੌਲਮ:ਹਰ ਸੈਨਿਕ ਇੱਕ ਟਾਹਣੀ ਵੱਢੇ, ਅੱਗੇ ਲਾ ਕੇ ਤੁਰੇ ਓਸ ਨੂੰ;
ਏਸ ਤਰਾਂ ਗੁਪਤ ਰਹੂਗੀ ਗਿਣਤੀ ਸਾਡੀ, ਇਤਲਾਵਾਂ,ਰਪਟਾਂ ਹੋਣ ਝੂਠੀਆਂ,
ਬੱਸ ਪੁੱਜਣ ਤੇ ਪਤਾ ਲੱਗਣਾ।
ਸੈਨਿਕ:ਹੁਕਮ ਦੀ ਤਾਅਮੀਲ ਕਰਾਂ ਗੇ।
ਸੀਵਾਰਡ:ਏਦੂੰ ਵੱਧ ਖਬਰ ਨਹੀਂ ਸਾਨੂੰ, ਤਸੱਲੀ ਨਾਲ ਉਡੀਕੇ ਜਾਬਰ,
ਡਨਸੀਨਾਨ 'ਚ ਬੈਠਾ ਦੜ ਕੇ;
ਘੱਤਣ ਦਊੂ ਗਾ ਕੋਟ ਨੂੰ ਘੇਰਾ ਲਗਦੈ ਸਾਨੂੰ ਚੜ੍ਹ ਕੇ।
ਮੈਲਕੌਲਮ:ਵੱਡੀ ਆਸ ਬੱਸ ਕਿਲਾ ਹੈ ਉਹਦੀ, ਕੋਟ ਫਸੀਲਾਂ ਦਾ ਮਹੁਤਾਜ,
ਚੰਗੇ, ਮਾੜੇ, ਕੁੱਲ ਬਾਗ਼ੀ ਹੋਏ, ਨਾਲ ਨਹੀਂ ਹੈ ਕੋਈ,
ਨਾਂ ਕੋਈ ਉਹਦੀ ਸੇਵਾ ਹਾਜ਼ਰ, ਨਾਂ ਕੋਈ ਕਰੇ ਸਹਾਇਤਾ
ਕੁੱਝ ਕੁ ਬੱਸ ਮਜਬੂਰ ਨੇ ਬੰਦੇ, ਦਿਲ ਜਿਨ੍ਹਾਂ ਦੇ ਸਾਡੇ ਨਾਲ।
ਮੈਕਡਫ:ਜਿਹੜੀ ਅਸਾਂ ਨੇ ਰੇਕੀ ਕੀਤੀ, ਪ੍ਰਮਾਣਤ ਕਰੇ ਇਨਜਾਮ ਵੀ ਉਹਨੂੰ,
ਆਪਾਂ ਤਾਂ ਬੱਸ ਪੂਰੇ ਦਿਲ ਨਾ', ਸੂਰਮਗਤੀ ਵਖਾਈਏ ਆਪਣੀ।
ਸੀਵਾਰਡ:ਨੇੜੇ ਢੁੱਕ ਰਿਹਾ ਹੈ ਵੇਲ਼ਾ, ਨਿਰਣਾ ਜਦ ਪੱਕਾ ਹੋ ਜਾਣੈ,
ਖੱਟਿਆ ਕੀ ਤੇ ਕੀ ਗੁਆਇਆ, ਲੇਖਾ ਜੋਖਾ ਸਭ ਹੋ ਜਾਣੈ,
ਕਲਪਣ ਖਾਲੀ, ਕੱਚੀਆਂ ਆਸਾਂ, ਕੁੱਝ ਨਹੀਂ ਪੱਲੇ ਪੈਂਦਾ,
ਜੋ ਫੈਸਲਾ ਜੰਗ ਦਾ ਹੋਣੈ, ਤਲਵਾਰਾਂ ਦੀ ਕਾਟ ਨੇ ਕਰਨੈ।
{ਪ੍ਰਸਥਾਨ ਮਾਰਚ ਕਰਦਿਆਂ}

ਸੀਨ-5


ਡਨਸੀਨਾਨ
ਕਿਲੇ ਦੇ ਅੰਦਰ
{ਝੰਡੇ, ਨਗਾਰੇ ਨਾਲ ਮੈਕਬੈਥ, ਸੀਟਨ, ਅਤੇ ਸੈਨਿਕਾਂ ਦਾ ਪ੍ਰਵੇਸ਼}

ਮੈਕਬੈਥ:ਝੰਡੇ ਸਭ ਲਟਕਾ ਦੋ ਸਾਡੇ, ਬਾਹਰ ਵਾਲੀਆਂ ਕੰਧਾਂ ਉੱਤੇ;
ਹਾਲੀਂ ਸ਼ੋਰ ਸੁਣਾਈ ਦਿੰਦਾ, ਉਹ ਆਏ, ਉਹ ਆਏ:
ਕੋਟ ਦੀ ਮਜ਼ਬੂਤੀ ਸਾਡੀ, ਘਿਰਣਾ ਨਾਲ ਘੇਰੇ ਤੇ ਹੱਸੂ:
ਸੜਦੇ ਰਹਿਣ ਪਏ ਉਹੋ ਏਥੇ, ਭੁਖਮਰੀ, ਤਾਪ ਨੇ ਆਖਰ ਖਾ ਹੀ ਲੈਣੈ।
ਜੇ ਬਾਗ਼ੀ ਸਾਡੇ ਰਲ਼ੇ ਨਾ ਹੁੰਦੇ, ਸ਼ਕਤੀ ਉਨ੍ਹਾਂ ਦੀ ਵਧੀ ਨਾਂ ਹੁੰਦੀ,


