53777ਬਿਜੈ ਸਿੰਘ — ੪. ਕਾਂਡਭਾਈ ਵੀਰ ਸਿੰਘ

ਗਿਆ ਈ ਆਵਾ।

ਦੀਵਾਨਣੀ (ਪੋਤਰੇ ਨੂੰ ਕੁੱਛੜ ਲੈ ਕੇ ਤੇ ਪਿਆਰ ਦੇ ਕੇ)-ਮੇਰੇ ਅੱਖਾਂ ਦੇ ਤਾਰੇ! ਰੋਟੀ ਮੈਂ ਪਕਾਊਂ, ਵੱਖਰਾ ਚੌਂਕਾ ਬਣਾਊਂ, ਤੂੰ ਤਾਂ ਮੇਰੇ ਪਾਸ ਰਹੁ ਨਾ; ਲਾਲ!

ਬਾਲਕ-ਪਰ ਫੇਰ ਮੈਨੂੰ ਵੀ ਆਖੋਗੇ ਕੇਸ ਨਾ ਰੱਖ। ਮੈਂ ਕੇਸ ਰੱਖਣੇ ਹੋਏ, ਨਾਲੇ ਬਾਪੂ ਜੀ ਤੋਂ ਕੌਣ ਛੁਡਾਵੇ, ਇਹ ਕਲਗੀਆਂ ਵਾਲੇ ਦੇ ਪਿਆਰੇ ਹਨ। ਮਾਂ ਜੀ ਨੂੰ ਕੌਣ ਛੱਡੇ, ਨਿੱਤ ਗੁਰੂ ਨਾਨਕ ਜੀ ਦੇ ਪ੍ਰੇਮ ਦੀ ਕਥਾ ਕਰਦੇ ਹਨ।

ਦੀਵਾਨਣੀ-ਵੇ ਦੇਵਤਿਆਂ ਦੇ ਉਤਾਰੋ ਮੈਂ ਔਗੁਣਹਾਰੀ ਨੂੰ ਨਾਲ ਲੈ ਚੱਲੋ,ਵੇਂ ਪ੍ਰਮੇਸ਼ੁਰ ਦੇ ਸਵਾਰਿਓ! ਦਯਾ ਕਰੋ, ਵੇ ਮੈਨੂੰ ਵੀ ਨਾਲ ਲੈਂ ਚੱਲੋ!

ਦੀਵਾਨ (ਦੀਵਾਨਣੀ ਦਾ ਹੱਥ ਹੁਜਕ ਕੇ ਤੇ ਪਰੇ ਪਟਕਾਕੇ)-ਚੱਲ ਸੁਸਰੀ! (ਪੁਤ ਨੂੰਹ ਵੱਲ) ਨਿਕਲ ਜਾਓ!

ਦੀਵਾਨਣੀ (ਪਾਸ ਪਈ ਕਟਾਰ ਚੁੱਕ ਕੇ)-ਵੇ ਬੱਚਾ! ਮੈਨੂੰ ਮੁਕਾ ਕੇ ਜਾਵੀਂ (ਦੌੜ ਕੇ ਸਿੰਘ ਜੀ ਨੂੰ ਬੂਹੇ ਵਿਚੋਂ ਫੜ ਲਿਆ) ਬੱਚਾ! ਮੇਰਾ ਕੰਮ ਪੂਰਾ ਕਰ ਜਾਹ (ਕਟਾਰ ਉਸਦੇ ਹੱਥ ਵਿਚ ਦੇਵੇ) ਮੈਨੂੰ ਮਾਰ ਜਾਹ ਮੈਂ ਕਿੱਕਰ ਜੀਵਾਂਗੀ? ਹਾਇ ਵੇ ਲੋਕੋ, ਮੇਰਾ ਸਰਬੰਸ ਲੁਟ ਗਿਆ। ਕੋਈ ਬਚਾਓ ਵੇ। ਕੋਈ ਰੁੜ੍ਹਦੀ ਬੇੜੀ ਬੰਨੇ ਲਾਓ ਵੇ! ਇਉਂ ਬਿਹਬਲ ਹੋਈ ਨੇ ਕਟਾਰ ਆਪਣੇ ਪੇਟ ਵਿਚ ਮਾਰੀ, ਲਹੂ ਚੱਲ ਪਿਆ ਤੇ ਭੁਆਟਣੀ ਖਾਕੇ ਡਿੱਗ ਪਈ। ਵਡੇ ਭਰਾ ਨੇ ਧੱਕਾ ਮਾਰ ਕੇ ਸਿੰਘ, ਸਿੰਘਣੀ ਤੇ ਭੁਝੰਗੀ ਨੂੰ ਬਾਹਰ ਕੱਢ ਦਿੱਤਾ ਤੇ ਬੂਹਾ ਅੰਦਰੋਂ ਭੀੜ ਲਿਆ।

੪. ਕਾਂਡ।

ਮਾਪਿਆਂ ਦੇ ਰਾਮ ਲਾਲ ਤੇ ਖਾਲਸੇ ਜੀ ਦੇ ਬਿਜੈ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਝੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਜ਼ਾਰਾਂ ਥਾਣੀਂ ਹੁੰਦੇ ਹੋਏ ਇਕ ਐਸੇ ਆਦਮੀ ਦੇ ਘਰ ਪਹੁੰਚੇ ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ

