ਮੂਮੂ ਅਤੇ ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਮੂਮੂ ਅਤੇ ਇੱਕ ਫ਼ਾਲਤੂ ਆਦਮੀ ਦੀ ਡਾਇਰੀ
 ਇਵਾਨ ਤੁਰਗਨੇਵ
33687ਮੂਮੂ ਅਤੇ ਇੱਕ ਫ਼ਾਲਤੂ ਆਦਮੀ ਦੀ ਡਾਇਰੀਇਵਾਨ ਤੁਰਗਨੇਵ

THE LIBRARY OF THE UNIVERSITY OF CALIFORNIA LOS ANGELES GIFT From the Library of Henry Goldman, Ph.D.

1886-1972

ਮੂਮੂ
ਅਤੇ
ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਲੇਖਕ:
ਇਵਾਨ ਗੇਰਗੇਈਵਿਚ ਤੁਰਗਨੇਵ

ਰੂਸੀ ਤੋਂ ਅਨੁਵਾਦ


ਹੈਨਰੀ ਗੇਰਸੋਨੀ

ਨਿਊਯਾਰਕ
ਫੰਕ ਐਂਡ ਵੈਗਨਾਲਸ, ਪਬਲਿਸ਼ਰਜ਼
10 ਅਤੇ 12 ਡੇਯ ਸਟਰੀਟ
1884

Entered, according to Act of Congress, in the year 1884, by

FUNK & WAGNALLS,

In the Office of the Librarian of Congress at Washington, D. C.

ਮੂਮੂ

ਜਾਣ-ਪਛਾਣ


ਇਵਾਨ ਸਰਗੇਈਵਿਚ ਤੁਰਗਨੇਵ ਆਖਦਾ ਹੈ ਕਿ "ਮੈਂ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਦੇ ਫਿਲਾਲੋਜੀ ਵਿਭਾਗ ਵਿਚ ਆਪਣੀ ਪੜ੍ਹਾਈ ਦਾ ਕੋਰਸ 1837 ਈ. ਵਿਚ ਪੂਰਾ ਕੀਤਾ।"[1] ਫਿਰ ਮੈਂ 1838 ਈ. ਦੀ ਬਸੰਤ ਰੁੱਤ ਵਿਚ ਆਪਣੀ ਪੜ੍ਹਾਈ ਮੁਕੰਮਲ ਕਰਨ ਲਈ ਬਰਲਿਨ ਚਲਾ ਗਿਆ। ਉਸ ਵੇਲੇ ਮੇਰੀ ਉਮਰ 19 ਸਾਲ ਦੀ ਸੀ। ਮੈਂ ਕਈ ਸਾਲਾਂ ਤੋਂ ਅਜਿਹਾ ਕੋਰਸ ਕਰਨ ਬਾਰੇ ਸੋਚ ਰਿਹਾ ਸੀ। ਮੈਨੂੰ ਪੂਰਾ ਯਕੀਨ ਸੀ ਕਿ ਰੂਸ ਵਿਚ ਕੋਈ ਵੀ ਮੁੱਢਲੀ ਜਾਣਕਾਰੀ ਹਾਸਲ ਕਰ ਸਕਦਾ ਸੀ ਪਰ ਇਕ ਸੰਪੂਰਨ ਸਿੱਖਿਆ ਦੇ ਸਰੋਤ ਵਿਦੇਸ਼ੀ ਧਰਤੀ 'ਤੇ ਸਨ। ਉਸ ਸਮੇਂ ਸੇਂਟ ਪੀਟਰਸਬਰਗ ਦੀ ਯੂਨੀਵਰਸਿਟੀ ਦੇ ਸਾਰੇ ਪ੍ਰੋਫ਼ੈਸਰਾਂ ਵਿਚ ਇਕ ਵੀ ਨਹੀਂ ਸੀ ਜਿਹੜਾ ਮੇਰੇ ਇਰਾਦੇ ਨੂੰ ਬਦਲ ਸਕਦਾ। ਉਨ੍ਹਾਂ ਦੇ ਖ਼ਿਆਲ ਵੀ ਮੇਰੇ ਵਾਲੇ ਹੀ ਸਨ ਅਤੇ ਰਾਜ ਦੇ ਮੰਤਰੀਆਂ ਦੀ ਰਾਏ ਵੀ ਇਹੀ ਸੀ। ਉਸ ਸਮੇਂ ਰਾਜ ਦੇ ਚਾਂਸਲਰ ਕਾਊਂਟ ਉਵਾਰੋਵ ਤਾਂ, ਸਗੋਂ ਨੌਜਵਾਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਜਰਮਨ ਯੂਨੀਵਰਸਿਟੀਆਂ ਵਿਚ ਆਪਣੇ ਖ਼ਰਚੇ 'ਤੇ ਭੇਜਿਆ ਕਰਦਾ ਸੀ। ਮੈਂ ਬਰਲਿਨ ਵਿਚ ਲਗਪਗ ਦੋ ਸਾਲ ਪੜ੍ਹਾਈ ਕੀਤੀ। ਮੇਰੀ ਪੜ੍ਹਾਈ ਦੇ ਵਿਸ਼ੇ ਫ਼ਲਸਫ਼ਾ, ਪ੍ਰਾਚੀਨ ਭਾਸ਼ਾਵਾਂ ਅਤੇ ਇਤਿਹਾਸ ਸਨ। ਮੈਂ ਪ੍ਰੋਫੈਸਰ ਬਰਡਰ ਦੇ ਅਧੀਨ ਵਿਸ਼ੇਸ਼ ਉਤਸ਼ਾਹ ਨਾਲ 'ਹੇਗਲ' ਦਾ ਅਧਿਐਨ ਕੀਤਾ। ਇਹ ਦਰਸਾਉਣ ਲਈ ਕਿ ਉਸ ਵੇਲੇ ਸੇਂਟ ਪੀਟਰਸਬਰਗ ਵਿਚ ਉਚੇਰੀ ਸਿਖਿਆ ਦੇ ਸਥਾਨਾਂ 'ਤੇ ਸਿੱਖਿਆ ਦੀ ਕਿੰਨੀ ਘਾਟ ਸੀ। ਮੈਂ ਹੇਠ ਲਿਖੇ ਤੱਥ ਦਾ ਹਵਾਲਾ ਦੇਵਾਂਗਾ, "ਜਦ ਮੈਂ ਬਰਲਿਨ ਵਿਖੇ ਪ੍ਰੋਫ਼ੈਸਰ ਜ਼ਮਪਟ ਦੇ ਲਾਤੀਨੀ ਦੀ ਪੁਰਾਤਨਤਾ ਬਾਰੇ ਅਤੇ ਯੂਨਾਨੀ ਸਾਹਿਤ ਬਾਰੇ ਪ੍ਰੋਫ਼ੈਸਰ ਬੋਕ ਦੇ ਲੈਕਚਰ

ਮੈਨੂੰ ਘਰ ਵਿਚ ਹੀ ਲਾਤੀਨੀ ਅਤੇ ਯੂਨਾਨੀ ਵਿਆਕਰਨਾਂ ਨਾਲ ਟੱਕਰਾਂ ਮਾਰਨੀਆਂ ਪਈਆਂ ਸੀ। ਇਸ ਲਈ ਇਨ੍ਹਾਂ ਬਾਰੇ ਮੇਰਾ ਗਿਆਨ ਬਹੁਤ ਅਧੂਰਾ ਸੀ ਪਰੰਤੂ ਮੈਂ ਘਰ ਪੜ੍ਹਨ ਵਾਲੇ ਸਭ ਤੋਂ ਨਿਕੰਮੇ ਵਿਦਿਆਰਥੀਆਂ ਵਿਚੋਂ ਨਹੀਂ ਸੀ।

"ਮੇਰੀ ਸ਼੍ਰੇਣੀ ਦੇ ਰੂਸੀ ਨੌਜਵਾਨਾਂ ਦੀ ਵਿਦੇਸ਼ਾਂ ਵਿਚ ਇਕ ਤੀਰਥ ਯਾਤਰਾ ਨੇ ਮੈਨੂੰ ਉਨ੍ਹਾਂ ਯਾਤਰਾਵਾਂ ਵਿਚੋਂ ਇਕ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਿਹੜੀ ਪ੍ਰਾਚੀਨ ਸਲਾਵ ਨੇਤਾਵਾਂ ਨੇ ਸਮੁੰਦਰੋਂ ਪਾਰ ਵੇਰੀਆਗ ਨੂੰ ਕੀਤੀ ਸੀ। 'ਸਾਡੀ ਭੂਮੀ (ਮੈਂ ਮੇਰੇ ਦੇਸ਼ ਦੇ ਲੋਕਾਂ ਦੀ ਨੈਤਿਕ ਅਤੇ ਮਾਨਸਿਕ ਸਥਿਤੀ ਬਾਰੇ ਗੱਲ ਕਰਦਾ ਹਾਂ) ਵਿਸ਼ਾਲ ਅਤੇ ਉਪਜਾਊ ਹੈ ਪਰ ਇਸ ਵਿਚ ਕੋਈ ਵਿਵਸਥਾ ਨਹੀਂ ਹੈ।' ਮੈਂ ਆਪਣੇ ਆਪ ਬਾਰੇ ਕਹਿ ਸਕਦਾ ਹਾਂ ਕਿ ਮੈਂ ਆਪਣੇ ਮੂਲ ਦੇਸ਼-ਕਾਲ ਤੋਂ ਅਲੱਗ-ਅਲੱਗ ਰਹਿਣ ਦੇ ਅਤੇ ਉਨ੍ਹਾਂ ਸਾਰੇ ਰਿਸ਼ਤਿਆਂ ਅਤੇ ਸੰਬੰਧਾਂ ਨੂੰ ਤੋੜ ਦੇਣ ਦੇ ਜਿਨ੍ਹਾਂ ਨਾਲ ਮੈਂ ਉਸ ਮਾਹੌਲ ਵਿਚ ਜੁੜਿਆ ਹੋਇਆ ਸੀ ਜਿਸ ਵਿਚ ਮੈਂ ਵੱਡਾ ਹੋਇਆ ਸੀ। ਸਾਰੇ ਨੁਕਸਾਨਾਂ ਨੂੰ ਬੜੀ ਤੀਖਣਤਾ ਨਾਲ ਮਹਿਸੂਸ ਕੀਤਾ। ...ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉਸ ਜ਼ਿੰਦਗੀ, ਉਸ ਸਮਾਜ, ਉਸ ਮੰਡਲ -ਜਿਸ ਨੂੰ ਅਗਰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ - ਭੌਂ-ਗ਼ੁਲਾਮ ਰੱਖਣ ਵਾਲੇ ਜ਼ਿਮੀਂਦਾਰਾਂ ਦੇ ਮੰਡਲ ਵਿਚ ਕੁਝ ਨਹੀਂ ਸੀ ਜੋ ਮੈਨੂੰ ਰੋਕ ਸਕਦਾ, ਸਗੋਂ ਹਰ ਚੀਜ਼ ਜੋ ਵੀ ਮੈਂ ਆਪਣੇ ਆਲੇ-ਦੁਆਲੇ ਵੇਖੀ ਉਸ ਨੇ ਮੇਰੇ ਅੰਦਰ ਖਿਝ, ਬੇਚੈਨੀ ਅਤੇ ਨਫ਼ਰਤ ਦੀ ਭਾਵਨਾ ਹੀ ਪੈਦਾ ਕੀਤੀ ਸੀ। ਮੈਂ ਲੰਬੇ ਸਮੇਂ ਤਕ ਦੋਚਿੱਤੀ ਵਿਚ ਨਹੀਂ ਰਹਿ ਸਕਦਾ ਸੀ। ਇਹ ਜ਼ਰੂਰੀ ਸੀ ਕਿ ਜਾਂ ਤਾਂ ਮੈਂ ਅਜਿਹੀ ਸਥਿਤੀ ਨੂੰ ਪ੍ਰਵਾਨ ਕਰ ਲੈਂਦਾ ਅਤੇ ਬਾਕੀਆਂ ਦੇ ਨਾਲ ਘਸੇ ਪੁਰਾਣੇ ਰਾਹਾਂ 'ਤੇ ਤੁਰ ਪੈਂਦਾ ਜਾਂ ਫਿਰ ਮੈਂ ਹਰ ਕਿਸੇ ਤੋਂ ਇਹ ਸਭ ਨਸ਼ਾਵਰ ਕਰ ਦਿੰਦਾ। ਇੱਥੋਂ ਤਕ ਕਿ ਆਪਣੇ ਦਿਲ ਦੇ ਕਰੀਬ ਜੋ ਕੁਝ ਮੈਂਨੂੰ ਬਹੁਤ ਪਿਆਰਾ ਸੀ, ਉਹ ਸਭ ਕੁਝ ਵੀ ਗੁਆ ਲੈਂਦਾ। ਮੈਂ ਮਗਰਲਾ ਵਿਕਲਪ ਚੁਣਿਆ। ਮੈਂ ਸਿਰ ਪਰਨੇ ਹੋ 'ਜਰਮਨ ਸਮੁੰਦਰ,'[2] ਵਿਚ ਛਾਲ ਲਾ ਦਿੱਤੀ - ਜਿਸ ਨੇ ਮੈਨੂੰ ਨਿਰਮਲ ਕਰ ਦੇਣਾ ਸੀ ਅਤੇ ਨਵਾਂ ਜਨਮ ਦੇਣਾ ਸੀ ਜਦੋਂ ਮੈਂ ਇਸ ਦੀਆਂ ਤੂਫ਼ਾਨੀ ਲਹਿਰਾਂ ਤੋਂ ਬਾਹਰ ਆਇਆ ਤਾਂ ਮੈਂ ਖ਼ੁਦ ਨੂੰ ਦੇਖਿਆ ਕਿ ਮੈਂ ਇਕ 'ਪੱਛਮੀਕ੍ਰਿਤ,'[3] ਵਿਅਕਤੀ ਸੀ ਅਤੇ ਇਹੀ ਮੈਂ ਹਮੇਸ਼ਾ ਬਣਿਆ ਰਿਹਾ।

"ਮੈਂ ਆਪਣੇ ਉਨ੍ਹਾਂ ਸਮਕਾਲੀਆਂ ਬਾਰੇ ਆਪਣੇ ਵਿਚਾਰ ਬਣਾਉਣ ਬਾਰੇ ਨਹੀਂ ਸੋਚਦਾ ਜਿਨ੍ਹਾਂ ਨੇ ਉਹੀ ਆਜ਼ਾਦੀ ਲੈ ਲਈ ਹੈ, ਉਹੀ ਗਿਆਨ ਹਾਸਲ ਕਰ ਲਿਆ ਹੈ ਜਿਸ ਲਈ ਮੈਂ ਘਾਲਣਾ ਘਾਲੀ, ਚਾਹੇ ਉਨ੍ਹਾਂ ਨੇ ਇਹ ਵੱਖਰੇ ਅਤੇ ਘੱਟ ਤਕਲੀਫ਼ਦੇਹ ਸਾਧਨਾਂ ਰਾਹੀਂ ਹਾਸਲ ਕੀਤਾ ਹੈ। ਮੇਰੀ ਇੱਛਾ ਸਿਰਫ਼ ਇਹ ਦੱਸਣ ਦੀ ਹੈ ਕਿ ਮੈਨੂੰ ਕੋਈ ਹੋਰ ਤਰੀਕਾ ਨਜ਼ਰ ਨਹੀਂ ਆਉਂਦਾ ਸੀ। ਮੈਂ ਉਸੇ ਹਵਾ ਵਿਚ ਸਾਹ ਨਹੀਂ ਲੈ ਸਕਦਾ ਸਾਂ। ਮੈਂ ਉਸੇ ਮਾਹੌਲ ਵਿਚ ਨਹੀਂ ਰਹਿ ਸਕਦਾ ਸੀ ਜਿਸ ਨਾਲ ਮੈਂ ਨਫ਼ਰਤ ਕਰਦਾ ਸਾਂ। ਮੇਰੇ ਵਿਚ ਸ਼ਾਇਦ ਹਿੰਮਤ ਦੀ, ਲੋੜੀਂਦੀ ਤਾਕਤ ਅਤੇ ਚਰਿੱਤਰ ਦੇ ਤਾਣ ਦੀ ਘਾਟ ਸੀ। ਇਹ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਆਪਣੇ ਦੁਸ਼ਮਣ ਤੋਂ ਦੂਰੀ ਬਣਾ ਲਵਾਂ ਤਾਂ ਕਿ ਉਸ ਦੂਰੀ ਤੋਂ ਉਸ ਦੇ ਖਿਲਾਫ਼ ਵਧੇਰੇ ਜ਼ਬਰਦਸਤ ਹਮਲਾ ਕਰਨ ਦੇ ਯੋਗ ਹੋ ਸਕਾਂ। ਮੇਰੀ ਨਿਗਾਹ ਵਿਚ ਉਸ ਦੁਸ਼ਮਣ ਦਾ ਇਕ ਪ੍ਰਭਾਸ਼ਿਤ ਰੂਪ ਅਤੇ ਇਕ ਨਾਮ ਸੀ - ਇਹ ਸੀ 'ਭੋਂ-ਗ਼ੁਲਾਮ ਰੱਖਣ ਦਾ ਹੱਕ।' ਇਸ ਸ਼ਿਲਾਲੇਖ ਦੇ ਤਹਿਤ ਮੈਂ ਉਹ ਸਭ ਕੁਝ ਇਕੱਤਰ ਅਤੇ ਇਕਾਗਰ ਕਰ ਲਿਆ ਜਿਸ ਦੇ ਖਿਲਾਫ਼ ਮੈਂ ਆਖ਼ਿਰ ਤਕ ਲੜਨ ਦਾ ਇਰਾਦਾ ਬਣਾ ਲਿਆ ਸੀ। ਮੈਂ ਕਦੇ ਰਾਜ਼ੀਨਾਮਾ ਨਾ ਕਰਨ ਦੀ ਸਹੁੰ ਚੁੱਕ ਲਈ ਸੀ। ਇਹ ਮੇਰੀ 'ਹਾਨੀਬਲ ਦੀ ਸਹੁੰ' ਸੀ ਅਤੇ ਮੈਂ ਉਸ ਸਮੇਂ ਇਕੱਲਾ ਨਹੀਂ ਸੀ ਜਿਸ ਨੇ ਇਹ ਚੁੱਕੀ ਸੀ। ਇਸ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੇ ਅਤੇ ਸਮਰੱਥ ਬਣਨ ਲਈ ਮੈਂ ਪੱਛਮ ਨੂੰ ਗਿਆ ਸੀ। ਮੈਂ ਇਹ ਨਹੀਂ ਮੰਨਦਾ ਕਿ ਪੱਛਮਪੂਜ ਹੋਣ ਦੇ ਮੇਰੇ ਹੇਜ ਦੀ ਪ੍ਰਕਿਰਿਆ ਨੇ ਮੈਨੂੰ ਰੂਸੀ ਜੀਵਨ ਨਾਲ ਪੂਰਨ ਹਮਦਰਦੀ ਤੋਂ, ਰੂਸ ਕੀ ਹੈ ਅਤੇ ਇਸ ਨੂੰ ਕਿਸ ਚੀਜ਼ ਦੀ ਲੋੜ ਹੈ, ਉਸ ਨੂੰ ਸਮਝਣ ਤੋਂ ਵਾਂਝਿਆਂ ਕਰ ਦਿੱਤਾ ਹੈ...।"

ਤੁਰਗਨੇਵ ਦੀ ਲੇਖਣੀ ਵਿਚੋਂ ਉਸ ਦੀਆਂ ਹਮਦਰਦੀਆਂ ਅਤੇ ਨਾਪਸੰਦਗੀਆਂ ਬਾਰੇ ਅਤੇ ਉਸ ਦੀਆਂ ਲਿਖਤਾਂ ਦੇ ਆਧਾਰ ਬਣੇ ਉਸ ਦੇ ਸਿਧਾਂਤਾਂ ਦੇ ਬਾਰੇ ਇਹ ਟੋਟਾ ਉਸ ਦੇ ਮਿਹਨਤ ਦੀ ਸਮਝ ਲਈ ਸਭ ਤੋਂ ਵਧੀਆ ਟੋਹਾਂ ਦਾ ਕੰਮ ਦਿੰਦਾ ਹੈ। ਸਪਸ਼ਟ ਹੈ ਕਿ ਰੂਸੀ ਸਮਾਜ ਦੇ ਸਭ ਤੋਂ ਨੀਵੇਂ ਅਤੇ ਸਭ ਤੋਂ ਉੱਚੇ - ਭੋਂ-ਗ਼ੁਲਾਮ ਅਤੇ ਕੁਲੀਨ - ਲੋਕ ਸਨ ਜਿਨ੍ਹਾਂ ਨੂੰ ਉਸ ਨੇ ਆਪਣੇ ਕੈਨਵਸ 'ਤੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ। ਮੱਧ ਵਰਗ ਦੀ ਸੱਚਮੁਚ ਰੂਸੀ-ਸਿਆਸੀ ਜੀਵਨ ਵਿਚ ਭੂਮਿਕਾ ਸੀ ਪਰ ਇਹ ਮਹੱਤਵਪੂਰਨ ਨਹੀਂ ਸੀ। ਤੁਰਗਨੇਵ ਭੋਂ-ਗ਼ੁਲਾਮ ਨੂੰ ਇਕ ਤਕੜਾ ​​ਅਤੇ ਉਪਯੋਗੀ ਮਜ਼ਦੂਰ ਮੰਨਦਾ ਸੀ ਜੋ ਨੈਤਿਕਤਾ ਦੀ ਇਕ ਸਹਿਜ ਭਾਵਨਾ ਨਾਲ ਨਿਵਾਜ਼ਿਆ ਪਰੰਤੂ ਦੁਨੀਆ ਤੋਂ ਦੂਰ ਅਲੱਗ-ਥਲੱਗ ਰਹਿ ਰਿਹਾ ਸੀ ਅਤੇ ਆਪਣੇ ਆਪ ਇਕ ਸ਼ਬਦ ਵੀ ਬੋਲਣ ਤੋਂ ਅਸਮਰੱਥ ਸੀ। ਦੂਜੇ ਪਾਸੇ ਕੁਲੀਨ ਵਰਗਾਂ ਨੂੰ ਉਹ ਬੇਕਾਰ ਸਮਝਦਾ ਸੀ। ਕਿਸਾਨ ਦੀ ਮਜ਼ਦੂਰੀ ਦੇ ਖਪਤਕਾਰ ਜਿਸ ਦਾ ਹੱਕ ਉਨ੍ਹਾਂ ਨੂੰ ਜਨਮ ਦੇ ਸਬੱਬ ਨਾਲ ਮਿਲਿਆ ਸੀ[ ਅਮੀਰੀ ਅਤੇ ਆਲਸ ਨੇ ਉਨ੍ਹਾਂ ਦੀ ਹਿੰਮਤ ਖੋਹ ਲਈ ਸੀ ਜੋ ਵੀ ਉਨ੍ਹਾਂ ਦੇ ਸੰਪਰਕ ਵਿਚ ਆਉਂਦੇ ਸਭ ਨਿਰਾਸ਼ ਹੋ ਜਾਂਦੇ। ਇਸ ਲਈ ਉਹ ਉਨ੍ਹਾਂ ਦੇ "ਮੰਡਲ" ਨੂੰ ਸਰਾਪਿਆ ਹੋਇਆ ਸਮਝਦਾ ਸੀ, ਭਾਵੇਂ ਕਿ ਉਹ ਖ਼ੁਦ ਉਸ ਵਿਚ ਪੈਦਾ ਹੋਇਆ ਅਤੇ ਪਲਿਆ ਸੀ।

ਇਸ ਦ੍ਰਿਸ਼ਟੀਕੋਣ ਅਨੁਸਾਰ ਮੈਂ ਉਸ ਦੀਆਂ ਲਿਖਤਾਂ ਵਿਚੋਂ ਅੰਗਰੇਜ਼ੀ ਵਿਚ ਅਨੁਵਾਦ ਕਰਨ ਲਈ ਦੋ ਸ਼ਬਦ-ਚਿੱਤਰਾਂ ਦੀ ਚੋਣ ਕੀਤੀ ਹੈ ਜੋ ਪ੍ਰਸਿੱਧ ਲੇਖਕ ਦੇ ਅਹਿਮ ਵਿਚਾਰਾਂ ਨੂੰ ਦਰਸਾਉਂਦੇ ਹਨ। "ਮੁਮੂ" ਅਤੇ "ਇੱਕ ਫ਼ਾਲਤੂ ਮਨੁੱਖ ਦੀ ਡਾਇਰੀ" ਇਸ ਪ੍ਰਕਿਰਿਆ ਲਈ ਮੈਨੂੰ ਸਭ ਤੋਂ ਢੁੱਕਵੀਆਂ ਲਿਖਤਾਂ ਲੱਗੀਆਂ ਹਨ। ਪਹਿਲੀ ਵਿਚ ਗਰਾਸੀਮ ਰੂਸੀ ਭੋਂ-ਗ਼ੁਲਾਮ ਦੇ ਕੁਦਰਤੀ ਰੂਪ ਨੂੰ ਸਾਕਾਰ ਕਰਦਾ ਹੈ। "ਉਸ ਦੀ ਮਾਲਕਣ" ਦੇ ਘਰੇਲੂ ਨੌਕਰਾਂ ਦਾ ਸਮੂਹ ਜਿਸ ਵਿਚ ਉਸ ਦਿਓਕੱਦ ਆਦਮੀ ਨੂੰ ਲਿਆਂਦਾ ਗਿਆ ਹੈ, ਵਿਖਾਉਂਦਾ ਹੈ ਕਿ ਜਦੋਂ ਉਹ ਆਪਣੇ ਮਾਲਕ ਦੇ ਮਾਹੌਲ ਵਿਚ ਆਉਂਦਾ ਹੈ ਤਾਂ ਉਸ ਦਾ ਕੀ ਬਣਦਾ ਹੈ। "ਇੱਕ ਫ਼ਾਲਤੂ ਮਨੁੱਖ ਦੀ ਡਾਇਰੀ" ਤੋਂ ਪਤਾ ਲੱਗਦਾ ਹੈ ਕਿ ਕੁਲੀਨ ਵਰਗਾਂ ਦੀ ਅੰਤਿਮ ਹੋਣੀ ਕੀ ਹੈ ਜੋ ਕਿ ਨਾਇਕ ਦੇ ਆਲੇ-ਦੁਆਲੇ ਜੁੜੇ ਪਾਤਰਾਂ ਰਾਹੀਂ ਦਰਸਾਈ ਗਈ ਹੈ। ਇਨ੍ਹਾਂ ਵਿਚ ਸਰਕਾਰੀ ਨੌਕਰੀ ਕਰਦੇ ਸ਼ਾਨਦਾਰ ਰਾਜਕੁਮਾਰ ਤੋਂ ਲੈ ਕੇ ਲੇਖਕ ਦੀ "ਡਾਇਰੀ" ਤਕ ਅਨੇਕ ਪਾਤਰ ਹਨ। ਤੁਰਗਨੇਵ ਦੀਆਂ ਰਚਨਾਵਾਂ ਦੇ ਪਾਠਕ ਇਹ ਜਾਣਨਗੇ ਕਿ ਉਸ ਦੇ ਸਾਰੇ ਨਾਵਲ ਅਤੇ ਸ਼ਬਦ-ਚਿੱਤਰ ਇਨ੍ਹਾਂ ਦੋਵਾਂ ਥੀਮਾਂ ਦੇ ਵੱਖੋ-ਵੱਖਰੇ ਰੂਪ ਹਨ ਪਰ ਉਸ ਦੀਆਂ ਹੋਰ ਰਚਨਾਵਾਂ ਦਾ ਮੁੱਲ, ਉਸ ਦੇ ਅੱਗੇ ਲਿਆਂਦੇ ਮੁੱਖ ਸ਼ਬਦ-ਚਿੱਤਰਾਂ ਦੇ ਗਿਆਨ ਨਾਲ ਘਟਾਇਆ ਨਹੀਂ ਜਾ ਸਕਦਾ ਕਿਉਂਕਿ ਮਾਨਸਿਕ ਗਹਿਰਾਈਆਂ ਵਿਚ ਉਸ ਦੀ ਟੁੱਭੀ ਅਤੇ ਮਨੁੱਖੀ ਦਿਲ ਦੀਆਂ ਤਾਰਾਂ ਉੱਪਰ ਉਸ ਦੀ ਉਸਤਾਦਾਂ ਵਾਲੀ ਛੇੜ ਹਮੇਸ਼ਾ ਹਮਦਰਦੀ ਦੇ ਭਾਵ ਜਗਾਏਗੀ। ਉਸ ਦੀ ਲਿਖਤ ਦਾ ਥੀਮ ਭਾਵੇਂ ਕੋਈ ਵੀ ਹੋਵੇ। ਆਪਣੇ ਹੱਥ ਵਿਚ ਦੋਹਾਂ ਤੱਤਾਂ ਦੀ ਹੁਨਰੀ ਵੰਡ ਨਾਲ ਤੁਰਗਨੇਵ ਹਮੇਸ਼ਾ ਨਵੀਆਂ ਮਨੋਵਿਗਿਆਨਕ ਸਮੱਸਿਆਵਾਂ ਪੇਸ਼ ਕਰਨ ਅਤੇ ਮਨੁੱਖੀ ਜੀਵਨ ਦੇ ਨਵੇਂ ਪੜਾਵਾਂ ਨੂੰ ਦਰਸਾਉਣ ਵਿਚ ਸਫ਼ਲ ਰਿਹਾ। ਉਸ ਦੀਆਂ ਲਿਖਤਾਂ ਮਨੁੱਖੀ ਆਤਮਾ ਦੀਆਂ ਕਵਿਤਾਵਾਂ ਹਨ। ਉਸ ਦਾ ਤਰੀਕਾ ਅਤਿਅੰਤ ਸ਼ਲਾਘਾਯੋਗ ਹੈ। ਉਹ ਪਾਠਕ ਦੀ ਉਤਸੁਕਤਾ ਦਾ ਫਾਇਦਾ ਉਠਾ ਕੇ ਉਸ ਦੀ ਦਿਲਚਸਪੀ ਨੂੰ ਨੱਕਾ ਨਹੀਂ ਲਾਉਂਦਾ। ਕੁਝ ਬੇਪਰਵਾਹ ਛੋਹਾਂ ਦੇ ਨਾਲ ਉਹ ਉਸ ਪਾਤਰ ਦੀ ਉਸ ਤਸਵੀਰ ਨੂੰ ਉਲੀਕ ਦਿੰਦਾ ਹੈ ਜਿਸ ਦੀ ਉਸ ਨੇ ਅੱਗੇ ਗੱਲ ਕਰਨੀ ਹੁੰਦੀ ਹੈ। ਇਸ ਤਰ੍ਹਾਂ ਪਾਠਕ ਪਹਿਲਾਂ ਹੀ ਜਾਣਦਾ ਹੁੰਦਾ ਹੈ ਕਿ ਕਹਾਣੀ ਕੀ ਬਣਨ ਜਾ ਰਹੀ ਹੈ। ਫਿਰ ਪਾਠਕ ਨੂੰ ਕਲਾਕਾਰ ਦੇ ਨਾਲ-ਨਾਲ ਤੁਰਨਾ ਪੈਂਦਾ ਹੈ ਜਦੋਂ ਤਸਵੀਰ ਦੀਆਂ ਰੋਸ਼ਨੀਆਂ ਅਤੇ ਪਰਛਾਈਆਂ ਨਿਖ਼ਾਰੀਆਂ ਜਾਂਦੀਆਂ ਹਨ ਜਦੋਂ ਨਿੱਕੇ ਤੋਂ ਨਿੱਕੇ ਵੇਰਵੇ ਤਕ ਰੰਗਾਂ ਅਤੇ ਅੰਤਲੀਆਂ ਛੋਹਾਂ ਦੀਆਂ ਬਰੀਕੀਆਂ ਨਿਪਟਾਈਆਂ ਜਾ ਰਹੀਆਂ ਹੁੰਦੀਆਂ ਹਨ। ਇਸ ਲਈ ਤੁਰਗਨੇਵ ਹਮੇਸ਼ਾ ਰੌਚਿਕ ਤੇ ਦਿਲਚਸਪ ਜਾਣਕਾਰੀਆਂ ਨਾਲ ਭਰਪੂਰ ਰਹਿੰਦਾ ਹੈ।

ਉਤਸੁਕਤਾ ਭਰੀ ਗੱਲ ਇਹ ਹੈ ਕਿ ਰੂਸੀ ਭੋਂ-ਗ਼ੁਲਾਮੀ ਦੇ ਖ਼ਾਤਮੇ (9 ਫਰਵਰੀ 1861 ਦੇ ਅਲੈਗਜ਼ੈਂਡਰ ਦੂਜੇ ਦਾ ਇਕ ਐਲਾਨ) ਤੋਂ ਬਾਅਦ ਤੁਰਗਨੇਵ ਕੋਲ ਆਪਣੀ ਹਮਦਰਦੀ ਦੇ ਇਸ ਵਿਸ਼ੇ ਬਾਰੇ ਬਹੁਤ ਕੁਝ ਕਹਿਣ ਲਈ ਰਹਿ ਨਹੀਂ ਸੀ ਗਿਆ। ਉਸ ਨੇ ਕਿਸਾਨਾਂ ਦੇ ਪੱਖ ਵਿਚ ਉਨ੍ਹਾਂ ਦੀ ਰੂਹਾਨੀ ਉਚਾਈ ਅਤੇ ਸਿੱਖਿਆ ਲਈ ਸਾਧਨਾਂ ਦੀ ਵਕਾਲਤ ਕਰਨ ਜਾਂ ਉਸ ਦੀ ਹਾਲਤ ਸੁਧਾਰਨ ਲਈ ਵੀ ਕੋਈ ਹੋਰ ਯਤਨ ਨਹੀਂ ਕੀਤੇ। ਅਜਿਹੀਆਂ ਚੀਜ਼ਾਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ। ਉਹ ਇਕ ਕਲਾਕਾਰ ਸੀ, ਸੁਧਾਰਕ ਨਹੀਂ। ਉਸ ਦੀ ਸ਼ਕਤੀ ਜੋ ਵੀ ਸੀ, ਉਸ ਨੂੰ ਸਮਝਣ ਵਿਚ ਸੀ। ਇਹ ਦੱਸਣ ਵਿਚ ਨਹੀਂ ਸੀ ਕਿ ਹੋਣਾ ਕੀ ਚਾਹੀਦਾ ਹੈ। ਰੂਸ ਵਿਚ ਭੋਂ-ਗ਼ੁਲਾਮੀ ਦੇ ਖ਼ਾਤਮੇ ਵਾਲੇ ਸਾਲ ਵਿਚ ਹੀ ਤੁਰਗਨੇਵ ਨੇ ਆਪਣਾ ਨਾਵਲ "ਪਿਤਾ ਅਤੇ ਪੁੱਤਰ" ਲਿਖਿਆ ਅਤੇ ਨਿਹਲਿਸਟ ਬਾਜ਼ਾਰੋਵ - "ਇਕ ਪਾਤਰ ਜੋ ਪਹਿਲਾਂ ਹੀ "ਲੋਕਾਂ ਅੰਦਰ (ਉਸ ਦੇ ਆਪਣੇ ਸ਼ਬਦਾਂ ਵਿਚ) "ਧੁੰਦਲੇ ਜਿਹੇ ਧੁੜਕੂ ਵਜੋਂ ਮੌਜੂਦ ਸੀ" ਮੰਚ 'ਤੇ ਲੈ ਆਇਆ। ਇਹ ਸ਼ਾਇਦ ਆਮ ਜਾਣਕਾਰੀ ਨਹੀਂ ਹੈ ਕਿ "ਨਿਹਲਿਸਟ" ਸ਼ਬਦ ਦਾ ਸਿਰਜਕ ਤੁਰਗਨੇਵ ਸੀ। ਉਸ ਨੇ ਇਸ ਲਕਬ ਨੂੰ "ਪਿਤਾ ਅਤੇ ਪੁੱਤਰ" ਦੇ ਨਾਇਕ ਉੱਤੇ ਕੁਝ ਵਧੇਰੇ ਹੀ ਗੋਲਮੋਲ ਢੰਗ ਨਾਲ ਢੁਕਾਇਆ ਸੀ ਕਿਉਂਕਿ ਉਹ ਖ਼ੁਦ ਨਹੀਂ ਸੀ ਜਾਣਦਾ ਕਿ ਉਸ ਨੂੰ ਇਸ ਪਾਤਰ ਨਾਲ ਹਮਦਰਦੀ ਸੀ ਜਾਂ ਨਹੀਂ ਪਰ ਉਸ ਨੇ ਉਸ ਨੂੰ ਉਵੇਂ ਚਿਤਰਿਆ ਜਿਵੇਂ ਉਸ ਦੀ ਸਮਝ ਵਿਚ ਆਇਆ ਸੀ। ਉਸ ਨੇ ਉਸ ਨੂੰ ਰੂਸ ਦੇ ਸਮਾਜਕ ਇਤਿਹਾਸ ਵਿਚ ਆਪਣੀ ਜਗ੍ਹਾ ਮੱਲਦੇ ਦੇਖਿਆ ਅਤੇ ਕੈਨਵਸ 'ਤੇ ਉਹ ਜਗ੍ਹਾ ਖਾਲੀ ਨਹੀਂ ਸੀ ਛੱਡ ਸਕਦਾ। ਇਸ ਪ੍ਰਕਾਰ ਉਸ ਨੇ ਉਸ ਵਰਤਾਰੇ ਦੇ ਨਾਮ ਦੇ ਤੌਰ 'ਤੇ ਨਿਹਲਿਸਟ ਸ਼ਬਦ ਦੀ ਕਾਢ ਕੱਢੀ ਜਿਸ ਦਾ ਵਜੂਦ ਉਸ ਨੇ ਵੇਖਿਆ ਸੀ ਪਰ ਉਸ ਦਾ ਸੁਭਾਅ ਉਹ ਚੰਗੀ ਤਰ੍ਹਾਂ ਨਹੀਂ ਸੀ ਸਮਝ ਸਕਿਆ। ਇਸ ਵਿਸ਼ੇ ਬਾਰੇ ਤੁਰਗਨੇਵ ਆਪ ਕਹਿੰਦਾ ਹੈ:[4] "ਮੈਂ ਕਦੇ ਵੀ 'ਬਿੰਬ ਬਣਾਉਣ' ਦੀ ਕੋਸ਼ਿਸ਼ ਨਹੀਂ ਕਰਦਾ। ਅਗਰ ਮੇਰੇ ਕੋਲ ਕੋਈ ਸ਼ੁਰੂਆਤੀ ਬਿੰਦੂ ਨਾ ਹੋਵੇ, ਕੋਈ ਵਿਚਾਰ ਜਾਂ ਜੀਵੰਤ ਵਿਸ਼ਾ ਨਾ ਹੋਵੇ ਜਿਸ ਨਾਲ ਮੈਂ ਹੌਲੀ-ਹੌਲੀ ਹੋਰ ਤੱਤਾਂ ਨੂੰ ਜੋੜ ਅਤੇ ਮਿਲਾ ਸਕਦਾ ਹੋਵਾਂ। ਜਿਵੇਂ ਕਿ ਮੇਰੇ ਕੋਲ ਬਹੁਤ ਜ਼ਿਆਦਾ ਮੁਕਤ ਕਾਢਕਾਰੀ ਸ਼ਕਤੀ ਨਹੀਂ ਹੈ। ਮੈਨੂੰ ਹਮੇਸ਼ਾ ਕੁਝ ਜ਼ਮੀਨ ਦੀ ਜ਼ਰੂਰਤ ਰਹਿੰਦੀ ਸੀ ਜਿਸ ਉੱਤੇ ਮੈਂ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੋਵਾਂ।" ਅਜਿਹਾ ਲੱਗਦਾ ਹੈ ਕਿ ਉਹ ਨਿਹਲਵਾਦੀ ਨੂੰ ਸਮਝਦਾ ਨਹੀਂ ਸੀ ਅਤੇ ਨਾ ਹੀ ਉਸ ਨਾਲ ਉਸ ਦੀ ਆਖ਼ਿਰ ਤਕ ਕੋਈ ਵੱਡੀ ਹਮਦਰਦੀ ਸੀ।

ਸਿੱਟੇ ਵਜੋਂ ਮੈਂ ਕੇ. ਪੇਤਰੋਵ ਦੇ ਲਿਖੇ "ਰੂਸੀ ਸਾਹਿਤ ਦਾ ਇਤਿਹਾਸ" (ਸੇਂਟ ਪੀਟਰਜ਼ਬਰਗ, 1871) ਵਿਚੋਂ ਹਵਾਲਾ ਦੇਵਾਂਗਾ। ਇਸ ਪੈਰ੍ਹੇ ਵਿਚ ਉਸ ਨੇ ਰੂਸੀ ਸਾਹਿਤ ਵਿਚ ਤੁਰਗਨੇਵ ਦੀ ਮਹੱਤਤਾ ਨੂੰ ਭਲੀਭਾਂਤ ਦਰਸਾਇਆ ਹੈ:

"ਤੁਰਗਨੇਵ ਨੂੰ ਉਸ ਮਨੋਬਲ ਅਤੇ ਉਸ ਫ਼ਲਸਫ਼ੇ ਦਾ ਪ੍ਰਮੁੱਖ ਪ੍ਰਤੀਨਿਧੀ ਅਤੇ ਕਵੀ ਕਿਹਾ ਜਾ ਸਕਦਾ ਹੈ ਜੋ ਪਿਛਲੇ ਵੀਹ ਸਾਲਾਂ ਤੋਂ ਸਾਡੇ ਪੜ੍ਹੇ-ਲਿਖੇ ਸਮਾਜ ਵਿਚ ਛਾਇਆ ਰਿਹਾ ਹੈ। ਉਸ ਨੇ ਜਲਦੀ ਹੀ ਨਵੀਆਂ ਲੋੜਾਂ ਅਤੇ ਨਵੇਂ ਵਿਚਾਰਾਂ ਨੂੰ ਮਹਿਸੂਸ ਕੀਤਾ ਜੋ ਸਾਡੇ ਸਮਾਜਿਕ ਮਾਹੌਲ ਵਿਚ ਪਨਪ ਰਹੇ ਸਨ ਅਤੇ ਆਪਣੀਆਂ ਲਿਖਤਾਂ ਵਿਚ ਉਸ ਨੇ ਹਮੇਸ਼ਾਂ ਹਾਲਤਾਂ ਦੀਆਂ ਸੀਮਾਵਾਂ ਦੇ ਅੰਦਰੋਂ-ਅੰਦਰ ਸੰਭਵ ਹੱਦ ਤਕ ਸਪੱਸ਼ਟਤਾ ਤੇ ਦਲੇਰੀ ਨਾਲ ਉਨ੍ਹਾਂ ਸਮਿਆਂ ਦੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਅਤੇ ਇਕ ਧੁੰਦਲੇ ਜਿਹੇ ਧੁੜਕੂ ਵਜੋਂ ਸਮਾਜ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਚੁੱਕੇ ਮੁੱਦੇ ਨੂੰ ਉਠਾਇਆ। ਸਮਾਜ ਦੇ ਬਿਹਤਰ ਵਰਗਾਂ ਦੀ ਮਾਨਤਾ ਲਈ ਅਜੇ ਹੁਣੇ-ਹੁਣੇ ਦਾਅਵਾ ਕਰਨ ਲੱਗੇ ਹਰ ਸਤਿਕਾਰਯੋਗ ਖ਼ਿਆਲ ਅਤੇ ਈਮਾਨਦਾਰ ਭਾਵਨਾ ਨੂੰ ਤੁਰੰਤ ਮੁਖ਼ਾਤਿਬ ਹੋਣ ਦੀ ਸਫ਼ਲਤਾ ਦਾ ਸਿਹਰਾ ਤੁਰਗਨੇਵ ਨੂੰ ਜਾਣਾ ਚਾਹੀਦਾ ਹੈ। ਇਹ ਗੁਣ ਹਮੇਸ਼ਾ ਹੀ ਤੁਰਗਨੇਵ ਦੀਆਂ ਲਿਖਤਾਂ ਦਾ ਅਨਿੱਖੜ ਅੰਗ ਰਿਹਾ ਹੈ। ਨਿਸ਼ਚਿਤ ਤੌਰ 'ਤੇ ਇਸ ਖ਼ਾਤਰ ਪ੍ਰਤਿਭਾ ਦੀ ਵੀ ਲੋੜ ਸੀ ਪਰ ਪ੍ਰਤਿਭਾ ਮੁੱਖ ਗੱਲ ਨਹੀਂ ਸੀ। ਤੁਰਗਨੇਵ ਦੀ ਪ੍ਰਤਿਭਾ ਏਨੀ ਵੱਡ-ਅਕਾਰੀ ਨਹੀਂ ਸੀ ਜਿਹੜੀ ਕਾਵਿਕ ਵੇਗ ਦੀ ਇਕੋ-ਇਕ ਸ਼ਕਤੀ ਨਾਲ ਤੁਹਾਨੂੰ ਪ੍ਰਭਾਵਿਤ ਕਰ ਲੈਂਦੀ ਅਤੇ ਆਪਣੇ ਵੱਸ ਵਿਚ ਕਰ ਲੈਂਦੀ ਅਤੇ ਤੁਹਾਨੂੰ ਕਿਸੇ ਖ਼ਾਸ ਪ੍ਰਗਟਾਵੇ ਜਾਂ ਵਿਚਾਰ ਨਾਲ ਹਮਦਰਦੀ ਕਰਨ ਲਈ ਧੂਹ ਪਾਉਂਦੀ। ਇਹ ਪ੍ਰੇਸ਼ਾਨਕੁਨ ਅਤੇ ਸ਼ਕਤੀਸ਼ਾਲੀ ਅਪੀਲ ਨਹੀਂ,

ਸਗੋਂ ਇਕ ਕੋਮਲ ਕਾਵਿਕ ਗੰਭੀਰਤਾ ਹੈ ਜੋ ਉਸ ਦੀ ਪ੍ਰਤਿਭਾ ਦੀ ਮੁੱਖ ਵਿਸ਼ੇਸ਼ਤਾ ਹੈ। ਇਸ ਤੋਂ ਇਲਾਵਾ ਉਸ ਦੇ ਬਿਰਤਾਂਤਾਂ ਵਿਚ ਕਾਵਿਕ ਵਰਣਨ ਦਾ ਅਸਾਧਾਰਣ ਸੁਹੱਪਣ ਹੈ। ਉਹ ਜੋ ਪਾਤਰ ਅਤੇ ਸਥਿਤੀਆਂ ਚਿਤਰਦਾ ਹੈ, ਉਹ ਉਨ੍ਹਾਂ ਦੀ ਮਨੋਵਿਗਿਆਨਕ ਸਮਝ ਦੀ ਡੂੰਘਾਈ ਅਤੇ ਛੋਹ ਦੀ ਕੋਮਲਤਾ ਹੈ।"

ਮੈਂ ਉਮੀਦ ਕਰਦਾ ਹਾਂ ਕਿ ਇਹ ਕੁਝ ਟਿੱਪਣੀਆਂ ਮੇਰੇ ਪ੍ਰਸਿੱਧ ਦੇਸ਼ਵਾਸੀ ਦੀਆਂ ਲਿਖਤਾਂ ਅਤੇ ਪ੍ਰਤਿਭਾ ਬਾਰੇ ਬਿਹਤਰ ਸਮਝ ਬਣਾਉਣ ਵਿਚ ਯੋਗਦਾਨ ਪਾਉਣਗੀਆਂ ਜਿਸ ਦੀ ਮੌਤ ਦਾ ਸੋਗ ਸਾਹਿਤਕ ਦੁਨੀਆ 3 ਸਤੰਬਰ ਤੋਂ ਮਨਾ ਰਹੀ ਹੈ। ਇਹ ਦੋ ਰੇਖਾ-ਚਿੱਤਰਾਂ ਦਾ ਮੂਲ ਤੋਂ ਅਨੁਵਾਦ ਕਰਨ ਦਾ ਮੇਰਾ ਯਤਨ (ਤੁਰਗਨੇਵ ਦੀਆਂ ਜ਼ਿਆਦਾਤਰ ਰਚਨਾਵਾਂ, ਮੈਨੂੰ ਇਹ ਜਾਣ ਕੇ ਅਫ਼ਸੋਸ ਹੈ ਕਿ ਫ੍ਰੈਂਚ ਜਾਂ ਜਰਮਨ ਅਨੁਵਾਦਾਂ ਤੋਂ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਗਏ ਹਨ ਅਤੇ ਇਸ ਨਾਲ ਉਨ੍ਹਾਂ ਦੇ ਮੂਲ ਤੱਤ, ਵਲਵਲੇ ਦੇ ਵੇਗ ਅਤੇ ਉਨ੍ਹਾਂ ਦੇ ਮਹੱਤਵ ਵਿਚ ਬੜਾ ਭਾਰੀ ਨੁਕਸਾਨ ਹੋਇਆ ਹੈ) ਜੋ ਇਸ ਜਿਲਦ ਵਿਚ ਪੇਸ਼ ਕੀਤਾ ਗਿਆ ਹੈ। ਅੰਗਰੇਜ਼ੀ-ਪਾਠਕਾਂ ਵਲੋਂ ਸਵੀਕਾਰ ਕੀਤਾ ਜਾਵੇਗਾ। ਹੈਨਰੀ ਗੇਰਸੋਨੀ

ਨਿਊਯਾਰਕ, ਅਕਤੂਬਰ 26, 1883.

ਮੂਮੂ


ਮਾਸਕੋ ਦੇ ਬਾਹਰਵਾਰ ਸੜਕ ਦੇ ਕਿਨਾਰੇ ਇਕ ਪੁਰਾਣੀ ਸਲੇਟੀ ਰੰਗ ਦੀ ਹਵੇਲੀ ਸੀ ਜਿਸ ਦੇ ਥਮਲੇ ਚਿੱਟੇ ਰੰਗ ਦੇ ਸਨ ਅਤੇ ਇਕ ਖੁੱਲ੍ਹੀ-ਡੁੱਲ੍ਹੀ ਬਾਲਕੋਨੀ ਸੀ। ਹਵੇਲੀ ਦੇ ਆਲੇ-ਦੁਆਲੇ ਬੇਸ਼ੁਮਾਰ ਭੌਂ-ਗ਼ੁਲਾਮਾਂ ਦੇ ਘਰ ਸਨ। ਇਸ ਹਵੇਲੀ ਦੀ ਮਾਲਕਣ ਇਕ ਵਿਧਵਾ ਔਰਤ ਇੱਥੇ ਰਹਿੰਦੀ ਸੀ। ਉਸ ਦੇ ਪੁੱਤਰ ਪੀਟਰਸਬਰਗ ਵਿਚ ਸਰਕਾਰੀ ਨੌਕਰੀ ਕਰਦੇ ਸਨ। ਉਸ ਦੀਆਂ ਧੀਆਂ ਦਾ ਵਿਆਹ ਹੋ ਚੁੱਕਾ ਸੀ। ਉਹ ਬਹੁਤ ਹੀ ਘੱਟ ਕਦੇ ਬਾਹਰ ਜਾਇਆ ਕਰਦੀ ਸੀ ਅਤੇ ਆਪਣੇ ਦੁਖੀ ਤੇ ਖੁਸ਼ਕ ਬੁਢਾਪੇ ਦੇ ਆਖ਼ਰੀ ਸਾਲ ਇਕਾਂਤ ਵਿਚ ਨਹਾਇਤ ਕੰਜੂਸੀ ਨਾਲ ਬਤੀਤ ਕਰ ਰਹੀ ਸੀ। ਉਸ ਦਾ ਖੁਸ਼ਕ ਅਤੇ ਉਦਾਸ ਜੀਵਨ ਕਦੋਂ ਦਾ ਬੀਤ ਗਿਆ ਸੀ ਪਰ ਉਸ ਦੀ ਜ਼ਿੰਦਗੀ ਦੀ ਸ਼ਾਮ ਰਾਤ ਨਾਲੋਂ ਵੀ ਵਧੇਰੇ ਹਨੇਰੀ ਸੀ।

ਉਸ ਦੇ ਸਾਰੇ ਨੌਕਰਾਂ ਵਿਚੋਂ, ਸਭ ਤੋਂ ਅਨੋਖੀ ਹਸਤੀ ਗਰਾਸੀਮ ਨਾਮ ਦਾ ਇਕ ਆਦਮੀ ਸੀ। ਉਸ ਦਾ ਕੱਦ ਆਮ ਨਾਲੋਂ ਪੂਰੇ ਬਾਰਾਂ ਇੰਚ ਵੱਧ ਸੀ ਜੋ ਬੜੇ ਦਰਸ਼ਨੀ ਡੀਲ-ਡੌਲ ਵਾਲਾ ਪਰ ਜਨਮ ਤੋਂ ਹੀ ਗੂੰਗਾ ਅਤੇ ਬੋਲਾ ਸੀ। ਉਸ ਦੀ ਮਾਲਕਣ ਉਸ ਨੂੰ ਪਿੰਡ ਤੋਂ ਲਿਆਈ ਸੀ ਜਿੱਥੇ ਉਹ ਆਪਣੇ ਭਰਾਵਾਂ ਤੋਂ ਅਲਹਿਦਾ ਇਕ ਛੋਟੀ ਜਿਹੀ ਝੌਂਪੜੀ ਵਿਚ ਇਕੱਲਾ ਰਹਿੰਦਾ ਸੀ। ਉਸ ਨੂੰ ਮਾਲਕਣ ਦੇ ਸਾਰੇ ਨੌਕਰਾਂ ਵਿਚੋਂ ਵੱਧ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਸਮਝਿਆ ਜਾਂਦਾ ਸੀ। ਉਹ ਅਸਚਰਜ ਤਾਕਤ ਦਾ ਮਾਲਕ ਸੀ ਤੇ ਉਹ ਚਾਰ ਆਦਮੀਆਂ ਦਾ ਕੰਮ ਇਕੱਲਾ ਹੀ ਕਰ ਲਿਆ ਕਰਦਾ ਸੀ।

ਕੰਮ ਉਸ ਦੇ ਹੱਥਾਂ ਵਿਚ ਉੱਡਦਾ ਸੀ ਜਦੋਂ ਉਹ ਖੇਤਾਂ ਵਿਚ ਹਲ ਵਾਹ ਰਿਹਾ ਹੁੰਦਾ ਤਾਂ ਉਸ ਨੂੰ ਦੇਖਣਾ ਇਕ ਸੁਹਾਵਣਾ ਨਜ਼ਾਰਾ ਹੁੰਦਾ ਸੀ। ਉਹ ਆਪਣੇ ਵੱਡੇ-ਵੱਡੇ ਹੱਥਾਂ ਨਾਲ ਹਲ ਦੀ ਹੱਥੀ ਉੱਤੇ ਦਬਾਅ ਪਾ ਕੇ ਹਲ ਚਲਾਉਂਦਾ ਤਾਂ ਮਹਿਸੂਸ ਹੁੰਦਾ ਸੀ, ਜਿਵੇਂ ਉਹ ਆਪਣੇ ਮਰੀਅਲ ਘੋੜੇ ਦੇ ਬਗੈਰ ਹੀ ਜ਼ਮੀਨ ਦੀ ਹਿੱਕ ਤੇ ਡੂੰਘੇ ਸਿਆੜ ਪਾਉਂਦਾ ਜਾ ਰਿਹਾ ਹੋਵੇ। ਜਾਂ ਫਿਰ ਜਦੋਂ ਸੇਂਟ ਪੀਟਰ ਦੇ ਦਿਨ ਉਹ ਆਪਣੇ ਦਾਤਰੇ ਨੂੰ ਏਨੀ ਤਾਕਤ ਨਾਲ ਅਤੇ ਤੇਜ਼ੀ ਨਾਲ ਚਲਾਉਂਦਾ ਤਾਂ ਲੱਗਦਾ ਜਿਵੇਂ ਉਹ ਆਪਣੀ ਊਰਜਾ ਦੇ ਨਾਲ ਬਰਚ ਦੇ ਰੁੱਖਾਂ ਦੇ ਪੂਰੇ ਝੁੰਡ ਨੂੰ ਜੜ੍ਹਾਂ ਤੋਂ ਉਖਾੜ ਕੇ ਢੇਰ ਲਾ ਦੇਵੇਗਾ ਜਾਂ ਜਦੋਂ ਖਲਵਾੜੇ ਵਿਚ ਦੋ ਗਜ਼ ਲੰਬੇ ਛੱਲੀਆਂ ਕੁੱਟਣ ਵਾਲੀ ਮੂੰਗਲੀ ਨੂੰ ਇੰਨੀ ਫੁਰਤੀ ਅਤੇ ਇਕਸਾਰਤਾ ਨਾਲ ਚਲਾਉਂਦਾ ਕਿ ਉਸ ਦੇ ਮਜ਼ਬੂਤ ਡੌਲਿਆਂ ਦੇ ਪੱਠੇ ਲੀਵਰ ਵਾਂਗ ਉੱਪਰ ਥੱਲੇ ਗਿੜਦੇ ਲੱਗਦੇ। ਉਸ ਦੀ ਸਦੀਵੀ ਚੁੱਪ ਵੀ ਉਸ ਦੀ ਨਿਰਲੇਪ ਮਜ਼ਦੂਰੀ ਨੂੰ ਗੰਭੀਰਤਾ ਪ੍ਰਦਾਨ ਕਰਦੀ ਸੀ।

ਉਹ ਇਕ ਸ਼ਾਨਦਾਰ ਕਾਮਾ ਸੀ ਜੇ ਉਹ ਗੂੰਗਾ ਬੋਲਾ ਨਾ ਹੁੰਦਾ ਤਾਂ ਕੋਈ ਵੀ ਕੁੜੀ ਉਸ ਨਾਲ ਵਿਆਹ ਕਰਾਉਣਾ ਆਪਣੀ ਖ਼ੁਸ਼ਕਿਸਮਤੀ ਸਮਝਦੀ... ਪਰ ਹੁਣ ਉਹ ਗਰਾਸੀਮ ਨੂੰ ਮਾਸਕੋ ਲੈ ਆਏ ਸਨ। ਉਸ ਨੂੰ ਬੂਟ ਖ਼ਰੀਦ ਦਿੱਤੇ ਅਤੇ ਗਰਮੀਆਂ ਲਈ ਇਕ ਫੁੱਲ ਸਕਰਟ ਵਾਲਾ ਕੋਟ ਬਣਵਾ ਦਿੱਤਾ। ਸਰਦੀਆਂ ਲਈ ਭੇਡ ਦੀ ਖੱਲ ਵਾਲੀ ਪੁਸ਼ਾਕ ਲੈ ਦਿੱਤੀ। ਉਸ ਦੇ ਹੱਥ ਵਿਚ ਇਕ ਡਾਂਗ ਨਾਲ ਬੰਨ੍ਹਿਆ ਝਾੜੂ ਤੇ ਇਕ ਬੇਲਚਾ ਫੜਾ ਦਿੱਤਾ। ਇਸ ਤਰ੍ਹਾਂ ਗਰਾਸੀਮ ਨੂੰ ਵੱਡੇ ਵਿਹੜੇ ਦੀ ਸਫ਼ਾਈ ਦਾ ਕੰਮ ਸੰਭਾਲ ਦਿੱਤਾ ਗਿਆ।

ਪਹਿਲਾਂ ਪਹਿਲ ਉਸ ਨੂੰ ਆਪਣੀ ਨਵੀਂ ਜ਼ਿੰਦਗੀ ਪਸੰਦ ਨਹੀਂ ਸੀ। ਉਹ ਬਚਪਨ ਤੋਂ ਹੀ ਪੇਂਡੂ ਜੀਵਨ ਦਾ ਅਤੇ ਖੇਤਾਂ ਵਿਚ ਮਿਹਨਤ ਕਰਨ ਦਾ ਆਦੀ ਸੀ। ਗੂੰਗਾ ਅਤੇ ਬੋਲਾ ਹੋਣ ਕਾਰਨ ਮਨੁੱਖਾਂ ਦੇ ਸਮਾਜ ਦੇ ਬੂਹੇ ਉਸ ਦੇ ਲਈ ਬੰਦ ਰਹਿਣ ਦੇ ਬਾਵਜੂਦ ਉਹ ਵੱਡਾ ਹੋ ਗਿਆ ਸੀ। ਗੂੰਗਾ ਅਤੇ ਸ਼ਕਤੀਸ਼ਾਲੀ, ਜਿਵੇਂ ਇਕ ਰੁੱਖ ਜਰਖੇਜ਼ ਮਿੱਟੀ ਵਿਚ ਉੱਗਦਾ ਅਤੇ ਵਧਦਾ ਜਾਂਦਾ ਹੈ ਜਦੋਂ ਉਸ ਨੂੰ ਸ਼ਹਿਰ ਲਿਜਾਇਆ ਗਿਆ ਤਾਂ ਉਹ ਸਮਝ ਨਹੀਂ ਸਕਿਆ ਕਿ ਉਸ ਨਾਲ ਕੀ ਬੀਤ ਰਹੀ ਸੀ। ਉਹ ਦੁਖੀ ਅਤੇ ਬੇਖ਼ਬਰ ਸੀ। ਅਜਿਹੇ ਤਕੜੇ ਵਹਿੜਕੇ ਦੀ ਬੇਖ਼ਬਰੀ ਜਿਸ ਨੂੰ ਖੁੱਲ੍ਹੀ ਚਰਾਂਦ ਤੋਂ ਜਿੱਥੇ ਉਹ ਹਰੀ-ਹਰੀ ਉਹਦੇ ਢਿੱਡ ਨੂੰ ਛੂੰਹਦੀ ਘਾਹ ਵਿਚ ਸੀਨਾ ਤਾਣ ਕੇ ਖੜ੍ਹਾ ਹੁੰਦਾ ਸੀ ਅਤੇ ਹੁਣ ਉਥੋਂ ਲਿਆ ਕੇ ਇਕ ਮਾਲ ਗੱਡੀ ਦੇ ਡੱਬੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ, ਉੱਥੇ ਧੂੰਆਂ ਹੀ ਧੂੰਆਂ ਤੇ ਧੂੰਏਂ ਵਿਚ ਚਿੰਗਾਰੀਆਂ ਅਤੇ ਗਰਮ ਭਾਫ਼ ਦੇ ਥਪੇੜਿਆਂ ਨੇ ਉਸ ਨੂੰ ਬੌਂਦਲਾ ਰੱਖਿਆ ਸੀ। ਗੱਡੀ ਉਸ ਨੂੰ ਉਡਾਈ ਜਾ ਰਹੀ ਸੀ। ਖੜਕਾਟ ਪਈ ਹੋਈ ਸੀ ਅਤੇ ਸੀਟੀਆਂ ਵੱਜ ਰਹੀਆਂ ਸਨ। ਰੱਬ ਹੀ ਜਾਣਦਾ ਸੀ, ਉਸ ਨੂੰ ਕਿਧਰ ਨੂੰ ਲਿਜਾਇਆ ਜਾ ਰਿਹਾ ਸੀ!

ਗਰਾਸੀਮ ਨੂੰ ਜੋ ਨਵਾਂ ਕੰਮ ਦਿੱਤਾ ਗਿਆ ਸੀ। ਖੇਤਾਂ ਦੀ ਸਖ਼ਤ ਹੱਡ-ਭੰਨ ਮਿਹਨਤ ਤੋਂ ਬਾਅਦ ਉਸ ਨੂੰ ਬਹੁਤ ਹੀ ਸੌਖਾ ਲੱਗਦਾ ਸੀ। ਅੱਧੇ ਘੰਟੇ ਵਿਚ ਉਹ ਆਪਣਾ ਸਾਰਾ ਕੰਮ ਮੁਕਾ ਲੈਂਦਾ ਅਤੇ

ਮੂਮੂ

15

ਫਿਰ ਵਿਹੜੇ ਦੇ ਵਿਚ ਖੜ੍ਹਾ ਰਹਿੰਦਾ। ਸੜਕ 'ਤੇ ਲੰਘਦੇ ਰਾਹੀਆਂ ਨੂੰ ਹੈਰਾਨੀ ਨਾਲ ਘੂਰਦਾ ਰਹਿੰਦਾ, ਜਿਵੇਂ ਕਿ ਉਹ ਇਸ ਤਰ੍ਹਾਂ ਆਪਣੀ ਪ੍ਰੇਸ਼ਾਨ ਕਰਨ ਵਾਲੀ ਸਥਿਤੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਾਂ ਉਹ ਅਚਾਨਕ ਕਿਸੇ ਕੋਨੇ ਵਿਚ ਚਲਾ ਜਾਂਦਾ ਅਤੇ ਝਾੜੂ ਤੇ ਬੇਲਚੇ ਨੂੰ ਦੂਰ ਵਗਾਹ ਮਾਰਦਾ। ਆਪ ਮੂੰਹ ਪਰਨੇ ਜ਼ਮੀਨ 'ਤੇ ਲੰਮਾ ਪੈ ਜਾਂਦਾ ਅਤੇ ਬਿਨਾਂ ਕਿਸੇ ਹਿੱਲ-ਜੁੱਲ ਦੇ ਘੰਟਿਆਂ ਤੀਕਰ ਕਿਸੇ ਪਿੰਜਰੇ ਵਿਚ ਬੰਦ ਦਰਿੰਦੇ ਦੀ ਤਰ੍ਹਾਂ ਪਿਆ ਰਹਿੰਦਾ।

ਆਦਮੀ ਹੌਲੀ-ਹੌਲੀ ਕਿਸੇ ਵੀ ਚੀਜ਼ ਦਾ ਆਦੀ ਹੋ ਜਾਂਦਾ ਹੈ। ਇਉਂ ਗਰਾਸੀਮ ਵੀ ਆਖ਼ੀਰ ਸ਼ਹਿਰ ਵਿਚ ਰਹਿਣ ਦਾ ਆਦੀ ਹੋ ਗਿਆ। ਉਸ ਕੋਲ ਕਰਨ ਲਈ ਬਹੁਤ ਘੱਟ ਕੰਮ ਸੀ। ਉਸ ਦੀ ਸਾਰੀ ਡਿਊਟੀ ਵਿਹੜੇ ਨੂੰ ਸਾਫ਼-ਸੁਥਰਾ ਰੱਖਣਾ, ਰੋਜ਼ਾਨਾ ਦੋ ਵਾਰ ਪਾਣੀ ਦਾ ਢੋਲ ਭਰਨਾ ਅਤੇ ਰਸੋਈ ਅਤੇ ਘਰ ਲਈ ਲੱਕੜਾਂ ਲਿਆਉਣਾ ਤੇ ਉਨ੍ਹਾਂ ਨੂੰ ਪਾੜਨਾ। ਇਸ ਦੇ ਨਾਲ ਹੀ ਅਜਨਬੀਆਂ ਨੂੰ ਬਾਹਰ ਰੱਖਣਾ ਅਤੇ ਰਾਤ ਨੂੰ ਘਰ ਦੀ ਚੌਂਕੀਦਾਰੀ ਕਰਨਾ ਸੀ। ਇਹ ਕਹਿਣਾ ਵਾਜਿਬ ਹੈ ਕਿ ਉਹ ਬੜੇ ਜੋਸ਼ ਨਾਲ ਆਪਣੀ ਡਿਊਟੀ ਕਰਦਾ ਸੀ। ਉਸ ਦੇ ਵਿਹੜੇ ਵਿਚ ਕਦੀ ਕੋਈ ਕੂੜੇ ਦਾ ਤਿਨਕਾ ਤਕ ਨਹੀਂ ਮਿਲਦਾ ਸੀ। ਕਦੇ ਵੀ ਧੂੜ ਦਾ ਕੋਈ ਕਣ ਨਹੀਂ ਸੀ ਦਿੱਸਦਾ। ਕਦੀ-ਕਦਾਈਂ ਗਾਰੇ ਚਿੱਕੜ ਵਾਲੀ ਰੁੱਤ ਵਿਚ ਜੇ ਕਦੇ ਪਾਣੀ ਲਿਆਉਣ ਲਈ ਉਸ ਨੂੰ ਦਿੱਤੀ ਰੇਹੜੀ ਦਾ ਮਰੀਅਲ ਜਿਹਾ ਟੱਟੂ ਚਿੱਕੜ ਵਿਚ ਫਸ ਕੇ ਖੜ੍ਹ ਜਾਂਦਾ ਸੀ ਤਾਂ ਉਹ ਆਪਣੇ ਮੋਢੇ ਦੀ ਟੇਕ ਨਾਲ ਧੱਕ ਕੇ ਰੇਹੜੀ ਕੱਢ ਲੈਂਦਾ ਸੀ।

ਜੇ ਉਹ ਲੱਕੜਾਂ ਪਾੜਨ ਲੱਗਦਾ ਤਾਂ ਉਸ ਦਾ ਕੁਹਾੜਾ ਸ਼ੀਸ਼ੇ ਵਾਂਗ ਟਨਾ-ਟਨ ਵੱਜਦਾ ਅਤੇ ਖਲਪਾੜਾਂ ਅਤੇ ਡੱਕਰੇ ਹਰ ਦਿਸ਼ਾ ਵਿਚ ਉੱਡਦੇ ਨਜ਼ਰੀਂ ਪੈਂਦੇ।

ਚੋਰ ਉਚੱਕਿਆਂ ਦਾ ਬਾਗਲ ਵਿਚ ਆਉਣ ਦਾ ਸਵਾਲ ਹੀ ਖ਼ਤਮ ਹੋ ਗਿਆ ਜਦੋਂ ਇਕ ਰਾਤ ਉਸ ਨੇ ਦੋ ਚੋਰਾਂ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਦੇ ਸਿਰ ਇੰਨੇ ਜ਼ੋਰ ਨਾਲ ਭਿੜਾ ਦਿੱਤੇ ਕਿ ਉਸ ਤੋਂ ਬਾਅਦ ਪੁਲਿਸ ਥਾਣੇ ਵਿਚ ਉਨ੍ਹਾਂ ਨੂੰ ਲੈ ਜਾਣ ਦੀ ਉੱਕਾ ਕੋਈ ਲੋੜ ਨਹੀਂ ਰਹਿ ਗਈ ਸੀ। ਇਸ ਦੇ ਬਾਅਦ ਆਂਢ-ਗੁਆਂਢ ਹਰ ਕਿਸੇ ਨੇ ਉਸ ਦਾ ਬਹੁਤ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਜਿਹੜੇ ਦਿਨ ਨੂੰ ਆ ਜਾਂਦੇ, ਚਾਹੇ ਲੁਟੇਰੇ ਵੀ ਨਹੀਂ ਹੁੰਦੇ ਸਨ ਪਰ ਸਿਰਫ਼ ਓਪਰੇ ਹੁੰਦੇ, ਉਹ ਭਿਆਨਕ ਚੌਂਕੀਦਾਰ ਨੂੰ ਦੇਖ ਕੇ ਬਦਹਵਾਸੀ ਵਿਚ ਹੱਥ ਹਿਲਾਉਣ ਲੱਗਦੇ ਅਤੇ ਸ਼ੋਰ ਮਚਾਉਂਦੇ ਜਿਵੇਂ ਉਹ ਉਨ੍ਹਾਂ ਨੂੰ ਸੁਣ ਸਕਦਾ ਹੋਵੇ।

ਘਰ ਦੇ ਸਾਰੇ ਨੌਕਰਾਂ ਨਾਲ ਗਰਾਸੀਮ ਦਾ ਭਾਵੇਂ ਚੰਗਾ ਮੇਲ ਜੋਲ ਸੀ ਪਰ ਦੋਸਤਾਨਾ ਨਹੀਂ ਕਿਹਾ ਜਾ ਸਕਦਾ- ਉਹ ਉਸ ਤੋਂ ਬਹੁਤ ਡਰਦੇ ਸਨ ਪਰ ਉਹ ਉਨ੍ਹਾਂ ਨੂੰ ਆਪਣੇ ਸਾਥੀ ਸਮਝਦਾ ਸੀ। ਉਹ ਉਸ ਨਾਲ ਇਸ਼ਾਰਿਆਂ ਦੇ ਰਾਹੀਂ ਗੱਲਬਾਤ ਕਰਦੇ ਅਤੇ ਉਹ ਉਨ੍ਹਾਂ ਨੂੰ ਸਮਝ ਲੈਂਦਾ। ਸਾਰੇ ਹੁਕਮ ਬਿਨਾਂ ਕਿਸੇ ਹੀਲ-ਹੁੱਜਤ ਦੇ ਵਜਾ ਦਿੰਦਾ ਪਰ ਇਸ ਦੇ ਨਾਲ ਹੀ ਉਹ ਆਪਣੇ ਅਖ਼ਤਿਆਰ ਅਤੇ ਅਧਿਕਾਰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਛੇਤੀ ਕੀਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਖਾਣੇ ਦੀ ਮੇਜ਼ ਉੱਤੇ ਉਸ ਦੀ ਥਾਂ 'ਤੇ ਆ ਬੈਠ ਜਾਵੇ।

ਗਰਾਸੀਮ ਇਕ ਸਖ਼ਤ ਅਤੇ ਗੰਭੀਰ ਸੁਭਾ ਦਾ ਆਦਮੀ ਸੀ। ਉਹ ਹਰ ਚੀਜ਼ ਵਿਚ ਸਲੀਕਾ ਪਸੰਦ ਕਰਦਾ ਸੀ। ਕੁੱਕੜ ਵੀ ਉਸ ਦੀ ਮੌਜੂਦਗੀ ਵਿਚ ਲੜਨ ਦੀ ਹਿੰਮਤ ਨਹੀਂ ਕਰਦੇ ਸਨ। ਉਨ੍ਹਾਂ ਨੂੰ ਡਰ ਲੱਗਦਾ ਸੀ ਕਿ ਅਗਰ ਉਸ ਨੇ ਉਨ੍ਹਾਂ ਨੂੰ ਲੜਦੇ ਵੇਖ ਲਿਆ ਤਾਂ ਉਹ ਉਨ੍ਹਾਂ ਨੂੰ ਲੱਤਾਂ ਤੋਂ ਕਾਬੂ ਕਰ ਲਵੇਗਾ ਤੇ ਪਹੀਏ ਦੀ ਤਰ੍ਹਾਂ ਹਵਾ ਵਿਚ ਦਸ ਵਾਰ ਘੁਮਾ ਕੇ ਉਨ੍ਹਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿਚ ਸੁੱਟ ਦੇਵੇਗਾ। ਵਿਹੜੇ ਵਿਚ ਹੰਸ ਵੀ ਰੱਖੇ ਹੋਏ ਸਨ ਪਰ ਹੰਸਾਂ ਬਾਰੇ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਇਕ ਸ਼ਾਨਦਾਰ ਅਤੇ ਸਮਝਦਾਰ ਪੰਛੀ ਹੈ। ਗਰਾਸੀਮ ਦੇ ਮਨ ਵਿਚ ਉਨ੍ਹਾਂ ਲਈ ਸਤਿਕਾਰ ਸੀ। ਉਹ ਉਨ੍ਹਾਂ ਦੀ ਬੜੇ ਪਿਆਰ ਨਾਲ ਦੇਖਭਾਲ ਕਰਦਾ ਅਤੇ ਉਨ੍ਹਾਂ ਨੂੰ ਦਾਣੇ ਪਾਉਂਦਾ। ਉਹ ਆਪ ਵੀ ਮਾਣਮੱਤੇ ਹੰਸ ਦੀ ਤਰ੍ਹਾਂ ਵਿਚਰਦਾ ਸੀ।

ਉਸ ਨੂੰ ਰਸੋਈ ਦੇ ਉੱਪਰ ਇਕ ਛੋਟਾ ਜਿਹਾ ਕੋਠੜਾ ਦਿੱਤਾ ਗਿਆ ਸੀ। ਉਸ ਨੇ ਇਸ ਵਿਚ ਆਪਣੀ ਪਸੰਦ ਅਨੁਸਾਰ ਢੰਗ ਸਿਰ ਸਾਮਾਨ ਟਿਕਾ ਲਿਆ ਸੀ। ਲੱਕੜ ਦੇ ਚਾਰ ਪਾਵਿਆਂ ਉੱਤੇ ਬਲੂਤ ਦੇ ਫੱਟੇ ਰੱਖ ਕੇ ਇੱਕ ਵੱਡਾ ਸਾਰਾ ਮੰਜਾ ਬਣਾ ਲਿਆ। ਮੰਜਾ ਕਾਹਦਾ ਸੱਚਮੁਚ ਕਿਸੇ ਦਿਓ ਦੇ ਲਿਟਣ ਦਾ ਸਮਾਨ ਸੀ। ਅਗਰ ਇਕ ਟਨ ਭਾਰ ਇਸ ਉੱਤੇ ਲੱਦ ਦਿੱਤਾ ਜਾਂਦਾ ਤਾਂ ਵੀ ਇਹ ਬੋਝ ਦੇ ਹੇਠਾਂ ਭੋਰਾ ਨਾ ਜਬ੍ਹਕਦਾ। ਮੰਜੇ ਦੇ ਹੇਠਾਂ ਇਕ ਨਿੱਗਰ ਪੇਟੀ ਰੱਖ ਦਿੱਤੀ ਸੀ। ਇਕ ਕੋਨੇ ਵਿਚ ਆਮ ਜਿਹੀ ਮਜ਼ਬੂਤ ​​ਕਿਸਮ ਦੀ ਇਕ ਛੋਟੀ ਮੇਜ਼ ਰੱਖੀ ਸੀ ਅਤੇ ਮੇਜ਼ ਦੇ ਨੇੜੇ ਤਿੰਨ ਟੰਗਾਂ ਵਾਲਾ ਇਕ ਸਟੂਲ ਟਿਕਾਇਆ ਹੋਇਆ ਸੀ। ਸਟੂਲ ਏਨਾ ਮਜਬੂਤ ਸੀ ਕਿ ਗਰਾਸੀਮ ਕਈ ਵਾਰ ਇਸ ਨੂੰ ਚੁੱਕ ਲੈਂਦਾ ਅਤੇ ਫਿਰ ਇਸ ਨੂੰ ਮੁਸਕਰਾ ਕੇ ਸੁੱਟ ਛੱਡਦਾ। ਕੋਠੜੇ ਨੂੰ ਹਮੇਸ਼ਾ ਇਕ ਵੱਡਾ ਸਾਰਾ ਜੰਦਰਾ ਲਾ ਕੇ ਬੰਦ ਕਰ ਦਿੰਦਾ ਸੀ ਅਤੇ ਉਸ ਜੰਦਰੇ ਦੀ ਕੁੰਜੀ ਗਰਾਸੀਮ ਹਮੇਸ਼ਾਂ ਆਪਣੀ ਪੇਟੀ ਵਿਚ ਟੰਗ ਰੱਖਦਾ ਸੀ। ਉਹ ਲੋਕਾਂ ਦਾ ਆਪਣੇ ਕੋਠੜੇ ਵਿਚ ਆਉਣਾ ਪਸੰਦ ਨਹੀਂ ਕਰਦਾ ਸੀ। ਇਸ ਤਰ੍ਹਾਂ ਇਕ ਸਾਲ ਬੀਤ ਗਿਆ ਜਿਸ ਦੇ ਅੰਤ ਵਿਚ ਗਰਾਸੀਮ ਨਾਲ ਇਕ ਛੋਟੀ ਜਿਹੀ ਘਟਨਾ ਵਾਪਰੀ।

ਬੁੱਢੀ ਔਰਤ, ਜਿਸ ਦੀ ਹਵੇਲੀ ਵਿਚ ਉਹ ਨੌਕਰ ਦੇ ਤੌਰ 'ਤੇ ਰਹਿੰਦਾ ਸੀ। ਹਰ ਚੀਜ਼ ਵਿਚ ਪ੍ਰਾਚੀਨ ਦਸ੍ਤੂਰ ਦਾ ਪਾਲਣ ਕਰਨ ਵਾਲੀ ਇਕ ਖ਼ਬਤੀ ਔਰਤ ਸੀ ਅਤੇ ਉਸ ਨੇ ਬਹੁਤ ਸਾਰੇ ਨੌਕਰ ਨੌਕਰਾਣੀਆਂ ਰੱਖੇ ਹੋਏ ਸਨ। ਉਸ ਦੇ ਘਰ ਵਿਚ ਨਾ ਸਿਰਫ਼ ਧੋਬਣਾਂ, ਛੀਂਬਣਾਂ, ਤਰਖਾਣ, ਦਰਜੀ ਅਤੇ ਡਿਜ਼ਾਇਨਰ ਹੀ ਸਨ, ਸਗੋਂ ਇਕ ਕਾਠੀਆਂ ਬਣਾਉਣ ਵਾਲਾ ਵੀ ਸੀ। ਉਹ ਸਲੋਤਰੀ (ਵੈਟਰਨਰੀ ਸਰਜਨ) ਦੇ ਤੌਰ 'ਤੇ ਵੀ ਕੰਮ ਕਰਦਾ ਸੀ ਤੇ ਕਾਮਿਆਂ ਦਾ ਡਾਕਟਰ ਵੀ ਉਹੀ ਸੀ। ਮਾਲਕਣ ਲਈ ਇਕ ਅਲਹਿਦਾ ਘਰੇਲੂ ਡਾਕਟਰ ਸੀ। ਇੱਥੇ ਹੀ ਬੱਸ ਨਹੀਂ, ਇਕ ਮੋਚੀ ਵੀ ਸੀ ਤੇ ਕਾਪੀਤੋਨ ਕਲੀਮੋਵ ਨਾਂ ਦਾ ਇਕ ਉਦਾਸ ਸ਼ਰਾਬੀ ਸੀ। ਕਲੀਮੋਵ ਆਪਣੇ ਆਪ ਨੂੰ ਇਕ ਜ਼ਖ਼ਮੀ ਪ੍ਰਾਣੀ ਸਮਝਦਾ ਸੀ ਜਿਸ ਦੇ ਗੁਣਾਂ ਦੀ ਬੇਕਦਰੀ ਕੀਤੀ ਗਈ ਸੀ। ਪੀਟਰਸਬਰਗ ਦਾ ਇਕ ਸੁਲਝਿਆ ਹੋਇਆ ਇਨਸਾਨ ਜਿਸ ਨੂੰ ਮਾਸਕੋ ਵਿਚ ਬਿਨਾਂ ਕੰਮ ਇਨ੍ਹਾਂ ਜੰਗਲੀ ਲੋਕਾਂ ਵਿਚ ਨਹੀਂ ਹੋਣਾ ਚਾਹੀਦਾ ਸੀ। ਅਗਰ ਉਹ ਪੀਂਦਾ ਸੀ, ਉਹ ਖ਼ੁਦ ਆਪ ਛਾਤੀ ਫੁਲਾ ਕੇ ਇਸ ਇੱਲਤ ਦਾ ਢੰਡੋਰਾ ਪਿੱਟਦਾ ਸੀ ਤੇ ਕਹਿੰਦਾ ਸੀ, ਗ਼ਮ ਨੇ ਉਸ ਨੂੰ ਪੀਣ ਦੀ ਆਦਤ ਪਾਈ ਸੀ।

ਇਸ ਲਈ ਇਕ ਦਿਨ ਉਸ ਦੀ ਮਾਲਕਣ ਨੇ ਆਪਣੇ ਮੁੱਖ ਪ੍ਰਬੰਧਕ ਗਾਵਰੀਲਾ ਨਾਲ ਉਸ ਬਾਰੇ ਗੱਲਬਾਤ ਕੀਤੀ। ਗਾਵਰੀਲਾ ਦੀਆਂ ਛੋਟੀਆਂ ਪੀਲੀਆਂ ਅੱਖਾਂ ਸਨ ਅਤੇ ਹੰਸ ਦੀ ਚੁੰਝ ਵਰਗੀ ਨੱਕ। ਉਸ ਦੇ ਨੈਣ ਨਕਸ਼ਾਂ ਤੋਂ ਇਹ ਲਗਦਾ ਸੀ ਕਿ ਕੁਦਰਤ ਨੇ ਉਸ ਨੂੰ ਕਿਸੇ ਹਾਕਮਾਨਾ ਅਹੁਦੇ ਲਈ ਬਣਾਇਆ ਸੀ। ਉਸ ਔਰਤ ਨੇ ਕਾਪੀਤੋਨ ਦੀ ਸ਼ਰਾਬ ਦੀ ਆਦਤ ਅਤੇ ਬਦਚਲਨੀ ਦੇ ਦੁਖਾਂਤ ਬਾਰੇ ਅਫ਼ਸੋਸ ਪ੍ਰਗਟ ਕੀਤਾ ਅਤੇ ਇਕ ਦਿਨ ਪਹਿਲਾਂ ਹੀ ਸ਼ਾਮ ਨੂੰ ਸ਼ਰਾਬ ਵਿੱਚ ਧੁੱਤ ਨੂੰ ਸੜਕ ਦੇ ਕੰਢੇ ਨਾਲੀ ਵਿਚੋਂ ਚੁੱਕ ਕੇ ਲਿਆਉਣਾ ਪਿਆ ਸੀ। "ਗਾਵਰੀਲਾ," ਉਸ ਨੇ ਅਚਾਨਕ ਕਿਹਾ, "ਜੇ ਅਸੀਂ ਇਸ ਦਾ ਵਿਆਹ ਕਰ ਦੇਈਏ, ਤਾਂ ਤੇਰਾ ਕੀ ਖ਼ਿਆਲ ਹੈ? ਸ਼ਾਇਦ ਇਹ ਸੰਭਲ ਹੀ ਜਾਏ!" "ਜੀ ਹਾਂ ਸਰਕਾਰ, ਤੁਸੀਂ ਜ਼ਰੂਰ ਇਸ ਦੀ ਸ਼ਾਦੀ ਕਰਵਾ ਦਿਓ, ਗਾਵਰੀਲਾ ਨੇ ਜਵਾਬ ਦਿੱਤਾ। ਇਹ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ!”

"ਹਾਂ, ਪਰ ਉਸ ਨਾਲ ਵਿਆਹ ਕੌਣ ਕਰਵਾਏਗੀ?" ਮਾਲਕਣ ਨੇ ਪੁੱਛਿਆ।

"ਹਾਂ, ਮਾਲਕਣ। ਇਹ ਤਾਂ ਹੈ ਪਰ ਜੇ ਤੁਸੀਂ ਇਸ ਤਰਾਂ ਖੁਸ਼ ਹੋ... ਫਿਰ ਵੀ, ਅਗਰ ਤੁਸੀਂ ਚਾਹੁੰਦੇ ਹੋ.... ਕਿਸੇ ਵੀ ਵਜ੍ਹਾ ਕਰਕੇ ਅੱਛਾ ਇਨਸਾਨ ਬਣ ਸਕਦਾ ਹੈ। ਦਰਜ਼ਨ ਵਿਚੋਂ ਇਕ ਦੇ ਯੋਗ ਤਾਂ ਹੋਵੇਗਾ ਹੀ।"

"ਮੈਨੂੰ ਇਹ ਪੱਕਾ ਲੱਗਦੈ ਕਿ ਉਹ ਤਾਤਿਆਨਾ ਨੂੰ ਪਸੰਦ ਕਰਦੈ," ਔਰਤ ਨੇ ਕਿਹਾ।

ਗਵਰੀਲਾ ਕੁਝ ਕਹਿਣ ਵਾਲਾ ਸੀ ਪਰ ਉਸ ਨੇ ਆਪਣੇ ਬੁੱਲ੍ਹ ਮੀਚ ਲਏ ਅਤੇ ਕਿਹਾ ਕੁਝ ਨਾ।

"ਹਾਂ", ਔਰਤ ਨੇ ਨਸਵਾਰ ਦੀ ਚੁਟਕੀ ਦਾ ਸੁਆਦ ਲੈਂਦੇ ਹੋਏ ਕਿਹਾ, "ਹਾਂ ਤਾਤੀਆਨਾ ਨੂੰ ਉਹਦੇ ਲਈ ਮਨਾਇਆ ਜਾਵੇ। ਤੂੰ ਸੁਣਦਾ ਹੈਂ?"

"ਹਾਂ, ਮਾਲਕਣ", ਗਾਵਰੀਲਾ ਨੇ ਕਿਹਾ ਅਤੇ ਉਥੋਂ ਚਲਾ ਗਿਆ, ਔਰਤ ਨੇ ਵੀ ਉਹਨੂੰ ਉਥੋਂ ਜਾਣ ਦੀ ਆਗਿਆ ਦੇ ਅੰਦਾਜ਼ ਵਿਚ ਆਪਣਾ ਹੱਥ ਹਿਲਾਇਆ।

ਆਪਣੇ ਮਕਾਨ ਵਿਚ ਵਾਪਸ ਪਰਤਣ 'ਤੇ ਜਿਹੜਾ ਕਿ ਇਮਾਰਤ ਦੇ ਪਿਛਵਾੜੇ ਇਕ ਕਮਰੇ ਦਾ ਸੀ ਅਤੇ ਲੋਹੇ ਦੀਆਂ ਤਾਰਾਂ ਨਾਲ ਬੰਨ੍ਹੇ ਬਕਸਿਆਂ ਨਾਲ ਭਰਿਆ ਪਿਆ ਸੀ। ਗਵਰੀਲਾ ਨੇ ਆਪਣੀ ਪਤਨੀ ਨੂੰ ਬਾਹਰ ਜਾਣ ਲਈ ਕਿਹਾ ਅਤੇ ਫਿਰ ਖਿੜਕੀ ਕੋਲ ਸੋਚਵਾਨ ਲਹਿਜ਼ੇ ਵਿਚ ਬੈਠ ਗਿਆ। ਉਸ ਦੀ ਮਾਲਕਣ ਦੇ ਅਚਾਨਕ ਹੁਕਮ ਨੇ ਉਸ ਨੂੰ ਮੁਸ਼ਕਿਲ ਵਿਚ ਪਾ ਦਿੱਤਾ ਸੀ। ਆਖ਼ਿਰਕਾਰ ਉਹ ਉੱਠਿਆ ਅਤੇ ਮੋਚੀ ਨੂੰ ਬੁਲਾਉਣ ਦਾ ਹੁਕਮ ਦਿੱਤਾ। ਜਲਦੀ ਹੀ ਕਪਿਤੋਨ ਕਲਿਮੋਫ਼ ਉਸ ਅੱਗੇ ਆ ਹਾਜ਼ਰ ਹੋਇਆ।

ਗਾਵਰੀਲਾ ਦੇ ਕਮਰੇ ਵਿਚ ਕੀ ਹੋਇਆ ਇਹ ਦੱਸਣਾ ਜਾਰੀ ਰੱਖਣ ਤੋਂ ਪਹਿਲਾਂ ਅਸੀਂ ਤਾਤਿਆਨਾ ਬਾਰੇ ਦੋ ਸ਼ਬਦ ਦੱਸਣੇ ਜਰੂਰੀ ਸਮਝਦੇ ਹਾਂ ਜਿਸ ਨਾਲ ਕਿ ਕਪੀਤੋਨ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਇਹ ਵੀ ਕਿ ਉਸ ਔਰਤ ਦੇ ਹੁਕਮ ਨੇ ਗਵਰੀਲਾ ਨੂੰ ਏਨਾ ਪ੍ਰੇਸ਼ਾਨ ਕਿਉਂ ਕੀਤਾ ਸੀ?

ਤਾਤਿਆਨਾ ਮਾਲਕਣ ਦੇ ਧੋਬੀਖ਼ਾਨੇ ਵਿਚ ਕੰਮ ਕਰਦੀ ਸੀ ਕਿਉਂਕਿ ਉਹ ਆਪਣੇ ਕੰਮ ਵਿਚ ਕਾਫੀ ਸੁਲਝੀ ਹੋਈ ਸੀ। ਇਸ ਕਰਕੇ ਉਸ ਨੂੰ ਸਭ ਤੋਂ ਵਧੀਆ ਲੀਨੇਨ ਦਾ ਧਿਆਨ ਰੱਖਣ ਦਾ ਕੰਮ ਦਿੱਤਾ ਗਿਆ ਸੀ। ਉਹ ਅਠਾਈਆਂ ਕੁ ਵਰਿਆਂ ਦੀ ਮਧਰੀ ਅਤੇ ਬਹੁਤ ਹੀ ਪਤਲੀ ਔਰਤ ਸੀ। ਸੋਹਣੇ ਰੰਗ ਰੂਪ ਵਾਲੀ ਜਿਸ ਦੀ ਖੱਬੀ ਗੱਲ੍ਹ 'ਤੇ ਤਿਲ ਸੀ। ਖੱਬੀ ਗੱਲ੍ਹ 'ਤੇ ਐਸੇ ਤਿਲ ਨੂੰ ਰੂਸ ਵਿਚ ਬਦਸ਼ਗਨੀ ਮੰਨਿਆ ਜਾਂਦਾ ਹੈ। ਇਹ ਮੰਦਭਾਗੇ ਜੀਵਨ ਦਾ ਭਵਿੱਖਤ ਸੰਕੇਤ ਦਿੰਦੀ ਹੈ। ਅਸਲ ਵਿਚ ਤਾਤਿਆਨਾ ਚੰਗੀ ਕਿਸਮਤ ਦੀ ਸ਼ੇਖੀ ਨਹੀਂ ਮਾਰ ਸਕਦੀ ਸੀ। ਬਚਪਨ ਤੋਂ ਹੀ ਉਹ ਦੂਸਰਿਆਂ ਦੇ ਅਧੀਨ ਰਹੀ ਸੀ। ਉਸ ਨੇ ਦੋ ਜਣਿਆ ਲਈ ਕੰਮ ਕੀਤਾ ਅਤੇ ਉਨ੍ਹਾਂ ਨੇ ਉਸ ਪ੍ਰਤੀ ਕਦੇ ਕੋਈ ਦਿਆਲਤਾ ਨਹੀਂ ਦਿਖਾਈ। ਉਸ ਦੇ ਕੱਪੜੇ ਖਸਤਾ ਹਾਲਤ ਵਾਲੇ ਹੁੰਦੇ ਅਤੇ ਤਨਖ਼ਾਹ ਵੀ ਬੜੀ ਘੱਟ ਹੁੰਦੀ ਸੀ ਤੇ ਰਿਸ਼ਤੇਦਾਰ? ਹੁਣ ਤਾਂ ਨਾਂ ਲੈਣ ਲਈ ਵੀ ਕੋਈ ਨਹੀਂ ਸੀ। ਉਸ ਦੇ ਚਾਚਿਆਂ ਵਿਚੋਂ ਇਕ ਮਾਲਕਾਂ ਦੀ ਹਵੇਲੀ ਵਿਚ ਬਟਲਰ ਦੀ ਪਦਵੀ 'ਤੇ ਰਹਿ ਚੁੱਕਿਆ ਸੀ ਪਰੰਤੂ ਉਸ ਨੂੰ ਵਾਪਿਸ ਪਿੰਡ ਭੇਜ ਦਿੱਤਾ ਗਿਆ ਕਿਉਂਕਿ ਉਹ ਇਸ ਕੰਮ ਲਈ ਯੋਗ ਨਹੀਂ ਸੀ। ਉਸ ਦੇ ਹੋਰ ਚਾਚੇ ਕਦੇ ਆਪਣੇ ਖ਼ਾਨਦਾਨੀ ਮਾਲਕਾਂ ਦੇ ਨੇੜੇ-ਤੇੜੇ ਵੀ ਨਹੀਂ ਰਹੇ। ਕੋਈ ਐਸਾ ਵੀ ਸਮਾਂ ਸੀ ਜਦੋਂ ਤਾਤਿਆਨਾ ਨੂੰ ਇਕ ਖ਼ੂਬਸੂਰਤ ਔਰਤ ਮੰਨਿਆ ਜਾਂਦਾ ਸੀ ਲੇਕਿਨ ਕਿਸੇ ਤਰ੍ਹਾਂ ਉਸ ਦੀ ਸੁੰਦਰਤਾ ਗੁਆਚ ਗਈ ਸੀ। ਉਹ ਬਹੁਤ ਹੀ ਸ਼ਾਂਤ ਤੇ ਬੜੇ ਸ਼ਰਮੀਲੇ ਸੁਭਾਅ ਦੀ ਸੀ। ਆਪਣੇ ਪ੍ਰਤੀ ਬਹੁਤ ਉਦਾਸੀਨ ਅਤੇ ਦੂਜਿਆਂ ਤੋਂ ਬਹੁਤ ਹੀ ਡਰੀ ਹੋਈ। ਉਸ ਦਾ ਧਿਆਨ ਸਿਰਫ਼ ਇਕੋ ਗੱਲ ਵੱਲ ਸੀ ਕਿ ਸਮੇਂ ਸਿਰ ਕੰਮ ਪੂਰਾ ਹੋ ਜਾਵੇ। ਉਹ ਕਦੇ ਵੀ ਬਹੁਤਾ ਨਹੀਂ ਬੋਲੀ ਅਤੇ ਅਪਣੀ ਮਾਲਕਣ ਦੇ ਸਿਰਫ਼ ਜ਼ਿਕਰ 'ਤੇ ਹੀ ਕੰਬ ਉੱਠਦੀ, ਹਾਲਾਂਕਿ ਉਸ ਦੀ ਮਾਲਕਣ ਨੇ ਉਸ ਨੂੰ ਕਦੇ ਇਕ ਸ਼ਬਦ ਵੀ ਨਹੀਂ ਕਿਹਾ।

ਜਦੋਂ ਗਰਾਸੀਮ ਨੂੰ ਪਿੰਡ ਤੋਂ ਲਿਆਂਦਾ ਗਿਆ ਸੀ ਤਾਂ ਤਾਤਿਆਨਾ ਤਾਂ ਉਸ ਦਾ ਵੱਡਾ ਜੁੱਸਾ ਦੇਖ ਕੇ ਡਰ ਦੇ ਮਾਰੇ ਲਗਪਗ ਬੇਹੋਸ਼ ਹੋ ਚੱਲੀ ਸੀ। ਉਹ ਹਮੇਸ਼ਾਂ ਉਸ ਤੋਂ ਪਾਸੇ ਰਹਿਣ ਦੀ ਕੋਸ਼ਿਸ਼ ਕਰਦੀ ਅਤੇ ਜਦੋਂ ਉਸ ਨੂੰ ਵਿਹੜੇ ਵਿਚੋੋਂ ਉਸ ਕੋਲੋਂ ਲੰਘਣਾ ਪੈਂਦਾ ਤਾਂ ਉਹ ਆਪਣੀਆਂ ਅੱਧੀਆਂ ਅੱਖਾਂ ਬੰਦ ਕਰ ਲੈਂਦੀ ਅਤੇ ਤੇਜ਼ੀ ਨਾਲ ਉਸ ਕੋਲੋਂ ਲੰਘ ਜਾਂਦੀ। ਪਹਿਲਾਂ ਤਾਂ ਗਰਾਸੀਮ ਨੇ ਵੀ ਉਸ ਵੱਲ ਧਿਆਨ ਨਾ ਦਿੱਤਾ ਪਰ ਫੇਰ ਜਦੋਂ ਉਹ ਤਾਤਿਆਨਾ ਨੂੰ ਮਿਲਿਆ ਤਾਂ ਮੁਸਕੁਰਾਇਆ। ਬਾਅਦ ਵਿਚ ਉਹ ਨਜ਼ਰਾਂ ਨਾਲ ਉਸ ਦਾ ਪਿੱਛਾ ਕਰਨ ਲੱਗ ਪਿਆ ਤੇ ਅਖ਼ੀਰ ਗੱਲ ਏਨੀ ਵਧ ਗਈ ਕਿ ਉਹ ਉਸ ਤੋਂ ਨਜ਼ਰਾਂ ਹਟਾਉਂਦਾ ਹੀ ਨਹੀਂ ਸੀ। ਉਹ ਉਸ ਨੂੰ ਪਸੰਦ ਕਰਨ ਲੱਗ ਪਿਆ ਸੀ। ਇਹ ਉਸ ਦੇ ਸ਼ਾਂਤ ਚਿਹਰੇ-ਮੁਹਰੇ ਕਰਕੇ ਸੀ ਜਾਂ ਉਸ ਦੇ ਸ਼ਰਮੀਲੇ ਅਤੇ ਡਰਾਕਲ ਵਿਵਹਾਰ ਲਈ ਕੌਣ ਦੱਸ ਸਕਦਾ ਹੈ?

ਇਕ ਵਾਰ ਤਾਤਿਆਨਾ ਆਪਣੀ ਮਾਲਕਣ ਦੇ ਤਾਜ਼ਾ ਦਿੱਤੇ ਮਾਵੇ ਵਾਲੇ ਬਲਾਊਜ ਨੂੰ ਸਾਵਧਾਨੀ ਨਾਲ ਆਪਣੀਆਂ ਉਂਗਲੀਆਂ ਦੇ ਪੋਟਿਆਂ 'ਤੇ ਚੁੱਕੀ ਆਪਣੀ ਬਾਂਹ ਉੱਪਰ ਉਠਾਈਂ ਵਿਹੜੇ ਵਿਚੋਂ ਦੀ ਲੰਘੀ। ਉਸ ਨੇ ਅਚਾਨਕ ਮਹਿਸੂਸ ਕੀਤਾ ਕਿ ਕਿਸੇ ਨੇ ਉਸ ਦੀ ਦੂਜੀ ਬਾਂਹ ਨੂੰ ਕੱਸ ਕੇ ਫੜ੍ਹ ਲਿਆ। ਉਸ ਨੇ ਮੁੜ ਕੇ ਦੇਖਿਆ, ਉਸ ਦੇ ਪਿੱਛੇ ਗਾਰਸੀਮ ਖੜ੍ਹਾ ਸੀ। ਉਹ ਡਰ ਨਾਲ ਲਗਪਗ ਗੁੰਮ ਹੀ ਹੋ ਚੱਲੀ ਸੀ। ਭੀਂ-ਭੀਂ ਜਿਹੀ ਆਵਾਜ਼ ਨਾਲ ਹੱਸਦੇ ਹੋਏ ਉਸ ਨੇ ਤਾਤੀਆਨਾ ਨੂੰ ਹਨੀ ਕੇਕ ਪੇਸ਼ ਕੀਤਾ ਜਿਸ ਦੀ ਸ਼ਕਲ ਸੁਨਹਿਰੀ ਕਲਗੀ ਵਾਲੇ ਕੁੱਕੜ ਵਰਗੀ ਸੀ। ਉਹ ਇਸ ਨੂੰ ਲੈਣਾ ਨਹੀਂ ਚਾਹੁੰਦੀ ਸੀ ਪਰ ਉਸ ਨੇ ਇਹ ਉਸ ਦੇ ਹੱਥ ਵਿਚ ਮੱਲੋ-ਮੱਲੀ ਥਮਾ ਦਿੱਤਾ ਅਤੇ ਤੁਰ ਗਿਆ। ਕਈ ਵਾਰ ਮੁੜ-ਮੁੜ ਕੇ ਦੇਖਦਾ ਰਿਹਾ ਅਤੇ ਆਪਣੀ ਅਜੀਬ ਆਵਾਜ਼ ਕੱਢਦਾ ਰਿਹਾ ਜੋ ਸ਼ਾਇਦ ਕੁਝ ਬਹੁਤ ਹੀ ਪਿਆਰ ਭਰੇ ਸ਼ੁਕਰਾਨੇ ਦਾ ਪ੍ਰਗਟਾਵਾ ਸੀ।

ਉਸ ਸਮੇਂ ਤੋਂ ਵਿਚਾਰੀ ਤਾਤਿਆਨਾ ਦਾ ਉਸ ਤੋਂ ਖਹਿੜਾ ਨਹੀਂ ਸੀ ਛੁੱਟ ਰਿਹਾ। ਉਹ ਜਿੱਥੇ ਵੀ ਜਾਂਦੀ, ਉਹ ਉਸ ਦੇ ਕੋਲ ਹੁੰਦਾ। ਉਹ ਅਕਸਰ ਉਸ ਨੂੰ ਰਸਤੇ ਵਿੱਚ ਮਿਲਦਾ, ਮੁਸਕਰਾਉਂਦਾ ਅਤੇ ਪਿਆਰ ਜਤਾਉਂਦਾ। ਉਹ ਆਪਣੀ ਫਤੂਹੀ ਵਿੱਚੋਂ ਫੀਤੇ ਦੀ ਇਕ ਲੜੀ ਖਿੱਚ ਲੈਂਦਾ ਅਤੇ ਇਸ ਨੂੰ ਮੱਲੋ-ਮੱਲੀ ਉਸ ਦੇ ਹੱਥ ਫੜ੍ਹਾ ਦਿੰਦਾ ਸੀ। ਕਦੀ-ਕਦੀ ਉਹ ਅੱਗੇ-ਅੱਗੇ ਝਾੜੂ ਨਾਲ ਰਾਹ ਸੰਵਰਦਾ ਜਾਂਦਾ। ਵਿਚਾਰੀ ਤਾਤੀਆਨਾ ਨੂੰ ਪਤਾ ਨਹੀਂ ਲੱਗਦਾ ਸੀ ਕਿ ੳੇਹ ਉਸ ਨਾਲ ਕੀ ਅਤੇ ਕਿਸ ਤਰ੍ਹਾਂ ਦਾ ਵਿਵਹਾਰ ਕਰੇ। ਬਹੁਤ ਹੀ ਛੇਤੀ ਘਰ ਦੇ ਸਾਰੇ ਲੋਕਾਂ ਨੂੰ ਗੂੰਗੇ-ਬਹਿਰੇ ਨੌਕਰ ਦੀਆਂ ਚਾਲਾਂ ਬਾਰੇ ਕੁੜੀ ਵੱਲ ਮੁਸਕਰਾਹਟਾਂ, ਇਸ਼ਾਰਿਆਂ ਅਤੇ ਸ਼ਰਾਰਤੀ ਮਜ਼ਾਕਾਂ ਬਾਰੇ ਪਤਾ ਚੱਲ ਗਿਆ ਸੀ ਪਰ ਕੋਈ ਵੀ ਗਾਰਸੀਮ ਨੂੰ ਕੁਛ ਕਹਿਣ ਦੀ ਹਿੰਮਤ ਨਹੀਂ ਕਰਦਾ ਸੀ। ਉਸ ਨੂੰ ਮਜ਼ਾਕ ਪਸੰਦ ਨਹੀਂ ਸੀ। ਉਸ ਦੀ ਹਾਜ਼ਰੀ ਵਿਚ ਕੋਈ ਉਹ ਤਾਤਿਆਨਾ ਨੂੰ ਟਿੱਚਰ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ।

ਇਸ ਤਰ੍ਹਾਂ ਚਾਹੇ ਉਸ ਨੂੰ ਪਸੰਦ ਸੀ ਜਾਂ ਨਾ ਕੁੜੀ ਆਪਣੇ ਆਪ ਨੂੰ ਉਸ ਦੀ ਰਾਖੀ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਸੀ। ਸਾਰੇ ਬਹਿਰੇ ਲੋਕਾਂ ਦੀ ਤਰ੍ਹਾਂ ਗਰਾਸੀਮ ਵੀ ਬੜਾ ਚਲਾਕ ਸੀ ਅਤੇ ਜਦੋਂ ਉਸ ਦਾ ਜਾਂ ਉਸ ਦੀ ਪ੍ਰੇਮਿਕਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੁੰਦਾ ਤਾਂ ਉਸ ਨੂੰ ਝੱਟ ਸਮਝ ਪੈ ਜਾਂਦੀ ਸੀ। ਇਕ ਵਾਰ ਰਾਤ ਦੇ ਖਾਣੇ ਦੀ ਮੇਜ਼ 'ਤੇ ਨੌਕਰਾਣੀਆਂ ਦੀ ਮੁਖੀਆ ਨੇ ਤਾਤਿਆਨਾ ਦੇ ਖਿਲਾਫ਼ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਉਹ ਏਨੀ ਦੁਖੀ ਹੋ ਗਈ ਕਿ ਲਗਪਗ ਰੋ ਹੀ ਪਈ। ਗਰਾਸੀਮ ਨੇ ਇਹ ਦੇਖਿਆ ਉਹ ਅਚਾਨਕ ਆਪਣੀ ਸੀਟ ਤੋਂ ਉੱਠਿਆ। ਮੇਜ਼ ਉੱਤੇ ਆਪਣੀ ਮਜਬੂਤ ਬਾਂਹ ਪਸਾਰੀ ਅਤੇ ਆਪਣਾ ਹੱਥ ਮੁਖੀਆ ਦੇ ਸਿਰ 'ਤੇ ਰੱਖ ਕੇ ਦਬਾਇਆ ਤੇ ਉਸ ਵੱਲ ਇਸ ਤਰ੍ਹਾਂ ਗੁੱਸੇ ਨਾਲ ਝਾਕਿਆ ਕਿ ਉਸ ਦੇ ਹੋਸ਼ ਉੱਡ ਗਏ। ਮੇਜ਼ 'ਤੇ ਖਾਣਾ ਖਾਂਦੇ ਸਾਰੇ ਲੋਕ ਡਰ ਗਏ ਸਨ।

"ਓ, ਸ਼ੈਤਾਨ! ਜੰਗਲੀ ਦੁਸ਼ਟ ਸ਼ੈਤਾਨ!" ਕਹਿੰਦੀ ਹੋਈ ਮੁਖੀਆ ਬਾਹਰ ਭੱਜ ਗਈ ਪਰ ਉਹ ਆਰਾਮ ਨਾਲ ਆਪਣੀ ਸੀਟ 'ਤੇ ਬੈਠ ਗਿਆ ਅਤੇ ਮੁੜ ਖਾਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਕੁਝ ਹੋਇਆ ਹੀ ਨਾ ਹੋਵੇ।

ਇਕ ਹੋਰ ਮੌਕੇ 'ਤੇ ਉਸ ਨੇ ਦੇਖਿਆ ਕਿ ਸੱਜਿਆ-ਧੱਜਿਆ ਕਪੀਤੋਨ, ਉਹੀ ਬੰਦਾ ਜਿਸ ਨਾਲ ਹੁਣ ਤਾਤਿਆਨਾ ਨੂੰ ਵਿਆਹੁਣਾ ਸੀ, ਕੁੜੀ ਨਾਲ ਗੱਲਾਂ ਕਰ ਰਿਹਾ ਸੀ ਤਾਂ ਉਸ ਨੇ ਆਪਣੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਬੁਲਾਇਆ। ਉਸ ਨੂੰ ਬਾਂਹ ਤੋਂ ਫੜ ਲਿਆ ਅਤੇ ਗੁਦਾਮ ਵਿਚ ਲੈ ਗਿਆ। ਇਕ ਹੱਥ ਨਾਲ ਉਸ ਨੂੰ ਫੜੀ ਰੱਖਿਆ ਅਤੇ ਦੂਜੇ ਨਾਲ ਇਕ ਡਾਂਗ ਚੁੱਕ ਲਈ ਤੇ ਮੋਚੀ ਦੇ ਮੂੰਹ ਅੱਗੇ ਹੌਲੀ-ਹੌਲੀ ਹਿਲਾਈ ਅਤੇ ਫਿਰ ਉਸ ਨੂੰ ਜਾਣ ਦਿੱਤਾ। ਉਸ ਸਮੇਂ ਤੋਂ ਬਾਅਦ ਕਿਸੇ ਨੇ ਵੀ ਤਾਤਿਆਨਾ ਨੂੰ ਪ੍ਰੇਸ਼ਾਨ ਕਰਨ ਦੀ ਹਿੰਮਤ ਨਹੀਂ ਕੀਤੀ ਅਤੇ ਗਰਾਸੀਮ ਨੂੰ ਆਪਣੀ ਕੁਰੱਖਤ ਕਾਰਵਾਈ 'ਤੇ ਕੋਈ ਪਛਤਾਵਾ ਨਹੀਂ ਸੀ। ਇਹ ਸੱਚ ਹੈ, ਖਾਣੇ ਦੇ ਮੇਜ਼ ਤੋਂ ਭੱਜ ਜਾਣ ਤੋਂ ਬਾਅਦ ਜਮਾਂਦਾਰਨੀ ਨੌਕਰਾਣੀਆਂ ਦੇ ਕਮਰੇ ਵਿੱਚ ਜਾ ਕੇ ਬੇਹੋਸ਼ ਹੋ ਗਈ ਸੀ ਅਤੇ ਉਸ ਨੇ ਇੰਨੀ ਕਲਾਕਾਰੀ ਨਾਲ ਇਸ ਗੱਲ ਨੂੰ ਅੱਗੇ ਸੁਣਾਇਆ ਕਿ ਗਰਾਸੀਮ ਦੀ ਕੀਤੀ ਹਰਕਤ ਦੀ ਖ਼ਬਰ ਉਸੇ ਦਿਨ ਹੀ ਮਾਲਕਣ ਦੇ ਕੰਨ ਤੱਕ ਪਹੁੰਚ ਗਈ ਪਰੰਤੂ ਮਾਲਕਣ ਇਸ ਘਟਨਾ 'ਤੇ ਖ਼ੂਬ ਜ਼ੋਰ ਜ਼ੋਰ ਨਾਲ ਹੱਸਣ ਲੱਗੀ। ਜਮਾਂਦਾਰਨੀ ਨੂੰ ਲੂਹ ਦੇਣ ਵਾਲੀ ਹੋਰ ਵੀ ਅਗਲੀ ਗੱਲ ਇਹ ਕਿ ਉਹ ਉਸ ਨੂੰ ਵਾਰ-ਵਾਰ ਪੁੱਛਣ ਲੱਗੀ ਕਿ ਕਿਸ ਤਰ੍ਹਾਂ ਉਸ ਗੂੰਗੇ ਬੋਲੇ ਨੇ ਉਸ ਦੇ ਸਿਰ 'ਤੇ ਆਪਣਾ ਭਾਰੀ ਹੱਥ ਰੱਖਿਆ ਸੀ ਅਤੇ ਦੱਬ ਕੇ ਇਸ ਨੂੰ ਮੇਜ਼ ਨਾਲ ਲਾ ਦਿੱਤਾ ਸੀ। ਅਗਲੇ ਦਿਨ ਮਾਲਕਣ ਨੇ ਗਰਾਸੀਮ ਨੂੰ ਇਕ ਚਾਂਦੀ ਦਾ ਰੂਬਲ ਇਨਾਮ ਭੇਜਿਆ।

ਦਰਅਸਲ, ਮਾਲਕਣ ਗਰਾਸੀਮ ਦੀ ਤਾਕਤ ਅਤੇ ਵਫ਼ਾਦਾਰੀ ਦੀ ਬੜੀ ਕਦਰ ਕਰਦੀ ਸੀ। ਦੂਜੇ ਪਾਸੇ, ਉਹ ਮਾਲਕਣ ਤੋਂ ਕੁਝ ਡਰਦਾ ਸੀ ਪਰ ਉਸ ਦੇ ਦਿਆਲੂ ਵਿਵਹਾਰ ਵਿਚ ਵਿਸ਼ਵਾਸ ਕਰਦਾ ਸੀ। ਇਹ ਸਭ ਸੰਕੇਤ ਦੱਸਦੇ ਸਨ ਕਿ ਉਸ ਨੇ ਤਾਤਿਆਨਾ ਨਾਲ ਵਿਆਹ ਦੀ ਮਨਜ਼ੂਰੀ ਲੈਣ ਆਪਣੇ ਆਪ ਨੂੰ ਤਿਆਰ ਕਰ ਰੱਖਿਆ ਸੀ। ਉਹ ਸ਼ਾਇਦ ਨਵੀਂ ਪੁਸ਼ਾਕ ਮਿਲ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਨਵੀਂ ਪੁਸ਼ਾਕ ਦਾ ਮੁਖ਼ਤਾਰ ਨੇ ਉਸ ਨਾਲ ਵਾਅਦਾ ਕੀਤਾ ਹੋਇਆ ਸੀ, ਤਾਂ ਕਿ ਉਹ ਮਾਲਕਣ ਦੇ ਸਾਹਮਣੇ ਸੋਹਣੇ ਕੱਪੜੇ ਪਹਿਨ ਕੇ ਪੇਸ਼ ਹੋਵੇ। ਬਦਕਿਸਮਤੀ ਨਾਲ ਮਾਲਕਣ ਨੇ ਲੜਕੀ ਦਾ ਕਪੀਤੋਨ ਨਾਲ ਵਿਆਹ ਕਰਨ ਦਾ ਮਨ ਬਣਾਇਆ ਹੋਇਆ ਸੀ।

ਹੁਣ ਪਾਠਕ ਨੂੰ ਇਹ ਸਮਝ ਆ ਸਕਦਾ ਹੈ ਕਿ ਮੁਖ਼ਤਾਰ ਮਾਲਕਣ ਨਾਲ ਗੱਲਬਾਤ ਕਰਨ ਦੇ ਬਾਅਦ ਇੰਨੀ ਪ੍ਰੇਸ਼ਾਨੀ ਕਿਉਂ ਮਹਿਸੂਸ ਕਰ ਰਿਹਾ ਸੀ? ਉਹ ਖਿੜਕੀ ਵਿੱਚ ਬੈਠ ਕੇ ਸੋਚਣ ਲੱਗਾ: "ਮੇਰੀ ਮਾਲਕਣ ਗਰਾਸੀਮ ਨੂੰ ਪਸੰਦ ਕਰਦੀ ਹੈ।" (ਉਹ ਜਾਣਦਾ ਸੀ ਅਤੇ ਇਸ ਕਾਰਨ ਉਹ ਹਮੇਸ਼ਾਂ ਸਨਮਾਨਜਨਕ ਸਲੂਕ ਕਰਦਾ ਸੀ।) ਪਰ ਉਹ ਬੋਲਣ ਦੀ ਸ਼ਕਤੀ ਤੋਂ ਵਾਂਝਾ ਹੈ। ਕੀ ਮੈਂ ਮਾਲਕਣ ਨੂੰ ਦੱਸ ਦੇਵਾਂ ਕਿ ਉਹ ਕੁੜੀ ਨੂੰ ਪਿਆਰ ਕਰਦਾ ਹੈ? ਪਰ, ਉਹ ਕਿਸ ਤਰ੍ਹਾਂ ਦਾ ਪਤੀ ਬਣੇਗਾ? ਦੂਜੇ ਪਾਸੇ ਰੱਬਾ ਮੇਰੇ ਪਾਪ ਬਖਸ਼ ਦੇਣਾ! ਗੂੰਗੇ ਦਿਓ ਨੂੰ ਜਦੋਂ ਇਹ ਪਤਾ ਚੱਲਿਆ ਕਿ ਤਾਤਿਆਨਾ ਦਾ ਵਿਆਹ ਕਪੀਤੋਨ ਨਾਲ ਕੀਤਾ ਜਾ ਰਿਹਾ ਹੈ। ਉਹ ਘਰ ਵਿੱਚ ਸਭ ਕੁਝ ਭੰਨ ਸੁੱਟੇਗਾ। ਕਿਸੇ ਤਰੀਕੇ ਵੀ ਉਸ ਨੂੰ ਸਮਝਾਇਆ ਨਹੀਂ ਜਾ ਸਕਣਾ। ਇਸ ਸ਼ੈਤਾਨ ਨਾਲ ਦਲੀਲਬਾਜ਼ੀ ਤਾਂ ਕੀਤੀ ਨਹੀਂ ਜਾ ਸਕਦੀ। ਰੱਬ ਰਹਿਮ ਕਰੇ! ਕਪੀਤੋਨ ਦੇ ਆ ਜਾਣ ਨਾਲ ਉਸ ਦੀ ਖ਼ਿਆਲਾਂ ਦੀ ਲੜੀ ਟੁੱਟ ਗਈ।

ਮੋਚੀ ਨੇ ਕਮਰੇ ਵਿਚ ਚੁੱਪ-ਚਾਪ ਦਾਖ਼ਲ ਹੋਇਆ ਅਤੇ ਦਰਵਾਜ਼ੇ ਦੇ ਨੇੜੇ ਖੜ ਗਿਆ। ਆਪਣੀਆਂ ਬਾਹਾਂ ਆਪਣੀ ਪਿੱਠ ਪਿੱਛੇ ਕਰ ਲਈਆਂ। ਉਸ ਨੇ ਕੰਧ ਨਾਲ ਵਿਚ ਢਾਸਣਾ ਲਾ ਲਈ ਅਤੇ ਆਪਣਾ ਸੱਜਾ ਪੈਰ ਖੱਬੇ ਤੋਂ ਅੱਗੇ ਲੰਘਾ ਕੇ ਆਰਾਮ ਅਤੇ ਸਵੈ-ਭਰੋਸੇ ਦੇ ਅੰਦਾਜ਼ ਦੇ ਨਾਲ ਰੱਖਿਆ। ਫਿਰ ਉਸ ਨੇ ਆਪਣਾ ਸਿਰ ਹਿਲਾਇਆ ਜਿਵੇਂ ਇਹ ਕਹਿਣਾ ਚਾਹੁੰਦਾ ਹੋਵੇ, "ਮੈਂ ਆ ਗਿਆ ਹਾਂ, ਤੁਸੀਂ ਮੈਥੋਂ ਕੀ ਚਾਹੁੰਦੇ ਹੋ?" ਪਰ ਉਸ ਨੇ ਕੁਝ ਨਾ ਕਿਹਾ।

ਗਵਰੀਲੋ ਨੇ ਉਸ ਵੱਲ ਦੇਖਿਆ ਅਤੇ ਆਪਣੀਆਂ ਉਂਗਲਾਂ ਨਾਲ ਖਿੜਕੀ ਦੀ ਚੁਗਾਠ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ। ਕਪੀਤੋਨ ਨੇ ਆਪਣੀਆਂ ਨਿੱਕੀਆਂ ਅੱਖਾਂ ਝਪਕੀਆਂ, ਪਰ ਉਸ ਨੇ ਨੀਵੀਂ ਨਹੀਂ ਪਾਈ। ਉਹ ਹਲਕਾ ਜਿਹਾ ਮੁਸਕਰਾਇਆ ਅਤੇ ਹੱਥ ਨਾਲ ਆਪਣੇ ਬੱਗੇ ਹੋ ਰਹੇ ਉੱਘੜ-ਦੁੱਘੜੇ ਵਾਲਾਂ ਨੂੰ ਠੀਕ ਕੀਤਾ, "ਠੀਕ ਹੈ, ਕਹੋ, ਮੈਂ ਹਾਜ਼ਿਰ ਹਾਂ ਅਤੇ ਤੁਸੀਂ ਮੈਨੂੰ ਕਿਵੇਂ ਘੂਰ ਰਹੇ ਹੋ? ਹੁਣ ਤੁਸੀਂ ਕੀ ਵੇਖ ਰਹੇ ਹੋ?"

