ਮੁਕੱਦਮਾ/ਅੱਠਵਾਂ ਭਾਗ
ਅੱਠਵਾਂ ਭਾਗ
ਬਲੌਕ, ਇੱਕ ਵਪਾਰੀ-ਵਕੀਲ ਦੀ ਬਰਖ਼ਾਸਤਗੀ
ਕੇ. ਨੇ ਇਸ ਮੁਕੱਦਮੇ ਨੂੰ ਵਕੀਲ ਤੋਂ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਸੀ। ਇਹ ਸੱਚ ਹੈ ਕਿ ਅਜਿਹਾ ਕੀਤੇ ਜਾਣ ਦੇ ਪ੍ਰਤੀ ਉਹ ਆਪਣੇ ਸਾਰੇ ਸ਼ੱਕ ਖ਼ਤਮ ਨਹੀਂ ਕਰ ਸਕਿਆ ਸੀ, ਪਰ ਇਸ ਮੁਕੱਦਮੇ ਦੇ ਸਿਲਸਿਲੇ ਵਿੱਚ ਇਹ ਕੀਤਾ ਜਾਣਾ ਵੀ ਜ਼ਰੂਰੀ ਸੀ। ਇਸ ਫ਼ੈਸਲੇ ਨੇ ਕੇ. ਤੋਂ ਉਸ ਦਿਨ ਉਸਦੀ ਬਹੁਤ ਸਾਰੀ ਊਰਜਾ ਖੋਹ ਲਈ ਸੀ, ਜਿਸ ਦਿਨ ਉਸਨੇ ਵਕੀਲ ਦੇ ਕੋਲ ਜਾਣਾ ਸੀ। ਉਹ ਬਹੁਤ ਹੌਲੀ ਕੰਮ ਕਰ ਰਿਹਾ ਸੀ, ਬਹੁਤ ਦੇਰ ਤੱਕ ਉਸਨੂੰ ਦਫ਼ਤਰ ਵਿੱਚ ਰੁੱਕਣਾ ਹੁੰਦਾ ਸੀ, ਅਤੇ ਜਦੋਂ ਉਹ ਵਕੀਲ ਦੇ ਦਰਵਾਜ਼ੇ 'ਤੇ ਜਾ ਖੜ੍ਹਾ ਹੋਇਆ ਤਾਂ ਸਾਢੇ ਦਸ ਵੱਜ ਚੁੱਕੇ ਸਨ। ਘੰਟੀ ਵੱਜਣ ਤੋਂ ਪਹਿਲਾਂ ਉਹ ਇਸ ਖਿਆਲ ਵਿੱਚ ਗੁਆਚਿਆ ਹੋਇਆ ਸੀ ਕਿ ਕੀ ਇੱਕ ਚਿੱਠੀ ਲਿਖਕੇ ਉਸਨੂੰ ਉਸਦੀ ਬਰਖ਼ਾਸਤਗੀ ਦੀ ਸੂਚਨਾ ਦੇ ਦੇਣਾ ਠੀਕ ਨਾ ਹੁੰਦਾ ਜਾਂ ਫ਼ਿਰ ਟੈਲੀਫ਼ੋਨ ਦੁਆਰਾ ਕਿਉਂਕਿ ਵਿਅਕਤੀਗਤ ਤੌਰ 'ਤੇ ਇਸ ਕੰਮ ਦੇ ਲਈ ਮਿਲਣਾ ਬਹੁਤ ਔਖਾ ਸੀ। ਫ਼ਿਰ ਵੀ ਕੇ. ਇਹੀ ਕਰਨਾ ਚਾਹੁੰਦਾ ਸੀ ਕਿਉਂਕਿ ਜੇ ਉਹ ਇਹ ਨੋਟਿਸ ਹੋਰ ਕਿਸੇ ਤਰੀਕੇ ਨਾਲ ਉਸਨੂੰ ਦਿੰਦਾ ਤਾਂ ਵਾਰਤਾਲਾਪ ਨਹੀਂ ਹੋ ਸਕਦੀ ਸੀ ਅਤੇ ਚਿੱਠੀ ਵਿੱਚ ਸ਼ਬਦ ਵੀ ਥੋੜ੍ਹੇ ਲਿਖੇ ਜਾ ਸਕਦੇ ਸਨ ਅਤੇ ਜਦੋਂ ਤੱਕ ਲੇਨੀ ਨੂੰ ਕੁੱਝ ਪਤਾ ਨਹੀਂ ਲੱਗਦਾ, ਕੇ. ਨੂੰ ਇਹ ਪਤਾ ਨਹੀਂ ਲੱਗਣਾ ਸੀ ਕਿ ਵਕੀਲ ਨੇ ਇਸ ਨੋਟਿਸ ਨੂੰ ਕਿਵੇਂ ਲਿਆ ਹੋਵੇਗਾ ਅਤੇ ਇਸਦੇ ਸਿੱਟੇ ਕੀ ਨਿਕਲਣਗੇ? ਕਿਉਂਕਿ ਵਕੀਲ ਦਾ ਨਜ਼ਰੀਆ ਮਹੱਤਵਪੂਰਨ ਹੋ ਸਕਦਾ ਸੀ। ਪਰ ਉਸਦੇ ਸਾਹਮਣੇ ਬੈਠ ਕੇ ਕੇ. ਉਸਦੇ ਚਿਹਰੇ ਅਤੇ ਵਿਹਾਰ ਤੋਂ ਆਸਾਨੀ ਨਾਲ ਇਹ ਅੰਦਾਜ਼ਾ ਲਾ ਸਕੇਗਾ ਕਿ ਇਸ ਨੋਟਿਸ ਨੇ ਉਸਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਅਤੇ ਬਹੁਤੀ ਗੱਲਬਾਤ ਨਾ ਹੋਣ ਦੀ ਸੂਰਤ ਵਿੱਚ ਕੇ. ਨੂੰ ਉਸਦੇ ਜਵਾਬ ਮਿਲ ਜਾਣਗੇ। ਇਹ ਵੀ ਸੰਭਵ ਹੈ ਕਿ ਉਸਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਉਸਨੂੰ ਕਿਹਾ ਜਾਵੇ ਕਿ ਇਹ ਮੁਕੱਦਮਾ ਵਕੀਲ ਦੇ ਹੱਥਾਂ ਵਿੱਚ ਹੀ ਰੱਖਣਾ ਠੀਕ ਹੈ ਅਤੇ ਇਸ ਤਰ੍ਹਾਂ ਉਹ ਉਸਦੀ ਬਰਖ਼ਾਸਤਗੀ ਬਾਰੇ ਮੁੜ ਵਿਚਾਰ ਵੀ ਕਰ ਸਕਦਾ ਹੈ।
ਜਿਵੇਂ ਕਿ ਆਮ ਹੁੰਦਾ ਹੈ, ਕੇ. ਦੁਆਰਾ ਵਜਾਈ ਪਹਿਲੀ ਘੰਟੀ ਦਾ ਕੋਈ ਜਵਾਬ ਨਾ ਦਿੱਤਾ ਗਿਆ। ਕੇ. ਨੇ ਸੋਚਿਆ ਕਿ ਲੇਨੀ ਨੂੰ ਛੇਤੀ ਆ ਜਾਣਾ ਚਾਹੀਦਾ। ਪਰ ਘੱਟੋ-ਘੱਟ ਉਹ ਸੰਤੁਸ਼ਟ ਸੀ ਕਿ ਇਸ ਵਾਰ ਕੋਈ ਦਖ਼ਲ ਦੇਣ ਵਾਲਾ ਨਹੀਂ ਸੀ ਜਿਵੇਂ ਕਿ ਆਮ ਉਸ ਨਾਲ ਹੋਇਆ ਹੈ-ਜਿਵੇਂ ਕਿ ਡ੍ਰੈਸਿੰਗ ਗਾਊਨ ਵਿੱਚ ਕੋਈ ਆਦਮੀ ਜਾਂ ਹੋਰ ਕੋਈ ਵੀ। ਜਿਵੇਂ ਹੀ ਕੇ. ਨੇ ਦੂਜੀ ਵਾਰ ਘੰਟੀ ਦਾ ਬਟਨ ਦਬਾਇਆ, ਤਾਂ ਉਸਦੀ ਨਜ਼ਰ ਦੂਜੇ ਦਰਵਾਜ਼ੇ 'ਤੇ ਸੀ, ਪਰ ਇਸ ਵਾਰ ਉਹ ਵੀ ਬੰਦ ਹੀ ਰਿਹਾ। ਵਕੀਲ ਦੇ ਬੂਹੇ ਦੀ ਮੋਰੀ ਵਿੱਚੋਂ ਦੋ ਅੱਖਾਂ ਵਿਖਾਈ ਦਿੱਤੀਆਂ, ਪਰ ਉਹ ਲੇਨੀ ਦੀਆਂ ਅੱਖਾਂ ਨਹੀਂ ਸਨ। ਕਿਸੇ ਨੇ ਬੂਹੇ ਦਾ ਜਿੰਦਰਾ ਅੰਦਰੋਂ ਖੋਲ੍ਹ ਦਿੱਤਾ ਸੀ ਅਤੇ ਆਪ ਉਸ ਨਾਲ ਲੱਗਾ ਰਿਹਾ ਅਤੇ ਕੁੱਝ ਪਲਾਂ ਇਸਨੂੰ ਬੰਦ ਰੱਖਿਆ, ਅਤੇ ਅੰਦਰ ਫ਼ਲੈਟ ਵਿੱਚ ਆਵਾਜ਼ ਦਿੱਤੀ-
"ਓਹੀ ਹੈ!" ਅਤੇ ਫ਼ਿਰ ਬੂਹਾ ਖੋਲ੍ਹ ਦਿੱਤਾ ਗਿਆ। ਕੇ. ਬੂਹੇ ਨੂੰ ਧੱਕ ਰਿਹਾ ਸੀ ਕਿਉਂਕਿ ਉਸਦੇ ਪਿੱਛੇ ਦੂਜੇ ਫ਼ਲੈਟ ਦੇ ਬੂਹੇ ਦਾ ਜਿੰਦਰੇ ਵਿੱਚ ਕਾਹਲੀ ਨਾਲ ਚਾਬੀ ਘੁਮਾਈ ਜਾ ਰਹੀ ਸੀ। ਇਸ ਲਈ ਜਦੋਂ ਉਸਦੇ ਸਾਹਮਣੇ ਬੂਹਾ ਖੁੱਲ੍ਹਿਆ ਤਾਂ ਉਹ ਪੂਰੀ ਤੇਜ਼ੀ ਨਾਲ ਅੰਦਰ ਧੱਕਿਆ ਗਿਆ ਅਤੇ ਉਦੋਂ ਹੀ ਉਸਦੀ ਨਿਗ੍ਹਾ ਲੇਨੀ 'ਤੇ ਪਈ। ਬੂਹਾ ਖੋਲ੍ਹਣ ਵਾਲੇ ਵਿਅਕਤੀ ਨੇ ਉਸੇ ਨੂੰ ਉਹ ਸ਼ਬਦ ਕਹੇ ਸਨ। ਉਹ ਗੈਲਰੀ ਵਿੱਚ ਤੇਜ਼ੀ ਨਾਲ ਉਸਦੇ ਵੱਲ ਆ ਗਿਆ। ਉਸਨੇ ਇੱਕ ਸਰਸਰੀ ਨਿਗ੍ਹਾ ਨਾਲ ਉਸਨੂੰ ਵੇਖਿਆ ਅਤੇ ਫ਼ਿਰ ਇਹ ਵੇਖਣ ਲਈ ਮੁੜਿਆ ਕਿ ਦਰਵਾਜ਼ਾ ਕਿਸਨੇ ਖੋਲ੍ਹਿਆ ਸੀ। ਇਹ ਮਧਰਾ ਜਿਹਾ, ਮੋਟਾ ਜਿਹਾ ਆਦਮੀ ਸੀ, ਜਿਸਦੇ ਹੱਥ ਵਿੱਚ ਮੋਮਬੱਤੀ ਸੀ।
"ਕੀ ਤੁਸੀਂ ਇੱਥੇ ਨੌਕਰੀ ਕਰਦੇ ਹੋਂ? ਕੇ. ਨੇ ਉਸਨੂੰ ਪੁੱਛਿਆ।
"ਨਹੀਂ," ਉਸ ਆਦਮੀ ਨੇ ਜਵਾਬ ਦਿੱਤਾ, "ਮੈਂ ਇੱਥੇ ਨਹੀਂ ਰਹਿੰਦਾ। ਮੈਂ ਤਾਂ ਮੁੱਦਈ ਹੀ ਹਾਂ। ਮੈਂ ਕਾਨੂੰਨੀ ਸਿਲਸਿਲੇ ਵਿੱਚ ਇੱਥੇ ਆਇਆ ਹਾਂ।"
"ਤੁਸੀਂ ਕੋਟ ਵੀ ਨਹੀਂ ਪਾਇਆ ਹੋਇਆ?" ਕੇ. ਨੇ ਉਸਦੀ ਬਿਨ੍ਹਾਂ ਬਾਹਾਂ ਵਾਲੀ ਕਮੀਜ਼ ਵੇਖ ਕੇ ਪੁੱਛਿਆ।
"ਓਹ, ਕਿਰਪਾ ਕਰਕੇ ਮਾਫ਼ ਕਰੋ," ਉਸ ਆਦਮੀ ਨੇ ਮੋਮਬੱਤੀ ਦੀ ਰੌਸ਼ਨੀ ਆਪਣੇ ਉੱਪਰ ਕੇਂਦਰਿਤ ਕਰਦੇ ਹੋਏ ਕਿਹਾ, ਜਿਵੇਂ ਉਸਨੂੰ ਆਪਣੀ ਇਸ ਹਾਲਤ ਦਾ ਹੁਣ ਪਤਾ ਲੱਗਾ ਹੋਵੇ।
"ਲੇਨੀ ਤੁਹਾਡੀ ਪ੍ਰੇਮਿਕਾ ਹੈ?" ਕੇ. ਨੇ ਟੇਢੀ ਨਿਗ੍ਹਾ ਜਿਹੀ ਮਾਰ ਕੇ ਪੁੱਛਿਆ। ਉਹ ਆਪਣੀਆਂ ਲੱਤਾਂ ਥੋੜ੍ਹੀਆਂ ਚੌੜੀਆਂ ਕਰਕੇ ਖੜ੍ਹਾ ਹੋਇਆ ਸੀ ਅਤੇ ਉਸਦੇ ਹੱਥ ਪਿੱਠ ਪਿੱਛੇ ਕੀਤੇ ਹੋਏ ਸਨ ਜਿੰਨ੍ਹਾਂ ਵਿੱਚ ਉਸਨੇ ਆਪਣਾ ਹੈਟ ਫੜ੍ਹਿਆ ਹੋਇਆ ਸੀ। ਉਸਦੇ ਕੋਲ ਸਿਰਫ਼ ਇਸ ਓਵਰਕੋਟ ਦੀ ਵਜ੍ਹਾ ਨਾਲ ਹੀ ਉਹ ਆਪਣੇ-ਆਪ ਨੂੰ ਉਸ ਨਾਲੋਂ ਬਿਹਤਰ ਸਮਝ ਰਿਹਾ ਸੀ।
"ਓਹ ਰੱਬਾ! ਨਹੀਂ, ਨਹੀਂ," ਉਸ ਆਦਮੀ ਨੇ ਆਪਣਾ ਇੱਕ ਹੱਥ ਆਪਣੇ ਚਿਹਰੇ ਦੇ ਸਾਹਮਣੇ ਆਤਮਰੱਖਿਆ ਦੇ ਅੰਦਾਜ਼ ਵਿੱਚ ਕਰਦੇ ਹੋਏ ਕਿਹਾ, "ਨਹੀਂ, ਤੁਸੀਂ ਇਹ ਕੀ ਸੋਚ ਰਹੇ ਹੋ?"
"ਠੀਕ ਹੈ, ਮੈਨੂੰ ਤੇਰੇ 'ਤੇ ਯਕੀਨ ਕਰ ਰਿਹਾ ਹਾਂ, ਕੇ. ਨੇ ਮੁਸਕੁਰਾਉਂਦੇ ਹੋਏ ਕਿਹਾ। "ਜਿਵੇਂ ਵੀ ਹੈ, ਮੇਰੇ ਨਾਲ ਆ।" ਉਸਨੇ ਆਪਣਾ ਹੈਟ ਹਿਲਾਕੇ ਉਸ ਆਦਮੀ ਨੂੰ ਆਪਣੇ ਅੱਗੇ ਚੱਲਣ ਲਈ ਕਿਹਾ। "ਤਾਂ ਤੇਰਾ ਨਾਂ ਕੀ ਹੈ?" ਨਾਲ ਤੁਰਦੇ ਹੋਏ ਕੇ. ਨੇ ਪੁੱਛਿਆ।
"ਬਲੌਕ, ਮੈਂ ਇੱਕ ਵਪਾਰੀ ਹਾਂ," ਉਸ ਮਧਰੇ ਆਦਮੀ ਨੇ ਜਵਾਬ ਦਿੱਤਾ। ਉਹ ਆਪਣੀ ਜਾਣ-ਪਛਾਣ ਦੱਸਣ ਲਈ ਪਿੱਛੇ ਮੁੜਨ ਦੀ ਤਿਆਰੀ ਵਿੱਚ ਸੀ, ਪਰ ਕੇ. ਨੇ ਉਸਨੂੰ ਰੁਕਣ ਨਹੀਂ ਦਿੱਤਾ।
"ਕੀ ਇਹ ਤੇਰਾ ਅਸਲ ਨਾਂ ਹੈ?" ਕੇ. ਨੇ ਪੁੱਛਿਆ।
"ਹਾਂ, ਇਹੀ ਹੈ, ਜਵਾਬ ਮਿਲਿਆ, "ਇਸ 'ਤੇ ਤੁਹਾਨੂੰ ਕੋਈ ਸ਼ੱਕ ਹੈ?"
"ਮੈਂ ਸੋਚਿਆ ਆਪਣਾ ਨਾਂ ਛੁਪਾਉਣ ਦੇ ਲਈ ਤੇਰੇ ਕੋਲ ਢੁੱਕਵੇਂ ਕਾਰਨ ਹਨ," ਕੇ. ਨੇ ਕਿਹਾ। ਉਹ ਕਾਫ਼ੀ ਸਹਿਜ ਹਾਲਤ ਵਿੱਚ ਸੀ, ਜਿਵੇਂ ਕਿ ਆਮ ਤੌਰ ਤੇ ਉਦੋਂ ਹੁੰਦਾ ਹੈ ਜਦੋਂ ਉਹ ਵਿਦੇਸ਼ ਵਿੱਚ ਆਪਣੇ ਤੋਂ ਕਿਸੇ ਘੱਟ ਦਰਜੇ ਵਾਲੇ ਆਦਮੀ ਨਾਲ ਗੱਲ ਕਰ ਰਿਹਾ ਹੋਵੇ, ਜਦੋਂ ਉਹ ਆਪਣੀ ਗੱਲ ਤਾਂ ਕਿਸੇ ਨੂੰ ਵੀ ਨਹੀਂ ਦੱਸਦਾ ਪਰ ਦੂਜਿਆਂ ਤੇ ਮਸਲਿਆਂ 'ਤੇ ਚਰਚਾ ਕਰ ਰਿਹਾ ਹੁੰਦਾ ਹੈ, ਜਿਸਦਾ ਮਹੱਤਵ ਉਹ ਆਪਣੇ ਆਪ ਵਧਾ-ਚੜ੍ਹਾ ਦਿੰਦਾ ਹੈ ਤਾਂ ਕਿ ਆਪਣੀ ਮਰਜ਼ੀ ਦੇ ਅਨੁਸਾਰ ਉਸਨੂੰ ਘਟਾਇਆ ਜਾ ਸਕੇ। ਕੇ. ਵਕੀਲ ਦੇ ਅਧਿਐਨ ਕਮਰੇ ਦੇ ਕੋਲ ਆ ਕੇ ਰੁਕ ਗਿਆ, ਇਸਨੂੰ ਖੋਲ੍ਹਿਆ ਅਤੇ ਬਲੌਕ ਨੂੰ ਆਵਾਜ਼ ਮਾਰੀ ਜੋ ਕਿ ਆਗਿਆਕਾਰੀ ਭਾਵ ਨਾਲ ਉਸਤੋਂ ਅੱਗੇ ਜਾ ਚੁੱਕਾ ਸੀ। "ਇੰਨੀ ਤੇਜ਼ੀ ਨਾਲ ਨਹੀਂ! ਰੌਸ਼ਨੀ ਤਾਂ ਇੱਧਰ ਲਿਆ!" ਕੇ. ਸੋਚ ਰਿਹਾ ਸੀ ਕਿ ਲੇਨੀ ਇੱਥੇ ਕਿਤੇ ਛੁਪੀ ਹੋਈ ਹੈ, ਇਸ ਲਈ ਉਸਨੇ ਬਲੌਕ ਨੂੰ ਹਰ ਨੁੱਕਰ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਕਮਰਾ ਖਾਲੀ ਸੀ। ਜੱਜ ਦੀ ਤਸਵੀਰ ਦੇ ਸਾਹਮਣੇ ਕੇ. ਨੇ ਵਪਾਰੀ ਨੂੰ ਪਿੱਛਿਓਂ ਫੜ੍ਹ ਲਿਆ ਅਤੇ ਉਸਦੇ ਕਾੱਲਰ ਤੋਂ ਉਸਨੂੰ ਫੜ੍ਹੀ ਰੱਖਿਆ।
"ਕੀ ਤੂੰ ਉਸ ਆਦਮੀ ਨੂੰ ਨਹੀਂ ਜਾਣਦਾ?" ਉਸਨੇ ਉੱਪਰ ਵੱਲ ਇਸ਼ਾਰਾ ਕਰਕੇ ਕਿਹਾ। ਬਲੌਕ ਨੇ ਮੋਮਬੱਤੀ ਨੂੰ ਤਸਵੀਰ ਦੇ ਵੱਲ ਉੱਚਾ ਕਰਕੇ ਕਿਹਾ, "ਇਹ ਜੱਜ ਹੈ।"
"ਇੱਕ ਸੀਨੀਅਰ ਜੱਜ?" ਕੇ. ਨੇ ਪੁੱਛਿਆ ਅਤੇ ਆਪਣੇ ਆਪ ਨੂੰ ਵਪਾਰੀ ਦੇ ਉਲਟੇ ਤੇ ਖੜ੍ਹਾ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਤਸਵੀਰ ਦਾ ਉਸ ਉੱਤੇ ਕੀ ਪ੍ਰਭਾਵ ਪਿਆ ਹੈ। ਬਲੌਕ ਨੇ ਪ੍ਰਸ਼ੰਸ਼ਾ ਭਰੀਆਂ ਨਜ਼ਰਾਂ ਨਾਲ ਵੇਖ ਕੇ ਕਿਹਾ, "ਇਹ ਇੱਕ ਸੀਨੀਅਰ ਵਕੀਲ ਹੈ।"
"ਤੈਨੂੰ ਕੁੱਝ ਵੀ ਪਤਾ ਨਹੀਂ ਹੈ," ਕੇ. ਬੋਲਿਆ- "ਇਹ ਪੂਰੀ ਅਦਾਲਤ ਵਿੱਚ ਸਭ ਤੋਂ ਹੇਠਲੇ ਦਰਜੇ ਦਾ ਜੱਜ ਹੈ।"
"ਹਾਂ, ਮੈਨੂੰ ਯਾਦ ਆਇਆ," ਬਲੌਕ ਨੇ ਮੋਮਬੱਤੀ ਹੇਠਾਂ ਝੁਕਾਉਂਦੇ ਹੋਏ ਕਿਹਾ, "ਇਹ ਮੈਂ ਪਹਿਲਾਂ ਸੁਣਿਆ ਸੀ।"
"ਪਰ ਹਾਂ, ਕੇ. ਚੀਕ ਪਿਆ, "ਮੈਂ ਇਹ ਵੀ ਭੁੱਲ ਗਿਆ ਸੀ ਕਿ ਤੈਨੂੰ ਤਾਂ ਇਸ ਬਾਰੇ ਪਤਾ ਹੋਣਾ ਚਾਹੀਦਾ ਸੀ।"
"ਪਰ ਕਿਉਂ? ਮੈਨੂੰ ਇਹ ਕਿਉਂ ਪਤਾ ਹੋਣਾ ਜ਼ਰੂਰੀ ਸੀ?" ਵਪਾਰੀ ਨੇ ਕੇ. ਦੇ ਵੱਲ ਸਰਕਦੇ ਹੋਏ ਪੁੱਛਿਆ ਜਿਹੜਾ ਉਸਨੂੰ ਆਪਣੇ ਨਾਲ ਖਿੱਚ ਕੇ ਲੈ ਜਾ ਰਿਹਾ ਸੀ। ਜਦੋਂ ਉਹ ਗੈਲਰੀ ਤੋਂ ਬਾਹਰ ਨਿਕਲ ਆਏ ਤਾਂ ਕੇ. ਨੇ ਕਿਹਾ, "ਤੂੰ ਜਾਣਦਾ ਏਂ ਕਿ ਲੇਨੀ ਕਿੱਥੇ ਲੁਕੀ ਹੋਈ ਹੈ, ਕਿ ਨਹੀਂ?"
"ਲੁਕੀ ਹੈ?" ਬਲੌਕ ਨੇ ਕਿਹਾ- "ਨਹੀਂ, ਉਹ ਤਾਂ ਰਸੋਈ ਵਿੱਚ ਹੋਵੇਗੀ। ਸ਼ਾਇਦ ਵਕੀਲ ਦੇ ਲਈ ਸੂਪ ਤਿਆਰ ਕਰ ਰਹੀ ਹੋਵੇਗੀ।"
"ਤਾਂ ਤੂੰ ਸਿੱਧੇ-ਸਿੱਧੇ ਪਹਿਲਾਂ ਹੀ ਇਹ ਮੈਨੂੰ ਕਿਉਂ ਨਹੀਂ ਦੱਸ ਦਿੱਤਾ?" ਕੇ. ਨੇ ਪੁੱਛਿਆ।
"ਮੈਂ ਤੁਹਾਨੂੰ ਉੱਥੇ ਹੀ ਲੈ ਕੇ ਜਾਣਾ ਚਾਹੁੰਦਾ ਸੀ, ਪਰ ਤੁਸੀਂ ਤਾਂ ਮੈਨੂੰ ਵਾਪਸ ਮੋੜ ਲਿਆ ਸੀ," ਵਪਾਰੀ ਨੇ ਜਵਾਬ ਦਿੱਤਾ, ਜਿਵੇਂ ਕਿ ਉਹ ਉਲਟ ਨਿਰਦੇਸ਼ਾਂ ਤੋਂ ਪਰੇਸ਼ਾਨ ਹੋਵੇ।
"ਲੱਗਦਾ ਹੈ ਤੂੰ ਸਮਝਦਾ ਏਂ ਕਿ ਤੂੰ ਬੜਾ ਚਾਲਾਕ ਏਂ," ਕੇ. ਨੇ ਕਿਹਾ, "ਤਾਂ ਠੀਕ ਹੈ, ਮੈਨੂੰ ਉੱਥੇ ਹੀ ਲੈ ਚੱਲ।"
ਕੇ. ਇਸ ਤੋਂ ਪਹਿਲਾਂ ਰਸੋਈ ਵਿੱਚ ਨਹੀਂ ਆਇਆ ਸੀ। ਇਹ ਹੈਰਾਨੀਜਨਕ ਤਰੀਕੇ ਨਾਲ ਵੱਡੀ ਸੀ ਅਤੇ ਇਸ ਵਿੱਚ ਬੇਪਰਵਾਹੀ ਨਾਲ ਕੀਮਤੀ ਸਮਾਨ ਭਰਿਆ ਹੋਇਆ ਸੀ। ਸਾਧਾਰਨ ਸਟੋਵ ਦੇ ਮੁਕਾਬਲੇ ਇੱਥੇ ਪਿਆ ਸਟੋਵ ਵੀ ਤਿੰਨ ਗੁਣਾ ਵੱਡਾ ਸੀ। ਬਾਕੀ ਚੀਜ਼ਾਂ ਧਿਆਨ ਨਾਲ ਨਹੀਂ ਵੇਖੀਆਂ ਜਾ ਸਕੀਆਂ, ਕਿਉਂਕਿ ਰਸੋਈ ਵਿੱਚ ਇੱਕ ਛੋਟਾ ਜਿਹਾ ਲੈਂਪ ਹੀ ਜਲ ਰਿਹਾ ਸੀ ਜੋ ਕਿ ਅੰਦਰ ਆਉਣ ਵਾਲੇ ਬੂਹੇ ਦੇ ਉੱਪਰ ਲਟਕਿਆ ਹੋਇਆ ਸੀ। ਲੇਨੀ ਸਟੋਵ ਦੇ ਕੋਲ ਖੜ੍ਹੀ ਸੀ। ਉਸਨੇ ਹਮੇਸ਼ਾ ਵਾਂਗ ਇੱਕ ਸਫ਼ੈਦ ਐਪਰਨ ਪਾਇਆ ਹੋਇਆ ਸੀ ਅਤੇ ਉਹ ਅੱਗ ਉੱਪਰ ਰੱਖੇ ਪੈਨ ਵਿੱਚ ਆਂਡੇ ਤੋੜ ਰਹੀ ਸੀ।
"ਨਮਸਕਾਰ ਜੋਸਫ਼," ਉਸਨੇ ਟੇਢੀ ਨਿਗ੍ਹਾ ਨਾਲ ਉਸਦੇ ਵੱਲ ਵੇਖਦੇ ਹੋਏ ਕਿਹਾ।
"ਨਮਸਕਾਰ," ਕੇ. ਨੇ ਬਲੌਕ ਨੂੰ ਇੱਕ ਨੁੱਕਰ ਵਿੱਚ ਪਈ ਹੋਈ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ। ਬਲੌਕ ਨੇ ਇਸ ਹੁਕਮ ਦੀ ਤਾਮੀਲ ਕੀਤੀ। ਕੇ. ਲੇਨੀ ਦੇ ਇੱਕ ਦਮ ਕੋਲ ਚਲਾ ਆਇਆ, ਉਸਦੇ ਮੋਢੇ ਤੇ ਝੁਕਿਆ ਅਤੇ ਬੋਲਿਆ- "ਇਹ ਇੱਕ ਤਰਸਯੋਗ ਚੀਜ਼ ਹੈ, ਬਲੌਕ ਨਾਂ ਦਾ ਵਿਚਾਰਾ ਵਪਾਰੀ। ਜ਼ਰਾ ਉਸ 'ਤੇ ਗੌਰ ਕਰ।"
"ਉਨ੍ਹਾਂ ਦੋਵਾ ਨੇ ਪਿੱਛੇ ਮੁੜਕੇ ਵੇਖਿਆ-ਬਲੌਕ ਉਸ ਕੁਰਸੀ 'ਤੇ ਬੈਠਾ ਸੀ ਜਿੱਥੇ ਕੇ. ਨੇ ਉਸਨੂੰ ਬੈਠਣ ਦਾ ਹੁਕਮ ਦਿੱਤਾ ਸੀ। ਉਸਨੇ ਮੋਮਬੱਤੀ ਬੁਝਾ ਦਿੱਤੀ ਸੀ, ਜਿਸਦੀ ਹੁਣ ਲੋੜ ਨਹੀਂ ਸੀ, ਅਤੇ ਆਪਣੀਆਂ ਉਂਗਲਾਂ ਨਾਲ ਸਿਗਰੇਟ ਬੁਝਾ ਰਿਹਾ ਸੀ।
"ਤੂੰ ਤਾਂ ਆਪਣੇ ਔਰਤਾਂ ਵਾਲੇ ਭੇਸ ਵਿੱਚ ਸੀ," ਕੇ. ਨੇ ਕਿਹਾ ਅਤੇ ਆਪਣੇ ਹੱਥ ਨਾਲ ਉਸਦਾ ਸਿਰ ਸਟੋਵ ਦੇ ਵੱਲ ਘੁਮਾ ਦਿੱਤਾ। ਉਹ ਕੁੱਝ ਨਹੀਂ ਬੋਲੀ-"ਕੀ ਉਹ ਤੇਰਾ ਪ੍ਰੇਮੀ ਹੈ?" ਕੇ. ਨੇ ਪੁੱਛਿਆ। ਉਹ ਪੈਨ ਦੇ ਕੋਲ ਪਹੁੰਚਣ ਹੀ ਵਾਲੀ ਸੀ ਪਰ ਕੇ. ਨੇ ਉਸਦੇ ਦੋਵੇਂ ਹੱਥ ਫੜ੍ਹਕੇ ਕਿਹਾ- "ਹੁਣ ਮੇਰੀ ਗੱਲ ਦਾ ਜਵਾਬ ਦੇ।"
ਉਸਨੇ ਜਵਾਬ ਦਿੱਤਾ- "ਸਟੱਡੀ ਰੂਮ ਵਿੱਚ ਆ ਅਤੇ ਉੱਥੇ ਮੈਂ ਤੈਨੂੰ ਹਰ ਗੱਲ ਸਪੱਸ਼ਟ ਕਰ ਦਿੰਦੀ ਹਾਂ।"
"ਨਹੀਂ," ਕੇ. ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਤੂੰ ਇੱਥੇ ਹੀ ਦੱਸੇਂ।"
"ਉਹ ਉਸਨੂੰ ਚਿੰਬੜ ਕੇ ਚੁੰਮਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਕੇ. ਨੇ ਉਸਨੂੰ ਪਰੇ ਧੱਕ ਦਿੱਤਾ ਅਤੇ ਬੋਲਿਆ- "ਮੈਂ ਨਹੀਂ ਚਾਹੁੰਦਾ ਕਿ ਤੂੰ ਇਸ ਸਮੇਂ ਮੈਨੂੰ ਚੁੰਮੇਂ।"
"ਜੋਸਫ਼," ਲੇਨੀ ਨੇ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, "ਤੈਨੂੰ ਸ਼੍ਰੀਮਾਨ ਬਲੌਕ ਦੇ ਪ੍ਰਤੀ ਈਰਖਾ ਨਹੀਂ ਰੱਖਣੀ ਚਾਹੀਦੀ।" ਫ਼ਿਰ ਉਹ ਵਪਾਰੀ ਦੇ ਵੱਲ ਮੁੜ ਕੇ ਬੋਲੀ, "ਰੂਡੀ, ਅੱਗੇ ਆਓ। ਮੇਰੀ ਮਦਦ ਕਰੋ। ਵੇਖੋਂ ਤਾਂ ਮੇਰੇ ਤੇ ਕੀ ਸ਼ੱਕ ਕੀਤਾ ਜਾ ਰਿਹਾ ਹੈ। ਮੋਮਬੱਤੀ ਹੇਠਾਂ ਦਿਓ।" ਇਹ ਲੱਗ ਸਕਦਾ ਸੀ ਕਿ ਉਹ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ, ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉੱਥੇ ਕੀ ਹੋ ਰਿਹਾ ਹੈ।
"ਮੈਨੂੰ ਇਹ ਚੰਗਾ ਨਹੀਂ ਲੱਗਦਾ ਕਿ ਤੁਸੀਂ ਈਰਖਾਲੂ ਹੋਵੋ," ਉਸਨੇ ਬੇਚੈਨੀ ਜਿਹੀ ਨਾਲ ਕਿਹਾ।
"ਮੈਨੂੰ ਵੀ," ਕੇ. ਨੇ ਉਸ ਵੱਲ ਮੁਸਕੁਰਾਉਂਦੇ ਕਿਹਾ। ਲੇਨੀ ਅਚਾਨਕ ਹੱਸ ਪਈ। ਉਸਨੇ ਇਸ ਗੱਲ ਦਾ ਫ਼ਾਇਦਾ ਚੁੱਕਿਆ ਕਿ ਕੇ. ਉਸਦੇ ਵੱਲ ਨਹੀਂ ਵਧਿਆ। ਉਹ ਉਸਦੇ ਕੰਨ ਵਿੱਚ ਫੁਸਫੁਸਾਈ- "ਇਸਨੂੰ ਇੱਕਲਾ ਛੱਡ ਦੇ। ਤੂੰ ਵੇਖ ਸਕਦਾ ਏਂ ਕਿ ਹੁਣ ਉਹ ਕਿਹੋ ਜਿਹਾ ਲੱਗ ਰਿਹਾ ਹੈ। ਮੈਂ ਇਸ ਵਿੱਚ ਥੋੜ੍ਹੀ ਬਹੁਤ ਦਿਲਚਸਪੀ ਇਸ ਲਈ ਲੈ ਰਹੀ ਸੀ ਕਿਉਂਕਿ ਇਹ ਵਕੀਲ ਸਾਹਬ ਦੇ ਚੰਗੇ ਗਾਹਕਾਂ ਵਿੱਚੋਂ ਇੱਕ ਹੈ। ਇਸਦੇ ਇਲਾਵਾ ਹੋਰ ਕੁੱਝ ਨਹੀਂ ਹੈ। ਤੇਰਾ ਕੀ ਇਰਾਦਾ ਹੈ? ਕੀ ਤੂੰ ਵਕੀਲ ਨਾਲ ਅੱਜ ਗੱਲ ਕਰਨੀ ਚਾਹੁੰਦਾ ਏਂ? ਉਹ ਕਾਫ਼ੀ ਬਿਮਾਰ ਹੈ ਅਤੇ ਜੇ ਤੂੰ ਚਾਹੇਂ ਤਾਂ ਮੈਂ ਤੈਨੂੰ ਦੱਸ ਦਿੰਦੀ ਹਾਂ। ਪਰ ਅੱਜ ਰਾਤ ਹਰ ਹਾਲਤ ਵਿੱਚ ਤੈਨੂੰ ਮੇਰੇ ਨਾਲ ਰਹਿਣਾ ਪਵੇਗਾ। ਕਿੰਨੇ ਹੀ ਦਿਨਾਂ ਤੋਂ ਤੂੰ ਇੱਧਰ ਨਹੀਂ ਆਇਆ। ਤੇਰੇ ਪਿੱਛੋਂ ਵਕੀਲ ਵੀ ਤੇਰੇ ਬਾਰੇ ਪੁੱਛ ਰਿਹਾ ਸੀ। ਆਪਣੇ ਮੁਕੱਦਮੇ 'ਤੇ ਗੌਰ ਕਰਨਾ ਬੰਦ ਕਰ। ਮੈਂ ਵੀ ਅਜਿਹੀਆਂ ਕੁੱਝ ਜ਼ਰੂਰੀ ਗੱਲਾਂ ਦਾ ਪਤਾ ਲਾਇਆ ਹੈ ਜਿਹੜੀਆਂ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ। ਪਰ ਪਹਿਲਾਂ ਆਪਣਾ ਇਹ ਕੋਟ ਲਾਹ ਦੇ"। ਉਸਨੇ ਉਸਦਾ ਕੋਟ ਉਤਾਰਨ ਵਿੱਚ ਮਦਦ ਕੀਤੀ ਅਤੇ ਹੈਟ ਲੈ ਕੇ ਵੱਡੇ ਕਮਰੇ ਵਿੱਚ ਚਲੀ ਗਈ, ਤਾਂ ਕਿ ਉਨ੍ਹਾਂ ਨੂੰ ਉੱਥੇ ਟੰਗ ਸਕੇ, ਫ਼ਿਰ ਭੱਜ ਕੇ ਵਾਪਸ ਆ ਗਈ ਤਾਂਕਿ ਸੂਪ ਦਾ ਧਿਆਨ ਰੱਖ ਸਕੇ। "ਪਹਿਲਾਂ ਤੇਰੇ ਬਾਰੇ ਵਿੱਚ ਦੱਸ ਆਵਾਂ ਜਾਂ ਸੂਪ ਪਹਿਲਾਂ ਦੇ ਆਵਾਂ?"