ਅਸੀਂ ਵੀ ਹੱਥੋ ਹੱਥੀ ਭਿੜਨਾ ਸੀ ਫਿਰ, ਦਾੜ੍ਹੀਓ ਦਾੜ੍ਹੀ ਹੋ ਜਾਣਾ ਸੀ,
ਕੁੱਟ ਕੇ ਘਰਾਂ ਦੇ ਰਾਹ ਪਾਉਣੇ ਸੀ।
{ਅੰਦਰੋਂ ਤੀਵੀਆਂ ਦੀ ਹਾਹਾਕਾਰ ਸੁਣਦੀ ਹੈ}

ਇਹ ਕੀ ਸ਼ੋਰ ਪਿਆ ਹੈ ਅੰਦਰ?
ਸੀਟਨ:ਔਰਤਾਂ ਵੈਣ ਪਾਉਂਦੀਆਂ ਮਾਲਿਕ।
{ਜਾਂਦਾ ਹੈ}

ਮੈਕਬੈਥ:ਤਕਰੀਬਨ ਜ਼ਾਇਕਾ ਭੁੱਲ ਗਿਆਂ ਹਾਂ ਡਰ, ਭੈ, ਵਾਲਾ:
ਅਜਿਹਾ ਵਕਤ ਵੀ ਹੁੰਦਾ ਸੀ ਜਦ, ਸਿਹਰਨ ਸੀਤ ਸੀ ਅੰਦਰ ਹੁੰਦੀ ,
ਠਰ ਜਾਂਦੀ ਸੀ ਰੀੜ੍ਹ ਦੀ ਹੱਡੀ, ਰਾਤੀਂ ਸੁਣ ਕੇ ਚੀਖ ਅਜਿਹੀ ;
ਲੂਈਂ ਵੀ ਕੰਡਿਆਉਂਦੀ ਮੇਰੀ, ਚੰਮੜੀ ਕੰਬਣ ਲੱਗਦੀ ਏਦਾਂ ,
ਸੁਣ ਕੇ ਐਸਾ ਚੀਕ ਚਿਹਾੜਾ, ਜਿਉਂ ਏਨ੍ਹਾਂ ਵਿੱਚ ਜਾਨ ਪਈ ਹੈ:
ਜਾਮ ਖੌਫ ਦੇ ਭਰ ਭਰ ਪੀਤੇ; ਦਹਿਸ਼ਤ ਐਸੀ ਮਿੱਤਰ ਹੋਈ ,
ਮੇਰੀਆਂ ਕਾਤਲ ਸੋਚਾਂ ਵਾਲੀ, ਕਿ ਤ੍ਰਾਹ ਹੁਣ ਮੇਰਾ ਕਦੇ ਨਾਂ ਨਿਕਲੇ।
{ਸੀਟਨ ਦਾ ਮੁੜ ਪ੍ਰਵੇਸ਼}

ਕਿਹਾ ਸ਼ੋਰ ਸੀ? ਕਿੱਧਰੋਂ ਆਇਆ?
ਸੀਟਨ:ਮਹਾਰਾਣੀ, ਮਾਲਿਕ, ਗੁਜ਼ਰ ਗਈ ਹੈ।
ਮੈਕਬੈਥ:ਚੰਗਾ ਹੁੰਦਾ ਠਹਿਰ ਕੇ ਜਾਂਦੀ।
ਮੌਤ ਜਿਹੇ ਇਸ ਸ਼ਬਦ ਦੀ ਖਾਤਰ, ਵੇਲ਼ਾ ਹੋਰ ਕਦੇ ਹੋਣਾ ਸੀ।-
ਕੱਲ੍ਹ, ਅਤੇ ਕੱਲ੍ਹ, ਅਤੇ ਕੱਲ੍ਹ, ਹੌਲੀ ਹੌਲੀ ਤੁਰਿਆ ਰਹਿੰਦੈ ਵਕਤ ਰੋਜ਼ਾਨਾ,
ਵਕਤ-ਏ-ਹਸ਼ਰ ਦੇ ਆਖਰੀ ਅੱਖਰ ਤੀਕਰ;
ਨਾਲੇ ਸਾਡੀਆਂ ਬੀਤੀਆਂ ਕੱਲ੍ਹਾਂ, ਮੂਰਖਾਂ ਖਾਤਰ ਰਾਹ ਰੁਸ਼ਨਾਏ,
ਕਬਰਾਂ ਵੱਲ ਜੋ ਜਾਂਦੇ।
ਜੋਬਨ-ਮਰਨੀ ਸ਼ਮਾਅ, ਜਾਹ, ਗੁਲ ਹੋ ਜਾ !
ਇਹ ਜੀਵਨ ਪ੍ਰਛਾਵਾਂ, ਚਲਦੇ ਚਿੱਤਰ ਵਾਂਗੂੰ,
ਮੰਚ ਤੇ ਜਿਉਂ ਅਭਿਨੇਤਾ ਕੋਈ, ਘੜੀ, ਪਲ ਲਈ ਰੋਲ ਨਿਭਾਉਂਦਾ,
ਇਤਰਾ ਕੇ ਤੁਰਦਾ ਤੀਸਮਾਰ ਖਾਂ, ਲੁੱਡੀ ਪਾਉਂਦਾ, ਸ਼ੋਰ ਮਚਾਉਂਦਾ,
ਗੁੱਸੇ ਹੁੰਦਾ, ਭੜਕ ਵਖਾਉਂਦਾ, ਤੇ ਫਿਰ ਕਿਧਰੇ ਨਜ਼ਰ ਨਹੀਂ ਆਉਂਦਾ,
ਨਾਂ ਫਿਰ ਸੁਣੇ ਆਵਾਜ਼ ਓਸ ਦੀ;-
ਇਹ ਤਾਂ ਬਾਤ ਜਿਵੇਂ ਦੀਵਾਨੇ ਪਾਈ,
ਰੌਲ਼ਾ, ਗੌਗਾ, ਸ਼ੋਰ ਸ਼ਰਾਬਾ, ਅਰਥ ਨਹੀਂ ਪਰ ਕਾਈ ।