"ਸ਼ਾਨਦਾਰ, ਸੱਚਮੁਚ!" ਗਵਰੀਲੋ ਫੁਸਫਸਾਇਆ ਅਤੇ ਥੋੜ੍ਹਾ ਰੁਕ ਕੇ ਫਿਰ ਬੋਲਿਆ। "ਤੂੰ ਚੰਗਾ ਬੰਦਾ ਹੈਂ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ।"

ਕਪੀਤੋਨ ਨੇ ਆਪਣੇ ਢਿਲਕੇ ਜਿਹੇ ਮੋਢੇ ਛੰਡੇ ਅਤੇ ਉਸ ਦੀ ਗੁਸਤਾਖ਼ ਨਿਗ੍ਹਾ ਕਹਿੰਦੀ ਲੱਗ ਰਹੀ ਸੀ, "ਤੁਸੀਂ ਕੋਈ ਘੱਟ ਵਧੀਆ ਹੋ, ਮੈਂ ਕਹਿ ਸਕਦਾ ਹਾਂ" ਪਰ ਉਸ ਨੇ ਕੁਝ ਨਹੀਂ ਕਿਹਾ।

"ਆਪਣੇ ਆਪ ਵੱਲ ਧਿਆਨ ਦੇ", ਗਵਰੀਲੋ ਨੇ ਝਿੜਕਣ ਦੇ ਲਹਿਜੇ ਵਿਚ ਗੱਲ ਜਾਰੀ ਰੱਖੀ। "ਵੇਖ, ਤੂੰ ਆਪਣਾ ਕੀ ਹਾਲ ਬਣਾ ਰੱਖਿਆ ਹੈ - ਹੂੰ?" ਕਪੀਤੋਨ ਨੇ ਆਪਣੇ ਫਟੇ ਅਤੇ ਗੰਦੇ ਕੋਟ, ਪਾਟੀ ਤੇ ਟਾਕੀਆਂ ਲੱਗੀ ਪਤਲੂਨ ਉੱਤੇ ਆਪਣੀਆਂ ਅੱਖਾਂ ਫੇਰੀਆਂ; ਉਸ ਨੇ ਆਪਣੇ ਟੁੱਟੇ ਬੂਟਾਂ 'ਤੇ ਖ਼ਾਸ ਕਰਕੇ ਉਸ ਵੱਲ ਜਿਸ ਨੂੰ ਉਸ ਨੇ ਚੌੜ ਨਾਲ ਥੋੜ੍ਹਾ ਅੱਗੇ ਕਰਕੇ ਰੱਖਿਆ ਸੀ। ਧਿਆਨ ਧਰ ਕੇ ਕੁਝ ਪਲ ਸੋਚਿਆ, ਫਿਰ ਉਸ ਨਿਗ੍ਹਾ ਉੱਪਰ ਉਠਾਈ ਅਤੇ ਆਪਣੇ ਵਿਚੋਲੇ ਵੱਲ ਦੇਖਦਿਆਂ ਕਿਹਾ "ਠੀਕ ਹੈ? ਇਹ ਕੀ ਹੈ, ਸਰ?"

"ਇਹ ਕੀ ਹੈ?" ਗਵਰੀਲੋ ਨੇ ਉਲਟਾ ਕੇ ਕਿਹਾ, "ਇਹ ਕੀ ਹੈ?" "ਹਾਂ, ਤੂੰ ਅਜੇ ਪੁੱਛਦਾ ਹੈਂ, ਇਹ ਕੀ ਹੈ? ਤੂੰ ਨਿਰਾ ਸ਼ੈਤਾਨ ਲੱਗਦਾ ਹੈਂ - ਰੱਬ ਮੇਰੇ ਪਾਪ ਬਖਸ਼ ਦੇਵੇ! ਹਾਂ, ਇਹੀ ਲੱਗਦਾ ਹੈਂ ਤੂੰ!"

ਕਪੀਤੋਨ ਨੇ ਆਪਣੀਆਂ ਅੱਖਾਂ ਅੱਧੀਆਂ ਕੁ ਮੀਚ ਲਈਆਂ ਜਿਵੇਂ ਕਿ ਉਹ ਕਹਿਣਾ ਚਾਹੁੰਦਾ ਹੋਵੇ, "ਕਹਿ ਲੈ, ਬੁੱਢਿਆ ਇਹ ਤੇਰਾ ਕਾਰੋਬਾਰ ਹੈ।"

"ਤੂੰ ਫੇਰ ਸ਼ਰਾਬ ਪੀਤੀ ਹੈ!" ਗਵਰੀਲੋ ਅੱਗੇ ਕਹਿਣ ਲੱਗਿਆ - "ਫੇਰ ਪੀਤੀ ਹੈ ਨਾ, ਕੀ ਨਹੀਂ - ਹੂੰ? ਠੀਕ ਹੈ, ਮੈਨੂੰ ਜਵਾਬ ਦੇਹ।"

"ਕਮਜ਼ੋਰ ਸਿਹਤ ਦੇ ਕਾਰਨ ਮੈਨੂੰ ਜ਼ਰੂਰ ਪੀਣੀ ਪਈ। ਮੈਂਥੋਂ ਰੁਕਿਆ ਨਹੀਂ ਗਿਆ।" ਕਪੀਤੋਨ ਨੇ ਬਹਾਨਾ ਬਣਾਇਆ।

"ਕਮਜ਼ੋਰ ਸਿਹਤ ਕਰਕੇ, ਵਾਹ, ਨਹੀਂ ਰੀਸਾਂ!" ਦੂਜੇ ਦੀ ਆਵਾਜ਼ ਗੂੰਜੀ। "ਕੀ ਤੇਰੀ ਚੰਗੀ ਚੰਡਾਈ ਨਹੀਂ ਹੋਈ?... ਉੱਥੇ ... ਅਤੇ ਸੇਂਟ ਪੀਟਰਸਬਰਗ ਵਿੱਚ ਰਹਿਣ ਦੇ ਦਾਅਵੇ! ਬਹੁਤਾ ਕੁਝ ਤੂੰ ਉਥੋਂ ਹੀ ਸਿੱਖਿਆ ਹੈ! ਤੂੰ ਜੋ ਰੋਟੀ ਖਾਂਦਾ ਹੈਂ ਉਸ ਦੇ ਲਾਇਕ ਨਹੀਂ, ਨਮਕ ਹਰਾਮ!"

"ਇਹ ਆਖ਼ਰੀ ਗੱਲ ਜੋ ਤੁਸੀਂ ਕੀਤੀ ਹੈ, ਨਮਕ ਹਰਾਮੀ ਵਾਲੀ, ਗਵਰੀਲੋ ਮਾਤਵੇਇਚ"। ਮੋਚੀ ਬੋਲ ਪਿਆ, "ਇਸ ਦਾ ਫ਼ੈਸਲਾ ਕਰਨ ਵਾਲਾ ਤਾਂ ਇਕ ਹੀ ਹੈ, ਸਰਬ ਸ਼ਕਤੀਮਾਨ ਪਰਮਾਤਮਾ। ਉਸ ਦੇ ਇਲਾਵਾ ਕਿਸੇ ਹੋਰ ਨੂੰ ਮੇਰਾ ਨਿਤਾਰਾ ਕਰਨ ਦਾ ਕੋਈ ਹੱਕ ਨਹੀਂ। ਕੇਵਲ ਉਹ ਹੀ ਜਾਣਦਾ ਹੈ ਕਿ ਮੈਂ ਨਮਕ ਹਰਾਮ ਹਾਂ ਜਾਂ ਨਮਕ ਹਲਾਲ, ਜਿੱਥੋਂ ਤਕ ਮੇਰੇ ਸ਼ਰਾਬ ਪੀਣ ਦਾ ਸੰਬੰਧ ਹੈ, ਇਸ ਵਿਚ ਮੇਰਾ ਕਸੂਰ ਨਹੀ ਹੈ, ਮੇਰੇ ਇਕ ਦੋਸਤ ਦਾ ਹੈ ਜਿਸ ਨੇ ਮੈਨੂੰ ਗੁੰਮਰਾਹ ਕੀਤਾ, ਉਕਸਾਇਆ ਤੇ ਫਿਰ ਮੈਨੂੰ ਛੱਡ ਗਿਆ ਅਤੇ ਮੈਂ --" "ਅਤੇ ਤੂੰ ਗਲੀ ਵਿਚ ਸ਼ਰਾਬੀ ਹੋਇਆ ਇਕ ਮੂਰਖ਼ ਚੂਚੇ ਵਾਂਗ ਲਿਟਦਾ ਰਿਹਾ,"ਗਵਰੀਲੋ ਨੇ ਉਸ ਨੂੰ ਟੋਕਿਆ ਅਤੇ ਅੱਗੇ ਕਿਹਾ, "ਤੂੰ ਇਕ ਅਵੈੜ ਅਤੇ ਨਿਰਾਸ਼ ਮਨੁੱਖ ਹੈ! ਪਰ ਅਸਲ ਗੱਲ ਇਹ ਨਹੀਂ ਹੈ। ਗੱਲ ਇਹ ਹੈ ਕੀ ਮਾਲਕਣ ਦੀ ਇੱਛਾ ਹੈ ਕਿ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਤੂੰ ਮੇਰੀ ਗੱਲ ਸੁਣ ਰਿਹਾ ਹੈਂ? ਉਸ ਦਾ ਖ਼ਿਆਲ ਹੈ ਕਿ ਵਿਆਹ ਕਰਵਾਉਣ ਨਾਲ ਤੇਰਾ ਸੁਧਾਰ ਹੋ ਸਕਦਾ ਹੈ। ਸਮਝਿਆ ਮੇਰੀ ਗੱਲ?"

"ਮੈਂ ਭਲਾ ਕਿਉਂ ਨਹੀਂ ਸਮਝਾਂਗਾ, ਗਵਰੀਲੋ ਮਾਤਵੇਇਚ?"

"ਤਦ ਫਿਰ! ਮੇਰੀ ਰਾਏ ਵਿਚ ਤੇਰੇ ਨਾਲ ਹੋਰ ਤਰ੍ਹਾਂ ਸਿਝਣਾ ਪਵੇਗਾ ਤਾਂ ਜੋ ਤੈਨੂੰ ਸਖ਼ਤੀ ਨਾਲ ਕਾਬੂ ਵਿੱਚ ਰੱਖਿਆ ਜਾ ਸਕੇ ਪਰ ਇਹ ਸਭ ਕੰਮ ਮਾਲਕਣ ਦਾ ਹੈ। ਕੀ ਤੁਸੀ ਸੰਤੁਸ਼ਟ ਹੈ?"

ਕਪੀਤੋਨ ਨੇ ਅਜੀਬ ਜਿਹਾ ਪੋਜ਼ ਬਣਾਇਆ।

"ਵਿਵਾਹਿਤ ਜੀਵਨ ਬੰਦੇ ਲਈ ਬੇਸ਼ੱਕ ਵਧੀਆ ਹੁੰਦਾ ਹੈ, ਗਵਰੀਲੋ ਮਾਤਵੇਇਚ, ਉਸ ਨੇ ਕਿਹਾ, "ਮੈਂ ਆਪਣੀ ਇੱਛਾ ਨਾਲ ਆਪਣੀ ਸਭ ਤੋਂ ਵੱਡੀ ਖ਼ੁਸ਼ੀ ਸਮਝਦੇ ਹੋਏ ਇਸ ਸ਼ਾਦੀ ਲਈ ਤਿਆਰ ਹਾਂ।"

"ਇਹ ਆਦਮੀ ਗੱਲਾਂ ਬਹੁਤ ਸਹੀ ਢੰਗ ਨਾਲ ਕਰਦਾ ਹੈ,"ਗਵਰੀਲੋ ਨੇ ਮਨ ਹੀ ਮਨ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਫਿਰ ਉੱਚੀ ਆਵਾਜ਼ ਵਿੱਚ ਕਿਹਾ, "ਬਹੁਤ ਵਧੀਆ ਗੱਲ ਹੈ ਪਰ ਮਾਲਕਣ ਨੇ ਤੇਰੇ ਲਈ ਇਕ ਲਾੜੀ ਚੁਣੀ ਹੈ ਜੋ ਬਹੁਤੀ ਆਕਰਸ਼ਕ ਨਹੀਂ ਹੈ।"

"ਇਹ ਬੁਰਾ ਨਾ ਮਨਾਓ ਤਾਂ ਕੀ ਮੈਂ ਇਹ ਪੁੱਛ ਸਕਦਾ ਹਾਂ ਕਿ ਉਹ ਕੌਣ ਹੈ?"

"ਤਾਤਿਆਨਾ," ਮੁਖ਼ਤਾਰ ਨੇ ਜਵਾਬ ਦਿੱਤਾ।

"ਤਾਤਿਆਨਾ!" ਮੋਚੀ ਬੋਲਿਆ, ਇੱਕ ਕਦਮ ਅੱਗੇ ਵਧਾਇਆ ਹੈ, ਅਤੇ ਆਪਣੇ ਵਿਚੋਲੇ ਵੱਲ ਤਿੱਖੀ ਨਜ਼ਰ ਨਾਲ ਵੇਖਿਆ।

"ਤੂੰ ਹੁਣ ਇੰਨਾ ਉਤੇਜਿਤ ਕਿਉਂ ਹੋ ਗਿਆ ਹੈਂ? ਕੀ ਤੈਨੂੰ ਉਹ ਪਸੰਦ ਨਹੀਂ ਹੈ?"

"ਗਵਰੀਲੋ ਮਾਤਵੇਇਚ ਨੂੰ ਮੈਂ ਉਸ ਨੂੰ ਕਿਉਂ ਪਸੰਦ ਨਹੀਂ ਕਰਾਂਗਾ? ਉਹ ਮਿਹਨਤੀ, ਸੁਚੱਜੀ ਅਤੇ ਸਹਿਜ ਕੁੜੀ ਹੈ ਪਰ ਤੁਸੀਂ ਤਾਂ ਜਾਣਦੇ ਹੋ, ਗਵਰੀਲੋ ਮਾਤਵੇਇਚ, ਉਹ ਦੁਸ਼ਟ; ਦੈਂਤ, ਵਹਿਸ਼ੀ, ਉਸ ਦੇ ਬਹੁਤ ਪਿੱਛੇ ਪਿਆ ਹੈ।"

"ਮੈਨੂੰ ਪਤਾ ਹੈ, ਦੋਸਤ; ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ,"ਮੁਖ਼ਤਾਰ ਨੇ ਬੜੇ ਗੁੱਸੇ ਵਿਚ ਆਉਂਦੇ ਹੋਏ ਕਿਹਾ, " ਪਰ-" "ਪਰ, ਰੱਬ ਦੇ ਵਾਸਤੇ" ਕਪੀਤੋਨ ਨੇ ਟੋਕ ਕੇ ਕਿਹਾ, "ਉਹ ਮੈਨੂੰ ਮਾਰ ਦੇਵੇਗਾ! ਰੱਬ ਦੀ ਸਹੁੰ, ਉਹ ਮੈਨੂੰ ਮਾਰ ਸੁੱਟੇਗਾ! ਉਹ ਮੈਨੂੰ ਇਕ ਮੱਖੀ ਵਾਂਗ ਮਸਲ ਕੇ ਸੁੱਟ ਦੇਵੇਗਾ! ਉਸ ਦਾ ਘਸੁੰਨ -ਤੁਸੀਂ ਜਾਣਦੇ ਹੀ ਹੋ ਕਿ ਉਸ ਦਾ ਘਸੁੰਨ ਕਿੰਨਾ ਭਿਅੰਕਰ ਹੈ। ਉਸ ਦੀ ਬਾਂਹ ਮਿਨਿਨ ਅਤੇ ਪੋਜ਼ਾਰਸਕੀ ਵਰਗੀ ਹੈ!* ਉਹ ਬੋਲ਼ਾ ਹੈ ਜਦੋਂ ਉਹ ਮਾਰਦਾ ਹੈ ਤਾਂ ਉਸ ਨੂੰ ਸੁਣਦਾ ਨਹੀਂ ਕਿ ਸੱਟ ਕਿਵੇਂ ਵੱਜਦੀ ਹੈ। ਉਹ ਆਪਣਾ ਘਸੁੰਨ ਬੇਕਿਰਕੀ ਨਾਲ ਵਰਤਦਾ ਹੈ, ਜਿਵੇਂ ਕੋਈ ਸੁਪਨੇ ਵਿੱਚ ਹੋਵੇ। ਉਸ ਨੂੰ ਸ਼ਾਂਤ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈ। ਕਿਉਂ! ਤੁਸੀਂ ਇਹ ਵੀ ਜਾਣਦੇ ਹੋ, ਗਵਰੀਲੋ ਮਾਤਵੇਇਚ; ਉਹ ਬੋਲ਼ਾ ਅਤੇ ਗੂੰਗਾ ਹੈ। ਕੰਧ ਉੱਤੇ ਧੱਬੇ ਵਾਂਗ ਅਹਿਸਾਸ ਤੋਂ ਕੋਰਾ ਹੈ। ਉਹ ਇਕ ਜੰਗਲੀ ਜਾਨਵਰ, ਇਕ ਬੁੱਤ, ਬੁੱਤ ਨਾਲੋਂ ਵੀ ਮਾੜਾ - ਸਰੂ ਦਾ ਰੁੱਖ। ਮੈਨੂੰ ਕਿਉਂ ਉਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਮੈਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾਵੇ? ਬੇਸ਼ਕ, ਮੈਨੂੰ ਖ਼ੁਦ ਦੀ ਕੋਈ ਪਰਵਾਹ ਨਹੀਂ; ਮੈਂ ਘਸਿਆ ਹੋਇਆ ਅਤੇ ਖ਼ਤਮ ਹੋ ਚੁੱਕਾ ਆਦਮੀ ਹਾਂ, ਜ਼ਮਾਨਾ ਦੇਖ ਚੁੱਕਾ ਹਾਂ। ਲੁੱਕ ਦੇ ਢੋਲ ਵਾਂਗ ਚਿੱਬ-ਖੜਿੱਬਾ ਪਰ ਮੈਂ ਵੀ ਇਕ ਆਦਮੀ ਹਾਂ, ਗਵਰੀਲੋ ਮਾਤਵੇਇਚ, ਕੋਈ ਠੀਕਰ ਤਾਂ ਨਹੀਂ ਹਾਂ।"

"ਮੈਂ ਜਾਣਦਾ ਹਾਂ, ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ," ਗਵਰੀਲੋ ਨੇ ਕਿਹਾ, "ਆਪਣਾ ਭਾਸ਼ਣ ਬੰਦ ਕਰ।"

"ਓਏ ਮੇਰਿਆ ਰੱਬਾ!" ਜੋਸ਼ ਵਿੱਚ ਆ ਕੇ ਮੋਚੀ ਫਿਰ ਬੋਲਣ ਲੱਗਾ, "ਮੇਰੇ ਮੰਦੇਭਾਗਾਂ ਦਾ ਅੰਤ ਕਦੋਂ ਹੋਵੇਗਾ? ਮੇਰੇ ਨਾਲ ਕੀ ਕੀ ਨਹੀਂ ਹੋਇਆ! ਮੇਰੇ ਨਸੀਬਾਂ ਦੀ ਕਹਾਣੀ, ਜ਼ਰਾ ਸੋਚੋ! ਮੇਰੇ ਜਵਾਨੀ ਦੇ ਸਾਲਾਂ ਵਿਚ ਮੇਰਾ ਜਰਮਨ ਮਾਲਕ ਮੈਨੂੰ ਕੁੱਟਦਾ ਹੁੰਦਾ ਸੀ। ਮੇਰੇ ਜੀਵਨ ਦੇ ਸਭ ਤੋਂ ਵਧੀਆ ਸਾਲਾਂ ਵਿੱਚ ਮੇਰੇ ਭਰਾ ਮੈਨੂੰ ਖ਼ੂਬ ਮਾਰਦੇ; ਹੁਣ ਦੇਖੋ, ਆਪਣੀ ਪੱਕੀ ਉਮਰ ਵਿਚ ਮੇਰੀਆਂ ਸਾਰੀਆਂ ਸੇਵਾਵਾਂ ਲਈ ਮੇਰੇ ਨਸੀਬਾਂ ਵਿੱਚ ਕੀ ਇਨਾਮ ਰੱਖਿਆ ਹੈ! ਮੇਰਾ ਕੀ ਹਸ਼ਰ ਹੋਣ ਜਾ ਰਿਹਾ ਹੈ?"

"ਆਪਣੀ ਇਹ ਬਕਵਾਸ ਬੰਦ ਕਰ", ਗਵਰੀਲੋ ਨੇ ਕਿਹਾ, "ਗੰਦੀ ਆਤਮਾ !"

"ਮੈਂ ਕੀ ਬਕਵਾਸ ਕੀਤੀ ਹੈ, ਗਵਰੀਲੋ

ਮਾਤਵੇਇਚ?"ਕਪੀਤੋਨ ਨੇ ਕਿਹਾ, "ਅਸਲ ਵਿਚ, ਮੈਂ ਸੱਟਾਂ ਤੋਂ ਨਹੀਂ ਡਰਦਾ ਜੇ ਕੋਈ ਸੱਜਣ ਮੈਨੂੰ ਚਾਰ ਦੀਵਾਰੀ ਦੇ ਅੰਦਰ ਸਜ਼ਾ ਦੇਵੇ" (ਉਨ੍ਹਾਂ ਗੱਲਾਂ ਦਾ ਹਵਾਲਾ ਜੋ ਅਕਸਰ ਉਸ ਦੇ ਅਤੇ ਉਸ ਦੇ ਵਿਚੋਲੇ ਦੇ ਵਿਚਕਾਰ ਹੁੰਦੀਆਂ ਸਨ।) ਅਤੇ ਦੂਜਿਆਂ ਦੇ ਸਾਹਮਣੇ ਮੈਨੂੰ ਆਦਰ ਨਾਲ ਮਿਲੇ, ਮੈਨੂੰ ਕੋਈ ਪਰਵਾਹ ਨਹੀਂ ਸੀ। ਮੈਨੂੰ ਆਖ਼ਿਰ ਇਕ ਆਦਮੀ ਮੰਨਿਆ ਜਾਵੇਗਾ। ਪਰ-"

ਗਵਰੀਲੋ ਨੇ ਚੀਖ਼ ਕੇ ਕਿਹਾ, "ਇੱਥੋਂ ਬਾਹਰ ਨਿਕਲ ਜਾ!"

ਕਪੀਤੋਨ ਕਮਰੇ ਵਿਚੋਂ ਬਾਹਰ ਨਿਕਲ ਗਿਆ।

"ਮੰਨ ਲਓ ਕਿ ਗੂੰਗਾ-ਬਹਿਰਾ ਬੰਦੇ ਇੱਥੇ ਨਾ ਹੋਵੇ,"ਮੁਖ਼ਤਾਰ ਨੇ ਮੋਚੀ ਨੂੰ ਪੁੱਛਿਆ,"ਕੀ ਫਿਰ ਰਜ਼ਾਮੰਦ ਹੈਂ ਨਾ?"

"ਮੈਂ ਬੜੀ ਖੁਸ਼ੀ ਨਾਲ ਰਜ਼ਾਮੰਦੀ ਦਿੰਦਾ ਹਾਂ," ਮੋਚੀ ਨੇ ਜਵਾਬ ਦਿੱਤਾ ਜਿਸ ਦੀ ਠਾਠ ਨਿਰਾਸ਼ਾ ਦੇ ਪਲਾਂ ਵਿਚ ਵੀ ਉਸ ਦਾ ਸਾਥ ਨਹੀਂ ਛੱਡਦੀ।

ਗਵਰੀਲੋ ਕੁਝ ਸਮੇਂ ਲਈ ਆਪਣੇ ਕਮਰੇ ਵਿਚ ਟਹਿਲਦਾ ਰਿਹਾ ਅਤੇ ਫਿਰ ਉਸ ਨੇ ਤਾਤਿਆਨਾ ਨੂੰ ਬੁਲਾਇਆ। ਕੁੜੀ ਆ ਗਈ। ਉਹ ਚੁੱਪਚਾਪ ਦਰਵਾਜ਼ੇ ਵਿੱਚ ਆ ਕੇ ਖੜ੍ਹ ਗਈ।

"ਕਿਵੇਂ ਬੁਲਾਇਆ, ਗਵਰੀਲੋ ਮਾਤਵੇਇਚ?" ਉਸ ਨੇ ਡਰਦੀ ਡਰਦੀ ਨੇ ਪੁੱਛਿਆ।

"ਹਾਂ, ਤਾਤਿਆਨਾ," ਮੁਖ਼ਤਾਰ ਨੇ ਉਸ ਵੱਲ ਟਿਕਟਿਕੀ ਬੰਨ੍ਹ ਕੇ ਦੇਖਦੇ ਹੋਏ ਕਿਹਾ, "ਕੀ ਤੂੰ ਵਿਆਹ ਕਰਵਾਉਣਾ ਚਾਹੁੰਦੀ ਹੈਂ? ਮਾਲਕਣ ਨੇ ਤੇਰੇ ਲਈ ਪਤੀ ਲੱਭ ਲਿਆ ਹੈ।"

"ਠੀਕ ਹੈ, ਗਵਰੀਲੋ ਮਾਤਵੇਇਚ," ਲੜਕੀ ਨੇ ਕਿਹਾ, ਅਤੇ ਥੋੜ੍ਹਾ ਰੁਕਣ ਦੇ ਬਾਅਦ, ਉਸ ਡਰਦੀ-ਡਰਦੀ ਨੇ ਪੁੱਛਿਆ, ਕੌਣ ਹੋ ਸਕਦਾ ਹੈ, ਜੇ ਤੁਸੀਂ ਬੁਰਾ ਨਾ ਮਨਾਓ ਤਾਂ?

"ਕਪੀਤੋਨ ਕਲਿਮੋਫ, ਮੋਚੀ," ਜਵਾਬ ਸੀ।

"ਠੀਕ ਹੈ, ਹਜ਼ੂਰ।"

"ਇਹ ਸੱਚ ਹੈ ਕਿ ਉਹ ਬੜਾ ਹਲਕਾ ਜਿਹਾ ਆਦਮੀ ਹੈ", ਮੁਖ਼ਤਾਰ ਨੇ ਅੱਗੇ ਕਿਹਾ, "ਪਰ ਮਾਲਕਣ ਨੂੰ ਤੇਰੇ ਤੇ ਭਰੋਸਾ ਹੈ ਕਿ ਤੂੰ ਉਸ ਨੂੰ ਸੁਧਾਰ ਸਕਦੀ ਹੈਂ।"

"ਠੀਕ ਹੈ, ਹਜ਼ੂਰ।"

"ਹਾਲਾਂਕਿ ਇਕ ਮੁਸ਼ਕਿਲ ਆਉਂਦੀ ਹੈ ਕਿ ਬੋਲ਼ਾ-ਗੂੰਗਾ, ਗਰਾਸੀਮ, ਤੈਨੂੰ ਪਿਆਰ ਕਰਦਾ ਹੈ। ਤੂੰ ਕਿਹੜੇ ਤਰੀਕੇ ਨਾਲ ਉਸ ਦਰਿੰਦੇ ਨੂੰ ਮੋਹਿਤ ਕਰ ਲਿਆ, ਮੈਂ ਹੈਰਾਨ ਹਾਂ? ਜੇ ਉਸ ਨੂੰ ਪਤਾ ਚੱਲ ਗਿਆ ਕਿ ਤੂੰ ਕਿਸੇ ਹੋਰ ਨਾਲ ਵਿਆਹ ਕਰਵਾਉਣ ਲੱਗੀ ਹੈਂ ਤਾਂ ਉਹ ਤੈਨੂੰ ਮਾਰ ਦੇਵੇਗਾ ਅਤੇ ਉਹ ਦਰਿੰਦਿਆਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੈ।"

"ਉਹ ਜ਼ਰੂਰ ਮੈਨੂੰ ਮਾਰ ਦੇਵੇਗਾ, ਗਵਰੀਲੋ ਮਾਤਵੇਇਚ," ਲੜਕੀ ਨੇ ਬਿਨਾਂ ਘਬਰਾਹਟ ਅਤੇ ਬੁਝੇ ਜਿਹੇ ਤਰੀਕੇ ਨਾਲ ਕਿਹਾ।

"ਉਹ ਕਰੇਗਾ, ਏਹ? ਕੀ ਉਹ ਕਰੇਗਾ? ਇਹ ਦੇਖਿਆ ਜਾਣਾ ਹੈ। ਤੂੰ ਕੀ ਕਹਿੰਦੀ ਹੈਂ? ਉਹ ਤੈਨੂੰ ਮਾਰ ਸੁੱਟੇਗਾ? ਜ਼ਰਾ ਸੋਚ, ਕੀ ਤੈਨੂੰ ਮਾਰਨ ਦਾ ਉਸ ਦਾ ਕੋਈ ਹੱਕ ਹੈ?"

"ਇਹ ਮੈਂ ਨਹੀਂ ਜਾਣਦੀ, ਗਵਰੀਲਾ ਮਾਤਵੇਇਚ, ਉਸ ਨੂੰ ਹੱਕ ਹੈ ਜਾਂ ਨਹੀਂ।"

ਮੁਖ਼ਤਾਰ ਨੇ ਪੁੱਛਿਆ, "ਕੀ ਤੂੰ ਕਦੇ ਉਸ ਨਾਲ ਕੋਈ ਵਾਅਦਾ ਕੀਤਾ ਹੈ?"

"ਕੀ ਕਿਹਾ ਹਜ਼ੂਰ, ਗਵਰੀਲੋ ਮਾਤਵੇਇਚ?" ਕੁੜੀ ਨੇ ਪੁੱਛਿਆ। ਉਹ ਗਵਰੀਲੋ ਦੇ ਸਵਾਲ ਨੂੰ ਸਮਝ ਨਹੀਂ ਸਕੀ ਸੀ।

"ਤੂੰ ਸੱਚਮੁੱਚ ਭੋਲੀ ਹੈ! ਸਭ ਠੀਕ ਹੈ ਜਾਓ, ਹੁਣ, ਮੇਰੀ ਨਿੱਕੀ ਤਾਤਿਆਨਾ। ਤੂੰ ਇਕ ਆਗਿਆਕਾਰ, ਭਾਣਾ ਮੰਨਣ ਵਾਲੀ ਕੁੜੀ ਹੈ।"

ਤਾਤਿਆਨਾ ਕਮਰੇ ਵਿਚੋਂ ਚਲੀ ਗਈ, ਅਤੇ ਪੌੜੀਆਂ ਤੋਂ ਉੱਤਰਦੀ ਉਹ ਰੇਲਿੰਗ 'ਤੇ ਝੁਕੀ।

ਮੁਖ਼ਤਾਰ ਧਿਆਨ ਮਗਨ ਹੋ ਸੋਚਣ ਲੱਗਾ, "ਇਹ ਹੋ ਸਕਦਾ ਹੈ ਕਿ ਕੱਲ੍ਹ ਤਕ ਮਾਲਕਣ ਵਿਆਹ ਸੰਬੰਧੀ ਇਹ ਸਭ ਭੁਲਾ ਦੇਵੇ। ਤਾਂ ਫਿਰ, ਕਿਸ ਮਕਸਦ ਲਈ ਮੈਂ ਏਨੀ ਝੱਖਮਾਰੀ ਕੀਤੀ ਹੈ? ਤੇ ਉਹ ਪੁਆੜੇ ਦੀ ਜੜ੍ਹ, ਗਰਾਸੀਮ ਜੇ ਕੁਝ ਹੋ ਜਾਂਦਾ ਹੈ, ਉਸ ਦਾ ਇੰਤਜਾਮ ਅਸੀਂ ਕਰ ਲਵਾਂਗੇ। ਲੋੜ ਪਈ ਤਾਂ ਅਸੀਂ ਉਸ ਨੂੰ ਪੁਲਿਸ ਦੀ ਹਿਰਾਸਤ ਵਿਚ ਦੇ ਸਕਦੇ ਹਾਂ। ਯਸਲਿਨੀਆ ਫਿਓਦਰੋਵਨਾ! "ਉਸ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ, "ਮੇਰੀ ਪਿਆਰੀ, ਮੇਰੀ ਸਤਿਕਾਰਯੋਗ ਭਾਗਵਾਨੇ, ਚਾਹ ਵਾਲੀ ਕੇਤਲੀ ਜ਼ਰਾ ਅੱਗ 'ਤੇ ਰੱਖਣਾ।"

ਤਾਤਿਆਨਾ ਸਾਰਾ ਦਿਨ ਲਾਂਡਰੀ ਵਿਚ ਵੜੀ ਰਹੀ। ਪਹਿਲਾਂ ਤਾਂ ਉਹ ਥੋੜਾ ਜਿਹਾ ਰੋਈ ਸੀ ਪਰ ਛੇਤੀ ਹੀ ਉਸ ਨੇ ਆਪਣੇ ਅੱਥਰੂ ਪੂੰਝੇ ਅਤੇ ਕੰਮ ਵਿਚ ਰੁੱਝ ਗਈ।

ਕਪੀਤੋਨ ਸ਼ਰਾਬ ਦੇ ਠੇਕੇ 'ਤੇ ਗਿਆ ਅਤੇ ਦੇਰ ਰਾਤ ਤਕ ਉੱਥੇ ਰਿਹਾ। ਉੱਥੇ ਉਸ ਨੂੰ ਇਕ ਸੱਜਣ ਮਿਲਿਆ ਜੋ ਬੜਾ ਉਦਾਸ ਜਿਹਾ ਵਿਅਕਤੀ ਸੀ। ਉਸ ਨੂੰ ਉਸ ਨੇ ਆਪਣੇ ਜੀਵਨ ਦਾ ਇਤਿਹਾਸ ਸੁਣਾਇਆ। ਇਕ ਸੱਜਣ ਜਿਸ ਨਾਲ ਉਹ ਜਿਵੇਂ ਚਾਹੇ ਵਰਤ ਸਕਦਾ ਸੀ। ਉਹ ਵਿਵਸਥਾ ਦਾ ਦੋਸਤ ਅਤੇ ਸ਼ਰੀਫ਼ ਇਨਸਾਨ ਸੀ। ਆਖ਼ਿਰ ਵਿਚ ਉਸ ਨੇ ਇਕ ਛੋਟੀ ਜਿਹੀ ਗ਼ਲਤੀ ਕੀਤੀ ਕਿ ਉਹ ਸ਼ਰਾਬ ਪੀਣ ਲੱਗ ਪਿਆ ਅਤੇ ਲਾਪਰਵਾਹ ਹੋ ਗਿਆ। ਉਹ ਸਾਰੀਆਂ ਸ਼੍ਰੇਣੀਆਂ ਦੀਆਂ ਔਰਤਾਂ ਦਾ ਪਸੰਦੀਦਾ ਰਿਹਾ ਸੀ। ਉਹ ਬੱਸ ਉਸ ਦੀਆਂ ਦੀਵਾਨੀਆਂ ਸਨ। ਕਪੀਤੋਨ ਜੋ ਕੁਝ ਵੀ ਕਹਿੰਦਾ, ਉਹ ਉਦਾਸ ਜਿਹਾ ਬੰਦਾ "ਹਾਂ" ਕਹਿ ਕੇ ਹੁੰਗਾਰਾ ਭਰ ਦਿੰਦਾ ਪਰ ਜਦੋਂ ਕਪੀਤੋਨ ਨੇ ਆਖ਼ਿਰ ਇਹ ਘੋਸ਼ਣਾ ਕੀਤੀ ਕਿ ਇਕ ਖ਼ਾਸ ਕਾਰਨ ਕਰਕੇ ਉਹ ਅਗਲੇ ਦਿਨ ਅੱਧੀ ਰਾਤ ਨੂੰ ਖ਼ੁਦਕੁਸ਼ੀ ਲਈ ਮਜਬੂਰ ਹੈ ਤਾਂ ਉਸ ਦਾ ਦੋਸਤ ਆਪਣੀ ਸੀਟ ਤੋਂ ਉੱਠਿਆ। ਉਹ ਕੁਝ ਗੁਣਗੁਣਾ ਰਿਹਾ ਸੀ ਜਿਸ ਦਾ ਮਤਲਬ ਇਹ ਸੀ ਕਿ ਸੌਣ ਦਾ ਸਮਾਂ ਹੋ ਚੁੱਕਾ ਸੀ, ਅਤੇ ਉਹ ਰੁੱਖੇ ਜਿਹੇ ਢੰਗ ਨਾਲ ਚਲਾ ਗਿਆ।

ਇਸ ਦੌਰਾਨ ਮੁਖ਼ਤਾਰ ਦੀ ਇਹ ਉਮੀਦ ਕਿ ਮਾਲਕਣ ਸ਼ਾਇਦ ਵਿਆਹ ਬਾਰੇ ਭੁੱਲ ਜਾਵੇ, ਸਾਕਾਰ ਨਹੀਂ ਹੋਈ। ਉਹ ਇਸ ਮਾਮਲੇ ਵਿਚ ਇੰਨੀ ਦਿਲਚਸਪੀ ਰੱਖਦੀ ਸੀ ਕਿ ਉਸ ਨੇ ਰਾਤ ਨੂੰ ਆਪਣੀ ਨੌਕਰਾਣੀ ਨਾਲ ਵੀ ਗੱਲ ਕੀਤੀ ਸੀ। ਇਹ ਨੌਕਰਾਣੀ ਘਰ ਵਿਚ ਸਿਰਫ਼ ਇਕੋ ਮਕਸਦ ਨਾਲ ਰੱਖੀ ਗਈ ਸੀ ਕਿ ਜਦੋਂ ਮਾਲਕਣ ਨੂੰ ਨੀਂਦ ਨਾ ਆਵੇ ਤਾਂ ਉਹ ਉਸ ਦਾ ਸਾਥ ਦੇਵੇ ਅਤੇ ਉਹ ਰਾਤ ਨੂੰ ਪਹਿਰਾ ਦੇਣ ਵਾਲੇ ਵਾਂਗ ਦਿਨੇ ਸੌਂਦੀ ਸੀ। ਅਗਲੀ ਸਵੇਰ ਜਿਵੇਂ ਹੀ ਗਵਰੀਲੋ ਆਪਣੇ ਬਾਕਾਇਦਾ ਰਿਪੋਰਟ ਨਾਲ ਮਾਲਕਣ ਸਾਹਮਣੇ ਪੇਸ਼ ਹੋਇਆ ਤਾਂ ਮਾਲਕਣ ਨੇ ਉਸ ਨੂੰ ਪੁੱਛਿਆ, "ਵਿਆਹ ਵਾਲੇ ਸਾਡੇ ਮਾਮਲੇ ਦਾ ਕੀ ਬਣਿਆ? ਕੀ ਇਹ ਹੋ ਜਾਏਗਾ?" ਉਸ ਨੇ ਜਵਾਬ ਦਿੱਤਾ ਕਿ ਇਹ ਵਧੀਆ ਹੋਵੇਗਾ ਕਿ ਕਪੀਤੋਨ ਉਸ ਦਿਨ ਉਸ ਦੇ ਸਾਹਮਣੇ ਹਾਜ਼ਰ ਹੋਣ ਦਾ ਸੁਭਾਗ ਪ੍ਰਾਪਤ ਕਰੇਗਾ, ਨਿਮਰਤਾ ਨਾਲ ਉਸ ਕੋਲੋਂ ਤਾਤਿਆਨਾ ਨਾਲ ਵਿਆਹ ਦੀ ਇਜਾਜ਼ਤ ਮੰਗੇਗਾ।

ਜਿਉਂ ਹੀ ਉਸ ਨੂੰ ਉੱਥੋਂ ਛੁੱਟੀ ਮਿਲੀ, ਗਵਰੀਲੋ ਨੇ ਕਰਮਚਾਰੀਆਂ ਦੇ ਵੱਡੇ ਹਾਲ ਵਿਚ ਇਕ ਮੀਟਿੰਗ ਰੱਖੀ ਕਿਉਂਕਿ ਇਸ ਮਾਮਲੇ ਲਈ ਸੱਚਮੁਚ ਪਰਿਪੱਕ ਵਿਚਾਰ-ਵਟਾਂਦਰੇ ਦੀ ਜ਼ਰੂਰਤ ਸੀ। ਅੱਲ੍ਹੜ ਤਾਤਿਆਨਾ ਨੇ ਆਪਣੇ ਬਾਰੇ ਕੀਤੇ ਗਏ ਸਾਰੇ ਫ਼ੈਸਲਿਆਂ ਨੂੰ ਸਵੀਕਾਰ ਕੀਤਾ ਪਰ ਕਪੀਤੋਨ ਥੋੜ੍ਹਾ ਜਿਹਾ ਗਰਮ ਹੋ ਗਿਆ ਸੀ। ਉਸ ਨੇ ਆਪਣੀ ਮਾਲਕਣ ਦੇ ਸਾਰੇ ਸੇਵਾਦਾਰਾਂ ਦੀ ਹਾਜ਼ਰੀ ਵਿਚ ਕਹਿੰਦਾ ਫਿਰਦਾ ਸੀ ਕਿ ਉਸ ਦਾ ਸਿਰਫ਼ ਇਕ ਹੀ ਸਿਰ ਹੈ, ਦੋ ਜਾਂ ਤਿੰਨ ਨਹੀਂ ਅਤੇ ਉਸ ਨੇ ਆਪਣਾ ਕੀਮਤੀ ਤੇ ਇਕਮਾਤਰ ਸਿਰ ਤੁੜਵਾਉਣਾ ਨਹੀਂ ਸੀ। ਗਰਾਸੀਮ ਨੇ ਜੋ ਕੁਝ ਹੋ ਰਿਹਾ ਸੀ ਉਸ 'ਤੇ ਸ਼ੰਕਾ ਭਰੀ ਨਜ਼ਰ ਨਾਲ ਤੱਕਿਆ ਅਤੇ ਉਹ ਸਾਰਾ ਦਿਨ ਲੜਕੀਆਂ ਦੇ ਕਮਰਿਆਂ ਦੇ ਆਲੇ ਦੁਆਲੇ ਰਿਹਾ। ਉਸ ਨੇ ਤਾੜ ਲਿਆ ਸੀ ਕਿ ਉਸ ਲਈ ਕੋਈ ਬਹੁਤ ਮੰਦਭਾਗੀ ਗੱਲ ਹੋ ਰਹੀ ਸੀ।

ਕੰਪਨੀ ਵਿਚ ਇਕ ਬੁੱਢਾ ਵੇਟਰ ਸੀ ਜਿਸ ਨੂੰ ਉਹ ਅੰਕਲ ਖਵੋਸਤ ਕਹਿੰਦੇ ਸਨ ਜਿਸ ਨੂੰ ਹਰ ਇਕ ਨੇ ਆਪਣੀ ਆਦਰਪੂਰਵਕ ਰਾਇ ਪੇਸ਼ ਕੀਤੀ। ਉਸ ਨੇ ਆਪਣਾ ਬੁੱਧੀਮਾਨ ਸਿਰ ਹਿਲਾਂਦੇ ਹੋਏ ਨੇ ਕਿਹਾ: "ਠੀਕ, ਠੀਕ, ਵਧੀਆ!" ਇਹੀ ਉਹ ਸਭ ਹੈ ਜੋ ਉਨ੍ਹਾਂ ਨੇ ਕਦੇ ਉਸ ਕੋਲੋਂ ਸੁਣਿਆ ਸੀ।

ਕੁਝ ਲੋਕਾਂ ਨੇ ਕਿਹਾ ਕਿ ਕਪੀਤੋਨ ਨੂੰ ਸਿਰਫ਼ ਸੁਰੱਖਿਆ ਲਈ ਉਸ ਛੋਟੀ ਕੋਠੜੀ ਵਿਚ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ, ਜਿੱਥੇ ਪਾਣੀ ਦਾ ਫਿਲਟਰ ਲਗਾਇਆ ਗਿਆ ਸੀ ਅਤੇ ਇਹੀ ਕੀਤਾ ਗਿਆ। ਬੇਸ਼ੱਕ, ਗਰਾਸੀਮ ਦੇ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਸੀ ਪਰ ਇਹ ਤਰੀਕਾ ਖ਼ਤਰਿਆਂ ਤੋਂ ਖਾਲੀ ਨਹੀਂ ਸੀ। ਸ਼ੋਰ-ਸ਼ਰਾਬਾ ਅਤੇ ਹੰਗਾਮਾ ਹੋ ਸਕਦਾ ਸੀ ਅਤੇ ਮਾਲਕਣ, ਰੱਬ ਨਾ ਕਰੇ! ਡਰ ਸਕਦੀ ਸੀ।

ਇਸ ਤਰ੍ਹਾਂ ਉਹ ਲੋਕ ਗੁੱਥੀ ਸੁਲਝਾਉਣ ਦੀ ਤਰਕੀਬ ਲੱਭਣ ਲਈ ਡੂੰਘੀ ਸੋਚ ਵਿਚਾਰ ਵਿਚ ਲੱਗੇ ਰਹੇ ਅਤੇ ਆਖ਼ਿਰ ਕਾਰਵਾਈ ਕਰਨ ਦੀ ਯੋਜਨਾ ਅਪਣਾਉਣ ਦਾ ਫ਼ੈਸਲਾ ਕਰ ਲਿਆ ਗਿਆ। ਅਕਸਰ ਇਹ ਦੇਖਣ ਵਿਚ ਆਇਆ ਸੀ ਕਿ ਗਰਾਸੀਮ ਸ਼ਰਾਬੀਆਂ ਨਾਲ ਬਹੁਤ ਨਫ਼ਰਤ ਕਰਦਾ ਸੀ। ਗੇਟ ਤੇ ਬੈਠੇ, ਉਹ ਹਮੇਸ਼ਾ ਨਫ਼ਰਤ ਨਾਲ ਮੂੰਹ ਫੇਰ ਲੈਂਦਾ ਹੁੰਦਾ ਸੀ ਜਦੋਂ ਕੋਈ ਨਸ਼ੇ ਵਿਚ ਧੁੱਤ ਸ਼ਰਾਬੀ ਲੜਖੜਾਉਂਦੇ ਹੋਏ ਅਤੇ ਆਪਣੀ ਢਿਲਕੀ ਟੋਪੀ ਨਾਲ ਉਸ ਕੋਲੋਂ ਲੰਘਦਾ ਸੀ। ਇਸ ਲਈ, ਇਸ ਤਜਵੀਜ਼ ਨੂੰ ਲਾਗੂ ਕਰਨ ਦਾ ਮਤਾ ਪਕਾਇਆ ਗਿਆ ਕਿ ਤਾਤਿਆਨਾ ਨੂੰ ਉਸ ਦੇ ਸਾਹਮਣੇ ਸ਼ਰਾਬੀ ਹੋਣ ਦੀ ਐਕਟਿੰਗ ਕਰਦੀ ਲੜਖੜਾਉਂਦੀ ਡਿੱਗਦੀ ਢਹਿੰਦੀ ਹੋਈ ਲੰਘੇ। ਤਾਤਿਆਨਾ ਅਜਿਹੀ ਚਾਲ ਖੇਡਣ ਦੇ ਹੱਕ ਵਿੱਚ ਨਹੀਂ ਸੀ, ਪਰ ਆਖ਼ਰ ਉਹ ਮੰਨ ਗਈ। ਉਸ ਨੂੰ ਪਤਾ ਸੀ ਕਿ ਉਸ ਤੋਂ ਛੁਟਕਾਰਾ ਪਾਉਣ ਦਾ ਹੋਰ ਕੋਈ ਚਾਰਾ ਨਹੀਂ ਸੀ। ਕਪੀਤੋਨ ਨੂੰ ਉਸ ਦੀ ਕੋਠੜੀ ਵਿਚੋਂ ਬਾਹਰ ਕੱਢਿਆ ਗਿਆ ਕਿਉਂਕਿ ਉਸ ਨੇ ਹੀ ਤਾਂ ਸਾਰੇ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਣੀ ਸੀ। ਹਵੇਲੀ ਦੇ ਸਾਰੇ ਲੋਕ ਖਿੜਕੀਆਂ ਦੀਆਂ ਸਲਾਖਾਂ ਦੇ ਪਿੱਛੇ ਤੈਨਾਤ ਹੋ ਗਏ ਤਾਂ ਕਿ ਇਹ ਸਾਰਾ ਨਾਟਕ ਦੇਖ ਸਕਣ ਪਰ ਇਹ ਚਾਲ ਪੂਰੀ ਤਰ੍ਹਾਂ ਸਫ਼ਲ ਰਹੀ।

ਗਰਾਸੀਮ ਗੇਟ ਅੱਗੇ ਸਟੂਲ 'ਤੇ ਬੈਠਾ ਸੀ ਅਤੇ ਉਸ ਨੇ ਆਪਣੇ ਸਿਰ ਨੂੰ ਹੱਥ 'ਤੇ ਟਿਕਾਇਆ ਸੀ, ਕੂਹਣੀ ਉਸ ਦੇ ਗੋਡੇ ਉੱਤੇ ਟਿਕੀ ਹੋਈ ਸੀ। ਉਹ ਆਪਣੇ ਦੂਜੇ ਹੱਥ ਵਿਚ ਫੜੇ ਬੇਲਚੇ ਨਾਲ ਜ਼ਮੀਨ ਖੁਰਚ ਰਿਹਾ ਸੀ। ਨੌਕਰ ਲਾਣੇ ਦੀਆਂ ਸਾਰੀਆਂ ਅੱਖਾਂ ਆਪਣੇ ਓਹਲੇ ਓਟਾਂ ਵਿਚ ਦੀ ਚੋਰੀ ਚੋਰੀ ਉਸ ਨੂੰ ਦੇਖ ਰਹੀਆਂ ਸਨ। ਤਾਤਿਆਨਾ ਲੜਖੜਾਉਂਦੀ ਡਿੱਗਦੀ-ਢਹਿੰਦੀ ਹੋਈ ਉਸ ਦੇ ਕੋਲੋਂ ਲੰਘੀ। ਜਿਉਂ ਹੀ ਉਸ ਨੇ ਉਸ ਨੂੰ ਦੇਖਿਆ ਪਹਿਲਾਂ ਤਾਂ ਉਹ ਆਦਤ ਮੂਜ਼ਬ ਮੁਸਕਰਾਉਣ ਲੱਗ ਪਿਆ ਅਤੇ ਭੀਂ-ਭੀਂ ਦੀ ਆਵਾਜ਼ ਕੱਢਦਾ ਹੋਇਆ ਪਿਆਰ ਜਤਾਉਣ ਲੱਗਾ ਜਦੋਂ ਉਸ ਨੇ ਫਿਰ ਉਸ ਵੱਲ ਧਿਆਨ ਨਾਲ ਦੇਖਿਆ ਤਾਂ ਉਹ ਆਪਣੇ ਸਟੂਲ ਤੋਂ ਉੱਠ ਖੜਾ ਹੋਇਆ ਅਤੇ ਆਪਣਾ ਬੇਲਚਾ ਪਾਸੇ ਸੁੱਟ ਦਿੱਤਾ। ਉਹ ਉਸ ਕੋਲ ਗਿਆ, ਆਪਣਾ ਵੱਡਾ ਸਰੀਰ ਝੁਕਾ ਕੇ ਆਪਣਾ ਮੂੰਹ ਉਸ ਦੇ ਚਿਹਰੇ ਨੇੜੇ ਕੀਤਾ।

ਵਿਚਾਰੀ ਗ਼ਰੀਬੜੀ ਕੁੜੀ ਧੁਰ ਅੰਦਰ ਤੱਕ ਡਰ ਗਈ। ਉਸ ਦਾ ਅੰਗ-ਅੰਗ ਕੰਬਣ ਲੱਗਾ ਅਤੇ ਮੁਸ਼ਕਿਲ ਨਾਲ ਆਪਣੇ ਪੈਰਾਂ 'ਤੇ ਖੜ੍ਹੀ ਰਹਿ ਸਕੀ। ਇਸ ਨੇ ਸ਼ਰਾਬੀ ਹੋਣ ਦੀ ਐਕਟਿੰਗ ਦੇ ਪ੍ਰਭਾਵ ਨੂੰ ਵਧਾਇਆ। ਉਸ ਨੇ ਉਸ ਨੂੰ ਬਾਂਹ ਤੋਂ ਫੜਿਆ ਅਤੇ ਉਸ ਨੂੰ ਵਿਹੜੇ ਵਿਚ ਧੂੰਹਦੇ ਹੋਏ ਨੌਕਰਾਂ ਦੇ ਕਮਰਿਆਂ ਕੋਲ ਲਿਜਾ ਕੇ ਕਪੀਤੋਨ ਦੀਆਂ ਬਾਹਾਂ ਵਿਚ ਸੁੱਟ ਦਿੱਤਾ। ਉਹ ਡਰ ਨਾਲ ਅਧਮੋਈ ਹੋਈ ਪਈ ਸੀ। ਉਸ ਨੇ ਇਕ ਵਾਰ ਫਿਰ ਤਲਖ਼ ਮੁਸਕਰਾਹਟ ਨਾਲ ਉਸ ਵੱਲ ਦੇਖਿਆ। ਉਸ ਵੱਲ ਆਪਣਾ ਹੱਥ ਹਿਲਾਇਆ ਅਤੇ ਭਾਰੀ ਕਦਮ ਪੁੱਟਦਾ ਮੁੜ ਆਇਆ।

ਉਹ ਅਗਲੇ ਦੋ ਦਿਨ ਆਪਣੀ ਕੋਠੜੀ ਵਿਚੋਂ ਨਾ ਨਿਕਲਿਆ। ਕੋਚਵਾਨ ਅੰਤਿਪਕਾ ਨੇ ਉਸ ਨੂੰ ਦਰਵਾਜ਼ੇ ਵਿਚਲੀ ਇਕ ਝੀਥ ਰਾਹੀਂ ਦੇਖਿਆ। ਉਹ ਕੀ ਦੇਖਦਾ ਹੈ ਕਿ ਗਰਾਸੀਮ ਆਪਣੇ ਮੰਜੇ 'ਤੇ ਦੋਹਾਂ ਹੱਥਾਂ ਵਿਚ ਆਪਣਾ ਸਿਰ ਫੜੀ ਚੁੱਪਚਾਪ ਬੈਠਾ ਸੀ ਅਤੇ ਕਦੇ ਕਦੇ ਭੀਂ-ਭੀਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਸੀ ਜਿਵੇਂ ਕੋਚਵਾਨ ਸੜਕ 'ਤੇ ਆਪਣੇ ਗੱਡੇ ਹੱਕਦੇ ਜਾਂਦੇ ਪੀੜਾਂ ਦੇ ਪਰਾਗੇ ਗਾਉਂਦੇ ਹੁੰਦੇ ਹਨ। ਕੋਚਵਾਨ ਨੂੰ ਇਹ ਦ੍ਰਿਸ਼ ਦੇਖਦੇ ਰਹਿਣਾ ਬਹੁਤ ਅਸਹਿਜ ਮਹਿਸੂਸ ਹੋਇਆ ਅਤੇ ਛੇਤੀ ਹੀ ਦਰਵਾਜ਼ੇ ਤੋਂ ਪਿੱਛੇ ਹਟ ਗਿਆ।

ਜਦੋਂ ਆਖ਼ਿਰ ਗਰਾਸੀਮ ਆਪਣੀ ਕੋਠੜੀ ਵਿਚੋਂ ਨਿਕਲ ਕੇ ਵਿਹੜੇ ਵਿਚ ਆਇਆ ਤਾਂ ਉਸ ਵਿਚ ਕੋਈ ਵਿਸ਼ੇਸ਼ ਤਬਦੀਲੀ ਨਜ਼ਰ ਨਹੀਂ ਸੀ ਆ ਰਹੀ। ਉਹ ਆਮ ਨਾਲੋਂ ਥੋੜ੍ਹਾ ਜਿਹਾ ਵੱਧ ਨਿਰਾਸ਼ ਲੱਗਦਾ ਸੀ ਅਤੇ ਤਾਤਿਆਨਾ ਜਾਂ ਕਪੀਤੋਨ ਵੱਲ ਉਸ ਨੇ ਕੋਈ ਧਿਆਨ ਨਾ ਦਿੱਤਾ। ਦੋਨਾਂ ਨੇ ਆਪਣੀਆਂ ਆਪਣੀਆਂ ਕੱਛਾਂ ਵਿਚ ਇਕ-ਇਕ ਬੱਤਖ਼ ਦਬਾਈ ਤੇ ਮਾਲਕਣ ਦਾ ਆਸ਼ੀਰਵਾਦ ਲੈਣ ਗਏ ਤਾਂ ਉਸ ਨੇ ਬੜੀ ਖੁਸ਼ੀ ਨਾਲ ਉਨ੍ਹਾਂ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਕ ਹਫ਼ਤੇ ਦੇ ਅੰਦਰ ਅੰਦਰ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਵਿਆਹ ਦੇ ਦਿਨ ਵੀ ਗਾਰਸੀਮ ਦੇ ਵਰਤੋਂ ਵਿਹਾਰ ਵਿੱਚ ਕੋਈ ਤਬਦੀਲੀ ਨਜ਼ਰ ਨਹੀਂ ਆਈ, ਸਿਰਫ਼ ਉਹ ਪਾਣੀ ਤੋਂ ਬਿਨਾਂ ਦਰਿਆ ਤੋਂ ਮੁੜ ਆਇਆ। ਉਸ ਦੀ ਬੈਰਲ ਸੜਕ ਤੇ ਟੁੱਟੀ ਪਈ ਸੀ। ਉਸ ਨੇ ਸ਼ਾਮ ਨੂੰ ਆਪਣੇ ਘੋੜੇ ਨੂੰ ਇੰਨੇ ਜ਼ੋਰ ਨਾਲ ਖਰਖਰਾ ਕੀਤਾ ਕਿ ਉਸ ਦੀ ਚਮੜੀ ਉਚੇੜ ਦਿੱਤੀ।

ਇਹ ਸਾਰਾ ਕੁਝ ਬਸੰਤ ਰੁੱਤ ਦੌਰਾਨ ਹੋਇਆ।

ਇਕ ਹੋਰ ਸਾਲ ਬੀਤ ਗਿਆ, ਜਿਸ ਦੌਰਾਨ ਕਪੀਤੋਨ ਸੁਧਰਨਾ ਤਾਂ ਦੂਰ, ਸਗੋਂ ਸ਼ਰਾਬ ਜੋਗਾ ਹੀ ਹੋ ਕੇ ਰਹਿ ਗਿਆ ਅਤੇ ਦੁਨਿਆਵੀ ਤੌਰ 'ਤੇ ਉੱਕਾ ਨਕਾਰਾ ਹੋ ਗਿਆ। ਇਸ ਲਈ ਮਾਲਕਣ ਨੇ ਉਸ ਨੂੰ ਆਪਣੀ ਪਤਨੀ ਸਹਿਤ ਉਸ ਦੀ ਜਾਗੀਰ ਦੇ ਸਭ ਤੋਂ ਦੂਰ ਦੇ ਪਿੰਡ ਜਾ ਰਹੇ ਕਾਫ਼ਲੇ ਦੇ ਨਾਲ ਭੇਜਣ ਦਾ ਹੁਕਮ ਦੇ ਦਿੱਤਾ। ਆਪਣੇ ਵਿਦਾਇਗੀ ਦੇ ਦਿਨ ਉਹ ਪਹਿਲਾਂ ਤਾਂ ਕਾਫ਼ੀ ਹੌਂਸਲੇ ਵਿਚ ਸੀ ਅਤੇ ਤਾੜੀ ਮਾਰ ਕੇ ਕਹਿ ਰਿਹਾ ਸੀ ਕਿ ਉਹ ਉਸ ਨੂੰ ਭਾਵੇਂ ਧਰਤੀ ਦੇ ਉਸ ਦੂਰ-ਦੁਰੇਡੇ ਖੇਤਰ ਵਿਚ ਭੇਜ ਦਿੱਤਾ ਜਾਵੇ, ਜਿੱਥੇ ਧੋਬਣਾਂ ਅਸਮਾਨ ਦੀ ਕਿਨਾਰੀ 'ਤੇ ਕੱਪੜੇ ਸੁੱਕਣੇ ਪਾਉਂਦੀਆਂ ਹਨ, ਉਹ ਉੱਥੇ ਵੀ ਰਹਿ ਲਵੇਗਾ ਪਰ ਜਦੋਂ ਕਾਫ਼ਲੇ ਦੀਆਂ ਰਵਾਨਾ ਹੋਣ ਲਈ ਤਿਆਰੀਆਂ ਸ਼ੁਰੂ ਹੋਈਆਂ, ਤਾਂ ਉਸ ਦੀ ਕੰਡ ਢੈਲ਼ੀ ਹੋ ਗਈ ਅਤੇ ਰੋਣੇ ਰੋਣ ਲੱਗ ਪਿਆ ਕਿ ਜੰਗਲੀ ਲੋਕਾਂ ਵਿਚ ਆਪਣਾ ਜੀਵਨ ਬਰਬਾਦ ਕਰਨ ਲਈ ਉਸ ਨੂੰ ਬੇਰਹਿਮੀ ਨਾਲ ਭੇਜਿਆ ਜਾ ਰਿਹਾ ਸੀ। ਅਖ਼ੀਰ ਉਹ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ ਅਤੇ ਏਨਾ ਬੌਂਦਲ ਗਿਆ ਕਿ ਉਹ ਆਪਣੇ ਸਿਰ 'ਤੇ ਆਪਣੀ ਟੋਪੀ ਵੀ ਆਪ ਨਹੀਂ ਲੈ ਸਕਿਆ। ਕਿਸੇ ਭਲੇ ਵਿਅਕਤੀ ਨੇ ਉਸ ਲਈ ਇਹ ਕੰਮ ਕੀਤਾ ਅਤੇ ਆਪਣੀ ਹਥੇਲੀ ਨਾਲ ਇਸ ਨੂੰ ਥੋੜ੍ਹਾ ਟੇਢਾ ਕਰ ਦਿੱਤਾ।

ਜਦੋਂ ਕਾਫ਼ਲਾ ਰਵਾਨਾ ਹੋਣ ਲਈ ਤਿਆਰ ਸੀ। ਕੋਚਵਾਨਾਂ ਨੇ ਆਪਣੇ ਹੱਥਾਂ ਵਿਚ ਲਗਾਮਾਂ ਸੰਭਾਲ ਲਈਆਂ ਸਨ ਅਤੇ ਰੱਬ ਦਾ ਨਾਂ ਲੈ ਕੇ ਚੱਲਣ ਲਈ ਹੁਕਮ ਦੀ ਉਡੀਕ ਕਰ ਰਹੇ ਸਨ। ਗਰਾਸੀਮ ਆਪਣੇ ਕਮਰੇ ਵਿਚੋਂ ਬਾਹਰ ਆਇਆ ਅਤੇ ਤਾਤਿਆਨਾ ਨੂੰ ਇਕ ਲਾਲ ਸੂਤੀ ਰੁਮਾਲ ਭੇਂਟ ਕੀਤਾ ਜਿਹੜਾ ਉਸ ਨੇ ਇਕ ਸਾਲ ਪਹਿਲਾਂ ਉਸ ਲਈ ਖਰੀਦਿਆ ਸੀ। ਉਹ ਨਿਮਾਣੀ ਜਿੰਦ ਜਿਸ ਨੇ ਹੁਣ ਤੱਕ ਬਿਨਾਂ ਕਿਸੇ ਸ਼ਿਕਵੇ/ਸ਼ਕਾਇਤ ਦੇ ਬਹੁਤ ਸਾਰੇ ਦੁੱਖੜੇ ਝੱਲੇ ਸੀ। ਉਹ ਗਰਾਸੀਮ ਦੇ ਅਜਿਹੀ ਨਿਸ਼ਕਾਮ ਦਿਆਲਤਾ ਦੇ ਪ੍ਰਗਟਾਵੇ 'ਤੇ ਆਪਣੇ ਆਪੇ ਨੂੰ ਕਾਬੂ ਵਿੱਚ ਨਾ ਰੱਖ ਸਕੀ। ਉਸ ਦੀਆਂ ਗੱਲ੍ਹਾਂ 'ਤੇ ਅੱਥਰੂਆਂ ਦੀਆਂ ਘਰਾਲਾਂ ਵਗਣੀਆਂ ਸ਼ੁਰੂ ਹੋ ਗਈਆਂ ਅਤੇ ਘੋੜਾ-ਗੱਡੀ 'ਤੇ ਚੜ੍ਹਨ ਤੋਂ ਪਹਿਲਾਂ ਉਸ ਨੇ ਆਪਣੀਆਂ ਛੋਟੀਆਂ-ਛੋਟੀਆਂ ਬਾਹਾਂ ਮੂਕ ਦੇਵ ਦੇ ਮੋਢਿਆਂ ਦੁਆਲੇ ਵਲ਼ ਦਿੱਤੀਆਂ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਦਿਲਾਂ ਦੀਆਂ ਗਹਿਰਾਈਆਂ ਵਿਚੋਂ ਚੁੰਮਿਆ। ਉਹ ਉਸ ਦੀ ਘੋੜਾ-ਗੱਡੀ ਦੇ ਨਾਲ-ਨਾਲ ਤੁਰ ਪਿਆ। ਉਸ ਦਾ ਇਰਾਦਾ ਸ਼ਾਇਦ ਸ਼ਹਿਰ ਦੇ ਬੰਨੇ ਤੱਕ ਨਾਲ-ਨਾਲ ਚੱਲਣ ਦਾ ਸੀ ਪਰ ਕ੍ਰਿਮਸਕੀ ਚੁਰਾਹੇ ਤੇ ਪਹੁੰਚਣ 'ਤੇ ਉਸ ਨੇ ਆਪਣਾ ਹੱਥ ਹਿਲਾ ਕੇ ਵਿਦਾ ਕੀਤਾ ਅਤੇ ਦਰਿਆ ਦੇ ਕਿਨਾਰੇ ਦੇ ਨਾਲ-ਨਾਲ ਘਰ ਪਰਤ ਆਇਆ।

ਹਨੇਰਾ ਹੋ ਰਿਹਾ ਸੀ। ਗਰਾਸੀਮ ਪਾਣੀ ਵੱਲ ਦੇਖ ਰਿਹਾ ਹੌਲੀ-ਹੌਲੀ ਤੁਰਿਆ ਜਾ ਰਿਹਾ ਸੀ। ਉਸ ਨੇ ਅਚਾਨਕ ਦੇਖਿਆ ਕਿ ਕਿਨਾਰੇ ਦੇ ਨਜ਼ਦੀਕ ਗਾਰੇ ਵਿਚ ਕੋਈ ਚੀਜ਼ ਹਿੱਲ-ਜੁੱਲ ਰਹੀ ਸੀ। ਉਹ ਇਹ ਦੇਖਣ ਲਈ ਝੁਕਿਆ ਕਿ ਇਹ ਕੀ ਹੈ ਅਤੇ ਦੇਖਣ ਤੇ ਪਤਾ ਲੱਗਾ ਕਿ ਇਹ ਇਕ ਛੋਟਾ ਜਿਹਾ ਕਤੂਰਾ ਸੀ ਜੋ ਭਿੱਜਿਆ ਹੋਇਆ, ਚਿੱਕੜ ਨਾਲ ਲੱਥਪੱਥ ਅਤੇ ਕੰਬ ਰਿਹਾ ਸੀ। ਇਹ ਐਨਾ ਛੋਟਾ ਅਤੇ ਕਮਜ਼ੋਰ ਸੀ ਕਿ ਆਪਣਾ ਸਾਰਾ ਜ਼ੋਰ ਲਾ ਕੇ ਵੀ ਆਪਣੇ ਆਪ ਚਿਪਚਿਪੀ ਮਿੱਟੀ ਵਿਚੋਂ ਬਾਹਰ ਨਿਕਲ ਕੇ ਨਹੀਂ ਆ ਸਕਦਾ ਸੀ। ਗਰਾਸੀਮ ਨੇ ਇਸ ਨੂੰ ਚੁੱਕ ਲਿਆ ਅਤੇ ਆਪਣੀ ਹਿੱਕ ਨਾਲ ਲਾ ਕੇ ਜਲਦੀ-ਜਲਦੀ ਘਰ ਵੱਲ ਤੁਰ ਪਿਆ।

ਆਪਣੇ ਕਮਰੇ ਵਿਚ ਪਹੁੰਚ ਕੇ ਉਸ ਨੇ ਕਤੂਰਾ ਆਪਣੇ ਮੰਜੇ ਤੇ ਪਾ ਦਿੱਤਾ ਅਤੇ ਉਸ ਨੂੰ ਆਪਣੇ ਕੋਟ ਨਾਲ ਢੱਕ ਦਿੱਤਾ। ਉਹ ਬਾਹਰ ਗਿਆ ਅਤੇ ਘਾਹ-ਫੂਸ ਲਿਆ ਕੇ ਉਸ ਲਈ ਨਿੱਘਾ ਬਿਸਤਰ ਬਣਾ ਦਿੱਤਾ। ਫਿਰ ਉਹ ਰਸੋਈ ਵਿੱਚ ਗਿਆ ਅਤੇ ਇਕ ਦੁੱਧ ਦਾ ਪਿਆਲਾ ਲੈ ਆਇਆ। ਉਸ ਨੇ ਧਿਆਨ ਨਾਲ ਕੁੱਤੇ ਤੋਂ ਕੱਖਾਂ ਦੀ ਪਰਤ ਨੂੰ ਹਟਾਇਆ ਅਤੇ ਉਸ ਦੇ ਸਾਹਮਣੇ ਦੁੱਧ ਰੱਖਿਆ ਪਰ ਵਿਚਾਰਾ ਗਲੂਰਾ ਅਜੇ ਬਹੁਤ ਕਮਜ਼ੋਰ ਸੀ ਅਤੇ ਆਪਣੇ ਆਪ ਦੁੱਧ ਨਹੀਂ ਪੀ ਸਕਦਾ ਸੀ। ਇਹ ਅਜੇ ਸਿਰਫ਼ ਤਿੰਨ ਹਫ਼ਤਿਆਂ ਦਾ ਸੀ ਅਤੇ ਇਸ ਦੀਆਂ ਅੱਖਾਂ ਵਿਚੋਂ ਇਕ ਅੱਖ ਅਜੇ ਚੰਗੀ ਤਰ੍ਹਾਂ ਖੁੱਲ੍ਹੀ ਵੀ ਨਹੀਂ ਸੀ। ਉਹ ਬਸ ਕੰਬਦਾ ਰਿਹਾ ਅਤੇ ਆਪਣੀ ਅੱਧ-ਖੁੱਲ੍ਹੀ ਅੱਖ ਝਪਕਦਾ ਰਿਹਾ। ਗਰਾਸੀਮ ਨੇ ਸਾਵਧਾਨੀ ਨਾਲ ਇਸ ਦਾ ਸਿਰ ਫੜਿਆ ਅਤੇ ਉਸ ਦਾ ਮੂੰਹ ਦੁੱਧ ਵਿਚ ਡੁਬੋਇਆ। ਕਤੂਰਾ ਬੜੀ ਸੁਸਤੀ ਦੇ ਨਾਲ ਪੀਣ ਲੱਗ ਪਿਆ ਅਤੇ ਅਨਾੜੀ ਢੰਗ ਨਾਲ ਸੜ੍ਹਾਕਣ ਲੱਗਾ। ਗਰਾਸੀਮ ਬਹੁਤ ਜ਼ਿਆਦਾ ਖ਼ੁਸ਼ੀ ਨਾਲ ਗਦਗਦ ਇਹ ਤਮਾਸ਼ਾ ਦੇਖਣ ਲੱਗਾ ਅਤੇ ਖਿੜ-ਖਿੜਾ ਕੇ ਹੱਸ ਪਿਆ। ਸਾਰੀ ਸ਼ਾਮ ਉਸ ਨੇ ਕਤੂਰੇ ਨਾਲ ਬਿਤਾਈ। ਆਖ਼ਿਰ ਦੇਰ ਰਾਤ ਗਰਾਸੀਮ ਨੂੰ ਉਸ ਦੇ ਨਾਲ ਪਿਆਂ ਨੀਂਦ ਆ ਗਈ ਅਤੇ ਉਸ ਦੇ ਚਿਹਰੇ 'ਤੇ ਖ਼ੁਸ਼ੀ ਨਾਲ ਭਿੱਜੀ ਮੁਸਕਰਾਹਟ ਫੈਲੀ ਹੋਈ ਸੀ।

ਕੋਈ ਮਾਂ ਵੀ ਆਪਣੇ ਬੱਚੇ ਲਈ ਏਨੀ ਜ਼ਹਿਮਤ ਨਹੀਂ ਉਠਾਉਂਦੀ ਹੋਣੀ ਜਿੰਨੀ ਗਰਾਸੀਮ ਨੇ ਡੁੱਬਣ ਤੋਂ ਬਚਾਏ ਕਤੂਰੇ [ਕਤੂਰੀ] ਦੇ ਲਈ ਉਠਾਈ। ਪਹਿਲਾਂ ਉਹ ਬਿਮਾਰ ਨਜ਼ਰ ਆਉਂਦੀ ਸੀ, ਡਰੂ ਅਤੇ ਕਮਜ਼ੋਰ ਜਿਹੀ ਪਰ ਛੇਤੀ ਹੀ ਉਹ ਤਕੜੀ ਹੋਣ ਲੱਗ ਪਈ ਅਤੇ ਉਸ ਦੀ ਚਾਲ-ਢਾਲ ਵਿਚ ਮੜਕ ਆਉਣੀ ਸ਼ੁਰੂ ਹੋ ਗਈ। ਉਹ ਖਿਡਾਰ ਹੋ ਗਈ ਅਤੇ ਆਪਣੇ ਮਾਲਕ ਦੀ ਨਿਰੰਤਰ ਦੇਖ-ਰੇਖ ਸਦਕਾ ਉਹ ਇਕ ਬਹੁਤ ਹੀ ਸੁਹਣੀ ਸਪੇਨੀਅਲ ਨਿਕਲੀ, ਚਿੱਟੀ ਫ਼ਰ, ਪਿੱਠ ਵਾਲੇ ਪਾਸੇ ਪੀਲੇ ਡੱਬ, ਲੰਮੇ ਕੰਨ, ਝਾੜ ਪੂਛ, ਅਤੇ ਬਹੁਤ ਚਮਕਦਾਰ ਅਤੇ ਨਿਰਮਲ ਅੱਖਾਂ। ਉਹ ਗਰਾਸੀਮ ਨਾਲ ਬਹੁਤ ਹੀ ਲਾਡ ਕਰਦੀ ਸੀ। ਉਹ ਜਿੱਥੇ ਵੀ ਜਾਂਦਾ ਸੀ, ਉਹ ਆਪਣੀ ਝਾੜ ਜਿਹੀ ਪੂਛ ਨੂੰ ਹਿਲਾਉਂਦੀ ਉਸ ਦੇ ਪਿੱਛੇ ਪਿੱਛੇ ਜਾਂਦੀ ਸੀ। ਗਰਾਸੀਮ ਨੇ ਉਸ ਨੂੰ ਇਕ ਨਾਮ ਵੀ ਦਿੱਤਾ। ਉਹ ਉਸ ਨੂੰ ਮੂਮੂ ਕਹਿ ਕੇ ਬੁਲਾਇਆ ਕਰਦਾ ਸੀ। ਬੋਲ਼ੇ-ਗੂੰਗੇ ਵਿਅਕਤੀ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ ਕਿ ਉਨ੍ਹਾਂ ਦੀ ਆਵਾਜ਼ ਸੁਣ ਸਕਣ ਵਾਲਿਆਂ ਦਾ ਧਿਆਨ ਖਿੱਚਦੀ ਹੈ। ਘਰ ਦੇ ਸਾਰੇ ਲੋਕ ਇਸ ਨਵੇਂ ਮਹਿਮਾਨ ਨੂੰ ਪਸੰਦ ਕਰਦੇ ਸਨ ਅਤੇ ਉਸ ਨੂੰ ਉਸ ਦੇ ਮਾਲਕ ਵਲੋਂ ਦਿੱਤੇ ਨਾਮ ਮੂਮੂ ਨਾਲ ਬੁਲਾਇਆ ਕਰਦੇ ਸਨ। ਮੂਮੂ ਵੀ ਆਪਣੀ ਵਾਰੀ ਸਭਨਾਂ ਨਾਲ ਚੰਗਾ ਸਲੂਕ ਕਰਦੀ ਪਰ ਉਸ ਨੂੰ ਸਿਰਫ਼ ਗਰਾਸੀਮ ਹੀ ਪਸੰਦ ਸੀ। ਉਹ ਹੋਰ ਸਭ ਕੁਝ ਨਾਲੋਂ ਵਧ ਕੇ ਉਸ ਨੂੰ ਪਿਆਰ ਕਰਦਾ ਸੀ। ਦੂਜਿਆਂ ਨਾਲ ਉਸ ਨੂੰ ਖੇਡਦੇ ਦੇਖਣਾ ਗਰਾਸੀਮ ਨੂੰ ਪਸੰਦ ਨਹੀਂ ਸੀ। ਕੀ ਉਹ ਡਰਦਾ ਸੀ ਕਿ ਉਸ ਨੂੰ ਸੱਟ ਲੱਗ ਸਕਦੀ ਹੈ ਜਾਂ ਕੀ ਹੋਰਨਾਂ ਨਾਲ ਉਸ ਦਾ ਪਿਆਰ ਦੇਖ ਉਸ ਨੂੰ ਈਰਖਾ ਹੁੰਦੀ ਸੀ? ਸਿਰਫ਼ ਰੱਬ ਹੀ ਜਾਣਦਾ ਹੈ।

ਉਹ ਰੋਜ਼ ਸਵੇਰੇ ਗਰਾਸੀਮ ਦਾ ਕੰਬਲ ਖਿੱਚ ਕੇ ਉਸ ਨੂੰ ਜਗਾਉਂਦੀ ਹੁੰਦੀ ਸੀ। ਉਸ ਨੇ ਪਾਣੀ ਢੋਣ ਲਈ ਰੱਖੇ ਬੁੱਢੇ ਘੋੜੇ ਨੂੰ ਲਗਾਮ ਮੂੰਹ ਵਿੱਚ ਫੜ ਕੇ ਲੈ ਜਾਣਾ ਸਿੱਖ ਲਿਆ ਅਤੇ ਉਸ ਨਾਲ ਉਸ ਦਾ ਦੋਸਤਾਨਾ ਸੰਬੰਧ ਹੋ ਗਿਆ ਸੀ। ਪਾਣੀ ਲੈਣ ਦਰਿਆ 'ਤੇ ਜਾਂਦੇ ਵਕਤ ਉਹ ਆਪਣੇ ਮਾਲਕ ਦੇ ਨਾਲ ਰਹਿੰਦੀ ਸੀ, ਜਿਵੇਂ ਉਸ ਦਾ ਇਹ ਸਾਥ ਦੇਣਾ ਉਸ ਦਾ ਬੜਾ ਮਹੱਤਵਪੂਰਨ ਫ਼ਰਜ਼ ਹੋਵੇ। ਉਹ ਉਸ ਦੇ ਝਾੜੂਆਂ ਅਤੇ ਬੇਲਚਿਆਂ ਦੀ ਰਾਖੀ ਕਰਦੀ ਅਤੇ ਕਿਸੇ ਨੂੰ ਵੀ ਉਸ ਦੇ ਕਮਰੇ ਵਿਚ ਨਾ ਵੜਨ ਦਿੰਦੀ। ਉਸ ਦੇ ਅੰਦਰ ਬਾਹਰ ਜਾਣ ਲਈ ਉਸ ਦੇ ਦਰਵਾਜ਼ੇ ਵਿਚ ਇਕ ਮੋਰੀ ਕਰ ਦਿੱਤੀ ਸੀ। ਉਹ ਮਹਿਸੂਸ ਕਰਦੀ ਜਾਪਦੀ ਸੀ ਕਿ ਸਿਰਫ਼ ਉਸ ਦੇ ਕਮਰੇ ਵਿਚ ਹੀ ਉਹ ਆਪਣੀ ਮਰਜ਼ੀ ਕਰ ਸਕਦੀ ਸੀ ਜਦੋਂ ਹੀ ਉਹ ਅੰਦਰ ਵੜਦੀ ਉਹ ਮੰਜੇ ਉੱਤੇ ਚੜ੍ਹ ਜਾਂਦੀ ਅਤੇ ਸੁੱਖ ਅਤੇ ਸੰਤੁਸ਼ਟੀ ਦੇ ਅਹਿਸਾਸ ਨਾਲ ਨਿੱਸਲ ਹੋ ਕੇ ਪੈ ਜਾਂਦੀ।

ਰਾਤ ਨੂੰ ਉਹ ਬਿਲਕੁਲ ਨਹੀਂ ਸੌਂਦੀ ਸੀ ਪਰ ਉਹ ਦੂਜੇ ਕੁੱਤਿਆਂ ਵਾਂਗ ਨਹੀਂ ਸੀ ਜੋ ਸਿਰਫ ਵਕਤ ਕੱਟਣ ਲਈ ਆਪਣੇ ਪਿਛਲੇ ਪੈਰਾਂ 'ਤੇ ਬੈਠੇ ਹੋਏ ਅਤੇ ਆਪਣੀਆਂ ਬੂਥੀਆਂ ਉੱਪਰ ਚੁੱਕ ਚੁੱਕ ਕੇ, ਸਾਰੀ ਰਾਤ ਟਿਮਕਦੇ ਤਾਰਿਆਂ ਨੂੰ ਭੌਂਕਦੇ ਰਹਿੰਦੇ ਸੀ, ਨਹੀਂ ਮੂਮੂ ਇਹੋ ਜਿਹੀ ਨਹੀਂ ਸੀ। ਉਸ ਦੀ ਤਿੱਖੀ ਬਊਂ-ਬਊਂ ਸਿਰਫ਼ ਉਦੋਂ ਸੁਣਾਈ ਦਿੰਦੀ ਸੀ ਜਦੋਂ ਕੋਈ ਅਜਨਬੀ ਵਾੜੇ ਨੇੜੇ ਆਉਂਦਾ ਸੀ ਜਾਂ ਘਰ ਦੇ ਆਲੇ ਦੁਆਲੇ ਕੋਈ ਸ਼ੱਕੀ ਅਵਾਜ਼ ਸੁਣਾਈ ਦਿੰਦੀ ਸੀ।

ਸੰਖੇਪ ਵਿਚ ਕਹੀਏ ਤਾਂ ਮੂਮੂ ਇਕ ਵਧੀਆ ਪਹਿਰੇਦਾਰ ਸੀ। ਇਹ ਸੱਚ ਹੈ ਕਿ ਘਰ ਵਿਚ ਇਕ ਬੁੱਢਾ ਕੁੱਤਾ ਸੀ ਜਿਸ ਦੇ ਪੀਲੇ ਵਾਲਾਂ ਵਿਚ ਗੂੜ੍ਹੇ ਭੂਰੇ ਡੱਬ ਸਨ ਜਿਸ ਦਾ ਨਾਂ ਵੋਲਟਚੋਕ ਸੀ ਪਰ ਉਹ ਕਦੇ ਵੀ ਰਾਤ ਨੂੰ ਖੁੱਲ੍ਹਾ ਨਹੀਂ ਸੀ ਛੱਡਦੇ ਅਤੇ ਬੁਢਾਪੇ ਕਾਰਨ ਉਹ ਆਜ਼ਾਦੀ ਦੀ ਭੋਰਾ ਵੀ ਇੱਛਾ ਜ਼ਾਹਿਰ ਨਹੀਂ ਕਰਦਾ ਸੀ। ਉਹ ਆਪਣੇ ਖੁੱਡੇ ਵਿਚ ਇਕੱਠਾ ਜਿਹਾ ਹੋ ਕੇ ਪਿਆ ਰਹਿੰਦਾ ਸੀ ਜਿਸ ਵਿਚੋਂ ਉਹ ਕਦੀ-ਕਦੀ ਬਾਹਰ ਆਉਂਦਾ ਸੀ ਅਤੇ ਕਦੇ ਕਦਾਈਂ ਭਰੜਾਈ ਤੇ ਸੁਸਤ ਜਿਹੀ ਆਵਾਜ਼ ਵਿਚ ਭੌਂਕ ਵੀ ਲੈਂਦਾ ਪਰ ਫੌਰਨ ਚੁੱਪ ਕਰ ਜਾਂਦਾ, ਜਿਵੇਂ ਉਹ ਮਹਿਸੂਸ ਕਰਦਾ ਹੋਵੇ ਕਿ ਅਜਿਹੀ ਕੋਸ਼ਿਸ਼ ਵਿਅਰਥ ਹੈ।

ਮੂਮੂ ਕਦੇ ਵੀ ਮਾਲਕਣ ਦੇ ਕਮਰਿਆਂ ਵਿਚ ਨਹੀਂ ਵੜੀ ਸੀ ਜਦੋਂ ਗਰਾਸੀਮ ਉਧਰ ਲੱਕੜਾਂ ਸੁੱਟਣ ਜਾਂਦਾ ਤਾਂ ਉਹ ਦਲਾਨ ਵਿਚ ਰੁਕ ਜਾਂਦੀ ਅਤੇ ਉਡੀਕਣ ਲੱਗਦੀ। ਉਸ ਦਾ ਸਿਰ ਬੇਚੈਨੀ ਨਾਲ ਹਿੱਲਦਾ ਅਤੇ ਕਿਸੇ ਦਰਵਾਜ਼ੇ ਦੇ ਖੁੱਲ੍ਹਣ ਨਾਲ ਉਸ ਦੇ ਕੰਨ ਖੜ੍ਹੇ ਹੋ ਜਾਂਦੇ।

ਇਕ ਹੋਰ ਸਾਲ ਬੀਤ ਗਿਆ। ਇਸ ਸਮੇਂ ਦੌਰਾਨ ਗਰਾਸੀਮ ਆਪਣੇ ਹਾਲ ਅਤੇ ਜ਼ਿੰਦਗੀ ਤੋਂ ਬਹੁਤ ਖੁਸ਼ ਸੀ ਪਰ ਅਚਾਨਕ ਇਕ ਅਣਕਿਆਸੀ ਘਟਨਾ ਨੇ ਸਭ ਕੁਝ ਪੁੱਠਾ ਕਰ ਦਿੱਤਾ। ਗਰਮੀਆਂ ਦੀ ਇਕ ਸੁਹਾਵਣੀ ਦੁਪਹਿਰ ਵਿਚ ਮਾਲਕਣ ਵਧੀਆ ਮਜ਼ੇ ਦੇ ਮੂਡ ਵਿਚ ਸੀ। ਉਹ ਆਪਣੀਆਂ ਨਿੱਜੀ ਨੌਕਰਾਣੀਆਂ ਨਾਲ ਦਲਾਨ ਵਿਚ ਟਹਿਲਦੀ ਹਾਸੇ-ਠੱਠੇ ਅਤੇ ਚੁਟਕਲੇਬਾਜ਼ੀ ਦੇ ਅਨੰਦ ਮਾਣ ਰਹੀ ਸੀ। ਨੌਕਰਾਣੀਆਂ ਵੀ ਹੱਸਦੀਆਂ ਅਤੇ ਚੁਟਕਲੇ ਸੁਣਾਉਂਦੀਆਂ ਸਨ ਪਰ ਉਨ੍ਹਾਂ ਦੇ ਮਨ ਬੇਚੈਨ ਸਨ। ਜਦੋਂ ਉਨ੍ਹਾਂ ਦੀ ਮਾਲਕਣ ਚੰਗੇ ਮਜ਼ਾਕੀਆ ਮੂਡ ਵਿਚ ਹੁੰਦੀ ਸੀ ਤਾਂ ਉਨ੍ਹਾਂ ਨੂੰ ਖੁਸ਼ੀ ਨਹੀਂ ਹੁੰਦੀ ਸੀ। ਪਹਿਲੀ ਗੱਲ, ਜਦੋਂ ਉਹ ਇਸ ਤਰ੍ਹਾਂ ਦੇ ਮੂਡ ਵਿਚ ਹੁੰਦੀ ਸੀ ਤਾਂ ਕੁਝ ਵਧੇਰੇ ਹੀ ਹੁਕਮ ਚਲਾਉਣ ਲੱਗਦੀ ਸੀ। ਉਹ ਚਾਹੁੰਦੀ ਕਿ ਉਸ ਦੇ ਆਲੇ-ਦੁਆਲੇ ਹਰ ਕੋਈ ਲਾਜ਼ਮੀ ਤੌਰ 'ਤੇ ਖੁਸ਼ੀ ਦੇ ਮੂਡ ਵਿਚ ਹੋਵੇ ਅਤੇ ਜੇ ਕੋਈ ਵੀ ਦਿਲਗੀਰ ਨਜ਼ਰ ਆਉਂਦਾ ਤਾਂ ਗੁੱਸੇ ਵਿਚ ਆ ਜਾਂਦੀ ਸੀ। ਇਸ ਤੋਂ ਇਲਾਵਾ, ਉਸ ਦਾ ਇਹੋ ਜਿਹਾ ਝੱਲ ਆਮ ਤੌਰ 'ਤੇ ਥੋੜ੍ਹੇ ਜਿਹੇ ਸਮੇਂ ਲਈ ਹੁੰਦਾ ਸੀ ਅਤੇ ਛੇਤੀ ਹੀ ਉਸ ਨੂੰ ਕੌੜ ਚੜ੍ਹਨ ਲੱਗਦੀ ਅਤੇ ਹਰੇਕ ਨੂੰ ਖਿਝ-ਖਿਝ ਪੈਣ ਲੱਗਦੀ ਜਿਸ ਕਾਰਨ ਬਹੁਤ ਮੁਸ਼ਕਿਲ ਪੈਦਾ ਹੋ ਜਾਂਦੀ। ਉਸ ਸਵੇਰ ਜਾਗਣ ਸਮੇਂ ਮਾਲਕਣ ਦੇ ਖੁਸ਼ੀ ਦੇ ਪਲ ਸਨ ਕਿਉਂਕਿ ਜਦੋਂ ਉਸ ਨੇ ਆਪਣੇ ਪੱਤੇ ਵਿਛਾਏ (ਜਿਵੇਂ ਉਹ ਹਰ ਸਵੇਰ ਬਾਕਾਇਦਾ ਤੌਰ 'ਤੇ ਕਰਦੀ ਹੁੰਦੀ ਸੀ) ਤਾਂ ਉਨ੍ਹਾਂ ਤੋਂ ਬੜੀ ਮੁਬਾਰਕ ਭਵਿੱਖਬਾਣੀ ਮਿਲੀ। ਇਸ ਦਾ ਮਤਲਬ ਸੀ ਕਿ ਉਸ ਦੀ ਹਰ ਮੁਰਾਦ ਪੂਰੀ ਹੋਵੇਗੀ। ਨਾਸ਼ਤੇ ਵਿਚ ਉਸ ਨੂੰ ਚਾਹ ਬਹੁਤ ਸੁਆਦੀ ਲੱਗੀ ਅਤੇ ਉਸ ਨੇ ਆਪਣੀ ਨੌਕਰਾਣੀ ਦੀ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਇਕ ਦਸ ਕੌਪਕ ਇਨਾਮ ਵਜੋਂ ਦਿੱਤੇ। ਆਪਣੇ ਸੁੱਕੇ ਬੁੱਲ੍ਹਾਂ 'ਤੇ ਸੁਹਾਵਣੀ ਮੁਸਕਰਾਹਟ ਨਾਲ ਉਹ ਦਲਾਨ ਵਿਚ ਟਹਿਲਣ ਲੱਗੀ। ਅਤੇ ਖਿੜਕੀ ਵਿਚੋਂ ਬਾਹਰ ਵੱਲ ਵੇਖਿਆ। ਉਸ ਖਿੜਕੀ ਦੇ ਸਾਹਮਣੇ ਇਕ ਲੱਕੜੀ ਦੇ ਬਣੇ ਢਾਂਗਿਆਂ ਦੇ ਜੰਗਲੇ ਵਿਚ ਘਿਰਿਆ ਬਗ਼ੀਚਾ ਸੀ ਜਿਸ ਦੇ ਵਿਚਕਾਰ ਉੱਚੇ ਥੜ੍ਹੇ 'ਤੇ ਗੁਲਾਬ ਦੀ ਝਾੜੀ ਦੇ ਹੇਠਾਂ ਪਿਆ ਹੋਇਆ ਮੂਮੂ ਹੱਡੀ ਚੱਬ ਰਿਹਾ ਸੀ। ਮਾਲਕਣ ਦੀ ਨਜ਼ਰ ਉਸ 'ਤੇ ਜਾ ਟਿਕੀ।

"ਹਾਏ ਰੱਬਾ!" ਉਹ ਬੋਲੀ, "ਇਹ ਕਿਹੜਾ ਕੁੱਤਾ ਹੈ?"

ਉਹ ਨੌਕਰਾਣੀ ਜਿਸ ਨੂੰ ਉਸ ਨੇ ਇਹ ਸਵਾਲ ਪੁਛਿਆ ਸੀ। ਉਹ ਘਬਰਾ ਗਈ ਜਿਵੇਂ ਆਮ ਤੌਰ 'ਤੇ ਹੁੰਦਾ ਹੈ ਜਦੋਂ ਮਤਾਹਿਤ ਨੂੰ ਉਸ ਦਾ ਉੱਪਰਲਾ ਕੋਈ ਸਵਾਲ ਪੁੱਛਦਾ ਹੈ ਅਤੇ ਉਸ ਨੂੰ ਇਹ ਨਹੀਂ ਪਤਾ ਚੱਲਦਾ ਕਿ ਪ੍ਰਸ਼ਨ ਕਿਸ ਲਹਿਜੇ ਵਿਚ ਪੁੱਛਿਆ ਗਿਆ ਹੈ।

"ਮੈਂ-ਮੈਂ-ਨੂੰ-ਨਹੀਂ-ਪਤਾ," ਉਸ ਨੇ ਥਥਲਾਉਂਦੇ ਹੋਏ ਕਿਹਾ. "ਮੈਨੂੰ ਲੱਗਦਾ ਹੈ ਕਿ ਇਹ ਗੂੰਗੇ-ਬਹਿਰੇ ਦਾ ਹੈ, ਮਾਲਕਣ।"

"ਇਹ ਕਿੰਨੀ ਸੋਹਣੀ ਜ਼ਿੰਦ ਹੈ! "ਮਾਲਕਣ ਨੇ ਕਿਹਾ- ਇਸ ਨੂੰ ਇੱਥੇ ਲਿਆਉਣ ਦਾ ਹੁਕਮ ਦਿਓ। ਕੀ ਇਹ ਲੰਮੇ ਅਰਸੇ ਤੋਂ ਉਸ ਕੋਲ ਹੈ? ਮੈਂ ਇਸ ਨੂੰ ਪਹਿਲਾਂ ਕਿਉਂ ਨਹੀਂ ਦੇਖਿਆ? ਇਸ ਨੂੰ ਤੁਰੰਤ ਇੱਥੇ ਲਿਆਉਣ ਦਾ ਹੁਕਮ ਦਿਉ।"

"ਹੇ, ਓਏ ਸਟੇਪਨ!" ਨੌਕਰਾਣੀਆਂ ਨੇ ਕੋਚਵਾਨ ਨੂੰ ਇਕੋ ਵੇਲੇ ਆਵਾਜ਼ ਮਾਰੀ। "ਮੁਮੂ ਇੱਧਰ ਲਿਆ। ਜਲਦ! ਔਹ ਬਗ਼ੀਚੇ ਵਿਚ ਹੈ। ਜਲਦੀ ਕਰੋ!"

"ਆਹਾ!" ਔਰਤ ਨੇ ਕਿਹਾ, "ਉਸ ਦਾ ਨਾਮ ਮੂਮੂ ਹੈ! ਇਹ ਕਿੰਨਾ ਵਧੀਆ ਨਾਮ ਹੈ!"

"ਹਾਂ!" ਨੌਕਰਾਣੀਆਂ ਨੇ ਕਿਹਾ, "ਬਹੁਤ ਕਮਾਲ, ਸੱਚੀਂ! ਛੇਤੀ ਕਰੋ, ਸਟੇਪਨ! ਸੁਣ ਰਿਹਾ ਹੈਂ?"

ਸਟੇਪਨ ਆਪਣੇ ਕੰਮ 'ਤੇ ਲੱਗ ਗਿਆ। ਉਸ ਨੇ ਮੁਮੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬੜੀ ਫੁਰਤੀ ਨਾਲ ਬਚ ਕੇ ਨਿਕਲ ਗਈ ਅਤੇ ਆਪਣੇ ਮਾਲਕ ਕੋਲ ਭੱਜ ਗਈ। ਗਰਾਸੀਮ ਉਸ ਵੇਲੇ ਰਸੋਈ ਵਿਚ ਇੱਕ ਵੱਡੀ ਬੈਰਲ ਦੀ ਸਫ਼ਾਈ ਕਰ ਰਿਹਾ ਸੀ। ਬੈਰਲ ਇੰਨੀ ਭਾਰੀ ਸੀ ਕਿ ਦੋ ਬੰਦੇ ਮੁਸ਼ਕਿਲ ਨਾਲ ਇਸ ਨੂੰ ਸੰਭਾਲ ਸਕਦੇ ਸਨ ਪਰ ਉਹ ਇੰਨੀ ਆਸਾਨੀ ਨਾਲ ਸੰਭਾਲ ਰਿਹਾ ਸੀ। ਸਟੇਪਨ ਮੂਮੂ ਨੂੰ ਫੜ੍ਹਨ ਲਈ ਰਸੋਈ ਵਿਚ ਚਲਾ ਗਿਆ। ਉਹ ਉਸ ਤੋਂ ਬਚਦੀ ਆਪਣੇ ਮਾਲਕ ਦੀਆਂ ਲੱਤਾਂ ਦੇ ਵਿਚਾਲੇ ਚਲੀ ਗਈ। ਗਰਾਸੀਮ ਬੈਰਲ ਛੱਡ ਕੇ ਸਿੱਧਾ ਖੜ੍ਹਾ ਹੋ ਗਿਆ ਅਤੇ ਉਹ ਮੁਸਕਰਾਉਂਦੇ ਹੋਏ ਇਹ ਤਮਾਸ਼ਾ ਵੇਖਦਾ ਰਿਹਾ। ਆਖ਼ਿਰਕਾਰ ਕੋਚਵਾਨ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਗਰਾਸੀਮ ਨੂੰ ਇਸ਼ਾਰਿਆਂ ਨਾਲ ਸਮਝਾਇਆ ਕਿ ਮਾਲਕਣ ਨੇ ਮੂਮੂ ਨੂੰ ਉਸ ਕੋਲ ਲਿਆਉਣ ਦੀ ਕਾਮਨਾ ਕੀਤੀ ਹੈ। ਗਾਰਸੀਮ ਹੈਰਾਨ (ਅਚੰਭਿਤ) ਹੁੰਦਿਆ ਮੂਮੂ ਨੂੰ ਬੁਲਾਇਆ। ਉਸ ਨੂੰ ਚੁੱਕਿਆ ਅਤੇ ਕੋਚਵਾਨ ਨੂੰ ਸੌਂਪ ਦਿੱਤਾ।

ਸਟੇਪਨ ਉਸ ਨੂੰ ਦਲਾਨ ਵਿਚ ਲੈ ਗਿਆ ਅਤੇ ਫਰਸ਼ 'ਤੇ ਬੈਠਾ ਦਿੱਤਾ। ਮਾਲਕਣ ਉਸ ਨੂੰ ਅਤਿ ਮਿੱਠੀ ਆਵਾਜ਼ ਵਿਚ ਬੁਲਾਉਣ ਲੱਗ ਪਈ। ਮੂਮੂ ਜਿਸ ਨੇ ਇੰਨੇ ਵੱਡੇ ਅਤੇ ਸ਼ਾਨਦਾਰ ਕਮਰੇ ਨੂੰ ਅੰਦਰੋਂ ਕਦੇ ਨਹੀਂ ਸੀ ਵੇਖਿਆ। ਉਹ ਸ਼ਰਮਾ ਗਈ ਅਤੇ ਤੇਜ਼ੀ ਨਾਲ ਦਰਵਾਜ਼ੇ ਵੱਲ ਜਾਣ ਲੱਗੀ ਪਰ ਕੋਚਵਾਨ ਨੇ ਉਸ ਦਾ ਪਿੱਛਾ ਕੀਤਾ। ਵਿਚਾਰੀ ਮੂਮੂ ਕੰਧ ਦੇ ਕੋਲ ਖੜ੍ਹੀ ਸੀ। ਉਸ ਦਾ ਅੰਗ ਅੰਗ ਕੰਬ ਰਿਹਾ ਸੀ।

"ਮੂਮੂ, ਮੂਮੂ, ਮੇਰੇ ਕੋਲ ਆ ਜਾ, ਆਪਣੀ ਮਾਲਕਣ ਕੋਲ ਆਜਾ," ਮਾਲਕਣ ਨੇ ਕਿਹਾ। "ਆ ਜਾ, ਨਿੱਕੀ ਮੂਰਖੇ, ਡਰ ਨਾ।"

"ਆਜਾ, ਆਜਾ, ਮੂਮੂ," ਨੌਕਰਾਣੀਆਂ ਨੇ ਉਸ ਦੀ ਸੁਰ ਵਿਚ ਸੁਰ ਮਿਲਾਈ। "ਆਪਣੀ ਮਾਲਕਣ ਕੋਲ ਆਜਾ, ਡਰ ਨਾ।"

ਪਰ ਮੂਮੂ ਨੇ ਚਿੰਤਾ ਭਰੀਆਂ ਨਿਗਾਹਾਂ ਨਾਲ ਆਲੇ-ਦੁਆਲੇ ਵੇਖਿਆ ਅਤੇ ਆਪਣੀ ਜਗ੍ਹਾ ਤੋਂ ਨਾ ਹਿੱਲੀ।

"ਇਸ ਦੇ ਖਾਣ ਲਈ ਕੁਝ ਲਿਆਓ।" ਮਾਲਕਣ ਨੇ ਕਿਹਾ, "ਇਹ ਕਿੰਨੀ ਮੂਰਖ਼ ਹੈ, ਆਪਣੀ ਮਾਲਕਣ ਕੋਲ ਨਹੀਂ ਆ ਰਹੀ! ਮੈਂ ਹੈਰਾਨ ਹਾਂ ਕਿ ਇਹ ਡਰਦੀ ਕਿਸ ਗੱਲੋਂ ਹੈ।"

"ਇਹ ਅਜੇ ਆਪਣੇ ਆਲੇ-ਦੁਆਲੇ ਦੀ ਆਦੀ ਨਹੀਂ ਹੋਈ," ਨੌਕਰਾਣੀ ਨੇ ਵਿਆਖਿਆ ਕੀਤੀ ਅਤੇ ਮੂਮੂ ਲਈ ਸਤਿਕਾਰ ਦੇ ਤੌਰ 'ਤੇ ਬਹੁ-ਵਚਨ ਪੜਨਾਂਵ ਦੀ ਵਰਤੋਂ ਕੀਤੀ, ਕਿਉਂਕਿ ਇਹ ਹੁਣ ਮਾਲਕਣ ਦੀ ਦਿਲਚਸਪੀ ਦੀ ਪਾਤਰ ਸੀ।

ਸਟੇਪਨ ਦੁੱਧ ਦਾ ਇਕ ਪਿਆਲਾ ਲੈ ਆਇਆ ਅਤੇ ਇਸ ਨੂੰ ਮੁਮੂ ਅੱਗੇ ਰੱਖਿਆ ਪਰ ਉਸ ਨੇ ਇਸ ਵੱਲ ਵੇਖਿਆ ਵੀ ਨਹੀਂ ਅਤੇ ਚਿੰਤਾਤੁਰ ਨਿਗਾਹਾਂ ਨਾਲ ਦੇਖਣਾ ਜਾਰੀ ਰੱਖਿਆ।

"ਓ, ਤੂੰ ਕਿੰਨੀ ਮੂਰਖ਼ ਹੈ!" ਮਾਲਕਣ ਨੇ ਕਿਹਾ। ਉਹ ਕੁੱਤੇ ਦੇ ਨੇੜੇ ਹੋ ਕੇ ਉਸ ਨੂੰ ਥਾਪੜਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਮੁਮੂ ਨੇ ਆਪਣੇ ਦੰਦ ਦਿਖਾਏ ਅਤੇ ਮਾਲਕਣ ਨੇ ਛੇਤੀ ਨਾਲ ਆਪਣਾ ਹੱਥ ਪਿੱਛੇ ਹਟਾ ਲਿਆ। ਇਕ ਪਲ ਲਈ ਚੁੱਪ ਹੋ ਗਈ। ਮੂਮੂ ਨੇ ਮਰੀਅਲ ਜਿਹੀ ਚਿਆਂ-ਚਿਆਂ ਕੀਤੀ, ਜਿਵੇਂ ਕਿ ਸ਼ਿਕਾਇਤ ਕਰਨ ਜਾਂ ਮੁਆਫੀ ਮੰਗਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮਾਲਕਣ ਗੁੱਸੇ ਨਾਲ ਉਸ ਕੋਲੋਂ ਦੂਰ ਹੋ ਗਈ। ਉਹ ਕਤੂਰੇ ਦੀ ਤੇਜ਼ ਹਰਕਤ ਤੋਂ ਦਹਿਲ ਗਈ ਸੀ।

"ਓ! ਹੋ!" ਨੌਕਰਾਣੀਆਂ ਦੀ ਮਿਲਵੀਂ ਆਵਾਜ਼ ਸੁਣਾਈ ਦਿੱਤੀ। "ਕੀ ਉਸ ਨੇ ਤੁਹਾਨੂੰ ਦੰਦ ਤਾਂ ਨਹੀਂ ਮਾਰ ਦਿੱਤਾ! ਰੱਬ ਨਾ ਕਰੇ!" (ਮੂਮੂ ਨੇ ਕਦੇ ਵੀ ਕਿਸੇ ਨੂੰ ਵੱਢਿਆ ਨਹੀਂ ਸੀ ਅਤੇ ਉਹ ਇਹ ਗੱਲ ਜਾਣਦੀਆਂ ਸਨ।)" ਓ! ਹੋ!"

"ਲੈ ਜਾਓ ਇਸ ਨੂੰ!" ਮਾਲਕਣ ਨੇ ਹੁਕਮ ਦਿੱਤਾ। "ਇਹ ਕਿੰਨੀ ਘਟੀਆ ਤੇ ਬਦਮਿਜ਼ਾਜ਼ ਕਤੂਰੀ ਹੈ!" ਉਹ ਪਿੱਛੇ ਮੁੜੀ ਅਤੇ ਆਪਣੇ ਨਿੱਜੀ ਕਮਰੇ ਵਿਚ ਚਲੀ ਗਈ।

ਨੌਕਰਾਣੀਆਂ ਨੇ ਚਿੰਤਾਤੁਰ ਨਿਗਾਹਾਂ ਮਿਲਾਈਆਂ ਅਤੇ ਉਸ ਦੇ ਪਿੱਛੇ ਚੱਲ ਪਈਆਂ। ਮਾਲਕਣ ਰੁਕ ਗਈ, ਉਨ੍ਹਾਂ 'ਤੇ ਇਕ ਕ੍ਰੋਧੀ ਨਜ਼ਰ ਨਾਲ ਤੱਕਦਿਆਂ ਕਿਹਾ, "ਕੀ ਹੈ? ਮੈਂ ਤੁਹਾਨੂੰ ਬੁਲਾਇਆ ਨਹੀਂ।" ਇਹ ਕਹਿ ਕੇ ਉਹ ਅੰਦਰ ਚਲੀ ਗਈ। ਪ੍ਰੇਸ਼ਾਨ ਨੌਕਰਾਣੀਆਂ ਨੇ ਚੁੱਪ-ਚਾਪ ਖੜ੍ਹੇ ਸਟੇਪਨ ਨੂੰ ਹੱਥ ਹਿਲਾਏ। ਉਸ ਨੇ ਮੂਮੂ ਨੂੰ ਫੜ ਲਿਆ ਅਤੇ ਗਰਾਸੀਮ ਦੇ ਪੈਰਾਂ ਵਿਚ ਜਾ ਸੁੱਟੀ। ਮਾਲਕਣ ਆਪਣੇ ਨਿੱਜੀ ਕਮਰੇ ਵਿਚ ਬੈਠੀ ਸੀ, ਉੱਕਾ ਬੁਝੀ ਹੋਈ ਅਤੇ ਕਾਲੀ ਘਟਾ ਨਾਲੋਂ ਵੀ ਕਾਲੀ।

ਜ਼ਰਾ ਸੋਚੋ, ਕਿੰਨੀ ਮਾਮੂਲੀ ਜਿਹੀ ਘਟਨਾ ਕਈ ਵਾਰ ਕਿਸੇ ਇਨਸਾਨ ਦੇ ਸੁਭਾ ਉੱਤੇ ਕਿੰਨਾ ਗਹਿਰਾ ਪ੍ਰਭਾਵ ਪਾ ਸਕਦੀ ਹੈ!