"ਓਹ, ਪਹਿਲਾਂ ਮੇਰੇ ਬਾਰੇ ਵਿੱਚ ਦੱਸ ਕੇ ਆ," ਕੇ. ਨੇ ਕਿਹਾ। ਉਹ ਨਰਾਜ਼ ਸੀ ਕਿਉਂਕਿ ਉਹ ਇਸ ਸਾਰੇ ਮਸਲੇ 'ਤੇ ਪਹਿਲਾਂ ਲੇਨੀ ਨਾਲ ਚਰਚਾ ਕਰਨੀ ਚਾਹੁੰਦਾ ਸੀ, ਖ਼ਾਸ ਕਰਕੇ ਵਕੀਲ ਨੂੰ ਹਟਾ ਦਿੱਤੇ ਜਾਣ ਵਾਲੇ ਚਰਚਾ-ਯੋਗ ਵਿਚਾਰ 'ਤੇ, ਪਰ ਉਸ ਵਪਾਰੀ ਦੀ ਹਾਜ਼ਰੀ ਨੇ ਉਸਦਾ ਮੂਡ ਬਦਲ ਦਿੱਤਾ ਸੀ। ਹਾਲਾਂਕਿ ਉਸਨੂੰ ਹੁਣ ਮਹਿਸੂਸ ਹੋਇਆ ਕਿ ਉਸਦੇ ਲਈ ਉਸਦਾ ਆਪਣਾ ਕੰਮ ਹੀ ਇਸ ਵਪਾਰੀ ਦੀ ਮਹਿਜ਼ ਹਾਜ਼ਰੀ ਤੋਂ ਵਧੇਰੇ ਜ਼ਰੂਰੀ ਸੀ, ਇਸ ਲਈ ਉਸਨੇ ਲੇਨੀ ਨੂੰ, ਜੋ ਅਜੇ ਤੱਕ ਗਲਿਆਰੇ ਵਿੱਚ ਹੀ ਜਾ ਰਹੀ ਸੀ, ਵਾਪਸ ਬੁਲਾਇਆ।
"ਪਹਿਲਾਂ ਉਸਨੂੰ ਸੂਪ ਦੇ ਆ," ਉਸਨੇ ਕਿਹਾ, "ਤਾਂ ਕਿ ਉਹ ਮੇਰੇ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਸਕੇ।"
"ਤਾਂ ਤੁਸੀਂ ਵਕੀਲ ਸਾਹਬ ਦੇ ਮੁੱਦਈ ਹੋਂ," ਬਲੌਕ ਨੇ ਉਸ ਕੋਨੇ ਵਿੱਚ ਬੈਠੇ-ਬੈਠੇ ਕਿਹਾ, ਜਿਵੇਂ ਉਸਨੂੰ ਇਸ ਬਾਰੇ ਕੋਈ ਸ਼ੰਕਾ ਹੋਵੇ। ਪਰ ਉਸਦਾ ਇਹ ਬਿਆਨ ਠੀਕ ਤਰ੍ਹਾਂ ਨਾਲ ਨਹੀਂ ਲਿਆ ਗਿਆ।
ਤੈਨੂੰ ਇਸ ਨਾਲ ਕੀ ਮਤਲਬ?" ਕੇ. ਨੇ ਕਿਹਾ, ਇਸ ਵਿੱਚ ਲੇਨੀ ਨੇ ਜੋੜਿਆ, "ਤੂੰ ਚੁੱਪ ਰਹਿ। ਮੈਂ ਉਸਦਾ ਸੂਪ ਪਹਿਲਾਂ ਦੇ ਆਉਂਦੀ ਹਾਂ," ਉਹ ਕੇ. ਨੂੰ ਬੋਲੀ ਅਤੇ ਸੂਪ ਨੂੰ ਪਲੇਟ ਵਿੱਚ ਪਾ ਲਿਆ। "ਮੁਸ਼ਕਿਲ ਇਹ ਹੈ ਕਿ ਉਹ ਛੇਤੀ ਹੀ ਸੌਂ ਜਾਂਦਾ ਹੈ। ਖਾਣ ਦੇ ਪਿੱਛੋਂ ਉਸਨੂੰ ਨੀਂਦ ਆਉਣ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ।"
"ਮੈਂ ਉਸਨੂੰ ਜੋ ਵੀ ਕਹਿਣ ਵਾਲਾ ਹਾਂ, ਉਸ ਨਾਲ ਤਾਂ ਉਸਦੀ ਨੀਂਦ ਉੱਡ ਹੀ ਜਾਣੀ ਹੈ," ਕੇ. ਨੇ ਕਿਹਾ। ਉਹ ਲਗਾਤਾਰ ਇਹ ਮਹਿਸੂਸ ਕਰਾਉਣਾ ਚਾਹੁੰਦਾ ਸੀ ਕਿ ਉਸਨੂੰ ਵਕੀਲ ਦੇ ਨਾਲ ਕੋਈ ਬਹੁਤ ਜ਼ਰੂਰੀ ਕੰਮ ਹੈ ਅਤੇ ਉਸ ਪਿੱਛੋਂ ਹੀ ਲੇਨੀ ਨਾਲ ਵਿਚਾਰ ਕਰੇਗਾ। ਪਰ ਉਸਨੇ ਤਾਂ ਸਿਰਫ਼ ਉਹੀ ਕੀਤਾ ਜੋ ਕੇ. ਨੇ ਉਸਨੂੰ ਕਿਹਾ ਸੀ। ਜਿਵੇਂ ਹੀ ਸੂਪ ਲੈ ਕੇ ਉਸਦੇ ਕੋਲੋ ਲੰਘੀ, ਉਹ ਜਾਣ-ਬੁੱਝ ਕੇ ਉਸ ਨਾਲ ਟਕਰਾਈ ਅਤੇ ਉਸਦੇ ਕੰਨ ਵਿੱਚ ਫੁਸਫੁਸਾਈ- "ਜਿਵੇਂ ਹੀ ਉਹ ਆਪਣਾ ਸੂਪ ਖ਼ਤਮ ਕਰੇਗਾ, ਮੈਂ ਉਸਨੂੰ ਦੱਸ ਦੇਵਾਂਗੀ ਕਿ ਤੂੰ ਇੱਥੇ ਹੈਂ।"
"ਛੇਤੀ ਜਾ।" ਕੇ. ਨੇ ਕਿਹਾ।
"ਜ਼ਰਾ ਚੰਗੀ ਤਰ੍ਹਾਂ ਪੇਸ਼ ਆ।" ਸੂਪ ਦੀ ਪਲੇਟ ਫੜ੍ਹੀ ਬੂਹੇ ਦੇ ਕੋਲ ਤੁਰਦੇ ਹੋਏ ਉਹ ਪਿੱਛੇ ਮੁੜਕੇ ਬੋਲੀ। ਕੇ. ਉਸਨੂੰ ਜਾਂਦੀ ਹੋਈ ਵੇਖਦਾ ਰਿਹਾ। ਅੰਤ ਫ਼ੈਸਲਾ ਲੈ ਲਿਆ ਗਿਆ ਸੀ ਕਿ ਉਹ ਵਕੀਲ ਨੂੰ ਬਰਖ਼ਾਸਤ ਕਰ ਦੇਵੇਗਾ, ਅਤੇ ਸ਼ਾਇਦ ਇਹ ਚੰਗਾ ਹੀ ਹੋਇਆ ਕਿ ਉਹ ਲੇਨੀ ਨਾਲ਼ ਇਸ ਮਸਲੇ 'ਤੇ ਗੱਲ ਨਹੀਂ ਕਰ ਸਕਿਆ। ਇਸ ਸਾਰੇ ਮਸਲੇ ਨੂੰ ਉਹ ਚੰਗੀ ਤਰ੍ਹਾਂ ਨਹੀਂ ਸਮਝਦੀ ਅਤੇ ਉਹ ਉਸਨੂੰ ਅਜਿਹਾ ਕਰਨ ਤੋਂ ਰੋਕਦੀ। ਅਜਿਹੇ ਵੇਲੇ ਉਹ ਕੇ. ਦੇ ਲਈ ਅਜਿਹਾ ਬਿਲਕੁਲ ਨਾ ਹੋਣ ਦਿੰਦੀ ਅਤੇ ਇਸ ਨਾਲ ਫ਼ਿਰ ਕੇ. ਦੀਆਂ ਉਲਝਣਾਂ ਵਿੱਚ ਵਾਧਾ ਹੋ ਸਕਦਾ ਸੀ ਅਤੇ ਸ਼ਾਇਦ ਉਹ ਆਪਣਾ ਇਹ ਫ਼ੈਸਲਾ ਬਦਲ ਵੀ ਦੇਵੇ। ਪਰ ਇਸ ਵੇਲੇ ਉਹ ਆਪਣੇ ਇਸ ਫ਼ੈਸਲੇ ਨੂੰ ਨਹੀਂ ਬਦਲ ਸਕਦਾ ਸੀ। ਜਿੰਨੀ ਜਲਦੀ ਉਹ ਇਹ ਫ਼ੈਸਲੇ ਨੂੰ ਅਮਲ ਵਿੱਚ ਲਿਆਉਂਦਾ ਹੈ, ਉਨਾ ਹੀ ਉਸਦਾ ਨੁਕਸਾਨ ਤੋਂ ਬਚਾਅ ਹੋਵੇਗਾ। ਅਤੇ ਸ਼ਾਇਦ ਇਹ ਵਪਾਰੀ ਇਸ ਮਸਲੇ ਵਿੱਚ ਉਸਦੀ ਕੁੱਝ ਮਦਦ ਕਰ ਸਕੇ।
ਕੇ. ਘੁੰਮ ਗਿਆ ਅਤੇ ਉਸਨੇ ਜਦੋਂ ਵਪਾਰੀ ਨੂੰ ਵੇਖਿਆ ਤਾਂ ਉਹ ਖੜ੍ਹਾ ਹੋ ਰਿਹਾ ਸੀ। "ਉੱਥੇ ਹੀ ਰਹਿ, ਜਿੱਥੇ ਹੈਂ," ਕੇ. ਨੇ ਇੱਕ ਕੁਰਸੀ ਖਿੱਚ ਕੇ ਕਿਹਾ, "ਕੀ ਤੂੰ ਵਕੀਲ ਦਾ ਪੁਰਾਣਾ ਮੁੱਦਈ ਏਂ?" ਉਸਨੇ ਪੁੱਛਿਆ।
"ਹਾਂ, ਵਪਾਰੀ ਨੇ ਜਵਾਬ ਦਿੱਤਾ- "ਬਹੁਤ ਪੁਰਾਣਾ।"
"ਤਾਂ ਕਿੰਨੇ ਸਾਲਾਂ ਤੋਂ ਉਹ ਤੇਰੀ ਨਮਾਇੰਦਗੀ ਕਰ ਰਿਹਾ ਹੈ?" ਕੇ. ਨੇ ਪੁੱਛਿਆ।
"ਮੈਂ ਸਮਝ ਗਿਆ ਕਿ ਤੁਹਾਡਾ ਕੀ ਮਤਲਬ ਹੈ," ਵਪਾਰੀ ਨੇ ਕਿਹਾ, "ਮੇਰਾ ਅਨਾਜ ਦਾ ਵਪਾਰ ਹੈ ਅਤੇ ਜਦੋਂ ਤੋਂ ਮੈਂ ਇਸ ਵਿੱਚ ਲੱਗਾ ਹਾਂ ਉਦੋਂ ਤੋਂ ਹੀ ਇਹ ਵਕੀਲ ਸਾਹਬ ਮੇਰਾ ਕੰਮ ਵੇਖ ਰਹੇ ਹਨ। ਮੇਰੇ ਵਿਅਕਤੀਗਤ ਕੇਸ ਵਿੱਚ ਜਿਸਦੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋਂ, ਵਿੱਚ ਵੀ ਇਹ ਸ਼ੁਰੂਆਤ ਤੋਂ ਲੈ ਕੇ ਮੇਰੀ ਨੁਮਾਇੰਦਗੀ ਕਰ ਰਹੇ ਹਨ। ਇਸਨੂੰ ਪੰਜ ਸਾਲ ਹੋ ਗਏ ਹਨ। ਹਾਂ, ਪੰਜਾਂ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ।" ਇਹ ਕਹਿੰਦਿਆਂ ਉਸਨੇ ਜੇਬ ਵਿੱਚੋਂ ਛੋਟੀ ਜਿਹੀ ਡਾਇਰੀ ਕੱਢ ਲਈ। "ਮੈਂ ਇਹ ਸਭ ਲਿਖਿਆ ਹੈ। ਮੈਂ ਤੁਹਾਨੂੰ ਬਿਲਕੁਲ ਠੀਕ ਤਾਰੀਕ ਦੱਸ ਸਕਦਾ ਹਾਂ, ਜੇਕਰ ਤੁਸੀਂ ਇਸ ਵਿੱਚ ਦਿਲਚਸਪੀ ਰੱਖਦੇ ਹੋਂ। ਇਹ ਸਾਰੀਆਂ ਗੱਲਾਂ ਨੂੰ ਯਾਦ ਰੱਖਣਾ ਬਹੁਤ ਔਖਾ ਹੈ। ਮੇਰਾ ਕੇਸ ਤਾਂ ਬਹੁਤ ਸਮੇਂ ਤੋਂ ਚੱਲ ਰਿਹਾ ਹੈ, ਜਿੰਨਾ ਮੈਂ ਕਿਹਾ ਹੈ, ਉਸਤੋਂ ਵੀ ਵਧੇਰੇ ਸਮੇਂ ਤੋਂ। ਇਹ ਮੇਰੀ ਪਤਨੀ ਦੀ ਮੌਤ ਤੋਂ ਫ਼ੌਰਨ ਬਾਅਦ ਸ਼ੁਰੂ ਹੋ ਗਿਆ ਸੀ ਅਤੇ ਇਸ ਗੱਲ ਨੂੰ ਸਾਢੇ ਪੰਜ ਸਾਲ ਤੋਂ ਜ਼ਿਆਦਾ ਅਰਸਾ ਬੀਤ ਚੁੱਕਾ ਹੈ।" ਕੇ. ਉਸਦੇ ਕੋਲ ਆ ਗਿਆ, "ਤਾਂ ਇਹ ਵਕੀਲ ਸਾਧਾਰਨ ਕਾਨੂੰਨੀ ਕੇਸ ਵੀ ਲੈ ਲੈਂਦਾ ਹੈ?" ਉਸਨੇ ਪੁੱਛਿਆ। ਅਦਾਲਤ ਅਤੇ ਕਾਨੂੰਨ ਵਿਚਲਾ ਇਹ ਮੇਲ ਕੇ. ਨੂੰ ਤਸੱਲੀ ਦਿੰਦਾ ਜਾਪਿਆ।
"ਹਾਂ," ਬਲੌਕ ਨੇ ਕਿਹਾ, ਅਤੇ ਕੇ. ਦੇ ਵੱਲ ਫੁਸਫੁਸਾਉਣ ਲੱਗਾ, "ਕਿਹਾ ਜਾਂਦਾ ਹੈ ਕਿ ਇਨ੍ਹਾਂ ਸਾਧਾਰਨ ਕੇਸਾਂ ਵਿੱਚ ਉਹ ਦੂਜੇ ਕੇਸਾਂ ਦੇ ਮੁਕਾਬਲੇ ਵਧੇਰੇ ਚੰਗਾ ਹੈ।" ਪਰ ਫ਼ਿਰ ਜਿਵੇਂ ਉਸਨੂੰ ਆਪਣੇ ਕਹੇ ’ਤੇ ਅਫ਼ਸੋਸ ਹੋਇਆ, ਤਾਂ ਉਸਨੇ ਕੇ. ਦੇ ਮੋਢੇ ਤੇ ਹੱਥ ਰੱਖਕੇ ਕਿਹਾ-"ਮੇਰੀ ਬੇਨਤੀ ਹੈ ਕਿ ਤੁਸੀਂ ਇਹ ਕਿਸੇ ਨੂੰ ਦੱਸਣਾ ਨਹੀਂ ਹੈ।"
ਕੇ. ਨੇ ਉਸਨੂੰ ਥਪਥਪਾ ਕੇ, ਭਰੋਸਾ ਦਿੰਦੇ ਹੋਏ ਕਿਹਾ- "ਨਹੀਂ ਮੈਂ ਲੋਕਾਂ ਦੇ ਨਾਲ ਧੋਖਾ ਨਹੀਂ ਕਰਦਾ।"
"ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਕਿ ਉਹ ਬਦਲੇ ਦੀ ਭਾਵਨਾ ਰੱਖਦਾ ਹੈ।" ਵਪਾਰੀ ਨੇ ਕਿਹਾ।
"ਪਰ ਤੇਰੇ ਜਿਹੇ ਆਗਿਆਕਾਰੀ ਮੁੱਦਈ ਦੇ ਨਾਲ ਉਹ ਵਧੇਰੇ ਕੁੱਝ ਕਰ ਨਹੀਂ ਸਕੇਗਾ। ਕੇ. ਬੋਲਿਆ।
"ਓਹ, ਪਰ ਉਹ ਕੁੱਝ ਵੀ ਕਰ ਸਕਦਾ ਹੈ," ਵਪਾਰੀ ਨੇ ਕਿਹਾ, "ਇੱਕ ਵਾਰ ਜਦੋਂ ਉਸਨੂੰ ਗੁੱਸਾ ਆ ਜਾਵੇ ਤਾਂ ਫ਼ਿਰ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ। ਫ਼ਿਰ ਮੈਂ ਉਸਦੇ ਪ੍ਰਤੀ ਇੰਨਾ ਆਗਿਆਕਾਰੀ ਵੀ ਨਹੀਂ ਹਾਂ, ਜਿੰਨਾ ਕਿ ਤੁਹਾਨੂੰ ਲੱਗਦਾ ਹੈ।"
"ਤੇਰੇ ਮਤਲਬ ਕੀ ਹੈ?" ਕੇ. ਨੇ ਕਿਹਾ।
"ਮੈਂ ਤੁਹਾਨੂੰ ਦੱਸ ਨਹੀਂ ਸਕਾਂਗਾ," ਬਲੌਕ ਨੇ ਕੁੱਝ ਸ਼ੱਕੀ ਜਿਹੇ ਭਾਵ ਨਾਲ ਕਿਹਾ।
"ਮੈਂ ਸਮਝਦਾ ਹਾਂ ਕਿ ਤੂੰ ਦੱਸ ਸਕਦਾ ਏਂ।" ਕੇ. ਬੋਲਿਆ।
"ਠੀਕ ਹੈ," ਵਪਾਰੀ ਨੇ ਕਿਹਾ, "ਮੈਂ ਥੋੜ੍ਹਾ ਬਹੁਤ ਦੱਸ ਦਿੰਦਾ ਹਾਂ, ਪਰ ਤੁਹਾਨੂੰ ਵੀ ਮੈਨੂੰ ਇੱਕ ਰਹੱਸ ਦੱਸਣਾ ਪਵੇਗਾ, ਤਾਂਕਿ ਵਕੀਲ ਨੂੰ ਲੈ ਕੇ ਅਸੀਂ ਇੱਕ ਦੂਜੇ ਤੇ ਵਿਸ਼ਵਾਸ ਕਰ ਸਕੀਏ।"
"ਤੂੰ ਕੁੱਝ ਵਧੇਰੇ ਹੀ ਸਾਵਧਾਨ ਲੱਗ ਰਿਹਾ ਏਂ," ਕੇ. ਬੋਲਿਆ- "ਪਰ ਮੈਂ ਤੈਨੂੰ ਇੱਕ ਅਜਿਹਾ ਰਹੱਸ ਦੱਸਾਂਗਾ ਜੋ ਤੈਨੂੰ ਬਿਲਕੁਲ ਬੇਫ਼ਿਕਰ ਕਰ ਦੇਵੇਗਾ। ਹੁਣ ਮੈਨੂੰ ਦੱਸ ਕਿ ਤੂੰ ਵਕੀਲ ਦੇ ਪ੍ਰਤੀ ਧੋਖੇਬਾਜ਼ ਕਿਵੇਂ ਰਿਹਾ ਏਂ?" "ਕਿਉਂਕਿ, ਵਪਾਰੀ ਨੇ ਹਿਚਕਦੇ ਹੋਏ ਕਿਹਾ, ਜਿਵੇਂ ਕਿ ਉਹ ਕਿਸੇ ਅਪਮਾਨ ਭਰੀ ਚੀਜ਼ ਨੂੰ ਮੰਨ ਰਿਹਾ ਹੋਵੇ, "ਇਸਦੇ ਇਲਾਵਾ ਵੀ ਮੈਂ ਹੋਰ ਵਕੀਲ ਕੀਤੇ ਹੋਏ ਹਨ।"
"ਬਸ, ਇਹੀ ਗੱਲ ਹੈ, ਕੇ. ਨੇ ਥੋੜ੍ਹਾ ਨਿਰਾਸ਼ ਹੁੰਦਿਆਂ ਕਿਹਾ।
"ਹਾਂ, ਇਹੀ ਗੱਲ ਹੈ।" ਵਪਾਰੀ ਆਪਣੇ ਇੱਕ ਬਾਲ ਕੀਤੇ ਹੋਏ ਬਿਆਨ ਤੋਂ ਹੀ ਕੁੱਝ ਔਖੇ ਜਿਹੇ ਸਾਹ ਲੈ ਰਿਹਾ ਸੀ ਪਰ ਕੇ. ਦੀ ਇਸ ਟਿੱਪਣੀ ਤੋਂ ਪਿੱਛੋਂ ਹੀ ਜਿਵੇਂ ਉਸਨੂੰ ਕੁੱਝ ਆਤਮ-ਵਿਸ਼ਵਾਸ਼ ਮਿਲਿਆ ਹੋਵੇ। "ਇਸਦੀ ਇਜਾਜ਼ਤ ਨਹੀਂ ਹੈ। ਅਤੇ ਇਸਦੇ ਨਾਲ ਇਹ ਵੀ ਕਿ ਛੋਟੇ ਵਕੀਲ ਰੱਖੇ ਜਾਣ ਦੀ ਵੀ ਇਜਾਜ਼ਤ ਨਹੀਂ ਹੈ, ਖ਼ਾਸ ਕਰਕੇ ਜਦੋਂ ਕਿਸੇ ਦੇ ਕੋਲ ਇੱਕ ਅਧਿਕਾਰਿਕ ਵਕੀਲ ਪਹਿਲਾਂ ਹੀ ਹੋਵੇ ਅਤੇ ਮੈਂ ਇਹੀ ਕੁੱਝ ਕੀਤਾ ਹੈ। ਮੇਰੇ ਕੋਲ ਇਸਦੇ ਇਲਾਵਾ ਪੰਜ ਹੋਰ ਵਕੀਲ ਹਨ।"
"ਪੰਜ, ਕੇ. ਇਹ ਸੁਣ ਕੇ ਹੈਰਾਨ ਹੋ ਗਿਆ, ਅਤੇ ਉਸਨੇ ਪੁੱਛਿਆ, "ਕੀ ਇਸਦੇ ਇਲਾਵਾ ਤੇਰੇ ਕੋਲ ਪੰਜ ਵਕੀਲ ਹੋਰ ਹਨ?"
ਵਪਾਰੀ ਨੇ ਸਿਰ ਹਿਲਾ ਦਿੱਤਾ- "ਹਾਂ, ਅਤੇ ਹੁਣ ਮੈਂ ਛੇਵਾਂ ਵਕੀਲ ਵੀ ਕਰ ਰਿਹਾ ਹਾਂ।"
"ਪਰ ਇੰਨੇ ਵਕੀਲਾਂ ਦੀ ਤੈਨੂੰ ਕੀ ਲੋੜ ਹੈ?" ਕੇ. ਨੇ ਪੁੱਛਿਆ।
"ਮੈਨੂੰ ਉਨ੍ਹਾਂ ਸਾਰਿਆਂ ਦੀ ਲੋੜ ਹੈ।" ਵਪਾਰੀ ਨੇ ਜਵਾਬ ਦਿੱਤਾ।
"ਪਰ ਕੀ ਤੂੰ ਮੈਨੂੰ ਦੱਸੇਂਗਾ ਨਹੀਂ?" ਕੇ. ਬੋਲਿਆ।
"ਮੈਨੂੰ ਦੱਸਕੇ ਖੁਸ਼ੀ ਹੋਵੇਗੀ," ਵਪਾਰੀ ਨੇ ਕਿਹਾ, "ਸਭ ਤੋਂ ਪਹਿਲਾਂ ਤਾਂ ਇਹੀ ਕਿ ਮੈਂ ਆਪਣਾ ਮੁਕੱਦਮਾ ਹਾਰਨਾ ਨਹੀਂ ਚਾਹੁੰਦਾ, ਇਹ ਤਾਂ ਤੁਸੀਂ ਸਮਝ ਹੀ ਸਕਦੇ ਹੋਂ। ਇਸ ਲਈ ਮੇਰੇ ਲਈ ਜੋ ਕੁੱਝ ਵੀ ਲਾਭਕਾਰੀ ਹੋਵੇ, ਮੈਂ ਉਸਨੂੰ ਅੱਖੋਂ-ਪਰੋਖੇ ਤਾਂ ਨਹੀਂ ਕਰ ਸਕਦਾ। ਭਾਵੇਂ ਮੇਰੇ ਕੁੱਝ ਕੰਮਾਂ ਦੇ ਕੋਈ ਬਹੁਤੇ ਚੰਗੇ ਨਤੀਜੇ ਨਾ ਵੀ ਨਿਕਲਣ, ਪਰ ਫ਼ਿਰ ਵੀ ਮੈਂ ਉਹਨਾਂ ਨੂੰ ਪੂਰਨ ਤੌਰ 'ਤੇ ਨਹੀਂ ਨਕਾਰ ਸਕਦਾ। ਇਸ ਲਈ ਮੁਕੱਦਮੇ 'ਤੇ ਜੋ ਵੀ ਖਰਚ ਕਰਨਾ ਸੀ, ਮੈਂ ਕਰ ਚੁੱਕਾ ਹਾਂ। ਉਦਾਹਰਨ ਦੇ ਲਈ ਆਪਣੇ ਵਪਾਰ ਵਿੱਚੋਂ ਮੈਂ ਸਾਰੀ ਪੂੰਜੀ ਕੱਢ ਲਈ ਹੈ। ਕਿਸੇ ਵੇਲੇ ਮੇਰਾ ਵਪਾਰ ਇੱਕ ਪੂਰੀ ਮੰਜ਼ਿਲ ਵਿੱਚ ਫੈਲਿਆ ਹੋਇਆ ਸੀ, ਪਰ ਹੁਣ ਤਾਂ ਉਸਦੇ ਲਈ ਪਿੱਛੇ ਬਣਿਆ ਇੱਕ ਛੋਟਾ ਜਿਹਾ ਕਮਰਾ ਹੀ ਕਾਫ਼ੀ ਹੈ, ਜਿੱਥੇ ਮੈਂ ਸਿਰਫ਼ ਇੱਕ ਸਹਾਇਕ ਦੇ ਨਾਲ ਕੰਮ ਕਰ ਸਕਦਾ ਹਾਂ। ਹਾਲਾਂਕਿ ਮੇਰਾ ਇਹ ਵਪਾਰ ਸਿਰਫ਼ ਪੂੰਜੀ ਕੱਢ ਲੈਣ ਨਾਲ ਹੀ ਮੱਧਮ ਨਹੀਂ ਪਿਆ ਸਗੋਂ ਹੋਰਾਂ ਕੰਮਾਂ ਵਿੱਚ ਲੱਗ ਰਹੀ ਮੇਰੀ ਊਰਜਾ ਦਾ ਵੀ ਇਸਦਾ ਕਾਰਨ ਹੈ। ਜੇ ਤੁਸੀਂ ਆਪਣੇ ਮੁਕੱਦਮੇ ਦੇ ਬਾਰੇ ਵਿੱਚ ਕੁੱਝ ਕਰਨਾ ਚਾਹੁੰਦੇ ਹੋ, ਤਾਂ ਬਾਕੀ ਤੁਸੀਂ ਵਧੇਰੇ ਕੁੱਝ ਨਹੀਂ ਕਰ ਸਕਦੇ।"
"ਤਾਂ ਤੂੰ ਅਦਾਲਤ ਵਿੱਚ ਵੀ ਆਪ ਹੀ ਕੰਮ ਕਰ ਰਿਹਾ ਏਂ?" ਕੇ. ਨੇ ਪੁੱਛਿਆ,-- "ਮੈਂ ਇਸੇ ਦੇ ਬਾਰੇ ਵਿੱਚ ਵਧੇਰੇ ਸੁਣਨਾ ਚਾਹਾਂਗਾ।"
"ਮੈਂ ਤੁਹਾਨੂੰ ਇਸ ਬਾਰੇ ਬਹੁਤਾ ਨਹੀਂ ਦੱਸ ਸਕਦਾ," ਵਪਾਰੀ ਨੇ ਕਿਹਾ, "ਸ਼ੁਰੂ ਹੋਣ ਦੇ ਨਾਲ ਹੀ ਮੈਂ ਇਹ ਕੋਸ਼ਿਸ਼ ਕੀਤੀ ਸੀ, ਪਰ ਛੇਤੀ ਹੀ ਮੈਨੂੰ ਇਹ ਛੱਡ ਦੇਣੀ ਪਈ। ਇਹ ਤੁਹਾਨੂੰ ਛੇਤੀ ਹੀ ਖੋਖਲਾ ਕਰ ਦਿੰਦੀ ਹੈ ਅਤੇ ਇਸਤੋਂ ਵਧੇਰੇ ਫ਼ਾਇਦਾ ਵੀ ਨਹੀਂ ਹੁੰਦਾ। ਉਸ ਜਗ੍ਹਾ 'ਤੇ ਬੈਠੇ ਰਹਿ ਕੇ ਉਡੀਕ ਕਰੀ ਜਾਣਾ ਬਹੁਤ ਹੀ ਔਖਾ ਕੰਮ ਹੈ। ਤੁਸੀਂ ਤਾਂ ਜਾਣਦੇ ਹੀ ਹੋਂ ਕਿ ਅਦਾਲਤ ਹੀ ਹਵਾ ਕਿੰਨੀ ਬਦਬੂਦਾਰ ਹੈ।"
"ਤੈਨੂੰ ਕਿਵੇਂ ਪਤਾ ਕਿ ਮੈਂ ਉੱਥੇ ਗਿਆ ਹਾਂ?" ਕੇ. ਨੇ ਪੁੱਛਿਆ।
"ਜਦੋਂ ਤੁਸੀਂ ਉੱਥੋਂ ਲੰਘੇ ਸੀ ਤਾਂ ਸੰਜੋਗ ਨਾਲ ਮੈਂ ਉਡੀਕਘਰ ਵਿੱਚ ਸੀ।" ਵਪਾਰੀ ਨੇ ਜਵਾਬ ਦਿੱਤਾ।
"ਕੀ ਸੰਯੋਗ ਹੈ!" ਕੇ. ਉਸਦੀਆਂ ਗੱਲਾਂ ਦੇ ਰੌਂਅ ਵਿੱਚ ਆ ਗਿਆ ਸੀ। ਉਹ ਇਹ ਵੀ ਪੂਰੀ ਤਰ੍ਹਾਂ ਭੁੱਲ ਗਿਆ ਸੀ ਕਿ ਉਹ ਵਪਾਰੀ ਉਸਨੂੰ ਸ਼ੁਰੂ ਵਿੱਚ ਕਿੰਨਾ ਅਜੀਬ ਲੱਗਿਆ ਸੀ। "ਤਾਂ ਤੂੰ ਮੈਨੂੰ ਵੇਖਿਆ ਸੀ। ਜਦੋਂ ਮੈਂ ਉੱਥੋਂ ਲੰਘਿਆ ਤਾਂ ਤੂੰ ਉਡੀਕਘਰ ਵਿੱਚ ਸੀ। ਹਾਂ, ਮੈਂ ਇੱਕ ਵਾਰ ਉੱਥੇ ਗਿਆ ਤਾਂ ਸੀ।"
"ਇਹ ਵੈਸੇ ਇੰਨਾ ਵੱਡਾ ਸੰਜੋਗ ਵੀ ਨਹੀਂ ਹੈ," ਵਪਾਰੀ ਨੇ ਕਿਹਾ, "ਮੈਂ ਤਾਂ ਉੱਥੇ ਹਰ ਰੋਜ਼ ਜਾਂਦਾ ਹਾਂ।"
"ਸ਼ਾਇਦ ਹੁਣ ਮੈਨੂੰ ਵੀ ਉੱਥੇ ਅਕਸਰ ਜਾਣਾ ਪੈ ਸਕਦਾ ਹੈ," ਕੇ. ਬੋਲਿਆ-"ਪਰ ਉਦੋਂ ਜਿੰਨਾ ਮੈਨੂੰ ਉੱਥੇ ਸਨਮਾਨ ਮਿਲਿਆ ਸੀ, ਹੁਣ ਉਸਦੀ ਕੋਈ ਉਮੀਦ ਨਹੀਂ ਹੈ। ਹਰ ਕੋਈ ਉਦੋਂ ਖੜ੍ਹਾ ਹੋ ਗਿਆ ਸੀ। ਉਹਨਾਂ ਨੇ ਪੱਕਾ ਹੀ ਇਹ ਸੋਚ ਲਿਆ ਹੋਵੇਗਾ ਕਿ ਮੈਂ ਕੋਈ ਜੱਜ ਹਾਂ।"
"ਨਹੀਂ," ਵਪਾਰੀ ਨੇ ਜਵਾਬ ਦਿੱਤਾ, "ਉਦੋਂ ਅਰਦਲੀ ਦੇ ਨਾਲ ਮੈਂ ਹੀ ਖੜ੍ਹਾ ਹੋਇਆ ਸੀ। ਅਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਸੀ ਕਿ ਤੁਸੀਂ ਵੀ ਆਰੋਪੀ ਹੀ ਹੋਂ। ਇਸ ਤਰ੍ਹਾਂ ਦੀਆਂ ਖ਼ਬਰਾਂ ਬਹੁਤ ਛੇਤੀ ਫੈਲਦੀਆਂ ਹਨ।"
"ਤਾਂ ਤੈਨੂੰ ਸੱਚੀਂ ਉਸ ਵੇਲੇ ਪਤਾ ਸੀ?" ਕੇ. ਨੇ ਪੁੱਛਿਆ, "ਪਰ ਉਸ ਵੇਲੇ ਸ਼ਾਇਦ ਮੇਰਾ ਵਿਹਾਰ ਤੈਨੂੰ ਘਮੰਡੀ ਲੱਗਿਆ ਹੋਵੇਗਾ। ਕੀ ਇਸ 'ਤੇ ਕੋਈ ਟਿੱਪਣੀ ਹੋਈ ਸੀ?"