{ਪ੍ਰਵੇਸ਼ ਸੰਦੇਸਾ-ਵਾਹਕ}

ਤੂੰ ਵੀ ਆਇਐਂ ਜੀਭ ਚਲਾਉਣ; ਪਾ ਕਹਾਣੀ ਕਾਹਲੀ ਆਪਣੀ।
ਸੰਦੇਸਾ-ਵਾਹਕ:ਕਿਰਪਾਲੂ ਮਹਾਰਾਜ, ਜੋ ਵੇਖਿਐ ਸੋਈ ਕਹਿਣੈ,
ਪਰ ਪਤਾ ਨਹੀਂ ਕਿਵੇਂ ਕਹਾਂ ਮੈਂ।
ਮੈਕਬੈਥ:ਠੀਕ ਹੈ; ਹੁਣ ਬੋਲ ਨਵਾਬਾ!
ਸੰਦੇਸਾ-ਵਾਹਕ:ਪਹਾੜੀ ਤੇ ਸੀ ਪਹਿਰਾ ਮੇਰਾ, ਬਿਰਨਮ ਬਣ ਵੱਲ ਨਜ਼ਰ ਸੀ ਮੇਰੀ,
ਇੱਕ ਦਮ ਬੜਾ ਅਚੰਭਾ ਹੋਇਆ, ਮੈਨੂੰ ਲੱਗਾ ਬਣ ਤੁਰਿਆ ਆਉਂਦੈ।
ਮੈਕਬੈਥ:ਝੂਠੇ, ਮੱਕਾਰ ਗ਼ੁਲਾਮਾਂ!{ਮਾਰਦਾ ਹੈ}
ਸੰਦੇਸਾ-ਵਾਹਕ:ਮਾਰੋ ਮੈਨੂੰ ਝੂਠ ਜੇ ਬੋਲਾਂ।
ਤਿੰਨ ਮੀਲਾਂ ਦੇ ਅੰਦਰ ਵੇਖੋ ਕੀ ਪਿਆ ਤੁਰਿਆ ਆਉਂਦੈ;
ਮੈਨੂੰ ਲਗਦੈ ਬਣ ਹੀ ਆਉਂਦੈ।
ਮੈਕਬੈਥ:ਜੇ ਤੇਰੀ ਗੱਲ ਝੂਠੀ ਹੋਈ, ਅਗਲੇ ਰੁੱਖ ਤੇ ਰਹੇਂਗਾ ਟੰਗਿਆ,
ਜਦ ਥੀਂ ਭੁੱਖਮਰੀ ਨਹੀਂ ਖਾਂਦੀ ;
ਜੇ ਗੱਲ ਸੱਚੀ ਨਿੱਕਲੀ ਤੇਰੀ, ਪਰਵਾਹ ਨਹੀਂ ਮੈਨੂੰ ਕਾਈ,
ਜੇ ਨਾਲ ਮੇਰੇ ਵੀ ਕਰੇਂ ਅਜਿਹਾ।
ਡੋਰ ਦ੍ਰਿੜ੍ਹਤਾ ਵਾਲੀ ਫਿਰ ਮੈਂ ਖਿੱਚ ਹੀ ਲੈਣੀ; ਤੇ ਸ਼ੱਕ ਸ਼ੁਰੂ ਹੋ ਜਾਣੀ,
ਕਿ ਸ਼ੈਤਾਨੀ ਬਾਣੀ ਸੀ ਦੁਅਰਥੀ, ਭਾਵੇਂ ਸੱਚੀ ਬੜੀ ਸੀ ਲਗਦੀ :
'ਭੈ ਨਾਂ ਕਰ ਜਦ ਥੀਂ ਬਿਰਨਮ ਬਣ ਨਹੀਂ ਚੱਲ ਕੇ ਆਉਂਦਾ,
ਡਨਸੀਨਾਨ ਦਰਵਾਜ਼ੇ ਤੀਕਰ;-
ਤੇ ਹੁਣ ਬਣ ਇੱਕ ਤੁਰਿਆ ਆਉਂਦੈ, ਡਨਸੀਨਾਨ ਦਰਵਾਜ਼ੇ ਵੱਲੇ।-
ਅਸਤਰ, ਸ਼ਸਤਰ, ਹਥਿਆਰ ਉਠਾਓ, ਨਿਕਲੋ ਬਾਹਰ!-
ਜੇ ਆ ਗਿਆ ਨਜ਼ਰੀਂ ਉਹ ਕੁੱਝ, ਸੌਂਹ ਜੀਹਦੀ ਇਹ ਖਾਂਦੈ,
ਨਾਂ ਰੁਕਿਆਂ ਗੱਲ ਬਣਨੀ ਏਥੇ, ਨਾਂ ਨੱਸਿਆਂ ਹੀ ਬਣਨੀ।
ਹੁਣ ਤਾਂ ਨਿੱਤ ਨਵੇਂ ਦਿਨ ਉਹੀਓ ਸੂਰਜ, ਵੇਖ ਵੇਖ ਜੀ ਅੱਕਿਐ,
ਕਾਸ਼, ਸੰਰਚਨਾ ਜੱਗ ਵਾਲੀ ਇਹ, ਢਹਿ ਢੇਰੀ ਹੋ ਜਾਵੇ!-
ਖਤਰੇ ਦਾ ਹੁਣ ਵੱਜੇ ਘੰਟਾ!-ਵਾਹਵਾ ਨ੍ਹੇਰੀ ਝੁੱਲੇ! ਤਬਾਹੀ ਤੇ ਬਰਬਾਦੀ ਆਵੇ!
ਐਪਰ ਅਸੀਂ ਤਾਂ ਮਰਨੈ, ਰਣ-ਖੇਤਰ ਵਿੱਚ ਲੜਦੇ ਲੜਦੇ।
{ਪ੍ਰਸਥਾਨ}