-੨੦-

ਸਿੱਖਾਂ ਵਾਲਾ ਸੀ, ਕੇਵਲ ਕੇਸਾਧਾਰੀ ਨਹੀਂ ਸੀ। ਇਸ ਪੁਰਖ ਨੇ ਆਪਣਾ ਧਰਮ ਇਹ ਬਣਾਇਆ ਹੋਇਆ ਸੀ ਕਿ ਵੇਲੇ ਕੁਵੇਲੇ ਸਿੰਘਾਂ ਨੂੰ ਘਰ ਵਿਚ ਲੁਕਾ ਛੁਪਾ ਕੇ ਆਸਰਾ ਦੇਵੇ। ਭਾਵੇਂ ਇਸ ਦਾ ਜੀ ਤਾਂ ਬਹੁਤ ਚਾਹੁੰਦਾ ਸੀ ਕਿ ਕੇਸਾਧਾਰੀ ਸਿੰਘ ਸਜੇ, ਪ੍ਰੰਤੂ ਪਰਉਪਕਾਰ ਦੀ ਖ਼ਾਤਰ ਤਕਲੀਫ ਝੱਲ ਕੇ ਬੀ ਤੇ ਇਹ ਖ਼ਿਆਲ ਕਰਕੇ ਕਿ ਭਾਵੇਂ ਹੋਰ ਜਨਮ ਵੀ ਧਾਰਨਾ ਪਵੇ ਪਰ ਸਿੰਘਾਂ ਦੀ ਸਹਾਇਤਾ ਜ਼ਰੂਰ ਕਰਨੀ ਹੈ, ਇਸ ਨੇ ਆਪਣੇ ਆਪ ਨੂੰ ਸਹਿਜਧਾਰੀ ਦੀ ਸ਼ਕਲ ਵਿਚ ਹੀ ਰੱਖਿਆ ਹੋਇਆ ਸੀ। ਉਸ ਸਮੇਂ ਐਸੇ ਕਈ ਹੋਰ ਪਰਉਪਕਾਰੀ ਭੀ ਸਨ ਜੋ ਆਪਣੇ ਅਸੂਲਾਂ ਕਰਕੇ ਤਾਂ ਸਿੱਖ ਸਨ, ਪਰ ਸ਼ਕਲ ਸੂਰਤ ਸਿੱਖਾਂ ਵਾਲੀ ਨਹੀਂ ਰੱਖਦੇ ਸਨ; ਸਗੋਂ ਬਾਹਰਲੀ ਵਰਤੋਂ ਭੀ ਐਸੀ ਰੱਖਦੇ ਸਨ ਕਿ ਜਿਸ ਤੋਂ ਪੱਕੇ ਹਿੰਦੂ ਜਾਪਣ, ਸਿੱਖਾਂ ਨੂੰ ਬਿਪਤਾ ਪਈ ਪਰ ਇਹ ਲੋਕ ਬਹੁਤ ਮਦਦ ਕਰਦੇ ਹੁੰਦੇ ਸਨ*। ਪੰਥ ਦੇ ਦੀਵਾਨਾਂ ਵਿਚ ਭੁੱਲਾਂ ਦੀਆਂ ਤਨਖਾਹਾਂ ਭੀ ਬਖਸ਼ਾਇਆ ਕਰਦੇ ਸਨ।

ਬਿਜੈ ਸਿੰਘ ਜੀ ਜਦ ਇਸ ਘਰ ਪਹੁੰਚੇ ਤਦ ਲਾਲਾ ਲੀਲਾ ਰਾਮ ਨੇ-ਜੋ ਘਰ ਦਾ ਮਾਲਕ ਸੀ-ਇਨ੍ਹਾਂ ਦੀ ਖ਼ਾਤਰ ਕੀਤੀ ਅਰ ਆਪਣੀ ਹਵੇਲੀ ਦੇ ਉਸ ਅਸਥਾਨ ਵਿਚ ਉਤਾਰਾ ਦਿੱਤਾ ਕਿ ਜਿਥੇ ਕੋਈ ਨਹੀਂ ਪਹੁੰਚ ਸਕਦਾ ਸੀ ਅਰ ਨਾ ਢੂੰਡ ਕਰਨ ਤੇ ਹੀ ਪਤਾ ਲੱਗ ਸਕਦਾ ਸੀ। ਇਸ਼ਨਾਨ ਪਾਣੀ ਕਰਕੇ ਸਭ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਤੇ ਫੇਰ ਪ੍ਰਸ਼ਾਦ ਛਕਿਆ। ਰਾਤ ਦੇ ਵੇਲੇ ਪੰਥ ਦੀ ਉਖਿਆਈਂ ਦਾ ਵਰਣਨ ਚੱਲ ਪਿਆ ਕਿ ਅੰਮ੍ਰਿਤਸਰ ਵਿੱਚੋਂ ਸਿੰਘ ਕੱਢ ਦਿੱਤੇ ਜਾਣ ਦਾ ਹੁਕਮ ਚਲਾ ਗਿਆ ਹੈ, ਗੁਰਦਾਸਪੁਰ ਤੀਕ, ਜਿਥੇ ਸਿੰਘਾਂ ਨੇ


*ਦੀਵਾਨ ਕੌੜਾ ਮਲ ਭੀ ਇਹਨਾਂ ਸਿੱਖਾਂ ਵਿਚੋਂ ਹੀ ਸੀ। ਸਰ ਜਾਨ ਮੈਲਕਮ ਆਪਣੀ ਪੁਸਤਕ ਵਿਚ ਐਸੇ ਸਿੱਖ, ਨੂੰ ‘ਖੁਲਾਸਾ ਸਿੱਖ’ ਲਿਖਦੇ ਹਨ। ਇਹ ਲੋਕ ਸਿੰਘਾਂ ਵਿਚ ਸਹਿਜਧਾਰੀ ਸਿੱਖ ਕਹਾਉਂਦੇ ਸਨ। ਏਹ ਨਿਸਚੇ ਭਰੋਸੇ ਤੇ ਕਰਨੀ ਦੇ ਪੱਕੇ ਸਿੱਖ ਹੁੰਦੇ ਸੇ।

-੨੧-

ਕਬਜ਼ੇ ਕੀਤੇ ਸਨ, ਸਭ ਖੋਹੇ ਜਾ ਰਹੇ ਹਨ। ਗਸ਼ਤੀ ਫ਼ੌਜ ਸਾਰੇ ਪੰਜਾਬ ਵਿਚ ਫਿਰ ਰਹੀ ਹੈ ਅਰ ਥਾਂ ਥਾਂ ਪੁਰ ਕੱਚੇ ਕੋਠੇ ਪਾ ਕੇ ਚੌਂਕੀਆਂ ਪਹਿਰੇ ਬੈਠ ਰਹੇ ਹਨ। ਖਾਲਸੇ ਦੇ ਸਾਰੇ ਜੱਥੇ, ਜਿਨ੍ਹਾਂ ਨੇ ਸਿਰ ਕੱਢੇ ਸਨ, ਕਿਤੇ ਕਿਤੇ ਕੁਛ ਡਟੇ ਹਨ, ਪਰ ਕਈ ਬਾਰਾਂ, ਬਨਾਂ, ਪਹਾੜਾਂ ਦੀਆਂ ਕੁੱਖਾਂ ਵਿਚ ਜਾ ਲੁਕੇ ਹਨ, ਪਰ ਵਿਚਾਰੇ ਗਰੀਬ ਗ੍ਰਿਹਸਥੀ ਕੀ ਕਰਨ; ਮਾਰੇ ਜਾ ਰਹੇ ਹਨ।

ਗੱਜਣ ਸਿੰਘ-ਖਾਲਸਾ ਜੀ! ਆਪਨੇ ਅੱਜ ਦਾ ਸਾਕਾ ਨਹੀਂ ਸੁਣਿਆ?

ਮੱਜਾ ਸਿੰਘ-ਨਹੀਂ ਜੀ ਕੀ ਹੋਇਆ?

ਗੱਜਣ ਸਿੰਘ-ਸ੍ਰੀ ਵਾਹਿਗੁਰੂ! ਸੱਜਣ ਸਿੰਘ ਜੀ ਸ਼ਹੀਦ ਹੋ ਗਏ।

ਸਾਰੇ ਸਿੰਘ-ਹੈਂ! ਕੀ ਭਾਈ ਸਾਹਿਬ ਸਾਨੂੰ ਛੱਡ ਗਏ?