"ਨਹੀਂ, ਇਸਤੋਂ ਠੀਕ ਉਲਟ। ਪਰ ਉਹ ਸਭ ਬਕਵਾਸ ਹੈ। "ਵਪਾਰੀ ਨੇ ਜਵਾਬ ਦਿੱਤਾ।
"ਬਕਵਾਸ, ਮਤਲਬ?" ਕੇ. ਨੇ ਪੁੱਛਿਆ।
"ਤੁਸੀਂ ਜਾਣਨਾ ਕੀ ਚਾਹੁੰਦੇ ਹੋ?" ਵਪਾਰੀ ਨੇ ਥੋੜ੍ਹੇ ਗੁੱਸੇ ਜਿਹੇ 'ਚ ਕਿਹਾ, "ਤੁਸੀਂ ਉੱਥੋਂ ਦੇ ਲੋਕਾਂ ਨੂੰ ਠੀਕ ਤਰ੍ਹਾਂ ਜਾਣਦੇ ਨਹੀਂ ਹੋਂ, ਅਤੇ ਗ਼ਲਤ ਧਾਰਨਾਵਾਂ ਬਣਾਈ ਜਾ ਰਹੇ ਹੋ। ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਾਰਵਾਈਆਂ ਵਿੱਚ ਲਗਾਤਾਰ ਅਜਿਹੀਆਂ ਚੀਜ਼ਾਂ ਚਲਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਕੋਈ ਤਰਕ ਨਹੀਂ ਹੁੰਦਾ। ਲੋਕ ਬਿਲਕੁਲ ਥੱਕੇ ਹੋਏ ਹੁੰਦੇ ਹਨ ਅਤੇ ਪੂਰੇ ਧਿਆਨ ਇਹ ਸਭ ਨਹੀਂ ਸੁਣ ਸਕਦੇ, ਅਤੇ ਇਸ ਤਰ੍ਹਾਂ ਉਹ ਵਹਿਮਾਂ ਵਿੱਚ ਪੈ ਜਾਂਦੇ ਹਨ। ਵੈਸੇ ਤਾਂ ਮੈਂ ਦੂਜੇ ਲੋਕਾਂ ਦੇ ਬਾਰੇ 'ਚ ਗੱਲ ਕਰ ਰਿਹਾ ਹਾਂ, ਪਰ ਮੈਂ ਆਪ ਵੀ ਉਹੋ ਜਿਹਾ ਹੀ ਹਾਂ। ਇੱਕ ਖ਼ਾਸ ਤਰ੍ਹਾਂ ਦੇ ਵਹਿਮ ਦਾ ਉਦਾਹਰਨ ਦੇਵਾਂ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਮੁੱਦਈ ਦਾ ਚਿਹਰਾ ਵੇਖ ਕੇ ਦੱਸ ਸਕਦੇ ਹਨ, ਖ਼ਾਸ ਕਰਕੇ ਉਸਦੇ ਬੁੱਲ੍ਹਾਂ ਦੀ ਮਸਕਾਣ ਤੋਂ ਹੀ, ਕਿ ਉਸਦੇ ਮਕੱਦਮੇ ਦਾ ਕੀ ਹਸ਼ਰ ਹੋਣ ਵਾਲਾ ਹੈ। ਤਾਂ ਉਹ ਲੋਕ ਤੁਹਾਡੇ ਬਾਰੇ ਗੱਲ ਕਰਦੇ ਹੋਏ ਕਹਿ ਰਹੇ ਸਨ ਕਿ ਜੇਕਰ ਤੁਹਾਡੇ ਹੋਠਾਂ ਨੂੰ ਵੇਖ ਕੇ ਕਿਹਾ ਜਾਵੇ ਤਾਂ, ਇਹ ਤਾਂ ਤੈਅ ਹੈ ਕਿ ਤੁਹਾਨੂੰ ਸਜ਼ਾ ਹੋਣ ਵਾਲੀ ਹੈ ਅਤੇ ਉਹ ਵੀ ਬਹੁਤ ਛੇਤੀ। ਮੈਂ ਦੁਹਰਾ ਰਿਹਾ ਹਾਂ ਕਿ ਇਹ ਇਕ ਵਹਿਮ ਹੀ ਹੈ ਅਤੇ ਇਸਤੋਂ ਵੀ ਵਧੇਰੇ, ਤੱਥ ਇਸਦਾ ਪੂਰਾ ਖੰਡਨ ਕਰਦੇ ਹਨ, ਪਰ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਦੀ ਸੰਗਤ ਵਿੱਚ ਰਹਿਣ ਲੱਗ ਜਾਵੋਂ, ਤਾਂ ਤੁਸੀਂ ਵੀ ਉਹਨਾਂ ਦੇ ਵਿਚਾਰਾਂ ਤੋਂ ਅਣਭਿੱਜੇ ਨਹੀਂ ਰਹਿ ਸਕਦੇ। ਜ਼ਰਾ ਸੋਚੋ ਅਜਿਹੇ ਅੰਧਵਿਸ਼ਵਾਸ਼ਾਂ ਦਾ ਕਿੰਨਾ ਬਰਾ ਤਕੜਾ ਪ੍ਰਭਾਵ ਹੋ ਸਕਦਾ ਹੈ। ਤੁਸੀਂ ਇੱਕ ਆਦਮੀ ਦੇ ਨਾਲ ਸ਼ਾਇਦ ਉੱਥੇ ਗੱਲ ਵੀ ਕੀਤੀ ਸੀ। ਕੀ ਨਹੀਂ? ਅਤੇ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਿਆ ਸੀ। ਹਾਲਾਂਕਿ ਉਹ ਜਗ੍ਹਾ 'ਤੇ ਪਰੇਸ਼ਾਨ ਹੋਣ ਦੇ ਬਹੁਤ ਸਾਰੇ ਕਾਰਨ ਹਨ, ਪਰ ਉਨ੍ਹਾਂ ਸਭ ਕਾਰਨਾਂ ਵਿੱਚ ਉਸਦੇ ਪਰੇਸ਼ਾਨ ਹੋਣ ਦਾ ਕਾਰਨ ਤੁਹਾਡੇ ਬੁੱਲ੍ਹ ਹੀ ਸਨ। ਪਿੱਛੋਂ ਉਸਨੇ ਕਿਹਾ ਸੀ ਕਿ ਉਹ ਇਹ ਸੋਚ ਰਿਹਾ ਸੀ ਕਿ ਤੁਹਾਡੇ ਬੁੱਲਾਂ ਉੱਪਰ ਤੁਹਾਨੂੰ ਸਜ਼ਾ ਹੋ ਜਾਣ ਦੇ ਸੰਕੇਤ ਸਨ।"
"ਮੇਰੇ ਬੁੱਲ੍ਹਾਂ ਤੇ?" ਕੇ. ਨੇ ਕਿਹਾ। ਉਸਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਜਿਹਾ ਸ਼ੀਸ਼ਾ ਕੱਢ ਕੇ ਆਪਣੇ ਚਿਹਰੇ 'ਤੇ ਗ਼ੌਰ ਕੀਤਾ। "ਮੈਂ ਤਾਂ ਆਪਣੇ ਬੁੱਲ੍ਹਾਂ 'ਤੇ ਕੁੱਝ ਖ਼ਾਸ ਨਹੀਂ ਵੇਖ ਰਿਹਾਂ, ਕੀ ਤੂੰ ਵੇਖ ਰਿਹਾ ਏਂ?"
"ਨਹੀਂ, ਮੈਂ ਵੀ ਨਹੀਂ," ਵਪਾਰੀ ਨੇ ਜਵਾਬ ਦਿੱਤਾ, "ਇੱਕ ਦਮ, ਕੁੱਝ ਨਹੀਂ।"
"ਇਹ ਲੋਕ ਕਿੰਨੇ ਵਹਿਮੀ ਹਨ।" ਕੇ. ਚੀਕ ਪਿਆ।
"ਕੀ ਮੈਂ ਤੁਹਾਨੂੰ ਇਹੀ ਨਹੀਂ ਦੱਸ ਰਿਹਾ ਸੀ?" ਵਪਾਰੀ ਨੇ ਪੁੱਛਿਆ।
"ਤਾਂ ਕੀ ਉਹ ਇੱਕ ਦੂਜੇ ਨੂੰ ਇੰਨੀ ਗਹਿਰਾਈ ਨਾਲ ਵੇਖਦੇ ਹਨ ਅਤੇ ਆਪਸ ਵਿੱਚ ਐਨੀ ਗੱਲਬਾਤ ਕਰ ਲੈਂਦੇ ਹਨ?" ਕੇ. ਨੇ ਪੁੱਛਿਆ, "ਅਜੇ ਤੱਕ ਤਾਂ ਮੈਂ ਆਪਣੇ-ਆਪ ਨੂੰ ਉਹਨਾਂ ਤੋਂ ਦੂਰ ਹੀ ਰੱਖਿਆ ਹੈ।"
"ਆਮ ਤੌਰ 'ਤੇ ਤਾਂ ਉਹ ਵੀ ਇੱਕ ਦੂਜੇ ਦੇ ਕੋਲ ਨਹੀਂ ਆਉਂਦੇ," ਵਪਾਰੀ ਨੇ ਕਿਹਾ, "ਇਹ ਸੰਭਵ ਨਹੀਂ ਹੈ ਕਿ ਉਨ੍ਹਾਂ ਵਿੱਚੋਂ ਵਧੇਰੇ ਹੋਣ ਮੌਜੂਦ ਹੋਣ। ਅਤੇ ਉਹਨਾਂ ਦੀਆਂ ਸਾਂਝੀਆਂ ਦਿਲਚਸਪੀਆਂ ਵੀ ਘੱਟ ਹਨ। ਜੇ ਉਹ ਕਿਸੇ ਮੌਕੇ 'ਤੇ ਅਚਾਨਕ ਇਹ ਵੇਖ ਲੈਣ ਕਿ ਉਨਾਂ ਦੀ ਕੋਈ ਦਿਲਚਸਪੀ ਸਾਂਝੀ ਹੈ ਤਾਂ ਵੀ ਉਹ ਇਸਨੂੰ ਇੱਕ ਗ਼ਲਤੀ ਹੀ ਮੰਨਦੇ ਹਨ। ਅਤੇ ਇਸ ਤਰ੍ਹਾਂ ਅਦਾਲਤ ਦੇ ਵਿਰੁੱਧ ਕਿਸੇ ਸੰਯੁਕਤ ਕਾਰਵਾਈ ਦੀ ਉਮੀਦ ਨਹੀਂ ਹੈ। ਹਰੇਕ ਮੁਕੱਦਮਾ ਆਪਣੇ ਗੁਣਾਂ ਦੇ ਆਧਾਰ 'ਤੇ ਹੀ ਪਰਖਿਆ ਜਾਂਦਾ ਹੈ, ਕਿਉਂਕਿ ਅਦਾਲਤ ਬਹੁਤ ਧਿਆਨ ਨਾਲ ਮਸਲੇ ਵੇਖਦੀ ਹੈ। ਇਸ ਲਈ ਸੰਯੁਕਤ ਕਾਰਵਾਈ ਤੋਂ ਕੁੱਝ ਹਾਸਲ ਹੋਣ ਵਾਲਾ ਨਹੀਂ ਹੈ, ਸਿਰਫ਼ ਕੋਈ ਆਦਮੀ ਕਦੇ-ਕਦੇ ਰਹੱਸਮਈ ਢੰਗ ਨਾਲ ਕੰਮ ਕਰਕੇ ਕੁੱਝ ਪਾ ਸਕਦਾ ਹੈ। ਦੂਜਿਆਂ ਨੂੰ ਇਹ ਉਦੋਂ ਪਤਾ ਲੱਗੇਗਾ ਜਦੋਂ ਸਫ਼ਲਤਾ ਹਾਸਲ ਹੋ ਚੁੱਕੀ ਹੋਵੇਗੀ। ਕਿਸੇ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਕਿਵੇਂ ਹੋ ਗਿਆ। ਇਸ ਦੇ ਲਈ ਕੋਈ ਸੰਪਰਦਾਇੱਕ ਭਾਵਨਾ ਨਹੀਂ ਹੈ। ਇਹ ਸੱਚ ਹੈ ਕਿ ਲੋਕ ਕਦੇ-ਕਦਾਈਂ ਉਡੀਕਘਰਾਂ ਵਿੱਚ ਮਿਲ ਲੈਂਦੇ ਹਨ, ਪਰ ਉੱਥੇ ਕੋਈ ਖ਼ਾਸ ਗੱਲਬਾਤ ਨਹੀਂ ਹੁੰਦੀ। ਅੰਧਵਿਸ਼ਵਾਸਾਂ ਤਾਂ ਮੁੱਦਤਾਂ ਤੋਂ ਚਲੇ ਆ ਰਹੇ ਹਨ ਅਤੇ ਆਪਣੇ ਹੀ ਪੱਧਰ ਤੇ ਉਨ੍ਹਾਂ ਵਿੱਚ ਗੁਣਾਤਮਕ ਵਾਧਾ ਹੁੰਦਾ ਰਹਿੰਦਾ ਹੈ।"
"ਮੈਂ ਉਹਨਾਂ ਲੋਕਾਂ ਨੂੰ ਉਡੀਕਘਰਾਂ ਵਿੱਚ ਵੇਖਿਆ ਸੀ," ਕੇ. ਬੋਲਿਆ, "ਉਨ੍ਹਾਂ ਦੀ ਉਡੀਕ ਕਰਨ ਵਿੱਚ ਮੈਨੂੰ ਤਾਂ ਕੋਈ ਤੁਕ ਨਹੀਂ ਲੱਗ ਰਹੀ ਸੀ।" "ਇਹ ਬੇਤੁਕਾ ਨਹੀਂ ਹੈ," ਵਪਾਰੀ ਨੇ ਕਿਹਾ, "ਜੇਕਰ ਕੁੱਝ ਬੇਤੁਕਾ ਹੈ ਤਾਂ ਇਹੀ ਕਿ ਆਪਣੇ-ਆਪ ਕੁੱਝ ਕਰਨ ਲੱਗ ਜਾਣਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇਸ ਇੱਕ ਵਕੀਲ ਦੇ ਇਲਾਵਾ ਮੇਰੇ ਕੋਲ ਹੋਰ ਪੰਜ ਵਕੀਲ ਹਨ। ਤੁਸੀਂ ਸ਼ਾਇਦ ਸੋਚਿਆ ਹੋਵੇਗਾ, ਮੈਂ ਵੀ ਪਹਿਲਾਂ ਇਹੀ ਸੋਚਦਾ ਸੀ ਕਿ ਮੈਂ ਇਸ ਸਾਰੇ ਮਸਲੇ ਨੂੰ ਉਸ ਉੱਪਰ ਛੱਡ ਦਿੰਦਾ ਹਾਂ। ਪਰ ਤੁਸੀਂ ਭੁੱਲ ਕਰ ਰਹੇ ਹੋਵੋਗੇ। ਹੁਣ ਇਸ 'ਤੇ ਮੈਨੂੰ ਵਧੇਰੇ ਧਿਆਨ ਦੇਣਾ ਪਵੇਗਾ ਬਜਾਏ ਉਦੋਂ ਦੇ ਜਦੋਂ ਮੇਰੇ ਕੋਲ ਸਿਰਫ਼ ਇੱਕ ਵਕੀਲ ਸੀ। ਮੈਂ ਸੋਚ ਰਿਹਾ ਹਾਂ ਕਿ ਤੁਸੀਂ ਇਹ ਸਮਝ ਸਕਣ ਵਿੱਚ ਔਖ ਮਹਿਸੂਸ ਕਰ ਰਹੇ ਹੋਂ।"
"ਨਹੀਂ, ਕੇ. ਨੇ ਕਿਹਾ, ਅਤੇ ਵਪਾਰੀ ਨੂੰ ਵਧੇਰੇ ਛੇਤੀ ਨਾਲ ਬੋਲਣ ਤੋਂ ਰੋਕਣ ਦੇ ਲਈ ਉਸਨੇ ਹੌਸਲਾ ਭਰੇ ਢੰਗ ਨਾਲ ਉਸਦੇ ਹੱਥ ਨੂੰ ਥਪਥਪਾ ਦਿੱਤਾ-"ਮੈਂ ਤੈਨੂੰ ਜ਼ਰਾ ਹੌਲ਼ੀ ਬੋਲਣ ਦੀ ਬੇਨਤੀ ਕਰਦਾ ਹਾਂ, ਕਿਉਂਕਿ ਇਹ ਸਭ ਚੀਜ਼ਾਂ ਮੇਰੇ ਲਈ ਬਹੁਤ ਜ਼ਰੂਰੀ ਹਨ ਅਤੇ ਮੈਂ ਤੇਰੀਆਂ ਗੱਲਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਪਾ ਰਿਹਾ ਹਾਂ।"
"ਇਹ ਚੰਗਾ ਹੈ ਕਿ ਤੁਸੀਂ ਮੈਨੂੰ ਯਾਦ ਕਰਾ ਦਿੱਤਾ," ਵਪਾਰੀ ਨੇ ਕਿਹਾ-"ਤੁਸੀਂ ਅਜੇ ਇਸ ਖੇਡ ਵਿੱਚ ਨਵੇ ਹੋਂ, ਤੁਸੀਂ ਅਜੇ ਬੱਚੇ ਹੋਂ। ਤੁਹਾਡਾ ਮੁਕੱਦਮਾ ਅਜੇ ਛੇ ਮਹੀਨਿਆਂ ਤੋਂ ਹੀ ਚੱਲਿਆ ਹੈ, ਕਿ ਨਹੀਂ? ਹਾਂ, ਮੈਂ ਇਸ ਬਾਰੇ ਵਿੱਚ ਸੁਣਿਆ ਸੀ। ਇੰਨਾ ਨਵਾਂ ਮੁਕੱਦਮਾ। ਪਰ ਮੈਂ ਤਾਂ ਇਨ੍ਹਾਂ ਚੀਜ਼ਾਂ ਬਾਰੇ ਅਣਗਿਣਤ ਵਾਰ ਸੋਚਿਆ ਹੈ, ਕਿਉਂਕਿ ਮੈਂ ਇਨ੍ਹਾਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ।"
"ਤੈਨੂੰ ਤਾਂ ਖੁਸ਼ੀ ਹੋਵੇਗੀ ਕਿ ਤੇਰਾ ਕੇਸ ਇੰਨਾ ਅੱਗੇ ਚਲਿਆ ਗਿਆ ਹੈ?" ਕੇ. ਨੇ ਪੁੱਛਿਆ, ਉਹ ਇਹ ਸਿੱਧਾ-ਸਿੱਧਾ ਨਹੀਂ ਪੁੱਛਣਾ ਚਾਹੁੰਦਾ ਸੀ ਕਿ ਉਸਦਾ ਕੇਸ ਕਿੱਥੇ ਤੱਕ ਪੁੱਜਾ ਹੈ। ਪਰ ਉਸਨੂੰ ਸਪੱਸ਼ਟ ਜਵਾਬ ਨਹੀਂ ਮਿਲਿਆ।
"ਹਾਂ, ਪਿਛਲੇ ਪੰਜ ਸਾਲਾਂ ਤੋਂ ਮੇਰੇ ਮੁਕੱਦਮਾ ਕੱਛੂਕੁੰਮੇ ਦੀ ਚਾਲ ਚੱਲ ਰਿਹਾ ਹੈ," ਵਪਾਰੀ ਨੇ ਕਿਹਾ ਅਤੇ ਆਪਣਾ ਸਿਰ ਅੱਗੇ ਵੱਲ ਝੁਕਾਇਆ। "ਇਹ ਕੋਈ ਛੋਟੀ-ਮੋਟੀ ਉਪਲਬਧੀ ਨਹੀਂ ਹੈ"। ਫ਼ਿਰ ਉਹ ਕੁੱਝ ਪਲਾਂ ਲਈ ਚੁੱਪ ਹੋ ਗਿਆ।
ਕੇ. ਨੇ ਇਹ ਸੁਣਨ ਦੀ ਕੋਸ਼ਿਸ਼ ਕੀਤੀ ਕਿ ਕੀ ਲੇਨੀ ਵਾਪਸ ਚਲੀ ਆ ਰਹੀ ਹੈ। ਇੱਕ ਪਾਸੇ ਤਾਂ ਉਹ ਹੁਣ ਇਹ ਚਾਹ ਰਿਹਾ ਸੀ ਕਿ ਉਹ ਵਾਪਸ ਨਾ ਆਵੇ, ਕਿਉਂਕਿ ਅਜੇ ਉਸ ਕੋਲ ਪੁੱਛੇ ਜਾਣ ਵਾਲੇ ਬਹੁਤ ਸਾਰੇ ਸਵਾਲ ਸਨ। ਅਤੇ ਇਸਦੇ ਇਲਾਵਾ ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਲੇਨੀ ਉਸਨੂੰ ਇਸ ਵਪਾਰੀ ਦੇ ਨਾਲ ਡੂੰਘੇ ਸੰਵਾਦ ਕਰਦਿਆਂ ਹੋਇਆਂ ਵੇਖੇ। ਦੂਜੇ ਪਾਸੇ ਉਹ ਇਸ ਗੱਲ ਉੱਪਰ ਗੁੱਸੇ ਸੀ ਕਿ ਲੇਨੀ ਸੂਪ ਦੇਣ ਗਈ ਵਕੀਲ ਦੇ ਕੁੱਝ ਜ਼ਿਆਦਾ ਹੀ ਸਮਾਂ ਲਾ ਰਹੀ ਹੈ।
"ਮੈਂ ਬਹੁਤ ਸਪੱਸ਼ਟਤਾ ਨਾਲ ਅਜੇ ਤੱਕ ਯਾਦ ਕਰ ਸਕਦਾ ਹਾਂ," ਬਲੌਕ ਦੋਬਾਰਾ ਬੋਲਣ ਲੱਗਾ ਅਤੇ ਕੇ. ਹੁਣ ਬਿਲਕੁਲ ਧਿਆਨ ਨਾਲ ਉਸਨੂੰ ਸੁਣ ਰਿਹਾ ਸੀ, "ਉਸ ਵੇਲੇ ਜਦੋਂ ਮੇਰਾ ਮੁਕੱਦਮਾ ਇੰਨਾ ਹੀ ਦੂਰ ਤੱਕ ਪੁੱਜਾ ਸੀ ਜਿੰਨਾ ਕਿ ਅੱਜ ਤੁਹਾਡਾ ਹੈ, ਤਾਂ ਮੈਂ ਸਿਰਫ਼ ਇਹੀ ਵਕੀਲ ਕੀਤਾ ਹੋਇਆ ਸੀ। ਪਰ ਮੈਂ ਇਸਦੇ ਨਾਲ ਕੁੱਝ ਵਧੇਰੇ ਸੰਤੁਸ਼ਟ ਨਹੀਂ ਸੀ।"
ਓਹ! ਹੁਣ ਮੈਨੂੰ ਸਭ ਕੁੱਝ ਪਤਾ ਲੱਗ ਜਾਵੇਗਾ, ਕੇ. ਨੇ ਸੋਚਿਆ, ਅਤੇ ਉਤੇਜਨਾ ਨਾਲ ਆਪਣਾ ਸਿਰ ਹਿਲਾਇਆ, ਜਿਵੇਂ ਕਿ ਵਪਾਰੀ ਇਸਤੋਂ ਉਤਸ਼ਾਹ ਵਿੱਚ ਆ ਕੇ ਸਭ ਕੁੱਝ ਉਗਲ ਦੇਵੇਗਾ, ਜਿਹੜਾ ਵੀ ਕੁੱਝ ਉਸ ਲਈ ਪਤਾ ਲਾਉਣਾ ਜ਼ਰੂਰੀ ਹੈ।
"ਮੇਰਾ ਮੁਕੱਦਮਾ ਬਿਲਕੁਲ ਹੀ ਅੱਗੇ ਨਹੀਂ ਵੱਧ ਰਿਹਾ ਸੀ," ਬਲੌਕ ਬੋਲਣ ਲੱਗਾ, "ਪੜਤਾਲਾਂ ਹੁੰਦੀਆਂ ਰਹੀਆਂ ਅਤੇ ਮੈਂ ਹਰੇਕ ਸੁਣਵਾਈ ਵਿੱਚ ਹਾਜ਼ਰ ਹੁੰਦਾ ਰਿਹਾ, ਮਾਲ ਇੱਕਠਾ ਕੀਤਾ ਅਤੇ ਆਪਣਾ ਸਾਰਾ ਲੇਖਾ ਅਦਾਲਤ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਪਿੱਛੋਂ ਮੈਨੂੰ ਪਤਾ ਲੱਗਾ ਕਿ ਇਸਦੀ ਤਾਂ ਕੋਈ ਲੋੜ ਹੀ ਨਹੀਂ ਸੀ। ਮੈਂ ਲਗਾਤਾਰ ਆਪਣੇ ਵਕੀਲ ਕੋਲ ਭੱਜ-ਨੱਸ ਕਰਦਾ ਰਿਹਾ। ਉਸਨੇ ਕਈ ਦਾਅ ਪੇਚ ਵਰਤੇ...."
"ਦਾਅਪੇਚ?" ਕੇ. ਨੇ ਪੁੱਛਿਆ।
"ਹਾਂ, ਪੱਕਾ ਹੀ," ਵਪਾਰੀ ਨੇ ਜਵਾਬ ਦਿੱਤਾ।
"ਇਹ ਮੈਨੂੰ ਬਹੁਤ ਜ਼ਰੂਰੀ ਲੱਗਾ," ਕੇ. ਨੇ ਕਿਹਾ- "ਅਜੇ ਤੱਕ ਉਹ ਮੇਰੇ ਕੇਸ ਵਿੱਚ ਪਹਿਲੀ ਹੀ ਪਟੀਸ਼ਨ ਤੇ ਕੰਮ ਕਰ ਰਿਹਾ ਹੈ। ਅਜੇ ਤੱਕ ਉਸਨੇ ਕੁੱਝ ਕੀਤਾ ਨਹੀਂ ਹੈ। ਹੁਣ ਮੈਂ ਸਮਝ ਸਕਦਾ ਹਾਂ ਕਿ ਉਹ ਬੁਰੇ ਤਰੀਕੇ ਨਾਲ ਮੈਨੂੰ ਅੱਖੋ-ਪਰੋਖੇ ਕਰ ਰਿਹਾ ਹੈ।
"ਇਸਦੇ ਕਈ ਕਾਰਨ ਹੋ ਸਕਦੇ ਹਨ ਕਿ ਉਸਨੇ ਅਜੇ ਤੱਕ ਬੇਨਤੀ ਪੱਤਰ ਤੇ ਫ਼ੈਸਲਾ ਕਿਉਂ ਨਹੀਂ ਕਰਵਾਇਆ, ਵਪਾਰੀ ਬੋਲਿਆ- "ਫ਼ਿਰ ਵੀ ਇਹ ਨਤੀਜਾ ਨਿਕਲਿਆ ਕਿ ਮੇਰੀਆਂ ਸਾਰੀਆਂ ਕਾਨੂੰਨੀ ਬੇਨਤੀਆਂ ਬੇਕਾਰ ਸਨ। ਅਦਾਲਤ ਦੇ ਬਾਬੂ ਦੀ ਮਿਹਰਬਾਨੀ ਨਾਲ ਉਨ੍ਹਾਂ ਵਿੱਚੋਂ ਇੱਕ ਨੂੰ ਪੜ੍ਹਨ ਵਿੱਚ ਕਾਮਯਾਬ ਹੋਇਆ ਸੀ। ਇੱਕ ਤਾਂ ਉਹ ਲਾਤੀਨੀ ਭਾਸ਼ਾ ਵਿੱਚ ਸੀ, ਜਿਸਨੂੰ ਮੈਂ ਨਹੀਂ ਸਮਝਦਾ ਹੈ ਅਤੇ ਫ਼ਿਰ ਅਦਾਲਤ ਨੂੰ ਸੰਬੋਧਿਤ ਕੀਤੀਆਂ ਗਈਆਂ ਅਪੀਲਾਂ ਨਾਲ ਕਈ ਪੰਨੇ ਭਰੇ ਪਏ ਸਨ। ਇਸਤੋਂ ਅੱਗੇ ਅਦਾਲਤ ਦੇ ਕੁੱਝ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ, ਹਾਲਾਂਕਿ ਇਹ ਸੱਚ ਹੈ ਕਿ ਉਨ੍ਹਾਂ ਵਿੱਚ ਕਿਸੇ ਵੀ ਆਦਮੀ ਦਾ ਨਾਮ ਨਹੀਂ ਲਿਆ ਗਿਆ ਸੀ, ਪਰ ਇਸਦੇ ਬਾਵਜੂਦ ਜੋ ਕੋਈ ਵੀ ਅਦਾਲਤੀ ਕਾਰਵਾਈਆਂ ਤੋਂ ਜਾਣੂ ਹੈ, ਉਹ ਉਹਨਾਂ ਆਦਮੀਆਂ ਨੂੰ ਆਸਾਨੀ ਨਾਲ ਪਛਾਣ ਸਕਦਾ ਹੈ। ਇਸ ਤੋਂ ਅੱਗੇ ਅਦਾਲਤ ਦੇ ਅੱਗੇ ਨਤਮਸਤਕ ਖੜ੍ਹੇ ਵਕੀਲ ਦੀਆਂ ਟਿੱਪਣੀਆਂ ਸਨ। ਵਿੱਚ ਪੁਰਾਣੇ ਮੁਕੱਦਮਿਆਂ ਦਾ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਦੀ ਮੇਰੇ ਕੇਸ ਵਰਗਾ ਹੋਣ ਦੀ ਸੰਭਾਵਨਾ ਸੀ। ਜਿੱਥੋਂ ਤੱਕ ਮੈਂ ਇਹ ਸਭ ਸਮਝ ਸਕਿਆ, ਤਾਂ ਕਹਿ ਸਕਣਾ ਔਖਾ ਨਹੀਂ ਹੈ ਕਿ ਉਹ ਸਾਰੇ ਵਿਸ਼ਲੇਸ਼ਣ ਬਹੁਤ ਸਾਵਧਾਨੀ ਨਾਲ ਕੀਤੇ ਗਏ ਸਨ। ਇਹ ਸਭ ਕਹਿ ਜਾਣ ਦਾ ਇਹ ਅਰਥ ਨਹੀਂ ਹੈ ਕਿ ਮੈਂ ਸਿੱਧੀ-ਸਿੱਧੀ ਵਕੀਲ ਦੇ ਕੰਮ ਦੀ ਆਲੋਚਨਾ ਕਰਨੀ ਚਾਹ ਰਿਹਾ ਹਾਂ ਅਤੇ ਜਿਹੜੀ ਪਟੀਸ਼ਨ ਮੈਂ ਪੜ੍ਹੀ ਸੀ, ਉਹ ਤਾਂ ਉਸ ਢੇਰ ਵਿੱਚੋਂ ਇੱਕ ਸੀ, ਪਰ ਕਿਸੇ ਵੀ ਕਾਰਨ, ਅਤੇ ਹੁਣ ਮੈਂ ਜੋ ਗੱਲ ਕਰਨੀ ਚਾਹੁੰਦਾ ਹਾਂ ਉਹ ਇਹੀ ਹੈ ਕਿ ਮੈਂ ਉਸ ਸਮੇਂ ਨਹੀਂ ਵੇਖ ਸਕਿਆ ਕਿ ਆਖਰ ਮੇਰਾ ਮੁਕੱਦਮਾ ਕਿੱਥੇ ਜਾ ਰਿਹਾ ਹੈ"
"ਤੂੰ ਇਸਦੇ ਕਿੱਥੇ ਜਾਣ ਦੀ ਉਮੀਦ ਕਰ ਰਿਹਾ ਸੀ?" ਕੇ. ਨੇ ਉਸਤੋਂ ਪੁੱਛਿਆ।
"ਇਹ ਬਿਲਕੁਲ ਸਿਆਣਪ ਭਰਿਆ ਸਵਾਲ ਹੈ," ਉਸ ਆਦਮੀ ਨੇ ਰਤਾ ਮੁਸਕੁਰਾ ਕੇ ਜਵਾਬ ਦਿੱਤਾ, "ਅਜਿਹੀਆਂ ਕਾਰਵਾਈਆਂ ਵਿੱਚ ਆਮ ਤੌਰ 'ਤੇ ਤੁਹਾਨੂੰ ਵਿਕਾਸ ਨਜ਼ਰ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਪਰ ਉਦੋਂ ਮੈਨੂੰ ਇਸਦਾ ਪਤਾ ਨਹੀਂ ਸੀ। ਆਖਰ ਮੈਂ ਇੱਕ ਵਪਾਰੀ ਹਾਂ, ਅਤੇ ਉਦੋਂ ਤਾਂ ਮੈਂ ਅੱਜ ਦੀ ਤੁਲਨਾ ਵਿੱਚ ਬਹੁਤ ਵੱਡਾ ਵਪਾਰੀ ਸੀ। ਮੈਨੂੰ ਕੁੱਝ ਠੋਸ ਨਤੀਜਿਆਂ ਦੀ ਉਮੀਦ ਸੀ। ਜਾਂ ਤਾਂ ਸਾਰੀਆਂ ਚੀਜ਼ਾਂ ਖਾਤਮੇ 'ਤੇ ਪੁੱਜ ਜਾਂਦੀਆਂ ਜਾਂ ਘੱਟ ਤੋਂ ਘੱਟ ਇਹ ਨਿਰੰਤਰ ਉੱਪਰ ਨੂੰ ਜਾਂਦੀਆਂ ਦਿਸਦੀਆਂ। ਪਰ ਇਸਦੇ ਉਲਟ ਅਜਿਹੀਆਂ ਸੁਣਵਾਈਆਂ ਹੁੰਦੀਆਂ ਰਹੀਆਂ ਜਿਹੜੀਆਂ ਲਗਭਗ ਇੱਕੋ-ਜਿਹੀਆਂ ਹੀ ਸਨ। ਉੱਥੇ ਹੋ ਰਹੀਆਂ ਤਰਕ ਭਰੀਆਂ ਵਾਰਤਾਲਾਪਾਂ ਗਿਰਜਾਘਰ ਵਿੱਚ ਰੋਜ਼ ਹੋਣ ਵਾਲੀਆਂ ਪ੍ਰਾਥਨਾਵਾਂ ਦੇ ਵਾਂਗ ਸਨ। ਇੱਕ ਹਫ਼ਤੇ ਵਿੱਚ ਹੀ ਕਈ ਕਈ ਵਾਰ ਅਦਾਲਤ ਦੇ ਸੰਦੇਸ਼ਵਾਹਕ ਮੇਰੀ ਕੰਮ ਕਰਨ ਵਾਲੀ ਜਗ੍ਹਾ 'ਤੇ ਜਾਂ ਘਰ ਜਾਂ ਜਿੱਥੇ ਕਿਤੇ ਵੀ ਉਹ ਮੈਨੂੰ ਲੱਭ ਸਕਦੇ ਸਨ, ਆਉਣ ਲੱਗੇ। ਇਹ ਸਭ ਬਹੁਤ ਪਰੇਸ਼ਾਨੀ ਦਾ ਸਬੱਬ ਸੀ। ਇਸ ਨਿਗ੍ਹਾ ਨਾਲ ਵੇਖਿਆ ਜਾਵੇ ਤਾਂ ਚੀਜ਼ਾਂ ਅੱਜਕੱਲ੍ਹ ਘੱਟ ਤੋਂ ਘੱਟ ਪਹਿਲਾਂ ਨਾਲੋਂ ਬਿਹਤਰ ਹਨ, ਕਿਉਂਕਿ ਟੈਲੀਫ਼ੋਨ 'ਤੇ ਸੰਦੇਸ਼ ਮਿਲ ਜਾਣਾ ਘੱਟ ਪਰੇਸ਼ਾਨੀ ਪੈਦਾ ਕਰਦਾ ਹੈ। ਅਤੇ ਮੇਰੇ ਉਸ ਮੁਕੱਦਮੇ ਦੀਆਂ ਖ਼ਬਰਾਂ ਦੂਜੇ ਵਪਾਰਕ ਦੋਸਤਾਂ ਤੱਕ ਪੁੱਜਣ ਲੱਗੀਆਂ, ਪਰ ਖ਼ਾਸ ਤੌਰ 'ਤੇ ਮੇਰੇ ਸਕੇ-ਸਬੰਧੀਆਂ ਤੱਕ, ਇਸ ਤਰ੍ਹਾਂ ਮੈਨੂੰ ਹਰੇਕ ਪਾਸੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਰੱਤੀ ਭਰ ਵੀ ਅਜਿਹਾ ਕੋਈ ਸੰਕੇਤ ਕਿਸੇ ਪਾਸਿਓਂ ਨਹੀਂ ਮਿਲਦਾ ਸੀ ਕਿ ਆਉਣ ਵਾਲੇ ਨੇੜਲੇ ਭਵਿੱਖ ਵਿੱਚ ਪਹਿਲੀ ਸੁਣਵਾਈ ਹੋਣ ਵਾਲੀ ਹੋਵੇ। ਇਸ ਲਈ ਮੈਂ ਵਕੀਲ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ। ਉਸਨੇ ਮੈਨੂੰ ਲੰਮੇ-ਲੰਮੇ ਸਪੱਸ਼ਟੀਕਰਨ ਦਿੱਤੇ, ਪਰ ਇਸ ਤੋਂ ਅੱਗੇ ਵੱਧਣ ਤੋਂ ਇਨਕਾਰ ਕਰ ਦਿੱਤਾ। ਉਸਨੇ ਦੱਸਿਆ ਕਿ ਮੁਕੱਦਮੇ ਦੀ ਤਰੀਕ ਤੈਅ ਕਰਵਾਉਣ ਵਿੱਚ ਕੋਈ ਪ੍ਰਭਾਵ ਕੰਮ ਨਹੀਂ ਕਰ ਸਕਦਾ, ਅਤੇ ਇਸਦੇ ਲਈ ਬੇਨਤੀ ਪੱਤਰ ਵਿੱਚ ਦਬਾਅ ਪਾਉਣਾ (ਜੋ ਕਿ ਮੈਂ ਸੁਝਾਇਆ ਸੀ) ਵਿਅਰਥ ਹੈ ਅਤੇ ਇਸਦੇ ਨਾਲ ਮੇਰੇ ਅਤੇ ਉਸਦੇ ਖਾਤਮੇ ਦੀ ਬਿਨ੍ਹਾਂ ਕੁੱਝ ਹੋਰ ਹੋਣ ਵਾਲਾ ਨਹੀਂ ਹੈ। ਮੈਂ ਸੋਚਿਆ ਕਿ ਜੇਕਰ ਇਹ ਵਕੀਲ ਇਸਨੂੰ ਨਹੀਂ ਕਰ ਸਕਦਾ ਜਾਂ ਕਰਨਾ ਨਹੀਂ ਚਾਹੁੰਦਾ ਤਾਂ ਕੋਈ ਦੂਜਾ ਵਕੀਲ ਤਾਂ ਕਰ ਸਕਦਾ ਹੈ ਅਤੇ ਕਰਨਾ ਚਾਹੇਗਾ। ਇਸ ਲਈ ਮੈਂ ਦੂਜੇ ਵਕੀਲਾਂ ਦੀ ਤਲਾਸ਼ ਕੀਤੀ। ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਸਕਦਾ ਹਾਂ ਕਿ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਇਹ ਮੰਗ ਨਹੀਂ ਰੱਖੀ ਜਾਂ ਸੁਣਵਾਈ ਦੀ ਤਰੀਕ ਤੈਅ ਕਰਵਾਉਣ ਵਿੱਚ ਮਿਹਨਤ ਕੀਤੀ ਹੋਵੇ-ਹਾਂ ਇੱਕ ਸ਼ਰਤ ਜਿਹੜੀ ਮੈਂ ਤੁਹਾਨੂੰ ਲਗਭਗ ਇੱਕ ਮਿੰਟ ਦੇ ਵਿੱਚ ਦੱਸਣ ਵਾਲਾ ਹਾਂ-ਇਹ ਸੱਚਮੁੱਚ ਨਾਮੁਮਕਿਨ ਹੈ, ਅਤੇ ਇਸ ਤਰ੍ਹਾਂ ਇਹ ਵਕੀਲ ਮੈਨੂੰ ਉਸ ਬਾਰੇ ਵਿੱਚ ਕੋਈ ਧੋਖਾ ਨਹੀਂ ਦੇ ਰਿਹਾ ਸੀ। ਫ਼ਿਰ ਕਦੇ ਵੀ ਮੇਰੇ ਕੋਲ ਹੋਰ ਵਕੀਲਾਂ ਦੇ ਵੱਲ ਜਾਣ ਦੇ ਹੋਰ ਕੋਈ ਕਾਰਨ ਨਹੀਂ ਸਨ। ਮੈਂ ਉਮੀਦ ਕਰਦਾ ਹਾਂ ਕਿ ਡਾਕਟਰ ਹੁਲਡ ਨੇ ਅਜਿਹੇ ਵਕੀਲਾਂ ਦੇ ਬਾਰੇ ਵਿੱਚ ਪਹਿਲਾਂ ਹੀ ਤੁਹਾਨੂੰ ਕਾਫ਼ੀ ਕੁੱਝ ਦੱਸ ਦਿੱਤਾ ਹੋਵੇਗਾ। ਉਹਨਾਂ ਨੇ ਇਨ੍ਹਾਂ ਨੂੰ ਕਾਫ਼ੀ ਮਿਹਨਤੀ ਦੇ ਰੂਪ ਵਿੱਚ ਪੇਸ਼ ਕੀਤਾ ਹੋਵੇਗਾ, ਅਤੇ ਫ਼ਿਰ ਉਹ ਹੈ ਵੀ ਐਹੋ ਜਿਹੇ ਹੀ। ਇਸਦੇ ਨਾਲ ਹੀ, ਉਹਨਾਂ ਦੇ ਬਾਰੇ ਵਿੱਚ ਗੱਲਾਂ ਕਰਦੇ ਹੋਏ, ਅਤੇ ਆਪਣੇ ਅਤੇ ਆਪਣੇ ਸਾਥੀਆਂ ਨਾਲ ਉਹਨਾਂ ਦੀ ਤੁਲਨਾ ਕਰਦੇ ਹੋਏ ਉਹ ਹਮੇਸ਼ਾ ਇੱਕ ਗ਼ਲਤੀ ਕਰਦੇ ਹਨ, ਜਿਸਦੇ ਬਾਰੇ ਵਿੱਚ ਚਲਦੇ-ਚਲਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਫ਼ਰਕ ਕਰਨ ਦੇ ਇਰਾਦੇ ਤੋਂ, ਉਹ ਆਪਣੇ ਨਾਲ ਦੇ ਵਕੀਲਾਂ ਨੂੰ ਮਹਾਨ ਵਕੀਲ ਦੱਸਦੇ ਹਨ। ਇਹ ਗ਼ਲਤ ਹੈ। ਮੈਂ ਤਾਂ ਕੋਈ ਵੀ ਆਪਣੇ ਆਪ ਨੂੰ ਮਹਾਨ ਘੋਸ਼ਿਤ ਕਰ ਸਕਦਾ ਹੈ, ਪਰ ਇਸ ਸੰਦਰਭ ਵਿੱਚ ਅਦਾਲਤ ਹੀ ਆਪਣਾ ਫ਼ੈਸਲਾ ਦੇ ਸਕਦੀ ਹੈ। ਅਦਾਲਤੀ ਵਿੱਚ ਅਸਲ ਵਿੱਚ ਛੋਟੇ ਅਤੇ ਵੱਡੇ ਵਕੀਲ ਹੁੰਦੇ ਹਨ, ਜਿਹੜੇ ਕਿ ਅਦਨੇ ਵਕੀਲਾਂ ਤੋਂ ਅਲੱਗ ਹੁੰਦੇ ਹਨ। ਇਹ ਵਕੀਲ ਅਤੇ ਉਸਦੇ ਸਾਥੀ ਛੋਟੇ ਵਕੀਲ ਹਨ, ਜਦਕਿ ਮੈਂ ਮਹਾਨ ਵਕੀਲ ਵੇਖੇ ਨਹੀਂ ਹਨ ਅਤੇ ਉਨ੍ਹਾਂ ਦੇ ਬਾਰੇ ਵਿੱਚ ਸਿਰਫ਼ ਸੁਣਿਆ ਹੀ ਹੈ, ਕਿਉਂਕਿ ਉਹ ਛੋਟੇ ਵਕੀਲਾਂ ਤੋਂ ਇੰਨਾ ਉੱਪਰ ਹਨ ਜਿੰਨੇ ਕਿ ਛੋਟੇ ਵਕੀਲ ਅਦਨੇ ਵਕੀਲਾਂ ਤੋਂ ਉੱਪਰ ਹੁੰਦੇ ਹਨ-ਅਸਲ ਵਿੱਚ ਤੁਲਨਾ ਤੋਂ ਵੀ ਉੱਪਰ।"
"ਮਹਾਨ ਵਕੀਲ?? ਕੇ. ਨੇ ਪੁੱਛਿਆ, "ਤਾਂ ਉਹ ਕੌਣ ਹਨ? ਉਨ੍ਹਾਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ?"