ਸੀਨ-6


ਓਹੀ
{ਕਿਲੇ ਮੂਹਰੇ ਇੱਕ ਮੈਦਾਨ}
{ਪ੍ਰਵੇਸ਼ ਮੈਲਕੌਲਮ, ਬਜ਼ੁਰਗ ਸੀਵਾਰਡ, ਮੈਕਡਫ ਵਗ਼ੈਰਾ ਅਤੇ ਸੈਨਿਕ
ਨਗਾਰੇ, ਪਰਚਮਾਂ ਸਹਿਤ। ਸੈਨਿਕਾਂ ਨੇ ਟਾਹਣੀਆਂ ਚੁੱਕ ਰੱਖੀਅ ਹਨ।}

ਮੈਲਕੌਲਮ:ਕਾਫੀ ਨੇੜੇ ਆ ਗੇ ਹੁਣ ਤਾਂ, ਲਾਹ ਸੁੱਟੋ ਹੁਣ ਪੱਤਾਂ ਦੇ ਓਹਲੇ,
ਸਾਫ ਸਾਹਮਣੇ ਆਓ ਸਾਰੇ, ਆਪਣਾ ਆਪ ਵਖਾਓ ਸਭ ਨੂੰ।-
ਬਜ਼ੁਰਗਵਾਰ ਮੇਰੇ ਚਾਚਾ ਜਾਨੀ, ਆਪਣੇ ਯੋਗ ਫਰਜ਼ੰਦ-ਭਰਾ ਮੇਰੇ ਨੂੰ,
ਨਾਲ ਲਓ ਤੇ ਬੋਲੋ ਆਪਣਾ, ਪਹਿਲਾ ਹੱਲਾ ਦੁਸ਼ਮਣ ਉੱਤੇ:
ਮੈਕਡਫ ਯੋਗ, ਤੇ ਅਸੀਂ ਸਾਰੇ ਹੀ, ਆਪਣੇ ਅਪਣੇ ਰੁਤਬੇ ਅਨੁਸਾਰ,
ਬਾਕੀ ਕੰਮ ਸਭ ਸਾਂਭ ਲਵਾਂਗੇ, ਰਹੀ ਅਸਾਡੀ ਜ਼ਿੰਮੇਵਾਰੀ ।
ਸੀਵਾਰਡ:ਅਲਵਿਦਾਅ!-
ਅੱਜ ਦੀ ਰਾਤੀਂ, ਜ਼ਾਲਮ ਵਾਲੀ ਸੱਤਾ ਨੂੰ ਹੱਥ ਪਾਉਣੈ,
ਵੀਰ ਨਹੀਂ ਜੇ ਅਸੀਂ ਜੁਝਾਰੂ, ਬੇਸ਼ੱਕ ਰੱਬ ਹਰਾਵੇ ਸਾਨੂੰ।
ਮੈਕਡਫ:ਰਣਭੀਰੀ, ਬਿਗੁਲ ਵਜਾਓ ਸਾਰੇ, ਸੰਖ-ਨਾਦ ਵੀ ਹੋਏ ਪੂਰਾ,
ਫੇਫੜੇ ਖੂਬ ਫੁਲਾਓ ਅਪਣੇ, ਲਾ ਦਿਓ ਦਮ ਇਨ੍ਹਾਂ ਤੇ ਪੂਰਾ;
ਇਹ ਵਣਜਾਰੇ ਰੱਤ ਤਾਜ਼ੀ ਦੇ, ਮਾਰਨ ਹੋਕੇ ਮੌਤ-ਹਰਕਾਰੇ।
{ਪ੍ਰਸਥਾਨ}

ਸੀਨ-7


ਓਹੀ
ਮੈਦਾਨ ਦਾ ਇੱਕ ਹੋਰ ਭਾਗ; ਰਣ-ਖੇਤਰ ਦਾ ਸ਼ੋਰ-ਸ਼ਰਾਬਾ।
{ਪ੍ਰਵੇਸ਼ ਮੈਕਬੈਥ}

ਮੈਕਬੈਥ: ਤੱਗੜੇ ਕਿੱਲੇ ਬੰਨ੍ਹਿਆ ਮੈਨੂੰ, ਭੱਜਣ ਦੀ ਗੁੰਜਾਇਸ਼ ਨਹੀਂ:
ਰਿੱਛ ਵਾਂਗ ਹੁਣ ਲੜ-ਭਿੜ ਕੇ ਹੀ, ਕੁੱਤੇ ਭੁੱਖੇ ਰੱਖਣੇ ਪਾਸੇ।-
ਕੌਣ ਅਜਿਹਾ, ਜੋ ਇਸ ਧਰਤੀ ਰੰਨ ਕਿਸੇ ਨੇ ਜਣਿਆ ਨਾਹੀਂ?
ਬੱਸ ਐਸੇ ਤੋਂ ਡਰ ਹੈ ਮੈਨੂੰ, ਹੋਰ ਕਿਸੇ ਤੋਂ ਨਾਹੀਂ।
{ਪ੍ਰਵੇਸ਼ ਗੱਭਰੂ ਸੀਵਾਰਡ}


ਸੀਵਾਰਡ:ਨਾਂਅ ਕੀ ਤੇਰਾ? ਬੋਲ।
ਮੈਕਬੈਥ:ਤ੍ਰਾਹ ਨਿੱਕਲ ਜੂ ਤੇਰਾ, ਸੁਣ ਕੇ।
ਸੀਵਾਰਡ:ਬਿਲਕੁਲ ਨਹੀਂ; ਭਾਵੇਂ ਦੋਜ਼ਖ ਦੇ ਨਾਵਾਂ ਚੋਂ, ਮਹਾਂ ਭਿਅੰਕਰ ਲਾਟ ਕਹਾਵੇਂ।
ਮੈਕਬੈਥ:ਮੈਕਬੈਥ ਕਹਿੰਦੇ ਨੇ ਮੈਨੂੰ।
ਸੀਵਾਰਡ:ਸ਼ੈਤਾਨ ਵੀ ਕਦੇ ਉਚਾਰ ਨਹੀਂ ਸਕਦਾ, ਨਾਂਅ ਕੋਈ ਐਸਾ,
ਏਦੂੰ ਵੱਧ ਜੋ ਕੰਨ ਨੂੰ ਮੇਰੇ, ਵਿਸ਼ ਦਾ ਭਰਿਆ ਲੱਗੇ।
ਮੈਕਬੈਥ:ਨਹੀਂ; ਨਾਂ ਹੀ ਇਸ ਤੋਂ ਵੱਧ ਡਰਾਉਣਾ।
ਸੀਵਾਰਡ:ਘਿਰਣਤ ਜਾਬਰ ਝੂਠ ਬੋਲਦੈਂ;
ਆਹ ਤਿੱਖੀ ਤਲਵਾਰ ਜੋ ਮੇਰੀ, ਝੂਠ ਦਾ ਸੀਨਾ ਪਾੜ ਕੇ ਰੱਖ ਦੂ।
{ਲੜਦੇ ਹਨ। ਸੀਵਾਰਡ ਗੱਭਰੂ ਮਾਰਿਆ ਜਾਂਦਾ ਹੈ}