ਗੱਜਣ ਸਿੰਘ-ਮੈਂ ਤੁਹਾਨੂੰ ਉਨ੍ਹਾਂ ਦੀ ਵਿਥਿਆ ਸੁਣਾਵਾਂ। ਪੰਜ ਦਿਨ ਤੀਕ ਭਾਈ ਹੁਰੀਂ ਸਿੰਘਣੀ ਤੇ ਪੁਤ੍ਰਾਂ ਸਮੇਤ ਕੈਦ ਰਹੇ ਹਨ; ਅੰਨ ਤਕ ਉਹਨਾਂ ਨੂੰ ਨਹੀਂ ਦਿੱਤਾ ਗਿਆ।

ਪੰਜ ਦਿਨ ਉਨ੍ਹਾਂ ਨੇ ਭੁੱਖ ਤੇ ਕਸ਼ਟ ਵਿਚ ਸਹਾਰੇ, ਉਨ੍ਹਾਂ ਨਿਆਣੇ ਬਾਲ ਭੀ ਹਾਏ! ਭੁੱਖ ਦੇ ਦੁਖ ਕਿਸ ਤਰ੍ਹਾਂ ਬਿਤਾਉਂਦੇ ਰਹੇ ਹਨ, ਅਡੋਲ ਤੇ ਜੇਰੇ ਵਿਚ ਰਹੇ ਹਨ। ਬੰਦੀਖਾਨੇ ਦਾ ਦਰੋਗਾ ਮਹਿਮਾ ਕਰਦਾ ਨਹੀਂ ਰੱਜਦਾ।

ਅੱਜ ਸਵੇਰੇ ਸਭਨਾਂ ਨੂੰ ਮੰਡੀ ਵਿਚ ਲਿਆਕੇ ਪਹਿਲੇ ਤਾਂ ਉਨ੍ਹਾਂ ਦੇ ਦੁਹਾਂ ਪੁਤ੍ਰਾਂ ਨੂੰ ਉਨ੍ਹਾਂ ਦੇ ਸਾਮ੍ਹਣੇ ਮਾਰਿਆ, ਫੇਰ ਉਨ੍ਹਾਂ ਦੀ ਸਿੰਘਣੀ ਨੂੰ ਸ਼ਹੀਦ ਕੀਤਾ ਅਰ ਸਭ ਤੋਂ ਮਗਰੋਂ ਸਿੰਘ ਹੁਰਾਂ ਨੂੰ ਅਤਿ ਬੇਦਰਦੀ ਨਾਲ ਸ਼ਹੀਦ ਕੀਤਾ। ਹੱਥ ਪੈਰ ਉਨ੍ਹਾਂ ਦੇ ਰੁੱਖ ਨਾਲ ਕੱਸ ਦਿੱਤੇ ਸਨ, ਹਿੱਲਣ ਜੋਗੇ ਤਾਂ ਸਨ ਹੀ ਨਹੀਂ। ਹੇ ਕਰਤਾਰ! ਖਲਕਤ ਤ੍ਰਾਸ ਤ੍ਰਾਸ ਕਰ ਉਠੀ ਅਰ ਜਣਾ ਖਣਾਂ ਇਹੋ ਕਹਿ ਰਿਹਾ ਸੀ ਕਿ ਹੁਣ ਮੁਗਲਾਂ ਦਾ ਰਾਜ ਕੋਈ ਦਿਨ ਦਾ ਪੁਰਾਹੁਣਾ ਹੈ। ਬਹੁਤ ਸਾਰੇ ਲੋਕ ਤਾਂ ਵੇਖ ਨਹੀਂ ਸਕੇ, ਨੱਸ ਗਏ; ਪਰ ਭਾਈ ਜੀ ਕਿਸ ਪ੍ਰੇਮ ਨਾਲ ਪਾਠ ਕਰਦੇ ਸਨ? ਛੇਕੜ ਨੂੰ ਅਵਾਜ਼ ਚੁੱਪ ਹੋ ਗਈ, ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ

-੨੨-

ਨਿਭ ਗਿਆ।

ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿਚ ਜਲ ਤੇ ਦਿਲਾਂ ਵਿਚ ਰੋਹ ਭਰ ਗਿਆ, ਆ ਬਣੀ ਦਾ ਕੀ ਦਾਰੂ?

ਮੱਜਾ ਸਿੰਘ-ਸਿੰਘ ਜੀ! ਭਾਈ ਸਾਹਿਬ ਫੜੇ ਕਿੱਕੁਰ ਗਏ?

ਗੱਜਣ ਸਿੰਘ-ਉਹ ਸੁਕੜੀ ਪ੍ਰੇਤ, ਉਸਨੇ ਵਿਸਾਹਘਾਤ ਕੀਤਾ ਹੈ।

ਬਿਜੈ ਸਿੰਘ-ਉਹੋ! ਕੀ ਉਹ ਐਸਾ ਦੁਸ਼ਟ ਹੈ? ਮੈਨੂੰ ਸੰਸਾ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ਼ ਦਿਲ ਪੁਰਖ ਨਹੀਂ ਹੈ; ਪਰ ਅੱਜ ਪੂਰਾ ਪਤਾ ਲੱਗਾ। ਹੇ ਕਰਤਾਰ! ਕਿਹੇ ਜਿਹੇ ਬਘਿਆੜ ਗਊਆਂ ਦੀ ਸੂਰਤ ਵਿਚ ਫਿਰ ਰਹੇ ਹਨ।

ਦਿੱਲੀ ਭੰਨ ਸਿੰਘ-ਖਾਲਸਾ ਜੀ! ਕੀ ਕਰੀਏ, ਗੁਰੂ ਦਾ ਭਾਣਾ ਹੀ ਐਸਾ ਹੈ? ਕਿਸੇ ਦਾ ਕਸੂਰ ਨਹੀਂ। ਮਹਾਰਾਜ ਨੂੰ ਇਹੋ ਮੰਨਜ਼ੂਰ ਹੈ ਕਿ ਮੇਰੇ ਪਿਆਰੇ ਸ਼ਹੀਦ ਹੋਣ, ਪਾਪ ਮੁਗ਼ਲਾਂ ਦੇ ਜ਼ਿੰਮੇ ਰਹੇ ਉਨ੍ਹਾਂ ਦਾ ਬੇੜਾ ਗ਼ਰਕ ਹੋਵੇ, ਰਾਜ ਝਬਦੇ ਨਸ਼ਟ ਹੋਵੇ।

ਮੁਗਲ ਦਮਨ ਸਿੰਘ-ਜੀ ਸੱਚ ਹੈ, ਹੁਣ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ? ਲਾਹੌਰ ਵਿਚ ਸਿੰਘ ਸ਼ਹੀਦ ਹੁੰਦੇ ਹਨ, ਅਰ ਸਿੰਘਾਂ ਦੇ ਘਾਣ ਬੱਚੇ ਪੀੜੀਂਦੇ ਹਨ। ਖਾਲਸਾ ਤਾਂ ਬਨ ਵਿਚ ਲੁਕ ਰਿਹਾ ਹੈ ਤੇ ਇਨ੍ਹਾਂ ਪਿਛਲਿਆਂ ਦਾ ਕੀ ਹਾਲ?