"ਤਾਂ ਤੁਸੀਂ ਉਨ੍ਹਾਂ ਦੇ ਬਾਰੇ ਕਦੇ ਸੁਣਿਆ ਨਹੀਂ ਹੈ," ਵਪਾਰੀ ਨੇ ਕਿਹਾ, "ਸ਼ਾਇਦ ਹੀ ਕੋਈ ਆਰੋਪੀ ਅਜਿਹਾ ਹੋਵੇਗਾ ਜਿਸਨੇ ਉਨ੍ਹਾਂ ਬਾਰੇ ਸੁਣ ਲੈਣ ਪਿੱਛੋਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਨਾ ਜਤਾਈ ਹੋਵੇ। ਪਰ ਲਾਲਚ ਵਿੱਚ ਪੈਣ ਦੀ ਲੋੜ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਦਰਅਸਲ ਉਹ ਮਹਾਨ ਵਕੀਲ ਕੌਣ ਹਨ, ਅਤੇ ਪੱਕਾ ਹੀ ਉਨ੍ਹਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਮੈਂ ਅਜਿਹੇ ਇੱਕ ਵੀ ਮੁਕੱਦਮੇ ਤੋਂ ਜਾਣੂ ਨਹੀਂ ਹਾਂ, ਜਿੱਥੇ ਪੱਕੇ ਤੌਰ 'ਤੇ ਇਹ ਕਿਹਾ ਜਾ ਸਕੇ ਕਿ ਉਨ੍ਹਾਂ ਨੇ ਦਖ਼ਲ ਦਿੱਤਾ ਹੈ। ਉਹ ਕੁੱਝ ਲੋਕਾਂ ਦੇ ਲਈ ਜ਼ਰੂਰ ਲੜਦੇ ਹਨ, ਪਰ ਤੁਸੀਂ ਆਪਣੇ ਤੌਰ ਤੇ ਉਨ੍ਹਾਂ ਨੂੰ ਆਪਣਾ ਮੁਕੱਦਮਾ ਲੜਨ ਦੇ ਤਿਆਰ ਨਹੀ ਕਰ ਸਕਦੇ, ਉਹ ਸਿਰਫ਼ ਉਨ੍ਹਾਂ ਹੀ ਲੋਕਾਂ ਦੇ ਲਈ ਲੜਦੇ ਹਨ, ਜਿਨ੍ਹਾਂ ਦੇ ਲਈ ਲੜਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਹੇਠਲੀ ਅਦਾਲਤ ਨੇ ਮਨਜ਼ੂਰ ਕਰ ਲਿਆ ਹੋਵੇ। ਆਮ ਤੌਰ 'ਤੇ ਤਾਂ ਇਹੀ ਕਹਿਣਾ ਠੀਕ ਹੋਵੇਗਾ ਕਿ ਉਨ੍ਹਾਂ ਦੇ ਬਾਰੇ ਵਿੱਚ ਬਿਲਕੁਲ ਸੋਚਿਆ ਹੀ ਨਾ ਜਾਵੇ, ਜਾਂ ਫ਼ਿਰ ਦੂਜੇ ਵਕੀਲਾਂ ਦੇ ਨਾਲ ਹੋਣ ਵਾਲੀ ਗੱਲਬਾਤ, ਉਨ੍ਹਾਂ ਦੀ ਸੰਪਤੀ ਅਤੇ ਰਾਏ, ਤੁਹਾਨੂੰ ਬਿਲਕੁਲ ਊਲ-ਜਲੂਲ ਅਤੇ ਵਿਅਰਥ ਲੱਗਣ ਲੱਗੇਗੀ। ਇਹ ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦੱਸ ਸਕਦਾ ਹਾਂ ਕਿ ਹਰ ਕੋਈ ਇਨ੍ਹਾਂ ਸਭ ਮੁੱਦਿਆਂ ਨੂੰ ਨਬੇੜੇ ਜਾਣ ਦੇ ਚੱਕਰ ਵਿੱਚ ਘਰ ਜਾ ਕੇ ਸੌਂ ਜਾਣ ਲਈ ਮਜਬੂਰ ਹੋ ਜਾਂਦਾ ਹੈ ਅਤੇ ਫ਼ਿਰ ਇਸ ਬਾਰੇ ਵਿੱਚ ਇੱਕ ਵੀ ਸ਼ਬਦ ਨਹੀਂ ਸੁਣਨਾ ਚਾਹੁੰਦਾ। ਹਾਲਾਂਕਿ ਅਜਿਹਾ ਕੀਤਾ ਜਾਣਾ ਇੱਕ ਬਹੁਤ ਵੱਡੀ ਮੂਰਖਤਾ ਵੀ ਹੁੰਦੀ, ਅਤੇ ਕਿਸੇ ਵੀ ਤਰ੍ਹਾਂ ਅਜਿਹੇ ਵਿਅਕਤੀ ਨੂੰ ਬਿਸਤਰੇ ਵਿੱਚ ਵੀ ਆਰਾਮ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।"
"ਇਸ ਲਈ ਇਸ ਵੇਲੇ ਤੱਕ ਤੂੰ ਕਦੇ ਮਹਾਨ ਵਕੀਲਾਂ ਦੇ ਕੋਲ ਜਾਣ ਬਾਰੇ ਨਹੀਂ ਸੋਚਿਆ ਹੈ?" ਕੇ. ਨੇ ਪੁੱਛਿਆ।
"ਬਹੁਤ ਲੰਮੇ ਅਰਸੇ ਤੋਂ ਨਹੀਂ," ਇੱਕ ਵਾਰ ਫ਼ਿਰ ਮੁਸਕੁਰਾ ਕੇ ਵਪਾਰੀ ਨੇ ਕਿਹਾ, "ਮਾੜੀ ਕਿਸਮਤ, ਉਨ੍ਹਾਂ ਨੂੰ ਆਪਣੇ ਦਿਮਾਗ ਤੋਂ ਬਿਲਕੁਲ ਬਾਹਰ ਨਹੀਂ ਰੱਖਿਆ ਜਾ ਸਕਦਾ, ਖ਼ਾਸ ਕਰਕੇ ਰਾਤ ਨੂੰ ਤਾਂ ਉਹ ਸਾਡੇ ਖਿਆਲਾਂ ਤੋਂ ਬਾਹਰ ਹੁੰਦੇ ਹੀ ਨਹੀਂ। ਪਰ ਠੀਕ ਉਸੇ ਵੇਲੇ ਮੇਰੀ ਇੱਛਾ ਫ਼ੌਰਨ ਨਤੀਜੇ ਹਾਸਲ ਕਰਨ ਦੀ ਹੋ ਜਾਂਦੀ ਹੈ ਅਤੇ ਇਸ ਲਈ ਮੈਂ ਦੂਜੇ ਛੋਟੇ ਵਕੀਲਾਂ ਦੇ ਕੋਲ ਪਹੁੰਚ ਜਾਂਦਾ ਹਾਂ।"
"ਤੁਸੀਂ ਦੋਵੇਂ ਇੱਥੇ ਇੱਕ ਦੂਜੇ ਦੇ ਇੰਨੀ ਨੇੜੇ ਕਿਉਂ ਬੈਠੇ ਹੋ!" ਲੇਨੀ ਨੇ ਉੱਚੀ ਆਵਾਜ਼ ਵਿੱਚ ਕਿਹਾ, ਜਿਹੜੀ ਸੂਪ ਦੀ ਪਲੇਟ ਚੁੱਕੀ ਆ ਗਈ ਸੀ ਅਤੇ ਦਰਵਾਜ਼ੇ ਦੇ ਕੋਲ ਰੁਕੀ ਹੋਈ ਸੀ। ਉਹ ਸਚਮੁੱਚ ਹੀ ਇੱਕ ਦੂਜੇ ਦੇ ਬਿਲਕੁਲ ਕੋਲ ਬੈਠੇ ਸਨ ਅਤੇ ਥੋੜ੍ਹੀ ਜਿਹੀ ਹਿੱਲਜੁਲ ਨਾਲ ਹੀ ਉਨ੍ਹਾਂ ਦੇ ਸਿਰ ਆਪਸ ਵਿੱਚ ਟਕਰਾ ਸਕਦੇ ਸਨ। ਵਪਾਰੀ ਮਧਰੇ ਕੱਦ ਦਾ ਸੀ, ਇਸ ਲਈ ਉਹ ਆਪਣੀ ਪਿੱਠ ਤੀਰ ਦੇ ਵਾਂਗ ਤਣ ਕੇ ਬੈਠਾ ਸੀ ਅਤੇ ਕੇ. ਉਸਦੀਆਂ ਗੱਲਾਂ ਬਿਲਕੁਲ ਠੀਕ ਸੁਣ ਸਕਣ ਦੇ ਲਈ ਕਮਾਨ ਦੀ ਤਰ੍ਹਾਂ ਝੁਕਿਆ ਹੋਇਆ ਸੀ।
"ਥੋੜਾ ਰੁਕੋ! ਕੇ. ਨੇ ਲਗਭਗ ਚੀਕਦੇ ਹੋਏ ਕਿਹਾ ਅਤੇ ਲੇਨੀ ਨੂੰ ਚਲੇ ਜਾਣ ਦਾ ਇਸ਼ਾਰਾ ਕੀਤਾ ਅਤੇ ਉਸਨੇ ਕਾਹਲ ਜਿਹੀ ਨਾਲ ਵਪਾਰੀ ਦੇ ਹੱਥ ਨੂੰ ਹਲਕਾ ਜਿਹਾ ਮਰੋੜਿਆ।
"ਉਹ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਜਾਣਨਾ ਚਾਹੁੰਦਾ ਸੀ।" ਵਪਾਰੀ ਨੇ ਲੇਨੀ ਨੂੰ ਕਿਹਾ।
"ਤਾਂ ਠੀਕ ਹੈ, ਲੱਗੇ ਰਹੋ," ਉਹ ਬੋਲੀ। ਉਹ ਵਪਾਰੀ ਨਾਲ ਸਨੇਹ ਭਰੇ ਪਰ ਕਿਰਪਾ ਕਰਨ ਦੇ ਭਾਵ ਨਾਲ ਬੋਲ ਰਹੀ ਸੀ ਅਤੇ ਕੇ. ਨੇ ਇਸਨੂੰ ਪਸੰਦ ਨਾ ਕੀਤਾ। ਕਿਉਂਕਿ ਹੁਣ ਤੱਕ ਉਸਨੂੰ ਲੱਗਣ ਲੱਗ ਗਿਆ ਸੀ ਕਿ ਇਸ ਆਦਮੀ ਦੀ ਕੋਈ ਤਾਂ ਅਹਿਮੀਅਤ ਹੈ, ਘੱਟ ਤੋਂ ਘੱਟ ਉਸਦੇ ਕੋਲ ਕੁੱਝ ਤਜਰਬਾ ਤਾਂ ਹੈ ਹੀ, ਅਤੇ ਜਿਸਨੂੰ ਉਹ ਠੀਕ ਤਰ੍ਹਾਂ ਸੰਚਾਲਿਤ ਵੀ ਕਰ ਸਕਦਾ ਹੈ। ਲੇਨੀ ਨੇ ਸ਼ਾਇਦ ਇਸਦਾ ਗ਼ਲਤ ਅੰਦਾਜ਼ਾ ਲਾ ਲਿਆ ਸੀ। ਅਜੇ ਤੱਕ ਜਿਸ ਮੋਮਬੱਤੀ ਨੂੰ ਵਪਾਰੀ ਨੇ ਫੜ੍ਹਿਆ ਹੋਇਆ ਸੀ, ਉਸਨੂੰ ਲੇਨੀ ਲੈ ਗਈ ਅਤੇ ਕੇ. ਇਸ ਨਾਲ ਥੋੜ੍ਹੇ ਗੁੱਸੇ ਵਿੱਚ ਆ ਗਿਆ। ਉਸਨੇ ਵੇਖਿਆ ਕਿ ਲੇਨੀ ਨੇ ਮੋਮਬੱਤੀ ਫੜ੍ਹ ਲੈਣ ਤੋਂ ਪਿੱਛੋਂ ਆਪਣੇ ਐਪਰਨ ਨਾਲ ਹੱਥ ਪੂੰਝੇ ਅਤੇ ਗੋਢਿਆ ਭਾਰ ਝੁਕ ਕੇ ਉਸਦੀ ਪਤਲੂਨ ਦੇ ਡਿੱਗੀ ਹੋਈ ਮੋਮ ਨੂੰ ਸਾਫ਼ ਕਰਨ ਲੱਗੀ।
ਤੂੰ ਮੈਨੂੰ ਉਨ੍ਹਾਂ ਛੋਟੇ ਵਕੀਲਾਂ ਬਾਰੇ ਦੱਸਣ ਲੱਗਾ ਸੀ." ਕੇ. ਨੇ ਅੱਗੇ ਕੋਈ ਟਿੱਪਣੀ ਕੀਤੇ ਬਿਨ੍ਹਾਂ ਲੇਨੀ ਦੇ ਹੱਥ ਨੂੰ ਹਟਾਉਂਦੇ ਹੋਏ ਕਿਹਾ।
"ਤੂੰ ਕੀ ਕਹਿ ਰਿਹਾ ਏਂ?" ਲੇਨੀ ਨੇ ਕੇ. ਵੱਲ ਥੱਪੜ ਵਿਖਾਉਂਦੇ ਹੋਏ ਕਿਹਾ ਅਤੇ ਇਹ ਕਹਿਣ ਦੇ ਨਾਲ-ਨਾਲ ਉਹ ਕੰਮ ਕਰਦੀ ਰਹੀ।
"ਹਾਂ, ਉਹ ਛੋਟੇ-ਮੋਟੇ ਵਕੀਲ," ਵਪਾਰੀ ਬੋਲਿਆ ਅਤੇ ਆਪਣੇ ਮੱਥੇ 'ਤੇ ਹੱਥ ਫੇਰਨ ਲੱਗਾ ਜਿਵੇਂ ਕੁੱਝ ਸੋਚ ਰਿਹਾ ਹੋਵੇ।
ਕੇ. ਉਸਦੀ ਗੱਲ ਦੀ ਲਗਾਤਾਰਤਾ ਵਿੱਚ ਮਦਦ ਕਰਨ ਦੇ ਲਈ ਬੋਲਿਆ-"ਤੂੰ ਕੁੱਝ ਛੇਤੀ ਨਤੀਜਿਆਂ ਦੀ ਤਲਾਸ਼ ਵਿੱਚ ਸੀ ਅਤੇ ਇਸਦੇ ਲਈ ਐਹੋ ਜਿਹੇ ਵਕੀਲਾਂ ਦੇ ਕੋਲ ਗਿਆ ਸੀ।"
"ਇਹ ਠੀਕ ਹੈ," ਵਪਾਰੀ ਨੇ ਕਿਹਾ, ਪਰ ਅੱਗੇ ਨਹੀਂ ਵਧਿਆ। ਉੱਥੇ ਹੀ ਰੁਕ ਗਿਆ।
ਕੇ. ਨੇ ਸੋਚਿਆ ਕਿ ਉਹ ਸ਼ਾਇਦ ਲੇਨੀ ਦੇ ਸਾਹਮਣੇ ਗੱਲ ਨਹੀਂ ਕਰਨਾ ਚਾਹੁੰਦਾ, ਪਰ ਆਪਣੀ ਕਾਹਲ ਉੱਪਰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ 'ਤੇ ਹੋਰ ਦਬਾਅ ਨਹੀਂ ਬਣਾਇਆ।
"ਕੀ ਤੂੰ ਉਸਨੂੰ ਇਹ ਦੱਸ ਦਿੱਤਾ ਏ ਕਿ ਮੈਂ ਇੱਥੇ ਹਾਂ?" ਉਸਨੇ ਲੇਨੀ ਤੋਂ ਪੁੱਛਿਆ।
"ਹਾਂ, ਉਸਨੇ ਜਵਾਬ ਦਿੱਤਾ। "ਵਕੀਲ ਤੇਰੀ ਉਡੀਕ ਵਿੱਚ ਹੈ। ਹੁਣ ਬਲੌਕ ਨੂੰ ਇੱਕਲਾ ਛੱਡ ਦੇ, ਤੂੰ ਬਲੌਕ ਦੇ ਨਾਲ ਮਗਰੋਂ ਗੱਲ ਕਰ ਸਕਦਾ ਏਂ, ਇਹ ਤਾਂ ਇੱਥੇ ਹੀ ਹੈ।" ਪਰ ਕੇ, ਫ਼ਿਰ ਵੀ ਨਹੀਂ ਹਿੱਲਿਆ।
"ਤੂੰ ਇੱਥੇ ਹੀ ਰੁਕ ਰਿਹਾ ਏਂ?" ਉਸਨੇ ਵਪਾਰੀ ਤੋਂ ਪੁੱਛਿਆ। ਉਹ ਚਾਹੁੰਦਾ ਸੀ ਕਿ ਇਹ ਆਦਮੀ ਆਪਣੇ ਬਾਰੇ ਵਿੱਚ ਆਪ ਗੱਲ ਕਰੇ, ਉਸਨੂੰ ਲੇਨੀ ਦਾ ਉਸਦੇ ਬਾਰੇ 'ਚ ਗੱਲ ਕਰਨਾ ਚੰਗਾ ਨਹੀਂ ਲੱਗਾ ਜਿਵੇਂ ਉਹ ਕਮਰੇ ਵਿੱਚ ਹੀ ਨਾ ਹੋਵੇ। ਅੱਜ ਉਹ ਲੇਨੀ ਦੇ ਪ੍ਰਤੀ ਰੋਹ ਨਾਲ ਭਰ ਗਿਆ ਸੀ। ਪਰ ਲੇਨੀ ਨੇ ਹੀ ਇੱਕ ਵਾਰ ਫ਼ਿਰ ਜਵਾਬ ਦਿੱਤਾ- "ਇਹ ਤਾਂ ਅਕਸਰ ਇੱਥੇ ਹੀ ਸੌਂ ਜਾਂਦਾ ਹੈ।"
"ਇੱਥੇ ਸੌਂ ਜਾਂਦਾ ਹੈ?" ਕੇ. ਨੇ ਹੈਰਾਨੀ ਭਰੀਆਂ ਨਿਗਾਹਾਂ ਨਾਲ ਵੇਖਕੇ ਕਿਹਾ। ਉਹ ਤਾਂ ਇਹੀ ਸੋਚ ਰਿਹਾ ਸੀ ਕਿ ਜਦੋਂ ਤੱਕ ਵਕੀਲ ਦੇ ਨਾਲ ਉਸਦੀ ਗੱਲਬਾਤ ਖ਼ਤਮ ਹੋਵੇਗੀ ਤਾਂ ਬਲੌਕ ਇੱਥੇ ਉਸਦੀ ਉਡੀਕ ਵਿੱਚ ਹੋਵੇਗਾ ਅਤੇ ਫ਼ਿਰ ਉਹ ਇੱਕਠੇ ਬਾਹਰ ਚਲੇ ਜਾਣਗੇ ਅਤੇ ਬਿਨ੍ਹਾਂ ਕਿਸੇ ਦਖ਼ਲ ਦੇ ਪੂਰੇ ਮਸਲੇ ਤੇ ਡੂੰਘਾਈ ਨਾਲ ਗ਼ੌਰ ਕਰਨਗੇ।
"ਹਾਂ," ਲੇਨੀ ਨੇ ਕਿਹਾ- "ਜੋਸਫ਼, ਤੇਰੀ ਤਰ੍ਹਾਂ ਹਰ ਕੋਈ ਆਪਣੀ ਮਰਜ਼ੀ ਨਾਲ ਵਕੀਲ ਨੂੰ ਨਹੀਂ ਮਿਲ ਸਕਦਾ। ਤੈਨੂੰ ਤਾਂ ਇਸ ਵੇਲੇ ਵੀ ਬਿਲਕੁਲ ਹੈਰਾਨੀ ਨਹੀਂ ਹੋ ਰਹੀ ਹੈ ਕਿ ਆਪਣੀ ਬਿਮਾਰੀ ਦੇ ਬਾਵਜੂਦ ਰਾਤ ਦੇ ਗਿਆਰਾਂ ਵਜੇ ਵੀ ਵਕੀਲ ਤੈਨੂੰ ਮਿਲਣ ਲਈ ਤਿਆਰ ਹੈ। ਤੇਰੇ ਲਈ ਦੋਸਤ ਜੋ ਵੀ ਕਰਦੇ ਹਨ, ਤੂੰ ਇਸਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦਾ। ਠੀਕ ਹੈ ਤੇਰੇ ਦੋਸਤ ਤੇਰੇ ਲਈ ਕੰਮ ਕਰਨਾ ਪਸੰਦ ਕਰਦੇ ਹਨ, ਜਾਂ ਕਿਸੇ ਤਰ੍ਹਾਂ ਮੈਂ ਵੀ ਕਰ ਰਹੀ ਹਾਂ। ਮੈਨੂੰ ਕਿਸੇ ਤਰ੍ਹਾਂ ਦੇ ਧੰਨਵਾਦ ਦੀ ਲੋੜ ਨਹੀਂ ਹੈ ਅਤੇ ਨਾ ਹੀ ਮੈਨੂੰ ਇਹ ਚਾਹੀਦਾ ਹੈ, ਮੈਂ ਤਾਂ ਸਿਰਫ਼ ਇਹ ਮੰਗਦੀ ਹਾਂ ਕਿ ਤੂੰ ਮੈਨੂੰ ਚਾਹੁੰਦਾ ਰਹਿ।"
ਤੈਨੂੰ ਚਾਹੁੰਦਾ ਹਾਂ? ਕੇ. ਨੇ ਕੁੱਝ ਪਲਾਂ ਦੇ ਲਈ ਸੋਚਿਆ, ਅਤੇ ਫ਼ਿਰ ਜਾ ਕੇ ਉਸਨੂੰ ਇਹ ਮਹਿਸੂਸ ਹੋਇਆ, ਕਿ ਮੈਂ ਤਾਂ ਉਸਨੂੰ ਚਾਹੁਣ ਵਾਲਾ ਹਾਂ। ਫ਼ਿਰ ਵੀ ਉਸਨੇ ਬਾਕੀ ਹਰੇਕ ਚੀਜ਼ ਨੂੰ ਭੁਲਾ ਦਿੱਤਾ ਅਤੇ ਕਿਹਾ-
"ਉਹ ਮੈਨੂੰ ਮਿਲਣ ਦੇ ਲਈ ਤਿਆਰ ਹੈ ਕਿਉਂਕਿ ਮੈਂ ਉਸਦਾ ਮੁੱਦਈ ਹਾਂ। ਇਸਦੇ ਲਈ ਜੇਕਰ ਮੈਨੂੰ ਕਿਸੇ ਦੀ ਮਦਦ ਦੀ ਲੋੜ ਹੋਵੇ ਤਾਂ ਮੈਂ ਭੀਖ ਮੰਗ ਕੇ ਵੀ ਹਮੇਸ਼ਾ ਤੇਰਾ ਧੰਨਵਾਦ ਕਰਾਂਗਾ।"
"ਅੱਜ ਇਹ ਕਿਹੋ ਜਿਹੀਆਂ ਬੇਹੁਦਾ ਗੱਲਾਂ ਕਰ ਰਿਹਾ ਹੈ, ਕਿ ਨਹੀਂ?" ਲੇਨੀ ਨੇ ਵਪਾਰੀ ਤੋਂ ਪੁੱਛਿਆ।
ਕੇ. ਨੇ ਸੋਚਿਆ ਕਿ ਹੁਣ ਉਸਦਾ ਇੱਥੇ ਰੁਕਣਾ ਠੀਕ ਨਹੀਂ ਹੈ। ਵਪਾਰੀ ਦੇ ਨਾਲ ਵੀ ਉਸਦਾ ਵਿਹਾਰ ਤਲਖ਼ ਹੋ ਆਇਆ ਸੀ, ਫ਼ਿਰ ਉਹ ਲੇਨੀ ਦੇ ਰੁੱਖੇਪਣ ਦੀ ਨਕਲ ਕਰਦਿਆਂ ਬੋਲਿਆ- "ਤੁਹਾਨੂੰ ਮਿਲਣ ਦੇ ਲਈ ਵਕੀਲ ਕੋਲ ਦੂਜੇ ਕਾਰਨ ਹਨ। ਤੇਰਾ ਮੁਕੱਦਮਾ ਮੇਰੇ ਮੁਕੱਦਮੇ ਦੀ ਤੁਲਨਾ ਵਿੱਚ ਵਧੇਰੇ ਦਿਲਚਸਪ ਹੈ। ਇਸ ਤੋਂ ਇਲਾਵਾ ਇਹ ਤਾਂ ਅਜੇ ਸ਼ੁਰੂ ਹੀ ਹੋਇਆ ਹੈ, ਇਸ ਲਈ ਸ਼ਾਇਦ ਅਜੇ ਤੱਕ ਇਹ ਹਤਾਸ਼ਾ ਤੱਕ ਨਹੀਂ ਪੁੱਜਾ ਹੈ ਅਤੇ ਵਕੀਲ ਇਸਨੂੰ ਅਜੇ ਤੱਕ ਲੜੇ ਜਾਣ ਦੇ ਪੱਖ ਵਿੱਚ ਹਨ। ਮਗਰੋਂ ਸਥਿਤੀ ਬਦਲ ਜਾਵੇਗੀ।"
"ਹਾਂ, ਹਾਂ," ਲੇਨੀ ਨੇ ਹੱਸਦੇ ਹੋਏ ਕਿਹਾ ਅਤੇ ਵਪਾਰੀ ਉੱਪਰ ਨਿਗ੍ਹਾ ਗੱਡ ਦਿੱਤੀ। "ਕੀ ਤੂੰ ਨਹੀਂ ਜਾਵੇਂਗਾ। ਤੇਰੇ ਕਿਸੇ ਸ਼ਬਦ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ," ਉਸਨੇ ਕੇ. ਦੇ ਵੱਲ ਮੁੜਦੇ ਹੋਏ ਕਿਹਾ- "ਤੂੰ ਭਲਾ ਏਂ, ਪਰ ਤੂੰ ਬੋਲਦਾ ਬਹੁਤ ਏਂ। ਸ਼ਾਇਦ ਇਹੀ ਕਾਰਨ ਹੈ ਕਿ ਵਕੀਲ ਤੈਨੂੰ ਸਹਿਣ ਨਹੀਂ ਕਰ ਪਾਉਂਦਾ। ਕਿਸੇ ਵੀ ਤਰ੍ਹਾਂ, ਜੇ ਉਹ ਮੂਡ ਵਿੱਚ ਨਾ ਹੋਵੇ ਤਾਂ ਕਦੇ ਵੀ ਤੈਨੂੰ ਮਿਲਣਾ ਨਹੀਂ ਚਾਹੁੰਦਾ। ਇਸ ਨੂੰ ਬਦਲਣ ਦੇ ਲਈ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਸਫ਼ਲ ਨਹੀਂ ਹੋ ਸਕੀ। ਜ਼ਰਾ ਸੋਚ, ਕਦੇ ਮੈਂ ਬਲੌਕ ਦਾ ਨਾਮ ਲੈਂਦੀ ਹਾਂ ਅਤੇ ਉਹ ਤੀਜੇ ਦਿਨ ਤੱਕ ਵਕੀਲ ਨੂੰ ਮਿਲਣ ਨਹੀਂ ਆਉਂਦਾ। ਅਤੇ ਜਦੋਂ ਬਲੌਕ ਨੂੰ ਬੁਲਾਇਆ ਜਾਵੇ ਤਾਂ ਮੌਕੇ 'ਤੇ ਹੀ ਉਸਦੇ ਨਾ ਹੋਣ ਤੇ ਉਸਦੀ ਵਾਰੀ ਖ਼ਤਮ ਹੋ ਜਾਵੇਗੀ ਅਤੇ ਉਸਦੇ ਲਈ ਨਵੇਂ ਮੌਕੇ ਦੀ ਉਸਨੂੰ ਇੱਕ ਵਾਰ ਤਲਾਸ਼ ਕਰਨੀ ਪਵੇਗੀ। ਇਸ ਲਈ ਮੈਂ ਬਲੌਕ ਨੂੰ ਇੱਥੇ ਸੌਂ ਜਾਣ ਦੀ ਇਜਾਜ਼ਤ ਦੇ ਦਿੰਦੀ ਹਾਂ, ਕਿਉਂਕਿ ਅਜਿਹਾ ਵੀ ਹੋਇਆ ਹੈ ਕਿ ਵਕੀਲ ਅੱਧੀ ਰਾਤ ਸਮੇਂ ਵੀ ਉਸਦਾ ਨਾਮ ਲੈ ਦਿੰਦਾ ਹੈ। ਇਸ ਲਈ ਹੁਣ ਤਾਂ ਬਲੌਕ ਰਾਤ ਨੂੰ ਵੀ ਤਿਆਰ ਰਹਿਣਾ ਪੈਂਦਾ ਹੈ। ਕਦੇ-ਕਦੇ ਅਜਿਹਾ ਵੀ ਹੋ ਜਾਂਦਾ ਹੈ, ਕਿ ਕਿਸੇ ਸੰਜੋਗ ਨਾਲ ਬਲੌਕ ਇੱਥੇ ਹੋਵੇ, ਤਾਂ ਆਪਣੇ ਪਿਛਲੇ ਹੁਕਮ ਨੂੰ ਖ਼ਤਮ ਕਰਕੇ ਵਕੀਲ ਉਸਨੂੰ ਫ਼ਿਰ ਅੰਦਰ ਬੁਲਾ ਲੈਂਦਾ ਹੈ।" ਕੇ. ਨੇ ਵਪਾਰੀ ਉੱਪਰ ਸਵਾਲੀਆ ਨਜ਼ਰਾਂ ਮਾਰੀਆਂ, ਜਿਹੜਾ ਸਿਰ ਹਿਲਾ ਰਿਹਾ ਸੀ, ਅਤੇ ਉਨਾ ਹੀ ਬੇਲਾਗ ਹੋ ਕੇ ਜਵਾਬ ਦੇ ਰਿਹਾ ਸੀ, ਜਿੰਨਾ ਕਿ ਉਹ ਉਦੋਂ ਬੋਲ ਰਿਹਾ ਸੀ ਜਦੋਂ ਉਹ ਕੇ. ਨਾਲ ਚਰਚਾ ਕਰ ਰਿਹਾ ਸੀ, ਜਾਂ ਸ਼ਾਇਦ ਸ਼ਰਮ ਦੇ ਭਾਵ ਨੇ ਉਸਨੂੰ ਪਰੇਸ਼ਾਨ ਕੀਤਾ ਹੋਇਆ ਸੀ-"ਹਾਂ, ਜਿਵੇਂ-ਜਿਵੇਂ ਵਕਤ ਬੀਤਦਾ ਹੈ, ਆਪਣੇ ਵਕੀਲਾਂ ਉੱਪਰ ਨਿਰਭਰਤਾ ਵਧਦੀ ਜਾਂਦੀ ਹੈ।"