ਮੈਕਬੈਥ:ਜਣਿਆ ਸੀ ਤੂੰ ਰੰਨ ਕਿਸੇ ਦਾ।
ਮੁਸਕਾ ਛੱਡਦਾਂ ਤਲਵਾਰਾਂ ਉੱਤੇ, ਹਥਿਆਰਾਂ ਨੂੰ ਟਿੱਚ ਜਾਣਦਾਂ,
ਉਲਾਰਨ ਜਿਹੜੇ ਹੱਥ ਕਿਸੇ ਦੇ, ਜੋ ਤੀਵੀਂ ਨੇ ਜਣਿਆ।
{ਪ੍ਰਸਥਾਨ}

{ਜੰਗ ਦਾ ਸ਼ੋਰ-ਸ਼ਰਾਬਾ। ਪ੍ਰਵੇਸ਼ ਮੈਕਡਫ}

ਮੈਕਡਫ:ਓਧਰ ਰੌਲ਼ਾ ਪੈਂਦਾ ਸੁਣਦੈ।-ਓ ਜ਼ਾਲਿਮ, ਜ਼ਰਾ ਸ਼ਕਲ ਵਖਾ!
ਪਹਿਲੋਂ ਈ ਜੇ ਤੂੰ ਕਤਲ ਹੋ ਜਾਨੈਂ, ਮੇਰੀ ਖੜਗ ਉੱਠਣ ਤੋਂ,
ਪ੍ਰੇਤ-ਪਰਛਾਈਆਂ ਮੇਰੀ ਬੀਵੀ ਤੇ ਔਲਾਦ ਵਾਲੀਆਂ,
ਨਿਸਦਿਨ ਹੋਣ ਮਸੱਲਤ, ਆ ਆ ਮੇਰੇ ਉੱਤੇ।
ਆਹ, ਹੀਣੇ ਬਦਬਖਤ ਓ 'ਕਰਨਾ', ਅਇਰਲੈਂਡ ਤੋਂ ਭਰਤੀ ਕੀਤੇ,
ਭਾੜੇ ਦੀਆਂ ਇਨ ਬਾਹਵਾਂ ਹੱਥੇ ਤੂੰ ਪਕੜਾਏ ਸੋਟੇ;
ਹੱਥ ਨਹੀਂ ਚੁੱਕਣਾ ਇਹਨਾਂ ਉੱਤੇ, ਹੱਥ ਬੱਸ ਤੈਨੂੰ ਪਾਉਣੈ,
ਮੁੰਡੀ ਵੱਢਣੀ ਮੈਕਬੈਥ ਤੇਰੀ, ਐਵੇਂ ਧਾਰ ਕੁੰਦ ਨਹੀਂ ਕਰਨੀ,
ਨਹੀਂ ਤਾਂ ਖੜਗ ਅਣਲੋੜੀ ਆਪਣੀ, ਵਿੱਚ ਮਿਆਨੇ ਏਵੇਂ ਰੱਖਣੀ ।
ਹੋਣਾ ਚਾਹੀਏ ਪੱਕਾ ਤੈਨੂੰ, ਓਧਰ, ਪਰੇ, ਉਸ ਥਾਵੇਂ,
ਖੌਫਨਾਕ ਖਟ ਖਟ ਜਿੱਧਰੋਂ, ਤਲਵਾਰਾਂ ਦੀ ਆਉਂਦੀ ਲੱਗੇ,
ਸ਼ੋਰ ਬੜਾ ਪੈਂਦਾ ਜਿੱਧਰ, ਓਧਰ ਲਗਦੈਂ ਫਿਰਦਾ ਤੂੰ।
ਓ ਮੁਕੱਦਰ ਦੇਹ ਸਹਾਰਾ, ਲੱਭ ਲਵਾਂ ਮੈਂ ਉਹਨੂੰ ਓਧਰ,
ਏਦੂੰ ਵੱਧ ਹੋਰ ਨਹੀਂ ਮੈਂ ਕੁੱਝ ਵੀ ਤੈਥੋਂ ਮੰਗਦਾ।
{ਪ੍ਰਸਥਾਨ}