ਬਿਜੈ ਸਿੰਘ-ਫੇਰ ਹੁਣ ਐਉਂ ਕਰੀਏ ਕਿ ਕੋਈ ਢਬ ਪੰਥ ਨੂੰ ਕੱਠੇ ਕਰਨ ਦਾ ਕੱਢੀਏ!

ਠੱਕ-ਠੱਕ-ਠੱਕ!

ਹੈਂ ਇਹ ਕੀ ਹੋਇਆ? ਹਵ੍ਹੇਲੀ ਦੇ ਹੋ ਖੜਕੇ! ਪਲੋ ਪਲੀ ਵਿਚ ਲਾਲਾ ਲੀਲਾ ਰਾਮ ਦਮ ਚੜ੍ਹੇ ਹੋਏ ਆ ਪਹੁੰਚੇ ਤੇ ਬੋਲੇ:- ‘ਖਾਲਸਾ ਜੀ! ਕੂਚ ਕਰੋ, ਅੱਜ ਮਾਰੇ ਗਏ; ਸਰਕਾਰੇ ਖ਼ਬਰ ਹੋ ਗਈ ਹੈ ਪਿਆਦੇ ਸੁਆਰ ਬਾਹਰ ਆ ਰਹੇ ਹਨ।’

ਰਾਘੋ ਸਿੰਘ-ਫੇਰ ਕੀ ਡਰ ਹੈ, ਹੁਣੇ ਜੰਗ ਕਰਦੇ ਹਾਂ।

ਲਾਲਾ ਜੀ-ਸੱਚ ਹੈ; ਪਰ ਇਸ ਠਾਹਰ ਨੂੰ ਬਣੀ ਰਹਿਣ ਦਿਓ!

-੨੩-

ਕਈ ਵੇਲੇ ਖਾਲਸੇ ਦੋ ਕੰਮ ਆਵੇਗੀ, ਨਹੀਂ ਤਾਂ ਤੁਸੀਂ ਲਾਹੌਰ ਵਿਚ ਆਸਰਾ ਗੁਆ ਬੈਠੋਗੇ।

ਬਿਜੈ ਸਿੰਘ-ਫੇਰ ਪਰਉਪਕਾਰੀ ਮਹਾਰਾਜ ਜੀ! ਕੋਈ ਪਿਛਵਾੜੇ ਦਾ ਰਾਹ ਦੱਸੋ ਹਰਨ ਹੋ ਜਾਈਏ।

ਲਾਲਾ ਜੀ ਇਕ ਗਹਿਰੀ ਸੋਚ ਅਰ ਧੀਰਜ ਨਾਲ ਪੌੜੀਆਂ ਦੀ ਬੁਖਾਰਚੀ ਵਲ ਗਏ* ਟੁੱਟਾ ਖੁੱਥਾ ਅਸਬਾਬ ਅਰ ਬੋਰੀਆਂ ਤੇ ਜੁੱਲੇ ਜੋ ਬੁਖਾਰਚੀ ਵਿਚ ਪਏ ਸਨ ਕੱਢੇ ਅਰ ਇਕ ਮਿੱਟੀ ਰੰਗੀ ਪੱਥਰ ਦੀ ਸਿਲ ਜੋ ਬੁਖਾਰਚੀ ਦੇ ਲੰਬਾ ਚੁੜਾ ਦੇ ਬਰਾਬਰ ਵਿਛੀ ਪਈ ਧਰਤੀ ਨਾਲ ਇਕ ਜਿੰਦ ਹੋਈ ਪਈ ਜਾਪਦੀ ਸੀ ਘੱਟੇ ਨਾਲੋਂ ਸਾਫ ਕੀਤੀ। ਕੰਧ ਦੇ ਵਿਚ ਇਕ ਨਿਕਾ ਜਿਹਾ ਛੇਕ ਸੀ। ਉਸ ਛੇਕ ਵਿਚ ਇਕ ਸੀਖ ਪਾ ਕੇ ਠੋਕੀ ਤਾਂ ਹੇਠਲੀ ਸਿਲ ਉੱਚੀ ਹੋ ਆਈ, ਦੋ ਸਰੀਰਾਂ ਨੇ ਹੱਥ ਪਾਕੇ ਸਿਲ ਚੁਕ ਲਈ। ਹੇਠਾਂ ਇਕ ਲੋਹੇ ਦੀ ਚੱਦਰ ਵਿਛੀ ਹੋਈ ਸੀ, ਇਸਦੇ ਵਿਚ ਫਿਰ ਇਕ ਨਿਕਾ ਜਿਹਾ ਛੇਕ ਸੀ ਜਿਸ ਵਿਚ ਸਲਾਈ ਫੇਰਨ ਨਾਲ ਹੇਠ ਦੀ ਚੰਦਰ ਵਿਚੋਂ ਦੋ ਤਖਤੇ ਹੋ ਗਏ। ਏਹ ਬੂਹਿਆਂ ਵਾਂਙ ਹੇਠਾਂ ਖਿਸਕ ਕੇ ਕੰਧ ਨਾਲ ਜਾ ਲਗੇ ਅਰ ਖੂਹ ਜਿਹਾ ਪ੍ਰਤੀਤ ਹੋਣ ਲੱਗਾ। ਬੜੀ ਫੁਰਤੀ ਨਾਲ ਖਾਲਸੇਜੀ ਨੂੰ ਸੈਨਤ ਕਰਕੇ ਲਾਲਾ ਜੀ ਨੇ ਹੇਠ ਉਤਾਰਿਆ ਅਰ ਇਹ ਸੁਗੰਦ ਦਿੱਤੀ ਕਿ ਕਦੀ ਜੀਉਂਦੇ ਜੀ ਇਸ ਸੁਰੰਗ ਦਾ ਨਾਮ ਨਹੀਂ ਲੈਣਾ। ਅਰ ਦੋ ਦੀਵੇ ਦੇ ਕੇ ਕਿਹਾ ਸਿੱਧੇ ਤਰੀ ਜਾਇਓ। ਸੱਜੇ ਹੱਥ ਨਾ ਮੁੜਨਾ ਓਧਰ ਕਿਲ੍ਹੇ ਵਾਲੇ ਪਾਸੇ ਨੂੰ ਰਸਤਾ ਹੈ ਅਰ ਬਾਹਰੋਂ ਬੰਦ ਕੀਤਾ ਹੋਇਆ ਹੈ, ਪਰ ਸਿੱਧੇ ਤੁਰੇ ਜਾਣਾ, ਕੁਝ ਵਾਟ ਲੰਘਕੇ ਇਕ ਪੱਥਰ ਆਵੇਗਾ, ਉਸ ਦੇ ਅੱਧ ਵਿਚ ਇਕ ਛੇਕ ਹੋਵੇਗਾ, ਸੀਖ ਪਾ ਕੇ ਦਬੋਗੇ ਤਾਂ ਉਹ ਕੰਧ ਵਿਚ ਸਰਕ ਜਾਵੇਗਾ ਅਰ ਕਚੀ ਮਿੱਟੀ ਦਾ ਢੇਰ ਦਿਸੇਗਾ। ਇਸ ਨੂੰ ਧੱਕੇ ਨਾਲ ਡੇਗਕੇ ਬਾਹਰ ਨਿਕਲਕੇ ਸਾਰੇ ਜੀ