ਉਹ ਸਾਰਾ ਦਿਨ ਕਿਸੇ ਨਾਲ ਨਹੀਂ ਬੋਲੀ। ਉਸ ਉੱਤੇ ਉਦਾਸੀ ਦਾ ਆਲਮ ਛਾਇਆ ਰਿਹਾ। ਉਸ ਨੇ ਸ਼ਾਮ ਨੂੰ ਤਾਸ਼ ਨਹੀਂ ਖੇਡੀ ਅਤੇ ਨਾ ਹੀ ਰਾਤ ਨੂੰ ਚੰਗੀ ਤਰ੍ਹਾਂ ਸੁੱਤੀ। ਉਸ ਨੇ ਕਲਪਨਾ ਕਰ ਲਈ ਕਿ ਯੂ-ਡੀ-ਕੋਲੋਨ ਜੋ ਉਸ ਨੂੰ ਦਿੱਤੀ ਗਈ ਸੀ ਉਹ ਉਸ ਕੁਆਲਟੀ ਦੀ ਨਹੀਂ ਸੀ ਜਿਸ ਦੀ ਉਹ ਆਦੀ ਸੀ ਕਿ ਉਸ ਦੇ ਸਿਰਹਾਣਿਆਂ ਦੇ ਗਲਾਫਾਂ ਵਿੱਚੋਂ ਸਾਬਣ ਦੀ ਬੂ ਆਉਂਦੀ ਸੀ ਅਤੇ ਉਸ ਨੇ ਆਪਣੇ ਕੱਪੜਿਆਂ ਦੀ ਸੰਭਾਲ ਕਰਨ ਵਾਲੀ ਨੌਕਰਾਣੀ ਨੂੰ ਹੁਕਮ ਦਿੱਤਾ ਕਿ ਹਰੇਕ ਕੱਪੜੇ ਨੂੰ ਸੁੰਘ-ਸੁੰਘ ਕੇ ਦੇਖੇ। ਸੰਖੇਪ ਵਿਚ ਗੱਲ ਕਹੀਏ ਤਾਂ, ਉਹ ਏਨੀ ਚਿੜਚਿੜੀ ਅਤੇ ਦੁਖੀ ਹੋ ਗਈ ਸੀ ਜਿੰਨੀ ਉਹ ਹੋ ਸਕਦੀ ਸੀ। ਅਗਲੀ ਸਵੇਰ ਜਿਵੇਂ ਹੀ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਉਸ ਨੇ ਸੇਵਾਦਾਰ ਨੂੰ ਬੁਲਾਉਣ ਦਾ ਹੁਕਮ ਦਿੱਤਾ।

ਜਿਵੇਂ ਹੀ ਸੇਵਾਦਾਰ ਪਹੁੰਚਿਆ ਉਹ ਸ਼ੁਰੂ ਹੋ ਗਈ, "ਕ੍ਰਿਪਾ ਕਰਕੇ ਮੈਨੂੰ ਦੱਸੋ ਵਿਹੜੇ ਵਿਚ ਕਿਹੜਾ ਕੁੱਤਾ ਹੈ ਜੋ ਸਾਰੀ ਰਾਤ ਭੌਂਕਦਾ ਰਿਹਾ ਅਤੇ ਮੈਨੂੰ ਪ੍ਰੇਸ਼ਾਨ ਕਰਦਾ ਰਿਹਾ। ਮੈਂ ਸੌਂ ਨਹੀਂ ਸਕੀ।" "ਕੁੱਤਾ, ਮਾਲਕਣ? ਕਿਹੜਾ ਕੁੱਤਾ, ਮਾਲਕਣ? ਸ਼ਾਇਦ ਉਹ ਬੋਲ਼ੇ-ਗੂੰਗੇ ਵਾਲਾ ਹੋਵੇਗਾ, ਮਾਲਕਣ?" ਸੇਵਾਦਾਰ ਨੇ ਕੰਬਦੀ ਆਵਾਜ਼ ਨਾਲ ਕਿਹਾ।

"ਮੈਂ ਕੁਛ ਨਹੀਂ ਜਾਣਦੀ," ਉਸ ਨੇ ਖਿਝ ਕੇ ਕਿਹਾ, "ਇਹ ਬੋਲ਼ੇ-ਗੂੰਗੇ ਦਾ ਹੈ ਜਾਂ ਕਿਸੇ ਹੋਰ ਦਾ। ਉਸ ਨੇ ਮੈਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ। ਮੈਂ ਹੈਰਾਨ ਹਾਂ ਕਿ ਘਰ ਦੇ ਆਲੇ-ਦੁਆਲੇ ਏਨੀ ਕਤੀੜ ਦੀ ਕੀ ਲੋੜ ਹੈ। ਕੀ ਇੱਥੇ ਕੋਈ ਰਾਖੀ ਲਈ ਪੱਕਾ ਕੁੱਤਾ ਨਹੀਂ ਹੈ? "

"ਬੇਸ਼ੱਕ, ਮਾਲਕਣ, ਹੈ। ਵੋਲਚੋਕ, ਮਾਲਕਣ।"

"ਤਾਂ ਫਿਰ, ਸਾਨੂੰ ਹੋਰ ਕੁੱਤਿਆਂ ਦੀ ਕੀ ਲੋੜ ਹੈ? ਘਰ ਵਿਚ ਐਵੇਂ ਗਾਹ ਹੀ ਪੈਂਦਾ ਹੈ, ਬਸ ਹੋਰ ਕੀ। ਘਰ ਵਿਚ ਕੋਈ ਮਾਲਕ ਨਹੀਂ ਹੈ ਅਤੇ ਲੋਕ ਹਰ ਤਰ੍ਹਾਂ ਦੀ ਖੁੱਲ੍ਹ ਲੈਂਦੇ ਹਨ। ਬੋਲ਼ੇ-ਗੁੰਗੇ ਨੇ ਕੁੱਤਾ ਕੀ ਕਰਨਾ ਹੈ? ਉਸ ਨੂੰ ਰੱਖ ਲੈਣ ਦੀ ਇਜਾਜ਼ਤ ਕਿਸ ਨੇ ਦਿੱਤੀ? ਕੱਲ੍ਹ ਹੀ ਮੈਂ ਦੇਖਿਆ ਕਿ ਉਹ ਕੋਈ ਗੰਦੀ ਜਿਹੀ ਚੀਜ਼ ਸਾਡੇ ਬਗ਼ੀਚੇ ਵਿਚ ਲੈ ਆਈ ਸੀ ਅਤੇ ਐਨ ਉੱਥੇ ਬੈਠੀ ਚਬੋਲ਼ ਰਹੀ ਸੀ ਜਿੱਥੇ ਮੇਰੇ ਗੁਲਾਬ ਲਾਏ ਹੋਏ ਹਨ।" ਉਹ ਕੁਝ ਪਲ ਚੁੱਪ ਹੋ ਗਈ ਤੇ ਫਿਰ ਕਿਹਾ:"ਉਸ ਨੂੰ ਅੱਜ ਹੀ ਇੱਥੋਂ ਕੱਢ ਦਿਓ। ਸੁਣੀ ਮੇਰੀ ਗੱਲ?"

"ਠੀਕ ਹੈ, ਮਾਲਕਣ।"

"ਅੱਜ ਹੀ, ਮੈਂ ਆਖਦੀ ਹਾਂ! ਹੁਣ ਜਾ। ਮੈਂ ਬਾਅਦ ਵਿਚ ਤੇਰੇ ਕੋਲੋਂ ਕੰਮ ਦੀ ਖ਼ਬਰ ਲਵਾਂਗੀ।" ਗਾਵਰੀਲੋ ਬਾਹਰ ਨਿਕਲ ਗਿਆ।

ਦਲਾਨ ਲੰਘ ਜਾਣ ਤੋਂ ਬਾਅਦ ਉਸ ਨੇ ਕਾਲ-ਬੈੱਲ ਇਕ ਮੇਜ਼ ਤੋਂ ਚੁੱਕ ਕੇ ਦੂਜੀ ਮੇਜ਼ 'ਤੇ ਰੱਖ ਦਿੱਤੀ। ਦਰਵਾਜ਼ੇ 'ਤੇ ਪਹੁੰਚ ਕੇ ਉਸ ਨੇ ਆਪਣਾ ਮਿੱਡਾ ਨੱਕ ਬੜੀ ਇਤਤਿਹਾਤ ਨਾਲ ਛਿਣਕਿਆ ਅਤੇ ਹਾਲ ਕਮਰੇ ਵਿਚ ਚਲਾ ਗਿਆ। ਉੱਥੇ ਸਟੇਪਨ ਬੈਂਚ 'ਤੇ ਸੁੱਤਾ ਪਿਆ ਸੀ। ਲੜਾਈ ਦੇ ਮੈਦਾਨ ਵਿਚ ਇਕ ਮਰੇ ਹੋਏ ਯੋਧੇ ਦੀ ਤਰ੍ਹਾਂ ਉਸ ਦੀ ਸ਼ਕਲ ਬਣੀ ਹੋਈ ਸੀ, ਜਿਵੇਂ ਇਕ ਤਸਵੀਰ ਵਿਚ ਦਰਸਾਈ ਗਈ ਹੋਵੇ। ਉਸ ਦੇ ਨੰਗੇ ਪੈਰ ਰਜਾਈ ਦੇ ਰੂਪ ਵਿਚ ਵਰਤੇ ਉਸ ਦੇ ਕੋਟ ਦੇ ਹੇਠੋਂ ਬਾਹਰ ਨਿਕਲੇ ਹੋਏ ਸਨ। ਗਵਰੀਲੋ ਨੇ ਉਸ ਨੂੰ ਝੂਣਿਆ ਅਤੇ ਦੱਬੀ ਜਿਹੀ ਆਵਾਜ਼ ਵਿਚ ਕੁਝ ਹੁਕਮ ਦਿੱਤੇ, ਜਿਨ੍ਹਾਂ ਦਾ ਜਵਾਬ ਉਸ ਨੇ ਅੱਧਾ ਕੁ ਹਾਸੇ ਅਤੇ ਅੱਧਾ ਕੁ ਉਬਾਸੀ ਨਾਲ ਦਿੱਤਾ। ਉਸ ਨੇ ਤੇਜ਼ੀ ਨਾਲ ਆਪਣੇ ਬੂਟ ਅਤੇ ਕੋਟ ਪਹਿਨ ਲਏ ਅਤੇ ਬਾਹਰ ਪੋਰਚ ਵਿਚ ਤੈਨਾਤ ਹੋ ਗਿਆ। ਕੁਝ ਹੀ ਪਲਾਂ ਬਾਅਦ ਗਰਾਸੀਮ ਆਪਣੀਆਂ ਬਾਹਾਂ ਤੇ ਲੱਕੜਾਂ ਦਾ ਵੱਡਾ ਭਾਰੀ ਥੱਬਾ ਲਈ ਆਉਂਦਾ ਨਜ਼ਰ ਪਿਆ। ਉਸ ਦੇ ਨਾਲ ਮੁਮੂ ਸੀ। ਮਾਲਕਣ ਦੀ ਆਦਤ ਸੀ ਕਿ ਗਰਮੀ ਦੀ ਰੁੱਤ ਵਿਚ ਵੀ ਉਹ ਆਪਣੇ ਕਮਰੇ ਅਤੇ ਸੌਣ ਵਾਲੇ ਕਮਰੇ ਨੂੰ ਥੋੜ੍ਹਾ ਜਿਹਾ ਗਰਮ ਰੱਖਦੀ ਸੀ। ਗਰਾਸੀਮ ਨੇ ਆਪਣੀ ਕੂਹਣੀ ਨਾਲ ਦਬਾ ਕੇ ਹੱਥੀ ਨੂੰ ਘੁਮਾਇਆ ਅਤੇ ਮੋਢੇ ਨਾਲ ਧੱਕ ਕੇ ਦਰਵਾਜ਼ਾ ਖੋਲ੍ਹ ਲਿਆ। ਮੂਮੂ ਵਿਹੜੇ ਵਿਚ ਖੜ੍ਹੀ ਉਸ ਦੀ ਉਡੀਕ ਕਰ ਰਹੀ ਸੀ, ਜਿਵੇਂ ਉਹ ਹਮੇਸ਼ਾਂ ਕਰਦੀ ਹੁੰਦੀ ਸੀ। ਇਸ ਮੌਕੇ ਨੂੰ ਕੋਚਵਾਨ ਨੇ ਬੋਚ ਲਿਆ ਤੇ ਮੂਮੂ ਨੂੰ ਦਬੋਚ ਲਿਆ। ਉਸ ਨੇ ਆਪਣੇ ਆਪ ਨੂੰ ਉਸ ਉੱਤੇ ਸੁੱਟ ਦਿੱਤਾ, ਜਿਵੇਂ ਇਕ ਗਿਰਝ ਆਪਣੇ ਸ਼ਿਕਾਰ ਉੱਤੇ ਝਪਟਦੀ ਹੈ। ਉਸ ਨੂੰ ਜ਼ਮੀਨ 'ਤੇ ਦੱਬ ਲਿਆ। ਫਿਰ ਉਸ ਨੂੰ ਫੜ ਲਿਆ ਅਤੇ ਉਸ ਨੂੰ ਲੈ ਕੇ ਤੇਜ਼ੀ ਨਾਲ ਦੌੜ ਗਿਆ। ਇੱਥੋਂ ਤਕ ਕਿ ਆਪਣੀ ਟੋਪੀ ਪਹਿਨਣ ਲਈ ਵੀ ਸਮਾਂ ਨਹੀਂ ਗੁਆਇਆ।

ਉਹ ਆਪਣਾ ਕੀਮਤੀ ਸਾਮਾਨ ਲੈ ਕੇ ਗਲੀ ਵਿਚ ਮਿਲੇ ਪਹਿਲੇ ਤਾਂਗੇ ਵਿਚ ਚੜ੍ਹ ਗਿਆ ਅਤੇ ਓਖੋਤਨੀ ਰਿਆਦ (ਸ਼ਿਕਾਰੀ ਮਾਰਕੀਟ) ਵੱਲ ਚਲਾ ਗਿਆ। ਉੱਥੇ ਉਸ ਨੇ ਉਸ ਨੂੰ ਅੱਧੇ ਰੂਬਲ ਵਿਚ ਇਸ ਸ਼ਰਤ 'ਤੇ ਵੇਚ ਦਿੱਤਾ ਕਿ ਖ਼੍ਰੀਦਦਾਰ ਉਸ ਨੂੰ ਘੱਟੋ-ਘੱਟ ਇਕ ਹਫ਼ਤੇ ਲਈ ਬੰਨ੍ਹ ਕੇ ਰੱਖੇਗਾ। ਉਹ ਤੁਰੰਤ ਉਸੇ ਹੀ ਤਾਂਗੇ ਵਿਚ ਘਰ ਆਇਆ ਪਰ ਉਹ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਉਤਰ ਗਿਆ। ਘਰ ਦੇ ਅੰਦਰ ਜਾਣ ਦੀ ਹਿੰਮਤ ਉਸ ਵਿਚ ਨਹੀਂ ਸੀ। ਡਰਦਾ ਸੀ ਕਿ ਕੀਤੇ ਗਾਰਸੀਮ ਨਾ ਮਿਲ ਜਾਏ। ਉਹ ਮਗਰਲੀ ਗਲੀ ਵਿਚ ਚਲਾ ਗਿਆ ਅਤੇ ਵਾੜ ਟੱਪ ਕੇ ਵਿਹੜੇ ਵੱਲ ਹੋ ਤੁਰਿਆ।

ਪਰ ਉਸ ਦਾ ਡਰ ਬੇਲੋੜਾ ਸੀ। ਗਰਾਸੀਮ ਘਰ ਵਿਚ ਨਹੀਂ ਸੀ। ਜਿਉਂ ਹੀ ਉਸ ਨੇ ਆਪਣੀ ਲੱਕੜੀ ਢੇਰੀ ਕਰ ਦਿੱਤੀ ਅਤੇ ਆਪਣੇ ਮਾਲਕਣ ਦੇ ਰਿਹਾਇਸ਼ੀ ਮਕਾਨ ਤੋਂ ਬਾਹਰ ਆਇਆ ਤਾਂ ਉਸ ਨੂੰ ਆਪਣੀ ਮੂਮੂ ਨਾ ਦਿਖੀ। ਇਹ ਪਹਿਲੀ ਵਾਰ ਵਾਪਰਿਆ ਸੀ ਕਿ ਉਸ ਨੂੰ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਨਹੀਂ ਮਿਲੀ ਸੀ। ਉਸ ਨੇ ਉਸ ਨੂੰ ਲੱਭਣ ਲਈ ਪਹਿਲਾਂ ਆਪਣੇ ਕਮਰੇ ਵਿਚ, ਫਿਰ ਅਸਤਬਲਾਂ ਅਤੇ ਫਿਰ ਗੁਦਾਮ ਵੱਲ ਗਿਆ। ਉਹ ਉਸ ਨੂੰ ਆਪਣੀ ਵਿਲੱਖਣ ਆਵਾਜ਼ ਵਿਚ "ਮੂਮੂ, ਮੂਮੂ!" ਪੁਕਾਰ ਰਿਹਾ ਸੀ, ਪਰ ਵਿਅਰਥ; ਉਹ ਕਿਤੇ ਨਾ ਮਿਲੀ।

ਉਹ ਜਿਸ ਨੂੰ ਮਿਲਦਾ, ਉਸ ਨੂੰ ਰੋਕ ਲੈਂਦਾ, ਇਸ਼ਾਰਿਆਂ ਨਾਲ ਉਸ ਤੋਂ ਪੁੱਛ-ਗਿੱਛ ਕਰਦਾ। ਉਹ ਆਪਣਾ ਹੱਥ ਜ਼ਮੀਨ ਤੋਂ ਕਰੀਬ ਅੱਧਾ ਗਜ਼ ਉਪਰ ਫੈਲਾ ਕੇ ਉਸ ਬਾਰੇ ਸਮਝਾਉਣ ਦਾ ਯਤਨ ਕਰਦਾ ਅਤੇ ਫਿਰ ਹਵਾ ਵਿਚ ਆਪਣੀ ਉਂਗਲੀ ਨਾਲ ਉਸ ਦੀ ਰੂਪ ਰੇਖਾ ਉਲੀਕਦਾ। ਮੂਮੂ ਦੀਆਂ ਹਰਕਤਾਂ ਅਤੇ ਭੌਂਕਣ ਦੀ ਹੂ-ਬ-ਹੂ ਨਕਲ ਉਤਾਰ ਕੇ ਦੱਸਦਾ। ਕੁਝ ਨੂੰ ਸੱਚ ਪਤਾ ਸੀ ਕਿ ਮੁਮੂ ਦਾ ਕੀ ਬਣਿਆ ਪਰ ਕੋਈ ਵੀ ਇਸ ਬਾਰੇ ਉਸ ਨੂੰ ਦੱਸਦਾ ਨਹੀਂ ਸੀ। ਉਹ ਸਿਰਫ਼ ਉਦਾਸ ਜਿਹਾ ਮੁਸਕਰਾਉਂਦੇ ਅਤੇ ਉਸ ਦੀ ਚਿੰਤਾਤੁਰ ਪੁੱਛਗਿੱਛ ਦੇ ਜਵਾਬ ਵਿਚ ਆਪਣੇ ਮੋਢੇ ਹਿਲਾ ਦਿੰਦੇ ਸਨ ਜਦੋਂ ਉਸ ਨੇ ਆਪਣੇ ਇਸ਼ਾਰਿਆਂ ਨਾਲ ਸੇਵਾਦਾਰ ਨੂੰ ਪੁੱਛਣ ਲੱਗਿਆ, ਤਾਂ ਉਸ ਨੇ ਬੜਾ ਰੋਹਬਦਾਰ ਅੰਦਾਜ਼ ਧਾਰ ਲਿਆ ਅਤੇ ਕੋਚਵਾਨ ਨੂੰ ਝਿੜਕਣ ਲੱਗ ਪਿਆ। ਗਰਾਸੀਮ ਫਿਰ ਆਪਣੀ ਮੂਮੂ ਦੀ ਭਾਲ ਵਿਚ ਸੜਕ ਵੱਲ ਚਲਾ ਗਿਆ।

ਸ਼ਾਮ ਹੋ ਚੁੱਕੀ ਸੀ ਜਦੋਂ ਉਹ ਘਰ ਪਰਤਿਆ। ਉਸ ਦੇ ਥੱਕੇ ਹਾਰੇ ਰੂਪ, ਉਸ ਦੀ ਅਲਸਾਈ ਜਿਹੀ ਚਾਲ ਅਤੇ ਸਿਰ ਤੋਂ ਪੈਰਾਂ ਤੱਕ ਚੜ੍ਹੀ ਧੂੜ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਸ ਨੇ ਮੂਮੂ ਦੀ ਤਲਾਸ਼ ਲਈ ਪੂਰਾ ਸ਼ਹਿਰ ਛਾਣ ਮਾਰਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਵਿਹੜੇ ਵਿਚ ਪਰਿਵਾਰ ਦੇ ਕਈ ਵਿਅਕਤੀ ਸਨ। ਉਸ ਨੇ ਉਨ੍ਹਾਂ ਵੱਲ ਰੁਖ਼ ਕੀਤਾ ਅਤੇ ਕਿਹਾ "ਮੂਮੂ", ਪਰ ਉਹ ਉਸ ਨੂੰ ਜਵਾਬ ਨਹੀਂ ਦੇ ਸਕੇ। ਉਸ ਨੇ ਮਾਲਕਣ ਦੇ ਰਿਹਾਇਸ਼ੀ ਮਕਾਨ ਦੀਆਂ ਖਿੜਕੀਆਂ ਵੱਲ ਦੇਖਿਆ, ਮੁੜ ਕੁਝ ਉਚਾਰਿਆ ਅਤੇ ਆਪਣੇ ਕਮਰੇ ਵਿਚ ਚਲਾ ਗਿਆ। ਉਹ ਉਸ ਨੂੰ ਦੇਖਦੇ ਰਹੇ ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਨਾ ਕੋਈ ਹੱਸਿਆ। ਕੋਚਵਾਨ ਅੰਤਿਪਕਾ ਨੇ ਅਗਲੇ ਦਿਨ ਦੱਸਿਆ ਕਿ ਉਸ ਨੇ ਉਤਸੁਕਤਾ ਕਾਰਨ ਦੇਖਦਾ ਰਿਹਾ ਕਿ ਗਰਾਸੀਮ ਸਾਰੀ ਰਾਤ ਜਾਗਦਾ ਰਿਹਾ ਸੀ। ਆਪਣੇ ਮੰਜੇ 'ਤੇ ਉੱਸਲਵੱਟੇ ਲੈਂਦਾ ਰਿਹਾ ਅਤੇ ਡੂੰਘੇ ਸਾਹ ਭਰਦਾ ਰਿਹਾ ਸੀ।

ਗਰਾਸੀਮ ਅਗਲੇ ਦਿਨ ਆਪਣੀ ਕੋਠੜੀ ਵਿਚੋਂ ਨਾ ਨਿਕਲਿਆ ਅਤੇ ਅੰਤਿਪਕਾ ਨੂੰ ਨਦੀ ਤੋਂ ਪਾਣੀ ਲਿਆਉਣਾ ਪਿਆ ਸੀ ਜਿਸ ਦੀ ਉਸ ਨੂੰ ਭਾਰੀ ਸ਼ਿਕਾਇਤ ਸੀ। ਮਾਲਕਣ ਨੇ ਸੇਵਾਦਾਰ ਤੋਂ ਪੁੱਛਿਆ ਕਿ, ਕੀ ਉਸ ਦੇ ਹੁਕਮ ਦੀ ਤਾਮੀਲ ਹੋ ਗਈ ਹੈ, ਤਾਂ ਸੇਵਾਦਾਰ ਨੇ ਹਾਂ ਵਿਚ ਪੁਸ਼ਟੀ ਕੀਤੀ।

ਅਗਲੇ ਦਿਨ ਗਰਾਸੀਮ ਨੇ ਆਪਣਾ ਕੰਮ ਆਮ ਵਾਂਗ ਹੀ ਕੀਤਾ ਪਰ ਉਸ ਨੇ ਵਿਹੜੇ ਵਿਚ ਜਾਂ ਖਾਣੇ ਦੀ ਮੇਜ਼ ਤੇ ਕਿਸੇ ਨਾਲ ਦੁਆ ਸਲਾਮ ਨਹੀਂ ਕੀਤਾ। ਉਸ ਦਾ ਚਿਹਰਾ ਜੋ ਅਕਸਰ ਸ਼ਾਂਤ ਸਹਿਜ ਅਤੇ ਬੇਪਰਵਾਹ ਹੁੰਦਾ ਸੀ ਜਿਹੜਾ ਕਿ ਹੁਣ ਇਕ ਪੱਥਰ ਵਰਗਾ ਲੱਗਦਾ ਸੀ। ਰਾਤ ਦੇ ਖਾਣੇ ਦੇ ਬਾਅਦ ਉਹ ਫਿਰ ਬਾਹਰ ਚਲਾ ਗਿਆ ਪਰ ਉਹ ਛੇਤੀ ਹੀ ਵਾਪਸ ਆ ਗਿਆ ਅਤੇ ਕੱਖਾਂ ਵਾਲੇ ਕੋਠੇ ਵਿੱਚ ਕੱਖਾਂ ਦੀ ਇਕ ਢੇਰੀ 'ਤੇ ਪੈ ਗਿਆ। ਰਾਤ ਪੈ ਗਈ, ਇਕ ਸੁੰਦਰ, ਸ਼ਾਂਤ, ਚੰਨ ਚਾਨਣੀ ਰਾਤ। ਗਰਾਸੀਮ ਅਜੇ ਵੀ ਕੱਖਾਂ ਦੀ ਢੇਰੀ ਤੇ ਪਿਆ ਹੋਇਆ ਸੀ। ਬੇਚੈਨੀ ਨਾਲ ਉੱਸਲਵੱਟੇ ਲੈ ਰਿਹਾ ਅਤੇ ਕਰਾਹ ਰਿਹਾ ਸੀ। ਅਚਾਨਕ ਉਸ ਨੇ ਮਹਿਸੂਸ ਕੀਤਾ ਕਿ ਕੋਈ ਉਸ ਦੇ ਕੋਟ ਨੂੰ ਖਿੱਚ ਰਿਹਾ ਸੀ। ਉਸ ਨੇ ਆਪਣਾ ਸਾਹ ਰੋਕ ਲਿਆ ਅਤੇ ਆਪਣੀਆਂ ਅੱਖਾਂ ਮੀਚ ਲਈਆਂ। ਹੋਰ ਜ਼ੋਰ ਦੀ ਕਿਸੇ ਨੇ ਉਸ ਦੇ ਕੋਟ ਦਾ ਪੱਲਾ ਖਿਚਿਆ। ਉਹ ਛਾਲ ਮਾਰ ਕੇ ਉਠਿਆ। ਉਸ ਦੇ ਸਾਹਮਣੇ ਮੁੂਮੂ ਖੜੀ ਸੀ ਜਿਸ ਦੀ ਗਰਦਨ ਦੇ ਦੁਆਲੇ ਰੱਸੀ ਦਾ ਇਕ ਟੁਕੜਾ ਸੀ। ਉਸ ਨੇ ਉਸ ਉੱਤੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਮੂਕ ਛਾਤੀ ਵਿਚੋਂ ਤੀਬਰ ਖੁਸ਼ੀ ਦੀ ਇਕ ਚੀਖ਼ ਨਿਕਲ ਗਈ। ਉਸ ਨੇ ਆਪਣੀ ਮੂਮੂ ਨੂੰ ਚੁੱਕ ਲਿਆ ਅਤੇ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ। ਉਸ ਨੇ ਉਸ ਦਾ ਮੂੰਹ, ਬੁੱਲ੍ਹਾਂ ਅਤੇ ਦਾੜ੍ਹੀ ਨੂੰ ਚੱਟਿਆ। ਉਹ ਇਕ ਮਿੰਟ ਸੋਚਣ ਲਈ ਰੁਕਿਆ, ਕੱਖਾਂ ਦੀ ਢੇਰੀ ਤੋਂ ਉਤਰਿਆ ਅਤੇ ਬਾਹਰ ਵਿਹੜੇ ਵਿਚ ਵੇਖਣ ਲਈ ਆਪਣਾ ਸਿਰ ਬਾਹਰ ਕੱਢਿਆ। ਇਹ ਦੇਖ ਕੇ ਕਿ ਕੋਈ ਨਹੀਂ ਸੀ। ਉਹ ਸਾਵਧਾਨੀ ਨਾਲ ਆਪਣੀ ਕੋਠੜੀ ਵਿੱਚ ਚਲਿਆ ਗਿਆ। ਉਹ ਖੁਸ਼ ਸੀ ਕਿ ਕਿਸੇ ਨੇ ਉਸ ਨੂੰ ਦੇਖਿਆ ਨਹੀਂ ਸੀ। ਉਸ ਨੇ ਇਹ ਅੰਦਾਜ਼ਾ ਲਗਾਇਆ ਕਿ ਮੂਮੂ ਸਿਰਫ਼ ਐਵੇਂ ਹੀ ਨਹੀਂ ਗਵਾਚ ਗਈ ਸੀ। ਉਸ ਦੀ ਗਰਦਨ ਦੀ ਰੱਸੀ ਨੇ ਉਸ ਦੇ ਸ਼ੱਕ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਮਾਲਕਣ ਦੇ ਹੁਕਮ ਨਾਲ ਲਿਜਾਇਆ ਗਿਆ ਸੀ। ਘਰ ਦੇ ਲੋਕਾਂ ਨੇ ਉਸ ਨੂੰ ਦਿਖਾਇਆ ਸੀ ਕਿ ਮੂਮੂ ਨੇ ਮਾਲਕਣ ਨੂੰ ਭੌਂਕਿਆ ਸੀ। ਇਸ ਲਈ ਉਸ ਨੇ ਭਵਿੱਖ ਵਿੱਚ ਉਸ ਦੀ ਚੰਗੀ ਤਰ੍ਹਾਂ ਨਿਗਰਾਨੀ ਰੱਖਣ ਦਾ ਫ਼ੈਸਲਾ ਕਰ ਲਿਆ।

ਆਪਣੀ ਕੋਠੜੀ ਵਿੱਚ ਪਹੁੰਚ ਕੇ, ਉਸ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮੂਮੂ ਨੂੰ ਖਾਣਾ ਖੁਆਇਆ ਅਤੇ ਉਸ ਨੂੰ ਸੌਣ ਲਈ ਲਿਟਾ ਦਿੱਤਾ। ਆਪ ਉਹ ਆਪਣੇ ਮੰਜੇ ਤੇ ਪੈ ਗਿਆ। ਉਹ ਸਾਰੀ ਰਾਤ ਜਾਗਦਾ ਰਿਹਾ। ਆਪਣੇ ਮਨ ਵਿਚ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਆਪਣੀ ਮੂਮੂ ਨੂੰ ਸਭ ਤੋਂ ਬਿਹਤਰ ਕਿਵੇਂ ਲੁਕਾ ਸਕਦਾ ਹੈ। ਅੰਤ ਉਸ ਨੇ ਫ਼ੈਸਲਾ ਕੀਤਾ ਕਿ ਉਹ ਉਸ ਨੂੰ ਆਪਣੀ ਕੋਠੜੀ ਵਿੱਚ ਤਾਲਾਬੰਦ ਰੱਖੇਗਾ। ਉਹ ਦਿਨ ਵਿਚ ਦੋ ਵਾਰ ਜਾਂ ਤਿੰਨ ਵਾਰ ਉਸ ਦੀ ਦੇਖ-ਭਾਲ ਲਈ ਆਏਗਾ ਅਤੇ ਰਾਤ ਨੂੰ ਜਦੋਂ ਉਹ ਸਾਰੇ ਸੁੱਤੇ ਹੋਏ ਹੁੰਦੇ ਹਨ ਤਾਂ ਉਸ ਨੂੰ ਬਾਹਰ ਲੈ ਜਾਇਆ ਕਰੇਗਾ ਤਾਂ ਕਿ ਉਹ ਉਸ ਨੂੰ ਖੁੱਲ੍ਹੀ ਹਵਾ ਮਿਲ ਸਕੇ। ਉਸ ਨੇ ਉਹ ਮੋਰੀ ਜੋ ਉਸ ਨੇ ਦਰਵਾਜ਼ੇ ਵਿਚ ਕੀਤੀ ਸੀ, ਉਹ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਅਤੇ ਸਵੇਰੇ ਸਾਝਰੇ ਉਹ ਆਪਣੀ ਕੋਠੜੀ ਵਿੱਚੋਂ ਬਾਹਰ ਨਿਕਲਿਆ। ਉਹ ਇਵੇਂ ਦਾ ਪ੍ਰਭਾਵ ਦੇਣ ਯਤਨ ਕਰ ਰਿਹਾ ਸੀ ਜਿਵੇਂ ਕਿ ਕੁਝ ਵੀ ਨਹੀਂ ਹੋਇਆ ਸੀ। ਉਸ ਨੇ ਉਦਾਸ ਦਿਖਣ ਦੀ ਵੀ ਕੋਸ਼ਿਸ਼ ਕੀਤੀ, ਜਿਵੇਂ ਕਿ ਉਹ ਅਜੇ ਵੀ ਆਪਣੀ ਮੂਮੂ ਦੀ ਜੁਦਾਈ ਵਿਚ ਦਿਲਗ਼ੀਰ ਹੋਵੇ। ਵਿਚਾਰੀ ਮਾਸੂਮ ਸ਼ਰਾਪੀ ਜ਼ਿੰਦ! ਉਸ ਨੂੰ ਉੱਕਾ ਖ਼ਿਆਲ ਨਹੀਂ ਆਇਆ ਸੀ ਕਿ ਕੁੱਤਾ ਆਪਣੀ ਭੌਂਕਣ ਦੀ ਆਵਾਜ਼ ਨਾਲ ਖ਼ੁਦ ਨੂੰ ਜ਼ਾਹਿਰ ਕਰ ਦੇਵੇਗਾ।

ਦਰਅਸਲ, ਘਰ ਦੇ ਸਾਰੇ ਲੋਕ ਉਸੇ ਸਵੇਰ ਨੂੰ ਜਾਣ ਗਏ ਸਨ ਕਿ ਮੂਮੂ ਵਾਪਸ ਆ ਗਈ ਹੈ ਅਤੇ ਉਹ ਗਰਾਸੀਮ ਦੇ ਕਮਰੇ ਵਿਚ ਤਾਲਾਬੰਦ ਹੈ ਪਰ ਉਸ ਲਈ ਅਤੇ ਕੁੱਤੇ ਲਈ ਤਰਸ ਕਾਰਨ ਕੁਝ ਹੱਦ ਤਕ ਉਸ ਦੇ ਡਰ ਕਾਰਨ ਉਨ੍ਹਾਂ ਇਹ ਜ਼ਾਹਿਰ ਨਾ ਕੀਤਾ ਕਿ ਉਨ੍ਹਾਂ ਨੂੰ ਉਸ ਦਾ ਭੇਤ ਜ਼ਾਹਿਰ ਹੋ ਚੁੱਕਾ ਸੀ। ਸੇਵਾਦਾਰ ਦਾ ਚਿਹਰਾ ਇਹ ਖ਼ਬਰ ਸੁਣ ਕੇ ਤਣ ਗਿਆ। ਉਹ ਸੋਚੀ ਪੈਂਦਿਆਂ ਆਪਣੀ ਖੁੱਤੀ 'ਤੇ ਹੱਥ ਫੇਰਦਾ ਅਤੇ ਆਪ ਮੁਹਾਰੇ ਹੱਥ ਹਿਲਾਉਂਦਿਆਂ। "ਠੀਕ ਹੈ, ਕੋਈ ਫ਼ਿਕਰ ਵਾਲੀ ਗੱਲ ਨਹੀਂ! ਹੋ ਸਕਦਾ ਹੈ ਕਿ ਮਾਲਕਣ ਨੂੰ ਇਸ ਦਾ ਪਤਾ ਹੀ ਨਾ ਲੱਗ ਸਕੇ।"

ਗਰਾਸੀਮ ਨੇ ਉਸ ਦਿਨ ਘਰ ਦੇ ਆਲੇ-ਦੁਆਲੇ ਜਿੰਨਾ ਲਗਨ ਨਾਲ ਕੰਮ ਕੀਤਾ ਕਦੀ ਕਿਸੇ ਨੇ ਨਹੀਂ ਕੀਤਾ ਹੋਣਾ। ਉਸ ਨੇ ਵਿਹੜੇ ਦਾ ਚੱਪਾ-ਚੱਪਾ ਸਾਫ਼ ਕਰ ਦਿੱਤਾ। ਉਸ ਨੇ ਘਾਹ ਦੀਆਂ ਇਕ-ਇਕ ਕਰਕੇ ਸਭ ਤੜਾਂ ਪੁੱਟ ਦਿੱਤੀਆਂ ਜੋ ਫੁੱਟਪਾਥ ਦੇ ਪੱਥਰਾਂ ਦੇ ਜੋੜਾਂ ਦੇ ਵਿਚ ਉੱਗ ਆਈਆਂ ਸਨ। ਉਸ ਨੇ ਇਹ ਪੱਕਾ ਕਰਨ ਲਈ ਬਗ਼ੀਚੇ ਦੇ ਆਲੇ-ਦੁਆਲੇ ਹਰ ਵਾੜੇ ਦੀ ਇਕ-ਇਕ ਝਿੰਗ ਨੂੰ ਠੀਕ ਕੀਤਾ ਅਤੇ ਤਸੱਲੀ ਕੀਤੀ ਕਿ ਕੋਈ ਸੜ-ਗਲ਼ ਤਾਂ ਨਹੀਂ ਗਈ ਸੀ। ਬਹੁਤਿਆ ਦੀ ਥਾਂ ਜੇਕਰ ਇਕ ਗੱਲ ਵਿਚ ਇਸ ਵਿਸਤਾਰ ਨੂੰ ਨਿਬੇੜਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਨੇ ਇੰਨੇ ਜੋਸ਼ ਅਤੇ ਧਿਆਨ ਨਾਲ ਕੰਮ ਕੀਤਾ, ਕਿ ਮਾਲਕਣ ਨੇ ਵੀ ਉਸ ਨੂੰ ਸ਼ਾਬਾਸ਼ੀ ਦਿੱਤੀ। ਉਹ ਦਿਨ ਦੇ ਦੌਰਾਨ ਮੁਮੂ ਦੀ ਦੇਖ-ਰੇਖ ਕਰਨ ਲਈ ਕਈ ਵਾਰੀ ਚੋਰੀ ਛਿਪੇ ਸਮਾਂ ਕੱਢ ਲੈਂਦਾ ਸੀ ਅਤੇ ਸ਼ਾਮ ਨੂੰ ਉਹ ਬਿਨਾਂ ਦੇਰੀ ਦੇ ਆਪਣੀ ਨੂੰ ਬਾਹਾਂ ਵਿੱਚ ਲੈ ਕੇ ਸੌਂ ਜਾਂਦਾ ਸੀ।

ਅੱਧੀ ਰਾਤ ਤੋਂ ਕਰੀਬ ਦੋ ਕੁ ਘੰਟੇ ਬਾਅਦ ਉਹ ਉੱੱਠਿਆ ਅਤੇ ਮੁਮੂ ਨੂੰ ਥੋੜ੍ਹੀ ਜਿਹੀ ਵਰਜਿਸ਼ ਕਰਵਾਉਣ ਦੇ ਮੰਤਵ ਨਾਲ ਵਿਹੜੇ ਵਿਚ ਬਾਹਰ ਚਲਾ ਗਿਆ। ਉਹ ਲਗਪਗ ਇੱਕ ਘੰਟਾ ਭਰ ਉਸ ਦੇ ਨਾਲ ਘੁੰਮਦਾ ਰਿਹਾ। ਉਹ ਵਾਪਸ ਜਾਣ ਵਾਲਾ ਹੀ ਸੀ ਜਦੋਂ ਪਿਛਲੀ ਗਲੀ ਵਿਚ ਵਾੜ ਦੇ ਪਿੱਛੇ ਹਲਚਲ ਜਿਹੀ ਸੁਣਾਈ ਦਿੱਤੀ। ਮੂਮੂ ਵਾੜ ਵੱਲ ਭੱਜ ਗਈ ਅਤੇ ਸੁੰਘਣ ਲੱਗੀ। ਉਸ ਦੇ ਕੰਨ ਖੜੇ ਹੋ ਗਏ ਸਨ ਅਤੇ ਉਹ ਤਿੱਖੀ ਆਵਾਜ਼ ਵਿਚ ਭੌਂਕਣ ਲੱਗ ਪਈ। ਕੋਈ ਸ਼ਰਾਬੀ ਰਾਤ ਕੱਟਣ ਲਈ ਗਲੀ ਵਿਚ ਹੀ ਟਿਕ ਗਿਆ ਸੀ।

ਇਹ ਗੱਲ ਐਨ ਉਦੋਂ ਵਾਪਰੀ ਜਦੋਂ ਮਾਲਕਣ ਨੂੰ ਦੂਜੀ ਵਾਰ ਪਏ ਮਾਨਸਿਕ ਦੌਰੇ ਤੋਂ ਬਾਅਦ ਨੀਂਦ ਪਈ ਹੀ ਸੀ। ਅਕਸਰ ਬਹੁਤਾ ਖਾ ਲੈਣ ਦੇ ਬਾਅਦ ਮਾਲਕਣ ਨੂੰ ਅਜਿਹੇ ਦੌਰੇ ਪਿਆ ਕਰਦੇ ਸਨ। ਮੁੂਮੂ ਦੇ ਅਚਾਨਕ ਭੌਂਕਣ ਦੀ ਆਵਾਜ਼ ਨਾਲ ਉਹ ਇੱਕਦਮ ਚੌਂਕ ਗਈ। ਉਹ ਡਰ ਗਈ ਸੀ।

"ਕੁੜੀਓ! ਕੁੜੀਓ!" ਉਸ ਨੇ ਕ੍ਰੋਧ ਭਰੀ ਆਵਾਜ਼ ਵਿਚ ਹਾਕ ਮਾਰੀ। ਡਰੀਆਂ ਕੁੜੀਆਂ ਜਲਦੀ ਜਲਦੀ ਅੰਦਰ ਆਈਆਂ। "ਓ! ਓਹ! ਕੁੜੀਓ, ਮੈਂ ਮਰ ਰਹੀ ਹਾਂ!" ਮਾਲਕਣ ਕਰਾਹ ਰਹੀ ਸੀ ਅਤੇ ਉਸ ਨੇ ਆਪਣੀਆਂ ਬਾਹਾਂ ਤਰਲੇ ਦੇ ਅੰਦਾਜ਼ ਵਿਚ ਫੈਲਾ ਕੇ ਕਿਹਾ, "ਫਿਰ, ਫਿਰ ਉਹੀ ਕੁੱਤਾ! ਓ, ਡਾਕਟਰ ਨੂੰ ਬੁਲਾਓ!"

ਉਸ ਨੇ ਆਪਣਾ ਸਿਰ ਪਿੱਛੇ ਨੂੰ ਸੁੱਟ ਲਿਆ ਜੋ ਕਿ ਗ਼ਸ਼ ਪੈਣ ਦਾ ਸੰਕੇਤ ਸੀ। ਕੁਝ ਕੁੜੀਆਂ ਘਰ ਦੇ ਡਾਕਟਰ ਕਰੀਟੋਨ ਨੂੰ ਬਲਾਉਣ ਲਈ ਦੌੜ ਗਈਆਂ। ਉਸ ਡਾਕਟਰ ਦਾ ਪੂਰਾ ਵਿਗਿਆਨ ਇਸ ਗੱਲ ਵਿਚ ਸੀ ਕਿ ਉਹ ਬਹੁਤ ਹਲਕੀਆਂ ਜੁੱਤੀਆਂ ਪਹਿਨ ਕੇ ਰੱਖਦਾ ਸੀ ਅਤੇ ਠਰੰਮ੍ਹੇ ਨਾਲ ਨਬਜ਼ ਦੇਖਣ ਦੇ ਸਮਰੱਥ ਸੀ। ਉਸ ਦਾ ਕਿੱਤਾ ਦਿਨ ਵਿਚ ਚੌਦਾਂ ਘੰਟੇ ਸੁੱਤਾ ਰਹਿਣਾ, ਬਾਕੀ ਸਮਾਂ ਪਛਤਾਵੇ ਵਿਚ ਝੂਰਦੇ ਰਹਿਣਾ ਅਤੇ ਮਾਲਕਣ ਨੂੰ ਸਰਬਤੀ ਬੂੰਦਾਂ ਪਿਲਾਉਣਾ।"

ਉਹ ਤੁਰੰਤ ਮਾਲਕਣ ਦੇ ਬਿਸਤਰ ਕੋਲ ਪਹੁੰਚ ਗਿਆ ਅਤੇ ਉਸ ਦੇ ਨੱਕ ਦੇ ਹੇਠਾਂ ਕੁਝ ਖੰਭਾਂ ਨੂੰ ਜਲਾਇਆ। ਉਸ ਦਾ ਇਹ ਬੇਹੋਸ਼ੀ ਲਈ ਆਮ ਨੁਸਖ਼ਾ ਸੀ। ਮਾਲਕਣ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਆਪਣੀ ਮਨਪਸੰਦ ਦਵਾਈ ਦੇ ਗਲਾਸ ਲਈ ਹੱਥ ਵਧਾਇਆ ਜੋ ਚਾਂਦੀ ਦੀ ਤਸਤਰੀ ਵਿਚ ਤਿਆਰ ਸੀ। ਇਸ ਤੋਂ ਬਾਅਦ ਉਸ ਨੇ ਇਕ ਰੋਣ ਵਾਲੀ ਆਵਾਜ਼ ਵਿਚ ਕੁੱਤੇ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਮਾੜੀ ਕਿਸਮਤ ਲਈ ਸੇਵਾਦਾਰ ਨੂੰ ਸ਼ਿਕਾਇਤ ਕੀਤੀ ਕਿ ਬੁੱਢੇ ਵਾਰੇ ਕੋਈ ਉਸ ਇਕੱਲੀ ਔਰਤ ਦੀ ਦੇਖਭਾਲ ਨਹੀਂ ਕਰਦਾ। ਹਰ ਕੋਈ ਚਾਹੁੰਦਾ ਸੀ ਕਿ ਉਹ ਮਰ ਜਾਵੇ।

ਇਸ ਦੌਰਾਨ ਮੰਦਭਾਗੀ ਮੂਮੂ ਦਾ ਭੌਂਕਣਾ ਜਾਰੀ ਰਿਹਾ ਜਦੋਂ ਕਿ ਗਰਾਸੀਮ ਨੇ ਉਸ ਨੂੰ ਵਾੜ ਤੋਂ ਪਰ੍ਹੇ ਖਿੱਚਣ ਦੀ ਕੋਸ਼ਿਸ਼ ਕੀਤੀ।

"ਦੇਖੋ ਹੁਣ ਫਿਰ," ਔਰਤ ਨੂੰ ਦੁਹਾਈ ਦਿੱਤੀ ਅਤੇ ਆਪਣੀਆਂ ਨਿਰਾਸ਼ ਨਜ਼ਰਾਂ ਉਸ ਪਾਸੇ ਮੋੜ ਲਈਆਂ। ਡਾਕਟਰ ਨੇ ਮੁੱਖ ਨੌਕਰਾਣੀ ਦੇ ਕੰਨ ਵਿਚ ਕੁਝ ਕਿਹਾ। ਉਹ ਦੌੜ ਗਈ ਅਤੇ ਕੋਚਵਾਨ ਨੂੰ ਹਿਲਾ ਕੇ ਜਗਾਇਆ। ਘਬਰਾਏ ਹੋਏ ਸੇਵਾਦਾਰ ਨੇ ਸਾਰੇ ਲਾਣੇ ਨੂੰ ਜਗਾਉਣ ਦਾ ਹੁਕਮ ਦੇ ਦਿੱਤਾ।

ਜਦ ਗਰਾਸੀਮ ਨੇ ਰੋਸ਼ਨੀਆਂ ਅਤੇ ਪਰਛਾਈਆਂ ਬਾਰੀਆਂ ਵਿਚ ਹਿੱਲਦੀਆਂ ਵੇਖੀਆਂ। ਉਸ ਨੇ ਮਹਿਸੂਸ ਕੀਤਾ ਕਿ ਮਾਮਲਾ ਕੁਝ ਗੜਬੜ ਹੈੈ। ਉਹ ਮੂਮੂ ਨੂੰ ਫੜ ਕੇ ਆਪਣੀ ਕੋਠੜੀ ਵਿਚ ਚਲਿਆ ਗਿਆ ਤੇ ਦਰਵਾਜ਼ੇ ਨੂੰ ਕੁੰਡੀ ਲਾ ਲਈ।

ਕੁਝ ਮਿੰਟਾਂ ਬਾਅਦ ਹੀ ਪੰਜ ਜਣਿਆਂ ਨੇ ਉਸ ਦੀ ਕੋਠੜੀ ਵਿਚ ਜ਼ਬਰੀ ਵੜਨ ਦੀ ਕੋਸ਼ਿਸ਼ ਕੀਤੀ ਪਰੰਤੂ ਮਜ਼ਬੂਤ ਕੁੰਡੀ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ ਅਤੇ ਉਹ ਰੁਕ ਗਏ। ਗਵਰੀਲੋ ਭੱਜਿਆ-ਭੱਜਿਆ ਮੌਕੇ 'ਤੇ ਆਇਆ ਸੀ ਅਤੇ ਪੰਜਾਂ ਆਦਮੀਆਂ ਨੂੰ ਸਵੇਰ ਤਕ ਗਰਾਸੀਮ ਦੀ ਕੋਠੜੀ ਅੱਗੇ ਪਹਿਰੇ ਉੱਤੇ ਖੜ੍ਹੇ ਰਹਿਣ ਦਾ ਹੁਕਮ ਦਿੱਤਾ। ਉਸ ਨੇ ਫੇਰ ਮੁਖ ਨੌਕਰਾਣੀ (ਜਿਸ ਨਾਲ ਮਿਲ ਕੇ ਉਹ ਚੋਰੀ ਕਰਿਆ ਕਰਦਾ ਸੀ ਅਤੇ ਚਾਹ, ਮਸਾਲੇ ਤੇ ਹੋਰ ਘਰੇਲੂ ਸਾਮਾਨ ਦੇ ਖਾਤਿਆਂ ਨੂੰ ਵਧਾ ਚੜ੍ਹਾ ਕੇ ਲਿਖ ਦਿੰਦਾ ਸੀ) ਰਾਹੀਂ ਮਾਲਕਣ ਨੂੰ ਸੁਨੇਹਾ ਭੇਜਿਆ ਕਿ ਕੁੱਤਾ ਬਦਕਿਸਮਤੀ ਨਾਲ ਜਿੱਥੇ ਛੱਡਿਆ ਸੀ, ਉੱਥੋਂ ਵਾਪਸ ਆ ਗਿਆ ਸੀ ਪਰ ਕੱਲ੍ਹ ਤਕ ਉਹ ਜ਼ਿੰਦਾ ਨਹੀਂ ਰਹੇਗੀ। ਮਾਲਕਣ ਉਸ ਨੂੰ ਮਾਫ਼ ਕਰ ਦੇਵੇ, ਅਤੇ ਸ਼ਾਂਤ ਰਹੇ।

ਪਰ ਡਾਕਟਰ ਤੋਂ ਗ਼ਲਤੀ ਨਾ ਹੁੰਦੀ ਤਾਂ ਮਾਲਕਣ ਨੇ ਸ਼ਾਇਦ ਇੰਨੀ ਜਲਦੀ ਸ਼ਾਂਤ ਨਹੀਂ ਸੀ ਹੋਣਾ। ਉਸ ਨੇ ਆਪਣੀ ਜਲਦਬਾਜ਼ੀ ਵਿਚ ਸ਼ਰਬਤੀ ਦਵਾ ਦੇ ਪੰਦਰਾਂ ਦੀ ਬਜਾਏ ਚਾਲੀ ਤੁਪਕੇ ਪਿਲਾ ਦਿੱਤੇ ਸਨ। ਦਵਾ ਦੀ ਸ਼ਕਤੀ ਨੇ ਆਪਣਾ ਪ੍ਰਭਾਵ ਦਿਖਾਇਆ। ਮਾਲਕਣ ਪੰਦਰਾਂ ਮਿੰਟਾਂ ਵਿਚ ਗੂੜ੍ਹੀ ਨੀਂਦ ਦੀ ਗੋਦ ਵਿਚ ਸੁੱਤੀ ਪਈ ਸੀ।

ਵਿਚਾਰਾ ਗਰਾਸੀਮ ਆਪਣੇ ਮੰਜੇ 'ਤੇ ਪੂਣੀ ਵਾਂਗ ਬੱਗਾ ਹੋਇਆ ਪਿਆ ਸੀ। ਮੂਮੂ ਨੂੰ ਉਸ ਨੇ ਆਪਣੀ ਜ਼ੋਰ-ਜ਼ੋਰ ਨਾਲ ਧੜਕਦੀ ਹੋਈ ਛਾਤੀ ਨਾਲ ਘੁੱਟਿਆ ਹੋਇਆ ਸੀ।

ਮਾਲਕਣ ਸਵੇਰੇ ਦੇਰ ਨਾਲ ਉੱਠੀ। ਗਵਰੀਲੋ ਉਸ ਨੂੰ ਮਾਮਲਿਆਂ ਦੀ ਰਿਪੋਰਟ ਦੇਣ ਅਤੇ ਗਰਾਸੀਮ ਦੇ ਗੜ੍ਹ 'ਤੇ ਫ਼ੈਸਲਾਕੁਨ ਹਮਲੇ ਲਈ ਆਪਣੇ ਆਦੇਸ਼ ਲੈਣ ਲਈ ਦਲਾਨ ਵਿਚ ਬੈਠਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਕਰਾਰੀਆਂ ਝਿੜਕਾਂ ਖਾਣ ਲਈ ਵੀ ਤਿਆਰ ਕਰ ਰੱਖਿਆ ਸੀ ਪਰ ਝਿੜਕਾਂ ਦੀ ਨੌਬਤ ਨਹੀਂ ਆਈ। ਮਾਲਕਣ ਨੇ ਉਸ ਨੂੰ ਮਿਲਣ ਲਈ ਬੁਲਾਇਆ ਨਹੀਂ। ਬਿਸਤਰ ਵਿਚ ਪਈ ਮਾਲਕਣ ਨੇ ਆਪਣੀ ਮੁਖ ਨੌਕਰਾਣੀ ਨੂੰ ਬੁਲਾਇਆ ਅਤੇ ਇਸ ਤਰ੍ਹਾਂ ਕਮਜ਼ੋਰ, ਨਿਰਾਸ਼ ਅਵਾਜ਼ ਵਿਚ ਬੋਲੀ:

"ਮੇਰੀ ਪਿਆਰੀ ਲਿਊਬੋਵ ਲਿਊਬੀਮੋਵਨਾ" (ਇਹ ਸੀ ਨੌਕਰਾਨੀ ਦਾ ਪੂਰਾ ਨਾਮ) "ਤੈਨੂੰ ਪਤਾ ਹੈ ਮੇਰੀ ਸਿਹਤ ਦੀ ਕੀ ਹਾਲਤ ਹੈ। ਜਾ ਮੇਰੀ ਲਾਡੋ, ਗਵਰੀਲੋ ਕੋਲ ਜਾ ਅਤੇ ਉਸ ਨਾਲ ਗੱਲ ਕਰ। ਕੀ ਉਸ ਲਈ ਕੋਈ ਮਨਹੂਸ ਕੁੱਤਾ ਕਿਸੇ ਹੋਰ ਚੀਜ਼ ਨਾਲੋਂ, ਉਸ ਦੀ ਆਪਣੀ ਮਾਲਕਣ ਦੀ ਜ਼ਿੰਦਗੀ ਨਾਲੋਂ ਵੀ ਵੱਧ ਪਿਆਰਾ ਹੈ? ਮੈਂਨੂੰ ਯਕੀਨ ਨਹੀਂ ਆਉਂਦਾ!" ਏਨਾ ਕਹਿ ਕੇ ਉਸ ਨੇ ਡੂੰਘਾ ਹਾਉਕਾ ਲਿਆ। "ਜਾ, ਮੇਰੀ ਲਾਡੋ, ਜਾ, ਅਤੇ ਗਵਰੀਲੋ ਮਾਤਵੇਇਚ ਨਾਲ ਗੱਲ ਕਰ।" ਮਾਲਕਣ ਕਈ ਵਾਰ ਸ਼ਹੀਦ ਦੀ ਭੂਮਿਕਾ ਧਾਰਨ ਕਰ ਲੈਣਾ ਪਸੰਦ ਕਰਦੀ ਸੀ। ਅਜਿਹੇ ਮੌਕਿਆਂ ਤੇ ਉਸ ਦੀ ਕਮਾਲ ਦੀ ਨਿਮਰਤਾ ਅਤੇ ਹੰਝੂਆਂ ਵਿਚ ਤਰ ਅੱਖੀਆਂ ਸਾਰੇ ਘਰ ਨੂੰ ਬੇਚੈਨ ਕਰ ਦਿੰਦੀਆਂ।

ਨੌਕਰਾਣੀ ਗਵਰੀਲੋ ਨਾਲ ਗੱਲ ਕਰਨ ਚਲੀ ਗਈ। ਦੋਨਾਂ ਦੀ ਇਕ-ਦੂਜੇ ਨਾਲ ਕੀ ਗੱਲਬਾਤ ਹੋਈ ਇਹ ਤਾਂ ਨਹੀਂ ਪਤਾ ਪਰ ਉਸ ਵਿਚ ਤਬਦੀਲ ਨਹੀਂ ਹੁੰਦਾ। ਅੱਧੇ ਘੰਟੇ ਮਗਰੋਂ ਨੌਕਰਾਂ ਦੀ ਭੀੜ ਵਿਹੜੇ ਵਿਚੋਂ ਕੂਚ ਕਰਦੀ ਲੰਘੀ ਅਤੇ ਗਰਾਸੀਮ ਦੇ ਗੜ੍ਹ ਵੱਲ ਚਲੀ ਗਈ।

ਨਿਰਸੰਦੇਹ, ਗਵਰੀਲੋ ਮੂਹਰੇ ਲੱਗਿਆ ਹੋਇਆ ਸੀ। ਉਸ ਨੇ ਆਪਣਾ ਹੱਥ ਆਪਣੀ ਟੋਪੀ ਨੂੰ ਪਾਇਆ ਹੋਇਆ ਸੀ, ਭਾਵੇਂ ਕੋਈ ਹਵਾ ਨਹੀਂ ਚੱਲ ਰਹੀ ਸੀ ਜੋ ਉਸ ਦੀ ਵਰਦੀ ਦਾ ਇਹ ਲਾਭਦਾਇਕ ਹਿੱਸਾ ਉਡਾ ਕੇ ਲੈ ਜਾਂਦੀ। ਉਸ ਦੇ ਮਗਰ ਘਰ ਦੇ ਸਾਰੇ ਕੋਚਵਾਨ, ਸਈਸ, ਰਸੋਈਏ, ਅਤੇ ਹੋਰ ਘਰੇਲੂ ਨੌਕਰ ਸਨ। ਅੰਕਲ ਖਵੋਸਤ ਆਪਣੀ ਖਿੜਕੀ ਵਿਚੋਂ ਬਾਹਰ ਦੇਖ ਰਿਹਾ ਅਤੇ ਹੁਕਮ ਦੇ ਰਿਹਾ ਸੀ। ਯਾਨੀ ਕਿ ਉਹ ਹਰ ਸੰਭਵ ਦਿਸ਼ਾ ਵਿਚ ਆਪਣੇ ਹੱਥਾਂ ਨਾਲ ਇਸ਼ਾਰੇ ਕਰ ਰਿਹਾ ਸੀ। ਇਸ ਭੀੜ ਦੇ ਪਿੱਛੇ ਕਈ ਫਟੇ-ਪੁਰਾਣੇ ਕੱਪੜਿਆਂ ਵਾਲੇ ਬੱਚੇ ਸਨ ਜਿਨ੍ਹਾਂ ਵਿਚੋਂ ਕੁਝ ਇਸ ਗਲੀ ਦੇ ਨਹੀਂ ਸਨ। ਗਰਾਸੀਮ ਦੇ ਕਮਰੇ ਵੱਲ ਨੂੰ ਜਾ ਰਹੀ ਤੰਗ ਜਿਹੀ ਪੌੜੀ 'ਤੇ ਪੰਜ ਪਹਿਰੇਦਾਰ ਆਪਣੀਆਂ ਲਾਠੀਆਂ ਲਈ ਖੜ੍ਹੇ ਸਨ। ਦੋ ਸਭ ਤੋਂ ਹੇਠਾਂ ਪੱਟੀ 'ਤੇ, ਇਕ ਪੌੜੀਆਂ 'ਤੇ ਅਤੇ ਦੋ ਹੋਰ ਦਰਵਾਜ਼ੇ ਕੋਲ। ਹਮਲਾਵਰਾਂ ਦੀ ਟੁਕੜੀ ਉੱਪਰ ਆ ਚੜ੍ਹੀ ਅਤੇ ਹੇਠਾਂ ਤੋਂ ਉਪਰ ਤਕ ਪੌੜੀਆਂ ਤੇ ਭੀੜ ਜਮ੍ਹਾਂ ਹੋ ਗਈ। ਗਵਰੀਲੋ ਨੇ ਆਪਣੀ ਸੋਟੀ ਨਾਲ ਦਰਵਾਜ਼ਾ ਖੜਕਾਇਆ।

"ਖੋਲ੍ਹੋ!" ਉਸ ਨੇ ਉੱਚੀ ਚੀਖ਼ ਕੇ ਹੁਕਮ ਦਿੱਤਾ।

ਅੰਦਰੋਂ ਮੂਮੂ ਦੀ ਘੁੱਟੀ ਹੋਈ ਆਵਾਜ਼ ਸੁਣਾਈ ਦਿੱਤੀ ਪਰ ਕੋਈ ਜਵਾਬ ਨਹੀਂ ਆਇਆ। "ਖੋਲ੍ਹੋ, ਮੈਂ ਕਹਿੰਦਾ ਹਾਂ ਫੌਰਨ ਖੋਲ੍ਹੋ!" ਉਸ ਨੇ ਆਪਣੀ ਸੋਟੀ ਨਾਲ ਦਰਵਾਜ਼ਾ ਖੜਕਾ ਕੇ ਦੁਬਾਰਾ ਹੁਕਮ ਚਾੜ੍ਹਿਆ।

"ਕੀ ਉਹ ਬੋਲ਼ਾ ਨਹੀਂ, ਗਵਰੀਲੋ? ਤੁਸੀਂ ਉਸ ਤੋਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਤੁਹਾਡੀ ਆਵਾਜ਼ ਸੁਣੇਗਾ?" ਥੱਲੇ ਖੜ੍ਹਾ ਕੋਚਵਾਨ ਬੋਲਿਆ।

ਸਾਰੀ ਭੀੜ ਹੱਸ ਪਈ।

"ਹੁਣ ਕੀ ਕੀਤਾ ਜਾਵੇ?" ਆਪਣਾ ਸਿਰ ਖੁਰਚਦੇ ਹੋਏ ਗਵਰੀਲੋ ਨੇ ਕਿਹਾ।

"ਉਸ ਦੇ ਦਰਵਾਜ਼ੇ 'ਤੇ ਇਕ ਮੋਰੀ ਹੈ," ਸਟੇਪਨ ਫਿਰ ਬੋਲਿਆ। "ਆਪਣੀ ਸੋਟੀ ਉਸ ਵਿਚ ਪਾ ਦਿਓ ਅਤੇ ਅੰਦਰ ਹਿਲਾਓ।" ਉਸ ਨੇ ਕਿਹਾ।

ਗਵਰੀਲੋ ਮੋਰੀ ਦੇਖਣ ਲਈ ਝੁਕਿਆ।

"ਉਸ ਨੇ ਇਕ ਪੁਰਾਣੇ ਕੋਟ ਨਾਲ ਇਸ ਨੂੰ ਬੰਦ ਕਰ ਰੱਖਿਆ ਹੈ।" ਉਸ ਨੇ ਕਿਹਾ।

"ਕੋਟ ਨੂੰ ਆਪਣੀ ਸੋਟੀ ਦੇ ਨਾਲ ਅੰਦਰ ਧੱਕੋ," ਕੋਚਵਾਨ ਨੇ ਸੁਝਾਅ ਦਿੱਤਾ।

ਇੱਥੇ ਇਕ ਵਾਰ ਫਿਰ ਮੁੂਮੂ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ।

"ਚੁੱਪ, ਚੁੱਪ! ਉਹ ਆਪਣੇ ਆਪ ਨੂੰ ਜ਼ਾਹਿਰ ਕਰ ਰਹੀ ਹੈ!" ਭੀੜ ਵਿਚੋਂ ਕਿਸੇ ਨੇ ਟਿੱਪਣੀ ਕੀਤੀ। ਉਹ ਸਾਰੇ ਹੱਸ ਪਏ। ਸੋਚੀਂ ਪਿਆ ਗਵਰੀਲੋ ਆਪਣੇ ਕੰਨ ਦੇ ਪਿੱਛੇ ਖੁਰਕਣ ਲੱਗਾ।

"ਨਹੀਂ, ਦੋਸਤ!" ਉਸ ਨੇ ਕਿਹਾ," ਜੇ ਤੁਸੀਂ ਕੋਟ ਅੰਦਰ ਧੱਕਵਾਉਣਾ ਚਾਹੁੰਦੇ ਹੋ ਤਾਂ ਜਾਓ ਅਤੇ ਇਸ ਨੂੰ ਆਪ ਧੱਕ ਦਿਓ।"

"ਕਿਉਂ ਨਹੀਂ? ਮੈਂ ਇਹ ਕਰਾਂਗਾ।"

ਸਟੇਪਨ ਅੱਗੇ ਵਧਿਆ। ਉਸ ਨੇ ਕੋਟ ਨੂੰ ਧੱਕ ਦਿੱਤਾ ਅਤੇ ਆਪਣੀ ਸੋਟੀ ਘੁਮਾਉਣ ਲੱਗਾ," ਆ ਜਾ, ਬਾਹਰ ਆ ਜਾ!" ਜਦੋਂ ਉਹ ਦਲੇਰੀ ਨਾਲ ਇਹ ਕੰਮ ਕਰ ਰਿਹਾ ਸੀ। ਦਰਵਾਜ਼ਾ ਖੁੱਲ੍ਹ ਗਿਆ ਅਤੇ ਇਸ ਵਿਚ ਗਰਾਸੀਮ ਦੀ ਵਿਸ਼ਾਲ ਦੇਹ ਦਿਖਾਈ ਦਿੱਤੀ। ਪੂਰੀ ਭੀੜ ਪਿੱਛੇ ਨੂੰ ਲੁੜ੍ਹਕ ਗਈ। ਗਵਰੀਲੋ ਸਭ ਤੋਂ ਮੂਹਰੇ ਸੀ। ਅੰਕਲ ਖਵੋਸਤ ਨੇ ਆਪਣੀ ਖਿੜਕੀ ਤੁਰੰਤ ਬੰਦ ਕਰ ਦਿੱਤੀ।

"ਟਾ-ਟਾ-ਟਾ," ਪਿੱਛੇ ਹੱਟਦੇ ਗਵਰੀਲੋ ਨੇ ਕਿਹਾ। "ਦੇਖ, ਮੇਰੇ ਪਿਆਰੇ, ਇੱਧਰ ਦੇਖ!

"ਗਰਾਸੀਮ ਦਰਵਾਜ਼ੇ ਦੇ ਇਕ ਥੰਮ੍ਹ ਦੀ ਤਰ੍ਹਾਂ ਖੜ੍ਹਾ ਸੀ, ਅਹਿੱਲ ਅਤੇ ਸਿੱਧਾ। ਪੱਟ 'ਤੇ ਹੱਥ ਰੱਖਿਆ ਹੋਣ ਕਰ ਕੇ ਉਸ ਦੀ ਸੱਜੀ ਬਾਂਹ ਥੋੜੀ ਜਿਹੀ ਮੁੜੀ ਹੋਈ ਸੀ। ਉਸ ਨੇ ਕਿਸਾਨਾਂ ਵਾਂਗ ਖੁੱਲ੍ਹਾ ਜਿਹਾ ਲਾਲ ਝੱਗਾ ਪਾਇਆ ਹੋਇਆ ਸੀ ਅਤੇ ਉਹ ਥੱਲੇ ਖੜ੍ਹੀ ਛੋਟੇ-ਛੋਟੇ ਕੱਦ ਦੇ ਕਮਜ਼ੋਰ ਲੋਕਾਂ ਦੀ ਭੀੜ ਦੇ ਅੱਗੇ ਸੱਚਮੁਚ ਦਿਓ ਲੱਗ ਰਿਹਾ ਸੀ। ਗਵਰੀਲੋ ਨੇ ਆਖ਼ਿਰ ਹਿੰਮਤ ਕੀਤੀ ਅਤੇ ਇਕ ਕਦਮ ਅੱਗੇ ਵਧਾਇਆ। "ਵੇਖ, ਪਿਆਰੇ ਭਰਾਵਾ!" ਉਸ ਨੇ ਗਰਾਸੀਮ ਨੂੰ ਕਿਹਾ, ਜਿਵੇਂ ਉਹ ਉਸ ਦੀ ਗੱਲ ਸੁਣ ਸਕਦਾ ਹੋਵੇ। "ਤੂੰ ਮੇਰੇ ਨਾਲ ਕੋਈ ਚਲਾਕੀ ਨਹੀਂ ਕਰਨੀ, ਮੈਂ ਤੈਨੂੰ ਦੱਸ ਦਿੰਦਾ ਹਾਂ!"

ਇਸ ਤੋਂ ਬਾਅਦ ਉਸ ਨੇ ਉਸ ਨੂੰ ਇਸ਼ਾਰਿਆਂ ਨਾਲ ਸਮਝਾਇਆ ਕਿ ਮਾਲਕਣ ਚਾਹੁੰਦੀ ਸੀ ਉਹ ਕੁੱਤੇ ਨੂੰ ਛੱਡ ਦੇਵੇ ਜੇ ਉਹ ਨਹੀਂ ਮੰਨੇਗਾ ਤਾਂ ਮੁਸੀਬਤ ਆਵੇਗੀ। ਗਰਾਸੀਮ ਨੇ ਮੂਮੂ ਵੱਲ ਇਸ਼ਾਰਾ ਕੀਤਾ। ਉਸ ਦੇ ਗਲੇ ਉੱਤੇ ਆਪਣੇ ਹੱਥ ਨੂੰ ਫੇਰਿਆ ਜਿਵੇਂ ਕਿ ਉਸ ਦੇ ਦੁਆਲੇ ਰੱਸੀ ਨੂੰ ਕੱਸ ਰਿਹਾ ਹੋਵੇ ਅਤੇ ਸੇਵਾਦਾਰ ਵੱਲ ਸਵਾਲ ਪੁੱਛਦੀਆਂ ਨਿਗਾਹਾਂ ਨਾਲ ਦੇਖਿਆ।

"ਜੀ ਹਾਂ, ਹਾਂ", ਗਵਰੀਲੋ ਨੇ ਸੰਕੇਤਕ ਭਾਸ਼ਾ ਵਿਚ ਕਿਹਾ। "ਇਹੀ ਸਾਡਾ ਮਤਲਬ ਹੈ; ਇਸ ਦਾ ਗਲਾ ਘੁੱਟਣਾ ਹੋਵੇਗਾ।"

ਗਰਾਸੀਮ ਨੇ ਕੁਝ ਸਕਿੰਟਾਂ ਲਈ ਥੱਲੇ ਦੇਖਿਆ ਪਰੰਤੂ ਉਹ ਛੇਤੀ ਹੀ ਫਿਰ ਸਿੱਧਾ ਹੋ ਗਿਆ ਅਤੇ ਮੁੂਮੂ ਵੱਲ ਦੇਖਿਆ ਜੋ ਕੋਲ ਖੜ੍ਹੀ ਆਪਣੀ ਪੂਛ ਹਿਲਾ ਰਹੀ ਸੀ ਅਤੇ ਆਪਣੀਆਂ ਮਾਸੂਮ ਨਿਗਾਹਾਂ ਨਾਲ ਕੁਝ ਜਾਣਨ ਲਈ ਉਤਸੁਕ ਲੱਗਦੀ ਸੀ। ਗਰਾਸੀਮ ਨੇ ਮੂਮੂ ਦਾ ਗਲਾ ਘੁੱਟਣ ਦਾ ਸੰਕੇਤ ਦੁਹਰਾਇਆ ਅਤੇ ਆਪਣੀ ਹਿੱਕ ਥਾਪੜ ਕੇ ਜਤਲਾਇਆ ਕਿ ਉਹ ਖ਼ੁਦ ਆਪ ਉਸ ਦਾ ਕੰਮ ਤਮਾਮ ਕਰ ਦੇਵੇਗਾ। ਸਾਰੇ ਸਮਝ ਗਏ ਕਿ ਉਸ ਦਾ ਮਤਲਬ ਕੀ ਸੀ।

"ਪਰ ਤੂੰ ਸਾਨੂੰ ਧੋਖਾ ਦੇਵੇਂਗਾ!" ਗਵਰੀਲੋ ਨੇ ਸੰਕੇਤਕ ਭਾਸ਼ਾ ਵਿਚ ਕਿਹਾ।

ਗਰਾਸੀਮ ਨੇ ਸੇਵਾਦਾਰ 'ਤੇ ਨਫ਼ਰਤ ਭਰੀ ਨਜ਼ਰ ਸੁੱਟੀ, ਇਕ ਵਾਰ ਫੇਰ ਆਪਣੀ ਹਿੱਕ ਥਾਪੜ ਕੇ ਅੰਦਰ ਚਲਿਆ ਗਿਆ। ਆਪਣੇ ਦਰਵਾਜ਼ੇ ਨੂੰ ਜ਼ੋਰ ਨਾਲ ਬੰਦ ਕਰ ਦਿੱਤਾ।

ਸਾਰੇ ਸ਼ਾਤ ਚਿੱਤ ਇਕ ਦੂਜੇ ਵੱਲ ਝਾਕ ਰਹੇ ਸਨ।

"ਇਸ ਦਾ ਕੀ ਮਤਲਬ ਹੈ?" ਗਵਰੀਲੋ ਕਹਿਣ ਲੱਗਾ। "ਉਸ ਨੇ ਦੁਬਾਰਾ ਅੰਦਰੋਂ ਜ਼ਿੰਦਰਾ ਲਾ ਲਿਆ ਹੈ।"

"ਕੋਈ ਨਾ, ਗਵਰੀਲੋ ਐਂਦਰੇਇਚ, ਲਾ ਲੈਣ ਦਿਓ," ਸਟੇਪਨ ਨੇ ਕਿਹਾ। "ਉਹ ਆਪਣਾ ਵਾਅਦਾ ਪੂਰਾ ਕਰੇਗਾ। ਉਹ ਇਸੇ ਕਿਸਮ ਦਾ ਬੰਦਾ ਹੈ ਜੇ ਉਹ ਕੁਝ ਕਰਨ ਦਾ ਵਾਅਦਾ ਕਰੇ, ਤਾਂ ਉਹ ਨਿਭਾਉਂਦਾ ਜ਼ਰੂਰ ਹੈ। ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਸੰਬੰਧ ਵਿਚ ਉਹ ਸਾਡੇ ਨਾਲੋਂ ਬਹੁਤ ਵੱਖਰਾ ਹੈ। ਹਾਂ, ਬਿਲਕੁਲ!"

"ਬਿਲਕੁਲ! ਬਿਲਕੁਲ!" ਭੀੜ ਨੇ ਹਾਂ ਵਿਚ ਆਪਣੇ ਸਿਰ ਹਿਲਾ ਕੇ ਹੁੰਗਾਰਾ ਭਰਿਆ।

ਅੰਕਲ ਖਵੋਸਤ ਨੇ ਆਪਣੀ ਖਿੜਕੀ ਖੋਲ੍ਹੀ ਅਤੇ ਦ੍ਰਿੜਾਇਆ, "ਬਿਲਕੁਲ!"

"ਜਿੱਥੋਂ ਤਕ ਮੇਰਾ ਸਵਾਲ ਹੈ," ਗਵਰੀਲੋ ਨੇ ਕਿਹਾ, "ਆਪਾਂ ਦੇਖਦੇ ਹਾਂ ਪਰ ਉਸ ਦੇ ਦਰਵਾਜ਼ੇ 'ਤੇ ਪਹਿਰਾ ਰੱਖਿਆ ਜਾਣਾ ਚਾਹੀਦਾ ਹੈ। ਮੈਂ ਕਹਿੰਦਾ ਹਾਂ, ਈਰੋਸ਼ਕਾ," ਉਸ ਨੇ ਇਕ ਬਿੱਖਰੇ ਜਿਹੇ ਵਿਅਕਤੀ ਨੂੰ ਬੁਲਾਇਆ ਜਿਸ ਨੇ ਇਕ ਪੀਲੀ ਸੂਤੀ ਜੈਕਟ ਪਾਈ ਹੋਈ ਸੀ ਅਤੇ ਜਿਸ ਨੂੰ ਇਸ ਬਸਤੀ ਦਾ ਮਾਲੀ ਮੰਨਿਆ ਜਾਂਦਾ ਸੀ। "ਤੂੰ ਅੱਜ-ਕੱਲ੍ਹ ਵਿਹਲਾ ਹੀ ਹੈ। ਇਕ ਸੋਟੀ ਫੜ ਅਤੇ ਇੱਥੇ ਪਹਿਰੇ 'ਤੇ ਖੜ ਜਾ ਜੋ ਵੀ ਨਿੱਕੀ ਤੋਂ ਨਿੱਕੀ ਗੱਲ ਤੇਰੀ ਨਜ਼ਰ ਪਵੇ, ਮੇਰੇ ਕੋਲ ਆ ਕੇ ਰਿਪੋਰਟ ਕਰਨੀ ਹੈ।"

ਈਰੋਸ਼ਕਾ ਨੇ ਇਕ ਲਾਠੀ ਲੈ ਲਈ ਅਤੇ ਸਭ ਤੋਂ ਹੇਠਲੀ ਪੌੜੀ 'ਤੇ ਬੈਠ ਗਿਆ। ਭੀੜ ਬਿਖ਼ਰ ਗਈ। ਕੁਝ ਉਤਸੁਕ ਮੁੰਡੇ ਰਹਿ ਗਏ। ਗਵਰੀਲੋ ਨੇ ਮਾਲਕਣ ਨੂੰ ਸੁਨੇਹਾ ਭੇਜ ਦਿੱਤਾ ਕਿ ਸਭ ਕੁਝ ਠੀਕ ਸੀ ਪਰ ਹੰਗਾਮੀ ਸਥਿਤੀਆਂ ਨੂੰ ਨਜਿੱਠਣ ਲਈ ਉਸ ਨੇ ਮੁੱਖ ਕੋਚਵਾਨ ਨੂੰ ਦੌੜਾਕ ਕੋਲ ਭੇਜਿਆ ਜਿਸ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਰਹਿਣ ਲਈ ਕਿਹਾ ਗਿਆ। ਮਾਲਕਣ ਨੇ ਆਪਣੀ ਮੁਖ ਨੌਕਰਾਣੀ ਦੀ ਰਿਪੋਰਟ ਪ੍ਰਾਪਤ ਕਰਨ ਤੇ ਆਪਣੇ ਰੁਮਾਲ ਵਿਚ ਇਕ ਛੋਟਾ ਜਿਹੀ ਗੰਢ ਬੰਨ੍ਹ ਕੇ ਇਸ ਨੂੰ ਯੂ-ਡੀ-ਕੋਲੋਨ ਵਿਚ ਡੁੱਬੋਇਆ ਅਤੇ ਇਸ ਨੂੰ ਸੁੰਘ ਕੇ ਪੁੜਪੁੜੀਆਂ ਤੇ ਰਗੜਿਆ। ਉਸ ਨੇ ਫਿਰ ਸੁਆਦ ਦੇ ਨਾਲ ਕੁਝ ਕੁ ਪਿਆਲੇ ਚਾਹ ਦੇ ਪੀਤੇ ਅਤੇ ਕਿਉਂ ਜੋ ਸ਼ਰਬਤੀ ਦਵਾ ਦਾ ਨਸ਼ਾ ਅਜੇ ਉਤਰਿਆ ਨਹੀਂ ਸੀ। ਉਹ ਜਲਦੀ ਹੀ ਫਿਰ ਸੌਂ ਗਈ।

ਘੇਰਾਬੰਦੀ ਤੋਂ ਤਕਰੀਬਨ ਦੋ ਘੰਟੇ ਪਿੱਛੋਂ, ਗਰਾਸੀਮ ਆਪਣੇ ਕਮਰੇ ਵਿਚੋਂ ਬਾਹਰ ਆਇਆ। ਉਹ ਆਪਣੇ ਛੁੱਟੀ ਵਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਆਪਣੀ ਮੂਮੂ ਨੂੰ ਰੱਸੀ ਤੋਂ ਫੜ੍ਹਿਆ ਹੋਇਆ ਸੀ। ਇਰੋਸ਼ਕਾ ਨੇ ਉਸ ਦੇ ਲੰਘਣ ਲਈ ਥਾਂ ਬਣਾਈ। ਹੱਥ ਵਿੱਚ ਆਪਣੀ ਟੋਪੀ ਫੜ੍ਹੀ ਵਿਹੜੇ ਦੇ ਅੰਦਰੋਂ ਸਿੱਧਾ ਨਿਕਲ ਗਿਆ। ਗਵਰੀਲੋ ਨੇ ਇਰੋਸ਼ਕਾ ਨੂੰ ਕੁਝ ਦੂਰ ਤੱਕ ਉਸ ਦੇ ਪਿੱਛੇ ਜਾਣ ਅਤੇ ਵੇਖਣ ਦਾ ਹੁਕਮ ਦਿੱਤਾ ਕਿ ਉਹ ਕੀ ਕਰਦਾ ਹੈ। ਗਾਰਸੀਮ ਨੇ ਆਪਣੀ ਟੋਪੀ ਉਦੋਂ ਤੱਕ ਨਹੀਂ ਪਹਿਨੀ ਜਦੋਂ ਤੱਕ ਉਹ ਦਰਵਾਜ਼ਾ ਨਹੀਂ ਲੰਘ ਆਇਆ। ਉਹ ਇਕ ਢਾਬੇ ਵਿਚ ਚਲਾ ਗਿਆ ਜਿੱਥੇ ਉਹ ਜਾਣਿਆ ਜਾਂਦਾ ਸੀ ਅਤੇ ਉਸ ਦੀ ਮੂਕ ਭਾਸ਼ਾ ਨੂੰ ਸਮਝਿਆ ਜਾਂਦਾ ਸੀ ਅਤੇ ਗੋਸ਼ਤ ਸਹਿਤ ਗਾੜ੍ਹੀ ​​ਜਿਹੀ ਸੂਪ ਦਾ ਆਦੇਸ਼ ਦਿੱਤਾ। ਉਹ ਇਕ ਮੇਜ਼ ਤੇ ਬੈਠ ਕੇ ਇੰਤਜ਼ਾਰ ਕਰਨ ਲੱਗਾ ਅਤੇ ਉਸ ਨੇ ਆਪਣਾ ਸਿਰ ਆਪਣੀ ਹਥੇਲੀ ਉੱਤੇ ਟਿਕਾਇਆ ਹੋਇਆ ਸੀ। ਮੂਮੂ ਉਸ ਦੇ ਨਾਲ ਖੜ੍ਹੀ ਸੀ। ਉਸ ਨੂੰ ਆਪਣੀਆਂ ਸਾਫ਼, ਚਮਕਦਾਰ ਅਤੇ ਮਾਸੂਮ ਅੱਖਾਂ ਨਾਲ ਵੇਖ ਰਹੀ ਸੀ। ਉਹ ਚੰਗੀ ਸੁਹਣੀ ਲਿਸ਼ਕੀ ਪੁਸ਼ਕੀ ਸੀ ਜਿਵੇਂ ਕਿ ਉਸ ਨੂੰ ਹੁਣੇ ਨਹਾ ਕੇ ਕੰਘੀ ਕੀਤੀ ਹੋਵੇ। ਖਾਣਾ ਪਰੋਸਿਆ ਗਿਆ। ਗਰਾਸੀਮ ਨੇ ਮੀਟ ਨੂੰ ਧਿਆਨ ਨਾਲ ਛੋਟੇ-ਛੋਟੇ ਟੁਕੜਿਆਂ ਵਿਚ ਕੱਟਿਆ ਅਤੇ ਸੂਪ ਦੀ ਪਲੇਟ ਵਿਚ ਪਾ ਕੇ ਉਸ ਨੇ ਇਸ ਨੂੰ ਮੂਮੂ ਲਈ ਜ਼ਮੀਨ 'ਤੇ ਰੱਖ ਦਿੱਤਾ। ਉਹ ਉਸ ਨੂੰ ਮਜ਼ੇ ਨਾਲ ਚਟਖਾਰੇ ਲੈ ਲੈ ਖਾਣਾ ਖਾ ਰਹੀ ਨੂੰ ਦੇਖਣ ਲੱਗਾ ਅਤੇ ਉਸ ਦੀਆਂ ਅੱਖਾਂ ਵਿਚੋਂ ਦੋ ਮੋਟੇ ਹੰਝੂ ਡਲਕ ਪਏ। ਇੱਕ ਮੂਮੂ ਦੇ ਸਿਰ ਉੱਤੇ, ਅਤੇ ਦੂਜਾ ਉਸ ਦੀ ਪਲੇਟ ਵਿਚ ਡਿੱਗ ਪਿਆ। ਉਸ ਨੇ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ।

ਮੂਮੂ ਭੋਜਨ ਦਾ ਤਕਰੀਬਨ ਅੱਧ ਖਾ ਗਈ ਅਤੇ ਸੁਆਦ ਦੇ ਨਾਲ ਆਪਣੀ ਬੂਥੀ ਚੱਟਦੀ ਹੋਈ ਇਕ ਪਾਸੇ ਚਲੀ ਗਈ। ਗਰਾਸੀਮ ਉੱਠਿਆ, ਭੋਜਨ ਦੇ ਪੈਸੇ ਅਦਾ ਕੀਤੇ ਅਤੇ ਢਾਬੇ ਵਿਚੋਂ ਨਿਕਲ ਗਿਆ। ਵੇਟਰ ਨੇ ਉਸ ਨੂੰ ਚੁੱਪ-ਚਾਪ ਹੈਰਾਨੀ ਨਾਲ ਦੇਖਦਾ ਰਿਹਾ ਅਤੇ ਜਿਉਂ ਹੀ ਉਸ 'ਤੇ ਨਿਗਾਹ ਰੱਖਣ ਲਈ ਬਾਹਰ ਰੁਕੇ ਹੋਏ ਈਰੋਸ਼ਕਾ ਨੇ ਉਸ ਨੂੰ ਆਉਂਦੇ ਹੋਏ ਵੇਖਿਆ। ਉਹ ਇਕ ਪਾਸੇ ਹੋ ਗਿਆ ਅਤੇ ਖੂੰਜੇ ਦੇ ਪਿੱਛੇ ਲੁਕ ਗਿਆ ਜਦੋਂ ਉਹ ਮੁਮੂ ਨੂੰ ਰੱਸੀ ਤੋਂ ਫੜ੍ਹ ਕੇ ਲੰਘ ਗਿਆ ਈਰੋਸ਼ਾਕਾ ਆਪਣੀ ਲੁਕਣ-ਥਾਂ ਤੋਂ ਨਿਕਲਿਆ ਅਤੇ ਫਿਰ ਉਸ ਦਾ ਪਿੱਛਾ ਕਰਨ ਲੱਗਾ।

ਗਰਾਸੀਮ ਹੌਲੀ-ਹੌਲੀ ਤੁਰਦਾ, ਸੋਚਾਂ ਵਿਚ ਡੁੱਬਿਆ ਕੁਝ ਦੂਰੀ 'ਤੇ ਚਲਾ ਗਿਆ। ਫਿਰ ਉਹ ਨੇ ਕੁਝ ਸਕਿੰਟਾਂ ਲਈ ਰੁਕਿਆ, ਜਿਵੇਂ ਕਿ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਸ ਤੋਂ ਬਾਅਦ ਉਹ ਜਲਦੀ ਨਾਲ ਮੋੜ ਮੁੜਿਆ ਅਤੇ ਲੰਮੀਆਂ ਲੰਮੀਆਂ ਪੁਲਾਂਘਾਂ ਪੁੱਟਦਾ ਕ੍ਰਿੰਸਕੀ ਬਰੋਦਾ ਪਹੁੰਚ ਗਿਆ ਅਤੇ ਨਦੀ ਦੇ ਨਾਲ ਸੜਕ ਫੜ੍ਹ ਲਈ। ਉਹ ਇਕ ਵਿਹੜੇ ਵਿਚ ਦਾਖ਼ਲ ਹੋਇਆ ਜਿੱਥੇ ਉਸ ਨੂੰ ਇੱਟਾਂ ਪਈਆਂ ਨਜ਼ਰ ਆਈਆਂ ਤੇ ਉਸ ਨੇ ਉਨ੍ਹਾਂ ਵਿਚੋਂ ਦੋ ਇੱਟਾਂ ਚੁੱਕ ਕੇ ਆਪਣੀ ਕੱਛ ਵਿਚ ਵਿਚ ਲਈਆਂ ਤੇ ਅੱਗੇ ਚੱਲ ਪਿਆ।

ਉਹ ਚੱਲਦਾ ਰਿਹਾ, ਚੱਲਦਾ ਰਿਹਾ ਅਤੇ ਅਖ਼ੀਰ ਉਹ ਇਕ ਪੁਲ 'ਤੇ ਪਹੁੰਚ ਗਿਆ ਜਿੱਥੇ ਉਸ ਨੇ ਪਿਛਲੀ ਵਾਰ ਇਕ ਖੰਭੇ ਨਾਲ ਬੰਨ੍ਹੀਆਂ ਭਾਰੀ ਚੱਪੂਆਂ ਵਾਲੀਆਂ ਦੋ ਕਿਸ਼ਤੀਆਂ ਦੇਖੀਆਂ ਸਨ। ਉਹ ਮੂਮੂ ਨਾਲ ਇਕ ਕਿਸ਼ਤੀ ਵਿਚ ਛਾਲ ਮਾਰ ਕੇ ਚੜ੍ਹ ਗਿਆ ਅਤੇ ਉਸ ਨੂੰ ਖੋਲ੍ਹ ਕੇ ਉਸ ਨੇ ਚੱਪੂ ਫੜ੍ਹ ਲਏ। ਇਕ ਬੁੱਢਾ ਮਧਰਾ ਤੇ ਡੁੱਡਾ ਜਿਹਾ ਆਦਮੀ ਇਕ ਛੋਟੀ ਜਿਹੀ ਕੁੱਲੀ ਵਿਚੋਂ ਬਾਹਰ ਆ ਕੇ ਉਸ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ। ਗਰਾਸੀਮ ਨੇ ਸਿਰ ਹਿਲਾਇਆ ਅਤੇ ਇੰਨੇ ਜ਼ੋਰ ਨਾਲ ਚੱਪੂ ਚਲਾਣੇ ਸ਼ੁਰੂ ਕਰ ਦਿੱਤੇ ਕਿ ਉਹ ਵਹਿਣ ਦੇ ਉਲਟ ਚੱਲ ਕੇ ਵੀ ਕੁਝ ਸਕਿੰਟਾਂ ਵਿਚ ਦੋ ਸੌ ਮੀਟਰ ਉਸ ਤੋਂ ਦੂਰ ਆ ਗਿਆ ਸੀ। ਮਧਰਾ ਆਦਮੀ ਦੇਖਦਾ ਰਿਹਾ। ਉਸ ਨੇ ਪਹਿਲਾਂ ਆਪਣੇ ਸੱਜੇ ਹੱਥ ਨਾਲ, ਫਿਰ ਖੱਬੇ ਨਾਲ ਅਤੇ ਫਿਰ ਦੋਵਾਂ ਹੱਥਾਂ ਨਾਲ ਆਪਣਾ ਸਿਰ ਖੁਰਕਿਆ। ਉਹ ਪਿੱਛੇ ਮੁੜਿਆ ਅਤੇ ਫਿਰ ਡੁੱਡ ਮਾਰਦਾ ਵਾਪਸ ਆਪਣੀ ਕੁੱਲੀ ਵਿਚ ਚਲਾ ਗਿਆ। ਗਰਾਸੀਮ ਚੱਪੂ ਮਾਰਦਾ ਗਿਆ, ਮਾਰਦਾ ਗਿਆ। ਸ਼ਹਿਰ ਪਿੱਛੇ ਰਹਿ ਗਿਆ ਸੀ। ਤੱਟ ਦੇ ਕੰਢੇ ਦੇ ਨਾਲ ਬਾਗ਼, ਘਾਹ ਦੇ ਮੈਦਾਨ, ਮੱਕੀ ਦੇ ਖੇਤ ਅਤੇ ਨਵੇਂ ਜੰਗਲ ਲੰਘਦਾ ਗਿਆ। ਟਾਵੀਆਂ-ਟਾਵੀਆਂ ਕਿਸਾਨਾਂ ਦੀਆਂ ਝੁੱਗੀਆਂ ਵਿਖਾਈ ਦੇ ਰਹੀਆਂ ਸਨ। ਪਿੰਡ ਦੀ ਸੁਗੰਧਿਤ ਹਵਾ ਕਿਨਾਰੇ ਤੋਂ ਉੱਠ ਰਹੀ ਸੀ। ਉਸ ਨੇ ਚੱਪੂ ਲਟਕਾ ਦਿੱਤੇ ਅਤੇ ਮੂਮੂ ਉੱਤੇ ਝੁਕਿਆ ਜੋ ਉਸ ਦੇ ਕੋਲ ਸੁੱਕੀ ਸੀਟ 'ਤੇ ਖੜ੍ਹੀ ਸੀ। ਕਿਸ਼ਤੀ ਦਾ ਥੱਲਾ ਪਾਣੀ ਨਾਲ ਭਰਿਆ ਹੋਇਆ ਸੀ।

ਕੁੱਤੇ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿਚ ਲੈ ਕੇ ਅਤੇ ਆਪਣਾ ਸਿਰ ਉਸ ਦੇ ਸਿਰ 'ਤੇ ਰੱਖ ਕੇ ਉਹ ਕੁਝ ਸਮੇਂ ਲਈ ਅਹਿੱਲ ਰਿਹਾ ਜਦ ਕਿ ਕਿਸ਼ਤੀ ਪਾਣੀ ਦੀ ਧਾਰਾ ਦੇ ਜ਼ੋਰ ਨਾਲ ਹੌਲੀ-ਹੌਲੀ ਸ਼ਹਿਰ ਵੱਲ ਮੁੜ ਪਈ। ਅਖੀਰ ਉਸ ਨੇ ਆਪਣਾ ਆਪ ਸਿੱਧਾ ਕੀਤਾ ਪਰੰਤੂ ਆਪਣੇ ਚਿਹਰੇ ਉੱਤੇ ਗਹਿਰੇ ਦੁੱਖ ਦੇ ਹਾਵਾਂ-ਭਾਵਾਂ ਨਾਲ ਉਸ ਨੇ ਦੋ ਇੱਟਾਂ ਨੂੰ ਮੂਮੂ ਦੇ ਗੱਲ ਵਿਚ ਬੰਨ੍ਹੀ ਰੱਸੀ ਦੇ ਦੂਜੇ ਸਿਰੇ 'ਤੇ ਬੰਨ੍ਹ ਦਿੱਤੀਆਂ ਅਤੇ ਫੰਦਾ ਬਣਾ ਕੇ ਉਸਨੇ ਮੂਮੂ ਧੌਣ ਦੁਆਲੇ ਵਲਿਆ। ਮੂਮੂ ਅਤੇ ਇੱਟਾਂ ਨੂੰ ਉਪਰ ਹਵਾ ਵਿਚ ਚੁਕਿਆ। ਮੂਮੂ ਨੇ ਬਿਨਾਂ ਕਿਸੇ ਡਰ ਤੋਂ ਉਸ ਵੱਲ ਦੇਖਿਆ ਅਤੇ ਲਾਡ ਨਾਲ ਆਪਣੀ ਪੂਛ ਹਿਲਾਈ।

ਉਸ ਨੇ ਆਪਣਾ ਮੂੰਹ ਫੇਰ ਲਿਆ ਅਤੇ ਦੁੱਖ ਦੀਆਂ ਉੱਠਦੀਆਂ ਲੂਹਰੀਆਂ ਨਾਲ ਆਪਣੀਆਂ ਅੱਖਾਂ ਮੀਚ ਲਈਆਂ ਅਤੇ ਇੱਟਾਂ ਨਾਲ ਬੰਨ੍ਹਿਆ ਕਤੂਰਾ ਆਪਣੇ ਹੱਥਾਂ ਵਿਚੋਂ ਛੱਡ ਦਿੱਤਾ। ਉਸ ਨੇ ਮੁਮੂ ਦੀ ਅਚਾਨਕ ਚੀਖ਼ ਨਹੀਂ ਸੁਣੀ ਤੇੇ ਨਾ ਹੀ ਪਾਣੀ ਵਿਚ ਡਿੱਗਣ ਨਾਲ ਇੱਟਾਂ ਦੀ ਧੜੰਮ। ਕੀ ਉਸ ਲਈ ਇਹ ਸਭ ਤੋਂ ਹੰਗਾਮਾਖ਼ੇਜ਼ ਦਿਨ ਸਾਡੇ ਲਈ ਸਭ ਤੋਂ ਵੱਧ ਸ਼ਾਂਤ ਰਾਤ ਨਾਲੋਂ ਜ਼ਿਆਦਾ ਚੁੱਪ ਨਹੀਂ ਸੀ?

ਜਦੋਂ ਉਸ ਨੇ ਆਪਣੀਆਂ ਅੱਖਾਂ ਮੁੜ ਖੋਲ੍ਹੀਆਂ ਤਾਂ ਦਰਿਆ ਦੀਆਂ ਨਿੱਕੀਆਂ-ਨਿੱਕੀਆਂ ਲਹਿਰਾਂ ਇਕ-ਦੂਜੇ ਦੇ ਆਮ ਢੰਗ ਨਾਲ ਪਿੱਛਾ ਕਰ ਰਹੀਆਂ ਸਨ ਪਰ ਉਸ ਦੀ ਕਿਸ਼ਤੀ ਦੇ ਆਲੇ-ਦੁਆਲੇ ਉਹ ਪਹਿਲਾਂ ਦੀ ਤਰ੍ਹਾਂ ਇਸ ਨਾਲ ਟਕਰਾ ਰਹੀਆਂ ਸਨ। ਉਸ ਦੇ ਦੂਰ ਪਿੱਛੇ ਇਕ ਥਾਂ ਦਰਿਆ ਦੇ ਤਲ 'ਤੇ ਚੱਕਰ ਅਸਾਧਾਰਨ ਤਰ੍ਹਾਂ ਫੈਲ ਰਹੇ ਸਨ ਅਤੇ ਜਿਵੇਂ-ਜਿਵੇਂ ਉਹ ਵੱਡੇ ਹੋਈ ਜਾਂਦੇ ਸੀ ਓਨੇ ਹੀ ਧੁੰਦਲੇ ਪੈਂਦੇ ਜਾ ਰਹੇ ਸੀ।

ਜਿਵੇਂ ਹੀ ਗਰਾਸੀਮ ਦਰਿਆ ਵਿਚ ਅੱਖਾਂ ਤੋਂ ਓਝਲ ਹੋ ਗਿਆ ਸੀ। ਈਰੋਸ਼ਕਾ ਘਰ ਮੁੜ ਗਿਆ ਸੀ ਅਤੇ ਉਸ ਨੇ ਜੋ ਕੁਝ ਵੀ ਵੇਖਿਆ ਉਹ ਉਹ ਸਭ ਦੱਸ ਦਿੱਤਾ ਸੀ।

"ਠੀਕ ਹੈ, ਸਭ ਠੀਕ ਹੈ," ਇਸ ਤੇ ਸਟੇਪਨ ਨੇ ਟਿੱਪਣੀ ਕੀਤੀ। "ਉਹ ਉਸ ਨੂੰ ਡੋਬ ਦੇਵੇਗਾ। ਅਸੀਂ ਉਸ 'ਤੇ ਯਕੀਨ ਕਰ ਸਕਦੇ ਹਾਂ, ਉਹ ਹਰਗਿਜ਼ ਆਪਣਾ ਵਾਅਦਾ ਨਿਭਾਏਗਾ।" ਸਾਰਾ ਦਿਨ ਘਰ ਵਿਚ ਗਰਾਸੀਮ ਨਜ਼ਰ ਨਹੀਂ ਆਇਆ ਸੀ। ਡਿਨਰ ਦੇ ਵਕਤ ਉਸ ਦੀ ਸੀਟ ਖ਼ਾਲੀ ਰਹੀ ਸੀ। ਘਰ ਦੇ ਸਾਰੇ ਲੋਕ ਰਾਤ ਦੇ ਖਾਣੇ ਲਈ ਵੱਡੇ ਨੌਕਰਾਂ ਦੇ ਹਾਲ ਵਿਚ ਇਕੱਠੇ ਹੋਏ ਪਰ ਗਰਾਸੀਮ ਉਨ੍ਹਾਂ ਦੇ ਵਿਚਕਾਰ ਨਹੀਂ ਸੀ।

"ਗਰਾਸੀਮ ਕਿੰਨੀ ਅਨੋਖੀ ਕਿਸਮ ਦਾ ਬੰਦਾ ਹੈ!" ਇੱਕ ਮੋਟੀ ਧੋਬਣ ਨੇ ਚੀਕਵੀਂ ਆਵਾਜ਼ ਵਿਚ ਟਿੱਪਣੀ ਕੀਤੀ। "ਕੋਈ ਬੰਦਾ ਕੁੱਤੇ ਬਾਰੇ ਇੰਨੀ ਚਿੰਤਾ ਕਿਵੇਂ ਕਰ ਸਕਦਾ ਹੈ?"

"ਉਹ ਇੱਥੇ ਕਿਤੇ ਸੀ, "ਸੂਪ ਪੀਣ ਦੇ ਮਜ਼ੇ ਲੈ ਰਹੇ ਸਟੇਪਨ ਨੇ ਕਿਹਾ।

"ਕਦੋਂ? ਕਦੋਂ?" ਸਾਰੇ ਇੱਕੋ ਦਮ ਬੋਲੇ।

"ਲਗਭਗ ਦੋ ਘੰਟੇ ਪਹਿਲਾਂ, ਯਕੀਨ ਮੰਨੋ। ਮੈਂ ਉਸ ਨੂੰ ਆਉਂਦੇ ਅਤੇ ਫਿਰ ਬਾਹਰ ਨਿਕਲਦੇ ਨੂੰ ਦੇਖਿਆ। ਮੈਂ ਉਸ ਨੂੰ ਗੇਟ 'ਤੇ ਮਿਲਿਆ ਸੀ ਅਤੇ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਮੂਮੂ ਨਾਲ ਕੀ ਕੀਤਾ ਸੀ ਪਰ ਉਸ ਦਾ ਮਨ ਖ਼ਰਾਬ ਹੋਇਆ ਲੱਗਦਾ ਸੀ। ਹਾਂ, ਉਸ ਨੇ ਮੈਨੂੰ ਇਕ ਪਾਸੇ ਧੱਕ ਦਿੱਤਾ ਜਿਸ ਤੋਂ ਉਹਦਾ ਸ਼ਾਇਦ ਇਹ ਮਤਲਬ ਸੀ ਕਿ ਮੈਨੂੰ ਉਸ ਦੀ ਪਰਵਾਹ ਕਰਨ ਦੀ ਲੋੜ ਨਹੀਂ ਪਰ ਉਸ ਨੇ ਮੇਰੀ ਧੌਣ 'ਤੇ ਬੜੀ ਜ਼ੋਰ ਦਾ ਘਸੁੰਨ ਛੱਡਿਆ! ਊਈ-ਊਈ-ਊਈ! ਮੈਂ ਤੁਹਾਨੂੰ ਕੀ ਦੱਸਾਂ! "ਉਹ ਆਪਣੀ ਧੌਣ 'ਤੇ ਹੱਥ ਫੇਰਨ ਲੱਗਾ। ਉਸ ਦੇ ਹਾਵ-ਭਾਵ ਦੱਸ ਰਹੇ ਸਨ ਕਿ ਉਹ ਅਜੇ ਵੀ ਦੁਖ ਰਹੀ ਸੀ। "ਉਫ਼ ਉਹਦਾ ਹੱਥ, ਗਰਾਸੀਮ ਦਾ ਹੱਥ ਸਚਮੁੱਚ ਫੌਲਾਦੀ!"