{ਜੰਗੀ ਸ਼ੋਰ-ਸ਼ਰਾਬਾ; ਪ੍ਰਵੇਸ਼ ਮੈਲਕੌਲਮ ਅਤੇ ਬਜ਼ੁਰਗ ਸੀਵਾਰਡ}

ਸੀਵਾਰਡ:ਇਸ ਪਾਸੇ ਵੱਲ ਆਓ, ਮਾਲਿਕ;- ਸੌਖਿਆਂ ਕਿਲਾ ਹਵਾਲੇ ਹੋਇਐ:
ਜਾਬਰ ਸ਼ਾਹ ਦੇ ਸੈਨਕ ਏਥੇ, ਦੋਵੇਂ ਪੱਖੋਂ ਲੜੀਂ ਨੇ ਜਾਂਦੇ;
ਕੁਲੀਨ ਸੱਭੇ ਸਰਦਾਰ ਅਸਾਡੇ, ਜੰਗ 'ਚ ਮੱਲਾਂ ਮਾਰੀਂ ਜਾਂਦੇ;
ਦਿਨ ਵੀ ਆਪ ਐਲਾਨ ਕਰ ਰਿਹੈ: ਫਤਿਹ ਆਪਦੀ ਹੋਈ ਸਮਝੋ ,
ਕੁੱਝ ਵੀ ਕਰਨ ਨੂੰ ਰਿਹਾ ਨਹੀਂ ਬਾਕੀ।
ਮੈਲਕੌਲਮ:ਸਾਨੂੰ ਐਸੇ ਦੁਸ਼ਮਣ ਟੱਕਰੇ, ਵਾਰ ਕਰਨ ਜੋ ਆਸੇ ਪਾਸੇ।
ਸੀਵਾਰਡ:ਪਧਾਰੋ ਸਰਕਾਰ, ਕਿਲਾ ਤੁਹਾਡਾ।
{ਪ੍ਰਸਥਾਨ। ਸ਼ੋਰ-ਸ਼ਰਾਬਾ}

ਸੀਨ-8


ਓਹੀ

{ਮੈਦਾਨ ਦਾ ਇੱਕ ਹੋਰ ਹਿੱਸਾ}
{ਪ੍ਰਵੇਸ਼ ਮੈਕਬੈਥ।}

ਮੈਕਬੈਥ: ਮੈਂ ਬਣਾਂ ਕਿਉਂ ਰੋਮਨ ਮੂਰਖ, ਆਪਣੀ ਹੀ ਤਲਵਾਰ ਤੇ ਡਿੱਗਾਂ?
ਜਦ ਥੀਂ ਦੁਸ਼ਮਣ ਨਜ਼ਰਾਂ ਸਾਹਵੇਂ, ਬਦਨ ਪਾੜਨੇ ਚੰਗੇ ਲਗਦੇ।
{ਪ੍ਰਵੇਸ਼ ਮੈਕਡਫ}

ਮੈਕਡਫ: ਘੁੰਮ ਜ਼ਰਾ, ਕਰ ਮੂੰਹ ਏਧਰ, ਓ ਸ਼ਿਕਾਰੀ ਨਰਕੀ ਕੁੱਤੇ!
ਮੈਕਬੈਥ:ਸਾਰੇ ਹੋਰ ਲੋਕਾਂ ਵਿੱਚੋਂ, ਤੈਥੋਂ ਹੀ ਬੱਸ ਮੂੰਹ ਲੁਕਾਵਾਂ।
ਐਪਰ ਮੁੜ ਜਾ ਪਿੱਛੇ; ਹੁਣ ਹੋਰ ਨਹੀਂ,
ਏਨਾਂ ਲਹੂ ਪੀ ਲਿਆ ਤੇਰੀ ਨਸਲ ਦਾ, ਰੂਹ ਡਕਾਡਕ ਭਰ ਗੀ ਮੇਰੀ।
ਮੈਕਡਫ:ਸ਼ਬਦ ਨਹੀਂ ਕੋਈ ਮੇਰੇ ਕੋਲੇ, ਬੱਸ ਮੇਰੀ ਤਲਵਾਰ ਹੀ ਬੋਲੇ:
ਬਦਮਾਸ਼ ਕਮੀਨਾ ਹੈਂ ਤੂੰ ਏਨਾਂ, ਸ਼ਬਦ ਬਿਆਨ ਨਹੀਂ ਕਰ ਸਕਦੇ ।
{ਲੜਦੇ ਹਨ}
ਮੈਕਬੈਥ: ਐਵੇਂ ਪਿਆ ਮਸ਼ੱਕਤ ਕਰਦੈਂ, ਨਿਹਫਲ਼ ਜਾਣੀ ਸਾਰੀ,
ਤਿੱਖਧਾਰੀ ਤਲਵਾਰ ਇਹ ਤੇਰੀ, ਹਵਾ ਜਿਵੇਂ ਨਹੀਂ ਕੱਟ ਸਕਦੀ,