*ਲਾਲਾ ਜੀ ਦਾ ਘਰ ਇਕ ਪੁਰਾਤਨ ਹਵੇਲੀ ਸੀ ਅਰ ਬੂਹੇ ਦੇ ਸਿਵਾ ਇਸ ਨੂੰ ਬਾਹਰਲੇ ਪਾਸਿਓਂ ਕੋਈ ਰਸਤਾ ਨਹੀਂ ਸੀ। ਇਹ ਪਠਾਨ ਪਾਤਸ਼ਾਹਾਂ ਦੇ ਵੇਲੇ ਦੀ ਬਣੀ ਹੋਈ ਸੀ ਤੇ ਇਸ ਵਿਚੋਂ ਗੁਪਤ ਰਾਹ ਬਚਣ ਦਾ ਵੀ ਸੀ।

-੨੪-

ਸੰਭਾਲ ਲੈਣੇ। ਫੇਰ ਉਸ ਸਿਲ ਨੂੰ ਜੋ ਕੰਧ ਵਿਚ ਸਰਕੀ ਹੋਈ ਹੋਵੇਗੀ, ਉਸਦੇ ਬਾਹਰਲੇ ਉਭਾਰ ਤੋਂ ਫੜਕੇ ਖਿੱਚਣਾ, ਉਹ ਤੁਰ ਪਵੇਗੀ, ਜਦ ਕੰਧ ਨਾਲ ਮਿਲਕੇ ਇਕ ‘ਪਟੱਕ’ ਦੀ ਅਵਾਜ਼ ਆਵੇ ਤਾ ਸਮਝਣਾ ਕਿ ਬੂਹਾ ਮੀਟਿਆ ਗਿਆ ਹੈ। ਫੇਰ ਮਿੱਟੀ ਨਾਲ ਸਿਲਾ ਨੂੰ ਕੱਜ ਕੇ ਜਿਧਰ ਰਾਹ ਮਿਲੇ ਪਧਾਰ ਜਾਣਾ। ਫਤੇ ਗਜਾ ਕੇ ਖ਼ਾਲਸਾ ਸੁਰੰਗ ਵਿਚ ਲੋਪ ਹੋ ਗਿਆ ਤੇ ਲਾਲਾ ਜੀ ਨੇ ਉਨ੍ਹਾਂ ਹਿਕਮਤਾਂ ਨਾਲ ਫੇਰ ਮੋਘਾ ਬੰਦ ਕੀਤਾ, ਮਾਨੋਂ ਏਥੇ ਕੁਝ ਹੈ ਹੀ ਨਹੀਂ ਸੀ ਅਰ ਮੈਲਾ ਕੁਚੈਲਾ ਅਸਬਾਬ ਉਤੇ ਸਿੱਟਕੇ ਆਪਣੇ ਕਮਰੇ ਵਿਚ ਅੰਦਰਲੇ ਰਸਤੇ ਜਾ ਕੇ ਲੇਟ ਗਏ। ਇਹ ਸਾਰਾ ਕੰਮ ਲਾਲਾ ਜੀ ਬੜੀ ਫੁਰਤੀ ਵਿਚ ਭੁਗਤਾ ਗਏ ਸਨ ਅਰ ਬਾਹਰਲੀ ਫ਼ੌਜ ਨੂੰ, ਜੋ ਇਸ ਹਵੇਲੀ ਦੀ ਇੱਟ ਇੱਟ ਖੜਕਾਉਣ ਨੂੰ ਆਈ ਸੀ, ਸ਼ੱਕ ਫੁਰਨੇ ਦਾ ਸਮਾਂ ਬੀ ਨਾ ਲੱਝਾ ਕਿ ਅੰਦਰ ਇੰਨੇ ਚਿਰ ਵਿਚ ਕੀ ਸਿਤਮ ਹੋ ਗਿਆ ਹੈ? ਪਰ ਤਦ ਬੀ ਬਾਹਰਲਾ ਬੂਹਾ ਖੁੱਲ੍ਹ ਚੁੱਕਾ ਸੀ ਅਰ ਸਿਪਾਹੀ ਬਾਹਰਲੇ ਵਿਹੜੇ ਵਿਚ ਆ ਪਹੁੰਚੇ ਸਨ ਕਿਉਂਕਿ ਲਾਲਾ ਜੀ ਦੇ ਇਕ ਨਵੇਂ ਨੌਕਰ ਨੇ, ਜੋ ਇਸ ਦੁਸ਼ਟ ਮਨਸੂਬੇ ਵਿਚ ਮੁਖ਼ਬਰੀ ਦਾ ਇਕ ਚਲਦਾ ਪੁਰਜ਼ਾ ਅਰ ਇਸੇ ਕੰਮ ਲਈ ਨੌਕਰ ਰਖਾਇਆ ਗਿਆ ਸੀ ਬੂਹਾ ਖੋਲ੍ਹ ਦਿਤਾ ਸੀ, ਪਰ ਲਾਲਾ ਜੀ ਬੀ ਇਕ ਭਾਰੇ ਅਕਲੱਯੇ ਤੇ ਜਾਣਕਾਰ ਸਨ। ਆਪ ਨੂੰ ਵੇਲੇ ਸਿਰ ਖ਼ਬਰ ਮਿਲ ਗਈ ਸੀ, ਪਰ ਪਹਿਲੀ ਅਵਾਜ਼ ਤੋਂ ਹੀ ਪਛਾਣ ਗਏ ਸਨ ਕਿ ਤੁਰਕਾਂ ਦੀ ਫ਼ੌਜ ਆ ਗਈ ਹੈ, ਇਸੇ ਲਈ ਤੁਰਤ ਫੁਰਤ ਬਾਨ੍ਹਣੂ ਬੰਨ੍ਹ ਲਿਆ। ਜੇ ਕਦੀ ਇਕ ਘੜੀ ਦੀ ਢਿੱਲ ਕਰਦੇ ਤਦ ਕੁਝ ਬੀ ਨਾ ਬਣਦਾ।