"ਉਹ ਤਾਂ ਸ਼ਿਕਾਇਤ ਕੀਤੇ ਜਾਣ ਦਾ ਵਿਖਾਵਾ ਕਰ ਰਿਹਾ ਹੈ," ਲੇਨੀ ਨੇ ਕਿਹਾ। "ਇੱਥੇ ਸੌਣ ਨਾਲ ਉਹ ਖੁਸ਼ ਰਹਿੰਦਾ ਹੈ, ਜਿਵੇਂ ਕਿ ਉਸਨੇ ਕਈ ਵਾਰ ਮੇਰੇ ਨਾਲ ਗੱਲ ਕੀਤੀ ਹੈ। ਉਹ ਛੋਟੇ ਜਿਹੇ ਬੂਹੇ ਦੇ ਕੋਲ ਗਈ ਅਤੇ ਉਸਨੂੰ ਧੱਕ ਕੇ ਖੋਲ੍ਹ ਦਿੱਤਾ। "ਕੀ ਤੂੰ ਉਸਦਾ ਸੌਣ ਵਾਲਾ ਕਮਰਾ ਵੇਖਣਾ ਚਾਹੇਂਗਾ?" ਉਸਨੇ ਪੱਛਿਆ। ਕੇ. ਅੱਗੇ ਵਧਿਆ ਅਤੇ ਦਰਵਾਜ਼ੇ ਦੇ ਉਸ ਪਾਰ ਛੋਟੇ ਜਿਹੇ ਕਮਰੇ ਵਿੱਚ ਨਿਗ੍ਹਾ ਮਾਰੀ ਜਿਹੜਾ ਕਾਫ਼ੀ ਡੂੰਘਾ ਸੀ ਅਤੇ ਉਸ ਵਿੱਚ ਕੋਈ ਖਿੜਕੀ ਨਹੀਂ ਸੀ ਅਤੇ ਉਸ ਵਿੱਚ ਇੱਕ ਤੰਗ ਜਿਹਾ ਬਿਸਤਰਾ ਪਿਆ ਸੀ। ਬਿਸਤਰੇ 'ਤੇ ਚੜ੍ਹਨ ਦੇ ਲਈ ਨਾਲ ਲੱਗੀ ਪੌੜੀ ਦਾ ਇਸਤੇਮਾਲ ਕਰਨਾ ਪੈਂਦਾ ਸੀ। ਬਿਸਤਰੇ ਦੇ ਉੱਪਰੀ ਸਿਰੇ 'ਤੇ ਕੰਧ ਵਿੱਚ ਇੱਕ ਧਾਰੀ ਬਣੀ ਸੀ ਜਿੱਥੇ ਮੋਮਬੱਤੀ ਟਿਕਾਈ ਜਾ ਸਕਦੀ ਸੀ। ਇਸਦੇ ਨਾਲ ਸਿਆਹੀ ਦੀ ਇੱਕ ਦਵਾਤ ਅਤੇ ਕਲਮ ਸੀ, ਜਿਸਦੇ ਕੋਲ ਕਾਗਜ਼ਾਂ ਦੇ ਢੇਰ ਖਿੱਲਰੇ ਪਏ ਸਨ। ਇਹ ਸ਼ਾਇਦ ਉਸਦੇ ਮੁਕੱਦਮੇ ਨਾਲ ਸਬੰਧਿਤ ਕਾਗਜ਼ਾਤ ਸਨ।"
"ਤਾਂ ਨੂੰ ਨੌਕਰਾਣੀ ਦੇ ਕਮਰੇ ਵਿੱਚ ਸੌਂਦਾ ਏਂ?" ਕੇ. ਨੇ ਬਲੌਕ ਦੇ ਵੱਲ ਮੁੜਦੇ ਹੋਏ ਕਿਹਾ।
"ਲੇਨੀ ਨੇ ਇਹ ਮੇਰੇ ਲਈ ਖਾਲੀ ਕਰ ਰੱਖਿਆ ਹੈ," ਵਪਾਰੀ ਨੇ ਜਵਾਬ ਦਿੱਤਾ, "ਇਹ ਕਾਫ਼ੀ ਆਰਾਮਦੇਹ ਹੈ, ਕੇ. ਨੇ ਉਸ ’ਤੇ ਨਿਗ੍ਹਾ ਮਾਰੀ, ਸ਼ਾਇਦ ਇਸ ਸਮੇਂ ਜਿਹੜਾ ਪਹਿਲਾਂ ਪ੍ਰਭਾਵ ਉਸਨੇ ਉਸਦੇ ਬਾਰੇ ਵਿੱਚ ਲਿਆ ਉਹ ਚੰਗਾ ਹੀ ਸੀ। ਬਲੌਕ ਨੂੰ ਕੁੱਝ ਤਜਰਬਾ ਤਾਂ ਸੀ, ਕਿਉਂਕਿ ਉਸਦਾ ਮੁਕੱਦਮਾ ਕਾਫ਼ੀ ਲੰਮੇ ਅਰਸੇ ਤੋਂ ਚੱਲ ਰਿਹਾ ਸੀ, ਪਰ ਇਸਦੇ ਲਈ ਉਸਨੇ ਭਾਰੀ ਕੀਮਤ ਚੁਕਾਈ ਸੀ। ਅਚਾਨਕ ਕੇ. ਉਸਦੀ ਹਾਜ਼ਰੀ ਤੋਂ ਅੱਕ ਗਿਆ।
"ਉਸਨੂੰ ਬਿਸਤਰੇ ਵਿੱਚ ਧੱਕ ਦੇ," ਉਹ ਲੇਨੀ ਤੇ ਚੀਕ ਪਿਆ, ਉਸਨੂੰ ਲੱਗਿਆ ਕਿ ਉਹ ਉਸਦੀ ਗੱਲ ਨੂੰ ਠੀਕ ਤਰ੍ਹਾਂ ਸਮਝ ਨਹੀਂ ਰਹੀ ਹੈ। ਉਹ ਆਪ ਹੁਣ ਵਕੀਲ ਦੇ ਕੋਲ ਜਾਣਾ ਚਾਹੁੰਦਾ ਸੀ, ਅਤੇ ਉਸਨੂੰ ਹਟਾਕੇ, ਨਾ ਸਿਰਫ਼ ਉਸਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਬਲਕਿ ਲੇਨੀ ਅਤੇ ਵਪਾਰੀ ਤੋਂ ਵੀ ਮੁਕਤ ਹੋਣਾ ਚਾਹੁੰਦਾ ਸੀ। ਪਰ ਉਸਦੇ ਬੂਹੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਵਪਾਰੀ ਹੌਲ਼ੀ ਆਵਾਜ਼ ਵਿੱਚ ਕਹਿ ਰਿਹਾ ਸੀ- "ਸ਼੍ਰੀਮਾਨ ਕੇ. ਸਾਹਬ!" ਕੇ. ਗੁੱਸੇ ਨਾਲ ਉਸਦੇ ਵੱਲ ਮੁੜਿਆ, "ਤੁਸੀਂ ਆਪਣਾ ਵਾਅਦਾ ਭੁੱਲ ਗਏ ਹੋਂ," ਵਪਾਰੀ ਆਪਣੀ ਕੁਰਸੀ ਤੋਂ ਕੇ. ਦੇ ਵੱਲ ਝੁਕਦਾ ਹੋਇਆ ਬੋਲਿਆ, "ਤੁਸੀਂ ਤਾਂ ਮੈਨੂੰ ਕੋਈ ਰਹੱਸ ਦੱਸਣ ਵਾਲੇ ਸੀ।
"ਹਾਂ, ਮੈਂ ਦੱਸਣ ਵਾਲਾ ਸੀ," ਕੇ. ਨੇ ਇੱਕ ਤਿੱਖੀ ਨਿਗ੍ਹਾ ਨਾਲ ਲੇਨੀ ਦੇ ਵੱਲ ਸਵੇਖਦੇ ਹੋਏ ਕਿਹਾ, ਜਿਹੜੀ ਉਸਨੂੰ ਬਹੁਤ ਧਿਆਨ ਨਾਲ ਵੇਖੀ ਜਾ ਰਹੀ ਸੀ। "ਠੀਕ ਹੈ, ਤਾਂ ਸੁਣ। ਵੈਸੇ ਤਾਂ ਹੁਣ ਇਹ ਰਹੱਸ ਨਹੀਂ ਹੈ। ਮੈਂ ਵਕੀਲ ਨੂੰ ਬਰਖ਼ਾਸਤ ਕਰਨ ਦੇ ਇਰਾਦੇ ਨਾਲ ਜਾ ਰਿਹਾ ਹਾਂ।"
"ਉਹ ਉਸਨੂੰ ਬਰਖ਼ਾਸਤ ਕਰ ਰਿਹਾ ਹੈ," ਬਲੌਕ ਆਪਣੀ ਕੁਰਸੀ ਤੋਂ ਉਛਲ ਕੇ ਹੱਥ ਉੱਪਰ ਚੁੱਕ ਕੇ ਰਸੋਈ ਵਿੱਚ ਭੱਜਦਾ ਹੋਇਆ ਬੋਲਿਆ- "ਉਹ ਵਕੀਲ ਤੋਂ ਮੁਕਤ ਹੋ ਰਿਹਾ ਹੈ!" ਲੇਨੀ ਵੀ ਭੱਜ ਕੇ ਕੇ. ਦੇ ਕੋਲ ਆਉਣ ਹੀ ਵਾਲੀ ਸੀ, ਪਰ ਵਪਾਰੀ ਉਸਦੇ ਰਸਤੇ ਵਿੱਚ ਆ ਗਿਆ, ਇਸ ਲਈ ਵਿਰੋਧ ਵਿੱਚ ਉਸਨੇ ਆਪਣੀਆਂ ਕਲਾਈਆਂ ਉਸਦੇ ਸੀਨੇ ਤੇ ਮਾਰੀਆਂ। ਅਤੇ ਫ਼ਿਰ ਕਲਾਈ ਦਾ ਨਿਸ਼ਾਨਾ ਲੈ ਕੇ. ਦੇ ਪਿੱਛੇ ਭੱਜ ਪਈ। ਪਰ ਇਸਤੋਂ ਪਹਿਲਾਂ ਕਿ ਲੇਨੀ ਉਸਨੂੰ ਫੜ੍ਹ ਸਕਦੀ, ਉਹ ਪਹਿਲਾਂ ਹੀ ਵਕੀਲ ਦੇ ਕਮਰੇ ਵਿੱਚ ਪਹੁੰਚ ਚੁੱਕਾ ਸੀ। ਆਪਣੇ ਪਿੱਛੇ ਉਸਨੇ ਦਰਵਾਜ਼ਾ ਬੰਦ ਹੀ ਕਰ ਦਿੱਤਾ ਸੀ, ਪਰ ਲੇਨੀ ਨੇ ਦਰਵਾਜ਼ੇ ਦੇ ਵਿਚਾਲੇ ਆਪਣਾ ਪੈਰ ਫਸਾ ਦਿੱਤਾ ਸੀ ਅਤੇ ਇਸਨੂੰ ਖੁੱਲ੍ਹਾ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, ਉਸਨੇ ਉਸਦੀ ਬਾਂਹ ਫੜ੍ਹ ਲਈ ਸੀ ਅਤੇ ਉਸਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਉਸਦੀ ਕਲਾਈ ਨੂੰ ਇੰਨੀ ਬੁਰੀ ਤਰ੍ਹਾਂ ਮਰੋੜ ਦਿੱਤਾ ਸੀ ਕਿ ਉਸਦੀ ਪਕੜ ਢਿੱਲੀ ਪੈ ਗਈ ਅਤੇ ਉਹ ਅੰਦਰ ਚਲਾ ਗਿਆ। ਹੁਣ ਲੇਨੀ ਨੇ ਅੰਦਰ ਆਉਣ ਦੀ ਹਿੰਮਤ ਨਹੀਂ ਕੀਤੀ, ਹਾਲਾਂਕਿ ਕੇ. ਨੇ ਬੂਹਾ ਬੰਦ ਕਰਕੇ ਚਾਬੀ ਘੁਮਾ ਦਿੱਤੀ ਸੀ।
"ਮੈਂ ਤਾਂ ਕਿੰਨੀ ਦੇਰ ਤੋਂ ਤੇਰੀ ਉਡੀਕ ਕਰ ਰਹੀ ਸੀ," ਵਕੀਲ ਨੇ ਉਸ ਕਾਗਜ਼ ਨੂੰ ਪਾਸੇ ਰੱਖਦੇ ਹੋਏ, ਜਿਸਨੂੰ ਅਜੇ ਤੱਕ ਉਹ ਮੋਮਬੱਤੀ ਦੀ ਰੌਸ਼ਨੀ ਵਿੱਚ ਪੜ੍ਹ ਰਿਹਾ ਸੀ, ਆਪਣੇ ਬਿਸਤਰੇ ਦੇ ਵਿੱਚੋਂ ਕਿਹਾ ਅਤੇ ਆਪਣੀਆਂ ਅੱਖਾਂ ਤੇ ਐਨਕ ਲਾਉਂਦੇ ਹੋਏ ਉਹ ਧਿਆਨ ਨਾਲ ਕੇ. ਨੂੰ ਵੇਖਣ ਲੱਗਾ। ਅਫ਼ਸੋਸ ਜਾਹਰ ਕਰਨ ਦੇ ਬਜਾਏ ਕੇ. ਨੇ ਕਿਹਾ-
"ਮੈਂ ਕੁੱਝ ਸਮੇਂ ਵਿੱਚ ਹੀ ਜਾਣ ਵਾਲਾ ਹਾਂ," ਕਿਉਂਕਿ ਇਹ ਅਫ਼ਸੋਸਨਾਮਾ ਨਹੀਂ ਸੀ ਇਸ ਲਈ ਵਕੀਲ ਨੇ ਕੇ. ਦੀ ਇਸ ਟਿੱਪਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਕਿਹਾ-"ਦੋਬਾਰਾ ਕਦੇ ਵੀ ਮੈਂ ਤੈਨੂੰ ਇਸ ਤਰ੍ਹਾਂ ਦੇਰ ਨਾਲ ਆਉਣ 'ਤੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇਵਾਂਗਾ।"
"ਇਸ ਨਾਲ ਮੈਨੂੰ ਰਾਹਤ ਮਿਲੇਗੀ, ਕੇ. ਨੇ ਕਿਹਾ ਅਤੇ ਵਕੀਲ ਨੇ ਉਸ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਿਆ।
"ਬੈਠ ਜਾਓ।" ਵਕੀਲ ਨੇ ਕਿਹਾ।
"ਤੂੰ ਅਜਿਹਾ ਚਾਹੁੰਦਾ ਏਂ ਤਾਂ," ਕੇ. ਨੇ ਬਿਸਤਰੇ ਦੇ ਕੋਲ ਕੁਰਸੀ ਖਿੱਚਦੇ ਹੋਏ ਕਿਹਾ।
"ਮੈਂ ਸੋਚ ਰਿਹਾ ਸੀ ਜਿਵੇਂ ਮੈਂ ਤੁਹਾਨੂੰ ਬੂਹਾ ਬੰਦ ਕਰਦੇ ਹੋਏ ਵੇਖਿਆ ਹੈ," ਵਕੀਲ ਬੋਲਿਆ।
"ਹਾਂ, ਕੇ. ਨੇ ਜਵਾਬ ਦਿੱਤਾ, "ਲੇਨੀ ਦੇ ਕਾਰਨ।" ਕੇ. ਹੁਣ ਕਿਸੇ ਨੂੰ ਬਖਸ਼ਣਾ ਨਹੀਂ ਚਾਹੁੰਦਾ ਸੀ। ਪਰ ਵਕੀਲ ਨੇ ਪੁੱਛਿਆ-
"ਕੀ ਉਹ ਤੈਨੂੰ ਫ਼ਿਰ ਤੰਗ ਕਰ ਰਹੀ ਸੀ?" "ਤੰਗ?" ਕੇ. ਬੋਲਿਆ।
"ਹਾਂ, ਵਕੀਲ ਨੇ ਕਿਹਾ। ਇਹ ਕਹਿੰਦਿਆਂ ਹੋਇਆਂ ਉਹ ਹੱਸ ਪਿਆ, ਅਤੇ ਫ਼ਿਰ ਉਸਨੂੰ ਖੰਘ ਦਾ ਦੌਰਾ ਪੈ ਗਿਆ, ਜਦੋਂ ਉਸਨੂੰ ਥੋੜ੍ਹੀ ਰਾਹਤ ਮਿਲੀ ਤਾਂ ਉਹ ਫ਼ਿਰ ਹਲਕਾ-ਹਲਕਾ ਖੰਘਣ ਲੱਗਾ। "ਮੈਂ ਕਲਪਨਾ ਕਰ ਸਕਦਾ ਹਾਂ ਕਿ ਤੂੰ ਉਸਨੂੰ ਲੋਕਾਂ ਨੂੰ ਤੰਗ ਕਰਦੇ ਹੋਏ ਜ਼ਰੂਰ ਵੇਖਿਆ ਹੋਵੇਗਾ?" ਉਹ ਕੇ. ਦੇ ਹੱਥ ਤੇ ਹੱਥ ਮਾਰਦਾ ਹੋਇਆ ਬੋਲਿਆ, ਜਿਸਨੂੰ ਉਸਨੇ ਮੇਜ਼ ਤੇ ਆਰਾਮ ਨਾਲ ਰੱਖ ਛੱਡਿਆ ਸੀ ਅਤੇ ਹੁਣ ਉਸਨੂੰ ਇੱਕ ਦਮ ਖਿੱਚ ਲਿਆ ਸੀ। "ਤਾਂ ਤੂੰ ਇਸਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ ਏਂ?" ਵਕੀਲ ਨੇ ਉਦੋਂ ਕਿਹਾ ਜਦੋਂ ਕੇ. ਨੇ ਕੋਈ ਜਵਾਬ ਨਾ ਦਿੱਤਾ। "ਇਹ ਵਧੇਰੇ ਠੀਕ ਹੈ, ਨਹੀਂ ਤਾਂ ਉਸਦੇ ਵੱਲੋਂ ਮੈਨੂੰ ਮਾਫ਼ੀ ਮੰਗਣੀ ਪੈਂਦੀ। ਇਹ ਲੇਨੀ ਦੀ ਬੁਰੀ ਆਦਤ ਹੈ, ਜਿਸਨੂੰ ਸੰਜੋਗ ਨਾਲ ਮੈਂ ਕਾਫ਼ੀ ਪਹਿਲਾਂ ਮਾਫ਼ ਚੁੱਕਾ ਹਾਂ ਅਤੇ ਇਸ 'ਤੇ ਤਾਂ ਗੱਲ ਤੱਕ ਵੀ ਨਹੀ ਕਰਦਾ ਜੇ ਤੂੰ ਬੂਹੇ ਨੂੰ ਜਿੰਦਾ ਨਾ ਲਾਇਆ ਹੁੰਦਾ। ਉਸਦੀ ਇਸ ਮਾੜੀ ਆਦਤ ਦੇ ਲਈ-ਪੱਕਾ ਹੀ ਤੂੰ ਆਖਰੀ ਆਦਮੀ ਏਂ, ਜਿਸਨੂੰ ਮੈਂ ਇਹ ਸਪੱਸ਼ਟੀਕਰਨ ਦੇ ਰਿਹਾ ਹਾਂ, ਪਰ ਕਿਉਂਕਿ ਬਿਲਕੁਲ ਪਰੇਸ਼ਾਨ ਵਿਖਾਈ ਨਹੀਂ ਦੇ ਰਿਹਾ, ਤਾਂ ਮੈਂ ਤੈਨੂੰ ਦੱਸ ਦਿੰਦਾ ਹਾਂ-ਉਸਦੀ ਇਹ ਬੁਰੀ ਆਦਤ ਇਸ ਤੱਥ ’ਤੇ ਆਧਾਰਿਤ ਹੈ ਕਿ ਉਸਨੂੰ ਤੂੰ ਵਧੇਰੇ ਸੋਹਣਾ ਲੱਗਦਾ ਏਂ। ਉਹ ਉਹਨਾਂ ਸਭ ਦੇ ਪਿੱਛੇ ਭੱਜਦੀ ਹੈ, ਉਹਨਾਂ ਸਾਰਿਆਂ ਦੇ ਪਿਆਰ ਵਿੱਚ ਗੁਆਚ ਜਾਂਦੀ ਹੈ, ਅਤੇ ਸਭ ਤੋਂ ਵਧੇਰੇ ਤਾਂ ਇਹ ਕਿ ਉਹ ਸਭ ਵੀ ਉਸਨੂੰ ਪਿਆਰ ਕਰਨ ਲੱਗਦੇ ਹਨ। ਜਦੋਂ ਮੈਂ ਉਸਨੂੰ ਮੌਕਾ ਦਿੰਦਾ ਹਾਂ ਤਾਂ ਉਹ ਕਦੇ-ਕਦੇ ਮੈਨੂੰ ਉਹਨਾਂ ਦੇ ਬਾਰੇ ਦੱਸਦੀ ਹੈ, ਤਾਂ ਕਿ ਮੇਰਾ ਮਨੋਰੰਜਨ ਹੋ ਸਕੇ। ਇਸ ਸਾਰੇ ਮਾਮਲੇ ਤੋਂ ਮੈਂ ਉਨਾ ਹੈਰਾਨ ਨਹੀਂ ਹਾਂ ਜਿੰਨਾ ਕਿ ਤੂੰ ਵਿਖਾਈ ਦੇ ਰਿਹਾ ਏਂ। ਇਹਨਾਂ ਚੀਜ਼ਾਂ ਨੂੰ ਪਰਖਣ ਦੇ ਲਈ ਜੇ ਕਿਸੇ ਦੇ ਕੋਲੋ ਸਹੀ ਦਿਮਾਗ ਹੋਵੇ ਤਾਂ ਆਰੋਪੀ ਵਿਅਕਤੀ ਆਮ ਤੌਰ 'ਤੇ ਪਹਿਲਾਂ ਸੋਹਣੇ ਹੀ ਵਿਖਾਈ ਦਿੰਦੇ ਹਨ। ਇਹ ਅਦਭੁੱਤ ਸਥਿਤੀ ਹੈ, ਪਰ ਇੱਕ ਤਰ੍ਹਾਂ ਨਾਲ ਇਸ ਵਿੱਚ ਵਿਗਿਆਨ ਸ਼ਾਮਿਲ ਹੈ। ਅਜਿਹਾ ਨਹੀਂ ਹੈ ਕਿ ਦੋਸ਼ ਲੱਗ ਜਾਣ 'ਤੇ ਆਦਮੀ ਦੇ ਅੰਦਰ ਕੋਈ ਅਜਿਹੇ ਬਦਲਾਅ ਆ ਜਾਂਦੇ ਹਨ ਜਿਨ੍ਹਾਂ ਨੂੰ ਠੀਕ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕੇ। ਆਖਰ ਅਪਰਾਧਿਕ ਮਾਮਲਿਆਂ ਵਿੱਚ ਫਸੇ ਮੁੱਦਈਆਂ ਦੇ ਉਲਟ, ਬਾਕੀ ਆਰੋਪੀ ਤਾਂ ਆਮ ਵਿਹਾਰ ਅਤੇ ਜੀਵਨ ਨਾਲ ਹੀ ਚਿਪਕੇ ਰਹਿੰਦੇ ਹਨ, ਅਤੇ ਜੇਕਰ ਉਹਨਾਂ ਕੋਲ ਚੰਗਾ ਵਕੀਲ ਨਾ ਵੀ ਹੋਵੇ ਤਾਂ ਵੀ ਉਹਨਾਂ ਦਾ ਮੁਕੱਦਮਾ ਵਿੱਚ ਬਿਲਕੁਲ ਅੜਿੱਕਾ ਨਹੀਂ ਪੈਂਦਾ। ਹਾਲਾਂਕਿ ਇਹਨਾਂ ਮਾਮਲਿਆਂ ਵਿੱਚ ਕੋਈ ਵੀ ਤਜਰਬੇਕਾਰ ਵਿਅਕਤੀ ਆਰੋਪੀ ਨੂੰ ਉਸ ਭੀੜ ਵਿੱਚ ਪਛਾਣ ਸਕਣ ਦੀ ਸਮਰੱਥਾ ਰੱਖਦਾ ਹੈ। ਕਿਵੇਂ? ਤੂੰ ਪੁੱਛ ਸਕਦਾ ਏਂ। ਮੇਰਾ ਜਵਾਬ ਤੈਨੂੰ ਸੰਤੁਸ਼ਟ ਨਹੀਂ ਕਰੇਗਾ। ਠੀਕ-ਠੀਕ ਕਹੀਏ ਤਾਂ ਉਹ ਲੋਕ ਬੇਹੱਦ ਸੋਹਣੇ ਹੁੰਦੇ ਹਨ। ਇਹ ਅਪਰਾਧ-ਬੋਧ ਨਹੀਂ ਜਿਹੜਾ ਉਨ੍ਹਾਂ ਨੂੰ ਸੋਹਣਾ ਬਣਾਉਂਦਾ ਹੈ-ਘੱਟੋ-ਘੱਟੋ ਇੱਕ ਵਕੀਲ ਦੇ ਤੌਰ 'ਤੇ ਮੇਰੇ ਖਿਆਲ ਨਾਲ-ਆਖਰਕਾਰ ਉਹ ਸਾਰੇ ਅਪਰਾਧੀ ਹੀ ਤਾਂ ਨਹੀਂ ਹੁੰਦੇ ਹਨ ਅਤੇ ਨਾ ਹੀ ਭਵਿੱਖ ਵਿੱਚ ਹੋਣ ਵਾਲੀ ਸਜ਼ਾ ਹੈ, ਜਿਹੜੀ ਉਹਨਾਂ ਨੂੰ ਪਹਿਲਾਂ ਹੀ ਸੋਹਣਾ ਬਣਾ ਦੇਵੇ, ਅਤੇ ਉਹਨਾਂ ਸਾਰਿਆਂ ਨੂੰ ਸਜ਼ਾ ਵੀ ਤਾਂ ਨਹੀਂ ਹੁੰਦੀ, ਇਸ ਲਈ ਇਹ ਕਾਨੂੰਨੀ ਕਾਰਵਾਈ ਦਾ ਹੀ ਨਤੀਜਾ ਹੋ ਸਕਦਾ ਹੈ ਜਿਹੜੀ ਉਸਦੇ ਨਾਲ ਜੁੜੀ ਹੁੰਦੀ ਹੈ। ਬੇਸ਼ੱਕ ਇਹਨਾਂ ਸੋਹਣੇ ਲੋਕਾਂ ਵਿੱਚ ਕੁੱਝ ਤਾਂ ਸਿਰਕੱਢ ਹੁੰਦੇ ਹਨ। ਪਰ ਉਹ ਸਾਰੇ ਸੋਹਣੇ ਤਾਂ ਹੁੰਦੇ ਹੀ ਹਨ, ਇੱਥੋਂ ਤੱਕ ਕਿ ਉਹ ਮੰਦਭਾਗੇ ਕੀੜੇ ਜਿਹਾ ਬਲੌਕ ਵੀ।"
ਜਦੋਂ ਵਕੀਲ ਨੇ ਬੋਲਣਾ ਬੰਦ ਕਰ ਦਿੱਤਾ ਤਾਂ ਕੇ. ਆਪਣੇ ਸੁਭਾਵਿਕ ਰੂਪ ਵਿੱਚ ਆ ਗਿਆ ਸੀ, ਅਤੇ ਵਕੀਲ ਦੇ ਆਖਰੀ ਸ਼ਬਦਾਂ ਤੇ ਤਾਂ ਉਸਨੇ ਬਿਨ੍ਹਾਂ ਸੋਚ-ਸਮਝੇ ਹੀ ਹਾਮੀ ਭਰ ਦਿੱਤੀ ਸੀ। ਉਸਨੂੰ ਇਹ ਸਭ ਆਪਣੀ ਪਿਛਲੀ ਉਸ ਧਾਰਨਾ ਦੀ ਪੁਸ਼ਟੀ ਜਿਹਾ ਪ੍ਰਤੀਤ ਹੋਇਆ ਜਿਵੇਂ ਕਿ ਵਕੀਲ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦਾ ਹੈ, ਅਤੇ ਦਰਅਸਲ ਇਸ ਵਕਤ ਵੀ ਉਹ ਇਹੀ ਕੋਸ਼ਿਸ਼ ਕਰ ਰਿਹਾ ਸੀ, ਕਿ ਉਸਦਾ ਧਿਆਨ ਕਿਸੇ ਬੇਤੁਕੀਆਂ ਆਮ ਟਿੱਪਣੀਆਂ ਦੇ ਵੱਲ ਲੈ ਕੇ ਜਾਇਆ ਜਾਵੇ ਅਤੇ ਇਸ ਤਰ੍ਹਾਂ ਇਸ ਮੂਲ ਸਵਾਲ ਨਾਲ ਕਿ ਉਸਨੇ ਕੇ. ਦੇ ਮੁਕੱਦਮੇ 'ਤੇ ਕੀ ਕਾਰਵਾਈ ਕੀਤੀ ਹੈ। ਉਸਨੂੰ ਇਸ ਮਸਲੇ ਤੋਂ ਹਟਾ ਕੇ ਕਿਸੇ ਹੋਰ ਪਾਸੇ ਮੋੜ ਲਿਆ ਜਾਵੇ। ਪਰ ਇਸ ਮੌਕੇ ਤੇ ਵਕੀਲ ਨੇ ਸ਼ਾਇਦ ਇਹ ਅੰਦਾਜ਼ਾ ਲਾ ਲਿਆ ਸੀ ਕਿ ਅੱਜ ਕੇ. ਹਮੇਸ਼ਾ ਤੋਂ ਵਧੇਰੇ ਵਿਰੋਧਾਤਮਕ ਵਿਹਾਰ ਵਿਖਾ ਰਿਹਾ ਸੀ, ਕਿਉਂਕਿ ਹੁਣ ਉਹ ਕੇ. ਨੂੰ ਬੋਲਣ ਦਾ ਮੌਕਾ ਦੇਣ ਦੇ ਇਰਾਦੇ ਨਾਲ ਚੁੱਪ ਹੋ ਗਿਆ ਸੀ। ਅਤੇ ਹੁਣ ਵੀ ਕਿਉਂਕਿ ਕੇ. ਕੁੱਝ ਨਹੀਂ ਬੋਲਿਆ, ਇਸ ਲਈ ਉਸਨੇ ਕਿਹਾ-"ਕੀ ਤੂੰ ਅੱਜ ਮੈਨੂੰ ਕਿਸੇ ਖ਼ਾਸ ਵਜ੍ਹਾ ਕਰਕੇ ਮਿਲਣ ਆਇਆ ਏਂ?"