ਉਹ ਸਾਰੇ ਸਟੇਪਨ ਦੀਆਂ ਗੱਲਾਂ ਤੇ ਹਰਕਤਾਂ 'ਤੇ ਖ਼ੂਬ ਹੱਸੇ। ਖਾਣੇ ਤੋਂ ਬਾਅਦ ਉਹ ਚਲੇ ਗਏ।

ਐਨ ਇਸ ਸਮੇਂ, ਮੋਢੇ 'ਤੇ ਇਕ ਗੱਠੜੀ ਅਤੇ ਹੱਥ ਵਿਚ ਇਕ ਮਜ਼ਬੂਤ ​​ਸੋਟੀ ਲਈ ਟੀ...ਵੱਡੀ ਸੜਕ 'ਤੇ ਸਪਸ਼ਟ ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਦੇ ਨਾਲ ਇਕ ਦਿਓ-ਕੱਦ ਆਦਮੀ ਜਾ ਰਿਹਾ ਸੀ। ਇਹ ਗਰਾਸੀਮ ਸੀ। ਉਹ ਆਪਣੇ ਜੱਦੀ ਘਰ, ਆਪਣੇ ਪਿੰਡ, ਆਪਣੇ ਵਤਨ ਵੱਲ ਲੰਮੀਆਂ-ਲੰਮੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਸੀ। ਮੁੂਮੂ ਨੂੰ ਡੁਬੋ ਕੇ ਉਹ ਭੱਜਿਆ-ਭੱਜਿਆ ਆਪਣੀ ਕੋਠੜੀ ਵਿਚ ਆਇਆ ਸੀ। ਕਾਹਲੀ-ਕਾਹਲੀ ਉਸ ਨੇ ਆਪਣੀਆਂ ਕੁਝ ਚੀਜ਼ਾਂ ਇਕੱਤਰ ਕਰ ਲਈਆਂ, ਇਕ ਗਠੜੀ ਬੰਨ੍ਹ ਲਈ ਅਤੇ ਚਾਲੇ ਪਾ ਦਿੱਤੇ। ਉਹ ਆਪਣੇ ਪਿੰਡ ਦਾ ਰਾਹ ਜਾਣਦਾ ਸੀ ਜਦੋਂ ਉਹ ਮਾਸਕੋ ਲਿਆਂਦਾ ਗਿਆ ਸੀ ਤਾਂ ਉਸ ਨੇ ਰਾਹ ਵਿਚ ਦੇਖੀਆਂ ਸਾਰੀਆਂ ਚੀਜ਼ਾਂ ਆਪਣੇ ਮਨ ਵਿਚ ਚੰਗੀ ਤਰ੍ਹਾਂ ਚਿਤਾਰ ਲਈਆਂ ਸਨ। ਇਹ ਪਿੰਡ ਵੱਡੀ ਸੜਕ ਤੋਂ ਸਿਰਫ 25 ਕੁ ਕਿਲੋਮੀਟਰ ਦੂਰ ਸੀ। ਉਹ ਹੁਣ ਉਸ ਸੜਕ ਉੱਤੇ ਜਾ ਰਿਹਾ ਸੀ। ਉਸ ਦੀ ਤੋਰ ਵਿਚ ਮਾਯੂਸੀ ਪਰ ਸਾਬਤਕਦਮੀ ਸੀ ਜਿਸ ਵਿਚ ਖੁਸ਼ੀ ਦੀ ਭਾਵਨਾ ਵੀ ਰਲੀ ਹੋਈ ਸੀ। ਉਹ ਤੇਜ਼-ਤੇਜ਼ ਤੁਰ ਰਿਹਾ ਸੀ, ਜਿਵੇਂ ਉਸ ਦੀ ਬੁੱਢੀ ਮਾਂ ਉਸ ਦੀ ਉਡੀਕ ਕਰ ਰਹੀ ਹੋਵੇ, ਜਿਵੇਂ ਉਹ ਬੜੇ ਸਾਲਾਂ ਤੋਂ ਦੂਰ-ਦੁਰਾਡੇ ਪਰਦੇਸੀ ਲੋਕਾਂ ਵਿਚ ਜੱਫ਼ਰ ਜਾਲ਼ ਰਿਹਾ ਸੀ ਅਤੇ ਹੁਣ ਉਸ ਨੂੰ ਘਰ ਵਾਪਸ ਬੁਲਾ ਲਿਆ ਸੀ।

ਸ਼ਾਂਤ, ਚੰਨ-ਚਾਨਣੀ ਵਿਚ ਗਰਮੀਆਂ ਦੀ ਰਾਤ ਪੈ ਰਹੀ ਸੀ। ਉਸ ਦੇ ਸੱਜੇ ਪਾਸੇ, ਜਿੱਥੇ ਸੂਰਜ ਹੁਣੇ-ਹੁਣੇ ਹੇਠਾਂ ਗਿਆ ਸੀ, ਦੁਮੇਲ ਤੇ ਚਿੱਟਿਆਈ ਵਿਚ ਲਾਲ ਰੰਗ ਦੀ ਧਾਰੀਆਂ ਸਨ। ਉਸ ਦੇ ਖੱਬੇ ਪਾਸੇ ਸ਼ਾਮ ਦੀ ਨੀਲੀ ਅਤੇ ਗੂੜ੍ਹੀ ਧੁੰਦ ਵਧ ਰਹੀ ਸੀ। ਉਹ ਚੱਲਦਾ ਗਿਆ, ਚੱਲਦਾ ਗਿਆ। ਰਾਤ ਬੀਤ ਗਈ। ਉਸ ਦੇ ਆਲੇ-ਦੁਆਲੇ ਹਜ਼ਾਰਾਂ ਬਟੇਰੇ ਉੱਚੀ ਉੱਚੀ ਗਾ ਰਹੇ ਸਨ। ਹਜ਼ਾਰਾਂ ਜੰਗਲੀ ਪੰਛੀ ਪੂਰੇ ਜ਼ੋਰ ਨਾਲ ਚੀਕ-ਚਿਹਾੜਾ ਮਚਾ ਰਹੇ ਸਨ, ਜਿਵੇਂ ਇਕ ਦੂਜੇ ਨੂੰ ਮਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਗਰਾਸੀਮ ਉਨ੍ਹਾਂ ਨੂੰ ਨਹੀਂ ਸੁਣ ਸਕਦਾ ਸੀ, ਜਿਵੇਂ ਉਨ੍ਹਾਂ ਰੁੱਖਾਂ ਦੀਆਂ ਕੋਮਲ ਅਤੇ ਰਹੱਸਮਈ ਸਰਗੋਸ਼ੀਆਂ ਨਹੀਂ ਸੁਣ ਸਕਦਾ ਸੀ ਜਿਨ੍ਹਾਂ ਵਿਚੋਂ ਉਸ ਦੀਆਂ ਤਕੜੀਆਂ ਲੱਤਾਂ ਰਾਤ ਵੇਲੇ ਉਸ ਨੂੰ ਲਈ ਜਾ ਰਹੀਆਂ ਸਨ ਪਰ ਉਹ ਖੇਤਾਂ ਵਿਚੋਂ ਆ ਰਹੀ ਪੱਕੀ ਹੋਈ ਰਾਈ ਦੀ ਜਾਣੀ ਪਛਾਣੀ ਮਹਿਕ ਨੂੰ ਮਾਣ ਸਕਦਾ ਸੀ। ਉਹ ਦੋਸਤਾਨਾ ਹਵਾ, ਆਪਣੇ ਵਤਨ ਦੀ ਹਵਾ, ਉਸ ਦੇ ਚੌੜੇ ਚਿਹਰੇ 'ਤੇ ਲੱਗਦੀ ਅਤੇ ਆਪਣੇ ਮਟਮੈਲੇ ਰੰਗ ਦੇ ਖੁੱਲ੍ਹੇ ਵਾਲਾਂ ਦੀਆਂ ਲੰਮੀਆਂ ਲਿਟਾਂ ਨਾਲ ਖੇਡਦੀ ਹਵਾ ਮਹਿਸੂਸ ਕਰ ਸਕਦਾ ਸੀ, ਜਿਵੇਂ ਕਿ ਇਹ ਉਸ ਦੇ ਦੋਸਤਾਨਾ ਸਵਾਗਤ ਲਈ ਉਮਲ੍ਹ-ਉਮਲ੍ਹ ਆ ਰਹੀ ਹੋਵੇ। ਉਹ ਉਸ ਦੇ ਅੱਗੇ ਸਿੱਧੀ ਸਤੋਰ ਚਿੱਟੀ ਹੋ ਰਹੀ ਸੜਕ ਦੇਖ ਸਕਦਾ ਸੀ। ਸੜਕ ਜੋ ਸਿੱਧੀ ਉਸ ਦੇ ਵਤਨ ਨੂੰ ਜਾਂਦੀ ਸੀ। ਉਹ ਲੱਖਾਂ ਤਾਰੇ ਦੇਖ ਸਕਦਾ ਸੀ ਜੋ ਰਾਤ ਨੂੰ ਉਸ ਦੇ ਉੱਪਰ ਟਿਮਟਿਮਾ ਰਹੇ ਸਨ ਅਤੇ ਸਵੇਰ ਦੀ ਸਲੇਟੀ ਧੁੰਦ ਵਿਚ ਇਕ-ਇਕ ਕਰਕੇ ਘੁਲਦੇ ਜਾਂਦੇ ਸਨ। ਇਕ ਤਕੜੇ ਸ਼ੇਰ ਦੀ ਤਰ੍ਹਾਂ ਉਹ ਅੱਗੇ ਵਧਦਾ ਗਿਆ। ਲੰਮੀਆਂ-ਲੰਮੀਆਂ ਨਿਡਰ ਪੁਲਾਂਘਾਂ ਭਰਦਾ ਜਦੋਂ ਚੜ੍ਹਦੇ ਸੂਰਜ ਨੇ ਉਸ ਦੇ ਲਿਸ਼ਕਦੇ ਚਿਹਰੇ ਨੂੰ ਆਪਣੀਆਂ ਪਹਿਲੀਆਂ ਕਿਰਨਾਂ ਨਾਲ ਛੂਹਿਆ ਤਾਂ ਉਹ ਮਾਸਕੋ ਤੋਂ 35 ਕੁ ਕਿਲੋਮੀਟਰ ਦੀ ਦੂਰੀ 'ਤੇ ਸੀ।

ਦੋ ਦਿਨਾਂ ਵਿਚ ਗਰਾਸੀਮ ਘਰ ਆ ਪੁੱਜਾ ਅਤੇ ਆਪਣੀ ਕੁੱਲੀ ਵਿਚ ਦਾਖ਼ਲ ਹੋ ਗਿਆ। ਇਕ ਸਿਪਾਹੀ ਦੀ ਵਿਧਵਾ, ਜਿਸ ਨੂੰ ਕੁੱਲੀ ਸਾਂਭ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ, ਉਸ ਨੂੰ ਅੰਦਰ ਵੜਦੇ ਦੇਖ ਕੇ ਹੈਰਾਨ ਹੋ ਗਈ। ਅੰਦਰ ਵੜਦੇ ਹੀ ਉਹ ਪਵਿੱਤਰ ਮੂਰਤੀ ਅੱਗੇ ਝੁੱਕਿਆ ਅਤੇ ਆਪਣੀ ਛਾਤੀ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ ਅਤੇ ਪਿੰਡ ਦੇ ਫੋਰਮੈਨ ਨੂੰ ਮਿਲਣ ਲਈ ਤੁਰੰਤ ਬਾਹਰ ਆ ਗਿਆ। ਫੋਰਮੈਨ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਪਰ ਘਾਹ ਦੀ ਵਾਢੀ ਅਜੇ ਸ਼ੁਰੂ ਹੀ ਹੋਈ ਸੀ ਅਤੇ ਗਰਾਸੀਮ ਜਿਹੇ ਕਾਮੇ ਦੀ ਬੜੀ ਲੋੜ ਸੀ। ਜਲਦੀ ਹੀ ਉਸ ਨੂੰ ਇਕ ਦਾਤੀ ਥਮਾ ਦਿੱਤੀ ਗਈ ਅਤੇ ਉਹ ਵਾਢੀ ਕਰਨ ਲਈ ਕੰਮ 'ਤੇ ਚਲਾ ਗਿਆ ਜਿਵੇਂ ਉਹ ਪੁਰਾਣੇ ਸਮੇਂ ਵਿਚ ਕਰਿਆ ਕਰਦਾ ਸੀ। ਉਸ ਨੇ ਮਨ ਲਾ ਕੇ ਕੰਮ ਕੀਤਾ। ਦਾਤੀ 'ਤੇ ਉਸ ਦੇ ਹੱਥ ਦੀ ਸ਼ਕਤੀਸ਼ਾਲੀ ਪਕੜ ਅਤੇ ਉਸ ਦੀ ਫਾਟ ਦੇਖ ਕੇ ਦੂਜੇ ਮਜ਼ਦੂਰ ਦੰਗ ਰਹਿ ਜਾਂਦੇ।

ਗਰਾਸੀਮ ਦੇ ਮਾਸਕੋ ਛੱਡਣ ਤੋਂ ਇਕ ਦਿਨ ਬਾਅਦ ਘਰ ਵਿਚ ਉਸ ਦੀ ਕਮੀ ਮਹਿਸੂਸ ਹੋਈ ਤਾਂ ਦੋ ਜਣੇ ਉਸ ਦੀ ਕੋਠੜੀ ਵਿਚ ਗਏ ਅਤੇ ਇਸ ਨੂੰ ਖੁੱਲ੍ਹੀ ਅਤੇ ਖਾਲੀ ਦੇਖ ਕੇ ਸੇਵਾਦਰ ਗਵਰੀਲੋ ਨੂੰ ਗੂੰਗੇ-ਬੋਲ਼ੇ ਦੀ ਗ਼ੈਰ-ਹਾਜ਼ਰੀ ਦੱਸੀ। ਉਸ ਨੇ ਆਪਣੇ ਮੋਢੇ ਝਟਕੇ, ਆਪਣੇ ਸਿਰ ਦੇ ਪਿਛਲੇ ਪਾਸੇ ਖੁਰਕ ਕੀਤੀ ਅਤੇ ਸਿੱਟਾ ਕੱਢਿਆ ਕਿ ਗਰਾਸੀਮ ਜਾਂ ਤਾਂ ਆਪ ਵੀ ਕੁੱਤੇ ਦੇ ਨਾਲ ਡੁੱਬ ਮੋਇਆ ਸੀ ਜਾਂ ਭੱਜ ਗਿਆ ਸੀ। ਉਸ ਨੇ ਪੁਲਿਸ ਹੈੱਡਕੁਆਰਟਰ ਨੂੰ ਇਹ ਸੁਨੇਹਾ ਭੇਜਿਆ ਕਿ ਫਲਾਂ ਭੋਂ-ਗ਼ੁਲਾਮ ਲਾਪਤਾ ਸੀ ਅਤੇ ਇਹ ਗੱਲ ਮਾਲਕਣ ਨੂੰ ਦੱਸਣ ਲਈ ਗਿਆ।

ਇਹ ਸੁਣ ਕੇ ਮਾਲਕਣ ਗੁੱਸੇ ਨਾਲ ਲਾਲ-ਪੀਲੀ ਹੋ ਗਈ। ਉਹ ਚੀਖਦੀ, ਝਿੜਕਦੀ, ਧਮਕੀਆਂ ਦਿੰਦੀ ਅਤੇ ਬੇਹੋਸ਼ ਹੋ ਜਾਂਦੀ। ਉਸ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੇ ਕਦੇ ਕੁੱਤੇ ਨੂੰ ਤਬਾਹ ਕਰਨ ਦਾ ਹੁਕਮ ਨਹੀਂ ਦਿੱਤਾ ਅਤੇ ਆਖ਼ਿਰ ਉਸ ਨੇ ਸੇਵਾਦਾਰ ਨੂੰ ਅਜਿਹੀ ਝਿੜਕ ਦਿੱਤੀ ਕਿ ਉਹ ਸਾਰਾ ਦਿਨ ਆਪਣਾ ਸਿਰ ਖੁਰਕਦਾ ਰਿਹਾ ਅਤੇ "ਠੀਕ ਹੈ, ਠੀਕ ਹੈ!" ਬਕਦਾ ਰਿਹਾ। ਕੇਵਲ ਸ਼ਾਮ ਨੂੰ ਹੀ ਅੰਕਲ ਖਵੋਸਤ ਉਸ ਨੂੰ "ਠੀਕ, ਠੀਕ, ਠੀਕ ਹੈ!" ਕਹਿ ਕੇ ਉਸ ਦਾ ਦਿਮਾਗ਼ ਟਿਕਾਣੇ ਲਿਆਉਣ ਵਿਚ ਕਾਮਯਾਬ ਹੋਇਆ।

ਚਾਰ ਦਿਨ ਬਾਅਦ ਇਹ ਜਾਣਕਾਰੀ ਪਿੰਡ ਤੋਂ ਆਈ ਕਿ ਗਰਾਸੀਮ ਸੁਰੱਖਿਅਤ ਪਿੰਡ ਪਹੁੰਚ ਗਿਆ ਸੀ। ਮਾਲਕਣ ਨੂੰ ਥੋੜ੍ਹਾ ਜਿਹਾ ਚੈਨ ਮਿਲਿਆ। ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਤੁਰੰਤ ਵਾਪਿਸ ਮਾਸਕੋ ਭੇਜਿਆ ਜਾਵੇ ਪਰ ਇਕ ਪਲ ਸੋਚਣ ਦੇ ਬਾਅਦ ਉਸ ਨੇ ਇਹ ਕਹਿੰਦੇ ਹੋਏ ਹੁਕਮ ਵਾਪਿਸ ਲੈ ਲਿਆ ਕਿ ਉਸ ਨੂੰ ਆਪਣੇ ਘਰ ਅਜਿਹੇ ਨਾਸ਼ੁਕਰੇ ਨੌਕਰ ਦੀ ਕੋਈ ਲੋੜ ਨਹੀ ਸੀ।

ਐਪਰ, ਛੇਤੀ ਹੀ ਪਿੱਛੋਂ ਉਸ ਦੀ ਮੌਤ ਹੋ ਗਈ, ਅਤੇ ਉਸ ਦੇ ਵਾਰਸਾਂ ਨੂੰ ਗਰਾਸੀਮ ਵਿਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ। ਉਨ੍ਹਾਂ ਨੇ ਉਨ੍ਹਾਂ ਦੀ "ਪਿਆਰੀ ਮਾਂ ਦੇ" ਘਰੇਲੂ ਨੌਕਰ, ਸਾਰੇ ਭੋਂ-ਗ਼ੁਲਾਮਾਂ ਨੂੰ ਕੁਝ ਸਾਲਾਨਾ ਨਜ਼ਰਾਨੇ ਬਦਲੇ ਜਿੱਥੇ ਜੀ ਕਰੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।

ਗਰਾਸੀਮ ਅਜੇ ਵੀ ਆਪਣੀ ਸੁੰਨੀ ਕੁੱਲੀ ਵਿੱਚ ਅਲੱਗ-ਥਲੱਗ ਰਹਿੰਦਾ ਹੈ। ਉਹ ਪਹਿਲਾਂ ਜਿੰਨਾ ਹੀ ਤੰਦਰੁਸਤ ਅਤੇ ਮਜ਼ਬੂਤ ਹੈ ਅਤੇ ਚਾਰ ਆਮ ਆਦਮੀਆਂ ਜਿੰਨਾ ਕੰਮ ਕਰਦਾ ਹੈ, ਜਿਵੇਂ ਉਹ ਪਹਿਲਾਂ ਕਰਦਾ ਹੁੰਦਾ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਗੰਭੀਰ ਅਤੇ ਅਡੋਲ-ਚਿੱਤ ਹੈ। ਉਸ ਦੇ ਗੁਆਂਢੀਆਂ ਨੇ ਦੇਖਿਆ ਹੈ ਕਿ ਜਦੋਂ ਤੋਂ ਉਹ ਮਾਸਕੋ ਤੋਂ ਵਾਪਸ ਆਇਆ ਹੈ ਉਸ ਨੇ ਕਦੇ ਵੀ ਔਰਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਸ ਨੇ ਕੋਈ ਕੁੱਤਾ ਨਹੀਂ ਪਾਲਿਆ।

"ਇਹ ਉਸ ਦੇ ਲਈ ਚੰਗਾ ਹੀ ਹੈ" ਉਹ ਅਕਸਰ ਟਿੱਪਣੀ ਕਰਦੇ ਹਨ, "ਕਿ ਉਹ ਔਰਤ ਕੋਲੋਂ ਪ੍ਰੇਸ਼ਾਨ ਹੋਣ ਦੇ ਦੁੱਖ ਤੋਂ ਤਾਂ ਬਚਿਆ ਹੋਇਆ ਹੈ।" ਜਿਥੋਂ ਤੱਕ ਕੁੱਤੇ ਦਾ ਸਵਾਲ ਹੈ - ਉਸ ਨੇ ਕੁੱਤੇ ਤੋਂ ਕੀ ਲੈਣਾ ਹੈ? ਬੈਲਾਂ ਦੀ ਜੋੜੀ ਨਾਲ ਖਿੱਚ ਕੇ ਵੀ ਕੋਈ ਚੋਰ ਉਸ ਦੀ ਕੁੱਲੀ ਤਕ ਨਹੀਂ ਲਿਆਂਦਾ ਜਾ ਸਕਦਾ।"

ਇਸ ਪ੍ਰਕਾਰ ਇਹ ਕਹਾਣੀ ਦਿਓਕੱਦ ਅਤੇ ਸ਼ਕਤੀਸ਼ਾਲੀ ਬੋਲ਼ੇ-ਗੂੰਗੇ ਭੋਂ-ਗ਼ੁਲਾਮ ਬਾਰੇ ਸੁਣਾਈ ਜਾਂਦੀ ਹੈ।

ਸਮਾਪਤ

ਇਕ ਫ਼ਾਲਤੂ ਆਦਮੀ ਦੀ ਡਾਇਰੀ



ਜਾਣ-ਪਛਾਣ


ਇਵਾਨ ਤੁਰਗਨੇਵ ਦੀ "ਇਕ ਫ਼ਾਲਤੂ ਮਨੁੱਖ ਦੀ ਡਾਇਰੀ" 1850 ਵਿਚ ਇੱਕ ਰੂਸੀ ਤਿਮਾਹੀ ਰਸਾਲੇ ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ। ਉਸ ਵੇਲੇ ਅੱਜ ਵਾਂਗ ਤੁਰਗਨੇਵ ਸਾਹਿਤਕ ਸੰਸਾਰ ਵਿਚ ਬਹੁਤਾ ਮਸ਼ਹੂਰ ਨਹੀਂ ਸੀ। ਉਸ ਦੀਆਂ ਕਹਾਣੀਆਂ ਨੂੰ ਲੋਕ ਅਕਸਰ, ਇੱਥੋਂ ਤਕ ਕਿ ਉਸ ਦੇ ਦੇਸ਼ ਵਾਸੀ ਵੀ ਅਣਗੌਲਿਆ ਕਰ ਛੱਡਦੇ ਸਨ। ਮੈਨੂੰ "ਡਾਇਰੀ" ਆਦਿ ਦਾ ਪਤਾ ਤੱਕ ਨਹੀਂ ਹੋਣਾ ਸੀ। ਇਸ ਨੂੰ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਪ੍ਰੇਸ਼ਾਨੀ ਲੈਣਾ ਤਾਂ ਹੋਰ ਵੀ ਦੂਰ ਦੀ ਗੱਲ ਹੁੰਦੀ। ਅਗਰ ਵਿਸ਼ੇਸ਼ ਹਾਲਤਾਂ ਇਸ ਨੂੰ ਮੇਰੇ ਧਿਆਨ ਵਿਚ ਨਾ ਲਿਆਉਂਦੀਆਂ।

ਸਾਲ 1856 ਵਿਚ ਮੈਨੂੰ ਵਿਲਨਾ ਜ਼ਿਲ੍ਹੇ ਦੇ ਇਕ ਕਾਰਪੋਰੇਟ ਸ਼ਹਿਰ ਵਿਲਕੋਮੀਰ ਵਿਚ ਕੁਝ ਦਿਨ ਕੱਟਣੇ ਪਏ। ਇਹ ਜਗ੍ਹਾ ਮੇਰੇ ਲਈ ਬਹੁਤ ਰੁੱਖੀ ਸੀ, ਕਿਉਂਕਿ ਮੈਂ ਕਦੇ ਆਪਣੇ ਜੱਦੀ ਸ਼ਹਿਰ, ਵਿਲਨਾ ਨਾਲੋਂ ਛੋਟੇ ਕਿਸੇ ਸ਼ਹਿਰ ਵਿਚ ਨਹੀਂ ਗਿਆ ਸੀ। ਇਸ ਵਿਚ ਪੇਂਡੂ ਖ਼ੇਤਰ ਵਾਲੀ ਖਿੱਚ ਵੀ ਨਹੀਂ ਸੀ ਕਿਉਂਕਿ ਇਸ ਵਿਚ ਇਕ ਕਾਰੋਬਾਰੀ ਸ਼ਹਿਰ ਦੇ ਢਕੌਂਸਲੇ ਸਨ ਅਤੇ ਸੜਕਾਂ 'ਤੇ ਭੀੜ-ਭੜੱਕਾ ਅਤੇ ਖੱਪਖ਼ਾਨਾ ਪ੍ਰਕਿਰਤੀ ਦੇ ਸਾਰੇ ਆਕਰਸ਼ਣ ਭੁਲਾ ਦਿੰਦੇ ਸਨ। ਮੇਰੇ ਕੋਲ ਪੜ੍ਹਨ ਲਈ ਕੋਈ ਕਿਤਾਬ ਨਹੀਂ ਸੀ ਅਤੇ ਨਾ ਹੀ ਕੋਈ ਸਮਾਂ ਬਿਤਾਉਣ ਲਈ ਮਨਭਾਉਂਦਾ ਸਾਥ ਸੀ। ਅਖ਼ੀਰ ਮੈਨੂੰ ਕਿਸੇ ਵਕੀਲ ਨੇ ਆਪਣੇ ਉਲੀਕੇ ਕੁਝ ਦਸਤਾਵੇਜ਼ਾਂ ਨੂੰ ਸੋਧਣ ਲਈ ਬੇਨਤੀ ਕੀਤੀ। ਰੂਸ ਵਿਚ ਜਾਂ ਹੋਰ ਕਿਤੇ ਵਕੀਲ ਹਮੇਸ਼ਾ ਵਧੀਆ ਵਿਆਕਰਣਕਾਰ ਨਹੀਂ ਹੁੰਦੇ ਜਦੋਂ ਮੈਂ ਉਸ ਦੇ ਖਰੜੇ ਪੜ੍ਹ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ, ਕੀ ਉਸ ਕੋਲ ਕਾਨੂੰਨ ਦੀਆਂ ਕਿਤਾਬਾਂ ਤੋਂ ਇਲਾਵਾ ਪੜ੍ਹਨ ਲਈ ਕੋਈ ਹੋਰ ਕਿਤਾਬਾਂ ਵੀ ਹਨ? "ਕੋਈ ਵੀ ਕਿਤਾਬ ਚੱਲੇਗੀ - ਕੋਈ ਨਾਵਲ ਹੋਵੇ ਚੱਲੇਗਾ - ਬੱਸ ਮੇਰੇ ਦਿਮਾਗ ਨੂੰ ਤਾਜ਼ਾ ਕਰਨ ਲਈ ਕੁਝ ਦੇ ਦੇਵੋ, ਨਹੀਂ ਤਾਂ ਮੈਂ ਉਕਤਾਹਟ ਦੇ ਨਾਲ ਮਰ ਜਾਵਾਂਗਾ।" ਉਸ ਦੀ ਅਲਮਾਰੀ ਵਿਚ ਉੱਲੀ ਨਾਲ ਭਰੇ ਕੁਝ ਪੁਰਾਣੇ ਰਸਾਲਿਆਂ ਦੇ ਇਲਾਵਾ ਹੋਰ ਕੁਝ ਨਹੀਂ ਸੀ। ਇਹ ਵੀ ਗ਼ਨੀਮਤ ਸੀ ਕਿ ਮੈਂ ਧੂੜ ਨਾਲ ਭਰੇ ਕਾਗਜ਼ਾਂ ਨੂੰ ਬਾਹਰ ਕੱਢ ਲਿਆ ਅਤੇ ਉਨ੍ਹਾਂ ਵਿਚੋਂ ਮੈਨੂੰ ਇਕ ਪੈਂਫਲਟ ਲੱਭਿਆ ਜਿਸ ਵਿਚ "ਇਕ ਫ਼ਾਲਤੂ ਮਨੁੱਖ ਦੀ ਡਾਇਰੀ" ਛਪੀ ਹੋਈ ਸੀ। ਸਿਰਲੇਖ ਨੇ ਮੇਰਾ ਧਿਆਨ ਖਿੱਚਿਆ ਅਤੇ ਮੈਂ ਇਸ ਦੇ ਦੋ ਜਾਂ ਤਿੰਨ ਪੰਨੇ ਪੜ੍ਹੇ। ਮੈਂ ਇਸ ਵਿਚ ਏਨਾ ਖੁੱਭ ਗਿਆ ਕਿ ਮੈਂ ਕਿਤਾਬ ਨੂੰ ਉਦੋਂ ਤਕ ਨਹੀਂ ਛੱਡ ਸਕਿਆ ਜਦ ਤਕ ਮੈਂ ਇਹ ਸਮਾਪਤ ਨਾ ਕਰ ਲਈ।

ਇਹ ਇਕੋ-ਇਕ ਅਜਿਹੀ ਸਾਹਿਤਕ ਲਿਖਤ ਸੀ ਜੋ ਵਿਲਕੋਮੀਰ ਵਿਚ ਮੇਰੇ ਸੁਹਜ-ਸੁਆਦ ਦੇ ਅਨੁਸਾਰ ਸੀ। ਇਸ ਲਈ ਮੈਂ ਉਸ ਸ਼ਹਿਰ ਵਿਚ ਬਿਤਾਇਆ ਬਾਕੀ ਸਮਾਂ ਇਸੇ ਕਹਾਣੀ ਬਾਰੇ ਸੋਚਦਾ ਰਿਹਾ ਜਿੰਨਾ ਜ਼ਿਆਦਾ ਮੈਂ "ਫ਼ਾਲਤੂ ਮਨੁੱਖ" ਦੀ ਕਹਾਣੀ 'ਤੇ ਵਿਚਾਰ ਕੀਤਾ। ਓਨਾ ਹੀ ਵਧੇਰੇ ਚੰਗੀ ਤਰ੍ਹਾਂ ਮੈਂ ਇਸ ਨੂੰ ਸਮਝਣ ਲੱਗ ਪਿਆ। ਸੱਚ ਤਾਂ ਇਹ ਹੈ ਕਿ ਮੈਂ ਕਿਸੇ ਹੋਰ ਕਹਾਣੀ ਦਾ ਨਾਂ ਨਹੀਂ ਦੱਸ ਸਕਦਾ ਜਿਸ ਨੇ ਇਸ ਤੋਂ ਵੱਧ ਮੇਰੇ 'ਤੇ ਪ੍ਰਭਾਵ ਪਾਇਆ ਹੋਵੇ। ਮੈਂ ਭਾਂਵੇ ਇਸ ਕਿਸਮ ਦੀਆਂ ਬਥੇਰੀਆਂ ਚੰਗੀਆਂ ਲਿਖਤਾਂ ਇਕ ਤੋਂ ਵੱਧ ਭਾਸ਼ਾਵਾਂ ਵਿਚ ਪੜ੍ਹੀਆਂ ਹਨ। ਸਭ ਤੋਂ ਛੋਟੀ ਚੀਜ਼ ਸਭ ਤੋਂ ਮਹੱਤਵਪੂਰਨ ਬਣ ਜਾਂਦੀ ਹੈ ਜਦੋਂ ਸਾਡੀ ਕਲਪਨਾ ਇਸ ਨੂੰ ਸਜੀਵ ਕਰ ਲੈਂਦੀ ਹੈ। ਮੈਂ ਆਪਣੀ ਇਕ ਮਹਿਲਾ ਮਿੱਤਰ ਲਈ ਇਸ ਕਹਾਣੀ ਨੂੰ ਜਰਮਨ ਵਿਚ; ਇਕ ਸਾਥੀ ਲਈ ਇਬਰਾਨੀ ਵਿਚ ਜਿਸ ਨੂੰ ਮੈਂ ਸੋਚਿਆ ਕਿ ਇਸ ਦਾ ਲਾਭ ਹੋ ਸਕਦਾ ਹੈ ਅਤੇ ਅਭਿਆਸ ਲਈ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ। ਮੇਰੇ ਕੁਝ ਮਿੱਤਰ ਜਿਨ੍ਹਾਂ ਨੂੰ ਮੈਂ ਅੰਗਰੇਜ਼ੀ ਅਨੁਵਾਦ ਪੜ੍ਹਾਇਆ। ਉਨ੍ਹਾਂ ਨੇ ਇਸ ਨੂੰ ਕਾਫ਼ੀ ਰੌਚਕ ਮੰਨਿਆ ਅਤੇ ਪ੍ਰਕਾਸ਼ਿਤ ਕਰਨ ਲਈ ਕਿਹਾ ਪਰ ਅਨੁਵਾਦ ਦੇ ਮਿਆਰ ਬਾਰੇ ਸ਼ੱਕੀ ਹੋਣ ਕਰਕੇ ਮੇਰੇ ਵਿਚ ਆਮ ਪਾਠਕ ਸਾਹਮਣੇ ਇਸ ਨੂੰ ਰੱਖਣ ਦੀ ਹਿੰਮਤ ਨਹੀਂ ਸੀ ਅਤੇ ਇਸ ਨੂੰ ਘੱਟ ਸਰਕੂਲੇਸ਼ਨ ਵਾਲੇ ਰਸਾਲਿਆਂ ਵਿਚ ਪ੍ਰਕਾਸ਼ਿਤ ਕੀਤਾ - ਪਹਿਲਾਂ ਅਮਰੀਕਨ ਇਜ਼ਰਾਲਾਈਟ ਵਿਚ ਅਤੇ ਇਸ ਤੋਂ ਬਾਅਦ ਸੰਨੀ ਸਾਊਥ ਵਿਚ। ਹੁਣ ਇਸ ਨੂੰ ਸੋਧ ਕੇ ਪੁਸਤਕ ਰੂਪ ਵਿਚ ਆਮ ਜਨਤਾ ਸਾਹਮਣੇ ਪੇਸ਼ ਕਰ ਰਿਹਾ ਹਾਂ। ਇਸ ਸਮੇਂ ਮੈਂ ਇਹ ਬੇਨਤੀ ਕਰਨ ਦਾ ਮੌਕਾ ਨਹੀਂ ਖੁੰਝਾਉਣਾ ਚਾਹੁੰਦਾ ਕਿ ਕਹਾਣੀ ਨੂੰ ਅੰਗਰੇਜ਼ੀ ਲਿਬਾਸ ਵਿਚ ਇਸ ਦੇ ਮਿਆਰ ਦੇ ਕਾਰਨ ਨਹੀਂ ਸਗੋਂ ਮੇਰੇ ਸ਼ਾਨਦਾਰ ਦੇਸ਼ਵਾਸੀ, ਲੇਖਕ ਦੀ ਮਨੋਵਿਗਿਆਨਕ ਘੋਖ ਦੇ ਨਮੂਨੇ ਵਜੋਂ ਧਿਆਨ ਗੋਚਰੇ ਕੀਤਾ ਜਾਵੇ।

ਚੁਲਕਾਤੂਰਿਨ (ਪਲਾਟ ਦਾ ਨਾਇਕ) ਦਾ ਚਰਿੱਤਰ ਰੂਸੀ ਮੂਲ ਦਾ ਹੈ। ਦੇਸ਼ ਦੇ ਕਾਨੂੰਨਾਂ ਅਤੇ ਰੀਤੀ-ਰਿਵਾਜਾਂ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦਰਮਿਆਨ ਫ਼ਰਕ, ਅਜਿਹੇ "ਬੇਲੋੜੇ ਮਰਦਾਂ" ਨੂੰ ਪੈਦਾ ਕਰਦਾ ਅਤੇ ਪਾਲਦਾ ਹੈ। ਕੁਲੀਨ ਕੁੱਲ ਦਾ ਕੋਈ ਭੱਦਰਪੁਰਸ਼ ਆਪਣੇ ਸਮਾਜਿਕ ਰੁਤਬੇ ਦੇ ਅਧਾਰ 'ਤੇ ਸਰਕਾਰੀ ਸੇਵਾ ਦੇ ਇਲਾਵਾ ਕਿਸੇ ਹੋਰ ਕੰਮਕਾਰ ਨੂੰ ਅਪਣਾਉਣ ਬਾਰੇ ਸੋਚਦਾ ਨਹੀਂ ਸੀ। ਨਾਗਰਿਕਾਂ ਦੇ ਇਸ ਲਾਡਲੇ ਵਰਗ ਦੇ ਬੱਚੇ ਅਜਿਹੇ ਢੰਗ ਨਾਲ ਪਾਲੇ-ਪੋਸੇ ਜਾਂਦੇ ਹਨ ਕਿ ਜੀਵਨ ਵਿਚ ਮਕੈਨੀਕਲ ਜਾਂ ਕਮਰਸ਼ੀਅਲ ਕੰਮਾਂਕਾਰਾਂ ਲਈ ਅਯੋਗ ਹੁੰਦੇ ਹਨ। ਉਨ੍ਹਾਂ ਪੂਰਵਜਾਂ ਦੀ ਅਮੀਰੀ ਦੇ ਕਿੱਸੇ ਅਤੇ ਉਨ੍ਹਾਂ ਦੇ ਕੁਰਸੀਨਾਮੇ ਅਤੇ ਸ਼ੀਲਡਾਂ, ਟਰਾਫ਼ੀਆਂ ਦੇ ਰਿਕਾਰਡ ਇਸ ਤਰ੍ਹਾਂ ਦੇ ਬੱਚਿਆਂ ਦੀਆਂ ਲੋਰੀਆਂ ਵਿਚ ਗੁੰਦੇ ਹੁੰਦੇ ਹਨ। ਇਹ ਲੋਰੀਆਂ ਉਨ੍ਹਾਂ ਨੂੰ ਬਾਕੀ ਦੀ ਮਨੁੱਖ-ਜਾਤੀ ਨਾਲੋਂ ਉੱਤਮ ਹੋਣ ਦਾ ਅਹਿਸਾਸ ਪ੍ਰਦਾਨ ਕਰਵਾਂਉਂਦੀਆਂ ਹਨ। ਅਗਰ ਇਸ ਵਰਗ ਦੇ ਮਾਪੇ ਅਮੀਰ ਹਨ ਅਤੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾ ਸਕਦੇ ਹਨ ਜੇ ਫੌਜੀ ਜਾਂ ਸਿਵਲ ਸੇਵਾ ਵਿਚ ਆਪਣੇ ਬੱਚਿਆਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਪ੍ਰਭਾਵਸ਼ਾਲੀ ਸਮਾਜਿਕ ਸੰਬੰਧ ਹਨ ਤਾਂ ਇਕ ਹੱਦ ਤਕ ਉਨ੍ਹਾਂ ਦੀ ਸਫਲਤਾ ਯਕੀਨੀ ਹੁੰਦੀ ਹੈ। ਸੈਂਟ ਪੀਟਰਸਬਰਗ, ਮਾਸਕੋ ਅਤੇ ਦੂਜੇ ਵੱਡੇ ਰੂਸੀ ਸ਼ਹਿਰਾਂ ਵਿਚ ਤੁਹਾਨੂੰ ਅਜਿਹੇ ਕੁਲੀਨ ਲੋਕ ਮਿਲ ਜਾਣਗੇ ਜੋ ਬਹੁਤ ਵਧੀਆ ਪੜ੍ਹੇ-ਲਿਖੇ ਹੋਣ ਅਤੇ ਦੂਜੇ ਦੇਸ਼ਾਂ ਦੇ ਪ੍ਰਬੁੱਧ ਵਰਗਾਂ ਦੇ ਨਾਲ ਮੇਲ ਖਾਂਦੇ ਹੁੰਦੇ ਹਨ ਪਰ ਇਹ ਸਿਰਫ਼ ਨਿਯਮ ਦੇ ਮੁਬਾਰਕ ਅਪਵਾਦ ਹਨ।

ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਕੁਲੀਨ ਵਰਗ ਦੀ ਬਹੁ-ਗਿਣਤੀ ਆਪਣੇ ਬੱਚਿਆਂ ਨੂੰ ਉਦਾਰ ਸਿੱਖਿਆ ਦਾ ਖਰਚਾ ਝੱਲਣ ਦੇ ਸਮਰੱਥ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੇ ਅਜਿਹੇ ਸਮਾਜਿਕ ਸੰਬੰਧ ਹੁੰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਸੁਰੱਖਿਅਤ ਦੁਨੀਆਂ ਵਿਚ ਪਹੁੰਚਾ ਸਕਣ, ਜਿੱਥੇ ਉਹ ਉਨ੍ਹਾਂ ਸ਼ਾਨਦਾਰ ਸਮਾਜਿਕ ਗੁਣਾਂ ਨੂੰ ਪ੍ਰਾਪਤ ਕਰ ਸਕਣ ਜੋ ਅਮੀਰਸ਼ਾਹੀ ਲਈ ਜ਼ਰੂਰੀ ਮੰਨੇ ਜਾਂਦੇ ਹਨ ਪਰ ਉਹ ਹੁੰਦੇ ਤਾਂ ਕੁਲੀਨ ਹੀ ਹਨ। ਸਮਾਜ ਦੀਆਂ ਹੇਠਲੀਆਂ ਸ਼੍ਰੇਣੀਆਂ ਵਾਲੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਛੱਡ ਕੇ ਆਪਣੀ ਰੋਜ਼ੀ ਲਈ ਉਹ ਹੋਰ ਕੋਈ ਵੀ ਕੰਮ ਕਰ ਲੈਣ ਤਾਂ ਉਨ੍ਹਾਂ ਦੀ ਜਾਤ ਦੇ ਮੈਂਬਰ ਉਨ੍ਹਾਂ ਨੂੰ ਖ਼ਿਮਾ ਕਰ ਦੇਣਗੇ। ਉਹ ਦੂਸਰਿਆਂ ਨੂੰ ਮੁਫਤੋ-ਮੁਫ਼ਤੀ ਠੱਗ ਲੈਣ ਤਾਂ ਮੁਨਾਸਬ ਹੈ। ਭ੍ਰਿਸ਼ਟਾਚਾਰ ਰਿਸ਼ਵਤਖੋਰੀ ਚੱਲੇਗੀ। ਜੂਏਬਾਜ਼ੀ ਮੁਆਫ਼ ਹੈ ਪਰ ਮਕੈਨਿਕ ਦਾ ਧੰਦਾ ਜਾਂ ਵਪਾਰਕ ਕਾਰੋਬਾਰਾਂ ਵਿਚ ਹਿੱਸਾ ਲੈਣਾ ਤੁਰੰਤ ਉਸ ਨੂੰ ਸਮਾਜ ਦੇ ਹੇਠਲੇ ਵਰਗ ਵਿਚ ਸ਼ਾਮਿਲ ਕਰ ਦਿੰਦਾ ਹੈ ਅਤੇ ਉਸ ਨੂੰ ਕੁਲੀਨ ਵਰਗ ਤੋਂ ਬੇਦਖ਼ਲ ਕਰ ਦਿੰਦਾ ਹੈ। ਉਨ੍ਹਾਂ ਦੇ ਬੱਚੇ ਕੁਲੀਨ ਹੋਣ ਦੇ ਅਹਿਸਾਸ ਦੀ ਗ਼ਲਤਫਹਿਮੀ ਵਿਚ ਉਨ੍ਹਾਂ ਦੀ ਜਾਤ ਵਿਚ ਨਾ-ਪਸੰਦ ਕੀਤੀ ਹਰ ਚੀਜ਼ ਪ੍ਰਤੀ ਨਾ-ਪਸੰਦਗੀ ਨਾਲ ਪਲਦੇ ਹਨ ਪਰੰਤੂ ਉਨ੍ਹਾਂ ਦੀ ਸਨਮਾਨਯੋਗ ਸਥਿਤੀ ਨੂੰ ਕਾਇਮ ਰੱਖਣ ਲਈ ਲੋੜੀਂਦੇ ਗਿਆਨ ਅਤੇ ਸਮਾਜਿਕ ਗੁਣਾਂ ਤੋਂ ਕੋਰੇ ਹੁੰਦੇ ਹਨ। ਨਾਗਰਿਕਾਂ ਦੀ ਅਜਿਹੀ ਸ਼੍ਰੇਣੀ ਸਮਾਜ ਲਈ ਕੀ ਬਣ ਸਕਦੀ ਹੈ। ਉਸ ਦੀ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਅਗਰ ਉਨ੍ਹਾਂ ਵਿਚ ਬੁਰਾਈ ਕਰਨ ਦੀ ਹਿੰਮਤ ਨਹੀਂ ਹੈ ਅਤੇ ਉਹ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਨਾਲ ਅੱਗੇ ਵੱਧ ਜਾਣ ਦੀ ਤਾਕਤ ਤੋਂ ਹੀਣੇ ਹਨ, ਤਾਂ ਉਹ "ਬੇਲੋੜੇ ਮਰਦ" ਹੋਣੇ ਚਾਹੀਦੇ ਹਨ।

ਉਨ੍ਹਾਂ ਦੀ ਸਤਹੀ ਪੱਧਰ ਦੀ ਸਿੱਖਿਆ, ਕੁੜੱਤਣ ਦੀ ਉਸ ਭਾਵਨਾ ਦੇ ਨਾਲ ਮਿਲਕੇ ਜੋ ਉਮੀਦਾਂ ਨੂੰ ਢਹਿ-ਢੇਰੀ ਕਰ ਦਿੰਦੀ ਹੈ। ਉਹ ਉਨ੍ਹਾਂ ਦੇ ਉਹ (ਫ਼ਾਲਤੁ ਮਨੁੱਖ) ਬਣਨ ਦਾ ਕਾਰਨ ਬਣਦੀ ਹੈ ਜੋ ਇਸ ਕਹਾਣੀ ਦਾ ਨਾਇਕ ਹੈ - ਸਨਕੀ, ਬੇਕਿਰਕ ਵਿਅੰਗਕਾਰ, ਨਿਰਾਸ਼, ਅਸੰਤੁਸ਼ਟ ਅਤੇ ਅਲੱਗ-ਥਲੱਗ ਕਾਰਟੂਨਿਸਟਿਸਟ। ਆਪਣੀ ਖ਼ੁਦ ਦੀ ਨਾਕਾਬਲੀਅਤ ਅਤੇ ਨਿਕੰਮੇਪਣ ਦੀ ਸਵੈ-ਚੇਤਨਾ ਉਸ ਦੇ ਜੀਵਨ ਨੂੰ ਕੁਤਰ ਰਹੀ ਹੈ। "ਫ਼ਾਲਤੂ ਆਦਮੀ" ਸੱਚਮੁਚ ਇਕ ਦੁਖੀ ਜੀਵਨ ਜਿਉਂਦਾ ਹੈ ਤੇ ਮਰ ਜਾਂਦਾ ਹੈ। ਇਸ ਤਰੀਕੇ ਨਾਲ ਹੀ ਸਮਾਨਤਾ ਦੀ ਭਾਵਨਾ ਉਨ੍ਹਾਂ ਲੋਕਾਂ ਤੋਂ ਬਦਲਾ ਲੈਂਦੀ ਹੈ ਜਿਹੜੇ ਬਾਕੀ ਸਾਰੀ ਮਨੁੱਖ-ਜਾਤੀ ਤੋਂ ਆਪਣੇ-ਆਪ ਨੂੰ ਅੱਡਰੇ ਸਮਝਦੇ ਹਨ। "ਫ਼ਾਲਤੂ ਆਦਮੀ" ਦਾ ਜਨਮ ਕੁਲੀਨ ਮਾਪਿਆਂ ਦੇ ਘਰ ਹੋਇਆ ਹੁੰਦਾ ਹੈ!

"ਫ਼ਾਲਤੂ ਆਦਮੀ" ਸੰਸਾਰ ਨੂੰ ਆਪਣੀ ਦ੍ਰਿਸ਼ਟੀ ਰਾਹੀਂ ਵੇਖਦਾ ਹੈ ਅਤੇ ਜੀਵਨ ਦੇ ਆਮ ਪਹਿਲੂ ਦੇ ਗਿਆਨ ਨਾਲ ਆਪਣੇ ਆਪ ਨੂੰ ਲੱਭਣ ਦੀ ਬਜਾਇ ਜੀਵਨ ਦੇ ਨਾਲ ਇਕਸੁਰਤਾ ਸਥਾਪਿਤ ਜਜ਼ਬਾਤਾਂ ਅਨੁਸਾਰ ਇਸ ਨੂੰ ਵੇਖਣਾ/ਪਰਖਣਾ ਚਾਹੁੰਦਾ ਹੈ। ਉਹ ਬਹੁਤ ਤੰਗ-ਨਜ਼ਰ ਹੈ। ਉਸ ਦਾ ਗਿਆਨ ਬਹੁਤ ਸਤਹੀ ਹੈ। ਇਸ ਲਈ ਉਹ ਜੀਵਨ ਬਾਰੇ ਵਧੇਰੇ ਵਿਸ਼ਾਲ ਨਜ਼ਰੀਆ ਨਹੀਂ ਆਪਣਾ ਸਕਦਾ। ਉਹ ਹੰਕਾਰੀ ਹੈ ਕਿਉਂਕਿ ਉੱਤਮ ਹੋਣ ਦਾ ਕਾਲਪਨਿਕ ਅਹਿਸਾਸ ਉਸ ਨੂੰ ਵਿਰਾਸਤ ਵਿਚ ਮਿਲਿਆ ਹੈ। ਉਹ ਆਪਣੀ ਜਾਤ ਤੋਂ ਨੀਵਿਆਂ ਕੋਲੋਂ ਕੁਝ ਵੀ ਸਿੱਖਣ ਜਾਂ ਸਵੀਕਾਰ ਕਰਨ ਨੂੰ ਬਾਕੀਆਂ ਦੇ ਮੇਲ ਮਿਲਾਪ ਨੂੰ ਆਪਣੀ ਸ਼ਾਨ ਦੀ ਹੇਠੀ ਸਮਝਦਾ ਹੈ। ਉਹ ਆਪਣੀ ਸਾਦਗੀ ਦੀ ਪੁੰਜ ਬੁੱਢੀ ਨਰਸ ਦੇ ਦਿਆਲੂਪੁਣੇ ਅਤੇ ਵਫ਼ਾਦਾਰੀ ਨੂੰ ਵੇਖਣ ਤੋਂ ਮੁਨਕਰ ਹੈ ਅਤੇ ਇਸ ਦੀ ਵਿਆਖਿਆ ਗ਼ਲਤ ਤਰੀਕੇ ਨਾਲ ਕਰਦਾ ਹੈ। ਉਹ ਆਪਣੇ ਵਫ਼ਾਦਾਰ ਕੁੱਤੇ ਦੀ ਚੰਗੀ ਭੁਗਤ ਸਵਾਰਦਾ ਹੈ। ਨਾ ਤਾਂ ਨਰਸ ਦਾ ਤੇ ਨਾ ਹੀ ਕੁੱਤੇ ਦਾ ਜਨਮ ਕੁਲੀਨ ਘਰਾਣੇ ਦਾ ਹੁੰਦਾ ਹੈ ਜੇ ਉਹ ਹੰਕਾਰੀ, ਨਾਖ਼ੁਸ਼ ਅਤੇ ਜੀਵਨ ਲਈ ਨਕਾਰਾ ਹੈ ਤਾਂ ਬਾਕੀ ਸਭ ਬੁਰਾ ਹੋਣਾ ਚਾਹੀਦਾ ਹੈ।

ਉਹ ਜਿਹੜੇ ਜ਼ਿੰਦਗੀ ਦਾ ਅਨੰਦ ਲੈਂਦੇ ਹਨ ਜਾਂ ਤਾਂ ਸਹਿਜ ਪਵਿੱਤਰਤਾ ਜਾਂ ਕੁਦਰਤੀ ਸੰਤੁਸ਼ਟੀ ਕਾਰਨ ਜਾਂ ਆਪਣੀਆਂ ਪਾਪੀ ਕੋਸ਼ਿਸ਼ਾਂ ਕਰਕੇ। ਉਹ ਉਸ ਦੀ ਖਿੱਲੀ ਦਾ ਬਰਾਬਰ ਵਿਸ਼ਾ ਹਨ, ਹਾਲਾਂਕਿ ਉਹ ਪਵਿੱਤਰ ਹੁੰਦਾ ਜੇਕਰ ਉਸ ਵਿਚ ਨੈਤਿਕ ਹਿੰਮਤ ਤੇ ਸੰਤੁਸ਼ਟੀ ਹੁੰਦੀ ਜੇ ਉਸ ਨੂੰ ਹੰਕਾਰ ਨਾ ਹੁੰਦਾ ਜਾਂ ਪਾਪੀ ਹੁੰਦਾ। ਅਗਰ ਉਸ ਕੋਲ ਇਹ ਕਰਨ ਜੋਗੀ ਦਲੇਰੀ ਹੁੰਦੀ। ਉਹ ਆਪਣੀਆਂ ਘਾਟਾਂ ਜਾਣਦਾ ਹੈ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਤਾਕਤ ਨਹੀਂ ਜੁਟਾ ਸਕਦਾ ਜੇ ਇਕ ਸ਼ਾਨਦਾਰ ਪਲ ਦੀ ਯਾਦ ਆਉਂਦੀ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਨਿਰਾਸ਼ਾਵਾਂ ਲਈ ਦਿਲਾਸੇ ਦੀ ਬਜਾਏ, ਇਹ ਉਸ 'ਤੇ ਉੱਕਾ ਵੱਖਰੇ ਢੰਗ ਨਾਲ ਅਸਰ ਪਾਉਂਦਾ ਹੈ। ਇਹ ਉਸ ਨੂੰ ਯਾਦ ਦਿਵਾਉਂਦਾ ਹੈ ਕਿ ਜੀਵਨ ਵਿਚ ਕੁਝ ਬਖਸ਼ਿਸ਼ਾਂ ਹੁੰਦੀਆਂ ਹਨ ਪਰ ਉਹ ਬਖਸ਼ਿਸ਼ਾਂ ਉਸ ਲਈ ਨਹੀਂ ਹਨ। ਇਸ ਲਈ ਉਸ ਦਾ ਕੌੜਾ ਘੁੱਟ ਹੋਰ ਕੌੜਾ ਹੋ ਜਾਂਦਾ ਹੈ। ਉਸ ਦੀ ਹਨੇਰੀ ਹੋਣੀ ਹੋਰ ਵੀ ਸਿਆਹ ਹੋ ਜਾਂਦੀ ਹੈ। ਈਰਖਾਲੂ ਕਾਂ ਵਾਂਗ, ਜਿਸ ਨੇ ਚੀਨੇ ਕਬੂਤਰ ਉੱਤੇ ਇਸ ਲਈ ਚਿੱਕੜ ਸੁੱਟ ਦਿੱਤਾ ਸੀ ਤਾਂ ਜੋ ਉਹ ਵੀ ਉਸ ਵਰਗਾ ਕਾਲਾ ਦਿਖਾਈ ਦੇਵੇ। ਇਸ ਲਈ "ਫ਼ਾਲਤੂ ਆਦਮੀ" ਆਪਣੇ ਆਪ ਨੂੰ ਢਾਰਸ ਦੇਣ ਦੀ ਖ਼ਾਤਿਰ ਆਪਣੀ ਤਨਜ਼ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ 'ਤੇ ਕਰਦਾ ਹੈ ਪਰ ਸੱਚ ਉਸ ਦੇ ਜੀਵਨ ਨੂੰ ਹਰ ਵਕਤ ਕੁਤਰਦਾ ਰਹਿੰਦਾ ਹੈ। ਉਹ ਆਪਣੇ-ਆਪ ਨੂੰ ਆਪਣੀ ਤੇਜ਼ ਨਜ਼ਰ ਤੋਂ ਛੁਪਾ ਨਹੀਂ ਸਕਦਾ ਜੋ ਕਿ ਦੂਜਿਆਂ ਦੀਆਂ ਕਮੀਆਂ ਨੂੰ ਸਮਝਣ ਲਈ ਬਹੁਤ ਉਤਾਵਲਾ ਰਹਿੰਦਾ ਹੈ।

ਜੇ ਚੁਲਕਾਤੂਰਿਨ ਦਾ ਮੰਤਵ ਉੱਤਰਾਧਿਕਾਰੀ ਅਮੀਰਸ਼ਾਹੀ ਦਾ ਮਾਨਵੀਕਰਨ ਕਰਨਾ ਹੈ ਤਾਂ ਅਸੀਂ ਸਪੱਸ਼ਟ ਰੂਪ ਵਿਚ ਉਸ ਦੀ ਹੋਣੀ ਨੂੰ ਦੇਖ ਸਕਦੇ ਹਾਂ ਜਦ ਇਹ ਆਪਣੇ ਮੂਲ ਸਾਂਝ ਤੋਂ ਵਿਰਵੀ ਹੋਣ ਲੱਗਦੀ ਹੈ ਤਾਂ ਇਹ ਸਭ ਤੋਂ ਪਹਿਲਾਂ ਗ਼ਰੀਬ ਹੋ ਜਾਂਦੀ ਹੈ, ਫਿਰ ਇਸ ਦਾ ਪਤਨ ਹੋਣ ਲੱਗਦਾ ਹੈ ਤੇ ਇਹ "ਫ਼ਾਲਤੂ" ਹੋ ਜਾਂਦੀ ਹੈ ਅਤੇ ਆਖ਼ਿਰਕਾਰ ਸਵੈ-ਤਸੀਹਿਆਂ ਨਾਲ ਮਰ ਜਾਂਦੀ ਹੈ।

ਇਹ ਉਹ ਸਬਕ ਹੈ ਜੋ ਮੈਂ "ਫ਼ਾਲਤੂ ਆਦਮੀ ਦੀ ਡਾਇਰੀ" ਤੋਂ ਸਿੱਖਿਆ ਹੈ। ਕਾਸ਼! ਪਾਠਕ ਇਸ ਕਹਾਣੀ ਪ੍ਰਤੀ ਮੇਰੀ ਪੱਖਪਾਤੀ ਸਮਝ ਨੂੰ ਖਿਮਾ ਕਰ ਦੇਵੇ। ਮੈਨੂੰ ਲੱਗਦਾ ਹੈ ਕਿ ਇਹ ਇਕ ਬੇਕਾਰ ਸਬਕ ਨਹੀਂ ਹੈ। ਇੱਥੋਂ ਤਕ ਕਿ ਇਸ ਦੇਸ਼ ਵਿਚ ਵੀ ਜਿੱਥੇ ਕੋਈ ਅਮੀਰਸ਼ਾਹੀ ਨਹੀਂ ਹੈ। ਇਹ ਨਾਮ ਨਹੀਂ ਹੈ, ਸਗੋਂ ਅਜਿਹੀ ਚੀਜ ਹੈ ਜੋ ਇਸ ਮਾਮਲੇ ਵਿਚ ਗੜਬੜੀ ਪੈਦਾ ਕਰਦੀ ਹੈ ਅਤੇ ਬਹੁਤ ਸਾਰੀਆਂ ਗੱਲਾਂ ਹਨ ਜੋ ਦੁਨੀਆਂ ਭਰ ਵਿਚ ਸਮਾਜਿਕ ਅਸਮਾਨਤਾਵਾਂ ਪੈਦਾ ਕਰਦੀਆਂ ਹਨ, ਭਾਵੇਂ ਰੂਸ ਜਿੰਨੀ ਭੈੜੀ ਨਹੀਂ ਹੈ ਪਰ ਫਿਰ ਵੀ ਕਾਫ਼ੀ ਬੁਰੀ ਹੈ। ਰੱਬ ਉਨ੍ਹਾਂ ਲੋਕਾਂ 'ਤੇ ਰਹਿਮ ਕਰੇ ਜਿਨ੍ਹਾਂ ਦੇ ਪਾਲਣ-ਪੋਸ਼ਣ ਨੇ ਚੂਲਕਾਤੂਰਿਨ ਵਰਗੇ ਬਣਾ ਦਿੱਤਾ ਅਤੇ ਉਨ੍ਹਾਂ ਦੇ ਵਡੇਰਿਆਂ ਦੇ ਪਾਪ ਮੁਆਫ਼ ਕਰ ਦੇਵੇ!

ਹੈਨਰੀ ਗੇਰਸੋਨੀ

ਇਕ ਫ਼ਾਲਤੂ ਆਦਮੀ ਦੀ ਡਾਇਰੀ


ਪਿੰਡ ਓਵਚੱਟ-ਵੋਡਾ, 20 ਮਾਰਚ

ਡਾਕਟਰ ਹੁਣੇ ਘਰੋਂ ਗਿਆ ਹੈ। ਆਖ਼ਿਰਕਾਰ ਮੈਂ ਉਸ ਤੋਂ ਸੱਚਾਈ ਕੱਢਵਾ ਹੀ ਲਈ ਚਾਹੇ ਉਸ ਨੇ ਇਸ ਨੂੰ ਛੁਪਾਉਣ ਦੀ ਕਿੰਨੀ ਵੀ ਕੋਸ਼ਿਸ਼ ਕੀਤੀ। ਆਖ਼ਿਰ ਉਸ ਨੂੰ ਇਹ ਦੱਸਣੀ ਹੀ ਪਈ। ਹਾਂ, ਮੈਂ ਛੇਤੀ ਹੀ ਮਰ ਜਾਵਾਂਗਾ - ਬਹੁਤ ਛੇਤੀ। ਨਦੀਆਂ ਆਪਣੀ ਬਰਫ਼ ਦੀ ਚਾਦਰ ਲਾਹ ਸੁੱਟਣਗੀਆਂ ਅਤੇ ਮੈਂ ਆਖ਼ਰੀ ਬਰਫ਼ ਦੀ ਪਰਤ ਨਾਲ ਅਲੋਪ ਜਾਵਾਂਗਾ। ਮੈਂ ਜ਼ਰੂਰ ਚਲੇ ਜਾਵਾਂਗਾ। ਕਿਧਰ ਨੂੰ? ਰੱਬ ਜਾਣਦਾ ਹੈ। ਮੈਂ ਸਮੁੰਦਰ ਵਿਚ ਵੀ ਡੁੱਬ ਸਕਦਾ ਹਾਂ। ਠੀਕ ਹੈ, ਇਸ ਵਿਚ ਕਿਹੜੀ ਮਾੜੀ ਗੱਲ ਹੈ? ਜੇ ਮੌਤ ਅਟੱਲ ਹੈ, ਤਾਂ ਬਸੰਤ ਵਿਚ ਮਰਨਾ ਚੰਗਾ ਹੈ।

ਪਰ ਕੀ ਮੌਤ ਤੋਂ ਲਗਪਗ ਪੰਦਰਵਾੜਾ ਪਹਿਲਾਂ ਡਾਇਰੀ ਲਿਖਣੀ ਸ਼ੁਰੂ ਕਰਨਾ ਹਾਸੋ-ਹੀਣਾ ਨਹੀਂ? ਇਸ ਬਾਰੇ ਕੀ ਕਹੀਏ? ਕੀ ਸਦੀਵਤਾ ਦੀ ਨਜ਼ਰ ਤੋਂ ਚੌਦਾਂ ਦਿਨ, ਚੌਦਾਂ ਵਰ੍ਹੇ ਜਾਂ ਚੌਦਾਂ ਸਦੀਆਂ ਨਾਲੋਂ ਘੱਟ ਮਹੱਤਵਪੂਰਨ ਹਨ? ਪਰ ਕੀ ਸਦੀਵਤਾ ਦਾ ਵਿਚਾਰ ਨਿਰੀ ਮੂਰਖਤਾ ਨਹੀਂ ਹੈ? ਮੇਰਾ ਮਨ ਕਿਆਸਰਾਈਆਂ ਦੇ ਭੰਵਰਜਾਲ ਵਿਚ ਭਟਕ ਰਿਹਾ ਜਾਪਦਾ ਹੈ। ਇਹ ਇਕ ਬਦਸ਼ਗਨੀ ਹੈ। ਇੰਜ ਜਾਪਦਾ ਹੈ ਕਿ ਮੈਂ ਹਿੰਮਤ ਹਾਰ ਰਿਹਾ ਹਾਂ। ਇਹ ਬਿਹਤਰ ਹੋਵੇਗਾ ਜੇ ਮੈਂ ਕਹਿ ਦੇਵਾਂ ਕਿ ਬਾਹਰ ਹਵਾ ਸਿੱਲ੍ਹੀ ਅਤੇ ਠੰਢੀ ਹੈ ਅਤੇ ਚੰਗਾ ਹੈ ਕਿ ਮੈਂ ਬਾਹਰ ਨਹੀਂ ਜਾ ਸਕਦਾ। ਮੈਂ ਕੀ ਬਿਆਨ ਕਰਾਂ? ਆਪਣੀ ਬੀਮਾਰੀ ਬਾਰੇ ਕੁਝ ਲਿਖਾਂ? ਕੋਈ ਚੰਗਾ ਵਿਅਕਤੀ ਆਪਣੇ ਦੁੱਖਾਂ ਬਾਰੇ ਨਹੀਂ ਲਿਖਦਾ। ਕੀ ਮੈਂ ਇਕ ਕਹਾਣੀ ਦੀ ਰਚਨਾ ਕਰਾਂ? ਇਹ ਮੇਰੇ ਵੱਸ ਵਿਚ ਨਹੀਂ ਹੈ। ਕੀ ਮੈਂ ਕਿਸੇ ਦਾਰਸ਼ਨਿਕ ਵਿਸ਼ੇ 'ਤੇ ਲਿਖਾਂ? ਮੈਂ ਅਜਿਹੇ ਕੰਮ ਦੇ ਹਾਣ ਦਾ ਨਹੀਂ ਹਾਂ। ਕੀ ਮੈਂ ਆਪਣੇ ਆਲੇ-ਦੁਆਲੇ ਦਾ ਵਰਣਨ ਕਰਾਂਗਾ? ਇਹ ਮੇਰੇ ਲਈ ਥਕਾਊ ਹੋਵੇਗਾ ਤੇ ਪਾਠਕ ਲਈ ਤਾਂ ਹੋਰ ਵੀ ਜ਼ਿਆਦਾ। ਮੈਂ ਵਿਹਲੜਪੁਣੇ ਨਾਲ ਥੱਕ ਗਿਆ ਹਾਂ ਅਤੇ ਆਲਸੀ ਵੀ ਏਨਾ ਕਿ ਕੁਝ ਪੜ੍ਹ ਵੀ ਨਹੀਂ ਸਕਦਾ। ਕੁਝ ਪੜ੍ਹ ਵੀ ਨਹੀਂ ਸਕਦਾ। ਇਕ ਸ਼ਾਨਦਾਰ ਵਿਚਾਰ ਮੇਰੇ ਮਨ ਨੂੰ ਭਾਅ ਗਿਆ ਹੈ! ਮੈਂ ਆਪਣੇ-ਆਪ ਨੂੰ ਆਪਣੇ ਜੀਵਨ ਦੀ ਕਹਾਣੀ ਸੁਣਾਵਾਂਗਾ। ਇਹ ਉਹ ਕੰਮ ਹੈ ਜੋ ਬੰਦੇ ਨੂੰ ਆਪਣੀ ਮੌਤ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਕਿਸੇ ਦਾ ਕੁਝ ਵਿਗੜ ਵੀ ਨਹੀਂ ਸਕਦਾ। ਮੈਂ ਹੁਣੇ ਸ਼ੁਰੂ ਕਰ ਦਿੰਦਾ ਹਾਂ।

ਮੈਂ ਤੀਹ ਸਾਲ ਪਹਿਲਾਂ ਪੈਦਾ ਹੋਇਆ ਸੀ। ਮੇਰੇ ਮਾਪੇ ਚੰਗੇ ਖਾਂਦੇ-ਪੀਂਦੇ ਜਾਗੀਰਦਾਰ ਸਨ। ਮੇਰੇ ਪਿਤਾ ਜੀ ਪੱਕੇ ਜੂਏਬਾਜ਼ ਸਨ ਅਤੇ ਮੇਰੀ ਮਾਂ ਚਰਿੱਤਰਵਾਨ ਔਰਤ ਸੀ। ਇਕ ਬਹੁਤ ਹੀ ਦਿਆਲੂ ਅਤੇ ਨੇਕ ਔਰਤ। ਮੈਂ ਦਰਅਸਲ ਇਕ ਵੀ ਔਰਤ ਨੂੰ ਨਹੀਂ ਜਾਣਦਾ ਜਿਸ ਨੂੰ ਨੇਕੀ ਕਰਕੇ ਉਸ ਨਾਲੋਂ ਘੱਟ ਖੁਸ਼ੀ ਮਿਲਦੀ ਹੋਵੇ। ਉਹ ਅਸਲ ਵਿਚ ਆਪਣੀ ਨੇਕੀ ਦੇ ਭਾਰ ਹੇਠ ਦੱਬੀ ਹੋਈ ਸੀ। ਉਹ ਸਾਰਿਆਂ ਨੂੰ ਦੁਖੀ ਕਰਦੀ ਸੀ ਤੇ ਆਪਣੇ-ਆਪ ਨੂੰ ਵੀ। ਆਪਣੀ ਜ਼ਿੰਦਗੀ ਦੇ ਪੰਜਾਹ ਸਾਲਾਂ ਦੇ ਦੌਰਾਨ ਉਸ ਨੇ ਕਦੇ ਅਰਾਮ ਨਹੀਂ ਕੀਤਾ, ਕਦੇ ਵੀ ਟਿਕ ਕੇ ਨਹੀਂ ਬੈਠੀ। ਉਹ ਲਗਾਤਾਰ ਰੁੱਝੀ ਰਹਿੰਦੀ ਸੀ ਅਤੇ ਇਕ ਕੀੜੀ ਦੀ ਤਰ੍ਹਾਂ ਇਧਰ-ਉਧਰ ਭੱਜੀ ਫਿਰਦੀ ਸੀ। ਬੱਸ ਇਕੋ ਹੀ ਅੰਤਰ ਸੀ ਕਿ ਉਸ ਦੇ ਕੰਮ ਦਾ ਕਦੇ ਕੋਈ ਮਨੋਰਥ ਨਹੀਂ ਹੁੰਦਾ ਸੀ। ਇਹ ਲੱਗਦਾ ਸੀ ਕਿ ਕੋਈ ਕੀੜਾ ਉਸ ਦੇ ਦਿਲ ਨੂੰ ਕੁਤਰੀ ਜਾ ਰਿਹਾ ਸੀ ਜਿਸ ਕਰਕੇ ਦਿਨ-ਰਾਤ ਉਸ ਨੂੰ ਬੇਚੈਨੀ ਰਹਿੰਦੀ ਸੀ। ਉਸ ਨੂੰ ਮੈਂ ਕੇਵਲ ਇਕ ਵਾਰ ਆਪਣੀ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਸ਼ਾਂਤ ਦੇਖਿਆ। ਇਹ ਉਸ ਦੀ ਮੌਤ ਤੋਂ ਇਕ ਦਿਨ ਬਾਅਦ ਦੀ ਗੱਲ ਸੀ। ਮੈਨੂੰ ਲੱਗਿਆ ਕਿ ਉਸ ਦੇ ਚਿਹਰੇ ਨੇ ਮੂਕ ਅਚੰਭੇ ਦਾ ਪ੍ਰਭਾਵ ਧਾਰਨ ਕੀਤਾ ਹੋਇਆ ਸੀ। ਉਹ ਆਪਣੇ ਤਾਬੂਤ ਵਿਚ ਪਈ ਸੀ। ਉਸ ਦੀਆਂ ਗੱਲ੍ਹਾਂ ਚਿਪਕੀਆਂ ਹੋਈਆਂ ਅਤੇ ਅੱਖਾਂ ਤਾੜੇ ਲੱਗੀਆਂ ਸਨ। ਉਸ ਦੇ ਬੁੱਲ੍ਹ ਅੱਧ-ਮੀਟੇ ਸਨ। ਉਸ ਦਾ ਪੂਰਨ ਹਾਵ-ਭਾਵ ਇਹ ਕਹਿੰਦਾ ਜਾਪਦਾ ਸੀ, "ਕਿੰਨਾ ਚੰਗਾ ਹੈ ਕਿ ਅਸੀਂ ਹਿੱਲ ਨਹੀਂ ਸਕਦੇ!" ਹਾਂ, ਇਹ ਚੰਗਾ ਹੈ, ਬਹੁਤ ਚੰਗਾ ਹੈ, ਆਖ਼ਿਰਕਾਰ ਜੀਵਨ ਦੀ ਅਕਾਊ ਚੇਤਨਾ ਅਤੇ ਵਜੂਦ ਦੀਆਂ ਨਿਰੰਤਰ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਣਾ! ਪਰ ਇਹ ਸਭ ਊਲ-ਜਲੂਲ।

ਜਿਸ ਤਰ੍ਹਾਂ ਮੈਂ ਵੱਡਾ ਹੋਇਆ ਉਹ ਮੂਰਖ਼ਤਾ ਭਰਿਆ ਸੀ। ਮੇਰਾ ਬਚਪਨ ਖੁਸ਼ਹਾਲ ਨਹੀਂ ਸੀ। ਮੇਰੇ ਪਿਤਾ ਅਤੇ ਮਾਤਾ ਦੋਨਾਂ ਨੇ ਮੈਨੂੰ ਪਿਆਰ ਕੀਤਾ ਪਰ ਇਸ ਨਾਲ ਮੇਰੇ ਹਾਲ ਵਿਚ ਕੁਝ ਵੀ ਸੁਧਾਰ ਨਾ ਹੋਇਆ। ਪਿਤਾ ਦੀ ਘਰ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਸੀ। ਉਸ ਨੇ ਆਪਣੇ-ਆਪ ਨੂੰ ਬਦਨਾਮ ਅਤੇ ਵਿਨਾਸ਼ਕਾਰੀ ਆਦਤ ਦੇ ਹਵਾਲੇ ਕਰ ਦਿੱਤਾ ਹੋਇਆ ਸੀ ਅਤੇ ਉਹ ਆਪਣੇ ਨਿਘਾਰ ਨੂੰ ਮਹਿਸੂਸ ਕਰਦਾ ਸੀ ਪਰ ਉਸ ਕੋਲ ਆਪਣੀਆਂ ਘਟੀਆ ਇੱਛਾਵਾਂ ਦਾ ਵਿਰੋਧ ਕਰਨ ਦੀ ਨੈਤਿਕ ਸ਼ਕਤੀ ਨਹੀਂ ਸੀ। ਇਸ ਲਈ ਉਸ ਨੇ ਆਪਣੀ ਸ਼ਾਂਤ, ਅਧੀਨਗੀ ਅਤੇ ਨਿਮਰਤਾ ਨਾਲ ਪਤਨੀ ਨੂੰ ਖ਼ੁਸ਼ ਰੱਖਣ ਦੀ ਵਧੀਆਂ ਕੋਸ਼ਿਸ਼ ਕੀਤੀ।

ਮੇਰੀ ਮਾਂ ਨੇ ਬੁਲੰਦ ਅਤੇ ਅਣਖੀਲੇ ਸਬਰ ਨਾਲ ਆਪਣੇ ਦੁੱਖ ਕੱਟੇ ਅਤੇ ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਘਮੰਡ ਸੀ। ਉਸ ਨੇ ਮੇਰੇ ਪਿਤਾ ਨੂੰ ਉਸ ਦੀ ਕਰਨੀ ਲਈ ਕਦੇ ਜ਼ਲੀਲ ਨਹੀਂ ਕੀਤਾ। ਉਸ ਨੇ ਆਪਣਾ ਸਾਰਾ ਪੈਸਾ ਦੇ ਦਿੱਤਾ ਅਤੇ ਬਿਨਾਂ ਕਿਸੇ ਤਿੜ-ਫ਼ਿੜ ਤੋਂ ਉਸ ਦੇ ਕਰਜ਼ ਲਾਹੁੰਦੀ ਰਹੀ। ਉਹ ਹਮੇਸ਼ਾ ਉਸ ਦੀ ਖ਼ੂਬ ਪ੍ਰਸ਼ੰਸਾ ਕਰਦਾ ਪਰ ਘਰ ਰਹਿਣਾ ਉਸ ਨੂੰ ਪਸੰਦ ਨਹੀਂ ਸੀ। ਉਹ ਮੈਨੂੰ ਤ੍ਰਹਿੰਦੇ-ਤ੍ਰਹਿੰਦੇ ਪਿਆਰ ਕਰਦਾ, ਜਿਵੇਂ ਕਿ ਉਹ ਡਰਦਾ ਹੋਵੇ ਕਿ ਉਸ ਵਾਲੀ ਨੈਤਿਕ ਬਿਮਾਰੀ ਮੈਨੂੰ ਵੀ ਨਾ ਲੱਗ ਜਾਵੇ ਪਰ ਜਦ ਵੀ ਉਹ ਮੈਨੂੰ ਘੁੱਟ ਕੇ ਆਪਣੇ ਨਾਲ ਲਾਉਂਦਾ। ਉਸ ਦੇ ਕਰੂਪ ਨੈਣ-ਨਕਸ਼ ਨਿਰੀ ਕੋਮਲਤਾ ਦੇ ਹਾਵ-ਭਾਵ ਧਾਰਨ ਕਰ ਲੈਂਦੇ। ਉਸ ਦੇ ਬੁੱਲ੍ਹਾਂ ਦੇ ਆਲੇ-ਦੁਆਲੇ ਘਬਰਾਹਟ ਦੇ ਚਿੰਨ੍ਹ ਮੋਹ ਭਰੀ ਮੁਸਕਰਾਹਟ ਸਰੂਪ ਹੋ ਜਾਂਦੇ ਅਤੇ ਝੁਰੜੀਆਂ ਦੇ ਘੜਮੱਸ ਵਿਚ ਘਿਰੀਆਂ ਉਸ ਦੀਆਂ ਹਲਕੇ ਨੀਲੇ ਰੰਗ ਦੀਆਂ ਅੱਖਾਂ ਏਨੇ ਪਿਆਰ ਨਾਲ ਭਰੀਆਂ ਹੁੰਦੀਆਂ ਕਿ ਮੈਂ ਆਪਣੀ ਗੱਲ੍ਹ ਉਸ ਦੇ ਚਿਹਰੇ ਨਾਲ ਦਬਾਏ ਬਿਨਾਂ ਨਾ ਰਹਿ ਸਕਦਾ। ਉਸ ਦਾ ਚਿਹਰਾ ਪਿਆਰ-ਭਾਵ ਦੇ ਨਾਲ ਚਮਕ ਰਿਹਾ ਹੁੰਦਾ ਅਤੇ ਹੰਝੂਆਂ ਨਾਲ ਭਿੱਜਿਆ ਹੁੰਦਾ। ਮੈਂ ਆਪਣੇ ਰੁਮਾਲ ਨਾਲ ਉਸ ਦੇ ਹੰਝੂ ਪੂੰਝਦਾ ਰਿਹਾ ਪਰ ਇਹ ਆਪ ਮੁਹਾਰੇ ਮੁੜ ਵਗ ਤੁਰਦੇ, ਭਰੇ ਹੋਏ ਗਲਾਸ ਦੇ ਕਿਨਾਰਿਆਂ ਤੋਂ ਡੁੱਲ੍ਹਦੇ ਪਾਣੀ ਦੀ ਤਰ੍ਹਾਂ। ਫਿਰ ਮੈਂ ਵੀ ਰੋਣ ਲੱਗ ਪੈਂਦਾ। ਉਹ ਮੇਰੇ ਮੋਢੇ ਥਾਪੜਦਾ ਅਤੇ ਮੇਰੇ ਮੂੰਹ ਨੂੰ ਕੰਬਦੇ ਬੁੱਲ੍ਹਾਂ ਨਾਲ ਵਾਰ-ਵਾਰ ਚੁੰਮਣ ਲੱਗਦਾ, ਮੈਨੂੰ ਦਿਲਾਸਾ ਦਿੰਦਾ। ਹੁਣ ਵੀ ਜਦੋਂ ਮੈਂ ਆਪਣੇ ਵਿਚਾਰੇ ਪਿਤਾ ਬਾਰੇ ਸੋਚਦਾ ਹਾਂ ਜਿਸ ਨੂੰ ਮਰਿਆਂ 20 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਹੈ ਤਾਂ ਮੇਰਾ ਗਲਾ ਭਰ ਆਉਂਦਾ ਹੈ। ਮੇਰਾ ਦਿਲ ਤੇਜ਼-ਤੇਜ਼ ਧੜਕਣ ਲੱਗਦਾ ਹੈ ਅਤੇ ਇਸ ਤਰ੍ਹਾਂ ਹਮਦਰਦੀ ਭਰੇ ਦਰਦ ਨਾਲ ਭਾਰਾ ਮਹਿਸੂਸ ਹੁੰਦਾ ਹਾਂ; ਜਿਵੇਂ ਉਹ ਅਜੇ ਦੇਰ ਤਕ ਧੜਕਣਾ ਚਾਹੁੰਦਾ ਹੋਵੇ, ਜਿਵੇਂ ਅਜੇ ਵੀ ਢੇਰ ਹਮਦਰਦੀ ਕਰਨਾ ਬਾਕੀ ਹੋਵੇ।

ਦੂਜੇ ਪਾਸੇ, ਮੇਰੀ ਮਾਂ ਹਮੇਸ਼ਾ ਮੇਰੇ ਨਾਲ ਇਕਸਾਰ ਸਲੂਕ ਕਰਦੀ ਸੀ - ਦਿਆਲੂ ਪਰ ਗ਼ੈਰ ਜਜ਼ਬਾਤੀ। "ਸਾਨੂੰ ਅਕਸਰ ਅਜਿਹੀਆਂ ਮਾਵਾਂ ਬੱਚਿਆਂ ਦੀਆਂ ਕਿਤਾਬਾਂ ਵਿਚ ਮਿਲ ਜਾਦੀਆਂ ਹਨ - ਆਲੀਸ਼ਾਨ ਨੈਤਿਕਤਾ ਅਤੇ ਇਨਸਾਫ਼ ਦੀਆਂ ਮੂਰਤਾਂ। ਮੇਰੀ ਮਾਂ ਮੈਨੂੰ ਪਿਆਰ ਕਰਦੀ ਸੀ ਪਰ ਮੈਨੂੰ ਉਸ ਨਾਲ ਪਿਆਰ ਨਹੀਂ ਸੀ। ਹਾਂ, ਮੈਂ ਆਪਣੀ ਨੇਕ ਮਾਂ ਤੋਂ ਦੂਰ ਰਿਹਾ ਪਰ ਆਪਣੇ ਦੁਰਾਚਾਰੀ ਬਾਪ ਨੂੰ ਜਜ਼ਬਾਤੀ ਤੌਰ 'ਤੇ ਪਿਆਰ ਕਰਦਾ ਸੀ।

ਪਰ ਅੱਜ ਦੇ ਲਈ ਇਹ ਕਾਫੀ ਹੋਵੇਗਾ। ਮੈਂ ਸ਼ੁਰੂਆਤ ਕਰ ਲਈ ਹੈ ਅਤੇ ਮੈਨੂੰ ਕਿਸੇ ਹੋਰ ਦੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਇਹ ਮੇਰੀ ਬਿਮਾਰੀ 'ਤੇ ਨਿਰਭਰ ਕਰਦਾ ਹੈ, ਨਾ ਕਿ ਮੇਰੇ 'ਤੇ।

21 ਮਾਰਚ

ਅੱਜ ਦਿਨ ਸ਼ਾਨਦਾਰ, ਨਿੱਘਾ ਤੇ ਸਾਫ਼ ਹੈ। ਪਿਘਲ ਰਹੀ ਬਰਫ਼ ਦੇ ਉੱਪਰ ਧੁੱਪ ਅਠਖੇਲੀਆਂ ਖਾ ਰਹੀ ਹੈ। ਹਰ ਚੀਜ਼ ਤਰੇਲੇ ਰਵਿਆਂ ਨਾਲ ਚਮਕ ਰਹੀ ਹੈ। ਚਿੜੀਆਂ ਚਹਿਕ ਰਹੀਆਂ ਹਨ ਜੋ ਨਮ ਅਤੇ ਭਾਫ਼-ਗਲੇਫ਼ੇ ਜੰਗਲਿਆਂ ਕੋਲ ਚਹਿਚਿਹਾ ਰਹੀਆਂ ਹਨ। ਮਿੱਠੀ ਤੇ ਨਮੀ ਨਾਲ ਯੁਕਤ ਹਵਾ ਮੇਰੀ ਛਾਤੀ ਨਾਲ ਸਰਕ ਰਹੀ ਹੈ। ਬਸੰਤ, ਬਸੰਤ ਰੁੱਤ ਆ ਰਹੀ ਹੈ! ਮੈਂ ਖਿੜਕੀ ਮੂਹਰੇ ਬੈਠਾ ਹਾਂ। ਛੋਟੀ ਨਦੀ ਤੋਂ ਬਹੁਤ ਦੂਰ, ਦੂਰ ਧੁੰਦਲੀ ਜਗ੍ਹਾ ਵੱਲ ਦੇਖ ਰਿਹਾ ਹਾਂ।

ਓ, ਕੁਦਰਤ! ਕੁਦਰਤ! ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ! ਪਰ ਤੇਰੀ ਹਿੱਕ ਵਿੱਚੋਂ ਇੱਕ ਪ੍ਰਾਣੀ ਪੈਦਾ ਹੋਇਆ ਹੈ ਜੋ ਜੀਉਂਦਾ ਰਹਿਣ ਦੇ ਯੋਗ ਨਹੀਂ। ਇਕ ਚਿੜੀ ਹੈ ਜੋ ਖੰਭ ਫੈਲਾ ਕੇ ਟਪੂਸੀਆਂ ਮਾਰ ਰਹੀ ਹੈ। ਉਹ ਉੱਚੀ ਚੀਂ-ਚੀਂ ਕਰਦੀ ਹੈ ਅਤੇ ਉਸ ਦੀ ਆਵਾਜ਼ ਦੀ ਹਰ ਧੁਨੀ, ਉਸ ਦੇ ਨਿੱਕੇ ਜਿਹੇ ਬਦਨ ਤੇ ਉੱਗਿਆ ਹਰ ਪੰਖ ਪੰਛੀ ਦੀ ਸਿਹਤ ਅਤੇ ਤਾਕਤ ਦੀ ਦੁਹਾਈ ਦੇ ਰਿਹਾ ਹੈ। ਹੁਣ, ਇਹ ਕੀ ਹੈ? ਕੁਝ ਨਹੀਂ। ਚਿੜੀ ਤੰਦਰੁਸਤ ਹੈ ਅਤੇ ਇਸ ਨੂੰ ਚਹਿਕਣ ਅਤੇ ਚਹਿ-ਚਹਾਉਣ ਦਾ ਹੱਕ ਹੈ। ਮੈਂ ਬਿਮਾਰ ਹਾਂ ਅਤੇ ਮੈਂ ਹਰ ਹਾਲ ਮਰਨਾ ਹੈ। ਬਸ ਇੰਨਾ ਹੀ। ਇਸ ਬਾਰੇ ਮੇਰਾ ਗੱਲ ਕਰਨਾ ਮੂਰਖ਼ਤਾ ਸੀ। ਕੁਦਰਤ ਨੂੰ ਰੋ-ਰੋ ਕੇ 'ਵਾਜ਼ਾਂ ਮਾਰਨਾ ਬਹੁਤ ਹਾਸੋ-ਹੀਣਾ ਹੁੰਦਾ ਹੈ। ਚਲੋ ਮੈਂ ਆਪਣੀ ਕਹਾਣੀ ਅੱਗੇ ਤੋਰਦਾ ਹਾਂ।

ਮੈਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਮੈਂ ਵੱਡਾ ਹੋਇਆ। ਉਹ ਮੂਰਖ਼ਤਾ ਭਰਿਆ ਅਤੇ ਖ਼ੁਸ਼ੀਆਂ ਤੋਂ ਊਣਾ ਸੀ। ਮੇਰਾ ਨਾ ਤਾਂ ਕੋਈ ਭਰਾ ਸੀ ਤੇ ਨਾ ਹੀ ਕੋਈ ਭੈਣ ਤੇ ਮੈਂ ਘਰ ਵਿਚ ਹੀ ਪੜ੍ਹਿਆ ਸੀ ਜੇ ਮੈਨੂੰ ਸਕੂਲ ਭੇਜ ਦਿੱਤਾ ਜਾਂਦਾ ਤਾਂ ਮੇਰੀ ਮਾਂ ਕਿਸ ਨਾਲ ਰੁੱਝੀ ਰਹਿੰਦੀ? ਬੱਚੇ ਆਪਣੇ ਮਾਪਿਆਂ ਦਾ ਮਨ ਪਰਚਾਉਣ ਲਈ ਹੀ ਤਾਂ ਦੁਨੀਆਂ ਵਿਚ ਆਉਂਦੇ ਹਨ। ਅਸੀਂ ਆਮ ਤੌਰ 'ਤੇ ਪਿੰਡ ਵਿਚ ਹੀ ਰਹਿੰਦੇ ਸਾਂ ਪਰ ਕਦੇ-ਕਦਾਈਂ ਮਾਸਕੋ ਵਿਚ ਵੀ ਕੁਝ ਹਫ਼ਤੇ ਬਿਤਾ ਆਉਂਦੇ ਸੀ, ਜਿਵੇਂ ਰਿਵਾਜ਼ ਸੀ ਮੇਰੇ ਨਾਲ ਮੇਰੇ ਅਧਿਆਪਕ ਅਤੇ ਭਰੋਸੇਯੋਗ ਸਲਾਹਕਾਰ ਸਨ। ਮੈਨੂੰ ਉਨ੍ਹਾਂ ਵਿਚੋਂ ਇਕ ਖਾਸ ਤੌਰ 'ਤੇ ਚੇਤੇ ਹੈ। ਇਕ ਸੁੱਕੜੂ ਤੇ ਉਦਾਸ ਜਿਹਾ ਜਰਮਨ ਜਿਸ ਦਾ ਨਾਮ ਰਿਕਮਨ ਸੀ। ਉਹ ਬਹੁਤ ਹੀ ਉਦਾਸ ਅਤੇ ਦਿਲਗੀਰ ਰਹਿਣ ਵਾਲਾ ਵਿਅਕਤੀ ਸੀ। ਉਸ ਵਖਤਾਂ ਮਾਰੇ ਨੂੰ ਆਪਣੀ ਦੂਰ ਦੀ ਪਿਤਾ-ਭੂਮੀ ਦੀ ਪ੍ਰਬਲ ਪਰ ਨਿਰਾਰਥਕ ਤਾਂਘ ਖਾਈ ਜਾ ਰਹੀ ਸੀ। ਕਈ ਵਾਰ ਚਾਚਾ ਵਾਸੀਲ, ਆਪਣੀ ਕਦੇ ਨਾ ਫਟਣ ਵਾਲੀ ਮੋਟੀ ਨੀਲੀ ਪੁਸ਼ਾਕ ਪਹਿਨ ਕੇ ਨਾਲ ਵਾਲੀ ਬੈਠਕ ਵਿਚ ਗਰਮ ਸਟੋਵ ਦੇ ਨਜ਼ਦੀਕ ਬੈਠ ਜਾਂਦਾ ਜਿਸ ਦੀ ਹਵਾ ਕਵਾਸ* ਦੀ ਗੰਧ ਨਾਲ ਭਰੀ ਹੋਈ ਸੀ ਜਦੋਂ ਉਹ ਡਰਾਈਵਰ, ਪੋਟਾਪੌਫ, ਜਿਸ ਨੇ ਚਿੱਟੀ ਭੇਡ ਦੀ ਖੱਲ ਵਾਲਾ ਚੋਗਾ ਅਤੇ ਭਾਰੀ ਬੂਟ ਪਹਿਨੇ ਹੋਏ ਸਨ - ਨਾਲ ਤਾਸ਼ ਖੇਡਦਾ ਸੀ ਰਿਕਮੈਨ, ਸਪੇਨੀ ਦੀਵਾਰ ਪਿੱਛੇ ਗੀਤ ਗਾਉਂਦਾ ਹੁੰਦਾ ਸੀ:

"ਦਿਲ, ਮੇਰੇ ਦਿਲ, ਇੰਨਾ ਉਦਾਸ ਕਿਉਂ ਹੈਂ ਤੂੰ,
ਕਿੱਥੇ ਅਟਕ ਗਿਆ ਹੈਂ ਤੂੰ?
ਇਹ ਵਿਦੇਸ਼ੀ ਧਰਤੀ ਕਿੰਨੀ ਸੁੰਦਰ ਹੈ,
ਦਿਲ,ਮੇਰੇ ਦਿਲ, ਹੋਰ ਦੱਸ ਕੀ ਚਾਹੁੰਦਾ ਹੈਂ ਤੂੰ?"

ਮੇਰੇ ਪਿਤਾ ਦੀ ਮੌਤ ਦੇ ਬਾਅਦ ਅਸੀਂ ਮਾਸਕੋ ਰਹਿਣ ਲਈ ਚਲੇ ਗਏ। ਮੈਂ ਉਦੋਂ ਬਾਰਾਂ ਸਾਲਾਂ ਦਾ ਸੀ। ਮੇਰੇ ਪਿਤਾ ਦੀ ਅਧਰੰਗ ਦੇ ਦੌਰੇ ਨਾਲ ਰਾਤ ਨੂੰ ਮੌਤ ਹੋ ਗਈ। ਮੈਨੂੰ ਉਹ ਰਾਤ ਕਦੇ ਨਹੀਂ ਭੁੱਲੇਗੀ। ਮੈਂ ਘੂਕ ਸੁੱਤਾ ਪਿਆ ਸੀ, ਜਿਵੇਂ ਬੱਚੇ ਆਮ ਤੌਰ 'ਤੇ ਸੌਂਦੇ ਹਨ ਪਰ ਮੈਨੂੰ ਚੇਤੇ ਹੈ ਕਿ ਨੀਂਦ ਵਿਚ ਵੀ ਬਾਕਾਇਦਾ ਅਤੇ ਭਾਰੀ ਘੁਰਾੜੇ ਸੁਣਾਈ ਦਿੱਤੇ ਸਨ। ਅਚਾਨਕ ਕਿਸੇ ਨੇ ਮੈਨੂੰ ਮੋਢੇ ਤੋਂ ਝੰਜੋੜਿਆ। ਮੈਂ ਅੱਖਾਂ ਖੋਲ੍ਹੀਆਂ: ਵਾਸੀਲ ਚਾਚਾ ਮੇਰੇ ਸਾਹਮਣੇ ਖੜ੍ਹਾ ਸੀ।"

"ਕੀ ਗੱਲ ਹੋਈ?"

"ਉੱਠੋ, ਉੱਠੋ-ਅਲੈਕਸੀ ਮਾਈਕਿਲੋਵਿਚ ਮਰ ਰਿਹਾ ਹੈ।"

ਮੈਂ ਇਕ ਪਾਗਲ ਵਾਂਗ, ਮੰਜੇ ਤੋਂ ਉੱਤਰਿਆ ਅਤੇ ਕਾਹਲੀ ਨਾਲ ਵੱਡੇ ਕਦਮ ਪੁੱਟਦਾ ਸੌਣ ਵਾਲੇ ਕਮਰੇ ਵਿਚ ਗਿਆ। ਪਿਤਾ ਜੀ ਦਾ ਸਿਰ ਪਿੱਛੇ ਨੂੰ ਲੁੜਕਿਆ ਹੋਇਆ ਸੀ। ਉਨ੍ਹਾਂ ਦਾ ਚਿਹਰਾ ਲਾਲ ਸੀ ਅਤੇ ਗਲੇ ਵਿਚੋਂ ਡੂੰਘੀਆਂ ਆਵਾਜ਼ਾਂ ਨਿਕਲ ਰਹੀਆਂ ਸਨ। ਦਰਵਾਜ਼ੇ ਕੋਲ ਭੀੜ ਜਮ੍ਹਾਂ ਹੋਈ ਪਈ ਸੀ ਜਿਨ੍ਹਾਂ ਦੇ ਚਿਹਰੇ ਡਰੇ ਹੋਏ ਸਨ। ਬੈਠਕ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ, "ਕੀ ਡਾਕਟਰ ਨੂੰ ਬੁਲਾਵਾ ਭੇਜਿਆ ਹੈ?" ਬਾਹਰਲੇ ਵਿਹੜੇ ਦੇ ਦਰਵਾਜ਼ਿਆਂ ਦੀਆਂ ਚੂਲਾਂ ਨੇ ਚਿਰਰ ਚਿਰਰ ਕੀਤੀ। ਘੋੜਿਆਂ ਦੇ ਪੈਰ ਚਿੱਕੜ ਵਿਚ ਛਪਲ ਛਪਲ ਕਰ ਰਹੇ ਸਨ। ਅਤੇ ਪੋਟਾਪੌਫ਼ ਦੀ ਅਰਦਾਸ ਦੀ ਆਵਾਜ਼ ਹੁੰਗਾਰਾ ਭਰ ਰਹੀ ਸੀ। ਕਮਰੇ ਦੇ ਫ਼ਰਸ਼ 'ਤੇ ਇਕ ਮੋਮਬੱਤੀ ਬਾਲ਼ ਦਿੱਤੀ ਗਈ। ਮੇਰੀ ਮਾਂ ਭੱਜੀ-ਨੱਠੀ ਫਿਰ ਰਹੀ ਸੀ ਪਰ ਉਹ ਆਪਣੀ ਇੱਜ਼ਤ ਜਾਂ ਅਣਖ ਦੇ ਅਹਿਸਾਸ ਤੋਂ ਪੂਰਨ ਭਾਂਤ ਖ਼ਬਰਦਾਰ ਸੀ।

ਮੈਂ ਆਪਣੇ ਪਿਤਾ ਦੀ ਛਾਤੀ ਉੱਤੇ ਢੇਰੀ ਹੋ ਗਿਆ ਅਤੇ ਰੋਣ ਲੱਗ ਪਿਆ, "ਪਾਪਾ, ਪਿਆਰੇ ਪਾਪਾ!" ਉਹ ਨਹੀਂ ਹਿੱਲਿਆ, ਪਰ ਉਸ ਦਾ ਚਿਹਰਾ ਅਜੀਬ ਤਰ੍ਹਾਂ ਨਾਲ ਝੁਰੜਾਇਆ ਗਿਆ। ਮੈਂ ਉਸ ਵੱਲ ਦੇਖਿਆ ਅਤੇ ਇਕ ਦਹਿਸ਼ਤ ਨੇ ਮੈਨੂੰ ਦਬੋਚ ਲਿਆ ਜਿਸ ਨਾਲ ਮੈਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ। ਮੈਂ ਡਰ ਕੇ ਚੀਖ਼ ਮਾਰੀ, ਜਿਵੇਂ ਇਕ ਪੰਛੀ ਦੀ ਦਬੋਚਣ ਵੇਲੇ ਚੀਕ ਨਿਕਲਦੀ। ਕਿਸੇ ਨੇ ਮੈਨੂੰ ਉਠਾਇਆ ਅਤੇ ਕਮਰੇ ਵਿਚੋਂ ਬਾਹਰ ਲਿਆਂਦਾ। ਬੀਤੇ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਪਿਆਰ ਕੀਤਾ। ਇਸ ਤਰ੍ਹਾਂ ਦੇ ਦੁਖਦਾਈ ਹਾਵ-ਭਾਵ ਦੇ ਨਾਲ, ਜਿਵੇਂ ਕਿ ਉਨ੍ਹਾਂ ਨੂੰ ਆਪਣਾ ਅੰਤ ਨੇੜੇ ਆ ਜਾਣ ਦੀ ਭਿਣਕ ਪੈ ਗਈ ਹੋਵੇ। ਸੁਸਤਾਊ ਅਤੇ ਬੇਢੰਗੀ ਜਿਹੀ ਦਾੜੀ ਵਾਲਾ ਡਾਕਟਰ ਕਮਰੇ ਵਿਚ ਆਇਆ। ਰਾਈ-ਬਰਾਂਡੀ ਦੀ ਤਿੱਖੀ ​​ਗੰਧ ਉਸ ਦੇ ਨਾਲ ਕਮਰੇ ਵਿਚ ਆਈ। ਉਸ ਦੇ ਨਸ਼ਤਰ ਹੇਠ ਮੇਰੇ ਪਿਤਾ ਜੀ ਦੀ ਮੌਤ ਹੋ ਗਈ।

ਅਗਲੇ ਦਿਨ ਮੈਂ ਆਪਣੇ ਹੱਥ ਵਿਚ ਇਕ ਬਲਦੀ ਮੋਮਬੱਤੀ ਲਈਂ ਉਸ ਮੇਜ ਸਾਹਮਣੇ ਖੜ੍ਹਾ ਸੀ ਜਿਸ 'ਤੇ ਮੇਰੇ ਪਿਤਾ ਜੀ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ। ਮੈਂ ਪੂਰੀ ਤਰ੍ਹਾਂ ਸੁੰਨ ਹੋ ਗਿਆ ਸੀ ਅਤੇ ਪਾਦਰੀ ਵੱਲੋਂ ਭਰਵੀਂ ਆਵਾਜ਼ ਵਿਚ ਕੀਤੀ ਅੰਤਿਮ ਅਰਦਾਸ ਨੂੰ ਬੇਜੳਨ ਜਿਹਾ ਹੋ ਸੁਣ ਰਿਹਾ ਸੀ। ਕਈ ਵਾਰ ਉਸ ਦੀ ਆਵਾਜ਼ ਵੀ ਵਿਘਨ ਪਾ ਦਿੰਦੀ ਸੀ। ਮੇਰੀਆਂ ਗੱਲ੍ਹਾਂ, ਬੁੱਲ੍ਹਾਂ, ਕਾਲਰ ਅਤੇ ਕਮੀਜ਼ ਦੇ ਪੱਲੇ 'ਤੇ ਹੰਝੂਆਂ ਦੀਆਂ ਘਰਾਲਾਂ ਵਹਿ ਰਹੀਆਂ ਸਨ। ਮੈਂ ਬਿਨਾਂ ਕਿਸੇ ਮਨ ਦੀ ਭਾਵਨਾ ਦੇ ਹੰਝੂਆਂ ਨਾਲ ਪਿਘਲ ਰਿਹਾ ਸੀ। ਮੇਰੀ ਨਿਗਾਹ ਮੇਰੇ ਪਿਤਾ ਜੀ ਦੇ ਚਿਹਰੇ 'ਤੇ ਟਿਕੀ ਹੋਈ ਸੀ, ਜਿਵੇਂ ਮੈਂ ਉਸ ਦੇ ਬੋਲ ਪੈਣ ਦੀ ਉਮੀਦ ਲਾਈ ਹੋਵੇ। ਇਸ ਸਮੇਂ ਦੌਰਾਨ ਮੇਰੀ ਮਾਂ ਬੜੀ ਸ਼ਿੱਦਤ ਨਾਲ ਆਪਣੀਆਂ ਧਾਰਮਿਕ ਜ਼ਿੰਮੇਦਾਰੀਆਂ ਨਿਭਾ ਰਹੀ ਸੀ। ਉਹ ਹੌਲੀ-ਹੌਲੀ ਥੱਲੇ ਨਿਵਦੀ, ਜ਼ਮੀਨ ਨੂੰ ਮੱਥੇ ਨਾਲ ਛੋਹ ਕੇ ਹੌਲੀ-ਹੌਲੀ ਉੱਠਦੀ ਅਤੇ ਹਰ ਵਾਰ ਸਿਰ ਨਿਵਾਉਣ 'ਤੇ ਸਲੀਬ ਦਾ ਨਿਸ਼ਾਨ ਬਣਾਉਂਦੀ ਹੋਈ ਆਪਣੇ ਮੱਥੇ, ਛਾਤੀ, ਅਤੇ ਮੋਢਿਆਂ ਨੂੰ ਆਪਣੇ ਪੋਟਿਆਂ ਨਾਲ ਦਬਾਉਂਦੀ। ਉਸ ਸਮੇਂ ਮੇਰੇ ਦਿਮਾਗ ਵਿਚ ਇਕ ਵੀ ਵਿਚਾਰ ਨਹੀਂ ਸੀ ਪਰ ਮੈਂ ਮਹਿਸੂਸ ਕੀਤਾ ਕਿ ਕੋਈ ਡਰਾਉਣੀ ਚੀਜ਼ ਮੇਰੇ ਸਾਹਮਣੇ ਵਾਪਰ ਰਹੀ ਸੀ। ਮੇਰੇ ਵੱਲ ਧਿਆਨ ਧਰਦਿਆਂ ਮੌਤ ਨੇ ਮੇਰੇ ਚਿਹਰੇ ਨੂੰ ਨਿਹਾਰਿਆ।

ਮੇਰੇ ਪਿਤਾ ਦੀ ਮੌਤ ਤੋਂ ਬਾਅਦ ਅਸੀਂ ਕੁਝ ਸਾਧਾਰਨ ਕਾਰਨ ਕਰਕੇ ਮਾਸਕੋ ਰਹਿਣ ਚਲੇ ਗਏ। ਹਰ ਚੀਜ਼ ਜੋ ਸਾਡੀ ਸੀ। ਉਸ ਦੀ ਨਿਲਾਮੀ ਕਰ ਦਿੱਤੀ ਗਈ ਸੀ। ਬਸ, ਇਕ ਛੋਟਾ ਜਿਹਾ ਪਿੰਡ ਜਿਸ ਵਿਚ ਮੈਂ ਹੁਣ ਆਪਣੀ ਸ਼ਾਨਦਾਰ ਹੋਂਦ ਨੂੰ ਖਤਮ ਕਰ ਰਿਹਾ ਹਾਂ, ਬਾਕੀ ਰਹਿ ਗਿਆ ਸੀ। ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਆਪਣੀ ਅੱਲੜ੍ਹ ਜਵਾਨੀ ਦੇ ਬਾਵਜੂਦ, ਸਾਡੇ ਆਲ੍ਹਣੇ ਦੇ ਖੁੱਸ ਜਾਣ ਦਾ ਮੈਨੂੰ ਸੱਚਮੁਚ ਬਹੁਤ ਸਦਮਾ ਪਹੁੰਚਿਆ ਸੀ। ਮੈਂ ਖ਼ਾਸ ਤੌਰ 'ਤੇ ਸਾਡੇ ਬਾਗ਼ ਦੇ ਖੁੱਸ ਜਾਣ ਕਾਰਨ ਉਦਾਸ ਸੀ। ਇਕ ਬਾਗ਼ ਹੀ ਤਾਂ ਸੀ ਜਿਸ ਨਾਲ ਮੇਰੀਆਂ ਖ਼ੂਬਸੂਰਤ ਯਾਦਾਂ ਜੁੜੀਆਂ ਹੋਈਆਂ ਸਨ। ਬਸੰਤ ਦੀ ਇਕ ਸ਼ਾਮ ਦੀ ਚੁੱਪ ਚਾਂ ਵਿਚ ਮੈਂ ਆਪਣੇ ਸਭ ਤੋਂ ਚੰਗੇ ਦੋਸਤ, ਸਾਡੇ ਬੁੱਢੇ ਕੁੱਤੇ ਨੂੰ ਇੱਥੇ ਦਫ਼ਨਾਇਆ ਸੀ। ਉਸ ਦਾ ਨਾਂ ਤਰਿਸਕਾ ਸੀ ਜਿਸ ਦੀ ਪੂਛ ਲੰਡੀ ਅਤੇ ਲੱਤਾਂ ਵਿੰਗੀਆਂ ਸਨ। ਇਸੇ ਬਾਗ਼ ਦੇ ਬੂਟਿਆਂ ਵਿਚ ਲੁਕ ਕੇ ਮੈਂ ਚੁਰਾਏ ਹੋਏ ਸੇਬ ਖਾਇਆ ਕਰਦਾ ਸੀ - ਉਹ ਲਾਲ, ਮਿੱਠੇ ਸੇਬ, ਅਸਲ ਨੋਵੋਗੋਰੋਦੀਆਈ। ਇਸੇ ਬਾਗ਼ ਦੀਆਂ ਰਸਭਰੀਆਂ ਦੀਆਂ ਝਾੜੀਆਂ ਵਿਚ ਸਾਡੀ ਨਵੀਂ ਨੌਕਰਾਣੀ, ਅਵਦੋਤੀਆ ਨੂੰ ਪਹਿਲੀ ਵਾਰ ਦੇਖਿਆ ਸੀ। ਆਪਣੇ ਮਿੱਡੇ ਨੱਕ ਅਤੇ ਹੱਸਦੇ ਸਮੇਂ ਆਪਣੇ ਚਿਹਰੇ ਨੂੰ ਰੁਮਾਲ ਨਾਲ ਢੱਕ ਲੈਣ ਦੀ ਆਪਣੀ ਮੂਰਖ਼ ਆਦਤ ਦੇ ਬਾਵਜੂਦ, ਉਸ ਨੇ ਮੇਰੇ ਅੰਦਰ ਅਜਿਹੀ ਕੋਮਲ ਭਾਵਨਾ ਨੂੰ ਜਗਾਇਆ ਸੀ ਕਿ ਮੈਂ ਉਸ ਦੀ ਮੌਜੂਦਗੀ ਵਿਚ ਮੁਸ਼ਕਿਲ ਨਾਲ ਹੀ ਸਾਹ ਲੈ ਸਕਦਾ ਸੀ ਅਤੇ ਇਕ ਵਾਰ ਜਦੋਂ ਈਸਟਰ ਐਤਵਾਰ ਦੇ ਦਿਨ ਮੇਰੇ ਖ਼ਾਨਦਾਨੀ ਹੱਥ ਨੂੰ ਚੁੰਮਣ ਦੀ ਉਸ ਦੀ ਵਾਰੀ ਆਈ ਤਾਂ ਮੇਰਾ ਮਨ ਕੀਤਾ ਸੀ ਕਿ ਮੈਂ ਆਪਣਾ ਆਪ ਉਸ ਦੇ ਪੈਰਾਂ 'ਤੇ ਸੁੱਟ ਦੇਵਾਂ ਅਤੇ ਉਸ ਦੇ ਪੁਰਾਣੇ ਧੂੜ ਲੱਤੇ ਚਮੜੇ ਦੇ ਬੂਟਾਂ ਨੂੰ ਚੁੰਮ ਲਵਾਂ।

ਕੀ ਸੱਚ ਹੀ ਇਹ ਸਾਰਾ ਕੁਝ ਵਾਪਰਿਆਂ ਵੀਹ ਸਾਲ ਦਾ ਸਮਾਂ ਬੀਤ ਚੁੱਕਾ ਹੈ? ਲੱਗਦਾ ਹੈ ਅਜੇ ਕੱਲ੍ਹ ਦੀ ਗੱਲ ਹੈ ਕਿ ਮੈਂ ਆਪਣੇ ਬਾਗ਼ ਦੀ ਪੁਰਾਣੀ ਕੰਧ ਦੇ ਨਾਲ-ਨਾਲ ਆਪਣੇ ਭੂਰੇ ਟੱਟੂ ਦੀ ਸਵਾਰੀ ਕਰਦਾ ਹੁੰਦਾ ਸੀ ਅਤੇ ਇਕ ਚਿੱਟੇ ਪਾਪੂਲਰ ਦੇ ਕੁਝ ਦੋ-ਰੰਗੇ ਪੱਤੇ ਤੋੜਣ ਲਈ ਰਕਾਬ ਉੱਤੇ ਖੜ੍ਹਾ ਹੋ ਜਾਇਆ ਕਰਦਾ ਸੀ। ਜ਼ਿੰਦਗੀ ਇੱਕ ਆਵਾਜ਼ ਵਰਗੀ ਹੁੰਦੀ ਹੈ ਜੋ ਬੀਤ ਜਾਣ ਤੋਂ ਥੋੜ੍ਹੀ ਦੇਰ ਬਾਅਦ ਸਮਝ ਪੈਂਦੀ ਹੈ।

ਹਾਏ, ਉਹ ਬਾਗ਼! ਟੋਭੇ ਦੇ ਆਲੇ-ਦੁਆਲੇ ਉਹ ਕਾਈ ਨਾਲ ਢੱਕੀਆਂ ਪਗਡੰਡੀਆਂ; ਉਹ ਚੱਟਾਨ ਦੇ ਹੇਠਾਂ ਬਜਰੀ ਦਾ ਛੋਟੀ ਜਿਹਾ ਪੱਤਣ, ਜਿੱਥੇ ਮੈਂ ਮੱਛੀਆਂ ਫੜਿਆ ਕਰਦਾ ਸੀ ਅਤੇ ਤੁਸੀਂ, ਲੰਮੇ-ਲੰਮੇ ਲਮਕਦੇ ਟਾਹਣਾਂ ਵਾਲੇ ਬਰਚ ਦੇ ਉੱਚੇ-ਉੱਚੇ ਰੁੱਖ ਜਿਸ ਵਿਚੀਂ ਛਣ ਕੇ ਕਿਸਾਨ ਦੇ ਸੋਗੀ ਗੀਤ ਦੀ ਆਵਾਜ਼ ਅਤੇ ਕਦੇ-ਕਦੇ ਉਸ ਦੇ ਗੱਡੀ ਦੇ ਟੁੱਟੇ ਹੋਏ ਪਹੀਏ ਦੀ ਖੜ-ਖੜ ਪਿੰਡ ਦੀ ਸੜਕ ਤੋਂ ਆ ਰਹੀ ਸੀ। ਮੈਂ ਤੁਹਾਨੂੰ ਆਖ਼ਰੀ ਅਲਵਿਦਾ ਭੇਜ ਰਿਹਾ ਹਾਂ! ਜ਼ਿੰਦਗੀ ਤੋਂ ਛੁੱਟੀ ਲੈ ਰਿਹਾ। ਮੈਂ ਤੇਰੇ ਲਈ ਆਪਣੀਆਂ ਬਾਹਾਂ ਫੈਲਾਉਂਦਾ ਹਾਂ! ਸਿਰਫ਼ ਤੇਰੇ ਲਈ! ਓ, ਮੈਂ ਆਪਣੇ ਮੈਦਾਨਾਂ ਦੀ ਤੇਜ਼, ਤਾਜ਼ਾ ਹਵਾ ਵਿਚ ਇਕ ਵਾਰ ਫੇਰ ਸਾਹ ਲੈਣ ਦੀ ਇੱਛਾ ਰੱਖਦਾ ਹਾਂ। ਇਕ ਵਾਰ ਫਿਰ ਆਪਣੇ ਜੱਦੀ ਪੌਣ-ਪਾਣੀ ਦੇ ਖੇਤਾਂ ਵਿਚ ਸਿਆਹ ਕਣਕ ਦੀ ਮਿੱਠੀ ਮਹਿਕ ਲੈਣਾ ਚਾਹੁੰਦਾ ਹਾਂ! ਇਕ ਵਾਰ ਫਿਰ ਮੇਰੇ ਦਿਲ ਨੂੰ ਧੂਹ ਪੈਂਦੀ ਹੈ ਕਿ ਦੂਰੋਂ ਪਿੰਡ ਦੇ ਚਰਚ ਦੀ ਤਿੜਕੀ ਹੋਈ ਘੰਟੀ ਦੀ ਘਰੜਾਈ ਟਨ ਟਨ ਸੁਣਾਂ। ਇਕ ਵਾਰ ਹੋਰ ਜਾਣੂ ਢਲਾਣ ਦੇ ਨੇੜੇ ਬਲੂਤ ਦੀ ਠੰਢੀ ਛਾਂ ਵਿਚ ਲੇਟ ਜਾਣ ਨੂੰ ਮਨ ਕਰਦਾ ਹੈ। ਸਿਆਹ ਲਹਿਰ ਦੇ ਵਾਂਗ ਚਰਾਂਦ ਦੇ ਪੀਲੇ ਘਾਹ ਉੱਤੋਂ ਦੀ ਵਗਦੀ ਤੇਜ਼ ਹਵਾ ਨੂੰ ਦੇਖ ਲੈਣਾ ਲੋਚਦਾ ਹਾਂ!

ਆਹ, ਇਹ ਸਭ ਕਿਉਂ? ਪਰ ਅੱਜ ਤੋਂ ਅੱਗੇ ਨਹੀਂ ਝਾਕਦਾ। ਮੈਂ ਕੱਲ੍ਹ ਤਕ ਨਹੀਂ ਰਹਿਣਾ।

22 ਮਾਰਚ

ਅੱਜ ਦਿਨ ਠੰਢਾ ਹੈ ਅਤੇ ਬੱਦਲਵਾਈ ਹੈ। ਅਜਿਹਾ ਮੌਸਮ ਵਧੇਰੇ ਸੁਖਾਵਾਂ ਹੁੰਦਾ ਹੈ। ਇਹ ਮੇਰੇ ਕੰਮ ਦੇ ਸੁਭਾਅ ਨਾਲ ਵਧੀਆ ਮੇਲ ਖਾਂਦਾ ਹੈ। ਕੱਲ੍ਹ ਦੇ ਮੌਸਮ ਨੇ ਮੇਰੇ ਵਿਚ ਉੱਕਾ ਅਕਾਰਨ ਬਹੁਤ ਸਾਰੇ ਅਜੀਬ ਜਜ਼ਬਿਆਂ ਅਤੇ ਯਾਦਾਂ ਨੂੰ ਜਗਾ ਦਿੱਤਾ ਸੀ। ਇਹ ਦੁਬਾਰਾ ਕਦੇ ਨਹੀਂ ਵਾਪਰੇਗਾ। ਭਾਵਨਾਤਮਿਕ ਵਿਸਫੋਟ ਮਲੱਠੀ ਵਾਂਗ ਹੁੰਦੇ ਹਨ। ਇਹ ਪਹਿਲਾਂ ਤਾਂ ਸੁਆਦੀ ਲੱਗਦੇ ਹਨ ਅਤੇ ਬਾਅਦ ਵਿਚ ਲੰਬੇ ਸਮੇਂ ਤੱਕ ਕਚਿਆਣ ਪਿੱਛੇ ਰਹਿ ਜਾਂਦੀ ਹੈ। ਹੁਣ ਮੈਂ ਸ਼ਾਂਤ ਇਕਾਗਰ ਹੋ ਕੇ ਸਿਰਫ਼ ਆਪਣੀ ਜ਼ਿੰਦਗੀ ਦੀ ਕਹਾਣੀ ਅੱਗੇ ਤੋਰਾਂਗਾ।

ਇਸ ਤਰ੍ਹਾਂ ਅਸੀਂ ਮਾਸਕੋ ਜਾ ਰਹਿਣ ਲੱਗ ਪਏ ਪਰ ਮੇਰੇ ਲਈ ਸਵਾਲ ਪੈਦਾ ਹੁੰਦਾ ਹੈ, ਕੀ ਮੇਰੀ ਜੀਵਨੀ ਲਿਖਣ ਦੀ ਕੋਈ ਤੁਕ ਹੈ? ਨਹੀਂ। ਬਿਲਕੁਲ ਨਹੀਂ!

ਮੇਰੀ ਜ਼ਿੰਦਗੀ ਦੀ ਕਹਾਣੀ ਬਹੁਤ ਸਾਰੇ ਹੋਰਨਾਂ ਤੋਂ ਵੱਖਰੀ ਨਹੀਂ ਹੈ। ਪਿਤਾ ਦਾ ਘਰ ਹੈ, ਯੂਨੀਵਰਸਿਟੀ, ਨੀਵੇਂ ਦਫਤਰਾਂ ਵਿਚ ਸੇਵਾ, ਅਸਤੀਫ਼ੇ ਸੌਂਪਣਾ, ਜਾਣੂਆਂ ਦਾ ਇਕ ਛੋਟਾ ਜਿਹਾ ਘੇਰਾ, ਚਿੱਟੇ ਕੱਪੜਿਆਂ ਵਿਚ ਲੁਕੀ ਗ਼ਰੀਬੀ, ਸਾਧਾਰਨ ਖੁਸ਼ੀਆਂ, ਸਾਧਾਰਨ ਰੁਜ਼ਗਾਰ, ਦਰਮਿਆਨੀਆਂ ਇੱਛਾਵਾਂ ਅਤੇ ਹੋਰ। ਭਲਾ, ਇਹ ਸਭ ਕਿਸ ਨੂੰ ਪਤਾ ਨਹੀਂ? ਇਸ ਲਈ ਮੈਂ ਆਪਣੀ ਜੀਵਨੀ ਨਹੀਂ ਲਿਖਾਂਗਾ। ਮੈਂ ਆਪਣੀ ਖੁਸ਼ੀ ਲਈ ਲਿਖ ਰਿਹਾ ਹਾਂ ਅਤੇ ਮੇਰੇ ਨਾਲ ਕੋਈ ਅਸਾਧਾਰਨ ਗੱਲ ਵੀ ਤਾਂ ਕਦੇ ਨਹੀਂ ਵਾਪਰੀ, ਨਾ ਬਹੁਤ ਸੁਹਾਵਣੀ, ਨਾ ਹੀ ਬਹੁਤ ਉਦਾਸ ਜੋ ਲਿਖੇ ਜਾਣ ਦੀ ਹੱਕਦਾਰ ਹੋਵੇ। ਇਹ ਬਿਹਤਰ ਹੋਵੇਗਾ ਜੇਕਰ ਮੈਂ ਆਪਣੇ ਚਰਿੱਤਰ ਦਾ ਵਿਸ਼ਲੇਸ਼ਣ ਹੀ ਕਰ ਲਵਾਂ।

ਮੈਂ ਕਿਹੋ ਜਿਹਾ ਵਿਅਕਤੀ ਹਾਂ?

ਇਹ ਟਿੱਪਣੀ ਇੱਥੇ ਕੀਤੀ ਜਾ ਸਕਦੀ ਹੈ ਕਿ ਕੋਈ ਮੇਰੇ ਬਾਰੇ ਇਹ ਸਵਾਲ ਨਹੀਂ ਪੁੱਛਦਾ। ਮੈਂ ਇਸ ਨੂੰ ਮੰਨਦਾ ਹਾਂ ਪਰ ਮੈਂ ਮਰ ਰਿਹਾ ਹਾਂ ਅਤੇ ਕੀ ਇਹ ਖ਼ਿਮਾਯੋਗ ਨਹੀਂ ਹੈ। ਅਗਰ ਕੋਈ ਵਿਅਕਤੀ ਆਪਣੀ ਮੌਤ ਤੋਂ ਪਹਿਲਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰੇ ਕਿ ਉਹ ਕਿਹੋ ਜਿਹਾ ਪ੍ਰਾਣੀ ਹੈ?

ਇਸ ਮਹੱਤਵਪੂਰਨ ਸਵਾਲ ਨੂੰ ਚੰਗੀ ਤਰ੍ਹਾਂ ਵਿਚਾਰਦੇ ਹੋਏ ਅਤੇ ਆਪਣੇ-ਆਪ ਦੇ ਵਿਰੁੱਧ ਬਹੁਤ ਸਖ਼ਤ ਪ੍ਰਗਟਾਵਿਆਂ ਦੀ ਵਰਤੋਂ ਕਰਨ ਦਾ ਕੋਈ ਖ਼ਾਸ ਕਾਰਨ ਨਾ ਹੁੰਦੇ ਹੋਏ - ਜਿਵੇਂ ਉਨ੍ਹਾਂ ਲੋਕਾਂ ਦੀ ਆਮ ਗੱਲ ਹੈ ਜਿਨ੍ਹਾਂ ਨੂੰ ਆਪਣੀ ਉੱਚੀ ਅਹਿਮੀਅਤ ਦਾ ਯਕੀਨ ਹੁੰਦਾ ਹੈ - ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਸੰਸਾਰ ਵਿਚ ਵੱਡੀ ਹੱਦ ਤਕ ਫ਼ਾਲਤੂ ਆਦਮੀ ਰਿਹਾ ਹਾਂ ਜਾਂ ਫਿਰ ਜੇ ਤੁਹਾਨੂੰ ਚੰਗਾ ਲੱਗੇ ਤਾਂ ਫ਼ਾਲਤੂ ਪ੍ਰਾਣੀ ਆਖ ਲਓ। ਇਸ ਦਾਅਵੇ ਦੇ ਠੀਕ ਹੋਣ ਦਾ ਤਰਕ ਮੈਂ ਕੱਲ੍ਹ ਪੇਸ਼ ਕਰਾਂਗਾ। ਅੱਜ ਮੈਂ ਇਕ ਬੁੱਢੀ ਭੇਡ ਵਾਂਗ ਖਊਂ ਖਊਂ ਕਰ ਰਿਹਾ ਹਾਂ ਅਤੇ ਮੇਰੀ ਨਰਸ ਤਰੇਂਤੀਏਵਨਾ ਮੈਨੂੰ ਇਕ ਪਲ ਵੀ ਚੈਨ ਨਹੀਂ ਲੈਣ ਦੇ ਰਹੀ। ਉਹ ਮਿੱਠੇ ਜਿਹਾ ਦਬਕਾ ਮਾਰ ਕੇ ਕਹਿੰਦੀ ਹੈ, "ਲੇਟ ਜਾਓ, ਮੇਰੇ ਪਿਆਰੇ ਮਾਲਕ, ਲੇਟ ਜਾਓ ਅਤੇ ਥੋੜ੍ਹੀ ਚਾਹ ਪੀ ਲਓ।" ਮੈਨੂੰ ਪਤਾ ਹੈ ਕਿ ਕਿਉਂ ਉਹ ਚਾਹੁੰਦੀ ਹੈ ਕਿ ਮੈਂ ਚਾਹ ਪੀਵਾਂ। ਉਹ ਆਪ ਚਾਹ ਦਾ ਇਕ ਕੱਪ ਚਾਹੁੰਦੀ ਹੈ। ਠੀਕ ਹੈ, ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਹੈ ਕਿਉਂ ਨਾ ਵਿਚਾਰੀ ਬੁੱਢੀ ਔਰਤ ਨੂੰ ਆਪਣੇ ਮਾਲਕ ਤੋਂ ਹਰ ਸੰਭਵ ਫ਼ਾਇਦਾ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਿੰਨੀ ਦੇਰ ਤਕ ਉਸ ਕੋਲ ਇਸ ਦਾ ਮੌਕਾ ਹੈ?