ਹੁਣ ਲੀਲ੍ਹਾ ਰਾਮ ਦਾ ਨੌਕਰ, ਜੋ ਬਾਹਰੋਂ ਸਿਪਾਹੀਆਂ ਦੇ ਨਾਲ ਆਯਾ ਸੀ ਤੇ ਦੋ ਸਿਪਾਹੀ ਲਾਲਾ ਜੀ ਦੇ ਸੌਣ ਦੇ ਕੋਠੇ ਦਾ ਬੂਹਾ ਭੰਨ ਰਹੇ ਸਨ ਅਰ ਟਾਂਹਰਾਂ ਮਾਰ ਰਹੇ ਸਨ ‘ਲਾਲਾ ਜੀ! ਬੂਹਾ ਖੋਲ੍ਹੋ।’ ਇਸ ਵੇਲੇ ਲਾਲਾ ਜੀ ਦਾ ਇਕ ਸੱਚਾ ਸੇਵਕ ਸਿਪਾਹੀਆਂ ਨੂੰ ਕਹਿੰਦਾ ਸੁਣਾਈ ਦੇਂਦਾ ਸੀ ਕਿ ਲਾਲਾ ਜੀ ਦਾ ਚਿੱਤ ਕੁਝ ਸੁਖਾਲਾ ਨਹੀਂ ਹੈ ਤੇ ਇਸ ਵੇਲੇ ਜ਼ਰਾ ਅੱਖ ਲੱਗ ਗਈ ਹੋਣੀ ਹੈ, ਪਰ ਉਨ੍ਹਾਂ ਦੇ ਜ਼ੋਰ ਦੇਣ ਤੇ ਇਸਨੇ ਵੀ

-੨੫-

ਆਵਾਜ਼ਾਂ ਮਾਰੀਆਂ ਤਾਂ ਲਾਲਾ ਜੀ ਨੇ ਅਵਾਜ਼ ਦਿੱਤੀ ਅਰ ਬੂਹਾ ਖੋਲ੍ਹ ਕੇ ਅੱਖਾਂ ਮਲਦੇ ਮਲਦੇ ਅੱਧੀ ਧੋਤੀ ਤੇੜ ਤੇ ਅੱਧੀ ਸਿਰ ਪੁਰ ਕੀਤੇ ਬਾਹਰ ਨਿਕਲੇ। ਸਿਪਾਹੀਆਂ ਨੂੰ ਦੇਖਕੇ ਅਚਰਜਤਾ ਵਿਚ ਪੁੱਛਣ ਲੱਗੇ ਕਿ ਕੀ ਹੋਯਾ? ਇਕ ਸਿਪਾਹੀ ਨੇ ਕਹਿ ਸੁਣਾਇਆ ਕਿ ਆਪ ਦੇ ਘਰ ਬਹੁਤ ਸਾਰੇ ਸਿੱਖਾਂ ਦੇ ਲੁਕਣੇ ਦੀ ਸੂੰਹ ਪਾ ਕੇ ਇਹ ਲਯ ਗਾਰ* ਆਈ ਹੈ ਸੌ ਚਲੋ ਬਾਹਰਲੇ ਵਿਹੜੇ ਵਿਚ ਕੁਤਵਾਲ ਸਾਹਿਬ ਬੈਠੇ ਯਾਦ ਕਰਦੇ ਹਨ।

ਲੀਲਾ-ਝੂਠ, ਝੂਠ, ਝੂਠ, ਮੈਂ ਤੇ ਮੇਰੇ ਘਰ ਸਿਖ ਹੈਨ! ਪਰ ਹੱਛਾ ਸੱਚ ਨੂੰ ਕਾਹਦਾ ਡਰ ਹੈ! ਮੈਂ ਕਪੜੇ ਪਾ ਲਵਾਂ।

ਸਿਪਾਹੀਂ-ਨਹੀਂ ਇਸੇ ਤਰ੍ਹਾਂ ਹੀ ਹੁਕਮ ਹੈ ਚਲਣੇ ਦਾ।

ਲੀਲਾ-ਬਹੁਤ ਭਲਾ। ਅਰ ਚੁੱਪ ਕਰ ਕੇ ਉਸ ਦੇ ਨਾਲ ਹੋ ਟੁਰੇ। ਵਿਹੜੇ ਵਿਚ ਪਹੁੰਚੇ ਤੇ ਕੁਤਵਾਲ ਸਾਹਿਬ ਨੂੰ ਸਲਾਮ ਕਰਕੇ ਅਦਬ ਨਾਲ ਜਾ ਖੜੇ ਹੋਏ ਅਰ ਚਾਰ ਚੁਫੇਰੇ ਦੱਬੀ ਨਜ਼ਰ ਕਰਕੇ ਤਾੜ ਗਏ ਕਿ ਮੇਰੇ ਘਰ ਦੇ ਹਰ ਛਜੇ, ਹਰ ਅਟਾਰੀ, ਹਰ ਬੂਹੇ ਅੱਗੇ ਪਹਿਰਾ ਲਗ ਗਿਆ ਹੈ, ਕੁਤਵਾਲ ਸਾਹਿਬ ਭੀ ਪਛਾਣੇ, ਜੋ ਲੀਲਾ ਰਾਮ ਦੇ ਪਰਮ ਮਿੱਤ੍ਰ ਸਨ, ਪਰ ਐਸ ਵੇਲੇ ਢਾਹ ਲਾਉਣ ਵਾਲੇ ਦਰਯਾ ਦੀ ਤਰ੍ਹਾਂ ਐਉਂ ਕਰੜੇ ਤੀਉੜ ਅਤੇ ਵੱਟ ਮੱਥੇ ਤੇ ਪਾਏ ਹੋਏ ਸਨ ਕਿ ਮਾਨੋਂ ਸਾਰੀ ਹਵੇਲੀ ਨੂੰ ਨਿਗਲ ਜਾਣਗੇ।

ਕੁਤਵਾਲ-ਆਪ ਮੇਰੇ ਮਿੱਤਰ ਹੋ ਪਰ ਰਾਜਸੀ ਮਾਮਲੇ ਬੜੇ ਬੁਰੇ ਹਨ, ਹੁਣ ਮੈਂ ਸਖਤੀ ਕਰਨ ਲਈ ਪਰ-ਵੱਸ ਹਾਂ, ਆਪ ਝਬਦੇ ਸਿਖਾਂ ਨੂੰ ਫੜਾ ਦਿਓ।