"ਹਾਂ," ਕੇ. ਨੇ ਜਵਾਬ ਦਿੱਤਾ ਅਤੇ ਮੋਮਬੱਤੀ ਦੀ ਲੌ ਦੇ ਦੁਆਲੇ ਆਪਣੇ ਹੱਥ ਨਾਲ ਘੇਰਾ ਬਣਾ ਲਿਆ ਤਾਂ ਕਿ ਵਕੀਲ ਨੂੰ ਵਧੇਰੇ ਚੰਗੀ ਤਰ੍ਹਾਂ ਵਿਖਾਈ ਦੇ ਸਕੇ। "ਮੈਂ ਇੱਥੇ ਇਸ ਲਈ ਆਇਆ ਸੀ ਕਿ ਤੁਹਾਨੂੰ ਇਹ ਦੱਸ ਸਕਾਂ ਕਿ ਮੈਂ ਆਪਣਾ ਮੁਕੱਦਮਾ ਤੁਹਾਡੇ ਤੋਂ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਹੈ। ਅੱਜ ਤੋਂ ਹੀ।" "ਕੀ ਮੈਂ ਤੇਰੀ ਗੱਲ ਬਿਲਕੁਲ ਠੀਕ-ਠੀਕ ਸਮਝ ਰਿਹਾ ਹਾਂ?" ਵਕੀਲ ਨੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਹੱਥਾਂ ਨੂੰ ਸਿਰਹਾਣੇ 'ਤੇ ਰੱਖ ਕੇ ਆਪਣੇ ਸਰੀਰ ਨੂੰ ਸਹਾਰਾ ਦਿੰਦੇ ਹੋਏ ਕਿਹਾ।
"ਮੈਂ ਤਾਂ ਇਹੀ ਸਮਝਦਾ ਹਾਂ," ਕੇ. ਨੇ ਦ੍ਰਿੜਤਾ ਨਾਲ ਬੈਠੇ-ਬੈਠੇ ਜਵਾਬ ਦਿੱਤਾ।
"ਠੀਕ ਹੈ, ਇਸ ਯੋਜਨਾ 'ਤੇ ਅਸੀਂ ਵਿਚਾਰ-ਵਟਾਂਦਰਾ ਕਰ ਸਕਦੇ ਹਾਂ," ਕੁੱਝ ਪਲਾਂ ਦੇ ਅੰਤਰਾਲ ਦੇ ਬਾਅਦ ਵਕੀਲ ਬੋਲਿਆ।
"ਇਹ ਹੁਣ ਕੋਈ ਯੋਜਨਾ ਨਹੀਂ ਹੈ, ਕੇ. ਬੋਲਿਆ।
"ਸ਼ਾਇਦ ਨਹੀਂ," ਵਕੀਲ ਨੇ ਕਿਹਾ, "ਪਰ ਸਾਨੂੰ ਇਸ ਤਰ੍ਹਾਂ ਚੀਜ਼ਾਂ ਨੂੰ ਭੱਜਣ ਤਾਂ ਨਹੀਂ ਦੇਣਾ ਚਾਹੀਦਾ।" ਉਸਨੇ ਸਾਨੂੰ ਸ਼ਬਦ ਦਾ ਇਸਤੇਮਾਲ ਕੀਤਾ ਜਿਵੇਂ ਕਿ ਕੇ. ਨੂੰ ਚਲੇ ਜਾਣ ਦੀ ਇਜਾਜ਼ਤ ਦੇਣ ਦਾ ਉਸਦਾ ਕੋਈ ਇਰਾਦਾ ਨਾ ਹੋਵੇ, ਅਤੇ ਜਿਵੇਂ ਉਹ ਕੇ. ਨੂੰ ਸਲਾਹ ਦਿੰਦੇ ਰਹਿਣ 'ਤੇ ਤੁਲਿਆ ਰਹਿਣਾ ਚਾਹੁੰਦਾ ਹੋਵੇ, ਭਾਵੇਂ ਉਸਨੂੰ ਉਸਦਾ ਮੁਕੱਦਮਾ ਛੱਡ ਹੀ ਦੇਣਾ ਪਵੇ।
ਇਸ ਬਾਰੇ ਵਿੱਚ ਮੈਨੂੰ ਕੋਈ ਜਲਦਬਾਜ਼ੀ ਨਹੀਂ ਹੈ," ਹੌਲ਼ੀ ਜਿਹੇ ਖੜ੍ਹਾ ਹੁੰਦਿਆਂ ਕੇ. ਨੇ ਕਿਹਾ ਅਤੇ ਤੁਰਕੇ ਕੁਰਸੀ ਦੇ ਪਿੱਛੇ ਆ ਗਿਆ। "ਮੈਂ ਤਾਂ ਲੰਮੇ ਅਰਸੇ ਤੋਂ ਇਸਨੂੰ ਖ਼ਤਮ ਹੋਇਆ ਮੰਨ ਕੇ ਚੱਲ ਰਿਹਾ ਹਾਂ। ਸ਼ਾਇਦ ਲੰਮੇ ਤੋਂ ਵੀ ਲੰਮੇ ਅਰਸੇ ਤੋਂ। ਅਤੇ ਮੇਰਾ ਇਹ ਫ਼ੈਸਲਾ ਆਖ਼ਰੀ ਹੈ।"
"ਤਾਂ ਫ਼ਿਰ ਮੈਨੂੰ ਕੁੱਝ ਹੋਰ ਕਹਿ ਲੈਣ ਦੇ," ਵਕੀਲ ਨੇ ਰਜਾਈ ਨੂੰ ਹਟਾ ਕੇ ਬਿਸਤਰੇ ਦੇ ਇੱਕ ਕਿਨਾਰੇ ਖਿਸਕ ਕੇ ਬੈਠਦੇ ਹੋਏ ਕਿਹਾ। ਉਸਦੀਆਂ ਚਿੱਟੇ ਵਾਲਾਂ ਵਾਲੀਆਂ ਨੰਗੀਆਂ ਲੱਤਾਂ ਠੰਡ ਨਾਲ ਕੰਬ ਰਹੀਆਂ ਸਨ। ਉਸਨੇ ਕੇ. ਨੂੰ ਕਿਹਾ ਕਿ ਉਹ ਉੱਪਰ ਪਿਆ ਕੰਬਲ ਉਸਨੂੰ ਦੇ ਦੇਵੇ। ਉਸਨੇ ਕੰਬਲ ਚੁੱਕ ਕੇ ਉਸਨੂੰ ਦਿੰਦੇ ਹੋਏ ਕਿਹਾ- "ਤੁਸੀਂ ਫ਼ਿਜ਼ੂਲ ਹੀ ਆਪਣੇ ਆਪ ਨੂੰ ਠੰਡ ਲਵਾ ਰਹੇ ਹੋਂ।"
"ਇਹ ਮੌਕਾ ਹੀ ਇੰਨਾ ਮੁਸ਼ਕਲਾਂ ਭਰਿਆ ਹੈ," ਵਕੀਲ ਨੇ ਆਪਣੇ ਸਰੀਰ ਨੂੰ ਰਜਾਈ ਵਿੱਚ ਲਪੇਟ ਕੇ ਅਤੇ ਲੱਤਾਂ ਨੂੰ ਕੰਬਲ ਨਾਲ ਢਕਦੇ ਹੋਏ ਕਿਹਾ, "ਤੇਰਾ ਚਾਚਾ ਮੇਰਾ ਦੋਸਤ ਹੈ, ਅਤੇ ਇਸ ਵਕਤ ਵਿੱਚ ਮੈਂ ਤੈਨੂੰ ਵੀ ਚਾਹੁਣ ਲੱਗਾ ਹਾਂ। ਮੈਂ ਸ਼ਰੇਆਮ ਇਹ ਮੰਨਦਾ ਹਾਂ। ਇਸ ’ਤੇ ਮੈਨੂੰ ਸ਼ਰਮਸਾਰ ਹੋਣ ਦੀ ਲੋੜ ਨਹੀਂ ਹੈ।" ਉਸ ਬੁੱਢੇ ਦੀਆਂ ਇਹੀ ਭਾਵਨਾਤਮਕ ਟਿੱਪਣੀਆਂ ਕੇ. ਨੂੰ ਪਰੇਸ਼ਾਨ ਕਰ ਰਹੀਆਂ ਸਨ, ਕਿਉਂਕਿ ਉਹ ਇਸਤੋਂ ਵਧੇਰੇ ਸਪੱਸ਼ਟੀਕਰਨ ਦੇਣ ਦੇ ਲਈ ਮਜਬੂਰ ਹੋ ਰਿਹਾ ਸੀ, ਜਿਸਤੋਂ ਉਹ ਬਚਣਾ ਚਾਹੁੰਦਾ ਸੀ। ਇਸ ਟਿੱਪਣੀਆਂ ਉਸਨੂੰ ਦੁਚਿੱਤੀ ਵਿੱਚ ਪਾ ਰਹੀਆਂ ਸਨ, ਭਾਵੇਂ ਉਸਨੇ ਆਪਣੇ ਆਪ ਨੂੰ ਕਿਹਾ, ਚਾਹੇ ਉਹ ਉਸਨੂੰ ਆਪਣੇ ਫ਼ੈਸਲਾ ਬਦਲਣ ਲਈ ਮਜਬੂਰ ਨਹੀਂ ਕਰ ਸਕਦੀਆਂ ਸਨ।
"ਤੁਹਾਡੇ ਦੋਸਤਾਨਾ ਵਿਹਾਰ ਦੇ ਮੈਂ ਤੁਹਾਡਾ ਧੰਨਵਾਦੀ ਹਾਂ," ਉਸਨੇ ਕਿਹਾ, "ਅਤੇ ਮੈਂ ਇਹ ਵੀ ਮੰਨਦਾ ਹਾਂ ਕਿ ਤੁਸੀਂ ਮੇਰੇ ਮੁਕੱਦਮੇ ਵਿੱਚ ਉਨੀ ਦਿਲਚਸਪੀ ਵਿਖਾਈ ਹੈ ਜਿੰਨੀ ਕਿ ਤੁਸੀਂ ਵਿਖਾ ਸਕਦੇ ਸੀ ਅਤੇ ਉਨੀ ਜਿੰਨੀ ਕਿ ਤੁਸੀਂ ਮੇਰੇ ਹਿਤ ਵਿੱਚ ਸਮਝਦੇ ਸੀ। ਇਸ ਸਮੇ, ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਉਹ ਕਾਫ਼ੀ ਨਹੀਂ ਸੀ। ਬੇਸ਼ੱਕ ਮੈਂ ਤੁਹਾਨੂੰ ਇਸੇ ਸੋਚ ਦੇ ਪ੍ਰਤੀ ਮਨਾਏ ਜਾਣ ਦੀ ਕੋਸ਼ਿਸ਼ ਨਹੀਂ ਕਰਾਂਗਾ ਕਿਉਂਕਿ ਤੁਸੀਂ ਮੇਰੇ ਤੋਂ ਵਧੇਰੇ ਤਜਰਬਾ ਰੱਖਦੇ ਹੋਂ। ਜੇਕਰ ਕਦੇ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਪਰ ਇਹ ਮਸਲਾ, ਜਿਵੇਂ ਕਿ ਤੁਸੀਂ ਆਪ ਕਿਹਾ, ਹੁਣ ਕਾਫ਼ੀ ਮੁਸ਼ਕਲਾਂ ਭਰਿਆਂ ਹੈ ਅਤੇ ਹੁਣ ਤੈਅ ਹੈ ਕਿ ਅੱਜ ਤੱਕ ਜੋ ਵੀ ਨਜ਼ਰੀਆ ਅਪਣਾਇਆ ਗਿਆ, ਉਸਤੋਂ ਵਧੇਰੇ ਔਖੇ ਤਰੀਕੇ ਅਪਣਾਏ ਜਾਣੇ ਜ਼ਰੂਰੀ ਹੋ ਗਿਆ ਹੈ।"
"ਮੈਂ ਤੈਨੂੰ ਸਮਝ ਸਕਦਾ ਹਾਂ," ਵਕੀਲ ਨੇ ਕਿਹਾ, "ਤੂੰ ਬੜਾ ਉਤਾਵਲਾ ਏਂ।"
"ਮੈਂ ਉਤਾਵਲਾ ਨਹੀਂ ਹਾਂ," ਕੇ. ਕੁੱਝ ਬੇਚੈਨ ਹੋ ਕੇ ਬੋਲਿਆ, ਇਸ ਲਈ ਉਸਨੇ ਉਸਦੇ ਕਹੇ ਦਾ ਬਹੁਤਾ ਬੁਰਾ ਨਹੀਂ ਮਨਾਇਆ। "ਜਦੋਂ ਪਹਿਲੀ ਵਾਰ ਮੈਂ ਚਾਚੇ ਦੇ ਨਾਲ ਤੁਹਾਨੂੰ ਮਿਲਣ ਲਈ ਆਇਆ ਸੀ ਤਾਂ ਤੁਸੀਂ ਜ਼ਰੂਰ ਇਹ ਮਹਿਸੂਸ ਕੀਤਾ ਹੋਵੇਗਾ ਕਿ ਇਸ ਮੁਕੱਦਮੇ ਦੀ ਉਦੋਂ ਮੇਰੇ ਲਈ ਕੋਈ ਖ਼ਾਸ ਅਹਿਮੀਅਤ ਨਹੀਂ ਸੀ ਅਤੇ ਜੇਕਰ ਜ਼ਬਰਦਸਤੀ ਮੈਨੂੰ ਯਾਦ ਨਾ ਦਵਾਈ ਜਾਂਦੀ ਤਾਂ ਮੈਂ ਇਸਨੂੰ ਭੁੱਲਿਆ ਹੀ ਰਹਿੰਦਾ। ਪਰ ਮੇਰੇ ਚਾਚੇ ਨੇ ਉਦੋਂ ਜ਼ਿੱਦ ਕੀਤੀ ਸੀ ਕਿ ਤੁਸੀਂ ਮੇਰਾ ਮੁਕੱਦਮਾ ਵੇਖੋਂ ਅਤੇ ਮੈਂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਮੰਨ ਗਿਆ ਸੀ। ਉਸ ਸਮੇਂ ਕੋਈ ਵੀ ਇਹ ਅੰਦਾਜ਼ਾ ਲਾ ਸਕਦਾ ਸੀ ਕਿ ਇਹ ਮੁਕੱਦਮਾ ਮੈਨੂੰ ਇੰਨਾ ਪਰੇਸ਼ਾਨ ਨਹੀਂ ਕਰੇਗਾ, ਕਿਉਂਕਿ ਕੋਈ ਵੀ ਮੁਕੱਦਮਾ ਜਦੋਂ ਕਿਸੇ ਵਕੀਲ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਇਹ ਬੇਨਤੀ ਤਾਂ ਰਹਿੰਦੀ ਹੀ ਹੈ ਕਿ ਹਵਾਲੇ ਕਰਨ ਵਾਲੇ ਦੇ ਦਿਮਾਗ ਤੋਂ ਕੁੱਝ ਬੋਝ ਤਾਂ ਹਲਕਾ ਹੋਵੇ। ਪਰ ਇੱਥੇ ਤਾਂ ਠੀਕ ਇਸ ਦੇ ਉਲਟ ਹੋਇਆ। ਜਦੋਂ ਤੋਂ ਤੁਸੀਂ ਇਹ ਮੁਕੱਦਮਾ ਆਪਣੇ ਹੱਥ ਵਿੱਚ ਲਿਆ ਹੈ ਉਦੋਂ ਤੋਂ ਮੈਨੂੰ ਇੰਨੀਆਂ ਚਿੰਤਾਵਾਂ ਨੇ ਕਦੇ ਨਹੀਂ ਸਤਾਇਆ ਸੀ। ਜਦੋਂ ਮੈਂ 'ਕੱਲਾ ਸੀ, ਤਾਂ ਮੈਂ ਇਸਦੇ ਬਾਰੇ ਕੁੱਝ ਨਹੀਂ ਕੀਤਾ, ਪਰ ਮੈਂ ਇਸ ਤੋਂ ਪਰੇਸ਼ਾਨ ਨਹੀਂ ਸੀ। ਪਰ ਫ਼ਿਰ, ਜਦੋਂ ਕੋਈ ਮੇਰੇ ਲਈ ਕਾਰਵਾਈ ਕਰਨ ਲੱਗਾ, ਅਤੇ ਕੁੱਝ ਹੋਣ ਦੀ ਸੰਭਾਵਨਾ ਬਣੀ, ਤਾਂ ਮੈਂ ਲਗਾਤਾਰ ਵਧਦੀ ਉਤਸੁਕਤਾ ਨਾਲ ਤੁਹਾਡੀ ਉਡੀਕ ਕਰਨ ਲੱਗਾ ਕਿ ਤੁਸੀਂ ਕੁੱਝ ਤਾਂ ਦਖ਼ਲ ਦਿਓਂਗੇ, ਪਰ ਕੁੱਝ ਹੋਇਆ ਹੀ ਨਹੀਂ। ਇਹ ਪੱਕਾ ਹੀ ਸੱਚ ਹੈ ਕਿ ਤੁਸੀਂ ਅਦਾਲਤ ਦੇ ਬਾਰੇ ਵਿੱਚ ਮੈਨੂੰ ਕੁੱਝ ਗੱਲਾਂ ਦੱਸੀਆਂ, ਜਿਹੜੀਆਂ ਮੈਂ ਕਿਸੇ ਦੂਜੇ ਤੋਂ ਸ਼ਾਇਦ ਨਹੀਂ ਹਾਸਲ ਕਰ ਸਕਦਾ ਸੀ। ਪਰ ਮੈਨੂੰ ਤਾਂ ਤੁਹਾਡੇ ਤੋਂ ਇਸਤੋਂ ਵਧੇਰੇ ਦੀ ਲੋੜ ਹੈ, ਹੁਣ ਕਿਉਂਕਿ ਮੁਕੱਦਮੇ ਦਾ ਫੰਦਾ ਮੇਰੇ ਦੁਆਲੇ ਉਸਤੋਂ ਵੀ ਵਧੇਰੇ ਕੱਸਿਆ ਜਾ ਰਿਹਾ ਹੈ। ਪਹਿਲਾਂ ਤੋਂ ਵਧੇਰੇ ਤਿੱਖੇਪਣ ਦੇ ਨਾਲ।" ਕੇ. ਨੇ ਹੁਣ ਕੁਰਸੀ ਪਰਾਂ ਧੱਕ ਦਿੱਤੀ ਸੀ ਅਤੇ ਇੱਕ ਦਮ ਸਿੱਧਾ ਖੜ੍ਹਾ ਸੀ ਅਤੇ ਆਪਣੇ ਹੱਥ ਆਪਣੀ ਜੈਕੇਟ ਦੀਆਂ ਜੇਬਾਂ ਵਿੱਚ ਪਾ ਲਏ ਸਨ।
"ਕੁੱਝ ਸਮੇਂ ਬਾਅਦ ਆਪਣੇ ਵਿਹਾਰ ਵਿੱਚ," ਵਕੀਲ ਨੇ ਹੌਲ਼ੀ ਜਿਹੀ ਅਤੇ ਸ਼ਾਂਤਮਈ ਢੰਗ ਨਾਲ ਕਿਹਾ, "ਜ਼ਰੂਰੀ ਤੌਰ 'ਤੇ ਕੁੱਝ ਨਵਾਂ ਨਹੀਂ ਘਟਦਾ ਰਹਿੰਦਾ। ਮੇਰੇ ਕਿੰਨੇ ਮੁੱਦਈ ਆਪਣੇ ਮੁਕੱਦਮਿਆਂ ਵਿੱਚ ਇਸ ਸਥਿਤੀ ਤੱਕ ਪੁੱਜੇ ਹਨ ਅਤੇ ਮੇਰੇ ਸਾਹਮਣੇ ਤੇਰੀ ਤਰ੍ਹਾਂ ਆ ਕੇ ਖੜ੍ਹੇ ਵੀ ਹੋਏ ਹਨ ਅਤੇ ਠੀਕ ਉਹੀ ਗੱਲਾਂ ਉਨ੍ਹਾਂ ਨੇ ਕਹੀਆਂ ਹਨ ਜਿਹੜੀਆਂ ਨੂੰ ਕਹਿ ਰਿਹਾ ਏਂ।"
"ਤਾਂ ਠੀਕ ਹੈ," ਕੇ. ਨੇ ਕਿਹਾ, "ਇਹ ਸਾਰੇ ਮੁੱਦਈ ਜਿਨ੍ਹਾਂ ਦੀ ਮੇਰੇ ਵਰਗਾ ਹੋਣ ਦੀ ਸੰਭਾਵਨਾ ਸੀ, ਉਹ ਉਨੇ ਹੀ ਸਹੀ ਸਨ ਜਿੰਨਾ ਕਿ ਮੈਂ ਹਾਂ। ਇਸ ਨਾਲ ਮੈਂ ਗ਼ਲਤ ਸਾਬਿਤ ਨਹੀਂ ਹੁੰਦਾ ਹਾਂ।"
"ਮੈਂ ਜਦੋਂ ਇਹ ਕਿਹਾ ਤਾਂ ਮੈਂ ਤੈਨੂੰ ਗ਼ਲਤ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ," ਵਕੀਲ ਬੋਲਿਆ, "ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਤੇਰੇ ਤੋਂ ਵਧੇਰੇ ਚੰਗੇ ਫ਼ੈਸਲੇ ਦੀ ਉਮੀਦ ਸੀ, ਖ਼ਾਸ ਕਰਕੇ ਇਸ ਕਾਰਨ ਵੀ ਕਿ ਮੈਂ ਤੈਨੂੰ ਅਦਾਲਤਾਂ ਦੇ ਬਾਰੇ ਵਿੱਚ ਇੰਨੀ ਗਹਿਰਾਈ ਨਾਲ ਦੱਸਿਆ ਸੀ ਅਤੇ ਆਪਣੇ ਕੰਮ ਦੇ ਬਾਰੇ ਵਿੱਚ ਵੀ, ਜਿਸ ਬਾਰੇ ਮੈਂ ਕਿਸੇ ਮੁੱਦਈ ਨੂੰ ਦੱਸਦਾ ਨਹੀਂ ਹਾਂ। ਅਤੇ ਹੁਣ ਤਾਂ ਇਹ ਸਪੱਸ਼ਟ ਹੈ ਕਿ ਉਸ ਸਭ ਦੇ ਬਾਵਜੂਦ ਤੈਨੂੰ ਮੇਰੇ ਉੱਪਰ ਕਾਫ਼ੀ ਭਰੋਸਾ ਨਹੀਂ ਹੈ। ਤੂੰ ਮੇਰੇ ਲਈ ਸਮੱਸਿਆਵਾਂ ਘਟਾ ਨਹੀਂ ਰਿਹਾ।" ਵਕੀਲ ਕਿਸ ਤਰ੍ਹਾਂ ਕੇ. ਦੇ ਸਾਹਮਣੇ ਆਪਣੀ ਤੌਹੀਨ ਕਰ ਰਿਹਾ ਸੀ, ਜਿਹੜਾ ਠੀਕ ਇਸ ਵਿਸ਼ੇ ’ਤੇ ਅਤਿ ਸੰਵੇਦਨਸ਼ੀਲ ਸੀ। ਉਹ ਅਜਿਹਾ ਕਿਉਂ ਕਰ ਰਿਹਾ ਸੀ? ਆਖਰ ਉਹ ਇੱਕ ਬਹੁਤ ਰੁੱਝਿਆ ਹੋਇਆ ਵਕੀਲ ਲੱਗ ਰਿਹਾ ਸੀ, ਅਤੇ ਕਾਫ਼ੀ ਅਮੀਰ ਆਦਮੀ ਵੀ, ਇਸ ਲਈ ਮੁੱਦਈ ਦੇ ਰੂਪ ਵਿੱਚ ਕੇ. ਦੇ ਗੁਆਚ ਜਾਣਾ ਜਾਂ ਉਸਤੋਂ ਮਿਲਣ ਵਾਲੀ ਫ਼ੀਸ ਦਾ ਉਸਦੇ ਲਈ ਕੋਈ ਖ਼ਾਸ ਮਤਲਬ ਨਹੀਂ ਸੀ। ਇਸਦੇ ਇਲਾਵਾ ਉਸਦੀ ਖ਼ਰਾਬ ਸਿਹਤ ਦੇ ਕਾਰਨ ਵੀ ਉਸਤੋਂ ਆਪਣਾ ਕੰਮ ਛੁੱਟ ਜਾਣ ਦੀ ਫ਼ਿਕਰ ਤਾਂ ਹੋਣੀ ਚਾਹੀਦੀ ਹੈ। ਪਰ ਫ਼ਿਰ ਵੀ ਉਹ ਕੇ. ਦੇ ਨਾਲ ਇੰਨੀ ਤੀਬਰਤਾ ਦੇ ਚਿਪਕਿਆ ਹੋਇਆ ਸੀ। ਕਿਉਂ? ਕੀ ਇਹ ਕੇ. ਦੇ ਚਾਚੇ ਦੇ ਨਾਲ ਆਪਣੀਆਂ ਵਿਅਕਤੀਗਤ ਭਾਵਨਾਵਾਂ ਦੇ ਕਾਰਨ ਸੀ? ਉਹ ਇਸ ਮੁਕੱਦਮੇ ਨੂੰ ਇਸ ਲਈ ਇੰਨੀ ਅਹਿਮੀਅਤ ਦੇ ਰਿਹਾ ਸੀ ਕਿ ਇਹ ਅਸਾਧਾਰਨ ਢੰਗ ਦਾ ਮੁਕੱਦਮਾ ਸੀ ਅਤੇ ਇਸਨੂੰ ਲੜਨ ਦੇ ਫਲਸਰੂਪ ਉਸਨੂੰ ਵਧੇਰੇ ਪ੍ਰਸਿੱਧੀ ਮਿਲਣ ਵਾਲੀ ਸੀ, ਜਾਂ ਤਾਂ ਆਪ ਕੇ. ਦੇ ਸਾਹਮਣੇ ਜਾਂ (ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ) ਅਦਾਲਤ ਵਿੱਚ ਉਸਦੇ ਦੋਸਤਾਂ ਦੇ ਸਾਹਮਣੇ? ਉਸਦੇ ਚਿਹਰੇ ਤੋਂ ਕੁੱਝ ਵੀ ਬੁੱਝਿਆ ਨਹੀਂ ਜਾ ਸਕਦਾ ਸੀ ਹਾਲਾਂਕਿ ਕੇ. ਨੇ ਧਿਆਨ ਨਾਲ ਇਸਦੀ ਪੜਤਾਲ ਕੀਤੀ ਸੀ। ਕੋਈ ਵੀ ਲਗਭਗ ਇਹ ਸੋਚ ਸਕਣ ਲਈ ਮਜਬੂਰ ਹੋ ਸਕਦਾ ਸੀ ਕਿ ਵਕੀਲ ਨੇ ਆਪਣਾ ਚਿਹਰਾ ਜਾਣ-ਬੁੱਝ ਕੇ ਖਾਲੀ ਰੱਖਿਆ ਹੋਇਆ ਸੀ ਜਦਕਿ ਉਹ ਆਪਣੇ ਸ਼ਬਦਾਂ ਦਾ ਪ੍ਰਭਾਵ ਉਸ ’ਤੇ ਵੇਖਣਾ ਚਾਹੁੰਦਾ ਸੀ। ਪਰ ਉਹ ਸਾਫ਼ ਤੌਰ 'ਤੇ ਕੇ. ਦੀ ਖ਼ਮੋਸ਼ੀ ਤੇ ਪੱਖਪੂਰਨ ਸਪੱਸ਼ਟੀਕਰਨ ਦੇ ਰਿਹਾ ਸੀ ਅਤੇ ਜਦੋਂ ਉਹ ਅੱਗੇ ਬੋਲਿਆ-
ਤੂੰ ਵੇਖਿਆ ਹੋਵੇਗਾ ਕਿ ਹਾਲਾਂਕਿ ਮੇਰੇ ਕੋਲ ਇੰਨਾ ਵੱਡਾ ਦਫ਼ਤਰ ਹੈ ਪਰ ਮੈਂ ਕੋਈ ਸਹਾਇਕ ਨਹੀਂ ਰੱਖਿਆ ਹੈ। ਪਹਿਲਾਂ ਅਜਿਹਾ ਨਹੀਂ ਸੀ। ਇੱਕ ਵੇਲੇ ਤਾਂ ਮੇਰੇ ਕੋਲ ਕਾਨੂੰਨ ਦੇ ਕਿੰਨੇ ਹੀ ਵਿਦਿਆਰਥੀ ਕੰਮ ਕਰਿਆ ਕਰਦੇ ਸਨ, ਪਰ ਹੁਣ ਮੈਂ ਆਪ ਆਪਣੇ ਲਈ ਕੰਮ ਕਰਦਾ ਹਾਂ। ਇਹ ਇਸ ਲਈ ਹੈ ਕਿ ਮੇਰੀ ਪ੍ਰੈਕਟਿਸ ਵਿੱਚ ਬਦਲਾਅ ਹੋਇਆ ਹੈ ਅਤੇ ਹੁਣ ਮੈਂ ਜ਼ਿਆਦਾ ਕਰਕੇ ਤੇਰੀ ਤਰ੍ਹਾਂ ਜਿਹੇ ਕਾਨੂੰਨੀ ਮੁਕੱਦਮੇ ਹੀ ਲੈਂਦਾ ਹਾਂ, ਅਤੇ ਕੁੱਝ ਹੱਦ ਤੱਕ ਇਹ ਇਨ੍ਹਾਂ ਮੁਕੱਦਮਿਆਂ ਵਿੱਚ ਲਗਾਤਾਰ ਪ੍ਰਾਪਤ ਹੋ ਰਹੇ ਗਿਆਨ ਦੇ ਕਾਰਨ ਵੀ ਹੋਇਆ ਹੈ। ਪਰ ਮੇਰੇ ਆਪ ਕੰਮ ਕਰਨ ਦੇ ਕਾਰਨ ਕੁੱਝ ਲਾਜ਼ਮੀ ਨਤੀਜੇ ਨਿਕਲਦੇ ਹਨ, ਜਿਵੇਂ ਕਿ ਹਰ ਕੋਈ ਮੇਰੇ ਕੋਲ ਆਪਣਾ ਮੁਕੱਦਮਾ ਲੈ ਕੇ ਆਉਂਦਾ ਅਤੇ ਬਹੁਤ ਸਾਰੇ ਮਾਮਲਿਆਂ ਨੂੰ ਇਨਕਾਰ ਕਰਨਾ ਪੈਂਦਾ ਹੈ। ਮੈਂ ਉਨ੍ਹਾਂ ਕੇਸਾਂ ਨੂੰ ਸਵੀਕਾਰ ਕਰਦਾ ਹਾਂ ਕਿ ਜਿਨ੍ਹਾਂ ਵਿੱਚ ਮੈਨੂੰ ਕੋਈ ਸਾਜ਼ਿਸ਼ ਲੱਗਦੀ ਹੈ। ਹਾਂ, ਇੱਥੇ ਬਦਮਾਸ਼ਾਂ ਦੀ ਕਮੀ ਹੈ, ਜਿਹੜੇ ਮੇਰੀ ਸੁੱਟੀਆਂ ਹੱਡੀਆਂ 'ਤੇ ਟੁੱਟ ਪੈਣ ਲਈ ਤਤਪਰ ਬੈਠੇ ਹਨ। ਅਤੇ ਇਸ ਤੋਂ ਉੱਤੇ ਕੰਮ ਦੇ ਵਧੇਰੇ ਭਾਰ ਦੇ ਕਾਰਨ ਵੀ ਮੈਂ ਟੁੱਟ ਜਾਂਦਾ ਹਾਂ। ਪਰ ਫ਼ਿਰ ਵੀ ਮੈਨੂੰ ਆਪਣੇ ਫ਼ੈਸਲੇ 'ਤੇ ਅਫ਼ਸੋਸ ਨਹੀਂ ਹੈ, ਸ਼ਾਇਦ ਮੈਂ ਇਸਤੋਂ ਵੀ ਵਧੇਰੇ ਬੇਨਤੀਆਂ ਠੁਕਰਾ ਚੁੱਕਾ ਹੁੰਦਾ ਪਰ ਜਿਨ੍ਹਾਂ ਨੂੰ ਲਿਆ ਹੈ, ਮੇਰੇ ਸਪਰਪਣ ਨੇ ਉਨ੍ਹਾਂ ਦੇ ਨਿਕਲੇ ਹੋਏ ਨਤੀਜਿਆਂ ਨੇ ਉਨ੍ਹਾਂ ਨੂੰ ਜਾਨਦਾਰ ਸਿੱਧ ਕੀਤਾ ਹੈ। ਇਕ ਵਾਰ ਮੈਂ ਇੱਕ ਕਿਤਾਬ ਵਿੱਚ ਸਾਧਾਰਨ ਮੁਕੱਦਮਿਆਂ ਅਤੇ ਇਸ ਤਰ੍ਹਾਂ ਦੇ ਕਾਨੂੰਨੀ ਮੁਕੱਦਮਿਆਂ ਵਿੱਚ ਪਾਏ ਜਾਣ ਵਾਲੇ ਅੰਤਰ ਨੂੰ ਚੰਗੀ ਤਰ੍ਹਾਂ ਪੜ੍ਹਿਆ ਸੀ। ਉੱਥੇ ਹੀ ਲਿਖਿਆ ਹੋਇਆ ਸੀ-ਇਕ ਵਿੱਚ ਵਕੀਲ ਆਪਣੇ ਮੁੱਦਈ ਨੂੰ ਧਾਗੇ ਨਾਲ ਖਿੱਚਕੇ ਲੈ ਜਾ ਰਿਹਾ ਹੈ ਜਦੋਂ ਤੱਕ ਉਸਦਾ ਫ਼ੈਸਲਾ ਨਾ ਹੋ ਜਾਵੇ, ਅਤੇ ਦੂਜੇ ਵਿੱਚ, ਉਹ ਆਪਣੇ ਮੁੱਦਈ ਨੂੰ ਮੋਢੇ ਤੇ ਚੁੱਕ ਕੇ ਲੈ ਜਾਂਦਾ ਹੈ ਅਤੇ ਉਸਨੂੰ ਫ਼ੈਸਲੇ ਆਉਣ ਤੱਕ ਹੇਠਾਂ ਨਹੀਂ ਉਤਾਰਦਾ। ਤੇਰੇ ਨਾਲ ਇਹੀ ਹੈ। ਪਰ ਉਦੋਂ ਮੈਂ ਇੱਕ ਦਮ ਸਹੀ ਨਹੀਂ ਸੀ ਜਦੋਂ ਮੈਂ ਕਿਹਾ ਸੀ ਕਿ ਇਸ ਮਹਾਨ ਕੰਮ ਨੂੰ ਆਪਣੇ ਹੱਥ ਵਿੱਚ ਲੈਂਦੇ ਸਮੇਂ ਮੈਨੂੰ ਅਫ਼ਸੋਸ ਨਹੀਂ ਸੀ। ਤੇਰੇ ਨਾਲ ਜਦੋਂ ਮੈਂ ਵੇਖ ਰਿਹਾ ਹਾਂ ਕਿ ਮੇਰੇ ਕੰਮ ਨੂੰ ਪੂਰੀ ਤਰ੍ਹਾਂ ਗ਼ਲਤ ਸਮਝ ਲਿਆ ਗਿਆ ਹੈ ਤਾਂ ਮੈਨੂੰ ਅਫ਼ਸੋਸ ਹੋ ਰਿਹਾ ਹੈ।" ਇਸ ਬਿਆਨ ਨਾਲ ਕੇ. ਨੂੰ ਸੰਤੁਸ਼ਟੀ ਦੇ ਬਜਾਏ ਇੱਕ ਬੇਚੈਨੀ ਜਿਹੀ ਮਹਿਸੂਸ ਹੋਈ। ਉਸਨੇ ਸੋਚਿਆ ਕਿ ਵਕੀਲ ਦੀ ਆਵਾਜ਼ ਵਿੱਚ ਉਹ ਕੁੱਝ ਅਜਿਹਾ ਲੱਭ ਸਕਿਆ ਹੈ ਜਿਸ ਨਾਲ ਉਸਨੂੰ ਲੱਗ ਰਿਹਾ ਹੈ ਕਿ ਜੇਕਰ ਉਹ ਹੁਣ ਮੰਨ ਜਾਵੇ ਤਾਂ ਕੀ ਉਹ ਉਸਤੋਂ ਕੀ ਉਮੀਦ ਰੱਖ ਸਕਦਾ ਹੈ। ਇੱਕ ਵਾਰ ਫ਼ਿਰ ਉਹੀ ਖੋਖਲੇ ਭਰੋਸੇ ਮਿਲਣਗੇ, ਅਦਾਲਤੀ ਕਾਰਵਾਈ ਦੀਆਂ ਰਿਪੋਰਟਾਂ, ਅਦਾਲਤ ਦੇ ਅਧਿਕਾਰੀਆਂ ਦੀ ਬਦਲੀ ਮਾਨਸਿਕਤਾ, ਪਰ ਵਕੀਲ ਦੇ ਕੰਮ ਵਿੱਚ ਬਹੁਤ ਸਾਰੇ ਅੜਿੱਕੇ ਸਨ-ਕੁੱਲ ਮਿਲਾ ਕੇ ਉਹੀ ਸਭ ਜਿਹੜਾ ਉਸਨੂੰ ਬੀਮਾਰ ਕਰ ਰਿਹਾ ਸੀ ਅਤੇ ਜਿਸਨੂੰ ਸੁਣ-ਸੁਣ ਕੇ ਉਹ ਅੱਕ ਗਿਆ ਸੀ। ਇਸਤੋਂ ਹੁਣ ਮੁੜ ਉਸਨੂੰ ਕਦੇ ਨਾ ਪੂਰੀਆਂ ਹੋਣ ਵਾਲੀਆਂ ਆਸਾਂ ਮਿਲਣ ਵਾਲੀਆਂ ਸਨ ਜਾਂ ਧਮਕੀਆਂ। ਇਹ ਸਭ ਹਮੇਸ਼ਾ ਲਈ ਖ਼ਤਮ ਕੀਤਾ ਜਾਣਾ ਜ਼ਰੂਰੀ ਸੀ, ਇਸ ਲਈ ਉਸਨੇ ਕਿਹਾ-
"ਜੇਕਰ ਤੁਸੀਂ ਮੇਰੇ ਮੁਕੱਦਮੇ ਦੀ ਪੈਰਵੀ ਕਰਦੇ ਰਹੇ ਤਾਂ ਤੁਸੀਂ ਕੀ ਕੁੱਝ ਕਰਨ ਦੀ ਸੋਚ ਰਹੇ ਹੋਂ?" ਵਕੀਲ ਨੇ ਇਸ ਅਪਮਾਨ ਭਰੇ ਸਵਾਲ ਦਾ ਵੀ ਕੋਈ ਵਿਰੋਧ ਨਾ ਵਿਖਾਇਆ ਅਤੇ ਜਵਾਬ ਦਿੱਤਾ-
"ਤੇਰੇ ਇਵਜ਼ ਵਿੱਚ ਮੈਂ ਜੋ ਵੀ ਕਦਮ ਚੁੱਕੇ ਹਨ, ਉਨ੍ਹਾਂ ਨੂੰ ਸਹਿਣ ਕਰੀ ਜਾ।" "ਇਹੀ ਮੈਂ ਸੋਚਿਆ ਸੀ, " ਕੇ. ਬੋਲਿਆ। ਇਸਦੇ ਬਿਨ੍ਹਾਂ ਵਧੇਰੇ ਕੁੱਝ ਕਹਿਣ ਦੀ ਲੋੜ ਨਹੀਂ ਹੈ।
"ਮੈਂ ਇੱਕ ਹੋਰ ਕੋਸ਼ਿਸ਼ ਕਰਨੀ ਚਾਹਾਂਗਾ," ਵਕੀਲ ਨੇ ਕਿਹਾ, ਜਿਵੇਂ ਕਿ ਕੇ. ਨੂੰ ਜੋ ਵੀ ਚੀਜ਼ ਉਤੇਜਿਤ ਕਰ ਰਹੀ ਸੀ, ਉਹ ਕੇ. ਦੇ ਨਾਲ ਨਾ ਵਾਪਰ ਕੇ ਵਕੀਲ ਦੇ ਨਾਲ ਵਾਪਰ ਰਹੀ ਹੋਵੇ। "ਮੈਨੂੰ ਇਹ ਪ੍ਰਭਾਵ ਮਿਲ ਰਿਹਾ ਹੈ ਕਿ ਤੂੰ ਨਾ ਸਿਰਫ਼ ਮੇਰੀ ਕਾਨੂੰਨੀ ਸਹਾਇਤਾ ਦਾ ਗ਼ਲਤ ਅਰਥ ਲਾ ਲਿਆ ਹੈ ਸਗੋਂ ਤੂੰ ਹੁਣ ਮੇਰੇ ਨਾਲ ਗ਼ਲਤ ਤਰੀਕੇ ਨਾਲ ਵਿਹਾਰ ਵੀ ਕਰ ਰਿਹਾ ਏਂ, ਹਾਲਾਂਕਿ ਤੂੰ ਆਰੋਪੀ ਏਂ, ਫ਼ਿਰ ਵੀ ਤੇਰੇ ਨਾਲ ਕੁੱਝ ਵਧੇਰੇ ਬਿਹਤਰ ਸਲੂਕ ਹੋਇਆ ਹੈ, ਜਾਂ ਵਧੇਰੇ ਸਹੀ ਕਿਹਾ ਜਾਵੇ ਤਾਂ ਤੇਰੇ ਵਧੇਰੇ ਸਨਮਾਨਿਤ ਵਿਹਾਰ ਹੋਇਆ ਹੈ। ਘੱਟ ਤੋਂ ਘੱਟ ਇਹੀ ਲੱਗ ਰਿਹਾ ਹੈ। ਬੇਸ਼ੱਕ ਇਸਦੇ ਵੀ ਕਾਰਨ ਰਹੇ ਹੋਣਗੇ, ਪਰ ਕਦੇ-ਕਦੇ ਸੁਤੰਤਰ ਹੋਣ ਨਾਲੋਂ ਕੜੀਆਂ ਵਿੱਚ ਹੋਣਾ ਬਿਹਤਰ ਹੁੰਦਾ ਹੈ। ਪਰ ਮੈਂ ਤੈਨੂੰ ਇਹ ਵਿਖਾਉਣਾ ਚਾਹੁੰਦਾ ਹਾਂ ਕਿ ਦੂਜੇ ਆਰੋਪੀਆਂ ਨਾਲ ਕਿਹੋ ਜਿਹਾ ਵਿਹਾਰ ਸਲੂਕ ਹੁੰਦਾ ਹੈ, ਅਤੇ ਸ਼ਾਇਦ ਤੈਨੂੰ ਇਸ ਤੋਂ ਕੁੱਝ ਸਿੱਖਣ ਨੂੰ ਮਿਲੇ। ਹੁਣ ਮੈਂ ਬਲੌਕ ਨੂੰ ਬੁਲਾਉਣ ਵਾਲਾ ਹਾਂ, ਇਸ ਲਈ ਦਰਵਾਜ਼ੇ ਦਾ ਤਾਲਾ ਖੋਲ੍ਹ ਦੇ ਅਤੇ ਕਿਨਾਰੇ ਪਏ ਮੇਜ਼ ਦੇ ਕੋਲ ਜਾ ਕੇ ਬੈਠ।"
"ਖੁਸ਼ੀ ਨਾਲ ਬੁਲਾਓ," ਕੇ. ਨੇ ਕਿਹਾ ਅਤੇ ਉਹੀ ਕੀਤਾ ਜੋ ਵਕੀਲ ਨੇ ਕਿਹਾ ਸੀ। ਉਹ ਸਿੱਖਣ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਪਰ ਆਪਣੇ ਆਪ ਨੂੰ ਕਿਸੇ ਖ਼ਾਸ ਸੰਭਾਵਨਾ ਤੋਂ ਬਚਾਈ ਰੱਖਣ ਦੇ ਇਰਾਦੇ ਨਾਲ ਉਸਨੇ ਕਿਹਾ- "ਪਰ ਕੀ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਹੁਣ ਮੇਰੇ ਵਕੀਲ ਨਹੀਂ, ਕਿ ਨਹੀਂ?"