23 ਮਾਰਚ

ਫਿਰ ਸਿਆਲ, ਬਰਫ਼ ਦੇ ਵੱਡੇ-ਵੱਡੇ ਗੋਹੜੇ ਡਿੱਗ ਰਹੇ ਹਨ। ਫ਼ਾਲਤੂ! ਫ਼ਾਲਤੂ! ਕਿੰਨਾ ਵਧੀਆ ਸ਼ਬਦ ਮੈਨੂੰ ਸੁਝ ਪਿਆ ਹੈ। ਜਿੰਨਾ ਡੂੰਘਾ ਮੈਂ ਆਪਣੇ ਚਰਿੱਤਰ ਦੇ ਵਿਸ਼ਲੇਸ਼ਣ ਵਿਚ ਉੱਤਰਦਾ ਹਾਂ, ਓਨਾ ਹੀ ਵੱਧ ਮੈਂ ਇਸ ਸ਼ਬਦ ਦੇ ਸਹੀ ਹੋਣ ਦਾ ਕਾਇਲ ਹੋ ਜਾਂਦਾ ਹਾਂ। ਨਿਰਸੰਦੇਹ, ਮੈਂ ਫ਼ਾਲਤੂ ਹਾਂ। ਹੋਰ ਵਿਅਕਤੀਆਂ ਲਈ ਇਹ ਲਕਬ ਲਾਗੂ ਨਹੀਂ ਹੁੰਦਾ। ਹੋਰ ਵਿਅਕਤੀ ਚੰਗੇ ਜਾਂ ਮਾੜੇ, ਬੁੱਧੀਮਾਨ ਜਾਂ ਬੇਵਕੂਫ਼, ਖੁਸ਼ਗਵਾਰ ਜਾਂ ਨਾਖੁਸ਼ਗਵਾਰ ਹੋ ਸਕਦੇ ਹਨ ਪਰ ਫ਼ਾਲਤੂ ਲੋਕ ਕੋਈ ਵੀ ਨਹੀ ਹੁੰਦੇ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਸੰਸਾਰ ਉਨ੍ਹਾਂ ਦੇ ਬਗ਼ੈਰ ਨਹੀਂ ਚੱਲ ਸਕਦਾ। ਸੰਸਾਰ ਉਨ੍ਹਾਂ ਤੋਂ ਬਿਨਾਂ ਵੀ ਚੱਲ ਸਕਦਾ ਹੈ ਪਰ ਵਿਅਰਥਤਾ ਉਨ੍ਹਾਂ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੁੰਦੀ। ਫ਼ਾਲਤੂ ਹੋਣਾ ਉਨ੍ਹਾਂ ਦੀ ਵਿਲੱਖਣ ਸਿਫ਼ਤ ਨਹੀਂ ਹੈ ਜਦੋਂ ਤੁਸੀਂ ਉਨ੍ਹਾਂ ਬਾਰੇ ਗੱਲ ਕਰਦੇ ਹੋ ਤਾਂ ਅਜਿਹਾ ਲਕਬ ਤੁਹਾਡੇ ਮਨ ਵਿਚ ਕਦੇ ਨਹੀਂ ਆਵੇਗਾ ਅਤੇ ਮੈਂ - ਮੇਰੇ ਬਾਰੇ ਹੋਰ ਕੀ ਕਿਹਾ ਜਾ ਸਕਦਾ ਹੈ? "ਇੱਕ ਫ਼ਾਲਤੂ ਆਦਮੀ," ਬੱਸ, ਇਹੀ ਸਭ ਕੁਝ ਹੈ; "ਲੋੜੀਂਦੀ ਗਿਣਤੀ ਤੋਂ ਪਾਰ ਇੱਕ", ਅਤੇ ਹੋਰ ਕੁਝ ਨਹੀਂ। ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਕੁਦਰਤ ਨੇ ਮੇਰੇ ਸੰਸਾਰ ਵਿਚ ਆਉਣ ਨੂੰ ਟਿੱਚ ਜਾਣਿਆ ਸੀ। ਇਸੇ ਕਾਰਨ ਉਸ ਨੇ ਮੇਰੇ ਨਾਲ ਅਣਚਾਹੇ ਬਿਨ-ਬੁਲਾਏ ਮਹਿਮਾਨ ਵਾਲਾ ਸਲੂਕ ਕੀਤਾ। ਇਕ ਹਾਜ਼ਰ-ਜਵਾਬ ਸਾਥੀ, ਪ੍ਰੈਫਰੈਂਸ* ਦੇ ਇਕ ਮਹਾਨ ਪ੍ਰੇਮੀ ਨੇ ਮੇਰੀ ਮਾਂ ਬਾਰੇ ਗੱਲਾਂ ਕਰਦੇ ਹੋਏ, ਇਕ ਵਾਰ ਇਕ ਬਹੁਤ ਹੀ ਸਹੀ ਟਿੱਪਣੀ ਕੀਤੀ ਸੀ। ਉਸ ਨੇ ਕਿਹਾ, "ਇਹ ਤੇਰੇ ਜਨਮ ਲੈਣ ਤੋਂ ਪਹਿਲਾਂ ਦੀ ਗੱਲ ਸੀ। ਤੇਰੀ ਮਾਂ ਤੈਨੂੰ ਭਾਰ ਸਮਝਣ ਲੱਗ ਪਈ ਸੀ।" ਹੁਣ ਮੈਂ ਬਿਨਾਂ ਕਿਸੇ ਕੌੜੀ ਭਾਵਨਾ ਦੇ ਬਾਰੇ ਗੱਲ ਕਰ ਰਿਹਾ ਹਾਂ। ਇਹ ਹੁਣ ਬੀਤੇ ਦਾ ਜੋ ਮਾਮਲਾ ਹੈ?

ਆਪਣੀ ਪੂਰੀ ਜ਼ਿੰਦਗੀ ਦੌਰਾਨ ਮੈਨੂੰ ਹਮੇਸ਼ਾ ਆਪਣੀ ਥਾਂ ਮੱਲੀ ਹੋਈ ਮਿਲੀ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਮੈਂ ਉਸ ਜਗ੍ਹਾ ਦੀ ਤਾਂਘ ਕਰਦਾ ਸੀ ਜਿੱਥੇ ਮੈਨੂੰ ਨਹੀਂ ਹੋਣਾ ਚਾਹੀਦਾ ਸੀ। ਮੈਂ ਚਿੜਚਿੜਾ, ਡਰਪੋਕ ਅਤੇ ਸੰਵੇਦਨਸ਼ੀਲ ਸੀ, ਜਿਵੇਂ ਕਿ ਸਾਰੇ ਬਿਮਾਰ ਵਿਅਕਤੀ ਹੁੰਦੇ ਹਨ। ਮੇਰੇ ਵਿਚਾਰਾਂ ਅਤੇ ਜਜ਼ਬਾਤਾਂ ਵਿਚਕਾਰ ਅਤੇ ਇਨ੍ਹਾਂ ਦੇ ਪ੍ਰਗਟਾਵੇ ਦੇ ਵਿਚਕਾਰ ਲਗਾਤਾਰ ਇਕ ਊਲ-ਜਲੂਲ, ਸਮਝ ਤੋਂ ਪਰ੍ਹੇ ਅਤੇ ਅਲੰਘ ਰੁਕਾਵਟ ਸੀ। ਇਹ ਮੇਰੀ ਖ਼ੁਦ ਦੇ ਸੁਆਰਥ ਜਾਂ ਮੇਰੀ ਹਸਤੀ ਦੇ ਬੇਢੰਗੇਪਣ ਦੇ ਕਾਰਨ ਸੀ ਜਦੋਂ ਵੀ ਕਦੇ ਮੈਂ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਅਤੇ ਇਸ ਰੁਕਾਵਟ ਨੂੰ ਸਰ ਕਰਨ ਲਈ ਮਨ ਬਣਾਉਂਦਾ ਸੀ ਤਾਂ ਮੇਰੀਆਂ ਹਰਕਤਾਂ ਤੇ ਮੇਰੇ ਚਿਹਰੇ ਦੇ ਹਾਵ-ਭਾਵ ਇੰਨੇ ਅਸੁਭਾਵਕ ਹੋ ਜਾਂਦੇ ਕਿ ਮੇਰਾ ਸਮੁੱਚਾ ਵਜੂਦ ਇਕ ਅਜੀਬ ਸ਼ਕਲ ਧਾਰ ਲੈਂਦਾ। ਮੈਂ ਨਾ ਸਿਰਫ਼ ਅਸਹਿਜ ਅਤੇ ਆਠਰਿਆ ਦਿਖਾਈ ਦੇਣ ਲੱਗਦਾ,

ਸਗੋਂ ਮੈਂ ਅਸਲ ਵਿਚ ਇਸ ਤਰ੍ਹਾਂ ਸੀ। ਮੈਂ ਇਸ ਨੂੰ ਮਹਿਸੂਸ ਕੀਤਾ ਅਤੇ ਜਲਦਬਾਜ਼ੀ ਵਿਚ ਉੱਥੋਂ ਚਲਿਆ ਗਿਆ ਪਰ ਫਿਰ ਮੇਰੇ ਅੰਦਰ ਇਕ ਖੌਫਨਾਕ ਤੂਫ਼ਾਨ ਉੱਠਿਆ। ਮੈਂ ਆਪਣੇ ਆਪ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ। ਆਪਣੇ ਆਪ ਦੀ ਦੂਜਿਆਂ ਨਾਲ ਤੁਲਨਾ ਕਰਨ ਲੱਗਿਆ। ਸਭ ਤੋਂ ਮਹੱਤਵਹੀਣ ਤੱਕਣੀਆਂ, ਮੁਸਕਰਾਹਟਾਂ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਅੱਗੇ ਮੈਂ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨਾ ਚਾਹਿਆ ਸੀ। ਅਤਿ ਭੈੜੀ ਰੋਸ਼ਨੀ ਵਿੱਚ ਹਰ ਚੀਜ਼ ਨੂੰ ਪੇਸ਼ ਕੀਤਾ, "ਦੂਸਰਿਆਂ ਵਰਗਾ ਹੋਣ" ਦੇ ਮੇਰੇ ਦਾਹਵਿਆਂ ਨੂੰ ਲਾਹਨਤਾਂ ਪਾਈਆਂ ਅਤੇ ਉਨ੍ਹਾਂ 'ਤੇ ਹੱਸਿਆ। ਉਸ ਹਾਸੇ ਦੇ ਵਿਚ ਮੈਂ ਅਚਾਨਕ ਅਕਹਿ ਉਦਾਸੀ ਦੇ ਭੰਵਰ ਵਿਚ ਘਿਰ ਗਿਆ। ਮੇਰੀ ਛਾਤੀ ਭਾਰੀ ਹੋ ਗਈ। ਮੈਂ ਆਪਣੇ ਆਪ ਬਾਰੇ ਸੋਚਣਾ ਤੇ ਸਵੈ-ਪੜਚੋਲ ਕਰਨਾ, ਫਿਰ ਦੁਬਾਰਾ ਸ਼ੁਰੂ ਕਰ ਦਿੰਦਾ। ਸੰਖੇਪ ਵਿਚ, ਮੈਂ ਇਸੇ ਗਧੀਗੇੜ ਵਿਚ ਘੁੰਮੀ ਜਾ ਰਿਹਾ ਸੀ। ਮੈਂ ਇਸ ਤਕਲੀਫ਼ਦੇਹ ਅਤੇ ਫਜ਼ੂਲ ਕੰਮ ਵਿਚ ਦਿਨ ਰਾਤ ਬਿਤਾਇਆ ਕਰਦਾ ਸੀ। ਹੁਣ, ਰੱਬ ਤੁਹਾਡਾ ਭਲਾ ਕਰੇ ਤੁਸੀਂ ਹੀ ਮੈਨੂੰ ਦੱਸੋ ਕਿ ਇਹੋ ਜਿਹੇ ਵਿਅਕਤੀ ਨੂੰ ਭਲਾ ਕੌਣ ਚਾਹੁੰਦਾ ਹੈ ਅਤੇ ਦੁਨੀਆਂ ਵਿਚ ਉਹ ਕਿਸ ਕੰਮ ਦਾ ਹੈ? ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਿਉਂ ਵਾਪਰੀਆਂ ਹਨ? ਮੇਰੇ ਅੰਦਰ ਲੱਗੇ ਇਸ ਘੁਣ ਦਾ ਕਾਰਨ ਕੀ ਸੀ? ਕੌਣ ਜਾਣਦਾ ਹੈ? ਕੌਣ ਦੱਸ ਸਕਦਾ ਹੈ?

ਮੈਨੂੰ ਯਾਦ ਹੈ, ਮੈਂ ਇਕ ਵਾਰ ਬੱਘੀ ਵਿਚ ਮਾਸਕੋ ਨੂੰ ਜਾ ਰਿਹਾ ਸੀ। ਸੜਕ ਬਹੁਤ ਚੰਗੀ ਸੀ ਅਤੇ ਕੋਚਵਾਨ ਨੇ ਪੰਜਵਾਂ ਘੋੜਾ ਵੀ ਜੋੜ ਲਿਆ ਸੀ। ਇਹ ਨਾਖੁਸ਼ ਅਤੇ ਪੂਰੀ ਤਰ੍ਹਾਂ ਵਿਅਰਥ ਘੋੜੀ ਬੱਘੀ ਦੇ ਅਗਾਂਹ ਵਾਲੇ ਹਿੱਸੇ ਨਾਲ ਜੋੜੀ ਗਈ ਸੀ। ਇਸ ਨੂੰ ਜੋੜਣ ਲਈ ਛੋਟਾ ਜਿਹਾ ਰੱਸਾ ਸੀ ਜੋ ਬੇਰਹਿਮੀ ਨਾਲ ਉਸ ਦੇ ਪੱਟ ਅਤੇ ਪੂਛ ਨਾਲ ਘਸਰਦਾ ਸੀ ਅਤੇ ਉਸ ਦੇ ਅਤਿਅੰਤ ਅਸੁਭਾਵਿਕ ਢੰਗ ਨਾਲ ਦੌੜਣ ਦਾ ਕਾਰਨ ਬਣਦਾ ਸੀ, ਜਿਸ ਨਾਲ ਉਸ ਦਾ ਪੂਰਾ ਸਰੀਰ ਇੱਕ ਕੌਮੇ ਦੀ ਦੁਖਦੀ ਸ਼ਕਲ ਧਾਰਨ ਕਰ ਗਿਆ ਸੀ। ਉਸ 'ਤੇ ਮੈਨੂੰ ਬੜਾ ਤਰਸ ਆਇਆ ਅਤੇ ਮੈਂ ਕੋਚਵਾਨ ਨੂੰ ਕਿਹਾ ਕਿ ਉਹ ਪੰਜਵੇਂ ਘੋੜੇ ਬਿਨਾਂ ਵੀ ਤਾਂ ਕੰਮ ਚਲਾ ਸਕਦਾ ਸੀ। ਉਹ ਇਕ ਪਲ ਲਈ ਰੁਕਿਆ, ਆਪਣਾ ਸਿਰ ਹਿਲਾਇਆ ਅਤੇ ਗਰੀਬ ਜਾਨਵਰ 'ਤੇ ਛਾਂਟਿਆਂ ਦੀ ਬੁਛਾੜ ਕਰ ਦਿੱਤੀ ਅਤੇ ਹੱਸਦਿਆਂ ਕਹਿਣ ਲੱਗਾ:

"ਮੈਂ ਜਾਣਦਾ ਹਾਂ। ਫਿਰ ਅਸੀਂ ਇਸ ਨੂੰ ਕਿਉਂ ਘਸੀਟੀ ਫਿਰਦੇ ਹਾਂ!"

ਮੈਂ ਵੀ ਇਕ ਘਸੀਟਾ ਹਾਂ ਪਰ ਚੰਗੀ ਗੱਲ ਹੈ, ਸਟੇਸ਼ਨ ਬਹੁਤ ਦੂਰ ਨਹੀਂ ਹੈ। ਹਾਂ, ਮੈਂ ਫ਼ਾਲਤੂ ਆਦਮੀ ਹਾਂ। ਮੈਂ ਇਸ ਸ਼ਬਦ ਦੀ ਸੱਚਾਈ ਨੂੰ ਸਾਬਤ ਕਰਨ ਦਾ ਵਾਅਦਾ ਕੀਤਾ ਸੀ ਅਤੇ ਆਪਣਾ ਵਾਅਦਾ ਪੂਰਾ ਕਰਨ ਦਾ ਮੇਰਾ ਇਰਾਦਾ ਹੈ ਪਰ ਮੈਂ ਇਹ ਨਹੀਂ ਸਮਝਦਾ ਕਿ ਹਰ ਦਿਨ ਦੀ ਜ਼ਿੰਦਗੀ ਦੀਆਂ ਹਜ਼ਾਰਾਂ ਨਿੱਕੀਆਂ- ਨਿੱਕੀਆਂ ਗੱਲਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜੋ ਮੇਰੇ ਵਿਚਾਰ ਨੂੰ ਹਰ ਸੋਚ ਵਾਲੇ ਵਿਅਕਤੀ ਦੇ ਦਿਮਾਗ਼ ਵਿਚ ਬਿਠਾਉਣ ਲਈ ਕਾਫ਼ੀ ਹੋ ਸਕਦਾ ਹੈ। ਮੈਂ ਆਪਣੀ ਜ਼ਿੰਦਗੀ ਦੀ ਇਕ ਘਟਨਾ ਬਿਆਨ ਕਰਾਂਗਾ ਜੋ ਇਹ ਸਿੱਧ ਕਰਦੀ ਹੈ ਕਿ ਮੇਰੇ ਲਈ "ਫ਼ਾਲਤੂ" ਦਾ ਲਕਬ ਕਿੰਨਾ ਸਹੀ ਤੌਰ 'ਤੇ ਲਾਗੂ ਹੁੰਦਾ ਹੈ? ਹਾਲਾਂਕਿ ਮੈਂ ਇਕ ਬਹੁਤ ਹੀ ਗੰਭੀਰ ਅਤੇ ਮਹੱਤਵਪੂਰਨ ਗੱਲ ਬਾਰੇ ਚੁੱਪ ਨਹੀਂ ਰਹਿ ਸਕਦਾ, ਯਾਨੀ ਕਿ ਮੇਰੇ ਦੋਸਤ (ਮੇਰੇ ਕੁਝ ਦੋਸਤ ਵੀ ਸਨ) ਜਦੋਂ ਉਹ ਮੈਨੂੰ ਮਿਲਣ ਆਇਆ ਕਰਦੇ ਸਨ ਜਾਂ ਮੈਂ ਉਨ੍ਹਾਂ ਨੂੰ ਮਿਲਣ ਜਾਇਆ ਕਰਦਾ ਸੀ। ਮੇਰੇ ਨਾਲ ਕਿੰਨੇ ਅਜੀਬ ਢੰਗ ਨਾਲ ਵਰਤਾਉ ਕਰਦੇ ਸਨ। ਉਹ ਮੈਨੂੰ ਵੇਖਦੇ ਤਾਂ ਬੇਚੈਨ ਹੋ ਜਾਂਦੇ ਅਤੇ ਜਦ ਉਹ ਮੈਨੂੰ ਮਿਲਣ ਆਉਂਦੇ ਤਾਂ ਉਹ ਇਕ ਗ਼ੈਰ-ਕੁਦਰਤੀ ਤਰੀਕੇ ਨਾਲ ਮੁਸਕਰਾਉਂਦੇ। ਉਹ ਸਿੱਧੇ ਮੇਰੀਆਂ ਅੱਖਾਂ ਵਿਚ ਜਾਂ ਮੇਰੇ ਬੂਟਾਂ ਵੱਲ ਨਹੀਂ ਦੇਖਦੇ ਸਨ; ਜਿਵੇਂ ਕਿ ਦੂਸਰੇ ਲੋਕ ਕਰਿਆ ਕਰਦੇ ਸਨ, ਸਗੋਂ ਉਹ ਮੇਰੀਆਂ ਗੱਲ੍ਹਾਂ ਵੱਲ ਦੇਖਦੇ। ਉਹ ਝਟਪਟ ਮੇਰੇ ਨਾਲ ਹੱਥ ਮਿਲਾਉਂਦੇ ਤੇ ਕਹਿੰਦੇ, "ਆਹ, ਕੀ ਹਾਲ ਹੈ, ਚੁਲਕਾਤੂਰਿਨ?" (ਮੈਨੂੰ ਕਿਸਮਤ ਨੇ ਇਸ ਘਟੀਆ ਉਪਨਾਮ ਨਾਲ ਨਵਾਜਿਆ ਹੈ) ਜਾਂ "ਲਓ ਜੀ, ਇਹ ਹਨ ਚੁਲਕਾਤੂਰਿਨ!" ਫਿਰ ਉਹ ਇਕ ਪਾਸੇ ਹੱਟ ਜਾਂਦੇ। ਕਈ ਵਾਰੀ ਉਹ ਰੁਕ ਜਾਂਦੇ, ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ।

ਮੈਂ ਇਹ ਸਭ ਕੁਝ ਦੇਖਿਆ ਕਿਉਂਕਿ ਹੋਣੀ ਨੇ ਮੈਨੂੰ ਤੀਖਣ ਅਤੇ ਨਿਰੀਖਣਯੋਗ ਬੁੱਧੀ ਤੋਂ ਵਾਂਝਿਆ ਨਹੀਂ ਰੱਖਿਆ। ਅਸਲ ਵਿਚ ਮੈਂ ਮੂਰਖ਼ ਬਿਲਕੁਲ ਨਹੀਂ ਹਾਂ। ਕਈ ਵਾਰੀ ਮੈਨੂੰ ਬਹੁਤ ਅਨੋਖੇ ਵਿਚਾਰ ਸੁਝਦੇ ਸਨ ਪਰ ਜਿਵੇਂ ਕਿ ਮੈਂ ਇਕ ਫ਼ਾਲਤੂ ਆਦਮੀ ਹਾਂ ਅਤੇ ਮੇਰੇ ਅੰਦਰ ਇਕ ਕਿਸਮ ਦਾ ਜਿੰਦਰਾ ਲੱਗਿਆ ਹੋਣ ਕਰਕੇ ਮੈਂ ਹਮੇਸ਼ਾ ਆਪਣੇ ਵਿਚਾਰਾਂ ਨੂੰ ਜ਼ੁਬਾਨ ਦੇਣ ਵਿਚ ਪਿੱਛੇ ਰਹਿ ਜਾਂਦਾ ਸੀ। ਇਸ ਦਾ ਕਾਰਨ ਇਹ ਵੀ ਸੀ ਕਿ ਮੈਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਸੀ ਕਿ ਮੈਂ ਆਪਣੀ ਗੱਲ ਬਹੁਤ ਮੂਰਖ਼ਤਾ ਨਾਲ ਬਿਆਨ ਕਰਾਂਗਾ। ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਸੀ ਕਿ ਲੋਕ ਕਿਵੇਂ ਇੰਨੀ ਆਸਾਨੀ ਨਾਲ ਅਤੇ ਏਨੀ ਰਵਾਨਗੀ ਨਾਲ ਬੋਲ ਸਕਦੇ ਹਨ। "ਕਿੰਨੀ ਹੱਦ ਹੈ!" ਉਨ੍ਹਾਂ ਨੂੰ ਸੁਣਕੇ ਮੈਂ ਸੋਚਦਾ ਪਰ ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਮੇਰੇ ਅੰਦਰ ਨਿੱਕੇ ਜਿਹੇ ਜਿੰਦਰੇ ਦੇ ਬਾਵਜੂਦ ਅਕਸਰ ਮੇਰੀ ਜੀਭ 'ਤੇ ਖੁਰਕ ਹੁੰਦੀ ਸੀ ਪਰ ਅਸਲ ਵਿਚ ਮੈਂ ਬੋਲਣ ਦੇ ਨਜ਼ਾਰੇ ਆਪਣੇ ਬਚਪਨ ਵਿਚ ਹੀ ਲਏ ਸਨ। ਪੱਕੀ ਉਮਰ ਵਿਚ ਮੈਂ ਹਮੇਸ਼ਾਂ ਅਜਿਹੀਆਂ ਇੱਛਾਵਾਂ ਨੂੰ ਦਬਾ ਲੈਂਦਾ ਜਦੋਂ ਮੇਰੇ ਅੰਦਰ ਕੁਝ ਕਹਿਣ ਦੀ ਇੱਛਾ ਸਿਰ ਚੁੱਕਦੀ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ, "ਚਲੋ ਛੱਡੋ, ਚੁੱਪ ਹੀ ਭਲੀ," ਅਤੇ ਇਸ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਸ਼ਾਂਤ ਕਰ ਕਰ ਲੈਂਦਾ।

ਸਾਡੀ ਵਿਸ਼ੇਸ਼ ਮਹਾਨਤਾ ਆਮ ਤੌਰ 'ਤੇ ਚੁੱਪ ਵਿਚ ਹੁੰਦੀ ਹੈ। ਸਾਡੀਆਂ ਔਰਤਾਂ ਆਪਣੀ ਚੁੱਪ ਨਾਲ ਹੀ ਆਪਣੀਆਂ ਸਭ ਤੋਂ ਵੱਡੀਆਂ ਜਿੱਤਾਂ ਹਾਸਿਲ ਕਰਦੀਆਂ ਹਨ। ਇਕ ਕੁਲੀਨ ਘਰਾਣੇ ਦੀ ਰੂਸੀ ਕੁੜੀ ਕਈ ਵਾਰ ਅਜਿਹੀ ਸ਼ਾਨਦਾਰ ਚੁੱਪ ਕਾਇਮ ਰੱਖੇਗੀ ਕਿ ਕੋਈ ਵਿਅਕਤੀ ਇਸ ਦ੍ਰਿਸ਼ ਲਈ ਕਿੰਨਾ ਵੀ ਤਿਆਰ ਹੋਵੇ। ਉਸ ਨੂੰ ਉਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਵਿਚ ਉਸ ਦੇ ਪਸੀਨੇ ਛੁੱਟਣ ਲੱਗ ਜਾਣਗੇ ਪਰ ਲੋਕਾਂ ਦੀ ਆਲੋਚਨਾ ਕਰਨਾ ਮੇਰਾ ਕੋਈ ਕੰਮ ਨਹੀਂ ਹੈ। ਮੈਂ ਆਪਣੀ ਕਹਾਣੀ ਅੱਗੇ ਤੋਰਦਾ।

ਕੁਝ ਸਾਲ ਪਹਿਲਾਂ ਮੈਨੂੰ ਓ---- ਨਾਮ ਦੇ ਕਾਰਪੋਰੇਟ ਸ਼ਹਿਰ ਵਿਚ ਕੁਝ ਮਹੀਨੇ ਬਿਤਾਉਣ ਦਾ ਮੌਕਾ ਮਿਲਿਆ ਸੀ। ਆਪਣੇ ਆਪ ਵਿਚ ਬਹੁਤ ਤੁੱਛ, ਪਰ ਮੇਰੇ ਲਈ ਬਹੁਤ ਮਹੱਤਵ ਰੱਖਣ ਵਾਲੀਆਂ ਕੁਝ ਹਾਲਤਾਂ ਇਸ ਦਾ ਕਾਰਨ ਸਨ। ਇਹ ਸ਼ਹਿਰ ਪਹਾੜੀ ਦੀ ਢਲਾਨ 'ਤੇ ਬਹੁਤ ਹੀ ਬੇਢਬੇ ਢੰਗ ਨਾਲ ਉਸਾਰਿਆ ਗਿਆ ਹੈ। ਇਸ ਦੇ ਅੱਠ ਸੌ ਨਿਵਾਸੀ ਹਨ ਜੋ ਬਹੁਤ ਗਰੀਬੀ ਵਿਚ ਰਹਿੰਦੇ ਹਨ। ਮਕਾਨਾਂ ਦਾ ਨਾ ਤਾਂ ਕੋਈ ਰੰਗਰੂਪ ਹੈ ਨਾ ਕੋਈ ਸ਼ਕਲ ਸੂਰਤ। ਰੇਤਲੇ ਪੱਥਰ ਦੇ ਡਰਾਉਣੇ ਬਲਾਕ ਮੁੱਖ ਸੜਕ ਦੀ ਫੁੱਟਪਾਥ ਦੇ ਹੇਠਾਂ ਤੋਂ ਸ਼ੁਰੂ ਹੋ ਜਾਂਦੇ ਹਨ। ਇਸ ਲਈ ਸਾਰੇ ਰੇਹੜਿਆਂ ਨੂੰ ਇਨ੍ਹਾਂ ਤੋਂ ਬਚਣਾ ਪੈਂਦਾ ਹੈ। ਇਕ ਹੈਰਾਨਕੁਨ ਗੰਦੇ ਚੌਂਕ ਦੇ ਵਿਚਕਾਰ ਕੁਝ ਪੀਲੇ ਜਿਹੇ ਬੂਥ ਹਨ ਜਿਨ੍ਹਾਂ ਵਿਚ ਕਾਲੇ ਮਘੋਰੇ ਹਨ। ਇਨ੍ਹਾਂ ਵਿਚ ਕੁਝ ਆਦਮੀ ਹਨ ਜਿਨ੍ਹਾਂ ਨੇ ਆਪਣੇ ਸਿਰਾਂ 'ਤੇ ਬਹੁਤ ਵੱਡੇ-ਵੱਡੇ ਖੱਲ ਦੇ ਟੋਪ ਪਾਏ ਹੋਏ ਹਨ। ਉਹ ਦਿੱਖ ਤੋਂ ਦੁਕਾਨਦਾਰ ਲੱਗਦੇ ਹਨ। ਇਨ੍ਹਾਂ ਝੌਂਪੜੀਆਂ ਦੇ ਨਜ਼ਦੀਕ ਭੂਰੇ ਰੰਗਾਂ ਨਾਲ ਰੰਗਿਆ ਇਕ ਬਹੁਤ ਉੱਚਾ ਖੰਭਾ ਰੱਖਿਆ ਹੋਇਆ ਹੈ। ਉਸ ਖੰਭੇ ਦੇ ਨਜ਼ਦੀਕ ਪੀਲੇ ਭੂਸੇ ਨਾਲ ਲੱਦਿਆ ਹੋਇਆ ਇੱਕ ਰੇਹੜਾ ਅਧਿਕਾਰੀਆਂ ਦੇ ਹੁਕਮ ਨਾਲ ਖੜ੍ਹਾ ਹੈ, ਅਮਨ ਅਮਾਨ ਲਈ, ਤੁਸੀਂ ਜਾਣਦੇ ਹੋ। ਇਵੇਂ ਹੀ ਅਧਿਕਾਰੀਆਂ ਦੀ ਸੰਪਤੀ, ਇਕ ਜਾਂ ਦੋ ਮੁਰਗੀਆਂ ਫਿਰਦੀਆਂ ਹਨ। ਸੰਖੇਪ ਵਿਚ ਕਿਹਾ ਜਾਵੇ ਤਾਂ, ਓ---- ਨਾਮ ਦੇ ਕਾਰਪੋਰੇਟ ਸ਼ਹਿਰ ਵਿਚ ਬਹੁਤ ਜ਼ਿੰਦਗੀ ਬੜੀ ਸੁਹਣੀ ਹੈ।

ਉੱਥੇ ਮੇਰੀ ਠਹਿਰ ਦੇ ਪਹਿਲੇ ਕੁਝ ਦਿਨ ਤਾਂ ਮੈਂ, ਅਕੇਵੇਂ ਨਾਲ ਲਗਭਗ ਪਾਗਲ ਹੋ ਗਿਆ ਸੀ। ਇਸ ਲਈ ਮੈਨੂੰ ਖ਼ੁਦ ਆਪਣੇ ਆਪ ਬਾਰੇ ਏਨਾ ਜ਼ਰੂਰ ਦੱਸਣਾ ਚਾਹੀਦਾ ਹੈ ਕਿਉਂਕਿ ਮੈਂ ਇਕ ਫ਼ਾਲਤੂ ਆਦਮੀ ਹਾਂ। ਇਉਂ ਹੋਣਾ ਮੇਰੀ ਆਪਣੀ ਮਰਜ਼ੀ ਨਹੀਂ ਹੈ। ਮੈਂ ਖ਼ੁਦ ਬਿਮਾਰ ਹਾਂ ਪਰ ਕਿਸੇ ਬਿਮਾਰ ਚੀਜ਼ ਨੂੰ ਦੇਖਣਾ ਨਾ-ਪਸੰਦ ਕਰਦਾ ਹਾਂ। ਮੈਂ ਖੁਸ਼ੀਆਂ ਤੋਂ ਵੀ ਮੂੰਹ ਨਹੀਂ ਮੋੜਦਾ ਸੀ, ਇਸ ਨੂੰ ਮੈਂ ਕਦੀ ਖੱਬਿਓਂ, ਕਦੀ ਸੱਜਿਓਂ ਪਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਕੋਈ ਹੈਰਾਨੀ ਨਹੀਂ ਹੈ ਕਿ ਮੈਂ ਵੀ "ਉਕਤਾ" ਸਕਦਾ ਹਾਂ, ਜਿਵੇਂ ਹੋਰ ਸਾਰੇ ਪ੍ਰਾਣੀ। ਮੈਂ ਕਿਸੇ ਸਰਕਾਰੀ ਕੰਮ ਤੇ ਓ--- ਨਗਰ ਵਿਚ ਸੀ।

ਤਰੇਂਤੀਏਵਨਾ ਨੇ ਨਿਸ਼ਚਿਤ ਤੌਰ 'ਤੇ ਮੇਰਾ ਅੰਤ ਕਰਨ ਲਈ ਸਹੁੰ ਚੁੱਕੀ ਹੈ। ਸਾਡੀ ਗੱਲਬਾਤ ਦਾ ਇਕ ਨਮੂਨਾ ਇੱਥੇ ਹੈ:

ਉਹ - "ਓ-ਓ-ਓ, ਪਿਆਰੇ ਮਾਲਕ, ਤੁਸੀਂ ਇੰਨਾ ਕਿਉਂ ਲਿਖਦੇ ਹੋ?"

ਮੈਂ - "ਮੈਂ ਬੋਰ ਹੋਇਆ ਪਿਆ ਹਾਂ, ਤਰੇਂਤੀਏਵਨਾ।"

ਉਹ - "ਬਿਹਤਰ ਹੁੰਦਾ ਤੁਸੀਂ ਇਕ ਪਿਆਲਾ ਚਾਹ ਲੈ ਲੈਂਦੇ ਅਤੇ ਅਰਾਮ ਕਰਦੇ। ਰੱਬ ਦੀ ਮਿਹਰ ਨਾਲ ਤੁਹਾਨੂੰ ਥੋੜ੍ਹਾ ਜਿਹਾ ਮੁੜ੍ਹਕਾ ਆਉਂਦਾ ਤੇ ਨੀਂਦ ਆ ਜਾਂਦੀ।"

ਮੈਂ - "ਪਰ ਮੈਂ ਸੌਣਾ ਨਹੀਂ ਚਾਹੁੰਦਾ।"

ਉਹ - "ਓ, ਪਿਆਰੇ ਮਾਲਕ, ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ? ਪੈ ਜਾਵੋ, ਇਹ ਤੁਹਾਡੇ ਲਈ ਚੰਗਾ ਰਹੇਗਾ।"

ਮੈਂ - "ਮੈਂ ਹਰ ਹਾਲ ਮਰ ਜਾਣਾ ਹੈ, ਤਰੇਂਤੀਏਵਨਾ।"

ਉਹ -"ਰੱਬ ਮਿਹਰ ਕਰੇ! ਕੀ ਤੁਸੀਂ ਚਾਹ ਕਿਹਾ ਹੈ?"

ਮੈਂ - "ਮੈਂ ਇਕ ਹਫ਼ਤਾ ਹੋਰ ਨਹੀਂ ਜੀ ਸਕਾਗਾਂ।"

ਉਹ -"ਹਾਏ-ਏ ਹਾਏ-ਏ! ਤੁਸੀਂ ਇਸ ਤਰ੍ਹਾਂ ਕਿਵੇਂ ਬੋਲ ਸਕਦੇ ਹੋ, ਪਿਆਰੇ ਮਾਲਕ? ਮੈਂ ਜਾ ਕੇ ਚਾਹ ਧਰ ਆਵਾਂ।"

ਓ, ਕਮਜ਼ੋਰ, ਪੀਲੇ, ਦੰਦ-ਰਹਿਤ ਪ੍ਰਾਣੀ! ਕੀ ਮੈਂ ਤੇਰੇ ਲਈ ਵੀ ਕੁਝ ਨਹੀਂ ਹਾਂ?

24 ਮਾਰਚ--ਕੜਾਕੇ ਦੀ ਠੰਡ

ਸਰਕਾਰੀ ਕੰਮ 'ਤੇ ਓ---ਨਗਰ ਵਿਚ ਮੇਰੇ ਪਹੁੰਚਣ ਤੋਂ ਪਹਿਲੇ ਹੀ ਦਿਨ ਮੈਨੂੰ ਸ਼੍ਰੀਮਾਨ ਓਜੋਗਿਨ ਨੂੰ ਮਿਲਣ ਜਾਣਾ ਪਿਆ। ਓਜੋਗਿਨ - ਕਿਰੀਲਾ ਮਤਵੇਈਏਵਿਚ ਈਸਾਈ ਨਾਮ ਸੀ ਜੋ ਉੱਥੋਂ ਦੇ ਮੁੱਖ ਅਫ਼ਸਰਾਂ ਵਿਚੋਂ ਇਕ ਸੀ। ਉਸ ਨਾਲ ਮੇਰੀ ਜਾਣ-ਪਛਾਣ ਤੋਂ ਲਗਪਗ ਪੰਦਰਾਂ ਦਿਨਾਂ ਬਾਅਦ ਚੰਗੀ ਨੇੜਤਾ ਹੋ ਗਈ। ਉਸ ਦਾ ਘਰ ਸ਼ਹਿਰ ਦੇ ਮੁੱਖ ਮਾਰਗ 'ਤੇ ਸੀ ਅਤੇ ਇਸ ਦੇ ਵਿਸ਼ਾਲ ਆਕਾਰ, ਪੇਂਟ ਕੀਤੀਆਂ ਛੱਤਾਂ, ਦਰਵਾਜ਼ਿਆਂ 'ਤੇ ਤੈਨਾਤ ਕੀਤੇ ਗਏ ਦੋ ਬੱਬਰ ਸ਼ੇਰਾਂ ਕਰਕੇ ਬਾਕੀ ਸਭਨਾਂ ਘਰਾਂ ਤੋਂ ਵੱਖਰੇ ਸਨ। ਮਾਸਕੋ ਮੂਲ ਦੇ ਕੁੱਤਿਆਂ ਦੀ ਜਿਨਸ ਬੱਬਰ ਸ਼ੇਰਾਂ ਦੀ ਜਿਨਸ ਨਾਲ ਬੇਹੱਦ ਮਿਲਦੀ ਜੁਲਦੀ ਸੀ। ਇਕੱਲੇ ਬੱਬਰ ਸ਼ੇਰ ਹੀ ਕਾਫ਼ੀ ਸਬੂਤ ਸਨ ਕਿ ਉਨ੍ਹਾਂ ਦਾ ਮਾਲਕ ਇਕ ਤਕੜਾ ਅਮੀਰ ਆਦਮੀ ਸੀ। ਓਜੋਗਿਨ ਦੇ ਕੋਲ ਚਾਰ ਸੌ ਗ਼ੁਲਾਮਾਂ ਦੀ ਮਾਲਕੀ ਸੀ। ਓ---ਸ਼ਹਿਰ ਦਾ ਸਭ ਤੋਂ ਉਪਰਲਾ ਸਮਾਜ ਉਸ ਦੇ ਘਰ ਬੁਲਾਇਆ ਜਾਂਦਾ ਸੀ ਅਤੇ ਉਹ ਪ੍ਰਾਹੁਣਾਚਾਰੀ ਲਈ ਮਸ਼ਹੂਰ ਮਨੁੱਖ ਸੀ।

ਮਿਸਟਰ ਓਜੋਗਿਨ ਦੇ ਪ੍ਰਾਹੁਣਿਆਂ ਵਿਚ ਹੇਠ ਲਿਖੇ ਕੁਲੀਨ ਲੋਕ ਸਨ; ਨਗਰ ਦਾ ਪ੍ਰਸ਼ਾਸਕ, ਵਿਸ਼ਾਲ ਆਕਾਰ ਦਾ ਕੋਮਲ-ਸੁਭਾਅ ਵਾਲਾ ਭੱਦਰਪੁਰਸ਼ ਜਿਸ ਦੀ ਦਿੱਖ ਇਕ ਕੋਟ ਦੀ ਯਾਦ ਦਿਵਾਉਂਦੀ ਸੀ ਜੋ ਸਸਤੇ ਕੱਪੜੇ ਵਿਚੋਂ ਕੱਟਿਆ ਗਿਆ ਹੋਵੇ। ਉਹ ਗੰਦੇ ਜਿਹੇ ਰੰਗ ਦੇ ਘੋੜਿਆਂ ਦੀ ਜੋੜੀ ਨਾਲ ਖਿੱਚੀ ਜਾਣ ਵਾਲੀ ਇਕ ਬੱਘੀ ਵਿਚ ਆਉਂਦਾ ਹੁੰਦਾ ਸੀ। ਅਟਾਰਨੀ-ਜਨਰਲ, ਇਕ ਪੀਲਾ ਜਿਹਾ ਅਤੇ ਕੌੜੇ ਸੁਭਾ ਵਾਲਾ, ਮਧਰਾ ਜਿਹਾ ਪ੍ਰਾਣੀ, ਸਰਵੇਖਣ ਕਰਤਾ, ਜਰਮਨ ਮੂਲ ਦਾ, ਘਾਬਰੇ ਚਿਹਰੇ ਵਾਲਾ ਇਕ ਹਾਜ਼ਿਰ-ਜਵਾਬ ਭੱਦਰਪੁਰਸ਼, ਲਿੰਕ ਸੜਕਾਂ ਦੇ ਵਿਭਾਗ ਦਾ ਅਫ਼ਸਰ, ਕੋਮਲ ਆਤਮਾ - ਗਾਇਕ ਪਰ ਡਰਾਉਣਾ ਗੱਪੀ, ਜ਼ਿਲ੍ਹੇ ਦਾ ਇਕ ਸਾਬਕਾ ਗਵਰਨਰ, ਰੰਗੇ ਵਾਲ, ਵੱਟ ਪਏ ਪੱਲੇ ਵਾਲੀ ਕਮੀਜ਼, ਵੱਟਾਂ ਵਾਲੀ ਭੀੜੀ ਜਿਹੀ ਪਤਲੂਨ ਅਤੇ ਚਿਹਰੇ ਉੱਤੇ ਉਸ ਅਤਿ ਭੱਦਰ ਹਾਵ-ਭਾਵ ਵਾਲਾ ਸੱਜਣ ਜੋ ਆਮ ਤੌਰ 'ਤੇ ਨਿਆਂ ਅਦਾਲਤਾਂ ਵਿਚ ਲੰਮੇ ਪੇਸ਼ੇ ਦੌਰਾਨ ਸਥਾਈ ਹੋ ਜਾਂਦਾ ਹੈ। ਅਖ਼ੀਰ ਵਿਚ ਦੋ ਜਗੀਰਦਾਰ ਅਟੁੱਟ ਦੋਸਤ ਸਨ। ਆਖ਼ਿਰ ਵਾਲੇ ਦੋਵੇਂ ਬਿਰਧ ਆਦਮੀ ਸਨ ਪਰ ਉਨ੍ਹਾਂ ਵਿਚੋਂ ਛੋਟੇ ਦਾ ਆਪਣੇ ਵੱਡੇ ਉੱਤੇ ਤਕੜਾ ਨਿਯੰਤਰਣ ਸੀ। ਉਹ ਹਮੇਸ਼ਾ ਦੂਜੇ ਨੂੰ ਜਦੋਂ ਵੀ ਉਹ ਬੋਲਣ ਦੀ ਕੋਸ਼ਿਸ਼ ਕਰਦਾ ਇਕੋ ਅਤੇ ਉਸੇ ਟਿੱਪਣੀ ਦੇ ਜ਼ਰੀਏ ਚੁੱਪ ਕਰਾ ਦਿੰਦਾ: "ਸਰਗੇਈ ਸਰਗੇਈਵਿਚ, ਤੁਸੀਂ ਆਪਣੀ ਜ਼ੁਬਾਨ ਬੰਦ ਹੀ ਰੱਖੋ ਤਾਂ ਬਿਹਤਰ ਹੈ,"ਉਹ ਕਹਿੰਦਾ। "ਤੁਸੀਂ ਕੋਈ ਰਾਏ ਪ੍ਰਗਟ ਕਰਨ ਦੀ ਇੱਛਾ ਕਿਵੇਂ ਪਾਲ ਸਕਦੇ ਹੋ ਜਦ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕਿਵੇਂ cork ਕਿਵੇਂ ਲਿਖਣਾ ਹੈ? ਤਾਂ ਹਾਂ, ਸੱਜਣੋ" ਉਹ ਮਹਿਫ਼ਲ ਨੂੰ ਸੰਬੋਧਨ ਕਰਦੇ ਹੋਏ ਕਹਿੰਦਾ, "ਇਹ cork ਨੂੰ kork ਲਿਖਦਾ ਹੈ;" ਅਤੇ ਸਾਰੇ ਹਾਜ਼ਰੀਨ ਹੱਸਣ ਲੱਗ ਪੈਂਦੇ। ਹਾਲਾਂਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਵਿਚੋਂ ਕੋਈ ਵੀ ਸ਼ੁੱਧ ਲੇਖਣ-ਕਲਾ ਦਾ ਮਾਹਿਰ ਸੀ। ਵਿਚਾਰਾ ਸੇਰਗੇਈ ਸੇਰਗੇਈਵਿਚ ਖਸਿਆਣਾ ਜਿਹਾ ਮੁਸਕਰਾਉਂਦਾ ਹੋਇਆ ਖਾਮੋਸ਼ ਹੋ ਜਾਂਦਾ ਅਤੇ ਨੀਵੀਂ ਪਾ ਲੈਂਦਾ।

ਮੈਂ ਇਹ ਭੁੱਲ ਜਾਂਦਾ ਹਾਂ ਕਿ ਅਜਿਹੇ ਛੋਟੇ-ਛੋਟੇ ਵੇਰਵਿਆਂ ਲਈ ਮੇਰੇ ਕੋਲ ਸਮਾਂ ਬਹੁਤ ਸੀਮਿਤ ਹੈ। ਸੰਖੇਪ ਵਿਚ ਕਹਾਂ ਤਾਂ, ਓਜੋਗਿਨ ਇਕ ਵਿਆਹਿਆ ਹੋਇਆ ਆਦਮੀ ਸੀ। ਉਸ ਦੀ ਇਕ ਐਲਿਜ਼ਬੈਥ ਕਿਰੀਲੋਵਨਾ ਨਾਂ ਦੀ ਬੇਟੀ ਸੀ ਅਤੇ ਮੈਂਨੂੰ ਉਸ ਦੀ ਧੀ ਨਾਲ ਪਿਆਰ ਹੋ ਗਿਆ ਸੀ। ਓਜੋਗਿਨ ਖ਼ੁਦ ਇਕ ਆਮ ਜਿਹਾ ਬੰਦਾ ਸੀ, ਨਾ ਤਾਂ ਖ਼ੂਬਸੂਰਤ ਤੇ ਨਾ ਹੀ ਬਦਸੂਰਤ। ਉਸ ਦੀ ਪਤਨੀ ਕੁਝ ਹੱਦ ਤਕ ਬੁੱਢੀ ਕੁੱਕੜੀ ਦੀ ਤਰ੍ਹਾਂ ਸੀ ਪਰ ਉਨ੍ਹਾਂ ਦੀ ਬੇਟੀ ਉਨ੍ਹਾਂ ਵਿਚੋਂ ਕਿਸੇ 'ਤੇ ਨਹੀਂ ਸੀ, ਸਗੋਂ ਉਨ੍ਹਾਂ ਤੋਂ ਉਲਟ ਸੀ। ਉਹ ਬਹੁਤ ਹੀ ਸੁੰਦਰ, ਜੀਵੰਤ ਤੇ ਕੋਮਲ ਸੁਭਾਅ ਦੀ ਸੀ। ਉਸ ਦੀਆਂ ਚਮਕਦਾਰ ਭੂਰੀਆਂ ਅੱਖਾਂ ਵਿਚੋਂ ਪਿਆਰ ਝਲਕਦਾ ਸੀ ਅਤੇ ਕਮਾਨ ਨੁਮਾ ਭਵਾਂ ਦੇ ਹੇਠੋਂ ਨਿਰਛਲਤਾ ਨਜ਼ਰ ਆਉਂਦੀ ਸੀ। ਉਹ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਅਤੇ ਬਹੁਤ ਵਾਰ ਜ਼ੋਰ ਜ਼ੋਰ ਨਾਲ ਹੱਸਦੀ। ਉਸ ਦੀ ਤਾਜ਼ਾ, ਜਵਾਨੀ ਦੀ ਠਾਠਦਾਰ ਆਵਾਜ਼ ਬਹੁਤ ਪ੍ਰਭਾਵਸ਼ਾਲੀ ਸੀ। ਉਸ ਦੀ ਤੋਰ ਬੇਪਰਵਾਹ, ਛੁਹਲੀ ਅਤੇ ਫੁਰਤੀਲੀ ਸੀ ਜਦੋਂ ਉਹ ਸ਼ਰਮਾਉਂਦੀ ਤਾਂ ਉਹਦੇ ਮੁੱਖੜੇ ਦੀ ਲਾਲੀ ਵਿਚ ਖੁਸ਼ੀ ਘੁਲੀ ਹੁੰਦੀ। ਉਹ ਬਹੁਤੇ ਤੜਕ-ਭੜਕ ਵਾਲੇ ਕੱਪੜੇ ਨਹੀਂ ਪਹਿਨਦੀ ਸੀ। ਉਸ ਨੂੰ ਸਾਦੇ ਕੱਪੜੇ ਲੋਹੜੇ ਦੇ ਫੱਬਦੇ ਸਨ।

ਮੈਂ ਆਮ ਤੌਰ 'ਤੇ ਜਲਦੀ ਕਿਸੇ ਨਾਲ ਦੋਸਤੀ ਨਹੀਂ ਪਾਉਂਦਾ ਸੀ ਜੇ ਮੈਂ ਸ਼ੁਰੂ ਤੋਂ ਕਿਸੇ ਨਾਲ ਘੁਲਮਿਲ ਜਾਂਦਾ ਸਾਂ - ਜੋ ਹਾਲੇ ਤਕ ਬਹੁਤ ਘੱਟ ਹੀ ਕਦੇ ਹੋਇਆ ਸੀ - ਤਾਂ ਮੈਨੂੰ ਮੰਨਣ ਵਿਚ ਕੋਈ ਗੁਰੇਜ਼ ਨਹੀਂ ਕਿ ਇਹ ਚਮਤਕਾਰ ਨਵੇਂ ਜਾਣੂ ਦੀ ਲਿਆਕਤ ਕਰਕੇ ਹੁੰਦਾ ਸੀ। ਮੈਂ ਕਦੇ ਵੀ ਔਰਤਾਂ ਨਾਲ ਵਰਤਣ ਦੇ ਗੁਰ ਨਹੀਂ ਸੀ ਜਾਣਦਾ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਮੇਰਾ ਚਿਹਰਾ ਜਾਂ ਤਾਂ ਅਜੀਬ ਤਲਖ਼ੀ ਅਖਤਿਆਰ ਕਰ ਲੈਂਦਾ ਜਾਂ ਅਤਿ ਮੂਰਖ਼ਤਾ ਭਰੇ ਢੰਗ ਨਾਲ ਹੱਸਣ ਲੱਗਦਾ ਸੀ। ਮੇਰੇ ਮੂੰਹ ਵਿਚ ਜੀਭ ਪਲਸੇਟੇ ਜਿਹੇ ਲੈਣ ਲੱਗਦੀ ਪਰ ਐਲਿਜ਼ਬੈਥ ਕਿਰੀਲੋਵਨਾ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਮੈਨੂੰ ਉੱਕਾ ਓਪਰਾ ਨਾ ਲੱਗਿਆ। ਇਹ ਮੁਲਾਕਾਤ ਇਸ ਤਰਾਂ ਹੋਈ:

ਇਕ ਵਾਰ ਮੈਂ ਓਜੋਗਿਨ ਨੂੰ ਖਾਸੇ ਦਿਨ ਚੜ੍ਹੇ ਬੁਲਾਇਆ। ਮੈਂ ਪੁੱਛਿਆ ਕਿ, ਕੀ ਉਹ ਘਰ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਕੱਪੜੇ ਪਹਿਨ ਰਿਹਾ ਤੇ ਨਾਲ ਹੀ ਬੇਨਤੀ ਕੀਤੀ ਕਿ ਮੈਂ ਉਸ ਦੀ ਬੈਠਕ ਵਿਚ ਉਡੀਕ ਕਰਾਂ। ਮੈਂ ਬੈਠਕ ਵਿਚ ਦਾਖ਼ਲ ਹੋਇਆ ਅਤੇ ਖਿੜਕੀ ਵੱਲ ਮੂੰਹ ਕਰਕੇ ਖੜ੍ਹੀ ਚਿੱਟੇ ਕੱਪੜਿਆਂ ਵਾਲੀ ਇਕ ਭਰ ਜਵਾਨ ਕੁੜੀ ਨੂੰ ਵੇਖਿਆ। ਅਤੇ ਉਸ ਨੇ ਹੱਥ ਵਿਚ ਇੱਕ ਪੰਛੀਆਂ ਵਾਲਾ ਪਿੰਜਰਾ ਫੜਿਆ ਸੀ। ਮੈਂ ਆਮ ਦੀ ਤਰ੍ਹਾਂ ਥੋੜ੍ਹਾ ਜਿਹਾ ਪ੍ਰੇਸ਼ਾਨ ਹੋ ਗਿਆ ਪਰ ਮੈਂ ਥੋੜ੍ਹੀ ਜਿਹੀ ਹਿੰਮਤ ਜੁਟਾਈ ਅਤੇ ਆਪਣੀ ਮੌਜੂਦਗੀ ਦਾ ਪਤਾ ਦੇਣ ਲਈ ਹਲਕੇ ਜਿਹੇ ਖੰਘਿਆ। ਕੁੜੀ ਤੇਜ਼ੀ ਨਾਲ ਮੁੜੀ ਅਤੇ ਝਟਕੇ ਨਾਲ ਉਸ ਦੀਆਂ ਲੰਮੀਆਂ ਲਿਟਾਂ ਉਸ ਦੀਆਂ ਗੱਲ੍ਹਾਂ ਨਾਲ ਟਕਰਾ ਗਈਆਂ। ਮੈਨੂੰ ਵੇਖਦਿਆਂ ਹੀ ਉਸ ਨੇ ਸਿਰ ਨਿਵਾਇਆ। ਮੈਨੂੰ ਦਾਣਿਆਂ ਨਾਲ ਅੱਧਾ ਕੁ ਭਰਿਆ ਹੋਇਆ ਇਕ ਛੋਟਾ ਜਿਹਾ ਡੱਬਾ ਦਿਖਾਇਆ ਅਤੇ ਉਸ ਨੇ ਮੁਸਕਰਾ ਕੇ ਕਿਹਾ:

"ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ?"

ਮੈਂ ਨਿਮਰਤਾ ਦੇ ਤਕਾਜ਼ੇ ਅਨੁਸਾਰ ਆਪਣਾ ਸਿਰ ਝੁਕਾਇਆ ਅਤੇ ਉਸੇ ਸਮੇਂ ਤੇਜ਼ੀ ਨਾਲ ਝੁਕਿਆ ਅਤੇ ਗੋਡਿਆਂ ਨੂੰ ਸਿੱਧਾ ਕਰ ਦਿੱਤਾ, ਜਿਵੇਂ ਕਿਸੇ ਨੇ ਮੇਰੇ ਪਿੱਛੇ ਜੋੜਾਂ ਵਿਚ ਠੁੱਡਾ ਮਾਰ ਦਿੱਤਾ ਹੋਵੇ। ਇਸ ਅਦਾ ਨੂੰ ਚੰਗੀ ਸਿੱਖਿਆ ਅਤੇ ਸੁਹਣੇ ਸਮਾਜਿਕ ਸਲੀਕੇ ਦੀ ਅਲਾਮਤ ਸਮਝਿਆ ਜਾਂਦਾ ਹੈ। ਫਿਰ ਮੈਂ ਮੁਸਕਰਾਇਆ ਤੇ ਹਵਾ ਵਿਚ ਇਕ ਵਾਰ ਜਾਂ ਦੋ ਵਾਰ ਹੱਥ ਹਿਲਾਇਆ।

ਕੁੜੀ ਤੁਰੰਤ ਪਿੱਛੇ ਮੁੜੀ, ਪਿੰਜਰੇ ਵਿਚੋਂ ਇਕ ਛੋਟੇ ਜਿਹਾ ਗੱਤੇ ਦਾ ਟੁੱਕੜਾ ਬਾਹਰ ਕੱਢਿਆ ਅਤੇ ਚਾਕੂ ਨਾਲ ਇਸ ਨੂੰ ਜ਼ੋਰ-ਜ਼ੋਰ ਨਾਲ ਰਗੜਣ ਲੱਗੀ ਅਤੇ ਆਪਣੀ ਸਥਿਤੀ ਨੂੰ ਬਦਲੇ ਬਿਨਾਂ ਉਸ ਨੇ ਕਿਹਾ:

"ਇਹ ਮੇਰੇ ਪਿਤਾ ਜੀ ਦੀ ਲਾਲ ਚਿੜੀ ਹੈ। ਕੀ ਤੁਹਾਨੂੰ ਲਾਲ ਚਿੜੀਆਂ ਪਸੰਦ ਹਨ?"

"ਮੈਨੂੰ ਸਿਸਕਿਨਾਂ ਪਸੰਦ ਹਨ।"

"ਮੈਨੂੰ ਵੀ ਸਿਸਕਿਨਾਂ ਪਸੰਦ ਹਨ ਪਰ ਇਸ ਵੱਲ ਧਿਆਨ ਦਿਓ - ਕੀ ਇਹ ਸੁੰਦਰ ਨਹੀਂ ਹੈ? ਆਓ, ਇਸ ਨੂੰ ਦੇਖੋ, ਡਰੋ ਨਾ," ਉਸ ਨੇ ਅੱਗੇ ਕਿਹਾ, ਪਰ ਮੈਂ ਸੋਚ ਰਿਹਾ ਸੀ ਕਿ ਉਹ ਮੇਰੇ ਕੋਲੋਂ ਡਰਦੀ ਕਿਉਂ ਨਹੀਂ ਸੀ। "ਇਸ ਵੱਲ ਹੋਰ ਨੇੜੇ ਆ ਕੇ ਦੇਖੋ। ਇਸ ਦਾ ਨਾਮ ਪੋਪਕਾ ਹੈ।"

ਮੈਂ ਨੇੜੇ ਹੋ ਗਿਆ ਅਤੇ ਪੰਛੀ ਵੱਲ ਅੱਗੇ ਝੁਕਿਆ।

"ਕੀ ਇਹ ਸੋਹਣੀ ਨਹੀਂ?" ਉਸ ਨੇ ਮੇਰੇ ਵੱਲ ਮੁੜ ਕੇ ਕਿਹਾ।

ਅਸੀਂ ਇਕ-ਦੂਜੇ ਦੇ ਇੰਨੇ ਨੇੜੇ ਖੜ੍ਹੇ ਸੀ ਕਿ ਉਸ ਨੂੰ ਮੇਰੇ ਵੱਲ ਦੇਖਣ ਲਈ ਆਪਣਾ ਸਿਰ ਪਿੱਛੇ ਸੁੱਟਣਾ ਪੈਂਦਾ ਸੀ। ਮੈਂ ਉਸ ਦੇ ਨੈਣ-ਨਕਸ਼ਾਂ 'ਤੇ ਝਾਤ ਪਾਈ। ਉਸ ਦਾ ਭਰ ਜਵਾਨ, ਗੁਲਾਬੀ, ਸੁੰਦਰ ਚਿਹਰਾ ਏਨਾ ਜੀਵੰਤ ਮੁਸਕਰਾ ਰਿਹਾ ਸੀ ਕਿ ਮੈਂ ਵੀ ਮੁਸਕਰਾਏ ਬਿਨਾਂ ਨਾ ਰਹਿ ਸਕਿਆ ਅਤੇ ਮੁਸ਼ਕਿਲ ਨਾਲ ਆਪਣੇ-ਆਪ ਨੂੰ ਖੁਸ਼ੀ ਨਾਲ ਖੁੱਲ੍ਹ ਕੇ ਹੱਸਣ ਤੋਂ ਰੋਕ ਸਕਿਆ।

ਦਰਵਾਜ਼ਾ ਖੁੱੱਲ੍ਹ ਗਿਆ ਅਤੇ ਸ਼੍ਰੀਮਾਨ ਓਜੋਗਿਨ ਕਮਰੇ ਵਿਚ ਦਾਖ਼ਿਲ ਹੋ ਗਿਆ। ਮੈਂ ਇਕਦਮ ਖ਼ੁਸ਼ੀ-ਖ਼ੁਸ਼ੀ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ ਪਰ ਮੈਂ ਉੱਥੇ ਰਾਤ ਦੇ ਖਾਣੇ ਲਈ ਠਹਿਰ ਗਿਆ ਤੇ ਦੇਰ ਸ਼ਾਮ ਤਕ ਰਿਹਾ। ਅਗਲੇ ਦਿਨ ਜਦੋਂ ਮੈਂ ਦੁਬਾਰਾ ਓਜੋਗਿਨ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਕਮਜ਼ੋਰ ਨਜ਼ਰ ਵਾਲੇ ਸੁੱਕੜ ਜਿਹੇ ਅਰਦਲੀ ਨੇ ਘਰੇਲੂ ਮਿੱਤਰ ਵਜੋਂ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਸ ਨੇ ਓਵਰਕੋਟ ਉਤਾਰਨ ਵਿਚ ਮੇਰੀ ਮਦਦ ਕੀਤੀ।

ਇਕ ਫ਼ਾਲਤੂ ਆਦਮੀ ਦੇ ਤੌਰ 'ਤੇ, ਸ਼ਾਂਤੀਪੂਰਨ, ਘਰੇਲੂ ਜੀਵਨ ਦੀ ਕੋਈ ਯਾਦ ਨਾ ਹੋਣ ਕਾਰਨ, ਮੈਂ ਅਜੇ ਤਕ ਆਪਣਾ ਖ਼ੁਦ ਦਾ ਆਲ੍ਹਣਾ ਹੋਣ ਦੀ ਖੁਸ਼ੀ ਬਾਰੇ ਇਕ ਅਜਿਹੇ ਵਿਅਕਤੀ ਜਿਸ ਦੀਆਂ ਰੁਚੀਆਂ ਅਤੇ ਆਦਤਾਂ ਮੇਰੇ ਨਾਲ ਖ਼ਲਤ-ਮਲਤ ਹੋਣ, ਉਸ ਨਾਲ ਰੋਜ਼ਾਨਾ ਦੇ ਸੰਗ ਸਾਥ ਦੀ ਪ੍ਰਸੰਨਤਾ ਬਾਰੇ ਕਦੇ ਸੋਚਿਆ ਨਹੀਂ ਸੀ ਜੇ ਮੇਰੇ ਅੰਦਰ ਫੁੱਲ ਵਰਗੀ ਕੋਈ ਚੀਜ਼ ਸੀ ਅਤੇ ਜੇ ਇਹ ਕੋਈ ਘਸਿਆ ਹੋਇਆ ਅਲੰਕਾਰ ਨਹੀਂ ਸੀ, ਤਾਂ ਮੈਂ ਆਖਾਂਗਾ ਕਿ ਮੈਂ ਲੀਜ਼ਾ ਨਾਲ ਆਪਣੀ ਮੁਲਾਕਾਤ ਦੇ ਪਹਿਲੇ ਦਿਨ ਤੋਂ ਹੀ ਖਿੜਿਆ ਹੋਇਆ ਸੀ। ਮੇਰੇ ਅੰਦਰ ਅਤੇ ਆਲੇ-ਦੁਆਲੇ ਹਰ ਚੀਜ਼ ਨੇ ਇਕ ਨਵਾਂ ਪਹਿਲੂ ਧਾਰਨ ਕਰ ਲਿਆ ਸੀ। ਮੇਰੀ ਸਾਰੀ ਜ਼ਿੰਦਗੀ ਪਿਆਰ ਨਾਲ ਚਮਕ ਪਈ- ਹਾਂ, ਮੇਰੀ ਪੂਰੀ ਜ਼ਿੰਦਗੀ। ਇਕ ਹਨੇਰੇ ਅਤੇ ਉਜਾੜ ਕਮਰੇ ਦੀ ਤਰ੍ਹਾਂ ਜਿਸ ਵਿਚ ਅਚਾਨਕ ਇਕ ਮੋਮਬੱਤੀ ਜਲਾ ਦਿੱਤੀ ਹੋਵੇ, ਉਸੇ ਤਰ੍ਹਾਂ ਮੇਰਾ ਜੀਵਨ ਅਚਾਨਕ ਚਮਕ ਪਿਆ ਸੀ। ਇਹ ਸਭ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਸੀ, ਜਿਵੇਂ ਕਿ ਮੇਰਾ ਸੌਣਾ, ਭੋਜਨ ਕਰਨਾ, ਸਿਗਾਰ ਪੀਣਾ ਆਦਿ। ਇੱਥੋਂ ਤਕ ਕਿ ਮੇਰੀ ਚਾਲ ਆਮ ਨਾਲੋਂ ਹਲਕੀ ਹੋ ਗਈ ਸੀ, ਇਉਂ ਮਹਿਸੂਸ ਹੁੰਦਾ ਜਿਵੇਂ ਮੇਰੇ ਮੋਢਿਆਂ 'ਤੇ ਖੰਭ ਉੱਗ ਆਏ ਹੋਣ।

ਐਲਿਜ਼ਬੈਥ ਕਿਰੀਲੋਵਨਾ ਨੇ ਮੇਰੇ ਅੰਦਰ ਜੋ ਮੁਹੱਬਤ ਜਗਾਈ ਸੀ ਉਸ ਦੇ ਸੰਬੰਧ ਵਿਚ ਮੈਨੂੰ ਇਕ ਪਲ ਲਈ ਵੀ ਕਦੇ ਸ਼ੱਕ ਨਹੀਂ ਹੋਇਆ ਸੀ। ਮੈਂ ਪਹਿਲੀ ਵਾਰ ਉਸ ਨੂੰ ਦੇਖਣ ਸਾਰ ਉਸ ਦੇ ਪਿਆਰ ਵਿਚ ਦੀਵਾਨਾ ਹੋ ਗਿਆ। ਮੈਨੂੰ ਪਤਾ ਸੀ ਕਿ ਮੈਂ ਉਸ ਦੇ ਪਿਆਰ ਵਿਚ ਦੀਵਾਨਾ ਸੀ ਅਤੇ ਤਿੰਨ ਹਫ਼ਤੇ ਮੈਂ ਹਰ ਰੋਜ਼ ਉਸ ਨਾਲ ਮੁਲਾਕਾਤ ਕਰਦਾ ਰਿਹਾ। ਮੇਰੇ ਜੀਵਨ ਵਿਚ ਇਹ ਤਿੰਨ ਹਫ਼ਤੇ ਸਭ ਤੋਂ ਵੱਧ ਖੁਸ਼ੀਆਂ ਵਾਲੇ ਸਨ ਪਰ ਉਨ੍ਹਾਂ ਦੀ ਯਾਦ ਭਾਰੀ ਹੈ, ਬਹੁਤ ਹੀ ਭਾਰੀ। ਮੈਂ ਕੇਵਲ ਉਨ੍ਹਾਂ ਬਾਰੇ ਨਹੀਂ ਸੋਚ ਸਕਦਾ। ਉਨ੍ਹਾਂ ਖੁਸ਼ੀ ਭਰੇ ਦਿਹਾੜਿਆਂ ਦੀ ਯਾਦ ਦੇ ਨਾਲ-ਨਾਲ ਬਾਅਦ ਵਿਚ ਜੋ ਕੁਝ ਵੀ ਵਾਪਰਿਆ, ਉਹ ਵੀ ਮੇਰੇ ਮਨ ਅੰਦਰ ਜਾਗ ਪੈਂਦਾ ਹੈ ਅਤੇ ਮੇਰਾ ਦਿਲ ਜੋ ਖੁਸ਼ੀ ਦੀ ਯਾਦ ਵਿਚ ਕੋਮਲ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਦੀ ਬਦਕਿਸਮਤੀ ਦੇ ਭਾਰ ਨਾਲ ਨਪੀੜਿਆ ਜਾਂਦਾ ਹੈ।

ਇਹ ਇਕ ਵਿਖਿਆਤ ਤੱਥ ਹੈ ਕਿ ਜਦੋਂ ਕੋਈ ਵਿਅਕਤੀ ਬਹੁਤ ਚੰਗਾ ਮਹਿਸੂਸ ਕਰਦਾ ਹੈ ਤਾਂ ਉਸ ਦਾ ਦਿਮਾਗ਼ ਬਹੁਤ ਘੱਟ ਕੰਮ ਕਰਦਾ ਹੈ। ਕੋਈ ਬਹੁਤਾ ਸਰਗਰਮ ਨਹੀਂ ਹੁੰਦਾ ਇਕ ਸ਼ਾਂਤ, ਸੁਆਦੀ ਅਤੇ ਸੰਤੁਸ਼ਟੀ ਦਾ ਅਹਿਸਾਸ ਉਸ ਦੇ ਪੂਰੇ ਵਜੂਦ ਵਿਚ ਫੈਲ ਜਾਂਦਾ ਹੈ। ਉਸ ਨੂੰ ਨਿਗਲ ਜਾਂਦਾ ਹੈ। ਉਸ ਵਿਚੋਂ ਨਿੱਜੀ ਜੀਵਨ ਦੀ ਚੇਤਨਾ ਖ਼ਤਮ ਹੋ ਜਾਂਦੀ ਹੈ। "ਉਹ ਅਥਾਹ ਨਸ਼ੇ ਵਿਚ ਹੁੰਦਾ ਹੈ,"ਜਿਵੇਂ ਕਿ ਅੱਧਪੜ੍ਹ ਕਵੀ ਕਿਹਾ ਕਰਦੇ ਹਨ ਪਰ ਜਦ ਆਖ਼ਿਰ "ਨਸ਼ੇ ਦੀਆਂ ਘੜੀਆਂ" ਬੀਤ ਜਾਂਦੀਆਂ ਹਨ ਤਾਂ ਕਈ ਵਾਰੀ ਉਹ ਉਦਾਸ ਮਹਿਸੂਸ ਕਰਦਾ ਹੈ ਕਿ ਉਸ ਨੇ ਖੁਸ਼ੀ ਦੇ ਸਮੇਂ ਵਿਚ ਏਨਾ ਘੱਟ ਕਿਉਂ ਸੋਚਿਆ ਸੀ ਕਿ ਉਸ ਨੇ ਸੋਚ ਵਿਚਾਰ ਕੇ ਆਪਣੀਆਂ ਖੁਸ਼ੀਆਂ ਦੀ ਉਮਰ ਨੂੰ ਵਧਾ ਕਿਉਂ ਨਹੀਂ ਲਿਆ ਸੀ, ਜਿਵੇਂ ਕਿਸੇ ਆਦਮੀ ਨੂੰ "ਪ੍ਰਸੰਨਤਾ" ਕਦੇ ਰੁਕਣ ਅਤੇ ਸੋਚਣ ਦਾ ਸਮਾਂ ਦਿੰਦੀ ਹੋਵੇ ਜਾਂ ਜਿਵੇਂ ਇਸ ਤਰ੍ਹਾਂ ਕਰਨਾ ਉਸ ਦੇ ਵੱਸ ਦੀ ਗੱਲ ਹੋਵੇ। ਇਕ ਆਦਮੀ "ਪ੍ਰਸੰਨਤਾ ਵਿਚ" ਇਕ ਧੁੱਪ ਸੇਕਦੀ ਮੱਖੀ ਵਾਂਗ ਹੁੰਦਾ ਹੈ।

ਇਹ ਕਾਰਨ ਹੈ ਕਿ ਮੈਨੂੰ ਮੇਰੀ ਆਪਣੀ ਯਾਦਾਸ਼ਤ ਵਿਚ ਮੇਰੇ ਉੱਤੇ ਮੁਹੱਬਤ ਦੀ ਛਾਪ ਦਾ ਕੋਈ ਸਪਸ਼ਟ ਅਤੇ ਨਿਸ਼ਚਤ ਵਿਚਾਰ ਨਹੀਂ ਮਿਲ ਸਕਦਾ। ਇਸ ਤੋਂ ਇਲਾਵਾ, ਉਸ ਸਮੇਂ ਦੌਰਾਨ ਸਾਡੇ ਦਰਮਿਆਨ ਕੁਝ ਵੀ ਖ਼ਾਸ ਨਹੀਂ ਹੋਇਆ। ਇਹ ਵੀਹ ਦਿਨ ਮੇਰੇ ਉਦਾਸ ਨਾ-ਖੁਸ਼ਗਵਾਰ ਜੀਵਨ ਵਿਚ ਕਿਸੇ ਨਿੱਘੇ, ਜਵਾਨ ਤੇ ਸੁਗੰਧਿਤ ਅਹਿਸਾਸ ਵਾਂਗ ਰੋਸ਼ਨੀ ਦੀ ਇਕ ਤਰ੍ਹਾਂ ਦੀ ਲੀਕ ਵਾਂਗ ਸਨ ਪਰ ਮੇਰੀ ਯਾਦਾਸ਼ਤ ਬੇਰਹਿਮੀ ਨਾਲ ਸਹੀ ਅਤੇ ਸਪਸ਼ਟ ਹੋ ਜਾਂਦੀ ਹੈ ਜਦ ਮੈਂ ਉਸ ਸਮੇਂ ਬਾਰੇ ਸੋਚਦਾ ਹਾਂ ਜਦੋਂ "ਬਦਕਿਸਮਤੀ ਦੇ ਧਮਾਕੇ ਮੇਰੇ ਸਿਰ ਉੱਤੇ ਪੈਣੇ ਸ਼ੁਰੂ ਹੋਏ" ਜੇ ਉਨ੍ਹਾਂ ਹੀ ਅੱਧਪੜ੍ਹ ਕਵੀਆਂ ਦੀ ਭਾਸ਼ਾ ਵਿਚ ਗੱਲ ਕੀਤੀ ਜਾਵੇ।

ਹਾਂ, ਉਹ ਤਿੰਨ ਹਫ਼ਤੇ! ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਮੇਰੀ ਯਾਦਾਸ਼ਤ ਵਿਚ ਕੋਈ ਤਸਵੀਰਾਂ ਨਹੀਂ ਛੱਡੀਆਂ। ਕਈ ਵਾਰ ਜਦੋਂ ਮੈਂ ਉਨ੍ਹਾਂ ਬਾਰੇ ਲੰਮੇ ਸਮੇਂ ਤਕ ਸੋਚਦਾ ਰਹਿੰਦਾ ਹਾਂ ਤਾਂ ਕੁਝ ਯਾਦਾਂ ਧੁੰਦਲੇ ਅਤੀਤ ਵਿਚੋਂ ਤੈਰ ਕੇ ਬਾਹਰ ਨਿਕਲ ਆਉਂਦੀਆਂ ਹਨ ਜਿਵੇਂ ਇਕ ਵਿਅਕਤੀ ਨੂੰ ਆਸਮਾਨ ਵਿਚ ਇਕ ਜਗ੍ਹਾ 'ਤੇ ਅੱਖਾਂ ਗੱਡ ਦੇਣ ਨਾਲ ਨਵੇਂ ਸਿਤਾਰੇ ਦਿੱਖਣ ਲੱਗ ਪੈਂਦੇ ਹਨ। ਮੈਨੂੰ ਖ਼ਾਸ ਤੌਰ 'ਤੇ ਇਕ ਯਾਦ ਹੈ। ਸੈਰ ਜੋ ਅਸੀਂ ਇਕ ਜੰਗਲ ਵਿਚ ਇਕੱਠਿਆਂ ਕੀਤੀ ਸੀ। ਅਸੀਂ ਚਾਰ ਜਣੇ ਸੀ। ਸ਼੍ਰੀਮਤੀ ਓਜੋਗਿਨ, ਲੀਜ਼ਾ, ਮੈਂ, ਅਤੇ ਇਕ ਓ---ਸ਼ਹਿਰ ਦਾ ਚੌਥੇ ਜਾਂ ਪੰਜਵੇਂ ਦਰਜੇ ਦਾ ਅਫ਼ਸਰ ਜਿਸ ਦਾ ਚਿਹਰਾ ਸੋਹਣਾ, ਸੁਭਾਅ ਨਿੱਘਾ ਅਤੇ ਨਿੱਕੇ ਜਿਹੇ ਕੱਦ ਵਾਲਾ ਬਿਜ਼ਮਨਕੋਫ ਨਾਮ ਦਾ ਆਦਮੀ। ਮੈਨੂੰ ਉਸ ਦੀ ਗੱਲ ਆਪਣੀ ਕਹਾਣੀ ਤੋਂ ਬਾਅਦ ਕਰਨੀ ਪਵੇਗੀ। ਸ਼੍ਰੀ ਓਜੋਗਿਨ ਖ਼ੁਦ ਪਾਰਟੀ ਦਾ ਹਿੱਸਾ ਨਹੀਂ ਸੀ। ਉਹ ਦੁਪਹਿਰ ਨੂੰ ਦੇਰ ਤਕ ਡੂੰਘੀ ਨੀਂਦ ਸੌਂ ਗਿਆ ਸੀ। ਸਿਰ ਦਰਦ ਹੋਣ ਲੱਗ ਪਿਆ ਸੀ ਅਤੇ ਬਾਹਰ ਜਾ ਨਹੀਂ ਸਕਦਾ ਸੀ। ਸੁੰਦਰ ਦਿਨ ਸੀ, ਹਵਾ ਸ਼ਾਂਤ ਤੇ ਅਸਮਾਨ ਸਾਫ਼ ਸੀ।

ਮੈਨੂੰ ਇੱਥੇ ਇਹ ਟਿੱਪਣੀ ਕਰਨੀ ਚਾਹੀਦੀ ਹੈ ਕਿ ਜਨਤਕ ਬਾਗ਼-ਬਗੀਚਿਆਂ ਨਾਲ ਰੂਸੀ ਲੋਕਾਂ ਦੀ ਰੂਹ ਨੂੰ ਘੱਟ ਹੀ ਰਾਸ ਆਉਂਦੇ ਹਨ। ਵੱਡੇ ਸ਼ਹਿਰਾਂ ਦੇ ਅਖੌਤੀ ਜਨਤਕ ਬਾਗ਼ਾਂ ਵਿਚ ਤੁਹਾਨੂੰ ਕਦੇ ਵੀ ਇਕ ਜੀਵੰਤ ਰੂਹ ਨਹੀਂ ਮਿਲੇਗੀ, ਸਿਵਾਏ ਕਈ ਵਾਰ ਕਿਸੇ ਬਿਮਾਰ ਰੁੱਖ ਦੇ ਨੇੜੇ ਹਰੇ ਰੰਗ ਦੀ ਬੈਂਚ ਉੱਤੇ ਰਾਮ ਕਰਨ ਲਈ ਬੈਠੀ ਖੰਘ ਰਹੀ ਅਤੇ ਕਰਾਹ ਰਹੀ ਬੁੱਢੀ ਔਰਤ ਤੋਂ ਬਿਨਾਂ ਪਰ ਜੇ ਉਸ ਨੂੰ ਨੇੜੇ ਕਿਸੇ ਘਰ ਦੇ ਗੇਟ 'ਤੇ ਗੰਦਾ ਛੋਟਾ ਜਿਹਾ ਬੈਂਚ ਮਿਲ ਜਾਂਦਾ ਤਾਂ ਸ਼ਾਇਦ ਉਹ ਵੀ ਉੱਥੇ ਨਾ ਹੁੰਦੀ। ਅਗਰ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਵਿਚ ਬਰਚ ਦੇ ਦਰੱਖਤਾਂ ਦਾ ਇਕ ਛੋਟਾ ਜਿਹਾ ਜੰਗਲ ਹੋਵੇ। ਸਾਰੇ ਵਪਾਰੀ, ਕਈ ਵਾਰ ਇੱਥੋਂ ਦੇ ਸਰਕਾਰੀ ਅਧਿਕਾਰੀ ਵੀ ਐਤਵਾਰ ਅਤੇ ਛੁੱਟੀ ਵਾਲੇ ਦਿਨ ਉੱਥੇ ਜ਼ਰੂਰ ਜਾਂਦੇ ਹਨ। ਉਹ ਆਪਣੀਆਂ ਚਾਹ-ਕੇਤਲੀਆਂ, ਕੇਕ ਅਤੇ ਖਾਣ-ਪੀਣ ਦਾ ਹੋਰ ਸਾਮਾਨ ਨਾਲ ਲੈ ਕੇ ਜਾਂਦੇ ਹਨ। ਸੜਕ ਦੇ ਬਿਲਕੁਲ ਨਜ਼ਦੀਕ ਧੂੜ ਲੱਤੇ ਘਾਹ 'ਤੇ ਇਹ ਸਾਰੀਆਂ ਨੇਹਮਤਾਂ ਟਿਕਾ ਲੈਂਦੇ ਹਨ ਅਤੇ ਰਾਤ ਪੈਣ ਤਕ ਚਾਹ ਪੀਂਦੇ ਅਤੇ ਖਾਂਦੇ ਰਹਿੰਦੇ ਹਨ।

ਬਸ ਇਸ ਤਰ੍ਹਾਂ ਦਾ ਜੰਗਲ ਓ--- ਸ਼ਹਿਰ ਦੇ ਨੇੜੇ, ਸ਼ਹਿਰ ਤੋਂ ਲਗਭਗ ਦੋ ਵਰਸਟ ਦੂਰ ਮੌਜੂਦ ਸੀ। ਸਾਡੀ ਟੋਲੀ ਨੇ ਡਿਨਰ ਦੇ ਬਾਅਦ ਉੱਥੇ ਜਾ ਡੇਰੇ ਲਾਏ। ਅਸੀਂ ਚਾਹ ਪੀਤੀ ਅਤੇ ਬਾਅਦ ਵਿਚ - ਜਿਵੇਂ ਕਿ ਰਿਵਾਜ਼ ਹੈ - ਜੰਗਲ ਵਿਚ ਟਹਿਲਣ ਲਈ ਚਲੇ ਗਏ। ਬਿਜ਼ਮਨਕੋਫ ਨੇ ਆਪਣੀ ਬਾਂਹ ਮਿਸਜ਼ ਓਜੋਗਿਨ ਨੂੰ ਦੇ ਦਿੱਤੀ ਅਤੇ ਮੈਂ ਲੀਜ਼ਾ ਨੂੰ ਨਾਲ ਲੈ ਲਿਆ। ਦਿਨ ਛਿਪਣਾ ਸ਼ੁਰੂ ਹੋ ਗਿਆ ਸੀ। ਉਦੋਂ ਮੈਨੂੰ ਪਹਿਲੇ ਪਿਆਰ ਦੀ ਚੰਗੀ ਗਰਮੀ ਸੀ। (ਉਸ ਨਾਲ ਮੁਹੱਬਤ ਹੋ ਜਾਣ ਤੋਂ ਬਾਅਦ ਅਜੇ ਸਿਰਫ ਪੰਦਰਾਂ ਦਿਨ ਹੋਏ ਸੀ।) ਮੈਂ ਉਸ ਭਾਵਨਾਤਮਕ ਅਰਾਧਨਾ ਦੀ ਅਵਸਥਾ ਵਿਚ ਸੀ ਜਦੋਂ ਪ੍ਰੇਮੀ ਦੀ ਰੂਹ ਆਪ-ਮੁਹਾਰੇ ਅਤੇ ਅਨਭੋਲ ਹੀ ਆਪਣੀ ਪਿਆਰੀ ਦੀ ਨਿੱਕੀ-ਨਿੱਕੀ ਹਰਕਤ ਦੀ ਸੁਧਾਈ ਹੁੰਦੀ ਹੈ ਜਦ ਕਿ ਉਸ ਦੀ ਹਾਜ਼ਰੀ ਉਸ ਲਈ ਕਾਫ਼ੀ ਨਹੀਂ ਹੋ ਸਕਦੀ। ਉਸ ਦੀ ਆਵਾਜ਼ ਸੁਣਨ ਲਈ ਤਰਸਦਾ ਹੈ ਜਦੋਂ ਉਹ ਲੰਮੀ ਬੀਮਾਰੀ ਤੋਂ ਬਾਅਦ ਰਾਜ਼ੀ ਹੋ ਰਹੇ ਇਕ ਬੱਚੇ ਵਾਂਗ ਲਗਾਤਾਰ ਮੁਸਕਰਾ ਰਿਹਾ ਹੁੰਦਾ ਹੈ ਅਤੇ ਸੰਸਾਰ ਵਿਚ ਥੋੜ੍ਹੇ ਬਹੁਤ ਤਜਰਬੇ ਵਾਲਾ ਕੋਈ ਵੀ ਵਿਅਕਤੀ ਪਹਿਲੀ ਨਜ਼ਰੇ ਜੋ ਉਸ ਦੇ ਅੰਦਰ ਚੱਲ ਰਿਹਾ ਹੁੰਦਾ ਹੈ ਉਸ ਨੂੰ ਜਾਣ ਲੈਂਦਾ ਹੈ। ਉਸ ਦਿਨ ਤੋਂ ਪਹਿਲਾਂ ਮੈਨੂੰ ਕਦੇ ਵੀ ਲੀਜ਼ਾ ਦੀ ਬਾਂਹ ਫੜਨ ਦਾ ਮੌਕਾ ਨਹੀਂ ਮਿਲਿਆ ਸੀ।

ਮੈਂ ਉਸ ਨਾਲ ਘੁੰਮ ਰਿਹਾ ਸਾਂ। ਹਰੇ ਘਾਹ 'ਤੇ ਹਲਕੇ-ਹਲਕੇ ਪੱਬ ਰੱਖ ਰਿਹਾ ਸਾਂ। ਉੱਚੇ ਬਲੂਤਾਂ ਦੇ ਤਣਿਆਂ ਦੇ ਵਿਚਕਾਰੋਂ ਹਲਕੀ-ਹਲਕੀ ਹਵਾ ਚੱਲ ਰਹੀ ਸੀ ਜਿਸ ਨਾਲ ਕਈ ਵਾਰ ਉਸ ਦੀ ਟੋਪੀ ਦੇ ਰਿਬਨਾਂ ਨੂੰ ਮੇਰੇ ਚਿਹਰੇ 'ਤੇ ਸੁੱਟ ਦਿੰਦੀ ਸੀ। ਮੈਂ ਉਸ ਦੀਆਂ ਅੱਖਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਤਾੜ ਰਿਹਾ ਸੀ ਜਦ ਤਕ ਉਹ ਖ਼ੁਸ਼ੀ ਨਾਲ ਭਰੀਆਂ ਮੇਰੇ ਵੱਲ ਨਾ ਤੱਕਣ ਲੱਗ ਪਈਆਂ ਅਤੇ ਅਸੀਂ ਦੋਵੇਂ ਇਕ-ਦੂਜੇ ਵੱਲ ਮੁਸਕਰਾ ਪਏ। ਸਾਡੇ ਉੱਪਰ ਪੰਛੀਆਂ ਦੀ ਚਹਿਚਹਾਟ ਨੇ ਸਾਡੀ ਮੁਹੱਬਤ ਨੂੰ ਪ੍ਰਵਾਨਗੀ ਦਿੱਤੀ ਅਤੇ ਨੀਲੇ ਆਕਾਸ਼ ਸਾਨੂੰ ਸਿੱਧੀ ਬਨਸਪਤੀ ਦੇ ਵਿਚ ਦੀ ਪਿਆਰ ਨਾਲ ਝਾਤੀਆਂ ਮਾਰ ਰਿਹਾ ਸੀ। ਮੇਰਾ ਸਿਰ ਬਹੁਤ ਜ਼ਿਆਦਾ ਖੁਸ਼ੀ ਦੀ ਖ਼ੁਮਾਰੀ ਨਾਲ ਘੁੰਮ ਰਿਹਾ ਸੀ।

ਮੈਂ ਜਲਦ ਇਹ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਲੀਜ਼ਾ ਨੂੰ ਮੇਰੇ ਨਾਲ ਉੱਕਾ ਪਿਆਰ ਨਹੀਂ ਸੀ। ਉਹ ਮੈਨੂੰ ਪਸੰਦ ਕਰਦੀ ਸੀ, ਕਿਉਂ ਜੋ ਉਹ ਆਮ ਕਰਕੇ ਅਜਨਬੀਆਂ ਕੋਲੋਂ ਸ਼ਰਮਾਉਂਦੀ ਨਹੀਂ ਸੀ ਪਰ ਮੈਂ ਉਸ ਦੇ ਬੱਚਿਆਂ ਵਰਗੇ ਦਿਲ ਨੂੰ ਦੁੱਖ ਦੇਣ ਵਾਲਾ ਵਿਅਕਤੀ ਨਹੀਂ ਸੀ। ਉਸ ਨੇ ਮੈਨੂੰ ਬਾਂਹ ਫੜਾਈ ਸੀ ਜਿਵੇਂ ਭਰਾ ਨੂੰ ਫੜਾਈ ਦੀ ਹੈ। ਉਸ ਸਮੇਂ ਉਸ ਦੀ ਉਮਰ ਸਤਾਰਾਂ ਸਾਲ ਦੀ ਸੀ ਅਤੇ ਫਿਰ ਵੀ ਉਸ ਸ਼ਾਮ ਅਤੇ ਮੇਰੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਡੂੰਘੀ ਤੇ ਖ਼ੁਫ਼ੀਆ ਤਾਂਘ ਨੇ ਉਸ ਦੇ ਅੰਦਰ ਅੰਗੜਾਈ ਲਈ ਸੀ ਜੋ ਇਕ ਲੜਕੀ ਦੇ ਔਰਤ ਵਿਚ ਬਦਲਣ ਦੀ ਅਲਾਮਤ ਹੁੰਦੀ ਹੈ। ਮੈਂ ਉਸ ਦੀ ਪੂਰੀ ਜ਼ਿੰਦਗੀ ਨੂੰ ਬਦਲਦੇ ਵੇਖਿਆ; ਮਾਸੂਮ ਅਨਿਸ਼ਚਿਤਤਾ, ਇਹ ਬੇਚੈਨ ਸੋਚ। ਮੈਂ ਪਹਿਲਾ ਵਿਅਕਤੀ ਸੀ ਜਿਸ ਨੇ ਉਸ ਦੀ ਆਵਾਜ਼ ਦੀ ਅਚਾਨਕ ਸੁਰ ਦੀ ਤਬਦੀਲੀ ਨੂੰ ਦੇਖਿਆ ਸੀ ਅਤੇ ਕਿਹਾ ਮੂਰਖ਼ ਹਾਂ ਮੈਂ! ਫ਼ਾਲਤੂ ਆਦਮੀ ਜੋ ਮੈਂ ਹਾਂ! ਇਕ ਹਫ਼ਤੇ ਬਾਅਦ ਮੈਂ ਇਹ ਸੋਚਣ ਵਿਚ ਭੋਰਾ ਸ਼ਰਮ ਨਹੀਂ ਕੀਤੀ ਕਿ ਮੈਂ ਸਾਰੇ ਬਦਲਾਅ ਦਾ ਕਾਰਨ ਹਾਂ। ਇਹ ਕਿਵੇਂ ਹੋਇਆ ਹੇਠਾਂ ਦੱਸਿਆ ਗਿਆ ਹੈ:

ਅਸੀਂ ਕੁਝ ਸਮਾਂ ਤੁਰਦੇ ਰਹੇ ਅਤੇ ਇਕ-ਦੂਜੇ ਨਾਲ ਬਹੁਤ ਘੱਟ ਗੱਲਬਾਤ ਕਰ ਰਹੇ ਸਾਂ। ਮੈਂ ਚੁੱਪ ਹੋ ਗਿਆ, ਜਿਵੇਂ ਕਿ ਸਾਰੇ ਭੋਲੇ ਪ੍ਰੇਮੀ ਹੁੰਦੇ ਹਨ ਅਤੇ ਉਹ - ਸ਼ਾਇਦ ਇਸ ਕਰਕੇ ਕਿ ਉਸ ਕੋਲ ਕੁਝ ਨਹੀਂ ਸੀ ਜੋ ਮੈਨੂੰ ਦੱਸ ਸਕਦੀ ਪਰ ਇੰਝ ਜਾਪਦਾ ਸੀ ਜਿਵੇਂ ਉਹ ਕੁਝ ਸੋਚ ਰਹੀ ਸੀ ਪਰ ਉਸ ਨੇ ਇਕ ਵਿਸ਼ੇਸ਼ ਢੰਗ ਨਾਲ ਆਪਣਾ ਸਿਰ ਹਿਲਾਇਆ ਅਤੇ ਸੋਚ ਵਿਚ ਮਗਨ ਇਕ ਸਰਕੰਡੇ ਦੀ ਕਾਨੀ ਚੱਬਣ ਲੱਗ ਪਈ ਜੋ ਉਸ ਨੇ ਚੱਲਦੇ-ਚੱਲਦੇ ਤੋੜ ਲਈ ਸੀ। ਕਦੀ-ਕਦੀ ਉਹ ਤੇਜ਼-ਤੇਜ਼ ਤੁਰਦੀ ਅੱਗੇ ਨਿਕਲ ਜਾਂਦੀ ਅਤੇ ਫਿਰ ਉਹ ਰੁਕ ਕੇ ਮੇਰਾ ਇੰਤਜ਼ਾਰ ਕਰਨ ਲੱਗਦੀ। ਆਲੇ-ਦੁਆਲੇ ਦੇਖਦੀ ਅਤੇ ਮੁਸਰਕਾਉਂਦੀ। ਬੀਤੀ ਰਾਤ ਮੈਂ ਉਸ ਨੂੰ "ਕਾਕੇਸ਼ੀਆ ਦਾ ਕੈਦੀ" ਪੜ੍ਹ ਕੇ ਸੁਣਾਇਆ ਸੀ।* ਉਸ ਨੇ ਮੈਨੂੰ ਬੜੀ ਉਤਸੁਕਤਾ ਨਾਲ ਸੁਣਿਆ। ਉਸ ਨੇ ਆਪਣਾ ਸਿਰ ਮੇਜ ਦੇ ਦੋਹਾਂ ਹਥੇਲੀਆਂ 'ਤੇ ਟਿਕਾਇਆ ਹੋਇਆ ਸੀ ਅਤੇ ਉਸ ਦੀ ਹਿੱਕ ਮੇਜ ਨਾਲ ਲੱਗੀ ਹੋਈ ਸੀ। ਮੈਂ ਪਿਛਲੀ ਰਾਤ ਦੀ ਪੜ੍ਹਤ ਬਾਰੇ ਗੱਲ ਛੇੜ ਲਈ। ਉਹ ਸ਼ਰਮਾ ਗਈ ਅਤੇ ਉਸ ਨੇ ਮੈਨੂੰ ਪੁੱਛਿਆ ਕਿ, ਕੀ ਮੈਂ ਚਿੜੀ ਨੂੰ ਕੁਝ ਭੰਗ ਦੇ ਬੀਜ ਦੇਣਾ ਭੁੱਲ ਤਾਂ ਨਹੀਂ ਗਿਆ ਸੀ। ਫਿਰ ਉਸ ਨੇ ਉੱਚੀ ਅਵਾਜ਼ ਵਿੱਚ ਕੋਈ ਜੀਵੰਤ ਨਿੱਕਾ ਜਿਹਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਚਾਨਕ ਚੁੱਪ ਹੋ ਗਈ।

ਇਕ ਖੜ੍ਹਵੀਂ ਪਹਾੜੀ ਦੀ ਸਿਖ਼ਰ 'ਤੇ ਜੰਗਲ ਖ਼ਤਮ ਹੋ ਗਿਆ। ਇਸ ਪਹਾੜੀ ਦੇ ਪੈਰਾਂ ਵਿਚ ਇਕ ਛੋਟੀ ਜਿਹੀ ਮੋੜ-ਘੋੜ ਖਾਂਦੀ ਨਦੀ ਸੀ ਅਤੇ ਨਦੀ ਦੇ ਦੂਜੇ ਪਾਸੇ ਵੱਡੇ ਘਾਹ ਦੀਆਂ ਵਿਸ਼ਾਲ ਚਰਾਂਦਾ ਸਨ ਜੋ ਬਹੁਤ ਦੂਰ ਧੁੰਦਲਕੇ ਤਕ ਫੈਲੀਆਂ ਹੋਈਆਂ ਸਨ, ਉੱਥੋਂ ਤਕ ਜਿੱਥੋਂ ਤਕ ਨਜ਼ਰ ਜਾਂਦੀ ਸੀ। ਕੁਝ ਥਾਵਾਂ 'ਤੇ ਸ਼ਾਂਤ ਤਾਲਾਬ ਤੇ ਥੋੜ੍ਹੀ ਜਿਹੀ ਹਵਾ ਦੇ ਕਾਰਨ ਉੱਠਦੀਆਂ ਲਹਿਰਾਂ ਦੇ ਵਾਂਗ, ਸੁੰਦਰ ਉੱਚਾਈਆਂ ਵਿਖਾਈ ਦਿੰਦੀਆਂ ਸਨ। ਹੋਰਨੀਂ ਥਾਈਂ ਜ਼ਮੀਨ ਇਕ ਸੋਹਣੀ ਕਢਾਈ ਕੀਤੀ ਦਰੀ ਵਾਂਗ ਵਿਛੀ ਹੋਈ ਲੱਗ ਰਹੀ ਸੀ ਜੋ ਭਾਂਤ-ਭਾਂਤ ਦੇ ਤਾਜ਼ਾਤਰੀਨ ਅਤੇ ਅਤਿ ਮਿੱਠੇ ਫੁੱਲਾਂ ਨਾਲ ਨਗੰਦੀ ਹੋਈ ਸੀ। ਕਈ ਥਾਈਂ ਸਾਫ਼ ਪਾਣੀ ਨਾਲ ਭਰੀਆਂ ਭੀੜੀਆਂ ਨਹਿਰਾਂ ਲੰਘਦੀਆਂ ਸਨ। ਲੀਜ਼ਾ ਅਤੇ ਮੈਂ ਸਾਡੇ ਸਾਥੀਆਂ ਤੋਂ ਕੁਝ ਮਿੰਟ ਪਹਿਲਾਂ ਜੰਗਲ ਦੇ ਅੰਤ ਵਿਚ ਪਹੁੰਚ ਗਏ। ਜੰਗਲ ਦੇ ਉੱਪਰ ਤੋਂ ਨਜ਼ਰ ਆਉਂਦੇ ਦ੍ਰਿਸ਼ ਦੀ ਸੁੰਦਰਤਾ ਨੂੰ ਅਸੀਂ ਅੱਖਾਂ ਟੱਡ ਪੱਬਾਂ ਭਾਰ ਹੋ ਮਾਣ ਰਹੇ ਸੀ। ਸਾਡੇ ਸਾਹਮਣੇ ਲਿਸ਼ਕਦੀ ਧੁੰਦ ਦੇ ਵਿਚਕਾਰ ਅੱਗ ਦੀ ਇਕ ਵੱਡੀ ਗੇਂਦ ਦੀ ਤਰ੍ਹਾਂ ਛਿਪਦਾ ਸੂਰਜ ਸੀ। ਦਿਸਹੱਦਾ ਲਾਲ ਰੰਗ ਦੇ ਸਾਰੇ ਭੇਦਾਂ ਨਾਲ ਖੇਡ ਰਿਹਾ ਸੀ। ਸਾਡੇ ਅੱਗੇ ਚਰਾਂਦਾਂ ਉੱਤੇ ਵਲਾ ਕੇ ਕਿਰਮਚੀ ਕਿਰਨਾਂ ਦੇ ਰੇਲੇ ਭੇਜ ਰਿਹਾ ਸੀ। ਨਹਿਰਾਂ ਦੇ ਕੰਢੇ ਛਾਂ ਵਿਚ ਵੀ ਟੂਲੀ ਰੰਗ ਦੇ ਪੋਚੇ ਫੇਰੇ ਲੱਗਦੇ ਸਨ ਅਤੇ ਪਾਣੀਆਂ ਉੱਤੇ ਵੀ ਲਾਟਾਂ ਦੇ ਲਿਸ਼ਕਾਰੇ ਬਾਜ਼ੀਆਂ ਪਾ ਰਹੇ ਸੀ। ਇਉਂ ਲੱਗਦਾ ਸੀ ਜਿਵੇਂ ਸੂਰਜ ਦੀਆਂ ਸਾਰੀਆਂ ਕਿਰਨਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਜਿਸ ਪਹਾੜ 'ਤੇ ਅਸੀਂ ਖੜ੍ਹੇ ਹੋਏ ਸੀ ਅਤੇ ਜਿਸ ਜੰਗਲ ਵਿਚੋਂ ਅਸੀਂ ਆਏ ਸੀ ਉਨ੍ਹਾਂ ਨੂੰ ਨਹਿਲਾ ਦੇਣ। ਅਸੀਂ ਕਹਿ ਸਕਦੇ ਹਾਂ ਕਿ ਰੌਸ਼ਨੀ ਦੀ ਲਿਸ਼ਕਦੀ ਧਾਰਾ ਵਿਚ ਨਹਾ ਰਹੇ ਸੀ।

ਮੈਂ ਉਸ ਦ੍ਰਿਸ਼ ਦੀ ਅਲੌਕਿਕ ਮਹਿਮਾ ਨੂੰ ਦਰਸਾਉਣ ਦੇ ਸਮਰੱਥ ਨਹੀਂ ਹਾਂ। ਇਕ ਅੰਨ੍ਹੇ ਵਿਅਕਤੀ ਬਾਰੇ ਕਿਹਾ ਜਾਂਦਾ ਹੈ ਕਿ ਲਾਲ ਰੰਗ ਨੂੰ ਜਦ ਛੂੰਹਦਾ ਹੈ ਤਾਂ ਉਸ ਦਾ ਹੀ ਉਸ ਉੱਤੇ ਪ੍ਰਭਾਵ ਪੈਂਦਾ ਹੈ ਜਿਵੇਂ ਤੂਤੀ ਵੱਜਣ ਦੀ ਆਵਾਜ਼ ਦੇ ਨਾਲ ਕੰਨ ਉੱਤੇ। ਮੈਨੂੰ ਨਹੀਂ ਪਤਾ ਕਿ ਇਸ ਕਥਨ ਵਿਚ ਕਿੰਨੀ ਸੱਚਾਈ ਹੈ ਪਰ ਸੱਚਮੁਚ ਉਸ ਸੋਹਣੀ ਸ਼ਾਮ ਦੇ ਰੁਸ਼ਨਾਏ ਦ੍ਰਿਸ਼ ਵਿਚ ਆਸਮਾਨ ਅਤੇ ਧਰਤੀ ਦੀਆਂ ਕਿਰਮਚੀ ਲਿਸ਼ਕਾਂ ਵਿਚ ਰੂਹ ਨੂੰ ਝੰਜੋੜਨ ਵਾਲਾ ਕੁਝ ਸੀ। ਮੈਂ ਠਾਠਾਂ ਮਾਰਦੀ ਖੁਸ਼ੀ ਨਾਲ ਕੂਕਿਆ ਅਤੇ ਲੀਜ਼ਾ ਵੱਲ ਵੇਖਿਆ। ਉਹ ਸੂਰਜ ਨੂੰ ਵੇਖ ਰਹੀ ਸੀ ਅਤੇ ਉਹ ਬਲਦੀ ਹੋਈ ਗੇਂਦ ਉਸ ਦੀਆਂ ਅੱਖਾਂ ਵਿਚ ਦੋ ਮਘਦੇ ਚੰਗਿਆੜੇ ਬਣ ਡਲਕ ਰਹੀ ਸੀ। ਉਹ ਉਸ ਦ੍ਰਿਸ਼ ਤੋਂ ਬਹੁਤ ਪ੍ਰਭਾਵਿਤ ਸੀ। ਉਸ ਦਾ ਦਿਲ ਬੇਰੋਕ ਵਲਵਲਿਆਂ ਨਾਲ ਧੱਕ-ਧੱਕ ਕਰ ਰਿਹਾ ਸੀ ਪਰ ਉਸ ਨੇ ਮੇਰੀ ਕੂਕ ਦਾ ਜਵਾਬ ਨਾ ਦਿੱਤਾ। ਉਹ ਅਹਿੱਲ ਖੜ੍ਹੀ ਸੀ। ਉਸ ਦਾ ਸਿਰ ਜ਼ਮੀਨ ਵੱਲ ਝੁਕਿਆ ਹੋਇਆ ਸੀ। ਮੈਂ ਮੂਕ ਹੈਰਾਨੀ, ਉਮਲ੍ਹਦੀ ਖੁਸ਼ੀ ਨਾਲ ਉਸ ਵੱਲ ਵੇਖ ਰਿਹਾ ਸੀ। ਮੈਂ ਉਸ ਵੱਲ ਆਪਣਾ ਹੱਥ ਵਧਾ ਦਿੱਤਾ ਪਰ ਉਹ ਪਰੇ ਹੋ ਗਈ ਅਤੇ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ।

ਬਿਜ਼ਮਨਕੋਫ ਦੀ ਆਵਾਜ਼ ਸਾਡੇ ਤੋਂ ਕੁਝ ਕਦਮਾਂ ਦੀ ਦੂਰੀ ਤੋਂ ਸੁਣਾਈ ਪਈ। ਲੀਜ਼ਾ ਨੇ ਕਾਹਲੀ ਨਾਲ ਆਪਣੇ ਹੰਝੂ ਪੂੰਝੇ ਅਤੇ ਇਕ ਡਰੀ ਜਿਹੀ ਮੁਸਕਾਨ ਨਾਲ ਮੇਰੇ ਵੱਲ ਮੁੜੀ। ਸ਼੍ਰੀਮਤੀ ਓਜੋਗਿਨ ਆਪਣੇ ਸੁਹਣੇ ਸਹਾਇਕ ਦੀ ਬਾਂਹ ਦੇ ਸਹਾਰੇ ਜੰਗਲ ਵਿਚੋਂ ਬਾਹਰ ਆ ਗਈ। ਉਨ੍ਹਾਂ ਨੇ ਵੀ ਸਾਡੇ ਸਾਹਵੇਂ ਪਸਰੇ ਦ੍ਰਿਸ਼ ਦੀ ਸਿਫ਼ਤ ਕੀਤੀ। ਬੁੱਢੀ ਔਰਤ ਨੇ ਲੀਜ਼ਾ ਨੂੰ ਕੁਝ ਪੁੱਛਿਆ। ਮੈਨੂੰ ਯਾਦ ਹੈ ਕਿ ਜਦੋਂ ਮੈਂ ਉਸ ਦੀ ਅਨਿਸ਼ਚਿਤ, ਖਰਵ੍ਹੀ, ਤਰੇੜੇ ਸ਼ੀਸ਼ੇ ਵਰਗੀ ਆਵਾਜ਼ ਸੁਣੀ ਸੀ ਤਾਂ ਮੈਨੂੰ ਥੋੜ੍ਹੀ ਜਿਹੀ ਕੰਬਣੀ ਛਿੜੀ ਸੀ। ਇਸ ਦੌਰਾਨ ਸੂਰਜ ਛਿਪ ਗਿਆ। ਸ਼ਾਮ ਗਹਿਰੀ ਹੋ ਗਈ। ਅਸੀਂ ਘਰ ਨੂੰ ਮੋੜਾ ਪਾ ਲਿਆ ਅਤੇ ਮੈਂ ਆਪਣੀ ਬਾਂਹ ਲੀਜ਼ਾ ਨੂੰ ਪੇਸ਼ ਕੀਤੀ। ਅਜੇ ਵੀ ਇੰਨੀ ਕੁ ਰੌਸ਼ਨੀ ਸੀ ਕਿ ਮੈਂ ਉਸ ਦੇ ਨੈਣ-ਨਕਸ਼ਾਂ ਨੂੰ ਸਾਫ਼-ਸਾਫ਼ ਦੇਖ ਸਕਾਂ। ਉਹ ਪ੍ਰੇਸ਼ਾਨ ਲੱਗਦੀ ਸੀ ਅਤੇ ਉਸ ਨੇ ਆਪਣੀਆਂ ਪਲਕਾਂ ਝੁਕਾਈ ਰੱਖੀਆਂ। ਉਸ ਦੀਆਂ ਗੱਲ੍ਹਾਂ ਚਮਕ ਰਹੀਆਂ ਸਨ ਜਿਵੇਂ ਸੂਰਜ ਦੀਆਂ ਕਿਰਨਾਂ ਅਜੇ ਵੀ ਉਸ 'ਤੇ ਪੈ ਰਹੀਆਂ ਹੋਣ। ਉਸ ਦਾ ਹੱਥ ਮੇਰੀ ਬਾਂਹ ਉੱਤੇ ਹਲਕੇ ਜਿਹੇ ਟਿਕਿਆ ਹੋਇਆ ਸੀ। ਮੈਂ ਕਾਫ਼ੀ ਚਿਰ ਤਕ ਕੋਈ ਗੱਲ ਨਾ ਕਰ ਸਕਿਆ। ਏਨੀ ਹਾਵੀ ਸੀ ਮੇਰੀ ਭਾਵਨਾ। ਸਾਡੀ ਬੱਘੀ ਦਰੱਖ਼ਤਾਂ ਦੇ ਤਣਿਆਂ ਵਿਚਕਾਰ ਆ ਗਈ। ਡਰਾਈਵਰ ਹੌਲੀ-ਹੌਲੀ ਸਾਡੇ ਵੱਲ ਆਇਆ। ਅਸੀਂ ਰੇਤ ਵਿਚ ਪਹੀਆਂ ਦੀ ਕਿਰਚ-ਕਿਰਚ ਨੂੰ ਸੁਣ ਸਕਦੇ ਸਾਂ।

"ਅਲਿਜ਼ਾਬੈਥ ਕਿਰੀਲੋਵਨਾ," ਆਖ਼ਿਰਕਾਰ ਮੈਂ ਕਿਹਾ, "ਤੁਹਾਨੂੰ ਰੋਣ ਕਿਉਂ ਆ ਗਿਆ?"

"ਮੈਨੂੰ ਨਹੀਂ ਪਤਾ," ਇਕ ਪਲ ਦੀ ਚੁੱਪੀ ਦੇ ਬਾਅਦ ਉਹ ਬੋਲੀ ਅਤੇ ਉਸ ਨੇ ਮੈਨੂੰ ਅਜੇ ਵੀ ਅੱਥਰੂਆਂ ਨਾਲ ਭਿੱਜੀਆਂ ਕੋਮਲ, ਸਲੇਟੀ ਰੰਗੀਆਂ ਅੱਖਾਂ ਨਾਲ ਦੇਖਿਆ। ਮੈਨੂੰ ਜਾਪਿਆ ਕਿ ਉਸ ਦੀ ਤੱਕਣੀ ਪੂਰੀ ਤਰ੍ਹਾਂ ਬਦਲੀ-ਬਦਲੀ ਸੀ।

"ਮੈਂ ਵੇਖ ਰਿਹਾ ਹਾਂ ਕਿ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ," ਮੈਂ ਗੱਲ ਅੱਗੇ ਤੋਰੀ। ਮੇਰੀ ਭਾਵਨਾ ਏਨੀ ਪ੍ਰਬਲ ਸੀ ਕਿ ਮੈਂ ਇਹ ਕੁਝ ਸ਼ਬਦ ਮਸਾਂ ਉਚਾਰ ਸਕਿਆ ਪਰ ਇਹ ਨਹੀਂ ਸੀ ਜੋ ਮੈਂ ਕਹਿਣਾ ਚਾਹੁੰਦਾ ਸੀ। ਉਸ ਨੇ ਸਹਿਮਤੀ ਵਜੋਂ ਚੁੱਪ-ਚਾਪ ਆਪਣਾ ਸਿਰ ਹਿਲਾਇਆ। ਮੈਂ ਇਕ ਸ਼ਬਦ ਵੀ ਹੋਰ ਨਾ ਬੋਲ ਸਕਿਆ। ਮੈਂ ਧੁਰ ਅੰਦਰੋਂ ਕੁਝ ਉਮੀਦ ਕਰਦਾ ਸੀ। ਪਿਆਰ ਦੇ ਇਕਬਾਲ ਦੀ ਨਹੀਂ? ਮੈਂ ਇਕ ਪ੍ਰਸ਼ਨ ਕਰਨ ਲਈ ਭਰੋਸੇਯੋਗ ਤੱਕਣੀ ਦੀ ਉਡੀਕ ਕੀਤੀ ਪਰ ਲੀਜ਼ਾ ਨੇ ਜ਼ਮੀਨ ਵੱਲ ਦੇਖਣ ਲੱਗੀ ਅਤੇ ਚੁੱਪ ਹੋ ਗਈ। ਮੈਂ ਫੇਰ ਘੁਸਰ-ਮੁਸਰ ਜਿਹੀ ਵਿਚ ਪੁੱਛਿਆ, "ਕਿਉਂ?" ਪਰ ਕੋਈ ਜਵਾਬ ਨਾ ਮਿਲਿਆ। ਮੈਂ ਦੇਖਿਆ ਕਿ ਉਸ ਨੂੰ ਔਖ ਜਿਹੀ ਮਹਿਸੂਸ ਹੋ ਰਹੀ ਸੀ। ਉਹ ਸ਼ਰਮਾ ਹੀ ਗਈ। ਪੰਦਰਾਂ ਮਿੰਟ ਬਾਅਦ ਅਸੀਂ ਸਾਰੇ ਬੱਘੀ ਵਿਚ ਬੈਠੇ ਸੀ। ਸਾਡੇ ਘੋੜੇ ਸੜਕ ਉੱਤੇ ਦੁੜਕੀ ਚਾਲ ਪੈ ਗਏ ਸਨ ਅਤੇ ਅਸੀਂ ਘੁਸਮੁਸੇ ਤੇ ਸਿੱਲ੍ਹੀ ਹਵਾ ਨੂੰ ਚੀਰਦੇ ਸ਼ਹਿਰ ਵੱਲ ਮੁੜ ਪਏ। ਮੈਂ ਅਚਾਨਕ ਬਹੁਤ ਹੀ ਜ਼ਿਆਦਾ ਗੱਲਾਂ ਕਰਨ ਲੱਗ ਪਿਆ। ਬਿਜ਼ਮਨਕੋਫ ਨੂੰ ਅਤੇ ਸ਼੍ਰੀਮਤੀ ਓਜੋਗਿਨ ਨੂੰ ਬਹੁਤ ਗੱਲਾਂ ਸੁਣਾਈਆਂ। ਲੀਜ਼ਾ ਵੱਲ ਨਹੀਂ ਦੇਖਿਆ ਪਰ ਮੈਂ ਦੇਖਿਆ ਕਿ ਉਸ ਨੇ ਬੱਘੀ ਦੇ ਆਪਣੇ ਕੋਨੇ ਤੋਂ ਉਸ ਵੱਲ ਇਕ ਵਾਰ ਵੀ ਨਹੀਂ ਦੇਖਿਆ ਸੀ। ਘਰ ਜਾਕੇ ਲੀਜ਼ਾ ਨੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਕਾਇਮ ਕੀਤਾ ਪਰੰਤੂ ਮੇਰੇ ਨਾਲ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਅਤੇ ਛੇਤੀ ਸੌਣ ਲਈ ਚਲੀ ਗਈ। ਇਹ ਸੰਕਟ ਜਿਸ ਸੰਕਟ ਦੀ ਮੈਂ ਪਹਿਲਾਂ ਗੱਲ ਕੀਤੀ ਸੀ - ਉਸ 'ਤੇ ਬੀਤ ਗਿਆ ਸੀ। ਉਹ ਹੁਣ ਇਕ ਕੁੜੀ ਨਹੀਂ ਰਹੀ ਸੀ ਅਤੇ ਮੇਰੇ ਵਾਂਗ ਕੁਝ ਉਮੀਦ ਕਰਨ ਲੱਗ ਪਈ ਸੀ ਪਰ ਉਸ ਨੂੰ ਬਹੁਤਾ ਚਿਰ ਇੰਤਜ਼ਾਰ ਕਰਨਾ ਨਹੀਂ ਪਿਆ ਸੀ।

ਮੈਂ ਉਸ ਰਾਤ ਪੂਰਾ ਨਸ਼ਿਆਇਆ ਘਰ ਵਾਪਸ ਆ ਗਿਆ। ਪਹਿਲਾਂ ਮੇਰੇ ਦਿਲ ਵਿਚ ਇਕ ਮੱਧਮ ਜਿਹੀ ਭਾਵਨਾ ਸੀ ਜੋ ਕਿਸੇ ਬੁਰਾਈ ਦੀ ਪੂਰਵ-ਟੋਹ ਜਾਂ ਸ਼ੰਕੇ ਨਾਲ ਮਿਲਦੀ ਜੁਲਦੀ ਸੀ ਪਰ ਇਹ ਜਲਦੀ ਹੀ ਅਲੋਪ ਹੋ ਗਈ। ਮੇਰੇ ਵੱਲ ਲੀਜ਼ਾ ਦੇ ਰੁੱਖੇ ਰਵਈਏ ਨੂੰ ਮੈਂ ਪਹਿਲੀ ਮੁਹੱਬਤ ਦੀ ਸ਼ਰਮ ਅਤੇ ਡਰ ਵਜੋਂ ਸਮਝਿਆ। ਕੀ ਮੈਂ ਹਜ਼ਾਰਾਂ ਨਾਵਲਾਂ ਵਿਚ ਨਹੀਂ ਪੜ੍ਹਿਆ ਸੀ ਕਿ ਪਹਿਲੀ ਵਾਰ ਦਾ ਪਿਆਰ ਅੱਲੜ੍ਹ ਕੁੜੀ ਵਿਚ ਸਹਿਮ ਅਤੇ ਘਬਰਾਹਟ ਪੈਦਾ ਕਰ ਦਿੰਦਾ ਹੈ? ਮੈਂ ਬਹੁਤ ਖ਼ੁਸ਼ ਹੋਇਆ ਅਤੇ ਭਵਿੱਖ ਲਈ ਯੋਜਨਾਵਾਂ ਬਣਾਉਣ ਲੱਗ ਪਿਆ।

ਜੇ ਕਿਸੇ ਨੇ ਮੇਰੇ ਕੰਨ ਵਿਚ ਉਦੋਂ ਕਹਿ ਦਿੱਤਾ ਹੁੰਦਾ "ਬਕਵਾਸ, ਮੇਰੇ ਦੋਸਤ, ਇਹ ਤੁਹਾਡੀ ਕਿਸਮਤ ਨਹੀਂ ਹੈ। ਤੁਹਾਡੀ ਮੰਜ਼ਿਲ ਤਾਂ ਇਕੱਲੇ ਮਰਨਾ ਹੈ। ਇਕ ਛੋਟੇ ਟੁੱਟੇ ਜਿਹੇ ਘਰ ਵਿਚ, ਇਕ ਬੁੱਢੀ ਕਿਸਾਨ ਔਰਤ ਦੀ ਅਸਹਿ ਬਕਬਕ ਸੁਣਨ ਲਈ ਮਜਬੂਰ ਜੋ ਤੁਹਾਡੀ ਮੌਤ ਲਈ ਉਤਾਵਲੀ ਹੋਵੇਗੀ ਤਾਂ ਜੋ ਉਹ ਬਿਨਾਂ ਕਿਸੇ ਵਰਜਨਾ ਦੇ ਤੁਹਾਡੇ ਬੂਟ ਵੇਚ ਕੇ ਕੁਝ ਕੋਪੇਕ (ਪੈਸੇ) ਖੱਟ ਸਕੇ।" ਹਾਂ, ਅਣਜਾਣੇ ਵਿਚ ਹੀ ਇਕ ਮਹਾਨ ਰੂਸੀ ਫ਼ਿਲਾਸਫ਼ਰ ਦੇ ਸ਼ਬਦ ਮੇਰੇ ਮਨ ਵਿਚ ਆ ਜਾਂਦੇ ਹਨ,"ਕੋਈ ਕਿਵੇਂ ਜਾਣੇਗਾ ਕਿ ਉਹ ਕੀ ਨਹੀਂ ਜਾਣਦਾ?"