ਲੀਲਾ-ਆਪ ਪਾਤਸ਼ਾਹ ਮੈਂ ਪਰਜਾ ਹਾਂ ਅਰ ਮੇਰਾ ਘਰ ਆਪ ਦੇ ਹਾਜ਼ਰ ਹੈ,ਪੱਤਾ ਪੱਤਾ ਢੂੰਡ ਲਵੋ, ਜੋ ਥਾਂ ਜੋ ਜਗ੍ਹਾ ਆਖੋ ਵਿਖਾ ਦੇਂਦਾ ਹਾਂ, ਜਿੱਥੇ ਸਿਖ ਮਿਲੇ,ਫੜ ਲਵੋ,ਜੇ ਮੇਰੀ ਹਵੇਲੀ ਵਿਚੋਂ ਇਕ ਵੀ ਸਿੱਖਨਿਕਲ ਪਵੇ ਤਦ ਮੇਰੇ ਨਾਲ ਜੋ ਚਾਹੋ ਕਰੋ, ਮੈਨੂੰ ਉਜ਼ਰ ਨਹੀਂ ਮੈਂ ਤਾਂ ਆਪਦਾ ਦਾਸ ਹਾਂ, ਕਿਸੇ ਗੱਲ ਦਾ ਉਜ਼ਰ ਨਹੀਂ ਕਰ ਸਕਦਾ। ਕਿਸੇ ਦੁਸ਼ਟ


*ਧਾਵਾ।

-੨੬-

ਨੇ ਮਲੂਮ ਹੁੰਦਾ ਹੈ ਕਿ ਮੈਨੂੰ ਦੁੱਖ ਦੇਣ ਲਈ ਇਹ ਖ਼ਬਰ ਦਿੱਤੀ ਹੈ, ਪਰ ਹੱਛਾ! ਖ਼ੁਦਾਵੰਦ ਕਰੀਮ ਜਿਸ ਦੀ ਰੱਖੇ ਉਸ ਦੀ ਰਹੇ।

ਕੁਤਵਾਲ-ਤਲਾਸ਼ੀ ਦੀ ਕੀ ਲੋੜ ਹੈ? ਆਪ ਹੀ ਕੱਢ ਦਿਓ, ਇਸ ਤਰ੍ਹਾਂ ਮੈਂ ਕੁਛ ਰਿਆਇਤ ਕਰ ਦੇਵਾਂਗਾ ਤੇ ਦੂਜੀ ਤਰ੍ਹਾਂ ਨਿਕਲੇ ਤਾਂ ਫੇਰ ਰਈ ਹੋਣੀ ਔਖੀ ਹੈ, ਸਾਨੂੰ ਖਬਰ ਬੜੀ ਪੱਕੀ ਮਿਲੀ ਹੈ।

ਲੀਲਾ-ਜੇ ਮੇਰੇ ਅੰਦਰ ਹੋਣ ਅਰ ਮੈਂ ਲੁਕਾਉ ਕਰਾਂ ਤਾਂ ਦੇਣਦਾਰ ਪਰ ਜਦ ਹਨ ਹੀ ਨਹੀਂ ਤਾਂ ਕੀ ਕਰਾਂ? ਆਪ ਦੇਖ ਲਵੋ, ਬਿਨਾਂ ਦੇਖੇ ਤਸੱਲੀ ਨਹੀਂ ਆਉਣੀ।

ਗੱਲ ਕੀ ਇਸ ਤਰ੍ਹਾਂ ਬਹਿਸ ਮਗਰੋਂ ਤਲਾਸ਼ੀ ਸ਼ੁਰੂ ਹੋਈ, ਘਰ ਦਾ ਪੱਤਾ ਪੱਤਾ ਡਿੱਠਾ ਗਿਆ, ਜ਼ਨਾਨੇ ਮਰਦਾਨੇ ਕਮਰੇ ਟੋਲੇ ਗਏ, ਭਰੇ ਤਹਿਖਾਨੇ ਸਰਦਖਾਨੇ ਸਭ ਤਲਾਸ਼ੇ ਗਏ, ਮੋਰੀਆਂ ਤੇ ਆਲੇ ਤਕ ਢੂੰਡੇ ਗਏ ਪਰ ਸਿੱਖ ਦਾ ਮੁਸ਼ੱਕ ਵੀ ਨਾ ਲੱਭਾ। ਕੁਤਵਾਲ ਸਾਹਿਬ ਦੀ ਪੂਰੀ ਤਸੱਲੀ ਹੋ ਗਈ ਪਰ ਐਸੇ ਅਮੀਰ ਘਰ ਵਿੱਚੋਂ ਖਾਲੀ ਹੱਥ ਕੌਣ ਜਾਵੇ? ਇਕ ਦਿੱਲੀ ਵਲ ਦੇ ਦਫੇਦਾਰ ਜੀ ਲੀਲਾ ਰਾਮ ਨੂੰ ਕਹਿਣ ਲੱਗੇ ਕਿ ਆਪ ਕੀ ਇੱਜ਼ਤ ਖ਼ੁਦਾ ਨੇ ਬਚਾਈ ਹੈ ਪਰ ਕੁਛ ਨਜ਼ਰਾਨਾ ਸਿਪਾਹੀਓਂ ਕੋ ਇਸ ਰਾਤ ਕੇ ਵਕਤ ਮੇਂ ਤਕਲੀਫ ਕਰਨੇ ਕਾ ਦੇ ਦੋ ਤੁਮ ਕੋ ਫਿਰ ਕਭੀ ਤਕਲੀਫ ਨਾ ਹੋਗੀ, ਛੋਟੀ ਮੌਤੀ ਬਾਤ ਰਫਾ ਦਫਾ ਹੋ ਜਾਇਆ ਕਰੇਗੀ ਔਰ ਅਬ ਪੂਰੀ ਸਫਾਈ ਸਰਕਾਰ ਮੇਂ ਹੋ ਜਾਏਗੀ।

ਲੀਲਾ ਨੇ ਸੁਣਦੇ ਸਾਰ ਹੀ ਇਕ ਤਸ਼ਤਰੀ ਮੋਹਰਾਂ ਦੀ ਮੰਗਵਾ ਕੇ ਕੁਤਵਾਲ ਦੇ ਅੱਗੇ ਰੱਖੀ। ਕੁਤਵਾਲ ਸਾਹਿਬ ਲਾਹੌਲ ਲਾਹੌਲ ਕਰਨ ਲੱਗ ਗਏ ਕਿ ਮੈਂ ਔਰ ਰਿਸ਼ਵਤ, ਫਿਰ ਆਪ ਸੇ? ਆਪ ਮੇਰੇ ਦਿਲੀ ਦੋਸਤ ਹੈਂ।

ਲੀਲਾ-ਵੱਢੀ ਤਦ ਹੁੰਦੀ ਜੇ ਮੈਨੂੰ ਆਪ ਅਪਰਾਧੀ ਪਾ ਲੈਂ ਦੇ ਤਾਂ, ਇਹ ਕੇਵਲ ਆਪ ਦੇ ਸਿਪਾਹੀਆਂ ਦੇ ਦੁੱਧ ਪਾਣੀ ਲਈ ਹੈ। ਗੱਲ ਕੀ ਹਕੀਮਾਂ ਵਾਂਙ ਨਾਂਹ ਨਾਂਹ ਕਰਦੇ ਕੁਤਵਾਲ ਜੀ ਨੇ ਮੋਹਰਾਂ ਸਿਪਾਹੀਆਂ ਦੇ ਜਲ ਪਾਣੀ ਵਾਸਤੇ ਦਫੇਦਾਰ ਦੀ ਝੋਲੀ ਪਵਾਈਆਂ ਅਰ ਹਨੇਰੀ ਵਾਂਗ ਇਕ ਚਹਿਲ ਪਹਿਲ ਕਰਦੇ ਘਰ ਨੂੰ ਵੈਰਾਨੀ ਤੇ ਬੇ-ਤਰਤੀਬੀ ਵਿਚ ਸਿੱਟ ਕੇ