ਓਵੇਂ ਸ਼ਰੀਰ ਮੇਰੇ ਤੇ ਇਹਨੇ, ਜ਼ਖਮ ਕਦੇ ਨਹੀਂ ਲਾਉਣਾ:
ਅਸੁਰੱਖਿਅਤ ਕੱਟ ਚੋਟੀਆਂ, ਧਾਰ ਆਜ਼ਮਾ ਤੂੰ ਆਪਣੀ ਜਾ ਕੇ;
ਤਲਿਸਮਾਤੀ ਹੈ ਜੀਵਨ ਮੇਰਾ, ਜੀਹਨੇ ਜ਼ੇਰ ਨਹੀਂ ਹੋਣਾ ਉਸ ਤੋਂ,
ਜੋ ਵੀ ਔਰਤ ਜਣਿਆ।
ਮੈਕਡਫ:ਖੇਹ ਪਾ ਸਿਰ ਤਲਿਸਮ ਦੇ ਐਸੇ, ਰੱਬ ਨੂੰ ਕਰ ਹੁਣ ਯਾਦ ਤੂੰ ਆਪਣੇ;
ਜਾਹ ਪੁੱਛ ਓਸ ਫਰਿਸ਼ਤੇ ਨੂੰ ਹੁਣ, ਜੀਹਦੀ ਹੁਣ ਥੀਂ ਪੂਜਾ ਕੀਤੀ,
ਓਹੀ ਦੱਸੂ ਮੈਕਡਫ ਹੀ ਹੈ ਉਹੀ ਬੰਦਾ, ਦਿਨ ਪੁੱਗਣ ਤੋਂ ਪਹਿਲਾਂ ਜੀਹਨੂੰ,
ਮਾਂ ਦਾ ਢਿੱਢ ਪਾੜ ਕੇ ਕੱਢਿਆ।
ਮੈਕਬੈਥ:ਨਰਕੀ ਅੱਗ ਸੜੇ ਉਹ ਜੀਭਾ, ਜਿਹੜੀ ਇਹ ਗੱਲ ਦੱਸੇ ਮੈਨੂੰ,
ਮੇਰੇ ਅੰਦਰ 'ਮਰਦ' ਦਾ ਇਹਨੇ, ਵੱਡਾ ਹਿੱਸਾ ਬੁਜ਼ਦਿਲ ਕੀਤਾ!
ਟੂਣੇਹਾਰ ਚੁੜੇਲਾਂ ਏਹੇ, ਨਹੀਂ ਵਿਸ਼ਵਾਸ ਦੇ ਕਾਬਲ ਸਾਡੇ,
ਹਰ ਗੱਲ ਕਰਨ ਦੁਵੱਲੀ/ਦੁਅਰਥੀ, ਚਿੱਤ ਵੀ ਰੱਖਣ ਪੱਟ ਵੀ ਰੱਖਣ,
ਪੱਲੇ ਪਾਵਣ ਠੈਂਗਾ; ਖੋਟਾ ਸ਼ਬਦ ਵਚਨ ਦਿੱਤੇ ਦਾ ਕੰਨੀਂ ਗੂੰਜੀਂ ਜਾਂਦਾ,
ਵੇਲ਼ੇ ਸਿਰ ਪਰ ਆਸ ਤੋੜਦਾ, ਅਰਸ਼ੋਂ ਭੁੰਜੇ ਖਿੱਚ ਕੇ ਲਾਹੁੰਦਾ!-
ਮੈਂ ਨਹੀਂ ਲੜਨਾ ਨਾਲ ਤੇਰੇ ਹੁਣ।
ਮੈਕਡਫ:ਸੁੱਟ ਹਥਿਆਰ ਫਿਰ ਬੁਜ਼ਦਿਲ ਬੰਦੇ, ਕਰ ਹਵਾਲੇ ਖੁਦ ਨੂੰ,
ਜੀਂਦੇ ਜੀ ਬਣੀਂ ਨੁਮਾਇਸ਼, ਵੇਖਣ ਲੋਕ ਤਮਾਸ਼ਾ ਆ ਕੇ:
ਆਪਣੇ ਖਾਸ ਦਰਿੰਦਿਆ ਵਾਂਗੂੰ, ਰੱਖੀਏ ਤੈਨੂੰ ਪਿੰਜਰੇ ਪਾ ਕੇ,
ਲਿਖ ਲਟਕਾਈਏ ਤਖਤੀ , ਉਹਦੇ ਮੁੰਨੇ ਉੱਤੇ:
"ਵੇਖੋ ਜਾਬਰ ਐਸਾ ਹੁੰਦਾ"
ਮੈਕਬੈਥ:ਈਨ ਕਦੇ ਨਾਂ ਮੰਨਾਂ ਏਦਾਂ, ਮੁੰਡੇ ਮੈਲਕੌਲਮ ਮੂਹਰੇ ਕਰਾਂ ਨਾਂ ਸਜਦੇ,
ਹਾਰੀ ਸਾਰੀ ਲਾਅਣਤ ਪਾਵੇ, ਮੈਂ ਇਹ ਜਰ ਨਹੀਂ ਸਕਦਾ;
ਭਾਵੇਂ ਬਿਰਨਮ ਬਣ ਚੱਲ ਆਇਐ, ਕਿਲੇ ਦੇ ਦਰਵਾਜ਼ੇ ਉੱਤੇ,
ਤੂੰ ਜੋ ਆਇਆ ਸਾਹਮਣੇ ਮੇਰੇ, ਰੰਨ ਕਿਸੇ ਨਹੀਂ ਜਣਿਆ,
ਤਾਂ ਵੀ ਲੜੂੰਗਾ ਆਖਰ ਤੀਕਰ, ਨਹੀਂ ਮੈਦਾਨੋਂ ਭੱਜਣਾ।
ਜੰਗਜੂ ਢਾਲ ਮੇਰੀ ਹੈ ਅੱਗੇ: ਵਾਰ ਕਰੀਂ ਜਾ ਜਿੰਨੇ ਕਰਨੇ,
ਜਾਏ ਜਹੱਨਮ ਉਹ ਜੋ ਪਹਿਲਾਂ, ਖੜੇ ਕਰ ਕੇ ਹੱਥ ਚਿੱਲਾਵੇ:-
"ਬੱਸ ਭਰਾਵਾ, ਏਹੋ ਕਾਫੀ"!
{ਲੜਦੇ ਲੜਦੇ ਨਿੱਕਲ ਜਾਂਦੇ ਹਨ}

ਪੂਰਨ ਪਸਪਾਈ। ਤੂਤੀਨਾਦ। ਢੋਲ, ਨਗਾਰਿਆਂ, ਅਤੇ ਪਰਚਮਾਂ ਸਹਿਤ
ਪ੍ਰਵੇਸ਼ ਮੈਲਕੌਲਮ, ਬਜ਼ੁਰਗ ਸੀਵਾਰਡ, ਰੌਸ, ਲੈਨੌਕਸ, ਅੰਗਸ, ਕੇਥਨੈਸ,
ਮੈਂਟੀਥ, ਅਤੇ ਸੈਨਿਕ।}