"ਹਾਂ, ਵਕੀਲ ਨੇ ਕਿਹਾ, "ਪਰ ਤੂੰ ਅਜੇ ਵੀ ਆਪਣਾ ਵਿਚਾਰ ਬਦਲ ਸਕਦਾ ਏਂ।" ਉਹ ਫ਼ਿਰ ਬਿਸਤਰੇ ਵਿੱਚ ਪੈ ਗਿਆ, ਆਪਣੀ ਠੋਡੀ ਤੱਕ ਰਜਾਈ ਖਿੱਚ ਲਈ ਅਤੇ ਕੰਧ ਵਾਲੇ ਪਾਸੇ ਘੁੰਮ ਗਿਆ। ਫ਼ਿਰ ਉਸਨੇ ਘੰਟੀ ਵਜਾਈ।
ਫ਼ੌਰਨ ਹੀ ਲੇਨੀ ਆ ਗਈ। ਉਸਨੇ ਤੇਜ਼ੀ ਨਾਲ ਆਰ-ਪਾਰ ਵੇਖਿਆ ਕਿ ਇੱਥੇ ਕੀ ਹੋਇਆ ਹੈ। ਇਸ ਤੱਥ ਨਾਲ ਉਸਨੂੰ ਸੰਤੁਸ਼ਟੀ ਮਿਲੀ ਕਿ ਕੇ. ਚੁੱਪਚਾਪ ਵਕੀਲ ਦੇ ਬਿਸਤਰੇ ਦੇ ਕੋਲ ਬੈਠਾ ਹੋਇਆ ਹੈ। ਉਸਨੇ ਸਿਰ ਹਿਲਾਇਆ ਅਤੇ ਕੇ. ਦੇ ਵੱਲ ਵੇਖਕੇ ਮੁਸਕੁਰਾ ਪਈ, ਜਿਹੜਾ ਇੱਕ ਨਿਗ੍ਹਾ ਨਾਲ ਉਸ ਵੱਲ ਵੇਖਕੇ ਘੁੰਮ ਗਿਆ ਸੀ। ਵਕੀਲ ਬੋਲਿਆ-
"ਬਲੌਕ ਨੂੰ ਇੱਥੇ ਲੈ ਆਓ।" ਪਰ ਉਸਨੂੰ ਲਿਆਉਣ ਲਈ ਜਾਣ ਦੀ ਬਜਾਏ ਉਹ ਦਰਵਾਜ਼ੇ ਤੋਂ ਬਾਹਰ ਨਿਕਲੀ ਅਤੇ ਜ਼ੋਰ ਨਾਲ ਉਸਨੂੰ ਆਵਾਜ਼ ਮਾਰੀ-
"ਬਲੌਕ! ਵਕੀਲ ਸਾਹਬ ਤੈਨੂੰ ਬੁਲਾ ਰਹੇ ਹਨ।" ਅਤੇ ਉਸ ਵੇਲੇ ਹਰੇਕ ਚੀਜ਼ ਤੋਂ ਅਵੇਸਲਾ ਵਿਖਾਈ ਦਿੰਦੇ ਵਕੀਲ ਨੇ ਅਜੇ ਤੱਕ ਕੰਧ ਵੱਲ ਮੂੰਹ ਕੀਤਾ ਹੋਇਆ ਸੀ, ਉਹ ਹੌਲ਼ੀ-ਹੌਲ਼ੀ ਚੱਲਕੇ ਕੇ. ਦੀ ਕੁਰਸੀ ਦੇ ਪਿੱਛੇ ਆ ਖੜ੍ਹੀ ਹੋਈ ਸੀ। ਉਹ ਉੱਥੇ ਕੁਰਸੀ 'ਤੇ ਝੁਕ ਕੇ ਉਸਨੂੰ ਚਿੜਾਉਣ ਲੱਗੀ ਅਤੇ ਆਪਣੇ ਹੱਥਾਂ ਨੂੰ ਆਰਾਮ ਨਾਲ ਉਸਦੇ ਵਾਲਾਂ ਅਤੇ ਗੱਲਾਂ ਵਿੱਚ ਫੇਰਨ ਲੱਗੀ। ਕੇ. ਨੇ ਉਸਦਾ ਇੱਕ ਹੱਥ ਫੜਕੇ ਉਸਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ, ਜਿਸਨੂੰ ਉਸਨੇ ਥੋੜ੍ਹੇ ਜਿਹੀ ਕੋਸ਼ਿਸ਼ ਤੋਂ ਬਾਅਦ ਫੜ੍ਹ ਲਿਆ ਸੀ।
ਬਲੌਕ ਫ਼ੌਰਨ ਆ ਗਿਆ, ਪਰ ਬੂਹੇ ਕੋਲ ਰੁਕ ਗਿਆ ਅਤੇ ਸੋਚਣ ਲੱਗਾ ਕਿ ਕੀ ਉਸਨੂੰ ਅੰਦਰ ਵੜ ਜਾਣਾ ਚਾਹੀਦਾ ਹੈ। ਉਸਨੇ ਆਪਣੀਆਂ ਸ੍ਹੇਲੀਆਂ ਟੇਢੀਆਂ ਕੀਤੀਆਂ ਅਤੇ ਸਿਰ ਨੂੰ ਉੱਚਾ ਚੁੱਕਿਆ ਅਤੇ ਮੁੜ ਉਸੇ ਹੁਕਮ ਦੀ ਉਡੀਕ ਕਰਨ ਲੱਗਾ। ਕੇ. ਉਸਨੂੰ ਅੰਦਰ ਆਉਣ ਲਈ ਕਹਿ ਸਕਦਾ ਸੀ ਪਰ ਉਹ ਵਕੀਲ ਨਾਲੋਂ ਹਮੇਸ਼ਾ ਲਈ ਅਲੱਗ ਹੋਣ ਦਾ ਫ਼ੈਸਲਾ ਕਰ ਚੁੱਕਾ ਸੀ ਅਤੇ ਇਸਦੇ ਨਾਲ ਵਕੀਲ ਦੇ ਇਸ ਫ਼ਲੈਟ ਵਿੱਚ ਮੌਜੂਦ ਹਰ ਕਿਸੇ ਚੀਜ਼ ਦੇ ਨਾਲ ਵੀ, ਇਸ ਲਈ ਉਹ ਚੁੱਪ ਰਿਹਾ। ਲੇਨੀ ਵੀ ਖ਼ਾਮੋਸ਼ ਸੀ। ਬਲੌਕ ਨੂੰ ਮਹਿਸੂਸ ਹੋ ਗਿਆ ਸੀ ਕਿ ਉਸਨੂੰ ਅੰਦਰ ਕੋਈ ਆਪ ਲੈ ਕੇ ਜਾਣ ਵਾਲਾ ਨਹੀਂ ਹੈ, ਇਸ ਲਈ ਉਹ ਹੌਲ਼ੀ-ਹੌਲ਼ੀ ਅੱਗੇ ਵੱਧਣ ਲੱਗਾ। ਉਸਦਾ ਚਿਹਰਾ ਇੱਕ ਦਮ ਸਖ਼ਤ ਹੋ ਗਿਆ ਸੀ ਅਤੇ ਉਸਨੇ ਆਪਣੇ ਹੱਥ ਪਿੱਛੇ ਬੰਨ੍ਹੇ ਹੋਏ ਸਨ। ਉਸਨੇ ਦਰਵਾਜ਼ਾ ਖੁੱਲ੍ਹਾ ਰੱਖਿਆ ਸੀ ਤਾਂ ਕਿ ਵਾਪਸ ਮੁੜਨ ਦੀ ਸਥਿਤੀ ਵਿੱਚ ਸੌਖ ਰਹੇ। ਉਸਨੇ ਕੇ. ਦੇ ਵੱਲ ਨਿਗ੍ਹਾ ਚੁੱਕ ਕੇ ਬਿਲਕੁਲ ਨਹੀਂ ਵੇਖਿਆ ਅਤੇ ਉੱਠੀ ਹੋਈ ਰਜਾਈ ਨੂੰ ਵੇਖਦਾ ਰਿਹਾ, ਉਸਦੇ ਹੇਠਾਂ ਪਿਆ ਵਕੀਲ ਕੰਧ ਦੇ ਕਾਫ਼ੀ ਕੋਲ ਜਾ ਪੁੱਜਾ ਸੀ ਅਤੇ ਚੰਗੀ ਤਰ੍ਹਾਂ ਵਿਖਾਈ ਵੀ ਨਹੀਂ ਸੀ ਦੇ ਰਿਹਾ। ਫ਼ਿਰ ਵਕੀਲ ਦੀ ਆਵਾਜ਼ ਸੁਣਾਈ ਦਿੱਤੀ, ਜੋ ਕਿ ਪੁੱਛ ਰਿਹਾ ਸੀ-
"ਕੀ ਬਲੌਕ ਆ ਗਿਆ ਹੈ?" ਬਲੌਕ ਜਿਹੜਾ ਅਜੇ ਤੱਕ ਕਾਫ਼ੀ ਕੋਲ ਆ ਗਿਆ ਸੀ, ਨੂੰ ਲੱਗਿਆ ਕਿ ਜਿਵੇਂ ਉਸ ’ਤੇ ਦੋ ਵਾਰ ਮਾਰ ਪਈ ਹੋਵੇ-ਇੱਕ ਵਾਰ ਉਸਦੀ ਛਾਤੀ 'ਤੇ ਅਤੇ ਦੂਜੀ ਵਾਰ ਉਸਦੀ ਪਿੱਠ 'ਤੇ। ਉਹ ਝੁਕ ਗਿਆ ਅਤੇ ਬੋਲਿਆ-
"ਹਾਜ਼ਰ ਹਾਂ।"
"ਕੀ ਚਾਹੀਦਾ ਤੈਨੂੰ?" ਵਕੀਲ ਨੇ ਪੁੱਛਿਆ, "ਤੂੰ ਤਾਂ ਬਹੁਤ ਗ਼ਲਤ ਵਕਤ 'ਤੇ ਆਇਆ ਏਂ।"
"ਕੀ ਮੈਨੂੰ ਬੁਲਾਇਆ ਨਹੀਂ ਗਿਆ ਸੀ?" ਬਲੌਕ ਨੇ ਪੁੱਛਿਆ। ਉਹ ਵਕੀਲ ਤੋਂ ਵਧੇਰੇ ਆਪਣੇ ਆਪ ਤੋਂ ਪੁੱਛ ਰਿਹਾ ਸੀ। ਉਸਨੇ ਆਪਣੇ ਹੱਥ ਇੰਝ ਕੀਤੇ ਹੋਏ ਸਨ ਜਿਵੇਂ ਕਿ ਆਪਣੇ ਆਪ ਨੂੰ ਬਚਾਉਣ ਦੀ ਤਿਆਰੀ ਕਰ ਰਿਹਾ ਹੋਵੇ ਅਤੇ ਫ਼ੌਰਨ ਭੱਜ ਜਾਣਾ ਚਾਹੁੰਦਾ ਹੋਵੇ।
"ਹਾਂ, ਤੈਨੂੰ ਬੁਲਾਇਆ ਗਿਆ ਸੀ," ਵਕੀਲ ਬੋਲਿਆ, "ਅਤੇ ਤੂੰ ਇੱਕ ਦਮ ਗ਼ਲਤ ਵਕਤ ’ਤੇ ਆ ਗਿਆ ਏਂ," ਕਿਉਂਕਿ ਵਕੀਲ ਬੋਲ ਰਿਹਾ ਸੀ ਤਾਂ ਬਲੌਕ ਨੇ ਉਸਦੇ ਬਿਸਤਰੇ ਵੱਲ ਵੇਖਣਾ ਬੰਦ ਕਰ ਦਿੱਤਾ ਸੀ ਅਤੇ ਇੱਕ ਨੁੱਕਰ ਵਿੱਚ ਨਜ਼ਰਾਂ ਗੱਡੀ ਖੜ੍ਹਾ ਸੀ ਅਤੇ ਚੁੱਪਚਾਪ ਸੁਣ ਰਿਹਾ ਸੀ, ਜਿਵੇਂ ਕਿ ਬੋਲਣ ਵਾਲੇ ਨੂੰ ਵੇਖਕੇ ਉਸਦੀ ਅੱਖਾਂ ਚੁੰਧਿਆ ਜਾਣਗੀਆਂ, ਜਿਸਨੂੰ ਸਹਿਣਾ ਬਹੁਤ ਔਖਾ ਸੀ। ਪਰ ਸੁਣ ਸਕਣਾ ਵੀ ਔਖਾ ਸੀ, ਕਿਉਂਕਿ ਵਕੀਲ ਤੇਜ਼ੀ ਨਾਲ ਬੋਲ ਰਿਹਾ ਸੀ ਅਤੇ ਉਸਦਾ ਚਿਹਰਾ ਕੰਧ ਦੇ ਵੱਲ ਸੀ, ਜਿਸ ਨਾਲ ਉਸਦੀ ਆਵਾਜ਼ ਹੌਲ਼ੀ ਪੈ ਰਹੀ ਸੀ।
"ਕੀ ਤੁਸੀਂ ਚਾਹੁੰਦੇ ਹੋਂ ਕਿ ਮੈਂ ਚਲਾ ਜਾਵਾਂ?" ਬਲੌਕ ਨੇ ਪੁੱਛਿਆ।
"ਹੁਣ ਠਹਿਰ ਜਾ, ਜੇ ਆ ਹੀ ਗਿਆ ਏਂ ਤਾਂ," ਵਕੀਲ ਬੋਲਿਆ। ਕੋਈ ਵੀ ਇਹ ਸੋਚ ਸਕਦਾ ਸੀ ਕਿ ਬਲੌਕ ਦੀ ਇੱਛਾ ਦਾ ਸਨਮਾਨ ਕਰਨ ਦੇ ਬਜਾਏ ਤਾਂ ਉਸਨੂੰ ਵਕੀਲ ਨੇ ਧਮਕੀ ਦੇ ਦਿੱਤੀ ਹੈ ਅਤੇ ਹੁਣ ਬਲੌਕ ਇੱਕ ਦਮ ਕੰਬ ਗਿਆ ਸੀ।
"ਕੱਲ੍ਹ," ਵਕੀਲ ਬੋਲਿਆ, "ਮੈਂ ਤੀਜੇ ਜੱਜ ਦੇ ਨਾਲ ਸੀ, ਜੋ ਮੇਰਾ ਦੋਸਤ ਹੈ, ਅਤੇ ਮੈਂ ਹੌਲ਼ੀ-ਹੌਲ਼ੀ ਗੱਲਬਾਤ ਸਿਲਸਿਲਾ ਤੇਰੇ ਵੱਲ ਮੋੜ ਲਿਆ। ਕੀ ਤੂੰ ਜਾਣਨਾ ਚਾਹੇਂਗਾ ਕਿ ਉਸਨੇ ਕੀ ਕਿਹਾ??"
"ਓਹ, ਕਿਰਪਾ ਕਰਕੇ ਦੱਸੋ," ਬਲੌਕ ਨੇ ਕਿਹਾ। ਕਿਉਂਕਿ ਵਕੀਲ ਨੇ ਫ਼ੌਰਨ ਜਵਾਬ ਨਹੀਂ ਦਿੱਤਾ, ਇਸ ਲਈ ਬਲੌਕ ਨੇ ਆਪਣੀ ਇੱਛਾ ਨੂੰ ਹਰਾ ਦਿੱਤਾ, ਅਤੇ ਫ਼ਿਰ ਇਸ ਤਰ੍ਹਾਂ ਝੁਕ ਗਿਆ ਜਿਵੇਂ ਆਪਣੇ ਗੋਡਿਆਂ ਦੇ ਭਾਰ ਖੜ੍ਹਾ ਹੋਣਾ ਚਾਹ ਰਿਹਾ ਹੋਵੇ। ਉਦੋਂ ਉਸਨੂੰ ਕੇ. ਨੇ ਝਿੜਕਿਆ-
"ਤੂੰ ਕੀ ਕਰ ਰਿਹਾ ਏਂ?" ਜਿਵੇਂ ਹੀ ਲੇਨੀ ਨੇ ਉਸਨੂੰ ਚੀਕਣ ਤੋਂ ਬੰਦ ਕਰਨਾ ਚਾਹਿਆ ਤਾਂ ਕੇ. ਨੇ ਉਸਦਾ ਵੀ ਹੱਥ ਫੜ੍ਹ ਲਿਆ। ਜਿਸ ਢੰਗ ਨਾਲ ਉਸਨੇ ਉਸਨੂੰ ਕੱਸਿਆ ਹੋਇਆ ਸੀ, ਉਹ ਕੋਈ ਪਿਆਰ ਨਾਲ ਫੜ੍ਹਨਾ ਨਹੀਂ ਸੀ, ਅਤੇ ਉਹ ਲਗਾਤਾਰ ਸਿਸਕਾਰੀਆਂ ਭਰੀ ਜਾ ਰਹੀ ਸੀ, ਅਤੇ ਆਪਣੇ ਹੱਥ ਨੂੰ ਛੁਡਾਉਣਾ ਚਾਹੁੰਦੀ ਸੀ। ਪਰ ਕੇ. ਦੀ ਬਦਮਜ਼ਗੀ ਦੇ ਲਈ ਬਲੌਕ ਨੂੰ ਸਜ਼ਾ ਮਿਲੀ ਸੀ-
"ਤੇਰਾ ਵਕੀਲ ਕੌਣ ਹੈ?"
"ਤੁਸੀਂ, ਬਲੌਕ ਨੇ ਜਵਾਬ ਦਿੱਤਾ।
"ਅਤੇ ਇਸਦੇ ਇਲਾਵਾ?" ਵਕੀਲ ਨੇ ਪੁੱਛਿਆ।
"ਤੁਹਾਡੇ ਇਲਾਵਾ ਕੋਈ ਨਹੀਂ," ਬਲੌਕ ਨੇ ਕਿਹਾ।
"ਤਾਂ ਫ਼ਿਰ ਕਿਸੇ ਦੀ ਗੱਲ ਨਾ ਸੁਣ।" ਵਕੀਲ ਨੇ ਕਿਹਾ। ਇਸ ਟਿੱਪਣੀ ਦਾ ਮਤਲਬ ਬਲੌਕ ਸਮਝ ਗਿਆ। ਉਸਨੇ ਕੇ. ਤੇ ਨਜ਼ਰ ਸੁੱਟੀ ਅਤੇ ਹਿੰਸਕ ਢੰਗ ਨਾਲ ਉਸਦੇ ਵੱਲ ਆਪਣਾ ਸਿਰ ਹਿਲਾ ਦਿੱਤਾ। ਇਹ ਅਜਿਹੇ ਸੰਕੇਤ ਸਨ ਜਿਹੜੇ ਜੇਕਰ ਸ਼ਬਦਾਂ ਵਿੱਚ ਅਨੁਵਾਦਿਤ ਹੋ ਜਾਣ ਤਾਂ ਖ਼ਤਰਨਾਕ ਕਿਸਮ ਦਾ ਅਪਮਾਨ ਹੋ ਸਕਦੇ ਸਨ। ਅਤੇ ਕੇ, ਇਸੇ ਆਦਮੀ ਦੇ ਨਾਲ ਆਪਣੇ ਮੁਕੱਦਮੇ ਦੀ ਚਰਚਾ ਕਰਨਾ ਚਾਹੁੰਦਾ ਸੀ।
"ਮੈਂ ਤੈਨੂੰ ਹੋਰ ਪਰੇਸ਼ਾਨੀ ਨਹੀਂ ਦੇਵਾਂਗਾ", ਕੇ. ਆਪਣੀ ਕੁਰਸੀ ਉੱਪਰ ਪਿੱਛੇ ਵੱਲ ਨੂੰ ਝੁਕਦਾ ਹੋਇਆ ਬੋਲਿਆ। "ਇਦਾਂ ਕਰ ਚੌਪਾਏ ਦੀ ਤਰ੍ਹਾਂ ਰਿੜਨਾ ਸ਼ੁਰੂ ਕਰ ਦੇ ਜਾਂ ਗੋਡਿਆਂ ਦੇ ਭਾਰ ਬੈਠ ਜਾ, ਜੋ ਵੀ ਤੈਨੂੰ ਚੰਗਾ ਲੱਗੇ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ।" ਪਰ ਬਲੌਕ ਦੇ ਕੋਲ ਅਜੇ ਵੀ ਇੱਜ਼ਤ ਦੀ ਕੁੱਝ ਭਾਵਨਾ ਬਚੀ ਸੀ, ਅਤੇ ਉਹ ਉਸਦੇ ਕੋਲ ਆ ਗਿਆ ਸੀ ਅਤੇ ਮੁੱਕਿਆਂ ਨੂੰ ਹਵਾ ਦੇ ਮਾਰਦਾ ਇੰਨੀ ਜ਼ੋਰ ਨਾਲ ਚੀਕਿਆ, ਜਿੰਨੀ ਜ਼ੋਰ ਨਾਲ ਉਹ ਵਕੀਲ ਦੀ ਮੌਜੂਦਗੀ ਵਿੱਚ ਚੀਕ ਸਕਦਾ ਸੀ-
"ਤੂੰ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ, ਇਸਦੀ ਇਜਾਜ਼ਤ ਨਹੀਂ ਹੈ। ਤੂੰ ਮੇਰਾ ਅਪਮਾਨ ਕਰ ਰਿਹਾ ਏਂ? ਅਤੇ ਹਾਂ, ਸਭ ਥਾਵਾਂ ਦੀ ਬਜਾਏ ਇੱਥੇ ਵਕੀਲ ਸਾਹਬ ਦੇ ਸਾਹਮਣੇ, ਜਿੱਥੇ ਅਸੀਂ ਦੋਵੇਂ, ਮੈਂ ਅਤੇ ਤੂੰ, ਇਨ੍ਹਾਂ ਦੀ ਦਿਆਲਤਾ ਦੇ ਬੋਝ ਹੇਠਾਂ ਦਬੇ ਹੋਏ ਹਾਂ। ਤੂੰ ਵੀ ਮੇਰੇ ਤੋਂ ਕੋਈ ਬਿਹਤਰ ਨਹੀਂ ਏਂ, ਤੂੰ ਵੀ ਆਰੋਪੀ ਏਂ ਅਤੇ ਤੇਰੇ ਉੱਪਰ ਵੀ ਮੁਕੱਦਮਾ ਚੱਲ ਰਿਹਾ ਹੈ। ਪਰ ਜੇਕਰ ਤੂੰ ਅਜੇ ਤੱਕ ਸੱਜਣਤਾ ਦਾ ਬਾਣਾ ਪਾਇਆ ਹੋਇਆ ਹੈ ਤਾਂ ਮੈਂ ਵੀ ਉਦੋਂ ਤੱਕ ਹੀ ਸੱਜਣ ਹਾਂ, ਠੀਕ ਤੇਰੀ ਵਾਂਗ ਅਤੇ ਸ਼ਾਇਦ ਤੇਰੇ ਤੋਂ ਵਧੇਰੇ ਹੀ। ਅਤੇ ਘੱਟ ਤੋਂ ਘੱਟ ਮੈਂ ਤੇਰੇ ਤੋਂ ਉਮੀਦ ਰੱਖਦਾ ਹਾਂ ਕਿ ਤੂੰ ਮੇਰੇ ਨਾਲ ਬਾਕੀ ਲੋਕਾਂ ਦੇ ਵਾਂਗ ਹੀ ਗੱਲ ਕਰੇਂ। ਪਰ ਜੇਕਰ ਤੂੰ ਆਪਣੇ ਆਪ ਨੂੰ ਇਸ ਲਈ ਬਿਹਤਰ ਮੰਨਦਾ ਏਂ ਕਿ ਤੈਨੂੰ ਬੈਠ ਜਾਣ ਦਿੱਤਾ ਗਿਆ ਹੈ ਅਤੇ ਸੁਣਨ ਦੀ ਇਜਾਜ਼ਤ ਵੀ ਤੈਨੂੰ ਹੈ, ਜਦੋਂ ਕਿ ਮੈਂ ਰਿੜ੍ਹਨਾ ਹੈ ਜਿਵੇਂ ਕਿ ਤੂੰ ਕਿਹਾ ਤਾਂ ਮੈਂ ਤੈਨੂੰ ਇੱਕ ਪੁਰਾਣੀ ਕਹਾਵਤ ਯਾਦ ਦਵਾਉਂਦਾ ਹਾਂ-ਕਿਸੇ ਵੀ ਆਰੋਪੀ ਆਦਮੀ ਦੇ ਲਈ ਸਥਿਰ ਰਹਿਣ ਦੇ ਬਜਾਏ ਚਲਦੇ ਰਹਿਣਾ ਠੀਕ ਹੈ, ਕਿਉਂਕਿ ਸਥਿਰ ਆਦਮੀ, ਇਸਨੂੰ ਜਾਣੇ ਬਿਨ੍ਹਾਂ, ਪਲੜਿਆਂ ਦੇ ਵਿੱਚ ਜਾ ਡਿੱਗੇਗਾ ਅਤੇ ਆਪਣੇ ਪਾਪਾਂ ਦੇ ਨਾਲ ਤੋਲਿਆ ਜਾਵੇਗਾ।"
ਕੇ. ਨੇ ਕੁੱਝ ਨਹੀਂ ਕਿਹਾ, ਪਰ ਹੈਰਾਨੀ ਨਾਲ ਅਤੇ ਸਥਿਰ ਅੱਖਾਂ ਨਾਲ ਉਸ ਪਰੇਸ਼ਾਨ ਆਦਮੀ ਨੂੰ ਵੇਖਦਾ ਰਿਹਾ। ਪਿਛਲੇ ਇੱਕ ਘੰਟੇ ਵਿੱਚ ਬਲੌਕ ਵਿੱਚ ਕਿਹੋ ਜਿਹੇ ਬਦਲਾਅ ਆ ਗਏ ਸਨ। ਕੀ ਉਸਦਾ ਇਹ ਮੁਕੱਦਮਾ ਹੀ ਹੈ ਜਿਹੜਾ ਕਦੇ ਉਸਨੂੰ ਇਸ ਪਾਸੇ ਅਤੇ ਕਦੇ ਉਸ ਪਾਸੇ ਲੈ ਜਾ ਰਿਹਾ ਹੈ, ਜਿਸ ਨਾਲ ਉਸਨੂੰ ਇਹ ਪਤਾ ਨਹੀਂ ਲੱਗ ਪਾਉਂਦਾ ਕਿ ਕੌਣ ਉਸਦਾ ਦੋਸਤ ਹੈ ਅਤੇ ਕੌਣ ਦੁਸ਼ਮਣ? ਕੀ ਉਦੋਂ ਵੀ ਉਹ ਇਹ ਮਹਿਸੂਸ ਨਹੀਂ ਕਰ ਪਾਉਂਦਾ ਕਿ ਇਹ ਵਕੀਲ ਉਸਦੀ ਜਾਣ ਬੁੱਝ ਕੇ ਬੇਇੱਜ਼ਤੀ ਕਰ ਰਿਹਾ ਹੈ ਅਤੇ ਇਸ ਮੌਕੇ 'ਤੇ ਕੇ. ਦੇ ਸਾਹਮਣੇ ਆਪਣੇ ਸ਼ਕਤੀ ਪ੍ਰਦਰਸ਼ਨ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ ਅਤੇ ਇਸ ਤਰ੍ਹਾਂ ਉਹ ਕੇ. ਤੋਂ ਆਪਣੇ ਸਾਹਮਣੇ ਹਥਿਆਰ ਸੁਟਵਾਉਣੇ ਚਾਹੁੰਦਾ ਹੈ? ਜੇਕਰ ਬਲੌਕ ਇਹ ਸਮਝ ਸਕਣ ਵਿੱਚ ਅਸਮਰੱਥ ਹੈ ਜਾਂ ਵਕੀਲ ਤੋਂ ਇੰਨਾ ਡਰਿਆ ਹੋਇਆ ਹੈ ਕਿ ਉਸਨੂੰ ਇਸ ਅਹਿਸਾਸ ਦੀ ਕੀਮਤ ਤੱਕ ਨਹੀਂ ਪਤਾ ਹੈ ਕਿ ਉਹ ਆਪ ਕਿੰਨਾ ਚਾਲਾਕ ਅਤੇ ਦਲੇਰ ਹੈ ਕਿ ਵਕੀਲ ਤੱਕ ਨੂੰ ਧੋਖਾ ਦੇ ਸਕਦਾ ਹੈ ਅਤੇ ਉਸ ਤੋਂ ਇਸ ਤੱਥ ਨੂੰ ਲੁਕੋ ਵੀ ਸਕਦਾ ਹੈ ਕਿ ਕੁੱਝ ਦੂਜੇ ਵਕੀਲ ਵੀ ਉਸਦੇ ਲਈ ਕੰਮ ਕਰ ਰਹੇ ਹਨ। ਅਤੇ ਕੇ. ’ਤੇ ਹਮਲਾ ਕਰਨ ਦੀ ਉਸਦੀ ਹਿੰਮਤ ਕਿਵੇਂ ਹੋਈ, ਜਦਕਿ ਉਹ ਇਸ ਤੱਥ ਤੋਂ ਵਾਕਿਫ਼ ਤਾਂ ਹੋਵੇਗਾ ਹੀ ਕਿ ਉਹ ਉਸਦੇ ਸਾਰੇ ਰਹੱਸਾਂ ਤੋਂ ਪਰਦਾ ਚੱਕ ਦੇਵੇਗਾ। ਪਰ ਉਸਨੇ ਤਾਂ ਇਸ ਤੋਂ ਵੀ ਵੱਡਾ ਜੂਆ ਖੇਡਿਆ ਅਤੇ ਵਕੀਲ ਦੇ ਬਿਸਤਰੇ ਦੇ ਕੋਲ ਬੈਠਕੇ ਕੇ. ਦੀ ਸ਼ਿਕਾਇਤ ਕਰਨ ਲੱਗਾ।
"ਡਾ.ਹੁਲਡ," ਉਹ ਬੋਲਿਆ- "ਕੀ ਤੁਸੀਂ ਸੁਣਿਆ ਕਿ ਇਹ ਆਦਮੀ ਮੇਰੇ ਨਾਲ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ?" ਤੁਸੀਂ ਇਸ ਮੁਕੱਦਮੇ ਦਾ ਸਮਾਂ ਗਿਣ ਲਓ ਕਿ ਇਹ ਕਦੋਂ ਤੋਂ ਚੱਲ ਰਿਹਾ ਹੈ, ਅਤੇ ਫ਼ਿਰ ਵੀ ਇਹ ਆਦਮੀ ਮੈਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕੀ ਕੀਤਾ ਜਾਣਾ ਚਾਹੀਦਾ, ਜਦਕਿ ਮੈਂ ਖ਼ੁਦ ਪਿਛਲੇ ਪੰਜ ਸਾਲਾਂ ਤੋਂ ਆਪਣੇ ਮੁਕੱਦਮੇ ਵਿੱਚ ਉਲਝਿਆ ਹੋਇਆ ਹਾਂ। ਇਸਨੇ ਤਾਂ ਮੇਰੀ ਬੇਇੱਜ਼ਤੀ ਤੱਕ ਵੀ ਕੀਤੀ। ਇਹ ਕੁੱਝ ਵੀ ਜਾਣਦਾ ਤੱਕ ਨਹੀਂ ਅਤੇ ਮੇਰੀ ਬੇਇੱਜ਼ਤੀ ਕਰਦਾ ਹੈ, ਜਦਕਿ ਮੈਂ ਸਾਰੀ ਕਮਜ਼ੋਰੀ-ਭਰੀ ਸਮਰੱਥਾ ਦੇ ਚੱਲਦੇ ਇਹ ਅਧਿਐਨ ਕੀਤਾ ਹੈ ਕਿ ਬਿਹਤਰ ਵਿਹਾਰ, ਕਰਤੱਵ ਭਾਵਨਾ ਅਤੇ ਅਦਾਲਤੀ ਕਾਰਵਾਈ ਕਿਸ ਵਿਹਾਰ ਦੀ ਕਾਇਲ ਹੈ।
"ਕਿਸੇ ਦੂਜੇ ਦਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ," ਵਕੀਲ ਨੇ ਕਿਹਾ, "ਸਿਰਫ਼ ਉਹੀ ਕਰੋ ਜੋ ਤੈਨੂੰ ਠੀਕ ਲੱਗਦਾ ਹੋਵੇ।"
"ਹਾਂ," ਬਲੌਕ ਨੇ ਜਿਵੇਂ ਆਪ ਨੂੰ ਭਰੋਸਾ ਦੇਣ ਦੇ ਇਰਾਦੇ ਨਾਲ ਕਿਹਾ, ਅਤੇ ਇੱਕ ਸਰਸਰੀ ਨਿਗ੍ਹਾ ਨਾਲ ਆਰ-ਪਾਰ ਵੇਖਣ ਪਿੱਛੋਂ ਬਿਸਤਰੇ ਦੇ ਕੋਲ ਆ ਕੇ ਝੁਕ ਗਿਆ। "ਮੈਂ ਗੋਡੇ ਟੇਕ ਰਿਹਾ ਹਾਂ, ਡਾ. ਹੁਲਡ," ਉਹ ਬੋਲਿਆ, ਪਰ ਨੇ ਵਕੀਲ ਨੇ ਕੋਈ ਜਵਾਬ ਨਾ ਦਿੱਤਾ। ਬਲੌਕ ਨੇ ਸਾਵਧਾਨੀ ਨਾਲ ਇੱਕ ਹੱਥ ਨਾਲ ਰਜਾਈ ਨੂੰ ਥਪਥਪਾ ਦਿੱਤਾ। ਹੁਣ ਜਿਹੜੀ ਖ਼ਾਮੋਸ਼ੀ ਉੱਭਰ ਆਈ ਸੀ, ਉਸ ਵਿੱਚ ਲੇਨੀ ਨੇ ਆਪਣੇ ਆਪ ਨੂੰ ਕੇ. ਦੀ ਜਕੜ 'ਚੋਂ ਛੁਡਾ ਕੇ ਕਿਹਾ-
"ਤੂੰ ਮੈਨੂੰ ਤਕਲੀਫ਼ ਦੇ ਰਿਹਾ ਏਂ। ਮੈਨੂੰ ਜਾਣ ਦੇ। ਮੈਂ ਬਲੌਕ ਦੇ ਕੋਲ ਜਾ ਰਹੀ ਹਾਂ।" ਉਹ ਬਿਸਤਰੇ ਦੇ ਕੋਲ ਪਹੁੰਚ ਕੇ ਉਸਦੇ ਕਿਨਾਰੇ ਜਾ ਪਹੁੰਚੀ। ਉਸਨੂੰ ਕੋਲ ਵੇਖਕੇ ਬਲੌਕ ਖੁਸ਼ ਹੋ ਗਿਆ, ਅਤੇ ਆਪਣੇ ਇਸ਼ਾਰਿਆਂ ਨਾਲ ਉਸਨੂੰ ਬੇਨਤੀ ਕਰਨ ਲੱਗਾ ਕਿ ਉਹ ਵਕੀਲ ਨੂੰ ਉਸਦੀ ਸਿਫ਼ਾਰਿਸ਼ ਕਰੇ। ਇਹ ਸਪੱਸ਼ਟ ਲੱਗ ਰਿਹਾ ਸੀ ਕਿ ਵਕੀਲ ਦੁਆਰਾ ਕਹੀਆਂ ਜਾਣ ਵਾਲੀਆਂ ਗੱਲਾਂ ਨੂੰ ਸੁਣਨ ਲਈ ਬਹੁਤ ਉਤਸੁਕ ਸੀ, ਪਰ ਸ਼ਾਇਦ ਇਸ ਲਈ ਹੀ ਕਿ ਉਸਦੇ ਹੋਰ ਵਕੀਲ ਉਸਦੇ ਇਨ੍ਹਾਂ ਕਥਨਾਂ ਦਾ ਇਸਤੇਮਾਲ ਕਰ ਸਕਣ। ਲੇਨੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਵਕੀਲ ਦੇ ਕੋਲ ਜਾਣ ਦਾ ਢੰਗ ਕੀ ਹੈ, ਕਿਉਂਕਿ ਉਸਨੇ ਉਸਦਾ ਹੱਥ ਫੜ੍ਹ ਕੇ ਆਪਣੇ ਬੁੱਲ੍ਹ ਚੁੰਮਣ ਵਾਂਗ ਕਰ ਲਏ ਸਨ। ਬਲੌਕ ਦੇ ਫ਼ੌਰਨ ਵਕੀਲ ਦਾ ਹੱਥ ਚੁੰਮ ਲਿਆ ਅਤੇ ਇੱਕ ਵਾਰ ਫ਼ਿਰ ਲੇਨੀ ਦੇ ਇਸ਼ਾਰੇ ਨਾਲ ਇਹ ਕੀਤਾ। ਪਰ ਵਕੀਲ ਨੇ ਫ਼ਿਰ ਵੀ ਕੁੱਝ ਨਹੀਂ ਕਿਹਾ। ਫ਼ਿਰ ਲੇਨੀ ਉਸ 'ਤੇ ਝੁਕ ਗਈ ਅਤੇ ਆਪਣੇ ਸ਼ਰੀਰ ਨੂੰ ਫੈਲਾ ਕੇ ਉਸਨੂੰ ਵਿਖਾਇਆ, ਅਤੇ ਉਸਦੇ ਚਿਹਰੇ 'ਤੇ ਝੁਕ ਕੇ ਉਸਦੇ ਚਿੱਟੇ ਵਾਲਾਂ ਵਿੱਚ ਹੱਥ ਫੇਰ ਦਿੱਤਾ। ਇਸ ਨਾਲ ਵਕੀਲ ਜਵਾਬ ਦੇਣ ਲਈ ਮਜਬੂਰ ਹੋ ਗਿਆ।