-੨੭-

ਟੁਰਦੇ ਹੋਏ। ਸਰਕਾਰੇ ਇਤਲਾਹ ਕਰ ਦਿੱਤੀ ਕਿ ਲੀਲਾ ਰਾਮ ਦਾ ਘਰ ਸਾਫ਼ ਹੈ ਅਰ ਕੋਈ ਸ਼ੱਕ ਵਾਲੀ ਗੱਲ ਨਹੀਂ, ਮੁਖ਼ਬਰ ਨੇ ਝੂਠੀ ਖ਼ਬਰ ਦਿੱਤੀ ਹੈ। ਹੁਣ ਮੁਖ਼ਬਰ ਨੂੰ ਸਜ਼ਾ ਦੇਣ ਦੀ ਥਾਂ ਸਰਕਾਰੋਂ ਥੋੜਾ ਜਿਹਾ ਇਨਾਮ ਮਿਲਿਆ ਇਸ ਕਰਕੇ ਕਿ ਮਤਾਂ ਅੱਗੋਂ ਨੂੰ ਖਬਰ ਦੇਣੋਂ ਹਟ ਨਾ ਜਾਵੇ।

੫. ਕਾਂਡ।

ਹੁਣ ਉਧਰ ਦਾ ਹਾਲ ਸੁਣੋ! ਖਾਲਸੇ ਜੀ ਨੂੰ ਜ਼ਮੀਨ ਦੇ ਹੇਠਾਂ ਹੇਠ ਇਕ ਬੜੀ ਪੁਰਾਣੀ ਸੁਰੰਗ ਥਾਣੀ ਲੰਘਣਾ ਪਿਆ, ਰਸਤਾ ਤੰਗ, ਪੁਰਾਣੀ ਹਵਾ ਅਰ ਦੋਹੀਂ ਪਾਸੀਂ ਬੰਦ, ਜੀ ਘਬਰਾਣ ਲੱਗ ਗਏ, ਪਰ ਜਿੰਦ ਪਿਆਰੀ ਨੇ ਕਾਹਲੀ ਕਾਹਲੀ ਦੂਜੇ ਸਿਰੇ ਪੁਚਾਇਆ ਅਰ ਲੀਲਾ ਦੇ ਕਹੇ ਅਨੁਸਾਰ ਕੰਮ ਕਰਨ ਨਾਲ ਰਸਤਾ ਖੁੱਲ੍ਹ ਗਿਆ। ਸਾਰੇ ਜਣੇ ਇਕ ਸੁੰਞ ਉਜਾੜ ਜਿਹੀ ਵਿਚ ਪਹੁੰਚ ਪਏ। ਪੱਥਰ ਟਿਕਾਕੇ ਸੁਰੰਗ ਦਾ ਰਸਤਾ ਤਾਂ ਬੰਦ ਕਰ ਲਿਆ, ਹੁਣ ਇਹ ਫ਼ਿਕਰ ਪਿਆ ਕਿ ਕਿੱਧਰ ਦਾ ਰੁਖ਼ ਕਰੀਏ। ਥੋੜੇ ਕਦਮ ਤੇ ਜਾ ਕੇ ਇਕ ਥਾਂ ਤੇ ਬੈਠ ਗਏ ਅਰ ਸੋਚਣ ਲੱਗੇ। ਕਿਸੇ ਨੂੰ ਰਸਤੇ ਦੀ ਕੁਛ ਖਬਰ ਨਹੀਂ ਸੀ ਅਰ ਨਾ ਇਹ ਪਤਾ ਸੀ ਕਿ ਅਸੀਂ ਕਿਥੇ ਹਾਂ, ਛੇਕੜ ਗੁਰੂ ਤੇ ਭਰੋਸਾ ਰੱਖਕੇ ਇਕ ਪਾਸੇ ਵੱਲ ਤੁਰ ਪਏ। ਓਥੋਂ ਕੁਝ ਕੁ ਵਾਟ ਗਏ ਹੋਣਗੇ ਤਾਂ ਚੰਦ ਦਾ ਚਾਨਣਾ ਹੋ ਗਿਆ ਅਰ ਸਾਮ੍ਹਣੇ-ਪਾਸੇ ਇਕੁ ਕੱਚੀ ਹਵੇਲੀ* ਦਿੱਸੀ। ਇਸ ਦੇ ਅੱਗੇ ਪਹਿਰਾ ਲੱਗਾ ਹੋਇਆ ਸੀ, ਪਹਿਰੇ ਵਾਲੇ ਆਹਟ ਪਾ ਕੇ ਹਾਕ ਲਾਈ। ਹਵੇਲੀ ਵਿਚੋਂ ਤੇ ਉਸ ਦੇ ਮਗਰਲੇ ਪਾਸਿਓਂ ਦੇਖਦੇ ਦੇਖਦੇ ਬਹੁਤ ਸਾਰੇ ਸਿਪਾਹੀ ਸਨੱਧਬੱਧ ਨਿਕਲ ਪਏ ਅਰ ‘ਸਿੱਖ ਆ ਪਏ; ਸਿੱਖ ਆ ਪਏ’ ਕਹਿੰਦੇ ਹੋਏ ਖਾਲਸੇ ਦੇ ਵੱਲ ਉਲਟ ਪਏ। ਸਿੱਖ ਵਿਚਾਰੇ ਅਚਾਨਕ ਬਲਾ ਦੇ ਮੂੰਹ ਫਸ ਗਏ; ਪਰ ਹੌਸਲਾਂ ਇਨ੍ਹਾਂ ਪਾਸ ਇਕ ਐਸੀ ਦਾਤ ਹੈ, ਜੋ ਇਸ ਬਹਾਦਰ ਕੌਮ ਨੂੰ ਕਦੀ


*ਇਹ ਚੌਕੀ ਸੀ ਜੋ ਸਿੱਖਾਂ ਦੇ ਮਾਰਨ ਲਈ ਖੋਹਲ ਗਈ ਸੀ ਕੁਛ ਅਸਵਾਰ ਇਥੇ ਉਤਰਆ ਕਰਦੇ ਸੇ। ਐਸੇ ਕਚੇ ਥਾਂ ਤਦੋਂ ਗਸ਼ਤੀ ਫੌਜ ਲਈ ਬਹੁਤੇ ਬਣਾਏ ਗਏ ਹੋਏ ਸਨ।

-੨੮-