ਕੱਲ੍ਹ ਤਕ।

25 ਮਾਰਚ--ਇਕ ਚਿੱਟਾ ਸਰਦੀਆਂ ਦਾ ਦਿਨ

ਮੈਂ ਕੱਲ੍ਹ ਜੋ ਕੁਝ ਲਿਖਿਆ ਸੀ। ਉਸ ਨੂੰ ਪੜ੍ਹਿਆ ਅਤੇ ਜੀਅ ਕੀਤਾ ਕਿ ਖਰੜੇ ਨੂੰ ਪਾੜ ਦੇਵਾਂ। ਇਹ ਮੈਨੂੰ ਜਾਪਦਾ ਹੈ ਕਿ ਮੇਰੀ ਕਹਾਣੀ ਕੁਝ ਜ਼ਿਆਦਾ ਹੀ ਉਧੜ ਗਈ ਹੈ ਅਤੇ ਹੱਦੋਂ ਬਹੁਤੀ ਭਾਵੁਕ ਵੀ ਹੈ ਪਰੰਤੂ ਆਉਣ ਵਾਲੀਆਂ ਘਟਨਾਵਾਂ ਜਿਨ੍ਹਾਂ ਦੀ ਗੱਲ ਕਰਨ ਦਾ ਮੇਰਾ ਇਰਾਦਾ ਹੈ ਉਹ ਉਨ੍ਹਾਂ ਵਰਗੀਆਂ ਹਨ ਜਿਨ੍ਹਾਂ ਬਾਰੇ ਲਰਮਨਤੋਫ ਨੇ ਖ਼ੁਦ ਬੜਾ ਕਮਾਲ ਦਾ ਵਰਣਨ ਕੀਤਾ ਹੈ- "ਪੁਰਾਣੇ ਜਖ਼ਮਾਂ ਨੂੰ ਛੂਹਣਾ ਅਨੰਦਮਈ ਵੀ ਹੁੰਦਾ ਹੈ ਅਤੇ ਦਰਦਨਾਕ ਵੀ।" - ਮੈਂ ਇਸ ਦਰਦਨਾਕ ਖੁਸ਼ੀ ਤੋਂ ਵਾਂਝਾ ਕਿਉਂ ਰਹਾਂ? ਇਹ ਸੱਚ ਹੈ ਵਿਅਕਤੀ ਨੂੰ ਆਪਣੇ ਆਪ ਕੁਝ ਸੀਮਾਵਾਂ ਦੇ ਵਿਚ ਰਹਿਣਾ ਚਾਹੀਦਾ ਹੈ। ਇਸ ਲਈ ਮੈਂ ਬਿਨਾਂ ਕਿਸੇ ਪਿਆਰ ਦੇ ਅੱਗੇ ਵਧਾਗਾਂ।

ਜੰਗਲ ਦੀ ਸਾਡੀ ਸੈਰ ਤੋਂ ਬਾਅਦ ਪੂਰਾ ਹਫ਼ਤਾ ਭਰ ਮੇਰੀ ਹਾਲਤ ਜਿਉਂ ਦੀ ਤਿਉਂ ਰਹੀ। ਹਾਲਾਂਕਿ ਲੀਜ਼ਾ ਵਿਚ ਹਰ ਦਿਨ ਤਬਦੀਲੀ ਸਾਫ਼-ਸਾਫ਼ ਨਜ਼ਰ ਆਉਂਦੀ ਸੀ। ਮੈਂ ਆਪਣੇ ਪੱਖ ਤੋਂ ਇਸ ਤਬਦੀਲੀ ਦੀ ਵਿਆਖਿਆ ਕਰ ਲਈ। ਬਦਕਿਸਮਤ ਅਤੇ ਵੱਖਰੇ ਜਿਹੇ ਜੋ ਆਪਣੇ ਸੁਆਰਥੀਪੁਣੇ ਦੇ ਕਾਰਨ ਡਰਪੋਕ ਹੁੰਦੇ ਹਨ। ਉਨ੍ਹਾਂ ਵਿਅਕਤੀਆਂ ਦੀ ਬਦਕਿਸਮਤੀ ਇਸ ਤੱਥ ਵਿਚ ਹੁੰਦੀ ਹੈ ਕਿ ਉਹ ਕਦੇ ਵੀ ਕਿਸੇ ਚੀਜ਼ ਨੂੰ ਉਸ ਦੀ ਅਸਲ ਰੌਸ਼ਨੀ ਵਿਚ ਨਹੀਂ ਦੇਖਦੇ, ਚਾਹੇ ਉਨ੍ਹਾਂ ਦੀ ਨਜ਼ਰ ਕਿੰਨੀ ਵੀ ਤਿੱਖੀ ਕਿਉਂ ਨਾ ਹੋਵੇ ਅਤੇ ਉਹ ਕਿਸੇ ਵਸਤ 'ਤੇ ਆਪਣੀਆਂ ਨਜ਼ਰਾਂ ਚਾਹੇ ਕਿੰਨੀਆਂ ਵੀ ਟਿਕਾ ਲੈਣ। ਇਹ ਇਸ ਤਰ੍ਹਾਂ ਹੈ, ਜਿਵੇਂ ਉਹ ਰੰਗੀਨ ਐਨਕਾਂ ਰਾਹੀਂ ਦੇਖ ਰਹੇ ਹੋਣ। ਉਨ੍ਹਾਂ ਦੇ ਆਪਣੇ ਵਿਚਾਰ ਅਤੇ ਨਿਰੀਖਣ ਉਨ੍ਹਾਂ ਨੂੰ ਹਰ ਪਾਸੇ ਤੋਂ ਰੋਕ ਦਿੰਦੇ ਹਨ ਕਿਉਂ ਜੋ ਸਾਡੀ ਦੋਸਤ, ਲੀਜ਼ਾ ਦਾ ਮੇਰੇ ਨਾਲ ਵਰਤਾਓ ਬਚਕਾਨਾਂ ਅਤੇ ਰਾਜ਼ਦਾਰੀ ਦਾ ਸੀ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਮੇਰੇ ਨਾਲ ਇਕ ਕਿਸਮ ਦਾ ਬੱਚਿਆਂ ਵਾਲਾ ਲਗਾਓ ਹੋਵੇ ਪਰ ਜਦੋਂ ਉਸ ਵਿਚ ਇਹ ਅਜੀਬ ਬਦਲਾਅ ਹੋਇਆ ਤਾਂ ਉਹ ਮੇਰੀ ਮੌਜੂਦਗੀ ਵਿਚ ਕੁਝ ਔਖ ਮਹਿਸੂਸ ਕਰਨ ਲੱਗੀ। ਉਹ ਅਕਸਰ ਮੇਰੇ ਕੋਲੋਂ ਨਾ ਚਾਹੁੰਦੇ ਹੋਏ ਦੂਰ ਹੱਟ ਜਾਂਦੀ। ਉਸ ਦੀਆਂ ਅੱਖਾਂ ਵਿਚ ਉਦਾਸੀ ਅਤੇ ਗੰਭੀਰਤਾ ਹੁੰਦੀ। ਇਹ ਕਹਿ ਲਓ ਕਿ ਉਹ ਇੰਤਜ਼ਾਰ ਕਰ ਰਹੀ ਸੀ ਪਰ ਆਪ ਨਹੀਂ ਜਾਣਦੀ ਸੀ ਕਿ ਉਹ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਮੈਨੂੰ ਉਸ ਵਿਚ ਤਬਦੀਲੀ ਵੇਖ ਕੇ ਖੁਸ਼ੀ ਮਹਿਸੂਸ ਹੁੰਦੀ ਸੀ। ਮੈਂ ਬਹੁਤ ਖੁਸ਼ ਸਾਂ! ਹਾਲਾਂਕਿ, ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮੇਰੇ ਥਾਂ 'ਤੇ ਕੋਈ ਵੀ ਹੋਰ ਵਿਅਕਤੀ ਇਸੇ ਭਰਮ ਕਰਕੇ ਧੋਖਾ ਖਾ ਜਾਂਦਾ। ਭਲਾ, ਇਸ ਭਰਮ ਤੋਂ ਮੁਕਤ ਕੌਣ ਹੈ?

ਇਹ ਵਾਧਾ ਕਰਨਾ ਜ਼ਰੂਰੀ ਨਹੀਂ ਹੈ ਕਿ ਮੈਨੂੰ ਕੁਝ ਸਮੇਂ ਲਈ ਆਪਣੀ ਸਥਿਤੀ ਦੀ ਅਸਲੀਅਤ ਸਮਝ ਨਹੀਂ ਆਈ। ਮੇਰੀ ਕਲਪਨਾ ਉੱਚੇ ਮੰਡਲਾਂ ਵਿਚ ਉੱਡ ਰਹੀ ਸੀ ਜਦੋਂ ਤਕ ਇਹ ਬੁਲਬੁਲੇ ਵਾਂਗ ਫਟ ਨਹੀਂ ਗਈ। ਮੇਰੇ ਅਤੇ ਲੀਜ਼ਾ ਵਿਚਕਾਰ ਗ਼ਲਤਫਹਿਮੀ ਤਕਰੀਬਨ ਇਕ ਹਫ਼ਤੇ ਤਕ ਚੱਲੀ ਅਤੇ ਇਹ ਕੋਈ ਅਚੰਭਾ ਨਹੀਂ ਹੈ। ਮੈਂਨੂੰ ਕਈ ਵਾਰ ਅਜਿਹੀਆਂ ਗ਼ਲਤਫਹਿਮੀਆਂ ਦਾ ਸਾਹਮਣਾ ਕਰਨ ਦਾ ਮੌਕਾ ਮਿਲਿਆ ਹੈ ਜੋ ਕਈ ਸਾਲਾਂ ਤਕ ਚੱਲੀਆਂ ਸੀ। ਕੌਣ ਕਹਿੰਦਾ ਹੈ ਕਿ ਕੇਵਲ ਸੱਚ ਹੀ ਯਥਾਰਥ ਹੈ? ਝੂਠ ਵੀ ਤਾਂ ਮੌਜੂਦ ਹੁੰਦਾ ਹੈ, ਭਾਵੇਂ ਸੱਚਾਈ ਤੋਂ ਬਿਹਤਰ ਨਹੀਂ। ਤਾਂ ਮੇਰੇ ਕੋਲ ਧੁੰਦਲੀ ਜਿਹੀ ਚੇਤਨਾ ਹੈ ਕਿ ਉਸ ਸਮੇਂ ਵੀ ਮੇਰੇ ਮਨ ਵਿਚ ਕੁਝ ਗ਼ਲਤਫ਼ਹਿਮੀ ਪੈਦਾ ਹੋ ਗਈ ਸੀ ਪਰ ਸਾਡੀ ਸ਼੍ਰੇਣੀ ਵਿਚੋਂ ਇਕ ਅਲੱਗ-ਥਲੱਗ ਪੁਰਸ਼ - ਇਸ ਬਾਰੇ ਨਿਰਣਾ ਕਰਨ ਵਿਚ ਅਸਮਰੱਥ ਹੈ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਕਿਉਂਕਿ ਉਹ ਇਹ ਨਹੀਂ ਸਮਝ ਸਕਦਾ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਕੀ ਵਾਪਰ ਰਿਹਾ ਹੈ।

ਇਸ ਤੋਂ ਇਲਾਵਾ, ਕੀ ਪਿਆਰ ਇਕ ਕੁਦਰਤੀ ਭਾਵਨਾ ਹੈ? ਕੀ ਪਿਆਰ ਜ਼ਿੰਦਗੀ ਦੀ ਆਮ ਹਾਲਤ ਵਿਚ ਆਉਂਦਾ ਹੈ? ਨਹੀਂ, ਪਿਆਰ ਇਕ ਬਿਮਾਰੀ ਹੈ ਅਤੇ ਬਿਮਾਰੀ ਲਈ ਕੋਈ ਕਾਨੂੰਨ ਨਹੀਂ। ਮੰਨ ਲਓ ਕਿ ਮੇਰਾ ਦਿਲ ਉਸ ਸਮੇਂ ਥੋੜ੍ਹਾ ਜਿਹਾ ਪੀੜਿਆ ਮਹਿਸੂਸ ਹੋ ਰਿਹਾ ਸੀ? ਕੀ ਮੇਰੀਆਂ ਭਾਵਨਾਵਾਂ ਉਲਝਣ ਵਿਚ ਨਹੀਂ ਸਨ? ਅਤੇ ਕਿਵੇਂ ਮੈਂ ਸੰਸਾਰ ਵਿਚ ਇਕ ਪਲ ਭਰ ਦੀ ਭਾਵਨਾ ਬਾਰੇ ਨਿਰਣਾ ਕਰ ਸਕਦਾ ਸੀ, ਚਾਹੇ ਇਹ ਚੰਗੇ ਲਈ ਹੋਵੇ ਜਾਂ ਬੁਰੇ ਲਈ। ਇਸ ਦਾ ਕਾਰਨ ਤੇ ਮਹੱਤਵ ਕੀ? ਪਰੰਤੂ ਇਹ ਮਾਮਲਾ ਮੇਰੀਆਂ ਕਨਸੋਆਂ, ਭਾਵਨਾਵਾਂ ਅਤੇ ਗ਼ਲਤ-ਫ਼ਹਿਮੀਆਂ ਨਾਲ ਸੰਬੰਧਿਤ ਦਾਰਸ਼ਨਿਕ ਸਵਾਲ ਬਾਰੇ ਹੋ ਸਕਦਾ ਹੈ। ਉਹ ਛੇਤੀ ਹੀ ਛਟ ਜਾਣੀਆਂ ਸਨ ਅਤੇ ਮੈਂ ਉਨ੍ਹਾਂ ਦੇ ਅਸਲ ਮੁੱਲ ਨੂੰ ਹੇਠ ਲਿਖੇ ਤਰੀਕੇ ਨਾਲ ਸਿੱਖਣਾ ਸੀ:

ਇਕ ਸਵੇਰ, ਓਜੋਗਿਨ ਦੇ ਘਰ ਵਿਚ ਦਾਖਲ ਹੋਣ 'ਤੇ ਮੈਂ ਦਲਾਨ ਵਿਚ ਇਕ ਅਣਜਾਣ ਪਰ ਟੁਣਕਵੀਂ ਅਵਾਜ਼ ਸੁਣੀ ਜਦੋਂ ਮੈਂ ਹਾਲ ਵਿਚ ਮੇਰਾ ਓਵਰਕੋਟ ਉਤਾਰ ਰਿਹਾ ਸੀ। ਦਲਾਨ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਕਰੀਬ ਪੱਚੀ ਸਾਲ ਦਾ ਇਕ ਨੌਜਵਾਨ ਬਾਹਰ ਆਇਆ ਜਿਸ ਦੀ ਦਿੱਖ ਬੜੀ ਸੁਹਣੀ ਸੀ। ਉਸ ਦੇ ਨਾਲ ਮੇਜ਼ਬਾਨ ਸੀ। ਉਸ ਨੇ ਝਟ-ਪਟ ਆਪਣਾ ਫੌਜੀ ਚੋਗਾ ਉਤਾਰਿਆ ਜੋ ਹੈਟ-ਸਟੈਂਡ 'ਤੇ ਲਟਕ ਰਿਹਾ ਸੀ। ਕਿਰੀਲਾ ਮਤਵੇਈਏਵਿਚ ਨਾਲ ਹੱਥ ਹਿਲਾਇਆ ਅਤੇ ਮੇਰੇ ਕੋਲੋਂ ਲੰਘ ਕੇ ਉਸ ਨੇ ਕਾਹਲੀ ਕਾਹਲੀ ਪਰ ਨਿਮਰਤਾ ਨਾਲ ਆਪਣੀ ਟੋਪੀ ਦੀ ਕਿਨਾਰੀ ਨੂੰ ਛੋਹਿਆ ਤੇ ਚਲਾ ਗਿਆ।

"ਇਹ ਕੌਣ ਹੈ?" ਮੈਂ ਓਜੋਗਿਨ ਨੂੰ ਪੁੱਛਿਆ।

"ਪ੍ਰਿੰਸ ਐੱਨ --," ਉਸ ਨੇ ਇਕ ਗੰਭੀਰ ਅੰਦਾਜ਼ ਨਾਲ ਜਵਾਬ ਦਿੱਤਾ; "ਸੇਂਟ ਪੀਟਰਸਬਰਗ ਤੋਂ ਨਵੇਂ ਭਰਤੀ ਕੀਤੇ ਗਏ ਰੰਗਰੂਟਾਂ ਦੀ ਟੁਕੜੀ ਦਾ ਚਾਰਜ ਲੈਣ ਲਈ ਭੇਜਿਆ ਗਿਆ ਹੈ ਪਰ ਨੌਕਰ ਕਿੱਥੇ ਹਨ?" ਉਸ ਨੇ ਨਾਰਾਜ਼ਗੀ ਨਾਲ ਕਿਹਾ। "ਇੱਥੇ ਕੋਈ ਵੀ ਨਹੀਂ ਸੀ ਜੋ ਉਸ ਨੂੰ ਉਸ ਦਾ ਚੋਗਾ ਹੀ ਫੜਾ ਦਿੰਦਾ।"

"ਕੀ ਇਹ ਲੰਬੇ ਸਮੇਂ ਤੋਂ ਇੱਥੇ ਹੈ?" ਮੈਂ ਫਿਰ ਪੁੱਛਿਆ।

"ਉਹ ਬੀਤੀ ਸ਼ਾਮ ਆਇਆ ਸੀ। ਮੈਂ ਉਸ ਨੂੰ ਆਪਣੇ ਘਰ ਦੇ ਇਕ ਕਮਰੇ ਵਿਚ ਰਿਹਾਇਸ਼ ਕਰਨ ਦੀ ਆਗਿਆ ਵੀ ਦਿੱਤੀ, ਪਰ ਉਸ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਇੱਕ ਬਹੁਤ ਵਧੀਆ ਬੰਦਾ ਜਾਪਦਾ ਹੈ।"

"ਕੀ ਉਹ ਕਾਫੀ ਚਿਰ ਤੁਹਾਡੇ ਘਰ ਵਿਚ ਸੀ?"

"ਲਗਪਗ ਇਕ ਘੰਟੇ ਤੋਂ ਉਹ ਸ਼੍ਰੀਮਤੀ ਓਜੋਗਿਨ ਨਾਲ ਜਾਣ-ਪਛਾਣ ਦਾ ਇੱਛਕ ਸੀ।"

"ਕੀ ਤੁਸੀਂ, ਉਸ ਦੀ ਜਾਣ-ਪਛਾਣ ਕਰਵਾਈ?"

"ਬੇਸ਼ੱਕ।"

"ਅਤੇ ਅਲਿਜ਼ਬੈਥ ਕਿਰੀਲੋਵਨਾ?"

"ਬੇਸ਼ੱਕ, ਉਸ ਨੇ ਵੀ ਆਪਣੀ ਜਾਣ-ਪਛਾਣ ਕਰਵਾਈ।" ਮੈਂ ਇਕ ਪਲ ਰੁਕਿਆ।

"ਉਹ ਕਿੰਨਾ ਸਮਾਂ ਇੱਥੇ ਰਹੇਗਾ?" ਮੈਂ ਫਿਰ ਤੋਂ ਪੁੱਛਿਆ।

"ਤਿੰਨ ਜਾਂ ਚਾਰ ਹਫ਼ਤੇ, ਮੇਰਾ ਖ਼ਿਆਲ ਹੈ," ਜਵਾਬ ਸੀ ਅਤੇ ਕਿਰੀਲਾ ਮਤਵੇਈਏਵਿਚ ਤਿਆਰ ਹੋਣ ਚਲਾ ਗਿਆ।

ਮੈਂ ਦਲਾਨ ਵਿਚ ਟਹਿਲਣ ਲੱਗ ਪਿਆ। ਮੈਨੂੰ ਯਾਦ ਨਹੀਂ ਕਿ ਪ੍ਰਿੰਸ ਐੱਨ ਦੀ ਦਿੱਖ ਨੇ ਮੇਰੇ ਤੇ ਕੋਈ ਵਿਸ਼ੇਸ਼ ਪ੍ਰਭਾਵ ਛੱਡਿਆ ਹੋਵੇ, ਸਿਵਾਏ ਇਸ ਤੋਂ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਆਮ ਤੌਰ 'ਤੇ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਕਿਸੇ ਅਜਨਬੀ ਦੀ ਅਚਾਨਕ ਉਨ੍ਹਾਂ ਦੇ ਪਰਿਵਾਰਕ ਦਾਇਰੇ ਵਿਚ ਜਾਣ-ਪਛਾਣ ਹੋ ਜਾਂਦੀ ਹੈ। ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਇਸ ਭਾਵਨਾ ਦੇ ਨਾਲ ਇਕ ਕਿਸਮ ਦੀ ਈਰਖ਼ਾ ਵੀ ਹੋਵੇ ਜੋ ਸੇਂਟ ਪੀਟਰਸਬਰਗ ਦੇ ਇਕ ਸ਼ਾਨਦਾਰ ਫੌਜੀ ਅਫ਼ਸਰ ਦੇ ਨਾਲ ਮਾਸਕੋ ਦੇ ਇਕ ਮਾਮੂਲੀ ਹੈਸੀਅਤ ਦੇ ਆਦਮੀ ਨੂੰ ਹੋ ਸਕਦੀ ਹੈ।

"ਪ੍ਰਿੰਸ!" ਮੈਂ ਸੋਚਿਆ; "ਰਾਜਧਾਨੀ ਦਾ ਇਕ ਨਮੂਨਾ! ਉਹ ਉੱਚੀ ਥਾਂ ਤੋਂ ਸਾਡੇ ਵੱਲ ਦੇਖੇਗਾ।"

ਮੈਂ ਉਸ ਨੂੰ ਸਿਰਫ਼ ਮਿੰਟ ਕੁ ਲਈ ਵੇਖਿਆ ਸੀ ਅਤੇ ਇਹ ਤਾੜ ਲਿਆ ਸੀ ਕਿ ਉਹ ਸੁੰਦਰ, ਸਵੈਮਾਨੀ ਤੇ ਤਿੱਖਾ ਸੀ।

ਕਮਰੇ ਵਿਚ ਕਈ ਗੇੜੇ ਲਾਉਣ ਦੇ ਬਾਅਦ ਮੈਂ ਸ਼ੀਸ਼ੇ ਦੇ ਅੱਗੇ ਰੁਕ ਗਿਆ। ਆਪਣੀ ਜੇਬ ਵਿਚੋਂ ਇਕ ਛੋਟੀ ਜਿਹੀ ਕੰਘੀ ਕੱਢੀ ਅਤੇ ਆਪਣੇ ਵਾਲਾਂ ਨੂੰ ਠੀਕ ਕੀਤਾ। ਕਾਵਿਕ ਲਹਿਜ਼ੇ ਵਿਚ ਕਹੀਏ, ਇਨ੍ਹਾਂ ਨੂੰ ਲਾਪਰਵਾਹੀ ਵਾਲਾ ਰੂਪ ਦਿੱਤਾ, ਜਿਵੇਂ ਅਕਸਰ ਹੁੰਦਾ ਹੈ। ਮੈਂ ਸ਼ੀਸ਼ੇ ਵਿਚ ਆਪਣੇ ਚਿਹਰੇ ਨੂੰ ਘੋਖਣ ਲੱਗ ਪਿਆ। ਮੇਰਾ ਖ਼ਾਸ ਧਿਆਨ ਮੈਨੂੰ ਯਾਦ ਹੈ, ਮੇਰੀ ਨੱਕ 'ਤੇ ਕੇਂਦਰਤ ਹੋ ਗਿਆ ਸੀ। ਮੈਂ ਹਮੇਸ਼ਾ ਤੋਂ ਆਪਣੇ ਇਸ ਅੰਗ ਦੀ ਕੋਮਲਤਾ ਅਤੇ ਉੱਘੜ-ਦੁੱਘੜਤਾ ਤੋਂ ਅਸੰਤੁਸ਼ਟ ਸੀ। ਅਚਾਨਕ ਮੈਂ ਸ਼ੀਸ਼ੇ ਦੀ ਗਹਿਰੀ ਪਿੱਠ-ਭੂਮੀ ਵਿਚ ਦੇਖਿਆ ਕਿ ਦਰਵਾਜ਼ਾ ਖੁੱਲ੍ਹ ਗਿਆ ਅਤੇ ਲੀਜ਼ਾ ਦੀ ਪੂਰੀ ਸ਼ਕਲ ਇਸ ਵਿਚ ਪ੍ਰਗਟ ਹੋਈ। ਮੈਂ ਨਹੀਂ ਜਾਣਦਾ, ਪਤਾ ਨਹੀਂ ਕਿਉਂ ਪਰ ਮੈਂ ਉਵੇਂ ਖੜ੍ਹਾ ਰਿਹਾ ਅਤੇ ਮੇਰੇ ਚਿਹਰੇ ਦੇ ਹਾਵ-ਭਾਵ ਵੀ ਉਵੇਂ ਦੇ ਉਵੇਂ ਰਹੇ। ਲੀਜ਼ਾ ਨੇ ਆਪਣਾ ਸਿਰ ਅੱਗੇ ਕਰਦਿਆਂ ਮੇਰੇ ਵੱਲ ਧਿਆਨ ਨਾਲ ਵੇਖਿਆ ਅਤੇ ਆਪਣੀਆਂ ਪਲਕਾਂ ਉੱਪਰ ਚੁੱਕੀਆਂ। ਆਪਣੇ ਬੁੱਲ੍ਹ ਟੁੱਕਦੇ ਹੋਏ ਅਤੇ ਉਸ ਜਣੇ ਦੀ ਤਰ੍ਹਾਂ ਜਿਸ ਨੂੰ ਆਪਣਾ ਨਾਂ ਪਤਾ ਲੱਗਣ ਦੀ ਖੁਸ਼ੀ ਹੋਵੇ, ਆਪਣਾ ਸਾਹ ਰੋਕਦੇ ਹੋਏ ਉਹ ਚੁੱਪ-ਚੁਪੀਤੇ ਪਿੱਛੇ ਹਟੀ ਅਤੇ ਦਰਵਾਜ਼ਾ ਬੰਦ ਕਰਕੇ ਚਲੀ ਗਈ। ਦਰਵਾਜ਼ਾ ਹਲਕਾ ਜਿਹਾ ਚੀਕਿਆ। ਲੀਜ਼ਾ ਇਕ ਪਲ ਲਈ ਰੁਕੀ। ਮੈਂ ਨਹੀਂ ਹਿੱਲਿਆ। ਅੰਤ ਉਸ ਨੇ ਬੰਦ ਕਰ ਦਿੱਤਾ ਅਤੇ ਚਲੀ ਗਈ।

ਇਸ ਤੋਂ ਬਾਅਦ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਮੈਨੂੰ ਦੇਖ ਕੇ ਲੀਜ਼ਾ ਦੇ ਚਿਹਰੇ ਦੇ ਹਾਵ-ਭਾਵਾਂ ਤੋਂ ਹੋਰ ਕੋਈ ਮਤਲਬ ਨਹੀਂ ਨਿਕਲਦਾ ਸੀ ਕਿ ਉਸ ਨੂੰ ਅਣਚਾਹੀ ਮੁਲਕਾਤ ਤੋਂ ਬਚਣ ਦਾ ਮੌਕਾ ਚੰਗੀ ਕਿਸਮਤ ਨਾਲ ਮਿਲ ਗਿਆ ਸੀ ਜਦੋਂ ਉਸ ਨੂੰ ਲੱਗਿਆ ਕਿ ਮੈਂ ਉਸ ਨੂੰ ਨਹੀਂ ਵੇਖਿਆ, ਤਾਂ ਉਸ ਦੀਆਂ ਅੱਖਾਂ ਵਿਚ ਖੁਸ਼ੀ ਦੀ ਅਚਾਨਕ ਚਮਕ, ਸਪਸ਼ਟ ਤੌਰ 'ਤੇ ਦੱਸਦੀ ਸੀ ਕਿ ਉਸ ਨੂੰ ਮੇਰੇ ਨਾਲ ਪਿਆਰ ਨਹੀਂ ਸੀ। ਮੈਂ ਦੇਰ ਤਕ ਬੰਦ ਦਰਵਾਜ਼ੇ ਨੂੰ ਵੇਖਦਾ ਰਿਹਾ। ਇਸ ਸ਼ੀਸ਼ੇ ਦੇ ਪਿਛੋਕੜ ਵਿਚ ਦਰਵਾਜ਼ਾ ਇਕ ਵੈਰਾਨ ਜਗ੍ਹਾ ਵਾਂਗ ਜਾਪਦਾ ਸੀ।

ਮੈਂ ਆਪਣੀ ਬੇਮੇਚ ਹਸਤੀ 'ਤੇ ਹੱਸਣਾ ਚਾਹਿਆ ਪਰ ਮੈਂ ਆਪਣਾ ਸਿਰ ਝੁਕਾਇਆ, ਘਰ ਚਲਾ ਗਿਆ ਅਤੇ ਸੋਫ਼ੇ 'ਤੇ ਢੇਰੀ ਹੋ ਗਿਆ। ਮੈਂ ਬਹੁਤ ਜ਼ਿਆਦਾ ਸਤਾਇਆ ਹੋਇਆ ਮਹਿਸੂਸ ਕਰ ਰਿਹਾ ਸੀ - ਦਿਲ ਏਨਾ ਭਾਰੀ ਭਾਰੀ ਸੀ ਕਿ ਰੋ ਵੀ ਨਹੀਂ ਸਕਦਾ ਸੀ, ਤੇ ਰੋਣਾ ਵੀ ਕਾਹਦੇ ਲਈ ਸੀ। ਮੈਂ ਪਿੱਠ ਪਰਨੇ ਮੁਰਦਿਆਂ ਦੀ ਤਰ੍ਹਾਂ ਪਿਆ ਸੀ। ਹੱਥ ਮੈਂ ਛਾਤੀ 'ਤੇ ਰੱਖੇ ਹੋਏ ਸਨ। ਕਈ ਵਾਰ ਮੇਰੇ ਮੂੰਹੋਂ ਹੌਕੇ ਨਾਲ ਨਿੱਕਲਿਆ, "ਕੀ ਇਹੀ ਗੱਲ ਹੈ? ਕੀ ਇਹੀ ਗੱਲ ਹੈ? ਪਾਠਕ ਇਸ ਪ੍ਰਸ਼ਨ ਨੂੰ ਕਿਵੇਂ ਸਮਝਦਾ ਹੈ?

26 ਮਾਰਚ - ਬਸੰਤ

ਅਗਲੇ ਦਿਨ ਜਦੋਂ ਮੈਂ ਓਜੋਗਿਨ ਦੇ ਉਸੇ ਦਲਾਨ ਵਿਚ ਆਪਣੇ ਆਪ ਨਾਲ ਬੜੇ ਲੰਮੇ ਸੰਘਰਸ਼ ਤੋਂ ਬਾਅਦ ਧੜਕਦੇ ਦਿਲ ਨਾਲ ਦਾਖ਼ਲ ਹੋਇਆ। ਮੈਂ ਉਹ ਆਦਮੀ ਨਹੀਂ ਸੀ ਜਿਸ ਨੂੰ ਉਹ ਪਿਛਲੇ ਤਿੰਨ ਹਫ਼ਤਿਆਂ ਤੋਂ ਜਾਣਦੇ ਸੀ। ਮੇਰੀਆਂ ਸਾਰੀਆਂ ਪੁਰਾਣੀਆਂ ਆਦਤਾਂ ਜਿਨ੍ਹਾਂ ਨੂੰ ਮੈਂ ਮੇਰੇ ਦਿਲ ਵਿਚ ਪਨਪੀ ਪਿਆਰ ਦੀ ਭਾਵਨਾ ਦੇ ਅਸਰ ਹੇਠ ਛੱਡ ਦਿੱਤਾ ਸੀ, ਸਭ ਅਚਾਨਕ ਪਰਤ ਆਈਆਂ ਸਨ। ਇਕ ਛੋਟੇ ਜਿਹੇ ਅਰਸੇ ਦੀ ਗ਼ੈਰ-ਹਾਜ਼ਰੀ ਦੇ ਬਾਅਦ ਪਰਤੇ ਘਰ ਦੇ ਮਾਲਕਾਂ ਵਾਂਗ ਪੂਰੀ ਤਰ੍ਹਾਂ ਮੇਰੀ ਹੋਂਦ ਵਿਚ ਸਮਾ ਗਈਆਂ ਸਨ। ਮੇਰੇ ਵਰਗੇ ਵਿਅਕਤੀ ਆਮ ਤੌਰ 'ਤੇ ਹਾਜ਼ਰ ਤੱਥਾਂ ਅਨੁਸਾਰ ਨਹੀਂ, ਸਗੋਂ ਬਣੇ ਪ੍ਰਭਾਵਾਂ ਦੇ ਅਨੁਸਾਰ ਚੱਲਦੇ ਹਨ। ਕੇਵਲ ਇਕ ਦਿਨ ਪਹਿਲਾਂ ਮੈਨੂੰ ਆਪਸੀ ਪਿਆਰ ਦੀਆਂ ਮਿੱਠੀਆਂ ਆਸਾਂ ਨਾਲ ਭਰਿਆ ਹੋਇਆ ਸੀ ਅਤੇ ਅੱਜ ਮੈਂ ਆਪਣੇ ਦੁੱਖਾਂ ਦੇ ਕਾਰਨ ਨਿਰਾਸ਼ਾ ਵਿਚ ਸੀ। ਹਾਲਾਂਕਿ ਮੇਰੇ ਕੋਲ ਇਨ੍ਹਾਂ ਦੋਨੋਂ ਤਰ੍ਹਾਂ ਦੀਆਂ ਭਾਵਨਾਵਾਂ ਵਿਚੋਂ ਕਿਸੇ ਦਾ ਕੋਈ ਉਚਿਤ ਕਾਰਨ ਨਹੀਂ ਸੀ। ਮੈਂ ਸ਼ਾਇਦ ਪ੍ਰਿੰਸ ਐੱਨ ਨਾਲ ਈਰਖ਼ਾ ਨਹੀਂ ਕਰ ਸਕਦਾ, ਉਸ ਦੇ ਗੁਣ ਭਾਵੇਂ ਜਿੰਨੇ ਵੀ ਵੱਡੇ ਹੋਣ ਸਿਰਫ ਉਸ ਦੀ ਦਿੱਖ ਮੇਰੇ ਪ੍ਰਤੀ ਲੀਜ਼ਾ ਦੇ ਚੰਗੇ ਵਤੀਰੇ ਨੂੰ ਨਸ਼ਟ ਕਰਨ ਲਈ ਕਾਫ਼ੀ ਨਹੀਂ ਸੀ ਪਰ ਕੀ ਅਜਿਹਾ ਚੰਗਾ ਵਤੀਰਾ ਕਦੇ ਹੈ ਵੀ ਸੀ? ਮੈਂ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕੀਤਾ।

"ਤੇ ਜੰਗਲ ਵਿਚ ਸੈਰ?" ਮੈਂ ਆਪਣੇ ਆਪ ਨੂੰ ਪੁੱਛਿਆ।

"ਤੇ ਸ਼ੀਸ਼ੇ ਵਿਚ ਝਲਕ? ਮੈਂ ਜਵਾਬ ਦਿੱਤਾ।

"ਪਰ ਉਹ ਸ਼ਾਮ, ਇਹ ਜਾਪਦਾ ਹੈ -"

ਮੈਂ ਜਾਰੀ ਨਾ ਰੱਖ ਸਕਿਆ।

"ਮੇਰਿਆ ਰੱਬਾ!" ਮੈਂ ਆਖ਼ਿਰ ਚਿਲਾਇਆ; "ਖ਼ੈਰ, ਮੈਂ ਵੀ ਕਿੰਨਾ ਬੇਕਾਰ ਪ੍ਰਾਣੀ ਹਾਂ!"

ਅਜਿਹੇ ਅਧੂਰੇ ਵਿਚਾਰ ਅਤੇ ਭਾਵਨਾਵਾਂ ਮੇਰੇ ਸਿਰ ਵਿਚ ਘੁੰਮ ਰਹੀਆਂ ਸਨ। ਸੰਖੇਪ ਵਿਚ, ਮੈਂ ਓਜੋਗਿਨ ਦੇ ਘਰ ਵਿਚ ਉਹੀ ਚਿੜਚਿੜਾ, ਸ਼ੱਕੀ ਅਤੇ ਅੜੀਅਲ ਵਿਅਕਤੀ ਵਜੋਂ ਦਾਖ਼ਲ ਹੋਇਆ ਸੀ ਜੋ ਮੈਂ ਆਪਣੇ ਬਚਪਨ ਤੋਂ ਸੀ।

ਦਲਾਨ ਵਿਚ ਮਿਲ ਬੈਠਾ ਪੂਰਾ ਪਰਿਵਾਰ ਮੈਨੂੰ ਮਿਲਿਆ ਅਤੇ ਬਿਜ਼ਮਨਕੋਫ ਵੀ ਇਕ ਕੋਨੇ ਵਿਚ ਬੈਠਾ ਸੀ। ਉਹ ਸਾਰੇ ਚੜ੍ਹਦੀ ਕਲਾ ਵਿਚ ਸਨ। ਖ਼ਾਸ ਤੌਰ 'ਤੇ ਓਜੋਗਿਨ ਜੋ ਖੁਸ਼ੀ ਨਾਲ ਟਹਿਕ ਰਿਹਾ ਸੀ ਅਤੇ ਜਲਦੀ ਹੀ ਰਵਾਇਤੀ ਦੁਆ ਸਲਾਮ ਕਰਨ ਤੋਂ ਬਾਅਦ ਮੈਨੂੰ ਦੱਸਿਆ ਕਿ ਪ੍ਰਿੰਸ ਐੱਨ--- ਨੇ ਬੀਤੀ ਸ਼ਾਮ ਉਸ ਦੇ ਘਰ ਵਿਚ ਬਿਤਾਈ ਸੀ। ਲੀਜ਼ਾ ਨੇ ਬੜੇ ਸ਼ਾਂਤ ਲਹਿਜ਼ੇ ਵਿਚ ਮੈਨੂੰ ਸਲਾਮ ਕੀਤੀ।

"ਠੀਕ," ਮੈਂ ਸੋਚਿਆ, "ਮੈਨੂੰ ਪਤਾ ਹੈ ਕਿ ਤੁਸੀਂ ਚੜ੍ਹਦੀਕਲਾ ਵਿਚ ਕਿਉਂ ਹੋ।"

ਮੈਨੂੰ ਮੰਨਣਾ ਚਾਹੀਦਾ ਹੈ ਕਿ ਪ੍ਰਿੰਸ ਦੀ ਦੂਜੀ ਫੇਰੀ ਮੈਨੂੰ ਬਹੁਤ ਸ਼ੱਕੀ ਨਜ਼ਰ ਆਈ। ਮੈਨੂੰ ਉਮੀਦ ਨਹੀਂ ਸੀ ਕਿ ਉਹ ਓਜੋਗਿਨਾਂ ਨੂੰ ਦੂਜੀ ਵਾਰ ਮਿਲਣ ਆਵੇਗਾ। ਮੇਰੇ ਵਰਗੇ ਵਿਅਕਤੀ ਆਮ ਤੌਰ 'ਤੇ ਦੁਨੀਆਂ ਵਿਚ ਹਰ ਚੀਜ਼ ਦੀ ਉਮੀਦ ਕਰਦੇ ਹਨ ਪਰ ਉਸ ਨੂੰ ਛੱਡ ਕੇ ਜੋ ਸਭ ਤੋਂ ਵੱਧ ਕੁਦਰਤੀ ਹੁੰਦੀ ਹੈ। ਮੈਂ ਬੁੱਲ੍ਹ ਮੀਚ ਲਏ ਅਤੇ ਇਕ ਨਾਰਾਜ਼ ਪਰ ਖੁੱਲ੍ਹ-ਦਿਲੇ ਵਿਅਕਤੀ ਵਰਗਾ ਲਹਿਜ਼ਾ ਧਾਰਨ ਕਰ ਲਿਆ। ਆਪਣੀ ਨਰਾਜ਼ਗੀ ਨਾਲ ਲੀਜ਼ਾ ਨੂੰ ਸਜ਼ਾ ਦੇਣ ਦੀ ਮੇਰੀ ਇੱਛਾ ਸੀ। ਇਹ ਦਰਸਾਉਂਦਾ ਸੀ ਕਿ ਮੈਂ ਨਿਰਾਸ਼ ਨਹੀਂ ਸੀ। ਕਿਹਾ ਜਾਂਦਾ ਹੈ ਕਿ ਕੁਝ ਮਾਮਲਿਆਂ ਵਿਚ ਜਦੋਂ ਕਿਸੇ ਵਿਅਕਤੀ ਨੂੰ ਸੱਚਮੁਚ ਕੋਈ ਪਿਆਰ ਕਰਦਾ ਹੁੰਦਾ ਹੈ ਤਾਂ ਇਹ ਠੀਕ ਹੁੰਦਾ ਹੈ ਕਿ ਉਹ ਉਸ ਨੂੰ ਜਿਸ ਨੂੰ ਉਹ ਪਿਆਰ ਕਰਦਾ ਹੈ ਥੋੜ੍ਹਾ ਜਿਹਾ ਸਤਾਏ। ਪਰ ਮੇਰੇ ਮਾਮਲੇ ਵਿਚ ਇਹ ਬਹੁਤ ਮੂਰਖਾਂ ਵਾਲਾ ਦਾਅ ਪੇਚ ਸੀ। ਲੀਜ਼ਾ ਅਤਿਅੰਤ ਮਾਸੂਮ ਤਰੀਕੇ ਨਾਲ ਇਸ ਤੋਂ ਬੇਖ਼ਬਰ ਰਹੀ। ਕੇਵਲ ਬਜ਼ੁਰਗ ਸ਼੍ਰੀਮਤੀ ਓਜੋਗਿਨ ਨੇ ਮੇਰੀ ਗੰਭੀਰ ਚੁੱਪ ਨੂੰ ਜਾਚਿਆ ਅਤੇ ਹਮਦਰਦੀ ਨਾਲ ਮੈਨੂੰ ਪੁੱਛਿਆ ਕਿ, ਕੀ ਮੈਂ ਠੀਕ ਹਾਂ। ਬੇਸ਼ੱਕ ਮੈਂ ਤਲਖ਼ ਮੁਸਕਰਾਹਟ ਨਾਲ ਜਵਾਬ ਦਿੱਤਾ ਅਤੇ ਕਿਹਾ ਕਿ ਮੈਂ ਰੱਬ ਦੀ ਮਿਹਰ ਨਾਲ ਬਿਲਕੁਲ ਠੀਕ ਹਾਂ। ਓਜੋਗਿਨ ਨੇ ਆਪਣੇ ਨਵੇਂ ਮਹਿਮਾਨ ਬਾਰੇ ਗੱਲ ਜਾਰੀ ਰੱਖੀ ਪਰ ਇਹ ਜਾਣਦਿਆਂ ਕਿ ਮੈਂ ਬੇਦਿਲੀ ਨਾਲ ਗੱਲ ਕੀਤੀ ਸੀ। ਉਹ ਬਿਜ਼ਮਨਕੋਫ਼ ਵੱਲ ਮੁੜਿਆ ਜਿਸ ਨੇ ਉਸ ਨੂੰ ਬਹੁਤ ਧਿਆਨ ਨਾਲ ਸੁਣਿਆ। ਅਚਾਨਕ ਅਰਦਲੀ ਨੇ ਐਲਾਨ ਕੀਤਾ:

"ਮਹਾਰਾਜ, ਪ੍ਰਿੰਸ ਐੱਨ--"

ਮੇਜ਼ਬਾਨ ਚਾਅ ਨਾਲ ਉੱਛਲਿਆ ਅਤੇ ਉਸ ਨੂੰ ਮਿਲਣ ਲਈ ਗਿਆ। ਲੀਜ਼ਾ, ਜਿਸ ਵੱਲ ਮੈਂ ਵਿੰਨ੍ਹ ਦੇਣ ਵਾਲੀਆਂ ਅੱਖਾਂ ਨਾਲ ਵੇਖਿਆ ਖੁਸ਼ੀ ਨਾਲ ਲਾਲ ਹੋ ਗਈ ਅਤੇ ਆਪਣੀ ਕੁਰਸੀ 'ਤੇ ਹਿੱਲਣ ਲੱਗ ਪਈ। ਪ੍ਰਿੰਸ ਅੰਦਰ ਆਇਆ ਸਾਰੇ ਦਾ ਸਾਰਾ ਧੁੱਪ ਵਾਂਗ ਖਿੜਿਆ, ਮਹਿਕਦਾ, ਟਹਿਕਦਾ ਅਤੇ ਸਨਿਮਰ।

ਮੈਂ ਮਿਹਨਤੀ ਪਾਠਕ ਲਈ ਕੋਈ ਕਹਾਣੀ ਨਹੀਂ ਲਿਖ ਰਿਹਾ, ਸਗੋਂ ਮੈਂ ਤਾਂ ਆਪਣੀ ਦਿਲਲਗੀ ਲਈ ਲਿਖ ਰਿਹਾ ਹਾਂ। ਇਸ ਲਈ ਮੈਂ ਕਹਾਣੀਕਾਰਾਂ ਦੀਆਂ ਲੇਖਣੀ-ਜੁਗਤਾਂ ਦਾ ਸਹਾਰਾ ਨਹੀਂ ਲਵਾਂਗਾ। ਇਸ ਲਈ ਮੈਂ ਇਕ ਵਾਰ ਇਹ ਬਿਆਨ ਕਰਾਂਗਾ ਕਿ ਪ੍ਰਿੰਸ ਨੂੰ ਦੇਖਣ ਸਾਰ ਹੀ ਲੀਜ਼ਾ ਉਸ ਨਾਲ ਪਿਆਰ ਕਰਨ ਲੱਗ ਪਈ। ਉਹ ਵੀ ਉਸ ਦੇ ਨਾਲ ਪਿਆਰ ਕਰਨ ਲੱਗ ਪਿਆ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਹੋਇਆ। ਕੁਝ ਹੱਦ ਤਕ ਇਸ ਲਈ ਕਿ ਉਸ ਕੋਲ ਕਰਨ ਲਈ ਹੋਰ ਕੁਝ ਨਹੀਂ ਸੀ ਅਤੇ ਕੁਝ ਹੱਦ ਤਕ ਇਸ ਲਈ ਕਿ ਉਸ ਨੂੰ ਔਰਤਾਂ ਨੂੰ ਆਪਣੇ ਪ੍ਰਤੀ ਕੇਂਦਰਤ ਤੇ ਪਾਗ਼ਲ ਬਣਾ ਲੈਣ ਦੀ ਆਦਤ ਸੀ ਅਤੇ ਇਹ ਵੀ ਕਿ ਲੀਜ਼ਾ ਸੱਚਮੁਚ ਬੜੀ ਪਿਆਰੀ ਕੁੜੀ ਸੀ। ਵੱਡੀ ਸੰਭਾਵਨਾ ਹੈ ਕਿ ਉਸ ਨੇ ਓ--- ਵਰਗੇ ਸਰਾਪੇ ਸ਼ਹਿਰ ਦੇ ਗੰਦੇ ਘੋਗੇ ਵਿਚ ਅਜਿਹਾ ਮੋਤੀ ਲੱਭਣ ਦੀ ਕਦੇ ਆਸ ਨਹੀਂ ਰੱਖੀ ਹੋਣੀ ਅਤੇ ਲੀਜ਼ਾ ਨੇ ਅਜੇ ਤਕ ਆਪਣੇ ਸੁਪਨਿਆਂ ਵਿਚ ਵੀ ਅਜਿਹਾ ਸੁੰਦਰ, ਖ਼ੁਸ਼-ਤਬੀਅਤ, ਸੋਚ-ਵਿਚਾਰ ਅਤੇ ਮਨਮੋਹਨਾ ਕੁਲੀਨ ਸ਼੍ਰੇਣੀ ਦਾ ਨੌਜਵਾਨ ਨਹੀਂ ਵੇਖਿਆ ਹੋਣਾ।

ਪਹਿਲੀ ਰਸਮੀ ਦੁਆ ਸਲਾਮ ਤੋਂ ਬਾਅਦ ਮੇਰੀ ਪ੍ਰਿੰਸ ਨਾਲ ਜਾਣ-ਪਛਾਣ ਕਰਵਾਈ ਗਈ। ਉਹ ਮੇਰੇ ਨਾਲ ਬਹੁਤ ਹੀ ਸਲੀਕੇ ਨਾਲ ਪੇਸ਼ ਆਇਆ। ਉਹ ਆਮ ਤੌਰ 'ਤੇ ਹਰ ਕਿਸੇ ਨਾਲ ਸਲੀਕੇ ਨਾਲ ਪੇਸ਼ ਆਉਂਦਾ ਸੀ, ਹਾਲਾਂਕਿ ਉਸ ਦੇ ਅਤੇ ਸਾਡੇ ਵਰਗੇ ਤੁੱਛ ਗਰੀਬ, ਅਨਪੜ੍ਹ ਵਿਅਕਤੀਆਂ ਦੇ ਦਾਇਰੇ ਵਿਚਕਾਰ ਬਹੁਤ ਵੱਡਾ ਫ਼ਰਕ ਸੀ। ਉਹ ਅਜਿਹੇ ਤਰੀਕੇ ਨਾਲ ਵਿਹਾਰ ਕਰਦਾ ਸੀ ਕਿ ਉਹ ਆਪਣੀ ਮੌਜੂਦਗੀ ਵਿਚ ਨਾ ਸਿਰਫ਼ ਦੂਜਿਆਂ ਨੂੰ ਔਖ ਜਿਹੀ ਮਹਿਸੂਸ ਕਰਨ ਲਾ ਦਿੰਦਾ ਸੀ, ਸਗੋਂ ਉਹ ਖ਼ੁਦ ਵੀ ਅਜਿਹਾ ਰੂਪ ਧਾਰ ਲੈਂਦਾ, ਜਿਵੇਂ ਉਹ ਸਾਡੇ ਵਰਗਾ ਹੀ ਇਕ ਹੋਵੇ ਅਤੇ ਉਸ ਦਾ ਕੁਲੀਨ ਪਰਿਵਾਰ ਤੇ ਮਹਾਂਨਗਰ ਵਿਚ ਉਸ ਦੀ ਰਿਹਾਇਸ਼ ਮਹਿਜ਼ ਹਾਦਸੇ ਹੋਣ ਜਿਨ੍ਹਾਂ ਦੀ ਕੋਈ ਵੁੱਕਤ ਨਹੀਂ ਸੀ।

ਪਹਿਲੀ ਸ਼ਾਮ- ਓਹ! ਉਸ ਦੀ ਸੰਗਤ ਵਿਚ ਉਹ ਪਹਿਲੀ ਸ਼ਾਮ! ਮੈਨੂੰ ਇਕ ਵਾਰ ਦੀ ਯਾਦ ਹੈ। ਮੇਰੇ ਬਚਪਨ ਦੇ ਖੁਸ਼ੀਆਂ ਭਰੇ ਦਿਨਾਂ ਵਿਚ ਮੇਰੇ ਅਧਿਆਪਕ ਨੇ ਮਰਦਾਨਗੀ ਸਿਰੜ ਨੂੰ ਇਕ ਉਦਾਹਰਣ ਰਾਹੀਂ ਮੂਰਤੀਮਾਨ ਕਰਨ ਲਈ ਮੈਨੂੰ ਸਪਾਰਟਾ ਦੇ ਇਕ ਨੌਜਵਾਨ ਦੀ ਕਹਾਣੀ ਸੁਣਾਈ ਸੀ ਜਿਸ ਨੇ ਲੂੰਬੜੀ ਚੋਰੀ ਕਰ ਲਈ ਸੀ ਅਤੇ ਉਸ ਨੂੰ ਆਪਣੇ ਕੋਟ ਹੇਠ ਲੁਕਾ ਲਿਆ ਸੀ। ਲੂੰਬੜੀ ਜਦੋਂ ਉਸ ਨੌਜਵਾਨ ਦਾ ਢਿੱਡ ਪਾੜ ਰਹੀ ਸੀ ਤਾਂ ਵੀ ਉਸ ਨੇ ਉਫ਼ ਤਕ ਨਹੀਂ ਕੀਤੀ ਸੀ। ਇਸ ਤਰ੍ਹਾਂ ਉਸ ਨੇ ਲੋਕਾਂ ਵਿਚ ਬੇਇੱਜ਼ਤੀ ਨਾਲੋਂ ਅਤਿ ਦੀ ਦਰਦਨਾਕ ਮੌਤ ਨੂੰ ਤਰਜ਼ੀਹ ਦਿੱਤੀ। ਮੈਨੂੰ ਉਸ ਸ਼ਾਮ, ਜਦੋਂ ਮੈਂ ਪਹਿਲੀ ਵਾਰ ਪ੍ਰਿੰਸ ਨੂੰ ਲੀਜ਼ਾ ਦੇ ਨੇੜੇ ਵੇਖਿਆ ਸੀ। ਹੰਢਾਏ ਦੁੱਖਾਂ ਦੀ ਸ਼ਿੱਦਤ ਨੂੰ ਦਰਸਾਉਣ ਲਈ ਇਸ ਨਾਲੋਂ ਵਧੀਆ ਕੋਈ ਹੋਰ ਮਿਸਾਲ ਨਹੀਂ ਮਿਲ ਸਕਦੀ ਸੀ। ਮੇਰੇ ਚਿਹਰੇ 'ਤੇ ਫੋਕੀ ਮੁਸਕਰਾਹਟ ਟਿਕੀ ਹੋਈ। ਮੇਰੀਆਂ ਤਿੱਖੀਆਂ ਅਤੇ ਦਿਲਗੀਰ ਨਿਗਾਹਾਂ, ਮੇਰੀ ਮੂਰਖ਼ ਚੁੱਪੀ ਅਤੇ ਆਖ਼ਿਰ ਵਿਚ ਮੇਰੀ ਪਾਸੇ ਹੋ ਜਾਣ ਦੀ ਬੇਕਾਰ ਇੱਛਾ, ਇਸ ਸਭ ਨਾਲ ਉਸ ਸ਼ਾਮ ਮੈਂ ਜ਼ਰੂਰ ਇਕ ਅਜੀਬੋ-ਗ਼ਰੀਬ ਵਿਅਕਤੀ ਲੱਗਦਾ ਹੋਵਾਂਗਾ। ਸੱਚਮੁਚ, ਇਕ ਤੋਂ ਵੱਧ ਲੂੰਬੜੀਆਂ ਮੇਰੀਆਂ ਅੰਤੜੀਆਂ ਨੂੰ ਕੁਤਰ ਰਹੀਆਂ ਸਨ। ਈਰਖ਼ਾ, ਸਾੜਾ, ਬੇਬੱਸ ਕ੍ਰੋਧ ਅਤੇ ਆਪਣੇ ਖ਼ੁਦ ਦੇ ਕੁਝ ਨਾ ਹੋਣ ਦੀ ਹੀਣਭਾਵਨਾ। ਸਭ ਮੈਨੂੰ ਇਕੋ ਸਮੇਂ ਤਸੀਹੇ ਦੇ ਰਹੇ ਸਨ। ਮੈਂ ਇਹ ਸਵੀਕਾਰ ਕਰਨ ਤੋਂ ਨਹੀਂ ਰਹਿ ਸਕਦਾ ਸੀ ਕਿ ਪ੍ਰਿੰਸ ਇਕ ਬਹੁਤ ਹੀ ਮਨਭਾਉਂਦਾ ਨੌਜਵਾਨ ਸੀ। ਮੈਂ ਉਸ ਤੋਂ ਆਪਣੀਆਂ ਅੱਖਾਂ ਹਟਾ ਨਹੀਂ ਸਕਦਾ ਸੀ। ਅਸਲ ਵਿਚ ਮੈਂ ਸੋਚਦਾ ਹਾਂ ਕਿ ਮੇਰੀ ਆਦਤ ਦੇ ਬਾਵਜੂਦ ਉਸ ਸਾਰੀ ਸ਼ਾਮ ਮੈਂ ਇਕ ਵਾਰ ਵੀ ਅੱਖਾਂ ਨਹੀਂ ਝਪਕੀਆਂ। ਉਸ ਨੇ ਸਿਰਫ਼ ਲੀਜ਼ਾ ਨਾਲ ਹੀ ਨਹੀਂ, ਹਾਜ਼ਰ ਹਰ ਕਿਸੇ ਨਾਲ ਗੱਲਾਂ ਕੀਤੀਆਂ ਪਰ ਉਸ ਦੀ ਸਾਰੀਆਂ ਗੱਲਾਂ ਉਸ ਇਕੱਲੀ ਵਾਸਤੇ ਸਨ। ਮੇਰਾ ਖ਼ਿਆਲ ਹੈ ਕਿ ਉਸ ਸ਼ਾਮ ਉਹ ਮੇਰੇ ਨਾਲ ਬਹੁਤ ਨਰਾਜ਼ ਸੀ। ਸ਼ਾਇਦ ਉਸ ਨੇ ਤੁਰੰਤ ਸਮਝ ਲਿਆ ਸੀ ਕਿ ਮੇਰੇ ਰੂਪ ਵਿਚ ਉਸ ਦਾ ਹਾਰ ਚੁੱਕਾ ਰਕੀਬ ਸੀ ਅਤੇ ਮੇਰੇ 'ਤੇ ਤਰਸ ਖਾ ਕੇ ਤੇ ਇਹ ਜਾਣ ਕੇ ਮੈਂ ਕਿੰਨਾ ਨਿਰਦੋਸ਼ ਸਾਂ, ਉਸ ਨੇ ਮੈਨੂੰ ਬਹੁਤ ਹੀ ਮਿਹਰਬਾਨ ਸ਼ਬਦਾਂ ਨਾਲ ਸੰਬੋਧਿਤ ਕੀਤਾ। ਇਹ ਕਲਪਨਾ ਕਰਨਾ ਆਸਾਨ ਹੈ ਕਿ ਮੈਂ ਉਸ ਦੀ ਇਸ ਦਿਆਲਤਾ ਬਾਰੇ ਕਿਸ ਤਰ੍ਹਾਂ ਮਹਿਸੂਸ ਕੀਤਾ।

ਮੈਂ ਪੂਰੀ ਸ਼ਾਮ ਆਪਣੀ ਕੀਤੀ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਆਪਣੇ ਦੁੱਖਾਂ ਦੇ ਵਿਚਕਾਰ ਸੋਚਿਆ (ਰੱਬ ਕਰੇ ਇਹ ਹੱਥ-ਲਿਖਤ ਦਾ ਪਾਠਕ ਮੇਰੇ ਉੱਤੇ ਹੱਸੇ ਨਾ, ਇਹ ਮੇਰਾ ਆਖ਼ਰੀ ਭੁਲੇਖਾ ਸੀ।) ਸੀ, ਕਿ ਲੀਜ਼ਾ ਮੈਨੂੰ ਉਸ ਵੱਲੋਂ ਮੇਰੇ ਰੁੱਖ਼ੇਪਣ ਦੀ ਸਜ਼ਾ ਦੇਣਾ ਚਾਹੁੰਦੀ ਸੀ। ਮੇਰੇ ਨਾਲ ਗੁੱਸੇ ਸੀ ਅਤੇ ਮੈਨੂੰ ਥੋੜਾ ਪ੍ਰੇਸ਼ਾਨ ਕਰਨ ਦੀ ਇੱਛਕ ਸੀ। ਇਸ ਲਈ ਉਸ ਨੇ ਪ੍ਰਿੰਸ ਦੇ ਨਾਲ ਇਸ਼ਕ ਰਚਾਇਆ ਸੀ। ਪਹਿਲੇ ਢੁੱਕਵੇਂ ਮੌਕੇ 'ਤੇ ਮੈਂ ਉਸ ਨੂੰ ਇਕ ਸ਼ਾਂਤ, ਨਿਮਰ ਜਿਹੀ ਮੁਸਕਰਾਹਟ ਨਾਲ ਮਿਲਿਆ ਅਤੇ ਕਿਹਾ, "ਕਾਫ਼ੀ ਹੋ ਗਿਆ..ਹੁਣ ਮੈਨੂੰ ਮੁਆਫ਼ ਕਰੋ। ਮੈਂ ਇਸ ਲਈ ਨਹੀਂ ਕੀਤਾ ਕਿਉਂਕਿ ਮੈਂ ਡਰਦਾ ਸੀ---" ਅਤੇ ਜਵਾਬ ਦੀ ਉਡੀਕ ਕੀਤੇ ਬਗ਼ੈਰ ਮੈਂ ਇਕ ਖੁਸ਼ ਦਿਖਾਈ ਦੇਣ ਯਤਨ ਕੀਤਾ, ਚਿਹਰੇ 'ਤੇ ਇਕ ਅਨੋਖੀ ਕਿਸਮ ਦੀ ਮੁਸਕਰਾਹਟ ਲਿਆਂਦੀ। ਛੱਤ ਵੱਲ ਆਪਣਾ ਹੱਥ ਉੱਪਰ ਚੁੱਕਿਆ (ਮੈਨੂੰ ਯਾਦ ਹੈ ਮੈਂ ਆਪਣੀ ਨਕਟਾਈ ਠੀਕ ਕਰਨਾ ਚਾਹੁੰਦਾ ਸੀ)। ਮੈਂ ਇਕ ਲੱਤ 'ਤੇ ਘੁੰਮਣ ਲਈ ਵੀ ਪ੍ਰਸਤਾਵ ਪੇਸ਼ ਕੀਤਾ, ਇਹ ਦਿਖਾਉਣ ਦਾ ਮਤਲਬ ਸੀ ਕਿ ਸਾਰਾ ਕੰਮ ਪੂਰਾ ਹੋ ਚੁੱਕਾ ਸੀ, ਕਿ ਮੈਂ ਠੀਕ-ਠਾਕ ਸੀ ਅਤੇ ਸਾਰਿਆਂ ਦਾ ਹਾਸੇ-ਮਖੌਲ ਦੇ ਰੌਂ ਵਿਚ ਹੋਣਾ ਲੋਚਦਾ ਸਾਂ ਪਰ ਇਸ ਡਰ ਦੇ ਕਾਰਣ ਮੈਂ ਅਜਿਹਾ ਨਹੀਂ ਕੀਤਾ ਕਿ ਮੈਂ ਕਿਤੇ ਡਿੱਗ ਹੀ ਨਾ ਜਾਵਾਂ। ਬੇਸ਼ੱਕ, ਲੀਜ਼ਾ ਮੈਨੂੰ ਸਮਝਦੀ ਨਹੀਂ ਸੀ। ਉਸ ਨੇ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ ਅਤੇ ਜਲਦੀ ਨਾਲ ਮੁਸਕਰਾਈ, ਜਿਵੇਂ ਕਿ ਮੈਥੋਂ ਖਹਿੜਾ ਛੁਡਾਉਣ ਦੀ ਇੱਛਕ ਹੋਵੇ ਅਤੇ ਫਿਰ ਪ੍ਰਿੰਸ ਦੇ ਕੋਲ ਬੈਠ ਗਈ।

ਮੈਂ ਪੂਰਾ ਸਮਾਂ ਇੰਝ ਸਾਂ, ਜਿਵੇਂ ਅੰਨ੍ਹਾ ਤੇ ਬੋਲ਼ਾ ਹੋਵਾਂ। ਮੈਂ ਨਹੀਂ ਦੇਖ ਸਕਿਆ ਕਿ ਉਹ ਮੇਰੇ ਨਾਲ ਗੁੱਸੇ ਜਾਂ ਖਫ਼ਾ ਨਹੀਂ ਸੀ। ਉਸ ਨੇ ਮੇਰੇ ਬਾਰੇ ਸੋਚਿਆ ਤਕ ਨਹੀਂ ਸੀ। ਇਹ ਆਖ਼ਰੀ ਫੱਟ ਸੀ। ਮੇਰੀ ਆਖ਼ਰੀ ਆਸ, ਸੂਰਜ ਦੀ ਪਹਿਲੀ ਕਿਰਨ ਨਾਲ ਬਰਫ਼ ਦੀ ਖੁੰਭ ਦੀ ਤਰ੍ਹਾਂ ਢੇਰ ਹੋ ਗਈ ਸੀ। ਪਹਿਲੀ ਝੜਪ ਵਿਚ ਮੈਨੂੰ ਕੁੱਟਿਆ ਗਿਆ ਸੀ, ਜਿਵੇਂ ਜੀਨਾ ਦੀ ਲੜਾਈ ਵਿਚ ਪਰੂਸੀਅਨ ਦੀ ਫੌਜ ਨਾਲ ਹੋਇਆ ਸੀ। ਮੈਂ ਇਕ ਦਿਨ ਵਿਚ ਸਭ ਕੁਝ ਇਕੋ ਵਾਰੀ ਹਾਰ ਗਿਆ ਸੀ। ਉਹ ਮੇਰੇ ਨਾਲ ਕਦੇ ਗੁੱਸੇ ਨਹੀਂ ਸੀ ਹੋਈ! ਉਫ਼! ਮੈਂ ਇਸ ਨੂੰ ਦੇਖਿਆ, ਉਹ ਇਕ ਨਦੀ ਕਿਨਾਰੇ ਇਕ ਦਰੱਖ਼ਤ ਦੀ ਤਰ੍ਹਾਂ ਸੀ ਜਿਸ ਦੀਆਂ ਜੜ੍ਹਾਂ ਥੱਲਿਓਂ ਮਿੱਟੀ ਖੁਰ ਰਹੀ ਸੀ ਜਿਸ ਤਰ੍ਹਾਂ ਇਕ ਛੋਟੀ ਉਮਰ ਦਾ ਦਰੱਖ਼ਤ ਜੋ ਨਦੀ ਦੇ ਕੰਢੇ ਨਾਲੋਂ ਜੁਦਾ ਹੋ ਹੀ ਗਿਆ ਹੁੰਦਾ ਹੈ। ਨਦੀ ਦੀ ਧਾਰਾ ਵੱਲ ਵਧੇਰੇ ਝੁਕਦਾ ਜਾਂਦਾ ਹੈ। ਇਸ ਵਿਚ ਉਸ ਬਸੰਤ ਦੀ ਪਹਿਲੀ ਕਲੀ ਧਾਰਾ ਵਿਚ ਵਹਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਤਕ ਡੋਬ ਦੇਣ ਲਈ ਤਿਆਰ ਹੁੰਦਾ ਹੈ, ਉਹ ਜਿਸ ਨੂੰ ਵੀ ਆਪਣੇ ਇਕ ਤਰਫਾ ਪਿਆਰ ਦੀ ਪਾਤਰ ਵਿਚੋਂ ਭਾਵਨਾਵਾਂ ਦੇ ਅਜਿਹੇ ਪੜਾਵਾਂ ਨੂੰ ਵਾਚਣ ਦਾ ਮੌਕਾ ਕਦੇ ਮਿਲਿਆ ਹੋਵੇ, ਉਸ ਨੂੰ ਅਜਿਹੇ ਤਲਖ਼, ਬਹੁਤ ਹੀ ਤਲਖ਼ ਪਲਾਂ ਦਾ ਅਨੁਭਵ ਜ਼ਿੰਦਗੀ ਵਿਚ ਹੰਢਾਇਆ ਹੋਵੇਗਾ। ਖੁੱਭੀਆਂ ਹੋਈਆਂ ਨਿਗਾਹਾਂ, ਕੋਮਲ ਖੁਸ਼ੀਆਂ, ਮਾਸੂਮ ਆਤਮ-ਸਮਰਪਣ, ਬਾਲਪਣ ਅਤੇ ਨਾਰੀਪਣ ਦੇ ਘੋਲ ਵਿਚ ਭਿੱਜੀਆਂ ਅਦਾਵਾਂ, ਉਸ ਦੇ ਅੱਧਮੀਟੇ ਬੁੱਲ੍ਹਾਂ ਅਤੇ ਕਿਰਮਚੀ ਹੋ ਰਹੀਆਂ ਗੱਲ੍ਹਾਂ 'ਤੇ ਅਠਖੇਲੀਆਂ ਕਰਦੀ। ਉਹ ਸਦਾ ਖਿੜੀ-ਖਿੜੀ ਰਹਿਣ ਵਾਲੀ ਮੁਸਕਰਾਹਟ ਮੈਨੂੰ ਕਦੇ ਨਹੀਂ ਭੁੱਲੇਗੀ।

ਲੀਜ਼ਾ ਨੇ ਜੰਗਲ ਵਿਚ ਸਾਡੀ ਸੈਰ ਕਰਨ ਸਮੇਂ ਜੋ ਧੁੰਦਲੇ ਜਿਹੇ ਸੁਪਨੇ ਦੇਖੇ ਸੀ। ਹੁਣ ਉਹ ਸਾਕਾਰ ਹੋ ਗਏ ਸਨ। ਉਸ ਨੇ ਆਪਣਾ ਸਮੁੱਚਾ ਆਪਾ ਪੂਰੀ ਤਰ੍ਹਾਂ ਪਿਆਰ ਦੇ ਪੱਲੇ ਪਾ ਦਿੱਤਾ ਸੀ ਇੰਝ ਕਹਿ ਲਿਆ ਜਾਵੇ ਕਿ ਉਹ ਸ਼ਾਂਤ ਅਤੇ ਨਿਰਮਲ ਹੋ ਗਈ ਸੀ ਜਿਸ ਤਰ੍ਹਾਂ ਤਾਜ਼ਾ ਸ਼ਰਾਬ ਜਦੋਂ ਪੂਰੀ ਬਣ ਜਾਂਦੀ ਹੈ ਤਾਂ ਖ਼ਮੀਰ ਦਾ ਉਬਾਲ ਨਹੀਂ ਆਉਂਦਾ।

ਓਸ ਪੂਰੀ ਸ਼ਾਮ ਅਤੇ ਹੋਰ ਕਈ ਸ਼ਾਮਾਂ ਅੰਤ ਤਕ ਉੱਥੇ ਬੈਠਣ ਦਾ ਧੀਰਜ ਮੇਰੇ ਪੱਲੇ ਸੀ। ਮੈਂ ਕੋਈ ਆਸ ਨਹੀਂ ਰੱਖ ਸਕਦਾ ਸੀ। ਲੀਜ਼ਾ ਅਤੇ ਪ੍ਰਿੰਸ ਇਕ ਦੂਜੇ ਨਾਲ ਵਧੇਰੇ ਜੁੜ ਚੁੱਕੇ ਸਨ ਪਰ ਮੇਰੀ ਸਵੈ-ਮਾਣ ਦੀ ਭਾਵਨਾ ਪੂਰੀ ਤਰ੍ਹਾਂ ਮਿਟ ਗਈ ਸੀ। ਮੈਂ ਆਪਣੇ ਆਪ ਨੂੰ ਆਪਣੀ ਬਦਕਿਸਮਤੀ ਦੇ ਦ੍ਰਿਸ਼ ਤੋਂ ਅੱਡ ਨਾ ਕਰ ਸਕਿਆ। ਇਕ ਵਾਰ ਜਦੋਂ ਮੈਂ ਉੱਥੇ ਨਾ ਜਾਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਸਨਮਾਨ ਦੀ ਸਹੁੰ ਖਾਧੀ ਕਿ ਮੈਂ ਸਾਰੀ ਸ਼ਾਮ ਘਰ ਹੀ ਰਹਾਂਗਾ ਪਰ ਜਦੋਂ ਹੀ ਘੜੀ ਨੇ ਅੱਠ ਵਜਾਏ (ਮੇਰੇ ਜਾਣ ਦਾ ਆਮ ਸਮਾਂ ਸੱਤ ਵਜੇ ਦਾ ਹੁੰਦਾ ਸੀ।) ਮੈਂ ਆਪਣੀ ਟੋਪੀ ਪਹਿਨੀ ਅਤੇ ਓਜੋਗਿਨਾਂ ਵੱਲ ਭੱਜ ਨਿਕਲਿਆ। ਮੇਰੀ ਹਾਲਤ ਬਹੁਤ ਖ਼ਰਾਬ ਸੀ। ਮੈਂ ਕਈ ਦਿਨਾਂ ਤਕ ਇਕ ਆਵਾਜ਼ ਤਕ ਮੂੰਹੋਂ ਨਾ ਕੱਢੀ। ਮੈਂ ਭਾਸ਼ਣਾਂ ਵਿਚ ਪਹਿਲਾਂ ਵੀ ਕਦੇ ਵਧੀਆ ਨਹੀਂ ਸੀ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਪਰ ਉਸ ਸਮੇਂ ਜੇ ਕੁਝ ਸ਼ਬਦ ਮੇਰੀ ਜ਼ਬਾਨ 'ਤੇ ਆਉਣ ਲੱਗਦੇ ਪ੍ਰਿੰਸ ਦੇ ਹਾਜ਼ਰ ਹੋਣ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੇ ਸਨ। ਮੈਂ ਅਜਿਹੇ ਬਾਜ਼ ਵਾਂਗ ਮਹਿਸੂਸ ਕਰਦਾ ਜਿਸ ਦੇ ਪਰ ਗੁਆਚ ਗਏ ਹੋਣ। ਇਸ ਦੇ ਇਲਾਵਾ ਜਦੋਂ ਮੈਂ ਇਕੱਲਾ ਹੁੰਦਾ ਜੋ ਮੈ ਪਿਛਲੀ ਸ਼ਾਮ ਦੇ ਦੌਰਾਨ ਕੁਝ ਵੇਖਿਆ/ਵਾਚਿਆ ਹੁੰਦਾ ਸੀ, ਉਸ ਦਾ ਵਿਸ਼ਲੇਸ਼ਣ ਕਰਨ ਵਿਚ ਮੈਂ ਆਪਣੇ ਵਿਚਾਰੇ ਦਿਮਾਗ਼ 'ਤੇ ਏਨਾ ਭਾਰ ਪਾ ਦਿੰਦਾ ਕਿ ਅਗਲੀ ਸ਼ਾਮ ਜਦੋਂ ਮੈਂ ਓਜੋਗਿਨਾਂ ਦੇ ਘਰ ਜਾਂਦਾ ਤਾਂ ਮੈਂ ਕੁਝ ਵੀ ਦੇਖਣ ਵਾਚਣ ਦੇ ਅਸਮਰੱਥ ਹੁੰਦਾ ਸੀ। ਓਜੋਗਿਨ ਮੇਰੇ ਨਾਲ ਦਇਆ ਅਤੇ ਹਮਦਰਦੀ ਨਾਲ ਵਿਚਰਦੇ, ਜਿਵੇਂ ਮੈਂ ਬਿਮਾਰ ਵਿਅਕਤੀ ਹੋਵਾਂ। ਮੈਂ ਇਹ ਵੀ ਤਾੜ ਲਿਆ ਸੀ।

ਮੈਂ ਸਵੇਰੇ ਹਰ ਰੋਜ਼ ਨਵਾਂ ਅਤੇ ਪੱਕਾ ਇਰਾਦਾ ਬਣਾਉਂਦਾ ਜੋ ਕਿ ਰਾਤ ਦੇ ਉਨੀਂਦਰੇ ਦੇ ਕਸ਼ਟ ਦਾ ਨਤੀਜਾ ਹੁੰਦਾ ਸੀ। ਕਈ ਵਾਰ ਮੈਂ ਲੀਜ਼ਾ ਤੋਂ ਸਪੱਸ਼ਟੀਕਰਨ ਲੈਣ ਦਾ, ਉਸ ਨੂੰ ਥੋੜ੍ਹੀ ਦੋਸਤਾਨਾ ਸਲਾਹ ਦੇਣ ਦਾ ਮਨ ਬਣਾ ਲੈਂਦਾ ਪਰ ਜਦੋਂ ਮੈਂ ਉਸ ਕੋਲ ਇਕੱਲਾ ਹੁੰਦਾ ਤਾਂ ਮੇਰੀ ਜੀਭ ਠਾਕੀ ਜਾਂਦੀ ਸੀ। ਇਸ ਨੂੰ ਜਿਵੇਂ ਲਕਵਾ ਮਾਰ ਗਿਆ ਹੋਵੇ ਅਤੇ ਅਸੀਂ ਦੋਨੋਂ ਚੁੱਪ ਦੇ ਤਸੀਹੇ ਵਿਚ ਸਮਾਂ ਬਿਤਾ ਰਹੇ ਹੁੰਦੇ। ਕਿਸੇ ਤੀਜੇ ਵਿਅਕਤੀ ਦੇ ਆਉਣ ਦੀ ਉਡੀਕ ਕਰਦੇ ਤਾਂ ਜੋ ਸਾਨੂੰ ਰਾਹਤ ਮਿਲੇ ਜਾਂ ਮੈਂ ਹਮੇਸ਼ਾ ਲਈ ਇਸ ਜਗ੍ਹਾ ਨੂੰ ਛੱਡਣ ਲਈ ਆਪਣਾ ਮਨ ਬਣਾ ਲੈਂਦਾ। ਬੇਸ਼ੱਕ ਲੀਜ਼ਾ ਲਈ ਇਕ ਖ਼ਤ ਪਿੱਛੇ ਛੱਡ ਜਾਂਦਾ। ਝਿੜਕਾਂ ਗਾਲ੍ਹਾਂ ਨਾਲ ਭਰਿਆ ਖ਼ਤ। ਮੈਂ ਇਕ ਵਾਰ ਤਾਂ ਅਜਿਹਾ ਖ਼ਤ ਲਿਖਣਾ ਸ਼ੁਰੂ ਵੀ ਕਰ ਦਿੱਤਾ ਸੀ ਪਰ ਇਨਸਾਫ਼ ਦੀ ਭਾਵਨਾ ਅਜੇ ਮੇਰੇ ਅੰਦਰ ਪਈ ਸੀ। ਇਹ ਮਨ ਵਿਚ ਆਈ ਕਿ ਮੇਰੇ ਕੋਲ ਕਿਸੇ ਨੂੰ ਬਦਨਾਮ ਕਰਨ ਦਾ ਕੋਈ ਹੱਕ ਜਾਂ ਕਾਰਨ ਨਹੀਂ ਸੀ। ਇਸ ਲਈ ਮੈਂ ਉਹ ਚਿੱਠੀ ਅੱਗ ਵਿਚ ਸੁੱਟ ਦਿੱਤੀ।

ਕਦੀ-ਕਦੀ ਇਕ ਖੁੱਲ੍ਹਦਿਲੀ ਦੀ ਭਾਵਨਾ ਦੇ ਹੱਥ ਮੇਰੀ ਲਗਾਮ ਆ ਜਾਂਦੀ ਸੀ। ਮੈਂ ਆਪਣੀ ਮੁਹੱਬਤ ਦੀ ਕੁਰਬਾਨੀ ਦੇਣ ਲਈ ਜਿਸ ਨੂੰ ਮੈਂ ਪਿਆਰ ਕਰਦਾ ਸੀ। ਉਸ ਨੂੰ ਅਸੀਸ ਦੇਣ, ਪਿਆਰ ਅਤੇ ਜੀਵਨ ਵਿਚ ਉਸ ਦੀ ਖ਼ੁਸ਼ੀ ਮੰਗਣ ਦਾ ਇਰਾਦਾ ਬਣਾ ਲੈਂਦਾ। ਅਜਿਹੇ ਪਲਾਂ ਵਿਚ ਮੈਂ ਪ੍ਰੇਮੀਆਂ ਨੂੰ ਦਿਆਲਤਾ ਅਤੇ ਹਮਦਰਦੀ ਨਾਲ ਵੇਖਦਾ ਪਰ ਉਨ੍ਹਾਂ ਮੇਰੀ ਕੁਰਬਾਨੀ ਲਈ ਧੰਨਵਾਦੀ ਤਾਂ ਕੀ ਹੋਣਾ ਸੀ, ਉਹ ਤਾਂ ਇਸ ਵੱਲ ਧਿਆਨ ਹੀ ਨਹੀਂ ਦਿੰਦੇ ਸਨ। ਉਨ੍ਹਾਂ ਨੂੰ ਮੇਰੀ ਉਦਾਰਤਾ ਜਾਂ ਮੇਰੀਆਂ ਮੁਸਕਰਾਹਟਾਂ ਦੀ ਕੋਈ ਲੋੜ ਨਹੀਂ ਸੀ। ਮੈਂ ਗੁੱਸੇ ਹੋ ਜਾਂਦਾ ਅਤੇ ਆਪਣੇ ਰਕੀਬ ਤੋਂ ਬਦਲਾ ਲੈਣ ਦੀਆਂ ਸਹੁੰਆਂ ਖਾਂਦਾ। ਇਕ ਸਪੇਨ ਵਾਸੀ ਵਾਂਗ ਮੈਂ ਲੋਈ ਦੀ ਬੁੱਕਲ ਮਾਰ ਕੇ ਹਨੇਰੀ ਰਾਤ ਕਿਸੇ ਕੋਨੇ ਵਿਚ ਛੁਪ ਕੇ ਪ੍ਰਿੰਸ ਦੀ ਉਡੀਕ ਕਰਨ ਅਤੇ ਉਸ ਦੀ ਛਾਤੀ ਵਿਚ ਛੁਰਾ ਖੋਭ ਦੇਣ ਦੀਆਂ ਘਾੜਤਾਂ ਘੜਦਾ। ਫਿਰ ਭਿਆਨਕ ਖੁਸ਼ੀ ਦੇ ਨਾਲ ਮੈਂ ਲੀਜ਼ਾ ਦੀ ਨਿਰਾਸ਼ਾ ਦੀ ਕਲਪਨਾ ਕਰਦਾ ਪਰ ਸਭ ਤੋਂ ਪਹਿਲਾਂ ਓ---ਨਗਰ ਵਿਚ ਬਹੁਤ ਘੱਟ ਅਜਿਹੇ ਰੋਮਾਂਟਿਕ ਕੋਨੇ ਹਨ ਅਤੇ ਫਿਰ ਪੈਰ-ਪੈਰ 'ਤੇ ਲੱਕੜ ਦੀਆਂ ਹੈਜ਼ਾਂ, ਸਟਰੀਟ ਲਾਈਟਾਂ, ਪੁਲਸੀਏ। ਨਹੀਂ, ਅਜਿਹੀਆਂ ਥਾਵਾਂ ਮਨੁੱਖੀ ਖ਼ੂਨ ਵਹਾਉਣ ਦੀ ਬਜਾਏ ਕੇਕ ਅਤੇ ਸੇਬ ਵੇਚਣ ਲਈ ਵਧੇਰੇ ਢੁੱਕਵੀਆਂ ਹਨ। ਇਨ੍ਹਾਂ ਸਾਰੇ "ਮੁਕਤ ਹੋਣ ਦੇ ਸਾਧਨਾਂ", ਜਿਨ੍ਹਾਂ ਦੀ ਘਾੜਤ ਮੈਂ ਮਨੋ-ਮਨ ਘੜਦਾ ਰਹਿੰਦਾ ਸੀ। ਉਨ੍ਹਾਂ ਵਿਚ ਮੈਂ ਓਜੋਗਿਨ ਨਾਲ ਵੀ ਗੱਲ ਕਰਨ ਦੀ ਸੋਚੀ ਕਿ ਉਸ ਅਮੀਰ ਦਾ ਉਸ ਦੀ ਧੀ ਦੀ ਖ਼ਤਰਨਾਕ ਸਥਿਤੀ ਵੱਲ ਅਤੇ ਗ਼ੈਰ-ਗੰਭੀਰਤਾ ਦੇ ਦੁਖਦਾਈ ਸਿੱਟਿਆਂ ਵੱਲ ਧਿਆਨ ਦਵਾਏ। ਇਕ ਵਾਰ ਤਾਂ ਮੈਂ ਉਸ ਨਾਲ ਇਸ ਨਾਜ਼ੁਕ ਵਿਸ਼ੇ ਬਾਰੇ ਗੱਲ ਛੇੜ ਵੀ ਲਈ ਸੀ ਪਰ ਮੈਂ ਅਜਿਹੇ ਅਸਪਸ਼ਟ ਅਤੇ ਵਲੇਵੇਂਦਾਰ ਸ਼ਬਦਾਂ ਵਿਚ ਗੱਲ ਕੀਤੀ। ਉਸ ਸਮੇਂ ਮੈਂ ਜੋ ਕੁਝ ਕਿਹਾ ਸੀ ਉਸ ਦਾ ਇਕ ਸ਼ਬਦ ਵੀ ਉਹ ਸਮਝਣ ਤੋਂ ਬਿਨਾਂ ਸੁਣਦਾ ਰਿਹਾ ਅਤੇ ਫਿਰ ਮੇਰੀਆਂ ਰਹੱਸਮਈ ਬੁਝਾਰਤਾਂ ਤੋਂ ਅੱਕ ਜਾਣ ਕਾਰਨ ਅਚਾਨਕ ਉੱਠ ਖੜ੍ਹਾ ਹੋਇਆ ਜਿਵੇਂ ਕਿ ਭਾਰੀ ਨੀਂਦ ਵਿਚੋਂ ਜਾਗਿਆ ਹੋਵੇ, ਆਪਣੇ ਚਿਹਰੇ ਉੱਤੇ ਹੱਥ ਫੇਰਿਆ, ਨਿੱਛ ਮਾਰੀ ਤੇ ਕਮਰੇ ਵਿਚੋਂ ਚਲਾ ਗਿਆ।

ਮੈਨੂੰ ਇਹ ਵਾਧਾ ਕਰਨ ਦੀ ਜ਼ਰੂਰਤ ਨਹੀਂ ਕਿ ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਮੈਂ ਆਪਣੇ ਆਪ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਬਿਨਾਂ ਕਿਸੇ ਨਿਜ ਦੇ ਕੰਮ ਕਰ ਰਿਹਾ ਸਾਂ; ਕਿ ਮੈਂ ਤਾਂ ਸਿਰਫ਼ ਇਨਸਾਫ਼ ਦਾ ਇਕ ਕਾਰਜ ਹੱਥ ਲਿਆ ਸੀ। ਘਰ ਦੇ ਇਕ ਦੋਸਤ ਦੇ ਰੂਪ ਵਿਚ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਇਸ ਦੇ ਸਨਮਾਨ ਦੀ ਫ਼ਿਕਰ ਕਰਾਂ। ਮੈਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਜੇ ਸ਼੍ਰੀਮਾਨ ਓਜੋਗਿਨ ਨੇ ਮੈਨੂੰ ਏਨੀ ਬੇਕਿਰਕੀ ਨਾਲ ਟੋਕਿਆ ਨਾ ਵੀ ਹੁੰਦਾ, ਤਾਂ ਵੀ ਮੈਂ ਉਸ ਨੂੰ ਜੋ ਕੁਝ ਦੱਸਣ ਦਾ ਮਨ ਬਣਾਇਆ ਸੀ। ਉਹ ਸਭ ਦੱਸ ਦੇਣ ਲਈ ਲੋੜੀਂਦੀ ਹਿੰਮਤ ਮੇਰੇ ਵਿਚ ਨਹੀਂ ਸੀ।

ਕਦੇ-ਕਦੇ ਮੈਂ ਪੁਰਾਣੇ ਸਮੇਂ ਦੇ ਇਕ ਬੁੱਧੀਮਾਨ ਆਦਮੀ ਦੀ ਗੰਭੀਰਤਾ ਨਾਲ, ਪ੍ਰਿੰਸ ਐੱਨ--- ਦੇ ਚਰਿੱਤਰ ਦਾ ਮੁਲਾਂਕਣ ਕਰਨ ਲੱਗ ਪੈਂਦਾ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪਿਆਰ ਦੀ ਕਹਾਣੀ ਬਹੁਤ ਤਿਲਕਣ ਵਾਲੀ ਹੁੰਦੀ ਹੈ। ਇਸ ਲਈ ਲੀਜ਼ਾ ਨੂੰ ਅਜੇ ਵੀ ਹੋਸ਼ ਆ ਸਕਦੀ ਸੀ ਕਿ ਪ੍ਰਿੰਸ ਲਈ ਮੁਹੱਬਤ ਹੋਰ ਕੁਝ ਵੀ ਹੋ ਸਕਦੀ ਸੀ ਪਰ ਅਸਲੀ ਪਿਆਰ ਨਹੀਂ ਸੀ। ਸੰਖੇਪ ਵਿਚ, ਕਿਹੜਾ ਵਿਚਾਰ ਸੀ ਜੋ ਉਸ ਸਮੇਂ ਮੇਰੇ ਮਨ ਵਿਚ ਨਹੀਂ ਆਇਆ ਹੋਣਾ। ਕੇਵਲ ਇਕ "ਮੁਕਤ ਹੋਣ ਦਾ ਸਾਧਨ" ਕਦੇ ਮੇਰੇ ਨਜ਼ਦੀਕ ਨਹੀਂ ਆਇਆ ਅਤੇ ਇਹ ਸੀ ਆਤਮ ਹੱਤਿਆ। ਆਪਣੇ ਆਪ ਨੂੰ ਖ਼ਤਮ ਕਰਨ ਦਾ ਖ਼ਿਆਲ ਕਤਈ ਮੇਰੇ ਦਿਮਾਗ ਵਿਚ ਨਹੀਂ ਆਇਆ ਸੀ। ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਇਹ ਕਿਉਂ ਨਹੀਂ ਸੋਚਿਆ। ਸ਼ਾਇਦ ਮੈਨੂੰ ਪਹਿਲਾਂ ਹੀ ਇਸ ਗੱਲ ਦੀ ਬਿੜਕ ਸੀ ਕਿ ਮੈਂ ਲੰਬੇ ਸਮੇਂ ਤਕ ਜੀਅ ਨਹੀਂ ਸਕਣਾ।

ਇਹ ਤਾਂ ਆਪਣੇ ਆਪ ਹੀ ਸਪਸ਼ਟ ਹੈ ਕਿ ਅਜਿਹੀਆਂ ਔਖੀਆਂ ਹਾਲਤਾਂ ਵਿਚ ਦੂਜਿਆਂ ਨਾਲ ਮੇਰਾ ਵਰਤੋਂ-ਵਿਹਾਰ, ਮੇਰੀ ਬੋਲ-ਚਾਲ ਪਹਿਲਾਂ ਕਦੇ ਨਾਲੋਂ ਕਿਤੇ ਜ਼ਿਆਦਾ ਗ਼ੈਰ-ਕੁਦਰਤੀ ਅਤੇ ਕਠੋਰ ਹੋ ਗਈ ਸੀ। ਇੱਥੋਂ ਤਕ ਕਿ ਬਜ਼ੁਰਗ ਸ਼੍ਰੀਮਤੀ ਓਜੋਗਿਨ, ਉਹ ਨੀਮ-ਪਾਗ਼ਲ ਪ੍ਰਾਣੀ, ਇਸ ਤਰ੍ਹਾਂ ਕਹਿ ਲਓ, ਮੇਰੇ ਕੋਲੋਂ ਡਰਨ ਲੱਗ ਪਈ ਸੀ। ਉਸ ਨੂੰ ਪਤਾ ਨਹੀਂ ਲੱਗਦਾ ਮੇਰੇ ਤਕ ਪਹੁੰਚ ਕਿਸ ਪਾਸੇ ਤੋਂ ਕਰੇ? ਬਿਜ਼ਮੇਨਕੋਫ ਜੋ ਹਮੇਸ਼ਾ ਸਲੀਕੇ ਅਤੇ ਨਿਮਰਤਾ ਨਾਲ ਵਰਤਦਾ ਸੀ। ਉਹ ਵੀ ਮੇਰੇ ਕੋਲੋਂ ਬਚਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਸ਼ੱਕ ਹੋਣ ਲੱਗ ਪਿਆ ਸੀ ਕਿ ਉਹ ਵੀ ਮੇਰੇ ਦੁੱਖਾਂ ਦਾ ਭਿਆਲ ਸੀ - ਕਿ ਉਹ ਲੀਜ਼ਾ ਨੂੰ ਪਿਆਰ ਕਰਦਾ ਸੀ ਪਰ ਉਸ ਨੇ ਮੇਰੇ ਨਾਲ ਕਦੇ ਵੀ ਗੱਲ ਨਹੀਂ ਕੀਤੀ - ਕਦੇ ਇਸ ਵਿਸ਼ੇ ਤੇ ਮੇਰੇ ਸੰਕੇਤਾਂ ਦਾ ਜਵਾਬ ਨਹੀਂ ਦਿੱਤਾ। ਪ੍ਰਿੰਸ ਨੇ ਉਸ ਨਾਲ ਬਹੁਤ ਹੀ ਦੋਸਤਾਨਾ ਢੰਗ ਨਾਲ ਸਲੂਕ ਕੀਤਾ - ਲਗਭਗ ਆਦਰਪੂਰਵਕ ਨਾ ਹੀ ਬਿਜ਼ਮਨਕੋਫ ਨੇ ਅਤੇ ਨਾ ਹੀ ਮੈਂ ਸ਼ਹਿਜ਼ਾਦਾ ਨੂੰ ਲੀਜ਼ਾ ਨਾਲ 'ਸੰਚਾਰ' ਵਿਚ ਰੋਕਿਆ ਪਰ ਬਿਜ਼ਮਨਕੋਫ ਨੇ ਉਨ੍ਹਾਂ ਤੋਂ ਆਪਣੇ ਆਪ ਨੂੰ ਦੂਰ ਨਹੀਂ ਰੱਖਿਆ। ਉਹ ਇਕ ਬਘਿਆੜ ਵਰਗਾ ਨਹੀਂ ਸੀ ਜਾਂ ਆਪਣੇ ਸ਼ਿਕਾਰ ਵਾਂਗ ਨਹੀਂ ਸੀ ਅਤੇ ਜਦੋਂ ਵੀ ਉਨ੍ਹਾਂ ਨੇ ਧਿਆਨ ਦਿੱਤਾ ਕਿ ਉਹ ਚਾਹੁੰਦੇ ਸਨ ਕਿ ਉਹ ਉਨ੍ਹਾਂ ਦੀ ਇੱਛਾ ਰੱਖਦੇ ਹੋਣ। ਇਹ ਸੱਚ ਹੈ ਜਦੋਂ ਉਹ ਉਨ੍ਹਾਂ ਦੇ ਨਾਲ ਜੁੜੇ ਸਨ ਤਾਂ ਉਨ੍ਹਾਂ ਨੂੰ ਕੋਈ ਖ਼ਾਸ ਉਮਾਹ ਨਹੀਂ ਦਿਖਾਇਆ ਸੀ ਪਰੰਤੂ ਉਨ੍ਹਾਂ ਨੇ ਇਸ ਬਾਰੇ ਬਹੁਤ ਕੁਝ ਨਹੀਂ ਦੱਸਿਆ ਕਿਉਂਕਿ ਉਹ ਹਮੇਸ਼ਾਂ ਉਸ ਦੇ ਬਾਰੇ ਚੁੱਪ ਸੀ।

ਇਹ ਸਥਿਤੀ ਲਗਪਗ ਪੰਦਰ੍ਹਾਂ ਦਿਨਾਂ ਲਈ ਚੱਲੀ। ਪ੍ਰਿੰਸ ਨਾ ਸਿਰਫ਼ ਵਿਵੇਕਪੂਰਨ ਅਤੇ ਆਕਰਸ਼ਕ ਦਿੱਖ ਵਾਲਾ ਇਨਸਾਨ ਸੀ, ਸਗੋਂ ਉਹ ਹਰ ਤਰ੍ਹਾਂ ਨਾਲ ਬਹੁਤ ਘੁਲਣ-ਮਿਲਣ ਦਾ ਵੀ ਮਾਹਿਰ ਸੀ। ਉਹ ਪਿਆਨੋ ਵਜਾ ਲੈਂਦਾ, ਇਕ ਬਹੁਤ ਹੀ ਸੋਹਣੀ ਅਵਾਜ਼ ਨਾਲ ਗਾ ਲੈਂਦਾ ਅਤੇ ਬਹੁਤ ਵਧੀਆ ਭੋਂ-ਦ੍ਰਿਸ਼ 'ਤੇ ਤਸਵੀਰਾਂ ਵੀ ਬਣਾ ਲੈਂਦਾ ਸੀ। ਉਹ ਬਹੁਤ ਹੀ ਸੁਹਾਵਣੇ ਢੰਗ ਨਾਲ ਕਹਾਣੀਆਂ ਸੁਣਾਉਣ ਵਿਚ ਵੀ ਨਿਪੁੰਨ ਸੀ। ਰਾਜਧਾਨੀ ਦੇ ਉੱਚ-ਵਰਗੀ ਜੀਵਨ ਤੋਂ ਬਟੋਰੇ ਉਸ ਦੇ ਟੋਟਕੇ ਸਰੋਤਿਆਂ ਉੱਤੇ ਹਮੇਸ਼ਾ ਗਹਿਰਾ ਪ੍ਰਭਾਵ ਪਾਉਂਦੇ। ਉਹ ਸੌਖੇ ਅਤੇ ਸਾਦੇ ਢੰਗ ਨਾਲ ਜੋ ਕੁਝ ਬਿਆਨ ਕਰਦਾ ਉਸ ਨੂੰ ਕੋਈ ਬਹੁਤਾ ਮਹੱਤਵ ਨਾ ਦੇਣ ਸਦਕਾ ਇਹ ਪ੍ਰਭਾਵ ਹੋਰ ਵੀ ਵਧ ਜਾਂਦਾ ​​ਸੀ। ਇਸ ਛੋਟੇ ਜਿਹੇ ਹੁਨਰ ਦੇ ਸਿੱਟੇ ਵਜੋਂ ਪ੍ਰਿੰਸ ਜਲਦ ਹੀ ਓ---ਸ਼ਹਿਰ ਦੇ ਸਮਾਜ ਦੀ ਖਿੱਚ ਦਾ ਕੇਂਦਰ ਬਣ ਗਿਆ। ਇਹ ਆਮ ਤੌਰ 'ਤੇ ਸਮਾਜ ਦੇ ਉੱਚ ਹਲਕਿਆਂ ਦੇ ਕਿਸੇ ਵਿਅਕਤੀ ਲਈ ਸਾਨੂੰ ਰੜੇ ਮੈਦਾਨ ਦੇ ਦਿਹਾਤੀਆਂ ਨੂੰ ਮੋਹ ਲੈਣਾ ਬਹੁਤ ਸੌਖਾ ਹੁੰਦਾ ਹੈ।

ਪ੍ਰਿੰਸ ਦੀਆਂ ਓਜੋਗਿਨਾਂ ਵੱਲ ਅਕਸਰ ਫੇਰੀਆਂ (ਉਸ ਨੇ ਆਪਣੀਆਂ ਸਾਰੀਆਂ ਸ਼ਾਮਾਂ ਉੱਥੇ ਬਿਤਾਈਆਂ) ਨੇ ਕੁਦਰਤੀ ਤੌਰ 'ਤੇ ਸ਼ਹਿਰ ਦੇ ਹੋਰ ਪਤਵੰਤਿਆਂ ਅੰਦਰ ਈਰਖ਼ਾ ਪੈਦਾ ਕੀਤੀ ਪਰ ਇਕ ਦੁਨਿਆਵੀ ਅਤੇ ਚੁਸਤ ਚਲਾਕ ਵਿਅਕਤੀ ਦੇ ਤੌਰ 'ਤੇ ਉਸ ਨੂੰ ਸਮਝ ਸੀ ਕਿ ਸਾਰੇ ਹੋਰ ਅਧਿਕਾਰੀਆਂ ਅਤੇ ਪਤਵੰਤਿਆਂ ਨੂੰ ਕਿਵੇਂ ਪਤਿਆਉਣਾ ਹੈ। ਉਹ ਵਾਰੀ ਵਾਰੀ ਉਨ੍ਹਾਂ ਨੂੰ ਮਿਲਣ ਜਾਂਦਾ ਰਹਿੰਦਾ ਸੀ ਤੇ ਵਿਆਹੀਆਂ, ਕੁਆਰੀਆਂ ਲੜਕੀਆਂ ਲਈ ਹਮੇਸ਼ਾ ਸ਼ਲਾਘਾ ਦੇ ਚਾਰ ਸ਼ਬਦ ਹਮੇਸ਼ਾ ਕਹਿ ਦਿਆ ਕਰਦਾ ਸੀ। ਉਹ ਉਨ੍ਹਾਂ ਨੂੰ ਖੁੱਲ੍ਹ ਦਿੰਦਾ ਸੀ ਕਿ ਉਸ ਨੂੰ ਭਾਰੀ ਖਾਣੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੰਗੀਆਂ ਮੰਦੀਆਂ ਸ਼ਰਾਬਾਂ ਨਾਲ ਰਜਾ ਲੈਣ। ਥੋੜ੍ਹੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਉਹ ਸ਼ਾਨਦਾਰ, ਸਲੀਕੇਦਾਰ ਅਤੇ ਹੁਸ਼ਿਆਰ ਵਿਅਕਤੀ ਦੇ ਤੌਰ 'ਤੇ ਵਿਚਰਦਾ ਸੀ। ਉਹ ਆਮ ਤੌਰ 'ਤੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਇਕ ਪ੍ਰਸੰਨ-ਚਿੱਤ, ਮਿਲਣਸਾਰ ਅਤੇ ਦਿਆਲੂ ਆਦਮੀ ਸੀ। ਇਹ ਉਸ ਦਾ ਕੁਦਰਤੀ ਸੁਭਾਅ ਸੀ ਅਤੇ ਇੱਥੇ ਓ---ਨਗਰ ਵਿਚ ਉਸ ਦਾ ਆਪਣੇ ਚੰਗੇ ਗੁਣ ਦਿਖਾਉਣ ਦਾ ਕਾਰਨ ਸੀ। ਇਹ ਇਕ ਵੱਡੀ ਹੈਰਾਨੀ ਦੀ ਗੱਲ ਹੁੰਦੀ ਜੇ ਉਹ ਆਪਣੇ ਮਨਸੂਬੇ ਵਿਚ ਸਫ਼ਲ ਨਾ ਹੋਇਆ ਹੁੰਦਾ।

ਪ੍ਰਿੰਸ ਜਦ ਤੋਂ ਓ---ਨਗਰ ਵਿਚ ਆਇਆ ਸੀ, ਓਜੋਗਿਨ ਦੇ ਘਰ ਵਿਚ ਹਰ ਕੋਈ ਮਹਿਸੂਸ ਕਰਦਾ ਸੀ ਕਿ ਸਮਾਂ ਅਸਾਧਾਰਨ ਤੇਜ਼ੀ ਨਾਲ ਬੀਤ ਰਿਹਾ ਸੀ। ਸਭ ਕੁਝ ਵਧੀਆ ਢੰਗ ਨਾਲ ਅਤੇ ਅਤਿਅੰਤ ਵਧੀਆ ਚੱਲ ਰਿਹਾ ਸੀ। ਓਜੋਗਿਨ ਖ਼ੁਦ ਆਪ ਵੀ ਹਾਲਾਂਕਿ ਉਹ ਕੁਝ ਵੀ ਨਾ ਦੇਖਣ ਦਾ ਦੰਭ ਕਰਦਾ ਸੀ। ਆਪਣੇ ਆਪ ਵਿਚ ਚੁੱਪ-ਚਾਪ ਇਹ ਸੋਚ ਕੇ ਗਦਗਦ ਹੋ ਰਿਹਾ ਸੀ ਕਿ ਉਸ ਨੂੰ ਅਜਿਹਾ ਸ਼ਾਨਦਾਰ ਜਵਾਈ ਮਿਲਣ ਵਾਲਾ ਸੀ। ਪ੍ਰਿੰਸ ਨੇ ਆਪਣਾ ਇਸ਼ਕ ਚੁੱਪ-ਚਾਪ ਅਤੇ ਸਾਵਧਾਨੀ ਨਾਲ ਚਲਾਇਆ। ਅਗਰ ਇਕ ਅਚਾਨਕ ਘਟਨਾ ਨਾ ਵਾਪਰ ਜਾਂਦੀ ਤਾਂ ਕਦੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲਣੀ ਸੀ।

ਮੈਂ ਹੁਣ ਬਹੁਤ ਥੱਕ ਗਿਆ ਹਾਂ। ਮੈਂ ਕੱਲ੍ਹ ਨੂੰ ਗੱਲ ਅੱਗੇ ਤੋਰਾਂਗਾ। ਇਹ ਯਾਦਾਂ ਹਨ ਕਿ ਮੈਨੂੰ ਕਬਰ ਦੇ ਕੰਢੇ 'ਤੇ ਵੀ ਸਤਾ ਰਹੀਆਂ ਹਨ। ਤਰੇਂਤੀਏਵਨਾ ਨੇ ਅੱਜ ਦੇਖਿਆ ਕਿ ਮੇਰੀ ਨੱਕ ਅੱਜ ਪਹਿਲਾਂ ਕਦੇ ਵੀ ਨਾਲੋਂ ਜ਼ਿਆਦਾ ਤਿੱਖੀ ਹੋ ਗਈ ਹੈ। ਕਹਿੰਦੇ ਹਨ ਕਿ ਇਹ ਇਕ ਬਦਸ਼ਗਨੀ ਹੈ।

27 ਮਾਰਚ - ਬਸੰਤ ਚੱਲ ਰਹੀ

ਇਹ ਮਾਮਲਾ ਕਿਸੇ ਪੱਖ ਦੇ ਸੰਬੰਧ ਵਿਚ ਨਿਮਨ ਹਾਲਤ ਵਿਚ ਸੀ। ਪ੍ਰਿੰਸ ਅਤੇ ਲੀਜ਼ਾ ਇਕ ਦੂਜੇ ਨੂੰ ਪਿਆਰ ਕਰਦੇ ਸਨ। ਬੁੱਢੇ ਓਜਗਿਨ ਆਪਣੀ ਧੀ ਦੇ ਪ੍ਰਿੰਸ ਨਾਲ ਅਜਿਹੇ ਖ਼ੁਸ਼ੀ ਨਾਲ ਫੁੱਲੇ ਨਾ ਸਮਾਉਣ ਵਾਲੇ ਸੰਬੰਧ ਦੇ ਖ਼ੁਸ਼ੀਆਂ ਭਰੇ ਨਤੀਜੇ ਦੀ ਉਮੀਦ ਕਰ ਰਹੇ ਸਨ। ਬਿਜ਼ਮਨਕੋਫ ਵੀ ਮੌਜੂਦ ਸੀ- ਉਸ ਦੇ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਸੀ। ਮੈਂ ਮਿੱਟੀ ਵਿਚ ਇਕ ਕੀੜੇ ਵਾਂਗ ਵਿਸ ਘੋਲ ਰਿਹਾ ਸੀ ਅਤੇ ਜਿੰਨੀਆਂ ਹੋ ਸਕੀਆਂ ਓਨੀਆਂ ਘੋਖਾਂ ਮੈਂ ਕੀਤੀਆਂ। ਮੈਂ ਲੀਜ਼ਾ ਨੂੰ ਜਾਦੂਗਰ ਦੀ ਫਾਹੀ ਤੋਂ ਬਚਾਉਣ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ ਅਤੇ ਇਸ ਲਈ ਮੈਂ ਨੌਕਰਾਣੀ ਅਤੇ ਪਿਛਲੇ ਦਰਵਾਜ਼ਿਆਂ ਨੂੰ ਸ਼ੱਕ ਦੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮੈਂ ਰਾਤਾਂ ਨੂੰ ਜਾਗਦਾ ਬੈਠਾ ਮਨ ਜਿੱਤ ਲੈਣ ਵਾਲੀ ਉਸ ਉਦਾਰਤਾ ਦੀ ਕਲਪਨਾ ਕਰਦਾ ਰਹਿੰਦਾ ਜਿਸ ਨਾਲ ਮੈਂ ਧੋਖਾ ਖਾ ਚੁੱਕੀ ਕੁੜੀ ਨੂੰ ਇਹ ਕਹਿੰਦੇ ਹੋਏ ਆਪਣਾ ਹੱਥ ਵਧਾਉਣਾ ਸੀ, "ਇਕ ਕਾਲੇ-ਦਿਲ ਵਾਲੇ ਬੇਵਫ਼ਾ ਨੇ ਤੁਹਾਨੂੰ ਧੋਖਾ ਦਿੱਤਾ ਹੈ ਪਰ ਮੈਂ ਸੱਚਾ ਦੋਸਤ ਹਾਂ। ਆਓ ਆਪਾਂ ਅਤੀਤ ਨੂੰ ਭੁੱਲ ਜਾਈਏ ਅਤੇ ਖੁਸ਼ ਰਹੀਏ।"

ਅਚਾਨਕ ਇਕ ਅਫ਼ਵਾਹ ਚੱਕਰ ਲਾ ਰਹੀ ਸੀ ਕਿ ਜ਼ਿਲ੍ਹੇ ਦੇ ਗਵਰਨਰ ਨੇ ਆਪਣੀ ਜਾਗੀਰ ਗੋਰਨੋਸਤਾਏਵਕਾ ਵਿਚ ਪਤਵੰਤੇ ਮਹਿਮਾਨ ਦੇ ਸਨਮਾਨ ਲਈ ਇਕ ਨਾਚ ਪਾਰਟੀ ਦੇਣ ਦੀ ਤਜਵੀਜ਼ ਰੱਖੀ ਸੀ। ਸ਼ਹਿਰ ਦੇ ਗਵਰਨਰ ਤੋਂ ਲੈ ਕੇ ਉੱਪਰ ਤੋਂ ਹੇਠਾਂ ਤਕ ਸਾਰੇ ਅਧਿਕਾਰੀਆਂ ਨੂੰ ਸੱਦੇ ਪੱਤਰ ਦਿੱਤੇ। ਇਕ ਜਰਮਨ ਡਾਕਟਰ ਨੂੰ ਵੀ ਸੱਦਾ ਮਿਲਿਆ ਸੀ ਜਿਸ ਦਾ ਚਿਹਰਾ ਫਿੰਸੀਆਂ ਨਾਲ ਭਰਿਆ ਪਿਆ ਸੀ ਅਤੇ ਉਹ ਰੂਸੀ ਭਾਸ਼ਾ ਨੂੰ ਸਹੀ ਢੰਗ ਨਾਲ ਉਚਾਰਨ ਦਾ ਮਾਹਿਰ ਹੋਣ ਦਾ ਦੰਭ ਕਰਦਾ ਸੀ। ਇਸ ਲਈ ਉਹ ਸਾਰੇ ਮੌਕਿਆਂ 'ਤੇ ਹਾਸੋਹੀਣੀ ਫਿਕਰੇਬਾਜ਼ੀ ਲਈ ਮਸ਼ਹੂਰ ਸੀ।

ਅਜਿਹੇ ਮੌਕਿਆਂ 'ਤੇ ਰਿਵਾਜ ਮੁਤਾਬਕ ਅਡੰਬਰੀ ਤਿਆਰੀਆਂ ਦੀ ਸ਼ੁਰੂਆਤ ਹੋ ਗਈ ਸੀ। ਇਕ ਕਾਸਮੈਟਿਕ ਵਪਾਰੀ ਨੇ ਪੋਮਾਦ ਦੇ ਘੱਟ ਤੋਂ ਘੱਟ ਸੋਲ੍ਹਾਂ ਗੂੜ੍ਹੇ-ਨੀਲੇ ਬਕਸੇ ਵੇਚ ਦਿੱਤੇ ਸਨ ਜਿਨ੍ਹਾਂ 'ਤੇ "ਏ ਲਾ ਜੈਸਮੀਨ" ਦਾ ਲੇਬਲ ਲਾਇਆ ਹੋਇਆ ਸੀ ਜਿਸ ਦੇ ਅੱਖਰ ਫ਼ਰਾਂਸੀਸੀ ਅਤੇ ਸ਼ਬਦ-ਜੋੜ ਰੂਸੀ ਸਨ। ਜੁਆਨ ਉਮਰ ਦੀਆਂ ਔਰਤਾਂ ਨੇ ਹਲਕੇ ਰੰਗਾਂ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਲੱਕ ਦੇ ਗਿਰਦ ਕਮਰਬੰਦ ਸੀ ਜਿਸ ਦੇ ਸਾਹਮਣੇ ਵਾਲੇ ਪਾਸੇ ਇਕ ਗਾਨੀ ਜਿਹਾ ਕੁਝ ਲਟਕਦਾ ਸੀ। ਟੋਪੀਆਂ ਦੇ ਬਹਾਨੇ ਮਾਵਾਂ ਨੇ ਆਪਣੇ ਸਿਰ 'ਤੇ ਡਰਾਉਣੇ ਲੱਗਦੇ ਗੁੰਬਦ ਜਿਹੇ ਬਣਾਏ ਹੋਏ ਸਨ। ਰੁਝੇਵਿਆਂ ਨਾਲ ਥੱਕੇ ਬਾਪ ਅਧਮੋਏ ਜਿਹੇ ਲੱਤਾਂ ਘਸੀਟ ਰਹੇ ਸਨ।

ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਦਿਨ ਆਖ਼ਿਰ ਆ ਪਹੁੰਚਿਆ। ਮੈਂ ਵੀ ਸੱਦੇ ਗਏ ਮਹਿਮਾਨਾਂ ਵਿਚੋਂ ਇਕ ਸੀ। ਓ---ਸ਼ਹਿਰ ਤੋਂ ਗੋਰਨੋਸਤਾਏਵਕਾ ਤਕਰੀਬਨ ਦਸ ਕੁ ਮੀਲ ਦੂਰ ਹੈ। ਓਜੋਗਿਨ ਨੇ ਮੈਨੂੰ ਆਪਣੀ ਬੱਘੀ ਵਿਚ ਇਕ ਸੀਟ ਦੀ ਪੇਸ਼ਕਸ਼ ਕੀਤੀ ਪਰ ਮੈਂ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਵੇਂ ਇਕ ਬੱਚਾ ਜਿਸ ਨੂੰ ਉਸ ਦੇ ਮਾਪਿਆਂ ਨੇ ਸਜ਼ਾ ਦਿੱਤੀ ਹੋਵੇ, ਉਹ ਉਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਇਨਕਾਰ ਕਰ ਦਿੰਦਾ ਹੈ ਜੋ ਉਸ ਨੂੰ ਸਭ ਤੋਂ ਵੱਧ ਚੰਗੀਆਂ ਲੱਗਦੀਆਂ ਹਨ, ਤਾਂ ਜੋ ਉਹ ਉਨ੍ਹਾਂ ਤੋਂ ਬਦਲਾ ਲੈ ਸਕੇ। ਇਸ ਤੋਂ ਇਲਾਵਾ ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਮੌਜੂਦਗੀ ਦੇ ਨਾਲ ਲੀਜ਼ਾ ਨੂੰ ਵਿਚਲਿਤ ਕਰਾਂਗਾ। ਬਿਜ਼ਮਨਕੋਫ ਨੇ ਮੇਰੀ ਸੀਟ ਮੱਲ ਲਈ। ਪ੍ਰਿੰਸ ਮੋਟੀ ਰਕਮ ਨਾਲ ਕਿਰਾਏ 'ਤੇ ਲਈ ਆਪਣੀ ਹੀ ਗੱਡੀ ਵਿਚ ਪਾਰਟੀ ਤੇ ਗਿਆ।

ਮੈਂ ਨਾਚ ਪਾਰਟੀ ਦਾ ਵਰਣਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਹਰ ਚੀਜ਼ ਅਜਿਹੇ ਮੌਕਿਆਂ ਲਈ ਲੋੜੀਂਦੀ ਸੀ। ਗੈਲਰੀ ਬੇਸੁਰੇ ਪਿੱਤਲ ਦੇ ਵਾਜਿਆਂ ਵਾਲੇ ਸੰਗੀਤਕਾਰ, ਆਪਣੇ ਵੱਡੇ ਪਰਿਵਾਰਾਂ ਸਹਿਤ ਜਾਗੀਰਦਾਰ, ਲਾਲ ਆਈਸ-ਕਰੀਮ, ਪੀਲੀ ਜੈਲੀ, ਘਸੇ ਹੋਏ ਬੂਟਾਂ ਅਤੇ ਸੂਤੀ ਨਕਟਾਈਆਂ ਵਾਲੇ ਨੌਕਰ-ਚਾਕਰ, ਬੌਂਦਲਾਏ ਚਿਹਰਿਆਂ ਵਾਲੇ ਕਸਬਾਈ ਬਾਂਕੇ ਤੇ ਇਹ ਸਾਰਾ ਛੋਟਾ ਸੰਸਾਰ ਆਪਣੇ ਸੂਰਜ ਦੁਆਲੇ, ਪ੍ਰਿੰਸ ਐਨ---ਦੁਆਲੇ ਘੁੰਮ ਰਿਹਾ ਸੀ।

ਭੀੜਾਂ ਵਿਚ ਗੁੰਮਿਆ, ਬੁੱਢੀਆਂ ਨੌਕਰਾਣੀਆਂ ਜਿਨ੍ਹਾਂ ਦੇ ਮੱਥਿਆਂ 'ਤੇ ਲਾਲ ਫਿੰਸੀਆਂ ਸਨ ਅਤੇ ਵਾਲਾਂ ਵਿਚ ਲਾਏ ਨੀਲੇ ਫੁੱਲ, ਉਨ੍ਹਾਂ ਦੀਆਂ ਨਜ਼ਰਾਂ ਤੋਂ ਵੀ ਉਹਲੇ ਖੜ੍ਹਾ ਮੈਂ ਆਪਣੀਆਂ ਨਜ਼ਰਾਂ ਪ੍ਰਿੰਸ ਤੋਂ ਲੀਜ਼ਾ ਵੱਲ ਅਤੇ ਲੀਜ਼ਾ ਤੋਂ ਪ੍ਰਿੰਸ ਵੱਲ ਘੁੰਮਾ ਰਿਹਾ ਸੀ। ਲੀਜ਼ਾ ਨੇ ਬੜੇ ਸੁਹਣੇ ਕੱਪੜੇ ਪਹਿਨੇ ਹੋਏ ਸਨ ਅਤੇ ਉਸ ਸ਼ਾਮ ਨੂੰ ਉਹ ਬਹੁਤ ਖ਼ੂਬਸੂਰਤ ਦਿਖਾਈ ਦੇ ਰਹੀ ਸੀ। ਪ੍ਰਿੰਸ ਸਾਰੀ ਸ਼ਾਮ ਦੇ ਦੌਰਾਨ ਰਸਮੀ ਮਾਜ਼ੁਰਕਾ ਦੇ ਇਲਾਵਾ ਉਸ ਨਾਲ ਸਿਰਫ਼ ਦੋ ਵਾਰ ਨੱਚਿਆ ਪਰ ਇਹ ਸਪਸ਼ਟ ਸੀ (ਘੱਟੋ-ਘੱਟ ਮੇਰੇ ਲਈ) ਕਿ ਹਰ ਵੇਲੇ ਉਨ੍ਹਾਂ ਵਿਚਕਾਰ ਗੁਪਤ ਗੱਲਬਾਤ ਨਿਰੰਤਰ ਚੱਲਦੀ ਰਹੀ। ਉਹ ਉਸ ਵੱਲ ਦੇਖ ਨਹੀਂ ਰਿਹਾ ਸੀ। ਉਹ ਉਸ ਨੂੰ ਸੰਬੋਧਨ ਨਹੀਂ ਕਰ ਰਿਹਾ ਸੀ। ਫਿਰ ਵੀ ਉਸ ਨਾਲ ਤੇ ਸਿਰਫ਼ ਉਸ ਨਾਲ ਗੱਲਾਂ ਕਰਦਾ ਜਾਪ ਰਿਹਾ ਸੀ। ਉਹ ਦੂਸਰਿਆਂ ਨਾਲ ਵੀ ਉਸ ਦੇ ਕਰਕੇ ਸਨਿਮਰ, ਪ੍ਰਸੰਨ ਅਤੇ ਸਨੇਹਪੂਰਵਕ ਸੀ - ਇਉਂ ਜਾਪਦਾ ਸੀ ਕਿ ਉਹ ਆਪਣੇ ਆਪ ਨੂੰ ਉਸ ਸ਼ਾਮ ਦੀ ਅਤੇ ਪ੍ਰਿੰਸ ਦੇ ਦਿਲ ਦੀ ਰਾਣੀ ਸਮਝ ਰਹੀ ਸੀ। ਉਸ ਦੇ ਚਿਹਰੇ 'ਤੇ ਬੱਚਿਆਂ ਵਰਗੀ ਖ਼ੁਸ਼ੀ, ਭੋਲਾ ਮਾਣ ਅਤੇ ਕਦੇ-ਕਦੇ ਕੋਈ ਹੋਰ ਡੂੰਘੀ ਭਾਵਨਾ ਝਲਕਦੀ ਸੀ। ਇਹ ਸਾਰੇ ਹਾਵ-ਭਾਵ ਉਸ ਦੀ ਪੂਰੀ ਦਿੱਖ ਵਿਚ ਘੁਲ ਮਿਲ ਗਏ ਸਨ ਅਤੇ ਉਹ ਖੇੜੇ ਦੀ ਮੂਰਤੀ ਦਿਖਾਈ ਦਿੰਦੀ ਸੀ। ਮੈਂ ਇਹ ਸਭ ਕੁਝ ਘੋਖਿਆ। ਇਹ ਮੇਰੇ ਲਈ ਪਹਿਲੀ ਵਾਰ ਨਹੀਂ ਸੀ ਕਿ ਮੈਂ ਉਨ੍ਹਾਂ ਦੀ ਘੋਖ ਕੀਤੀ ਹੋਵੇ। ਪਹਿਲਾਂ ਤਾਂ ਮੈਂ ਮਹਿਸੂਸ ਕੀਤਾ ਜਿਵੇਂ ਮੈਨੂੰ ਜਖ਼ਮੀ ਕਰ ਦਿੱਤਾ ਹੋਵੇ। ਫਿਰ ਦਰਦ ਦਾ ਇਕ ਰੁੱਗ ਜਿਹਾ ਭਰਿਆ ਜਾਂਦਾ ਮਹਿਸੂਸ ਕੀਤਾ ਅਤੇ ਆਖ਼ਿਰ ਮੈਨੂੰ ਗੁੱਸਾ ਚੜ੍ਹਨ ਲੱਗ ਗਿਆ। ਹਾਂ, ਮੈਂ ਅਚਾਨਕ ਬਹੁਤ ਕ੍ਰੋਧਿਤ ਹੋ ਗਿਆ। ਇਸ ਭਾਵਨਾ ਨੇ ਮੈਨੂੰ ਮੇਰੀਆਂ ਨਜ਼ਰਾਂ ਵਿਚ ਉੱਚਾ ਉਠਾ ਦਿੱਤਾ ਅਤੇ ਮੈਂ ਪੂਰੇ ਭਰੇ ਦਿਲ ਨਾਲ ਇਸ ਦਾ ਸਵਾਗਤ ਕੀਤਾ।

"ਮੈਂ ਉਨ੍ਹਾਂ ਨੂੰ ਵਿਖਾਵਾਂਗਾ ਕਿ ਮੈਂ ਅਜੇ ਮਰਿਆ ਨਹੀਂ ਹਾਂ," ਮੈਂ ਆਪਣੇ ਆਪ ਨੂੰ ਕਿਹਾ ਅਤੇ ਮਾਣ ਨਾਲ ਫੁੱਲ ਗਿਆ ਜਦੋਂ ਮਜ਼ੁਰਕਾ ਦੀਆਂ ਪਹਿਲੀਆਂ ਥਾਪਾਂ ਸੁਣਾਈ ਦਿੱਤੀਆਂ । ਮੈਂ ਠੰਡੇ, ਮਾਣਮੱਤੇ ਅੰਦਾਜ਼ ਵਿਚ ਆਲੇ-ਦੁਆਲੇ ਵੇਖਿਆ ਤੇ ਬੜੇ ਸਹਿਜ ਅੰਦਾਜ਼ ਵਿਚ ਲੰਮੇ ਚਿਹਰੇ, ਲਾਲ ਚਮਕਦੇ ਨੱਕ, ਖੁੱਲ੍ਹੇ ਮੂੰਹ ਅਤੇ ਲੰਮੀ ਸੋਹਣੀ ਕਮਾਨ ਨੁਮਾ ਗਰਦਨ ਵਾਲੀ ਇਕ ਭਰ ਜਵਾਨ ਕੁੜੀ ਕੋਲ ਚਲਾ ਗਿਆ। ਥੋੜ੍ਹਾ ਜਿਹਾ ਝੁਕ ਕੇ ਅਤੇ ਬੂਟਾਂ ਦੇ ਤੁਣਕੇ ਨਾਲ ਮੈਂ ਉਸ ਨੂੰ ਆਪਣੇ ਨਾਲ ਨਾਚ ਕਰਨ ਲਈ ਕਿਹਾ। ਉਸ ਨੇ ਪੀਲੀ ਭਾਅ ਮਾਰਦੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਸੀ ਜਿਸ ਤੋਂ ਇੰਝ ਲਗਦਾ ਸੀ ਕਿ ਉਹ ਬਿਮਾਰ ਰਹੀ ਸੀ ਅਤੇ ਹਾਲੇ ਤਕ ਠੀਕ ਨਹੀਂ ਹੋਈ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਨੂੰ ਇਕ ਪੁਰਾਣੀ ਨਾਕਾਮੀ ਦਾ ਤਲਖ਼ ਅਨੁਭਵ ਭਾਵਨਾ ਨਾਲ ਅਜੇ ਤਕ ਗੜੁੱਚ ਹੋਵੇ। ਸਾਰੀ ਸ਼ਾਮ ਉਹ ਆਪਣੀ ਕੁਰਸੀ 'ਤੇ ਬੈਠੀ ਰਹੀ ਸੀ। ਉਸ ਨੂੰ ਨਾਚ ਲਈ ਸੱਦਾ ਦੇਣ ਦਾ ਖ਼ਿਆਲ ਕਿਸੇ ਨੂੰ ਵੀ ਨਹੀਂ ਆਇਆ ਸੀ। ਲਗਪਗ ਸੋਲ੍ਹਾਂ ਸਾਲ ਦੀ ਉਮਰ ਦੇ ਨੌਜਵਾਨ ਨੇ ਇਕ ਵਾਰ ਸਪਸ਼ਟ ਭਾਂਤ ਕੋਈ ਹੋਰ ਸਾਥੀ ਨਾ ਹੋਣ ਕਰਕੇ ਉਸ ਨੂੰ ਸੱਦਾ ਦੇਣ ਦੇ ਇਰਾਦੇ ਨਾਲ ਆਪਣੇ ਕਦਮ ਵਧਾਏ ਸਨ ਪਰ ਉਸ ਨੇ ਅਧਵਾਟੇ ਹੀ ਆਪਣਾ ਮਨ ਬਦਲ ਲਿਆ ਅਤੇ ਪਾਸਾ ਵੱਟ ਗਿਆ। ਹੁਣ, ਇਹ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਮੇਰੇ ਸੱਦੇ ਤੋਂ ਉਹ ਕਿੰਨੀ ਖ਼ੁਸ਼ ਸੀ। ਮੈਂ ਉਸ ਨੂੰ ਡਰਾਇੰਗ-ਰੂਮ ਵਿਚ ਦੀ ਲੈ ਕੇ ਗਿਆ। ਨਾਚ ਕਰਨ ਵਾਲਿਆਂ ਦੇ ਘੇਰੇ ਦੇ ਨੇੜੇ ਦੋ ਕੁਰਸੀਆਂ ਲੱਭੀਆਂ ਅਤੇ ਉਸ ਦੇ ਨਾਲ ਪ੍ਰਿੰਸ ਅਤੇ ਲੀਜ਼ਾ ਦੇ ਸਾਹਮਣੇ ਬੈਠ ਗਿਆ।

ਅਸੀਂ ਦੋਵੇਂ, ਮੈਂ ਅਤੇ ਮੇਰੀ ਸਾਥਣ ਸੱਦਿਆਂ ਤੋਂ ਬਹੁਤੇ ਪ੍ਰੇਸ਼ਾਨ ਨਹੀਂ ਸੀ। ਸਿੱਟੇ ਵਜੋਂ ਗੱਲਬਾਤ ਲਈ ਸਾਡੇ ਕੋਲ ਕਾਫ਼ੀ ਸਮਾਂ ਸੀ। ਇਹ ਸੱਚ ਹੈ, ਉਸ ਸਮੇਂ ਮੇਰੀ ਸਾਥਣ ਰਵਾਨਗੀ ਨਾਲ ਗੱਲਾਂ ਕਰਨ ਦੇ ਖ਼ਾਸ ਤੋਹਫ਼ੇ ਨਾਲ ਵਰੋਸਾਈ ਹੋਈ ਨਹੀਂ ਸੀ। ਉਸ ਨੇ ਆਪਣੇ ਮੂੰਹ ਦੀ ਵਰਤੋਂ ਇਕ ਅਜੀਬ ਕਿਸਮ ਦੀ ਮੁਸਕਰਾਹਟ ਲਈ ਕੀਤੀ। ਉਸ ਦੇ ਬੁੱਲ੍ਹ ਅਤੇ ਠੋਡੀ ਹੇਠਾਂ ਵੱਲ ਦਬਾਅ ਪਾ ਰਹੇ ਸਨ ਜਦੋਂ ਕਿ ਉਸ ਦੀਆਂ ਅੱਖਾਂ ਉੱਪਰ ਵੱਲ ਨੂੰ ਉੱਠੀਆਂ ਹੋਈਆਂ ਸਨ, ਜਿਵੇਂ ਕਿਸੇ ਅਦਿੱਖ ਸ਼ਕਤੀ ਨੇ ਅੰਦਰੋਂ ਉਸ ਦੇ ਲੰਮੇ ਚਿਹਰੇ ਨੂੰ ਹੋਰ ਵੀ ਲੰਮਾ ਕਰ ਦਿੱਤਾ ਹੋਵੇ। ਪਰ ਮੇਰੀ ਉਸ ਨਾਲ ਕੋਈ ਗੱਲਬਾਤ ਕਰਨ ਦੀ ਇੱਛਾ ਨਹੀਂ ਸੀ। ਮੈਨੂੰ ਗੁੱਸਾ ਆਇਆ ਤੇ ਮੇਰੀ ਸਾਥਣ ਨੇ ਮੈਨੂੰ ਘਬਰਾਹਟ ਮਹਿਸੂਸ ਨਹੀਂ ਕਰਵਾਈ - ਇਹ ਇਕ ਵਰਦਾਨ ਸੀ।

ਮੈਂ ਦੁਨੀਆਂ ਵਿਚ ਹਰ ਕਿਸੇ ਦੀ ਅਤੇ ਹਰ ਚੀਜ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਖ਼ਾਸ ਕਰਕੇ ਰਾਜਧਾਨੀ ਦੇ ਨੌਜਵਾਨਾਂ ਅਤੇ ਪੀਟਰਸਬਰਗ ਦੇ ਨਿਕੰਮੇ ਬਾਂਕਿਆਂ ਦੀ ਨਿਖੇਧੀ ਕਰਨਾ। ਆਖ਼ਿਰਕਾਰ ਮੈਂ ਇਸ ਹੱਦ ਤਕ ਚਲਾ ਗਿਆ ਕਿ ਮੇਰੀ ਸਾਥਣ ਨੇ ਆਪਣੀਆਂ ਅੱਖਾਂ ਚੁੱਕਣ ਦੀ ਬਜਾਏ ਟੀਰਾ ਵੇਖਣਾ ਅਤੇ ਆਪਣੇ ਚਿਹਰੇ ਨੂੰ ਇਕ ਬਹੁਤ ਅਜੀਬ ਤਰੀਕੇ ਨਾਲ ਮੋੜਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇਹ ਦੇਖਿਆ ਹੋਵੇ ਕਿ ਉਸ ਦੇ ਚਿਹਰੇ ਉੱਤੇ ਇਕ ਨੱਕ ਵੀ ਸੀ। ਇਕ ਦਿਹਾਤੀ ਅਲਬੇਲਾ ਜੋ ਮੇਰੇ ਕੋਲ ਬੈਠਾ ਸੀ। ਕਈ ਵਾਰ ਮੇਰੇ ਪਾਸੇ ਵੱਲ ਵੇਖਿਆ ਅਤੇ ਅਖ਼ੀਰ ਅਜਿਹੇ ਐਕਟਰ ਦੇ ਅੰਦਾਜ਼ ਨਾਲ ਮੇਰੇ ਵੱਲ ਦੇਖਿਆ ਜਿਸ ਦਾ ਸਟੇਜ 'ਤੇ ਕਿਸੇ ਅਜਨਬੀ ਖ਼ੇਤਰ ਨਾਲ ਵਾਹ ਪੈ ਗਿਆ ਹੋਵੇ, ਜਿਵੇਂ ਕਿ ਉਹ ਕਹਿਣਾ ਚਾਹੁੰਦਾ ਸੀ, "ਆਹ, ਤਾਂ ਕੀ ਇਹ ਹੀ ਹੋ।"

ਮੇਰੀ ਗੱਲਬਾਤ ਪੂਰੇ ਜਲੌਅ ਵਿਚ ਜਾਰੀ ਸੀ ਪਰ ਮੇਰੀ ਨਿਗਾਹ ਪ੍ਰਿੰਸ ਅਤੇ ਲੀਜ਼ਾ ਦਾ ਖਹਿੜਾ ਛੱਡ ਨਹੀਂ ਰਹੀ ਸੀ। ਉਹ ਦੋਨੋਂ ਨਿਰੰਤਰ ਨਾਚ ਦੇ ਘੁੰਮਣਘੇਰ ਵਿਚ ਸਨ। ਉਨ੍ਹਾਂ ਨੂੰ ਲਗਾਤਾਰ ਸੱਦੇ ਮਿਲ ਰਹੇ ਸਨ ਜਦੋਂ ਉਹ ਦੋਨੋਂ ਨੱਚ ਰਹੇ ਹੁੰਦੇ ਸਨ ਤਾਂ ਮੈਨੂੰ ਘੱਟ ਦੁੱਖ ਹੁੰਦਾ। ਉਹ ਦੋਨੋਂ ਜਦੋਂ ਇਕੱਠੇ ਬੈਠੇ ਹੁੰਦੇ ਤੇ ਇਕ-ਦੂਜੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਮੁਸਕਰਾਉਂਦੇ, ਅਜਿਹੀ ਮੁਸਕਰਾਹਟ ਜੋ ਮੁਬਾਰਕ ਪ੍ਰੇਮੀਆਂ ਦੇ ਚਿਹਰੇ 'ਤੇ ਸਦਾ ਟਹਿਕਦੀ ਰਹਿੰਦੀ ਹੈ, ਤਾਂ ਵੀ ਮੈਂ ਏਨਾ ਦੁਖੀ ਨਹੀਂ ਸੀ ਹੁੰਦਾ ਪਰ ਜਦ ਲੀਜ਼ਾ ਕਿਸੇ ਝੱਲੇ, ਅਲਬੇਲੇ ਨੌਜਵਾਨ ਦੇ ਨਾਲ ਨਾਚ ਕਰ ਹੁੰਦੀ ਸੀ। ਕੁਰਸੀ 'ਤੇ ਬੈਠੇ ਪ੍ਰਿੰਸ ਨੇ ਉਸ ਦਾ ਨੀਲਾ ਰੇਸ਼ਮੀ ਸ਼ਾਲ ਆਪਣੇ ਪੱਟਾਂ 'ਤੇ ਰੱਖਿਆ ਹੁੰਦਾ। ਉਹ ਆਪਣੀਆਂ ਗੰਭੀਰ ਅਤੇ ਲਿਸ਼ਕਦੀਆਂ ਨਿਗਾਹਾਂ ਨਾਲ ਉਸ ਲੀਜ਼ਾ ਦੀਆਂ ਨਾਜ਼ੁਕ ਨਾਚ ਅਦਾਵਾਂ 'ਤੇ ਫ਼ਿਦਾ ਹੋ ਰਿਹਾ ਹੁੰਦਾ, ਤਾਂ ਮੇਰਾ ਹਾਲ ਬਹੁਤ ਮਾੜਾ ਹੁੰਦਾ। ਹਾਂ, ਉਦੋਂ ਮੇਰੀਆਂ ਆਂਦਰਾਂ 'ਤੇ ਛੁਰੀਆਂ ਚੱਲ ਰਹੀਆਂ ਹੁੰਦੀਆਂ ਅਤੇ ਮੈਂ ਗੁੱਸੇ ਵਿੱਚ ਅਜਿਹੀਆਂ ਸੜੀਆਂ ਹੋਈਆਂ ਟਿੱਪਣੀਆਂ ਕਰਦਾ ਕਿ ਮੇਰੀ ਸਾਥਣ ਦੀਆਂ ਅੱਖਾਂ ਹੈਰਾਨੀ ਦੇ ਕਹਿਰ ਨਾਲ ਉਸ ਦੀ ਨੱਕ ਵਿਚ ਧਸ ਜਾਂਦੀਆਂ ਸਨ।

ਹੌਲੀ-ਹੌਲੀ ਮਾਜ਼ੁਰਕਾ ਆਪਣੀ ਸਮਾਪਤੀ ਵੱਲ ਸਰਕ ਰਿਹਾ ਸੀ। ਹੁਣ ਉਨ੍ਹਾਂ ਨੇ ਉਹ ਖੇਡ ਸ਼ੁਰੂ ਕੀਤੀ ਜਿਸ ਨੂੰ "ਲਾ ਕੌਨਫੀਡੈਂਟ" (ਰਾਜ਼ਦਾਰ) ਕਿਹਾ ਜਾਂਦਾ ਹੈ। ਇਸ ਖੇਡ ਵਿਚ ਇਕ ਔਰਤ ਸਰਕਲ ਵਿਚ ਬੈਠਦੀ ਹੈ ਅਤੇ ਇਕ ਹੋਰ ਔਰਤ ਨੂੰ ਉਸ ਦੀ ਰਾਜ਼ਦਾਰ ਚੁਣਿਆ ਜਾਂਦਾ ਹੈ ਜਿਸ ਨੂੰ ਉਹ ਕੰਨ ਵਿਚ ਉਸ ਸੱਜਣ ਦਾ ਨਾਂ ਦੱਸਦੀ ਹੈ ਜਿਸ ਨਾਲ ਉਹ ਨੱਚਣਾ ਚਾਹੁੰਦੀ ਹੈ। ਉਸ ਦਾ ਭਾਈਵਾਲ ਇਕ-ਇਕ ਕਰਕੇ ਨਾਚ-ਭਿਆਲ ਲਿਆਉਂਦੀ ਹੈ। ਉਸ ਦੀ ਰਾਜ਼ਦਾਰ ਉਨ੍ਹਾਂ ਨੂੰ ਇਨਕਾਰ ਕਰਦੀ ਜਾਂਦੀ ਹੈ ਜਦੋਂ ਤਕ ਭਾਗਸ਼ਾਲੀ ਸੱਜਣ ਨੂੰ ਅੱਗੇ ਨਹੀਂ ਲਿਆਂਦਾ ਜਾਂਦਾ। ਲੀਜ਼ਾ ਚੱਕਰ ਵਿਚ ਬੈਠ ਗਈ ਅਤੇ ਇਕ ਮੇਜ਼ਬਾਨ ਦੀ ਲੜਕੀ ਨੂੰ ਰਾਜ਼ਦਾਰ ਚੁਣ ਲਿਆ ਜੋ ਬੜੀ ਅਜੀਬ ਕਿਸਮ ਦੀ ਕੁੜੀ ਸੀ। ਪ੍ਰਿੰਸ ਭਾਗਸ਼ਾਲੀ ਸੱਜਣ ਦੀ ਭਾਲ ਕਰਨ ਲੱਗ ਪਿਆ। ਉਹ ਦਸ ਸੱਜਣ ਅੱਗੇ ਲਿਆਉਂਦਾ ਹੈ, ਵਿਅਰਥ ਰਾਜ਼ਦਾਰ ਨੇ ਇਕ ਸਨਿਮਰ ਮੁਸਕਰਾਹਟ ਨਾਲ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਆਖ਼ਿਰ ਮੇਰੀ ਵਾਰੀ ਆ ਗਈ। ਉਸ ਪਲ ਮੇਰੇ ਅੰਦਰ ਕੁਝ ਅਜੀਬ ਚੱਲ ਰਿਹਾ ਸੀ। ਮੈਂ ਸਿਰ ਤੋਂ ਪੈਰਾਂ ਤਕ ਮੜੱਕ ਗਿਆ। ਮੇਰਾ ਪਹਿਲਾ ਆਵੇਗ ਸੀ ਕਿ ਮੈਂ ਉਸ ਦਾ ਸੱਦਾ ਮਨ੍ਹਾ ਕਰ ਦੇਵਾਂ ਪਰ ਮੈਂ ਇਹ ਨਹੀਂ ਕੀਤਾ। ਮੈਂ ਉਸ ਦੇ ਨਾਲ ਲੀਜ਼ਾ ਦੀ ਕੁਰਸੀ ਕੋਲ ਗਿਆ। ਉਸ ਨੇ ਮੇਰੇ ਵੱਲ ਤੱਕਿਆ ਤਕ ਨਹੀਂ। ਰਾਜ਼ਦਾਰ ਨੇ ਇਨਕਾਰ ਦਾ ਇਸ਼ਾਰਾ ਕਰ ਦਿੱਤਾ। ਪ੍ਰਿੰਸ ਨੂੰ ਸ਼ਾਇਦ ਮੇਰੀ ਉਦਾਸ ਸੂਰਤ ਦੇਖ ਕੇ ਮੇਰੇ ਨਾਲ ਹਮਦਰਦੀ ਹੋਈ। ਉਸ ਨੇ ਖਾਸਾ ਝੁਕ ਕੇ ਮੈਨੂੰ ਰੁਖ਼ਸਤ ਕੀਤਾ।

ਲੀਜ਼ਾ ਦੀ ਬੇਨਿਆਜ਼ੀ, ਉਸ ਦਾ ਇਨਕਾਰ ਜੋ ਮੇਰੇ ਖੁਸ਼ਕਿਸਮਤ ਰਕੀਬ ਨੇ ਬਣਾਵਟੀ ਨਿਮਰਤਾ ਨਾਲ ਅਤੇ ਲਾਪਰਵਾਹ ਮੁਸਕਰਾਹਟ ਨਾਲ ਮੇਰੇ ਤਕ ਪੁੱਜਦਾ ਕੀਤਾ ਸੀ - ਇਸ ਸਭ ਨੇ ਮੇਰੇ ਅੰਦਰ ਇਕ ਕਿਸਮ ਦਾ ਭਾਂਬੜ ਜਾਲ ਦਿੱਤਾ। ਮੈਂ ਪ੍ਰਿੰਸ ਦੇ ਨੇੜੇ ਹੋ ਗਿਆ ਅਤੇ ਗੁੱਸੇ ਨਾਲ ਕਿਹਾ:

"ਲੱਗਦਾ ਹੈ ਕਿ ਤੁਹਾਨੂੰ ਮੇਰੇ ਹਾਲ 'ਤੇ ਹੱਸਣ ਵਿਚ ਮਜ਼ਾ ਆ ਰਿਹਾ ਹੈ?"

ਉਸ ਨੇ ਮੇਰੇ ਵੱਲ ਹੈਰਾਨੀ ਅਤੇ ਨਫ਼ਰਤ ਨਾਲ ਦੇਖਿਆ। ਮੈਨੂੰ ਬਾਂਹ ਤੋਂ ਫੜ ਲਿਆ ਜਿਵੇਂ ਉਹ ਮੈਨੂੰ ਮੇਰੀ ਸੀਟ 'ਤੇ ਵਾਪਸ ਲਿਜਾਣਾ ਚਾਹੁੰਦਾ ਹੋਵੇ ਅਤੇ ਰੁੱਖ਼ਾ ਜਿਹਾ ਪੁੱਛਿਆ:

"ਕਿਸ ਨੂੰ?--- ਮੈਨੂੰ?"

"ਹਾਂ, ਤੁਸੀਂ!" ਉਹਦੇ ਨਾਲ ਕੁਰਸੀ ਵੱਲ ਜਾਂਦੇ ਹੋਏ ਮੈਂ ਕਾਨਾਫ਼ੂਸੀ ਵਿਚ ਜਵਾਬ ਦਿੱਤਾ "ਤੁਸੀਂ, ਮੇਰੇ ਪਿਆਰੇ! ਮੈਂ ਕਿਸੇ ਵੀ ਵਿਅਰਥ ਪੀਟਰਸਬਰਗੀ ਮੁੰਡੂ ਨੂੰ ਇਹ ਇਜਾਜ਼ਤ ਨਹੀਂ ਦਿੰਦਾ"।

"ਮੈਂ ਤੁਹਾਡੀ ਗੱਲ ਸਮਝਦਾ ਹਾਂ," ਉਸ ਨੇ ਖ਼ਚਰਾ ਜਿਹਾ ਮੁਸਕਰਾਉਂਦੇ ਹੋਏ ਮੈਨੂੰ ਟੋਕਿਆ; "ਮੈਂ ਸਮਝਦਾ ਹਾਂ, ਅਤੇ ਆਪਾਂ ਇਸ ਬਾਰੇ ਬਾਅਦ ਵਿਚ ਗੱਲ ਕਰਾਂਗੇ - ਇਹ ਮੌਕਾ ਨਹੀਂ ਹੈ।"

ਉਹ ਮੇਰੇ ਕੋਲੋਂ ਚਲਾ ਗਿਆ ਅਤੇ ਇਵੇਂ ਸ਼ਾਂਤ ਅਤੇ ਸਹਿਜ ਭਾਵ ਬਿਜ਼ਮਨਕੋਫ ਵੱਲ ਹੋਇਆ ਜਿਵੇਂ ਕੁਝ ਵਾਪਰਿਆ ਹੀ ਨਹੀਂ ਹੁੰਦਾ। ਉਹ ਜ਼ਰਦ ਜਿਹਾ ਲੱਗਦਾ ਮਧਰਾ ਸੱਜਣ ਖ਼ੁਸ਼ਖ਼ਬਰੀ ਦਾ ਪਾਤਰ ਸਾਬਿਤ ਹੋਇਆ। ਲੀਜ਼ਾ ਉਸ ਨੂੰ ਮਿਲਣ ਲਈ ਉਠੀ ਅਤੇ ਉਸ ਦੇ ਨਾਲ ਨਾਚ ਦਾ ਇਕ ਗੇੜਾ ਲਾਇਆ।

ਮੈਂ ਆਪਣੀ ਸਾਥਣ ਦੇ ਨਾਲ ਸੀਟ 'ਤੇ ਬੈਠ ਆਪਣੇ ਆਪ ਨੂੰ ਨਾਇਕ ਮਹਿਸੂਸ ਕਰ ਰਿਹਾ ਸੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੇਰੀ ਮਾਵਾ ਦਿੱਤੀ ਹੋਈ ਕਮੀਜ਼ ਦੇ ਪੱਲੇ ਹੇਠ ਮੇਰੀ ਛਾਤੀ ਫੈਲ ਗਈ ਸੀ। ਮੈਂ ਡੂੰਘੇ ਅਤੇ ਤੇਜ਼ ਸਾਹ ਲੈ ਰਿਹਾ ਸੀ। ਮੈਂ ਅਚਾਨਕ ਮੇਰੇ ਗੁਆਂਢੀ, ਬਾਂਕੇ ਮੁੰਡੇ ਵੱਲ ਅਜਿਹੀ ਮਾਣਮੱਤੀ ਨਿਗਾਹ ਮਾਰੀ ਕਿ ਉਹ ਸ਼ਸ਼ੋਪੰਜ ਵਿਚ ਪੈ ਗਿਆ ਸੀ ਅਤੇ ਮੇਰੀ ਦਿਸ਼ਾ ਵਿਚ ਪਸਰਿਆ ਛੋਟਾ ਜਿਹਾ ਪੈਰ ਆਪ-ਮੁਹਾਰੇ ਪਿੱਛੇ ਹਟ ਗਿਆ। ਇਸ ਤਰ੍ਹਾਂ ਉਸ ਸੱਜਣ 'ਤੇ ਨਜ਼ਰ ਸੁੱਟਣ ਤੋਂ ਬਾਅਦ ਮੈਂ ਨਚਾਰਾਂ ਦੀ ਪੂਰੀ ਮਹਿਫ਼ਲ 'ਤੇ ਨਿਗਾਹ ਮਾਰੀ। ਮੈਨੂੰ ਇਹ ਦਿਖਾਈ ਦਿੱਤਾ ਕਿ ਦੋ ਜਾਂ ਤਿੰਨ ਸਾਹਿਬਾਨ ਨੇ ਮੈਨੂੰ ਕੁਝ ਉਤਸੁਕਤਾ ਨਾਲ ਵੇਖਿਆ ਪਰ ਸਮੁੱਚੇ ਤੌਰ 'ਤੇ ਪ੍ਰਿੰਸ ਨਾਲ ਮੇਰੀ ਗੱਲਬਾਤ ਵੱਲ ਧਿਆਨ ਬਹੁਤ ਹੀ ਘੱਟ ਦਿੱਤਾ ਗਿਆ ਸੀ। ਮੇਰਾ ਰਕੀਬ ਪਹਿਲਾਂ ਹੀ ਬਹੁਤ ਬੇਪਰਵਾਹ ਅੰਦਾਜ਼ ਵਿਚ ਆਪਣੀ ਕੁਰਸੀ 'ਤੇ ਬੈਠਾ ਸੀ ਅਤੇ ਉਸ ਦੇ ਚਿਹਰੇ 'ਤੇ ਪਹਿਲਾਂ ਵਾਲੀ ਮੁਸਕਰਾਹਟ ਕਾਇਮ ਸੀ। ਬਿਜ਼ਮਨਕੋਫ ਨੇ ਆਪਣੀ ਲੀਜ਼ਾ ਨਾਲ ਗੇੜਾ ਲਾ ਲਿਆ ਸੀ ਅਤੇ ਉਹ ਉਸ ਨੂੰ ਉਸ ਦੀ ਸੀਟ 'ਤੇ ਛੱਡ ਆਇਆ ਸੀ। ਉਸ ਨੇ ਬਹੁਤ ਹੀ ਸਨੇਹ ਨਾਲ ਉਸ ਨੂੰ ਸ਼ੁਕਰੀਆ ਕਿਹਾ ਅਤੇ ਪ੍ਰਿੰਸ ਵੱਲ ਮੁੜੀ। ਮੈਨੂੰ ਲੱਗਿਆ ਕਿ ਉਹ ਕੁਝ ਪ੍ਰੇਸ਼ਾਨ ਸੀ ਅਤੇ ਉਸ ਨੇ ਉਸ ਤੋਂ ਕੁਝ ਪੁੱਛਿਆ। ਉਸ ਨੇ ਹੱਸ ਕੇ ਜਵਾਬ ਦਿੱਤਾ ਅਤੇ ਆਪਣਾ ਹੱਥ ਬਹੁਤ ਹੀ ਸੁੰਦਰ ਅੰਦਾਜ਼ ਵਿਚ ਲਹਿਰਾਇਆ। ਉਸ ਨੇ ਉਸ ਨੂੰ ਕੋਈ ਬਹੁਤ ਹੀ ਵਧੀਆ ਗੱਲ ਦੱਸੀ ਹੋਵੇਗੀ ਕਿਉਂਕਿ ਉਹ ਖੁਸ਼ੀ ਨਾਲ ਲਾਲ ਹੋ ਗਈ ਸੀ। ਉਸ ਦੀਆਂ ਅੱਖਾਂ ਜ਼ਮੀਨ 'ਤੇ ਗੱਡੀਆਂ ਗਈਆਂ ਅਤੇ ਉਲਾਹਮੇ ਦੇ ਹਾਵ-ਭਾਵ ਨਾਲ ਮੁੜ ਉੱਪਰ ਉਠਾਈਆਂ।

ਨਾਇਕਤਵ ਦੀ ਭਾਵਨਾ ਜੋ ਮੇਰੇ ਅੰਦਰ ਅਚਾਨਕ ਪੈਦਾ ਹੋ ਗਈ ਸੀ। ਉਹ ਕੁਝ ਸਮੇਂ ਲਈ ਮੇਰੇ ਨਾਲ ਰਹੀ ਪਰ ਮੈਂ ਹੋਰ ਆਲੋਚਨਾ ਨਹੀਂ ਕੀਤੀ। ਮੈਂ ਸਿਰਫ਼ ਉਦਾਸ ਅਤੇ ਅਣਖੀਲੇ ਹਾਵ-ਭਾਵ ਵਾਲੀ ਆਪਣੀ ਸਾਥਣ ਵੱਲ ਦੇਖਿਆ। ਜ਼ਾਹਿਰ ਹੈ ਕਿ ਉਹ ਮੇਰੇ ਤੋਂ ਡਰਨ ਲੱਗ ਪਈ ਸੀ ਕਿਉਂਕਿ ਜਦ ਉਹ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਥੱਥਲਾਉਣ ਲੱਗ ਪੈਂਦੀ ਸੀ ਅਤੇ ਨਿਰੰਤਰ ਪਲਕਾਂ ਝਪਕਣ ਲੱਗਦੀ ਜਦੋਂ ਮਾਜ਼ੁਰਕਾ ਸਮਾਪਤ ਹੋ ਗਿਆ, ਮੈਂ ਉਸ ਡਰੀ ਹੋਈ ਕੁੜੀ ਨੂੰ ਉਸ ਦੀ ਮਾਂ ਦੀ ਹੱਕੀ ਦੇਖਭਾਲ ਦੇ ਹਵਾਲੇ ਕਰ ਦਿੱਤਾ। ਉਸ ਦੀ ਮਾਂ ਇਕ ਹੱਟੀ-ਕੱਟੀ ਔਰਤ ਸੀ ਜਿਸ ਦੇ ਸਿਰ ਉੱਤੇ ਇਕ ਪੀਲੇ ਰੰਗ ਦਾ ਰਵਾਇਤੀ ਢਾਂਚਾ ਸੀ। ਮੈਂ ਫਿਰ ਉਸੇ ਖਿੜਕੀ ਕੋਲ ਜਾ ਬੈਠਿਆ। ਮੈਂ ਬਾਹਾਂ ਨਾਲ ਛਾਤੀ 'ਤੇ ਕੈਂਚੀ ਮਾਰੀ ਹੋਈ ਸੀ ਅਤੇ ਉਡੀਕ ਕਰਨ ਲੱਗਾ ਕਿ ਅੱਗੇ ਕੀ ਵਾਪਰਦਾ ਹੈ।

ਮੈਨੂੰ ਕੁਝ ਸਮਾਂ ਉਡੀਕ ਕਰਨੀ ਪਈ। ਪ੍ਰਿੰਸ ਮੇਜ਼ਬਾਨ ਦੇ ਪਰਿਵਾਰ ਅਤੇ ਕੁਝ ਮਹਿਮਾਨਾਂ ਦੁਆਰਾ ਘਿਰਿਆ ਹੋਇਆ ਸੀ, ਜਿਵੇਂ ਇੰਗਲੈਂਡ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਬਿਨਾਂ ਕਿਸੇ ਤਰਕ ਦਲੀਲ ਦੇ ਮੇਰੇ ਵਰਗੇ ਤੁੱਛ ਇਨਸਾਨ ਕੋਲ ਨਹੀਂ ਆ ਸਕਦਾ। ਉਹ ਡਰਦਾ ਸੀ ਕਿ ਇਸ ਨਾਲ ਸ਼ੱਕ ਪੈਦਾ ਹੋ ਸਕਦਾ ਸੀ। ਮੇਰੀ ਆਪਣੀ ਤੁੱਛਤਾ ਨੇ ਇਸ ਤੋਂ ਵਧੇਰੇ ਸੰਤੁਸ਼ਟੀ ਮੈਨੂੰ ਕਦੇ ਨਹੀਂ ਦਿੱਤੀ ਸੀ ਜਿੰਨੀ ਉਸ ਪਲ ਜਦੋਂ ਮੈਂ ਉਸ ਨੂੰ ਕਦੇ ਇਕ ਪਾਸੇ ਅਤੇ ਕਦੇ ਦੂਜੇ ਪਾਸੇ ਬਹੁਤ ਸਤਿਕਾਰਯੋਗ ਵਿਅਕਤੀਆਂ ਵੱਲ ਮੁੜਦੇ ਹੋਏ ਦੇਖਿਆ ਜਿਹੜੇ ਉਸ ਦੇ ਧਿਆਨ ਵਿਚ ਆਉਣ ਲਈ ਉਤਾਵਲੇ ਸਨ। ਮੈਂ ਪੁੱਛਿਆ, "ਠੀਕ ਹੈ, ਮੇਰੇ ਦੋਸਤ! ਤੁਸੀਂ ਇਸ ਨਿਮਾਣੇ ਜਿਹੇ ਬੰਦੇ ਕੋਲ ਆਓਗੇ, ਜੋ ਵੀ ਮੈਂ ਹਾਂ ਭਾਵੇਂ ਮੈਂ ਤੁਹਾਡੀ ਬੇਇੱਜ਼ਤੀ ਕੀਤੀ ਹੈ!"

ਆਖ਼ਿਰਕਾਰ ਉਹ ਆਪਣੇ ਪ੍ਰਸ਼ੰਸਕਾਂ ਦੀ ਭੀੜ ਤੋਂ ਚੰਗੇ ਭੱਦਰ ਤਰੀਕੇ ਨਾਲ ਛੁਟਕਾਰਾ ਪਾਉਣ ਵਿਚ ਸਫ਼ਲ ਹੋ ਗਿਆ। ਉਹ ਉਸ ਜਗ੍ਹਾ ਆਇਆ ਜਿੱਥੇ ਮੈਂ ਖੜ੍ਹਾ ਸੀ। ਮੇਰੇ ਕੋਲੋਂ ਕੁਝ ਕਦਮ ਲੰਘ ਗਿਆ। ਆਲੇ-ਦੁਆਲੇ ਇਕ ਚੋਰ ਨਜ਼ਰ ਮਾਰੀ, ਫਿਰ ਵਾਪਸ ਮੁੜ ਪਿਆ ਜਿਵੇਂ ਕੋਈ ਭੁੱਲੀ ਗੱਲ ਚੇਤੇ ਆ ਗਈ ਹੋਵੇ ਅਤੇ ਮੇਰੇ ਕੋਲ ਆ, ਮੁਸਕਰਾ ਕੇ ਕਿਹਾ:

"ਹਾਂ, ਸੱਚ! ਆਪਾਂ ਕੋਈ ਆਪਸੀ ਕਾਰੋਬਾਰ ਦੀ ਗੱਲ ਕਰਨੀ ਸੀ।"

ਦੋ ਭੱਦਰ ਵਿਅਕਤੀ, ਜੋ ਪ੍ਰਿੰਸ ਦੇ ਮਗਰ ਸਨ ਅਤੇ ਉਸ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਸਨ ਜਦੋਂ ਉਨ੍ਹਾਂ ਨੇ ਉਸ ਦੀ ਗੱਲ ਸੁਣੀ ਤਾਂ ਉਨ੍ਹਾਂ ਨੇ "ਕਾਰੋਬਾਰ" ਸ਼ਬਦ ਤੋਂ ਕਿਸੇ ਸਰਕਾਰੀ ਕੰਮ ਦਾ ਅਨੁਮਾਨ ਲਗਾ ਲਿਆ ਅਤੇ ਸਤਿਕਾਰਤ ਲਹਿਜ਼ੇ ਵਿਚ ਪਿੱਛੇ ਹੱਟ ਗਏ। ਪ੍ਰਿੰਸ ਨੇ ਮੇਰੀ ਬਾਂਹ ਫੜ ਲਈ ਅਤੇ ਮੈਨੂੰ ਇਕ ਹੋਰ ਕਮਰੇ ਵਿਚ ਲੈ ਗਿਆ। ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ।

"ਤੁਸੀਂ ਮੈਨੂੰ ਕੋਈ ਬੁਰੀ ਗੱਲ ਕਹੀ ਸੀ," ਉਸ ਨੇ "ਤੁਸੀਂ" ਸ਼ਬਦ ਤੇ ਜ਼ੋਰ ਪਾਉਂਦੇ ਹੋਏ ਕਿਹਾ, ਜਦ ਕਿ ਉਹ ਮੈਨੂੰ ਹਿਕਾਰਤ ਦੀ ਨਜ਼ਰ ਨਾਲ ਮੇਰੇ ਵੱਲ ਵੇਖ ਰਿਹਾ ਸੀ।

ਮੈਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੀ ਹੰਕਾਰੀ ਹਵਾ ਉਸ ਦੇ ਖ਼ੂਬਸੂਰਤ ਨੈਣ-ਨਕਸ਼ਾਂ ਨਾਲ ਮੇਲ ਖਾਂਦੀ ਸੀ।

"ਮੈਂ ਉਹੀ ਕਿਹਾ ਜੋ ਮੈਂ ਸਮਝਦਾ ਸੀ,"ਮੈਂ ਵੀ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ।

"ਹੌਲੀ!" ਉਸ ਨੇ ਫਿਰ ਤੋਂ ਕਿਹਾ, "ਸਤਿਕਾਰਯੋਗ ਲੋਕ ਕਦੇ ਵੀ ਇੰਨੀ ਉੱਚੀ ਨਹੀਂ ਬੋਲਦੇ। ਸ਼ਾਇਦ ਤੁਸੀਂ ਮੇਰੇ ਨਾਲ ਪੰਗਾ ਲੈਣਾ ਚਾਹੁੰਦੇ ਹੋ।"

"ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ," ਆਪਣਾ ਆਪ ਕੱਸਦੇ ਹੋਏ ਮੈਂ ਜਵਾਬ ਦਿੱਤਾ।

"ਜੇ ਤੁਸੀਂ ਆਪਣੇ ਸ਼ਬਦ ਵਾਪਸ ਨਹੀਂ ਲੈਂਦੇ ਤਾਂ ਮੈਂ ਤੁਹਾਨੂੰ ਚੁਣੌਤੀ ਦੇਣ ਲਈ ਮਜ਼ਬੂਰ ਹੋਵਾਂਗਾ।"

"ਆਪਣਾ ਕੋਈ ਵੀ ਸ਼ਬਦ ਵਾਪਸ ਲੈਣ ਦਾ ਮੇਰਾ ਇਰਾਦਾ ਨਹੀਂ।"

"ਸੱਚ?" ਉਸ ਨੇ ਚੋਭਵੀਂ ਜਿਹੀ ਮੁਸਕਰਾਹਟ ਨਾਲ ਕਿਹਾ। "ਐਸੀ ਸੂਰਤ ਵਿਚ ਕੱਲ੍ਹ ਨੂੰ ਮੈਂ ਆਪਣਾ ਦੂਜਾ ਭੇਜਣ ਦਾ ਮਾਣ ਲਵਾਂਗਾ।"

"ਬਹੁਤ ਵਧੀਆ, ਸਰ!" ਮੈਂ ਜਵਾਬ ਦਿੱਤਾ ਜਿੰਨੇ ਠਰ੍ਹੰਮੇ ਨਾਲ ਮੈਂ ਦੇ ਸਕਦਾ ਸੀ।

"ਮੈਂ ਤੁਹਾਨੂੰ, ਮੈਨੂੰ ਘਟੀਆ ਸਮਝਣ ਤੋਂ ਰੋਕ ਨਹੀਂ ਸਕਦਾ," ਉਸ ਨੇ ਹੰਕਾਰੀ ਸੁਰ ਵਿਚ ਕਿਹਾ, "ਪਰੰਤੂ ਐੱਨ---ਦੇ ਖ਼ਾਨਦਾਨੀ ਪਰਿਵਾਰ ਨੂੰ ਐਰਾ-ਗ਼ੈਰਾ ਨਹੀਂ ਸਮਝਿਆ ਜਾ ਸਕਦਾ। ਅਲਵਿਦਾ, ਕੱਲ੍ਹ ਤਕ ਲਈ, ਮਿਸਟਰ-ਮਿਸਟਰ-ਸ਼ਤੂਕਾਤੂਰਿਨ।" ਉਹ ਅਚਾਨਕ ਮੇਰੇ ਕੋਲੋਂ ਚੱਲ ਪਿਆ ਅਤੇ ਮੇਜ਼ਬਾਨ ਵੱਲ ਗਿਆ ਜਿਸ ਨੇ ਪਹਿਲਾਂ ਹੀ ਥੋੜ੍ਹੀ ਜਿਹੀ ਤਲਖ਼ੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਸੀ।

"ਸ਼ਤੂਕਾਤੂਰਿਨ!"ਮੇਰਾ ਨਾਮ ਤਾਂ ਚਲਕਾਤੂਰਿਨ ਹੈ! ਇਸ ਆਖ਼ਰੀ ਬੇਇੱਜ਼ਤੀ ਨੇ ਮੈਨੂੰ ਇਸ ਹੱਦ ਤਕ ਬੌਂਦਲਾ ਦਿੱਤਾ ਕਿ ਮੈਂ ਜਵਾਬ ਵਿਚ ਇਕ ਸ਼ਬਦ ਵੀ ਨਹੀਂ ਬੋਲ ਸਕਿਆ। ਮੈਂ ਸਿਰਫ਼ ਗੁੱਸੇ ਨਾਲ ਉਸ ਵੱਲ ਵੇਖਿਆ ਅਤੇ ਆਪਣੇ ਦੰਦ ਕਰੀਚੇ। ਮੈਂ ਬੱਸ ਏਨੀ ਕੁ ਘੁਸਰ-ਮੁਸਰ ਕੀਤੀ:

"ਕੱਲ੍ਹ ਤੱਕ"

ਮੈਂ ਉਲਹਾਨਸ ਰੈਜਮੈਂਟ ਦੇ - ਕੋਲੋਬੋਰਡੀਆਏਫ ਨਾਮ ਦੇ - ਇਕ ਕਪਤਾਨ ਨੂੰ ਭਾਲਣ ਲਈ ਤੁਰੰਤ ਨਿਕਲ ਪਿਆ। ਉਹ ਇਕ ਬਹੁਤ ਹੀ ਲਾਪਰਵਾਹ ਅਤੇ ਖ਼ੁਸ਼ ਰਹਿਣ ਵਾਲਾ ਪੁਰਾਣਾ ਸਾਥੀ ਸੀ। ਮੈਂ ਉਸ ਨੂੰ ਪ੍ਰਿੰਸ ਨਾਲ ਝਗੜੇ ਬਾਰੇ ਕੁਝ ਕੁ ਸ਼ਬਦਾਂ ਵਿਚ ਦੱਸਿਆ ਅਤੇ ਉਸ ਨੂੰ ਮੇਰਾ ਦੂਜਾ ਬਣਨ ਲਈ ਬੇਨਤੀ ਕੀਤੀ। ਉਹ ਨਿਰਸੰਦੇਹ ਸਹਿਮਤ ਹੋ ਗਿਆ ਅਤੇ ਮੈਂ ਘਰ ਚਲਾ ਗਿਆ।

ਮੈਂ ਸਾਰੀ ਰਾਤ ਉਤੇਜਨਾ ਕਾਰਨ ਨਹੀਂ ਸੁੱਤਾ ਪਰ ਇਸ ਦਾ ਕਾਰਨ ਕਾਇਰਾਨਾ ਡਰ ਉੱਕਾ ਨਹੀਂ ਸੀ। ਮੈਨੂੰ ਆਪਣੀ ਮੌਤ ਦੀ ਚਿੰਤਾ ਵੀ ਨਹੀਂ ਸੀ। ਜਰਮਨੀ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿਚ ਇਹ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਮੈਂ ਲੀਜ਼ਾ ਬਾਰੇ, ਆਪਣੀ ਡੁੱਬੀਆਂ ​​ਆਸਾਂ ਅਤੇ ਇਸ ਬਾਰੇ ਸੋਚਿਆ ਕਿ ਅਮਲ ਕਰਨਾ ਕਿਵੇਂ ਮੇਰੀ ਡਿਊਟੀ ਸੀ।

"ਕੀ ਮੈਨੂੰ ਪ੍ਰਿੰਸ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰਾਨੀ ਚਾਹੀਦੀ ਹੈ?" ਮੈਂ ਆਪਣੇ ਆਪ ਨੂੰ ਪੁੱਛਿਆ।

ਬੇਸ਼ੱਕ, ਮੈਂ ਇਹ ਬਦਲਾ ਲੈਣ ਲਈ ਨਹੀਂ, ਸਗੋਂ ਲੀਜ਼ਾ ਦੇ ਕਾਰਨ ਇਹ ਇਰਾਦਾ ਕੀਤਾ ਸੀ।

"ਪਰ ਉਹ ਨੁਕਸਾਨ ਝੱਲ ਨਹੀਂ ਸਕੇਗੀ," ਮੈਂ ਫਿਰ ਮਨ ਵਿਚ ਸੋਚਿਆ। "ਨਹੀਂ, ਸਗੋਂ ਉਸ ਹੱਥੋਂ ਮਰ ਜਾਣਾ ਬਿਹਤਰ ਰਹੇਗਾ।"

ਮੈਨੂੰ ਇਹ ਵੀ ਇਕਬਾਲ ਕਰਨਾ ਚਾਹੀਦਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ, ਤੁੱਛ ਜਿਹਾ ਦਿਹਾਤੀ ਬੰਦਾ, ਅਜਿਹੇ ਉੱਚ ਵਿਅਕਤੀ ਨੂੰ ਜੀਵਨ ਅਤੇ ਮੌਤ ਲਈ ਆਪਣੇ ਨਾਲ ਲੜਨ ਲਈ ਮਜਬੂਰ ਕਰ ਸਕਦਾ ਸੀ।

ਮੈਂ ਅਜਿਹੇ ਵਿਚਾਰਾਂ ਦੀ ਘੁੰਮਣਘੇਰੀ ਵਿਚ ਪੂਰੀ ਰਾਤ ਬਿਤਾਈ ਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਕੋਲੋਬੋਰਡੀਆਏਫ ਮੇਰੇ ਕਮਰੇ ਵਿਚ ਦਾਖ਼ਲ ਹੋਇਆ।

"ਠੀਕ ਹੈ," ਉਸ ਨੇ ਉੱਚੀ-ਉੱਚੀ ਬੋਲਦੇ ਹੋਏ ਪੁੱਛਿਆ, "ਪ੍ਰਿੰਸ ਦਾ ਦੂਜਾ ਕਿੱਥੇ ਹੈ?"

"ਰੱਬ ਦੇ ਵਾਸਤੇ," ਮੈਂ ਉੱਤਰ ਦਿੱਤਾ, "ਅਜੇ ਸੱਤ ਵੀ ਨਹੀਂ ਵੱਜੇ। ਮੈਂ ਸੋਚਦਾ ਹਾਂ, ਪ੍ਰਿੰਸ ਤਾਂ ਅਜੇ ਵੀ ਬਿਸਤਰ ਵਿਚ ਹੋਣਾ ਹੈ।"

"ਉਸ ਸੂਰਤ ਵਿਚ," ਬੇਕਿਰਕ ਉਹਲਾਨ ਨੇ ਕਿਹਾ, "ਮੇਰੇ ਲਈ ਕੁਝ ਚਾਹ ਦਾ ਆਦੇਸ਼ ਦਿੱਤਾ ਜਾਵੇ। ਮੇਰਾ ਸਿਰ ਪਿਛਲੀ ਸ਼ਾਮ ਤੋਂ ਦੁੱਖ ਰਿਹਾ ਹੈ। ਮੈਂ ਪਿਛਲੀ ਰਾਤ ਕੱਪੜੇ ਵੀ ਨਹੀਂ ਉਤਾਰੇ, "ਉਸ ਨੇ ਕਿਹਾ,"ਲੇਕਿਨ, ਮੈਂ ਆਮ ਤੌਰ 'ਤੇ ਰਾਤ ਨੂੰ ਕੱਪੜੇ ਕਦੇ ਹੀ ਉਤਰਦਾ ਹਾਂ।"

ਉਸ ਲਈ ਚਾਹ ਆ ਗਈ। ਉਸ ਨੇ ਰੰਮ ਮਿਲਾ ਕੇ ਇਸ ਦੇ ਛੇ ਗਲਾਸ ਪੀਤੇ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਕੱਲ੍ਹ ਬਹੁਤ ਹੀ ਸਸਤੇ 'ਚ ਇਕ ਘੋੜਾ ਖ਼ਰੀਦਿਆ ਸੀ ਜਿਸ ਨੂੰ ਕੋਈ ਕੋਚਵਾਨ ਵੇਖਣ ਨੂੰ ਤਿਆਰ ਨਹੀਂ ਸੀ ਕਿ ਉਸ ਨੇ ਉਸ ਦੀਆਂ ਮੁੱਢਲੀਆਂ ਲੱਤਾਂ ਨੂੜ ਕੇ ਜਾਨਵਰ ਨੂੰ ਤੋੜਨ ਦਾ ਇਰਾਦਾ ਕੀਤਾ ਅਤੇ ਉਹ ਮੂੰਹ ਵਿਚ ਪਾਈਪ ਸਮੇਤ ਸੋਫ਼ੇ ਉੱਤੇ ਸੌਂ ਗਿਆ। ਮੈਂ ਬੈਠ ਗਿਆ ਅਤੇ ਆਪਣੇ ਕਾਗ਼ਜ਼ਾਂ ਨੂੰ ਰੱਖਣ ਲੱਗਾ। ਇਕੋ-ਇਕ ਚਿੱਠੀ ਜੋ ਮੈਨੂੰ ਲੀਜ਼ਾ ਨੇ ਦਿੱਤੀ ਸੀ, ਉਹ ਪਹਿਲਾਂ ਮੈਂ ਆਪਣੀ ਜੇਬ ਵਿਚ ਰੱਖ ਲਈ ਪਰ ਮੈਂ ਚਿੜ ਕੇ ਮੁੜ ਵਿਚਾਰ ਕੀਤੀ ਅਤੇ ਟੋਕਰੀ ਵਿਚ ਸੁੱਟ ਦਿੱਤੀ। ਕੋਲੋਬੋਰਡੀਆਏਫ ਹਲਕੇ-ਹਲਕੇ ਘੁਰਾੜੇ ਮਾਰ ਰਿਹਾ ਸੀ। ਉਸ ਨੇ ਆਪਣਾ ਸਿਰ ਚਮੜੇ ਦੇ ਕੁਸ਼ਨ 'ਤੇ ਪਿੱਛੇ ਨੂੰ ਸੁੱਟਿਆ ਹੋਇਆ ਸੀ ਅਤੇ ਮੈਂ ਕੁਝ ਸਮੇਂ ਲਈ ਉਸ ਦੇ ਬੇਢੰਗੇ, ਭੂਰੇ, ਲਾਪਰਵਾਹ ਅਤੇ ਚੰਗੇ-ਸੁਭਾਅ ਵਾਲੇ ਚਿਹਰੇ ਬਾਰੇ ਸੋਚਿਆ। ਦਸ ਵਜੇ ਮੇਰੇ ਅਰਦਲੀ ਨੇ ਬਿਜ਼ਮਨਕੋਫ ਦੇ ਆਉਣ ਦੀ ਘੋਸ਼ਣਾ ਕੀਤੀ। ਪ੍ਰਿੰਸ ਨੇ ਉਸ ਨੂੰ ਆਪਣੇ ਦੂਜੇ ਲਈ ਚੁਣ ਲਿਆ ਸੀ।

ਬਿਜ਼ਮਨਕੋਫ ਅਤੇ ਮੈਨੂੰ ਸੁੱਤੇ ਹੋਏ ਉਹਲਾਨ ਨੂੰ ਉਠਾਉਣ ਵਿਚ ਕਾਫ਼ੀ ਮੁਸ਼ਕਿਲ ਆਈ ਸੀ। ਉਹ ਉੱਠਿਆ ਅਤੇ ਰੁੱਖ਼ੀ ਜਿਹੀ ਨਿਗਾਂਹ ਨਾਲ ਸਾਨੂੰ ਦੇਖਿਆ ਘਰੜਾਈ ਜਿਹੀ ਆਵਾਜ਼ ਵਿਚ ਪਾਣੀ ਨਾਲ ਕੁਝ ਬ੍ਰਾਂਡੀ ਦੀ ਮੰਗ ਕੀਤੀ, ਫਿਰ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਠਾਇਆ, ਬਿਜ਼ਮਨਕੋਫ ਨੂੰ ਪ੍ਰਣਾਮ ਕੀਤਾ ਅਤੇ ਸਲਾਹ ਮਸ਼ਵਰੇ ਲਈ ਉਸ ਦੇ ਨਾਲ ਦੂਸਰੇ ਕਮਰੇ ਵਿਚ ਚਲਾ ਗਿਆ। ਲਗਪਗ ਪੰਦਰਾਂ ਮਿੰਟਾਂ ਬੀਤ ਜਾਣ ਤੋਂ ਬਾਅਦ ਉਹ ਫਿਰ ਮੇਰੇ ਕਮਰੇ ਵਿਚ ਦਾਖ਼ਲ ਹੋਏ। ਕੋਲੋਬੋਰਡੀਆਏਫ ਨੇ ਮੈਨੂੰ ਦੱਸਿਆ ਕਿ "ਅਸੀਂ ਪਿਸਤੌਲਾਂ ਨਾਲ ਤਿੰਨ ਵਜੇ ਸ਼ਾਮ ਨੂੰ ਲੜਾਂਗੇ।" ਮੈਂ ਸਿਰ ਹਿਲਾ ਕੇ ਆਪਣੀ ਸਹਿਮਤੀ ਦੇ ਦਿੱਤੀ। ਬਿਜ਼ਮਨਕੋਫ ਨੇ ਛੁੱਟੀ ਲਈ ਅਤੇ ਤੁਰੰਤ ਤੁਰ ਗਿਆ। ਉਹ ਪਹਿਲੀ ਵਾਰ ਅਜਿਹੇ ਮਾਮਲਿਆਂ ਵਿਚ ਹਿੱਸਾ ਲੈਣ ਵਾਲਿਆਂ ਵਾਂਗ ਥੋੜ੍ਹਾ ਘਬਰਾਇਆ ਅਤੇ ਅੰਦਰੋਂ ਪ੍ਰੇਸ਼ਾਨ ਲੱਗ ਰਿਹਾ ਸੀ ਪਰ ਉਸ ਦਾ ਵਿਹਾਰ ਸ਼ਾਂਤ ਅਤੇ ਨਿਮਰਤਾ ਵਾਲਾ ਸੀ। ਮੈਂ ਉਸ ਦੇ ਸਾਹਮਣੇ ਕੁਝ ਹੱਦ ਤਕ ਸ਼ਰਮਿੰਦਾ ਮਹਿਸੂਸ ਕੀਤਾ ਅਤੇ ਉਸ ਦੀਆਂ ਅੱਖਾਂ ਵਿਚ ਸਿੱਧਾ ਦੇਖਣ ਦੀ ਹਿੰਮਤ ਨਾ ਕਰ ਸਕਿਆ।

ਕੋਲੋਬੋਰਡੀਆਏਫ ਨੇ ਦੋਬਾਰਾ ਆਪਣੇ ਨਵੇਂ ਘੋੜੇ ਬਾਰੇ ਗੱਲ ਛੇੜ ਲਈ ਅਤੇ ਮੈਂ ਇਸ ਤੋਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਡਰ ਸੀ ਕਿ ਉਹ ਕਿਤੇ ਲੀਜ਼ਾ ਦੇ ਬਾਰੇ ਗੱਲ ਨਾ ਛੇੜ ਲਵੇ ਪਰ ਮੇਰਾ ਇਹ ਡਰ ਐਵੇਂ ਵਾਧੂ ਸੀ। ਮੇਰਾ ਸੱਜਣ ਉਹਲਾਨ ਕੋਈ ਗਲਾਧੜ ਨਹੀਂ ਸੀ ਅਤੇ ਇਸ ਦੇ ਇਲਾਵਾ ਉਹ ਸਾਰੀਆਂ ਔਰਤਾਂ ਨਾਲ ਨਫ਼ਰਤ ਕਰਦਾ ਸੀ ਤੇ ਰੱਬ ਜਾਣੇ ਕਿਉਂ ਉਹ ਉਨ੍ਹਾਂ ਨੂੰ ਸਲਾਦ ਕਹਿੰਦਾ ਸੀ। ਅਸੀਂ ਦੋ ਵਜੇ ਆਪਣਾ ਦੁਪਹਿਰ ਦਾ ਭੋਜਨ ਕਰ ਲਿਆ ਅਤੇ ਠੀਕ ਤਿੰਨ ਵਜੇ ਅਸੀਂ ਯੁੱਧ-ਖੇਤਰ ਵਿਚ ਪਹੁੰਚ ਗਏ। ਇਹ ਉਹੀ ਜਗ੍ਹਾ ਸੀ, ਢਲਾਨ ਦੇ ਕੋਲ ਜਿੱਥੇ ਮੈਂ ਕੁਝ ਸਮਾਂ ਪਹਿਲਾਂ ਲੀਜ਼ਾ ਨਾਲ ਛਿਪ ਰਹੇ ਸੂਰਜ ਦੀ ਲਾਲੀ ਦੀ ਸ਼ਲਾਘਾ ਕੀਤੀ ਸੀ।

ਅਸੀਂ ਮੈਦਾਨ ਵਿਚ ਪਹਿਲਾਂ ਪਹੁੰਚ ਗਏ ਸੀ ਪਰ ਦੂਜੀਆਂ ਧਿਰਾਂ ਨੇ ਸਾਥੋਂ ਬਹੁਤੀ ਦੇਰ ਉਡੀਕ ਨਹੀਂ ਕਰਵਾਈ। ਪ੍ਰਿੰਸ ਗੁਲਾਬ ਵਾਂਗ ਸੋਹਣਾ ਤਾਜ਼ਾ ਖਿੜਿਆ ਲੱਗ ਰਿਹਾ ਸੀ। ਉਹ ਇਕ ਵਧੀਆ ਸਿਗਰਟ ਦੇ ਕਸ਼ ਲਾ ਰਿਹਾ ਸੀ ਅਤੇ ਕੋਲੋਬੋਰਡੀਆਏਫ ਨੂੰ ਵੇਖਦਿਆਂ, ਉਹ ਉਸ ਕੋਲ ਗਿਆ। ਉਸ ਨਾਲ ਬਹੁਤ ਪਿਆਰ ਨਾਲ ਹੱਥ ਮਿਲਾਇਆ। ਉਸ ਨੇ ਵੀ ਮੈਨੂੰ ਵੀ ਸਨਿਮਰਤਾ ਨਾਲ ਪ੍ਰਣਾਮ ਕੀਤਾ ਪਰ ਮੈਂ ਮਹਿਸੂਸ ਕੀਤਾ ਕਿ ਮੈਨੂੰ ਘਬਰਾਹਟ ਹੋ ਰਹੀ ਸੀ। ਮੇਰੇ ਹੱਥ ਥੋੜ੍ਹੇ-ਥੋੜ੍ਹੇ ਕੰਬ ਰਹੇ ਸਨ। ਮੇਰੀ ਸਭ ਤੋਂ ਵੱਡੀ ਬੇਚੈਨੀ ਮੇਰਾ ਗਲਾ ਸੁੱਕ ਰਿਹਾ ਸੀ। ਉਸ ਸਮੇਂ ਤਕ ਮੈਂ ਕਦੇ ਦਵੰਧ ਯੁੱਧ ਨਹੀਂ ਲੜਿਆ ਸੀ।

"ਮੈਂ ਚਾਹੁੰਦਾ ਹਾਂ ਕਿ ਇਹ ਘੁਣਤਰੀ ਵਿਅਕਤੀ ਕਿਤੇ ਮੇਰੀ ਬੇਚੈਨੀ ਨੂੰ ਮੇਰਾ ਡਰਪੋਕਪੁਣਾ ਨਾ ਸਮਝ ਲਵੇ!" ਮੈਂ ਸਿਰਫ਼ ਇਹੀ ਸੋਚ ਰਿਹਾ ਸੀ।

ਮੈਂ ਆਪਣੇ ਦਿਲ ਦੀ ਕਮਜ਼ੋਰੀ ਨੂੰ ਕੋਸਿਆ, ਪਰ ਮੈਂ ਆਖ਼ਿਰਕਾਰ ਪ੍ਰਿੰਸ ਵੱਲ ਵੇਖਿਆ ਅਤੇ ਉਸ ਦੀ ਖੱਚਰੀ ਮੁਸਕਰਾਹਟ ਨੂੰ ਵੇਖ ਕੇ ਗੁੱਸਾ ਆ ਗਿਆ ਤੇ ਮੇਰੀ ਘਬਰਾਹਟ ਦੂਰ ਹੋ ਗਈ।

ਇਸ ਸਮੇਂ ਦੌਰਾਨ ਦੂਜਿਆਂ ਨੇ ਦੂਰੀ ਮਾਪ ਲਈ, ਸੀਮਾਵਾਂ ਦੇ ਨਿਸ਼ਾਨ ਲਾ ਦਿੱਤੇ ਅਤੇ ਪਿਸਤੌਲਾਂ ਨੂੰ ਲੋਡ ਕਰ ਲਿਆ - ਭਾਵ, ਕੋਲੋਬੋਰਡੀਆਏਫ ਨੇ ਇਹ ਸਾਰਾ ਕੰਮ ਕੀਤਾ ਅਤੇ ਬਿਜ਼ਮਨਕੋਫ ਉਸ ਵੱਲ ਵੇਖਦਾ ਰਿਹਾ। ਇਹ ਦਿਨ ਬਹੁਤ ਸੁੰਦਰ ਸੀ - ਉਸ ਦਿਨ ਨਾਲੋਂ ਘੱਟ ਨਹੀਂ ਮੈਂ ਜਿਸ ਦਿਨ ਲੀਜ਼ਾ ਨਾਲ ਇਸ ਥਾਂ 'ਤੇ ਯਾਦਗਾਰੀ ਸੈਰ ਕੀਤੀ ਸੀ। ਬਨਸਪਤੀ ਦੇ ਪੀਲੇ ਪੱਤਿਆਂ 'ਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਠਖੇਲੀਆਂ ਕਰ ਰਹੀਆਂ ਸਨ ਅਤੇ ਪੱਤਿਆਂ ਵਿਚੋਂ ਗੂੜ੍ਹਾ ਨੀਲਾ ਅਸਮਾਨ ਬੜਾ ਸੋਹਣਾ ਦਿਖਾਈ ਦੇ ਰਿਹਾ ਸੀ। ਤਾਜ਼ੀ ਹਵਾ ਮੇਰੀ ਛਾਤੀ 'ਤੇ ਰੜਕ ਰਹੀ ਸੀ। ਪ੍ਰਿੰਸ ਬੜੇ ਸ਼ਾਨਦਾਰ ਅੰਦਾਜ਼ ਵਿਚ ਇਕ ਛੋਟੇ ਜਿਹੇ ਚਕੋਂਤਰੇ ਦੇ ਰੁੱਖ ਨਾਲ ਢਾਸਣਾ ਲਾਈ ਸਿਗਰਟ ਦੇ ਕਸ਼ ਲਾ ਰਿਹਾ ਸੀ।

"ਸੱਜਣੋ, ਕ੍ਰਿਪਾ ਕਰਕੇ ਆਪਣੀਆਂ ਪੁਜੀਸ਼ਨਾਂ ਲੈ ਲਓ," ਕੋਲੋਬੋਰਡੀਆਏਫ ਨੇ ਸਾਨੂੰ ਪਿਸਤੌਲ ਫੜਾਉਂਦੇ ਹੋਏ ਕਿਹਾ।

ਅਸੀਂ ਆਪਣੀਆਂ ਪੁਜੀਸ਼ਨਾਂ ਲੈ ਲਈਆਂ। ਪ੍ਰਿੰਸ ਕੁਝ ਕਦਮ ਪਿਛਾਂਹ ਹੱਟ ਗਿਆ ਅਤੇ ਆਪਣੇ ਆਪ ਨੂੰ ਸਿੱਧਾ ਕਰਦੇ ਹੋਏ ਮੈਨੂੰ ਪੁੱਛਿਆ:

"ਕੀ ਤੁਸੀਂ ਅਜੇ ਵੀ ਆਪਣੇ ਸ਼ਬਦਾਂ ਨੂੰ ਵਾਪਿਸ ਨਹੀਂ ਲੈਣਾ ਚਾਹੁੰਦੇ?"

ਮੈਂ ਉਸ ਨੂੰ ਜਵਾਬ ਦੇਣਾ ਚਹਿਆ ਪਰ ਮੈਂ ਇਕ ਸ਼ਬਦ ਵੀ ਨਹੀਂ ਬੋਲ ਸਕਿਆ। ਮੈਂ ਸਿਰਫ਼ ਆਪਣੇ ਹੱਥ ਨਾਲ ਇਨਕਾਰ ਕਰਨ ਦਾ ਇਸ਼ਾਰਾ ਕਰ ਦਿੱਤਾ। ਉਹ ਫਿਰ ਮੁਸਕਰਾਏ ਅਤੇ ਆਪਣਾ ਸਥਾਨ ਦੁਬਾਰਾ ਗ੍ਰਹਿਣ ਕਰ ਲਿਆ। ਅਸੀਂ ਇਕ-ਦੂਜੇ ਵੱਲ ਕਦਮ ਵਧਾਉਣ ਲੱਗੇ। ਮੈਂ ਆਪਣੀ ਪਿਸਤੌਲ ਉਠਾਈ ਅਤੇ ਆਪਣੇ ਦੁਸ਼ਮਣ, ਉਸ ਪਲ ਉਹ ਅਸਲ ਵਿਚ ਮੇਰਾ ਦੁਸ਼ਮਣ ਹੀ ਸੀ। ਮੈਂ ਉਸ ਦੀ ਛਾਤੀ ਦਾ ਨਿਸ਼ਾਨਾ ਵਿੰਨ੍ਹ ਕੇ ਘੋੜਾ ਦੱਬ ਦਿੱਤਾ ਪਰ ਨਿਸ਼ਾਨਾ ਉੱਪਰ ਨੂੰ ਉਠ ਗਿਆ ਜਿਵੇਂ ਕਿਸੇ ਨੇ ਮੇਰੀ ਬਾਂਹ ਉੱਪਰ ਨੂੰ ਚੁੱਕ ਦਿੱਤੀ ਹੋਵੇ। ਪ੍ਰਿੰਸ ਇਕ ਕਦਮ ਪਿਛਾਂਹ ਹਟਿਆ ਅਤੇ ਉਸ ਨੇ ਆਪਣਾ ਹੱਥ ਆਪਣੀ ਖੱਬੀ ਪੁੜਪੁੜੀ 'ਤੇ ਰੱਖਿਆ। ਉਸ ਦੇ ਚਿੱਟੇ ਦਸਤਾਨੇ ਉੱਤੇ ਖ਼ੂਨ ਦੀ ਧਰਾਲ ਵਗਣ ਲੱਗੀ। ਬਿਜ਼ਮਨਕੋਫ ਜਲਦੀ ਨਾਲ ਉਸ ਦੀ ਮਦਦ ਲਈ ਆਇਆ।

"ਕੋਈ ਗੱਲ ਨਹੀਂ," ਪ੍ਰਿੰਸ ਨੇ ਆਰਾਮ ਨਾਲ ਆਪਣੀ ਗੋਲੀ ਲੱਗ ਕੇ ਪਾਟੀ ਹੋਈ ਕੈਪ ਉਤਾਰਦੇ ਹੋਏ ਕਿਹਾ "ਜੇ ਇਸ ਥਾਂ 'ਤੇ ਹੈ ਅਤੇ ਮੈਂ ਅਜੇ ਵੀ ਆਪਣੇ ਪੈਰਾਂ 'ਤੇ ਹਾਂ ਤਾਂ ਇਹ ਜ਼ਖ਼ਮ ਗੰਭੀਰ ਨਹੀਂ ਹੋ ਸਕਦਾ। ਮੈਂ ਕਹਿ ਸਕਦਾ ਹਾਂ, ਝਰੀਟ ਹੀ ਹੈ।"

ਉਸ ਨੇ ਆਪਣੀ ਜੇਬ ਵਿਚੋਂ ਇਕ ਵਧੀਆ ਰੇਸ਼ਮ ਰੁਮਾਲ ਕੱਢਿਆ ਅਤੇ ਇਸ ਨੂੰ ਆਪਣੇ ਖ਼ੂਨ ਨਾਲ ਗੜੁੱਚ ਵਾਲਾਂ 'ਤੇ ਰੱਖ ਦਿੱਤਾ। ਮੈਂ ਪੱਥਰ ਦੀ ਮੂਰਤ ਵਾਂਗ ਅਹਿੱਲ ਗੁੰਮ-ਸੁੰਮ ਜਿਹਾ ਹੋ ਉਸ ਨੂੰ ਦੇਖਣ ਲੱਗਾ।

"ਮਿਹਰਬਾਨੀ ਕਰਕੇ ਤੁਸੀਂ ਆਪਣੇ ਸਥਾਨ 'ਤੇ ਜਾਓ," ਕੋਲੋਬੋਰਡੀਆਏਫ ਨੇ ਮੈਨੂੰ ਤਾੜਵੇਂ ਅੰਦਾਜ਼ ਵਿਚ ਕਿਹਾ।

"ਕੀ ਲੜਾਈ ਜਾਰੀ ਰਹੇਗੀ?" ਉਸ ਨੇ ਬਿਜ਼ਮਨਕੋਫ਼ ਨੂੰ ਪੁੱਛਿਆ।

ਉਸ ਨੇ ਜਵਾਬ ਨਹੀਂ ਦਿੱਤਾ ਪਰ ਪ੍ਰਿੰਸ ਨੇ ਅਜੇ ਵੀ ਆਪਣਾ ਰੁਮਾਲ ਆਪਣੇ ਜ਼ਖ਼ਮ 'ਤੇ ਰੱਖਿਆ ਹੋਇਆ ਸੀ ਅਤੇ ਲੜਾਈ ਦੇ ਮੈਦਾਨ ਵਿਚ ਮੈਨੂੰ ਥੋੜ੍ਹਾ ਜਿਹਾ ਨੁਕਸਾਨ ਪਹੁੰਚਾ ਕੇ ਸਤੁੰਸ਼ਟੀ ਹਾਸਿਲ ਕਰਨ ਦੀ ਇੱਛਾ ਵੀ ਨਾ ਰੱਖਦੇ ਹੋਏ, ਉਸ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਲੜਾਈ ਖ਼ਤਮ ਹੋ ਗਈ ਹੈ। ਉਸ ਨੇ ਆਪਣੀ ਪਿਸਤੌਲ ਹਵਾ ਵਿਚ ਗੋਲੀ ਦਾਗ ਕੇ ਖ਼ਾਲੀ ਕਰ ਦਿੱਤੀ। ਮੈਂ ਗੁੱਸੇ ਅਤੇ ਨਰਾਜ਼ਗੀ ਨਾਲ ਲਗਭਗ ਚੀਕ ਹੀ ਪਿਆ। ਉਸ ਆਦਮੀ ਨੇ ਮੈਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਸੀ। ਉਸ ਨੇ ਆਪਣੀ ਦਰਿਆਦਿਲੀ ਨਾਲ ਮੈਨੂੰ ਧੂੜ ਵਿਚ ਮਿਲਾ ਦਿੱਤਾ ਸੀ। ਮੈਂ ਇਤਰਾਜ਼ ਕਰਨਾ ਚਾਹੁੰਦਾ ਸੀ। ਮੈਂ ਉਸ ਨੂੰ ਆਪਣੇ 'ਤੇ ਗੋਲੀ ਦਾਗਣ ਲਈ ਬੇਨਤੀ ਕਰਨਾ ਚਾਹੁੰਦਾ ਸੀ ਪਰ ਉਹ ਮੇਰੇ ਕੋਲ ਆਇਆ। ਉਸ ਨੇ ਆਪਣਾ ਹੱਥ ਵਧਾਉਂਦਿਆਂ ਨਿਮਰ ਸ਼ਬਦਾਂ ਨਾਲ ਕਿਹਾ:

"ਸਾਡੇ ਵਿਚ ਸਭ ਕੁਝ ਖ਼ਤਮ ਹੋ ਗਿਆ, ਕਿ ਨਹੀਂ?"

ਮੈਂ ਉਸ ਦੇ ਪੀਲੇ ਚਿਹਰੇ ਅਤੇ ਲਹੂ ਭਿੱਜੇ ਰੁਮਾਲ 'ਤੇ ਨਜ਼ਰ ਮਾਰੀ ਤੇ ਮਿੱਟੀ ਵਿਚ ਮਿਲੇ, ਸ਼ਰਮਿੰਦਗੀ ਮਾਰੇ ਘਬਰਾਏ ਹੋਏ ਨੇ ਉਸ ਦਾ ਵਧਾਇਆ ਹੱਥ ਫੜ ਲਿਆ।

ਪ੍ਰਿੰਸ ਨੇ ਦੂਜਿਆਂ ਵੱਲ ਮੁੜ ਕੇ ਕਿਹਾ, "ਸੱਜਣੋ, ਮੈਂ ਆਸ ਕਰਦਾ ਹਾਂ ਕਿ ਸਾਡਾ ਇਹ ਮਾਮੂਲੀ ਜਿਹਾ ਝਗੜਾ ਗੁਪਤ ਰਹੇਗਾ।"

ਕੋਲੋਬੋਰਡੀਆਏਫ ਨੇ ਕਿਹਾ: "ਬੇਸ਼ੱਕ! ਪਰ ਪ੍ਰਿੰਸ ਮੈਨੂੰ ਇਜਾਜ਼ਤ ਦਿਉ;" ਉਸ ਨੇ ਪ੍ਰਿੰਸ ਦੇ ਜ਼ਖ਼ਮ ਨੂੰ ਸਾਫ਼ ਕਰਕੇ ਬੰਨ੍ਹ ਦਿੱਤਾ।

ਪ੍ਰਿੰਸ ਨੇ ਯੁੱਧ ਖੇਤਰ ਛੱਡਣ ਤੋਂ ਪਹਿਲਾਂ ਇਕ ਵਾਰ ਮੈਨੂੰ ਪ੍ਰਣਾਮ ਕੀਤਾ ਪਰ ਬਿਜ਼ਮਨਕੋਫ ਨੇ ਮੇਰੇ ਵੱਲ ਦੇਖਿਆ ਵੀ ਨਹੀਂ। ਮੈਂ ਆਪਣੇ ਆਪ ਨੂੰ ਨੈਤਿਕ ਤੌਰ 'ਤੇ ਮਰ ਗਿਆ ਮਹਿਸੂਸ ਕਰਦਾ ਕੋਲੋਬੋਰਡੀਆਏਫ ਦੇ ਨਾਲ ਘਰ ਗਿਆ। ਮੈਂ ਘੋਰ ਉਦਾਸ ਅਤੇ ਚੁੱਪ ਸੀ।

"ਤੁਹਾਨੂੰ ਇਹ ਕੀ ਹੋਇਆ ਹੈ?" ਉਹਲਾਨ ਨੇ ਪੁੱਛਿਆ। "ਤੁਹਾਨੂੰ ਉਸ ਦੇ ਜ਼ਖ਼ਮ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਖ਼ਤਰੇ ਵਾਲੀ ਕੋਈ ਗੱਲ ਨਹੀਂ ਅਤੇ ਜੇ ਉਹ ਚਾਹਵੇ ਤਾਂ ਕੱਲ੍ਹ ਨੂੰ ਨਾਚ ਕਰ ਸਕੇਗਾ ਜਾਂ ਕੀ ਤੁਹਾਨੂੰ ਅਫ਼ਸੋਸ ਹੈ ਕਿ ਤੁਸੀਂ ਉਸ ਨੂੰ ਨਹੀਂ ਮਾਰਿਆ? ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮਾੜੀ ਗੱਲ ਹੈ। ਉਹ ਇਕ ਸ਼ਾਨਦਾਰ ਬੰਦਾ ਹੈ ਅਤੇ ਜੇ ਤੁਸੀਂ ਉਸ ਨੂੰ ਧੂੜ ਚਟਾ ਦਿੱਤੀ ਹੁੰਦੀ ਤਾਂ ਬੜੀ ਦੁੱਖ ਭਰੀ ਗੱਲ ਹੁੰਦੀ।"

"ਪਰ ਉਸ ਨੇ ਮੈਨੂੰ ਕਿਉਂ ਛੱਡਿਆ?" ਮੈਂ ਕਿਹਾ।

"ਕੀ ਤੁਸੀਂ ਕਦੇ ਅਜਿਹੀ ਬਕਵਾਸ ਸੁਣੀ ਹੈ? ਉਫ਼! ਭੈੜੇ ਲੇਖਕ!" ਉਹਲਾਨ ਨੇ ਆਪਣੇ ਮੋਢੇ ਛੰਡਦੇ ਹੋਏ ਕਿਹਾ।

ਮੈਨੂੰ ਇਹ ਸਮਝ ਨਹੀਂ ਪੈਂਦੀ ਕਿ ਮੈਨੂੰ ਲੇਖਕ ਕਹਿਣ ਦਾ ਵਿਚਾਰ ਕਿਸ ਤਰ੍ਹਾਂ ਉਸ ਦੇ ਦਿਮਾਗ਼ ਵਿਚ ਆਇਆ?

ਮੈਂ ਉਨ੍ਹਾਂ ਤਸੀਹਿਆਂ ਦਾ ਵਰਣਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ ਜੋ ਮੈਂ ਉਸ ਘਾਤਕ ਯੁੱਧ ਤੋਂ ਬਾਅਦ ਦੀ ਸ਼ਾਮ ਨੂੰ ਝੱਲੇ ਸਨ। ਮੇਰੀ ਮੈਂ ਬੁਰੀ ਤਰ੍ਹਾਂ ਕੁਚਲ ਦਿੱਤੀ ਗਈ ਸੀ। ਪਛਤਾਵੇ ਅਤੇ ਮੇਰੀ ਆਪਣੀ ਮੂਰਖ਼ਤਾ ਦੇ ਅਹਿਸਾਸ ਨੇ ਮੈਨੂੰ ਡਰਾਉਣੀ ਹੱਦ ਤਕ ਭੰਨ ਸੁੱਟਿਆ ਸੀ।

"ਇਹ ਮੇਰੀ ਆਪਣੀ ਗਲਤੀ ਸੀ। ਮੈਂ ਆਪਣੇ ਆਪ 'ਤੇ ਇਹ ਆਖ਼ਰੀ ਵਿਨਾਸ਼ਕਾਰੀ ਸੱਟ ਮਾਰੀ ਹੈ,"ਮੈਂ ਆਪਣੇ ਕਮਰੇ ਵਿਚ ਤੁਰਦੇ-ਫਿਰਦੇ ਨੇ ਆਪਣੇ ਆਪ ਨੂੰ ਕਿਹਾ। "ਮੇਰੇ ਹੱਥੋਂ ਜ਼ਖ਼ਮੀ ਪ੍ਰਿੰਸ ਨੇ ਮੈਨੂੰ ਮੁਆਫ਼ ਕਰ ਦਿੱਤਾ ਹੈ। ਹੁਣ ਲੀਜ਼ਾ ਉਸ ਦੀ ਮੁੱਠੀ ਵਿਚ ਹੈ। ਦੁਨੀਆਂ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਉਸ ਨੂੰ ਬਦਕਿਸਮਤੀ ਤੋਂ ਬਚਾ ਸਕਦਾ ਹੋਵੇ।"

ਪ੍ਰਿੰਸ ਦੀ ਆਖ਼ਰੀ ਟਿੱਪਣੀ ਦੇ ਬਾਵਜੂਦ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਮਾਮਲਾ ਗੁਪਤ ਨਹੀਂ ਰਹਿ ਸਕਦਾ ਸੀ।

"ਉਹ ਅਜਿਹਾ ਮੂਰਖ਼ ਨਹੀਂ ਹੈ, ਜਿਵੇਂ ਕਿ ਇਸ ਸਨਸਨੀ ਦਾ ਵੱਧ ਤੋਂ ਵੱਧ ਫ਼ਾਇਦਾ ਨਾ ਉਠਾਵੇ।" ਮੈਂ ਫਿਰ ਆਪਣੇ ਆਪ ਨੂੰ ਕਿਹਾ।

ਪਰ ਮੇਰੀ ਆਖ਼ਰੀ ਟਿੱਪਣੀ ਗ਼ਲਤ ਸੀ। ਇਹ ਸੱਚ ਹੈ ਕਿ ਅਗਲੇ ਦਿਨ ਸਾਰਾ ਸ਼ਹਿਰ ਦਵੰਧ ਯੁੱਧ ਬਾਰੇ ਅਤੇ ਇਸ ਦੇ ਕਾਰਨਾਂ ਬਾਰੇ ਜਾਣਦਾ ਸੀ ਪਰੰਤੂ ਇਹ ਪ੍ਰਿੰਸ ਨਹੀਂ ਸੀ ਜਿਸ ਨੇ ਇਹ ਸਾਰੀ ਗੱਲ ਫੈਲਾਈ। ਇਸ ਦੇ ਉਲਟ, ਉਸ ਨੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਗਲੇ ਦਿਨ ਓਜੋਗਿਨਾਂ ਦੇ ਗਿਆ। ਉਸ ਨੇ ਆਪਣੇ ਸਿਰ 'ਤੇ ਬੰਨ੍ਹੀ ਪੱਟੀ ਦੀ ਵਿਆਖਿਆ ਕਰਨ ਲਈ ਕੁਝ ਕਹਾਣੀ ਘੜੀ ਸੀ ਪਰ ਪਤਾ ਚੱਲਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਸ ਦੇ ਅਸਲ ਕਾਰਨ ਬਾਰੇ ਦੱਸਿਆ ਜਾ ਚੁੱਕਾ ਸੀ। ਮੈਂ ਇਹ ਨਹੀਂ ਕਹਿ ਸਕਦਾ ਕਿ ਬਿਜ਼ਮਨਕੋਫ ਨੇ ਭੇਤ ਖੋਲ੍ਹਿਆ ਸੀ ਜਾਂ ਇਸ ਨੂੰ ਕਿਸੇ ਹੋਰ ਢੰਗ ਨਾਲ ਗੱਲ ਨਿਕਲ ਗਈ ਸੀ ਪਰ ਮੈਨੂੰ ਯਕੀਨ ਹੈ ਕਿ ਕੋਲੋਬੋਰਡੀਆਏਫ, ਭਲੇਪੁਰਸ਼ ਉਹਲਾਨ ਨੇ ਇਸ ਬਾਰੇ ਗੱਲ ਨਹੀਂ ਕੀਤੀ ਸੀ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਓ--- ਵਰਗੇ ਛੋਟੇ ਜਿਹੇ ਕਸਬੇ ਵਿਚ ਕੁਝ ਵੀ ਛੁਪਿਆ ਨਹੀਂ ਰਹਿ ਸਕਦਾ। ਇਹ ਕਲਪਨਾ ਕਰਨਾ ਆਸਾਨ ਹੈ ਕਿ ਕਿਵੇਂ ਲੀਜ਼ਾ ਨੇ ਇਸ ਤਬਾਹੀ ਤੋਂ ਬਾਅਦ ਪ੍ਰਿੰਸ ਨੂੰ ਸਵੀਕਾਰ ਕੀਤਾ - ਕਿਵੇਂ ਓਜੋਗਿਨ ਦੇ ਪੂਰੇ ਪਰਿਵਾਰ ਨੇ ਉਸ ਨੂੰ ਸਵੀਕਾਰ ਕੀਤਾ। ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਸਭਨਾਂ ਦੀ ਨਫ਼ਰਤ ਦਾ ਪਾਤਰ ਬਣ ਗਿਆ - ਮੈਨੂੰ ਈਰਖਾ ਨਾਲ ਭੁੱਜੇ ਖ਼ੂਨ ਦੇ ਪਿਆਸੇ ਇਕ ਪਾਗਲ ਦੇ ਤੌਰ 'ਤੇ ਦੇਖਿਆ ਜਾਣ ਲੱਗ ਪਿਆ। ਇੱਥੋਂ ਤਕ ਕਿ ਮੇਰੇ ਕੁਝ ਕੁ ਮਿੱਤਰ ਵੀ ਮੇਰੇ ਕੋਲੋਂ ਅਜਿਹੇ ਆਦਮੀ ਦੀ ਤਰ੍ਹਾਂ ਪਾਸਾ ਵੱਟਣ ਲੱਗ ਪਏ ਸੀ ਜਿਸ ਨੂੰ ਕੋਈ ਲਾਗ ਦੀ ਬਿਮਾਰੀ ਹੋਵੇ।

ਸ਼ਹਿਰ ਦੇ ਅਧਿਕਾਰੀਆਂ ਨੇ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਪ੍ਰਿੰਸ ਨੂੰ ਉਕਸਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮੈਨੂੰ ਸਜ਼ਾ ਦਵਾ ਕੇ ਇਕ ਮਿਸਾਲ ਕਾਇਮ ਕਰਨਗੇ। ਸਿਰਫ਼ ਪ੍ਰਿੰਸ ਦੀਆਂ ਲਗਾਤਾਰ ਅਤੇ ਸੁਹਿਰਦ ਬੇਨਤੀਆਂ ਨੇ ਹੀ ਉਸ ਬਿਪਤਾ ਨੂੰ ਟਾਲਿਆ ਜੋ ਮੇਰੇ 'ਤੇ ਮੰਡਰਾ ਰਹੀ ਸੀ। ਕਿਸਮਤ ਨੇ ਇਹ ਮਿਥਿਆ ਸੀ ਕਿ ਇਹ ਆਦਮੀ ਮੈਨੂੰ ਸਾਰੇ ਪੱਖਾਂ ਤੋਂ ਬਰਬਾਦ ਕਰ ਦੇਵੇ। ਉਸ ਦੀ ਆਖ਼ਰੀ ਦਰਿਆਦਿਲੀ ਕਹਿ ਸਕਦੇ ਹਾਂ, ਮੇਰੇ ਨੈਤਿਕ ਵਜੂਦ ਦੀ ਕਬਰ 'ਤੇ ਸੁੱਟਿਆ ਆਖ਼ਰੀ ਪੱਥਰ ਸੀ। ਮੈਨੂੰ ਇਸ ਗੱਲ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਲੱਗਦੀ ਕਿ ਓਜੋਗਿਨਾਂ ਦੇ ਘਰ ਦੇ ਬੂਹੇ ਮੇਰੇ ਲਈ ਹੁਣ ਬੰਦ ਹੋ ਗਏ ਸਨ। ਬੁੱਢੇ ਨੇ ਮੈਨੂੰ ਇਕ ਪੁਰਾਣੀ ਪੈਨਸਿਲ ਭੇਜੀ ਜਿਹੜੀ ਮੈਂ ਉਸ ਦੇ ਘਰ ਭੁੱਲ ਆਇਆ ਸੀ। ਠੀਕ-ਠੀਕ ਕਿਹਾ ਜਾਵੇ ਓਜੋਗਿਨ ਦਾ ਮੇਰੇ ਨਾਲ ਗੁੱਸੇ ਹੋਣ ਦਾ ਕੋਈ ਕਾਰਨ ਨਹੀਂ ਸੀ। ਮੇਰੀ "ਪਾਗ਼ਲ ਈਰਖਾ," ਜਿਵੇਂ ਕਿ ਉਹ ਕਹਿੰਦੇ ਹੁੰਦੇ ਸਨ। ਉਸ ਨੇ ਪ੍ਰਿੰਸ ਦੇ ਲੀਜ਼ਾ ਨਾਲ ਸੰਬੰਧਾਂ ਦੇ ਖੁਲਾਸੇ ਦੀ ਵਿਆਖਿਆ ਅਤੇ ਪਰਿਭਾਸ਼ਾ ਕਰ ਦਿੱਤੀ ਸੀ। ਖ਼ੁਦ ਓਜੋਗਿਨ ਅਤੇ ਹੋਰ ਲੋਕ ਵੀ ਪ੍ਰਿੰਸ ਨੂੰ ਹੁਣ ਲੀਜ਼ਾ ਦਾ ਲਗਪਗ ਮੰਗੇਤਰ ਸਮਝਣ ਲੱਗ ਪਏ ਸੀ। ਪ੍ਰਿੰਸ ਨੂੰ ਮੈਂ ਕਹਾਂਗਾ, ਮਾਮਲੇ ਦਾ ਇਹ ਨਵਾਂ ਪਹਿਲੂ ਪਸੰਦ ਨਹੀਂ ਆਇਆ ਪਰ ਉਹ ਲੀਜ਼ਾ ਨੂੰ ਪਸੰਦ ਕਰਦਾ ਸੀ ਅਤੇ ਉਸ ਸਮੇਂ ਤਕ ਉਸ ਨੇ ਆਪਣਾ ਮਕਸਦ ਪ੍ਰਾਪਤ ਨਹੀਂ ਕੀਤਾ ਸੀ।

ਹੰਢੇ ਵਰਤੇ ਦੁਨੀਆਦਾਰ ਵਿਅਕਤੀ ਦੀ ਸਿਆਣਪ ਨਾਲ ਪ੍ਰਿੰਸ ਨੇ ਆਪਣੇ ਆਪ ਨੂੰ ਨਵੀਂ ਸਥਿਤੀ ਵਿਚ ਢਾਲ ਲਿਆ। ਉਸ ਨੇ ਨਵੀਂ ਭੂਮਿਕਾ ਲਈ ਆਪਣੀ ਰੂਹ ਨੂੰ ਅਪਣਾ ਲਿਆ ਅਤੇ ਮੈਂ - ਮੈਂ ਆਪਣੇ ਸਮੁੱਚੇ ਭਵਿੱਖ ਬਾਰੇ ਨਿਰਾਸ਼ਾ ਦੇ ਸਾਗਰ ਵਿਚ ਡੁੱਬ ਗਿਆ।

ਜਦੋਂ ਕਿਸੇ ਆਦਮੀ ਦੀ ਪੀੜ ਏਨੀ ਤੀਖਣ ਹੋ ਜਾਂਦੀ ਹੈ ਕਿ ਉਹ ਸਾਰੇ ਦਾ ਸਾਰਾ ਇਸ ਦੇ ਵਜ਼ਨ ਦੇ ਹੇਠਾਂ ਕਰਾਹ ਰਿਹਾ ਹੋਵੇ, ਤਾਂ ਘੱਟੋ-ਘੱਟ ਉਸ ਪੀੜ ਦੀ ਹਾਸੋਹੀਣਤਾ ਤਾਂ ਉਸੇ ਸਮੇਂ ਮੁੱਕ ਜਾਣੀ ਚਾਹੀਦੀ ਹੈ; ਕਹਿ ਲਓ, ਪੀੜ ਦਾ ਸੰਗੀ ਹਿਕਾਰਤ ਵਾਲਾ ਹਾਸਾ ਚੁੱਪ ਹੋ ਜਾਣਾ ਚਾਹੀਦਾ ਹੈ ਪਰ ਅਜਿਹਾ ਮਾਮਲਾ ਨਹੀਂ ਹੈ। ਹਾਸਾ ਅੰਤ ਤਕ ਹੰਝੂਆਂ ਦਾ ਸਾਥੀ ਰਹਿੰਦਾ ਹੈ। ਹਾਸੇ ਦੀ ਛਣਕਾਰ ਉਦੋਂ ਵੀ ਸੁਣਦੀ ਰਹਿੰਦੀ ਹੈ ਜਦ ਹੰਝੂ ਮੁੱਕ ਜਾਂਦੇ ਹਨ, ਜਦੋਂ ਦੁਖੀਏ ਦੀ ਜੀਭ ਸ਼ਿਕਾਇਤ ਕਰਨ ਦੇ ਸਮਰੱਥ ਨਹੀਂ ਰਹਿੰਦੀ, ਜਦੋਂ ਕਿ ਦੁੱਖਾਂ ਦਾ ਪਾਤਰ ਆਪਣੀਆਂ ਆਖ਼ਰੀ ਪੀੜਾਂ ਨਾਲ ਤੜਪ ਰਿਹਾ ਹੁੰਦਾ ਹੈ।

ਹੁਣ ਬਹੁਤ ਥਕਾਵਟ ਮਹਿਸੂਸ ਹੋ ਰਹੀ ਹੈ ਅਤੇ ਆਪਣੇ ਆਪ ਨੂੰ ਹਾਸੋਹੀਣਾ ਲੱਗਣ ਦੀ ਮੇਰੀ ਕੋਈ ਇੱਛਾ ਨਹੀਂ ਹੈ। ਅੱਗੇ ਮੈਂ ਆਪਣੀ ਕਹਾਣੀ ਦੱਸਾਂਗਾ। ਰੱਬ ਨੇ ਚਾਹਿਆ ਤਾਂ ਮੈਂ ਇਸ ਨੂੰ ਪੂਰੀ ਕਰ ਦਿਆਂਗਾ।

ਮਾਰਚ 29 - ਹਲਕਾ ਕੋਰਾ (ਕੱਲ੍ਹ ਬਰਫ਼ ਪਿਘਲੀ ਸੀ।)

ਮੈਂ ਕੱਲ੍ਹ ਆਪਣੀ ਡਾਇਰੀ ਲਿਖ ਨਹੀਂ ਸਕਿਆ ਸੀ। ਮੈਂ ਸਾਰਾ ਦਿਨ ਬਿਸਤਰ ਵਿਚ ਪਿਆ ਤਰੇਂਤੀਏਵਨਾ ਨਾਲ ਗੱਲਾਂ ਕਰਦਾ ਰਿਹਾ। ਕੇਹੀ ਔਰਤ ਹੈ! ਸੱਠ ਸਾਲ ਪਹਿਲਾਂ ਉਸ ਨੇ ਆਪਣਾ ਪਹਿਲਾ ਪਤੀ ਦਫ਼ਨਾਇਆ ਸੀ ਜਿਸ ਦਾ ਹੈਜ਼ੇ ਕਾਰਨ ਦੇਹਾਂਤ ਹੋ ਗਿਆ ਸੀ। ਉਹ ਆਪਣੇ ਸਾਰੇ ਬੱਚਿਆਂ ਨੂੰ ਵੀ ਦਫ਼ਨਾ ਚੁੱਕੀ ਹੈ। ਬੇਸ਼ੱਕ ਉਹ ਹੁਣ ਬੁੱਢੀ ਹੋ ਗਈ ਹੈ। ਉਹ ਸਾਰਾ ਦਿਨ ਚਾਹ ਪੀਂਦੀ ਹੈ, ਰੱਜ ਕੇ ਖਾਂਦੀ ਹੈ ਅਤੇ ਆਰਾਮਦੇਹ ਕੱਪੜੇ ਪਾਉਂਦੀ ਤੇ ਨਿੱਘ ਵਿਚ ਰਹਿੰਦੀ। ਤੁਸੀਂ ਕੀ ਸੋਚਦੇ ਹੋ ਕਿ ਉਹ ਸਾਰਾ ਦਿਨ ਕਿਸ ਵਿਸ਼ੇ ਬਾਰੇ ਗੱਲਾਂ ਕਰਦੀ ਰਹੀ? ਮੈਂ ਇਕ ਪੁਰਾਣੀ ਟਿੱਡੀਆਂ ਦੀ ਖਾਧੀ ਫਰ-ਕਾਲਰ ਇਕ ਹੋਰ ਬੁੱਢੀ ਔਰਤ ਨੂੰ ਦੇ ਦਿੱਤੀ ਜਿਸ ਦੀ ਦੇਖਭਾਲ ਕਰਨ ਵਾਲਾ ਦੁਨੀਆਂ ਵਿਚ ਕੋਈ ਨਹੀਂ। ਉਹ ਫਤੂਹੀ ਲਈ ਇਹ ਪੁਰਾਣਾ ਕੱਪੜਾ ਚਾਹੁੰਦੀ ਸੀ। (ਉਹ ਜੈਕਟਾਂ ਪਾਉਂਦੀ ਹੈ ਜੋ ਫਤੂਹੀ ਨਜ਼ਰ ਆਉਂਦੀਆਂ ਹਨ) ਹੁਣ ਮੇਰੀ ਤਰੇਂਤੀਏਵਨਾ ਨੂੰ ਉਸ ਤੁੱਛ ਜਿਹੀ ਚੀਜ਼ ਦੀ ਈਰਖਾ ਸੀ ਕਿ ਮੈਂ ਉਹ ਫ਼ਰ-ਕਾਲਰ ਉਸ ਨੂੰ ਕਿਉਂ ਨਹੀਂ ਦਿੱਤੀ? "ਪਿਆਰੇ ਮਾਲਕ, ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ, ਕੀ ਇਹ ਤੁਹਾਡੇ ਲਈ ਪਾਪ ਨਹੀਂ ਹੈ? ਕੀ ਮੈਂ ਤੁਹਾਨੂੰ ਆਪਣਾ ਦੁੱਧ ਨਹੀਂ ਪਿਲਾਇਆ? ਕੀ ਮੈਂ ਤੁਹਾਨੂੰ ਆਪਣੀ ਗੋਦ ਵਿਚ ਨਹੀਂ ਪਾਲਿਆ? ਓਹ-ਓ-ਓ, ਪਿਆਰੇ ਪਿਆਰੇ, ਮੈਂ ਕਦੇ ਤੁਹਾਥੋਂ ਅਜਿਹੇ ਸਲੂਕ ਦੀ ਉਮੀਦ ਨਹੀਂ ਕੀਤੀ ਸੀ!" ਵਗ਼ੈਰਾ, ਵਗ਼ੈਰਾ। ਇਸ ਤਰ੍ਹਾਂ ਬੇਰਹਿਮ ਔਰਤ ਮੈਨੂੰ ਸਾਰਾ ਦਿਨ ਝਿੜਕਦੀ ਰਹੀ ਪਰ ਹੁਣ ਮੈਨੂੰ ਮੇਰੀ ਕਹਾਣੀ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਅਤੇ ਇਸ ਲਈ ਮੈਨੂੰ ਉਸ ਕੁੱਤੇ ਵਾਂਗ ਤਸੀਹਾ ਭੁਗਤਣਾ ਪਿਆ ਜਿਸ ਦੇ ਮਗਰਲੇ ਹਿੱਸੇ ਨੂੰ ਕੋਈ ਗੱਡੀ ਮਿੱਧ ਗਈ ਹੋਵੇ। ਓਜੋਗਿਨ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਆਪਣੀ ਬਦਕਿਸਮਤੀ ਦੇ ਦ੍ਰਿਸ਼ ਤੋਂ ਕਿੰਨੀ ਖੁਸ਼ੀ ਲੈ ਸਕਦਾ ਹੈ। ਓ, ਮਨੁੱਖ ਜਾਤੀ ਸੱਚਮੁਚ ਇਕ ਦੁਖਦਾਈ ਨਸਲ ਹੈ ਪਰ ਆਓ ਆਪਾਂ ਸਾਰੀਆਂ ਦਾਰਸ਼ਨਿਕ ਘੋਖਾਂ ਨੂੰ ਪਾਸੇ ਕਰੀਏ। ਮੈਂ ਆਪਣੇ ਦਿਨ ਪੂਰਨ ਇਕਾਂਤ ਵਿਚ ਬਿਤਾਏ। ਓਜੋਗਿਨ ਦੇ ਘਰ ਵਿਚ ਜੋ ਕੁਝ ਹੋ ਰਿਹਾ ਸੀ ਜਾਂ ਪ੍ਰਿੰਸ ਕੀ ਕਰ ਰਿਹਾ ਸੀ। ਉਸ ਬਾਰੇ ਮੈਨੂੰ ਸਿਰਫ਼ ਅਤਿ ਅਸਿੱਧੇ ਅਤੇ ਘਟੀਆ ਸਾਧਨਾਂ ਰਾਹੀਂ ਪਤਾ ਲੱਗ ਸਕਦਾ ਸੀ। ਮੇਰੇ ਅਰਦਲੀ ਨੇ ਓਜੋਗਿਨ ਦੇ ਡਰਾਈਵਰ ਦੀ ਪਤਨੀ ਦੇ ਇਕ ਦੂਰ ਦੇ ਰਿਸ਼ਤੇਦਾਰ ਨਾਲ ਜਾਣ-ਪਛਾਣ ਬਣਾ ਲਈ ਸੀ। ਇਹ ਜਾਣ-ਪਛਾਣ ਮੇਰੇ ਲਈ ਕੁਝ ਦਿਲਾਸੇ ਦਾ ਸਰੋਤ ਸੀ। ਮੈਥੋਂ ਮਿਲੇ ਛੋਟੇ-ਛੋਟੇ ਤੋਹਫ਼ਿਆਂ ਅਤੇ ਸੰਕੇਤਾਂ ਦੇ ਜ਼ਰੀਏ, ਅਰਦਲੀ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਕਿਸ ਵਿਸ਼ੇ 'ਤੇ ਰਾਤ ਨੂੰ ਆਪਣੇ ਮਾਲਕ ਦੇ ਕੱਪੜੇ ਉਤਾਰਦੇ ਹੋਏ ਉਸ ਨੇ ਗੱਲ ਕਰਨੀ ਸੀ।

ਕਈ ਵਾਰ ਸੜਕ 'ਤੇ ਓਜੋਗਿਨ ਦੇ ਪਰਿਵਾਰ ਵਿਚੋਂ ਕਿਸੇ ਜਾਂ ਬਿਜ਼ਮਨਕੋਫ, ਜਾਂ ਖੁਦ ਪ੍ਰਿੰਸ ਨਾਲ ਮੇਰੀ ਮੁਲਾਕਾਤ ਹੋ ਜਾਂਦੀ ਸੀ। ਪ੍ਰਿੰਸ ਨਾਲ ਕਈ ਵਾਰ ਲੰਘਦੇ ਕਰਦੇ ਦੁਆ ਸਲਾਮ ਹੋ ਜਾਂਦੀ ਸੀ ਪਰ ਗੱਲਬਾਤ ਕਦੇ ਨਹੀਂ ਹੋਈ ਸੀ। ਲੀਜ਼ਾ ਨੂੰ ਮੈਂ ਸਿਰਫ਼ ਤਿੰਨ ਵਾਰੀ ਦੇਖਿਆ। ਬੇਸ਼ੱਕ, ਮੇਰੇ ਵਿਚ ਉਸ ਕੋਲ ਜਾਣ ਦੀ ਹਿੰਮਤ ਨਹੀਂ ਆਈ। ਇਕ ਵਾਰ ਮੈਂ ਉਸ ਨੂੰ ਆਪਣੀ ਮਾਂ ਨਾਲ ਸਟੋਰ ਵਿਚ ਦੇਖਿਆ ਸੀ। ਉਹ ਕੁਝ ਕੱਪੜਿਆਂ ਦੇ ਆਰਡਰ ਦੇ ਰਹੀ ਸੀ ਅਤੇ ਲੈਸਾਂ ਪਸੰਦ ਕਰਨ ਵਿਚ ਬਹੁਤ ਮਗਨ ਸੀ। ਉਸ ਦੀ ਮਾਂ ਢਾਕਾਂ ਉੱਤੇ ਹੱਥ ਰੱਖੀ ਨਾਲ ਖੜ੍ਹੀ ਸੀ। ਉਸ ਦੀ ਨੱਕ ਉੱਪਰ ਨੂੰ ਉੱਠੀ ਹੋਈ ਸੀ ਅਤੇ ਆਪਣੀ ਧੀ ਨੂੰ ਉਸ ਖੱਚਰੀ ਮੁਸਕਰਾਹਟ ਨਾਲ ਵੇਖ ਰਹੀ ਸੀ ਜੋ ਸਿਰਫ਼ ਮਾਵਾਂ ਲਈ ਹੀ ਮੁਆਫ਼ੀਯੋਗ ਹੁੰਦੀ ਹੈ ਜੋ ਆਪਣੇ ਬੱਚਿਆਂ ਨੂੰ ਲੋਹੜੇ ਦਾ ਪਿਆਰ ਕਰਦੀਆਂ ਹਨ। ਦੂਜੀ ਵਾਰ ਮੈਂ ਲੀਜ਼ਾ ਨੂੰ ਆਪਣੇ ਮਾਤਾ-ਪਿਤਾ ਅਤੇ ਪ੍ਰਿੰਸ ਦੇ ਨਾਲ ਇਕ ਬੱਘੀ ਵਿਚ ਵੇਖਿਆ। ਬੁੱਢੇ ਓਜੋਗਿਨ ਬੱਘੀ ਦੇ ਪਿੱਛੇ ਅਤੇ ਲੀਜ਼ਾ ਪ੍ਰਿੰਸ ਨਾਲ ਮੋਹਰਲੀ ਸੀਟ 'ਤੇ ਬੈਠੀ ਸੀ। ਮੈਂ ਕਦੇ ਨਹੀਂ ਭੁੱਲਾਂਗਾ ਕਿ ਉਸ ਸਮੇਂ ਉਹ ਕਿਹੋ ਜਿਹੀ ਲੱਗਦੀ ਸੀ। ਉਹ ਆਮ ਨਾਲੋਂ ਥੋੜ੍ਹੀ ਜਿਹੀ ਪੀਲੀ ਪਈ ਹੋਈ ਸੀ। ਉਸ ਦੀਆਂ ਗੱਲ੍ਹਾਂ 'ਤੇ ਦੋ ਮਘਦੇ ਲਾਲ ਚਟਾਕ ਚਮਚਮਾ ਰਹੇ ਸਨ। ਉਹ ਪ੍ਰਿੰਸ ਵੱਲ ਨੂੰ ਅੱਧਾ ਕੁ ਪਾਸਾ ਕਰਕੇ ਬੈਠੀ ਸੀ। ਪ੍ਰਿੰਸ ਦਾ ਸਿਰ ਉਸ ਦੇ ਹੱਥ 'ਤੇ ਟਿਕਿਆ ਹੋਇਆ ਸੀ ਜੋ ਲੀਜ਼ਾ ਦੇ ਗੋਡੇ ਉੱਤੇ ਉਸ ਦੀ ਕੂਹਣੀ ਸਦਕਾ ਉਸ ਵੱਲ ਨੂੰ ਝੁਕਿਆ ਹੋਇਆ ਸੀ। ਆਪਣੇ ਖੱਬੇ ਹੱਥ ਵਿਚ ਲੀਜ਼ਾ ਨੇ ਇਕ ਛੋਟੀ ਜਿਹੀ ਛੱਤਰੀ ਫੜ ਰੱਖੀ ਸੀ। ਉਸ ਦੀਆਂ ਹਸਰਤ ਭਰੀਆਂ ਨਜ਼ਰਾਂ ਪ੍ਰਿੰਸ ਦੇ ਚਿਹਰੇ 'ਤੇ ਟਿਕੀਆਂ ਸਨ। ਉਸ ਪਲ ਵਿਚ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਦੇ ਹਵਾਲੇ ਕਰ ਦਿੱਤਾ। ਮੈਨੂੰ ਚੰਗੀ ਤਰ੍ਹਾਂ ਦੇਖ ਨਹੀਂ ਸੀ ਸਕਿਆ ਕਿ ਉਹ ਕਿਵੇਂ ਲੱਗਦਾ ਸੀ ਪਰ ਇਹ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਉਹ ਬਹੁਤ ਖੀਵਾ ਸੀ।

ਤੀਜੀ ਵਾਰ ਮੈਂ ਉਸ ਨੂੰ ਚਰਚ ਵਿਚ ਦੇਖਿਆ। ਤਕਰੀਬਨ ਦਸ ਦਿਨ ਬਾਅਦ ਜਦੋਂ ਮੈਂ ਉਸ ਨੂੰ ਬੱਘੀ ਵਿਚ ਦੇਖਿਆ ਸੀ, ਦਵੰਧ ਯੁੱਧ ਤੋਂ ਤਕਰੀਬਨ ਤਿੰਨ ਹਫ਼ਤੇ ਬਾਅਦ। ਓ---ਸ਼ਹਿਰ ਵਿਚ ਪ੍ਰਿੰਸ ਦਾ ਕੰਮ ਨਿੱਬੜਨ ਤੋਂ ਬਾਅਦ ਕੁਝ ਸਮਾਂ ਬੀਤ ਚੁੱਕਾ ਸੀ। ਲੇਕਿਨ ਉਸ ਨੇ ਵਾਪਿਸ ਜਾਣਾ ਅਜੇ ਟਾਲ਼ ਦਿੱਤਾ ਸੀ ਅਤੇ ਉਸ ਨੇ ਸੇਂਟ ਪੀਟਰਸਬਰਗ ਨੂੰ ਲਿਖ ਦਿੱਤਾ ਸੀ ਕਿ ਉਹ ਬਿਮਾਰੀ ਦੇ ਕਾਰਨ ਵਾਪਿਸ ਨਹੀਂ ਆ ਸਕਦਾ। ਕਸਬੇ ਵਿਚ ਹਰ ਕੋਈ ਉਮੀਦ ਕਰਦਾ ਸੀ ਕਿ ਉਹ ਲੀਜ਼ਾ ਅੱਗੇ ਵਿਆਹ ਦਾ ਪ੍ਰਸਤਾਵ ਰੱਖੇਗਾ। ਮੈਂ ਵੀ, ਓ---ਤੋਂ ਜਾਣ ਲਈ ਇਸ ਆਖ਼ਰੀ ਸੱਟ ਦੀ ਉਡੀਕ ਕੀਤੀ। ਮੈਂ ਉਸ ਜਗ੍ਹਾ ਤੋਂ ਅੱਕ ਗਿਆ ਸੀ। ਮੈਂ ਘਰ ਵਿਚ ਨਹੀਂ ਰਹਿ ਸਕਦਾ ਸੀ ਅਤੇ ਸਾਰਾ ਦਿਨ ਸ਼ਹਿਰ ਦੇ ਉਪ-ਨਗਰਾਂ ਵਿਚ ਘੁੰਮਦਾ ਰਹਿੰਦਾ ਸੀ। ਇਕ ਵਾਰ ਬੱਦਲਵਾਈ ਵਾਲੇ ਅਤੇ ਰੁੱਖ਼ੇ ਜਿਹੇ ਦਿਨ ਮੈਂ ਇਸ ਤਰ੍ਹਾਂ ਦੇ ਇਕ ਅਵਾਰਾ ਗੇੜੇ ਤੋਂ ਘਰ ਵਾਪਸ ਆ ਰਿਹਾ ਸੀ। ਮੈਂ ਬਾਰਿਸ਼ ਵਿਚ ਘਿਰ ਗਿਆ ਅਤੇ ਇਕ ਚਰਚ ਅੰਦਰ ਚਲਾ ਗਿਆ। ਬਾਅਦ ਦੁਪਹਿਰ ਦੀ ਪ੍ਰਾਰਥਨਾ ਹੁਣੇ ਹੀ ਸ਼ੁਰੂ ਹੋਈ ਸੀ। ਚਰਚ ਵਿਚ ਹਾਜ਼ਰੀ ਬਹੁਤ ਥੋੜ੍ਹੀ ਸੀ। ਮੈਂ ਆਲੇ-ਦੁਆਲੇ ਨਜ਼ਰ ਦੌੜਾਈ ਅਤੇ ਖਿੜਕੀ ਕੋਲ ਇਕ ਜਾਣਿਆ-ਪਛਾਣਿਆ ਚਿਹਰਾ ਵੇਖਿਆ। ਪਹਿਲੀ ਨਜ਼ਰ ਮੈਂ ਇਹ ਨਹੀਂ ਸਮਝ ਸਕਿਆ ਕਿ ਉਹ ਕੌਣ ਸੀ। ਉਹ ਪੀਲਾ ਪਿਆ ਚਿਹਰਾ, ਉਹ ਧੁੰਦਲੀਆਂ, ਬੁਝੀਆਂ ਅੱਖਾਂ - ਐ ਮੇਰੇ ਰੱਬਾ! ਕਿ ਉਹ ਲੀਜ਼ਾ ਹੈ? ਹਾਂ, ਉਹ ਲੀਜ਼ਾ ਹੀ ਸੀ। ਇਕ ਲਬਾਦਾ ਪਹਿਨੇ, ਟੋਪੀ ਦੇ ਬਗ਼ੈਰ, ਉਹ ਖਿੜਕੀ ਅੱਗੇ ਖੜ੍ਹੀ ਸੀ। ਉਸ ਦੇ ਪੀਲੇ ਪਏ ਚਿਹਰੇ 'ਤੇ ਫਿੱਕੀ ਜਿਹੀ ਰੌਸ਼ਨੀ ਪੈ ਰਹੀ ਸੀ। ਉਸ ਦੀਆਂ ਅੱਖਾਂ ਪਵਿੱਤਰ ਮੂਰਤੀ 'ਤੇ ਟਿਕੀਆਂ ਸਨ ਅਤੇ ਜਾਪਦਾ ਸੀ, ਜਿਵੇਂ ਉਹ ਪ੍ਰਾਰਥਨਾ ਕਰਨ ਦੀ ਜਾਂ ਇਕ ਭਾਰੀ ਸੁਪਨੇ ਤੋਂ ਆਪਣੇ ਆਪ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਉਸ ਦਾ ਲਾਲ ਮੂੰਹ ਵਾਲਾ ਨੌਕਰ ਉਸ ਤੋਂ ਦੂਰੀ 'ਤੇ ਖੜ੍ਹਾ ਸੀ। ਉਹ ਨੀਂਦ ਤੇ ਹੈਰਾਨੀ ਭਰੀਆਂ ਅੱਖਾਂ ਦੇ ਨਾਲ ਆਪਣੀ ਮਾਲਕਣ ਨੂੰ ਦੇਖ ਰਿਹਾ ਸੀ।

ਉਸ ਨੂੰ ਦੇਖ ਕੇ ਮੈਂ ਧੁਰ ਅੰਦਰ ਤਕ ਕੰਬ ਗਿਆ ਸੀ। ਉਸ ਕੋਲ ਮੇਰੀ ਜਾਣ ਦੀ ਇੱਛਾ ਹੋਈ ਪਰ ਇਹ ਕਰਨ ਦੀ ਹਿੰਮਤ ਮੇਰੇ ਵਿਚ ਨਹੀਂ ਸੀ। ਇਕ ਵੱਡਾ ਖ਼ਦਸ਼ਾ ਮੇਰੇ ਦਿਲ ਨੂੰ ਦਬੋਚ ਰਿਹਾ ਸੀ। ਪਾਠ-ਪੂਜਾ ਸਮਾਪਤ ਹੋ ਗਈ ਸੀ, ਉਹ ਖੜ੍ਹੀ ਰਹੀ। ਸੇਵਾਦਾਰ ਨੇ ਚਰਚ ਨੂੰ ਸੰਵਾਰਨਾ ਸ਼ੁਰੂ ਕਰ ਦਿੱਤਾ। ਉਸ ਦਾ ਉਸ ਵੱਲ ਧਿਆਨ ਨਹੀਂ ਗਿਆ। ਆਖ਼ਿਰਕਾਰ, ਨੌਕਰ ਉਸ ਕੋਲ ਆਇਆ ਅਤੇ ਉਸ ਦੇ ਕੰਨ ਵਿਚ ਕੁਝ ਕਿਹਾ। ਉਸ ਨੇ ਆਲੇ-ਦੁਆਲੇ ਦੇਖਿਆ, ਆਪਣੇ ਮੱਥੇ 'ਤੇ ਉਸ ਦਾ ਹੱਥ ਫੇਰਿਆ ਅਤੇ ਚਰਚ ਵਿਚੋਂ ਚਲੀ ਗਈ ਜਦੋਂ ਤਕ ਉਹ ਘਰ ਵਿਚ ਦਾਖ਼ਲ ਨਹੀਂ ਹੋ ਗਈ। ਮੈਂ ਉਸ ਤੋਂ ਥੋੜ੍ਹੇ ਜਿਹੇ ਫ਼ਾਸਲੇ 'ਤੇ ਰਹਿੰਦੇ ਉਸ ਦੇ ਮਗਰ ਮਗਰ ਜਾਂਦਾ ਰਿਹਾ। ਮੈਂ ਜਿਵੇਂ ਹੀ ਆਪਣੇ ਕਮਰੇ ਵਿਚ ਦਾਖ਼ਲ ਹੋਇਆ ਤਾਂ ਅਚਾਨਕ ਮੇਰੇ ਮੂੰਹੋਂ ਨਿਕਲ ਗਿਆ, "ਉਹ ਹਾਰ ਗਈ ਹੈ!"