"ਮੈਂ ਉਸਨੂੰ ਇਹ ਦੱਸਣ ਤੋਂ ਬਚਣਾ ਚਾਹੁੰਦਾ ਹਾਂ," ਵਕੀਲ ਬੋਲਿਆ। ਅਤੇ ਇਹ ਬਿਲਕੁਲ ਸਾਫ਼ ਵਿਖਾਈ ਦੇ ਰਿਹਾ ਸੀ ਕਿ ਵਕੀਲ ਆਪਣਾ ਸਿਰ ਹਿਲਾਈ ਜਾ ਰਿਹਾ ਹੈ, ਸ਼ਾਇਦ ਉਹ ਲੇਨੀ ਦੇ ਹੱਥ ਦੇ ਦਬਾਅ ਤੋਂ ਹੋਰ ਆਨੰਦ ਲੈਣਾ ਚਾਹੁੰਦਾ ਸੀ। ਬਲੌਕ ਸਿਰ ਝੁਕਾਈ ਉਸਦੀ ਗੱਲ ਸੁਣਦਾ ਰਿਹਾ ਜਿਵੇਂ ਇਸਨੂੰ ਸੁਣੇ ਜਾਣ ਕਾਰਨ ਉਹ ਕਿਸੇ ਕਾਨੂੰਨ ਨੂੰ ਤੋੜ ਰਿਹਾ ਹੋਵੇ। "ਪਰ ਤੁਸੀਂ ਬਚਣਾ ਕਿਉਂ ਚਾਹੁੰਦੇ ਹੋਂ?" ਲੇਨੀ ਨੇ ਪੁੱਛਿਆ। ਕੇ. ਨੂੰ ਇੱਦਾਂ ਲੱਗਿਆ ਜਿਵੇਂ ਉਹ ਸਾਵਧਾਨੀ ਨਾਲ ਤਿਆਰ ਕੀਤੇ ਗਏ ਵਾਰਤਾਲਾਪ ਨੂੰ ਸੁਣ ਰਿਹਾ ਹੋਵੇ, ਜਿਸਨੂੰ ਪਹਿਲਾਂ ਬਹੁਤ ਵਾਰ ਸੁਣ ਚੁੱਕਾ ਹੋਵੇ ਅਤੇ ਭਵਿੱਖ ਵਿੱਚ ਕਈ ਵਾਰ ਸੁਣੇਗਾ, ਅਤੇ ਬਲੌਕ ਦੇ ਬਾਰੇ ਵਿੱਚ ਇਸਦੀ ਸ਼ੁੱਧਤਾ ਕਦੇ ਨਹੀਂ ਘਟੇਗੀ। ਜਵਾਬ ਦੇਣ ਦੀ ਬਜਾਏ ਵਕੀਲ ਨੇ ਪੁੱਛਿਆ-
"ਇਸਨੇ ਅੱਜ ਕਿਹੋ ਜਿਹਾ ਵਿਹਾਰ ਕੀਤਾ ਹੈ?" ਆਪਣਾ ਪੱਖ ਰੱਖਣ ਤੋਂ ਪਹਿਲਾਂ ਲੇਨੀ ਨੇ ਬਲੌਕ ’ਤੇ ਇੱਕ ਨਜ਼ਰ ਸੁੱਟੀ ਅਤੇ ਜੋ ਕਿ ਆਪਣੇ ਹੱਥ ਜੋੜੀ ਉਸਨੂੰ ਹੀ ਵੇਖ ਰਿਹਾ ਸੀ। ਉਹ ਅਰਦਾਸ ਦੀ ਹਾਲਤ ਵਿੱਚ ਆਪਣੇ ਹੱਥਾਂ ਨੂੰ ਰਗੜ ਰਿਹਾ ਸੀ। ਅੰਤ ਉਸਨੇ ਗੰਭੀਰਤਾ ਨਾਲ ਸਿਰ ਹਿਲਾਇਆ, ਵਕੀਲ ਦੇ ਵੱਲ ਮੁੜੀ ਅਤੇ ਬੋਲੀ-
"ਇਹ ਕਾਫ਼ੀ ਖ਼ਾਮੋਸ਼ ਅਤੇ ਮਿਹਨਤੀ ਰਿਹਾ ਹੈ," ਇੱਕ ਲੰਮੀ ਦਾੜ੍ਹੀ ਵਾਲਾ ਬੁੱਢਾ ਵਪਾਰੀ ਇੱਕ ਜਵਾਨ ਕੁੜੀ ਦੀਆਂ ਮਿੰਨਤਾਂ ਕਰ ਰਿਹਾ ਸੀ ਤਾਂ ਕਿ ਉਹ ਉਸਦੇ ਪੱਖ ਵਿੱਚ ਦੋ ਸ਼ਬਦ ਬੋਲ ਦੇਵੇ। ਇਸ ਤਰ੍ਹਾਂ ਦਾ ਵਿਹਾਰ ਕਰਨ ਦੇ ਬਲੌਕ ਦੇ ਛਿਪੇ ਹੋਏ ਮੰਤਵ ਜੋ ਵੀ ਹੋਣ, ਪਰ ਆਪਣੇ ਨਾਲ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਮੁੜ ਆਪਣੀ ਜਗ੍ਹਾ ਨਹੀਂ ਬਣਾ ਸਕਦਾ ਸੀ। ਕੇ. ਇਹ ਸਮਝ ਸਕਣ ਤੋਂ ਅਸਮਰੱਥ ਸੀ ਕਿ ਇਸ ਪ੍ਰਦਰਸ਼ਨ ਦੇ ਮਾਧਿਅਮ ਨਾਲ ਵਕੀਲ ਉਸ ਉੱਤੇ ਕਿਵੇਂ ਜਿੱਤ ਹਾਸਲ ਕਰ ਸਕਦਾ ਹੈ। ਜੇਕਰ ਵਕੀਲ ਉਸਨੂੰ ਪਹਿਲਾਂ ਹੀ ਕਿਤੇ ਹੋਰ ਨਾ ਲੈ ਕੇ ਗਿਆ ਹੁੰਦਾ, ਤਾਂ ਇਸ ਤਰ੍ਹਾਂ ਦੇ ਛੋਟੇ ਜਿਹੇ ਦ੍ਰਿਸ਼ ਨਾਲ ਹੀ ਉਸਦਾ ਮੰਤਵ ਪੂਰਾ ਹੋ ਸਕਦਾ ਸੀ। ਚੰਗੀ ਕਿਸਮਤ ਕਿ ਕੇ. ਨੂੰ ਵਕੀਲ ਦੇ ਇਨ੍ਹਾਂ ਤਰੀਕਿਆਂ ਤੋਂ ਅਣਭਿੱਜ ਹੀ ਰਿਹਾ ਸੀ, ਪਰ ਇਨ੍ਹਾਂ ਦੇ ਆਖਰੀ ਨਤੀਜੇ ਹੁਣ ਸਾਫ਼ ਸਨ: ਮੁੱਦਈ ਅੰਤ ਵਿੱਚ ਬਾਹਰਲੀ ਦੁਨੀਆ ਨੂੰ ਭੁੱਲ ਜਾਂਦਾ ਸੀ ਅਤੇ ਆਪਣੇ ਕੇਸ ਦੇ ਅੰਤ ਵੱਲ ਜਾਂਦੇ ਹੋਏ ਇੰਦਰਜਾਲ ਵਰਗੇ ਰਸਤੇ 'ਤੇ ਰੇਂਗਦਾ ਰਹਿੰਦਾ ਸੀ। ਇਸ ਨਾਲ ਮੁੱਦਈ ਮੁੱਦਈ ਨਾ ਰਹਿ ਕੇ ਵਕੀਲ ਦਾ ਕੁੱਤਾ ਬਣ ਜਾਂਦਾ ਹੈ। ਜੇਕਰ ਵਕੀਲ ਉਸ ਆਦਮੀ ਨੂੰ ਆਪਣੇ ਬਿਸਤਰੇ ਦੇ ਹੇਠਾਂ ਰੇਂਗਣ ਅਤੇ ਭੌਂਕਣ ਦੇ ਲਈ ਵੀ ਕਹੇਗਾ ਤਾਂ ਉਹ ਬੰਦਾ ਅਜਿਹਾ ਕਰਨ ਵਿੱਚ ਵੀ ਖੁਸ਼ੀ ਮਹਿਸੂਸ ਕਰੇਗਾ। ਕੇ. ਇਸ ਸਾਰੇ ਘਟਨਾਕ੍ਰਮ ਨੂੰ ਇਸ ਤਰ੍ਹਾਂ ਸਾਵਧਾਨੀ ਅਤੇ ਧਿਆਨ ਨਾਲ ਵੇਖਦਾ ਅਤੇ ਸੁਣਦਾ ਰਿਹਾ ਸੀ ਜਿਵੇਂ ਉਸਨੂੰ ਉੱਚ ਅਧਿਕਾਰੀਆਂ ਦੁਆਰਾ ਇਹ ਕੰਮ ਦਿੱਤਾ ਗਿਆ ਹੋਵੇ, ਅਤੇ ਇਸਨੂੰ ਲਿਖਤੀ ਰੂਪ ਵਿਕਸਿਤ ਕਰਕੇ ਉਨ੍ਹਾਂ ਨੂੰ ਦੱਸਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੋਵੇ। ਅੱਜ ਪੂਰਾ ਦਿਨ ਇਹ ਕੀ ਕਰਦਾ ਰਿਹਾ ਹੈ?" ਵਕੀਲ ਨੇ ਪੁੱਛਿਆ।
"ਤਾਂ ਕਿ ਇਹ ਮੇਰੇ ਕੰਮ ਵਿੱਚ ਦਖ਼ਲ ਨਾ ਦੇਵੇ," ਲੇਨੀ ਨੇ ਜਵਾਬ ਦਿੱਤਾ, "ਮੈਂ ਇਸਨੂੰ ਨੌਕਰਾਣੀ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ, ਜਿੱਥੇ ਇਹ ਅਕਸਰ ਰਹਿੰਦਾ ਹੈ। ਮੈਂ ਵਿੱਥ ਵਿੱਚੋਂ ਵਾਰ ਵਾਰ ਵੇਖ ਲਿਆ ਕਰਦੀ ਸੀ ਕਿ ਇਹ ਕੀ ਕਰ ਰਿਹਾ ਹੈ। ਇਹ ਹਮੇਸ਼ਾ ਗੋਡਿਆਂ ਦੇ ਭਾਰ ਬੈਠਾ ਉਨ੍ਹਾਂ ਕਾਗਜ਼ਾਂ ਨੂੰ ਪੜ੍ਹਦਾ ਰਿਹਾ ਸੀ, ਜਿਹੜੇ ਇਸਨੂੰ ਦਿੱਤੇ ਗਏ ਸਨ। ਇਹ ਕਾਗਜ਼ ਖਿੜਕੀ ਦੇ ਕੋਲ ਪਏ ਸਨ। ਇਸਦਾ ਮੇਰੇ ਉੱਪਰ ਕਾਫ਼ੀ ਚੰਗਾ ਪ੍ਰਭਾਵ ਪਿਆ ਕਿਉਂਕਿ ਜਿਵੇਂ ਕਿ ਤੁਸੀਂ ਖ਼ੁਦ ਜਾਣਦੇ ਹੀ ਹੋਂ, ਕਿ ਖਿੜਕੀ ਦੇ ਕੋਲ ਰੌਸ਼ਨੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸ ਤੱਥ ਨਾਲ ਕਿ ਬਲੌਕ ਪੜ੍ਹ ਰਿਹਾ ਹੈ ਮੈਨੂੰ ਪਤਾ ਲੱਗ ਗਿਆ ਕਿ ਇਹ ਕਿੰਨਾ ਆਗਿਆਕਾਰੀ ਹੈ।"
"ਮੈਨੂੰ ਇਹ ਸੁਣਕੇ ਖੁਸ਼ੀ ਹੋਈ," ਵਕੀਲ ਬੋਲਿਆ, "ਪਰ ਕੀ ਇਹ ਸਮਝ ਪਾ ਰਿਹਾ ਹੈ ਕਿ ਇਹ ਪੜ੍ਹ ਕੀ ਰਿਹਾ ਹੈ?" ਇਸ ਪੂਰੇ ਸੰਵਾਦ ਦੇ ਸਮੇਂ ਬਲੌਕ ਲਗਾਤਾਰ ਆਪਣਾ ਬੁੱਲ੍ਹ ਹਿਲਾਈ ਜਾ ਰਿਹਾ ਸੀ, ਜਿਵੇਂ ਕਿ ਉਹ ਉਨ੍ਹਾਂ ਜਵਾਬਾਂ ਨੂੰ ਬਣਾਉਣ ਦੀ ਕੋਸ਼ਿਸ਼ ਵਿੱਚ ਹੋਵੇ ਜਿਹੜੇ ਲੇਨੀ ਦੁਆਰਾ ਦਿੱਤੇ ਜਾਣੇ ਸਨ।
"ਸੁਭਾਵਿਕ ਤੌਰ ਤੇ ਮੈਂ ਪੂਰੀ ਤਰ੍ਹਾਂ ਨਾਲ ਇਸਦਾ ਕੋਈ ਜਵਾਬ ਨਹੀਂ ਦੇ ਸਕਾਂਗੀ," ਲੇਨੀ ਨੇ ਜਵਾਬ ਦਿੱਤਾ। "ਪਰ ਹਰ ਹਾਲ ਵਿੱਚ ਮੈਂ ਇਹ ਤਾਂ ਕਹਿ ਸਕਦੀ ਹਾਂ ਕਿ ਉਹ ਠੀਕ ਤਰ੍ਹਾਂ ਪੜ੍ਹ ਤਾਂ ਰਿਹਾ ਸੀ। ਪੂਰੇ ਦਿਨ ਉਹ ਉਸੇ ਸਫ਼ੇ 'ਤੇ ਅਟਕਿਆ ਰਿਹਾ ਸੀ, ਅਤੇ ਪੜ੍ਹਦੇ ਵੇਲੇ ਉਹ ਉਨ੍ਹਾਂ ਸਤਰਾਂ 'ਤੇ ਆਪਣੀਆਂ ਉਂਗਲਾਂ ਚਲਾਉਂਦਾ ਰਿਹਾ, ਇਸ ਨਾਲ ਉਹ ਪੜ੍ਹਦਾ ਹੋਇਆ ਹੀ ਲੱਗ ਰਿਹਾ ਸੀ। ਜਦੋਂ ਮੈਂ ਇਸ ’ਤੇ ਨਜ਼ਰ ਮਾਰੀ ਤਾਂ ਉਹ ਸਿਸਕੀਆਂ ਭਰ ਰਿਹਾ ਸੀ ਜਿਵੇਂ ਇਹ ਪੜ੍ਹਨਾ ਦੁੱਖ ਭਰਿਆ ਹੋਵੇ। ਸ਼ਾਇਦ ਜਿਹੜੇ ਕਾਗਜ਼ ਉਸਨੂੰ ਤੁਸੀਂ ਦਿੱਤੇ ਹਨ, ਉਹ ਸਮਝਣ ਵਿੱਚ ਕਾਫ਼ੀ ਮੁਸ਼ਕਿਲ ਹੋਣਗੇ।"
"ਹਾਂ, ਵਕੀਲ ਨੇ ਕਿਹਾ, "ਉਹ ਸਚਮੁੱਚ ਔਖੇ ਹਨ, ਅਤੇ ਫ਼ਿਰ ਮੈਨੂੰ ਲੱਗਦਾ ਵੀ ਨਹੀਂ ਹੈ ਕਿ ਉਨ੍ਹਾਂ ਵਿੱਚੋਂ ਇਸਨੇ ਕੁੱਝ ਸਮਝਿਆ ਹੋਵੇਗਾ। ਉਨ੍ਹਾਂ ਤੋਂ ਇਸਨੂੰ ਸਿਰਫ਼ ਇਹ ਅੰਦਾਜ਼ਾ ਮਿਲ ਸਕਦਾ ਹੈ ਕਿ ਮੈਂ ਇਸਦੇ ਲਈ ਕਿੰਨੀ ਮੁਸ਼ਕਿਲ ਲੜਾਈ ਲੜ ਰਿਹਾ ਹਾਂ? ਅਤੇ ਹੋਰ ਭਲਾਂ ਮੈਂ ਇਹ ਲੜਾਈ ਕਿਸਦੇ ਲਈ ਲੜਦਾ ਹਾਂ? ਇਹ ਕਹਿਣਾ ਤਾਂ ਇੱਕ ਦਮ ਬਕਵਾਸ ਹੈ ਪਰ ਫ਼ਿਰ ਵੀ ਇਹ ਮੈਂ ਬਲੌਕ ਦੇ ਲਈ ਕਹਿ ਰਿਹਾ ਹਾਂ। ਇਸਨੂੰ ਇਹ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਇਸਦਾ ਮਤਲਬ ਕੀ ਹੈ। ਕੀ ਉਹ ਲਗਾਤਾਰ ਪੜ੍ਹ ਰਿਹਾ ਸੀ?
"ਲਗਭਗ," ਲੇਨੀ ਨੇ ਜਵਾਬ ਦਿੱਤਾ, "ਇੱਕ ਵਾਰ ਮੇਰੇ ਤੋਂ ਪੀਣ ਲਈ ਪਾਣੀ ਤਾਂ ਮੰਗਿਆ ਸੀ, ਇਸ ਲਈ ਝਰੋਖੇ ਵਿੱਚੋਂ ਮੈਂ ਉਸਨੂੰ ਪਾਣੀ ਦੇ ਦਿੱਤਾ ਸੀ। ਅੱਠ ਵਜੇ ਮੈਂ ਉਸਨੂੰ ਬਾਹਰ ਆਉਣ ਦੇ ਦਿੱਤਾ ਅਤੇ ਖਾਣ ਦੇ ਲਈ ਕੁੱਝ ਦਿੱਤਾ ਸੀ।" ਬਲੌਕ ਨੇ ਕੇ. ਦੇ ਆਸੇ-ਪਾਸੇ ਨਿਗ੍ਹਾ ਮਾਰੀ ਜਿਵੇਂ ਕਿ ਉਸਦੇ ਬਾਰੇ ਕੋਈ ਤਾਰੀਫ਼ ਭਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੋਣ। ਉਸਦੇ ਅੰਦਰ ਹੁਣ ਜਿਵੇਂ ਉਮੀਦਾਂ ਠਾਠਾਂ ਮਾਰਨ ਲੱਗੀਆਂ ਸਨ ਅਤੇ ਹੁਣ ਉਹ ਆਪਣੇ ਗੋਡਿਆਂ ਨੂੰ ਇੱਧਰ-ਉੱਧਰ ਵਧੇਰੇ ਆਰਾਮਦੇਹ ਹਾਲਤ ਵਿੱਚ ਹਿਲਾਉਣ ਲੱਗਾ ਸੀ। ਜਦੋਂ ਉਹ ਵਕੀਲ ਦੇ ਅਗਲੇ ਸ਼ਬਦਾਂ ਨੂੰ ਸੁਣਨ ਲੱਗਾ ਤਾਂ ਇਹ ਵਧੇਰੇ ਸਪੱਸ਼ਟ ਵਿਖਾਈ ਦੇਣ ਲੱਗਾ।
"ਤੂੰ ਉਸ ਬਾਰੇ ਚੰਗਾ ਬੋਲ ਰਹੀ ਏਂ?" ਵਕੀਲ ਨੇ ਕਿਹਾ, "ਮੈਨੂੰ ਇਸੇ ਚੀਜ਼ ਨਾਲ ਪਰੇਸ਼ਾਨੀ ਹੁੰਦੀ ਹੈ। ਕਿਉਂਕਿ ਜੱਜ ਨੇ ਜੋ ਵੀ ਕਹਿਣਾ ਸੀ ਉਹ ਨਾ ਤਾਂ ਬਲੌਕ ਦੇ ਲਈ ਚੰਗਾ ਸੀ ਅਤੇ ਨਾ ਹੀ ਉਸਦੇ ਮੁਕੱਦਮੇ ਲਈ।"
"ਚੰਗਾ ਨਹੀਂ?" ਲੇਨੀ ਨੇ ਪੁੱਛਿਆ, "ਇਹ ਕਿਵੇਂ ਹੋ ਸਕਦਾ ਹੈ?" ਬਲੌਕ ਧਿਆਨ ਨਾਲ ਲੇਨੀ ਵੱਲ ਵੇਖ ਰਿਹਾ ਸੀ, ਜਿਵੇਂ ਉਸਨੂੰ ਇਹ ਯਕੀਨ ਸੀ ਕਿ ਜੱਜ ਨੇ ਉਸਦੇ ਬਾਰੇ ਪਹਿਲਾਂ ਜਿਹੜੇ ਸ਼ਬਦ ਕਹੇ ਹਨ, ਉਨ੍ਹਾਂ ਦਾ ਪੁਨਰ-ਨਿਰਮਾਣ ਕਰ ਸਕਣ ਵਿੱਚ ਲੇਨੀ ਸਮਰੱਥ ਹੈ।
"ਚੰਗਾ ਨਹੀਂ," ਵਕੀਲ ਬੋਲਿਆ, "ਇੱਥੋਂ ਤੱਕ ਕਿ ਜਦੋਂ ਮੈ ਬਲੌਕ ਦੇ ਬਾਰੇ ਵਿੱਚ ਗੱਲਬਾਤ ਸ਼ੁਰੂ ਕੀਤੀ ਤਾਂ ਜੱਜ ਨੇ ਇਸਨੂੰ ਪਸੰਦ ਨਹੀਂ ਕੀਤਾ। "ਬਲੌਕ ਦੇ ਬਾਰੇ ਵਿੱਚ ਗੱਲ ਨਾ ਕਰ," ਜੱਜ ਬੋਲਿਆ ਸੀ। "ਉਹ ਮੇਰਾ ਮੁੱਦਈ ਹੈ," ਮੈਂ ਕਿਹਾ। "ਤੂੰ ਆਪਣਾ ਵਕਤ ਬਰਬਾਦ ਕਰ ਰਿਹਾ ਏਂ," ਉਸਨੇ ਦੁਹਰਾਇਆ। "ਮੈਂ ਇਸ ਤਰ੍ਹਾਂ ਨਹੀਂ ਸਮਝਦਾ," ਮੈਂ ਕਿਹਾ, "ਬਲੌਕ ਆਪਣੇ ਮੁਕੱਦਮੇ 'ਤੇ ਬਹੁਤ ਮਿਹਨਤ ਕਰ ਰਿਹਾ ਹੈ ਅਤੇ ਹਮੇਸ਼ਾ ਇਸਨੂੰ ਅੱਗੇ ਵਧਾਉਣ ਬਾਰੇ ਸੋਚਦਾ ਹੈ। ਉਹ ਅਕਸਰ ਮੇਰੇ ਘਰ ਪਿਆ ਰਹਿੰਦਾ ਹੈ, ਤਾਂ ਕਿ ਉਸਨੂੰ ਰੋਜ਼-ਰੋਜ਼ ਦਾ ਪਤਾ ਰਹੇ ਕਿ ਕੀ ਹੋ ਰਿਹਾ ਏ। ਇਸ ਤਰ੍ਹਾਂ ਦਾ ਉਤਸ਼ਾਹ ਅਸਾਧਾਰਨ ਹੈ। ਬੇਸ਼ੱਕ ਵਿਅਕਤੀ ਦੇ ਰੂਪ ਵਿੱਚ ਉਹ ਬਹੁਤਾ ਭਲਾ ਨਹੀਂ ਹੈ, ਉਸਦੀਆਂ ਆਦਤਾਂ ਬਹੁਤ ਬੁਰੀਆਂ ਹਨ ਅਤੇ ਉਹ ਗੰਦਾ ਹੈ, ਪਰ ਜਿੱਥੋਂ ਤੱਕ ਕਿਸੇ ਕਾਨੂੰਨੀ ਮੁਕੱਦਮੇ ਦਾ ਸਵਾਲ ਹੈ, ਇਸ ਵਿੱਚ ਉਸਦਾ ਕੋਈ ਮੁਕਾਬਲਾ ਨਹੀਂ ਹੈ।" ਮੈਂ 'ਕੋਈ ਮੁਕਾਬਲਾ' ਉੱਪਰ ਜਾਣ-ਬੁੱਝ ਕੇ ਵਧੇਰੇ ਜ਼ੋਰ ਦੇ ਰਿਹਾ ਸੀ। ਪਰ ਉਸਨੇ ਜਵਾਬ ਦਿੱਤਾ, "ਉਹ ਤਾਂ ਸਿਰਫ਼ ਚਾਲਾਕ ਹੈ। ਉਸਨੂੰ ਬਹੁਤ ਤਜਰਬਾ ਹੋ ਗਿਆ ਹੈ ਅਤੇ ਉਹ ਇਹ ਜਾਣ ਚੁੱਕਾ ਹੈ ਕਿ ਕਿਸੇ ਮੁਕੱਦਮੇ ਦੀ ਗਿਰਫ਼ਿਤ ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ। ਪਰ ਉਸਦੀ ਚਲਾਕੀ ਤੋਂ ਵਧੇਰੇ ਤਾਂ ਉਸਦੀ ਬਦਮਾਸ਼ੀ ਵੱਡੀ ਹੈ। ਜਾਣਦਾ ਏਂ, ਇਹ ਕੀ ਕਹੇਗਾ, ਜੇਕਰ ਉਸਨੂੰ ਪਤਾ ਲੱਗ ਜਾਵੇ ਕਿ ਅਜੇ ਉਸਦਾ ਮੁਕੱਦਮਾ ਸ਼ੁਰੂ ਹੀ ਨਹੀਂ ਹੋਇਆ ਹੈ, ਜਾਂ ਉਸਨੂੰ ਇਹ ਦੱਸ ਦਿੱਤਾ ਜਾਵੇ ਕਿ ਇਸਨੂੰ ਸ਼ੁਰੂ ਕਰਨ ਦਾ ਸੰਕੇਤ ਵੀ ਅਜੇ ਤੱਕ ਹੋਇਆ ਹੈ? ਹੁਣ ਚੁੱਪ ਰਹਿ, ਬਲੌਕ," ਵਕੀਲ ਬੋਲਿਆ, ਕਿਉਂਕਿ ਬਲੌਕ ਆਪਣੀਆਂ ਕੰਬਦੀਆਂ ਲੱਤਾਂ ਤੇ ਆਪਣੇ ਆਪ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਸਪੱਸ਼ਟੀਕਰਨ ਦੇਣ ਲਈ ਉਤਾਵਲਾ ਵਿਖਾਈ ਦੇ ਰਿਹਾ ਸੀ। ਇਹ ਪਹਿਲੀ ਵਾਰ ਸੀ ਕਿ ਵਕੀਲ ਨੇ ਸਿੱਧੇ ਬਲੌਕ ਨੂੰ ਸੰਬੋਧਿਤ ਕੀਤਾ ਸੀ। ਉਸਨੇ ਆਪਣੀਆਂ ਥੱਕੀਆਂ ਹੋਈਆਂ ਨਜ਼ਰਾਂ ਨਾਲ ਬਲੌਕ ਵੱਲ ਵੇਖਿਆ, ਜਿਹੜੀਆਂ ਕਿ ਅੱਧੀਆਂ ਬੰਦ ਸਨ ਅਤੇ ਬਲੌਕ ਉਸਦੇ ਇੰਜ ਵੇਖਦਿਆਂ ਦੌਰਾਨ ਫ਼ਿਰ ਆਪਣੇ ਗੋਡਿਆਂ ਦਾ ਭਾਰ ਜਾ ਟਿਕਿਆ।
"ਜੱਜ ਦੀ ਟਿੱਪਣੀ ਦਾ ਤੇਰੇ ਨਾਲ ਕੋਈ ਸਬੰਧ ਨਹੀਂ ਹੈ," ਵਕੀਲ ਨੇ ਕਿਹਾ, "ਹਰ ਸ਼ਬਦ ਤੋਂ ਡਰ ਜਾਣਾ ਬੰਦ ਕਰ। ਜੇਕਰ ਦੋਬਾਰਾ ਇੱਦਾਂ ਹੋਇਆ ਤਾਂ ਸਮਝ ਲਈਂ ਕਿ ਫ਼ਿਰ ਮੈਂ ਕਦੇ ਤੈਨੂੰ ਕੁੱਝ ਨਹੀਂ ਦੱਸਾਂਗਾ। ਮੈਂ ਅਗ਼ਲੀ ਗੱਲਬਾਤ ਕਿਵੇਂ ਸ਼ੁਰੂ ਕਰ ਸਕਦਾ ਹਾਂ ਜਦੋਂ ਕਿ ਤੂੰ ਮੇਰੇ ਵੱਲ ਹਰ ਵਾਰ ਇਸ ਤਰ੍ਹਾਂ ਵੇਖ ਰਿਹਾ ਹੁੰਦਾ ਏਂ ਜਿਵੇਂ ਇਹ ਤੇਰੇ ਮੁਕੱਦਮੇ ਦਾ ਆਖਰੀ ਫ਼ੈਸਲਾ ਹੋਵੇ। ਮੇਰੇ ਇੱਕ ਦੂਜੇ ਮੁੱਦਈ ਦੇ ਸਾਹਮਣੇ ਇਸ ਤਰ੍ਹਾਂ ਦਾ ਵਿਹਾਰ ਕਰਦਿਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਅਤੇ ਤੂੰ ਆਪਣੇ ਇਸ ਵਿਹਾਰ ਨਾਲ ਮੇਰੇ ਉੱਤੇ ਉਸਦੇ ਵਿਸ਼ਵਾਸ਼ ਨੂੰ ਤੋੜ ਦੇਣਾ ਚਾਹੁੰਦਾ ਏਂ? ਤੂੰ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਏਂ? ਤੂੰ ਅਜੇ ਤੱਕ ਜ਼ਿੰਦਾ ਏਂ, ਅਜੇ ਤੱਕ ਮੇਰੀ ਸੁਰੱਖਿਆ ਹੇਠ ਏਂ? ਡਰਨ ਦਾ ਤਾਂ ਕੋਈ ਕਾਰਨ ਹੀ ਨਹੀਂ ਹੈ। ਤੂੰ ਕਿਤੇ ਪੜ੍ਹਿਆ ਹੋਇਆ ਹੈ ਕਿ ਅੰਤਿਮ ਫ਼ੈਸਲਾ ਚਿਤਾਵਨੀ ਦਿੱਤਿਆਂ ਬਗੈਰ ਹੀ ਆ ਜਾਂਦਾ ਹੈ, ਜਿਹੜਾ ਕਿਸੇ ਵੀ ਵਿਅਕਤੀ ਦੁਆਰਾ ਕਿਸੇ ਵੀ ਵਕਤ ਦਿੱਤਾ ਜਾ ਸਕਦਾ ਹੈ। ਬੇਸ਼ੱਕ ਕੁੱਝ ਹਾਲਤਾਂ ਵਿੱਚ ਇਹ ਠੀਕ ਵੀ ਹੈ। ਪਰ ਇਸਦੇ ਨਾਲ ਇਹ ਵੀ ਸਹੀ ਹੈ ਕਿ ਤੇਰੀ ਇਹ ਚਿੰਤਾ ਮੇਰੇ ਵਿੱਚ ਤੇਰਾ ਵਿਸ਼ਵਾਸ਼ ਘੱਟ ਹੋਣ ਦੀ ਪ੍ਰਤੀਕ ਹੈ ਅਤੇ ਇਸ ਨਾਲ ਮੈਨੂੰ ਦੁੱਖ ਪੁੱਜਾ ਹੈ। ਮੈਂ ਤੈਨੂੰ ਸਿਰਫ਼ ਇਹ ਦੱਸਿਆ ਸੀ ਕਿ ਜੱਜ ਨੇ ਮੈਨੂੰ ਕੀ ਕਿਹਾ ਸੀ, ਇਸਦੇ ਇਲਾਵਾ ਤਾਂ ਕੁੱਝ ਨਹੀਂ। ਤੂੰ ਜਾਣਦਾ ਏਂ ਕਿ ਕਾਰਵਾਈ ਕਰਨ ਦੇ ਬਾਰੇ ਵਿੱਚ ਬਹੁਤ ਸਾਰੇ ਵੱਖ-ਵੱਖ ਖਿਆਲ ਹਨ, ਜਿਨ੍ਹਾਂ ਨਾਲ ਕਿ ਬਹੁਤ ਵੱਡਾ ਢੇਰ ਲੱਗ ਸਕਦਾ ਹੈ, ਅਤੇ ਕੋਈ ਵਿਅਕਤੀ ਇਸ ਢੇਰ ਤੋਂ ਕੋਈ ਕਿਆਸ ਨਹੀਂ ਲਾ ਸਕਦਾ। ਉਦਾਹਰਨ ਦੇ ਲਈ, ਜਦੋਂ ਵੀ ਮੁਕੱਦਮਾ ਸ਼ੁਰੂ ਹੁੰਦਾ ਹੈ, ਤਾਂ ਜੱਜ ਉਸ ਕਾਰਵਾਈ ਨੂੰ ਮੇਰੇ ਤੋਂ ਵੱਖ ਨਜ਼ਰ ਨਾਲ ਵੇਖ ਰਿਹਾ ਹੁੰਦਾ ਅਤੇ ਉਸਦਾ ਨਜ਼ਰੀਆ ਵੀ ਵੱਖਰਾ ਹੋ ਸਕਦਾ ਹੈ, ਇਸ ਤੋਂ ਵਧੇਰੇ ਕੁੱਝ ਨਹੀਂ। ਇਹ ਤਾਂ ਪੁਰਾਣਾ ਰਿਵਾਜ ਹੈ ਕਿ ਇਸ ਕਾਰਵਾਈ ਦੇ ਦੌਰਾਨ ਕਿਸੇ ਖ਼ਾਸ ਪੜਾਅ ’ਤੇ ਆ ਕੇ ਘੰਟੀ ਵਜਾਈ ਜਾਂਦੀ ਹੈ। ਇਸ ਜੱਜ ਦਾ ਖਿਆਲ ਹੈ ਕਿ ਇਸਨੂੰ ਮੁਕੱਦਮੇ ਦੀ ਸ਼ੁਰੂਆਤ ਦਾ ਸੰਕੇਤ ਮੰਨਿਆ ਜਾਵੇ। ਹੁਣ ਮੈਂ ਸਾਰੀਆਂ ਦਲੀਲਾਂ ਦੇ ਖੁਲਾਸੇ ਵਿੱਚ ਤਾਂ ਨਹੀਂ ਜਾ ਸਕਦਾ, ਅਤੇ ਤੈਨੂੰ ਉਨ੍ਹਾਂ ਦੀ ਸਮਝ ਵੀ ਨਹੀਂ ਆਵੇਗੀ, ਬਸ, ਤੈਨੂੰ ਤਾਂ ਇਹ ਤੱਥ ਮੰਨ ਲੈਣਾ ਚਾਹੀਦਾ ਹੈ ਕਿ ਉਸਦੇ ਵਿਚਾਰਾਂ ਦੇ ਵਿਰੋਧ ਕਰਨ ਦੇ ਸਾਡੇ ਕੋਲ ਕਈ ਕਾਰਨ ਹਨ।"
ਸ਼ਰਮਿੰਦਾ ਹੋਇਆ ਬਲੌਕ ਬਿਸਤਰੇ 'ਤੇ ਪਏ ਇੱਕ ਕੰਬਲ ਦੇ ਰੇਸ਼ਿਆਂ ਵਿੱਚ ਆਪਣੀਆਂ ਉਂਗਲਾਂ ਫੇਰ ਰਿਹਾ ਸੀ, ਜੱਜ ਦੁਆਰਾ ਕਹੀਆਂ ਗੱਲਾਂ ਨਾਲ ਉਸਦੇ ਅੰਦਰ ਜਿਹੜਾ ਡਰ ਪੈਦਾ ਹੋ ਗਿਆ ਸੀ, ਇਸ ਨਾਲ ਉਹ ਵਕੀਲ ਦੇ ਮੁਕਾਬਲੇ ਆਪਣੇ ਹੇਠਲੇ ਦਰਜੇ ਨੂੰ ਵੀ ਕੁੱਝ ਸਮੇਂ ਲਈ ਭੁੱਲ ਗਿਆ ਸੀ, ਇਸ ਵੇਲੇ ਉਹ ਸਿਰਫ਼ ਆਪਣੇ ਬਾਰੇ ਸੋਚ ਰਿਹਾ ਸੀ। ਜੱਜ ਦੇ ਸ਼ਬਦਾਂ ਨੂੰ ਘੁਮਾਉਂਦਾ-ਫ਼ਿਰਾਉਂਦਾ ਕਈ-ਕਈ ਦ੍ਰਿਸ਼ਟੀਕੋਣਾਂ ਤੋਂ ਪਰਖਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਬਲੌਕ!" ਲੇਨੀ ਨੇ ਉਸਦਾ ਕਾਲਰ ਫੜ੍ਹਕੇ ਉਸਨੂੰ ਝਿੰਜੋੜਦੇ ਹੋਏ ਚਿਤਾਵਨੀ ਭਰੀ ਆਵਾਜ਼ ਵਿੱਚ ਕਿਹਾ, "ਉਸ ਕੰਬਲ ਦਾ ਖਹਿੜਾ ਛੱਡ ਅਤੇ ਵਕੀਲ ਦੀਆਂ ਗੱਲਾਂ ਸੁਣਦਾ ਜਾ।"
(ਇਹ ਭਾਗ ਅਧੂਰਾ ਛੱਡ ਦਿੱਤਾ ਗਿਆ ਸੀ।)