ਮੈਲਕੌਲਮ:ਮਾਲਿਕ ਮੂਹਰੇ ਪ੍ਰਾਰਥਨਾ ਮੇਰੀ, ਮਿੱਤਰ ਹਾਜ਼ਰ ਹੈ ਨੀਂ ਜਿਹੜੇ,
ਸੁੱਖੀਂ ਸਾਂਦੀ ਮੁੜ ਕੇ ਆਵਣ!
ਸੀਵਾਰਡ:ਕਈਆਂ ਨੂੰ ਤਾਂ 'ਜਾਣਾ' ਈ ਪੈਂਦੈ; ਐਪਰ ਜੋ ਵੀ ਦੀਂਹਦੇ ਏਥੇ,
ਲਗਦੈ ਫਤਿਹ ਦਾ ਦਿਨ ਇਹ ਵੱਡਾ, ਸਸਤੇ ਭਾਅ ਈ ਮਿਲਿਐ।
ਮੈਲਕੌਲਮ:ਮੈਕਡਫ ਨਹੀਂਓਂ ਦੀਂਹਦਾ ਮੈਨੂੰ, ਨਾਂ ਹੀ ਤੁਹਾਡਾ ਪੁੱਤਰ ਦੀਂਹਦੈ।
ਰੌਸ:ਪੁੱਤਰ ਤੁਹਾਡੇ, ਲਾਟ ਸਾਹਿਬ, ਸੈਨਿਕ ਵਾਲਾ ਕਰਜ਼ ਚੁਕਾਇਐ:
ਓਦੋਂ ਤੱਕ ਹੀ ਜੀਵਿਐ ਉਹੋ, ਜਦ ਥੀਂ ਮਰਦ ਕਹਾਇਐ;
ਮਰਦਪੁਣਾ ਪ੍ਰਮਾਣਤ ਕੀਤਾ, ਰਣ-ਖੇਤਰ ਨਹੀਂ ਪਿੱਠ ਵਖਾਈ,
ਮਰਦਾਂ ਵਾਂਗੂੰ ਲੜਦਿਆਂ ਉਹਨੇ, ਜਾਮ ਸ਼ਹਾਦਤ ਪੀਤੈ।
ਸੀਵਾਰਡ:ਮਰ ਗਿਆ ਫਿਰ ਤਾਂ?
ਰੌਸ:ਜੀ; ਲਾਸ਼ ਮੁੜੀ ਏ ਖੇਤੋਂ:
ਤੁਹਾਡੇ ਸੋਗ ਦਾ ਕਾਰਨ ਆਪਾਂ, ਉਹਦੀ ਯੋਗਤਾ ਬਰਾਬਰ ਨਹੀਂ ਤੋਲਣਾ,
ਜੇ ਕਿੱਧਰੇ ਹੋ ਜਾਏ ਐਸਾ, ਫਿਰ ਤਾਂ ਸੋਗ ਦਾ ਅੰਤ ਨਹੀਂ।
ਸੀਵਾਰਡ:ਜ਼ਖਮ ਤਾਂ ਸਾਰੇ ਲੱਗੇ ਸੀਨੇ?
ਰੌਸ: ਸਾਰੇ ਛਾਤੀ ਲੱਗੇ।
ਸੀਵਾਰਡ:ਫਿਰ ਤਾਂ ਰੱਬੀ ਸੈਨਿਕ ਹੋਇਆ!
ਮੇਰੇ ਰੋਮਾਂ ਜਿੰਨੇ ਜੇਕਰ ਪੁੱਤਰ ਮੇਰੇ ਹੋਵਣ, ਏਦੂੰ ਚੰਗੀ ਮੌਤ ਕਿਸੇ ਦੀ,
ਮੈਂ ਕਦੇ ਨਾਂ ਚਿਤਵਾਂ: ਸੁਹਣਾ ਪੈ ਗਿਆ ਭੋਗ ਓਸਦਾ।
ਮੈਲਕੌਲਮ:ਉਹਦੇ ਸੋਗ ਦਾ ਮੁੱਲ ਵਧੇਰੇ, ਮੈਂ ਤਾਰੂੰਗਾ ਇਹੇ।
ਸੀਵਾਰਡ:ਏਦੂੰ ਵੱਧ ਮੁੱਲ ਨਹੀਂ ਕੋਈ: ਵਧੀਆ ਕਹੋ ਵਿਦਾਈ ਉਹਦੀ,
ਸੈਨਿਕ ਵਾਲਾ ਕਰਜ਼ਾ ਲਾਹਿਆ:
ਰੂਹ ਨੂੰ ਰੱਬ ਸ਼ਾਂਤੀ ਬਖਸ਼ੇ, ਰਹਿਮਤ ਦਾ ਹੱਥ ਰੱਖੇ!-
ਆਹ ਵੇਖੋ, ਖਬਰ ਨਵੀਂ ਸੁਖਦਾਈ ਆਈ।
{ਮੈਕਡਫ ਮੈਕਬੈਥ ਦਾ ਸਿਰ ਨੇਜ਼ੇ ਤੇ ਟੰਗੀਂ ਆਉਂਦਾ ਹੈ}
ਮੈਕਡਫ:ਜ਼ਿੰਦਾਬਾਦ ਸ਼ਾਹ ਸਲਾਮਤ! ਪਾਤਸ਼ਾਹੀ ਹੁਣ ਹੋਈ ਤੁਹਾਡੀ:
ਵੇਖੋ, ਸਰਾਪੀ ਮੁੰਡੀ ਅਪਹਾਰਕ ਦੀ ਕਿੱਥੇ ਟੰਗੀ:
ਰਤਨ, ਜਵਾਹਰ ਬਾਦਸ਼ਾਹਤ ਦੇ ਆਲੇ ਦੁਆਲੇ ਬੈਠੇ ਤੇਰੇ,
ਮੇਰੇ ਆਦਾਬ, ਅਭਿਵਾਦਨ ਨੂੰ, ਮਨੋਂ ਮਨੀਂ ਦੁਹਰਾਉਂਦੇ;
ਮੈਂ ਚਾਹਾਂ ਆਵਾਜ਼ ਉਨ੍ਹਾਂ ਦੀ, ਮੇਰੀ ਵਾਂਗ ਹੀ ਉੱਚੀ ਹੋਵੇ।-
ਜੈ ਬੋਲੋ! ਮਹਾਰਾਜ ਸਕਾਟਲੈਂਡ ਦੀ!
ਸਾਰੇ ਇੱਕ ਆਵਾਜ਼:ਜੈ ਹੋ ਮਹਾਰਾਜ ਸਕਾਟਲੈਂਡ ਦੀ !{ਤੂਤੀਨਾਦ}