ਰੱਬ ਦੀ ਸਹੁੰ, ਉਸ ਸਮੇਂ ਮੈਂ ਉੱਕਾ ਨਹੀਂ ਜਾਣ ਸਕਦਾ ਸੀ ਕਿ ਉਸ ਵੇਲੇ ਮੇਰੀ ਭਾਵਨਾ ਕਿਸ ਤਰ੍ਹਾਂ ਦੀ ਸੀ। ਮੈਨੂੰ ਸਿਰਫ਼ ਇਹ ਯਾਦ ਹੈ ਕਿ ਮੈਂ ਸੋਫ਼ੇ 'ਤੇ ਢੇਰੀ ਹੋ ਗਿਆ ਸੀ ਅਤੇ ਮੇਰੀਆਂ ਅੱਖਾਂ ਫਰਸ਼ 'ਤੇ ਜੰਮ ਗਈਆਂ ਸਨ। ਕਈ ਘੰਟਿਆਂ ਤਕ ਮੈਂ ਇਸੇ ਸਥਿਤੀ ਵਿਚ ਰਿਹਾ। ਅਤਿਅੰਤ ਜ਼ਿੱਲਤ ਦੀਆਂ ਭਾਵਨਾਵਾਂ ਦੇ ਵਿਚਕਾਰ ਘਿਰਿਆ ਮੈਂ ਕੁਝ ਸੰਤੁਸ਼ਟੀ ਮਹਿਸੂਸ ਕਰ ਰਿਹਾ ਸਾਂ। ਮੈਂ ਇਹ ਇਕਬਾਲ ਨਹੀਂ ਸੀ ਕਰਦਾ ਜੇਕਰ ਮੈਂ ਇਹ ਆਪਣੇ ਖ਼ੁਦ ਦੇ ਲਈ ਨਾ ਲਿਖ ਰਿਹਾ ਹੁੰਦਾ। ਇਕ ਬਹੁਤ ਹੀ ਉਦਾਸ ਖਦਸ਼ੇ ਨੇ ਮੇਰੇ ਦਿਲ ਨੂੰ ਦਬੋਚ ਲਿਆ ਅਤੇ ਕੌਣ ਜਾਣਦਾ ਹੈ, ਕਿ ਅਗਰ ਇਹ ਉਦਾਸ ਖ਼ਦਸ਼ਾ ਸਵਾਰ ਨਾ ਹੁੰਦਾ ਤਾਂ ਮੈਂ ਸ਼ਾਇਦ ਘੋਰ ਨਿਰਾਸ਼ਾ ਵਿਚ ਗਰਕ ਹੋਇਆ ਮਹਿਸੂਸ ਕਰਦਾ। "ਇਹੋ ਜਿਹਾ ਹੁੰਦਾ ਹੈ ਦਿਲ!" ਆਪਣੀ ਮੁੱਠੀ ਨੂੰ ਹਵਾ ਵਿਚ ਉਛਾਲ ਕੇ ਅਤੇ ਮੋਟੀ ਉਂਗਲੀ 'ਤੇ ਇਕ ਕਾਰਨੇਲੀਅਨ ਅੰਗੂਠੀ ਵਿਖਾਉਂਦੇ ਹੋਏ ਇਕ ਰੂਸੀ ਸਕੂਲ ਅਧਿਆਪਕ ਕਹਿੰਦਾ ਪਰ ਮੈਨੂੰ ਸਕੂਲ-ਅਧਿਆਪਕਾਂ ਦੀ ਕਾਰਨੇਲੀਅਨ ਅੰਗੂਠੀ ਨਾਲ ਭਲਾ ਕੀ ਮਤਲਬ?

ਪਰ, ਮੇਰੇ ਖਦਸ਼ੇ ਸਹੀ ਸਾਬਤ ਹੋਏ। ਸ਼ਹਿਰ ਵਿਚ ਅਫ਼ਵਾਹ ਫੈਲੀ ਹੋਈ ਸੀ ਕਿ ਪ੍ਰਿੰਸ ਸੇਂਟ ਪੀਟਰਸਬਰਗ ਲਈ ਰਵਾਨਾ ਹੋ ਗਿਆ ਸੀ। ਉਸ ਨੇ ਲੀਜ਼ਾ ਦਾ ਹੱਥ ਨਹੀਂ ਮੰਗਿਆ ਸੀ ਅਤੇ ਵਿਚਾਰੀ ਲੜਕੀ ਉਸ ਦੇ ਵਿਸ਼ਵਾਸਘਾਤ ਦੇ ਕਾਰਨ ਸਾਰੀ ਉਮਰ ਰੋਣ ਜੋਗੀ ਰਹਿ ਗਈ ਸੀ। ਉਸ ਨੇ ਜਾਣਾ ਅਚਾਨਕ ਸੀ (ਉਹ ਕਹਿੰਦੇ ਸਨ ਕਿ ਉਸ ਨੂੰ ਰਾਜਧਾਨੀ ਤੋਂ ਚਿੱਠੀ ਮਿਲ ਗਈ ਸੀ) ਸ਼ਾਮ ਪਹਿਲਾਂ, ਉਸ ਦੇ ਅਰਦਲੀ ਤਕ ਨੂੰ ਇਹ ਨਹੀਂ ਪਤਾ ਸੀ ਕਿ ਉਸ ਨੇ ਜਾਣਾ ਸੀ - ਮੇਰੇ ਨੌਕਰ ਨੇ ਮੈਨੂੰ ਇਹ ਗੱਲ ਦੱਸੀ ਸੀ। ਇਹ ਅਫ਼ਵਾਹ ਸੁਣ ਕੇ ਮੇਰੇ ਪਸੀਨੇ ਛੁੱਟ ਗਏ। ਮੈਂ ਤੁਰੰਤ ਕੱਪੜੇ ਪਾ ਕੇ ਓਜੋਗਿਨਾਂ ਵੱਲ ਨੂੰ ਚੱਲ ਪਿਆ ਪਰ ਜਾਂਦਿਆਂ-ਜਾਂਦਿਆਂ ਮੈਂ ਆਪਣੇ ਮਨ ਵਿਚ ਸੋਚਿਆ ਕਿ ਚੰਗਾ ਹੋਵੇ ਜੇ ਮੈਂ ਅਗਲੇ ਦਿਨ ਤਕ ਆਪਣੀ ਫੇਰੀ ਮੁਲਤਵੀ ਕਰ ਦੇਵਾਂ। ਇਸ ਦੇਰੀ ਨਾਲ ਮੇਰਾ ਕੁਝ ਵੀ ਨਹੀਂ ਗਵਾਚਣਾ ਸੀ। ਉਸੇ ਦਿਨ ਸ਼ਾਮ ਨੂੰ ਇਕ ਯੂਨਾਨੀ ਯਾਤਰੂ, ਸ਼੍ਰੀਮਾਨ ਪਾਂਡਾਪਿਪਾਲੋ ਜੋ ਇਤਫ਼ਾਕਨ ਹੀ ਓ--- ਵਿਚ ਵੱਸ ਗਿਆ ਸੀ ਜੋ ਪਹਿਲੇ ਦਰਜੇ ਦਾ ਗੱਪੀ ਸੀ ਅਤੇ ਪ੍ਰਿੰਸ ਨਾਲ ਦਵੰਧ ਯੁੱਧ ਬਾਰੇ ਮੇਰੇ ਵਿਰੁੱਧ ਸਭ ਤੋਂ ਵੱਧ ਗੁੱਸਾ ਕੱਢਣ ਵਾਲਾ ਸੀ। ਉਹ ਕਾਹਲੀ ਵਿਚ ਮੇਰੇ ਘਰ ਆਇਆ। ਮੇਰੇ ਅਰਦਲੀ ਨੂੰ ਉਸ ਦੀ ਘੋਸ਼ਣਾ ਕਰਨ ਦਾ ਸਮਾਂ ਵੀ ਦਿੱਤੇ ਬਿਨਾਂ ਉਹ ਮੇਰੇ ਕਮਰੇ ਵਿਚ ਆ ਗਿਆ। ਉਸ ਨੇ ਮੇਰੀ ਬਾਂਹ ਫੜ ਲਈ ਅਤੇ ਇਸ ਨੂੰ ਅਤਿਅੰਤ ਦੋਸਤਾਨਾ ਅੰਦਾਜ਼ ਵਿਚ ਘੁੱਟਿਆ। ਉਸ ਨੇ ਮੁਆਫ਼ੀ ਲਈ ਮੇਰੀਆਂ ਮਿੰਨਤਾਂ ਕੀਤੀਆਂ। ਮੇਰੇ ਨਾਲ ਆਪਣੀਆਂ ਬੇਇਨਸਾਫ਼ੀਆਂ ਲਈ ਖਿਮਾ ਦੀ ਵਾਰ-ਵਾਰ ਮੰਗ ਕੀਤੀ। ਉਸ ਨੇ ਮੈਨੂੰ ਬਹਾਦਰੀ ਅਤੇ ਦਰਿਆਦਿਲੀ ਦਾ ਆਦਰਸ਼ ਕਿਹਾ, ਪ੍ਰਿੰਸ ਲਈ ਸਭ ਤੋਂ ਘਿਨਾਉਣੇ ਸ਼ਬਦਾਂ ਵਿਚ ਗੱਲ ਕੀਤੀ। ਉਸ ਨੇ ਮਿਸਟਰ ਓਜੋਗਿਨ ਨੂੰ ਵੀ ਨਹੀਂ ਬਖ਼ਸ਼ਿਆ। ਓਜੋਗਿਨ ਨੂੰ ਉਸ ਦੀ ਰਾਇ ਅਨੁਸਾਰ ਰੱਬ ਵਲੋਂ ਬਣਦੀ ਸਜ਼ਾ ਮਿਲੀ ਸੀ। ਲੀਜ਼ਾ ਬਾਰੇ ਇਕ ਦੋ ਟਿੱਪਣੀਆਂ ਕੀਤੀਆਂ ਅਤੇ ਮੇਰੇ ਵੱਲੋਂ ਇਕ ਸ਼ਬਦ ਕਹਿਣ ਤੋਂ ਪਹਿਲਾਂ ਹੀ ਮੇਰੇ ਮੋਢੇ ਨੂੰ ਚੁੰਮ ਕੇ ਅੱਖ ਦੇ ਪਲਕਾਰੇ ਵਿਚ ਚਲਾ ਗਿਆ। ਮੈਨੂੰ ਬਹੁਤ ਸਾਰੀਆਂ ਹੋਰ ਗੱਲਾਂ ਦੇ ਨਾਲ ਦੱਸ ਗਿਆ ਕਿ ਪ੍ਰਿੰਸ ਦੇ ਚਲੇ ਜਾਣ ਤੋਂ ਇਕ ਦਿਨ ਪਹਿਲਾਂ ਓਜੋਗਿਨ ਨੇ ਉਸ ਨੂੰ ਵਿਆਹ ਦੇ ਬਾਰੇ ਕੁਝ ਸੰਕੇਤ ਦਿੱਤੇ ਸਨ ਪਰ ਉਸ ਸਹਿਜ ਸੁਭਾ ਜਵਾਬ ਦਿੱਤਾ ਸੀ, ਐ ਸੱਚੇ ਸੁਆਮੀ, ਉਹ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦਿੰਦਾ ਕਿ ਉਸ ਦਾ ਅਜੇ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਸੀ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਅਗਲੇ ਦਿਨ ਮੈਂ ਓਜੋਗਿਨ ਨੂੰ ਮਿਲਣ ਚਲਾ ਗਿਆ ਜਦੋਂ ਉਸ ਦੇ ਕਮਜ਼ੋਰ ਨਜ਼ਰ ਅਰਦਲੀ ਨੇ ਮੈਨੂੰ ਅੰਦਰ ਆਉਂਦੇ ਦੇਖਿਆ ਤਾਂ ਉਹ ਉੱਛਲ ਪਿਆ। ਮੈਂ ਉਸ ਨੂੰ ਮੇਰੇ ਆਉਣ ਬਾਰੇ ਦੱਸਣ ਲਈ ਕਿਹਾ। ਮੈਨੂੰ ਓਜੋਗਿਨ ਦੇ ਰਿਹਾਇਸ਼ੀ ਕਮਰੇ ਵਿਚ ਜਾਣ ਦੀ ਬੇਨਤੀ ਕੀਤੀ ਗਈ ਸੀ।

ਕੱਲ੍ਹ ਤਕ।

30 ਮਾਰਚ- ਕੱਕਰ ਵਾਲਾ ਦਿਨ

ਇਸ ਤਰ੍ਹਾਂ ਮੈਂ ਓਜੋਗਿਨ ਦੇ ਮਕਾਨ ਵਿਚ ਦਾਖ਼ਲ ਹੋ ਗਿਆ। ਮੈਂ ਉਸ ਵਿਅਕਤੀ ਨੂੰ ਕੁਝ ਵੀ ਦੇਣ ਲਈ ਤਿਆਰ ਸੀ ਜੋ ਮੇਰੀ ਉਸ ਸਮੇਂ ਦੀ ਤਸਵੀਰ ਦਿਖਾ ਸਕਦਾ ਜਦੋਂ ਉਹ ਸਨਮਾਨਯੋਗ, ਮਾਣਯੋਗ ਅਧਿਕਾਰੀ ਨੇ ਕਾਹਲੀ-ਕਾਹਲੀ ਆਪਣੇ ਡ੍ਰੈਸਿੰਗ-ਗਾਊਨ ਦੇ ਬਟਨ ਲਾਏ ਅਤੇ ਬਾਹਾਂ ਫ਼ੈਲਾ ਕੇ ਮੈਨੂੰ ਮਿਲਣ ਆਇਆ। ਮੈਨੂੰ ਇਵੇਂ ਲੱਗਾ ਜਿਵੇਂ ਮੈਂ ਮਸ਼ਹੂਰ ਜਰਨੈਲ ਸਕੀਪੀਓ ਅਫ਼ਰੀਕਾਨਸ ਦਾ ਰੂਪ ਧਾਰ ਲਿਆ ਹੋਵੇ। ਅਵੱਸ਼ ਹੀ ਮੂਕ ਜਿੱਤ, ਉਦਾਰਤਾ ਭਰਪੂਰ ਵਡੱਪਣ ਦੇ ਅਹਿਸਾਸ ਅਤੇ ਮੇਰੇ ਪ੍ਰਤੀ ਹਮਦਰਦੀ ਦਾ ਹਾਵ-ਭਾਵ ਹੋਵੇਗਾ। ਬੁੱਢਾ ਆਦਮੀ ਚਿੰਤਾ ਅਤੇ ਉਲਝਣ ਵਿਚ ਸੀ। ਉਸ ਨੇ ਮੇਰੀਆਂ ਨਿਗਾਹਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਬੇਤੁਕੀਆਂ ਹਰਕਤਾਂ ਕਰਦਾ ਰਿਹਾ। ਮੈਂ ਇਹ ਵੀ ਨੋਟ ਕੀਤਾ ਕਿ ਉਹ ਆਮ ਨਾਲੋਂ ਥੋੜ੍ਹਾ ਜਿਹਾ ਉੱਚੀ ਬੋਲਦਾ ਸੀ ਅਤੇ ਬਹੁਤ ਹੀ ਅਸਪਸ਼ਟ ਸ਼ਬਦਾਂ ਵਿਚ ਆਪਣੀ ਗੱਲ ਕਹਿੰਦਾ ਸੀ ਪਰ, ਸੱਚੀ ਸੁਹਿਰਦਤਾ ਨਾਲ ਉਸ ਨੇ ਮੇਰੇ ਕੋਲੋਂ ਮੁਆਫ਼ੀ ਲਈ ਮਿੰਨਤ ਕੀਤੀ। ਉਸ ਨੇ ਚਲੇ ਗਏ ਮਹਿਮਾਨ ਬਾਰੇ, ਆਦਮੀ ਦੀ ਧੋਖਾਧੜੀ ਦੀ ਖ਼ਸਲਤ ਬਾਰੇ ਅਤੇ ਦੁਨਿਆਵੀ ਖ਼ੁਸ਼ੀ ਦੀ ਅਸਥਿਰਤਾ ਬਾਰੇ ਕੁਝ ਅਸਪਸ਼ਟ ਜਿਹੀਆਂ ਟਿੱਪਣੀਆਂ ਕੀਤੀਆਂ ਜਦੋਂ ਉਸ ਨੂੰ ਲੱਗਿਆ ਕਿ ਉਸ ਦੀ ਅੱਖ ਵਿਚ ਅੱਥਰੂ ਰੂਪ ਧਾਰ ਰਿਹਾ ਸੀ ਤਾਂ ਉਸ ਨੇ ਹੰਝੂ ਦੇ ਕਾਰਨ ਬਾਰੇ ਮੈਨੂੰ ਗੁੰਮਰਾਹ ਕਰਨ ਲਈ ਨਸਵਾਰ ਦੀ ਇਕ ਚੂੰਢੀ ਸੁੰਘਣ ਦੀ ਜਲਦਬਾਜ਼ੀ ਕੀਤੀ। ਉਸ ਨੇ ਹਰੀ ਰੂਸੀ ਨਸਵਾਰ ਦੀ ਵਰਤੋਂ ਕੀਤੀ ਜੋ ਬੁੱਢਿਆਂ ਦੀਆਂ ਅੱਖਾਂ ਵਿਚ ਵੀ ਅੱਥਰੂ ਲੈ ਆਉਂਦੀ ਹੈ ਅਤੇ ਉਨ੍ਹਾਂ ਨੂੰ ਕਈ ਮਿੰਟਾਂ ਲਈ ਬੇਸੁਰਤ ਜਿਹਾ ਕਰ ਦਿੰਦੀ ਹੈ।

ਮੈਂ ਬੁੱਢੇ ਨਾਲ ਹਮਦਰਦੀ ਭਰਿਆ ਸਲੂਕ ਕੀਤਾ। ਬੇਸ਼ੱਕ, ਸ਼੍ਰੀਮਤੀ ਓਜੋਗਿਨ ਅਤੇ ਉਸ ਦੀ ਧੀ ਦੀ ਸਿਹਤ ਬਾਰੇ ਪੁੱਛਿਆ ਅਤੇ ਗੱਲਬਾਤ ਦਾ ਰੁਖ "ਜ਼ੁਬਾਨੀ ਘੋਸ਼ਣਾ ਦੁਆਰਾ ਜਾਇਦਾਦ ਦੀ ਵਸੀਅਤ ਕਰਨ" ਦੇ ਬਹੁਤ ਦਿਲਚਸਪ ਕਨੂੰਨੀ ਵਿਸ਼ੇ ਵੱਲ ਮੋੜ ਦਿੱਤਾ। ਮੈਂ ਆਮ ਵਾਂਗ ਕੱਪੜੇ ਪਹਿਨੇ ਹੋਏ ਸਨ ਪਰ ਮੇਰੇ ਅੰਦਰ ਜਾਗੀ ਹਮਦਰਦੀ ਅਤੇ ਦਿਆਲਤਾ ਦੀਆਂ ਬੁਲੰਦ ਭਾਵਨਾਵਾਂ ਦੇ ਸਦਕਾ ਹੌਲੇਪਣ ਅਤੇ ਤਾਜ਼ਗੀ ਕਰਕੇ ਮੈਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਮੈਂ ਗਰਮੀਆਂ ਵਾਲਾ ਚਿੱਟਾ ਸੂਟ ਪਹਿਨਿਆ ਹੋਵੇ। ਐਪਰ, ਲੀਜ਼ਾ ਨਾਲ ਮੁਲਾਕਾਤ ਦੀ ਸੰਭਾਵਨਾ ਨੇ ਮੈਨੂੰ ਥੋੜ੍ਹਾ ਉਤੇਜਿਤ ਕਰ ਦਿੱਤਾ। ਆਖ਼ਿਰ ਮੈਨੂੰ ਓਜੋਗਿਨ ਨੇ ਆਪਣੈ ਪਤਨੀ ਨਾਲ ਮਿਲਣ ਲਈ ਕਿਹਾ। ਮੈਨੂੰ ਦੇਖ ਕੇ ਉਹ ਚੰਗੀ, ਸਾਦਾ ਔਰਤ ਬਹੁਤ ਘਬਰਾ ਗਈ ਪਰ ਉਸ ਦਾ ਦਿਮਾਗ਼ ਕਿਸੇ ਪ੍ਰਭਾਵ ਨੂੰ ਲੰਬੇ ਸਮਾਂ ਤਕ ਰੱਖਣ ਲਈ ਨਹੀਂ ਬਣਿਆ ਸੀ। ਇਸ ਲਈ ਉਹ ਛੇਤੀ ਹੀ ਸ਼ਾਂਤ ਹੋ ਗਈ। ਆਖ਼ਿਰਕਾਰ ਮੈਂ ਲੀਜ਼ਾ ਨੂੰ ਵੇਖਿਆ।

ਉਹ ਆਪਣੀ ਮਾਂ ਦੇ ਨਾਲ ਆਈ ਜਿੱਥੇ ਅਸੀਂ ਬੈਠੇ ਸੀ। ਮੈਂ ਇਕ ਅਪਮਾਨਿਤ ਅਤੇ ਪਸ਼ਚਾਤਾਪ ਕਰ ਰਹੀ ਇਕ ਪਾਪੀ ਆਤਮਾ ਨਾਲ ਮੁਲਾਕਾਤ ਕਰਨ ਦੀ ਆਸ ਕੀਤੀ ਸੀ। ਮੈਂ ਪਹਿਲਾਂ ਹੀ ਸਨੇਹ ਭਰੇ ਅਤੇ ਅਤਿ ਉਤਸ਼ਾਹ-ਬੰਨਾਊ ਹਾਵ-ਭਾਵ ਧਾਰਨ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਸ ਨੂੰ ਕਿਉਂ ਲੁਕਾਵਾਂ? ਮੈਂ ਸੱਚਮੁਚ ਉਸ ਔਰਤ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਮੁਆਫ਼ ਕਰਨ ਤੇ ਉਸ ਵੱਲ ਆਪਣਾ ਹੱਥ ਵਧਾਉਣ ਲਈ ਉਤਾਵਲਾ ਸੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਮੇਰੀ ਦੁਆ ਸਲਾਮ ਦੇ ਜਵਾਬ ਵਜੋਂ ਬੜੇ ਆਰਾਮ ਨਾਲ ਹੱਸਣਾ ਸ਼ੁਰੂ ਕਰ ਦਿੱਤਾ ਅਤੇ ਲਾਪਰਵਾਹੀ ਨਾਲ ਕਿਹਾ, "ਕੀ ਇਹ ਤੁਸੀਂ ਹੋ?" ਫਿਰ ਦੂਜੇ ਪਾਸੇ ਵੱਲ ਮੂੰਹ ਫੇਰ ਲਿਆ। ਇਹ ਸੱਚ ਹੈ ਕਿ ਉਸ ਦੀ ਹਾਸੀ ਸੁਭਾਵਿਕ ਨਹੀਂ ਸੀ, ਸਗੋਂ ਧੱਕੇ ਨਾਲ ਲਿਆਂਦੀ ਗਈ ਸੀ। ਇਹ ਕਿਸੇ ਵੀ ਤਰੀਕੇ ਉਸ ਦੇ ਲਮਕੇ ਹੋਏ ਚਿਹਰੇ ਨਾਲ ਮੇਲ ਨਹੀਂ ਖਾਂਦੀ ਸੀ ਪਰ ਮੈਨੂੰ ਉਸ ਕੋਲੋਂ ਅਜਿਹੇ ਸਲੂਕ ਦੀ ਆਸ ਨਹੀਂ ਸੀ।

ਮੈਂ ਉਸ ਵੱਲ ਹੈਰਾਨੀ ਨਾਲ ਦੇਖਿਆ। ਉਸ ਦੀ ਸਾਰੀ ਦਿੱਖ ਕਿੰਨੀ ਬਦਲ ਗਈ ਸੀ! ਮੈਨੂੰ ਪਤਾ ਲੱਗ ਗਿਆ ਸੀ ਕਿ ਕੁਝ ਹਫ਼ਤੇ ਪਹਿਲਾਂ ਮੈਨੂੰ ਮਿਲੀ ਇਕ ਨਿਰੋਲ ਬੱਚੀ ਅਤੇ ਹੁਣ ਮੇਰੇ ਸਾਹਮਣੇ ਖੜ੍ਹੀ ਔਰਤ ਦੇ ਵਿਚ ਕੀ ਫ਼ਰਕ ਸੀ! ਇੰਝ ਜਾਪਦਾ ਸੀ ਜਿਵੇਂ ਉਹ ਵੱਡੀ ਅਤੇ ਲੰਮੀ ਹੋ ਗਈ ਸੀ। ਉਸ ਦੇ ਚਿਹਰੇ ਦੀਆਂ, ਖ਼ਾਸ ਕਰਕੇ ਉਸ ਦੇ ਬੁੱਲ੍ਹਾਂ ਦੀਆਂ ਲਕੀਰਾਂ ਗੂੜ੍ਹੀਆਂ ਹੋ ਗਈਆਂ ਸਨ। ਉਸ ਦੀ ਤੱਕਣੀ ਹੋਰ ਗਹਿਰੀ, ਕਠੋਰ ਹੋ ਗਈ ਸੀ। ਉਸ ਦੇ ਹਾਵ-ਭਾਵ ਉਦਾਸ ਅਤੇ ਤੀਖ਼ਣ ਹੋ ਗਏ ਸਨ। ਮੈਂ ਓਜੋਗਿਨਾਂ ਕੋਲ ਰਾਤ ਦੇ ਖਾਣੇ, ਦੇ ਸਮੇਂ ਤਕ ਰਿਹਾ। ਉਹ ਬਹੁਤ ਸ਼ਾਂਤ ਕਮਰੇ ਵਿਚ ਆਉਂਦੀ ਤੇ ਬਾਹਰ ਚਲੀ ਜਾਂਦੀ। ਉਸ ਨੇ ਸਾਰੇ ਸਵਾਲਾਂ ਦਾ ਚੰਗੀ ਤਰ੍ਹਾਂ ਜਵਾਬ ਦਿੱਤਾ ਅਤੇ ਜਾਣ ਬੁੱਝ ਕੇ ਮੇਰੇ ਵੱਲ ਧਿਆਨ ਦੇਣ ਤੋਂ ਪਰਹੇਜ਼ ਕੀਤਾ। ਉਹ ਮੈਨੂੰ ਦਿਖਾਉਣਾ ਚਾਹੁੰਦੀ ਸੀ - ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਕਿ ਮੈਂ ਤਾਂ ਉਸ ਦੇ ਗੁੱਸੇ ਦਾ ਹੱਕਦਾਰ ਵੀ ਨਹੀਂ ਸੀ। ਹਾਲਾਂਕਿ ਮੈਂ ਉਸ ਦੇ ਪ੍ਰੇਮੀ ਨੂੰ ਮਾਰ ਹੀ ਤਾਂ ਦਿੱਤਾ ਸੀ। ਮੈਂ ਹੁਣ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ। ਮੈਂ ਕੁਝ ਤਲਖ਼ ਟਿੱਪਣੀਆਂ ਕਰ ਦਿੱਤੀਆਂ। ਉਹ ਚੌਂਕ ਗਈ ਤੇ ਮੇਰੇ ਵੱਲ ਠੰਢੀ ਜਿਹੀ ਭਰੀ ਨਜ਼ਰ ਨਾਲ ਤੱਕਦਿਆਂ ਆਪਣੀ ਸੀਟ ਤੋਂ ਉੱਠੀ ਅਤੇ ਖਿੜਕੀ ਕੋਲ ਖੜ੍ਹ ਕੇ ਉਸ ਨੇ ਕੰਬਦੀ ਆਵਾਜ਼ ਨਾਲ ਕਿਹਾ।

"ਤੁਸੀਂ ਜੋ ਚਾਹੋ ਕਹਿ ਸਕਦੇ ਹੋ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਸਮਝ ਲਵੋ ਕਿ ਮੈਂ ਉਸ ਆਦਮੀ ਨੂੰ ਪਿਆਰ ਕਰਦੀ ਸੀ, ਅੱਜ ਵੀ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ। ਮੈਂ ਇਹ ਨਹੀਂ ਕਹਿੰਦੀ ਕਿ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਇਸ ਦੇ ਉਲਟ--"

ਉਸ ਦੀ ਆਵਾਜ਼ ਉਸ ਦਾ ਸਾਥ ਛੱਡ ਗਈ। ਉਹ ਚੁੱਪ ਕਰ ਗਈ। ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ, ਉਸ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਅਤੇ ਉਹ ਕਮਰੇ ਵਿਚੋਂ ਚਲੀ ਗਈ। ਬਜ਼ੁਰਗ ਓਜੋਗਿਨ ਉਲਝਣ ਵਿਚ ਪੈ ਗਿਆ। ਮੈਂ ਉੱਠਿਆ, ਉਨ੍ਹਾਂ ਨਾਲ ਹੱਥ ਮਿਲਾਇਆ, ਆਹ ਭਰੀ, ਆਪਣੀਆਂ ਅੱਖਾਂ ਛੱਤ ਵੱਲ ਨੂੰ ਉਠਾਈਆਂ ਅਤੇ ਤੁਰ ਪਿਆ।

ਮੈਂ ਬਹੁਤ ਕਮਜ਼ੋਰ ਹਾਂ। ਮੇਰੇ ਕੋਲ ਬਹੁਤ ਸਮਾਂ ਨਹੀਂ ਬਚਿਆ। ਮੈਂ ਹੁਣ ਪਹਿਲੇ ਜਿਹੀ ਸ਼ੁੱਧਤਾ ਦੇ ਨਾਲ ਵਰਣਨ ਕਰਨ ਦੇ ਯੋਗ ਨਹੀਂ ਹਾਂ। ਓਜੋਗਿਨਾਂ ਨਾਲ ਨਵੇਂ ਸਿਰੇ ਤੋਂ ਨੇੜਤਾ ਕਰਨ ਦੇ ਬਾਅਦ ਮੈਂ ਦੁੱਖਦਾਈ ਵਿਚਾਰਾਂ ਅਤੇ ਭਾਵਨਾਵਾਂ ਦੀ, ਨਵੇਂ ਕੀਤੇ ਫ਼ੈਸਲਿਆਂ ਅਤੇ ਮੇਰੇ ਹੰਢਾਏ ਮਾਨਸਿਕ ਸੰਘਰਸ਼ ਦੇ ਦੂਜੇ ਨਤੀਜਿਆਂ ਨੂੰ ਬਿਆਨ ਨਹੀਂ ਕਰ ਸਕਦਾ। ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਲੀਜ਼ਾ ਨੂੰ ਪ੍ਰਿੰਸ ਨਾਲ ਪਿਆਰ ਸੀ ਅਤੇ ਪਿਆਰ ਕਰਦੀ ਰਹੇਗੀ। ਐਸੇ ਵਿਅਕਤੀ ਦੇ ਤੌਰ 'ਤੇ ਜਿਸ ਨੂੰ ਹਾਲਾਤ ਨੇ ਬੇਇੱਜ਼ਤ ਕੀਤਾ ਸੀ ਅਤੇ ਜਿਸ ਨੇ ਕਿਸਮਤ ਅੱਗੇ ਝੁਕ ਜਾਣਾ ਸਿੱਖ ਲਿਆ ਸੀ। ਮੈਂ ਵੀ ਲੀਜ਼ਾ ਦੇ ਪਿਆਰ ਦਾ ਪਾਤਰ ਬਣਨ ਲਈ ਕੋਈ ਸੁਪਨਾ ਨਹੀਂ ਵੇਖਦਾ ਸੀ। ਮੇਰਾ ਦਿਲ ਸਿਰਫ਼ ਉਸ ਦੀ ਦੋਸਤੀ ਲਈ ਤਰਸਦਾ ਸੀ। ਮੈਂ ਉਸ ਦਾ ਵਿਸ਼ਵਾਸ ਅਤੇ ਸਤਿਕਾਰ ਹਾਸਿਲ ਕਰਨਾ ਚਾਹੁੰਦਾ ਸੀ ਜਿਨ੍ਹਾਂ ਬਾਰੇ ਕਹਿੰਦੇ ਹਨ ਕਿ ਇਹ ਦੋਨੋਂ ਵਿਵਾਹਿਤ ਜੀਵਨ ਨੂੰ ਸਹਾਰਾ ਦੇਣ ਵਾਲੇ ਸਭ ਤੋਂ ਮਜ਼ਬੂਤ ​​ਥੰਮ੍ਹ ਹਨ ਪਰ, ਬਦਕਿਸਮਤੀ ਨਾਲ ਇਕ ਪ੍ਰਮੁੱਖ ਗੱਲ ਮੇਰੇ ਧਿਆਨ ਵਿਚ ਨਹੀਂ ਰਹੀ ਸੀ। ਲੀਜ਼ਾ ਪ੍ਰਿੰਸ ਨਾਲ ਮੇਰੇ ਦਵੰਧ ਯੁੱਧ ਤੋਂ ਬਾਅਦ ਮੇਰੀ ਸੂਰਤ ਦੇਖਣਾ ਸਹਿਣ ਨਹੀਂ ਕਰ ਸਕਦੀ ਸੀ। ਇਸ ਬਾਰੇ ਮੈਨੂੰ ਬਹੁਤ ਦੇਰ ਨਾਲ ਪਤਾ ਚੱਲਿਆ।

ਮੈਂ ਦੁਬਾਰਾ ਓਜੋਗਿਨਾਂ ਦੇ ਜਾਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਓਜੋਗਿਨ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ। ਉਸ ਨੇ ਮੇਰੇ ਨਾਲ ਪਹਿਲਾਂ ਨਾਲੋਂ ਵੀ ਗੂੜ੍ਹੀ ਦੋਸਤੀ ਕਰ ਲਈ। ਮੇਰੇ ਕੋਲ ਇਹ ਵਿਸ਼ਵਾਸ ਕਰਨ ਦੇ ਚੰਗੇ ਕਾਰਨ ਸਨ ਕਿ ਉਹ ਆਪਣੀ ਧੀ ਨਾਲ ਮੇਰੇ ਵਿਆਹ ਕਰਵਾਉਣ ਨੂੰ ਆਪਣੀ ਸਹਿਮਤੀ ਦੇ ਕੇ ਬਹੁਤ ਖ਼ੁਸ਼ੀ ਮਹਿਸੂਸ ਕਰਦਾ ਹਾਲਾਂਕਿ ਮੈਂ ਬਹੁਤਾ ਵਧੀਆ ਵਰ ਨਹੀਂ ਸੀ। ਲੋਕ ਰਾਇ ਉਸ ਦੇ ਤੇ ਲੀਜ਼ਾ ਦੇ ਵਿਰੁੱਧ ਸੀ ਅਤੇ ਮੇਰੇ ਪੱਖ ਵਿਚ ਬਹੁਤ ਉਲਾਰ ਸੀ। ਮੇਰੇ ਪ੍ਰਤੀ ਲੀਜ਼ਾ ਦਾ ਵਤੀਰਾ ਨਹੀਂ ਬਦਲਿਆ। ਉਹ ਜ਼ਿਆਦਾਤਰ ਚੁੱਪ ਰਹਿੰਦੀ ਸੀ ਅਤੇ ਠਰੰਮ੍ਹੇ ਨਾਲ ਹਰ ਚੀਜ਼ ਕਰਦੀ ਜੋ ਉਸ ਨੂੰ ਕਰਨ ਦੀ ਲੋੜ ਸੀ। ਉਸ ਨੇ ਅੰਦਰ ਪਲ ਰਹੀ ਮੁਸੀਬਤ ਦਾ ਕੋਈ ਅਤਾ-ਪਤਾ ਨਹੀਂ ਲੱਗਣ ਦਿੱਤਾ ਪਰ ਉਸ ਦੀ ਹਾਲਤ ਹਰ ਰੋਜ਼ ਬਦਤਰ ਹੁੰਦੀ ਅਤੇ ਚਿੰਤਾ ਦੇ ਨਿਸ਼ਾਨ ਹੋਰ ਗੂੜ੍ਹੇ ਹੋ ਗਏ ਨਜ਼ਰ ਆਉਂਦੇ। ਸ਼੍ਰੀਮਾਨ ਓਜੋਗਿਨ ਬਾਰੇ ਇਹ ਦੱਸਣਾ ਇਨਸਾਫ਼ ਦਾ ਤਕਾਜ਼ਾ ਹੈ ਕਿ ਉਹ ਉਸ ਨਾਲ ਬਹੁਤ ਹੀ ਪ੍ਰੇਮ ਨਾਲ ਪੇਸ਼ ਆਉਂਦਾ ਸੀ। ਸ਼੍ਰੀਮਤੀ ਓਜੋਗਿਨ ਹਰ ਵਾਰ ਆਪਣੀ ਪਿਆਰੀ ਧੀ ਨੂੰ ਵੇਖ ਕੇ ਹਮੇਸ਼ਾ ਇਕ ਡੂੰਘਾ ਹਾਉਕਾ ਭਰਦੀ। ਕੇਵਲ ਇਕ ਵਿਅਕਤੀ ਸੀ ਜਿਸ ਨੂੰ ਲੀਜ਼ਾ ਦੁਰਕਾਰਦੀ ਨਹੀਂ ਸੀ ਭਾਵੇਂ ਉਸ ਨੂੰ ਵੀ ਉਹ ਗੱਲਬਾਤ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਕਰਦੀ ਸੀ ਅਤੇ ਉਹ ਵਿਅਕਤੀ ਬਿਜ਼ਮਨਕੋਫ ਸੀ। ਬਜ਼ੁਰਗ ਓਜੋਗਿਨ ਉਸ ਨਾਲ ਰੁੱਖ਼ਾ ਹੀ ਨਹੀਂ, ਸਗੋਂ ਅੱਖੜ ਸਲੂਕ ਕਰਦੇ। ਉਹ ਪ੍ਰਿੰਸ ਨਾਲ ਮੇਰੇ ਦਵੰਧ-ਯੁੱਧ ਵਿਚ ਉਸ ਵੱਲੋਂ ਪ੍ਰਿੰਸ ਦਾ ਦੂਜਾ ਬਣਨਾ ਚੰਗਾ ਨਹੀਂ ਸੀ ਲੱਗਿਆ ਅਤੇ ਉਸ ਨੂੰ ਮੁਆਫ਼ ਨਹੀਂ ਕਰ ਸਕੇ ਸਨ ਪਰ ਉਹ ਉਨ੍ਹਾਂ ਦੇ ਅੱਖੜਪੁਣੇ ਨੂੰ ਨਜ਼ਰਅੰਦਾਜ਼ ਕਰਦਾ ਜਾਪਦਾ ਸੀ। ਉਸ ਨੇ ਆਪਣਾ ਆਉਣਾ ਜਾਰੀ ਰੱਖਿਆ। ਮੇਰੇ ਨਾਲ ਉਹਦਾ ਸਲੂਕ ਰੁੱਖ਼ਾ ਸੀ ਅਤੇ ਅਜੀਬ ਗੱਲ ਹੈ ਕਿ ਉਹ ਮੇਰੇ ਤੋਂ ਡਰਦਾ ਸੀ।

ਮਾਮਲਿਆਂ ਦੀ ਅਜਿਹੀ ਸਥਿਤੀ ਦੋ ਹਫ਼ਤਿਆਂ ਤਕ ਜਾਰੀ ਰਹੀ। ਆਖ਼ਿਰਕਾਰ, ਇਕ ਰਾਤ ​​ ਨੀਂਦ ਨਾ ਆਉਣ ਤੋਂ ਬਾਅਦ ਮੈਂ ਲੀਜ਼ਾ ਕੋਲ ਆਪਣਾ ਦਿਲ ਖੋਲ੍ਹਣ ਦਾ, ਉਸ ਨੂੰ ਆਪਣੀ ਹਾਲਤ ਸਮਝਾਉਣ ਦਾ ਅਤੇ ਇਹ ਦੱਸਣ ਦਾ ਫ਼ੈਸਲਾ ਕੀਤਾ ਕਿ ਜੇਕਰ ਉਹ ਮੈਨੂੰ ਆਪਣੇ ਭਰੋਸੇ ਅਤੇ ਵਿਸ਼ਵਾਸ ਦੇ ਯੋਗ ਸਮਝੇ ਤਾਂ ਮੈਂ ਸਭ ਕੁਝ ਦੇ ਬਾਵਜੂਦ, ਦੁਨੀਆ ਦੀ ਸਾਰੀ ਨਿੰਦਾ-ਚੁਗ਼ਲੀ ਅਤੇ ਬਦਨਾਮੀ ਦੇ ਬਾਵਜੂਦ ਇਸ ਨੂੰ ਆਪਣੀ ਸਭ ਤੋਂ ਵੱਡੀ ਖੁਸ਼ੀ ਸਮਝਾਂਗਾ। ਮੈਂ ਇਮਾਨਦਾਰੀ ਨਾਲ ਇਹ ਸੋਚਦਾ ਸੀ ਕਿ ਮੈਂ ਇਸ ਤਰ੍ਹਾਂ ਫਰਾਖ਼ਦਿਲੀ ਦੀ ਮਹਾਨ ਭੱਦਰਤਾ ਦੀ ਮਿਸਾਲ ਕਾਇਮ ਕਰ ਦੇਣੀ ਸੀ ਅਤੇ ਉਸ ਨੇ ਮੇਰੇ ਇਸ ਤਰ੍ਹਾਂ ਦੇ ਆਚਰਣ ਦੀ ਕਾਇਲ ਹੋ ਜਾਣਾ ਸੀ ਤੇ ਬਿਨਾਂ ਕਿਸੇ ਝਿਜਕ ਦੇ ਮੇਰੀ ਬੇਨਤੀ ਨੂੰ ਮੰਨ ਲੈਣਾ ਸੀ। "ਕਿਸੇ ਵੀ ਕੀਮਤ 'ਤੇ," ਮੈਂ ਆਪਣੇ ਆਪ ਨੂੰ ਕਿਹਾ, "ਮੈਨੂੰ ਉਸ ਨਾਲ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਆਪਣੀ ਅਨਿਸ਼ਚਿਤ ਸਥਿਤੀ ਦਾ ਅੰਤ ਕਰ ਦੇਣਾ ਚਾਹੀਦਾ ਹੈ।"

ਸ਼੍ਰੀ ਓਜੋਗਿਨ ਦੇ ਘਰ ਦੇ ਪਿਛਲੇ ਹਿੱਸੇ ਵਿਚ ਇਕ ਬਹੁਤ ਵੱਡਾ ਬਾਗ਼ ਸੀ ਜਿਸ ਦੇ ਦੂਜੇ ਪਾਸੇ ਖੱਟੇ ਦੇ ਰੁੱਖਾਂ ਦੇ ਅਣਗੌਲੇ ਝੁੰਡ ਸਨ। ਲੀਜਾ ਸਾਰਾ ਦਿਨ ਉਸ ਬਾਗ਼ ਵਿਚ ਇਕੱਲੀ ਘੁੰਮਦੀ ਰਹਿੰਦੀ ਸੀ। ਸ਼੍ਰੀ ਓਜੋਗਿਨ ਕਿਸੇ ਨੂੰ ਵੀ ਉਸ ਨੂੰ ਪ੍ਰੇਸ਼ਾਨ ਕਰਨ ਦੀ ਆਗਿਆ ਨਹੀਂ ਦਿੰਦਾ ਸੀ। ਉਹ ਕਹਿੰਦਾ ਹੁੰਦਾ ਸੀ ਕਿ "ਉਸ ਨੂੰ ਆਪਣੇ ਸੋਗ 'ਚੋਂ ਨਿਕਲ ਆਉਣ ਦੇਣਾ ਚਾਹੀਦਾ ਹੈ।" ਜਦ ਉਸ ਦਾ ਘਰ ਵਿਚ ਹੋਣਾ ਜ਼ਰੂਰੀ ਹੁੰਦਾ ਤਾਂ ਉਹ ਉਸ ਸਮੇਂ ਘਰ ਨਾ ਹੁੰਦੀ ਸੀ ਤਾਂ ਬਰਾਂਡੇ ਵਿਚ ਘੰਟੀ ਵਜਾ ਦਿੱਤੀ ਜਾਂਦੀ ਸੀ ਅਤੇ ਲੀਜ਼ਾ ਤੁਰੰਤ ਆ ਹਾਜ਼ਰ ਹੁੰਦੀ ਸੀ। ਬੁੱਲ੍ਹਾਂ ਤੇ ਅੱਖਾਂ ਵਿਚ ਉਹੀ ਜਿੱਦੀ ਚੁੱਪ ਅਤੇ ਚਿੰਤਾ ਦਿਖਾਈ ਦਿੰਦੀ। ਕਦੇ-ਕਦਾਈਂ ਉਸ ਦੇ ਹੱਥ ਵਿਚ ਇਕ ਮੁਰਝਾਇਆ ਪੱਤਾ ਜਾਂ ਸਰਕੰਡੇ ਦਾ ਟੁੱਟਿਆ ਕਾਨਾ ਹੁੰਦਾ। ਇਕ ਦਿਨ ਦੁਪਹਿਰ ਬਾਅਦ ਇਹ ਵੇਖ ਕੇ ਕਿ ਉਹ ਘਰ ਵਿਚ ਨਹੀਂ ਸੀ। ਮੈਂ ਬਜ਼ੁਰਗ ਲੋਕਾਂ ਤੋਂ ਛੁੱਟੀ ਲੈ ਲਈ ਤੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ। ਪਿਛਲੇ ਹਿੱਸੇ ਵਿਚ ਇਕ ਵਾੜ ਜਿਹੀ ਟੱਪ ਕੇ ਬਿਨਾਂ ਕਿਸੇ ਦੀ ਨਜ਼ਰੀ ਪਏ ਬਾਗ਼ ਵਿਚ ਵੜ ਗਿਆ।

ਮੈਂ ਬਿਨਾਂ ਕਿਸੇ ਸੋਚ-ਵਿਚਾਰ ਦੇ ਸੰਘਣੇ ਰੁੱਖਾਂ ਵੱਲ ਸਿੱਧਾ ਹੋ ਗਿਆ। ਮੇਰੇ ਸਾਹਮਣੇ ਲੀਜ਼ਾ ਖੜ੍ਹੀ ਸੀ। ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਮੈਂ ਉਸ ਕੋਲ ਪਹੁੰਚਣ ਤੋਂ ਪਹਿਲਾਂ ਸਾਹ ਲੈਣ ਲਈ ਰੁਕ ਗਿਆ। ਉਸ ਨੇ ਮੈਨੂੰ ਨਹੀਂ ਸੀ ਦੇਖਿਆ ਅਤੇ ਸਧਰਾਈਆਂ ਨਜ਼ਰਾਂ ਦੂਰ ਦੁਮੇਲ ਵੱਲ ਵੇਖ ਰਹੀਆਂ ਸਨ। ਅਚਾਨਕ ਉਹ ਪਿੱਛੇ ਮੁੜੀ ਅਤੇ ਸੁਣਨਾ ਸ਼ੁਰੂ ਕੀਤਾ। ਦੂਰ ਤੋਂ ਦੋ ਖੜਾਕੇ ਸੁਣੇ ਗਏ ਸਨ। ਲੀਜ਼ਾ ਨੇ ਜਵਾਬ ਵਜੋਂ ਤਾੜੀ ਵਜਾਈ। ਬਾਗ਼ ਦੇ ਪਿਛਵਾੜੇ ਵਾਲੇ ਗੇਟ ਦੀ ਚਿਰਰ ਚਿਰਰ ਹੋਈ। ਖੱਟਿਆਂ ਦੇ ਝੁੰਡ ਵਿਚੋਂ ਹਲਕਾ ਜਿਹਾ ਖੜਾਕ ਹੋਇਆ ਅਤੇ ਬਿਜ਼ਮਨਕੋਫ ਤੁਰਿਆ ਆਉਂਦਾ ਵਿਖਾਈ ਦਿੱਤਾ। ਮੈਂ ਇਕ ਦਰੱਖ਼ਤ ਦੇ ਪਿੱਛੇ ਲੁਕ ਗਿਆ। ਲੀਜ਼ਾ ਚੁੱਪਚਾਪ ਇਸ ਨਵੇਂ ਆਏ ਸੱਜਣ ਕੋਲ ਚਲੀ ਗਈ। ਉਸ ਨੇ ਲੀਜ਼ਾ ਦੀ ਬਾਂਹ ਵਿਚ ਬਾਂਹ ਪਾ ਲਈ ਅਤੇ ਉਹ ਡੰਡੀ-ਡੰਡੀ ਤੁਰ ਪਏ। ਮੈਂ ਹੈਰਾਨ ਹੋਇਆ ਉਨ੍ਹਾਂ ਨੂੰ ਵੇਖਦਾ ਰਿਹਾ। ਉਹ ਰੁਕੇ, ਆਲੇ-ਦੁਆਲੇ ਵੇਖਿਆ ਅਤੇ ਝਾੜਾਂ ਦੇ ਬਣੇ ਘਰ ਵਿਚ ਵੜ ਗਏ।

ਇਹ ਘਰ ਲੱਠਾਂ ਦਾ ਬਣਿਆਂ ਛੋਟਾ ਜਿਹਾ ਗੋਲ-ਮਟੋਲ ਢਾਂਚਾ ਸੀ ਜਿਸ ਦੇ ਇਕ ਪਾਸੇ ਬੂਹਾ ਸੀ ਤੇ ਦੂਜੇ ਪਾਸੇ ਨਿੱਕੀ ਜਿਹੀ ਬਾਰੀ। ਇਸ ਦੇ ਵਿਚਕਾਰ ਇਕ ਮੇਜ਼ ਸੀ ਜਿਸ ਦੇ ਨੇੜੇ ਕੰਧ ਤੋਂ ਕੁਝ ਹੱਟਵੇਂ ਦੋ ਅਨਘੜ ਜਿਹੇ ਬੈਂਚ ਸਨ। ਹਰ ਚੀਜ਼ ਧੂੜ ਨਾਲ ਭਰੀ ਪਈ ਸੀ। ਕੰਧਾਂ ਸਿੱਲੀਆਂ ਲੱਗਦੀਆਂ ਸਨ ਅਤੇ ਮੇਜ਼ ਦੇ ਫੱਟਿਆਂ ਦੀਆਂ ਵਿੱਥਾਂ ਵਿਚ ਕੁਝ ਘਾਹ ਦੀਆਂ ਪੱਤੀਆਂ ਵੀ ਉੱਗ ਆਈਆਂ ਸਨ। ਸ਼ਾਇਦ ਸਾਲ ਵਿਚ ਇਕ ਜਾਂ ਦੋ ਵਾਰ, ਬਹੁਤ ਹੀ ਲੋਹੜੇ ਦੀ ਗਰਮੀ ਦੇ ਦਿਨ, ਪਰਿਵਾਰ ਇਸ ਖੁੱਲ੍ਹੇ ਕਮਰੇ ਦੀ ਠੰਡਕ ਵਿਚ ਚਾਹ ਪੀਆ ਕਰਦਾ ਸੀ ਜੋ ਕਿ ਬਹੁਤ ਹੀ ਨਜ਼ਰਅੰਦਾਜ਼ ਕੀਤੀ ਸਥਿਤੀ ਵਿਚ ਸੀ। ਦਰਵਾਜ਼ਾ ਬੰਦ ਨਹੀਂ ਹੁੰਦਾ ਸੀ ਅਤੇ ਛੋਟੀ ਜਿਹੀ ਖਿੜਕੀ ਦਾ ਪੱਲਾ ਇਕ ਚੂਲ 'ਤੇ ਅਟਕਿਆ ਹੋਇਆ ਸੀ। ਕਿਸੇ ਬੀਮਾਰ ਪੰਛੀ ਦੇ ਟੁੱਟੇ ਹੋਏ ਖੰਭ ਵਾਂਗ ਉਦਾਸ ਜਾਪਦਾ ਸੀ। ਮੈਂ ਚੋਰੀ-ਚੋਰੀ ਇਸ ਘਰੌਂਦੇ ਕੋਲ ਗਿਆ ਅਤੇ ਖਿੜਕੀ ਵਿਚੋਂ ਦੇਖਿਆ। ਲੀਜ਼ਾ ਇਕ ਬੈਂਚ 'ਤੇ ਬੈਠ ਗਈ ਸੀ। ਉਸ ਦਾ ਸਿਰ ਮਗਰ ਨੂੰ ਢਿਲਕਿਆ ਹੋਇਆ ਸੀ। ਉਸ ਦਾ ਸੱਜਾ ਹੱਥ ਲੀਜ਼ਾ ਦੀ ਗੋਦ ਵਿਚ ਬੇਪਰਵਾਹ ਪਿਆ ਸੀ। ਬਿਜ਼ਮਨਕੋਫ ਦੋਹਾਂ ਹੱਥਾਂ ਵਿਚ ਉਸ ਦਾ ਖੱਬਾ ਹੱਥ ਫੜੀ ਉਸ ਦੇ ਨੇੜੇ ਬੈਠਾ ਸੀ ਅਤੇ ਪਿਆਰ ਨਾਲ ਉਸ ਦੇ ਚਿਹਰੇ ਵੱਲ ਤਕ ਰਿਹਾ ਸੀ।

"ਤੁਸੀਂ ਅੱਜ ਕਿਵੇਂ ਮਹਿਸੂਸ ਕਰਦੇ ਹੋ, ਐਲਿਜ਼ਾਬੈਥ ਕਿਰੀਲੋਵਨਾ?" ਉਸ ਨੇ ਬਹੁਤ ਹੀ ਹੌਲੀ ਆਵਾਜ਼ ਵਿਚ ਪੁੱਛਿਆ।

"ਬਸ ਪਹਿਲਾਂ ਵਰਗਾ,"ਉਸ ਨੇ ਜਵਾਬ ਦਿੱਤਾ, "ਨਾ ਤਾਂ ਵਧੀਆ ਅਤੇ ਨਾ ਹੀ ਬਹੁਤ ਬੁਰਾ। ਖ਼ਾਲੀਪਣ, ਭਿਆਨਕ ਖ਼ਾਲੀਪਣ!" ਉਦਾਸ ਨਿਗਾਹਾਂ ਉੱਪਰ ਚੁੱਕਦਿਆਂ ਉਸ ਨੇ ਕਿਹਾ।

ਬਿਜ਼ਮਨਕੋਫ ਨੇ ਮੁੜ ਕੋਈ ਟਿੱਪਣੀ ਨਹੀਂ ਕੀਤੀ।

"ਤੁਸੀਂ ਕੀ ਸੋਚਦੇ ਹੋ, ਬਿਜ਼ਮਨਕੋਫ?" ਉਸ ਨੇ ਅੱਗੇ ਕਿਹਾ, "ਕੀ ਉਹ ਮੈਨੂੰ ਇਕ ਹੋਰ ਪੱਤਰ ਲਿਖੇਗਾ?" "ਮੇਰਾ ਨਹੀਂ ਖ਼ਿਆਲ ਕਿ ਉਹ ਲਿਖੇਗਾ, ਐਲਿਜ਼ਾਬੈਥ ਕਿਰੀਲੋਵਨਾ," ਜਵਾਬ ਸੀ।

ਕੁਝ ਸਮਾਂ ਚੁੱਪ ਰਹਿੰਦੀ ਹੈ।

"ਸੱਚੀ ਗੱਲ ਹੈ, ਉਹ ਮੈਨੂੰ ਲਿਖੇ ਵੀ ਕਿਉਂ?" ਉਸ ਨੇ ਕਿਹਾ। "ਉਸ ਨੇ ਆਪਣੀ ਪਹਿਲੀ ਚਿੱਠੀ ਵਿਚ ਮੈਨੂੰ ਸਭ ਕੁਝ ਦੱਸ ਦਿੱਤਾ ਸੀ। ਮੈਂ ਉਸ ਦੀ ਪਤਨੀ ਨਹੀਂ ਬਣ ਸਕਦੀ ਪਰ ਮੈਂ ਖੁਸ਼ ਸਾਂ ਥੋੜ੍ਹੇ ਸਮੇਂ ਲਈ ਹੀ, ਇਹ ਸੱਚ ਹੈ ਪਰ ਮੈਂ ਖੁਸ਼ ਸੀ!"

ਬਿਜ਼ਮਨਕੋਫ ਨੇ ਦੁਖੀ ਅਤੇ ਗੰਭੀਰ ਜਿਹਾ ਚਿਹਰਾ ਬਣਾਇਆ।

"ਓ," ਲੀਜ਼ਾ ਨੇ ਗੱਲ ਜਾਰੀ ਰੱਖੀ, "ਕਾਸ਼ ਤੁਸੀਂ ਜਾਣਦੇ ਹੁੰਦੇ ਕਿ ਮੈਂ ਉਸ ਚੁਲਕਾਤੂਰੀਨ ਨਾਲ ਕਿੰਨੀ ਨਫ਼ਰਤ ਕਰਦਾ ਹਾਂ! ਮੈਨੂੰ ਇਵੇਂ ਜਾਪਦਾ ਹੈ ਕਿ ਉਸ ਵਿਅਕਤੀ ਦੇ ਹੱਥਾਂ 'ਤੇ ਉਸ ਦਾ ਖ਼ੂਨ ਵੇਖਦੀ ਹਾਂ" (ਮੇਰੇ ਪੂਰੇ ਬਦਨ ਨੂੰ ਕਾਂਬਾ ਛਿੜ ਗਿਆ)। "ਪਰ ਉਸ ਨੇ ਗੰਭੀਰਤਾ ਨਾਲ ਗੱਲ ਜਾਰੀ ਰੱਖੀ, "ਕੌਣ ਜਾਣਦਾ ਹੈ? ਇਹ ਹੋ ਸਕਦਾ ਹੈ ਕਿ ਜੇ ਉਹ ਦਵੰਧ-ਯੁੱਧ ਨਾ ਹੁੰਦਾ! ਉਫ਼! ਜਦੋਂ ਮੈਂ ਉਸ ਨੂੰ ਜ਼ਖਮੀ ਵੇਖਿਆ ਤਾਂ ਮੈਂ ਤੁਰੰਤ ਮਹਿਸੂਸ ਕੀਤਾ ਕਿ ਮੈਂ ਸਾਰੀ ਦੀ ਸਾਰੀ ਉਸ ਦੀ ਹਾਂ।"

"ਚੁਲਕਾਤੂਰੀਨ ਤੁਹਾਨੂੰ ਪਿਆਰ ਕਰਦਾ ਹੈ," ਬਿਜ਼ਮਨਕੋਫ ਨੇ ਟਿੱਪਣੀ ਕੀਤੀ

"ਹੁਣ, ਇਸ ਦਾ ਕੀ ਫਾਇਦਾ? ਕੀ ਮੈਨੂੰ ਤੁਹਾਡੇ ਪਿਆਰ ਤੋਂ ਬਿਨਾਂ ਕਿਸੇ ਹੋਰ ਦੇ ਪਿਆਰ ਦੀ ਲੋੜ ਹੈ?" ਉਸ ਨੇ ਇਕ ਪਲ ਦੀ ਸੋਚ-ਵਿਚਾਰ ਦੇ ਬਾਅਦ ਅੱਗੇ ਕਿਹਾ, "ਹਾਂ, ਮੇਰੇ ਦੋਸਤ, ਤੁਹਾਡੇ ਪਿਆਰ ਤੋਂ ਬਿਨਾਂ ਮੈਂ ਜ਼ਿੰਦਾ ਨਹੀਂ ਰਹਿ ਸਕਦਾ ਸੀ। ਤੁਹਾਡੇ ਬਿਨਾਂ ਮੈਂ ਗੁੰਮ ਹੋ ਜਾਣਾ ਸੀ। ਤੁਸੀਂ ਸਭ ਤੋਂ ਖੌਫ਼ਨਾਕ ਪਲ ਸਹਿ ਲੈਣ ਵਿਚ ਮੇਰੀ ਮਦਦ ਕੀਤੀ ਹੈ।"

ਉਹ ਰੁਕ ਗਈ। ਬਿਜ਼ਮਨਕੋਫ ਨੇ ਇਕ ਤਰ੍ਹਾਂ ਪਿਤਾ-ਪੁਰਖੀ ਪਿਆਰ ਨਾਲ ਉਸ ਦਾ ਹੱਥ ਘੁੱਟਿਆ।

"ਕੀ ਹੋ ਸਕਦਾ ਹੈ? ਕੀ ਹੋ ਸਕਦਾ ਹੈ, ਐਲਿਜ਼ਾਬੈਥ ਕਿਰੀਲੋਵਨਾ?" ਉਸ ਨੇ ਡੂੰਘੀ ਹਮਦਰਦੀ ਨਾਲ ਕਈ ਵਾਰ ਦੁਹਰਾਇਆ।

"ਹਾਂ, ਹੁਣ ਵੀ," ਉਹ ਉਦਾਸ ਆਵਾਜ਼ ਨਾਲ ਗੱਲ ਜਾਰੀ ਰੱਖੀ, "ਮੈਂ ਤੁਹਾਡੇ ਤੋਂ ਬਿਨਾਂ ਸ਼ਾਇਦ ਮਰ ਜਾਂਦੀ। ਇਕ ਤੁਸੀਂ ਹੀ ਹੋ ਜੋ ਮੇਰੀ ਰੂਹ ਨੂੰ ਬੁਲੰਦ ਰੱਖਦੇ ਹੋ ਅਤੇ ਉਨ੍ਹਾਂ ਬਾਰੇ ਮੈਨੂੰ ਚੇਤੰਨ ਕਰਦੇ ਹੋ। ਤੁਹਾਨੂੰ ਸਭ ਪਤਾ ਹੀ ਹੈ, ਕੀ ਤੁਹਾਨੂੰ ਨਹੀਂ ਲੱਗਦਾ? ਕੀ ਤੁਹਾਨੂੰ ਯਾਦ ਹੈ ਉਸ ਦਿਨ ਉਸ ਨੇ ਕਿੰਨੀ ਚੰਗੀ ਤਰ੍ਹਾਂ ਵੇਖਿਆ ਸੀ? ਪਰ ਮੈਨੂੰ ਮੁਆਫ਼ ਕਰਨਾ। ਤੁਹਾਡੇ ਲਈ ਅਜਿਹੀਆਂ ਗੱਲਾਂ ਸੁਣਨਾ ਮੁਸ਼ਕਿਲ ਅਵੱਸ਼ ਮੁਸ਼ਕਿਲ ਹੋਣਾ ਹੈ।" "ਤੇ ਗੱਲ ਕਰੋ, ਐਲਿਜ਼ਾਬੈਥ ਕਿਰੀਲੋਵਨਾ, ਬੋਲਦੇ ਰਹੋ। ਰੱਬ ਦੀ ਰਹਿਮਤ ਹੋਵੇ, ਤੁਸੀਂ ਕਿਵੇਂ ਸੋਚ ਲਿਆ ਕਿ ਇਹ ਮੇਰੇ ਲਈ ਮੁਸ਼ਕਿਲ ਹੈ?"

ਲੀਜ਼ਾ ਨੇ ਉਸ ਦਾ ਹੱਥ ਘੁੱਟ ਲਿਆ।

"ਤੁਸੀਂ ਬਹੁਤ ਹੀ ਦਿਆਲੂ ਹੋ, ਬਿਜ਼ਮਨਕੋਫ, ਤੁਸੀਂ ਇਕ ਫਰਿਸ਼ਤੇ ਵਾਂਗ ਹੋ। ਮੈਂ ਕੀ ਕਰਾਂ? ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਉਨ੍ਹਾਂ ਨੂੰ ਆਪਣੀ ਸਾਰੀ ਜ਼ਿੰਦਗੀ ਪਿਆਰ ਕਰਦੀ ਰਹਾਂਗੀ। ਮੈਂ ਉਨ੍ਹਾਂ ਨੂੰ ਖ਼ਿਮਾ ਕਰ ਦਿੱਤਾ। ਨਹੀਂ, ਮੈਂ ਉਨ੍ਹਾਂ ਦੀ ਧੰਨਵਾਦੀ ਹਾਂ, ਮੈਂ ਉਨ੍ਹਾਂ ਨੂੰ ਅਸੀਸ ਦਿੰਦੀ ਹਾਂ। ਰੱਬ ਉਨ੍ਹਾਂ ਨੂੰ ਹਾਣ ਦੀ, ਮਨਭਾਉਂਦੀ ਪਤਨੀ ਦੇ ਕੇ ਉਨ੍ਹਾਂ ਨੂੰ ਪ੍ਰਸੰਨਤਾ ਬਖਸ਼ੇ।" ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। "ਸਿਰਫ਼ ਉਹ ਮੈਨੂੰ ਭੁੱਲ ਨਾ ਜਾਣ, ਉਹ ਕਦੇ-ਕਦੇ ਆਪਣੀ ਗ਼ਰੀਬ, ਬੇਸਹਾਰਾ ਲੀਜ਼ਾ ਬਾਰੇ ਸੋਚ ਲਿਆ ਕਰਨ। ਹੁਣ ਆਪਾਂ ਇੱਥੋਂ ਬਾਹਰ ਚੱਲੀਏ," ਉਸ ਨੇ ਥੋੜ੍ਹਾ ਰੁਕ ਕੇ ਕਿਹਾ।

ਬਿਜ਼ਮਨਕੋਫ ਨੇ ਉਸ ਦਾ ਹੱਥ ਚੁੰਮਿਆ।

"ਮੈਂ ਜਾਣਦੀ ਹਾਂ," ਉਹ ਦੁਬਾਰਾ ਗਰਮਜੋਸ਼ੀ ਨਾਲ ਗੱਲਾਂ ਕਰਨ ਲੱਗੀ, "ਹੁਣ ਹਰ ਕੋਈ ਮੇਰੇ ਵਿਰੁੱਧ ਬੋਲਦਾ ਹੈ। ਉਹ ਸਾਰੇ ਮੇਰੇ ਉੱਪਰ ਪੱਥਰ ਸੁੱਟ ਰਹੇ ਹਨ, ਉਨ੍ਹਾਂ ਨੂੰ ਸੁੱਟਣ ਦਿਓ। ਮੈਂ ਉਨ੍ਹਾਂ ਕਰਕੇ ਬਦਲਣ ਨਹੀਂ ਲੱਗੀ।। ਮੈਂ ਉਨ੍ਹਾਂ ਦੀ ਖੁਸ਼ੀ ਲਈ ਆਪਣੀ ਬਦਕਿਸਮਤੀ ਨੂੰ ਤਿਲਾਂਜਲੀ ਨਹੀਂ ਦੇਣ ਲੱਗੀ। ਉਸ ਨੇ ਮੈਨੂੰ ਪਿਆਰ ਕੀਤਾ, ਥੋੜ੍ਹੇ ਸਮੇਂ ਲਈ ਹੀ ਸਹੀ। ਇਹ ਸੱਚ ਹੈ ਪਰ ਉਹ ਮੈਨੂੰ ਪਿਆਰ ਕਰਦਾ ਸੀ। ਉਸ ਨੇ ਕਦੇ ਵੀ ਮੇਰੇ ਨਾਲ ਧੋਖਾ ਨਹੀਂ ਕੀਤਾ। ਉਸ ਨੇ ਕਦੇ ਵੀ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਨਹੀਂ ਕੀਤਾ ਅਤੇ ਮੈਂ ਵੀ ਕਦੇ ਉਸ ਤੋਂ ਇਹ ਉਮੀਦ ਨਹੀਂ ਕੀਤੀ ਸੀ। ਇਹ ਸਿਰਫ਼ ਮੇਰੇ ਗ਼ਰੀਬ ਪਿਤਾ ਸਨ ਜੋ ਅਜਿਹੀ ਉਮੀਦ ਰੱਖਦੇ ਸਨ। ਨਾ ਹੁਣ ਮੈਂ ਬਹੁਤ ਉਦਾਸ ਹੀ ਹਾਂ। ਮੇਰੇ ਲਈ ਘੱਟੋ-ਘੱਟ ਯਾਦਾਂ ਬਾਕੀ ਰਹਿ ਗਈਆਂ ਹਨ ਭਾਵੇਂ ਨਤੀਜੇ ਕਿੰਨੇ ਵੀ ਭਿਆਨਕ ਹੋਣ। ਇੱਥੇ ਬਹੁਤ ਘੁਟਣ ਜਿਹੀ ਹੈ। ਉਸ ਨੂੰ ਮੈਂ ਪਿਛਲੀ ਵਾਰ ਇੱਥੇ ਵੇਖਿਆ। ਮੇਰੇ ਨਾਲ ਸੱਜਰੀ ਹਵਾ ਵਿਚ ਬਾਹਰ ਆ ਜਾਓ।"

ਉਹ ਆਪਣੀਆਂ ਸੀਟਾਂ ਤੋਂ ਉੱਠ ਪਏ। ਮੈਂ ਫਿਰ ਇਕ ਖੱਟੇ ਦੇ ਰੁੱਖ ਦੇ ਪਿੱਛੇ ਛੁਪ ਗਿਆ। ਉਹ ਉੱਥੋਂ ਚੱਲੇ ਗਏ ਅਤੇ ਜਿੰਨਾ ਕੁ ਮੈਂ ਪੱਤਿਆਂ ਦੇ ਖੜਾਕ ਤੋਂ ਅਨੁਮਾਨ ਲਾ ਸਕਦਾ ਸੀ। ਉਹ ਬੂਟਿਆਂ ਦੇ ਵਿਚ ਚਲੇ ਗਿਆ। ਇਕ ਅਕਹਿ ਅਚੰਭਾ ਮੇਰੇ 'ਤੇ ਹਾਵੀ ਹੋ ਗਿਆ। ਮੈਂ ਕੁਝ ਸਮੇਂ ਲਈ ਇਕ ਬੁੱਤ ਵਾਂਗ ਖੜ੍ਹਾ ਰਿਹਾ। ਅਚਾਨਕ ਮੈਂ ਖੜਾਕ ਸੁਣਿਆ ਕਿ ਉਹ ਫਿਰ ਆ ਰਹੇ ਸਨ। ਮੈਂ ਪੱਤਿਆਂ ਨਾਲ ਭਰੀਆਂ ਟਹਿਣੀਆਂ ਦੇ ਵਿਚ ਦੀ ਧਿਆਨ ਨਾਲ ਵੇਖਿਆ। ਉਹ ਦੋਵੇਂ ਥੋੜ੍ਹਾ ਪਰੇਸ਼ਾਨ ਲੱਗ ਰਹੇ ਸਨ, ਖ਼ਾਸ ਕਰ ਬਿਜ਼ਮਨਕੋਫ। ਉਹ ਰੋ ਰਿਹਾ ਸੀ। ਲੀਜ਼ਾ ਰੁਕੀ, ਉਸ ਦੇ ਚਿਹਰੇ ਵੱਲ ਦੇਖਿਆ ਅਤੇ ਆਪਣਾ ਹੱਥ ਉਸ ਵੱਲ ਅੱਗੇ ਵਧਾ ਕੇ ਸਾਫ਼ ਆਵਾਜ਼ ਵਿਚ ਕਿਹਾ:

"ਮੈਂ ਇਸ ਨਾਲ ਸਹਿਮਤ ਹਾਂ, ਬਿਜ਼ਮਨਕੋਫ਼। ਮੈਂ ਕਦੇ ਵੀ ਇਸ ਪੇਸ਼ਕਸ਼ ਨੂੰ ਸਵੀਕਾਰ ਨਾ ਕਰਦੀ ਜੇਕਰ ਮੈਂ ਇਹ ਸੋਚਦੀ ਕਿ ਤੁਸੀਂ ਮੈਨੂੰ ਬਚਾਉਣ ਲਈ, ਮੈਨੂੰ ਡਰਾਉਣੀ ਸਥਿਤੀ ਵਿਚੋਂ ਕੱਢਣ ਖ਼ਾਤਿਰ ਹੀ ਇਹ ਚਾਹੁੰਦੇ ਹੋ ਪਰ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ - ਤੁਹਾਨੂੰ ਸਭ ਕੁਝ ਪਤਾ ਸੀ ਅਤੇ ਤੁਸੀਂ ਫਿਰ ਵੀ ਮੈਨੂੰ ਪਿਆਰ ਕਰਦੇ ਹੋ। ਮੈਨੂੰ ਕਦੇ ਤੁਹਾਡੇ ਨਾਲੋਂ ਵਧੇਰੇ ਭਰੋਸੇਮੰਦ ਅਤੇ ਈਮਾਨਦਾਰ ਮਿੱਤਰ ਨਹੀਂ ਮਿਲੇਗਾ। ਮੈਂ ਤੁਹਾਡੀ ਪਤਨੀ ਬਣਾਂਗੀ।"

ਬਿਜ਼ਮਨਕੋਫ ਨੇ ਉਸ ਦਾ ਹੱਥ ਚੁੰਮਿਆ। ਉਹ ਉਦਾਸ ਜਿਹੀ ਮੁਸਕਰਾ ਕੇ ਘਰ ਦੇ ਅੰਦਰ ਚਲੀ ਗਈ। ਬਿਜ਼ਮਨਕੋਫ ਝਾੜੀਆਂ ਵਿਚ ਗਾਇਬ ਹੋ ਗਿਆ ਅਤੇ ਮੈਂ ਘਰ ਚਲਾ ਗਿਆ। ਉਸ ਨੇ ਲੀਜ਼ਾ ਨੂੰ ਸ਼ਾਇਦ ਉਹੀ ਕਿਹਾ ਸੀ ਜੋ ਮੈਂ ਉਸ ਨੂੰ ਕਹਿਣ ਦਾ ਇਰਾਦਾ ਬਣਾਇਆ ਸੀ ਅਤੇ ਉਸ ਨੂੰ ਉਸ ਦਾ ਉਹੀ ਜਵਾਬ ਮਿਲਿਆ ਸੀ ਜੋ ਮੈਂ ਉਸ ਕੋਲੋਂ ਸੁਣਨਾ ਚਾਹੁੰਦਾ ਸੀ। ਇਸ ਲਈ ਹੁਣ ਮੇਰੇ ਲਈ ਕੁਝ ਹੋਰ ਕਰਨ ਵਾਲਾ ਨਹੀਂ ਸੀ। ਉਨ੍ਹਾਂ ਦਾ ਦੋ ਹਫ਼ਤਿਆਂ ਬਾਅਦ ਵਿਆਹ ਹੋ ਗਿਆ। ਓਜੋਗਿਨਾਂ ਲੀਜ਼ਾ ਦੁਆਰਾ ਵਰ ਲੱਭ ਲਏ ਜਾਣ ਦੀ ਖ਼ੁਸੀ ਵਿਚ ਖੀਵੇ ਸਨ।

ਹੁਣ ਦੱਸੋ ਭਲਾ, ਕੀ ਮੈਂ ਇੱਕ ਫ਼ਾਲਤੂ ਆਦਮੀ ਨਹੀਂ ਹਾਂ? ਕੀ ਮੈਂ ਇਸ ਕਿੱਸੇ ਵਿਚ ਇਕ ਫ਼ਾਲਤੂ ਆਦਮੀ ਦੀ ਭੂਮਿਕਾ ਨਹੀਂ ਨਿਭਾਈ? ਪ੍ਰਿੰਸ, ਉਸ ਦੀ ਭੂਮਿਕਾ ਸਾਰੇ ਲੋਕ ਸਮਝ ਸਕਦੇ ਹਨ। ਬਿਜ਼ਮਨਕੋਫ ਦੀ ਭੂਮਿਕਾ ਆਸਾਨੀ ਨਾਲ ਸਮਝਾਈ ਜਾ ਸਕਦੀ ਹੈ ਪਰ ਮੈ! ਮੈਨੂੰ ਕਿਸ ਮਕਸਦ ਲਈ ਉਸ ਕਿੱਸੇ ਵਿਚ ਰੱਖਿਆ ਗਿਆ ਸੀ? ਗੱਡੀ ਦੇ ਪੰਜਵੇਂ ਪਹੀਏ ਦੀ ਕਿੰਨੀ ਮੰਦਭਾਗੀ ਭੂਮਿਕਾ ਮੈਂ ਨਿਭਾਈ। ਓ, ਮੈਂ ਦੁਖੀ ਮਹਿਸੂਸ ਕਰ ਰਿਹਾ ਹਾਂ! ਠੀਕ ਜਿਵੇਂ ਭੋਂ-ਗ਼ੁਲਾਮਾਂ ਦੀ ਕਹਾਵਤ ਹੈ, ਇਕ ਵਾਰ ਹੋਰ ਤੇ ਇਕ ਵਾਰ ਹੋਰ - ਇਕ ਦਿਨ, ਕਿਸੇ ਹੋਰ ਦਿਨ ਅਤੇ ਮੈਂਨੂੰ ਕੁਝ ਵੀ ਮਹਿਸੂਸ ਨਹੀਂ ਹੋਵੇਗਾ, ਮੰਦਾ ਨਾ ਚੰਗਾ।

31 ਮਾਰਚ

ਇਹ ਬੁਰਾ ਹੈ ਕਿ ਮੈਂ ਆਪਣੇ ਮੰਜੇ 'ਤੇ ਪਿਆ ਹੁਣ ਲਿਖ ਰਿਹਾ ਹਾਂ। ਕੱਲ੍ਹ ਨਾਲੋਂ ਅੱਜ ਮੌਸਮ ਬਦਲ ਗਿਆ ਹੈ। ਅੱਜ ਇਕ ਸੰਪੂਰਨ ਗਰਮੀ ਦਾ ਦਿਨ ਹੈ। ਬਹੁਤ ਤਪਿਆ ਹੈ। ਹਵਾ ਵਿਚ ਸਿੱਲ੍ਹੀ ਧਰਤੀ ਦੀ ਗੰਧ ਘੁਲੀ ਹੋਈ ਹੈ - ਤਿੱਖੀ, ਚੁੱਭਵੀਂ, ਲਗਪਗ ਦਮਘੋਟੂ ਗੰਧ। ਇਸ ਤਰ੍ਹਾਂ ਜਾਪਦਾ ਹੈ ਕਿ ਸਭ ਕੁਝ ਪਿਘਲ, ਖੰਡ-ਖੰਡ ਅਤੇ ਘੁਲ ਰਿਹਾ ਹੋਵੇ। ਧੁੰਦ ਸਭ ਪਾਸੇ ਪਸਰ ਜਾਂਦੀ ਹੈ। ਸੂਰਜ, ਇਸ ਤਰ੍ਹਾਂ ਕਹਿ ਲਵੋ, ਆਪਣੀਆਂ ਕਿਰਨਾਂ ਦੇ ਵਾਰ ਕਰਦਾ ਹੈ। ਮੈਂ ਠੀਕ ਨਹੀਂ ਹਾਂ। ਮੈਂ ਘੁਲ ਰਿਹਾ ਹਾਂ।

ਮੈਂ ਇਕ ਡਾਇਰੀ ਲਿਖਣ ਦਾ ਇਰਾਦਾ ਕੀਤਾ ਸੀ ਅਤੇ ਉਸ ਦੀ ਬਜਾਏ ਮੈਂ ਕੀਤਾ ਕੀ ਹੈ? ਮੈਂ ਆਪਣੀ ਜ਼ਿੰਦਗੀ ਦੀ ਇਕ ਘਟਨਾ ਦਾ ਵਰਣਨ ਕੀਤਾ ਹੈ। ਗੱਲਾਂ ਕਰਨ ਲੱਗਾ ਤਾਂ ਮੈਂ ਏਨਾ ਗਰਮਜੋਸ਼ੀ ਵਿਚ ਆ ਗਿਆ ਹਾਂ ਕਿ ਮੇਰੇ ਅੰਦਰ ਅਤੀਤ ਦੀਆਂ ਯਾਦਾਂ ਜਾਗ ਪਈਆਂ ਅਤੇ ਮੇਰਾ ਸਾਰਾ ਮਨ ਵਹਿਣ ਵਿਚ ਵਗ ਤੁਰਿਆ ਹੈ। ਇਸ ਤਰ੍ਹਾਂ ਲੜੀਵਾਰ ਮੈਂ ਸਭ ਕੁਝ ਸਾਵਧਾਨੀਪੂਰਵਕ ਨਿੱਕੇ-ਨਿੱਕੇ ਵੇਰਵਿਆਂ ਨਾਲ ਬਿਆਨ ਕੀਤਾ ਹੈ, ਜਿਵੇਂ ਕਿ ਮੇਰੇ ਕੋਲ ਅਜੇ ਪੂਰੀ ਉਮਰ ਬਾਕੀ ਹੋਵੇ। ਹੁਣ ਮੇਰੇ ਕੋਲ ਲਿਖਣ ਲਈ ਹੋਰ ਸਮਾਂ ਨਹੀਂ ਹੈ। ਮੌਤ ਆ ਰਹੀ ਹੈ। ਇਸ ਦੀ ਮੈਂ ਪਹਿਲਾਂ ਹੀ ਭਿਆਨਕ ਤੇਜ਼ ਹੁੰਦੀ ਜਾ ਰਹੀ ਆਵਾਜ਼ ਸੁਣ ਰਿਹਾ ਹਾਂ; "ਸਮਾਂ ਆ ਗਿਆ ਹੈ! ਸਮਾਂ ਆ ਗਿਆ ਹੈ!" ਠੀਕ ਹੈ ਅਤੇ ਕੀ ਬੁਰਾਈ ਹੈ? ਜੇਕਰ ਮੈਂ ਕੁਝ ਹੋਰ ਵੀ ਲਿਖਿਆ ਹੁੰਦਾ ਤਾਂ ਕੀ ਕੋਈ ਫ਼ਰਕ ਪੈ ਜਾਣਾ ਸੀ? ਮੌਤ ਦੇ ਨਜ਼ਰੀਏ ਤੋਂ ਸਾਰੇ ਸੰਸਾਰਿਕ ਭੇਦ-ਭਾਵ ਗਾਇਬ ਹੋ ਜਾਂਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਪਹਿਲਾਂ ਨਾਲੋਂ ਵਧੇਰੇ ਸ਼ਾਂਤ, ਸਰਲ ਅਤੇ ਵਧੇਰੇ ਸਪੱਸ਼ਟ ਹੋ ਗਿਆ ਹਾਂ। ਮੈਨੂੰ ਬਹੁਤ ਦੇਰ ਨਾਲ ਅਕਲ ਆਈ ਹੈ।

ਕਿੰਨੀ ਅਜੀਬ ਗੱਲ ਹੈ! ਮੈਂ ਸ਼ਾਂਤ ਹੋ ਰਿਹਾ ਹਾਂ ਅਤੇ ਫਿਰ ਵੀ ਮੈਂ ਡਰਿਆ-ਡਰਿਆ ਮਹਿਸੂਸ ਕਰਦਾ ਹਾਂ! ਹਾਂ, ਮੈਂ ਡਰਿਆ ਹੋਇਆ ਹਾਂ। ਸੁੰਨ-ਮਸੁੰਨੇ, ਮੂੰਹ ਟੱਡੀ ਖੜ੍ਹੇ ਰਸਾਤਲ ਦੀ ਦੰਦੀ 'ਤੇ ਲਮਕ ਰਿਹਾ ਮੈਂ ਕੰਬ ਰਿਹਾ ਹਾਂ, ਇਸ ਤੋਂ ਦੂਰ ਜਾ ਰਿਹਾ ਹਾਂ ਅਤੇ ਜਗਿਆਸਾ ਨਾਲ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਤਕ ਰਿਹਾ ਹਾਂ। ਹਰ ਵਸਤੂ ਮੈਨੂੰ ਦੁੱਗਣੀ ਪਿਆਰੀ ਲੱਗਦੀ ਹੈ। ਮੈਂ ਆਪਣੇ ਗ਼ਰੀਬ, ਦੁਖੀ ਨਿਵਾਸ ਨੂੰ ਹੁਣ ਬਹੁਤਾ ਨਹੀਂ ਵੇਖ ਸਕਦਾ। ਮੈਂ ਕੰਧਾਂ ਦੇ ਚੱਪੇ-ਚੱਪੇ ਨੂੰ ਅਲਵਿਦਾ ਕਹਿ ਰਿਹਾ ਹਾਂ। ਮੇਰੇ ਪਿਆਰੇ ਦੀਦਿਓ ਅੰਤਿਮ ਸਮੇਂ ਦਾ ਰੱਜ ਕੇ ਅਨੰਦ ਮਾਣੋ, ਤੁਸੀਂ ਛੇਤੀ ਹੀ ਬੰਦ ਹੋ ਜਾਣ ਵਾਲੇ ਹੋ! ਜ਼ਿੰਦਗੀ ਦੀ ਲਾਟ ਮੱਧਮ ਹੁੰਦੀ ਜਾ ਰਹੀ ਹੈ। ਇਹ ਚੁੱਪ-ਚਾਪ ਅਤੇ ਹੌਲੀ-ਹੌਲੀ ਮੇਰੇ ਕੋਲੋਂ ਦੂਰ ਜਾ ਰਹੀ ਹੈ, ਜਿਵੇਂ ਕਿ ਇਕ ਮਲਾਹ ਦਾ ਜਹਾਜ਼ ਸਮੁੰਦਰ ਤੱਟ ਤੋਂ ਜਾ ਰਿਹਾ ਹੁੰਦਾ ਹੈ। ਮੇਰੀ ਨਰਸ ਦਾ ਵਡੇਰਾ ਪੀਲਾ ਚਿਹਰਾ, ਗੰਦੇ ਰੁਮਾਲ ਨਾਲ ਬੰਨ੍ਹਿਆ ਹੋਇਆ, ਮੇਜ 'ਤੇ ਭਾਫ਼ਾਂ ਛੱਡਦੀ ਚਾਹ ਦੀ ਕੇਤਲੀ, ਖਿੜਕੀ 'ਤੇ ਜਰੇਨੀਅਮ ਦੇ ਫੁੱਲ, ਮੇਰਾ ਕੁੱਤਾ ਟਰੇਸੋਰ, ਕਲਮ ਜਿਸ ਨਾਲ ਮੈਂ ਲਿਖ ਰਿਹਾ ਹਾਂ, ਮੇਰੀ ਆਪਣੀ ਪਤਲੀ ਮਲੂਕ ਜਿਹੀ ਬਾਂਹ - ਮੈਂ ਤੁਹਾਨੂੰ ਸਾਰਿਆਂ ਨੂੰ ਵੇਖਦਾ ਹਾਂ! ਇੱਥੇ ਤੁਸੀਂ ਸਾਰੇ ਹੋ, ਇੱਥੇ। ਸ਼ਾਇਦ ਅੱਜ ਹੀ ਮੈਂ ਹਮੇਸ਼ਾ ਲਈ ਤੁਹਾਨੂੰ ਦੇਖਣਾ ਬੰਦ ਕਰ ਦੇਵਾਂ? ਕਿਸੇ ਪ੍ਰਾਣੀ ਦਾ ਜੀਵਨ ਤੋਂ ਜੁਦਾ ਹੋ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ! ਤੂੰ ਮੇਰੇ ਆਲੇ-ਦੁਆਲੇ ਟੱਪਦਾ ਕਿਉਂ ਫਿਰਦਾ ਹੈਂ, ਮੇਰੇ ਮਾਸੂਮ ਕੁੱਤੇ? ਤੂੰ ਮੇਰੇ ਬਿਸਤਰ ਦੇ ਨਾਲ ਨਾਲ ਕਿਉਂ ਘਸਰਦਾ ਹੈ। ਆਪਣੀਆਂ ਉਦਾਸ ਅੱਖਾਂ ਨਾਲ ਮੇਰੇ ਵੱਲ ਟਿਕਟਿਕੀ ਲਗਾ ਝਾਕਦੇ ਹੋਏ ਆਪਣੀ ਪੂੰਛ ਦਾ ਚੌਰ ਏਨੀ ਬਿਹਬਲਤਾ ਨਾਲ ਕਿਉਂ ਹਿਲਾਉਂਦਾ ਹੈ? ਕੀ ਤੈਨੂੰ ਮੇਰੇ ਕਰਕੇ ਦੁੱਖ ਹੈ? ਕੀ ਤੈਨੂੰ ਮਹਿਸੂਸ ਹੋ ਰਿਹਾ ਹੈ ਜਾਂ ਪਤਾ ਹੈ ਕਿ ਹੁਣ ਤੇਰੇ ਮਾਲਿਕ ਨੇ ਹੋਰ ਸਮਾਂ ਨਹੀਂ ਰਹਿਣਾ? ਆਹ, ਜੇ ਮੈਂ ਆਪਣੀਆਂ ਸਾਰੀਆਂ ਯਾਦਾਂ ਆਪਣੇ ਮਨ ਵਿਚ ਦੀ ਲੰਘਾ ਸਕਦਾ, ਜਿਵੇਂ ਕਿ ਮੈਂ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ 'ਤੇ ਨਜ਼ਰ ਮਾਰ ਸਕਦਾ ਹਾਂ! ਮੈਂ ਜਾਣਦਾ ਹਾਂ ਕਿ ਉਹ ਸਭ ਯਾਦਾਂ ਅਜੀਬ ਅਤੇ ਮਾਮੂਲੀ ਜਿਹੀਆਂ ਹਨ ਪਰ ਮੇਰੇ ਕੋਲ ਹੋਰ ਕੋਈ ਹੈ ਹੀ ਨਹੀਂ। ਸਭ ਉਦਾਸੀ ਹੈ। ਲੀਜ਼ਾ ਦੇ ਕਹਿਣ ਵਾਂਗ "ਇਕ ਅੰਤਹੀਣ ਸੱਖਣਾਪਣ।"

ਹਾਏ ਓ ਮੇਰਿਆ ਰੱਬਾ! ਹੁਣ ਮੈਂ ਮਰ ਰਿਹਾ ਹਾਂ! ਇਕ ਦਿਲ ਜੋ ਪਿਆਰ ਕਰਨ ਦੇ ਸਮਰੱਥ ਹੈ ਅਤੇ ਕਰਨਾ ਚਾਹੁੰਦਾ ਹੈ... ਜਲਦੀ ਹੀ ਧੜਕਣਾ ਬੰਦ ਕਰ ਦੇਵੇਗਾ! ਅਤੇ ਕੀ ਇਹ ਸੱਚਮੁਚ, ਖੁਸ਼ੀ ਦੇ ਪਿਆਲੇ ਵਿਚੋਂ ਇਕ ਬੂੰਦ ਵੀ ਚੱਖਣ ਦੇ ਬਿਨਾਂ ਪਿਆਰ ਦੇ ਮਿੱਠੇ ਸੁਆਸ 'ਤੇ ਸ਼ਰਸਾਰ ਹੋਣ ਦੇ ਬਿਨਾਂ, ਇਸੇ ਤਰ੍ਹਾਂ ਹਮੇਸ਼ਾ ਲਈ ਚੁੱਪ ਹੋ ਜਾਵੇਗਾ? ਹਾਏ, ਇਹ ਅਸੰਭਵ ਹੈ, ਮੈਨੂੰ ਪਤਾ ਹੈ! ਜੇ ਹੁਣ ਮੇਰੀ ਮੌਤ ਤੋਂ ਪਹਿਲਾਂ (ਕਿਉਂ ਜੋ ਮੌਤ ਆਖ਼ਿਰ ਇਕ ਪਵਿੱਤਰ ਚੀਜ਼ ਹੁੰਦੀ ਹੈ। ਇਹ ਕਿਸੇ ਵੀ ਜੀਵ ਨੂੰ ਉਚਿਆ ਦਿੰਦੀ ਹੈ) - ਕੋਈ ਉਦਾਸ, ਪਿਆਰੀ ਅਤੇ ਦੋਸਤਾਨਾ ਆਵਾਜ਼ ਮੇਰੀ ਉਦਾਸ ਕਿਸਮਤ ਬਾਰੇ ਕੋਈ ਅਲਵਿਦਾਈ ਦਾ ਗੀਤ ਗਾ ਦਿੰਦੀ। ਫਿਰ ਵੀ ਹੋ ਸਕਦਾ ਸੀ, ਇਸ ਨਾਲ ਮੈਨੂੰ ਸਕੂਨ ਮਿਲ ਜਾਂਦਾ ਪਰ ਇਸ ਤਰ੍ਹਾਂ ਦੀ ਨਮੋਸ਼ੀ ਅਤੇ ਮੂਰਖ਼ਤਾ ਭਰੀ ਮੌਤ ਮਰਨਾ!

ਮੈਨੂੰ ਲੱਗਦਾ ਹੈ ਕਿ ਮੈਂ ਹੁਣੇ ਅਵਾ-ਤਵਾ ਬੋਲ ਰਿਹਾ ਸੀ। ਅਲਵਿਦਾ, ਜ਼ਿੰਦਗੀ! ਅਲਵਿਦਾ, ਮੇਰੇ ਬਾਗ! ਅਤੇ ਤੁਸੀਂ, ਮੇਰੇ ਖੱਟੇ ਦੇ ਰੁੱਖੋ ਜਦੋਂ ਗਰਮੀ ਆਵੇ ਆਪਣੇ ਆਪ ਨੂੰ ਉੱਪਰ ਤੋਂ ਥੱਲੇ ਤਕ ਹਰਿਆਵਲ ਅਤੇ ਫੁੱਲਾਂ ਨਾਲ ਲੱਦੇ ਜਾਣ ਤੋਂ ਖੁੰਝ ਨਹੀਂ ਜਾਣਾ ਤਾਂ ਜੋ ਲੋਕ ਤੁਹਾਡੀ ਠੰਡੀ ਛਾਂ ਵਿਚ ਆਰਾਮ ਕਰ ਸਕਣ। ਤੁਹਾਡੀ ਖ਼ੁਸ਼ਬੂ ਨੂੰ ਅੰਦਰ ਲਿਜਾ ਸਕਣ ਅਤੇ ਤੁਹਾਡੇ ਪੱਤਿਆਂ ਦੀ ਸਰਸਰ ਨੂੰ ਸੁਣ ਸਕਣ। ਅਲਵਿਦਾ, ਅਲਵਿਦਾ ਹਮੇਸ਼ਾ ਲਈ! ਅਲਵਿਦਾ, ਲੀਜ਼ਾ!

ਮੈਂ ਆਖ਼ਰੀ ਦੋ ਸ਼ਬਦ ਲਿਖੇ ਅਤੇ ਲਗਪਗ ਮੇਰਾ ਹਾਸਾ ਫੁੱਟ ਨਿਕਲਿਆ। ਇਕ ਮੰਚ ਕਿਲਕਾਰੀ! ਮੈਂ ਆਪਣੇ ਆਪ ਨੂੰ ਇੰਝ ਵੇਖਦਾ ਹਾਂ ਜਿਵੇਂ ਕਿ ਮੈਂ ਇਕ ਭਾਵਨਾਤਮਕ ਕਹਾਣੀ ਜਾਂ ਇਕ ਹਤਾਸ਼ ਸੁਨੇਹਾ ਲਿਖ ਰਿਹਾ ਹੋਵਾਂ। ਕੱਲ੍ਹ ਪਹਿਲੀ ਅਪ੍ਰੈਲ ਹੈ। ਕੀ ਮੈਂ ਅਸਲ ਵਿਚ ਕੱਲ੍ਹ ਨੂੰ ਮਰਾਂਗਾ? ਇਹ ਬਹੁਤ ਬੇਇੱਜ਼ਤੀ ਭਰੀ ਮੌਤ ਜਾਪਦੀ ਹੈ ਭਾਵੇਂ ਇਹ ਮੇਰੇ ਚਰਿੱਤਰ ਦੇ ਨਾਲ ਮੇਲ ਖਾਂਦੀ ਹੈ।

ਅੱਜ ਡਾਕਟਰ ਕਿੰਨਾ ਉਤੇਜਿਤ ਸੀ।

1 ਅਪ੍ਰੈਲ

ਇਹ ਹੁਣ ਪੂਰਾ ਹੋ ਗਿਆ ਹੈ। ਜੀਵਨ ਖ਼ਤਮ ਹੋ ਗਿਆ ਹੈ। ਮੈਂ ਅਸਲ ਵਿਚ ਅੱਜ ਮਰ ਜਾਵਾਂਗਾ। ਏਨੀ ਗਰਮੀ ਹੈ। ਏਨਾ ਸਾਹ ਘੁੱਟਦਾ ਹੈ ਜਾਂ ਇਹ ਹੋ ਸਕਦਾ ਹੈ। ਮੇਰੇ ਫੇਫੜੇ ਸਾਹ ਲੈਣ ਤੋਂ ਇਨਕਾਰ ਕਰਦੇ ਹੋਣ। ਮੇਰੇ ਨਿਗੂਣੇ ਜਿਹੇ ਸੁਖਾਂਤ ਦਾ ਅੰਤ ਹੋ ਚੁੱਕਾ ਹੈ - ਪਰਦਾ ਡਿੱਗਦਾ ਹੈ।

ਮਿੱਟੀ ਵਿਚ ਮਿਲ ਜਾਣ ਤੋਂ ਬਾਅਦ ਮੈਂ ਫ਼ਾਲਤੂ ਨਹੀਂ ਰਹਾਂਗਾ।

ਓ, ਸੂਰਜ ਕਿੰਨਾ ਤੇਜ਼ ਹੈ! ਉਸ ਦੀਆਂ ਸ਼ਕਤੀਸ਼ਾਲੀ ਕਿਰਨਾਂ ਤੇ ਸਦੀਵਤਾ ਦੀ ਮੋਹਰ ਹੈ। ਅਲਵਿਦਾ, ਤਰੇਂਤੀਏਵਨਾ! ਅੱਜ ਸਵੇਰੇ ਜਦੋਂ ਉਹ ਖਿੜਕੀ ਦੇ ਕੋਲ ਬੈਠੀ ਸੀ। ਉਹ ਰੋ ਰਹੀ ਸੀ। ਹੋ ਸਕਦਾ ਹੈ ਕਿ ਉਹ ਮੇਰੇ ਲਈ ਦੁਖੀ ਹੋਵੇ ਜਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਅੰਤ ਬਾਰੇ ਜੋ ਕਿ ਹੁਣ ਦੂਰ ਨਹੀਂ, ਸੋਚ ਰਹੀ ਸੀ। ਮੈਂ ਉਸ ਕੋਲੋਂ ਵਾਅਦਾ ਲਿਆ ਕਿ ਉਹ ਟਰੇਸੋਰ ਦੀ ਜਾਨ ਨਹੀਂ ਲਵੇਗੀ।

ਮੈਂ ਹੋਰ ਨਹੀਂ ਲਿਖ ਸਕਦਾ। ਮੈਂ ਆਪਣੀ ਕਲਮ ਸੁੱਟ ਦੇਵਾਂਗਾ। ਸਮਾਂ ਖ਼ਤਮ! ਮੌਤ ਆਪਣਾ ਐਲਾਨ ਨਹੀਂ ਕਰਦੀ। ਇਹ ਕਿਸੇ ਚੜ੍ਹਦੇ ਆ ਰਹੇ ਤੂਫ਼ਾਨ ਵਾਂਗ ਜਾਂ ਰਾਤ ਦੀ ਚੁੱਪ ਵਾਂਗਰਾਂ ਗਲੀ ਵਿਚ ਲੰਘ ਰਹੀ ਗੱਡੀ ਵਾਂਗ ਨਹੀਂ ਹੁੰਦੀ। ਇਹ ਆ ਗਈ ਹੈ, ਉਸ ਕੋਮਲ ਸਾਹ ਦੀ ਤਰ੍ਹਾਂ ਮੇਰੇ ਉੱਪਰ ਮੰਡਰਾ ਰਹੀ ਹੈ ਜਿਸ ਨਾਲ ਪਾਦਰੀ ਦੇ ਵਾਲ ਨੌਹਾਂ ਵਾਂਗ ਖੜ੍ਹੇ ਹੋ ਗਏ ਸਨ।

ਹੁਣ ਮੈਂ ਮਰ ਰਿਹਾ ਹਾਂ। ਜ਼ਿੰਦਗੀ ਜ਼ਿੰਦਾਬਾਦ...

"ਰੱਬ ਕਰੇ ਮੇਰੀ ਕਬਰ ਦੇ ਦੁਆਲੇ
   ਮਜ਼ੇ ਦੇ ਨਾਲ ਜੁਆਨੀ ਖੇਡੇ,
ਤੇ ਬੇਖ਼ਬਰ ਅਨੰਤ ਕੁਦਰਤ ਦਾ,
  ਸਦੀਵੀ ਸੁਹੱਪਣ ਨਿੱਤ ਮੇਲ੍ਹੇ"

[ਸੰਪਾਦਕੀ ਨੋਟ: - ਖਰੜੇ ਦੀ ਆਖਰੀ ਲਾਈਨ ਦੇ ਥੱਲੇ ਇਕ ਸਿਰ ਚਿੱਤਰਿਆ ਹੋਇਆ ਸੀ ਜਿਸ ਦੇ ਲੰਬੇ ਸੰਘਣੇ ਵਾਲ ਸਨ ਅਤੇ ਇਕ ਵੱਡੀਆਂ-ਵੱਡੀਆਂ ਮੁੱਛਾਂ ਸਨ। ਉਸ ਦੇ ਭੈਂਗ-ਚਿੱਤਰ ਦੀ ਉਲੀਕੀ ਗਈ ਅੱਖ ਭਰਵੱਟੇ ਦੀ ਬਜਾਏ ਸਿੱਧੀਆਂ ਲਕੀਰਾਂ ਨਾਲ ਘਿਰੀ ਹੋਈ ਸੀ ਅਤੇ ਸਫ਼ੇ ਦੇ ਅਖ਼ੀਰ 'ਤੇ ਹੇਠ ਲਿਖੇ ਸ਼ਬਦ ਲਿਖੇ ਗਏ:

"ਇਹ ਹੱਥ-ਲਿਖਤ ਪੜ੍ਹੀ ਗਈ ਸੀ
ਅਤੇ ਪੀਟਰ ਜ਼ੂਦੋਤੇਸ਼ਿਨ ਦੀ
ਇਸ ਵਿਚਲੀ ਪੜ੍ਹਤ ਨੂੰ ਪ੍ਰਵਾਨਗੀ ਨਹੀਂ
    ਮੇਰੇ ਮੇਰੇ ਮੇਰੇ!
    ਮੇਰੇ ਪਿਆਰੇ ਸ਼੍ਰੀਮਾਨ,ਪੀਟਰ ਜ਼ੂਦੋਤੇਸ਼ਿਨ,
    ਪਿਆਰੇ ਸ਼੍ਰੀਮਾਨ ਜੀ"

ਪਰੰਤੂ ਇਨ੍ਹਾਂ ਸਤਰਾਂ ਦੀ ਲਿਖਾਵਟ ਸਾਰੀ ਹੱਥ-ਲਿਖਤ ਤੋਂ ਵੱਖਰੀ ਸੀ। ਇਸ ਲਈ ਸੰਪਾਦਕ ਇਸ ਸਿੱਟੇ 'ਤੇ ਪਹੁੰਚਿਆ ਕਿ ਲੇਖਕ ਦੀ ਮੌਤ ਤੋਂ ਬਾਅਦ ਕਿਸੇ ਹੋਰ ਵਿਅਕਤੀ ਨੇ ਇਹ ਸਤਰਾਂ ਜੋੜੀਆਂ ਹਨ। ਸਾਡੇ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਸ਼੍ਰੀਮਾਨ ਚੁਲਕਾਤੂਰਿਨ ਅਸਲ ਵਿਚ ਪਹਿਲੀ ਤੋਂ 18 ਅਪ੍ਰੈਲ ਤਕ ਦੀ ਇਕ ਸ਼ਾਮ ਨੂੰ ਆਪਣੀ ਜਾਗੀਰ, ਓਵੇਚੀ ਵੋਡਾ ਵਿਚ ਚਲਾਣਾ ਕਰ ਗਿਆ ਸੀ।

ਸਮਾਪਤ

  1. ਸੋਲੈਫ ਬਰੋਸ, ਮਾਸਕੋ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਉਸ ਦੀਆਂ ਰਚਨਾਵਾਂ ਦੀ ਪ੍ਰਸਤਾਵਨਾ ਵਿੱਚ, 1869, ਜਿਲਦ ਪਹਿਲੀ।
  2. ਜਰਮਨ ਸਿੱਖਿਆ ਅਤੇ ਸਭਿਆਚਾਰ ਲਈ ਇਕ ਪਸੰਦੀਦਾ ਰੂਸੀ ਪ੍ਰਗਟਾਵਾ——————H.G.
  3. ਸਰਬ-ਸਲਾਵੀਆਂ ਦੇ ਟਾਕਰੇ 'ਤੇ ਪੱਛਮੀ ਸਭਿਅਤਾ ਦੇ ਧਾਰਨੀਆਂ ਲਈ ਇਕ ਲਕਬ।——————H.G.
  4. ਮਾਸਕੋ ਦੇ ਸੁਲੇਫ਼ ਬ੍ਰਦਰਜ਼ ਦੁਆਰਾ ਪ੍ਰਕਾਸ਼ਿਤ, ਇਵਾਨ ਤੁਰਗਨੇਵ ਦੇ "ਪਿਤਾ ਅਤੇ ਪੁੱਤਰ" ਦੇ ਵਿਸ਼ੇ ਬਾਰੇ, ਜਿਲਦ-I